Nirmal Singh Kandhalvi

ਜ਼ਖ਼ਮ ਦੀ ਦਾਸਤਾਨ - ਨਿਰਮਲ ਸਿੰਘ ਕੰਧਾਲਵੀ

ਗੁਰਦੁਆਰੇ ਵਲ ਦੇ ਪਾਸਿਉਂ ਨਗਾਰਾ ਵੱਜਦਾ ਸੁਣਿਆਂ ਤਾਂ ਪਤਾ ਲੱਗਿਆ ਕਿ ਨਿਹੰਗ ਸਿੰਘਾਂ ਦਾ ਜਥਾ ਆਇਆ ਹੋਇਆ ਹੈ। ਮੈਨੂੰ ਬਚਪਨ ਦੇ ਉਹ ਦਿਨ ਯਾਦ ਆਏ ਜਦੋਂ ਨਿਹੰਗ ਸਿੰਘਾਂ ਦਾ ਜਥਾ ਹੋਲੇ ਮਹੱਲੇ ‘ਤੇ ਆਨੰਦਪੁਰ ਸਾਹਿਬ ਜਾਂਦਿਆਂ ਦੋ ਤਿੰਨ ਦਿਨ ਸਾਡੇ ਪਿੰਡ ਠਹਿਰਿਆ ਕਰਦਾ ਸੀ ਤੇ ਗੁਰਦੁਆਰੇ ਵਾਹਵਾ ਰੌਣਕਾਂ ਲਗਦੀਆਂ ਹੁੰਦੀਆਂ ਸਨ। ਮੇਰੇ ਪੈਰ ਬਦੋ ਬਦੀ ਗੁਰਦੁਆਰੇ ਵਲ ਨੂੰ ਤੁਰ ਪਏ। ਮੈਂ ਜਦੋਂ ਗੁਰਦੁਆਰੇ ਕੋਲ ਫਿਰਨੀ ਉੱਪਰ ਬਣੀ ਪੁਲ਼ੀ ‘ਤੇ ਪਹੁੰਚਿਆ ਤਾਂ ਮੈਨੂੰ ਮੇਰਾ ਹਾਈ ਸਕੂਲ ਤੱਕ ਦਾ ਜਮਾਤੀ, ਸ਼ਾਹਾਂ ਦਾ ਸੋਹਣੀ ਖੜ੍ਹਾ ਦਿਸਿਆ। ਉਹਨਾਂ ਦੇ ਟੱਬਰ ਦੀ ਅੱਲ ‘ਸ਼ਾਹ’ ਪਈ ਹੋਈ ਸੀ। ਭਾਵੇਂ ਕਿ ਸਾਨੂੰ ਇਕ ਦੂਜੇ ਨੂੰ ਦੇਖਿਆਂ ਕਈ ਦਹਾਕੇ ਬੀਤ ਚੁੱਕੇ ਸਨ ਪਰ ਫਿਰ ਵੀ ਇਕ ਦੂਜੇ ਨੂੰ ਪਛਾਨਣ ਵਿਚ ਸਾਨੂੰ ਦੇਰ ਨਾ ਲੱਗੀ ਤੇ ਅਸੀਂ ਅੱਖ ਦੇ ਫੋਰ ਵਿਚ ਹੀ ਇਕ ਦੂਜੇ ਨੂੰ ਗਲਵੱਕੜੀ ‘ਚ ਲੈ ਲਿਆ ਤੇ ਭਾਵੁਕ ਵੀ ਹੋ ਗਏ।
ਸੋਹਣੀ ਨੇ ਮੇਰੀ ਖੱਬੀ ਬਾਂਹ ਫੜੀ ਤੇ ਬੜੇ ਗਹੁ ਨਾਲ ਦੇਖਣ ਲੱਗਾ। ਮੈਂ ਹੱਸਦਿਆਂ ਉਸ ਨੂੰ ਦੱਸਿਆ ਕਿ ਉਹਦੇ ਦਿਤੇ ਹੋਏ ਜ਼ਖ਼ਮ ਦਾ ਨਿਸ਼ਾਨ ਕਈ ਸਾਲ ਤਾਂ ਦਿਸਦਾ ਰਿਹਾ ਪਰ ਹੁਣ ਹੌਲੀ ਹੌਲੀ ਬਿਲਕੁਲ ਚਮੜੀ ਦੇ ਨਾਲ਼ ਮਿਲ ਗਿਆ ਹੈ।
ਕੀ ਸੀ ਜ਼ਖ਼ਮ ਦੀ ਦਾਸਤਾਨ? ਸਾਡਾ ਪ੍ਰਾਇਮਰੀ ਸਕੂਲ ਪਿੰਡੋਂ ਥੋੜ੍ਹਾ ਜਿਹਾ ਹਟਵਾਂ ਸੀ। ਸਕੂਲ ਦੇ ਨਾਲ਼ ਹੀ ਇਕ ਟੋਭਾ ਸੀ ਜਿਸ ਵਿਚ ਬਰਸਾਤਾਂ ਦਾ ਪਾਣੀ ਜਮ੍ਹਾਂ ਹੋ ਜਾਂਦਾ ਤੇ ਸਾਰਾ ਸਾਲ ਹੀ ਇਸ ਪਾਣੀ ਦੀ ਵਰਤੋਂ ਹੁੰਦੀ। ਪਸ਼ੂ ਪਾਣੀ ਪੀਂਦੇ ਤੇ ਔਰਤਾਂ ਕੱਪੜੇ ਧੋਂਦੀਆਂ। ਤੇ ਅਸੀਂ ਏਸੇ ਟੋਭੇ ‘ਤੇ ਫੱਟੀਆਂ ਧੋਂਦੇ, ਰੇਤਾ ਦੇ ਘਰ ਬਣਾਉਂਦੇ ਤੇ ਕਾਗ਼ਜ਼ ਦੀਆਂ ਕਿਸ਼ਤੀਆਂ ਪਾਣੀ ‘ਚ ਤਾਰਦੇ। ਇਸ ਟੋਭੇ ਨੂੰ ‘ਬ੍ਰਹਮ  ਤਾਲ’ ਕਿਹਾ ਜਾਂਦਾ ਸੀ।  
ਪਿੰਡ ਦੇ ਇਸ ਪਾਸੇ ਦੀ ਜ਼ਮੀਨ ਰੇਤਲੀ ਸੀ। ਉਦੋਂ ਕਮਾਦ ਦੀ ਖੇਤੀ ਬਹੁਤ ਕੀਤੀ ਜਾਂਦੀ ਸੀ ਕਿਉਂਕਿ ਭੋਗ ਪੁਰ ਦੀ ਸ਼ੂਗਰ ਮਿੱਲ ‘ਚ ਗੰਨੇ ਦੀ ਖਪਤ ਹੋ ਜਾਂਦੀ ਸੀ। ਝੋਨੇ ਦਾ ਤਾਂ ਨਾਮੋ-ਨਿਸ਼ਾਨ ਵੀ ਨਹੀਂ ਸੀ ਉਦੋਂ। ਟੋਭੇ ਦੇ ਕੋਲੋਂ ਦੀ ਰਾਹ ਲੰਘਦਾ ਸੀ ਜੋ ਕਿ ਸਕੂਲ ਕੋਲੋਂ ਮੋੜ ਮੁੜ ਕੇ ਪੱਕੀ ਸੜਕ ਵਲ ਜਾਂਦਾ ਸੀ।  ਪਿੰਡਾਂ ‘ਚ ਅਜੇ ਲਿੰਕ ਸੜਕਾਂ ਨਹੀਂ ਸਨ ਬਣੀਆਂ। ਸੋ ਇਸ ਪਾਸੇ ਵਲ ਦੇ ਕਿਸਾਨ ਇਸੇ ਰਸਤੇ ਥਾਣੀਂ ਪੱਕੀ ਸੜਕ ’ਤੇ ਚੜ੍ਹਦੇ ਸਨ ਤੇ ਟਾਂਡਾ ਉੜਮੁੜ ਵਲ ਦੀ ਹੋ ਕੇ ਭੋਗ ਪੁਰ ਮਿੱਲ ਨੂੰ ਜਾਂਦੇ ਸਨ। ਭਾਵੇਂ ਕਿ ਉਹਨਾਂ ਨੂੰ ਬਹੁਤ ਘੁੰਮ ਕੇ ਜਾਣਾ ਪੈਂਦਾ ਸੀ ਪਰ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ।
ਟੋਭੇ ਦੇ ਕੋਲ ਰਾਹ ਰੇਤਲਾ ਹੋਣ ਕਰ ਕੇ ਕਈ ਵਾਰੀ ਕਿਸਾਨਾਂ ਦੇ ਗੱਡੇ ਰੇਤਾ ‘ਚ ਫਸ ਜਾਂਦੇ। ਉਦੋਂ ਅਜੇ ਗੱਡੇ ਵੀ ਬਹੁਤੇ ਲੱਕੜ ਦੇ ਪਹੀਆਂ ਵਾਲ਼ੇ ਹੀ ਹੁੰਦੇ ਸਨ। ਕਿਸੇ ਵਿਰਲੇ ਟਾਂਵੇਂ ਕਿਸਾਨ ਕੋਲ਼ ਹੀ ਟਾਇਰਾਂ ਵਾਲ਼ਾ ਗੱਡਾ ਹੁੰਦਾ ਸੀ ਜਿਸ ਨੂੰ  ਰੇਹੜੀ ਕਿਹਾ ਜਾਂਦਾ ਸੀ। ਜਦੋਂ ਵੀ ਕਿਸੇ ਕਿਸਾਨ ਦਾ ਗੱਡਾ ਰੇਤਾ ‘ਚ ਫਸ ਜਾਂਦਾ ਤਾਂ ਉਹ ਸਕੂਲੇ ਆ ਕੇ ਮਾਸਟਰਾਂ ਨੂੰ ਬੇਨਤੀ ਕਰਦਾ ਕਿ ਉਹ ਦੋ ਚਾਰ ਮੁੰਡੇ ਗੱਡੇ ਨੂੰ ਧੱਕਾ ਲਾਉਣ ਲਈ ਉਸ ਨਾਲ ਭੇਜਣ।
ਅਕਤੂਬਰ ਦਾ ਅਖੀਰ ਜਾਂ ਨਵੰਬਰ ਦਾ ਸ਼ੁਰੂ ਸੀ। ਠੰਢ ਕਾਫੀ ਸੀ। ਹੈੱਡਮਾਸਟਰ ਮੇਲਾ ਸਿੰਘ ਸਾਨੂੰ ਚੌਥੀ ਜਮਾਤ ਨੂੰ ਹਿਸਾਬ ਦੇ ਸਵਾਲ ਕੱਢਣੇ ਦੇ ਕੇ ਆਪ ਕੁਰਸੀ ‘ਤੇ ਚੌਂਕੜੀ ਮਾਰ ਕੇ ਬੈਠੇ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਸਨ। ਡੱਬੀਆਂ ਵਾਲ਼ੀ ਖੇਸੀ ਉੱਤੇ ਲੈ, ਕੁਰਸੀ ‘ਤੇ ਚੌਂਕੜੀ ਮਾਰ ਕੇ ਬੈਠਣ ਦਾ ਉਹਨਾਂ ਦਾ ਆਪਣਾ ਹੀ ਅੰਦਾਜ਼ ਸੀ। ਏਨੀ ਦੇਰ ਨੂੰ ਇਕ ਕਿਸਾਨ ਨੇ ਆ ਬੇਨਤੀ ਕੀਤੀ ਕਿ ਕੁਝ ਮੁੰਡਿਆਂ ਨੂੰ ਭੇਜ ਕੇ ਉਹਦਾ ਗੱਡਾ ਕਢਵਾ ਦੇਣ। ਹੈੱਡਮਾਸਟਰ ਸਾਹਿਬ ਨੇ ਕੁਰਸੀ ਦੇ ਨਾਲ ਰੱਖੀ ਹੋਈ ਤੂਤ ਦੀ ਛਿਟੀ ਚੁੱਕ ਕੇ ਦੁਨਾਲੀ ਵਾਂਗ ਮੁੰਡਿਆਂ ਵਲ ਨੂੰ ਸੇਧੀ ਤੇ ‘ਕੱਲੇ ‘ਕੱਲੇ ਦਾ ਨਾਂ ਲੈ ਕੇ ਚਾਰ ਜਣਿਆਂ ਨੂੰ ਕਿਸਾਨ ਨਾਲ ਜਾਣ ਦਾ ਹੁਕਮ ਦਿਤਾ। ਮੇਰਾ ਤੇ ਸੋਹਣੀ ਦਾ ਨਾਮ ਵੀ ਚੌਹਾਂ ਵਿਚ ਸ਼ਾਮਲ ਸੀ।
ਅਸੀਂ ਚਾਰੇ ਮੁੰਡੇ ਆਪਣੇ ਆਪਣੇ ਆਸਣ (ਤੱਪੜ) ਤੋਂ ਉੱਠੇ ਤੇ ਕਿਸਾਨ ਨਾਲ ਤੁਰ ਪਏ। ਜਾਂਦਿਆਂ ਮੈਨੂੰ ਇਉਂ ਲਗ ਰਿਹਾ ਸੀ ਜਿਵੇ ਅਸੀਂ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਲਈ ਜਾ ਰਹੇ ਸਾਂ। ਕੁਝ ਦਿਨ ਪਹਿਲਾਂ ਹੀ ਹੈੱਡਮਾਸਟਰ ਸਾਹਿਬ ਨੇ ਸਾਨੂੰ ਐਵਰੈਸਟ ਦੀ ਚੋਟੀ ਸਰ ਕਰਨ ਦੀ ਕਹਾਣੀ  ਕਲਾਸ ਵਿਚ ਸੁਣਾਈ ਸੀ।
ਖੈਰ, ਅਸੀਂ ਕਿਸਾਨ ਦਾ ਗੱਡਾ ਰੇਤਾ ‘ਚੋਂ ਕਢਵਾ ਦਿਤਾ ਤੇ ‘ਇਨਾਮ’ ਵਜੋਂ ਅਸੀਂ ਇਕ ਇਕ ਗੰਨਾ ਭਰਿਆਂ ਦੇ ਵਿਚੋਂ ਧੂਹ ਲਿਆ। ਕਿਸਾਨ ਨੇ ਦੇਖ ਵੀ ਲਿਆ ਪਰ ਉਸ ਨੇ ਕੁਝ ਨਾ ਕਿਹਾ। ਸੋਹਣੀ ਦੇ ਹੱਥ ਡਾਂਗ ਵਰਗਾ ਸਿੱਧਾ ਤੇ ਮੋਟਾ ਗੰਨਾ ਆਇਆ। ਵਾਪਸ ਆਏ ਤਾਂ ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਆਵਾਜ਼ ਮਾਰ ਕੇ ਸੱਦਿਆ ਤੇ ਗੰਨਾ ਉਹਦੇ ਪਾਸੋਂ ਲੈ ਕੇ ਚੂਪਣ ਲੱਗ ਪਏ। ਅਸੀਂ ਵੀ ਆਪਣੀ ਆਪਣੀ ਥਾਂ ਬੈਠ ਕੇ ਗੰਨੇ ਚੂਪਣ ਲੱਗੇ ਤੇ ਕਈ ਮੁੰਡੇ  ਸੋਹਣੀ ਨੂੰ ਛੇੜਨ ਲੱਗ ਪਏ ਕਿ ਉਹਦਾ ਗੰਨਾ ਹੈੱਡਮਾਸਟਰ ਨੇ ਲੈ ਲਿਆ ਹੈ। ਸੋਹਣੀ ਬੜੀ ਤਰਸਯੋਗ ਹਾਲਤ ਵਿਚ ਭਰਿਆ ਪੀਤਾ ਬੈਠਾ ਸੀ। ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਿਹਾ ਸੀ ਤੇ ਉੱਪਰੋਂ ਅੰਗੂਠਾ ਦਿਖਾ ਦਿਖਾ ਕੇ ਮੁੰਡੇ ਉਸ ਨੂੰ ਜਿੱਚ ਕਰ ਰਹੇ ਸਨ। ਭੁਕਾਨੇ ‘ਚ ਹਵਾ ਭਰਨ ਵਾਂਗ ਉਹਦਾ ਗੁੱਸਾ ਪਲ ਪਲ ਵਧਦਾ ਜਾ ਰਿਹਾ ਸੀ। ਮੈਂ ਅਜੇ ਤੱਕ ਉਸ ਨੂੰ ਕੁਝ ਨਹੀਂ ਸੀ ਕਿਹਾ। ਮੈਂ ਆਪਣਾ ਗੰਨਾ ਤੱਪੜ ‘ਤੇ ਰੱਖ ਕੇ ਸੋਹਣੀ ਦੇ ਨੇੜੇ ਜਾ ਕੇ ਉਸ ਨੂੰ ਅੰਗੂਠਾ ਦਿਖਾ ਕੇ ਛੇੜਨ ਲੱਗਾ। ਉਹਦੇ ਕੋਲ ਟੀਨ ਦੀ ਇਕ ਸਲੇਟ ਸੀ ਜਿਸ ਦਾ ਲੱਕੜ ਦਾ ਚੌਖਟਾ ਤਾਂ ਕਦੋਂ ਦਾ ਸਵਰਗ ਸਿਧਾਰ ਗਿਆ ਹੋਇਆ ਸੀ, ਬਸ ਤਿੱਖੇ ਕੋਣਿਆਂ ਵਾਲਾ ਟੀਨ ਦਾ ਪੱਤਰਾ ਹੀ ਬਚਿਆ ਹੋਇਆ ਸੀ। ਸੋਹਣੀ ਨੇ ਉਹੀ ਪੱਤਰਾ ਚੁੱਕਿਆ ਤੇ ਅੱਖ ਦੇ ਫੋਰ ਵਿਚ ਮੇਰੀ ਬਾਂਹ ‘ਤੇ ਦੇ ਮਾਰਿਆ। ਪੱਤਰੇ ਦੇ ਤਿੱਖੇ ਕੋਣੇ ਨੇ ਬਾਂਹ ਨੂੰ ਖਰਬੂਜ਼ੇ ਵਾਂਗ ਚੀਰ ਸੁੱਟਿਆ ਤੇ ਲਹੂ ਦੀਆਂ ਧਾਰਾਂ ਵਗ ਤੁਰੀਆਂ ਤੇ ਮੈਂ ਰੋਂਦੇ ਰੋਂਦੇ ਨੇ ਹੈੱਡਮਾਸਟਰ ਸਾਹਿਬ ਨੂੰ ਜਾ ਸ਼ਿਕਾਇਤ ਲਾਈ, ਤੇ ਅੱਗੋਂ ਮੈਨੂੰ ਹੁਕਮ ਹੋ ਗਿਆ ਕਿ ਕੰਨ ਫੜ ਲਵਾਂ। ਸ਼ਾਇਦ ਵਗਦੇ ਲਹੂ ‘ਤੇ ਉਹਨਾਂ ਨੇ ਨਜ਼ਰ ਨਹੀਂ ਸੀ ਪਈ। ਜਦੋਂ ਉਹਨਾਂ ਨੇ ਲਹੂ ਵਗਦਾ ਦੇਖਿਆ ਤਾਂ ਉਹ ਵੀ ਘਬਰਾ ਗਏ ਤੇ ਜਲਦੀ ਜਲਦੀ ਅਲਮਾਰੀ ਵਿਚੋਂ ਟਿੰਚਰ ਆਇਉਡੀਨ ਲਿਆ ਕੇ ਜ਼ਖ਼ਮ ‘ਤੇ ਲਗਾਈ ਤੇ ਚਲਾਵੀਂ ਜਿਹੀ ਪੱਟੀ ਕਰ ਦਿਤੀ।  ਫਿਰ ਉਹ ਮੈਨੂੰ ਘਰ ਛੱਡਕੇ ਆਏ ਤੇ ਮਾਤਾ ਜੀ ਨੂੰ ਘਟਨਾ ਬਾਰੇ ਦੱਸਿਆ ਤੇ ਤਾਕੀਦ ਕੀਤੀ ਕਿ ਡਾਕਟਰ ਤੋਂ ਚੰਗੀ ਤਰ੍ਹਾਂ ਪੱਟੀ ਕਰਵਾ ਲੈਣ ਤੇ ਟੈਟਨਸ ਦਾ ਟੀਕਾ ਜ਼ਰੂਰ ਲਗਵਾ ਲੈਣ ।  
ਮਾਤਾ ਜੀ ਨੇ ਇਕ ਵਾਰੀ ਵੀ ਹੈੱਡਮਾਸਟਰ ਸਾਹਿਬ ਨੂੰ ਉਲਾਂਭਾ ਨਹੀਂ ਦਿਤਾ ਤੇ ਨਾ ਹੀ ਉਹ ਸੋਹਣੀ ਹੋਰਾਂ ਦੇ ਘਰ ਉਲਾਂਭਾ ਦੇਣ ਗਏ ਸਗੋਂ ਮੈਨੂੰ ਹੀ ਘੂਰਿਆ ਕਿ ਮੈਂ ਸੋਹਣੀ ਨੂੰ ਕਿਉਂ ਖਿਝਾਇਆ ਸੀ। ਉਸ ਜ਼ਮਾਨੇ ਵਿਚ ਬੱਚੇ ਤੇ ਉਹਨਾ ਦੇ ਮਾਂ ਬਾਪ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ। ਅੱਜ ਹਾਲਾਤ ਬਹੁਤ ਬਦਲ ਗਏ ਹਨ। ਸਾਡੇ ਵੇਲੇ ਅਧਿਆਪਕ ਜਦੋਂ ਸਾਨੂੰ ਸਕੂਲ ਦੀ ਸਫ਼ਾਈ, ਫੁੱਲਾਂ ਬੂਟਿਆਂ ਨੂੰ ਪਾਣੀ ਪਾਉਣ ਤੇ ਸਕੂਲ ਦੇ ਹੋਰ ਨਿੱਕੇ ਨਿੱਕੇ ਕੰਮ ਕਰਨ ਲਈ ਕਹਿੰਦੇ ਹੁੰਦੇ ਸਨ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਖ਼ਾਸ ਸਮਝਿਆ ਕਰਦੇ ਸਾਂ। ਪਰ ਅੱਜ ਤਾਂ ਝੱਟ ਗਰਦਾਨ ਦਿਤਾ ਜਾਂਦਾ ਹੈ ਕਿ ਮਾਸਟਰਾਂ ਵਲੋਂ ਬੱਚਿਆਂ ਤੋਂ ਬਾਲ-ਮਜ਼ਦੂਰੀ ਕਰਵਾਈ ਜਾ ਰਹੀ ਹੈ।
ਖ਼ੈਰ, ਦੂਜੇ ਦਿਨ ਸਵੇਰੇ ਮਾਤਾ ਜੀ ਨੇ ਮੈਨੂੰ ਸਕੂਲ ਨਾ ਜਾਣ ਲਈ ਕਿਹਾ। ਪਰ ਮੈਨੂੰ ਤਾਂ ਸ਼ੁਰੂ ਤੋਂ ਹੀ ਸਕੂਲ ਨਾਲ ਇਸ਼ਕ ਸੀ। ਮੈਂ ਤਾਂ ਛੁੱਟੀ ਵਾਲੇ ਦਿਨ ਵੀ ਸਕੂਲ ਦਾ ਗੇੜਾ ਮਾਰ ਆਇਆ ਕਰਦਾ ਸਾਂ। ਮੈਂ ਫੱਟੀ ਬਸਤਾ ਚੁੱਕਿਆ ਤੇ ਸਕੂਲੇ ਪਹੁੰਚ ਗਿਆ। ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਮੇਰੇ ਕੋਲੋਂ ਹੋਰ ਵੀ ਦੂਰ ਬਿਠਾਇਆ ਤਾਂ ਕਿ ਕਿਤੇ ਅਸੀਂ ਲੜ ਨਾ ਪਈਏ।
ਅੱਧੀ ਛੁੱਟੀ ਵੇਲੇ ਮੈਂ ਫੱਟੀ ਧੋਣ ਲਈ ਟੋਭੇ ‘ਤੇ ਗਿਆ ਤੇ ਮੇਰੇ ਮਗਰੇ ਮਗਰ ਸੋਹਣੀ ਵੀ ਆ ਗਿਆ। ਮੈਂ ਪਹਿਲਾਂ ਤਾਂ ਡਰਿਆ ਕਿ ਸੋਹਣੀ ਮੈਨੂੰ ਕੁਝ ਕਹੇਗਾ ਪਰ ਦੋ ਤਿੰਨ ਮੁੰਡੇ ਹੋਰ ਵੀ ਆ ਗਏ ਤੇ ਮੇਰਾ ਹੌਸਲਾ ਵਧ ਗਿਆ। ਸੋਹਣੀ ਮੇਰੇ ਨੇੜੇ ਆ ਕੇ ਕਹਿੰਦਾ, “ ਤੇਰੀ ਬਾਂਹ ਦੁਖਦੀ ਹੋਣੀ ਆਂ ਲਿਆ ਮੈਂ ਤੇਰੀ ਫੱਟੀ ਵੀ ਧੋ ਕੇ ਗਾਚੀ ਲਾ ਦਿਆਂ।“ ਜਿਹੜਾ ਥੋੜ੍ਹਾ ਬਹੁਤ ਡਰ ਤੇ ਗੁੱਸਾ ਮੇਰੇ ਮਨ ਵਿਚ ਸੀ ਪਤਾ ਨਹੀਂ ਕਿਧਰ ਉਡ ਪੁਡ ਗਿਆ ਤੇ ਮੈਂ ਫੱਟੀ ਉਸ ਨੂੰ ਫੜਾ ਦਿਤੀ। ਦੋਵੇਂ ਫੱਟੀਆਂ ਧੋ ਕੇ ਉਹਨੇ ਹਵਾ ‘ਚ ਲਹਿਰਾਈਆਂ ਤੇ ਗਾਉਣ ਲੱਗਿਆ, “ ਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ” ਤੇ ਮੈਂ ਵੀ ਕੱਲ੍ਹ ਵਾਲ਼ੀ ਗੱਲ ਭੁੱਲ ਕੇ ਉਹਦੀ ਸੁਰ ਨਾਲ਼ ਸੁਰ ਮਿਲਾ ਰਿਹਾ ਸਾਂ।  
ਅੱਜ ਜੀਵਨ ਦੇ ਸਫ਼ਰ ਦੇ ਸੱਤਵੇਂ ਦਹਾਕੇ ‘ਤੇ ਪਹੁੰਚ ਕੇ ਉਹ ਜ਼ਮਾਨੇ ਬੜੀ ਸ਼ਿੱਦਤ ਨਾਲ ਯਾਦ ਆ ਰਹੇ ਹਨ। ਪੰਜਤਾਲੀ ਸਾਲਾਂ ਤੋਂ ਇੰਗਲੈਂਡ ‘ਚ ਰਹਿੰਦਿਆਂ ਵੀ ਸੁਫ਼ਨੇ ਪਿੰਡ ਦੀਆਂ ਗਲ਼ੀਆਂ ਦੇ ਹੀ ਕਿਉਂ ਆਉਂਦੇ ਹਨ? ਕਾਸ਼ ਉਹ ਸਮਾਂ ਮੁੜ ਆਵੇ। ਪਰ ਸਮਾਂ ਕਦੀ ਨਹੀਂ ਠਹਿਰਦਾ। ਬਕੌਲ ਭਾਈ ਵੀਰ ਸਿੰਘ, “ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ................ਲੰਘ ਗਿਆ ਨਾ ਮੁੜ ਕੇ ਆਂਵਦਾ।“
                                +++++++++++++++

ਚੋਰਾਂ ਨੂੰ ਮੋਰ - ਨਿਰਮਲ ਸਿੰਘ ਕੰਧਾਲਵੀ

ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਅਚਾਨਕ ਵਾਧਾ ਹੋ ਗਿਆ ਸੀ। ਇਹ ਧਾੜਵੀ ਲੁੱਟਦੇ ਵੀ ਸਨ ਅਤੇ ਨਲਕਿਆਂ ਦੇ ਹੈਂਡਲਾਂ ਤੇ ਲੋਹੇ ਦੀਆਂ ਰਾਡਾਂ ਆਦਿ ਨਾਲ਼ ਪਰਵਾਰ ਦੇ ਜੀਆਂ ਨੂੰ ਬੁਰੀ ਤਰ੍ਹਾਂ ਮਾਰ ਕੁੱਟ ਕੇ ਗੰਭੀਰ ਜ਼ਖ਼ਮੀ ਵੀ ਕਰਦੇ ਸਨ ਤੇ ਕਈ ਵਾਰੀ ਮੌਤਾਂ ਵੀ ਹੋ ਜਾਂਦੀਆਂ ਸਨ। ਭਾਵੇਂ ਕਿ ਪੁਲਸ ਦੀ ਗਸ਼ਤ ਤੇਜ਼ ਕਰ ਦਿਤੀ ਗਈ ਸੀ ਪਰ ਇਹ ਵਾਰਦਾਤਾਂ ਅਜੇ ਵੀ ਲਗਾਤਾਰ ਵਾਪਰ ਰਹੀਆਂ ਸਨ।
ਇਕ ਕਾਲ਼ੀ ਬੋਲੀ ਅੱਧੀ ਰਾਤ ਨੂੰ ਧਾੜਵੀਆਂ ਦਾ ਇਕ ਟੋਲਾ ਪਿੰਡ ਦੀ ਫਿਰਨੀ ਦੇ ਕੋਣੇ ‘ਤੇ ਸ਼ਿਵ ਦਿਆਲ ਸੁਨਿਆਰੇ ਦੇ ਘਰ ਨੂੰ ਲੁੱਟਣ ਲਈ ਆ ਪਹੁੰਚਾ। ਲੁਟੇਰਿਆਂ ਨੇ ਪਹਿਲਾਂ ਦਿਨ ਛਿਪਦੇ ਕਰਦੇ ਨਾਲ਼ ਇਕ ਨਵੀਂ ਨਕੋਰ ਜਿਪਸੀ ਕਿਸੇ ਡਰਾਈਵਰ ਪਾਸੋਂ ਖੋਹੀ। ਨੰਬਰ ਪਲੇਟ ਅਤੇ ਥੋੜ੍ਹਾ ਬਹੁਤ ਹੁਲੀਆ ਬਦਲ ਕੇ ਰਾਤ ਨੂੰ ਕਰਨ ਵਾਲ਼ੀ ਵਾਰਦਾਤ ਲਈ ਉਹਨਾਂ ਨੇ ਤਿਆਰ ਕਰ ਲਈ। ਲੁਟੇਰਿਆਂ ਨੂੰ ਵੀ ਪਤਾ ਸੀ ਕਿ ਪੁਲਿਸ ਨੇ ਗਸ਼ਤ ਤੇਜ਼ ਕੀਤੀ ਹੋਈ ਸੀ ਸੋ ਉਹ ਵੀ ਬੜੇ ਚੌਕਸ ਸਨ। ਇਹਨਾਂ ਵਾਰਦਾਤਾਂ ਲਈ ਮੋਬਾਈਲ ਫੋਨ ਉਹਨਾਂ ਨੂੰ ਬਹੁਤ ਕੰਮ ਦਿੰਦੇ ਸਨ।
ਲੁਟੇਰੇ ਅਜੇ ਸ਼ਿਵ ਦਿਆਲ ਦੇ ਘਰ ਦੀ ਬਾਹਰਲੀ ਕੰਧ ਟੱਪਣ ਲੱਗੇ ਹੀ ਸਨ ਕਿ ਫਿਰਨੀ ਤੋਂ ਮੁੜੀ ਪੁਲਿਸ ਦੀ ਜੀਪ ਦੀਆਂ ਹੈੱਡਲਾਈਟਾਂ ਨੇ ਲੁਟੇਰਿਆਂ ਦੀਆਂ ਪੁਦੀੜਾਂ ਪੁਆ ਦਿਤੀਆਂ। ਇਹ ਸਾਰਾ ਕੁਝ ਏਨੀ ਛੇਤੀ ਵਾਪਰ ਗਿਆ ਕਿ ਲੁਟੇਰਿਆਂ ਨੂੰ ਆਪਣੀ ਜਿਪਸੀ ਤੱਕ ਵੀ ਪਹੁੰਚਣ ਦਾ ਸਮਾਂ ਨਾ ਮਿਲਿਆ ਤੇ ਜਿਧਰ ਨੂੰ ਵੀ ਰਾਹ ਦਿਸਿਆ ਉਧਰ ਨੂੰ ਭੱਜ ਉੱਠੇ ਤੇ ਜਿਹੜੇ ਸਾਥੀ ਨੂੰ ਉਹ ਜਿਪਸੀ ‘ਚ ਛੱਡ ਕੇ ਗਏ ਸਨ ਉਹ ਜਿਪਸੀ ‘ਚੋਂ ਬਾਹਰ ਨਿਕਲ ਕੇ ਆਲ਼ੇ-ਦੁਆਲੇ ਦੀ ਨਿਗਾਹ ਰੱਖ ਰਿਹਾ ਸੀ। ਅਚਾਨਕ ਆਈ ਪੁਲਿਸ ਦੇਖ ਕੇ ਉਹ ਵੀ ਏਨਾ ਘਬਰਾ ਗਿਆ ਕਿ ਚਾਬੀਆਂ ਗੱਡੀ ਵਿਚੇ  ਹੀ ਛੱਡ ਕੇ ਉਹ ਵੀ ਭੱਜ ਉੱਠਿਆ। ਥਾਣੇਦਾਰ ਗੱਬਰ ਸਿੰਘ ਦੇ ਨਾਲ ਦੇ ਦੋਵੇਂ ਸਿਪਾਹੀ ਜਦੋਂ ਲੁਟੇਰਿਆਂ ਮਗਰ ਭੱਜਣ ਲੱਗੇ ਤਾਂ ਉਹ ਗਰਜਿਆ, “ ਉਏ ਨਲੈਕੋ, ਇਹਨਾਂ ਮਗਰ ਭੱਜ ਕੇ ਛਿੱਕੂ ਮਿਲਣੈ ਤੁਹਾਨੂੰ, ਕਚਹਿਰੀਆਂ ਦੇ ਚੱਕਰ ਮਾਰਦੇ ਰਹੋਂਗੇ ਗਵਾਹੀਆਂ ਦੇਣ ਲਈ। ਇਹਨਾਂ ਸਾਲ਼ਿਆਂ ਨੂੰ ਵੱਧ ਤੋਂ ਵੱਧ ਸਾਲ ਛੇ ਮਹੀਨੇ ਦੀ ਸਜ਼ਾ ਹੋ ਜਾਊ, ਜੱਜ ਨੇ ਹੋਰ ਇਹਨਾਂ ਦੀਆਂ ਕੀ ਲੂਲ੍ਹਾਂ ਲਾਹ ਲੈਣੀਆਂ?”
ਸਿਪਾਹੀਆਂ ਦੇ ਪੈਰ ਉੱਥੇ ਹੀ ਰੁਕ ਗਏ।
ਸਿਪਾਹੀ ਕਾਲ਼ਾ ਸਿੰਘ ਬੋਲਿਆ, “ ਕੀ ਹੁਕਮ ਐ ਸਾਬ੍ਹ ਜੀ ਫੇਰ?”
“ ਤੂੰ ਜੀਪ ਲੈ ਕੇ ਵਗ ਜਾਹ ਫੌਜੀ ਮਕੈਨਿਕ ਕੋਲ ਤੇ ਉਹਦੇ ਕੋਲੋਂ ਕੋਈ ਕਬਾੜਾ ਹੋਈ ਜਿਪਸੀ ਜੀਪ ਦੇ ਮਗਰ ਬੰਨ੍ਹ ਕੇ ਲੈ ਆ, ਉਹਨੂੰ ਕਹੀਂ ਸਾਬ੍ਹ ਦਾ ਹੁਕਮ ਐ- ਫੁਰਤੀਆਂ ਕਰ ਹੁਣ। ਉਹਨੂੰ ਵੀ ਨਾਲ ਹੀ ਲੈਂਦਾ ਆਵੀਂ। ਮੈਂ ਵੀ ਕਰਦਾਂ ਉਹਨੂੰ ਫੂਨ, ਤੂੰ ਵਗ ਜਾਹ ਹਵਾ ਹੋ ਜਾਹ ਬਸ, “ ਗੱਬਰ ਸਿੰਘ ਨੇ ਮੁੱਛ ਮਰੋੜ ਕੇ ਕਾਲ਼ਾ ਸਿੰਘ ਨੂੰ ਹੁਕਮ ਚਾੜ੍ਹਿਆ।
“ ਸਾਬ੍ਹ ਜੀ ਕਬਾੜਾ ਹੋਈ ਜਿਪਸੀ ਕੀ ਕਰਨੀ ਐ?” ਸਿਪਾਹੀ ਗਿੰਦਰ ਸਿੰਘ ਥਾਣੇਦਾਰ ਨੂੰ ਪੁੱਛ ਬੈਠਾ।
“ ਉਏ ਸਹੁਰੀ ਦਿਆ, ਤਾਂ ਹੀ ਸਿਪਾਹੀ ਦਾ ਸਿਪਾਹੀ ਐਂ, ਤੇਰੇ ਨਾਲ ਦੇ ਭਰਤੀ ਹੋਏ ਹੁਣ ਤਾਈਂ ਹੌਲਦਾਰ ਤੇ ਛੋਟੇ ਠਾਣੇਦਾਰ ਬਣੇ ਬੈਠੇ ਆ? ਤੂੰ ਲੋਲ੍ਹੇ ਦਾ ਲੋਲ੍ਹਾ ਹੀ ਰਹਿਣੈ, ਪਤਾ ਨ੍ਹੀਂ ਕਿਹੜੇ ਕੰਜਰ ਨੇ ਭਰਤੀ ਕੀਤਾ ਸੀ ਤੈਨੂੰ?”
ਥਾਣੇਦਾਰ ਨੇ ਗਿੰਦਰ ਸਿਉਂ ਦੀ ਛੋਈ ਲਾਹ ਸੁੱਟੀ ਤੇ ਉਹ ਗ਼ਰੀਬ ਹੁਣ ਸਵਾਲ ਕਰ ਕੇ ਪਛਤਾ ਰਿਹਾ ਸੀ।
ਕਾਲ਼ਾ ਸਿੰਘ ਕਦੋਂ ਦਾ ਜੀਪ ਲੈ ਕੇ ਜਾ ਚੁੱਕਾ ਸੀ।
ਰੌਲਾ-ਰੱਪਾ ਸੁਣ ਕੇ ਹੁਣ ਤਾਈਂ ਕਾਫੀ ਲੋਕ ਇਕੱਠੇ ਹੋ ਚੁੱਕੇ ਸਨ। ਗੱਬਰ ਸਿੰਘ ਚਟਖ਼ਾਰੇ ਲੈ ਲੈ ਕੇ ਵਾਰ ਵਾਰ ਮੁੱਛਾਂ ਨੂੰ ਤਾਅ ਦੇ ਕੇ ਸ਼ਿਵ ਦਿਆਲ ਦਾ ਘਰ ਲੁੱਟ ਹੋਣ ਤੋਂ ਬਚਾਅ ਲੈਣ ਦੀ ਕਹਾਣੀ ਸਭ ਨੂੰ ਇਉਂ ਦੱਸ ਰਿਹਾ ਸੀ ਜਿਵੇਂ ਆਪਣੇ ਮੋਢਿਆਂ ‘ਤੇ ਆਪ ਹੀ ਇਕ ਹੋਰ ਸਟਾਰ ਲਗਾ ਰਿਹਾ ਹੋਵੇ। ਪਿੰਡ ਵਾਲੇ ਝੁਕ ਝੁਕ ਕੇ ਗੱਬਰ ਸਿੰਘ ਦਾ ਧੰਨਵਾਦ ਕਰ ਰਹੇ ਸਨ। ਸ਼ਿਵ ਦਿਆਲ ਤਾਂ ਵਾਰ ਵਾਰ ਗੱਬਰ ਸਿੰਘ ਦੇ ਪੈਰ ਫੜ ਰਿਹਾ ਸੀ ਤੇ ਅੰਦਰ ਆ ਕੇ ਚਾਹ-ਪਾਣੀ ਪੀਣ ਲਈ ਬੇਨਤੀਆਂ ਕਰ ਰਿਹਾ ਸੀ, ਪਰ ਗੱਬਰ ਸਿੰਘ ਨੇ ਚੋਰਾਂ ਨੂੰ ਲੱਭਣ ਦੇ ਬਹਾਨੇ ਉੱਥੋਂ ਛੇਤੀ ਨਿਕਲਣਾ ਹੀ ਬਿਹਤਰ ਸਮਝਿਆ ਤਾਂ ਕਿ ਉਹ ਆਪਣੀ ਸਕੀਮ ਨੂੰ ਜਲਦੀ ਅਮਲੀ ਜਾਮਾ ਪਹਿਨਾ ਸਕੇ। ਉਹਨੇ ਗੜ੍ਹਕਵੀਂ ਆਵਾਜ਼ ਵਿਚ ਪਿੰਡ ਵਾਲਿਆਂ ਨੂੰ ਘਰੋ ਘਰੀ ਜਾਣ ਦਾ ਹੁਕਮ ਦਿਤਾ ਤੇ ਚੁਕੰਨੇ ਰਹਿਣ ਦੀਆਂ ਹਦਾਇਤਾਂ ਦਿਤੀਆਂ ਤੇ ਗਿੰਦਰ ਸਿੰਘ ਸਿਪਾਹੀ ਨੂੰ ਹੁਕਮ ਚਾੜ੍ਹਿਆ ਕਿ ਉਹ ਚੋਰਾਂ ਵਾਲੀ ਜਿਪਸੀ ਉਹਦੀ ਜੀਪ ਮਗਰ ਲਾ ਕੇ ਤੁਰਿਆ ਆਵੇ।
ਪਿੰਡੋਂ ਥੋੜ੍ਹੀ ਦੂਰ ਬਾਹਰ ਨਿੱਕਲ ਕੇ ਸੁੰਨ-ਸਾਨ ਜਿਹੀ ਜਗ੍ਹਾ ‘ਤੇ ਥਾਣੇਦਾਰ ਨੇ ਜਿਪਸੀ ਰੁਕਵਾਈ ਤੇ ਫੌਜੀ ਮਕੈਨਕ ਨੂੰ ਫੂਨ ਲਗਾਇਆ। ਫੌਜੀ ਨੇ ਰਾਤ ਦੇ ਦੋ ਵਜੇ ਘਬਰਾਏ ਹੋਏ ਨੇ ਥਾਣੇਦਾਰ ਨੂੰ ਪੁੱਛਿਆ, “ ਜਨਾਬ ਐਸ ਵੇਲੇ ਕੀ ਲੋੜ ਪੈ ਗਈ?”
“ ਫੌਜੀਆ, ਗੱਲਾਂ ਦਾ ਟੈਮ ਨਹੀਂ ਏਸ ਵੇਲੇ, ਬਸ ਕਾਲਾ ਸਿਉਂ ਪਹੁੰਚਣ ਵਾਲਾ ਈ ਐ ਤੇਰੇ ਕੋਲ। ਕੋਈ ਟੁੱਟੀ ਭੱਜੀ ਜਿਪਸੀ ਜੀਪ ਮਗਰ ਬੰਨ੍ਹ ਕੇ ਤੁਸੀਂ ਦੋਨੋਂ ਛੇਤੀ ਤੋਂ ਛੇਤੀ ਇੱਥੇ ਕਿੱਕਰਾਂ ਵਾਲ਼ੇ ਮੋੜ ‘ਤੇ ਪਹੁੰਚੋ, ਬਸ ਫੁਰਤੀਆਂ ਦਿਖਾਈਂ, ਹਾਂ ਸੱਚ, ਇਕ ਗੈਲਨ ਪੈਟਰੋਲ ਵੀ ਲੈਂਦੇ ਆਇਉ,” ਠਾਣੇਦਾਰ ਨੇ ਹੁਕਮ ਚਾੜ੍ਹਿਆ।
ਫੌਜੀ ਕਾਹਲ਼ੀ ਕਾਹਲ਼ੀ ਕੱਪੜੇ ਪਾ ਕੇ ਅਜੇ ਬਾਹਰ ਨਿੱਕਲਿਆ ਹੀ ਸੀ ਕਿ ਸਰਕਾਰੀ ਜੀਪ ਦੀਆਂ ਹੈੱਡਲਾਈਟਾਂ ਨੇ ਉਸ ਦੀਆਂ ਅੱਖਾਂ ਚੁੰਧਿਆ ਦਿਤੀਆਂ।
ਫੌਜੀ ਦੇ ਕਬਾੜਖ਼ਾਨੇ ‘ਚ ਕਬਾੜ ਹੋਈਆਂ ਗੱਡੀਆਂ ਦਾ ਘਾਟਾ ਨਹੀਂ ਸੀ। ਉਹਨੇ ਜਲਦੀ ਹੀ ਇਕ ਜਿਪਸੀ ਲੱਭ ਲਈ ਜਿਸ ਦੇ ਇੰਜਣ ਨੂੰ ਅੱਗ ਲੱਗ ਗਈ ਸੀ ਪਰ ਬਾਡੀ ਪੱਖੋਂ ਠੀਕ-ਠਾਕ ਹੀ ਸੀ। ਫੌਜੀ ਤੇ ਗਿੰਦਰ ਸਿੰਘ ਸਿਪਾਹੀ ਨੇ ਜਿਪਸੀ ਜੀਪ ਮਗਰ ਬੰਨ੍ਹੀ ਅਤੇ ਗੱਬਰ ਸਿੰਘ ਵਲੋਂ ਦੱਸੇ ਹੋਏ ਟਿਕਾਣੇ ਵਲ ਤੁਰ ਪਏ ਤੇ ਜਲਦੀ ਹੀ ਉੱਥੇ ਪਹੁੰਚ ਗਏ।
ਸਮਾਂ ਨਾ ਗੁਆਂਉਂਦਿਆਂ ਥਾਣੇਦਾਰ ਨੇ ਫੌਜੀ ਨੂੰ ਕਿਹਾ ਕਿ ਉਹ ਕਬਾੜਾ ਹੋਈ ਜਿਪਸੀ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦੇਵੇ।
ਅੱਗ ਲਗਦਿਆਂ ਸਾਰ ਹੀ ਉਹ ਸਾਰੇ ਉੱਥੋਂ ਖਿਸਕ ਗਏ ਤੇ ਪੈਟਰੋਲ ਦੀ ਅੱਗ ਨੇ ਜਿਪਸੀ ਦਾ ਹੁਲੀਆ ਮਿੰਟਾਂ ਸਕਿੰਟਾਂ ਵਿਚ ਹੀ ਵਿਗਾੜ ਦਿਤਾ।
ਦੂਜੇ ਦਿਨ ਸਵੇਰੇ ਫੌਜੀ ਦੀ ਗੈਰੇਜ ਵਿਚ ਚੋਰਾਂ ਤੋਂ ਖੋਹੀ ਹੋਈ ਜਿਪਸੀ ਦਾ ਰੰਗ ਰੂਪ ਬਦਲਿਆ ਜਾ ਰਿਹਾ ਸੀ ਤੇ ਉਧਰ ਸ਼ਾਮ ਦੀ ਅਖ਼ਬਾਰ ਦੇ ਮੁੱਖ ਪੰਨੇ ‘ਤੇ ਸੁਰਖੀ ਛਪੀ ਹੋਈ ਸੀ।
“ ਥਾਣੇਦਾਰ ਗੱਬਰ ਸਿੰਘ ਦੀ ਚੌਕਸੀ ਨੇ ਇਕ ਹੋਰ ਟੱਬਰ ਲੁੱਟ ਹੋਣੋਂ ਬਚਾ ਲਿਆ। ਲੁਟੇਰੇ ਭੱਜਣ ਲੱਗੇ ਆਪਣੀ ਜਿਪਸੀ ਨੂੰ ਅੱਗ ਲਗਾ ਗਏ ਤਾਂ ਕਿ ਕੋਈ ਸਬੂਤ ਬਾਕੀ ਨਾ ਬਚੇ। ਪੁਲਿਸ ਨੂੰ ਪੱਕਾ ਯਕੀਨ ਹੈ ਕਿ ਇਹ ਉਹੋ ਹੀ ਜਿਪਸੀ ਸੀ ਜਿਹੜੀ ਲੁਟੇਰਿਆਂ ਨੇ ਉਸੇ ਸ਼ਾਮ ਹੀ ਕਿਸੇ ਡਰਾਈਵਰ ਤੋਂ ਪਿਸਤੌਲ ਦੀ ਨੋਕ ‘ਤੇ ਖੋਹੀ ਸੀ।“  
ਪੱਤਰਕਾਰ ਥਾਣੇ ਵਲ ਵਹੀਰਾਂ ਘੱਤ ਰਹੇ ਸਨ ਤਾਂ ਕਿ ਉਹ ਗੱਬਰ ਸਿੰਘ ਤੋਂ ਪੂਰੀ ਘਟਨਾ ਦੀ ਜਾਣਕਾਰੀ ਲੈ ਸਕਣ।
ਇਲਾਕੇ ਦੇ ਇਕ ਸਿਆਸੀ ਨੇਤਾ ਨੇ ਪੁਲਿਸ ਨੂੰ ਵਿਸ਼ੇਸ਼ ਇਨਾਮ ਦੇਣ ਦੀ ਸਿਫ਼ਾਰਸ਼ ਕੀਤੀ ਹੋਈ ਸੀ।   
                                ===================

ਸੋਨੇ ਦੇ ਤਵੀਤ ਵਾਲੀਏ, ਤੇਰੀ ਹਰ ਮੱਸਿਆ ਬਦਨਾਮੀ -  ਨਿਰਮਲ ਸਿੰਘ ਕੰਧਾਲਵੀ

ਲੋਕ-ਧਾਰਾ ਦੇ ਉਪਰੋਕਤ ਲਿਖੇ ਬੋਲ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਉੱਪਰ ਪੂਰੇ ਢੁੱਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਦੇ ਪ੍ਰਬੰਧ ਬਾਰੇ ਗਾਹੇ-ਬਗਾਹੇ ਮਾੜੀਆਂ ਖ਼ਬਰਾਂ ਚਰਚਾ ਵਿਚ ਆਉਂਦੀਆਂ ਰਹਿੰਦੀਆਂ ਹਨ। ਕਦੀ ਪਾਠੀਆਂ ਦੇ ਮਸਲੇ, ਕਦੀ ਰਾਗੀਆਂ/ਢਾਡੀਆਂ ਦੇ, ਕਦੇ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਅਤੇ ਕਦੀ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਹਰੇਕ ਵਾਰ ਉਂਗਲ ਇਸ ਦੇ ਪ੍ਰਬੰਧ ਵਲ ਉਠਦੀ ਹੈ। ਹੁਣੇ ਹੀ ਇਕ ਤਾਜ਼ਾ ਘਟਨਾ ਵਾਪਰੀ ਹੈ ਜਿਸ ਵਿਚ ਯੂ.ਪੀ. ਤੋਂ ਆਈ ਹੋਈ ਇਕ ਬਜ਼ੁਰਗ ਔਰਤ ਪਰਕਰਮਾ ਵਿਚ ਬੀੜੀ ਸੁਲਗਾਉਣ ਦੀ ਕੋਸ਼ਿਸ਼ ਕਰਦਿਆਂ ਫੜੀ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਔਰਤ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਸੇਵਾਦਾਰਾਂ ਦੇ ਪੈਰੀਂ ਵੀ ਪਈ ਕਿ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਇਥੇ ਬੀੜੀ, ਸਿਗਰੇਟ ਵਿਵਰਜਤ ਹੈ। ਇਸ ਦੇ ਬਾਵਜੂਦ ਉਸ ਨੂੰ ਕੁੱਟਿਆ ਮਾਰਿਆ ਗਿਆ। ਕੀ ਕਿਸੇ ਬਜ਼ੁਰਗ਼ ਔਰਤ ਨੂੰ ਸੇਵਾਦਾਰਾਂ ਵਲੋਂ ਕੁੱਟਣਾ ਮਾਰਨਾ ਜਾਇਜ਼ ਹੈ ਜਦ ਕਿ ਉਹ ਵਾਰ ਵਾਰ ਮੁਆਫ਼ੀਆਂ ਮੰਗ ਰਹੀ ਸੀ ਤੇ ਅਣਜਾਣੇ ‘ਚ ਹੋਈ ਗ਼ਲਤੀ ਦਾ ਅਹਿਸਾਸ ਕਰ ਰਹੀ ਸੀ? ਕੀ ਪ੍ਰਬੰਧਕਾਂ ਨੂੰ ਇਸ ਗੱਲ ਵਲ ਨਹੀਂ ਧਿਆਨ ਦੇਣਾ ਚਾਹੀਦਾ ਕਿ ਜੇ ਸ਼ਰਧਾਲੂਆਂ ਵਲੋਂ ਇਹੋ ਜਿਹੀਆਂ ਕੁਤਾਹੀਆਂ ਹੋ ਜਾਂਦੀਆਂ ਹਨ ਤਾਂ ਕਿਤੇ ਪ੍ਰਬੰਧ ਵਿਚ ਕੋਈ ਊਣਤਾਈ ਤਾਂ ਨਹੀਂ? ਸਮੁੱਚੇ ਮੀਡੀਏ ਵਿਚ ਇਸ ਵੇਲੇ ਦਰਬਾਰ ਸਾਹਿਬ ਦੇ ਮੈਨੇਜਰਾਂ ਦੀ ਕਾਰਜ ਕੁਸ਼ਲਤਾ ‘ਤੇ ਕਿੰਤੂ ਪ੍ਰੰਤੂ ਹੋ ਰਹੇ ਹਨ। ਖ਼ਬਰ ਹੈ ਕਿ ਸੱਤ ਕਰਮਚਾਰੀ ਮੁਅੱਤਲ ਕੀਤੇ ਗਏ ਹਨ ਤੇ ਤਿੰਨਾਂ ਦੀ ਬਦਲੀ ਕਰ ਦਿਤੀ ਗਈ ਹੈ। ਕੀ ਇਤਨੇ ਨਾਲ ਮਸਲਾ ਹੱਲ ਹੋ ਜਾਵੇਗਾ? ਕੱਲ੍ਹ ਕੈਨੇਡਾ ਦੇ ਇਕ ਟੀ.ਵੀ.ਸਟੇਸ਼ਨ  ‘ਤੇ ਪੰਜਾਬ ਦੇ ਇਕ ਬੜੇ ਉੱਘੇ ਪੱਤਰਕਾਰ ਅਤੇ ਯੂ.ਕੇ. ਦੇ ਇਕ ਰੇਡੀਉ ‘ਤੇ ਸ਼੍ਰੋਮਣੀ ਕਮੇਟੀ ਤੋਂ ਸੇਵਾ-ਮੁਕਤ ਇਕ ਸੱਜਣ, ਦੋਵੇਂ ਹੀ ਕਹਿ ਰਹੇ ਸਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਭਾਈ ਭਤੀਜਾਵਾਦ ਏਨਾ ਘਰ ਕਰ ਗਿਆ ਹੈ ਕਿ ਅਯੋਗ ਵਿਅਕਤੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵਾਲੇ ਅਹੁਦੇ ਦੇ ਦਿੱਤੇ ਜਾਂਦੇ ਹਨ। ਨਾਲਾਇਕ ਪ੍ਰਬੰਧ ਹੇਠ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਜੋ ਘਾਲ਼ੇ-ਮਾਲ਼ੇ ਕੀਤੇ ਗਏ ਉਸ ਬਾਰੇ ਸਮੁੱਚਾ ਸਿੱਖ ਜਗਤ ਜਾਣਦਾ ਹੈ। ਕੇਂਦਰ ਸਰਕਾਰ ਵਲੋਂ ਵਾਪਸ ਕੀਤੇ ਧਾਰਮਕ ਗ੍ਰੰਥ ਤੇ ਦਸਤਾਵੇਜ਼ਾਂ ਬਾਰੇ ਸਿੱਖ ਕੌਮ ਨੂੰ ਅਜੇ ਤੱਕ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿੱਥੇ ਹਨ? ਹਰੇਕ ਕੰਮ ਲਈ ਕਮੇਟੀ (ਕੰਮ ‘ਤੇ ਮਿੱਟੀ) ਬਣਾ ਕੇ ਮਾਮਲੇ ਨੂੰ ਦੱਬਿਆ ਜਾ ਰਿਹਾ ਹੈ।

ਬਰਛਿਆਂ ਵਾਲੇ ਜਿਹੜੇ ਸੇਵਾਦਾਰ ਪਰਕਰਮਾ ਵਿਚ ਸੇਵਾ ‘ਤੇ ਲਾਏ ਜਾਂਦੇ ਹਨ ਉਹਨਾਂ ਵਿਚੋਂ ਬਹੁਤਿਆਂ ਦਾ ਵਤੀਰਾ ਸੰਗਤਾਂ ਨਾਲ਼ ਬਹੁਤ ਖਰ੍ਹਵਾ ਹੁੰਦਾ ਹੈ। ਸੰਗਤਾਂ ਨਾਲ ਪੇਸ਼ ਆਉਣ ਦੀ ਸ਼ਾਇਦ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਿਖਲਾਈ ਨਹੀਂ ਦਿਤੀ ਜਾਂਦੀ। ਅਕਸਰ ਹੀ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰ ਕੇ ਆਉਣ ਵਾਲੇ ਸ਼ਰਧਾਲੂ ਇਹਨਾਂ ਊਣਤਾਈਆਂ ਦਾ ਜ਼ਿਕਰ ਕਰਦੇ ਹਨ। ਇਥੋਂ ਤੱਕ ਕਿ ਸਿਰੋਪਾ ਦੇਣ ਵਿਚ ਵੀ ਭੇਦ-ਭਾਵ ਕੀਤਾ ਜਾਂਦਾ ਹੈ। ਕਈ ਸੱਜਣਾਂ ਨੇ ਦਾਸ ਨਾਲ਼ ਆਪਣੇ ਤਜਰਬੇ ਸਾਂਝੇ ਕੀਤੇ ਹਨ। ਮੇਰੇ ਆਪਣੇ ਨਾਲ ਵੀ ਹੋਈਆਂ ਦੋ ਘਟਨਾਵਾਂ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ। 1995 ਵਿਚ ਸਾਡਾ ਸਾਰਾ ਪਰਵਾਰ ਪੰਜਾਬ ਨੂੰ ਗਿਆ। ਸਾਡੀ ਵਾਪਸੀ ਦੀ ਫਲਾਈਟ ਰਾਤ ਨੂੰ ਦੋ ਵਜੇ ਸੀ। ਅਸੀਂ ਕਾਫੀ ਅਗਾਊਂ ਹੀ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਤਾਂ ਕਿ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ। ਰਾਮਗੜ੍ਹੀਆ ਬੁੰਗੇ ਦੀ ਮੁਰੰਮਤ ਹੋ ਰਹੀ ਸੀ ਤੇ ਉਸ ਦੇ ਪਰਕਰਮਾ ਵਲ ਦੇ ਪਾਸੇ ਬਾਂਸ ਦੀਆਂ ਪੈੜਾਂ (ਸਕੈਫੋਲਡਿੰਗ) ਲੱਗੀਆਂ ਹੋਈਆਂ ਸਨ। ਮੈਂ ਇਕ ਬਰਛੇ ਵਾਲੇ ਸੇਵਾਦਾਰ ਨੂੰ ਪੁੱਛ ਬੈਠਾ ਕਿ ਰਾਮਗੜ੍ਹੀਆ ਬੁੰਗੇ ਨੂੰ ਰਾਹ ਕਿੱਧਰੋਂ ਦੀ ਜਾਂਦਾ ਹੈ ਤਾਂ ਉਹ ਮੈਨੂੰ ਟੁੱਟ ਕੇ ਪਿਆ ਤੇ ਬੋਲਿਆ,” ਉੱਥੇ ਤੇਰਾ ਕੀ ਰੱਖਿਆ ਹੋਇਐ? ਏਧਰ ਜਾਹ ਤਾਂ ਗੁਰੂ ਰਾਮ ਦਾਸ ਦੇ ਦਰਬਾਰ ‘ਚ।” ਉਹ ਮੂੰਹ ਵਿਚ ਹੋਰ ਵੀ ਕਈ ਕੁਝ ਬੋਲਿਆ। ਮੈਨੂੰ ਉਸ ਤੋਂ ਇਹ ਆਸ ਨਹੀਂ ਸੀ, ਮੈਂ ਤਾਂ ਬੜੀ ਨਿਮਰਤਾ ਨਾਲ ਭਾਈ ਸਾਹਿਬ ਜੀ ਕਹਿ ਕੇ ਉਸ ਨੂੰ ਬੁਲਾਇਆ ਸੀ। ਪਹਿਲਾਂ ਮੇਰਾ ਜੀਅ ਕੀਤਾ ਕਿ ਇਸ ਨੂੰ ਦੱਸਾਂ ਕਿ ਰਾਮਗੜ੍ਹੀਆ ਬੁੰਗੇ ਦਾ ਕੀ ਇਤਿਹਾਸ ਹੈ ਤੇ ਦੱਸਾਂ ਕਿ ਉੱਥੇ ਉਹ ਚੀਜ਼ ਪਈ ਹੈ ਜੋ ਸਦੀਆਂ ਤੀਕਰ ਖ਼ਾਲਸਾ ਸਰਦਾਰਾਂ ਵਲੋਂ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਦੀ ਕਹਾਣੀ ਸੁਣਾਉਂਦੀ ਰਹੇਗੀ (ਯਾਦ ਰਹੇ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਿੱਲੀਉਂ ਮੁਗ਼ਲ ਸਲਤਨਤ ਦੀ ਉਹ ਸਿਲ ਪੁੱਟ ਕੇ ਲੈ ਆਇਆ ਸੀ ਜਿਸ ਉੱਪਰ ਮੁਗ਼ਲ ਘਰਾਣੇ ਰਾਜ ਤਿਲਕ ਦਿਆ ਕਰਦੇ ਸਨ) ਮੈਂ ਸੋਚਿਆ ਮਨਾਂ ਜੇ ਇਸ ਬੰਦੇ ਨੂੰ ਕੋਈ ਗਿਆਨ ਹੁੰਦਾ ਤਾਂ ਇਹ ਇੰਜ ਨਾ ਕਹਿੰਦਾ ਕਿ ਉੱਥੇ  ਕੀ ਰੱਖਿਆਂ ਹੋਇਆ ਹੈ। ਮੈਨੂੰ ਬਾਬਾ ਜੀ ਦਾ ਉਪਦੇਸ਼ ਯਾਦ ਆਇਆ “ ਮੂਰਖੈ ਨਾਲ ਨ ਲੁਝੀਏ ਪੜਿ ਅਖਰ ਏਹੋ ਬੁਝੀਐ” ਤੇ ਮੈਂ ਚੁੱਪ ਹੀ ਰਿਹਾ, ਵੈਸੇ ਵੀ ਇਕ ਵਾਰੀ ਇਕ ਸੱਜਣ ਨੇ ਮੈਨੂੰ ਦੱਸਿਆ ਸੀ ਕਿਸੇ ਐਹੋ ਜਿਹੇ ਸਮੇਂ ਤੇ ਬਰਛਿਆਂ ਵਾਲੇ ਕਈ ਸੇਵਾਦਾਰ ਇਕੱਠੇ ਹੋ ਜਾਂਦੇ ਹਨ ਤੇ ਸਵਾਲ ਕਰਨ ਵਾਲੇ ਸ਼ਰਧਾਲੂ ਨੂੰ ਡਰਾਉਂਦੇ, ਧਮਕਾਉਂਦੇ ਹਨ। ਪਿਛਲੇ ਸਾਲ ਸਮੁੱਚੇ ਸੰਸਾਰ ਨੇ ਮੀਡੀਆ ਰਾਹੀਂ ਦੇਖਿਆ ਹੀ ਸੀ ਕਿ ਕਿਵੇਂ ਇਹਨਾਂ ਦੀ ਟਾਸਕ ਫੋਰਸ ਨੇ ਸ਼ਾਂਤਮਈ ਸੰਘਰਸ਼ ਕਰਦੇ ਸਿੱਖਾਂ ਨੂੰ ਡਾਂਗਾਂ, ਕਿਰਪਾਨਾਂ ਨਾਲ ਕੁੱਟਿਆ, ਵੱਢਿਆ ਸੀ ਤੇ ਸਿਤਮ ਇਹ ਕਿ ਪਰਚੇ ਵੀ ਕੁੱਟ ਖਾਣ ਵਾਲਿਆਂ ‘ਤੇ ਹੀ ਹੋਏ। ਮਾਮਲਾ ਜੇ ਪੁਲਸ ਕੋਲ ਚਲਾ ਜਾਵੇ ਤਾਂ ਪੁਲਸ ਵੀ ਇਹਨਾਂ ਦੀ ਹੀ ਗੱਲ ਸੁਣਦੀ ਹੈ।

ਦੂਜੀ ਘਟਨਾ ਹੈ ਕਿ ਕੁਝ ਸਾਲ ਹੋਏ ਮੈਂ ਆਪਣੀ ਪਿੱਠ-ਦਰਦ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਭਰਤੀ ਹੋਇਆ। ਦੋ ਹਫ਼ਤਿਆਂ ਦੇ ਇਲਾਜ ਬਾਅਦ ਦਰਦ ਨੂੰ ਭਾਵੇਂ ਕੁਝ ਆਰਾਮ ਸੀ ਪਰ ਬਹੁਤੀ ਦੇਰ ਖੜ੍ਹੇ ਹੋਣ ਵਿਚ ਮੈਨੂੰ ਬਹੁਤ ਤਕਲੀਫ਼ ਹੁੰਦੀ ਸੀ। ਮੈਂ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿਚ ਹਾਜ਼ਰੀ ਜ਼ਰੂਰ ਲਗਵਾਉਣੀ ਚਾਹੁੰਦਾ ਸਾਂ। ਮੱਥਾ ਟੇਕਣ ਵਾਲਿਆਂ ਦੀ ਬਹੁਤ ਲੰਬੀ ਕਤਾਰ ਸੀ, ਮੈਂ ਏਨੀ ਦੇਰ ਕਤਾਰ ‘ਚ ਖੜ੍ਹਾ ਨਹੀਂ ਸਾਂ ਹੋ ਸਕਦਾ। ਮੈਂ ਲਾਚੀ ਬੇਰ ਦੇ ਕੋਲ ਖੜ੍ਹੇ ਇਕ ਬਰਛੇ ਵਾਲੇ ਸੇਵਾਦਾਰ ਨੂੰ ਆਪਣੀ ਤਕਲੀਫ਼ ਦੱਸੀ ਤੇ ਇਹ ਵੀ ਦੱਸਿਆ ਮੈਂ ਇੰਗਲੈਂਡ ਤੋਂ ਆਇਆ ਹੋਇਆ ਹਾਂ ਤੇ ਸਬੱਬ ਨਾਲ ਹੀ ਸਾਡਾ ਆਉਣ ਬਣਦਾ ਹੈ ਸੋ ਕਿਰਪਾ ਕਰ ਕੇ ਜੇ ਉਹ ਮੈਨੂੰ ਇਸ ਛੋਟੇ ਰਸਤੇ ਰਾਹੀਂ ਮੱਥਾ ਟੇਕਣ ਲਈ ਜਾ ਲੈਣ ਦੇਵੇ ਤਾਂ ਉਸ ਦੀ ਬੜੀ ਮਿਹਰਬਾਨੀ ਹੋਵੇਗੀ। ਉਹ ਵੀ ਮੈਨੂੰ ਉਲਟਾ ਹੀ ਬੋਲਿਆ ਤੇ ਕਹਿਣ ਲੱਗਾ, “ ਜੇ ਤੂੰ ਇੰਗਲੈਂਡ ਤੋਂ ਆਂ ਸਕਦੈਂ ਤਾਂ ਲਾਈਨ ‘ਚ ਨਹੀ ਖੜ੍ਹਾ ਹੋ ਸਕਦਾ,” ਉਸ ਨੇ ਮੇਰੀ ਬਿਮਾਰੀ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਕਿਸੇ ਤਾਨਾਸ਼ਾਹ ਵਾਂਗ ਪੇਸ਼ ਆਇਆ ਮੇਰੇ ਨਾਲ਼।

ਖੈਰ, ਮੈਂ ਥੋੜ੍ਹੀ ਦੂਰ ਜਾ ਕੇ ਬੈਠ ਗਿਆ ਤੇ ਦੇਖਿਆ ਕਿ ਉਹ ਆਪਣੇ ਚਹੇਤਿਆਂ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ ਤੇ ਉਹਨਾਂ ਨੂੰ ਛੋਟੇ ਰਸਤੇ ਵਿਚੀਂ ਲੰਘਾਈ ਜਾਂਦਾ ਸੀ। ਜੀਅ ਤਾਂ ਕੀਤਾ ਕਿ ਉਸ ਨੂੰ ਪੁੱਛਾਂ ਪਰ ਫੇਰ ਕੁਝ ਸੋਚ ਕੇ ਮੈਂ ਚੁੱਪ ਹੀ ਰਿਹਾ।

ਇਹਨਾਂ ਤਰੁਟੀਆਂ ਵਿਚ ਸੁਧਾਰ ਉਤਨਾ ਚਿਰ ਨਹੀਂ ਹੋ ਸਕਦਾ ਜਿਤਨਾ ਚਿਰ ਪਾਰਦਰਸ਼ੀ ਢੰਗ ਨਾਲ ਪ੍ਰਬੰਧ ਵਿਚ ਨਿਯੁਕਤੀਆਂ ਨਹੀਂ ਹੁੰਦੀਆਂ ਤੇ ਜਿਹਨਾਂ ਕਰਮਚਾਰੀਆਂ ਦਾ ਸੰਗਤਾਂ ਨਾਲ ਵਾਹ ਪੈਂਦਾ ਹੈ ਉਹਨਾਂ ਨੂੰ ਬਾਕਾਇਦਾ ਚੰਗੇਰੇ ਵਤੀਰੇ ਦੀ ਸਿਖਲਾਈ ਨਹੀਂ ਦਿਤੀ ਜਾਂਦੀ। ਆਸਾਮੀਆਂ ‘ਤੇ ਉਹੀ ਉਮੀਦਵਾਰ ਚੁਣੇ ਜਾਣ ਜੋ ਉਸ ਆਸਾਮੀ ਦੇ ਕਾਬਲ ਹੋਣ।

ਇਥੇ ਮੈਨੂੰ ਇਕ ਪੁਰਾਤਨ ਕਹਾਣੀ ਯਾਦ ਆ ਗਈ ਕਿ ਇਕ ਰਾਜੇ ਨੇ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਸੀ। ਰਾਣੀ ਰਾਜੇ ‘ਤੇ ਬੜਾ ਜ਼ੋਰ ਪਾਵੇ ਕਿ ਉਸ ਦਾ ਭਰਾ ਬੜਾ ਪੜ੍ਹਿਆ ਲਿਖਿਆ ਹੈ ਉਸ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿਤਾ ਜਾਵੇ। ਇਕ ਉਮੀਦਵਾਰ ਹੋਰ ਵੀ ਸੀ। ਰਾਜਾ ਸਿਆਣਾ ਸੀ, ਉਸ ਨੇ ਇਕ ਦਿਨ ਪਰਖ ਲਈ (ਜਿਸ ਨੂੰ ਅੱਜ ਅਸੀਂ ਇੰਟਰਵੀਊ ਕਹਿੰਦੇ ਹਾਂ) ਦੋਵਾਂ ਨੂੰ ਬੁਲਾ ਲਿਆ। ਮਹਿਲ ਦੀ ਬੜੀ ਉੱਚੀ ਅਟਾਰੀ ‘ਤੇ ਰਾਜਾ, ਰਾਣੀ ਤੇ ਕੁਝ ਹੋਰ ਅਹਿਲਕਾਰ ਬੈਠੇ ਸਨ। ਰਸਮੀ ਸਵਾਲ ਜਵਾਬ ਤੋਂ ਬਾਅਦ ਰਾਜੇ ਨੇ ਦੇਖਿਆ ਕਿ ਮਹਿਲਾਂ ਦੇ ਨਾਲ ਦੀ ਲੰਘਦੀ ਸੜਕ ਉੱਪਰ ਊਠਾਂ ਦਾ ਕਾਫ਼ਿਲਾ ਲੰਘ ਰਿਹਾ ਸੀ। ਰਾਜੇ ਨੇ ਰਾਣੀ ਦੇ ਭਰਾ ਨੂੰ ਕਿਹਾ ਕਿ ਉਹ ਪਤਾ ਕਰ ਕੇ ਆਵੇ ਕਿ ਊਠਾਂ ਵਾਲਿਆਂ ਨੇ ਊਠਾਂ ਉੱਪਰ ਕੀ ਲੱਦਿਆ ਹੋਇਆ ਹੈ। ਉਹ ਜਲਦੀ ਹੀ ਮੁੜ ਆਇਆ ਤੇ ਆ ਕੇ ਦੱਸਿਆ ਕਿ ਊਠਾਂ ਉੱਪਰ  ਗੁੜ ਲੱਦਿਆ ਹੋਇਆ ਹੈ। ਫੇਰ ਰਾਜੇ ਨੇ ਦੂਜੇ ਉਮੀਦਵਾਰ ਨੂੰ ਕਿਹਾ ਕਿ ਉਹ ਵੀ ਪਤਾ ਕਰ ਕੇ ਆਵੇ। ਉਹ ਥੋੜ੍ਹੀ ਦੇਰ ਲਗਾ ਕੇ ਆਇਆ ਤੇ ਕਹਿਣ ਲੱਗਾ, “ ਹਾਂ ਜੀ ਬਿਲਕੁਲ ਠੀਕ, ਊਠਾਂ ਉੱਪਰ ਗੁੜ ਹੀ ਹੈ। ਪੰਦਰਾਂ ਊਠ ਹਨ, ਹਰੇਕ ਊਠ ਉੱਪਰ ਦੋ ਮਣ ਗੁੜ ਹੈ। ਮੈਂ ਉਹਨਾਂ ਦੇ ਕਾਗਜ਼- ਪੱਤਰ ਦੇਖੇ ਹਨ, ਉਹ ਸਾਡੇ ਰਾਜ ਦਾ ਟੈਕਸ ਤਾਰ ਕੇ ਆਏ ਹਨ। ਗੁੜ ਇਸ ਭਾਅ ਖ਼ਰੀਦ ਕੇ ਲਿਆਏ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਭਾਅ ਮੰਡੀ ਵਿਚ ਵਿਕੇਗਾ । ਅਗਲੇ ਹਫ਼ਤੇ ਉਹ ਫਿਰ ਇਸੇ ਰਸਤੇ ਲੰਘਣਗੇ ਤੇ ਵਾਪਸੀ ‘ਤੇ ਉਹ ਅਨਾਜ ਲੈ ਕੇ  ਆਉਣਗੇ । “ਰਾਜਾ ਰਾਣੀ ਨੂੰ ਕਹਿੰਦਾ ਕਿ ਉਹ ਹੁਣ ਆਪ ਹੀ ਦੱਸ ਦੇਵੇ ਕਿ ਦੋਨਾਂ ਵਿਚੋਂ ਕਿਸ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ

ਸ਼੍ਰੋਮਣੀ ਕਮੇਟੀ ਦਾ ਬਹੁਤ ਮਾਣ-ਮੱਤਾ ਇਤਿਹਾਸ ਹੈ। ਇਸ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਦੂਜੀਆਂ ਕੌਮਾਂ ਵਿਚ ਸਾਡਾ ਚੰਗਾ ਅਕਸ ਨਹੀਂ ਬਣੇਗਾ। ਪੁਰਾਣੇ ਜ਼ਮਾਨਿਆਂ ਵਿਚ ਤਾਂ ਗੱਲ ਦੱਬੀ ਘੁੱਟੀ ਰਹਿ ਜਾਂਦੀ ਸੀ ਪਰ ਅੱਜ ਤਾਂ ਸੋਸ਼ਲ ਮੀਡੀਆ ਚੁਰਾਹੇ ‘ਚ ਸਭ ਕੁਝ ਨਸ਼ਰ ਕਰ ਦਿੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਹਿਤ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ‘ਚੋਂ ਵੱਖੋ ਵੱਖਰੇ ਸਭਿਆਚਾਰਾਂ ਤੇ ਵੱਖਰੀਆਂ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ਦੀ ਗਿਣਤੀ ਬਹੁਤ ਵਧੀ ਹੈ। ਉਹਨਾਂ ਵਾਸਤੇ ਮੁਢਲੀ ਜਾਣਕਾਰੀ ਮੁਹੱਈਆ ਕਰਵਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਹੈ। ਗੁਰਦੁਆਰਾ ਸਾਹਿਬ ਦੀ ਯਾਤਰਾ ਲਈ ਮੁੱਖ ਸੂਚਨਾਵਾਂ ਬਾਰੇ ਪੰਜਾਬੀ,ਅੰਗਰੇਜ਼ੀ, ਹਿੰਦੀ ਅਤੇ ਹੋਰ ਲੋੜੀਂਦੀਆਂ ਭਾਸ਼ਾਵਾਂ ਵਿਚ ਵੱਡੇ ਵੱਡੇ ਬੋਰਡ ਪ੍ਰਵੇਸ਼-ਦੁਆਰਾਂ, ਜੋੜਾ-ਘਰਾਂ ਪਾਸ, ਤੇ ਆਲ਼ੇ-ਦੁਆਲੇ ਲਗਵਾਏ ਜਾਣ। ਸਰਾਵਾਂ ਦੇ ਕਮਰਿਆਂ ਵਿਚ ਵੀ ਲੋੜੀਂਦੀ ਜਾਣਕਾਰੀ ਲਿਖ ਕੇ ਲਗਾਉਣੀ ਚਾਹੀਦੀ ਹੈ। ਗਲਿਆਰੇ ਵਿਚ ਜਿਹੜੀਆਂ ਸਕਰੀਨਾਂ ‘ਤੇ ਮਸ਼ਹੂਰੀਆਂ ਕੀਤੀਆਂ ਜਾਂਦੀਆਂ ਹਨ, ਉੱਥੋਂ ਵੀ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ। ਪ੍ਰਵੇਸ਼- ਦੁਆਰਾਂ ਉੱਪਰ ਖੜ੍ਹੇ ਸੇਵਾਦਾਰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਚੰਗੇ ਜਾਣਕਾਰ ਹੋਣੇ ਚਾਹੀਦੇ ਹਨ। ਸਾਰਾ ਉੱਤਰੀ ਭਾਰਤ ਹਿੰਦੀ ਸਮਝਦਾ ਹੈ। ਦੱਖਣ ਭਾਰਤ ਦੇ ਲੋਕ ਅੰਗਰੇਜ਼ੀ ਤੋਂ ਭਲੀਭਾਂਤ ਜਾਣੂੰ ਹਨ। ਬਹੁਤੇ ਵਿਦੇਸ਼ੀ ਯਾਤਰੂ ਅੰਗਰੇਜ਼ੀ ਸਮਝਦੇ ਹਨ। ਇਸ ਤਰ੍ਹਾਂ ਕਰਨ ਨਾਲ਼ ਮਸਲਾ ਕਾਫੀ ਹੱਦ ਤੱਕ ਹੱਲ ਹੋ ਸਕਦਾ ਹੈ।

ਸੂਚਨਾਵਾਂ ਵਿਚ ਕੀ ਲਿਖਿਆ ਜਾਣਾ ਚਾਹੀਦਾ ਹੈ ਤੇ ਸ਼ਬਦ-ਜੋੜਾਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ। ਮੈਨੂੰ ਇੰਜ ਜਾਪਦਾ ਹੈ ਕਿ ਪੰਜਾਬ ਵਿਚ ਸੂਚਨਾ ਬੋਰਡ ਲਿਖਣ ਦਾ ਕੰਮ ਵੀ ਗ਼ੈਰ-ਪੰਜਾਬੀ ਪੇਂਟਰ ਹੀ ਹੁਣ ਕਰਦੇ ਹਨ ਕਿਉਂਕਿ ਪੰਜਾਬੀ ਵਿਚ ਲਿਖੇ ਸ਼ਬਦਾਂ ਵਿਚ ਬੇਅੰਤ ਗ਼ਲਤੀਆਂ ਹੁੰਦੀਆਂ ਹਨ। ਇਹ ਤੁਸੀਂ ਪੰਜਾਬ ਵਿਚ ਥਾਂ ਥਾਂ ‘ਤੇ ਲੱਗੇ ਬੋਰਡਾਂ ਤੋਂ ਦੇਖ ਸਕਦੇ ਹੋ। ਜੇ ਹੋਰ ਗਵਾਹੀ ਚਾਹੀਦੀ ਹੋਵੇ ਤਾਂ ਪਿੰਡਾਂ ਦੀਆਂ ਸੜਕਾਂ ‘ਤੇ ਲਿਖੇ ਹੋਏ ਪਿੰਡਾਂ ਦੇ ਨਾਮ ਦੇਖੇ ਜਾ ਸਕਦੇ ਹਨ।

 ਇਹ ਮੈਂ ਇਸ ਕਰ ਕੇ ਲਿਖ ਰਿਹਾ ਹਾਂ ਕਿ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਅਜੇ ਪੁਰਾਣਾ ਜੋੜਾ-ਘਰ ਹੁੰਦਾ ਸੀ ਤਾਂ ਉੱਥੇ ਹਿੰਦੀ ਵਿਚ ਕੁਝ ਸੂਚਨਾਵਾਂ ਲਿਖੀਆਂ ਹੁੰਦੀਆਂ ਸਨ। ਇਕ ਵਿਚ ਲਿਖਿਆ ਹੋਇਆ ਸੀ, “ ਮੰਦਰ ਮੇਂ ਜਾਨੇ ਕੇ ਲੀਏ” ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ‘ਮੰਦਰ’ ਸ਼ਬਦ ਕਿਸ ਨੇ ਲਿਖਵਾਇਆ ਜਾਂ ਲਿਖਿਆ ਪਰ ਇਸ ਦਾ ਸੁਨੇਹਾ ਜ਼ਰੂਰ ਗ਼ਲਤ ਜਾਂਦਾ ਸੀ, ਪਰ ਜ਼ਿੰਮੇਵਾਰੀ ਤਾਂ ਫੇਰ ਵੀ ਪ੍ਰਬੰਧਕ ਕਮੇਟੀ ਦੀ ਹੀ ਬਣਦੀ ਹੈ। ਦਾਸ ਨੇ ਉਸ ਦੀ ਫੋਟੋ ਵੀ ਖਿੱਚੀ ਸੀ,(ਸ਼ਾਇਦ ਮੇਰੇ ਰਿਕਾਰਡ ਵਿਚ ਅਜੇ ਵੀ ਹੋਵੇ) ਤੇ ਜਦੋਂ ਇਕ ਸੇਵਾਦਾਰ ਨਾਲ ਇਸ ਦਾ ਜ਼ਿਕਰ ਕੀਤਾ ਤਾਂ ਉਸ ਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ “ ਭਾਈ444444ੲ44ੲ3ੲੲਡ ਸਾਹਿਬ ਰਾਈ ਦਾ ਪਹਾੜ ਨਾ ਬਣਾਇਆ ਕਰੋ,” ਤੇ ਉਹ ਮੈਨੂੰ ਘੂਰਦਾ ਹੋਇਆ ਇਕ ਪਾਸੇ ਨੂੰ ਚਲਿਆ ਗਿਆ।   
            ======

ਹੋਲਾ ਮਹੱਲਾ - ਨਿਰਮਲ ਸਿੰਘ ਕੰਧਾਲਵੀ

ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ,
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ।

ਸਰਰ ਸਰਰ ਤੇਗ਼ ਚੱਲੇ, ਕਮਾਨਾਂ ਵਿਚੋਂ ਤੀਰ ਚੱਲੇ,
ਸਿਖਾਉਂਦਾ ਪੈਂਤੜੇ ਗੋਬਿੰਦ, ਮਾਰ ਮਾਰ ਹੱਲੇ ਹੱਲੇ,
ਸਭਸ ਦੁਮਾਲੇ ਸਿਰੀਂ, ਗਲ਼ੀਂ ਨੀਲਾ ਪੀਲ਼ਾ ਚੋਲਾ ਏ।
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ।

ਆਉ ਨਿੱਤਰੋ ਭੁਜੰਗ, ਜੀਹਨੇ ਕਰਨੀਂ ਏਂ ਜੰਗ,
ਜੀਹਨੇ ਸਿੱਖਣੇ  ਚਲਾਉਣੇ, ਤੀਰ  ਤੇ ਤੁਫੰਗ,
ਫ਼ਤਹ ਦੇ ਜੈਕਾਰੇ, ਸਾਡਾ ਮਾਹੀਆ ਅਤੇ ਢੋਲਾ ਏ।
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ।

ਨਗਾਰੇ ਡੰਮ ਡੰਮ ਬਾਜਂੇ, ਜੈਕਾਰੇ ਗਜ ਗਜ ਗਾਜਂੇ,
ਹਾਥੀ ਮਾਰਤੇ ਚਿੰਘਾੜੇਂ, ਘੋੜੇ ਸਰਪੱਟ ਭਾਜੇਂ,
ਦਿਲ ਵੈਰੀਉਂ ਕਾ ਅਬ, ਪਾਰੇ ਵਾਂਗ ਡੋਲਾ ਹੈ।
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ।
 
ਘੋੜਾ ਕਿਵੇਂ ਹੈ ਭਜਾਉਣਾ, ਕਿੰਜ ਹਾਥੀਆਂ ਨੂੰ ਢਾਹੁਣਾ,
ਵਾਰ ਰੋਕਣਾ ਹੈ ਕਿਵੇਂ, ਤੇ ਕਿੰਜ ਖੰਡੇ ਨੂੰ ਹੈ ਵਾਹੁਣਾ,
ਜੰਗ ਜਿੱਤਦਾ ਹੈ ਉਹੀਓ,ਜਿਹੜਾ ਵਗ ਜਾਂਦਾ ਛੁਹਲ਼ਾ ਏ।
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ।

ਵੈਰੀ ਚੁਣ ਚੁਣ ਮਾਰੇਂ, ਸਭੇ ਦੁਸ਼ਟਨ ਸੰਘਾਰੇਂ,
ਰੱਬ ਕੇ ਪਿਆਰੇ ਜੋ, ਉਨ੍ਹੇ ਸਦਾ ਹੀ ਉਬਾਰੇਂ,
ਇਹੋ ਸਾਡੀ ਖੇਡ, ਅਤੇ ਇਹੋ ਹੀ ਕਲੋਲਾ ਏ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ।

ਜੱਟ ਬੂਟ ਝਿਊਰ ਨਾਈ, ਸੋਢੀ ਬੇਦੀ ਤੇ ਕਸਾਈ,
ਇਕੱਠੇ ਕਰ ਏਕ ਜਗ੍ਹਾ, ਫੌਜੇਂ ਖ਼ਾਲਸਾ ਬਣਾਈ,
ਪੈਰੋਂ ਤਲੇ ਖ਼ਾਲਸੇ ਨੇ, ਜਾਤ ਅਭਿਮਾਨ ਸਾਰਾ ਰੋਲਾ ਹੈ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ।

ਜੀਹਨੇ ਆਨੰਦਪੁਰ ਆਉਣੈ, ਸੀਸ ਤਲੀ 'ਤੇ ਟਿਕਾਵੇ,
ਕੱਲਾ ਲੱਖਾਂ ਨਾਲ਼ ਜੂਝੇ, ਮਸਤ ਹਾਥੀਆਂ ਨੂੰ ਢਾਹਵੇ,
ਨਾਨਕ ਦਾ ਦਰ ਏਥੇ,  ਕੋਈ ਰੱਖਦਾ  ਨਾ ਓਹਲਾ ਏ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ।

ਜੀਣਾ ਸ਼ਾਨ ਸੇ ਸਿਖਾਵੇ, ਸੁੱਤੀ ਅਣਖ ਜਗਾਵੇ,
ਜਾਨ ਮੁਰਦੋਂ ਮੇਂ ਪਾਵੇ, ਭੈਅ ਕੋ ਦੂਰ ਸੇ ਭਗਾਵੇ,
ਸਕੂਲ ਐਸਾ ਗੋਬਿੰਦ ਰਾਇ, ਅਨੰਦਪੁਰ ਖੋਲ੍ਹਾ ਹੈ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ।

ਰਾਜ ਜ਼ੁਲਮੀਂ ਨੂੰ ਹੋਰ ਹੁਣ, ਰਹਿਣ ਨਹੀਉਂ ਦੇਣਾ,
ਰਹਿਣ ਜ਼ਾਲਮਾਂ ਨੂੰ ਏਥੇ, ਹੁਣ ਮੂਲ਼ ਨਹੀਉਂ ਦੇਣਾ,
ਰਾਜਾ ਹੈ ਪਹਾੜੀ ਕੋਈ, ਭਾਵੇਂ ਕੋਈ  ਮੰਗੋਲਾ ਹੈ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ।

ਨਿਰਮਲ ਸਿੰਘ ਕੰਧਾਲਵੀ

ਰਿਸ਼ਤੇਦਾਰੀ - ਨਿਰਮਲ ਸਿੰਘ ਕੰਧਾਲਵੀ

ਬਚਨ ਸਿੰਘ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਈ। ਉਹਦਾ ਮੁੰਡਾ ਜੰਗਾ ਇਕੱਲਾ ਹੀ ਰੋਹੀ ਵਾਲੇ ਖੇਤ ਦੇ ਬੰਨੇ ਬਦਲੇ ਕਿਸ਼ਨ ਸਿਉਂ ਕਿਆਂ ਦੇ ਮੁੰਡਿਆਂ ਨਾਲ ਲੜ ਪਿਆ ਸੀ। ਕਿਸ਼ਨ ਸਿਉਂ ਕਿਆਂ ਨੇ ਕਈ ਸਾਲਾਂ ਤੋਂ ਬਚਨ ਸਿੰਘ ਦਾ ਥੋੜ੍ਹਾ ਜਿਹਾ ਬੰਨਾ ਦੱਬਿਆ ਹੋਇਆ ਸੀ ਪਰ ਉਸ ਨੇ ਹਊ ਪਰੇ ਕਰ ਛੱਡਿਆ ਸੀ ਹਾਲਾਂ ਕਿ ਇਹ ਗੱਲ ਜੱਟ ਸੁਭਾਅ ਦੇ ਉਲਟ ਸੀ।
ਜੰਗਾ ਮੋਛੇ ਵਰਗਾ ਜਵਾਨ ਸੀ। ਉਸ ਨੇ ਕਿਸ਼ਨ ਸਿੰਘ ਦੇ ਦੋਨੋਂ ਮੁੰਡੇ ਬਹੁਤ ਬੁਰੀ ਤਰ੍ਹਾਂ ਕੁੱਟੇ। ਵੱਡੇ ਮੁੰਡੇ, ਜਗੀਰੀ ਦੇ ਮੌਰਾਂ ‘ਚ ਗੰਡਾਸੀ ਇੰਨੇ ਜ਼ੋਰ ਨਾਲ ਮਾਰੀ ਕਿ ਉਹਦੇ ਮੋਢੇ ਦੀ ਹੱਡੀ ਨੂੰ ਚੀਰ ਗਈ।
ਜਗੀਰੀ ਦੀ, ‘ਮਾਰ ਸੁੱਟਿਆ, ਮਾਰ ਸੁੱਟਿਆ’ ਦੀ ਚੀਕ- ਪੁਕਾਰ ਸੁਣ ਕੇ ਆਲੇ ਦੁਆਲੇ ਦੇ ਖੇਤਾਂ ‘ਚ ਕੰਮ ਕਰਨ ਵਾਲੇ ਲੋਕ ਜਦ ਨੂੰ ਲੜਾਈ ਵਾਲੀ ਥਾਂ ਪਹੁੰਚੇ, ਜੰਗਾ ਉੱਥੋਂ ਹਰਨ ਹੋ ਚੁੱਕਾ ਸੀ। ਕਿਸ਼ਨ ਸਿਉਂ ਦਾ ਛੋਟਾ ਮੁੰਡਾ ਜਾਨ ਬਚਾ ਕੇ ਪਿੰਡ ਨੂੰ ਭੱਜਿਆ ਤੇ ਘਰ ਦਿਆਂ ਨੂੰ ਖ਼ਬਰ ਕੀਤੀ। ਕੁਝ ਬੰਦਿਆਂ ਨੇ ਜਗੀਰੀ ਨੂੰ ਚੁੱਕ ਕੇ ਸ਼ਹਿਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਤੇ ਕਿਸ਼ਨ ਸਿੰਘ ਆਪ ਨੰਬਰਦਾਰ ਤਾਰਾ ਸਿੰਘ ਨੂੰ ਨਾਲ ਲੈ ਕੇ ਪੁਲਿਸ ਚੌਕੀ ਰਿਪੋਰਟ ਲਿਖ਼ਾਉਣ ਚਲਾ ਗਿਆ।
                                   ਜੰਗੇ ਦਾ ਬਾਪ ਬਚਨ ਸਿੰਘ ਆਪਣੇ ਪਿਉ ਦਾ ਇਕਲੌਤਾ ਪੁੱਤ ਸੀ। ਉਹ ਆਪਣੇ ਬਾਪ ਸੰਤਾ ਸਿੰਘ ਵਾਂਗ ਬਹੁਤ ਹੀ ਭਲਾਮਾਣਸ ਸੀ। ਸਾਧੂ ਸੁਭਾਅ ਦਾ ਬੰਦਾ ਸੀ। ਜ਼ਮੀਨ ਦੀ ਢੇਰੀ ਸਾਰੇ ਪਿੰਡ ਤੋਂ ਚੰਗੀ ਤੇ ਵੱਡੀ ਸੀ।
ਬਚਨ ਸਿੰਘ ਦੇ ਵਿਆਹ ਦੇ ਸੱਤਾਂ ਸਾਲਾਂ ਬਾਅਦ ਵੀ ਉਹਦੀ ਘਰ ਵਾਲੀ ਜੀਤੋ ਨੂੰ ਬੱਚਾ ਬੱਚੀ ਨਾ ਹੋਇਆ। ਪਹਿਲਾਂ ਪਹਿਲ ਤਾਂ ਉਹਦੀ ਮਾਂ ਨੇ ਕੋਈ ਵੀ ਧਾਗੇ-ਤਵੀਤਾਂ ਵਾਲਾ, ਸਾਧ ਸੰਤ ਅਤੇ ਨੀਮ-ਹਕੀਮ ਨਾ ਛੱਡਿਆ ਪਰ ਕਿਤਿਉਂ ਵੀ ਉਸ ਦੀ ਨੂੰਹ ਦੀ ਝੋਲੀ ਨਾ ਭਰੀ। ਅਖ਼ੀਰ ਅੱਕ ਕੇ ਉਸ ਨੇ ਬਚਨ ਸਿੰਘ ‘ਤੇ ਦੂਸਰਾ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ। ਬਚਨ ਸਿੰਘ ਨੇ ਕਦੇ ਵੀ ਮਾਂ ਦੀ ਗੱਲ ਗੰਭੀਰ ਹੋ ਕੇ ਨਾ ਸੁਣੀ। ਉਹ ਸਾਰਾ ਕੁਝ ਕਿਸਮਤ ਆਸਰੇ ਛੱਡ ਕੇ ਮਾਂ ਨੂੰ ਵੀ ਸਬਰ ਕਰਨ ਲਈ ਕਹਿੰਦਾ। ਇਸੇ ਗੱਲੋਂ ਮਾਂ ਪੁੱਤ ਦਾ ਕਈ ਵਾਰੀ ਝਗੜਾ ਵੀ ਹੋ ਚੁੱਕਾ ਸੀ ਪਰ ਬਚਨ ਸਿੰਘ ਨੇ ਕਦੇ ਵੀ ਦੂਸਰਾ ਵਿਆਹ ਕਰਵਾਉਣ ਬਾਰੇ ਹਾਂ ਨਾ ਕੀਤੀ।
ਮਾਂ ਆਪਣੇ ਪੁੱਤ ਦੇ ਘਰ ਉਲਾਦ ਦੀ ਸੱਧਰ ਲੈ ਕੇ ਇਸ ਦੁਨੀਆਂ ਤੋਂ ਕੂਚ ਕਰ ਗਈ।
ਬੱਸ ਇਹ ਇਕ ਚਮਤਕਾਰ ਹੀ ਸਮਝੋ ਕਿ ਦਸਾਂ ਸਾਲਾਂ ਬਾਅਦ ਬਚਨ ਸਿੰਘ ਦੀ ਘਰ ਵਾਲੀ ਜੀਤੋ ਨੂੰ ਉਮੀਦਵਾਰੀ ਹੋ ਗਈ। ਬਚਨ ਸਿੰਘ ਨੂੰ ਯਕੀਨ ਨਾ ਆਵੇ। ਸ਼ਹਿਰ ਦੇ ਮਸ਼ਹੂਰ ਡਾਕਟਰ ਤੋਂ ਚੈੱਕ-ਅੱਪ ਕਰਵਾ ਕੇ ਹੀ ਉਹਨੇ ਯਕੀਨ ਕੀਤਾ। ਜਦੋਂ ਜੀਤੋ ਨੇ ਲੜਕੇ ਨੂੰ ਜਨਮ ਦਿੱਤਾ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ। ਦਾਈ ਨੇ ਹੱਸਦੀ ਹੱਸਦੀ ਨੇ ਕਹਿ ਦਿੱਤਾ ਕਿ ਲੜਕਾ ਜੰਗ ਦੇ ਦਿਨਾਂ ‘ਚ ਪੈਦਾ ਹੋਇਆ ਸੀ ਸੋ ਉਹਦਾ ਨਾਮ ਜੰਗ ਸਿੰਘ ਹੀ ਰੱਖ ਦਿੱਤਾ ਜਾਵੇ। ?ਕਿਸੇ ਨੇ ਉਜ਼ਰਦਾਰੀ ਨਾ ਕੀਤੀ ਤੇ ਮੁੰਡੇ ਦਾ ਨਾਮ ਜੰਗਾ ਸਿੰਘ ਰੱਖ ਦਿੱਤਾ ਗਿਆ।
ਜਿਵੇਂ ਚਿਰਾਂ ਬਾਅਦ ਲੱਭੀ ਚੀਜ਼ ਨੂੰ ਵਿਅਕਤੀ ਸੰਭਾਲ ਸੰਭਾਲ ਕੇ ਰੱਖਦਾ ਹੈ ਇਸੇ ਤਰ੍ਹਾਂ ਹੀ ਜੀਤੋ ਜੰਗੇ ਨੂੰ ਤੱਤੀ ਵਾਅ ਨਾ ਲੱਗਣ ਦਿੰਦੀ।ਘਰ ਵਿਚ ਕਿਸੇ ਚੀਜ਼ ਦੀ ਤੰਗੀ ਨਹੀਂ ਸੀ।ਉਹਦੀ ਹਰ ਜਾਇਜ਼ ਨਾਜਾਇਜ਼ ਫ਼ਰਮਾਇਸ਼ ਪੂਰੀ ਕੀਤੀ ਜਾਂਦੀ।ਮਾਂ ਦੇ ਲਾਡ ਪਿਆਰ ਨੇ ਉਹਨੂੰ ਬਹੁਤ ਵਿਗਾੜ ਦਿੱਤਾ ਸੀ।ਸਕੂਲ ਵਿਚ ਉਹ ਕੋਈ ਨਾ ਕੋਈ ਸਿਆਪਾ ਪਾਈ ਰੱਖਦਾ।ਨਿਆਣੇ ਕੁੱਟ ਕੱਢਦਾ।ਮਾਸਟਰਾਂ ਦੀ ਪਰਵਾਹ ਨਾ ਕਰਦਾ।ਕਈ ਵਾਰੀ ਮਾਸਟਰ ਉਹਦੀ ਛਿੱਤਰ ਪਰੇਡ ਵੀ ਕਰਦੇ ਪਰ ਉਹਦੇ ‘ਤੇ ਕੋਈ ਅਸਰ ਨਾ ਹੁੰਦਾ।ਲੋਕਾਂ ਤੋਂ ਰੋਜ਼ ਉਲਾਂਭੇ ਮਿਲਦੇ ਪਰ ਜੀਤੋ ਉਲਾਂਭਾ ਦੇਣ ਵਾਲੇ ਨੂੰ ਉਖੜੀ ਕੁਹਾੜੀ ਵਾਂਗ ਪੈਂਦੀ।ਬਚਨ ਸਿੰਘ ਦੀ ਭਲਮਾਣਸੀ ਨੂੰ ਕਈ ਲੋਕ ਚੁੱਪ ਕਰ ਰਹਿੰਦੇ।ਉਹ ਆਪ ਲੋਕਾਂ ਦੇ ਘਰੀਂ ਜਾ ਕੇ ਮਿੰਨਤ ਤਰਲਾ ਕਰ ਆਉਂਦਾ।ਜੇ ਉਹ ਜੀਤੋ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਦੀ ਵੀ ਲਾਹ- ਪਾਹ ਕਰ ਦਿੰਦੀ।ਮਾਂ ਪੁੱਤ ਇਕ ਪਾਸੇ ਹੋ ਜਾਂਦੇ ‘ਤੇ ਉਹਨੂੰ ਗੱਲ ਵੀ ਨਾ ਕਰਨ ਦਿੰਦੇ।ਖੁੱਲ੍ਹੇ ਖਾਣ-ਪੀਣ ਅਤੇ ਬੇਪ੍ਰਵਾਹੀ ਨਾਲ ਉਹ ਕੜੀ ਵਰਗਾ ਜਵਾਨ ਨਿਕਲਿਆ।ਉਹ ਜਿਉਂ ਜਿਉਂ ਜਵਾਨ ਹੋ ਰਿਹਾ ਸੀ ਉਵੇਂ ਉਵੇਂ ਹੀ ਉਹਦੀਆਂ ਆਦਤਾਂ ਵੀ ਵਿਗੜ ਰਹੀਆਂ ਸਨ।
ਹੁਣ ਉਹ ਅਠਾਰਾਂ ਸਾਲਾਂ ਦਾ ਉੱਚਾ ਲੰਮਾ ‘ਤੇ ਸਰੀਰ ਦਾ ਭਰਵਾਂ ਗੱਭਰੂ ਸੀ।ਜਿਵੇਂ ਕਿ ਪਿੰਡਾਂ ਵਿਚ ਹੁੰਦਾ ਹੀ ਹੈ, ਸ਼ਰੀਕਾਂ ਨੇ ਉਹਨੂੰ ਕਿਸ਼ਨ ਸਿਉਂ ਕਿਆਂ ਨਾਲ ਉਨ੍ਹਾਂ ਦੇ ਬੰਨੇ ਦੇ ਝਗੜੇ ਬਾਰੇ ਤੁੱਖਣਾ ਦੇਣੀ ਸ਼ੁਰੂ ਕਰ ਦਿੱਤੀ।ਸਿਆਣੇ ਕਹਿੰਦੇ ਹਨ ਕਿ ਰੋਜ਼ ਰੋਜ਼ ਤਾਂ ਰੱਸੀ ਘਸਣ ਨਾਲ ਪੱਥਰਾਂ ਵਿਚ ਵੀ ਘਾਸੇ ਪੈ ਜਾਂਦੇ ਹਨ, ਜੰਗਾ ਤਾਂ ਪਹਿਲਾਂ ਹੀ ਅੱਗ ਦੀ ਨਾਲ ਸੀ, ਤੇ ਅੱਜ ਉਹਨੇ ਕਾਰਾ ਕਰ ਹੀ ਦਿੱਤਾ ਸੀ।
ਰਿਪੋਰਟ ਲਿਖ਼ਣ ਤੋਂ ਬਾਅਦ ਥਾਣੇਦਾਰ ਨੇ ਕਿਸ਼ਨ ਸਿੰਘ ਅਤੇ ਨੰਬਰਦਾਰ ਨੂੰ ਜੀਪ ਵਿਚ ਬਿਠਾਇਆ ‘ਤੇ ਸਿੱਧਾ ਸਰਕਾਰੀ ਹਸਪਤਾਲ ਪਹੁੰਚ ਗਿਆ।ਉਹਨੇ ਜਗੀਰੀ ਦੇ ਬਿਆਨ ਕਲਮਬੰਦ ਕੀਤੇ ਤੇ ਫ਼ਿਰ ਡਾਕਟਰ ਨਾਲ ਗੱਲਬਾਤ ਕੀਤੀ।ਹੱਡੀ ਵੱਢ ਹੋਈ ਹੋਣ ਕਰਕੇ ਤਿੰਨ ਸੌ ਛੱਬੀ ਦਾ ਕੇਸ ਬਣਦਾ ਸੀ।ਫ਼ਾਈਲ ਵਿਚ ਲੋੜੀਂਦੀਆਂ ਗੱਲਾਂ ਨੋਟ ਕਰ ਕੇ ਉਹਨੇ ਜੀਪ ਦਾ ਰੁਖ਼ ਪਿੰਡ ਵਲ ਕਰ ਲਿਆ।
ਪਿੰਡ ਦਾ ਸਰਪੰਚ ਪਹਿਲਾਂ ਹੀ ਪੰਜ ਚਾਰ ਮੋਹਤਬਰ ਬੰਦਿਆਂ ਦੇ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।ਉਧਰ ਬਚਨ ਸਿੰਘ ਨੂੰ ਆਪ ਨੂੰ ਵੀ ਨਹੀਂ ਸੀ ਪਤਾ ਕਿ ਜੰਗਾ ਕਿਥੇ ਲੁਕ ਗਿਆ ਸੀ।ਸਰਪੰਚ ਨੇ ਆਪ ਬਚਨ ਸਿੰਘ ਨੂੰ ਘਰੋਂ ਲਿਆ ਕੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ।ਰਾਹ ਵਿਚ ਆਉਂਦਿਆਂ ਬਚਨ ਸਿੰਘ ਨੇ ਸਰਪੰਚ ਨੂੰ ਕਹਿ ਦਿੱਤਾ ਸੀ ਕਿ ਉਹ ਆਪ ਹੀ ਥਾਣੇਦਾਰ ਨਾਲ ਸੌਦਾ ਮੁਕਾ ਲਵੇ ਤੇ ਤਿੰਨ ਸੌ ਛੱਬੀ ਦਾ ਕੇਸ ਨਾ ਬਣਨ ਦੇਵੇ।ਸਰਪੰਚ ਨੇ ਉਸ ਨੂੰ ਹੌਸਲਾ ਦਿੱਤਾ।
ਬਚਨ ਸਿੰਘ ਦੀ ਭਲਮਾਣਸੀ ਬਾਰੇ ਦੱਸਣ ਕਰ ਕੇ ਜਾਂ ਸੌਦੇਬਾਜ਼ੀ ਦੀ ਉਮੀਦ ਕਰ ਕੇ ਥਾਣੇਦਾਰ ਨੇ ਮੰਦੀ ਭਾਸ਼ਾ ਤਾਂ ਨਾ ਵਰਤੀ ਪਰ ਉਂਜ ਬੜੀ ਸਖ਼ਤੀ ਨਾਲ ਪੇਸ਼ ਆਇਆ।ਜੰਗੇ ਦੇ ਪੇਸ਼ ਹੋਣ ਤੱਕ ਉਹ ਬਚਨ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਿਆ, ਨਾਲ ਹੀ ਸਰਪੰਚ ਵੀ ਚਲਿਆ ਗਿਆ।
            ਬਚਨ ਸਿੰਘ ਨੂੰ ਅਲੱਗ ਇਕ ਕਮਰੇ ਵਿਚ ਬਿਠਾ ਕੇ ਥਾਣੇਦਾਰ ਨੇ ਸਰਪੰਚ ਤੋਂ ਬਚਨ ਸਿੰਘ ਬਾਰੇ ਤੇ ਖ਼ਾਸ ਕਰ ਕੇ ਜੰਗੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।ਸਰਪੰਚ ਨੇ ਜਦੋਂ ਥਾਣੇਦਾਰ ਨਾਲ਼ ਬਚਨ ਸਿੰਘ ਵਲੋਂ ਤਿੰਨ ਸੌ ਛੱਬੀ ਤੁੜਵਾਉਣ ਬਦਲੇ ਲੈਣ ਦੇਣ ਦੀ ਗੱਲ ਤੋਰੀ ਤਾਂ ਥਾਣੇਦਾਰ ਦੀਆਂ ਅੱਖਾਂ ਵਿਚ ਚਮਕ ਆ ਗਈ।ਉਹਨੇ ਡਾਕਟਰ ਨੂੰ ਰਿਪੋਰਟ ਬਦਲੀ ਕਰਨ ਲਈ ਦਿੱਤੇ ਜਾਣ ਵਾਲੇ ਪੈਸਿਆਂ ਸਮੇਤ ਕੁੱਲ ਰਕਮ ਦੱਸ ਦਿੱਤੀ।ਸਰਪੰਚ ਨੇ ਬਚਨ ਸਿੰਘ ਨੂੰ ਬਿਨਾਂ ਪੁੱਛਿਆਂ ਹੀ ਹਾਂ ਕਰ ਦਿੱਤੀ, ਉਸ ਨੂੰ ਪਤਾ ਸੀ ਕਿ ਬਚਨ ਸਿੰਘ ਕੋਈ ਉਜ਼ਰ ਨਹੀਂ ਕਰੇਗਾ।
ਥਾਣੇਦਾਰ ਨੇ ਇਕ ਸਿਪਾਹੀ ਨੂੰ ਭੇਜ ਕੇ ਬਚਨ ਸਿੰਘ ਨੂੂੰ ਆਪਣੇ ਦਫ਼ਤਰ ਵਿਚ ਬੁਲਾ ਲਿਆ।ਸਰਪੰਚ ਨੂੰ ਉਹਨੇ ਕਹਿ ਦਿੱਤਾ ਸੀ ਕਿ ਉਹ ਬੇਸ਼ਕ ਨਿਸ਼ਚਿੰਤ ਹੋ ਕੇ ਪਿੰਡ ਨੂੰ ਚਲਾ ਜਾਵੇ, ਬਚਨ ਸਿੰਘ ਨੂੰ ਕੁਝ ਨਹੀਂ ਕਿਹਾ ਜਾਵੇਗਾ।
                            ਥਾਣੇਦਾਰ ਨੇ ਤਾੜ ਲਿਆ ਸੀ ਕਿ ਜੰਗਾ ਆਉਣ ਵਾਲੇ ਸਮੇਂ ਵਿਚ ਵੀ ਕਈ ਕਾਰੇ ਕਰੇਗਾ ਤੇ ਉਹਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਬਚਨ ਸਿੰਘ ਮੋਟੀ ਸਾਮੀ ਸੀ।ਅਜਿਹੀ ਸਾਮੀ ਨੂੰ ਉਹ ਆਉਣ ਵਾਲੇ ਕਈ ਸਾਲਾਂ ਤੱਕ ਮੁੱਛਣਾ ਚਾਹੁੰਦਾ ਸੀ।ਉਹ ਬਚਨ ਸਿੰਘ ਦੇ ਨੇੜੇ ਹੋਇਆ ਤੇ ਬੜੀ ਅਪਣੱਤ ਨਾਲ਼ ਕਹਿਣ ਲੱਗਾ,“ ਬਚਨ ਸਿਆਂ, ਜਵਾਨੀ ਬੜੀ ਅੱਥਰੀ ਹੁੰਦੀ ਆ, ਇਹੋ ਜਿਹੀਆਂ ਗਲਤੀਆਂ ਮੁੰਡਿਆਂ ਖੁੰਡਿਆਂ ਤੋਂ ਹੋ ਈ ਜਾਂਦੀਆਂ, ਘਬਰਾਈਂ ਨਾ ਕਿਸੇ ਗੱਲੋਂ, ਅਸੀਂ ਕਾਹਦੇ ਲਈ ਬੈਠੇ ਆਂ।ਸਰਪੰਚ ਨੇ ਤੈਨੂੰ ਦੱਸ ਈ ਦਿੱਤਾ ਹੋਣੈ।ਤਿੰਨ ਸੌ ਛੱਬੀ ਦਾ ਕੇਸ ਬਣਦੈ ਤੇ ਤੈਨੂੰ ਪਤੈ ਈ ਪਈ ਇਹ ਸਾਰਾ ਡਾਕਟਰ ਦੇ ਹੱਥ ਵੱਸ ਹੁੰਦੈ, ਉਹਨੇ ਵੀ ਸਹੁਰੀ ਦੇ ਨੇ ਮੋਟੀ ਰਕਮ ਮੰਗਣੀ ਐ, ਹੋਰ ਵੀ ਕਈਆਂ ਨੂੰ ਬੁਰਕੀ ਬੁਰਕੀ ਪਾਉਣੀ ਪੈਂਦੀ ਐ, ਕਿਤੇ ਇਹ ਨਾ ਸਮਝ ਲਈਂ ਪਈ ਸਾਰੇ ਪੈਸੇ ਮੈਂ ਆਪਣੀ ਜੇਬ ਵਿਚ ਈ ਪਾ ਲੈਣੇ ਆ।ਅੱਗੇ ਵਾਸਤੇ ਤੈਨੂੰ ਕਿਸੇ ਵਿਚੋਲੇ ਕੋਲ ਜਾਣ ਦੀ ਲੋੜ ਨਈਂ, ਕੋਈ ਹਭੀ ਨਭੀ ਹੋਈ ਤਾਂ ਸਿੱਧਾ ਮੇਰੇ ਪਾਸ ਨਿਝੱਕ ਆ ਜਾਈਂ, ਤੇਰੀ ਤੇ ਜੰਗੇ ਦੀ ਹਵਾ ਵਲ ਵੀ ਨਾ ਦੇਖੂ ਕੋਈ।ਸ਼ਾਮ ਨੂੰ ਪਿੰਡ ਚਲਾ ਜਾਈਂ ਤੇ ਕੱਲ੍ਹ ਨੂੰ ਜੰਗੇ ਨੂੰ ਪੇਸ਼ ਕਰ ਦੇਈਂ, ਉਹਨੂੰ ਕਹੀਂ ਘਬਰਾਵੇ ਨਾ ਕਿਸੇ ਗੱਲੋਂ, ਨਾਲੇ ਏਦਾਂ ਕਰੀਂ ਜੇ ਸਾਰੇ ਪੈਸਿਆਂ ਦਾ ਇੰਤਜਾਮ ਨਾ ਹੋ ਸਕਿਆ ਤਾਂ ਅੱਧੇ ਪਚੱਧੇ ਇਕ ਦੋ ਦਿਨਾਂ ‘ਚ ਪਹੁੰਚਾ ਦੇਈਂ”। ਏਨਾ ਕਹਿ ਕੇ ਥਾਣੇਦਾਰ ਨੇ ਸਿਪਾਹੀ ਨੂੰ ਆਵਾਜ਼ ਮਾਰੀ ਤੇ ਕੜੱਕ ਜਿਹੀ ਚਾਹ ਲਿਆਉਣ ਦਾ ਹੁਕਮ ਚਾੜ੍ਹਿਆ।
                            ਸ਼ਾਮ ਨੂੰ ਬਚਨ ਸਿੰਘ ਘਰ ਨੂੰ ਜਾਂਦਾ ਹੋਇਆ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ, ਉਹਨੂੰ ਇਉਂ ਲਗਦਾ ਸੀ ਜਿਵੇਂ ਅੱਜ ਤੋਂ ਥਾਣੇਦਾਰ ਨਾਲ ਉਹਦੀ ਰਿਸ਼ਤੇਦਾਰੀ ਬਣ ਗਈ ਹੋਵੇ।

ਟਰਾਂਸਮੀਟਰ - ਨਿਰਮਲ ਸਿੰਘ ਕੰਧਾਲਵੀ

ਇਹ ਉਨ੍ਹਾਂ ਦਿਨਾਂ ਦੀ ਵਾਰਤਾ ਹੈ ਜਦੋਂ ਪੰਜਾਬ ਵਿਚ ਹਰ ਪਾਸੇ ਹੀ ਜੰਗਲ ਦਾ ਰਾਜ ਸੀ। ਸੂਰਜ ਮਿਟਦਿਆਂ ਹੀ ਲੋਕ ਆਪੋ ਆਪਣੇ ਅੰਦਰੀਂ ਵੜ ਜਾਂਦੇ ਤੇ ਸਾਰੀ ਸਾਰੀ ਰਾਤ ਨਾ ਸੌਂਦੇ ਨਾ ਜਾਗਦੇ ਵਰਗੀ ਹਾਲਤ ਚੋਂ ਗੁਜ਼ਰਦੇ। ਹਵਾ ਨਾਲ ਵੀ ਦਰਵਾਜ਼ਾ ਖੜਕਦਾ ਤਾਂ ਉਹ ਅੱਖਾਂ ਸਾਹਵੇਂ ਮੌਤ ਨੱਚਦੀ ਦੇਖਦੇ। ਬਲਕਾਰ ਨੇ ਇੰਗਲੈਂਡ ਵਿਚ ਅਖ਼ਬਾਰਾਂ ਰਾਹੀਂ ਬਹੁਤ ਕੁਝ ਪੜ੍ਹਿਆ ਸੀ ਅਤੇ ਪੰਜਾਬ ਤੋਂ ਵਾਪਸ ਆਉਣ ਵਾਲੇ ਲੋਕ ਵੀ ਉੱਥੋਂ ਦੇ ਹਾਲਾਤ ਬਾਰੇ ਦੱਸਦੇ ਰਹਿੰਦੇ ਸਨ।
ਇਕ ਦਿਨ ਤੜਕੇ ਪੰਜ ਵਜੇ ਹੀ ਉਸਦੇ ਫ਼ੂਨ ਦੀ ਘੰਟੀ ਖੜਕੀ ਤਾਂ ਉਸ ਨੇ ਅੱਭੜਵਾਹੇ ਜਿਹੇ ਨੇ ਰਸੀਵਰ ਚੁੱਕਿਆ ਤਾਂ ਅੱਗੋਂ ਬੋਲਣ ਵਾਲੇ ਦੀ ਘਿੱਗੀ ਬੱਝੀ ਹੋਈ ਸੀ। ਇਹ ਉਸ ਦੇ ਛੋਟੇ ਭਰਾ ਸਰਬਜੀਤ ਦਾ ਪੰਜਾਬ ਤੋਂ ਫ਼ੂਨ ਸੀ ਜਿਸ ਨੇ ਹਟਕੋਰੇ ਲੈ ਲੈ ਕੇ ਉਸ ਨੂੰ ਬਾਪ ਦੀ ਮੌਤ ਦੀ ਖ਼ਬਰ ਸੁਣਾਈ ਸੀ।
ਬਲਕਾਰ ਨੂੰ ਪਿੰਡ ਆਏ ਨੂੰ ਹਫ਼ਤਾ ਹੋ ਗਿਆ ਸੀ। ਅਫ਼ਸੋਸ ਕਰਨ ਆਉਣ ਵਾਲਿਆਂ ਵਾਸਤੇ ਵਰਾਂਡੇ ਵਿਚ ਹੀ ਦਰੀ ਵਿਛਾਈ ਹੋਈ ਸੀ। ਹਫ਼ਤਾ ਭਰ ਉਹ ਉਥੇ ਹੀ ਬੈਠਾ ਰਿਹਾ ਅਤੇ ਅਫ਼ਸੋਸ ਕਰਨ ਆਉਣ ਵਾਲੇ ਪਰਵਾਰ ਨਾਲ ਦੁਖ ਵੰਡਾਉਂਦੇ ਰਹੇ। ਅਫ਼ਸੋਸ ਕਰਨ ਆਏ ਕਿਸੇ ਬੰਦੇ ਨਾਲ਼ ਬਲਕਾਰ ਜੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਸਾਧਾਰਨ ਗੱਲ ਵੀ ਕਰਨੀ ਚਾਹੁੰਦਾ ਤਾਂ ਕੋਈ ਵਿਅਕਤੀ ਵੀ ਹੂੰ ਹਾਂ ਤੋਂ ਵੱਧ ਉਸ ਨਾਲ਼ ਗੱਲ ਨਾ ਕਰਦਾ ਜਿਵੇਂ ਦਹਿਸ਼ਤਗ਼ਰਦੀ ਨੇ ਉਨ੍ਹਾਂ ਦੇ ਸਰੀਰਾਂ ‘ਚੋਂ ਸਾਰੀ ਸੱਤਿਆ ਧੂਹ ਲਈ ਹੋਵੇ।.
ਅੱਜ ਸ਼ਾਮੀਂ ਉਹ ਚੁਬਾਰੇ ਚੜ੍ਹਿਆ ਸੀ। ਚੁਬਾਰੇ ਦੇ ਅੱਗੇ ਖੜ੍ਹਾ ਉਹ ਉਨ੍ਹਾਂ ਦਿਨਾਂ ਦੀਆਂ ਯਾਦਾਂ ‘ਚ ਗੁਆਚ ਗਿਆ ਜਦੋਂ ਇਹ ਚੁਬਾਰਾ ਉਸ ਦਾ ਇਕ ਨਿੱਕਾ ਜਿਹਾ ਸੰਸਾਰ ਹੁੰਦਾ ਸੀ। ਹਮ –ਜਮਾਤੀਆਂ ਨਾਲ ਰਾਤਾਂ ਨੂੰ ਇਕੱਠੇ ਪੜ੍ਹਨਾਂ, ਸ਼ਰਾਰਤਾਂ ਕਰਨੀਆਂ, ਹਾਸੇ, ਰੋਸੇ ਤੇ ਹੋਰ ਕਈ ਕੁਝ।
ਫਿਰ ਉਸ ਨੇ ਸੱਜੇ ਖੱਬੇ ਨਜ਼ਰ ਘੁੰਮਾਈ ਤੇ ਪਿੰਡ ਦੇ ਘਰਾਂ ਵਲ ਦੇਖਿਆ। ਚੜ੍ਹਦੇ ਪਾਸਿਉਂ ਮਿਡਲ ਸਕੂਲ ਹੁਣ ਪਿੰਡ ਦੇ ਬਾਹਰ-ਵਾਰ ਫਿਰਨੀ ਕੰਢੇ ਚਲਿਆ ਗਿਆ ਸੀ ਤੇ ਸਕੂਲ ਵਾਲੀ ਥਾਂ ਕਈ ਸਾਲ ਖਾਲੀ ਪਈ ਰਹੀ ਸੀ। ਹੁਣ ਉਥੇ ਤਿੰਨ ਮੰਜ਼ਲਾ ਮਕਾਨ ਉਸਰਿਆ ਹੋਇਆ ਸੀ ਜਿਸ ਦੀ ਪਾਣੀ ਵਾਲੀ ਟੈਂਕੀ ਉੱਪਰ ਹਵਾਈ ਜਹਾਜ਼ ਬਣਿਆ ਹੋਇਆ ਸੀ। ਉਹ ਅਜੇ ਉਧਰ ਦੇਖ ਹੀ ਰਿਹਾ ਸੀ ਕਿ ਉਸ ਦਾ ਛੋਟਾ ਭਰਾ ਸਰਬਜੀਤ ਵੀ ਪੋਲੇ ਪੋਲੇ ਪੈਰੀਂ ਪੌੜੀਆਂ ਚੜ੍ਹਦਾ ਆ ਗਿਆ। ਸਰਬਜੀਤ ਬੀ.ਏ. ਬੀ.ਐੱਡ. ਕਰ ਕੇ ਨਾਲ ਦੇ ਪਿੰਡ ਵਿਚ ਹੀ ਮਾਸਟਰ ਲਗਿਆ ਹੋਇਆ ਸੀ। ਬਲਕਾਰ ਨੇ ਜਦੋਂ ਸਰਬਜੀਤ ਤੋਂ ਉਸ ਨਵੇਂ ਬਣੇ ਮਕਾਨ ਬਾਰੇ ਪੁੱਛਿਆ ਤਾਂ ਉਹ ਦੱਸਣ ਲੱਗਾ, “ ਵੀਰ ਜੀ, ਰਾਜਸਥਾਨ ਵਲੋਂ ਆਏ ਇਕ ਬਹੁਤ ਪਹੁੰਚੇ ਹੋਏ ਜੋਤਸ਼ੀ ਨੇ ਖਾਲੀ ਪਏ ਖੋਲ਼ੇ ਖ਼ਰੀਦ ਕੇ ਇਹ ਚੁਬਾਰੇ ਪਾਏ ਆ, ਬੜਾ ਡੰਕਾ ਐ ਇਹਦੇ ਜੋਤਸ਼ ਦਾ, ਬੜੇ ਬੜੇ ਲੋਕ ਇਹਦੇ ਪਾਸੋਂ ਪੱਤਰੀ ਪੜ੍ਹਾਉਣ ਆਉਂਦੇ ਐ।”
 “ ਕਿਸ ਤਰ੍ਹਾਂ ਦੇ ਬੜੇ ਬੜੇ ਲੋਕ ਆਉਂਦੇ ਐ?” ਬਲਕਾਰ ਨੇ ਮੁਸਕਰਾਉਂਦਿਆਂ ਪੁੱਛਿਆ।
“ਵੀਰ ਜੀ, ਆਮ ਲੋਕਾਂ ਤੋਂ ਇਲਾਵਾ ਪੁਲਿਸ ਦੇ ਅਤੇ ਸਿਵਲ ਦੇ ਵੱਡੇ ਵੱਡੇ ਅਫ਼ਸਰ ਤੇ ਸਿਆਸੀ ਲੀਡਰ ਵੀ ਹੱਥ ਦਿਖਾਉਣ ਆਉਂਦੇ ਐ।” ਸਰਬਜੀਤ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ।
“ ਸੱਬੀ, ਤੇਰਾ ਕੀ ਖ਼ਿਆਲ ਐ ਪਈ ਇਹ ਸਾਰੇ ਪੱਤਰੀਆਂ ਪੜ੍ਹਾਉਣ ਈ ਆਉਂਦੇ ਐ,” ਬਲਕਾਰ ਨੇ ਬੜੀ ਮਾਸੂਮੀਅਤ ਨਾਲ ਸਰਬਜੀਤ ਵਲ ਦੇਖਦਿਆਂ ਉਹਨੂੰ ਉਹਦੇ ਛੋਟੇ ਨਾਂ ਨਾਲ ਬੁਲਾ ਕੇ ਪੁੱਛਿਆ।
“ ਵੀਰ ਜੀ, ਜੋਤਸ਼ੀਆਂ ਨੇ ਕਿਹੜਾ ਖਲ਼- ਵੜੇਵੇਂ ਵੇਚਣੇ ਹੁੰਦੇ ਐ, ਲੋਕਾਂ ਦੇ ਪੱਤਰੀਆਂ ਟੇਵੇ ਈ ਦੇਖਣੇ ਹੁੰਦੇ ਐ ਤੇ ਭਵਿੱਖਬਾਣੀਆਂ ਕਰਨੀਆਂ ਹੁੰਦੀਆਂ,” ਸਰਬਜੀਤ ਨੇ ਛਿੱਥੇ ਪੈਂਦਿਆਂ ਕਿਹਾ।
“ ਸੱਬੀ, ਮੈਨੂੰ ਹੈਰਾਨੀ ਹੁੰਦੀ ਐ ਕਿ ਇਥੇ ਮੀਡੀਆ ਨੇ ਕਿਵੇਂ ਲੋਕਾਂ ਦੇ ਦਿਮਾਗ਼ ਧੋ ਛੱਡੇ ਐ, ਜੇ ਤੁਹਾਡੇ ਵਰਗੇ ਪੜ੍ਹੇ ਲਿਖਿਆਂ ਦਾ ਆਹ ਹਾਲ ਐ ਤਾਂ ਵਿਚਾਰੀ ਅਨਪੜ੍ਹ ਜੰਨਤਾ ਕਿੱਧਰ  ਨੂੰ ਜਾਊ,” ਬਲਕਾਰ ਦੀਆਂ ਅੱਖਾਂ ‘ਚ ਰੋਹ ਸੀ।
“ ਵੀਰ ਜੀ, ਮੈਂ ਤੁਹਾਡੀ ਗੱਲ ਸਮਝਿਆ ਨਈਂ,” ਏਨਾ ਕਹਿ ਕੇ ਸਰਬਜੀਤ ਨੇ ਸਵਾਲੀਆ ਨਜ਼ਰਾਂ ਨਾਲ ਬਲਕਾਰ ਵਲ ਦੇਖਿਆ।
ਬਲਕਾਰ ਨੇ ਸਰਬਜੀਤ ਦੇ ਮੋਢੇ ‘ਤੇ ਹੱਥ ਰੱਖ ਕੇ ਕਹਿਣਾ ਸ਼ੁਰੂ ਕੀਤਾ, “ ਛੋਟਿਆ, ਤੈਨੂੰ ਪਤੈ ਪਈ ਪੰਜਾਬ ‘ਚ ਕਿਹੜੇ ਝੱਖੜ ਝੁੱਲ ਰਹੇ ਐ, ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤੈ, ਤੁਸੀਂ ਰੋਜ਼ ਆਪਣੇ ਪਿੰਡੇ ‘ਤੇ ਹੰਢਾਉਂਦੇ ਹੋ। ਨਾਲ਼ੇ ਆਪਣਾ ਪਿੰਡ ਤਾਂ ਮੁੱਢੋਂ ਹੀ ਸਿੱਖੀ ਦਾ ਧੁਰਾ ਰਿਹਾ। ਤੂੰ ਆਪ ਹੀ ਦੱਸਦਾ ਹੁੰਦਾ ਸੀ ਕਿ ਅੱਧੀ ਅੱਧੀ ਰਾਤ ਨੂੰ ਪੰਜਾਬ ਪੁਲਸ ਤੇ ਸੀ.ਅਰ.ਪੀ. ਵਾਲ਼ੇ ਪਿੰਡਾਂ ‘ਚ ਛਾਪੇ ਮਾਰ ਕੇ ਲੋਕਾਂ ਨੂੰ ਤੰਗ ਕਰਦੇ ਐ। ਨੌਜੁਆਨ ਮੁੰਡੇ ਬਿਨਾਂ ਕਾਰਨ ਹੀ ਫੜ ਲਏ ਜਾਂਦੇ ਹਨ ਤੇ ਪੁਲਸ ਲੱਖਾਂ ਰੁਪਏ ਲੈ ਕੇ ਛੱਡਦੀ ਐ ਤੇ ਜਿਹੜਾ ਕੋਈ ਗ਼ਰੀਬ ਪੈਸੇ ਨਹੀਂ ਦੇ ਸਕਦਾ, ਤੈਨੂੰ ਪਤਾ ਈ ਐ ਕਿ ਉਨ੍ਹਾਂ ਮੁੰਡਿਆਂ ਦਾ ਕੀ ਬਣਦੈ! ਸਰਕਾਰਾਂ ਨੂੰ ਇਹੋ ਜਿਹੇ ਝੱਖੜ ਝੁਲਾਉਣ ਲਈ ਨੈੱਟਵਰਕ ਦੀ ਲੋੜ ਹੁੰਦੀ ਐ ਤਾਂ ਕਿ ਉਨ੍ਹਾਂ ਦਾ ਆਪਸੀ ਤਾਲ-ਮੇਲ ਤੇਜ਼ ਹੋ ਸਕੇ ਅਤੇ ਏਜੰਸੀਆਂ ਨੂੰ ਪਲ ਪਲ ਦੀ ਖ਼ਬਰ ਮਿਲਦੀ ਰਹੇ।  ਤੈਨੂੰ ਪਤੈ ਨਾ ਪਈ ਗੋਰਿਆਂ ਨੇ ਵੀ ਆਪਣੇ ਰਾਜ ਵਿਚ ਇਹੋ ਜਿਹੇ ਬੰਦੇ ਰੱਖੇ ਹੋਏ ਹੁੰਦੇ ਸਨ ਜਿਨ੍ਹਾਂ ਨੂੰ ਆਮ ਲੋਕ ਟੋਡੀ ਕਹਿੰਦੇ ਸਨ। ਦੇਸ਼ ਭਗਤਾਂ ਦੀਆਂ ਸੂਹਾਂ ਦੇਣ ਵਾਲ਼ੇ ਇਹ ਟੋਡੀ ਹੀ ਹੁੰਦੇ ਸਨ ਤੇ ਗੋਰੇ ਹਾਕਮ ਇਨ੍ਹਾਂ ਨੂੰ ਲੂਣ-ਹਰਾਮੀ ਬਦਲੇ ਅਹੁਦੇ ਅਤੇ ਜਾਗੀਰਾਂ ਦਿਆ ਕਰਦੇ ਸਨ। ਸੋ ਵੀਰ ਮੇਰਿਆ ਇਹ ਜੋਤਸ਼ੀ ਨਈਂ, ਇਹ ਕਿਸੇ ਏਜੰਸੀ ਦਾ ‘ਟਰਾਂਸਮੀਟਰ’ ਐ, ਸੋ ਬੜੇ ਬੜੇ ਅਫ਼ਸਰ ਤੇ ਸਿਆਸੀ ਲੀਡਰ ਹੱਥ ਦਿਖਾਉਣ ਨਈਂ ਆਉਂਦੇ, ਉਹ ਖ਼ਬਰਾਂ ਲੈਣ ਆਉਂਦੇ ਐ ਪਈ ਇਲਾਕੇ ‘ਚ ਕੀ ਹੋ ਰਿਹੈ ਤਾ ਕਿ ਉਹ ਆਪਣੀ ਅਗਲੀ ਰਣਨੀਤੀ ਘੜ ਸਕਣ।”
“ ਟਰਾਂਸਮੀਟਰ! ਸਰਬਜੀਤ ਨੇ ਇਉਂ ਹੈਰਾਨੀ ਨਾਲ ਕਿਹਾ ਜਿਵੇਂ ਉਹਦੇ ਕਪਾਟ ਖੁੱਲ੍ਹ ਗਏ ਹੋਣ।

 ਲਾਵਾਰਿਸ ਕੌਣ? - ਨਿਰਮਲ ਸਿੰਘ ਕੰਧਾਲਵੀ

ਪਿੰਡ ਤੋਂ ਸ਼ਹਿਰ ਨੂੰ ਜਾਂਦਿਆਂ ਰਾਹ ਵਿਚ ਇਕ ਪਿੰਡ ਦੇ ਕੋਲ਼ ਲਾਰੀ ਦਾ ਐਕਸੀਡੈਂਟ ਦੇਖ ਕੇ ਮੈਂ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ ਤਾਂ ਉਹ ਕਹਿਣ ਲੱਗਾ, “ ਭਾਅ ਜੀ, ਇਸ ਐਕਸੀਡੈਂਟ ਹੋਏ ਨੂੰ ਤਾਂ ਦੋ ਹਫ਼ਤੇ ਹੋ ਚੱਲੇ ਆ, ਇਹਦਾ ਕੀ ਦੇਖਣਾ।”
ਇਸ ਐਕਸੀਡੈਂਟ ਦੀ ਖ਼ਬਰ ਅਖ਼ਬਾਰਾਂ ਵਿਚ ਵੀ ਆ ਚੁੱਕੀ ਸੀ।  
ਮੇਰੇ ਦੁਬਾਰਾ ਕਹਿਣ ‘ਤੇ ਉਹਨੇ ਕਾਰ ਰੋਕ ਲਈ। ਬੜਾ ਭਿਆਨਕ ਦ੍ਰਿਸ਼ ਸੀ। ਲਾਰੀ ਏਨੀ ਜ਼ੋਰ ਨਾਲ ਟਾਹਲੀ ‘ਚ ਵੱਜੀ ਹੋਈ ਸੀ ਕਿ ਟਾਹਲੀ ਦਾ ਤਣਾ ਤਕਰੀਬਨ ਚਾਰ ਫੁੱਟ ਲਾਰੀ ਦੇ ਅੰਦਰ ਧਸਿਆ ਹੋਇਆ ਸੀ ਅਤੇ ਇਸ ਨੇ ਸੜਕ ਦਾ ਕਾਫੀ ਸਾਰਾ ਹਿੱਸਾ ਰੋਕਿਆ ਹੋਇਆ ਸੀ। ਲੋਕਾਂ ਨੂੰ ਖ਼ਤਰੇ ਦੀ ਸੂਚਨਾ ਦੇਣ ਲਈ ਲਾਰੀ ਦੇ ਆਲੇ ਦੁਆਲੇ ਕੁਝ ਕੁ ਇੱਟਾਂ ਤੇ ਕੁਝ ਟਾਹਣੀਆਂ ਰੱਖੀਆਂ ਹੋਈਆਂ ਸਨ। ਹਨ੍ਹੇਰੇ ‘ਚ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਕੋਈ ਇੰਤਜ਼ਾਮ ਨਹੀਂ ਸੀ।
ਲੋਕਾਂ ਨੇ ਆਪਣੇ ਵਾਹਨ ਲੰਘਾਉਣ ਲਈ ਖ਼ਤਾਨਾਂ ਵਿਚੀਂ ਰਾਹ ਬਣਾ ਲਿਆ ਹੋਇਆ ਸੀ।
ਮੈਨੂੰ ਲਾਰੀ ਦੇ ਆਲੇ ਦੁਆਲੇ ਘੁੰਮਦਿਆਂ ਦੇਖ ਕੇ ਕੁਝ ਲੋਕ ਆ ਇਕੱਠੇ ਹੋਏ। ਉਨ੍ਹਾਂ ਨੇ ਸ਼ਾਇਦ ਸਮਝਿਆ ਕਿ ਮੈਂ ਲਾਰੀ ਦਾ ਮਾਲਕ ਸਾਂ ਜਾਂ ਐਕਸੀਡੈਂਟ ਦੀ ਪੜਤਾਲ ਕਰਨ ਵਾਲਾ ਕੋਈ ਅਫ਼ਸਰ। ਮੇਰੇ ਪੁੱਛਣ ‘ਤੇ ਇਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਇਸ ਐਕਸੀਡੈਂਟ ਵਿਚ ਡਰਾਈਵਰ ਸਣੇ ਛੇ ਸਵਾਰੀਆਂ ਤਾਂ ਥਾਂ ‘ਤੇ ਹੀ ਦਮ ਤੋੜ ਗਈਆਂ ਸਨ, ਦੋ ਹਸਪਤਾਲ ਜਾ ਕੇ ਅਤੇ ਹੋਰ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ। ਮੈਂ ਜਦੋਂ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਲਾਰੀ ਇਸ ਕਰਕੇ ਇਥੋਂ ਹਟਾਈ ਨਹੀਂ ਜਾ ਰਹੀ ਕਿ ਇੰਸ਼ੋਰੈਂਸ ਵਾਲੇ ਜਾਂ ਪੁਲਿਸ ਦਾ ਮਹਿਕਮਾ ਐਕਸੀਡੈਂਟ ਦੀ ਪੜਤਾਲ ਕਰ ਰਿਹਾ ਹੋਵੇਗਾ।
ਮੇਰੀ ਗੱਲ ਸੁਣ ਕੇ ਉਸ ਵਿਅਕਤੀ ਨੇ ਬੜੇ ਅਚੰਭੇ ਨਾਲ ਮੇਰੇ ਵਲ ਦੇਖਿਆ ਅਤੇ ਬੋਲਿਆ, “  ਸਰਦਾਰ ਜੀ, ਭੋਲ਼ੀਆਂ ਗੱਲਾਂ ਕਰਦੇ ਹੋ, ਪੁਲਿਸ ਵਾਲੇ ਤਾਂ ਐਕਸੀਡੈਂਟ ਵਾਲੇ ਦਿਨ ਹੀ ਆਏ ਸਨ ਤੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ  ਹਸਪਤਾਲ ਪਹੁੰਚਾ ਕੇ ਮੁੜ ਨਹੀਂ ਬਹੁੜੇ। ਪਿੰਡ ਦੀ ਪੰਚਾਇਤ ਕਈ ਵਾਰੀ ਥਾਣੇ ਜਾ ਕੇ  ਬੇਨਤੀ ਕਰ ਚੁੱਕੀ ਹੈ ਕਿ ਲਾਰੀ ਸੜਕ ‘ਚੋਂ ਪਾਸੇ ਕਰਵਾਈ ਜਾਵੇ ਪਰ ਪੁਲਿਸ ਵਾਲੇ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ।”
“ਪਰ ਆਖਰ ਲਾਰੀ ਦਾ ਕੋਈ ਤਾਂ ਮਾਲਕ ਹੋਵੇਗਾ ਹੀ,” ਮੈਂ ਹੈਰਾਨੀ ਜ਼ਾਹਰ ਕਰਦਿਆਂ ਉਸ ਵਿਅਕਤੀ ਨੂੰ ਕਿਹਾ। ਪੱਛਮੀ ਦੇਸ਼ਾਂ ਦਾ ਪ੍ਰਬੰਧ ਵਾਰ ਵਾਰ ਮੇਰੀਆਂ ਅੱਖਾਂ ਅੱਗੇ ਆ ਰਿਹਾ ਸੀ ਜਿੱਥੇ ਹਾਦਸਾ ਹੋਣ ਵੇਲੇ ਸਭ ਤੋਂ ਪਹਿਲਾਂ ਜ਼ਖ਼ਮੀਆਂ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਨਾਲ਼ ਨਾਲ਼ ਸੜਕ ਦੀ ਆਵਾਜਾਈ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਂਦਾ ਹੈ।
 ਉਹ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗਾ, “ ਤੁਹਾਨੂੰ ਲਾਰੀ ਦੇ ਆਲੇ ਦੁਆਲੇ ਘੁੰਮਦਿਆਂ ਦੇਖ ਕੇ ਅਸੀਂ ਤਾਂ ਸਮਝਿਆ ਸੀ ਕਿ ਸ਼ਾਇਦ ਲਾਰੀ ਦੇ ਮਾਲਕ ਆ ਗਏ ਹਨ। ਪੁਲਿਸ ਵਾਲੇ ਕਹਿੰਦੇ ਆ ਜੀ ਕਿ ਇਹ ਲਾਵਾਰਿਸ ਲਾਰੀ ਹੈ ਇਸ ਦਾ ਕੋਈ ਮਾਲਕ ਨਹੀਂ।”
ਮੈਂ ਕਿਹਾ, “ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਤਾਂ ਕਈ ਵਾਰੀ ਸੁਣੀਂਦਾ ਸੀ ਕਿ ਲਾਵਾਰਿਸ ਲਾਸ਼ ਦਾ ਮਿਉਂਸੀਪਲ ਕਮੇਟੀ ਵਾਲਿਆਂ ਨੇ ਸਸਕਾਰ ਕੀਤਾ ਜਾਂ ਲਾਵਾਰਿਸ ਸਾਮਾਨ ਬਾਰੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਆਦਿ ‘ਤੇ ਮੁਸਾਫ਼ਰਾਂ ਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਪਰ ਕਦੀ ਲਾਵਾਰਿਸ ਲਾਰੀ ਬਾਰੇ ਨਹੀਂ ਸੀ ਸੁਣਿਆਂ।”
ਮੈਂ ਮਰਨ ਵਾਲਿਆਂ ਦੀ ਰੂਹ ਦੀ ਸ਼ਾਂਤੀ ਲਈ ਮਨ ਵਿਚ ਅਰਦਾਸ ਕੀਤੀ ਅਤੇ ਕਾਰ ਵਿਚ ਆ ਬੈਠਾ। ਡਰਾਈਵਰ ਕਹਿਣ ਲੱਗਾ, “ ਭਾਅ ਜੀ, ਇਥੇ ਸੈਂਕੜੇ ਹਜ਼ਾਰਾਂ ਪ੍ਰਾਈਵੇਟ ਲਾਰੀਆਂ ਬਿਨਾਂ ਕਾਗਜ਼ਾਂ-ਪੱਤਰਾਂ ਦੇ ਚਲਦੀਆਂ ਹਨ, ਨਾ ਪਰਮਿਟ ਹਨ ਨਾ ਇੰਸ਼ੋਰੈਂਸ ਅਤੇ ਬਹੁਤੀਆਂ ਤਾਂ ਸੜਕ ‘ਤੇ ਲਿਆਉਣ ਦੇ ਯੋਗ ਵੀ ਨਹੀਂ ਹੁੰਦੀਆਂ।”
“ਪਰ ਇਹ ਕਿਨ੍ਹਾਂ ਲੋਕਾਂ ਦੀਆਂ ਹਨ?” ਮੈਂ ਉਹਨੂੰ ਪੁੱਛਿਆ।
“ਸਿਆਸੀ ਪਹੁੰਚ ਵਾਲੇ ਲੋਕਾਂ ਦੀਆਂ, ਹੋਰ ਕੇਹਦੀਆਂ ਹੋਣੀਆਂ ਜੀ, ਹੋਰ ਹਮਾਤ੍ਹੜਾਂ ਨੇ ਥੋੜ੍ਹੀ ਚਲਾ ਲੈਣੀਆਂ। ਅਸੀਂ ਤਾਂ ਆਹ ਟੈਕਸੀ ਦੇ ਸਾਰੇ ਕਾਗਜ਼- ਪੱਤਰ ਅੱਪ-ਟੂ-ਡੇਟ ਰੱਖੀਦੇ ਆ ਜੀ ਫੇਰ ਵੀ ਪੁਲਿਸ ਵਾਲੇ ਬਿਨਾਂ ਗੱਲੋਂ ਹੀ ਕਈ ਵਾਰੀ ਸਾਨੂੰ ਮੁੱਛ ਲੈਂਦੇ ਆ,” ਡਰਾਈਵਰ ਦੇ ਅੰਦਰਲਾ ਦਰਦ ਬੋਲ ਰਿਹਾ ਸੀ।
 ਮੈਨੂੰ ਲੰਡਨ ਰਹਿੰਦੇ ਆਪਣੇ ਦੋਸਤ ਦੀ ਦੱਸੀ ਹੋਈ ਗੱਲ ਚੇਤੇ ਆਈ ਕਿ ਕਿਵੇਂ ਇਕ ਵਾਰੀ ਜਦੋਂ ਉਹਨੇ ਪੰਜਾਬ ਤੋਂ ਦਿੱਲੀ ਨੂੰ ਜਾਣਾ ਸੀ ਤਾਂ ਉਹਦੇ ਭਰਾ ਨੇ ਉਸ ਨੂੰ ਰਾਤ ਵੇਲੇ ਚੱਲਣ ਵਾਲ਼ੀ ਇਕ ਪ੍ਰਾਈਵੇਟ ‘ਡੀਲਕਸ’ ਲਾਰੀ ‘ਚ ਬਿਠਾ ਦਿੱਤਾ ਸੀ। ਤੜਕੇ ਜਦੋਂ ਅਜੇ ਕਾਫੀ ਹਨ੍ਹੇਰਾ ਸੀ ਤਾਂ ਲਾਰੀ ਦਿੱਲੀ ਪਹੁੰਚੀ। ਅੱਡੇ ‘ਤੇ ਜਾਣ ਦੀ ਬਜਾਇ ਡਰਾਈਵਰ ਤੇ ਕੰਡਕਟਰ ਲਾਰੀ ਨੂੰ ਖਜੂਰਾਂ ਦੇ ਰੁੱਖਾਂ ਦੇ ਝੁੰਡ ਵਿਚਕਾਰ ਉਜਾੜ ਜਿਹੀ ਥਾਂ ‘ਤੇ ਖੜ੍ਹੀ ਕਰ ਕੇ ਆਪ ਭੱਜ ਗਏ ਸਨ। ਸਾਰੀਆਂ ਸਵਾਰੀਆਂ ਤ੍ਰਾਹ ਤ੍ਰਾਹ ਕਰ ਰਹੀਆਂ ਸਨ। ਚੀਕ-ਚਿਹਾੜਾ ਮਚ ਗਿਆ ਕਿ ਸ਼ਾਇਦ ਲੁਟੇਰਿਆਂ ਨੇ ਲਾਰੀ ਹਾਈਜੈਕ ਕਰ ਲਈ ਹੈ। ਏਨੀ ਦੇਰ ਨੂੰ ਥ੍ਰੀ ਵੀਲ੍ਹਰਾਂ ਵਾਲੇ ਸਵਾਰੀਆਂ ਦੀ ਭਾਲ਼ ‘ਚ ਉੱਥੇ ਆ ਗਏ ਜਿਨ੍ਹਾਂ ਨੇ ਦੱਸਿਆ ਕਿ ਇਹ ਲਾਰੀਆਂ ਬਿਨਾਂ ਪਰਮਿਟ ਅਤੇ ਇੰਸ਼ੋਰੈਂਸ ਦੇ ਚਲਦੀਆਂ ਹੋਣ ਕਰਕੇ ਫੜ ਹੋਣ ਦੇ ਡਰੋਂ ਅੱਡੇ ‘ਤੇ ਨਹੀਂ ਜਾਂਦੀਆਂ। ਅਸਲੀਅਤ ਸੁਣ ਕੇ ਸਵਾਰੀਆਂ ਦੀ ਜਾਨ ‘ਚ ਜਾਨ ਆਈ।
ਹੁਣ ਲਾਵਾਰਿਸ ਸ਼ਬਦ ਮੇਰੇ ਜ਼ਿਹਨ ਚੋਂ ਨਹੀਂ ਸੀ ਨਿੱਕਲ ਰਿਹਾ ਅਤੇ ਮੈਂ ਸੋਚ ਰਿਹਾ ਸਾਂ ਕਿ ਜੇ ਮਰਨ ਵਾਲਿਆਂ ਦੇ ਪਰਵਾਰਾਂ ਚੋਂ ਇਕੋ ਇਕ ਕਮਾਊ ਬੰਦਾ ਤੁਰ ਗਿਆ ਹੋਇਆ ਤਾਂ ਸਹੀ ਤੌਰ ‘ਤੇ ਤਾਂ ਉਹ ਵਿਚਾਰੇ ਪਰਵਾਰ ਹੀ ਲਾਵਾਰਿਸ ਹੋਏ। 

ਨਾ ਬਾਬਾ ਨਾ ! - ਨਿਰਮਲ ਸਿੰਘ ਕੰਧਾਲਵੀ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਖਾੜਕੂ ਲਹਿਰ ਕਾਫੀ ਮੱਠੀ ਪੈ ਚੁੱਕੀ ਸੀ। ਬਹੁਤੇ ਸਿਆਸੀ ਮਾਹਰਾਂ ਦਾ ਕਹਿਣਾ ਸੀ ਕਿ ਇਹ ਖਾੜਕੂਵਾਦ ਦਾ ਸੱਪ ਸਰਕਾਰ ਨੇ ਆਪ ਹੀ ਕੱਢਿਆ ਸੀ ਤੇ ‘ਟੀਚੇ’ ਪੂਰੇ ਹੋਣ ਮਗਰੋਂ ਆਪ ਹੀ ਪਟਾਰੀ ਵਿਚ ਪਾ ਲਿਆ ਸੀ। ਇਨ੍ਹਾਂ ਹੀ ਦਿਨਾਂ ‘ਚ ਸਬੱਬ ਨਾਲ਼ ਪਰਵਾਰ ਸਮੇਤ ਇੰਗਲੈਂਡ ਤੋਂ ਪੰਜਾਬ ਜਾਣ ਦਾ ਸਾਡਾ ਪ੍ਰੋਗਰਾਮ ਬਣ ਗਿਆ। ਹਾਲਾਂਕਿ ਕੁਝ ਸੱਜਣ ਮਿੱਤਰ ਅਜੇ ਨਾ ਜਾਣ ਦੀ ਸਲਾਹ ਵੀ ਦੇ ਰਹੇ ਸਨ, ਉਨ੍ਹਾਂ ਦੇ ਵਿਚਾਰ ‘ਚ ਅਜੇ ਵੀ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸੀ। ਪਰ ਅਸੀਂ ਜਾਣ ਦਾ ਪੱਕਾ ਮਨ ਬਣਾ ਲਿਆ ਤੇ ਰਾਜ਼ੀ ਖੁਸ਼ੀ ਪੰਜਾਬ ਪਹੁੰਚ ਗਏ।
ਇਕ ਦਿਨ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਮੁਕਤਸਰ ਸਾਹਿਬ ਵਲ ਦੇ ਇਲਾਕੇ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਜਾਣ। ਪੰਜਾਬ ਜਾ ਕੇ ਗੱਡੀ ਚਲਾਉਣ ਦਾ ਖ਼ਤਰਾ ਮੈਂ ਕਦੇ ਵੀ ਮੁੱਲ ਨਹੀਂ ਲਿਆ। ਪੱਛਮੀ ਦੇਸ਼ਾਂ ‘ਚ ਰਹਿੰਦਿਆਂ ਅਸੀਂ ਕਾਇਦੇ- ਕਾਨੂੰਨ ਅਨੁਸਾਰ ਗੱਡੀ ਚਲਾਉਣ ਦੇ ਆਦੀ ਹਾਂ ਪਰ ਉੱਥੇ ਧੱਕੇਸ਼ਾਹੀ ਚਲਦੀ ਹੈ। ਸੋ, ਸਲਾਹ ਕਰ ਕੇ ਦਿਨ ਮਿਥ ਲਿਆ ਤੇ ਇਕ ਟੈਕਸੀ ਦਾ ਇੰਤਜ਼ਾਮ ਕਰ ਲਿਆ। ਰਾਹ ਵਿਚ ਡਰਾਈਵਰ ਨਾਲ ਗੱਲਾਂ ਬਾਤਾਂ ਸ਼ੁਰੂ ਹੋਈਆਂ ਤਾਂ ਉਸ ਨੇ ਦੱਸਿਆ ਕੇ ਉਹ ਅਕਸਰ ਹੀ ਐਨ.ਆਰ.ਆਈ. ਪਰਵਾਰਾਂ ਨੂੰ ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲੈ ਕੇ ਜਾਂਦਾ ਰਹਿੰਦਾ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਧਰ ਮੁਕਤਸਰ ਵਲ ਵੀ ਉਸ ਦਾ ਗੇੜਾ ਲਗਦਾ ਰਹਿੰਦਾ ਹੈ।
ਮੈਨੂੰ ਇੰਗਲੈਂਡ ਵਿਚ ਹੀ ਅਖ਼ਬਾਰਾਂ ਦੀਆਂ ਖ਼ਬਰਾਂ ਰਾਹੀਂ ਪਤਾ ਲੱਗਿਆ ਸੀ ਕਿ ਮੇਰਾ ਕਾਲਜ ਦਾ ਇਕ ਹਮਜਮਾਤੀ ਅੱਜ ਕਲ ਮੁਕਤਸਰ ਵਿਖੇ ਹੀ ਉੱਚ ਪੁਲਸ ਅਫ਼ਸਰ ਲੱਗਿਆ ਹੋਇਆ ਸੀ। ਮੈਂ ਸੋਚਿਆ ਇੰਜ ਏਨੇ ਲੰਬੇ ਸਮੇਂ ਬਾਅਦ ਉਸ ਨਾਲ਼ ਵੀ ਮੁਲਾਕਾਤ ਹੋ ਜਾਵੇਗੀ, ਦੋਵੇਂ ਜਣੇ ਕਾਲਜ ਦੇ ਜ਼ਮਾਨੇ ਦੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰ ਲਵਾਂਗੇ ਤੇ ਉਸ ਤੋਂ ਪੰਜਾਬ ਦੇ ਹਾਲਾਤ ਬਾਰੇ ਵੀ ਉਸ ਦੀ ਰਾਇ ਜਾਣਾਂਗੇ। ਸਾਰੇ ਰਾਹ ਮੈਂ ਡਰਾਈਵਰ ਨਾਲ਼ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਲੈਂਦਾ ਰਿਹਾ। ਟੈਕਸੀ ਡਰਾਈਵਰ ਹੋਣ ਕਰ ਕੇ ਉਸ ਪਾਸ ਹੋਈਆਂ ਬੀਤੀਆਂ ਘਟਨਾਵਾਂ ਦਾ ਬਹੁਤ ਵੱਡਾ ਖ਼ਜ਼ਾਨਾ ਸੀ। ਪੰਜਾਬ ਪੁਲਸ ਬਾਰੇ ਉਸ ਨੇ ਬਹੁਤ ਕਹਾਣੀਆਂ ਸੁਣਾਈਆਂ ਜਿਨ੍ਹਾਂ ‘ਚੋਂ ਕੁਝ ਕੁ ਉਸ ਨੇ ਖ਼ੁਦ ਆਪਣੇ ਪਿੰਡੇ ‘ਤੇ ਹੰਢਾਈਆਂ ਹੋਈਆਂ ਸਨ, ਟੈਕਸੀ ਡਰਾਈਵਰ ਤੇ ਉਹ ਵੀ ਗੁਰਸਿੱਖ ਹੋਣ ਕਰ ਕੇ। ਜਦੋਂ ਮੁਕਤਸਰ ਦੇ ਨੇੜੇ ਪਹੁੰਚੇ ਤਾਂ ਮੈਂ ਉਸ ਨੂੰ ਆਪਣੇ ਹਮਜਮਾਤੀ ਪੁਲਸ ਅਫ਼ਸਰ ਬਾਰੇ ਦੱਸਿਆ ਤੇ ਕਿਹਾ ਕਿ ਆਪਾਂ ਉਸ ਨੂੰ ਵੀ ਮਿਲਣਾ ਹੈ ਤੇ ਨਾਲ਼ੇ ਉਹਦੀ ਮੁਲਾਕਾਤ ਵੀ ਉਸ ਨਾਲ ਕਰਵਾ ਦਿਆਂਗਾ ਤਾਂ ਕਿ ਕਿਤੇ ਲੋੜ ਪੈਣ ‘ਤੇ ਉਸ ਕੋਲੋਂ ਮਦਦ ਲਈ ਜਾ ਸਕੇਂ, ਜਿਵੇਂ ਕਿ ਉਸ ਨੇ ਆਪ ਹੀ ਦੱਸਿਆ ਸੀ ਕਿ ਨਾਕਿਆਂ ‘ਤੇ ਪੁਲਸ ਬਹੁਤ ਤੰਗ ਕਰਦੀ ਐ।
ਮੇਰੀ ਗੱਲ ਸੁਣ ਕੇ ਉਹ ਬੜੀ ਨਿਮਰਤਾ ਨਾਲ਼ ਬੋਲਿਆ, “ ਨਾ ਵੀਰ ਜੀ, ਇਹ ਕੰਮ ਨਾ ਕਰਿਓ, ਤੁਸੀਂ ਜੰਮ ਜੰਮ ਮਿਲੋ ਉਨ੍ਹਾਂ ਨੂੰ ਪਰ ਮੇਰੇ ਬਾਰੇ ਕੁਝ ਨਹੀਂ ਕਹਿਣਾ।”
ਮੈਨੂੰ ਹੈਰਾਨੀ ਹੋਈ ਉਹਦੀ ਗੱਲ ਸੁਣ ਕੇ ਕਿ ਲੋਕ ਤਾਂ ਕਿਸੇ ਵੱਡੇ ਅਫਸਰ ਨਾਲ ਜਾਣ-ਪਛਾਣ ਕਰਨੀ ਲੋਚਦੇ ਹਨ ਤਾਂ ਕਿ ਲੋੜ ਪੈਣ ‘ਤੇ ਕੋਈ ਅੜਿਆ ਹੋਇਆ ਕੰਮ ਕਰਵਾ ਸਕਣ ਪਰ ਇਹ ਸ਼ਖ਼ਸ ਕਹਿੰਦਾ ਹੈ ਕਿ ਇਹ ਕੰਮ ਨਾ ਕਰਿਓ। ਮੈਂ ਜਦ ਇਸ ਦਾ ਕਾਰਨ ਜਾਨਣਾ ਚਾਹਿਆ ਤਾਂ ਉਹ ਬੜੇ ਸਹਿਜ ਨਾਲ਼ ਬੋਲਿਆ, “ ਵੀਰ ਜੀ, ਨਾਕੇ ਉੱਤੇ ਪੁਲਸ ਵਾਲਿਆਂ ਨੂੰ ਸੌ ਦੋ ਸੌ ਦੇ ਕੇ ਖਹਿੜਾ ਛਡਾਉਣਾ ਸਸਤਾ ਸਾਡੇ ਲਈ ਪਰ ਜੇ ਵਗਾਰ ਦਾ ਢੋਲ ਇਕ ਵਾਰੀ ਮੇਰੇ ਗਲ਼ ਪੈ ਗਿਆ ਤਾਂ ਸਾਡੇ ਨਿਆਣੇ ਵੀ ਭੁੱਖੇ ਮਰ ਜਾਣਗੇ, ਵੀਰ ਜੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਭਾਵੇਂ ਕਿ ਸਾਰੇ ਪੁਲਸ ਵਾਲ਼ੇ ਇਕੋ ਜਿਹੇ ਨਹੀਂ ਹੁੰਦੇ ਪਰ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ, ਵਾਹ ਪਿਆਂ ਜਾਣੀਏਂ ਜਾਂ ਰਾਹ ਪਿਆਂ ਜਾਣੀਏਂ।“
“ ਨਹੀਂ, ਨਹੀਂ, ਮੈਂ ਕਿਉਂ ਗੁੱਸਾ ਕਰਾਂਗਾ। ਤੂੰ ਤਾਂ ਸਗੋਂ ਇਕ ਜ਼ਮੀਨੀ ਹਕੀਕਤ ਦੇ ਦਰਸ਼ਨ ਕਰਵਾਏ ਐ ਮੈਨੂੰ,” ਮੈਂ ਕਿਹਾ। ਉਸ ਦੀ ਸਾਫ਼ਗੋਈ ਸੁਣ ਕੇ ਮੈਨੂੰ ਉਰਦੂ ਦਾ ਸ਼ੇਅਰ ਯਾਦ ਆ ਰਿਹਾ ਸੀ:
ਹੁਸੀਨੋਂ ਸੇ ਫ਼ਕਤ ਸਾਹਬ ਸਲਾਮਤ ਦੂਰ ਕੀ ਅੱਛੀ,
ਨਾ ਇਨ ਕੀ ਦੁਸ਼ਮਨੀ ਅੱਛੀ ਨਾ ਇਨ ਕੀ ਦੋਸਤੀ ਅੱਛੀ।
ਕਈ ਵਾਰੀ ਲੋਕ ਪੰਜਾਬ ਪੁਲਸ ਬਾਰੇ ਇਸ ਸ਼ੇਅਰ ਦੀ ਪੈਰੋਡੀ ਬਣਾਉਣ ਲਈ ਬਸ ਸਿਰਫ਼ ‘ਹੁਸੀਨੋਂ’ ਦੀ ਜਗ੍ਹਾ ‘ਪੁਲਸ ਵਾਲੋਂ’ ਕਰ ਦਿਆ ਕਰਦੇ ਹਨ।
ਨਿਰਮਲ ਸਿੰਘ ਕੰਧਾਲਵੀ  

ਸੇਵਾ - ਨਿਰਮਲ ਸਿੰਘ ਕੰਧਾਲਵੀ

ਕੰਮ ਤੋਂ ਵਾਪਸ ਆਉਂਦਿਆਂ ਬਲਬੀਰ ਨੇ ਸੋਚਿਆ ਕਿ ਕਿਉਂ ਨਾ ਟਰੈਵਲ ਏਜੰਟ ਦੇ ਦਫ਼ਤਰੋਂ ਟਿਕਟ ਵੀ ਲੈਂਦਾ ਜਾਵੇ। ਅਚਾਨਕ ਹੀ ਉਹਦਾ ਪ੍ਰੋਗਰਾਮ ਪੰਜਾਬ ਜਾਣ ਦਾ ਬਣ ਗਿਆ ਸੀ। ਟਰੈਵਲ ਏਜੰਟ ਦੇ ਦਫ਼ਤਰ ਵਿਚ ਇਕ ਤੀਹ ਬੱਤੀ ਸਾਲ ਦਾ ਨੌਜੁਆਨ ਬੈਠਾ ਸੀ। ਟਰੈਵਲ ਏਜੰਟ ਜੋ ਕਿ ਬਲਬੀਰ ਦਾ ਬਹੁਤ ਚੰਗੀ ਤਰ੍ਹਾਂ ਜਾਣੂੰ ਸੀ, ਉਹਨੂੰ ਕਹਿਣ ਲੱਗਾ, “ ਵੀਰ ਜੀ, ਏਹ ਸਰਦਾਰ ਗੁਰਮੀਤ ਸਿੰਘ ਜੀ ਹਨ, ਆਪਣੇ ਬੜੇ ਮਿੱਤਰ ਹਨ, ਇਹਨਾਂ ਦੇ ਬਾਬਾ ਜੀ ਦੀ ਪੈਨਸ਼ਨ ਦਾ ਕੋਈ ਚੱਕਰ ਪਿਆ ਹੋਇਆ ਹੈ। ਮਹਿਕਮੇ ਵਾਲ਼ੇ ਬਜ਼ੁਰਗ ਦਾ ਬਰਥ ਸਰਟੀਫ਼ੀਕੇਟ ਮੰਗਦੇ ਹਨ। ਇਨ੍ਹਾਂ ਕੋਲ ਸਰਟੀਫ਼ੀਕੇਟ ਹੈ ਨਹੀਂ ਤੇ ਬਾਬਾ ਜੀ ਦਾ ਜਨਮ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਲਾਇਲਪੁਰ ਦਾ ਹੈ। ਤੁਸੀਂ ਜੇ ਪੰਜਾਬ ਤੋਂ ਇਨ੍ਹਾਂ ਦੇ ਬਾਬਾ ਜੀ ਦੇ ਨਾਮ ਦਾ ਸਰਟੀਫ਼ੀਕੇਟ ਬਣਵਾ ਲਿਆਵੋਂ ਤਾਂ ਬੜੀ ਮਿਹਰਬਾਨੀ ਹੋਵੇਗੀ। ਇਹ ਇੱਥੇ ਯੂ.ਕੇ. ਦੇ ਜੰਮੇ ਪਲ਼ੇ ਹਨ। ਇਹ ਪੰਜਾਬ ਕਦੀ ਗਏ ਹੀ ਨਹੀਂ। ਉੱਥੇ ਪੰਜਾਬ ਵਿਚ ਏਦਾਂ ਦੇ ਸਰਟੀਫ਼ੀਕੇਟ ਬਣ ਜਾਂਦੇ ਆ, ਪੈਸਿਆਂ ਦੀ ਚਿੰਤਾ ਨਾ ਕਰਿਉ ਜਿੰਨੇ ਵੀ ਲੱਗਣਗੇ ਮੈਂ ਦੇ ਦੇਵਾਂਗਾ[“
“ ਕੋਈ ਗੱਲ ਨਹੀਂ ਭਾ ਜੀ, ਤੁਸੀਂ ਪੂਰਾ ਵੇਰਵਾ ਲਿਖ ਦਿਉ, ਮੈਂ ਪੂਰੀ ਕੋਸ਼ਿਸ਼ ਕਰਾਂਗਾ,” ਬਲਬੀਰ ਨੇ ਬੜੀ ਅਪਣੱਤ ਨਾਲ਼ ਕਿਹਾ।       
ਗੁਰਮੀਤ ਸਿੰਘ ਨੇ ਇਕ ਕਾਗਜ਼ ਉਪਰ ਸਾਰਾ ਵੇਰਵਾ ਲਿਖ ਕੇ ਜਦੋਂ ਬਲਬੀਰ ਨੂੰ ਫੜਾਇਆ ਤਾਂ ਨਾਲ ਹੀ ਪੰਜਾਹ ਪੌਂਡ ਦਾ ਇਕ ਨੋਟ ਵੀ ਬਲਬੀਰ ਵਲ ਵਧਾਇਆ। ਬਲਬੀਰ ਨੇ ਨੋਟ ਗੁਰਮੀਤ ਨੂੰ ਵਾਪਸ ਕਰਦਿਆਂ ਕਿਹਾ, “ ਭਾ ਜੀ ਪੈਸੇ ਕਿਤੇ ਭੱਜੇ ਨਹੀਂ ਜਾਂਦੇ, ਜਿੰਨੇ ਲੱਗਣਗੇ ਮੈਂ ਵਾਪਸ ਆ ਕੇ ਲੈ ਲਵਾਂਗਾ,” ਤੇ ਉਸ ਨੇ ਮੱਲੋ-ਮੱਲੀ ਗੁਰਮੀਤ ਦੀ ਜੇਬ ਵਿਚ ਨੋਟ ਪਾ ਦਿਤਾ।  
ਪਿੰਡ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਬਲਬੀਰ ਆਪਣੇ ਨੇੜਲੇ ਸ਼ਹਿਰ ਦੀ ਮਿਉਂਸੀਪਲ ਕਮੇਟੀ ਦੇ ਦਫ਼ਤਰ ਜਾ ਪਹੁੰਚਾ ਤੇ ਨੇਮ-ਪਲੇਟਾਂ ਪੜ੍ਹਦਾ ਪੜ੍ਹਦਾ ਰਜਿਸਟਰਾਰ ਦੇ ਕਮਰੇ ‘ਚ ਪਹੁੰਚ ਗਿਆ। ਬਲਬੀਰ ਨੂੰ ਅਚਾਨਕ ਹੀ ਅੰਦਰ ਆਇਆ ਦੇਖ ਕੇ ਇਕ ਬਾਬੂ ਨੇ ਅੱਭੜਵਾਹੇ ਜਿਹੇ ਪੁੱਛਿਆ, “ ਹਾਂ ਜੀ, ਸਰਦਾਰ ਜੀ ਦੱਸੋ, ਕੀ ਕੰਮ ਐ?”
     “ ਬਾਬੂ ਜੀ, ਸਾਡੇ ਇਕ ਬਜ਼ੁਰਗ਼ ਲਾਇਲਪੁਰ, ਪਾਕਿਸਤਾਨ ‘ਚ................” ਬਲਬੀਰ ਨੇ ਅਜੇ ਫ਼ਿਕਰਾ ਵੀ ਪੂਰਾ ਨਹੀਂ ਸੀ ਕੀਤਾ ਕਿ ਬਾਬੂ ਚਹਿਕਦਾ ਹੋਇਆ ਬੋਲਿਆ, “ ਤੁਹਾਨੂੰ ਬਰਥ ਸਰਟੀਫ਼ੀਕੇਟ ਚਾਹੀਦੈ ਜੀ, ਮਿਲ ਜਾਏਗਾ, ਤੁਸੀਂ ਤਾਂ ਲਾਇਲਪੁਰ ਦੀ ਗੱਲ ਕਰਦੇ ਹੋ, ਬਜ਼ੁਰਗ਼ ਭਾਵੇਂ ਨਾ ਵੀ ਜੰਮਿਆਂ ਹੋਵੇ ਤਾਂ ਵੀ ਮਿਲ ਜਾਏਗਾ। ਪੂਰਾ ਇਕ ਹਜ਼ਾਰ ਰੁਪੱਈਆ ਲੱਗੂ। ਐਥੇ ਕਾਗਜ਼ ‘ਤੇ ਸਾਰੀ ਡੀਟੇਲ ਲਿਖ ਦਿਉ ਜੀ। ਤੁਸੀਂ ਠੰਡਾ-ਸ਼ੰਡਾ ਪੀ ਆਉ ਬਾਜ਼ਾਰੋਂ ਤੇ ਅੱਧੇ ਘੰਟੇ ਬਾਅਦ ਸਰਟੀਫ਼ੀਕੇਟ ਲੈ ਲਈਉ ਆ ਕੇ।”
ਬਲਬੀਰ ਨੇ ਪੰਜ ਪੰਜ ਸੌ ਦੇ ਦੋ ਨੋਟ ਬਾਬੂ ਨੂੰ ਫੜਾਏ ਤੇ ਬਾਜ਼ਾਰ ਦਾ ਗੇੜਾ ਮਾਰਨ ਚਲਾ ਗਿਆ।
ਜਦ ਉਹ ਅੱਧੇ ਕੁ ਘੰਟੇ ਬਾਅਦ ਵਾਪਸ ਆਇਆ ਤਾਂ ਬਾਬੂ ਨੇ ਸਰਟੀਫ਼ੀਕੇਟ ਤਿਆਰ ਕਰ ਕੇ ਲਿਫ਼ਾਫ਼ੇ ‘ਚ ਪਾਇਆ ਹੋਇਆ ਸੀ। ਬਲਬੀਰ ਜਦੋਂ ਲਿਫ਼ਾਫ਼ਾ ਲੈ ਕੇ ਤੁਰਨ ਲੱਗਾ ਤਾਂ ਬਾਬੂ ਬੋਲਿਆ, “ ਸਰਦਾਰ ਜੀ, ਇਕ ਵਾਰੀ ਸਰਟੀਫ਼ੀਕੇਟ ਚੈੱਕ ਕਰ ਲਉ, ਕਈ ਵਾਰੀ ਕੋਈ ਸਪੈਲਿੰਗ ਆਦਿ ਦੀ ਮਿਸਟੇਕ ਹੋ ਜਾਂਦੀ ਐ, ਅਸੀਂ ਉਲਾਂਭੇ ਵਾਲਾ ਕੰਮ ਨਹੀਂ ਕਰਦੇ।”
ਬਲਬੀਰ ਨੇ ਕਾਗਜ਼ ‘ਤੇ ਲਿਖਿਆ ਹੋਇਆ ਵੇਰਵਾ ਸਰਟੀਫ਼ੀਕੇਟ ਨਾਲ ਮਿਲਾਇਆ, ਸਭ ਕੁਝ ਠੀਕ ਸੀ।
ਲਿਫ਼ਾਫ਼ਾ ਜੇਬ ‘ਚ ਪਾ ਕੇ ਜਦੋਂ ਉਹ ਦਫ਼ਤਰ ‘ਚੋਂ ਬਾਹਰ ਨਿਕਲਣ ਲੱਗਾ ਤਾਂ ਅਚਾਨਕ ਹੀ ਉਹਦੇ ਮੂੰਹ ‘ਚੋਂ ਹੌਲੀ ਜਿਹੀ ਨਿਕਲ ਗਿਆ, “ ਮੇਰਾ ਭਾਰਤ ਮਹਾਨ ”                      
“ ਸਰਦਾਰ ਜੀ, ਮੈਨੂੰ ਕਿਹੈ ਕੁਛ,” ਬਾਬੂ ਨੇ ਉਹਦੇ ਵਲ ਟੀਰਾ ਜਿਹਾ ਝਾਕਦਿਆਂ ਪੁੱਛਿਆ।
“ ਤੁਹਾਡਾ ਧੰਨਵਾਦ ਕਰਨ ਦਾ ਤਾਂ ਮੈਨੂੰ ਚੇਤਾ ਹੀ ਨਹੀਂ ਰਿਹਾ,” ਬਲਬੀਰ ਨੇ ਮੁਸਕੜੀ ਲੈਂਦਿਆਂ ਕਿਹਾ।
“ ਕੋਈ ਗੱਲ ਨਹੀਂ ਜੀ, ਅਸੀਂ ਤਾਂ ਜੰਤਾ ਦੀ ਸੇਵਾ ਲਈ ਬੈਠੇ ਆਂ ,” ਕਹਿ ਕੇ ਬਾਬੂ ਆਪਣੀ ਸੀਟ ‘ਤੇ ਜਾ ਬੈਠਾ ਤੇ ਬਲਬੀਰ ਸਾਰੇ ਰਾਹ ‘ ਸੇਵਾ ’ ਦੇ ਅਰਥ ਲੱਭਦਾ ਰਿਹਾ।

ਕੋਈ ਹੈਗਾ ਏ ਤਾਂ ਦੱਸੋ - ਨਿਰਮਲ ਸਿੰਘ ਕੰਧਾਲਵੀ

ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ  ਦਸਵੇਂ ਦਾ ਸਾਨੀ

ਦੁਖੀ ਆਏ ਜਾਂ ਦੁਆਰੇ, ਗੁਰ ਪਿਤਾ ਇਹ ਉਚਾਰੇ
ਕੋਈ ਦੇਵੇ ਬਲੀਦਾਨ, ਦੁਖ ਇਹਨਾਂ ਦੇ ਨਿਵਾਰੇ
ਗੋਬਿੰਦ ਮੁਸਕਾਇਆ, ਇੰਜ ਉਹਨੇ ਅਲਾਇਆ
ਮੇਰੀ ਕਰਿਓ ਨਾ ਚਿੰਤਾ, ਜਾ ਕੇ ਦੇਵੋ ਕੁਰਬਾਨੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾ ਦੱਸੋ, ਗੁਰੂ ਦਸਵੇਂ ਦਾ ਸਾਨੀ
    
ਮੱਲਾਂ ਜੰਗਾਂ ਵਿਚ ਮਾਰੇ, ਆਕੀ  ਰਣ 'ਚ ਸੰਘਾਰੇ
ਨਾਲ਼ੇ ਰਚੇ ਉਹ ਸਾਹਿਤ, ਕਦੀ  ਕਵੀਆਂ  ਨੂੰ ਤਾਰੇ
ਜਿੱਵੇਂ ਵਾਹੀ ਉਹਨੇ ਤੇਗ਼, ਏਵੇਂ ਵਾਹੀ ਉਹਨੇ ਕਾਨੀ
ਵਾਰ ਦਿੱਤਾ ਪਰਵਾਰ,  ਕਹਾਵੇ ਪੁੱਤਰਾਂ ਦਾ ਦਾਨੀ
ਕੋਈ  ਹੈਗਾ  ਏ ਤਾਂ ਦੱਸੋ,  ਗੁਰੂ ਦਸਵੇਂ ਦਾ  ਸਾਨੀ

ਹੱਥੀਂ ਸਾਜ ਕੇ ਪਿਆਰੇ, ਗੁਰ  ਚੇਲਾ  ਉਹ ਕਹਾਵੇ
'ਕੱਲਾ ਲੱਖ ਨਾ' ਲੜਾ ਕੇ, ਬਾਜ਼ ਚਿੜੀ ਤੋਂ ਤੁੜਾਵੇ
ਕਰਨਾ ਜ਼ੁਲਮਾਂ ਦਾ ਨਾਸ, ਇਹੋ ਦਿਲ ਵਿਚ ਠਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ  ਏ  ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ

ਦੋ ਵਾਰੇ ਸਰਹੰਦ, ਦੋ ਵਾਰ ਦਿੱਤੇ ਵਿਚ ਚਮਕੌਰ
ਠੰਡੇ ਬੁਰਜ 'ਚ ਉਡਿਆ, ਮਾਂ ਗੁਜਰੀ ਦਾ ਭੌਰ
ਆਖਦਾ ਜਹਾਨ ਸਾਰਾ,ਇਹ ਸ਼ਹੀਦੀਆਂ ਲਾਸਾਨੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ,  ਗੁਰੂ ਦਸਵੇਂ ਦਾ ਸਾਨੀ

ਕਦੀ ਮਖ਼ਮਲੀ ਸੇਜਾਂ,  ਕਦੀ ਟਿੰਡ ਦਾ ਸਰ੍ਹਾਣਾ
ਪੈਰ ਕੰਡਿਆਂ ਪਰੁੰਨ੍ਹੇ,  ਮਿੱਠਾ ਮੰਨਦਾ ਏ ਭਾਣਾ
ਹੱਥ ਫੜੀ ਸ਼ਮਸ਼ੀਰ,  ਅਤੇ ਬੁੱਲ੍ਹਾਂ ਉੱਤੇ ਬਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ

ਵਿਚ ਚਮਕੌਰ ਜੀਹਨੇ, ਅਜੀਤ ਜੁਝਾਰ ਨਾ ਸੰਭਾਲ਼ੇ
ਖਿਦਰਾਣੇ ਵਾਲ਼ੀ ਢਾਬ ਉੱਤੇ, ਰੰਗ ਅਜਬ ਦਿਖਾਲੇ
ਸਿਰ ਯੋਧਿਆਂ ਦੇ ਗੋਦੀ, ਵਹਾਵੇ ਅੱਖਾਂ ਵਿਚੋਂ ਪਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ  ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ

ਘਰ ਮਿਹਰਾਂ ਦੇ ਆ ਕੇ, ਗਲ਼ ਵਿਛੜੇ ਉਹ ਲਾਵੇ
ਮੂੰਹ  ਮੰਗੀਆਂ ਮੁਰਾਦਾਂ, ਫਿਰ  ਮਹਾਂ ਸਿੰਘ ਪਾਵੇ
ਕਦੀ ਦੇਖੀ ਨਾ ਸੁਣੀ,  ਐਸੀ ਜੱਗ 'ਤੇ ਕਹਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ  ਦਸਵੇਂ ਦਾ ਸਾਨੀ।