Gurcharan Singh Noorpur

ਕੁਦਰਤ ਵਿਰੋਧੀ ਵਿਕਾਸ ਅਤੇ ਜੀਵਨ ਦਾ ਸੰਘਰਸ਼ - ਗੁਰਚਰਨ ਸਿੰਘ ਨੂਰਪੁਰ

ਇੱਕ ਵਿਅਕਤੀ ਨੇ ਦੂਰ ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ’ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਮਤੇ ਉਹ ਰਸਤੇ ਵਿੱਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇੱਕ ਕੰਪਾਸ ਹੋਵੇ। ਉਹ ਇੱਕ ਦੁਕਾਨਦਾਰ ਤੋਂ ਕੰਪਾਸ ਖਰੀਦਣ ਗਿਆ। ਉਹਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ, ‘‘ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿੱਚ ਇਹ ਸ਼ੀਸ਼ਾ ਕਿਸ ਵਾਸਤੇ ਹੈ?’’
ਦੁਕਾਨਦਾਰ ਨੇ ਜਵਾਬ ਦਿੱਤਾ, ‘‘ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।’’
ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ ’ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਹਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਸਮੱਸਿਆ ਵਿੱਚ ਘਿਰ ਰਹੀ ਹੈ। ਵਿਗਿਆਨ ਕਿਸੇ ਇੱਕ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਹਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਸਗੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਗਿਆਨਕ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖਤਿਆਰ ਕਰਦੀਆਂ ਰਹਿਣਗੀਆਂ।
ਜੀਵਨ ਵਿੱਚ ਸੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ: ਜਿਉਂਦੇ ਰਹਿਣ ਲਈ ਜੀਵਨ ਵਿੱਚ ਸੰਘਰਸ਼ ਹੁੰਦਾ ਹੈ। ਇਸ ਸੰਘਰਸ਼ ਵਿੱਚ ਜੇਤੂ ਹੁੰਦੀਆਂ ਜੀਵ ਜਾਤੀਆਂ ਨੂੰ ਕੁਦਰਤ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਉਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆਂ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿੱਚ ਇਹ ਸੰਕਟ ਹੋਰ ਗਹਿਰਾ ਹੋ ਰਿਹਾ ਹੈ। ਵੱਡੀ ਗਿਣਤੀ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆਂ ਦਾ ਇੱਕ ਵੱਡਾ ਹਿੱਸਾ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬੱਚੇ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਨਸ਼ਿਆਂ ਦੇ ਨਰਕ ਵਿੱਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਯੁੱਧ ਲੜੇ ਗਏ। ਅਖੌਤੀ ਸਭਿਅਕ ਮਨੁੱਖ ਅਜਿਹੇ ਜੰਗੀ ਸਾਜ਼ੋ ਸਾਮਾਨ ਦਾ ਮਾਲਕ ਹੈ ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਸਕਦਾ ਹੈ ਤੇ ਮੁੜ ਹਜ਼ਾਰਾਂ ਸਾਲ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ ’ਤੇ ਅਰਬਾਂ ਰੁਪਏ ਖਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿੱਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ, ਪਰ ਘਰ ਦਾ ਮਾਲਕ ਬੰਦੂਕਾਂ ਖਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ?
ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗੇਰਾ ਬਣਾਉਣ ਲਈ ਸੀ। ਜੀਵਨ ਨੂੰ ਚੰਗੇਰਾ ਬਣਾਉਣ ਦੀ ਯਾਤਰਾ ’ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ ਖੋਜਦਾ ਆਪ ਗੁਆਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ।
ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿੱਚ ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਾ ਹੋਣ ਦੀ ਸੂਰਤ ਵਿੱਚ ਉਹ ਇਸ ’ਤੇ ਪੱਕੀ ਪੱਟੀ ਬੰਨ੍ਹ ਕੇ ਮੰਨ ਲੈਂਦਾ ਸੀ ਕਿ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਵੱਲੋਂ ਸਿਰਜੀਆਂ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿੱਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
ਆਪਣੇ ਘਰ, ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵੱਸੋਂ ਦਾ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੇ ਪੱਧਰ ’ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਿਮਾਰੀਆਂ ਦੇ ਖਰਚੇ ਕਰਕੇ ਲੋਕਾਂ ਦੀ ਜ਼ਮੀਨ ਜਾਇਦਾਦ ਵਿਕ ਰਹੀ ਹੈ। ਬੱਚੇ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡਾਂ ਵਿੱਚ ਹਰ ਸਾਲ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਇਸ ਸੰਤਾਪ ਨੂੰ ਭੋਗ ਰਹੇ ਹਨ, ਪਰ ਮੁੱਠੀ ਭਰ ਲੋਕ ਇਸ ਸਭ ਕੁਝ ਦੇ ਖ਼ਿਲਾਫ਼ ਬੋਲਦੇ ਹਨ। ਕੀ ਇਹ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਅਖੌਤੀ ਵਿਕਾਸ ਹੈ ਜੋ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਹੈ? ਹੁਣ ਵਕਤ ਆ ਗਿਆ ਹੈ ਕਿ ਅਸੀਂ ਇਸ ਬਾਰੇ ਫ਼ੈਸਲਾ ਕਰੀਏ।
ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਅਖੌਤੀ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ ’ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗਾਮ ਦਿੱਤਾ, ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੀ ਅੱਖੀਂ ਵੇਖ ਰਹੇ ਹਾਂ। ਜੀਵਨ ਦੀਆਂ ਕੜੀਆਂ ਇੱਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ ਤੋਂ ਕਿਸੇ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਕੁਦਰਤ ਨੂੰ ਅਣਗੌਲਿਆਂ ਕਰ ਕੇ ਕੀਤੇ ਅਖੌਤੀ ਵਿਕਾਸ ਨੇ ਫ਼ਸਲੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਧਰਤੀ ’ਤੇ ਵੱਡੀ ਗਿਣਤੀ ਵਿੱਚ ਜਲ ਥਲੀ ਜੀਵਾਂ ਦੀਆਂ ਨਸਲਾਂ ਦਾ ਖਾਤਮਾ ਹੋ ਗਿਆ। ਪਿਛਲੇ ਕੁਝ ਦਹਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰੀਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜ਼ਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਪੰਜਾਬ ਦੀ ਧਰਤੀ ਤੋਂ ਲਗਾਤਾਰ ਲੋਪ ਹੋ ਰਹੀਆਂ ਹਨ। ਕਲਕਲ ਵਗਦੇ ਦਰਿਆਵਾਂ ਵਿੱਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬੱਤਖਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ ਜੋ ਹੁਣ ਵੀਰਾਨ ਹੋ ਗਏ ਹਨ। ਪਿਛਲੇ ਦਿਨੀਂ ਹਰੀਕੇ ਨੇੜੇ ਸਤਿਲੁਜ ਦਰਿਆ ਕੰਢੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ ’ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੀਆਂ ਅਨੇਕਾਂ ਜੀਵ ਜਾਤੀਆਂ ਨੂੰ ਖ਼ਤਮ ਕਰ ਕੇ ਅਸੀਂ ‘ਵਿਕਾਸ’ ਕੀਤਾ ਹੈ। ਸਾਡੀ ਹਾਲਤ ਬੜੀ ਅਜੀਬੋ ਗਰੀਬ ਬਣ ਗਈ ਹੈ:
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕੱਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆਂ ਭਰ ਵਿੱਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆਂ ਵਿੱਚ ਹੀ ਵਾਤਾਵਰਣ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਪਿਛਲੇ ਕੁਝ ਸਾਲਾਂ ਵਿੱਚ ਬੇਲਿਹਾਜ਼ ਹੋ ਕੇ ਖ਼ਾਤਮਾ ਕੀਤਾ ਹੈ। ਧਰਤੀ ’ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿੱਚ ਏਸੀਆਂ, ਫਰਿੱਜਾਂ ਅਤੇ ਠੰਢਿਆਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿੱਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿੱਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਦਾ ਅੱਜ ਦਾ ਮਨੁੱਖ ਉਸੇ ਟਾਹਣ ਨੂੰ ਵੱਢ ਰਿਹਾ ਹੈ ਜਿਸ ’ਤੇ ਆਪ ਬੈਠਾ ਹੈ।
ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇੱਕ ਸ਼ਾਇਰ ਲਿਖਦਾ ਹੈ:
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈਂ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈਂ।
ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇੱਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ ਵਾਤਾਵਰਣ ਦੇ ਸੰਕਟ ਨੂੰ ਸਮਝੀਏ ਅਤੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ।
ਸੰਪਰਕ : 98550-51099

ਪੂੰਜੀਵਾਦ ਦੇ ਪੁੜਾਂ ਵਿਚ ਪਿਸ ਰਹੀ ਹੈ ਦੁਨੀਆ - ਗੁਰਚਰਨ ਸਿੰਘ ਨੂਰਪੁਰ

ਇਸ ਸਮੇਂ ਦੁਨੀਆ ਉਸ ਦੌਰ 'ਚੋਂ ਗੁਜ਼ਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਸ ਦੌਰ ਵਿਚ ਦੁਨੀਆ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ 'ਤੇ ਲੜ ਰਹੇ ਹਨ, ਖੈਰਾਂ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ ਕੱਢ ਰਿਹਾ ਹੈ। ਇਕ ਧਰਮ ਦੇ ਲੋਕ ਦੂਜੇ ਧਰਮਾਂ ਤੋਂ ਆਪਣੇ ਆਪ ਨੂੰ ਖ਼ਤਰਾ ਸਮਝ ਕੇ ਇਸ ਨੂੰ ਜਿਊਣ ਮਰਨ ਦਾ ਸਵਾਲ ਬਣਾ ਰਹੇ ਹਨ। ਲੋਕ ਆਪਸ ਵਿਚ ਲੜਦੇ ਰਹਿਣ। ਉਨ੍ਹਾਂ ਨੂੰ ਲੜਾਉਣ ਮਰਾਉਣ ਵਾਲਿਆਂ ਦੀ ਗਿਣਤੀ ਵਧਦੀ ਰਹੇ। ਇਹ ਵਰਤਾਰਾ ਸਮਾਜ ਦੇ ਹਰ ਵਰਗ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਲਈ ਬੇਹੱਦ ਘਾਤਕ ਹੁੰਦਾ ਹੈ ਅਤੇ ਪੂੰਜੀਵਾਦੀ ਤਾਕਤਾਂ ਲਈ ਕੰਮ ਕਰਨ ਦਾ ਇਹ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ। ਜੇਕਰ ਸਮਾਜ ਵਿਚ ਕਿਸੇ ਤਰ੍ਹਾਂ ਦੀ ਬੇਚੈਨੀ ਨਾ ਹੋਵੇ ਤਾਂ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਡਰ ਅਤੇ ਭੈਅ ਦਾ ਬਣਾਉਟੀ ਮਾਹੌਲ ਪੈਦਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਆਮ ਲੋਕ ਧਰਮ ਕਰਮ ਦੇ ਨਾਂਅ 'ਤੇ ਲੜ ਕੇ ਆਪਣੀ ਤਾਕਤ ਆਪਸੀ ਲੜਾਈਆਂ ਵਿਚ ਖ਼ਰਚ ਕਰਦੇ ਰਹਿੰਦੇ ਹਨ। ਇਸ ਸਭ ਕੁਝ ਦੌਰਾਨ ਜਿਸ ਪਾਸੇ ਹਰ ਵਰਗ, ਹਰ ਧਰਮ ਦੇ ਲੋਕਾਂ ਦੀ ਗੁਲਾਮੀ ਦੇ ਰੱਸੇ-ਵੱਟੇ ਜਾ ਰਹੇ ਹੁੰਦੇ ਹਨ ਉਸ ਪਾਸੇ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ।
ਅਮਰੀਕੀ ਲੇਖਿਕਾ ਨਿਊਮੀ ਕਲੇਨ ਆਪਣੀ ਪ੍ਰਸਿੱਧ ਪੁਸਤਕ, 'ਸਦਮਾ ਮੱਤ' ਵਿਚ ਲਿਖਦੀ ਹੈ, 'ਜਦੋਂ ਲੋਕ ਵੱਖ-ਵੱਖ ਤਰ੍ਹਾਂ ਦੇ ਸਦਮਿਆਂ ਵਿਚ ਡਰ ਨਾਲ ਸਹਿਮੇ ਹੋਣ ਤਾਂ ਪੂੰਜੀਵਾਦ ਲਈ ਕੰਮ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ।'
ਇਸ ਸਮੇਂ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖਮਰੀ, ਗਰੀਬੀ ਮੰਦਹਾਲੀ ਵਧ ਰਹੀ ਹੈ ਅਤੇ ਦੂਜੇ ਪਾਸੇ ਮੁਨਾਫੇ ਦੀ ਅੰਨ੍ਹੀ ਦੌੜ ਵਿਚ ਧਰਤੀ ਦੇ ਪੌਣ ਪਾਣੀ ਨੂੰ ਬੁਰੀ ਤਰ੍ਹਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਵਿਕਸਤ ਮੁਲਕਾਂ ਵਿਚ ਵੀ ਬੇਕਾਰੀ, ਟੈਕਸਾਂ ਅਤੇ ਕਰਜ਼ਿਆਂ ਦਾ ਮਕੜਜਾਲ ਹਰ ਦਿਨ ਆਮ ਲੋਕਾਂ ਲਈ ਕਹਿਰ ਬਣ ਰਿਹਾ ਹੈ। ਸਾਡੇ ਨੌਜਵਾਨ ਰੁਜ਼ਗਾਰ ਦੀ ਮੰਗ ਕਰਨ ਦੀ ਬਜਾਏ ਬਾਹਰਲੇ ਮੁਲਕਾਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਇਸ ਪੂੰਜੀਵਾਦੀ ਵਿਵਸਥਾ ਵਿਚ ਇੱਥੇ ਰਹਿ ਗਏ ਅਤੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਬੱਚਿਆਂ ਨੂੰ ਚੰਗੇ ਮਜ਼ਦੂਰਾਂ ਦੇ ਰੂਪ ਵਿਚ ਵੇਖਿਆ ਜਾਣ ਲੱਗਾ ਹੈ। ਭਾਵ ਪੂੰਜੀਵਾਦ ਨੂੰ ਇਸ ਸਮੇਂ ਸਭ ਤੋਂ ਵੱਧ ਲੋੜ ਚੰਗੇ ਮਜ਼ਦੂਰਾਂ ਦੀ ਹੈ। ਇਸ ਵਰਤਾਰੇ ਨੂੰ ਸਮਝਣ ਲਈ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਦੇਸ਼ ਵਿਚ ਉੱਚ ਵਿਦਿਅਕ ਅਦਾਰੇ ਖੰਡਰ ਹੋ ਰਹੇ ਹਨ। ਵੱਡੇ-ਵੱਡੇ ਕਾਲਜ ਯੂਨੀਵਰਸਿਟੀਆਂ ਦੀ ਥਾਂ 'ਤੇ ਸਕੂਲ ਬਣਨੇ ਸ਼ੁਰੂ ਹੋ ਗਏ ਹਨ। ਇਸ ਦਾ ਸਿੱਧਾ ਅਰਥ ਇਹ ਹੈ ਕਿ ਮਜ਼ਦੂਰਾਂ ਨੇ ਜਿੱਥੇ ਜਾ ਕੇ ਮਜ਼ਦੂਰੀ ਕਰਨੀ ਹੈ ਉੱਥੇ ਉਨ੍ਹਾਂ ਨੂੰ ਉਸ ਦੇਸ਼ ਦੀ ਭਾਸ਼ਾ ਆਉਂਦੀ ਹੋਣੀ ਚਾਹੀਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਚੰਗੇ ਮਜ਼ਦੂਰਾਂ ਦੀ ਲੋੜ ਹੈ ਨਾ ਕਿ ਵਿਵੇਕਸ਼ੀਲ ਮਨੁੱਖਾਂ ਦੀ। ਬਲਕਿ ਵਿਵੇਕਸ਼ੀਲ ਮਨੁੱਖ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ। ਉੱਚ ਵਿਦਿਆ ਦਾ ਭੋਗ ਪਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਦੁਨੀਆ ਭਰ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਜਾਂ ਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਾਂ ਉਹ ਸਾਹਸਤਹੀਣ ਬਣਾ ਦਿੱਤੀਆਂ ਗਈਆਂ ਹਨ। ਪਹਿਲਾਂ ਲੋਕ ਸਰਕਾਰੀ ਨੌਕਰੀਆਂ ਦੀ ਝਾਕ ਰੱਖਦੇ ਸਨ। ਪੂੰਜੀਵਾਦੀ ਕਾਰਪੋਰੇਸ਼ਨਾਂ ਨੇ ਜਨਤਕ ਅਦਾਰਿਆਂ 'ਤੇ ਕਾਬਜ਼ ਹੋ ਕੇ ਲੋਕਾਂ ਦੀ ਉਹ ਝਾਕ ਹੁਣ ਖ਼ਤਮ ਕਰ ਦਿੱਤੀ ਹੈ। ਇਸੇ ਹੀ ਸਮੇਂ ਦੌਰਾਨ ਪੂੰਜੀਵਾਦ ਦੇ ਬਗਲ ਬੱਚੇ ਤੇ ਸਾਡੇ ਰਾਜਸੀ ਆਕਾਵਾਂ ਨੇ ਲੋਕਾਂ ਵਿਚ ਇਹ ਆਸ ਜਗਾਈ ਕਿ ਪ੍ਰਾਈਵੇਟ ਕੰਪਨੀਆਂ ਆਪਣੇ ਕਾਰੋਬਾਰ ਕਰਨਗੀਆਂ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਹ ਆਸ ਵੀ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ। ਸਮਾਜ ਦੀ ਵੱਡੀ ਗਿਣਤੀ ਪੜ੍ਹ ਲਿਖ ਕੇ ਪਹਿਲਾਂ ਸਰਕਾਰੀ ਨੌਕਰੀ ਲੱਭਦੀ ਸੀ। ਫਿਰ ਉਨ੍ਹਾਂ ਨੂੰ ਪ੍ਰ੍ਰਾਈਵੇਟ ਨੌਕਰੀ ਦੀ ਆਸ ਬਣੀ। ਹੁਣ ਗੱਲ ਉਸ ਤੋਂ ਅਗਾਂਹ ਚਲੀ ਗਈ। ਹੁਣ ਪ੍ਰਾਈਵੇਟ ਕੰਪਨੀਆਂ ਨੇ ਕੰਮ ਲਈ ਅਜਿਹੀ ਜੁਗਤ ਲੱਭ ਲਈ ਜਿਸ ਨਾਲ ਕਿਸੇ ਕੰਮ ਦਾ ਠੇਕਾ ਕਿਸੇ ਇਕ ਮਜ਼ਦੂਰ ਨੂੰ ਦੇ ਦਿੱਤਾ ਜਾਂਦਾ ਹੈ, ਉਹ ਜਿਵੇਂ ਮਰਜ਼ੀ ਕੰਮ ਕਰਵਾਏ ਜਿੱਥੋਂ ਜਿਹੜੇ ਮਰਜ਼ੀ ਮਜ਼ਦੂਰ ਲੱਭ ਕੇ ਲਿਆਵੇ। ਇਹ ਨਵੀਂ ਦੁਨੀਆ ਵਿਚ ਮੁਲਾਜ਼ਮਾਂ/ਮਜ਼ਦੂਰਾਂ ਦੀ ਨਵੀਂ ਕਿਸਮ ਦੀ ਗੁਲਾਮੀ ਦਾ ਦੌਰ ਹੈ ਜਿਸ ਵਿਚ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੱਕ ਹਕੂਕ ਨਹੀਂ ਹੋਣਗੇ ਨਾ ਹੀ ਕੋਈ ਸੁਣਵਾਈ ਹੋਵੇਗੀ। ਪੈਨਸ਼ਨ ਤਾਂ ਦੂਰ ਦਿਹਾੜੀ ਦੀ ਵੀ ਗਰੰਟੀ ਨਹੀਂ ਹੋਵੇਗੀ। ਕੰਮ ਕਰਨ ਦੇ ਘੰਟਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ। ਆਪਣੇ ਹੱਕਾਂ ਲਈ ਹੜਤਾਲਾਂ ਮੁਜ਼ਾਹਰੇ ਕਰਨੇ ਤਾਂ ਬੀਤੇ ਦੀਆਂ ਬਾਤਾਂ ਬਣ ਗਏ ਹਨ
ਵਿਕਸਿਤ ਮੁਲਕਾਂ ਵਿਚ ਵੀ ਇਕ ਛੋਟਾ ਜਿਹਾ ਘਰ ਲੈਣ ਵਾਲੇ ਲਈ ਗੁਲਾਮੀ ਦੀ ਅਜਿਹੀ ਵਿਵਸਥਾ ਸਿਰਜ ਦਿੱਤੀ ਜਾਂਦੀ ਹੈ, ਜਿਸ ਵਿਚ ਮਜ਼ਦੂਰਾਂ ਦੀ ਪੂਰੀ ਜ਼ਿੰਦਗੀ ਘਰ ਦੀਆਂ ਕਿਸ਼ਤਾਂ ਲਾਹੁੰਦਿਆਂ ਲੰਘ ਜਾਂਦੀ ਹੈ। ਦੂਜੇ ਪਾਸੇ ਪੂਰੀ ਦੁਨੀਆ ਦੀ ਅੱਧੀ ਦੌਲਤ 1 ਫ਼ੀਸਦੀ ਪੂੰਜੀਪਤੀਆਂ ਕੋਲ ਹੈ। ਹਰ ਪੁੱਠੇ ਸਿੱਧੇ ਢੰਗ ਨਾਲ ਪੈਸੇ ਨੂੰ ਇਕ -ਦੂਜੇ ਤੋਂ ਵੱਧ ਇਕੱਠਾ ਕਰਨ ਲਈ ਇਨ੍ਹਾਂ ਪੂੰਜੀਪਤੀਆਂ ਵਿਚ ਵੀ ਦੌੜ ਲੱਗੀ ਹੋਈ ਹੈ। ਕੋਸ਼ਿਸ਼ ਇਹ ਹੈ ਆਮ ਲੋਕ ਕਰਜ਼ਿਆਂ ਦੇ ਮਕੜਜਾਲ ਤੋਂ ਬਾਹਰ ਨਾ ਆਉਣ। ਸਾਰੀ-ਸਾਰੀ ਉਮਰ ਕਿਸ਼ਤਾਂ ਭਰਦੇ ਰਹਿਣ, ਉਨ੍ਹਾਂ ਨੂੰ ਰੋਟੀ, ਕੱਪੜੇ, ਬਿਜਲੀ, ਨੈੱਟਵਰਕ ਤੇ ਹੋਰ ਜ਼ਰੂਰੀ ਲੋੜਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਰਥਿਕ ਗੁਲਾਮੀ ਦੇ ਅਦ੍ਰਿਸ਼ ਸੰਗਲਾਂ ਨਾਲ ਨੂੜ ਕੇ ਪੂਰੀ ਦੁਨੀਆ ਨੂੰ ਇਕ ਅਦ੍ਰਿਸ਼ ਜੇਲ੍ਹ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਅਦ੍ਰਿਸ਼ ਗੁਲਾਮੀ ਦਾ ਅਹਿਸਾਸ ਦੁਨੀਆ ਦੇ 1 ਫ਼ੀਸਦੀ ਲੋਕਾਂ ਨੂੰ ਵੀ ਨਹੀਂ ਹੋ ਰਿਹਾ।
ਪੂੰਜੀਵਾਦੀ ਬਾਜ਼ਾਰਾਂ ਵਿਚ ਪੈਸੇ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾਂਦਾ ਜਿਵੇਂ ਅਸੀਂ ਆਮ ਲੋਕ ਦੇਖਦੇ ਹਾਂ ਬਲਕਿ ਤਰਲ ਰੂਪ ਵਿਚ ਵੇਖਿਆ ਜਾਂਦਾ ਹੈ। ਇੱਥੇ ਪੈਸੇ ਨੂੰ ਚੋਗੇ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਪੂੰਜੀਵਾਦ ਬਾਜ਼ਾਰ ਕਿੱਲੋਆਂ ਵਿਚ ਪੈਸਾ ਬੀਜਦਾ ਹੈ ਅਤੇ ਕਈ ਕੁਇੰਟਲਾਂ ਵਿਚ ਇਸ ਦੀ ਫ਼ਸਲ ਚੁੱਕਦਾ ਹੈ। ਬਹੁਤ ਸੋਚ ਸਮਝ ਕੇ ਪੈਸਾ ਕਿਸੇ ਇਕ ਖੇਤਰ ਵੱਲ ਵਹਾਇਆ ਜਾਂਦਾ ਹੈ ਅਤੇ ਫਿਰ ਲੋਕਾਂ ਵਿਚ ਵਹਾ ਦਿੱਤੇ ਗਏ ਇਸ ਸਰਮਾਏ ਨੂੰ ਦੁੱਗਣਾ-ਚੌਗੁਣਾ ਕਰਕੇ ਕਿਵੇਂ ਇਕ ਜਗ੍ਹਾ 'ਤੇ ਇਕੱਤਰ ਕੀਤਾ ਜਾਣਾ ਹੈ ਇਸ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਦੀ ਸਮਝ ਆਮ ਲੋਕਾਂ ਨੂੰ ਤਾਂ ਕੀ ਬਹੁਤੇ ਰਾਜਸੀ ਨੇਤਾਵਾਂ ਨੂੰ ਵੀ ਨਹੀਂ ਹੁੰਦੀ। ਜਦੋਂ ਤੱਕ ਲੋਕਾਂ ਨੂੰ ਸਮਝ ਪੈਂਦੀ ਹੈ ਉਦੋਂ ਤੱਕ ਖੇਤ ਚੁਗੇ ਜਾ ਚੁੱਕੇ ਹੁੰਦੇ ਹਨ, ਵਿਰਾਨ ਹੋ ਗਏ ਹੁੰਦੇ ਹਨ।
ਬਹੁਗਿਣਤੀ ਦੇਸ਼ਾਂ ਵਿਚ ਪੂੰਜੀਵਾਦੀ ਸਰਮਾਏ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਦੇ ਸਾਧਨਾਂ ਅਤੇ ਕਰਮ ਖੇਤਰਾਂ ਦੇ ਕਾਬਜ਼ ਹੋਣ ਦੀ ਕਵਾਇਦ ਚੱਲ ਰਹੀ ਹੈ। ਆਨ- ਲਾਈਨ ਬਾਜ਼ਾਰ ਨੇ ਹਰ ਤਰ੍ਹਾਂ ਦੀ ਦੁਕਾਨਦਾਰੀ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬੜੀ ਜਲਦੀ ਦੁਕਾਨਾਂ ਦੇ ਮਾਲਕਾਂ ਦੀਆਂ ਔਲਾਦਾਂ ਆਨ- ਲਾਈਨ ਪੂੰਜੀਪਤੀਆਂ ਦੇ ਕਰਿੰਦੇ ਬਣ ਕੇ ਰਹਿ ਜਾਣਗੀਆਂ। ਆਨਲਾਈਨ ਰੋਟੀ ਦਾ ਬਾਜ਼ਾਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਵੱਡੀਆਂ ਕੰਪਨੀਆਂ ਸਾਮਾਨ ਦੀ ਡਲਿਵਰੀ ਕਰਨ ਵਾਲੇ ਹਲਕੇ ਹਵਾ ਵਿਚ ਉੱਡਣ ਵਾਲੇ ਰੋਬੋਟ ਤਿਆਰ ਕਰ ਰਹੀਆਂ ਹਨ। ਆਨਲਾਈਨ ਰੋਟੀ ਦੇ ਬਾਜ਼ਾਰ ਦੀ ਕੋਸ਼ਿਸ਼ ਰਹੇਗੀ ਕਿ ਮੁਫ਼ਤ ਦੇ ਮੋਬਾਇਲ ਫੋਨ ਵਾਂਗ ਬੜੀ ਸਸਤੀ ਰੋਟੀ ਨੂੰ ਬਾਜ਼ਾਰ ਵਿਚ ਉਤਾਰਿਆ ਜਾਵੇ ਜਦੋਂ ਤੁਸੀਂ ਘਰ ਦਾ ਚਕਲਾ-ਵੇਲਣਾ, ਤਵਾ-ਪਰਾਤ, ਦੌਰੀ-ਡੰਡਾ ਤੇ ਹੋਰ ਭਾਂਡੇ-ਟੀਂਡੇ ਵੇਚ ਦਿਓਗੇ ਤਾਂ ਮੁੜ ਇਸੇ ਰੋਟੀ ਤੋਂ ਤੁਹਾਡੇ ਨਾਲ ਪਿਛਲਾ ਹਿਸਾਬ-ਕਿਤਾਬ ਵੀ ਬਰਾਬਰ ਕਰ ਲਿਆ ਜਾਵੇਗਾ। ਇਹ ਸਭ ਤਰ੍ਹਾਂ ਦਾ ਵਾਣ ਰੱਸਾ ਆਮ ਮਨੁੱਖ ਦੀ ਗੁਲਾਮੀ ਨੂੰ ਹੋਰ ਪੀੜਾ ਕਰਨ ਲਈ ਵੱਟਿਆ ਜਾ ਰਿਹਾ ਹੈ।
ਇਸ ਵਿਵਸਥਾ ਵਿਚ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਸ਼ਾਇਦ ਜੋ ਵਰਤਾਰੇ ਚੱਲ ਰਹੇ ਹਨ ਉਹ ਕਿਸੇ ਇਕ ਫ਼ਿਰਕੇ ਜਾਂ ਇਕ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਹਨ ਪਰ ਪੂੰਜੀਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪੂੰਜੀਵਾਦ ਦੇ ਗਲਿਆਰਿਆਂ ਵਿਚ ਕਰਮ ਸਿੰਘ, ਕਰਮ ਚੰਦ ਤੇ ਕਰਮਦੀਨ ਸਭ ਨਾਲ ਇਕੋ ਜਿਹਾ ਸਲੂਕ ਕੀਤਾ ਜਾਵੇਗਾ। ਉਂਝ ਅਸੀਂ ਧਰਮਾਂ ਮਜ਼ਹਬਾਂ ਦੇ ਨਾਂਅ 'ਤੇ ਲੜੀ ਮਰੀ ਜਾਈਏ, ਮਾਰਧਾੜ ਚੱਲਦੀ ਰਹੇ, ਤੇ ਸਾਡਾ ਧਿਆਨ ਜੀਵਨ ਦੇ ਬੁਨਿਆਦੀ ਸਵਾਲਾਂ ਵੱਲ ਨਾ ਜਾਵੇ ਤਾਂ ਇਹ ਉਨ੍ਹਾਂ ਲਈ ਬੜੀ ਚੰਗੀ ਗੱਲ ਹੈ।
ਪੁਲਾੜ ਵਿਚ ਘੁੰਮ ਰਹੇ ਸੈਟੇਲਾਈਟ ਤੋਂ ਲੈ ਕੇ ਖਾਣੇ ਤੱਕ ਪੂੰਜੀਵਾਦੀ ਤਾਕਤਾਂ ਕਾਬਜ਼ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ ਖੱਬੇ ਪੱਖੀ ਵਿਚਾਰਕ ਵਿਦਵਾਨ ਅਰਥਸ਼ਾਸਤਰੀ ਇਹ ਸੋਚਦੇ ਸਨ ਕਿ ਦੁਨੀਆ ਵਿਚ ਜਿਵੇਂ-ਜਿਵੇਂ ਵਿਗਿਆਨ ਦਾ ਪਾਸਾਰ ਹੋਵੇਗਾ ਮਨੁੱਖ ਦੀ ਗੁਲਾਮੀ ਦੇ ਸੰਗਲ ਉਵੇਂ-ਉਵੇਂ ਉਸੇ ਅਨੁਪਾਤ ਵਿਚ ਟੁੱਟਦੇ ਜਾਣਗੇ। ਪਰ ਉਨ੍ਹਾਂ ਦੀ ਇਹ ਧਾਰਨਾ ਗ਼ਲਤ ਸਾਬਤ ਹੋਈ ਹੈ। ਪੂੰਜੀਵਾਦੀ ਤਾਕਤਾਂ ਨੇ ਵਿਗਿਆਨਕ ਖੋਜਾਂ ਨੂੰ ਹੁਣ ਆਪਣੀਆਂ ਰਖੇਲਾਂ ਬਣਾ ਲਿਆ ਹੈ। ਖੋਜਾਂ ਕਰਨ ਵਾਲੇ ਦਿਮਾਗ਼ ਸਮਾਜ ਦੀ ਬਜਾਏ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਲਈ ਕੰਮ ਕਰਨ ਲੱਗੇ ਹਨ। ਪੂੰਜੀਵਾਦੀ ਤਾਕਤਾਂ ਅਜਿਹਾ ਸੰਸਾਰ ਸਿਰਜਣ ਦੀ ਕੋਸ਼ਿਸ਼ ਵਿਚ ਹਨ ਜਿੱਥੇ ਕਿਸਾਨ, ਦੁਕਾਨਦਾਰ, ਮੁਲਾਜ਼ਮ, ਕਾਰੋਬਾਰ ਕਰਨ ਵਾਲੇ ਲੋਕ ਨਾ ਹੋਣ ਬਲਕਿ ਇਹ ਲੋਕ ਕਾਰਪੋਰੇਸ਼ਨਾਂ ਦੇ ਗ਼ੁਲਾਮ ਤੇ ਕਰਿੰਦੇ ਹੋਣ। ਇਸ ਟੀਚੇ ਨੂੰ ਸੌਖਿਆਂ ਤਾਂ ਪੂਰਾ ਨਹੀਂ ਨਾ ਕੀਤਾ ਜਾ ਸਕਦਾ, ਇਸ ਨੂੰ ਪੂਰਾ ਕਰਨ ਲਈ ਪੂੰਜੀਵਾਦ ਨੂੰ ਪੂਰਾ-ਪੂਰਾ ਬਿਜਲਈ ਮੀਡੀਆ ਵੀ ਚਾਹੀਦਾ ਹੈ, ਪੂਰੀ ਧਰਤੀ ਚਾਹੀਦੀ ਹੈ, ਪਾਣੀ ਤੇ ਗਲਬੇ ਦੀ ਲੋੜ ਹੈ, ਲੋਹਾ, ਕੋਲਾ, ਜੰਗਲ, ਦਰਿਆ, ਰੇਲਾਂ, ਹਵਾਈ ਅੱਡੇ, ਮੋਬਾਈਲ ਨੈੱਟਵਰਕ, ਬੰਦਰਗਾਹਾਂ, ਪ੍ਰੈੱਸ, ਬਿਜਲੀ, ਸੜਕਾਂ, ਗੱਲ ਕੀ ਸਮੁੰਦਰ ਤੋਂ ਲੈ ਕੇ ਪੁਲਾੜ ਤੱਕ ਸਭ ਕੁਝ ਚਾਹੀਦਾ ਹੈ ਤੇ ਇਹ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਇਸ ਵਿਵਸਥਾ ਨੂੰ ਜੇਕਰ ਨਹੀਂ ਚਾਹੀਦੇ ਤਾਂ ਵਿਵੇਕਸ਼ੀਲ ਮਨੁੱਖ ਨਹੀਂ ਚਾਹੀਦੇ। ਉਹ ਲੋਕ ਨਹੀਂ ਚਾਹੀਦੇ ਜੋ ਇਸ ਧਰਤੀ ਦੀ ਖੈਰ ਮੰਗਦੇ ਹੋਣ। ਅਜਿਹਾ ਕਰਨ ਵਾਲਿਆਂ 'ਤੇ ਦੇਸ਼ ਧਿਰੋਹੀ ਦੇ ਲੇਬਲ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਪੂੰਜੀਵਾਦੀ ਵਿਵਸਥਾ ਨੂੰ ਉਹ ਲੋਕ ਨਹੀਂ ਚਾਹੀਦੇ ਜੋ ਸਮੁੱਚੀ ਮਾਨਵਤਾ ਦੇ ਹੱਕ ਹਕੂਕ ਦੀ ਗੱਲ ਕਰਦੇ ਹੋਣ। ਬਲਕਿ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਲੋਕਾਂ ਨੂੰ ਆਪਸੀ ਲੜਾਈਆਂ ਵਿਚ ਉਲਝਾ ਕੇ ਰੱਖਣ ਤਾਂ ਕਿ ਵਿਵੇਕਹੀਣ ਉਹ ਜਮਾਤਾਂ ਪੈਦਾ ਕੀਤੀਆਂ ਜਾਣ ਜੋ ਆਪਣੀ ਲੋਕ ਸ਼ਕਤੀ ਨੂੰ ਆਪਸੀ ਲੜਾਈ ਵਿਚ ਖ਼ਰਚੀ ਜਾਏ।
ਇਸ ਸਮੇਂ ਪੂਰੀ ਦੁਨੀਆ ਨੂੰ ਕਾਰਪੋਰੇਟ ਤਰਜੀਹਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਇਸ 'ਤੇ ਚਲਦਿਆਂ ਇਕ ਅਜਿਹਾ ਭ੍ਰਿਸ਼ਟ ਨਿਜ਼ਾਮ ਪੈਦਾ ਕੀਤਾ ਗਿਆ ਹੈ ਜੋ ਧਰਤੀ-ਹਵਾ-ਪਾਣੀ ਨੂੰ ਬੇਕਿਰਕ ਹੋ ਕੇ ਬਰਬਾਦ ਕਰ ਰਿਹਾ ਹੈ। ਅਜਿਹਾ ਨਿਜ਼ਾਮ ਜਿਸ ਸਾਹਮਣੇ ਅਦਾਲਤਾਂ-ਕਚਹਿਰੀਆਂ ਦੇ ਕਾਨੂੰਨ ਨੇਮ ਗੋਡੇ ਟੇਕ ਲੈਂਦੇ ਹਨ। ਅਜਿਹਾ ਨਿਜ਼ਾਮ ਜਿਸ ਵਿਚ, ਜੇਕਰ ਲੋਕਾਂ ਨੇ ਲੋਕਤਾਂਤਰਿਕ ਢੰਗ ਨਾਲ ਆਪਣੀ ਰਾਜ ਕਰਦੀ ਧਿਰ ਨੂੰ ਬਦਲਣਾ ਵੀ ਹੈ ਤਾਂ ਘੁੰਮ-ਘੁਮਾ ਕੇ ਇਸ ਦਾ ਰਾਹ ਕਾਰਪੋਰੇਟ ਤਾਕਤਾਂ ਦੇ ਗਲਿਆਰਿਆਂ ਵਿਚੋਂ ਹੀ ਗੁਜ਼ਰਦਾ ਹੈ। ਇਸ ਨਿਜ਼ਾਮ 'ਤੇ ਚਲਦਿਆਂ ਦੁਨੀਆ ਭਰ ਵਿਚ ਭੁੱਖਮਰੀ, ਬੇਰੁਜ਼ਗਾਰੀ, ਗ਼ਰੀਬੀ ਮੰਦਹਾਲੀ, ਇਲਾਜ ਲਈ ਵਿਲਕਦੇ ਥੁੜਾਂ ਮਾਰੇ ਕਰੋੜਾਂ ਲੋਕਾਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ। ਪੂੰਜੀਵਾਦ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਮਝਣ ਲਈ ਲੋਕਾਂ ਨੂੰ ਜਾਗਣਾ, ਸਮਝਣਾ ਪਵੇਗਾ ਅਤੇ ਇਨ੍ਹਾਂ ਨੀਤੀਆਂ ਖਿਲਾਫ਼ ਲਾਮਬੰਦ ਹੋਣਾ ਹੋਵੇਗਾ।
ਜੀਰਾ, ਸੰਪਰਕ : 9855051099

ਵਕਤ ਖੁੰਝਿਆ : ਨਸ਼ਿਆਂ ਨੇ ਸਮੱਸਿਆਵਾਂ ਵਧਾਈਆਂ - ਗੁਰਚਰਨ ਸਿੰਘ ਨੂਰਪੁਰ

ਜਦੋਂ ਕਿਸੇ ਸਮੱਸਿਆ ਦਾ ਹੱਲ ਵਕਤ ਸਿਰ ਨਹੀਂ ਹੁੰਦਾ ਤਾਂ ਉਹ ਸਮੱਸਿਆ ਅਗਾਂਹ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਅੱਗ ਨਾਲ ਬਲ ਰਿਹਾ ਹੈ। ਘਰ ਟੁੱਟ ਰਹੇ ਹਨ। ਚੂੜਿਆਂ ਵਾਲੀਆਂ ਦੇ ਸੁਹਾਗ ਅਤੇ ਭੈਣਾਂ ਦੇ ਵੀਰ ਆਤਮਘਾਤ ਦੇ ਰਾਹ ਪੈ ਗਏ ਹਨ। ਹਰ ਪਿੰਡ ਸ਼ਹਿਰ ਵਿਚ ਮਾਵਾਂ ਦੇ ਵਿਰਲਾਪ ਹਨ। ਅਸੀਂ ਸੋਚਦੇ ਹਾਂ ਕਿ ਸਰਕਾਰਾਂ ਦੇ ਕੰਨ ਬੋਲੇ ਹੋ ਗਏ ਹਨ, ਉਨ੍ਹਾਂ ਨੂੰ ਇਹ ਵਿਰਲਾਪ ਸੁਣਦਾ ਨਹੀਂ ਪਰ ਹਕੀਕਤ ਇਹ ਨਹੀਂ। ਹਕੀਕਤ ਇਹ ਹੈ ਕਿ ਹੁਣ ਅਸੀਂ ਉਸ ਦੌਰ ਵਿਚ ਦਾਖ਼ਲ ਹੋ ਗਏ ਹਾਂ ਜਿੱਥੇ ਲੋਕਾਂ ਦੇ ਹਉਕਿਆਂ ਹੰਝੂਆਂ ਦੁੱਖਾਂ ਦਰਦਾਂ ਵਿਚੋਂ ਵੀ ਕਾਰੋਬਾਰ ਦੇਖਿਆ ਜਾਣ ਲੱਗ ਪਿਆ ਹੈ।

ਸੰਸਾਰ ਪ੍ਰਸਿੱਧ ਅਮਰੀਕੀ ਲੇਖਕ ਨਿਊਮੀ ਕਲੇਨ ਆਪਣੀ ਕਿਤਾਬ ‘ਸਦਮਾ ਸਿਧਾਂਤ’ (Shock 4octrine) ਵਿਚ ਲਿਖਦੀ ਹੈ ਕਿ ਅਵਾਮ ਨੂੰ ਨਿੱਸਲ ਕਰਕੇ ਰੱਖਣ ਲਈ ਸਮੇਂ ਸਮੇਂ ਅਨੁਸਾਰ ਸੋਚੀ ਸਮਝੀ ਰਣਨੀਤੀ ਤਹਿਤ ਅਜਿਹੇ ਸਦਮੇ ਦਿੱਤੇ ਜਾਂਦੇ ਹਨ ਕਿ ਲੋਕ ਸਾਹ-ਸਤਹੀਣ ਹੋ ਜਾਣ। ਲੋਕਾਂ ਦੀ ਅਣਖ, ਗੈਰਤ ਅਤੇ ਹੌਸਲਾ ਪਸਤ ਕਰਨ ਲਈ ਵੱਡੇ ਸਦਮੇ ਦਿੱਤੇ ਜਾਂਦੇ ਹਨ ਤਾਂ ਕਿ ਲੋਕ ਸਥਾਪਤੀ ਖ਼ਿਲਾਫ਼ ਆਵਾਜ ਨਾ ਉਠਾ ਸਕਣ। ਨਸ਼ਾ ਅਜਿਹਾ ਵੱਡਾ ਸਦਮਾ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਦਾ ਖਾਤਮਾ ਹੋ ਰਿਹਾ ਹੈ। ਹਰ ਰੋਜ਼ ਦੋ ਤਿੰਨ ਨੌਜੁਆਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਉਂਜ, ਇਹ ਅਖਬਾਰੀ ਅੰਕੜੇ ਹਨ, ਹਕੀਕਤ ਇਸ ਤੋਂ ਕਿਤੇ ਭਿਆਨਕ ਹੈ। ਸਰਕਾਰ ਵੱਲੋਂ ਹੁਣ ਤੱਕ ਕੋਈ ਅਜਿਹੀ ਪਹਿਲ ਕਦਮੀ ਅਜੇ ਤੱਕ ਨਜ਼ਰ ਨਹੀਂ ਆਈ ਜਿਸ ਤੋਂ ਇਹ ਆਸ ਬੱਝਦੀ ਹੋਵੇ ਕਿ ਇਹ ਇਸ ਸਮੱਸਿਆ ਬਾਰੇ ਸੁਹਿਰਦ ਹੈ। ਲੋਕ ਹੁਣ ਨਸ਼ਿਆਂ ਦੇ ਛੋਟੇ ਮੋਟੇ ਸੌਦਾਗਰਾਂ ਨੂੰ ਆਪ ਫੜ ਕੇ ਪੁਲੀਸ ਹਵਾਲੇ ਕਰਨ ਲੱਗ ਪਏ ਹਨ।

ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਬੰਦਾ ਸੋਚਦਾ ਹੈ ਕਿ ਸਰਕਾਰ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਫੜਨਾ ਚਾਹੀਦਾ ਹੈ, ਇਹੀ ਸ਼ਾਇਦ ਸਾਡਾ ਸਭ ਤੋਂ ਵੱਡਾ ਭੁਲੇਖਾ ਹੈ। ਇੱਥੇ ਵਿਚਾਰ ਕਰਨ ਵਾਲੇ ਦੋ ਸਵਾਲ ਹਨ : ਪਹਿਲਾ, ਜੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਨਸ਼ੇ ਬੰਦ ਨਹੀਂ ਹੋ ਰਹੇ ਤਾਂ ਪਿੰਡਾਂ ਸ਼ਹਿਰਾਂ ਵਿਚ ਕਿਵੇਂ ਹੋਣਗੇ? ਦੂਜਾ, ਕਿਹੜੇ ਲੋਕਾਂ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਸਜ਼ਾ ਕੀ ਮਿਲ ਰਹੀ ਹੈ? ਮੋਗਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਦੌਲੇਵਾਲਾ ਵਿਚ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਤੇ ਨਸ਼ਿਆਂ ਦੇ ਦਰਜਨਾਂ ਕੇਸ ਦਰਜ ਹੋਏ ਅਤੇ ਇਹ ਲੋਕ ਜਦੋਂ ਬਾਹਰ ਆਉਂਦੇ ਹਨ, ਦੁਬਾਰਾ ਇਹੀ ਕੰਮ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਖ਼ਿਲਾਫ਼ ਹੁਣ ਸਿਰਫ ਪਰਚੇ/ਜੇਲ੍ਹਾਂ ਇਸ ਸਮੱਸਿਆ ਦਾ ਹੱਲ ਨਹੀਂ ਹੈ। ਨਾਲੇ ਵਿਵਸਥਾ ਇੰਨੀ ਨਿੱਘਰ ਗਈ ਹੈ ਕਿ ਅਸਲ ਦੋਸ਼ੀ ਨੂੰ ਤਾਂ ਸਜ਼ਾ ਨਹੀਂ ਦਿੱਤੀ ਜਾ ਰਹੀ।

ਪਿੰਡਾਂ ਵਿਚ ਹੁਣ ਦੇਖਾ-ਦੇਖੀ ਨਸ਼ਾ ਵਿਕਣ ਲੱਗ ਪਿਆ ਹੈ। ਉਹ ਲੋਕ ਜਿਨ੍ਹਾਂ ਕੋਲ ਚੰਗੀ ਜਾਇਦਾਦ ਹੈ, ਉਹ ਵੀ ਹੱਥ ਰੰਗਣ ਲਈ ਬੇਤਾਬ ਹਨ। ਹਰ ਦਿਨ ਨਸ਼ੇ ਦੇ ਵਿਕਰੇਤਾ ਵਧ ਰਹੇ ਹਨ। ਮੋਗਾ ਅਤੇ ਫਿਰੋਜ਼ਪੁਰ ਦੇ ਇਲਾਕੇ ਵਿਚ ਪਹਿਲਾਂ ਪਿੰਡ ਦੌਲੇਵਾਲਾ ਨੂੰ ਨਸ਼ਿਆਂ ਦੀ ਰਾਜਧਾਨੀ ਕਿਹਾ ਜਾਂਦਾ ਸੀ ਪਰ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡ ਦੌਲੇਵਾਲਾ ਬਣ ਰਹੇ ਹਨ। ਇਸ ਸੂਰਤ ਵਿਚ ਹਾਲਾਤ ਬੜੀ ਭਿਆਨਕ ਹੋਵੇਗੀ, ਜਿਸ ਦਾ ਅਜੇ ਸਾਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਹੈ।

ਜਿਨ੍ਹਾਂ ਘਰਾਂ ਨੂੰ ਨਸ਼ੇ ਨੇ ਬਰਬਾਦ ਕੀਤਾ ਹੈ, ਉਨ੍ਹਾਂ ਦੀਆਂ ਕਹਾਣੀਆਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਹਨ। ਬਹੁਤ ਸਾਰੇ ਅੱਲੜ ਉਮਰ ਦੇ ਮੁੰਡੇ ਇਕ ਦੋ ਵਾਰੀ ਸੁਆਦ ਦੇਖਣ ਕਾਰਨ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਹੋ ਗਏ। ਬਾਅਦ ਵਿਚ ਇਹਦੀ ਘਾਟ ਪੂਰੀ ਕਰਨ ਲਈ ਸਮੈਕ ਦੇ ਘੋਲ ਦੇ ਟੀਕੇ ਲਗਾ ਰਹੇ ਹਨ। ਟੀਕਾ ਲਾਉਣ ਵਾਲਾ ਨਸ਼ਈ ਬੜੀ ਜਲਦੀ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਟੀਕੇ ਲਾਉਣ ਵਾਲੇ ਵੱਡੀ ਗਿਣਤੀ ਵਿਚ ਨੌਜੁਆਨ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਐੱਚਆਈਵੀ ਦੇ ਸ਼ਿਕਾਰ ਬਣ ਰਹੇ ਹਨ। ਬਹੁਤ ਸਾਰੇ ਅਜਿਹੇ ਨੌਜੁਆਨ ਹਨ ਜਿਨ੍ਹਾਂ ਦਾ ਨਸ਼ੇ ਕਰਨ ਤੇ ਵੱਖਰਾ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਭਿਆਨਕ ਬਿਮਾਰੀਆਂ ਦੇ ਇਲਾਜ ਤੇ ਵੱਖਰਾ ਖਰਚ ਹੁੰਦਾ ਹੈ। ਭਿਆਨਕ ਰੋਗਾਂ ਤੋਂ ਪੀੜਤ ਇਹ ਨੌਜੁਆਨ ਇਨ੍ਹਾਂ ਬਿਮਾਰੀਆਂ ਨੂੰ ਅਗਾਂਹ ਹੋਰ ਲੋਕਾਂ ਤੱਕ ਫੈਲਾਉਣ ਦਾ ਕਾਰਨ ਵੀ ਬਣ ਰਹੇ ਹਨ।

ਗੋਲੀਆਂ-ਕੈਪਸੂਲ ਅਤੇ ਸਮੈਕ ਦੀ ਡੋਜ਼ ਲੈਣ ਵਾਲੇ ਨਸ਼ਈ ਜੋ ਖਾਸ ਤਰ੍ਹਾਂ ਦੇ ਮਨੋਵਿਕਾਰ ਦੇ ਸ਼ਿਕਾਰ ਹੋ ਜਾਂਦੇ ਹਨ, ਰੋਜ਼ਾਨਾ ਘਰਾਂ ਵਿਚ ਲੜਾਈਆਂ ਕਲੇਸ਼ ਕਰਦੇ ਹਨ, ਮਾਂ ਬਾਪ ਦੀ ਮਾਰ ਕੁੱਟ ਕਰਦੇ ਹਨ, ਅਜਿਹੇ ਜ਼ੁਲਮਾਂ ਦੇ ਸਤਾਏ ਮਾਂ ਬਾਪ ਪੱਲਿਓਂ ਪੈਸੇ ਖਰਚ ਕੇ ਇਨ੍ਹਾਂ ਨੂੰ ਨੌਜੁਆਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖਣ ਵਿਚ ਆਪਣੀ ਭਲਾਈ ਸਮਝ ਰਹੇ ਹਨ। ਬਹੁਤ ਸਾਰੇ ਮਾਂ ਪਿਓ ਅਜਿਹੇ ਵੀ ਹਨ ਜੋ ਆਪਣੇ ਢਿੱਡੋਂ ਜਾਇਆਂ ਦੀ ਮੌਤ ਮੰਗਦੇ ਹਨ। ਪੰਜਾਬ ਵਿਚ ਕਦੇ ਅਜਿਹਾ ਸਮਾਂ ਨਹੀਂ ਆਇਆ, ਜਦੋਂ ਮਾਂ ਬਾਪ ਆਪਣੀ ਔਲਾਦ ਨੂੰ ਕੋਈ ਨਸ਼ਾ ਖਾਣ ਲਈ ਆਪ ਕਹਿਣ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕ ਆਪਣੀ ਔਲਾਦ ਨੂੰ ਚਿੱਟੇ ਦੇ ਕਹਿਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਹੋਰ ਹਲਕੇ ਨਸ਼ੇ ਖਾਣ ਲਈ ਆਪ ਕਹਿ ਰਹੇ ਹਨ।

ਨਸ਼ਿਆਂ ਦਾ ਇਕ ਵੱਡਾ ਕਾਰਨ ਬੇਰੁਜਗਾਰੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਆਏ ਵੱਡੇ ਬਦਲਾਓ, ਵੋਟਾਂ ਦੌਰਾਨ ਵਰਤਾਏ ਜਾਂਦੇ ਨਸ਼ਿਆਂ ਦੇ ਖੁੱਲ੍ਹੇ ਗੱਫੇ, ਗੈਰ ਮਿਆਰੀ ਤੇ ਬੋਝਲ ਸਿੱਖਿਆ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਨੌਜੁਆਨ ਪੀੜ੍ਹੀ ਲਈ ਰੋਲ ਮਾਡਲ ਦਾ ਸੰਕਟ, ਕਿਰਤ ਸਭਿਆਚਾਰ ਦਾ ਮਨਫੀ ਹੋ ਜਾਣਾ, ਦਿਖਾਵੇ ਦਾ ਰੁਝਾਨ, ਲੱਚਰ ਤੇ ਮਾੜੀਆਂ ਫਿਲਮਾਂ, ਅਸੱਭਿਅਕ ਗੀਤਾਂ ਦੀ ਅਸ਼ਲੀਲ ਸ਼ਬਦਾਵਲੀ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਫਿਲਮਾਂਕਣ, ਅਮੀਰੀ ਗਰੀਬੀ ਦਾ ਵਧਿਆ ਪਾੜਾ ਆਦਿ। ਇਹ ਕਾਰਨ ਰਲ ਕੇ ਨਸ਼ਿਆਂ ਨੂੰ ਮਹਾਂਮਾਰੀ ਬਣਾਉਂਦੇ ਹਨ।

ਉਧਰ, ਸਰਕਾਰਾਂ ਕੋਲ ਨੌਜੁਆਨਾਂ ਲਈ ਰੁਜ਼ਗਾਰ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਇਸ ਵੇਲੇ ਉਨ੍ਹਾਂ ਸਾਹਮਣੇ ਇਲੈਕਟ੍ਰੌਨਿਕ ਮੀਡੀਆ ਵੱਲੋਂ ਚੈਨੇਲਾਈਜ਼ ਕੀਤਾ ਜਾ ਰਿਹਾ ਤਲਿਸਮੀ ਸੰਸਾਰ ਹੈ ਤੇ ਦੂਜੇ ਪਾਸੇ ਅਨਿਸ਼ਚਤਾ ਵਾਲਾ ਭਵਿੱਖ ਹੈ। ਜਵਾਨੀ ਨਿਰਾਸ਼ਾ ਦੇ ਆਲਮ ਵਿਚ ਹੈ। ਸਾਡੇ ਸੰਵਿਧਾਨ ਦੀ ਧਾਰਾ 47 ਵਿਚ ਇਹ ਗੱਲ ਸਾਫ ਕੀਤੀ ਗਈ ਹੈ ਕਿ ‘ਸਰਕਾਰ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਮਨੁੱਖਤਾ ਖ਼ਿਲਾਫ਼ ਸੰਗੀਨ ਜੁਰਮ ਮੰਨਦੇ ਹੋਏ ਇਸ ਉੱਤੇ ਪਾਬੰਦੀ ਲਗਾਏਗੀ।’

ਨਸ਼ਿਆਂ ਦੀ ਰੋਕਥਾਮ ਲਈ ਫੌਰੀ ਕਦਮ ਉਠਾਏ ਜਾਣੇ ਚਾਹੀਦੇ ਹਨ। ਨਸ਼ਈ ਲੋਕਾਂ ਦੇ ਇਲਾਜ ਦਾ ਪ੍ਰਬੰਧ ਹੋਵੇ ਅਤੇ ਨਸ਼ੇ ਦੀ ਵਿਕਰੀ ਤੇ ਇੱਕਸਾਰ ਰੋਕ ਲਾਈ ਜਾਣੀ ਚਾਹੀਦੀ ਹੈ। ਮਨੋਵਿਗਿਆਨ ਅਨੁਸਾਰ, ਜਦੋਂ ਬੱਚਿਆਂ ਖਾਸ ਕਰ ਨੌਜੁਆਨਾਂ ਨੂੰ ਘਰੋਂ ਪੂਰਾ ਪਿਆਰ ਨਹੀਂ ਮਿਲਦਾ ਤਾਂ ਉਹ ਨਸ਼ਿਆਂ ਵਰਗੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖਣ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਸ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੁਆਦ ਚੱਖਣ ਦੀ ਗਲਤੀ ਨਾ ਕਰਨ। ਸਾਨੂੰ ਵਿਆਹਾਂ ਸ਼ਾਦੀਆਂ ਮੌਕੇ ਸਵੇਰ ਤੋਂ ਸ਼ਾਮ ਤਕ ਬੱਚਿਆਂ, ਔਰਤਾਂ ਅਤੇ ਨੌਜੁਆਨਾਂ ਦੇ ਸਾਹਮਣੇ ਸ਼ਰਾਬ ਦੇ ਖੁੱਲ੍ਹੇ ਦੌਰ ਚਲਾਉਣ ਤੋਂ ਵੀ ਗੁਰੇਜ ਕਰਨਾ ਪਵੇਗਾ।

ਨਸ਼ੇ ਪੰਜਾਬ ਦੀ ਧਰਤੀ ਤੇ ਅਤਿਵਾਦ ਨਾਲੋਂ ਵੀ ਵੱਡੀ ਸਮੱਸਿਆ ਬਣ ਗਏ ਹਨ ਜੋ ਬੜੀ ਤੇਜ਼ੀ ਨਾਲ ਨੌਜੁਆਨੀ ਜੋ ਸਾਡਾ ਭਵਿੱਖ ਹੈ, ਨੂੰ ਖਤਮ ਕਰ ਰਹੇ ਹਨ। ਇਸ ਸਮੱਸਿਆ ਖ਼ਿਲਾਫ਼ ਸਾਰੀਆਂ ਧਿਰਾਂ ਨੂੰ ਰਲ-ਮਿਲ ਕੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ। ਗੁਰੂ ਜੀ ਦਾ ਫਲਸਫਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਹੈ। ਇਹ ਮਲਿਕ ਭਾਗੋਆਂ ਦੇ ਖ਼ਿਲਾਫ਼ ਅਤੇ ਭਾਈ ਲਾਲੋਆਂ ਦੇ ਹੱਕ ਵਿਚ ਖੜ੍ਹੇ ਹੋਣ ਦਾ ਫਲਸਫਾ ਹੈ। ਕਾਸ਼! ਵੱਡੀਆਂ ਕੁਰਸੀਆਂ ਤੇ ਬੈਠੇ ਲੋਕ ਅਤੇ ਅਸੀਂ ਸਭ ਇਸ ਫਲਸਫੇ ਨੂੰ ਸਮਝ ਸਕੀਏ।

ਸੰਪਰਕ : 98550-51099

ਆਓ, ਗਿਆਨ ਦੇ ਦੀਪਕ ਜਗਾਈਏ - ਗੁਰਚਰਨ ਸਿੰਘ ਨੂਰਪੁਰ

ਭਾਰਤੀ ਸੰਸਕ੍ਰਿਤੀ ਵਿੱਚ ਦੀਵੇ ਦਾ ਬੜਾ ਸਤਿਕਾਰ ਹੈ। ਪੁਰਾਣੇ ਵੇਲਿਆਂ ਵਿੱਚ ਹਨੇਰਾ ਉਤਰਦਿਆਂ ਹੀ ਦੀਵਾ ਬਾਲ ਕੇ ਘਰਾਂ ਨੂੰ ਰੌਸ਼ਨ ਕਰਨ ਦੇ ਨਾਲ ਨਾਲ ਦੀਵੇ ਦੀ ਲਾਟ ਨੂੰ ਸਿਜਦਾ ਵੀ ਕੀਤਾ ਜਾਂਦਾ ਸੀ। ਪੁਰਾਣੇ ਵੇਲਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ ਲੋਕ ਤੁਰ ਕੇ ਮੀਲਾਂ ਤੱਕ ਸਫ਼ਰ ਕਰਦੇ ਸਨ ਤਾਂ ਹਨੇਰੀਆਂ ਰਾਤਾਂ ਵਿੱਚ ਭੁੱਲੇ ਭਟਕੇ ਰਾਹੀਆਂ ਦੀ ਆਸ ਦੀਵੇ ਹੋਇਆ ਕਰਦੇ ਸਨ। ਇਹ ਸਮਝਿਆ ਜਾਂਦਾ ਸੀ ਕਿ ਜਿੱਥੇ ਦੀਵਾ ਬਲ ਰਿਹਾ ਹੈ, ਉੱਥੇ ਜ਼ਰੂਰ ਕੋਈ ਚੰਗੇ ਲੋਕ ਜਾਗ ਰਹੇ ਹੋਣਗੇ ਅਤੇ ਉਨ੍ਹਾਂ ਦਾ ਓਟ ਆਸਰਾ ਮਿਲ ਸਕਦਾ ਹੈ।
       ਅੱਗ ਦੀ ਖੋਜ ਮਨੁੱਖ ਦੀ ਬਹੁਤ ਵੱਡੀ ਖੋਜ ਸੀ ਅਤੇ ਇਸ ਤੋਂ ਅਗਾਂਹ ਜਦੋਂ ਆਦਿ ਕਾਲ ਦੇ ਮਨੁੱਖ ਨੇ ਦੀਵੇ ਦੀ ਖੋਜ ਕਰ ਲਈ ਤਾਂ ਉਹ ਹਨੇਰੀਆਂ ਰਾਤਾਂ ਵਿੱਚ ਵੇਖਣ ਦੇ ਸਮਰੱਥ ਹੋ ਗਿਆ। ਜੀਵ ਵਿਕਾਸ ਦੀਆਂ ਖੋਜਾਂ ਦੱਸਦੀਆਂ ਹਨ ਕਿ ਆਦਿ ਕਾਲ ਦਾ ਮਨੁੱਖ ਡਰਾਕਲ ਜਿਹਾ ਜੀਵ ਸੀ। ਇਹ ਹਨੇਰੀਆਂ ਰਾਤਾਂ ਅਤੇ ਜੰਗਲੀ ਜੀਵਾਂ ਤੋਂ ਡਰ ਡਰ ਕੇ ਦਿਨ ਕੱਟਦਾ ਸੀ। ਖੂੰਖਾਰ ਜੰਗਲੀ ਜੀਵ ਅੱਗ ਤੋਂ ਡਰਦੇ ਹਨ, ਇਸ ਲਈ ਦੀਵੇ ਦੀ ਖੋਜ ਨੇ ਮਨੁੱਖੀ ਡਰ ਨੂੰ ਦੂਰ ਕਰਨ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਇਹ ਸਮਝਿਆ ਜਾਣ ਲੱਗਿਆ ਕਿ ਬਲਦੇ ਦੀਵੇ ਵਿੱਚ ਕੋਈ ਅਲੌਕਿਕ ਸ਼ਕਤੀ ਹੈ ਜੋ ਕਾਲੀਆਂ ਤਾਕਤਾਂ ਨੂੰ ਮਾਤ ਦੇ ਸਕਦੀ ਹੈ। ਦੀਵਾ ਬਾਲਣਾ ਦੀਵੇ ਵਿੱਚ ਤੇਲ ਪਾਉਣਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ। ਅੱਜ ਵੀ ਵੱਖ ਵੱਖ ਰਸਮਾਂ ਤੇ ਪਰੰਪਰਾਵਾਂ ਵਿੱਚ ਦੀਵੇ ਬਾਲਣ ਦੇ ਕਈ ਵਿਸ਼ਵਾਸ ਸਾਡੇ ਸਮਾਜ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਹਨ। ਦੀਵਾਲੀ ਦੇ ਤਿਉਹਾਰ ਨੂੰ ਵੱਖ ਵੱਖ ਧਰਮਾਂ ਦੀਆਂ ਕੁਝ ਵੱਖ ਵੱਖ ਘਟਨਾਵਾਂ ਨਾਲ ਵੀ ਜੋੜਿਆ ਜਾਂਦਾ ਹੈ, ਪਰ ਕਿਤੇ ਨਾ ਕਿਤੇ ਇਸ ਦਾ ਸਬੰਧ ਉੱਤਰੀ ਭਾਰਤ ਦੇ ਰੁੱਤ ਚੱਕਰ ਨਾਲ ਵੀ ਜੁੜਦਾ ਹੈ। ਉੱਤਰੀ ਭਾਰਤ ਵਿੱਚ ਜਦੋਂ ਸਰਦ ਰੁੱਤ ਦੀ ਆਮਦ ’ਤੇ ਰਾਤਾਂ ਲੰਮੀਆਂ ਕੱਕਰ ਭਰੀਆਂ, ਵਧੇਰੇ ਸੰਘਣੇ ਹਨੇਰੇ ਵਾਲੀਆਂ ਹੋਣ ਲੱਗਦੀਆਂ ਹਨ ਤਾਂ ਦੀਵਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ।
       ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵੇ ਦਾ ਧਰਮ ਹੈ ਕਿ ਉਹ ਹਨੇਰੇ ਖਿਲਾਫ਼ ਬਲਦਾ ਰਹੇ। ਅੱਜ ਸਾਨੂੰ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਦੀਵਿਆਂ ਦੀ ਲੋੜ ਭਾਵੇਂ ਨਹੀਂ ਰਹੀ। ਪਰ ਸਾਡੇ ਮਨਾਂ ਅੰਦਰ ਪਸਰੇ ਅੰਧਕਾਰ ਨੂੰ ਦੂਰ ਕਰਨ ਲਈ ਸਾਨੂੰ ਗਿਆਨ ਦੇ ਚਿਰਾਗਾਂ ਦੀ ਪਹਿਲਾਂ ਨਾਲੋਂ ਵੀ ਕਿਤੇ ਵੱਧ ਲੋੜ ਹੈ। ਮਨੁੱਖ ਬੇਸ਼ੱਕ ਵਿਕਾਸ ਕਰ ਰਿਹਾ ਹੈ, ਪਰ ਮਨਾਂ ਅੰਦਰਲੇ ਅੰਧਕਾਰ ਅੱਜ ਵੀ ਵਧ ਰਹੇ ਹਨ। ਅੱਜ ਸਾਡੇ ਮਨਾਂ ਅੰਦਰ ਵਿਖਾਵੇ ਦੀ ਮਨੋਬਿਰਤੀ ਬੜੀ ਪ੍ਰਬਲ ਹੋ ਗਈ ਹੈ। ਦੀਵਾਲੀ ਦੇ ਨਾਲ ਆਤਿਸ਼ਬਾਜ਼ੀ ਨੂੰ ਜੋੜ ਦਿੱਤਾ ਗਿਆ। ਸਾਡੇ ਧਰਮ ਅਸਥਾਨ ਜਿੱਥੋਂ ਲੋਕਾਈ ਨੂੰ ਮਾਨਵਤਾ ਦਾ ਪੈਗ਼ਾਮ ਮਿਲਣਾ ਹੁੰਦਾ ਹੈ, ’ਤੇ ਵੀ ਹੁਣ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਵਰਗੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਹਵਾ, ਮਿੱਟੀ ਤੇ ਪਾਣੀ ਨੂੰ ਸਾਫ਼ ਰੱਖਣ ਦਾ ਸਾਨੂੰ ਪੈਗ਼ਾਮ ਦਿੱਤਾ ਸੀ, ਉਨ੍ਹਾਂ ਦੇ ਉਸ ਪੈਗ਼ਾਮ ਦੀ ਅਵੱਗਿਆ ਉਨ੍ਹਾਂ ਦੇ ਨਾਮ ’ਤੇ ਹੀ ਕਰਨ ਲੱਗ ਪਏ ਹਾਂ। ਅਸੀਂ ਕਈ ਧਾਰਮਿਕ ਸਮਾਗਮਾਂ ’ਤੇ ਵੱਡੇ ਬੰਬ ਪਟਾਕੇ ਹਵਾ ਵਿੱਚ ਛੱਡ ਕੇ ਹਵਾ ਨੂੰ ਪਲੀਤ ਕਰਕੇ ਆਪਣੇ ਗੁਰੂ ਪ੍ਰਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਰਧਾ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
        ਅੱਜ ਦਾ ਮਨੁੱਖ ਭਾਵੇਂ ਆਪਣੇ ਆਪ ਦਾ ਵਿਕਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਅੱਜ ਵੀ ਸਾਡੇ ਮਨਾਂ ਵਿੱਚ ਕਈ ਤਰ੍ਹਾਂ ਦੇ ਅੰਧਕਾਰ ਪਸਰੇ ਹੋਏ ਹਨ। ਸਾਡਾ ਅਜੋਕਾ ਸਮਾਜ ਭਾਵੇਂ ਪੜ੍ਹ ਲਿਖ ਰਿਹਾ ਹੈ, ਵਿਗਿਆਨਕ ਤਕਨੀਕਾਂ ਦੀ ਵਰਤੋਂ ਅਸੀਂ ਹਰ ਪਲ ਕਰ ਰਹੇ ਹਾਂ, ਪਰ ਸਮਾਜ ਦੀ ਬਹੁਗਿਣਤੀ ਅਜੇ ਵੀ ਕਈ ਤਰ੍ਹਾਂ ਦੇ ਅੰਧਵਿਸ਼ਵਾਸਾਂ ਦੇ ਅੰਧਕਾਰ ਵਿੱਚ ਭਟਕ ਰਹੀ ਹੈ। ਅੰਧਵਿਸ਼ਵਾਸ ਦੀਆਂ ਹੱਟੀਆਂ ਪਾਈ ਬੈਠੇ ਕੁਝ ਅਜਿਹੇ ਲੋਕ ਹਨ ਜੋ ਮਨੁੱਖ ਦੀ ਅਗਿਆਨਤਾ ਤੋਂ ਮੋਟੀਆਂ ਕਮਾਈਆਂ ਕਰਦੇ ਹਨ। ਸਾਡੀਆਂ ਔਲਾਦਾਂ ਨੂੰ ਅਗਿਆਨੀ ਅਤੇ ਅੰਧਵਿਸ਼ਵਾਸ ਦੇ ਹਨੇਰਿਆਂ ਵਿੱਚ ਰੱਖਣ ਲਈ ਕਾਲੀਆਂ ਤਾਕਤਾਂ ਦੇ ਦਾਅਵੇਦਾਰ ਅੱਜ ਵੀ ਬੜੇ ਸਰਗਰਮ ਹਨ। ਸਾਨੂੰ ਗਿਆਨ ਵਿਗਿਆਨ ਦੇ ਪ੍ਰਕਾਸ਼ ਦੀ ਲੋੜ ਹੈ। ਸਮਾਜ ਵਿੱਚ ਭ੍ਰਿਸ਼ਟਾਚਾਰ, ਮਾਰਾਮਾਰੀ, ਗਰੀਬੀ ਤੇ ਮੰਦਹਾਲੀ ਦਾ ਗਲਬਾ ਵਧ ਰਿਹਾ ਹੈ। ਰਿਸ਼ਵਤਖੋਰੀ ਅਤੇ ਮਾੜੀਆਂ ਨੀਤੀਆਂ ਨਾਲ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਪ੍ਰਵਿਰਤੀ ਨੂੰ ਸਨਮਾਨਜਨਕ ਸਮਝਿਆ ਜਾਣ ਲੱਗ ਪਿਆ ਹੈ। ਪੜ੍ਹੇ ਲਿਖੇ ਕੁਲੀਨ ਵਰਗ ਦਾ ਕਿਰਦਾਰ ਇਹ ਹੈ ਇਹ ਆਪਣੀ ਜ਼ੁਬਾਨ, ਆਪਣੀ ਮਿੱਟੀ ਅਤੇ ਆਪਣੀਆਂ ਨਿੱਗਰ ਕਦਰਾਂ ਕੀਮਤਾਂ ਨੂੰ ਤਿਆਗਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਅਸੀਂ ਬੇਸ਼ੱਕ ਪੜ੍ਹ ਲਿਖ ਗਏ ਹਾਂ, ਪਰ ਸਾਡੇ ਮਨਾਂ ਅੰਦਰਲਾ ਅੰਧਕਾਰ ਹੋਰ ਸੰਘਣਾ ਹੋ ਰਿਹਾ ਹੈ ਜੋ ਸਾਡੇ ਲਈ ਬੇਹੱਦ ਖਤਰਨਾਕ ਹੈ। ਸਮਾਜ ਵਿੱਚ ਅੰਧਵਿਸ਼ਵਾਸਾਂ, ਰੂੜੀਵਾਦੀ ਕਰਮਕਾਂਡਾਂ ਦਾ ਗਲਬਾ ਤੇਜ਼ੀ ਨਾਲ ਵਧ ਰਿਹਾ ਹੈ। ਸਮਾਜ ਵਿੱਚ ਗੁੰਡਾਗਰਦੀ, ਹਨੇਰਗਰਦੀ, ਹੁੱਲੜਬਾਜ਼ੀ ਲਗਾਤਾਰ ਵਧ ਰਹੀ ਹੈ। ਸੰਚਾਰ ਦੇ ਸਾਧਨ ਸਾਡੇ ਸਮਾਜ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ, ਜਾਤਾਂ ਪਾਤਾਂ, ਮੰਦਰਾਂ, ਮਸਜਿਦਾਂ ਦੇ ਝਗੜਿਆਂ ਵਿੱਚ ਉਲਝਾਅ ਕੇ ਸਮਾਜ ਵਿੱਚ ਪਈਆਂ ਵੰਡੀਆਂ ਨੂੰ ਹੋਰ ਵਧਾ ਰਹੇ ਹਨ। ਸਮਾਜ ਵਿੱਚ ਵਖਰੇਵੇਂ ਸਦੀਆਂ ਤੋਂ ਚੱਲੇ ਆ ਰਹੇ ਹਨ, ਪਰ ਇਨ੍ਹਾਂ ਨੂੰ ਫਿਰਕੂ ਰੰਗਤ ਦੇ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਪ੍ਰਵਿਰਤੀ ਅੱਜ ਦੇ ‘ਸਭਿਅਕ’ ਸਮਾਜ ਵਿੱਚ ਸਿਖਰਾਂ ’ਤੇ ਹੈ। ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲਿਆਂ ਤੇ ਮਾਨਵਤਾ ਦੀ ਗੱਲ ਕਰਨ ਵਾਲਿਆਂ ਦੇ ਕਤਲ ਹੋ ਰਹੇ ਹਨ। ਡਰ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਾਨੂੰ ਅੱਜ ਇਨ੍ਹਾਂ ਸਭ ਤਰ੍ਹਾਂ ਦੀਆਂ ਹਨੇਰੀਆਂ ਤਾਕਤਾਂ ਖਿਲਾਫ਼ ਦੇਸ਼ ਦੀ ਹਰ ਨੁੱਕਰੇ ਗਿਆਨ ਵਿਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਹ ਧਰਤੀ ਜਿਸ ’ਤੇ ਸਾਡੀਆਂ ਔਲਾਦਾਂ ਨੇ ਵੀ ਰਹਿਣਾ ਹੈ, ਇਹ ਬੜਾ ਜ਼ਰੂਰੀ ਹੈ ਕਿ ਇੱਥੇ ਮਨੁੱਖ ਦੇ ਰਹਿਣ ਲਈ ਸਾਜਗਾਰ ਮਾਹੌਲ ਬਣਿਆ ਰਹੇ। ਹਰ ਤਰ੍ਹਾਂ ਦੇ ਅੰਧਕਾਰ ਖਿਲਾਫ਼, ਰੌਸ਼ਨ ਦਿਮਾਗ਼ਾਂ ਵਾਲੇ ਲੋਕਾਂ ਨੂੰ ਗਿਆਨ ਦੇ ਦੀਪ ਬਾਲਣ ਦੀ ਲੋੜ ਹੈ।
       ਅਸੀਂ ਬੇਸ਼ੱਕ ਆਟੇ ਅਤੇ ਮਿੱਟੀ ਦੇ ਬਣੇ ਦੀਵਿਆਂ ਤੋਂ ਇਲੈੱਕਟ੍ਰਾਨਿਕ ਲੜੀਆਂ ਤੱਕ ਆ ਪਹੁੰਚੇ ਹਾਂ। ਪਰ ਸਾਡੇ ਕਿਰਦਾਰ ਦਿਨੋਂ ਦਿਨ ਬੌਣੇ ਹੋ ਗਏ ਹਨ। ਸਾਡੇ ਜੀਵਨ ਵਿੱਚੋਂ ਪਵਿੱਤਰਤਾ ਗਵਾਚ ਰਹੀ ਹੈ। ਅਸੀਂ ਦੀਵਾਲੀ ਵਰਗੇ ਪਵਿੱਤਰ ਤਿਉਹਾਰ ’ਤੇ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਅ ਕੇ ਹਵਾ ਨੂੰ ਗੰਦਾ ਕਰਨ ਲੱਗ ਪਏ ਹਾਂ। ਇਸ ਦਿਨ ਕਰੋੜਾਂ ਅਰਬਾਂ ਦੇ ਪਟਾਕੇ ਚਲਾ ਕੇ ਟਨਾਂ ਦੇ ਟਨ ਜ਼ਹਿਰੀਲੀਆਂ ਗੈਸਾਂ ਦਾ ਜ਼ਹਿਰ ਹਵਾਵਾਂ ਵਿੱਚ ਘੋਲ ਦਿੰਦੇ ਹਾਂ। ਧੂੰਏਂ ਨਾਲ ਭਰੀ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਾਨੂੰ ਆਪਣੇ ਤਿਉਹਾਰਾਂ ’ਤੇ ਜਸ਼ਨ ਮਨਾਉਣੇ ਚਾਹੀਦੇ ਹਨ, ਪਰ ਇਸ ਤਰ੍ਹਾਂ ਬੰਬ ਪਟਾਕੇ ਚਲਾ ਕੇ ਹਰਗਿਜ਼ ਨਹੀਂ। ਸਾਡਾ ਆਲਾ-ਦੁਆਲਾ ਦਿਨੋਂ ਦਿਨ ਪਲੀਤ ਹੋ ਰਿਹਾ ਹੈ। ਹਾਲਾਤ ਇਹ ਬਣ ਜਾਂਦੇ ਹਨ ਕਿ ਕਦੇ ਤਾਂ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਪੰਛੀ, ਜੀਵ ਜੰਤੂ ਅਤੇ ਵੱਡੇ ਛੋਟੇ ਜਾਨਵਰ ਉੱਚੀ ਆਵਾਜ਼ ਵਿੱਚ ਚਲਦੇ ਪਟਾਕਿਆਂ ਨਾਲ ਡਰ ਜਾਂਦੇ ਹਨ। ਰੁੱਖ, ਪੌਦੇ ਤੇ ਬਨਸਪਤੀ ਆਦਿ ਵੀ ਧੂੰਏ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ। ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਇਹ ਧਰਤੀ ਕੇਵਲ ਮਨੁੱਖ ਦੇ ਰਹਿਣ ਲਈ ਨਹੀਂ ਹੈ, ਇਸ ’ਤੇ ਦੂਜੇ ਜੀਵਾਂ ਦਾ ਵੀ ਹੱਕ ਹੈ। ਨਵੰਬਰ ਵਿੱਚ ਜਦੋਂ ਤਾਪਮਾਨ ਕੁਝ ਘੱਟ ਹੋਣ ਲੱਗਦਾ ਹੈ ਤਾਂ ਧੂੰਏ ਅਤੇ ਗਰਦ ਦਾ ਗੁਬਾਰ ਵਿਸ਼ਾਲ ਇਲਾਕੇ ਨੂੰ ਕਈ ਦਿਨ ਆਪਣੀ ਗ੍ਰਿਫ਼ਤ ਵਿੱਚ ਲਈ ਰੱਖਦਾ ਹੈ। ਇਸ ਨਾਲ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਦੁੱਖ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਧੂੰਏ ਦੇ ਗੁਬਾਰ ਨਾਲ ਪਸ਼ੂ ਤੇ ਪੰਛੀਆਂ ਸਮੇਤ ਮਨੁੱਖਾਂ, ਬੱਚਿਆਂ ਸਭ ਦੀ ਜ਼ਿੰਦਗੀ ਦੇ ਕੁਝ ਸਾਲ ਘੱਟ ਹੋ ਜਾਂਦੇ ਹਨ। ਜਦੋਂ ਅਸੀਂ ਪਟਾਕੇ ਚਲਾ ਕੇ ਹਵਾ ਨੂੰ ਗੰਦਾ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਆਸ ਪਾਸ ਕੋਈ ਸਾਹ ਦਮੇ ਦਾ ਮਰੀਜ਼ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ। ਆਓ, ਆਪਾਂ ਸਭ ਇਸ ਵਾਰ ਇਹ ਪ੍ਰਣ ਕਰੀਏ ਕਿ ਅਸੀਂ ਇਨ੍ਹਾਂ ‘ਮੌਤ ਵਰਗੇ ਦਿਨਾਂ’ ਦੀ ਸਿਰਜਣਾ ਕਰਨ ਦੇ ਹਿੱਸੇਦਾਰ ਨਹੀਂ ਬਣਾਂਗੇ।
        ਸਾਨੂੰ ਚਾਹੀਦਾ ਹੈ ਕਿ ਇਸ ਦਿਨ ਅਸੀਂ ਫਜ਼ੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੇ ਕੰਮ ਆਈਏ। ਆਲੇ ਦੁਆਲੇ ਕੰਮ ਕਰਦੇ ਕਿਰਤੀ ਲੋਕਾਂ ਭਾਵੇਂ ਉਹ ਅਖ਼ਬਾਰ ਦੇ ਕੇ ਜਾਣ ਵਾਲਾ ਹੈ ਜਾਂ ਸਾਡੇ ਲਈ ਗੈਸ ਦੀ ਸਪਲਾਈ ਕਰਦਾ ਹੈ ਜਾਂ ਸਾਡੇ ਘਰ ਦੇ ਆਲੇ ਦੁਆਲੇ ਸਫ਼ਾਈ ਕਰਦਾ ਹੈ, ਉਸ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰੀਏ। ਘਰਾਂ ਵਿੱਚ ਫੁੱਲ ਬੂਟੇ ਲਾਈਏ, ਪਟਾਕਿਆਂ ਦੀ ਬਜਾਏ ਗਮਲੇ ਅਤੇ ਕਿਤਾਬਾਂ ਖਰੀਦੀਏ। ਘਰ ਵਿੱਚ ਲੱਗੇ ਗਮਲਿਆਂ ਨੂੰ ਰੰਗ ਰੋਗਨ ਕਰੀਏ। ਨਵੇਂ ਬੂਟੇ ਲਾਈਏ। ਲੋੜਵੰਦਾਂ ਦੀ ਮਦਦ ਕਰੀਏ। ਚਾਰ ਪੰਜ ਹਜ਼ਾਰ ਰੁਪਏ ਦੇ ਪਟਾਕੇ ਖਰੀਦਣ ਨਾਲੋਂ ਉਸ ਬੱਚੇ ਦੀ ਮਦਦ ਕਰੀਏ ਜਿਸ ਨੂੰ ਕਿਤਾਬਾਂ ਕਾਪੀਆਂ ਦੀ ਲੋੜ ਹੈ। ਉਸ ਬੱਚੇ ਦੀ ਮਦਦ ਲਈ ਹੱਥ ਵਧਾਈਏ ਜੋ ਆਪਣੀ ਸਕੂਲ ਦੀ ਫੀਸ ਨਹੀਂ ਦੇ ਸਕਿਆ।
        ਸਾਡੇ ਦੇਸ਼ ਦੀ ਮਿੱਟੀ ਦੇ ਜਾਏ ਸਦੀਆਂ ਤੋਂ ਹਨੇਰਗਰਦੀ ਖਿਲਾਫ਼ ਜੂਝਦੇ ਆਏ ਹਨ। ਅੱਜ ਸਾਡਾ ਪੰਜਾਬੀ ਸਮਾਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਅੰਧਕਾਰ ਦੇ ਖਿਲਾਫ਼ ਖੜ੍ਹੇ ਹੋਣ ਦੀ ਲੋੜ ਹੈ। ਇੱਥੋਂ ਦੇ ਦਾਨਿਸ਼ਵਰ, ਸਾਹਿਤਕਾਰ, ਵਿਦਵਾਨ, ਆਲਮ ਵੀ ਅੰਧਕਾਰ ਦੇ ਖਿਲਾਫ਼ ਸਮੇਂ ਸਮੇਂ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਸਾਹਿਬ ਅਤੇ ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ਾਂ ਨੇ ਕੱਟੜ ਰੂੜੀਵਾਦੀ ਧਾਰਨਾਵਾਂ ਖਿਲਾਫ਼ ਲੋਕਾਈ ਨੂੰ ਜਾਗਰੂਕ ਕੀਤਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਭਾਈ ਗੁਰਦਾਸ ਜੀ ਨੇ ਉਸ ਸਮੇਂ ਸਮਾਜ ਵਿੱਚ ਪਏ ਹਨੇਰੇ ਖਿਲਾਫ਼ ਸੱਚ ਦਾ ਸੂਰਜ ਚੜ੍ਹਨ ਨਾਲ ਤੁਲਨਾ ਕੀਤੀ। ਅੱਜ ਵੀ ਹਨੇਰਗਰਦੀ ਖਿਲਾਫ਼ ਸਾਡੇ ਸਮਾਜ ਨੂੰ ਬਲਦੇ ਅੱਖਰਾਂ ਦੀ ਲੋੜ ਹੈ। ਸਾਨੂੰ ਇਸ ਦਿਨ ਅਹਿਦ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਮਨਾਂ ਦੇ ਨਾਲ ਨਾਲ ਇਸ ਸਮਾਜ ਵਿੱਚੋਂ ਅੰਧਕਾਰ ਦੂਰ ਕਰਨ ਲਈ ਵੀ ਯਤਨਸ਼ੀਲ ਹੋਵਾਂਗੇ। ਸਾਨੂੰ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਅੰਦਰ ਅਤੇ ਬਾਹਰ ਮਾਨਵਵਾਦੀ ਦ੍ਰਿਸ਼ਟੀ ਨਾਲ ਝਾਤ ਪਾਉਣ ਦੀ ਲੋੜ ਹੈ। ਆਓ, ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ’ਤੇ ਆਪਣੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣ ਦੇ ਨਾਲ ਨਾਲ ਹਨੇਰਿਆਂ ਖਿਲਾਫ਼ ਬਲਦੇ ਰਹਿਣ ਦਾ ਸੰਕਲਪ ਕਰੀਏ।
ਸੰਪਰਕ : 98550-51099

ਪੰਜਾਬ ਦੇ ਚੌਗਿਰਦੇ ਨੂੰ ਗੈਸ ਚੈਂਬਰ ਨਾ ਬਣਨ ਦਿਓ - ਗੁਰਚਰਨ ਸਿੰਘ ਨੂਰਪੁਰ

ਸਾਡੀ ਸਾਡੀ ਲੋਕਧਾਰਾ ਵਿਚ ਪੰਜਾਬ ਨੂੰ 'ਛੇ ਰੁੱਤਾਂ ਦਾ ਦੇਸ਼' ਕਿਹਾ ਗਿਆ। ਇੱਥੇ ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ। ਹਰ ਰੁੱਤ ਦੀ ਆਪਣੀ ਮਹੱਤਤਾ ਹੈ। ਬਾਰਹਮਾਹ ਦਾ ਗੁਰਬਾਣੀ ਵਿਚ ਵਿਸ਼ੇਸ਼ ਸਥਾਨ ਹੈ ਅਤੇ ਵੱਖ-ਵੱਖ ਸਮਿਆਂ ਦੌਰਾਨ ਕਈ ਲੇਖਕਾਂ ਤੇ ਕਵੀਆਂ ਨੇ ਵੀ ਬਾਰਹਮਾਹ ਦੀ ਰਚਨਾ ਕਰਦਿਆਂ ਦੇਸ਼ ਪੰਜਾਬ ਦੇ ਬਾਰਾਂ ਮਹੀਨਿਆਂ ਦੀ ਮਹੱਤਤਾ ਅਤੇ ਰੁੱਤਾਂ ਬਾਰੇ ਬੜੀ ਸ਼ਿੱਦਤ ਨਾਲ ਜ਼ਿਕਰ ਕੀਤਾ ਹੈ। ਅੱਸੂ-ਕੱਤਕ ਦੀ ਰੁੱਤ ਅਜਿਹੀ ਰੁੱਤ ਹੈ ਜਦੋਂ ਸਰਦੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਦਿਨ ਨਿੱਕੇ ਤੇ ਰਾਤਾਂ ਵੱਡੀਆਂ ਹੋਣ ਲੱਗਦੀਆਂ ਹਨ। ਹਵਾ ਵਿਚ ਨਮੀ ਵਧਣ ਲੱਗਦੀ ਹੈ। ਹਾੜ੍ਹ, ਸਾਉਣ ਅਤੇ ਭਾਦੋਂ ਦੀ ਤਿੱਖੀ ਤੇ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲਣ ਲੱਗਦੀ ਹੈ। ਇਸ ਮੌਸਮ ਦੌਰਾਨ ਦਿਨ ਵੇਲੇ ਅਜੇ ਕੁਝ ਗਰਮੀ ਹੁੰਦੀ ਹੈ ਤੇ ਰਾਤਾਂ ਠੰਢੀਆਂ ਹੋਣ ਲੱਗਦੀਆਂ ਹਨ।
        ਪਿਛਲੇ ਕੁਝ ਅਰਸੇ ਤੋਂ ਅਸੀਂ ਹਰ ਸਾਲ ਨਵੰਬਰ ਦੇ ਮਹੀਨੇ ਦੌਰਾਨ ਆਪਣੇ ਆਲੇ ਦੁਆਲੇ ਨੂੰ ਗੈਸ ਚੈਂਬਰ ਵਿਚ ਤਬਦੀਲ ਕਰ ਲੈਂਦੇ ਹਾਂ। ਨਮੀ ਨਾਲ ਭਾਰੀ ਹੋਈ ਹਵਾ ਵਿਚ ਜਦੋਂ ਧੂੰਏਂ ਅਤੇ ਧੂੜ ਦੇ ਕਣ ਸੰਘਣੇ ਹੋਣ ਲਗਦੇ ਹਨ ਤਾਂ ਚਾਰ ਚੁਫੇਰੇ ਧੂੰਏਂ ਦੀ ਸੰਘਣੀ ਪਰਤ ਬਣ ਜਾਂਦੀ ਹੈ ਜਿਸ ਵਿਚ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਰਸੇ ਤੋਂ ਹਵਾ ਦਾ ਪ੍ਰਦੂਸ਼ਣ ਸਾਡੇ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਸ਼ਵ ਪੱਧਰ 'ਤੇ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਤ 20 ਸ਼ਹਿਰਾਂ ਦੀ ਜੋ ਸੂਚੀ ਬਣਾਈ ਹੈ, ਉਸ ਵਿਚ 14 ਭਾਰਤ ਦੇ ਸ਼ਹਿਰ ਹਨ। ਇਨ੍ਹਾਂ ਦਿਨਾਂ ਦੌਰਾਨ ਕਾਰਖ਼ਾਨਿਆਂ, ਭੱਠਿਆਂ ਦਾ ਧੂੰਆਂ, ਝੋਨੇ ਦੀ ਪਰਾਲੀ ਦਾ ਸੜਨਾ, ਤਿਉਹਾਰਾਂ ਦੌਰਾਨ ਚਲਾਏ ਜਾਣ ਵਾਲੇ ਪਟਾਕੇ, ਵਾਹਨਾਂ ਚੋਂ ਨਿਕਲਣ ਵਾਲਾ ਧੂੰਆਂ, ਵਿਆਹਾਂ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ 'ਤੇ ਕੀਤੀ ਜਾਂਦੀ ਆਤਿਸ਼ਬਾਜ਼ੀ ਆਦਿ ਸਰਗਰਮੀਆਂ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਹਵਾ ਵਿਚ ਤੈਰਦੇ P$2.5 ਪ੍ਰਦੂਸ਼ਕ ਕਣ ਜੋ 2.5 ਮਾਈਕ੍ਰੋਨ ਤੋਂ ਵੀ ਛੋਟੇ ਧੂੜ ਦੇ ਕਣ ਹੁੰਦੇ ਹਨ ਦੀ ਭਰਮਾਰ ਹਵਾ ਵਿਚ ਵਧ ਜਾਂਦੀ ਹੈ। ਪਲੀਤ ਹੋਏ ਆਲੇ-ਦੁਆਲੇ ਵਿਚ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਪ੍ਰਦੂਸ਼ਿਤ ਕਣ ਫੇਫੜਿਆਂ ਰਾਹੀਂ ਸਾਡੇ ਖ਼ੂਨ ਵਿਚ ਜਾ ਮਿਲਦੇ ਹਨ ਜੋ ਸਾਡੇ ਸੋਚਣ ਸਮਝਣ ਦੀ ਸ਼ਕਤੀ 'ਤੇ ਅਸਰ ਅੰਦਾਜ਼ ਹੁੰਦੇ ਹਨ ਅਤੇ ਸਾਹ ਪ੍ਰਣਾਲੀ ਦੇ ਨਾਲ ਦਿਲ ਦੀ ਕਾਰਜ ਪ੍ਰਣਾਲੀ 'ਤੇ ਵੀ ਇਹ ਬੁਰਾ ਪ੍ਰਭਾਵ ਪਾਉਂਦੇ ਹਨ। ਦਿਲ ਅਤੇ ਛਾਤੀ ਨਾਲ ਸੰਬੰਧਿਤ ਰੋਗੀਆਂ ਦੀ ਮੌਤ ਦਰ ਇਨ੍ਹਾਂ ਦਿਨਾਂ ਵਿਚ ਸਾਲ ਦੇ ਬਾਕੀ ਮਹੀਨਿਆਂ ਨਾਲੋਂ ਵਧ ਜਾਂਦੀ ਹੈ। ਮਰਗ ਦੇ ਭੋਗਾਂ ਦੇ ਸੱਦੇ ਇਨ੍ਹਾਂ ਦਿਨਾਂ ਵਿਚ ਸਭ ਤੋਂ ਵੱਧ ਹੁੰਦੇ ਹਨ। ਜਿੱਥੇ ਇਸ ਅਰਸੇ ਦੌਰਾਨ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ ਉੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਵਰਗ ਦੇ ਲੋਕਾਂ ਦੀ ਸਿਹਤ 'ਤੇ ਇਨ੍ਹਾਂ 'ਮੌਤ ਦੇ ਦਿਨਾਂ' ਵਾਲੇ ਦਿਨਾਂ ਦੇ ਅਰਸੇ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਸ਼ਿਕਾਗੋ ਯੂਨੀਵਰਸਿਟੀ ਦੇ 'ਐਨਰਜੀ ਪਾਲਿਸੀ ਇੰਸਟੀਚਿਊਟ' ਦੀ ਪਿਛਲੇ ਅਰਸੇ ਦੌਰਾਨ ਆਈ ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਉੱਤਰ ਭਾਰਤ ਦੇ ਲੋਕਾਂ ਦੀ ਸੰਘਣੇ ਪ੍ਰਦੂਸ਼ਣ ਵਾਲੀ ਹਵਾ ਵਿਚ ਸਾਹ ਲੈਣ ਕਾਰਨ ਬਾਕੀ ਦੁਨੀਆ ਦੇ ਮੁਕਾਬਲੇ 9 ਤੋਂ 10 ਸਾਲ ਉਮਰ ਘਟ ਸਕਦੀ ਹੈ।
         ਇਹ ਨਹੀਂ ਕਿ ਕੇਵਲ ਭਾਰਤ ਵਿਚ ਹੀ ਪ੍ਰਦੂਸ਼ਣ ਦੀ ਸਮੱਸਿਆ ਹੈ, ਦੁਨੀਆ ਦੇ ਕੁਝ ਹੋਰ ਦੇਸ਼ ਵੀ ਹਨ ਜਿੱਥੇ ਵਿਕਾਸ ਦੇ ਮੰਜ਼ਰ ਨੇ ਜ਼ਿੰਦਗੀ ਆਜਾਬ ਬਣਾ ਦਿੱਤੀ ਹੈ। ਬ੍ਰਾਜ਼ੀਲ ਦੇ ਸ਼ਹਿਰ ਕਿਊਬਟਾਉ ਨੂੰ ਹਵਾ ਦੇ ਪ੍ਰਦੂਸ਼ਣ ਕਰਕੇ 'ਮੌਤ ਦੀ ਵਾਦੀ' ਆਖਿਆ ਜਾਣ ਲੱਗਿਆ ਹੈ। ਇਸੇ ਤਰ੍ਹਾਂ ਪਿਛਲੇ ਅਰਸੇ ਦੌਰਾਨ ਸਵਿਟਜ਼ਰਲੈਂਡ ਵਿਚ ਪਾਰਕਿੰਗ ਵਾਲੀਆਂ ਥਾਵਾਂ ਨੂੰ ਘਟਾਉਣਾ ਪਿਆ ਤਾਂ ਕਿ ਲੋਕ ਕਾਰਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਅਤੇ ਹਵਾ ਸਾਫ਼ ਰਹੇ। ਚੀਨ ਦੇ ਬੀਜਿੰਗ ਵਰਗੇ ਸ਼ਹਿਰਾਂ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾਂਦੇ ਹਨ। । ਇਨ੍ਹਾਂ ਵਿਚ ਦੋ ਸੌ ਫੁੱਟ ਉੱਚਾ ਪਾਣੀ ਦਾ ਛਿੜਕਾਅ ਵਰਗੇ ਢੰਗ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਵਿਗਿਆਨੀ ਮਸਨੂਈ ਬੱਦਲਾਂ ਨਾਲ ਮੀਹ ਪਵਾਉਣ ਦੀ ਕੋਸ਼ਿਸ਼ ਲਈ ਵੀ ਸਿਰਤੋੜ ਯਤਨ ਕਰ ਰਹੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਪਾਕਿਸਤਾਨ ਦਾ ਲਾਹੌਰ ਸ਼ਹਿਰ ਸਭ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਆਉਂਦਾ ਹੈ। ਦਿੱਲੀ ਵਿਚ ਵੀ ਸੜਕਾਂ ਨੇੜਲੇ ਰੁੱਖਾਂ 'ਤੇ ਪਾਣੀ ਦਾ ਛਿੜਕਾਅ ਕਰਕੇ ਹਵਾ ਨੂੰ ਸਾਫ਼ ਕਰਨ ਦੀਆਂ ਅਸਫ਼ਲ ਜਿਹੀਆਂ ਕੋਸ਼ਿਸ਼ਾਂ ਹਰ ਸਾਲ ਹੋਣ ਲੱਗੀਆਂ ਹਨ, ਪਰ ਇਹ ਸਭ ਕੁਝ ਇਸ ਮਸਲੇ ਦਾ ਕੋਈ ਠੋਸ ਜਾਂ ਸਦੀਵੀ ਹੱਲ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਹੈ ਜਿਹੜੇ ਸੋਮਿਆਂ ਤੋਂ ਧੂੜ ਜਾਂ ਮਿੱਟੀ ਘੱਟੇ ਦੇ ਕਣ ਪੈਦਾ ਹੁੰਦੇ ਹਨ ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬੰਦ ਕਰਨ ਲਈ ਠੋਸ ਪ੍ਰੋਗਰਾਮ ਬਣਾਏ ਜਾਣ।
        ਰੂਸ ਦਾ ਇੱਕ ਪ੍ਰਸਿੱਧ ਕਹਾਣੀਕਾਰ ਹੈ ਐਂਤੋਨ ਚੈਖਵ, ਉਸ ਦੀ ਇੱਕ ਪ੍ਰਸਿੱਧ ਕਹਾਣੀ ਹੈ ''ਖੋਲ ਵਿਚ ਰਹਿੰਦਾ ਆਦਮੀ" ਇਸ ਕਹਾਣੀ ਵਿਚ ਉਸ ਨੇ ਦੱਸਿਆ ਕਿ ਅਸੀਂ ਸਾਰੇ ਆਪਣੇ ਆਪਣੇ ਨਿਰਧਾਰਤ ਕੀਤੇ ਵੱਖ-ਵੱਖ ਪ੍ਰਕਾਰ ਦੇ ਖੋਲਾਂ ਵਿਚ ਰਹਿੰਦੇ ਹਾਂ। ਹੁਣ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਖੋਲ ਵਿਚ ਰਹਿੰਦਿਆਂ ਅਸੀਂ ਆਪਣੀ ਧਰਤੀ ਨੂੰ ਇੱਕ ਅਜਿਹਾ ਗੈਸ ਚੈਬਰ ਬਣਾਉਣ ਲਈ ਯਤਨਸ਼ੀਲ ਹਾਂ ਜਿਸ ਦੇ ਸਿਰਜਕ ਅਸੀਂ ਮਨੁੱਖ ਹਾਂ। ਅਤੇ ਇਸ ਚੈਂਬਰ ਵਿਚ ਸਾਡਾ ਹੁਣ ਦਮ ਘੁਟਣ ਲੱਗ ਪਿਆ ਹੈ। ਇਹ ਸਾਡੇ ਸਮਿਆਂ ਦਾ ਸੰਤਾਪ ਨਹੀਂ ਤਾਂ ਹੋਰ ਕੀ ਹੈ? ਅਸੀਂ ਆਪਣੇ ਕੀਤੇ ਨਾਲ ਹਵਾ ਨੂੰ ਏਨਾ ਪਲੀਤ ਕਰ ਦਿੰਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਇਸ ਹਵਾ ਵਿਚ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ। ਸਰਕਾਰਾਂ ਨੂੰ ਇਨ੍ਹਾਂ ਦਿਨਾਂ ਵਿਚ ਛੁੱਟੀਆਂ ਕਰਨੀਆਂ ਪੈਂਦੀਆਂ ਹਨ। ਸਿਹਤ ਮੰਤਰਾਲੇ ਵਲੋਂ ਇਨ੍ਹਾਂ ਮੌਤ ਦੇ ਦਿਨਾਂ ਨੂੰ ਲੈ ਕੇ ਹੁਣ ਹਿਦਾਇਤਾਂ ਜਾਰੀ ਹੋਣ ਲੱਗੀਆਂ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲੋ। ਸਾਹ ਅਤੇ ਦਿਲ ਦੇ ਰੋਗੀ ਕਿਸੇ ਜ਼ਰੂਰੀ ਕੰਮ ਵੀ ਬਾਹਰ ਨਾ ਜਾਣ। ਇਨ੍ਹਾਂ ਮੌਤ ਦੇ ਦਿਨਾਂ ਦੌਰਾਨ ਜਦੋਂ ਚਾਰ ਚੁਫੇਰੇ ਘੱਟੇ-ਮਿੱਟੀ, ਧੂੰਏਂ ਅਤੇ ਅੱਗਾਂ ਦਾ ਆਲਮ ਹੁੰਦਾ ਹੈ ਪੰਛੀ ਇਸ ਪਲੀਤ ਹਵਾ ਵਿਚ ਉੱਡ ਨਹੀਂ ਸਕਦੇ। ਚਾਰ ਚੁਫ਼ੇਰੇ ਧੂਆਂ ਹੋਣ ਕਰਕੇ ਚੋਗਾ ਚੁਗਣ ਤੇ ਪਾਣੀ ਦੇ ਸੋਮੇ ਲੱਭਣ ਵਰਗੀਆਂ ਕਠਿਨਾਈਆਂ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਇਹ ਮਾਲੂਕ ਜਿੰਦਾਂ ਸਹਿਮ ਅਤੇ ਗਹਿਰੇ ਸਦਮੇ ਵਿਚ ਚਲੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਪੰਛੀ ਇਨ੍ਹਾਂ ਦਿਨਾਂ ਦੌਰਾਨ ਮਰ ਜਾਂਦੇ ਹਨ। ਇਹ ਸਭ ਕੁਝ ਵੇਖ ਕੇ ਮਨੁੱਖ ਦੀ ਸੋਚ 'ਤੇ ਤਰਸ ਆਉਂਦਾ ਹੈ।
ਕਿੰਨੀ ਘੁਟਨ ਹੈ ਯਾਰੋ, ਬੁਲਾਓ ਕੁਝ ਹਵਾ ਦੇ ਬੁੱਲੇ,
ਰਾਤਾਂ ਨਿੱਖਰੀਆਂ ਹੋਵਣ, ਦਿਨਾਂ 'ਚੋਂ ਮਹਿਕ ਜਿਹੀ ਆਵੇ।
      ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਡੇ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ। ਸ਼ਾਇਦ ਸਾਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਸਫ਼ਾਈ ਦਾ ਅਰਥ ਘਰ ਦੇ ਕਮਰੇ ਤੇ ਵਿਹੜਾ ਸਾਫ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਜੇਕਰ ਅਸੀਂ ਚੰਗੀ ਜਿੰਦਗੀ ਬਸਰ ਕਰਨੀ ਹੈ ਤਾਂ ਸਾਡਾ ਆਲਾ-ਦੁਆਲਾ ਅਤੇ ਹਵਾ ਮਿੱਟੀ ਪਾਣੀ ਵੀ ਸਾਫ ਸੁਥਰਾ ਹੋਣੇ ਚਾਹੀਦੇ ਹਨ।
      ਪਿਛਲੇ ਕੁਝ ਅਰਸੇ ਤੋਂ ਹਰ ਖੇਤਰ ਵਿਚ ਬੇਅਕਲੀ ਨਾਲ ਹੋਈ ਤਰੱਕੀ ਨਾਲ ਸਾਡਾ ਵਾਤਾਵਰਨ ਬਿਮਾਰ ਹੋ ਗਿਆ ਹੈ। ਬਿਮਾਰ ਵਾਤਾਵਰਨ ਵਿਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਦੀਆਂ ਪਹਿਲਾਂ ਮਨੁੱਖ ਕੋਲ ਸਾਧਨ ਬੇਸ਼ੱਕ ਥੋੜ੍ਹੇ ਸਨ ਪਰ ਸਬਰ ਸੀ, ਸੰਤੋਖ ਸੀ। ਵਿਕਾਸ ਤੇ ਤਰੱਕੀ ਦੇ ਦੌਰ ਵਿਚ ਜ਼ਿੰਦਗੀ ਦੇ ਅਰਥ ਗਵਾਚ ਗਏ ਅਤੇ ਸਾਡੇ ਜ਼ਿਹਨ 'ਤੇ ਦਿਖਾਵੇ ਦੀ ਮਨੋਬਿਰਤੀ ਭਾਰੂ ਹੋ ਗਈ। ਹੁਣ ਤਾਂ ਧਾਰਮਿਕ ਸਰਗਰਮੀਆਂ ਵਿਚ ਵੀ ਦਿਖਾਵੇ ਦੀ ਪ੍ਰਵਿਰਤੀ ਪ੍ਰਵੇਸ਼ ਕਰ ਗਈ ਹੈ। ਧਰਮਿਕ ਸਮਾਗਮਾਂ ਦੌਰਾਨ ਸੜਕਾਂ 'ਤੇ ਵੱਧ ਤੋਂ ਵੱਧ ਪਟਾਕੇ ਚਲਾ ਕੇ ਵਿਖਾਉਣਾ ਜਿਵੇਂ ਸਮਾਗਮਾਂ ਦਾ ਹਿੱਸਾ ਬਣ ਗਿਆ ਹੈ। ਹੁਣ ਪ੍ਰਭਾਤ ਫੇਰੀਆਂ ਦੌਰਾਨ ਵੀ ਹਵਾ ਵਿਚ ਉੱਚੇ ਜਾ ਕੇ ਬਲਾਸਟ ਕਰਨ ਵਾਲੇ ਵੱਡੇ ਬੰਬ ਚਲਾਏ ਜਾਂਦੇ ਹਨ, ਉਸ ਮਹਾਨ ਗੁਰੂ ਦੇ ਨਾਮ 'ਤੇ ਵੀ ਜਿਸ ਨੇ ਹਵਾ ਪਾਣੀ ਅਤੇ ਮਿੱਟੀ ਸਾਫ਼ ਰੱਖਣ ਦੀ ਸਾਨੂੰ ਤਾਕੀਦ ਕੀਤੀ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲੀ ਦੌਰਾਨ ਚਲਾਈ ਜਾਂਦੀ ਆਤਿਸ਼ਬਾਜ਼ੀ ਵਿਚ ਪਰਿਕਰਮਾਂ ਵਿਚ ਏਨਾ ਧੂੰਆਂ ਹੋ ਜਾਂਦਾ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਇੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ, ਆਤਿਸ਼ਬਾਜੀ ਚਲਾਉਣ ਦਾ ਸਮਾਂ ਕੁੱਝ ਘੱਟ ਕਰ ਦਿੱਤਾ ਗਿਆ ਹੈ। ਪਰ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬਾਨ ਇੱਥੋਂ ਤੱਕ ਕਿ ਪਿੰਡਾਂ ਦੇ ਗੁਰਦੁਆਰਿਆਂ ਵਿਚ ਵੀ ਇਸ ਦਾ ਚਲਣ ਭਾਰੂ ਹੋ ਰਿਹਾ ਹੈ। ਇਹ ਸਭ ਸਾਨੂੰ ਸਾਡੇ ਧਰਮ ਸਾਡੀ ਸੰਸਕ੍ਰਿਤੀ ਜਾਂ ਸੱਭਿਆਚਾਰ ਨੇ ਨਹੀਂ ਦਿੱਤਾ ਬਲਕਿ ਬਾਜ਼ਾਰ ਨੇ ਸਾਡੇ ਅੱਗੇ ਪਰੋਸਿਆ ਹੈ। ਸਾਨੂੰ ਬਾਜ਼ਾਰੂ ਮਨੋਬਿਰਤੀ ਤਿਆਗ ਕੇ ਕੁਦਰਤ ਨਾਲ ਸਾਂਝ ਪਾਉਣ ਦੀ ਲੋੜ ਹੈ। ਮਨੁੱਖ ਰੂਹਾਨੀ ਸਬਰ ਸ਼ਾਂਤੀ ਤੋਂ ਤੋੜ ਵਿਛੋੜਾ ਕਰਕੇ ਵਿਖਾਵਾ ਕਰਕੇ ਆਪਣੇ ਅੰਦਰਲੇ ਖਾਲੀਪਣ ਨੂੰ ਭਰਨ ਦੀ ਕੋਸ਼ਿਸ਼ ਕਰਨ ਲੱਗਾ ਹੈ। ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਧਰਤੀ ਦੇ ਹਵਾ ਪਾਣੀ ਨੂੰ ਬਚਾਈਏ ਫਜ਼ੂਲ ਖਰਚੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਰਾਹ ਤੁਰੀਏ। ਪੰਜਾਬ ਦੀ ਧਰਤੀ ਹਰੇ ਭਰੇ ਰੁੱਖਾਂ ਨਾਲ ਭਰਪੂਰ ਹੋਵੇ ਇਸ ਦੇ ਅਸਮਾਨ 'ਤੇ ਕਾਲਾ ਧੂੰਆਂ ਨਹੀਂ ਬਲਕਿ ਨੀਲੇ ਅਸਮਾਨ 'ਤੇ ਚਿੱਟੇ ਬੱਦਲਾਂ ਦੀ ਕਾਮਨਾ ਕਰੀਏ। ਜਿੱਥੇ ਅਸੀਂ ਅਤੇ ਸਾਡੇ ਮਾਸੂਮ ਬੱਚਿਆਂ ਨੇ ਸਾਹ ਲੈਣਾ ਹੈ। ਉਸ ਹਵਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦਾ ਅਹਿਦ ਕਰੀਏ।
        ਆਓ, ਇਸ ਵਾਰ ਆਪਣੇ ਰੰਗਲੇ ਪੰਜਾਬ ਨੂੰ ਜ਼ਹਿਰੀਲੀ ਹਵਾ ਦਾ ਚੈਂਬਰ ਨਾ ਬਣਨ ਦੇਈਏ। ਆਪਣੀ ਸਮਝ ਤੇ ਵਿਵੇਕ ਤੋਂ ਕੰਮ ਲਈਏ। ਹਰ ਤਰ੍ਹਾਂ ਪ੍ਰਦੂਸ਼ਣ ਅਤੇ ਹਵਾ ਵਿਚ ਧੂੰਏਂ ਦਾ ਜ਼ਹਿਰ ਘੋਲਣ ਤੋਂ ਗੁਰੇਜ ਕਰੀਏ। ਸਾਡੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਕੁਦਰਤ ਦੇ ਸਤਿਕਾਰ ਲਈ ਹੋਣੀਆਂ ਚਾਹੀਦੀਆਂ ਹਨ। ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਦੇ ਮੋੜ 'ਤੇ ਖੜ੍ਹਾ ਹੈ। ਇਹ ਧਰਤੀ ਜੋ ਸਾਨੂੰ ਮਾਂ ਬਣ ਕੇ ਪਾਲਦੀ ਹੈ, ਦਾ ਮਾਣ ਸਤਿਕਾਰ ਕਰਨ ਦਾ ਹੁਨਰ ਸਿੱਖੀਏ।
- ਜ਼ੀਰਾ/ ਮੋ: 9855051099

ਪਰਾਲੀ ਦੀ ਸਮੱਸਿਆ ਦਾ ਹੱਲ ਕੀ ਹੋਵੇ - ਗੁਰਚਰਨ ਸਿੰਘ ਨੂਰਪੁਰ

ਮਿੱਟੀ, ਪਾਣੀ ਅਤੇ ਹਵਾ ਦੀ ਬਰਬਾਦੀ ਤੋਂ ਹੋਈ ਵੱਟਕ ਨੇ ਪੰਜਾਬੀਆਂ ਲਈ ਅਖੌਤੀ ਵਿਕਾਸ ਦੇ ਭਰਮ ਦੀ ਸਿਰਜਣਾ ਕੀਤੀ ਹੈ। ਇਹ ਭਰਮ ਪੰਜਾਬ ਲਈ ਬੇਹੱਦ ਘਾਤਕ ਸਾਬਤ ਹੋ ਰਿਹਾ ਹੈ। ਪੰਜਾਬ ਦੀ ਜ਼ਰਖੇਜ਼ ਮਿੱਟੀ ਵਿਚ ਹੁਣ ਜ਼ਹਿਰ ਦੀ ਫਸਲ ਉੱਗਣ ਲੱਗ ਪਈ ਹੈ। ਇੱਥੋਂ ਦੀਆਂ ਹਵਾਵਾਂ ਪਲੀਤ ਹੋ ਗਈਆਂ ਹਨ ਅਤੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ। ਖੇਤੀ ਸਬੰਧੀ ਕੋਈ ਠੋਸ ਅਤੇ ਉਸਾਰੂ ਨੀਤੀ ਨਾ ਹੋਣ ਕਰ ਕੇ ਝੋਨੇ ਕਣਕ ਦੇ ਫਸਲੀ ਚੱਕਰ ਵਿਚ ਪਏ ਕਿਸਾਨਾਂ ਨੇ ਆਪਣੇ 50 ਤੋਂ 150 ਫੁੱਟ ਤੱਕ ਦੇ ਪਾਣੀਆਂ ਦੇ ਭੰਡਾਰਾਂ ਦਾ ਖਾਤਮਾ ਕਰ ਲਿਆ ਹੈ, ਅਸੀਂ ਹੁਣ ਇਸ ਤੋਂ ਹੇਠਲਾ ਪਾਣੀ ਤੇਜ਼ੀ ਨਾਲ ਬਰਬਾਦ ਕਰ ਕੇ ਆਪਣੀ ਧਰਤੀ ਦੇ ਵਿਨਾਸ਼ ਦਾ ਮੁੱਢ ਬੰਨ੍ਹ ਰਹੇ ਹਾਂ।
       ਸਾਡੇ ਆਬੋ-ਹਵਾ ਪਲੀਤ ਹੋਣ ਦੇ ਹੋਰ ਵੀ ਕਾਰਨ ਹਨ ਪਰ ਇਹਨਾਂ ਵਿਚੋਂ ਵੱਡਾ ਕਾਰਨ ਹੈ ਕਿ ਅਸੀਂ ਹਰ ਛੇ ਮਹੀਨੇ ਬਾਅਦ ਨਾੜ ਜਾਂ ਪਰਾਲੀ ਨੂੰ ਅੱਗ ਲਾ ਕੇ ਬਹੁਤ ਸਾਰਾ ਪ੍ਰਦੂਸ਼ਣ ਹਵਾ ਵਿਚ ਫੈਲਾਅ ਦਿੰਦੇ ਹਾਂ। ਧਰਤੀ ’ਚੋਂ ਆਨਾਜ ਲੈਣ ਤੋਂ ਬਾਅਦ ਇਸ ਨੂੰ ਇਉਂ ਲੂਹ ਸੁੱਟਣਾ ਕੁਦਰਤੀ ਅਤੇ ਨੈਤਿਕ ਪੱਖ ਤੋਂ ਕਿਵੇਂ ਵੀ ਜਾਇਜ਼ ਨਹੀਂ। ਕਈ ਵਾਰ ਤਾਂ ਗਿੱਲੀ ਪਰਾਲੀ ਨੂੰ ਹੀ ਅੱਗ ਲਾ ਦਿੱਤੀ ਜਾਂਦੀ ਹੈ ਜੋ ਦੋ ਦੋ ਦਿਨ ਧੁਖਦੀ ਰਹਿੰਦੀ ਹੈ ਅਤੇ ਸੰਘਣੇ ਧੂੰਏਂ ਨਾਲ ਕਈ ਵਾਰ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਘਾਤਕ ਗੈਸਾਂ ਜਿਵੇਂ ਕਾਰਬਾਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਦੀ ਮਾਤਰਾ ਹਵਾ ਵਿਚ ਵਧ ਜਾਂਦੀ ਹੈ। ਇਹ ਜ਼ਹਿਰੀਲੀ ਹਵਾ ਜਿੱਥੇ ਹਰ ਤਰ੍ਹਾਂ ਦੇ ਜੀਵਨ ਲਈ ਹਾਨੀਕਾਰਕ ਹੈ, ਉੱਥੇ ਸਾਹ ਦਮੇ ਦੇ ਰੋਗੀਆਂ ਲਈ ਮਾਰੂ ਸਾਬਤ ਹੁੰਦੀ ਹੈ।
       ਖੇਤੀ ਦੀ ਰਹਿੰਦ-ਖੂੰਹਦ ਨੂੰ ਲਾਈ ਅੱਗ ਨਾਲ ਵੱਡੇ ਨੁਕਸਾਨ ਜੁੜੇ ਹੋਏ ਹਨ। ਆਮ ਤੌਰ ’ਤੇ ਕਿਸਾਨ ਇਹ ਸਭ ਕੁਝ ਵਾਧੂ ਖਰਚੇ ਤੋਂ ਬਚਣ ਲਈ ਕਰਦੇ ਹਨ ਪਰ ਇਸ ਨਾਲ ਹੁੰਦੇ ਨੁਕਸਾਨ ਬਾਰੇ ਕਿਸਾਨਾਂ ਨੂੰ ਬਹੁਤ ਸੁਚੇਤ ਨਹੀਂ ਕੀਤਾ ਗਿਆ। ਨਾੜ ਜਾਂ ਪਰਾਲੀ ਸਾੜਨ ਨਾਲ ਖੇਤੀ ਲਈ ਲੋੜੀਂਦੇ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ। ਬਹੁਤ ਸਾਰੇ ਅਜਿਹੇ ਪੰਛੀ ਜੋ ਖਤਰਨਾਕ ਕੀੜੇ ਖਾਂਦੇ ਹਨ, ਉਹ ਜਾਂ ਤਾਂ ਦਮ ਘੁਟਣ ਨਾਲ ਮਰਦੇ ਹਨ ਜਾਂ ਦੂਰ ਹੋਰ ਖੇਤਰਾਂ ਵੱਲ ਉੱਡ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਪੰਜਾਬ ਵਿਚ ਖੇਤੀ ਵੰਨ-ਸਵੰਨਤਾ ਘਟੀ ਹੈ, ਕੁਝ ਪੰਛੀਆਂ ਦੀਆਂ ਨਸਲਾਂ ਲੋਪ ਹੋ ਗਈਆਂ ਹਨ। ਖੇਤੀ ਲਈ ਸਹਾਇਕ ਜੈਵਿਕ ਕਿਰਿਆਵਾਂ ਵਾਲੇ ਕੀੜੇ ਮਰਨ ਅਤੇ ਪੰਛੀਆਂ ਘਾਟ ਕਾਰਨ ਖੇਤੀ ਦੀਆਂ ਬਿਮਾਰੀਆਂ ਵਧੀਆਂ ਹਨ ਜਿਸ ਸਦਕਾ ਕੀਟਨਾਸ਼ਕਾਂ ਦੀ ਵਰਤੋਂ ਹੋਰ ਵਧੀ ਹੈ। ਇਉਂ ਨਾੜ ਜਾਂ ਪਰਾਲੀ ਨੂੰ ਲਾਈ ਅੱਗ ਜਿੱਥੇ ਵਾਤਾਵਰਨ ਲਈ ਘਾਤਕ ਹੈ, ਉੱਥੇ ਕਿਸਾਨਾਂ ਲਈ ਹੋਰ ਖਰਚਿਆਂ ਦਾ ਕਾਰਨ ਵੀ ਬਣਦੀ ਹੈ। ਤੀਜਾ, ਇਸ ਨਾਲ ਮਿੱਟੀ ਦੀ ਪੈਦਾਵਾਰ ਸ਼ਕਤੀ ਘਟਦੀ ਹੈ।
       ਕੁਝ ਅਰਸੇ ਤੋਂ ਸਾਡੀਆਂ ਸਰਕਾਰਾਂ ਇਸ ਬਾਰੇ ਕੁਝ ਹੱਦ ਤੱਕ ਫਿਕਰਮੰਦ ਹੋਣ ਲੱਗੀਆਂ ਹਨ। ਹੁਣ ਕੁਝ ਵਿਗਿਆਨਕ ਤਰਜੀਹਾਂ ’ਤੇ ਵੀ ਕੰਮ ਹੋਣ ਲੱਗਾ ਹੈ। ਪੰਜਾਬ ਸਰਕਾਰ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਟਾਂ ਕਲਾਂ ਵਿਚ ਪਰਾਲੀ ਤੋਂ ਸੀਐੱਨਜੀ ਬਣਾਉਣ ਵਾਲਾ ਪਲਾਂਟ ਲਾਇਆ ਹੈ। ਇਹ ਪਲਾਂਟ ਜਿਸ ਨੂੰ ਕੰਪਰੈਸਡ ਬਾਇਓ ਗੈਸ ਕਿਹਾ ਜਾਂਦਾ ਹੈ, ਵਿਚ ਬਿਨਾ ਆਕਸੀਜਨ ਦੇ ਸੰਪਰਕ ਵਿਚ ਆਇਆਂ ਅਤੇ ਬਿਨਾ ਪ੍ਰਦੂਸ਼ਣ ਕੀਤਿਆਂ ਪਰਾਲੀ ਗਾਲ ਕੇ ਸੀਐੱਨਜੀ ਪੈਦਾ ਹੋਵੇਗੀ। ਇਹ ਚੰਗੀ ਸ਼ੁਰੂਆਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੇਤਰ ਵਿਚ ਅਜਿਹੇ ਹੋਰ ਵਿਗਿਆਨਕ ਢੰਗਾਂ ’ਤੇ ਕੰਮ ਕਰੇ ਤਾਂ ਕਿ ਖੇਤੀ ਦੇ ਹਰ ਤਰ੍ਹਾਂ ਦੇ ਕਚਰੇ ਦਾ ਨਿਬੇੜਾ ਸੌਖੇ ਢੰਗ ਨਾਲ ਹੋ ਸਕੇ ਅਤੇ ਇਸ ਤੋਂ ਕੁਝ ਆਮਦਨ ਤੇ ਰੁਜ਼ਗਾਰ ਵੀ ਮਿਲੇ। ਹੁਣ ਤੱਕ ਇਸ ਸਬੰਧੀ ਕਈ ਪੈਂਤੜੇ ਅਪਣਾਏ ਗਏ ਪਰ ਇਹਨਾਂ ਵਿਚੋਂ ਕੋਈ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ। ਹੈਪੀ ਸੀਡਰ, ਸੁਪਰ ਸੀਡਰ ਅਤੇ ਹੁਣੇ ਜਿਹੇ ਆਏ ਸਮਾਰਟ ਸੀਡਰ ਵੀ ਕੁਝ ਹੱਦ ਤੱਕ ਕੁਝ ਖੇਤਰਾਂ ਵਿਚ ਕਾਮਯਾਬ ਹਨ। ਵੱਡੀ ਗਿਣਤੀ ਛੋਟੇ ਕਿਸਾਨਾਂ ਕੋਲ ਵੱਡੇ ਟਰੈਕਟਰ ਨਹੀਂ, ਨਾ ਉਹਨਾਂ ਕੋਲ ਇੰਨਾ ਸਰਮਾਇਆ ਹੈ ਕਿ ਉਹ ਆਪਣੇ ਖਰਚੇ ’ਤੇ ਪਰਾਲੀ ਬਿਲੇ ਲਾਉਣ। ਇਹਦੇ ਲਈ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇ ਪਰਾਲੀ ਨੂੰ ਅੱਗ ਲਾਏ ਬਗੈਰ ਸਰ ਸਕਦਾ ਹੈ ਤਾਂ ਉਹ ਅੱਗ ਲਾਉਣ ਤੋਂ ਗੁਰੇਜ਼ ਕਰਨ। ਪੰਜਾਬ ਵਿਚ ਅਜਿਹੇ ਕਈ ਕਿਸਾਨ ਹਨ ਜੋ ਕਣਕ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਉਂਦੇ। ਸਰਕਾਰ ਮਿਸਾਲ ਬਣ ਰਹੇ ਅਜਿਹੇ ਕਿਸਾਨਾਂ ਨੂੰ ਉਤਸ਼ਾਹਿਤ ਕਰੇ।
       ਸਾਡੀ ਧਰਤੀ ਸਾਨੂੰ ਯੁੱਗਾਂ ਤੋਂ ਪਾਲਦੀ ਆਈ ਹੈ। ਇਹ ਰਿਜ਼ਕ ਦਿੰਦੀ ਹੈ। ਮਨੁੱਖੀ ਨਸਲ ਨੂੰ ਅਗਾਂਹ ਵਿਕਾਸ ਕਰਨ ਦੇ ਮੌਕੇ ਮੁਹੱਈਆ ਕਰਦੀ ਹੈ। ਅਸੀਂ ਆਪਣੀ ਧਰਤੀ ਦੀ ਬਹੁਤ ਬੇਕਦਰੀ ਕੀਤੀ ਹੈ। ਅਸੀਂ ਧਰਤੀ ਨੂੰ ਜ਼ਹਿਰਾਂ ਦੀ ਪਰਤ ਚਾੜ੍ਹ ਰਹੇ ਹਾਂ। ਟਨਾਂ ਦੇ ਟਨ ਜ਼ਹਿਰਾਂ ਇੱਥੋਂ ਦੇ ਆਬੋ-ਹਵਾ ਵਿਚ ਖਪਤ ਹੋ ਰਹੀਆਂ ਹਨ। ਫਲਸਰੂਪ, ਪੰਜਾਬ ਦੀ ਧਰਤੀ ਤੇਜ਼ੀ ਨਾਲ ਵੱਡੇ ਹਸਪਤਾਲ ਦਾ ਰੂਪ ਲੈ ਰਹੀ ਹੈ। ਇੱਥੇ ਕੈਂਸਰ, ਹੈਪੇਟਾਈਟਸ ਬੀ ਤੇ ਸੀ, ਦਮਾ, ਸ਼ੁਕਰਾਣੂਆਂ ਦੀ ਘਾਟ, ਕਈ ਤਰ੍ਹਾਂ ਦੇ ਬੁਖਾਰ, ਸ਼ੂਗਰ, ਯੂਰਿਕ ਐਸਿਡ, ਹਾਰਟ ਅਟੈਕ, ਲਿਵਰ ਸਿਰੋਸਸ ਵਰਗੇ ਰੋਗ ਫੈਲ ਰਹੇ ਹਨ। ਲੱਖਾਂ ਲੋਕਾਂ ਦੀ ਮੌਤ ਇਕੱਲੇ ਕੈਂਸਰ ਨਾਲ ਹੋਈ ਹੈ ਅਤੇ ਲੱਖਾਂ ਲੋਕ ਇਸ ਤੋਂ ਰਾਹਤ ਲਈ ਹਸਪਤਾਲਾਂ ਦੇ ਚੱਕਰ ਕੱਢ ਰਹੇ ਹਨ। ਮਹਿੰਗੇ ਇਲਾਜ ਨੇ ਕੁਝ ਘਰਾਂ ਦੀਆਂ ਜ਼ਮੀਨਾਂ, ਇੱਥੋਂ ਤੱਕ ਕਿ ਘਰ ਦੀਆਂ ਥਾਵਾਂ ਵੀ ਵਿਕਵਾ ਦਿੱਤੀਆਂ ਹਨ।
       ਕੁਝ ਹੱਦ ਤੱਕ ਭਾਵੇਂ ਤਕਨੀਕ ਵਿਕਸਤ ਹੋਈ ਹੈ ਪਰ ਸਰਕਾਰਾਂ ਦੇ ਪਰਾਲੀ ਸਾੜਨ ਤੋਂ ਰੋਕਣ ਦੇ ਯਤਨ ਨਾਕਾਫੀ ਹਨ। ਕਿਹਾ ਜਾਂਦਾ ਹੈ ਕਿ ਕਿਸਾਨ ਪਰਾਲੀ ਇਕੱਠੀ ਕਰ ਕੇ ਹੋਰ ਸੂਬਿਆਂ ਜਿੱਥੇ ਪਸ਼ੂਆਂ ਦੇ ਚਾਰੇ ਦੀ ਘਾਟ ਹੈ, ਨੂੰ ਵੇਚ ਸਕਦੇ ਹਨ, ਇਸ ਨੂੰ ਗੱਤਾ ਤਿਆਰ ਕਰਨ ਵਾਲੀਆਂ ਮਿੱਲਾਂ ਵਿਚ ਵੇਚਿਆ ਜਾ ਸਕਦਾ ਹੈ ਪਰ ਸੂਬੇ ਵਿਚ ਗੱਤਾ ਮਿੱਲਾਂ ਕਿੰਨੀਆਂ ਕੁ ਹਨ? ਪਰਾਲੀ ਅਤੇ ਨਾੜ ਸਾੜਨ ਤੋਂ ਰੋਕਣ ਲਈ ਜਿੱਥੇ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਸਰਕਾਰ ਨੂੰ ਹੋਰ ਸੁਹਿਰਦ ਹੋਣ ਅਤੇ ਯੋਗ ਉਪਰਾਲੇ ਕਰਨ ਦੀ ਲੋੜ ਹੈ।
       ਧਰਤੀ ’ਤੇ ਜੀਵਨ ਲਈ ਸਾਜ਼ਗਾਰ ਹਾਲਾਤ ਲਈ ਹਰ ਤਰ੍ਹਾਂ ਦਾ ਪ੍ਰਦੂਸ਼ਣ ਘੱਟ ਕਰਨ ਦੀ ਲੋੜ ਹੈ। ਹਰ ਮਨੁੱਖ ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਸਬੰਧ ਰੱਖਦਾ ਹੋਵੇ, ਉਸ ਦੇ ਜਿਊਣ ਦੀ ਹਰ ਸਰਗਰਮੀ ਸਿਰਫ ਮੁਨਾਫੇ ਲਈ ਨਹੀਂ ਹੋਣੀ ਚਾਹੀਦੀ। ਅੱਜ ਹਾਲਾਤ ਇਹ ਹਨ ਕਿ ਅਸੀਂ ਕੁਦਰਤ ਨਾਲੋਂ ਟੁੱਟ ਗਏ ਹਾਂ ਅਤੇ ਪਦਾਰਥਾਂ ਲਈ ਜਿਊਣ ਲੱਗ ਪਏ ਹਾਂ। ਕੁਦਰਤ ਪ੍ਰਤੀ ਸਾਡਾ ਇਹ ਵਿਹਾਰ ਆਉਣ ਵਾਲੀਆਂ ਨਸਲਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਅਸੀਂ ਪੰਜਾਬ ਦੇ ਲੋਕ ਹਰ ਸਮੇਂ ਦੂਜਿਆਂ ਦੇ ਕੰਮ ਆਉਣ ਲਈ ਤਤਪਰ ਰਹਿੰਦੇ ਹਾਂ, ਲੋੜਵੰਦਾਂ ਲਈ ਸੜਕਾਂ ਬਾਜ਼ਾਰਾਂ ਚੌਰਾਹਿਆਂ ’ਤੇ ਲੰਗਰ ਲਾਉਂਦੇ ਹਾਂ, ਮੇਲੇ ਮਨਾਉਂਦੇ ਹਾਂ ਪਰ ਅਸੀਂ ਵਾਤਾਵਰਨ ਬਾਰੇ ਓਨੇ ਗੰਭੀਰ ਨਹੀਂ। ਵਾਤਾਵਰਨ ਨੂੰ ਸਾਫ ਰੱਖਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਪਿੰਡ ਵਿਚ ਸੰਸਥਾ ਬਣੇ ਜੋ ਦੂਜਿਆਂ ਨੂੰ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਾਉਣ ਬਾਰੇ ਪ੍ਰੇਰੇ।
       ਪਰਾਲੀ ਸਾੜਨਾ ਗਲਤ ਰਵਾਇਤ ਹੈ, ਇਸ ਦੇ ਨਤੀਜੇ ਜੀਵਨ ਲਈ ਖਤਰਨਾਕ ਹਨ। ਅਸੀਂ ਸਭ ਨੇ ਇਕ ਦਿਨ ਧਰਤੀ ਤੋਂ ਰੁਖ਼ਸਤ ਹੋ ਜਾਣਾ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਕੋਲ ਜੇ ਪੈਸਾ ਘੱਟ ਹੋਵੇਗਾ ਤਾਂ ਉਹ ਆਪਣੀ ਸੂਝ ਸਿਆਣਪ ਨਾਲ ਹੋਰ ਕਮਾ ਲੈਣਗੀਆਂ ਪਰ ਜੇ ਵਾਤਾਵਰਨ ਗੰਧਲਾ ਹੋਵੇਗਾ ਤਾਂ ਉਹ ਸਾਡੀ ਸੋਚ ’ਤੇ ਅਫਸੋਸ ਹੀ ਜ਼ਾਹਿਰ ਕਰਨਗੀਆਂ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਰ ਗਤੀਵਿਧੀ ਖਿਲਾਫ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ।
ਸੰਪਰਕ : 98550-51099

ਆਓ, ਘਰਾਂ ਦੀ ਸਲਾਮਤੀ ਦੀ ਕਾਮਨਾ ਕਰੀਏ    - ਗੁਰਚਰਨ ਸਿੰਘ ਨੂਰਪੁਰ

ਅਸੀਂ ਸਾਰੇ ਇਸ ਜ਼ਮੀਨ 'ਤੇ ਕੁਝ ਸਮਾਂ ਰਹਿਣ ਲਈ ਆਏ ਹਾਂ।
ਇੱਥੇ ਰਹਿਣ ਆਏ ਮਨੁੱਖ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਉਸ ਦਾ ਘਰ ਹੈ। ਸਿਰਫ ਮਕਾਨ ਹੀ ਘਰ ਨਹੀਂ ਹੁੰਦਾ। ਜੇਕਰ ਅਜਿਹਾ ਹੁੰਦਾ ਤਾਂ ਸ਼ਾਇਦ ਦਫ਼ਤਰਾਂ, ਅਦਾਲਤਾਂ, ਥਾਣਿਆਂ ਦੇ ਪਿੱਛੇ ਵੀ ਘਰ ਸ਼ਬਦ ਦਾ ਉਪਯੋਗ ਹੋਣਾ ਸੀ। ਭਾਵੇਂ ਜੇਲ੍ਹਾਂ ਲਈ ਲਫਜ਼ ਸੁਧਾਰਘਰ ਵਰਤਿਆ ਜਾਂਦਾ ਹੈ ਪਰ ਇਹ ਬੜਾ ਓਪਰਾ ਜਿਹਾ ਲਗਦਾ ਹੈ। ਘਰ ਸਾਡੇ ਪੁਰਖਿਆਂ ਦੀਆਂ ਯਾਦਾਂ ਦੇ ਗਵਾਹ ਹੁੰਦੇ ਹਨ। ਘਰ ਨੇ ਸਾਡੇ ਪਰਿਵਾਰ ਦੀਆਂ ਉਦਾਸੀਆਂ, ਗ਼ਮੀਆਂ, ਲਾਚਾਰੀਆਂ, ਬੇਵਸੀਆਂ ਨੂੰ ਸਾਡੇ ਪਰਿਵਾਰ ਦੇ ਜੀਆਂ ਦੇ ਨਾਲ-ਨਾਲ ਦੇਖਿਆ ਅਤੇ ਜੀਵਿਆ ਹੁੰਦਾ ਹੈ। ਘਰ ਨਿੱਕੇ ਬਾਲਾਂ ਦੀਆਂ ਕਿਲਕਾਰੀਆਂ, ਲੋਰੀਆਂ ਤੋਂ ਲੈ ਕੇ ਸ਼ਗਨਾਂ ਵਾਲੇ ਗੀਤਾਂ, ਘੋੜੀਆਂ, ਚਾਵਾਂ, ਮਲਾਰਾਂ ਦਾ ਇਤਿਹਾਸ ਹੁੰਦੇ ਹਨ।
        ਆਪਣੀ ਸੱਭਿਅਤਾ ਦੇ ਸ਼ੁਰੂਆਤੀ ਦੌਰ ਵਿਚ ਮਨੁੱਖ ਨੇ ਜਦੋਂ ਸੰਘਣੇ ਵਣਾਂ ਤੋਂ ਹੇਠਾਂ ਉਤਰ ਕੇ ਕਿਸੇ ਪਹਾੜੀ ਗੁਫ਼ਾ ਦੀ ਪਨਾਹ ਲਈ ਤਾਂ ਇਹ ਸ਼ਾਇਦ ਉਹ ਮਨੁੱਖ ਦਾ ਸਭ ਤੋਂ ਪਹਿਲਾ ਘਰ ਸੀ। ਇਸ ਲੱਭਤ ਦੀ ਖੁਸ਼ੀ ਵਿਚ ਉਸ ਨੇ ਚਾਂਗਰਾਂ ਮਾਰੀਆਂ ਹੋਣਗੀਆਂ। ਉਸ ਤੋਂ ਇਹ ਚਾਅ ਚੁੱਕਿਆ ਨਹੀਂ ਗਿਆ ਹੋਵੇਗਾ ਤੇ ਇਸ ਦੀ ਖੁਸ਼ੀ ਵਿਚ ਉਹ ਕਈ ਰਾਤਾਂ ਸੁੱਤਾ ਨਹੀਂ ਹੋਣਾ। ਇਹੋ ਹੀ ਘਰ ਸੀ ਜੋ ਉਸ ਦੀ ਨਸਲ ਨੂੰ ਅੱਗੇ ਤੋਰਨ ਲਈ ਮਦਦਗਾਰ ਸਾਬਤ ਹੋਇਆ। ਜਿਵੇਂ-ਜਿਵੇਂ ਮਨੁੱਖ ਦੀ ਸਮਝ ਨੇ ਵਿਕਾਸ ਕੀਤਾ, ਉਵੇਂ-ਉਵੇਂ ਉਹਦੇ ਘਰ ਬਣਾਉਣ ਦੀ ਪ੍ਰੀਕਿਰਿਆ ਅਤੇ ਇਹਦੇ ਲਈ ਵਰਤੇ ਜਾਣ ਵਾਲੇ ਸਾਮਾਨ ਵਿਚ ਵੀ ਵੱਡੇ ਬਦਲਾਅ ਆਏ। ਮਨੁੱਖ ਦੇ ਘਰ ਬਣਾਉਣ ਲਈ ਸਭ ਵਸੀਲਿਆਂ ਤੋਂ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਰੁੱਖਾਂ ਦੀ ਰਹੀ ਹੈ। ਕੇਵਲ ਮਨੁੱਖ ਹੀ ਨਹੀਂ ਪੰਛੀਆਂ ਜਾਨਵਰਾਂ ਦੇ ਘਰਾਂ ਲਈ ਸਭ ਤੋਂ ਵੱਡਾ ਓਟ-ਆਸਰਾ ਰੁੱਖ ਹੀ ਹਨ।
        ਅਕਸਰ ਕਿਹਾ ਜਾਂਦਾ ਹੈ ਕਿ ਚਿੜੀਆਂ, ਕਾਵਾਂ, ਤੋਤਿਆਂ ਨੂੰ ਵੀ ਆਪਣੇ ਘਰ ਪਿਆਰੇ ਹੁੰਦੇ ਹਨ। ਧਰਤੀ 'ਤੇ ਰਹਿਣ ਵਾਲੇ ਬਹੁਗਿਣਤੀ ਮਨੁੱਖਾਂ ਦੀ ਪੂਰੀ ਜ਼ਿੰਦਗੀ ਦੀ ਸਰਗਰਮੀ ਘਰਾਂ ਨੂੰ ਸਮਰਪਿਤ ਹੁੰਦੀ ਹੈ। ਦੇਸ਼ਾਂ ਵਿਦੇਸ਼ਾਂ ਵਿਚ ਘਰਾਂ ਲਈ ਖੱਟੀਆਂ ਖੱਟਣ ਗਿਆਂ ਦੀ ਮਨਸ਼ਾ ਵੀ ਘਰਾਂ ਨੂੰ ਚਾਰ ਚੰਨ ਲਾਉਣ ਦੀ ਹੁੰਦੀ ਹੈ ਪਰ ਮਨੁੱਖ ਦੇ ਅੰਦਰਲੀਆਂ ਮਨੋਬਿਰਤੀਆਂ ਅਜਿਹੀਆਂ ਹਨ ਕਿ ਉਹ ਜਿਹੜੀਆਂ ਥਾਵਾਂ 'ਤੇ ਰਹਿੰਦਾ ਹੈ, ਉਨ੍ਹਾਂ ਨਾਲ ਉਸ ਨੂੰ ਅਕਸਰ ਲਗਾਅ ਹੋ ਜਾਂਦਾ ਹੈ। ਇਹ ਵਿਗਿਆਨਕ ਤੱਥ ਹੈ ਕਿ ਘਰ ਦੀ ਟੁੱਟ-ਭੱਜ ਹੋਣ ਜਾਂ ਦੁਬਾਰਾ ਬਣਾਉਣ ਨਾਲ ਘਰ ਵਿਚ ਰਹਿਣ ਵਾਲੇ ਅਤਿ ਸੰਵੇਦਨਸ਼ੀਲ ਲੋਕ ਅਕਸਰ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ।
        ਪ੍ਰਵਾਸ 'ਤੇ ਜਾਣਾ ਅਤੇ ਰਹਿਣ ਲਈ ਥਾਵਾਂ ਬਦਲਣੀਆਂ ਮਨੁੱਖ ਦੇ ਸੁਭਾਅ ਵਿਚ ਸ਼ਾਮਿਲ ਹੈ। 'ਘਰ' ਦੱਸਦੇ ਹਨ ਕਿ ਉਨ੍ਹਾਂ ਵਿਚ ਰਹਿਣ ਵਾਲੇ ਵਿਆਕਤੀ ਦੀ ਸਮਝ ਦਾ ਪੱਧਰ ਕੀ ਹੈ। ਨਸ਼ਈਆਂ, ਅਮਲੀਆਂ, ਸ਼ਰਾਬੀਆਂ ਦੇ ਘਰ ਦੀ ਹਰ ਸ਼ੈਅ ਉਦਾਸ ਹੋ ਜਾਂਦੀ ਹੈ। ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਘਰ ਬਣਾਉਣ ਦੇ ਤੌਰ-ਤਰੀਕੇ ਵੀ ਅਲੱਗ-ਅਲੱਗ ਹਨ। ਕੁਝ ਲੋਕ ਉੱਚੀਆਂ ਕਿਲ੍ਹੇ ਵਰਗੀਆਂ ਚਾਰ-ਦੀਵਾਰੀਆਂ ਵਾਲੇ ਘਰ ਬਣਾਉਣ ਦੇ ਸ਼ੌਕੀਨ ਹੁੰਦੇ ਹਨ। ਸ਼ਹਿਰਾਂ ਤੋਂ ਦੂਰ ਪਹਾੜਾਂ 'ਤੇ ਰਹਿਣ ਵਾਲੇ ਲੋਕ ਕੁਦਰਤ ਨਾਲ ਵਧੇਰੇ ਰਚੇ-ਮਿਚੇ ਹੋਣ ਕਰਕੇ ਚਾਰਦੀਵਾਰੀਆਂ ਰਹਿਤ ਘਰ ਬਣਾਉਂਦੇ ਹਨ। ਦੁਨੀਆ ਵਿਚ ਕੁਝ ਇਲਾਕੇ ਅਜਿਹੇ ਹਨ, ਜਿੱਥੇ ਲੱਕੜੀ ਦੀਆਂ ਛੱਤਾਂ ਅਤੇ ਲੱਕੜੀ ਦੇ ਫਰਸ਼ ਵਾਲੇ ਘਰ ਬਣਾਏ ਜਾਂਦੇ ਹਨ। ਬਰਫ਼ੀਲੇ ਇਲਾਕਿਆਂ ਵਿਚ ਢਾਲਵੀਆਂ ਛੱਤਾਂ ਵਾਲੇ ਘਰ ਵਧੇਰੇ ਕਾਰਗਰ ਸਾਬਤ ਹੁੰਦੇ ਹਨ। ਘਰਾਂ ਦਾ ਮੋਹ ਤਿਆਗਣਾ ਸੌਖਾ ਨਹੀਂ ਹੁੰਦਾ। ਪਰ ਕਈ ਵਾਰ ਅਜਿਹੇ ਦੁਖਾਂਤ ਵਾਪਰਦੇ ਹਨ ਕਿ ਲੱਖਾਂ ਲੋਕਾਂ ਨੂੰ ਘਰ ਛੱਡਣੇ ਪੈ ਜਾਂਦੇ ਹਨ। ਜਦੋਂ ਕੁਰਸੀਆਂ ਅਤੇ ਚੌਧਰਾਂ ਦੀ ਭੁੱਖ ਨੇ ਦੇਸ਼ ਦੇ ਦੋ ਟੋਟੇ ਕੀਤੇ ਤਾਂ ਲੱਖਾਂ ਲੋਕ ਹੱਸਦੇ-ਵਸਦੇ ਘਰ ਛੱਡ ਬੇਘਰ ਹੋ ਗਏ। ਮੇਰੇ ਦਾਦਾ ਜੀ ਪਾਕਿਸਤਾਨ ਦੇ ਆਪਣੇ ਪਿਆਰੇ ਪਿੰਡ ਬਗਿਆਣੇ ਵਿਚਲੇ ਆਪਣੇ ਘਰ ਨੂੰ ਜਦੋਂ ਯਾਦ ਕਰਦੇ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ। ਕੋਝੀ ਰਾਜਨੀਤੀ ਦਾ ਇਹ ਕਰੂਰ ਵਰਤਾਰਾ ਸੀ ਕਿ ਆਪਣੇ ਪਿੰਡ ਦੀ ਮਿੱਟੀ ਨੂੰ ਦੁਬਾਰਾ ਵੇਖਣ ਦਾ ਸੁਪਨਾ ਆਪਣੇ ਸੀਨੇ ਵਿਚ ਦਫ਼ਨ ਕਰਕੇ ਮੇਰੇ ਦਾਦਾ ਜੀ ਇਸ ਧਰਤੀ ਤੋਂ ਰੁਖ਼ਸਤ ਹੋ ਗਏ। ਅਜਿਹੀ ਹੋਣੀ ਹੋਰ ਵੀ ਲੱਖਾਂ ਮਨੁੱਖਾਂ ਨਾਲ ਸਰਹੱਦ ਦੇ ਦੋਵੀਂ ਪਾਸੀਂ ਵਾਪਰੀ।ਘਰ ਮਨੁੱਖ ਦਾ ਰੈਣ-ਬਸੇਰਾ ਹੈ। ਘਰ ਆਰਾਮਦਾਇਕ ਹੋਣਾ ਚਾਹੀਦਾ ਹੈ। ਘਰ ਦੀ ਬਣਾਵਟ ਅਜਿਹੀ ਹੋਣੀ ਚਾਹੀਦੀ ਹੈ ਕਿ ਘਰ ਵਿਚ ਰਹਿਣ ਵਾਲਿਆਂ ਨੂੰ ਸ਼ਾਂਤੀ ਤੇ ਖੁਸ਼ੀ ਮਿਲੇ। ਪੈਸੇ ਦੀ ਬਹੁਤਾਤ ਅਤੇ ਅਗਿਆਨਤਾ ਕਰਕੇ ਅੰਦਰੋਂ ਖਾਲੀ ਹੋਇਆ ਮਨੁੱਖ ਚੀਜ਼ਾਂ ਵਸਤਾਂ ਵਿਚ ਤਸੱਲੀ ਭਾਲਦਾ ਹੈ। ਆਪਣੀ ਹਊਮੇ ਨੂੰ ਪੱਠੇ ਪਾਉਣ ਲਈ ਬੇਲੋੜੀਆਂ ਬਹੁਮੰਜ਼ਲੀਆਂ ਕੋਠੀਆਂ ਉਸਾਰਨੀਆਂ, ਘਰਾਂ 'ਤੇ ਬੇਤਹਾਸ਼ਾ ਪੈਸਾ ਖਰਚ ਕਰਨਾ, ਅੱਜ ਦੇ ਦੌਰ ਵਿਚ ਕੁਝ ਲੋਕਾਂ ਦਾ ਸ਼ੌਕ ਬਣ ਗਿਆ ਹੈ। ਕੁਝ ਲੋਕ ਘਰ ਬਣਾਉਂਦੇ ਸਮੇਂ ਅਜਿਹੀ ਸੋਚ ਰੱਖਦੇ ਹਨ ਕਿ ਸੈਂਕੜੇ ਸਾਲਾਂ ਤੱਕ ਕਈ ਪੀੜ੍ਹੀਆਂ ਨੂੰ ਦੁਬਾਰਾ ਘਰ ਬਣਾਉਣ ਦੀ ਲੋੜ ਹੀ ਨਾ ਰਹੇ। ਘਰ ਸਾਦਾ, ਸੋਹਣਾ ਤੇ ਮਜ਼ਬੂਤ ਹੋਵੇ ਤਾਂ ਚੰਗੀ ਗੱਲ ਹੈ। ਪਰ ਘਰ ਬਣਾਉਣ ਵਰਗੇ ਕਲਾਤਮਿਕ ਕੰਮ ਦਾ ਕੁਝ ਹਿੱਸਾ ਆਪਣੀ ਔਲਾਦ ਲਈ ਵੀ ਛੱਡ ਕੇ ਜਾਣਾ ਚਾਹੀਦਾ ਹੈ। ਨਾਲੇ ਅਸੀਂ ਆਪਣੀਆਂ ਕਈ ਪੀੜ੍ਹੀਆਂ ਦਾ ਠੇਕਾ ਨਹੀਂ ਲਿਆ ਕਿ ਉਨ੍ਹਾਂ ਦੇ ਰੈਣ-ਬਸੇਰਿਆਂ ਦਾ ਪ੍ਰਬੰਧ ਅਸੀਂ ਹੀ ਕਰਕੇ ਜਾਣਾ ਹੈ। ਮੈਂ ਇਕ 80 ਸਾਲਾ ਬਜ਼ੁਰਗ ਅਮੀਰ ਬੰਦੇ ਨੂੰ ਜਾਣਦਾ ਹਾਂ, ਜਿਸ ਦਾ ਇੱਕੋ-ਇਕ ਲੜਕਾ ਪਰਿਵਾਰ ਸਮੇਤ ਅਮਰੀਕਾ ਦਾ ਵਸਨੀਕ ਹੈ। ਇਹ ਬਜ਼ੁਰਗ ਪਿਛਲੇ 4-5 ਸਾਲਾਂ ਤੋਂ ਆਪਣੇ ਰਹਿਣ ਲਈ ਘਰ ਬਣਵਾ ਰਿਹਾ ਹੈ, ਜਿਸ ਨੂੰ ਮੁਕੰਮਲ ਹੋਣ ਵਿਚ ਕੁਝ ਸਾਲ ਅਜੇ ਹੋਰ ਲੱਗਣੇ ਬਾਕੀ ਹਨ। ਅਨੇਕਾਂ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਘਰ ਦੇ ਜੀਅ ਤਾਂ 2-3 ਹਨ ਪਰ ਘਰ ਦੇ ਕਮਰਿਆਂ ਦੀ ਗਿਣਤੀ 15-20 ਹੁੰਦੀ ਹੈ। ਕਿੰਨੇ ਜੀਆਂ ਵਾਲਾ ਪਰਿਵਾਰ ਕਿਸ ਤਰ੍ਹਾਂ ਦਾ ਘਰ ਬਣਾਵੇ, ਇਸ ਬਾਰੇ ਸਾਡਾ ਸੋਚ-ਵਿਚਾਰ ਕਰਨਾ ਅਜੇ ਬਾਕੀ ਹੈ। ਜਦੋਂ ਅਸੀਂ ਇਸ ਬਾਰੇ ਸੋਚਾਂਗੇ ਤਾਂ ਇਸ ਨਾਲ ਘਰ ਬਣਾਉਣ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੇ ਰੇਟਾਂ ਵਿਚ ਕਮੀ ਆਵੇਗੀ, ਨਾਜਾਇਜ਼ ਉਸਾਰੀਆਂ ਵੀ ਰੁਕਣਗੀਆਂ ਤੇ ਧਰਤੀ 'ਤੇ ਉਸਰ ਰਹੇ ਸੀਮੈਂਟ ਦੇ ਜੰਗਲ ਨੂੰ ਵੀ ਕੁਝ ਹੱਦ ਤੱਕ ਠੱਲ੍ਹ ਪਵੇਗੀ। ਇਸ ਨਾਲ ਸ਼ਾਇਦ ਉਨ੍ਹਾਂ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇ ਜੋ ਕਈ ਸਾਲਾਂ ਤੋਂ ਆਪਣਾ ਘਰ ਬਣਾਉਣ ਲਈ ਸੋਚ ਰਹੇ ਹਨ।
       ਘਰ ਘੱਟ ਕਮਰਿਆਂ ਵਾਲਾ ਤੇ ਹਵਾਦਾਰ ਹੋਣਾ ਚਾਹੀਦਾ ਹੈ। ਘਰ ਨੂੰ ਬਣਾਉਣ ਲਈ ਕਿਸੇ ਵਸਤੂ-ਸ਼ਾਸਤਰੀ ਦੀ ਲੋੜ ਨਹੀਂ। ਅੱਜਕਲ੍ਹ ਨਕਸ਼ੇ ਬਣਾਉਣ ਵਾਲੇ ਕਿਚਨ, ਡਾਇਨਿੰਗ ਰੂਮ, ਗੈਸਟ ਰੂਮ, ਬੈੱਡ ਰੂਮ, ਸਰਵੈਂਟ ਰੂਮ ਆਦਿ ਨੇ ਨਾਲ-ਨਾਲ ਪੂਜਾ ਰੂਮ ਵੀ ਬਣਾ ਰਹੇ ਹਨ। ਅੱਜ ਦੀ ਮੁੱਖ ਲੋੜ ਇਹ ਹੈ ਹਰ ਇਕ ਘਰ ਦੇ ਵਿਚ ਬਹੁਤ ਸਾਰੇ ਕਮਰੇ ਭਾਵੇਂ ਨਾ ਹੋਣ ਪਰ ਕਿਤਾਬਾਂ ਲਈ ਕਿਸੇ ਕੋਨੇ ਵਿਚ ਥੋੜ੍ਹੀ ਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ। ਜਿਸ ਵਿਚ ਗਿਆਨ-ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਪਈਆਂ ਹੋਣ। ਅੱਜ ਜਦੋਂ ਸਾਡਾ ਸਮਾਜ ਇਕ ਤਰ੍ਹਾਂ ਦੀ ਬੌਧਿਕ ਕੰਗਾਲੀ ਵਰਗੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਘਰ ਭਾਵੇਂ ਨਿੱਕਾ ਅਤੇ ਸਾਦਾ ਹੋਵੇ ਪਰ ਇਸ ਵਿਚ ਰਹਿਣ ਵਾਲੇ ਜੀਆਂ ਦੀਆਂ ਸੋਚਾਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ। ਘਰ ਵਿਚ ਜਿੰਨੀ ਵੀ ਹੋ ਸਕੇ ਉਹ ਥਾਂ ਜ਼ਰੂਰ ਹੋਣੀ ਚਾਹੀਦੀ ਹੈ, ਜਿੱਥੇ ਅਸਮਾਨ ਨਾਲ ਸਾਡਾ ਰਾਬਤਾ ਬਣਿਆ ਰਹੇ। ਚੰਨ, ਤਾਰਿਆਂ ਤੇ ਬੱਦਲਾਂ ਨੂੰ ਦੇਖਿਆ ਜਾ ਸਕੇ, ਨਿੱਘੀਆਂ ਧੁੱਪਾਂ ਨੂੰ ਸੇਕਿਆ ਜਾ ਸਕੇ। ਜਿੱਥੇ ਹੱਥੀਂ ਲਾਏ ਰੁੱਖਾਂ ਨੂੰ ਪਾਲਣ ਦਾ ਮਾਣ ਹਾਸਲ ਕੀਤਾ ਜਾ ਸਕੇ। ਬੁਲਬੁਲਾਂ, ਚਿੜੀਆਂ, ਕਾਵਾਂ ਤੋਤਿਆਂ ਨਾਲ ਰਾਬਤਾ ਰੱਖਿਆ ਜਾ ਸਕੇ। 'ਘਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ' ਸਿਰਲੇਖ ਵਾਲਾ ਇਕ ਲੇਖ ਪੜ੍ਹਦਿਆਂ ਮੈਂ ਪੜ੍ਹਿਆ ਕਿ ਕਿਹੜਾ-ਕਿਹੜਾ ਕਮਰਾ ਕਿੱਥੇ ਅਤੇ ਕਿੰਨੇ ਮਾਪ ਦਾ ਹੋਵੇ? ਲੇਖਕ ਨੇ ਲੇਖ ਦੇ ਅਖੀਰ ਵਿਚ ਲਿਖਿਆ ਕਿ ਦਸ ਬਾਈ ਅੱਠ ਦਾ ਇਕ ਨੌਕਰ ਵਾਸਤੇ ਕਮਰਾ ਘਰ ਦੀ ਪਿਛਲੀ ਗੁੱਠ ਵਿਚ ਹੋਣਾ ਚਾਹੀਦਾ ਹੈ। ਇਸ ਵਿਚ ਵਿਸ਼ੇਸ਼ ਬੈੱਲ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਹਰ ਕਮਰੇ 'ਚੋਂ ਲੋੜ ਪੈਣ 'ਤੇ ਨੌਕਰ ਨੂੰ ਬੁਲਾਇਆ ਜਾ ਸਕੇ। ਇਸ ਅੱਠ ਬਾਈ ਦਸ ਫੁੱਟ ਦੇ ਕਮਰੇ ਵਿਚ ਰਹਿਣ ਵਾਲੇ ਮਨੁੱਖ ਦੇ 'ਘਰ' ਦੀ ਬਣਾਵਟ ਕਿਸ ਤਰ੍ਹਾਂ ਦੀ ਹੋਵੇ। ਇਸ ਬਾਰੇ ਸੋਚਿਆ-ਵਿਚਾਰਿਆ ਜਾਣਾ ਫਿਲਹਾਲ ਸਾਡੀ ਸੋਚ ਵਿਚ ਸ਼ਾਮਿਲ ਨਹੀਂ ਹੈ।
       ਹਰ ਇਕ ਘਰ ਦਾ ਆਪਣਾ ਇਕ ਨਿੱਜੀ ਵਿਵਹਾਰ ਹੁੰਦਾ ਹੈ। ਕੁਝ ਘਰਾਂ ਦੇ ਲੋਕ ਆਮ ਗੱਲਬਾਤ ਵੀ ਕਰਨ ਤਾਂ ਇੰਝ ਲਗਦਾ ਕਿ ਲੜ ਰਹੇ ਹਨ। ਕੁਝ ਘਰਾਂ ਵਿਚ ਬੜੀ ਸ਼ਾਂਤੀ ਹੁੰਦੀ ਹੈ। ਉੱਥੇ ਗੁੱਸੇ-ਗਿਲੇ ਦਾ ਸਮਾਂ ਵੀ ਮਿੰਟਾਂ ਤੱਕ ਸੀਮਤ ਹੁੰਦਾ ਹੈ। ਕੁਝ ਘਰਾਂ ਵਿਚ ਪ੍ਰਾਹੁਣਾ ਆ ਜਾਏ ਤਾਂ ਉਹਦਾ ਜਾਣ 'ਤੇ ਜੀਅ ਨਹੀਂ ਕਰਦਾ, ਕੁਝ ਘਰਾਂ ਵਿਚ ਦੂਜੇ ਬੰਦੇ ਨੂੰ ਪੰਜ ਮਿੰਟ ਖੜ੍ਹਨਾ ਵੀ ਔਖਾ ਹੁੰਦਾ ਹੈ। ਇਹ ਵੇਖਿਆ ਗਿਆ ਹੈ ਕਿ ਸੰਯੁਕਤ ਪਰਿਵਾਰਾਂ ਵਾਲੇ ਘਰਾਂ ਦੇ ਲੋਕ ਮਾਨਸਿਕ ਪੱਖੋਂ ਵਧੇਰੇ ਸ਼ਾਂਤ ਅਤੇ ਮਿਲਾਪੜੇ ਹੁੰਦੇ ਹਨ। ਇਕਹਿਰੇ ਪਰਿਵਾਰ ਵਿਚ ਦੂਜਿਆਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਬੜੀ ਘੱਟ ਹੁੰਦੀ ਹੈ।
        ਜਿੱਥੇ ਘਰਾਂ ਤੋਂ ਬਾਹਰ ਨਿਕਲ ਕੇ ਕੁਝ ਕੁ ਮਹਾਨ ਲੋਕ ਵੱਡੀਆਂ ਵੱਡੀਆਂ ਸਮਾਜਿਕ ਤਬਦੀਲੀਆਂ ਲਿਆਉਣ ਲਈ ਆਪਣੇ ਸੁੱਖ ਆਰਾਮ ਦੀ ਕੁਰਬਾਨੀ ਦਿੰਦੇ ਹਨ, ਉੱਥੇ ਹਰ ਯੁੱਗ ਵਿਚ ਅਨੇਕਾਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਘਰਾਂ ਦੇ ਅੰਦਰ ਰਹਿ ਕੇ ਵੀ ਵੱਡੇ ਸੰਗਰਾਮ ਲੜਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਇਹ ਸੰਗਰਾਮ ਕਿਸੇ ਇਤਿਹਾਸ ਦਾ ਹਿੱਸਾ ਨਹੀਂ ਬਣਦੇ। ਸ੍ਰੀ ਗੁਰੂ ਨਾਨਕ ਦੇਵ ਜੀ, ਸਿਧਾਰਥ ਬੁੱਧ ਜਿਹੇ ਮਹਾਨ ਪੁਰਸ਼ ਸੱਚ ਦੀ ਖੋਜ ਵਿਚ ਕਈ ਕਈ ਸਾਲ ਘਰਾਂ ਦਾ ਤਿਆਗ ਕਰ ਦਿੰਦੇ ਹਨ ਪਰ ਉਧਰ ਮਾਤਾ ਸਲੱਖਣੀ ਅਤੇ ਯਸ਼ੋਧਰਾ ਵਰਗੀਆਂ ਮਹਾਨ ਔਰਤਾਂ ਆਪਣੇ ਘਰ ਵਿਚ ਰਹਿ ਕੇ ਜਿਹੜਾ ਜੋਗ ਹੰਡਾਉਂਦੀਆਂ ਹਨ, ਇਹ ਵੀ ਕਿਸੇ ਮਹਾਂ ਤਿਆਗ ਤੋਂ ਘੱਟ ਨਹੀਂ ਹੁੰਦਾ।
        ਮਸ਼ੀਨੀ ਸੱਭਿਆਚਾਰ, ਅਖੌਤੀ ਵਿਕਾਸ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਦੀਆਂ ਕਰੂਰ ਹਾਲਤਾਂ ਸਾਡੇ ਘਰਾਂ 'ਤੇ ਵੀ ਅਸਰਅੰਦਾਜ਼ ਹੋ ਰਹੀਆਂ ਹਨ। ਘਰਾਂ ਦੇ ਸਿਰਨਾਵੇਂ ਗੁੰਮ ਹੋ ਰਹੇ ਹਨ। ਘਰਾਂ ਅੰਦਰ ਘੋਰ ਉਦਾਸੀ ਪਸਰ ਰਹੀ ਹੈ। ਘਰ ਟੁੱਟ ਰਹੇ ਹਨ, ਤਿੜਕ ਰਹੇ ਹਨ। ਘਰਾਂ ਅੰਦਰ ਤਲਖੀਆਂ ਪੈਦਾ ਹੋ ਰਹੀਆਂ ਹਨ। ਘਰ ਵਿਚ ਰਹਿਣ ਵਾਲੇ ਵੱਖ-ਵੱਖ ਜੀਅ ਆਪਣੇ-ਆਪਣੇ ਮੋਬਾਈਲ ਫੋਨ ਰਾਹੀਂ ਆਪਣੀ-ਆਪਣੀ ਦੁਨੀਆ ਦੀ ਭੀੜ ਵਿਚ ਗਵਾਚ ਰਹੇ ਹਨ। ਘਰ ਵਿਚ ਆਏ ਪ੍ਰਾਹੁਣੇ ਨਾਲ ਦੋ ਮਿੰਟ ਗੱੱਲ ਕਰਨ ਦੀ ਬਜਾਏ ਅਸੀਂ ਇੰਟਰਨੈੱਟ ਦੀ ਦੁਨੀਆ ਨੂੰ ਵੱਧ ਤਰਜੀਹ ਦੇਣ ਲੱਗ ਪਏ ਹਾਂ। ਘਰਾਂ ਚੋਂ ਹਾਸੇ-ਠੱਠੇ ਮਨਫ਼ੀ ਹੋ ਰਹੇ ਹਨ। ਕਈ ਕਾਰਨਾਂ ਕਰਕੇ ਸਾਡੇ ਮੁਲਕ ਦੀ ਜਵਾਨੀ ਨੇ ਹੋਰ ਧਰਤੀਆਂ ਦਾ ਰੁਖ਼ ਕਰ ਲਿਆ ਹੈ, ਜਿਸ ਸਦਕਾ ਘਰਾਂ ਵਿਚੋਂ ਕਿਲਕਾਰੀਆਂ ਗੁੰਮ ਹੋਣ ਲੱਗ ਪਈਆਂ ਹਨ। ਘਰਾਂ ਦੀ ਸਲਾਮਤੀ ਲਈ ਜਿੱਥੇ ਬਜ਼ੁਰਗਾਂ ਦੀ ਯੋਗ ਅਗਵਾਈ ਦੀ ਲੋੜ ਹੁੰਦੀ ਹੈ, ਉੱਥੇ ਇਹ ਬੜਾ ਜ਼ਰੂਰੀ ਹੈ ਕਿ ਘਰ ਵਿਚ ਨਿੱਕੇ ਪੈਰਾਂ ਦੇ ਸਗਲਿਆਂ ਦੀ ਛਨਕਾਰ ਵੀ ਹੋਵੇ। ਤੋਤਲੇ ਬੋਲਾਂ ਤੇ ਕਿਲਕਾਰੀਆਂ ਤੋਂ ਵਿਹੂਣੇ ਘਰ ਉਦਾਸੀ ਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਇਆ ਕਰਦੇ ਹਨ। ਹੁਣ ਘਰਾਂ ਵਿਚ ਬਜ਼ੁਰਗਾਂ ਦੀ ਹਾਜ਼ਰੀ ਰੜਕਣ ਲੱਗ ਪਈ ਹੈ। ਘਰ ਭਾਵੇਂ ਤੁਹਾਡਾ ਆਪਣਾ ਹੈ ਜਾਂ ਕਿਸੇ ਹੋਰ ਦਾ, ਤੁਸੀਂ ਜਿੰਨਾ ਵੀ ਹੋ ਸਕੇ ਘਰ ਦੀ ਸਲਾਮਤੀ ਲਈ ਯਤਨਸ਼ੀਲ ਰਹਿਣਾ ਇਹ ਆਪਣਾ ਸਭ ਦਾ ਫ਼ਰਜ਼ ਹੈ।
- ਜ਼ੀਰਾ, ਮੋ: - 98550-51099

ਰਾਜਨੀਤਕ ਅਤੇ ਸਮਾਜਿਕ ਵਿਵਸਥਾ ਤੇ ਵੀ ਨਿਰਭਰ ਹੈ ਸਿਹਤਮੰਦ ਜ਼ਿੰਦਗੀ -  ਗੁਰਚਰਨ ਸਿੰਘ ਨੂਰਪੁਰ

ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਤੁਰਿਆ ਤਾਂ ਯੂਨਾਨ ਦੇ ਹੀ ਇਕ ਡਾਇਓਜੀਨ ਨਾਂਅ ਦੇ ਫ਼ਕੀਰ ਨੂੰ ਮਿਲਿਆ। ਉਸ ਨੇ ਡਾਇਓਜੀਨ ਨੂੰ ਕਿਹਾ 'ਮੈਂ ਤੇਰੇ ਵਾਂਗ ਬੇਫ਼ਿਕਰੀ ਦੀ ਜ਼ਿੰਦਗੀ ਜਿਊਣੀ ਚਾਹੁੰਦਾ ਹਾਂ।'
ਡਾਇਓਜੀਨ ਨੇ ਕਿਹਾ, 'ਅੜਚਨ ਕੀ ਹੈ ਨਦੀ ਦਾ ਕੰਢਾ ਬੜਾ ਵਿਸ਼ਾਲ ਹੈ ਤੂੰ ਵੀ ਲੇਟ ਜਾ, ਧੁੱਪ ਸੇਕ ਤੇ ਕੁਦਰਤ ਦੇ ਨਜ਼ਾਰੇ ਮਾਣ।'
ਸਿਕੰਦਰ ਨੇ ਕਿਹਾ, 'ਅਜੇ ਤਾਂ ਮੈਂ ਦੁਨੀਆ ਜਿੱਤਣ ਜਾ ਰਿਹਾ ਹਾਂ। ਮੇਰੇ ਕੋਲ ਵਿਹਲ ਕਿੱਥੇ? ਵਿਹਲਾ ਹੋ ਕੇ ਆਰਾਮ ਕਰਾਂਗਾ।'
ਡਾਇਓਜੀਨ ਬੋਲਿਆ, 'ਦੁਨੀਆ ਜਿੱਤ ਕੇ ਕੀ ਕਰੇਂਗਾ?'
      'ਦੁਨੀਆ ਨੂੰ ਜਿੱਤਣ ਮਗਰੋਂ ਮੇਰੇ ਕੋਲ ਵਿਸ਼ਾਲ ਬੇਸ਼ੁਮਾਰ ਦੌਲਤ ਹੋਵੇਗੀ, ਵੱਡੀ ਫ਼ੌਜ ਤੇ ਅਥਾਹ ਤਾਕਤ ਹੋਵੇਗੀ।' ਡਾਇਓਜੀਨ ਬੋਲਿਆ, 'ਦੌਲਤ ਤੇ ਤਾਕਤ ਇਕੱਠੀ ਕਰਨ ਮਗਰੋਂ ਵੀ ਜੇਕਰ ਆਰਾਮ ਹੀ ਕਰਨਾ ਹੈ ਤਾਂ ਹੁਣ ਹੀ ਆਰਾਮ ਕਰ ਲੈ? ਐਨੀ ਕਤਲੋਗਾਰਤ ਤੇ ਲੋਕਾਂ ਨੂੰ ਐਨਾ ਖੱਜਲ-ਖੁਆਰ ਕਰਨ ਦੀ ਕੀ ਲੋੜ ਏ?' ਸਿਕੰਦਰ ਨੇ ਕਿਹਾ, 'ਮੈਂ ਤੈਥੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਪਰ ਮੈਂ ਬਾਦਸ਼ਾਹ ਹਾਂ ਤੇ ਤੂੰ ਇਕ ਫ਼ਕੀਰ, ਜੋ ਤੈਨੂੰ ਚਾਹੀਦਾ ਹੈ ਮੰਗ ਲੈ, ਤੇਰੇ ਸਾਹਮਣੇ ਢੇਰੀ ਕਰ ਦਿਆਂਗਾ।' ਡਾਇਓਜੀਨ ਬੇਫ਼ਿਕਰੀ ਦੇ ਆਲਮ 'ਚੋਂ ਬੋਲਿਆ, 'ਬਸ ਜ਼ਰਾ ਕੁ ਪਾਸੇ ਹੋ ਕੇ ਖੜ੍ਹੋ ਤੇ ਧੁੱਪ ਆਉਣ ਦਿਓ।'
      ਅਜੋਕੇ ਦੌਰ ਵਿਚ ਅਸੀਂ ਆਪਣੇ ਅੰਦਰੋਂ ਸਹਿਜ, ਸਬਰ ਤੇ ਸੰਤੋਖ ਨੂੰ ਗਵਾ ਕੇ ਆਪਣੇ ਆਪ ਨੂੰ ਮੁਨਾਫ਼ਿਆਂ, ਖ਼ੁਦਗਰਜ਼ੀਆਂ ਅਤੇ ਲਾਲਚਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਦੁਨੀਆ ਭਰ ਵਿਚ ਮਾਨਸਿਕ ਵਿਕਾਰ ਲਗਾਤਾਰ ਵਧ ਰਹੇ ਹਨ। ਇਹ ਜ਼ਰੂਰੀ ਨਹੀਂ ਕਿ ਮਨੁੱਖ ਕੋਲ ਬਹੁਤ ਸਾਰੀ ਧਨ-ਦੌਲਤ ਹੋਵੇ ਤਾਂ ਹੀ ਉਹ ਖ਼ੁਸ਼ ਰਹਿ ਸਕਦਾ ਹੈ। ਖੁਸ਼ਹਾਲੀ ਦਾ ਸੰਬੰਧ ਬੇਤਹਾਸ਼ਾ ਸਾਧਨਾਂ/ਵਸਤਾਂ ਨਾਲ ਨਹੀਂ ਬਲਕਿ ਮਨੁੱਖ ਦੀ ਚੰਗੀ ਸਿਹਤ, ਪੌਸ਼ਟਿਕ ਭੋਜਨ, ਮਨੋਰੰਜਨ ਦੇ ਢੁੱਕਵੇਂ ਸਾਧਨ, ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੇ ਸਮਾਜ, ਸਿਹਤਮੰਦ ਵਾਤਾਵਰਨ ਅਤੇ ਕੁਦਰਤ ਨਾਲ ਇਕਮਿਕਤਾ ਬਣਾ ਕੇ ਰੱਖਣ ਨਾਲ ਹੈ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਮਾਨਸਿਕ ਰੋਗਾਂ ਦੇ ਸ਼ਿਕਾਰ ਹੋਏ ਵੱਡੀ ਗਿਣਤੀ ਵਿਚ ਲੋਕ ਮਨੋਵਿਕਾਰਾਂ ਦੀਆਂ ਦਵਾਈਆਂ ਖਾਣ ਲਈ ਮਜਬੂਰ ਹਨ। ਦੁਨੀਆ ਭਰ ਵਿਚ ਮਾਨਸਿਕ ਦੋਸ਼ਾਂ ਨੂੰ ਦੂਰ ਕਰਨ ਵਾਲੀਆਂ ਦਵਾਈਆਂ ਦੀ ਸਨਅਤ ਪਿਛਲੇ ਕੁਝ ਅਰਸੇ ਤੋਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਵਿਕਾਸਸ਼ੀਲ ਅਤੇ ਗ਼ਰੀਬ ਮੁਲਕਾਂ ਦੇ ਮੁਕਾਬਲੇ ਵਿਕਸਿਤ ਮੁਲਕਾਂ ਵਿਚ ਵੱਡੀ ਗਿਣਤੀ 'ਚ ਲੋਕ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਲੋਕ 'ਟ੍ਰੈਕੋਲਾਈਜ਼ਰ' ਦਵਾਈਆਂ ਦਾ ਸਹਾਰਾ ਲੈ ਕੇ ਨੀਂਦ ਲੈਂਦੇ ਹਨ। ਦੂਜੇ ਪਾਸੇ ਭੂਟਾਨ ਵਰਗੇ ਘੱਟ ਸਾਧਨਾਂ ਵਾਲੇ ਦੇਸ਼ ਵੀ ਹਨ ਜਿੱਥੋਂ ਦੇ ਲੋਕ ਕਈ ਵਿਕਸਿਤ ਮੁਲਕਾਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹਨ।
       ਸਾਡੀ ਸਿਹਤ ਬਾਰੇ ਕਈ ਤਰ੍ਹਾਂ ਦੇ ਕਿਆਫੇ ਹਨ ਜਿਵੇਂ ਸਮਾਜ ਦੀ ਸਿਹਤ, ਸਾਡੀ ਵਾਤਾਵਰਨਿਕ ਸਿਹਤ ਪਰ ਮੋਟੇ ਤੌਰ 'ਤੇ ਅਸੀਂ ਮਨੁੱਖੀ ਸਿਹਤ ਨੂੰ ਦੋ ਭਾਗਾਂ ਵਿਚ ਵੰਡਦੇ ਹਾਂ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ। ਸਰੀਰਕ ਤੌਰ 'ਤੇ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਬੁਖਾਰ, ਦਰਦ, ਡਾਇਰੀਆ, ਮਲੇਰੀਆ, ਪੀਲੀਆ, ਟਾਈਫਾਈਡ, ਟੀ.ਬੀ., ਕੈਂਸਰ, ਏਡਜ਼ ਆਦਿ ਹਜ਼ਾਰਾਂ ਦੀ ਲੰਮੀ ਸੂਚੀ ਹੈ। ਦੂਜੇ ਪਾਸੇ ਮਾਨਸਿਕ ਬਿਮਾਰੀਆਂ ਦਾ ਇਕ ਵਰਗ ਹੈ। ਮਾਨਸਿਕ ਬਿਮਾਰੀ ਵਿਚ ਮਨੁੱਖ ਸਰੀਰਕ ਪੱਖੋਂ ਭਾਵੇਂ ਠੀਕ ਹੋਵੇ ਪਰ ਮਾਨਸਿਕ ਪੱਖੋਂ ਉਹ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੀ ਮਾਨਸਿਕ ਸਿਹਤ ਜਿੱਥੇ ਉਸ ਦੇ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਨਾਲ ਪ੍ਰਭਾਵਿਤ ਹੁੰਦੀ ਹੈ, ਉੱਥੇ ਸੱਚ ਇਹ ਵੀ ਹੈ ਕਿ ਮਨੁੱਖ ਦੀ ਮਾਨਸਿਕ ਸਿਹਤ ਮਨੁੱਖ ਦੇ ਵਜੂਦ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਇਸ ਦਾ ਵਿਸਥਾਰ ਮਨੁੱਖ ਦੇ ਘਰ ਪਰਿਵਾਰ ਦੇ ਜੀਅ, ਉਸ ਦੀ ਆਰਥਿਕਤਾ, ਉਸ ਦਾ ਆਲਾ-ਦੁਆਲਾ, ਕੰਮ ਕਰਨ ਦੀਆਂ ਪ੍ਰਸਥਿਤੀਆਂ ਅਤੇ ਪੂਰੇ ਸਮਾਜ ਨਾਲ ਜੁੜੀ ਹੁੰਦੀ ਹੈ। ਜੇਕਰ ਇੱਥੇ ਸਭ ਕੁਝ ਠੀਕ ਹੈ ਤਾਂ ਮਨੁੱਖ ਦੀ ਸਿਹਤ ਨੇ ਠੀਕ ਰਹਿਣਾ ਹੈ। ਜੇਕਰ ਕਿਸੇ ਸਮਾਜ ਵਿਚ ਅਜਿਹਾ ਨਹੀਂ ਤਾਂ ਉੱਥੇ ਮਨੁੱਖਾਂ ਦੀ ਵੱਡੀ ਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋਣ ਲੱਗ ਪੈਂਦੀ ਹੈ। ਅੱਜ ਜਦੋਂ ਮਨੁੱਖ ਵਿਕਾਸ ਕਰਦਾ ਕਰਦਾ ਮੌਜੂਦਾ ਦੌਰ ਦੀ ਸੱਭਿਅਤਾ ਤੱਕ ਪਹੁੰਚਿਆ ਹੈ ਤਾਂ ਅੱਜ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨਿਕ ਅਤੇ ਰਾਜਨੀਤਕ ਵਿਵਸਥਾ ਵੀ ਉਸ ਦੀ ਮਾਨਸਿਕ ਸਿਹਤ ਨੂੰ ਰੋਗੀ ਜਾਂ ਨਰੋਆ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਉਂਦੀ ਹੈ। ਇੱਥੇ ਦੂਜੇ ਅਰਥਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਘਰ ਪਰਿਵਾਰ, ਸਮਾਜ, ਪ੍ਰਸ਼ਾਸਨਿਕ ਅਤੇ ਆਰਥਿਕ ਵਿਵਸਥਾ ਵਿਚ ਜੇਕਰ ਸਭ ਕੁਝ ਠੀਕ ਹੈ ਤਾਂ ਮਨੁੱਖ ਮਾਨਸਿਕ ਤੌਰ 'ਤੇ ਤੰਦਰੁਸਤ ਰਹੇਗਾ, ਜੇਕਰ ਨਹੀਂ ਤਾਂ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਜਾਵੇਗੀ। ਸਮਾਜ ਵਿਚ ਆਤਮ ਹਤਿਆਵਾਂ ਵਧ ਜਾਂਦੀਆਂ ਹਨ। ਨਸ਼ੇ ਦਾ ਪ੍ਰਚਲਣ ਆਮ ਹੋਣ ਲਗਦਾ ਹੈ, ਲੜਾਈਆਂ-ਝਗੜੇ ਵਧਣ ਲੱਗ ਜਾਂਦੇ ਹਨ, ਕਤਲ, ਕਲੇਸ਼ ਅਤੇ ਮਾਰ-ਧਾੜ ਵਰਗੀਆਂ ਘਟਨਾਵਾਂ ਵਿਚ ਵੇਗ ਆ ਜਾਂਦਾ ਹੈ। ਅਜਿਹੀ ਹਾਲਤ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੋ ਗਈ ਹੈ। ਮਾਨਸਿਕ ਵਿਕਾਰਾਂ ਤੋਂ ਪੀੜਤ ਵਿਅਕਤੀ ਉਦਾਸ ਰਹਿੰਦਾ ਹੈ, ਚੁੱਪ-ਚੁੱਪ ਰਹਿਣ ਲਗਦਾ ਹੈ ਜਾਂ ਜ਼ਿਆਦਾ ਬੋਲਦਾ ਹੈ, ਉਸ ਨੂੰ ਕੁਝ ਵੀ ਚੰਗਾ ਨਹੀਂ ਲਗਦਾ, ਆਪਣੀ ਸਿਹਤ ਪ੍ਰਤੀ ਕਈ ਤਰ੍ਹਾਂ ਦੇ ਵਿਚਾਰ ਬਣਾ ਲੈਂਦਾ ਹੈ ਜਿਵੇਂ ਆਪਣੇ ਆਪ ਨੂੰ ਕਿਸੇ ਭਿਆਨਕ ਬਿਮਾਰੀ ਤੋਂ ਪੀੜਤ ਸਮਝਣ ਲੱਗ ਪੈਂਦਾ ਹੈ, ਥਕਾਵਟ ਰਹਿਣੀ, ਠੀਕ ਤਰ੍ਹਾਂ ਨੀਂਦ ਨਾ ਆਉਣੀ, ਭੁੱਖ ਪਿਆਸ ਨਾ ਲੱਗਣੀ, ਇਕੋ ਗੱਲ ਨੂੰ ਵਾਰ-ਵਾਰ ਕਰੀ ਜਾਣਾ, ਸੁਭਾਅ ਚਿੜਚਿੜਾ ਹੋ ਜਾਣਾ, ਸ਼ੱਕ ਕਰਨਾ, ਕਈ ਤਰ੍ਹਾਂ ਦੇ ਡਰ ਲੱਗਣੇ, ਵਹਿਮ ਹੋਣਾ, ਕਿਸੇ ਨੂੰ ਮਿਲਣ ਤੋਂ ਕੰਨੀ ਕਤਰਾਉਣਾ, ਆਤਮ ਹੱਤਿਆ ਕਰਨ ਦਾ ਮਨ ਕਰਨਾ ਆਦਿ ਮਾਨਸਿਕ ਬਿਮਾਰੀਆਂ ਦੇ ਲੱਛਣ ਹਨ। ਅੱਜ ਅਜਿਹੇ ਮਾਨਸਿਕ ਵਿਕਾਰਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
       ਸਮੇਂ ਦੇ ਬਦਲਣ ਨਾਲ ਮਨੁੱਖ ਦੀਆਂ ਲੋੜਾਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਆਬਾਦੀ ਵਧ ਰਹੀ ਹੈ ਪਰ ਮਨੁੱਖ ਦੀ ਇਕੱਲਤਾ ਦੀ ਵਧ ਰਹੀ ਹੈ। ਪੂੰਜੀਵਾਦੀ ਬਾਜ਼ਾਰ ਅਤੇ ਵਪਾਰ ਦੇ ਵਿਸਥਾਰ ਨੇ ਮਨੁੱਖ ਸਾਹਮਣੇ ਵਸਤਾਂ ਦਾ ਇਕ ਤਿਲੱਸਮੀ ਸੰਸਾਰ ਸਿਰਜਿਆ ਹੈ। ਮਨੁੱਖ ਬੌਂਦਲਿਆ ਜਿਹਾ ਫਿਰਦਾ ਹੈ ਜਿਵੇਂ ਉਸ ਨੂੰ ਸਮਝ ਨਹੀਂ ਆਉਂਦੀ ਕੀ ਕਰੇ ਤੇ ਕੀ ਨਾ ਕਰੇ। ਤੇਜ਼ੀ ਨਾਲ ਬਦਲੀਆਂ ਪ੍ਰਸਥਿਤੀਆਂ ਨੇ ਮਨੁੱਖ ਅੰਦਰੋਂ ਸਹਿਜਤਾ ਖ਼ਤਮ ਹੀ ਨਹੀਂ ਕੀਤੀ ਸਗੋਂ ਅਨੇਕਾਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਜਿਸ ਦੇ ਫਲਸਰੂਪ ਮਾਨਸਿਕ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
       ਡਾਕਟਰੀ ਵਿਗਿਆਨ ਅਨੁਸਾਰ ਮਾਨਸਿਕ ਬਿਮਾਰੀਆਂ ਸਰੀਰਕ ਬਿਮਾਰੀਆਂ ਤੋਂ ਵਧੇਰੇ ਤਕਲੀਫ਼ਦੇਹ ਹੁੰਦੀਆਂ ਹਨ। ਵਿਦਵਾਨ ਸਿਸਰੋ ਲਿਖਦੇ ਹਨ, 'ਮਨ ਦੇ ਦੁੱਖ ਤਨ ਦੀਆਂ ਪੀੜਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ।' ਅਫ਼ਸੋਸ ਦੀ ਗੱਲ ਇਹ ਹੈ ਸਾਡੇ ਲੋਕਾਂ ਵਿਚ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਨਹੀਂ ਆਈ। ਇਨ੍ਹਾਂ ਪ੍ਰਤੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਵਹਿਮ ਭਰਮ ਅੱਜ ਵੀ ਪ੍ਰਚੱਲਿਤ ਹਨ। ਅੱਜ ਵੀ ਜਦੋਂ ਖੂਨ ਦੇ ਟੈਸਟ, ਐਕਸ ਰੇ, ਅਲਟਾਸਾਊਂਡ ਕਰਾਉਣ 'ਤੇ ਜੇਕਰ ਮਰੀਜ਼ ਦੀ ਬਿਮਾਰੀ ਦਾ ਪਤਾ ਨਹੀਂ ਚਲਦਾ ਤਾਂ ਪੜ੍ਹੇ-ਲਿਖੇ ਲੋਕ ਵੀ ਇਹ ਅਕਸਰ ਕਹਿੰਦੇ ਹਨ 'ਸੰਬੰਧਿਤ ਵਿਅਕਤੀ ਨੂੰ ਕੋਈ ਬਾਹਰੀ (ਓਪਰੀ) ਕਸਰ ਹੈ ਜੋ ਟੈਸਟਾਂ ਵਿਚ ਨਹੀਂ ਆ ਰਹੀ ਜਾਂ ਕਿਸੇ ਭੂਤ-ਪ੍ਰੇਤ ਦਾ ਸਾਇਆ ਹੋ ਗਿਆ।' ਇਹ ਵੀ ਸਮਝਿਆ ਜਾਂਦਾ ਹੈ ਕਿ ਸੰਬੰਧਿਤ ਵਿਅਕਤੀ ਨੂੰ ਕਿਸੇ ਨੇ ਜਾਣਬੁੱਝ ਕੇ ਜਾਦੂ-ਟੂਣਾ ਕਰਾ ਕੇ ਜਾਂ ਧਾਗਾ-ਤਵੀਤ ਕਰਾ ਕੇ ਬਿਮਾਰ ਕਰ ਦਿੱਤਾ ਹੈ। ਜਦ ਕਿ ਅਜਿਹੀਆਂ ਧਾਰਨਾਵਾਂ ਵਿਚ ਰੱਤੀ ਭਰ ਵੀ ਸਚਾਈ ਨਹੀਂ ਹੁੰਦੀ। ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਲੋਕ ਇਹ ਸਮਝਦੇ ਹਨ ਕਿ ਉਪਰੋਕਤ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾਕਟਰ ਦੀ ਸਮਝ ਵਿਚ ਨਹੀਂ ਆਉਣ ਵਾਲਾ, ਇਸ ਨੂੰ ਠੀਕ ਕਰਨ ਲਈ ਕਿਸੇ ਸਿਆਣੇ, ਸਾਧ, ਤਾਂਤਰਿਕ, ਜੋਤਸ਼ੀ ਦੀ ਜ਼ਰੂਰਤ ਹੈ ਜੋ ਆਪਣੀਆਂ ਗੈਬੀ ਤਾਕਤਾਂ ਨਾਲ, ਪਾਠ-ਪੂਜਾ ਕਰਕੇ ਜਾਂ ਜਾਦੂ-ਟੂਣਾ ਕਰਕੇ ਪੀੜਤ ਵਿਅਕਤੀ ਨੂੰ ਠੀਕ ਕਰ ਦੇਵੇ। ਇਹੋ ਕਾਰਨ ਹੈ ਕਿ ਸਾਡੇ ਮੁਲਕ ਵਿਚ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ ਹਰ ਥਾਂ ਆਸਾਨੀ ਨਾਲ ਮਿਲ ਜਾਂਦੇ ਹਨ। ਜਦਕਿ ਸਚਾਈ ਇਹ ਹੈ ਕਿ ਇਨ੍ਹਾਂ ਅਖੌਤੀ ਬਾਬਿਆਂ, ਸਿਆਣਿਆਂ, ਤਾਂਤਰਿਕਾਂ ਨੂੰ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ੳ ਅ ਵੀ ਪਤਾ ਨਹੀਂ ਹੁੰਦਾ। ਜਦੋਂ ਕਿਸੇ ਸਮਾਜ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਹੈ ਤਾਂ ਉਸ ਸਮਾਜ ਵਿਚ ਅਖੌਤੀ ਡੇਰਿਆਂ ਮਜ਼ਾਰਾਂ ਅਤੇ ਧਰਮ ਅਸਥਾਨਾਂ 'ਤੇ ਲੋਕਾਂ ਦੀ ਟੇਕ ਹੋਰ ਵਧ ਜਾਂਦੀ ਹੈ। ਮੁਸ਼ਕਿਲਾਂ ਮੁਸੀਬਤਾਂ ਅਤੇ ਦੁੱਖਾਂ ਦਰਦਾਂ ਦੇ ਭੰਨੇ ਲੋਕਾਂ ਨੂੰ ਇੱਥੇ ਜਾ ਕੇ ਕੁਝ ਸਮਾਂ ਤਾਂ ਰਾਹਤ ਮਹਿਸੂਸ ਹੁੰਦੀ ਹੈ ਪਰ ਘਰ ਆ ਕੇ ਜਦੋਂ ਸਮਾਜ ਦੀਆਂ ਉਨ੍ਹਾਂ ਹੀ ਹਕੀਕਤਾਂ ਨਾਲ ਮੁੜ ਵਾਹ ਪੈਂਦਾ ਹੈ ਤਾਂ ਪਤਾ ਚਲਦਾ ਹੈ ਕਿ ਬਦਲਿਆ ਕੁਝ ਨਹੀਂ।
         ਪਿਛਲੇ ਕੁਝ ਅਰਸੇ ਤੋਂ ਬੇਕਿਰਕ ਪੂੰਜੀਵਾਦੀ ਨਿਜ਼ਾਮ ਦੇ ਗਲਬੇ ਨਾਲ ਦੁਨੀਆ ਦੇ ਵੱਡੀ ਗਿਣਤੀ ਵਿਚ ਲੋਕ ਜਨਤਕ ਅਦਾਰਿਆਂ, ਕੁਦਰਤੀ ਸਾਧਨਾਂ, ਨੌਕਰੀਆਂ, ਰੁਜ਼ਗਾਰਾਂ ਤੋਂ ਵਿਰਵੇ ਹੋ ਕੇ ਆਪਣੇ ਆਪ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਰਥਿਕ ਪੱਖੋਂ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੇ ਡਰ, ਫ਼ਿਕਰ, ਸ਼ੰਕੇ, ਨਿਰਾਸ਼ ਅਤੇ ਮਾਯੂਸੀ ਦੇ ਆਲਮ ਨੂੰ ਜਨਮ ਦਿੰਦੀ ਹੈ। ਪੂੰਜੀਵਾਦੀ ਵਿਵਸਥਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪੱਕੀਆਂ ਨੌਕਰੀਆਂ ਅਤੇ ਕਿਰਤ ਤੋਂ ਤੋੜ ਕੇ ਬੇਸਹਾਰੇ ਬਣਾ ਦਿੱਤਾ ਹੈ। ਰਾਜਸੀ ਮੰਚਾਂ 'ਤੇ ਲੋਕਾਂ ਲਈ ਬੜੇ ਵੱਡੇ ਅਡੰਬਰ ਰਚੇ ਜਾ ਰਹੇ ਹਨ। ਆਮ ਮਨੁੱਖ ਆਪਣੀਆਂ ਜੜ੍ਹਾਂ ਤੋਂ ਟੁੱਟ ਰਿਹਾ ਹੈ। ਕਿਰਤ ਤੋਂ ਤੋੜ ਵਿਛੋੜਾ ਅਤੇ ਭਵਿੱਖ ਪ੍ਰਤੀ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਅਤੇ ਮਾਨਸਿਕ ਵਿਕਾਰਾਂ ਨੂੰ ਜਨਮ ਦੇ ਰਹੀ ਹੈ। ਸੋਸ਼ਲ ਮੀਡੀਆ ਦੀਆਂ ਸਾਈਟਾਂ/ਗੇਮਾਂ ਦੇ ਨਸ਼ਿਆਂ ਵਾਂਗ ਆਦੀ ਹੋਏ ਨੌਜਵਾਨਾਂ ਦੀ ਮਾਨਸਿਕ ਇਕਾਗਰਤਾ ਜਦੋਂ ਵਾਰ-ਵਾਰ ਭੰਗ ਹੁੰਦੀ ਹੈ ਤਾਂ ਇਹ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰਦੀ ਹੈ। ਮਾਨਸਿਕ ਅਤੇ ਸਰੀਰਕ ਸੰਕਟਾਂ ਦੇ ਕਾਰਨਾਂ ਦੀ ਅਗਿਆਨਤਾ ਸਮਾਜ ਵਿਚ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਦਾ ਚਲਣ ਵਧਾ ਰਹੀ ਹੈ।
       ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਜ਼ਿੰਦਗੀ ਇੱਛਾਵਾਂ, ਲਾਲਸਾਵਾਂ ਅਤੇ ਪੈਸੇ ਨੂੰ ਸਮਰਪਿਤ ਕਰਨ ਲਈ ਨਹੀਂ ਹੈ। ਕੇਵਲ ਪੈਸੇ ਲਈ ਜਿਊਣਾ ਸ਼ਾਇਦ ਸਭ ਤੋਂ ਹੇਠਲੇ ਦਰਜੇ ਦਾ ਜਿਊਣਾ ਹੈ। ਅਸੀਂ ਇਸ ਧਰਤੀ 'ਤੇ ਕੁਝ ਸਮਾਂ ਰਹਿਣ ਵਾਸਤੇ ਆਏ ਹਾਂ, ਇੱਥੇ ਕੁਝ ਸਮਾਂ ਰਹਿਣ ਮਗਰੋਂ ਸਭ ਨੇ ਚਲੇ ਜਾਣਾ ਹੈ। ਧਰਤੀ ਦੇ ਰੰਗਮੰਚ 'ਤੇ ਸਾਡਾ ਰੋਲ ਯਾਦਗਾਰੀ ਹੋਣਾ ਚਾਹੀਦਾ ਹੈ। ਮਨੁੱਖ ਨੇ ਕੇਵਲ ਆਪਣੇ ਲਈ ਹੀ ਨਹੀਂ, ਉਸ ਨੇ ਸਰਬੱਤ ਦੇ ਭਲੇ ਲਈ, ਇਸ ਸਮਾਜ ਤੇ ਆਪਣੇ ਆਲੇ-ਦੁਆਲੇ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਯਤਨਸ਼ੀਲ ਰਹਿਣਾ ਹੁੰਦਾ ਹੈ। ਇਹ ਹੀ ਖੁਸ਼ਹਾਲ ਤੇ ਸੰਤੁਸ਼ਟ ਜ਼ਿੰਦਗੀ ਦਾ ਲਕਸ਼ ਹੋ ਸਕਦਾ ਹੈ।
- ਜੀਰਾ, ਮੋ : 98550-51099

ਜੀਵਨ ਲਈ ਵਿਨਾਸ਼ਕਾਰੀ ਹੈ ਅਖੌਤੀ ਵਿਕਾਸ ਮਾਡਲ   - ਗੁਰਚਰਨ ਸਿੰਘ ਨੂਰਪੁਰ

ਇਕ ਵਿਅਕਤੀ ਨੇ ਦੂਰ-ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ਦੀ ਯਾਤਰਾ 'ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਰਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਕਿ ਉਹ ਕਿਤੇ ਰਸਤੇ ਵਿਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇਕ ਕੰਪਾਸ ਹੋਵੇ। ਉਹ ਇਕ ਦੁਕਾਨਦਾਰ ਤੋਂ ਕੰਪਾਸ ਖ਼ਰੀਦਣ ਗਿਆ। ਉਸ ਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿਚੋਂ ਇਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ 'ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿਚ ਇਹ ਸ਼ੀਸ਼ਾ ਕਿਸ ਵਾਸਤੇ ਹੈ?'
ਦੁਕਾਨਦਾਰ ਨੇ ਜਵਾਬ ਦਿੱਤਾ, 'ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।'
      ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਸ ਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
      ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਮੁਸ਼ਕਿਲ ਸਮੱਸਿਆ ਵਿਚ ਘਿਰ ਰਹੀ ਹੈ। ਵਿਗਿਆਨ ਕਿਸੇ ਇਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਬਲਕਿ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਚ ਵਿਗਿਆਨ ਨਹੀਂ। ਸਾਡੀ ਸੋਚ ਵਿਚਾਰ ਕਰਨ ਦੀ ਆਦਤ ਵਿਚ ਵਿਗਿਆਨ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖ਼ਤਿਆਰ ਕਰਦੀਆਂ ਰਹਿਣਗੀਆਂ।
       ਜੀਵਨ ਵਿਚ ਸ਼ੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਇਹ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ, ਜਿਊਂਦੇ ਰਹਿਣ ਲਈ ਜੀਵਨ ਵਿਚ ਸੰਘਰਸ਼ ਹੈ, ਇਸ ਸੰਘਰਸ਼ ਵਿਚ ਜੋ ਜੀਵ ਜਾਤੀਆਂ ਜੇਤੂ ਹੁੰਦੀਆਂ ਹਨ ਕੁਦਰਤ ਉਨ੍ਹਾਂ ਨੂੰ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਊਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਵਿਚ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ-ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਠੀਕ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿਚ ਇਹ ਸੰਕਟ ਹੋਰ ਗਹਿਰਾ ਹੋਣ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆ ਦਾ ਇਕ ਵੱਡਾ ਹਿੱਸਾ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬਚਪਨ ਵਿਚ ਹੀ ਬੱਚੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਬੱਚੇ ਨਸ਼ਿਆਂ ਦੇ ਨਰਕ ਵਿਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਹਜ਼ਾਰ ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਗਿਣਤੀ ਵਿਚ ਯੁੱਧ ਲੜੇ ਗਏ। ਅਖੌਤੀ ਸੱਭਿਅਕ ਮਨੁੱਖ ਅੱਜ ਅਜਿਹੇ ਜੰਗੀ ਸਾਜ਼ੋ-ਸਾਮਾਨ ਦਾ ਮਾਲਕ ਹੈ, ਜਿਸ ਨਾਲ ਕੁਝ ਹੀ ਮਿੰਟਾਂ ਵਿਚ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਜਾਵੇਗਾ ਤੇ ਮੁੜ ਹਜ਼ਾਰਾਂ ਸਾਲਾਂ ਤੱਕ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ 'ਤੇ ਅਰਬਾਂ ਰੁਪਏ ਖ਼ਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ ਪਰ ਘਰ ਦਾ ਮਾਲਕ ਬੰਦੂਕਾਂ ਖ਼ਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ? ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗਾ ਬਣਾਉਣ ਦਾ ਵਿਕਾਸ ਸੀ। ਜੀਵਨ ਨੂੰ ਚੰਗਾ ਬਣਾਉਣ ਦੀ ਯਾਤਰਾ 'ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ-ਖੋਜਦਾ ਆਪ ਗਵਾਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ ਪਰ ਅਫ਼ਸੋਸ ਇਸ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਜਾਂਦਾ।
      ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿਚ ਹਾਂ ਜਿਵੇਂ ਪੁਰਾਣੇ ਸਮੇਂ ਵਿਚ ਜੇਕਰ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਹੀਂ ਹੁੰਦਾ ਸੀ ਤਾਂ ਉਹ ਇਕ ਪੱਕੀ ਪੱਟੀ ਇਸ 'ਤੇ ਬੰਨ੍ਹ ਲੈਂਦਾ ਸੀ। ਫੋੜੇ ਨੂੰ ਆਤਮਸਾਤ ਕਰ ਲੈਂਦਾ ਸੀ। ਸਮਝ ਲੈਂਦਾ ਸੀ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ-ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਦੁਆਰਾ ਸਿਰਜਤ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
       ਆਓ, ਥੋੜ੍ਹੀ ਜਿਹੀ ਗੱਲ ਆਪਣੇ ਘਰ ਦੀ ਪੰਜਾਬ ਦੀ ਕਰੀਏ। ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵਸੋਂ ਦਾ ਇਕ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੀ ਪੱਧਰ 'ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਲੋਕਾਂ ਦੀਆਂ ਜ਼ਮੀਨਾਂ ਤੇ ਘਰ ਬਿਮਾਰੀਆਂ ਦੇ ਖਰਚੇ ਕਰਕੇ ਵਿਕ ਰਹੇ ਹਨ। ਮਾਸੂਮ ਬੱਚੇ ਵੀ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡ ਹਨ ਜਿੱਥੇ ਹਰ ਸਾਲ ਹਰ ਪਿੰਡ ਵਿਚ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਨ ਜੋ ਇਸ ਸੰਤਾਪ ਨੂੰ ਭੋਗ ਰਹੇ ਹਨ, ਬਹੁਤ ਥੋੜ੍ਹੇ ਮੁੱਠੀ ਭਰ ਲੋਕ ਹਨ ਜੋ ਇਸ ਸਭ ਕੁਝ ਦੇ ਖਿਲਾਫ਼ ਬੋਲਦੇ ਹਨ। ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝਦੇ ਲੋਕ ਜਿਨ੍ਹਾਂ ਦੇ ਮਾਸੂਮ ਬੱਚੇ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਜ਼ਮੀਨਾਂ-ਜਾਇਦਾਦਾਂ ਇਲਾਜ ਲਈ ਵਿਕ ਰਹੀਆਂ ਹਨ। ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ। ਇਹ ਵਰਤਾਰਾ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਇਹ ਅਖੌਤੀ ਵਿਕਾਸ ਹੈ ਜੋ ਲੋਕਾਂ ਦੇ ਕਤਲ ਦਾ ਜ਼ਰੀਆ ਬਣ ਰਿਹਾ ਹੈ? ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਇਸ ਦਾ ਫ਼ੈਸਲਾ ਕਰੀਏ।
     ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਇਹ ਤੁਹਾਡਾ ਅਖੌਤੀ ਵਿਕਾਸ ਹਜ਼ਾਰਾਂ ਲੋਕਾਂ ਦੇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
        ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗ਼ਾਮ ਦਿੱਤਾ ਹੈ। ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੇ ਅੱਖੀਂ ਵੇਖ ਰਹੇ ਹਾਂ। ਜਿਵੇਂ ਸਮੁੰਦਰ, ਪਾਣੀ, ਬੱਦਲਾਂ, ਪਹਾੜਾਂ ਵਿਚ ਜੰਮਦੀ ਬਰਫ, ਬਰਸਦੇ ਬੱਦਲ ਅਤੇ ਨਦੀਆਂ ਦਾ ਇਕ ਜਲ ਚੱਕਰ ਹੈ। ਕੁਦਰਤ ਨੂੰ ਜਾਣਨ ਸਮਝਣ ਵਾਲੇ ਜਾਣਦੇ ਹਨ ਧਰਤੀ ਉੱਪਰਲੇ ਜੀਵਨ ਦਾ ਵੀ ਇਸੇ ਤਰ੍ਹਾਂ ਜੀਵਨ ਚੱਕਰ ਹੈ। ਜੀਵਨ ਦੀਆਂ ਕੜੀਆਂ ਇਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ 'ਤੇ ਕੋਈ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੁੰਦਾ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਜੀਵਨ ਲਈ ਵਿਨਾਸ਼ਕਾਰੀ ਅਖੌਤੀ ਵਿਕਾਸ ਨੇ ਜਿੱਥੇ ਫ਼ਸਲਾਂ ਦੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਇਸ ਧਰਤੀ 'ਤੇ ਵੱਡੀ ਗਿਣਤੀ ਵਿਚ ਰਹਿਣ ਵਾਲੇ ਜੋ ਜਲ ਥਲੀ ਜੀਵ ਸਨ, ਉਨ੍ਹਾਂ ਦੀਆਂ ਨਸਲਾਂ ਦਾ ਵੀ ਅਸੀਂ ਖ਼ਾਤਮਾ ਕਰ ਦਿੱਤਾ ਹੈ। ਪਿਛਲੇ ਕੁਝ ਦਹਾਕਿਆਂ ਵਿਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰਿਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਕਈ ਪੰਛੀ ਹਨ, ਜਿਨ੍ਹਾਂ ਦੀਆਂ ਨਸਲਾਂ ਪੰਜਾਬ ਦੀ ਧਰਤੀ ਤੋਂ ਲਗਾਤਾਰ ਅਲੋਪ ਹੋ ਰਹੀਆਂ ਹਨ। ਕਲਕਲ ਵਗਦੇ ਜਿਹੜੇ ਦਰਿਆਵਾਂ ਵਿਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬਖਤਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ, ਹੁਣ ਇਹ ਦਰਿਆ ਵੀਰਾਨ ਹੋ ਗਏ ਹਨ। ਪਿਛਲੇ ਦਿਨ ਹਰੀਕੇ ਨੇੜੇ ਸਤਿਲੁਜ ਦਰਿਆ ਦੇ ਕੰਢੇ 'ਤੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ 'ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ, ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੇ ਅਨੇਕਾਂ ਜੀਵ ਜਾਤੀਆਂ ਦੇ ਕਤਲ ਕਰਕੇ ਅਸੀਂ ਅਖੌਤੀ ਵਿਕਾਸ ਦੀ ਸਿਰਜਣਾ ਕੀਤੀ ਹੈ। ਸਾਡੀ ਹਾਲਤ ਬੜੀ ਅਜੀਬੋ-ਗਰੀਬ ਬਣ ਗਈ ਹੈ :
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆ ਭਰ ਵਿਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆ ਵਿਚ ਹੀ ਵਾਤਾਵਰਨ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਜਿਵੇਂ ਪਿਛਲੇ ਕੁਝ ਸਾਲਾਂ ਵਿਚ ਬੇਲਿਹਾਜ਼ ਕਤਲੇਆਮ ਕੀਤਾ, ਉਸ ਤੋਂ ਲਗਦਾ ਹੈ ਕਿ ਅਸੀਂ ਜਿਵੇਂ ਆਪਣੀ ਅਕਲ ਦੇ ਬੂਹੇ ਬੰਦ ਕਰ ਲਏ ਹਨ। ਧਰਤੀ 'ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿਚ ਏ.ਸੀ., ਫਰਿੱਜਾਂ, ਕੋਲਡ ਡਰਿੰਕਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਨੂੰ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਨ ਵਾਲਾ ਅੱਜ ਦਾ ਮਨੁੱਖ ਜਿਸ ਟਾਹਣ 'ਤੇ ਬੈਠਾ ਹੈ, ਉਸੇ ਨੂੰ ਵੱਡਣ ਲੱਗਾ ਹੋਇਆ ਹੈ। ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਇਹ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇਕ ਸ਼ਾਇਰ ਲਿਖਦਾ ਹੈ
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈ।
      ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ, ਵਾਤਾਵਰਨ ਦੇ ਸੰਕਟ ਨੂੰ ਜਾਣੀਏ, ਸਮਝੀਏ ਅਤੇ ਇਸ ਖਿਲਾਫ਼ ਆਵਾਜ਼ ਬੁਲੰਦ ਕਰੀਏ।
- ਜ਼ੀਰਾ, ਸੰਪਰਕ : 98550-51099

ਜੀਵਨ ਲਈ ਵਿਨਾਸ਼ਕਾਰੀ ਹੈ ਅਖੌਤੀ ਵਿਕਾਸ ਮਾਡਲ  - ਗੁਰਚਰਨ ਸਿੰਘ ਨੂਰਪੁਰ

ਇਕ ਵਿਅਕਤੀ ਨੇ ਦੂਰ-ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ਦੀ ਯਾਤਰਾ 'ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਰਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਕਿ ਉਹ ਕਿਤੇ ਰਸਤੇ ਵਿਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇਕ ਕੰਪਾਸ ਹੋਵੇ। ਉਹ ਇਕ ਦੁਕਾਨਦਾਰ ਤੋਂ ਕੰਪਾਸ ਖ਼ਰੀਦਣ ਗਿਆ। ਉਸ ਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿਚੋਂ ਇਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ 'ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿਚ ਇਹ ਸ਼ੀਸ਼ਾ ਕਿਸ ਵਾਸਤੇ ਹੈ?'
ਦੁਕਾਨਦਾਰ ਨੇ ਜਵਾਬ ਦਿੱਤਾ, 'ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।'
      ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਸ ਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
      ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਮੁਸ਼ਕਿਲ ਸਮੱਸਿਆ ਵਿਚ ਘਿਰ ਰਹੀ ਹੈ। ਵਿਗਿਆਨ ਕਿਸੇ ਇਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਬਲਕਿ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਚ ਵਿਗਿਆਨ ਨਹੀਂ। ਸਾਡੀ ਸੋਚ ਵਿਚਾਰ ਕਰਨ ਦੀ ਆਦਤ ਵਿਚ ਵਿਗਿਆਨ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖ਼ਤਿਆਰ ਕਰਦੀਆਂ ਰਹਿਣਗੀਆਂ।
       ਜੀਵਨ ਵਿਚ ਸ਼ੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਇਹ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ, ਜਿਊਂਦੇ ਰਹਿਣ ਲਈ ਜੀਵਨ ਵਿਚ ਸੰਘਰਸ਼ ਹੈ, ਇਸ ਸੰਘਰਸ਼ ਵਿਚ ਜੋ ਜੀਵ ਜਾਤੀਆਂ ਜੇਤੂ ਹੁੰਦੀਆਂ ਹਨ ਕੁਦਰਤ ਉਨ੍ਹਾਂ ਨੂੰ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਊਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਵਿਚ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ-ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਠੀਕ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿਚ ਇਹ ਸੰਕਟ ਹੋਰ ਗਹਿਰਾ ਹੋਣ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆ ਦਾ ਇਕ ਵੱਡਾ ਹਿੱਸਾ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬਚਪਨ ਵਿਚ ਹੀ ਬੱਚੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਬੱਚੇ ਨਸ਼ਿਆਂ ਦੇ ਨਰਕ ਵਿਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਹਜ਼ਾਰ ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਗਿਣਤੀ ਵਿਚ ਯੁੱਧ ਲੜੇ ਗਏ। ਅਖੌਤੀ ਸੱਭਿਅਕ ਮਨੁੱਖ ਅੱਜ ਅਜਿਹੇ ਜੰਗੀ ਸਾਜ਼ੋ-ਸਾਮਾਨ ਦਾ ਮਾਲਕ ਹੈ, ਜਿਸ ਨਾਲ ਕੁਝ ਹੀ ਮਿੰਟਾਂ ਵਿਚ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਜਾਵੇਗਾ ਤੇ ਮੁੜ ਹਜ਼ਾਰਾਂ ਸਾਲਾਂ ਤੱਕ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ 'ਤੇ ਅਰਬਾਂ ਰੁਪਏ ਖ਼ਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ ਪਰ ਘਰ ਦਾ ਮਾਲਕ ਬੰਦੂਕਾਂ ਖ਼ਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ? ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗਾ ਬਣਾਉਣ ਦਾ ਵਿਕਾਸ ਸੀ। ਜੀਵਨ ਨੂੰ ਚੰਗਾ ਬਣਾਉਣ ਦੀ ਯਾਤਰਾ 'ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ-ਖੋਜਦਾ ਆਪ ਗਵਾਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ ਪਰ ਅਫ਼ਸੋਸ ਇਸ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਜਾਂਦਾ।
      ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿਚ ਹਾਂ ਜਿਵੇਂ ਪੁਰਾਣੇ ਸਮੇਂ ਵਿਚ ਜੇਕਰ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਹੀਂ ਹੁੰਦਾ ਸੀ ਤਾਂ ਉਹ ਇਕ ਪੱਕੀ ਪੱਟੀ ਇਸ 'ਤੇ ਬੰਨ੍ਹ ਲੈਂਦਾ ਸੀ। ਫੋੜੇ ਨੂੰ ਆਤਮਸਾਤ ਕਰ ਲੈਂਦਾ ਸੀ। ਸਮਝ ਲੈਂਦਾ ਸੀ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ-ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਦੁਆਰਾ ਸਿਰਜਤ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
       ਆਓ, ਥੋੜ੍ਹੀ ਜਿਹੀ ਗੱਲ ਆਪਣੇ ਘਰ ਦੀ ਪੰਜਾਬ ਦੀ ਕਰੀਏ। ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵਸੋਂ ਦਾ ਇਕ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੀ ਪੱਧਰ 'ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਲੋਕਾਂ ਦੀਆਂ ਜ਼ਮੀਨਾਂ ਤੇ ਘਰ ਬਿਮਾਰੀਆਂ ਦੇ ਖਰਚੇ ਕਰਕੇ ਵਿਕ ਰਹੇ ਹਨ। ਮਾਸੂਮ ਬੱਚੇ ਵੀ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡ ਹਨ ਜਿੱਥੇ ਹਰ ਸਾਲ ਹਰ ਪਿੰਡ ਵਿਚ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਨ ਜੋ ਇਸ ਸੰਤਾਪ ਨੂੰ ਭੋਗ ਰਹੇ ਹਨ, ਬਹੁਤ ਥੋੜ੍ਹੇ ਮੁੱਠੀ ਭਰ ਲੋਕ ਹਨ ਜੋ ਇਸ ਸਭ ਕੁਝ ਦੇ ਖਿਲਾਫ਼ ਬੋਲਦੇ ਹਨ। ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝਦੇ ਲੋਕ ਜਿਨ੍ਹਾਂ ਦੇ ਮਾਸੂਮ ਬੱਚੇ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਜ਼ਮੀਨਾਂ-ਜਾਇਦਾਦਾਂ ਇਲਾਜ ਲਈ ਵਿਕ ਰਹੀਆਂ ਹਨ। ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ। ਇਹ ਵਰਤਾਰਾ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਇਹ ਅਖੌਤੀ ਵਿਕਾਸ ਹੈ ਜੋ ਲੋਕਾਂ ਦੇ ਕਤਲ ਦਾ ਜ਼ਰੀਆ ਬਣ ਰਿਹਾ ਹੈ? ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਇਸ ਦਾ ਫ਼ੈਸਲਾ ਕਰੀਏ।
     ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਇਹ ਤੁਹਾਡਾ ਅਖੌਤੀ ਵਿਕਾਸ ਹਜ਼ਾਰਾਂ ਲੋਕਾਂ ਦੇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
        ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗ਼ਾਮ ਦਿੱਤਾ ਹੈ। ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੇ ਅੱਖੀਂ ਵੇਖ ਰਹੇ ਹਾਂ। ਜਿਵੇਂ ਸਮੁੰਦਰ, ਪਾਣੀ, ਬੱਦਲਾਂ, ਪਹਾੜਾਂ ਵਿਚ ਜੰਮਦੀ ਬਰਫ, ਬਰਸਦੇ ਬੱਦਲ ਅਤੇ ਨਦੀਆਂ ਦਾ ਇਕ ਜਲ ਚੱਕਰ ਹੈ। ਕੁਦਰਤ ਨੂੰ ਜਾਣਨ ਸਮਝਣ ਵਾਲੇ ਜਾਣਦੇ ਹਨ ਧਰਤੀ ਉੱਪਰਲੇ ਜੀਵਨ ਦਾ ਵੀ ਇਸੇ ਤਰ੍ਹਾਂ ਜੀਵਨ ਚੱਕਰ ਹੈ। ਜੀਵਨ ਦੀਆਂ ਕੜੀਆਂ ਇਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ 'ਤੇ ਕੋਈ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੁੰਦਾ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਜੀਵਨ ਲਈ ਵਿਨਾਸ਼ਕਾਰੀ ਅਖੌਤੀ ਵਿਕਾਸ ਨੇ ਜਿੱਥੇ ਫ਼ਸਲਾਂ ਦੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਇਸ ਧਰਤੀ 'ਤੇ ਵੱਡੀ ਗਿਣਤੀ ਵਿਚ ਰਹਿਣ ਵਾਲੇ ਜੋ ਜਲ ਥਲੀ ਜੀਵ ਸਨ, ਉਨ੍ਹਾਂ ਦੀਆਂ ਨਸਲਾਂ ਦਾ ਵੀ ਅਸੀਂ ਖ਼ਾਤਮਾ ਕਰ ਦਿੱਤਾ ਹੈ। ਪਿਛਲੇ ਕੁਝ ਦਹਾਕਿਆਂ ਵਿਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰਿਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਕਈ ਪੰਛੀ ਹਨ, ਜਿਨ੍ਹਾਂ ਦੀਆਂ ਨਸਲਾਂ ਪੰਜਾਬ ਦੀ ਧਰਤੀ ਤੋਂ ਲਗਾਤਾਰ ਅਲੋਪ ਹੋ ਰਹੀਆਂ ਹਨ। ਕਲਕਲ ਵਗਦੇ ਜਿਹੜੇ ਦਰਿਆਵਾਂ ਵਿਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬਖਤਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ, ਹੁਣ ਇਹ ਦਰਿਆ ਵੀਰਾਨ ਹੋ ਗਏ ਹਨ। ਪਿਛਲੇ ਦਿਨ ਹਰੀਕੇ ਨੇੜੇ ਸਤਿਲੁਜ ਦਰਿਆ ਦੇ ਕੰਢੇ 'ਤੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ 'ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ, ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੇ ਅਨੇਕਾਂ ਜੀਵ ਜਾਤੀਆਂ ਦੇ ਕਤਲ ਕਰਕੇ ਅਸੀਂ ਅਖੌਤੀ ਵਿਕਾਸ ਦੀ ਸਿਰਜਣਾ ਕੀਤੀ ਹੈ। ਸਾਡੀ ਹਾਲਤ ਬੜੀ ਅਜੀਬੋ-ਗਰੀਬ ਬਣ ਗਈ ਹੈ :
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆ ਭਰ ਵਿਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆ ਵਿਚ ਹੀ ਵਾਤਾਵਰਨ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਜਿਵੇਂ ਪਿਛਲੇ ਕੁਝ ਸਾਲਾਂ ਵਿਚ ਬੇਲਿਹਾਜ਼ ਕਤਲੇਆਮ ਕੀਤਾ, ਉਸ ਤੋਂ ਲਗਦਾ ਹੈ ਕਿ ਅਸੀਂ ਜਿਵੇਂ ਆਪਣੀ ਅਕਲ ਦੇ ਬੂਹੇ ਬੰਦ ਕਰ ਲਏ ਹਨ। ਧਰਤੀ 'ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿਚ ਏ.ਸੀ., ਫਰਿੱਜਾਂ, ਕੋਲਡ ਡਰਿੰਕਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਨੂੰ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਨ ਵਾਲਾ ਅੱਜ ਦਾ ਮਨੁੱਖ ਜਿਸ ਟਾਹਣ 'ਤੇ ਬੈਠਾ ਹੈ, ਉਸੇ ਨੂੰ ਵੱਡਣ ਲੱਗਾ ਹੋਇਆ ਹੈ। ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਇਹ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇਕ ਸ਼ਾਇਰ ਲਿਖਦਾ ਹੈ
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈ।
      ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ, ਵਾਤਾਵਰਨ ਦੇ ਸੰਕਟ ਨੂੰ ਜਾਣੀਏ, ਸਮਝੀਏ ਅਤੇ ਇਸ ਖਿਲਾਫ਼ ਆਵਾਜ਼ ਬੁਲੰਦ ਕਰੀਏ।
- ਜ਼ੀਰਾ, ਸੰਪਰਕ : 98550-51099