Dr Harshinder Kaur

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਜੇ ਮਨੁੱਖ ਸਿਰਫ਼ ਰੁੱਖੇ ਹੀ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਤੇ ਅਜਿਹਾ ਮਨੁੱਖ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ। ਪ੍ਰੇਮ ਵਿਹੂਣਾ ਅਜਿਹਾ ਮਨੁੱਖ ਯਾਦ ਵੀ ਰੁੱਖੇ ਬਚਨਾਂ ਨਾਲ ਹੀ ਕੀਤਾ ਜਾਂਦਾ ਹੈ। ਦਰਗਾਹ ਤੋਂ ਤਾਂ ਰੱਦ ਹੋ ਹੀ ਜਾਂਦਾ ਹੈ ਪਰ ਇਸ ਤਰ੍ਹਾਂ ਦੇ ਮਨੁੱਖ ਦੇ ਮੂੰਹ ਉੱਤੇ ਵੀ ਥੁੱਕਾਂ ਤੇ ਫਿਟਕਾਰਾਂ ਪੈਂਦੀਆਂ ਹਨ। ਪ੍ਰੇਮ ਹੀਣ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੀ ਸਦਾ ਹੀ ਬੇਇੱਜ਼ਤੀ ਹੁੰਦੀ ਹੈ ਤੇ ਜੁੱਤੀਆਂ ਦੀ ਮਾਰ ਪੈਂਦੀ ਹੈ।
    ਓਹੀਓ ਸਟੇਟ ਯੂਨੀਵਰਸਿਟੀ ਵਿਚ ਜੋਨ ਕੇਸੀਓਪੋ ਨੇ ਖੋਜ ਰਾਹੀਂ ਇਹ ਤੱਥ ਲੱਭੇ ਕਿ ਇਨਸਾਨੀ ਮਨ ਮਾੜਾ ਸੁਣ ਕੇ ਵੱਧ ਖਿੱਚਿਆ ਜਾਂਦਾ ਹੈ। ਇਸੇ ਲਈ ਜਿਹੜੇ ਸਿਆਸਤਦਾਨ ਦੂਜੇ ਨੂੰ ਭੰਡਦੇ ਹੋਣ, ਉਹ ਵੱਧ ਮਕਬੂਲ ਹੁੰਦੇ ਹਨ ਪਰ ਜਿਹੜੇ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦੇ ਹੋਣ, ਉਹ ਬਹੁਤਾ ਧਿਆਨ ਨਹੀਂ ਖਿੱਚਦੇ।
    ਕਿਸੇ ਬਾਰੇ ਮਾੜਾ ਸੁਣ ਕੇ, ਬੁਰੀ ਖ਼ਬਰ ਪੜ੍ਹ ਕੇ ਜਾਂ ਮਾੜੀ ਘਟਨਾ ਵੇਖ ਕੇ ਦਿਮਾਗ਼ ਦੀ ਬਿਜਲਈ ਹਰਕਤ ਵਿਚ ਤੂਫ਼ਾਨ ਆ ਜਾਂਦਾ ਹੈ।
    ਅਜਿਹਾ ਚੰਗੀ ਖ਼ਬਰ ਪੜ੍ਹ ਕੇ ਨਹੀਂ ਹੁੰਦਾ। ਪੱਥਰ ਯੁੱਗ ਸਮੇਂ ਤੋਂ ਹੀ ਖ਼ਤਰਾ ਭਾਂਪ ਕੇ ਨਵੀਂ ਚੀਜ਼ ਈਜਾਦ ਕੀਤੀ ਜਾਂਦੀ ਰਹੀ ਹੈ। ਸਭ ਕੁੱਝ ਚੰਗਾ ਵੇਖ ਸੋਚ ਕੇ ਹੌਲੀ-ਹੌਲੀ ਮਨ ਢਿੱਲਾ ਪੈ ਜਾਂਦਾ ਹੈ।
    ਵਿਆਹੁਤਾ ਜ਼ਿੰਦਗੀ ਵਿਚ ਵੀ ਨਿੱਘੇ ਰਿਸ਼ਤੇ ਉਹੀ ਹੁੰਦੇ ਹਨ ਜਿਨ੍ਹਾਂ ਵਿਚ ਸਭ ਕੁੱਝ 'ਠੀਕ' ਨਾ ਹੋਵੇ ਬਲਕਿ ਨਿੱਕੀ ਮੋਟੀ 'ਖਟਪਟ' ਚੱਲਦੀ ਰਹੇ। ਇਹ 'ਖਟਪਟ' ਰਿਸ਼ਤਿਆਂ ਦਾ 'ਥਰਮੋਸਟੈਟ' ਸਾਬਤ ਹੋ ਚੁੱਕੀ ਹੈ। ਜੇ ਖਟਪਟ ਲੜਾਈ ਵਿਚ ਜਾਂ ਮੰਦੀ ਸ਼ਬਦਾਵਲੀ ਵਿਚ ਤਬਦੀਲ ਹੋ ਜਾਏ ਤਾਂ ਰਿਸ਼ਤੇ ਵਿਚ ਫਿੱਕ ਪੈ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਖਟਪਟ ਨੂੰ ਲੜਾਈ ਵਿਚ ਤਬਦੀਲ ਹੋਣ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ ਹੈ।
    ਇਹ ਹੀ ਸਭ ਤੋਂ ਗੁੰਝਲਦਾਰ ਨੁਕਤਾ ਹੈ ਕਿ ਕਿਸ ਗੱਲ ਉੱਤੇ ਰਿਸ਼ਤੇ ਵਿਚ ਫਿੱਕ ਪੈਣ ਤੋਂ ਰੋਕਣ ਦੀ ਲੋੜ ਹੁੰਦੀ ਹੈ।
    ਮਨੋਵਿਗਿਆਨੀਆਂ ਅਨੁਸਾਰ ਇਹ 5:1 ਅਨੁਪਾਤ ਨਾਲ ਠੀਕ ਰਹਿੰਦਾ ਹੈ। ਯਾਨੀ 5 ਚੰਗੀਆਂ ਸਾਂਝ ਵਾਲੀਆਂ ਗੱਲਾਂ ਤੇ ਇੱਕ ਅਣਬਣ, ਵਿਅੰਗ ਜਾਂ ਝਗੜੇ ਵਾਲੀ।
    ਜੇ ਇਹ ਅਨੁਪਾਤ 2:3 ਹੋ ਜਾਏ ਤੇ ਅਣਬਣ ਤਿੰਨ ਤੱਕ ਪਹੁੰਚ ਜਾਏ ਤਾਂ ਰਿਸ਼ਤੇ ਦਾ ਅਗਾਂਹ ਤੁਰਨਾ ਨਾਮੁਮਕਿਨ ਹੋ ਜਾਂਦਾ ਹੈ।
    ਲੰਬੇ ਸਮੇਂ ਤਕ ਨਿਭਣ ਵਾਲੀਆਂ ਦੋਸਤੀਆਂ ਵਿਚ ਵੀ ਇਹੀ ਕੁੱਝ ਸਹੀ ਸਾਬਤ ਹੋਇਆ ਹੈ। ਜੇ ਦੋਸਤਾਂ ਵਿਚ ਉੱਕਾ ਹੀ ਅਣਬਣ ਨਾ ਹੋਵੇ ਤਾਂ ਰਿਸ਼ਤਾ ਨਿੱਘਾ ਹੁੰਦਾ ਹੀ ਨਹੀਂ ਕਿਉਂਕਿ ਹਰ ਜਣਾ ਗਲ ਦਿਲ ਵਿਚ ਹੀ ਲੁਕਾਉਂਦਾ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦਾ ਰਹਿੰਦਾ ਹੈ ਜੋ ਰਿਸ਼ਤੇ ਵਿਚਲੀ ਖਿੱਚ ਖ਼ਤਮ ਕਰ ਦਿੰਦਾ ਹੈ।
    ਜੇ ਅਨੁਪਾਤ ਵਿਗੜ ਰਿਹਾ ਹੋਵੇ ਤਾਂ ਰਿਸ਼ਤਾ ਟਿਕਾਊ ਕਰਨ ਲਈ ਸਾਰਥਕ ਕਦਮ ਪੁੱਟਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਮਨ ਅੰਦਰ ਭਰੀ ਕੌੜ ਨੂੰ ਕਿਸੇ ਹੋਰ ਢੰਗ ਨਾਲ ਬਾਹਰ ਕੱਢਣ ਤੇ ਦੋਸਤ ਨੂੰ ਨਿੱਘੀ ਜੱਫੀ ਜਾਂ ਕੁੱਝ ਚੰਗੇ ਸੁਣੇਹੇ ਭੇਜਣ ਨਾਲ ਰਿਸ਼ਤੇ ਵਿਚ ਨਿੱਘ ਭਰਿਆ ਜਾ ਸਕਦਾ ਹੈ।
    ਅਜਿਹਾ ਉਦੋਂ ਤੱਕ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤਕ ਅਨੁਪਾਤ 5:1 ਨਾ ਹੋ ਜਾਵੇ।
    ਹੁਣ ਗੱਲ ਕਰੀਏ ਸਿਫਰ ਨਕਾਰਾਤਮਕ ਸੋਚ ਵਾਲੇ ਮਨੁੱਖ ਦੀ ਜੋ ਅਲੋਚਨਾ ਤੋਂ ਇਲਾਵਾ ਕੁੱਝ ਜਾਣਦਾ ਹੀ ਨਾ ਹੋਵੇ ਤੇ ਕਦੇ ਵੀ ਸਾਰਥਕ ਗੱਲ ਨਾ ਕਰਦਾ ਹੋਵੇ। ਅਜਿਹਾ ਮਨੁੱਖ ਆਪਣੇ ਮਨ ਨੂੰ ਇਹ ਸਮਝਾ ਲੈਂਦਾ ਹੈ ਕਿ ਰੁੱਖਾ ਬੋਲਣਾ ਉਸ ਦਾ ਖਾਸ ਗੁਣ ਹੈ ਤੇ ਇੰਜ ਹੀ ਉਹ ਆਪਣੇ ਆਪ ਨੂੰ ਬਾਕੀਆਂ ਤੋਂ ਵੱਖ ਤੇ ਉੱਚਾ ਸਮਝਣ ਲੱਗ ਪੈਂਦਾ ਹੈ। ਹੌਲੀ-ਹੌਲੀ ਅਜਿਹੇ ਮਨੁੱਖ ਦੀ ਸੋਚ ਹੀ ਤਬਦੀਲ ਹੋ ਜਾਂਦੀ ਹੈ ਤੇ ਹਉਮੈ ਉਸ ਨੂੰ ਜਕੜ ਲੈਂਦੀ ਹੈ। ਉਸ ਨੂੰ ਆਪਣੇ ਸਾਹਮਣੇ ਸਾਰੇ ਬੌਣੇ ਜਾਪਣ ਲੱਗ ਪੈਂਦੇ ਹਨ।
    ਦੂਜੇ ਦੀ ਚੀਸ ਨਾ ਸਮਝਣਾ ਤੇ ਦੂਜੇ ਨੂੰ ਨੀਵਾਂ ਵਿਖਾ ਕੇ ਖ਼ੁਸ਼ ਮਹਿਸੂਸ ਹੋਣਾ ਹੀ ਕਿਸੇ ਕਿਸੇ ਦਾ ਸੁਭਾਓ ਬਣ ਜਾਂਦਾ ਹੈ।
    ਅਜਿਹਾ ਮਨੁੱਖ ਰੁੱਖਾ ਹੋਣ ਦੇ ਨਾਲ ਅੜਬ ਤੇ ਆਪਣੇ ਆਲੇ-ਦੁਆਲੇ ਭੇਦ ਨਾ ਸਕਣ ਵਾਲਾ ਚੱਕਰਵਿਊ ਸਿਰਜ ਲੈਂਦਾ ਹੈ ਜਿਸ ਨੂੰ ਪਾਰ ਨਾ ਕਰ ਸਕਣ ਵਾਲਾ ਕਿਨਾਰਾ ਕਰਨ ਲੱਗ ਪੈਂਦਾ ਹੈ ਤੇ 'ਅੰਗੂਰ ਖੱਟੇ ਹਨ' ਵਾਂਗ ਹੀ ਉਸ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਪਰ੍ਹਾਂ ਹੋ ਜਾਂਦਾ ਹੈ। ਇਹੋ ਨਿੰਦਾ ਅਗਾਂਹ ਤੁਰਦੀ ਹੋਈ ਉਸ ਮਨੁੱਖ ਨੂੰ ਰੁੱਖਾ ਤੇ ਨਕਾਰਾਤਮਕ ਸਾਬਤ ਕਰ ਦਿੰਦੀ ਹੈ ਤੇ ਲੋਕਾਂ ਵਿਚ ਅਜਿਹੇ ਮਨੁੱਖ ਦੇ ਜ਼ਿਕਰ ਨਾਲ ਹੀ ਉਸ ਨੂੰ ਭੰਡਿਆ ਜਾਣ ਲੱਗ ਪੈਂਦਾ ਹੈ।
    ਇਹ ਸਾਰੀ ਖੋਜ ਮਨੋਵਿਗਿਆਨੀਆਂ ਨੇ ਸਿਰਫ਼ ਇਸ ਨੁਕਤੇ ਨੂੰ ਸਾਬਤ ਕਰਨ ਉੱਤੇ ਲਾਈ ਹੈ ਕਿ ਇਨਸਾਨੀ ਮਨ ਨਿੰਦਿਆ ਵੱਲ ਛੇਤੀ ਖਿੱਚਿਆ ਜਾਂਦਾ ਹੈ ਤੇ ਆਪ ਵੀ ਸੁਣੀ ਸੁਣਾਈ ਨਿੰਦਿਆ ਦਾ ਹਿੱਸਾ ਅਚੇਤ ਮਨ ਰਾਹੀਂ ਬਣ ਜਾਂਦਾ ਹੈ। ਪਰ, ਲਗਾਤਾਰ ਸੁਣੀ ਜਾ ਰਹੀ ਨਿੰਦਿਆ ਤੋਂ ਅਕੇਵਾਂ ਹੁੰਦੇ ਸਾਰ ਮਨੁੱਖੀ ਮਨ ਸਹਿਜ ਹੋਣ ਲਈ ਕੁੱਝ ਸੁਖਾਵੇਂ ਸ਼ਬਦ ਭਾਲਣ ਲੱਗ ਪੈਂਦਾ ਹੈ। ਯਾਨੀ ਬਹੁਤੀ ਦੇਰ ਰੁੱਖਾਪਨ ਸੁਣਿਆ ਨਹੀਂ ਜਾਂਦਾ ਤੇ ਦਿਮਾਗ਼ ਵਿਚਲੀਆਂ ਬਿਜਲਈ ਤਰੰਗਾਂ ਨੂੰ ਸ਼ਾਂਤ ਕਰਨ ਲਈ ਕੁੱਝ ਚੰਗਾ ਸੁਣਨਾ ਇਨਸਾਨੀ ਮਨ ਦੀ ਫਿਤਰਤ ਹੈ।
    ਜਿਹੜਾ ਮਨੁੱਖ ਸਦਾ ਹੀ ਰੁੱਖੇ ਬਚਨ ਉਚਾਰਦਾ ਰਹੇ, ਉਸ ਦੀ ਬਾਕੀਆਂ ਨਾਲ ਸਾਂਝ ਹੌਲੀ-ਹੌਲੀ ਟੁੱਟਣ ਲੱਗ ਪੈਂਦੀ ਹੈ ਤੇ ਲੋਕ ਉਸ ਤੋਂ ਪਾਸਾ ਵੱਟਣ ਲੱਗ ਪੈਂਦੇ ਹਨ।
    ਹੁਣ ਤਾਂ ਸੌਖਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਸਮਝ ਆ ਸਕਦਾ ਹੈ-
    ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
    ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।
    ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।
    ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।
                    (ਅੰਗ 473)
    ਅੱਗੇ ਤੋਂ ਜਿਹੜਾ ਜਣਾ ਸਿਰਫ਼ ਹੀ ਸਿਫ਼ਤ ਕਰਦਾ ਮਿਲੇ ਤਾਂ ਉਸ ਉੱਪਰ ਝੂਠ ਦੇ ਚੜ੍ਹੇ ਮੁਖੌਟੇ ਬਾਰੇ ਸਮਝ ਲੈਣਾ ਚਾਹੀਦਾ ਹੈ ਤੇ ਇਸ 'ਫੂਕ ਸ਼ਸਤਰ' ਤੋਂ ਬਚਾਓ ਹੀ ਬਿਹਤਰ ਹੁੰਦਾ ਹੈ।
    ਕਿਸੇ ਅੰਦਰ ਸਿਰਫ਼ ਹੀ ਗੁਣ ਹੋਣ, ਇਹ ਸੰਭਵ ਨਹੀਂ ਪਰ ਸਿਰਫ਼ ਔਗੁਣ ਹੋਣ, ਇਹ ਵੀ ਸਹੀ ਨਹੀਂ ਹੈ। ਰਿਸ਼ਤਿਆਂ ਨੂੰ ਲੰਮੇ ਸਮੇਂ ਤੱਕ ਚੱਲਦੇ ਰੱਖਣ ਲਈ 5:1 ਦੀ ਸਹੀ ਮਿਕਦਾਰ ਜ਼ਰੂਰ ਚਾਹੀਦੀ ਹੈ।


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਅਣਖ ਖ਼ਾਤਰ ਹੋ ਰਹੇ ਕਤਲ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਬਹੁਤ ਸਾਰੇ ਖੋਜ ਪੱਤਰਾਂ ਵਿਚ ਸਪਸ਼ਟ ਹੋ ਚੁੱਕਿਆ ਹੈ ਕਿ ਇਸ ਮਰਦ ਪ੍ਰਧਾਨ ਸਮਾਜ ਵਿਚ ਧੀਆਂ ਉੱਤੇ ਲੱਗੀਆਂ ਬੰਦਸ਼ਾਂ ਘੱਟ ਨਹੀਂ ਹੋਈਆਂ। ਅੱਜ ਵੀ ਕਿਸੇ ਟੱਬਰ ਕੋਲੋਂ ਆਪਣੀ ਧੀ ਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਕਰਨਾ ਸਹਾਰਿਆ ਨਹੀਂ ਜਾਂਦਾ ਤੇ ਇਸ ਨੂੰ ਵੱਡਾ ਜੁਰਮ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਪੁੱਤਰ ਨੂੰ ਅਜਿਹਾ ਕਰਨ ਉੱਤੇ ਸ਼ਾਬਾਸ਼ੀ ਦਿੱਤੀ ਜਾਂਦੀ ਹੈ।

    ਜੇ ਕਿਸੇ ਧੀ ਨੇ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆ ਤੇ ਜਾਤ-ਪਾਤ ਅੜਿੱਕੇ ਆ ਗਈ ਤਾਂ ਯਕੀਨਨ ਧੀ ਤਾਂ ਕਤਲ ਹੋਵੇਗੀ ਹੀ, ਮੁੰਡੇ ਵਾਲਿਆਂ ਦੀਆਂ ਧੀਆਂ ਭੈਣਾਂ ਦੀ ਵੀ ਸ਼ਾਮਤ ਆ ਜਾਣੀ ਹੈ।
    ਟੱਬਰ ਪੂਰਾ ਹੀ ਵੱਢਿਆ ਜਾ ਸਕਦਾ ਹੈ। ਅਜਿਹਾ ਕਰਨ ਤੋਂ ਪਹਿਲਾਂ ਮੁੰਡੇ ਦੇ ਟੱਬਰ ਦੀਆਂ ਔਰਤਾਂ ਦੀ ਪੱਤ ਲਾਹੁਣ ਨੂੰ ਪਹਿਲ ਦਿੱਤੀ ਜਾਂਦੀ ਹੈ। ਕਮਾਲ ਦਾ ਦੋਗਲਾਪਨ ਵੇਖੋ ਕਿ ਆਪਣੀ ਧੀ ਉੱਤੇ ਬੰਦਸ਼ਾਂ ਲਾਉਣ ਵਾਲੇ ਬਹੁਤੇ ਪਿਓ ਆਪਣੇ ਪੁੱਤਰ ਨੂੰ ''ਮੌਜਾਂ ਕਰ'' ਕਹਿ ਕੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਇਸ ਦੇ ਨਾਲੋ ਨਾਲ ਇਹ ਹਦਾਇਤ ਵੀ ਹੁੰਦੀ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਕੁੜੀਆਂ ਨਾਲ ਯਾਰੀ ਕਰੀ ਜਾ ਪਰ ਵਿਆਹ ਸਾਡੀ ਮਰਜ਼ੀ ਨਾਲ ਹੋਣਾ ਹੈ!
    ਜਿਹੜਾ ਮਰਜ਼ੀ ਪਾਸਾ ਵੇਖ ਲਵੋ, ਅਖ਼ੀਰ ਮਾਰ ਕੁੜੀਆਂ ਉੱਤੇ ਹੀ ਪੈਂਦੀ ਹੈ।
    ਧੀ ਦੀ ਆਪਣੀ ਮਰਜ਼ੀ ਨਾਲ ਹੋਏ ਵਿਆਹ ਵਾਸਤੇ ਪਿਓ, ਭਰਾ, ਰਿਸ਼ਤੇਦਾਰੀ ਆਦਿ ਤੋਂ ਇਲਾਵਾ ਕੰਨਟਰੈਕਟ ਕਿੱਲਰ ਤੱਕ ਤਿਆਰ ਕਰ ਕੇ ਧੀ ਨੂੰ ਮਾਰ ਦੇਣ ਦੇ ਫੈਸਲੇ ਲਏ ਜਾਂਦੇ ਹਨ।
    ਸਿਰਫ਼ ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਹੋਰ ਵੀ ਅਨੇਕ ਮੁਲਕਾਂ ਵਿਚ ਧੀਆਂ ਵੇਚੀਆਂ ਵੱਟੀਆਂ ਵੀ ਜਾਂਦੀਆਂ ਹਨ, ਦਾਜ ਖ਼ਾਤਰ ਸਾੜੀਆਂ ਵੀ ਜਾਂਦੀਆਂ ਹਨ ਤੇ ਆਪਣੀ ਮਰਜ਼ੀ ਦਾ ਵਿਆਹ ਕਰਨ ਉੱਤੇ ਕਤਲ ਵੀ ਕੀਤੀਆਂ ਜਾਂਦੀਆਂ ਹਨ।
    ਅਣਖ ਖ਼ਾਤਰ ਹੋ ਰਹੇ ਕਤਲਾਂ ਵਿਚ ਸ਼ਾਮਲ ਮੁਲਕ ਹਨ :-ਇਰਾਨ, ਤੁਰਕੀ, ਅਫਗਾਨਿਸਤਾਨ, ਇਰਾਕ, ਸਾਊਦੀ ਅਰਬ, ਈਜਿਪਟ, ਪਲਸਤੀਨ, ਜਾਰਡਨ, ਬੰਗਲਾਦੇਸ, ਐਲਜੀਰੀਆ, ਬਰਾਜ਼ੀਲ, ਇਕੂਏਡਰ, ਮੌਰੋਕੋ, ਇਜ਼ਰਾਈਲ, ਇਥੀਓਪੀਆ, ਸੋਮਾਲੀਆ, ਯੂਗਾਂਡਾ, ਪਾਕਿਸਤਾਨ, ਬਲਕਨ, ਸਵੀਡਨ, ਹੌਲੈਂਡ, ਜਰਮਨੀ, ਇਟਲੀ, ਯੇਮੇਨ ਤੇ ਅਨੇਕ ਹੋਰ।
    ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਅਨੁਸਾਰ 5000 ਔਰਤਾਂ ਤੇ ਬੱਚੀਆਂ ਹਰ ਸਾਲ ਅਣਖ ਖ਼ਾਤਰ ਦੁਨੀਆ ਭਰ ਵਿਚ ਕਤਲ ਕੀਤੀਆਂ ਜਾ ਰਹੀਆਂ ਹਨ (ਜੋ ਰਿਪੋਰਟ ਹੋ ਰਹੀਆਂ

ਹਨ) ਪਰ ਅਸਲ ਵਿਚ ਇਹ ਅੰਕੜਾ 20,000 ਪ੍ਰਤੀ ਸਾਲ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਵੱਡੀ ਗਿਣਤੀ ਕੇਸ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਤੇ ਅੰਦਰੋ ਅੰਦਰੀ ਕੁੜੀ ਦਾ ਜਿਸਮ ਵੀ ਖੁਰਦ ਬੁਰਦ ਕਰ ਦਿੱਤਾ ਜਾਂਦਾ ਹੈ।
    ਭਾਰਤ ਵਿਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ਜ਼ਿਆਦਾਤਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ ਵਿਚ ਕਤਲ ਹੋ ਰਹੀਆਂ ਹਨ। ਅੱਜ ਦੇ ਦਿਨ ਸਭ ਤੋਂ ਵੱਧ ਕਤਲ ਭਾਰਤ ਵਿਚ ਹੀ ਹੋ ਰਹੇ ਹਨ। ਭਾਰਤ ਵਿਚ ਸਿਰਫ਼ ਧੀਆਂ ਹੀ ਨਹੀਂ ਉਸ ਮੁੰਡੇ ਦਾ ਵੀ ਕਤਲ ਹੋ ਰਿਹਾ ਹੈ ਜਿਸ ਨਾਲ ਧੀ ਭੱਜੀ ਹੋਵੇ। ਇਹ ਗਿਣਤੀ ਲਗਭਗ 1000 ਮੌਤਾਂ ਪ੍ਰਤੀ ਸਾਲ ਪਹੁੰਚ ਚੁੱਕੀ ਹੋਈ ਹੈ।
    ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕੋਈ ਕਾਨੂੰਨ ਹਾਲੇ ਤਕ ਕਾਰਗਰ ਸਾਬਤ ਨਹੀਂ ਹੋਇਆ। ਸੰਨ 1835-37 ਵਿਚ ਬਰਤਾਨੀਆ ਹਕੂਮਤ ਨੇ ਵੀ ਅਣਖ ਖ਼ਾਤਰ ਹੋ ਰਹੇ ਕਤਲਾਂ ਲਈ ਕਾਨੂੰਨ ਬਣਾਇਆ ਸੀ।
    ਅੱਜ ਦੇ ਦਿਨ ਜਿਹੜੀਆਂ 88 ਫੀਸਦੀ ਕੁੜੀਆਂ ਅਣਖ ਦੀ ਭੇਂਟ ਚੜ੍ਹ ਰਹੀਆਂ ਹਨ, ਉਨ੍ਹਾਂ ਵਿੱਚੋਂ ਅੱਗੋਂ 91 ਫੀਸਦੀ ਆਪਣੇ ਪਿਓ, ਭਰਾ, ਚਾਚੇ-ਤਾਏ ਦੇ ਹੱਥੋਂ ਹੀ ਮਰ ਰਹੀਆਂ ਹਨ।
    ਇਨ੍ਹਾਂ ਵਿੱਚੋਂ 59 ਫੀਸਦੀ ਕੇਸਾਂ ਵਿਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਹਨ। ਕੁੜੀ ਦੇ ਰਿਸ਼ਤੇਦਾਰੀ ਵੱਲੋਂ ਮਾਰੇ ਜਾ ਰਹੇ ਮੁੰਡਿਆਂ ਦੀ ਗਿਣਤੀ 12 ਫੀਸਦੀ ਹੈ। ਜ਼ਿਆਦਾਤਰ ਕਤਲ ਹੋ ਰਹੀਆਂ ਬੱਚੀਆਂ ਦੀ ਉਮਰ 15-25 ਸਾਲਾਂ ਦੀ ਹੈ।
    ਜਾਤ ਆਧਾਰਤ ਕਤਲ ਹੋ ਰਹੇ ਮੁੰਡਿਆਂ ਦੀ ਉਮਰ 20 ਤੋਂ 35 ਸਾਲਾਂ ਦੀ ਹੈ। ਮਾਰਨ ਵਾਲਿਆਂ ਵਿੱਚੋਂ 64 ਫੀਸਦੀ ਕੇਸਾਂ ਵਿਚ ਕੁੜੀ ਦਾ ਪਿਤਾ ਇਕੱਲਾ ਹੁੰਦਾ ਹੈ, 36 ਫੀਸਦੀ ਵਿਚ ਭਰਾ, 12 ਫੀਸਦੀ ਵਿਚ ਮਾਂ, 28 ਫੀਸਦੀ ਚਾਚੇ, ਮਾਮੇ, 8 ਫੀਸਦੀ ਜਾਤ ਬਿਰਾਦਰੀ ਵਾਲੇ ਵੀ ਨਾਲ ਰਲ ਜਾਂਦੇ ਹਨ ਤੇ 16 ਫੀਸਦੀ ਭਾੜੇ ਦੇ ਕਾਤਲ ਹੁੰਦੇ ਹਨ।
    ਇਨ੍ਹਾਂ ਵਿੱਚੋਂ ਜਿਸ ਨੇ ਆਪਣੀ ਧੀ ਵੀ ਮੁੰਡੇ ਦੇ ਨਾਲ ਹੀ ਮਾਰੀ ਹੋਵੇ, ਉਸ ਵਿਚ ਵੀ 64 ਫੀਸਦੀ ਪਿਓ ਹੀ ਆਪਣੀ ਧੀ ਦਾ ਕਤਲ ਕਰਦਾ ਫੜਿਆ ਗਿਆ ਹੈ।
    ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਕਤਲਾਂ ਤੋਂ ਬਾਅਦ ਕੋਈ ਅਫ਼ਸੋਸ ਨਹੀਂ ਕੀਤਾ ਜਾਂਦਾ, ਬਲਕਿ ਜਸ਼ਨ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੀ ਅਣਖ ਉੱਤੇ ਲੱਗਿਆ ਦਾਗ਼ ਮਿਟਾ ਦਿੱਤਾ ਹੈ।
    ਖੋਜਾਂ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ, ਖ਼ਾਸ ਕਰ ਜੱਟ ਸਿੱਖ ਟੱਬਰਾਂ ਵਿੱਚ ਇਹ ਕਤਲ ਵੱਧ ਹੋ ਰਹੇ ਹਨ। ਜਿੰਨੇ ਵੀ ਕਤਲ ਸਾਹਮਣੇ ਆਏ ਹਨ, ਰਿਪੋਰਟ ਮੁਤਾਬਕ ਕਿਸੇ ਵਿਚ ਵੀ ਕੋਈ ਟੱਬਰ ਪਹਿਲਾਂ ਮੁਜਰਮ ਨਹੀਂ ਸੀ। ਪਰ, ਅਣਖ ਨੂੰ ਏਨਾ ਉਤਾਂਹ ਰੱਖਿਆ ਗਿਆ ਹੈ ਕਿ ਧੀ ਦੇ ਕਤਲ ਬਾਅਦ ਉਮਰ ਕੈਦ ਤਕ ਨੂੰ ਵੀ ਹੱਸਦੇ ਹੋਏ ਪਰਵਾਨ ਕਰ ਲਿਆ ਜਾਂਦਾ ਹੈ।
    ਕੁੱਝ ਜਾਤੀਆਂ ਵਿਚ ਤਾਂ ਕੁੜੀ ਦੇ ਭੱਜਣ ਨੂੰ 'ਸੱਤ ਜਨਮਾਂ ਦਾ ਕਲੰਕ' ਮੰਨ ਗਿਆ ਹੈ।
    ਇਸ ਸਾਰੇ ਵਰਤਾਰੇ ਤੋਂ ਕੁੱਝ ਗੱਲਾਂ ਬੜੀਆਂ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ :-
1.    ਸਦੀਆਂ ਤੋਂ ਚੱਲ ਰਹੇ ਅਣਖ ਖ਼ਾਤਰ ਕਤਲ ਕਿਸੇ ਵੀ ਸਦੀ ਵਿਚ ਰੋਕੇ ਨਹੀਂ ਜਾ ਸਕੇ।
2.    ਵਿਗਿਆਨਿਕ ਤਰੱਕੀ ਵੀ ਰੂੜੀਵਾਦੀ ਸੋਚ ਨੂੰ ਤਬਦੀਲ ਕਰਨ ਵਿਚ ਅਸਮਰਥ ਸਾਬਤ ਹੋ ਗਈ ਹੈ।
3.    ਔਰਤ ਨੂੰ ਹਮੇਸ਼ਾ ਤੋਂ ਮਰਦ ਦੇ ਹੇਠਾਂ ਹੀ ਮੰਨਿਆ ਗਿਆ ਹੈ ਤੇ ਅੱਜ ਵੀ ਅਧੀਨਗੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।
4.    ਦੋਗਲੀ ਸੋਚ ਅਧੀਨ ਟੱਬਰਾਂ ਵਿਚ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ ਪਰ ਕੁੜੀਆਂ ਨੂੰ ਆਪਣਾ ਜੀਵਨ ਸਾਥੀ ਤੱਕ ਚੁਣਨ ਦੀ ਇਜਾਜ਼ਤ ਨਹੀਂ ਹੈ।
5.    ਆਪਣਾ ਹੀ ਖ਼ੂਨ ਯਾਨੀ ਅਣਖ ਖ਼ਾਤਰ ਧੀਆਂ ਨੂੰ ਕਤਲ ਕਰਨ ਵਿਚ ਪਿਓ ਇਕ ਮਿੰਟ ਵੀ ਨਹੀਂ ਲਾਉਂਦਾ ਤੇ ਸਕਾ ਭਰਾ ਵੀ ਓਨਾ ਹੀ ਜ਼ਹਿਰੀ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਧੀ ਨੂੰ ਟੱਬਰ ਦਾ ਜ਼ਰੂਰੀ ਅੰਗ ਕਦੇ ਮੰਨਿਆ ਹੀ ਨਹੀਂ ਜਾਂਦਾ! ਇਹੀ ਕਾਰਨ ਹੈ ਕਿ ਧੀਆਂ ਨੂੰ ਜੰਮਦੇ ਸਾਰ ਜਾਂ ਜੰਮਣ ਤੋਂ ਪਹਿਲਾਂ ਮਾਰ ਮੁਕਾਉਣ ਵਾਲੀ ਪ੍ਰਥਾ ਕਦੇ ਖ਼ਤਮ ਕੀਤੀ ਹੀ ਨਹੀਂ ਜਾ ਸਕੀ।
    ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਟੱਬਰ ਆਪਣੀ ਸਕੀ ਧੀ ਨੂੰ ਵੱਢਣ ਵਿਚ ਇਕ ਪਲ ਵੀ ਨਹੀਂ ਲਾਉਂਦੇ, ਉਨ੍ਹਾਂ ਘਰਾਂ ਵਿਚ ਨੂੰਹਾਂ ਦਾ ਕੀ ਹਾਲ ਹੁੰਦਾ ਹੋਵੇਗਾ।
    ਧੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਤਾਂ ਦੂਰ ਰਹੀ, ਹਾਲੇ ਤਾਂ ਆਪਣਾ ਖ਼ੂਨ ਵੀ ਨਹੀਂ ਮੰਨਿਆ ਜਾ ਰਿਹਾ। ਸਪਸ਼ਟ ਹੈ ਕਿ ਬਰਾਬਰੀ ਤੱਕ ਪਹੁੰਚਣ ਦੀ ਵਾਟ ਹਾਲੇ ਲੰਮੀ ਹੈ ਕਿਉਂਕਿ ਹਰ ਪਿਓ ਆਪਣੇ ਪੁੱਤਰ ਨੂੰ ਹੋਰ ਕੁੱਝ ਦੇ ਕੇ ਜਾਵੇ ਜਾਂ ਨਾ, ਪਰ ਜਾਤ-ਪਾਤ ਤੇ ਅਣਖ ਬਾਰੇ ਗੂੜ੍ਹ ਗਿਆਨ ਜ਼ਰੂਰ ਦੇ ਦਿੰਦਾ ਹੈ ਤਾਂ ਜੋ ਅਣਖ ਖ਼ਾਤਰ ਹੁੰਦੇ ਕਤਲ ਪੁਸ਼ਤ-ਦਰ-ਪੁਸ਼ਤ ਜਾਰੀ ਰਹਿ ਸਕਣ।
    ਹੁਣ ਤਾਂ ਪਾਠਕ ਹੀ ਫ਼ੈਸਲਾ ਕਰਨ ਕਿ ਇੱਕੀਵੀਂ ਸਦੀ ਵਿਚ ਪਹੁੰਚ ਕੇ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਰੁੱਝਿਆਂ ਨੂੰ ਉਨ੍ਹਾਂ ਦਾ ਕੋਈ ਸੁਣੇਹਾ ਸਮਝਣ ਲਈ ਵੀ ਕਦੇ ਵਿਹਲ ਮਿਲੀ ਹੈ?
    ਨਾ ਅਸੀਂ ਔਰਤ ਨੂੰ ਉਤਾਂਹ ਚੁੱਕਣ ਦੀ ਗੱਲ ਮੰਨੀ, ਨਾ ਜਾਤ-ਪਾਤ ਦਾ ਰੇੜਕਾ ਛੱਡਿਆ ਤੇ ਨਾ ਹੀ ਊਚ ਨੀਚ ਦਾ! ਨਾ ਧਾਰਮਿਕ ਪਾਖੰਡਾਂ ਤੋਂ ਅਸੀਂ ਪਰ੍ਹਾਂ ਹੋਏ ਤੇ ਨਾ ਹੀ ਕਿਰਤ ਕਰਨ ਦਾ ਰਾਹ ਅਪਣਾਇਆ! ਫੇਰ ਭਲਾ ਅਸੀਂ ਕਿਸ ਤਰੱਕੀ ਦੀ ਗੱਲ ਕਰਦੇ ਹਾਂ ਤੇ ਕਿਹੜੇ ਮੂੰਹ ਨਾਲ 550 ਸਾਲਾ ਜਸ਼ਨ ਮਨਾਉਣ ਵਾਲੇ ਹਾਂ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕੀ ਕਸ਼ਮੀਰੀ ਬੇਟੀਆਂ ''ਪ੍ਰਾਪਰਟੀ'' ਹਨ? - ਡਾ. ਹਰਸ਼ਿੰਦਰ ਕੌਰ, ਐਮ. ਡੀ.,

    ਇਤਿਹਾਸ ਗਵਾਹ ਹੈ ਕਿ ਧਾਰਮਿਕ ਦੰਗਿਆਂ ਤੇ ਜੰਗਾਂ ਵਿਚ ਸਭ ਤੋਂ ਵੱਧ ਮਾਰ ਔਰਤਾਂ ਤੇ ਬੱਚੀਆਂ ਸਹਿੰਦੀਆਂ ਹਨ।
    'ਵੈਲੀ ਆਫ ਵਿਡੋਜ਼' ਕੋਲੰਬੀਆ ਵਿਚਲੀਆਂ ਉਨ੍ਹਾਂ ਵਿਧਵਾਵਾਂ ਦੀ ਬਸਤੀ ਹੈ ਜਿੱਥੇ ਔਰਤਾਂ ਦੇ ਪਤੀ ਨਹੀਂ ਰਹੇ ਤੇ ਨਾ ਹੀ ਕੋਈ ਜ਼ਮੀਨ ਤੇ ਕਮਾਈ ਦਾ ਸਾਧਨ। ਇਹ ਸਭ ਖਾਨਾਜੰਗੀ ਤੇ ਨਸ਼ਿਆਂ ਦੀ ਭੇਂਟ ਚੜ੍ਹ ਗਿਆ।
    ਬੌਸਨੀਆ ਵਿਚ ਵੀ ਚੱਲੇ ਕਤਲੇਆਮ ਦੌਰਾਨ ਅਣਗਿਣਤ ਔਰਤਾਂ ਦੇ ਬਲਾਤਕਾਰ ਹੋਏ, ਬਥੇਰੀਆਂ ਚੁੱਕੀਆਂ ਗਈਆਂ, ਕੈਂਪਾਂ ਵਿਚ ਜਬਰੀ ਸਰੀਰਕ ਸ਼ੋਸ਼ਣ ਰਾਹੀਂ ਉਨ੍ਹਾਂ ਦੇ ਸਰੀਰਾਂ ਅੰਦਰ ਦੂਜੇ ਪਾਸੇ ਵਾਲਿਆਂ ਨੇ ਆਪਣੇ ਅੰਸ਼ ਛੱਡਣੇ ਚਾਹੇ ਤਾਂ ਜੋ ਨਸਲ ਦਾ ਨਾਸ ਮਾਰਿਆ ਜਾ ਸਕੇ।
    ਰਵਾਂਡਾ ਵਿਚ ਔਰਤਾਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਏਡਜ਼ ਦੀ ਬੀਮਾਰੀ ਦੇ ਦਿੱਤੀ ਗਈ ਤਾਂ ਜੋ ਨਸਲਕੁਸ਼ੀ ਹੋ ਸਕੇ।
    ਟਿਮੋਰ, ਕੌਂਗੋ ਅਤੇ ਗੁਟਮਲਾ ਦੀ ਵੀ ਕਹਾਣੀ ਕੋਈ ਵੱਖ ਨਹੀਂ ਸੀ। ਔਰਤਾਂ ਦਾ ਜੋ ਹਾਲ ਹੋਇਆ, ਉੱਥੇ ਬਲਾਤਕਾਰਾਂ ਦੀ ਗਿਣਤੀ ਕਰਨੀ ਔਖੀ ਹੋ ਗਈ ਸੀ।
    ਕਿਵੇਂ ਹੋਸਟਲਾਂ ਨੂੰ ਹਰਮਾਂ ਵਿਚ ਤਬਦੀਲ ਕਰ ਕੇ ਬੱਚੀਆਂ ਉਦੋਂ ਤੱਕ ਬੰਦ ਰੱਖੀਆਂ ਜਾਂਦੀਆਂ ਜਦ ਤਕ ਉਨ੍ਹਾਂ ਦਾ ਗਰਭ ਨਾ ਠਹਿਰ ਜਾਂਦਾ ਤਾਂ ਜੋ ਉੱਥੇ ਦੇ ਲੋਕਾਂ ਦਾ ਬੀਜ ਨਾਸ ਕੀਤਾ ਜਾ ਸਕੇ।
    ਦੁਨੀਆ ਵਿਚ ਕਿਤੇ ਵੀ ਜਦੋਂ ਖਾਨਜੰਗੀ ਹੋਵੇ, ਘਰੇਲੂ ਹਿੰਸਾ, ਰਿਸ਼ਤੇਦਾਰੀ ਵਿਚ ਪਾੜ, ਵਪਾਰ ਵਿਚ ਤ੍ਰੇੜ, ਗੱਲ ਕੀ ਹਰ ਥਾਂ ਸਿਰਫ਼ ਔਰਤਾਂ ਦੀ ਪੱਤ ਲੁੱਟਣ, ਜ਼ਲੀਲ ਕਰਨ ਤੇ ਕਤਲ ਕਰ ਕੇ ਉਸ ਦੇ ਸਰੀਰ ਦੀ ਨੁਮਾਇਸ਼ ਕਰਨ ਨੂੰ ਹੀ ਜੰਗ ਜਿੱਤਣ ਦਾ ਨਾਂ ਦੇ ਦਿੱਤਾ ਗਿਆ ਹੈ।
    ਲੁੱਟ-ਖਸੁੱਟ ਕਰਨ ਦਾ ਮਤਲਬ ਹੀ ਇਹੋ ਮੰਨ ਲਿਆ ਗਿਆ ਹੈ ਕਿ ਹਰ ਨਜ਼ਰੀਂ ਪਈ ਬੱਚੀ ਦਾ ਜਬਰਨ ਸ਼ਿਕਾਰ ਕੀਤਾ ਜਾਵੇ। ਇਹੀ ਕਾਰਣ ਸੀ ਕਿ ਸੰਨ 1947 ਵਿਚ ਭਾਰਤ ਪਾਕ ਵੰਡ ਵੇਲੇ ਪਿਓਆਂ ਨੇ ਆਪਣੀਆਂ ਵਹੁਟੀਆਂ, ਮਾਵਾਂ ਤੇ ਧੀਆਂ ਜ਼ਹਿਰ ਦੇ ਕੇ ਮਾਰ ਛੱਡੀਆਂ ਜਾਂ ਕਿਰਪਾਨਾਂ ਨਾਲ ਵੱਢ ਦਿੱਤੀਆਂ ਤੇ ਜਾਂ ਔਰਤਾਂ ਨੇ ਹੀ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
    ਅਜਿਹੇ ਹੱਲਿਆਂ ਵਿਚ ਨਾ 9 ਮਹੀਨਿਆਂ ਦੀ ਬਾਲੜੀ ਬਖ਼ਸ਼ੀ ਜਾਂਦੀ ਹੈ ਤੇ ਨਾ ਹੀ 90 ਵਰ੍ਹਿਆਂ ਦੀ ਮਾਂ।
    1984 ਵਿਚ ਇਹ ਵੇਖਣ ਵਿਚ ਆਇਆ ਕਿ ਮੁਹੱਲੇ ਦੇ ਲੋਕ ਹੀ ਧਾੜਵੀਆਂ ਵਿਚ ਸ਼ਾਮਲ ਹੋ ਕੇ ਆਪਣੀਆਂ ਹੀ ਗੁਆਂਢਣਾਂ, ਜੋ ਉਨ੍ਹਾਂ ਨੂੰ ਭਰਾ ਜਾਂ ਪਿਓ ਆਖਦੀਆਂ ਸਨ, ਦੀ ਪੱਤ ਲੁੱਟਣ ਨੂੰ ਕਾਹਲੇ ਹੋਏ ਪਏ ਸਨ।
    ਯਾਨੀ ਜਦੋਂ ਇਨਸਾਨੀਅਤ ਦੇ ਪਤਲੇ ਜਿਹੇ ਵਰਕ ਦਾ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਹੈਵਾਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ।
    ਇਹੋ ਅਸਲੀਅਤ ਹੈ। ਚੁਫ਼ੇਰੇ ਫਿਰਦੇ ਸੱਭਿਅਕ ਅਖਵਾਉਂਦੇ ਲੋਕ ਉਦੋਂ ਤਕ ਹੀ ਸੱਭਿਅਕ ਰਹਿੰਦੇ ਹਨ ਜਦੋਂ ਤੱਕ 'ਮੌਕਾ' ਨਹੀਂ ਮਿਲਦਾ। ਕਿੰਨੀ ਵੀ ਉੱਚੀ ਪਦਵੀ ਹੋਵੇ, ਮਜ਼ਲੂਮ ਸਾਹਮਣੇ ਵੇਖ ਕੇ ਸ਼ਿਕਾਰ ਕੀਤੇ ਬਗ਼ੈਰ ਰਿਹਾ ਨਹੀਂ ਜਾਂਦਾ!
    ਇਸ ਕੌੜੀ ਹਕੀਕਤ ਨੂੰ ਬੇਪਰਦਾ ਕਰਦਿਆਂ ਬਹੁਤ ਜਣੇ ਉੱਚੀ-ਉੱਚੀ ਚੀਕਦੇ, ਰੌਲਾ ਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਆਪ ਨੰਗਾ ਹੋਇਆ ਜਾਪਦਾ ਹੈ।
    ਕੋਈ ਵੀ ਜਣਾ ਕਿਆਸ ਲਾ ਸਕਦਾ ਹੈ ਕਿ ਅਜਿਹੀ ਹੈਵਾਨੀਅਤ ਦੀਆਂ ਸ਼ਿਕਾਰ ਔਰਤਾਂ ਕਿਸ ਬਦਲਾਲਊ ਸੋਚ ਨਾਲ ਵਿਚਰ ਰਹੀਆਂ ਹੋਣਗੀਆਂ ਤੇ ਅੱਗੋਂ ਕੀ ਕਹਿਰ ਢਾਅ ਸਕਦੀਆਂ ਹਨ।
    ਬਦਲਾਲਊ ਨੀਤੀ ਨਾਲ ਉੱਠੀ ਔਰਤ ਜ਼ਹਿਰੀਲੇ ਸੱਪ ਤੋਂ ਵੱਧ ਤਿੱਖਾ ਡੰਗ ਮਾਰਦੀ ਹੈ ਤੇ ਉਹ ਵੀ ਪੂਰੀ ਨੀਤੀ ਘੜ ਕੇ। ਉਹ ਨਿਸ਼ਾਨਾ ਸੇਧਦੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਸਹਿਜ ਤੇ ਸਿਆਣਪ ਨਾਲ ਸਮਾਂ ਚੁਣਦੀ ਹੈ ਤਾਂ ਜੋ ਚੂਕ ਨਾ ਹੋ ਜਾਵੇ। ਉਹ ਵਾਰ ਵੀ ਸਿਰਫ਼ ਉਨ੍ਹਾਂ 'ਤੇ ਕਰਦੀ ਹੈ ਜੋ ਉਸ ਉੱਤੇ ਜ਼ੁਲਮ ਢਾਅ ਕੇ ਹਟੇ ਹੋਣ।
    ਇਹ ਵੇਖਣ ਵਿਚ ਆਇਆ ਹੈ ਕਿ ਵੱਡੀ ਗਿਣਤੀ ਔਰਤਾਂ ਦੀ ਸੋਚ ਕੁੱਝ ਵੱਖ ਹੁੰਦੀ ਹੈ।
    ਯੂਨੀਫੈਮ ਦੀ ਸ਼ਾਂਤੀ ਦੀ ਟੌਰਚ ਜਦੋਂ ਬਲਾਤਕਾਰ ਪੀੜਤ ਅਫਰੀਕਨ ਔਰਤਾਂ ਨਾਲ ਬਾਲੀ ਗਈ ਅਤੇ ਜਦੋਂ ਬੀਜਿੰਗ ਵਿਖੇ 1995 ਵਿਚ ਚੌਥੀ ਵਿਸ਼ਵ ਔਰਤਾਂ ਦੀ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਦੁਨੀਆ ਦੰਗ ਰਹਿ ਗਈ।
    ਲਗਭਗ ਹਰ ਔਰਤ ਆਪਣੀ ਪੀੜ ਨੂੰ ਉਸਾਰੂ ਸੋਚ ਦੇ ਰਹੀ ਸੀ। ਹੋਰ ਜੰਗ ਜਾਂ ਬਦਲਾਲਊ ਨੀਤੀ ਦੀ ਥਾਂ ਚੰਗੇ ਸ਼ਹਿਰੀ ਪੈਦਾ ਕਰਨ ਤੇ ਨਵਾਂ ਸਮਾਜ ਸਿਰਜਣ ਦੀ ਗੱਲ ਕੀਤੀ ਗਈ, ਜਿੱਥੇ ਹਰ ਔਰਤ ਵਧੀਆ ਮਾਂ ਬਣ ਕੇ ਆਪਣੇ ਪੁੱਤਰ ਜਾਂ ਧੀ ਲਈ ਰਾਹ ਦਸੇਰਾ ਬਣਨ ਲਈ ਤਿਆਰ ਸੀ ਕਿ ਅੱਗੋਂ ਤੋਂ ਅਜਿਹਾ ਜ਼ੁਲਮ ਉਨ੍ਹਾਂ ਦੇ ਕੁੱਖੋਂ ਜੰਮਿਆ ਪੁੱਤਰ ਕਿਸੇ ਧੀ ਉੱਤੇ ਨਾ ਕਰੇ।
    ਸਪਸ਼ਟ ਸੀ ਕਿ ਆਪਣੀ ਪੀੜ ਨੂੰ ਔਰਤਾਂ ਨੇ ਵਿਸ਼ਵ ਸ਼ਾਂਤੀ ਦੇ ਪੁੱਲ ਦੀ ਉਸਾਰੀ ਲਈ ਵਰਤ ਲਿਆ ਸੀ।
    ਇਹ ਔਰਤਾਂ ਇਕ ਦੂਜੇ ਦਾ ਸਹਾਰਾ ਆਪ ਹੀ ਬਣੀਆਂ ਸਨ ਕਿਉਂਕਿ ਮਰਦਾਂ ਵੱਲੋਂ ਉਨ੍ਹਾਂ ਨੂੰ ਸਿਰਫ਼ 'ਵਰਤਣ' ਵਾਲੀ ਸ਼ੈਅ ਮੰਨ ਲਿਆ ਗਿਆ ਸੀ। ਸਭ ਨੂੰ ਤਿਰਸਕਾਰ ਹੀ ਹਾਸਲ ਹੋਇਆ ਸੀ।
    ਇਨ੍ਹਾਂ ਵਿੱਚੋਂ ਪੜੀਆਂ ਲਿਖੀਆਂ ਔਰਤਾਂ ਨੇ ਆਪਣੇ ਨਾਲ ਦੀਆਂ ਅਨਪੜ੍ਹ ਔਰਤਾਂ ਨੂੰ ਪੜ੍ਹਾਉਣ ਦਾ ਜਿੰਮਾ ਆਪ ਚੁੱਕਿਆ। ਨਤੀਜੇ ਵਜੋਂ 90 ਫੀਸਦੀ ਪੇਂਡੂ ਔਰਤਾਂ ਪੜ੍ਹ ਲਿਖ ਗਈਆਂ ਤੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਈਆਂ। ਇਨ੍ਹਾਂ ਵਿੱਚੋਂ ਹੀ ਕਈ ਇਕ ਦੂਜੇ ਨੂੰ ਨਵੇਂ ਕਿੱਤੇ ਸਿਖਾਉਣ ਵਿਚ ਲੱਗ ਗਈਆਂ ਤੇ ਕੁੱਝ ਚੋਣਾਂ ਵਿਚ ਵੀ ਖੜ੍ਹੀਆਂ ਹੋਈਆਂ।
    ਰਤਾ ਧਿਆਨ ਕਰੀਏ ਕਿ ਜੇ ਇਹ ਉਸਾਰੂ ਸੋਚ ਛੰਡ ਕੇ ਦੂਜੇ ਪਾਸੇ ਤੁਰ ਪਈਆਂ ਹੁੰਦੀਆਂ ਤਾਂ ਕੀ ਕਹਿਰ ਢਹਿ ਸਕਦਾ ਸੀ! ਚੁਫ਼ੇਰੇ ਸਿਰਫ਼ ਨਫਰਤ ਦੀ ਅੱਗ ਦਿਸਣੀ ਸੀ। ਹਰ ਮਾਂ ਆਪਣੇ ਪੁੱਤਰ ਨੂੰ ਨਸ਼ਤਰ ਚੁਭੋ ਕੇ ਇਕ ਆਦਮ ਕਦ ਬੰਬ ਤਿਆਰ ਕਰ ਦਿੰਦੀ ਤਾਂ ਦੁਨੀਆ ਵਿਚ ਤਬਾਹੀ ਆ ਜਾਣੀ ਸੀ।
    ਇਸ ਤਬਦੀਲੀ ਨੂੰ ਸਮਝਦਿਆਂ ਵੱਡੀ ਗਿਣਤੀ ਪੁਰਸ਼ ਅੱਗੇ ਆਏ ਤੇ ਅਨੇਕ ਵਿਸ਼ਵ ਪੱਧਰੀ ਕਾਨਫਰੰਸਾਂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ ਤਾਂ ਜੋ ਔਰਤਾਂ ਉੱਤੇ ਹੁੰਦੀ ਹਿੰਸਾ ਘੱਟ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਨਿਆਂ ਮਿਲ ਸਕੇ।
    ਭਾਰਤ ਵਰਗਾ ਮੁਲਕ, ਜਿੱਥੇ ਮੁਲਕ ਨੂੰ ਹੀ 'ਮਾਤਾ' ਕਹਿ ਕੇ ਸਤਿਕਾਰਿਆ ਜਾਂਦਾ ਹੋਵੇ, ਨਿਰੀ ਦੋਗਲੀ ਨੀਤੀ ਦਾ ਸ਼ਿਕਾਰ ਹੈ। ਇੱਥੇ 'ਰੇਪ ਕੈਪੀਟਲ' ਵੀ ਹਨ ਤੇ ਇਸ ਨੂੰ ਦੁਨੀਆ ਭਰ ਵਿਚ ਔਰਤਾਂ ਲਈ ਖ਼ਤਰਨਾਕ ਮੁਲਕ ਐਲਾਨਿਆ ਜਾ ਚੁੱਕਿਆ ਹੈ!
    ਯੁਨਾਈਟਿਡ ਨੇਸ਼ਨਜ਼ ਅਨੁਸਾਰ ਪਾਰਲੀਮੈਂਟ ਵਿਚ ਬੈਠੀਆਂ 82 ਫੀਸਦੀ ਔਰਤਾਂ ਆਪਣੇ ਹੀ ਸਾਥੀਆਂ ਜਾਂ ਪਾਰਟੀ ਵਰਕਰਾਂ ਵੱਲੋਂ ਭੱਦੀ ਛੇੜ ਛਾੜ ਜਾਂ ਤਾਅਨੇ ਮਿਹਣੇ ਸੁਣ ਚੁੱਕੀਆਂ ਹਨ। ਇਹ ਕਿਵੇਂ ਔਰਤ ਜ਼ਾਤ ਲਈ ਆਵਾਜ਼ ਚੁੱਕਣਗੀਆਂ?
    ਮਸਲਾ ਇਹ ਹੈ ਕਿ ਜਿੱਥੇ ਪੁਰਸ਼ ਅਸੈਂਬਲੀ ਵਿਚ ਪੋਰਨ ਫਿਲਮਾਂ ਵੇਖ ਰਹੇ ਹੋਣ, ਆਪਣੀਆਂ ਸਾਥੀ ਔਰਤਾਂ ਦੇ ਜਿਸਮਾਂ ਨੂੰ ਨਿਹਾਰ ਰਹੇ ਹੋਣ ਅਤੇ ਹਰ ਲੋੜਵੰਦ ਔਰਤ ਨੂੰ ਚੂੰਢਣ ਨੂੰ ਤਿਆਰ ਹੋਣ, ਉੱਥੇ ਜਦੋਂ ਕਸ਼ਮੀਰ ਦੀਆਂ ਫੁੱਲਾਂ ਵਰਗੀਆਂ ਧੀਆਂ ਦਾ ਜ਼ਿਕਰ ਹੋਵੇ ਤਾਂ ਉਨ੍ਹਾਂ ਦੀ ਮਨਾਂ ਅੰਦਰਲੀ ਗੰਦਗੀ ਉਨ੍ਹਾਂ ਦੇ ਖੂੰਖਾਰ ਚਿਹਰੇ ਉੱਪਰਲੀ ਤਿਰਛੀ ਜ਼ਹਿਰੀਲੀ ਮੁਸਕਾਨ ਰਾਹੀਂ ਬਾਹਰ ਦਿਸਣੀ ਹੀ ਹੈ!
    ਕਸ਼ਮੀਰ ਦੀ ਤਰੱਕੀ ਬਾਰੇ ਜ਼ਿਕਰ ਕਰਨ ਦੀ ਥਾਂ ਵੱਡੀ ਗਿਣਤੀ ਲੋਕ ਟਵਿਟਰ, ਫੇਸ ਬੁੱਕ, ਵੱਟਸਐਪ ਉੱਤੇ ਕਸ਼ਮੀਰੀ ਬੱਚੀਆਂ ਤੇ ਔਰਤਾਂ ਨੂੰ ਪ੍ਰਾਪਰਟੀ ਮੰਨ ਕੇ ਹਥਿਆ ਲੈਣ ਦੀ ਗੱਲ ਕਰ ਰਹੇ ਹੋਣ ਤਾਂ ਅਜੀਬ ਨਹੀਂ ਲੱਗਦਾ ਕਿਉਂਕਿ ਭਾਰਤ ਵਿਚ ਇਹ ਆਮ ਗੱਲ ਬਣ ਚੁੱਕੀ ਹੈ।
    ਸਿਰਫ਼ ਹੁਣ ਉਸ ਵੇਲੇ ਦੀ ਉਡੀਕ ਹੈ ਜਦੋਂ ਕਈ ਪਿਓ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਧੀਆਂ ਨੂੰ ਆਪਣੀ ਮੰਨ ਕੇ ਜਾਗ੍ਰਿਤ ਹੋਣਗੇ! ਅਨੇਕ ਭਰਾ ਆਪਣੇ ਨਾਲ ਦੇ ਘਰ ਦੀ ਬੇਟੀ ਨੂੰ 'ਮਾਲ' ਨਾ ਮੰਨ ਕੇ ਉਸ ਦੀ ਰਾਖੀ ਲਈ ਅਗਾਂਹ ਆਉਣਗੇ! ਜਦੋਂ ਪੁੱਤਰ ਆਪਣੀ ਮਾਂ ਦੀ ਰਾਖੀ ਦੇ ਨਾਲ ਆਪਣੀ ਕਲੋਨੀ ਵਿਚਲੀ ਹਰ ਮਾਂ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋਣਗੇ!
    ਉਹੀ ਸਮਾਂ ਹੋਵੇਗਾ ਅਸਲ ਤਬਦੀਲੀ ਦਾ! ਰਾਮ, ਬੁੱਧ, ਨਾਨਕ ਤੇ ਕ੍ਰਿਸ਼ਨ ਵਰਗੇ ਗੁਰੂਆਂ ਦੇ ਸੁਫ਼ਨਿਆਂ ਦੇ ਸਿਰਜੇ ਭਾਰਤ ਦਾ!
    ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ਤਿਆਰ ਕਰਨਾ ਪਵੇਗਾ ਤਾਂ ਜੋ ਅਗਲੀ ਪਨੀਰੀ ਔਰਤ ਵਿਚ ਸਿਰਫ਼ ਜਿਸਮ ਵੇਖਣਾ ਬੰਦ ਕਰ ਦੇਵੇ।
    ਸ਼ਾਲਾ ਕਦੇ ਤਾਂ ਉਹ ਸਮਾਂ ਜ਼ਰੂਰ ਆਏਗਾ ਜਦੋਂ ਭਾਰਤ ਦੀ ਕੋਈ ਧੀ ਅੱਧ ਰਾਤ ਵੀ ਬਿਨਾਂ ਡਰ ਦੇ ਇਕੱਲਿਆਂ ਵਾਪਸ ਘਰ ਪਰਤ ਰਹੀ ਹੋਵੇਗੀ।
    ਅੱਜ ਦੇ ਦਿਨ ਦੀ ਲੋੜ ਹੈ, ਸਾਰੇ ਅਣਖਾਂ ਵਾਲੇ ਇਕਜੁੱਟ ਹੋ ਕੇ ਜ਼ੋਰਦਾਰ ਬੁਲੰਦ ਆਵਾਜ਼ ਕਰਨ ਕਿ ਕਸ਼ਮੀਰ ਦੀ ਹਰ ਧੀ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਜੇ ਇਹ ਆਵਾਜ਼ ਬੁਲੰਦ ਹੋ ਗਈ ਤਾਂ ਸਾਰਾ ਕੂੜ ਕਬਾੜ ਜੋ ਹੁਣ ਖਿੱਲਰ ਰਿਹਾ ਹੈ, ਸਭ ਹੂੰਝਿਆ ਜਾਵੇਗਾ। ਚਲੋ ਸਾਰੇ ਜਣੇ ਆਵਾਜ਼ ਚੁੱਕ ਕੇ ਆਪਣੇ ਜੀਉਂਦੇ ਹੋਣ ਦਾ ਸਬੂਤ ਦੇਈਏ।
    ਜੇ ਹਾਲੇ ਵੀ ਵੀਰ ਹਿੰਮਤ ਨਹੀਂ ਜੁਟਾ ਸਕ ਰਹੇ ਤਾਂ ਚਲੋ ਭੈਣਾਂ ਹੀ ਇਕੱਠੀਆਂ ਹੋ ਕੇ ਆਪਣੀ ਤਾਕਤ ਵਿਖਾਈਏ ਕਿ ਜਦੋਂ ਭਾਰਤ ਵਿਚਲੀਆਂ ਬੇਟੀਆਂ ਜਾਗ ਜਾਣ ਤਾਂ ਇਸ ਸੈਲਾਬ ਅੱਗੇ ਕੋਈ ਨਹੀਂ ਟਿਕ ਸਕਣ ਲੱਗਿਆ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਬੀ.ਬੀ.ਸੀ. ਨੇ 23 ਨਵੰਬਰ 2018 ਨੂੰ ਉਸ ਸਮੇਂ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਬਿਆਨ ਜਾਰੀ ਕੀਤਾ ਸੀ, ''ਪੰਜਾਬ ਵਿਚ ਨਸ਼ਾ ਬਹੁਤ ਘੱਟ ਰਹਿ ਗਿਆ ਹੈ।'' ਜਦੋਂ ਪੱਤਰਕਾਰ ਨੇ ਅਗਲਾ ਸਵਾਲ ਪੁੱਛਿਆ ਕਿ ਕਿਉਂ ਸੰਨ 2018 ਵਿਚ ਪਿਛਲੇ ਸਾਲਾਂ ਨਾਲੋਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਵਿਚ ਵਾਧਾ ਹੋਇਆ ਹੈ ਤੇ ਕਿਉਂ ਕੁੜੀਆਂ ਵਿਚ ਵੀ ਨਸ਼ੇ ਦਾ ਰੁਝਾਨ ਵਧਣ ਲੱਗ ਪਿਆ ਹੈ, ਤਾਂ ਉਹ ਜਵਾਬ ਦੇਣ ਤੋਂ ਇਨਕਾਰੀ ਹੋ ਗਏ।
    ਆਲ ਇੰਡੀਆ ਇੰਸਟੀਚਿਊਟ ਦਿੱਲੀ ਵੱਲੋਂ ਸੰਨ 2015 ਵਿਚ ਜਾਰੀ ਕੀਤੀ ਰਿਪੋਰਟ ਅਨੁਸਾਰ ਉਸ ਸਮੇਂ ਪੰਜਾਬ ਵਿਚ 2 ਲੱਖ ਤੋਂ ਵੱਧ ਨਸ਼ੇੜੀ ਸਨ ਜਿਨ੍ਹਾਂ ਵਿੱਚੋਂ ਬਹੁਤ ਜਣਿਆਂ ਦੇ ਟੱਬਰ ਬੇਬਸੀ ਵਿਚ ਉਨ੍ਹਾਂ ਦੀ ਮਰਨ ਦੀ ਉਡੀਕ ਕਰ ਰਹੇ ਸਨ।
    ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਜੀ ਨੇ ਉਦੋਂ ਮੰਨਿਆ ਸੀ ਸ਼ਹਿਰਾਂ ਵਿਚ ਦਵਾਈਆਂ ਦੀਆਂ ਦੁਕਾਨਾਂ ਉੱਤੇ ਨਸ਼ੇ ਦੀਆਂ ਸ਼ੀਸੀਆਂ ਵਿਕ ਰਹੀਆਂ ਹਨ ਤੇ ਪਿੰਡਾਂ ਵਿਚ ਅਫੀਮ, ਭੰਗ ਤੇ ਹੈਰੋਇਨ ਵਿਕ ਰਹੇ ਹਨ।
    ਇੱਕ ਭਾਰਤੀ ਇੰਟੈਲੀਜੈਂਸ ਅਫ਼ਸਰ ਨੇ ਮੰਨਿਆ ਕਿ ਬਾਰਡਰ ਪਾਰ ਤੋਂ ਖੇਤਾਂ ਵਿਚ ਪੈਕਟ ਸੁੱਟ ਦਿੱਤੇ ਜਾਂਦੇ ਹਨ ਜਿੱਥੋਂ ਕਿਸਾਨ ਇਨ੍ਹਾਂ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ ਹਨ। ਘਰ ਲਿਆਉਣ ਲਈ ਆਪਣੇ ਸੰਦਾਂ ਨੂੰ ਖੋਖਲੇ ਕਰ ਕੇ ਨਸ਼ੇ ਦੇ ਪੈਕਟ ਭਰ ਲਏ ਜਾਂਦੇ ਹਨ ਤੇ ਅੱਗੋਂ ਵਪਾਰੀ ਆਪਣੇ ਕੋਰੀਅਰ ਰਾਹੀਂ ਇਨ੍ਹਾਂ ਨੂੰ ਅਗਾਂਹ ਤੋਰ ਦਿੰਦੇ ਹਨ।
    ਇਸ ਸਾਰੇ ਵਰਤਾਰੇ ਵਿਚ ਕਿਸੇ ਨੂੰ ਇੱਕ ਦੂਜੇ ਦਾ ਨਾਂ ਪਤਾ ਨਹੀਂ ਹੁੰਦਾ। ਸਿਰਫ਼ ਕਿਸੇ ਨੰਬਰ ਜਾਂ ਕਿਸੇ ਸੁਣੇਹੇ ਨੂੰ ਹੀ ਆਧਾਰ ਬਣਾ ਕੇ ਕੰਮ ਕੀਤਾ ਜਾਂਦਾ ਹੈ।
    ਜੂਨ 2016 ਵਿਚ ਪਾਰਲੀਮੈਂਟ ਵਿਚ ਕਿਰਨ ਰਿਜੀਜੂ ਨੇ ਮੰਨਿਆ ਸੀ ਕਿ ਬਹੁਤ ਸਾਰੇ ਪੁਲਿਸ ਕਰਮੀ ਤੇ ਕੁੱਝ ਫੌਜ ਵਿਚਲੇ ਬੰਦੇ ਵੀ ਇਸ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ ਤੇ 68 ਜਣੇ ਫੜੇ ਵੀ ਜਾ ਚੁੱਕੇ ਹਨ।
    ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸਿਸ ਦਿੱਲੀ ਨੇ ਆਪਣੀ ਖੋਜ ਰਾਹੀਂ ਪੁਸ਼ਟੀ ਕੀਤੀ ਹੈ ਕਿ ਵੱਡੀ ਗਿਣਤੀ ਕੁੜੀਆਂ ਵੀ ਨਸ਼ੇ ਦੀ ਲੱਤ ਪਾਲ ਚੁੱਕੀਆਂ ਹਨ। ਬਹੁਤੀਆਂ ਆਪਣੇ ਆਪ ਨੂੰ ਅਗਾਂਹ ਵਧੂ ਸਾਬਤ ਕਰਨ ਦੇ ਚੁੱਕਰ ਵਿਚ, ਹਾਣੀਆਂ ਵੱਲੋਂ ਪਏ ਦਬਾਓ ਜਾਂ ਵੈਸੇ ਹੀ ਸ਼ੌਕੀਆ ਇਸ ਪਾਸੇ ਵੱਲ ਧੱਕੀਆਂ ਜਾਂਦੀਆਂ ਹਨ ਤੇ ਫੇਰ ਉਨ੍ਹਾਂ ਕੋਲੋਂ ਇਹ ਲੱਤ ਛੁਟਦੀ ਨਹੀਂ। ਲੋਕ ਮੁੰਡਿਆਂ ਦੇ ਇਲਾਜ ਲਈ ਤਾਂ ਫਿਰ ਵੀ ਅਗਾਂਹ ਆ ਜਾਂਦੇ ਹਨ ਪਰ ਕੁੜੀਆਂ ਨੂੰ ਸਮਾਜਿਕ ਸ਼ਰਮ ਸਦਕਾ ਬਹੁਤੀ ਵਾਰ ਇਲਾਜ ਕਰਵਾਉਣ ਲਈ ਵੀ ਨਹੀਂ ਲਿਜਾਇਆ ਜਾਂਦਾ।
    ਸ਼ਰਾਬ ਨੂੰ ਤਾਂ ਅੱਜ ਕੱਲ ਫੈਸ਼ਨ ਮੰਨ ਕੇ ਜਾਂ ਰਿਵਾਜ਼ ਦੀ ਤੌਰ 'ਤੇ ਹੀ ਬਹੁਤ ਘਰਾਂ ਵਿਚ ਜਾਂ ਹੋਟਲਾਂ ਵਿਚ ਔਰਤਾਂ ਤੇ ਬੱਚੀਆਂ ਨੂੰ ਆਮ ਹੀ ਪੀਂਦੇ ਵੇਖਿਆ ਜਾ ਸਕਦਾ ਹੈ, ਇਹ ਜਾਣੇ ਬਗ਼ੈਰ ਕਿ ਸ਼ਰਾਬ ਔਰਤਾਂ ਦੇ ਜਿਗਰ ਉੱਤੇ ਛੇਤੀ ਤੇ ਵੱਧ ਨੁਕਸਾਨ ਕਰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ''ਐਲਕੋਹਲ ਡੀਹਾਈਡਰੋਜੀਨੇਜ਼'' ਰਸ ਘੱਟ ਹੁੰਦਾ ਹੈ।
    ਜਲੰਧਰ ਦੀ ਜਸਮੀਤ, ਜੋ ਘਰਾਂ ਵਿਚ ਕੰਮ ਕਰਦੀ ਹੈ, ਨੇ ਮੰਨਿਆ ਹੈ ਕਿ ਸੰਨ 2014 ਤੋਂ ਉਹ ਕਪੂਰਥਲੇ ਦੇ ਡੀਅਡਿਕਸ਼ਨ ਸੈਂਟਰ ਵਿਚ ਆਪਣੇ ਪਤੀ ਤੇ ਨਾਬਾਲਗ ਬੇਟੀ ਨੂੰ ਲੈ ਕੇ ਜਾ ਰਹੀ ਹੈ ਕਿਉਂਕਿ ਉਨ੍ਹਾਂ ਤੋਂ ਹੁਣ ਨਸ਼ਾ ਛੱਡਿਆ ਹੀ ਨਹੀਂ ਜਾ ਰਿਹਾ। ਉਸ ਨੂੰ ਸਭ ਤੋਂ ਪਹਿਲਾਂ ਉਸ ਦੀ ਧੀ ਨੇ ਹੀ ਥੱਕੀ ਰਹਿੰਦੀ ਨੂੰ ਵੇਖ ਕੇ ਉਸ ਨੂੰ ਹੈਰੋਇਨ ਦਾ ਟੀਕਾ ਲਵਾਉਣ ਦੀ ਸਲਾਹ ਦਿੱਤੀ ਸੀ। ਉਸ ਟੀਕੇ ਨਾਲ ਉਸ ਦੀ ਥਕਾਵਟ ਝਟਪਟ ਲਹਿ ਗਈ ਤੇ ਉਸ ਨੇ ਅਗਲੇ ਦਿਨ ਕੰਮ ਵੀ ਝਟਪਟ ਮੁਕਾ ਲਿਆ। ਚੌਥੇ ਦਿਨ ਜਦ ਟੀਕਾ ਨਹੀਂ ਲਾਇਆ ਤਾਂ ਉਸ ਨੂੰ ਸਰੀਰ ਟੁੱਟਿਆ ਭੱਜਿਆ ਜਾਪਿਆ। ਮਜਬੂਰੀ ਵਿਚ ਫਿਰ ਟੀਕਾ ਲਵਾਇਆ। ਹੌਲੀ-ਹੌਲੀ ਪਤੀ ਵੀ ਇਸੇ ਪਾਸੇ ਪੈ ਗਿਆ। ਨਸ਼ੇ ਵਾਲੇ ਪਾਸੇ ਸਾਰੇ ਟੱਬਰ ਨੂੰ ਧੱਕਣ ਵਾਲੀ ਨਾਬਾਲਗ ਧੀ ਸੀ।
    ਉਸ ਦੀ ਧੀ ਪਹਿਲਾਂ ਤੋਂ ਹੀ ਆਪਣੀਆਂ ਕਈ ਸਹੇਲੀਆਂ ਨਾਲ ਬਹਿ ਕੇ ਟੀਕਾ ਲਾਉਂਦੀ ਹੁੰਦੀ ਸੀ। ਉਸ ਦੀਆਂ ਸਹੇਲੀਆਂ ਨੂੰ ਇੱਕ ਏਜੰਟ ਹੈਰੋਇਨ ਮੁਹੱਈਆ ਕਰਵਾ ਰਿਹਾ ਸੀ। ਉੱਥੋਂ ਹੀ ਪਤਾ ਲੱਗਿਆ ਕਿ ਅਜਿਹੀਆਂ ਕੁੜੀਆਂ ਦੇ ਢੇਰਾਂ ਦੇ ਢੇਰ ਗਰੁੱਪ ਹਨ ਜੋ ਕਾਕਟੇਲ ਤੇ ਹੋਰ ਕਈ ਤਰ੍ਹਾਂ ਦੇ ਵੱਖੋ-ਵੱਖ ਨਸ਼ਿਆਂ ਨੂੰ ਅਜ਼ਮਾ ਰਹੀਆਂ ਸਨ ਤੇ ਆਦੀ ਵੀ ਬਣ ਚੁੱਕੀਆਂ ਸਨ। ਕਈ ਘਰਾਂ ਵਿਚ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਲਤ ਲਾਈ ਸੀ ਤੇ ਕਈ ਥਾਈਂ ਮਾਵਾਂ ਨੂੰ ਵੇਖ ਕੇ ਨੌਜਵਾਨ ਬੱਚੀਆਂ ਇਸ ਪਾਸੇ ਧੱਕੀਆਂ ਗਈਆਂ ਸਨ।
    ਜਸਮੀਤ ਮੰਨੀ ਕਿ ਪਹਿਲਾਂ ਉਸ ਨੇ ਘਰ ਦੀਆਂ ਚੀਜ਼ਾਂ ਵੇਚੀਆਂ, ਫੇਰ ਸੋਨੇ ਦੀਆਂ ਵਾਲੀਆਂ ਵੇਚੀਆਂ ਤੇ ਫੇਰ ਮਜਬੂਰੀ ਵਿਚ ਉਨ੍ਹਾਂ ਘਰਾਂ ਵਿਚ ਚੋਰੀ ਕਰਨ ਲੱਗੀ ਜਿੱਥੇ ਉਹ ਕੰਮ ਕਰਦੀ ਸੀ।
    ਫੇਰ ਉਸ ਦੀ ਧੀ ਦਾ ਵਿਆਹ ਹੋ ਗਿਆ ਪਰ ਰੀਹੈਬਿਲੀਟੇਸ਼ਨ ਸੈਂਟਰ ਵਿੱਚੋਂ ਲਈ ਮੈਥਾਡੋਨ ਵੀ ਉਸ ਦੀ ਆਦਤ ਛੁਡਾ ਨਾ ਸਕੀ। ਅਖ਼ੀਰ ਅੱਗੋਂ ਉਸ ਦਾ ਬੇਟਾ ਵੀ ਜੰਮ ਪਿਆ। ਫੇਰ ਪਤੀ ਨੂੰ ਵੀ ਲਤ ਲਾ ਦਿੱਤੀ ਤੇ ਉਹ ਦੋਵੇਂ ਵੀ ਆਪਣੇ 18 ਮਹੀਨੇ ਦੇ ਬੱਚੇ ਨੂੰ ਲੈ ਕੇ ਹਸਪਤਾਲ ਨਸ਼ਾ ਛੁਡਾਉਣ ਆਉਣ ਲੱਗ ਪਏ।
    ਯਾਨੀ ਨਾਨਾ ਨਾਨੀ ਦੀ ਆਪਣੇ ਦੋਹਤਰੇ ਨਾਲ ਮੁਲਾਕਾਤ ਨਸ਼ਾ ਛੁਡਾਊ ਕੇਂਦਰ ਵਿਚ ਹੀ ਹੋਣ ਲੱਗ ਪਈ।
    ਇਸ ਤਰ੍ਹਾਂ ਦੀ ਕੋਈ ਇੱਕ ਟੱਬਰ ਦੀ ਕਹਾਣੀ ਨਹੀਂ ਹੈ। ਕੁੜੀਆਂ ਦੀ ਵਧਦੀ ਜਾਂਦੀ ਗਿਣਤੀ ਸਦਕਾ ਹੀ ਕਪੂਰਥਲੇ ਕੁੜੀਆਂ ਲਈ ਵੱਖ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਪਿਆ ਹੈ। ਇਸ ਤੋਂ ਇਲਾਵਾ 31 ਹੋਰ ਸਰਕਾਰੀ ਕੇਂਦਰਾਂ ਵਿਚ ਨਸ਼ਾ ਛੁਡਾਉਣ ਦਾ ਕੰਮ ਜਾਰੀ ਹੈ।
    ਡਾ. ਸੰਦੀਪ ਭੋਲਾ, ਜੋ ਕਪੂਰਥਲੇ ਸੈਂਟਰ ਦੇ ਇੰਚਾਰਜ ਸਨ, ਨੇ ਮੰਨਿਆ ਕਿ ਕੁੱਝ ਸਰਕਾਰੀ ਸਕੂਲਾਂ ਦੀਆਂ ਅਧਿਆਪਿਕਾਵਾਂ ਵੀ ਨਸ਼ਿਆਂ ਦੀ ਆਦੀ ਹੋ ਚੁੱਕੀਆਂ ਹਨ ਤੇ ਅੱਗੋਂ ਉਨ੍ਹਾਂ ਦੀਆਂ ਕਈ ਸਹੇਲੀਆਂ ਵੀ ਇਸ ਪਾਸੇ ਪੈ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੀ ਕਈ ਪੈਸੇ ਕਮਾਉਣ ਦੇ ਚੱਕਰ ਵਿਚ ਆਪ ਵੀ ਨਸ਼ਾ ਵੰਡਣ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ।
    ਨਸ਼ਾ ਤਸਕਰਾਂ ਨੂੰ ਵੀ ਨਾਬਾਲਗ ਬੱਚੀਆਂ ਰਾਹੀਂ ਨਸ਼ਾ ਅਗਾਂਹ ਤੋਰਨਾ ਆਸਾਨ ਲੱਗਦਾ ਹੈ। ਇਸੇ ਲਈ ਉਨ੍ਹਾਂ ਨੂੰ ਰਤਾ ਕੁ ਚਟਾ ਕੇ ਬਿਨਾਂ ਕੋਈ ਪੈਸਾ ਧੇਲਾ ਦਿੱਤਿਆਂ ਆਪਣੇ ਕੰਮ ਨੂੰ ਵਧੀਆ ਤਰੀਕੇ ਤੋਰੀ ਜਾ ਰਹੇ ਹਨ। ਆਦੀ ਹੋਈਆਂ ਬੱਚੀਆਂ, ਆਪਣੀ 'ਡੋਜ਼' ਵਾਸਤੇ ਸਭ ਕੁੱਝ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ।
    ਇਸ ਵੇਲੇ ਡਾਕਟਰਾਂ, ਪੁਲਿਸ ਕਰਮੀਆਂ ਤੇ ਸਰਕਾਰ ਲਈ ਸਿਰਦਰਦੀ ਬਣਿਆ ਨਸ਼ੇ ਦਾ ਵਪਾਰ ਨਾਬਾਲਗ ਬੱਚੀਆਂ ਰਾਹੀਂ ਪ੍ਰਫੁੱਲਿਤ ਹੋ ਰਿਹਾ ਹੈ ਜਿਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਹੀ ਨਹੀਂ ਲੱਗ ਰਿਹਾ ਕਿਉਂਕਿ ਵੱਡੀ ਗਿਣਤੀ ਮਾਪੇ ਸਮਾਜਿਕ ਸ਼ਰਮ ਸਦਕਾ ਇਹ ਗੱਲ ਬਾਹਰ ਕੱਢਦੇ ਹੀ ਨਹੀਂ ਤੇ ਨਾ ਹੀ ਇਲਾਜ ਕਰਵਾਉਣ ਲਈ ਬਾਹਰ ਨਿਕਲਦੇ ਹਨ।
    ਕੁੱਝ ਔਰਤਾਂ, ਜੋ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ ਤੇ ਆਪ ਆਦੀ ਵੀ ਹੋ ਚੁੱਕੀਆਂ ਹਨ, ਉਨ੍ਹਾਂ ਰਾਹੀਂ ਖਾਣ ਦੇ ਸਮਾਨ ਵਿਚ ਰਤਾ ਕੁ ਨਸ਼ਾ ਪੁਆ ਕੇ ਅਨੇਕ ਟੱਬਰਾਂ ਦੇ ਟੱਬਰ ਨਸ਼ੇ ਦੇ ਅਸਰ ਹੇਠ ਲਿਆਏ ਜਾ ਰਹੇ ਹਨ।
    ਸੰਗੀਤਾ, ਜਿਸ ਦਾ ਪਤੀ ਟਰੱਕ ਡਰਾਈਵਰ ਹੈ, ਨੇ ਮੰਨਿਆ ਕਿ ਕਈ ਘਰਾਂ ਵਿਚ ਕੰਮ ਕਰਦਿਆਂ ਉਹ ਬਹੁਤ ਥੱਕ ਜਾਂਦੀ ਸੀ। ਫੇਰ ਉਸ ਦੀ ਧੀ ਨੇ ਹੀ ਉਸ ਨੂੰ ਇਕ ਦਿਨ ਹੈਰੋਇਨ ਦਾ ਟੀਕਾ ਲਾਇਆ ਤਾਂ ਉਸ ਨੂੰ ਚੰਗਾ ਮਹਿਸੂਸ ਹੋਇਆ। ਉਸ ਤੋਂ ਬਾਅਦ ਆਦਤ ਹੀ ਹੋ ਗਈ। ਘਰ ਜਦ ਕੁੱਝ ਨਾ ਬਚਿਆ ਤਾਂ ਨਸ਼ੇ ਦੇ ਵਪਾਰੀਆਂ ਵੱਲੋਂ ਜਬਰੀ ਜਿਸਮਾਨੀ ਸੰਬੰਧ ਬਣਾਉਣ 'ਤੇ ਜ਼ੋਰ ਪਾਇਆ ਗਿਆ। ਹੋਰ ਕੋਈ ਰਾਹ ਨਾ ਲੱਭਣ ਉੱਤੇ ਉਸ ਨੇ ਨਸ਼ੇ ਦੇ ਵਪਾਰੀਆਂ ਕੋਲੋਂ ਟੀਕਾ ਲੈਣ ਲਈ ਉਨ੍ਹਾਂ ਨਾਲ ਜਿਸਮਾਨੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਤਿੰਨ ਕੁੜੀਆਂ ਤੇ ਇੱਕ ਮੁੰਡੇ ਦੀ ਮਾਂ ਸੰਗੀਤਾ ਹੁਣ ਨਸ਼ਾ ਛੁਡਾਊ ਕੇਂਦਰ ਦੇ ਗੇੜੇ ਕੱਢ ਰਹੀ ਹੈ।
    ਉਸ ਮੰਨਿਆ ਕਿ ਵੱਡੇ ਘਰਾਂ ਦੀਆਂ ਢੇਰਾਂ ਦੀਆਂ ਢੇਰ ਕੁੜੀਆਂ ਇਸ ਪਾਸੇ ਵੱਲ ਧੱਕੀਆਂ ਜਾ ਚੁੱਕੀਆਂ ਹਨ ਪਰ ਉਹ ਰੈਗੂਲਰ ਇਲਾਜ ਵਾਸਤੇ ਆ ਨਹੀਂ ਰਹੀਆਂ ਕਿਉਂਕਿ ਉਨ੍ਹਾਂ ਦੇ ਟੱਬਰਾਂ ਦੀ ਸਾਖ ਖ਼ਰਾਬ ਹੋਣ ਦਾ ਡਰ ਹੈ। ਇੰਜ ਹੀ ਮੱਧ ਵਰਗੀ ਟੱਬਰਾਂ ਦੀਆਂ ਬਥੇਰੀਆਂ ਧੀਆਂ ਸ਼ੌਕੀਆ ਇਸ ਪਾਸੇ ਵੱਲ ਤੁਰੀਆਂ ਹੁਣ ਪੱਕੀ ਲਤ ਲਾ ਚੁੱਕੀਆਂ ਹਨ।
    ਕਈ ਤਾਂ ਏਨੇ ਵੱਖੋ-ਵੱਖ ਤਰ੍ਹਾਂ ਦੇ ਨਸ਼ੇ ਵਰਤ ਰਹੀਆਂ ਹਨ ਕਿ ਉਨ੍ਹਾਂ ਨੂੰ ਦਾਖ਼ਲ ਵੀ ਕਰਵਾਉਣਾ ਪਿਆ ਹੈ। ਇਹ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ ਕਿਉਂਕਿ ਮਾਪੇ ਇਸ ਬਾਰੇ ਚੁੱਪ ਧਾਰੀ ਬੈਠੇ ਹਨ ਕਿ ਜੇ ਰਤਾ ਵੀ ਬਾਹਰ ਖ਼ਬਰ ਨਿਕਲੀ ਤਾਂ ਉਹ ਇਲਾਜ ਕਰਵਾਉਣੋਂ ਹਟ ਜਾਣਗੇ।
    ਰਿੰਪੀ ਤੇ ਸ਼ਮਿੰਦਰ (ਨਾਂ ਬਦਲੇ ਹੋਏ) ਵੀ ਮੰਨੀਆਂ ਕਿ ਉਨ੍ਹਾਂ ਨੂੰ ਨਸ਼ੇ ਦੀ ਲੱਤ ਲੱਗਣ ਬਾਅਦ ਜਦੋਂ ਪੈਸੇ ਦੀ ਕਿੱਲਤ ਹੋਈ ਤਾਂ ਉਨ੍ਹਾਂ ਨੂੰ ਹੈਰੋਇਨ ਲੈਣ ਬਦਲੇ ਨਸ਼ੇ ਦੇ ਵਪਾਰੀਆਂ ਨਾਲ ਸਰੀਰਕ ਸੰਬੰਧ ਬਣਾਉਣੇ ਪਏ ਜੋ ਹੋਰ ਵੀ ਬਥੇਰੀਆਂ ਨਾਬਾਲਗ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਹਨ।
    ਮਨਪ੍ਰੀਤ, ਜੋ ਕਾਲਜ ਦੀ ਵਿਦਿਆਰਥਣ ਹੈ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਕਾਲਜਾਂ ਦੀਆਂ ਅਨੇਕ ਵਿਦਿਆਰਥਣਾਂ ਜੋ ਵੱਡੇ ਛੋਟੇ ਘਰਾਂ ਵਿੱਚੋਂ ਹਨ, ਛੋਟੇ ਮੋਟੇ ਨਸ਼ੇ ਤੋਂ ਸ਼ੁਰੂ ਹੋ ਕੇ ਹੁਣ ਹੈਰੋਇਨ ਦੀਆਂ ਆਦੀ ਬਣ ਚੁੱਕੀਆਂ ਹਨ। ਅਫ਼ਸੋਸ ਇਹ ਹੈ ਕਿ ਉਸ ਨਾਲ ਦੀਆਂ ਬਹੁਤ ਥੋੜੀਆਂ ਬੱਚੀਆਂ ਨਸ਼ਾ ਛਡਾਉਣ ਲਈ ਲਿਆਈਆਂ ਗਈਆਂ ਹਨ। ਬਾਕੀਆਂ ਦਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ। ਜਦੋਂ ਜਿਸਮਾਨੀ ਸ਼ੋਸ਼ਣ ਬਾਰੇ ਪੁੱਛਿਆ ਗਿਆ ਤਾਂ ਅੱਖਾਂ ਨੀਵੀਆਂ ਪਾ ਕੇ ਉਹ ਬੋਲੀ, ''ਜਦੋਂ ਪੈਸਾ ਕਿਤੋਂ ਮਿਲਣਾ ਹੀ ਨਹੀਂ ਤਾਂ ਹੋਰ ਰਾਹ ਕਿਹੜਾ ਬਚਦਾ ਹੈ?'' ਮਨਪ੍ਰੀਤ ਨੂੰ ਇਸ ਪਾਸੇ ਉਸ ਦੇ ਕਾਲਜ ਦੇ ਦੋਸਤ ਨੇ ਤੋਰਿਆ ਸੀ, ਜੋ ਆਪਣੇ ਹਾਣੀਆਂ ਨਾਲ ਪਹਿਲਾਂ ਤੋਂ ਹੀ ਨਸ਼ੇ ਦਾ ਵਪਾਰ ਵੀ ਕਰ ਰਿਹਾ ਸੀ ਤੇ ਆਪ ਵੀ ਵਰਤ ਰਿਹਾ ਸੀ।
    ਪੁੱਛੇ ਜਾਣ ਉੱਤੇ ਮਨਪ੍ਰੀਤ ਨੇ ਦੱਸਿਆ ਕਿ ਹੁਣ ਤਾਂ ਉਹ ਗਿਣਤੀ ਵੀ ਨਹੀਂ ਕਰ ਸਕਦੀ ਕਿ ਸਿਰਫ਼ ਹੈਰੋਇਨ ਦੀ ਤੋੜ ਪੂਰੀ ਕਰਨ ਲਈ ਕਿੰਨੇ ਵੱਖੋ-ਵੱਖ ਜਣਿਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ।
    ਨਸ਼ਾ ਲੈਣਾ ਕਿੰਨਾ ਸੌਖਾ ਹੈ, ਇਹ ਵੀ ਉਸ ਦੱਸਿਆ ਕਿ ਸਿਰਫ਼ ਇੱਕ 'ਮਿੱਸਡ ਕਾਲ' ਮਾਰਨ ਨਾਲ ਹੀ ਅੱਧੇ ਘੰਟੇ ਦੇ ਅੰਦਰ-ਅੰਦਰ ਉਸ ਦੇ ਘਰ ਦੇ ਦਰਵਾਜ਼ੇ ਬਾਹਰ ਕੋਈ ਕੁੜੀ ਜਾਂ ਕੋਰੀਅਰ ਦੀ ਸ਼ਕਲ ਵਿਚ ਮੁੰਡਾ 'ਡੋਜ਼' ਪਹੁੰਚਾ ਜਾਂਦਾ ਹੈ।
    ਪੀ.ਜੀ.ਆਈ. ਚੰਡੀਗੜ੍ਹ ਨੇ ਸੰਨ 2018 ਮਾਰਚ ਵਿਚ 'ਏਸ਼ੀਅਨ ਜਰਨਲ ਔਫ਼ ਸਾਈਕੈਟਰੀ' ਵਿਚ ਛਾਪਿਆ ਸੀ ਕਿ ਪੰਜਾਬ ਅੰਦਰ 4.1 ਮਿਲੀਅਨ ਤੋਂ ਵੱਧ ਲੋਕਾਂ ਨੇ ਨਸ਼ਾ ਵਰਤਿਆ ਹੈ। ਇਨ੍ਹਾਂ ਵਿੱਚੋਂ 4 ਮਿਲੀਅਨ ਮੁੰਡੇ ਹਨ ਤੇ 0.1 ਮਿਲੀਅਨ ਕੁੜੀਆਂ। ਇਨ੍ਹਾਂ ਵਿੱਚੋਂ 3.1 ਮਿਲੀਅਨ ਮਰਦ ਤੇ 0.1 ਮਿਲੀਅਨ ਔਰਤਾਂ ਨਸ਼ੇ ਦੇ ਪੱਕੇ ਆਦੀ ਬਣ ਚੁੱਕੇ ਹੋਏ ਹਨ। ਸ਼ਰਾਬ, ਸਿਗਰਟ ਤੋਂ ਲੈ ਕੇ ਭੰਗ, ਅਫ਼ੀਮ, ਹੈਰੋਇਨ, ਸਮੈਕ, ਕੋਕੀਨ, ਆਦਿ ਸਭ ਕੁੱਝ ਵਰਤਿਆ ਜਾ ਰਿਹਾ ਹੈ।
    ਖੋਜ ਪੱਤਰ ਵਿਚ ਸ਼ਾਮਲ 2 ਲੱਖ 2 ਹਜ਼ਾਰ ਅੱਠ ਸੌ ਸਤਾਰਾਂ ਬੰਦੇ ਤੇ 10,658 ਔਰਤਾਂ ਉਮਰ ਭਰ ਲਈ ਆਦੀ ਬਣ ਚੁੱਕੇ ਹੋਏ ਸਨ ਜਿਨ੍ਹਾਂ ਦਾ ਇਲਾਜ ਸੰਭਵ ਹੀ ਨਹੀਂ ਸੀ।
    ਉਸ ਖੋਜ ਪੱਤਰ ਵਿਚ ਜੋ ਚੇਤਾਵਨੀ ਲਿਖੀ ਸੀ, ਉਹ ਸੀ :- 1,56,942 (ਇੱਕ ਲੱਖ ਛਪੰਜਾ ਹਜ਼ਾਰ ਨੌਂ ਸੌ ਬਤਾਲੀ) ਮੁੰਡੇ ਬਿਨਾਂ ਨਸ਼ੇ ਦੇ ਇਕ ਦਿਨ ਵੀ ਨਹੀਂ ਕੱਢ ਰਹੇ ਜਦਕਿ ਬਾਕੀ ਨਸ਼ਾ ਛਡਾਉਣ ਲਈ ਤਿਆਰ ਹਨ। ਪਰ ਕੁੜੀਆਂ, ਵਿੱਚੋਂ ਇਕ ਵੀ ਨਸ਼ਾ ਛੱਡਣ ਨੂੰ ਤਿਆਰ ਨਹੀਂ ਤੇ ਸਾਰੀਆਂ 10,658 ਹੀ ਰੋਜ਼ ਦੀ 'ਡੋਜ਼' ਲੈਣ ਤੋਂ ਬਗ਼ੈਰ ਇੱਕ ਦਿਨ ਵੀ ਨਹੀਂ ਲੰਘਾ ਸਕ ਰਹੀਆਂ।''
    ਇਸ ਦਾ ਮਤਲਬ ਇਹ ਹੋਇਆ ਕਿ 'ਆਦੀ' ਹੋਣ ਵਿਚ ਕੁੜੀਆਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਨੇ ਇਹ ਆਦਤ ਕਦੇ ਵੀ ਨਹੀਂ ਛੱਡਣੀ। ''ਸਮਾਜ ਨੂੰ ਭਿਆਨਕ ਨਤੀਜਿਆਂ ਲਈ ਤਿਆਰੀ ਕੱਸ ਲੈਣੀ ਚਾਹੀਦੀ ਹੈ,'' ਪੀ.ਜੀ.ਆਈ. ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ਦੇ ਡਾ. ਸੁਬੋਧ ਨੇ ਸਪਸ਼ਟ ਕਰ ਦਿੱਤਾ ਹੈ। ਡਾ. ਸੁਬੋਧ ਨੇ ਇਹ ਵੀ ਕਿਹਾ ਹੈ ਕਿ ਅਸਲ ਗਿਣਤੀ ਤਾਂ ਇਸ ਤੋਂ ਸ਼ਾਇਦ ਦੁਗਣੀ, ਤਿਗਣੀ ਜਾਂ ਚੌਗੁਣੀ ਵੀ ਹੋ ਸਕਦੀ ਹੈ ਕਿਉਂਕਿ ਮਾਪੇ ਆਪਣੀਆਂ ਕੁੜੀਆਂ ਬਾਰੇ ਗੱਲ ਵੀ ਕਰਨ ਨੂੰ ਤਿਆਰ ਨਹੀਂ, ਇਲਾਜ ਤਾਂ ਦੂਰ ਦੀ ਗੱਲ ਹੈ।
    ਪੀ.ਜੀ.ਆਈ. ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਨੇਕ ਬੱਚੀਆਂ ਤੇ ਔਰਤਾਂ ਇਸ ਕਰਕੇ ਅੱਧਾ ਇਲਾਜ ਛੱਡ ਕੇ ਤੁਰ ਜਾਂਦੀਆਂ ਹਨ ਕਿਉਂਕਿ ਪਿੰਡਾਂ ਵਿਚ ਤੇ ਮੁਹੱਲਿਆਂ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਪੂਰੇ ਟੱਬਰ ਨੂੰ ਹੀ ਮਿਹਣੇ ਸੁਣਨੇ ਪੈਂਦੇ ਹਨ।
ਖ਼ਤਰੇ ਦੀ ਘੰਟੀ :- (ਅਮਰੀਕਨ ਅਕੈਡਮੀ ਵੱਲੋਂ ਜਾਰੀ ਕੀਤੀ ਹੋਈ)
1.    ਨਸ਼ੇ ਦੇ ਆਦੀ ਮਾਪਿਆਂ ਦੇ ਬੱਚੇ ਮਾਰ ਕੁਟਾਈ, ਗਾਲ੍ਹਾਂ ਦੇ ਸ਼ਿਕਾਰ ਤਾਂ ਹੁੰਦੇ ਹੀ ਹਨ ਪਰ ਮਾਨਸਿਕ ਪਰੇਸ਼ਨੀ ਸਹੇੜ ਕੇ ਆਪ ਵੀ ਹੌਲੀ-ਹੌਲੀ ਸ਼ਾਂਤ ਹੋਣ ਲਈ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਇਹ ਬੱਚੇ ਵੱਡੇ ਹੋ ਕੇ ਅੱਗੋਂ ਕਤਲ, ਖ਼ੁਦਕੁਸ਼ੀ, ਚੋਰੀ, ਡਾਕੇ ਆਦਿ ਦੇ ਨਾਲ-ਨਾਲ ਆਪ ਵੀ ਘਰੇਲੂ ਹਿੰਸਾ ਕਰਨ ਲੱਗ ਪੈਂਦੇ ਹਨ ਤੇ ਵਧੀਆ ਵਿਆਹੁਤਾ ਰਿਸ਼ਤੇ ਨਹੀਂ ਗੰਢ ਸਕਦੇ।
2.    ਨਸ਼ੇ ਦੇ ਆਦੀ ਮਾਪਿਆਂ ਦੇ ਬੱਚਿਆਂ ਵਿੱਚੋਂ ਵੱਡੇ ਹੋ ਕੇ ਬਹੁਤ ਸਾਰੇ ਨੌਜਵਾਨ ਬੱਚੇ ਨਾਬਾਲਗ ਬੱਚੀਆਂ ਦਾ ਬਲਾਤਕਾਰ ਕਰ ਕੇ ਤਸੱਲੀ ਮਹਿਸੂਸ ਕਰਦੇ ਹਨ।
3.    ਅਜਿਹੇ ਘਰਾਂ ਦੇ ਬੱਚੇ ਵੱਖੋ-ਵੱਖ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਢਹਿੰਦੀ ਕਲਾ, ਘਬਰਾਹਟ, ਨੀਂਦਰ ਠੀਕ ਨਾ ਆਉਣੀ, ਖੁਦਕੁਸ਼ੀ ਤੋਂ ਲੈ ਕੇ ਖਾਣ ਪੀਣ ਵਿਚ ਦਿੱਕਤ ਆਉਣੀ ਵੇਖੇ ਗਏ ਹਨ।
4.    ਕਈ 'ਸੀਰੀਅਲ ਕਿੱਲਰ' ਵੀ ਅਜਿਹੇ ਘਰਾਂ ਵਿੱਚੋਂ ਹੀ ਨਿਕਲਦੇ ਹਨ।
5.    ਮਿਗਰੇਨ, ਅੰਤੜੀਆਂ ਦੇ ਰੋਗ, ਦੱਬੂ, ਧਿਆਨ ਨਾ ਲਾ ਸਕਣਾ, ਪੜ੍ਹਾਈ ਵਿਚ ਪੱਛੜਨਾ, ਯਾਦਾਸ਼ਤ, ਘਟਣੀ, ਆਦਿ ਵਰਗੇ ਰੋਗ ਵੀ ਇਨ੍ਹਾਂ ਘਰਾਂ ਦੇ ਬੱਚਿਆਂ ਵਿਚ ਵੇਖੇ ਗਏ ਹਨ।
6.    ਕਿਸੇ 'ਤੇ ਯਕੀਨ ਨਾ ਕਰ ਸਕਣਾ, ਦੂਜੇ ਦੀ ਇਜ਼ਤ ਨਾ ਕਰਨੀ, ਡਰਨਾ, ਤ੍ਰਭਕਣਾ ਆਦਿ ਵੀ ਹੋ ਸਕਦੇ ਹਨ।
7.    ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਅਜਿਹੇ ਘਰਾਂ ਦੇ ਬੱਚਿਆਂ ਵਿਚ ਨਸ਼ੇ ਵਲ ਜਾਣ ਦਾ ਰੁਝਾਨ ਬਾਕੀਆਂ ਨਾਲੋਂ ਤਿੰਨ ਗੁਣਾ ਵੱਧ ਹੁੰਦਾ ਹੈ।
8.    ਅਮਰੀਕਨ ਅਕੈਡਮੀ ਔਫ ਪੀਡੀਐਟਰਿਕਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀਆਂ ਮਾਵਾਂ ਨਸ਼ੇ ਕਰਦੀਆਂ ਹੋਣ, ਉਨ੍ਹਾਂ ਦੇ ਬੱਚਿਆਂ ਵਿਚ :-
*    ਓਟਿਜ਼ਮ
*    ਦਿਮਾਗੀ ਨੁਕਸ
*    ਭਾਰ ਘੱਟ ਰਹਿ ਜਾਣਾ
*    ਧਿਆਨ ਨਾ ਲਾ ਸਕਣਾ
*    ਜਮਾਂਦਰੂ ਨੁਕਸ ਹੋਣੇ
*    ਭਰੂਣ ਦੀ ਮੌਤ ਹੋ ਜਾਣੀ, ਆਦਿ ਹੋਣ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ।
    ਕੀ ਇਹ ਸਭ ਜਾਣ ਲੈਣ ਬਾਅਦ ਹੁਣ ਕੋਈ ਜਾਗਣ ਨੂੰ ਤਿਆਰ ਹੈ? ਪੰਜਾਬ ਨੂੰ ਪਿਆਰ ਕਰਨ ਵਾਲੇ ਸੌਖਿਆਂ ਸਮਝ ਸਕਦੇ ਹਨ ਕਿ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਨੂੰ ਮੋਇੰਜੋਦੜੋ ਵਿਚ ਤਬਦੀਲ ਕਰਨ ਲਈ ਤਿਆਰ-ਬਰ-ਤਿਆਰ ਹੋ ਚੁੱਕੇ ਹਨ।
    ਹਾਲੇ ਵੀ ਵੇਲਾ ਹੈ। ਪਹਿਲਾਂ ਮੰਨੀਏ ਕਿ ''ਨਸ਼ਾ ਹੈ''! ਫੇਰ ਹੀ ਰੋਕਣ ਲਈ ਕਦਮ ਪੁੱਟੇ ਜਾ ਸਕਦੇ ਹਨ। ਜਾਗ੍ਰਿਤੀ ਦੀ ਤਗੜੀ ਲਹਿਰ, ਖੇਡਾਂ ਵੱਲ ਰੁਝਾਨ ਤੇ ਵਧੀਆ ਨਸ਼ਾ ਛਡਾਊ ਕੇਂਦਰਾਂ ਬਾਰੇ ਅੱਜ ਤੋਂ ਹੀ ਕੰਮ ਕਰਨ ਦੀ ਲੋੜ ਹੈ।
    ਜੇ ਸਰਕਾਰਾਂ ਫੇਲ੍ਹ ਹੋ ਰਹੀਆਂ ਹਨ ਤਾਂ ਲੋਕ ਹੀ ਆਪੋ ਆਪਣੇ ਪਿੰਡਾਂ ਅੰਦਰ ਅਜਿਹੇ ਜਵਾਨੀ ਨੂੰ ਚੱਬ ਜਾਣ ਵਾਲੇ ਡਾਕੂਆਂ ਤੋਂ ਬਚਾਉਣ ਲਈ ਪਿੰਡਾਂ ਵਿਚ ਨਸ਼ਾ ਛੁਡਾਊ ਕਲੱਬ ਬਣਾ ਕੇ ਪਹਿਰਾ ਦੇਣ ਦੀ ਡਿਊਟੀ ਸੰਭਾਲ ਲੈਣ ਤਾਂ ਯਕੀਨਨ ਕੁੱਝ ਵਧੀਆ ਨਤੀਜਿਆਂ ਦੀ ਉਮੀਦ ਰੱਖੀ ਜਾ ਸਕਦੀ ਹੈ।
    ਆਮ ਲੋਕਾਂ ਅੱਗੇ ਬੇਨਤੀ ਹੈ ਕਿ ਨਸ਼ੇ ਦੇ ਆਦੀ ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ, ਸ਼ਹਿਨਸ਼ੀਲਤਾ ਨਾਲ ਪੇਸ਼ ਆ ਕੇ ਉਸ ਦਾ ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਤਾਂ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਿੱਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ!
    ਚਲੋ ਰਲ ਮਿਲ ਹੰਭਲਾ ਮਾਰੀਏ ਤੇ ਘਰਾਂ ਵਿਚ ਹੋਰ ਸੱਥਰ ਵਿਛ ਜਾਣ ਤੋਂ ਬਚਾਓ ਕਰ ਲਈਏ! ਆਮੀਨ!!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ! - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਮਨਿਸਟਰੀ ਆਫ ਸਟੈਟਿਸਟਿਕਸ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੀ ਨਵੀਂ ਰਿਪੋਰਟ ਜਾਰੀ ਹੋਈ ਹੈ। ਉਸ ਅਨੁਸਾਰ ਨਿਤ ਨਵੇਂ ਨਵਜੰਮੀਆਂ ਬੱਚੀਆਂ ਦੇ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਗਿਣਤੀ ਦਿਸਣ ਨੂੰ ਭਾਵੇਂ ਘੱਟ ਲੱਗੇ ਪਰ ਅਨੇਕ ਅਜਿਹੇ ਕੇਸ ਮੀਡੀਆ ਦੀ ਨਜ਼ਰੀ ਨਹੀਂ ਆ ਰਹੇ ਜਿਸ ਸਦਕਾ ਕਿਆਸ ਲਾਇਆ ਜਾ ਰਿਹਾ ਹੈ ਕਿ ਆਉਣ ਵਾਲਾ ਸਮਾਂ ਭਿਆਨਕ ਹੋਣ ਵਾਲਾ ਹੈ। ਹੁਣ ਤੱਕ ਦੀਆਂ ਸੁੱਟੀਆਂ ਜਾਂ ਮਾਰੀਆਂ ਜਾ ਚੁੱਕੀਆਂ ਨਵਜੰਮੀਆਂ ਬੱਚੀਆਂ ਸਦਕਾ ਜੋ ਗਿਦਤੀ ਘਟਦੀ ਰਹੀ ਹੈ, ਉਸ ਅਨੁਸਾਰ :-
ਸੰਨ 1971 ਵਿੱਚ-961 ਬੱਚੀਆਂ ਪ੍ਰਤੀ 1000 ਮੁੰਡੇ
ਸੰਨ 2011 ਵਿੱਚ-939 ਬੱਚੀਆਂ ਪ੍ਰਤੀ 1000 ਮੁੰਡੇ
    ਲਗਾਤਾਰ ਮਾਰੀਆਂ ਜਾ ਰਹੀਆਂ ਬੱਚੀਆਂ ਸਦਕਾ ਇਹ ਗਿਣਤੀ ਸੰਨ 2021 ਵਿਚ 904 ਪ੍ਰਤੀ ਹਜ਼ਾਰ ਮੁੰਡੇ ਰਹਿ ਜਾਣ ਵਾਲੀ ਹੈ। ਪਰ ਜੇ ਵੇਲੇ ਸਿਰ ਲੋਕਾਂ ਨੂੰ ਨਾ ਜਗਾਇਆ ਗਿਆ ਤਾਂ ਸੰਨ 2031 ਵਿਚ ਇਹ ਗਿਣਤੀ 898 ਹੀ ਰਹਿ ਜਾਵੇਗੀ।
    ਇਸਦਾ ਮਤਲਬ ਹੈ ਕੁੱਲ ਨੌਜਵਾਨਾਂ ਦੀ ਗਿਣਤੀ ਵਿਚ ਵੀ ਘਾਟਾ! ਪਹਿਲਾਂ ਮੁੰਡਿਆਂ ਦੇ ਲਾਲਚ ਸਦਕਾ ਲੋਕ ਦੋ ਤਾਂ ਤਿੰਨ ਮੁੰਡੇ ਵੀ ਜੰਮਣ ਲੱਗ ਪਏ ਸਨ। ਇਸ ਲਈ ਸੰਨ 1971 ਵਿਚ ਜਿਹੜੀ ਨੌਜਵਾਨਾਂ ਦੀ ਗਿਣਤੀ 30.6 ਫੀਸਦੀ ਸੀ, ਉਹ ਸੰਨ 2011 ਤੱਕ ਪਹੁੰਚਦਿਆਂ 34.8 ਫੀਸਦੀ ਹੋ ਗਈ ਸੀ। ਹੁਣ ਲੋਕ 'ਇੱਕੋ ਮੁੰਡਾ' ਆਧਾਰ ਬਣਾ ਰਹੇ ਹਨ ਤੇ ਇਸੇ ਲਈ ਅੰਕੜੇ ਫਿਰ ਵਿਗੜਨ ਲੱਗ ਪਏ ਹਨ।
    ਸਰਕਾਰੀ ਅੰਕੜਿਆਂ ਮੁਤਾਬਕ ਜੇ ਇਹੀ ਹਾਲ ਰਿਹਾ ਤਾਂ ਸੰਨ 2031 ਤੱਕ ਪਹੁੰਚਦਿਆਂ ਨੌਜਵਾਨਾਂ ਦੀ ਗਿਣਤੀ ਘੱਟ ਕੇ 31.8 ਫੀਸਦੀ ਰਹਿ ਜਾਣ ਵਾਲੀ ਹੈ। ਇਨ੍ਹਾਂ ਨੌਜਵਾਨਾਂ ਵਿਚ ਕੁੜੀਆਂ ਦੀ ਘਾਟ ਬਹੁਤ ਚੁੱਭਣ ਵਾਲੀ ਹੋਵੇਗੀ।
    ਇਸ ਦੇ ਅਨੇਕ ਨੁਕਸਾਨ ਸਾਹਮਣੇ ਆਉਣਗੇ ਜੋ ਸੰਭਾਲਣੇ ਔਖੇ ਹੋ ਜਾਣੇ ਹਨ।
    ਜਿੱਥੇ ਕਿਤੇ ਵੀ ਦੁਨੀਆ ਵਿਚ ਔਰਤਾਂ ਦੀ ਗਿਣਤੀ ਵਿਚ ਘਾਟ ਆਈ ਹੈ, ਉੱਥੇ ਔਰਤਾਂ ਪ੍ਰਤੀ ਹੁੰਦਾ ਜੁਰਮ ਕਈ ਗੁਣਾਂ ਵਧਿਆ ਹੋਇਆ ਲੱਭਿਆ ਹੈ।
    ਕਾਮ ਵਾਸਨਾ ਨੂੰ ਤ੍ਰਿਪਤ ਕਰਨ ਲਈ ਔਰਤ ਜਾਂ ਨਾਬਾਲਗ ਬੱਚੀ ਨੂੰ ਸ਼ਿਕਾਰ ਬਣਾਉਣ ਦਾ ਕੰਮ ਅੱਜ ਵੀ ਜਾਰੀ ਹੈ। ਮਨੁੱਖੀ ਤਸਕਰੀ ਅਧੀਨ ਢੇਰਾਂ ਦੀਆਂ ਢੇਰ ਨਾਬਾਲਗ ਬੱਚੀਆਂ ਚੁੱਕੀਆਂ ਜਾ ਰਹੀਆਂ ਹਨ ਤੇ ਦੇਹ ਵਪਾਰ ਵਿਚ ਧੱਕੀਆਂ ਜਾ ਰਹੀਆਂ ਹਨ।
    ਨਾਬਾਲਗ ਬੱਚੀਆਂ ਨੂੰ ਸੌਖਾ ਸ਼ਿਕਾਰ ਸਮਝ ਕੇ ਜੋ ਸਮੂਹਕ ਬਲਾਤਕਾਰ ਅੱਜ ਦੇ ਦਿਨ ਹੋ ਰਹੇ ਹਨ, ਇਹ ਜਿਸਮਾਨੀ ਭੁੱਖ ਦਾ ਹੀ ਨਤੀਜਾ ਹਨ।
    ਨੂੰਹਾਂ ਦੀ ਖ਼ਰੀਦੋ-ਫ਼ਰੋਖਤ ਵੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਦੇ ਨਤੀਜੇ ਭਿਆਨਕ ਹੋਣ ਵਾਲੇ ਹਨ। ਸਿਰਫ਼ ਇਕ ਹੀ ਔਰਤ ਘਰ ਵਿਚ ਦੋ-ਦੋ ਭਰਾਵਾਂ ਨਾਲ ਵੰਡੀ ਜਾ ਰਹੀ ਹੈ। ਕਈ ਥਾਈਂ ਇੱਕੋ ਔਰਤ ਵੱਖੋ-ਵੱਖਰੇ ਘਰਾਂ ਵਿਚ ਅੱਗੋਂ ਵੇਚੀ ਜਾ ਰਹੀ ਹੈ। ਉਸ ਕੋਲੋਂ ਮਸ਼ੀਨ ਵਾਂਗ ਸਿਰਫ਼ ਮੁੰਡੇ ਦਾ ਜਨਮ ਕਰਵਾਇਆ ਜਾਂਦਾ ਹੈ ਤੇ ਫੇਰ ਅਗਾਂਹ ਵੇਚ ਦਿੱਤੀ ਜਾਂਦੀ ਹੈ। ਇਹੋ ਜਿਹੀਆ 'ਮੌਲਕੀਆਂ' ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
    ਜਦੋਂ ਦੂਜੇ ਥਾਵਾਂ ਤੋਂ ਵੱਡੀ ਗਿਣਤੀ ਔਰਤਾਂ ਖ਼ਰੀਦ ਕੇ ਨੂੰਹਾਂ ਬਣਾਈਆਂ ਜਾਣ ਲੱਗ ਜਾਣ ਤਾਂ ਜੀਨ ਆਧਾਰਿਤ ਨੁਕਸ ਤੇ ਰੋਗ ਵੀ ਦਿਸਣ ਲੱਗ ਪੈਂਦੇ ਹਨ।
    ਮਿਸਾਲ ਵਜੋਂ ਅਸਾਮ ਵਿਚ ਸਿਕੱਲ ਸੈੱਲ ਬੀਮਾਰੀ ਕਾਫ਼ੀ ਦਿਸਦੀ ਹੈ ਜਿਵੇਂ ਪੰਜਾਬ ਵਿਚ ਥੈਲਾਸੀਮੀਆ ਬੀਮਾਰੀ ਦੇ ਮਰੀਜ਼ ਕਾਫ਼ੀ ਹਨ। ਜਦੋਂ ਦੋ ਮਾੜੇ ਜੀਨਾਂ ਦਾ ਮੇਲ ਵੱਡੀ ਪੱਧਰ ਉੱਤੇ ਹੋਣ ਲੱਗ ਪਵੇ ਤਾਂ ਵੱਖ ਕਿਸਮ ਦਾ ਮਾੜਾ ਜੀਨ ਸਾਹਮਣੇ ਆ ਸਕਦਾ ਹੈ। ਇਨ੍ਹਾਂ ਦੋਨਾਂ ਬੀਮਾਰੀਆਂ ਵਿਚ ਉਮਰ ਭਰ ਲਹੂ ਚੜ੍ਹਾਉਣਾ ਪੈਂਦਾ ਹੈ।
    ਜੇ ਜੀਨ ਦੀ ਤਬਦੀਲੀ ਹੋ ਜਾਏ ਤਾਂ ਸੰਭਵ ਹੈ ਕੋਈ ਹੋਰ ਮਾੜਾ ਜੀਨ ਅਗਲੀ ਪੁਸ਼ਤ ਦੀ ਉਮਰ ਹੀ ਛੋਟੀ ਕਰ ਦੇਵੇ।
    ਦੂਜੀ ਗੱਲ, ਜਿਸ ਦੇ ਅਗਾਊਂ ਖ਼ਤਰਿਆਂ ਬਾਰੇ ਪਹਿਲਾਂ ਹੀ ਚੇਤੰਨ ਕੀਤਾ ਜਾ ਚੁੱਕਿਆ ਹੈ, ਉਹ ਹੈ ਜੀਨ ਦੀ ਤਬਦੀਲੀ।
    ਜਦੋਂ ਨੂੰਹ ਹੋਰ ਥਾਂ ਤੋਂ ਹੋਵੇ ਤਾਂ ਪਹਿਲੀ ਪੁਸ਼ਤ ਵਿਚ 50 ਫੀਸਦੀ ਜੀਨ ਤਬਦੀਲ ਹੋ ਜਾਂਦਾ ਹੈ। ਜੇ ਦੂਜੀ ਪੁਸ਼ਤ ਵੀ ਇੰਜ ਹੀ ਚੱਲੇ ਤਾਂ 75 ਫੀਸਦੀ ਜੀਨ ਤਬਦੀਲ ਹੋ ਜਾਂਦਾ ਹੈ ਤੇ ਤੀਜੀ ਪੁਸ਼ਤ ਤੱਕ 89 ਫੀਸਦੀ ਤੋਂ ਵੱਧ ਜੀਨ ਬਦਲ ਜਾਂਦਾ ਹੈ ਅਤੇ ਪਹਿਲੀ ਪੁਸ਼ਤ ਦਾ ਬੀਜ ਨਾਸ ਹੋ ਜਾਂਦਾ ਹੈ।
    ਜੀਨ ਆਧਾਰਿਤ ਰੋਗ ਜਾਂ ਤਬਦੀਲੀਆਂ ਕਿਸੇ ਵੀ ਕੌਮ ਦਾ ਬੀਜ ਸਦੀਵੀ ਨਾਸ ਕਰਨ ਲਈ ਬਥੇਰੇ ਹੁੰਦੇ ਹਨ।
ਸਿਰਫ਼ ਇੱਕ ਗੱਲ ਬਾਰੇ ਇਨ੍ਹਾਂ ਜਾਰੀ ਕੀੇਤੇ ਸਰਕਾਰੀ ਅੰਕੜਿਆਂ ਦੇ ਅਖ਼ੀਰ ਵਿਚ ਖ਼ੁਸ਼ੀ ਜ਼ਾਹਰ ਕੀਤੀ ਗਈ ਹੈ ਕਿ ਕੁੜੀਆਂ ਦੀ ਗਿਣਤੀ ਘੱਟ ਜਾਣ ਨਾਲ ਸ਼ਾਇਦ ਬਾਲ ਵਿਆਹ ਹੋਣੇ ਬੰਦ ਹੋ ਜਾਣਗੇ ਜੋ ਅੱਜ ਦੇ ਦਿਨ 18 ਵਰ੍ਹੇ ਪੂਰੇ ਹੋਣ ਤੋਂ ਪਹਿਲਾਂ ਅਨੇਕ ਬੱਚੀਆਂ ਦੇ ਹੋ ਰਹੇ ਹਨ।
    ਇਹ ਵਿਚਾਰ ਸਹੀ ਨਹੀਂ ਜਾਪਦੇ। ਰਤਾ ਧਿਆਨ ਕਰੀਏ। ਉੱਤਰਾਖੰਡ ਦੇ ਉੱਤਰਾਕਾਸ਼ੀ ਜ਼ਿਲ੍ਹੇ ਵਿਚਲੇ 132 ਪਿੰਡਾਂ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਇੱਕ ਵੀ ਕੁੜੀ ਪੈਦਾ ਨਹੀਂ ਹੋਈ। ਇਸ ਦੌਰਾਨ 216 ਬੱਚੇ ਪੈਦਾ ਹੋਏ ਹਨ। ਯਾਨੀ ਇਨ੍ਹਾਂ 216 ਮੁੰਡਿਆਂ ਲਈ ਇਕ ਵੀ ਕੁੜੀ ਨਹੀਂ ਹੋਵੇਗੀ। ਇਸ ਕਤਲੇਆਮ ਦੇ ਕਾਰਨ ਲੱਭਣ ਲਈ ਮੈਜਿਸਟ੍ਰੇਟ ਅਸ਼ੀਸ਼ ਚੌਹਾਨ ਨੇ ਕਿਹਾ ਹੈ ਕਿ ਖੋਜ ਹੋਣੀ ਚਾਹੀਦੀ ਹੈ, ਕਿਉਂ ਲੋਕ ਧੀਆਂ ਨੂੰ ਕੁੱਖ ਵਿਚ ਮਾਰ ਰਹੇ ਹਨ!
    ਇਸ ਤਸਵੀਰ ਨੂੰ ਸਾਹਮਣੇ ਰੱਖ ਕੇ ਹੁਣ ਇਹ ਸੋਚੀਏ ਕਿ ਅਖ਼ੀਰ ਕਿਸੇ ਘਰ ਗ਼ਲਤੀ ਨਾਲ ਵੀ ਇੱਕ ਧੀ ਜੇ ਪੈਦਾ ਹੋ ਗਈ ਤਾਂ ਕੀ 216 ਮੁੰਡਿਆਂ ਵਾਲੇ ਟੱਬਰਾਂ ਵਿੱਚੋਂ ਰਸੂਖਵਾਨ ਟੱਬਰ ਉਸ ਕੁੜੀ ਨੂੰ ਆਪਣੇ ਮੁੰਡੇ ਲਈ ਛੇਤੀ ਤੋਂ ਛੇਤੀ ਵਿਆਹ ਕੇ ਨਹੀਂ ਲਿਆਉਣਾ ਚਾਹੁਣਗੇ? ਇੰਜ ਕੀ ਬਾਲ ਵਿਆਹ ਉੱਤੇ ਰੋਕ ਲੱਗੇਗੀ ਕਿ ਸਗੋਂ ਵਾਧਾ ਹੋ ਜਾਵੇਗਾ?
    ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਕਾਮ ਵਾਸਨਾ ਨੂੰ ਤ੍ਰਿਪਤ ਕਰਨ ਲਈ ਏਨੀ ਵੱਡੀ ਗਿਣਤੀ ਵਿੱਚੋਂ ਕੋਈ ਜਣਾ ਉਸ ਦਾ ਛੋਟੀ ਹੁੰਦਿਆਂ ਹੀ ਜਿਸਮਾਨੀ ਸ਼ੋਸ਼ਣ ਕਰਨਾ ਚਾਹੇ! ਯਾਨੀ ਮਾਪਿਆਂ ਲਈ ਕੁੜੀ ਦੀ ਰਾਖੀ ਹੀ ਸਭ ਤੋਂ ਵੱਡੀ ਚਿੰਤਾ ਬਣ ਜਾਏਗੀ।
    ਅਜਿਹੇ ਮਾਹੌਲ ਵਿਚ ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਆਉਣ ਵਾਲਾ ਸਮਾਂ ਔਰਤਾਂ ਲਈ ਕਿੰਨਾ ਭਿਆਨਕ ਸਿੱਧ ਹੋਣ ਵਾਲਾ ਹੈ!
    ਹਾਲੇ ਵੀ ਵੇਲਾ ਹੈ! ਜਾਗ ਜਾਈਏ ਤੇ ਮਾਦਾ ਭਰੂਣ ਹੱਤਿਆ ਵਿਰੁੱਧ ਸਾਰਥਕ ਕਦਮ ਚੁੱਕ ਕੇ ਮਨੁੱਖੀ ਹੋਂਦ ਨੂੰ ਬਚਾ ਲਈਏ।
    50 ਸਾਲਾਂ ਤੋਂ ਪੂਰਾ ਜ਼ੋਰ ਲਾਉਣ ਬਾਅਦ ਤੇ ਜਾਗ੍ਰਿਤੀ ਲਿਆਉਣ ਦੀ ਕੋਸ਼ਿਸ਼ ਕਰਨ ਬਾਅਦ ਵੀ ਨਤੀਜਾ ਜ਼ੀਰੋ ਹੈ। ਇਹ ਕੋਸ਼ਿਸ਼ਾਂ ਮਾੜੇ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਬਦਲ ਹੀ ਨਹੀਂ ਸਕੀਆਂ। ਇਸੇ ਲਈ ਹੁਣ ਠੋਸ ਕਦਮ ਪੁੱਟਣ ਦੀ ਲੋੜ ਹੈ।
    ਹਰ ਮਾਦਾ ਭਰੂਣ ਹੱਤਿਆ ਤੇ ਜੰਮਣ ਬਾਅਦ ਕੁੜੀ ਦਾ ਸੁੱਟਣਾ ਕਤਲ ਗਿਣਿਆ ਜਾਣਾ ਚਾਹੀਦਾ ਹੈ ਤੇ ਮਾਪਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਦਾਜ ਦੇਣ ਤੇ ਲੈਣ ਵਾਲਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦੇ ਨਾਲੋ-ਨਾਲ ਉਨ੍ਹਾਂ ਦੀ ਜਾਇਦਾਦ ਵੀ ਜ਼ਬਤ ਕਰ ਲੈਣੀ ਚਾਹੀਦੀ ਹੈ। ਸਾਦੇ ਵਿਆਹ ਲਾਜ਼ਮੀ ਕਰ ਦੇਣੇ ਚਾਹੀਦੇ ਹਨ। ਵਿਆਹ ਵਾਸਤੇ 11 ਜਣਿਆਂ ਤੋਂ ਵੱਧ ਲੋਕਾਂ ਦੇ ਜਾਣ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜੇ ਧਰਤੀ ਉੱਤੇ ਕੁੜੀਆਂ ਦਾ ਮੁਕੰਮਲ ਖ਼ਾਤਮਾ ਨਹੀਂ ਚਾਹੁੰਦੇ ਤਾਂ ਕਾਰਗਰ ਕਦਮ ਪੁੱਟਣ ਦਾ ਵੇਲਾ ਹੁਣੇ ਹੈ।
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਪਾਣੀ ਦੀ ਘਾਟ ਤੇ ਉਸ ਦਾ ਪ੍ਰਦੂਸ਼ਣ - ਡਾ. ਹਰਸ਼ਿੰਦਰ ਕੌਰ, ਐਮ. ਡੀ.,

   ਅੱਜ ਦੇ ਦਿਨ ਦੁਨੀਆ ਭਰ ਵਿਚ 2.8 ਬਿਲੀਅਨ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਕਿਤੇ ਨਾ ਕਿਤੇ ਜੂਝਣਾ ਪੈ ਰਿਹਾ ਹੈ। ਲਗਭਗ 1.2 ਬਿਲੀਅਨ ਲੋਕਾਂ ਕੋਲ ਪੀਣ ਯੋਗ ਪਾਣੀ ਨਹੀਂ ਹੈ।

ਕਾਰਣ ?

1.    ਵਾਧੂ ਵਰਤੋਂ
2.    ਧਰਤੀ ਹੇਠੋਂ ਪਾਣੀ ਦਾ ਖ਼ਾਤਮਾ
3.    ਪਾਣੀ ਵਿਚ ਮਿਲਾਏ ਜਾ ਰਹੇ ਹਾਣੀਕਾਰਕ ਤੱਤ
    ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਨੇ ਇਹ ਲੱਭਿਆ ਹੈ ਕਿ ਬਹੁਤੇ ਮੁਲਕਾਂ ਵਿਚ ਪਾਣੀ ਤਾਂ ਹੈ ਪਰ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਜ਼ਰੀਆ ਸਹੀ ਨਹੀਂ ਹੈ।
    ਕੁੱਝ ਮੁਲਕਾਂ ਵਿਚ ਜ਼ਮੀਨ ਹੇਠੋਂ ਪਾਣੀ ਤਾਂ ਕੱਢਿਆ ਜਾ ਰਿਹਾ ਹੈ ਪਰ ਵਾਪਸ ਪਾਣੀ ਹੇਠਾਂ ਨਹੀਂ ਭੇਜਿਆ ਜਾ ਰਿਹਾ। ਇਸੇ ਲਈ ਵਿਸ਼ਵ ਭਰ ਦੇ ਅੱਧਾ ਬਿਲੀਅਨ ਲੋਕਾਂ ਨੂੰ ਪੂਰਾ ਸਾਲ ਹੀ ਪਾਣੀ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਧਰਤੀ ਦੇ ਚੁਫ਼ੇਰੇ ਪਾਣੀ ਦੇ ਭੰਡਾਰ ਹੋਣ ਦੇ ਬਾਵਜੂਦ ਸਿਰਫ਼ 0.014 ਫੀਸਦੀ ਪਾਣੀ ਹੀ ਪੀਣ ਯੋਗ ਹੈ। ਬਾਕੀ 97 ਫੀਸਦੀ ਨਮਕੀਨ ਤੇ 3 ਫੀਸਦੀ ਦੇ ਨੇੜੇ-ਤੇੜੇ ਪਹੁੰਚ ਤੋਂ ਬਾਹਰ ਹੈ।
    ਇਹ ਕਿਆਸ ਲਾਇਆ ਜਾ ਚੁੱਕਿਆ ਹੈ ਕਿ ਸੰਨ 2030 ਤੱਕ ਧਰਤੀ ਉੱਤੇ ਪੀਣ ਵਾਲੇ ਪਾਣੀ ਦੀ ਏਨੀ ਘਾਟ ਹੋ ਜਾਣੀ ਹੈ ਕਿ 40 ਫੀਸਦੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹੋਣਗੇ ਤੇ ਪਾਣੀ ਖੁਣੋਂ ਮੌਤਾਂ ਦਾ ਢੇਰ ਲੱਗ ਜਾਣਾ ਹੈ।
    ਦਰਖਤ ਵੱਢਣ, ਲੋੜੋਂ ਵੱਧ ਪ੍ਰਦੂਸ਼ਣ, ਮੌਸਮੀ ਤਬਦੀਲੀ, ਵਧਦੀ ਗਰਮੀ, ਕੁੱਝ ਇਲਾਕਿਆਂ ਵਿਚ ਬਾਰਿਸ਼ ਦੀ ਕਮੀ, ਪਾਣੀ ਦਾ ਜ਼ਾਇਆ ਹੋਣਾ, ਫੈਕਟਰੀਆਂ ਵੱਲੋਂ ਪੀਣ ਵਾਲੇ ਪਾਣੀ ਵਿਚ ਗੰਦਗੀ ਰਲਾਉਣੀ, ਖੇਤਾਂ ਵਿਚ ਲੋੜੋਂ ਵੱਧ ਵਰਤੋਂ, ਸੜਕਾਂ ਧੋਣੀਆਂ, ਹੋਟਲਾਂ ਵਿਚ ਵਾਧੂ ਵਰਤੋਂ, ਆਦਿ ਅਨੇਕ ਕਾਰਣ ਗਿਣਾਏ ਜਾ ਚੁੱਕੇ ਹਨ। ਕੁੱਝ ਮੁਲਕਾਂ ਵਿਚ, ਵੇਲੇ ਸਿਰ ਇਸ ਖ਼ਤਰੇ ਨੂੰ ਭਾਂਪਦੇ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਹਨ।
    ਮਿਸਾਲ ਵਜੋਂ, ਅਸਟ੍ਰੇਲੀਆ ਵਿਚ ਇਹ ਸਭ ਧਿਆਨ ਵਿਚ ਰੱਖਦੇ ਹੋਏ ਸੰਨ 2001 ਤੋਂ 2009 ਤੱਕ ਪਾਣੀ ਦੀ ਫਾਲਤੂ ਵਰਤੋਂ ਉੱਤੇ ਰੋਕ ਲਾ ਕੇ 40 ਫੀਸਦੀ ਤਕ ਪਾਣੀ ਬਚਾ ਲਿਆ ਗਿਆ ਤੇ ਇਸ ਨਾਲ ਸਗੋਂ ਉਨ੍ਹਾਂ ਦੇ ਅਰਥ ਵਿਵਸਥਾ ਵਿਚ 30 ਫੀਸਦੀ ਵਾਧਾ ਵੀ ਹੋ ਗਿਆ ਹੈ।
    ਡੈਮ, ਕਨਾਲ, ਐਕੁਈਡਕਟ, ਪਾਈਪਾਂ, ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਸੰਭਾਲ ਲਿਆ ਗਿਆ ਹੈ। ਰੀਸਾਈਕਲਿੰਗ ਕਰਨ ਨਾਲ ਵਰਤੇ ਹੋਏ ਪਾਣੀ ਨੂੰ ਸਾਫ਼ ਕਰ ਕੇ ਦੁਬਾਰਾ ਵਰਤੋਂ ਵਿਚ ਲਿਆਇਆ ਜਾ ਰਿਹਾ ਹੈ। ਇਹ ਮਿਸਾਲ ਪੂਰੀ ਦੁਨੀਆ ਅੱਗੇ ਰੱਖੀ ਗਈ ਹੈ ਕਿ ਜੇ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ।
    ਇਕ ਹੋਰ ਤਰੀਕੇ ਵੀ ਪਾਣੀ ਬਹੁਤ ਜ਼ਾਇਆ ਹੋ ਰਿਹਾ ਹੈ। ਦੁਧਾਰੂ ਜਾਨਵਰ ਪਾਲਣ, ਮੁਰਗੀਆਂ ਪਾਲਣ ਆਦਿ ਨਾਲ ਵੀ ਪਾਣੀ ਦੀ ਵਾਧੂ ਵਰਤੋਂ ਹੋ ਰਹੀ ਹੈ।
    ਵਿਕਸਿਤ ਮੁਲਕਾਂ ਵਿਚ ਵਿਕਾਸਸ਼ੀਲ ਦੇਸਾਂ ਨਾਲੋਂ 10 ਗੁਣਾ ਵੱਧ ਪਾਣੀ ਦੀ ਵਰਤੋਂ ਹੋ ਰਹੀ ਹੈ। ਉੱਥੇ ਇਹ ਫੂਡ ਪਰੋਸੈੱਸਿੰਗ ਤੇ ਹੋਰ ਪੈਕੇਜਿੰਗ ਵਿਚ ਵਰਤਿਆ ਜਾ ਰਿਹਾ ਹੈ।
    ਪੂਰੀ ਦੁਨੀਆ ਵਿਚਲੀ ਇਕ ਚੌਥਾਈ ਆਬਾਦੀ ਆਪਣੇ ਘਰੋਂ ਕਈ ਕਿਲੋਮੀਟਰ ਤੱਕ ਤੁਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਕਈ ਵਿਕਾਸਸ਼ੀਲ ਦੇਸਾਂ ਵਿਚ ਔਸਤਨ 20 ਲਿਟਰ ਪਾਣੀ ਪ੍ਰਤੀ ਦਿਨ ਪ੍ਰਤੀ ਬੰਦਾ ਵਰਤ ਰਿਹਾ ਹੈ ਜਿਸ ਵਿਚ ਕਪੜੇ ਧੋਣੇ ਸ਼ਾਮਲ ਨਹੀਂ ਹਨ। ਇਸ ਵਿਚ ਅਫਰੀਕਾ ਵਿਚ ਕਈ ਥਾਈਂ ਸਿਰਫ਼ 10 ਲਿਟਰ ਤਕ ਹੀ ਵਰਤਿਆ ਜਾ ਰਿਹਾ ਹੈ।
    ਹੁਣ ਫਿਕਰ ਇਹ ਹੈ ਕਿ ਚੌਲ ਤੇ ਕਣਕ ਦੀ ਫਸਲ ਏਨਾ ਪਾਣੀ ਵੀ ਨਹੀਂ ਰਹਿਣ ਦੇਣ ਲੱਗੀ।
    ਪੰਜਾਬ ਵਿਚ ਜਨਸੰਖਿਆ ਵਿਚ ਪਿਛਲੇ 50 ਸਾਲਾਂ ਵਿਚ 62 ਫੀਸਦੀ ਵਾਧਾ ਹੋ ਚੁੱਕਿਆ ਹੈ।
    ਲਗਾਤਾਰ ਖੇਤੀ ਕਰਨ ਨਾਲ ਹੁਣ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਮਿੱਟੀ ਵਿਚ ਫਾਸਫੋਰਸ ਦੀ ਘਾਟ ਹੋ ਚੁੱਕੀ ਹੈ। ਕਈ ਹੋਰ ਹਿੱਸਿਆਂ ਵਿਚ ਲੋਹ ਕਣ ਤੇ ਮੈਂਗਨੀਜ਼ ਘੱਟ ਚੁੱਕੇ ਹਨ। ਬੇਹਿਸਾਬੇ ਕੀਟਨਾਸ਼ਕਾਂ ਸਦਕਾ ਤੇ ਪੈਦਾਵਾਰ ਵਧਾਉਣ ਦੇ ਵੱਖੋ-ਵੱਖ ਤਰੀਕਿਆਂ ਸਦਕਾ ਇਹ ਸਭ ਹੋ ਰਿਹਾ ਹੈ।
    ਅੱਜ ਦੇ ਦਿਨ ਪੰਜਾਬ ਵਿਚ 12.32 ਲੱਖ ਟਿਊਬਵੈੱਲ ਲਗਾਤਾਰ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇੱਕ ਪਾਸੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਤੇ ਦੂਜੇ ਪਾਸੇ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਾਂ ਡੂੰਘੇ ਲੰਘ ਜਾਣ ਨਾਲ ਪਾਣੀ ਦਾ ਪ੍ਰਦੂਸ਼ਿਤ ਹੋਣਾ ਖ਼ਤਰੇ ਦੀ ਘੰਟੀ ਵਜਾ ਰਹੇ ਹਨ।
    ਮੋਗਾ, ਜਲੰਧਰ, ਬਰਨਾਲਾ, ਮੋਹਾਲੀ ਵਰਗੇ ਸ਼ਹਿਰਾਂ ਵਿਚ ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਵੱਡੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ, ਨਵਾਂ ਸ਼ਹਿਰ ਵਿਚ ਧਰਤੀ ਹੇਠਲੇ ਪਾਣੀ ਵਿਚ ਸੀਲੀਨੀਅਮ ਦਾ ਵਾਧਾ ਦਿਸਣ ਲੱਗ ਪਿਆ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿਚ ਆਰਸੈਨਿਕ ਦਾ ਵਾਧਾ ਹੋਇਆ ਹੈ। ਬਠਿੰਡਾ, ਫਿਰੋਜ਼ਪੁਰ, ਮਾਨਸਾ ਤੇ ਪਟਿਆਲਾ ਵਿਚ ਫਲੋਰਾਈਡ ਦੀ ਮਾਤਰਾ ਵੱਧ ਹੋ ਚੁੱਕੀ ਹੈ।  ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਰੋਪੜ ਤੇ ਮੋਗਾ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਐਲਮੀਨੀਅਮ ਵੱਧ ਚੁੱਕਿਆ ਹੈ। ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਵਿਚ ਯੂਰੇਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ। ਆਈ.ਸੀ.ਐਮ.ਆਰ. ਵੱਲੋਂ ਕੀਤੀ ਖੋਜ ਰਾਹੀਂ ਇਹ ਸਭ ਸਾਬਤ ਹੋਇਆ ਹੈ ਜਿਸ ਨਾਲ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦਾ ਵਾਧਾ ਹੋ ਕੇ 30.5 ਪ੍ਰਤੀ ਲੱਖ ਪਹੁੰਚ ਗਿਆ ਹੈ ਜਦਕਿ ਬਠਿੰਡਾ ਤੇ ਮੁਕਤਸਰ ਵਿਚ ਇਹ ਅੰਕੜਾ 75 ਪ੍ਰਤੀ ਲੱਖ ਹੈ।
    ਇਹ ਸਭ ਕੁੱਝ ਜਾਣ ਕੇ ਕੀ ਹਾਲੇ ਵੀ ਕੋਈ ਜਾਗਣਾ ਚਾਹੇਗਾ? 
    ਪਾਣੀ ਦੀ ਘਾਟ ਦਾ ਖ਼ਤਰਾ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈ ਤੇ ਸਾਨੂੰ ਅਗਾਊਂ ਆਉਣ ਵਾਲੀ ਦਰਦਨਾਕ ਮੌਤ ਦਾ ਸੁਣੇਹਾ ਦੇ ਰਿਹਾ ਹੈ। ਦੂਜੇ ਪਾਸੇ ਪ੍ਰਦੂਸ਼ਿਤ ਧਰਤੀ ਹੇਠਲਾ ਪਾਣੀ ਸਾਡੀਆਂ ਪੁਸ਼ਤਾਂ ਨੂੰ ਨੇਸਤਾ ਨਾਬੂਦ ਕਰਨ ਨੂੰ ਤਿਆਰ ਬੈਠਾ ਹੈ!
    ਕੀ ਅਸੀਂ ਪੰਜਾਬ ਨੂੰ ਮੋਇੰਜੋਦੜੋ ਵਿਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ?
    ਕਦੋਂ ਸਮਝਾਂਗੇ ਕਿ ਕਣਕ-ਚੌਲ ਦੇ ਚੱਕਰ ਨਾਲ ਧਰਤੀ ਹੇਠੋਂ ਪਾਣੀ ਖ਼ਤਮ ਕਰਨ ਦੀ ਥਾਂ ਇਜ਼ਰਾਈਲ ਵਾਂਗ ਸਪਰਿੰਕਲਰ ਸਿਸਟਮ ਵਰਤ ਕੇ ਆਉਣ ਵਾਲੀ ਪੁਸ਼ਤ ਬਚਾ ਲਈਏ? ਆਖ਼ਰ ਕਦੇ ਤਾਂ ਧਰਤੀ ਵਿਚ ਜ਼ਹਿਰ ਰਲਾਉਣ ਤੋਂ ਹਟਾਂਗੇ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਛੱਡਾਂਗੇ।
    ਹਾਲੇ ਵੀ ਵੇਲਾ ਹੈ! ਮੀਂਹ ਦਾ ਪਾਣੀ ਸਾਂਭ ਕੇ 'ਰੇਨ ਵਾਟਰ ਹਾਰਵੈਸਟਿੰਗ' ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ ਪਰ ਉਸ ਤੋਂ ਪਹਿਲਾਂ ਧਰਤੀ ਉੱਪਰ ਛਿੜਕਾਏ ਜਾ ਰਹੇ ਕੀਟਨਾਸ਼ਕਾਂ ਨੂੰ ਹਰ ਹਾਲ ਬੰਦ ਕਰਨਾ ਪੈਣਾ ਹੈ ਤਾਂ ਜੋ ਜ਼ਹਿਰੀ ਪਾਣੀ ਪੀ ਕੇ ਮਰਨ ਤੇ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟ ਜਾਣ ਤੋਂ ਬਚਾਓ ਹੋ ਸਕੇ।
    ਤਾਜ਼ੀਆਂ ਖ਼ਬਰਾਂ ਅਨੁਸਾਰ ਨੇਪਾਲ ਨੇ ਤਾਂ ਭਾਰਤ ਵੱਲੋਂ ਭੇਜੀਆਂ ਫਲ ਸਬਜੀਆਂ ਲੈਣੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚਲੇ ਜ਼ਹਿਰ ਨੇ ਉਨ੍ਹਾਂ ਨੂੰ ਮਨੁੱਖੀ ਵਰਤੋਂ ਜੋਗਾ ਛੱਡਿਆ ਨਹੀਂ। ਇਨ੍ਹਾਂ ਨੂੰ ਖਾ ਕੇ ਅਸੀਂ ਕਿੰਨੀ ਦੇਰ ਹੋਰ ਜੀਅ ਸਕਾਂਗੇ, ਕਿਆਸ ਲਾਉਣਾ ਔਖਾ ਨਹੀਂ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783                  

ਹਰਸ਼ ਮਾਸੀ ਤੇ ਕਾਗਜ਼ ਦੀ ਰੇਸ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਹਰਸ਼ ਮਾਸੀ ਸ਼ਾਮ ਨੂੰ ਬੱਚਿਆਂ ਨਾਲ ਸੈਰ ਕਰਨ ਨਿਕਲੀ ਤਾਂ ਹਿੱਤੀ ਕਹਿਣ ਲੱਗਿਆ, ''ਮਾਸੀ ਜੀ ਏਥੇ ਲੋਕ ਕਿੰਨਾ ਉੱਚੀ ਬੋਲਦੇ ਪਏ ਨੇ। ਓਹ ਵੇਖੋ ਕਿੰਨੇ ਸਾਰੇ ਕੁੱਤੇ ਘੁੰਮੀ ਜਾਂਦੇ ਨੇ। ਰਤਾ ਸਫ਼ਾਈ ਨਹੀਂ ਕੀਤੀ ਹੋਈ। ਕਿਸੇ ਨੂੰ ਚੱਜ ਨਾਲ ਕਸਰਤ ਕਰਨੀ ਨਈਂ ਆਉਂਦੀ! ਓਹ ਵੇਖੋ ਉਹ ਬੱਚਾ ਕਿੰਨੀ ਹੌਲੀ ਚੱਲ ਰਿਹੈ। ਐਹ ਮਾਈ ਕਿੰਨੀ ਝੁਕ ਕੇ ਚਲ ਰਈ ਐ।''
''ਮੈਨੂੰ ਵੀ ਬਹੁਤ ਗਰਮੀ ਲੱਗ ਰਈ ਐ,'' ਜੀਵ ਬੋਲ ਪਿਆ।
''ਅੱਜ ਤਾਂ ਰਬ ਨੇ ਰਤਾ ਵੀ ਹਵਾ ਨਈਂ ਚਲਾਈ। ਸੈਰ ਦਾ ਮਜ਼ਾ ਈ ਖ਼ਤਮ ਹੋ ਗਿਐ,'' ਹੈਰੀ ਵੀ ਬੋਲ ਪਿਆ।
''ਐ ਵੇਖੋ ਕਿੰਨੇ ਵੱਟੇ ਨੇ। ਮੇਰੇ ਪੈਰ 'ਤੇ ਵੱਜਿਐ,'' ਨਾਨੂ ਕਹਿਣ ਲੱਗਿਆ।
''ਮਾਸੀ ਜੀ, ਤੁਸੀਂ ਗੁਰਪਾਲ ਮਾਸੜ ਜੀ ਨੂੰ ਫ਼ੋਨ ਕਰ ਕੇ ਬੁਲਾਓ। ਆਪਾਂ ਘਰ ਚੱਲ ਕੇ ਏ.ਸੀ. ਥੱਲੇ ਬਹਿੰਦੇ ਆਂ। ਇੱਥੇ ਤਾਂ ਮਿੱਟੀ ਵੀ ਬਹੁਤ ਐ। ਪੈਰ ਗੰਦੇ ਹੋ ਰਏ ਨੇ,'' ਸੁੱਖੀ ਵੀ ਬੋਲ ਪਈ।
ਹਰਸ਼ ਮਾਸੀ ਚੁੱਪ ਚਾਪ ਉਨ੍ਹਾਂ ਦੀਆਂ ਗ਼ੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, ''ਹੈਰੀ, ਕਾਰ 'ਚੋਂ ਪਾਸੇ ਵੱਲ ਪਏ ਕਾਗਜ਼ ਦੇ ਨੈਪਕਿਨ ਚੁੱਕ ਲਿਆ।''
''ਪਸੀਨਾ ਪੂੰਝਣ ਲਈ,'' ਨਾਨੂ ਨੇ ਪੁੱਛਿਆ?
''ਲਿਆਉਣ ਤਾਂ ਦਿਓ। ਦੱਸਦੀ ਆਂ ਕੀ ਕਰਨੈ,'' ਹਰਸ਼ ਮਾਸੀ ਨੇ ਕਿਹਾ।
ਜਦੋਂ ਹੈਰੀ ਕਾਗਜ਼ ਲੈ ਕੇ ਮੁੜਿਆ ਤਾਂ ਹਰਸ਼ ਮਾਸੀ ਕਹਿਣ ਲੱਗੀ, ''ਐਹ ਸਾਰੇ ਕਾਗਜ਼ ਤਿਕੋਨੇ ਕਰ ਲਵੋ ਤੇ ਆਪੋ ਆਪਣੇ ਸਿਰ ਉੱਤੇ ਰੱਖੋ। ਹੁਣ ਇਸ ਲਾਈਨ ਤੋਂ ਸ਼ੁਰੂ ਹੋ ਜਾਓ ਤੇ ਗਰਾਊਂਡ ਦੇ ਪਰਲੇ ਕੋਨੇ ਤਕ ਹੌਲੀ-ਹੌਲੀ ਧਿਆਨ ਨਾਲ ਤੁਰ ਕੇ ਜਾਓ। ਧਿਆਨ ਰਏ ਕਿ ਕਿਸੇ ਦੇ ਸਿਰ ਉੱਤੋਂ ਕਾਗਜ਼ ਡਿਗਣਾ ਨਈਂ ਚਾਹੀਦਾ। ਜਿਹੜਾ ਦੋ ਚੱਕਰ ਬਿਨਾਂ ਕਾਗਜ਼ ਡੇਗੇ ਪੂਰੇ ਕਰ ਗਿਆ, ਉਸਨੂੰ ਇਨਾਮ ਮਿਲੇਗਾ। ਧਿਆਨ ਰਏ, ਕਾਗਜ਼ ਨੂੰ ਹੱਥ ਨਾਲ ਕਿਸੇ ਨੇ ਰਸਤੇ 'ਚ ਠੀਕ ਨਈਂ ਕਰਨਾ! ਸਿਰ ਸਿੱਧਾ ਰੱਖਿਓ।''
ਸਾਰੇ ਜਣਿਆਂ ਨੇ ਕਾਗਜ਼ ਤਿਕੋਨੇ ਕਰ ਕੇ ਸਿਰ ਉੱਤੇ ਟਿਕਾ ਲਏ। ਹੈਰੀ ਬੋਲਿਆ, ''ਜੇ ਮੈਂ ਜਿੱਤ ਗਿਆ ਤਾਂ ਮਾਸੀ ਜੀ ਤੁਸੀਂ ਮੈਨੂੰ ਤਿੰਨ ਦਿਨ ਤੱਕ ਪੜ੍ਹਨ ਲਈ ਨਈਂ ਕਹੋਗੇ!''
ਸੁੱਖੀ ਹੱਸ ਕੇ ਕਹਿਣ ਲੱਗੀ, ''ਫ਼ਿਕਰ ਨਾ ਕਰ। ਤੂੰ ਨਈਂ ਜਿੱਤਣ ਲੱਗਾ। ਤੈਨੂੰ ਤਾਂ ਪੜ੍ਹਨਾ ਈ ਪੈਣੈ।''
''ਪਹਿਲਾਂ ਇਨਾਮ ਦੱਸੋ ਕੀ ਮਿਲੇਗਾ,'' ਨਾਨੂ ਪੁੱਛਣ ਲੱਗਿਆ, ''ਮੈਂ ਨਿੱਕਾ ਜਿਹਾ ਕੁੱਤਾ ਪਾਲਣੈ।''
''ਚਲੋ ਪਹਿਲਾਂ ਤੁਰੋ ਤਾਂ ਸਈ। ਇਨਾਮ ਵਧੀਆ ਮਿਲੇਗਾ,'' ਹਰਸ਼ ਮਾਸੀ ਨੇ ਖਹਿੜਾ ਛੁਡਾਉਂਦਿਆਂ ਕਿਹਾ।
ਸਾਰੇ ਤੁਰ ਪਏ। ਜੀਵ ਪੁੱਛਣ ਲੱਗਿਆ,''ਵੇਖੀਂ ਹਿੱਤੀ ਵੀਰ, ਕਿਤੇ ਮੇਰਾ ਕਾਗਜ਼ ਟੇਢਾ ਤਾਂ ਨਈਂ ਹੋ ਗਿਆ!'' ਹਿੱਤੀ ਬੋਲਿਆ, ''ਹਾਂ ਹੋ ਚੱਲਿਐ। ਵੇਖੀਂ ਡਿੱਗ ਨਾ ਜਾਏ।'' ਜੀਵ ਗਰਦਨ ਰਤਾ ਕੁ ਟੇਢਾ ਕਰ ਕੇ ਤੁਰਨ ਲੱਗ ਪਿਆ। ਏਨੇ ਨੂੰ ਸੁੱਖੀ ਬੋਲੀ, ''ਓ ਜੀਵ ਵੀਰ ਤੇਰਾ ਕਾਗਜ਼ ਤਾਂ ਡਿੱਗਣ ਵਾਲੈ। ਹੌਲੀ ਚੱਲ।''
ਨਾਨੂ ਕਹਿਣ ਲੱਗਿਆ, ''ਮੇਰੇ ਸਿਰ 'ਤੇ ਕਾਗਜ਼ ਹੇਠਾਂ ਖੁਰਕ ਹੋ ਰਈ ਐ। ਮੈਂ ਹੱਥ ਨਈਂ ਲਾਉਣਾ ਪਰ ਕੋਈ ਹੋਰ ਜਣਾ ਮੈਨੂੰ ਓਥੇ ਖ਼ੁਰਕ ਕਰ ਦੇਵੇ।''
ਹਿੱਤੀ ਬੋਲਿਆ, ''ਬੜਾ ਸੌਖਾ ਜਿਹਾ ਲੱਗਦਾ ਸੀ ਪਰ ਹੁਣ ਤੁਰਦਿਆਂ ਪਤਾ ਲੱਗਿਆ ਕਿੰਨਾ ਔਖਾ ਕੰਮ ਐ। ਬਿਲਕੁਲ ਸਿਰ ਹਿਲਾਏ ਬਿਨਾ ਤੁਰਨਾ ਕਿੰਨਾ ਔਖੈ। ਮਾਸੀ ਜੀ ਨੇ ਫਸਾ 'ਤਾ।''
''ਵੀਰੇ, ਇਨਾਮ ਕੀ ਮਿਲੂਗਾ,'' ਸੁੱਖੀ ਨੇ ਪੁੱਛਿਆ? ''ਕੀ ਪਤਾ, ਇਹ ਤਾਂ ਮਾਸੀ ਜੀ ਨੂੰ ਪਤੈ। ਪਰ ਮੈਂ ਅੱਜ ਹਰ ਹਾਲ ਰੇਸ ਪੂਰੀ ਕਰ ਕੇ ਜਿੱਤ ਕੇ ਵਿਖਾਣੈ। ਮੈਂ ਤਾਂ ਕਿਤਾਬਾਂ ਤੋਂ ਤਿੰਨ ਦਿਨ ਦੀ ਛੁੱਟੀ ਲੈਣੀ ਐ,'' ਹੈਰੀ ਬੋਲ ਪਿਆ।
ਜਦ ਅੱਧੇ ਘੰਟੇ ਬਾਅਦ ਸਾਰੇ ਵਾਪਸ ਪਹੁੰਚੇ ਤਾਂ ਹਰ ਕਿਸੇ ਨੇ ਰਸਤੇ 'ਚ ਇਕ ਅੱਧ ਵਾਰ ਸਿਰ ਉੱਤੇ ਰੱਖਿਆ ਕਾਗਜ਼ ਠੀਕ ਕੀਤਾ ਸੀ। ਹਰਸ਼ ਮਾਸੀ ਨੇ ਨਾਨੂ ਨੂੰ ਪੁੱਛਿਆ, ''ਬੱਚਿਆ, ਰਸਤੇ 'ਚ ਕਿੰਨੇ ਵੱਟੇ ਸੀ? ਨਾਨੂ ਨੇ ਜਵਾਬ ਦਿੱਤਾ,'' ਪਤਾ ਨਈਂ। ਮੇਰਾ ਤਾਂ ਸਾਰਾ ਧਿਆਨ ਸਿਰ 'ਤੇ ਰੱਖੇ ਕਾਗਜ਼ ਵੱਲ ਸੀ। ਪਤਾ ਈ ਨਈਂ ਲੱਗਿਆ।''
''ਜੀਵ ਬੱਚਿਆ, ਗਰਮੀ ਕਿੰਨੀ ਲੱਗੀ? ਪਸੀਨਾ ਪੂੰਝਣਾ ਪਿਆ,'' ਹਰਸ਼ ਮਾਸੀ ਨੇ ਪੁੱਛਿਆ?
ਜੀਵ ਨੇ ਜਵਾਬ ਦਿੱਤਾ, ''ਮਾਸੀ ਜੀ ਧਿਆਨ ਈ ਨਈਂ ਰਿਆ। ਮੈਂ ਤਾਂ ਮਸਾਂ ਸਿਰ ਟੇਢਾ ਕਰ ਕੇ ਕਾਗਜ਼ ਸਿੱਧਾ ਰੱਖਣ ਵਿਚ ਲੱਗਿਆ ਰਿਆ।''
''ਹਿੱਤੀ ਬੱਚੇ ਕਿੰਨੇ ਕੁ ਲੋਕ ਉੱਚੀ ਬੋਲ ਰਏ ਸੀ,'' ਹਰਸ਼ ਮਾਸੀ ਨੇ ਫੇਰ ਪੁੱਛਿਆ?
ਹਿੱਤੀ ਕਹਿਣ ਲੱਗਿਆ,''ਸੱਚੀਂ ਮਾਸੀ ਜੀ ਕਿਸੇ ਦਾ ਪਤਾ ਈ ਨਈਂ ਲੱਗਿਆ। ਮੈਂ ਤਾਂ ਪੂਰਾ ਧਿਆਨ ਸਿਰ ਉੱਪਰਲੇ ਕਾਗਜ਼ 'ਤੇ ਟਿਕਾਇਆ ਹੋਇਆ ਸੀ।''
ਜਿਉਂ ਹੀ ਸੁੱਖੀ ਵਲ ਹਰਸ਼ ਮਾਸੀ ਨੇ ਮੂੰਹ ਘੁਮਾਇਆ, ਸੁੱਖੀ ਬੋਲ ਪਈ, ''ਮੈਨੂੰ ਵੀ ਮਾਸੀ ਜੀ ਮਿੱਟੀ ਬਾਰੇ ਉੱਕਾ ਖ਼ਿਆਲ ਨਈਂ ਰਿਆ।''
ਹਰਸ਼ ਮਾਸੀ ਸਮਝਾਉਣ ਲੱਗੀ, ''ਬੱਚਿਓ, ਜਦੋਂ ਦਿਮਾਗ਼ ਨੂੰ ਕਿਸੇ ਕੰਮ ਨਾ ਲਾਈਏ ਤਾਂ ਉਹ ਵਿਹਲਾ ਬੈਠਾ ਦੂਜਿਆਂ 'ਚ ਨੁਕਸ ਕੱਢਣ ਨੂੰ ਲੱਗ ਜਾਂਦੈ। ਜਦੋਂ ਤੁਸੀਂ ਸਾਰੇ ਜਣੇ ਕਿਸੇ ਆਹਰੇ ਲੱਗ ਗਏ ਤਾਂ ਤੁਹਾਨੂੰ ਉਹੀ ਚੀਜ਼ਾਂ ਦਿਸਣੀਆਂ ਬੰਦ ਹੋ ਗਈਆਂ ਜਿਨ੍ਹਾਂ 'ਚ ਤੁਹਾਨੂੰ ਨੁਕਸ ਦਿਸ ਰਏ ਸੀ। ਮਿੱਟੀ ਅਜੇ ਵੀ ਹੈ। ਰੌਲਾ ਵੀ ਹੈ। ਵੱਟੇ ਵੀ ਨੇ। ਪਰ, ਤੁਹਾਨੂੰ ਕੁੱਝ ਨਈਂ ਦਿਸਿਆ।''
ਏਨੇ ਨੂੰ ਗੁਰਪਾਲ ਮਾਸੜ ਜੀ ਪਿੱਛੋਂ ਆਉਂਦੇ ਦਿਸੇ ਤਾਂ ਨਾਨੂ ਚੀਕ ਪਿਆ,''ਆ ਜੋ ਮਾਸੜ ਜੀ, ਮਾਸੀ ਜੀ ਮਜ਼ੇਦਾਰ ਗ਼ੱਲ ਸੁਣਾ ਰਏ ਨੇ। ਹੁਣ ਇਨਾਮ ਵੀ ਦੇਣਗੇ।''
ਹਰਸ਼ ਮਾਸੀ ਬੋਲੀ, ''ਬੱਚਿਓ ਪਹਿਲਾਂ ਮੇਰੀ ਗ਼ੱਲ ਵੱਲ ਧਿਆਨ ਦਿਓ। ਜਿਹੜੇ ਜਣੇ ਕਿਸੇ ਹੋਰ 'ਚ ਨੁਕਸ ਕੱਢਣ, ਉਹ ਵਿਹਲੇ ਹੁੰਦੇ ਨੇ। ਉਨ੍ਹਾਂ ਕੋਲ ਕੋਈ ਹੋਰ ਕੰਮ ਨਈਂ। ਜਿਹੜੇ ਲਗਨ ਨਾਲ ਆਪਣੇ ਕੰਮ 'ਚ ਜੁਟੇ ਹੋਣ, ਉਨ੍ਹਾਂ ਕੋਲ ਦੂਜਿਆਂ ਵੱਲ ਝਾਕਣ ਦਾ ਸਮਾਂ ਈ ਨਈਂ ਹੁੰਦਾ। ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫ਼ਲ ਇਨਸਾਨ ਬਣ ਜਾਂਦੇ ਨੇ। ਬਾਕੀ ਸਿਰਫ਼ ਆਪਣੀ ਜ਼ਿੰਦਗੀ ਜ਼ਾਇਆ ਕਰਦੇ ਨੇ। ਹੁਣ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇ ਕੇ ਕਸਰਤ ਕਰੋ ਤਾਂ ਬਾਕੀ ਸਭ ਗੱਲਾਂ ਤੁਹਾਡੇ ਮਨ 'ਚੋਂ ਬਾਹਰ ਨਿਕਲ ਜਾਣਗੀਆਂ। ਇੰਜ ਹੀ ਪੜ੍ਹਾਈ ਵੇਲੇ ਜੇ ਤੁਹਾਡਾ ਹੋਰ ਗ਼ੱਲਾਂ ਵੱਲ ਧਿਆਨ ਜਾ ਰਿਹੈ ਤਾਂ ਤੁਸੀਂ ਇਕਾਗਰ ਹੋ ਕੇ ਨਈਂ ਪੜ੍ਹ ਰਏ।''
''ਕਿਹੜੀ ਕਹਾਣੀ ਸੁਣਾਈ ਜਾ ਰਈ ਐ ਬਈ,'' ਗੁਰਪਾਲ ਮਾਸੜ ਜੀ ਨੇ ਨੇੜੇ ਆਉਂਦਿਆਂ ਪੁੱਛਿਆ?
''ਮਾਸੜ ਜੀ, ਮਾਸੀ ਜੀ ਨੇ ਸਾਨੂੰ ਸਾਰਿਆਂ ਨੂੰ ਰੇਸ 'ਚ ਫੇਲ੍ਹ ਕਰ 'ਤਾ। ਕਿਸੇ ਨੂੰ ਇਨਾਮ ਨਈਂ ਮਿਲਿਆ। ਤੁਸੀਂ ਸਾਨੂੰ ਆਈਸਕ੍ਰੀਮ ਖੁਆ ਦਿਓਗੇ,'' ਨਾਨੂ ਨੇ ਮਾਸੜ ਜੀ ਦੀ ਲੱਤ ਨੂੰ ਜੱਫੀ ਪਾ ਕੇ ਕਿਹਾ।
''ਜ਼ਰੂਰ। ਜ਼ਰੂਰ। ਪਰ ਦੱਸੋ ਅੱਜ ਕਿਹੜੀ ਕਹਾਣੀ ਸੁਣੀ,'' ਗੁਰਪਾਲ ਮਾਸੜ ਜੀ ਨੇ ਪੁੱਛਿਆ?
''ਅੱਜ ਤਾਂ ਮਾਸੀ ਜੀ ਨੇ ਵਧੀਆ ਜ਼ਿੰਦਗੀ ਜਿਊਣ ਦਾ ਗੁਰ ਸਿਖਾ ਦਿੱਤੈ ਤੇ ਨਾਲੇ ਚੰਗੀ ਤਰ੍ਹਾਂ ਪੜ੍ਹਾਈ ਕਰਨ ਦਾ ਵੀ,'' ਸੁੱਖੀ ਬੋਲ ਪਈ।
''ਚਲੋ ਫੇਰ ਚੱਲੀਏ ਆਈਸਕ੍ਰੀਮ ਖਾਣ,'' ਗੁਰਪਾਲ ਮਾਸੜ ਜੀ ਬੱਚਿਆਂ ਦਾ ਹੱਥ ਫੜ ਕੇ ਤੁਰ ਪਏ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

ਭਰੂਣ ਨੂੰ ਹਿਚਕੀ ਲੱਗਣੀ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਜਿਸ ਔਰਤ ਨੂੰ ਵੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ, ਉਹ ਸਮਝ ਸਕਦੀ ਹੈ ਕਿ ਢਿੱਡ ਅੰਦਰ ਕਦੇ ਕਦਾਈਂ ਅਜੀਬ ਜਿਹੇ ਪੌਪਕੌਰਨ ਭੁੰਨੇ ਜਾਣ ਵਰਗਾ ਹਲਕਾ ਭੁੜਕਣ ਦਾ ਇਹਸਾਸ ਕਿੰਨਾ ਮਜ਼ੇਦਾਰ ਹੁੰਦਾ ਹੈ। ਇਸ ਦੇ ਨਾਲ ਹੀ ਕਦੇ ਕਦਾਈਂ ਭਰੂਣ ਵੱਲੋਂ ਹਲਕਾ ਮੁੱਕਾ ਜਾਂ ਪਾਸਾ ਬਦਲਣਾ ਜਾਂ ਠੁੱਡਾ ਵੱਜਣਾ ਕਿੰਨਾ ਮਜ਼ੇਦਾਰ ਜਾਪਦਾ ਹੈ।
    ਹਲਕਾ ਭੁੜਕਣਾ ਦਰਅਸਲ ਭਰੂਣ ਦੀ ਹਿਚਕੀ ਹੁੰਦੀ ਹੈ ਜੋ ਚੌਥੇ ਮਹੀਨੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਭਰੂਣ ਦੇ ਫੇਫੜਿਆਂ ਤੇ ਢਿੱਡ ਨੂੰ ਵੱਖ ਕਰਨ ਵਾਲੀ ਪਰਤ 'ਡਾਇਆਫਰਾਮ' ਦੀ ਹਿਲਜੁਲ ਸਦਕਾ ਹੀ ਇਹ ਹੁੰਦੀ ਹੈ। ਜਿਉਂ ਹੀ ਭਰੂਣ ਸਾਹ ਲੈਣ ਦੀ ਕੋਸ਼ਿਸ਼ ਕਰੇ, ਬੱਚੇਦਾਨੀ ਵਿਚਲਾ ਪਾਣੀ ਉਸ ਦੇ ਫੇਫੜਿਆਂ ਅੰਦਰ ਭਰ ਜਾਂਦਾ ਹੈ ਤੇ ਡਾਇਆਫਰਾਮ ਖਿੱਚਿਆ ਜਾਂਦਾ ਹੈ। ਨਤੀਜੇ ਵਜੋਂ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।
    ਕਈ ਮਾਵਾਂ ਨੂੰ ਨਿੱਕੇ-ਨਿੱਕੇ ਠੁੱਡਿਆਂ ਵਾਂਗ ਇਹਸਾਸ ਹੁੰਦਾ ਹੈ ਪਰ ਲਗਾਤਾਰ ਕਈ ਚਿਰ ਇੱਕੋ ਜਿਹੇ ਠੁੱਡੇ ਦਰਅਸਲ ਬੱਚੇ ਦੀ ਹਿਚਕੀ ਹੀ ਹੁੰਦੇ ਹਨ। ਜ਼ਿਆਦਾਤਰ ਅਜਿਹੀ ਹਿਚਕੀ ਜੱਚਾ ਨੂੰ ਸੱਤਵੇਂ ਮਹੀਨੇ ਤੋਂ ਬਾਅਦ ਮਹਿਸੂਸ ਹੁੰਦੀ ਹੈ।
    ਅਲਟਰਾਸਾਊਂਡ ਵਿਚ ਤਾਂ ਬੱਚੇ ਨੂੰ ਤੀਜੇ ਮਹੀਨੇ ਵਿਚ ਹੀ ਹਿਚਕੀ ਲੈਂਦਿਆਂ ਵੇਖਿਆ ਜਾ ਸਕਦਾ ਹੈ। ਵੱਡਿਆਂ ਲਈ ਹਿਚਕੀ ਦੀ ਭਾਵੇਂ ਬਹੁਤੀ ਅਹਿਮੀਅਤ ਨਾ ਹੋਵੇ ਪਰ ਭਰੂਣ ਦੀ ਹਿਚਕੀ ਪਿੱਛੇ ਕੁਦਰਤ ਦੀ ਕਮਾਲ ਦੀ ਕਾਰੀਗਰੀ ਹੈ।

1.    ਸਾਹ ਦੇ ਸੈਂਟਰ ਤੇ ਸਿਸਟਮ ਨੂੰ ਰਵਾਂ ਕਰਨਾ :-
    ਡਾਇਆਫਰਾਮ ਦੀ ਬਣਤਰ ਸਹੀ ਰੱਖਣ ਤੇ ਫੇਫੜਿਆਂ ਦੀ ਲਚਕ ਲਈ ਹਿਚਕੀ ਜ਼ਰੂਰੀ ਹੁੰਦੀ ਹੈ। ਤੀਜੇ ਮਹੀਨੇ ਦੇ ਗਰਭ ਵਿਚ ਹੀ ਕੁਦਰਤੀ ਹਿਚਕੀ ਸ਼ੁਰੂ ਹੋਣ ਦਾ ਇਹੀ ਕਾਰਨ ਹੈ।


2.    ਦਿਮਾਗ਼ ਨੂੰ ਜਾਂਦੀਆਂ ਨਸਾਂ ਨੂੰ ਰਵਾਂ ਰੱਖਣਾ :
    ਡਾਇਆਫਰਾਮ ਤੋਂ ਜਾਂਦੀ ਨਸ ਨੂੰ ਰਵਾਂ ਕਰਨ ਲਈ ਇਸ ਦੀ ਹਲਕੀ ਹਿਲਜੁਲ ਜ਼ਰੂਰੀ ਹੁੰਦੀ ਹੈ। ਇਸ ਨਾਲ ਦਿਮਾਗ਼ ਅਤੇ ਰੀੜ ਦੀ ਹੱਡੀ ਵਿਚ ਬਣ ਰਹੇ ਸੈੱਲਾਂ ਨੂੰ ਹੁਲਾਰਾ ਮਿਲਦਾ ਰਹਿੰਦਾ ਹੈ ਤੇ ਜੰਮਣ ਤੋਂ ਬਾਅਦ ਵੀ ਲਗਾਤਾਰ ਸੈੱਲਾਂ ਦਾ ਵਧਣਾ ਜਾਰੀ ਰਹਿੰਦਾ ਹੈ।
3.    ਹਿਚਕੀ ਦੇ ਨਾਲ ਹੀ ਭਰੂਣ ਅੰਗੂਠਾ ਵੀ ਚੁੰਘਦਾ ਰਹਿੰਦਾ ਹੈ ਤੇ ਉਬਾਸੀ ਵੀ ਲੈਂਦਾ ਹੈ ਜੋ ਉਸ ਦੇ ਦਿਮਾਗ਼ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਨਿਊਯਾਰਕ ਦੇ ਬਰੂਕਲਿਨ ਵਿਖੇ ਮੈਡੀਕਲ ਸੈਂਟਰ ਤੇ ਡੈਨਵਰ ਦੇ ਗਾਈਨੀ ਵਿਭਾਗ ਵਿਖੇ ਹੋਈ ਖੋਜ ਰਾਹੀਂ ਇਹ ਤੱਥ ਉਜਾਗਰ ਹੋਏ ਹਨ।
    ਹਰ ਮਾਂ ਆਪਣੇ ਢਿੱਡ ਅੰਦਰ ਪਲ ਰਹੇ ਬਾਲ ਦੀ ਹਿਚਕੀ ਬਾਰੇ ਸਮਝ ਨਹੀਂ ਸਕਦੀ ਤੇ ਇਸ ਬਾਰੇ ਜਾਣਕਾਰੀ ਨਾ ਹੋਣ ਸਦਕਾ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਭਰੂਣ ਹਿਚਕੀ ਲੈ

ਰਿਹਾ ਹੈ। ਕੁੱਝ ਭਰੂਣ ਜ਼ਿਆਦਾ ਹਿੱਲਦੇ ਹਨ ਤੇ ਕੁੱਝ ਘੱਟ। ਭਰੂਣ ਦੀ ਬਣਤਰ, ਭਾਰ, ਮਾਂ ਦੇ ਭਾਰ ਆਦਿ ਦੇ ਹਿਸਾਬ ਨਾਲ ਵੱਧ ਜਾਂ ਘੱਟ ਹਿਚਕੀ ਹੋ ਸਕਦੀ ਹੈ।
    ਜਿਉਂ ਹੀ ਬੱਚੇ ਦੇ ਜੰਮਣ ਦਾ ਸਮਾਂ ਨੇੜੇ ਆ ਜਾਵੇ, ਹਿਚਕੀ ਘਟਣ ਲੱਗ ਪੈਂਦੀ ਹੈ। ਪਰ, ਜੇ ਵਧਣ ਲੱਗ ਪਵੇ ਤਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਨਾੜੂਆ ਬੱਚੇ ਦਾ ਗਲਾ ਘੁੱਟ ਰਿਹਾ ਹੁੰਦਾ ਹੈ।
    ਇਸ ਵਾਸਤੇ ਹਰ ਮਾਂ ਨੂੰ ਰੋਜ਼ ਆਪਣੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਠੁੱਡਿਆਂ ਦੀ ਗਿਣਤੀ ਜ਼ਰੂਰ ਕਰਨੀ ਚਾਹੀਦੀ ਹੈ। ਹੌਲੀ-ਹੌਲੀ ਪੂਰੇ ਧਿਆਨ ਨਾਲ ਹੱਥ ਲਾ ਕੇ ਮਾਵਾਂ ਨੂੰ ਸੌਖਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਘਸੁੰਨ ਮਾਰ ਕੇ ਮਾਂ ਨਾਲ ਸਾਂਝ ਗੰਢ ਰਿਹਾ ਹੈ ਜਾਂ ਹਿਚਕੀ ਲੈ ਰਿਹਾ ਹੈ।
    ਕੁੱਝ ਮਾਵਾਂ ਨੂੰ ਕੰਮ ਜਾਂ ਮੀਟਿੰਗ ਦੌਰਾਨ ਜਾਂ ਸੌਂਦੇ ਹੋਏ ਭਰੂਣ ਦੀ ਲੋੜੋਂ ਵੱਧ ਹਿਲਜੁਲ ਨਾਲ ਤੰਗੀ ਮਹਿਸੂਸ ਹੋਣ ਲੱਗ ਪੈਂਦੀ ਹੈ। ਅਜਿਹਾ ਹੋਣ ਉੱਤੇ ਮਾਂ ਹਲਕਾ ਤੁਰ ਫਿਰ ਕੇ ਜਾਂ ਪਾਸਾ ਲੈ ਕੇ ਭਰੂਣ ਦੀ ਹਿਲਜੁਲ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਸਹਿਜ ਹੋ ਕੇ ਆਪਣਾ ਕੰਮ ਮੁਕਾਉਣ ਬਾਅਦ ਆਪਣੇ ਢਿੱਡ ਅੰਦਰਲੇ ਬੱਚੇ ਨਾਲ ਖੇਡ ਸਕੇ।
    ਜੰਮਣ ਬਾਅਦ ਵੀ ਨਵਜੰਮੇਂ ਬੱਚੇ ਦੀ ਹਿਚਕੀ ਨੂੰ ਦਾਦੀਆਂ ਨਾਨੀਆਂ 'ਵਧਣੀ' ਦਾ ਨਾਂ ਦੇ ਕੇ ਇਸ ਬਾਰੇ ਖ਼ੁਸ਼ੀ ਮਨਾਉਂਦੀਆਂ ਹਨ। ਇਕ ਮਿੰਟ ਤੋਂ ਇਕ ਘੰਟੇ ਤੱਕ ਰਹਿਣ ਵਾਲੀ ਇਹ ਹਿਚਕੀ ਕਦੇ ਕਦਾਈਂ ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਤੰਗ ਕਰ ਦਿੰਦੀ ਹੈ। ਦੁੱਧ ਪੀਣ ਤੋਂ ਇਕਦਮ ਬਾਅਦ ਢਿੱਡ ਅੰਦਰ ਹਵਾ ਭਰਨ ਤੇ ਡਾਇਆਫਰਾਮ ਦੇ ਖਿੱਚੇ ਜਾਣ ਨਾਲ ਹਿਚਕੀ ਆਉਣੀ ਸ਼ੁਰੂ ਹੋ ਸਕਦੀ ਹੈ। ਕਈ ਵਾਰ ਠੰਡ ਲੱਗਣ ਨਾਲ ਵੀ ਨਵਜੰਮੇਂ ਬੱਚੇ ਨੂੰ ਹਿਚਕੀ ਆ ਸਕਦੀ ਹੈ। ਖੰਘ ਨਾਲ, ਦੁੱਧ ਕੱਢਣ ਨਾਲ, ਰੋਣ ਬਾਅਦ, ਆਦਿ ਵੀ ਲਗਾਤਾਰ ਹੁੰਦੀ ਹਿਚਕੀ ਦੇ ਕਾਰਨ ਹਨ।
    ਜੇ ਬੱਚੇ ਦੀ ਨੀਂਦਰ ਖ਼ਰਾਬ ਹੋ ਰਹੀ ਹੋਵੇ ਜਾਂ ਬੱਚਾ ਲਗਾਤਾਰ ਆ ਰਹੀ ਹਿਚਕੀ ਤੋਂ ਖਿਝ ਰਿਹਾ ਹੋਵੇ ਤਾਂ ਉਸ ਨੂੰ ਇਕ ਘੁੱਟ ਪਾਣੀ ਦਾ ਪਿਆਇਆ ਜਾ ਸਕਦਾ ਹੈ ਜਾਂ ਮੋਢੇ ਨਾਲ ਲਾ ਕੇ ਹਲਕਾ ਥਾਪੜਿਆ ਜਾ ਸਕਦਾ ਹੈ।
    ਜੇ 24 ਘੰਟਿਆਂ ਤੋਂ ਵੱਧ ਲਗਾਤਾਰ ਹਿਚਕੀ ਆਉਂਦੀ ਰਹੇ ਤਾਂ ਜ਼ਰੂਰ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।
    ਵੱਡੇ ਬੱਚਿਆਂ ਵਿਚ ਜ਼ਿਆਦਾ ਚਿੰਗਮ ਖਾਣ, ਕੋਲਡ ਡਰਿੰਕ ਪੀਣ, ਮਿਰਚਾਂ ਵਾਲਾ ਖਾਣਾ ਖਾਣ, ਬਹੁਤੀ ਘਬਰਾਹਟ ਜਾਂ ਤਣਾਓ, ਇਕਦਮ ਲੱਗੀ ਠੰਡ ਜਾਂ ਬਹੁਤ ਬਦਬੂਦਾਰ ਚੀਜ਼ ਸੁੰਘਣ ਨਾਲ ਵੀ ਹਿਚਕੀ ਲੱਗ ਸਕਦੀ ਹੈ।
    ਵੱਡੇ ਬੱਚਿਆਂ ਵਿਚ ਲੰਮਾ ਸਾਹ ਖਿੱਚ ਕੇ ਕੁੱਝ ਚਿਰ ਰੋਕਣ, ਬੰਦ ਲਿਫਾਫੇ ਅੰਦਰ ਕੁੱਝ ਚਿਰ ਸਾਹ ਲੈਣ ਤੇ ਬਾਹਰ ਕੱਢਣ, ਇਕਦਮ ਅੱਧਾ ਗਿਲਾਸ ਪਾਣੀ ਪੀਣ, ਬੈਠ ਕੇ ਅੱਗੇ ਝੁਕ ਕੇ ਗੋਡਿਆਂ ਨਾਲ ਢਿੱਡ ਨੂੰ ਨੱਪਣ ਜਾਂ ਇਕਦਮ ਡਰ ਜਾਣ ਨਾਲ ਵੀ ਹਿਚਕੀ ਰੁਕ ਜਾਂਦੀ ਹੈ।


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਖ਼ੁਸ਼ੀ ਦਾ ਮੀਟਰ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਵਰਲਡ ਇਕੋਨੌਮਿਕ ਫੋਰਮ ਵੱਲੋਂ '2019 ਵਰਲਡ ਹੈੱਪੀਨੈੱਸ' ਰਿਪੋਰਟ ਵਿਚ 156 ਮੁਲਕਾਂ ਉੱਤੇ ਕੀਤੇ ਸਰਵੇਖਣ ਅਨੁਸਾਰ :-
ਫਿਨਲੈਂਡ-ਪਹਿਲਾ ਨੰਬਰ
ਡੈਨਮਾਰਕ
ਨਾਰਵੇ
ਆਈਸਲੈਂਡ
ਨੀਦਰਲੈਂਡ/ਹੋਲੈਂਡ
ਸਵਿਟਜ਼ਰਲੈਂਡ
ਸਵੀਡਨ
ਨਿਊਜ਼ੀਲੈਂਡ
ਕਨੇਡਾ
ਆਸਟ੍ਰੀਆ
ਯੂ.ਐਸ.ਏ. 19ਵੇਂ ਨੰਬਰ
ਯੂ.ਕੇ. 15ਵੇਂ ਨੰਬਰ
ਆਇਰਲੈਂਡ 16ਵੇਂ
ਪਾਕਿਸਤਾਨ 67ਵੇਂ
ਭਾਰਤ 140ਵੇਂ


ਕਿਸ ਆਧਾਰ ਉੱਤੇ :-

1. ਜੀ.ਡੀ.ਪੀ
2. ਸਰਕਾਰੀ ਮਦਦ ਤੇ ਇਕ ਦੂਜੇ ਦਾ ਸਹਾਰਾ ਬਣਨਾ
3. ਲੰਮੀ ਉਮਰ ਭੋਗਣਾ
4. ਆਪਣੀ ਜ਼ਿੰਦਗੀ ਨੂੰ ਜੀਊਣ ਦਾ ਢੰਗ ਆਪਣੇ ਹਿਸਾਬ ਨਾਲ
5. ਭ੍ਰਿਸ਼ਟਾਚਾਰ
6. ਖੁੱਲਦਿਲੀ
ਅਮਰੀਕਾ ਦੀ ਜੀ.ਡੀ.ਪੀ. ਸਭ ਤੋਂ ਵੱਧ ਹੈ ਪਰ ਜੂਆ, ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ, ਸ਼ਰਾਬ, ਵੀਡੀਓ ਗੇਮਾਂ, ਖ਼ਰੀਦੋ ਫਰੋਖ਼ਤ, ਫਾਸਟ ਫੂਡਜ਼, ਆਦਿ ਦੀ ਵੀ ਹੱਦੋਂ ਵੱਧ ਵਰਤੋਂ ਉਨ੍ਹਾਂ ਨੂੰ ਖ਼ੁਸ਼ੀ ਦਾ ਇਹਸਾਸ ਕਰਨ ਦਾ ਵਕਤ ਨਹੀਂ ਦਿੰਦੇ। ਇਹ ਲੱਭਿਆ ਗਿਆ ਕਿ ਜਿਹੜੇ ਖ਼ੁਸ਼ ਹੋਣ ਉਹ ਲੋਕਤੰਤਰ ਪਸੰਦ ਕਰਦੇ ਹਨ ਤੇ ਵੋਟ ਪਾਉਂਦੇ ਹਨ।
ਭਲਾ ਭਾਰਤ ਵਿਚ ਲੋਕ ਖ਼ੁਸ਼ ਕਿਉਂ ਨਹੀਂ ਹਨ? ਕਿਉਂ ਭਾਰਤੀ ਲੋਕਾਂ ਦੀ ਖ਼ੁਸ਼ੀ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ?
ਭਾਰਤੀ ਸੱਭਿਆਚਾਰ ਵਿਚ ਟੱਬਰ ਨੂੰ ਗੁੰਦ ਕੇ ਰੱਖਣ ਅਤੇ ਜ਼ਿੰਮੇਵਾਰੀਆਂ ਲੱਦਣ ਦਾ ਬਹੁਤ ਵੱਡਾ ਨੁਕਤਾ ਸ਼ਾਮਲ ਹੈ। ਇਸ ਤੋਂ ਇਲਾਵਾ ਸਹੀ ਮੌਕੇ ਦੀ ਉਡੀਕ ਵਿਚ ਲਗਭਗ ਪੂਰੀ ਉਮਰ ਹੀ ਲੰਘਾ ਦਿੱਤੀ ਜਾਂਦੀ ਹੈ। ਇਹ ਸਹੀ ਸਮਾਂ-ਜਦੋਂ ਪਤਲੇ ਹੋਵਾਂਗੇ, ਜਦੋਂ ਬੱਚੇ ਹੋਣਗੇ, ਜਦੋਂ ਦੀਵਾਲੀ ਆਏਗੀ, ਜਦੋਂ ਤਨਖ਼ਾਹ ਮਿਲੇਗੀ, ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ, ਆਦਿ ਨਾਲ ਸਾਡਾ ਦਿਮਾਗ਼ ਇਹ ਸੋਚ ਪਾਲ ਲੈਂਦਾ ਹੈ ਕਿ ਹਾਲੇ ਮੌਜ ਮਸਤੀ, ਵਿਹਲੇ ਹੋਣ ਜਾਂ ਖੁਸ਼ ਹੋਣ ਦਾ ਸਹੀ ਸਮਾਂ ਨਹੀਂ ਹੈ।
ਕਈ ਜਣੇ 'ਸਹੀ ਸਮਾਂ' ਰਿਟਾਇਰਮੈਂਟ ਤੋਂ ਬਾਅਦ ਦਾ ਮੰਨ ਲੈਂਦੇ ਹਨ, ਕੁੱਝ ਘਰ ਬਣ ਜਾਣ ਬਾਅਦ ਨੂੰ ਤੇ ਕੁੱਝ ਵਧੀਆ ਸਰਕਾਰੀ ਨੌਕਰੀ ਹਾਸਲ ਕਰਨ ਤੱਕ ਉਡੀਕਦੇ ਰਹਿੰਦੇ ਹਨ।
ਅਜਿਹੀ ਮੰਜ਼ਿਲ ਹਾਸਲ ਕਰਨ ਵੇਲੇ ਤੱਕ ਦਾ ਸਮਾਂ, ਆਪਣੇ ਆਪ ਹੀ ਕੰਮ ਕਰਦੇ ਰਹਿਣ, ਮਿਹਨਤ ਕਰਨ ਤੇ ਤਣਾਓ ਅਧੀਨ ਰਹਿਣ ਉੱਤੇ ਮਜਬੂਰ ਕਰ ਦਿੰਦਾ ਹੈ ਕਿਉਂਕਿ ਦਿਮਾਗ਼ ਸਿਰਫ਼ ਉਸੇ ਨੁਕਤੇ ਉੱਤੇ ਹੀ ਟਿਕ ਜਾਂਦਾ ਹੈ ਕਿ ਖ਼ੁਸ਼ੀ ਮਿਲਣ ਦਾ ਕਾਰਨ ਹਾਲੇ ਹਾਸਲ ਨਹੀਂ ਹੋਇਆ ਸੋ ਹੋਰ ਨਿੱਠ ਕੇ ਕੰਮ ਕਰਦੇ ਰਹੋ, ਭਾਵੇਂ ਲੁੱਟਾਂ-ਖੋਹਾਂ ਹੀ ਕਿਉਂ ਨਾ ਕਰਨੀਆਂ ਪੈਣ!
ਕਈ ਵਾਰ 'ਉਹ ਸਮਾਂ' ਆਉਂਦਾ ਹੀ ਨਹੀਂ। ਅਜਿਹੀ ਜ਼ਿੰਦਗੀ ਸਿਰਫ਼ ਜੂਝਣ, ਢਹਿੰਦੀ ਕਲਾ ਸਮੇਟਣ ਤੇ ਕੰਮ ਕਾਰ ਕਰਦਿਆਂ ਹੀ ਮੁੱਕ ਜਾਂਦੀ ਹੈ।
'ਜਦੋਂ' ਦੇ ਚੱਕਰਵਿਊ ਵਿਚ ਮਨ ਆਪਣੇ ਆਲੇ-ਦੁਆਲੇ ਦੇ ਖ਼ੁਸ਼ੀ ਦੇ ਮੌਕਿਆਂ ਦਾ ਇਹਸਾਸ ਹੀ ਨਹੀਂ ਕਰ ਸਕਦਾ।
ਅਜਿਹੀ ਹੀ ਇਕ 'ਜਦੋਂ' ਹੁੰਦੀ ਹੈ, ਕਰੋੜਪਤੀ ਬਣਨ ਦੀ ਚਾਹ। ਇਹ ਲੋੜ ਬੰਦੇ ਨੂੰ ਵਿਆਹ ਦੇ ਸਮਾਗਮ ਉੱਤੇ ਵੀ ਆਪਣੇ ਮੋਬਾਈਲ ਉੱਤੇ ਆਪਣੇ ਅਧੀਨ ਕੰਮ ਕਰਦੇ ਲੋਕਾਂ ਨੂੰ ਨਸੀਹਤਾਂ ਦੇਣ, ਹੁਕਮ ਦੇਣ ਜਾਂ ਆਰਡਰ ਮੰਗਵਾਉਣ ਤੱਕ ਹੀ ਸੀਮਤ ਕਰ ਦਿੰਦੀ ਹੈ। ਆਲੇ-ਦੁਆਲੇ ਖਿੱਲਰਲੇ ਹਾਸੇ ਵੀ ਅਜਿਹੇ ਇਨਸਾਨ ਨੂੰ ਸ਼ੋਰ ਸ਼ਰਾਬਾ ਲੱਗਦੇ ਹਨ। ਫ਼ੋਨ ਸੁਣਨ ਲਈ ਦੂਜੇ ਕੰਨ ਉੱਤੇ ਉਂਗਲ ਰੱਖ ਕੇ ਹਾਸੇ ਦੀ ਆਵਾਜ਼ ਬੰਦ ਕਰਨ ਜਾਂ ਉਸ ਥਾਂ ਤੋਂ ਬਾਹਰ ਨਿਕਲਣਾ ਆਮ ਹੀ ਰੁਝਾਨ ਬਣ ਚੁੱਕਿਆ ਹੈ। ਵਿਰਲਾ ਹੀ ਕੋਈ ਵਿਆਹ ਦੇ ਸਮਾਗਮਾਂ ਜਾਂ ਦੋਸਤਾਂ ਵਿਚ ਬਹਿ ਕੇ ਆਪਣਾ ਮੋਬਾਈਲ ਬੰਦ ਕਰਦਾ ਹੈ।
ਬਿਲਕੁਲ ਇੰਜ ਹੀ ਘਰ ਮੁੜਦਿਆਂ ਬੱਚੇ ਨੂੰ ਜੱਫੀ ਪਾਉਂਦਿਆਂ ਫ਼ੋਨ ਵੱਜ ਪਵੇ ਤਾਂ ਬੱਚਾ ਪਰ੍ਹਾਂ ਧੱਕ ਕੇ, ਬੱਚੇ ਨੂੰ ਖਿੱਝ ਕੇ ਚੁੱਪ ਕਰਵਾ ਕੇ, ਆਪਣੇ ਫ਼ੋਨ ਉੱਤੇ ਹਦਾਇਤਾਂ ਦੇਣੀਆਂ ਜਾਂ ਸੁਣਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਜਦੋਂ ਹੀ ਕਰੋੜਪਤੀ ਵਾਲੀ ਸੋਚ ਪੂਰੀ ਹੋ ਜਾਵੇ ਤਾਂ ਹੋਰ ਕਮਾਉਣ ਦੀ ਚਾਹ ਜਕੜ ਲੈਂਦੀ ਹੈ। ਇਸੇ ਤਰ੍ਹਾਂ ਕਰਦਿਆਂ ਸਾਈਕਲ ਦੇ ਪਹੀਏ ਵਾਂਗ ਘੁੰਮਦਿਆਂ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਕਰੋੜਪਤੀ ਤੋਂ ਖ਼ਰਬਾਂਪਤੀ ਬਣਨ ਦਾ ਚੱਕਰ ਨਹੀਂ ਮੁੱਕਦਾ।
ਇਹੋ ਜਿਹੇ ਲੱਖਾਂ ਲੋਕ ਇਸ ਵੇਲੇ ਤਣਾਓ ਅਧੀਨ ਘੁੰਮ ਰਹੇ ਹਨ ਕਿਉਂਕਿ ਇਹ ਸਾਰੇ ਆਪਣੇ 'ਜਦੋਂ' ਦੀ ਲੋੜ ਪੂਰੀ ਕਰਨ ਨੂੰ ਕਾਹਲੇ ਜ਼ਿੰਦਗੀ ਜੀਊਣ ਭਾਰੇ ਭੁੱਲ ਚੁੱਕੇ ਹਨ।
ਇਹੀ ਤਣਾਓ ਤੇ ਹੋਰ ਪਾਉਣ ਦੀ ਚਾਹ ਜਨਮ ਦਿੰਦੀ ਹਨ ਮਾਨਸਿਕ ਤੇ ਸਰੀਰਕ ਰੋਗਾਂ ਨੂੰ। ਕੋਈ ਹਾਰਟ ਅਟੈਕ, ਕੋਈ ਬਲੱਡ ਪ੍ਰੈੱਸ਼ਰ, ਕੋਈ ਕੈਂਸਰ, ਐਲਰਜੀ, ਚਮੜੀ ਦੇ ਰੋਗ, ਜੋੜਾਂ ਦੇ ਦਰਦ, ਨਪੁੰਸਕਤਾ, ਦਮਾ, ਪਾਸਾ ਮਾਰਿਆ ਜਾਣਾ, ਐਨਜਾਈਨਾ, ਸ਼ੱਕਰ ਰੋਗ, ਆਦਿ ਨਾਲ ਜੂਝਦਾ ਤੇ ਆਪਣੇ ਨਸੀਬ ਨੂੰ ਕੋਸਦਾ ਹੌਲੀ-ਹੌਲੀ ਕੋਈ ਆਸਰਾ ਭਾਲਦਾ ਕਿਸੇ ਵੈਦ, ਹਕੀਮ, ਜੋਤਸ਼ੀ ਜਾਂ ਬਾਬੇ ਕੋਲ ਪਹੁੰਚ ਜਾਂਦਾ ਹੈ ਕਿ ਜ਼ਿੰਦਗੀ ਵਿਚ ਖ਼ੁਸ਼ੀ ਹੈ ਹੀ ਨਹੀਂ, ਨਿਰਾ ਕਲੇਸ਼ ਤੇ ਦੁਖ ਹੀ ਹੈ! ਫਿਰ ਉਸ ਤੋਂ ਨਿਜਾਤ ਪਾਉਣ ਲਈ ਹਰ ਕਿਸਮ ਦੇ ਢਕੌਸਲੇ ਸ਼ੁਰੂ ਹੋ ਜਾਂਦੇ ਹਨ।
ਕੋਈ ਕਾਲੀ ਦਾਲ ਵੰਡਣ ਦੇ ਚੱਕਰ ਵਿਚ, ਕੋਈ ਅਖੰਡ ਪਾਠ ਕਰਵਾਉਣ, ਕੋਈ ਹਰਿਦੁਆਰ ਜਾਣ ਤੇ ਕੋਈ ਕੀੜੀਆਂ ਨੂੰ ਚੌਲ ਪਾਉਣ ਵੱਲ ਰੁੱਝ ਜਾਂਦਾ ਹੈ। ਇਨ੍ਹਾਂ ਵਿੱਚੋਂ ਕੋਈ ਆਪਣੇ ਹੀ ਬੱਚੇ ਦਾ ਪਹਿਲਾ ਕਦਮ ਪੁੱਟਣ ਉੱਤੇ ਖ਼ੁਸ਼ੀ ਨਾਲ ਝੂਮ ਕੇ ਖਿੜਖਿੜਾ ਕੇ ਹੱਸਦਾ ਨਹੀਂ। ਨਾ ਹੀ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਪਤਾ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਬੱਚੇ ਨੇ ਪੈਨਸਿਲ ਨਾਲ ਪਹਿਲੀ ਟੇਢੀ ਮੇਢੀ ਲਕੀਰ ਕਾਗਜ਼ ਉੱਤੇ ਵਾਹੀ ਹੈ ਜਿਸ ਨੂੰ ਵਿਖਾਉਣ ਲਈ ਬੱਚਾ ਆਪਣੇ ਮਾਪਿਆਂ ਕੋਲ ਰਿੜ੍ਹਦਾ ਆਪਣੀ ਤੋਤਲੀ ਜ਼ਬਾਨ ਨਾਲ ਬੁਲਾਉਂਦਾ, ਮੋਹ ਜਤਾਉਂਦਾ ਘੁੰਮ ਰਿਹਾ ਹੈ।
ਆਪਣੇ ਹੀ ਫ਼ੋਨਾਂ ਵਿਚ ਰੁੱਝੇ, ਇਕ ਦੂਜੇ ਨੂੰ ਮਿਹਣੇ ਮਾਰਦੇ ਤੇ ਆਪਣੀ ਫੁੱਟੀ ਕਿਸਮਤ ਨੂੰ ਕੋਸਦੇ ਬਥੇਰੇ ਜਣੇ ਅਜਿਹੇ ਖ਼ੁਸ਼ੀ ਵਾਲੇ ਪਲ ਮਹਿਸੂਸ ਕਰ ਹੀ ਨਹੀਂ ਸਕਦੇ। ਇਸ ਦੇ ਨਾਲ ਜੁੜ ਜਾਂਦਾ ਹੈ ਦੂਜੇ ਨਾਲ ਆਪਣੇ ਆਪ ਨੂੰ ਮੇਚਣਾ!
ਦੂਜੇ ਦੀ ਆਮਦਨ ਮੇਰੇ ਤੋਂ ਵੱਧ, ਦੂਜਾ ਮੇਰੇ ਤੋਂ ਵੱਧ ਖ਼ੁਸ਼, ਉਸ ਦੀ ਵਹੁਟੀ ਸੋਹਣੀ, ਉਸ ਦੀ ਬੇਟੀ ਵਧੀਆ ਨੌਕਰੀ 'ਤੇ, ਉਸ ਦਾ ਘਰ ਵੱਡਾ, ਉਸ ਦੀ ਕਾਰ ਵੱਡੀ, ਉਸ ਕੋਲ ਨੌਕਰ ਵੱਧ, ਰੁਤਬਾ ਵੱਡਾ, ਆਦਿ ਦੀ ਸੋਚ ਮਨ ਦੇ ਕਿਸੇ ਕੋਨੇ ਵਿਚ ਫਸੀ ਰਤਾ ਮਾਸਾ ਖ਼ੁਸ਼ੀ ਵੀ ਬਾਹਰ ਕੱਢ ਕੇ ਸਿਰਫ਼ ਨਿਰਾਸਾ ਭਰ ਦਿੰਦੇ ਹਨ। ਇੰਜ ਦੂਜੇ ਨੂੰ ਢਾਅ ਲਾਉਣ ਦਾ ਸਿਲਸਿਲਾ ਵੀ ਚਾਲੂ ਹੋ ਜਾਂਦਾ ਹੈ ਕਿ ਦੂਜੇ ਨੂੰ ਹੇਠਾਂ ਖਿੱਚਾਂਗੇ ਤਾਂ ਹੀ ਖ਼ੁਸ਼ੀ ਮਹਿਸੂਸ ਹੋਵੇਗੀ।
ਵੱਡੀ ਪੱਧਰ ਉੱਤੇ ਅਜਿਹੀ ਸੋਚ ਪਸਰੀ ਵੇਖ ਕੇ ਤਣਾਓ ਮੀਟਰ ਨੇ ਆਪੇ ਉੱਤੇ ਚੜ੍ਹ ਜਾਣਾ ਹੋਇਆ ਤੇ ਖ਼ੁਸ਼ੀ ਦੇ ਮੀਟਰ ਨੇ ਜ਼ੀਰੋ ਉੱਤੇ ਪਹੁੰਚ ਜਾਣਾ ਹੋਇਆ।
ਜਦੋਂ ਕਾਲੀ ਦਾਲ ਵੰਡਣ ਬਾਅਦ ਵੀ ਖ਼ੁਸ਼ੀ ਵਾਪਸ ਨਾ ਮਿਲੇ ਤਾਂ ਖਿੱਝ ਤੇ ਗੁੱਸੇ ਨਾਲ ਭਰੇ ਕੁੱਝ ਲੋਕ ਆਪਣੇ ਘਰ ਦੇ ਬੱਚਿਆਂ ਤੇ ਵਹੁਟੀ ਨੂੰ ਮਾਰਨ ਕੁੱਟਣ ਲੱਗ ਪੈਂਦੇ ਹਨ ਤੇ ਆਲੇ-ਦੁਆਲੇ ਵੀ ਸੜਕ ਉੱਤੇ ਲੰਘਦੇ ਨੂੰ ਰੋਕ ਕੇ ਗਾਲ੍ਹਾਂ ਕੱਢਣ ਜਾਂ ਮਾਰ ਕੁਟਾਈ ਤੱਕ ਪਹੁੰਚ ਜਾਂਦੇ ਹਨ।
ਜਦੋਂ ਗੁੱਸੇ ਤੇ ਖਿੱਝ ਦੀ ਚਰਮ ਸੀਮਾ ਹੋਵੇ ਤਾਂ ਕਤਲ ਜਾਂ ਬਲਾਤਕਾਰ ਤੱਕ ਕਰ ਦਿੱਤਾ ਜਾਂਦਾ ਹੈ। ਇਹ ਸਭ ਕਰਨ ਬਾਅਦ ਵੀ ਖ਼ੁਸ਼ੀ ਨਦਾਰਦ!
ਖ਼ੁਸ਼ੀ ਹੈ ਤਾਂ ਚੁਫ਼ੇਰੇ ਪਰ ਅਸੀਂ ਮਹਿਸੂਸ ਕਰਨਾ ਭੁੱਲ ਚੁੱਕੇ ਹਾਂ। 'ਹੋਰ' ਤੇ 'ਜਦੋਂ' ਦੇ ਚੱਕਰਵਿਊ ਵਿਚ ਸ਼ੁਕਰਾਨਾ ਕਿਧਰੇ ਗੁੰਮ ਹੋ ਗਿਆ ਹੈ। ਖ਼ੁਸ਼ੀ ਲੱਭਣ ਲਈ ਰਸਤਾ ਭਾਲਦਿਆਂ ਰਸਤੇ ਵਿਚ ਪਈ ਖ਼ੁਸ਼ੀ ਨੂੰ ਮਿੱਧ ਕੇ ਲੰਘ ਜਾਂਦੇ ਹਾਂ।
ਹਰ ਰੋਜ਼ ਸੂਰਜ ਦੀ ਪਹਿਲੀ ਕਿਰਨ ਨਾਲ ਸਾਰੇ ਘਰਾਂ ਵਿਚ ਖ਼ੁਸ਼ੀ ਵੜਦੀ ਹੈ, ਪਰ ਕਿੰਨੇ ਜਣੇ ਮਹਿਸੂਸ ਕਰ ਰਹੇ ਹਨ? ਲੱਖਾਂ ਅੱਜ ਦੇ ਦਿਨ ਦੁਨੀਆ ਭਰ ਵਿਚ ਕੂਚ ਕਰ ਚੁੱਕੇ ਹਨ ਜਾਂ ਜਾਣੇ ਹਨ, ਪਰ ਅਸੀਂ ਅੱਖਾਂ ਖੋਲ੍ਹ ਕੇ ਨਵਾਂ ਦਿਨ ਚੜ੍ਹਦੇ ਵੇਖਿਆ ਹੈ। ਹੋ ਗਏ ਨਾ ਅਸੀਂ ਵਿਲੱਖਣ! ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਜ਼ਿੰਦਾ ਹਾਂ! ਜੇ ਜ਼ਿੰਦਾ ਹਾਂ, ਤਾਂ ਹੀ ਕੁੱਝ ਕਰ ਸਕਾਂਗੇ, ਵਰਨਾ ਤਾਂ ਘਰ ਵਿਚ ਮਾਤਮ ਹੁੰਦਾ! ਇੱਕ ਹੋਰ ਦਿਨ ਜ਼ਿੰਦਗੀ ਦਾ ਮਿਲ ਗਿਆ! ਜਸ਼ਨ ਦੀ ਗੱਲ ਹੋ ਗਈ। ਇਸ ਦਾ ਮਤਲਬ ਹੈ ਕਿ ਖ਼ੁਸ਼ੀ ਤਾਂ ਅੱਖਾਂ ਖੋਲ੍ਹਦੇ ਹੀ ਮਿਲ ਗਈ।
ਦੂਜੀ ਵੱਡੀ ਗੱਲ! ਅਸੀਂ ਵੇਖ ਸਕਦੇ ਹਾਂ! ਕਿੰਨੇ ਅੱਜ ਦੇ ਦਿਨ ਉੱਠ ਕੇ ਵੇਖ ਨਹੀਂ ਸਕੇ! ਕੁੱਝ ਸੁਣ ਨਹੀਂ ਸਕੇ, ਕੁੱਝ ਤੁਰ ਨਹੀਂ ਸਕੇ! ਅਸੀਂ ਵੇਖਿਆ ਵੀ, ਚਿੜੀਆਂ ਦਾ ਚਹਿਕਣਾ ਸੁਣਿਆ ਵੀ ਤੇ ਆਪਣੇ ਪੈਰਾਂ ਉੱਤੇ ਖੜ੍ਹੇ ਵੀ ਹੋ ਸਕੇ ਹਾਂ! ਫਿਰ ਭਲਾ ਹੱਥ ਜੋੜ ਕੇ ਕੁਦਰਤ ਦਾ ਧੰਨਵਾਦ ਕਿਉਂ ਨਹੀਂ ਕੀਤਾ?
ਇਹ ਧੰਨਵਾਦ ਤੇ ਸ਼ੁਕਰਾਨਾ ਹੀ ਖ਼ੁਸ਼ੀ ਦੇ ਮੀਟਰ ਵਿਚ ਵਾਧਾ ਕਰਦਾ ਹੈ। ਅੱਜ ਪੂਰਾ ਦਿਨ ਅਸੀਂ ਤੁਰ ਫਿਰ ਕੇ, ਕੰਮ ਕਰ ਕੇ, ਪੈਸਾ ਕਮਾ ਕੇ ਰਾਤ ਮੰਜੇ ਉੱਤੇ ਪੈ ਸਕੇ ਹਾਂ। ਇਸ ਦਾ ਮਤਲਬ ਹੈ ਅਨੇਕ ਖ਼ੁਸ਼ੀ ਦੇ ਪਲ ਅਸੀਂ ਵੇਖੇ ਹੋਣਗੇ ਪਰ ਮਹਿਸੂਸ ਨਹੀਂ ਕੀਤੇ। ਇਸ ਦਾ ਮਤਲਬ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਪਣੇ ਜ਼ਿੰਦਾ ਰਹਿਣ ਤੇ ਤੰਦਰੁਸਤ ਰਹਿਣ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਖ਼ੁਸ਼ੀ ਹਾਸਲ ਕਰਨ ਲਈ ਤਾਂ ਏਨਾ ਹੀ ਬਥੇਰਾ ਹੁੰਦਾ ਹੈ ਕਿ ਲੰਘਦੇ ਜਾਂਦੇ ਬੰਦਿਆਂ ਵੱਲ ਵੇਖ ਕੇ ਮੁਸਕੁਰਾ ਲਿਆ ਜਾਏ। ਜਿਹੜਾ ਫ਼ੋਨ ਤੋਂ ਪਰ੍ਹਾਂ ਹੋਏਗਾ ਤੇ ਖਿੱਝਦਾ ਕ੍ਰਿੱਝਦਾ ਨਾ ਲੰਘਿਆ ਹੋਵੇਗਾ, ਉਨ੍ਹਾਂ ਵਿੱਚੋਂ ਕੋਈ ਇਕ ਹੋ ਸਕਦਾ ਹੈ, ਮੁਸਕਾਨ ਦੇ ਬਦਲੇ ਚਿਹਰੇ ਉੱਤੇ ਮੁਸਕਾਨ ਲੈ ਆਵੇ! 2ਲਓ ਜੀ ਹੋ ਗਿਆ ਸਿਲਸਿਲਾ ਸ਼ੁਰੂ ਖ਼ੁਸ਼ੀ ਹਾਸਲ ਕਰਨ ਦਾ!
ਨਾ ਦਾਲ ਵੰਡਣੀ ਪਈ, ਨਾ ਡੇਰੇ ਦੇ ਗੇੜੇ ਤੇ ਖ਼ੁਸ਼ੀ ਆਪਣੇ ਆਪ ਹਾਸਲ ਹੋ ਗਈ। ਕੰਮ ਕੀ ਕੀਤਾ? ਸਿਰਫ਼ ਮੱਥੇ ਉੱਤੇ ਪਈਆਂ ਤਿਊੜੀਆਂ ਹਟਾ ਕੇ ਬੁੱਲਾਂ ਨੂੰ ਫਰਕਣ ਦੀ ਖੁੱਲ੍ਹ ਦਿੱਤੀ!
ਘਰ ਵਾਪਸ ਪਹੁੰਚ ਕੇ ਬੱਚਿਆਂ ਨੂੰ ਘੁੱਟ ਕੇ ਪਾਈ ਜੱਫੀ ਤੇ ਵਹੁਟੀ ਨਾਲ ਕੀਤੀਆਂ ਦੋ ਪਿਆਰ ਦੀਆਂ ਗੱਲਾਂ ਜਾਂ ਦੋਸਤ ਨਾਲ ਕੀਤਾ ਖ਼ੁਸ਼ੀ ਦਾ ਇਜ਼ਹਾਰ ਹੀ ਮਨ ਨੂੰ ਮਹਿਕਾਉਣ ਲਈ ਬਥੇਰਾ ਹੁੰਦਾ ਹੈ।
ਕੁਦਰਤ ਨੇ ਤਾਂ ਚੁਫ਼ੇਰੇ ਜ਼ਿੰਦਗੀ ਜੀਊਣ ਦਾ ਢੰਗ ਸਮਝਾਉਣ ਦਾ ਜਤਨ ਕੀਤਾ ਪਿਆ ਹੈ। ਡੂੰਘਾ ਪਾਣੀ ਸ਼ਾਂਤ ਵਹਿੰਦਾ ਹੈ ਪਰ ਥੋੜਾ ਪਾਣੀ ਸ਼ੋਰ ਮਚਾਉਂਦਾ ਲੰਘਦਾ ਹੈ। ਇਹੀ ਵਧੀਆ ਸ਼ਖਸੀਅਤ ਵਾਲੇ ਇਨਸਾਨ ਦਾ ਗੁਣ ਹੋਣਾ ਚਾਹੀਦਾ ਹੈ। ਪਾਣੀ ਭਾਵੇਂ ਨਿਵਾਣ ਵੱਲ ਵਹੇ, ਪਰ ਉਸ ਵਿਚ ਤਾਕਤ ਹੈ ਕਿ ਸਾਹਮਣੇ ਪਏ ਪੱਥਰ ਨੂੰ ਚੀਰ ਕੇ ਆਪਣਾ ਰਾਹ ਬਣਾ ਸਕਦਾ ਹੈ।
ਮਿੱਟੀ ਵੀ ਤਾਂ ਹਰ ਤਰ੍ਹਾਂ ਦੇ ਰੂਪ ਵਿਚ ਢਲ ਜਾਂਦੀ ਹੈ, ਵੱਖੋ-ਵੱਖਰਾ ਰੰਗ ਧਾਰਨ ਕਰ ਲੈਂਦੀ ਹੈ ਤੇ ਹਰ ਕਿਸੇ ਨੂੰ, ਭਾਵੇਂ ਫਸਲ ਹੋਵੇ ਤੇ ਭਾਵੇਂ ਨਦੀਨ, ਆਪਣੇ ਵਿੱਚ ਉੱਗ ਲੈਣ ਦਿੰਦੀ ਹੈ।
ਇਹੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸਾਰੇ ਜਣੇ ਰਲ ਮਿਲ ਕੇ ਖੇੜਾ ਵੰਡਦੇ ਰਹਿਣ ਤੇ ਇੱਕ ਦੂਜੇ ਨਾਲ ਮਿਲਵਰਤਣ ਰੱਖਣ। ਇਕ ਜਣਾ ਗੁੱਸੇ ਵਿਚ ਹੈ ਤਾਂ ਦੂਜਾ ਕੁੱਝ ਪਲ ਸ਼ਾਂਤ ਰਹਿ ਜਾਵੇ! ਜਿਉਂ ਹੀ ਪਹਿਲੇ ਦਾ ਗੁੱਸਾ ਘਟਿਆ, ਉਸ ਆਪੇ ਨੇੜੇ ਆ ਜਾਣਾ ਹੈ ਤੇ ਉਸ ਦਾ ਆਪਣਾ ਮਨ ਵੀ ਉਸ ਨੂੰ ਅਜਿਹੇ ਵਿਹਾਰ ਲਈ ਲਾਅਨਤਾਂ ਪਾਉਣ ਲੱਗ ਪੈਂਦਾ ਹੈ।
ਪਰ, ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੋ ਬੀਜਿਆ ਜਾਵੇ, ਉੱਗਦਾ ਉਹੀ ਹੈ। ਧਤੂਰਾ ਬੀਜ ਕੇ ਅੰਬ ਨਹੀਂ ਲਾਹੇ ਜਾ ਸਕਦੇ।
ਇੰਜ ਹੀ ਗੁੱਸਾ ਵੰਡਣ ਨਾਲ ਪਿਆਰ ਹਾਸਲ ਨਹੀਂ ਹੋ ਸਕਦਾ ਤੇ ਨਾ ਹੀ ਖ਼ੁਸ਼ੀ! ਸੋ ਖ਼ੁਸ਼ੀ ਹਾਸਲ ਕਰਨ ਲਈ ਵੰਡਣੀ ਵੀ ਖ਼ੁਸ਼ੀ ਹੀ ਪੈਂਦੀ ਹੈ, ਕਾਲੀ ਦਾਲ ਨਹੀਂ!
ਔਖੇ ਸਮੇਂ ਵਿਚ ਵੀ ਜ਼ਿੰਦਾ ਰਹਿਣ ਦਾ ਸ਼ੁਕਰਾਨਾ ਕਰਦੇ ਸਾਰ ਉਹ ਸਮਾਂ ਜਰ ਜਾਣ ਦੀ ਹਿੰਮਤ ਮਿਲ ਜਾਂਦੀ ਹੈ।
ਫਿਰ ਉਡੀਕ ਕਾਹਦੀ ਹੈ? ਚਲੋ ਸਾਰੇ ਰਲ ਮਿਲ ਕੇ ਭਾਰਤੀ ਲੋਕਾਂ ਦੇ ਖ਼ੁਸ਼ੀ ਦੇ ਮੀਟਰ ਨੂੰ ਉਤਾਂਹ ਚੁੱਕੀਏ ਤੇ ਦੁਨੀਆ ਦੇ ਚੋਟੀ ਦੇ 10 ਮੁਲਕਾਂ ਵਿੱਚ ਸ਼ਾਮਲ ਹੋ ਜਾਈਏ!
ਇਹ ਵੀ ਚੇਤੇ ਰੱਖਣ ਦੀ ਗੱਲ ਹੈ ਕਿ ਸੰਨ 1990 ਵਿਚ ਫਿਨਲੈਂਡ ਵਿਚ ਆਤਮ ਹੱਤਿਆ ਕਰਨ ਦਾ ਰੁਝਾਨ ਚਰਮ ਸੀਮਾ ਉੱਤੇ ਸੀ। ਪਰ, ਅੱਜ ਉਹੀ ਮੁਲਕ ਖ਼ੁਸ਼ੀ ਦੇ ਮੀਟਰ ਵਿਚ ਪਹਿਲਾ ਨੰਬਰ ਹਾਸਲ ਕਰ ਚੁੱਕਿਆ ਹੈ। ਕਾਰਨ ਇਹ ਕਿ ਪਹਿਲਾਂ ਉਹ ਲੋਕ ਮਨ ਅੰਦਰ ਮਾੜੀਆਂ ਗੱਲਾਂ ਡੂੰਘੀਆਂ ਵਸਾਈ ਰੱਖਦੇ ਸਨ, ਪਰ ਹੁਣ ਢਹਿੰਦੀ ਕਲਾ ਦਾ ਇਲਾਜ ਛੇਤੀ ਕਰਵਾ ਕੇ ਪੈਸੇ ਵੱਧ ਕਮਾਉਣ ਨਾਲੋਂ ਖ਼ੁਸ਼ੀ ਵੱਧ ਮਹਿਸੂਸ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ।
ਸਾਨੂੰ ਵੀ ਇਹੀ ਸਿੱਖਣ ਦੀ ਲੋੜ ਹੈ ਕਿ ਪੈਸੇ ਕਮਾਉਂਦਿਆਂ ਜ਼ਿੰਦਗੀ ਖ਼ਤਮ ਕਰਨ ਨਾਲੋਂ ਜਿੰਨੀ ਵੀ ਬਚੀ ਹੈ, ਉਸ ਜ਼ਿੰਦਗੀ ਨੂੰ ਜੀਅ ਕੇ ਵੇਖ ਲਈਏ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  - ਡਾ. ਹਰਸ਼ਿੰਦਰ ਕੌਰ, ਐਮ. ਡੀ.,

  
   ਇਕ ਪੁਰਾਣੀ ਖ਼ਬਰ ਕਈਆਂ ਨੇ ਪੜ੍ਹੀ ਹੋਵੇਗੀ-''ਰਾਜਪੁਰੇ ਦੇ ਇਕ ਨਸ਼ਈ ਟਰੱਕ ਡਰਾਈਵਰ ਨੇ ਸ਼ਰਾਬ ਦੀ ਬੋਤਲ ਪਿੱਛੇ ਆਪਣੀ 13 ਵਰ੍ਹਿਆਂ ਦੀ ਧੀ ਵੇਚੀ।''
    ਇਸ ਖ਼ਬਰ ਦੇ ਛਪਣ ਤੋਂ ਸਾਢੇ ਕੁ ਚਾਰ ਮਹੀਨੇ ਬਾਅਦ ਮੈਨੂੰ ਇਕ ਪੱਤਰਕਾਰ ਭੈਣ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਇਕ ਕੁੜੀ ਬੜੀ ਤਰਸਯੋਗ ਹਾਲਤ ਵਿਚ ਦਾਖਲ ਹੋਈ ਹੈ ਜੋ ਤਿੰਨ ਵਾਰ ਵਿਕ ਚੁੱਕੀ ਹੈ। ਪਹਿਲੀ ਵਾਰ ਜਿਹੜੇ ਰਾਜਪੁਰੇ ਦੇ ਟਰੱਕ ਡਰਾਈਵਰ ਨੇ ਆਪਣੀ ਧੀ ਹਰਿਆਣੇ ਦੇ ਟਰੱਕ ਡਰਾਈਵਰ ਕੋਲ ਵੇਚੀ ਸੀ, ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ। ਉੱਥੋਂ ਭੱਜਣ ਦੇ ਚੱਕਰ ਵਿਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਭੋਪਾਲ ਪਹੁੰਚੀ।
    ਉੱਥੋਂ ਬੇਹੋਸ਼ੀ ਦੀ ਹਾਲਤ ਵਿਚ ਕਿਸੇ ਬਜ਼ੁਰਗ ਟੈਕਸੀ ਡਰਾਈਵਰ ਨੇ ਚੁੱਕਿਆ ਤੇ ਆਪਣੇ ਘਰ ਲੈ ਗਿਆ। ਹੋਸ਼ ਆਉਣ ਉੱਤੇ ਉਸ ਨੇ ਇਸ ਦਾ ਪਤਾ ਪੁੱਛ ਕੇ ਥਾਣੇ ਇਤਲਾਹ ਦਿੱਤੀ ਤੇ ਫੇਰ ਇੱਥੇ ਹਸਪਤਾਲ ਵਿਚ ਦਾਖਲ ਕਰਵਾਈ ਹੈ।
    ਪੱਤਰਕਾਰ ਭੈਣ ਦੇ ਜ਼ੋਰ ਪਾਉਣ ਉੱਤੇ ਮੈਂ ਉਸ ਨੂੰ ਵੇਖਣ ਗਈ। ਹਸਪਤਾਲ ਦੇ ਵਾਰਡ ਵਿਚ ਦਾਖਲ ਉਸ ਬੱਚੀ ਕੋਲ ਉਸ ਦਾ ਆਪਣਾ ਕੋਈ ਵੀ ਨਹੀਂ ਸੀ। ਡਿਊਟੀ ਉੱਤੇ ਤੈਨਾਤ ਮਹਿਲਾ ਪੁਲਿਸ ਅਫਸਰ ਨੇ ਦੱਸਿਆ ਕਿ ਉਸ ਦੀ ਮਾਂ ਕਿਸੇ ਬੰਦੇ ਨਾਲ ਭੱਜ ਗਈ ਹੋਈ ਸੀ ਤੇ ਪਿਓ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਸੀ। ਬੱਚੀ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ।
    ਜਿਉਂ ਹੀ ਕੋਈ ਉਸ ਦੇ ਮੰਜੇ ਤੋਂ ਤਿੰਨ ਮੰਜੇ ਪਰ੍ਹਾਂ ਤੋਂ ਵੀ ਆਉਂਦਾ ਦਿਸਦਾ ਤਾਂ ਉਹ ਬੱਚੀ ਉੱਚੀ-ਉੱਚੀ ਚੀਕਣ ਲੱਗ ਪੈਂਦੀ ਤੇ ਮਹਿਲਾ ਅਫਸਰ ਦਾ ਹੱਥ ਘੁੱਟ ਕੇ ਫੜ ਕੇ ਚੀਕਦੀ, ''ਫੜ ਲੈ, ਬਚਾ ਲੈ, ਸਲਵਾਰ ਲਾਹੂਗਾ।''
    ਰੌਂਗਟੇ ਖੜ੍ਹੇ ਕਰਨ ਵਾਲਾ ਮਾਹੌਲ ਸੀ। ਵਾਰਡ ਵਿਚ ਉਸ ਦੀਆਂ ਚੀਕਾਂ ਦਿਲ ਦੇ ਆਰ-ਪਾਰ ਲੰਘ ਰਹੀਆਂ ਸਨ। ਮੈਂ ਉਸ ਦੇ ਨੇੜੇ ਜਾਣ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਸ ਦੀਆਂ 'ਬਚਾ ਲੈ' ਵਾਲੀਆਂ ਚੀਕਾਂ ਹੋਰ ਤਿੱਖੀਆਂ ਹੋਣ ਲੱਗ ਪੈਂਦੀਆਂ। ਮੇਰੇ ਕੋਲ ਹੋਰ ਹਿੰਮਤ ਨਹੀਂ ਸੀ ਬਚੀ ਕਿ ਵਾਰਡ ਵਿਚ ਖੜੀ ਰਹਿੰਦੀ।
    ਉਸ ਹਾਦਸੇ ਤੋਂ ਤਿੰਨ ਵਰ੍ਹੇ ਬਾਅਦ ਮੈਨੂੰ ਦੱਸਿਆ ਗਿਆ ਕਿ ਭਾਵੇਂ ਉਹ ਬੱਚੀ ਇਕ ਸੰਸਥਾ ਵਿਖੇ ਭੇਜ ਦਿੱਤੀ ਗਈ ਸੀ ਜਿੱਥੇ ਉਸ ਦੀ ਠੀਕ ਦੇਖਭਾਲ ਹੋ ਰਹੀ ਸੀ ਪਰ ਉਹ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਨਾਰਮਲ ਨਹੀਂ ਹੋ ਸਕੀ। ਕਿਸੇ ਵੀ ਪੁਰਸ਼ ਨੂੰ ਦੂਰੋਂ ਦੇਖ ਕੇ ਹੀ ਤ੍ਰਹਿੰਦੀ ਰਹਿੰਦੀ ਸੀ ਤੇ ਹਾਲੇ ਵੀ ''ਬਚਾ ਲੈ, ਸਲਵਾਰ ਲਾਹੂਗਾ'' ਕਹਿਣੋਂ ਹਟੀ ਨਹੀਂ ਸੀ।
    ਮੈਂ ਦਿਲ ਹੱਥੋਂ ਮਜਬੂਰ ਉਸ ਸੰਸਥਾ ਵਿਖੇ ਉਸ ਨੂੰ ਮਿਲਣ ਗਈ। ਉਸ ਸਮੇਂ ਉਹ ਕਿਸੇ ਔਰਤ ਨੂੰ ਵੇਖ ਕੇ ਤਾਂ ਤ੍ਰਹਿੰਦੀ ਨਹੀਂ ਸੀ ਪਰ ਜਿਉਂ ਹੀ ਕੋਈ ਉਸ ਦਾ ਹੱਥ ਘੁੱਟ ਕੇ ਫੜਦਾ ਸੀ, ਉਹ ਕੰਬਣ ਲੱਗ ਪੈਂਦੀ ਸੀ ਉਹ ਜਿਵੇਂ ਹੁਣੇ ਕੋਈ ਉਸ ਨੂੰ ਪਾੜ ਖਾਏਗਾ।
    ਮੈਡੀਕਲ ਸਾਇੰਸ ਇਹ ਸਾਬਤ ਕਰ ਚੁੱਕੀ ਹੋਈ ਹੈ ਕਿ ਇਸ ਤਰ੍ਹਾਂ ਦੇ ਨਰਕ ਵਿੱਚੋਂ ਨਿਕਲਦੀਆਂ ਬੱਚੀਆਂ ਪੱਕੀਆਂ ਮਾਨਸਿਕ ਰੋਗੀ ਬਣ ਜਾਂਦੀਆਂ ਹਨ ਤੇ ਇਹ ਕਸਕ ਪੂਰੀ ਉਮਰ ਮਨ ਵਿੱਚੋਂ ਨਿਕਲਦੀ ਨਹੀਂ। ਇਸੇ ਕਰ ਕੇ ਇਹ ਵਿਆਹੁਤਾ ਜ਼ਿੰਦਗੀ ਵੀ ਚੰਗੀ ਤਰ੍ਹਾਂ ਨਿਭਾਉਣ ਯੋਗ ਨਹੀਂ ਰਹਿੰਦੀਆਂ।
    ਪਰ ਕਿਉਂ ਇਹ ਗੱਲ ਕਿਸੇ ਨੂੰ ਚੁੱਭ ਨਹੀਂ ਰਹੀ ਕਿ ਪੰਜਾਬ ਦੀ ਧਰਤੀ ਉੱਤੇ ਹੁਣ ਧੀਆਂ ਸ਼ਰਾਬ ਦੀ ਬੋਤਲ ਪਿੱਛੇ ਵਿਕਣ ਲੱਗ ਪਈਆਂ ਹਨ? ਕਿੱਥੇ ਗਈ ਪੰਜਾਬੀਆਂ ਦੀ ਅਣਖ? ਕੀ ਵਾਕਈ ਪੰਜਾਬ ਦੀ ਧਰਤੀ ਉੱਤੇ ਧੀ ਦਾ ਜੰਮਣਾ ਗੁਣਾਹ ਮੰਨ ਲੈਣਾ ਚਾਹੀਦਾ ਹੈ?
    ਇਹ ਤਾਂ ਇੱਕ ਮਾਮਲਾ ਹੈ ਜੋ ਮੀਡੀਆ ਦੀ ਨਜ਼ਰੀਂ ਆ ਗਿਆ ਤਾਂ ਉਜਾਗਰ ਹੋ ਗਿਆ ਪਰ ਕਿੰਨੀਆਂ ਹੋਰ ਹਨ ਜਿਨ੍ਹਾਂ ਦਾ ਕੇਸ ਉਜਾਗਰ ਨਹੀਂ ਹੋਇਆ, ਉਨ੍ਹਾਂ ਦੀ ਹਾਲਤ ਬਾਰੇ ਕਿਸੇ ਨੇ ਸੋਚਿਆ ਹੈ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783