ਬਾਬੇ ਦਾ ਅਤੇ ਨੀਲੇ ਦਾ ਸੰਵਾਦ - ਨਿਰਮਲ ਸਿੰਘ ਕੰਧਾਲਵੀ
ਬਾਬਾ: ਨੀਲਿਆ, ਆਹ ਘੜੇ ਦਾ ਚੱਪਣ ਕੀਹਨੇ ਚੁੱਕ ਦਿੱਤੈ ਭਾਈ, ਬਹੁਤ ਝੱਖੜ ਝੁੱਲਦਾ ਪਿਐ।
ਨੀਲਾ: ਬਾਬਾ ਜੀ, ਚੋਣਾਂ ਆ ਗਈਆਂ ਨਾ ਸਿਰ ‘ਤੇ। ਸਿਆਸੀ ਲੀਡਰ ਘੜੇ ਤੋਂ ਚੱਪਣ ਚੁੱਕੀ ਜਾਂਦੇ ਐ ਤੇ ਵਾਅਦਿਆਂ ਦੀ ਹਨ੍ਹੇਰੀ ਵਗਾਈ ਜਾਂਦੇ ਐ।
ਬਾਬਾ: ਪਰ ਨੀਲਿਆ, ਲੋਕ ਇਨ੍ਹਾਂ ਨੂੰ ਪੁੱਛਦੇ ਨਹੀਂ ਪਈ ਪਿਛਲੇ ਵਾਅਦੇ ਤਾਂ ਇਹਨੀਂ ਪੂਰੇ ਕੀਤੇ ਨਹੀਂ ਤੇ ਗਾਂਹ ਹੋਰ ਪੰਡਾਂ ਖੋਲ੍ਹੀ ਜਾਂਦੇ ਆ।
ਨੀਲਾ: ਲੋਕਾਂ ਦਾ ਤੁਹਾਨੂੰ ਪਤਾ ਈ ਆ ਬਾਬਾ ਜੀ, ਜਿਹੜੇ ਮੁਫ਼ਤ ਦੇ ਪਕੌੜਿਆਂ ਬਦਲੇ ਪੱਗੋ-ਲੱਥੀ ਹੋ ਜਾਂਦੇ ਐ, ਉਨ੍ਹਾਂ ਤੋਂ ਤਾਂ ਆਸ ਰੱਖਣੀ ਇਉਂ ਐਂ ਜਿਵੇ ਕੋਈ ਝੋਟੇ ਵਾਲ਼ੇ ਘਰੋਂ ਲੱਸੀ ਭਾਲ਼ਦਾ ਹੋਵੇ। ਉਹ ਤਾਂ ਅੱਡੀਆਂ ਚੁੱਕ ਚੁੱਕ ਵੇਖਦੇ ਆ ਕਿ ਚੋਣਾਂ ਕਦੋਂ ਆਉਂਦੀਆਂ। ਬਾਬਾ ਜੀ, ਅਜੇ ਅੱਠ ਮਹੀਨੇ ਰਹਿੰਦੇ ਆ ਚੋਣਾਂ ‘ਚ ਤੇ ਇਹ ਹੁਣੇ ਈ ਜ਼ਿੰਦਾਬਾਦ ਮੁਰਦਾਬਾਦ ਕਰਦੇ ਸਾਹੋ ਸਾਹ ਹੋਏ ਫਿਰਦੇ ਆ।
ਬਾਬਾ: ਪਰ ਨੀਲਿਆ, ਅਸੀਂ ਤਾਂ ਸੁਣਿਆਂ ਸੀ ਕਿ ਸੋਸ਼ਲ ਮੀਡੀਆ ਨੇ ਬਹੁਤ ਜਾਗ੍ਰਿਤੀ ਲਿਆਂਦੀ ਐ ਲੋਕਾਂ ‘ਚ।
ਨੀਲਾ: ਬਾਬਾ ਜੀ, ਹੋ ਸਕਦੈ ਕੋਈ ਵਿਰਲਾ ਟਾਂਵਾਂ ਬੰਦਾ ਹੋ ਗਿਆ ਹੋਵੇ ਜਾਗਰੂਕ ਪਰ ਬਹੁਤੇ ਤਾਂ ਅਜੇ ਵੀ ਟਿੱਕ-ਟਾਕ ‘ਚ ਈ ਉਂਗਲਾਂ ਫ਼ਸਾਈ ਰੱਖਦੇ ਐ। ਕਿਤੇ ਅੱਧਾ ਘੰਟਾ ਇੰਟਰਨੈੱਟ ਬੰਦ ਹੋ ਜਾਏ ਤਾਂ ਇਨ੍ਹਾਂ ਦੇ ਭਾਅ ਦੀਆਂ ਬਣ ਜਾਂਦੀਆਂ।
ਬਾਬਾ: ਪਰ ਨੀਲਿਆ, ਹੁਣ ਤਾਂ ਸੱਤਰਾਂ ਸਾਲਾਂ ਤੋਂ ਉੱਤੇ ਹੋ ਗਏ ਆ ਭੱਸੜ ਭੰਨਾਉਂਦਿਆਂ ਨੂੰ, ਹੁਣ ਵੀ ਅਕਲ ਨਹੀਂ ਆਈ ਇਨ੍ਹਾਂ ਨੂੰ।
ਨੀਲਾ: ਬਾਬਾ ਜੀ, ਜਿਵੇਂ ਕਈ ਦੁਧਾਰੂ ਪਸ਼ੂ ਚਾਟ ‘ਤੇ ਲੱਗ ਜਾਂਦੇ ਐ ਇਵੇਂ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਨਸ਼ਿਆਂ, ਨਕਦ ਨਰੈਣ, ਆਟਾ-ਦਾਲ, ਫ਼ੋਨਾਂ, ਕਰਜ਼ੇ ਮਾਫ਼ੀਆਂ ਤੇ ਨੌਕਰੀਆਂ ਦੇ ਲਾਰਿਆਂ ਦੀ ਚਾਟ ‘ਤੇ ਲਾਇਆ ਹੋਇਐ। ਸ਼ਾਤਰ ਲੀਡਰ ਜਾਣਦੇ ਐ ਕਿ ਸਾਢੇ ਚਾਰ ਸਾਲ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਅਖੀਰਲੇ ਛੇ ਮਹੀਨੇ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ ਵਗਾ ਦਿਆਂਗੇ।
ਬਾਬਾ: ਨੀਲਿਆ, ਸੁਣਿਐ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਵੀ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ ਵਗਾ ਦਿਤੀ ਐ।
ਨੀਲਾ: ਬਾਬਾ ਜੀ, ਉਹ ਗੁਰਦੁਆਰੇ ਦਾ ਪ੍ਰਧਾਨ ਘੱਟ ਐ ਤੇ ਸਿਆਸੀ ਪਾਰਟੀ ਦਾ ਕਰਿੰਦਾ ਵਧੇਰੇ ਐ, ਤੇ ਤੁਹਾਨੂੰ ਪਤਾ ਲੱਗ ਈ ਗਿਆ ਹੋਣੈ ਕਿ ਉੱਥੇ ਕਿਸੇ ਵੇਲੇ ਵੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ, ਇਸ ਲਈ ਉਸ ਵਾਸਤੇ ਵੀ ਲਾਰਿਆਂ ਦੀ ਹਨ੍ਹੇਰੀ ਵਗਾਉਣੀ ਬਹੁਤ ਜ਼ਰੂਰੀ ਸੀ।
ਬਾਬਾ: ਪਰ ਨੀਲਿਆ, ਸੁਣਿਐਂ ਕਿ ਗੁਰਦੁਆਰੇ ਦੇ ਕਰਮਚਾਰੀਆਂ ਨੂੰ ਤਾਂ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿਤੀ ਤੇ ਕਰੋੜਾਂ ਦੇ ਲਾਰੇ ਲਾ ਕੇ ਕਿਹਨੂੰ ਮੂਰਖ ਬਣਾਉਂਦੈ ਉਹ?
ਨੀਲਾ: ਪਰ ਬਾਬਾ ਜੀ, ਜੇ ਲੋਕ ਮੂਰਖ ਬਣਨਾ ਚਾਹੁੰਦੇ ਆ ਤਾਂ ਉਹ ਕਿਉਂ ਨਾ ਬਣਾਵੇ!
ਬਾਬਾ: ਵਾਹਿਗੁਰੂ, ਵਾਹਿਗੁਰੂ, ਰੱਬਾ ਸੁਖ ਰੱਖੀਂ।
ਨਿਰਮਲ ਸਿੰਘ ਕੰਧਾਲਵੀ
ਦੋ ਸ਼ਬਦ - ਨਿਰਮਲ ਸਿੰਘ ਕੰਧਾਲਵੀ
ਸਾਡੀ ਪੰਜਾਬੀ ਮਾਂ-ਬੋਲੀ ਨੂੰ ਹਮੇਸ਼ਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਸਿਆਸਤਦਾਨਾਂ ਨੇ ਇਸ ਭਾਸ਼ਾ ਨਾਲ ਬੇਈਮਾਨੀਆਂ ਕੀਤੀਆਂ ਉੱਥੇ ਅਫ਼ਸਰਸ਼ਾਹੀ ਨੇ ਵੀ ਇਸ ਦੇ ਰਾਹ ਵਿਚ ਕੰਡੇ ਵਿਛਾਏ। ਅਸੀਂ ਆਪ, ਆਪਣੀ ਮਾਤ-ਭਾਸ਼ਾ ਬੋਲਣ ਵਾਲੇ ਵੀ, ਆਪਣੇ ਆਪ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ‘ਤੇ, ਪੰਜਾਬ ਵਿਚ ਕੰਮ ਕਰਦਾ ਇਕ ਗੈਰ-ਪੰਜਾਬੀ ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦਾ ਅਸੀਂ ਸਾਰਾ ਟੱਬਰ ਉਸ ਨੂੰ ਪੰਜਾਬੀ ਬੋਲਣ ਨਹੀਂ ਲਗਾ ਸਕਦੇ, ਕਿਉਂ? ਮੌਜੂਦਾ ਸਮੇਂ ਪੰਜਾਬ ਵਿਚ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਆਪ ਹੀ ਆਪਣੀ ਮਾਤ-ਭਾਸ਼ਾ ‘ਤੇ ਕੁਹਾੜਾ ਚਲਾ ਰਹੇ ਹਨ। ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਅੱਜ ਮੈਂ ਪੰਜਾਬੀ ਭਾਸ਼ਾ ਦੇ ਉੱਘੇ ਗਲਪਕਾਰ ਨਵਤੇਜ ਸਿੰਘ ਪ੍ਰੀਤਲੜੀ ਦੇ ਦਸੰਬਰ 1973 ਦੇ ‘ਪ੍ਰੀਤਲੜੀ’ ਅੰਕ ਵਿਚ ਲਿਖੀ ਮਾਂ-ਬੋਲੀ ਨਾਲ਼ ਵਾਪਰੀ ਇਕ ਘਟਨਾ, ਜੋ ਉਹਨਾਂ ਨੇ ‘ਮੇਰੀ ਧਰਤੀ, ਮੇਰੇ ਲੋਕ’ ਕਾਲਮ ਵਿਚ ਲਿਖੀ ਸੀ, ਪੇਸ਼ ਕਰਨੀ ਚਾਹਾਂਗਾ, ਜਿਸ ਤੋਂ ਪਤਾ ਲਗਦਾ ਹੈ ਕਿ ਅਫ਼ਸਰਸ਼ਾਹੀ ਮੁੱਢ ਤੋਂ ਹੀ ਪੰਜਾਬੀ ਭਾਸ਼ਾ ਨਾਲ ਕਿਵੇਂ ਸਲੂਕ ਕਰਦੀ ਆ ਰਹੀ ਹੈ ਤੇ, ਅੱਜ ਵੀ ਕਰ ਰਹੀ ਹੈ। ਪੇਸ਼ ਹੈ ਉਹ ਰਚਨਾ।
ਪੰਜਾਬੀ ਨੂੰ ਹੱਥਕੜੀ
ਜਲੰਧਰ, ਜਿੰਮਖਾਨਾ ਕਲੱਬ- ਸ਼ਹਿਰ ਦੇ ਵੱਡੇ ਅਫ਼ਸਰਾਂ, ਐਮ,ਐਲ.ਏਜ਼ ਤੇ ਪਤਵੰਤਿਆਂ ਦਾ ਕਲੱਬ। ਵੱਡੇ ਅਹੁਦੇਦਾਰ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ। ਨਵੰਬਰ ਦਾ ਮਹੀਨਾ ਸ਼ੁਰੂ, ਸੁਹਾਵਣਾ ਮੌਸਮ।
ਦੋ ਤਿੰਨ ਦਿਨ ਏਥੇ ਸਾਰੇ ਭਾਰਤ ਦੀਆਂ ਅਖ਼ਬਾਰਾਂ ਦੇ ਐਡੀਟਰਾਂ ਨੇ ਪ੍ਰੈਸ ਦੀ ਆਜ਼ਾਦੀ ਅਤੇ ਹੋਰ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰੇ ਕੀਤੇ, ਮਤੇ ਪਾਸ ਕੀਤੇ, ਕੇਂਦਰ ਦੇ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਕਰੀਰਾਂ ਸੁਣੀਆਂ, ਖਾਣੇ ਖਾਧੇ, ਸਭਿਆਚਾਰਕ ਪ੍ਰੋਗਰਾਮ ਮਾਣੇ.....
ਇਸ ਕਾਨਫਰੰਸ ਤੋਂ ਬਾਅਦ ਅਗਲੀ ਸ਼ਾਮ ਏਸੇ ਕਲੱਬ ਵਿਚ ਉਸ ਕਾਨਫਰੰਸ ਲਈ ਬਣੇ ਮੰਡਪ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਹੋਇਆ। ਗੀਤਕਾਰਾਂ, ਸਾਜ਼ਿੰਦਿਆਂ, ਨ੍ਰਿਤਕਾਰਾਂ ਤੇ ਕਲਾਕਾਰਾਂ ਨੇ ਰਲ਼ ਕੇ ਇਸ ਦੇਸ਼ ਦੇ ਵੰਨ-ਸੁਵੰਨੇ ਲੋਕ- ਗੀਤ ਤੇ ਲੋਕ ਨਾਚ ਪੇਸ਼ ਕੀਤੇ।
ਅਖੀਰ ਉੱਤੇ ਧੰਨਵਾਦ ਦੀ ਤਕਰੀਰ ਡਿਪਟੀ ਕਮਿਸ਼ਨਰ ਨੇ ਕਰਨੀ ਸੀ। ਉਹਨਾਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਸ਼ੁਰੂ ਕੀਤੀ।
ਸਰੋਤਿਆਂ ਵਿਚ ਪਿੱਛੇ ਬੈਠੇ ਇਕ ਸੱਜਣ ਨੇ ਉੱਚੀ ਸਾਰੀ ਕਿਹਾ, “ ਕਿਰਪਾ ਕਰ ਕੇ ਪੰਜਾਬੀ ਵਿਚ ਬੋਲੋ।”
ਡਿਪਟੀ ਕਮਿਸ਼ਨਰ ਸਟੇਜ ਉੱਤੋਂ ਅੰਗਰੇਜ਼ੀ ਵਿਚ ਹੀ ਗੱਜੇ, “ ਮੈਨੂੰ ਕੌਣ ਹਦਾਇਤ ਦੇ ਰਿਹਾ ਹੈ?”
ਉਸ ਸੱਜਣ ਨੇ ਜਵਾਬ ਦਿਤਾ, “ ਇਕ ਪੰਜਾਬੀ।“
ਡਿਪਟੀ ਕਮਿਸ਼ਨਰ ਨੇ ਗੁੱਸੇ ਨਾਲ਼ ਆਪਣਾ ਫ਼ੈਸਲਾ ਅੰਗਰੇਜ਼ੀ ਵਿਚ ਹੀ ਸੁਣਾਇਆ, “ ਮੈਂ ਆਪਣੀ ਤਕਰੀਰ ਅੰਗਰੇਜ਼ੀ ਵਿਚ ਹੀ ਜਾਰੀ ਰੱਖਾਂਗਾ।”
ਜਦੋਂ ਡਿਪਟੀ ਕਮਿਸ਼ਨਰ ਦੀ ਧੰਨਵਾਦੀ ਤਕਰੀਰ ਮੁੱਕ ਗਈ ਤਾਂ ਉਸ ਦੇ ਹੁਕਮ ਨਾਲ਼ ਉਸ ‘ਪੰਜਾਬੀ’ ਨੂੰ ਲੱਭਣਾ ਸ਼ੁਰੂ ਕੀਤਾ ਗਿਆ, ਜਿਸ ਨੇ ਏਡੇ ਵੱਡੇ ਕਲੱਬ ਵਿਚ, ਏਡੇ ਵੱਡੇ ਅਫ਼ਸਰ ਨੂੰ ਪੰਜਾਬੀ ਵਿਚ ਬੋਲਣ ਲਈ ਕਿਹਾ ਸੀ।
ਢੂੰਡ ਭਾਲ਼ ਪਿੱਛੋਂ ਪਤਾ ਲੱਗਾ ਕਿ ਉਹ ਸੱਜਣ ਉੱਥੋਂ ਜਾ ਚੁੱਕਿਆ ਸੀ। ਉਹਦੇ ਬਾਰੇ ਸੂਹ ਲਾਈ ਗਈ ਤਾਂ ਪਤਾ ਲੱਗਾ ਕਿ ਉਹ ਕੇਂਦਰੀ ਸਰਕਾਰ ਨਾਲ ਸਬੰਧਤ ਇਕ ਸੰਸਥਾ ਦੇ ਕਰਮਚਾਰੀ ਦਾ ਪ੍ਰਾਹੁਣਾ ਸੀ। ਪੁਲਸ ਵਾਲੇ ਉਸ ਕਰਮਚਾਰੀ ਦੇ ਘਰ ਪੁੱਜ ਗਏ। ਉਸ ‘ਪੰਜਾਬੀ’ ਨੂੰ ਫੜ ਲਿਆ ਗਿਆ, ਉਹਨੂੰ ਹੱਥਕੜੀ ਲਗਾਈ ਗਈ, ਤੇ ਰਾਤ ਵੇਲੇ ਥਾਣੇ ਲਿਆਂਦਾ ਗਿਆ।
ਉਹ ‘ਪੰਜਾਬੀ’ ਜਿਸ ਸਰਕਾਰੀ ਕਰਮਚਾਰੀ ਦਾ ਪ੍ਰਾਹੁਣਾ ਸੀ, ਉਸ ਨੂੰ ਵੀ ਧਮਕਾਇਆ ਗਿਆ, ਨੌਕਰੀ ਆਦਿ ਦੇ ਡਰਾਵੇ ਦਿਤੇ ਗਏ। ਉਸ ‘ਪੰਜਾਬੀ’ ਨੂੰ ਆਪਣਾ ਤਾਂ ਕੋਈ ਡਰ ਨਹੀਂ ਸੀ ਪਰ ਆਪਣੇ ਮੇਜ਼ਬਾਨ ਨੂੰ ਖਾਹਮਖਾਹ ਕਿਸੇ ਤਕਤੀਫ਼ ਵਿਚ ਪਾਉਣ ਤੋਂ ਜ਼ਰੂਰ ਸੰਕੋਚ ਸੀ।
ਅਖੀਰ ਫ਼ੈਸਲਾ ਹੋਇਆ ਕਿ ਉਹ ‘ਪੰਜਾਬੀ’ ਅਗਲੀ ਸ਼ਾਮ ਉਸੇ ਜਿੰਮਖਾਨਾ ਕਲੱਬ ਵਿਚ, ਕਲੱਬ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸਾਹਿਬ ਤੋਂ ਆਪਣੀ ਗੁਸਤਾਖ਼ੀ ਦੀ ਮੁਆਫ਼ੀ ਮੰਗੇ।
ਦੂਜੇ ਦਿਨ ਜਿੰਮਖਾਨਾ ਕਲੱਬ ਅੰਦਰ ਪਤਵੰਤਿਆਂ ਦੀ ਮਹਿਫ਼ਲ ਵਿਚ ਡਿਪਟੀ ਕਮਿਸ਼ਨਰ ਸਾਹਿਬ ਸਜੇ। ਉਹਨਾਂ ਦੇ ਇਕ ਪਾਸੇ ਲੋਕਾਂ ਦੇ ਚੁਣੇ ਹੋਏ ਇਕ ਐਮ.ਐਲ.ਏ. ਵੀ ਸ਼ੁਸ਼ੋਭਿਤ ਸਨ। ਦੱਸਿਆ ਜਾਂਦਾ ਹੈ ਕਿ ਕਮਿਸ਼ਨਰ ਸਾਹਿਬ ਵੀ ਉਸ ਵੇਲੇ ਕਲੱਬ ਵਿਚ ਹੀ ਸਨ, ਭਾਵੇਂ ਉਸ ਮੁਆਫ਼ੀ- ਮਹਿਫ਼ਲ ਵਿਚ ਸ਼ਰੀਕ ਨਹੀਂ ਸਨ। ਕਿਸੇ ਹੋਰ ਸਰਗਰਮੀ ਵਿਚ ਰੁਝੇ ਹੋਏ ਸਨ।
ਉਸ ‘ਪੰਜਾਬੀ’ ਨੇ ਸਭਿਆਚਾਰਕ ਪ੍ਰੋਗਰਾਮ ਵਿਚ ਕੀਤੀ ਗਈ ਆਪਣੀ ਮੰਗ ਦਾ ਜ਼ਿਕਰ ਕੀਤਾ, ਫੇਰ ਹੱਥਕੜੀ ਲੱਗਣ ਅਤੇ ਥਾਣੇ ਲਿਜਾਏ ਜਾਣ ਦਾ ਜ਼ਿਕਰ ਕੀਤਾ ਤੇ ਫੇਰ ਕਿਹਾ, “ ਜੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਦੁਖਾਇਆ ਹੈ, ਤਾਂ ਮੈਂ ਉਹਨਾਂ ਕੋਲੋਂ ਮੁਆਫ਼ੀ ਮੰਗਦਾ ਹਾਂ।“
ਡਿਪਟੀ ਕਮਿਸ਼ਨਰ ਸਾਹਿਬ ਨੇ ਮੁਆਫ਼ੀ ਬਾਰੇ ਸਿਰ ਹਿਲਾਇਆ। ਐਮ.ਐਲ. ਏ. ਸਾਹਿਬ ਬੋਲੇ ਕੁਝ ਨਾ ਪਰ ਉਹਨਾਂ ਦੇ ਮੂੰਹ ਉੱਤੇ ਇਸ ਮੁਆਫ਼ੀ ਦੇ ਮਤੇ ਦੀ ਤਾਈਦ ਮੁਸਕਰਾ ਰਹੀ ਸੀ। ਪਤਵੰਤਿਆਂ ਉੱਤੇ ਵੀ ਹਮਾਇਤੀ ਚੁੱਪ ਛਾਈ ਹੋਈ ਸੀ।
ਕਹਿੰਦੇ ਨੇ ਉੱਥੇ ਬੈਠੇ ਸਿਰਫ਼ ਇਕ ਪਤਵੰਤੇ ਨੇ, ਜਿਹੜਾ ਕੋਈ ਰਿਟਾਇਰਡ ਅਫ਼ਸਰ ਸੀ, ਕਿਹਾ, “ ਮੇਰੇ ਘਰ ਵੱਡੀ ਚੋਰੀ ਹੋਈ ਨੂੰ ਕਈ ਦਿਨ ਹੋ ਗਏ ਨੇ। ਮੈਂ ਅਪਣੇ ਵਾਕਫ਼ ਅਫ਼ਸਰਾਂ ਨੂੰ ਫ਼ੋਨ ਕੀਤੇ, ਮਿਲਿਆ ਵੀ, ਪਰ ਮੇਰੇ ਘਰ ਆਉਣ ਜਾਂ ਇਸ ਚੋਰੀ ਦੀ ਤਫ਼ਤੀਸ਼ ਕਰਨ ਲਈ ਪੁਲਸ ਨੂੰ ਹਾਲੀ ਤੱਕ ਵਿਹਲ ਨਹੀਂ ਮਿਲੀ। ਪਰ ਇਸ ਮਾਮਲੇ ਵਿਚ ਪੁਲਸ ਨੇ ਖ਼ੂਬ ਤੇਜ਼ੀ ਵਿਖਾਈ ਏ! ਇਸ ਸੱਜਣ ਨੂੰ ਰਾਤੋ ਰਾਤ ਲੱਭ ਕੇ ਥਾਣੇ ਲੈ ਗਏ ਤੇ ਅਗਲੇ ਦਿਨ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਦੇ ਹੁਕਮ ਦੀ ਤਾਮੀਲ ਵੀ ਕਰਾ ਲਈ।“
(... ਪਤਾ ਨਹੀਂ ਮੈਨੂੰ ਰਹਿ ਰਹਿ ਕੇ ਬਹੁਤ ਚਿਰ ਪਹਿਲਾਂ ਦੀ ਇਕ ਗੱਲ ਯਾਦ ਆ ਰਹੀ ਹੈ। ਇਕ ਵਾਰ ਮੇਰਾ ਇਕ ਵਾਕਫ਼ ਕਿਸੇ ਅਰਜ਼ੀ-ਨਵੀਸ ਕੋਲੋਂ ਡਿਪਟੀ ਕਮਿਸ਼ਨਰ ਵਲ ਇਕ ਅਰਜ਼ੀ ਲਿਖਵਾ ਰਿਹਾ ਸੀ। ਮੈਂ ਕੋਲ ਖੜੋਤਾ ਸਾਂ।
ਅਰਜ਼ੀ-ਨਵੀਸ ਨੇ ਸ਼ੁਰੂ ਕੀਤਾ, “ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ’।
ਮੈਂ ਪੁਛ ਲਿਆ, “ ਕੀ ਇਹ ਬਹਾਦਰ ਲਿਖਣਾ ਵੀ ਜ਼ਰੂਰੀ ਏ?”
ਅਰਜ਼ੀ-ਨਵੀਸ ਨੇ ਕਿਹਾ, “ ਜੀ ਇੰਜ ਹੀ ਲਿਖੀਦਾ ਏ।“
ਮੈਂ ਪੁੱਛਿਆ, “ ਪਰ ਤੁਹਾਨੂੰ ਕਿਵੇਂ ਪਤਾ ਏ ਉਹ ਜ਼ਰੂਰ ਹੀ ਬਹਾਦਰ ਹੋਏਗਾ? ਬੁਜ਼ਦਿਲ ਵੀ ਤਾਂ ਹੋ ਸਕਦਾ ਏ!”
ਬੁੱਢੇ ਅਰਜ਼ੀ-ਨਵੀਸ ਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਉਹਨੂੰ ਮੇਰੀ ਗੱਲ ਉੱਕਾ ਸਮਝ ਨਹੀਂ ਸੀ ਪਈ, ਤੇ ਉਹਦਾ ਉਹ ਹੱਥ, ਜਿਹਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਇਹਨਾਂ ਵੱਡੇ ਅਫਸਰਾਂ ਨੂੰ ‘ਬਹਾਦਰ’ ਲਿਖਣ ਦੇ ਲੇਖੇ ਲਾਇਆ ਸੀ, ਬੇਮਲੂਮਾ ਜਿਹਾ ਕੰਬ ਰਿਹਾ ਸੀ....)
ਮੈਂ ਪੰਜਾਬ ਦੇ ਮੁੱਖ-ਮੰਤਰੀ ਜਾਂ ਕਿਸੇ ਮੰਤਰੀ ਨੂੰ, ਜਿਹੜੇ ਪੰਜਾਬੀ ਨਾਲ ਬੜਾ ਪਿਆਰ ਦਸਦੇ ਹਨ, ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਬਹੁਤ ਵੱਡੇ ਕੌਮੀ ਕੰਮਾਂ ਵਿਚ ਰੁਝੇ ਰਹਿੰਦੇ ਹਨ, ਉਹਨਾਂ ਨੂੰ ਪੰਜਾਬੀ ਵਿਚ ਬੋਲਣ ਦੀ ਨਿਗੂਣੀ ਮੰਗ ਉੱਤੇ ‘ਪੰਜਾਬੀ’ ਨੂੰ ਹੱਥਕੜੀ ਲੱਗਣ ਬਾਰੇ ਸੋਚਣ ਦੀ ਵਿਹਲ ਨਹੀਂ। ਹਾਂ, ਮੈਂ ਸਿਰਫ਼ ਆਪਣੇ ਕੁਝ ਕੁ ਮੀਨ ਮੇਖ ਕੱਢਣ ਵਾਲੇ ਪਾਠਕਾਂ ਅੱਗੇ ਜ਼ਰੂਰ ਬੇਨਤੀ ਕਰਨੀ ਚਾਂਹਦਾ ਹਾਂ ਕਿ ਮੈਨੂੰ ਇਹ ਨਾ ਕਹਿਣ, “ ਭਲਾ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ? ਤੁਸੀ ਵਧਾ ਚੜ੍ਹ ਕੇ ‘ਮੇਰੀ ਧਰਤੀ, ਮੇਰੇ ਲੋਕ’ ਵਿਚ ਲਿਖਦੇ ਰਹਿੰਦੇ ਹੋ। ਹਰ ਮਹੀਨੇ ਆਪਣੇ ਦੇਸ਼ ਦੀ ਨਿੰਦਿਆ ਕਰਦੇ ਰਹਿੰਦੇ ਹੋ। ਤੁਸੀਂ ਇਹ ਸਭ ਆਪ ਜੋੜਦੇ ਹੋ। ਸਾਡੇ ਇਸ ਨਿਰਣੇ ਦਾ ਬੜਾ ਵੱਡਾ ਸਬੂਤ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਘਟਨਾ ਜਲੰਧਰ ਵਿਚ ਵਾਪਰੀ ਹੈ, ਪਰ ਜਲੰਧਰ ਤਾਂ ਪੰਜਾਬ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਦਾ ਕੇਂਦਰ ਹੈ। ਜੇ ਭਲਾ ਇਹ ਘਟਨਾ ਸੱਚੀ ਹੁੰਦੀ ਤਾਂ ਕੀ ਅਖ਼ਬਾਰਾਂ ਵਿਚ ਨਾ ਛਪਦੀ?”
ਮੈਂ ਸਿਰਫ਼ ਏਨਾ ਹੀ ਕਹਾਂਗਾ ਕਿ ਤੁਸੀਂ ਮੇਰੀ ਥਾਂ ਇਹ ਗੱਲ ਜਲੰਧਰ ਦੇ ਅਖ਼ਬਾਰਾਂ ਦੇ ਐਡੀਟਰਾਂ ਕੋਲੋਂ ਪੁੱਛੋ। ਜਦੋਂ ਇਹ ਘਟਨਾ ਵਾਪਰੀ ਸ਼ਾਇਦ ਉਹ ਬਾਹਰੋਂ ਆਏ ਮਹਿਮਾਨ ਐਡੀਟਰਾਂ ਨਾਲ਼ ਸਰਹੱਦ ਦੇ ਦੌਰੇ ਕਰ ਰਹੇ ਸਨ, (ਪਤਾ ਨਹੀਂ ਉਹਨਾਂ ਦੇ ਪੱਤਰ-ਪ੍ਰੇਰਕ ਜਿਹੜੇ ਔਰਤਾਂ ਨਾਲ ਛੇੜ –ਛਾੜ, ਉਧਾਲੇ, ਰਾਤ ਨੂੰ ਸੜਕਾਂ ਉੱਤੇ ਆਸ਼ਕਾ ਦੀਆਂ ਰੰਗਰਲ਼ੀਆਂ ਦੀ ਸੂਹ ਲਗਾਉਂਦੇ ਰਹਿੰਦੇ ਹਨ, ਉਹ ਕਿੱਥੇ ਸਨ?) , ਤੇ ਜਦੋਂ ਉਹ ਦੌਰਿਆਂ ਤੋਂ ਪਰਤੇ ਤਾਂ ਇਹ ਘਟਨਾ ‘ਖ਼ਬਰ’ ਨਹੀਂ ਸੀ ਰਹੀ, ਜਾਂ ਇਹਨਾਂ ਵਿਚੋਂ ਬਹੁਤਿਆਂ ਲਈ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਹੀ ਹਨ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ, ਤੁਸੀਂ ਆਪ ਪਤਾ ਕਰ ਸਕਦੇ ਹੋ। ਮੈਂ ਤਾਂ ਸਿਰਫ਼ ਇਹ ਹੀ ਕਹਿ ਸਕਦਾ ਹਾਂ ਕਿ ਮੈਂ ਜੋ ਲਿਖਿਆ ਹੈ, ਉਹ ਬਿਲਕੁਲ ਸੱਚ ਹੈ।
ਤੁਹਾਡੇ ਵਿਚੋਂ ਕੋਈ ਸ਼ਾਇਦ ਇਹ ਕਹੇ, “ ਹੋ ਸਕਦਾ ਹੈ ਕਿ ਡਿਪਟੀ ਕਮਿਸ਼ਨਰ ਪੰਜਾਬੀ ਨਾ ਹੋਣ, ਇਸ ਲਈ ਅੰਗਰੇਜ਼ੀ ਬੋਲ ਰਹੇ ਹੋਣ।“
ਹਾਂ- ਹੋ ਸਕਦਾ ਹੈ, ਪਰ ਜਿਹੜੇ ਪੰਜਾਬ ਵਿਚ ਏਨੀ ਦੇਰ ਤੋਂ ਅਫ਼ਸਰੀ ਕਰ ਰਹੇ ਹਨ, ਉਹ ਟੁੱਟੀ ਫੁੱਟੀ ਅਫ਼ਸਰਸ਼ਾਹੀ ਪੰਜਾਬੀ ਵਿਚ ਹੀ ਦੋ ਲਫ਼ਜ਼ ਬੋਲ ਕੇ, ਆਪਣੀ ਮਜਬੂਰੀ ਦਸ ਕੇ ਹਿੰਦੀ ਵਿਚ ਧੰਨਵਾਦ ਕਰ ਛੱਡਦੇ, ਬਾਅਦ ਵਿਚ ਭਾਵੇਂ ਅੰਗਰੇਜ਼ੀ ਹੀ ਬੋਲ ਲੈਂਦੇ, ਪਰ ਜਾਪਦਾ ਹੈ ਕਿ ਸਾਡੇ ਕਈ ਅਫ਼ਸਰ ਭਾਰਤੀ ਲੋਕਾਂ ਨਾਲ਼ ਭਾਰਤੀ ਭਾਸ਼ਾਵਾਂ ਵਰਤਣ ਦੀ ਥਾਂ ਹੱਥਕੜੀ ਵਰਤਣਾ ਵਧੇਰੇ ਪਸੰਦ ਕਰਦੇ ਹਨ।
ਨਵਤੇਜ ਸਿੰਘ ਪ੍ਰੀਤਲੜੀ
ਦਰਦਾਂ ਦੇ ਫੁੱਲ - ਨਿਰਮਲ ਸਿੰਘ ਕੰਧਾਲਵੀ
ਯਾਦਾਂ ਦੀ ਜਦੋਂ ਹਨ੍ਹੇਰੀ ਚੱਲੀ,
ਦਰਦਾਂ ਦੇ ਫੁੱਲ ਖਿਲਾਰ ਗਈ।
ਦਿਲ ਦਾ ਵਿਹੜਾ ਸੁੰਞਾਂ ਕਰ ਕੇ,
ਕਿੱਧਰ ਉਹ ਬਹਾਰ ਗਈ?
ਚੁੱਪ ਚੁਪੀਤੇ ਵੱਟ ਗਿਆ ਪਾਸੇ,
ਦੇ ਗਿਆ ਰੋਣੇ, ਖੋਹ ਕੇ ਹਾਸੇ,
ਦੱਸਦਾ ਪੁੱਛਦਾ ਕੁਝ ਤਾਂ ਮੈਥੋਂ,
ਮਿਟ ਹੀ ਜਾਂਦੀ ਪਿਆਰ ਲਈ।
ਅੱਖੀਆਂ ਤੋਂ ਵੀ ਹੋਇਆ ਓਹਲੇ,
ਪੈਰਾਂ ਤੋਂ ਵੀ ਦੂਰ ਉਹ ਹੋਇਆ।
ਰੂਹ ਸਾਡੀ ਵਿਚ ਪਰ ਮਨਿੰਦਰ,
ਖੁੱਭੀ ਤੇਰੀ ਨੁਹਾਰ ਰਹੀ।
ਉਹ ਦਿਨ - ਨਿਰਮਲ ਸਿੰਘ ਕੰਧਾਲਵੀ
ਨਵੰਬਰ 1991 ‘ਚ ਮੈਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਯੂ.ਕੇ. ਤੋਂ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਵਾਰ ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਸਨ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਦਿਆਂ ਸਾਰ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ‘ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ, ਅਜੇ ਤੱਕ ਸਭ ਠੀਕ ਠਾਕ ਚਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਹੋਏ ਇਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਵਾਰ ਸਸਕਾਰ ‘ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬਸ ‘ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬਸਾਂ ਵਿਚ ਹੀ ਘੁੰਮਿਆਂ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਬਸ ਭੋਗ ਪੁਰ ਜਾ ਕੇ ਹੀ ਰੁਕੇਗੀ, ਰਾਹ ਦੀ ਸਵਾਰੀ ਨਾ ਹੋਵੇ ਕੋਈ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬਸ ਪਹਿਲਾਂ ਹੀ ਸਵਾਰੀਆਂ ਨਾਲ਼ ਆਫਰੀ ਪਈ ਸੀ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ‘ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ,” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ‘ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੁੰ ਵੱਡਾ ਨੋਟ ਦਿੰਦਾ ਤਾਂ ਬਸ ਉਸ ਦੇ ਗਲ਼ ਹੀ ਪੈ ਜਾਂਦਾ। ਕਿਸੇ ਬਜ਼ੁਰਗ ਦਾ, ਔਰਤ ਦਾ ਵੀ ਖ਼ਿਆਲ ਨਹੀੰ ਸੀ ਕਰ ਰਿਹਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ‘ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ‘ਚ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼,” ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ‘ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ। ਗੱਲ ਅਸੂਲ ਦੀ ਐ, ਤੁਸੀਂ ਕੋਠੀਆਂ ਤਾਈਂ ਪਹੁੰਚ ਗਏ।“
ਬਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ, ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿਤੇ ਸਨ। ਉਹਨਾਂ ਗੰਨਮੈਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ, “ ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ‘ਚੋਂ ਪਿਆਵਾਂ?”
“ ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ?“ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ਼ ਕਿਹਾ।
“ ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਮੈਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ,” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬਸ ਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬਸ ‘ਚ ਚੜ੍ਹਨ ਵਾਲੇ ਧੁੱਸ ਦੇਈ ਚੜ੍ਹਨਾ ਚਾਹੁੰਦੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਡਰਾਈਵਰ ਰੇਸ ਪੈਡਲ ਵਾਰ ਵਾਰ ਦੱਬ ਕੇ ਬਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ ਸ਼ਾਇਦ ਉਹ ਆਪਣੀ ਭਾਸ਼ਾ ‘ਚ ਸਵਾਰੀਆਂ ਨੂੰ ਛੇਤੀ ਕਰੋ, ਛੇਤੀ ਕਰੋ ਕਹਿ ਰਿਹਾ ਸੀ। । ਮੈਨੂੰ ਇੰਗਲੈਂਡ ਦੀਆਂ ਬਸਾਂ ਦੇ ਡਰਾਈਵਰ ਯਾਦ ਆ ਰਹੇ ਸਨ ਜੋ ਕਿ ਉਤਨਾ ਚਿਰ ਬਸ ਨਹੀਂ ਤੋਰਦੇ ਜਿਤਨਾ ਚਿਰ ਸਵਾਰੀਆਂ ਸੀਟਾਂ ‘ਤੇ ਬੈਠ ਨਾ ਜਾਣ ਖ਼ਾਸ ਕਰ ਕੇ ਜੇ ਵਡੇਰੀ ਉਮਰ ਦੀਆਂ ਸਵਾਰੀਆਂ ਹੋਣ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬਸ ਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ‘ਤੇ ਇਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬਸ ‘ਚ ਹੀ ਆਏ ਸਨ, ਸ਼ਾਇਦ ਪਿਛਲੀ ਬਾਰੀ ਉੱਤਰੇ ਸਨ, ਕਹਿਣ ਲੱਗੇ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜ ਕੱਲ ਕੀ ਹਾਲਾਤ ਚਲ ਰਹੇ ਨੇ ਏਥੇ! ਪੁਲਿਸ ਦੇ ਕੰਮ ‘ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ‘ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ, ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।“
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੜ੍ਹੀਆਂ ਹੋਈਆਂ ਅਜਿਹੀਆਂ ਖ਼ਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ, ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਵਾਰ ‘ਚ ਵਾਪਸ ਜਾਉ, ਅੱਛਾ ਸਤਿ ਸ੍ਰੀ ਅਕਾਲ,” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ‘ਤੇ ਪਸੀਨਾ ਆ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ
ਉਹ ਦਿਨ - ਨਿਰਮਲ ਸਿੰਘ ਕੰਧਾਲਵੀ
ਨਵੰਬਰ 1991 ‘ਚ ਮੈਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਵਾਰ ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਿਦਆਂ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ‘ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ ਅਜੇ ਤੱਕ ਸਭ ਠੀਕ ਠਾਕ ਚਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਹੋਏ ਇਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਵਾਰ ਸਸਕਾਰ ‘ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬਸ ‘ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਅਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬਸਾਂ ਵਿਚ ਹੀ ਘੁੰਮਿਆਂ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਭੋਗ ਪੁਰ ਤੋਂ ਉਰੇ ਦੀ ਕੋਈ ਸਵਾਰੀ ਨਾ ਹੋਵੇ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬਸ ਵਿਚ ਸਭ ਸੀਟਾਂ ਭਰੀਆਂ ਹੋਈਆਂ ਸਨ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ ਸਨ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ‘ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ,” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ‘ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੁੰ ਵੱਡਾ ਨੋਟ ਦਿੰਦਾ ਤਾਂ ਬਸ ਉਸ ਦੇ ਗਲ਼ ਹੀ ਪੈ ਜਾਂਦਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ‘ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ‘ਚ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼,” ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ‘ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ।”
ਬਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿਤੇ ਸਨ। ਉਹਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ, “ ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ‘ਚੋਂ ਪਿਆਵਾਂ?”
“ ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ,“ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ਼ ਕਿਹਾ।
“ ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਸਾਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ,” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬਸ ਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬਸ ‘ਚ ਚੜ੍ਹਨ ਵਾਲੇ ਧੁੱਸ ਦੇਈ ਦਰਵਾਜ਼ਾ ਰੋਕੀ ਖੜ੍ਹੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬਸ ਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ‘ਤੇ ਇਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬਸ ‘ਚੋਂ ਹੀ ਉੱਤਰੇ ਸਨ, ਕਹਿਣ ਲੱਗੇ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜ ਕੱਲ ਕੀ ਹਾਲਾਤ ਚਲ ਰਹੇ ਨੇ ਏਥੇ! ਪੁਲਿਸ ਦੇ ਕੰਮ ‘ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ‘ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।“
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੜ੍ਹੀਆਂ ਹੋਈਆਂ ਅਜਿਹੀਆਂ ਖਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ, ਜਿਹੜੇ ਕੰਮ ਆਏ ਹੋ, ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਵਾਰ ‘ਚ ਵਾਪਸ ਜਾਉ, ਅੱਛਾ ਸਤਿ ਸ੍ਰੀ ਅਕਾਲ,” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ‘ਤੇ ਪਸੀਨਾ ਆ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ
ਰਿਸ਼ਤੇਦਾਰੀ - ਨਿਰਮਲ ਸਿੰਘ ਕੰਧਾਲਵੀ
ਬਚਨ ਸਿੰਘ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਈ।ਉਹਦਾ ਮੁੰਡਾ ਜੰਗਾ ਇਕੱਲਾ ਹੀ ਰੋਹੀ ਵਾਲੇ ਖੇਤ ਦੇ ਬੰਨੇ ਬਦਲੇ ਕਿਸ਼ਨ ਸਿਉਂ ਕਿਆਂ ਦੇ ਮੁੰਡਿਆਂ ਨਾਲ ਲੜ ਪਿਆ ਸੀ।ਕਿਸ਼ਨ ਸਿਉਂ ਕਿਆਂ ਨੇ ਕਈ ਸਾਲਾਂ ਤੋਂ ਬਚਨ ਸਿੰਘ ਦਾ ਥੋੜ੍ਹਾ ਜਿਹਾ ਬੰਨਾ ਦੱਬਿਆ ਹੋਇਆ ਸੀ ਪਰ ਉਹਨੇ ਹਊ ਪਰੇ ਕਰ ਛੱਡਿਆ ਸੀ ਹਾਲਾਂ ਕਿ ਇਹ ਗੱਲ ਜੱਟ ਸੁਭਾਅ ਦੇ ਉਲਟ ਸੀ।
ਜੰਗਾ ਮੋਛੇ ਵਰਗਾ ਜਵਾਨ ਸੀ।ਉਹਨੇ ਕਿਸ਼ਨ ਸਿੰਘ ਦੇ ਦੋਨੋਂ ਮੁੰਡੇ ਬਹੁਤ ਬੁਰੀ ਤਰਾ੍ਹਂ ਕੁੱਟੇ।ਵੱਡੇ ਮੁੰਡੇ, ਜਗੀਰੀ ਦੇ ਮੌਰਾਂ 'ਚ ਗੰਡਾਸੀ ਇੰਨੇ ਜ਼ੋਰ ਨਾਲ ਮਾਰੀ ਕਿ ਉਹਦੇ ਮੋਢੇ ਦੀ ਹੱਡੀ ਨੂੰ ਚੀਰ ਗਈ।
ਜਗੀਰੀ ਦੀ, 'ਮਾਰ ਸੁੱਟਿਆ, ਮਾਰ ਸੁੱਟਿਆ' ਦੀ ਚੀਕ- ਪੁਕਾਰ ਸੁਣ ਕੇ ਆਲੇ ਦੁਆਲੇ ਦੇ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਜਦ ਨੂੰ ਲੜਾਈ ਵਾਲੀ ਥਾਂ ਪਹੁੰਚੇ, ਜੰਗਾ ਉੱਥੋਂ ਹਰਨ ਹੋ ਚੁੱਕਾ ਸੀ।ਕਿਸ਼ਨ ਸਿਉਂ ਦਾ ਛੋਟਾ ਮੁੰਡਾ ਜਾਨ ਬਚਾ ਕੇ ਪਿੰਡ ਨੂੰ ਭੱਜਿਆ ਤੇ ਘਰ ਦਿਆਂ ਨੂੰ ਖ਼ਬਰ ਕੀਤੀ।ਕੁਝ ਬੰਦਿਆਂ ਨੇ ਜਗੀਰੀ ਨੂੰ ਚੁੱਕ ਕੇ ਸ਼ਹਿਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਤੇ ਕਿਸ਼ਨ ਸਿੰਘ ਆਪ ਨੰਬਰਦਾਰ ਤਾਰਾ ਸਿੰਘ ਨੂੰ ਨਾਲ ਲੈ ਕੇ ਪੁਲਿਸ ਚੌਕੀ ਰਿਪੋਰਟ ਲਿਖ਼ਾਉਣ ਚਲਾ ਗਿਆ।
ਜੰਗੇ ਦਾ ਬਾਪ ਬਚਨ ਸਿੰਘ ਆਪਣੇ ਪਿਉ ਦਾ ਇਕਲੌਤਾ ਪੁੱਤ ਸੀ।ਉਹ ਆਪਣੇ ਬਾਪ ਸੰਤਾ ਸਿੰਘ ਵਾਂਗ ਬਹੁਤ ਹੀ ਭਲਾਮਾਣਸ ਸੀ।ਸਾਧੂ ਸੁਭਾਅ ਦਾ ਬੰਦਾ ਸੀ। ਜ਼ਮੀਨ ਦੀ ਢੇਰੀ ਸਾਰੇ ਪਿੰਡ ਤੋਂ ਚੰਗੀ ਤੇ ਵੱਡੀ ਸੀ।
ਬਚਨ ਸਿੰਘ ਦੇ ਵਿਆਹ ਦੇ ਸੱਤਾਂ ਸਾਲਾਂ ਬਾਅਦ ਵੀ ਉਹਦੀ ਘਰ ਵਾਲੀ ਜੀਤੋ ਨੂੰ ਬੱਚਾ ਬੱਚੀ ਨਾ ਹੋਇਆ।ਪਹਿਲਾਂ ਪਹਿਲ ਤਾਂ ਉਹਦੀ ਮਾਂ ਨੇ ਕੋਈ ਵੀ ਧਾਗੇ-ਤਵੀਤਾਂ ਵਾਲਾ, ਸਾਧ ਸੰਤ ਅਤੇ ਨੀਮ-ਹਕੀਮ ਨਾ ਛੱਡਿਆ ਪਰ ਕਿਤਿਉਂ ਵੀ ਉਹਦੀ ਨੂੰਹ ਦੀ ਝੋਲੀ ਨਾ ਭਰੀ।ਅਖ਼ੀਰ ਅੱਕ ਕੇ ਉਹਨੇ ਬਚਨ ਸਿੰਘ 'ਤੇ ਦੂਸਰਾ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ।ਬਚਨ ਸਿੰਘ ਨੇ ਕਦੇ ਵੀ ਮਾਂ ਦੀ ਗੱਲ ਗੰਭੀਰ ਹੋ ਕੇ ਨਾ ਸੁਣੀ।ਉਹ ਸਾਰਾ ਕੁਝ ਕਿਸਮਤ ਆਸਰੇ ਛੱਡ ਕੇ ਮਾਂ ਨੂੰ ਵੀ ਸਬਰ ਕਰਨ ਲਈ ਕਹਿੰਦਾ।ਇਸੇ ਗੱਲੋਂ ਮਾਂ ਪੁੱਤ ਦਾ ਕਈ ਵਾਰੀ ਝਗੜਾ ਵੀ ਹੋ ਚੁੱਕਾ ਸੀ ਪਰ ਬਚਨ ਸਿੰਘ ਨੇ ਕਦੇ ਵੀ ਦੂਸਰਾ ਵਿਆਹ ਕਰਵਾਉਣ ਬਾਰੇ ਹਾਂ ਨਾ ਕੀਤੀ।
ਮਾਂ ਆਪਣੇ ਪੁੱਤ ਦੇ ਘਰ ਉਲਾਦ ਦੀ ਸੱਧਰ ਲੈ ਕੇ ਇਸ ਦੁਨੀਆਂ ਤੋਂ ਕੂਚ ਕਰ ਗਈ।
ਬੱਸ ਇਹ ਇਕ ਚਮਤਕਾਰ ਹੀ ਸਮਝੋ ਕਿ ਦਸਾਂ ਸਾਲਾਂ ਬਾਅਦ ਬਚਨ ਸਿੰਘ ਦੀ ਘਰ ਵਾਲੀ ਜੀਤੋ ਨੂੰ ਉਮੀਦਵਾਰੀ ਹੋ ਗਈ।ਬਚਨ ਸਿੰਘ ਨੂੰ ਯਕੀਨ ਨਾ ਆਵੇ।ਸ਼ਹਿਰ ਦੇ ਮਸ਼ਹੂਰ ਡਾਕਟਰ ਤੋਂ ਚੈੱਕ-ਅੱਪ ਕਰਵਾ ਕੇ ਹੀ ਉਹਨੇ ਯਕੀਨ ਕੀਤਾ।ਜਦੋਂ ਜੀਤੋ ਨੇ ਲੜਕੇ ਨੂੰ ਜਨਮ ਦਿੱਤਾ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ।ਦਾਈ ਨੇ ਹੱਸਦੀ ਹੱਸਦੀ ਨੇ ਕਹਿ ਦਿੱਤਾ ਕਿ ਲੜਕਾ ਜੰਗ ਦੇ ਦਿਨਾਂ 'ਚ ਪੈਦਾ ਹੋਇਆ ਸੀ ਸੋ ਉਹਦਾ ਨਾਮ ਜੰਗ ਸਿੰਘ ਹੀ ਰੱਖ ਦਿੱਤਾ ਜਾਵੇ।ਕਿਸੇ ਨੇ ਉਜ਼ਰਦਾਰੀ ਨਾ ਕੀਤੀ ਤੇ ਮੁੰਡੇ ਦਾ ਨਾਮ ਜੰਗਾ ਸਿੰਘ ਰੱਖ ਦਿੱਤਾ ਗਿਆ।
ਜਿਵੇਂ ਚਿਰਾਂ ਬਾਅਦ ਲੱਭੀ ਚੀਜ਼ ਨੂੰ ਵਿਅਕਤੀ ਸੰਭਾਲ ਸੰਭਾਲ ਕੇ ਰੱਖਦਾ ਹੈ ਇਸੇ ਤਰ੍ਹਾਂ ਹੀ ਜੀਤੋ ਜੰਗੇ ਨੂੰ ਤੱਤੀ ਵਾਅ ਨਾ ਲੱਗਣ ਦਿੰਦੀ।ਘਰ ਵਿਚ ਕਿਸੇ ਚੀਜ਼ ਦੀ ਤੰਗੀ ਨਹੀਂ ਸੀ।ਉਹਦੀ ਹਰ ਜਾਇਜ਼ ਨਾਜਾਇਜ਼ ਫ਼ਰਮਾਇਸ਼ ਪੂਰੀ ਕੀਤੀ ਜਾਂਦੀ।ਮਾਂ ਦੇ ਲਾਡ ਪਿਆਰ ਨੇ ਉਹਨੂੰ ਬਹੁਤ ਵਿਗਾੜ ਦਿੱਤਾ ਸੀ।ਸਕੂਲ ਵਿਚ ਉਹ ਕੋਈ ਨਾ ਕੋਈ ਸਿਆਪਾ ਪਾਈ ਰੱਖਦਾ।ਨਿਆਣੇ ਕੁੱਟ ਕੱਢਦਾ।ਮਾਸਟਰਾਂ ਦੀ ਪਰਵਾਹ ਨਾ ਕਰਦਾ।ਕਈ ਵਾਰੀ ਮਾਸਟਰ ਉਹਦੀ ਛਿੱਤਰ ਪਰੇਡ ਵੀ ਕਰਦੇ ਪਰ ਉਹਦੇ 'ਤੇ ਕੋਈ ਅਸਰ ਨਾ ਹੁੰਦਾ।ਲੋਕਾਂ ਤੋਂ ਰੋਜ਼ ਉਲਾਂਭੇ ਮਿਲਦੇ ਪਰ ਜੀਤੋ ਉਲਾਂਭਾ ਦੇਣ ਵਾਲੇ ਨੂੰ ਉਖੜੀ ਕੁਹਾੜੀ ਵਾਂਗ ਪੈਂਦੀ।ਬਚਨ ਸਿੰਘ ਦੀ ਭਲਮਾਣਸੀ ਨੂੰ ਕਈ ਲੋਕ ਚੁੱਪ ਕਰ ਰਹਿੰਦੇ।ਉਹ ਆਪ ਲੋਕਾਂ ਦੇ ਘਰੀਂ ਜਾ ਕੇ ਮਿੰਨਤ ਤਰਲਾ ਕਰ ਆਉਂਦਾ।ਜੇ ਉਹ ਜੀਤੋ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਦੀ ਵੀ ਲਾਹ- ਪਾਹ ਕਰ ਦਿੰਦੀ।ਮਾਂ ਪੁੱਤ ਇਕ ਪਾਸੇ ਹੋ ਜਾਂਦੇ 'ਤੇ ਉਹਨੂੰ ਗੱਲ ਵੀ ਨਾ ਕਰਨ ਦਿੰਦੇ।ਖੁੱਲ੍ਹੇ ਖਾਣ-ਪੀਣ ਅਤੇ ਬੇਪ੍ਰਵਾਹੀ ਨਾਲ ਉਹ ਕੜੀ ਵਰਗਾ ਜਵਾਨ ਨਿਕਲਿਆ।ਉਹ ਜਿਉਂ ਜਿਉਂ ਜਵਾਨ ਹੋ ਰਿਹਾ ਸੀ ਉਵੇਂ ਉਵੇਂ ਹੀ ਉਹਦੀਆਂ ਆਦਤਾਂ ਵੀ ਵਿਗੜ ਰਹੀਆਂ ਸਨ।
ਹੁਣ ਉਹ ਅਠਾਰਾਂ ਸਾਲਾਂ ਦਾ ਉੱਚਾ ਲੰਮਾ 'ਤੇ ਸਰੀਰ ਦਾ ਭਰਵਾਂ ਗੱਭਰੂ ਸੀ।ਜਿਵੇਂ ਕਿ ਪਿੰਡਾਂ ਵਿਚ ਹੁੰਦਾ ਹੀ ਹੈ, ਸ਼ਰੀਕਾਂ ਨੇ ਉਹਨੂੰ ਕਿਸ਼ਨ ਸਿਉਂ ਕਿਆਂ ਨਾਲ ਉਨ੍ਹਾਂ ਦੇ ਬੰਨੇ ਦੇ ਝਗੜੇ ਬਾਰੇ ਤੁੱਖਣਾ ਦੇਣੀ ਸ਼ੁਰੂ ਕਰ ਦਿੱਤੀ।ਸਿਆਣੇ ਕਹਿੰਦੇ ਹਨ ਕਿ ਰੋਜ਼ ਰੋਜ਼ ਤਾਂ ਰੱਸੀ ਘਸਣ ਨਾਲ ਪੱਥਰਾਂ ਵਿਚ ਵੀ ਘਾਸੇ ਪੈ ਜਾਂਦੇ ਹਨ, ਜੰਗਾ ਤਾਂ ਪਹਿਲਾਂ ਹੀ ਅੱਗ ਦੀ ਨਾਲ ਸੀ, ਤੇ ਅੱਜ ਉਹਨੇ ਕਾਰਾ ਕਰ ਹੀ ਦਿੱਤਾ ਸੀ।
ਰਿਪੋਰਟ ਲਿਖ਼ਣ ਤੋਂ ਬਾਅਦ ਥਾਣੇਦਾਰ ਨੇ ਕਿਸ਼ਨ ਸਿੰਘ ਅਤੇ ਨੰਬਰਦਾਰ ਨੂੰ ਜੀਪ ਵਿਚ ਬਿਠਾਇਆ 'ਤੇ ਸਿੱਧਾ ਸਰਕਾਰੀ ਹਸਪਤਾਲ ਪਹੁੰਚ ਗਿਆ।ਉਹਨੇ ਜਗੀਰੀ ਦੇ ਬਿਆਨ ਕਲਮਬੰਦ ਕੀਤੇ ਤੇ ਫ਼ਿਰ ਡਾਕਟਰ ਨਾਲ ਗੱਲਬਾਤ ਕੀਤੀ।ਹੱਡੀ ਵੱਢ ਹੋਈ ਹੋਣ ਕਰਕੇ ਤਿੰਨ ਸੌ ਛੱਬੀ ਦਾ ਕੇਸ ਬਣਦਾ ਸੀ।ਫ਼ਾਈਲ ਵਿਚ ਲੋੜੀਂਦੀਆਂ ਗੱਲਾਂ ਨੋਟ ਕਰ ਕੇ ਉਹਨੇ ਜੀਪ ਦਾ ਰੁਖ਼ ਪਿੰਡ ਵਲ ਕਰ ਲਿਆ।
ਪਿੰਡ ਦਾ ਸਰਪੰਚ ਪਹਿਲਾਂ ਹੀ ਪੰਜ ਚਾਰ ਮੋਹਤਬਰ ਬੰਦਿਆਂ ਦੇ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।ਉਧਰ ਬਚਨ ਸਿੰਘ ਨੂੰ ਆਪ ਨੂੰ ਵੀ ਨਹੀਂ ਸੀ ਪਤਾ ਕਿ ਜੰਗਾ ਕਿਥੇ ਲੁਕ ਗਿਆ ਸੀ।ਸਰਪੰਚ ਨੇ ਆਪ ਬਚਨ ਸਿੰਘ ਨੂੰ ਘਰੋਂ ਲਿਆ ਕੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ।ਰਾਹ ਵਿਚ ਆਉਂਦਿਆਂ ਬਚਨ ਸਿੰਘ ਨੇ ਸਰਪੰਚ ਨੂੰ ਕਹਿ ਦਿੱਤਾ ਸੀ ਕਿ ਉਹ ਆਪ ਹੀ ਥਾਣੇਦਾਰ ਨਾਲ ਸੌਦਾ ਮੁਕਾ ਲਵੇ ਤੇ ਤਿੰਨ ਸੌ ਛੱਬੀ ਦਾ ਕੇਸ ਨਾ ਬਣਨ ਦੇਵੇ।ਸਰਪੰਚ ਨੇ ਉਸ ਨੂੰ ਹੌਸਲਾ ਦਿੱਤਾ।
ਬਚਨ ਸਿੰਘ ਦੀ ਭਲਮਾਣਸੀ ਬਾਰੇ ਦੱਸਣ ਕਰ ਕੇ ਜਾਂ ਸੌਦੇਬਾਜ਼ੀ ਦੀ ਉਮੀਦ ਕਰ ਕੇ ਥਾਣੇਦਾਰ ਨੇ ਮੰਦੀ ਭਾਸ਼ਾ ਤਾਂ ਨਾ ਵਰਤੀ ਪਰ ਉਂਜ ਬੜੀ ਸਖ਼ਤੀ ਨਾਲ ਪੇਸ਼ ਆਇਆ।ਜੰਗੇ ਦੇ ਪੇਸ਼ ਹੋਣ ਤੱਕ ਉਹ ਬਚਨ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਿਆ, ਨਾਲ ਹੀ ਸਰਪੰਚ ਵੀ ਚਲਿਆ ਗਿਆ।
ਬਚਨ ਸਿੰਘ ਨੂੰ ਅਲੱਗ ਇਕ ਕਮਰੇ ਵਿਚ ਬਿਠਾ ਕੇ ਥਾਣੇਦਾਰ ਨੇ ਸਰਪੰਚ ਤੋਂ ਬਚਨ ਸਿੰਘ ਬਾਰੇ ਤੇ ਖ਼ਾਸ ਕਰ ਕੇ ਜੰਗੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।ਸਰਪੰਚ ਨੇ ਜਦੋਂ ਥਾਣੇਦਾਰ ਨਾਲ਼ ਬਚਨ ਸਿੰਘ ਵਲੋਂ ਤਿੰਨ ਸੌ ਛੱਬੀ ਤੁੜਵਾਉਣ ਬਦਲੇ ਲੈਣ ਦੇਣ ਦੀ ਗੱਲ ਤੋਰੀ ਤਾਂ ਥਾਣੇਦਾਰ ਦੀਆਂ ਅੱਖਾਂ ਵਿਚ ਚਮਕ ਆ ਗਈ।ਉਹਨੇ ਡਾਕਟਰ ਨੂੰ ਰਿਪੋਰਟ ਬਦਲੀ ਕਰਨ ਲਈ ਦਿੱਤੇ ਜਾਣ ਵਾਲੇ ਪੈਸਿਆਂ ਸਮੇਤ ਕੁੱਲ ਰਕਮ ਦੱਸ ਦਿੱਤੀ।ਸਰਪੰਚ ਨੇ ਬਚਨ ਸਿੰਘ ਨੂੰ ਬਿਨਾਂ ਪੁੱਛਿਆਂ ਹੀ ਹਾਂ ਕਰ ਦਿੱਤੀ, ਉਸ ਨੂੰ ਪਤਾ ਸੀ ਕਿ ਬਚਨ ਸਿੰਘ ਕੋਈ ਉਜ਼ਰ ਨਹੀਂ ਕਰੇਗਾ।
ਥਾਣੇਦਾਰ ਨੇ ਇਕ ਸਿਪਾਹੀ ਨੂੰ ਭੇਜ ਕੇ ਬਚਨ ਸਿੰਘ ਨੂੰ ਆਪਣੇ ਦਫ਼ਤਰ ਵਿਚ ਬੁਲਾ ਲਿਆ।ਸਰਪੰਚ ਨੂੰ ਉਹਨੇ ਕਹਿ ਦਿੱਤਾ ਸੀ ਕਿ ਉਹ ਬੇਸ਼ਕ ਨਿਸ਼ਚਿੰਤ ਹੋ ਕੇ ਪਿੰਡ ਨੂੰ ਚਲਾ ਜਾਵੇ, ਬਚਨ ਸਿੰਘ ਨੂੰ ਕੁਝ ਨਹੀਂ ਕਿਹਾ ਜਾਵੇਗਾ।
ਥਾਣੇਦਾਰ ਨੇ ਤਾੜ ਲਿਆ ਸੀ ਕਿ ਜੰਗਾ ਆਉਣ ਵਾਲੇ ਸਮੇਂ ਵਿਚ ਵੀ ਕਈ ਕਾਰੇ ਕਰੇਗਾ ਤੇ ਉਹਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਬਚਨ ਸਿੰਘ ਮੋਟੀ ਸਾਮੀ ਸੀ।ਅਜਿਹੀ ਸਾਮੀ ਨੂੰ ਉਹ ਆਉਣ ਵਾਲੇ ਕਈ ਸਾਲਾਂ ਤੱਕ ਮੁੱਛਣਾ ਚਾਹੁੰਦਾ ਸੀ।ਉਹ ਬਚਨ ਸਿੰਘ ਦੇ ਨੇੜੇ ਹੋਇਆ ਤੇ ਬੜੀ ਅਪਣੱਤ ਨਾਲ਼ ਕਹਿਣ ਲੱਗਾ,'' ਬਚਨ ਸਿਆਂ, ਜਵਾਨੀ ਬੜੀ ਅੱਥਰੀ ਹੁੰਦੀ ਆ, ਇਹੋ ਜਿਹੀਆਂ ਗਲਤੀਆਂ ਮੁੰਡਿਆਂ ਖੁੰਡਿਆਂ ਤੋਂ ਹੋ ਈ ਜਾਂਦੀਆਂ, ਘਬਰਾਈਂ ਨਾ ਕਿਸੇ ਗੱਲੋਂ, ਅਸੀਂ ਕਾਹਦੇ ਲਈ ਬੈਠੇ ਆਂ।ਸਰਪੰਚ ਨੇ ਤੈਨੂੰ ਦੱਸ ਈ ਦਿੱਤਾ ਹੋਣੈ।ਤਿੰਨ ਸੌ ਛੱਬੀ ਦਾ ਕੇਸ ਬਣਦੈ ਤੇ ਤੈਨੂੰ ਪਤੈ ਈ ਪਈ ਇਹ ਸਾਰਾ ਡਾਕਟਰ ਦੇ ਹੱਥ ਵੱਸ ਹੁੰਦੈ, ਉਹਨੇ ਵੀ ਸਹੁਰੀ ਦੇ ਨੇ ਮੋਟੀ ਰਕਮ ਮੰਗਣੀ ਐ, ਹੋਰ ਵੀ ਕਈਆਂ ਨੂੰ ਬੁਰਕੀ ਬੁਰਕੀ ਪਾਉਣੀ ਪੈਂਦੀ ਐ, ਕਿਤੇ ਇਹ ਨਾ ਸਮਝ ਲਈਂ ਪਈ ਸਾਰੇ ਪੈਸੇ ਮੈਂ ਆਪਣੀ ਜੇਬ ਵਿਚ ਈ ਪਾ ਲੈਣੇ ਆ।ਅੱਗੇ ਵਾਸਤੇ ਤੈਨੂੰ ਕਿਸੇ ਵਿਚੋਲੇ ਕੋਲ ਜਾਣ ਦੀ ਲੋੜ ਨਈਂ, ਕੋਈ ਹਭੀ ਨਭੀ ਹੋਈ ਤਾਂ ਸਿੱਧਾ ਮੇਰੇ ਪਾਸ ਨਿਝੱਕ ਆ ਜਾਈਂ, ਤੇਰੀ ਤੇ ਜੰਗੇ ਦੀ ਹਵਾ ਵਲ ਵੀ ਨਾ ਦੇਖੂ ਕੋਈ।ਸ਼ਾਮ ਨੂੰ ਪਿੰਡ ਚਲਾ ਜਾਈਂ ਤੇ ਕੱਲ੍ਹ ਨੂੰ ਜੰਗੇ ਨੂੰ ਪੇਸ਼ ਕਰ ਦੇਈਂ, ਉਹਨੂੰ ਕਹੀਂ ਘਬਰਾਵੇ ਨਾ ਕਿਸੇ ਗੱਲੋਂ, ਨਾਲੇ ਏਦਾਂ ਕਰੀਂ ਜੇ ਸਾਰੇ ਪੈਸਿਆਂ ਦਾ ਇੰਤਜਾਮ ਨਾ ਹੋ ਸਕਿਆ ਤਾਂ ਅੱਧੇ ਪਚੱਧੇ ਇਕ ਦੋ ਦਿਨਾਂ 'ਚ ਪਹੁੰਚਾ ਦੇਈਂ''। ਏਨਾ ਕਹਿ ਕੇ ਥਾਣੇਦਾਰ ਨੇ ਸਿਪਾਹੀ ਨੂੰ ਆਵਾਜ਼ ਮਾਰੀ ਤੇ ਕੜੱਕ ਜਿਹੀ ਚਾਹ ਲਿਆਉਣ ਦਾ ਹੁਕਮ ਚਾੜ੍ਹਿਆ।
ਸ਼ਾਮ ਨੂੰ ਬਚਨ ਸਿੰਘ ਘਰ ਨੂੰ ਜਾਂਦਾ ਹੋਇਆ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ, ਉਹਨੂੰ ਇਉਂ ਲਗਦਾ ਸੀ ਜਿਵੇਂ ਅੱਜ ਤੋਂ ਥਾਣੇਦਾਰ ਨਾਲ ਉਹਦੀ ਰਿਸ਼ਤੇਦਾਰੀ ਬਣ ਗਈ ਹੋਵੇ।
ਨਿਰਮਲ ਸਿੰਘ ਕੰਧਾਲਵੀ
ਨਵਾਂ ਸਾਲ - ਨਿਰਮਲ ਸਿੰਘ ਕੰਧਾਲਵੀ
ਸਮਾਂ ਚਲੇਂਦਾ ਆਪਣੀ ਚਾਲ, ਚੜ੍ਹਿਆ ਹੋਰ ਨਵਾਂ ਇਕ ਸਾਲ।
ਸੱਜਣ ਮਿੱਤਰ ਪੁੱਛਦੇ ਮੈਨੂੰ, ਕਿਵੇਂ ਰਿਹੈ ਬਈ ਪਿਛਲਾ ਸਾਲ।
ਤੁਹਾਥੋਂ ਕਿਹੜਾ ਗੁੱਝਾ ਯਾਰੋ, ਸਾਲ ਇਹ ਲੰਘਿਆ ਮੰਦੜੇ ਹਾਲ।
ਬਲਾ ਕਰੋਨਾ ਆਈ ਕਿਧਰੋਂ, ਇਹਨੇ ਵਿਗਾੜੀ ਸਭ ਦੀ ਚਾਲ।
ਪਤਾ ਨਹੀਂ ਇਹ ਕਿਥੋਂ ਆਈ, ਹੱਲ ਨਾ ਹੋਇਆ ਅਜੇ ਸਵਾਲ,
ਮੂੰਹ 'ਤੇ ਛਿਕਲੀ, ਛੇ ਫੁੱਟ ਦੂਰੀ, ਹੱਥ ਧੁਆਵੇ ਇਹ ਵਾਰ ਵਾਰ।
ਲਾਕਡਾਊਨ ਦਾ ਹੋਇਆ ਐਲਾਨ, ਮਚ ਗਿਆ ਹਰ ਪਾਸੇ ਬਵਾਲ।
ਦੇਸੀ ਹੱਟੀਆਂ ਲੁੱਟ ਮਚਾ 'ਤੀ, ਮਹਿੰਗੇ ਕਰ 'ਤੇ ਆਟਾ ਦਾਲ਼।
ਕਈਆਂ ਸ਼ਾਪਿੰਗ ਏਨੀ ਕੀਤੀ, ਕਈ ਚੀਜ਼ਾਂ ਦਾ ਪਾ 'ਤਾ ਕਾਲ਼।
ਕਈ ਕੰਮਾਂ ਤੋਂ ਵਿਹਲੇ ਹੋ ਗਏ, ਕੰਮਾਂ ਕਾਰਾਂ ਦੀ ਵਿਗੜੀ ਚਾਲ।
ਕਿੰਜ ਤੋਰੂ ਘਰ ਆਪਣਾ ਬੰਦਾ, ਬਈ ਜੇ ਨਾ ਹੋਵੇ ਜੇਬ 'ਚ ਮਾਲ।
ਅੰਦਰ ਬਹਿ ਬਹਿ ਕੁੱਪੇ ਹੋ ਗਏ, ਪਤਲੇ ਪਤੰਗ ਸੀ ਜੋ ਨਰ ਨਾਰ।
ਮੰਦਰ ਮਸਜਿਦ ਬੰਦ ਕਰਾ 'ਤੇ, ਬੰਦ ਕਰਾ 'ਤੇ ਚਰਚ ਦੁਆਰ।
ਵਧੀ ਘਰੇਲੂ ਹਿੰਸਾ ਬਹੁਤੀ, ਖਬਰਾਂ ਦੱਸਦੀਆਂ ਸਾਰਾ ਹਾਲ।
ਘੇਰੇ ਕਈ ਸਟਰੈੱਸ ਲੈਵਲ ਨੇ, ਹੋ ਗਏ ਕਈ ਹਾਲੋਂ-ਬੇਹਾਲ।
ਕਰੋਨੇ ਨੇ ਤਾਂ ਕੀ ਜਾਣਾ ਸੀ, ਹੋਰ ਲਿਆਇਆ ਭਾਈ ਨਾਲ।
ਲੰਡਨ ਆਇਆ ਭਾਈ ਇਸਦਾ, ਮਾਰੀ ਉਸਨੇ ਬਾਹਰ ਨੂੰ ਛਾਲ।
ਟੀਅਰ ਫੋਰ ਲਗਵਾ 'ਤਾ ਇਹਨੇ, ਸਭ ਦਾ ਜਿਊਣਾ ਕਰੂ ਮੁਹਾਲ।
ਫਿੱਕੀ ਫਿੱਕੀ ਕ੍ਰਿਸਮਸ ਗੁਜ਼ਰੀ, ਕੋਈ ਰੌਣਕ ਨਾ ਕੋਈ ਧਮਾਲ।
ਹਰ ਵਰ੍ਹੇ ਜਿਹਨੂੰ ਲੋਕ ਉਡੀਕਣ, ਇਸ ਵਾਰੀ ਵੀ ਚੜ੍ਹਿਆ ਸਾਲ।
ਨਾ ਕੋਈ ਰੌਣਕ ਨਾ ਕੋਈ ਮੇਲਾ, ਕ੍ਹਾਦਾ ਚੜ੍ਹਿਆ ਨਵਾਂ ਇਹ ਸਾਲ
ਅੰਦਰ ਬਹਿ ਕੇ ਸਮਾਂ ਲੰਘਾ ਲੈ, ਬਾਹਰ ਜਾਣ ਦੀ ਮੌਜ ਨਾ ਭਾਲ਼।
ਮੂੰਹ 'ਤੇ ਮਾਸਕ ਪਾ ਕੇ ਰੱਖੀਂ, ਰੱਖੀਂ ਛੇ ਫੁੱਟਾਂ ਦਾ ਖਿਆਲ।
ਭੁੱਲ ਜਾ ਪੱਬ ਕਲੱਬਾਂ ਮਿੱਤਰਾ, ਪਹਿਲਾਂ ਆਪਣਾ ਆਪ ਸੰਭਾਲ।
ਸਾਇੰਸਦਾਨਾਂ ਨੇ ਕਰ ਕੇ ਹਿੰਮਤ, ਵੈਕਸੀਨ ਇਹਦੀ ਕਰੀ ਤਿਆਰ।
ਸ਼ੁਰੂ ਹੋ ਗਏ ਨੇ ਲੋਦੇ ਲੱਗਣੇ, ਹੁੰਦਾ ਪਿਆ ਹਰ ਪਾਸੇ ਪਰਚਾਰ।
ਆ ਜਾਣੀ ਏ ਸਭ ਦੀ ਵਾਰੀ, ਕਹਿੰਦੀ ਪਈ ਏ ਨਿੱਤ ਸਰਕਾਰ।
ਕੰਮ ਨਹੀਂ ਮੁੱਕਣਾ ਟੀਕੇ ਨਾਲ ਵੀ, ਰੱਖਣਾ ਪੈਣਾ ਆਪਣਾ ਖਿਆਲ।
ਛੇ ਫੁੱਟ ਦੂਰੀ, ਮੂੰਹ 'ਤੇ ਛਿਕਲੀ, ਤੁਸੀਂ ਧੋਣੇ ਨੇ ਹੱਥ ਵਾਰ ਵਾਰ।
ਸੈਨੇਟਾਈਜ਼ਰ ਦੀ ਇਕ ਸ਼ੀਸ਼ੀ, ਇਹ ਵੀ ਰੱਖੋ ਆਪਣੇ ਨਾਲ਼।
ਬਚਾਈਂ ਲਾਕਡਾਊਨ ਤੋਂ ਰੱਬਾ, ਹੋਊ ਨਹੀਂ ਤਾਂ ਮੰਦੜਾ ਹਾਲ।
ਰਲ਼ ਕੇ ਆਉ ਦੁਆਵਾਂ ਕਰੀਏ, ਸਭ ਲਈ ਸੁਖ ਦਾ ਹੋਵੇ ਸਾਲ।
ਮੁੜ ਆਵਣ ਉਹ ਖੁਸ਼ੀਆਂ ਖੇੜੇ, ਖੁਦਾਵੰਦਾ ਇਹ ਕੱਟ ਜੰਜਾਲ।
ਨਿਰਮਲ ਸਿੰਘ ਕੰਧਾਲਵੀ
ਲਾਕਡਾਊਨ ਦੀਆਂ ਬਰਕਤਾਂ - ਨਿਰਮਲ ਸਿੰਘ ਕੰਧਾਲਵੀ
ਮਰਦਾਂ ਨੂੰ ਬੜਾ ਕੁਝ ਲਾਕਡਾਊਨ ਹੈ ਸਿਖਾ ਗਿਆ
ਵਿਹਲੇ ਬੈਠੇ ਬੰਦਿਆਂ ਨੂੰ, ਕੰਮ ਧੰਦੇ ਹੈ ਲਗਾ ਗਿਆ
ਰੋਟੀ- ਟੁੱਕ, ਝਾੜੂ- ਪੋਚਾ, ਇਹ ਕੰਮ ਹੈਨ ਔਰਤਾਂ ਦੇ
ਕਹਿੰਦੇ ਸੀ ਜੋ ਬੰਦੇ, ਕਦੇ ਹੱਥ ਨਹੀਂਉ ਲਾਉਂਦੇ ਸੀ
ਹੁਣ ਖੜ੍ਹੇ ਨੇ ਜੀ ਸਿੰਕ ਅੱਗੇ, ਹੱਥ ‘ਚ ਪਤੀਲਾ ਫੜੀ
ਮਾਂਜ ਮਾਂਜ ਭਾਂਡਿਆਂ ਨੂੰ, ਹੈਨ ਪਏ ਲਿਸ਼ਕਾਉਂਦੇ ਜੀ
ਕਿੰਗਰੇ ਹੰਕਾਰ ਵਾਲੇ, ਹੈ ਲਾਕਡਾਊਨ ਢਾਅ ਗਿਆ
ਮਰਦਾਂ ਨੂੰ ਬੜਾ ਕੁਝ, ਲਾਕਡਾਊਨ ਹੈ ਸਿਖਾ ਗਿਆ
ਬੜਾ ਕੁਝ ਲੋਕਾਂ ਤਾਈਂ, ਲਾਕਡਾਊਨ ਹੈ ਸਿਖਾ ਗਿਆ.........................
ਫੜੀ ਕੜਛੀ ਕਦੀ ਨਾ, ਛਿੱਲਿਆ ਨਾ ਗੱਠਾ ਕਦੇ
ਖੜ੍ਹੇ ਹੁਣ ਗੈਸ ਮੂਹਰੇ, ਉਹ ਤੜਕੇ ਪਏ ਲਾਉਂਦੇ ਨੇ
ਬੀਵੀ ਖੜ੍ਹੀ ਸਿਰ ਉੱਤੇ, ਚੈੱਕ ਕਰਦੀ ਹਰੇਕ ਚੀਜ਼
ਰੋਟੀਆਂ ਨੂੰ ਵੇਲ ਵੇਲ, ਸ਼੍ਰੀਮਾਨ ਜੀ ਪਕਾਉਂਦੇ ਨੇ
ਪਤੀ ਪਰਮੇਸ਼ਰਾਂ ਤੋਂ, ਕਰੋਨਾ ਲਾਂਗਰੀ ਬਣਾ ਗਿਆ
ਮਰਦਾਂ ਨੂੰ ਬੜਾ ਕੁਝ, ਲਾਕਡਾਊਨ ਹੈ ਸਿਖਾ ਗਿਆ
ਬੜਾ ਕੁਝ ਲੋਕਾਂ ਤਾਈਂ, ਲਾਕਡਾਊਨ ਹੈ ਸਿਖਾ ਗਿਆ........................
ਕਵੀ ਮਿੱਤਰ ਨੂੰ ਫੋਨ ਕੀਤਾ, ਪੁੱਛੀ ਉਹਦੀ ਸੁਖ-ਸਾਂਦ,
ਪੜ੍ਹਦੈਂ ਹੈਂ ਕੀ, ਤੇ ਨਵਾਂ ਕੀ ਹੈ ਅੱਜ ਕਲ ਲਿਖਿਆ?
ਕਹਿੰਦਾ ਕੁੱਕਰੀ ਕਲਾਸ ਹੁਣ, ਸ਼੍ਰੀਮਤੀ ਰੋਜ਼ ਲਾਉਂਦੀ
ਸਿੱਖੀ ਦਾਲ਼ ਬਣਾਉਣੀ, ਆਟਾ ਗੁੰਨ੍ਹਣਾਂ ਵੀ ਸਿਖਿਆ।
ਮੈਨੂੰ ਤਾਂ ਬਈ ਵਿਹਲਾ ਸਮਾਂ, ਸ਼ੈੱਫ ਹੈ ਬਣਾ ਗਿਆ
ਮਰਦਾਂ ਨੂੰ ਬੜਾ ਕੁਝ ਲਾਕਡਾਊਨ ਹੈ ਸਿਖਾ ਗਿਆ
ਬੜਾ ਕੁਝ ਲੋਕਾਂ ਤਾਈਂ, ਲਾਕਡਾਊਨ ਹੈ ਸਿਖਾ ਗਿਆ..................
ਕਿੰਜ ਧੋਣੇ ਕੱਪੜੇ, ਤੇ ਚਲਾਉਣੀ ਹੈ ਮਸ਼ੀਨ ਕਿਵੇਂ
ਕਿਹੜੇ ਕਿਹੜੇ ਕੱਪੜੇ, ਜੁਦੇ ਜੁਦੇ ਪਾਉਣੇ ਨੇ
ਸੋਡਾ ਕਿੱਥੇ ਪਾਉਣਾ, ਸੈੱਟ ਕਰਨਾ ਏ ਟੈਮ ਕਿੰਨਾ
ਪਾ ਕੇ ਡਰਾਇਰ ਵਿਚ, ਕਿੰਨੇ ਟੈਮ ਲਈ ਸੁਕਾਉਣੇ ਨੇ
ਕਦੇ ਧੋਤਾ ਨਾ ਰੁਮਾਲ ਜਿਨ੍ਹਾਂ, ਧੋਣੇ ਕੱਪੜੇ ਸਿਖਾ ਗਿਆ
ਮਰਦਾਂ ਨੂੰ ਲਾਕਡਾਊਨ ਬੜਾ ਕੁਝ ਹੈ ਸਿਖਾ ਗਿਆ
ਬੜਾ ਕੁਝ ਲੋਕਾਂ ਤਾਈਂ, ਲਾਕਡਾਊਨ ਹੈ ਸਿਖਾ ਗਿਆ................
ਇਕ ਹੋਰ ਤਾਈਂ ਪੁੱਛਿਆ, ਝੱਟ ਲੰਘਦਾ ਹੈ ਤੇਰਾ ਕਿਵੇਂ
ਕਹਿੰਦਾ ਘਰ ਵਾਲੀ ਮੇਰੀ, ਸਿਉਣੇ ਕੱਪੜੇ ਹੈ ਜਾਣਦੀ
ਜੇਬ ਕੱਟਣੀ ਹੈ ਲਈ ਸਿੱਖ, ਗਲ਼ ਕੱਟਣਾਂ ਮੈਂ ਸਿੱਖ ਰਿਹਾਂ
ਤੇ ਕੱਲ੍ਹ ਤੋਂ ਮੈਂ ਸਿੱਖਣੀ ਹੈ, ਜਾਚ ਬਟਣ ਲਗਾਉਣ ਦੀ
ਜਿਨ੍ਹਾਂ ਫੜੀ ਨਾ ਸੀ ਸੂਈ, ਸਿਊਣੇ ਕੱਪੜੇ ਸਿਖਾ ਗਿਆ
ਮਰਦਾਂ ਨੂੰ ਬੜਾ ਕੁਝ, ਲਾਕਡਾਊਨ ਹੈ ਸਿਖਾ ਗਿਆ
ਬੜਾ ਕੁਝ ਲੋਕਾਂ ਤਾਈਂ, ਲਾਕਡਾਊਨ ਹੈ ਸਿਖਾ ਗਿਆ.............
ਦਰਦ - ਨਿਰਮਲ ਸਿੰਘ ਕੰਧਾਲਵੀ
ਸ਼੍ਰੀਮਤੀ ਜੀ ਨੇ ਰਸੋਈ ‘ਚੋਂ ਆਵਾਜ਼ ਮਾਰੀ, “ ਮਖਿਆ ਜੀ ਰੋਟੀ ਬਣ ਗਈ ਆ, ਖਾ ਲਉ ਆ ਕੇ।” ਰੋਟੀ ਥਾਲ਼ੀ ‘ਚ ਪਾਉਂਦਿਆਂ ਉਹ ਬੋਲੀ, “ ਮਖਿਆ ਜੀ, ਚਮਚਾ ਕੁ ਦੇਸੀ ਘਿਉ ਪਾ ਦਿਆਂ ਦਾਲ਼ ‘ਚ, ‘ਮਰੀਕਾ ਦੇ ਡਾਕਟਰਾਂ ਨੇ ਕਿਹੈ ਬਈ ਹਰੇਕ ਬੰਦੇ ਨੂੰ ਚਮਚਾ ਕੁ ਦੇਸੀ ਘਿਉ ਜ਼ਰੂਰ ਖਾਣਾ ਚਾਹੀਦੈ ਰੋਜ਼। ਉਹਨੀਂ ਤਾਂ ਇਹ ਬੀ ਆਖਿਐ ਬਈ ਉਹ ਤਾਂ ਐਵੇਂ ਹੀ ਦੇਸੀ ਘਿਉ ਨੂੰ ਭੰਡਦੇ ਰਹੇ ਏਨੇ ਸਾਲ, ਪੁਆੜਿਆਂ ਦੀ ਜੜ੍ਹ ਤਾਂ ਚਿੱਟੀ ਖੰਡ ਐ।” ਸ਼੍ਰੀਮਤੀ ਪੂਰੀ ਡਾਇਟੀਸ਼ਨ ਦੇ ਰੂਪ ‘ਚ ਗਿਆਨ ਦਾ ਘੋਟਾ ਫੇਰ ਰਹੀ ਸੀ।
ਮੈਂ ਕਿਹਾ, “ ਇਕ ਦੀ ਬਜਾਇ ਦੋ ਪਾ ਦੇ ਭਾਵੇਂ, ਡਾਕਟਰਾਂ ਦਾ ਆਖਿਆ ਥੋੜ੍ਹੀ ਮੋੜਨਾ, ਇਹ ਡਾਕਟਰ ਵੀ ਤੀਜੇ ਕੁ ਦਿਨ ਘਤਿੱਤਾਂ ਕੱਢਦੇ ਰਹਿੰਦੇ ਆ, ਕਦੇ ਕਹਿੰਦੇ ਆ ਆਹ ਚੀਜ਼ ਖਾਉ, ਕਦੇ ਕਹਿੰਦੇ ਆ ਚੀਜ਼ ਨਾ ਖਾਉ।”
ਰੋਟੀ ਖਾ ਕੇ ਮੈਂ ਥੋੜ੍ਹੀ ਦੇਰ ਆਰਾਮ ਕਰਨ ਲਈ ਆਰਾਮ ਕੁਰਸੀ ‘ਤੇ ਅੱਧਲੇਟਾ ਜਿਹਾ ਹੋ ਗਿਆ। ਕੁਰਸੀ ਖਿੜਕੀ ਦੇ ਕੋਲ਼ ਸੀ ਤੇ ਅੱਜ ਕਈ ਦਿਨਾਂ ਬਾਅਦ ਧੁੱਪ ਵੀ ਸੋਹਣੀ ਨਿੱਕਲੀ ਸੀ, ਆਮ ਤੌਰ ‘ਤੇ ਤਾਂ ਵਲੈਤ ਵਿਚ ਧੁੱਪ ਦੇ ਦਰਸ਼ਨ ਵੀ ਗਰੁੜ ਭਗਵਾਨ ਵਾਂਗ ਦੁਰਲੱਭ ਹੀ ਹੁੰਦੇ ਹਨ । ਖਿੜਕੀ ਦੇ ਸ਼ੀਸ਼ਿਆਂ ਰਾਹੀਂ ਅੰਦਰ ਆਉਂਦੀ ਕੋਸੀ ਕੋਸੀ ਧੁੱਪ ਨੇ ਲਾਊਂਜ ਚੰਗੀ ਖਾਸੀ ਨਿੱਘੀ ਕਰ ਦਿੱਤੀ ਸੀ।
ਅਖ਼ਬਾਰ ‘ਚ ਮਾਂ-ਬੋਲੀ ਬਾਰੇ ਇਕ ਲੇਖ ਛਪਿਆ ਹੋਇਆ ਸੀ, ਮੈਂ ਉਸ ਨੂੰ ਪੜ੍ਹਨ ਲੱਗ ਪਿਆ। ਪਤਾ ਨਹੀਂ ਦੇਸੀ ਘਿਉ ਦੀ ਘੂਕੀ ਸੀ ਜਾਂ ਨਿੱਘ ਦਾ ਅਸਰ ਸੀ, ਲੇਖ ਪੜ੍ਹਦਿਆਂ ਪੜ੍ਹਦਿਆਂ ਹੀ ਨੀਂਦ ਰਾਣੀ ਨੇ ਮੈਨੂੰ ਆਪਣੀ ਗੋਦ ਵਿਚ ਲੈ ਲਿਆ ਤੇ ਸੁਪਨ ਸੰਸਾਰ ਨੇ ਆਪਣੀ ਰੀਲ੍ਹ ਚਲਾ ਦਿਤੀ। ਸੁਪਨੇ ‘ਚ ਦੇਖਿਆ ਕਿ ਮੇਰੀਆਂ ਅੱਖਾਂ ਤਾਂ ਬੰਦ ਸਨ ਪਰ ਮੈਂ ਫਿਰ ਵੀ ਤੁਰਿਆ ਜਾ ਰਿਹਾ ਸਾਂ। ਤੁਰੇ ਜਾਂਦਿਆਂ ਠੇਡਾ ਵੱਜਿਆ ਤੇ ਮੇਰੀ ਅੱਖ ਖੁੱਲ੍ਹ ਗਈ ਤਾਂ ਦੇਖਿਆ ਕਿ ਕਾਲੇ-ਕਲੂਟੇ, ਉੱਚੇ ਲੰਮੇ ਦੋ ਬੰਦੇ, ਜਿਹਨਾਂ ਨੇ ਕਾਲ਼ੀਆਂ ਵਰਦੀਆਂ ਪਾਈਆਂ ਹੋਈਆਂ ਸਨ, ਮੈਨੂੰ ਆਪਣੇ ਨਾਲ ਤੋਰ ਕੇ ਲਿਜਾ ਰਹੇ ਸਨ। ਮੈਨੂੰ ਸਮਝਣ ‘ਚ ਦੇਰ ਨਾ ਲੱਗੀ ਕਿ ਇਹ ਤਾਂ ਉਹੋ ਹੀ ਜਮਦੂਤ ਸਨ ਜਿਹਨਾਂ ਨੂੰ ਕਥਾ ਕਹਾਣੀਆਂ ‘ਚ ਬਚਪਨ ਤੋਂ ਸੁਣਦੇ ਪੜ੍ਹਦੇ ਆਏ ਸਾਂ ਤੇ ਅੱਜ ਮੈਂ ਉਹਨਾਂ ਦੇ ਵੱਸ ਪੈ ਗਿਆ ਸਾਂ। ਓ ਮੇਰਿਆ ਰੱਬਾ! ਐਹ ਕੀ ਭਾਣਾ ਵਰਤ ਗਿਆ, ਕੀ ਮੈਂ ਮਰ ਗਿਆ ਸਾਂ? ਹੁਣ ਮੇਰਾ ਕੀ ਹੋਵੇਗਾ? ਮੇਰਾ ਸਾਰਾ ਸਰੀਰ ਕੰਬ ਗਿਆ।
ਉਹ ਦੋਵੇਂ ਆਪਣੀ ਭਾਸ਼ਾ ‘ਚ ਗੱਲਾਂ ਕਰਦੇ ਜਾ ਰਹੇ ਸਨ, ਜਿਸ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈ ਰਹੀ। ਮੈਂ ਸੋਚਿਆ ਕਿ ਜੇ ਉਹ ਮੇਰੀ ਗੱਲ ਨਾ ਵੀ ਸਮਝੇ ਤਾਂ ਘੱਟੋ ਘੱਟ ਮੈਨੂੰ ਇਸ਼ਾਰਿਆਂ ਨਾਲ਼ ਤਾਂ ਕੁਝ ਦੱਸਣਗੇ ਹੀ। ਸੋ ਹੌਸਲਾ ਕਰ ਕੇ ਮੈਂ ਪੁੱਛ ਹੀ ਲਿਆ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਹੇ ਸਨ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਇਕ ਜਮਦੂਤ ਨੇ ਠੇਠ ਪੰਜਾਬੀ ਬੋਲਦਿਆਂ ਕਿਹਾ,” ਪ੍ਰਾਣੀ, ਤੇਰੀ ਅਉਧ ਪੁੱਗ ਚੁੱਕੀ ਐ ਤੇ ਅਸੀਂ ਯਮਰਾਜ ਜੀ ਦੇ ਹੁਕਮਾਂ ਅਨੁਸਾਰ ਯਮਲੋਕ ਨੂੰ ਲਿਜਾ ਰਹੇ ਹਾਂ ਤੈਨੂੰ।”
“ ਪਰ ਮੈਂ ਤਾਂ ਘਰੇ ਸੁੱਤਾ ਹੋਇਆ ਸਾਂ, ਤੁਸੀਂ ਸੁੱਤੇ ਪਏ ਨੂੰ ਹੀ ਚੁੱਕ ਲਿਆਏ,” ਮੈਂ ਰੋਸ ਪ੍ਰਗਟਾਇਆ।
“ ਪ੍ਰਾਣੀ, ਇਹਦੇ ‘ਚ ਸਾਡਾ ਕੋਈ ਦੋਸ਼ ਨਹੀਂ, ਅਸੀਂ ਤਾਂ ਯਮਰਾਜ ਜੀ ਦੇ ਹੁਕਮ ਮੁਤਾਬਕ ਹੀ ਕੰਮ ਕਰਦੇ ਹਾਂ, ਸਾਨੂੰ ਦਿੱਤੀ ਗਈ ਲਿਸਟ ‘ਤੇ ਤੇਰਾ ਨਾਮ, ਪਤਾ ਅਤੇ ਤੇਰੀ ਕੁੱਲ ਉਮਰ ਮਿੰਟਾਂ ਸਕਿੰਟਾਂ ਤੱਕ ਲਿਖੀ ਹੋਈ ਐ, ਜੇ ਤੂੰ ਦੇਖਣੀ ਚਾਹੇਂ ਤਾਂ ਦੇਖ ਸਕਦਾ ਹੈਂ। ਤੂੰ ਜ਼ਰੂਰ ਕਦੀ ਸੁਣਿਆਂ ਹੋਵੇਗਾ ਕਿ ਫਲਾਣਾ ਬੰਦਾ ਰੋਟੀ ਖਾਂਦਿਆਂ ਖਾਂਦਿਆਂ ਹੀ ਪੂਰਾ ਹੋ ਗਿਆ ਤੇ ਕੋਈ ਗੱਲਾਂ ਕਰਦਾ ਕਰਦਾ ਚਲ ਵਸਿਆ। ਸਾਡੀ ਵੀ ਮਜਬੂਰੀ ਐ, ਸਾਨੂੰ ਬੰਦਾ ਲਿਆਉਣਾ ਹੀ ਪੈਂਦਾ ਹੈ ਨੌਕਰੀ ਜੁ ਹੋਈ । ਪ੍ਰਾਣੀ, ਇੱਥੇ ਇਕ ਸਕਿੰਟ ਵੀ ਇਧਰ ਉੱਧਰ ਨਹੀਂ ਹੋ ਸਕਦਾ। ਜਿੰਨੀ ਕਿਸੇ ਦੀ ਲਿਖੀ ਹੋਈ ਹੁੰਦੀ ਹੈ ਉਸੇ ਅਨੁਸਾਰ ਉਸ ਨੂੰ ਵਾਪਸ ਮੁੜਨਾ ਪੈਂਦਾ ਹੈ। ਤੁਹਾਡੇ ਤਾਂ ਇਕ ਗ੍ਰੰਥ ਵਿਚ ਵੀ ਲਿਖਿਆ ਹੋਇਆ ਹੈ, ‘ ਮਰਣੁ ਲਿਖਾਇ ਮੰਡਲ ਮਹਿ ਆਏ’। ਪ੍ਰਾਣੀ, ਸਾਡੀ ਈਸ਼ਵਰੀ ਦੁਨੀਆ ਹੈ, ਤੁਹਾਡੀ ਦੁਨੀਆ ਵਾਂਗ ਥੋੜ੍ਹੀ ਐ ਜਿੱਥੇ ਰਿਸ਼ਵਤਾਂ ਦੇ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾਂਦੈ।”
“ ਪਰ ਜਮਦੂਤ ਜੀ, ਇਕ ਗੱਲ ਦੱਸੋ ਕਿ ਹੁਣੇ ਤਾਂ ਤੁਸੀਂ ਆਪਣੀ ਕਿਸੇ ਭਾਸ਼ਾ ‘ਚ ਗੱਲ ਬਾਤ ਕਰ ਰਹੇ ਸੀ, ਜਿਸ ਦਾ ਇਕ ਅੱਖਰ ਵੀ ਮੇਰੇ ਖਾਨੇ ਨਹੀਂ ਪਿਆ ਪਰ ਹੁਣ ਤੁਸੀਂ ਪੂਰੀ ਠੇਠ ਪੰਜਾਬੀ ਮੇਰੇ ਨਾਲ ਬੋਲਦੇ ਪਏ ਓ, ਇਹ ਕੀ ਚੱਕਰ ਐ, ਯਾਰ,” ਮੈਂ ਥੋੜ੍ਹਾ ਖੁੱਲ੍ਹਦਿਆਂ ਹੌਸਲਾ ਕਰ ਕੇ ਪੁੱਛ ਹੀ ਲਿਆ।
“ ਪ੍ਰਾਣੀ, ਅਸੀਂ ਆਪਣੀ ਮਾਤ-ਭਾਸ਼ਾ ‘ਚ ਗੱਲਾਂ ਕਰ ਰਹੇ ਸਾਂ, ਉਂਜ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਸਾਨੂੰ ਸਿਖਾਈਆਂ ਗਈਆਂ ਸਨ ਭਰਤੀ ਹੋਣ ਤੋਂ ਬਾਅਦ,” ਜਮਦੂਤ ਨੇ ਦੱਸਿਆ।
“ ਭਰਤੀ ਹੋਣ ਤੋਂ ਬਾਅਦ? ਜਮਦੂਤ ਜੀ ਮੈਂ ਸਮਝਿਆ ਨਹੀਂ,” ਮੈਂ ਹੈਰਾਨ ਹੋ ਕੇ ਕਿਹਾ
“ ਹੇ ਪ੍ਰਾਣੀ, ਅਸੀਂ ਦੋਵੇਂ ਹਮ-ਉਮਰ ਚਚੇਰੇ ਭਰਾ ਹਾਂ, ਅਸੀਂ ਇਕੱਠਿਆਂ ਨੇ ਡਿਗਰੀਆਂ ਕੀਤੀਆਂ ਤੇ ਲੱਗੇ ਨੌਕਰੀ ਦੀ ਤਲਾਸ਼ ਕਰਨ। ਇਕ ਦਿਨ ਅਸੀਂ ਅਖ਼ਬਾਰ ‘ਚ ਵਾਈ. ਪੀ. ਐੱਸ. ਸੀ. ਦਾ ਇਸ਼ਤਿਹਾਰ ਦੇਖਿਆ ਜਿਸ ਵਿਚ ਭਰਤੀ ਲਈ ਡਿਗਰੀ ਹੋਲਡਰ ਮੰਗੇ ਹੋਏ ਸਨ,” ਜਮਦੂਤ ਨੇ ਦੱਸਣਾ ਸ਼ੁਰੂ ਕੀਤਾ।
“ ਪਰ ਜਮਦੂਤ ਜੀ, ਯੂ.ਪੀ.ਐੱਸ.ਸੀ. ਤਾਂ ਸੁਣਿਆਂ ਸੀ ਪਰ ਇਹ ਵਾਈ.ਪੀ.ਐਸ.ਸੀ. ਕੀ ਹੋਇਆ, ਮੈਂ ਸਮਝਿਆ ਨਹੀਂ?” ਮੈਂ ਵਿਚੋਂ ਹੀ ਟੋਕ ਕੇ ਪ੍ਰਸ਼ਨ ਕੀਤਾ।
“ ਪ੍ਰਾਣੀ, ਇਹ ਯਮਰਾਜ ਜੀ ਦਾ ਮਹਿਕਮਾ ਹੈ ਯਾਨੀ ਕਿ ‘ਯਮਰਾਜ ਪਬਲਿਕ ਸਰਵਿਸ ਕਮਿਸ਼ਨ’। ਅਸੀਂ ਅਰਜ਼ੀਆਂ ਦਿੱਤੀਆਂ ਤੇ ਸਾਨੂੰ ਚੁਣ ਲਿਆ ਗਿਆ। ਇੰਟਰਵੀਊ ‘ਤੇ ਸਾਨੂੰ ਪੁੱਛਿਆ ਗਿਆ ਕਿ ਪੜ੍ਹਾਈ ਦੇ ਨਾਲ ਨਾਲ ਹੋਰ ਕੀ ਸ਼ੁਗਲ ਸਨ ਸਾਡੇ। ਜਦੋਂ ਅਸੀਂ ਦੱਸਿਆ ਕਿ ਸਾਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਐ, ਤੇ ਸਕੂਲ ਕਾਲਜ ਦੀਆਂ ਛੁੱਟੀਆਂ ਸਮੇਂ ਵੀ ਅਸੀਂ ਕੁੱਤੇ ਖੱਸੀ ਕਰਨ ਤੁਰੇ ਰਹਿੰਦੇ ਸਾਂ ਤਾਂ ਯਮਰਾਜ ਜੀ ਬੜੇ ਖੁਸ਼ ਹੋਏ ਤੇ ਉਹਨਾਂ ਸਾਨੂੰ ਦੋਨਾਂ ਨੂੰ ਆਰ.ਓ. ਦੀ ਪੋਸਟ ਦੇ ਨਿਯੁਕਤੀ ਪੱਤਰ ਦੇ ਦਿੱਤੇ,” ਜਮਦੂਤ ਨੇ ਆਪਣਾ ਬੈਜ ਦਿਖਾਉਂਦਿਆ ਦੱਸਿਆ।
“ ਜਮਦੂਤ ਜੀ, ਇਹ ਆਰ.ਓ. ਦਾ ਕੀ ਮਤਲਬ ਐ ਜੀ,” ਮੈਂ ਪੁੱਛਿਆ
“ ਆਰ. ਓ. ਯਾਨੀ ਕਿ ‘ਰੀਟਰਨਿੰਗ ਆਫ਼ੀਸਰ’ ਮਤਲਬ ਕਿ ਦੁਨੀਆ ‘ਚ ਭੇਜੇ ਗਏ ਬੰਦਿਆਂ ਨੂੰ ਵਾਪਸ ਲਿਆਉਣ ਵਾਲ਼ਾ ਅਫ਼ਸਰ। ਸਾਡੇ ਘੁੰਮਣ ਫਿਰਨ ਦੇ ਸ਼ੌਕ ਕਰ ਕੇ ਨੌਕਰੀ ਦੇ ਇਕਰਾਰਨਾਮੇ ਵਿਚ ਲਿਖਿਆ ਗਿਆ ਕਿ ਇਸ ਕੰਮ ਲਈ ਸਾਨੂੰ ਦੁਨੀਆਂ ਦੇ ਕਿਸੇ ਹਿੱਸੇ ‘ਚ ਵੀ ਭੇਜਿਆ ਜਾ ਸਕਦਾ ਹੈ।” ਜਮਦੂਤ ਨੇ ਖੁਲਾਸਾ ਕੀਤਾ।
“ ਪਰ ਜਮਦੂਤ ਜੀ, ਫਿਰ ਤੁਸੀਂ ਵੱਖ ਵੱਖ ਦੇਸ਼ਾਂ ‘ਚੋਂ ਬੰਦਿਆਂ ਨੂੰ ਲਿਆਉਣ ਵੇਲੇ ਉਹਨਾਂ ਨਾਲ ਕਿਹੜੀ ਭਾਸ਼ਾ ‘ਚ ਗੱਲ ਕਰਦੇ ਹੋ?” ਮੈਂ ਪ੍ਰਸ਼ਨ ਕੀਤਾ।
“ ਪ੍ਰਾਣੀ, ਇਸ ਕੰਮ ਲਈ ਮਹਿਕਮੇ ਨੇ ਸਾਨੂੰ ਕਈ ਕੋਰਸ ਕਰਵਾਏ। ਹੁਣ ਅਸੀਂ ਕਿਸੇ ਦੇਸ਼ ਵਿਚ ਕੋਈ ਵੀ ਭਾਸ਼ਾ ਬੋਲ ਸਕਦੇ ਹਾਂ। ਸਾਡਾ ਕੰਮ-ਕਾਰ ਹਜ਼ਾਰਾਂ ਭਾਸ਼ਾਵਾਂ ‘ਚ ਹੈ ਪਰ ਅਸੀਂ ਆਪਸ ਵਿਚ ਹਮੇਸ਼ਾ ਆਪਣੀ ਮਾਂ-ਬੋਲੀ ‘ਚ ਹੀ ਗੱਲ ਕਰਦੇ ਹਾਂ ਤੇ ਸੱਚ ਜਦ ਕਦੇ ਅਸੀਂ ਆਪਣੀ ਜੰਮਣ ਭੋਇਂ ਤੋਂ ਵੀ ਕਿਸੇ ਨੂੰ ਲਿਆਉਣਾ ਹੁੰਦਾ ਹੈ ਤਾਂ ਉਸ ਵਿਅਕਤੀ ਨਾਲ ਵੀ ਆਪਣੀ ਮਾਂ-ਬੋਲੀ ‘ਚ ਹੀ ਗੱਲ ਕਰਦੇ ਹਾਂ, ਹਮ ਕੋ ਤੁਮ ਕੋ ਕਰ ਕੇ ਉਸ ‘ਤੇ ਰੋਅਬ ਨਹੀਂ ਝਾੜਦੇ।” ਜਮਦੂਤ ਨੇ ਬੜੇ ਮਾਣ ਨਾਲ ਮੈਨੂੰ ਦੱਸਿਆ।
“ ਮੇਰਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਮੇਰੇ ਲੋਕ ਤਾਂ ਆਪਣੀ ਮਾਂ-ਬੋਲੀ ‘ਚ ਗੱਲ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ। ਤੇ ਇੱਥੇ ਹਜ਼ਾਰਾਂ ਬੋਲੀਆਂ ਦੇ ਗਿਆਤਾ ਜਮਦੂਤ ਵੀ ਆਪਣੀ ਮਾਂ-ਬੋਲੀ ਨੂੰ ਹਿੱਕ ਨਾਲ ਲਾਈ ਫਿਰਦੇ ਹਨ। ਸਾਡੇ ਕਈ ਲੋਕ ਤਾਂ ਇੰਨੇ ਗ਼ਰਕ ਗਏ ਹਨ ਕਿ ਆਪਣੀ ਮਾਂ-ਬੋਲੀ ਨੂੰ ਗੰਵਾਰਾਂ ਦੀ ਭਾਸ਼ਾ ਕਹਿਣ ਤੱਕ ਜਾਂਦੇ ਹਨ। ਪੰਜਾਬੀ ਦਾ ਅਖ਼ਬਾਰ, ਰਿਸਾਲਾ ਪੜ੍ਹਨਾ ਤਾਂ ਦੂਰ, ਉਸ ਨੂੰ ਹੱਥ ਲਾਉਣਾ ਵੀ ਗੁਨਾਹ ਸਮਝਦੇ ਹਨ। ਪੰਜਾਬੀ ਦੀ ਕਿਤਾਬ ‘ਤੇ ਦੁਆਨੀ ਖ਼ਰਚ ਕੇ ਰਾਜ਼ੀ ਨਹੀਂ ਪਰ ਘਰ ਆਏ ਮਹਿਮਾਨ ਨੂੰ ਸ਼ੋਅ-ਕੇਸ ਵਿਚ ਸਜਾਈਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਹੁੱਬ ਹੁੱਬ ਕੇ ਦਿਖਾਉਣਗੇ।”
“ ਪ੍ਰਾਣੀ, ਚੁੱਪ ਹੋ ਗਿਐਂ, ਅਸਾਂ ਕੁਝ ਕਹਿ ਦਿਤੈ?” ਜਮਦੂਤ ਨੇ ਮੈਨੂੰ ਚੁੱਪ ਹੋਇਆ ਦੇਖ ਕੇ ਪੁੱਛਿਆ
ਮੈਂ ਕੀ ਦੱਸਦਾ ਜਮਦੂਤਾਂ ਨੂੰ, ਝੱਗਾ ਚੁੱਕਦਾ ਤਾਂ ਆਪਣਾ ਹੀ ਢਿੱਡ ਨੰਗਾ ਕਰਦਾ, ਮੈਂ ਏਨਾ ਹੀ ਕਹਿ ਸਕਿਆ, “ ਨਹੀਂ, ਨਹੀਂ ਜੀ, ਅਜਿਹੀ ਕੋਈ ਗੱਲ ਨਹੀਂ, ਬਸ ਉਂਜ ਹੀ, ਪਿੱਛੇ ਘਰ ਦੀ ਯਾਦ ਆ ਗਈ ਸੀ,” ਮੈਂ ਝੂਠ ਬੋਲ ਕੇ ਅਸਲੀ ਦਰਦ ਛੁਪਾ ਲਿਆ।
ਗੱਲਾਂ ਗੱਲਾਂ ‘ਚ ਪਤਾ ਹੀ ਨਾ ਲੱਗਾ ਕਦੋਂ ਅਸੀਂ ਇਕ ਵੱਡੇ ਸਾਰੇ ਕਾਲ਼ੇ ਰੰਗ ਦੇ ਦਰਵਾਜ਼ੇ ਕੋਲ਼ ਪਹੁੰਚ ਗਏ। ਇਕ ਜਮਦੂਤ ਨੇ ਅੱਗੇ ਹੋ ਕੇ ਘੰਟੀ ਦਾ ਬਟਣ ਦਬਾਇਆ, ਉੱਧਰ ਜ਼ੋਰ ਜ਼ੋਰ ਦੀ ਟਰਨ ਟਰਨ ਹੋਈ ਤੇ ਇੱਧਰ ਮੈਂ ਅੱਭੜਵਾਹੇ ਉੱਠਿਆ, ਮੇਰੇ ਕੋਲ ਪਏ ਫੋਨ ਦੀ ਘੰਟੀ ਵੱਜ ਰਹੀ ਸੀ।
ਸੇਵਾ - ਨਿਰਮਲ ਸਿੰਘ ਕੰਧਾਲਵੀ
ਕੰਮ ਤੋਂ ਵਾਪਸ ਆਉਂਦਿਆਂ ਬਲਬੀਰ ਨੇ ਸੋਚਿਆ ਕਿ ਕਿਉਂ ਨਾ ਟਰੈਵਲ ਏਜੰਟ ਦੇ ਦਫ਼ਤਰੋਂ ਟਿਕਟ ਵੀ ਲੈਂਦਾ ਜਾਵੇ। ਅਚਾਨਕ ਹੀ ਉਹਦਾ ਪੰਜਾਬ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ। ਟਰੈਵਲ ਏਜੰਟ ਦੇ ਦਫ਼ਤਰ ਵਿਚ ਇਕ ਤੀਹ ਬੱਤੀ ਸਾਲ ਦਾ ਨੌਜਵਾਨ ਬੈਠਾ ਸੀ। ਟਰੈਵਲ ਏਜੰਟ, ਜੋ ਕਿ ਬਲਬੀਰ ਦਾ ਬਹੁਤ ਚੰਗੀ ਤਰ੍ਹਾਂ ਜਾਣੂੰ ਸੀ, ਉਹਨੂੰ ਕਹਿਣ ਲੱਗਾ, “ ਭਾ ਜੀ, ਇਹ ਸਰਦਾਰ ਗੁਰਮੀਤ ਸਿੰਘ ਜੀ ਹਨ, ਆਪਣੇ ਮਿੱਤਰ ਹਨ, ਇਹਨਾਂ ਦੇ ਬਾਬਾ ਜੀ ਦੀ ਪੈਨਸ਼ਨ ਦਾ ਕੋਈ ਚੱਕਰ ਪਿਆ ਹੋਇਆ ਹੈ, ਮਹਿਕਮੇ ਵਾਲ਼ੇ ਬਰਥ ਸਰਟੀਫ਼ੀਕੇਟ ਮੰਗਦੇ ਹਨ। ਇਹਨਾਂ ਕੋਲ ਸਰਟੀਫ਼ੀਕੇਟ ਕੋਈ ਨਹੀਂ ਤੇ ਬਾਬਾ ਜੀ ਦਾ ਜਨਮ ਵੀ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਲਾਇਲਪੁਰ ਦਾ ਹੈ। ਤੁਸੀਂ ਜੇ ਪੰਜਾਬ ਤੋਂ ਇਹਨਾਂ ਦੇ ਬਾਬਾ ਜੀ ਦੇ ਨਾਮ ਦਾ ਬਰਥ ਸਰਟੀਫ਼ੀਕੇਟ ਬਣਾ ਲਿਆਵੋਂ ਤਾਂ ਬੜੀ ਮਿਹਰਬਾਨੀ ਹੋਵੇਗੀ। ਇਹ ਏਥੇ ਯੂ.ਕੇ. ਦੇ ਹੀ ਜੰਮੇ ਪਲ਼ੇ ਹਨ, ਇਹਨੀਂ ਤਾਂ ਪੰਜਾਬ ਦਾ ਮੂੰਹ ਵੀ ਨਹੀਂ ਦੇਖਿਆ। ਉੱਥੇ ਸਰਟੀਫ਼ੀਕੇਟ ਬਣ ਜਾਂਦੇ ਆ, ਪੈਸਿਆਂ ਦੀ ਚਿੰਤਾ ਨਾ ਕਰਿਉ, ਜਿੰਨੇ ਲੱਗੇ ਲਗਾ ਆਇਉ ਮੈਂ ਆਪ ਜੀ ਨੂੰ ਦੇ ਦੇਵਾਂਗਾ।”
“ਕੋਈ ਗੱਲ ਨਹੀਂ ਭਾ ਜੀ, ਤੁਸੀਂ ਪੂਰਾ ਵੇਰਵਾ ਲਿਖ ਦਿਉ, ਮੈਂ ਪੂਰੀ ਕੋਸ਼ਿਸ਼ ਕਰਾਂਗਾ,” ਬਲਬੀਰ ਨੇ ਬੜੀ ਅਪਣੱਤ ਨਾਲ਼ ਕਿਹਾ।
ਗੁਰਮੀਤ ਸਿੰਘ ਨੇ ਇਕ ਕਾਗਜ਼ ਉਪਰ ਸਾਰਾ ਵੇਰਵਾ ਲਿਖ ਕੇ ਜਦੋਂ ਬਲਬੀਰ ਨੂੰ ਫੜਾਇਆ ਤਾਂ ਨਾਲ ਹੀ ਪੰਜਾਹ ਪੌਂਡ ਦਾ ਇਕ ਨੋਟ ਵੀ ਬਲਬੀਰ ਵਲ ਵਧਾਇਆ। ਬਲਬੀਰ ਨੇ ਨੋਟ ਗੁਰਮੀਤ ਨੂੰ ਵਾਪਸ ਕਰਦਿਆਂ ਕਿਹਾ, “ ਭਾ ਜੀ ਪੈਸੇ ਕਿਤੇ ਭੱਜੇ ਨਹੀਂ ਜਾਂਦੇ, ਜਿੰਨੇ ਲੱਗਣਗੇ ਮੈਂ ਵਾਪਸ ਆ ਕੇ ਲੈ ਲਵਾਂਗਾ,” ਤੇ ਉਸ ਨੇ ਮੱਲੋ-ਮੱਲੀ ਗੁਰਮੀਤ ਦੀ ਜੇਬ ਵਿਚ ਨੋਟ ਪਾ ਦਿਤਾ।
ਪਿੰਡ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਬਲਬੀਰ ਆਪਣੇ ਨੇੜਲੇ ਸ਼ਹਿਰ ਦੀ ਮਿਉਂਸੀਪਲ ਕਮੇਟੀ ਦੇ ਦਫ਼ਤਰ ਜਾ ਪਹੁੰਚਾ ਤੇ ਨੇਮ-ਪਲੇਟਾਂ ਪੜ੍ਹਦਾ ਪੜ੍ਹਦਾ ਰਜਿਸਟਰਾਰ ਦੇ ਕਮਰੇ ‘ਚ ਪਹੁੰਚ ਗਿਆ। ਬਲਬੀਰ ਨੂੰ ਅਚਾਨਕ ਹੀ ਅੰਦਰ ਆਇਆ ਦੇਖ ਕੇ ਇਕ ਬਾਬੂ ਨੇ ਅੱਭੜਵਾਹੇ ਜਿਹੇ ਪੁੱਛਿਆ, “ ਹਾਂ ਜੀ, ਸਰਦਾਰ ਜੀ ਦੱਸੋ, ਕੀ ਕੰਮ ਐ?”
“ ਬਾਬੂ ਜੀ, ਸਾਡੇ ਇਕ ਬਜ਼ੁਰਗ਼ ਲਾਇਲਪੁਰ, ਪਾਕਿਸਤਾਨ ‘ਚ................” ਬਲਬੀਰ ਨੇ ਅਜੇ ਫ਼ਿਕਰਾ ਵੀ ਪੂਰਾ ਨਹੀਂ ਸੀ ਕੀਤਾ ਕਿ ਬਾਬੂ ਚਹਿਕਦਾ ਹੋਇਆ ਬੋਲਿਆ, “ ਤੁਹਾਨੂੰ ਬਰਥ ਸਰਟੀਫ਼ੀਕੇਟ ਚਾਹੀਦੈ ਜੀ, ਮਿਲ ਜਾਏਗਾ, ਤੁਸੀਂ ਤਾਂ ਲਾਇਲਪੁਰ ਦੀ ਗੱਲ ਕਰਦੇ ਹੋ, ਬਜ਼ੁਰਗ਼ ਭਾਵੇਂ ਨਾ ਵੀ ਜੰਮਿਆਂ ਹੋਵੇ ਤਾਂ ਵੀ ਮਿਲ ਜਾਏਗਾ। ਪੂਰਾ ਇਕ ਹਜ਼ਾਰ ਰੁਪੱਈਆ ਲੱਗੂ। ਐਥੇ ਕਾਗਜ਼ ‘ਤੇ ਸਾਰੀ ਡੀਟੇਲ ਲਿਖ ਦਿਉ ਜੀ। ਤੁਸੀਂ ਠੰਡਾ-ਸ਼ੰਡਾ ਪੀ ਆਉ ਬਾਜ਼ਾਰੋਂ ਤੇ ਅੱਧੇ ਘੰਟੇ ਬਾਅਦ ਸਰਟੀਫੀਕੇਟ ਲੈ ਲਈਉ ਆ ਕੇ।”
ਬਲਬੀਰ ਨੇ ਪੰਜ ਪੰਜ ਸੌ ਦੇ ਦੋ ਨੋਟ ਬਾਬੂ ਨੂੰ ਫੜਾਏ ਤੇ ਬਾਜ਼ਾਰ ਦਾ ਗੇੜਾ ਮਾਰਨ ਚਲਾ ਗਿਆ।
ਜਦ ਉਹ ਅੱਧੇ ਕੁ ਘੰਟੇ ਬਾਅਦ ਵਾਪਸ ਆਇਆ ਤਾਂ ਬਾਬੂ ਨੇ ਸਰਟੀਫ਼ੀਕੇਟ ਤਿਆਰ ਕਰ ਕੇ ਲਿਫ਼ਾਫ਼ੇ ‘ਚ ਪਾਇਆ ਹੋਇਆ ਸੀ। ਬਲਬੀਰ ਜਦੋਂ ਲਿਫ਼ਾਫ਼ਾ ਲੈ ਕੇ ਤੁਰਨ ਲੱਗਾ ਤਾਂ ਬਾਬੂ ਬੋਲਿਆ, “ ਸਰਦਾਰ ਜੀ, ਇਕ ਵਾਰੀ ਸਰਟੀਫ਼ੀਕੇਟ ਚੈੱਕ ਕਰ ਲਉ, ਕਈ ਵਾਰੀ ਕੋਈ ਸਪੈਲਿੰਗ ਆਦਿ ਦੀ ਮਿਸਟੇਕ ਹੋ ਜਾਂਦੀ ਐ, ਅਸੀਂ ਉਲਾਂਭੇ ਵਾਲਾ ਕੰਮ ਨਹੀਂ ਕਰਦੇ।”
ਬਲਬੀਰ ਨੇ ਕਾਗਜ਼ ‘ਤੇ ਲਿਖਿਆ ਹੋਇਆ ਵੇਰਵਾ ਸਰਟੀਫ਼ੀਕੇਟ ਨਾਲ ਮਿਲਾਇਆ, ਸਭ ਕੁਝ ਠੀਕ ਸੀ।
ਲਿਫ਼ਾਫ਼ਾ ਜੇਬ ‘ਚ ਪਾ ਕੇ ਜਦੋਂ ਉਹ ਦਫ਼ਤਰ ‘ਚੋਂ ਬਾਹਰ ਨਿਕਲਣ ਲੱਗਾ ਤਾਂ ਅਚਾਨਕ ਹੀ ਉਹਦੇ ਮੂੰਹ ‘ਚੋਂ ਹੌਲੀ ਜਿਹੀ ਨਿਕਲ ਗਿਆ, “ ਮੇਰਾ ਭਾਰਤ ਮਹਾਨ ”
“ ਸਰਦਾਰ ਜੀ, ਮੈਨੂੰ ਕਿਹੈ ਕੁਛ,” ਬਾਬੂ ਨੇ ਉਹਦੇ ਵਲ ਟੀਰਾ ਜਿਹਾ ਝਾਕਦਿਆਂ ਪੁੱਛਿਆ।
“ ਤੁਹਾਡਾ ਧੰਨਵਾਦ ਕਰਨ ਦਾ ਤਾਂ ਮੈਨੂੰ ਚੇਤਾ ਹੀ ਨਹੀਂ ਰਿਹਾ।”
“ ਕੋਈ ਗੱਲ ਨਹੀਂ ਜੀ, ਅਸੀਂ ਤਾਂ ਜੰਤਾ ਦੀ ਸੇਵਾ ਲਈ ਬੈਠੇ ਆਂ ,” ਕਹਿ ਕੇ ਬਾਬੂ ਆਪਣੀ ਸੀਟ ‘ਤੇ ਜਾ ਬੈਠਾ ਤੇ ਬਲਬੀਰ ਸਾਰੇ ਰਾਹ ‘ ਸੇਵਾ ’ ਦੇ ਅਰਥ ਲੱਭਦਾ ਰਿਹਾ।