Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-04-16

ਜਦੋਂ ਕੈਪਟਨ ਨੂੰ ਮਿਲੇ ਬਿਨਾਂ ਹੀ ਕਾਂਗਰਸ ਪ੍ਰਧਾਨ ਜਾਖੜ ਨੂੰ ਮੁੜਨਾ ਪਿਆ-ਇਕ ਖ਼ਬਰ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਮੁੜਨਾ ਪਿਆ।

ਸਿੱਕਾ ਨੂੰ ਦਿੱਤੀਆਂ ਹੋਈਆਂ ਚਿੱਠੀਆਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੇ ਵਾਪਸ ਲਈਆਂ-ਇਕ ਖ਼ਬਰ
ਕੀ ਲਿਫ਼ਾਫ਼ਾ ਵੀ ਮੋੜਨਾ ਪਵੇਗਾ ਜੀ?

ਕੇਂਦਰ ਸਰਕਾਰ ਇਕ ਫ਼ਿਲਮ ਕਾਰਨ ਸਿੱਖਾਂ ਲਈ 1978 ਵਰਗੀ ਵਿਸਾਖੀ ਨਾ ਬਣਨ ਦੇਵੇ- ਸਿੱਖ ਹਲਕੇ
ਉਹ ਫਿਰੇ ਨੱਕ ਵਢਾਉਣ ਨੂੰ, ਉਹ ਫਿਰੇ ਨੱਥ ਘੜਾਉਣ ਨੂੰ।

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜਾਨ ਦਾ ਖ਼ਤਰਾ- ਇਕ ਖ਼ਬਰ
ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।

ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ- ਮੁੱਖ ਮੰਤਰੀ ਅਮਰਿੰਦਰ ਸਿੰਘ
ਨ੍ਹਿੰਮੀ ਨ੍ਹਿੰਮੀ ਬੀਨ ਵੱਜਦੀ, ਉੱਤੇ ਸੱਪ ਮਸਤਾਨਾ ਹੋਇਆ।

ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਕੈਪਟਨ
ਰਾਤੀਂ ਸੁੱਤੀ ਸੀਰਾ ਮਲ਼ ਕੇ, ਮੁੰਡਾ ਹਿੱਕ 'ਨਾ ਚੁੰਬੜਦਾ ਜਾਵੇ।

ਦੋਸਤਾਂ ਨੇ ਮਨਪ੍ਰੀਤ ਬਾਦਲ ਦੀ ਚੜ੍ਹਦੀ ਕਲਾ ਲਈ ਆਖੰਡ ਪਾਠ ਦੇ ਭੋਗ ਪੁਆਏ- ਇਕ ਖ਼ਬਰ
ਉੱਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰਾ ਯਾਰਾ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋ ਕਿਉਂ ਔਖੇ ਹਨ ਸਿੱਖੀ ਦੇ ਠੇਕੇਦਾਰ? ਇਕ ਸਵਾਲ
ਚੁੰਘੀ ਬੱਕਰੀ, ਬਣਾ 'ਤਾ ਡਾਕਾ।

ਵਿਸਾਖੀ ਮੇਲੇ ਦੇ ਅਖ਼ੀਰ 'ਤੇ ਆਪਸ ਵਿਚ ਉਲਝ ਗਏ ਕਾਂਗਰਸੀ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਬਾਦਲਾਂ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖ਼ਲ ਨਹੀਂ ਦਿੱਤਾ- ਮੱਕੜ
'ਕੱਲਾ ਲੂਣ ਕਦੇ ਨਹੀਂ ਗੁੰਨ੍ਹ ਹੁੰਦਾ, ਪਾਕੇ ਆਟੇ 'ਚ ਮੱਕੜ ਜੀ ਗੁੰਨ੍ਹੀਏਂ ਜੀ।

ਸ਼ਰਾਬ ਦੀ ਕਮਾਈ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਚੜ੍ਹਾਇਆ ਸਰੂਰ- ਇਕ ਖ਼ਬਰ
ਪਵੇ ਹਾਸ਼ਮਾਂ ਗ਼ੈਬ ਦੀ ਧਾੜ ਏਹਨਾਂ, ਨਿੱਤ ਮਾਸ ਬੇਗਾਨੜਾ ਖਾਂਵਦੇ ਨੇ।

ਕਠੂਆ ਕੇਸ ਵਿਚ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ- ਜਾਵੜੇਕਰ
ਤੇਰੀ ਹਰ ਮੱਸਿਆ ਬਦਨਾਮੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-04-10

ਬਾਰਾਂ ਸਾਲ ਪਹਿਲਾਂ ਰੱਖੇ ਨੀਂਹ-ਪੱਥਰ ਦਾ ਕੰਮ ਅਜੇ ਵੀ ਸ਼ੁਰੂ ਨਹੀਂ ਹੋਇਆ- ਇਕ ਖ਼ਬਰ
ਦਾਹੜੀ ਝਾੜ ਕੇ ਬਹਿ ਗਿਆ ਤਕੀਏ, ਕਣਕ ਖਾ ਗਿਆ ਝੋਟਾ।

ਝੂਠੀਆਂ ਖ਼ਬਰਾਂ ਦੇ ਮੁੱਦੇ 'ਤੇ ਮੋਦੀ ਨੇ ਆਪਣੇ ਹੀ ਆਦੇਸ਼ 'ਤੇ ਲਿਆ ਯੂ-ਟਰਨ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਪੰਜਾਬ ਪੁਲਿਸ ਅਤੇ ਅਕਾਲੀ ਆਗੂਆਂ ਵਿਚਕਾਰ ਮੁਲਾਹਜ਼ੇਦਾਰੀ ਜਾਰੀ- ਇਕ ਖ਼ਬਰ
ਤੇਰੇ ਛੱਲੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਡਾ. ਅੰਬੇਦਕਰ ਨੂੰ ਸਾਡੇ ਜਿੰਨਾ ਕਿਸੇ ਵੀ ਸਰਕਾਰ ਨੇ ਸਤਿਕਾਰ ਨਹੀਂ ਦਿੱਤਾ- ਮੋਦੀ
ਕਿਤੇ 'ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।

ਮੰਤਰੀ ਦਾ ਦਰਜਾ ਮਿਲਣ ਮਗਰੋਂ ਧਾਰਮਿਕ ਆਗੂਆਂ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਠੁੱਸ- ਇਕ ਖ਼ਬਰ
ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।

ਬੇਵਿਸਾਹੀ ਦੇ ਮਤੇ 'ਤੇ ਹਮਾਇਤ ਲੈਣ ਲਈ ਚੰਦਰ ਬਾਬੂ ਨਾਇਡੂ ਕੇਜਰੀਵਾਲ ਤੇ ਹੋਰ ਆਗੂਆਂ ਨੂੰ ਮਿਲੇ-ਇਕ ਖ਼ਬਰ
ਪੀਹੜੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।

ਪੰਜਾਬੀ ਮੁੰਡੇ ਪਿੱਛੇ ਗੋਰੀ ਨਿਊਜ਼ੀਲੈਂਡ ਤੋਂ ਭਾਰਤ ਪਹੁੰਚੀ- ਇਕ ਖ਼ਬਰ
ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।

ਸਰਕਾਰ ਬਦਲੀ ਪਰ ਨਸ਼ੇ ਦੇ ਤਸਕਰ ਨਹੀਂ ਬਦਲੇ- ਸਿਮਰਜੀਤ ਸਿੰਘ ਬੈਂਸ
ਤੇਰੀ ਮੇਰੀ ਇਕ ਜਿੰਦੜੀ, ਸੁਫ਼ਨੇ 'ਚ ਨਿੱਤ ਮਿਲਦੀ।

ਸੰਯੁਕਤ ਰਾਸ਼ਟਰ ਸਾਹਮਣੇ ਪਾਕਿਸਤਾਨ ਨੇ ਫਿਰ ਕਸ਼ਮੀਰ ਦਾ ਰੋਣਾ ਰੋਇਆ-ਇਕ ਖ਼ਬਰ
ਟੁੱਟ ਪੈਣੇ ਦਰਜੀ ਨੇ, ਮੇਰੀ ਰੱਖ ਲਈ ਸੁੱਥਣ 'ਚੋਂ ਟਾਕੀ।

ਪੰਜਾਬ ਦਾ ਵਿਦਿਅਕ ਢਾਂਚਾ ਬਰਬਾਦੀ ਦੇ ਕੰਢੇ 'ਤੇ- ਦਲਜੀਤ ਸਿੰਘ ਚੀਮਾ
ਫੜ ਰੂਪ ਦਾ ਤੀਰ ਕਮਾਨ, ਵੇਚਦੇ ਫਿਰਦੇ ਹੋ ਈਮਾਨ।

ਪੁਲਸ ਦੇ ਵੱਡੇ ਅਫ਼ਸਰਾਂ ਦੀ ਖ਼ਾਨਾਜੰਗੀ ਨੇ 'ਫਾਹੇ ਟੰਗੀ' ਕੈਪਟਨ ਸਰਕਾਰ-ਇਕ ਸਰਕਾਰ
ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਾਰੀਕ ਚੂੜੀਆਂ।

ਲੋਕ ਇਨਸਾਫ਼ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੇਗੀ- ਬੈਂਸ ਭਰਾ
ਆਉਂਦਾ ਪਰੈਣੀ ਕੱਸੀ, ਹੁਣ ਮੈਂ ਕੀ ਕਰਾਂ।

ਮਜੀਠੀਆ ਤੇ ਸੁਰੇਸ਼ ਅਰੋੜਾ ਖ਼ਿਲਾਫ਼ ਕਾਰਵਾਈ ਮੁੱਖ ਮੰਤਰੀ ਕਿਉਂ ਨਹੀਂ ਕਰ ਰਹੇ? ਖਹਿਰਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖ਼ਾ ਚੰਨਣ ਦਾ।

ਸਿੱਖਾਂ ਨਾਲ਼ ਹੋ ਰਹੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਾਂਗੇ- ਚੰਦੂਮਾਜਰਾ
ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।

ਦਲਿਤਾਂ 'ਤੇ ਅੱਤਿਆਚਾਰ ਕਰ ਕੇ ਅੱਗ ਨਾਲ਼ ਖੇਡ ਰਹੀ ਹੈ ਭਾਜਪਾ- ਮਾਇਆਵਤੀ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।

ਨੀਰਵ ਮੋਦੀ ਅਤੇ ਚੋਕਸੀ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ- ਇਕ ਖ਼ਬਰ
ਸੱਪ ਲੰਘ ਗਿਆ ਕੌਡੀਆਂ ਵਾਲ਼ਾ, ਕਾਹਨੂੰ ਏਂ ਲਕੀਰ ਪਿੱਟਦੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-03-18

ਵੱਡਿਆਂ ਘਰਾਂ ਦੀਆਂ ਔਰਤਾਂ ਨੂੰ ਚੜ੍ਹਿਆ 'ਲਾਲ ਪਰੀ' ਦਾ ਸਰੂਰ- ਇਕ ਖ਼ਬਰ
ਹੱਕ ਬਰਾਬਰ ਦੇ, ਮਰਦਾਂ ਤੋਂ ਖੋਹ ਕੇ ਲੈਣੇ।

ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਕਰ ਰਹੀ ਹੈ ਝੂਠੇ ਵਾਅਦੇ- ਜਾਖੜ
ਮੋਦੀ ਨੇ ਹੱਥ 'ਚ ਗੁਟਕਾ ਫੜ ਕੇ ਸਹੁੰ ਤਾਂ ਨਹੀਂ ਖਾਧੀ ਅਜੇ!

ਨਿਆਂਪਾਲਿਕਾ 'ਚ ਸਰਕਾਰੀ 'ਦਖ਼ਲ' ਤੋਂ ਜਸਟਿਸ ਚੇਲਾਮੇਸ਼ਵਰ ਔਖੇ- ਇਕ ਖ਼ਬਰ
ਪਿਆ ਦੇਸ਼ ਦੇ ਵਿਚ ਸੀ ਬੜਾ ਰੌਲ਼ਾ, ਭੂਤ ਮੰਡਲੀ ਇਕ ਥੀਂ ਚਾਰ ਹੋਈ।

ਕਾਂਗਰਸ ਤੋਂ ਬਿਨਾਂ ਕੋਈ ਤੀਜਾ ਮੋਰਚਾ ਨਹੀਂ- ਲਾਲੂ ਯਾਦਵ
ਨੀਂ ਮੈਂ ਜਾਣਾ ਜੋਗੀ ਦੇ ਨਾਲ਼, ਕੰਨੀ ਮੁੰਦਰਾਂ ਪਾ ਕੇ ਮੈਂ ਜਾਣਾ ਜੋਗੀ ਦੇ ਨਾਲ਼।

ਰਾਣਾ ਤੇ ਖਹਿਰਾ ਨੇ ਵਿਧਾਨ ਸਭਾ 'ਚ ਇਕ ਦੂਜੇ ਨੂੰ ਗਾਲ਼੍ਹਾਂ ਕੱਢੀਆਂ- ਇਕ ਖ਼ਬਰ
ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ।

ਭਾਜਪਾ ਵਿਧਾਇਕ ਵਲੋਂ ਕੁੜੀਆਂ ਨੂੰ ਮੁੰਡਿਆਂ ਨਾਲ਼ ਦੋਸਤੀ ਨਾ ਕਰਨ ਦਾ ਸੁਝਾਅ-ਇਕ ਖ਼ਬਰ
ਕੁੜੀਆਂ ਵਿਧਾਇਕਾਂ ਨਾਲ਼ ਦੋਸਤੀ ਕਰਨ।

ਨਵਾਂ ਭਾਰਤ ਅੰਬੇਦਕਰ ਦਾ ਭਾਰਤ ਹੋਵੇਗਾ- ਮੋਦੀ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।

ਸੁਖਬੀਰ ਵਲੋਂ ਲੁਧਿਆਣਾ 'ਚ ਟੀਚਰਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ- ਇਕ ਖ਼ਬਰ
ਯਾਰਾ ਐਡੀ ਛੇਤੀ ਭੁੱਲ ਗਏ ਜਦੋਂ ਤੁਹਾਡੀ ਪੁਲਿਸ ਟੀਚਰ ਬੀਬੀਆਂ ਦੇ ਚਪੇੜਾਂ ਮਾਰਦੀ ਹੁੰਦੀ ਸੀ।

ਪੁੱਤਰ ਦੀ ਚਾਹਤ ਪੂਰੀ ਨਾ ਹੋਈ ਤਾਂ ਪੈਦਾ ਹੋਈ ਬੇਟੀ ਦਾ ਨਾਮ ਹੀ ਰੱਖ ਦਿੱਤਾ 'ਅਣਚਾਹੀ'- ਇਕ ਖ਼ਬਰ
ਜਿੱਥੇ ਹੁੰਦੀ ਦੇਵੀਆਂ ਦੀ ਪੂਜਾ, ਧੀਆਂ ਨੂੰ ਨਾ ਕੋਈ ਪੁੱਛਦਾ।

ਭਾਜਪਾ ਦਾ ਬੋਰੀਆ ਬਿਸਤਰਾ ਗੋਲ਼ ਕਰਨ ਦਾ ਸਮਾਂ ਆਇਆ- ਮਮਤਾ ਬੈਨਰਜੀ
ਦਾਰੂ ਪੀ ਕੇ ਮਿੱਤਰਾਂ ਨੇ , ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਪੰਜਾਬ 'ਚ ਸਰਕਾਰੀ ਡਾਕਟਰ ਲਾ ਰਹੇ ਨੇ ਮਰੀਜ਼ਾਂ ਨੂੰ ਕਮਿਸ਼ਨ ਦਾ ਟੀਕਾ- ਇਕ ਖ਼ਬਰ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਪੰਜਾਬ ਸਰਕਾਰ ਅਕਾਲੀਆਂ ਦੇ ਭ੍ਰਿਸ਼ਟਾਚਾਰ ਉੱਤੇ ਪਰਦਾ ਪਾ ਰਹੀ ਹੈ- ਖਹਿਰਾ
ਗਿੱਧੇ ਵਿਚ ਨੱਚਦੀ ਦੀ, ਮੈਂ ਘੁੰਡ ਚੋਂ ਅੱਖ ਪਛਾਣੀ।

ਅਕਾਲੀ ਭਾਜਪਾ ਸਰਕਾਰ ਦੌਰਾਨ ਹੋਏ ਗੁਨਾਹਾਂ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ- ਕੈਪਟਨ
ਨਾ ਖੰਜਰ ਉਠੇਗਾ ਨਾ ਤਲਵਾਰ ਹੀ ਉਠੇਗੀ, ਯੇਹ ਬਾਜ਼ੂ ਮਿਰੇ ਆਜ਼ਮਾਏ ਹੂਏ ਹੈਂ।

ਨਸ਼ਾ ਤਸਕਰੀ: ਕੈਪਟਨ ਨੇ ਗੋਲ਼-ਮੋਲ਼ ਜਵਾਬਾਂ ਨਾਲ਼ ਕੰਮ ਸਾਰਿਆ- ਇਕ ਖ਼ਬਰ
ਉਡਦੀ ਧੂੜ ਦਿਸੇ, ਬੋਤਾ ਯਾਰ ਦਾ ਨਜ਼ਰ ਨਾ ਆਵੇ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-03-18

ਵੀਹ ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦਾ ਘਿਰਾਉ ਕਰਾਂਗੇ-ਸੁਖਬੀਰ ਬਾਦਲ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਨੀ ਦਾਰੂ ਪੀ ਕੇ ਮਿੱਤਰਾਂ ਨੇ।

31 ਠੱਗ ਦੇਸ਼ ਵਿਚੋਂ ਬੈਂਕਾਂ ਨਾਲ਼ ਠੱਗੀਆਂ ਮਾਰ ਕੇ ਫ਼ਰਾਰ, ਸਰਕਾਰ ਲਾਚਾਰ-ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਜਸਪਾਲ ਅਟਵਾਲ਼ ਨੂੰ ਕਾਲ਼ੀ ਸੂਚੀ 'ਚੋਂ ਹਟਾਇਆ-ਭਾਰਤ ਸਰਕਾਰ
ਮਿੱਠੇ ਬੇਰ ਸੁਰਗ ਦਾ ਮੇਵਾ, ਕੋਲ਼ ਬਹਿ ਕੇ ਚੁਗ ਮਿੱਤਰਾ।

ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ 'ਚ ਤਰੇੜਾਂ ਪੈਣੀਆਂ ਸ਼ੁਰੂ- ਇਕ ਖ਼ਬਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵੀ ਡੇਰਾਵਾਦ ਦੇ ਉਪਾਸ਼ਕ?- ਇਕ ਖ਼ਬਰ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।

ਆਪਣੇ ਆਪ 'ਤੇ ਹੱਦੋਂ ਵੱਧ ਵਿਸ਼ਵਾਸ ਹੋਣ ਕਰ ਕੇ ਚੋਣਾਂ 'ਚ ਸਾਡੀ ਹਾਰ ਹੋਈ- ਯੋਗੀ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਕਾਂਗਰਸ ਦੇ ਰਾਜ ਵਿਚ ਬਾਦਲਾਂ ਦੀ ਚੜ੍ਹਤ ਤੋਂ ਮੰਤਰੀ ਔਖੇ- ਇਕ ਖ਼ਬਰ
ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ।

ਕਾਂਗਰਸ ਦੇ ਰਾਜ ਵਿਚ ਵੀ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਦਾ ਬੋਲਬਾਲਾ- ਇਕ ਖ਼ਬਰ
ਸਾਡਾ ਯਾਰ ਮੋਤੀਆਂ ਵਾਲ਼ਾ, ਕੀ ਪਰਵਾਹ ਸਾਨੂੰ ਦੁਨੀਆਂ ਦੀ।

'ਕੈਪਟਨ ਸਾਬ੍ਹ ਮੁੜ ਪੁਰਾਣੇ ਰੰਗ ਵਿਚ ਆਉ'- ਕਾਂਗਰਸੀ ਵਿਧਾਇਕ
ਗੋਰੇ ਰੰਗ ਨੇ ਸਦਾ ਨਹੀਉਂ ਰਹਿਣਾ, ਭਰ ਭਰ ਵੰਡ ਮੁੱਠੀਆਂ।

ਵਿਵਾਦ ਦੇ ਬਾਵਜੂਦ ਜਥੇਦਾਰ ਨੇ ਵਿਗਾੜਿਆ ਹੋਇਆ ਕੈਲੰਡਰ ਜਾਰੀ ਕੀਤਾ- ਇਕ ਖ਼ਬਰ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ।

ਮੋਦੀ ਦੇ ਸਾਰੇ ਵਾਅਦੇ ਸਿਆਸੀ ਜੁਮਲੇ ਸਾਬਤ ਹੋਏ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

2019 'ਚ ਵਿਖਾਵਾਂਗੇ ਕਿ ਚੋਣਾਂ ਕਿਵੇਂ ਜਿੱਤੀਆਂ ਜਾਂਦੀਆਂ ਹਨ- ਰਾਹੁਲ ਗਾਂਧੀ
ਪਾਣੀ ਵਾਰ ਬੰਨੇ ਦੀਏ ਮਾਏਂ, ਬੰਨਾ ਤੇਰਾ ਬਾਹਰ ਖੜ੍ਹਾ।

ਸੌਦਾ ਸਾਧ ਦੇ ਚੇਲੇ ਵਲੋਂ ਸੁਖਬੀਰ ਬਾਦਲ ਨੂੰ ਸਿਰੋਪਾ ਪਾਉਣ ਦੀ ਤਸਵੀਰ ਦੀ ਚਰਚਾ- ਇਕ ਖ਼ਬਰ
ਐਵੇਂ ਦੋ ਕਲਬੂਤ ਬਣਾਏ, ਤੇਰੀ ਮੇਰੀ ਇਕ ਜਿੰਦੜੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-03-12

ਬਸਪਾ ਨੇ ਕਿਸੇ ਵੀ ਪਾਰਟੀ ਨਾਲ਼ ਗਠਜੋੜ ਨਹੀਂ ਕੀਤਾ-ਮਾਇਆਵਤੀ
ਬਾਪੂ ਗੱਡੀ ਏਥੋ ਮੋੜ ਲੈ, ਮੇਰੇ ਹਾਣ ਦਾ ਮੁੰਡਾ ਨਾ ਕੋਈ।

ਰਾਮ ਮੰਦਰ ਨਾ ਬਣਿਆ ਤਾਂ ਦੇਸ਼ ਸੀਰੀਆ ਬਣ ਜਾਵੇਗਾ- ਸ੍ਰੀ ਸ੍ਰੀ ਰਵੀ ਸ਼ੰਕਰ
ਬਗ਼ਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।

ਮਈ 'ਚ ਹੋ ਸਕਦੀ ਹੈ ਕਿਮ ਜੌਂਗ ਅਤੇ ਟਰੰਪ ਦੀ ਮੁਲਾਕਾਤ- ਇਜਕ ਖ਼ਬਰ
ਐਡੀ ਨਹੀਂ ਸੀ ਗੱਲ ਮਿੱਤਰਾ, ਜਿੱਡੀ ਬਹਿ ਗਿਉਂ ਬਣਾ ਕੇ ਤੂੰ।

ਭਾਜਪਾ ਦਾ ਮੁਕਾਬਲਾ ਕਰਨ ਲਈ 'ਤੀਜੇ ਮੋਰਚੇ' ਲਈ ਫਿਰ ਜ਼ਮੀਨ ਤਿਆਰ ਹੋਣ ਲੱਗੀ- ਇਕ ਖ਼ਬਰ
ਜ਼ਮੀਨ ਤਾਂ ਤਿਆਰ ਹੋ ਜਾਊ ਚੰਗੇ ਢੱਗੇ ਨਹੀਂ ਲੱਭਣੇ ਬਈ।

ਸਿੱਖ ਕੌਮ ਬਾਦਲਾਂ ਨੂੰ ਪੁੱਛੇ ਪਈ ਇਹਨਾਂ ਨੇ 84 ਦੇ ਪੀੜਤ ਪਰਵਾਰਾਂ ਲਈ ਹੁਣ ਤੱਕ ਕੀ ਕੀਤਾ-ਸਿੱਖ ਚਿੰਤਕ
ਅਰਬਾਂ ਖ਼ਰਬਾਂ ਦੇ ਮਾਲਕ ਬਣ ਗਏ ਬਈ, ਇਹ ਘੱਟ ਐ ਕਿਤੇ।

ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਪ੍ਰੋਗਰਾਮ ਉਲੀਕੇ ਜਾਣਗੇ-ਜਥੇਦਾਰ
ਹੁਣ ਤਾਈਂ ਖੱਟਾ ਹੀ ਪੀਂਦਾ ਰਿਹੈਂ ਜਥੇਦਾਰਾ।

ਮੇਘਾਲਿਆ 'ਚ ਭਾਜਪਾ ਨੇ ਮੌਕਾਪ੍ਰਸਤ ਗੱਠਜੜ ਕਰ ਕੇ ਸੱਤਾ ਹਥਿਆਈ- ਰਾਹੁਲ
ਜਦ ਭਾਜਪਾ ਮੰਗ ਰਹੀ ਸੀ ਵੋਟਾਂ, ਤੂੰ ਖਾਂਦਾ ਸੀ ਨਾਨੀ ਘਰ ਮਠਿਆਈ।

ਸੋਨੀਆ ਦੀ ਰਸੋਈ ਵਿਚ ਰਿੱਝੇਗੀ ਸਾਂਝੇ ਮੋਰਚੇ ਦੀ ਖਿਚੜੀ- ਇਕ ਖ਼ਬਰ
ਮੋਤੀ ਖਿਲਰ ਗਏ, ਚੁਗ ਲੈ ਕਬੂਤਰ ਬਣ ਕੇ।

ਕਾਂਗਰਸ ਤੋਂ ਬਿਨਾਂ ਤੀਜਾ ਮੋਰਚਾ ਸਫ਼ਲ ਨਹੀਂ ਹੋ ਸਕੇਗਾ- ਮੋਇਲੀ
ਭਾਈਆਂ ਬਾਝ ਨਾ ਮਸਲਸਾਂ ਸੋਂਹਦੀਆਂ ਨੇ ਅਤੇ ਭਾਈਆਂ ਬਾਝ ਬਹਾਰ ਨਾਹੀਂ।

ਪੰਜਾਬ ਦਾ ਵੀ ਆਪਣਾ ਵੱਖਰਾ ਝੰਡਾ ਹੋਣਾ ਚਾਹੀਦ ਹੈ- ਭੂਪਿੰਦਰ ਸਿੰਘ ਸਾਧੂ
ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਕੇਰਲ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਗ੍ਰਨੇਡ ਲੈ ਕੇ ਪਹੁੰਚ ਗਿਆ- ਇਕ ਖ਼ਬਰ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ (ਸ੍ਰੀ ਸਾਹਿਬ ਨਹੀਂ ਅੰਦਰ ਜਾਣ ਦੇਣੀ)

ਭਗੌੜੇ ਆਰਥਿਕ ਅਪਰਾਧੀਆਂ ਦੀ ਜਾਇਦਾਦ ਜ਼ਬਤ ਕਰਨ ਲਈ ਕਾਨੂੰਨ ਬਣੇਗਾ- ਜੇਤਲੀ
ਜੀ ਹਾਂ! ਅਸੀਂ ਬੁੱਲਡੌਗ ਲਿਆਵਾਂਗੇ ਪਰ ਉਹਦੇ ਦੰਦ ਪਹਿਲਾਂ ਹੀ ਕੱਢ ਦੇਵਾਂਗੇ।

ਪੰਜਾਬ ਦੀ ਵਾਗਡੋਰ ਹੱਥ ਆਵੇ ਤਾਂ ਹਰ ਹਲਕੇ 'ਚ ਭੇਜਾਂਗਾ ਨੋਟਾਂ ਦੇ ਟਰੱਕ- ਸੁਖਬੀਰ ਬਾਦਲ
ਰੁਕਨਦੀਨਾਂ ਜਦ ਮਾਰਨੀ ਗੱਪ ਹੋਵੇ, ਤੋਲ਼ਿਆਂ ਮਾਸ਼ਿਆਂ ਦੇ ਫਿਰ ਤੋਲ ਨਾ ਤੋਲੀਏ ਜੀ।

ਸ਼ੀ ਜਿਨਪਿੰਗ ਬਣੇ ਰਹਿਣਗੇ ਉਮਰ ਭਰ ਚੀਨ ਦੇ ਰਾਸ਼ਟਰਪਤੀ- ਇਕ ਖ਼ਬਰ
ਜੀਣੇ ਮੌੜ ਨੇ ਲੁੱਟੀਆਂ, ਪੀਂਘਾਂ ਲੌਂਗੋਵਾਲ ਦੀਆਂ।

ਸਾਕਾ ਨੀਲਾ ਤਾਰਾ 'ਚ ਬਰਤਾਨੀਆ ਦੀ ਭੂਮਿਕਾ ਵਾਲ਼ੀਆਂ ਫ਼ਾਈਲਾਂ ਜੰਨਤਕ ਹੋਣ- ਢੇਸੀ
ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ਼ ਸੀ ਉਸ ਦੀ ਗ਼ੈਰਸਾਲੀ।

47 ਸਾਲ ਚੱਲੇ ਪ੍ਰੇਮ ਤੋਂ ਬਾਅਦ 75 ਸਾਲਾ ਵਿਅਕਤੀ ਨੇ ਲਏ ਫੇਰੇ- ਇਕ ਖ਼ਬਰ
ਬਈ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-03-04

ਰਾਫੇਲ ਸੌਦੇ ਸਮੇਂ ਰੱਖਿਆ ਮੰਤਰੀ ਮੱਛੀ ਬਾਜ਼ਾਰ 'ਚ ਘੁੰਮ ਰਹੇ ਸਨ- ਰਾਹੁਲ ਗਾਂਧੀ
ਬਈ ਰਾਤ ਦੀ ਰੋਟੀ ਪਾਣੀ ਦਾ ਬੰਦੋਬਸਤ ਵੀ ਕਰਨਾ ਹੁੰਦੈ।

ਬੈਂਕ ਘਪਲਾ: ਨੀਰਵ ਮੋਦੀ ਵਲੋਂ ਸੀ.ਬੀ.ਆਈ. ਕੋਲ਼ ਪੇਸ਼ ਹੋਣ ਤੋਂ ਇਨਕਾਰ- ਇਕ ਖ਼ਬਰ
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।

ਖੰਡ ਮਿੱਲ ਘੁਟਾਲਾ: ਅਮਿਤ ਸ਼ਾਹ ਨੇ ਘੇਰਿਆ ਕੈਪਟਨ- ਇਕ ਖ਼ਬਰ
ਊਠ ਆ ਗਿਆ ਪਹਾੜ ਦੇ ਹੇਠਾਂ, ਕਿਵੇਂ ਬਚੂ ਹੱਡੀ ਪੱਸਲੀ।

ਚੱਢਾ ਖ਼ੁਦਕੁਸ਼ੀ ਮਾਮਲਾ: ਅਪਰਾਧ ਸ਼ਾਖ਼ਾ ਨੂੰ ਪੰਜਾਬ ਪੁਜਿਸ 'ਤੇ ਯਕੀਨ ਨਹੀਂ- ਇਕ ਖ਼ਬਰ
ਤੇਰੀ ਹਰ ਮੱਸਿਆ ਬਦਨਾਮੀ,  ਨੀ ਸੋਨੇ ਦੇ ਤਵੀਤ ਵਾਲੀਏ।

ਕਬੂਤਰਾਂ ਨੇ ਦਿੱਲੀ ਵਾਸੀਆਂ ਦੇ ਕੀਤਾ ਨੱਕ 'ਚ ਦਮ-ਇਕ ਖ਼ਬਰ
ਅਸੀਂ ਤਾਂ ਸਮਝਿਆ ਸੀ ਕਿ ਕਬੂਤਰ ਸਾਰੇ ਉਡਾਰੀਆਂ ਮਾਰ ਗਏ ਵਿਦੇਸ਼ਾਂ ਨੂੰ।

ਖੂੰਖ਼ਾਰ ਬਾਂਦਰ ਮਹਿਕਮੇ ਦੇ ਕਾਬੂ ਨਹੀਂ ਆ ਰਿਹਾ- ਇਕ ਖ਼ਬਰ
ਬੈਂਕਾਂ ਦੇ ਪੈਸੇ ਲੈ ਕੇ ਭੱਜਣ ਵਾਲ਼ਿਆਂ ਦੀ ਨਸਲ 'ਚੋਂ ਲਗਦੈ।

ਵਿਦੇਸ਼ੀ ਪੰਜਾਬੀ ਪਿੰਡਾਂ ਤੇ ਗ਼ਰੀਬ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ- ਉਸਮਾਨਪੁਰ
ਤੇ ਤੁਸੀਂ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਬਾਹਰ ਕੱਢੀ ਜਾਉ।

ਅਕਾਲੀ ਦਲ ਦੇ ਪ੍ਰਧਾਨ ਨੇ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਦੀ ਕੀਤੀ ਸਫ਼ਾਈ- ਇਕ ਖ਼ਬਰ
ਰਾਜ ਭੋਗਦਿਆਂ ਇਹ ਗੰਦ ਕਦੇ ਕਿਉਂ ਨਹੀਂ ਸੀ ਦਿਸਿਆ ਤੁਹਾਨੂੰ?

ਲੁਧਿਆਣੇ ਦੀ ਜਿੱਤ ਨੇ ਸਾਡੀਆਂ ਨੀਤੀਆਂ 'ਤੇ ਮੋਹਰ ਲਾਈ- ਕੈਪਟਨ
ਨੀਤੀਆਂ? ਕਿਹੜੀਆਂ ਨੀਤੀਆਂ? ਹਾ ਹਾ ਹਾ ਹਾ ਹਾ ਹਾ.................

ਪੀ.ਐਨ.ਬੀ. ਦੇ ਘੁਟਾਲੇ 'ਚ 1300 ਕਰੋੜ ਹੋਰ ਜੁੜੇ- ਇਕ ਖ਼ਬਰ
ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।

ਪੰਜਾਬ ਦੇ ਗੈਂਗਸਟਰਾਂ ਨੂੰ ਅਸਲਾ ਵੇਚਣ ਵਾਲ਼ੇ ਯੂ.ਪੀ. ਦੇ ਦੋ ਹਿੰਦੂ ਪੁਜਾਰੀ ਗ਼੍ਰਿਫ਼ਤਾਰ- ਇਕ ਖ਼ਬਰ
ਵਾਹ ਪੁਜਾਰੀਓ ਵਾਹ, ਕਰਨੀ ਪੂਜਾ ਤੇ ਕੰਮ ਕਰਨੇ ਆਹ।

ਅਖੌਤੀ ਬਾਬਿਆਂ ਵਲੋਂ ਸ਼ਰਧਾਲੂ ਔਰਤ ਨਾਲ਼ ਬਲਾਤਕਾਰ- ਇਕ ਖ਼ਬਰ
ਘੁੰਡ ਕੱਢ ਕੇ ਸਦਾ ਖੈਰ ਪਾਈਏ, ਸਾਧਾਂ ਦਾ ਭਰੋਸਾ ਕੋਈ ਨਾ।

ਇੰਡੀਆਨਾ (ਯੂ.ਐੱਸ.ਏ.) ਸੰਸਦ ਵਲੋਂ ਸਿੱਖਾਂ ਦੀ ਪ੍ਰਸ਼ੰਸਾ ਵਿਚ ਮਤਾ ਪਾਸ- ਇਕ ਖ਼ਬਰ
ਲਉ ਜੀ ਵੱਜ ਗਿਆ ਸਿੱਖ ਦੋਖੀਆਂ ਦੀ ਹਿੱਕ ਵਿਚ ਇਕ ਹੋਰ ਤੀਰ।

ਸਕੂਲ ਵਿਚ ਪੀ.ਐਮ. ਮੋਦੀ ਨੂੰ ਤਿੰਨ ਤੀਏ ਨੌਂ ਤੋਂ ਬਾਅਦ ਦਾ ਪਹਾੜਾ ਨਹੀਂ ਆਇਆ- ਇਕ ਖ਼ਬਰ
ਬੱਚਿਆਂ ਵਿਚਾਰਿਆਂ ਨੂੰ ਕੀ ਪਤਾ ਕਿ ਮੋਦੀ ਨੂੰ ਲੱਖਾਂ ਕਰੋੜਾਂ ਦੇ ਪਹਾੜੇ ਹੀ ਯਾਦ ਰਹਿੰਦੇ ਆ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-02-26

ਲਾਵਾਰਿਸ ਪਸ਼ੂ ਖੇਤਾਂ ਚ ਲੱਗੀਆਂ ਕੰਡਿਆਲ਼ੀਆਂ ਵਾੜਾਂ ਟੱਪਣ ਲੱਗੇ -ਇਕ ਖ਼ਬਰ
ਜੇ ਘਪਲ਼ੇਬਾਜ਼ ਸੱਤ ਸਮੁੰਦਰ ਟੱਪ ਕੇ ਜਾ ਸਕਦੇ ਹਨ ਤਾਂ ਪਸ਼ੂ ਨਹੀਂ ਤਾਰਾਂ ਟੱਪ ਸਕਦੇ।

ਬੈਂਕ ਘਪਲੇ ਬਾਰੇ ਅਰੁਣ ਜੇਤਲੀ ਕਿਉਂ ਨਹੀਂ ਬੋਲ ਰਹੇ? -ਰਾਹੁਲ ਗਾਂਧੀ
ਚੋਰ ਦੀ ਮਾਂ, ਕੋਠੀ 'ਚ ਮੂੰਹ।

ਕਿਤੇ ਲੋਕਤੰਤਰ ਨੂੰ ਹੀ ਗ਼ਾਇਬ ਨਾ ਕਰ ਦੇਣ ਮੋਦੀ -ਰਾਹੁਲ
ਪੁੱਠੇ ਪੰਗੇ ਲੈਣਾ, ਮੁੰਡਾ ਜੱਟਾਂ ਦਾ ਬੜਾ ਟੁੱਟ ਪੈਣਾ।

ਪਛਤਾਉਂਦਾ ਹੈ ਪੰਜਾਬ, ਬਣਾ ਕੇ ਕੈਪਟਨ ਸਰਕਾਰ- ਡਾ. ਥਿੰਦ
ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।

ਵਿੱਤ ਮੰਤਰਾਲੇ ਕੋਲ ਨਹੀਂ ਵਿਜੇ ਮਾਲਿਆ ਨੂੰ ਦਿੱਤੇ ਕਰਜ਼ੇ ਦਾ ਰਿਕਾਰਡ- ਇਕ ਖ਼ਬਰ
ਸਉਣ ਵਿਚ ਤਾਂ ਲੁੱਟਦੇ ਬਾਣੀਏ, ਨਵੀਆਂ ਹੱਟੀ ਪਾ ਕੇ।

ਕਾਂਗਰਸੀਆਂ ਦੀ ਗੁੰਡਾਗ਼ਰਦੀ ਦਾ ਮਸਲਾ ਚੋਣ ਕਮਿਸ਼ਨ ਕੋਲ਼ ਉਠਾਵਾਂਗੇ- ਹਰਸਿਮਰਤ ਬਾਦਲ
ਕਿਤੋਂ ਬਹੁੜ ਬਾਬਲਾ ਵੇ, ਸੁਣ ਲੈ ਦੁਖੜੇ ਧੀ ਦੇ ਆ ਕੇ।

ਕੈਪਟਨ ਨੇ ਬਾਦਲਾਂ ਦੀ ਜਾਂਚ ਕਰਵਾਉਣ ਵਾਲ਼ਾ ਵਾਅਦਾ ਪੂਰਾ ਨਹੀਂ ਕੀਤਾ-ਇਕ ਪਾਠਕ
ਅਜੇ ਤੱਕ ਨਾ ਜਵਾਬ ਤੇਰਾ ਆਇਆ, ਮੈਂ ਡਾਕੀਏ ਨੂੰ ਰੋਜ਼ ਪੁੱਛਦਾ।

ਪੀ.ਐਨ.ਬੀ. ਘੁਟਾਲੇ ਨੂੰ ਲੈ ਕੇ ਹੁਣ 'ਚੌਕੀਦਾਰ' ਚੁੱਪ ਕਿਉਂ ਹੈ?- ਰਾਹੁਲ ਗਾਂਧੀ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।

ਜਿੰਨਾ ਚਿਰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਨਹੀਂ ਹੁੰਦਾ, ਮੈਨੂੰ ਆਪਣਾ ਸਨਮਾਨ ਸਵੀਕਾਰ ਨਹੀਂ- ਡਾ. ਧਰੇਨਵਰ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।

ਲੋਕਾਂ ਨੂੰ ਵੰਡਣਾ ਸੁਖਾਲਾ ਪਰ ਜੋੜਨਾ ਔਖਾ ਹੁੰਦਾ ਹੈ- ਟਰੂਡੋ
ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ਼ ਜੋਗੀਆ।

ਚੀਨ ਦੇ ਵਧਦੇ ਪ੍ਰਭਾਵ ਵਿਰੁੱਧ ਭਾਰਤ ਵਲੋਂ ਜੰਗੀ ਅਭਿਆਸ- ਇਕ ਖ਼ਬਰ
ਜਾਮਨੂੰ ਦੀ ਗਿਟਕ ਜਿਹਾ, ਮੇਰੇ ਸਾਹਮਣੇ ਧੜਾ ਧੜ ਬੋਲੇ।

ਗੋਲ਼ੀਆਂ ਚਲਾਈਆਂ ਕਾਂਗਰਸੀਆਂ ਨੇ ਤੇ ਪਰਚੇ ਅਕਾਲੀਆਂ 'ਤੇ- ਡਾ. ਚੀਮਾ
ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ।

ਚੀਨ ਨਾਲ਼ ਸਾਡੇ ਸਬੰਧਾਂ ਕਰ ਕੇ ਭਾਰਤ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਹਸੀਨਾ
ਗੋਰੇ ਰੰਗ 'ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-02-19

ਨੌਕਰੀ ਦਾ ਝਾਂਸਾ ਦੇ ਕੇ ਅਕਾਲੀ ਆਗੂ 'ਤੇ ਵਿਧਵਾ ਨਾਲ਼ ਜਬਰਜਨਾਹ ਦਾ ਦੋਸ਼- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਲੰਗਰ 'ਤੇ ਲਾਏ ਜੀ. ਐਸ. ਟੀ. ਬਾਰੇ ਬਾਦਲ ਕਿਉਂ ਚੁੱਪ ਐ?-ਦਰਸ਼ਨ ਬਰਾੜ
ਨੱਚਣ ਦੇਵੇ ਨਾ ਚੰਨਣ ਦੀ ਮਾਤਾ, ਨੱਚਣਾ ਬਥੇਰਾ ਜਾਣਦੀ।

ਕੇਂਦਰ ਚੰਡੀਗੜ੍ਹ 'ਚ ਪੰਜਾਬ ਦੀਆਂ ਆਸਾਮੀਆਂ ਲਈ ਕਈ ਕਈ ਮਹੀਨੇ ਹਾਮੀ ਨਹੀਂ ਭਰਦਾ-ਇਕ ਖ਼ਬਰ
ਬੇਈਮਾਨ ਮੁੱਕਰ ਗਏ ਮਾਪੇ, ਮੰਗ ਸਾਂ ਮੈਂ ਤੇਰੀ ਹਾਣੀਆਂ।

ਮੁੜ ਲਟਕਿਆ ਸ਼੍ਰੋਮਣੀ ਕਮੇਟੀ 'ਚ ਗ਼ਲਤ ਭਰਤੀਆਂ ਦਾ ਮਸਲਾ- ਇਕ ਖ਼ਬਰ
ਲਟਕ ਰਹੇ ਨੇ ਜਿਵੇਂ ਹੋਰ ਮਾਮਲੇ, ਇਹ ਵੀ ਲਟਕਦਾ, ਲਟਕਦਾ, ਲਟਕਦਾ ਰਹੇਗਾ।

ਕਿਸੇ ਵੀ ਮੁੱਦੇ 'ਤੇ ਬਹਿਸ ਕਰੇ, ਜੇ ਸੁਖ਼ਬੀਰ ਜਿੱਤ ਗਿਆ ਤਾਂ ਮੈਂ ਸਿਆਸਤ ਛੱਡ ਦਿਆਂਗਾ- ਨਵਜੋਤ ਸਿੱਧੂ
ਤੈਂ ਕੀ ਸ਼ੇਰ ਮਾਰਨਾ, ਤੇਰੇ ਪੇ ਨੇ ਬਿੱਲੀ ਨਾ ਮਾਰੀ।

ਭਾਰਤ ਵਿਚ 35 ਫ਼ੀਸਦੀ ਮੁੱਖ ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ- ਇਕ ਖ਼ਬਰ
ਮਹਾਨ ਹੈ ਭਾਰਤ ਮਹਾਨ ਹੈ, ਐਸੇ ਮੁੱਖ ਮੰਤਰੀਉਂ ਸੇ ਹੀ ਦੇਸ਼ ਕੀ 'ਸ਼ਾਨ' ਹੈ।

ਈ.ਡੀ. ਵਲੋਂ ਨੀਰਵ ਮੋਦੀ ਦੇ ਕਈ ਟਿਕਾਣਿਆਂ 'ਤੇ ਛਾਪੇ- ਇਕ ਖ਼ਬਰ
ਤੁਸੀਂ ਹੰਭ ਜਾਣਾ ਘੁੰ ਮ ਕੇ ਅਖੀਰ ਨੂੰ,  ਸੱਪ ਲੰਘ ਗਿਆ ਪਿੱਟੀ ਜਾਉ ਲਕੀਰ ਨੂੰ।

ਮੌੜ ਬੰਬ ਧਮਾਕੇ 'ਚ ਡੇਰੇ ਖ਼ਿਲਾਫ਼ ਆਪਰੇਸ਼ਨ ਨੂੰ ਸਰਕਾਰ ਨੇ ਲਾਈਆਂ ਬਰੇਕਾਂ- ਇਕ ਖ਼ਬਰ
ਕੁਝ ਕਰਨ ਨਹੀਂ ਦਿੰਦੀਆਂ ਜੀ, ਚੰਦਰੀਆਂ ਵੋਟਾਂ ਚੰਦਰੀਆਂ ਵੋਟਾਂ।

ਕੇਂਦਰੀ ਬਜਟ ਰਾਹੀਂ ਕਿਸਾਨਾਂ ਨੂੰ ਕੀ ਮਿਲੇਗਾ?- ਯੋਗੇਂਦਰ ਯਾਦਵ
ਕਿਸਾਨਾਂ ਨੂੰ ਮਿਲੇਗਾ ਬਾਬਾ ਜੀ ਕਾ ਠੁੱਲੂ!

ਨਾਮ ਚਰਚਾ ਕਰਨ ਲਈ ਡੇਰਾ ਸਿਰਸਾ ਨੂੰ ਮਿਲਿਆ ਮੋਤੀਆਂ ਵਾਲ਼ੀ ਸਰਕਾਰ ਦਾ ਆਸਰਾ-ਇਕ ਖ਼ਬਰ
ਮੋਤੀਆਂ ਵਾਲੇ ਰੇ! ਮੇਰੇ ਜੀਨੇ ਕਾ ਸਹਾਰਾ ਤੇਰਾ ਨਾਮ ਰੇ।

ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਮੂੰਹ ਸੁੱਕੇ- ਇਕ ਖ਼ਬਰ
ਬਈ ਇਹਨਾਂ ਨੇ ਚੋਣਾਂ ਵੇਲੇ ਫੇਰ ਡੇਰਿਆਂ ਦੀ ਸ਼ਰਨ ਤੱਕਣੀ ਐ, ਮੂੰਹ ਖਾਵੇ ਤੇ ਅੱਖ ਸ਼ਰਮਾਵੇ।

ਅਜੀਤ ਡੋਵਾਲ ਦੀ ਕੈਪਟਨ ਨਾਲ਼ ਦਿੱਲੀ 'ਚ ਹੋਈ ਮੁਲਾਕਾਤ ਦੇ ਚਰਚੇ -ਇਕ ਖ਼ਬਰ
ਰੱਬ ਖ਼ੈਰ ਕਰੇ।

ਢਿੱਲਵਾਂ ਤੋਂ ਉੱਚਾ ਤੱਕ ਬਣੀ ਨਵੀਂ ਸੜਕ ਟੁੱਟਣੀ ਸ਼ੁਰੂ- ਇਕ ਖ਼ਬਰ
ਸ਼ੁਕਰ ਕਰੋ ਇਹ ਬਣੀ ਸੀ ਇੱਥੇ ਤਾਂ ਬਿਨਾਂ ਬਣੇਂ ਹੀ ਟੁੱਟਣ ਲੱਗ ਜਾਂਦੀਆਂ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-02-11

ਪਤੀ ਨੂੰ ਬਚਾਉਣ ਲਈ ਪਤਨੀ ਨੇ ਗੋਲ਼ੀਆਂ ਚਲਾ ਕੇ ਲੱਠਮਾਰ ਭਜਾਏ- ਇਕ ਖ਼ਬਰ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭ੍ਰਿੰਡ ਬਣ ਕੇ।

ਮੋਦੀ ਦੇ ਜੁਮਲਿਆਂ ਦਾ ਸਿਰਫ਼ ਲਿਖ਼ਤੀ ਰੂਪ ਹੈ ਬਜਟ- ਡਾ. ਜੱਸੀ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਚੋਣਾਂ ਲੜਨ ਤੋਂ ਡੱਕਿਆ ਜਾਵੇ-ਚੋਣ ਕਮਿਸ਼ਨ
ਗੱਲ ਤੇਰੀ ਲੱਖਾਂ ਵਰਗੀ, ਟੱਲੀ ਬਿੱਲੀ ਦੇ ਗਲ਼ ਕੀਹਨੇ ਬੰਨ੍ਹਣੀਂ!

ਚਾਰ ਮੈਂਬਰੀ ਟੀਮ ਮਸਤੂਆਣੇ ਪੜਤਾਲ ਲਈ ਪੁੱਜੀ- ਇਕ ਖ਼ਬਰ
ਜਿਵੇਂ ਦਾ ਚੰਦ ਪਹਿਲੀਆਂ ਟੀਮਾਂ ਨੇ ਚਾੜ੍ਹਿਆ ਉਹੋ ਜਿਹਾ ਇਹ ਚਾੜ੍ਹੇਗੀ।

ਜਦ ਤੱਕ ਮੈਂ ਹਾਂ, ਉਦੋਂ ਤੱਕ ਸਿੱਖਾਂ ਨਾਲ਼ ਨਾਇਨਸਾਫ਼ੀ ਬਿਲਕੁਲ ਨਹੀਂ ਹੋਣ ਦਿਆਂਗਾ- ਰਾਜਨਾਥ ਸਿੰਘ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਨੌਂ ਸਾਲ ਤੋਂ ਭਗੌੜਾ ਵਿਅਕਤੀ ਕਰ ਰਿਹਾ ਹੈ ਸਰਕਾਰੀ ਨੌਕਰੀ-ਇਕ ਖ਼ਬਰ
ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ।

ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਇੱਜ਼ਤ ਮਾਣ ਸਤਿਕਾਰ ਦਿੱਤਾ ਜਾਵੇ- ਸਿੱਧੂ
ਚੰਗੀ ਤਰ੍ਹਾਂ ਇਹਨਾਂ ਦੀ ਘੀਸੀ ਕਰਵਾਈ ਜਾਵੇ ਤਾਂ ਕਿ ਮੁੜ ਕੇ ਆਉਣ ਦਾ ਨਾਮ ਨਾ ਲੈਣ।

ਟਾਈਟਲਰ ਵਿਰੁੱਧ ਸਰਗਰਮ ਹੋਏ ਅਕਾਲੀ ਅਤੇ ਭਾਜਪਾ ਆਗੂ- ਇਕ ਖ਼ਬਰ
ਨਾ ਖੰਜਰ ਉਠੇਗਾ ਨਾ ਤਲਵਾਰ ਉਠੇਗੀ, ਯੇਹ ਬਾਜ਼ੂ ਮਿਰੇ ਆਜ਼ਮਾਏ ਹੂਏ ਹੈਂ।

ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿਆਂਗਾ- ਐੱਸ. ਐੱਚ.ਓ.
ਇਕੋ ਹੀ ਫ਼ੋਨ 'ਉੱਪਰੋਂ' ਆਉਣੈ ਤੇ ਤੇਰੀ ਸਾਰੀ ਫ਼ੂਕ ਨਿਕਲ ਜਾਣੀ ਐ।

ਵਿੱਤੀ ਸੰਕਟ: ਕੇਂਦਰ ਦੇ ਦੁਆਰੇ ਪੁੱਜੀ ਪੰਜਾਬ ਦੀ ਅਫ਼ਸਰ ਸ਼ਾਹੀ- ਇਕ ਖ਼ਬਰ
ਤੇਰੇ ਦੁਆਰ ਖੜ੍ਹੇ ਹਮ ਜੋਗੀ, ਮਿਹਰ ਕੀ ਨਜ਼ਰ ਕਬ ਹੋਗੀ।

ਭਾਜਪਾ ਦਾ ਸਿੱਧੂ ਨਾਲ਼ ਪੁਰਾਣਾ ਪਿਆਰ ਜਾਗਿਆ- ਇਕ ਖ਼ਬਰ
ਮੈਨੂੰ ਸੋਨੇ ਦਾ ਤਵੀਤ ਕਰਾ ਦੇ , ਚਾਂਦੀ ਦਾ ਕੀ ਭਾਰ ਚੁੱਕਣਾ।

ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਲਾਇਬ੍ਰੇਰੀ ਬਣਾਏਗੀ- ਲੌਂਗੋਵਾਲ
ਪਹਿਲਾਂ ਰੱਖੇ ਹੋਏ ਨੀਂਹ ਪੱਥਰਾਂ ਦਾ ਕੀ ਕਰੋਗੇ ਲੌਂਗੋਵਾਲ ਸਾਹਿਬ?

ਸਰਬਸੰਮਤੀ ਨਾਲ਼ ਚੱਢਾ ਚੀਫ਼ ਖ਼ਾਲਸਾ ਦੀਵਾਨ ਦੀ ਮੁਢਲੀ ਮੈਂਬਰਸ਼ਿੱਪ ਤੋਂ ਖ਼ਾਰਜ- ਇਕ ਖ਼ਬਰ
ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।

ਟਾਈਟਲਰ ਨੂੰ ਜੇਹਲ਼ ਨਹੀਂ ਭਿਜਵਾ ਸਕਦੇ ਤਾਂ ਭਾਜਪਾ ਨਾਲ਼ ਤੋੜ ਵਿਛੋੜਾ ਕਰਨ ਬਾਦਲ- ਸਰਨਾ
ਕਿਉਂ ਤੀਵੀਂ ਆਦਮੀ ਵਿਚ ਵਿਛੋੜਾ ਪਾਉਂਦੇ ਹੋ।

ਪੰਜਾਬੀ ਭਾਸ਼ਾ ਵੀ ਅੰਗਰੇਜ਼ੀ ਵਾਂਗ ਤਾਕਤਵਰ ਅਤੇ ਸਮਰੱਥ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਭਾਸ਼ਾ ਤਾਂ ਸਮਰੱਥ ਐ ਪਰ ਜਿਹਨਾਂ ਦੇ ਮੋਢਿਆਂ 'ਤੇ ਬੈਠੀ ਐ ਉਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਰਹੀ।

'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਦਾ ਮਸ਼ਾਲ ਮਾਰਚ ਫ਼ਤਿਹਗੜ੍ਹ ਤੋਂ ਰਵਾਨਾ- ਇਕ ਖ਼ਬਰ
ਢਿੱਡੋਂ ਭੁੱਖੀ, ਘੀਸੀ 'ਤੇ ਜ਼ੋਰ।

ਫ਼ੇਸਬੁੱਕ 'ਤੇ 20 ਕਰੋੜ ਫ਼ਰਜ਼ੀ ਖ਼ਾਤੇ, ਭਾਰਤੀਆਂ ਦਾ ਪਹਿਲਾ ਨੰਬਰ- ਇਕ ਖ਼ਬਰ
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-02-04

ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ਼ ਗੱਲਬਾਤ ਲਈ ਤਿਆਰ- ਇਕ ਖ਼ਬਰ
ਗੱਲ ਸੁਣਦੀ ਨਹੀਂ ਤੂੰ ਹੀ ਮੇਰੀ, ਮੈਂ ਤੇਰੇ ਉੱਤੋਂ ਜਿੰਦ ਵਾਰਦਾ।

ਅਮਰੀਕਾ ਦਾ ਪਾਕਿ ਨੂੰ ਸਪਸ਼ਟ ਸੰਦੇਸ਼, ਅੱਤਵਾਦ ਨੂੰ ਸਮਰਥਨ ਦੇਣ ਵਾਲ਼ੇ ਸਾਡੇ ਮਿੱਤਰ ਨਹੀਂ- ਇਕ ਖ਼ਬਰ
ਜੇ ਮੁੰਡਿਆ ਤੂੰ ਹਲ਼ ਨਹੀਂ ਵਾਹੁਣਾ, ਰੋਟੀ ਆਊ ਮਿਰਚਾਂ ਦੇ ਨਾਲ਼ ਮੁੰਡਿਆ।

ਜਿਸਮ ਫ਼ਰੋਸ਼ੀ ਦਾ ਧੰਦਾ ਕਰਵਾਉਣ ਵਾਲੀ ਔਰਤ ਦੇ ਘਰੋਂ ਇਕ ਅਕਾਲੀ ਆਗੂ ਕਾਬੂ- ਇਕ ਖ਼ਬਰ
ਧਰਨੇ ਕੈਪਟਨ ਲਾਉਣ ਨਹੀਂ ਦਿੰਦਾ, ਹੋਰ ਕਿੱਥੇ ਹੁਣ ਜਾਈਏ।

ਖੇਤੀ 'ਚ 12 ਫ਼ੀਸਦੀ ਵਿਕਾਸ ਦਰ ਤੋਂ ਬਿਨਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੰਭਵ ਨਹੀਂ- ਮਨਮੋਹਨ ਸਿੰਘ
ਬਜਟ ਕੇ ਵਾਅਦੇ, ਝੂਠੇ ਵਾਅਦੇ, ਜੁਮਲੇ ਹੈਂ ਜੁਮਲੋਂ ਕਾ ਕਿਆ।

ਆਰਥਿਕ ਸਮੀਖਿਆ 'ਚ ਭਾਰਤੀ ਕਿਸਾਨ ਦੀ ਤਰਸਯੋਗ ਤਸਵੀਰ ਪੇਸ਼- ਇਕ ਖ਼ਬਰ
ਸਾਨੂੰ ਆਪਣੀ ਤਸਵੀਰ ਤੋਂ ਵੇਹਲ ਨਾਹੀਂ, ਕਿਹਦੀ ਕਿਹਦੀ ਤਸਵੀਰ ਅਸੀਂ ਦੇਖੀਏ ਜੀ।

ਕੇਜਰੀਵਾਲ ਨੇ ਕੇਂਦਰ 'ਤੇ ਮਤਰੇਈ ਮਾਂ ਵਾਲ਼ਾ ਸਲੂਕ ਕਰਨ ਦਾ ਦੋਸ਼ ਲਗਾਇਆ- ਇਕ ਖ਼ਬਰ
ਪੂਰਨ ਧਾਹਾਂ ਮਾਰਦਾ, ਨਾ ਮਾਤਾ ਜ਼ੁਲਮ ਕਮਾ।

ਉਸਾਰੂ ਸੁਝਾਅ ਪ੍ਰਵਾਨ ਪਰ ਬੇਲੋੜੀ ਨੁਕਤਾਚੀਨੀ ਜਾਇਜ਼ ਨਹੀਂ- ਲੌਂਗੋਵਾਲ
ਕੌਣ ਫ਼ੈਸਲਾ ਕਰੇਗਾ ਕਿ ਕਿਹੜੀ ਗੱਲ ਉਸਾਰੂ ਸੁਝਾਉ ਹੈ ਤੇ ਕਿਹੜੀ ਗੱਲ ਬੇਲੋੜੀ ਨੁਕਤਾਚੀਨੀ?

ਵਪਾਰਕ ਘਰਾਣੇ ਸੂਬੇ ਦੇ ਸਿੱਖਿਆ ਪੱਧਰ ਨੂੰ ਉੱਪਰ ਚੁੱਕਣ ਲਈ ਸਹਿਯੋਗ ਦੇਣ- ਮਨਪ੍ਰੀਤ ਬਾਦਲ
ਤੇ ਮਾਇਆ ਨਾਲ਼ ਆਪਣੀਆਂ ਝੋਲ਼ੀਆਂ ਭਰ ਲੈਣ।

ਰਾਸ਼ਟਰਪਤੀ ਦਾ ਭਾਸ਼ਨ ਦੇਸ਼ ਦੇ ਅਸਲ ਮੁੱਦਿਆਂ 'ਤੇ ਮੌਨ- ਜਾਖੜ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ॥

ਸਿੱਧੂ ਤੇ ਕੈਪਟਨ ਦੀ ਠੰਢੀ ਜੰਗ ਬਣੀ ਕੇਂਦਰੀ ਹਾਈ ਕਮਾਨ ਲਈ ਸਿਰਦਰਦੀ- ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਜਗਮੀਤ ਬਰਾੜ ਛੇਤੀ ਹੀ ਸ਼ਾਮਲ ਹੋ ਸਕਦੇ ਹਨ ਕਾਂਗਰਸ ਪਾਰਟੀ ਵਿਚ- ਇਕ ਖ਼ਬਰ
ਆਖਰ ਬੱਚਾ ਮੂਲ਼ਿਆ ਤੂੰ ਹੱਟੀ ਬਹਿਣਾ।

ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਠੁੱਠ ਵਿਖਾ ਕੇ ਤੁਰਦੇ ਬਣੇ ਰਾਜਨਾਥ ਸਿੰਘ-ਇਕ ਖ਼ਬਰ
ਮੁੜ ਨਾ ਉਹ ਸੌਦਾਗਰ ਆਏ, ਲਾ ਗਏ ਜੋ ਲਾਰੇ।

ਦੇਸ਼ ਦੀ ਕਿਸਾਨੀ ਦਾ ਵਿਸ਼ਵਾਸ਼ ਮੋਦੀ ਸਰਕਾਰ ਤੋਂ ਉੱਠਿਆ-ਇਕ ਖ਼ਬਰ
ਉੱਜੜੀਆਂ ਭਰਜਾਈਆਂ ਵਲੀ ਜਿਹਨਾਂ ਦੇ ਜੇਠ।

ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਨਾਲ਼ ਗੁੰਡਾਗਰਦੀ ਨੂੰ ਨੱਥ ਪਈ- ਬਡਲਾ
ਯਾਰ ਸੁਧਾ ਲੂਣ ਨਾ ਗੁੰਨ੍ਹਿਆਂ ਕਰੋ, ਵਿਚ ਆਟਾ ਵੀ ਪਾ ਲਿਆ ਕਰੋ।