Gurbachan Singh Bhullar

ਲੇਖਕ ਨੂੰ ਹੋਰ ਭਾਸ਼ਾਵਾਂ ਦੇ ਪਾਠਕ ਦਿੰਦਾ ਹੈ ਅਨੁਵਾਦ - ਗੁਰਬਚਨ ਸਿੰਘ ਭੁੱਲਰ

ਮਨੁੱਖ ਜਜ਼ਬਾਤੀ ਜੀਵ ਹੈ। ਹਜ਼ਾਰਾਂ ਸਾਲ ਪਹਿਲਾਂ ਜਦੋਂ ਵਣਵਾਸੀ ਮਨੁੱਖ ਦਾ ਵਣਵਾਸੀ ਹਮਸਾਏ ਹੋਰ ਜੀਵਾਂ ਤੋਂ ਨਿਖੇੜਾ ਤੇ ਵਿਕਾਸ ਸ਼ੁਰੂ ਹੋਇਆ, ਇਸ ਵਰਤਾਰੇ ਦੇ ਕਈ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਉਹਦੇ ਜਜ਼ਬਿਆਂ ਦਾ ਸੂਖਮ ਹੁੰਦੇ ਜਾਣਾ ਸੀ। ਇਹਦੇ ਨਾਲ-ਨਾਲ ਮਨੁੱਖੀ ਜਜ਼ਬਿਆਂ ਦਾ ਕਲਾਵਾ ਹੋਰ ਜੀਵਾਂ ਦੇ ਸੀਮਤ ਜਿਹੇ ਜਜ਼ਬਾਤੀ ਘੇਰੇ ਨਾਲੋਂ ਬਹੁਤਾ ਹੀ ਬਹੁਤਾ ਮੋਕਲਾ ਹੁੰਦਾ ਗਿਆ। ਇਸ ਜਜ਼ਬਾਤੀ ਨਿਖੇੜੇ ਨੇ ਹੀ ਵਣਵਾਸੀ ਮਨੁੱਖ ਨੂੰ ਸਭਿਅਤਾ ਦੇ ਰਾਹ ਤੋਰਿਆ।
      ਵਣਵਾਸੀ ਮਨੁੱਖ ਤੋਂ ਸਭਿਅਕ ਮਨੁੱਖ ਬਣਨ ਵੱਲ ਸਾਡੀ ਯਾਤਰਾ ਵਿਚ ਕਈ ਭਾਸ਼ਾਈ ਇਨਕਲਾਬ ਆਏ। ਪਹਿਲਾ ਇਨਕਲਾਬ ਮਨੁੱਖ ਦਾ ਬੋਲੀ ਵਿਕਸਿਤ ਕਰ ਲੈਣਾ ਸੀ। ਇਸ ਇਨਕਲਾਬ ਦੇ ਪਹਿਲੇ ਪੜਾਅ ਵਿਚ ਹੋਰ ਜਾਨਵਰਾਂ ਵਾਂਗ ਭੁੱਖ, ਭੈ ਤੇ ਮੋਹ ਜਿਹੇ ਕੁਛ ਜਜ਼ਬਿਆਂ ਨੂੰ ਪ੍ਰਗਟਾਉਣ ਵਾਲੀਆਂ ਕੁਛ ਆਵਾਜ਼ਾਂ ਤੋਂ ਅੱਗੇ ਵਧ ਕੇ ਮਨੁੱਖ ਨੇ ਆਪਣੇ ਹੋਰ ਅਹਿਸਾਸਾਂ ਨੂੰ ਉਜਾਗਰ ਕਰਨ ਵਾਲੀਆਂ ਨਵੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਇਨਕਲਾਬ ਦੇ ਦੂਜੇ ਪੜਾਅ ਵਿਚ ਉਹਨਾਂ ਇਕਹਿਰੀਆਂ ਆਵਾਜ਼ਾਂ, ਭਾਵ ਧੁਨੀਆਂ ਨੂੰ ਵੱਖ-ਵੱਖ ਤਰਤੀਬਾਂ ਵਿਚ ਜੋੜ ਕੇ ਸ਼ਬਦ ਬਣਾਉਣ ਦੀ ਸੋਝੀ ਜਾਗੀ। ਸ਼ਬਦ ਦੀ ਇਸ ਸੋਝੀ ਨੇ ਧੁਨੀਆਂ ਦੀ ਗਿਣਤੀ ਦੇ ਬੇਕਾਬੂ ਵਾਧੇ ਦੀ ਲੋੜ ਖ਼ਤਮ ਕਰ ਦਿੱਤੀ। ਬੋਲੀ ਦਾ ਹੋਂਦ ਵਿਚ ਆਉਣਾ ਇਹਨਾਂ ਵਰਤਾਰਿਆਂ ਦਾ ਨਤੀਜਾ ਸੀ। ਬੋਲੀ ਸਦਕਾ ਮਨੁੱਖ ਆਪਣੇ ਵਿਚਾਰ, ਅਗਲੀ ਪੀੜ੍ਹੀ ਸਮੇਤ, ਹੋਰ ਮਨੁੱਖਾਂ ਨਾਲ ਸਾਂਝੇ ਕਰਨ ਜੋਗਾ ਹੋ ਗਿਆ। ਲੰਮੇ ਸਮੇਂ ਤੱਕ ਮਨੁੱਖੀ ਬੋਲੀ ਆਪਣੇ ਮੂਲ ਅਰਥ ਤੱਕ ਸੀਮਤ ਰਹੀ, ਅਰਥਾਤ ਬੋਲਣ ਤੱਕ। ਇਕ ਮਨੁੱਖ ਦੀ ਦੂਜੇ ਮਨੁੱਖ ਨਾਲ ਬੋਲ ਕੇ ਸਾਂਝੀ ਕੀਤੀ ਗੱਲ ਸਮੇਂ ਤੇ ਸਥਾਨ ਦੇ ਪੱਖੋਂ ਬਹੁਤੀ ਦੂਰ ਤੱਕ ਨਹੀਂ ਸੀ ਜਾ ਸਕਦੀ। ਅਗਲੀ ਪੀੜ੍ਹੀ ਪਹਿਲੀ ਪੀੜ੍ਹੀ ਦੀਆਂ ਜੋ ਗੱਲਾਂ ਚੇਤੇ ਰੱਖ ਸਕਦੀ ਸੀ, ਉਹੋ ਹੀ ਉਹਦਾ ਬੋਲ-ਵਿਰਸਾ ਹੁੰਦਾ ਸੀ। ਸਥਾਨ ਦੇ ਪੱਖੋਂ ਇਕ ਮਨੁੱਖ ਦੀ ਕਹੀ ਤੇ ਦੂਜੇ ਦੀ ਸੁਣੀ ਗੱਲ ਦਾ ਦੂਰ ਤੱਕ ਬਹੁਤੇ ਲੋਕਾਂ ਕੋਲ ਪੁੱਜਣਾ ਸੰਭਵ ਹੀ ਨਹੀਂ ਸੀ।
       ਦੂਜਾ ਭਾਸ਼ਾਈ ਇਨਕਲਾਬ ਓਦੋਂ ਆਇਆ ਜਦੋਂ ਸਿਆਣਿਆਂ ਨੇ ਬੋਲੀ ਦੀਆਂ ਵੱਖ-ਵੱਖ ਧੁਨੀਆਂ ਦੇ ਮੇਚ ਦੇ ਅੱਖਰ ਬਣਾ ਲਏ ਜਿਨ੍ਹਾਂ ਸਦਕਾ ਹਵਾ ਵਿਚ ਉੱਡ ਜਾਣ ਵਾਲੇ ਬੋਲਾਂ ਨੂੰ ਬੰਨ੍ਹ ਕੇ ਰੱਖਣਾ ਸੰਭਵ ਹੋ ਗਿਆ। ਬੋਲ ਹੁਣ ਸੁਣਨ ਤੱਕ ਸੀਮਤ ਨਾ ਰਹੇ ਸਗੋਂ ਅੱਖਰਾਂ ਦੀ ਸਵਾਰੀ ਕਰ ਕੇ ਸਥਾਨ ਦੇ ਪੱਖੋਂ ਦੂਰ-ਦੂਰ ਪਹੁੰਚਣ ਦੇ ਸਮਰੱਥ ਹੋ ਗਏ ਅਤੇ ਸਮੇਂ ਦੇ ਪੱਖੋਂ ਤਾਂ ਉਹ ਇਕ ਅਰਥਾਂ ਵਿਚ ਅਮਰ ਹੀ ਹੋ ਗਏ। ਸਾਹਿਤ, ਜੋ ਮਨੁੱਖੀ ਜਜ਼ਬਿਆਂ ਦੇ ਪਰਗਟਾਵੇ ਦਾ ਇਕ ਵਧੀਆ ਤੇ ਕਾਰਗਰ ਵਸੀਲਾ ਸਿੱਧ ਹੋਇਆ, ਸ਼ਰੁਤੀ-ਸਿਮ੍ਰਤੀ ਦੇ, ਭਾਵ ਸੁਣ ਕੇ ਕੰਠ ਕਰਨ ਦੇ ਬੰਧਨ ਵਿਚ ਬੱਝਿਆ ਹੋਇਆ ਸੀ। ਬੋਲੀ ਨਾਲ ਲਿਪੀ ਦਾ ਸੁਮੇਲ ਹੋਣ ਨੇ ਸ਼ਰੁਤੀ-ਸਿਮ੍ਰਤੀ ਦਾ ਉਹ ਬੰਧਨ ਤੋੜ ਕੇ ਸਾਹਿਤ ਨੂੰ ਖੰਭ ਖੋਲ੍ਹਣ ਲਈ ਮੁਕਤ ਕਰ ਦਿੱਤਾ।
       ਸਾਹਿਤ ਦੀ ਇਸ ਮੁਕਤੀ ਦੇ ਬਾਵਜੂਦ ਕਿਸੇ ਵੀ ਬੋਲੀ ਦੀ ਤੇ ਉਹਦੇ ਸਾਹਿਤ ਦੀ ਭੂਗੋਲਿਕ ਪਹੁੰਚ ਆਵਾਜਾਈ, ਮੇਲ-ਮਿਲਾਪ ਤੇ ਸੰਪਰਕ ਦੇ ਉਸ ਜ਼ਮਾਨੇ ਦੇ ਵਸੀਲਿਆਂ ਅਨੁਸਾਰ ਬਹੁਤੀ ਦੂਰ ਤੱਕ ਨਹੀਂ ਸੀ ਹੁੰਦੀ। ਹਰ ਭਾਈਚਾਰੇ ਦੀ ਆਪਣੀ ਵਿਸ਼ੇਸ਼-ਲੱਛਣੀ ਬੋਲੀ ਵਿਕਸਿਤ ਹੋ ਜਾਂਦੀ ਸੀ। ਬੋਲੀ ਬਾਰਾਂ ਕੋਹ ਪਿੱਛੋਂ ਬਦਲ ਜਾਂਦੀ ਹੈ ਇਹ ਕਥਨ ਤਾਂ ਅਜੇ ਕੱਲ੍ਹ ਤੱਕ ਪ੍ਰਚੱਲਿਤ ਸੀ। ਸੰਸਾਰ ਦੀ ਹਰ ਭਾਸ਼ਾ ਦੇ ਬਹੁਤੇ ਲੇਖਕ ਆਪਣੀ ਸਮਾਜਕ ਭਾਸ਼ਾ, ਜਿਸ ਨੂੰ ਆਮ ਕਰ ਕੇ ਮਾਤਭਾਸ਼ਾ ਕਿਹਾ ਜਾਂਦਾ ਹੈ, ਵਿਚ ਹੀ ਰਚਨਾ ਕਰਦੇ ਹਨ, ਭਾਵੇਂ ਉਹਨਾਂ ਨੂੰ ਹੋਰ ਕੋਈ ਭਾਸ਼ਾ ਆਉਂਦੀ ਵੀ ਹੋਵੇ। ਇਹੋ ਹੀ ਕੁਦਰਤੀ ਕਰਤਾਰੀ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਲੇਖਕ ਆਪਣੇ ਵਿਚਾਰ, ਅਹਿਸਾਸ ਤੇ ਅਨੁਭਵ ਸਭ ਤੋਂ ਵੱਧ ਸਹਿਜਤਾ, ਸਰਲਤਾ ਤੇ ਸੌਖ ਨਾਲ ਆਪਣੀ ਮਾਤਭਾਸ਼ਾ ਵਿਚ ਹੀ ਪਰਗਟ ਕਰ ਸਕਦਾ ਹੈ। ਇਸ ਦਾ ਇਕ ਨਤੀਜਾ ਇਹ ਵੀ ਹੁੰਦਾ ਹੈ ਕਿ ਉਸ ਦੀ ਰਚਨਾ, ਆਪਣੀ ਸਾਹਿਤਕ-ਕਲਾਤਮਿਕ ਉੱਤਮਤਾ ਦੇ ਬਾਵਜੂਦ, ਇਕੋ ਭਾਸ਼ਾ ਦੇ, ਭਾਵ ਉਸ ਦੀ ਤੇ ਉਸ ਦੇ ਸਾਹਿਤ ਦੀ ਭਾਸ਼ਾ ਦੇ ਜਾਣਕਾਰ ਪਾਠਕਾਂ ਤੱਕ ਹੀ ਸੀਮਤ ਰਹਿੰਦੀ ਹੈ।
       ਇਉਂ ਜੇ ਇਕ ਬੋਲੀ ਦਾ ਸਾਹਿਤ ਦੂਜੀ ਬੋਲੀ ਵਾਲਿਆਂ ਕੋਲ ਪਹੁੰਚ ਵੀ ਜਾਂਦਾ ਸੀ, ਉਹ ਉਸ ਬੋਲੀ ਤੇ ਲਿਪੀ ਦੀ ਜਾਣਕਾਰੀ ਨਾ ਹੋਣ ਕਾਰਨ ਉਹਨਾਂ ਲਈ “ਕਾਲਾ ਅੱਖਰ ਮ੍ਹੈਂਸ ਬਰਾਬਰ” ਹੀ ਹੁੰਦਾ ਸੀ। ਇਸ ਮੁਸ਼ਕਿਲ ਦੇ ਹੱਲ ਵਜੋਂ ਤੀਜਾ ਭਾਸ਼ਾਈ ਇਨਕਲਾਬ ਅਨੁਵਾਦ ਦੇ ਰੂਪ ਵਿਚ ਆਇਆ, ਜਿਸ ਨੇ ਲੇਖਕ ਦੀ ਰਚਨਾ ਵਾਸਤੇ ਵੱਖਰੀ ਭਾਸ਼ਾ ਵਾਲ਼ੇ ਲੋਕਾਂ ਤੱਕ ਪਹੁੰਚਣ ਅਤੇ ਉਹਨਾਂ ਨੂੰ ਆਪਣੇ ਪਾਠਕ ਬਣਾਉਣ ਦਾ ਰਾਹ ਖੋਲ੍ਹ ਦਿੱਤਾ। ਜੇ ਲੇਖਕ ਦੇ ਸਾਹਿਤ ਨੇ ਕਿਸੇ ਹੋਰ ਭਾਸ਼ਾ ਵਾਲ਼ੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਉਸ ਲਈ ਖੁੱਲ੍ਹਾ ਇਕੋ-ਇਕ ਰਾਹ ਅਨੁਵਾਦ ਹੈ। ਕਿਸੇ ਲੇਖਕ ਦੀ ਰਚਨਾ ਜਿੰਨੀਆਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋਵੇਗੀ, ਉਸ ਦਾ ਪਾਠਕ-ਕਲਾਵਾ ਓਨਾ ਵੱਧ ਮੋਕਲਾ ਤੇ ਬਹੁਭਾਸ਼ਾਈ ਹੁੰਦਾ ਜਾਵੇਗਾ।
        ਅਨੁਵਾਦ ਦਾ ਜ਼ਿਕਰ ਹੋਇਆਂ ਦੋ ਭਾਸ਼ਾਵਾਂ ਦਾ ਨਾਂ ਲਿਆ ਜਾਂਦਾ ਹੈ, ਮੂਲ ਭਾਸ਼ਾ ਜਿਸ ਵਿਚੋਂ ਅਨੁਵਾਦ ਕੀਤਾ ਜਾਂਦਾ ਹੈ ਤੇ ਪਾਤਰ ਭਾਸ਼ਾ ਜਿਸ ਵਿਚ ਅਨੁਵਾਦ ਕੀਤਾ ਜਾਂਦਾ ਹੈ। ਦੋਵਾਂ ਸੰਬੰਧਿਤ ਭਾਸ਼ਾਵਾਂ ਦਾ ਜਾਣਕਾਰ ਵਿਅਕਤੀ ਅਨੁਵਾਦਕ ਦੀ ਭੂਮਿਕਾ ਵਿਚ ਸਾਹਮਣੇ ਆਉਂਦਾ ਹੈ। ਜ਼ਾਹਿਰ ਹੈ, ਆਪਣੀ ਭਾਸ਼ਾ ਦੀਆਂ ਬਰੀਕੀਆਂ ਦਾ ਤਾਂ ਉਹ ਜਾਣਕਾਰ ਹੁੰਦਾ ਹੀ ਹੈ, ਦੂਜੀ ਭਾਸ਼ਾ ਨੂੰ ਵੀ ਉਹ ਬਹੁਤ ਚੰਗੀ ਤਰ੍ਹਾਂ ਸਮਝਣ ਵਾਲਾ ਹੋਣਾ ਚਾਹੀਦਾ ਹੈ। ਲੰਮੀਆਂ ਸਦੀਆਂ ਤੱਕ ਅਨੁਵਾਦ ਦੀ ਪਰੰਪਰਾ ਇਹੋ, ਇਕ ਭਾਸ਼ਾ ਵਿਚੋਂ ਸਿੱਧਾ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਹੀ ਰਹੀ। ਬਹੁਤੇ ਅਨੁਵਾਦਕ ਅਜਿਹੀ ਮੂਲ ਭਾਸ਼ਾ ਵਿਚੋਂ, ਜੋ ਨੇੜਲੀ ਇਤਿਹਾਸਕ-ਭੂਗੋਲਿਕ ਸਾਂਝ ਸਦਕਾ ਉਹਦੀ ਜਾਣੀ-ਪਛਾਣੀ ਹੁੰਦੀ ਸੀ, ਆਪਣੀ ਮਾਤਭਾਸ਼ਾ ਵਿਚ ਅਨੁਵਾਦ ਕਰਦੇ ਸਨ। ਮਾਨਤਾ ਵੀ ਇਹੋ ਹੈ ਕਿ ਚੰਗਾ ਅਨੁਵਾਦ ਕਿਸੇ ਹੋਰ ਭਾਸ਼ਾ ਵਿਚੋਂ ਆਪਣੀ ਭਾਸ਼ਾ ਵਿਚ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਓਪਰੀ ਭਾਸ਼ਾ ਨੂੰ ਸਮਝ ਕੇ ਆਪਣੀ ਭਾਸ਼ਾ ਵਿਚੋਂ ਉਹਦੇ ਹਾਣ ਦੇ ਸ਼ਬਦ, ਕਥਨ, ਮੁਹਾਵਰੇ, ਆਦਿ ਲੱਭਣਾ ਓਨਾ ਮੁਸ਼ਕਿਲ ਨਹੀਂ ਹੁੰਦਾ ਜਿੰਨਾ ਮੁਸ਼ਕਿਲ ਦੂਜੀ ਭਾਸ਼ਾ ਵਿਚ ਅਨੁਵਾਦ ਕਰਦਿਆਂ ਉਸ ਵਿਚੋਂ ਆਪਣੀ ਭਾਸ਼ਾ ਦੇ ਹਾਣ ਦੇ ਸ਼ਬਦ, ਕਥਨ, ਮੁਹਾਵਰੇ, ਆਦਿ ਲੱਭਣਾ ਹੁੰਦਾ ਹੈ। ਇਸੇ ਕਰਕੇ ਮੱਧਕਾਲ ਤੋਂ ਲੈ ਕੇ ਬਹੁਤ ਸਾਰਾ ਧਾਰਮਿਕ ਤੇ ਵੈਦਗੀ ਸਾਹਿਤ ਸੰਸਕ੍ਰਿਤ ਤੋਂ ਪੰਜਾਬੀ ਵਿਚ ਅਨੁਵਾਦਿਆ ਜਾਂਦਾ ਰਿਹਾ।
         ਅਜੋਕੇ ਦੌਰ, ਜਦੋਂ ਸਰਕਾਰੀ ਸੰਸਥਾਵਾਂ ਤੇ ਵਿਰਲੇ-ਟਾਂਵੇਂ ਪ੍ਰਕਾਸ਼ਕਾਂ ਨੇ ਅਨੁਵਾਦ-ਕਾਰਜ ਦੀ ਚੰਗੀ ਵਾਹਵਾ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੋਂ ਪਹਿਲਾਂ ਦੇ ਅਨੁਵਾਦਕਾਂ ਦੀ ਮਿਹਨਤ ਭਰਪੂਰ ਵਡਿਆਈ ਦੀ ਹੱਕਦਾਰ ਹੈ ਕਿਉਂਕਿ ਉਹ ਇਹ ਕਾਰਜ ਨਿਰੋਲ ਭਾਸ਼ਾਈ ਸੇਵਾ ਤੇ ਸਮਾਜ ਸੇਵਾ ਵਜੋਂ ਕਰਦੇ ਸਨ। ਜਦੋਂ ਕਿਸੇ ਪੁਸਤਕ ਦਾ ਪਾਠ ਕਰਦਿਆਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਤਾਂ ਮੇਰੀ ਭਾਸ਼ਾ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਉਹ ਅਨੁਵਾਦ ਕਾਰਜ ਵਿਚ ਜੁਟ ਜਾਂਦੇ। ਫੇਰ ਇਹਨਾਂ ਅਨੁਵਾਦਿਤ ਗ੍ਰੰਥਾਂ ਨੂੰ ਛਪਵਾਉਣ ਤੇ ਪ੍ਰਕਾਸ਼ਿਤ ਕਰਨ ਵਿਚ ਜੋ ਮੁਸ਼ਕਿਲਾਂ ਆਉਂਦੀਆਂ ਹੋਣਗੀਆਂ, ਉਹਨਾਂ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
        ਪੰਜਾਬੀ ਵਿਚ, ਧਾਰਮਿਕ ਅਤੇ ਵੈਦਗੀ ਦੀਆਂ ਲਿਖਤਾਂ ਦੇ ਇਸੇ ਭਾਵਨਾ ਨਾਲ ਕੀਤੇ ਅਨੁਵਾਦ ਦੀ ਚਿਰ-ਪੁਰਾਣੀ ਪ੍ਰੰਪਰਾ ਰਹੀ ਹੈ। ਧਾਰਮਿਕ ਤੇ ਵੈਦਗੀ ਸਾਹਿਤ ਤਾਂ ਇਕ ਪਾਸੇ ਰਿਹਾ, ਰਚਨਾਤਮਿਕ ਸਾਹਿਤ ਦੇ ਅਨੁਵਾਦ ਦੀ ਪ੍ਰੇਰਕ ਵੀ ਇਹੋ ਫ਼ਰਜ਼ਪਾਲਕ ਸੇਵਾ-ਭਾਵਨਾ ਸੀ। ਭਾਈ ਮੋਹਨ ਸਿੰਘ ਵੈਦ, ਐਸ. ਐਸ. ਅਮੋਲ, ਨਾਨਕ ਸਿੰਘ, ਗੁਰਬਖਸ਼ ਸਿੰਘ ਤੇ ਹੋਰ ਕਈ ਲੇਖਕਾਂ ਨੇ ਦੇਸੀ-ਪਰਦੇਸੀ ਸਾਹਿਤ ਦੇ ਜੋ ਅਨੁਵਾਦ ਕੀਤੇ, ਯਕੀਨਨ ਉਹਨਾਂ ਪਿੱਛੇ ਮਾਇਕ ਸੋਚ ਦੀ ਥਾਂ ਇਹ ਸੋਚ ਕੰਮ ਕਰ ਰਹੀ ਸੀ ਕਿ ਇਹ ਜੋ ਏਨੀ ਉੱਤਮ ਰਚਨਾ ਹੈ, ਮੈਂ ਆਪਣੀ ਭਾਸ਼ਾ ਦੇ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਾਂ। ਅਜਿਹੇ ਅਨੁਵਾਦਕਾਂ ਨੇ ਭਾਰਤੀ ਭਾਸ਼ਾਵਾਂ ਦੇ ਸਾਹਿਤ ਤੋਂ ਇਲਾਵਾ ਅੰਗਰੇਜ਼ੀ ਸਾਹਿਤ ਤਾਂ ਪੰਜਾਬੀ ਪਾਠਕਾਂ ਨੂੰ ਦਿੱਤਾ ਹੀ, ਨਾਲ ਹੀ ਉਸ ਜ਼ਮਾਨੇ ਵਿਚ ਅੰਗਰੇਜ਼ੀ ਵਿਚ ਪਰਾਪਤ ਹੋਰ ਪਰਦੇਸੀ ਭਾਸ਼ਾਵਾਂ ਦੇ ਸਾਹਿਤ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਇਆ। ਕੁਝ ਸੰਸਥਾਵਾਂ ਵਲੋਂ ਪੈਸੇ ਦੇ ਕੇ ਅਨੁਵਾਦ ਕਰਵਾਏ ਜਾਣ ਦਾ ਸਮਾਂ ਅੱਗੇ ਚੱਲ ਕੇ ਆਇਆ।
       ਜਦੋਂ ਪਾਤਰ ਭਾਸ਼ਾ ਵਿਚ ਮੂਲ ਭਾਸ਼ਾ ਦਾ ਕੋਈ ਵੀ ਜਾਣਕਾਰ ਨਾ ਹੋਵੇ, ਕੋਈ ਤੀਜੀ ਭਾਸ਼ਾ ਵਿਚੋਲੀ ਬਣ ਕੇ ਬਹੁੜਦੀ ਹੈ। ਅਨਜਾਣੀ ਭਾਸ਼ਾ ਦਾ ਉਸ ਓਪਰੀ ਪਰ ਜਾਣੀ ਹੋਈ ਭਾਸ਼ਾ ਵਿਚ ਪਹੁੰਚਿਆ ਸਾਹਿਤ ਅੱਗੋਂ ਪਾਤਰ ਭਾਸ਼ਾ ਵਿਚ ਅਨੁਵਾਦ ਕਰ ਲਿਆ ਜਾਂਦਾ ਹੈ। ਮੌਪਾਸਾਂ, ਨਾਜ਼ਮ ਹਿਕਮਤ, ਪਾਬਲੋ ਨਰੂਦਾ, ਯਾਂ ਪਾਲ ਸਾਰਤਰ ਜਿਹੇ ਅਨੇਕ ਕੌਮਾਂਤਰੀ ਪ੍ਰਸਿੱਧੀ ਵਾਲੇ ਲੇਖਕਾਂ ਨਾਲ ਸਾਡੀ ਜਾਣ-ਪਛਾਣ ਅਜਿਹੇ ਅਨੁਵਾਦ ਦੀ ਕਿਰਪਾ ਨਾਲ ਹੀ ਹੋਈ। ਉਹ ਆਪਣੀ ਭਾਸ਼ਾ ਤੋਂ ਅੰਗਰੇਜ਼ੀ ਵਿਚ ਪਹੁੰਚੇ ਤੇ ਅੰਗਰੇਜ਼ੀ ਵਿਚੋਂ ਪੰਜਾਬੀ ਵਿਚ ਆਏ।
         ਸੋਵੀਅਤ ਯੂਨੀਅਨ ਨੇ ਆਪਣੀ ਚੜ੍ਹਤ ਦੇ ਦੌਰ ਵਿਚ ਉੱਚ-ਪਾਏ ਦਾ ਰੂਸੀ ਤੇ ਸੋਵੀਅਤ ਸਾਹਿਤ ਪੰਜਾਬੀ ਸਮੇਤ ਭਾਰਤੀ ਭਾਸ਼ਾਵਾਂ ਦੇ ਪਾਠਕਾਂ ਦੇ ਹੱਥਾਂ ਵਿਚ ਬਹੁਤ ਹੀ ਸਸਤੇ ਭਾਅ ਪਹੁੰਚਦਾ ਕੀਤਾ। ਸੰਸਾਰ-ਭਰ ਦੇ ਸਾਹਿਤ ਦੇ ਇਤਿਹਾਸ ਵਿਚ ਗੁਰੂ ਮੰਨੇ ਜਾਂਦੇ ਅਨੇਕ ਮਹਾਨ ਰੂਸੀ ਤੇ ਸੋਵੀਅਤ ਸਾਹਿਤਕਾਰਾਂ ਦੀਆਂ ਰਚਨਾਵਾਂ ਤੱਕ ਸਾਡੀ ਪਹੁੰਚ ਇਸੇ ਰਾਹੋਂ ਹੀ ਸੰਭਵ ਹੋਈ। ਬਹੁਤੇ ਲੋਕਾਂ ਦੀ ਸੋਚ-ਸਮਝ ਦੇ ਉਲਟ ਇਸ ਪਿੱਛੇ ਰਾਜਨੀਤਕ ਪ੍ਰਭਾਵ ਦਾ ਨਜ਼ਰੀਆ ਨਹੀਂ ਸਗੋਂ ਸਭਿਆਚਾਰਕ ਪ੍ਰਭਾਵ ਦਾ ਨਜ਼ਰੀਆ ਕੰਮ ਕਰਦਾ ਸੀ। ਮਿਸਾਲ ਵਜੋਂ ਪੁਸ਼ਕਿਨ (1799-1837), ਗੋਗੋਲ (1809-1852), ਤੁਰਗਨੇਵ (1818-1883), ਦੋਸਤੋਇਵਸਕੀ (1821-1881), ਟਾਲਸਟਾਇ (1828-1910) ਤੇ ਚੈਖ਼ਵ (1860-1904) ਵਰਗੇ ਲੇਖਕ ਤਾਂ ਉਥੇ ਕਮਿਊਨਿਜ਼ਮ ਦੀ ਆਓ-ਆਈ ਤੋਂ ਪਹਿਲਾਂ ਹੋ ਗੁਜ਼ਰੇ ਸਨ, ਪਰ ਉਹਨਾਂ ਦਾ ਸਾਹਿਤ ਉਸੇ ਸਤਿਕਾਰ ਨਾਲ ਜਾਂ ਸਗੋਂ ਉਸ ਤੋਂ ਵੀ ਵੱਧ ਸਤਿਕਾਰ ਨਾਲ ਛਾਪਿਆ ਗਿਆ ਜਿਸ ਨਾਲ ਗੋਰਕੀ (1868-1936) ਤੇ ਸ਼ੋਲੋਖੋਵ (1905-1984), ਆਦਿ ਦਾ ਸਾਹਿਤ।
       ਉਸ ਸਮੇਂ ਦੇ ਸੋਵੀਅਤ ਯੂਨੀਅਨ ਦਾ ਖਾਸਾ ਸਾਹਿਤ ਤਾਂ ਮੈਂ, ਉਸ ਜ਼ਮਾਨੇ ਦੇ ਹੋਰ ਅਨੇਕ ਵਿਦਿਆਰਥੀਆਂ ਵਾਂਗ, ਕਾਲਜ ਵਿਚ ਹੀ ਪੜ੍ਹ ਲਿਆ ਸੀ। ਕੋਈ ਚਾਰ ਦਹਾਕੇ ਪਹਿਲਾਂ, ਜਦੋਂ ਅਨੁਵਾਦ ਵਿਚ ਮੇਰਾ ਹੱਥ ਚੰਗਾ-ਵਾਹਵਾ ਖੁੱਲ੍ਹ ਗਿਆ, ਮੈਂ ਸੋਵੀਅਤ ਯੂਨੀਅਨ ਦੀਆਂ ਕੁਝ ਕਹਾਣੀਆਂ ਆਪਣੀ ਪਸੰਦ ਵਜੋਂ ਤੇ ਕੁਝ ਆਪਣੇ ਕਾਰਜ ਵਜੋਂ ਅਨੁਵਾਦੀਆਂ। ਉਹਨਾਂ ਵਿਚੋਂ ਹੀ ਵੀਹ ਕਹਾਣੀਆਂ ਪੁਸਤਕ ‘ਬੀਤੇ ਦੀਆਂ ਗਲ਼ੀਆਂ’ ਵਿਚ ਅਤੇ ਵੀਹ ਪੁਸਤਕ ‘ਸਵੇਰ ਦਾ ਸੰਗੀਤ’ ਵਿਚ ਸ਼ਾਮਲ ਹਨ। (ਦੋਵੇਂ ਪੁਸਤਕਾਂ ਆਰਸੀ ਪਬਲਿਸ਼ਰਜ਼, ਦਿੱਲੀ ਨੇ ਛਾਪੀਆਂ ਹਨ।)
ਸੰਪਰਕ : 80763-63058

ਅੰਗਰੇਜ਼ ਸਰਕਾਰ ਨੂੰ ਵੰਗਾਰ - ਗੁਰਬਚਨ ਸਿੰਘ ਭੁੱਲਰ

ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਚਲਾਣਾ ਕਰ ਗਿਆ। ਅਸਲ ਵਿਚ ਤਾਂ ਉਹਦੇ ਕਾਇਮ ਕੀਤੇ ਰਾਜ ਦੀ ਬੁਨਿਆਦ ਉਸੇ ਦਿਨ ਉੱਖੜ ਗਈ। ਮਗਰੋਂ ਦਾ ਇਕ ਦਹਾਕਾ ਤਾਂ ਉਹਦਾ ਉੱਖੜਿਆ ਹੋਇਆ ਰਾਜ ‘ਆਪਣਿਆਂ’ ਵੱਲੋਂ ਇੱਟ-ਇੱਟ ਕਰ ਕੇ ਢਾਹੁਣ ਅਤੇ ਨਕਸ਼ੇ ਤੋਂ ਮੇਸਣ ਦੀ ਕਹਾਣੀ ਹੈ। ਰਣਜੀਤ ਸਿੰਘ ਤੋਂ ਮਗਰੋਂ ਹਾਲਾਤ ਅਜਿਹੇ ਬਣ ਗਏ ਕਿ ਸਵਾ ਚਾਰ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਉਹਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੋਂ ਬਿਨਾਂ ਉਹਦੀ ਔਲਾਦ ਦਾ ਸਫ਼ਾਇਆ ਹੋ ਗਿਆ।
        22 ਸਤੰਬਰ 1843 ਨੂੰ ਪੰਜ ਸਾਲ ਦੀ ਉਮਰ ਵਿਚ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾ ਦਿੱਤਾ ਗਿਆ। ਇਸ ਸਾਰੇ ਸਮੇਂ ਦੌਰਾਨ ਪੰਜਾਬ ਅੰਗਰੇਜ਼ਾਂ ਦੇ ਧਿਆਨ ਦਾ ਕੇਂਦਰ ਸੀ। ਪਹਿਲੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਮਗਰੋਂ 9 ਮਾਰਚ 1846 ਨੂੰ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦਰਬਾਰ ਵਿਚਕਾਰ ਹੋਈ ਸੰਧੀ ਅਨੁਸਾਰ ਦਲੀਪ ਸਿੰਘ ‘ਮਹਾਰਾਜਾ’ ਤਾਂ ਬਣਿਆ ਰਿਹਾ ਪਰ ਰਾਜ-ਪ੍ਰਬੰਧ ਦੀ ਵਾਗਡੋਰ ਅੰਗਰੇਜ਼ ਰੈਜ਼ੀਡੈਂਟ ਦੇ ਹੱਥ ਚਲੀ ਗਈ। 1848 ਦੀ ਦੂਜੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਮਗਰੋਂ 29 ਮਾਰਚ 1849 ਨੂੰ ‘ਆਜ਼ਾਦ’ ਪੰਜਾਬ ਦਾ ਆਖ਼ਰੀ ਦਰਬਾਰ ਸਜਿਆ। ਉਸ ਵਿਚ ਦੋ ਅੰਗਰੇਜ਼ ਅਧਿਕਾਰੀਆਂ ਦੀ ਹਾਜ਼ਰੀ ਵਿਚ ਐਲਾਨ ਕੀਤਾ ਗਿਆ ਕਿ ਮਹਾਰਾਜਾ ਦਲੀਪ ਸਿੰਘ ਨੇ ਗੱਦੀ ਛੱਡ ਦਿੱਤੀ ਹੈ ਤੇ ਪੰਜਾਬ ਅੰਗਰੇਜ਼ ਰਾਜ ਦਾ ਅੰਗ ਬਣ ਗਿਆ ਹੈ।
       ਹੁਣ ਅੰਗਰੇਜ਼ਾਂ ਦੀ ਪਹਿਲੀ ਚਿੰਤਾ ਰਣਜੀਤ ਸਿੰਘ ਦੇ ਰਾਜ ਵਿਚ ਕਾਇਮ ਹੋਈ ਪੰਜਾਬੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਧਾਰਮਿਕ ਸਦਭਾਵਨਾ ਤੇ ਭਾਈਚਾਰਕ ਏਕਤਾ ਸੀ ਜਿਸ ਤੋਂ ਉਹਨਾਂ ਨੂੰ ਆਪਣੇ ਰਾਜ ਲਈ ਵੱਡਾ ਖ਼ਤਰਾ ਦਿਸਦਾ ਸੀ। ਮੁਸਲਮਾਨ ਵੀ ਹੋਰਾਂ ਵਾਂਗ ਉੱਚੀਆਂ ਪਦਵੀਆਂ ਉੱਤੇ ਸਨ। ਨੇੜਲੇ ਅਤੀਤ ਵਿਚ ਸਿੱਖਾਂ ਨੂੰ ਮੁਸਲਮਾਨ ਹਾਕਮਾਂ ਦੇ ਅਕਹਿ-ਅਸਹਿ ਜ਼ੁਲਮਾਂ ਦੇ ਲੰਮੇ ਦੌਰ ਵਿਚੋਂ ਲੰਘਣਾ ਪਿਆ ਹੋਣ ਦੇ ਬਾਵਜੂਦ ਅਜਿਹਾ ਭਾਈਚਾਰਕ ਮਾਹੌਲ ਪੈਦਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਰਾਜਨੀਤਕ ਸਿਆਣਪ ਤੇ ਸਮਾਜਿਕ ਦੂਰਦਰਸ਼ਤਾ ਸੀ।
        ਕੁਦਰਤੀ ਸੀ, ਅੰਗਰੇਜ਼ਾਂ ਨੇ ਪਹਿਲੀ ਚਾਲ ਇਹ ਚੱਲੀ ਕਿ ਪੰਜਾਬੀਆਂ ਦੀ, ਖਾਸ ਕਰ ਕੇ ਸਿੱਖਾਂ ਦੀ ਅਣਖ ਉੱਤੇ ਵਾਰ ਕਰ ਕੇ ਉਹਨਾਂ ਨੂੰ ਸੱਤਾ ਦੀ ਤਬਦੀਲੀ ਦਾ ਅਹਿਸਾਸ ਕਰਵਾਇਆ ਜਾਵੇ। ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਉਹ ਹੁਣ ਆਜ਼ਾਦ ਸਿੱਖ ਰਾਜ ਵਿਚ ਨਹੀਂ ਰਹਿ ਰਹੇ, ਗੋਰਿਆਂ ਦੇ ਗ਼ੁਲਾਮ ਬਣ ਗਏ ਹਨ। ਇਸ ਦਾ ਇਕ ਕਾਰਗਰ ਤਰੀਕਾ ਰਹਿਤਲ ਤੇ ਧਾਰਮਿਕ ਰੀਤ ਦੇ ਨਾਂ ਉੱਤੇ ਮੁਸਲਮਾਨਾਂ ਨੂੰ ਗਊਆਂ ਦੇ ਬੁੱਚੜਖਾਨੇ ਖੋਲ੍ਹਣ ਦੀ ਇਜਾਜ਼ਤ ਦੇਣਾ ਸੀ। ਗਊ-ਬੱਧ ਰਣਜੀਤ ਸਿੰਘ ਦੇ ਰਾਜ ਵਿਚ ਕਾਨੂੰਨਨ ਮਨਾਹ ਸੀ ਪਰ ਪਹਿਲੇ ਕਦਮ ਵਜੋਂ ਹੀ ਬੁੱਚੜਖਾਨਿਆਂ ਦੀ ਆਗਿਆ ਦੇਣਾ ਉਹਨਾਂ ਦੀ ਚਾਲ ਨੂੰ ਉਜਾਗਰ ਕਰ ਕੇ ਹਿੰਦੂਆਂ-ਸਿੱਖਾਂ ਵਿਚ ਰੋਸ ਪੈਦਾ ਕਰ ਸਕਦਾ ਸੀ। ਉਹਨਾਂ ਨੇ ਚਲਾਕੀ ਤੋਂ ਕੰਮ ਲੈਂਦਿਆਂ ਕਾਫ਼ੀ ਪਹਿਲਾਂ ਮੁੱਢਲੇ ਕਦਮ ਵਜੋਂ ਸਿੱਖ ਧਰਮ ਲਈ ਸਤਿਕਾਰ ਦਾ ਪਖੰਡ ਕੀਤਾ। ਰੈਜ਼ੀਡੈਂਟ ਹੈਨਰੀ ਲਾਰੈਂਸ ਨੇ 24 ਮਾਰਚ 1847 ਨੂੰ, ਜਦੋਂ ਅਜੇ ਨਾਂ ਨੂੰ ਦਲੀਪ ਸਿੰਘ ਦਾ ਹੀ ਰਾਜ ਸੀ, ਇਹ ਐਲਾਨ ਕੀਤਾ ਕਿ ਗਵਰਨਰ ਜਨਰਲ ਸਾਹਿਬ ਦੇ ਹੁਕਮ ਅਨੁਸਾਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਸਾਰੇ ਵਿਚ ਕੋਈ ਵੀ ਜੁੱਤੇ ਪਾ ਕੇ ਦਾਖ਼ਲ ਨਹੀਂ ਹੋਵੇਗਾ, ਅੰਮ੍ਰਿਤਸਰ ਵਿਚ ਗਊ-ਬੱਧ ਨਹੀਂ ਹੋਵੇਗਾ ਤੇ ਸਿੱਖਾਂ ਦੇ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦਿੱਤਾ ਜਾ ਸਕੇਗਾ।
ਪਰ ਜਿਵੇਂ ਭਵਿੱਖ ਨੇ ਦਿਖਾਇਆ, ਇਹ ਐਲਾਨ ਸਿੱਖ ਧਰਮ ਦਾ ਸਤਿਕਾਰ ਕਰਨ ਲਈ ਨਹੀਂ ਸੀ ਸਗੋਂ ਇਸ ਨੂੰ ਸਿੱਖ ਧਰਮ ਦਾ ਨਿਰਾਦਰ ਕਰਨ ਲਈ ਆਧਾਰ ਬਣਾਇਆ ਜਾਣਾ ਸੀ। 29 ਮਾਰਚ 1849 ਨੂੰ ਪੰਜਾਬ ਦੇ ਅੰਗਰੇਜ਼ ਰਾਜ ਦਾ ਹਿੱਸਾ ਬਣਨ ਤੋਂ ਕੁੱਲ 51 ਦਿਨ ਮਗਰੋਂ ਅੰਗਰੇਜ਼ ਨੇ ਗੋਲ-ਮੋਲ ਸ਼ਬਦ ਵਰਤ ਕੇ ਨਵਾਂ ਐਲਾਨ ਕੀਤਾ ਜਿਸ ਅਨੁਸਾਰ ਸਿੱਖ ਧਰਮ ਵਾਂਗ ਹਰ ਧਰਮ ਵਿਚ ਕਿਸੇ ਵੀ ਬਾਹਰਲੇ ਦਖ਼ਲ ਦੀ ਮਨਾਹੀ ਕਰ ਦਿੱਤੀ ਗਈ। ਐਲਾਨ ਵਿਚ ਕਿਹਾ ਗਿਆ, “ਕਿਸੇ ਨੂੰ ਵੀ ਆਪਣੇ ਗੁਆਂਢੀ ਦੀ ਰਹਿਤਲ ਵਿਚ ਤੇ ਉਹਨਾਂ ਰਸਮਾਂ-ਰੀਤਾਂ ਵਿਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਮੰਨਣਾ ਉਸ ਗੁਆਂਢੀ ਦਾ ਧਰਮ ਲਾਜ਼ਮੀ ਬਣਾਉਂਦਾ ਹੋਵੇ ਜਾਂ ਮੰਨਣ ਦੀ ਖੁੱਲ੍ਹ ਦਿੰਦਾ ਹੋਵੇ।” ਇਉਂ ਅਸਲ ਵਿਚ ਰਹਿਤਲ ਤੇ ਰਸਮ-ਰੀਤ ਦੇ ਨਾਂ ਨਾਲ ਮੁਸਲਮਾਨਾਂ ਨੂੰ ਗਊ-ਬੱਧ ਦੀ ਖੁੱਲ੍ਹ ਦੇ ਦਿੱਤੀ ਗਈ। ਅੰਗਰੇਜ਼ ਦੀ ਸ਼ਹਿ ਨਾਲ ਪੰਜਾਬ ਵਿਚ ਬੁੱਚੜਖਾਨੇ ਖੁੱਲ੍ਹਣ ਲੱਗੇ। ਇਕ ਬੁੱਚੜਖਾਨਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਨੇੜੇ ਖੋਲ੍ਹਿਆ ਗਿਆ। ਮਾਸ-ਹੱਡੀਆਂ ਲੈ ਕੇ ਇੱਲ੍ਹਾਂ-ਕਾਂ ਦਰਬਾਰ ਸਾਹਿਬ ਉੱਤੇ ਆ ਬੈਠਦੇ। ਉੱਡੇ ਜਾਂਦੇ ਜਾਨਵਰਾਂ ਦੇ ਪੰਜਿਆਂ-ਚੁੰਝਾਂ ਵਿਚੋਂ ਮਾਸ-ਹੱਡੀਆਂ ਦਾ ਪਰਕਰਮਾ ਤੇ ਸਰੋਵਰ ਵਿਚ ਡਿੱਗਣਾ ਆਮ ਗੱਲ ਹੋ ਗਿਆ। ਆਖ਼ਰ ਨਾਮਧਾਰੀ ਸਿੱਖਾਂ ਨੇ 14-15 ਜੂਨ 1871 ਦੀ ਰਾਤ ਨੂੰ ਹੱਲਾ ਬੋਲ ਕੇ ਬੁੱਚੜ ਮਾਰ ਦਿੱਤੇ।
        ਇਸੇ ਤਰ੍ਹਾਂ ਰਾਏਕੋਟ ਵਿਚ ਗੁਰਦੁਆਰਾ ਟਾਹਲੀਆਣਾ ਸਾਹਿਬ ਜੋ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਉਥੇ ਠਹਿਰਨ ਦੀ ਯਾਦ ਵਿਚ ਬਣਿਆ ਹੋਇਆ ਸੀ, ਨੇੜੇ ਰਾਂਝਾ ਤੇ ਬੂਟਾ ਨਾਂ ਦੇ ਕਸਾਈਆਂ ਨੇ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ। ਨੇੜੇ ਹੀ ਸੁਥਰਿਆਂ ਦੀ ਧਰਮਸ਼ਾਲਾ ਵੀ ਸੀ। ਇਥੇ ਵੀ ਗੁਰਦੁਆਰੇ ਤੇ ਧਰਮਸ਼ਾਲਾ ਦਾ ਇੱਲ੍ਹਾਂ-ਕਾਵਾਂ ਨੇ ਉਹੋ ਹਾਲ ਕਰ ਛੱਡਿਆ ਸੀ। ਬੁੱਚੜ ਆਪ ਵੀ ਵਾਧੂ ਮਾਸ-ਹੱਡ ਜਿਥੇ ਜੀਅ ਕਰਦਾ, ਸੁੱਟ ਦਿੰਦੇ।
         ਭੈਣੀ ਸਾਹਿਬ ਨੂੰ ਜਾਂਦੇ ਹੋਏ ਮੇਰੇ ਪਿੰਡ ਪਿੱਥੋ ਦੇ ਤਿੰਨ ਨਾਮਧਾਰੀ- 22 ਸਾਲ ਦਾ ਮਸਤਾਨ ਸਿੰਘ ਭੁੱਲਰ ਪੁੱਤਰ ਕਿਸ਼ਨ ਸਿੰਘ, 28 ਸਾਲ ਦਾ ਮੰਗਲ ਸਿੰਘ ਭੁੱਲਰ ਪੁੱਤਰ ਸਮੁੰਦ ਸਿੰਘ ਤੇ 30 ਸਾਲਾਂ ਦਾ ਗੁਰਮੁਖ ਸਿੰਘ ਮੁਹਾਰ ਪੁੱਤਰ ਮੋਹਰ ਸਿੰਘ- ਇਕ ਰਾਤ ਸੁਥਰਿਆਂ ਦੀ ਧਰਮਸ਼ਾਲਾ ਵਿਚ ਠਹਿਰੇ। ਉਥੋਂ ਤੱਕ ਪਹੁੰਚ ਰਹੀ ਬੁੱਚੜਖਾਨੇ ਦੀ ਦੁਰਗੰਧ ਤੋਂ ਚੱਲੀ ਗੱਲ ਧਰਮਸ਼ਾਲਾ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਦਰਦ-ਕਥਾ ਤੱਕ ਜਾ ਪੁੱਜੀ। ਉਹਨਾਂ ਤਿੰਨਾਂ ਨੇ ਆਪਣੀ ਮੰਜ਼ਿਲ, ਭੈਣੀ ਸਾਹਿਬ ਜਾਣ ਦੀ ਥਾਂ ਬੁੱਚੜਾਂ ਨੂੰ ਮਾਰ ਮੁਕਾਉਣ ਦਾ ਫ਼ੈਸਲਾ ਕਰ ਲਿਆ। ਤਲਵਾਰਾਂ ਆਦਿ ਲੋੜੀਂਦੇ ਹਥਿਆਰਾਂ ਵਾਸਤੇ ਉਹ ਆਪਣੇ ਬੋਤਿਆਂ ਉੱਤੇ ਉਥੋਂ ਕੁਝ ਦੂਰ ਦੇ ਪਿੰਡ ਤਾਜਪੁਰ ਦੇ ਇਕ ਜਾਣਕਾਰ ਤੋਂ ਮਦਦ ਲੈਣ ਲਈ ਚੱਲ ਪਏ। 15-16 ਜੁਲਾਈ 1871 ਦੀ ਰਾਤ ਨੂੰ ਵਰ੍ਹਦੇ ਮੀਂਹ ਵਿਚ ਵਾਪਸ ਆ ਕੇ ਉਹਨਾਂ ਨੇ ਬੁੱਚੜਖਾਨੇ ਦਾ ਦਰਵਾਜ਼ਾ ਜਾ ਖੜਕਾਇਆ ਅਤੇ “ਕੌਣ ਹੈ” ਦੇ ਜਵਾਬ ਵਿਚ ਦੱਸਿਆ ਕਿ ਉਹ ਰਾਹੀ ਹਨ ਤੇ ਉਹਨਾਂ ਨੂੰ ਹੁੱਕੇ ਲਈ ਅੱਗ ਚਾਹੀਦੀ ਹੈ। ਜਿਉਂ ਹੀ ਦਰਵਾਜ਼ਾ ਖੁੱਲ੍ਹਿਆ, ਅੰਦਰ ਵੜ ਕੇ ਕੀਤੇ ਉਹਨਾਂ ਦੇ ਹਮਲੇ ਵਿਚ ਦੋ ਜਣੇ, ਇਕ ਮਰਦ ਤੇ ਇਕ ਔਰਤ, ਮਾਰੇ ਗਏ ਤੇ ਸੱਤ ਜ਼ਖ਼ਮੀ ਹੋ ਗਏ। ਉਹਨਾਂ ਨੇ ਗਊਆਂ ਦੇ ਰੱਸੇ ਵੱਢ ਕੇ ਉਹ ਬਾਹਰ ਭਜਾ ਦਿੱਤੀਆਂ। ਸਬਬ ਨਾਲ ਬੂਟਾ ਉਥੇ ਹੈ ਨਹੀਂ ਸੀ ਤੇ ਰਾਂਝਾ ਦੂਜਿਆਂ ਉੱਤੇ ਵਾਰ ਹੁੰਦੇ ਦੇਖ ਕੇ ਭੱਜਣ ਵਿਚ ਸਫਲ ਹੋ ਗਿਆ।
          ਤਿੰਨੇ ਨੌਜਵਾਨ ਉਥੋਂ ਹੀ ਵਾਪਸ ਪਿੱਥੋ ਨੂੰ ਚੱਲ ਪਏ। ਕਈ ਲੋਕਾਂ ਤੋਂ ਕੀਤੀ ਗਈ ਪੁੱਛ-ਪੜਤਾਲ ਪੁਲੀਸ ਨੂੰ ਉਹਨਾਂ ਦੇ ਮਗਰੇ-ਮਗਰ ਪਿੰਡ ਪਿੱਥੋ ਲੈ ਪਹੁੰਚੀ। ਕਿਸੇ ਨੇ ਪੁਲੀਸ ਦੀ ਪਹੁੰਚ ਦੀ ਜਾਣਕਾਰੀ ਦੇ ਆਧਾਰ ਉੱਤੇ ਉਹਨਾਂ ਨੂੰ ਭੱਜ ਜਾਣ ਲਈ ਕਿਹਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਹੱਥ ਨਾ ਆਏ, ਪੁਲੀਸ ਪਰਿਵਾਰਾਂ ਅਤੇ ਪਿੰਡ ਵਾਲ਼ਿਆਂ ਨੂੰ ਤੰਗ ਕਰੇਗੀ, ਬੁੱਚੜ ਅਸੀਂ ਸੋਧੇ ਹਨ, ਸਜ਼ਾ ਵੀ ਅਸੀਂ ਹੀ ਭੁਗਤਾਂਗੇ।
       ਅੰਗਰੇਜ਼ਾਂ ਦੀ ਸਮੱਸਿਆ ਬੁੱਚੜਾਂ ਦਾ ਕਤਲ ਨਹੀਂ ਸੀ ਸਗੋਂ ਇਸ ਤਰੀਕੇ ਸਰਕਾਰ ਨੂੰ ਪਾਈ ਵੰਗਾਰ ਸੀ। ਅੰਮ੍ਰਿਤਸਰ ਕਾਂਡ ਤੋਂ ਪੂਰਾ ਇਕ ਮਹੀਨਾ ਮਗਰੋਂ ਰਾਏਕੋਟ ਦਾ ਹਮਲਾ ਲੋਕਾਂ ਨੂੰ ਅੰਗਰੇਜ਼ ਹਕੂਮਤ ਦੀ ਕਮਜ਼ੋਰੀ ਦਾ ਸੁਨੇਹਾ ਸੀ। ਤਿੰਨਾਂ ਦਾ ਗ੍ਰਿਫ਼ਤਾਰ ਹੋਣਾ ਸੀ ਕਿ ਅੰਗਰੇਜ਼ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫ਼ਾਂਸੀ ਚੜ੍ਹਾਉਣ ਦਾ ਇਰਾਦਾ ਕਰ ਲਿਆ ਤਾਂ ਜੋ ਲੋਕਾਂ ਵਿਚ ਸਰਕਾਰ ਦੇ ਦਬਦਬੇ ਅਤੇ ਭੈ ਦਾ ਮਾਹੌਲ ਬਣਾਇਆ ਜਾ ਸਕੇ। ਮੁਕੱਦਮਾ ਰਾਏਕੋਟ ਨੇੜੇ ਬੱਸੀਆਂ ਦੀ ਕੋਠੀ ਵਿਚ ਚੱਲਿਆ।
          ਮੈਜਿਸਟਰੇਟ ਨੇ ਆਪਣੀ ਕਾਰਵਾਈ ਦੋ ਦਿਨ ਵਿਚ ਖ਼ਤਮ ਕਰ ਕੇ ਫ਼ਾਈਲ ਸੈਸ਼ਨ ਜੱਜ ਦੇ ਹਵਾਲੇ ਕਰ ਦਿੱਤੀ ਜੋ ਉਸ ਸਮੇਂ ਤੱਕ ਬੱਸੀਆਂ ਕੋਠੀ ਪਹੁੰਚ ਚੁੱਕਿਆ ਸੀ। ਸੈਸ਼ਨ ਜੱਜ ਨੇ 27 ਜੁਲਾਈ 1871 ਨੂੰ, ਭਾਵ ਸਾਕੇ ਦੇ ਬਾਰਵੇਂ ਦਿਨ, ਤਿੰਨਾਂ ਨੂੰ ਫ਼ਾਂਸੀ ਦਾ ਫ਼ੈਸਲਾ ਸੁਣਾ ਦਿੱਤਾ ਜਿਸ ਵਿਚ ਉਹਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ, “ਮੈਂ ਸਮਝਦਾ ਹਾਂ ਕਿ ਬੁੱਚੜਾਂ ਦਾ, ਜੋ ਅੰਗਰੇਜ਼ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਨਜ਼ੂਰ ਕੀਤੀ ਗਈ ਜਗ੍ਹਾ ਵਿਚ ਆਪਣਾ ਕਾਰੋਬਾਰ ਚਲਾ ਰਹੇ ਸਨ, ਉਹਨਾਂ ਨੂੰ ਨਾ ਜਾਣਨ ਵਾਲੇ ਬੰਦਿਆਂ ਹੱਥੋਂ ਕਤਲ ਸਾਡੀ ਸੱਤਾ ਤੋਂ ਸਿੱਧੀ ਨਾਬਰੀ ਹੈ। ਤੇ ਮੇਰਾ ਮੰਨਣਾ ਹੈ ਕਿ ਅਜਿਹੀ ਨਾਬਰੀ ਦੀ ਵੱਧ ਤੋਂ ਵੱਧ ਸਜ਼ਾ ਨਾ ਦੇਣਾ ਸਾਡੀ ਸੱਤਾ ਵਾਸਤੇ ਖ਼ਤਰਨਾਕ ਹੋਵੇਗਾ।”
       1 ਅਗਸਤ ਨੂੰ ਪੰਜਾਬ ਦੀ ਚੀਫ ਕੋਰਟ ਦੇ ਜੱਜ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। ਇਸੇ ਕੋਰਟ ਦੇ ਦੂਜੇ ਜੱਜ ਨੇ ਵੀ ਕਥਿਤ ਕਾਨੂੰਨ ਦੀ ਖਾਨਾ-ਪੂਰਤੀ ਕਰਨ ਲਈ ਇਸ ਫ਼ੈਸਲੇ ਨਾਲ ਆਪਣੀ ਸਹਿਮਤੀ ਉਸੇ ਦਿਨ ਹੀ ਦੇ ਦਿੱਤੀ। 5 ਅਗਸਤ ਦੀ ਸਵੇਰ ਨੂੰ, ਭਾਵ ਸਾਕੇ ਤੋਂ ਵੀਹਵੇਂ ਦਿਨ ਤਿੰਨਾਂ ਨਾਮਧਾਰੀਆਂ ਨੂੰ ਖੁੱਲ੍ਹੇ-ਆਮ, ਲਗਭਗ ਦੋ ਸੌ ਬੰਦਿਆਂ ਦੇ ਦੇਖਦਿਆਂ, ਉਸੇ ਬੁੱਚੜਖਾਨੇ ਦੇ ਨੇੜੇ ਫ਼ਾਂਸੀ ਦੇ ਦਿੱਤੀ ਗਈ। ਦੱਸਦੇ ਹਨ, ਉਹਨਾਂ ਨੇ ਚਿਹਰੇ ਢਕੇ ਬਿਨਾਂ ਫ਼ਾਂਸੀਆਂ ਦੇ ਰੱਸੇ ਆਪਣੇ ਗਲ਼ਾਂ ਵਿਚ ਆਪ ਪਾਏ। ਥਾਣੇਦਾਰ ਅਸੂਲ ਹਸਨ ਨੇ ਉਸੇ ਦਿਨ, ਭਾਵ 5 ਅਗਸਤ 1871 ਨੂੰ ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਇਸ ਘਟਨਾ ਬਾਰੇ ਦੱਸਿਆ। ਸੰਖੇਪ ਜਿਹੀ, ਚਾਰ ਕੁ ਸਤਰਾਂ ਦੀ ਇਸ ਚਿੱਠੀ ਵਿਚੋਂ ਸਾਨੂੰ ਕਈ ਪੱਖਾਂ ਦੀ ਵਡਮੁੱਲੀ ਜਾਣਕਾਰੀ ਮਿਲਦੀ ਹੈ। ਉਹਨੇ ਲਿਖਿਆ ਸੀ: “ਅੱਜ ਸਵੇਰੇ ਪੰਜ ਵਜੇ ਰਾਏਕੋਟ ਦੇ ਬੁੱਚੜਾਂ ਦੇ ਕਾਤਲ ਗੁਰਮੁਖ ਸਿੰਘ, ਮਸਤਾਨ ਸਿੰਘ ਤੇ ਮੰਗਲ ਸਿੰਘ ਨੂੰ ਬੁੱਚੜਖਾਨੇ ਦੇ ਨੇੜੇ ਫ਼ਾਹੇ ਲਾਇਆ ਗਿਆ। ਫ਼ਾਹੇ ਲਾਏ ਗਏ ਤਿੰਨਾਂ ਕਾਤਲਾਂ ਦੀਆਂ ਲਾਸ਼ਾਂ ਬਾਰੇ ਗੁਰਮੁਖ ਸਿੰਘ ਕਾਤਲ ਦੇ ਚਾਚੇ ਚੰਦ ਸਿੰਘ ਨੂੰ, ਜਿਹੜਾ ਫ਼ਾਂਸੀ ਦੇ ਸਮੇਂ ਹਾਜ਼ਰ ਸੀ, ਕਿਹਾ ਗਿਆ ਕਿ ਉਹ ਆਪਣੇ ਪਿੰਡ ਲਿਜਾ ਕੇ ਉਹਨਾਂ ਦਾ ਦਾਹ-ਸੰਸਕਾਰ ਕਰ ਦੇਵੇ। ਉਹ ਤਿੰਨਾਂ ਕਾਤਲਾਂ ਦੀਆਂ ਲਾਸ਼ਾਂ ਨੂੰ ਗੱਡੇ ਵਿਚ ਲੱਦ ਕੇ ਪਿੰਡ ਪਿੱਥੋ ਨੂੰ ਰਵਾਨਾ ਹੋ ਗਿਆ ਹੈ।”
        ਮੇਰੇ ਬਾਪੂ ਜੀ ਆਪਣੇ ਬਚਪਨ ਵਿਚ ਸੁਣੀਆਂ ਹੋਈਆਂ ਗੱਲਾਂ ਦੱਸਿਆ ਕਰਦੇ ਸਨ ਕਿ ਤਿੰਨੇ ਚਿਤਾਵਾਂ ਬਿਲਕੁਲ ਨਾਲ-ਨਾਲ ਚਿਣੀਆਂ ਗਈਆਂ ਜਿਸ ਕਰਕੇ ਉਹ ਇਕ ਵੱਡੀ ਸਾਂਝੀ ਚਿਤਾ ਵਾਂਗ ਹੋ ਗਈਆਂ। ਉਹਨਾਂ ਨੇ ਮੈਨੂੰ ਪਿੰਡ ਦੇ ਸਿਵਿਆਂ ਵਿਚ ਤਿੰਨਾਂ ਸ਼ਹੀਦਾਂ ਦੀ ਸਾਂਝੀ ਚਿਤਾ ਨਾਲ ਰੜ੍ਹੀ ਹੋਈ ਥਾਂ ਵੀ ਦਿਖਾਈ ਸੀ ਜਿਸ ਉੱਤੇ ਮਗਰੋਂ ਕੋਈ ਹੋਰ ਚਿਤਾ ਨਹੀਂ ਸੀ ਬਾਲ਼ੀ ਗਈ। ਉਹਨਾਂ ਦੀ ਸ਼ਹੀਦੀ ਨੂੰ ਸਤਿਕਾਰਦਿਆਂ ਹੁਣ ਸੁਹਣੀ ਯਾਦਗਾਰ ਉਸਾਰ ਦਿੱਤੀ ਗਈ ਹੈ। ਅੱਜ ਯਾਦਗਾਰ ਵਿਖੇ ਇਹਨਾਂ ਸ਼ਹੀਦਾਂ ਨੂੰ ਸਿਮਰਦਿਆਂ ਜੋੜਮੇਲਾ ਅਤੇ ਅਖੰਡ ਪਾਠ ਦਾ ਭੋਗ ਹੈ।
ਸੰਪਰਕ : 80763-63058

ਮੌਜੀ ਤੇ ਮੋਹਖੋਰਾ ਮਨੁੱਖ, ਸਵੈਮਾਨੀ ਤੇ ਸੰਜੀਦਾ ਸਾਹਿਤਕਾਰ ਮੋਹਨ ਭੰਡਾਰੀ - ਗੁਰਬਚਨ ਸਿੰਘ ਭੁੱਲਰ

ਮੋਹਨ ਭੰਡਾਰੀ ਦੀ ਜੀਵਨ-ਜੋਤ ਲੰਮੇ ਸਮੇਂ ਤੋਂ ਮੱਧਮ ਪੈਂਦੀ-ਪੈਂਦੀ ਆਖ਼ਰ ਬੁਝ ਗਈ। ਉਹਦੇ ਨਾਲ ਫੋਨ ਰਾਹੀਂ ਗੱਲ ਹੁੰਦੀ ਤਾਂ ਬੋਲ-ਬਾਣੀ ਤੇ ਚਿੱਤ-ਚੇਤਾ ਠੀਕ ਲਗਦੇ। ਪਿਛਲੇ ਸਾਲ ਫ਼ਰਵਰੀ ਵਿਚ ਪੰਜਾਬ ਆਰਟ ਕੌਂਸਲ ਨੇ ਜਦੋਂ ਸਾਨੂੰ ਦੋਵਾਂ ਨੂੰ ‘ਪੰਜਾਬ ਗੌਰਵ’ ਸਨਮਾਨ ਦਿੱਤਾ, ਉਥੇ ਦੇਖਿਆ, ਉਹਨੂੰ ਬੈਠਣ-ਉੱਠਣ ਤੇ ਚੱਲਣ ਵੇਲੇ ਸਹਾਰੇ ਦੀ ਲੋੜ ਪੈਣ ਲੱਗੀ ਸੀ। ਚਲਾਣੇ ਤੋਂ ਥੋੜ੍ਹੇ ਦਿਨ ਪਹਿਲਾਂ ਤੱਕ ਉਹ ਫੋਨ ਫੜ ਕੇ ਗੱਲ ਕਰਦਾ ਸੀ ਤੇ ਗੱਲਬਾਤ ਸਮੇਂ ਵੀ ਕੋਈ ਮਾਨਸਿਕ ਧੁੰਦਲਾਪਨ ਨਹੀਂ ਸੀ ਹੁੰਦਾ। ਉਹ ‘ਪੰਜਾਬੀ ਟ੍ਰਿਬਿਊਨ’ ਦੀਆਂ ਸੁਰਖੀਆਂ ਦੇਖ ਲੈਂਦਾ ਹੋਣ ਬਾਰੇ ਵੀ ਦਸਦਾ। ਉਹਦੀ ਸਾਥਣ ਨਿਰਮਲ ਖ਼ੁਰਾਕ ਘਟਦੀ ਜਾਣ ਦਾ ਤੇ ਸਰੀਰਕ ਕਮਜ਼ੋਰੀ ਵਧਦੀ ਹੋਣ ਦਾ ਜ਼ਿਕਰ ਕਰਦੀ। ਉਹਦਾ ਜਨਮ 17 ਫ਼ਰਵਰੀ 1937 ਦਾ ਸੀ। ਜ਼ਿਲਾ ਸੰਗਰੂਰ ਦਾ ਪਿੰਡ ਬਨਭੌਰਾ। ਮੈਥੋਂ ਉਹ ਉਨੱਤੀ ਦਿਨ ਵੱਡਾ ਸੀ। ਜਦੋਂ ਮੋਹ ਦੇ ਲੋਰ ਵਿਚ ਆਉਂਦਾ, ਤਾਂ ਆਖਦਾ, ‘‘ਉਨੱਤੀ ਤਾਂ ਬਹੁਤ ਵੱਡੀ ਗੱਲ ਹੈ, ਭਾਈ ਸਾਹਿਬ, ਵਡੱਤਣ ਤਾਂ ਇਕ ਦਿਨ ਦੀ ਮਾਣ ਨਹੀਂ ਹੁੰਦੀ!’’ ਮੇਰੇ ਕੋਲ ਉਹਦੀ ਇਸ ਅਪਣੱਤ ਦਾ ਜਵਾਬ ਸੱਤ-ਬਚਨੀਆ ਬਣਨ ਤੋਂ ਬਿਨਾਂ ਹੋਰ ਕੀ ਹੋ ਸਕਦਾ ਸੀ! ਅਜਿਹੇ ਵੇਲੇ ਉਹਦੀਆਂ ਅੱਖਾਂ ਵਿਚ ਸਿੱਲ੍ਹ ਸਿੰਮ ਆਉਂਦੀ। ਉਹ ਅਜਿਹਾ ਮਨੁੱਖ ਸੀ ਜਿਸ ਦੇ ਜਾਣ ਨਾਲ ਅਨੇਕ ਮਿੱਤਰ ਆਪਣੇ ਦਿਲ ਦਾ ਇਕ ਕੋਣਾ ਸੁੰਨਾ ਹੋ ਗਿਆ ਮਹਿਸੂਸ ਕਰਨਗੇ। ਉਹ ਅਜਿਹਾ ਕਹਾਣੀਕਾਰ ਸੀ ਜਿਸ ਨੇ ਇਕ-ਦੋ ਨਹੀਂ, ਅਨੇਕ ਕਹਾਣੀਆਂ ਅਜਿਹੀਆਂ ਲਿਖੀਆਂ ਜੋ ਪੀੜ੍ਹੀਆਂ ਤੱਕ ਪਾਠਕਾਂ ਦਾ ਧਿਆਨ ਖਿਚਦੀਆਂ ਤੇ ਉਹਨਾਂ ਦੀ ਪ੍ਰਸੰਸਾ ਖਟਦੀਆਂ ਰਹਿਣਗੀਆਂ।

        ਉਹਨੇ ਲਿਖਿਆ ਘੱਟ, ਪੜ੍ਹਿਆ ਬਹੁਤਾ। ਉਹ ਇਸ ਕਹਾਵਤ ਵਿਚ ਵਿਸ਼ਵਾਸ ਰਖਦਾ ਸੀ ਕਿ ਜੇ ਲੇਖਕ ਦਸ ਦਿਨ ਨਾ ਲਿਖੇ, ਕੋਈ ਫ਼ਰਕ ਨਹੀਂ ਪੈਂਦਾ ਪਰ ਜੇ ਉਹ ਇਕ ਦਿਨ ਵੀ ਪੜ੍ਹੇ ਨਾ, ਉਹ ਬਹੁਤ ਘਾਟੇ ਵਿਚ ਰਹਿੰਦਾ ਹੈ। ਉਹਨੇ ਗਲਪ ਦੇ ਉਸਤਾਦ ਮੰਨੇ ਜਾਂਦੇ ਬਾਹਰਲੇ ਲੇਖਕ ਲੱਭ-ਲੱਭ ਕੇ ਪੜ੍ਹੇ ਤੇ ਚੇਤੇ ਵਿਚ ਵਸਾਏ। ਉਰਦੂ ਦੇ, ਖਾਸ ਕਰ ਕੇ ਪੰਜਾਬੀ ਪਿਛੋਕੇ ਵਾਲੇ ਗਲਪਕਾਰ ਤਾਂ ਪੜ੍ਹਨੇ ਤੇ ਗੁੜ੍ਹਨੇ ਹੀ ਹੋਏ! ਉਹਨੇ ਸ਼ਹਿਦ ਦੀ ਮੱਖੀ ਵਾਂਗ ਇਹਨਾਂ ਸਾਰੇ ਫੁੱਲਾਂ ਦਾ ਰਸ ਕਣੀ-ਕਣੀ ਕਰ ਕੇ ਆਪਣੀ ਕਹਾਣੀ-ਕਲਾ ਦੇ ਮਖ਼ਿਆਲ ਵਿਚ ਸੰਜੋਇਆ-ਸਮੋਇਆ ਹੋਇਆ ਸੀ। ਕਹਾਣੀ ਦੀ ਸ਼ੁਰੂਆਤ ਕਰਦਿਆਂ ਉਹਨੇ ‘ਮੈਨੂੰ ਟੈਗੋਰ ਬਣਾ ਦੇ, ਮਾਂ’ ਲਿਖੀ। ਪੰਜਾਬੀ ਦਾ ਕੋਈ ਪਾਠਕ ਹੀ ਹੋਵੇਗਾ ਜਿਸ ਨੇ ਇਹ ਕਹਾਣੀ ਪੜ੍ਹੀ ਨਾ ਹੋਵੇ। ਇਸ ਲਈ ਵੀ ਕਿ ਇਹ ਮੁੜ-ਮੁੜ ਸਕੂਲੀ ਪੜ੍ਹਾਈ ਦੀਆਂ ਕਿਤਾਬਾਂ ਵਿਚ ਸ਼ਾਮਲ ਹੁੰਦੀ ਰਹੀ ਹੈ। ਅੱਗੇ ਚੱਲ ਕੇ ਇਹ ਉਹਦੇ ਪਹਿਲੇ ਸੰਗ੍ਰਹਿ ‘ਤਿਲਚੌਲੀ’ ਵਿਚ ਸ਼ਾਮਲ ਹੋਈ। ਇਸ ਕਹਾਣੀ ਦੀ ਪਕਿਆਈ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹਦੇ ਪੰਜਵੇਂ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਮਗਰੋਂ ਵੀ ਅਨੇਕ ਲੋਕਾਂ ਦੇ ਦਿਲ ਵਿਚ ਉਹਦੀ ਪ੍ਰਤੀਨਿਧ ਕਹਾਣੀ ਇਹੋ ਹੀ ਬਣੀ ਰਹੀ। ਇਸ ਵਿਚ ਘੁਮਿਆਰਾਂ ਦੇ ਮੁੰਡੇ ਦਾ ਪਾਤਰ ਏਨੀ ਕਲਾਕਾਰੀ ਨਾਲ ਉਸਾਰਿਆ ਗਿਆ ਸੀ ਕਿ ਦੇਖ-ਪੜ੍ਹ ਕੇ ਸੰਤ ਸਿੰਘ ਸੇਖੋਂ ਹੈਰਾਨ ਰਹਿ ਗਏ। ਜਦੋਂ ਉਹ ਅਗਲੀ ਵਾਰ ਕਿਤੇ ਮਿਲੇ, ਇਹਨੂੰ ਪੂਰੀ ਗੰਭੀਰਤਾ ਨਾਲ ਸਵਾਲ ਕੀਤਾ, ‘‘ਭੰਡਾਰੀ ਤੂੰ ਘੁਮਿਆਰ ਹੁੰਨੈਂ?’’ ਮੈਂ ਨਹੀਂ ਸਮਝਦਾ, ਉਸ ਕਹਾਣੀ ਦੀ ਇਸ ਤੋਂ ਵੱਡੀ ਕੋਈ ਹੋਰ ਪ੍ਰਸੰਸਾ ਹੋ ਸਕਦੀ ਹੈ!

        ਉਂਜ ਇਕ ਕਹਾਣੀ ਉਹ ਬਹੁਤ ਪਹਿਲਾਂ ਲਿਖ ਚੁੱਕਿਆ ਸੀ। ਇਹ ਪਲੇਠਾ ਸਾਹਿਤਕ ਕਦਮ ਉਹਨੇ ਨੌਵੀਂ ਵਿਚ ਪੜ੍ਹਦਿਆਂ ਹੀ ਕਹਾਣੀ ‘ਅੱਧਵਾਟਾ’ ਲਿਖ ਕੇ ਚੁੱਕ ਲਿਆ ਸੀ। ਕਹਾਣੀ ਲਿਖਣ ਤੋਂ ਵੀ ਵੱਡੀ ਬਹਾਦਰੀ ਇਹ ਕੀਤੀ ਕਿ ਪਿੰਡ ਦੀ ਕੁੜੀ ਦਾ ਨਾਂ ਵੀ ਅਸਲੀ ਲਿਖ ਦਿੱਤਾ ਤੇ ਹੱਥ ਦੀ ਲਿਖੀ ਹੋਈ ਕਹਾਣੀ ਦੇ ਵੀ ਉਹਨੂੰ ਹੀ ਦਿੱਤੀ। ਉਹ ਦਸਦਾ ਸੀ, ‘‘ਮੈਂ ਸ਼ਹੀਦ ਹੁੰਦਾ-ਹੁੰਦਾ ਬਚਿਆ।’’ ਤੇ ਉਹ ਝੁਰਦਾ ਸੀ, ‘‘ਹੁਣ ਤਾਂ ਉਹ ਕਹਾਣੀ ਨਾਇਕਾ ਕੋਲ ਵੀ ਕਿਥੇ ਬਚੀ ਹੋਣੀ ਐ।... ਇਕ ਵਾਰ ਮੈਂ ਅਖ਼ਬਾਰ ਵਿਚ ਲੰਮੀ-ਚੌੜੀ ਇਸ਼ਤਿਹਾਰੀ ਟਿੱਪਣੀ ਵੀ ਛਪਵਾਈ ਸੀ, ‘ਜੇ ਕਿਤੇ ਪੜ੍ਹਦੀ-ਸੁਣਦੀ ਹੋਵੇ ਤਾਂ ਮੇਰੀ ਕਹਾਣੀ ਮੋੜ ਦੇਵੇ।’ ਪਰ ਜੀ ਕਿਥੇ!’’

        ਉਹਨੇ ‘‘ਜਾਨ ਬਚੀ ਔਰ ਲਾਖੋਂ ਪਾਏ’’ ਆਖ ਕੇ ਰੱਬ ਦਾ ਸ਼ੁਕਰ ਕੀਤਾ ਤੇ ਕਹਾਣੀ ਲਿਖਣ ਤੋਂ ਤੋਬਾ ਕਰ ਕੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਹਨਾਂ ਵੇਲਿਆਂ ਦੀ ਉਹਦੀ ਇਕ ਕਵਿਤਾ ਦੀਆਂ ਕੁਝ ਸਤਰਾਂ ਤਾਂ ਮੈਨੂੰ ਅੱਜ ਵੀ ਯਾਦ ਹਨ : ਭਾਲ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ। ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ। ਜੀਹਨੂੰ ਮਿਲਦੈਂ ਤੂੰ ਬੱਸ ਐਵੇਂ ਹੀ ਮਿਲ ਜਾਨੈਂ, ਜੀਹਨੂੰ ਨਹੀਂ ਮਿਲਦਾ, ਉਮਰ ਭਰ ਨਹੀਂ ਮਿਲਦਾ!’’ ਦੇਖੋ, ਉਸ ਕੱਚੀ ਉਮਰ ਵਿਚ ਵੀ ਉਹਦੀ ਕਲਮ ਵਿਚ ਏਨੀ ਪਕਿਆਈ ਹੈ ਸੀ ਕਿ ਇਸ ਕਵਿਤਾ ਨੂੰ ਚਾਹੇ ਪ੍ਰੇਮਿਕਾ ਨਾਲ ਜੋੜ ਲਵੋ ਤੇ ਚਾਹੇ ਰੱਬ ਨਾਲ! ਚੰਗੀ ਗੱਲ ਇਹ ਹੋਈ ਕਿ ਕਵਿਤਾ ਉਹਦੇ ਮਨ ਵਿਚੋਂ ਨਿੱਕਲੀ ਵਿਧਾ ਨਹੀਂ ਸੀ ਸਗੋਂ ਉਹ ਝੱਲ ਸੀ ਜੋ ਉਸ ਉਮਰ ਵਿਚ ਲਗਭਗ ਹਰ ਲੇਖਕ ਨੂੰ ਚੜ੍ਹਦਾ ਹੈ ਤੇ ਕੁਝ ਪਰਪੱਕਤਾ ਆਉਣ ਨਾਲ ਇਹ ਦੌਰਾ ਆਪੇ ਹੀ ਹਟ ਜਾਂਦਾ ਹੈ। ਉਹ ਕਹਾਣੀ ਵੱਲ ਪਰਤ ਆਇਆ ਤੇ ਫੇਰ ਕਹਾਣੀ ਦਾ ਹੀ ਹੋ ਰਿਹਾ।

        ਮੋਹਨ ਜ਼ਿੰਦਗੀ ਦੇ ਵਿਸ਼ਾਲ ਪਿੜ ਵਿਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਸੀ। ਇਹਨਾਂ ਵਿਸ਼ਿਆਂ ਨੂੰ ਉਹ ਸਰਲ ਜ਼ਬਾਨ, ਦਿਲਚਸਪ ਬਿਆਨ, ਸੁਭਾਵਿਕ ਮੋੜਾਂ ਅਤੇ ਸਫਲ ਨਿਭਾਅ ਨਾਲ ਪੇਸ਼ ਕਰਦਾ ਸੀ। ਉਹਦੀ ਸਾਰੀ ਉਮਰ ਡੀ.ਪੀ.ਆਈ. ਦੇ ਦਫ਼ਤਰ ਵਿਚ ਨੌਕਰੀ ਕਰਦਿਆਂ ਲੰਘੀ ਜਿਥੇ ਉਹਦਾ ਵਾਹ ਦੀਨ-ਦੁਖਿਆਰੇ ਅਧਿਆਪਕਾਂ ਤੇ ਕਲਰਕਾਂ ਨਾਲ ਪੈਂਦਾ ਸੀ। ਉਹਦੇ ਬਹੁਤੇ ਪਾਤਰ, ਇਸਤਰੀਆਂ ਵੀ ਅਤੇ ਪੁਰਸ਼ ਵੀ, ਸਮੇਂ ਅਤੇ ਸਮਾਜ ਦੇ ਦਰੜੇ ਤੇ ਪਰੇਸ਼ਾਨੇ ਹੋਏ ਲੋਕ ਹਨ। ਇਕ ਗੱਲ ਬੜੀ ਦਿਲਚਸਪ ਹੈ। ਲੋਕ-ਹਿਤੈਸ਼ੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿੰਦਿਆਂ ਵੀ ਉਹ ਸਰਗਰਮ ਰਾਜਨੀਤੀ ਤੋਂ, ਲੋਕ-ਹਿਤੈਸ਼ੀ ਰਾਜਨੀਤੀ ਤੋਂ ਵੀ, ਕੋਹਾਂ ਦੂਰ ਰਿਹਾ। ਹਾਂ, ਪੰਜਾਬੀ ਦੇ ਹੱਕੀ ਸਥਾਨ ਲਈ ਲੇਖਕਾਂ ਦੇ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਉਹ ਪੂਰੇ ਜੋਸ਼ ਤੇ ਸਿਦਕ ਨਾਲ ਸ਼ਾਮਲ ਹੁੰਦਾ। ਇਕ ਵਾਰ ਇਕ ਸੱਜਨ ਨੇ ਪੁੱਛਿਆ, ‘‘ਭੰਡਾਰੀ ਜੀ, ਤੁਸੀਂ ਕਾਂਗਰਸ ਵਿਚ ਹੋ ਜਾਂ ਜਨਤਾ ਪਾਰਟੀ ਵਿਚ? ਸੀ.ਪੀ.ਐਮ. ਵਿਚ ਹੋ ਕਿ ਸੀ.ਪੀ.ਆਈ. ਵਿਚ?’’ ਉਹਦਾ ਉੱਤਰ ਸੀ, ‘‘ਡੀ.ਪੀ.ਆਈ. ਵਿਚ!’’

      ਉਹਦੀ ਇਕ ਆਦਤ ਅਜੀਬ ਸੀ। ਇਹ ਸ਼ਾਇਦ ਉਹਨੂੰ ਛੋਟੀ ਉਮਰੇ ਆਂਢੀਆਂ-ਗੁਆਂਢੀਆਂ ਦੀਆਂ ਚਿੱਠੀਆਂ ਲਿਖ-ਲਿਖ ਪਈ ਸੀ ਜੋ ਸਾਨੂੰ ਸਭ ਨੂੰ ਹੀ ਲਿਖਣੀਆਂ ਪੈਂਦੀਆਂ ਸਨ। ਨਿਆਣੇ ਤੋਂ ਸਿਆਣਾ ਹੋ ਗਿਆ ਪਰ ਉਹਨੇ ਇਹ ਆਦਤ ਛੱਡਣ ਦੀ ਲੋੜ ਨਾ ਸਮਝੀ। ਇਹ ਸੀ ਸਕੂਲ ਵਿਚ ਚਿੱਠੀ ਲਿਖਣੀ ਸਿਖਾਏ ਅਨੁਸਾਰ ਪਹਿਲਾਂ ਆਪ ਹੀ ਚਿੱਠੀ ਲਿਖਾਉਣ ਵਾਲੇ ਦਾ ਸਿਰਨਾਵਾਂ ਲਿਖ ਦੇਣਾ ਅਤੇ ਫੇਰ ਗੁਰਮੁਖੀ ਵਿਚ ‘‘ਯਹਾਂ ਪਰ ਖ਼ੈਰੀਅਤ ਹੈ, ਆਪ ਜੀ ਕੀ ਖ਼ੈਰੀਅਤ ਵਾਹਿਗੁਰੂ ਪਾਸੋਂ ਚਾਹੁੰਦੇ ਹਾਂ, ਸੂਰਤ-ਹਵਾਲ ਯਿਹ ਹੈ ਕਿ...’’ ਲਿਖ ਕੇ ਕਲਮ ਰੋਕਣੀ ਤੇ ਪੁੱਛਣਾ, ‘‘ਹਾਂ ਜੀ, ਦੱਸੋ, ਕੀ ਲਿਖਣਾ ਹੈ?’’ ਮੋਹਨ ਚਿੱਠੀ, ਜੇ ‘ਸੂਰਤ-ਹਵਾਲ’ ਲੰਮਾ ਨਾ ਹੋਵੇ, ਹਮੇਸ਼ਾ ਕਾਰਡ ਉੱਤੇ ਲਿਖਦਾ ਸੀ ਅਤੇ ਸੱਜੇ ਕੋਣੇ ਵਿਚ 3284/1, ਸੈਕਟਰ 44-ਡੀ, ਚੰਡੀਗੜ੍ਹ ਜ਼ਰੂਰ ਲਿਖਦਾ ਸੀ ਤੇ ਨਾਲ ਤਾਰੀਖ਼ ਵੀ ਪਾ ਦਿੰਦਾ ਸੀ। ਜਦੋਂ ਮੈਨੂੰ ਵੀ ਚਿੱਠੀ ਲਿਖਦਾ, ਜੋ ਪੰਜਾਹ ਵਾਰ ਉਹਦੇ ਘਰ ਜਾ ਚੁੱਕਿਆ ਸੀ, ਉਹ ਇਹ ਰੀਤ ਪਾਲਣੀ ਨਹੀਂ ਸੀ ਭੁਲਦਾ। ਮੈਂ ਮਖ਼ੌਲ ਕਰਦਾ, ‘‘ਜੇ ਨਿਰਮਲ ਭਾਬੀ ਕੁਝ ਦਿਨਾਂ ਲਈ ਪੇਕੇ ਗਈ ਹੋਵੇ ਤੇ ਤੂੰ ਉਹਨੂੰ ਚਿੱਠੀ ਲਿਖਣੀ ਹੋਵੇ, ਉਸ ਕਾਰਡ ਦੇ ਉਤਲੇ ਸੱਜੇ ਖੂੰਜੇ ਵਿਚ ਵੀ ਆਪਣਾ ਪੂਰਾ ਪਤਾ ਜ਼ਰੂਰ ਲਿਖੇਂਗਾ!’’ ਸਿੱਟਾ ਇਹ ਹੋਇਆ ਕਿ ਜਿਸ ਪਾਠਕ-ਲੇਖਕ ਨਾਲ ਇਕ ਵਾਰ ਉਹਦੀ ਚਿੱਠੀ ਦੀ ਆਵਾਜਾਈ ਹੋ ਜਾਂਦੀ, ਉਹ ਕਿਸੇ ਕੰਮ ਚੰਡੀਗੜ੍ਹ ਆਉਣ ਵੇਲੇ ਇਹਦਾ ਕਾਰਡ ਦੂਹਰਾ ਕਰ ਕੇ ਜੇਬ ਵਿਚ ਪਾਉਂਦਾ ਅਤੇ ਆਪਣੇ ਪਿਆਰੇ ਕਹਾਣੀਕਾਰ ਦੇ ਦਰਸ਼ਨ ਕਰਨ ਪਹੁੰਚ ਜਾਂਦਾ। ਇਸੇ ਕਾਰਨ ਮੈਂ ਬਹੁਤ ਪਹਿਲਾਂ ਉਹਦੇ ਘਰ ਦਾ ਨਾਂ ‘ਡੇਰਾ ਬਾਬਾ ਮੋਹਨ ਭੰਡਾਰੀ’ ਰੱਖ ਦਿੱਤਾ ਸੀ।

         ਇਸ ਡੇਰੇ ਦੇ ਸਿਰਨਾਵੇਂ ਦੀ ਕਥਾ ਵੀ ਨਿਰਾਲੀ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਸਨ। ਜਿਵੇਂ ਸਭ ਜਾਣਦੇ ਹੀ ਹਨ, ਉਹ ਲੇਖਕਾਂ ਤੇ ਕਲਾਕਾਰਾਂ ਦੇ ਬੜੇ ਮਿਹਰਬਾਨ ਕਦਰਦਾਨ ਸਨ। ਚੰਡੀਗੜ੍ਹ ਸਾਹਿਤ ਅਕਾਦਮੀ ਵਿਚ ਮੋਹਨ ਨੇ ਕਹਾਣੀ ਪੜ੍ਹਨੀ ਸੀ ਤੇ ਰੰਧਾਵਾ ਸਾਹਿਬ ਪ੍ਰਧਾਨਗੀ ਲਈ ਬੁਲਾਏ ਹੋਏ ਸਨ। ਉਹ ਇਸ ਮੁੰਡੇ ਨੂੰ ਪਹਿਲੀ ਵਾਰ ਦੇਖ-ਸੁਣ ਰਹੇ ਸਨ। ਕਹਾਣੀ ਉਹਨਾਂ ਨੂੰ ਭਾਅ ਗਈ। ਉਹਨੀਂ ਦਿਨੀਂ ਹੀ ਇਹਦਾ ਕਹਾਣੀ-ਸੰਗ੍ਰਹਿ ‘ਤਿਲਚੌਲ਼ੀ’ ਛਪਿਆ। ਰੰਧਾਵਾ ਸਾਹਿਬ ਦੀ ਨਜ਼ਰੋਂ ਲੰਘਿਆ ਤਾਂ ਉਹਨਾਂ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਤੋਂ ‘ਤਿਲਚੌਲ਼ੀ’ ਨੂੰ ਪਹਿਲਾ ਪੁਰਸਕਾਰ ਵੀ ਦੁਆਇਆ ਤੇ ‘ਤਿਲਚੌਲ਼ੀ’ ਦੇ ਲੇਖਕ ਨੂੰ ਅਕਾਦਮੀ ਦੀ ਐਗ਼ਜ਼ੈਕਟਿਵ ਦਾ ਮੈਂਬਰ ਵੀ ਬਣਵਾਇਆ। ਫੇਰ ਕਿਤੇ ਮਿਲੇ ਤਾਂ ਰੰਧਾਵਾ ਸਾਹਿਬ ਕਹਿੰਦੇ, ‘‘ਤੇਰੇ ਘਰ ਚੱਲਾਂਗੇ ਕਿਸੇ ਦਿਨ।’’

        ਇਹਨੇ ਕਿਹਾ, ‘‘ਸੁਆਹ ਘਰ ਐ ਉਹ! ਬਾਰਾਂ ਟਾਈਪ ਦਾ ਅੱਧਾ ਕੁਆਰਟਰ।’’

       ਉਹ ਝੱਟ ਬੋਲੇ, ‘‘ਲਿਆ ਅਰਜ਼ੀ, ਪੂਰਾ ਕਰ ਦਿਆਂ।’’ ਅਰਜ਼ੀ ਉੱਤੇ ਉਹਨਾਂ ਨੇ ਲਿਖਿਆ, ‘‘ਮੋਹਨ ਭੰਡਾਰੀ ਪੰਜਾਬੀ ਦਾ ਬਹੁਤ ਵਧੀਆ ਕਹਾਣੀਕਾਰ ਹੈ। ਅੱਧੇ ਮਕਾਨ ਵਿਚ ਇਹਦੇ ਲਿਖਣ-ਪੜ੍ਹਨ ਵਿਚ ਵਿਘਨ ਪੈਂਦਾ ਹੈ। ਇਹਨੂੰ ਇਹਦਾ ਬਣਦਾ, ਜਿਸ ਦਾ ਇਹ ਹੱਕਦਾਰ ਹੈ, ਪੂਰਾ ਮਕਾਨ ਅਲਾਟ ਕੀਤਾ ਜਾਵੇ, ਇਹਦੀ ਪਸੰਦ ਦਾ।’’

ਅਰਜ਼ੀ ਲੈ ਕੇ ਇਹ ਦਫ਼ਤਰ ਦੇ ਅਧਿਕਾਰੀ ਕੋਲ ਗਿਆ। ਉਹਨੇ ਅਰਜ਼ੀ ਫੜ ਕੇ ਰੰਧਾਵਾ ਜੀ ਦਾ ਹੱਥੀਂ ਲਿਖਿਆ ਹੁਕਮ ਗਹੁ ਨਾਲ ਪੜ੍ਹਿਆ ਤੇ ਪਤਲੂ ਜਿਹੇ ਮੁੰਡੇ ਨੂੰ ਪਿਆਰ ਨਾਲ ਪੁਚਕਾਰ ਕੇ ਆਖਿਆ, ‘‘ਠੀਕ ਹੈ ਕਾਕਾ, ਤੂੰ ਜਾ, ਭੰਡਾਰੀ ਸਾਹਿਬ ਨੂੰ ਭੇਜ।’’

        ਜਦੋਂ ਰੰਧਾਵਾ ਸਾਹਿਬ ਨੂੰ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦਾ ਵੀਸੀ ਬਣਾਏ ਜਾਣ ਦੀ ਸੋਅ ਮਿਲੀ, ਉਹਨਾਂ ਨੇ ਜਾਂਦਿਆ-ਜਾਂਦਿਆਂ ਵੀ ਕੁਝ ਲੇਖਕਾਂ ਤੇ ਹੋਰਾਂ ਦਾ ਭਲਾ ਕਰਨ ਬਾਰੇ ਸੋਚਿਆ। ਮੋਹਨ ਤੋਂ ਵੀ ਅਰਜ਼ੀ ਮੰਗ ਲਈ ਤੇ ਇਹਨੂੰ 15 ਸੈਕਟਰ ਵਿਚ ਕੋਣੇ ਵਾਲਾ ਇਕ ਪਲਾਟ ਦੁਆ ਦਿੱਤਾ। ਭਾਅ 28 ਰੁਪਏ ਵਰਗ ਗ਼ਜ਼। ਇਹਨੇ ਸ਼ਰਤ ਅਨੁਸਾਰ ਬਿਆਨੇ ਦੇ ਪੈਸੇ ਭਰ ਦਿੱਤੇ। ਰੰਧਾਵਾ ਸਾਹਿਬ ਲੁਧਿਆਣੇ ਚਲੇ ਗਏ। ਇਹ ਬਾਕੀ ਪੈਸੇ ਭਰਨ ਗਿਆ ਤਾਂ ਦਫ਼ਤਰੀਏ ਕਹਿੰਦੇ, ਤਾਰੀਖ਼ ਤੋਂ ਇਕ ਹਫ਼ਤਾ ਪਛੜ ਕੇ ਆਏ ਹੋ, 28 ਦੀ ਥਾਂ 39 ਰੁਪਏ ਦੇ ਹਿਸਾਬ ਚੈੱਕ ਲਿਆਓ। ਇਹਦਾ ਸਵੈਮਾਣ ਗ਼ਲਤ ਮੌਕੇ ਆਕੜ ਵਿਚ ਬਦਲ ਗਿਆ, ‘‘ਗਿਆਰਾਂ ਰੁਪਈਏ ਹੋਰ ਕਾਹਦੇ? ਕਿਉਂ ਦੇਵਾਂ ਮੈਂ ਗਿਆਰਾਂ ਰੁਪਈਏ ਵੱਧ?’’ ਕਲਰਕ ਦੇ ਕਾਰਨ ਦੱਸੇ ਤੋਂ ਇਹਨੇ ਮਨ ਹੀ ਮਨ ਤਾਂ ਗਾਲ਼ਾਂ ਦਿੱਤੀਆਂ, ‘ਸਾਲ਼ੇ ਲੁਟੇਰੇ...ਮੈਨੂੰ ਠੱਗਣ ਨੂੰ ਫਿਰਦੇ ਐ...’, ਪਰ ਬੋਲ ਕੇ ਆਖਿਆ, ‘‘ਮੈਂ ਨਹੀਂ ਦੇਣੇ ਗਿਆਰਾਂ ਰੁਪਈਏ ਵੱਧ! ਚੱਕੋ ਆਬਦਾ ਪਲਾਟ ਤੇ ਐਧਰ ਧਰੋ ਮੇਰਾ ਬਿਆਨਾ!’’ ਜਿਨ੍ਹਾਂ ਕਲਰਕਾਂ ਉੱਤੇ ਲੋਕ ਮਹੀਨਿਆਂ-ਬੱਧੀ ਕੰਮ ਨਾ ਕਰਨ ਦਾ ਦੋਸ਼ ਲਾਉਂਦੇ ਹਨ, ਉਹਨਾਂ ਨੇ ਐਨੀ ਚੁਸਤੀ ਦਿਖਾਈ ਕਿ ਪੰਜ ਮਿੰਟ ਵਿਚ ਇਹਦੇ ਪੈਸੇ ਇਹਦੀ ਹਥੇਲੀ ਉੱਤੇ ਰੱਖ ਦਿੱਤੇ। ਇਹ ਪੈਸੇ ਮੁੜਵਾ ਕੇ ਖ਼ੁਸ਼ ਤੇ ਦਫ਼ਤਰੀਏ ਇਸ ਕਰਕੇ ਖ਼ੁਸ਼ ਕਿ ਉਸ ਪਲਾਟ ਉੱਤੇ ਇਕ ਰਸੂਖ਼ਵਾਨ ਅਧਿਕਾਰੀ ਦੀ ਅੱਖ ਸੀ ਤੇ ਉਹਨੇ ਦਫ਼ਤਰ ਵਾਲਿਆਂ ਨੂੰ ਕਹਿ ਰੱਖਿਆ ਸੀ ਕਿ ਮੋਹਨ ਭੰਡਾਰੀ ਨਾਂ ਦਾ ਬੰਦਾ ਜੇ ਕਿਸੇ ਕਾਰਨ ਪੈਸੇ ਨਾ ਭਰੇ, ਇਹ ਪਲਾਟ ਮੇਰੇ ਨਾਂ ਕਰ ਦੇਣਾ! ਕਮਾਲ ਇਹ ਹੈ ਕਿ ਮਗਰੋਂ ਦੀ ਜ਼ਿੰਦਗੀ ਵਿਚ ਮੋਹਨ ਨੂੰ ਆਪਣੇ ਏਸ ਕਾਰਨਾਮੇ ਦਾ ਮਲਾਲ ਵੀ ਕਦੀ ਨਹੀਂ ਸੀ ਹੋਇਆ।

        ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ ਵਾਲੀ ਉਹਦੀ ਪੁਸਤਕ ‘ਮੂਨ ਦੀ ਅੱਖ’ ਨੂੰ ਪੰਜਾਬੀ ਦੇ ਇਕ ਅਖ਼ਬਾਰ ਨੇ ਇਹ ਖ਼ਬਰ ਛਾਪਣ ਸਮੇਂ ‘ਮਨ ਦੀ ਅੱਖ’ ਲਿਖ ਦਿੱਤਾ। ਪੜ੍ਹ ਕੇ ਲੱਗਿਆ, ਅਖ਼ਬਾਰ ਦੀ ਇਹ ਗ਼ਲਤੀ ਕਿੰਨੀ ਸਹੀ ਹੈ। ਮੋਹਨ ਉਹੋ ਲਿਖਦਾ ਸੀ ਜੋ ਉਹਦੀ ਮਨ ਦੀ ਅੱਖ ਦੇਖਦੀ ਅਤੇ ਦਸਦੀ ਸੀ। ਉਹਨੇ ਕੇਵਲ ਬਾਹਰਲੀਆਂ ਅੱਖਾਂ ਨਾਲ ਦੇਖਿਆ ਹੋਇਆ ਕਦੀ ਨਹੀਂ ਸੀ ਲਿਖਿਆ। ਉਹ ਛੋਟੇ-ਛੋਟੇ, ਸਰਲ-ਸਵਾਹਰੇ ਵਾਕ ਜੋੜ-ਜੋੜ ਕੇ ਕਹਾਣੀ ਸਿਰਜਦਾ ਸੀ। ਕੋਈ ਕਾਹਲ ਨਹੀਂ, ਕੋਈ ਚਲਾਊ ਕੰਮ ਨਹੀਂ। ਇਕ ਕਹਾਣੀ ਨੂੰ ਨਿੰਮਣ ਤੋਂ ਲੈ ਕੇ ਜੰਮਣ ਤੱਕ ਹਫ਼ਤੇ ਵੀ ਲੱਗ ਸਕਦੇ ਸਨ, ਮਹੀਨੇ ਵੀ ਤੇ ਵਰ੍ਹੇ ਵੀ। ਇਉਂ ਮਠਾਰ-ਮਠਾਰ ਕੇ ਲਿਖੀ ਹੋਈ ਕਹਾਣੀ ਉੱਤੇ ਉਹਨੂੰ ਵਾਜਬ ਮਾਣ ਹੁੰਦਾ ਸੀ। ਮੌਲਕ ਰਚਨਾ ਤੋਂ ਇਲਾਵਾ ਉਹਨੇ ਕੁਝ ਪੁਸਤਕਾਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ ਤੇ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾ। ਉਹਦੀਆਂ ਆਪਣੀਆਂ ਕਹਾਣੀਆਂ ਦੇ ਅਨੁਵਾਦ ਦੀਆਂ ਹਿੰਦੀ ਵਿਚ ਦੋ ਪੁਸਤਕਾਂ ਛਪੀਆਂ। ਉਹਨੂੰ ਹੱਕੀ ਮਾਣ-ਸਨਮਾਨ ਵੀ ਖਾਸੇ ਮਿਲੇ।

      ਮੋਹਨ ਜਜ਼ਬਾਤੀ ਬੰਦਾ ਸੀ ਜਿਵੇਂ ਹਰੇਕ ਚੰਗਾ ਲੇਖਕ ਹੁੰਦਾ ਹੀ ਹੈ। ਪਾਤਰ ਕੋਈ ਵੀ ਹੋਵੇ, ਉਹਦੇ ਦੁਖ-ਦਰਦ ਨਾਲ ਉਹਦੀ ਅੱਖ ਵਿਚ ਉਹ ਹੰਝੂ ਆ ਲਿਸ਼ਕਦਾ ਸੀ ਜੋ ਉਹਦੀ ਕਹਾਣੀ ਵਾਲੀ ਮੂਨ ਦੀ ਅੱਖ ਵਿਚ ਅਟਕਿਆ ਹੋਇਆ ਸੀ। ਅਸਲ ਵਿਚ ਉਹ ਕੇਵਲ ‘ਮੂਨ ਦੀ ਅੱਖ’ ਪੁਸਤਕ ਵਾਲਾ ਮੋਹਨ ਭੰਡਾਰੀ ਹੀ ਨਹੀਂ ਸੀ, ਮਨੁੱਖ ਵਜੋਂ ਵੀ ਮੂਨ ਦੀ ਅੱਖ ਵਾਲਾ ਮੋਹਨ ਭੰਡਾਰੀ ਸੀ! ਬਾਰਾਂ ਚੋਣਵੀਆਂ ਕਹਾਣੀਆਂ ਦਾ ਆਪਣਾ ਸੰਗ੍ਰਹਿ ‘ਤਣ-ਪੱਤਣ’ ਮੈਨੂੰ ਭੇਟ ਕਰਦਿਆਂ ਉਹਨੇ ਲਿਖਿਆ: ‘‘ਦੋਸਤੀ ਦੇ ਉਸ ਪੜਾਅ ਦੇ ਨਾਂ ਜਿਥੇ ਵਿਸ਼ੇਸ਼ਣਾਂ ਦੀ ਮੁਥਾਜੀ ਨਹੀਂ ਹੁੰਦੀ! ਗੁਰਬਚਨ ਸਿੰਘ ਭੁੱਲਰ ਨੂੰ!’’ ਵਿਸ਼ੇਸ਼ਣਾਂ ਦੀ ਮੁਥਾਜੀ ਤੋਂ ਉੱਚੀ ਉੱਠੀ ਹੋਈ ਦੋਸਤੀ ਵਾਲੇ ਮੌਜੀ ਤੇ ਮੋਹਖੋਰੇ ਮਨੁੱਖ ਅਤੇ ਸਵੈਮਾਨੀ ਤੇ ਸੰਜੀਦਾ ਸਾਹਿਤਕਾਰ ਨੂੰ ਆਖ਼ਰੀ ਵਿਦਾਅ ਕਹਿੰਦਿਆਂ ਦਿਲ ਨੇ ਤਾਂ ਡੁੱਬਣਾ ਹੀ ਹੋਇਆ!

ਸੰਪਰਕ : 8076363058

 

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ ਗੁਰਦੇਵ ਸਿੰਘ ਰੁਪਾਣਾ - ਗੁਰਬਚਨ ਸਿੰਘ ਭੁੱਲਰ

 ‘‘ਮੈਂ ਆਪਣੇ ਅਸਤਕਾਲ ਦੇ ਨੇੜੇ ਪਹੁੰਚਿਆ ਹੋਇਆ ਹਾਂ। ਹੁਣ ਮੇਰੀ ਰਚਨਾਕਾਰੀ ਵਿਚ ਮੌਤ ਦਾ ਅਕਸਰ ਜ਼ਿਕਰ ਆਉਂਦਾ ਹੈ। ਮਿੱਤਰ ਪਾਠਕ ਰੋਸ ਅਤੇ ਪਿਆਰ ਦੀ ਮਿਲੀ-ਜੁਲੀ ਪ੍ਰਤਿਕਿਰਿਆ ਵਜੋਂ ਮੈਨੂੰ ਪੁਛਦੇ ਹਨ ਕਿ ਮੈਂ ਏਦਾਂ ਕਿਉਂ ਕਰਦਾ ਹਾਂ। ... ਯਕੀਨਨ, ਇਹ ਜੀਵਨ ਆਪਣੀਆਂ ਦੁਸ਼ਵਾਰੀਆਂ ਦੇ ਬਾਵਜੂਦ ਬਹੁਤ ਮੁੱਲਵਾਨ ਹੈ, ਜਿਉਣਯੋਗ ਹੈ। ਪਰ ਮੁਸ਼ਕਿਲ ਇਹ ਹੈ ਕਿ ਮੇਰੇ ਆਸੇ-ਪਾਸੇ ਮੇਰੇ ਆਪਣੇ ਹੀ ਪਿਆਰੇ ਕਿਰਨਮਕਿਰਨੀ ਚਲੇ ਜਾ ਰਹੇ ਹਨ। ਉਹਨਾਂ ਦਾ ਵਿਛੋੜਾ ਮੇਰੇ ਅੰਦਰ ਮੌਤ ਦੀ ਤਿੱਖੀ ਚੇਤਨਾ ਜਗਾਉਂਦਾ ਹੈ। ਉਹ ਤਾਂ ਮਰ ਗਏ, ਪਰ ਮੇਰੇ ਅੰਦਰ ਉਹਨਾਂ ਦੀ ਮੌਤ ਜਿਉਂਦੀ ਰਹਿੰਦੀ ਹੈ।’’
        ਇਹ ਸ਼ਬਦ ਮੇਰੇ ਨਹੀਂ, ਡਾ. ਹਰਿਭਜਨ ਸਿੰਘ ਦੇ ਲਿਖੇ ਹੋਏ ਹਨ। ਪਰ ਪਿਛਲੇ ਸਾਲ ਤੋਂ ਮੈਨੂੰ ਲੱਗ ਰਿਹਾ ਹੈ ਕਿ ਇਹ ਸ਼ਬਦ ਤਾਂ ਮੇਰੇ ਹਨ, ਲਿਖੇ ਡਾ. ਹਰਿਭਜਨ ਸਿੰਘ ਦੀ ਕਲਮ ਨੇ ਹਨ। ਕਿਸੇ ਮਨੁੱਖ ਦਾ ਚਲਾਣਾ ਕੋਈ ਅਨਹੋਣੀ ਗੱਲ ਨਹੀਂ ਹੁੰਦੀ, ਸੰਸਾਰ ਦਾ ਇਹੋ ਮਾਰਗ ਹੈ। ਲੋਕਬਾਣੀ ਹੈ, ‘‘ਆਪੋ ਆਪਣੀ ਵਾਰੀ ਸਭ ਨੇ ਹੀ ਜਾਣਾ ਹੈ, ਭਾਈ!’’ ਤਾਂ ਵੀ ਇਹ ਸੱਚ ਕਿੰਨਾ ਵੀ ਸੱਚਾ ਕਿਉਂ ਨਾ ਹੋਵੇ, ਸਾਧਾਰਨ ਮਨੁੱਖ ਲਈ ਪਰਵਾਨ ਕਰਨਾ ਏਨਾ ਸੌਖਾ ਨਹੀਂ ਹੁੰਦਾ। ਸਮਕਾਲੀਆਂ ਨਾਲੋਂ ਵੱਡੇ ਪਹਿਲੀਆਂ ਪੀੜ੍ਹੀਆਂ ਦੇ ਪੰਜਾਬੀ ਲੇਖਕ ਇਸੇ ਰਾਹ ਗਏ। ਪਰ ਜਿਸ ਗਿਣਤੀ ਵਿਚ ਇਹਨਾਂ ਦੋ ਕੁ ਸਾਲਾਂ ਵਿਚ ਇਹ ਸੂਚੀ ਲੰਮੀ ਹੁੰਦੀ ਗਈ ਹੈ, ਉਹ ਕੁਝ ‘ਅਨਹੋਣੀ’ ਜਿਹੀ ਹੀ ਲਗਦੀ ਹੈ! ਇਉਂ ਲੱਗਣ ਲੱਗ ਪਿਆ ਹੈ ਜਿਵੇਂ ਸਾਹਿਤ ਦੇ ਵਿਹੜੇ ਵਿਚ ਆਪਣੇ ਇਕ ਪਿਆਰੇ ਲੇਖਕ ਦਾ ਸੱਥਰ ਉਠਾਉਂਦੇ ਹੋਈਏ ਤੇ ਉਹ ਨਾਲ ਦੀ ਨਾਲ ਦੂਜੇ ਵਾਸਤੇ ਵਿਛਾਉਣਾ ਪੈ ਜਾਂਦਾ ਹੋਵੇ!
          ਕਹਾਵਤ ਹੈ, ਪੱਤਾ ਟੁੱਟੇ ਤੋਂ ਵੀ ਪਾਣੀ ਸਿੰਮ ਆਉਂਦਾ ਹੈ। ਪੱਤੇ ਨਾਲ ਡਾਹਣੀ ਦਾ ਸਾਥ ਤਾਂ ਪਿਛਲੀ ਬਹਾਰ ਤੋਂ ਮਗਰੋਂ ਦੇ ਕੁਝ ਮਹੀਨਿਆਂ ਦਾ ਹੁੰਦਾ ਹੈ। ਸੱਠ-ਸੱਠ ਸਾਲਾਂ ਦੇ ਸਾਥ ਦਾ ਕੀ ਕਹੀਏ! ਕੌਣ ਲੇਖਾ ਲਾਵੇ, ਅੱਧੀ ਸਦੀ ਤੋਂ ਲੰਮੇਰਾ ਸਾਥ ਟੁੱਟਿਆਂ ਕਿੰਨਾ ਪਾਣੀ ਸਿੰਮਦਾ ਹੈ! ਮੋਹਨ ਭੰਡਾਰੀ ਦੀ ਸੁਣਾਉਣੀ ਆਈ ਤਾਂ ਉਸ ਵਿਚ ਥੋੜ੍ਹੀ ਜਿਹੀ ਅਚਾਨਕਤਾ ਸੀ। ਉਹਦੀ ਦੇਹ ਲੰਮੇ ਸਮੇਂ ਤੋਂ ਨਿਰਬਲ ਤੇ ਬੇਵੱਸ ਤਾਂ ਹੁੰਦੀ ਜਾਂਦੀ ਸੀ, ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਲੰਮੇ ਅਮਲ ਦਾ ਅੰਤ ਹੁਣੇ ਹੋ ਜਾਵੇਗਾ। ਪਰ ਗੁਰਦੇਵ ਮਹੀਨੇ ਕੁ ਤੋਂ ਜਿਸ ਸਰੀਰਕ-ਮਾਨਸਿਕ ਹਾਲਤ ਵਿਚ ਪਹੁੰਚ ਚੁੱਕਿਆ ਸੀ, ਉਹਦੀ ਚੰਦਰੀ ਖ਼ਬਰ ਕਿਸੇ ਵੀ ਵੇਲੇ ਆ ਜਾਣ ਦਾ ਡਰ ਬਣਿਆ ਹੋਇਆ ਸੀ। ਮੋਹਨ ਦੀ ਖ਼ਬਰ ਸੁਣ ਕੇ ਮੇਰਾ ਪਹਿਲਾ ਧਿਆਨ ਗੁਰਦੇਵ ਵੱਲ ਗਿਆ। ਮੈਂ ਸੁੱਖ ਸੁੱਖੀ, ‘‘ਹੋਣੀਏ, ਹੁਣ ਬਹੁਤੀ ਕਾਹਲ਼ੀ ਨਾ ਕਰੀਂ, ਕੁਝ ਦਿਨ ਲੰਘ ਲੈਣ ਦੇਈਂ। ਵੈਣ ਪਾਉਂਦਿਆਂ ਵੀ ਸਾਹ ਲੈਣਾ ਤਾਂ ਜ਼ਰੂਰੀ ਹੈ, ਏਨੀ ਕੁ ਵਿੱਥ ਜ਼ਰੂਰ ਪਾਈਂ।’’ ਪਰ ਮੇਰੀ ਸੁੱਖ ਨਿਹਫਲ ਗਈ। ਮੋਹਨ ਵਾਲਾ ਸੱਥਰ ਉਠਾਇਆ ਵੀ ਨਹੀਂ ਸੀ, ਉਹੋ ਗੁਰਦੇਵ ਲਈ ਵਿਛਿਆ ਰਹਿਣ ਦੇਣਾ ਪਿਆ।
       ਗੁਰਦੇਵ ਪੰਜਾਬੀ ਕਹਾਣੀ ਦੀ ਸੂਖ਼ਮਤਾ ਦੀ ਮਿਸਾਲ ਤੇ ਮਸ਼ਾਲ ਸੀ। ਉਹ ਅਜਿਹਾ ਕਲਮਕਾਰ ਸੀ ਜਿਸ ਉੱਤੇ ਉਹਦੀ ਬੋਲੀ ਕਈ ਪੁਸ਼ਤਾਂ ਤੱਕ ਮਾਣ ਕਰਦੀ ਰਹੇਗੀ। ਜੀਵਨ ਲੁਕੇ ਹੋਏ ਦਾਣਿਆਂ ਵਾਲੇ ਤੂੜੀ ਦੇ ਢੇਰ ਵਾਂਗ ਹੁੰਦਾ ਹੈ। ਹਰ ਘਟਨਾ ਵੀ ਇਸੇ ਤਰ੍ਹਾਂ ਹੁੰਦੀ ਹੈ, ਬਹੁਤ ਕੁਝ ਵਾਧੂ ਵਿਚ ਲੁਕਿਆ ਹੋਇਆ ਸਾਰ-ਤੱਤ। ਉਹਨੂੰ ਤੂੜੀ ਤੋਂ ਦਾਣੇ ਵੱਖ ਕਰ ਲੈਣ ਦਾ ਪੁਸ਼ਤੈਨੀ ਕਸਬ ਸਾਹਿਤ ਦੇ ਸੰਬੰਧ ਵਿਚ ਵੀ ਖ਼ੂਬ ਆਉਂਦਾ ਸੀ ਤੇ ਉਹ ਘਟਨਾ ਦੇ ਵਾਧੂ ਬੇਲੋੜੇ ਅੰਸ਼ ਛਾਂਗ ਕੇ ਉਹਦਾ ਸਾਰ-ਤੱਤ ਆਪਣੀ ਕਹਾਣੀ ਵਿਚ ਸਮੋ ਸਕਣ ਦੇ ਸਮਰੱਥ ਸੀ। ਉਹਨੂੰ ਆਪਣੀ ਰਚਨਾ ਲਈ ਗੋਰੀ ਦੀ ਅੱਖ ਦਾ ਸੁਰਮਾ ਵੀ ਚੋਰੀ ਕਰਨਾ ਆਉਂਦਾ ਸੀ, ਦੀਵੇ ਦੀ ਲੋਅ ਵੀ ਤੇ ਫੁੱਲ ਦੀ ਖ਼ੁਸ਼ਬੋ ਵੀ!
ਲੇਖਕ ਵਜੋਂ ਤੇ ਆਮ ਜ਼ਿੰਦਗੀ ਵਿਚ ਵਿਚਰਦੇ ਮਨੁੱਖ ਵਜੋਂ ਉਹ ਦੋ ਬਹੁਤ ਵੱਖਰੀਆਂ ਸ਼ਖ਼ਸੀਅਤਾਂ ਦਾ ਮਾਲਕ ਸੀ। ਮਨੁੱਖ ਵਜੋਂ ਉਹ ਟਿੱਚਰੀ, ਬੇਲਿਹਾਜ ਟਿੱਪਣੀਕਾਰ, ਬੇਪਰਵਾਹ, ਸਗੋਂ ਲਾਪਰਵਾਹ ਸੀ, ਪਰ ਲੇਖਕ ਵਜੋਂ ਉਹ ਬਹੁਤ ਬਰੀਕਬੀਨ, ਕੋਮਲਭਾਵੀ ਤੇ ਸੂਝਵਾਨ ਸੀ। ਬਹੁਤੇ ਲੇਖਕਾਂ ਦੇ ਉਲਟ ਉਹਨੂੰ ਸਾਹਿਤ ਦੇ ਸਮਾਜਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਆਧਾਰਾਂ ਦੀ ਬਹੁਤ ਗਹਿਰੀ ਸਮਝ ਸੀ। ਇਹਦੇ ਨਾਲ ਹੀ ਉਹਨੂੰ ਇਹ ਵੀ ਸਮਝ ਸੀ ਕਿ ਇਹਨਾਂ ਆਧਾਰਾਂ ਦਾ ਰਚਨਾ ਨਾਲ ਕੀ, ਕਿਵੇਂ ਅਤੇ ਕਿੰਨਾ ਰਿਸ਼ਤਾ ਹੈ। ਇਹ ਸਮਰੱਥਾ ਉਹਦੀ ਪੜ੍ਹਨ ਦੀ ਆਦਤ ਦਾ ਫਲ ਸੀ। ਬਹੁਤ ਸਮਾਂ ਦੁਪਹਿਰੇ ਲਗਦੇ ਸਕੂਲ ਵਿਚ ਅਧਿਆਪਕ ਰਿਹਾ ਹੋਣ ਸਦਕਾ ਉਹਨੇ ਸਾਰੀ ਕਾਇਨਾਤ ਦੇ ਸੁੱਤਿਆਂ ਟਿਕੀ ਰਾਤ ਦੀ ਇਕਾਗਰਤਾ ਵਿਚ ਡੂੰਘੇ ਸਵੇਰੇ ਤੱਕ ਪੜ੍ਹਦਾ-ਲਿਖਦਾ ਰਹਿਣ ਦੀ ਆਦਤ ਪਾਈ ਹੋਈ ਸੀ। ਮੌਲਕ ਸਾਹਿਤ ਹੋਵੇ ਜਾਂ ਸਾਹਿਤ-ਸਿਧਾਂਤ, ਦਰਸ਼ਨ-ਸ਼ਾਸਤਰ, ਮਨੋਵਿਗਿਆਨ, ਸਮਾਜ-ਵਿਗਿਆਨ, ਧਰਮ, ਆਦਿ ਵਿਸ਼ਿਆਂ ਦੀਆਂ ਪੁਸਤਕਾਂ, ਪੜ੍ਹਦਾ ਉਹ ਚੁਣ-ਚੁਣ ਕੇ ਸੀ। ਕਮਜ਼ੋਰ ਰਚਨਾ ਉੱਤੇ ਉਹ ਸਮਾਂ ਖ਼ਰਾਬ ਨਹੀਂ ਸੀ ਕਰਦਾ। ਪੰਜ-ਸੱਤ ਪੰਨੇ ਪੜ੍ਹ ਕੇ ਉਹ ਫ਼ੈਸਲਾ ਕਰ ਲੈਂਦਾ ਸੀ, ਪੁਸਤਕ ਪੜ੍ਹਨ ਵਾਲੀ ਹੈ ਕਿ ਸੰਤੋਖਣ ਵਾਲੀ। ਇਸੇ ਕਰਕੇ ਜਦੋਂ ਕਦੀ ਉਸ ਨਾਲ ਸਾਹਿਤਕ ਚਰਚਾ ਹੁੰਦੀ ਜਾਂ ਉਹ ਕਿਸੇ ਸਾਹਿਤਕ ਸਭਾ ਵਿਚ ਆਪਣੀ ਰਾਇ ਸਾਂਝੀ ਕਰਦਾ, ਬੜੀਆਂ ਕੰਮ ਦੀਆਂ ਗੱਲਾਂ ਕਰਦਾ। ਮੈਂ ਅਕਸਰ ਉਹਨੂੰ ਆਪਣੇ ਇਹ ਵਿਚਾਰ ਲਿਖਣ ਲਈ ਪ੍ਰੇਰਦਾ, ਪਰ ਉਹ ਬਹਾਨਾ ਬਣਾਉਂਦਾ ਕਿ ਇਉਂ ਮੇਰਾ ਮਨ ਗਲਪ-ਰਚਨਾ ਤੋਂ ਲਾਂਭੇ ਪੈ ਜਾਵੇਗਾ।
       ਇਹ ਜਾਣ ਕੇ ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਵੇ ਕਿ ਹੋਰ ਤਾਂ ਹੋਰ, ਉਹ ਚਿੱਠੀ ਦਾ ਜਵਾਬ ਲਿਖਣ ਵਿਚ ਵੀ ਯਕੀਨ ਨਹੀਂ ਸੀ ਰਖਦਾ। ਉਹਦੀ ਕੋਈ ਕਹਾਣੀ ਕਿਤੇ ਛਾਪਣ ਦੀ ਆਗਿਆ ਲੈਣ ਵਾਲੇ ਜਾਂ ਉਸ ਸੰਬੰਧੀ ਕੁਝ ਜਾਣਕਾਰੀ ਲੈਣ ਵਾਲੇ ਉਹਨੂੰ ਲਿਖੀਆਂ ਕਈ-ਕਈ ਚਿਠੀਆਂ ਦਾ ਜਵਾਬ ਉਡੀਕ ਕੇ ਆਖ਼ਰ, ਸਾਡੇ ਜੌੜੇ ਭਰਾ ਹੋਣ ਦੀ ਅੱਲ ਪੰਜਾਬ ਤੱਕ ਪਹੁੰਚ ਗਈ ਹੋਣ ਸਦਕਾ, ਮੈਨੂੰ ਲਿਖਦੇ। ਮੈਂ ਖਿਝ ਕੇ ਆਖਦਾ, ‘‘ਉਹ ਤੈਥੋਂ ਕਹਾਣੀ ਛਾਪਣ ਦੀ ਆਗਿਆ ਚਾਹੁੰਦਾ ਹੈ, ਤੂੰ ਉਹਨੂੰ ਦੋ ਲਫ਼ਜ਼ ਲਿਖ ਕਿਉਂ ਨਹੀਂ ਦਿੰਦਾ!’’ ਉਹਦਾ ਇਕੋ ਜਵਾਬ ਹੁੰਦਾ, ‘‘ਓ ਯਾਰ, ਜਿੰਨੇ ਚਿਰ ਵਿਚ ਤੂੰ ਮੈਥੋਂ ਪੁਛਦਾ ਹੈਂ, ਉਹਨੂੰ ਮੇਰੇ ਵੱਲੋਂ ਆਗਿਆ ਲਿਖ ਕਿਉਂ ਨਹੀਂ ਦਿੰਦਾ। ਆਪੇ ਦੇ ਦਿਆ ਕਰ ਇਹੋ ਜਿਹੀਆਂ ਚਿੱਠੀਆਂ ਦੇ ਜਵਾਬ!’’ ਇਕ ਵਾਰ ਉਸ ਸੰਬੰਧੀ ਐਮ.ਫਿਲ. ਕਰਨ ਲੱਗੇ ਹੋਏ ਇਕ ਲੇਖਕ ਨੇ ਇਸ ਤਜਰਬੇ ਵਿਚੋਂ ਲੰਘ ਕੇ ਮੈਨੂੰ ਕਿਹਾ, ‘‘ਇਉਂ ਪਤਾ ਹੁੰਦਾ ਕਿ ਰੁਪਾਣੇ ਦੇ ਜਵਾਬ ਤੁਸੀਂ ਭੇਜਣੇ ਹਨ, ਮੈਂ ਖੋਜ ਹੀ ਤੁਹਾਡੇ ਬਾਰੇ ਕਰਦਾ!’’
        ਗੁਰਦੇਵ ਦਿੱਲੀ ਵਿਚ ਮੇਰਾ ਅਗੇਤਾ ਦੂਤ ਸੀ। ਉਹ ਮੈਥੋਂ ਚਾਰ ਕੁ ਸਾਲ ਪਹਿਲਾਂ ਦਿੱਲੀ ਪਹੁੰਚ ਗਿਆ ਸੀ ਤੇ ਪੰਜਾਬੀ ਅਧਿਆਪਕ ਲੱਗ ਗਿਆ ਸੀ। ਇਸ ਸਮੇਂ ਵਿਚ ਉਹਨੇ ਕਹਾਣੀਕਾਰ ਵਜੋਂ ਤੇ ਖੁੱਲ੍ਹੇ ਸੁਭਾਅ ਵਾਲੇ ਬੰਦੇ ਵਜੋਂ ਆਪਣੇ ਲਈ ਜੋ ਥਾਂ ਬਣਾਉਣੀ ਸੀ, ਉਹ ਤਾਂ ਬਣਾਈ ਹੀ, ਮੇਰੇ ਲਈ ਵੀ ਕੰਮ ਸੌਖਾ ਕਰ ਦਿੱਤਾ। ਦਿੱਲੀ ਦੇ ਸਾਹਿਤਕ ਹਲਕਿਆਂ ਦੀਆਂ ਜਿਹੜੀਆਂ ਗੱਲਾਂ ਮੈਂ ਮਹੀਨਿਆਂ-ਸਾਲਾਂ ਵਿਚ ਸਿੱਖਣੀਆਂ ਸਨ, ਉਹਨੇ ਉਹਨਾਂ ਦਾ ਵਹੀ-ਖਾਤਾ, ਉਹਦੇ ਫ਼ਾਇਦੇ ਦੇ ਪਾਤਰ ਦਾ ਕੋਈ ਅੰਦਾਜ਼ਾ ਨਾ ਹੋਣ ਦੇ ਬਾਵਜੂਦ, ਮੇਰੇ ਲਈ ਪੂਰੇ ਵੇਰਵੇ ਨਾਲ ਤਿਆਰ ਕਰ ਰੱਖਿਆ ਸੀ। ਸਬੱਬ ਨਾਲ ਸਾਡੀਆਂ ਰਿਹਾਇਸ਼ਾਂ ਵੀ ਦਿੱਲੀ ਦੇ ਇਕੋ ਪਾਸੇ ਨੇੜੇ-ਨੇੜੇ ਹੀ ਸਨ। ਅਸੀਂ ਸਾਹਿਤਕ ਮੁਹਿੰਮਾਂ ਉੱਤੇ ਇਕੱਠੇ ਹੀ ਚੜ੍ਹਦੇ। ਉਹ ਮੈਨੂੰ ਲੇਖਕਾਂ ਤੇ ਕਲਾਕਾਰਾਂ ਦੀ ਸੱਥ, ਤੰਬੂ ਵਾਲੇ ਕੌਫ਼ੀ ਹਾਊਸ ਵਿਚ ਤੇ ਬੈਠਕਾਂ ਕਰਨ ਵਾਲੀਆਂ ਸਾਹਿਤਕ ਸਭਾਵਾਂ ਵਿਚ ਲੈ ਕੇ ਗਿਆ। ਪਹਿਲੀ ਮਿਲਣੀ ਵਿਚ ਉਹਨੇ ਮੈਨੂੰ ਆਉਂਦੇ ਐਤਵਾਰ ‘ਨਾਗਮਣੀ ਸ਼ਾਮ’ ਹੋਣ ਦੀ ਜਾਣਕਾਰੀ ਦਿੱਤੀ ਤੇ ਉਥੇ ਲੈ ਪਹੁੰਚਿਆ। ਉਹ ਇਕੱਲੇ-ਇਕੱਲੇ ਸਾਹਿਤਕਾਰ ਬਾਰੇ ਬਣਾਈ ਹੋਈ ਰਾਇ ਮੈਨੂੰ ਦਸਦਾ। ਕਿਸੇ ਬਾਰੇ ਆਖਦਾ, ‘‘ਇਹ ਬੰਦਾ ਵੀ ਵਧੀਆ ਹੈ ਤੇ ਲੇਖਕ ਵੀ ਚੰਗਾ ਹੈ।’’ ਕਿਸੇ ਬਾਰੇ ਕਹਿੰਦਾ, ‘‘ਬੰਦਾ ਤਾਂ ਗੁੱਡਮੈਨ ਦੀ ਲਾਲਟੈਣ ਹੈ ਪਰ ਬਿਚਾਰਾ ਲਿਖਦਾ ਸੂਤ-ਬਾਤ ਹੀ ਹੈ।’’ ਕਿਸੇ ਹੋਰ ਬਾਰੇ ਦਸਦਾ, ‘‘ਇਹ ਟਾਈ-ਸ਼ਾਈ ਤੇ ਚੁੰਝੂ ਪੱਗ ਵਾਲਾ ਦਰਸ਼ਨੀ ਘੋੜਾ ਹੀ ਹੈ, ਦੌੜਨਾ ਨਹੀਂ ਜਾਣਦਾ।’’
        ਦਿੱਲੀ ਵਿਚ ਮੇਰੀ ਪਛਾਣ ਵਿਚ ਆਉਣ ਵਾਲਾ ਉਹ ਸਤਿਆਰਥੀ ਜੀ ਤੋਂ ਮਗਰੋਂ ਦੂਜਾ ਲੇਖਕ ਸੀ। ਸਤਿਆਰਥੀ ਜੀ ਵਾਂਗ ਮਿਲਾਇਆ ਵੀ ਉਹ ਭਾਪਾ ਪ੍ਰੀਤਮ ਸਿੰਘ ਨਵਯੁਗ ਨੇ ਹੀ। ਮੈਨੂੰ ਦਿੱਲੀ ਪਹੁੰਚੇ ਨੂੰ ਹਫ਼ਤਾ ਵੀ ਨਹੀਂ ਸੀ ਹੋਇਆ, ਇਕ ਦਿਨ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਨੇ ਇਕੋ ਇਲਾਕਾ ਤੇ ਦੋਵਾਂ ਦਾ ਕਹਾਣੀਕਾਰ ਹੋਣਾ ਚਿਤਾਰਦਿਆਂ ਉਥੇ ਪਹਿਲਾਂ ਤੋਂ ਬੈਠੇ ਹੋਏ ਇਕ ਨੌਜਵਾਨ ਨੂੰ ਮੇਰਾ ਭਵਿੱਖੀ ਯਾਰ ਆਖ ਕੇ ਮਿਲਾਇਆ। ਤੇ ਜਦੋਂ ਉਹਨਾਂ ਦੀ ਭਵਿੱਖਬਾਣੀ ਸੱਚੀ ਸਿੱਧ ਹੋਈ, ਭਾਪਾ ਜੀ ਹੀ ਇਕ ਦਿਨ ਹੱਸੇ, ‘‘ਮੈਂ ਤੇ ਯਾਰ ਹੀ ਆਖਿਆ ਸੀ, ਤੁਸੀਂ ਤੇ ਜੌੜੇ ਭਰਾ ਬਣ ਗਏ ਹੋ!’’ ਉਹ ਆਖਦੇ, ‘‘ਜੰਮੇ ਦੂਰ-ਦੂਰ ਦੋ ਮਾਪਿਆਂ ਦੇ ਘਰ, ਪਰ ਹੋ ਜੌੜੇ!’’ ਨਤੀਜੇ ਵਜੋਂ ਦਿੱਲੀ ਦੇ ਲੇਖਕ ਸਾਨੂੰ ਜੌੜੇ ਭਾਈ ਆਖਣ ਲੱਗੇ। ਸਾਡੇ ਵਿਚੋਂ ਕਿਸੇ ਇਕ ਨੂੰ ਮਿਲਿਆ ਲੇਖਕ ਮਿੱਤਰ ਉਹਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੂਜੇ ਦਾ ਹਾਲ-ਚਾਲ ਵੀ ਜ਼ਰੂਰ ਪੁਛਦਾ। ਦਿੱਲੀ ਵਰਗੇ ਬੇਨੁਹਾਰੇ ਤੇ ਬੇਗੁਰੇ ਸ਼ਹਿਰ ਵਿਚ ਸਾਡੀ ਸਾਂਝ ਤੇ ਪਛਾਣ ਕਿੰਨੀ ਡੂੰਘੀ ਤੇ ਫ਼ੈਲਵੀਂ ਹੋਈ, ਅੱਜ ਵੀ ਸੋਚ ਕੇ ਹੈਰਾਨੀ ਹੁੰਦੀ ਹੈ। ਇਕ ਪੰਜਾਬੀ ਨੌਜਵਾਨ ‘ਹਮਦਮ ਆਰਟਿਸਟ’ ਹੁੰਦਾ ਸੀ। ਚੰਗਾ-ਵਾਹਵਾ ਹੋਣਹਾਰ ਚਿੱਤਰਕਾਰ ਸੀ ਪਰ ਜਵਾਨੀ ਵਿਚ ਹੀ ਗੁਜ਼ਰ ਗਿਆ ਸੀ। ਉਹ ਜਿਥੇ ਵੀ ਮਿਲਦਾ, ਇਕ ਨੂੰ ਦੂਜੇ ਦੇ ਨਾਂ ਨਾਲ ਬੁਲਾਉਂਦਾ। ਦੱਸੇ ਤੋਂ ਉਹ ਸਹੁੰ ਖਾਂਦਾ ਕਿ ਉਹ ਮਖੌਲ ਜਾਂ ਸ਼ਰਾਰਤ ਵਿਚ ਇਉਂ ਨਹੀਂ ਕਰ ਰਿਹਾ, ਕਿਸੇ ਨਿਸ਼ਾਨੀ ਦੇ ਸਹਾਰੇ ਨਿਖੇੜਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਫੇਰ ਭੁੱਲ ਜਾਂਦਾ ਹੈ।
         ਦਿੱਲੀ ਰੇਡੀਓ ਦੇ ਪੰਜਾਬੀ ਸੈਕਸ਼ਨ ਦੀ ਬੀਬੀ ਸੱਤਿਆ ਸੇਠ ਮੇਰੇ ਕੋਲ ਗੁਰਦੇਵ ਦੀ ਕਿਸੇ ਕਹਾਣੀ ਨੂੰ ਮੇਰੀ ਕਹਿ ਕੇ ਤੇ ਗੁਰਦੇਵ ਕੋਲ ਮੇਰੀ ਕਿਸੇ ਕਹਾਣੀ ਨੂੰ ਉਹਦੀ ਕਹਿ ਕੇ ਤਾਰੀਫ਼ਾਂ ਕਰਦੀ। ਜੰਮੂ ਤੋਂ ਦਿੱਲੀ ਆ ਕੇ ਵਸੀ ਚੰਦਨ ਨੇਗੀ ਨੇ ਕਹਾਣੀਆਂ ਦੀ ਆਪਣੀ ਨਵੀਂ ਛਪੀ ਪੁਸਤਕ ਗੁਰਦੇਵ ਨੂੰ ਮੇਰਾ ਨਾਂ ਲਿਖ ਕੇ ਭੇਟ ਕਰ ਦਿੱਤੀ ਅਤੇ ਕੁਝ ਦਿਨਾਂ ਮਗਰੋਂ ਗੁਰਦੇਵ ਦਾ ਨਾਂ ਲਿਖ ਕੇ ਮੈਨੂੰ ਦੇ ਦਿੱਤੀ। ਅਸੀਂ ਉਹਨੂੰ ਕੁਝ ਕਹੇ ਬਿਨਾਂ ਪੁਸਤਕਾਂ ਆਪਸ ਵਿਚ ਵਟਾ ਲਈਆਂ। ਉਹਨਾਂ ਦਿਨਾਂ ਦੇ ਅਜਿਹੇ ਅਨੇਕ ਕਿੱਸੇ ਹਨ। ਇਕ ਤਾਂ ਬੇਪਰਵਾਹ ਵੀ ਤੇ ਲਾਪਰਵਾਹ ਵੀ, ਦੂਜੇ ਉਹਦਾ ਆਪਣੀਆਂ ਜੜਾਂ ਪਿੰਡ ਵਿਚ ਹੋਣ ਦਾ ਵਿਸ਼ਵਾਸ। ਮੈਂ ਆਖਦਾ, ਪਿੰਡ ਹੁਣ ਤੇਰੇ ਸੁਫ਼ਨਿਆਂ ਵਾਲੇ ਨਹੀਂ ਰਹੇ। ਆਖਣ-ਸਮਝਾਉਣ ਦੇ ਬਾਵਜੂਦ ਉਹਨੇ ਦਿੱਲੀ ਵਿਚ ਕੋਈ ਛੋਟਾ-ਮੋਟਾ ਫ਼ਲੈਟ ਵੀ ਨਾ ਲਿਆ। ਇਉਂ ਸੇਵਾ-ਮੁਕਤੀ ਮਗਰੋਂ, ਵੀਹ ਸਾਲ ਪਹਿਲਾਂ ਉਹ ਪਿੰਡ ਜਾ ਰਿਹਾ। ਪੀੜ੍ਹੀ ਬਦਲ ਗਈ ਤੇ ਗੁਰਦੇਵ ਹੌਲ਼ੀ-ਹੌਲ਼ੀ ਦਿੱਲੀ ਵਾਲਿਆਂ ਵਾਸਤੇ ਪੰਜਾਬ ਵਸਦਾ ਇਹ ਹੋਰ ਪੰਜਾਬੀ ਲੇਖਕ ਬਣ ਗਿਆ। ਨਵੀਂ ਪੀੜ੍ਹੀ ਦੇ ਬਹੁਤੇ ਲੇਖਕਾਂ ਨੂੰ ਸਾਡੇ ਰਿਸ਼ਤੇ ਦਾ ਵੀ ਪਤਾ ਨਾ ਰਿਹਾ।
        ਫੇਰ ਪਿਛਲੇ ਦਿਨੀਂ ਇਕ ਕੁਝ ਵਧੇਰੇ ਹੀ ਅਜੀਬ ਘਟਨਾ ਵਾਪਰੀ। ਕੈਨੇਡਾ ਤੋਂ ਕਵਿੱਤਰੀ ਸੁਰਜੀਤ ਦਾ ਫੋਨ ਆਇਆ। ਉਹ ਕਦੀ-ਕਦੀ ਸੁੱਖਸਾਂਦ ਪੁਛਦੀ ਰਹਿੰਦੀ ਹੈ। ਇਸ ਵਾਰ ਉਹ ਕੁਝ ਵਧੇਰੇ ਹੀ ਘੋਖਵੀਆਂ ਗੱਲਾਂ ਕਰ ਰਹੀ ਸੀ, ‘‘ਠੀਕ ਹੋ? ...ਠੀਕ ਤੁਰੇ-ਫਿਰਦੇ ਹੋ? ...ਆਪਣੇ ਕੰਮ ਆਪ ਕਰ ਲੈਂਦੇ ਹੋ? ...ਸੈਰ ਨੂੰ ਜਾਂਦੇ ਹੋ?...’’
ਮੈਨੂੰ ਕੁਝ ਸ਼ੱਕ ਜਿਹਾ ਪਿਆ। ਮੈਂ ਪੁੱਛਿਆ, ‘‘ਕੀ ਗੱਲ ਹੈ ਬੀਬੀ?’’
         ਉਹਨੇ ਉਥੇ ਹੀ ਰਹਿੰਦੀ ਇਕ ਪੰਜਾਬੀ ਲੇਖਿਕਾ ਦਾ ਨਾਂ ਲੈ ਕੇ ਕਿਹਾ ਕਿ ਉਹਨੇ ਦੱਸਿਆ ਹੈ, ਭੁੱਲਰ ਜੀ ਨੂੰ ਅਧਰੰਗ ਹੋ ਗਿਆ ਹੈ। ਅਧਰੰਗ ਵਰਗੀ ਚੰਦਰੀ ਬੀਮਾਰੀ ਦਾ ਨਾਂ ਆਪਣੇ ਨਾਂ ਨਾਲ ਜੁੜਿਆ ਸੁਣ ਕੇ ਮੇਰਾ ਸੀਤ ਨਿੱਕਲ ਗਿਆ ਤੇ ਮੇਰੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਸੁਰਜੀਤ ਨੂੰ ਆਪਣੀ ਤੰਦਰੁਸਤੀ ਦਾ ਭਰੋਸਾ ਦੇ ਕੇ ਮੈਂ ਸੋਚਿਆ, ਇਸ ਭੁਲੇਖੇ ਦੀ ਜੜ ਕਿਤੇ ਜ਼ਰੂਰ ਹੈ। ਮੈਂ ਪੰਜਾਬੀ ਸਾਹਿਤਕ ਪਰਿਵਾਰ ਉੱਤੇ ਨਜ਼ਰ ਮਾਰਨ ਲਗਿਆ। ਫੇਰ ਮੈਂ ਇਕਦਮ ਫੋਨ ਚੁੱਕਿਆ ਤੇ ਤਿੰਨ ਕੁ ਮਹੀਨਿਆਂ ਤੋਂ ਟੁੱਟੇ ਹੋਏ ਚੂਲ਼ੇ ਨਾਲ ਮੰਜਾ ਮੱਲੀਂ ਪਏ ਗੁਰਦੇਵ ਦੇ ਬੇਟੇ ਨੂੰ ਪੁੱਛਿਆ, ‘‘ਕੀ ਹਾਲ ਹੈ ਮੇਰੇ ਯਾਰ ਦਾ?’’
ਜਵਾਬ ਸੁੰਨ ਕਰ ਦੇਣ ਵਾਲਾ ਸੀ, ‘‘ਅੰਕਲ, ਉਹਨਾਂ ਦੇ ਦੋਵੇਂ ਪਾਸੇ ਮਾਰੇ ਗਏ ਹਨ!’’
ਅਜਿਹੀ ਨੇੜਤਾ ਦਾ ਅੰਤ ਪੱਤਾ ਟੁੱਟਣਾ ਨਹੀਂ, ਪੂਰੇ ਬਿਰਛ ਦਾ ਹੀ ਝੜ ਜਾਣਾ ਹੈ!
ਸੰਪਰਕ : 80763-63058                                                         -

ਲਾਜਵਾਬ ਸੀ ਰਤਨ ਸਿੰਘ ਜੀ ਦੀ ਜ਼ਿੰਦਾ-ਦਿਲੀ ਤੇ ਰਚਨਾਤਮਿਕਤਾ ! - ਗੁਰਬਚਨ ਸਿੰਘ ਭੁੱਲਰ

ਪੰਜਾਬੀ ਅਤੇ ਉਰਦੂ ਦੇ ਮਾਣਜੋਗ ਬਜ਼ੁਰਗ ਲੇਖਕ ਰਤਨ ਸਿੰਘ ਲੰਮੀ, ਤੰਦਰੁਸਤ ਤੇ ਸਰਗਰਮ ਆਯੂ ਬਿਤਾ ਕੇ 3 ਮਈ ਨੂੰ ਚਲਾਣਾ ਕਰ ਗਏ। ਪਿਛਲੇ 16 ਨਵੰਬਰ ਨੂੰ ਉਹਨਾਂ ਨੇ 93 ਵਰ੍ਹੇ ਪਾਰ ਕਰ ਕੇ 94ਵੇਂ ਵਿਚ ਪੈਰ ਰੱਖਿਆ ਸੀ। ਉਹ ਦਿੱਲੀ ਦੇ ਗੁਆਂਢ ਵਿਚ ਬਣੇ ਹੋਏ ਗਰੇਟਰ ਨੋਇਡਾ ਰਹਿੰਦੇ ਸਨ। ਕਈ ਸਾਲਾਂ ਤੋਂ ਫੋਨ ਰਾਹੀਂ ਜਿਸ ਲੇਖਕ ਨਾਲ ਮੇਰਾ ਸਭ ਤੋਂ ਬਹੁਤਾ ਸੰਪਰਕ ਰਿਹਾ, ਉਹ ਰਤਨ ਸਿੰਘ ਹੀ ਸਨ। ਕੁਦਰਤੀ ਸੀ, ਫੋਨ ਮਿਲਾ ਕੇ ਮੇਰਾ ਪਹਿਲਾ ਸਵਾਲ ਹੁੰਦਾ, “ਕੀ ਹਾਲ਼ ਹੈ ?” ਉਹਨਾਂ ਦਾ ਉੱਤਰ ਵੀ ਹਰ ਵਾਰ ਇਕੋ ਹੁੰਦਾ, ਦਮਦਾਰ ਤੇ ਟੁਣਕਦਾ, “ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!” ਚਲਾਣੇ ਤੋਂ ਪੰਜ-ਚਾਰ ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ ਤਾਂ ਵੀ ਉਹਨਾਂ ਨੇ ਇਹੋ ਜਵਾਬ ਹੀ ਦਿੱਤਾ ਸੀ। ਜੇ ਮੈਂ ਕੁਝ ਦਿਨ ਫੋਨ ਕਰਨ ਤੋਂ ਖੁੰਝ ਜਾਂਦਾ, ਉਹਨਾਂ ਦਾ ਫੋਨ ਆਉਂਦਾ ਤੇ ਇਸ ਸੂਰਤ ਵਿਚ ਵੀ ਉਹ ਇਕੋ ਗੱਲ ਆਖਦੇ, “ਉਰਦੂ ਦੀ ਕਿਸੇ ਅਦੀਬਾ ਨੂੰ ਫੋਨ ਮਿਲਾਉਣਾ ਚਾਹੁੰਦਾ ਸੀ, ਕਿਸੇ ਨਾਲ ਮਿਲਿਆ ਨਹੀਂ। ਸੋਚਿਆ, ਤੁਹਾਨੂੰ ਹੀ ਮਿਲਾ ਲਵਾਂ!” ਮੈਂ ਹਸਦਾ, “ਰਤਨ ਸਿੰਘ ਜੀ, ਮੈਨੂੰ ਉਰਦੂ ਲੇਖਿਕਾਵਾਂ ਵਾਲੇ ਖਾਨੇ ਵਿਚ ਰੱਖ ਕੇ ਗ਼ਜ਼ਬ ਕਰਦੇ ਹੋ ਤੁਸੀਂ!” ਉਹ ਹੱਸ ਪੈਂਦੇ ਤੇ ਅਸਲ ਸਾਹਿਤਕ ਮੁੱਦੇ ਉੱਤੇ ਆ ਜਾਂਦੇ। ਹੀਰ ਨੇ ਆਖਿਆ ਸੀ, ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ! ਸਾਹਿਤ ਰਚਦੇ-ਰਚਦੇ ਰਤਨ ਸਿੰਘ ਆਪ ਹੀ ਸਾਹਿਤ ਹੋ ਗਏ ਸਨ। ਗੱਲ ਉਹਨਾਂ ਦੀ ਕਿਸੇ ਨਵੀਂ ਰਚਨਾ ਤੋਂ ਹੀ ਸ਼ੁਰੂ ਹੁੰਦੀ ਜੋ ਉਹਨਾਂ ਨੇ ਆਰੰਭੀ ਹੋਈ ਹੁੰਦੀ ਜਾਂ ਸਮਾਪਤ ਕਰ ਲਈ ਹੁੰਦੀ।
        ਉਹਨਾਂ ਨੇ ਬਜ਼ੁਰਗੀ ਨੂੰ ਬਾਹਰਲੇ ਦਿਖਾਵੇ ਤੱਕ ਰੋਕ ਕੇ ਦਿਲ ਨੂੰ ਜਵਾਨ ਤੇ ਕਲਮ ਨੂੰ ਮੁਟਿਆਰ ਰੱਖਿਆ ਹੋਇਆ ਸੀ। ਪੰਜ-ਛੇ ਸਾਲ ਪਹਿਲਾਂ ਦੀ ਗੱਲ ਹੈ, ਪੰਜਾਬੀ ਸਾਹਿਤ ਸਭਾ ਵਿਚ ਉਹਨਾਂ ਨੇ ਇਸ਼ਕ ਦੀ ਚਾਸ਼ਨੀ ਵਿਚ ਡੁੱਬੀ ਹੋਈ ਕਹਾਣੀ ਪੜ੍ਹੀ। ਮੈਂ ਪ੍ਰਧਾਨਗੀ ਸ਼ਬਦ ਬੋਲਦਿਆਂ ਸਰੋਤਿਆਂ ਵਿਚ ਬੈਠੀ ਇਹਨਾਂ ਦੀ ਸਾਥਣ ਨੂੰ ਕਿਹਾ, “ਬੀਬੀ, ਇਹਨਾਂ ਨੂੰ ਸਮਝਾਉ, ਆਪਣੀ ਉਮਰ ਦੇਖਣ।” ਉਹ ਹੱਸੇ, “ਇਹਨਾਂ ਨੂੰ ਨਹੀਂ ਕੋਈ ਸਮਝਾ ਸਕਦਾ। ਮਾਸ਼ੂਕਾ ਦਾ ਕੋਈ ਵਜੂਦ ਹੋਵੇ ਨਾ ਹੋਵੇ, ਇਹਨਾਂ ਨੇ ਇਸ਼ਕ ਕਰਦੇ ਹੀ ਰਹਿਣਾ ਹੈ! ਇਹ ਉਮਰ-ਭਰ ਦੇ ਬੇਮਾਸ਼ੂਕੇ ਆਸ਼ਕ ਨੇ।” ਸਭਾ ਸਮਾਪਤ ਹੋਈ ਤਾਂ ਬੇਟੀ ਕੋਲ ਆ ਕੇ ਬੋਲੀ, “ਅੰਕਲ, ਇਹ ਤਾਂ ਫੁੱਲ-ਪੱਤਿਆਂ ਨੂੰ, ਚਿੜੀ-ਜਨੌਰ ਨੂੰ, ਸਭ ਨੂੰ ਇਸ਼ਕ ਕਰਦੇ ਨੇ। ਬੰਦਿਆਂ ਨੂੰ ਤਾਂ ਕਰਨਾ ਹੀ ਹੋਇਆ। ਜਿਸ ਦਿਨ ਇਹਨਾਂ ਨੇ ਇਸ਼ਕ ਕਰਨਾ ਬੰਦ ਕਰ ਦਿੱਤਾ, ਲਿਖਣਾ ਵੀ ਬੰਦ ਕਰ ਦੇਣਗੇ!”
      ਵਧਦੀ ਉਮਰ ਨਾਲ ਕਦੀ ਕੋਈ ਨਾ ਕੋਈ ਚੂਲ਼ ਮਾੜੀ-ਮੋਟੀ ਢਿੱਲੀ ਹੋ ਜਾਂਦੀ ਤਾਂ ਦੋ-ਚਾਰ ਦਿਨ ਹਸਪਤਾਲ ਰਹਿਣਾ ਪੈਂਦਾ। ਇਕ ਵਾਰ ਪਰਤੇ ਤਾਂ ਮੈਂ ਸਿਹਤ ਬਾਰੇ ਜਾਣਨ ਲਈ ਫੋਨ ਕੀਤਾ। ਜਵਾਬ ਉਹੋ ਟਕਸਾਲੀ ਮਿਲਿਆ ਤੇ ਬੀਮਾਰੀ ਦੀ ਗੱਲ ਉਸੇ ਵਿਚ ਹੀ ਮੁਕਾ ਕੇ ਕਹਿੰਦੇ, “ਇਕ ਸਲਾਹ ਦਿਉ। ਮੈਂ ਕਾਫ਼ੀ ਦੋਹੇ ਲਿਖੇ ਹੋਏ ਨੇ। ਕੁਝ ਹੋਰ ਲਿਖ ਕੇ ਸਿਰਫ਼ ਦੋਹਿਆਂ ਦੀ ਕਿਤਾਬ ਛਪਵਾ ਦਿਆਂ ਤਾਂ ਠੀਕ ਰਹੇਗੀ?” ਛੇਤੀ ਹੀ ਇਹ ਕਿਤਾਬ ਛਪ ਵੀ ਗਈ। ਕੁਝ ਚਿਰ ਮਗਰੋਂ ਫੇਰ ਹਸਪਤਾਲ ਜਾਣਾ ਪਿਆ। ਇਸ ਵਾਰ ਵੀ ਬੀਮਾਰੀ ਦੀ ਗੱਲ ਪਹਿਲਾਂ ਵਾਂਗ ਹੀ ਫਟਾਫਟ ਨਿਬੇੜ ਕੇ ਉਹਨਾਂ ਨੇ ਆਪਣੀ ਵਿਉਂਤ ਦੱਸੀ, “ਉਹ ਜਿਹੜੀ ਮੈਂ ਪੰਜਾਬ ਦੇ ਉਰਦੂ ਲੇਖਕਾਂ ਦੀ ਲੜੀ ਲਿਖੀ ਸੀ, ਹੁਣ ਨਜ਼ਰ ਮਾਰੀ ਤਾਂ ਕਈ ਹੋਰ ਨਾਂ ਯਾਦ ਆ ਗਏ। ਮੈਂ ਸੋਚਦਾ ਹਾਂ, ਉਹਨਾਂ ਬਾਰੇ ਵੀ ਉਹੋ ਜਿਹੇ ਲੇਖ ਲਿਖ ਕੇ ਕਿਤਾਬ ਛਪਵਾ ਦਿਆਂ। ਲੇਖਕਾਂ-ਪਾਠਕਾਂ ਦੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਇਕ ਤਰ੍ਹਾਂ ਦੀ ਹਵਾਲਾ-ਪੁਸਤਕ ਬਣ ਜਾਵੇਗੀ।”
       ਰਤਨ ਸਿੰਘ ਨਾਲ਼ ਮੇਰੀ ਜਾਣ-ਪਛਾਣ ਇਸੇ ਲੇਖ-ਲੜੀ ਸਦਕਾ ਹੋਈ ਸੀ। ਰਾਮ ਸਰੂਪ ਅਣਖੀ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਜਦੋਂ ਉਹਨੇ ਤ੍ਰੈਮਾਸਕ ‘ਕਹਾਣੀ ਪੰਜਾਬ’ ਕੱਢਿਆ, ਇਕ ਦਿਨ ਸਲਾਹਾਂ ਕਰਦਿਆਂ ਕਹਿੰਦਾ, “ਪੰਜਾਬੀ ਮੂਲ ਦੇ ਉਰਦੂ ਲੇਖਕ ਰਤਨ ਸਿੰਘ ਮੇਰੇ ਵਾਕਿਫ਼ ਹਨ। ਉਹ ਆਪਣੇ ਲਈ ਕੋਈ ਕਾਲਮ ਲਿਖ ਸਕਦੇ ਹਨ। ਉਹਨਾਂ ਨੂੰ ਕੀ ਸੁਝਾਅ ਦੇਈਏ?” ਮੈਂ ਕਿਹਾ, “ਪੰਜਾਬ ਦੇ ਜੰਮ-ਪਲ ਉਰਦੂ ਲੇਖਕਾਂ ਬਾਰੇ ਆਮ ਜਾਣਕਾਰੀ ਦਿੰਦੀ ਹੋਈ ਲੜੀ ਲਿਖਣ ਲਈ ਕਹਿ।” ਰਤਨ ਸਿੰਘ ਜੀ ਨੇ ਉਹ ਲੜੀ ਛੋਟੇ-ਛੋਟੇ ਲੇਖਾਂ ਦੇ ਰੂਪ ਵਿਚ ਸ਼ੁਰੂ ਕੀਤੀ ਜਿਨ੍ਹਾਂ ਵਿਚ ਉਹਨਾਂ ਦੇ ਜੀਵਨ ਤੇ ਰਚਨਾਵਾਂ ਦੀ ਜਾਣਕਾਰੀ ਤੋਂ ਇਲਾਵਾ ਦਿਲਚਸਪ ਟੋਟਕਿਆਂ ਦਾ ਰਸ ਵੀ ਭਰਿਆ ਹੋਇਆ ਹੁੰਦਾ ਸੀ। ਪਾਠਕਾਂ ਵਿਚ ਉਹ ਲੇਖ ਬੜੇ ਹਰਮਨਪਿਆਰੇ ਸਿੱਧ ਹੋਏ। ਮੈਂ ਵੀ ਉਹਨਾਂ ਨਾਲ਼ ਅਕਸਰ ਛਪਦਾ ਰਹਿੰਦਾ ਸੀ। ਇਉਂ ਅਸੀਂ ਫੋਨ ਰਾਹੀਂ ਜੁੜ ਗਏ। ਪਰ ਇਸ ਸੰਪਰਕ ਤੋਂ ਇਲਾਵਾ ਮੈਂ ਉਹਨਾਂ ਨੂੰ ਮਿਲਣਾ ਤਾਂ ਦੂਰ, ਅਜੇ ਤੱਕ ਉਹਨਾਂ ਦੀ ਤਸਵੀਰ ਵੀ ਨਹੀਂ ਸੀ ਦੇਖੀ।
        ਇਕ ਦਿਨ ਘੰਟੀ ਵੱਜੀ। ਬਾਹਰ ਇਕ ਬਜ਼ੁਰਗ ਖਲੋਤੇ ਹੋਏ ਸਨ। ਉੱਚਾ-ਲੰਮਾ ਕੱਦ, ਸਿੱਧਾ ਸਰੂ ਸਰੀਰ, ਪੱਗ ਸਮੇਤ ਦੁੱਧ-ਚਿੱਟੇ ਕਮੀਜ਼-ਪੈਂਟ ਨਾਲ਼ ਮੇਲ ਖਾਂਦੀਆਂ ਦਾੜ੍ਹੀ-ਮੁੱਛਾਂ, ਜਿਨ੍ਹਾਂ ਦੀ ਨਿਰਮਲ ਸਫ਼ੈਦੀ ਨੂੰ ਭਰਵੱਟੇ ਵੀ ਕਾਲ਼ੇ ਰਹਿ ਕੇ ਭੰਗ ਕਰਨ ਦੀ ਗੁਸਤਾਖ਼ੀ ਨਹੀਂ ਸਨ ਕਰ ਰਹੇ। ਆਪਣੀਆਂ ਲਿਖਤਾਂ ਵਾਂਗ ਸੰਖੇਪ ਵਿਚ ਬੋਲੇ, “ਰਤਨ ਸਿੰਘ।” ਹੁਣ ਵੀ ਉਹ ਫੋਨ ਕਰਦੇ ਤਾਂ ਪਹਿਲੇ ਬੋਲ ਹੁੰਦੇ, “ਰਤਨ ਸਿੰਘ।” ਪਤਾ ਲਗਿਆ, ਉਹਨਾਂ ਦੀ ਬੇਟੀ ਸਾਡੇ ਨਾਲ ਦੇ ਬਲਾਕ ਵਿਚ ਰਹਿੰਦੀ ਸੀ। ਇਉਂ ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਜਦੋਂ ਇਹ ਦੋ ਸ਼ਬਦ ਉਹਨਾਂ ਦੀ ਪੂਰੀ ਸਿਆਣ ਦੇ ਸਕਦੇ ਸਨ, ਉਹ ਹੋਰ ਵਾਧੂ ਸ਼ਬਦ ਕਿਉਂ ਖਰਚਣ!
       ਭਾਸ਼ਾ ਦਾ ਉਹਨਾਂ ਦਾ ਇਹੋ ਨੇਮ ਰਚਨਾ ਕਰਨ ਸਮੇਂ ਬਣਿਆ ਰਹਿੰਦਾ ਸੀ। ਉਹ ਕਹਾਣੀ ਵੀ ਲਿਖਦੇ ਸਨ, ਨਾਵਲ ਵੀ ਤੇ ਕਵਿਤਾ ਵੀ। ਜੇ ਕਦੀ ਲੇਖ ਲਿਖਣਾ ਹੋਵੇ, ਉਹ ਵੀ ਓਪਰਾ ਨਹੀਂ ਸੀ ਲਗਦਾ। ਪਰ ਹਰ ਵਿਧਾ ਵਿਚ ਉਹਨਾਂ ਦੀ ਰਚਨਾ ਦਾ ਆਕਾਰ ਉਸ ਵਿਧਾ ਦੀਆਂ ਸਮਕਾਲੀ ਰਚਨਾਵਾਂ ਨਾਲੋਂ ਛੋਟਾ ਹੀ ਹੁੰਦਾ ਸੀ। ਉਹ ਵਾਧੂ ਭਾਸ਼ਾਈ ਖਿਲਾਰਾ ਪਾਏ ਬਿਨਾਂ ਉਹਨਾਂ ਥੋੜ੍ਹੇ ਸਫ਼ਿਆਂ ਵਿਚ ਹੀ ਆਪਣੀ ਗੱਲ ਸੰਪੂਰਨਤਾ ਤੱਕ ਕਹਿਣ ਵਿਚ ਮੁਕੰਮਲ ਕਾਮਯਾਬੀ ਹਾਸਲ ਕਰਨ ਦੀ ਕਲਾ ਉਜਾਗਰ ਕਰਦੇ ਸਨ।
        ਪੰਜਾਬੀ ਸਾਹਿਤ ਦੇ ਆਧੁਨਿਕ ਦੌਰ ਦੇ ਸ਼ੁਰੂ ਵਿਚ ਕਹਾਣੀ ਨੂੰ, ਸ਼ਾਇਦ ਨਾਵਲਿਟ ਦੇ ਨੇੜੇ ਜਾ ਢੁੱਕਣ ਵਾਲ਼ੀ ਲੰਮੀ ਕਹਾਣੀ ਤੋਂ ਵਖਰਾਉਣ ਲਈ, ਨਿੱਕੀ ਕਹਾਣੀ ਕਿਹਾ ਜਾਂਦਾ ਸੀ ਤੇ ਇਹਦੀ ਧਰਤੀ ਸੱਤ-ਅੱਠ ਤੋਂ ਦਸ-ਬਾਰਾਂ ਪੰਨੇ ਮੰਨੀ ਜਾਂਦੀ ਸੀ। ਰਤਨ ਸਿੰਘ ਨਿੱਕੀ ਕਹਾਣੀ ਵਿਚੋਂ ਵੀ ਨਿੱਕੀ ਲਿਖਣ ਵਾਲ਼ੇ ਕਹਾਣੀਕਾਰ ਸਨ। ਪਰ ਉਹਨਾਂ ਦੀ ਨਿੱਕੀ ਕਹਾਣੀ “ਜਿੰਨੀ ਨਿੱਕੀ, ਓਨੀ ਤਿੱਖੀ” ਦੀ ਕਸਵੱਟੀ ਉੱਤੇ ਖਰੀ ਉੱਤਰਨ ਦਾ ਗੁਣ ਲੈ ਕੇ ਜਨਮਦੀ ਸੀ। ਅੱਜ-ਕੱਲ੍ਹ ਲੋਕ ਮਿੰਨੀ ਕਹਿ ਕੇ ਦੋ-ਦੋ ਸਫ਼ਿਆਂ ਦੀਆਂ ਕਹਾਣੀਆਂ ਲਿਖ ਦਿੰਦੇ ਹਨ, ਰਤਨ ਸਿੰਘ ਛੋਟੀ ਕਹਾਣੀ ਮੰਟੋ ਵਾਂਗ ਲਿਖਦੇ। ਉਹਨਾਂ ਦਾ ਕਹਿਣਾ ਸੀ, ਛੋਟੀ ਕਹਾਣੀ ਸਫਲ ਰਹਿੰਦੀ ਹੈ ਕਿਉਂਕਿ ਹਰ ਕਹਾਣੀ ਦੇ ਪਾਠਕ ਨੂੰ ਇਹ ਉਤਾਵਲਤਾ ਰਹਿੰਦੀ ਹੈ, ਅੱਗੇ ਕੀ ਹੋਇਆ? ਛੋਟੀ ਕਹਾਣੀ ਇਹ ਉਤਾਵਲਤਾ ਛੇਤੀ ਹੀ ਪੂਰੀ ਕਰ ਦਿੰਦੀ ਹੈ। ਉਹਨਾਂ ਦੀ ਇਕ ਖ਼ੂਬਸੂਰਤ ਉਰਦੂ ਕਹਾਣੀ ਸਿਰਫ਼ ਬਾਰਾਂ ਲਫ਼ਜ਼ਾਂ ਦੀ ਹੈ, “ਰੇਸਕੋਰਸ ਮੇਂ ਦੌੜ ਘੋੜੇ ਰਹੇ ਥੇ, ਸਾਂਸ ਆਦਮੀਉਂ ਕੀ ਫੂਲ ਰਹੀ ਥੀ।”
       ਪੰਜਾਬੀ ਮੂਲ ਦੇ ਬਹੁਤੇ ਉਰਦੂ ਲੇਖਕਾਂ ਨਾਲ਼ ਇਹਨਾਂ ਨੇ ਕਰੀਬੀ ਨਾਤਾ ਬਣਾਇਆ ਹੋਇਆ ਸੀ ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਵੀ ਸਾਨੂੰ ਪਤਾ ਨਹੀਂ। ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ ਤੇ ਬਲਵੰਤ ਸਿੰਘ ਵਰਗਿਆਂ ਨਾਲ਼ ਤਾਂ ਇਹਨਾਂ ਦੀ ਬਹੁਤ ਨੇੜਲੀ ਸਾਂਝ ਰਹੀ। ਬੇਦੀ ਜੀ ਨਾਲ਼ ਸਾਹਿਤਕ ਮਹਿਫ਼ਲਾਂ ਤੇ ਇਕੱਠਾਂ ਵਿਚ ਇਹਨਾਂ ਦੀ ਮੇਲ-ਮੁਲਾਕਾਤ ਅਕਸਰ ਹੁੰਦੀ। ਇਕ ਦਿਨ ਉਹਨਾਂ ਨਾਲ਼ ਮੇਲ ਹੋਇਆ ਤਾਂ ਇਹਨਾਂ ਦੀ ਸਾਥਣ ਵੀ ਨਾਲ਼ ਸੀ। ਜਿਥੇ ਇਹਨਾਂ ਦਾ ਕੱਦ ਔਸਤ ਨਾਲ਼ੋਂ ਕਾਫ਼ੀ ਵੱਧ ਸੀ, ਬੀਬੀ ਦਾ ਕੱਦ ਔਸਤ ਨਾਲੋਂ ਕਾਫ਼ੀ ਘੱਟ ਸੀ।
ਬੇਦੀ ਜੀ ਹੱਸੇ, “ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ਹੁੰਦਾ ਹੈ!” ਰਤਨ ਸਿੰਘ ਦੇ ਉਰਦੂ ਕਹਾਣੀ-ਸੰਗ੍ਰਹਿ ‘ਮਾਨਕ ਮੋਤੀ’ ਵਿਚ ਆਮ ਨਾਲੋਂ ਅੱਧੇ ਜਾਂ ਤੀਜੇ ਹਿੱਸੇ ਆਕਾਰ ਦੀਆਂ ਇਕ ਸੌ ਕਹਾਣੀਆਂ ਸ਼ਾਮਲ ਹਨ। ਪੰਜਾਬੀ ਵਿਚ ਵੀ ਉਹਨਾਂ ਦੇ ਅਜਿਹੇ ਕਈ ਸੰਗ੍ਰਹਿ ਹਨ।
      ਦੁਨੀਆ ਦੇ ਬਹੁਗਿਣਤੀ ਲੇਖਕ ਇਕ ਭਾਸ਼ਾ ਵਿਚ ਤੇ ਬਹੁਤੇ ਅੱਗੋਂ ਇਕ ਵਿਧਾ ਵਿਚ ਸਾਹਿਤ ਰਚਦੇ ਹਨ। ਰਤਨ ਸਿੰਘ ਇਕ ਤੋਂ ਵੱਧ ਭਾਸ਼ਾਵਾਂ ਵਿਚ ਤੇ ਇਕ ਤੋਂ ਵੱਧ ਵਿਧਾਵਾਂ ਵਿਚ ਰਚਨਾ ਕਰਨ ਵਾਲ਼ੇ ਲੇਖਕ ਸਨ। ਲਿਖਣਾ ਸ਼ੁਰੂ ਤਾਂ ਮਾਂ-ਬੋਲੀ ਤੋਂ ਹੀ ਕੀਤਾ ਸੀ ਪਰ ਨੌਕਰੀ ਨੇ ਦੋ-ਭਾਸ਼ਾਈ ਲੇਖਕ ਬਣਾ ਦਿੱਤੇ। ਰੇਡੀਓ ਦਾ ਪਸਾਰਾ ਹੀ ਅਜਿਹਾ ਸੀ ਕਿ ਅੰਨ-ਜਲ ਨੇ ਪੰਜਾਬ ਤੋਂ ਬਾਹਰ ਕਈ ਟਿਕਾਣੇ ਬਣਵਾਏ। ਰੇਡੀਓ ਦੇ ਅਧਿਕਾਰੀ ਹੁੰਦਿਆਂ ਹਰ ਥਾਂ ਪਹਿਲਾ ਵਾਹ ਲੇਖਕਾਂ ਨਾਲ ਹੀ ਪੈਂਦਾ ਸੀ। ਸਬੱਬ ਨਾਲ਼ ਉਥੇ ਸਥਾਨਕ ਉਰਦੂ ਲੇਖਕਾਂ ਦੇ ਨਾਲ਼ ਹੀ ਪੰਜਾਬ ਦੇ ਜੰਮ-ਪਲ ਦੋ-ਚਾਰ ਉਰਦੂ ਲੇਖਕ ਵੀ ਮਿਲ ਜਾਂਦੇ ਜੋ ਸੰਤਾਲੀ ਦੇ ਤੂਫ਼ਾਨ ਦੇ ਉਥੇ ਸੁੱਟੇ ਹੋਏ ਹੁੰਦੇ। ‘ਅੰਗਰੇਜ਼ ਦੇ ਜ਼ਮਾਨੇ ਦੇ’ ਉਰਦੂ ਮਾਧਿਅਮੀ ਵਿਦਿਆਰਥੀ ਰਹੇ ਹੋਣ ਕਰਕੇ ਜਦੋਂ ਅੰਨ-ਜਲ ਪੰਜਾਬ ਤੋਂ ਬਾਹਰ ਇਸ ਉਰਦੂ ਵਾਲ਼ੇ ਮਾਹੌਲ ਵਿਚ ਲੈ ਪਹੁੰਚਿਆ, ਉਰਦੂ ਅਦਬ ਵੱਲ ਪਲਟਣਾ ਔਖਾ ਸਾਬਤ ਨਾ ਹੋਇਆ। ਇਉਂ ਪੰਜਾਬੀ ਲੇਖਕ ਬਣਦੇ-ਬਣਦੇ ਰਤਨ ਸਿੰਘ ਪ੍ਰਸਿੱਧ ਉਰਦੂ ਲੇਖਕ ਹੋ ਨਿੱਬੜੇ। ਇਕ ਦਿਨ ਕਹਿਣ ਲੱਗੇ, “ਮੈਂ ਲੰਮਾ ਸਮਾਂ ਪੰਜਾਬੀ ਦੇ ਸਾਹਿਤਕ ਦ੍ਰਿਸ਼ ਤੋਂ ਦੂਰ ਰਿਹਾ ਹਾਂ, 20-25 ਪੰਜਾਬੀ ਕਹਾਣੀਕਾਰਾਂ ਦੀ ਸੂਚੀ ਬਣਾਓ ਤੇ ਉਹਨਾਂ ਦੀ ਇਕ-ਇਕ ਕਹਾਣੀ ਵੀ ਦੇ ਦਿਉ। ਇਉਂ ਉਹਨਾਂ ਨੇ 26 ਪੰਜਾਬੀ ਕਹਾਣੀਆਂ ਅਨੁਵਾਦ ਕੇ ਪੁਸਤਕ ‘ਨੁਮਾਇੰਦਾ ਪੰਜਾਬੀ ਅਫ਼ਸਾਨੇ’ ਤਿਆਰ ਕੀਤੀ ਜਿਸ ਨੂੰ ਉਰਦੂ ਅਕਾਦਮੀ ਦਿੱਲੀ ਨੇ ਪ੍ਰਕਾਸ਼ਿਤ ਕੀਤਾ। ਉਹਨਾਂ ਦਾ ਸਭ ਤੋਂ ਵੱਡਾ, ਮੁੱਲਵਾਨ ਤੇ ਯਾਦਗਾਰੀ ਕਾਰਜ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਉਰਦੂ ਵਿਚ ਅਨੁਵਾਦਣਾ ਸੀ।
        ਸੇਵਾ-ਮੁਕਤ ਹੋ ਕੇ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਦਿੱਲੀ ਆ ਬਣਾਇਆ। ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਆਂਢ-ਗੁਆਂਢ ਦਾ ਪੰਜਾਬੀ ਮਾਹੌਲ ਮਿਲਿਆ ਤਾਂ ਦਿਲ ਦੇ ਕਿਸੇ ਕੰਧ-ਕੌਲ਼ੇ ਨਾਲ਼ ਚਿੰਬੜੀ ਹੋਈ ਪੰਜਾਬੀ ਰਚਨਾਕਾਰੀ ਦੀ ਚਿਰ-ਸੁੱਕੀ ਵੇਲ ਨੇ ਲਗਰਾਂ ਛੱਡ ਦਿੱਤੀਆਂ। ਮਾਂ-ਬੋਲੀ ਸੁਤੇਸਿਧ ਹੀ ਕਲਮ ਵਿਚੋਂ ਧਾਰਾ ਬਣ ਵਗ ਤੁਰੀ। ਪੰਜਾਬੀ ਸਾਹਿਤ ਸਭਾ ਵਿਚ ਹਰ ਵਾਰ ਆਉਣ ਲੱਗੇ। ਉਰਦੂ ਰਹਿੰਦਾ-ਰਹਿੰਦਾ ਪਿੱਛੇ ਰਹਿ ਗਿਆ ਤੇ ਉਹ ਪੂਰੀ ਤਰ੍ਹਾਂ ਪੰਜਾਬੀ ਲੇਖਕ ਬਣ ਗਏ। ਕਦੀ ਕਾਵਿ-ਸੰਗ੍ਰਹਿ, ਕਦੀ ਕਹਾਣੀ-ਸੰਗ੍ਰਹਿ ਤੇ ਕਦੀ ਨਾਵਲ, ਸਾਨੂੰ ਪੰਜਾਬੀ ਵਿਚ ਲਗਾਤਾਰ ਸੁਗਾਤਾਂ ਮਿਲਣ ਲੱਗੀਆਂ ਜਿਨ੍ਹਾਂ ਨੂੰ ਨਵਯੁਗ ਮਾਣ ਨਾਲ ਛਾਪਦਾ। ਉਹਨਾਂ ਨੇ ਸਵੈਜੀਵਨੀ ਵੀ ਪੰਜਾਬੀ ਕਵਿਤਾ ਵਿਚ ਲਿਖੀ। ਹੋਰ ਬਜ਼ੁਰਗ ਜਿਨ੍ਹਾਂ ਉਂਗਲਾਂ ਨਾਲ ਮਾਲ਼ਾ ਫੇਰਦੇ ਹਨ, ਇਹ ਉਹਨਾਂ ਉਂਗਲਾਂ ਵਿਚ ਮਜ਼ਬੂਤੀ ਨਾਲ਼ ਫੜੀ ਕਲਮ ਵਿਚੋਂ ਸਾਨੂੰ ਅੰਤ ਤੱਕ ਖ਼ੂਬਸੂਰਤ ਰਚਨਾਵਾਂ ਦਿੰਦੇ ਰਹੇ।
       ਇਕ ਗੱਲੋਂ ਉਹਨਾਂ ਦੇ ਚਲਾਣੇ ਦਾ ਦੁੱਖ ਨਹੀਂ ਕਿਉਂਕਿ ਉਹ ਸੰਤੁਸ਼ਟ ਜ਼ਿੰਦਗੀ ਜਿਉਂ ਕੇ ਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਵਾਲਾ ਭਰਪੂਰ ਪਰਿਵਾਰ ਛੱਡ ਕੇ ਠੀਕ ਵੇਲੇ ਗਏ ਹਨ। ਇਸ ਤੋਂ ਅੱਗੇ ਉਹਨਾਂ ਦਾ ਸਰੀਰਕ ਕਸ਼ਟਾਂ ਦਾ ਸਮਾਂ ਹੀ ਆਉਣਾ ਸੀ। ਦਿਲ ਵਿਚ ਚੀਸ ਇਹ ਸੋਚ ਕੇ ਪੈਂਦੀ ਹੈ, ਹੁਣ ਘੰਟੀ ਸੁਣ ਕੇ ਫੋਨ ਚੁੱਕਿਆਂ ਕਦੀ ਨਹੀਂ ਸੁਣਨਾ “ਰਤਨ ਸਿੰਘ” ਤੇ ਫੋਨ ਕੀਤਿਆਂ ਕਦੀ ਕਿਸੇ ਨੇ ਅੱਗੋਂ ਨਹੀਂ ਕਹਿਣਾ, “ਜਿਉਂਦੀ ਪਈ ਹੈ ਅਜੇ ਜਵਾਨੀ...!”

ਸੰਪਰਕ: 80763-63058

ਇਸਤਰੀ ਦੀ ਸਾਹਿਤਕ ਰਚਨਾਤਮਿਕਤਾ ਦਾ ਜਲੌਅ : ਕਲਮਾਂ ਵਾਲੀਆਂ - ਗੁਰਬਚਨ ਸਿੰਘ ਭੁੱਲਰ

ਪੰਜਾਬਣਾਂ ਦੀ ਸਾਹਿਤਕ ਪ੍ਰਤਿਭਾ ਦੀਆਂ ਜੜਾਂ ਡੂੰਘੇ ਅਤੀਤ ਵਿਚ ਲੱਗੀਆਂ ਹੋਈਆਂ ਹਨ। ਉਹਨਾਂ ਦੀ ਮੁੱਢ-ਕਦੀਮੀ ਰਚਨਾ ਦੀ ਦੱਸ ਅੱਜ ਤੋਂ ਕੋਈ 3,200-3,500 ਸਾਲ ਪਹਿਲਾਂ ਦੇ ਸਮੇਂ ਵਿਚ ਪੈਂਦੀ ਹੈ। ਇਹ ਉਹ ਸਮਾਂ ਸੀ ਜਦੋਂ ਅਜੇ ਲਿਪੀ ਵੀ ਹੋਂਦ ਵਿਚ ਨਹੀਂ ਸੀ ਆਈ ਤੇ ਰਚਨਾ ਕੰਠ ਕਰਾ ਕੇ ਅੱਗੇ ਤੋਰੀ ਜਾਂਦੀ ਸੀ। ਜਦੋਂ ਕਈ ਪੀੜ੍ਹੀਆਂ ਤੇ ਅਨੇਕ ਰਿਸ਼ੀਆਂ-ਰਿਸ਼ੀਕਾਵਾਂ ਦੀ ਇਸ ਰਚਨਾ ਨੂੰ ‘ਰਿਗਵੇਦ’ ਦੇ ਰੂਪ ਵਿਚ ਲਿਪੀਬੱਧ ਕਰਨ ਦਾ ਸਮਾਂ ਆਇਆ, ਉਹਨਾਂ ਵਿਚ ਤੀਹ ਤੋਂ ਵੱਧ ਰਿਸ਼ੀਕਾਵਾਂ, ਭਾਵ ਪੰਜਾਬ-ਵਾਸੀ ਕਵਿੱਤਰੀਆਂ ਵੀ ਸ਼ਾਮਲ ਸਨ। ਉਹਨਾਂ ਵਿਚੋਂ ਚਾਰ, ਘੋਸ਼, ਲੋਪਾਮੁਦਰਾ, ਮੈਤ੍ਰੇਈ ਅਤੇ ਗਾਰਗੀ, ਤਾਂ ਖਾਸ ਕਰ ਕੇ ਪ੍ਰਸਿੱਧ ਹੋਈਆਂ ਹਨ।
       ਇਤਿਹਾਸ ਅੱਗੇ ਤੁਰਿਆ ਤਾਂ ਸੰਪਤੀ ਨੂੰ ਹਾਸਲ ਹੋਏ ਮਹੱਤਵ ਕਾਰਨ ਮਾਤਰੀ ਸਮਾਜ ਤੋਂ ਪਿਤਰੀ ਸਮਾਜ ਵੱਲ ਤਬਦੀਲੀ ਵਾਪਰੀ। ਇਸ ਨਾਲ ਇਸਤਰੀ ਦੀ ਸਮਾਜਕ ਹੈਸੀਅਤ ਵੀ ਨਿਵਾਣ ਵੱਲ ਤਿਲ੍ਹਕਣ ਲੱਗੀ। ਸਾਹਿਤ-ਸਭਿਆਚਾਰ ਵਿਚ ਇਸਤਰੀਆਂ ਦੀ ਭਾਈਵਾਲੀ ਨਾਂਹ ਦੇ ਬਰਾਬਰ ਕਰ ਦਿੱਤੀ ਗਈ। ਉਹਨਾਂ ਤੋਂ ਪੜ੍ਹਨਾ-ਲਿਖਣਾ ਤੱਕ ਛੁਡਾ ਦਿੱਤਾ ਗਿਆ। ਪੰਜਾਬ ਦੀ ਇਸਤਰੀ-ਰਚਨਾਤਮਿਕਤਾ ਦੇ ਇਤਿਹਾਸ ਵਿਚ ਲੰਮੇ ਸਮੇਂ ਦਾ ਵੱਡਾ ਖੱਪਾ ਪੈ ਗਿਆ। ਇਸ ਦਾ ਪਰ ਇਹ ਭਾਵ ਨਹੀਂ ਕਿ ਉਹ ਉਸ ਸਮੇਂ ਰਚਨਾ ਕਰਨ ਤੋਂ ਅਸਮਰੱਥ ਹੋ ਗਈਆਂ ਸਨ। ਮਨੁੱਖੀ ਮਨ ਤਾਂ ਪ੍ਰਾਪਤੀਆਂ-ਅਪ੍ਰਾਪਤੀਆਂ, ਤ੍ਰਿਪਤੀਆਂ-ਅਤ੍ਰਿਪਤੀਆਂ, ਖ਼ੁਸ਼ੀਆਂ-ਗ਼ਮੀਆਂ, ਆਦਿ ਦਾ ਸਮੁੰਦਰ ਹੈ। ਇਹ ਸਭ ਭਾਵਨਾਵਾਂ ਸਦਾ ਤੋਂ ਹੀ ਜਿੰਨੀਆਂ ਪੁਰਸ਼ ਦੇ ਮਨ ਵਿਚ ਪੁੰਗਰਦੀਆਂ ਰਹੀਆਂ ਹਨ, ਓਨੀਆਂ ਹੀ ਇਸਤਰੀ ਦੇ ਮਨ ਵਿਚ ਪੁੰਗਰਦੀਆਂ ਰਹੀਆਂ ਹਨ। ਜਜ਼ਬਿਆਂ, ਵਲਵਲਿਆਂ, ਸੁਫ਼ਨਿਆਂ, ਰੀਝਾਂ ਤੇ ਕਲਪਨਾਵਾਂ ਉੱਤੇ ਵੀ ਕਦੀ ਕੋਈ ਪਹਿਰਾ ਬਿਠਾ ਸਕਿਆ ਹੈ! ਇਸੇ ਕਰਕੇ ਜਦੋਂ ਵੀ ਇਸਤਰੀ ਲਈ ਹਾਲਾਤ ਕਿਸੇ ਪ੍ਰਕਾਰ ਦੀ ਸ਼ਬਦੀ ਸਾਕਾਰਤਾ ਲਈ ਸਾਜ਼ਗਾਰ ਹੋਏ, ਉਹ ਸਮੇਂ ਦੇ ਪੰਨਿਆਂ ਉੱਤੇ ਉੱਕਰੀ ਜਾਂਦੀ ਰਹੀ, ਪਹਿਲਾਂ ਸਦੀਆਂ ਤੱਕ ਬੇਨਾਮੇ ਅਲਿਖਿਤ ਲੋਕਗੀਤਾਂ ਦੇ ਰੂਪ ਵਿਚ ਤੇ ਫੇਰ ਦੋ-ਢਾਈ ਸਦੀਆਂ ਪਹਿਲਾਂ ਰਚਨਾਕਾਰ ਦਾ ਨਾਂ ਆਪਣੇ ਨਾਲ਼ ਲੈ ਕੇ ਆਈ ਲਿਖਿਤ ਕਵਿਤਾ ਦੇ ਰੂਪ ਵਿਚ।
        ਇਹ ਤੱਥ ਦਿਲਚਸਪ ਹੈ ਕਿ ਲੋਕਗੀਤਾਂ ਤੋਂ ਲਿਖਿਤ ਸਾਹਿਤ ਵੱਲ ਇਸਤਰੀ ਦੇ ਸਾਹਿਤਕ ਵਿਕਾਸ ਦਾ ਵਸੀਲਾ ਮਜ਼ਹਬ ਬਣਿਆ, ਭਾਵੇਂ ਕਿ ਉਸ ਦਾ ਮਨੋਰਥ ਇਸਤਰੀ ਦੀ ਰਚਨਾਤਮਿਕਤਾ ਨੂੰ ਜਗਾਉਣਾ ਬਿਲਕੁਲ ਨਹੀਂ ਸੀ। ਮੁਸਲਮਾਨ ਭਾਈਚਾਰੇ ਦੀਆਂ ਇਸਤਰੀਆਂ ਨੂੰ ਮਜ਼ਹਬੀ ਰੀਤ ਵਜੋਂ ਕੁਰਾਨ ਪੜ੍ਹਾਈ ਜਾਣ ਲੱਗੀ। ਦੂਜੇ ਪਾਸੇ ਕੁਝ ਡੇਰੇਦਾਰਾਂ ਨੇ ਵੀ ਆਪਣੀਆਂ ਸ਼ਿਸ਼ਾਂ ਨੂੰ ਅੱਖਰ-ਗਿਆਨ ਦੇਣਾ ਸ਼ੁਰੂ ਕਰ ਦਿੱਤਾ। ਇਸੇ ਲਈ 19ਵੀਂ ਸਦੀ ਦੇ ਆਰੰਭ ਵਿਚ ਕੁਝ ਇਸਤਰੀਆਂ ਦੀ ਰਚੀ ਹੋਈ ਜੋ ਪੰਜਾਬੀ ਕਵਿਤਾ ਜਾਂ ਪੰਜਾਬੀ ਮਿੱਸ ਵਾਲ਼ੀ ਕਵਿਤਾ ਸਾਨੂੰ ਮਿਲਦੀ ਹੈ, ਉਹ ਇਹਨਾਂ ਦੋ ਭਾਂਤ ਦੀਆਂ ਇਸਤਰੀਆਂ ਦੀ ਹੀ ਰਚਨਾ ਹੈ। ਪਹਿਲ-ਪਲੇਠੀਆਂ ਵਿਚ ਇਕ ਪਾਸੇ 1800 ਵਿਚ ਜਨਮੀ ਸੰਤ-ਚੇਲੀ ਨੁਰੰਗੀ ਦੇਵੀ ਸੀ ਤਾਂ ਦੂਜੇ ਪਾਸੇ 1800 ਵਿਚ ਹੀ ਜਨਮੀਆਂ ਦੁਨਿਆਵੀ ਕਵਿੱਤਰੀਆਂ ਫਾਫ਼ਲ ਖ਼ਾਤੂਨ ਤੇ ਹਿਫ਼ਜ਼ਾਨੀ ਬਲੋਚ ਸਨ। ਹਰਨਾਮ ਕੌਰ ਨਾਭਾ, ਜੋ ਇਸ ਦੌਰ ਦੀ ਆਖ਼ਰੀ ਤੇ ਅਗਲੇ, ਆਧੁਨਿਕ ਦੌਰ ਦੀ ਪਹਿਲੀ ਮਹੱਤਵਪੂਰਨ ਕਵਿੱਤਰੀ ਕਹੀ ਜਾ ਸਕਦੀ ਹੈ, ਦੇ ਸਮੇਂ ਤੱਕ ਤਾਂ ਅਨੇਕ ਨਾਂ ਉੱਭਰ ਕੇ ਸਾਹਮਣੇ ਆ ਚੁੱਕੇ ਸਨ।
       ਰਚਨਾਤਮਿਕਤਾ ਦਾ ਹਰ ਨਵਾਂ ਦੌਰ ਆਪਣੇ ਤੋਂ ਪਹਿਲਾਂ ਦੇ ਦੌਰਾਂ ਦਾ, ਭਾਵ ਆਪਣੇ ਵਿਰਸੇ ਦਾ ਰਿਣੀ ਹੁੰਦਾ ਹੈ। ਰਿਗਵੇਦੀ ਬੌਧਿਕਤਾ-ਵਿੱਦਵਤਾ ਤੇ ਚਿੰਤਨ, ਉਸ ਪਿਛੋਂ ਦੇ ਲੰਮੇ ਸਮੇਂ ਦੀ ਅਬੋਲਤਾ ਦੀ ਕਸਕ ਤੇ ਲੋਕਗੀਤਾਂ ਦਾ ਰੂਪ ਧਾਰ ਕੇ ਉਜਾਗਰ ਹੋਏ ਵੰਨਸੁਵੰਨੇ ਜਜ਼ਬੇ, ਅਧਿਆਤਮ ਦੀ ਫ਼ਕੀਰੀ ਅਤੇ ਦੁਨਿਆਵੀ ਯਥਾਰਥ ਦੀ ਬਹੁਰੰਗੀ - ਇਹ ਹੈ ਸਾਡੀ ਸਮਕਾਲੀ ਇਸਤਰੀ-ਰਚਨਾ ਦਾ ਪਿਛੋਕੜ ਬਣਿਆ ਹੋਇਆ ਸਾਹਿਤਕ ਵਿਰਸਾ।
       ਹਰਨਾਮ ਕੌਰ ਨਾਭਾ ਤੇ ਅੰਮ੍ਰਿਤਾ ਪ੍ਰੀਤਮ ਤੋਂ ਸ਼ੁਰੂ ਹੋਏ ਆਧੁਨਿਕ ਦੌਰ ਨਾਲ ਲੇਖਿਕਾਵਾਂ ਵਾਸਤੇ ਮਨ ਦੀ ਲੋਚਾ ਅਨੁਸਾਰ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਪ੍ਰਗਟਾਉਣ ਦਾ ਮਾਹੌਲ ਬਣਿਆ। ਇਕ ਪਾਸੇ ਵਿੱਦਿਆ ਦੇ ਪਸਾਰ ਸਦਕਾ ਤੇ ਦੂਜੇ ਪਾਸੇ, ਕਿਸੇ-ਕਿਸੇ ਵਿਅਕਤੀਗਤ ਸੂਰਤ ਨੂੰ ਛੱਡ ਕੇ, ਕਲਮ ਉੱਤੇ ਪਹਿਰੇ ਦੀ ਅਨਹੋਂਦ ਸਦਕਾ ਅਨੇਕ ਲੇਖਿਕਾਵਾਂ ਆਪਣੀ-ਆਪਣੀ ਸਮਰੱਥਾ ਅਨੁਸਾਰ ਗੌਲਣਜੋਗ ਰਚਨਾ ਕਰਨ ਲੱਗੀਆਂ। ਹੋਰ ਵੀ ਮਹੱਤਵਪੂਰਨ ਇਹ ਤੱਥ ਹੈ ਕਿ ਇਸਤਰੀ-ਰਚਨਾ ਸਿਰਫ਼ ਕਵਿਤਾ ਤੱਕ ਹੀ ਸੀਮਤ ਨਾ ਰਹੀ ਸਗੋਂ ਹੋਰ ਵਿਧਾਵਾਂ ਵਿਚ ਵੀ ਸਾਹਮਣੇ ਆਉਣ ਲੱਗੀ। ਕੁਝ ਦਹਾਕਿਆਂ ਦੇ ਸਮੇਂ ਵਿਚ ਹੀ ਇਸਤਰੀ ਦੀ ਸਾਹਿਤਕ ਰਚਨਾਤਮਿਕਤਾ ਆਪਣੇ ਪੂਰੇ ਜਲੌਅ ਵਿਚ ਆ ਗਈ।
       ਸਮੇਂ-ਸਮੇਂ ਮੇਰਾ ਆਪਣੇ ਕਿਸੇ ਨਾ ਕਿਸੇ ਸਮਕਾਲੀ ਸਾਹਿਤਕਾਰ ਬਾਰੇ ਸ਼ਬਦ-ਚਿੱਤਰ ਲਿਖਣ ਦਾ ਸਬੱਬ ਬਣਦਾ ਰਿਹਾ। ਇਹਨਾਂ ਵਿਚ ਲੇਖਕਾਂ ਦੇ ਸ਼ਬਦ-ਚਿੱਤਰ ਵੀ ਸ਼ਾਮਲ ਹਨ ਤੇ ਲੇਖਿਕਾਵਾਂ ਦੇ ਵੀ। ਉਹਨਾਂ ਨੂੰ ਪੁਸਤਕ ਦਾ ਰੂਪ ਦੇਣ ਦੀ ਵਿਉਂਤ ਮਨ ਵਿਚ ਆਈ ਤਾਂ ਲੇਖਕਾਂ ਤੇ ਲੇਖਿਕਾਵਾਂ ਦੇ ਸ਼ਬਦ-ਚਿੱਤਰਾਂ ਨੂੰ ਇਕੱਠੇ ਇਕੋ ਪੁਸਤਕ ਵਿਚ ਪੇਸ਼ ਕਰ ਦੇਣ ਦੀ ਸਲਾਹ ਸੀ। ਪਰ ਖਰੜਾ ਤਿਆਰ ਕਰਨ ਦੀ ਨੀਤ ਨਾਲ ਜਦੋਂ ਮੈਂ ਸਾਰੇ ਸ਼ਬਦ-ਚਿੱਤਰਾਂ ਉੱਤੇ ਇਕ ਵਾਰ ਫੇਰ ਨਜ਼ਰ ਮਾਰੀ, ਅੱਚਨਚੇਤ ਮਹਿਸੂਸ ਹੋਇਆ, ਇਕ ਨਹੀਂ, ਦੋ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਇਕ ਲੇਖਕਾਂ ਦੇ ਸ਼ਬਦ-ਚਿੱਤਰਾਂ ਦੀ ਤੇ ਦੂਜੀ ਲੇਖਿਕਾਵਾਂ ਦੇ ਸ਼ਬਦ-ਚਿੱਤਰਾਂ ਦੀ।
       ਇਕ ਕਾਰਨ ਤਾਂ ਪੁਸਤਕ ਦਾ ਆਕਾਰ ਵੀ ਸੀ। ਹੁਣ ਪਾਠਕ ਵੱਡੀ ਪੁਸਤਕ ਤੋਂ ਤਾਂ ਜਿਵੇਂ ਡਰਨ ਹੀ ਲੱਗ ਪਏ ਹਨ! ਦੂਜੀ ਗੱਲ, ਸਮਾਜ ਵਿਚ ਇਸਤਰੀ ਤੇ ਪੁਰਸ਼ ਵਿਚਕਾਰ ਕੁਝ ਮਾਮਲਿਆਂ, ਮਸਲਿਆਂ ਤੇ ਮੁੱਦਿਆਂ ਦੇ ਫ਼ਰਕ ਦਾ ਅਹਿਸਾਸ ਸੀ। ਪੁਰਸ਼ ਦੀ ਚੌਧਰ ਵਾਲ਼ੇ ਸਮਾਜ ਨੇ ਇਸਤਰੀ ਲਈ ਬਹੁਤ ਸੌੜੀਆਂ ਸਮਾਜਕ ਸੀਮਾਵਾਂ ਮਿਥੀਆਂ ਹੋਈਆਂ ਸਨ ਜਿਨ੍ਹਾਂ ਵਿਚ ਉਹ ਸਦੀਆਂ ਤੋਂ ਬੱਤੀ ਦੰਦਾਂ ਵਿਚਕਾਰ ਜੀਭ ਵਾਂਗ ਰਹਿ ਰਹੀ ਸੀ। ਜ਼ਰਾ ਸੱਜੇ-ਖੱਬੇ ਹੋਈ ਨਹੀਂ ਤੇ ਦੰਦਾਂ ਨੇ ਟੁੱਕੀ ਨਹੀਂ। ਪਰ ਇਸ ਜੀਵਨ ਨੇ ਇਸਤਰੀ ਨੂੰ ਉਹਨਾਂ ਸੌੜੀਆਂ ਸਮਾਜਕ ਸੀਮਾਵਾਂ ਵਿਚਲੀ ਥਾਂ ਨੂੰ ਕੂਹਣੀਆਂ ਮਾਰ ਕੇ ਕੁਝ ਨਾ ਕੁਝ ਮੋਕਲੀ ਬਣਾ ਲੈਣਾ ਤਾਂ ਸਿਖਾ ਹੀ ਦਿੱਤਾ ਸੀ, ਲੇਖਿਕਾਵਾਂ ਲਈ, ਵਧੀਕ ਕੋਮਲਭਾਵੀ ਹੋਣ ਸਦਕਾ, ਆਪਣੇ ‘ਰਹਿਣ ਵਾਸਤੇ’ ਆਪਣੀ ਹੀ ਜਜ਼ਬਿਆਂ ਦੀ ਨਗਰੀ ਵਸਾ ਲੈਣਾ ਤੇ ਆਪਣੀਆਂ ਕਲਪਨਾ-ਉਡਾਰੀਆਂ ਲਈ ਆਪਣੇ ਹੀ ਮੋਕਲੇ ਅੰਬਰ ਸਿਰਜ ਲੈਣਾ ਵੀ ਸੁਭਾਵਿਕ ਬਣਾ ਦਿੱਤਾ ਸੀ। ਜਿਥੋਂ ਤੱਕ ਜਜ਼ਬਿਆਂ ਤੇ ਕਲਪਨਾ ਦਾ ਸੰਬੰਧ ਹੈ, ਲੇਖਿਕਾ ਦੇ ਖੰਭ ਲੇਖਕ ਨਾਲੋਂ ਯਕੀਨਨ ਖੁੱਲ੍ਹੇ ਫ਼ੈਲਦੇ ਹਨ। ਮਨ ਬੋਲਿਆ, ਲੇਖਕਾਂ ਤੇ ਲੇਖਿਕਾਵਾਂ ਦੇ ਦੁਗਾਣੇ ਨਾਲੋਂ ਦੋਵਾਂ ਦੇ ਵੱਖਰੇ-ਵੱਖਰੇ ਸਮੂਹਗਾਨ ਸੁਰੀਲੇ ਲੱਗਣਗੇ।
       ਪਹਿਲੀ ਆਧੁਨਿਕ ਕਵਿੱਤਰੀ ਬੀਬੀ ਹਰਨਾਮ ਕੌਰ ਨਾਭਾ ਤੇ ਪਹਿਲੀ ਬਹੁਵਿਧਾਈ ਲੇਖਿਕਾ ਅੰਮ੍ਰਿਤਾ ਪ੍ਰੀਤਮ ਇਸ ਗੱਲੋਂ ਕਰਮਾਂ ਵਾਲੀਆਂ ਰਹੀਆਂ ਕਿ ਉਹਨਾਂ ਨੂੰ ਰਚਨਾਕਾਰੀ ਦੇ ਰਾਹ ਪੈਣ ਸਮੇਂ ਬਹੁਤ ਹੀ ਹੌਸਲਾ-ਵਧਾਊ ਮਾਹੌਲ ਮਿਲਿਆ। ਬੀਬੀ ਹਰਨਾਮ ਕੌਰ ਦੇ ਪਿਤਾ, ਪੱਤਰਕਾਰ ਜੀਵਨ ਸਿੰਘ ਸੇਵਕ ਆਪਣਾ ਛਾਪਾਖਾਨਾ ਵੀ ਚਲਾਉਂਦੇ ਸਨ ਜਿਸ ਕਰਕੇ ਸਮਕਾਲੀ ਸਾਹਿਤਕਾਰਾਂ ਨਾਲ ਉਹਨਾਂ ਦੇ ਨੇੜਲੇ ਸੰਬੰਧ ਸਨ। ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਦੀ ਹੌਸਲਾ-ਅਫ਼ਜ਼ਾਈ ਤੇ ਅਗਵਾਈ ਬੀਬੀ ਨੂੰ ਸਦਾ ਹਾਸਲ ਰਹੀ। ਵਿਆਹ ਨਾਲ ਉਸ ਦਾ ਭਗਵੰਤ ਸਿੰਘ ਹਰੀ ਜੀ ਦੀ ਜੀਵਨ-ਸਾਥਣ ਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਨੂੰਹ ਬਣਨਾ ਸੋਨੇ ਉੱਤੇ ਸੁਹਾਗਾ ਸੀ। ਇਸੇ ਤਰ੍ਹਾਂ ਅੱਗੇ ਚੱਲ ਕੇ ਅੰਮ੍ਰਿਤਾ ਪ੍ਰੀਤਮ ਬਣਨ ਵਾਲੀ ਅੰਮ੍ਰਿਤ ਕੌਰ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਉਹਨੂੰ ਲਿਖਣ ਲਈ ਲਗਾਤਾਰ ਪ੍ਰੇਰਦੇ ਰਹੇ। ਸਿੱਖਾਂ ਵਿਚ ਜਾਣੀ-ਪਛਾਣੀ ਹਸਤੀ ਹੋਣ ਸਦਕਾ ਲੇਖਕਾਂ ਤੇ ਵਿਦਵਾਨਾਂ ਨਾਲ ਉਹਨਾਂ ਦੇ ਵੀ ਨੇੜਲੇ ਸੰਬੰਧ ਸਨ। ਇਸੇ ਕਰਕੇ ਅੰਮ੍ਰਿਤ ਕੌਰ ਦੀ ਦੂਜੀ ਪੁਸਤਕ ‘ਅੰਮ੍ਰਿਤ ਲਹਿਰਾਂ’ ਦੇ ਸ਼ੁਰੂ ਵਿਚ ਉਹਨਾਂ ਨੇ ਆਪ ਤਾਂ ਆਪਣੇ ਵਿਚਾਰ ਸਾਂਝੇ ਕੀਤੇ ਹੀ, ਅਸ਼ੀਰਵਾਦੀ ਸ਼ਬਦ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖੇ ਅਤੇ ਜਾਣ-ਪਛਾਣ ਧਨੀ ਰਾਮ ਚਾਤ੍ਰਿਕ ਨੇ ਕਰਵਾਈ।
      ਇਸ ਨੂੰ ਮੇਰੀ ਵੀ ਖ਼ੁਸ਼ਕਿਸਮਤੀ ਹੀ ਕਿਹਾ ਜਾਵੇਗਾ ਕਿ ਇਹਨਾਂ ਦੋਵਾਂ ਕਲਮਾਂ ਵਾਲੀਆਂ ਨਾਲ ਮੇਰਾ ਨੇੜਲਾ ਸਾਹਿਤਕ ਨਾਤਾ ਜੁੜ ਸਕਿਆ। ਮੂਲ ਰੂਪ ਵਿਚ ਸਾਡੇ ਪਿੰਡ ਦੀ ਹੋਣ ਸਦਕਾ ਬੀਬੀ ਹਰਨਾਮ ਕੌਰ ਤੋਂ ਤਾਂ ਉਚੇਚਾ ਸਨੇਹ ਮਿਲਿਆ। ਜਦੋਂ ਉਹਨੂੰ ਕਿਸੇ ਤੋਂ ਮੇਰੇ ਲਿਖਣ ਦਾ ਪਤਾ ਲੱਗਿਆ, ਉਹ ਦਿਲੋਂ ਖ਼ੁਸ਼ ਹੋਈ ਤੇ ਉਹਨੇ ਮੇਰੀ ਕੋਈ ਪੁਸਤਕ ਪੜ੍ਹਨ ਦੀ ਇੱਛਾ ਦੱਸੀ। ਮੇਰਾ ਪਹਿਲਾ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਛਪ ਚੁੱਕਿਆ ਸੀ ਤੇ ਮੈਂ ਉਹ ਆਪਣੇ ਹੱਥੀਂ ਭੇਟ ਕੀਤਾ ਤਾਂ ਬੀਬੀ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਸੌ-ਸੌ ਅਸੀਸਾਂ ਦਿੱਤੀਆਂ। ਉਹਦਾ ਸ਼ਬਦ-ਚਿੱਤਰ ਮੈਂ ਆਪਣੀ ਪੁਸਤਕ ‘ਕਲਮ-ਸਿਆਹੀ’ ਵਿਚ ਭਾਈ ਕਾਨ੍ਹ ਸਿੰਘ ਤੇ ਉਹਨਾਂ ਦੇ ਪਰਿਵਾਰ ਬਾਰੇ ਲਿਖੇ ਲੰਮੇ ਲੇਖ ਵਿਚ ਸ਼ਾਮਲ ਕੀਤਾ ਹੋਇਆ ਸੀ। ਅੰਮ੍ਰਿਤਾ ਪ੍ਰੀਤਮ ਨਾਲ ਲੰਮੀ ਸਾਂਝ ਮੇਰੀ ਪੁਸਤਕ ‘ਅਸਾਂ ਮਰਨਾ ਨਾਹੀਂ’ ਵਿਚ ਉਹਦੇ ਸੱਤਰ ਪੰਨਿਆਂ ਦੇ ਸ਼ਬਦ-ਚਿੱਤਰ ਵਿਚ ਸਾਕਾਰ ਹੋ ਚੁੱਕੀ ਸੀ।
       ਪੁਸਤਕ ‘ਕਲਮਾਂ ਵਾਲ਼ੀਆਂ’ ਵਿਚ ਉਸ ਪਿੱਛੋਂ ਦੀਆਂ ਬਾਰਾਂ ਪੰਜਾਬੀ ਲੇਖਿਕਾਵਾਂ ਦੇ ਸ਼ਬਦ-ਚਿੱਤਰ ਸ਼ਾਮਲ ਹਨ। ਇਹਨਾਂ ਵਿਚੋਂ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅਫ਼ਜ਼ਲ ਤੌਸੀਫ਼ ਤੇ ਸੁਖਵੰਤ ਕੌਰ ਮਾਨ ਨਾਲੋਂ ਮੈਂ ਉਮਰੋਂ ਛੋਟਾ ਹਾਂ ਅਤੇ ਬਚਿੰਤ ਕੌਰ, ਸ਼ਰਨਜੀਤ ਕੌਰ, ਪਰਮਜੀਤ ਕੌਰ ਸਰਹਿੰਦ, ਬੀਬਾ ਕੁਲਵੰਤ, ਸੁਰਜੀਤ (ਟੋਰਾਂਟੋ), ਸੁਰਿੰਦਰ ਅਤੈ ਸਿੰਘ, ਸੁਖਵਿੰਦਰ ਅੰਮ੍ਰਿਤ ਤੇ ਸੁਰਿੰਦਰ ਨੀਰ ਨਾਲੋਂ ਉਮਰੋਂ ਵੱਡਾ। ਪਰ ਰਚਨਾਕਾਰੀ ਵਿਚ ਇਹ ਸਭ ਮੇਰੀਆਂ ਸਮਕਾਲੀ ਹਨ। ਇਹਨਾਂ ਵਿਚੋਂ ਕਈਆਂ ਨਾਲ ਮੋਹ-ਅਪਣੱਤ ਦਾ ਰਿਸ਼ਤਾ ਰਿਹਾ ਤੇ ਕਈਆਂ ਨਾਲ ਚੰਗੀ ਜਾਣ-ਪਛਾਣ ਦਾ। ਓਪਰਾਪਨ ਕਿਸੇ ਇਕ ਨਾਲ ਵੀ ਨਹੀਂ!
    ਇਹਨਾਂ ਬਾਰਾਂ ਤੋਂ ਇਲਾਵਾ ਮਾਣਮੱਤੀ ਪੰਜਾਬਣ ਪਰ ਹਿੰਦੀ ਲੇਖਿਕਾ ਕ੍ਰਿਸ਼ਣਾ ਸੋਬਤੀ ਦਾ ਸ਼ਬਦ-ਚਿੱਤਰ ਸ਼ਾਮਲ ਹੈ। ਮਿਲਿਆ ਤਾਂ ਮੈਂ ਉਹਨੂੰ ਇਕ ਵਾਰ ਹੀ ਪਰ ਇਕ ਤਾਂ ਉਹ ਮਿਲਣੀ ਸਾਹਿਤਕ ਰੱਜ ਦੇਣ ਵਾਲ਼ੀ ਸੀ ਤੇ ਦੂਜੇ, ਉਹਦੀ ਰਚਨਾ ਮੇਰੇ ਦਿਲ ਦੇ ਬਹੁਤ ਨੇੜੇ ਰਹੀ। ਇਕ ਬੱਸ ਮਹਾਂਸਵੇਤਾ ਦੇਵੀ ਜੀ ਹਨ ਜਿਨ੍ਹਾਂ ਦੇ ਪੈਰ ਛੂਹਣ ਦਾ ਸਬੱਬ ਤਾਂ ਕਦੀ ਨਾ ਬਣਿਆ ਪਰ ਰਚਨਾਵਾਂ ਦੇ ਨਾਲ-ਨਾਲ ਉਹਨਾਂ ਦੀਆਂ ਕਰਨੀਆਂ ਸਦਕਾ ਮੈਨੂੰ ਉਹ ਹਮੇਸ਼ਾ ਹੀ ਬਹੁਤ ਆਪਣੇ ਲਗਦੇ ਰਹੇ। ਉਹਨਾਂ ਦਾ ਇਹ ਸ਼ਬਦ-ਚਿੱਤਰ ਮੇਰੀ ਉਹਨਾਂ ਲਈ ਸ਼ਰਧਾ ਦਾ ਪ੍ਰਗਟਾਵਾ ਹੈ।
         ਇਹ ਸ਼ਬਦ-ਚਿੱਤਰ ਲਿਖਣ ਸਮੇਂ ਮੇਰਾ ਮੰਤਵ ਸ਼ਬਦ-ਚਿੱਤਰ ਲੇਖਕਾਂ ਦੇ ਜਥੇਦਾਰ, ਬਲਵੰਤ ਗਾਰਗੀ ਵਾਲ਼ਾ ਤਾਂ ਬਿਲਕੁਲ ਹੀ ਨਹੀਂ ਸੀ ਕਿ ਹਰ ਸ਼ਬਦ-ਚਿੱਤਰ ਨੂੰ ਸੁਆਦਲਾ ਬਣਾਉਣ ਲਈ ਸੰਬੰਧਿਤ ਸ਼ਖ਼ਸੀਅਤ ਨਾਲ ਅਜਿਹੀਆਂ ਅਨਹੋਈਆਂ ਗੱਲਾਂ ਜੋੜ ਦਿੱਤੀਆਂ ਜਾਣ ਜਿਨ੍ਹਾਂ ਬਾਰੇ ਉਹਨੂੰ ਸਖ਼ਤ ਇਤਰਾਜ਼ ਜੱਗ-ਜ਼ਾਹਿਰ ਕਰਨਾ ਪਵੇ ਤੇ ਲੇਖਕ ਨੂੰ ਸਫ਼ਾਈਆਂ ਦੇਣੀਆਂ ਪੈਣ। ਮੇਰਾ ਉਦੇਸ਼ ਉਸ ਤੋਂ ਬਿਲਕੁਲ ਵੱਖਰਾ ਸੀ। ਮੇਰੀ ਇੱਛਾ ਰਹੀ ਕਿ ਕਿਸੇ ਲੇਖਿਕਾ ਦੀ ਸ਼ਖ਼ਸੀਅਤ ਦੀ ਜਿੰਨੀ ਕੁ ਝਲਕ ਮੈਂ ਦੇਖ ਸਕਿਆ, ਉਸ ਸਦਕਾ ਮੈਨੂੰ ਨਜ਼ਰੀਂ ਪਿਆ ਉਹਦਾ ਮਨੁੱਖੀ ਪੱਖ ਪਾਠਕਾਂ ਨਾਲ ਸਾਂਝਾ ਕਰਾਂ। ਇਸੇ ਤਰ੍ਹਾਂ ਉਹਦੀ ਰਚਨਾ ਦੀ ਜਿੰਨੀ ਕੁ ਥਾਹ ਮੈਂ ਪਾ ਸਕਿਆ, ਉਹਦੇ ਆਧਾਰ ਉੱਤੇ ਉਹਦੇ ਸਾਹਿਤਕਾਰੀ ਸਰੂਪ ਦੇ ਕੁਝ ਦਰਸ਼ਨ ਕਰਵਾ ਦੇਵਾਂ। ਆਸ ਹੈ, ਮੇਰੇ ਪਾਠਕ ਇਹਨਾਂ ਕਲਮਾਂ ਵਾਲ਼ੀਆਂ ਬਾਰੇ ਕੁਝ ਨਾ ਕੁਝ ਨਵਾਂ ਜ਼ਰੂਰ ਜਾਣ ਸੱਕਣਗੇ।

(ਪੁਸਤਕ ‘ਕਲਮਾਂ ਵਾਲੀਆਂ’ ਪੀਪਲਜ਼ ਫ਼ੋਰਮ ਬਰਗਾੜੀ ਨੇ ਛਾਪੀ ਹੈ।)
ਸੰਪਰਕ : 011-42502364

ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ : ਗੁਰਦੇਵ ਸਿੰਘ ਰੁਪਾਣਾ - ਗੁਰਬਚਨ ਸਿੰਘ ਭੁੱਲਰ

ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦਾ ਆਦਰ ਨਾਲ ਲਿਆ ਜਾਂਦਾ ਨਾਂ ਹੈ। ਉਹਨੇ ਜੋ ਕੁਝ ਵੀ ਲਿਖਿਆ, ਕਲਮੀ ਜ਼ਿੰਮੇਦਾਰੀ ਸਮਝਦਿਆਂ ਲਿਖਿਆ ਤੇ ਪਾਠਕਾਂ ਨੇ ਦਿਲੋਂ ਪਰਵਾਨਿਆ। ਸਾਹਿਤ ਅਕਾਦਮੀ ਪੁਰਸਕਾਰ ਉਹਦਾ ਚਿਰ-ਪੁਰਾਣਾ ਹੱਕ ਸੀ ਜੋ ਆਖ਼ਰ ਮਿਲ ਗਿਆ। ‘ਦਰੁਸਤ’ ਕੁਝ ਜ਼ਿਆਦਾ ਹੀ ਦੇਰ ਕਰ ਕੇ ‘ਆਇਦ’ ਹੋਇਆ, ਪਰ ਆਪਾਂ ਗੱਲ ਪੰਜਾਬੀ ਅਖਾਣ ਦੀ ਹੀ ਕਰੀਏ- ਅੰਤ ਭਲਾ ਸੋ ਭਲਾ!
        ਗੁਰਦੇਵ ਨੇ ਕਹਾਣੀ ਅਗੇਤੀ ਹੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਦਸਵੀਂ ਦਾ ਇਮਤਿਹਾਨ ਦੇ ਕੇ ਵਿਹਲਾ ਇਹ ਇਕ ਦਿਨ ਸਾਈਕਲ ’ਤੇ ਮੁਕਤਸਰ ਨੂੰ ਜਾ ਰਿਹਾ ਸੀ। ਅੱਗੇ-ਅੱਗੇ ਇਕ ਸਾਈਕਲ-ਸਵਾਰ ਦੂਜੇ ਨੂੰ ਕੋਈ ਸੱਚੀ ਘਟਨਾ ਸੁਣਾ ਰਿਹਾ ਸੀ। ਹਟ-ਹਟ ਕੇ, ਕਾਫ਼ੀ ਜ਼ੋਰ ਲਾ ਕੇ, ਇਹਨੇ ਉਸ ਘਟਨਾ ਨੂੰ ਕਹਾਣੀ ‘ਦਰੋਪਦੀ’ ਦਾ ਰੂਪ ਦਿੱਤਾ ਅਤੇ ‘ਗੁਰਦੇਵ ਸਿੰਘ’ ਦੇ ਨਾਂ ਹੇਠ ‘ਪੰਜ ਦਰਿਆ’ ਨੂੰ ਭੇਜ ਦਿੱਤੀ। ਜਦੋਂ ਕਹਾਣੀ ਛਪੀ, ਇਹ ਕਾਲਜ ਦੇ ਪਹਿਲੇ ਸਾਲ ਵਿਚ ਜਾ ਚੁੱਕਿਆ ਸੀ। ਇਸ ਕਹਾਣੀ ਨੇ ਕਾਲਜ ਵਿਚ ਇਹਦੀ ਧਾਂਕ ਜਮਾ ਦਿੱਤੀ। ਪੰਜਾਬੀ ਦੇ ਪ੍ਰੋਫ਼ੈਸਰ ਨੇ ਇਹਨੂੰ ਝੱਟ ਕਾਲਜ ਮੈਗ਼ਜ਼ੀਨ ਦਾ ਸੰਪਾਦਕ ਬਣਾ ਦਿੱਤਾ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਝਗੜਾ ਪ੍ਰਿੰਸੀਪਲ ਕੋਲ ਲੈ ਗਏ। ਪ੍ਰੋਫ਼ੈਸਰ ਨੇ ‘ਪੰਜ ਦਰਿਆ’ ਦਾ ਅੰਕ ਮੇਜ਼ ਉੱਤੇ ਰਖਦਿਆਂ ਕਿਹਾ, ‘‘ਸਰ, ਮੈਨੂੰ ‘ਪੰਜ ਦਰਿਆ’ ਨੂੰ ਲਿਖਤਾਂ ਭੇਜਦੇ ਨੂੰ ਕਈ ਸਾਲ ਹੋ ਗਏ, ਅਜੇ ਤੱਕ ਮੈਂ ਛਪ ਨਹੀਂ ਸਕਿਆ। ਇਸ ਮੁੰਡੇ ਦੀ ਕਹਾਣੀ ਛਪੀ ਦੇਖੋ।’’ ਪ੍ਰਿੰਸੀਪਲ ਨੇ ਫ਼ੈਸਲਾ ਇਹਦੇ ਹੱਕ ਵਿਚ ਦੇ ਦਿੱਤਾ।
         ਸਾਹਿਤਕ ਨਾਂ ਵਜੋਂ ‘ਗੁਰਦੇਵ ਸਿੰਘ’ ਇਹਨੂੰ ਅਧੂਰਾ ਜਿਹਾ ਲਗਿਆ। ਕਿਹੜਾ ਗੁਰਦੇਵ ਸਿੰਘ? ਇਹਦੀ ਜਮਾਤ ਵਿਚ ਹੀ ਸੱਤ ਗੁਰਦੇਵ ਸਿੰਘ ਸੀ। ਇਹਨੇ ਸੋਚਿਆ, ਨਾਂ ਨਾਲ ਅਜਿਹਾ ਕੁਝ ਜੋੜੇ ਕਿ ਹੋਰ ਕਿਸੇ ਲੇਖਕ ਦਾ ਨਾਂ ਇਹਦੇ ਨਾਂ ਨਾਲ ਮੇਲ ਨਾ ਖਾਵੇ। ਇਉਂ ਪਿੰਡ ਦਾ ਨਾਂ ਰੁਪਾਣਾ ਇਹਦੇ ਨਾਂ ਦਾ ਹਿੱਸਾ ਬਣ ਗਿਆ। ਇਹ ਨਾਂ ਪਹਿਲੀ ਵਾਰ ਕਹਾਣੀ ‘ਇਕ ਟੋਟਾ ਔਰਤ’ ਨਾਲ ‘ਨਾਗਮਣੀ’ ਵਿਚ ਛਪਿਆ।
         ਇਹਨੇ ਪਹਿਲਾ ਨਾਵਲ ‘ਆਸੋ ਦਾ ਟੱਬਰ’ ਵੀ, ਜੋ ਛਪਿਆ ਬਹੁਤ ਮਗਰੋਂ, ਬੀ.ਏ. ਵਿਚ ਪੜ੍ਹਦਿਆਂ ਹੀ ਲਿਖ ਲਿਆ ਸੀ। ਸਟੂਡੈਂਟਸ ਫ਼ੈਡਰੇਸ਼ਨ ਕਰਕੇ ਨਵਤੇਜ ਇਹਨੂੰ ਜਾਣਦਾ ਸੀ। ਇਹ ਇਕ ਦੋਸਤ ਨੂੰ ਨਾਲ ਲੈ ਕੇ ਪ੍ਰੀਤਨਗਰ ਪਹੁੰਚ ਗਿਆ। ਨਵਤੇਜ ਘਰ ਨਹੀਂ ਸੀ, ਇਹ ਨਾਨਕ ਸਿੰਘ ਨੂੰ ਮਿਲਣ ਚਲੇ ਗਏ। ਜਦੋਂ ਇਹਨੇ ਦੱਸਿਆ ਕਿ ਮੈਂ ਨਵਤੇਜ ਨੂੰ ਨਾਵਲ ਦਾ ਖਰੜਾ ਪੜ੍ਹਨ ਲਈ ਦੇਣ ਆਇਆ ਸੀ, ਉਹਨਾਂ ਨੂੰ ਤਾਂ ਬੱਸ ਚਾਅ ਹੀ ਚੜ੍ਹ ਗਿਆ। ਕਹਿੰਦੇ, ‘‘ਤੂੰ ਨਾਵਲ ਲਿਖਿਐ ? ਪਹਿਲਾਂ ਮੈਂ ਪੜ੍ਹਾਂਗਾ। ਪੜ੍ਹ ਕੇ ਨਵਤੇਜ ਨੂੰ ਦੇ ਦੇਵਾਂਗਾ।’’ ਕੁਝ ਸਮੇਂ ਮਗਰੋਂ ਉਹਨਾਂ ਦੀ ਚਿੱਠੀ ਆਈ। ਨਾਵਲ ਦੀ ਪ੍ਰਸੰਸਾ ਕਰ ਕੇ ਕੁਝ ਸੁਝਾਅ ਵੀ ਦਿੱਤੇ ਹੋਏ ਸਨ ਅਤੇ ਨਾਵਲ ਨਵਤੇਜ ਨੂੰ ਦੇਣ ਦੀ ਸੂਚਨਾ ਵੀ।
       ਪਿੰਡ ਤੋਂ ਇਹਦਾ ਦਿੱਲੀ ਪਹੁੰਚਣਾ ਇਕ ਅਣਵਿਉਂਤਿਆ ਸਬੱਬ ਸੀ। 1936 ਦੇ ਵਿਸਾਖੀ ਵਾਲੇ ਦਿਨ ਮੁਕਤਸਰ ਨੇੜਲੇ ਪਿੰਡ ਰੁਪਾਣਾ ਵਿਚ ਜਨਮੇ ਗੁਰਦੇਵ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ, ਮੈਟਰਿਕ ਖਾਲਸਾ ਹਾਈ ਸਕੂਲ ਮੁਕਸਤਰ ਤੋਂ ਅਤੇ ਬੀ.ਏ. ਗੌਰਮਿੰਟ ਕਾਲਜ ਮੁਕਤਸਰ ਤੋਂ ਪਾਸ ਕੀਤੀ। ਇਕ ਵਾਰ ਇਹ ਪਿੰਡ ਦੇ ਕਾਮਰੇਡਾਂ ਨਾਲ ਇਕ ਰੈਲੀ ਵਿਚ ਦਿੱਲੀ ਆਇਆ ਤੇ ਉਹਨਾਂ ਨਾਲੋਂ ਨਿੱਖੜ ਕੇ ਆਪਣੇ ਇਕ ਮਿੱਤਰ ਨੂੰ ਮਿਲਣ ਚਲਿਆ ਗਿਆ ਜੋ ਦਿੱਲੀ ਆ ਕੇ ਪੰਜਾਬੀ ਅਧਿਆਪਕ ਲਗਿਆ ਹੋਇਆ ਸੀ। ਉਹ ਬੋਲਿਆ, ਤੂੰ ਇਥੇ ਕਿਉਂ ਨਹੀਂ ਆ ਜਾਂਦਾ। ਦੋਵੇਂ ਵਿਦਿਆ ਵਿਭਾਗ ਦੇ ਇਕ ਅਧਿਕਾਰੀ ਕੋਲ ਚਲੇ ਗਏ। ਨੌਕਰੀ ਲਈ ਅਜੇ ਭਲੇ ਵੇਲੇ ਸਨ। ਉਹ ਕਹਿੰਦਾ, ਸਾਨੂੰ ਤਾਂ ਪੰਜਾਬੀ ਅਧਿਆਪਕਾਂ ਦੀ ਬਹੁਤ ਲੋੜ ਹੈ, ਸਰਟੀਫ਼ੀਕੇਟ ਦਿਓ ਤੇ ਨਿਯੁਕਤੀ-ਪੱਤਰ ਲਓ। ਇਹ ਪਿੰਡੋਂ ਕਾਗ਼ਜ਼-ਪੱਤਰ ਚੁੱਕ ਲਿਆਇਆ। ਇਹਨੇ ਐਮ.ਏ. ਤੇ ਪੀ-ਐਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀਆਂ ਅਤੇ ਦਿੱਲੀ ਨੌਕਰੀ ਕਰਦਿਆਂ ਹੀ ਕਹਾਣੀਕਾਰ ਵਜੋਂ ਨਾਂ ਕਮਾਇਆ। ਇਹਨੇ ਗਲਪ ਤੋਂ ਬਿਨਾਂ ਕਦੀ ਕੁਝ ਨਹੀਂ ਲਿਖਿਆ।
ਗੁਰਦੇਵ ਦਾ ਸਕੂਲ ਦੁਪਹਿਰੇ ਲਗਦਾ ਸੀ। ਜਾਗਣ ਦੀ ਖੁੱਲ੍ਹ ਹੋਣ ਕਰਕੇ ਇਹਨੂੰ ਕੁੱਕੜ ਦੀ ਬਾਂਗ ਤੱਕ ਪੜ੍ਹਦਾ-ਲਿਖਦਾ ਰਹਿਣ ਦੀ ਆਦਤ ਪੈ ਗਈ। ਇਹਦਾ ਕਹਿਣਾ ਸੀ ਕਿ ਟਿਕੀ ਰਾਤ ਵਿਚ, ਜਦੋਂ ਸਾਰੀ ਕਾਇਨਾਤ ਸੁੱਤੀ ਪਈ ਹੁੰਦੀ ਹੈ, ਪੜ੍ਹਨ-ਲਿਖਣ ਵਿਚ ਬਹੁਤ ਇਕਾਗਰਤਾ ਬਣਦੀ ਹੈ। ਜੇ ਇਹ ਕਹਾਣੀ ਰਾਤ ਨੂੰ ਸ਼ੁਰੂ ਕਰਦਾ, ਇਕੋ ਬੈਠਕ ਵਿਚ ਮੁਕਾ ਲੈਂਦਾ, ਪਰ ਦਿਨ ਨੂੰ ਸ਼ੁਰੂ ਕੀਤੀ ਕਹਾਣੀ ਵਿਚੇ ਛੱਡ ਕੇ ਫੇਰ ਲਿਖਣ ਨਾਲ ਇਹਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਇਹ ਕਹਿੰਦਾ ਸੀ, ‘‘ਜਦੋਂ ਮੈਂ ਲਿਖਣ ਲਗਦਾ ਹਾਂ, ਕਹਾਣੀ ਪੂਰੀ ਮੇਰੇ ਸਾਹਮਣੇ ਹੁੰਦੀ ਹੈ। ਖ਼ਾਸ ਕਰ ਕੇ ਅੰਤ ਬਾਰੇ ਮੈਂ ਬਿਲਕੁਲ ਸਪੱਸ਼ਟ ਹੁੰਦਾ ਹਾਂ ਕਿਉਂਕਿ, ਮੈਂ ਸਮਝਦਾ ਹਾਂ, ਕਹਾਣੀ ਦਾ ਅੰਤ ਹੀ ਸਾਰੀ ਗੱਲ ਮਿਥਦਾ ਹੈ।’’
       ਉਹਨਾਂ ਰਾਤਾਂ ਵਿਚ ਇਹਨੇ ਆਪ ਲਿਖਣ ਤੇ ਰਚਨਾਤਮਿਕ ਸਾਹਿਤ ਪੜ੍ਹਨ ਤੋਂ ਇਲਾਵਾ ਹੋਰ ਬਹੁਤ ਕੁਝ ਪੜ੍ਹਿਆ, ਸਾਹਿਤ-ਸਿਧਾਂਤ, ਦਰਸ਼ਨ-ਸ਼ਾਸਤਰ, ਮਨੋਵਿਗਿਆਨ, ਸਮਾਜ-ਵਿਗਿਆਨ, ਧਰਮ ਤੇ ਹੋਰ। ਇਹਦੇ ਨਾਲ ਗੱਲਾਂ ਕਰਦਿਆਂ ਬੜਾ ਆਨੰਦ ਆਉਂਦਾ। ਲਗਦਾ, ਤੁਸੀਂ ਠੀਕ ਹੀ ਕਿਸੇ ਸਿਆਣੇ ਬੰਦੇ ਨਾਲ ਗੱਲਾਂ ਕਰ ਰਹੇ ਹੋ ਤੇ ਤੁਹਾਡੀ ਝੋਲੀ ਵਿਚ ਕੁਝ ਪੈ ਰਿਹਾ ਹੈ। ਮੈਂ ਇਹਨੂੰ ਸਾਹਿਤ-ਸਭਿਆਚਾਰ ਬਾਰੇ ਲੇਖ ਲਿਖਣ ਲਈ ਆਖਦਾ ਜੋ ਲੇਖਕਾਂ, ਪਾਠਕਾਂ ਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦੇ ਰਹਿਣੇ ਸਨ। ਇਹ ਸਹਿਮਤ ਨਾ ਹੁੰਦਾ, ‘‘ਮੈਂ ਆਪਣੀ ਸੋਚ ਦੀ ਨੋਕ ਗਲਪ ਤੋਂ ਹਟਾਉਣਾ ਨਹੀਂ ਚਾਹੁੰਦਾ। ਫੇਰ ਮਨ ਲਾਂਭੇ ਪੈ ਜਾਂਦਾ ਹੈ।’’
        ਪਚਵੰਜਾ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਦਿੱਲੀ ਪਹੁੰਚਿਆ। ਗੁਰਦੇਵ ਓਦੋਂ ਤੱਕ ਉਥੇ ਟਿਕ ਚੁਕਿਆ ਸੀ। ਪੰਜ-ਚਾਰ ਦਿਨ ਮਗਰੋਂ ਮੈਂ ਦਫ਼ਤਰੀ ਕੰਮ ਦੇ ਸੰਬੰਧ ਵਿਚ ਨਵਯੁਗ ਗਿਆ ਤਾਂ ਭਾਪਾ ਪ੍ਰੀਤਮ ਸਿੰਘ ਬੋਲੇ, ‘‘ਆਓ, ਭੁੱਲਰ ਜੀ, ਤੁਹਾਨੂੰ ਤੁਹਾਡਾ ਭਵਿੱਖੀ ਯਾਰ ਮਿਲਾਵਾਂ। ਇਕੋ ਇਲਾਕਾ, ਦੋਵੇਂ ਕਹਾਣੀਕਾਰ ।’’ ਉਹਨਾਂ ਦੀ ਭਵਿੱਖਬਾਣੀ ਸੱਚੀ ਸਿੱਧ ਹੋਈ। ਸਾਡਾ ਰਿਸ਼ਤਾ ਯਾਰੀ ਤੋਂ ਵੀ ਅੱਗੇ ਲੰਘ ਗਿਆ। ਦਿੱਲੀ ਦੇ ਲੇਖਕ ਸਾਨੂੰ ਜੌੜੇ ਭਾਈ ਆਖਦੇ। ਜੇ ਸਾਡੇ ਵਿਚੋਂ ਕਿਸੇ ਇਕ ਨੂੰ ਕੋਈ ਲੇਖਕ ਮਿੱਤਰ ਮਿਲ ਪੈਂਦਾ, ਉਹ ਉਹਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੂਜੇ ਦਾ ਹਾਲ-ਚਾਲ ਵੀ ਜ਼ਰੂਰ ਪੁੱਛਦਾ।
       ਦਿੱਲੀ ਵਿਚ ਉਹਨੀਂ ਦਿਨੀਂ ਦੋ ਸਾਹਤਿਕ ਬੈਠਕਾਂ ਪ੍ਰਸਿੱਧ ਸਨ। ਦੋਵਾਂ ਦਾ ਹੀ ਸਮਾਂ ਅਤੇ ਸਥਾਨ ਨਿਸਚਿਤ ਸੀ। ਨਾ ਕਾਰਡ ਛਾਪਣ ਦੀ ਲੋੜ, ਨਾ ਫ਼ੋਨ ਕਰ ਕੇ ਜਾਂ ਸੁਨੇਹੇ ਭੇਜ ਕੇ ਬੁਲਾਉਣ ਦੀ ਮਜਬੂਰੀ। ਅੰਮ੍ਰਿਤਾ ਪ੍ਰੀਤਮ ਦੇ ਘਰ ਹਰ ਮਹੀਨੇ ਦੇ ਅੰਤਲੇ ਐਤਵਾਰ ‘ਨਾਗਮਣੀ ਸ਼ਾਮ’ ਜੁੜਦੀ। ਕਨਾਟ ਪਲੇਸ ਦੇ ਨੇੜੇ ਹਰ ਐਤਵਾਰ ਪੰਜਾਬ ਸਾਹਿਤ ਸਭਾ ਦੀ ਇਕੱਤਰਤਾ ਹੁੰਦੀ। ਗਿਆਨੀ ਹਰੀ ਸਿੰਘ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਆਪਣੀ ਕੋਠੀ ਦੇ ਇਕ ਕਮਰੇ ਵਿਚੋਂ ਮੰਜੇ-ਪੀੜ੍ਹੀਆਂ ਇਧਰ-ਉਧਰ ਕਰ ਕੇ ਦਰੀ ਵਿਛਾ ਦਿੰਦੇ ਅਤੇ ਦਰਵਾਜ਼ਾ ਖੋਲ੍ਹ ਦਿੰਦੇ। ਜੋ ਆਵੇ ਸੋ ਰਾਜੀ ਜਾਵੇ। ਸਾਹਿਤਕਾਰ ਅਤੇ ਸਾਹਿਤ-ਪ੍ਰੇਮੀ ਤੰਬੂ ਵਾਲੇ ਕਾਫ਼ੀ ਹਾਉਸ ਵਿਚੋਂ ਉਠਦੇ ਅਤੇ ਉਥੇ ਜਾ ਮਹਿਫ਼ਲ ਜਮਾਉਂਦੇ। ਗੁਰਦੇਵ ਤੇ ਮੈਂ ਕਾਫ਼ੀ ਹਾਉਸ ਵੀ ਇਕੱਠੇ ਜਾਂਦੇ ਤੇ ਦੋਵਾਂ ਸਾਹਿਤਕ ਬੈਠਕਾਂ ਵਿਚ ਵੀ।
      ਸਾਡੇ ਪਹਿਲੇ ਕਹਾਣੀ-ਸੰਗ੍ਰਹਿ, ਮੇਰਾ ‘ਓਪਰਾ ਮਰਦ’ ਅਤੇ ਗੁਰਦੇਵ ਦਾ ‘ਇਕ ਟੋਟਾ ਔਰਤ’ ਨਵਯੁਗ ਤੋਂ ਨਾਲੋ-ਨਾਲ ਛਪੇ। ਦੋਵਾਂ ਪੁਸਤਕਾਂ ਦੀ ਖ਼ੂਬ ਸਲਾਹੁਤਾ ਹੋਈ। ਕਾਫ਼ੀ ਹਾਊਸ ਵਿਚ ਤਾਰਾ ਸਿੰਘ, ਜੋ ਅੱਗੇ ਚੱਲ ਕੇ ਸਾਡਾ ਗੂੜ੍ਹਾ ਮਿੱਤਰ ਬਣਿਆ, ਸਾਨੂੰ ਕਹਿਣ ਲੱਗਿਆ, ਤੁਹਾਡੀਆਂ ਦੋਵਾਂ ਦੀਆਂ ਕਿਤਾਬਾਂ ਛਪੀਆਂ ਬਹੁਤ ਖ਼ੂਬਸੂਰਤ ਨੇ। ਅਸੀਂ ਉਹਦੀ ਚਤੁਰਾਈ ਸਮਝ ਗਏ ਅਤੇ ਬੋਲੇ, ਛਪੀਆਂ ਹੀ ਖ਼ੂਬਸੂਰਤ ਨਹੀਂ, ਪੜ੍ਹ ਕੇ ਦੇਖੀਂ, ਕਹਾਣੀਆਂ ਵੀ ਬਹੁਤ ਖ਼ੂਬਸੂਰਤ ਨੇ। ਉਹ ਖਚਰੀ ਹਾਸੀ ਹੱਸਿਆ, ‘‘ਯਾਰ, ਅਸੀਂ ਤਾਂ ਕਦੀ ਦਿੱਲੀ ਵਿਚ ਨਵੇਂ ਬੰਦੇ ਦੇ ਛੇਤੀ-ਛੇਤੀ ਪੈਰ ਹੀ ਨਹੀਂ ਲੱਗਣ ਦਿੱਤੇ। ਅਗਲੇ ਤੋਂ ਟੋਲ-ਟੈਕਸ ਵਸੂਲਦੇ ਹਾਂ, ਕਾਫ਼ੀਆਂ, ਤੇ ਜੇ ਬਹੁਤਾ ਹੀ ਲੋਲ੍ਹਾ ਹੋਵੇ ਦਾਰੂਆਂ ਛਕਦੇ ਰਹਿੰਦੇ ਹਾਂ। ਪਰ ਤੁਸੀਂ ਦੋਵੇਂ ਜੱਟ ਇਥੇ ਪਹਿਲੇ ਦਿਨੋਂ ਇਉਂ ਫਿਰਦੇ ਹੋ ਜਿਵੇਂ ਦਿੱਲੀ ਤੁਹਾਡੇ ਨਾਨਕੇ ਹੋਣ!’’
       ਕਿਸੇ ਸਾਹਿਤਕ ਸੂਝ-ਸਮਝ ਤੋਂ ਬਿਨਾਂ ਐਵੇਂ ਵਰਕੇ ਕਾਲੇ ਕਰਦੇ ਰਹਿਣ ਵਾਲੇ ਲੇਖਕਾਂ ਨਾਲ ਗੁਰਦੇਵ ਨੂੰ ਖਾਸ ਚਿੜ ਸੀ। ਇਹ ਟਿੱਚਰ ਵੀ ਬਹੁਤ ਕਾਟਵੀਂ ਕਰਦਾ। ਇਕ ਵਾਰ ਇਕ ਇਕੱਤਰਤਾ ਵਿਚ ਹਿੱਸਾ ਲੈਣ ਲਈ ਅਸੀਂ ਦੋਵੇਂ, ਰੁਪਾਣੇ ਦੇ ਪੈਰ ਨੂੰ ਮੋਚ ਆਈ ਹੋਣ ਕਾਰਨ, ਹੌਲੀ-ਹੌਲੀ ਤੁਰੇ ਜਾ ਰਹੇ ਸੀ। ਪਿਛੋਂ ਆ ਕੇ ਕਹਾਣੀਆਂ ਦੀਆਂ ਦਰਜਨ ਕੁ ਪੁਸਤਕਾਂ ਦਾ ਇਕ ਲੇਖਕ, ਜਿਸ ਨੂੰ ਕੋਈ ਕਿਸੇ ਗਿਣਤੀ ਵਿਚ ਨਹੀਂ ਸੀ ਲੈਂਦਾ, ਬੋਲਿਆ, ‘‘ਕੇਹ ਗੱਲ ਰੁਪਾਨਾ ਜੀ, ਇੰਜ ਡ੍ਹਿਲੇ-ਡ੍ਹਿਲੇ ਤੁਰਦੇ ਹੋ ?’’ ਇਹਨੇ ਪੀੜ ਦੀ ਕਸੀਸ ਵੱਟ ਕੇ ਕਿਹਾ, ‘‘ਕੀ ਕਰੀਏ ਜੀ, ਸਾਨੂੰ ਤਾਂ ਪੰਜਾਬੀ ਕਹਾਣੀ ਦੇ ਮਿਆਰ ਦੀ ਚਿੰਤਾ ਨੇ ਹੀ ਮਾਰ ਲਿਆ!’’ ਉਸ ਪਿਛੋਂ ਉਹ ਲੇਖਕ ਇਹਦੇ ਨਾਲ ਕਦੀ ਚੰਗੀ ਤਰ੍ਹਾਂ ਨਜ਼ਰ ਮਿਲਾ ਕੇ ਨਹੀਂ ਸੀ ਬੋਲਿਆ।
       ਇਕ ਕਹਾਣੀਕਾਰ ਸਾਹਿਤ ਸਭਾ ਵਿਚ ਉਚੇਚੀ ਤਿਆਰੀ ਕਰ ਕੇ ਕਹਾਣੀ ਸੁਣਾਉਣ ਆਇਆ। ਉਹ ਬਾਹਰ ਖੜ੍ਹਾ ਇਕ ਹੋਰ ਲੇਖਕ ਨਾਲ ਗੱਲਾਂ ਕਰ ਰਿਹਾ ਸੀ। ਥ੍ਰੀ-ਪੀਸ ਸੂਟ, ਟਾਈ, ਚਿਲਕਵੀਂ ਚੁੰਝੂ ਪੱਗ, ਗੂੰਦ ਲਾ ਕੇ ਚਿਪਕਾਈ ਹੋਈ ਦਾੜ੍ਹੀ। ਇਹ ਮੇਰੇ ਕੂਹਣੀ ਮਾਰ ਕੇ ਕਹਿੰਦਾ, ‘‘ਤਿਆਰੀ ਤਾਂ ਦੇਖ ਕੀਤੀ ਜਿਵੇਂ ਪਿਉ ਦਾ ਵਿਆਹ ਹੋਵੇ। ਆ ਮੇਰੇ ਨਾਲ!’’ ਇਹ ਹੱਥ ਮਿਲਾ ਕੇ ਬੋਲਿਆ, ‘‘ਪਿਛੇ ਜਿਹੇ ਤੁਹਾਡੀ ਤਸਵੀਰ ਕਿਥੇ ਦੇਖੀ ਸੀ।’’ ਉਹ ਖ਼ੁਸ਼ ਹੋ ਗਿਆ, ‘‘ਟੀ.ਵੀ. ਉਤੇ ਦੇਖ ਹੋਸੀ।’’ ਇਹਨੇ ਕਿਹਾ, ‘‘ਟੀ.ਵੀ. ਤਾਂ ਮੈਂ ਦੇਖਦਾ ਨਹੀਂ।’’ ਰਸਾਲਾ ਕਹਿਣ ਉੱਤੇ ਇਹਨੇ ਦੱਸਿਆ, ‘‘ਰਸਾਲੇ ਮੈਂ ਪੜ੍ਹਦਾ ਨਹੀਂ।’’ ਅਖ਼ਬਾਰ ਦੇ ਉੱਤਰ ਵਿਚ ਇਹਨੇ ਆਖਿਆ, ‘‘ਅਖ਼ਬਾਰ ਮੈਂ ਮੰਗਵਾਉਂਦਾ ਨਹੀਂ।’’ ਸੋਚੀਂ ਪਏ ਕਹਾਣੀਕਾਰ ਦੇ ਮੋਢੇ ਉਤੇ ਹੱਥ ਮਾਰ ਕੇ ਇਹ ਇਕਦਮ ਬੋਲਿਆ, ‘‘ਹਾਂ, ਆਇਆ ਯਾਦ! ਤੁਹਾਡੀ ਤਸਵੀਰ ਮੈਂ ਇਕ ਮਿੱਤਰ ਦੇ ਘਰ ਹੇਅਰ ਫਿਕਸਰ ਦੀ ਸ਼ੀਸ਼ੀ ਉਤੇ ਦੇਖੀ ਸੀ।’’ ਉਹ ਬਿਚਾਰਾ ਅਜਿਹਾ ਥਿੜਕਿਆ ਕਿ ਕਹਾਣੀ ਵੀ ਚੱਜ ਨਾਲ ਪੜ੍ਹ ਨਾ ਸਕਿਆ।
       ਸਾਡਾ ਦੋਵਾਂ ਦਾ ਸਮਕਾਲੀ ਸਾਹਿਤਕ ਉਭਾਰ, ਕਹਾਣੀਆਂ ਦਾ ਲਗਭਗ ਇਕੋ ਧਰਾਤਲ ਅਤੇ ਹਰ ਸਾਹਿਤਕ ਸਮਾਗਮ ਵਿਚ ਇਕੱਠਿਆ ਜਾਣਾ ਬਹੁਤ ਲੋਕਾਂ ਲਈ ਸਾਡੀ ਪਛਾਣ ਤੱਕ ਰਲਗੱਡ ਕਰ ਦਿੰਦਾ। ਦਿੱਲੀ ਰੇਡੀਓ ਦੇ ਪੰਜਾਬੀ ਸੈਕਸ਼ਨ ਵਿਚ ਉਹਨੀਂ ਦਿਨੀਂ ਸੱਤਿਆ ਸੇਠ ਨਾਂ ਦੀ ਇਕ ਬੀਬੀ ਕੰਮ ਕਰਦੀ ਸੀ। ਇਕ ਦਿਨ ਮੇਰੀ ਕਹਾਣੀ ਦੀ ਰਿਕਾਰਡਿੰਗ ਤੋਂ ਮਗਰੋਂ ਬੋਲੀ, ‘‘ਤੁਹਾਡੀ ਉਹ ਕਹਾਣੀ ਵੀ ਮੈਨੂੰ ਭੁਲਦੀ ਨਹੀਂ ਜਿਸ ਵਿਚ ਇਕ ਪਿਆਸਾ ਆਦਮੀ ਰੇਤ ਦੇ ਬੁੱਕ ਭਰ-ਭਰ ਪੀਂਦਾ ਹੈ।’’ ਉਹ ਗੁਰਦੇਵ ਦੀ ਕਹਾਣੀ ‘ਪਿਆਸ’ ਦੀ ਗੱਲ ਕਰ ਰਹੀ ਸੀ। ਫੇਰ ਇਕ ਦਿਨ ਗੁਰਦੇਵ ਨੇ ਦੱਸਿਆ, ਉਹ ਉਹਦੇ ਨਾਲ ਵੀ ਮੇਰੀ ਕਹਾਣੀ ‘ਥਕੇਵਾਂ’ ਦਾ ਜ਼ਿਕਰ ਏਵੇਂ ਹੀ, ਉਹਦੀ ਰਚਨਾ ਸਮਝ ਕੇ, ਕਰਦੀ ਰਹੀ ਸੀ। ਉਹਨੀਂ ਦਿਨੀਂ ਜੰਮੂ ਤੋਂ ਦਿੱਲੀ ਆ ਕੇ ਵਸੀ ਇਕ ਲੇਖਿਕਾ ਨੇ ਕਹਾਣੀਆਂ ਦੀ ਆਪਣੀ ਨਵੀਂ ਛਪੀ ਪੁਸਤਕ ਗੁਰਦੇਵ ਨੂੰ ਮੇਰਾ ਨਾਂ ਲਿਖ ਕੇ ਭੇਟ ਕਰ ਦਿੱਤੀ ਅਤੇ ਕੁਝ ਦਿਨਾਂ ਮਗਰੋਂ ਗੁਰਦੇਵ ਦਾ ਨਾਂ ਲਿਖ ਕੇ ਮੈਨੂੰ ਦੇ ਦਿੱਤੀ। ਅਸੀਂ ਉਹਨੂੰ ਕੁਝ ਕਹੇ ਬਿਨਾਂ ਪੁਸਤਕਾਂ ਆਪਸ ਵਿਚ ਵਟਾ ਲਈਆਂ।
        ਕੁਦਰਤੀ ਸੀ, ਗੁਰਦੇਵ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਉਹ ਮੈਨੂੰ ਦੁਬਾਰਾ ਮਿਲ ਗਿਆ ਹੋਵੇ। ਸਾਡੇ ਪੁਰਾਣੇ ਜਾਣਕਾਰਾਂ ਵਿਚੋਂ ਕਈਆਂ ਨੇ ਮੈਨੂੰ ਵੀ ਵਧਾਈ ਦਿੱਤੀ।
       ਇਕ ਵਾਰ ਮੈਂ ਗੁਰਦੇਵ ਬਾਰੇ ਸ਼ਬਦ-ਚਿੱਤਰ ਲਿਖ ਕੇ ਇਹਤੋਂ ਸਿਰਲੇਖ ਦਾ ਸੁਝਾਅ ਮੰਗਿਆ। ਨਾਲ ਹੀ ਇਹ ਵੀ ਦੱਸ ਦਿੱਤਾ ਕਿ ਮੈਂ ਧੀਰ ਵਾਲੇ ਦਾ ਸਿਰਲੇਖ ‘ਗੁਲਾਬੀ ਕਾਗ਼ਜ਼ ਉੱਤੇ ਲਿਖੀ ਕਵਿਤਾ’ ਤੇ ਸਤਿਆਰਥੀ ਵਾਲੇ ਦਾ ‘ਫੁੱਲਾਂ ਨਾਲ ਲੱਦਿਆ ਗੁਲਮੋਹਰ’ ਰੱਖਿਆ ਹੈ। ਇਹ ਹੱਸਿਆ, ‘‘ਮੇਰੇ ਬਾਰੇ ਸਿਰਲੇਖ ਤਾਂ ਕੋਈ ਕਿੱਕਰ ਜਾਂ ਜੰਡ ਤੋਂ ਬਣਾ, ਜਿਵੇਂ ‘ਰੋਜ਼-ਗਾਰਡਨ ਵਿਚ ਉੱਗਿਆ ਜੰਡ’। ਉਹਨੀਂ ਦਿਨੀਂ ਇਹਦਾ ਨਾਵਲ ਗੋਰੀ ਚਰਚਾ ਵਿਚ ਸੀ। ਮੈਂ ਇਹਦਾ ਹੱਥ ਘੁੱਟਿਆ, ‘‘ਤੂੰ ਰੋਜ਼-ਗਾਰਡਨ ਵਿਚ ਉੱਗਿਆ ਜੰਡ ਨਹੀਂ, ਤੂੰ ਤਾਂ ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ ਹੈਂ!’’

ਸੰਪਰਕ : 011-42502364

ਸ਼ਬਦ ਦੇ ਬੋਧੀ ਬਿਰਛ ਦੀ ਛਾਂਵੇਂ ਬੈਠਣ ਦਾ ਅਨੁਭਵ - ਗੁਰਬਚਨ ਸਿੰਘ ਭੁੱਲਰ

ਜਗਿਆਸੂ ਜਦੋਂ ਸ੍ਰਿਸ਼ਟੀ ਬਾਰੇ ਅਤੇ ਉਸ ਵਿਚ ਮਨੁੱਖ ਦੀ ਹੋਂਦ ਤੇ ਹੈਸੀਅਤ ਬਾਰੇ ਚਿੰਤਨ-ਮੰਥਨ ਕਰਨ ਵਾਸਤੇ ਇਕ ਬਿਰਛ ਦੀ ਓਟ ਵਿਚ ਬੈਠਾ, ਉਹ ਸਿਧਾਰਥ ਸੀ ਤੇ ਉਹ ਬਿਰਛ ਸੀ। ਜਦੋਂ ਲੰਮੇ ਤੇ ਸਿਰੜੀ ਚਿੰਤਨ-ਮੰਥਨ ਨੇ ਅੰਦਰ ਚਾਨਣ ਕੀਤਾ, ਉਹ ਬੁੱਧ ਹੋ ਗਿਆ ਤੇ ਉਹ ਬੋਧੀ ਬਿਰਛ ਹੋ ਗਿਆ। ਜੇ ਦੋ ਜਾਂ ਵੱਧ ਸ਼ਬਦ-ਜੀਵੀ ਗੰਭੀਰ ਸੋਚ-ਵਿਚਾਰ ਦੇ ਉਦੇਸ਼ ਨਾਲ ਸ਼ਬਦਾਂ ਦੀ ਛਾਂਵੇਂ ਮਿਲ ਬੈਠਣ, ਬੋਧੀ ਬਿਰਛ ਦੀ ਛਾਂਵੇਂ ਬੈਠੇ ਸਿਧਾਰਥ ਵਾਂਗ ਬੁੱਧ ਬਣਾ ਦੇਣ ਵਾਲ਼ਾ ਚਮਤਕਾਰੀ ਜਲੌਅ ਵਾਪਰਨਾ ਤਾਂ ਭਾਵੇਂ ਅਸੰਭਵ ਹੈ, ਤਾਂ ਵੀ ਕੁਝ ਨਾ ਕੁਝ ਚਾਨਣ ਤਾਂ ਅੰਦਰ ਹੋ ਹੀ ਜਾਂਦਾ ਹੈ। ਸੰਵਾਦ ਦਾ ਇਹੋ ਮਹਾਤਮ ਹੈ। ਸੰਵਾਦ ਦੀ ਸਮਾਪਤੀ ਵੇਲੇ ਹਰੇਕ ਸੰਵਾਦੀ ਨੂੰ ਗਿਆਨ-ਸਰੋਵਰ ਵਿਚੋਂ, ਵੱਧ ਨਹੀਂ ਤਾਂ, ਚੂਲ਼ੀ ਤਾਂ ਪ੍ਰਾਪਤ ਹੋ ਹੀ ਜਾਂਦੀ ਹੈ। ਗਿਆਨ ਦੇ ਸੰਸਾਰ ਵਿਚ ਇਕ ਤੇ ਇਕ ਦੋ ਹੀ ਨਹੀਂ, ਵੱਧ ਵੀ ਹੋ ਜਾਂਦੇ ਹਨ!
        ਸਾਹਿਤ ਦੇ ਕਿਸੇ ਪੱਖ ਜਾਂ ਪੱਖਾਂ ਨੂੰ ਸਾਹਮਣੇ ਰੱਖ ਕੇ ਇਕ ਲੇਖਕ ਦਾ ਦੂਜੇ ਲੇਖਕ ਨਾਲ ਗੱਲਬਾਤ ਕਰਨਾ ਹੁਣ ਪੰਜਾਬੀ ਸਾਹਿਤ ਵਿਚ ਖਾਸਾ ਪ੍ਰਚੱਲਤ ਰਵੀਰਾ ਬਣ ਗਿਆ ਹੈ। ਸਗੋਂ ਅਜਿਹੀਆਂ ਗੱਲਾਂਬਾਤਾਂ ਤੇ ਮੁਲਾਕਾਤਾਂ ਨੂੰ ਇਕ ਵੱਖਰੀ ਵਿਧਾ ਆਖਣਾ ਵੀ ਕੋਈ ਵਧਾ-ਚੜ੍ਹਾ ਕੇ ਕਹੀ ਹੋਈ ਗੱਲ ਨਹੀਂ। ਕਦੀ-ਕਦੀ ਸੱਜਨ-ਮਿੱਤਰ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ, ਪੰਜਾਬੀ ਸਾਹਿਤਕ ਖੇਤਰ ਬਾਰੇ ਮੇਰੇ ਨਾਲ ਵੀ ਗੱਲਬਾਤ ਕਰਦੇ ਰਹੇ ਹਨ। ਕਿਸੇ ਲੇਖਕ ਨਾਲ ਸਾਹਿਤਕ ਚਰਚਾ ਦਾ ਉਦੇਸ਼ ਸਾਹਿਤ ਵਿਚ ਉਠਦੇ ਰਹਿੰਦੇ ਸਵਾਲਾਂ ਬਾਰੇ, ਰਚਨਾਤਮਿਕ ਕਾਰਜ ਬਾਰੇ, ਉਹਦੀ ਆਪਣੀ ਰਚਨਾ ਬਾਰੇ ਤੇ ਸਵਾਲ ਕਰਨ ਵਾਲ਼ੇ ਦੇ ਮਨ ਵਿਚ ਆਈ ਕਿਸੇ ਵੀ ਹੋਰ ਸਾਹਿਤਕ ਗੱਲ ਬਾਰੇ ਉਹਦੇ ਵਿਚਾਰ ਜਾਣਨਾ ਹੁੰਦਾ ਹੈ। ਜਵਾਬ ਦੇਣ ਵਾਲੇ ਦਾ ਈਮਾਨ ਬਣਦਾ ਹੈ ਕਿ ਉਹ ਹਰ ਸਵਾਲ ਦਾ ਆਪਣੀ ਸਮਝ ਤੇ ਸਮਰੱਥਾ ਅਨੁਸਾਰ ਠੀਕ-ਠੀਕ ਜਵਾਬ ਦੇਵੇ।
         ਮੈਨੂੰ ਜੇ ਕਿਸੇ ਦੇ ਸਾਹਮਣੇ ਬੈਠਣ ਤੋਂ ‘ਡਰ’ ਲੱਗਿਆ, ਉਹ ਸਨ ਡਾ. ਹਰਿਭਜਨ ਸਿੰਘ। ਉਹਨਾਂ ਦਾ ਵੱਡੇ ਕਵੀ ਤੇ ਵੱਡੇ ਵਾਰਤਿਕਕਾਰ ਹੋਣਾ ਤਾਂ ਮੈਨੂੰ ਵਾਰਾ ਖਾਂਦਾ ਸੀ, ਪਰ ਉਹ ਨਾਲ ਹੀ ਵੱਡੇ ਆਲੋਚਕ ਵੀ ਸਨ। ਆਲੋਚਕ ਵੀ ਅਜਿਹੇ, ਜਿਨ੍ਹਾਂ ਨੇ ਲੰਮੇ ਇਤਿਹਾਸ ਵਾਲ਼ੇ ਦੇਸੀ ਗਿਆਨ ਦੇ ਨਾਲ-ਨਾਲ ਪਰਦੇਸੀਂ ਜਨਮੇ ਸਾਹਿਤਕ ਸਿਧਾਂਤ ਤੇ ਮੱਤ ਵੀ ਗਹੁ ਨਾਲ ਵਾਚੇ-ਘੋਖੇ ਹੋਏ ਸਨ। ਉਹਨਾਂ ਨੂੰ ਇਹ ਨਿਤਾਰਾ ਕਰਨ ਦੀ ਸਮਝ ਵੀ ਹੈ ਸੀ ਕਿ ਪਰਦੇਸੀ ਗਿਆਨ ਵਿਚੋਂ ਕੀ ਕੁਝ ਪੰਜਾਬੀ ਸਾਹਿਤ ਲਈ ਪ੍ਰਸੰਗਕ ਹੈ ਤੇ ਕੀ ਕੁਝ ਵਿਸਾਰਨਜੋਗ ਹੈ। ਉਹਨਾਂ ਵੱਲੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੱਲਬਾਤ ਉਹਨਾਂ ਨੂੰ ਚੰਗੇ ਲੱਗੇ ਮੇਰੇ ਕਹਾਣੀ-ਸੰਗ੍ਰਹਿ ‘ਮੈਂ ਗ਼ਜ਼ਨਵੀ ਨਹੀਂ’ ਉੱਤੇ ਕੇਂਦਰਿਤ ਹੋਣੀ ਸੀ। ਮੈਨੂੰ ਡਰ ਆਲੋਚਕੀ ਸਵਾਲਾਂ ਦਾ ਸੀ ਜਿਨ੍ਹਾਂ ਦੇ ਜਵਾਬ ਸਕੂਲੀ ਵਿਦਿਆਰਥੀ ਦੇ ਇਮਤਿਹਾਨ ਵਾਂਗ ਦੇਣੇ ਪੈਣੇ ਸਨ। ਉਹ ਪਰ ਮੇਰੇ ਸਾਹਮਣੇ ਨਾ ਵੱਡੇ ਸਾਹਿਤਕਾਰ ਬਣ ਕੇ ਆਏ ਤੇ ਨਾ ਵੱਡੇ ਆਲੋਚਕ ਬਣ ਕੇ, ਸਗੋਂ ਰਸੀਏ ਪਾਠਕ ਦਾ ਅਵਤਾਰ ਧਾਰ ਕੇ ਆਏ।
         ਇਸ ‘ਪਾਠਕ’ ਸ਼ਬਦ ਤੋਂ ਇਕ ਦਿਲਚਸਪ ਗੱਲ ਚੇਤੇ ਆ ਗਈ। ਉਹਨਾਂ ਨੇ ਇਹ ਗੱਲਬਾਤ ਪੰਜਾਬੀ ਅਕਾਦਮੀ, ਦਿੱਲੀ ਦੇ ਪੱਤਰ ‘ਸਮਦਰਸ਼ੀ’ ਵਿਚ ਛਪਣੀ ਭੇਜ ਦਿੱਤੀ। ਰਸਾਲਾ ਛਪ ਕੇ ਆਇਆ ਤਾਂ ਰਚਨਾਕਾਰ ਤੇ ਰਚਨਾ ਸੰਬੰਧੀ ਸਿਰਲੇਖ ਹੇਠ ਲੇਖਕ ਦੇ ਨਾਂ ਦੀ ਥਾਂ ਉਹਨਾਂ ਨੇ ਲਿਖਿਆ ਹੋਇਆ ਸੀ, ਪਾਠਕ ਹਰਿਭਜਨ ਸਿੰਘ। ਕੁਝ ਦਿਨਾਂ ਮਗਰੋਂ ਮੈਨੂੰ ਪੰਜਾਬੀ ਅਕਾਦਮੀ ਦੀ ਚਿੱਠੀ ਆਈ, ‘‘ਤੁਹਾਡੇ ਸੰਬੰਧੀ ਲਿਖਤ ਦੇ ਕਰਤਾ ‘ਪਾਠਕ ਹਰਿਭਜਨ ਸਿੰਘ’ ਬਾਰੇ ਸਾਨੂੰ ਕਿਤੋਂ ਜਾਣਕਾਰੀ ਨਹੀਂ ਮਿਲ ਸਕੀ। ਉਹਨਾਂ ਦਾ ਪਤਾ ਲਿਖ ਭੇਜੋ ਤਾਂ ਜੋ ਕਿਰਤ-ਫਲ ਦਾ ਮਨੀ-ਆਰਡਰ ਭੇਜਿਆ ਜਾ ਸਕੇ।’’ ਹਾਸਾ ਆਉਣਾ ਕੁਦਰਤੀ ਸੀ। ਡਾਕਟਰ ਸਾਹਿਬ ਨੂੰ ਦੱਸਿਆ ਤਾਂ ਉਹ ਵੀ ਬਹੁਤ ਪ੍ਰਸੰਨ ਹੋਏ। ਅਕਾਦਮੀ ਨੂੰ ਮੈਂ ਲਿਖਿਆ, ‘‘ਇਹ ਹਰਿਭਜਨ ਸਿੰਘ ਹਨ ਜਿਨ੍ਹਾਂ ਨੇ ਇਹ ਲਿਖਤ ਪਾਠਕ ਵਜੋਂ ਲਿਖੀ ਹੈ। ਸ਼ਬਦ ‘ਪਾਠਕ’ ਨੂੰ ਵਿਸ਼ੇਸ਼ਨ ਸਮਝੋ, ਉਹਨਾਂ ਦੇ ਨਾਂ ਦਾ ਹਿੱਸਾ ਨਹੀਂ!’’
       ਖ਼ੈਰ, ਉਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਜਿਸ ਬਰੀਕੀ ਨਾਲ ਪੜ੍ਹੀਆਂ ਤੇ ਉਹਨਾਂ ਦੇ ਅੰਸ਼ ਇਕ ਦੂਜੀ ਨਾਲ ਸੁਮੇਲੇ, ਮੇਰਾ ਉਹਨਾਂ ਦੀ ਨੀਝ-ਪਰਖ ਤੇ ਪਾਠਕੀ ਕਲਾ ਦੇਖ ਕੇ ਹੈਰਾਨ ਹੋਣਾ ਸੁਭਾਵਿਕ ਸੀ। ਮੈਨੂੰ ਆਪਣੀਆਂ ਹੀ ਕਹਾਣੀਆਂ ਦੀਆਂ ਕਈ ਅਜਿਹੀਆਂ ਗੱਲਾਂ ਦਾ ਪਤਾ ਲੱਗਿਆ ਜੋ ਮੇਰੀ ਅਕਲ ਵਿਚ ਨਹੀਂ ਸਨ। ਨਿਰਸੰਦੇਹ ਅਜਿਹੀ ਗੱਲਬਾਤ ਸਿਰਫ਼ ਸੰਬੰਧਿਤ ਲੇਖਕ ਲਈ, ਇਸ ਸੂਰਤ ਵਿਚ ਮੇਰੇ ਲਈ, ਹੀ ਲਾਭਦਾਇਕ ਨਹੀਂ ਰਹਿੰਦੀ ਸਗੋਂ ਉਸ ਵਿਚਲੀਆਂ ਕਈ ਗੱਲਾਂ ਅਨੇਕ ਲੇਖਕਾਂ ਦੇ ਕੰਮ ਆਉਣ ਵਾਲੀਆਂ ਸਿੱਧ ਹੁੰਦੀਆਂ ਹਨ।
        ਉਹਨਾਂ ਦਾ ਮੇਰੀ ਪੁਸਤਕ ਬਾਰੇ ਅਜਿਹੀ ਚਰਚਾ ਕਰਨਾ ਮੇਰੇ ਲਈ ਵੱਡਾ ਪੁਰਸਕਾਰ ਸੀ। ਉਹਨਾਂ ਨੇ ਰਸਾਲੇ ਵਿਚ ਛਪਣ ਲਈ ਭੇਜਣ ਸਮੇਂ ਪੰਨਿਆਂ ਨੂੰ ਧਿਆਨ ਵਿਚ ਰੱਖ ਕੇ ਗੱਲਬਾਤ ਕੁਝ ਛੋਟੀ ਕਰ ਦਿੱਤੀ। ਹੁਣ ਝੋਰਾ ਹੈ ਕਿ ਉਹਨਾਂ ਦੇ ਜਿਉਂਦੇ-ਜੀਅ ਸੰਪੂਰਨ ਗੱਲਬਾਤ ਲੈ ਲੈਣ ਦਾ ਖ਼ਿਆਲ ਕਿਉਂ ਨਾ ਆਇਆ! ਦੇਵਿੰਦਰ ਸਤਿਆਰਥੀ ਕਿਹਾ ਕਰਦੇ ਸਨ, ‘‘ਰੱਬਾ, ਮੈਨੂੰ ਨਾ-ਸਮਝਣ-ਵਾਲ਼ਾ ਪਾਠਕ ਨਾ ਦੇ!’’ ਸਾਹਿਤਕ ਜ਼ਿੰਦਗੀ ਵਿਚ ਬੇਸ਼ੁਮਾਰ ਸਮਝਣ-ਵਾਲ਼ੇ ਪਾਠਕਾਂ ਦੇ ਨਾਲ-ਨਾਲ ਜਦੋਂ ਕਈ ਨਾ-ਸਮਝਣ-ਵਾਲ਼ੇ ਪਾਠਕ ਬੇਸਿਰ-ਪੈਰ ਗੱਲਾਂ ਕਰਦੇ ਰਹੇ ਹਨ, ਸਤਿਆਰਥੀ ਜੀ ਦੇ ਕਥਨ ਦਾ ਸੱਚ ਤੇ ਵਜ਼ਨ ਸਮਝ ਵਿਚ ਆਉਂਦਾ ਰਿਹਾ ਹੈ। ਸਮਝਣ-ਵਾਲ਼ਾ ਪਾਠਕ ਮਿਲਿਆਂ ਲੇਖਕ ਨੂੰ ਹੁੰਦੀ ਤਸੱਲੀ ਦਾ ਭਰਵਾਂ ਅਹਿਸਾਸ ਡਾ. ਹਰਿਭਜਨ ਸਿੰਘ ਨੇ ਕਰਵਾਇਆ।
            ਚੰਡੀਗੜ੍ਹ ਦੇ ਵੇਲ਼ੇ ਤੋਂ ਮਿੱਤਰ ਬਣੇ ਪ੍ਰੋ. ਹਰਭਜਨ ਸਿੰਘ ਨਾਲ ਗੱਲਬਾਤ ਦੀ ਦਾਸਤਾਨ ਹੋਰ ਵੀ ਅਜੀਬ ਤੇ ਦਿਲਚਸਪ ਹੈ। ਕਈ ਸਾਲਾਂ ਮਗਰੋਂ ਉਹ ਮੇਰੀ ਅਮਰੀਕਾ ਦੀ ਫੇਰੀ ਸਮੇਂ ਪਰਵਾਸੀ ਬਣੇ ਹੋਏ ਮਿਲੇ। ਇਕ ਸ਼ਾਮ ਇਕ ਸਾਂਝੇ ਦੋਸਤ ਦੇ ਘਰ ਇਕ ਛੋਟੀ ਜਿਹੀ ਮਹਿਫ਼ਲ ਸਜੀ ਤਾਂ ਕੋਈ ਰਸਮੀ ਗੱਲਬਾਤ, ਕੋਈ ਸੰਵਾਦ ਸਾਡੀ ਕਾਰਜ-ਸੂਚੀ ਵਿਚ ਸ਼ਾਮਲ ਨਹੀਂ ਸੀ। ਗੱਲਾਂ ਚਲਦੀਆਂ ਵਿਚ ਉਹਨਾਂ ਨੇ ਮੈਥੋਂ ਸਿਰਫ਼ ਇਕ ਸਵਾਲ ਪੁੱਛਣ ਦੀ ਇੱਛਾ ਦੱਸੀ। ਫੇਰ ਉਹ ਬੋਲੇ, ਪਰ ਉਸ ਤੋਂ ਪਹਿਲਾਂ ਇਹ ਦੱਸੋ...! ਇਸੇ ਤਰ੍ਹਾਂ ‘‘ਉਸ ਸਵਾਲ ਤੋਂ ਪਹਿਲਾਂ’’ ਉਹ ਹੋਰ-ਹੋਰ ਸਵਾਲ ਕਰਦੇ ਤੇ ਗੱਲਾਂ ਪੁਛਦੇ ਰਹੇ। ਸਾਡੀ ਇਸ ਗੱਲਬਾਤ ਦੌਰਾਨ ਤੇ  ਉਹਨਾਂ ਦੇ ਮੁੱਖ ‘‘ਇਕ ਸਵਾਲ’’ ਪੁੱਛਣ ਤੋਂ ਪਹਿਲਾਂ ਭੋਜਨ ਵੀ ਹੋ ਗਿਆ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਸਵੇਰੇ ਮੇਜ਼ਬਾਨਾਂ ਨੇ ਵੀ ਆਪਣੇ-ਆਪਣੇ ਕੰਮ ਜਾਣਾ ਸੀ। ਇਸ ਲਈ ਪ੍ਰੋ. ਹਰਭਜਨ ਸਿੰਘ ਦਾ ਮੈਨੂੰ ਪੁੱਛਿਆ ਜਾਣ ਵਾਲ਼ਾ ਇਕ ਸਵਾਲ ਤੇ ਮੇਰੇ ਵੱਲੋਂ ਦਿੱਤਾ ਜਾਣ ਵਾਲ਼ਾ ਉਸ ਦਾ ਜਵਾਬ ਸਾਨੂੰ ‘‘ਫੇਰ ਕਿਸੇ ਸਮੇਂ ਲਈ’’ ਪਿੱਛੇ ਪਾਉਣੇ ਪਏ। ਇਹ ਗੱਲਬਾਤ ਉਸ ਇਕੋ-ਇਕ ਸਵਾਲ ਤੋਂ ਪਹਿਲਾਂ ਦੀ ਹੈ ਜੋ ਪ੍ਰੋਫ਼ੈਸਰ ਸਾਹਿਬ ਨੇ ਮੈਨੂੰ ਉਸ ਸ਼ਾਮ ਪੁੱਛਣਾ ਸੀ ਤੇ ਜਿਸ ਨੂੰ ਪੁੱਛਣ ਦਾ ਉਸ ਮਗਰੋਂ ਅੱਜ ਤੱਕ ਦੇ ਪੰਦਰਾਂ ਵਰ੍ਹਿਆਂ ਵਿਚ ਕਦੀ ਸਬੱਬ ਨਹੀਂ ਬਣ ਸਕਿਆ!
        ਜਸਬੀਰ ਭੁੱਲਰ ਨੇ ਮੇਰੇ ਸਾਹਿਤ ਅਕਾਦਮੀ ਪੁਰਸਕਾਰ ਨੂੰ ਲੈ ਕੇ ਹੀ ਗੱਲਬਾਤ ਕੀਤੀ। ਡਾ. ਜਸਵਿੰਦਰ ਕੌਰ ਬਿੰਦਰਾ ਨੇ ਮੇਰੀਆਂ ਕੁਝ ਕਹਾਣੀਆਂ ਦੇ ਹਿੰਦੀ ਅਨੁਵਾਦ ਦੀ ਇਕ ਪੁਸਤਕ ‘ਗੁਰਬਚਨ ਸਿੰਘ ਭੁੱਲਰ ਕੀ ਚੁਨਿੰਦਾ ਕਹਾਨੀਆਂ’ ਤਿਆਰ ਕੀਤੀ ਸੀ। ਉਸ ਨੂੰ ਲੱਗਿਆ ਕਿ ਇਸ ਪੁਸਤਕ ਵਿਚ ਦੂਜੀ ਭਾਸ਼ਾ ਦੇ ਪਾਠਕਾਂ ਦੀ ਸਹੂਲਤ ਲਈ ਲੇਖਕ ਨਾਲ ਕੁਝ ਸਵਾਲ-ਜਵਾਬ ਕਰਨੇ ਠੀਕ ਰਹਿਣਗੇ। ਡਾ. ਰਵੀ ਰਵਿੰਦਰ ਨੇ ਇਕ ਹਿੰਦੀ ਰਸਾਲੇ ਦੇ ਪੰਜਾਬੀ ਕਹਾਣੀ ਵਿਸ਼ੇਸ਼ ਅੰਕ ਲਈ ਮੈਨੂੰ ਕੁਝ ਸਵਾਲ ਪੁੱਛੇ ਸਨ। ‘ਕਹਾਣੀ ਧਾਰਾ’ ਨੇ ਇਕ ਵਾਰ ਕਈ ਕਹਾਣੀਕਾਰਾਂ ਨੂੰ ਇਕ ਸਵਾਲਨਾਮਾ ਭੇਜ ਕੇ ਜਵਾਬ ਮੰਗੇ ਸਨ। ਇਸੇ ਤਰ੍ਹਾਂ ਕੁਝ ਹੋਰ ਸੱਜਨਾਂ-ਮਿੱਤਰਾਂ ਨੇ ਆਪਣੇ-ਆਪਣੇ ਮਨੋਰਥ ਅਨੁਸਾਰ ਮੇਰੇ ਨਾਲ ਗੱਲਬਾਤ ਕੀਤੀ। ਹਾਂ, ਗੱਲਾਂਬਾਤਾਂ ਦੀ ਇਕ ਵੰਨਸੁਵੰਨੀ ਤਿੱਕੜੀ ਅਮਰੀਕਾ ਵਿਚ ਹੋਈ। ਚਰਨ ਸਿੰਘ ਜੱਜ ਦੀ ਗੱਲਬਾਤ ਅਮਰੀਕਾ ਵਿਚ ਜਨਮੀ-ਵਿਗਸੀ ਗ਼ਦਰ ਲਹਿਰ ਬਾਰੇ ਸੀ, ਸਿਆਸਤ ਸਿੰਘ ਦੀ ਗੱਲਬਾਤ ਉਥੋਂ ਦੇ ਪੰਜਾਬੀ ਸਾਹਿਤ ਤੇ ਪੱਤਰਕਾਰੀ ਬਾਰੇ ਸੀ ਅਤੇ ਗੁੱਡੀ ਸਿੱਧੂ ਦੀ ਗੱਲਬਾਤ ਸਮੁੱਚੇ ਪੰਜਾਬੀ ਸਾਹਿਤ ਤੇ ਉਹਦੇ ਅੰਗ ਵਜੋਂ ਅਮਰੀਕੀ ਪੰਜਾਬੀ ਸਾਹਿਤ ਬਾਰੇ ਸੀ। ਰੱਜ ਦੇ ਪੱਖੋਂ ਚੌਮਾਸਕ ‘ਹੁਣ’ ਨਾਲ ਗੱਲਬਾਤ ਬੇਮਿਸਾਲ ਰਹੀ। ਸਹਿਜ ਨਾਲ ਮਿਲ ਕੇ ਬੈਠਦਿਆਂ ਗੱਲਬਾਤ ਕਰਨ ਸਮੇਂ ਸਾਡੇ ਸਾਹਮਣੇ ਨਾ ਪੰਨਿਆਂ ਦੀ ਕੋਈ ਹੱਦ ਸੀ ਤੇ ਨਾ ਸਵਾਲਾਂ ਦੇ ਕਲਾਵੇ ਦੀ ਕੋਈ ਗਿਣਤੀ-ਮਿਣਤੀ ਸੀ। ਇਸ ਗੱਲਬਾਤ ਦਾ ਬਹੁਤ ਲੰਮੀ ਹੋ ਜਾਣਾ ਸੁਭਾਵਿਕ ਸੀ।
      ਅਜਿਹੀਆਂ ਪੁਸਤਕਾਂ ਵਿਚ, ਜਿਥੇ ਕਈ ਲੇਖਕ-ਵਿਦਵਾਨ ਸਵਾਲ ਪੁੱਛਣ ਵਾਲ਼ੇ ਹੋਣ ਤੇ ਜਵਾਬ ਦੇਣ ਵਾਲ਼ਾ ਇਕੋ ਹੋਵੇ, ਦੁਹਰਾਉ ਦਾ ਸ਼ੱਕ ਬਣਿਆ ਰਹਿੰਦਾ ਹੈ। ਪਰ ਲਗਭਗ ਸਾਰੇ ਹੀ ਸਵਾਲ-ਕਰਤਿਆਂ ਦਾ ਮਨੋਰਥ ਇਕ ਦੂਜੇ ਨਾਲੋਂ ਕੁਝ ਨਾ ਕੁਝ ਵੱਖਰਾ ਹੋਣ ਸਦਕਾ ਇਥੇ ਦੁਹਰਾਉ ਦੀ ਕੋਈ ਗੁੰਜਾਇਸ਼ ਨਾ ਰਹੀ। ਇਉਂ ਸਮੁੱਚੇ ਰੂਪ ਵਿਚ ਪੁਸਤਕ ਦੇ ਕਲਾਵੇ ਵਿਚ ਬਹੁਤ ਕੁਝ ਆ ਗਿਆ। ਨਾਲ਼ੇ ਇਕੋ ਲੇਖਕ ਬਾਰੇ ਵੱਖ-ਵੱਖ ਸੱਜਨਾਂ-ਮਿੱਤਰਾਂ ਨੇ ਵੱਖ-ਵੱਖ ਪ੍ਰਭਾਵ ਬਣਾਏ ਹੋਏ ਹੁੰਦੇ ਹਨ ਤੇ ਉਹਨਾਂ ਵਿਚੋਂ ਹਰ ਇਕ ਨੇ ਆਪਣੇ ਹੀ ਨਜ਼ਰੀਏ ਤੋਂ ਸਵਾਲ ਪੁੱਛਣੇ ਹੁੰਦੇ ਹਨ। ਜੇ ਕਈ ਜਣਿਆਂ ਦੇ ਸਵਾਲ-ਜਵਾਬ ਕਿਸੇ ਇਕੋ ਗੱਲ ਬਾਰੇ ਵੀ ਹੋਣ, ਜ਼ਰੂਰੀ ਨਹੀਂ ਕਿ ਉਹ ਇਕੋ ਜਿਹੇ ਹੀ ਹੋਣਗੇ। ਇਕੋ ਮੁੱਦੇ ਬਾਰੇ ਸਵਾਲ ਵੀ ਵੱਖਰੇ ਹੋ ਜਾਂਦੇ ਹਨ ਤੇ ਜਵਾਬਾਂ ਵਿਚ ਵੀ ਫ਼ਰਕ ਆ ਜਾਂਦਾ ਹੈ।
        ਬਾਣੀਕਾਰ ਭਗਤ ਜੀ ਕਹਿੰਦੇ ਹਨ, ‘‘ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।’’ ਭਾਵ, ਮਨ ਭਲਾ-ਬੁਰਾ ਸਭ ਕੁਝ ਜਾਣਦਾ ਹੁੰਦਾ ਹੈ ਤੇ ਜਾਣਦਿਆਂ ਹੀ ਔਗੁਣ ਕਰਦਾ ਹੈ। ਅਜਿਹੀ ਗੱਲਬਾਤ ਸਮੇਂ ਵੀ ਸਵਾਲ ਸੁਣ ਕੇ ਮਨ ਉਹਦਾ ਸੱਚਾ ਉੱਤਰ ਸਾਹਮਣੇ ਲਿਆਉਂਦਾ ਹੈ ਤੇ ਇਹ ਉੱਤਰ ਦੇਣ ਵਾਲ਼ੇ ਉੱਤੇ ਨਿਰਭਰ ਹੈ ਕਿ ਉਹਨੇ ਉਹੋ ਸੱਚਾ ਉੱਤਰ ਦੇਣਾ ਹੈ ਜਾਂ ਉਸ ਵਿਚ ਖੋਟ ਰਲ਼ਾਉਣਾ ਹੈ। ਮਿਸਾਲ ਵਜੋਂ ਮਨੁੱਖ ਆਪਣੇ ਪੱਖ ਵਿਚ ਜਾਂਦੀ ਗੱਲ ਨੂੰ ਵਧਾ-ਚੜ੍ਹਾ ਵੀ ਸਕਦਾ ਹੈ ਤੇ ਵਿਰੁੱਧ ਜਾਂਦੀ ਗੱਲ ਦੀ ਸੁਰ ਧੀਮੀ ਵੀ ਕਰ ਸਕਦਾ ਹੈ। ਪਰ ਮੇਰੀ ਕੋਸ਼ਿਸ਼ ਰਹੀ ਕਿ ਕਿਸੇ ਸਵਾਲ ਦਾ ਜੋ ਸਹੀ ਉੱਤਰ ਮੇਰੀ ਸਮਝ ਅਨੁਸਾਰ ਬਣਦਾ ਹੋਵੇ, ਮੈਂ ਉਹੋ ਹੀ ਸਵਾਲ-ਕਰਤਿਆਂ ਸਾਹਮਣੇ ਈਮਾਨਦਾਰੀ ਨਾਲ ਪੇਸ਼ ਕਰਾਂ।
         ਕਥਿਤ ਆਲੋਚਕਾਂ ਦੀ ਪੂਰੀ ਤਰ੍ਹਾਂ ਛੇਕੀ ਹੋਈ ਸਵਰਗੀ ਕਲਾਵੰਤ ਕਹਾਣੀਕਾਰ ਸੁਖਵੰਤ ਕੌਰ ਮਾਨ ਨੂੰ ਮੈਂ ਇਕ ਵਾਰ ਉਹਦੇ ਲਿਖਣ ਬਾਰੇ ਪੁੱਛਿਆ, ਤਾਂ ਉਹਦਾ ਉੱਤਰ ਸੀ, ‘‘ਲਿਖ ਤਾਂ ਉਹੋ ਅੱਖਰ ਹੀ ਰਹੀ ਹਾਂ ਜੋ ਕੱਚੀ ਪਹਿਲੀ ਵਿਚ ਸਿੱਖੇ ਸਨ! ... ਹਾਂ, ਸਿਆਣਿਆਂ ਦੇ ਉਹਨਾਂ ਨੂੰ ਇਕ-ਦੂਜੇ ਦੇ ਅੱਗੇ-ਪਿੱਛੇ ਜੋੜ ਕੇ ਬਣਾਏ ਸ਼ਬਦਾਂ ਨੂੰ ਇਕ ਰਚਨਾ ਦੇ ਵਾਕਾਂ ਵਿਚ ਪਰੋਨ ਲੱਗੀ ਹੋਈ ਹਾਂ।’’ ਠੀਕ ਹੀ ਰਚਨਾ ਦੀ ਸਾਰੀ ਸ੍ਰਿਸ਼ਟੀ ਦਾ ਇਹੋ ਭੇਤ ਤੇ ਰਹੱਸ ਹੈ। ਸ਼ਬਦਾਂ ਦੀ ਛਾਂ ਹੀ ਲੇਖਕ ਦੀ ਪਹਿਲੀ ਤੇ ਆਖ਼ਰੀ ਠਾਹਰ ਹੁੰਦੀ ਹੈ। ਇਸੇ ਸਦਕਾ ਸੱਜਨਾਂ-ਮਿੱਤਰਾਂ ਦੀਆਂ ਮੇਰੇ ਨਾਲ ਕੀਤੀਆਂ ਗੱਲਾਂਬਾਤਾਂ ਦੇ ਸੰਗ੍ਰਹਿ ਦਾ ਨਾਂ ਸਹਿਜੇ ਹੀ ‘ਸ਼ਬਦਾਂ ਦੀ ਛਾਂਵੇਂ’ ਟਿਕ ਗਿਆ। (ਪੁਸਤਕ ਆਰਸੀ ਪਬਲਿਸ਼ਰਜ਼, 51, ਪਰਦਾ ਬਾਗ਼, ਦਰਿਆਗੰਜ, ਦਿੱਲੀ ਨੇ ਪ੍ਰਕਾਸ਼ਿਤ ਕੀਤੀ ਹੈ।)

ਪੰਜਾਬ ਤੇ ਕਰਨਾਟਕ ਦੀ ਇਤਿਹਾਸਕ-ਸਭਿਆਚਾਰਕ ਸਾਂਝ - ਗੁਰਬਚਨ ਸਿੰਘ ਭੁੱਲਰ

ਕਰਨਾਟਕ ਦੇ 'ਰਾਸ਼ਟਰਕਵੀ ਕੁਵੇਂਪੂ ਪ੍ਰਤਿਸ਼ਠਾਨ' ਨੇ ਮੇਰੇ ਅਤੇ ਬੀਬੀ ਅਜੀਤ ਕੌਰ ਦੇ ਨਾਂ ਪੰਜ-ਲੱਖੀ ਕੁਵੇਂਪੂ ਪੁਰਸਕਾਰ ਦਾ ਐਲਾਨ ਕੀਤਾ ਤਾਂ ਮੇਰਾ ਧਿਆਨ ਉਸ ਭਾਸ਼ਨ ਵੱਲ ਜਾਣਾ ਕੁਦਰਤੀ ਸੀ ਜੋ ਮੈਂ ਉਥੇ ਦੇਣਾ ਸੀ। ਇਹਦੇ ਲਈ ਪੰਜਾਬ ਤੇ ਕਰਨਾਟਕ ਵਿਚਕਾਰ ਕੁਝ ਇਤਿਹਾਸਕ-ਸਭਿਆਚਾਰਕ ਸਾਂਝਾਂ ਲੱਭਣੀਆਂ ਜ਼ਰੂਰੀ ਸਨ। ਮੈਂ ਬਾਬਾ ਨਾਨਕ ਦੇ ਬਿਦਰ ਨੂੰ ਹੀ ਜਾਣਦਾ ਸੀ। ਮੈਨੂੰ ਤਸੱਲੀ ਹੋਈ ਜਦੋਂ ਇਕ-ਦੋ ਨਹੀਂ, ਕਈ ਅਜਿਹੀਆਂ ਸਾਂਝਾਂ ਲੱਭ ਗਈਆਂ ਜੋ ਮਹੱਤਵਪੂਰਨ ਵੀ ਸਨ ਤੇ ਦਿਲਚਸਪ ਵੀ।
       ਇਕ ਸਾਂਝ ਤਾਂ ਸੱਜਰੀ ਹੋਣ ਕਰਕੇ ਤੇ ਆਪਣੇ ਨਾਲ ਵੀ ਜੁੜੀ ਹੋਈ ਹੋਣ ਕਰਕੇ ਚੇਤੇ ਹੋਣੀ ਹੀ ਸੀ। ਉਹ ਸੀ ਕੱਨੜ ਵਿਦਵਾਨ ਤੇ ਲੇਖਕ ਕਲਬੁਰਗੀ ਦੇ ਕਤਲ ਵੱਲ ਸਾਹਿਤ ਅਕਾਦਮੀ ਦੇ ਰਵੱਈਏ ਨੂੰ ਦੇਖਦਿਆਂ ਮੇਰਾ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਦੀ ਪੰਜਾਬੀ ਵਿਚ ਪਹਿਲ ਕਰਨਾ। ਮੈਂ ਸਵੈਪ੍ਰਸੰਸਾ ਤੋਂ ਦੂਰ ਰਹਿ ਕੇ ਇਹਦੀ ਜਾਣਕਾਰੀ ਜ਼ਰੂਰ ਦੇਣਾ ਚਾਹੁੰਦਾ ਸੀ। ਮੈਨੂੰ ਇਹ ਉਤਸੁਕਤਾ ਵੀ ਸੀ ਕਿ ਸਰੋਤਿਆਂ ਦਾ ਪ੍ਰਤੀਕਰਮ ਕੀ ਹੋਵੇਗਾ! ਮੈਨੂੰ ਪਰ ਕੁਝ ਸੋਚਣ ਤੇ ਕਰਨ ਦੀ ਲੋੜ ਹੀ ਨਾ ਰਹੀ ਜਦੋਂ ਟਰੱਸਟ ਦੇ ਪ੍ਰਧਾਨ ਨੇ ਮੇਰੀ ਪਛਾਣ ਕਰਵਾਉਂਦਿਆਂ ''ਪੰਜਾਬੀ ਭਾਸ਼ਾ ਦਾ ਵੱਡਾ ਲੇਖਕ'' ਆਖਣ ਦੇ ਨਾਲ ਨਾਲ ਇਹ ਵੀ ਕਹਿ ਦਿੱਤਾ, ''ਪੰਜਾਬ ਦਾ ਇਹ ਸਪੁੱਤਰ ਕਲਬੁਰਗੀ ਜੀ ਦੇ ਕਤਲ ਦੀ ਦੁੱਖ ਦੀ ਘੜੀ ਵਿਚ ਕਰਨਾਟਕ ਦੇ ਲੋਕਾਂ ਦੇ ਨਾਲ ਖੜ੍ਹਾ ਹੋਇਆ ਤੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ।'' ਸਰੋਤਿਆਂ ਦੇ ਜਿਸ ਪ੍ਰਤੀਕਰਮ ਨੂੰ ਜਾਣਨ ਦੀ ਉਤਸੁਕਤਾ ਸੀ, ਉਹ ਵੀ ਪੰਡਾਲ ਦੇ ਤਾੜੀਆਂ ਨਾਲ ਗੂੰਜ ਪੈਣ ਤੋਂ ਮਿਲ ਗਿਆ।
ਪੁਰਸਕਾਰ ਪ੍ਰਾਪਤ ਕਰਨ ਮਗਰੋਂ ਮੈਂ ਆਪਣੇ ਧੰਨਵਾਦੀ ਭਾਸ਼ਨ ਵਿਚ ਆਖਿਆ :
      ਕੱਨੜ ਤਾਈਗੇ ਪੰਜਾਬੀ ਮਾਂ-ਬੋਲੀਐ ਨਮਸਕਾਰ ਗਲੁ! (ਮੇਰੀ ਮਾਂ-ਬੋਲੀ ਪੰਜਾਬੀ ਵਲੋਂ ਕੱਨੜ ਭਾਸ਼ਾ ਨੂੰ ਨਮਸਕਾਰ!) ਨਨਗੇ ਕੁਵੇਂਪੂ ਰਾਸ਼ਟ੍ਰੀਆ ਪੁਰਸਕਾਰਾ ਨਿਡੀਦੱਕੇ ਨਿਮਗੇਯੱਲਰੀਗੁ ਹੁਤੁਪੂਰਵਕ ਅਭਿਨੰਦਨੇ ਗਲੁ! (ਮੈਨੂੰ 'ਕੁਵੇਂਪੂ ਰਾਸ਼ਟਰੀ ਪੁਰਸਕਾਰ' ਜਿਹਾ ਵੱਡਾ ਸਨਮਾਨ ਦੇਣ ਲਈ ਮੈਂ ਤੁਹਾਡਾ ਸਭ ਦਾ ਦਿਲੋਂ ਧੰਨਵਾਦੀ ਹਾਂ!) ਬਾਰੀਸ਼ੂ ਕੱਨੜ ਡਿੱਮਡਿੱਮਵਾ ਯੇਂਦੂ ਬਰੇਡਾ ਕੁਵੇਂਪੂ ਅਵਰ ਕਈ ਮੁੰਡੇ ਨਾ ਤਲੀ ਬਾਗੁਸੁਵੇ! ('ਬਾਰੀਸ਼ੂ ਕੱਨੜ ਡਿੱਮਡਿੱਮਵਾ' ਜਿਹੀ ਹਰਮਨਪਿਆਰੀ ਰਚਨਾ ਕਰਨ ਵਾਲ਼ੇ ਮਹਾਨ ਕਵੀ ਕੁਵੇਂਪੂ ਜੀ ਅੱਗੇ ਮੈਂ ਸਿਰ ਝੁਕਾਉਂਦਾ ਹਾਂ!)
       ਮੈਂ ਗੁਰੂ ਨਾਨਕ ਦੇਵ ਜੀ ਦੀ ਧਰਤੀ, ਪੰਜਾਬ ਦੇ ਲੋਕਾਂ ਵਲੋਂ ਅਤੇ ਪੰਜਾਬੀ ਭਾਸ਼ਾ ਦੇ ਸਮੁੱਚੇ ਸਾਹਿਤਕ ਪਰਿਵਾਰ ਵਲੋਂ ਤੁਹਾਡੇ ਸਭ ਲਈ ਬਹੁਤ ਬਹੁਤ ਸ਼ੁਭ-ਇਛਾਵਾਂ ਲੈ ਕੇ ਇਥੇ ਹਾਜ਼ਰ ਹੋਇਆ ਹਾਂ। ਕਰਨਾਟਕ ਪੰਜਾਬੀਆਂ ਲਈ ਭਾਰਤ ਦਾ ਸਿਰਫ਼ ਇਕ ਹੋਰ ਭਰਾਤਰੀ ਰਾਜ ਹੀ ਨਹੀਂ ਹੈ ਸਗੋਂ ਇਹ ਉਹਨਾਂ ਦੇ ਦਿਲ ਵਿਚ ਇਕ ਵਿਸ਼ੇਸ਼ ਸਥਾਨ ਰਖਦਾ ਹੈ। ਅੱਜ ਮੈਨੂੰ ਪੰਜਾਬ ਅਤੇ ਕਰਨਾਟਕ ਦੇ ਸਦੀਆਂ ਪੁਰਾਣੇ ਸਭਿਆਚਾਰਕ ਸੰਬੰਧਾਂ ਦਾ ਚੇਤਾ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹਨਾਂ ਸੰਬੰਧਾਂ ਦੀਆਂ ਕੁਝ ਘਟਨਾਵਾਂ ਤਾਂ ਉਚੇਚਾ ਜ਼ਿਕਰ ਲੋੜਦੀਆਂ ਹਨ।
      ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ 550ਵਾਂ ਜਨਮ-ਦਿਵਸ ਇਹਨੀਂ ਦਿਨੀਂ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ, ਨੇ ਚਾਰੇ ਦਿਸ਼ਾਵਾਂ ਵਿਚ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ 'ਉਦਾਸੀਆਂ' ਕਿਹਾ ਜਾਂਦਾ ਹੈ। ਇਹਨਾਂ ਯਾਤਰਾਵਾਂ ਦਾ ਉਦੇਸ਼ ਹੋਰ ਧਰਮਾਂ ਅਤੇ ਮੱਤਾਂ ਦੇ ਆਮ ਲੋਕਾਂ, ਸਾਧੂਆਂ-ਸੰਤਾਂ ਤੇ ਪੀਰਾਂ-ਫ਼ਕੀਰਾਂ ਨਾਲ ਸੰਵਾਦ ਰਚਾਉਣਾ, ਉਹਨਾਂ ਦੇ ਵਿਚਾਰ ਜਾਣਨਾ ਤੇ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰਨਾ ਸੀ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਉਹ ਤਿੰਨ ਸਾਲ ਤੋਂ ਵੱਧ ਦੇ ਸਮੇਂ ਵਾਸਤੇ ਦੱਖਣ ਦੀ ਯਾਤਰਾ ਉੱਤੇ ਰਹੇ। ਉਸ ਸਮੇਂ ਉਹ ਕਰਨਾਟਕ ਦੇ ਨਗਰ ਬਿਦਰ ਪਹੁੰਚੇ ਜਿਥੇ ਉਹਨਾਂ ਨੇ ਪ੍ਰਸਿੱਧ ਸੂਫ਼ੀ ਸੰਤਾਂ, ਪੀਰ ਜਲਾਲੁਦੀਨ ਅਤੇ ਪੀਰ ਯਾਕੂਬ ਅਲੀ ਨਾਲ ਸੰਵਾਦ ਰਚਾਇਆ। ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ, ਬਿਦਰ ਵਿਚ ਉਹਨਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਅਤੇ ਉਹਨਾਂ ਦੇ ਨਾਂ ਦੀਆਂ ਕਈ ਵਿਦਿਅਕ ਸੰਸਥਾਵਾਂ ਵੀ ਮੁੱਲਵਾਨ ਕੰਮ ਕਰ ਰਹੀਆਂ ਤੇ ਹਜ਼ਾਰਾਂ ਵਿਦਿਆਰਥੀਆਂ ਦਾ ਜੀਵਨ ਸੰਵਾਰ ਰਹੀਆਂ ਹਨ।
      ਕਰਨਾਟਕ ਅਤੇ ਪੰਜਾਬ ਨਾਲ ਸੰਬੰਧਿਤ ਦੂਜੀ ਘਟਨਾ ਵੀ ਬਹੁਤ ਮਹੱਤਵਪੂਰਨ ਹੈ। ਸਿੱਖ ਧਰਮ ਦੇ ਦਸਵੇਂ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਲੰਮੀ ਸੋਚ-ਵਿਚਾਰ ਮਗਰੋਂ ਇਸ ਨਤੀਜੇ ਉੱਤੇ ਪਹੁੰਚੇ ਕਿ ਸਾਧਾਰਨ ਲੋਕਾਂ ਉੱਤੇ ਹੁੰਦੇ ਬਾਦਸ਼ਾਹੀ ਜ਼ੁਲਮਾਂ ਦੇ ਮੁਕਾਬਲੇ ਲਈ ਅਜਿਹੇ ਬਹਾਦਰਾਂ ਦੀ ਲੋੜ ਹੈ ਜੋ ਆਪਣੀ ਜਾਨ ਤੱਕ ਕੁਰਬਾਨ ਕਰ ਸਕਣ। ਤੁਹਾਨੂੰ 1699 ਵਿਚ ਉਹਨਾਂ ਵਲੋਂ ਖਾਲਸਾ ਸਾਜੇ ਜਾਣ ਦੀ ਘਟਨਾ ਦਾ ਤਾਂ ਪਤਾ ਹੀ ਹੋਵੇਗਾ। ਉਹਨਾਂ ਨੇ ਸ਼ਰਧਾਲੂਆਂ ਦੇ ਭਾਰੀ ਇਕੱਠ ਵਿਚੋਂ ਪੰਜ ਇਹੋ ਜਿਹੇ ਆਦਮੀਆਂ ਦੀ ਮੰਗ ਕੀਤੀ ਜੋ ਆਪਣੇ ਸੀਸ ਦੇਣ ਲਈ ਤਿਆਰ ਹੋਣ। ਪੰਜ ਬਹਾਦਰ ਇਕ ਇਕ ਕਰ ਕੇ ਝੱਟ ਹਾਜ਼ਰ ਜਾ ਹੋਏ। ਇਹਨਾਂ ਵਿਚੋਂ ਇਕ ਨੌਜਵਾਨ ਕਰਨਾਟਕ ਦੇ ਬਿਦਰ ਤੋਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਨਿਰਭੈ ਯੋਧਿਆਂ ਨੂੰ ਆਪਣੇ ਹੱਥੀਂ ਪਹਿਲੇ ਅੰਮ੍ਰਿਤਧਾਰੀ ਸਿੰਘ ਸਜਾਇਆ। ਇਸ ਪਿੱਛੋਂ ਬਾਦਸ਼ਾਹਤ ਤੇ ਵਡੇਰਾਸ਼ਾਹੀ ਦੇ ਉਸ ਜ਼ਮਾਨੇ ਵਿਚ ਬੇਮਿਸਾਲ ਜਮਹੂਰੀ ਪ੍ਰੰਪਰਾ ਸਥਾਪਤ ਕਰਦਿਆਂ, ਗੁਰੂ ਜੀ ਨੇ ਉਹਨਾਂ ਪੰਜਾਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਤੇ ਸਿੱਖ ਧਰਮ ਦੇ ਸਾਰੇ ਫ਼ੈਸਲੇ ਕਰਨ ਦਾ ਅਧਿਕਾਰ ਉਹਨਾਂ ਨੂੰ ਸੌਂਪ ਦਿੱਤਾ ਜੋ ਗੁਰੂ ਜੀ ਸਮੇਤ ਸਭ ਲਈ ਪਰਵਾਨ ਕਰਨੇ ਲਾਜ਼ਮੀ ਹੋਣੇ ਸਨ। ਬਿਦਰ ਦੇ ਇਸ ਨੌਜਵਾਨ ਸਾਹਿਬ ਚੰਦ ਦਾ ਸਿੱਖ ਨਾਂ ਭਾਈ ਸਾਹਿਬ ਸਿੰਘ ਰੱਖਿਆ ਗਿਆ।
     ਇਹ ਤੱਥ ਉਚੇਚਾ ਜ਼ਿਕਰ ਲੋੜਦਾ ਹੈ ਕਿ ਇਹ ਪੰਜੇ ਸਿਰਲੱਥ ਸੂਰਮੇ ਸਾਧਾਰਨ ਕਿਰਤੀ ਸਨ ਜਿਨ੍ਹਾਂ ਵਿਚੋਂ ਬਹੁਤੇ ਤਾਂ ਉਹਨਾਂ ਜਾਤਾਂ ਨਾਲ ਸੰਬੰਧਿਤ ਸਨ ਜਿਨ੍ਹਾਂ ਨੂੰ ਨੀਵੀਆਂ ਕਿਹਾ ਜਾਂਦਾ ਸੀ। ਤੁਸੀਂ ਸੋਚ ਹੀ ਸਕਦੇ ਹੋ ਕਿ ਗੁਰੂ ਜੀ ਨੇ ਉਸ ਸਮੇਂ ਹਜ਼ਾਰਾਂ ਸਾਲਾਂ ਤੋਂ ਤੁਰੀ ਆ ਰਹੀ ਘੋਰ ਅਣਮਨੁੱਖੀ ਜਾਤਪਾਤੀ ਰੀਤ ਉੱਤੇ ਕਿੰਨੀ ਵੱਡੀ ਸੱਟ ਮਾਰੀ ਸੀ ਜਦੋਂ ਇਹਨਾਂ ਪੰਜਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਤੱਕ ਉੱਚਾ ਚੁੱਕ ਦਿੱਤਾ ਸੀ। ਸਿੱਖ ਧਰਮ ਵਿਚ, ਸਿੱਖ ਇਤਿਹਾਸ ਵਿਚ ਤੇ ਸਿੱਖਾਂ ਦੀ ਨਜ਼ਰ ਵਿਚ ਪੰਜ ਪਿਆਰਿਆਂ ਦਾ ਬਹੁਤ ਸਤਿਕਾਰਜੋਗ ਸਥਾਨ ਹੈ। ਸਿੱਖ ਆਪਣੀ ਅਰਦਾਸ ਵਿਚ ਵੀ ਪੰਜ ਪਿਆਰਿਆਂ ਨੂੰ ਸਿਮਰਦੇ ਹਨ।
     ਪੰਜਾਬ ਤੇ ਕਰਨਾਟਕ ਵਿਚਕਾਰ ਇਤਿਹਾਸਕ-ਸਭਿਆਚਾਰਕ ਸਾਂਝ ਦੀ ਇਕ ਹੋਰ ਮਹੱਤਵਪੂਰਨ ਘਟਨਾ ਮਾਈ ਭਾਗੋ ਜੀ ਨਾਲ ਸੰਬੰਧਿਤ ਹੈ। ਰਣਖੇਤਰ ਦੇ ਡਰਪੋਕ ਭਗੌੜਿਆਂ ਵਿਚ ਨਵੀਂ ਜਾਨ ਪਾ ਦੇਣ ਵਾਲੀ ਆਵਾਜ਼ ਵਜੋਂ ਸਿੱਖ ਇਤਿਹਾਸ ਉਸ ਨੂੰ ਬਹੁਤ ਆਦਰ ਦਿੰਦਾ ਹੈ। ਉਹ ਆਪਣੇ ਹੱਥ ਸ਼ਮਸ਼ੀਰ ਫੜ ਕੇ ਰਣਖੇਤਰ ਵਿਚ ਵੈਰੀ ਉੱਤੇ ਟੁੱਟ ਪੈਣ ਵਾਲ਼ੀ ਵੀਰਾਂਗਣਾ ਵਜੋਂ ਸਿੱਖਾਂ ਦੇ ਦਿਲ ਵਿਚ ਵਸੀ ਹੋਈ ਹੈ। ਉਹ ਸਿੱਖਾਂ ਦੇ ਉਸ ਵਿਸ਼ੇਸ਼ ਦਸਤੇ ਵਿਚ ਸ਼ਾਮਲ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਪੁੱਜਿਆ। ਨਾਂਦੇੜ ਵਿਖੇ ਹੀ 1708 ਵਿਚ ਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਉਹ ਗੁਰੂ ਨਾਨਕ ਦੀ ਚਰਨ-ਛੋਹ ਪਰਾਪਤ ਨਗਰੀ ਬਿਦਰ ਪਹੁੰਚੀ ਅਤੇ ਅੰਤ ਨੂੰ ਬਿਦਰ ਦੇ ਨੇੜੇ ਹੀ ਜਨਵਾੜਾ ਦੇ ਸਥਾਨ ਉੱਤੇ ਕੁਟੀਆ ਪਾ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗੀ। ਹੁਣ ਇਸ ਕੁਟੀਆ ਦੇ ਸਥਾਨ ਉੱਤੇ ਗੁਰਦੁਆਰਾ ਤਪ ਅਸਥਾਨ ਮਾਈ ਭਾਗੋ ਬਣਿਆ ਹੋਇਆ ਹੈ।
       ਗੁਰੂ ਨਾਨਕ ਜੀ ਦਾ ਚੇਤਾ ਆਉਂਦਿਆਂ ਹੀ ਸਾਨੂੰ ਕਰਨਾਟਕ-ਵਾਸੀ ਗੁਰੂ ਕਣਕਦਾਸ ਜੀ ਯਾਦ ਆ ਜਾਂਦੇ ਹਨ। ਉਹ ਗੁਰੂ ਨਾਨਕ ਦੇ ਲਗਭਗ ਸਮਕਾਲੀ ਸਨ ਅਤੇ ਆਯੂ ਦੇ ਪੱਖੋਂ ਉਹਨਾਂ ਨਾਲੋਂ ਸਿਰਫ਼ 40 ਸਾਲ ਛੋਟੇ ਸਨ। ਵੈਸੇ ਤਾਂ ਮਨੁੱਖੀ ਇਤਿਹਾਸ ਵਿਚ ਜੋ ਵੀ ਮਹਾਂਪੁਰਸ਼ ਹੋਏ ਹਨ, ਉਹਨਾਂ ਦੇ ਵਿਚਾਰਾਂ ਵਿਚ ਬਹੁਤ ਸਾਂਝ ਦੇਖਣ ਨੂੰ ਮਿਲਦੀ ਹੈ, ਪਰ ਗੁਰੂ ਨਾਨਕ ਅਤੇ ਗੁਰੂ ਕਣਕਦਾਸ ਦੇ ਜੀਵਨ ਦੇਖੀਏ ਤਾਂ ਉਹਨਾਂ ਦੀ ਸਾਂਝ ਬਹੁਤ ਵੱਡੀ ਹੈ। ਦੋਵਾਂ ਨੇ ਉੱਤਮ ਕਾਵਿ-ਰਚਨਾ ਕੀਤੀ। ਦੋਵਾਂ ਨੇ ਆਪਣੀ ਰਚਨਾ ਦਾ ਮਾਧਿਅਮ ਲੋਕਾਂ ਦੀ ਬੋਲੀ ਨੂੰ ਬਣਾਇਆ। ਦੋਵਾਂ ਨੇ ਆਪਣੀ ਗੱਲ ਗਾ ਕੇ ਕਹੀ। ਗੁਰੂ ਕਣਕਦਾਸ ਦੇ ਚਿੱਤਰਾਂ ਵਿਚ ਸਾਜ਼ ਉਹਨਾਂ ਦਾ ਪੱਕਾ ਸਾਥੀ ਹੈ। ਗੁਰੂ ਨਾਨਕ ਦਾ ਪੱਕਾ ਸਾਥੀ ਭਾਈ ਮਰਦਾਨਾ ਮਹਾਨ ਸੰਗੀਤਕਾਰ ਸੀ।
      ਇਹ ਤੱਥ ਉਚੇਚੀ ਮਹੱਤਤਾ ਰਖਦਾ ਹੈ ਕਿ ਪੰਜਾਬੀ ਸਾਹਿਤ ਦੇ ਪੁਰਖੇ, ਗੁਰੂ ਨਾਨਕ ਅਤੇ ਕੱਨੜ ਸਾਹਿਤ ਦੇ ਪੁਰਖੇ, ਗੁਰੂ ਕਣਕਦਾਸ ਨੇ ਅਮੀਰਾਂ ਤੇ ਜ਼ੋਰਾਵਰਾਂ ਦੇ ਟਾਕਰੇ ਉੱਤੇ ਗ਼ਰੀਬਾਂ ਤੇ ਨਿਤਾਣਿਆਂ ਦਾ ਸਾਥ ਦਿੱਤਾ। ਤੁਸੀਂ ਜਾਣਦੇ ਹੀ ਹੋ, ਗੁਰੂ ਕਣਕਦਾਸ ਨੇ ਉਸ ਸਮੇਂ ਅਮੀਰਾਂ ਦੀ ਖ਼ੁਰਾਕ ਮੰਨੇ ਜਾਂਦੇ ਚੌਲਾਂ ਦੇ ਮੁਕਾਬਲੇ ਗ਼ਰੀਬਾਂ ਦੀ ਖ਼ੁਰਾਕ ਰਾਗੀ ਦੀ ਵਡਿਆਈ ਕੀਤੀ। ਤੁਹਾਨੂੰ ਇਹ ਗੱਲ ਦਿਲਚਸਪ ਲੱਗੇਗੀ ਕਿ ਬਿਲਕੁਲ ਅਜਿਹੀ ਹੀ ਘਟਨਾ ਗੁਰੂ ਨਾਨਕ ਦੇ ਜੀਵਨ ਨਾਲ ਜੁੜੀ ਹੋਈ ਹੈ। ਉਹ ਐਮਨਾਬਾਦ ਨਾਂ ਦੇ ਨਗਰ ਵਿਚ ਪਹੁੰਚੇ ਤਾਂ ਉਥੋਂ ਦੇ ਅਧਿਕਾਰੀ ਮਲਿਕ ਭਾਗੋ ਨੇ ਸਭ ਨੂੰ ਭੋਜਨ ਦਾ ਸੱਦਾ ਦਿੱਤਾ ਹੋਇਆ ਸੀ। ਗੁਰੂ ਨਾਨਕ ਨੇ ਕਿਹਾ ਕਿ ਉਹ ਇਹ ਭੋਜਨ ਨਹੀਂ ਕਰਨਗੇ ਸਗੋਂ ਗ਼ਰੀਬ ਤਰਖਾਣ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਣਗੇ। ਕੋਧਰਾ ਵੀ ਰਾਗੀ ਵਰਗਾ ਹੀ ਮੋਟਾ ਅਨਾਜ ਹੁੰਦਾ ਹੈ ਜੋ ਉਸ ਸਮੇਂ ਗਰੀਬਾਂ ਦਾ ਖਾਈਆ ਸੀ। ਗੁੱਸੇ ਵਿਚ ਆਏ ਅਧਿਕਾਰੀ ਨੇ ਕਾਰਨ ਪੁੱਛਿਆ ਤਾਂ ਗੁਰੂ ਨਾਨਕ ਨੇ ਕਿਹਾ ਕਿ ਤੇਰੇ ਸੁਆਦੀ ਪਦਾਰਥਾਂ ਤੇ ਮਾਲ੍ਹਪੂੜਿਆਂ ਵਿਚੋਂ ਮੈਨੂੰ ਗ਼ਰੀਬ ਕਿਰਤੀ-ਕਿਸਾਨਾਂ ਦੇ ਖ਼ੂਨ ਦੀ ਬੂ ਆਉਂਦੀ ਹੈ ਅਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਮੈਨੂੰ ਮਿਹਨਤ ਦੇ ਦੁੱਧ ਦੀ ਸੁਗੰਧ ਆਉਂਦੀ ਹੈ!
       ਗੁਰੂ ਕਣਕਦਾਸ ਜਿਹੇ ਪੁਰਖਿਆਂ ਦੇ ਰੂਪ ਵਿਚ ਕੱਨੜ ਸਾਹਿਤ ਨੂੰ ਅਜਿਹੀਆਂ ਜੜਾਂ ਮਿਲੀਆਂ ਜਿਨ੍ਹਾਂ ਨੇ ਭਵਿੱਖ ਵਿਚ ਵਧ-ਫੁੱਲ ਕੇ ਰਾਸ਼ਟਰਕਵੀ ਕੁਵੇਂਪੂ ਜਿਹੇ ਮਹਾਨ ਰਚਨਾਕਾਰਾਂ ਨੂੰ ਵਿਸ਼ਵ ਪੱਧਰ ਦੀਆਂ ਮਾਨਵ-ਹਿਤੈਸ਼ੀ ਰਚਨਾਵਾਂ ਕਰਨ ਲਈ ਪ੍ਰੇਰਿਆ। ਗੁਰੂ ਨਾਨਕ ਨੇ ਬੜੇ ਮਾਣ ਨਾਲ ਆਪਣੇ ਆਪ ਨੂੰ 'ਸਾਇਰ', ਕਵੀ ਕਿਹਾ ਅਤੇ ਲਿਖਾਰੀਆਂ ਨੂੰ ਧੰਨ ਕਿਹਾ। ਉਹਨਾਂ ਨੇ ਇਕਪਾਸੀ ਪ੍ਰਵਚਨ, ਜਿਸ ਵਿਚ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ ਕੋਈ ਇਕ ਬੋਲਦਾ ਸੀ ਤੇ ਬਾਕੀ ਸਭ ਨੇ ਕਿੰਤੂ-ਪ੍ਰੰਤੂ ਦੇ ਕਿਸੇ ਵੀ ਅਧਿਕਾਰ ਤੋਂ ਬਿਨਾਂ ਉਸ ਨੂੰ ਬੱਸ ਸੁਣਨਾ ਹੁੰਦਾ ਸੀ, ਦੀ ਥਾਂ ਦੁਪਾਸੀ ਸੰਵਾਦ ਦੀ ਪ੍ਰੰਪਰਾ ਨੂੰ ਬਲ ਦਿੱਤਾ। ਸੰਵਾਦ ਵਿਚ ਵੀ ਉਹਨਾਂ ਨੇ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦਿੱਤਾ। ਉਹਨਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜਿਥੇ ਜ਼ੋਰਾਵਰਾਂ ਤੇ ਨਿਤਾਣਿਆਂ ਦਾ ਟਾਕਰਾ ਹੋਵੇਗਾ, ਮੇਰਾ ਕਥਿਤ ਵੱਡਿਆਂ ਨਾਲ ਕੋਈ ਵਾਹ-ਵਾਸਤਾ ਨਹੀਂ, ਮੈਂ ਨੀਵੇਂ ਕਹੇ ਜਾਂਦੇ ਨਿਤਾਣੇ ਲੋਕਾਂ ਵਿਚੋਂ ਵੀ ਸਭ ਤੋਂ ਨੀਵਿਆਂ ਨਾਲ ਖਲੋਵਾਂਗਾ।
         ਗੁਰੂ ਨਾਨਕ ਨੇ ਧਰਮਾਂ, ਜਾਤਾਂ, ਇਲਾਕਿਆਂ ਦੇ ਵਖਰੇਵਿਆਂ ਤੋਂ ਉੱਚੇ ਉੱਠ ਕੇ ਵਿਸ਼ਵ-ਮਾਨਵ ਦੀ ਕਲਪਨਾ ਕੀਤੀ ਅਤੇ ਇਸ ਕਲਪਨਾ ਨੂੰ ਸਾਕਾਰਨ ਦੇ ਯਤਨ ਕੀਤੇ। ਇਹ ਗੱਲ ਧਿਆਨਜੋਗ ਹੈ ਕਿ ਰਾਸ਼ਟਰਕਵੀ ਕੁਵੇਂਪੂ ਦੀ ਰਚਨਾ ਰਾਹੀਂ ਸਾਨੂੰ ਸਾਹਿਤ ਦੀ ਇਸੇ ਮਹਾਨ ਮਾਨਵ-ਹਿਤੈਸ਼ੀ ਪ੍ਰੰਪਰਾ ਦੇ ਦਰਸ਼ਨ ਹੁੰਦੇ ਹਨ ਅਤੇ ਉਹਨਾਂ ਦੀ ਸਮੁੱਚੀ ਰਚਨਾ ਦਾ ਧੁਰਾ ਵੀ ਵਿਸ਼ਵ-ਮਾਨਵ ਲਈ ਤਾਂਘ ਹੈ। ਪੰਜਾਬੀ ਅਤੇ ਕੱਨੜ, ਦੋਵਾਂ ਭਾਸ਼ਾਵਾਂ ਦੇ ਮੁੱਖਧਾਰਾਈ ਸਾਹਿਤਾਂ ਦੀ ਮਾਨਵ-ਹਿਤੈਸ਼ੀ ਸਾਂਝ ਧਰਮ, ਜਾਤਪਾਤ, ਇਲਾਕੇ, ਆਦਿ ਦੇ ਨਾਂ ਉਤੇ ਵੰਡੇ ਹੋਏ ਤੇ ਹੋਰ ਵੰਡੇ ਜਾ ਰਹੇ ਵਰਤਮਾਨ ਸੰਸਾਰ ਵਿਚ ਮਾਨਵ-ਏਕਤਾ ਪੈਦਾ ਕਰਨ ਵਾਲ਼ੀ ਸ਼ਕਤੀ ਵਜੋਂ ਬਹੁਤ ਮੁੱਲਵਾਨ ਹੈ।
       ਇਕ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਕਿਸੇ ਭਾਰਤੀ ਭਾਸ਼ਾ ਦੇ ਮਹਾਨ ਰਚਨਾਕਾਰਾਂ ਦੀਆਂ ਰਚਨਾਵਾਂ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਪਾਠਕਾਂ ਨੂੰ ਸੌਖਿਆਂ ਹੀ ਹਾਸਲ ਨਹੀਂ ਹੁੰਦੀਆਂ। ਮਿਸਾਲ ਵਜੋਂ ਰਾਸ਼ਟਰਕਵੀ ਕੁਵੇਂਪੂ ਜੀ ਦੀ ਕੋਈ ਵੀ ਰਚਨਾ ਮੇਰੀ ਭਾਸ਼ਾ ਪੰਜਾਬੀ ਵਿਚ ਪ੍ਰਾਪਤ ਨਹੀਂ। ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਸਾਡੀਆਂ ਦੋ ਵੱਡੀਆਂ ਤੇ ਸਾਧਨ-ਪ੍ਰਾਪਤ ਸਾਹਿਤਕ ਸੰਸਥਾਵਾਂ, ਸਾਹਿਤ ਅਕਾਦਮੀ ਅਤੇ ਨੈਸ਼ਨਲ ਬੁੱਕ ਟਰੱਸਟ, ਜਿਨ੍ਹਾਂ ਦਾ ਇਕ ਮੁੱਖ ਉਦੇਸ਼ ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਨੂੰ ਇਕ ਦੂਜੀ ਭਾਸ਼ਾ ਵਿਚ ਪੁਜਦਾ ਕਰਨਾ ਹੈ, ਇਸ ਮਨੋਰਥ ਵਿਚ ਬਹੁਤੀਆਂ ਸਫਲ ਸਿੱਧ ਨਹੀਂ ਹੋਈਆਂ। ਇਸ ਹਾਲਤ ਵਿਚ ਉਹ ਸਾਹਿਤਕ ਮੋਤੀ ਜੋ ਹਰ ਭਾਰਤੀ ਭਾਸ਼ਾ ਦੇ ਪਾਠਕ ਤੱਕ ਪੁੱਜਣੇ ਚਾਹੀਦੇ ਹਨ, ਆਪਣੀ ਮੂਲ ਭਾਸ਼ਾ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ।
        ਮੈਂ ਅੱਜ ਇਸ ਮੰਚ ਤੋਂ ਤੁਹਾਡੇ ਨਾਲ ਇਕਰਾਰ ਕਰਦਾ ਹਾਂ ਕਿ ਆਯੂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਦੇ ਬਾਵਜੂਦ ਰਾਸ਼ਟਰਕਵੀ ਕੁਵੇਂਪੂ ਜੀ ਦੀਆਂ ਕਵਿਤਾਵਾਂ ਆਪਣੀ ਭਾਸ਼ਾ ਪੰਜਾਬੀ ਵਿਚ ਅਨੁਵਾਦ ਕਰ ਕੇ ਇਕ ਚੋਣਵਾਂ ਸੰਗ੍ਰਹਿ ਜ਼ਰੂਰ ਛੇਤੀ ਹੀ ਪ੍ਰਕਾਸ਼ਿਤ ਕਰਾਵਾਂਗਾ! ਮੈਂ ਜਾਣਦਾ ਹਾਂ ਕਿ ਏਨੇ ਮਹਾਨ ਦਾਰਸ਼ਨਿਕ ਕਵੀ ਦੀਆਂ ਕਵਿਤਾਵਾਂ ਦਾ ਅਨੁਵਾਦ, ਉਹ ਵੀ ਕਵਿਤਾ ਦਾ ਕਵਿਤਾ ਵਿਚ ਅਨੁਵਾਦ, ਮੇਰੇ ਲਈ ਇਕ ਵੰਗਾਰ ਹੋਵੇਗਾ। ਪਰ, ਉਮੀਦ ਹੈ, ਸਗੋਂ ਮੈਂ ਬੜੀ ਨਿਮਰਤਾ ਨਾਲ ਕਹਿਣਾ ਚਾਹਾਂਗਾ ਕਿ ਵਿਸ਼ਵਾਸ ਹੈ, ਮੈਂ 'ਨਾਨਕ ਸਾਇਰ' ਦਾ ਧਿਆਨ ਧਰਦਿਆਂ ਤੇ ਰਾਸ਼ਟਰਕਵੀ ਕੁਵੇਂਪੂ ਨੂੰ ਸਤਿਕਾਰਦਿਆਂ ਇਸ ਵੰਗਾਰ ਉੱਤੇ ਪੂਰਾ ਉੱਤਰ ਸਕਾਂਗਾ।
       ਮੈਂ ਰਾਸ਼ਟਰਕਵੀ ਕੁਵੇਂਪੂ ਪ੍ਰਤਿਸ਼ਠਾਨ ਦਾ ਅਤੇ ਪੁਰਸਕਾਰ ਦੀ ਜਿਉਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਪੁਰਸਕਾਰ ਦੇ ਯੋਗ ਸਮਝ ਕੇ ਤੇ ਮੈਨੂੰ ਇਕ ਵਸੀਲਾ ਬਣਾ ਕੇ ਅਸਲ ਵਿਚ ਮੇਰੀ ਮਾਂ, ਪੰਜਾਬੀ ਭਾਸ਼ਾ ਦਾ ਸਨਮਾਨ ਕੀਤਾ ਹੈ। ਮੈਂ ਇਹ ਸਨਮਾਨ ਸਮੁੱਚੇ ਪੰਜਾਬੀ ਸਾਹਿਤਕ ਪਰਿਵਾਰ ਨਮਿੱਤ ਬੇਹੱਦ ਨਿਮਰਤਾ ਤੇ ਭਰਪੂਰ ਸ਼ਰਧਾ ਨਾਲ ਪੰਜਾਬੀ ਮਾਂ ਦੀ ਗੋਦ ਵਿਚ ਭੇਟ ਕਰਦਾ ਹਾਂ! ਤੁਹਾਡਾ ਸਾਰਿਆਂ ਦਾ ਸੱਚੇ ਦਿਲੋਂ ਬਹੁਤ ਬਹੁਤ ਧੰਨਵਾਦ!

ਅਫ਼ਜ਼ਲ ਤੌਸੀਫ਼ : ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ  - ਗੁਰਬਚਨ ਸਿੰਘ ਭੁੱਲਰ

ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ 'ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ' ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ਰਹਿੰਦੀ ਸੀ। ਪਰ ਇਹ ਲਫ਼ਜ਼ ਉਹਦੇ ਮਿਜਾਜ਼ ਦੀ, ਉਹਦੇ ਸੁਭਾਅ ਦੀ, ਉਹਦੇ ਮਨ ਦੀ ਤਰਜਮਾਨੀ ਨਹੀਂ ਕਰਦੇ। ਉਹ ਸਾਰੀ ਉਮਰ ਕਈ ਘਰਾਂ ਵਿਚ ਰਹਿੰਦਿਆਂ ਬੇਘਰੀ, ਕਈ ਨਗਰਾਂ ਵਿਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲੀ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਬੇਵਤਨੀ ਹੀ ਰਹੀ। ਇਸੇ ਕਰਕੇ ਉਹਨੇ ਆਪਣੀ ਸਵੈਜੀਵਨੀ ਦਾ ਨਾਂ 'ਮਨ ਦੀਆਂ ਬਸਤੀਆਂ' ਰੱਖਿਆ। ਉਹ ਕਿਹਾ ਕਰਦੀ ਸੀ, ''ਮੈਂ ਤਾਂ ਆਪਣੇ ਮਨ ਵਿਚ ਵਸਦੀ ਹਾਂ, ਮੈਨੂੰ ਸਕੂਨ ਆਪਣੇ ਮਨ ਦੀ ਕੋਠੜੀ ਵਿਚ ਪਹੁੰਚ ਕੇ ਹੀ ਮਿਲਦਾ ਹੈ। ਇਸ ਧਰਤੀ ਉੱਤੇ ਮੇਰੀ ਕੋਈ ਬਸਤੀ ਨਹੀਂ। ਮੇਰੀਆਂ ਬਸਤੀਆਂ ਮੇਰੇ ਮਨ ਵਿਚ ਹਨ ਜੋ ਮੁੜ ਮੁੜ ਉੱਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ! ਇਹ ਦੇਸ, ਇਹ ਨਗਰ-ਸ਼ਹਿਰ, ਇਹ ਘਰ, ਇਨ੍ਹਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰ ਹਾਂ!''
       ਇਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰੱਤੀ ਭਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀ। ਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਿਖੇੜ ਕੇ ਦੇਖਣ ਦੇ ਸਮਰੱਥ ਸੀ। ਉਹ ਫ਼ੈਜ਼, ਮੰਟੋ, ਕ੍ਰਿਸ਼ਨ ਚੰਦਰ ਅਤੇ ਸਾਹਨੀ ਭਰਾਵਾਂ ਬਲਰਾਜ ਤੇ ਭੀਸ਼ਮ ਵਰਗੇ ਉਨ੍ਹਾਂ ਅਣਗਿਣਤ ਪੰਜਾਬੀਆਂ ਵਿਚੋਂ ਸੀ ਜਿਹੜੇ ਮਰਨੀ ਮਰ ਗਏ, ਪਰ ਜਿਨ੍ਹਾਂ ਨੇ ਇਹ ਕਾਲ਼ੀ ਮਨਹੂਸ ਲਕੀਰ ਕਦੀ ਪਰਵਾਨ ਨਾ ਕੀਤੀ। ਉਹ ਲਕੀਰ ਨੂੰ ਦੋਵਾਂ ਪੈਰਾਂ ਹੇਠ ਮਿੱਧ ਕੇ ਸਾਂਝੇ ਅਣਵੰਡੇ ਪੰਜਾਬ ਦੇ ਵਿਚਕਾਰ ਖਲੋਤੀ ਬੁਲੰਦ-ਕੱਦ ਨਾਬਰ ਪੰਜਾਬਣ ਸੀ। ਸੰਤਾਲੀ ਦੇ ਘੱਲੂਘਾਰੇ ਮਗਰੋਂ ਜੀਵੇ ਸਤਾਹਠ ਸਾਲਾਂ ਵਿਚ ਉਹ ਸਮੁੱਚੇ, ਅਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ।
       ਉਸ ਵਿਚੋਂ ਟਕਸਾਲੀ ਪੰਜਾਬਣ, ਹਮਦਰਦ, ਮੋਹਵੰਤੀ ਤੇ ਜੁਝਾਰੂ ਪੰਜਾਬਣ ਦੇ ਦਰਸ਼ਨ ਹੁੰਦੇ ਸਨ। ਇਕ ਵਾਰ ਮੈਂ ਉਹਨੂੰ ਲੰਮੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿਚੋਂ, ਉਹਦੇ ਜਵਾਬਾਂ ਵਿਚੋਂ ਅਜਿਹਾ ਕੋਈ ਝਾਉਲਾ ਵੀ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸੋਂ ਆਈ ਹੋਈ ਲੇਖਿਕਾ ਹੈ। ਉਹ ਇਧਰਲੇ ਪੰਜਾਬ ਦੀਆਂ ਗੱਲਾਂ, ਆਪਣੇ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਬਲੀ ਅਤੇ ਆਪਣੇ ਨਾਨਕੇ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਖ਼ੁਰਦ ਦੀਆਂ ਗੱਲਾਂ, ਇਧਰ ਸਭ ਕੁਝ ਲੁਟਾਇਆ ਹੋਣ ਦੇ ਬਾਵਜੂਦ, ਆਪਣਿਆਂ ਵਾਂਗ ਕਰ ਰਹੀ ਸੀ। ਦੇਸ-ਵੰਡ ਦੇ ਝੱਖੜ ਨੇ ਦਸ-ਗਿਆਰਾਂ ਸਾਲ ਦੀ ਬਾਲੜੀ ਉਮਰੇ ਲਹਿੰਦੇ ਪੰਜਾਬ ਦੀ ਓਪਰੀ ਧਰਤੀ ਉੱਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਇਹ ਤੇਰਾ ਆਪਣਾ ਨਵਾਂ-ਨਕੋਰ ਦੇਸ ਹੈ, ਪਾਕਿਸਤਾਨ ਜਿਸ ਦਾ ਨਾਂ ਹੈ। ਪਰ ਨਵਾਂ ਖਿਡੌਣਾ ਲੈਣ ਤੋਂ ਨਾਂਹ ਕਰ ਕੇ ਸਿਰ ਮਾਰਦਿਆਂ ਹੱਥੋਂ ਖੋਹ ਵਗਾਹਿਆ ਪੁਰਾਣਾ ਖਿਡੌਣਾ ਹੀ ਲੈਣ ਦੀ ਜ਼ਿੱਦ ਵਿਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫ਼ਜ਼ਲ ਤੌਸੀਫ਼ ਉਹਨੂੰ ਦਿੱਤੇ ਗਏ ਪਸ਼ੌਰ-ਲਾਹੌਰ ਲੈਣ ਤੋਂ ਸਾਰੀ ਉਮਰ ਇਨਕਾਰੀ ਰਹੀ। ਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇਕੋ ਬਾਲ-ਹਠ ਉੱਤੇ ਅੜੀ ਰਹੀ, ''ਮੈਨੂੰ ਮੇਰੀ ਸਿੰਬਲੀ ਦਿਉ૴ ਮੈਨੂੰ ਮੇਰਾ ਕੂਮ ਦਿਉ! ਲਹਿੰਦਾ-ਚੜ੍ਹਦਾ ਕੋਈ ਨਹੀਂ, ਪੰਜਾਬ ਇਕੋ ਹੈ, ਸਾਲਮ-ਸਾਬਤ, ਤੇ ਉਹ ਪੂਰੇ ਦਾ ਪੂਰਾ ਮੇਰਾ ਹੈ!''
     ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ, ''ਇਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ, ਓਪਰਾ ਪਾਸਾ ਕਿਵੇਂ ਹੋਵੇ, ਜੋ ਅੰਮ੍ਰਿਤਾ ਦਾ ਵਸੇਬਾ ਹੈ, ਭੁੱਲਰ ਭਰਾ ਤੁਹਾਡਾ ਵਸੇਬਾ ਹੈ, ਕ੍ਰਿਸ਼ਨ ਤੇ ਬੇਦੀ ਤੇ ਹੋਰ ਅਜਿਹੇ ਲੋਕਾਂ ਦਾ ਵਸੇਬਾ ਹੈ, ਜਿਹੜੇ ਤੁਸੀਂ ਸਾਰੇ ਮੇਰੇ ਹੰਝੂਆਂ ਨੂੰ ਵਗਣ ਲਈ ਆਪਣੀਆਂ ਅੱਖਾਂ ਦਿੰਦੇ ਹੋ, ਜੋ ਮਨ ਦੇ ਸੱਥਰ ਉੱਤੇ ਮੇਰੇ ਨਾਲ ਬੈਠ ਕੇ ਮੇਰੇ ਕਤਲ ਹੋਏ ਟੱਬਰ ਦੇ ਵੈਣ ਪਾਉਂਦੇ ਹੋ, ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫ਼ਰਤ ਕਰਦੇ ਹੋ, ਮੈਥੋਂ ਵੱਧ ਲਾਅਨਤਾਂ ਪਾਉਂਦੇ ਹੋ। ਉਹ ਸਭ, ਚਾਹੇ ਇਧਰ ਹੋਣ ਜਾਂ ਉਧਰ, ਚੜ੍ਹਦੇ ਪੰਜਾਬ ਵਾਲੇ ਕਹੇ ਜਾਣ ਜਾਂ ਲਹਿੰਦੇ ਪੰਜਾਬ ਵਾਲੇ, ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ ਰਲ ਕੇ ਇਸ ਕਾਲ਼ੀ ਲਕੀਰ ਦਾ ਪਿੱਟ-ਸਿਆਪਾ ਕਰਦੇ ਹਨ! ਜਿੱਥੋਂ ਤੱਕ ਕਾਤਲਾਂ ਦਾ ਤਾਅਲੁੱਕ ਹੈ, ਉਹ ਬੇਦੋਸੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਵਾਲੇ ਇਧਰਲੇ ਹੋਣ ਜਾਂ ਬੇਦੋਸੇ ਸਿੱਖਾਂ-ਹਿੰਦੂਆਂ ਨੂੰ ਮਾਰਨ-ਲੁੱਟਣ ਵਾਲੇ ਉਧਰਲੇ ਹੋਣ, ਉਹ ਸਭ ਮੇਰੇ ਅਸਲੀ ਮੁਜਰਿਮ ਹਨ। ਉਹ ਮੇਰੇ ਲਈ ਪੰਜਾਬੀ ਨਹੀਂ, ਪੰਜਾਬ ਦੇ ਨਾਂ ਉੱਤੇ ਕਲੰਕ ਹਨ। ਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੇ ਲੁਟੇਰੇ, ਆਪਣੇ ਗੁਆਂਢੀਆਂ ਦੀਆਂ ਜਾਇਦਾਦਾਂ ਦੇ ਡਾਕੂ! ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ਹਾਂ। ਸਾਡੇ ਲਈ ਅਜਿਹੀਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਅਸੀਂ ਸਭ ਪੰਜਾਬੀ ਅਦੀਬ ਇਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਹਾਂ, ਰਖਵਾਲੇ ਹਾਂ, ਝੰਡਾਬਰਦਾਰ ਹਾਂ, ਸਾਡੇ ਲਈ ਕੇਹੀਆਂ ਲਕੀਰਾਂ!''
        ਸਿੰਬਲੀ ਵਿਚ ਉਹਦਾ ਪਰਿਵਾਰ ਚੰਗਾ ਖਾਂਦਾ-ਪੀਂਦਾ, ਸਾਹਿਬ-ਏ-ਜਾਇਦਾਦ ਪਰਿਵਾਰ ਸੀ। ਤੀਹ ਘੁਮਾਂ ਭੋਇੰ ਸੀ। ਦਾਦਾ ਗ਼ੁਲਾਮ ਗੌਂਸ ਦੇ ਤਿੰਨ ਪੁੱਤਰ ਸਨ। ਅਫ਼ਜ਼ਲ ਤੌਸੀਫ਼ ਉਨ੍ਹਾਂ ਵਿਚੋਂ ਛੋਟੇ ਮਹਿੰਦੀ ਖਾਂ ਦੀ ਧੀ ਸੀ ਜੋ ਕੋਇਟੇ ਦਾ ਠਾਣੇਦਾਰ ਸੀ। ਕੁੜੀ ਜੰਮੀ ਨੂੰ 'ਵਿਹੜੇ ਪੱਥਰ ਡਿੱਗਿਆ' ਸਮਝਣ ਵਾਲੇ ਉਸ ਜ਼ਮਾਨੇ ਵਿਚ, ਉਹਦੇ ਦੱਸਣ ਅਨੁਸਾਰ, ਦਾਈ ਝੰਡੋ ਨੇ 18 ਮਈ 1936 ਨੂੰ ਉਹਦੀ ਪੈਦਾਇਸ਼ ਦਾ ਐਲਾਨ ''ਹਾਹ! ਹਾਇਆ ਨੀ! ਕੁੜੀ ਜੰਮ ਪਈ!'' ਆਖ ਕੇ ਕੀਤਾ ਸੀ। ਤਾਇਆਂ ਦੀਆਂ ਧੀਆਂ ਨਾਲ ਪਹਿਲਾਂ ਹੀ ਭਰੇ ਹੋਏ ਦਾਦਕੇ ਵਿਹੜੇ ਵਿਚ ਪਲੇਠੀ ਧੀ ਨੂੰ ਕੁੱਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀ। ਪਰ ਇਸ ਸੋਗੀ ਮਾਹੌਲ ਵਿਚ ਇਕ ਜ਼ਨਾਨੀ ਬੜੀ ਖ਼ੁਸ਼ ਸੀ, ਇਕਲਾਪੇ ਦੀ ਮਾਰੀ ਹੋਈ ਇਕ ਬੇਔਲਾਦ ਵਿਧਵਾ ਮਾਮੀ! ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਇਹਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ, ਜਿਸ ਨੂੰ ਅਫ਼ਜ਼ਲ 'ਪੋਤੜੇ ਧੋਣ ਦਾ ਹੱਕ' ਆਖਦੀ ਸੀ, ਮੰਗ ਲਿਆ। ਉਹ ਇਹਦੀ 'ਕਾਕੀ ਮਾਂ' ਬਣ ਗਈ। ਇਹ ਸੱਤਾਂ ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲ੍ਹਾ ਨੂੰ ਪਿਆਰੀ ਹੋ ਗਈ। ਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ।
ਕਟਾ-ਵੱਢੀ ਵੇਲੇ ਸਬੱਬੀਂ ਉਹ ਮਾਂ ਜ਼ੁਬੈਦਾ ਬੀਬੀ ਨਾਲ ਨਾਨਕੀਂ ਕੂਮ ਖ਼ੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਸਿੰਬਲੀ ਮੌਤ ਦਾ ਕਹਿਰ ਟੁੱਟਿਆ। ਉਹ ਦੋਵੇਂ ਮਾਂ-ਧੀ ਬਚ ਕੇ ਕਾਫ਼ਲੇ ਨਾਲ ਲਾਹੌਰ ਜਾ ਪਹੁੰਚੀਆਂ। ਪਿਤਾ ਵਾਂਗ ਛੋਟਾ ਤਾਇਆ ਫ਼ਜ਼ਲ ਮੁਹੰਮਦ ਵੀ ਸਿੰਬਲੀ ਤੋਂ ਬਾਹਰ ਹੋਣ ਕਰਕੇ ਬਚ ਰਿਹਾ। ਵੱਡੇ ਪਰਿਵਾਰ ਵਿਚੋਂ ਬੱਸ ਇਹ ਚਾਰ ਜੀਅ ਸਨ ਜੋ ਬਚ ਕੇ ਪਾਕਿਸਤਾਨ ਦੀ ਓਪਰੀ ਧਰਤੀ ਉੱਤੇ ਪਹੁੰਚ ਸਕੇ। ਉਹਦੇ ਪਰਿਵਾਰ ਦੇ ਬਾਕੀ ਬਾਰਾਂ ਜੀਅ ਵੱਢ ਦਿੱਤੇ ਗਏ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ। ਆਂਢ-ਗੁਆਂਢ ਦੀਆਂ ਕਈ ਕੁੜੀਆਂ ਖੂਹ ਵਿਚ ਛਾਲਾਂ ਮਾਰ ਗਈਆਂ। ਪਿੰਡ ਵਾਲਿਆਂ ਅਨੁਸਾਰ ਉੱਥੋਂ ਦੇ ਢਾਈ ਸੌ ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ।
       ਤਾਲੀਮ ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜ਼ਮਾਨੇ ਵਿਚ ਉਹਦੇ ਪ੍ਰੋਫ਼ੈਸਰ ਬਣਨ ਬਾਰੇ ਹੈਰਾਨੀ ਦੇ ਜਵਾਬ ਵਿਚ ਉਹ ਹੱਸੀ, ''ਅਸੀਂ ਮਾਂ-ਧੀ ਦਾਦਕੀਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿਚ ਇਹ ਤਾੜਨਾ ਵੀ ਸ਼ਾਮਲ ਸੀ, ਸੁਣ ਕੁੜੀਏ! ਤੂੰ ਸਾਡੀ ਕੁੜੀ ਨੂੰ ਕਿਤੇ ਪੜ੍ਹਨ ਵੱਲ ਨਾ ਪਾ ਦੇਈਂ! ਆਪਣੇ ਪੁੱਤਰ ਉੱਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੈੜੇ ਕੰਮ ਵਿਚ ਨਹੀਂ ਪਾਏਗਾ।'' ਤਾਂ ਵੀ ਕੁਝ ਚਿਰ ਮਗਰੋਂ ਟੱਬਰ ਨੂੰ ਨੌਕਰੀ ਵਾਲੀ ਥਾਂ ਲਿਜਾ ਰਹੇ ਪੁੱਤਰ ਨੂੰ ਉਹਨੇ ਇਹ ਹਦਾਇਤ ਕਰ ਹੀ ਦਿੱਤੀ, ''ਕਾਕਾ ਮਹਿੰਦੀ ਖਾਂ, ਵੇਖੀਂ ਸ਼ਹਿਰ ਜਾ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ-ਸਕਾਲ ਨਾ ਪਾ ਦੇਈਂ!'' ਪਰ ਛੁਪਾ ਕੇ ਰੱਖੇ 'ਸੈਫ਼ਲ ਮਲੂਕ' ਤੇ 'ਸੋਹਣੀ ਮਹੀਂਵਾਲ' ਜਿਹੇ ਚਿੱਠੇ ਚੋਰੀਉਂ ਪੜ੍ਹਨ ਦੀ ਸ਼ੌਕੀਨ ਮਾਂ ਉਹਨੂੰ ਲੁਕ-ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ-ਪਹਾੜਿਆਂ ਦੀ ਜਾਣੂ ਬਣਨ ਦੇ ਰਾਹ ਤੋਰ ਵੀ ਚੁੱਕੀ ਸੀ। ਪਾਕਿਸਤਾਨ ਪਹੁੰਚ ਕੇ ਨਵੇਂ ਓਪਰੇ ਦੇਸ ਵਿਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਦਿੱਤਾ। ਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ ਦੋ ਐੱਮ.ਏ. ਕੀਤੀਆਂ ਅਤੇ ਲੰਮਾ ਸਮਾਂ ਕਾਲਜ ਲੈਕਚਰਰ ਵਜੋਂ ਕੰਮ ਕੀਤਾ। ਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ-ਹਿਤ ਨੂੰ ਜੀਵਨ-ਜਾਚ ਬਣਾਉਣ ਦਾ ਪਾਠ ਵੀ ਦ੍ਰਿੜ੍ਹ ਕਰਵਾਇਆ।
     ਅਫ਼ਜ਼ਲ ਤੌਸੀਫ਼ ਇਧਰ ਆਉਣ ਲੱਗੀ ਤਾਂ ਕੁਦਰਤੀ ਸੀ, ਉਹਦੇ ਮਨ ਵਿਚ ਆਉਂਦਾ ਕਿ ਆਪਣੀ ਜਨਮ-ਭੋਇੰ ਦੀ ਫੇਰੀ ਵੀ ਪਾਵੇ। ਪਰ ਹੌਸਲਾ ਨਹੀਂ ਸੀ ਪੈਂਦਾ। 1997 ਵਿਚ ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਸੋਚ ਨੇ ਉਹਦੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਨ੍ਹਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈ। ਤੌਸੀਫ਼ ਸਾਰੀ ਰਾਤ ਪਾਸੇ ਪਰਤਦੀ ਰਹੀ। ਉੱਜੜੇ ਘਰ ਦੇ ਵਿਹੜੇ ਵਿਚ ਉਹਨੂੰ ਅਜੇ ਵੀ ਆਪਣਿਆਂ ਦੀਆਂ ਲਾਸ਼ਾਂ ਪਈਆਂ ਦਿੱਸਣੀਆਂ ਸਨ। ਕੀ ਕਰੇਗੀ ਅੱਧੀ ਸਦੀ ਤੋਂ ਉਹਦੀ ਕਲਪਨਾ ਵਿਚ ਪਈਆਂ ਉਨ੍ਹਾਂ ਲਾਸ਼ਾਂ ਨੂੰ ਦੇਖ ਕੇ! ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ।
      2000 ਵਿਚ ਉਹਨੇ ਸਵੈਜੀਵਨੀ 'ਮਨ ਦੀਆਂ ਬਸਤੀਆਂ' ਛਪਵਾਈ। ਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫ਼ਿਆਂ ਉੱਤੇ ਡੋਲ੍ਹ ਦਿੱਤਾ। ਉਹਦੇ ਆਪਣੇ ਕਹਿਣ ਅਨੁਸਾਰ, ''ਮੇਰੀ ਆਟੋਬਾਇਉਗਰਾਫ਼ੀ 'ਮਨ ਦੀਆਂ ਬਸਤੀਆਂ', ਤਿੰਨ ਸੌ ਸਫ਼ੇ ਦੀ ਇਹ ਕਿਤਾਬ ਮੇਰੀ ਕਹਾਣੀ, ਮੇਰੇ ਜੀਵਨ-ਵੇਰਵੇ, ਮੇਰੀ ਜੀਵਨੀ, ਮੇਰੀ ਦੁਨੀਆ ਬਾਰੇ ਬੜਾ ਕੁਝ ਦਸਦੀ ਏ।'' ਇਹ ਕਿਤਾਬ ਲਿਖਣਾ ਉਹਦੇ ਲਈ ਅਣਆਈ ਮੌਤ ਮਾਰੇ ਗਏ ਆਪਣਿਆਂ ਦੀ ਅੰਤਿਮ ਰਸਮ ਸੀ ਜਿਸ ਪਿੱਛੋਂ ਤਰਵੰਜਾ ਸਾਲ ਤੋਂ ਉਹਦੇ ਮਨ ਵਿਚ ਵਿਛਿਆ ਹੋਇਆ ਸੱਥਰ ਲਪੇਟਿਆ ਗਿਆ।
      ਇਸ ਦੌਰਾਨ ਉਹਦਾ ਸੰਪਰਕ ਨਵਾਂਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ ਹੋ ਗਿਆ। ਨਵਾਂਸ਼ਹਿਰ ਤੋਂ ਸਿੰਬਲੀ ਦਾ ਫ਼ਾਸਲਾ ਕੁੱਲ ਛੇ ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫ਼ਜ਼ਲ ਤੌਸੀਫ਼ ਨੂੰ ਭੂਆ ਬਣਾ ਲਿਆ। ਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ, 'ਦਿ ਪਾਕਿਸਤਾਨ ਟਾਈਮਜ਼' ਦੇ ਚੀਫ਼ ਨਿਊਜ਼ ਐਡੀਟਰ, ਰਾਣਾ ਨਵੀਦ ਇਕਬਾਲ ਨਾਲ ਆਈ ਤਾਂ ਮਨ ਪੁਰਾਣੇ ਪਿੰਡ ਜਾਣ ਜੋਗਾ ਤਕੜਾ ਕਰ ਕੇ ਆਈ। ਅਜਮੇਰ ਦੇ ਦੱਸੇ ਤੋਂ ਉਸ ਤੋਂ ਖੋਹੇ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਂਹਾਂ ਖੋਲ੍ਹ ਕੇ ਉਡੀਕ ਰਹੇ ਸਨ। ਅਜਮੇਰ ਲਿਖਦਾ ਹੈ, ''ਇਨ੍ਹਾਂ ਸਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਕਤਲਾਮ ਵਾਲੀ ਜਗਾਹ 'ਤੇ ਪੁੱਜਿਆ ਤਾਂ ૴ ਖੰਡਰ ਬਣੀਆਂ ਇਮਾਰਤਾਂ ਦੇਖ ਕੇ ਉਸ ਨੇ ਹਉਕਾ ਲਿਆ। ਅੱਗੇ ਉਹ ਖੂਹ ਸੀ ਜਿਸ ਵਿਚ ਕੁੜੀਆਂ ਨੇ ਆਪਣੀ ਆਬਰੂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ ਭਰਿਆ ਦਿੱਸਿਆ। ਅਗਵਾ ਹੋਈਆਂ ਭੈਣਾਂ ਦਿੱਸੀਆਂ। ਲਹੂ ਦੇ ਛੱਪੜ ਵਿਚ ਤੈਰਦੀਆਂ ਬੱਤਖ਼ਾਂ ਦਿੱਸੀਆਂ। ਉਹ ਆਪਣੇ ਘਰ ਸੁੰਨ ਹੋਈ ਖੜ੍ਹੀ ਸੀ। ਉਹਦੇ ਵਡੇਰਿਆਂ ਦੇ ਜਾਣਕਾਰ ਮਰਦ-ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ।''
      ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀ ਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਦੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਜੂਝਦੇ ਲੋਕਾਂ ਦੇ ਨਾਲ ਹੀ ਨਹੀਂ ਸੀ ਖਲੋਂਦੀ, ਉਨ੍ਹਾਂ ਦੇ ਝੰਡਾਬਰਦਾਰਾਂ ਵਿਚ ਸ਼ਾਮਲ ਹੁੰਦੀ ਸੀ। ਉਸ ਨੂੰ ਦੇਸ-ਵਿਰੋਧੀ ਆਖ ਕੇ ਮੁਕੱਦਮਿਆਂ ਵਿਚ ਫਸਾਇਆ ਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਤਸੀਹਿਆਂ ਵਿਚੋਂ ਲੰਘਾਇਆ ਜਾਂਦਾ ਰਿਹਾ। ਯਾਹੀਆ ਖਾਂ ਦੇ ਮਾਰਸ਼ਲ ਲਾਅ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਹੀ, ਕੋੜਿਆਂ ਦੀ ਸਜ਼ਾ ਵੀ ਮਿਲੀ। ਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਿਦਕ-ਸਿਰੜ ਦੀ ਕੋਈ ਚਿੱਪਰ ਲਾਹੁਣ ਵਿਚ ਵੀ ਕਾਮਯਾਬ ਨਾ ਹੋ ਸਕਿਆ। ਉਹ 30 ਦਸੰਬਰ 2014 ਨੂੰ ਲਏ ਆਖ਼ਰੀ ਸਾਹ ਤੱਕ ਆਪਣੇ ਲੋਕ-ਹਿਤੈਸ਼ੀ ਨਜ਼ਰੀਏ ਉੱਤੇ ਅਡੋਲ ਰਹੀ।
      ਉਹ ਕਲਮ ਦੀ ਹਥਿਆਰੀ ਸਮਰੱਥਾ ਨੂੰ ਅਤੇ ਲਫ਼ਜ਼ ਦੀ ਅਸਰਦਾਰ ਤਾਕਤ ਨੂੰ ਭਲੀਭਾਂਤ ਸਮਝਦੀ ਸੀ। ਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀ। ਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿਚ ਉੱਚ-ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ। ਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ। 'ਮਾਈ ਅਨਾਰਾਂ ਵਾਲ਼ੀ' ਉਹਦੀ ਪਹਿਲੀ ਕਹਾਣੀ ਸੀ ਜੋ ਮੈਨੂੰ ਪੜ੍ਹਨ ਨੂੰ ਮਿਲੀ। ਉਹਦੀ ਅਹਿਸਾਸ ਦੀ ਗਹਿਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੁਰ ਅੰਦਰ ਤੱਕ ਕੀਲ ਲਿਆ। ਸਾਹਿਤ ਜਿੰਨਾ ਹੀ ਅਹਿਮ ਉਹਦਾ ਪੱਤਰਕਾਰਾਨਾ ਕੰਮ ਸੀ। ਪਾਕਿਸਤਾਨ ਦੇ ਮੋਹਰੀ ਅਖ਼ਬਾਰਾਂ ਵਿਚ ਸਮਾਜਿਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਪਦੇ ਰਹੇ। ਉਨ੍ਹਾਂ ਦੀ ਚਾਰ ਹਜ਼ਾਰ ਤੋਂ ਵੱਧ ਦੀ ਗਿਣਤੀ ਬੇਆਸਰੇ ਤੇ ਬੇਓਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਵਾਰੀ ਦੇ ਉਹਦੇ ਅਹਿਸਾਸ ਦਾ ਸਬੂਤ ਹੈ ਜਿਨ੍ਹਾਂ ਵਿਚੋਂ ਬਹੁਤ ਸਾਰੇ ਕਿਤਾਬਾਂ ਵਿਚ ਵੀ ਸੰਗ੍ਰਹਿਤ ਹੋਏ।
      ਉਹਦੇ ਸ਼ਾਹਮੁਖੀ ਲਿਪੀ ਵਿਚ ਛਪੇ ਹੋਏ ਪੰਜਾਬੀ ਕਹਾਣੀ-ਸੰਗ੍ਰਹਿ 'ਟਾਹਲੀ ਮੇਰੇ ਬੱਚੜੇ', 'ਮਾਈ ਅਨਾਰਾਂ ਵਾਲ਼ੀ', 'ਪੰਝੀਵਾਂ ਘੰਟਾ', 'ਅਮਨ ਵੇਲ਼ੇ ਮਿਲਾਂਗੇ' ਤੇ 'ਦਰਦਮੰਦਾਂ ਦੀਆਂ ਆਹੀਂ' ਇਧਰ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਏ। 'ਕੀਹਦਾ ਨਾਂ ਪੰਜਾਬ' ਤੇ 'ਹੱਥ ਨਾ ਲਾ ਕਸੁੰਭੜੇ' ਨਾਂ ਦੇ ਦੋ ਲੇਖ-ਸੰਗ੍ਰਹਿ ਵੀ ਗੁਰਮੁਖੀ ਵਿਚ ਛਪੇ। ਸਵੈਜੀਵਨੀ 'ਮਨ ਦੀਆਂ ਬਸਤੀਆਂ' ਤਾਂ ਇਧਰ ਛਪ ਕੇ ਬਹੁਤ ਪਾਠਕ-ਪਿਆਰੀ ਹੋਈ। ਸ਼ਾਹਮੁਖੀ ਤੇ ਗੁਰਮੁਖੀ ਵਿਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿਚ ਵੀ ਲਗਾਤਾਰ ਲਿਖਿਆ। ਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇ। ਪਰ ਉਹਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ-ਸਤਿਕਾਰ ਹੈ!

ਸੰਪਰਕ : 011-42502364