Nirmal Singh Kandhalvi

ਸੌਦਾ ਸਾਧ ਦਾ ਤਰਲਾ - ਕੰਧਾਲਵੀ

ਮੇਰਾ ਕਰੋ ਇੰਤਜ਼ਾਮ, ਮੈਂ ਹੋਇਆ ਬੜਾ ਪ੍ਰੇਸ਼ਾਨ
ਪੇਸ਼ ਚਲਦੀ ਨਹੀਂ ਕੋਈ, ਤੰਗ ਕਰਦਾ ਏ ਕਾਮ
ਮੇਰਾ ਕਰੋ ਇੰਤਜ਼ਾਮ..........................

ਥੋਡੀ ਮਿੰਨਤ ਸੀ ਪਾਈ, ਦੋਵਾਂ ਅਰਜ਼ੀ ਵੀ ਲਾਈ
ਨਾ ਵਿਛੋੜਿਓ ਓਏ ਸਾਨੂੰ, ਦੋ ਕਲਬੂਤ ਇਕ ਜਾਨ
ਮੇਰਾ ਕਰੋ.................................

ਕਿੱਥੇ ਹਨੀਪ੍ਰੀਤ ਹੈ ਲੁਕੋਈ, ਮੈਨੂੰ ਦੱਸ ਦਿਉ ਕੋਈ
ਮੇਰੀ ਪਰੀਆਂ ਦੀ ਰਾਣੀ, ਮੇਰੇ ਡੇਰੇ ਦੀ ਸੀ ਸ਼ਾਨ
ਮੇਰਾ ਕਰੋ.........................................

ਕਹਿਰ ਹੋਰ ਨਾ ਕਮਾਉ, ਹਨੀਪ੍ਰੀਤ ਨੂੰ ਲਿਆਉ
ਮੈਂ ਜਿਊਂਦਿਆਂ 'ਚ ਹੋਜੂੰ, ਥੋਡਾ ਕੀ ਏ ਨੁਕਸਾਨ
ਮੇਰਾ ਕਰੋ........................................

ਜਿਹੜੇ ਮੰਗਦੇ ਸੀ ਵੋਟਾਂ, ਸਦਾ ਤੱਕਦੇ ਸੀ ਓਟਾਂ
ਮੁਲਾਕਾਤ ਨੂੰ ਨਾ ਆਏ, ਮੇਰੀ ਭੁੱਲ ਗਏ ਪਛਾਣ
ਮੇਰਾ ਕਰੋ...........................................

ਕੰਧਾਲਵੀ
15 Sep. 2017

ਹਨੀਪ੍ਰੀਤ ਦੀ ਅਰਜ਼ੋਈ ਤੇ ਸੌਦਾ ਸਾਧ ਦੀ ਬੇਬਸੀ - ਨਿਰਮਲ ਸਿੰਘ ਕੰਧਾਲਵੀ

ਹਨੀਪ੍ਰੀਤ:-       ਕਿਤੋਂ ਬਹੁੜ 'ਪਿਤਾ' ਮੇਰੇ, ਹੁਣ ਆਈਆਂ ਮੁਸ਼ਕਿਲਾਂ ਬੜੀਆਂ
ਪੁਲਸ ਲੱਭਦੀ ਫਿਰੇ ਮੈਨੂੰ, ਲੱਗ ਜਾਣ ਨਾ ਕਿਤੇ ਹੱਥਕੜੀਆਂ

ਸੌਦਾ ਸਾਧ:-       ਕੋਈ ਚਲਦਾ ਨਾ ਚਾਰਾ ਨੀਂ, ਮੈਂ ਟੱਕਰਾਂ ਨਾਲ਼ ਕੰਧਾਂ ਦੇ ਮਾਰਾਂ
ਦਿਲ ਡੁੱਬ ਡੁੱਬ ਜਾਂਦਾ ਮੇਰਾ, ਕਰ ਕਰ ਚੇਤੇ ਉਹ ਮੌਜ ਬਹਾਰਾਂ

ਹਨੀਪ੍ਰੀਤ:-       ਹੁਣ ਮੈਨੂੰ ਬਚਾ ਲਉ ਜੀ, ਕੋਈ ਸ਼ਕਤੀ ਤੁਸੀਂ ਦਿਖਲਾਉ
ਰੂਪ ਧਾਰ ਕੇ ਸ਼ੇਰ ਦਾ ਜੀ, ਤੁਸੀਂ ਜਲਦ ਮੇਰੇ ਕੋਲ ਆਉ
ਮੇਰੇ ਅੱਥਰੂ ਨਹੀਂ ਰੁਕਦੇ, ਲੱਗੀਆਂ ਸਉਣ ਦੀਆਂ ਝੜੀਆਂ
ਕਿਤੋਂ ਬਹੁੜ 'ਪਿਤਾ' ਮੇਰੇ, ਹੁਣ ਆਈਆਂ ਮੁਸ਼ਕਿਲਾਂ ਬੜੀਆਂ

ਸੌਦਾ ਸਾਧ:-      ਨੀਂ ਬਿੱਲੋ ਸ਼ੇਰ ਮੈਂ ਨਕਲੀ ਹਾਂ, ਬੁੱਧੂ ਲੋਕ ਮੈਂ ਬਹੁਤ ਬਣਾਏ
ਕਿਹੜੀ ਸ਼ਕਤੀ ਤੂੰ ਲੱਭਨੀ ਏਂ, ਕਿੱਸੇ ਚੇਲਿਆਂ ਨੂੰ ਝੂਠ ਸੁਣਾਏ
ਨਾ ਪੁਲਸ ਨੂੰ ਕੁਝ ਦੱਸੀਂ, ਸਹਿ ਲਈ ਸੁਹਲ ਸਰੀਰ 'ਤੇ ਮਾਰਾਂ
ਦਿਲ ਡੁੱਬ ਡੁਬ ਜਾਂਦਾ ਮੇਰਾ, ਕਰ ਕਰ ਚੇਤੇ ਉਹ ਮੌਜ ਬਹਾਰਾਂ

ਨਿਰਮਲ ਸਿੰਘ ਕੰਧਾਲਵੀ
06 Sep. 2017

ਮੈਂ ਸਾਧ ਸਾਂ ਬੜਾ ਰੰਗੀਲਾ ਜੀ - ਨਿਰਮਲ ਸਿੰਘ ਕੰਧਾਲਵੀ

ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ
ਮਿਰਾ ਲੀਡਰ ਭਰਦੇ ਪਾਣੀ ਸੀ
ਹਰ ਅੱਖ ਮੈਂ ਕੀਤੀ ਕਾਣੀ ਸੀ
ਕਈਆਂ ਤੋਂ ਨੱਕ ਰਗੜਾਏ ਮੈਂ
ਖੱਬੀ ਖਾਨ ਸੀ ਪੜ੍ਹਨੇ ਪਾਏ ਮੈਂ
ਹੁਣ ਹਿੱਲਿਆ ਮੇਰਾ ਕੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ.........................

ਸਭ ਲੀਡਰ ਗੁਣ ਮਿਰੇ ਗਾਉਂਦੇ ਸੀ
ਖੁਦ ਚੱਲ ਕੇ ਡੇਰੇ ਆਉਂਦੇ ਸੀ
ਕੋਈ ਕੰਮ ਮਿਰਾ ਨਾ ਰੁਕਦਾ ਸੀ
ਮਿਰੇ ਅੱਗੇ ਹਰ ਕੋਈ ਝੁਕਦਾ ਸੀ
ਲੁੱਟ ਲੁੱਟ ਜੋ ਮਹਿਲ ਬਣਾਏ ਮੈਂ
ਸਭ ਹੋ ਗਿਆ ਤੀਲਾ ਤੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ.............................

ਮਿਰੇ ਰਾਹ 'ਚ ਜੋ ਕੋਈ ਆਇਆ ਸੀ
ਉਹਨੇ 'ਕੀਤੀ ਦਾ ਫਲ' ਪਾਇਆ ਸੀ
ਮਿਰੇ ਹੱਥ ਬੜੇ ਹੀ ਲੰਮੇ ਸੀ
ਕਈ ਆਕੜਖੋਰ ਮੈਂ ਭੰਨੇ ਸੀ
ਅਹਿ ਬਿਜਲੀ ਡਿਗ ਪਈ ਮੇਰੇ 'ਤੇ
ਕੋਈ ਚੱਲਿਆ ਨਹੀਂ ਮਿਰਾ ਹੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ...................

ਦਸ ਲੱਖ ਦੇ ਬੈੱਡ 'ਤੇ ਸੌਂਦਾ ਸਾਂ
ਹੁਸਨਾਂ ਦੀਆਂ ਬੁੱਚੀਆਂ ਪਾਉਂਦਾ ਸਾਂ
ਹੁਣ ਥੜ੍ਹਾ ਢੂਈ ਨੂੰ ਛਿੱਲਦਾ ਏ
ਕੀ ਦੱਸਾਂ ਹਾਲ ਜੋ ਦਿਲ ਦਾ ਏ
ਨਹੀਂ ਅੰਦਰ ਲੰਘਦੀ ਰੋਟੀ ਜੀ
ਦਿਲ ਮੰਗਦਾ ਨਰਮ ਜਿਹੀ 'ਬੋਟੀ' ਜੀ
ਰੰਗ ਪੈਂਦਾ ਜਾਂਦਾ ਪੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ.............................

ਦੋ ਕੰਬਲ ਮਿਲ਼ੇ ਇਕ ਚਾਦਰ ਜੀ
ਹਰ ਕੋਈ ਇਕ ਬਰਾਬਰ ਜੀ
ਇਕ ਕੌਲਾ ਨਾਲ਼ ਇਕ ਥਾਲ਼ੀ ਜੀ
ਮੈਂ ਜੇਲ੍ਹ 'ਚ ਬਣ ਗਿਆ ਮਾਲੀ ਜੀ
ਪਟ ਰੇਸ਼ਮ ਕਦੇ ਹੰਢਾਉਂਦਾ ਸਾਂ
'ਸੂਟ' ਧਾਰੀਦਾਰ ਹੁਣ ਨੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ..................

ਹਨੀਪ੍ਰੀਤ ਦਾ ਝੋਰਾ ਖਾਂਦਾ ਏ
ਦਿਲ ਮੇਰਾ ਡੁੱਬਦਾ ਜਾਂਦਾ ਏ
ਕਿਹੜੇ ਹਾਲ 'ਚ ਕਮਲ਼ੀ ਹੋਣੀ ਏ
ਕੀ ਵਰਤ ਗਈ ਕੀ ਅਨਹੋਣੀ ਏਂ
ਬਿਨ ਮੇਰੇ ਕਿੰਜ ਉਹ ਜੀਵੇਗੀ
ਇਕ ਮੈਂ ਹੀ ਉਹਦਾ ਵਸੀਲਾ ਸੀ
ਮੈਂ ਸਾਧ ਸਾਂ ਬੜਾ ਰੰਗੀਲਾ ਸੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ......................................

ਨਿਰਮਲ ਸਿੰਘ ਕੰਧਾਲਵੀ
1 Sep. 2017

ਇਕ ਸਾਧ ਦੀ ਕਥਾ ਉਹਦੀ ਆਪਣੀ ਜ਼ੁਬਾਨੀ - ਨਿਰਮਲ ਸਿੰਘ ਕੰਧਾਲਵੀ

ਮੈਂ ਸਾਧ ਬੜਾ ਰੰਗੀਲਾ ਜੀ
ਵਰਤਾਵਾਂ ਨਿੱਤ ਨਵੀਂ ਲੀਲ੍ਹਾ ਜੀ
ਅੱਜ ਸੁਣ ਲਉ ਮਿਰੀ ਕਹਾਣੀ ਜੀ
ਮੈਂ ਖ਼ਾਕ ਡੇਰੇ ਦੀ ਛਾਣੀ ਜੀ
ਗਲ਼ ਘੁੱਟ ਕੇ ਵੱਡੇ ਬਾਬੇ ਦਾ
ਮੁਸ਼ਕਿਲ ਸੇ ਰੁਤਬਾ ਪਾਇਆ ਜੀ
ਤਬੈ ਸੰਤ ਹਮ ਨੇ ਅਖਵਾਇਆ ਹੈ
ਨਾਲ਼ ਇਕ ਸੌ ਅੱਠ ਲਗਾਇਆ ਹੈ।

ਸਾਨੂੰ ਮਾਂ ਪਿਉ ਚਾੜ੍ਹ ਗਏ ਡੇਰੇ ਸੀ
ਅਸੀਂ ਅੱਥਰੂ ਬੜੇ ਹੀ ਕੇਰੇ ਸੀ
ਨਾ ਤਰਸ ਕਿਸੇ ਨੂੰ ਆਇਆ ਸੀ
ਸਾਡਾ ਸਾਧ ਨੂੰ ਹੱਥ ਫੜਾਇਆ ਸੀ
ਅਸੀਂ ਕੱਟੀ ਬੜੀ ਗ਼ੁਲਾਮੀ ਜੀ
ਮਸੀਂ ਮੌਕਾ ਹੱਥ ਹੁਣ ਆਇਆ ਹੈ
ਤਬੈ ਸੰਤ ਦਾ ਰੁਤਬਾ ਪਾਇਆ ਹੈ
ਨਾਲ਼ ਇਕ ਸੌ ਅੱਠ ਲਗਾਇਆ ਹੈ

ਅਸੀਂ ਸਾਧ ਦੇ ਧੋਤੇ ਕੱਛੇ ਜੀ
ਨਾਲ਼ੇ ਚਾਰੇ ਕੱਟੇ ਤੇ ਵੱਛੇ ਜੀ
ਘੁਟਵਾਈਆਂ ਸਾਧ ਨੇ ਲੱਤਾਂ ਜੀ
ਸਾਨੂੰ ਦਿਤੀਆਂ ਪੁੱਠੀਆਂ ਮੱਤਾਂ ਜੀ
ਉਸ ਤੋਂ ਹੀ ਸਿੱਖ ਕੇ ਗੁਰ ਸਾਰੇ
ਤੀਰ ਉਸ 'ਤੇ ਫੇਰ ਚਲਾਇਆ ਹੈ
ਤਬੈ ਸੰਤ ਦਾ ਰੁਤਬਾ ਪਾਇਆ ਹੈ
ਨਾਲ਼ ਇਕ ਸੌ ਅੱਠ ਲਗਾਇਆ ਹੈ

ਸਾਧ ਮਰਿਆ ਤੇ ਪਏ ਝਮੇਲੇ ਜੀ
ਗੱਦੀ ਲਈ ਲੜ ਪਏ ਚੇਲੇ ਜੀ
ਵਰ੍ਹੀ ਡਾਂਗ ਤੇ ਚੱਲੀ ਗੋਲ਼ੀ ਜੀ
ਗਈ ਖ਼ੂਨ ਦੀ ਖੇਡੀ ਹੋਲੀ ਜੀ
ਨਾਲ਼ ਪੁਲਿਸ ਦੇ ਪਾ ਕੇ ਯਾਰੀ ਫਿਰ
ਅਸੀਂ ਡੇਰਾ ਇਹ ਹਥਿਆਇਆ ਹੈ
ਤਬੈ ਸੰਤ ਦਾ ਰੁਤਬਾ ਪਾਇਆ ਹੈ
ਨਾਲ਼ ਇਕ ਸੌ ਅੱਠ ਲਗਾਇਆ ਹੈ

ਇਕ ਚੇਲਾ ਅਜੇ ਵੀ ਆਕੀ ਸੀ
ਫੇਰੀ ਇਕ ਦਿਨ ਉਸਦੇ ਹਾਕੀ ਜੀ
ਅਸੀਂ ਪਾ ਲਿਆ ਵਾਹਣੋ-ਵਾਹਣੀ ਜੀ
ਅਸੀਂ ਪਾ ਲਿਆ ਵਾਹਣੋ-ਵਾਹਣੀ ਜੀ
ਹੁਣ ਚਲ ਪਿਆ ਵਾਂਗਰ ਪਾਣੀ ਜੀ
ਕਰਵਾਈ ਉਹਦੀ ਪੁਲਿਸ ਤੋਂ ਸੇਵਾ ਜੀ
ਛਿੱਤਰ ਨੇ ਸੁਖ ਵਰਤਾਇਆ ਹੈ।
ਤਬੈ ਸੰਤ ਅਸੀਂ ਅਖਵਾਇਆ ਹੈ।
ਨਾਲ਼ ਇਕ ਸੌ ਅੱਠ ਲਗਾਇਆ ਹੈ।

ਅਸੀਂ ਮਨਿਸਟਰ ਯਾਰ ਬਣਾਇਆ ਹੈ।
ਲਾਰਾ ਵੋਟਾਂ ਦਾ ਉਹਨੂੰ ਲਾਇਆ ਹੈ।
ਧੱਕੇ ਨਾਲ਼ ਕਬਜ਼ਾ ਕਰ ਕੇ ਤੇ
ਅਸੀਂ ਡੇਰੇ ਨੂੰ ਹੋਰ ਵਧਾਇਆ ਹੈ।
ਹੁਣ ਜਿੱਤ ਦੀ ਖ਼ੁਸ਼ੀ ਮਨਾਵਣ ਲਈ
ਪਾਠ ਇਕ ਸੌ ਇਕ ਰਖਾਇਆ ਹੈ
ਤਬੈ ਸੰਤ ਅਸੀਂ ਅਖਵਾਇਆ ਹੈ
ਨਾਲ਼ ਇਕ ਸੌ ਅੱਠ ਲਗਾਇਆ ਹੈ


ਨਿਰਮਲ ਸਿੰਘ ਕੰਧਾਲਵੀ
14 July 2017

ਪੰਜਾਬੀਆਂ ਨੂੰ ਅਪੀਲ - ਨਿਰਮਲ ਸਿੰਘ ਕੰਧਾਲਵੀ

ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ
ਚੋਗਾ ਦੇਖ ਕੇ ਜਾਲ਼ 'ਚ ਕਿਧਰੇ, ਫ਼ਸਿਉ ਨਾ ਪੰਜਾਬੀਉ

ਲੋਕ- ਰਾਜ ਵਿਚ ਪੰਜੀ ਸਾਲੀਂ, ਮੌਕਾ ਇਕ ਹੀ ਆਉਂਦੈ
ਵੇਖ ਕੇ ਰੰਗ ਬਿਰੰਗੇ ਪੰਛੀ, ਸ਼ਿਕਾਰੀ ਜਾਲ਼ ਵਿਛਾਉਂਦੈ
ਜਾਲ਼ 'ਚ ਫ਼ਸ ਗਏ ਜੇ ਕਰ, ਪਛਤਾਵੋਂਗੇ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਸੱਤ ਦਹਾਕੇ ਬੀਤ ਗਏ ਨੇ, ਬਣ ਗਈ ਜਿੰਦ ਅਜ਼ਾਬ ਦੀ
ਕਲਬੂਤ ਨੇ ਚੁੱਕੀ ਫਿਰਦੇ ਲੋਕੀਂ, ਰੂਹ ਮਰ ਗਈ ਪੰਜਾਬ ਦੀ
ਬਚ ਜਾਇਓ ਜੋਕਾਂ ਦੇ ਕੋਲੋਂ, ਧੋਖਾ ਖਾਇਉ ਨਾ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਨਸ਼ਿਆਂ ਦਾ ਦਰਿਆ ਵਗੂਗਾ, ਥੋਡੇ ਪੈਰੀਂ ਹੱਥ ਲਗਾਵਣਗੇ
ਅਪਰਾਧੀ ਨਿਵਣਗੇ ਦੂਣੇ, ਗੁਲਾਬੀ ਨੋਟ ਦਿਖਾਵਣਗੇ
ਦਾਰੂ ਦੀ ਬੋਤਲ ਦੇ ਉੱਤੇ, ਡੁੱਲ੍ਹ ਜਾਇਉ ਨਾ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਕਰਨਗੇ ਫੋਕੀ ਵਡਿਆਈ, ਐਵੇਂ ਜਾਣਗੇ ਫੂਕ ਛਕਾਈ
ਆਟੇ ਦਾਲ਼ 'ਚ ਮਿੱਤਰੋ ਏਹਨਾਂ, ਥੋਡੀ ਅਣਖ ਮਿਟਾਈ
ਵਾਂਗ ਭੁਕਾਨੇ ਐਵੇਂ ਹੀ ਨਾ, ਫੁੱਲ ਜਾਇਉ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਲੈਣ ਨੌਕਰੀ ਜਦੋਂ ਗਏ ਸੀ, ਸਿਰ ਪੜਵਾ ਘਰੀਂ ਸੀ ਆਏ
ਧੀ ਭੈਣ ਦੀ ਇੱਜ਼ਤ ਰੋਲਣ, ਫਿਰਨ ਗੁੰਡੇ ਹਲ਼ਕਾਏ
ਯਾਦ ਰੱਖਿਉ ਸਿਰ ਪਾਟੇ, ਭੁੱਲ ਜਾਇਓ ਨਾ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਇਸ਼ਟ ਇਹਨਾਂ ਲਈ ਇਕ ਖਿਡੌਣਾ, ਹੈਨ ਪਿਆਰੀਆਂ ਵੋਟਾਂ
ਗੁਰੂ ਸਾਹਿਬ ਨੂੰ ਦੇਵਣ ਧੋਖਾ, ਲੈਣ ਸਾਧੜਿਆਂ ਤੋਂ ਓਟਾਂ
ਵਸਤ ਕੋਈ ਵੀ ਨਾਹੀਂ ਥੋਡੇ, ਇਸ਼ਟ ਦੇ ਤੁੱਲ ਪੰਜਾਬੀਉ
ਫੜ ਕੇ ਪੱਲਾ ਹੋਸ਼ ਦਾ, ਤੁਸੀਂ ਦੱਬਿਉ ਬਟਣ ਪੰਜਾਬੀਉ

ਨਿਰਮਲ ਸਿੰਘ ਕੰਧਾਲਵੀ
23 Jan. 2017

ਜਾਰਜ ਕਾਰਲਿਨ - ਨਿਰਮਲ ਸਿੰਘ ਕੰਧਾਲਵੀ

ਉੱਚੀਆਂ ਅਟਾਰੀਆਂ, ਤੰਗ ਮਿਜਾਜ਼
ਖੁੱਲ੍ਹੀਆਂ ਸੜਕਾਂ, ਸੌੜੀ ਦ੍ਰਿਸ਼ਟੀ
ਖੁੱਲ੍ਹੇ ਖ਼ਰਚੇ, ਜੇਬਾਂ ਤੰਗ
ਵੱਡੇ ਘਰ, ਛੋਟੇ ਪਰਵਾਰ
ਵਧੇਰੇ ਸਹੂਲਤਾਂ, ਸੀਮਤ ਸਮਾਂ
ਵੱਡੀਆਂ ਡਿਗਰੀਆਂ, ਥੋੜ੍ਹੀ ਅਕਲ
ਗਿਆਨ ਵਧੇਰੇ, ਨਿਰਣਾ ਘੱਟ
ਮਾਹਰ ਵਧੇਰੇ, ਮੁਸ਼ਕਿਲਾਂ ਵਧੇਰੇ
ਵਧੇਰੇ ਇਲਾਜ, ਤੰਦਰੁਸਤੀ ਘੱਟ
ਖ਼ਰਚ ਬੇਲੋੜੇ, ਬਰਬਾਦੀ ਵਧੇਰੇ
ਤੇਜ਼ ਰਫ਼ਤਾਰੀ, ਗੁੱਸਾ ਨੱਕ 'ਤੇ
ਉੱਲੂ ਜਗਰਾਤਾ, ਥਕਾਵਟ ਸਵੇਰੇ
ਕਿਤਾਬ ਓਪਰੀ, ਟੀ.ਵੀ.ਪਿਆਰਾ
ਅਖਾਉਤੀ ਦਾਨੀ, ਪ੍ਰਹੇਜ਼ ਪ੍ਰਾਰਥਨਾ ਤੋਂ
ਅਣਗਿਣਤ ਵਸਤਾਂ, ਹੀਣੀਆਂ ਕਦਰਾਂ
ਬਹੁਤ ਬੜਬੋਲੇ, ਕੰਨਾਂ ਤੋਂ ਬੋਲ਼ੇ
ਪ੍ਰੀਤਾਂ ਤੋਂ ਸੱਖਣੇ, ਵਪਾਰੀ ਨਫ਼ਰਤਾਂ ਦੇ
ਰੋਟੀ ਕਮਾਉਂਦੇ, ਜੀਵਨ ਗੁਆਉਂਦੇ
ਉਮਰ ਵਧਾਈ, ਜੀਵਨ ਘਟਾਇਆ
ਗ੍ਰਹਿਆਂ 'ਤੇ ਨਿਸ਼ਾਨਾ, ਗੁਆਂਢੀ ਬਿਗਾਨਾ
ਸਪੇਸ ਦੇ ਜੇਤੂ, ਮੁਰਦਾ ਆਤਮਾਵਾਂ
ਵੱਡੀਆਂ ਮੱਲਾਂ, ਘਟੀਆ ਮਾਲ
ਹਵਾ ਸ਼ੁੱਧ ਕਰਦੇ, ਆਤਮਾਵਾਂ ਪ੍ਰਦੂਸ਼ਿਤ
ਐਟਮ 'ਤੇ ਜਿੱਤ, ਹੰਕਾਰ ਤੋਂ ਹਾਰ
ਕੀਤੇ ਕਾਗ਼ਜ਼ ਕਾਲ਼ੇ, ਸਿੱਖਿਆ ਘੱਟ
ਸਕੀਮਾਂ ਵਧੇਰੇ, ਨਿਬੇੜਾ ਘੱਟ
ਤੇਜ਼ ਰਫ਼ਤਾਰੀ, ਉਡੀਕ ਭਾਰੀ
ਸਾਧਨ ਵਧੇਰੇ, ਰਾਬਤਾ ਘੱਟ
ਫ਼ਾਸਟ ਫ਼ੂਡ, ਹਾਜ਼ਮੇ ਖ਼ਰਾਬ
ਵੱਡੇ ਆਦਮੀ, ਛੋਟੇ ਕਿਰਦਾਰ
ਵੱਧ ਮੁਨਾਫ਼ੇ, ਰਿਸ਼ਤੇ ਮਨਫ਼ੀ
ਡਬਲ ਤਨਖ਼ਾਹਾਂ, ਵਧੇਰੇ ਤਲਾਕ
ਸਜਾਵਟੀ ਮਕਾਨ, ਟੁੱਟੇ ਘਰ
ਸ਼ੋਅ-ਰੂਮ ਭਰਪੂਰ, ਸਟਾਕ-ਰੂਮ ਖ਼ਾਲੀ
ਨਾਲ ਪਿਆਰੇ ਬੈਠ ਤੂੰ ਜੁੜ ਕੇ
ਸਮਾਂ ਕਦੇ ਨਾ ਆਵੇ ਮੁੜ ਕੇ
ਦਰ ਆਏ ਨੂੰ ਮਿੱਠਾ ਬੋਲ
ਇਹਨੇ ਬੈਠ ਨਹੀਂ ਰਹਿਣਾ ਤੇਰੇ ਕੋਲ਼
ਪਾ ਸੱਜਣਾਂ ਨੂੰ ਗਲਵੱਕੜੀ
ਦਾਤ ਤੇਰੇ ਕੋਲ਼ ਇਹ ਤਕੜੀ
ਕਿਸੇ ਦੁਖੀ ਨੂੰ ਗਲ਼ ਨਾਲ਼ ਲਾਵੀਂ
ਦੁਖ ਦਰਦ  ਤੂੰ ਉਸਦਾ ਗਵਾਵੀਂ
ਹੱਥ ਫ਼ੜ ਲੈ ਮਿੱਤਰ ਪਿਆਰੇ ਦਾ
ਨਹੀਂ ਵਿਸਾਹ ਕੋਈ ਸਾਹ ਉਧਾਰੇ ਦਾ
ਪਿਆਰ ਨੂੰ ਪਨਪਣ ਦੇ,
ਬੁੱਲ੍ਹਾਂ ਨੂੰ ਫ਼ਰਕਣ ਦੇ
ਮਨ ਫ਼ੁੱਟਣ ਜੋ ਅਮੁੱਲ ਵਿਚਾਰ,
ਕਰ ਸਾਂਝੇ ਤੂੰ ਸਭ ਦੇ ਨਾਲ਼
ਅੰਤਿਕਾ:-
ਅਨੁਵਾਦਕ:- ਨਿਰਮਲ ਸਿੰਘ ਕੰਧਾਲਵੀ

3 Dec. 2016

ਕਾਮਧੇਨ ਗਊਆਂ - ਨਿਰਮਲ ਸਿੰਘ ਕੰਧਾਲਵੀ

ਫ਼ਸ ਗਿਆ ਇਕ ਸਾਧ ਕੋਲ ਮੈਂ, ਫ਼ਸ ਤੁਸੀਂ ਨਾ ਜਾਇਓ।
ਬੂਬਨੇ ਜਾਲ਼ ਵਿਛਾਈ ਬੈਠੇ, ਨਾ ਮੂੰਹ ਏਹਨਾਂ ਨੂੰ ਲਾਇਓ।
ਅਦਾਲਤ ਵਿਚ ਸੀ ਕੇਸ ਮਿਰਾ, ਮੈਂ ਪ੍ਰੇਸ਼ਾਨ ਸੀ ਹੋਇਆ।
ਗੱਲ ਸੁਣ ਕੇ ਇਕ ਬੰਦੇ ਦੀ, ਮੈਨੂੰ ਕੁਝ ਧਰਵਾਸਾ ਹੋਇਆ।
ਬੰਦਾ ਕਹਿੰਦਾ ਬਾਬਾ ਹੈ ਇਕ, ਹੈ ਬੜਾ ਹੀ ਕਰਨੀ ਵਾਲ਼ਾ।
ਕੇਸ ਜਿਤਾ ਦਊ ਤੈਨੂੰ ਕੋਰਟ ਵਿਚੋਂ, ਫੇਰ ਕੇ ਪੁੱਠੀ ਮਾਲ਼ਾ।
ਇਕ ਦਿਨ ਲੈ ਗਿਆ ਮੈਨੂੰ ਡੇਰੇ, ਬਾਬੇ ਨੂੰ ਮੁਸ਼ਕਿਲ ਦੱਸੀ।
ਤੁਕ ਤੁਕ ਵਾਲ਼ੇ ਪਾਠ ਦੀ ਬਾਬੇ, ਗਲ਼ ਪਾ 'ਤੀ ਮੇਰੇ ਰੱਸੀ।
ਇਕੱਤੀ ਹਜ਼ਾਰ ਪਾਠ ਦੀ ਪੂਜਾ, ਹੋਰ ਵਾਧੂ ਉੱਤੋਂ ਖ਼ਰਚਾ।
ਰੱਖਣੀ ਗੱਲ ਲੁਕੋ ਕੇ ਭਗਤਾ, ਕਰਨੀ ਨਹੀਂ ਕੋਈ ਚਰਚਾ।
ਕੇਸ ਜਿੱਤਣ ਦੇ ਲਾਲਚ ਵਿਚ, ਮੰਨ ਲਿਆ ਉਹਦਾ ਕਹਿਣਾ।
ਬਾਬਾ ਕਹਿੰਦਾ ਗੁਪਤ ਪਾਠ ਹੈ, ਪਾਠ ਦੇ ਕੋਲ਼ ਨਹੀਂ ਬਹਿਣਾ।
ਬਾਬੇ ਤਾਈਂ ਰਕਮ ਫੜਾ ਕੇ, ਘਰ ਆ ਗਏ ਚੁੱਪ ਕਰ ਕੇ।
ਗਿਣੀਏ ਦਿਨ ਫ਼ੈਸਲੇ ਵਾਲਾ, ਅਸੀਂ ਸਭ ਕੁਝ ਹੋਰ ਭੁਲਾ ਕੇ।
ਠੁੱਸ ਹੋਈ ਬਾਬੇ ਦੀ ਸ਼ਕਤੀ, ਉਲ਼ਟਾ ਕੇਸ ਹੋ ਗਿਆ ਮੇਰਾ।
ਪੈ ਗਿਆ ਕੋਰਟ ਖ਼ਰਚ ਵੀ ਮੈਨੂੰ, ਉੱਤੋਂ ਖਾ ਗਿਆ ਮੈਨੂੰ ਡੇਰਾ।
ਬਾਬੇ ਨੂੰ ਜਦ ਫੋਨ ਘੁੰਮਾਵਾਂ, ਉਹਦਾ ਫੋਨ ਚੁੱਕੇ ਕੋਈ ਚੇਲਾ।
ਬਾਬਾ ਜੀ ਨੇ ਭਗਤੀ ਕਰਦੇ, ਜਾਂ ਕਹੇ ਆਰਾਮ ਦਾ ਵੇਲਾ।
ਮੈਂ ਬੁੱਝ ਲਈ ਗੱਲ ਸਾਰੀ, ਲੰਘਿਆ ਵੇਲਾ ਹੱਥ ਨਾ ਆਵੇ।
ਹੱਥਾਂ 'ਤੇ ਹੁਣ ਵੱਢਾਂ ਦੰਦੀਆਂ, ਮਨ ਵਾਰ ਵਾਰ ਪਛਤਾਵੇ।
'ਵਿਚੋਲੇ' ਤਾਈਂ ਗੱਲ ਦੱਸੀ, ਉਹ ਕਿਰਲੇ ਵਾਂਗੂੰ ਤਣਿਆਂ।

ਤੂੰ ਨਹੀਂ ਰੱਖੀ ਸ਼ਰਧਾ ਪੂਰੀ, ਕੰਮ ਤਾਹੀਂਓਂ ਨਾਹੀਂ ਬਣਿਆਂ।
ਮੈਂ ਕਿਹਾ ਚਲ ਬਾਬੇ ਨੂੰ ਪੁੱਛੀਏ, ਉਸ ਗੱਲ ਸੁਣੀ ਨਾ ਮੇਰੀ।
ਬਾਬਾ ਜੀ ਨੇ ਕਸਰ ਨਹੀਂ ਛੱਡੀ, ਸੀ ਮਾੜੀ ਕਿਸਮਤ ਤੇਰੀ।
ਇਕ ਦਿਨ ਦੋ ਤਿੰਨ ਬੰਦੇ ਲੈ ਕੇ, ਮੈਂ ਪਹੁੰਚਿਆ ਸਾਧ ਦੇ ਡੇਰੇ।
ਗਲ਼ ਪੈ ਗਏ ਉੱਥੇ ਸਾਧ ਦੇ ਗੁੰਡੇ, ਉਹਨੀਂ ਮੋਢੇ ਸੇਕ 'ਤੇ ਮੇਰੇ।
ਰਪਟ ਲਿਖੌਣ ਗਏ ਅਸੀਂ ਥਾਣੇ, ਕਿਸੇ ਗੱਲ ਸੁਣੀ ਨਾ ਸਾਡੀ।
ਓਏ ਬਾਬਾ ਜੀ ਨੂੰ ਝੂਠਾ ਆਖੋਂ, ਕੰਜਰੋ ਲਾਹੀਏ ਖੱਲ ਤੁਹਾਡੀ?
ਥਾਣੇਦਾਰ ਕਿਹਾ ਭੱਜ ਜਾਉ, ਨਹੀਂ ਕਰ ਦਊਂ ਸਭ ਨੂੰ ਅੰਦਰ।
ਟੈਮ ਸਰਕਾਰੀ ਖ਼ਰਾਬ ਕਰਨ ਲਈ, ਆ ਜਾਂਦੇ ਕਿੱਥੋਂ ਪਤੰਦਰ।
ਚੋਣਾਂ ਵੇਲੇ ਬਣਦੇ ਇਹ ਬਾਬੇ, ਕਾਮਧੇਨ ਗਊਆਂ ਸਰਕਾਰ ਦੀਆਂ।
ਲਿਖ ਕੇ ਰਪਟ ਤੁਹਾਡੀ, ਜੁੱਤੀਆਂ ਕਿਉਂ ਖਾਵਾਂ ਜਥੇਦਾਰ ਦੀਆਂ।

ਨਿਰਮਲ ਸਿੰਘ ਕੰਧਾਲਵੀ

07 Oct. 2016

ਜੱਟ ਪੰਡਤ - ਨਿਰਮਲ ਸਿੰਘ ਕੰਧਾਲਵੀ

ਭਾਵੇਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਜੇ ਚਾਰ ਪੰਜ ਮਹੀਨੇ ਪਏ ਹਨ ਪਰ ਪੰਜਾਬ ਦਾ ਚੋਣ ਮੈਦਾਨ ਹੁਣ ਤੋਂ ਹੀ ਪੂਰੇ ਜਲੌਅ ਵਿਚ ਆ ਗਿਆ ਹੈ ਵਿਸ਼ੇਸ਼ ਕਰਕੇ ਇਕ ਦੂਜੇ ਦੇ ਵਿਰੁੱਧ ਇਲਜ਼ਾਮਤਰਾਸ਼ੀਆਂ ਦਾ ਦੌਰ ਪੂਰੇ ਜੋਬਨ 'ਤੇ ਹੈ।ਮੌਜੂਦਾ ਸਰਕਾਰ ਦੇ ਸੁਪਰੀਮੋ ਸੰਗਤ ਦਰਸ਼ਨ ਦੇ ਨਾਂ 'ਤੇ ਗਰਾਂਟਾਂ ਦੇ ਗੱਫੇ ਵੰਡ ਰਹੇ ਹਨ ਤੇ 50 ਵੈਨਾਂ ਦਾ ਇਕ ਫਲੀਟ ਸਰਕਾਰ ਦੇ ਮਸਖਰੇ ਮਹਿਕਮੇ ( ਪਬਲਿਕ ਰੀਲੇਸ਼ਨਜ਼)  ਰਾਹੀਂ ਵਿਕਾਸ ਦੇ ਸੋਹਿਲੇ ਗਾ ਰਿਹਾ ਹੈ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉਭਾਰ ਕੇ ਇਕੱਠ ਕਰਨ ਵਾਸਤੇ ਫ਼ਿਲਮ 'ਚਾਰ ਸਾਹਿਬਜ਼ਾਦੇ' ਦਿਖਾਈ ਜਾ ਰਹੀ ਹੈ।ਰਾਤੋ-ਰਾਤ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਪਰ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੀ ਪੋਲ ਉਸ ਵੇਲੇ ਖੁੱਲ੍ਹ ਜਾਂਦੀ ਹੈ ਜਦੋਂ ਮੀਂਹ ਪਏ 'ਤੇ ਪਿੰਡਾਂ ਦੀਆਂ ਗਲੀਆਂ 'ਚ ਕਿਸ਼ਤੀਆਂ ਚੱਲਣ ਵਾਲੀਆਂ ਹੋ ਜਾਂਦੀਆਂ ਹਨ।ਜਿਹੜਾ ਦੇਸ਼ ਸੱਤਰ ਸਾਲਾਂ 'ਚ ਆਪਣੇ ਪਿੰਡਾਂ ਵਿਚ ਗਲੀਆਂ ਨਾਲ਼ੀਆਂ ਨਹੀਂ ਬਣਾ ਕੇ ਦੇ ਸਕਿਆ ਉਸ ਵਲੋਂ ਵਿਕਾਸ ਦਾ ਢੰਡੋਰਾ ਪਿੱਟਣਾ ਕਿੱਥੇ ਕੁ ਤੱਕ ਜਾਇਜ਼ ਹੈ? ਇਹ ਸਵਾਲ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ।
ਅਕਾਲੀ -ਭਾਜਪਾ ਸਰਕਾਰ ਦੇ ਵਿਕਾਸ ਦੀ ਪੋਲ ਭਗਵੰਤ ਮਾਨ ਆਪਣੇ ਸ਼ਾਬਦਿਕ ਅਣਿਆਲੇ ਤੀਰਾਂ ਰਾਹੀਂ ਖੋਲ੍ਹ ਦਿੰਦਾ ਹੈ ਇਸੇ ਕਰ ਕੇ ਵਿਰੋਧੀ ਪਾਰਟੀਆਂ ਵਿਸ਼ੇਸ਼ ਕਰ ਕੇ ਅਕਾਲੀ ਦਲ ਨੇ ਅੱਜ ਕੱਲ ਭਗਵੰਤ ਮਾਨ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ।ਧੜਾ-ਧੜ ਸ਼ਹਿਰਾਂ ਕਸਬਿਆਂ 'ਚ ਉਹਦੇ ਪੁਤਲੇ ਫੂਕੇ ਜਾ ਰਹੇ ਹਨ। ਪੁਤਲੇ ਫੂਕਣ ਲਈ ਬੰਦੇ ਸਪਲਾਈ ਕਰਨ ਵਾਲ਼ੇ ਠੇਕੇਦਾਰਾਂ ਦੀ ਵੀ ਅੱਜ ਕੱਲ ਚਾਂਦੀ ਹੈ।ਪੁਤਲੇ ਫੂਕ ਕੇ ਵੀ ਅਕਾਲੀਆਂ ਨੂੰ ਸਬਰ ਨਹੀਂ ਆਇਆ ਤਾਂ ਉਹਨਾਂ ਨੇ ਭਗਵੰਤ ਮਾਨ ਦੀ ਮਲੋਟ ਰੈਲੀ 'ਤੇ ਹਮਲਾ ਬੋਲ ਕੇ ਉਹਨਾਂ ਦੇ ਕਈ ਬੰਦੇ ਫੱਟੜ ਕਰ ਦਿੱਤੇ।ਦੱਸਿਆ ਜਾਂਦਾ ਹੈ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀ।ਬਈ ਗੋਲੀ ਕੀਹਦੀ ਤੇ ਗਹਿਣੇ ਕੀਹਦੇ! ਕਰੋ ਜੀ ਭਾਰਤ ਦੇ ਲੋਕ ਤੰਤਰ ਦੇ ਦਰਸ਼ਨ! ਗੱਲ ਕੀ, ਕਿ ਜੇ ਮੂੰਹ ਨਾਲ਼ ਜਵਾਬ ਨਹੀਂ ਦੇ ਸਕਦੇ ਤਾਂ ਧੱਕੇਸ਼ਾਹੀ 'ਤੇ ਉੱਤਰ ਆਉ।
ਇਸ ਘਟਨਾ ਤੋਂ ਮੈਨੂੰ ਇਕ ਕਹਾਣੀ ਯਾਦ ਆ ਗਈ ਕਿ ਪੁਰਾਣੇ ਜ਼ਮਾਨੇ ਵਿਚ ਇਕ ਪੰਡਤ ਪਿੰਡ ਪਿੰਡ ਫਿਰ ਕੇ ਸ਼ਾਸ਼ਤਰਾਂ 'ਤੇ ਬਹਿਸ ਕਰਨ ਲਈ ਲੋਕਾਂ ਨੂੰ ਵੰਗਾਰਦਾ ਹੁੰਦਾ ਸੀ।ਬਹੁਤੇ ਲੋਕ ਉਸ ਤੋਂ ਹਾਰ ਮੰਨ ਲੈਂਦੇ ਤੇ ਉਸ ਨੂੰ ਦਾਨ ਦੱਛਣਾ ਦੇ ਕੇ ਖਹਿੜਾ ਛੁਡਾ ਲੈਂਦੇ।ਇਕ ਪਿੰਡ ਦੇ ਲੋਕਾਂ ਨੇ ਸਲਾਹ ਕੀਤੀ ਕਿ ਪੰਡਤ ਨਾਲ ਬਹਿਸ ਕੀਤੀ ਜਾਵੇ ਪਰ ਪਿੰਡ ਦੇ ਮੰਦਰ ਦਾ ਪੰਡਤ ਬਹਿਸ ਲਈ ਤਿਆਰ ਨਾ ਹੋਇਆ।
ਇਕ ਮਚਲਾ ਜਿਹਾ ਜੱਟ ਕਹਿੰਦਾ ਕਿ ਉਹ ਪੰਡਤ ਨਾਲ ਬਹਿਸ ਕਰਨ ਲਈ ਤਿਆਰ ਹੈ।ਉਸ ਨੂੰ ਕਈ ਲੋਕਾਂ ਨੇ ਰੋਕਿਆ ਕਿ ਉਹ ਮੂਰਖ ਨਾ ਬਣੇ, ਕਿੱਥੇ ਵਿਦਵਾਨ ਪੰਡਤ ਤੇ ਕਿੱਥੇ ਉਹ।।ਪਰ ਉਹ ਆਪਣੀ ਗੱਲ 'ਤੇ ਅੜਿਆ ਰਿਹਾ ਤੇ ਉਸ ਨੇ ਪੰਡਿਤ ਨੂੰ ਬਹਿਸ ਕਰਨ ਲਈ ਸੁਨੇਹਾ ਭੇਜ ਦਿੱਤਾ।ਮਿਥੇ ਦਿਨ 'ਤੇ ਪਿੰਡ ਦੇ ਸੱਥ ਵਿਚ ਪੰਡਤਾਂ ਦੇ ਬੈਠਣ ਲਈ ਆਸਣ ਲਗਾ ਦਿੱਤੇ ਗਏ ਅਤੇ ਸਾਰਾ ਪਿੰਡ ਇਕੱਠਾ ਹੋ ਗਿਆ।ਜੱਟ ਨੇ ਸਾਰੀ ਸਕੀਮ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਜੱਟ, ਪੰਡਤ ਦੇ ਭੇਸ ਵਿਚ ਤਿਆਰ ਹੋ ਕੇ ਆਇਆ ਤੇ ਵਿਦਵਾਨ ਪੰਡਤ ਦੇ ਸਾਹਮਣੇ ਆਸਣ 'ਤੇ ਬੈਠ ਗਿਆ।
ਵਿਦਵਾਨ ਪੰਡਤ ਬੋਲਿਆ, " ਪੰਡਤ ਜੀ, ਉਚਰੋ"
ਜੱਟ ਪੰਡਤ ਕਹਿੰਦਾ, " ਉਚਰੋ, ਮੁਚਰੋ, ਢੁਚਰੋ"
ਵਿਦਵਾਨ ਪੰਡਤ ਪੁੱਛਦੈ, " ਪੰਡਤ ਜੀ, ਇਹ ਕੀ?"
ਜੱਟ ਪੰਡਤ ਕਹਿੰਦਾ, " ਏ ਕੀ, ਮੇ ਕੀ, ਢੇ ਕੀ"
ਵਿਦਵਾਨ ਪੰਡਿਤ ਫੇਰ ਪੁੱਛਦੈ, " ਪੰਡਿਤ ਜੀ, ਕਿਹੜਾ ਸ਼ਾਸ਼ਤਰ?"
ਜੱਟ ਪੰਡਤ, " ਆਤਰ, ਬਾਤਰ, ਤਾਤਰ"
ਵਿਦਵਾਨ ਪੰਡਤ ਤਾਂ ਲੱਗ ਪਿਆ ਸਿਰ ਖੁਰਕਣ।ਬੱਸ ਫੇਰ ਕੀ ਸੀ ਜੱਟ ਨੇ ਆਪਣੇ ਬੰਦੇ ਤਾਂ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ।ਉਹਨੀਂ ਜੱਟ ਨੂੰ ਮੋਢਿਆਂ 'ਤੇ ਚੁੱਕ ਲਿਆ ਤੇ ਸ਼ੋਰ ਮਚਾ ਦਿੱਤਾ, "ਸਾਡਾ ਪੰਡਤ ਜਿੱਤ ਗਿਆ, ਸਾਡਾ ਪੰਡਤ ਜਿੱਤ ਗਿਆ" ਢੋਲ ਢਮੱਕਾ ਵੱਜਣ ਲੱਗ ਪਿਆ।ਰੌਲੇ ਗੌਲੇ 'ਚ ਵਿਦਵਾਨ ਪੰਡਤ ਦੀ ਗੱਲ ਕੀਹਨੇ ਸੁਣਨੀ ਸੀ।
ਸੋ ਪਾਠਕੋ, ਇੰਜ ਲਗਦੈ ਕਿ ਹੁਣ ਅਕਾਲੀਆਂ ਨੇ ਜੱਟ ਪੰਡਤ ਵਾਲੇ ਫ਼ਾਰਮੂਲੇ ਵਰਤਣੇ ਐ।

ਨਿਰਮਲ ਸਿੰਘ ਕੰਧਾਲਵੀ

8 Sep. 2016

ਤੂੰ ਬੰਦਾ ਬੜਾ ਕਮਾਲ ਬਾਦਲਾ - ਨਿਰਮਲ ਸਿੰਘ ਕੰਧਾਲਵੀ

ਤੂੰ ਬੰਦਾ ਬੜਾ ਕਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ
ਵਿਕਾਸ ਵਿਕਾਸ ਦਾ ਰੌਲ਼ਾ ਪਾ ਕੇ
ਕਰ 'ਤੇ ਮੰਦੜੇ ਹਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਪੰਡ ਕਰਜ਼ੇ ਦੀ ਵਧਦੀ ਜਾਵੇ
ਮੋਦੀ ਤੈਨੂੰ ਠੁੱਠ ਵਿਖਾਵੇ
ਗ਼ੁਲਦਸਤੇ ਤੇਰੇ ਕੰਮ ਨਹੀਂ ਕਰਦੇ
ਬਣਨ ਕੂੜੇ ਦਾ ਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਲੋਕਾਂ ਦੀਆਂ ਉਮੀਦਾਂ ਮੁੱਕੀਆਂ
ਫ਼ਸਲਾਂ ਪਾਣੀ ਬਾਝੋਂ ਸੁੱਕੀਆਂ
ਧੱਕੇ ਨਾਲ਼ ਤੂੰ ਠੇਕੇ ਖੋਹਲੇਂ
ਵਗਣ ਦਾਰੂ ਦੇ ਖਾਲ਼ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਡੋਬ 'ਤੀ ਨਸ਼ਿਆਂ ਵਿਚ ਜੁਆਨੀ
ਵੰਡ ਗਰਾਂਟਾਂ ਤੂੰ ਬਣਦੈਂ ਦਾਨੀ
ਲੋਕ ਵਿਚਾਰੇ ਮੂਲ਼ ਨਾ ਸਮਝਣ
ਉਹਨਾਂ ਦਾ ਹੀ ਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਸਭ ਪਾਸੇ ਚਿੱਟੇ ਦਾ ਰੌਲ਼ਾ
ਘਾਲਾ-ਮਾਲ਼ਾ, ਰੋਲ਼-ਘਚੋਲਾ
ਲੱਖਾਂ ਦੇਵੋ ਜੌਬਾਂ ਲੈ ਲਉ
ਸੱਤਾਧਾਰੀ ਫਿਰਨ ਦਲਾਲ
ਤੂੰ ਬੰਦਾ ਬੜਾ ਕਮਾਲ ਬਾਦਲਾ....

ਰਾਜ ਨਹੀਂ ਸੇਵਾ ਹੋਕਾ ਲਾਉਨੈਂ
'ਸੇਵਾ' ਕਰ, ਕਿਉਂ ਘਬਰਾਉਨੈਂ?
ਬੰਦੂਕਾਂ ਦੀ ਛਾਂ ਹੇਠਾਂ ਚੱਲੇਂ
ਪੁੱਛਣ ਲੋਕ ਸਵਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਘੇਰਨ ਪੱਤਰਕਾਰ ਜਦ ਤੈਨੂੰ
ਪੁੱਛਣ ਦੋ ਦੋ ਚਾਰ ਜਦ ਤੈਨੂੰ
ਖਚਰੀ ਹਾਸੀ ਹੱਸ ਕੇ ਬਾਬਿਆ
ਤੂੰ ਟਾਲ਼ੇਂ ਖ਼ੂਬ ਸਵਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਖ਼ਤਰੇ ਦੀ ਜਦ ਘੰਟੀ ਵੱਜਦੀ
ਜਦ ਕੁਰਸੀ ਹੈ ਹਿੱਲਦੀ ਲਗਦੀ
ਯਾਦ ਆਉਂਦੈ ਤੈਨੂੰ ਇੱਕੋ ਝੁਰਲੂ
ਪੰਥ ਬਣਾਉਨੈਂ ਢਾਲ਼ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਹੁਣ ਤਾਂ ਸਹੁਰੀ ਕੁਰਸੀ ਛੱਡ ਦੇ
ਮੋਹ ਮਾਇਆ ਦਾ ਫ਼ਸਤਾ ਵੱਢ ਦੇ
ਜੋੜ ਲੈ ਰਾਮ ਨਾਮ ਦੀ ਪੂੰਜੀ
ਜਮ ਕਰਦੇ ਮੰਦੜਾ ਹਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....

ਨਿਰਮਲ ਸਿੰਘ ਕੰਧਾਲਵੀ

17 July 2016

ਪਿੰਡ ਦੀ ਸੱਥ - ਨਿਰਮਲ ਸਿੰਘ ਕੰਧਾਲਵੀ

ਅੱਜ ਖੁੰਬ ਵਰਗਾ ਦਿਨ ਚੜ੍ਹਿਆ ਸੀ ਤੇ ਏਸੇ ਕਰ ਕੇ ਸਵੇਰੇ ਹੀ ਸੱਥ ਵਿਚ ਕਾਫ਼ੀ ਰੌਣਕ ਸੀ।ਬਸ ਹੁਣ ਕਮੀ ਸੀ ਤਾਂ ਮਾਸਟਰ ਹਕੀਕਤ ਸਿੰਘ ਦੀ ਜਿਸਨੇ ਅਖ਼ਬਾਰ ਪੜ੍ਹਕੇ ਖ਼ਬਰਾਂ ਦਾ ਪਰਸ਼ਾਦ ਵਰਤਾਉਣਾ ਸੀ।ਮਾਸਟਰ ਨੇ ਜਦੋਂ ਦੀ ਸਕੂਟੀ ਲੈ ਲਈ ਸੀ ਇਹਦੀ ਆਵਾਜ਼ ਹੀ ਨਹੀਂ ਸੀ ਆਉਂਦੀ ਸਕੂਟਰ ਦੀ ਭੜੈਂ ਭੜੈਂ ਤਾਂ ਮੀਲ ਤੋਂ ਸੁਣ ਪੈਂਦੀ ਸੀ।
'ਲਓ ਜੀ, ਮਾਹਟਰ ਆ ਗਿਆ ਬਈ' ਲੱਛੂ ਅਮਲੀ ਨੇ ਅੱਖਾਂ 'ਤੇ ਹਥੇਲੀਆਂ ਦਾ ਛੱਪਰ ਬਣਾਉਂਦਿਆਂ ਕਿਹਾ।
'ਆਉ ਜੀ, ਮਾਸਟਰ ਜੀ ਐਧਰ ਬੈਠੋ' ਫੌਜੀ ਕੇਹਰ ਸਿਉਂ ਨੇ ਥੜ੍ਹੇ ਵਲ ਨੂੰ ਇਸ਼ਾਰਾ ਕੀਤਾ।
'ਸੁਣਾਉੇ ਫੇ ਮਾਹਟਰ ਜੀ ਅੱਜ ਦੀਆਂ ਸੁਰਖ਼ੀਆਂ' ਲੰਬੜਾਂ ਦਾ ਫੁੰਮਣ ਸਿੰਘ ਬੋਲਿਆ।
'ਬਸ ਬਈ ਸਤਾਰਾਂ ਦੀਆਂ ਹੋਣ ਵਾਲ਼ੀਆਂ ਚੋਣਾਂ ਦਾ ਈ ਰੌਲੈ ਚਾਰੇ ਪਾਸੇ।ਸਭ ਪਾਰਟੀਆਂ ਲੰਗਰ ਲੰਗੋਟੇ ਕੱਸੀ ਫਿਰਦੀਆਂ।ਲੀਡਰ ਲੋਕ ਇਕ ਦੂਜੇ 'ਤੇ ਤੋਹਮਤਾਂ ਲਾਉਣ ਲਈ ਬੁਰੇ ਦੇ ਘਰ ਤਾਈਂ ਜਾਂਦੇ ਐ''।ਮਾਸਟਰ ਨੇ ਕਿਹਾ।
'ਬਈ ਮਾਹਟਰ ਜੀ, ਊਂ ਜਿਹੜੇ ਗਿੱਟੇ ਵਿਰੋਧੀਆਂ ਦੇ ਭਗਵੰਤ ਮਾਨ ਭੰਨਦੈ, ਸਹੁਰੀ ਦਾ ਕਮਾਲ ਈ ਕਰ ਦਿੰਦੈ।ਕਈ ਕਈ ਦਿਨ ਤਾਂ ਅਗਲੇ ਜ਼ਖ਼ਮ ਚੱਟਦੇ ਰਹਿੰਦੇ ਐ'' ਲੱਛੂ ਅਮਲੀ ਨੇ ਭਗਵੰਤ ਮਾਨ ਦੀ ਤਾਰੀਫ਼ ਕੀਤੀ।
'ਮਾਹਟਰ ਜੀ ਸੁਣਿਐ ਕਿ ਆਪਣੇ ਕੈਪਟਨ ਨੂੰ ਕੈਨੇਡਾ 'ਚ ਉੱਥੋਂ ਦੀ ਸਰਕਾਰ ਨੇ ਚੋਣ ਰੈਲੀਆਂ ਰੂਲੀਆਂ ਕਰਨ ਈ ਨਹੀਂ ਦਿੱਤਆਂ।ਉਹ ਕਹਿੰਦੇ ਕਿ ਅਸੀਂ ਬਾਹਰੋਂ ਆਏ ਹੋਏ ਕਿਸੇ ਲੀਡਰ ਨੂੰ ਆਪਣੇ ਮੁਲਕ 'ਚ ਖੱਪ ਨਹੀਂ ਪਾਉਣ ਦੇਣੀ, ਇਹਦੇ ਬਾਰੇ ਦੱਸੋ ਜੀ ਕੁਸ਼'। ਫੌਜੀ ਨੇ ਬੇਨਤੀ ਕੀਤੀ।
'ਬਈ ਕੈਨੇਡਾ ਬੜਾ ਸੱਭਿਅਕ ਮੁਲਕ ਐ, ਉਹ ਹਰ ਕੰਮ ਕਾਨੂੰਨ ਨਾਲ਼ ਕਰਦੇ ਐ।ਸਾਡੇ ਵਾਂਗ ਥੋੜ੍ਹੀ ਐ ਕਿ ਕਾਨੂੰਨ ਨੂੰ ਮੋਮ ਦਾ ਨੱਕ ਬਣਾਇਆ ਹੋਇਐ ਕਿ ਪੈਸੇ ਨਾਲ਼, ਸਿਫ਼ਾਰਸ਼ ਨਾਲ਼ ਜਿਧਰ ਨੂੰ ਮਰਜ਼ੀ ਮੋੜ ਲਉ। ਬਈ ਨਾਲ਼ੇ ਕਹਿੰਦੇ ਹੁੰਦੇ ਆ ਨਾ ਕਿ ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।ਤੁਹਾਨੂੰ ਯਾਦ ਈ ਹੋਣੈ ਜਦੋਂ ਕੁਝ ਦੇਰ ਹੋਈ ਆਪਣੇ ਅਕਾਲੀ ਲੀਡਰਾਂ ਨੂੰ ਕੈਨੇਡਾ ਦੇ ਪ੍ਰਸ਼ਾਸਨ ਨੇ ਮਨ ਆਈਆਂ ਨਹੀਂ ਸਨ ਕਰਨ ਦਿੱਤੀਆਂ ਤਾਂ ਇਹਨਾਂ ਨੇ ਵਾਪਸ ਆਕੇ ਉਹਨਾਂ ਦੇ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਕਰੜੀ ਨੁਕਤਾਚੀਨੀ ਕੀਤੀ ਸੀ।ਬਸ ਹੁਣ ਕੈਨੇਡਾ ਨੇ ਕਾਨੂੰਨ ਲਾਗੂ ਕਰ ਕੇ ਪੱਕੇ ਜਿੰਦੇ ਲਾ 'ਤੇ ਫੌਜੀ ਸਿਆਂ'।
' ਮਾਹਟਰ ਜੀ ਕਹਿੰਦੇ ਆ ਸਰਕਾਰ 'ਚ ਅਨਾਜ ਦਾ ਬਾਰਾਂ ਹਜਾਰ ਦਾ ਘਪਲਾ ਹੋ ਗਿਐ, ਇਹਦਾ ਕੀ ਚੱਕਰ ਐ ਜੀ' ਲੱਛੂ ਅਮਲੀ ਨੇ ਪੁੱਛਿਆ।
'ਅਮਲੀਆ ਲੈ ਸੁਣ, ਜੇ ਅਮਲੀ ਨੂੰ ਘਰ ਦੇ ਨਸ਼ੇ ਪੱਤੇ ਲਈ ਪੈਸੇ ਨਾ ਦੇਣ ਤਾਂ ਅਮਲੀ ਨੇ ਫੇਰ ਘਰ ਦਾ ਕੋਈ ਭਾਂਡਾ ਟੀਂਡਾ ਵੇਚਣਾ ਈ ਐ'।ਸਾਰੇ ਖਿੜ ਖਿੜ ਕੇ ਹੱਸ ਪਏ ਤੇ ਅਮਲੀ ਵਲ ਦੇਖਣ ਲੱਗੇ। ਲੱਛੂ ਨੂੰ ਲੱਗਿਆ ਕਿ ਮਾਸਟਰ ਨੇ ਉਹਦੇ 'ਤੇ ਵਾਰ ਕਰ ਦਿੱਤਾ ਹੈ।ਉਹਨੇ ਸੱਟ ਖਾਧੇ ਸੱਪ ਵਾਂਗ ਸਿਰੀ ਚੁੱਕੀ ਤੇ ਬੋਲਿਆ, 'ਮਾਹਟਰਾ, ਮੈਂ ਤਾਂ ਅੱਜ ਤਾਈਂ ਕਿਸੇ ਦਾ ਛੰਨਾ ਕੌਲੀ ਘਰ ਨੂੰ ਲਿਆਂਦਾ ਹੀ ਹੋਊ, ਘਰੋਂ ਨੀ ਗੁਆਇਆ ਕੁਸ਼। ਹੁਣ ਵੀ ਵੀਹਾਂ ਤੀਹਾਂ ਦੀ ਭੁੱਕੀ ਖਾ ਕੇ ਤਿੰਨ ਚਾਰ ਸੌ ਦੀ ਦਿਹਾੜੀ ਲਾਉਨਾ' ਲੱਛੂ ਨੇ ਆਪਣੀ ਸਫ਼ਾਈ ਪੇਸ਼ ਕੀਤੀ।
'ਲਛਮਣ ਸਿਆਂ, ਗੁੱਸਾ ਨਾ ਕਰੀਂ ਮੈਂ ਤਾਂ ਇਕ ਮਿਸਾਲ ਦਿੱਤੀ ਸੀ'।
ਮਾਸਟਰ ਦੇ ਮੂੰਹੋਂ ਆਪਣਾ ਪੂਰਾ ਨਾਂ ਲਛਮਣ ਸਿੰਘ ਸੁਣ ਕੇ ਅਮਲੀ ਨੇ ਸਾਰਾ ਗੁੱਸਾ ਥੁੱਕ ਦਿੱਤਾ।
'ਲਉ ਜੀ ਸੁਣੋ, ਆਪਾਂ ਆਪਣੀ ਗੱਲ ਪੂਰੀ ਕਰ ਲਈਏ' ਕਹਿ ਕੇ ਮਾਸਟਰ ਨੇ ਗੱਲ ਦੀ ਕੜੀ ਜੋੜੀ।
''ਬਾਦਲ ਵਿਚਾਰੇ ਫੁੱਲਾਂ ਦੇ ਗ਼ੁਲਦਸਤੇ  ਲੈ ਕੇ ਮੋਦੀ ਕੋਲ਼ ਜਾਂਦੇ ਐ ਜਿਵੇਂ ਮਨਮੋਹਨ ਸਿੰਘ ਕੋਲ਼ ਜਾਂਦੇ ਹੁੰਦੇ ਸੀ ਝੋਲ਼ੀਆਂ ਭਰ ਲਿਆਉਂਦੇ ਸੀ ਤੇ ਮੋਦੀ ਇਹਨਾਂ ਨੂੰ ਬੇਰੰਗ ਮੋੜ ਦਿੰਦੈ, ਚਾਹ-ਪਾਣੀ ਵੀ ਨਹੀਂ ਪੁੱਛਦਾ। ਤੁਸੀਂ ਹੁਣੇ ਅਜੇ ਦੇਖ ਈ ਲਿਐ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਅਦਾਇਗੀ ਕਰਨ ਲਈ ਬੈਂਕ ਲਿਮਟ ਲਈ ਕਿਵੇਂ ਇਹਨਾਂ ਦੀਆਂ ਲੇਲੜ੍ਹੀਆਂ ਮੋਦੀ ਨੇ ਕਢਵਾਈਆਂ ਤੇ ਉਹ ਵੀ ਪੂਰੀ ਨਹੀਂ ਦਿਤੀ।ਹੁਣ ਪਤਾ ਲੱਗਿਐ ਘਪਲੇ ਬਾਰੇ' ਹਕੀਕਤ ਸਿਉਂ ਨੇ ਅਮਲੀ ਦੀ ਸ਼ੰਕਾ ਦੂਰ ਕੀਤੀ। ।
 'ਮਾਸਟਰ ਜੀ ਚੋਣਾਂ ਬਾਰੇ ਕੋਈ ਗੱਲ ਬਾਤ ਦੱਸੋ ਨਵੀਂ ਤਾਜ਼ੀ' ਉਚੀ ਬੀਹੀ ਵਾਲ਼ਿਆਂ ਦੇ ਘੁੱਦੇ ਨੇ ਕਿਹਾ।
' ਬਈ ਆਹ ਨਵੀਂ ਪਾਰਟੀ 'ਆਪ' ਵਾਲ਼ਿਆਂ ਦੇ ਇਕ ਨੇਤਾ ਨੂੰ ਕਿਸੇ ਨੇ ਪੁੱਛਿਆ ਕਿ ਕੀ ਉਹ ਪੰਜਾਬ ਵਿਚ ਤੀਜੀ ਧਿਰ ਲਿਆ ਰਹੇ ਹਨ।ਬਈ ਨੇਤਾ ਦਾ ਜਵਾਬ ਸੁਣਨ ਵਾਲ਼ਾ ਸੀ।ਉਹ ਕਹਿਣ ਲੱਗਾ ਕਿ ਉਹਨਾਂ ਦੀ ਪਾਰਟੀ ਤੀਜੇ ਚੌਥੇ ਦੇ ਚੱਕਰ 'ਚ ਨਹੀਂ ਪੈਂਦੀ ਪਰ ਪੰਜਾਬ ਵਿਚ ਚਲ ਰਹੇ ਲੁੱਟ -ਖ਼ਸੁੱਟ ਦੇ ਸਿਸਟਮ ਨੂੰ ਬਦਲਣ ਲਈ ਤਹੱਈਆ ਜ਼ਰੂਰ ਕਰੀ ਬੈਠੀ ਹੈ।ਇਹਦੇ ਬਾਰੇ ਬਾਕੀ ਗੱਲਾਂ ਕੱਲ੍ਹ ਕਰਾਂਗੇ'
ਏਨਾ ਕਹਿ ਕੇ ਮਾਸਟਰ ਹਕੀਕਤ ਸਿੰਘ ਨੇ ਸਕੂਟੀ ਸਟਾਰਟ ਕੀਤੀ ਤੇ ਸਭ ਨੂੰ ਫ਼ਤਿਹ ਬੁਲਾ ਕੇ ਰੁਖ਼ਸਤ ਹੋ ਗਿਆ ਤੇ ਬਾਕੀ ਲੋਕ ਵੀ ਆਪੋ ਆਪਣੇ ਘਰਾਂ ਨੂੰ ਤੁਰ ਪਏ।

ਨਿਰਮਲ ਸਿੰਘ ਕੰਧਾਲਵੀ
08 May 2016