Nirmal Singh Kandhalvi

ਵੋਟਾਂ ਦੇ ਦਿਨ ਆਏ - ਨਿਰਮਲ ਸਿੰਘ ਕੰਧਾਲਵੀ

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ

 

ਪੰਜ ਸਾਲ ਨਾ ਸਾਨੂੰ ਲੱਭੇ ਜੀ

ਰਹੇ ਲੱਭਦੇ ਸੱਜੇ ਤੇ ਖੱਬੇ ਜੀ

ਘਰ ਸਾਡੇ ਹੁਣ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

ਬੋ ਜਿਨ੍ਹਾਂ ਨੂੰ ਆਉਂਦੀ ਸਾਥੋਂ ਸੀ           

ਜੋ ਵੱਟ ਲੈਂਦੇ ਪਾਸਾ ਸਾਥੋਂ ਸੀ

ਅੱਜ ਲਿਬੜੇ ਬਾਲ ਖਿਡਾਏ

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

ਨੋਟ, ਨਾਗਣੀ, ਦਾਰੂ, ਭੁੱਕੀ ਜੀ

ਕਹਿੰਦੇ ਰੱਖੋ ਨਾ ਸੰਗ ਉੱਕੀ ਜੀ

ਸਾਨੂੰ ਹਰੇ ਹਰੇ ਨੋਟ ਦਿਖਾਏ

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

 ਕਹਿੰਦੇ ਅਸੀਂ ਹਾਂ ਦਾਸ ਤੁਹਾਡੇ ਜੀ

ਬੂਹੇ ਰਹਿਣਗੇ ਸਦਾ ਖੁੱਲ੍ਹੇ ਸਾਡੇ ਜੀ

ਉਹਨੀਂ ਝੁਕ ਝੁਕ ਸੀਸ ਨਿਵਾਏ,

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

 ਤੁਸੀਂ ਲੋਕੋ ਜਾਗਦੇ ਰਹਿਣਾ ਜੀ

ਵੋਟ ਲੋਕ ਰਾਜ ਦਾ ਗਹਿਣਾ ਜੀ

ਕੋਈ ਲਾਲਚ ਵਿਚ ਨਾ ਆਏ

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

 ਪੁੱਛੋ ਇਨ੍ਹਾਂ ਦੀ ਕਾਰਗੁਜ਼ਾਰੀ ਜੀ

ਗੱਲ ਖੋਲ੍ਹ ਕੇ ਪੁੱਛੋ ਸਾਰੀ ਜੀ

ਵੇਲਾ ਲੰਘਿਆ ਹੱਥ ਨਾ ਆਏ

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

 ਪੁੱਛੋ ਇਨ੍ਹਾਂ ਜੋ ਕੀਤੇ ਵਾਅਦੇ ਜੀ

ਕਿਉਂ ਬਦਲੇ ਫੇਰ ਇਰਾਦੇ ਜੀ

ਕਿਉਂ ਝੂਠੇ ਲਾਰੇ ਲਾਏ।

ਵੋਟਾਂ ਦੇ ਦਿਨ ਆਏ ਵੇ ਲੋਕਾ

ਵੋਟਾਂ ਦੇ ਦਿਨ ਆਏ।

 ਨਿਰਮਲ ਸਿੰਘ ਕੰਧਾਲਵੀ

ਧਨੀਏ, ਅਦਰਕ ਵਾਲਾ ਪੀਜ਼ਾ - ਨਿਰਮਲ ਸਿੰਘ ਕੰਧਾਲਵੀ

ਗੰਡਾ ਸਿੰਘ ਨੂੰ ਜਦੋਂ ਦਾ ਫ਼ਰੀ ਬੱਸ ਪਾਸ ਮਿਲਿਆ ਸੀ ਉਹ ਭੰਬੀਰੀ ਵਾਂਗ ਘੁੰਮਦਾ ਫਿਰਦਾ ਸੀ।ਬੱਸ ਪਾਸ ਕਿਉਂਕਿ ਸਾਢੇ ਨੌਂ ਵਜੇ ਤੋਂ ਚਾਲੂ ਹੁੰਦਾ ਸੀ ਸੋ ਉਹ ਸਵਾ ਕੁ ਨੌਂ ਵਜੇ ਹੀ ਬੱਸ ਸਟਾਪ 'ਤੇ ਜਾ ਖੜ੍ਹਦਾ।ਨਾਲ ਦੇ ਟਾਊਨ ਸੈਂਟਰਾਂ ਜਾਂ ਨੇੜੇ ਤੇੜੇ ਦੇ ਟਾਊਨਾਂ ਦੇ ਗੁਰਦੁਆਰਿਆਂ ਦਾ ਚੱਕਰ ਮਾਰ ਆਉਂਦਾ।ਕਿਸੇ ਪੁਰਾਣੇ ਬੇਲੀ ਨੂੰ ਮਿਲ ਆਉਂਦਾ।ਕੰਮ-ਕਾਰ ਤੋਂ ਤਾਂ ਉਹ ਬਹੁਤ ਚਿਰਾਂ ਦਾ ਹੀ ਵਿਹਲਾ ਸੀ।ਸਰਕਾਰਾਂ ਦੀ 'ਮਿਹਰਬਾਨੀ' ਨਾਲ ਪਹਿਲਾਂ ਵਾਲੇ ਉਹ ਕੰਮ-ਕਾਰ ਹੀ ਨਹੀਂ ਸਨ ਰਹੇ।ਉਸ ਨੇ ਵੀ ਹੋਰ ਕਈਆਂ ਲੋਕਾਂ ਵਾਂਗ ਨਵਾਂ ਕੰਮ-ਕਾਰ ਨਹੀਂ ਸੀ ਕੋਈ ਸਿੱਖਿਆ।ਬਿਨਾਂ ਕੰਮ-ਕਾਰ ਤੋਂ ਸਮਾਂ ਪਾਸ ਕਰਨਾ ਉਸ ਲਈ ਇਕ ਸਮੱਸਿਆ ਬਣ ਚੁੱਕਾ ਸੀ।ਆਪਣੇ ਧੀਆਂ ਪੁੱਤਰਾਂ ਕੋਲੋਂ ਲਿਫ਼ਟ ਦੀ ਆਸ ਰੱਖਣੀ ਝੋਟੇ ਵਾਲੇ ਘਰੋਂ ਲੱਸੀ ਭਾਲਣ ਵਾਲੀ ਗੱਲ ਸੀ।ਜੇ ਕਿਤੇ ਭੁੱਲਿਆ ਚੁੱਕਿਆ ਉਹ ਕਹਿ ਹੀ ਬੈਠਦਾ ਤਾਂ ਬੱਚੇ ਗੱਡੀ ਖ਼ਰਾਬ ਹੋਣ ਦਾ ਜਾਂ ਕੋਈ ਹੋਰ ਬਹਾਨਾ ਬਣਾ ਕੇ ਟਾਲ਼ ਦਿੰਦੇ।ਉਧਰੋਂ ਬੱਸਾਂ ਦੇ ਕਿਰਾਏ ਏਨੇ ਵਧ ਗਏ ਸਨ ਕਿ ਦੋ ਕੁ ਸਟਾਪ ਜਾਣ ਦਾ ਵੀ ਬੱਸ ਡਰਾਈਵਰ ਡੇਢ ਪੌਂਡ ਰਖਵਾ ਲੈਂਦੇ ਸਨ।ਹੁਣ ਫਰੀ ਬੱਸ ਮਿਲਣ ਨਾਲ਼ ਉਹ ਆਪਣੇ ਆਪ ਨੂੰ ਇਕ ਆਜ਼ਾਦ ਪੰਛੀ ਸਮਝਦਾ ਸੀ।
ਇਕ ਦਿਨ ਉਹ ਬੱਸ ਦੀ ਇੰਤਜ਼ਾਰ ਕਰਦਿਆਂ ਆਪਣੇ ਇਕ ਜਾਣਕਾਰ ਨੂੰ ਕਹਿ ਰਿਹਾ ਸੀ,'' ਬਈ ਸ਼ੰਗਾਰਾ ਸਿਆਂ ਜਿੱਦਣ ਦਾ ਬੱਸ ਪਾਸ ਮਿਲਿਐ, ਮੈਨੂੰ ਤਾਂ ਇਉਂ ਲਗਦੈ ਪਈ ਜਿਵੇਂ ਕੈਦ ਤੋਂ ਛੁਟਕਾਰਾ ਮਿਲਿਆ ਹੋਵੇ।ਆਹ ਸਾਲ਼ੇ ਨਿਆਣੇ ਸਹੁਰੀ ਦੇ ਆਪ ਤਾਂ ਗੱਡੀਆਂ ਸਟਾਟ ਕਰ ਕੇ ਝੱਟ ਭੂੰਡ ਆਂਗੂੰ ਔਹ ਜਾਂਦੇ ਆ, ਮੇਰੀ ਵਾਰੀ ਕਦੀ ਗੱਡੀ ਖ਼ਰਾਬ ਤੇ ਕਦੇ ਟੈਕਸ ਹੈ ਨੀਂ, ਕਦੇ ਕੁਸ਼ ਹੈ ਨੀਂ।''
'' ਓ ਭਾਈ ਗੰਡਾ ਸਿਆਂ ਜਮਾਨੇ ਬਦਲ ਗਏ ਐ ਹੁਣ, ਅੱਜ ਦੇ ਜੁਆਕ ਤਾਂ ਬੁੜ੍ਹੇ ਬੁੜ੍ਹੀਆਂ ਨੂੰ ਭਾਰ ਈ ਸਮਝਦੇ ਐ।ਅਜੇ ਤਾਂ ਅਸੀਂ ਚਲਦੇ ਫਿਰਦੇ ਆਂ, ਜਿੱਦਣ ਚੱਲਣੋਂ ਰਹਿ ਗਈਆਂ ਦੇਖ ਲਈਂ ਇਨ੍ਹਾਂ ਨੇ ਆਪਾਂ ਨੂੰ ਕਿਸੇ ਹੋਮ 'ਚ ਸੁੱਟ ਆਉਣੈ।'' ਉਹਦਾ ਜਾਣਕਾਰ ਸ਼ਿੰਗਾਰਾ ਸਿੰਘ ਵੀ ਸ਼ਾਇਦ ਆਪਣੀ ਔਲਾਦ ਤੋਂ ਔਖਾ ਸੀ।
ਏਨੀ ਦੇਰ ਨੂੰ ਬੱਸ ਆ ਗਈ ਤੇ ਉਹ ਦੋਵੇਂ ਜਣੇ ਪਾਸ ਦਿਖਾ ਕੇ ਰਵਾਂ ਰਵੀਂ ਸੀਟਾਂ ਵਲ ਨੂੰ ਵਧੇ।ਬੱਸ ਦੀਆਂ ਪਿਛਲੀਆਂ ਸੀਟਾਂ 'ਤੇ ਦੋ ਸਵਾਰੀਆਂ ਬੈਠੀਆਂ ਸਨ ਜਿਨ੍ਹਾਂ 'ਚੋਂ ਇਕ ਵਿਅਕਤੀ ਨਾਲ ਦੇ ਟਾਊਨ ਦੇ ਗੁਰਦੁਆਰੇ ਦਾ ਕਮੇਟੀ ਮੈਂਬਰ ਗੇਜਾ ਸਿੰਘ ਸੀ।ਗੰਡਾ ਸਿੰਘ ਨੇ ਉਨ੍ਹਾਂ ਦੋਨਾਂ ਨੂੰ ਫਤਿਹ ਬੁਲਾਈ ਤੇ ਨਾਲ ਦੀ ਖ਼ਾਲੀ ਸੀਟ 'ਤੇ ਜਾ ਬੈਠਾ।ਸੁਖ-ਸਾਂਦ ਪੁੱਛਣ ਤੋਂ ਬਾਅਦ ਗੰਡਾ ਸਿੰਘ ਗੇਜਾ ਸਿੰਘ ਨੂੰ ਕਹਿਣ ਲੱਗਾ, '' ਬਈ ਗੇਜਾ ਸਿਆਂ, ਗੁਰਪੁਰਬ ਵਾਲੇ ਦਿਨ ਮੈਂ ਥੋਡੇ ਗੁਰਦੁਆਰੇ ਆਇਆ ਸੀ, ਤੁਹਾਡੇ ਸੈਕਟਰੀ ਨੂੰ ਤਾਂ ਇਹ ਵੀ ਨੀ ਸੀ ਪਤਾ ਪਈ ਪ੍ਰਕਾਸ਼ ਦਿਹਾੜਾ ਕਿਹੜੇ ਗੁਰੂ ਦਾ ਐ।ਗੁਰੂ ਗੋਬਿੰਦ ਸਿੰਘ ਨੂੰ ਉਹ ਗੁਰੂ ਹਰਗੋਬਿੰਦ ਈ ਕਹੀ ਜਾਂਦਾ ਸੀ।ਇਕ ਵਾਰੀ ਨਈਂ ਦੋ ਤਿੰਨ ਵਾਰੀ ਕਿਹਾ ਉਹਨੇ।ਫਿਰ ਸੰਗਤ 'ਚੋਂ ਕਿਸੇ ਨੇ ਜਾ ਕੇ ਉਹਨੂੰ ਦੱਸਿਆ ਪਈ ਪ੍ਰਕਾਸ਼ ਦਿਹਾੜਾ ਦਸਵੇਂ ਪਾਤਸ਼ਾਹ ਦਾ ਐ।ਕਿਥੋਂ ਏਦਾਂ ਦੇ ਵਿਦਮਾਨ ਲੱਭ ਕੇ ਲਿਆਉਂਨੇ ਐਂ ਤੁਸੀਂ?'' ਗੰਡਾ ਸਿੰਘ ਨੇ ਗੁੱਝੀ ਮਸ਼ਕਰੀ ਕੀਤੀ।
ਗੇਜਾ ਸਿੰਘ ਨੂੰ ਐਸੇ ਹਮਲੇ ਦੀ ਆਸ ਨਹੀਂ ਸੀ, ਪਰ ਉਹ ਸੰਭਲ ਗਿਆ ਤੇ ਕਹਿਣ ਲੱਗਾ, '' ਗੰਡਾ ਸਿਆਂ ਐਂਵੇਂ ਨਾ ਬਹੁਤੀਆਂ ਨਘੋਚਾਂ ਕੱਢਿਆ ਕਰ।ਗੁਰਪੁਰਬ ਤਾਂ ਸੀਗਾ ਨਾ, ਕਿਸੇ ਗੁਰੂ ਸ੍ਹਾਬ ਦਾ ਹੋਇਆ, ਕੀ ਫ਼ਰਕ ਪੈਂਦੈ, ਸਾਰੇ ਗੁਰੂ ਸ੍ਹਾਬਾਂ 'ਚ ਇਕੋ ਈ ਜੋਤ ਵਰਤਦੀ ਐ।''
ਗੰਡਾ ਸਿੰਘ, ਗੇਜਾ ਸਿੰਘ ਦੀ ਦਲੀਲ ਨਾਲ ਸਹਿਮਤ ਨਾ ਹੋਇਆ ਤੇ ਕਹਿਣ ਲੱਗਾ, '' ਆਹ ਤਾਂ ਉਹ ਗੱਲ ਹੋਈ ਪਈ ਤੇਲੀ ਨੇ ਕਿਹਾ ਜਾਟ ਰੇ ਜਾਟ ਤੇਰੇ ਸਰ ਪੇ ਖਾਟ ਤੇ ਜੱਟ ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ 'ਤੇ ਕੋਹਲੂ ਤਾਂ ਲਾਗੇ ਖੜ੍ਹਾ ਕੋਈ ਬੰਦਾ ਜੱਟ ਨੂੰ ਕਹਿਣ ਲੱਗਾ ਕਿ ਕਾਫ਼ੀਆ ਨਹੀਂ ਰਲ਼ਿਆ ਤਾਂ ਜੱਟ ਕਹਿੰਦਾ, '' ਕਾਫ਼ੀਏ ਨੂੰ ਮਾਰ ਗੋਲ਼ੀ, ਸਾਲ਼ਾ ਤੇਲੀ ਭਾਰ ਨਾਲ ਤਾਂ ਮਰੂ।''
 ''ਐਂਵੇਂ ਟਿੱਚਰਾਂ ਨਾ ਕਰ ਤੂੰ ਗੰਡਾ ਸਿਆਂ, ਤੈਨੂੰ ਇਹੋ ਗੱਲ ਲੱਭੀ ਸਾਡੇ ਗੁਰਦੁਆਰੇ ਦੀ, ਸਾਡੇ ਗੁਰਦੁਆਰੇ ਵਰਗਾ ਲੰਗਰ ਛਕਿਆ ਤੈਂ ਕਿਧਰੇ ਹੋਰਥੇ, ਵੇਲ ਨਾਲੋਂ ਟੁੱਟਦੀਆਂ ਟੁੱਟਦੀਆਂ ਸਬਜ਼ੀਆਂ ਬਣਦੀਆਂ ਰੋਜ਼, ਕਿਤੇ ਜਲੇਬੀਆਂ ਦੇਖੀਂ ਖਾ ਕੇ, ਨਾਲ਼ੇ ਹੋਰ ਸੁਣ ਸਾਡੇ ਗੁਰਦੁਆਰੇ ਵਰਗਾ ਪੀਜਾ ਤੈਨੂੰ ਸਾਰੀ ਵਲੈਤ 'ਚ ਨੀਂ ਮਿਲਣਾ।ਐਸ ਐਤਵਾਰੀਂ ਅਦਰਕ ਤੇ ਧਨੀਏ ਵਾਲਾ ਪੀਜਾ ਬਣਨੈ, ਜਰੂਰ ਆਈਂ।ਨਾਲੇ ਹੁਣ ਤਾਂ ਤੇਰੇ ਕੋਲ ਬੱਸ ਪਾਸ ਵੀ ਹੈਗਾ, ਘੌਲ਼ ਨਾ ਕਰੀਂ,'' ਗੇਜਾ ਸਿੰਘ ਨੇ ਹੁਣ ਟੋਨ ਬਦਲ ਲਈ ਸੀ।ਉਹਦਾ ਬੱਸ ਸਟਾਪ ਵੀ ਆ ਗਿਆ ਸੀ।ਉਹ ਬੱਸ 'ਚੋਂ ਉਤਰਦਿਆਂ ਵੀ ਉੱਚੀ ਉੱਚੀ ਬੋਲ ਕੇ ਗੰਡਾ ਸਿੰਘ ਨੂੰ ਐਤਵਾਰ ਸ਼ਾਮੀਂ ਗੁਰਦੁਆਰੇ ਬਣਨ ਵਾਲੇ ਪੀਜ਼ੇ ਦੀ ਦਾਅਵਤ ਦੇ ਰਿਹਾ ਸੀ।
ਅੰਗਰੇਜ਼ ਸਵਾਰੀਆਂ ਗੁਆਚੀ ਹੋਈ ਗਾਂ ਵਾਂਗ ਉਨ੍ਹਾਂ ਦੇ ਮੂੰਹਾਂ ਵਲ ਡੌਰ-ਭੌਰ ਹੋਈਆਂ ਦੇਖ਼ ਰਹੀਆਂ ਸਨ।

(ਨਿਰਮਲ ਸਿੰਘ ਕੰਧਾਲਵੀ)

ਸਲੀਕੇ ਦੀ ਗ਼ਰੀਬੀ - ਨਿਰਮਲ ਸਿੰਘ ਕੰਧਾਲਵੀ

ਸ਼ਹਿਰੋਂ ਥੋੜ੍ਹਾ ਜਿਹਾ ਬਾਹਰ ਸੜਕ ਦੇ ਕਿਨਾਰੇ ਮਿੱਟੀ ਦੇ ਭਾਂਡਿਆਂ ਦੇ ਢੇਰ ਲੱਗੇ ਹੋਏ ਸਨ। ਮਾਰਚ ਦਾ ਮਹੀਨਾ ਸੀ ਤੇ ਗਰਮੀ ਨੇ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਝ ਸਾਲਾਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਵਾਲ਼ਿਆਂ ਨੇ ਵੀ ਤਕਨਾਲੋਜੀ ਵਰਤ ਕੇ ਘੜਿਆਂ ਦਾ ਰੂਪ ਬਦਲ ਕੇ ਉਨ੍ਹਾਂ ਨੂੰ ਟੂਟੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਸੋਸ਼ਲ ਮੀਡੀਆ ‘ਤੇ ਫਰਿੱਜ ਨਾਲ਼ ਠੰਢੇ ਕੀਤੇ ਪੀਣ ਵਾਲ਼ੇ ਪਦਾਰਥਾਂ ਖ਼ਿਲਾਫ਼ ਕਾਫ਼ੀ ਪ੍ਰਚਾਰ ਹੋਣ ਕਰ ਕੇ ਕੁਝ ਲੋਕ ਵਾਪਸ ਘੜੇ ਦੇ ਪਾਣੀ ਵਲ ਮੁੜ ਰਹੇ ਸਨ। ਮੈਨੂੰ ਬਚਪਨ ਦਾ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਗਰਮੀਆਂ ਵਿਚ ਲੋਕਾਂ ਦੇ ਘਰਾਂ ਵਿਚ ਆਮ ਹੀ ਘੜੇ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਇੱਥੋਂ ਤੱਕ ਕਿ ਲੰਬੇ ਸਫ਼ਰ ਵਿਚ ਕਈ ਲੋਕ ਆਪਣੇ ਕੋਲ਼ ਸੁਰਾਹੀ ਵੀ ਰੱਖ ਲੈਂਦੇ ਸਨ। ਫੇਰ ਫਰਿੱਜਾਂ ਦੇ ਆਉਣ ਨਾਲ਼ ਪਾਣੀ ਲਈ ਸੁਰਾਹੀਆਂ, ਘੜੇ ਅਤੇ ਗੈਸ ਚੁੱਲ੍ਹੇ ਆਉਣ ਕਰ ਕੇ ਤੌੜੀਆਂ, ਹਾਂਡੀਆਂ ਤੇ ਮਿੱਟੀ ਦੇ ਹੋਰ ਭਾਂਡੇ ਅਲ਼ੋਪ ਹੋਣੇ ਸ਼ੁਰੂ ਹੋ ਗਏ। ਚੀਨ ਤੋਂ ਆਉਂਦੀਆਂ ਬਿਜਲੀ ਦੀਆਂ ਲੜੀਆਂ ਨੇ ਮਿੱਟੀ ਦੇ ਦੀਵਿਆਂ ਦਾ ਕਾਰੋਬਾਰ ਤਕਰੀਬਨ ਠੱਪ ਹੀ ਕਰ ਦਿਤਾ। ਖ਼ੈਰ ਕੁਝ ਲੋਕ ਮੁੜ ਪਰਤ ਰਹੇ ਹਨ ਮਿੱਟੀ ਦੇ ਭਾਂਡਿਆਂ ਵਲ। ਪਿਛਲੇ ਸਾਲ ਹੀ ਦਿੱਲੀ ਵਿਚ ਲੱਗੀ ਇਕ ਨੁਮਾਇਸ਼ ਵਿਚ ਮਿੱਟੀ ਦੀ ਬਣੀ ਹੋਈ ਫਰਿੱਜ ਵੀ ਦਿਖਾਈ ਗਈ ਸੀ।
ਅਸੀਂ ਸੜਕ ਕਿਨਾਰੇ ਗੱਡੀ ਰੋਕੀ ਤੇ ਭਾਂਡੇ ਦੇਖਣ ਲੱਗ ਪਏ। ਗਾਹਕ ਆਏ ਦੇਖ ਕੇ ਭਾਂਡੇ ਵੇਚਣ ਵਾਲ਼ੀ ਬੀਬੀ ਸਾਡੇ ਕੋਲ਼ ਆਈ ਤੇ ਪੁੱਛਣ ਲਗੀ ਕਿ ਸਾਨੂੰ ਕੀ ਚਾਹੀਦਾ ਸੀ। ਅਸੀਂ ਚੰਗਾ ਜਿਹਾ ਟੂਟੀ ਵਾਲ਼ਾ ਘੜਾ ਦਿਖਾਉਣ ਲਈ ਕਿਹਾ। ਤਿੰਨ ਚਾਰ ਕਿਸਮ ਦੇ ਘੜੇ ਉਹ ਸਾਨੂੰ ਦਿਖਾ ਰਹੀ ਸੀ ਕਿ ਸਾਡੇ ਪਿਛਲੇ ਪਾਸੇ ਇਕ ਮਰਸੇਡੀਜ਼ ਕਾਰ ਇਤਨੀ ਜ਼ੋਰ ਨਾਲ਼ ਬਰੇਕ ਮਾਰ ਕੇ ਰੁਕੀ ਕਿ ਸਾਡਾ ਤ੍ਰਾਹ ਕੱਢ ਦਿਤਾ। ਕਾਰ ਵਿਚੋਂ ਇਕ ਉੱਚਾ ਲੰਮਾ ਸਰਦਾਰ ਨਿਕਲਿਆ ਤੇ ਉਸ ਨੇ ਇਹ ਵੀ ਨਹੀਂ ਦੇਖਿਆ ਕਿ ਗਾਹਕ ਭਾਂਡਿਆਂ ਵਾਲ਼ੀ ਬੀਬੀ ਨਾਲ਼ ਗੱਲਬਾਤ ਕਰ ਰਹੇ ਹਨ, ਬੜੀ ਰੁੱਖੀ ਭਾਸ਼ਾ ‘ਚ ਉਸ ਬੀਬੀ ਨੂੰ ਪੁੱਛਣ ਲੱਗਾ ਕਿ ਕੀ ਉਨ੍ਹਾਂ ਪਾਸ ਪੰਛੀਆਂ ਨੂੰ ਪਾਣੀ ਪਿਆਉਣ ਵਾਲ਼ੇ ਪਿਆਲੇ ਹਨ। ਉਹ ਬੀਬੀ ਸਾਨੂੰ ਛੱਡ ਕੇ ਉਸ ਵਿਅਕਤੀ ਨੂੰ ਪਿਆਲੇ ਦਿਖਾਉਣ ਲੱਗ ਪਈ। ਭਾਰਤ ਵਿਚ ਇੰਜ ਨਹੀਂ ਹੁੰਦਾ ਕਿ ਪਹਿਲਾਂ ਪਹਿਲੇ ਗਾਹਕ ਨੂੰ ਨਿਬੇੜ ਕੇ ਫਿਰ ਅਗਲੇ ਗਾਹਕ ਨੂੰ ਅਟੈਂਡ ਕੀਤਾ ਜਾਵੇ ਜਿਵੇਂ ਕਿ ਪੱਛਮੀ ਦੇਸ਼ਾ ‘ਚ ਹੁੰਦਾ ਹੈ। ਉੱਥੇ ਜੇ ਪੰਜ ਗਾਹਕ ਦੁਕਾਨ ਵਿਚ ਹਨ ਤਾਂ ਦੁਕਾਨਦਾਰ ਸਾਰਿਆਂ ਨੂੰ ਹੀ ਸੌਦਾ ਵੇਚਣ ‘ਚ ਰੁੱਝਾ ਹੋਇਆ ਹੁੰਦਾ ਹੈ।
ਖੈਰ, ਸਰਦਾਰ ਨੇ ਇਕ ਪਿਆਲਾ ਪਸੰਦ ਕਰ ਕੇ ਜਦੋਂ ਕੀਮਤ ਪੁੱਛੀ ਤਾਂ ਬੀਬੀ ਨੇ ਕਿਹਾ ਕਿ ਵੀਹ ਰੁਪਏ ਦਾ ਹੈ ਇਕ। ਸਰਦਾਰ ਨੇ ਬਟੂਏ ‘ਚੋਂ ਦਸ ਰੁਪਏ ਦਾ ਇਕ ਨੋਟ ਕੱਢਿਆ ਤੇ ਪਿਆਲਾ ਉਸ ਦੇ ਹੱਥੋਂ ਫੜ ਕੇ ਦਸਾਂ ਦਾ ਨੋਟ ਉਸ ਵਲ ਇਉਂ ਸੁੱਟਿਆ ਜਿਵੇੰ ਕਿਸੇ ਮੰਗਤੇ ਵਲ ਪੈਸੇ ਸੁੱਟ ਰਿਹਾ ਹੋਵੇ। ਇਸ ਤੋਂ ਪਹਿਲਾ ਕਿ ਬੀਬੀ ਕੁਝ ਬੋਲਦੀ. ਉਹ ਉਸੇ ਹੀ ਰੁੱਖੇ ਢੰਗ ਨਾਲ਼ ਬੋਲਿਆ, “ ਠੀਕ ਐ, ਠੀਕ ਐ ਦਸ ਰੁਪਏ, ਜਨੌਰਾਂ ਨੂੰ ਈ ਪਾਣੀ ਪਾਉਣਾ ਇਹਦੇ ‘ਚ, ਅਸੀਂ ਕਿਹੜਾ ਆਪ ਪੀਣੈ।“
ਏਨਾ ਕਹਿ ਕੇ ਉਹ ਅੱਖ ਪਲਕਾਰੇ ‘ਚ ਕਾਰ ‘ਚ ਜਾ ਬੈਠਾ ਤੇ ਧੂੜ ਉਡਾਉਂਦਾ ਔਹ ਗਿਆ, ਔਹ ਗਿਆ। 

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ - ਨਿਰਮਲ ਸਿੰਘ ਕੰਧਾਲਵੀ

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ’ ਸ਼ਾਹ ਮੁਹੰਮਦ ਨੇ ਆਪਣੇ ‘ਜੰਗਨਾਮਾ’ ਵਿਚ ਸਿੱਖਾਂ ਤੇ ਅੰਗਰੇਜ਼ਾ ਦੀ ਜੰਗ ਦੇ ਸਬੰਧ ਵਿਚ ਲਿਖਿਆ ਸੀ। ਅੱਜ ਕਲ ਸਿੱਖਿਆ ਦੇ ਮਿਆਰ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਚਕਾਰ ਇਕ ‘ਜੰਗ’ ਚਲ ਰਹੀ ਹੈ। ਦੋਵੇਂ ਆਪਣੇ ਆਪਣੇ ਸਕੂਲਾਂ ਦੇ ਮਿਆਰ ਨੂੰ ਇਕ ਦੂਜੇ ਤੋਂ ਵਧੀਆ ਕਹਿ ਰਹੇ ਹਨ। ਮੀਡੀਆ ਦਾ ਬੜਾ ਲਾਡਲਾ ਵਿਸ਼ਾ ਬਣਿਆ ਹੋਇਆ ਹੈ ਇਹ। ਦੋਨਾਂ ਮੰਤਰੀਆਂ ਨੇ ਇਕ ਦੂਜੇ ਨੂੰ ਲਿਖਤੀ ਸਬੂਤ ਪੇਸ਼ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਪਰਗਟ ਸਿੰਘ ਹੋਰੀਂ ਪਹਿਲਾਂ ਤਾਂ ਇਹ ਚੁਣੌਤੀ ਸਵੀਕਾਰ ਕਰ ਲਈ ਪਰ ਫੇਰ ਇਰਾਦਾ ਬਦਲ ਲਿਆ। ਉਧਰ ਸਿਸੋਦੀਆ ਸਾਹਿਬ ਨੇ ਪੰਜਾਬ ਦੇ ਸਕੂਲਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ ਤਾਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਗ਼ਲਤ ਸਾਬਤ ਕੀਤਾ ਜਾ ਸਕੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਦਿਅਕ ਮਹਿਕਮੇ ਨੇ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਕਿ ਕਿਸੇ ਵੀ ਅਜਿਹੇ ਵਫ਼ਦ ਨੂੰ ਸਕੂਲ ‘ਚ ਨਾ ਵੜਨ ਦਿਤਾ ਜਾਵੇ। ਹੁਣ ਦੇਖਣ ਵਾਲ਼ੀ ਗੱਲ ਹੈ ਕਿ ਕੀ ਸਿਸੋਦੀਆ ਸਾਹਿਬ ਦਾ ਇਸ ਤਰ੍ਹਾਂ ਛਾਪੇ ਮਾਰ ਕੇ ਸਕੂਲ ਚੈੱਕ ਕਰਨੇ ਜਾਇਜ਼ ਕੰਮ ਹੈ? ਕੀ ਸਿਸੋਦੀਆ ਸਾਹਿਬ ਦਿੱਲੀ ਦੇ ਸਕੂਲਾਂ ਦੀ ਤਰੱਕੀ ਪੰਜਾਬ ਦੇ ਲੋਕਾਂ ਦੇ ਸੰਘੋਂ ਹੇਠੋਂ ਧੱਕੇ ਨਾਲ ਉਤਾਰਨਾ ਚਾਹੁੰਦੇ ਹਨ?
ਪਹਿਲੀ ਗੱਲ ਤਾਂ ਹੈ ਕਿ ਦਿੱਲੀ ਅਤੇ ਪੰਜਾਬ ਦਾ ਮੁਕਾਬਲਾ ਕਰਨਾ ਹੀ ਗ਼ਲਤ ਹੈ। ਦੋਨਾਂ ਦੀਆਂ ਪ੍ਰਸਥਿਤੀਆਂ ਵੱਖ
ਵੱਖ ਹਨ। ਦੂਜੀ ਗੱਲ ਕਿ ਜੇ ਪੰਜਾਬ ਦੇ ਸਕੂਲਾਂ ਦਾ ਮਿਆਰ ਉੱਚਾ ਨਹੀਂ ਤਾਂ ਕੀ ਪਰਗਟ ਸਿੰਘ ਇਸ ਲਈ ਜ਼ਿੰਮੇਵਾਰ
ਹੈ? ਉਸ ਨੂੰ ਤਾਂ ਮਹਿਕਮਾ ਸੰਭਾਲਿਆਂ ਮਸਾਂ ਦੋ ਕੁ ਮਹੀਨੇ ਹੀ ਹੋਏ ਹਨ। ਪਰਗਟ ਸਿੰਘ ਦੀ ਗ਼ਲਤੀ ਇਹ ਹੋਈ ਕਿ
ਉਸ ਨੇ ਸਿਸੋਦੀਆ ਸਾਹਿਬ ਦੀ ਚੁਣੌਤੀ ਕਬੂਲ ਕਰ ਲਈ। ਉਹ ਇੱਥੇ ਮਾਰ ਖਾ ਗਏ ਕਿ ਉਨ੍ਹਾਂ ਦਾ ਵਾਹ ਸ਼ਹਿਰੀਏ
ਬਾਬੂਆਂ, ਐਨ.ਜੀ.ੳਜ਼. ਚਲਾਉਣ ਵਾਲੇ ਲੋਕਾਂ ਨਾਲ਼ ਹੈ। ਪਰਗਟ ਸਿੰਘ ਦਾ ਸਿੱਧਾ-ਸਾਧਾ ਪੇਂਡੂ ਪਿਛੋਕੜ ਤੇ ਉੱਪਰੋਂ
ਇਕ ਖਿਡਾਰੀ ਦਾ ਦਿਲ। ਬਸ ਇੱਥੋਂ ਹੀ ਮਾਰ ਖਾ ਲਈ ਉਸ ਨੇ।
ਆਉ ਹੁਣ ਥੋੜ੍ਹਾ ਜਿਹਾ ਲੇਖਾ ਜੋਖਾ ਪੰਜਾਬ ਦੇ ਵਿਦਿਅਕ ਸਿਸਟਮ ਦਾ ਵੀ ਕਰ ਲਈਏ। ਇਸ ਦੀ ਮਿਸਾਲ ਉਸ ਵਿਅਕਤੀ ਨਾਲ਼ ਦਿਤੀ ਜਾ ਸਕਦੀ ਹੈ ਜਿਸ ਨੂੰ ਧੀਮਾ ਜ਼ਹਿਰ ਦਿਤਾ ਗਿਆ ਹੋਵੇ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਵਪਾਰੀ ਲੋਕ ਸਿਆਸਤ ਵਿਚ ਆ ਵੜੇ ਤਾ ਉਨ੍ਹਾਂ ਨੂੰ ਦੋ ਖੇਤਰ, ਵਿਦਿਆ ਅਤੇ ਸਿਹਤ ਬੜੇ ਕਮਾਊ ਲੱਗੇ ਤੇ ਉਨ੍ਹਾਂ ਨੇ ਹੌਲ਼ੀ ਹੌਲ਼ੀ ਇਨ੍ਹਾਂ ਨੂੰ ਧੀਮਾ ਜ਼ਹਿਰ ਦੇ ਕੇ ਮਾਰਨਾ ਸ਼ੁਰੂ ਕਰ ਦਿਤਾ ਤੇ ਉਨ੍ਹਾਂ ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਉਭਾਰਨਾ ਸ਼ੁਰੂ ਕਰ ਦਿਤਾ ਤੇ ਹੌਲੀ ਹੌਲੀ ਤੰਦੂਆ ਜਾਲ ਵਿਛਾ ਲਿਆ। ਇਹ ਲੋਕ ਪੰਜਾਬੀਆਂ ਦੀ ਮਾਨਸਿਕ ਸਥਿਤੀ ਤੋਂ ਜਾਣੂੰ ਸਨ ਕਿ ਕਿ ਇਹ ਭੇਡ-ਚਾਲ ਦੇ ਬੜੇ ਦੀਵਾਨੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਲੋਕਾਂ ਨੇ ਆਪਣੀ ਟੌਹਰ (ਸਟੇੱਟਸ) ਬਣਾਉਣ ਲਈ ਅੱਡੀਆਂ ਚੁੱਕ ਚੁੱਕ ਕੇ ਵੀ ਬੱਚੇ ਪ੍ਰਾਈਵੇਟ ਸਕੂਲਾਂ ‘ਚ ਦਾਖ਼ਲ ਕਰਵਾਉਣੇ ਹਨ। ਸਕੂਲਾਂ ਦੇ ਨਾਵਾਂ ਦਾ ਅੰਗਰੇਜ਼ੀਕਰਣ ਕੀਤਾ ਗਿਆ ਤੇ ਅੰਗਰੇਜ਼ੀ ਮਾਧਿਅਮ ‘ਚ ਸਿੱਖਿਆ ਦੇਣ ਦਾ ਢੰਡੋਰਾ ਪਿੱਟਿਆ, ਹਾਲਾਂ ਕਿ ਦੁਨੀਆਂ ਦੇ ਮੰਨੇ ਪ੍ਰਮੰਨੇ ਵਿਦਿਅਕ ਮਾਹਰ ਚੀਕ ਚੀਕ ਕੇ ਕਹਿੰਦੇ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਉਸ ਦੀ ਮਾਤ-ਭਾਸ਼ਾ ‘ਚ ਹੋਣੀ ਚਾਹੀਦੀ ਹੈ ਪਰ ਮਾਪਿਆਂ ਦੇ ਸਿਰ ‘ਤੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦਾ ਭੂਤ ਅਤੇ ਪ੍ਰਾਈਵੇਟ ਸੈਕਟਰ ਦੇ ਸਿਰ ‘ਤੇ ਪੈਸੇ ਦਾ ਭੂਤ ਸਵਾਰ।
ਪਰਗਟ ਸਿੰਘ ਨੇ ਕੋਸ਼ਿਸ਼ ਕੀਤੀ ਤੇ ਕੇਂਦਰ ਸਰਕਾਰ ਦੀ ਇਕ ਰਿਪੋਰਟ ਜਿਸ ‘ਚ ਪੰਜਾਬ ਨੂੰ ਵਿਦਿਆ ‘ਚ ਪਹਿਲੇ ਨੰਬਰ ‘ਤੇ ਦਿਖਾਇਆ ਗਿਆ, ਉਸ ਦਾ ਸਹਾਰਾ ਲਿਆ। ਜੇ ਮੈਂ ਗ਼ਲਤ ਨਹੀ ਤਾਂ ਇਹ ਰਿਪੋਰਟ ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨਿਕ ਯੋਗਤਾ ਦੀ ਹੀ ਗੱਲ ਕਰਦੀ ਹੈ ਵਿਦਿਅਕ ਮਿਆਰ ਦੀ ਨਹੀਂ। ਸਵਾਲ ਪੈਦਾ ਹੁੰਦਾ ਸੀ ਕਿ ਕਿ ਗਲੇ ਸੜੇ ਫਲ਼ਾਂ ਨੂੰ ਚਿਣ ਚਿਣ ਕੇ ਸਜਾ ਕੇ ਰੱਖਿਆ ਹੋਇਆ ਹੋਵੇ ਤਾਂ ਕੀ ਉਹ ਫਲ਼ ਖਾਣ ਯੋਗ ਹੋ ਜਾਣਗੇ?
ਪਰਗਟ ਸਿੰਘ ਹੋਰੀਂ ਸੀਮਿਤ ਸਾਧਨਾਂ ਨਾਲ ਜੋ ਕਰ ਸਕਦੇ ਹਨ, ਕਰ ਰਹੇ ਹਨ। ਕਿਸੇ ਵਾਦ-ਵਿਵਾਦ ‘ਚ ਉਲਝਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਸੀ। ਹੁਣੇ ਹੀ ਉਨ੍ਹਾਂ ਨੇ ਪੱਚੀ ਸਾਲਾਂ ਤੋਂ ਖ਼ਾਲੀ ਪਈਆ ਸਹਾਇਕ ਪ੍ਰੋਫ਼ੈਸਰਾਂ ਦੀਆਂ ਸਾਮੀਆਂ ਭਰੀਆਂ ਹਨ। ਉਨ੍ਹਾਂ ਦੀ ਨਿਸ਼ਠਾ ਤੇ ਨੀਅਤ ‘ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਣੀ ਚਾਹੀਦੀ। ਆਉਣ ਵਾਲ਼ੇ ਸਮੇਂ ‘ਚ ਪਰਗਟ ਸਿੰਘ ਤੋਂ ਬਹੁਤ ਆਸਾਂ ਹਨ।

ਗਧੇ ਗਾਜਰਾਂ ‘ਚ - ਨਿਰਮਲ ਸਿੰਘ ਕੰਧਾਲਵੀ

ਵਿਧਾਇਕ; ਨਵਾਂ ਵਿਧਾਇਕ ਸੀ.ਐੱਮ.ਨੂੰ ਕਹਿਣ ਲੱਗਾ,
            ਪੜਦੇ ਪਿਛਲੀ ਸਰਕਾਰ ਦੇ ਫੋਲੀਏ  ਜੀ।
            ਕਿਹੜੇ ਕਿਹੜੇ  ਘਪਲੇ  ਕਰਵਾਏ  ਏਨ੍ਹਾਂ,
            ਭੇਦ  ਵੋਟਰਾਂ  ਨੂੰ ਇਨ੍ਹਾਂ  ਦੇ  ਖੋਲ੍ਹੀਏ  ਜੀ।

            ਹਿਸਾਬ ਕਿਤਾਬ ਦੀ ਪੂਰੀ ਘੋਖ ਕਰ ਕੇ,
            ਦੱਸੀਏ  ਇਨ੍ਹਾਂ ਦੀਆਂ  ਹੇਰਾ ਫੇਰੀਆਂ ਜੀ।
            ਵਿਚ  ਵੋਟਰਾਂ  ਦੇ ਨੰਬਰ  ਬਣਾ  ਲਈਏ,
            ਮੰਨੋ ਗੱਲਾਂ  ਸੀ.ਐੱਮ. ਸਾਬ ਮੇਰੀਆਂ ਜੀ।

ਸੀ.ਐੱਮ:  ਤੂੰ ਏਂ ਨਵਾਂ ਤੇ ਤਜਰਬੇ ਦੀ ਏ ਘਾਟ ਤੈਨੂੰ,
            ਲੱਲ ਵਲੱਲੀਆਂ  ਤੂੰ ਤਾਹੀਉਂ  ਮਾਰਦਾ ਏਂ।
            ਕੁਝ ਸਿੱਖ  ਲੈ ਤੂੰ  ਸਾਡੇ  ਤਜਰਬਿਆਂ ਤੋਂ,
            ਗਧੇ ਗਾਜਰਾਂ ‘ਚ  ਕਾਹਨੂੰ  ਤੂੰ ਵਾੜਦਾ ਏਂ।

            ਖੱਖਰ ਭੂੰਡਾਂ ਦੇ  ਛੇੜ ਆਪਾਂ  ਨੇ  ਕੀ ਲੈਣੈ,
            ਕਾਹਨੂੰ  ਵੈਰ  ਕਿਸੇ  ਨਾਲ  ਪਾਵੀਏ  ਓਏ।
            ਚੰਦ ਅਸੀਂ  ਵੀ ਤਾਂ ਪੰਜ ਸਾਲ ਚਾੜ੍ਹਨੇ ਨੇ,
            ਇੱਜ਼ਤ  ਆਪਣੀ  ਆਪ  ਬਚਾਵੀਏ  ਓਏ।

ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ - ਨਿਰਮਲ ਸਿੰਘ ਕੰਧਾਲਵੀ

ਤੁਸੀਂ ਬੰਦੇ ਬੜੇ ਕਮਾਲ ਲੀਡਰ ਜੀ
ਤੁਸੀਂ ਬੰਦੇ ਬੜੇ ਕਮਾਲ
ਵਿਕਾਸ ਦਾ ਝੁਰਲੂ ਫੇਰ ਫੇਰ ਕੇ
ਕਰ ‘ਤੇ ਮੰਦੜੇ ਹਾਲ ਲੀਡਰ ਜੀ.....ਤੁਸੀਂ ਬੰਦੇ.......

ਪੰਡ ਕਰਜ਼ੇ ਦੀ ਵਧਦੀ ਜਾਵੇ
ਕੇਂਦਰ ਥੋਨੂੰ ਠੁੱਠ ਵਿਖਾਵੇ
ਗੁਲਦਸਤੇ ਵੀ ਕੰਮ ਨਹੀਂ ਕਰਦੇ
ਬਣਨ ਕੂੜੇ ਦਾ ਮਾਲ ਲੀਡਰ ਜੀ...ਤੁਸੀਂ ਬੰਦੇ

ਲੋਕਾਂ ਦੀਆਂ ਉਮੀਦਾਂ ਮੁੱਕੀਆਂ
ਫ਼ਸਲਾਂ ਪਾਣੀ ਬਾਝੋਂ ਸੁੱਕੀਆਂ
ਧੱਕੇ ਨਾਲ਼ ਤੁਸੀਂ ਠੇਕੇ ਖੋਲ੍ਹੋਂ
ਵਗਣ ਦਾਰੂ ਦੇ ਖਾਲ਼ ਲੀਡਰ ਜੀ...ਤੁਸੀ ਬੰਦੇ....

ਡੋਬ ‘ਤੀ ਨਸ਼ਿਆਂ ਵਿਚ ਜੁਆਨੀ
ਵੰਡ ਗਰਾਂਟਾਂ ਤੁਸੀਂ ਬਣਦੇ ਦਾਨੀ
ਭੋਲ਼ੇ  ਲੋਕ  ਨਾ  ਮੂਲ਼ੋਂ  ਸਮਝਣ
ਇਹ ਉਹਨਾਂ ਦਾ ਹੀ ਮਾਲ ਲੀਡਰ ਜੀ...ਤੁਸੀਂ ਬੰਦੇ....
ਸਭ ਪਾਸੇ ਚਿੱਟੇ ਦਾ ਰੌਲਾ
ਘਾਲ਼ਾ-ਮਾਲ਼ਾ, ਰੋਲ਼-ਘਚੋਲ਼ਾ
ਘਰ ਘਰ ਵੇਚਣ ਦੇ ਲਈ ਚਿੱਟਾ
ਨੀਲੇ ਚਿੱਟੇ ਫਿਰਨ ਦਲਾਲ....ਤੁਸੀਂ ਬੰਦੇ......

ਫਿਰਦੀ ਬੇਰੋਜ਼ਗਾਰ ਜਵਾਨੀ
ਲੱਭਦੀ ਫਿਰਦੀ ਧਰਤ ਬਿਗਾਨੀ
ਭਰੇ ਜਹਾਜ਼ ਰੋਜ਼ ਨਿੱਤ ਉਡਦੇ
ਤੇ ਨਾਲ਼ ਹੀ ਜਾਂਦਾ ਮਾਲ ਲੀਡਰ ਜੀ...ਤੁਸੀਂ ਬੰਦੇ....

ਇਸ ਧਰਤੀ ਦੇ ਜਾਏ ਅਣਖ਼ੀਲੇ
ਕਰ ‘ਤੀ ਅਣਖ਼ ਤੁਸੀਂ ਤੀਲੇ ਤੀਲੇ
ਭੁੱਲ ਗਏ ਲੋਕੀਂ ਅਣਖ ਦਾ ਜੀਣਾ
ਮੰਗਦੇ ਬਸ ਹੁਣ ਆਟਾ ਦਾਲ਼ ਲੀਡਰ ਜੀ...ਤੁਸੀਂ ਬੰਦੇ......

ਸੇਵਾ ਦਾ ਤੁਸੀਂ ਹੋਕਾ ਲਾਵੋਂ
ਸੇਵਾ ਕਰ, ਫਿਰ ਕਿਉਂ ਘਬਰਾਵੋਂ?
ਕਿਉਂ ਗੰਨਮੈਨਾਂ ਦੀਆਂ ਹੇੜ੍ਹਾਂ ਰੱਖੋਂ
ਪੁੱਛਣ ਲੋਕ ਸਵਾਲ ਲੀਡਰ ਜੀ.....ਤੁਸੀਂ ਬੰਦੇ...
.
ਘੇਰਨ ਪੱਤਰਕਾਰ ਜਦ ਥੋਨੂੰ
ਪੁੱਛਣ ਕੋਈ ਸਵਾਲ ਜਦ ਥੋਨੂੰ
ਖਚਰੀ ਹਾਸੀ ਹੱਸ ਕੇ ਲੀਡਰੋ
ਤੁਸੀਂ ਦਿੰਦੇ ਓ ਟਾਲ਼ ਸਵਾਲ ਲੀਡਰ ਜੀ...ਤੁਸੀਂ ਬੰਦੇ......

ਖ਼ਤਰੇ  ਦੀ ਜਦ  ਘੰਟੀ ਵੱਜਦੀ
ਜਦ ਕੁਰਸੀ ਹੈ ਹਿੱਲਦੀ ਲਗਦੀ
ਯਾਦ ਆਉਂਦੈ ਥੋਨੂੰ ਇਕੋ ਝੁਰਲੂ
ਤੇ ਦੇਸ਼ ਬਣਾਵੋਂ ਢਾਲ ਲੀਡਰ ਜੀ...ਤੁਸੀਂ ਬੰਦੇ.....

ਹੁਣ ਤਾਂ ਸਹੁਰੀ ਕੁਰਸੀ ਛੱਡੋ
ਮੋਹ ਮਾਇਆ ਦਾ ਫ਼ਸਤਾ ਵੱਢੋ
ਰਾਮ  ਨਾਮ  ਦੀ  ਜੋੜੋ  ਪੂੰਜੀ
ਇਹੋ ਜਾਂਦੀ ਹੈ ਨਾਲ਼ ਲੀਡਰ ਜੀ...ਤੁਸੀਂ ਬੰਦੇ.......

ਆਪਣੀ ਆਪਣੀ ਬੋਲੀ (ਕਹਾਣੀ)

ਮੂਲ ਲੇਖਕ: ਮੁਹੰਮਦ ਦਾਊਦ ਬਲੋਚ            ਪੇਸ਼ਕਸ਼: ਨਿਰਮਲ ਸਿੰਘ ਕੰਧਾਲਵੀ

ਮੈਂ ਇਕ ਛੋਟਾ ਜਿਹਾ ਕਿਸਾਨ ਹਾਂ।
ਸ਼ਹਿਰ ਤੋਂ ਦੂਰ ਇਕ ਨਿੱਕੇ ਜਿਹੇ ਪਿੰਡ ਵਿਚ ਮੇਰਾ ਛੋਟਾ ਜਿਹਾ ਘਰ ਹੈ।
ਮੇਰੇ ਕੋਲ਼ ਸਿਰਫ਼ ਦੋ ਵਿੱਘੇ ਜ਼ਮੀਨ ਹੈ।ਇਸ ਜ਼ਮੀਨ ਦਾ ਮਾਲਕ ਵੀ ਤੇ ਹਾਲ਼ੀ ਵੀ ਮੈਂ ਹੀ ਹਾਂ।ਜੇ ਤਾਂ ਮੌਸਮ ਮੇਰੇ ਹੱਕ ਵਿਚ ਭੁਗਤ ਜਾਏ ਤਾਂ ਥੋੜ੍ਹੀ ਬਹੁਤ ਫ਼ਸਲ ਘਰ ਆ ਜਾਂਦੀ ਹੈ ਨਹੀਂ ਤਾਂ ਫਾਕਿਆਂ ਤੱਕ ਨੌਬਤ ਆ ਜਾਂਦੀ ਹੈ।
ਖੇਤੀ ਕਰਨ ਲਈ ਮੇਰੇ ਪਾਸ ਬਲਦਾਂ ਦੀ ਇਕ ਜੋੜੀ ਹੈ।ਸਵੇਰ ਤੋਂ ਸ਼ਾਮ ਤੱਕ ਮੈਂ ਖੇਤਾਂ ਵਿਚ ਜਾਨ ਮਾਰ ਕੇ ਕੰਮ ਕਰਦਾ ਹਾਂ।ਮੇਰੀ ਜ਼ਮੀਨ ਦੇ ਇਰਦ ਗ਼ਿਰਦ ਵੀ ਪਹਿਲਾਂ ਸਭ ਸਿੰਧੀ ਕਿਸਾਨ ਹੁੰਦੇ ਸਨ ਪਰ ਜਦੋਂ ਤੋਂ ਸੇਠ ਨੈਣ ਮੱਲ ਸਿੰਧ ਛੱਡ ਕੇ ਹਿੰਦੁਸਤਾਨ ਚਲਾ ਗਿਆ ਹੈ, ਤਦ ਤੋਂ ਉਹਦੀ ਜ਼ਮੀਨ ਹਿੰਦੁਸਤਾਨੋਂ ਆਏ ਪੰਜਾਬੀ ਸ਼ਰਨਾਰਥੀਆਂ ਵਿਚ ਵੰਡ ਦਿੱਤੀ ਗਈ ਹੈ।
ਅਸੀਂ, ਸਾਰੇ ਕਿਸਾਨ ਇਕ ਦੂਸਰੇ ਨਾਲ਼ ਭਰਾਵਾਂ ਵਾਲ਼ਾ ਵਿਹਾਰ ਕਰਦੇ ਹਾਂ।ਕਦੀ ਮੇਰੇ ਕੋਲ਼ ਕੋਈ ਪੰਜਾਬੀ ਕਿਸਾਨ ਆ ਕੇ ਬਹਿ ਜਾਂਦਾ ਹੈ ਤੇ ਕਦੀ ਮੈਂ ਉਨ੍ਹਾਂ ਵਲ ਚਲਾ ਜਾਂਦਾ ਹਾਂ। ਭਾਵੇਂ ਸਾਡੀ ਬੋਲੀ ਸਾਂਝੀ ਨਹੀਂ ਪਰ ਅਸੀਂ ਇਸ਼ਾਰਿਆਂ ਨਾਲ਼ ਹੀ ਖੇਤੀ-ਬਾੜੀ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ।ਅਸੀਂ ਆਮ ਤੌਰ 'ਤੇ ਜ਼ਮੀਨਾਂ, ਪਸ਼ੂਆਂ, ਫ਼ਸਲਾਂ ਤੇ ਮੌਸਮ ਆਦਿ ਅਤੇ ਕਦੀ ਵੱਡੇ ਜ਼ਿੰਮੀਂਦਾਰਾਂ ਵਲੋਂ ਕੀਤੇ ਜਾਂਦੇ ਅਨਿਆਂ ਦੀਆਂ ਹੀ ਗੱਲਾਂ ਕਰਦੇ ਹਾਂ।ਬੱਸ ਸਾਡੀ ਦੁਨੀਆਂ ਏਨੀ ਕੁ ਹੀ ਹੈ।
ਮੈਂ ਆਪਣੇ ਪੰਜਾਬੀ ਗੁਆਂਢੀਆਂ ਨੂੰ ਕਹਿਨਾ, '' ਮੈਨੂੰ ਪੰਜਾਬੀ ਉਰਦੂ ਸਿਖਾ ਦਿਓ''।ਜਵਾਬ ਵਿਚ ਉਹ ਕਹਿੰਦੇ ਹਨ, '' ਤੂੰ ਸਾਨੂੰ ਆਪਣੀ ਸਿੰਧੀ ਜ਼ੁਬਾਨ ਸਿਖਾ ਦੇ''।
ਇਕ ਵਾਰੀ ਇੰਜ ਹੀ ਇਕ ਮਹਿਫ਼ਲ ਵਿਚ ਖੈਰਾਲ ਦੀਨ ਪੰਜਾਬੀ ਨੇ ਮੇਰੇ ਨਾਲ਼ ਮੇਰੇ ਬਲ਼ਦਾਂ ਦਾ ਸੌਦਾ ਕਰ ਲਿਆ।ਮੇਰੇ ਬਲ਼ਦ ਤਕੜੇ ਤੇ ਸੁਡੌਲ ਸਨ, ਇਸ ਲਈ ਖੈਰਾਲ ਦੀਨ ਨੇ ਮੇਰੇ ਬਲ਼ਦਾਂ ਬਦਲੇ ਮੈਨੂੰ ਆਪਣੇ ਦੋਵੇਂ ਬਲ਼ਦ ਅਤੇ ਨਾਲ਼ ਇਕ ਖੋਤਾ ਦੇਣ ਦੀ ਪੇਸ਼ਕਸ਼ ਕੀਤੀ।ਮੈਨੂੰ ਸੌਦਾ ਚੰਗਾ ਲੱਗਿਆ ਤੇ ਮੈਂ ਹਾਂ ਕਰ ਦਿੱਤੀ।ਮੈਂ ਖ਼ੁਸ਼ ਸਾਂ ਕਿ ਭਾਰ ਢੋਣ ਲਈ ਮੈਨੂੰ ਇਕ ਖੋਤਾ ਵਾਧੂ ਮਿਲ ਗਿਆ ਸੀ।ਖੈਰਾਲ ਦੀਨ ਆਪਣੇ ਥਾਂ ਖ਼ੁਸ਼ ਸੀ ਕਿ ਉਸ ਨੂੰ ਤਕੜੇ ਸੁਡੌਲ ਬਲ਼ਦ ਮਿਲ ਗਏ ਸਨ।ਸ਼ਾਮੀਂ ਮੈਂ ਉਹਦੇ ਬਲ਼ਦ ਅਤੇ ਖੋਤਾ ਆਪਣੇ ਘਰ ਲੈ ਆਇਆ।ਸਵੇਰ ਹੁੰਦਿਆਂ ਹੀ ਰੋਜ਼ ਵਾਂਗ ਮੈਂ ਨਵੇਂ ਬਲ਼ਦਾਂ 'ਤੇ ਜੂਲ਼ਾ ਰੱਖਿਆ ਤੇ ਖੇਤ ਵਲ ਚਲ ਪਿਆ।
ਜਦੋਂ ਖੇਤ ਵਿਚ ਮੈਂ ਬਲ਼ਦਾਂ ਨੂੰ ਆਪਣੀ ਸਿੰਧੀ ਜ਼ੁਬਾਨ 'ਚ ਕਿਹਾ, '' ਖਬਰੀ ਜਾਟ ਅਥੇਈ (ਖੱਬੂ! ਅੱਗੇ ਚਲ ਰਸਤਾ ਹੈ) ਤਾਂ ਦੋਵਾਂ ਬਲ਼ਦਾਂ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ, ਸਗੋਂ ਇਕ ਦੂਜੇ ਨਾਲ਼ ਖਹਿਣ ਲੱਗ ਪਏ ਤੇ ਖੇਤ 'ਚੋਂ ਬਾਹਰ ਨਿਕਲਣ ਦੀ ਖਿੱਚੋਤਾਣ ਕਰਨ ਲੱਗੇ।ਮੈਂ ਬਹੁਤ ਵਾਰੀ ਕਿਹਾ, '' ਖਬਰੀ ਸਾਜ਼ਤਰੇ, ਅੰਦਰ ਬਾਹਰਿ! ਪੈਰ 'ਤੇ ਆ'' ( ਖੱਬੇ ਹੋ, ਹੁਣ ਸੱਜੇ ਹੋ, ਹੁਣ ਅੰਦਰ ਬਾਹਰ ਜਾਹ, ਠਹਿਰ ਜਾ) ਪਰ ਉਨ੍ਹਾਂ ਨੇ ਜੇ ਕਦੇ ਸਿੰਧੀ ਬੋਲੀ ਸੁਣੀ ਹੁੰਦੀ ਤਾਂ ਹੀ ਮੇਰੀ ਗੱਲ ਸਮਝਦੇ।
ਮੈਂ ਉਨ੍ਹਾਂ ਨੂੰ ਆਪਣੀ ਬੋਲੀ ਮੁਤਾਬਕ ਤੋਰ ਨਾ ਸਕਿਆ।ਮੈਂ ਦੁਚਿੱਤੀ ਵਿਚ ਪੈ ਗਿਆ।ਮੇਰਾ ਮਨ ਮੈਨੂੰ ਕਹੇ ਕਿ ਖੈਰਾਲ ਦੀਨ ਨੇ ਤੇਰੇ ਨਾਲ਼ ਧੋਖਾ ਕੀਤਾ ਹੈ।ਮੈਨੂੰ ਖੋਤੇ ਦੇ ਲਾਲਚ ਵਿਚ ਨਿਕੰਮੇ ਬਲ਼ਦ ਦੇ ਦਿੱਤੇ ਹਨ।ਪਰ ਹੁਣ ਤਾਂ ਸੌਦਾ ਹੋ ਚੁੱਕਾ ਸੀ।ਕੀ ਕਰ ਸਕਦਾ ਸਾਂ।
ਮੈਂ ਫ਼ੈਸਲਾ ਕਰ ਲਿਆ ਕਿ ਇਸ ਧੋਖੇ ਦਾ ਖੈਰਾਲ ਦੀਨ ਤੋਂ ਬਦਲਾ ਜ਼ਰੂਰ ਲਵਾਂਗਾ।
ਬਲ਼ਦਾਂ ਨੂੰ ਪਰਾਣੀਆਂ ਮਾਰਦਿਆਂ ਮਾਰਦਿਆਂ ਮੇਰਾ ਦੂਸਰਾ ਦਿਨ ਵੀ ਲੰਘ ਗਿਆ ਪਰ ਉਨ੍ਹਾਂ ਨੂੰ ਮੇਰੀ ਬੋਲੀ ਦੀ ਸਮਝ ਨਾ ਆਈ।
ਮੈਂ ਹਾਰ ਗਿਆ।ਉੱਪਰੋਂ ਵੱਤਰ ਦੇ ਦਿਨ ਸਨ।ਖੇਤ ਨੂੰ ਛੇਤੀ ਵਾਹੁਣਾ ਬੜਾ ਜ਼ਰੂਰੀ ਸੀ।
ਮੈਂ ਸੋਚ ਲਿਆ ਕਿ ਚਾਹੇ ਪੰਚਾਇਤ ਇਕੱਠੀ ਕਰ ਕੇ ਹੀ ਖੈਰਾਲ ਦੀਨ ਨਾਲ਼ ਕੀਤਾ ਹੋਇਆ ਸੌਦਾ ਕਿਉਂ ਨਾ ਤੋੜਨਾ ਪਵੇ, ਮੈਂ ਹੁਣ ਪਿੱਛੇ ਨਹੀਂ ਹਟਾਂਗਾ।ਪਰ ਇਸ ਤੋਂ ਪਹਿਲਾਂ ਮੈਂ ਇਕ ਵਾਰ ਖੈਰਾਲ ਦੀਨ ਨਾਲ਼ ਗੱਲ ਕਰਨ ਬਾਰੇ ਸੋਚਿਆ ਤੇ ਮੈਂ ਉਹਦੇ ਬਲ਼ਦ ਅਤੇ ਖੋਤਾ ਲੈ ਕੇ ਉਹਦੇ ਘਰ ਵਲ ਚਲ ਪਿਆ।
ਹਾਲੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਖੈਰਾਲ ਦੀਨ ਮੇਰੇ ਬਲ਼ਦਾਂ ਸਮੇਤ ਆਉਂਦਾ ਦਿਸ ਪਿਆ।ਮੈਂ ਸਮਝਿਆ ਕਿ ਉਹ ਆਪਣੇ ਖੇਤ ਨੂੰ ਜਾ ਰਿਹਾ ਹੋਵੇਗਾ।ਜਦ ਉਹ ਮੇਰੇ ਨੇੜੇ ਆਇਆ ਤਾਂ ਕਹਿਣ ਲੱਗਾ, '' ਬਈ, ਤੇਰੇ ਬਲ਼ਦ ਤਾਂ ਮੇਰੀ ਪੰਜਾਬੀ ਦੀ ਇਕ ਗੱਲ ਨਹੀਂ ਸਮਝਦੇ।ਮੈਂ ਤਾਂ ਮਾਰ ਮਾਰ ਕੇ ਥੱਕ ਗਿਆਂ! ਤੇ ਹੁਣ ਇੰਜ ਕਰੀਏ ਕਿ ਤੂੰ ਆਪਣੇ ਬਲ਼ਦ ਵਾਪਸ ਲੈ ਲੈ ਤੇ ਮੇਰੇ ਮੈਨੂੰ ਦੇ ਦੇ''।
ਸਾਡੇ ਦੋਵਾਂ ਦੇ ਬਲ਼ਦ ਇੰਜ ਆਪਣੇ ਆਪਣੇ ਮਾਲਕ ਵਲ ਦੌੜੇ ਜਿਵੇਂ ਛੋਟਾ ਬੱਚਾ ਮਾਂ ਵਲ ਦੌੜਦਾ ਹੈ।  
ਮੇਰੇ ਬਲ਼ਦਾਂ ਦੀਆਂ ਨਿਰਾਸ਼ ਅੱਖਾਂ ਸਭ ਕੁਝ ਬਿਆਨ ਕਰ ਰਹੀਆਂ ਸਨ।
ਖੈਰਾਲ ਦੀਨ ਦਾ ਮਾਲ ਵਾਪਸ ਕਰ ਕੇ ਤੇ ਆਪਣੇ ਬਲ਼ਦ ਲੈ ਕੇ ਮੈਂ ਜਲਦੀ ਜਲਦੀ ਆਪਣੇ ਘਰ ਵਲ ਤੁਰ ਪਿਆ।ਅਚਾਨਕ ਮੇਰੀ ਨਜ਼ਰ ਆਪਣੇ ਬਲ਼ਦਾਂ ਦੀਆਂ ਪਿੱਠਾਂ 'ਤੇ ਪਈ।ਖੈਰਾਲ ਦੀਨ ਨੇ ਮਾਰ ਮਾਰ ਕੇ ਉਨ੍ਹਾਂ ਦੀ ਚਮੜੀ ਦੀਆਂ ਟਾਕੀਆਂ ਕੱਢ ਸੁੱਟੀਆਂ ਸਨ।ਮੇਰੀਆਂ ਅੱਖਾਂ 'ਚੋਂ ਹੰਝੂਆਂ ਦੀ ਧਾਰ ਵਹਿ ਤੁਰੀ।ਮੈਂ ਸੋਚਿਆਂ ਜੇ ਆਪਣੀ ਬੋਲੀ ਛੱਡਣ ਨਾਲ਼ ਜਾਨਵਰਾਂ ਦੀ ਇਹ ਦਸ਼ਾ ਹੁੰਦੀ ਹੈ ਤਾਂ ਆਪਣੀ ਬੋਲੀ ਛੱਡਣ ਨਾਲ ਬੰਦੇ ਦੀ ਨਾ ਜਾਣੇ ਕੀ ਦੁਰਦਸ਼ਾ ਹੁੰਦੀ ਹੋਵੇਗੀ।           

ਟਿੰਡ ‘ਚ ਕਾਨਾ - ਨਿਰਮਲ ਸਿੰਘ ਕੰਧਾਲਵੀ

ਟਿੰਡ “ਚ ਕਾਨਾ ਪਾਈ ਰੱਖ,
ਐਵੇਂ  ਸਿੰਗ  ਫ਼ਸਾਈ ਰੱਖ।
ਨਾ ਬੈਠੀਂ ਨਾ ਬੈਠਣ ਦੇਵੀਂ,
ਸਭ ਨੂੰ ਇੰਜ ਘੁੰਮਾਈ ਰੱਖ।
ਕੋਈ ਵੀ  ਸੁੱਕਾ  ਛੱਡੀਂ ਨਾ,
ਛੁਰੀ ਸਾਣ ‘ਤੇ ਲਾਈ ਰੱਖ।
ਲਿਫ਼ ਜਾ ਅੱਗੇ  ਤਕੜੇ ਦੇ,
ਮਾੜੇ ਨੂੰ  ਬਸ ਢਾਈ ਰੱਖ।
ਛੱਟੀ ਜਾਹ ਲੋਕਾਂ ਨੂੰ ਛੱਜੀਂ,  
ਆਪਣੇ ਐਬ ਛੁਪਾਈ ਰੱਖ।
ਚਾਨਣ ਨੂੰ  ਪ੍ਰਚਾਰੀ ਚਲ,
ਦੀਵਾ ਘਰੇ  ਬੁਝਾਈ ਰੱਖ।
ਮੁੰਨ ਕੇ ਸਿਰ ਤੂੰ ਲੋਕਾਂ ਦੇ,
ਆਪਣੀ ਟ੍ਹੌਰ ਬਣਾਈ ਰੱਖ।
ਘੁੱਟ ਕੇ ਰੱਖੀਂ ਜੇਬ ਆਪਣੀ,
ਗ਼ੈਰ ‘ਤੇ ਅੱਖ ਟਿਕਾਈ ਰੱਖ।

ਅਨੋਖਾ ਫ਼ੈਸਲਾ - ਨਿਰਮਲ ਸਿੰਘ ਕੰਧਾਲਵੀ

ਆਜ਼ਾਦੀ ਮਿਲਣ ਤੋਂ ਜਲਦੀ ਬਾਅਦ ਹੀ ਭਾਰਤ ਵਿਚ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ ਤਾਂ ਕਿ ਪਿੰਡਾਂ ਦੇ ਛੋਟੇ ਮੋਟੇ ਝਗੜਿਆਂ ਦਾ ਨਿਪਟਾਰਾ ਪਿੰਡਾਂ ਵਿਚ ਹੀ ਹੋ ਜਾਇਆ ਕਰੇ ਤੇ ਲੋਕਾਂ ਨੂੰ ਅਦਾਲਤਾਂ ਦੇ ਮਹਿੰਗੇ ਨਿਆਂ ਤੋਂ ਬਚਾਇਆ ਜਾ ਸਕੇ। ਪਰ ਹੌਲੀ ਹੌਲੀ ਸਿਆਸੀ ਲੋਕਾਂ ਨੇ ਇਸ ਸਿਸਟਮ ਨੂੰ ਖੋਰਾ ਲਾ ਕੇ ਪਿੰਡਾਂ ਨੂੰ ਸਿਆਸੀ ਧੜਿਆਂ ਵਿਚ ਵੰਡ ਦਿੱਤਾ ਜਿਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਚਾਇਤੀ ਚੋਣਾਂ ਵੇਲੇ ਕਿਵੇਂ ਗੁੰਡਾ-ਗਰਦੀ ਦਾ ਨੰਗਾ ਨਾਚ ਹੁੰਦਾ ਹੈ। ਗਾਲ਼ੀ-ਗਲੋਚ, ਦੰਗਾ ਫ਼ਸਾਦ ਤੇ ਇਥੋਂ ਤੀਕ ਕਿ ਕਤਲ ਵੀ ਹੋ ਜਾਂਦੇ ਹਨ। ਸਰਪੰਚੀ ਦੀ ਚੋਣ ਜਿੱਤਣ ਲਈ ਵੀ ਲੱਖਾਂ ਰੁਪਇਆ ਖ਼ਰਚਿਆ ਜਾਂਦਾ ਹੈ। ਪੈਸੇ,ਸ਼ਰਾਬ, ਅਫੀਮ, ਭੁੱਕੀ ਆਦਿਕ ਨਸ਼ਿਆਂ ਨਾਲ਼ ਵੋਟਾਂ ਖ਼ਰੀਦੀਆਂ ਜਾਂਦੀਆਂ ਹਨ।  
ਇਹ ਠੀਕ ਹੈ ਕਿ ਸ਼ੁਰੂ ਸ਼ੁਰੂ ਵਿਚ ਵੀ ਪਿੰਡਾਂ ਵਿਚ ਧੜੇ ਤਾਂ ਜ਼ਰੂਰ ਹੁੰਦੇ ਸਨ ਪਰ ਉਨ੍ਹਾਂ ਉੱਤੇ ਸਿਆਸੀ ਪਾਰਟੀਆਂ ਦਾ ਰੰਗ ਅਜੇ ਏਨਾ ਗੂੜ੍ਹਾ ਨਹੀਂ ਸੀ ਚੜ੍ਹਿਆ ਜਿਤਨਾ ਅੱਜ ਹੈ। ਬਹੁਤੇ ਪਿੰਡਾਂ ‘ਚ ਤਾਂ ਸਰਬ ਸੰਮਤੀ ਨਾਲ ਹੀ ਪੰਚਾਇਤਾਂ ਦਾ ਗਠਨ ਹੋ ਜਾਂਦਾ ਸੀ। ਅੱਜ ਵੀ ਕਿਤੇ ਕਿਤੇ ਕਿਸੇ ਪਿੰਡ ਵਿਚ ਸਰਬ ਸੰਮਤੀ ਨਾਲ ਪੰਚਾਇਤ ਬਣ ਜਾਂਦੀ ਹੈ ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਭਾਵੇਂ ਕਿ ਸਰਕਾਰ ਵਲੋਂ ਅਜਿਹੇ ਪਿੰਡਾਂ ਨੂੰ ਸਪੈਸ਼ਲ ਗਰਾਂਟ ਵੀ ਦਿਤੀ ਜਾਂਦੀ ਹੈ ਪਰ ਬਹੁਤੇ ਥਾਈਂ ਵੋਟ ਤੰਤਰ ਨਾਲ਼ ਹੀ ਫ਼ੈਸਲੇ ਹੁੰਦੇ ਹਨ। ਉਹਨਾਂ ਸਮਿਆਂ ਵਿਚ  ਪੰਚਾਇਤ ਦੇ ਫ਼ੈਸਲੇ ਨੂੰ ਆਮ ਤੌਰ ‘ਤੇ ਦੋਨੋਂ ਧਿਰਾਂ ਹੀ ਪ੍ਰਵਾਨ ਕਰ ਲੈਂਦੀਆਂ ਸਨ ਪਰ ਅੱਜ ਹਾਲਾਤ ਬਦਲ ਗਏ ਹਨ। ਅੱਜ ਲੋਕ ਨਿੱਕੀ ਨਿੱਕੀ ਗੱਲ ਬਦਲੇ ਥਾਣੇ, ਕਚਹਿਰੀ ਨੂੰ ਭੱਜਦੇ ਹਨ।
ਮੈਂ ਏਥੇ ਇਕ ਪੰਚਾਇਤੀ ਫ਼ੈਸਲੇ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਪਚਵੰਜਾ ਛਪੰਜਾਂ ਸਾਲ ਪੁਰਾਣਾ ਹੈ। ਮੇਰੇ ਮਾਤਾ ਜੀ ਵੀ ਪੰਚਾਇਤ ਮੈਂਬਰ ਸਨ। ਆਮ ਤੌਰ ‘ਤੇ ਸਰਪੰਚ ਸਾਹਿਬ ਛੋਟੇ ਮੋਟੇ ਝਗੜੇ, ਵਿਸ਼ੇਸ਼ ਤੌਰ ‘ਤੇ ਜਿੱਥੇ ਮਾਮਲਾ ਔਰਤਾਂ ਨਾਲ਼ ਸਬੰਧਤ ਹੋਵੇ, ਮੇਰੇ ਮਾਤਾ ਜੀ ਦੇ ਸਪੁਰਦ ਕਰ ਕੇ ਆਪ ਸੁਰਖ਼ੁਰੂ ਹੋ ਜਾਇਆ ਕਰਦੇ ਸਨ। ਕਈ ਵਾਰੀ ਅਜਿਹੇ ਝਗੜਿਆਂ ‘ਚ ਮੇਰੇ ਮਾਤਾ ਜੀ ਦੋਨਾਂ ਪਾਰਟੀਆਂ ਨੂੰ ਘਰ ਹੀ ਬੁਲਾ ਲਿਆ ਕਰਦੇ ਸਨ। ਮਾਤਾ ਜੀ ਨਰਮ ਅਤੇ ਗਰਮ ਦੋਨੋਂ ਕਿਸਮ ਦੇ ਸੁਭਾਅ ਦੇ ਮਾਲਕ ਸਨ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿੱਥੇ ਨਰਮਾਈ ਵਰਤਣੀ ਹੈ ਤੇ ਕਿੱਥੇ ਸਖ਼ਤਾਈ ਤੋਂ ਕੰਮ ਲੈਣਾ ਹੈ। ਕਿਉਂਕਿ ਪਿੰਡ ਵਿਚ ਸਭ ਇਕ ਦੂਜੇ ਨੂੰ ਜਾਣਦੇ ਪਛਾਣਦੇ ਹੁੰਦੇ ਹਨ ਇਸ ਕਰ ਕੇ ਮਾਮਲੇ ਦੀ ਤਹਿ ਤੱਕ ਜਾਣਾ ਆਸਾਨ ਹੁੰਦਾ ਹੈ। ਅਜਿਹੇ ਝਗੜਿਆਂ ‘ਚ ਦੋਨੋਂ ਪਾਰਟੀਆਂ ਆਪੋ ਆਪਣੀ ਗੱਲ ’ਤੇ ਅੜੀਆਂ ਹੋਈਆਂ ਹੁੰਦੀਆਂ ਹਨ।  
ਮਾਮਲਾ ਇਕ ਗ਼ਰੀਬ ਬਾਪ ਦੀ ਬੇਟੀ ਦੇ ਵਿਆਹ ਤੋਂ ਮਗਰੋਂ ਉੱਠੇ ਝਗੜੇ ਦਾ ਸੀ। ਲੜਕੀ ਦੇ ਬਾਪ ਦਾ ਇਕ ਰਿਸ਼ਤੇਦਾਰ ਉਸ ਦੀ ਲੜਕੀ ਦੇ ਰਿਸ਼ਤੇ ਬਾਰੇ ਪਰਵਾਰ ਦੇ ਪਿੱਛੇ ਹੀ ਪੈ ਗਿਆ। ਉਸ ਨੇ ਮੁੰਡੇ ਵਾਲਿਆਂ ਬਾਰੇ ਕਈ ਗੱਲਾਂ ਵਧਾ ਚੜ੍ਹਾ ਕੇ ਦੱਸੀਆਂ ਤੇ ਲੜਕੀ ਦੇ ਬਾਪ ਨੂੰ ਰਿਸ਼ਤੇ ਲਈ ਮਨਾ ਹੀ ਲਿਆ ਪਰ ਲੜਕੀ ਦੇ ਬਾਪ ਨੇ ਸ਼ਰਤ ਰੱਖੀ ਕਿ ਵਿਆਹ ਭਾਵੇਂ ਹੁਣ ਕਰ ਲਿਆ ਜਾਵੇ ਪਰ ਉਹ ਲੜਕੀ ਦਾ ਮੁਕਲਾਵਾ ਦੋ ਸਾਲਾਂ ਤੋਂ ਪਹਿਲਾਂ ਨਹੀਂ ਤੋਰੇਗਾ। ਵਿਚੋਲਾ ਅਤੇ ਮੁੰਡੇ ਦਾ ਬਾਪ ਦੋਵੇਂ ਇਸ ਗੱਲ ਲਈ ਰਜ਼ਾਮੰਦ ਹੋ ਗਏ ਪਰ ਅੰਦਰੋਂ ਦੋਵਾਂ ਦੀ ਗਿਟਮਿਟ ਸੀ ਕਿ ਇਕ ਵਾਰੀ ਵਿਆਹ ਹੋ ਜਾਵੇ ਫਿਰ ਲੜਕੀ ਦੇ ਬਾਪ ‘ਤੇ ਜ਼ੋਰ ਪਾ ਕੇ ਮੁਕਲਾਵਾ ਤੋਰਨ ਲਈ ਉਸ ਨੂੰ ਮਜਬੂਰ ਕਰ ਦੇਣਗੇ। ਖੈਰ,ਵਿਆਹ ਹੋ ਗਿਆ।
ਵਿਆਹ ਤੋਂ ਪੰਜ ਚਾਰ ਮਹੀਨਿਆਂ ਬਾਅਦ ਹੀ ਵਿਚੋਲੇ ਨੇ ਲੜਕੀ ਦੇ ਬਾਪ ‘ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਲੜਕੀ ਤੋਰ ਦੇਵੇ ਕਿਉਂਕਿ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਸੀ ਤੇ ਉਹ ਰੋਟੀ-ਟੁੱਕ ਕਰਨ ਤੋਂ ਆਤੁਰ ਸੀ। ਰਿਸ਼ਤੇ ਦੀ ਗੱਲ ਬਾਤ ਵੇਲੇ ਉਹਨਾਂ ਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਕਿ ਉਹ ਰੋਟੀ-ਟੁੱਕ ਕਰਨ ਵਾਲ਼ੀ ਔਰਤ ਦੀ ਲੋੜ ਕਰ ਕੇ ਰਿਸ਼ਤਾ ਮੰਗ ਰਹੇ ਸਨ।  ਲੜਕੀ ਦੇ ਬਾਪ ਨੇ ਵਿਚੋਲੇ ਨੂੰ ਬਥੇਰਾ ਕਿਹਾ ਕਿ ਉਹ ਆਪਣਾ ਵਾਅਦਾ ਯਾਦ ਕਰਨ ਪਰ ਉਹ ਇਕੋ ਰਟ ਲਗਾਈ ਗਿਆ ਕਿ ਮੁੰਡੇ ਵਾਲਿਆਂ ਨੂੰ ਰੋਟੀ-ਪਾਣੀ ਦੀ ਬਹੁਤ ਤੰਗੀ ਸੀ। ਇਕ ਦੋ ਵਾਰੀ ਵਿਚੋਲਾ ਮੁੰਡੇ ਦੇ ਬਾਪ ਨੂੰ ਵੀ ਲੈ ਕੇ ਆਇਆ ਪਰ ਲੜਕੀ ਦਾ ਬਾਪ ਆਪਣੀ ਗੱਲ ’ਤੇ ਅਡਿਗ ਰਿਹਾ।
ਆਖਰ ਗੱਲ ਇੱਥੇ ਤਾਈਂ ਪੁੱਜ ਗਈ ਕਿ ਲੜਕੇ ਦੇ ਬਾਪ ਨੇ ਸਾਡੇ ਪਿੰਡ ਦੀ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਕਰ ਦਿਤੀ ਕਿ ਲੜਕੀ ਦਾ ਬਾਪ ਲੜਕੀ ਨੂੰ ਤੋਰਨ ਤੋਂ ਇਨਕਾਰੀ ਹੈ ਤੇ ਪੰਚਾਇਤ ਇਸ ਮਾਮਲੇ ’ਚ ਉਨ੍ਹਾਂ ਦੀ ਮਦਦ ਕਰੇ ਤੇ ਲੜਕੀ ਦੇ ਬਾਪ ਨੂੰ ਕਹੇ ਕਿ ਉਹ ਮੁਕਲਾਵਾ ਤੋਰੇ। ਸਰਪੰਚ ਨੇ ਪਹਿਲਾਂ ਲੜਕੀ ਦੇ ਬਾਪ ਤੋਂ ਸਾਰਾ ਮਾਜਰਾ ਪਤਾ ਕਰ ਲਿਆ। ਲੜਕੀ ਦਾ ਬਾਪ ਬੜਾ ਭਲਾ ਤੇ ਨੇਕ ਪੁਰਸ਼ ਸੀ। ਸੋ, ਸਰਪੰਚ ਨੇ ਮੁਕੱਦਮਾ ਸੁਣਨ ਦੀ ਤਰੀਕ ਮਿਥ ਕੇ ਬਾਕੀ ਪੰਚਾਇਤ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਤੇ ਲੜਕੀ ਦੇ ਬਾਪ ਨੂੰ ਕਹਿ ਦਿਤਾ ਕਿ ਉਹ ਮੁੰਡੇ ਵਾਲਿਆਂ ਨੂੰ ਹਾਜ਼ਰ ਹੋਣ ਲਈ ਸੁਨੇਹਾ ਭੇਜ ਦੇਵੇ।
 ਮਿਥੀ ਤਰੀਕ ‘ਤੇ ਮੁੰਡੇ ਦਾ ਬਾਪ ਵਿਚੋਲੇ ਨੂੰ ਅਤੇ ਆਪਣੇ ਪਿੰਡ ਦੇ ਦੋ ਤਿੰਨ ਹੋਰ ਮੋਹਤਬਰ ਬੰਦਿਆਂ ਨੂੰ ਨਾਲ਼ ਲੈ ਕੇ ਪਹੁੰਚ ਗਿਆ। ਇਧਰੋਂ ਵੀ ਪੰਚਾਇਤ ਜੁੜ ਬੈਠੀ। ਮੁੰਡੇ ਦਾ ਬਾਪ ਇਹ ਤਾਂ ਮੰਨਦਾ ਸੀ ਕਿ ਉਸ ਨੇ ਲੜਕੀ ਦੇ ਬਾਪ ਨਾਲ਼ ਲੜਕੀ ਤੋਰਨ ਬਾਰੇ ਦੋ ਸਾਲਾਂ ਦਾ ਕਰਾਰ ਕੀਤਾ ਸੀ ਪਰ ਰੋਟੀ-ਟੁੱਕ ਦੀ ਗੱਲ ਨੂੰ ਵਾਰ ਵਾਰ ਅੱਗੇ ਰੱਖ ਕੇ ਲੜਕੀ ਨੂੰ ਤੋਰਨ ਬਾਰੇ ਆਖੀ ਜਾਂਦਾ ਸੀ ਤੇ ਨਾਲ਼ ਆਏ ਬੰਦੇ ਵੀ ਇਸੇ ਗੱਲ ‘ਤੇ ਹੀ ਜ਼ੋਰ ਦੇ ਰਹੇ ਸਨ। ਲੜਕੀ ਦਾ ਬਾਪ ਆਪਣੀ ਗੱਲ ਤੋਂ ਰਤਾ ਮਾਸਾ ਵੀ ਇਧਰ ਉਧਰ ਹੋਣ ਨੂੰ ਤਿਆਰ ਨਹੀਂ ਸੀ। ਮਸਲਾ ਕਿਸੇ ਤਣ ਪੱਤਣ  ਲਗਦਾ ਨਹੀਂ ਸੀ ਜਾਪਦਾ। ਸਰਪੰਚ ਸਾਹਿਬ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਉਹ ਹੀ ਕੋਈ ਸੁਝਾਅ ਦੇਣ। ਮੇਰੇ ਮਾਤਾ ਜੀ ਨੇ ਆਪਣੇ ਤੌਰ ‘ਤੇ ਸਾਰਾ ਮਾਜਰਾ ਪਹਿਲਾਂ ਹੀ ਘੋਖ ਲਿਆ ਸੀ ਤੇ ਇਹ ਵੀ ਪਤਾ ਲਗਾ ਲਿਆ ਸੀ ਕਿ ਮੁੰਡੇ ਦੀ ਮਾਂ ਬਿਮਾਰ ਜ਼ਰੂਰ ਰਹਿੰਦੀ ਸੀ ਪਰ ਏਨੀ ਵੀ ਬਿਮਾਰ ਨਹੀਂ ਸੀ ਕਿ ਉਹ ਦੋ ਬੰਦਿਆਂ ਦਾ ਰੋਟੀ-ਟੁੱਕ ਨਾ ਕਰ ਸਕਦੀ ਹੋਵੇ। ਹੁਣ ਵੀ ਉਨ੍ਹਾਂ ਨੇ ਗੱਲ ਬਾਤ ਨੂੰ ਬੜੇ ਗ਼ੌਰ ਨਾਲ ਸੁਣ ਲਿਆ ਸੀ, ਉਹ ਮੁੰਡੇ ਦੇ ਬਾਪ ਨੂੰ ਮੁਖ਼ਾਤਬ ਹੋ ਕੇ ਬੋਲੇ,” ਭਾਈ ਸਾਹਿਬ, ਤੁਸੀਂ ਵੈਸੇ ਆਪਣੀ ਕੀਤੀ ਹੋਈ ਜ਼ੁਬਾਨ ਤੋਂ ਮੁਕਰ ਰਹੇ ਹੋ, ਪਰ ਚਲੋ ਤੁਹਾਡਾ ਸਿਰਫ਼ ਰੋਟੀ-ਪਾਣੀ ਦਾ ਮਸਲਾ ਹੈ, ਕਿਉਂ ਠੀਕ ਹੈ ਨਾ? ਕੋਈ ਹੋਰ ਗੱਲ ਤਾਂ ਨਹੀਂ? ਜੇ ਹੈ ਤਾਂ ਹੁਣੇ ਹੀ ਦੱਸ ਦੇਵੋ।“
“ ਨਹੀਂ ਜੀ ਬਸ, ਅਸੀਂ ਰੋਟੀ-ਪਾਣੀ ਦੀ ਤੰਗੀ ਕਰ ਕੇ ਹੀ ਫਰਿਆਦ ਕਰ ਰਹੇ ਐਂ ਜੀ,” ਮੁੰਡੇ ਦਾ ਬਾਪ ਬੋਲਿਆ।
“ ਚਲੋ ਫਿਰ ਤੁਹਾਡਾ ਰੋਟੀ- ਪਾਣੀ ਦਾ ਮਸਲਾ ਪੰਚਾਇਤ ਹੱਲ ਕਰ ਦਿੰਦੀ ਹੈ।“   
ਮੁੰਡੇ ਦੇ ਬਾਪ ਦੇ ਚਿਹਰੇ ‘ਤੇ ਰੌਣਕ ਪਰਤੀ ਕਿ ਇਹ ਬੀਬੀ ਜ਼ਰੂਰ ਉਹਨਾਂ ਦੇ ਹੱਕ ਵਿਚ ਫ਼ੈਸਲਾ ਦੇਵੇਗੀ।
ਮਾਤਾ ਜੀ ਨੇ ਫਿਰ ਇਕ ਵਾਰ ਉਪਰੋਕਤ ਪ੍ਰਸ਼ਨ ਦੁਹਰਾਇਆ ਤੇ ਲੜਕੇ ਦੇ ਬਾਪ ਨੇ ਫਿਰ ਰੋਟੀ-ਟੁੱਕ ਦਾ ਵਾਸਤਾ ਪਾਇਆ। ਮਾਤਾ ਜੀ ਕਹਿਣ ਲੱਗੇ, “ ਠੀਕ ਐ ਫਿਰ, ਸਵੇਰੇ ਸ਼ਾਮ ਦੋ ਵੇਲੇ ਤੁਹਾਡਾ ਲੜਕਾ ਲੜਕੀ ਨੂੰ ਲੈ ਜਾਇਆ ਕਰੇ ਤੇ ਰੋਟੀ-ਟੁੱਕ ਕਰਵਾ ਕੇ ਵਾਪਸ ਛੱਡ ਜਾਇਆ ਕਰੇ। ਹਾਂ ਸੱਚ, ਜੇ ਲੜਕੀ ਨਾਲ ਕੋਈ ਹੋਰ ਬਦਸਲੂਕੀ ਕੀਤੀ ਤਾਂ ਤੁਹਾਨੂੰ ਬਹੁਤ ਮਹਿੰਗੀ ਪਵੇਗੀ, ਦੱਸੋ ਮੰਨਜ਼ੂਰ ਐ?”  ਲੜਕੇ ਦਾ ਬਾਪ ਤੇ ਨਾਲ਼ ਆਏ ਪੰਚਾਇਤੀਏ ਵਾੜ ‘ਚ ਫਸੇ ਬਿੱਲੇ ਵਾਂਗ ਇਕ ਦੂਜੇ ਵਲ ਲੱਗੇ ਝਾਕਣ। ਉਹਨਾਂ ਦਾ ਪਿੰਡ ਤਕਰੀਬਨ ਪੰਜ ਮੀਲ ਦੂਰ ਸੀ। ਮੁੰਡਾ ਕਿਸੇ ਰਾਜ ਮਿਸਤਰੀ ਨਾਲ਼ ਦਿਹਾੜੀ ਦਾ ਕੰਮ ਕਰਦਾ ਸੀ। ਪੰਚਾਇਤ ਦਾ ਸੁਝਾਉ ਸੁਣ ਕੇ ਮੁੰਡੇ ਦੇ ਬਾਪ ਨੇ ਸੋਚਿਆ ਪਈ ਪਹਿਲੀ ਗੱਲ ਤਾਂ ਜੇ ਮੁੰਡਾ ਕੁੜੀ ਨੂੰ ਸਵੇਰੇ ਲੈਣ ਤੇ ਬਾਅਦ ‘ਚ ਛੱਡਣ ਜਾਵੇਗਾ ਤਾਂ ਅੱਧਾ ਦਿਨ ਤਾਂ ਇੰਜ ਹੀ ਲੰਘ ਜਾਊ ਤੇ ਫਿਰ ਉਹ ਦਿਹਾੜੀ ‘ਤੇ ਕਿਵੇਂ ਜਾਊ ਤੇ ਉੱਪਰੋਂ ਸ਼ਾਮ ਨੂੰ ਫਿਰ ਲਿਆਉਣ ਤੇ ਵਾਪਸ ਛੱਡ ਕੇ ਆਉਣ ਦਾ ਝੰਜਟ।  ਅੱਧੀ ਦਿਹਾੜੀ ਲਾਉਣ ਵਾਲ਼ੇ ਨੂੰ ਕੌਣ ਕੰਮ ‘ਤੇ ਰੱਖੇਗਾ? ਇਹ ਸੋਚ ਕੇ ਹੀ ਉਸ ਦਾ ਸਿਰ ਚਕਰਾ ਗਿਆ। ਉਸ ਨੂੰ ਸੋਚੀਂ ਪਿਆ ਦੇਖ ਕੇ ਮਾਤਾ ਜੀ ਨੇ ਕਿਹਾ ਕਿ ਉਹ ਘਰ ਜਾ ਕੇ ਸੋਚ ਵਿਚਾਰ ਕੇ ਦੱਸ ਦੇਣ ਜੇ ਉਹਨਾਂ ਨੂੰ ਇਹ ਫ਼ੈਸਲਾ ਮੰਨਜ਼ੂਰ ਹੋਵੇ।
“ ਹਾਂ ਜੀ, ਅਸੀਂ ਸੋਚ ਵਿਚਾਰ ਕਰ ਕੇ ਪਤਾ ਦਿਆਂਗੇ ਜੀ,” ਮੁੰਡੇ ਦੇ ਪਿਉ ਨੇ ਘੱਗੀ ਜਿਹੀ ਆਵਾਜ਼ ‘ਚ ਮਸਾਂ ਹੀ ਇਹ ਲਫ਼ਜ਼ ਕਹੇ ਤੇ ਉਹ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਰਾਹ ਪਏ।
ਮੁੰਡੇ ਵਾਲਿਆਂ ਦਾ ਕੋਈ ਜਵਾਬ ਨਾ ਆਇਆ। ਲੜਕੀ ਦੇ ਬਾਪ ਨੇ ਮਿਥੇ ਹੋਏ ਸਮੇਂ ‘ਤੇ ਹੀ ਲੜਕੀ ਦਾ ਮੁਕਲਾਵਾ ਤੋਰਿਆ।
ਬਹੁਤ ਦੇਰ ਤੱਕ ਇਸ ਫ਼ੈਸਲੇ ਦੀਆਂ ਗੱਲਾਂ ਆਲੇ ਦੁਆਲ਼ੇ ਦੇ ਪਿੰਡਾਂ ‘ਚ ਹੁੰਦੀਆਂ ਰਹੀਆਂ।      

ਬਾਬੇ ਦਾ ਅਤੇ ਨੀਲੇ ਦਾ ਸੰਵਾਦ - ਨਿਰਮਲ ਸਿੰਘ ਕੰਧਾਲਵੀ

ਬਾਬਾ: ਨੀਲਿਆ, ਆਹ ਘੜੇ ਦਾ ਚੱਪਣ ਕੀਹਨੇ ਚੁੱਕ ਦਿੱਤੈ ਭਾਈ, ਬਹੁਤ ਝੱਖੜ ਝੁੱਲਦਾ ਪਿਐ।
ਨੀਲਾ: ਬਾਬਾ ਜੀ, ਚੋਣਾਂ ਆ ਗਈਆਂ ਨਾ ਸਿਰ ‘ਤੇ। ਸਿਆਸੀ ਲੀਡਰ ਘੜੇ ਤੋਂ ਚੱਪਣ ਚੁੱਕੀ ਜਾਂਦੇ ਐ ਤੇ ਵਾਅਦਿਆਂ ਦੀ ਹਨ੍ਹੇਰੀ ਵਗਾਈ ਜਾਂਦੇ ਐ।


ਬਾਬਾ: ਪਰ ਨੀਲਿਆ, ਲੋਕ ਇਨ੍ਹਾਂ ਨੂੰ ਪੁੱਛਦੇ ਨਹੀਂ ਪਈ ਪਿਛਲੇ ਵਾਅਦੇ ਤਾਂ ਇਹਨੀਂ ਪੂਰੇ ਕੀਤੇ ਨਹੀਂ ਤੇ ਗਾਂਹ ਹੋਰ ਪੰਡਾਂ ਖੋਲ੍ਹੀ ਜਾਂਦੇ ਆ।
ਨੀਲਾ: ਲੋਕਾਂ ਦਾ ਤੁਹਾਨੂੰ ਪਤਾ ਈ ਆ ਬਾਬਾ ਜੀ, ਜਿਹੜੇ ਮੁਫ਼ਤ ਦੇ ਪਕੌੜਿਆਂ ਬਦਲੇ ਪੱਗੋ-ਲੱਥੀ ਹੋ ਜਾਂਦੇ ਐ, ਉਨ੍ਹਾਂ ਤੋਂ ਤਾਂ ਆਸ ਰੱਖਣੀ ਇਉਂ ਐਂ ਜਿਵੇ ਕੋਈ ਝੋਟੇ ਵਾਲ਼ੇ ਘਰੋਂ ਲੱਸੀ ਭਾਲ਼ਦਾ ਹੋਵੇ। ਉਹ ਤਾਂ ਅੱਡੀਆਂ ਚੁੱਕ ਚੁੱਕ ਵੇਖਦੇ ਆ ਕਿ ਚੋਣਾਂ ਕਦੋਂ ਆਉਂਦੀਆਂ। ਬਾਬਾ ਜੀ, ਅਜੇ ਅੱਠ ਮਹੀਨੇ ਰਹਿੰਦੇ ਆ ਚੋਣਾਂ ‘ਚ ਤੇ ਇਹ ਹੁਣੇ ਈ ਜ਼ਿੰਦਾਬਾਦ ਮੁਰਦਾਬਾਦ ਕਰਦੇ ਸਾਹੋ ਸਾਹ ਹੋਏ ਫਿਰਦੇ ਆ।


ਬਾਬਾ: ਪਰ ਨੀਲਿਆ, ਅਸੀਂ ਤਾਂ ਸੁਣਿਆਂ ਸੀ ਕਿ ਸੋਸ਼ਲ ਮੀਡੀਆ ਨੇ ਬਹੁਤ ਜਾਗ੍ਰਿਤੀ ਲਿਆਂਦੀ ਐ ਲੋਕਾਂ ‘ਚ।
ਨੀਲਾ: ਬਾਬਾ ਜੀ, ਹੋ ਸਕਦੈ ਕੋਈ ਵਿਰਲਾ ਟਾਂਵਾਂ ਬੰਦਾ ਹੋ ਗਿਆ ਹੋਵੇ ਜਾਗਰੂਕ ਪਰ ਬਹੁਤੇ ਤਾਂ ਅਜੇ ਵੀ ਟਿੱਕ-ਟਾਕ ‘ਚ ਈ ਉਂਗਲਾਂ ਫ਼ਸਾਈ ਰੱਖਦੇ ਐ। ਕਿਤੇ ਅੱਧਾ ਘੰਟਾ ਇੰਟਰਨੈੱਟ ਬੰਦ ਹੋ ਜਾਏ ਤਾਂ ਇਨ੍ਹਾਂ ਦੇ ਭਾਅ ਦੀਆਂ ਬਣ ਜਾਂਦੀਆਂ।


ਬਾਬਾ: ਪਰ ਨੀਲਿਆ, ਹੁਣ ਤਾਂ ਸੱਤਰਾਂ ਸਾਲਾਂ ਤੋਂ ਉੱਤੇ ਹੋ ਗਏ ਆ ਭੱਸੜ ਭੰਨਾਉਂਦਿਆਂ ਨੂੰ, ਹੁਣ ਵੀ ਅਕਲ ਨਹੀਂ ਆਈ ਇਨ੍ਹਾਂ ਨੂੰ।
ਨੀਲਾ: ਬਾਬਾ ਜੀ, ਜਿਵੇਂ ਕਈ ਦੁਧਾਰੂ ਪਸ਼ੂ ਚਾਟ ‘ਤੇ ਲੱਗ ਜਾਂਦੇ ਐ ਇਵੇਂ ਸਿਆਸੀ ਲੀਡਰਾਂ ਨੇ ਲੋਕਾਂ ਨੂੰ ਨਸ਼ਿਆਂ, ਨਕਦ ਨਰੈਣ, ਆਟਾ-ਦਾਲ, ਫ਼ੋਨਾਂ, ਕਰਜ਼ੇ ਮਾਫ਼ੀਆਂ ਤੇ ਨੌਕਰੀਆਂ ਦੇ ਲਾਰਿਆਂ ਦੀ ਚਾਟ ‘ਤੇ ਲਾਇਆ ਹੋਇਐ। ਸ਼ਾਤਰ ਲੀਡਰ ਜਾਣਦੇ ਐ ਕਿ ਸਾਢੇ ਚਾਰ ਸਾਲ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਅਖੀਰਲੇ ਛੇ ਮਹੀਨੇ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ ਵਗਾ ਦਿਆਂਗੇ।


ਬਾਬਾ: ਨੀਲਿਆ, ਸੁਣਿਐ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਵੀ ਘੜੇ ਤੋਂ ਚੱਪਣ ਚੁੱਕ ਕੇ ਵਾਅਦਿਆਂ ਦੀ ਹਨ੍ਹੇਰੀ  ਵਗਾ ਦਿਤੀ ਐ।
ਨੀਲਾ: ਬਾਬਾ ਜੀ, ਉਹ ਗੁਰਦੁਆਰੇ ਦਾ ਪ੍ਰਧਾਨ ਘੱਟ ਐ ਤੇ ਸਿਆਸੀ ਪਾਰਟੀ ਦਾ ਕਰਿੰਦਾ ਵਧੇਰੇ ਐ, ਤੇ ਤੁਹਾਨੂੰ ਪਤਾ ਲੱਗ ਈ ਗਿਆ ਹੋਣੈ ਕਿ ਉੱਥੇ ਕਿਸੇ ਵੇਲੇ ਵੀ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ, ਇਸ ਲਈ ਉਸ ਵਾਸਤੇ ਵੀ ਲਾਰਿਆਂ ਦੀ ਹਨ੍ਹੇਰੀ ਵਗਾਉਣੀ ਬਹੁਤ ਜ਼ਰੂਰੀ ਸੀ।


ਬਾਬਾ: ਪਰ ਨੀਲਿਆ,  ਸੁਣਿਐਂ ਕਿ ਗੁਰਦੁਆਰੇ ਦੇ ਕਰਮਚਾਰੀਆਂ ਨੂੰ ਤਾਂ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿਤੀ ਤੇ ਕਰੋੜਾਂ ਦੇ ਲਾਰੇ ਲਾ ਕੇ ਕਿਹਨੂੰ ਮੂਰਖ ਬਣਾਉਂਦੈ ਉਹ?
ਨੀਲਾ: ਪਰ ਬਾਬਾ ਜੀ, ਜੇ ਲੋਕ ਮੂਰਖ ਬਣਨਾ ਚਾਹੁੰਦੇ ਆ ਤਾਂ ਉਹ ਕਿਉਂ ਨਾ ਬਣਾਵੇ!

ਬਾਬਾ: ਵਾਹਿਗੁਰੂ, ਵਾਹਿਗੁਰੂ, ਰੱਬਾ ਸੁਖ ਰੱਖੀਂ।
ਨਿਰਮਲ ਸਿੰਘ ਕੰਧਾਲਵੀ