Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03.11.2025

ਅੱਧੀ ਸਦੀ ਬੀਤਣ ‘ਤੇ ਵੀ ਨਹੀਂ ਸੁਧਰੀ ਮਾਂ ਬੋਲੀ ਪੰਜਾਬੀ ਦੀ ਦਸ਼ਾ- ਕੇਂਦਰੀ ਪੰਜਾਬੀ ਲੇਖਕ ਸਭਾ

ਜਦੋਂ ਪੁੱਤ ਹੀ ਕਪੁੱਤ ਬਣ ਜਾਣ ਤਾਂ ਵਿਚਾਰੀ ਮਾਂ ਕੀ ਕਰੂ ਬਈ!

ਪੰਧੇਰ ਵਲੋਂ ਸੱਦੀ ਮੀਟਿੰਗ ‘ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼ਾਮਲ ਨਹੀਂ ਹੋਣਗੇ-ਇਕ ਖ਼ਬਰ

ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ਼ ਸੇ।

ਵੋਟਾਂ ਲਈ ਨੱਚ ਵੀ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ

ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।

ਪੰਜਾਬ ਸਰਕਾਰ ਦੇ ਵਿਜੀਲੈਂਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋਣ ਦੀ ਸਹੁੰ ਚੁੱਕੀ- ਇਕ ਖ਼ਬਰ

ਇਹ ਤਾਂ ਇੰਜ ਹੈ ਜਿਵੇਂ ਇੱਲਾਂ ਕਹਿਣ ਕਿ ਉਹ ਹੁਣ ਮੁਰਦਾਰ ਨਹੀਂ ਖਾਣਗੀਆਂ।

ਪੰਜਾਬ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਸੈਮੀਨਾਰ ਨੂੰ ਰੋਕਣਾ ਨਿੰਦਣਯੋਗ- ਧਾਮੀ

ਹਰੇਕ ਵਧੀਕੀ ਨੂੰ ਨਿੰਦਣਯੋਗ ਕਹਿ ਕੇ ਚੁੱਪ ਕਰ ਜਾਇਆ ਕਰੋ, ਕੋਈ ਕਾਰਵਾਈ ਨਾ ਕਰਿਉ ਸ਼ੇਰੋ!

ਆਖਰ ਕੰਗਣਾ ਰਣੌਤ ਨੂੰ ਬਠਿੰਡਾ ਦੀ ਅਦਾਲਤ ‘ਚ ਮੰਗਣੀ ਹੀ ਪਈ ਮੁਆਫ਼ੀ- ਇਕ ਖ਼ਬਰ

ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।

ਕਮਲਾ ਹੈਰਿਸ ਨੇ ਫਿਰ ਦਿਤੇ ਚੋਣ ਲੜਨ ਦੇ ਸੰਦੇਸ਼- ਇਕ ਖ਼ਬਰ

ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਰਗਰਮੀਆਂ ਤੇਜ਼- ਇਕ ਖ਼ਬਰ

ਸਰਗਰਮੀਆਂ ਨਾ ਕਹੋ, ਡਰਾਮੇ ਲਈ ਰਿਹਰਸਲਾਂ ਕਹੋ।

ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿੱਪ ਰੱਦ ਕਰਨ ਦਾ ਦਿੱਲੀ ਕਮੇਟੀ ਕੋਲ ਕੋਈ ਹੱਕ ਨਹੀਂ- ਸਰਨਾ

ਧੱਕੇਸ਼ਾਹੀ ਦਾ ਜਿੱਥੇ ਰਾਜ ਹੋਵੇ, ਹੱਕ-ਹਕੂਕ ਨੂੰ ਕੌਣ ਪੁੱਛਦਾ ਏ।

ਸਰਕਾਰ ਨੇ ਪੰਜ ਰੁਪਏ ਸਸਤਾ ਕੀਤਾ ਕਮਰਸ਼ੀਅਲ ਐੱਲ.ਪੀ.ਜੀ. ਸਲੰਡਰ- ਇਕ ਖ਼ਬਰ

ਪੰਜ ਮੋੜ ’ਤੇ ਪੰਜ ਸੌ ਵਧਾ ਕੇ, ਬੱਲੇ ਓ ਚਾਲਾਕ ਮਿੱਤਰਾ।

50 ਕਰੋੜ ਦੇ ਬੀਮੇ ਲਈ ਸਾਰਾ ਪਰਵਾਰ ਮੌਤ ਦੇ ਘਾਟ ਉਤਾਰ ਦਿਤਾ- ਇਕ ਖ਼ਬਰ

ਚਿੱਟਾ ਹੋ ਗਿਆ ਲਹੂ ਓ ਲੋਕੋ, ਚਿੱਟਾ ਹੋ ਗਿਆ ਲਹੂ।

ਰਾਜਪਾਲ ਕਟਾਰੀਆ ਨੇ ਬਿਕਰਮ ਮਜੀਠੀਆ ਵਿਰੁੱਧ ਕੇਸ ਚਲਾਉਣ ਦੀ ਦਿਤੀ ਇਜਾਜ਼ਤ- ਇਕ ਖ਼ਬਰ

ਰਾਜਾ ਜੱਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ।

ਸਾਡੇ ਹੁਕਮਾਂ ਦਾ ਕੋਈ ਸਤਿਕਾਰ ਨਹੀਂ- ਸੁਪਰੀਮ ਕੋਰਟ

ਜਦੋਂ ਜਾਲ਼ ਫਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।

ਕਿਸਾਨ ਭਾਜਪਾ ਨੂੰ ਚੰਗਾ ਸਬਕ ਸਿਖਾਉਣਗੇ:- ਭਗਵੰਤ ਮਾਨ

ਭਾਜਪਾ ਨੂੰ ਛੱਡ ਮਿੱਤਰਾ, ਤੂੰ ਆਪਣੀ ਖ਼ੈਰ ਮਨਾ।

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਸਬੰਧੀ ਕੇਂਦਰ ਦਾ ਫ਼ੈਸਲਾ ਰਾਜਸੀ ਧੱਕੇਸ਼ਾਹੀ- ਹਰਜੋਤ ਬੈਂਸ

ਉਠੇ ਹੈਂ ਮਾਂ ਕੇ ਲਾਲ ਕੁਛ ਕਰ ਜਾਏਂਗੇ, ਕਰਨਾ ਕਿਆ ਹੈ ਬਿਆਨ ਦੇ ਕੇ ਸੋ ਜਾਏਂਗੇ।

========================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29.10.2025

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਟਿੱਪਣੀ ਕਰ ਕੇ ਵਿਵਾਦ ਪੈਦਾ ਕੀਤਾ- ਇਕ ਖ਼ਬਰ

ਮੁਰਦਾ ਬੋਲੂ, ਖੱਫ਼ਣ ਪਾੜੂ।

ਟਰੰਪ ਦੀਆਂ ਨੀਤੀਆਂ ਵਿਰੁੱਧ ਅਮਰੀਕਾ ‘ਚ ਲੱਖਾਂ ਲੋਕਾਂ ਨੇ ਕੀਤੇ ਪ੍ਰਦਰਸ਼ਨ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਅਮਰੀਕਾ ‘ਚ 12 ਪੰਜਾਬੀਆਂ ਨੇ ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਲੱਖਾਂ ਡਾਲਰਾਂ ਦੀ ਕੀਤੀ ਧੋਖਾਧੜੀ- ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਦੋਹਾ ਦੀ ਵਿਚੋਲਗੀ ਮਗਰੋਂ ਜੰਗਬੰਦੀ ਲਈ ਸਹਿਮਤ ਹੋਏ ਪਾਕਿ ਅਤੇ ਅਫ਼ਗਾਨਿਸਤਾਨ-ਇਕ ਖ਼ਬਰ

ਇਸ ਵਾਰ ਵੀ ਟਰੰਪ ਨਾਲ ਤਾਂ ਉਹ ਹੋਈ ‘ਕਿ ਨ੍ਹਾਤੀ ਧੋਤੀ ਰਹਿ ਗਈ..........’

ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਦਿਤੀ ਖੁੱਲ੍ਹੀ ਜੰਗ ਦੀ ਚਿਤਾਵਨੀ-ਇਕ਼ ਖ਼ਬਰ

ਜਾਮਨੂੰ ਦੀ ਗਿਟਕ ਜਿਹਾ, ਮੇਰੇ ਸਾਹਮਣੇ ਧੜਾ ਧੜ ਬੋਲੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੀ.ਕੇ. ਅਤੇ ਸਰਨਾ ਭਰਾਵਾਂ ਦੀ ਮੈਂਬਰਸ਼ਿੱਪ ਰੱਦ- ਇਕ ਖ਼ਬਰ

ਕਾਦਰਯਾਰ ਜੇ ਕੋਲ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਗ਼ਲਤੀਆਂ ਤੋਂ ਸਿੱਖਣ ਦੀ ਬਜਾਏ ਸੁਖਬੀਰ ਧੜਾ ਗੁਨਾਹਾਂ ਦੇ ਰਾਹ ਤੁਰਿਆ- ਕਰਨੈਲ ਸਿੰਘ ਪੀਰ ਮੁਹੰਮਦ

ਇਕ ਕਮਲ਼ੀ, ਉੱਤੋਂ ਪੈ ਗਈ ਸਿਵਿਆਂ ਦੇ ਰਾਹ।

ਭ੍ਰਿਸ਼ਟਾਚਾਰ ਉੱਤੇ ਲਗਾਮ ਕੱਸਣ ਵਾਲੇ ਲੋਕਪਾਲ ਤੇ ਉਸ ਦੀ ਟੀਮ ਨੇ ਮੰਗੀਆਂ ਬੀ,ਐੱਮ.ਡਬਲਯੂ ਲਗ਼ਜ਼ਰੀ ਕਾਰਾਂ- ਇਕ ਖ਼ਬਰ

ਲੱਡੂਆਂ ਦਾ ਮੀਂਹ ਵਰ੍ਹਦਾ, ਭਰ ਲਉ ਝੋਲ਼ੀਆਂ ਮਿੱਤਰੋ।

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਬੇਟੇ ਦੇ ਕਤਲ ਦਾ ਮਾਮਲਾ ਦਰਜ- ਇਕ ਖ਼ਬਰ

ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

ਸੰਯੁਕਤ ਰਾਸ਼ਟਰ ਵਿਚ ਸਭ ਕੁਝ ਠੀਕ ਨਹੀਂ- ਜੈਸ਼ੰਕਰ

ਨੀ ਮੈਂ ਕੀਹਨੂੰ ਆਖ ਸੁਣਾਵਾਂ, ਦਾਲ਼ ਤਾਂ ਸਾਰੀ ਕਾਲ਼ੀ ਮਾਏ।

ਹਵਾਲਗੀ ਮਗਰੋਂ ਮੇਹੁਲ ਚੌਕਸੀ ਨੂੰ ਭਾਰਤ ਵਿਚ ਕੋਈ ਖ਼ਤਰਾ ਨਹੀਂ- ਬੈਲਜੀਅਮ ਅਦਾਲਤ

ਚੜ੍ਹ ਜਾ ਬੱਚਾ ਸੂਲ਼ੀ, ਰਾਮ ਭਲੀ ਕਰੇਗਾ।

ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਬੰਦੀ ਸਿੰਘਾਂ ਨੂੰ ਰਿਹਾ ਕਰ ਕੇ ਕੇਂਦਰ ਸਰਕਾਰ ਸੁਹਿਰਦਤਾ ਦਿਖਾਏ- ਬੀਬੀ ਰਣਜੀਤ ਕੌਰ

ਬੀਬੀ ਜੀ ਤੁਸੀਂ ਝੋਟਿਆਂ ਵਾਲ਼ੇ ਘਰੋਂ ਲੱਸੀ ਭਾਲ਼ ਰਹੇ ਹੋ।

ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣਾ ਸਰਾਸਰ ਗ਼ਲਤ- ਪਰਗਟ ਸਿੰਘ

ਪਰਗਟ ਸਿੰਘ ਜੀ ‘ਮੈਂ ਨਾ ਮਾਨੂੰ’ ਵਾਲ਼ਿਆਂ ਨਾਲ ਕਿਉਂ ਮੱਥਾ ਮਾਰਦੇ ਹੋ!

ਸੋਨਾ ਚੋਰੀ ਮਾਮਲੇ ‘ਚ ਸਬਰੀਮਾਲਾ ਮੰਦਰ ਦਾ ਪ੍ਰਸ਼ਾਸਨਿਕ ਅਧਿਕਾਰੀ ਗ੍ਰਿਫ਼ਤਾਰ- ਇਕ ਖ਼ਬਰ

ਫ਼ਕਰਦੀਨਾ ਕੀ ਇਹਦੀ ਗੱਲ ਕਰੀਏ, ਏਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਟੈਰਿਫ਼ ਵਿਰੋਧੀ ਇਸ਼ਤਿਹਾਰ ਤੋਂ ਨਾਰਾਜ਼ ਟਰੰਪ ਨੇ ਕੈਨੇਡਾ ਨਾਲ ਵਪਾਰਕ ਕਰਾਰ ਤੋੜਿਆ- ਇਕ ਖ਼ਬਰ

ਨੀ ਇਹ ਜੇਠ ਬੜਾ ਟੁੱਟ ਪੈਣਾ, ਨੱਕ ‘ਤੇ ਮੱਖੀ ਬਹਿਣ ਨਹੀਂ ਦਿੰਦਾ।

ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀ ਮੰਦੀ ਹਾਲਤ ਤੋਂ ਦੂਰ ਭੱਜ ਰਹੇ ਹਨ- ਕਾਂਗਰਸ ਆਗੂ ਜੈਰਾਮ ਰਮੇਸ਼

ਟਰੰਪ ਦਾ ਸਾਹਮਣਾ ਕਰਨ ਤੋਂ ਡਰਦੇ ਆਸੀਅਨ ਸੰਮੇਲਨ ‘ਚ ਨਹੀਂ ਜਾ ਰਹੇ ਮੋਦੀ- ਜੈਰਾਮ ਰਮੇਸ਼

ਮੈਂ ਕਿਵੇਂ ਗਿੱਧੇ ਵਿਚ ਆਵਾਂ, ਜੇਠ ਚੰਦਰਾ ਨੀ ਕੰਧ ਉਤੋਂ ਝਾਕੇ।

ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

    ਭਾਰਤ-ਕੈਨੇਡਾ ਨੇ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਲ ਵਧਾਏ ਕਦਮ- ਇਕ ਖ਼ਬਰ

ਆ ਹੁਣ ਬਣ ਜਾਈਏ, ਤੂੰ ਮੇਰਾ ਮੈਂ ਤੇਰੀ।

ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਇਕ ਇਕ ਪੈਸੇ ਦੀ ਭਰਪਾਈ ਕਰੇਗੀ ਕੇਂਦਰ ਸਰਕਾਰ- ਸ਼ਿਵਰਾਜ ਸਿੰਘ ਚੌਹਾਨ

ਰੰਨ ਬੱਕਰੀ ਚਰਾਉਣ ਦੀ ਮਾਰੀ, ਲਾਰਾ ਲੱਪਾ ਲਾਈ ਰੱਖਦੀ।

ਭਾਜਪਾ ਬਾਦਲ ਨਾਲ ਸਾਂਝ ਪਾਉਣ ਤੋਂ ਇਨਕਾਰੀ- ਇਕ ਖ਼ਬਰ

ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

ਮੋਦੀ ਨੇ ਆਂਧਰਾ ਪ੍ਰਦੇਸ਼ ‘ਚ 13430 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ- ਇਕ ਖ਼ਬਰ

ਹਾਏ ਰੇ ਇਨਸਾਨ ਕੀ ਮਜਬੂਰੀਆਂ, ਖਿਲਾਨੀ ਪੜ ਰਹੀ ਹੈਂ ਚੂਰੀਆਂ।

ਸੁਪਰੀਮ ਕੋਰਟ ਨੇ ਦਿੱਲੀ ਐਨ.ਸੀ.ਆਰ. ‘ਚ ਗਰੀਨ ਪਟਾਕੇ ਚਲਾਉਣ ਦੀ ਦਿਤੀ ਇਜਾਜ਼ਤ- ਇਕ ਖ਼ਬਰ

ਚਲਾਉ ਪਟਾਕੇ, ਕਰੋ ਮੌਜਾਂ ! ਪੰਜਾਬ ਹੈਗਾ ਸਾਡੇ ਕੋਲ ਪ੍ਰਦੂਸ਼ਣ ਦਾ ਦੋਸ਼ ਮੜ੍ਹਨ ਲਈ

ਟੈਰਿਫ਼ ਦੀ ਧਮਕੀ ਨਾਲ ਭਾਰਤ-ਪਾਕਿ ਜੰਗ ਖ਼ਤਮ ਕਰਵਾਈ- ਟਰੰਪ

ਓ ਚਾਚਾ ਬਸ ਵੀ ਕਰ ਹੁਣ, ਕਿੰਨੀ ਕੁ ਵਾਰੀ ਡੌਂਡੀ ਪਿੱਟੀ ਜਾਏਂਗਾ।

ਡੀ.ਆਈ.ਜੀ. ਭੁੱਲਰ ਰਿਸ਼ਵਤ ਕਾਂਡ ‘ਚ ਝਾੜੂ ਵਾਲੇ ਤਾਂ ਛੱਡੋ, ਅਕਾਲੀ ਤੇ ਕਾਂਗਰਸੀ ਵੀ ਨਹੀਂ ਬੋਲੇ- ਇਕ ਖ਼ਬਰ

ਇਸ ਹਮਾਮ ਵਿਚ ਸਾਰੇ ਫਿਰਦੇ ਨੰਗੇ, ਅੰਦਰੋਂ ਸਭ ਸੜ੍ਹਿਆਂਦ ਮਾਰਦੇ ਉੱਪਰੋਂ ਦਿਸਦੇ ਚੰਗੇ।

ਹਾਈ ਕੋਰਟ ਨੇ ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਕਰ ਕੇ ਪੰਜਾਬ ਸਰਕਾਰ ਨੂੰ ਪਾਈ ਝਾੜ- ਇਕ ਖ਼ਬਰ

ਦੋ ਪਈਆਂ ਕਿੱਧਰ ਗਈਆਂ, ਸਦਕਾ ਢੂਈ ਦਾ।

ਡੀ.ਆਈ.ਜੀ. ਭੁੱਲਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ- ਇਕ ਖ਼ਬਰ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

ਪੂਰਨ ਕੁਮਾਰ ਦੀ ਮੌਤ ਦੇ ਸਬੰਧ ‘ਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤਮਾਸ਼ਾ ਬੰਦ ਕਰ ਕੇ ਕਾਰਵਾਈ ਕਰਨ-ਰਾਹੁਲ ਗਾਂਧੀ

ਤਪੇ ਹੋਏ ਤੰਦੂਰ ‘ਤੇ ਰੋਟੀਆਂ ਲਾਹੁਣ ਦੀ ਮਜਬੂਰੀ ਐ ਬਈ।

ਭਾਰਤ ਨਾਲ ਹੋ ਸਕਦੀ ਹੈ ਜੰਗ- ਪਾਕਿ ਰੱਖਿਆ ਮੰਤਰੀ ਆਸਿਫ਼

ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਚੀਨ ਨੇ ਟਰੰਪ ਨੂੰ ਧਮਕੀਆਂ ਬੰਦ ਕਰਨ ਲਈ ਕਿਹਾ- ਇਕ ਖ਼ਬਰ

ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ।

ਪਾਕਿਸਤਾਨ-ਅਫ਼ਗਾਨਿਸਤਾਨ ਸੰਘਰਸ਼ ਸੁਲਝਾਉਣਾ ਮੇਰੇ ਲਈ ਬੜਾ ਸੌਖਾ- ਟਰੰਪ

ਕਾਹਨੂੰ ਮਾਰਦੈਂ ਬਨੇਰੇ ਉੱਤੋਂ ਡਲੀਆਂ, ਚੰਦ ਨੂੰ ਤਾਂ ਛਿਪ ਲੈਣ ਦੇ।

ਭਾਜਪਾ ਨਾਲ ਗੱਠਜੋੜ ਕਰ ਕੇ ਅਸੀਂ ਗ਼ਲਤੀ ਨਹੀਂ ਦੁਹਰਾਵਾਂਗੇ- ਉਮਰ ਅਬਦੁੱਲਾ

ਜਦੋਂ ਜਾਲ਼ ਫ਼ਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।

ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਣ ਲੱਦਾਖੀ ਲੀਡਰਸ਼ਿੱਪ ਗੱਲਬਾਤ ਨਹੀਂ ਕਰੇਗੀ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

=======================================================================

 ਚੁੰਝਾਂ-ਪ੍ਹੌਂਚੇ  -  (ਨਿਰਮਲ ਸਿੰਘ ਕੰਧਾਲਵੀ)

ਸ਼੍ਰੋਮਣੀ ਕਮੇਟੀ ਨੇ ਇੰਗਲੈਂਡ ਵਿਖੇ ਖੋਲ੍ਹਿਆ ਤਾਲਮੇਲ ਸੈਂਟਰ- ਇਕ ਖ਼ਬਰ

ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਤਾਮਿਲਨਾਡੂ ਸਰਕਾਰ ਭਗਦੜ ‘ਚ 41 ਬੰਦੇ ਮਰਨ ਬਾਅਦ ਜਨਤਕ ਸਮਾਗਮਾਂ ਲਈ ਹਦਾਇਤਾਂ ਅਤੇ ਨਿਯਮ ਤਿਆਰ ਕਰੇਗੀ- ਮੁੱਖ ਮੰਤਰੀ ਸਟਾਲਿਨ

ਯਾਨੀ ਕਿ ਈਦੋਂ ਬਾਅਦ ਤੰਬਾ ਫੂਕਿਆ ਜਾਵੇਗਾ।

ਮਹੰਤ ਕਸ਼ਮੀਰ ਗਿਰੀ ਤਿੰਨ ਸਾਥੀਆਂ ਨਾਲ਼ 80 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ- ਇਕ ਖ਼ਬਰ

ਵਾਹ ਮਹੰਤ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।

ਬਠਿੰਡਾ ਦੀ ਅਦਾਲਤ ਵਿਚ ਕੰਗਨਾ ਰਣੌਤ ਦੀ ਅਰਜ਼ੀ ਰੱਦ- ਇਕ ਖ਼ਬਰ

ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ।

ਪੰਜਾਬ ਵਿਧਾਨ ਸਭਾ ਇਜਲਾਸ ‘ਚ ਕੇਂਦਰ ਦੇ ਰਵੱਈਏ ਵਿਰੁੱਧ ਮਤਾ ਪਾਸ- ਇਕ ਖ਼ਬਰ

ਲਾਰਾ ਲਾਈਏ ਨਾ ਬਿਗਾਨੇ ਪੁੱਤ ਨੂੰ, ਤੋੜ ਕੇ ਜਵਾਬ ਦੇ ਦੇਈਏ।

ਕੇਂਦਰ ਦੀ ਮੋਦੀ ਸਰਕਾਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ- ਨੀਲ ਗਰਗ

ਮੇਰੀ ਖ਼ਬਰ ਲੈਣ ਨਾ ਆਇਆ, ਡਿਗ ਪਈ ਹਰਮਲ ਤੋਂ।

ਪੁਲਿਸ ‘ਚ ਮਨਮਰਜ਼ੀ ਨਾਲ ਤਰੱਕੀਆਂ ਦੇਣ ਨਾਲ ਬਾਕੀ ਮੁਲਾਜ਼ਮਾਂ ‘ਚ ਨਾਰਾਜ਼ਗੀ ਪੈਦਾ ਹੁੰਦੀ ਹੈ- ਹਾਈ ਕੋਰਟ

ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਮੈਂ ਹਰ ਹਾਲਤ ਵਿਚ 2027 ਦੀ ਵਿਧਾਨ ਸਭਾ ਚੋਣ ਲੜਾਂਗੀ- ਨਵਜੋਤ ਕੌਰ ਸਿੱਧੂ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਪਾਕਿਸਤਾਨ ਨੇ ਟਰੰਪ ਦਾ ਗਾਜ਼ਾ ਜੰਗਬੰਦੀ ਦਾ ਪ੍ਰਸਤਾਵ ਨਕਾਰਿਆ- ਇਕ ਖ਼ਬਰ

ਤੇਰੇ ਖ਼ੁਸ਼ਕ ਮੱਕੀ ਦੇ ਦਾਣੇ , ਮਿੱਤਰਾਂ ਨੇ ਨਹੀਉਂ ਚੱਬਣੇ।

ਅਮਰੀਕਾ ਅੱਗੇ ਨਹੀਂ ਝੁਕੇਗਾ ਵੈਂਨੇਜ਼ੁਏਲਾ, ਸਾਡੀ 37 ਲੱਖ ਫੌਜ ਤਿਆਰ-ਬਰ- ਤਿਆਰ - ਰਾਸ਼ਟਰਪਤੀ ਨਿਕੋਲਸ ਮਾਦੁਰੇ

ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਡੋਨਾਲਡ ਟਰੰਪ ਦੇ ਗਾਜ਼ਾ ਉੱਪਰ ਬੰਬਾਰੀ ਨਾ ਕਰਨ ਦੇ ਸੱਦੇ ਦੇ ਬਾਵਜੂਦ ਇਜ਼ਰਾਈਲ ਵਲੋਂ ਬੰਬਾਰੀ ਜਾਰੀ- ਇਕ ਖ਼ਬਰ

ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।

ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਟਕਸਾਲੀ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਨੂੰ ਆਖੀ ਅਲਵਿਦਾ- ਇਕ ਖ਼ਬਰ

ਲੱਡੂ ਮੁੱਕ ਗਏ ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।

ਕੇਂਦਰ ਸਰਕਾਰ ਸਿੱਖਾਂ ਤੇ ਕਿਸਾਨਾਂ ਨਾਲ ਕਰਦੀ ਹੈ ਨਫ਼ਰਤ- ਰਾਕੇਸ਼ ਟਿਕੈਤ

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗ਼ੈਰਸਾਲੀ।

ਜਾਪਾਨ ਨੂੰ ਪਹਿਲੀ ਵਾਰ ਮਿਲੇਗੀ ਮਹਿਲਾ ਪ੍ਰਧਾਨ ਮੰਤਰੀ- ਇਕ ਖ਼ਬਰ

ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ।

ਪੰਜਾਬ ਲਈ ਇਸ ਸੰਕਟ ਦੌਰਾਨ ਫ਼ੰਡਾਂ ਦੀ ਕੋਈ ਕਮੀ ਨਹੀਂ- ਰਵਨੀਤ ਬਿੱਟੂ

ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਞੇ ਪਏ ਨੇ ਮਹਿਲ ਵੀਰਾਨ ਮੇਰੇ।

===============================================================

ਚੁੰਝਾਂ-ਪ੍ਹੌਂਚੇ - - ਨਿਰਮਲ ਸਿੰਘ ਕੰਧਾਲਵੀ

01.10.2025

ਅਮਰੀਕਾ ਲਈ ਭਾਰਤ ਨਾਲ ਚੰਗੇ ਸਬੰਧ ਬਹੁਤ ਅਹਿਮ- ਅਮਰੀਕੀ ਵਿਦੇਸ਼ ਮੰਤਰੀ

ਓ ਭਰਾਵਾ, ਬਿਆਨ ਦੇਣ ਤੋਂ ਪਹਿਲਾਂ ਟਰੰਪ ਨੂੰ ਪੁੱਛ ਲਿਆ ਸੀ ਕਿ ਨਹੀਂ?

ਹੜ੍ਹ ‘ਚ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਮਾਲ ਅਧਿਕਾਰੀ- ਇਕ ਖ਼ਬਰ

ਅਗਲੇ ਆਪਣਾ ਮਾਲ ਬਣਾਉਣ ਕਿ ਤੁਹਾਡੇ ਮਸਲੇ ਸੁਣਨ।

ਕੇਂਦਰ ਕਿਸੇ ਵੀ ਸੂਬੇ ਉਪਰ ਕੋਈ ਵੀ ਭਾਸ਼ਾ ਨਹੀਂ ਥੋਪ ਰਿਹਾ- ਕੇਂਦਰੀ ਵਿੱਦਿਆ ਮੰਤਰੀ ਧਰਮੇਂਦਰ ਪਰਧਾਨ

ਹਾਥੀ ਕੇ ਦਾਂਤ ਖਾਨੇ ਕੇ ਔਰ, ਦਿਖਾਨੇ ਕੇ ਔਰ।

ਜੀ.ਐੱਸ.ਟੀ. ਸੁਧਾਰਾਂ ਨਾਲ ਹੋਵੇਗਾ ਚਾਰ ਹਜ਼ਾਰ ਕਰੋੜ ਰੁਪਏ ਦਾ ਫ਼ਾਇਦਾ- ਨਾਇਬ ਸੈਣੀ

ਜਿਹੜੀ ਅੱਠ ਸਾਲ ਇਸ ਜੀ.ਐੱਸ.ਟੀ. ਨੇ ਗ਼ਰੀਬਾਂ ਦੀ ਖੱਲ ਉਤਾਰੀ ਉਸ ਦਾ ਹਿਸਾਬ ਵੀ ਦੇ ਦਿਉ।

ਆਉਂਦੇ ਬਜਟ ਵਿਚ ਔਰਤਾਂ ਨੂੰ 1100 ਰੁਪਏ ਦਾ ਵਾਅਦਾ ਵੀ ਪੂਰਾ ਕਰ ਦਿਆਂਗੇ-ਭਗਵੰਤ ਮਾਨ

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਤੇ ਹੋਰ ਊਰਜਾ ਵਪਾਰ ਕਰਨਾ ਚਾਹੁੰਦੇ ਹਾਂ- ਅਮਰੀਕੀ ਮੰਤਰੀ

ਹੱਥਕੜੀਆਂ ਤੇ ਬੇੜੀਆਂ ਲਗਾ ਲੋਕਾਂ ਨੂੰ ਵਾਪਸ ਭੇਜਣ ਤੋਂ ਹੀ ਤੁਹਾਡੇ ਪਿਆਰ ਦਾ ਪਤਾ ਲਗ ਜਾਂਦੈ।

ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਹੈ ਕੇਂਦਰ ਸਰਕਾਰ- ਕੇਂਦਰੀ ਮੰਤਰੀ ਕਮਲੇਸ਼ ਪਾਸਵਾਨ

ਬਸ ਖੜ੍ਹੀ ਐ, ਕਰਨਾ ਕਰਾਉਣਾ ਕੁਝ ਨਹੀਂ।

ਲਾਹੌਰ ਹਾਈ ਕੋਰਟ ‘ਚ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਇਆ ਗਿਆ- ਇਕ ਖ਼ਬਰ

ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।

ਪੰਜਾਬ ਨੂੰ ਆਪਣੇ ਡੈਮਾਂ ਲਈ ਆਪਣਾ ਸੁਰੱਖਿਆ ਐਕਟ ਬਣਾਉਣ ਦੀ ਲੋੜ- ਪਰਗਟ ਸਿੰਘ

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।

ਹਾਈਕੋਰਟ ਦੇ ਕੁਝ ਜੱਜ ਆਪਣੇ ਕੰਮ ਨਿਭਾਉਣ ‘ਚ ਅਸਮਰੱਥ ਹਨ- ਸੁਪਰੀਮ ਕੋਰਟ

ਫੇਰ ਇਹ ਖੱਟਾ ਪੀਣ ਲਈ ਰੱਖੇ ਹੋਏ ਐ, ਛੁੱਟੀ ਕਰੋ ਇਹਨਾਂ ਦੀ।

 ਮੋਦੀ ਦੀਆਂ ਜੱਫੀਆਂ ਨੇ ਭਾਰਤ ਨੂੰ ਕੂਟਨੀਤਕ ਤੌਰ ‘ਤੇ ਅਲੱਗ- ਥਲੱਗ ਕੀਤਾ- ਕਾਂਗਰਸ

ਤੇਰੀਆਂ ਜੱਫੀਆਂ ਵੱਫੀਆਂ ਵੇ, ਕੰਮ ਕਿਸੇ ਨਾ ਆਈਆਂ।

ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਇਆ ਟ੍ਰੈਕਟਰਾਂ ਦਾ ਹੜ੍ਹ- ਇਕ ਖ਼ਬਰ

ਨਾਮਦੇਵ ਨੂੰ ਗਵਾਂਢਣ ਪੁੱਛਦੀ, ਕੀਹਤੋਂ ਤੈਂ ਬਣਾਈ ਛੱਪਰੀ।

ਤਾਜ਼ਾ ਸਰਵੇਖਣਾਂ ‘ਚ ਬਹੁਗਿਣਤੀ ਅਮਰੀਕਨ ਲੋਕਾਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਨਕਾਰਿਆ- ਇਕ ਖ਼ਬਰ

ਕਾਦਰਯਾਰ ਅਣਹੋਣੀਆਂ ਕਰਨ ਜੇਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।

ਦੋ ਵੱਡੇ ਕਿਸਾਨ ਆਗੂ ਉਗਰਾਹਾਂ ਤੇ ਡੱਲੇਵਾਲ ਆਹਮੋ- ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।

ਡੇਰਾ ਬਿਆਸ ਮੁਖੀ ਨੇ ਜੇਲ੍ਹ ‘ਚ ਬੰਦ ਮਜੀਠੀਆ ਨਾਲ਼ ਕੀਤੀ ਮੁਲਾਕਾਤ- ਇਕ ਖ਼ਬਰ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

===================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

17.09.2025

ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਰ ਕੇ ਚੋਣ ਕਮਿਸ਼ਨ ਨੂੰ ਸ਼ਰਮਿੰਦਾ ਕੀਤਾ ਜਾਣਾ ਚਾਹੀਦੈ- ਕਾਂਗਰਸ ਨੇਤਾ ਜੈ ਰਾਮ ਰਮੇਸ਼

ਹੋਰ ਲੋਕਾਂ ਨੂੰ ਸਜ਼ਾਵਾਂ ਤੇ ਚੋਣ ਕਮਿਸ਼ਨ ਨੂੰ ਸਿਰਫ਼ ਸ਼ਰਮਿੰਦਗੀ। ਵਾਹ ਰੇ ਇਨਸਾਫ਼!

ਨੇਤਾ ਨੂੰ ਮੋਟੀ ਚਮੜੀ ਵਾਲਾ ਹੋਣਾ ਚਾਹੀਦੈ-ਸੁਪਰੀਮ ਕੋਰਟ

ਯਾਨੀ ਕਿ ਸੁਖ.......ਬਾ..........ਵਰਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਹੁਣ ਤਕ ਵੰਡੀ ਰਾਹਤ ਸਾਮੱਗਰੀ ਦੇ ਵੇਰਵੇ ਜਨਤਕ ਕਰਨ- ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਸ਼੍ਰੋਮਣੀ ਕਮੇਟੀ ਵਲੋਂ ਹੜ੍ਹ ਪੀੜਤਾਂ ਨੂੰ ਦਿਤੀ ਜਾ ਰਹੀ ਰਾਹਤ ਪਾਰਦਰਸ਼ੀ- ਧਾਮੀ

ਧਾਮੀ ਸਾਹਿਬ ਇਹ ਸਫ਼ਾਈ ਦੇਣ ਦੀ ਲੋੜ ਕਿਉਂ ਪਈ? ‘ਚੋਰ ਕੀ ਦਾੜ੍ਹੀ ਮੇਂ ਤਿਨਕਾ’ ਵਾਲੀ ਗੱਲ ਤਾਂ ਨਹੀਂ ਕਿਤੇ!

ਭਾਰਤ- ਮਾਰੀਸ਼ਸ ਦੋ ਦੇਸ਼ ਪਰ ਇਨ੍ਹਾਂ ਦਾ ਸੁਪਨਾ ਇਕ-ਮੋਦੀ

ਉਂਜ ਵੇਖਣ ਨੂੰ ਅਸੀਂ ਦੋ ਕਿ ਤੇਰੀ ਮੇਰੀ ਇਕ ਜਿੰਦੜੀ।

ਧਰਨਾ ਲਗਾਉਂਣ ਦੀ ਵਿਉਂਤ ਬਣਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ- ਇਕ ਖ਼ਬਰ

ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫ਼ਰਿਆਦ ਕੀ, ਘੁਟ ਕੇ ਮਰ ਜਾਊਂ ਯੇਹ ਮਰਜ਼ੀ ਹੈ ਮਿਰੇ ਸੱਯਾਦ ਕੀ।

ਸ਼੍ਰੋਮਣੀ ਕਮੇਟੀ ਦੇ ਪੈਸਿਆਂ ਨਾਲ ਸੁਖਬੀਰ ਬਾਦਲ ਹੜ੍ਹ ਪੀੜਤਾਂ ਨੂੰ ਵੰਡ ਰਹੇ ਹਨ ਰਾਹਤ- ਸ਼੍ਰੋਮਣੀ ਕਮੇਟੀ ਮੈਂਬਰ

ਤੇਲ ਨੇ ਬਣਾਈਆਂ ਤੋਰੀਆਂ, ਵੱਡੀ ਨੂੰਹ ਦੀਆਂ ਸਿਫ਼ਤਾਂ।

14 ਸਾਲ ਬੀਤਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਕੋਈ ਉਮੀਦ ਨਹੀਂ- ਇਕ ਖ਼ਬਰ

ਕੋਈ ਊਠਾਂ ਵਾਲ਼ੇ ਨੀ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਪ੍ਰਧਾਨ ਮੰਤਰੀ ਵਲੋਂ ਦਿਤੀ ਗਈ ਰਾਹਤ ‘ਊਠ ਦੇ ਮੂੰਹ ‘ਚ ਜ਼ੀਰਾ’- ਰਾਜਾ ਵੜਿੰਗ

ਉਡਦੀ ਧੂੜ ਦਿਸੇ, ਬੋਤਾ ਯਾਰ ਦਾ ਨਜ਼ਰ ਨਾ ਆਵੇ।

ਖ਼ਾਲਸਾ ਏਡ ਦੀ ਟੀਮ ਵਲੋਂ ਸਿਆਲਕੋਟ ਅਤੇ ਮੁਲਤਾਨ ਇਲਾਕੇ ‘ਚ ਰਾਹਤ ਕਾਰਜ ਜਾਰੀ- ਇਕ ਖ਼ਬਰ

ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ।

ਨੇਪਾਲ ਦਾ ਪ੍ਰਧਾਨ ਮੰਤਰੀ ਹੈਲੀਕਾਪਟਰ ‘ਤੇ ਹੋਇਆ ਫ਼ਰਾਰ- ਇਕ ਖ਼ਬਰ

ਹੋਰ ਉਹ ਉੱਥੇ ਰਹਿ ਕੇ ਛਿੱਤਰ ਖਾਂਦਾ!

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲੰਗਰ ‘ਚੋਂ ਰਸਦ ਚੋਰੀ ਕਰਦੇ ਤਿੰਨ ਕਰਮਚਾਰੀ ਫੜੇ ਗਏ- ਇਕ ਖ਼ਬਰ

ਜਿਨ੍ਹਾਂ ਨੇ ਸੁੱਕੀਆਂ ਰੋਟੀਆਂ ਡਕਾਰ ਲਈਆਂ ਉਹ ਘਿਉ ਦੇ ਪੀਪਿਆਂ ਨੂੰ ਬਖ਼ਸ਼ਣਗੇ!

ਪ੍ਰਧਾਨ ਮੰਤਰੀ ਮੋਦੀ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਗਏ- ਪੰਜਾਬ ਸਰਕਾਰ

ਮਿੱਤਰਾਂ ਨੂੰ ਮਾਰ ਗਿਆ, ਤੇਰਾ ਮੁੜ ਕੇ ਆਉਣ ਦਾ ਲਾਰਾ।

ਸਾਡੀ ਪਾਰਟੀ ‘ਚ ਕੋਈ ਧੜਾ ਨਹੀਂ, ਮੈਂ ਹੀ ਮੁੱਖ ਮੰਤਰੀ ਬਣਿਆ ਰਹਾਂਗਾ- ਭਗਵੰਤ ਮਾਨ

ਮੈਂ ਸੂਬਾ ਸਰਹੰਦ ਦਾ, ਤੁਸੀਂ ਨਿਕੜੇ ਨਿਕੜੇ ਬਾਲ।

ਟਰੰਪ ਨੇ ਸਾਰੇ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖ਼ਰੀਦਣਾ ਬੰਦ ਕਰਨ ਦੀ ਮੰਗ ਕੀਤੀ-ਇਕ ਖ਼ਬਰ

ਸੇਵੀਆਂ ਦੀ ਪਿੱਛ ਮੰਗਦਾ, ਮੇਰੀ ਸੱਸ ਨੇ ਕਲਹਿਣਾ ਪੁੱਤ ਜੰਮਿਆਂ।

ਚੋਣ ਕਮਿਸ਼ਨ ਰਾਹੁਲ ਗਾਂਧੀ ਪ੍ਰਤੀ ਅਪਮਾਨਜਨਕ ਭਾਸ਼ਾ ਵਰਤਣ ਦੀ ਬਜਾਏ ਜਾਂਚ ਕਰਵਾਉਂਦਾ- ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ

ਹੜ੍ਹ ਮਾਰੇ ਲੋਕਾਂ ਦੇ ਖੇਤਾਂ ਅਤੇ ਘਰਾਂ ‘ਚੋਂ ਪਾਣੀ ਤਾਂ ਸੁੱਕ ਜਾਵੇਗਾ ਪਰ ਹੰਝੂ ਨਹੀਂ ਸੁੱਕਣੇ- ਇਕ ਸੱਚ

ਵਰਦੀ ਪਹਿਨਦਿਆਂ ਹੀ ਪੁਲਸ ਨਿਜੀ ਅਤੇ ਧਾਰਮਕ ਸੋਚ ਤਿਆਗੇ- ਸੁਪਰੀਮ ਕੋਰਟ

ਵਿੱਤ ਮੰਤਰੀ ਹਰਪਾਲ ਚੀਮਾ ਨੇ ਸੂਬਾ ਆਫ਼ਤ ਰਾਹਤ ਫੰਡ ਦੇ ਵੇਰਵੇ ਜਨਤਕ ਕਰ ਕੇ ਵਿਰੋਧੀਆਂ ਦੇ ਦਾਅਵੇ ਕੀਤੇ ਰੱਦ- ਇਕ ਖ਼ਬਰ

ਰਾਜਪਾਲਾਂ ਵਲੋਂ ਵਾਜਬ ਸਮੇਂ ਅੰਦਰ ਬਿੱਲਾਂ ਉੱਪਰ ਕਾਰਵਾਈ ਕਰਨ ਦੀ ਉਮੀਦ- ਸੁਪਰੀਮ ਕੋਰਟ

ਪੰਜਾਬ ਦੀ ਬਾਂਹ ਫੜਨ ਦੀ ਹੁਣ ਸਾਡੀ ਵਾਰੀ-ਸਲਮਾਨ ਖ਼ਾਨ

ਸਿਮਰਜੀਤ ਸਿੰਘ ਬੈਂਸ ਭਤੀਜੇ ਵਲੋਂ ਚਲਾਈਆਂ ਗੋਲ਼ੀਆਂ ‘ਚੋਂ ਵਾਲ਼ ਵਾਲ਼ ਬਚਿਆ-ਇਕ ਖ਼ਬਰ

ਰਾਜਪਾਲ ਕੈਬਨਿਟ ਦੀ ਸਲਾਹ ਮੰਨਣ ਲਈ ਪਾਬੰਦ-ਸੁਪਰੀਮ ਕੋਰਟ

ਮੁੱਖ ਮੰਤਰੀ ਵਲੋਂ ਹੜ੍ਹਾਂ ਦੇ ਮੁੱਦੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ- ਰਾਜਾ ਵੜਿੰਗ

12 ਹਜ਼ਾਰ ਕਰੋੜ ਦੇ ਰਾਹਤ ਫੰਡ ਅਤੇ ਬੀ.ਬੀ.ਐਮ.ਬੀ. ਬਾਰੇ ਅੰਕੜੇ ਜਨਤਕ ਕਰੇ ਪੰਜਾਬ ਸਰਕਾਰ- ਪਰਗਟ ਸਿੰਘ

ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਰੁਕਾਵਟਾਂ ਦੂਰ ਕਰਨ ਲਈ ਗੱਲਬਾਤ ਜਾਰੀ- ਟਰੰਪ

=========================================================================

ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਧਾਰਮਕ ਕੰਮਾਂ ਤੋਂ ਸਿਆਸਤਦਾਨਾਂ ਨੂੰ ਦੂਰ ਰੱਖੋ- ਨਿਤਿਨ ਗਡਕਰੀ

ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ।

ਟਰੰਪ ਦਾ ਜਾਪਾਨ ਉੱਪਰ ਅਮਰੀਕੀ ਚੌਲ ਖ਼ਰੀਦਣ ਲਈ ਦਬਾਅ- ਇਕ ਖ਼ਬਰ

ਜੋਰੀ ਮੰਗੇ ਦਾਨ ਵੇ ਲਾਲੋ।

ਕਾਂਗਰਸ ਬੱਚਿਆਂ ਦੀਆਂ ਟਾਫ਼ੀਆਂ ਉੱਤੇ ਵੀ ਟੈਕਸ ਲਗਾਉਂਦੀ ਸੀ- ਮੋਦੀ

ਤੇ ਤੁਸੀਂ ਜੀ.ਐੱਸ.ਟੀ. ਰਾਹੀਂ ਗ਼ਰੀਬਾਂ ਦਾ ਜੋ ਲਹੂ ਪੀਤਾ, ਉਸ ਦਾ ਹਿਸਾਬ ਕੌਣ ਦੇਵੇਗਾ?

37 ਸਾਲਾਂ ‘ਚ 22 ਕਿੱਲੋਮੀਟਰ ਧੁੱਸੀ ਬੰਨ੍ਹ ਵੀ ਨਹੀਂ ਬਣਾ ਸਕੀਆਂ ਸਮੇਂ ਦੀਆਂ ਸਰਕਾਰਾਂ- ਕੁੱਲ ਹਿੰਦ ਕਿਸਾਨ ਸਭਾ

ਕਾਗਜ਼ਾਂ ਵਿਚ ਤਾਂ ਕਈ ਵਾਰੀ ਬਣ ਗਿਆ ਹੋਣਾ ਬਈ!

ਭਾਰਤ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਉੱਤੇ ਗੱਲਬਾਤ ਕਰ ਰਿਹਾ ਹੈ- ਪਿਊਸ਼ ਗੋਇਲ

ਉਹ ਕਹੇ ਘੱਟ ਨਾ ਤੋਲੀਂ, ਉਹ ਕਹੇ ਥੜ੍ਹੇ ‘ਤੇ ਨਾ ਚੜ੍ਹੀਂ।

ਭਾਰਤ ਤੇ ਚੀਨ ਨੂੰ ਧਮਕਾਉਣਾ ਬੰਦ ਕਰੇ ਟਰੰਪ- ਇਕ ਖ਼ਬਰ

ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਗਾਜ਼ਾ ਉੱਤੇ ਕਬਜ਼ਾ ਕਰ ਕੇ ਇਮਾਰਤਾਂ ਵੇਚਣਗੇ ਟਰੰਪ- ਇਕ ਖ਼ਬਰ

ਉੱਜੜੇ ਬਾਗ਼ਾਂ ਦੇ ਗਾਲੜ੍ਹ ਪਟਵਾਰੀ।

ਨਰਮ ਪਏ ਟਰੰਪ ਦੇ ਤੇਵਰ, ਮੋਦੀ ਮੇਰੇ ਹਮੇਸ਼ਾ ਦੋਸਤ ਰਹਿਣਗੇ- ਇਕ ਖ਼ਬਰ

ਅਜੇ ਮਿਹਰ ਮੁਹੱਬਤਾਂ ਲੋੜਨਾ ਏਂ, ਮੇਰੇ ਮਾਰ ਕੇ ਜਿਗਰ ਕਟਾਰ ਵੈਰੀ।

ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥੋਂ ਗੁਆ ਦਿਤੈ- ਟਰੰਪ

ਜੂੜੇ ਖੋਲ੍ਹ ਹੁਣ ਰੋਂਦੀਆਂ, ਸੂਹੇ ਚੂੜੇ ਵਾਲ਼ੀਆਂ।

ਹੜ੍ਹ ਪੀੜਤਾਂ ਦੇ ਦੁੱਖ ਦੇਖ ਕੇ ਵੀ ਮੋਦੀ ਸਰਕਾਰ ਚੁੱਪ- ਸਾਬਕਾ ਕੈਬਨਿਟ ਮੰਤਰੀ ਧਾਲੀਵਾਲ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

‘ਵੋਟ ਚੋਰੀ’ ਉੱਤੇ ਖ਼ੁਲਾਸਿਆਂ ਦਾ ‘ਹਾਈਡ੍ਰੋਜਨ ਬੰਬ’ ਤਿਆਰ- ਰਾਹੁਲ ਗਾਂਧੀ

ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਿੰਮੀਂ ਆਸਮਾਨ ਹੋਇਆ।

ਹੜ੍ਹਾਂ ਬਾਰੇ ਆਪਣੀ ਅਸਫ਼ਲਤਾ ਲੁਕਾਉਣ ਲਈ ਮਾਨ ਸਰਕਾਰ ਅਧਿਕਾਰੀਆਂ ਸਿਰ ਭਾਂਡਾ ਭੰਨਣ ਲੱਗੀ- ਇਕ ਖ਼ਬਰ

ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।

ਦੇਸ਼ ਦੇ ਲੱਗਭਗ 47% ਮੰਤਰੀਆਂ ਉੱਪਰ ਅਪਰਾਧਕ ਮਾਮਲੇ ਦਰਜ- ਇਕ ਖ਼ਬਰ

ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।

ਟਰੰਪ ਨੂੰ ਝਟਕਾ, ਜੱਜ ਨੇ ਹਾਰਵਰਡ ਯੂਨੀਵਰਸਿਟੀ ਦੇ ਫੰਡਾਂ ਦੀ ਕਟੌਤੀ ਦਾ ਫ਼ੈਸਲਾ ਉਲਟਾਇਆ- ਇਕ ਖ਼ਬਰ

ਜ਼ਰਾ ਸਮਝ ਨਾ ਆਉਂਦੀ ਮੂਲ਼ ਤੈਨੂੰ, ਸਿਰ ਕੂੜ ਦੀ ਪੰਡ ਉਠਾਵਨਾ ਏਂ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਸੇਵਾ-ਭਾਵਨਾ ਦੀਆਂ ਘਰ-ਘਰ ਚੱਲੀਆਂ ਗੱਲਾਂ- ਇਕ ਖ਼ਬਰ

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ।

----------------------------------------------------------------------------------------------

ਚੁੰਝਾਂ-ਪ੍ਹੌਂਚੇ -(ਨਿਰਮਲ ਸਿੰਘ ਕੰਧਾਲਵੀ)

ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖ ਪਰਵਾਰਾਂ ਨੂੰ ਸੀ.ਐਮ.ਸੈਣੀ ਵਲੋਂ ਨੌਕਰੀਆਂ ਦੇਣ ਦੀ ਸ਼ਲਾਘਾ-ਪਰਮਜੀਤ ਸਿੰਘ ਮਾਖਾ

ਬਿਨਾਂ ਪਾਣੀ ਤੋਂ ਹੀ ਮੌਜੇ ਨਾ ਉਤਾਰੀ ਜਾਉ, ਪਹਿਲਾਂ ਨੌਕਰੀਆਂ ਮਿਲ ਤਾਂ ਲੈਣ ਦਿਉ। ਫੇਰ ਕਰਿਉ ਸ਼ਲਾਘਾ।

ਡੱਲੇਵਾਲ ਤੋਂ ਵੱਖ ਹੋਏ ਪ੍ਰਮੁੱਖ ਕਿਸਾਨ ਆਗੂਆਂ ਨੇ ਇਕ ਹੋਰ ਮੋਰਚਾ ਬਣਾ ਕੇ ਸਰਗਰਮੀ ਕੀਤੀ ਸ਼ੁਰੂ- ਇਕ ਖ਼ਬਰ

ਬਾਰਾ ਭੱਈਏ, ਅਠਾਰਾਂ ਚੁੱਲ੍ਹੇ।

ਮੇਰੇ ਕੋਲ ਅਜਿਹੇ ਕਾਰਡ ਹਨ ਜੇ ਖੋਲ੍ਹ ਦਿਤੇ ਤਾਂ ਚੀਨ ਬਰਬਾਦ ਹੋ ਜਾਵੇਗਾ- ਟਰੰਪ

ਟਰੰਪ ਕਾਰਡ।

ਅਮਰੀਕੀ ਅਦਾਲਤ ਨੇ ਟੈਰਿਫ਼ ਨੂੰ ਗ਼ੈਰਕਾਨੂੰਨੀ ਦੱਸਿਆ- ਇਕ ਖ਼ਬਰ

ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਬਿਹਾਰ ‘ਚ ਇੰਡੀਆ ਗੱਠਜੋੜ ਇਕਜੁਟ- ਰਾਹੁਲ ਗਾਂਧੀ

ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।

ਐਸ.ਬੀ.ਆਈ ਮਗਰੋਂ ਬੈਂਕ ਆਫ਼ ਇੰਡੀਆ ਨੇ ਵੀ ਆਰਕਾਨ ਅਤੇ ਅਨਿਲ ਅੰਬਾਨੀ ਨੂੰ ਧੋਖੇਬਾਜ਼ ਕਰਾਰ ਦਿਤਾ-ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਸ਼ਿਵਰਾਜ ਸਿੰਘ ਚੌਹਾਨ ਨੇ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਲੈਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਮੇਰਾ ਨਰਮ ਕਾਲਜਾ ਮੱਚਦਾ, ਲੱਡੂ ਨਹੀਂ ਖਾਣੇ ਤੇਰੇ ਤੇਲ ਦੇ।

ਟਰੰਪ ਨੇ ਨਿੱਜੀ ਰੰਜਿਸ਼ ਕਾਰਨ ਭਾਰਤ ‘ਤੇ ਲਾਇਆ ਟੈਰਿਫ਼- ਅਮਰੀਕੀ ਨਿਵੇਸ਼ ਕੰਪਨੀ

ਬਾਂਹ ਮਾਰ ਕੇ ਘੋਟਣਾ ਭੰਨ ‘ਤੀ, ਜੇਠ ਦੀ ਮੈਂ ਗੱਲ ਨਾ ਮੰਨੀ।

ਕਿਸਾਨਾਂ ਨੇ ਜੰਤਰ ਮੰਤਰ ‘ਤੇ ਮਹਾਂਪੰਚਾਇਤ ਕਰ ਕੇ ਮੋਦੀ ਸਰਕਾਰ ਨੂੰ ਵੰਗਾਰਿਆ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਹਰਿਆਣਾ ਨੇ ਪਾਣੀ ਦਾ ਕੋਟਾ ਹੋਰ ਘਟਾਉਣ ਲਈ ਪੰਜਾਬ ਨੂੰ ਕਿਹਾ- ਇਕ ਖ਼ਬਰ

ਕਿਉਂ ਹੁਣ ਪਾਣੀ ਬੁਰਾ ਲਗਦਾ? ਜੀ ਪਉ ਚਿੜੀਓ ਮਰ ਜਾਓ ਚਿੜੀਓ!

ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਫੰਡ ਜਲਦੀ ਜਾਰੀ ਕਰੇ- ਗਿ. ਹਰਪ੍ਰੀਤ ਸਿੰਘ

ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਬਿਹਾਰ ਤੋਂ ਸ਼ੁਰੂ ਹੋਈ ‘ਵੋਟਰ ਅਧਿਕਾਰ ਯਾਤਰਾ’ ਸਾਰੇ ਦੇਸ਼ ਵਿਚ ਫ਼ੈਲੇਗੀ- ਰਾਹੁਲ ਗਾਂਧੀ

ਨੱਚ ਲੈ ਸ਼ਾਮ ਕੁਰੇ, ਹੁਣ ਭੌਰ ਬੋਲੀਆਂ ਪਾਵੇ।

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ- ਇਕ ਖ਼ਬਰ

ਲੈ ਗਈ ਕੁੰਜੀਆਂ ਚੁਬਾਰਿਆਂ ਵਾਲ਼ੀ, ਖੈਰ ਕਿੱਥੋਂ ਪਾਵਾਂ ਜੋਗੀਆ।

ਸੰਵਿਧਾਨ ਦੀ ਰਾਖੀ ਲਈ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨ- ਰਾਹੁਲ ਗਾਂਧੀ

ਲੋਕੋ ਜਾਗਦੇ ਰਹਿਣਾ, ਟੋਲੀ ਲੋਟੂਆਂ ਦੀ ਆਈ।

ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਇਰ ਨਹੀਂ ਕਰ ਸਕਦੇ ਸੂਬੇ- ਕੇਂਦਰ ਸਰਕਾਰ

ਮੇਰੀ ਗੁੱਤ ਦੇ ਵਿਚਾਲੇ ਠਾਣਾ, ਕੈਦ ਕਰਾ ਦਊਂਗੀ।

====================================================================

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

26.08.2025

ਪੂਰੀ ਆਜ਼ਾਦੀ ਚਾਹੀਦੀ ਹੈ ਤਾਂ ਵਿਆਹ ਹੀ ਨਾ ਕਰਵਾਉ- ਸੁਪਰੀਮ ਕੋਰਟ

ਨਾ ਚੋਰ ਲੱਗੇ, ਨਾ ਕੁੱਤਾ ਭੌਂਕੇ।

ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰ ਨੂੰ ਪ੍ਰੋਗਰਾਮ ਲਈ ਸੱਦਾ ਦਿਤਾ ਗਿਆ- ਗਾਇਕ ਜਸਬੀਰ ਜੱਸੀ

ਦਾਰੂ-ਬੱਤਾ ਜਿੰਨਾ ਵੱਧ ਵਿਕੇਗਾ ਉਨੀ ਸਰਕਾਰ ਨੂੰ ਵੱਧ ਆਮਦਨ ਹੋਵੇਗੀ, ਬਾਈ ਜਸਬੀਰ ਸਿਆਂ!

ਵਿਰੋਧੀ ਧਿਰ ਨੇ ਮੁੜ ਸੰਸਦ ਕੰਪਲੈਕਸ ਵਿਚ ਐਸ.ਆਈ.ਆਰ. ਵਿਰੁੱਧ ਕੀਤਾ ਰੋਸ ਪ੍ਰਦਰਸ਼ਨ- ਇਕ ਖ਼ਬਰ

ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਭਾਵੇਂ ਕਰੇ ਨਿੰਦਿਆ।

ਭਾਰਤ-ਚੀਨ ਰਿਸ਼ਤੇ ਪਹਿਲਾਂ ਨਾਲੋਂ ਹੋਏ ਬਿਹਤਰ- ਡੋਭਾਲ

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।

ਐਸ.ਆਈ. ਆਰ. ਵੋਟ ਚੋਰੀ ਦਾ ਨਵਾਂ ਹਥਿਆਰ- ਰਾਹੁਲ ਗਾਂਧੀ

ਠੱਗ ਆਉਂਦੇ ਲੋਕਾਂ ਨੂੰ ਠੱਗਦੇ, ਨਵੇਂ ਨਵੇਂ ਰੂਪ ਧਾਰ ਕੇ।

ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਜੇ ਮੈਂ ਹੁੰਦਾ ਤਾਂ ਕਦੇ ਪ੍ਰਧਾਨ ਨਾ ਬਣਦਾ- ਗਿਆਨੀ ਰਘਬੀਰ ਸਿੰਘ

ਜੇ ਕਣੀ ਹੁੰਦੀ ਤੇਰੇ ਵਿਚ ਤਾਂ ਹੀ ਪ੍ਰਧਾਨ ਬਣਦਾ।

ਸੰਸਦ ਦੇ ਮਾਨਸੂਨ ਸੈਸ਼ਨ ਵਿਚ ਆਮ ਲੋਕਾਂ ਦੇ ਸਵਾਲ ਰੁਲ਼ ਗਏ- ਇਕ ਖ਼ਬਰ

ਕੀ ਬਣਦਾ ਛੱਪੜੀਏ ਤੇਰਾ, ਸੰਨ੍ਹ ਦਰਿਆਵਾਂ ਦੇ।

ਸ੍ਰੀ ਸਾਹਿਬ ਦੀ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਮਿਲਿਆ ਸਨਮਾਨ ਵਾਪਸ ਕੀਤਾ ਸਰਪੰਚ ਨੇ-ਇਕ ਖ਼ਬਰ

ਛੱਡ ਦੇ ਲੜ ਪ੍ਰਦੇਸਣ ਦਾ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ।

ਸਿਰਸਾ (ਹਰਿਆਣਾ) ਵਿਚ ਬਿਨਾਂ ਪ੍ਰੀਖਿਆ ਦਿੱਤਿਆਂ ਲੋਕਾਂ ਨੇ ਤੀਹ ਹਜ਼ਾਰ ਰੁਪਏ ਵਿਚ ਖ਼ਰੀਦੀਆਂ ਜਾਅਲੀ ਡਿਗਰੀਆਂ- ਇਕ ਖ਼ਬਰ

ਖੂਹ ਟੋਭੇ ਤੇਰੀ ਹੁੰਦੀ ਚਰਚਾ, ਚਰਚਾ ਨਾ ਕਰਵਾਈਏ।

ਮੰਤਰੀ ਮੰਡਲ ਨੇ ਜੀ.ਐਸ.ਟੀ. ਵਿਚ ਬਦਲਾਅ ਕਰਨ ਦੀ ਦਿਤੀ ਮੰਨਜ਼ੂਰੀ- ਇਕ ਖ਼ਬਰ

ਲੰਡੇ ਊਠ ਨੂੰ ਸ਼ਰਾਬ ਪਿਲਾਵੇ, ਭੈਣ ਬਖਤੌਰੇ ਦੀ।

ਭਾਰਤ-ਪਾਕਿ ਮੁੱਦੇ ‘ਤੇ ਕਿਸੇ ਦੀ ਵਿਚੋਲਗੀ ਮੰਨਜ਼ੂਰ ਨਹੀਂ- ਜੈਸ਼ੰਕਰ

ਘੜਾ ਚੁੱਕ ਲਉਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਚੋਣ ਕਮਿਸ਼ਨ ਅਤੇ ਭਾਜਪਾ ਵਿਚਕਾਰ ਭਾਈਵਾਲੀ ਚਲ ਰਹੀ ਹੈ-ਰਾਹੁਲ ਗਾਂਧੀ

ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।

ਪੰਜਾਬ ‘ਚ ਆਰ.ਐਸ.ਐਸ. ਨੂੰ ਅਕਾਲੀ ਦਲ ਨੇ ਦਿਤੀ ਪੰਜਾਬ ਵਿਚ ਥਾਂ- ਸਿੱਖ ਵਿਦਵਾਨ ਖੁਸ਼ਹਾਲ ਸਿੰਘ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਪੰਥ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਹਰ ਕੋਸ਼ਿਸ਼ ਜਾਰੀ ਰਹੇਗੀ- ਗਿਆਨੀ ਹਰਪ੍ਰੀਤ ਸਿੰਘ

ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।

ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਲਿਆਉਣ ਲਈ ਵਿਰੋਧੀ ਧਿਰਾਂ ਵਿਚਾਰ ਕਰ ਰਹੀਆਂ ਹਨ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪਕੇ।

==========================================================================

ਚੁੰਝਾਂ-ਪ੍ਹੌਂਚੇ  - (ਨਿਰਮਲ ਸਿੰਘ ਕੰਧਾਲਵੀ)

ਪੰਜਾਬ ਦੇ ਦਰਿਆਵਾਂ ਤੇ ਡੈਮਾਂ ‘ਚ ਪਾਣੀ ਵਧਣ ਨਾਲ ਛੇ ਜਿਲ੍ਹਿਆਂ ‘ਚ ਹੜ੍ਹਾਂ ਦੀ ਸਥਿਤੀ ਬਣੀ-ਇਕ ਖ਼ਬਰ

ਪੰਜਾਬ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਖ਼ਰਚਾ ਰਾਜਸਥਾਨ, ਦਿੱਲੀ ਅਤੇ ਹਰਿਆਣੇ ਤੋਂ ਵਸੂਲ ਕਰੇ।

2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਹਲਚਲ ਹੋ ਗਈ ਸ਼ੁਰੂ- ਇਕ ਖ਼ਬਰ

ਵੱਜ ਗਏ ਢੋਲ ਨਗਾਰੇ, ਸਿਆਸੀ ਪਿੜ ਗਰਮ ਹੋਇਆ।

ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਪਰਗਟ ਸਿੰਘ

ਅਜੇ ਤਾਂ ਕੁੱਕੜ, ਬੱਕਰੀ, ਕਬੂਤਰ ਦਾ ਪਿਛਲਾ ਮੁਆਵਜ਼ਾ ਹੀ ਨਹੀਂ ਦਿਤਾ ਸਰਕਾਰ ਨੇ।

ਸਾਡੇ ਲਈ ਨੀਤੀ ਨਾਲੋਂ ਕਿਸਾਨਾਂ ਦੀ ਖ਼ੁਸ਼ੀ ਵਧੇਰੇ ਮਹੱਤਵਪੂਰਨ ਹੈ- ਹਰਪਾਲ ਚੀਮਾ

ਚੀਮਾ ਸਾਹਿਬ, ਲੱਤਾਂ ਤਾਂ ਅਖ਼ੀਰ ਤੱਕ ਅੜਾਈਆਂ ਸਰਕਾਰ ਨੇ। ਕਿਸਾਨਾਂ ਦੀ ਖ਼ੁਸ਼ੀ ਹਾ ਹਾ ਹਾ।

ਪਾਕਿ ਫ਼ੌਜ ਮੁਖੀ ਮੁਨੀਰ ਦੂਜੀ ਵਾਰ ਅਮਰੀਕਾ ਦੀ ਯਾਤਰਾ ‘ਤੇ ਗਏ- ਇਕ ਖ਼ਬਰ

ਹੁਣ ਤਾਂ ਵਾਈਟ ਹਾਊਸ ‘ਚ ਘਰ ਵਾਲ਼ੀ ਗੱਲ ਐ, ਜਦੋਂ ਮਰਜ਼ੀ ਮੁਨੀਰ ਆਵੇ ਜਾਵੇ।

ਸਿਰਫ਼ ‘ਆਪ’ ਹੀ ਔਰਤਾਂ ਨੂੰ ਸਰਗਰਮ ਰਾਜਨੀਤੀ ‘ਚ ਆਉਣ ਦਾ ਮੌਕਾ ਦਿੰਦੀ ਹੈ- ਕੇਜਰੀਵਾਲ

ਘਰ ਸੱਦ ਕੇ ਔਰਤਾਂ ਦੇ ਥੱਪੜ ਮਰਵਾਉਣ ਦਾ ਮੌਕਾ ਵੀ ‘ਆਪ’ ਹੀ ਦਿੰਦੀ ਹੈ। 

ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਹਥਿਆਉਣ ਦੀਆਂ ਗ਼ੈਰਇਖ਼ਲਾਕੀ ਗੱਲਾਂ ਕਰ ਰਹੇ ਹਨ- ਧਾਮੀ

ਬਾਦਲ ਹਥਿਆਉਣ ਤਾਂ ਇਖ਼ਲਾਕ, ਜੇ ਪੰਥ ਦੁਆਰਾ ਚੁਣੇ ਗਏ ਨੁਮਾਇੰਦੇ ਹਥਿਆਉਣ ਤਾਂ ਗ਼ੈਰਇਖ਼ਲਾਕ, ਵਾਹ ਧਾਮੀ ਸਾਹਿਬ

ਦੋਵਾਂ ਅਕਾਲੀ ਦਲਾਂ ਵਿਚਕਾਰ ਹੁਣ ਛਿੜੇਗੀ ਕਾਨੂੰਨੀ ਕਾਰਵਾਈ ਦੀ ਲੜਾਈ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਵੇਂ ਖਾਣੀ।

ਪੰਜਾਬ ਮੰਤਰੀ ਮੰਡਲ ਨੇ ਲੈਂਡ ਪੂਲਿੰਗ ਨੀਤੀ ਕੀਤੀ ਰੱਦ- ਇਕ ਖ਼ਬਰ

ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

ਚੋਣ ਕਮਿਸ਼ਨ ਨੇ ਕਿਸੇ ਵੀ ਸਵਾਲ ਦਾ ਅਰਥਪੂਰਣ ਜਵਾਬ ਨਹੀਂ ਦਿਤਾ- ਕਾਂਗਰਸ

ਰਾਂਝਾ ਕੀਲ ਕੇ ਪਟਾਰੀ ਵਿਚ ਪਾਇਆ, ਹੀਰ ਬੰਗਾਲਣ ਨੇ।

ਝੀਂਡਾ ਨੇ ਸ਼੍ਰੋਮਣੀ ਕਮੇਟੀ ਨੂੰ ਧਮਕਾਇਆ ਜੇ ਮੰਗ ਨਾ ਮੰਨੀ ਤਾਂ ਅਦਾਲਤ ‘ਚ ਘਸੀਟਾਂਗੇ- ਇਕ ਖ਼ਬਰ

ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀ, ਬਣੂ ਜੰਗ ਦਾ ਮੈਦਾਨ ਵੇਖੀਂ ਬੇਲਾ ਝੰਗ ਨੀ।

ਜਥੇਦਾਰਾਂ ‘ਚੋਂ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਹੀ ਬਣੇ ਬਾਦਲ ਦਲ ਲਈ ਚੁਣੌਤੀ- ਇਕ ਖ਼ਬਰ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

ਨੋਟਾਂ ਦੀਆਂ ਬੋਰੀਆਂ ਵਾਲ਼ੇ ਜਸਟਿਸ ਵਰਮਾ ਵਿਰੁੱਧ ਮਹਾਂਦੋਸ਼ ਮਤਾ ਪ੍ਰਵਾਨ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

14 ਸਾਲਾਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੋਈ ਰੱਦ- ਇਕ ਖ਼ਬਰ

ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਪੰਜਾਬ ਦੇ ਹਿਤਾਂ ਦੀ ਲੜਾਈ ਲੋਕਾਂ ਨੂੰ ਨਾਲ਼ ਲੈ ਕੇ ਲੜਾਂਗੇ- ਗਿਆਨੀ ਹਰਪ੍ਰੀਤ ਸਿੰਘ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਓ ਮੇਰਾ ਵੀਰ ਕੁੜੀਓ।

==============================================================