Ninder Ghugianvi

ਮੇਰੀ ਡਾਇਰੀ ਦੇ ਪੰਨੇ : ਸਿੱਖਿਆ ਬੋਰਡ ਦੀ ਪ੍ਰਾਪਤੀ ਡਾ ਯੋਗਰਾਜ -  ਨਿੰਦਰ ਘੁਗਿਆਣਵੀ

ਪਟਿਆਲੇ ਯੂਨੀਵਰਸਿਟੀ ਵਾਲੇ ਪ੍ਰੋ ਯੋਗਰਾਜ ਜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵੱਕਾਰੀ ਅਹੁਦਾ ਸੰਭਾਲਿਆ ਹੈ। ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ ਦਿਲੋਂ ਪ੍ਰਸੰਨ ਹੋਏ ਹਨ ਤੇ ਜੀਹਨੇ ਕਿਸੇ ਨੇ ਮੱਚਣਾ-ਭੁੱਜਣਾ ਸੀ,ਉਹ ਵੀ ਅੰਦਰੋਂ ਅੰਦਰੀਂ ਮੱਚੇ-ਭੁੱਜੇ ਹਨ ਪਰ ਇਹੋ ਜਿਹਿਆਂ ਦੀ ਗਿਣਤੀ ਥੋਹੜੀ ਹੈ ਤੇ ਡਾ ਯੋਗਰਾਜ ਨੂੰ ਪਿਆਰਨ ਸਤਿਕਾਰਨ ਵਾਲਿਆਂ ਦੀ ਗਿਣਤੀ ਵਾਧੂ ਹੈ। ਮੈਂ ਵਧਾਈ ਦੇਣ ਵਿਚ ਪਛੜ ਗਿਆ। ਸੋਚਿਆ ਕਿ ਜਦ ਹੋਰ ਲੋਕ ਵਧਾਈਆਂ ਦੇ ਹਟੇ, ਤਾਂ ਫਿਰ ਚਾਰ ਸ਼ਬਦ ਲਿਖਾਂਗਾ।
ਡਾ ਯੋਗਰਾਜ ਮੈਨੂੰ ਪਟਿਆਲੇ ਯੂਨੀਵਰਸਿਟੀ ਦੇ ਸਮਾਗਮਾਂ,ਸੈਮੀਨਾਰਾਂ ਤੇ ਆਮ ਤੌਰ ਉੱਤੇ ਵੀ ਮਿਲ ਪੈਂਦੇ। ਬਾਅਦ ਵਿਚ ਜਦ ਇੱਕ ਦਿਨ ਉਨਾ੍ਹਂ ਦੱਸਿਆ ਕਿ ਆਪਾਂ ਤਾਂ ਗੁਆਂਢੀ ਪਿੰਡਾਂ ਦੇ ਆਂ। ਖੁਸ਼ੀ ਹੋਈ ਸੀ ਸੁਣਕੇ ਤੇ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਉਹ ਇਸੇ ਕਾਰਨ ਵੀ ਮੇਰੇ ਨਾਲ ਹਿਤ ਕਰਦੇ ਨੇ ਤੇ ਮੋਹ ਦਿੰਦੇ ਹਨ। ਉਹਨੀਂ ਦਿਨੀਂ ਉਹ ਪੰਜਾਬੀ ਵਿਕਾਸ ਵਿਭਾਗ ਵਿਚ ਕਾਰਜਸ਼ੀਲ ਸਨ,(ਬਾਅਦ ਵਿਚ ਤਾਂ ਇਸ ਵਿਭਾਗ ਦੇ ਮੁਖੀ ਵੀ ਰਹੇ) ਵਿਭਾਗ ਮੇਰੀ ਇਕ ਕਿਤਾਬ ਪ੍ਰਕਾਸ਼ਿਤ ਕਰ ਰਿਹਾ ਸੀ ਤੇ ਵਿਭਾਗ ਦੀ ਇਕ ਪਰੋਫੈਸਰਨੀ 'ਖਾਹ ਮਖਾਹ' ਅੜਿੱਕਾ ਡਾਹ ਰਹੀ ਸੀ। ਜਦ ਯੋਗਰਾਜ ਜੀ ਨੂੰ ਪਤਾ ਲੱਗਿਆ ਤਾਂ ਉਨਾ 'ਖਰੀਆਂ ਖਰੀਆਂ' ਸੁਣਾ ਕੇ ਠੰਡੀ ਕਰ ਦਿੱਤੀ। ਖਰੀਆਂ ਖਰੀਆਂ ਸੁਣਾਉਣ ਤੋ ਚੇਤਾ ਆਇਆ ਹੈ, ਹਾਲੇ ਸਾਲ ਡੇਢ ਸਾਲ ਦੀ ਹੀ ਗੱਲ ਹੈ। ਪੰਜਾਬੀ ਭਾਸ਼ਾ ਦੇ ਮੁੱਦੇ ਉਤੇ ਇਕ ਸਰਕਾਰੀ ਮੀਟਿੰਗ ਸੀ ਤੇ ਉਸ ਵਿਚ ਡਾ ਯੋਗਰਾਜ ਵੀ ਹਾਜ਼ਰ ਸੀ। ਬਾਦਲ ਸਾਹਬ ਦੇ ਪ੍ਰਿੰਸੀਪਲ ਸੈਕਟਰੀ ਰਹੇ ਐਸ ਕੇ ਸੰਧੂ (ਆਈ ਏ ਐਸ) ਵੀ ਭਾਸ਼ਾ ਸਕੱਤਰ ਵਜੋਂ ਬੈਠੇ ਹੋਏ ਸਨ। ਉਨਾ ਕਿਹਾ ਕਿ ਪੰਜਾਬੀ ਬੋਲੀ ਲਈ 'ਆਹ ਕਰਨਾ ਚਾਹੀਦਾ,ਅਹੁ ਕਰਨਾ ਚਾਹੀਦਾ।' ਯੋਗਰਾਜ ਤੋਂ ਰਿਹਾ ਨਾ ਗਿਆ,ਉਸ ਬੜੀ ਦਲੇਰੀ ਨਾਲ ਆਖਿਆ ਕਿ ਜਦ ਆਪ ਜੀ ਬਾਦਲ ਸਾਹਬ ਮੁੱਖ ਮੰਤਰੀ ਨਾਲ ਵੱਡੇ ਅਹੁਦੇ ਉਤੇ ਤਾੲਨਿਾਤ ਸੀ,ਉਦੋਂ ਆਪ ਨੂੰ ਇਹ ਗੱਲਾਂ ਚੇਤੇ ਕਿਓਂ ਨਾ ਆਈਆਂ? ਅੱਜ ਕਿਉਂ ਆਈਆਂ? ਇਸਦਾ ਮਤਲਬ ਕਿ ਤੁਸੀਨ ਲੋਕ ਅਹੁਦਿਆਂ ਉਤੇ ਹੁੰਦੇ ਹੋਏ ਭੁਲ ਜਾਂਦੇ ਓ ਤੇ ਬਾਅਦ ਵਿਚ ਹੀ ਗੱਲਾਂ ਚੇਤੇ ਆਉਂਦੀਆਂ ਨੇ? ਉਸਦੀ ਇਸ ਮੂੰਹ 'ਤੇ ਕਹਿਣੀ ਤੇ ਕਰਨੀ ਦੀ ਚਰਚਾ ਵਿਦਵਾਨਾਂ ਤੇ ਅਫਸਰੀ ਖੇਮਿਆਂ ਵਿਚ ਖਾਸੀ ਹੁੰਦੀ ਰਹੀ ਸੀ।
ਸਾਡੇ ਵਿਦਵਾਨ ਆਮ ਤੌਰ ਉਤੇ ਵੱਡੇ ਅਹੁਦਿਆਂ ਉਤੇ ਬਹਿਕੇ 'ਮੀਸਕ ਮੀਣੇ' ਬਣ ਜਾਂਦੇ ਨੇ ਪਰ ਯੋਗਰਾਜ ਗੜ੍ਹਕਦਾ ਹੈ। ਖੜਕਦਾ ਹੈ। ਗਲਤ ਗੱਲ ਹੁੰਦੀ ਜਾਂ ਭੈੜਾ ਫੈਸਲਾ ਹੁੰਦਾ ਹੈ, ਕਦੇ ਵੀ,ਕਿਤੇ ਵੀ ਉਹਦੇ ਜਰਿਆ ਨਹੀਂ ਜਾਂਦਾ। (ਸਕੂਲ ਸਿੱਖਿਆ ਵਿਚ ਸੁਧਾਰਾਂ ਵਾਸਤੇ ਉਹ ਜੁਟ ਗਏ ਨੇ ਤੇ ਹੁਣ ਚੰਗੇ ਦਿਨ ਆਵਣਗੇ ਬੋਰਡ ਉਤੇ)।
ਡਾ ਯੋਗਰਾਜ ਵੱਲੋਂ ਕੀਤੀ ਸਾਹਿਤ ਸਮੀਖਿਆ ਤੇ ਕੁਝ ਪੁਸਤਕਾਂ ਬਾਰੇ ਵੀ ਇੱਥੇ ਚਰਚਾ ਕਰਨੀ ਬਣਦੀ ਹੈ। ਉਨ੍ਹਾਂ ਭਾਈ ਵੀਰ ਸਿੰਘ ਦੀ ਸਮੁੱਚੀ ਕਵਿਤਾ ਸੰਪਾਦਿਤ ਕਰ ਕੇ ਵੱਡਾ ਕੰ ਕੀਤਾ। 'ਚੇਤਨਾ ਦਾ ਉਕਾਬ-ਭਰਥਰੀ' ਵੀ ਲਾਮਿਸਾਲ ਕਾਰਜ ਹੈ, ਜੋ ਉਹ ਕਈ ਸਾਲ ਨਿਠ ਕੇ ਕਰਦੇ ਰਹੇ ਤੇ ਫਿਰ ਪ੍ਰਕਾਸ਼ਿਤ ਕਰਵਾਇਆ। ਡਾ ਰਵੀ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ। 'ਗੁਲਜ਼ਾਰ ਸੰਧੂ ਦਾ ਕਥਾ ਜਗਤ' ਕਿਤਾਬ ਨੇ ਸੰਧੂ ਦੀ ਕਹਾਣੀ ਕਲਾ ਨਾਲ ਪੂਰਾ ਪੂਰਾ ਨਿਆਂ ਕੀਤਾ ਹੈ। ਅਨੁਵਾਦ ਕਾਰਜ ਵਿਚ ਹਰੀਸ਼ ਢਿੱਲੋਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰਨਾ ਮਿਹਨਤ ਵਾਲਾ ਕਾਰਜ ਸੀ। 'ਸ਼ਹਾਦਤ ਤੇ ਹੋਰ' ਬਲਰਾਮ ਦੇ ਨਾਟਕ ਸੰਪਾਦਤ ਕੀਤੇ। 'ਰਵਿੰਦਰ ਰਵੀ ਦਾ ਸਮੀਖਿਆ ਸਾਸ਼ਤਰ' ਕਿਤਾਬ ਆਪਣੇ ਆਪ ਵਿਚ ਮਹੱਤਵਪੂਰਨ ਹੈ। ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹੁੰਦਿਆਂ ਲਗਪਗ ਤੀਹ ਕਿਤਾਬਾਂ ਦਾ ਸੰਪਾਦਨ ਕੀਤਾ।
 ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਤੋਂ ਪਹਿਲਾਂ  ਡਾ ਯੋਗਰਾਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫ਼ੈਸਰ, ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਤੇ ਰਜਿਸਟਰਾਰ ਵਜੋਂ ਕੰਮ ਕਰ ਰਹੇ ਸਨ, ਨਾਲ ਹੀ ਉਹ ਡੀਨ ਕਾਲਜ ਵਿਕਾਸ ਪਰਿਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਹਿਮ ਅਹੁਦਾ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਐਮ.ਏ. ਹਿੰਦੀ, ਐਮ.ਏ. ਪੰਜਾਬੀ (ਆਨਰਜ਼), ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨਜ਼ ਅਤੇ ਪੀ ਐਚ .ਡੀ (ਪੰਜਾਬੀ) ਕੀਤੀ ਹੋਈ ਹੈ। ਡਾ ਯੋਗਰਾਜ ਕੋਲ ਲਗਭਗ 28 ਸਾਲਾਂ ਦਾ ਵਿਸ਼ਾਲ ਸਿੱਖਿਆ ਅਤੇ ਖੋਜ ਅਨੁਭਵ ਹੈ। ਉਹ ਯੂਨੀਵਰਸਿਟੀ ਦੀਆਂ ਵੱਖ-ਵੱਖ ਮਹੱਤਵਪੂਰਨ ਪ੍ਰਸ਼ਾਸ਼ਕੀ ਅਸਾਮੀਆਂ ਜਿਵੇਂ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਪਰਿਸ਼ਦ, ਵਧੀਕ ਡੀਨ ਕਾਲਜ ਵਿਕਾਸ ਪਰਿਸ਼ਦ, ਡਾਇਰੈਕਟਰ ਯੋਜਨਾਬੰਦੀ ਅਤੇ ਨਿਗਰਾਨੀ, ਸਿੰਡੀਕੇਟ ਮੈਂਬਰ, ਸੈਨੇਟ ਮੈਂਬਰ, ਵਿੱਤ ਕਮੇਟੀ ਮੈਂਬਰ, ਨੋਡਲ ਅਫ਼ਸਰ ਵਿਦਿਆਰਥੀ ਸ਼ਿਕਾਇਤ ਸੈੱਲ, ਮੈਂਬਰ ਸ਼ਿਕਾਇਤ ਐਡਰੈੱਸਲ ਸੈੱਲ, ਮੈਂਬਰ ਭਾਸ਼ਾਵਾਂ ਦੀ ਫੈਕਲਟੀ, ਮੈਂਬਰ ਅਕਾਦਮਿਕ ਕੌਂਸਲ ਉੱਪਰ ਬਿਰਾਜਮਾਨ ਰਹਿ ਚੁੱਕੇ ਹਨ । ਇਨ੍ਹਾਂ ਪ੍ਰਸ਼ਾਸ਼ਕੀ ਅਸਾਮੀਆਂ ਅੰਤਰਗਤ ਉਨ੍ਹਾਂ ਦੇ ਇਹ ਵਿਸ਼ੇਸ਼ ਕਾਰਜਾਂ ਵਿੱਚ ਕੋਆਰਡੀਨੇਟਰ  ਭਾਈ ਕਾਨ੍ਹ ਸਿੰਘ ਨਾਭਾ ਰਚਿਤ 'ਗੁਰਸ਼ਬਦ ਮਹਾਂਕੋਸ਼' ਤੇ ਸੰਪਾਦਕ ਪੰਜਾਬੀ ਯੂਨੀਵਰਸਿਟੀ ਸਲਾਨਾ ਰਿਪੋਰਟ 2017, ਸੰਪਾਦਕ ਪੰਜਾਬੀ ਯੂਨੀਵਰਸਿਟੀ ਸੰਦੇਸ਼ ਪੱਤਰ, ਆਦਿ ਹਨ। ਉਹਨਾਂ ਨੇ ਬਹੁਤ ਸਾਰੇ ਮਹੱਤਵਪੂਰਣ ਅਨੁਵਾਦ ਪ੍ਰਾਜੈਕਟ ਜਿਵੇਂ ਕਿ 'ਮਹਾਂਭਾਰਤ' (ਪੰਜਾਬੀ ਭਾਸ਼ਾ), 'ਬਾਲ ਵਿਸ਼ਵ ਪ੍ਰੋਗਰਾਮ'(ਸਮਾਜਿਕ ਅੰਤਿਮ ਨਾਮ ਨਿਗਰਾਨੀ)  ਅਤੇ ਹੋਰ ਪਰੋਜੈਕਟਾਂ ਉੱਤੇ ਕੰਮ ਕੀਤਾ ਹੈ।  ਉਹ ਵੱਖ-ਵੱਖ ਕਾਲਜ ਪ੍ਰਿੰਸੀਪਲ ਚੋਣ ਕਮੇਟੀਆਂ,ਵੱਖ-ਵੱਖ ਕਾਲਜ ਨਿਰੀਖਣ ਕਮੇਟੀਆਂ,ਵੱਖ ਵੱਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਲਜ ਨਿਰੀਖਣ ਕਮੇਟੀਆਂ ਦੇ ਕਨਵੀਨਰ, ਪੰਜਾਬ ਆਰਟਸ ਕੌਂਸਲ ਵਿਚ ਬਤੌਰ ਵਾਈਸ ਚਾਂਸਲਰ ਦੇ ਨੁਮਾਇੰਦਾ ਗਏ। ਵਿਦਿਆਰਥੀ ਪ੍ਰੀਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈਂਬਰ, ਕੇਂਦਰੀ ਲੇਖਕ ਸਭਾ, ਜਲੰਧਰ, ਮੈਂਬਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਆਦਿ ਲਈ ਵਾਈਸ ਚਾਂਸਲਰ ਦੁਆਰਾ ਨਾਮਜ਼ਦ ਰਹਿ ਚੁੱਕੇ ਹਨ । ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਅਹਿਮ ਖੋਜ ਕਾਰਜ ਪ੍ਰਕਾਸ਼ਿਤ ਹਨ ।  ਪਹਿਲਾਂ ਹੀ ਉਹਨਾਂ ਦੀ ਨਿਗਰਾਨੀ ਹੇਠ ਐਮ. ਫਿਲ, ਪੀ ਐਚ ਡੀ ਦੇ ਵਿਦਿਆਰਥੀ ਅਤੇ 12 ਪੀ ਐਚ ਡੀ ਵਿਦਵਾਨ ਕੰਮ ਕਰ ਰਹੇ ਹਨ। ਇਹੋ ਜਿਹੇ ਵਿਦਵਾਨ ਬੰਦੇ ਦਾ ਪੰਜਾਬ ਸਕੂਲ ੱਿਖਿਆ ਬੋਰਣ ਦਾ ਚੇਅਰਮੈਨ ਬਣਨਾ ਬੋਰਡ ਵਾਸਤੇ ਵੀ ਅਹਿਮ ਗੱਲ ਹੈ।

ਡਾਇਰੀ ਦਾ ਪੰਨਾ : ਦਰਵਾਜੇ ਦਾ ਦਰਦ - ਨਿੰਦਰ ਘੁਗਿਆਣਵੀ

ਪੜਦਾਦੇ ਦੇ ਦਰਵਾਜੇ ਬਾਰੇ ਸੋਚਦਿਆਂ ਤੇ ਰੋਜ਼ ਏਹਦੇ ਵੱਲ ਦੇਖਦਿਆਂ ਹੌਕਾ ਜਿਹਾ ਨਿਕਲ ਜਾਂਦੈ। ਆਪਣੇ ਪੂਰਵਜਾਂ ਦੇ ਬਣਵਾਏ ਦਰਵਾਜੇ ਦੇ ਦਰਦ ਦੀ ਪੀੜ ਮੈਂ ਹੀ ਮਹਿਸੂਸਦਾ ਹਾਂ, ਸਾਡਾ ਬਾਕੀ ਦਾ ਸਾਰਾ ਲਾਣਾ-ਬਾਣਾ ਇਸ ਤੋਂ ਬੇਖ਼ਬਰ ਹੀ ਹੈ। ਕਈ ਤਾਂ ਹੁਣ ਇਸ ਦਰਵਾਜੇ ਨੂੰ ਬਦਸ਼ਗਨਾਂ ਸਮਝਕੇ ਇਸ ਵੱਲ ਝਾਕਦੇ ਵੀ ਨਹੀਂ। ਬਦਸ਼ਗਨਾਂ ਇਸ ਕਰ ਕੇ ਸਮਝਦੇ ਹਨ ਕਿ ਸਾਡੀ ਕੰਧ ਨਾਲ ਲਗਦੇ ਮੇਰੇ ਦਾਦੇ ਦੇ ਛੋਟੇ ਭਰਾ ਮੋਹਨ ਲਾਲ ਦੀ ਵੰਡ ਵਿਚ ਆ ਗਿਆ ਸੀ ਇਹ ਦਰਵਾਜਾ। ਮੋਹਨ ਲਾਲ ਦਾ ਇੱਕੋ ਪੁੱਤਰ ਸੀ ਕ੍ਰਿਸ਼ਨ ਲਾਲ, ਜੋ ਜੁਆਨੀ ਵਿਚ ਹੀ ਮਰ ਗਿਆ। ਅੱਗੋਂ ਕੋਈ ਔਲਾਦ ਨਹੀਂ ਸੀ। ਕ੍ਰਿਸ਼ਨ ਲਾਲ ਦੀ ਪਤਨੀ ਤੇ ਸਾਡੀ ਤਾਈ ਆਗਿਆ ਵੰਤੀ ਨੇ ਵੀ ਆਪਣਾ ਅੰਤਲਾ ਵੇਲਾ ਇਸੇ ਦਰਵਾਜੇ ਹੇਠ ਹੀ ਕੱਟਿਆ ਤੇ ਕੁਝ ਸਾਲ ਪਹਿਲਾਂ ਪੂਰੀ ਹੋ ਗਈ। ਦਰਵਾਜਾ ਤੇ ਘਰ ਨਾਲ ਲਗਦੇ ਜ਼ਿਮੀਦਾਰਾਂ ਨੂੰ ਵੇਚ ਗਈ।
ਕਿਸੇ ਵੇਲੇ ਏਸ ਦਰਵਾਜੇ ਹੇਠਾਂ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ। ਇਹਦੀ ਪੂਰੀ ਟੌਹਰ ਤੇ ਚੜ੍ਹਤ ਹੁੰਦੀ ਸੀ ਪਿੰਡ ਹੀ ਨਹੀਂ ਇਲਾਕੇ ਵਿਚ ਵੀ। ਫਰੀਦਕੋਟ ਦਾ ਰਾਜਾ ਵੀ ਇਸ ਦਰਵਾਜੇ ਹੇਠਾ ਆਕੇ ਬਹਿੰਦਾ ਤੇ ਪਿੰਡ ਦੇ ਲੋਕਾਂ ਦੀਆ ਬੇਨਤੀਆਂ ਸੁਣਦਾ।
ਇਹ ਗੱਲਾਂ ਸਾਡੇ ਪਿੰਡ ਦੇ ਵਡੇਰੀ ਉਮਰ ਦੇ ਬਜੁਰਗ ਦਸਦੇ ਹਨ। ਬਜੁਰਗ ਕਹਿੰਦੇ ਹਨ ਕਿ ਲਗਭਗ ਸਵਾ ਸੌ ਸਾਲ ਪਹਿਲਾਂ ਮੇਰੇ ਪੜਦਾਦੇ ਸੇਠ ਕੇਸਰ ਮੱਲ ਨੇ ਇਹ ਦਰਵਾਜਾ ਮੁਸਲਮਾਨਾਂ ਤੇ ਰਲੇ-ਮਿਲੇ ਮਿਸਤਰੀਆਂ ਕੋਲੋਂ ਬਣਵਾਇਆ ਸੀ। ਉਦੋਂ ਕੱਚੀਆ ਇੱਟਾਂ ਦਾ ਹੀ ਸਮਾਂ ਸੀ। ਕੋਈ ਕੋਈ ਭੱਠਾ ਇੱਟਾਂ ਪਕਾਉਂਦਾ ਤੇ ਬਹੁਤ ਧੀਮੀ ਗਤੀ ਇੱਟਾਂ ਪਕਦੀਆਂ। ਦੂਰੋਂ ਗੱਡਿਆਂ ਉਤੇ ਇੱਟਾਂ ਆਉਂਦੀਆਂ । ਸਾਡੇ ਦਰਵਾਜੇ ਦੀਆਂ ਨਾਨਕਸ਼ਾਹੀ ਇੱਟਾਂ ਅੱਜ ਵੀ ਉਵੇਂ ਖੜ੍ਹੀਆਂ ਨੇ। ਸੀਸਿਆਂ ਵਾਲੀ ਛੱਤ ਹੇਠਾਂ ਲੇਟ ਕੇ ਅਸੀਂ ਨਿਆਣੇ ਮੌਜਾਂ ਮਾਣਦੇ ਰਹੇ ਹਾਂ। ਇਹਦੇ ਤਖਤੇ ਕਿਸੇ ਕਿਲੇ ਦੇ ਤਖਤਿਆਂ ਵਰਗੇ ਸਨ, ਤਿੱਖੇ ਮੂੰਹਾਂ ਵਾਲੇ ਕਿੱਲ ਲੱਗੇ ਹੋਏ ਸਨ ਤਖਤਿਆ ਨੂੰ। ਹੁਣ ਉਹ ਤਖਤੇ ਨਹੀੰ ਹਨ। (ਕਈ ਸਾਲ ਪਹਿਲਾਂ ਬੂਹੇ ਵਿਕ ਗਏ ਸਨ ਤੇ ਛੋਟੇ ਬੂਹੇ ਲਗਵਾਏ ਗਏ) ਹੁਣ ਇਹ ਦਰਵਾਜਾ ਜਿੰਨਾ ਉਤੇ ਰਹਿ ਗਿਆ, ਓਨਾ ਹੀ ਹੇਠਾਂ ਰਹਿ ਗਿਆ ਹੈ।
ਏਨੇ ਸਾਲਾਂ ਵਿਚ ਸਾਲਾਂ ਵਿਚ ਬਥੇਰੀਆਂ ਭਰਤੀਆਂ ਪਈਆਂ। ਟਿੱਬਿਆਂ ਦੇ ਟਿੱਬੇ ਖਪ ਗਏ ਪਿੰਡ ਵਿਚ।
ਏਸ ਦਰਵਾਜੇ ਨੇ ਸੰਨ 1947 ਦਾ ਸੰਤਾਪ ਵੀ ਅੱਖੀਂ ਦੇਖਿਆ ਹੈ। ਦਸਦੇ ਨੇ ਕਿ ਦਰਵਾਜੇ ਦੀ ਛੱਤ ਪੈ ਜਾਣ ਉਪਰੰਤ ਸੇਠ ਨੇ ਵਿਸ਼ਾਲ ਯਗ ਰਚਾਇਆ। ਗਰੀਬਾਂ ਨੂੰ ਪੁੰਨ ਦਾਨ ਕੀਤਾ। ਚੌਲ ਵੰਡੇ।
                               """"""'
ਇੱਕ ਵਾਰ ਮੈਂ ਆਪਣੇ ਘਰ ਦਿਆਂ ਨੂੰ ਆਖਿਆ ਸੀ ਕਿ ਆਪਾਂ ਤਾਈ ਤੋਂ ਇਹ ਦਰਵਾਜਾ ਤੇ ਘਰ ਖਰੀਦ ਲਈਏ, ਕੋਈ ਹੋਰ ਵੀ ਤਾਂ ਖਰੀਦੂਗਾ। ਪਰ ਸਾਡੇ ਘਰ ਦੇ ਨਹੀਂ ਸਨ ਮੰਨੇ। ਮੇਰੀ ਰੀਝ ਪੂਰੀ ਨਾ ਹੋਈ। ਹੁਣ ਗਰਮੀਆਂ ਦੀ ਰੁੱਤੇ ਸੌਣ ਵੇਲੇ ਮੇਰਾ ਮੰਜਾ ਬਿਲਕੁਲ ਦਰਵਾਜੇ ਦੇ ਨਾਲ ਦੀ ਛੱਤ ਉਤੇ ਹੁੰਦਾ ਹੈ ਤੇ ਸਿਆਲਾਂ ਵਿਚ ਵੀ ਕਮਰੇ ਅੰਦਰਲੀ ਕੰਧ ਦਰਵਾਜੇ ਨਾਲ ਸਾਂਝੀ ਹੈ। ਇਉਂ ਮੈਂ ਦਰਵਾਜੇ ਦੇ ਅੰਗ ਸੰਗ ਹੀ ਰਹਿੰਦਾ ਹਾਂ। ਕਦੇ ਕਦੇ ਮੈਨੂੰ ਦਰਵਾਜੇ ਤੋਂ ਡਰ ਵੀ ਆਉਂਦਾ ਹੈ ਤੇ ਬਹੁਤੀ ਵਾਰ ਦਰਵਾਜੇ ਦਾ ਦਰਦ ਵੀ ਮਹਿਸੂਸ ਹੁੰਦਾ ਹੈ।
ਸਾਡੇ ਘਰ ਕੋਈ ਵੀ ਮਹਿਮਾਨ ਆਉਂਦਾ ਹੈ, ਤਾਂ ਮੈਂ ਚਾਅ ਤੇ ਮਾਣ ਨਾਲ ਪੜਦਾਦੇ ਦਾ ਦਰਵਾਜਾ ਵਿਖਾਉਂਦਾ ਹਾਂ। ਕਿੰਨਾ ਕੁ ਚਿਰ ਦਿਖਾਉਂਦਾ ਰਹਾਂਗਾ ਇਹ ਦਰਵਾਜਾ?
ਆਪਣੇ ਆਪ ਨੂੰ ਕੀਤਾ ਇਹ ਸਵਾਲ ਉਦਾਸ ਕਰ ਜਾਂਦਾ ਹੈ।

ਡਾਇਰੀ ਦੇ ਪੰਨੇ : ਡਾਇਰੀ ਉਦਾਸ ਹੈ! - ਨਿੰਦਰ ਘੁਗਿਆਣਵੀ

ਕਰੋਨਾ ਦੀ ਕਰੰਡੀ ਦੁਨੀਆਂ ਛੇਤੀ ਲੀਹ ਉਤੇ ਨਹੀਂ ਆਉਣੀ। ਮੁਲਕਾਂ ਦੇ ਮੁਲਕ ਮਸੋਸੇ ਗਏ। ਮੋਏ ਗਿਣੇ ਨਹੀਂ ਜਾਂਦੇ,ਕੌਣ ਗਿਣੇ ਮੋਏ? ਸੌਖਾ ਕੰਮ ਹੈ ਕਿਤੇ ਮੋਇਆਂ ਦੀ ਗਿਣਤੀ ਕਰਨਾ?
ਕੀ ਨਿਆਣਾ,ਕੀ ਸਿਆਣਾ, ਪਏ ਝੱਲਣ ਫਿਕਰਾਂ ਦਾ ਸਾਇਆ। ਦੁਨੀਆ ਥੰਮ੍ਹ ਜਿਹੀ ਗਈ ਹੈ, ਭੈਅ ਦਾ ਭਾਰ ਹੈ। ਘਰਾਂ 'ਚ ਕੈਦੀ ਬਣਗੇ ਘਰਾਂ ਦੇ ਜੀਅ। ਰੋਜ ਕਮਾ ਕੇ ਖਾਣ ਵਾਲਾ ਮਜਦੂਰ ਡਾਹਢਾ ਮਜਬੂਰ ਹੈ,ਸਮੇਂ ਨੇ ਝੰਬ ਦਿੱਤਾ ਹੈ। ਪਰਦੇਸੀਂ ਬੈਠੇ ਆਪਣਿਆਂ ਦਾ ਫਿਕਰ ਤੇ ਝੋਰਾ ਵੱਢ ਵੱਢ ਖਾ ਰਿਹੈ,ਏਧਰਲਿਆਂ ਨੂੰ। ਸਪੀਕਰਾਂ ਚੋਂ ਸੁਣਦੇ ਚੇਤੰਨ ਕਰਦੇ ਹੋਕੇ ਤੇ ਐਂਬੂਲੈਂਸਾਂ ਦੇ ਸਾਈਰਨ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦੇ ਨੇ। ਅਰਦਾਸਾਂ ਤੇ ਦੁਆਵਾਂ ਦੇ ਰੱਬ ਕੋਲ ਢੇਰਾਂ ਦੇ ਢੇਰ ਲੱਗੀ ਜਾਂਦੇ ਨੇ। ਕਿੱਥੇ ਸਾਂਭ-ਸਾਂਭ ਕੇ ਰੱਖੇਗਾ ਰੱਬ ਏਨੇ ਢੇਰ ਅਰਦਾਸਾਂ, ਜੋਦੜੀਆਂ ਤੇ ਬੇਨਤੀਆਂ ਦੇ? ਸੱਚ ਹੈ ਕਿ ਰੱਬ ਨੇ ਬੰਦੇ ਉਤੇ ਭੀੜ ਪਈ ਦੇਖ ਬੂਹੇ ਭੇੜ ਲਏ ਨੇ। ਔਖੇ ਵੇਲੇ ਢੋਈ ਦੇਣ ਤੋਂ ਪਾਸਾ ਵੱਟ ਗਿਐ ਰੱਬ ਬੰਦੇ ਤੋਂ। ਕਿਸੇ ਨੇ ਆਖਿਆ ਕਿ ਨਹੀਂ, ਰੱਬ ਕਿਤੇ ਨਹੀਂ ਗਿਆ,ਡਾਕਟਰਾਂ ਦੇ ਰੂਪ ਵਿਚ ਹਸਪਤਾਲਾਂ ਵਿਚ ਹਾਜ਼ਰ ਹੈ ਰੱਬ!
                    ×××××××××××××××
ਕੁਦਰਤ ਕਰੋਪ ਹੈ। ਬੰਦੇ ਨੂੰ ਕੁਦਰਤ ਝਾੜਾਂ ਪਾ ਰਹੀ ਹੈ ਕਿ ਮੇਰੇ ਨਾਲ ਹੀ ਖਿਲਵਾੜ ਕਰਨ ਵਾਲਿਆ ਬੰਦਿਆ, ਬਹੁਤ ਦੇਰ ਤੋਂ ਮੈਂ ਤੇਰੇ ਮੂੰਹ ਵੱਲ ਵੇਂਹਦੀ ਰਹੀ ਆਂ, ਪਰ ਬੰਦਿਆ, ਤੂੰ ਆਪਣੀ ਕਰਨੀ ਤੋਂ ਬਿਲਕੁਲ ਬਾਜ ਨਾ ਆਇਆ,ਆਖਰ ਮੈਨੂੰ ਇਹੋ ਰੰਗ ਵਿਖਾਉਣਾ ਪਿਐ ਕਿ ਤੈਨੂੰ ਅੱਜ ਘਰ ਅੰਦਰ ਬੰਦ ਕਰਨਾ ਪਿਆ ਹੈ!
ਅੱਜ ਘਰ ਵੀ ਚੁੱਪ ਨਹੀਂ ਬੈਠ ਰਿਹਾ ਤੇ ਘਰ ਪੁੱਛਦਾ ਹੈ ਘਰ ਬੈਠੇ ਜੀਆਂ ਨੂੰ-ਕਿਉਂ? ਜਾਂਦੇ ਨਹੀਂ ਕਿਧਰੇ? ਜਾਓ,ਜਾ ਕੇ ਤਾਂ ਵਿਖਾਓ! ਮੈਂ 'ਘਰ' ਹਾਂ। ਮੈਂ ਹੀ ਔਖੇ ਸੌਖੇ ਸਭ ਨੂੰ 'ਸ਼ਰਨ' ਦਿੰਨੈ। ਪਰ ਕਈ ਵਾਰੀ ਮੈਨੂੰ ਵੀ ਇਕੱਲਿਆਂ ਰਹਿਣਾ ਪੈਂਦਾ ਹੈ। ਘਰਾਂ ਦੀ ਤਾਂ ਫਿਤਰਤ ਹੀ ਬਣਗੀ ਹੈ ਇਕੱਲਿਆਂ ਰਹਿਣਾ! ਕਿਉਂਕਿ ਮੈਂ 'ਘਰ' ਹਾਂ,ਕਿਧਰੇ ਨਹੀਂ ਆ-ਜਾ ਸਕਦਾ। ਮੇਰੀ ਕਿਸਮਤ ਵਿਚ ਇਕ ਥਾਂਓ ਟਿਕੇ ਰਹਿਣਾ ਹੀ ਲਿਖਿਐ,ਤੇ ਟਿਕਿਆ ਹੋਇਆਂ ਮੈਂ ਇਕੋ ਥਾਂ। ਤੁਹਾਡਾ ਜਦ ਦਿਲ ਕਰਦੈ,ਠੋਕਦੇ ਓ ਤਾਲਾ,ਤੇ ਚੱਲ ਪੈਂਦੇ ਓ ਘੁੰਮਣ ਘੁੰਮਾਉਣ। ਉਦੋਂ ਕੋਈ ਨਹੀ ਕਹਿੰਦਾ ਕਿ 'ਘਰ' ਨੂੰ ਵੀ ਨਾਲ ਲੈ ਚੱਲੀਏ ਦੋ ਦਿਨ ਨਾਲ ਘੁੰਮ ਆਊ! ਵਿਹੜੇ ਵਿਚ ਖਲੋਤੇ ਰੁੱਖ ਵੀ ਕਦੀ-ਕਦੀ ਮਨੁੱਖ ਵਾਂਗ ਆਪ ਮੁਹਾਰੇ ਹੋ ਜਾਂਦੇ ਨੇ ਤੇ ਕਹਿੰਦੇ ਨੇ-ਛੱਡੋ ਛੱਡੋ, ਘਰ ਨਾਲ ਕੀ ਗੱਲ ਕਰਨੀ ਐਂ। ਆਪਸ ਵਿਚੀਂ ਕਰਦੇ ਨੇ ਰੁੱਖ ਗੱਲਾਂ ਘਰ ਵੱਲੋਂ ਮੂੰਹ ਫੇਰ ਕੇ!!
              ××××××××××××××××
ਸਪੀਕਰ ਖੜਕਿਆ ਹੈ। ਗੁਰਦਵਾਰਿਓਂ ਬਾਬਾ ਕੁਛ ਬੋਲੇਗਾ,ਸੁਣ ਲਵਾਂ ਕੀ ਬੋਲੇਗਾ! ਕੰਨ ਚੁੱਕ ਲੈਂਦਾ ਹਾਂ ਸਪੀਕਰ ਵੱਲ। ਬਾਬਾ ਪਿੰਡ ਦੇ ਲੋਕਾਂ ਨੂੰ ਝਾੜਾਂ ਪਾਉਣ ਲੱਗ ਪਿਐ, ਜਿਵੇਂ ਕਦੇ ਕੁਦਰਤ ਨੇ ਬੰਦੇ ਨੂੰ ਝਾੜ ਪਾਈ ਸੀ। ਬਾਬਾ ਆਖ ਰਿਹਾ ਹੈ-ਕੁਝ ਸੋਚੋ, ਅਕਲ ਨੂੰ ਹੱਥ ਮਾਰੋ, ਘਰ 'ਚੋਂ ਬਾਹਰ ਨਾ ਨਿਕਲੋ, ਏਸ ਵਿਚ ਥੋਡਾ ਈ ਭਲਾ ਐ। ਸਰਕਾਰ ਹਿਦਾਇਤਾਂ ਦੇਈ ਜਾਂਦੀ ਐ ਕਿ ਘਰ 'ਚ ਟਿਕ ਕੇ ਬਹਿਜ ਪਰ ਭਾਈ ਪਤਾ ਲੱਗਿਆ ਐ ਕਿ ਕਿ ਮਨਚਲੇ ਲੋਕ ਟਿਕ ਨਹੀਂ ਰਹੇ, ਸੋ ਹੱਥ ਜੋੜ ਕੇ ਬੇਨਤਾ ਮੰਨ ਲਓ ਭਾਈ, ਨਾ ਖਰਾਬ ਕਰੋ ਤੇ ਨਾ ਹੋਵੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ।
ਬਾਬੇ ਵੱਲੋਂ ਪਾਈਆਂ ਲਾਹਨਤਾਂ ਸੱਚੀਆਂ ਹਨ। ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, ''ਹੇ ਵਾਹਿਗੁਰੂ, ਸਰਬਤ ਦਾ ਭਲਾ ਕਰੀਂ।'' ਕਹਿੰਦੇ ਨੇ ਸੁਭਾਵਕ ਬੋਲਿਆ ਸੱਚ ਹੋ ਨਿਬੜਦਾ ਹੈ, ਹੋ ਸਕਦੈ,ਮੇਰਾ ਬੋਲਿਆ ਵੀ ਸੱਚ ਹੋ ਨਿੱਬੜੇ!
                ×××××××××××××××
ਮੋਬਾਈਲ ਫੋਨ ਕੁਸਕਿਆ ਹੈ। ਦੇਖਾਂ ਤਾਂ, ਕੀ ਆਖਦੈ। ਖੋਲ੍ਹਦਾ ਹਾਂ। ਕਿਸੇ ਪੁਲੀਸ ਵਾਲੇ ਨੇ ਲਿਖਿਆ ਹੈ ਕਿ ਅਸੀਂ ਆਪ ਦੀ ਸੁਰੱਖਿਆ ਲਈ ਘਰੋਂ ਬਾਹਰ ਹਾਂ, ਕਿਰਪਾ ਕਰ ਕੇ ਤੁਸੀਂ ਘਰ਼ ਵਿਚ ਹੀ ਰਹੋ। ਇੱਕ ਸਿਹਤ ਅਧਿਕਾਰੀ ਦਾ ਸੁਨੇਹਾ ਹੈ- ਕਰੋਨਾ ਓਨਾ ਚਿਰ ਤੁਹਾਡੇ ਘਰ ਵਿਚ ਦਸਤਕ ਨਹੀਂ ਦਿੰਦਾ, ਜਿੰਨਾ ਚਿਰ ਤੁਸੀਂ ਉਸਨੂੰ ਲੈਣ ਲਈ ਘਰੋਂ ਬਾਹਰ ਨਹੀਂ ਜਾਂਦੇ, ਸੋ ਕਿਰਪਾ ਕਰ ਕੇ ਘਰੋਂ ਬਾਹਰ ਨਾ ਜਾਓ। ਇੱਕ ਵੀਡੀਓ ਹੈ। ਪੁਲੀਸ ਬੰਦੇ ਕੁੱਟ ਰਹੀ ਹੈ ਤੇ ਬੰਦਿਆਂ ਨੂੰ ਕਰਫਿਊ ਦਾ ਅਰਥ ਦੱਸ ਰਹੀ ਹੈ। ਕਿਤੇ ਬੰਦੇ ਕੰਨ ਫੜ ਕੇ ਡੰਡ ਬੈਠਕਾਂ ਕੱਢ ਰਹੇ ਨੇ ਤੇ ਪੁਲੀਸ ਡੰਡੇ ਨਾਲ ਬੁਲਵਾ ਰਹੀ ਹੈ-ਅਸੀ ਸਮਾਜ ਦੇ ਦੁਸ਼ਮਣ ਆਂ, ਅਸੀਂ ਘਰੇ ਟਿਕ ਕੇ ਨਹੀਂ ਬੈਠ ਸਕਦੇ। ਸਾਰੇ ਬੰਦੇ ਰਲ-ਮਿਲ ਕੇ ਇੱਕ ਸੁਰ ਵਿਚ ਇਹ ਬੋਲ ਦੁਹਰਾ ਰਹੇ ਹਨ। ਬਹੁਤ ਉਦਾਸ ਹੋ ਗਿਆ ਹਾਂ। ਸੌਣ ਦਾ ਯਤਨ ਕਰਦਾ ਹਾਂ। ਕੀ ਪਤਾ ਹੈ, ਉੱਠਣ ਵੇਲੇ ਤੀਕ ਕੁਝ ਨਾ ਕੁਝ ਠੀਕ ਹੀ ਹੋ ਜਾਵੇ।

ਡਾਇਰੀ ਦੇ ਪੰਨੇ: ਮੌਜੀ ਮਨ ਬਾਤਾਂ ਕਰੇ! - ਨਿੰਦਰ ਘੁਗਿਆਣਵੀ

ਤਿਰਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਟੜੂ ਚਰ ਕੇ ਚਾਰਾ ਘਰਾਂ ਨੂੰ ਮੁੜ ਰਹੇ। ਆਜੜੀ ਦੀਆਂ ਲੰਮੀਆਂ ਹਾਕਾਂ- ''ਓ ਤੁਸੀਂ ਹਟਜੋ, ਸਿੱਧੀਆਂ  ਤੁਰੋ, ਤੁਰੋ ਸਿੱਧੀਆਂ... ਹਾਏ ਓ ਰੱਬਾ... ਹੇਅ੍ਹਾ ਹ੍ਹੇ... ਹ੍ਹੇ... ਹ੍ਹੇ... ਹ੍ਹੇ... ਥੋਡਾ ਰੱਬ ਰਾਖਾ, ਮੂੰਹ ਨਾ ਮਾਰਿਓ ਖੇਤ ਬਿਗਾਨੇ, ਸਿੱਧੀਆਂ ਤੁਰੋ ਸਿੱਧੀਆਂ... ਘਰ ਜਾ ਕੇ ਚਰਲਿਓ, ਜਿਊਣ ਜੋਗੀਓ! " ਇਹ ਸਭ ਸੁਣ-ਦੇਖ ਕੇ ਸੋਚ ਰਿਹਾਂ ਕਿ ਕਿੰਨਾ ਇਮਾਨਦਾਰ ਹੈ ਮੇਰੇ ਪਿੰਡ ਦਾ ਗਰੀਬ ਦਲਿਤ ਆਜੜੀ! ਆਪਣੇ ਪਸ਼ੂਆਂ ਨੂੰ ਵੀ ਈਮਾਨ ਰੱਖਣ ਵਾਸਤੇ ਬੇਰੋਕ  ਹੋਕਰੇ ਦੇ ਰਿਹੈ ਉੱਚੀ ਉੱਚੀ। ਅਜ ਬੰਦੇ ਦੇ ਆਖੇ ਬੰਦਾ ਨਹੀ ਲਗਦਾ,ਤੇ ਇਹ ਭਗਤ  ਪਸ਼ੂਆਂ ਨੂੰ ਸਮਝੌਤੀਆਂ ਦਿੰਦੈ ਪਿਐ,ਮੈਂ ਵਾਰੇ ਵਾਰੇ ਜਾਵਾਂ, ਇਹੋ ਜਿਹੇ ਰੱਬੀ ਲੋਕਾਂ ਤੋਂ। ਠੰਢੀਆਂ ਛਾਵਾਂ ਇਹੋ ਜਿਹੇ ਲੋਕਾਂ ਆਸਰੇ ਵਧਦੀਆਂ ਫੁਲਦੀਆਂ ਨੇ। ਬਾਬਾ ਸੁੱਚਾ  ਕਹਿੰਦਾ ਸੀ- ਖੇਤੋਂ ਆਉਂਦਾ ਤੇ  ਏਧਰ ਓਧਰ ਮੂੰਹ ਮਾਰਦਾ ਪਸ਼ੂ ਜਿਹੋ ਜਿਹਾ ਦੁੱਧ ਦੇਊ, ਉਹਦਾ ਦੁਧ ਪੀਣ ਵਾਲੇ ਦੀ ਉਹੋ ਜਿਹੀ ਬੁੱਧ ਹੋਊ!
    ਜੈਸਾ ਪੀਵੈ ਪਾਣੀ
    ਤੈਸਾ ਹੋਵੈ ਪ੍ਰਾਣੀ
    ਜੈਸਾ ਖਾਈਏ ਅੰਨ
    ਤੈਸਾ ਹੋਵੈ ਮੰਨ
    ਜੈਸਾ ਪੀਵੈ ਦੁੱਧ
    ਵੈਸੀ ਹੋਵੈ ਬੁੱਧ
    ਸੂਰ ਦਾ ਮਾਸ ਖਾਣ ਵਾਲੇ ਦਾ ਦਿਮਾਗ ਸੂਰ ਵਰਗਾ ਨਾ ਹੋਊ ਤਾਂ ਹੋਰ ਕੀ ਹੋਊ?
    ਸੱਚ ਐ ਕਿ ਕਿਥੋਂ ਲਭਣਗੇ ਰੱਬ ਵਰਗੇ ਐਸੇ ਬੰਦੇ
    ਜੋ ਤੁਰਦੇ ਜਾ ਰਹੇ ਨੇ ਪਰਛਾਵੇਂ ਛੁਪਦੇ, ਸਰੀਰ ਖੁਰਦੇ
    ਤੇ ਮਨ ਭੁਰਦੇ ਜਾ ਰਹੇ ਨੇ
    ਹਾਏ ਓ ਰੱਬਾ ਮੇਰਿਆ, ਗਮਾਂ ਨੇ ਘੇਰਿਆ...
    (9-4-2019, ਸ਼ਾਮ 6:30 ਵਜੇ।)

                                                ******************
    ਦੁਪਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ 'ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ 'ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ 'ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ ਹੀ। ਹਾਲੇ ਪਿਛਲੇ ਹਫਤੇ ਹੀ ਚੰਡੀਗੜ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲ਼ੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੋ ਕੇ ਗਿਆ ਸਾਂ। ਹੁਣ ਤੱਕ ਤਾਂ ਬੀਜ ਫੁੱਟ ਪਏ ਹੋਣੇ ਨੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ  ਆਇਆ ਲੱਗਿਐ। ਦੇਖ ਰਿਹਾਂ ਕਿ ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ, ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਰ ਛੋਲ਼ੀਆ ਰੱਖੀ ਬੈਠੇ ਨੇ,ਹਾਕਾਂ ਮਾਰ ਰਹੇ, ''ਆਜੋ ਬਈ ਲੈ ਜੋ...ਵੀਹਾਂ ਦਾ ਕਿੱਲੋ...ਤਾਜ਼ਾ ਤੇ ਕਰਾਰਾ ਛੋਲ਼ੀਆ...ਆਜੋ ਬਈ ਆਜੋ, ਫੇਰ ਨਾ ਆਖਿਓ ਕਿ ਮੁੱਕ ਗਿਆ... ਰੁੱਤ ਛੋਲ਼ੀਆ ਖਾਣ ਦੀ ਆਈ...।"
    ਗਾਹਕਾਂ ਵੱਲ ਬੌਰੀਆਂ ਦੀ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ 'ਚ ਆਇਆ ਹਾਂ, ਖਵਰੈ ਮਨ ਤਦੇ ਈ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲ਼ੀਆ ਲਿਜਾਣ ਨੂੰ ਦਿਲ ਨਾ ਕਰੇ!
    16-ਸੈਕਟਰ ਵਿਚ ਤਾਂ ਛੋਲ਼ੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ, ਲੱਭਣਾ ਕਿੱਥੋਂ! ਬਰਗਰ, ਨੂਡਲਜ਼, ਬਰੈਡ, ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਏਹਦੀ ਤਰੀ ਦਾ ਸੁਆਦ! ਦੋ ਕਿੱਲੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
    ਤਾਇਆ ਰਾਮ ਚੇਤੇ ਆ ਰਿਹੈ, ਉਸਦਾ ਖੂਹ ਵਾਲੇ ਖੇਤੋਂ ਆਥਣੇ ਛੋਲ਼ੀਆ ਪੁੱਟ ਕੇ ਲਿਆਉਣਾ ਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ, ਤਦੇ ਹੀ ਨਹੀਂ ਹੁਣ ਤੀਕ ਭੁੱਲਿਆ। ਦਾਦੀ  ਤੇ ਭੂਆ ਛੰਨੇ ਵਿਚ ਛੋਲ਼ੀਆ ਕੱਢਦੀਆਂ, ਕੱਢੇ ਦਾਣਿਆਂ ਦੇ ਫੱਕੇ ਮਾਰਦਾ ਤੇ ਨਾਲ ਭੂਆ ਤੋਂ ਝਿੜਕਾਂ ਖਾਂਦਾ ਸਾਂ। ਪੱਕੀਆਂ ਡੋਡੀਆਂ ਦੀਆਂ ਹੋਲ਼ਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆਂ ਜਾਂਦਾ।  ਚਾਹੇ ਖੇਤੋਂ ਛੋਲ਼ੀਆ ਲਿਆਉਣ ਵਾਲਾ ਤਾਇਆ ਵੀ ਨਹੀਂ ਹੈ ਹੁਣ, ਤੇ ਨਾ ਹੀ ਦਾਦੀ ਤੇ ਭੂਆ ਹੀ ਰਹੀਆਂ, ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਹਾਲੇ ਤੀਕ ਵੀ ਨਹੀਂ ਮਰੀ।
    ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲ਼ੀਏ ਤੋਂ ਬਿਨਾਂ ਤੋਰੀਆ, ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਹਨੀਂ ਦਿਨੀਂ ਉਥੇ ਸਰ੍ਹੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ ਸਰ੍ਹੋਂ ਵੇਚਣ ਬਾਅਦ ਵਧੀ ਸਰ੍ਹੋਂ ਦਾ ਘਰ ਲਈ ਤੇਲ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ, ਟਿੱਬੇ 'ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ, ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, ''ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣੈ...।"
    ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, ''ਬਈ ਬਿੱਲੂ, ਐਤਕੀਂ ਬੇਰ ਬਹੁਤ ਲੱਥੂ...।" ਬੇਰੀਆਂ ਬੇਰ ਦਿੰਦੀਆਂ ਨਾ ਥਕਦੀਆਂ, ਨਾ ਤੋੜਨ ਤੇ ਚੁਗਣ ਵਾਲੇ, ਤੇ ਨਾ ਹੀ ਖਾਣ ਵਾਲੇ ਥਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਕੌੜ-ਤੁੰਮਿਆਂ ਵਿਚ ਅਜਵੈਨ ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸ਼ੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹੈ ਕਿ ਓਸ ਟਿੱਬੇ ਨੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜਾ ਕੁ ਪੱਧਰਾ ਕੀਤਾ, ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ 'ਤੇ ਦੇ ਦਿੱਤਾ, ਉਸ ਨੇ ਮਤੀਰੇ, ਖੱਖੜੀਆਂ ਤੇ ਖਰਬੂਜੇ, ਦੇਸੀ ਟੀਂਡੇ, ਕੱਦੂ, ਅੱਲਾਂ ਖੂਬ ਉਗਾਏ। ਉਥੇ ਹੀ ਝੁੱਗੀ ਪਾ ਲਈ ਤੇ ਵਿੱਚ ਰਹਿੰਦਾ ਰਿਹਾ ਕਰਤਾਰਾ।
                                                              ***
    ਸਕੂਟਰੀ ਵਿਹੜੇ ਲਿਆ ਵਾੜੀ ਹੈ।  ਗੁਰਦਵਾਰੇ ਬਾਬਾ ਰਹਿਰਾਸ ਕਰ ਰਿਹੈ।  ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, ''ਹੇ ਸੱਚੇ ਪਾਤਸ਼ਾ...ਤੇਰਾ ਈ ਆਸਰਾ... ਚੜ੍ਹਦੀਆਂ ਕਲਾਂ ਰੱਖੀਂ...ਸਰਬੱਤ ਦਾ ਭਲਾ ਹੋਵੇ... ਮੇਰੇ ਮਾਲਕਾ।"

9417421700

ਡਾਇਰੀ ਦਾ ਪੰਨਾ : ਸਦਾ ਸਲਾਮਤ ਰਹਿ ਪੁਲੀਏ! - ਨਿੰਦਰ ਘੁਗਿਆਣਵੀ

ਅੱਜ ਮੇਰਾ ਦਿਲ ਕੀਤੈ, ਏਸ ਪੁਲੀ ਉੱਤੇ ਦੋ ਪਲ ਬੈਠਣ ਨੂੰ। ਏਹਦੇ ਹੇਠਿਓਂ 'ਕਲ਼-ਕਲ਼' ਕਰਕੇ ਵਹਿ ਰਿਹਾ ਪਾਣੀ ਮੇਰੇ ਲਈ ਜਾਣਿਆ-ਪਛਾਣਿਆਂ ਹੈ। ਹੁਣ ਤਾਂ ਇਸ ਪੁਲੀ ਲਾਗੇ ਇੱਕ ਨਿੰਮੜੀ ਦਾ ਬੂਟਾ ਵੀ ਜੁਆਨ ਹੋ ਚੱਲਿਆ ਏ, ਤੇ ਉਹਦੇ ਹੇਠਾਂ ਕਿਸੇ ਦਾਨੀ-ਪੁਰਸ਼ ਨੇ ਇੱਕ ਨਲਕਾ ਵੀ ਗਡਵਾ ਦਿੱਤਾ ਹੋਇਐ, ਰਾਹੀ-ਪਾਂਧੀ ਨਿੰਮੜੀ ਥੱਲੇ ਬਹਿੰਦੇ ਨੇ, ਪਾਣੀ ਪੀਂਦੇ ਨੇ,  'ਸੁਖ ਦਾ ਸਾਹ' ਲੈਂਦੇ ਨੇ ਤੇ ਟੁਰ ਜਾਂਦੇ ਨੇ। ਏਸ ਪੁਲੀ ਉੱਪਰੋਂ ਲੰਘਦਿਆਂ ਮੈਨੂੰ ਹਰ ਵੇਲੇ ਆਪਣਾ ਅਤੀਤ ਚੇਤੇ ਰਹਿੰਦਾ ਏ। ਏਸ ਪੁਲੀ ਨੂੰ ਮੈਂ ਦਿਲੋਂ ਪਿਆਰ ਕਰਦਾਂ।
                                                             ***
    ਵਰ੍ਹੇ ਬੀਤ ਗਏ। ਨਿੱਤ ਦੀ ਤਰ੍ਹਾਂ ਹੀ ਮੈਂ ਏਸ ਪੁਲੀ ਉੱਪਰੋਂ ਆਪਣੇ ਸਾਈਕਲ ਉੱਤੇ ਚੜ੍ਹਿਆ ਹੋਇਆ ਲੰਘਿਆ ਕਰਦਾ ਸਾਂ। ਬਥੇਰੀ ਕੋਸ਼ਿਸ਼ ਕਰਦਾ ਕਿ ਵੇਲੇ ਸਿਰ ਲੰਘ ਜਾਵਾਂ, ਪਰ ਵਾਹ ਨਾ ਚੱਲਦੀ, ਕਾਫ਼ੀ ਲੇਟ ਹੋ ਜਾਂਦਾ ਸਾਂ ਬਹੁਤੀ ਵਾਰ। ਹਨ੍ਹੇਰੇ ਵਿੱਚ ਘਰ ਨੂੰ ਜਾਂਦਾ, ਤੇ ਸਵੇਰ ਹਾਲੇ ਚਿੱਟੀ ਨਹੀਂ ਸੀ ਹੋਈ ਹੁੰਦੀ, ਜਦ ਹਨ੍ਹੇਰੇ-ਹਨ੍ਹੇਰੇ ਹੀ ਪੁਲੀ ਉੱਤੋਂ ਲੰਘਦਾ, ਉਹ ਵੀ ਹਾਲੇ ਜਾਗ ਕੇ ਹੀ ਹਟੀ ਹੁੰਦੀ ਸੀ। ਜਦ ਰਾਤ ਨੂੰ ਲੰਘਦਾ, ਲੋਕ ਖਾ-ਪਕਾ ਕੇ ਮੰਜਿਆਂ ਉੱਤੇ ਟਿਕ ਜਾਂਦੇ। ਮੇਰਾ ਸਾਹਬ ਰੋਟੀ ਲੇਟ ਖਾਂਦਾ ਸੀ। ਮੈਂ ਉਹਦੀ ਰੋਟੀ ਪਕਾ, ਰਸੋਈ ਦਾ ਭਾਂਡਾ-ਟੀਂਡਾ ਸਾਂਭ ਕੇ ਈ ਤੁਰਨਾ ਹੁੰਦਾ ਸੀ। ਉਦੋਂ ਪੁਲੀ ਉੱਤੇ ਨਲਕਾ ਨਹੀਂ ਸੀ ਹੁੰਦਾ। ਮੈਂ ਪੁਲੀ ਉੱਤੇ ਖਲੋਂਦਾ, ਪੌੜੀਆਂ ਵਿੱਚੀਂ ਉਤਰ੍ਹ ਕੇ ਅੱਖਾਂ ਵਿੱਚ ਪਾਣੀ ਛੱਟਦਾ, ਦੋ ਬੁੱਕਾਂ ਪੀ ਕੇ, ਪਿੰਡ ਵੱਲ ਨੂੰ ਸਾਈਕਲ ਦੁਬੱਲ ਲੈਂਦਾ। ਏਸ ਪੁਲੀ ਨਾਲ਼ ਮੇਰਾ ਪਿਆਰ ਪੈ ਗਿਆ। ਇੱਕ ਲਗਾਵ ਜਿਹਾ ਹੋ ਗਿਆ ਸੀ।  ਲੰਘਣ ਨੂੰ, ਹੋਰ ਕੋਈ ਰਾਹ ਮੈਨੂੰ ਚੰਗਾ ਨਾ ਲੱਗਦਾ।
    ਇੱਕ ਦਿਨ ਸਾਹਬ ਦੇ ਕੁੱਝ ਰਿਸ਼ਤੇਦਾਰ ਆ ਗਏ ਸਨ। ਭਾਂਡਾ-ਟੀਂਡਾ ਤੇ ਚੁੱਲ੍ਹਾ-ਚੌਂਕਾ ਸਾਂਭਦਿਆਂ ਕਾਫ਼ੀ ਲੇਟ ਹੋ ਗਿਆ ਸਾਂ, ਕਾਫ਼ੀ ਲੇਟ! ਪਿੰਡ ਆਏ ਬਿਨਾਂ ਮੈਥੋਂ ਰਹਿ ਨਹੀਂ ਸੀ ਹੋਣਾ। ਕੋਠੀਓਂ ਤੁਰਦਿਆਂ ਮੈਂ ਸਾਹਬ ਕੋਲ਼ ਝੂਠ ਬੋਲਿਆ ਸੀ, ''ਸਰ, ਅੱਜ ਮੈਂ ਪਿੰਡ ਨਹੀਂ ਜਾਣਾ, ਆਪਣੇ ਚਾਚੇ ਘਰ ਰਹਾਂਗਾ, ਸਵੇਰ ਨੂੰ ਟਾਈਮ-ਸਿਰ ਆ ਜਾਵਾਂਗਾ।" ਕੋਠੀਓਂ ਸਾਈਕਲ ਕੱਢ ਕੇ ਪਿੰਡ ਵਾਲੀ ਸੜਕ ਉੱਤੇ ਭਜਾ ਲਿਆ ਸੀ। ਹਨ੍ਹੇਰਾ ਹੀ ਹਨ੍ਹੇਰਾ ਦਿਸਦਾ ਸੀ, ਬਸ ਤੁਰਨ ਜੋਗਾ ਹੀ ਚਾਨਣਾ ਸੀ। ਖੇਤਾਂ ਵਿੱਚ ਫ਼ਸਲਾਂ ਸੌਂ ਰਹੀਆਂ ਸਨ। ਕੋਈ-ਕੋਈ ਟਾਵਾਂ-ਟਾਂਵਾ ਜਿਹਾ ਬੀਂਡਾ ਕੁਸਕਦਾ। ਹਵਾ ਵੀ ਖ਼ਾਮੋਸ਼ੀ ਦੀ ਬੁੱਕਲ ਮਾਰੀ ਬੈਠੀ ਸੀ ਅੱਜ। ਕਾਫ਼ੀ ਸਾਰਾ ਲੇਟ ਹੋ ਜਾਣ ਦਾ ਫ਼ਿਕਰ ਹੋਣ ਲੱਗ ਪਿਆ ਸੀ ਮੈਨੂੰ। ਬੇਬੇ ਆਖੇਗੀ, ''ਮੂਰਖ਼ਾ, ਜੇ ਲੇਟ ਹੋ ਗਿਆ ਸੈਂ, ਤਾਂ ਏਨੀ ਕੁਵੇਲੇ ਨੂੰ ਕਾਹਤੋਂ ਤੁਰਿਆ? ਆਬਦੇ ਚਾਚੇ ਘਰੇ ਜਾ ਵੜਦਾ।"
    ਸੋਚਦਾ ਹੋਇਆ ਪੈਡਲਾਂ ਨੂੰ ਤੇਜ਼-ਤੇਜ਼ ਮਾਰਨ ਲੱਗ ਪਿਆ ਸਾਂ। ਪੁਲੀ ਲਾਗੇ ਆ ਰਹੀ ਸੀ। ਪਹਿਲੋਂ ਪੁਲੀ ਸੁੰਨੀ ਜਿਹੀ ਹੁੰਦੀ ਸੀ, ਅੱਜ ਪੁਲੀ ਉੱਤੇ ਦੋ-ਤਿੰਨ ਪਰਛਾਂਵੇਂ ਜਿਹੇ ਦਿਖੇ ਸਨ। ਕੌਣ ਹੋਏ ਏਹ? ਏਥੇ ਕੀ ਕਰਦੇ ਹੋਏ? ਅੱਤਵਾਦੀ ਈ ਨਾ ਹੋਣ? ਜਾਂ ਡਾਕੂ... ਨਹੀਂ-ਨਹੀਂ, ਪਾਣੀ ਲਾਉਣ ਵਾਲੇ ਹੋਣੇ ਨੇ, ਨੇੜਲੇ ਖੇਤਾਂ ਵਾਲੇ। ਮੈਂ ਪੁਲੀ ਦੇ ਕਾਫ਼ੀ ਨੇੜੇ ਆ ਚੁੱਕਾ ਸਾਂ, ਹੁਣ ਪਿਛਾਂਹ ਵੱਲ ਨਹੀਂ ਸੀ ਮੁੜਿਆ ਜਾ ਸਕਦਾ। ਪਰਛਾਂਵੇਂ ਹੋਰ ਸਾਫ਼ ਹੋ ਗਏ ਤੇ ਪ੍ਰਛਾਂਵਿਆਂ ਤੋਂ ਬੰਦੇ ਬਣ ਗਏ। ਮੈਂ ਡਰ ਗਿਆ ਸਾਂ। ਇਹ ਕੌਣ ਹਨ? ਕੀ ਹੋਣ ਵਾਲਾ ਹੈ? ਮੈਂ ਸਾਈਕਲ ਉੱਤੋਂ ਉੱਤਰ੍ਹ ਕੇ ਦਸ ਕੁ ਕਦਮੀਂ ਤੁਰਿਆ।
    ''ਆ ਜਾ, ਆ ਜਾ... ਐਸ ਵੇਲੇ ਉਏ ਤੂੰ?" ਇੱਕ ਬੋਲਿਆ, ਮੈਂ ਕੰਬ ਗਿਆ.ਇੱਕ ਜਣਾ ਪੁਲੀ ਹੇਠਾਂ ਪੌੜੀਆਂ ਵੱਲ ਉੱਤਰ ਗਿਆ। ''ਕਿੱਥੋਂ ਆਇਐਂ ਉਏ ਐਸ ਵੇਲੇ ਤੂੰ?" ਦੂਸਰਾ ਖਲੋਤਾ ਬੋਲਦੈ। ਉਹਦੇ ਹੱਥ 'ਚ ਰਫ਼ਲ ਹੈ। ਮੋਢੇ ਸਟੀਲ ਦਾ ਵੱਡਾ ਡੋਲਣਾ ਲਮਕ ਰਿਹਾ ਹੈ। ਇੱਕ ਰਾਈਫ਼ਲ ਪੁਲੀ ਉੱਤੇ ਲੰਘੀ ਪਈ ਹੋਈ ਹੈ।
    ''ਮੈਂ ਬਾਈ ਜ... ਦਿਹਾੜੀ ਤੋਂ ਆਇਆਂ, ਸ਼ਹਿਰੋਂ... ਕੋਠੀ ਬਣਦੀ ਆ, ਦਿਹਾੜੀ ਜਾਨੈਂ ਓਥੇ।" ਮੈਂ ਆਪਣਾ ਹੌਸਲਾ 'ਕੱਠਾ ਕਰ ਕੇ ਆਖਿਆ
    ''ਹੈਨਾ ਲੇਟ ਉਏ ਭੜੂਆ? ਸਾਲਾ ਕਤੀੜ੍ਹ ਕਿਤੋਂ ਦਾ...।"
    ਮੈਨੂੰ ਜਾਪਣ ਲੱਗਿਆ, ਹੁਣੇ ਗੋਲ਼ੀ ਰੈਫ਼ਲ ਵਿੱਚੋਂ ਬਾਹਰ ਆਏਗੀ ਤੇ ਮੇਰੀ ਪੁੜਪੁੜੀ ਵਿੱਚੋਂ ਆਰ-ਪਾਰ ਲੰਘ ਜਾਏਗੀ। ਜਦ ਮੈਂ ਧਰਤੀ ਉੱਤੇ ਡਿੱਗਾਂਗਾ, ਨਾਲ਼ ਹੀ ਖਲੋਤਾ ਮੇਰਾ ਸਾਈਕਲ ਵੀ ਧੜੰਮ ਦੇਣੇ ਡਿੱਗ ਪਵੇਗਾ। ਮੇਰਾ ਰੋਟੀ ਵਾਲਾ ਡੱਬਾ ਤੇ ਜੇਭ੍ਹ ਵਿੱਚੋਂ ਬਟੂਆ ਕੱਢ ਕੇ ਇਹ ਟੁਰ ਜਾਣਗੇ। ਇਹ ਡਾਕੂ ਜਾਪਦੇ ਨੇ, ਲੁਟੇਰੇ ਨੇ, ਅੱਤਵਾਦੀ ਨਹੀਂ।
    ਪੌੜੀਆਂ ਵਿੱਚੋਂ ਉੱਠਦਾ ਤੀਜਾ, ਹੱਥ ਪੂੰਝਦਾ ਬੋਲਦੈ, ''ਜਾਣ ਦਿਉ ਯਾਰ, ਦਿਹਾੜੀਆ ਐ, ਕੀ ਏਹੇ 'ਛਣਕਣਾ' ਦੇਦੂ ਥੋਨੂੰ... ਜਾਹ ਉਏ ਭੱਜ ਜਾ ਸਾਲਿਆ ਢੇਡਾ ਜਿਅ੍ਹਾ... ਐਨੇ ਲੇਟ ਨੀ ਆਈਦਾ ਹੁੰਦਾ, ਸਾਲਾ ਕੋਠੀ ਦਾ?" ਉਹਦੀ ਫੱਬੀ ਗੱਲ ਸੁਣ ਕੇ ਉਹ ਦੋਵੇਂ ਖੁੱਲ੍ਹ ਕੇ ਹੱਸਣ ਲੱਗੇ।
    ''ਚੰਗਾ ਜੀ, 'ਗਾਹਾਂ ਤੋਂ ਲੇਟ ਨ੍ਹੀ ਆਊਂਗਾ।" ਮੈਂ ਕੰਬ ਰਿਹਾਂ ਸਾਂ। ਮੇਰਾ ਸੰਘ ਸੁੱਕ ਗਿਐ। ਦਿਲ ਧੜਕ ਰਿਹਾ। ਮੱਥੇ ਨੂੰ ਤਰੇਲੀ ਤੇ ਪੈਰ੍ਹਾਂ ਨੂੰ ਮੁੜ੍ਹਕਾ ਆ ਗਿਐ ਸੀ। ਜਦ ਸਾਈਕਲ ਰੋਹੜ ਕੇ ਪੈਡਲ ਉੱਤੇ ਪੈਰ ਧਰਿਆ ਤਾਂ ਮੁੜ੍ਹਕੇ ਤੇ ਰੇਤੇ ਨਾਲ਼ ਲਿਬੜੀ ਚਪਲੀ ਤਿਲ੍ਹਕ ਕੇ ਲੱਥ ਗਈ। ਮੈਂ ਰੁਕਿਆ ਨਹੀਂ ਹਾਂ, ਚਪਲੀ ਚੁੱਕਣ ਲਈ। ਨੰਗੇ ਪੈਰ ਨਾਲ਼ ਹੀ ਪੈਡਲ ਮਾਰ ਰਿਹਾਂ। ਦੂਸਰੇ ਪੈਰੋਂ ਵੀ ਚਪਲੀ ਲੱਥੂੰ-ਲੱਥੂੰ ਕਰਦੀ ਪਈ ਹੈ। ਸਾਹ ਫੁੱਲ ਰਿਹੈ। ਮੈਂ ਦਿਲੋਂ ਧੰਨਵਾਦ ਕਰ ਰਿਹਾ ਹਾਂ, ਜਿਸ ਨੇ ਕਿਹਾ ਸੀ, ''ਜਾਣ ਦਿਉ...।" ਮੈਨੂੰ ਲੱਗਿਆ, ਜਦੋਂ ਉਹ ਪੌੜੀਆਂ ਵਿੱਚ ਬੈਠਾ ਹੱਥ ਧੋ ਰਿਹਾ ਸੀ ਤਾਂ ਪੁਲੀ ਨੇ ਹੀ ਉਹਦੇ ਕੋਲ਼ ਮੇਰੀ ਗੁੱਝੀ ਜਿਹੀ ਸਿਫ਼ਾਰਿਸ਼ ਕਰ ਦਿੱਤੀ ਸੀ, ''ਛੁਡਾ ਏਹਦਾ ਗ਼ਰੀਬ ਦਾ ਖਹਿੜਾ ਘਰ ਨੂੰ ਜਾਵੇ, ਬੇਚਾਰਾ ਮਜ਼ਦੂਰ ਏ, ਕੀ ਭਾਲਦੇ ਜੇ ਇਹਤੋਂ? ਜਾਣ ਦੇਵੋ ਘਰ ਬਿਚਾਰੇ ਦੀ ਮਾਂ ਉਡੀਕਦੀ ਹੋਣੀ ਏਂ...।" ਮੈਂ ਪੁਲੀ ਦਾ ਵੀ ਦਿਲੋਂ ਧੰਨਵਾਦ ਕਰ ਰਿਹਾ ਸਾਂ।
    ''ਅਗਾਂਹ ਇਹੋ ਜਿਹੇ ਹੋਰ ਨਾ ਖਲੋਤੇ ਹੋਣ।" ਇੱਕ ਪਲ ਮੈਂ ਸੋਚਿਆ, ਤੇ ਪੈਡਲ ਮਾਰਦਾ ਰਿਹਾ।
    ਹੁਣ ਚਾਰੋਂ-ਬੰਨੇ ਦੀਆਂ ਫ਼ਸਲਾਂ ਤੋਂ ਵੀ ਭੈਅ ਆਉਣ ਲੱਗਿਆ। ''ਔਹ ਪਰ੍ਹਿਓਂ ਕਮਾਂਦ ਵਿੱਚੋਂ ਈ ਨਾ ਨਿਕਲ ਆਉਣ ਉਹੋ-ਜਿਹੇ... ਬਸ, ਆਏ ਕਿ ਆਏ।" ਸਾਈਕਲ ਸੋਚ-ਸੋਚ ਕੇ ਚਲਾ ਰਿਹਾਂ, ਕਿਧਰੇ ਸਾਈਕਲ ਦਾ ਖੜਾਕ ਹੀ ਨਾ ਕੋਈ ਪੰਗਾ ਸਹੇੜ ਦੇਵੇ? ਅੱਧੀ ਰਾਤ ਦਾ ਸਖ਼ਤ ਪਹਿਰਾ ਹੋ ਚੱਲਿਆ। ਜਾਪਿਆ ਕਿ ਜਿਵੇਂ ਅੱਜ ਪਿੰਡ ਤੁਰਦਾ-ਤੁਰਦਾ ਹੋਰ ਅੱਗੇ, ਹੋਰ ਅੱਗੇ ਚਲਾ ਗਿਆ ਹੋਵੇ! ਵਾਟ ਹੀ ਵਾਟ... ਮੁੱਕਣ 'ਚ ਨਹੀਂ ਆਉਂਦੀ ਚੰਦਰੀ ਵਾਟ...। ਪਿੰਡ ਵੱਲ ਝਾਕਦਾ, ਕਿਤੇ ਕੋਈ ਜਗਦੀ ਬੱਤੀ ਨਿਗ੍ਹਾ ਪੈ ਜਾਏ। ਪਰ ਨਹੀਂ, ਕਿਧਰੇ ਕੋਈ ਜਗਦੀ ਕਿਰਨ ਨਹੀਂ ਸੀ ਦਿਸਦੀ। ਜਿਵੇਂ ਹਨ੍ਹੇਰ ਹੀ ਪੈ ਗਿਆ ਹੋਇਆ ਅੱਜ ਸਾਰੇ ਪਾਸੇ। ਡਰ...ਡਰ...ਡਰ...ਹੀ ਫ਼ੈਲ ਚੁੱਕਾ ਹੈ ਜਿਵੇਂ। ਅੱਖਾਂ ਅੱਗੇ ਡਰ, ਮਨ ਉੱਤੇ ਡਰ, ਸਾਈਕਲ ਉੱਤੇ ਡਰ... ਆਸ-ਪਾਸ... ਡਰ ਹੀ ਡਰ!
    ਪਿੰਡ ਵੜਦਿਆਂ ਠੰਢਾ ਤੇ ਲੰਬਾ ਹਉਕਾ ਆਇਆ। ਘਰ ਵੜ, ਕਿਸੇ ਨੂੰ ਕੁੱਝ ਨਾ ਦੱਸਿਆ। ਸਵੇਰੇ ਹੀ ਦੱਸਿਆ ਸੀ। ਬਾਪੂ ਨੇ ਲੇਟ ਆਉਣ ਤੋਂ ਵਰਜਿਆ ਤੇ ਫ਼ਿਕਰ ਸਾਂਝਾ ਕੀਤਾ ਸੀ।
                                                              ***
    ਇਸ ਸਮੇਂ ਤੇ ਏਸ ਘਟਨਾ ਨੂੰ ਵਰ੍ਹਿਆਂ ਦੇ ਵਰ੍ਹੇ ਹੀ ਬੀਤ ਗਏ ਨੇ।
    ਹੁਣ ਇਸ ਪੁਲੀ ਉੱਪਰੋਂ ਨਿੱਤ ਨਹੀਂ; ਕਦੀ-ਕਦੀ ਹੀ ਲੰਘਦਾ ਹਾਂ। ਉਹ ਵੀ ਦਿਨ ਚੜ੍ਹੇ ਵੇਲੇ, ਜਾਂ ਆਥਣ ਗੂੜ੍ਹੀ ਹੋ ਜਾਣ ਤੋਂ ਪਹਿਲਾਂ-ਪਹਿਲਾਂ। ਹੁਣ ਸਾਈਕਲ ਉੱਤੇ ਨਹੀਂ, ਸਕੂਟਰ ਜਾਂ ਕਾਰ ਉੱਤੇ ਚੜ੍ਹਿਆ ਹੁੰਦਾ ਹਾਂ। ਚਾਹੇ ਜਹਾਜ਼ੋਂ ਉੱਤਰ੍ਹ ਕੇ ਕੈਨੇਡਿਉਂ ਆਇਆ ਹੋਵਾਂ, ਜਾਂ ਜਹਾਜ਼ੇ ਬਹਿ ਕੇ ਅਮਰੀਕੇ ਚੱਲਿਆ ਹੋਵਾਂ... ਚਾਹੇ ਕਿਸੇ ਵੱਡੇ ਸ਼ਹਿਰੋਂ ਪਰਤਿਆਂ ਹੋਵਾਂ, ਇਹ ਪੁਲੀ ਮੈਨੂੰ ਹਮੇਸ਼ਾ ਆਵਾਜ਼ ਦੇਂਦੀ ਏ:
    ਆਜਾ ਬਹਿਜਾ ਦੋ ਘੜੀਆਂ
    ਪੀ ਲੈ ਦੋ ਘੁੱਟ ਪਾਣੀ
    ਦੋ ਪਲ ਬਹਿਜਾ ਈ ਮੇਰੇ ਕੋਲ਼
    ਤੇਰੇ ਮਿੱਠੜੇ ਨੇ ਲੱਗਦੇ ਬੋਲ
    ਕਦੇ-ਕਦੇ ਕੁੱਝ ਬੋਲ ਗਾ ਵੀ ਲਿਆ ਕਰਦਾ ਸਾਂ ਪੁਲੀ ਉੱਤੇ ਬਹਿਕੇ। ਪਰ ਮੈਂ ਰੁਕਦਾ ਨਹੀਂ। ਪੁਲੀ ਆਵਾਜ਼ਾਂ ਦੇਂਦੀ ਰਹਿੰਦੀ ਹੈ। ਮੈਂ ਏਨਾ ਹੀ ਆਖਦਾ ਹਾਂ, ''ਤੂੰ ਸਦਾ ਸਲਾਮਤ ਰਹਿ ਪੁਲੀਏ, ਮੈਨੂੰ ਡਾਕੂਆਂ ਤੋਂ ਬਚਾਉਣ ਵਾਲੀਏ ਮਾਂ ਨੂੰ ਮਿਲਾਉਣ ਵਾਲੀਏ...।"
    ਇਹ ਪੁਲੀ ਮੈਨੂੰ ਆਪਣਾ ਅਤੀਤ ਚੇਤੇ ਕਰਵਾਉਂਦੀ ਰਹਿੰਦੀ ਹੈ, ਜਦ ਵੀ ਲੰਘਦਾ ਹਾਂ, ਏਹਦੇ ਉੱਤੋਂ। ਪਤਾ ਨਹੀਂ ਕਿੰਨੇ ਸਾਰੇ ਪਾਂਧੀ ਲੰਘ-ਲੰਘ ਟੁਰ ਗਏ ਨੇ, ਟੁਰ ਰਹੇ ਨੇ, ਟੁਰਦੇ ਰਹਿਣਗੇ...। ਅੱਜ ਮੇਰਾ ਦਿਲ ਕੀਤੈ, ਦੋ ਪਲ ਬੈਠਣ ਨੂੰ ਏਸ ਪੁਲੀ ਉੱਤੇ। ਜਨਵਰੀ ਮਹੀਨੇ ਦੀ ਦੁਪਹਿਰ ਹੈ।ਮੈਂ ਇਹਦੀ ਬੁੱਕਲ ਵਿੱਚ ਬੈਠਿਆ ਚੰਗਾ-ਚੰਗਾ ਮਹਿਸੂਸ ਕਰ ਰਿਹਾ ਹਾਂ। ਨਿੱਘਾ-ਨਿੱਘਾ।
ਪੁਲੀਏ, ਤੂੰ ਸਦਾ ਸਲਾਮਤ ਰਹਿ...!

9417421700

ਮੇਰਾ ਡਾਇਰੀਨਾਮਾ : ਤੁਲਸੀ ਦੇ ਦੀਦਾਰ ਕਰਦਿਆਂ... - ਨਿੰਦਰ ਘੁਗਿਆਣਵੀ

'ਤੁਲਸੀ' ਦਾ ਨਾਂ ਬਥੇਰਾ ਸੁਣਿਆ ਸੀ। ਤੁਲਸੀ ਦਾਸ ਤੇ ਤੁਲਸੀ ਰਾਮ ਵਗੈਰਾ ਵੀ ਬਥੇਰੇ ਦੇਖੇ-ਮਿਲੇ ਪਰ ਤੁਲਸੀ 'ਸਿੰਘ' ਕਦੇ ਨਹੀਂ ਸੁਣਿਆਂ ਤੇ ਨਾ ਕੋਈ ਮਿਲਿਆ। ਹਾਂ, ਤੁਲਸੀ ਦੇ ਬੂਟੇ ਦੇ ਗੁਣਾ ਬਾਬਤ ਬੜਾ ਸੁਣਿਆ ਸੀ ਏਧਰੋਂ ਓਧਰੋਂ।
ਇਕ ਦਿਨ ਮਾਂ ਆਖਣ ਲੱਗੀ ,"ਪੁੱਤੇ ਵੇ,ਤੇਰੇ ਚੁਬਾਰੇ ਦੀ ਛੱਤ ਉਤੇ ਗਮਲਾ ਰੱਖ ਦਿੱਤਾ ਐ ਤੁਲਸੀ ਦੇ ਬੂਟੇ ਦਾ, ਸਵੇਰੇ ਉਠਦੇ ਸਾਰ ਨਿਰਣੇ ਕਲੇਜੇ...ਖਾਲੀ ਪੇਟ...ਦੋ ਤਿੰਨ ਪੱਤੇ ਤੋੜ ਕੇ ਖਾ ਲਿਆ ਕਰ, ਮੇਰੀ ਸ਼ੂਗਰ ਤਾਂ ਓਦਣ ਦੀ ਟਿਕਾਣੇ ਸਿਰ ਹੋਗੀ ਐ,ਜਿੱਦਣ ਦੀ ਮੈਂ ਤਿੰਨ ਪੱਤੇ ਤੋੜ ਕੇ ਖਾਨੀ ਆਂ, ਪਰ ਤੈਨੂੰ ਕਿਹੜਾ ਸ਼ੂਗਰ ਹੈਗੀ ਆ, ਫਿਰ ਵੀ ਅਗਾਂਹ ਬੱਚਤ ਈ ਰਹੂ ਪੁੱਤ ,ਵਾਖਰੂ ਭਲੀ ਕਰੇ... ।" ਮਾਂ ਮੇਰੇ ਬਾਰੇ ਅਗਾਂਹ ਦੀ ਸੋਚ ਰਹੀ ਹੈ। ਮੈਂ ਉਰ੍ਹਾਂ ਦੀ ਸੋਚ ਰਿਹਾਂ। ਉਹ ਅੱਗੇ ਬੋਲਦੀ ਹੈ,"ਹਾਂਅ ਸੱਚ ਤੈਨੂੰ ਦਸਣਾ ਭੁਲਗੀ ਪੁੱਤ, ਤੁਲਸੀ ਵਾਲੇ ਗਮਲੇ ਨੂੰ ਜੂਠਾ ਪਾਣੀ ਨੀ ਪਾਉਣਾ...ਏਹੇ ਪਵਿੱਤਰ ਬੂਟਾ ਹੁੰਦੈ...।" ਮਾਂ ਨੇ ਹਦਾਇਤ ਕੀਤੀ।
ਤੁਲਸੀ ਦਾ ਬੂਟਾ ਦਿਨਾਂ ਵਿਚ ਈ ਮੇਰੇ ਚੁਬਾਰੇ ਦੇ ਬਾਹਰ ਛਤਣੇ ਉਤੇ ਵਧ- ਫੁੱਲ ਗਿਆ। ਮੈਂ ਸੁੱਚਮ-ਸੁੱਚੇ ਬੂਟੇ ਤੋਂ ਡਰਦਾ। ਪਾਣੀ ਦੀ ਘੁੱਟ ਵੀ ਦੂਰ ਜਾਕੇ ਭਰਦਾ।
ਸਵੇਰੇ ਸਾਝਰੇ ਉਠਦੇ ਸਾਰ ਪਹਿਲਾਂ ਤੁਲਸੀ ਦੇ ਬੂਟੇ ਦੇ ਦੀਦਾਰ ਹੁੰਦੇ,ਲਗਦਾ ਕਿ ਸਵੇਰ ਦੀ ਠੰਢਕ ਵਿਚ ਭਿੱਜੇ ਤੁਲਸੀ  ਦੇ ਪੱਤੇ ਪੁਕਾਰ ਰਹੇ ਨੇ!
ਮੈਂ ਚਾਹੇ 'ਚੰਡੀਗੜੀਆ' ਹੋ ਗਿਆਂ, ਪਰ ਚੌਬਾਰੇ ਮੂਹਰੇ ਫੈਲ ਰਿਹਾ ਤੁਲਸੀ ਦਾ ਗਮਲਾ ਹਾਲੇ 'ਪੇਂਡੂ' ਹੈ।
ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਕਿ ਸਾਡੇ ਘਰ ਦੇ ਵਿਹੜੇ ਵਿਚੋਂ ਮਰੂਏ ਦਾ ਬੂਟਾ ਕਦੇ ਨਹੀਂ ਮਰਿਆ। ਕਿੰਨੇ ਹੀ ਬੂਟੇ ਨੇ ਮਰੂਏ ਦੇ ਸਾਡੇ ਘਰ। ਮੈਂ ਮਾਂ ਨੂੰ ਲੜਦਾ ਹਾਂ ਕਿ ਪੈਰ ਪੈਰ 'ਤੇ ਮਰੂਆ ਮਾਂ...? ਬਸ ਕਰ ਜਾਇਆ ਕਰ...ਏਨਾ ਮਰੂਆ ਕੀ ਕਰਨੈ? ਮਾਂ ਮਰੂਏ ਦੇ ਹੱਕ ਵਿਚ ਬੋਲਦੀ ਹੈ, " ਤੈਨੂੰ ਕੀ ਹਿੰਦਾ ਏ ਮਰੂਆ...ਏਹਦੀ ਚਟਣੀ ਕਿੰਨੀ ਸੁਆਦੀ ਹੁੰਦੀ ਏ...ਪੱਤੇ ਸੁਕਾ ਲਓ...ਏਹਦਾ ਚੂਰ-ਭੂਰ ਅਰੀ ਵਾਲੀ ਸਬਜ਼ੀ ਵਿਚ ਪਾ ਲਓ...ਪੁੱਤ ਵੇ, ਮਰੂਏ ਦੇ ਸੌ ਸੌ ਗੁਣ ਨੇ...ਨਾ ਕਬਜ਼ ਰਹੇ...ਨਾ ਮੂਮ੍ਹ ਦੀ ਕੌੜ...ਨਾ ਦੰਦ ਦੁਖਣ...ਨਾ ਬਦਹਜ਼ਮੀਂ ਹੋਵੇ...ਜੇ ਸਵੇਰੇ-ਸਵੇਰੇ ਮਰੂਏ ਦੇ ਪੱਤੇ ਦੰਦਾਂ 'ਤੇ ਘਸਾਈਏ ਤੇ ਏਹਦਾ ਪਾਣੀ ਅੰਦਰ ਲੰਘਾਈਏ ਤਾਂ ਏਹ ਸਰੀਰ ਵਾਸਤੇ ਬੜਾ ਲਾਹੇਵੰਦਾ ਹੁੰਦਾ ਏ...।" ਚੇਤਾ ਹੈ, ਘਰ ਵਿਚ ਜਦ ਪੁਦਨਾ ਮੁਕ ਜਾਣਾ ਜਾਂ ਸੁੱਕ ਜਾਣਾ ਤਾਂ ਮਰੂਏ ਦੀ ਚਟਣੀ ਰਗੜੀ ਜਾਂਦੀ ਸੀ ਕੂੰਡੇ-ਘੋਟਣੇ ਨਾਲ। ਮਾਂ ਹਾਲੇ ਵੀ ਮਰੂਆ ਸਕਾਉਣੋ ਨਹੀਂ ਹਟਦੀ। ਚਾਰ -ਪੰਜ ਬੂਟੇ ਹਰੇ-ਭਰੇ ਖਲੋਤੇ ਨੇ ਵਿਹੜੇ ਵਿਚਕਾਰ। ਮੈਂ ਮਾਂ ਤੋਂ ਚੋਰੀਓਂ ਕਈ ਵਾਰ ਮਰੂਏ ਦੇ ਬੂਟੇ ਪੁੱਟ ਕੇ ਬਾਹਰ ਸੁੱਟ੍ਹੇ ਹਨ।


***************

ਇਹੋ ਫਰਕ ਹੈ ਪੌਦਿਆਂ ਤੇ ਪ੍ਰਾਣੀਆਂ ਵਿਚ। ਰੁੱਖਾਂ ਤੇ ਮਨੁੱਖਾਂ ਵਿਚ। ਇਹ ਰੁੱਖ ਤੇ ਪੌਦੇ ਫਿਰ ਵੀ ਤੋੜ ਨਿਭਾਉਂਦੇ ਨੇ,ਜਿਥੇ ਬੀਜ ਬੋ ਦੇਈਏ,ਉਥੇ ਉਗਦੇ ਨੇ,ਫਲਦੇ-ਫੁਲਦੇ ਨੇ।
ਬੰਦਾ ਅਜਿਹਾ ਹੈ ਕਿ ਭਟਕਣ ਵਿਚ ਹਮੇਸ਼ਾ ਭਟਕਦਾ ਫਿਰਦਾ ਹੈ। ਕੋਈ ਇੱਕ ਟਿਕਾਣਾ ਨਹੀਂ ਬੰਦੇ ਦਾ। 'ਪੌਦਾ' ਤੇ 'ਰੁੱਖ' ਵਾਰ-ਵਾਰ ਛਾਂਗੀਦਾ ਰਹਿੰਦਾ ਹੈ ਪਰ ਏਹ ਆਪਣਾ ਠਿਕਾਣਾ ਨਹੀਂ ਬਦਲਦੇ,ਅਡੋਲ ਖੜੇ ਰਹਿੰਦੇ ਨੇ। ਇਨਾ ਦੀ ਅਡੋਲਤਾ ਵਿਚ ਹੀ ਇਨਾ ਮਹਾਨਤਾ ਹੈ। ਬੇਰੀ ਕਹਿੰਦੀ ਹੈ-"ਮੈਨੂੰ ਵੱਟੇ ਵਜਦੇ ਨੇ, ਮੈਂ ਫਿਰ ਵੀ ਬੇਰ ਦੇਨੀ ਆਂ, ਮੇਰਾ ਕਰਮ ਬੇਰ ਦੇਣਾ ਤੇ ਵੱਟੇ ਖਾਣਾ ਹੀ ਹੈ।"
ਮਾਂ ਵਲੋਂ ਚੌਬਾਰੇ ਉਤੇ ਭੇਜੇ ਤੁਲਸੀ ਦੇ ਗਮਲੇ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਕਹਿੰਦਿਆਂ ਅੱਖਾਂ ਨਮ ਹੋਈਆਂ ਗਈਆਂ ਨੇ। ਡਾਇਰੀ ਲਿਖਣ ਦਾ ਵੇਲਾ-(ਰਾਤ:9 ਵਜਕੇ 20 ਮਿੰਟ ਤੇ 14 ਅਕਤੂਬਰ,2019)

ਡਾਇਰੀ ਦੇ ਪੰਨੇ : ਚਿੱਟਾ ਚੰਦਰਾ ਜੜਾਂ 'ਚ ਬਹਿ ਗਿਆ  -  ਨਿੰਦਰ ਘੁਗਿਆਣਵੀ

ਇਹ ਚਿੱਟਾ ਚੰਦਰਾ ਪਤਾ ਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣ ਧੀਆਂ ਨੂੰ ਵੀ ਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰ ਫਨਾਹ ਕਰ ਸੁੱਟੇ ਨੇ ਚਿੱਟੇ ਨੇ। ਮਾਵਾਂ ਨੇ ਸਿਰਾਂ ਉਤੇ ਚਿੱਟੀਆਂ ਚੁੰਨੀਆਂ ਓਹੜ ਲੋਈਆਂ ਤੇ ਪੱਲੇ ਸਾਰੀ ਉਮਰਾਂ ਦਾ ਰੋਣਾ ਪੈ ਗਿਐ। ਚਿੱਟੇ ਦੀ ਓਵਰਡੋਜ਼ ਨਾਲ ਮਰਦੇ ਮੁੰਡਿਆਂ ਦੀਆਂ ਵੀਡੀਓਜ਼ ਦੇਖਦਿਆਂ ਦਿਲ ਨੂੰ ਹੌਲ ਪੈਂਦੇ ਨੇ। ਕੋਈ ਦਿਨ ਸੁੱਕਾ ਨਹੀਂ ਜਾਂਦਾ, ਜਦ ਨਸ਼ੇ ਦੀ ਓਵਰਡੋਜ਼ ਨਾਲ ਮੁੰਡਿਆਂ ਦੇ ਮਰਨ ਦੀਆਂ ਖਬਰਾਂ ਨਾ ਆਉਂਦੀਆਂ ਹੋਣ! ਚਿੱਟੇ ਦੇ ਉਜਾੜੇ ਟੱਬਰਾਂ ਦੇ ਦਿਲਾਂ ਦੀਆਂ ਸੁਣੋਂ, ਹਾਲ ਜਾਣੋ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ।ਮੁੰਡਿਆਂ ਦੇ ਮੁੰਡੇ ਤੁਰ ਗਏ ਜਹਾਨੋ ਤੁਰੀ ਜਾ ਰਹੇ ਨੇ। ਕਾਰਾਂ,ਨਾਰਾਂ, ਹਵੇਲੀਆਂ ਤੇ ਜ਼ਮੀਨਾਂ ਪਿੱਛੇ ਲਾਵਾਰਿਸ ਰਹਿ ਗਈਆਂ ਨੇ। ਐ ਪੰਜਾਬ ਪਿਆਰੇ! ਤੈਂ ਕਦੇ ਇਹ ਸੋਚਿਆ ਸੀ ਕਿ ਨੌਬਤ ਇੱਥੋਂ ਤੱਕ ਆ ਜਾਵੇਗੀ? ਮੈਂ ਸਪੱਸ਼ਟ ਕਹਿੰਦਾ ਕਿ ਚਿੱਟੇ ਦੇ ਸੌਦਾਗਰਾਂ ਨੂੰ ਨਾ ਅਜੇ ਨੱਥ ਪਈ ਹੈ ਤੇ ਨਾ ਪੈਂਦੀ ਦਿਖਦੀ ਹੈ। ਪੰਜਾਬਣ ਮਾਵਾਂ, ਚਿੱਟੇ ਦੇ ਚੱਟੇ ਪੁੱਤਾਂ ਦੀਆਂ ਫੋਟੋਆਂ ਹੱਥਾਂ ਵਿਚ ਲੈਕੇ ਪੱਤਰਕਾਰਾਂ ਅੱਗੇ ਰੋ ਰੋ ਕੇ ਵਿਥਿਆ ਦੱਸਣ ਵਾਲੀਆਂ ਰਹਿ ਗਈਆਂ ਹਨ, ਜਿੰਨ੍ਹਾਂ ਦੇ ਅੱਥਰੂ ਪੂੰਝਣ ਵਾਲੇ ਦੂਰ ਕਿਧਰੇ ਤੁਰ ਗਏ, ਕਦੇ ਨਹੀਂ ਪਰਤਣਾ ਉਹਨਾਂ।
                                """"""""      
ਪੰਜਾਬ ਦੇ ਥਾਣੇ, ਕਚਹਿਰੀਆਂ, ਹਸਪਤਾਲ, ਦਫਤਰ ਤੇ ਇੱਥੋਂ ਤੱਕ ਕਿ ਸਮਸ਼ਾਨਘਾਟ ਵੀ ਨੱਕੋ ਨੱਕ ਭਰੇ ਪਏ ਦਿਸਦੇ ਨੇ। ਜਿੱਧਰ ਮਰਜ਼ੀ ਚਲੇ ਜਾਓ, ਪਿੱਟ ਸਿਆਪਾ ਹੈ, ਘੈਂਸ-ਘੈਸ ਹੈ। ਰੋਸ ਮੁਜ਼ਹਰੇ ਹਨ। ਧਰਨੇ-ਮਰਨੇ ਹਨ।  ਗੋਲੀ ਚਲਾਉਣੀ ਤਾਂ ਹੁਣ ਬੜੀ ਛੋਟੀ ਜਿਹੀ ਤੇ ਆਮ ਗੱਲ ਹੋ ਗਈ ਹੋ ਗਈ ਹੈ, ਕੋਈ ਪ੍ਰਵਾਹ ਨਹੀਂ, ਜਦ ਮਰਜ਼ੀ ਤੇ ਜਿੱਥੇ ਮਰਜ਼ੀ, ਗੋਲੀ ਚਲੲਾ। ਪਾਰ ਬੁਲਾਓ। ਹੋਰ ਤਾਂ ਹੋਰ, ਹੁਣੇ ਜਿਹੇ ਦੀ ਗੱਲ, ਹੜਾਂ ਮਾਰੇ ਲੋਕਾਂ ਨੂੰ ਵਸਤਾਂ ਵੰਡਣ ਪਿੱਛੇ ਇੱਕ ਪਿੰਡ ਵਿਚ ਰੌਲਾ ਪੈ ਗਿਆ ਤੇ ਗੋਲੀ ਚਲਾ ਦਿੱਤੀ, ਕਈ ਜਖਮੀ ਕਰ ਸੁੱਟ੍ਹੇ। ਰੱਬ ਦੀ ਕਰੋਪੀ ਦਾ ਸੇਕ ਤਾਂ ਹਾਲੇ ਝੱਲ ਰਹੇ ਸਨ ਤੇ ਨਾਲ ਹੀ ਮਨੁੱਖੀ ਕਰੋਪੀ ਵੀ ਰਲ ਗਈ। ਇਸ ਗੱਲ ਨੂੰ ਸੁੱਟਿਆ ਨਹੀਂ ਜਾ ਸਕਦਾ ਕਿ ਸੜਕ ਹਾਦਸਿਆਂ ਨੇ ਪੰਜਾਬ ਵਿਚ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਹੋਈ ਜਾ ਰਹੇ ਨੇ। ਕੈਂਸਰ ਹਰ ਗਲੀ, ਹਰ ਮੋੜ ਤੇ ਹਰ ਘਰ ਵਿਚ ਖਲੋਤਾ ਮੂੰਹ ਅੱਡੀ ਫਿਰਦਾ ਹੈ। ਕਿਧਰੇ ਪੜਿਆ ਸੀ, ਕਿਸੇ ਸਿਆਣੇ ਨੇ ਲਿਖਿਆ ਸੀ ਕਿ ਜੇਕਰ ਬੰਦੇ ਨੂੰ ਆਪਣੇ ਘਰ ਤੋਂ ਹੀ ਭੈਅ ਆਣ ਲੱਗ ਜਾਵੇ, ਤਾਂ ਉਸ ਘਰ ਵਿਚ ਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਗੱਲ ਕਰਦਾ ਹਾਂ, ਪੰਜਾਬ ਦੀ ਪੜ੍ਹੀ ਲਿਖੀ ਜਵਾਨੀ ਦੀ। ਪਲੱਸ ਟੂ ਕੀਤੀ, ਆਈਲੈਟਸ 'ਚੋਂ ਬੈਂਡ ਲਏ ਤੇ ਜਹਾਜ਼ ਫੜਿਆ, ਪਰਦੇਸ ਵੱਲ ਮੁਹਰਾਂ ਮੋੜ ਲਈਆਂ। ਪੰਜਾਬ ਦੇ ਲੱਖਾਂ ਧੀਆਂ ਤੇ ਪੁੱਤ ਪਰਦੇਸੀ ਜਦ ਬੈਠੇ। ਕਦੇ ਵਾਪਸ ਨਹੀਂ ਪਰਤਣਾ ਤੇ ਨਾ ਹੀ ਉਹ ਵਾਪਸ ਪਰਤਣ ਲਈ ਗਏ ਨੇ। ਸਾਡੇ ਸਿਆਣੇ ਕਿਹਾ ਕਰਦੇ ਸਨ ਕਿ ਦੁੱਧ ਤੇ ਪੁੱਤ ਕਦੇ ਵੇਚੀਦੇ ਨਹੀਂ ਹੁੰਦੇ। ਅਸੀਂ ਪੁੱਤਾਂ ਨਾਲ ਪੈਸੇ ਵੀ ਦਿੱਤੇ ਹਨ ਪਰਦੇਸ ਨੂੰ ਤੋਰਦਿਆਂ। ਇੱਕ ਵਿਦਿਆਰਥੀ ਪਿੱਛੇ ਘੱਟੋ ਘੱਟ ਪੰਦਰਾਂ ਲੱਖ ਰੁਪਏ। ਤੇ ਜੇਕਰ ਸਾਢੇ ਤਿੰਨ ਸਾਲਾਂ ਦਾ ਜੋੜੀਏ, ਤਾਂ ਚਾਰ ਲੱਖ ਤੋਂ ਵੀ ਵੱਧ ਪੰਜਾਬ ਦਾ ਬੱਚਾ ਪਰਦੇਸ ਗਿਆ ਹੈ, ਤਾਂ ਗੱਲ ਅਰਬਾਂ ਰੁਪਈਆਂ ਵਿਚ ਜਾਵੇਗੀ। ਕੀ ਹੁਣ ਪੰਜਾਬ ਦਾ ਇਹ ਗਿਆ ਪੈਸਾ ਕਦੇ ਵਾਪਸ ਆਏਗਾ? ਜੁਆਬ ਨਾਂਹ ਵਿਚ ਮਿਲਦਾ ਹੈ। ਕਿਸੇ ਵੀ ਏਅਰਪੋਰਟ ਉਤੇ ਚਲੇ ਜਾਓ, ਖਾਸ ਕਰ ਦਿੱਲੀ ਜਾਂ ਅੰਮ੍ਰਿਤਸਰ। ਵਿਦਿਆਰਥੀ ਵਿਜ਼ਿਆਂ ਉਤੇ ਜਾ ਰਹੇ ਮੁੰਡੇ ਕੁੜੀਆਂ ਦੀਆਂ ਕਤਾਰਾਂ ਏਨੀਆਂ ਲੰਬੀਆਂ ਨੇ ਕਿ ਇਮੀਗ੍ਰੇਸ਼ਨ ਚੈਕਿੰਗ ਵਾਲੇ ਮੱਥੇ ਫੜੀ ਬੈਠੇ ਖੁਦ ਦੇਖ ਆਇਆ ਹਾਂ। ਐ ਪੰਜਾਬ ਪਿਆਰੇ, ਤੇਰੇ ਕੋਲ ਕੀ ਰਹਿ ਗਿਐ, ਜਦ ਪੜੀ ਲਿਖੀ ਤੇ ਡਿਗਰੀਆਂ ਡਿਪਲੋਮਿਆਂ ਵਾਲੀ ਜੁਆਨੀ ਮੂੰਹ ਫੇਰ ਚੱਲੀ ਹੈ ਤੇਰੇ ਤੋਂ। ਕਾਲਜ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਨਹੀਂ ਹੋਏ। ਖਾਲੀ ਭਾਂ ਭਾਂ ਦੇਖ ਅਧਿਆਪਕ ਵੀ ਭੱਜਣ ਲੱਗੇ ਨੇ। ਕਿਹਾ ਕਰਦੇ ਸਨ ਕਿ ਪੰਜਾਬ ਦਾ ਕਿਰਸਾਨ ਮੁਲਕ ਦਾ ਢਿੱਡ ਭਰਦਾ ਹੈ। ਅੰਨਦਾਤਾ ਹੈ। ਰੱਜਵਾਂ ਅਨਾਜ ਪੈਦਾ ਕਰਦਾ ਹੈ। ਪਰ ਮਾਲਵੇ ਖਿੱਤੇ ਵਿਚ ਲਗਾਤਾਰ ਫਾਹੇ ਲੈ ਰਹੇ ਤੇ ਸਪਰੇਆਂ ਪੀ ਰਹੇ ਅੰਨ ਦਾਤਿਆਂ ਦੇ ਘਰਾਂ 'ਚੋਂ ਵਿਛੇ ਸੱਥਰ ਕੌਣ ਉਠਾਵੇਗਾ? ਕੋਈ ਵੀ ਨਹੀਂ। ਕਿਸਾਨਾਂ ਦੀਆਂ ਆਤਮ ਹਤਿਆਵਾਂ ਨਾ ਕੇਂਦਰ ਰੋਕ ਸਕਿਆ ਤੇ ਨਾ ਸਥਾਨਕ ਸਰਕਾਰਾਂ। ਐ ਪੰਜਾਬ ਪਿਆਰੇ, ਇਹ ਤਾਂ ਕੁਝ ਕੁ ਝਲਕਾਂ ਹੀ ਨੇ ਤੇਰੀ ਉਦਾਸੀ ਮਾਰੀ ਫਿੱਕੀ ਫੋਟੋ 'ਚੋਂ ਤੱਕੀਆਂ। ਹਰੇ ਗੁੜ੍ਹੇ ਰੰਗਾਂ ਵਾਲੀ ਟਹਿਕਦੀ ਤੇ ਸੁੰਦਰਤਾ ਭਰੀ ਤੇਰੀ ਤਸਵੀਰ ਦੇਖਣ ਦੀ ਚਾਹਤ ਲਈ ਕਾਮਨਾ ਹੀ ਕੀਤੀ ਜਾ ਸਕਦੀ ਹੈ।   
ਗੱਲ ਚਿੱਟੇ ਦੀ ਕਰ ਰਹੇ ਹਾਂ, ਜਿੰਨ੍ਹਾਂ ਦੋਸਤਾਂ ਨੇ ਇਹ ਮੰਜ਼ਰ ਅੱਖੀਂ ਨਹੀਂ ਦੇਖਿਆ ਹੈ ਕਿ ਚਿੱਟੇ  ਦੇ ਉਜਾੜੇ ਘਰਾਂ ਦੀ ਹਾਲਤ ਕੀ ਹੈ? ਉਹ ਸਿਰਫ਼ ਗੱਲਾਂ ਹੀ ਮਾਰ ਸਕਦੇ ਹਨ। ਇੱਕੋ ਹੀ ਘਟਨਾ ਬਹੁਤ ਹੈ, ਇੱਕ ਜਿਲੇ ਦਾ ਐਸ ਐਸ ਪੀ ਇੱਕ ਰਿਟਾਇਰ ਏ ਡੀ ਜੀ ਪੀ ਨਾਲ ਫੋਨ 'ਤੇ ਚੈਟਿੰਗ ਕਰਦਾ ਬਹਿਸ ਵਿਚ ਪੈ ਗਿਆ। ਏ ਡੀ ਜੀ ਪੀ ਨੂੰ ਐਸ ਐਸ ਪੀ ਕਹਿ ਰਿਹਾ ਸੀ ਕਿ ਚਿੱਟਾ ਚਿੱਟਾ ਸਿਰਫ਼ ਰੌਲਾ ਗੌਲਾ ਹੀ ਹੈ, ਗੱਲ ਕੁਝ ਵੀ ਨਹੀਂ ਹੈ। ਜਦੋਂ ਏ ਡੀ ਜੀ ਪੀ ਨੇ ਉਸ ਐਸ ਐਸ ਪੀ ਨੂੰ ਉਸੇ ਦੇ ਜਿਲੇ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਗਿਣਤੀ ਗਿਣਵਾਈ, ਤਾਂ ਅਖਿਰ ਉਸ ਨੂੰ ਚੁੱਪ ਕਰਨਾ ਪਿਆ। ਅਸੀਂ ਹਾਲੇ ਵੀ ਹੱਥ 'ਤੇ ਹੱਥ ਰੱਖੀਂ ਬੈਠੇ ਰਹਿਣਾ ਚਾਹੁੰਨੇ ਹਾਂ। ਪੁਲੀਸ ਆਪਣੀ ਆਲੋਚਨਾ ਸੁਣਨ ਦੀ ਹਾਲੇ ਆਦੀ ਨਹੀਂ ਹੋਈ, ਸਿਰਫ਼ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਦੀ ਇਛੁੱਕ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਾਪਤੀਆਂ ਵੀ ਗਿਣਵਾਓ, ਪਰ ਹਕੀਕਤ ਤੋਂ ਨਾ ਭੱਜੋ, ਤੇ ਆਲੋਚਨਾ ਸੁਣਨ ਦੀ ਆਦਤ ਵੀ ਪਾਓ। 

ਮੇਰਾ ਡਾਇਰੀਨਾਮਾ : ਖੇਤ ਮੇਰੇ ਪਿੰਡ ਦੇ... - ਨਿੰਦਰ ਘੁਗਿਆਣਵੀ

ਮੌਸਮੀ ਮਾਹਰਾਂ ਨੇ ਡਰਾ ਦਿੱਤਾ ਹੈ ਕਿ  ਸਤੰਬਰ ਤੋਂ ਪੰਜਾਬ ਵਿਚ ਤੇਜ਼ ਮੀਂਹ ਝੱਖੜ ਤੇ ਕਿਤੇ ਗੜੇ ਵੀ ਪੈਣਗੇ।  ਅਕਤੂਬਰ ਤੀਕ ਮੌਸਮ ਖਰਾਬ ਰਹੇਗਾ। ਇਹ ਕਾਲਮ ਲਿਖਦੇ ਵੇਲੇ ਲਾਹੌਰ ਵਾਲੇ ਪਾਸਿਓ ਬੱਦਲ ਚੜ ਰਹਿਾ ਹੈ। ਝੋਨੇ ਦੀ ਫਸਲ ਮੁੰਜਰਾਂ ਕੱਢ ਰਹੀ ਹੈ। ਖੇਤਾਂ 'ਚ ਇਕਸਾਰ ਖੜ੍ਹੇ ਝੋਨੇ ਉਤੋਂ ਦੀ ਜੇਕਰ ਸਿੱਧੀ-ਸਪਾਟ ਤੇ ਉਡਦੀ ਨਜ਼ਰ ਮਾਰੀਏ, ਜਾਂ ਕਹਿ ਲਓ ਕਿ ਇਸਦੀ ਹਰਿਆਵਲ ਨੂੰ ਅੱਖਾਂ ਵਿਚ ਭਰੀਏ, ਤਾਂ ਲਗਦੈ ਕਿ ਕੁਦਰਤ ਨੇ ਸਾਨੂੰ ਹਰਿਆਵਲ ਨਾਲ ਲੱਦੀ ਲੰਮੀ ਤੋਂ ਲੰਮੀ ਤੇ ਚੌੜੀ ਤੋਂ ਚੌੜੀ ਚਾਦਰ ਸੌਗਾਤ ਵਜੋਂ ਦਿੱਤੀ ਹੈ, ਜਿਸਦੇ ਅਖਰੀਲੇ ਲੜਾਂ ਤੀਕ ਵੀ ਵੇਖੀ ਜਾਈਏ, ਨਾ ਅਕੇਵਾਂ ਲਾਗੇ ਆਵੇ ਨਾ ਥਕੇਵਾਂ! ਅੱਖੀਆਂ ਨੂੰ ਠੰਢਕ ਪੈਂਦੀ ਹੈ ਜਿਵੇਂ ਹਰੇ ਰੰਗੇ ਭਜਨ ਧਾਰਾ ਦੀ ਸਿਲਾਈ ਵਿਚ ਪਾ ਲਈ ਹੋਵੇ ਅੱਖੀਆਂ ਵਿਚ! ਮਨ ਚਾਹੇ ਮੈਂ ਪੰਛੀ ਹੋਵਾਂ, ਤੇ ਕਦੇ ਨਾ ਮੁੱਕਣ ਵਾਲੀ ਇੱਕ ਲੰਬੀ ਉਡਾਰੀ ਇਸ ਹਰੀ-ਭਰੀ ਚਾਦਰ ਉਤੋਂ ਦੀ ਭਰਾਂ, ਤੇ ਉਡਦਾ ਹੀ ਉਡਦਾ ਜਾਵਾਂ, ਮਸਤੀ 'ਚ ਖੰਭ ਫੜਫੜਾਵਾਂ ਤੇ ਮਨ ਮਰਜ਼ੀ ਦਾ ਨਗਮਾ ਗਾਵਾਂ! ਪਰ ਮੇਰੀ ਕਿਸਮਤ ਵਿਚ ਏਹ ਕਿੱਥੇ ਲਿਖਿਆ ਹੈ ਤੈਂ ਕੁਦਰਤੇ, ਮੇਰਾ ਪੰਛੀ ਹੋਣਾ, ਹਰਿਆਵਲੀ ਚਾਦਰ 'ਤੇ ਉਡਣਾ-ਖੇਡਣਾ, ਗਾਉਣਾ ਤੇ ਮਸਤਾਉਣਾ। ਕਿੰਨੇ ਪਿਆਰੇ-ਪਿਆਰੇ ਤੇ ਭਾਗਵੰਤੇ ਨੇ ਇਹ ਪੰਛੀ ਨਿੱਕੇ-ਨਿੱਕੇ ਪਰਾਂ ਸਦਕੇ ਲੰਬੀਆਂ ਉਡਾਰੀਆਂ ਭਰਨ ਵਾਲੇ,ਕਰਮਾਂ ਵਾਲੜੇ ਇਹ ਪੰਛੀ ਹਰੀ ਚਾਦਰ ਉਤੇ ਉਡਦੇ ਚਹਿਕ ਰਹੇ ਨੇ, ਗਾ ਰਹੇ ਨੇ ਤੇ ਸਵੇਰ ਦੀ ਮਿੱਠੀ-ਮਿੱਠੀ ਠੰਢਕ ਨੂੰ ਰਮਣੀਕ ਬਣਾ ਰਹੇ ਹਨ।
 ਸੂਏ ਦੀ ਬੰਨੀ ਉਤੇ ਖਲੋਤਾ ਦੇਖ ਰਿਹਾ ਹਾਂ ਕਿ ਸੂਏ ਵਿਚ ਲਾਲ ਮਿੱਟੀ ਰੰਗਾ ਪਾਣੀ ਨੱਕੋ-ਨੱਕ ਭਰ ਭਰ ਵਗਦਾ ਜਾ ਰਿਹਾ ਹੈ, ਪਿਛਾਂਹ ਸ਼ੂਕਦੇ ਦਰਿਆਵਾਂ ਨੇ ਜਿਵੇਂ ਸਬਕ ਦੇ ਕੇ ਵਗਣ ਲਈ ਘੱਲਿਆ ਹੋਵੇ ਕਿ  ਜਾ ਝੋਨੇ ਦੀ ਫਸਲ ਨੂੰ ਤਾਕਤਵਰ ਕਰ ਤੇ ਭਰ-ਭਰ ਵਗ। ਹੁਣ ਜੱਟਾਂ ਨੂੰ ਇਸ ਪਾਣੀ ਦੀ ਓਨੀ ਲੋੜ ਨਹੀਂ। ਝੋਨਾ ਮੁੰਜਰਾਂ ਕੱਢ ਖਲੋਤਾ ਹੈ ਤੇ ਜੱਟ ਉਡੀਕ ਕਰ  ਰਹੇ ਨੇ ਝੋਨੇ ਦੇ ਮੁੱਢਾਂ 'ਚੋਂ ਪਾਣੀ ਸੁੱਕਣ ਦੀ। ਸਪਰੇਆਂ ਜੋਰੋ-ਜੋਰ ਹੋ ਰਹੀਆਂ ਤੇ ਕਈ-ਕਈ ਬੋਰੇ ਖਾਦਾਂ ਦੇ ਸੁੱਟ੍ਹੇ ਗਏ ਨੇ ਝੋਨਾ ਚੰਗਾ ਕੱਢਣ ਵਾਸਤੇ। ਦੂਰ ਤੀਕ ਦੇਖਿਆ, ਸਾਡੇ ਪਿੰਡ ਦੀਆਂ ਬੁੱਢੀਆਂ ਦਲਿਤ ਔਰਤਾਂ ਕੋਡੀਆਂ ਹੋ-ਹੋ ਝੋਨੇ 'ਚੋਂ ਤਾਲ (ਗੰਦ) ਕੱਢ ਰਹੀਆਂ ਨੇ। ਇਹ ਅੱਧੀ ਦਿਹਾੜੀ ਲਾਉਣਗੀਆਂ ਤੇ ਜਦ ਸੂਰਜ ਨੇ ਸਿਰੀ ਤਿੱਖੀ ਕਰ ਲਈ ਤਾਂ ਮੁੜ੍ਹਕੇ ਨਾਲ ਭਿੱਜੀਆਂ ਘਰਾਂ ਨੂੰ ਆਉਣਗੀਆਂ। ਮੈਂਨੂੰ ਤਰਸ ਆਉਂਦਾ ਹੈ ਇੰਨ੍ਹਾਂ ਉਤੇ ਪਰ ਮੈਨੂੰ ਅਫਸੋਸ ਹੈ ਕਿ ਮੈਂ ਮਨ ਮਸੋਸਣ ਤੋਂ ਬਿਨਾਂ ਇਹਨਾਂ ਵਾਸਤੇ ਕੁਝ ਨਹੀਂ ਕਰ ਸਕਦਾ। ਜੇ ਮੈਂ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਤਾਂ ਆਪਣੀ ਮਾਂ, ਦਾਦੀ ਤੇ ਤਾਈਆਂ ਦੀ ਥਾਵੇਂ ਲਗਦੀਆਂ ਮਜਦੂਰਨਾਂ ਲਈ ਕੁਝ ਜ਼ਰੂਰ ਕਰਦਾ ਪਰ ਮੇਰੇ ਵੱਸ ਨਹੀਂ।
ਜਦ ਕਦੇ ਹਲਕੀ ਕਾਲੀ  ਬੱਦਲੀ ਬਣ ਕੇ  ਉਡਣ ਲਗਦੀ ਹੈ ਤਾਂ ਕਿਸਾਨ ਫਿਕਰ  ਕਰਨ ਲਗਦੇ ਨੇ-''ਰੱਬਾ ਹੁਣ ਹੋਰ ਨਹੀਂ ਲੋੜ, ਬਸ ਹੁਣ ਤਾਂ ਮਿਹਰ ਈ ਰੱਖ।" ਕਿਸਾਨ ਆਪਣੇ ਨਿੱਕੇ ਨਿਆਣਿਆਂ ਨੂੰ ਪੁਛਦੇ ਨੇ ਮੌਨਸੂਨ ਪੌਣਾਂ ਬਾਬਤ ਕਿ ਮੁੜ ਗਈਆਂ ਪਿਛਾਂਹ ਕਿ ਨਹੀਂ, ਜਾਂ ਹਾਲੇ ਏਥੇ ਈ  ਫਿਰਦੀਆਂ ਗੇੜੇ ਦਿੰਦੀਆਂ ਮੁੰਡਿਓ, ਵੇਖੋ ਖਾਂ ਥੋਡਾ ਫੋਨ ਜਿਅ੍ਹਾ ਕੀ ਆਂਹਦੈ...ਆਹ ਤਿੱਤਰ ਖੰਭ੍ਹੀਆਂ ਤੋਂ ਡਰ ਲਗਦੈ...ਕਰੁੱਤੀਆਂ ਕਣੀਆਂ ਨਾ ਆ ਜਾਣ ਹੁਣ...। ਅੱਜ ਦੀ ਸੈਰ ਤੋਂ ਮੁੜਦਿਆਂ ਮੈਂ ਹਰੀ-ਭਰੀ ਚਾਦਰ ਨੂੰ ਅੱਖਾਂ ਵਿਚ ਭਰ ਕੇ ਮੁੜਿਆਂ ਹਾਂ, ਕਦੇ-ਕਦੇ ਮਨ ਹਰਿਆ-ਭਰਿਆ ਕਰਨ ਲਈ ਮੁੜ-ਮੁੜ ਸਕਾਰ ਕਰਾਂਗਾ ਅੱਖਾਂ ਅੱਗੇ ਇਹ ਹਰਿਆਵਲੀ  ਚਾਦਰ! 

 ਮੇਰਾ ਡਾਇਰੀਨਾਮਾ : ਸਮਾਂ ਕਹਿੰਦੈ ਕਿ ਮੇਰੇ ਨਾਲ-ਨਾਲ ਚੱਲੋ! - ਨਿੰਦਰ ਘੁਗਿਆਣਵੀ

ਇਹ ਅਕਸਰ ਹੀ ਸੁਣਨ ਵਿਚ ਆਉਂਦਾ ਰਿਹਾ ਹੈ ਕਿ 'ਜ਼ਿੰਮੀਦਾਰ' ਅਤੇ 'ਆੜਤੀਏ' ਦਾ ਰਿਸ਼ਤਾ ਨਹੁੰ ਤੇ ਮਾਸ ਦੇ ਰਿਸ਼ਤੇ ਵਾਂਗ ਸੀ। ਜ਼ਿੰਮੀਦਾਰ ਦੀ ਦੁੱਖਾਂ ਭਰੀ ਹੂੰਘਰ ਦਾ ਦਰਦ ਆੜਤੀਆ ਭਲੀਭਾਂਤ ਜਾਣਦਾ ਸੀ ਤੇ ਜ਼ਿੰਮੀਦਾਰ ਵੀ ਆਪਣੇ 'ਦਿਲ ਦੀ ਗੱਲ' ਆੜਤੀਏ ਅੱਗੇ ਖੁੱਲ੍ਹ ਕੇ ਕਹਿ ਸਕਦਾ ਸੀ। ਪੰਜਾਬੀ ਸਭਿਆਚਾਰ ਵਿਚ 'ਆੜਤੀਆ' ਤੇ 'ਜ਼ਿੰਮੀਦਾਰ' ਦੇ ਰਿਸ਼ਤੇ ਦੀ ਗੱਲ ਕਰੀਏ ਤਾਂ 'ਨਾਂਹ' ਵਾਚਕ ਇਸ਼ਾਰੇ ਹੀ ਬਹੁਤੇ ਲੱਭਦੇ ਹਨ ਪਰ ਇਹਨਾਂ ਦੇ ਜਜ਼ਬਾਤਾਂ ਤੇ 'ਸਾਂਝ' ਦੀ ਗੱਲ ਘੱਟ ਕੀਤੀ ਗਈ ਹੈ। ਆੜਤੀਏ ਨਾਲੋਂ ਜ਼ਿੰਮੀਦਾਰ ਦੇ ਸੀਰੀ(ਕਾਮੇ)ਨੂੰ ਜ਼ਿੰਮੀਦਾਰ ਦੇ ਬਹੁਤ ਨੇੜੇ ਦਿਖਾਇਆ ਗਿਆ ਮਿਲਦਾ ਹੈ, ਉਦਾਹਰਣ ਦੇ ਤੌਰ 'ਤੇ ਇੱਕੋ ਗੀਤ ਦੀਆਂ ਸਤਰਾਂ ਹੀ ਬਹੁਤ ਹਨ:
                        ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
                        ਬੋਹਲ ਵਿਚੋਂ ਨੀਰ ਵਗਿਆ...
ਅੱਜ ਦਾ 'ਡਾਇਰੀਨਾਮਾ' ਲਿਖਦਾ ਮੈਂ ਸੋਚ ਰਿਹਾ ਸਾਂ, ਜਦੋਂ ਮੈਂ ਇੱਕ ਬੈਂਕ ਵਿਚੋਂ ਵਾਪਸ ਘਰ ਪਰਤਿਆ। ਮੇਰੇ ਬੈਠੇ ਬੈਠੇ ਬੈਂਕ ਮੈਨੇਜਰ ਨੂੰ ਇੱਕ ਜ਼ਿੰਮੀਦਾਰ ਦਾ ਫੋਨ ਆਉਂਦਾ ਹੈ ਕਿ ਉਸਨੇ ਪੰਜ ਲੱਖ ਦਾ ਕਰਜ਼ ਲੈਣਾ ਹੈ, ਤਾਂ ਅੱਗੋ ਬੈਂਕ ਮੈਨੇਜਰ ਕਹਿੰਦਾ ਹੈ ਕਿ ਪੰਜ ਨਹੀਂ...ਪੰਦਰਾਂ ਲੱਖ ਦਾ ਲਓ ਮਾਲਕੋ, ਬੈਂਕ ਹੀ ਤੁਹਾਡੀ ਆਪਣੀ ਹੈ ਸੰਗਦੇ ਕਿਉਂ ਹੋ? ਰਸਤੇ ਵਿਚ ਮੈਨੂੰ ਆਪਣਾ ਤਾਇਆ ਰਾਮ ਬਹੁਤ ਚੇਤੇ ਆਇਆ। ਮੇਰੇ ਬਚਪਨ ਦੇ ਦਿਨ ਸਨ ਕਿ ਅਸੀਂ ਆੜਤੀਏ ਦੇ ਫਿਰੋਜ਼ਪੁਰ ਗਏ ਸਾਂ ਤੇ ਤਾਏ ਨੇ ਆੜਤੀਏ ਤੋਂ ਦੋ ਹਜ਼ਾਰ ਰੁਪਏ ਮੰਗੇ ਸਨ। ਆੜਤੀਏ ਨੇ ਮਸਾਂ ਤੇ ਔਖੇ  ਜਿਹੇ ਹੋ ਕੇ ਇੱਕ ਹਜ਼ਾਰ ਰੁਪਏ  ਹੀ ਦਿੱਤੇ ਸਨ। ਰਸਤੇ ਵਿਚ ਆ ਰਿਹਾ ਮੇਰਾ ਤਾਇਆ 'ਉਦਾਸ' ਜਾਂ ਨਿਰਾਸ ਨਹੀਂ ਸੀ, ਸਗੋਂ ਪੂਰਾ ਸੰਤੁਸ਼ਟ ਸੀ ਤੇ ਆਖ ਰਿਹਾ ਸੀ ਕਿ ਚਲੋ...ਏਨੇ ਨਾਲ ਹੀ ਵੇਲਾ ਲੰਘ ਜਾਵੇਗਾ।  ਹੁਣ ਸੋਚ ਆਉਂਦੀ ਹੈ ਕਿ ਉਨ੍ਹਾਂ ਵੇਲਿਆਂ ਵਿਚ ਆੜਤੀਏ ਸਗੋਂ ਮੱਦਦਗਾਰ ਸਾਬਤ ਹੁੰਦੇ ਸਨ। ਜਿੰਨਾ ਜ਼ਿੰਮੀਦਾਰ ਨੇ ਮੰਗਣਾ, ਉਸ ਤੋਂ ਵੀ ਅੱਧਾ ਦੇਣਾ। ਦੋਵੇਂ ਪਾਸਿਓਂ ਫਾਇਦਾ ਹੋਣ ਵਾਲੀ ਗੱਲ ਹੁੰਦੀ ਸੀ ਤੇ ਫਾਹੇ ਲੈ ਕੇ ਜਾਂ ਜ਼ਹਿਰ ਪੀ ਕੇ ਕੋਈ ਨਹੀਂ ਸੀ ਮਰਦਾ ਉਦੋਂ। ਏਨੇ ਨੂੰ ਵਕਤ ਲੰਘ ਜਾਣਾ ਤੇ ਲੋੜਵੰਦ ਦਾ ਵੇਲਾ ਸਰ ਜਾਣਾ। ਹੁਣ ਜਦ ਬੈਂਕਾਂ (ਕਿਸੇ ਇੱਕ ਦਾ ਨਾਂ ਨਹੀਂ ਲੈਂਦੇ) ਵੰਨ-ਸੁਵੰਨੀਆਂ ਆ ਗਈਆਂ ਨੇ ਤਾਂ ਬੰਦਾ ਬੁਰੀ ਤਰਾਂ ਖਿੰਡ ਗਿਆ ਹੈ। ਲਾਲਚ ਵਧ ਗਿਆ ਹੈ। ਲਾਚਾਰੀ ਮੂੰਹ ਅੱਡੀ ਖਲੋਤੀ ਹੈ। ਮੇਰੇ ਪਿੰਡ ਦੇ ਪੁਰਾਣੀ ਉਮਰ ਦੇ ਬੰਦੇ ਕਹਿੰਦੇ ਨੇ ਕਿ ਆੜਤੀਏ ਉਹਨਾਂ ਵੇਲਿਆਂ ਵਿਚ ਜ਼ਿੰਮੀਦਾਰ ਦੇ ਦੁੱਖਾਂ-ਸੁੱਖਾਂ ਦੇ ਸਾਥੀ ਸਨ। ਜ਼ਿੰਮੀਦਾਰ ਦੇ ਘਰ ਚਾਹੇ ਉਸਦਾ ਘਰ ਅੱਧਾ ਹੈ ਜਾਂ ਸਬੂਤਾ ਹੈ,ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਫਰਕ ਨਹੀਂ ਸੀ ਤੇ ਹਰ ਵੇਲੇ ਬਹੁੜਦੇ ਸਨ। ਮੈਂ ਸੁਆਲ ਕਰਦਾ ਹਾਂ ਕਿ ਤਾਇਆ ਹੁਣ ਤਾਂ ਜ਼ਿੰਮੀਦਾਰ ਖੁਦ ਹੀ ਆੜਤੀਏ ਬਣੀ ਜਾ ਰਹੇ ਨੇ? ਅੱਗੋਂ  ਜੁਆਬ ਮਿਲਦਾ ਹੈ, ''ਓ ਕਾਕਾ, ਚਾਹੇ ਲੱਖ ਬਣੀ ਜਾਣ... ਪਰ ਓਹ ਗੱਲ ਕਦੇ ਨਹੀਂ ਬਣਨੀ...ਹਾਂ ਏਨਾ ਜ਼ਰੂਰ ਐ ਕਿ ਸਮਾਂ ਬਦਲ ਗਿਆ ਐ ਭਾਈ ਤੇ ਸਮੇਂ ਨਾਲ ਹਰੇਕ ਨੂੰ ਬਦਲਣਾ ਪੈਂਦਾ ਐ।"
                            ਬੈਂਸ ਬਾਈ ਸੰਭਲ ਕੇ...!
ਨਾ ਮੈਂ ਬੈਂਸ ਦੀ ਹਾਮੀ ਭਰਾਂਗਾ ਤੇ ਨਾ ਡੀ ਸੀ ਵਿਪੁਲ ਉਜਵਲ ਦੀ। ਗੱਲ ਏਨੀ ਹੈ ਕਿ ਦੋਵਾਂ ਦੀ ਤਲਖੀ ਕੋਈ ਚੰਗਾ ਸੁਨੇਹਾ ਦੇਣ ਵਾਲੀ ਨਹੀਂ। ਬੀਤੇ ਵੇਲੇ ਫਰੀਦਕੋਟ ਵੀ ਇਵੇਂ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਕਿ ਜਿਲੇ ਦੇ  ਏ ਡੀ ਸੀ ਨਾਲ ਬੁਰੀ ਤਰਾਂ ਖਹਿਬੜਿਆ ਸੀ। ਵੀਡੀਓ ਲੱਖਾਂ  ਲੋਕਾਂ ਵਿਚ ਫੈਲੀ ਸੀ। ਚਾਹੇ ਅਫਸਰ ਹੈ ਤੇ ਚਾਹੇ ਨੇਤਾ ਹੈ, ਹੈਨ ਦੋਵੇਂ ਲੋਕਾਂ ਦੇ ਸੇਵਾਦਰ! ਇਕੱਲੇ ਨੇਤਾ ਹੀ ਇਹ ਨਾ ਆਖਣ ਕਿ ਸਿਰਫ਼ ਅਫਸਰ ਹੀ 'ਪਬਲਿਕ ਸਰਵੈਂਟ' ਹਨ। ਬੈਂਸ ਬਾਈ ਜੀ, ਪੰਜਾਬ ਵਾਸੀਆਂ ਨੂੰ ਥੋਡੇ ਉਤੋਂ ਬਹੁਤ ਉਮੀਦਾਂ ਹਨ ਤੇ ਬਣੀਆਂ ਰਹਿਣਗੀਆਂ ਪਰ ਜੇਕਰ ਆਪਾਂ ਇਹ ਮਨੋਂ ਧਾਰ ਕੇ ਹੀ ਜਾਣਾ ਹੈ ਤੇ ਬਾਹਰੋਂ ਹੀ ਵੀਡੀਓ ਕੈਮਰਾ ਆਨ ਕਰ ਲੈਣਾ ਹੈ ਕਿ ਇਸ ਅਫਸਰ ਦੀ ਬੇਇਜ਼ਤੀ ਕਰ ਕੇ ਲੋਕਾਂ ਨੂੰ ਵਿਖਾਉਣੀ ਹੈ, ਤਾਂ ਇਸ ਨਾਲ ਕੱਖ ਨਹੀਂ ਸੰਵਰਨਾਂ! ਜਿੱਥੇ ਵੀਡੀਓ ਬਣਾਉਣੀ ਬਣਦੀ ਹੈ, ਬਣਾਓ, ਹਰ ਥਾਂ ਨਹੀਂ। ਤੁਹਾਨੂੰ ਵੀ ਲੋਕਾਂ ਨੇ ਚੁਣਿਆ ਹੈ। ਲੋਕਾਂ ਵਾਸਤੇ ਹੋ, ਲੜਦੇ ਹੋ, ਖੜਦੇ ਹੋ। ਸੱਚ ਕਹਿੰਦੇ ਹੋ,ਝੂਠ ਸੁਣਦੇ ਹੋ। ਸਮਾਂ ਕਹਿੰਦਾ ਹੈ ਕਿ ਮੇਰੇ ਨਾਲ ਚੱਲਣਾ ਸਿੱਖੋ। ਜਿੱਤ ਸੱਚ ਦੀ ਹੀ ਹੋਵੇਗੀ!

ਮੇਰਾ ਡਾਇਰੀਨਾਮਾ : ਪੰਜਾਬ ਸਿੰਆ੍ਹਂ ਕੀ ਹੋ ਗਿਐ ਤੈਨੂੰ...? - ਨਿੰਦਰ ਘੁਗਿਆਣਵੀ

ਪਿੱਛੇ ਜਿਹੇ ਪੰਜਾਬ ਤੋਂ ਬਾਹਰ ਸਾਂ ਸਾਊਥ ਵੱਲ। ਇਕ ਦਾਨਿਸ਼ਵਰ ਨੇ ਸਹਿਜ ਸੁਭਾਅ ਹੀ ਪੁੱਛਿਆ ਕਿ ਪੰਜਾਬ ਕਾ ਕਿਆ ਹਾਲ ਹੈ ਭਾਈ? ਕੀ ਦੱਸਾਂ, ਇੱਕੋ ਹੀ ਘਟਨਾ ਬਹੁਤ ਹੈ, ਅੰਦਾਜ਼ਾ ਤੁਸੀਂ ਆਪੇ ਲਗਾ ਲੈਣਾ। ਇਹ ਆਖ ਕੇ ਮੈਂ ਉਸਨੂੰ ਘਟਨਾ ਸੁਣਾਈ। ਘਟਨਾ ਸੁਣ ਕੇ ਉਸਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਇਉਂ ਸੀ: ਮੁਕਤਸਰ ਜਿਲੇ ਦੇ ਇੱਕ ਪਿੰਡ ਵਿਚ ਇਕ ਆਮ ਕਿਰਸਾਨ ਦਾ ਮੁੰਡਾ ਚਿੱਟਾ (ਸਮੈਕ) ਲੈਣ ਲਗ ਗਿਆ। ਜ਼ਮੀਨ ਵੀ ਥੋੜ੍ਹੀ। ਥੁੜਾਂ ਤੇ ਕਰਜ਼ੇ ਮਾਰੇ ਪਿਓ ਨੇ ਮੁੰਡੇ ਨੂੰ ਸਿੱਧੇ ਰਾਹੇ ਪਾਉਣ ਲਈ ਬੜੇ ਯਤਨ ਕੀਤੇ ਪਰ ਸਿੱਟਾ ਇਹ ਨਿਕਲਿਆਂ ਕਿ ਮੁੰਡੇ ਨੇ ਆਪਣਾ ਪਿਓ ਵੀ ਚਿੱਟੇ ਉਤੇ ਲਗਾ ਲਿਆ। ਦੋਵੇਂ ਪਿਓ ਪੁੱਤ ਚਿੱਟੇ ਨੇ ਨਚੋੜ ਲਏ। ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ਕਾਰਨ ਜ਼ਮੀਨ ਵੇਚਣ ਲੱਗੇ ਤਾਂ ਨੂੰਹ ਤੇ ਸੱਸ ਨੇ ਏਕਤਾ ਕਰ ਲਈ ਤੇ ਕੋਰਟ ਵਿਚੋਂ ਜਾ ਕੇ ਸਟੇਅ ਲੈ ਲਿਆ। ਗੁੱਸੇ ਵਿਚ ਆਏ ਪਿਓ ਪੁੱਤਾਂ ਨੇ ਦੋਵੇਂ ਜਨਾਨੀਆਂ ਮਾਰਨੀਆਂ ਚਾਹੀਆਂ। ਕਿਵੇਂ ਨਾ ਕਿਵੇਂ ਮਾਂ ਤਾਂ ਬਚ ਗਈ ਪਰ ਮੁੰਡੇ ਨੇ ਵਿਹੜੇ ਵਿਚ ਬੈਠੀ ਕੱਪੜੇ ਧੋ ਰਹੀ ਪਤਨੀ ਦੇ ਸਿਰ ਵਿਚ ਕਹੀ ਮਾਰ ਉਸਨੂੰ ਮੁਕਾ ਦਿੱਤਾ। ਪਿਓ ਪੁੱਤ ਜੇਲ ਵਿਚ ਹਨ ਤੇ ਘਰ ਵਿਚ ਦੁੱਖਾਂ ਮਾਰੀ ਇਕੱਲੀ ਔਰਤ ਰਹਿ ਗਈ ਹੈ। ਉਹ ਕੀ ਕਰੇ? ਜਿਊਂਦੀ ਮਰਿਆਂ ਵਰਗੀ ਹੈ।
ਅਜਿਹੀਆਂ ਘਟਨਾਵਾਂ ਹੁਣ ਪੰਜਾਬ ਵਿਚ ਆਮ ਹੋ ਗਈਆਂ ਨੇ। ਸਵਾਲ ਮੂੰਹ ਅੱਡੀ ਖ਼ਲੋਤਾ ਹੈ ਕਿ ਇਹ ਉਹੀ ਪੰਜਾਬ ਹੈ, ਜਿਸਦੀ ਤਸਵੀਰ ਦੇਖਦਿਆਂ ਹੁਣ ਡਰ ਆਣ ਲੱਗਿਆ ਹੈ। ਮੇਰੇ ਗੁਰੂਆਂ ਪੀਰਾਂ, ਰਿਸ਼ੀਆਂ-ਮੁਨੀਆਂ, ਕਵੀਆਂ-ਕਲਾਕਾਰਾਂ, ਯੋਧਿਆਂ, ਸੂਰਬੀਰਾਂ ਤੇ ਦੇਸ਼ ਭਗਤਾਂ ਦਾ ਪੰਜਾਬ? ਕਿਸ ਨੇ ਸਿਰਜੀ ਹੈ ਲਹੂ ਵਿਚ ਭਿੱਜੀ ਹੋਈ ਅਜਿਹੀ ਤਸਵੀਰ ਮੇਰੇ ਪੰਜਾਬ ਦੀ? ਲਗਦਾ ਹੈ ਕਿ ਪੰਜਾਬ ਦੀ ਤਸਵੀਰ ਨੂੰ ਖੂਨ ਦੇ ਨਾਲ ਨਾਲ ਨਸ਼ਾ ਵੀ ਲੱਗ ਗਿਆ ਹੈ ਚਿੱਟੇ ਦਾ, ਜੋ ਕਦੇ ਇਹਦੇ ਉਤੋਂ ਲੱਥਣਾ ਨਹੀਂ। ਧੁੰਦਲੀ-ਧੁਆਂਖੀ ਤੇ ਉਦਾਸੀ ਮਾਰੀ ਮੇਰੇ ਪੰਜਾਬ ਦੀ ਤਸਵੀਰ ਵੇਖਣ ਵਾਲਿਓ, ਕਿੰਨਾ ਕੁ ਚਿਰ ਵੇਖੀ ਜਾਓਗੇ ਏਸ ਨੂੰ? ਸੋਚੀ ਜਾਓਗੇ ਤੇ ਕੋਸੀ ਜਾਓਗੇ ਆਪਣੇ ਆਪ ਉਤੇ? ਤਸਵੀਰ ਹੱਥਾਂ ਵਿਚ ਹੈ ਮੇਰੇ, ਅਨੇਕਾਂ ਸਵਾਲ ਮਨ ਮਸਤਕ ਵਿਚ ਸ਼ੋਰ ਪਾ ਰਹੇ ਨੇ। ਅਜੀਬ ਅਵਸਥਾ ਹੈ। ਰੰਗਲੇ ਪੰਜਾਬ ਦੀ ਮਹਿਮਾਂ ਗਾਉਣ ਵਾਲੇ ਗਵੱਈਏ ਗੂੰਗੇ ਹੋ ਗਏ ਨੇ ਤੇ ਕਹਿੰਦੇ ਨੇ ਪੰਜਾਬ ਰੰਗਲਾ ਨਹੀਂ, ਸਗੋਂ ਕੰਗਲਾ  ਬਣ ਕੇ ਰਹਿ ਗਿਆ ਹੈ ਤੇ ਸਾਡੇ ਕੋਲੋਂ ਝੂਠੇ ਮੂਠੇ ਗੀਤ ਰਚ ਕੇ ਨਹੀਂ ਗਾਏ ਜਾਣੇ। ਪੰਜਾਬ ਦੀਆਂ ਸਿਫਤਾਂ ਸੁਣਾਉਣ ਤੇ ਗਾਉਣ ਵਾਲਿਆਂ ਦੇ ਮੂੰਹਾਂ ਨੂੰ ਜਿੰਦਰੇ ਵੱਜ ਗਏ ਨੇ। ਆਪਣਾ 'ਡਾਇਰੀ ਨਾਮਾ' ਲਿਖਦਿਆਂ ਕਲੇਜੇ ਧੂਹ ਪੈ ਰਹੀ ਹੈ ਪਰ ਜੇ ਕਰ ਇਹ ਗੱਲਾਂ ਅਸਾਂ ਨਹੀਂ ਕਰਨੀਆਂ ਤਾਂ ਹੋਰ ਕਿਸ ਨੇ ਕਰਨੀਆਂ?
ਕੋਈ ਵੇਲਾ ਹੁੰਦਾ ਸੀ, ਸ਼ਾਮ ਪੈਣ ਵੇਲੇ ਜੇ ਲਾਲ ਹਨੇਰੀ ਚੜ੍ਹਨੀ ਤਾਂ ਬਜੁਰਗਾਂ ਨੇ ਆਖਣਾ ਕਿ ਅੱਜ ਖੈਰ ਸੁਖ ਨਹੀਂ ਹੈ, ਜਰੂਰ ਕਿਸੇ ਨੌਜੁਆਨ ਗੱਭਰੂ ਦਾ ਕਤਲ ਹੋ ਗਿਆ ਹੈ। ਤੇ ਹੁਣ ਬਿਨਾਂ ਲਾਲ ਹਨੇਰੀ ਚੜ੍ਹੇ ਤੋਂ ਹੀ ਚਿੱਟੇ ਦਿਨ ਪੰਜਾਬ ਵਿਚ ਗੁੱਭਰੂਆਂ ਦੇ ਅੰਨੇਵਾਹ ਕਤਲ ਹੋ ਰਹੇ ਨੇ ਤੇ ਲਾਸ਼ਾ ਦੇ ਢੇਰ ਲੱਗ ਰਹੇ ਨੇ। ਕੋਈ ਮਾਂ ਨੂੰ ਵੱਢ ਰਿਹੈ। ਕੋਈ ਪਤਨੀ ਨੂੰ, ਕੋਈ ਪੁੱਤ ਨੂੰ, ਕੋਈ ਧੀ ਨੂੰ ਤੇ ਕੋਈ ਜਾਲਿਮ ਪੁੱਤ ਪਿਓ ਨੂੰ ਟੁਕੜੇ ਟੁਕੜੇ ਕਰ ਰਿਹਾ ਹੈ। ਬੀਤੇ ਦਿਨ ਮੋਗਾ ਦੇ ਪਿੰਡ ਨੱਥੂਵਾਲ ਗਰਬੀ ਵਿਚ ਇਕੋ ਪਰਿਵਾਰ ਦੇ ਜੀਆਂ ਦੇ ਇੱਕਠੇ ਕਤਲ ਨੇ ਪੰਜਾਬੀਆਂ ਦੇ ਸੀਨੇ ਸੱਲ ਦਿੱਤੇ। ਇਸ ਤੋਂ ਪਹਿਲਾਂ ਮਜੀਠਾ ਜਿਲੇ ਵਿਚ ਇਸ਼ਕ ਵਿਚ ਅੰਨੇ ਇੱਕ  ਬੰਦੇ ਨੇ ਘਰ ਦੇ ਸਾਰੇ ਜੀਅ ਨਹਿਰ ਵਿਚ ਰੋੜ੍ਹ ਦਿੱਤੇ। ਬੋਰੀਆਂ ਵਿਚੋ ਲਾਸ਼ਾਂ ਮਿਲੀਆਂ। ਐ ਪੰਜਾਬ, ਕਿਹੋ ਜਿਹੀ ਮਾਨਸਿਕਤਾ ਹੋ ਗਈ ਹੈ ਤੇਰੇ ਪੁੱਤਾਂ ਦੀ?