Jasveer Sharma Dadahoor

ਹਕੀਕੀ ਕਹਾਣੀ...  ਇਉਂ ਬਦਲੀ ਕਿਸਮਤ - ਜਸਵੀਰ ਸ਼ਰਮਾਂ ਦੱਦਾਹੂਰ


ਮੰਨਾ ਮਾਪਿਆਂ ਦਾ ਲਾਡਲਾ ਤੇ ਭੈਣ ਦਾ ਇੱਕੋ ਇੱਕ ਭਰਾ ਸੀ। ਚੰਗਾ ਖਾਨਦਾਨੀ ਪਰਿਵਾਰ ਜ਼ਮੀਨ ਜਾਇਦਾਦ ਭਾਵੇਂ ਘੱਟ ਸੀ ਪਰ ਫਿਰ ਵੀ ਗੁਜ਼ਾਰਾ ਠੀਕ ਠਾਕ ਚੱਲ ਰਿਹਾ ਸੀ।ਪੜ੍ਹਾਈ ਵਿਚੋਂ ਕਮਜ਼ੋਰ ਮੰਨੇ ਨੂੰ ਯਾਰਾਂ ਦੋਸਤਾਂ ਦੀ ਸੰਗਤ ਵਿਚੋਂ ਪਤਾ ਹੀ ਨਾ ਲੱਗਾ ਕਿ ਕਦੋਂ ਭੈੜੇ ਨਸ਼ਿਆਂ ਨੇ ਆਪਣੀ ਗ੍ਰਿਫ਼ਤ ਵਿੱਚ ਜਕੜ ਲਿਆ ਸੀ। ਜਿਸਦਾ ਬੁੱਢੇ ਮਾਪਿਆਂ ਨੂੰ ਸਦਾ ਹੀ ਝੋਰਾ ਵੱਢ ਵੱਢ ਕੇ ਖਾਂਦਾ ਰਹਿੰਦਾ ਸੀ। ਪੜ੍ਹਾਈ ਦੇ ਵਿਚੋਂ ਹੱਥ ਤੰਗ ਕਰਕੇ ਬਾਪ ਨੇ ਮੰਨੇ ਨੂੰ ਕਿਸੇ ਪ੍ਰਾਈਵੇਟ ਕੰਮ ਤੇ ਲਾਉਣ ਦੀ ਬਾਬਤ ਸੋਚਿਆ।ਜਦ ਮੰਨੇ ਤੋਂ ਪੁੱਛਿਆ ਕਿ ਦੱਸ ਕਿਹੜੇ ਕੰਮ ਨੂੰ ਦਿਲ ਕਰਦਾ ਹੈ ਤਾਂ ਮੰਨੇ ਨੇ ਡਰਾਇਵਰੀ ਦੀ ਜਿਦ ਕੀਤੀ।ਤੇ ਨਾਲ ਹੀ ਉਜਾਗਰ ਸਿੰਘ (ਮੰਨੇ ਦੇ ਬਾਪ) ਨੇ ਉਸ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਵੀ ਬਹੁਤ ਵਰਜਿਆ।ਪਰ ਮੰਨੇ ਨੇ ਤਾਂ ਡਰਾਈਵਰੀ ਦਾ ਕਿੱਤਾ ਹੀ ਇਸ ਕਰਕੇ ਚੁਣਿਆਂ ਸੀ ਕਿ ਇਸ ਵਿਚ ਹੀ ਨਸ਼ਿਆਂ ਦੀ ਆਦਤ ਪੂਰੀ ਹੋ ਸਕਦੀ ਹੈ।ਸੋ ਉਜਾਗਰ ਸਿੰਘ ਨੇ ਮੰਨੇ ਨੂੰ ਆਪਣੇ ਕਿਸੇ ਵਾਕਿਫ਼ ਕੋਲ ਟਰੱਕ ਦੀ ਕਲੀਨਰੀ ਤੇ ਛੱਡ ਦਿੱਤਾ ਤੇ ਉਸ ਦੇ ਨਸ਼ਿਆਂ ਨੂੰ ਵੀ ਛਡਾਉਣ ਦੀ ਗੱਲ ਕਹੀ ਕਿਉਂਕਿ ਟਰੱਕ ਡਰਾਈਵਰ ਦਰਸ਼ਨ ਸਿੰਘ ਖੁਦ ਗੁਣੀ ਗਿਆਨੀ ਆਦਮੀ ਸੀ।
ਸੋ ਸਮਾਂ ਬੀਤਦਾ ਗਿਆ ਤੇ ਮੰਨੇ ਨੂੰ ਟਰੱਕ ਦੀ ਕਲੀਨਰੀ ਕਰਦੇ ਨੂੰ ਕਰੀਬ ਪੰਜ ਸਾਲ ਤੋਂ ਵੀ ਓੱਤੇ ਸਮਾਂ ਹੋ ਗਿਆ ਸੀ।ਤੇ ਹੌਲੀ-ਹੌਲੀ ਦਰਸ਼ਨ ਸਿੰਘ ਉਸ ਨੂੰ ਕਦੇ ਕਦਾਈਂ ਟਰੱਕ ਵੀ ਫੜਾਉਣ ਲੱਗ ਪਿਆ ਤਾਂ ਕਿ ਓਹ ਡਰਾਈਵਰ ਬਣ ਸਕੇ ਪਰ ਮੰਨੇ ਦੀ ਨਸ਼ਿਆਂ ਦੀ ਆਦਤ ਨਹੀਂ ਛੁੱਟੀ ਸੀ ਮੰਨਾ ਬਹੁਤ ਮਿਹਨਤੀ ਤੇ ਪੂਰਾ ਬਣਦਾ ਤਣਦਾ ਗਭਰੂ ਸੀ ਪਰ ਨਸ਼ੇ ਸਰੀਰ ਨੂੰ ਗਾਲ ਰਹੇ ਸਨ।ਜਦ ਕਦੇ ਨਸ਼ਿਆਂ ਦੀ ਮੰਨੇ ਨੂੰ ਤੋਟ ਲੱਗਦੀ ਤਾਂ ਦਰਸ਼ਨ ਸਿੰਘ ਕਿਸੇ ਕੋਲੋਂ ਲੈ ਵੀ ਦਿੰਦਾ।ਇਸੇ ਤਰ੍ਹਾਂ ਹੀ ਸਮਾਂ ਬੀਤ ਰਿਹਾ ਸੀ।ਪਰ ਮੰਨੇ ਨੋ ਘਰ ਦਿਆਂ ਵੱਲੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਸੀ ਬਲਕਿ ਭੁੱਲ ਹੀ ਚੁੱਕਾ ਸੀ,ਤੇ ਘਰਦੇ ਵੀ ਇਸ ਕਰਕੇ ਜ਼ਿਆਦਾ ਤਾਂਘ ਉਸ ਨੂੰ ਮਿਲਣ ਦੀ ਨਹੀਂ ਕਰਦੇ ਸੀ ਕਿ,ਜੇ ਓਹ ਘਰ ਆ ਗਿਆ ਤਾਂ ਘਰਦੇ ਭਾਂਡੇ ਟੀਂਡੇ ਹੀ ਨਾ ਵੇਚ ਦੇਵੇ।
ਇੱਕ ਵਾਰ ਦਰਸ਼ਨ ਸਿੰਘ ਹੋਰਾਂ ਨੂੰ ਐਮ ਪੀ ਸਟੇਟ ਦੇ ਭੁਪਾਲ ਸ਼ਹਿਰ ਦਾ ਗੇੜਾ ਮਿਲਿਆ ਟਰੱਕ ਲੱਦ ਕੇ ਉਨ੍ਹਾਂ ਨੇ ਭੁਪਾਲ ਨੂੰ ਚਾਲੇ ਪਾ ਦਿੱਤੇ ਪੰਦਰਾਂ ਸੋਲਾਂ ਦਿਨਾਂ ਦੇ ਸਫ਼ੳਮਪ;ਰ ਤੋਂ ਬਾਅਦ ਓਹ ਆਪਣੀ ਮੰਜ਼ਿਲ ਤੇ ਪਹੁੰਚ ਗਏ।ਇਸ ਦੌਰਾਨ ਮੰਨੇ ਨੇ ਬਹੁਤ ਹੀ ਮਿਹਨਤ ਨਾਲ ਕੰਮ ਸਾਂਭਿਆ ਹੋਇਆ ਸੀ ਬੇਸ਼ੱਕ ਓਹ ਆਪਣੇ ਨਸ਼ਿਆਂ ਦੀ ਆਦਤ ਤੋਂ ਤਾਂ ਪੂਰੀ ਤਰਾਂ ਸੁਰਖ਼ਰੂ ਨਹੀਂ ਸੀ ਹੋਇਆ ਪਰ ਉਸਤਾਦ ਦੀ ਇਜਤ ਪੂਰੀ ਤਰ੍ਹਾਂ ਕਰਦਾ ਤੇ ਆਪਣੇ ਕੰਮ ਪ੍ਰਤੀ ਪੂਰਾ ਜਵਾਬ ਦੇਹ ਹੁੰਦਾ ਸੀ।ਰੱਬ ਦੀ ਕਰਨੀ ਐਮ ਪੀ ਜਾਕੇ ਟਰੱਕ ਦੇ ਇੰਜਣ ਵਿਚ ਕੋਈ ਵੱਡਾ ਨੁਕਸ ਪੈਣ ਕਰਕੇ ਇੰਜਣ ਸੀਜ਼ ਹੋ ਗਿਆ ਜਿਸ ਕਰਕੇ ਪੂਰਾ ਇੰਜਣ ਕੱਢਕੇ ਦਰਸ਼ਨ ਸਿੰਘ ਨੂੰ ਆਪਣੀ ਪਹਿਚਾਣ ਦੇ ਕਿਸੇ ਮਿਸਤਰੀ ਕੋਲ ਮੋਗੇ ਲੈ ਕੇ ਆਉਣਾ ਪਿਆ।ਇਸ ਦੌਰਾਨ ਮੰਨੇ ਨੂੰ ਟਰੱਕ ਕੋਲ ਹੀ ਰਹਿਣ ਦੀ ਡਿਊਟੀ ਦੇਣੀ ਪੲਈ।ਇਸ ਅਚਨਚੇਤ ਆਈ ਆਫਤ ਤੇ ਪੂਰਾ ਇੱਕ ਹਫ਼ੳਮਪ;ਤਾ ਲੱਗ ਗਿਆ।
ਐਮ ਪੀ ਦੇ ਭੁਪਾਲ ਸ਼ਹਿਰ ਜਿਥੇ ਟਰੱਕ ਖੜ੍ਹਾ ਸੀ ਉਸ ਦੇ ਬਿਲਕੁਲ ਨੇੜੇ ਹੀ ਓਥੋਂ ਦੇ ਇੱਕ ਬਹੁਤ ਹੀ ਰਹੀਸ ਠਾਕੁਰ ਦਾ ਬਹੁਤ ਵੱਡਾ ਆਲੀਸ਼ਾਨ ਬੰਗਲਾ ਸੀ।ਉਸ ਠਾਕੁਰ ਦੀ ਇੱਕੋ-ਇੱਕ ਸੰਤਾਨ ਵੀਹ ਬਾਈ ਸਾਲ ਦੀ ਬਹੁਤ ਹੀ ਸੁੰਦਰ ਭਰ ਜਵਾਨ ਲੜਕੀ ਰਾਣੀ ਸੀ ਜੋ ਕਿ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਠੀਕ ਨਹੀਂ ਸੀ। ਜਿਸ ਦੇ ਵਿਆਹ ਦੀ ਠਾਕੁਰ ਸਾਹਿਬ ਨੂੰ ਸਦਾ ਚਿੰਤਾ ਰਹਿੰਦੀ ਸੀ ।ਜਦੋਂ ਵੀ ਉਹ ਬਾਹਰ ਨਿਕਲਦੀ ਤਾਂ ਕਿਸੇ ਦੀ ਵੀ ਜੁਰਅਤ ਨਹੀਂ ਸੀ ਕਿ ਉਸ ਵੱਲ ਕੋਈ ਅੱਖ ਵੀ ਚੱਕ ਸਕੇ।ਇਹ ਸਭ ਕੁਝ ਮੰਨਾ ਕਈ ਦਿਨਾਂ ਤੋਂ ਹਰ ਰੋਜ ਹੀ ਵੇਖ ਰਿਹਾ ਸੀ।ਭਰ ਜਵਾਨ ਗੱਭਰੂ ਮੰਨਾ ਤੇ ਭਰ ਜਵਾਨ ਮੁਟਿਆਰ ਰਾਣੀ ਤੇ.. ਇੱਕ ਦਿਨ ਕੁਝ ਕੁਵੇਲੇ ਜਿਹੇ ਰਾਣੀ ਜਦ ਬੰਗਲੇ ਚੋਂ ਨਿਕਲੀ ਤਾਂ ਮੰਨੇ ਨੇ ਅੱਗਾ ਪਿੱਛਾ ਵੇਖਕੇ ਝੱਟ ਰਾਣੀ ਨੂੰ ਟਰੱਕ ਦੇ ਕੈਬਿਨ ਵਿਚ ਸੁੱਟ ਕੇ ਓਹ ਕਰ ਦਿੱਤਾ ਜਿਸ ਨੂੰ ਦੋ ਭਰ ਜਵਾਨੀਆਂ ਨੂੰ ਸਦਾ ਤਾਂਘ ਹੁੰਦੀ ਹੈ,ਪਰ ਮਾੜੀ ਕਿਸਮਤ ਨੂੰ ਇਹ ਸੱਭ ਕੁਝ ਠਾਕੁਰ ਸਾਹਿਬ ਦੇ ਕਿਸੇ ਗਵਾਂਢੀ ਨੇ ਵੇਖ ਲਿਆ ਸੀ ਤੇ ਗੱਲ ਠਾਕੁਰ ਸਾਹਿਬ ਕੋਲ ਪਹੁੰਚ ਚੁੱਕੀ ਸੀ। ਠਾਕੁਰ ਸਾਹਿਬ ਨੇ ਮੰਨੇ ਦੀ ਲਾਹ ਪਾਹ ਕੀਤੀ ਤੇ ਨਾਲ ਹੀ ਕੈਦ ਕਰਕੇ ਆਪਣੇ ਬੰਗਲੇ ਵਿਚ ਤਾੜ ਦਿੱਤਾ ਤੇ ਉਸ ਦੇ ਡਰਾਈਵਰ ਦਰਸ਼ਨ ਸਿੰਘ ਦੀ ਉਡੀਕ ਤੱਕ ਉਸ ਨੂੰ ਕੈਦ ਕਰ ਲਿਆ। ਆਖਿਰ ਤੀਸਰੇ ਦਿਨ ਦਰਸ਼ਨ ਸਿੰਘ ਵੀ ਪਹੁੰਚ ਗਿਆ ਤੇ ਜਿਉਂ ਹੀ ਉਸਨੂੰ ਮੰਨੇ ਦੀ ਬਾਬਤ ਜਾਣਕਾਰੀ ਮਿਲੀ ਤਾਂ ਓਹ ਠਾਕੁਰ ਸਾਹਿਬ ਦੇ ਬੰਗਲੇ ਪਹੁੰਚਿਆ। ਠਾਕੁਰ ਸਾਹਿਬ ਨੇ ਦਰਸ਼ਨ ਸਿੰਘ ਤੇ ਮੰਨੇ ਦੀ ਪੂਰੀ ਬੇਇਜ਼ਤੀ ਕੀਤੀ। ਬਹੁਤ ਹੀ ਮਿਨਤਾਂ ਤਰਲੇ ਕਰਨ ਦਾ ਵੀ ਠਾਕੁਰ ਸਾਹਿਬ ਤੇ ਕੋਈ ਅਸਰ ਨਾ ਹੋਇਆ।
ਅਖੀਰ ਠਾਕੁਰ ਸਾਹਿਬ ਨੇ ਆਪਣਾ ਸ਼ਾਹੀ ਫੁਰਮਾਨ ਸੁਣਾਇਆ ਕਿ ਜਾਂ ਤਾਂ ਮੰਨੇ ਨੂੰ ਮੇਰੀ ਇਸ ਸਿੱਧੀ ਸਾਦੀ ਬੇਟੀ ਰਾਣੀ ਨਾਲ ਵਿਆਹ ਕਰਵਾਉਣਾ ਪਵੇਗਾ ਜਾਂ ਫਿਰ ਮੈਂ ਤੇਰੇ (ਦਰਸ਼ਨ ਸਿੰਘ) ਦੇ ਸਾਹਮਣੇ ਮੰਨੇ ਨੂੰ ਗੋਲੀਆਂ ਨਾਲ ਭੁੰਨ ਦੇਵਾਂਗਾ।
ਅਖੀਰ ਸਾਦੀਆਂ ਰਸਮਾਂ ਰੀਤਾਂ ਨਾਲ ਮੰਨੇ ਦਾ ਵਿਆਹ ਰਾਣੀ ਨਾਲ ਕੀਤਾ ਗਿਆ, ਪਰ ਮੰਨੇ ਨੇ ਦਰਸ਼ਨ ਸਿੰਘ ਨੂੰ ਵਾਸਤਾ ਪਾਇਆ ਕਿ ਇਹ ਗੱਲ ਮੇਰੇ ਘਰਦਿਆਂ ਨੂੰ ਪਤਾ ਨਾ ਲੱਗੇ। ਘਰਦੇ ਤਾਂ ਪਹਿਲਾਂ ਈ ਮੰਨੇ ਨੂੰ ਮਰਿਆ ਸਮਝ ਚੁੱਕੇ ਸਨ ਕਿਉਂਕਿ ਐਨਾ ਨਸ਼ਾ ਪੱਤਾ ਕਰਨ ਆਲਾ ਇਨਸਾਨ ਥੋੜ੍ਹਾ ਸਮਾਂ ਹੀ ਕੱਢਦਾ ਹੈ।ਤੇ ਮੰਨੇ ਨੂੰ ਵੀ ਘਰੋਂ ਆਏ ਨੂੰ ਪੰਜ ਛੇ ਸਾਲ ਬੀਤ ਚੁੱਕੇ ਸਨ। ਸੋ ਮੰਨੇ ਨੂੰ ਠਾਕੁਰ ਸਾਹਿਬ ਨੇ ਘਰ ਜਵਾਈ ਰੱਖ ਲਿਆ ਤੇ ਅਲੱਗ ਬੰਗਲਾ ਬਣਾ ਕੇ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ ਤੇ ਨਾਲ ਹੀ ਆਪਣੇ ਤਿੰਨ ਸੌ ਕਿਲਿਆਂ ਵਿਚੋਂ ਸੌ ਕਿਲਾ ਮੰਨੇ ਦੇ ਨਾਮ ਲਵਾ ਦਿੱਤਾ ਤਾਂ ਕਿ ਕਿਤੇ ਮੰਨਾ ਰਾਣੀ ਨੂੰ ਛੱਡ ਕੇ ਨਾ ਚਲਾ ਜਾਵੇ।ਜੇ ਇਹ ਗੱਲ ਹੋ ਗਈ ਤਾਂ ਠਾਕੁਰ ਸਾਹਿਬ ਦਾ ਮਰਨ ਹੋ ਜਾਣਾ ਸੀ।
ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਤਿੰਨ ਚਾਰ ਸਾਲਾਂ ਦੇ ਵਕਫੇ ਵਿੱਚ ਰਾਣੀ ਦੇ ਪੇਟੋਂ ਦੋ ਲੜਕਿਆਂ ਨੇ ਜਨਮ ਲਿਆ। ਉਨ੍ਹਾਂ ਨੂੰ ਠਾਕੁਰ ਸਾਹਿਬ ਨੇ ਚੰਗੀ ਤਾਲੀਮ ਦਿਵਾ ਕੇ ਬਾਹਰਲੇ ਮੁਲਕ ਭਾਵ ਕਨੇਡਾ ਵਿਖੇ ਸੈਟ ਕਰਵਾ ਦਿੱਤਾ।ਵੀਹ ਪੱਚੀ ਸਾਲ ਦਾ ਸਮਾਂ ਬੀਤਦੇ ਦਾ ਪਤਾ ਈ ਨਾਂ ਲੱਗਾ। ਕਦੇ ਕਦੇ ਮੰਨੇ ਨੂੰ ਮਾ ਬਾਪ ਦੀ ਯਾਦ ਵੀ ਆ ਜਾਂਦੀ। ਪਰ
ਇਧਰ ਠਾਕੁਰ ਸਾਹਿਬ ਨੂੰ ਨਾਲ ਜਵਾਈ ਰੱਖਣ ਦੀ ਆਦਤ ਜਿਹੀ ਪੈ ਗਈ ਸੀ, ਕਿਉਂਕਿ ਮੰਨੇ ਨੇ ਜਦ ਧੂਵਾਂ ਚਾਦਰਾ ਬੰਨ ਕੇ ਨੋਕਾਂ ਵਾਲੀ ਜੁੱਤੀ ਨਾਲ ਟੌਰੇ ਵਾਲੀ ਪੱਗ ਬੰਨਣੀ ਤਾਂ ਠਾਕੁਰ ਸਾਹਿਬ ਦੀ ਵੀ ਪੂਰੀ ਚੜਤ ਹੁੰਦੀ ਸੀ। ਠਾਕੁਰ ਸਾਹਿਬ ਦੇ ਨਾਲ ਹੀ ਮੰਨੇ ਨੂੰ ਵੀ ਸਲਾਮਾਂ ਹੁੰਦੀਆਂ ਸਨ।
ਦੋਸਤੋ ਸਮਾਂ ਬੜਾ ਬਲਵਾਨ ਹੁੰਦਾ ਹੈ, ਇੱਕ ਦਿਨ ਮੰਨੇ ਨੇ ਠਾਕੁਰ ਸਾਹਿਬ ਨਾਲ ਪੱਕੀ ਜਿਦ ਹੀ ਕਰ ਲਈ ਕਿ ਮੈਂ ਤਾਂ ਇੱਕ ਵਾਰ ਜਰੂਰ ਆਪਣੇ ਸ਼ਹਿਰ ਜਾਣਾ ਹੈ, ਸੋ ਘੱਟੋ-ਘੱਟ ਵੀਹ ਬਾਈ ਸਾਲ ਦੇ ਲੰਬੇ ਵਕਫੇ ਦੇ ਮਗਰੋਂ ਠਾਕੁਰ ਸਾਹਿਬ ਨੇ ਵੀ ਸੋਚਿਆ ਕਿ ਇੱਕ ਵਾਰ ਬਿਲਕੁਲ ਮਾਤਾ ਪਿਤਾ ਦਾ ਆਸ਼ੀਰਵਾਦ ਲੈਣਾ ਬਣਦਾ ਹੈ। ਸੋ ਠਾਕੁਰ ਸਾਹਿਬ ਨੇ ਏ ਸੀ ਕਾਰ ਸਮੇਤ ਡਰਾਈਵਰ ਤੇ ਰਾਣੀ ਨੂੰ ਮੰਨੇ ਦੇ ਨਾਲ ਬੜੇ ਹੀ ਚਾਅ ਨਾਲ ਭੇਜਿਆ।ਦੋ ਦਿਨ ਦੇ ਸਫ਼ੳਮਪ;ਰ ਤੋਂ ਬਾਅਦ ਮੰਨਾ ਰਾਣੀ ਨੂੰ ਨਾਲ ਲੈਕੇ ਜਿਉਂ ਹੀ ਆਪਣੇ ਘਰ ਪੁੱਜਾ ਤਾਂ ਬੁੱਢੇ ਹੋ ਚੁੱਕੇ ਮਾ ਬਾਪ ਨੇ ਬਿਲਕੁਲ ਵੀ ਨਾ ਪਛਾਣਿਆਂ। ਪਰ ਚਾਚੇ ਤਾਇਆਂ ਜਿਨ੍ਹਾਂ ਨੂੰ ਬਹੁਤ ਹੀ ਭੈੜਾ ਲੱਗਦਾ ਹੁੰਦਾ ਸੀ ਕਿਸੇ ਸਮੇਂ ਮੰਨਾ ਓਹ ਜੱਫੀ ਵਿਚ ਲੈ ਕੇ ਉਸ ਨੂੰ ਪਿਆਰ ਦੇ ਰਹੇ ਸਨ ਤੇ ਉਸ ਦੇ ਮਾ ਬਾਪ ਨੂੰ ਦੱਸ ਰਹੇ ਸਨ ਕਿ ਆਪਣਾ ਮੰਨਾ ਆਇਆ ਹੈ। ਸਭਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਜੋ ਕਿਸੇ ਸਮੇਂ ਨਸ਼ਿਆਂ ਨੇ ਖਾਧਾ ਸੀ ਇਹ ਓਹੋ ਹੀ ਮੰਨਾ ਹੈ?
ਸੋ ਦੋਸਤੋ ਓਸ ਅਕਾਲਪੁਰਖ ਨੇ ਕਦੋਂ ਤੇ ਕਿਵੇਂ ਕਿਸੇ ਦੀ ਕਿਸਮਤ ਬਦਲ ਦੇਣੀ ਇਹ ਓਹ ਖੁਦ ਹੀ ਜਾਣਦਾ ਹੈ। ਓਹ ਹੀ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਵਾਲਾ ਹੈ।ਪਰ ਆਪਾਂ ਕਲਯੁਗੀ ਜੀਵਾਂ ਨੂੰ ਇਸ ਦਾ ਕੋਈ ਇਲਮ ਨਹੀਂ ਹੁੰਦਾ।
(ਸਤਿਕਾਰਿਤ ਦੋਸਤੋ ਇਹ ਬਿਲਕੁਲ ਹਕੀਕੀ ਕਹਾਣੀ ਹੈ)

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

ਇਉਂ ਮਿਲਦੀ ਹੁੰਦੀ ਸੀ ਸਜਾ ਸਾਨੂੰ... -ਜਸਵੀਰ ਸ਼ਰਮਾਂ ਦੱਦਾਹੂਰ

ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ ਵੀ ਬਹੁਤ ਘੱਟ ਸੀ। ਤੱਪੜਾਂ ਜਾਂ ਪੱਲੀਆਂ ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ।ਕਲਮ ਦਵਾਤ ਜਾ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ ਜਾਂਦਾ ਰਿਹਾ ਹੈ।ਦਵਾਤ ਵਿੱਚ ਲੋੜ ਅਨੁਸਾਰ ਕਾਲੀ ਸਿਆਹੀ ਜਾ ਨੀਲੀ ਸਿਆਹੀ ਪਾ ਲੈਣੀ ਤੇ ਓਹ ਪੰਜ ਜਾਂ ਦਸੀ ਭਾਵ ਦਸ ਪੈਸਿਆਂ ਦੀ ਕਾਗਜ਼ ਦੀ ਪੁੜੀ ਵਿੱਚ ਹੀ ਹੁੰਦੀ ਸੀ।ਅੱਧੀ ਛੁੱਟੀ ਵੇਲੇ ਧੜਮੱਚੜ ਮਨਾਉਂਦੇ ਅਸੀਂ ਘਰੀਂ ਆ ਜਾਇਆ ਕਰਦੇ ਸਾਂ ਤੇ ਕਦੇ ਕਦੇ ਅੱਧੀ ਛੁੱਟੀ ਤੋਂ ਬਾਅਦ ਸਕੂਲੇ ਜਾਂਦੇ ਵੀ ਘੱਟ ਹੀ ਸੀ। ਅਗਲੇ ਦਿਨ ਫਿਰ ਕਦੇ ਕਦੇ ਸ਼ਾਮਤ ਆ ਜਾਣੀ ਭਾਵ ਸਜਾ ਮਿਲਣੀ ਤੇ ਓਹ ਸਜਾ ਵੀ ਫੋਟੋ ਵਾਂਗ ਲੱਤਾਂ ਵਿੱਚ ਦੀ ਬਾਹਾਂ ਪਾ ਕੇ ਕੰਨ ਫੜਾ ਦੇਣੇ ਮਾਸਟਰ ਜੀ ਹੋਰਾਂ ਨੇ ਤੇ ਪਿਛਲੇ ਦਿਨ ਜੋ ਅੱਧੀ ਛੁੱਟੀ ਤੋਂ ਬਾਅਦ ਦਾ ਕੰਮ ਹੁੰਦਾ ਸੀ ਜਿਸ ਸਮੇਂ ਅਸੀਂ ਸਕੂਲ ਚੋਂ ਭਗੌੜੇ ਹੁੰਦੇ ਸਾਂ ਓਹ ਸਾਰਾ ਕੰਮ ਕੰਨ ਫੜ੍ਹੇ ਫੜਾਏ ਭਾਵ ਮੁਰਗੇ ਬਣੇ ਬਣਾਇਆਂ ਹੀ ਅੱਗੇ ਕਿਤਾਬਾਂ ਜਾਂ ਕਾਪੀਆਂ ਰੱਖ ਕੇ ਯਾਦ ਕਰਨਾ ਤੇ ਓਨਾਂ ਚਿਰ ਖਹਿੜਾ ਨਹੀਂ ਛੁਟਦਾ ਸੀ ਜਿਨ੍ਹਾਂ ਚਿਰ ਓਹ ਅਧੂਰਾ ਕੰਮ ਪੂਰਾ ਕਰਕੇ ਮਾਸਟਰ ਜੀ ਨੂੰ ਸੁਣਾ ਨਾ ਦੇਣਾ। ਬਹੁਤ ਔਖੀ ਸਜਾ ਹੋਇਆ ਕਰਦੀ ਸੀ।ਇਸ ਤੋਂ ਵੀ ਔਖਾ ਤੇ ਬਹੁਤ ਜ਼ਿਆਦਾ ਬੇਇਜ਼ਤੀ ਵਾਲਾ ਕੰਮ ਹੁੰਦਾ ਸੀ ਕਿ ਕਲਾਸ ਦੇ ਵਿਚੋਂ ਹੀ ਕਿਸੇ ਹੋਰ ਹੁਸ਼ਿਆਰ ਪਿੰਡ ਦੇ ਮੁੰਡੇ ਜਾ ਹੁਸ਼ਿਆਰ ਲੜਕੀ ਨੇ ਸਜਾ ਦੇਣੀ ਮਤਲਬ ਖ਼ੜ੍ਹੇ ਕਰਕੇ ਹੱਥਾਂ ਤੇ ਡੰਡੇ ਵੱਜਿਆ ਕਰਦੇ ਸਨ।
ਪਰ ਦੋਸਤੋ ਸਮੇਂ ਬਹੁਤ ਚੰਗੇ ਸਨ ਕੋਈ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ ਕੋਈ ਕਿਸੇ ਨੂੰ ਹੂਟ ਭਾਵ ਮਖੌਲ ਨਹੀਂ ਕੀਤਾ ਜਾਂਦਾ ਸੀ। ਮੈਨੂੰ ਚੰਗੀ ਤਰ੍ਹਾ ਯਾਦ ਹੈ ਕਿ ਸਾਡੇ ਸਕੂਲ ਵਿਖੇ ਇੱਕ ਮਾਸਟਰ ਜੀ ਡਰੰਕ ਵਿਚ ਅਲੱਗ-ਅਲੱਗ ਕਿਸਮ ਦੀ ਨਿੱਬ੍ਹ ਪਾਕੇ ਹਿੰਦੀ ਪੰਜਾਬੀ ਦੀਆਂ ਕਾਪੀਆਂ ਦਾ ਕੰਮ ਚੈਕ ਕਰਦੇ ਸਨ ਤੇ ਜੇਕਰ ਕਿਤੇ ਕੋਈ ਗਲਤੀ ਹੋਣੀ ਤਾਂ ਢਿੱਡ ਵਿੱਚ ਡਰੰਕ ਦੀ ਡੰਡੀ ਹੀ ਚੁਭੋ ਦਿਆ ਕਰਦੇ ਸਨ।ਪਰ ਦੋਸਤੋ ਓਦੋਂ ਸਮੇਂ ਬਹੁਤ ਹੀ ਚੰਗੇ ਹੋਇਆ ਕਰਦੇ ਸਨ ਕੋਈ ਵੀ ਪਰਿਵਾਰਕ ਮੈਂਬਰ ਕਦੇ ਵੀ ਸਕੂਲ ਵਿੱਚ ਆ ਕੇ ਉਲਾਂਭਾ ਨਹੀਂ ਦਿਆ ਕਰਦੇ ਸਨ ਸਗੋਂ ਇਹ ਕਹਿਣਾ ਕਿ ਮਾਸਟਰ ਜੀ ਇਹਦੀ ਚਮੜੀ ਉਧੇੜ ਦਿਓ ਪਰ ਇਹਨੂੰ ਬੰਦਾ ਬਣਾ ਦੇਣਾ। ਘਰ ਦੇ ਵਿੱਚੋਂ ਦਸੀ ਚੁਆਨੀ ਅਠਾਨੀ ਖ਼ਰਚਣ ਲਈ ਮਿਲਦੀ ਸੀ ਉਨ੍ਹਾਂ ਸਮਿਆਂ ਵਿੱਚ ਇਹ ਚੁਆਨੀ ਅਠਿਆਨੀ ਹੀ ਬਹੁਤ ਹੋਇਆ ਕਰਦੀ ਸੀ। ਕਾਗਜ਼ ਦਾ ਇਕ ਰੁਪੱਈਆਂ ਤਾਂ ਕਿਸੇ ਤਕੜੇ ਘਰ ਭਾਵ ਚੰਗੀ ਜ਼ਮੀਨ ਜਾਇਦਾਦ ਵਾਲੇ ਘਰਾਂ ਦੇ ਬੱਚਿਆਂ ਨੂੰ ਮਿਲਦਾ ਸੀ। ਤੇ ਆਮ ਬੱਚੇ ਉਸ ਅਮੀਰ ਪਰਿਵਾਰ ਦੇ ਬੱਚੇ ਵੱਲ ਨੀਝ ਨਾਲ ਵੇਖਿਆ ਕਰਦੇ ਸਨ ਕਿ ਇਹਦੇ ਮਾਪੇ ਘਰੋਂ ਅਮੀਰ ਹਨ ਇਸੇ ਲਈ ਹੀ ਇਸ ਨੂੰ ਖਰਚਣ ਲਈ ਇਕ ਰੁਪੱਈਆਂ ਮਿਲਿਆ ਹੈ।ਪਰ ਕੋਈ ਈਰਖਾ ਜਾਂ ਸਾੜਾ ਨਹੀਂ ਕਰਦਾ ਸੀ। ਕਦੇ ਕਦੇ ਮਾਸਟਰ ਜੀ ਹੋਰਾਂ ਨੇ ਖੇਤਾਂ ਵਿਚੋਂ ਸਾਗ ਮੂਲੀਆਂ ਪਾਲਕ ਵੀ ਲੈਣ ਭੇਜ ਦੇਣਾ। ਸਕੂਲਾਂ ਵਿੱਚ ਚਪੜਾਸੀ ਦੀ ਪੋਸਟ ਵੀ ਘੱਟ ਈ ਹੁੰਦੀ ਸੀ ਮਾਸਟਰਾਂ ਤੇ ਮੈਡਮਾਂ ਭਾਵ ਭੈਣ ਜੀਆਂ ਨੂੰ ਪਾਣੀ ਤੇ ਚਾਹ ਦੀ ਸੇਵਾ ਵੀ ਬੱਚੇ ਹੀ ਕਰਦੇ ਸਨ। ਸਕੂਲਾਂ ਦੇ ਵਿੱਚ ਚਾਹ ਘੱਟ ਹੀ ਬਣਿਆਂ ਕਰਦੀ ਸੀ ਭਾਵ ਸਰਪੰਚ ਦੇ ਘਰੋਂ ਜਾਂ ਫਿਰ ਜੋ ਵੀ ਕੋਈ ਸਰਦਾ ਪੁਜਦਾ ਘਰ ਸਕੂਲ ਦੇ ਨੇੜੇ ਹੁੰਦਾ ਸੀ ਓਸੇ ਘਰੋਂ ਹੀ ਬੱਚੇ ਹੀ ਜਾ ਕੇ ਲੈ ਆਉਂਦੇ ਸਨ।ઠ
ਦੋਸਤੋ ਸਮੇਂ ਸਮੇਂ ਦੀ ਗੱਲ ਹੈ ਹੁਣ ਬਦਲੇ ਹਾਲਾਤਾਂ ਵਿੱਚ ਨਾ ਤਾਂ ਕੋਈ ਮਾਸਟਰ ਕਿਸੇ ਬੱਚੇ ਤੋਂ ਪਾਣੀ ਚਾਹ ਮੰਗਦਾ ਹੀ ਹੈ ਤੇ ਨਾ ਹੀ ਕੋਈ ਬੱਚਾ ਪਿਆਉਂਦਾ ਹੀ ਹੈ। ਕਿਸੇ ਬੱਚੇ ਨੂੰ ਝਿੜਕਨਾ ਆਪਣੇ ਆਪ ਆਫਤ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਕੋਈ ਮਾਸਟਰ ਗਲਤੀ ਨਾਲ ਕਿਸੇ ਬੱਚੇ ਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਬਦਲੀ ਦੀ ਤਿਆਰੀ ਜਾਂ ਫਿਰ ਮਾਸਟਰ ਜੀ ਨੂੰ ਰਾਹੇ ਬਗਾਹੇ ਕੁੱਟ ਦਿੱਤਾ ਜਾਂਦਾ ਹੈ।ਇਸ ਕਰਕੇ ਮਾਸਟਰ ਵੀ ਬਹੁਤ ਸਿਆਣੇ ਹੋ ਗਏ ਹਨ ਕੋਈ ਪਾਸ ਹੋਏ ਜਾਂ ਫੇਲ ਉਨ੍ਹਾਂ ਦਾ ਕੋਈ ਮਤਲਬ ਨਹੀਂ। ਕੋਈ ਕੋਈ ਵਿਰਲਾ ਬੱਚਾ ਹੀ ਮਾਸਟਰਾਂ ਜਾਂ ਮੈਡਮਾਂ ਦੀ ਇਜਤ ਮਾਨ ਕਰਦਾ ਹੈ। ਓਹ ਗੱਲ ਅਲਹਿਦਾ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਘੱਟ ਐਸੇ ਬੱਚੇ ਹਨ ਜੋ ਅੱਜ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਪਹਿਲੇ ਸਮਿਆਂ ਵਿੱਚ ਬਹੁਤ ਹੀ ਇਜਤ ਮਾਨ ਸਤਿਕਾਰ ਮਿਲਿਆ ਕਰਦਾ ਸੀ ਅਧਿਆਪਕਾਂ ਨੂੰ ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ।ਆਮ ਕਹਾਵਤ ਵੀ ਹੈ ਕਿ ਓਹਨਾਂ ਸਮਿਆਂ ਦੀਆਂ ਦਸ ਜਮਾਤਾਂ ਤੇ ਅਜੋਕੀ ਬੀ ਏ ਇੱਕ ਬਰਾਬਰ ਹੀ ਹਨ। ਬੇਸ਼ੱਕ ਪੈਸੇ ਦਾ ਪਸਾਰਾ ਘੱਟ ਸੀ ਪਰ ਪੜ੍ਹਾਈ ਪੱਖੋਂ ਖਰਚੇ ਪੱਖੋਂ ਇਜਤ ਮਾਨ ਸਤਿਕਾਰ ਪੱਖੋਂ ਓਹ ਵੇਲ਼ੇ ਹੁਣ ਵਾਲਿਆਂ ਸਮਿਆਂ ਨਾਲੋਂ ਕਈ ਗੁਣਾਂ ਚੰਗੇ ਸਨ। ਤਰੱਕੀ ਹੋਣੀ ਸਮੇਂ ਮੁਤਾਬਿਕ ਢਲਣਾ ਇਹ ਆਪਣੀ ਫਿਤਰਤ ਹੈ ਇਹ ਢਲਣਾ ਹੀ ਪੈਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਹੋ ਵੀ ਰਹੇ ਹਾਂ।ਪਰ ਓਹ ਬੀਤੇ ਸਮੇਂ ਕਦੇ ਕਦੇ ਜਿਹਨ ਦੇ ਵਿੱਚ ਆ ਜ਼ਾਂਦੇ ਨੇ ਇਸੇ ਲਈ ਹੀ ਇਹ ਗੱਲਾਂ ਪਾਠਕਾਂ ਦੇਸਤਾਂ ਮਿੱਤਰਾਂ ਨਾਲ ਕਰਨ ਨੂੰ ਦਿਲ ਕਰ ਆਉਂਦਾ ਹੈ।

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

ਇਨਸਾਨੀਅਤ ਪ੍ਰਤੀ ਦੋਹੇ - ਜਸਵੀਰ ਸ਼ਰਮਾਂ ਦੱਦਾਹੂਰ

ਬੰਦੇ ਨੂੰ ਹੀ ਸਮਝ ਲੈ ਬੰਦਾ, ਓਹ ਭੋਲੇ ਇਨਸਾਨ।
ਲੁਕਾਈ ਕਰੂ ਯਾਦ ਹਮੇਸ਼ਾਂ,ਜੇ ਬਣ ਜਾਏਂ ਪੁਰਸ਼ ਮਹਾਨ।।


ਬਾਣੀ ਦੇ ਵਿੱਚ ਹੈ ਲਿਖਿਆ, ਖੋਲ੍ਹ ਇਹਦਾ ਵਿਸਥਾਰ।
ਪੜ੍ਹਕੇ ਮਨ ਦੇ ਨਾਲ ਜੇ,ਦਿਲ ਵਿੱਚ ਕਰੇਂ ਵਿਚਾਰ।।


ਵਿੱਚ ਬਾਣੀ ਦੇ ਤਾਕਤ ਐਨੀ, ਸ਼ੈਤਾਨ ਨੂੰ ਪਾਵੇ ਰਾਹ।
ਖੁੰਝੇ ਹੋਏ ਇਨਸਾਨ ਨੂੰ, ਮੰਜ਼ਿਲ ਦੇਵੇ ਵਿਖਾ।।


ਗਣਕਾ ਸਦਨਾ ਕੌਡੇ ਸੱਜਣ,ਕਬੂਲੀ ਜਦ ਗੁਰਬਾਣੀ।
ਬਾਕੀ ਰਹਿੰਦੀ ਜ਼ਿੰਦਗੀ ਉਨ੍ਹਾਂ, ਨਾਲ ਖ਼ੁਸ਼ੀ ਦੇ ਮਾਣੀ।।


ਹੈਵਾਨ ਸ਼ੈਤਾਨੋਂ ਪਾਰਸ ਬਣਗੇ, ਹੋਰ ਵੀ ਕਈ ਸੀ ਬੰਦੇ।
ਬਾਣੀ ਦਾ ਲਿਆ ਓਟ ਆਸਰਾ, ਛੱਡ ਦੁਨਿਆਵੀ ਧੰਦੇ।।


ਚਾਨਣ ਮੁਨਾਰਾ ਮਾਨਵਤਾ ਲਈ, ਹੈ ਗੁਰੂਆਂ ਦੀ ਬਾਣੀ।
ਇਕੱਲੀ ਪੜ੍ਹਕੇ ਨਹੀਓਂ ਸਰਨਾ,ਮਨ ਵਿੱਚ ਪਊ ਵਸਾਣੀ।।


ਲੜ ਲੱਗੋ ਗੁਰਬਾਣੀ ਦੇ,ਸੰਤ ਮਹਾਤਮਾ ਕਹਿੰਦੇ।
ਲੋਹਿਓਂ ਪਾਰਸ ਬਣ ਜਾਂਦੇ,ਜੋ ਕਰ ਇਤਬਾਰ ਨੇ ਲੈਂਦੇ।।


ਮੁਨਾਖਿਆਂ ਨੂੰ ਵਿਖਾ ਦਿੰਦੀ,ਇਹ ਗੁਰਬਾਣੀ ਰਾਹ।
ਗੁੰਗਿਆਂ ਕੋਲੋਂ ਗੁਰੂਆਂ ਦੀ ਬਾਣੀ, ਸਲੋਕ ਹੈ ਦਿੰਦੀ ਪੜ੍ਹਾ।।


ਸੱਚੇ ਦਿਲੋਂ ਜੋ ਸਜਦਾ ਕਰਦੇ, ਲੈਣ ਸਦੀਵੀ ਸੁੱਖ।
ਖੁਸ਼ੀਆਂ ਦੇ ਵਿੱਚ ਬੀਤੇ ਜ਼ਿੰਦਗੀ, ਕਦੇ ਨਾ ਆਵੇ ਦੁੱਖ।।


ਦੱਦਾਹੂਰੀਆ ਜੇ ਲੜ ਲੱਗਜੇਂ,ਘਾਟ ਨਾ ਰਹਿਣੀ ਕੋਈ।
ਨਿੱਤਨੇਮੋਂ ਜੇ ਕਦੇ ਨਾ ਖੁੰਝੇਂ, ਦਰਗਾਹ ਮਿਲੂਗੀ ਢੋਈ।।


ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556

ਆਪ ਮੁਹਾਰਾ ਜੱਗ - ਜਸਵੀਰ ਸ਼ਰਮਾਂ ਦੱਦਾਹੂਰ

ਹੁੰਦੇ ਦਾਤੀ ਦੇ ਦੰਦੇ ਇੱਕ ਪਾਸੇ,
ਪਰ ਦੁਨੀਆਂ ਦੇ ਪਾਸੇ ਦੋ ਸੱਜਣਾਂ।
ਇਥੇ ਹੱਸਦਾ ਕੋਈ ਕੋਈ ਹੈ,
ਬਾਕੀ ਸਾਰੇ ਰਹੇ ਨੇ ਰੋ ਸੱਜਣਾਂ।
ਨਿੰਦਿਆ ਇੱਕ ਦੂਜੇ ਦੀ ਕਰ ਕਰ ਕੇ,
ਸੱਭ ਮੈਲ ਰਹੇ ਨੇ ਧੋ ਸੱਜਣਾਂ।
ਇਥੇ ਹੱਕ ਦੀ ਖਾਂਦਾ ਕੋਈ ਕੋਈ,
ਜ਼ਿਆਦਾ ਦੂਜਿਆਂ ਤੋਂ ਰਹੇ ਖੋਹ ਸੱਜਣਾਂ।
ਮਾਇਆ ਦੇ ਲਈ ਜਿਉਣ ਸਾਰੇ,
ਨਾ ਰੱਖੇ ਕੋਈ ਵੀ ਕਿਸੇ ਨਾ ਮੋਹ ਸੱਜਣਾਂ।
ਚੰਨ ਸੂਰਜ ਨੂੰ ਤੁੱਛ ਸਮਝਦੇ ਨੇ,
ਤੇ ਆਪਣੀ ਵੰਡਦੇ ਲੋਅ ਸੱਜਣਾਂ।
ਵੇਖ ਆਪਣਿਆਂ ਨੂੰ ਕੋਈ ਰਾਜੀ ਨਾ,
ਧਤੂਰਾ ਜੜ੍ਹਾਂ ਦੇ ਵਿੱਚ ਰਹੇ ਚੋਅ ਸੱਜਣਾ।
ਉਜਾਗਰ ਕਰਨ ਬੁਰਾਈ ਦੂਜੇ ਦੀ,
ਤੇ ਆਪਣੀ ਰਹੇ ਲਕੋ ਸੱਜਣਾ।
ਗੱਲ ਕਿਸੇ ਦੀ ਕੋਈ ਵੀ ਮੰਨਦਾ ਨਾ,
ਕਹਿੰਦੇ ਜਾਹ ਤੂੰ ਪਾਸੇ ਹੋ ਸੱਜਣਾਂ।
ਸਮਝੀ ਬੈਠੀ ਖ਼ਲਕਤ ਸਾਰੀ ਹੀ,
ਇਉਂ ਮਿਲਜੂ ਦਰਗਾਹ ਢੋਹ ਸੱਜਣਾਂ।
ਦੱਦਹੂਰੀਆ ਰੱਬ ਨੂੰ ਅਰਜ ਕਰੇ,
ਆ ਤੂੰ ਹੀ ਸਭਨਾਂ ਵਿੱਚ ਖਲੋ ਸੱਜਣਾਂ।


ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046

ਸਾਡਾ ਵਿਰਸਾ... ਪੁਰਾਤਨ ਪੰਜਾਬ ਨਾਲ ਹੀ ਮੀਨਾਕਾਰੀ ਯੁੱਗ ਦਾ ਵੀ ਹੋਇਆ ਅੰਤ - ਜਸਵੀਰ ਸ਼ਰਮਾਂ ਦੱਦਾਹੂਰ

ਬੇਸ਼ੱਕ ਅੱਜ ਅਸੀਂ ਬਹੁਤ ਅਗਾਂਹ ਵਧੂ ਭਾਵ ਇੱਕੀਵੀਂ ਸਦੀ ਵਿਚ ਪੈਰ ਧਰ ਲਿਆ ਹੈ ਤੇ ਬਹੁਤ ਜ਼ਿਆਦਾ ਤਰੱਕੀ ਦੀਆਂ ਪੌੜੀਆਂ ਚੜ੍ਹ ਗਏ ਹਾਂ ਤੇ ਅੱਗੋਂ ਵੀ ਇਹ ਰੁਝਾਨ ਦਿਨੋ-ਦਿਨ ਵਧਦਾ ਹੀ ਜਾਂਦਾ ਹੈ, ਪਰ ਜੇਕਰ  ਆਪਾਂ ਪੁਰਾਤਨ ਪੰਜਾਬ ਭਾਵ ਤਿੰਨ ਕੁ ਦਹਾਕੇ ਹੀ ਪਿੱਛੇ ਝਾਤੀ ਮਾਰੀਏ ਤਾਂ ਉਨ੍ਹਾਂ ਸਮਿਆਂ ਨੂੰ ਜ਼ੇਕਰ ਮੀਨਾਕਾਰੀ ਦਾ ਯੁੱਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ!
ਬੇਬੇ ਦੇ ਸੰਦੂਕ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਸ਼ੀਸ਼ਿਆਂ ਜੜਿਆ ਬੇਬੇ ਦੇ ਸੰਦੂਕ ਤੇ ਐਸੀ ਮੀਨਾਕਾਰੀ ਕੀਤੀ ਹੁੰਦੀ ਸੀ ਕਿ ਵੇਖਣ ਵਾਲੇ ਦੀਆ ਅੱਖਾਂ ਟੱਡੀਆ ਰਹਿ ਜਾਂਦੀਆਂ ਸਨ, ਛੋਟੇ ਛੋਟੇ ਸ਼ੀਸ਼ੇ ਪਿੱਤਲ ਦੀ ਝਾਲ ਵਾਲੀਆਂ ਸੁਨਿਹਰੀ ਭਾਅ ਮਾਰਦੀਆਂ ਤੇ ਸੁਨਿਹਿਰੇ ਹੀ ਕੋਕੇ ਜੜੇ ਹੁੰਦੇ ਸਨ ਜਿਸਨੂੰ ਵੇਖਕੇ ਵੇਖਣ ਵਾਲਾ ਓਸ ਕਾਰੀਗਰ ਨੂੰ ਦਾਦ ਦੇਣੋ ਨਹੀਂ ਸੀ ਰਹਿੰਦਾ! ਇਸੇ ਸੰਦੂਕ ਦੇ ਵਿੱਚ ਬੇਬੇ ਦਾ ਆਪਦਾ ਸਮਾਨ ਭਾਵ ਬਿਸਤਰੇ ਚਤੱਈਆਂ ਖੇਸ ਹੱਥੀਂ ਝੱਲਣ ਵਾਲੀਆ ਪੱਖੀਆਂ ਪੱਖੇ ਤੇ ਇਥੋਂ ਤੱਕ ਕਿ ਇਹੀ ਸੰਦੂਕ ਹੀ ਉਨ੍ਹਾਂ ਸਮਿਆਂ ਵਿਚ ਗੌਦਰੇਜ ਦੀ ਅਲਮਾਰੀ ਦੇ ਕੰਮ ਵੀਦਿੰਦੇ ਸੀ ਭਾਵ ਘਰ ਦੀ ਸਾਰੀ ਨਕਦੀ ਟੂੰਮਾਂ ਗਹਿਣੇ ਆਦਿ ਸਾਰੀਆਂ ਚੀਜ਼ਾਂ ਨੂੰ ਹੀ ਇਹ ਸੰਦੂਕ ਸੰਭਾਲਿਆ ਕਰਦੇ ਸਨ ਤੇ ਇਸੇ ਤਰ੍ਹਾਂ ਅੱਗੇ ਘਰ ਦੀਆਂ ਧੀਆਂ ਭੈਣਾਂ ਲਈ ਵੀ ਇਹੇ ਸੰਦੂਕ ਕੰਮ ਦਿੰਦੇ ਰਹੇ ਹਨ, ਸਮੇਂ ਦੇ ਬਦਲਾਅ ਨਾਲ ਜਿਸਤੀ ਪੇਟੀਆਂ ਗੌਦਰੇਜ ਤੇ ਹੁਣ ਪਤਾ ਨੀ ਕੀ-ਕੀ ਚੱਲ ਪਿਆ ਹੈ!
ਪੁਰਾਤਨ ਹਵੇਲੀਆਂ ਨੂੰ ਲੱਗੇ ਲੱਕੜ ਦੇ ਬਹੁਤ ਭਾਰੇ ਗੇਟਾਂ ਤੇ ਵੀ ਬਹੁਤ ਹੀ ਸੁੰਦਰ ਕਿਸਮ ਦੇ ਡਿਜ਼ਾਇਨ ਪਾਕੇ ਆਕਰਸ਼ਿਤ ਮੀਨਾਕਾਰੀ ਕੀਤੀ ਹੁੰਦੀ ਸੀ,ਜੋ ਹੁਣ ਅਲੋਪ ਹੀ ਹੋ ਰਹੀ ਹੈ, ਹਾਂ ਕਿਸੇ ਕਿਸੇ ਪੁਰਾਣੇ ਬਜ਼ੁਰਗਾਂ ਨੇ ਆਪਣੀਆਂ ਵੇਸ਼ ਕੀਮਤੀ ਵਿਰਸੇ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਹਾਲੇ ਵੀ ਆਪਣੇ ਜਿਉਂਦੇ ਜੀਅ ਸੰਭਾਲ ਕੇ ਰੱਖਿਆ ਹੋਇਆ ਹੈ, ਕਿਸੇ ਕਿਸੇ ਵਿਰਲੇ ਪਿੰਡ ਚ ਇਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ! ਇਹ ਉੱਪਰੋਕਤ ਗੱਲਾਂ ਤਾਂ ਉਨ੍ਹਾਂ ਸਮਿਆਂ ਦੇ ਬਹੁਤ ਹੀ ਮਿਹਨਤੀ ਕਾਰੀਗਰਾਂ ਦੀਆਂ ਮਿਹਨਤੀ ਨਿਸ਼ਾਨੀਆਂ ਸਨ ਜੋ ਉਨ੍ਹਾਂ ਦੀ ਕੀਤੀ ਹੋਈ ਮਿਹਨਤ ਦੀ ਹਾਮ੍ਹੀ ਭਰਦੀਆਂ ਹਨ! ਇਸ ਤੋਂ ਇਲਾਵਾ ਉਨ੍ਹਾਂ ਸਮਿਆਂ ਵਿੱਚ ਸਾਡੀਆਂ ਮਾਵਾਂ ਦਾਦੀਆਂ ਜਾਂ ਕਹਿ ਲਈਏ ਕਿ ਧੀਆਂ ਭੈਣਾਂ ਵੀ ਕਿਸੇ ਕਹਿੰਦੇ ਕਹਾਉਂਦੇ ਕਾਰੀਗਰ ਤੋਂ ਘੱਟ ਨਹੀਂ ਸਨ, ਕਿਉਂਕਿ ਘਰੇਲੂ ਚੁੱਲ੍ਹੇ ਚੌਂਕੇ, ਹਾਰਿਆਂ, ਭਾਂਡਿਆਂ ਵਾਲੀਆਂ ਪੜਛੱਤੀਆਂ ਨੂੰ ਐਸੀ ਮੀਨਾਕਾਰੀ ਕਰਦੀਆਂ ਸਨ, ਤੇ ਵਿਹੜੇ ਵਿੱਚ ਵੀ ਗੋਹਾ ਮਿੱਟੀ ਫੇਰਦੀਆਂ ਸਨ ਕਿ ਹੱਦੋਂ ਵੱਧ ਸਫ਼ਾਈ ਹੋਇਆ ਕਰਦੀ ਸੀ, ਉਨ੍ਹਾਂ ਸਮਿਆਂ ਵਿਚ ਅਕਸਰ ਹੀ ਕਿਹਾ ਜਾਂਦਾ ਸੀ ਕਿ ਭਾਵੇਂ ਭੁੰਜੇ ਰੱਖਕੇ ਖਾ ਲਈਏ  ਭਾਵ ਸਿਰਫ ਸਫ਼ਾਈ ਤੋਂ ਹੀ ਸੀ ਕਿ ਬਹੁਤ ਹੀ ਸਚਿਆਰਾ ਕੰਮ ਕੀਤਾ ਜਾਂਦਾ ਰਿਹਾ ਹੈ! ਪਰ ਹੁਣ ਇਹ ਸੱਭ ਗੱਲਾਂ ਬੀਤੇ ਦੀਆਂ ਯਾਦਾਂ ਤੇ ਬਾਤਾਂ ਹੋ ਕੇ ਰਹਿ  ਗਈਆਂ ਹਨ, ਅਜੋਕੇ ਬਦਲੇ ਸਮੀਕਰਣਾਂ ਮੁਤਾਬਕ ਹੁਣ ਇਨ੍ਹਾਂ ਗੱਲਾਂ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਬਹੁਤ ਅਗਾਂਹ ਵਧੂ ਤੇ ਅਮੀਰੀ ਦੀ ਝਲਕ ਵਾਲੇ ਹੋ ਗਏ ਹਾਂ, ਪਰ ਸਾਡਾ ਅਸਲੀ ਵਿਰਸਾ ਤਾਂ ਇਹੀ ਸੀ! ਹੁਣ ਤਾਂ ਹੋਰ ਹੀ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਗ?ੇ ਹਨ! ਜੇਕਰ ਕਹਿ ਲਈਏ ਕਿ ਹੁਣ ਪੁਰਾਤਨ ਮੀਨਾਕਾਰੀ ਯੁੱਗ ਦਾ ਅੰਤ ਹੋ ਗਿਆ ਹੈ ਤਾਂ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ!

ਜਸਵੀਰ ਸ਼ਰਮਾਂ ਦੱਦਾਹੂਰ 94176 22046
ਸ਼੍ਰੀ ਮੁਕਤਸਰ ਸਾਹਿਬ

23 March 2019

23 ਤੋਂ 30 ਦਸੰਬਰ ਸ਼ਹੀਦੀ ਹਫਤੇ ਤੇ - ਜਸਵੀਰ ਸ਼ਰਮਾ ਦੱਦਾਹੂਰ

ਵਾਰਿਆ ਪਰਿਵਾਰ ਦਾਤਿਆ,
ਇਕ ਹਫਤੇ ਵਿਚਕਾਰ ਦਾਤਿਆ,
ਸ਼ਾਹ ਹੈਂ ਅਸਵਾਰ ਦਾਤਿਆ,
ਤੂੰ ਹੀ ਸਿੱਖ ਕੌਮ ਦਾ!
ਭੁੱਲ ਗਏ ਹਾਂ ਵਾਅਦਾ ਅਸੀਂ ਤਾਂ,ਬੋਲ ਪੁਗਾਉਣ ਦਾ,,,ਭੁੱਲ, ,,


ਲਾਲ ਦੋ ਨੀਹੀਂ ਚਿਣਾਏ,
ਦੋ ਤੁਸੀਂ ਸਰਹੰਦ ਭਿਜਵਾਏ,
ਬਾਪੂ ਜੀ ਦਿੱਲੀ ਘਲਾਏ,
ਦਿਲ ਨਾ ਡੁਲਾਇਆ ਤੁਸੀਂ--
ਕੌਮ ਰਹੇ ਚੜ੍ਹਦੀ ਕਲਾ ਵਿਚ,
ਫਰਜ਼ ਨਿਭਾਇਆ ਤੁਸੀਂ,,,,,ਕੌਮ,,


ਪਾਪੀਆਂ ਕਹਿਰ ਕਮਾਇਆ,
ਮਾਂ ਨੂੰ ਠੰਡੇ ਬੁਰਜ ਚ ਪਾਇਆ,
ਪਰ ਉਨਾਂ ਬੋਲ ਪੁਗਾਇਆ,
ਸਿਦਕ ਤੋਂ ਡੋਲੇ ਨਹੀਂ----
ਜਾਮ ਸ਼ਹੀਦੀ ਪੀਤਾ,
ਮੂੰਹੋਂ ਕੁਝ ਬੋਲੇ ਨਹੀਂ,,,,ਜਾਮ,,,


ਸਰਬੰਸ ਵਾਰ ਕਰੀ ਕਮਾਲ,
ਮਿਲਦੀ ਨਹੀਂ ਕੋਈ ਮਿਸਾਲ,
ਭਾਵੇਂ ਲੱਖ ਕਰੀਏ ਭਾਲ,
ਐਸੀ ਵਿਚ ਜਹਾਨ ਦੇ---
ਭੁੱਲ ਗਏ ਕੁਰਬਾਨੀ ਤੁਹਾਡੀ,
ਮੌਜਾਂ ਹਾਂ ਮਾਣਦੇ,,,,ਭੁੱਲ,,,


ਦਿਲ ਦੀ ਗੱਲ ਦਿਲ ਵਿਚ ਰਹਿਗੀ,
ਕੌਮ ਪੁੱਠੇ ਵਹਿਣੀ ਵਹਿ ਗਈ,
ਸੱਚੀ ਗੱਲ ਲਿਖਣੀ ਪੈ ਗਈ,
ਸਵਾਰਥੀ ਹੋ ਗਏ ਹਾਂ----
ਭੁੱਲ ਗਏ ਉਪਕਾਰ ਤੁਹਾਡੇ,
ਆਪੇ ਵਿਚ ਖੋਹ ਗਏ ਹਾਂ,,,ਭੁੱਲ,,,


ਸਿੱਧੇ ਰਾਹ ਕੌਮ ਪਈ ਨਾ,
ਅਪਣਾਈ ਤੁਹਾਡੀ ਸੋਚ ਗਈ ਨਾ,
ਸਿੱਖਾਂ ਕੋਈ ਸੇਧ ਲਈ ਨਾ,
ਸੱਚੀ ਗੱਲ ਕਹੀਏ ਜੀ----
ਕਹਿੰਦਾ ਹੈ ਦੱਦਹੂਰੀਆ,
ਤਾਹੀਏਂ ਦੁਖੀ ਰਹੀਏ ਜੀ,,,ਕਹਿੰਦਾ,,,,


ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

23 Dec. 2018

ਇਕ ਮਸ਼ਵਰਾ - ਜਸਵੀਰ ਸ਼ਰਮਾਂ ਦੱਦਾਹੂਰ

ਸਿਰ ਤੇ ਆਈਆਂ ਪੰਚਾਇਤੀ ਚੋਣਾਂ!
ਇਹਨਾਂ ਈਂ ਪੇਂਡੂ ਵਿਕਾਸ ਕਰਾਉਣਾਂ!
ਪਾਰਟੀਬਾਜੀ  ਚੋਂ   ਨਿਕਲੋ  ਦੋਸਤੋ,
ਆਪਸ ਵਿਚ ਹੈ ਪਿਆਰ ਵਧਾਉਣਾਂ!
ਸਰਬਸੰਮਤੀਆਂ   ਹੋਣ ਜਰੂਰੀ,
ਸੱਭ ਨੇ ਦਿਲੋਂ ਇਹ ਫਰਜ਼ ਨਿਭਾਉਣਾਂ!
ਨਸ਼ਿਆਂ  ਦਾ  ਜੋ  ਕਰੇ   ਖਾਤਮਾ,
ਐਸਾ ਕੋਈ ਸਰਪੰਚ ਬਣਾਉਣਾਂ!
ਪੰਜ ਸਾਲ ਬਾਅਦ ਸਮਾਂ ਥਿਆਇਆ,
ਜਲਦੀ ਇਹ ਫਿਰ ਹੱਥ ਨੀ ਆਉਣਾਂ!
ਭਾਈਚਾਰਾ ਵੀ ਕਾਇਮ ਹੈ ਰੱਖਣਾਂ,
ਅਜਾਈਂ ਨੀ ਇਹ ਵਕਤ ਗਵਾਉਣਾਂ!
ਵਿਤਕਰਾ ਕਿਸੇ ਦੇ ਨਾਲ ਨੀ ਕਰਨਾ,
ਬੁਲੰਦੀਆਂ ਉੱਤੇ ਪਿੰਡ ਪਚਾਉਣਾਂ!
ਸ਼ਹਿਰੀ ਸਹੂਲਤਾਂ ਪਿੰਡਾਂ ਚ ਹੋਵਣ,
ਇਸਤੇ  ਪੂਰਾ  ਜੋਰ   ਲਗਾਉਣਾਂ!
ਬੱਚਾ ਨਾ ਕੋਈ ਅਨਪੜ੍ਹ ਰਹਿਜੇ,
ਗੌਰ ਇਸ ਗੱਲ ਤੇ ਫਰਮਾਉਣਾਂ!
ਕੋਈ ਮਾੜਾ ਕਹਿਜੇ ਸੌ ਵਾਰ ਭਾਵੇਂ,
ਕਦੇ ਵੀ ਬਿਲਕੁਲ ਨਹੀਂ ਘਬਰਾਉਣਾਂ!
ਆਪਦਾ ਬਿਲਕੁਲ ਛੱਡਣਾ ਨਾਹੀਂ,
ਹੱਕ ਕਿਸੇ ਦਾ ਨਹੀਂ ਹਥਿਆਉਣਾਂ!
ਕਹੇ ਦੱਦਾਹੂਰੀਆ ਗੌਰ ਇਹ ਕਰਲੋ,
ਨਹੀਂ ਦੂਜੀ ਵਾਰ ਕਿਸੇ ਸਮਝਾਉਣਾਂ!


ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046

16 Dec. 2018

ਪਿਆਰ ਵਧਾਈਏ - ਜਸਵੀਰ ਸ਼ਰਮਾ ਦੱਦਾਹੂਰ

ਆਓ  ਦੋਸਤੋ ਪਿਆਰ ਵਧਾਈਏ!
ਗਿਲੇ ਤੇ ਸ਼ਿਕਵੇ ਸੱਭ ਭੁੱਲ ਜਾਈਏ!
ਕੀ   ਲੈਣੈ   ਮੂੰਹ   ਮੋਟੇ  ਕਰ   ਕਰ,
ਇਕ   ਦੂਜੇ ਨੂੰ   ਗਲੇ   ਲਗਾਈਏ!
ਖਾਣੈ  ਸੱਭ  ਨੇ   ਆਪੋ   ਆਪਣਾ,
ਮਨਾਂ  ਚ  ਕਾਹਤੋਂ  ਦੂਰੀਆਂ ਪਾਈਏ!
ਜ਼ਿੰਦਗੀ  ਮਿਲੀ  ਹੈ ਬਹੁਤ ਕੀਮਤੀ,
ਭੰਗ  ਦੇ  ਭਾੜੇ  ਨਾ   ਗਵਾਈਏ!
ਭਲਾ  ਜੇ  ਕਿਸੇ  ਦਾ  ਕਰ ਨੀ ਸਕਦੇ,
ਕਦੇ  ਨਾ  ਕਿਸੇ  ਦਾ  ਬੁਰਾ ਤਕਾਈਏ!
ਡਿਗਦੈ  ਜੇ  ਕੋਈ  ਖੂਹ  ਖਾਤੇ ਵਿਚ,
ਆਓ  ਬਾਹੋਂ   ਫੜ੍ਹ   ਬਚਾਈਏ!
ਕਿਸੇ  ਨੇ  ਇਥੋਂ  ਕੀ   ਲੈ   ਜਾਣੈ?
ਕਾਹਤੋਂ   ਐਵੇਂ    ਵੰਡੀਆਂ ਪਾਈਏ?
ਆਪੋ  ਆਪਣੇ  ਕਰਮ  ਭੁਗਤੀਏ,
ਕਿਸੇ  ਨੂੰ  ਦੱਸੋ  ਕਿਉਂ  ਸਤਾਈਏ?
ਗਵਾਂਢੀ  ਦੇ  ਘਰ  ਗਮ ਜੇ ਕੋਈ,
ਆਓ  ਰਲਮਿਲ  ਦੁੱਖ  ਵੰਡਾਈਏ!
ਦੁੱਖ  ਵੰਡਾਇਆਂ  ਘਟ  ਹੈ  ਜਾਣਾ,
ਫਰਜ਼  ਸਮਝ  ਕੇ ਦੁੱਖ ਘਟਾਈਏ!
ਜੇ  ਖੁਸ਼ੀ  ਨੂੰ  ਦੂਣਾ  ਚੌਣਾ  ਕਰਨੈ,
ਭੰਗੜੇ ਪਾਈਏ  ਖੁਸ਼ੀ ਮਨਾਈਏ!
ਜਾਤਾਂ ਪਾਤਾਂ  ਵਿਚ  ਕੀ  ਰੱਖਿਐ?
ਮਨੁੱਖਤਾ ਵਾਲਾ ਫਰਜ਼ ਨਿਭਾਈਏ!
ਜੇ ਬੀਮਾਰੀ ਕਿਸੇ ਤੇ ਪੈ ਜਾਏ ਭਾਰੀ,
ਆਓ  ਉਸਨੂੰ    ਗਲੇ  ਲਗਾਈਏ!
ਹਨੇਰੇ  ਪਿੱਛੋਂ   ਚਾਨਣ   ਆਉਂਦਾ,
ਕਦੇ  ਨਾ  ਇਹੇ  ਗੱਲ  ਭੁਲਾਈਏ!
ਦੱਦਾਹੂਰੀਆ ਜ਼ਿੰਦਗੀ  ਦੇ  ਵਿੱਚ,
ਗੱਲਾਂ  ਸਾਰੇ   ਇਹ ਅਪਣਾਈਏ!

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046

26 Oct. 2018

'ਇਕ ਜੋਦੜੀ' - ਜਸਵੀਰ ਸ਼ਰਮਾਂ ਦੱਦਾਹੂਰੀਆ

ਹਰ ਗੱਲ ਪੂਰੀ ਕਰਦੈ,ਬਾਬਾ ਨਾਨਕ ਸਭਨਾਂ ਦੀ!
ਖਾਲੀ ਝੋਲੀ ਭਰਦੈ,ਬਾਬਾ ਨਾਨਕ ਸਭਨਾਂ ਦੀ!!


ਸੱਚੇ ਦਿਲੋਂ ਜੋ ਚੱਲਕੇ ਓਹਦੇ ਦਰ ਤੇ ਆਉਂਦਾ ਹੈ!
ਮੂੰਹੋਂ ਮੰਗੀਆਂ ਮੁਰਾਦਾਂ ਓਹੋ ਸਦਾ ਹੀ ਪਾਉਂਦਾ ਹੈ!!
ਦਿਲ ਦੀ ਗੱਲ ਹੈ ਕਰਦਾ ਬਾਬਾ ਨਾਨਕ ਸਭਨਾਂ ਦੀ,,,,ਹਰ,,,,,


ਛੱਡਕੇ ਸੱਚ ਦਾ ਰਸਤਾ ਜੋ ਕੁਰਾਹੇ ਪੈ ਜਾਂਦੇ!
ਬੇੜੀ ਆਪਣੀ ਖੁਦ ਡੂੰਘੇ ਮੰਝਧਾਰ ਚ ਲੈ ਜਾਂਦੇ!!
ਕੱਢੇ ਬੇੜੀ ਮੰਝਧਾਰ ਚੋਂ ਬਾਬਾ ਨਾਨਕ ਸਭਨਾਂ ਦੀ,,,,,ਹਰ,,,,


ਹੱਕ ਹਲਾਲ ਦੀ ਖਾਂਦਾ ਨੇਕ ਕਮਾਈ ਕਰਦਾ ਜੋ!
ਓਹਦੇ ਦਰ ਤੋਂ ਬਾਰ ਬਾਰ ਹੀ ਰਹਿਮਤਾਂ ਪਾਂਦਾ ਓਹ!!
ਇਜ਼ਤ ਲਾਜ ਹੈ ਰੱਖਦਾ ਬਾਬਾ ਨਾਨਕ ਸਭਨਾਂ ਦੀ,,,,,ਹਰ,,,,


ਸੱਜਣ ਠੱਗ ਨੂੰ ਬਾਬੇ ਸਿੱਧੇ ਰਸਤੇ ਪਾ ਦਿੱਤਾ!
ਗਣਕਾ ਵੇਸਵਾ ਕੌਡੇ ਨੂੰ ਵੀ ਸੱਭ ਸਮਝਾ ਦਿੱਤਾ!!
ਦੁੱਖ ਸੁੱਖ ਦੇ ਵਿਚ ਸੁਣਦੈ ਬਾਬਾ ਨਾਨਕ ਸਭਨਾਂ ਦੀ,,,,ਹਰ,,,,


ਸੁਭਾ ਸ਼ਾਮ ਜੋ ਓਹਦੇ ਦਰ ਤੇ ਸੀਸ ਝੁਕਾਊਗਾ!
ਮੂੰਹੋਂ ਮੰਗੀਆਂ ਮੁਰਾਦਾਂ ਸਦਾ ਹੀ ਓਥੋਂ ਪਾਊਗਾ!!
ਰਾਖੀ ਕਰਦੈ ਸਦਾ ਹੀ ਬਾਬਾ ਨਾਨਕ ਸਭਨਾਂ ਦੀ,,,,ਹਰ,,,,


ਹਿੰਦੂ ਮੁਸਲਿਮ ਸਿੱਖ ਇਸਾਈ ਭਾਈ ਭਾਈ ਜੀ!
ਬਾਬਾ ਜੀ ਦੀ ਬਾਣੀ ਇਹੇ ਗੱਲ ਸਮਝਾਈ ਜੀ!!
ਦੱਦਾਹੂਰੀਆ ਜੋ ਨੀਵਾਂ ਹੋ ਚੱਲੇ ਭਲਾਈ ਸਭਨਾਂ ਦੀ,,,,,ਹਰ,,,,,


ਜਸਵੀਰ ਸ਼ਰਮਾਂ ਦੱਦਾਹੂਰੀਆ
ਸ਼੍ਰੀ ਮੁਕਤਸਰ ਸਾਹਿਬ
94176-22046

29 Sep. 2018

ਵਿਰਸੇ ਦੀਆਂ ਬਾਤਾਂ : ਅਲੋਪ ਹੋਈਆਂ ਪਿੰਡਾਂ ਵਾਲੀਆਂ ਭੱਠੀਆਂ - ਜਸਵੀਰ ਸ਼ਰਮਾ ਦੱਦਾਹੂਰ

''ਭੱਠੀ ਉੱਤੇ ਖੜ ਕੇ ਦਾਣੇ ਮੈਂ ਭੰਨਾਉਣੀਂ ਆਂ,
ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ   ਪੇਕੀਂ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ।
ਇਸ ਗੀਤ ਦੇ ਬੋਲ ਸਾਨੂੰ ਸੱਚੀਂ-ਮੁੱਚੀਂ ਪੁਰਤਾਨ ਪੰਜਾਬ ਦੀ ਝਲਕ ਹੂ-ਬ-ਹੂ ਵਿਖਾ ਦਿੰਦੇ ਹਨ। ਜਦੋਂ ਸ਼ਾਮਾਂ ਨੂੰ ਤਾਈ ਭਾਨੀ ਦੀ ਭੱਠੀ ਤੋਂ ਲਾਈਨਾਂ ਵਿੱਚ ਲੱਗ ਕੇ ਦਾਣੇ ਭੰਨਾਉਂਦੇ ਹੁੰਦੇ ਸਾਂ। ਚਾਰ ਕੁ ਵਜਦੇ ਸ਼ਾਮ ਨੂੰ ਤਾਈ ਨੇ ਭੱਠੀ ਤਪਾ ਲੈਣੀ ਤੇ ਫਿਰ ਵਾਰੀ-ਵਾਰੀ ਛੋਲਿਆਂ ਦੇ, ਮੱਕੀ ਦੇ, ਜਵਾਰ ਜਾਂ ਫਿਰ ਘਾਟ ਭੁਨਾ ਕੇ ਚੱਬਣੀ ਤੇ ਫਿਰ ਘਰੇ ਵੀ ਲੈ ਕੇ ਆਉਣਾ। ਤਾਈ ਕੋਈ ਨਗਦ ਪੈਸਾ ਤਾਂ ਭਾਂਵੇ ਦਾਣੇ ਭੁੰਨਾਈ ਦਾ ਨਹੀਂ ਸੀ ਲੈਂਦੀ ਪਰ ਕੜਾਹੀ ਵਿੱਚ ਦਾਣੇ ਪਾਉਣ ਵੇਲੇ ਉਹ ਲੱਪ ਨਾਲ ਪਹਾੜਾ ਜਰੂਰ ਲੈਂਦੀ ਸੀ ਦਾਣੇ ਭੁੰਨਣ ਦਾ। ਇਹਨਾਂ ਭੁੰਨੇ ਹੋਏ ਦਾਣਿਆਂ ਵਿੱਚ ਅਸੀ ਲੋੜ ਮੁਤਾਬਕ ਗੁੜ ਜਾਂ ਸ਼ੱਕਰ ਮਿਲਾ ਕੇ ਖਾਣਾ, ਬੜੇ ਸਵਾਦੀ ਲੱਗਦੇ ਸਨ ਉਹ ਭੱਠੀ ਤੇ ਭੁੰਨੇ ਦਾਣੇ। ਇਹ ਵਤੀਰਾ ਹਰ ਰੋਜ਼ ਦਾ ਸੀ। ਜੇਕਰ ਕਿਤੇ ਤਾਈ ਨੇ ਬਾਹਰ ਜਾਣਾ ਜਾਂ ਕਬੀਲਦਾਰੀ ਦੇ ਕਿਸੇ ਜ਼ਰੂਰੀ ਕਰਕੇ ਭੱਠੀ ਤਪਾਉਣ ਦਾ ਨਾਂਗਾ ਪਾ ਦੇਣਾ ਤਾਂ ਸਾਡਾ ਦਿਲ ਪੁੱਛਿਆ ਹੀ ਜਾਣਦਾ ਸੀ। ਜਦੋਂ ਇੱਕ ਦੋ ਦਿਨ ਬਾਅਦ ਤਾਈ ਨੇ ਭੱਠੀ ਫਿਰ ਤਪਾਉਣੀ ਤਾਂ ਉਸ ਨਾਲ ਅਸੀ ਬੜਾ ਗੁੱਸੇ ਹੋਣਾ 'ਤੇ ਤਾਈ ਨੇ ਸਾਡੀਆਂ ਗੱਲਾਂ ਦਾ ਕਦੇ ਗੁੱਸਾ ਨਾ ਕਰਨਾ ਸਗੋਂ ਹੱਸ ਕੇ ਟਾਲ ਦੇਣਾ।
ਉਹ ਪਿਆਰੇ ਤੇ ਨਿਆਰੇ ਸਮੇਂ ਕਦੇ ਵਾਪਸ ਨਹੀਂ ਆਉਣੇ। ਉਹ ਸਮੇਂ ਹੀ ਬਹੁਤ ਪਿਆਰੇ ਸਨ। ਛੱਪੜਾਂ, ਖ਼ੂਹਾਂ, ਟੋਭਿਆਂ ਤੇ ਭੱਠੀਆਂ ਤੇ ਸ਼ਾਮ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਛੱਪੜਾਂ ਤੇ ਸਾਡੇ ਬਜ਼ੁਰਗ ਮੱਝਾਂ ਗਾਵਾਂ ਨੂੰ ਪਾਣੀ ਪਿਲਾਉਂਦੇ, ਨਹਾਉਂਦੇ ਤੇ ਕਾਫ਼ੀ ਚਿਰ ਛੱਪੜਾਂ ਵਿੱਚ ਮੱਝਾਂ ਬੈਠੀਆਂ ਰਹਿਣੀਆਂ। ਬਜ਼ੁਰਗਾਂ ਕੋਲ ਹਰ ਸਮੇਂ ਤਾਸ਼ ਜੇਬ ਵਿੱਚ ਪਾਈ ਹੁੰਦੀ ਸੀ, ਉਥੇ ਹੀ ਬੈਠ ਕੇ ਤਾਸ਼ ਦੀਆਂ ਬਾਜੀਆਂ ਲਾਈ ਜਾਣੀਆਂ। ਨਾਲੇ ਬਜ਼ੁਰਗ ਖੁਸ਼, ਨਾਲੇ ਘਰ ਦੇ ਖੁਸ਼ ਕਿ ਸਾਡੇ ਬਾਪੂ ਜੀ ਛੱਪੜ ਤੋਂ ਡੰਗਰ ਪਿਆਉਣ ਗਏ ਹਨ। ਜਦੋਂ ਆਪਣੀ ਮਰਜ਼ੀ ਨਾਲ ਮੱਝਾਂ ਨੇ ਬਾਹਰ ਆਉਣਾ ਤਾਂ ਕਿਤੇ ਜਾ ਕੇ ਉਹਨਾਂ ਦੀ ਤਾਸ਼ ਵਾਲੇ ਪਾਸਿਓਂ ਨਿਗ੍ਹਾ ਹਟਣੀ 'ਤੇ ਸਭ ਕੁਝ ਸਮੇਟ ਕੇ ਮੱਝਾਂ ਮਗਰ ਘਰੋਂ ਘਰੀਂ ਆਉਣ ਸਾਰੇ ਬਜ਼ੁਰਗਾਂ ਦੀ ਸੇਵਾ ਲਈ ਦੁੱਧ ਦਾ ਗਿਲਾਸ ਤੇ ਨਾਲ ਹੀ ਭੱਠੀ ਤੋਂ ਭੁਨਾਏ ਦਾਣੇ ਲੈ ਆਉਣੇ। ਵਧੀਆ ਸਿਹਤਾਂ ਹੁੰਦੀਆਂ ਸਨ ਕਿਉਂਕਿ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਨਸ਼ੇ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਚਾਹ ਵੀ ਕੋਈ ਟਾਂਵਾ-ਟਾਂਵਾ ਘਰ ਹੀ ਬਣਾਉਂਦਾ ਸੀ। ਦੁੱਧ ਪੀਣ ਦਾ ਰਿਵਾਜ਼ ਸਿਖ਼ਰਾਂ ਤੇ ਸੀ। ਜਦੋਂ ਵੀ ਰੋਟੀ ਖਾਣੀ ਤਾਂ ਰੋਟੀ ਦੇ ਨਾਲ ਦੁੱਧ ਤੇ ਲੱਸੀ ਹੀ ਪ੍ਰਧਾਨ ਸਨ। ਇਹੀ ਸੀ ਵਧੀਆ ਸਿਹਤਾਂ ਦਾ ਰਾਜ਼।
ਅਜੋਕੇ ਸਮੇਂ ਵਿੱਚ ਜਿੱਥੇ ਪਿੰਡਾਂ ਵਿੱਚੋਂ ਭੱਠੀਆਂ ਅਲੋਪ ਹਨ, ਉਥੇ ਸਰਕਾਰਾਂ ਨੇ ਛੱਪੜਾਂ ਦੀ ਥਾਂ ਵੀ ਪੁਰ ਕਰ ਦਿੱਤੀ ਹੈ ਜਿੱਥੇ ਕਿ ਸਾਂਝੀਆਂ ਥਾਵਾਂ ਵਿੱਚ ਡਿਸਪੈਂਸਰੀਆਂ, ਪਸ਼ੂ ਹਸਪਤਾਲ, ਆਰ.ਓ ਸਿਸਟਮ, ਪੰਚਾਇਤ ਘਰ, ਪਟਵਾਰਖ਼ਾਨੇ ਆਦਿ ਬਣਾ ਦਿੱਤੇ ਹਨ। ਅਜੋਕੇ ਬਦਲੇ ਜ਼ਮਾਨੇ ਵਿੱਚ ਸਾਡੀ ਨਵੀਂ ਪੀੜ੍ਹੀ ਪੌਪ ਕੌਰਨ ਜਾਂ ਹੋਰ ਭਾਂਤ-ਭਾਂਤ ਤੇ ਵਿਅੰਜਨ ਖਾ ਖਾ ਕੇ ਜਿੱਥੇ ਅਨੇਕਾਂ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ ਉਥੇ ਸਿਹਤ ਪੱਖੋਂ ਵੀ ਗਿਰਾਵਟ ਵੱਲ ਜਾ ਰਹੀ ਹੈ। ਸਾਡੀ ਅਜੋਕੀ ਪੀੜ੍ਹੀ ਭੱਠੀਆਂ ਦੀ ਬਾਬਤ ਬਿਲਕੁਲ ਨਹੀਂ ਜਾਣਦੀ। ਸਾਡੇ ਆਧੁਨਿਕ ਅਜਾਇਬ ਘਰਾਂ ਵਿੱਚ ਭੱਠੀਆਂ ਦੇ ਮਾਡਲ ਬਣਾ ਕੇ ਰੱਖੇ ਹੋਏ ਹਨ ਜੋ ਸਾਡੇ ਵਿੱਛੜ ਚੁੱਕੇ ਵਿਰਸੇ ਦੀ ਯਾਦ ਤਾਜਾ ਕਰਵਾਉਂਦੇ ਰਹਿੰਦੇ ਹਨ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

06 April 2018