Ujagar Singh

ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼ - ਉਜਾਗਰ ਸਿੰਘ

ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪਰ ਸਮਾਜ’ ਇਕ ਇਤਿਹਾਸਕ ਦਸਤਾਵੇਜ ਹੈ। ਬਹਾਵਲਪੁਰ ਸਮਾਜ ਦੇ ਕੁਝ ਲੋਕ ਪੜ੍ਹੇ ਲਿਖੇ ਵਿਦਵਾਨ, ਸਿਆਸਤਦਾਨ, ਕਾਰੋਬਾਰੀ ਅਤੇ ਉਦਯੋਗਪਤੀ ਹਨ ਪ੍ਰੰਤੂ ਉਹ ਆਪਣੀ ਬਰਾਦਰੀ ਨਾਲੋਂ ਇਕ ਕਿਸਮ ਨਾਲ ਦੂਰ ਹੋ ਚੁੱਕੇ ਹਨ ਕਿਉਂਕਿ ਉਹ ਆਪਣੇ ਆਪਨੂੰ ਵੱਡੇ ਇਨਸਾਨ ਸਮਝਣ ਲੱਗ ਪਏ ਹਨ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਵਿਦਵਾਨ ਅਜੇ ਵੀ ਆਪਣੀ ਬਰਾਦਰੀ ਨਾਲ ਬਾਵਾਸਤਾ ਹਨ। ਉਹ ਹਰ ਵਕਤ ਆਪਣੀ ਬਰਾਦਰੀ ਦੀ ਬਿਹਤਰੀ ਅਤੇ ਇਕਮੁੱਠਤਾ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵਿੱਚੋਂ ਡਾ ਮਦਨ ਲਾਲ ਹਸੀਜਾ ਸਾਬਕਾ ਡਾਇਰੈਕਟਰ ਭਾਸ਼ਾਵਾਂ ਵਿਭਾਗ ਪੰਜਾਬ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ ਮੁੱਖੀ ਇਕ ਵਿਦਵਾਨ ਹਨ, ਜਿਹੜੇ ਹਰ ਵਕਤ ਬਰਾਦਰੀ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ। ਇਹ ਪੁਸਤਕ ਉਨ੍ਹਾਂ ਹਿੰਦੀ ਵਿੱਚ ਲਿਖੀ ਹੈ। ਬਹਾਵਲਪੁਰ ਸਮਾਜ ਦੀ ਆਪਣੀ ਸਰਾਇਕੀ ਭਾਸ਼ਾ ਹੈ ਪ੍ਰੰਤੂ  ਕਿਸੇ ਵੀ ਵਿਦਵਾਨ ਨੇ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ। ਬਹਾਵਲਪੁਰ ਸਮਾਜ ਮਿਹਨਤੀ, ਸਿਰੜ੍ਹੀ ਅਤੇ ਇਮਾਨਦਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਆਪਣੇ ਪਰਿਵਾਰਾਂ ਦੀ ਪਾਲਣ ਪੋਸ਼ਣ ਲਈ ਉਹ ਹਰ ਕਿਸਮ ਦਾ ਕਾਰੋਬਾਰ ਕਰਨ ਨੂੰ ਤਰਜੀਹ ਦਿੰਦੇ ਹਨ। ਭਾਵ ਉਹ ਜ਼ਮੀਨ ਨਾਲ ਜੁੜੇ ਹੋਏ ਬਹੁਤ ਹੀ ਮਿਹਨਤ ਕਰਨ ਵਾਲੇ ਕਿਰਤੀ ਕਿਸਮ ਦੇ ਲੋਕ ਹਨ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਅਲੋਪ ਹੋ ਰਹੇ ਰੀਤੀ ਰਿਵਾਜ, ਸੰਸਕਾਰ, ਤਿਥ ਤਿਓਹਾਰ ਅਤੇ ਸਭਿਅਚਾਰ ਨੂੰ ਸਾਂਭ ਕੇ ਰੱਖਣ ਅਤੇ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਇਹ ਪੁਸਤਕ ਆਉਣ ਵਾਲੀ ਬਹਾਵਲਪੁਰ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਕਿਉਂਕਿ ਅੱਜ ਕਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ। ਆਪਣੀ ਭਾਸ਼ਾ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿਚ ਵਰਤਣਾ ਵੀ ਚੰਗਾ ਨਹੀਂ ਸਮਝਦੇ, ਜਦੋਂ ਕਿ ਇਨਸਾਨ ਹਰ ਗੱਲ ਪਹਿਲਾਂ ਸੋਚਦਾ ਆਪਣੀ ਮਾਤ ਭਾਸ਼ਾ ਵਿੱਚ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰਨਾ ਬਣਦਾ ਹੈ। ਬਹਾਵਲਪੁਰ ਸਮਾਜ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਆ ਕੇ ਵਸ ਗਿਆ ਸੀ। ਉਹ ਪਾਕਿਸਤਾਨ ਵਿੱਚੋਂ ਆਪਣੇ ਕਾਰੋਬਾਰ ਛੱਡਕੇ ਖਾਲੀ ਹੱਥ ਭਾਰਤ ਵਿੱਚ ਆਏ ਸਨ। ਉਨ੍ਹਾਂ ਸਖ਼ਤ ਮਿਹਨਤ ਕੀਤੀ ਜਿਹੜੀ ਰੰਗ ਲਿਆਈ। ਇਸ ਸਮੇਂ ਇਸ ਸਮਾਜ ਦੇ ਲੋਕ ਸਿਆਸਤ ਅਤੇ ਹੋਰ ਹਰ ਖੇਤਰ ਵਿੱਚ ਉਚੇ ਰੁਤਬਿਆਂ ਤੇ ਸ਼ਸ਼ੋਭਤ ਹਨ। ਇਹ ਬਿਰਾਦਰੀ ਕਾਫ਼ੀ ਲੰਮੇ ਸਮੇਂ ਤੋਂ ਸੰਗਠਤ ਹੋਣ ਲਈ  ਕੋਸ਼ਿਸ਼ਾਂ ਵਿੱਚ ਲੱਗੀ ਹੋਈ ਸੀ। ਮਰਹੂਮ ਰਾਜ ਖੁਰਾਨਾ ਜੋ ਪੰਜਾਬ ਵਿੱਚ ਰਾਜਪੁਰਾ (ਪਟਿਆਲਾ) ਤੋਂ ਵਿਧਾਇਕ ਅਤੇ ਪੰਜਾਬ ਦੇ ਮੰਤਰੀ ਰਹੇ ਹਨ, ਉਨ੍ਹਾਂ ਨੇ ਆਪਣੀ ਬਿਰਾਦਰੀ ਨੂੰ ਇਕ ਪਲੇਟਫਾਰਮ ‘ਤੇ ਸੰਗਠਤ ਕਰਨ ਦੀ 1993 ਵਿੱਚ ਪਹਿਲ ਕੀਤੀ ਸੀ। ਉਨ੍ਹਾਂ ਹਰਿਦੁਆਰ ਵਿਖੇ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੀ ਪ੍ਰਧਾਨਗੀ ਵਿੱਚ ਭਾਰਤ ਵਿੱਚ ਵਸਦੇ ਬਹਾਵਲਪੁਰ ਸਮਾਜ ਦਾ ਇਕ ਸਮਾਗਮ ਆਯੋਜਤ ਕੀਤਾ ਸੀ। ਉਸ ਸਮਾਗਮ ਦੀ ਸਫਲਤਾ ਤੋਂ ਬਾਅਦ ਬਿਰਾਦਰੀ ਇਸ ਪਾਸੇ ਜੁੱਟੀ ਰਹੀ, ਜਿਸਦਾ ਉਨ੍ਹਾਂ ਦੀ ਕੋਸ਼ਿਸ਼ ਨੂੰ 2005 ਵਿੱਚ ਬੂਰ ਪਿਆ ਅਤੇ ਫਿਰ ‘‘ ਭਾਰਤੀਯ ਬਹਾਵਲਪੁਰ ਮਹਾਂਸੰਘ (ਰਜਿ) ਦੀ ਸਥਾਪਨਾ ਹੋਈ। ਇਹ ਮਹਾਂਸੰਘ ਬਾਖ਼ੂਬੀ ਬਿਰਾਦਰੀ ਦੇ ਹਿੱਤਾਂ ‘ਤੇ ਪਹਿਰਾ ਦੇਣ ਵਿੱਚ ਜੁਟਿਆ ਹੋਇਆ ਹੈ। ਇਹ ਪੁਸਤਕ ਵੀ ਇਸ ਮਹਾਂ ਸੰਘ ਦੇ ਰਾਸ਼ਟਰੀ ਮੁੱਖੀ ਡਾ ਮਦਨ ਲਾਲ ਹਸੀਜਾ ਨੇ ਹੀ ਲਿਖੀ ਅਤੇ ‘ ਭਾਰਤੀਯ ਬਹਾਵਲਪੁਰ ਮਹਾਂਸੰਘ ’ ਨੇ ਪ੍ਰਕਾਸ਼ਤ ਕਰਵਾਈ ਹੈ।
  ਲੇਖਕ ਨੇ ਬਹਾਵਲਪੁਰ ਸਮਾਜ ਦੀ ਬਿਹਤਰੀ ਲਈ ਮਹੱਤਵਪੂਰਨ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਬਾਰੇ ਬਹਾਵਲਪੁਰ ਸਮਾਜ ਨੂੰ ਅਮਲ ਕਰਨ ਲਈ ਜਦੋਜਹਿਦ ਕਰਨੀ ਬਣਦੀ ਹੈ। ਨੌਜਵਾਨ ਪੀੜ੍ਹੀ ਨੂੰ ਬਹਾਵਲਪੁਰ ਸਮਾਜ ਦੀ ਵਿਰਾਸਤ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਜਿਹੜੇ ਮੁੱਦੇ ਉਠਾਏ ਹਨ, ਉਨ੍ਹਾਂ ਵਿੱਚ ਘਟ ਗਿਣਤੀ ਕੌਮ ਦਾ ਦਰਜਾ ਕਿਵੇਂ ਪ੍ਰਾਪਤ ਕੀਤਾ ਜਾਵੇ, ਸਮਾਜ ਦੀਆਂ ਉਪ ਜਾਤੀਆਂ, ਸਮਾਜ ਦੇ ਤਿਓਹਾਰਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਮਨਾਉਣ ਦੇ ਢੰਗ ਤਰੀਕੇ, ਸਾਲਾਨਾ ਤਿਓਹਾਰ, ਰੀਤੀ ਰਿਵਾਜ਼, ਬੱਚਿਆਂ ਦਾ ਨਾਮਕਰਨ, ਵਿਆਹ ਸ਼ਾਦੀਆਂ ਦੀਆਂ ਰਸਮਾ, ਬਹਾਵਲਪੁਰ ਰਿਆਸਤਾਂ, ਨਵਾਬਾਂ ਦੇ ਸ਼ਾਹੀ ਠਾਠ, ਲਿਪੀਆਂ, ਉਪ ਜਾਤੀਆਂ, ਗੋਤਾਂ, ਪਹਿਰਾਵਾ ਅਤੇ ਬਹਾਵਲਪੁਰ ਸਮਾਜ ਦੀਆਂ ਵਿਸ਼ੇਸ਼ਤਾਈਆਂ ਆਦਿ ਹਨ। ਉਨ੍ਹਾਂ ਬਹਾਵਲਪੁਰ ਸਮਾਜ ਦੇ ਪ੍ਰਸਿਧ ਦੋ ਗਾਇਕਾਂ ਕੁੰਵਰ ਭਗਤ ਅਤੇ ਜੀਯਾ ਭਗਤ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੀ ਬਰਾਦਰੀ ਵਿੱਚ ਬਹੁਤ ਮਣਤਾ ਰਹੀ ਹੈ। ਕਈ ਰਸਮੋ ਰਿਵਾਜ਼ ਜਿਨ੍ਹਾਂ ਦਾ ਧਾਰਮਿਕ ਅਤੇ ਸਮਾਜਿਕ ਬੁਰਾ ਅਸਰ ਪੈਂਦਾ ਹੈ, ਉਨ੍ਹਾਂ ਬਾਰੇ ਭਾਰਤੀਯ ਬਹਾਵਲਪੁਰ ਮਹਾਂਸੰਘ ਵੱਲੋਂ ਕੀਤੇ ਫ਼ੈਸਲਿਆਂ ਬਾਰੇ ਵੀ ਦੱਸਿਆ ਗਿਆ ਹੈ। ਬਹਾਵਲਪੁਰ ਸਮਾਜ ਮੌਤ ਤੋਂ ਬਾਅਦ ਬਰਾਦਰੀ ਨੂੰ ਖਾਣਾ ਦਿੰਦਾ ਸੀ ਪ੍ਰੰਤੂ ਭਾਰਤੀਯ ਬਹਾਵਲਪੁਰ ਮਹਾਂਸੰਘ ਨੇ ਸਿਰਫ ਦੂਰੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਹੀ ਖਾਣਾ ਖਿਲਾਉਣ ਦੀ ਤਜ਼ਵੀਜ ਬਾਰੇ ਦੱਸਿਆ ਹੈ। ਸ਼ਾਸ਼ਤਰਾਂ ਦੇ ਅਨੁਸਾਰ ਮੌਤ ‘ਤੇ ਖਾਣਾ ਉਚਿਤ ਨਹੀਂ। ਹਿੰਦੂ ਧਰਮ ਵਿੱਚ 16 ਸੰਸਕਾਰ ਬਣਾਏ ਗਏ ਹਨ, ਮੌਤ ਤੋਂ ਬਾਅਦ ਪ੍ਰੋਸਿਆ ਜਾਣ ਵਾਲਾ ਖਾਣਾ ਖਾਣ ਨਾਲ ਊਰਜਾ ਨਸ਼ਟ ਹੋ ਜਾਂਦੀ ਹੈ। ਸ਼ਾਸ਼ਤਰਾਂ ਵਿੱਚ ਇਸ ਭੋਜਨ ਦਾ ਜ਼ਿਕਰ ਤੱਕ ਨਹੀਂ। ਇਸੇ ਤਰ੍ਹਾਂ ਖੀਰ ਨੂੰ ਜੇਕਰ ਮਿੱਟੀ ਦੇ ਭਾਂਡੇ ਵਿੱਚ ਰੱਖਕੇ ਉਸ ਵਿੱਚ ਰਾਤ ਨੂੰ ਚਾਂਦੀ ਦਾ ਚਮਚ ਰੱਖ ਕੇ ਖਾਧੀ ਜਾਵੇ ਤਾਂ ਮਲੇਰੀਆ ਨਹੀਂ ਹੁੰਦਾ, ਸਮਾਜ ਦੀ ਪਰੰਪਰਾ ਬਾਰੇ ਦੱਸਿਆ ਗਿਆ ਹੈ, ਜੋ ਬਹਾਵਲਪੁਰ ਸਮਾਜ ਵਿੱਚ ਪ੍ਰਚਲਤ ਸਨ।  ਮਸੂਰ ਦੀ ਦਾਲ ਹਿੰਦੂਆਂ ਲਈ ਵਰਜਿਤ ਸੀ। ਚਾਹ ਇਸ ਸਮਾਜ ਵਿੱਚ ਪੀਤੀ ਨਹੀਂ ਜਾਂਦੀ ਸੀ। ਹਰ ਬਹਾਵਲਪੁਰ ਸਮਾਜ ਦੇ ਘਰ ਇਕ ਗਾਂ ਅਤੇ ਘੋੜੀ ਹੋਣਾ ਜ਼ਰੂਰੀ ਮੰਨਿਆਂ ਜਾਂਦਾ ਸੀ। ਨੌਕਰੀ ਕਰਨ ਵਾਲੇ ਮਰਦ ਸਫ਼ੈਦ ਸਲਵਾਰ ਕਮੀਜ਼ ਪਹਿਨਦੇ ਸਨ ਅਤੇ ਪਗੜੀ ਵਿੱਚ ਕੁਲਹਾ ਰੱਖਦੇ ਸੀ। ਕਾਰੋਬਾਰੀ ਲੋਕ ਧੋਤੀ ਅਤੇ ਸਫ਼ੈਦ ਕਮੀਜ਼ ਪਹਿਨਦੇ ਸੀ। ਇਸਤਰੀਆਂ ਘਰਾਂ ਵਿੱਚ ਘਗਰੇ ਅਤੇ ਕਮੀਜ਼ ਪਹਿਨਦੀਆਂ ਸਨ। ਬਜ਼ੁਰਗ ਕੰਨਾ ਵਿੱਚ ਮੁਰਕੀਆਂ ਪਾਉਂਦੇ ਸਨ। ਕਪੜੇ ਘਰਾਂ ਵਿੱਚ ਹੀ ਸੂਤ ਦੇ ਬੁਣੇ ਦੇ ਸਿਲਾਏ ਜਾਂਦੇ ਸਨ। ਉਨ੍ਹਾਂ ਕਪੜਿਆਂ ਦਾ ਬਣਿਆਂ ਹੀ ਪਹਿਰਾਵਾ ਪਹਿਨਦੇ ਸਨ।  ਆਵਾਜਾਈ ਲਈ ਜਿਥੇ ਰੇਲ ਗੱਡੀ ਨਹੀਂ ਜਾਂਦੀ ਸੀ ਉਥੇ ਘੋੜੇ ਅਤੇ ਊਂਟ ਵਰਤੇ ਜਾਂਦੇ ਸਨ। ਵਿਆਹ ਤੋਂ ਬਾਅਦ ਬਹੂ ਨੂੰ ਉਂਟ ਤੇ ਲਿਜਾਇਆ ਜਾਂਦਾ ਸੀ। ਇਸਤਰੀਆਂ ਸਵਾਦੀ ਖਾਣਾ ਬਣਾਉਣ ਦੀਆਂ ਮਾਹਿਰ ਹੁੰਦੀਆਂ ਸਨ। ਖਾਸ ਕਰਕੇ ਬੜੀਆਂ ਅਤੇ ਪਾਪੜ ਬਣਾਉਣ ਵਿੱਚ ਮੁਹਾਰਤ ਸੀ। ਸਿਲਾਈ ਕਢਾਈ ਵਿੱਚ ਸਮਾਜ ਦੀਆਂ ਇਸਤਰੀਆਂ ਦਾ ਕੋਈ ਮੁਕਾਬਲਾ ਨਹੀਂ। ਬਹਾਵਲਪੁਰ ਰਿਆਸਤਾਂ ਕੁਸ਼ਤੀਆਂ, ਘੋੜਿਆਂ ਦੀ ਦੌੜ ਅਤੇ ਮੁਰਗਿਆਂ ਦੀ ਲੜਾਈ ਕਰਵਾਉਣ ਵਿੱਚ ਮਸ਼ਹੂਰ ਸਨ। ਬਹਾਵਲਪੁਰ ਰਿਆਸਤਾਂ ਦੇ ਯਾਦਗਾਰੀ ਸਥਾਨ ਨੂਰ ਮਹਿਲ ਅਤੇ ਗੁਲਜ਼ਾਰ ਮਹਿਲ, ਲਾਲ ਸੋਹਨਾਰਾ ਪਾਰਕ, ਉਚ ਸ਼ਰੀਫ਼, ਪੰਚਨਦ ਹੈਡ ਅਤੇ ਡੇਰਾ ਨਵਾਬ ਸਾਹਿਬ ਆਦਿ ਹਨ। ਇਸ ਤੋਂ ਇਲਾਵਾ ਦੋ ਕਿਲੇ ਮੁੰਡੇ ਸ਼ਹੀਦ ਅਤੇ ਮੇਰੋਟ ਹਨ।  ਭੋਂਗ ਮਸਜਿਦ, ਪਟਨ ਮੀਨਾਰ, ਭੂਤਾ ਵਾਹਨ, ਕੇਂਦਰੀ ਲਾਇਬਰੇਰੀ, ਬਹਾਵਲਪੁਰ ਅਜਾਇਬ ਘਰ, ਬਹਾਵਲਪੁਰ ਚਿੜੀਆ ਘਰ, ਡਰਿੰਗ ਸਟੇਡੀਅਮ, ਮਲੂਕ ਸ਼ਾਹ ਦਾ ਮਕਬਰਾ ਅਤੇ ਜਾਮਾ ਮਸਜਿਦ ਅਲ ਸਾਦਿਕ ਵਰਨਣਯੋਗ ਹਨ। ਇਹ ਸਾਰੇ ਇਤਿਹਾਸਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ। ਬਹਾਵਲਪੁਰ ਸਮਾਜ ਦੀ ਬੋਲੀ ਸਿਰਾਇਕੀ ਹੈ ਅਤੇ ਉਨ੍ਹਾਂ ਦੇ ਗੁਰੂ ਸਾਂਈਂ ਝੂਲੇ ਲਾਲ ਬਾਰੇ ਵੀ ਜਾਣਕਾਰੀ ਦਿੱਤੀ ਹੈ। ਸਮਾਜ ਦੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਮਦਨ ਲਾਲ ਹਸੀਜਾ ਨੇ ਇਕ ਹੋਰ ਵਧੀਆ ਉਦਮ ਕੀਤਾ ਹੈ, ਉਨ੍ਹਾ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ 15 ਸਾਲ ਪੂਰੇ ਹੋਣ ‘ਤੇ ਇਕ ਵਡ ਅਕਾਰੀ ਰੰਗਦਾਰ ਸੋਵੀਨਾਰ ਵੀ ਪ੍ਰਕਾਸ਼ਤ ਕੀਤਾ ਹੈ, ਜਿਸ ਵਿੱਚ ਬਹਾਵਲਪੁਰ ਸਮਾਜ ਦੇ ਬਿਹਤਰੀਨ ਯੋਗਦਾਨ ਬਾਰੇ ਵਿਸਤਾਰ ਨਾਲ ਲਿਖਿਆ ਗਿਆ ਹੈ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ ਕਿਉਂਕਿ ਕਿਸੇ ਵੀ ਸਮਾਜ ਨੂੰ ਆਪਣੀ ਵਿਰਾਸਤ ‘ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਆਉਣ  ਵਾਲੀਆਂ ਪੀੜ੍ਹਂ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰ ਸਕਣ। ਡਾ ਮਦਨ ਲਾਲ ਹਸੀਜਾ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਵਧਾਈ ਦੇ ਪਾਤਰ ਹਨ।

ਸਾਬਕਾ ਜਿਲਾ੍ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ-2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ - ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਪੰਜਾਬੀ ਦਾ ਸਿਰਮੌਰ ਕੁਲਵਕਤੀ ਪੱਤਰਕਾਰ, ਕਾਲਮ ਨਵੀਸ ਅਤੇ ਪ੍ਰਬੁੱਧ ਲੇਖਕ ਹੈ। ਕਿਤੇ ਵਜੋਂ ਭਾਵੇਂ ਉਹ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ ਪ੍ਰੰਤੂ ਆਪਣੀ ਨੌਕਰੀ ਦੌਰਾਨ ਵੀ ਉਹ ਬੇਬਾਕੀ ਅਤੇ ਬੇਖ਼ੌਫ਼ ਹੋ ਕੇ ਆਪਣੀ ਕਲਮ ਅਜ਼ਮਾਉਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਤਾਂ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨਾ ਕਿਸੇ ਪੰਜਾਬੀ ਦੇ ਅਖ਼ਬਾਰ ਵਿੱਚ ਉਨ੍ਹਾਂ ਦਾ ਲੇਖ ਪੜ੍ਹਨ ਨੂੰ ਨਾ ਮਿਲੇ। ਪੰਜਾਬ ਡਾਇਰੀ-2021 ਦੇ ਪਹਿਲੇ ਪੰਨੇ ‘ਤੇ ਹੀ ਪੰਜਾਬ ਦੇ ਸਿਆਸਤਦਾਨਾ ਨੂੰ ਵੰਗਾਰ ਕੇ ਲਿਖਣਾ ‘‘ਕਿਉਂ ਪੰਜਾਬ ਦੀ ਮਿੱਟੀ ਬਾਲ਼ ਰਹੇ ਹੋ ਸਿਆਸਤਦਾਨੋ’’? ਦਲੇਰੀ ਅਤੇ ਪੰਜਾਬ ਦੀ ਤਰਾਸਦੀ ਦੀ ਹੂਕ ਦਾ ਪ੍ਰਗਟਾਵਾ ਹੈ। ਇਸ ਪੁਸਤਕ ਵਿੱਚ ਪ੍ਰਕਾਸ਼ਤ ਲੇਖ ਆਮ ਲੋਕਾਂ ਵਿੱਚ ਜਾਗ੍ਰਤੀ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਮਾਫ਼ੀਆ, ਸਿਆਸਤਦਾਨਾ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਤੋਂ ਬਿਨਾ ਭਾਰੂ ਨਹੀਂ ਪੈ ਸਕਦਾ। ਉਹ ਪੰਜਾਬ ਦੀ ਤਬਾਹੀ ਦਾ ਮੁੱਖ ਕਾਰਨ ਸਿਆਸਤਦਾਨਾ ਨੂੰ ਮੰਨਦੇ ਹਨ। ਨਸ਼ੇ  ਅਤੇ ਗੈਂਗਸਟਰ ਬਿਨਾ ਸਿਆਸੀ ਸ਼ਹਿ ਦੇ ਫੈਲ ਨਹੀਂ ਸਕਦੇ। ਪੰਜਾਬ ਵਿੱਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਇਨਸਾਨੀ ਜ਼ਿੰਦਗੀਆਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਉਨ੍ਹਾਂ ਦੇ ਲੇਖ ਪੜ੍ਹਕੇ ਮੇਰੇ ਦਿਮਾਗ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਚਿਹਰਾ ਇਕ ਬਜ਼ੁਰਗ ਮਹਾਂਪੁਰਸ਼ ਵਰਗੇ ਦੇਵਤੇ ਦਾ ਬਣ ਚੁੱਕਾ ਸੀ। ਉਹ ਲਗਪਗ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਜਦੋਂ ਮੈਂ ਪੰਜਾਬ ਸਿਵਲ ਸਕੱਤਰੇ ਵਿਖੇ 1974 ਵਿੱਚ ਸਰਕਾਰੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦਿਨਾ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਨ ਅਤੇ ਵਿਚਾਰ ਚਰਚਾ ਕਰਨ ਦਾ ਸਬੱਬ ਬਣਿਆਂ। ਮੇਰੇ ਮਨ ਵਿੱਚ ਅਜਿਹੇ ਪੱਤਰਕਾਰ ਦੇ ਰੂਬਰੂ ਹੋਣ ਦੀ ਤਾਂਘ ਪੈਦਾ ਹੋ ਗਈ ਕਿਉਂਕਿ ਕੋਈ ਵੀ ਚਲੰਤ ਮਾਮਲਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਤੱਥਾਂ ਨਾਲ ਲਬਰੇਜ਼ ਲੇਖ ਪੜ੍ਹਨ ਨੂੰ ਮਿਲਦਾ ਸੀ, ਜਿਸ ਤੋਂ ਸਾਡੇ ਵਰਗੇ ਉਭਰਦੇ ਨੌਜਵਾਨਾ ਨੂੰ ਪ੍ਰੇਰਨਾ ਅਤੇ ਭਰਪੂਰ ਜਾਣਕਾਰੀ ਮਿਲਦੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਤੌਰ ਹਰ ਪੱਤਰਕਾਰ ਕਿਸੇ ਇਕ ਖੇਤਰ ਦਾ ਮਾਹਰ ਹੁੰਦਾ ਹੈ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਸਰਬਕਲਾ ਸੰਪੂਰਨ ਹਰ ਵਿਸ਼ੇ ਦੇ ਮਾਹਰ ਹਨ। ਮੇਰੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਹੋਰਾਂ ਰਾਹੀਂ ਗੁਰਮੀਤ ਸਿੰਘ ਪਲਾਹੀ ਦੇ ਫਗਵਾੜਾ ਵਿਖੇ ਉਨ੍ਹਾਂ ਦੇ ਦਫਤਰ ‘ਪੰਜਾਬੀ ਵਿਰਸਾ ਟਰਸਟ (ਰਜਿ:) ਪਲਾਹੀ ਫਗਵਾੜਾ’ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜ਼ਮੀਨ ਨਾਲ ਜੁੜੇ ਹੋਏ ਸਾਧਾਰਨ ਜ਼ਹੀਨ ਇਨਸਾਨ ਨੂੰ ਮਿਲ ਕੇ ਰੂਹ ਸ਼ਰਸ਼ਾਰ ਹੋ ਗਈ। ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੁਝ ਪ੍ਰਾਪਤ ਹੋ ਗਿਆ ਹੁੰਦਾ। ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਬਹੁਤ ਹੀ ਅਮੀਰ, ਉਸਾਰੂ ਅਤੇ ਲੋਕ ਪੱਖੀ ਹੈ, ਜਿਨ੍ਹਾਂ ਦੀ ਦਾਦ ਦਿੱਤੇ ਬਿਨਾ ਮਨ ਨੂੰ ਸਕੂਨ ਨਹੀਂ ਮਿਲਦਾ। ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਦੇ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਗਿਰਾਵਟਾਂ ਅਤੇ ਬੁਰਾਈਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਮੁਕਤੀ ਪਾਉਣ ਲਈ ਕਿਹੜੇ ਉਪਰਾਲੇ ਕੀਤੇ ਜਾਣ, ਉਨ੍ਹਾਂ ਦੇ ਲੇਖਾਂ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਲੋਕ ਹਿਤਾਂ ਨਾਲ ਸੰਬੰਧ ਕੋਈ ਵਿਸ਼ਾ ਨਹੀਂ ਜਿਸ ਬਾਰੇ ਉਨ੍ਹਾਂ ਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਨ੍ਹਾਂ ਦੇ ਲੇਖ ਪੜ੍ਹਕੇ ਗੁਰਮੀਤ ਸਿੰਘ ਪਲਾਹੀ ਦੇ ਦਿਲ ਦੇ ਦਰਦ ਦੀ ਹੂਕ ਸੁਣਾਈ ਦੇਣ ਲੱਗ ਜਾਂਦੀ ਹੈ ਕਿ ਉਨ੍ਹਾਂ ਨੂੰ ਪੰਜਾਬੀਆਂ ਨਾਲ ਕਿਤਨਾ ਲਗਾਓ ਹੈ। ਉਨ੍ਹਾਂ ਦੇ ਲੇਖਾਂ ਵਿੱਚ ਸਭ ਨਾਲੋਂ ਜ਼ਿਆਦਾ ਕਿੰਤੂ ਪ੍ਰੰਤੂ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਕੀਤਾ ਹੁੰਦਾ ਹੈ, ਜਿਹੜੀਆਂ ਪੰਜਾਬ ਦੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਝਿਜਕਦੀਆਂ ਨਹੀਂ। ਉਹ ਆਮ ਆਦਮੀ ਦੀਆਂ ਰੋਜ਼ ਮਰਰ੍ਹਾ ਦੀਆਂ ਲੋੜਾਂ ਨੂੰ ਵੀ ਨਹੀਂ ਸਮਝਦੀਆਂ ਸਗੋਂ ਆਪਣੇ ਸਿਆਸੀ ਹਿਤਾਂ ਨੂੰ ਮੁੱਖ ਰਖਦੀਆਂ ਹਨ, ਜਦੋਂ ਕਿ ਉਨ੍ਹਾਂ ਦਾ ਆਪਣੀ ਪਰਜਾ ਦਾ ਧਿਆਨ ਰੱਖਣਾ ਮੁੱਢਲੀ ਜ਼ਿੰਮੇਵਾਰੀ ਹੈ।
   ਗੁਰਮੀਤ ਸਿੰਘ ਪਲਾਹੀ ਦੀ ‘‘ਪੰਜਾਬ ਡਾਇਰੀ-2021’’ ਵਿੱਚ ਉਹ ਸਾਰੇ ਲੇਖ ਸ਼ਾਮਲ ਹਨ, ਜਿਹੜੇ ਸਾਰਾ ਸਾਲ ਵੱਖ-ਵੱਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਲੇਖ ਬਹੁਤ ਹੀ ਸਰਲ, ਆਮ ਲੋਕਾਂ ਦੇ ਸਮਝ ਵਿੱਚ ਆਉਣ ਵਾਲੀ ਸ਼ਬਦਾਵਲੀ ਵਿੱਚ ਹੁੰਦੇ ਹਨ। ਉਹ ਕਿਸੇ ਵੀ ਗੱਲ ਨੂੰ ਲਿਖਣ ਲਗੇ ਵਿੰਗ ਵਲ ਪਾ ਕੇ ਨਹੀਂ ਕਹਿੰਦੇ ਸਗੋਂ ਛੋਟੇ ਛੋਟੇ ਵਾਕਾਂ ਦੇ ਵਿੱਚ ਸਪਾਟ ਕਹਿ ਦਿੰਦੇ ਹਨ। ਉਨ੍ਹਾਂ ਦੇ ਲੇਖ ਸਮਤੁਲ, ਇਕਪਾਸੜ ਨਹੀਂ ਹੁੰਦੇ ਜਿਥੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦੇ ਹਨ, ਉਥੇ ਪੰਜਾਬ ਦੇ ਲੋਕਾਂ ਨੂੰ ਵੀ ਆਗਾਹ ਕਰਦੇ ਹਨ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਪਿੰਡਾਂ ਵਿੱਚ ਧੜੇਬੰਦੀ ਬਣਾਕੇ ਆਪਣੇ ਪਿੰਡਾਂ ਦਾ ਵਿਕਾਸ ਖੁਦ ਰੋਕਣ ਤੋਂ ਪ੍ਰਹੇਜ ਕਰਨ। ਧੜੇਬੰਦੀ ਪੈਦਾ ਕਰਕੇ ਲੋਕ ਆਪਣੇ ਪੈਰੀਂ ਆਪ ਕੁਹਾੜੀ ਮਾਰਦੇ ਹਨ। ਲੋਕਾਂ ਨੇ ਤਾਂ ਪਿੰਡ ਵਿੱਚ ਹੀ ਰਹਿਣਾ ਹੁੰਦਾ ਹੈ, ਸਿਆਸਤਦਾਨ ਤਾਂ ਧੜੇਬੰਦੀ ਨਾਲ ਵੋਟਾਂ ਵਟੋਰਕੇ ਮੁੜਕੇ ਪਿੰਡ ਵਿੱਚ ਵੜਦੇ ਨਹੀਂ। ਨੌਜਵਾਨੀ ਨੂੰ ਵੀ ਸਿਰਫ ਸਰਕਾਰੀ ਨੌਕਰੀ ‘ਤੇ ਨਿਰਭਰ ਨਾ ਰਹਿਣ ਦੀ ਤਾਕੀਦ ਕਰਦੇ ਹਨ। ਉਨ੍ਹਾਂ ਨੂੰ ਆਪਣੇ ਲਘੂ ਕਾਰੋਬਾਰ ਕਰਨ ਅਤੇ ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਕਰਨ ਦੀ ਸਲਾਹ ਵੀ ਦਿੰਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾ ਅਤੇ ਮਜ਼ਦੂਰਾਂ ਦੇ ਗਲੇ ਘੋਟਣ ਲਈ ਬਣਾਏ ਜਾ ਰਹੇ ਨਵੇਂ ਕਾਨੂੰਨਾ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗ੍ਰਤ ਕਰਦੇ ਰਹੇ ਹਨ। ਪਿਛਲੇ ਇਕ ਸਾਲ ਚਲੇ ਸ਼ਾਂਤਮਈ ਕਿਸਾਨ ਮਜ਼ਦੂਰ ਅੰਦੋਲਨ ਦੀ ਪ੍ਰੋੜਤਾ ਕਰਨ ਲਈ ਲਗਪਗ 50 ਲੇਖ ਉਨ੍ਹਾਂ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ। ਨੌਜਵਾਨਾ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਵੀ ਪ੍ਰੇਰਦੇ ਹਨ। ਜੇਕਰ ਨੌਜਵਾਨ ਖੇਡਾਂ ਵਿੱਚ ਰੁਝੇ ਰਹਿਣਗੇ ਤਾਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਧੱਕੇ ਨਹੀਂ ਚੜ੍ਹਨਗੇ। ਭਾਵ ਲੋਕ ਸਰੋਕਾਰਾਂ ‘ਤੇ ਹਮੇਸ਼ਾ ਆਪਣੇ ਲੇਖਾਂ ਰਾਹੀਂ ਪਹਿਰਾ ਦਿੰਦੇ ਰਹਿੰਦੇ ਹਨ। ਪੰਜਾਬ ਦੇ ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਸੰਕਟ ਉਨ੍ਹਾਂ ਦੀ ਕਲਮ ਦੇ ਵਿਸ਼ੇ ਬਣਦੇ ਰਹਿੰਦੇ ਹਨ। ਇਕ ਵਿਸ਼ੇ ਬਾਰੇ ਵੀ ਕਈ ਲੇਖ ਲਿਖ ਦਿੰਦੇ ਹਨ ਪ੍ਰੰਤੂ ਸਾਰੇ ਲੇਖ ਦੀ ਸ਼ਬਦਾਵਲੀ ਵੱਖਰੀ ਹੁੰਦੀ ਹੈ। ਇਹ ਕਮਾਲ ਗੁਰਮੀਤ ਸਿੰਘ ਪਲਾਹੀ ਦੇ ਹੀ ਜ਼ਿੰਮੇ ਆਈ ਹੈ। ਕਿਸਾਨਾ ਨੂੰ ਖੇਤੀਬਾੜੀ ਕਰਜ਼ਿਆਂ ਦਾ ਸਿਰਫ ਖੇਤੀਬਾੜੀ ਦੇ ਸੰਦਾਂ ‘ਤੇ ਹੀ ਖ਼ਰਚਣ ਦੀ ਸਲਾਹ ਦਿੰਦੇ ਹਨ ਤਾਂ ਜੋ ਕਰਜ਼ਿਆਂ ਦਾ ਭਾਰ ਘਟਾਉਣ ਵਿੱਚ ਸਹਾਇਤਾ ਮਿਲ ਸਕੇ। ਉਹ ਇਹ ਵੀ ਲਿਖਦੇ ਹਨ ਕਿ ਵਿਆਹ ਸ਼ਾਦੀਆਂ ਅਤੇ ਭੋਗਾਂ ‘ਤੇ ਗ਼ੈਰ ਜ਼ਰੂਰੀ ਖ਼ਰਚਿਆਂ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੋਣੀ ਅਤਿਅੰਤ ਜ਼ਰੂਰੀ ਹੈ। ਫਾਲਤੂ ਦੀ ਵਾਹਵਾ ਸ਼ਾਹਵਾ ਦਾ ਕੋਈ ਲਾਭ ਨਹੀਂ ਹੁੰਦਾ। ਪੰਜਾਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਬਾਰੇ ਵੀ ਉਹ ਆਪਣੇ ਲੇਖਾਂ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਨਸਾਨੀ ਜ਼ਿੰਦਗੀਆਂ ਦਾ ਨੁਕਸਾਨ ਕਰਨ ਤੋਂ ਵਰਜਦੇ ਹਨ। ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹਲ ਨਹੀਂ ਹੁੰਦੀ, ਸਗੋਂ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਰੁਲ ਜਾਂਦੇ ਹਨ।
    Êਪੰਜਾਬ ਡਾਇਰੀ-2021ਦੇ ਦੂਜੇ ਭਾਗ ਵਿੱਚ ਗੁਰਮੀਤ ਸਿੰਘ ਪਲਾਹੀ ਨੇ ਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦੇਣ ਅਤੇ ਉਨ੍ਹਾਂ ਦੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲੇਖ ਪ੍ਰਕਾਸ਼ਤ ਕੀਤੇ ਹਨ। ਪੰਜਾਬ ਦੀ ਆਰਥਿਕਤਾ ਵਿੱਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ, ਪ੍ਰਵਾਸੀ ਪੰਜਾਬੀ ਸਮੇਲਨ, ਐਨ ਆਰ ਆਈ ਕਾਰਡ, ਪ੍ਰਵਾਸੀ ਅਤੇ ਕਾਂਗਰਸ, ਪ੍ਰਵਾਸੀਆਂ ਨਾਲ ਭੈੜਾ ਸਲੂਕ, ਪ੍ਰਵਾਸੀ ਨਿਵੇਸ਼, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਚੋਣਾ ਤੇ ਪ੍ਰਵਾਸੀ, ਪ੍ਰਵਾਸੀ ਖੜ੍ਹੇ ਅੰਦੋਲਨ ਨਾਲ, ਪੰਜਾਬੀਆਂ ਪੱਲੇ ਬੇਰੋਜ਼ਗਾਰੀ ਤੇ ਪ੍ਰਵਾਸ ਅਤੇ ਪ੍ਰਵਾਸੀਆਂ ਦੀ ਕਿਸਾਨਾ ਪ੍ਰਤੀ ਇਕਜੁਟਤਾ ਆਦਿ ਵਿਸ਼ਿਆਂ ਤੇ ਉਨ੍ਹਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਵਾਸੀਆਂ ਦਾ ਵਿਦੇਸ਼ਾਂ ਵਿੱਚ ਵਧ ਰਿਹਾ ਪ੍ਰਭਾਵ, ਪੂਰਾ ਬ੍ਰਹਿਮੰਡ ਇੱਕ ਪਿੰਡ, ਭਾਰਤੀ ਪ੍ਰਵਾਸੀਆਂ ਦਾ ਇਤਿਹਾਸ, ਨਾਮਣਾ ਖੱਟ ਰਹੇ ਪ੍ਰਵਾਸੀ ਪੰਜਾਬੀ, ਪ੍ਰਸਿੱਧ ਪ੍ਰਵਾਸੀ ਪੰਜਾਬੀ, ਪ੍ਰਵਾਸੀਆਂ ਦੀ ਮਿਹਨਤ ਨੂੰ ਪਿਆ ਬੂਰ, ਜਨਮ ਭੂਮੀ ਅਤੇ ਪ੍ਰਵਾਸ ਵਿਸ਼ਿਆਂ ਦੇ ਲੇਖ ਜਿਹੜੇ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਏ ਸਨ ਸ਼ਾਮਲ ਹਨ। ਪੰਜਾਬ ਦੇ ਪੰਜ ਨਾਮਵਰ ਪਰਵਾਸੀ ਪੰਜਾਬੀਆਂ ਜਿਨ੍ਹਾਂ ਵਿੱਚ ਸਾਹਿਤਕਾਰ ਰਵਿੰਦਰ ਰਵੀ, ਸਾਇੰਸਦਾਨ ਸਵ: ਡਾ ਨਰਿੰਦਰ ਸਿੰਘ ਕੰਪਾਨੀ, ਚਿੱਤਰਕਾਰ ਜਰਨੈਲ ਸਿੰਘ, ਖੇਡ ਲੇਖਕ ਪਿ੍ਰੰਸੀਪਲ ਸਰਵਣ ਸਿੰਘ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਸ਼ਾਮਲ ਹਨ। ਪੁਸਤਕ ਦੇ ਤੀਜੇ ਭਾਗ ਵਿੱਚ ‘ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ’ ਸਿਰਲੇਖ ਹੇਠ ਪੰਜ ਪੰਜਾਬੀਆਂ ਬਾਰੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਕੈਨੇਡਾ ਵਿੱਚ ਧਾਂਕ ਜਮਾਉਣ ਵਾਲਾ:ਮਨਮੋਹਨ ਸਿੰਘ ਸਹੋਤਾ ਕੈਨੇਡਾ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿਲ, ਦੁਆਬੇ ਦੀ ਧਰਤੀ ਦਾ ਜੰਮਪਲ:ਬਰਤਾਨੀਆਂ ਦਾ ਲਾਡਲਾ ਦਰਸ਼ਨ ਲਾਲ ਕੱਲ੍ਹਣ, ਅਮਰੀਕਾ ਦੀ ਮਾਣਮੱਤੀ ਸਖ਼ਸ਼ੀਅਤ:ਮੇਅਰ ਪਰਗਟ ਸਿੰਘ ਸੰਧੂ ਅਤੇ ਮੇਵਿਆਂ ਦਾ ਬਾਦਸ਼ਾਹ:ਬਲਜੀਤ ਸਿੰਘ ਚੱਢਾ ਸ਼ਾਮਲ ਹਨ।
  Êਪੰਜਾਬ ਡਾਇਰੀ-2021, ਪਰਮਿੰਦਰ ਸਿੰਘ ਦੁਆਰਾ ਸੰਪਾਦਿਤ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦੁਆਰਾ ਸਪਾਂਸਰ, 160 ਪੰਨਿਆਂ, 200 ਰੁਪਏ ਕੀਮਤ ਵਾਲੀ ਪੁਸਤਕ ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ, ਫਗਵਾੜਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਗੁਰਮੀਤ ਸਿੰਘ ਪਲਾਹੀ 2022 ਵਿੱਚ ਹੋਰ ਵਧੀਆ ਲੇਖ ਲਿਖਕੇ ਪੰਜਾਬੀਆਂ ਦੀ ਸੇਵਾ ਕਰਦੇ ਰਹਿਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ - ਉਜਾਗਰ ਸਿੰਘ

ਪੰਜਾਬੀਆਂ ਨੇ ਸੰਸਾਰ ਵਿਚ ਆਪਣੀ ਦਰਿਆਦਿਲੀ, ਮਿਹਨਤ, ਇਮਾਨਦਾਰੀ ਅਤੇ ਦਿਆਨਤਦਾਰੀ ਦਾ ਸਿੱਕਾ ਜਮਾਇਆ ਹੋਇਆ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਪੰਜਾਬੀ ਆਈ ਏ ਐਸ, ਆਈ ਪੀ ਐਸ ਅਤੇ ਹੋਰ ਅਹੁਦਿਆਂ ਤੇ ਸ਼ਸ਼ੋਵਤ ਹਨ। ਕਈ ਅਧਿਕਾਰੀ ਤਾਂ ਵਿਭਾਗਾਂ ਦੇ ਮੁਖੀਆਂ ਦੇ ਅਹੁਦਿਆਂ ਉਪਰ ਤਾਇਨਾਤ ਹਨ। ਅਜਿਹੇ ਅਧਿਕਾਰੀ ਭਾਰਤ ਵਿਚ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਫ਼ੈਲਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਵਿਚ1967 ਬੈਚ ਦਾ ਆਈ ਪੀ ਐਸ ਅਧਿਕਾਰੀ ਸੁਖਦੇਵ ਸਿੰਘ ਪੁਰੀ ਸਨ, ਜਿਹੜੇ ਪੂਰੇ ਮਹਾਰਾਸ਼ਟਰ ਵਿਚ ਆਪਣੀ ਇਮਾਨਦਾਰੀ, ਲਗਨ, ਦਿ੍ਰੜ੍ਹਤਾ, ਬਚਨਵੱਧਤਾ, ਅਹੁਦੇ ਦੀ ਜ਼ਿੰਮੇਵਰੀ ਅਤੇ ਇਨਸਾਫ ਦੀ ਤਕੜੀ ਦਾ ਪਹਿਰੇਦਾਰ ਕਰਕੇ ਜਾਣਿਆਂ ਜਾਂਦੇ ਸਨ। ਉਨ੍ਹਾਂ ਨੂੰ ਸਾਥੀ ਅਧਿਕਾਰੀਆਂ ਨੇ ਜਸਟਿਸ ਪੁਰੀ ਦਾ ਖ਼ਿਤਾਬ ਦਿੱਤਾ ਹੋਇਆ ਸੀ। ਏਥੇ ਹੀ ਬਸ ਨਹੀਂ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਅਰਜਨ ਵੀ ਕਿਹਾ ਜਾਂਦਾ ਸੀ, ਜਿਹੜਾ ਸਭ ਤੋਂ ਗੁੰਝਲਦਾਰ ਭਰਿਸ਼ਟਾਚਾਰ ਅਤੇ ਗਬਨ ਦੇ ਕੇਸਾਂ ਵਿਚੋਂ ਛੁਪੇ ਹੋਏ ਦੋਸ਼ੀਆਂ ਨੂੰ ਇਸ ਤਰ੍ਹਾਂ ਲੱਭ ਲੈਂਦਾ ਸੀ, ਜਿਵੇਂ ਅਰਜਨ ਮੱਛੀ ਦੀ ਅੱਖ ਵਿਚ ਤੀਰ ਮਾਰਦਾ ਸੀ। ਉਹ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਸੇਵਾ ਮੁਕਤ ਹੋਏ ਸਨ ਪ੍ਰੰਤੂ ਰਾਜਨੀਤਕ ਲੋਕਾਂ ਨੇ ਉਨ੍ਹਾਂ ਨੂੰ ਡੀ ਜੀ ਪੀ ਦਾ ਆਜ਼ਾਦਾਨਾ ਚਾਰਜ ਕਦੀਂ ਵੀ ਨਹੀਂ ਦਿੱਤਾ। ਉਨ੍ਹਾਂ ਨੂੰ ਡੀ ਜੀ ਪੀ ਪੁਲਿਸ ਹਾਊਸਿੰਗ ਨਿਗਮ ਦੇ ਚੇਅਰਮੈਨ ਵਰਗੇ ਗ਼ੈਰ ਮਹੱਤਵਪੂਰਨ ਅਹੁਦਿਆਂ ਤੇ ਲਗਾਈ ਰੱਖਿਆ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਜਦੋਂ ਭਰਿਸ਼ਟਾਚਾਰ ਅਤੇ ਗਬਨ ਦੇ ਅਤਿ ਗੁੰਝਲਦਾਰ ਕੇਸਾਂ ਦੀ ਪੜਤਾਲ ਕਰਨੀ ਹੁੰਦੀ ਸੀ ਤਾਂ ਸਰਕਾਰ ਨੂੰ ਸੁਖਦੇਵ ਸਿੰਘ ਪੁਰੀ ਦੀ ਯਾਦ ਆਉਂਦੀ ਸੀ ਫਿਰ ਉਨ੍ਹਾਂ ਨੂੰ ਮਜ਼ਬੂਰੀ ਵਸ ਅਜਿਹੇ ਕੇਸਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਐਸ ਆਈ ਟੀ ਦਾ ਮੁਖੀ ਬਣਾਕੇ ਪੜਤਾਲ ਲਈ ਲਗਾ ਤਾਂ ਦਿੱਤਾ ਜਾਂਦਾ ਸੀ ਪ੍ਰੰਤੂ ਬਾਅਦ ਵਿਚ ਪਛਤਾਵਾ ਵੀ ਹੁੰਦਾ ਕਿਉਂਕਿ ਉਹ ਕਿਸੇ ਦੀ ਸਿਫਾਰਸ਼ ਸੁਣਦੇ ਹੀ ਨਹੀਂ ਸਨ। ਇਥੋਂ ਤੱਕ ਕਿ ਸੀਨੀਅਰ ਰਾਜਨੀਤਕ ਲੋਕਾਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁਧ ਵੀ ਫੈਸਲੇ ਕਰਦੇ ਸਨ ਕਿਉਂਕਿ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੰਦੇ ਸਨ। ਜਦੋਂ ਪੜਤਾਲ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਪੁਰੀ ਨੂੰ ਦਿੱਤੀ ਜਾਂਦੀ ਸੀ ਤਾਂ ਦੋਸ਼ੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਉਨ੍ਹਾਂ ਦੀ ਖੈਰ ਨਹੀਂ। ਉਨ੍ਹਾਂ ਪੰਜਾਬੀਆਂ ਦੀ ਇਮਾਨਦਾਰੀ ਦੀ ਸੁਗੰਧ ਸਾਰੇ ਮਹਾਰਾਸ਼ਟਰ ਦੀ ਆਬੋ ਹਵਾ ਵਿਚ ਫੈਲਾ ਦਿੱਤੀ ਸੀ। ਉਨ੍ਹਾਂ ਵੱਲੋਂ ਚਾਰ ਬਹੁਤ ਹੀ ਨਾਜ਼ਕ, ਮਹੱਤਵਪੂਰਨ ਅਤੇ ਗੁੰਝਲਦਾਰ ਕੇਸਾਂ ਦੀ ਪੜਤਾਲ ਕੀਤੀ ਗਈ, ਜਿਨ੍ਹਾਂ ਦੀਆਂ ਤਾਰਾਂ ਬਹੁਤ ਦੂਰ-ਦੂਰ ਤੱਕ ਦੇ ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਕੇਸਾਂ ਦੀ ਪੜਤਾਲ ਵਿਚ ਉਨ੍ਹਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ। ਉਨ੍ਹਾਂ ਕੇਸਾਂ ਵਿੱਚ ਫੇਕ ਸਟੈਂਪ ਪੇਪਰ ਸਕੈਮ, ਜਿਹੜਾ ਤੇਲਗੀ ਸਕੈਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸਦਾ ਮੁਖ ਸੂਤਰਧਾਰ ਅਬਦੁਲ ਕਰੀਮ ਤੇਲਗੀ ਨਾਮ ਦਾ ਵਿਅਕਤੀ ਸੀ। ਉਨ੍ਹਾਂ ਉਪਰ ਬਹੁਤ ਹੀ ਰਾਜਨੀਤਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਗਿਆ ਕਿਉਂਕਿ ਇਸ ਸਕੈਮ ਵਿਚ ਵੱਡੇ ਰਾਜਨੀਤਕ ਲੋਕਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਮੂਲੀਅਤ ਸੀ ਪ੍ਰੰਤੂ ਉਹ ਟਸ ਤੋਂ ਮਸ ਨਹੀਂ ਹੋਏ। ਇਥੋਂ ਤੱਕ ਕਿ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਸਨ। ਰਾਜਨੀਤਕ ਲੋਕਾਂ ਨੇ ਬੁਲਾਇਆ ਪ੍ਰੰਤੂ ਉਹ ਬਿਨਾ ਸਰਕਾਰੀ ਮੀਟਿੰਗ ਦੇ ਕਦੀਂ ਉਨ੍ਹਾਂ ਨੂੰ ਮਿਲਣ ਹੀ ਨਹੀਂ ਜਾਂਦੇ ਸਨ। ਦੂਜਾ ਮਹੱਤਵਪੂਰਨ ਕੇਸ ਹੈ, ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਸਕੈਮ, ਜਿਸ ਵਿਚ ਉਨ੍ਹਾਂ ਕਮਿਸ਼ਨ ਦੇ ਚੇਅਰਮੈਨ ਅਤੇ ਬੰਬੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਗਿ੍ਰਫਤਾਰ ਕੀਤਾ। ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਅਜੇ ਤੱਕ ਜੇਲ੍ਹ ਦੀ ਹਵਾ ਖਾ ਰਿਹਾ ਹੈ। ਤੀਜਾ ਕੇਸ ਹੈ, ਬੰਬੇ ਪੋਰਟ ਟਰੱਸਟ ਵਿਚ ਗਬਨ ਦਾ ਕੇਸ, ਜਦੋਂ ਉਹ ਉਸਦੇ ਚੀਫ ਵਿਜੀਲੈਂਸ ਅਧਿਕਾਰੀ ਸਨ। ਇਸ ਫਰਾਡ ਦੇ ਕੇਸ ਵਿਚ ਉਨ੍ਹਾਂ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾ ਨੂੰ ਵੀ ਗਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਮੁੜਕੇ ਬੰਬੇ ਪੋਰਟ ਟਰਸਟ ਦਾ ਵਿਜੀਲੈਂਸ ਅਧਿਕਾਰੀ ਕਿਸੇ ਆਈ ਪੀ ਐਸ ਅਧਿਕਾਰੀ ਨੂੰ ਲਾਇਆ ਹੀ ਨਹੀਂ। ਚੌਥਾ ਕੇਸ ਫੂਡ ਤੇ ਡਰੱਗਜ਼ ਐਡਮਨਿਸਟਰੇਸ਼ਨ ਕਮਿਸ਼ਨਰ ਦੇ ਅਹੁਦੇ ਤੇ ਹੁੰਦਿਆਂ, ਉਨ੍ਹਾਂ ਨੇ ਵਿਭਾਗ ਵਿਚ ਗਬਨ ਦਾ ਸਕੈਮ ਫੜ ਲਿਆ ਸੀ। ਇਹ ਵੀ ਪੁਲਿਸ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਨਤੀਜਾ ਸੀ। ਜਦੋਂ ਸੁਖਦੇਵ ਸਿੰਘ ਪੁਰੀ ਨੇ ਪੜਤਾਲ ਦੀ ਰਿਪੋਰਟ ਸਰਕਾਰ ਕੋਲ ਭੇਜੀ ਤਾਂ ਸਰਕਾਰ ਦੇ ਤੋਤੇ ਉਡ ਗਏ। ਜੇਕਰ ਉਹ ਰਿਪੋਰਟ ‘ਤੇ ਅਮਲ ਕਰਦੇ ਹਨ ਤਾਂ ਸੀਨੀਅਰਜ਼ ਦਾ ਪਰਦਾਫਾਸ਼ ਹੋ ਜਾਣਾ ਸੀ। ਸਰਕਾਰ ਨੇ ਤੁਰੰਤ ਉਨ੍ਹਾਂ ਨੂੰ ਬਦਲ ਦਿੱਤਾ ਅਤੇ ਰਿਪੋਰਟ ਪ੍ਰਵਾਨ ਹੀ ਨਹੀਂ ਕੀਤੀ। ਇਨ੍ਹਾਂ ਚਾਰਾਂ ਕੇਸਾਂ ਵਿਚ ਸਿਆਸਤਦਾਨਾ, ਪੁਲਿਸ ਦੇ ਅਤੇ ਸਿਵਲ ਅਧਿਕਾਰੀਆਂ ਦੀ ਮਿਲੀ ਭੁਗਤ ਸੀ। ਉਹ ਕੇਸਾਂ ਦੀ ਪੜਤਾਲ ਕਰਨ ਦੇ ਇਤਨੇ ਮਾਹਰ ਸਨ ਕਿ ਪੂਰੇ ਤੱਥ ਇਕੱਠੇ ਕਰਕੇ ਕੇਸ ਅਜਿਹਾ ਬਣਾ ਦਿੰਦੇ ਸਨ ਕਿ ਆਮ ਕੇਸਾਂ ਵਿਚ ਵੀ ਦੋਸ਼ੀਆਂ ਦੀ ਜਮਾਨਤ ਫੈਸਲੇ ਤੱਕ ਹੁੰਦੀ ਹੀ ਨਹੀਂ ਸੀ। ਉਨ੍ਹਾਂ ਵਲੋਂ ਕੀਤੀਆਂ ਗਈਆਂ ਪੜਤਾਲਾਂ ਵਿਚ ਲਗਪਗ ਸਾਰੇ ਦੋਸ਼ੀਆਂ ਨੂੰ ਸਜਾਵਾਂ ਹੋਈਆਂ ਹਨ। 1992-93 ਵਿੱਚ ਉਨ੍ਹਾਂ ਪਾਸਕੋ ਕਾਨੂੰਨ ਦੀ ਨੀਤੀ ਖੁਦ ਬਣਾਈ। ਆ ਤੌਰ ਤੇ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਕਰਕੇ ਦੋ ਵਾਰ ਰਾਸ਼ਟਰਪਤੀ ਮੈਡਲ ਮਿਲਦਾ ਹੈ ਪ੍ਰੰਤੂ ਸੁਖਦੇਵ ਸਿੰਘ ਪੁਰੀ ਨੂੰ ਇਹ ਮੈਡਲ 5 ਵਾਰ ਮਿਲਿਆ ਸੀ। ਫਿਰ ਉਨ੍ਹਾਂ 1963-66 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਉਹ ਆਈ ਪੀ ਐਸ ਦੀ ਤਿਆਰੀ ਕਰ ਰਹੇ ਸਨ ਤਾਂ ਆਪਣੇ ਘਰ ਆਰੀਆ ਸਮਾਜ ਪਟਿਆਲਾ ਤੋਂ ਹਰ ਰੋਜ਼ 10 ਕਿਲੋਮੀਟਰ ਸਾਈਕਲ ਚਲਾ ਕੇ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਪੜ੍ਹਨ ਲਈ ਜਾਂਦੇ ਸਨ। ਆਪਣਾ ਖਾਣਾ ਅਤੇ ਚਾਹ ਥਰਮਸ ਵਿੱਚ ਘਰੋਂ ਹੀ ਲਿਜਾਂਦੇ ਸਨ। ਬਾਹਰ ਦਾ ਖਾਣਾ ਖਾਣ ਵਿੱਚ ਯਕੀਨ ਨਹੀਂ ਰੰਖਦੇ ਸਨ। ਬੈਡਮਿੰਟਨ ਅਤੇ ਸਵਿੰਮਿੰਗ ਦੇ ਸ਼ੌਕੀਨ ਸਨ।
     ਉਨ੍ਹਾਂ ਦਾ ਜਨਮ 17 ਦਸੰਬਰ 1942 ਨੂੰ ਪਟਿਆਲਾ ਰਿਆਸਤ ਦੇ ਪਟਿਆਲਾ ਸ਼ਹਿਰ ਵਿਖੇ ਦੀਵਾਨ ਕੇ ਐਸ ਪੁਰੀ ਦੇ ਘਰ ਹੋਇਆ।  ਉਨ੍ਹਾਂ ਨੂੰ ਆਈ ਪੀ ਐਸ ਦਾ ਮਹਾਰਾਸ਼ਟਰ ਕੇਡਰ ਅਲਾਟ ਹੋਣ ਕਰਕੇ, ਉਥੇ ਨੌਕਰੀ ਕਰਦੇ ਸਨ। ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਸੀ। ਉਨ੍ਹਾਂ ਦੇ ਪਿਤਾ ਦੀਵਾਨ ਕੇ ਐਸ ਪੁਰੀ ਸੰਸਾਰ ਪੱਧਰ ਦੇ ਦਸਤਾਵੇਜ ਮਾਹਿਰ ਸਨ। ਉਹ ਵੀ ਇਮਾਨਦਾਰ ਵਿਅਕਤੀ ਸਨ, ਜੋ ਕਿਸੇ ਵੀ ਦਬਾਆ ਅਧੀਨ ਨਹੀਂ ਆਉਂਦੇ ਸਨ। ਉਨ੍ਹਾਂ ਦੇ ਇਕ ਭਰਾ ਵੀ ਦਸਤਾਵੇਜ ਮਾਹਿਰ ਸਨ ਪ੍ਰੰਤੂ ਇਕ ਸੜਕ ਹਾਸਦੇ ਵਿਚ ਸਵਰਗਵਾਸ ਹੋ ਗਏ ਸਨ। ਸੁਖਦੇਵ ਸਿੰਘ ਪੁਰੀ ਦਾ ਇਕ ਹੋਰ ਭਰਾ ਜਗਜਤ ਪੁਰੀ ਆਈ ਏ ਐਸ ਅਧਿਕਾਰੀ ਸਨ। ਉਹ ਇਸ ਸਮੇਂ ਪੰਚਕੂਲਾ ਵਿਖੇ ਰਹਿ ਰਹੇ ਹਨ। ਸੁਖਦੇਵ ਸਿੰਘ ਪੁਰੀ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਐਸ ਡੀ ਐਸ ਈ ਸਕੂਲ ਪਟਿਆਲਾ ਵਿਖੇ ਕੀਤੀ। ਫਿਰ ਐਫ਼ ਏ, ਬੀ ਏ ਅਤੇ ਐਮ ਏ ਫਿਲਾਸਫ਼ੀ ਵਿਸ਼ੇ ਵਿੱਚ ਮਹਿੰਦਰਾ ਕਾਲਜ ਵਿੱਚੋਂ ਪਾਸ ਕੀਤੀਆਂ। ਉਨ੍ਹਾਂ ਦਾ ਵਿਆਹ ਨਾਭਾ ਦੇ ਪ੍ਰਸਿੱਧ ਬੱਤਾ ਪਰਿਵਾਰ ਦੀ  ਜੋਤੀ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਇਕ ਲੜਕਾ ਪ੍ਰਸ਼ਾਂਤ ਪੁਰੀ ਅਤੇ ਲੜਕੀ ਪੂਜਾ ਹਨ।  ਲੜਕੀ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਦਾ ਲੜਕਾ ਕੈਨੇਡਾ ਸੈਟਲ ਹਨ। ਜੋਤੀ ਪੁਰੀ ਰਿਆਨ ਸਕੂਲਾਂ ਦੀ ਚੀਫ਼ ਐਡਮਨਿਸਟਰੇਟਰ ਰਹੇ ਹਨ।
  ਸੁਖਦੇਵ ਸਿੰਘ ਪੁਰੀ ਜਦੋਂ ਕੈਨੇਡਾ ਆਪਣੇ ਲੜਕੇ ਕੋਲ ਗਏ ਹੋਏ ਸਨ ਤਾਂ ਉਨ੍ਹਾਂ ਦੀ ਮੌਤ 15 ਅਕਤੂਬਰ 2021 ਨੂੰ ਹੋ ਗਈ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ - ਉਜਾਗਰ ਸਿੰਘ

ਸਮਾਜਿਕ ਤਾਣੇ ਬਾਣੇ ਵਿੱਚ ਜਦੋਂ ਮਾਨਵਤਾ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪੀੜਤ ਹੁੰਦੀ ਹੈ ਤਾਂ ਕਈ ਰੂਪਾਂ ਵਿੱਚ ਲਹਿਰਾਂ ਪ੍ਰਗਟ ਹੁੰਦੀਆਂ ਹਨ। ਇਨ੍ਹਾਂ ਲਹਿਰਾਂ ਦਾ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਜੀਵਨ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਕੁਦਰਤੀ ਹੈ ਕਿ ਸਮਾਜ ਵਿਚ ਵਿਚਰਨ ਵਾਲੇ ਕੋਮਲ ਦਿਲਾਂ ਵਾਲੇ ਬੁੱਧੀਜੀਵੀਆਂ ਦੀ ਮਾਨਸਿਕਤਾ ਉਨ੍ਹਾਂ ਨੂੰ ਸਮਾਜਿਕ ਵਿਸੰਗਤੀਆਂ ਕਰਕੇ ਕੁਰੇਦਣ ਲੱਗ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕੁਝ ਅਜਿਹੀਆ ਘਟਨਾਵਾਂ ਵਾਪਰਦੀਆਂ ਹਨ, ਜਿਹੜੀਆਂ ਲਹਿਰਾਂ ਦੇ ਰੂਪ ਵਿੱਚ ਚਿਰ ਸਥਾਈ ਬਣ ਜਾਂਦੀਆਂ ਹਨ। ਉਨ੍ਹਾਂ ਲਹਿਰਾਂ ਦਾ ਸਮਾਜ ਤੇ ਪ੍ਰਭਾਵ ਸਾਹਿਤਕਾਰਾਂ ਉਪਰ ਅਸਰ ਜ਼ਿਆਦਾ ਹੁੰਦਾ ਹੈ। ਸਾਹਿਤਕਾਰ ਆਪੋ ਆਪਣੀ ਬੁੱਧੀ ਅਨੁਸਾਰ ਕਲਮ ਅਜ਼ਮਾਈ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸਾਹਿਤਕਾਰਾਂ ਵਿੱਚ ਇਨ੍ਹਾਂ ਲਹਿਰਾਂ ਦਾ ਅਨੁਭਵ ਪ੍ਰਾਪਤ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ। ਪੰਜਾਬ ਅਤੇ ਬੰਗਾਲ ਹਰ ਲਹਿਰ ਦਾ ਹਿੱਸਾ ਬਣਦੇ ਆਏ ਹਨ।  ਨਕਸਲਵਾੜੀ ਲਹਿਰ ਨੇ ਪੰਜਾਬ ਦੇ ਲੋਕਾਂ ਵਿੱਚ ਆਪਣੇ ਹੱਕ ਪ੍ਰਾਪਤ ਕਰਨ ਦੀ ਜਾਗ੍ਰਤੀ ਪੈਦਾ ਕਰ ਦਿੱਤੀ। ਇਸ ਲਹਿਰ ਬਾਰੇ ਕਵਿਤਾ ਅਤੇ ਵਾਰਤਕ ਵਿੱਚ ਸਾਹਿਤਕਾਰਾਂ ਨੇ ਲਿਖਣਾ ਸ਼ੁਰੂ ਕੀਤਾ। ਮੇਰੇ ਗਿਆਨ ਮੁਤਾਬਕ ਪੰਜਾਬੀ ਵਿੱਚ ‘ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ’ ਬਾਰੇ ਸਾਹਿਤਕ ਆਲੋਚਨਾ ਦੀ ਪਹਿਲੀ ਪੁਸਤਕ ਲਿਖੀ ਗਈ ਹੈ। ਇਸ ਪੁਸਤਕ ਨੂੰ ਲਿਖਣ ਦਾ ਮਾਣ ਸਤਿੰਦਰ ਪਾਲ ਸਿੰਘ ਬਾਵਾ ਨੂੰ ਜਾਂਦਾ ਹੈ। ਉਨ੍ਹਾਂ ਆਪਣੀ ਇਸ ਪੁਸਤਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਲੇਖਕ ਨੇ ਦੂਰ ਦਿ੍ਰਸ਼ਟੀ ਨਾਲ 240 ਪੰਨਿਆਂ ਵਿੱਚ ਜਿਹੜੇ ਪੱਖਾਂ ਨੂੰ ਚੁਣਿਆਂ ਹੈ, ਉਨ੍ਹਾਂ ਸਾਰਿਆਂ ਉਪਰ ਵਿਦਿਆਰਥੀਆਂ ਲਈ ਖੋਜ ਕਰਨ ਦਾ ਆਧਾਰ ਬਣਾ ਦਿੱਤਾ ਹੈ। ਪੁਸਤਕ ਦੇ ਚਾਰੇ ਭਾਗਾਂ ‘ਤੇ ਜੇਕਰ ਖੋਜ ਕੀਤੀ ਜਾਵੇ ਤਾਂ 4 ਪੁਸਤਕਾਂ ਇਤਿਹਾਸਕ ਅਤੇ ਸਮਾਜਿਕ ਦਿ੍ਰਸ਼ਟੀਕੋਣ ਤੋਂ ਪ੍ਰਕਾਸ਼ਤ ਕਰਨ ਦੇ ਮੈਟਰ ਸਬੱਬ ਬਣ ਸਕਦਾ ਸੀ। ਪਹਿਲੇ ਭਾਗ ਵਿੱਚ ‘‘ਅਵਚੇਤਨ ਅਤੇ ਸਿਆਸੀ ਅਵਚੇਤਨ:ਸਿਧਾਂਤਕ ਪਰਿਪੇਖ’’ ਦੇ ਸਿਰਲੇਖ ਵਿੱਚ ਅਵਚੇਤਨ ਕੀ ਹੁੰਦਾ ਹੈ ਜਾਂ ਕਿਸ ਸਥਿਤੀ ਨੂੰ ਕਹਿੰਦੇ ਹਨ, ਬਾਰੇ ਬੜੇ ਸੁਚੱਜੇ ਢੰਗ ਨਾਲ ਲਿਖਿਆ ਗਿਆ ਹੈ? ਜਦੋਂ ਪਾਠਕ ਨੂੰ ਅਵਚੇਤਨ ਦਾ ਪਤਾ ਲੱਗ ਜਾਵੇਗਾ ਫਿਰ ਉਹ  ਇਸ ਪੁਸਤਕ ਦੇ ਮੰਤਵ ਨੂੰ ਸੌਖੀ ਤਰ੍ਹਾਂ ਸਮਝ ਸਕਦਾ ਹੈ। ਇਸ ਭਾਗ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਹਰ ਇਨਸਾਨ ਜਿਹੜੀਆਂ ਕਦਰਾਂ ਕੀਮਤਾਂ ਨੂੰ ਉਹ ਪਹਿਲ ਦਿੰਦਾ ਹੈ, ਉਨ੍ਹਾਂ ਨੂੰ ਚੇਤਨ ਹੋ ਕੇ ਵਰਤਣ ਵਿੱਚ ਕਈ ਵਾਰ ਹਿਚਕਚਾਹਟ ਕਰਦਾ ਹੈ। ਇਸ ਲਈ ਉਹ ਕਦਰਾਂ ਕੀਮਤਾਂ ਅਵਚੇਤਨ ਮਨ ਵਿੱਚ ਹੁੰਦੀਆਂ ਹੋਈਆਂ ਬਾਹਰ ਆ ਜਾਂਦੀਆਂ ਹਨ। ਜਿਵੇਂ ਨਕਸਵਾੜੀ ਲਹਿਰ ਦਾ ਸਾਹਿਤਕਾਰਾਂ ਦੀਆਂ ਰਚਨਾਵਾਂ ‘ਤੇ ਪ੍ਰਭਾਵ ਪਿਆ ਹੈ। ਦੂਜਾ ਭਾਗ ‘ਨਕਸਲਵਾਦ ਦਾ ਸਿਆਸੀ ਅਵਚੇਤਨ:ਇਤਿਹਾਸਕ ਪਰਿਪੇਖ’ ਹੈ। ਇਸ ਭਾਗ ਨੂੰ ਵੀ ਸਤਿੰਦਰ ਪਾਲ ਸਿੰਘ ਬਾਵਾ ਨੇ ਅੱਗੇ 4 ਉਪ ਹਿੱਸਿਆਂ ਵਿੱਚ ਵੰਡਿਆ (ੳ) ਹਿੱਸੇ ਵਿੱਚ ਭਾਰਤ ਵਿੱਚ ਨਕਸਲਬਾੜੀ ਲਹਿਰ ਦੀ ਸ਼ੁਰੂਆਤ ਦਾ ਵਿਸਤਾਰ ਵਿੱਚ ਇਤਿਹਾਸ ਤੱਥਾਂ ਅਤੇ ਅੰਕੜਿਆਂ ਸਮੇਤ ਦੱਸਿਆ ਗਿਆ ਹੈ ਕਿ ਇਹ ਲਹਿਰ ਅੰਗਰੇਜ਼ੀ ਹਕੂਮਤ ਤੋਂ ਬਾਅਦ 1947 ਤੋਂ ਲਗਾਤਾਰ ਲੋਕਾਂ ‘ਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੀਤੀਆਂ ਦੇ ਸਿੱਟੇ ਵਜ਼ੋਂ ਉਭਰਕੇ ਸਾਹਮਣੇ ਆਈ ਸੀ। ਪੰਡਤ ਜਵਾਹਰ ਲਾਲ ਨਹਿਰੂ ਦੀਆਂ ਨੀਤੀਆਂ ਕਰਕੇ ਖੱਬੇ ਪੱਖੀ ਪਾਰਟੀਆਂ ਸਰਗਰਮ ਹੋਈਆਂ ਪ੍ਰੰਤੂ ਉਹ ਵੀ ਗਰਮ ਅਤੇ ਨਰਮ ਦਲੀਆਂ ਵਿੱਚ ਵੰਡੀਆਂ ਜਾਂਦੀਆਂ ਰਹੀਆਂ, ਜਿਸਦੇ ਸਿੱਟੇ ਵੀ ਸਾਰਥਿਕ ਨਹੀਂ ਨਿਕਲੇ। (ਅ) ਪੰਜਾਬ ਵਿੱਚ ਖੱਬੇ ਪੱਖੀ ਵਿਚਾਰਧਾਰਾ ਦਾ ਸਿਆਸੀ ਅਵਚੇਤਨ ਵਿੱਚ ਇਸ ਲਹਿਰ ਦਾ ਜਨਮ ਅਤੇ ਵਿਸਤਾਰ ਦਾ ਮੁੱਖ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਆਸੀ ਸਰਗਰਮੀਆਂ ਦਾ ਪ੍ਰਭਾਵਤ ਕਰਨਾ ਅਤੇ ਕਿਸਾਨੀ ਵਰਗ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀਆਂ ਕੋਸ਼ਿਸ਼ਾਂ ਰਾਹੀਂ ਖੱਬੇ ਪੱਖੀ ਲਹਿਰ ਅੱਗੇ ਵਧਦੀ ਗਈ ਕਿਉਂਕਿ ਸਰਕਾਰਾਂ ਆਪਣਾ ਰਾਜ ਭਾਗ ਬਰਕਰਾਰ ਰੱਖਣ ਲਈ ਹੱਥਕੰਡੇ ਵਰਤਦੀਆਂ ਰਹੀਆਂ। ਦੋਵੇਂ ਖੱਬੇ ਪੱਖੀ ਪਾਰਟੀਆਂ ਕਾਂਗਰਸ ਦਾ ਹੱਥ ਠੋਕਾ ਬਣਦੀਆਂ ਰਹੀਆਂ। (ੲ) (ੲ) ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਸਿਆਸੀ ਅਵਚੇਤਨ ਬਾਰੇ ਲੇਖਕ ਨੇ ਬਲਬੀਰ ਪਰਵਾਨੇ ਦੀ ਪੁਸਤਕ ਪੰਜਾਬ ਦੀ ਨਕਸਲਵਾੜੀ ਲਹਿਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬ ਵਿੱਚ ਨਕਸਲਬਾੜੀ ਲਹਿਰ ਕਮਿਊਨਿਸਟ ਮਾਰਕਸਵਾਦੀ ਪਾਰਟੀ ਵਿਚਲਾ ਹੀ ਇਕ ਧੜਾ ਨਕਸਲਬਾੜੀ ਲਹਿਰ ਵਾਲੇ ਇਲਾਕਿਆਂ ਵਿੱਚ ਚਲ ਰਹੇ ਹਥਿਆਰਬੰਦ ਇਨਕਲਾਬ ਦੀ ਹਾਮੀ ਭਰਦਾ ਰਿਹਾ। ਮਾਰਕਸਵਾਦੀ ਪਾਰਟੀ ਦੇ ਇਨਕਲਾਬੀਆਂ ਦੀ ਇਕ ਤਾਲਮੇਲ ਕਮੇਟੀ ਜਿਹੜੀ ਨਕਸਲੀ ਵਿਚਾਰਾਂ ਵਾਲੇ ਲੋਕਾਂ ਨਾਲ ਤਾਲਮੇਲ ਕਰਨ ਲਈ ਬਣਾਈ ਗਈ ਸੀ, ਜਿਸਦੇ ਫਲਸਰੂਪ ਨਕਸਲਬਾੜੀ ਲਹਿਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਮਜ਼ਦੂਰ ਅਤੇ ਕਿਸਾਨਾ ਦੀ ਨਿਘਰਦੀ ਹਾਲਤ ਅਤੇ ਵਧਦੇ ਅਮੀਰੀ ਗ਼ਰੀਬੀ ਦੇ ਪਾੜੇ ਨੂੰ ਖ਼ਤਮ ਕਰਨ ਲਈ ਵੋਟਾਂ ਵਾਲੀ ਰਾਜਨੀਤੀ ਦੀ ਥਾਂ  ਸਰਕਾਰ ਨਾਲ ਹਥਿਆਬੰਦ ਹੋ ਕੇ ਟਕਰ ਲਈ ਜਾ ਸਕੇ। ਵੱਡੀ ਗਿਣਤੀ ਵਿੱਚ ਨੌਜਵਾਨ, ਸਿਖਿਅਤ ਵਰਗ, ਮੱਧ ਵਰਗ ਅਤੇ ਜੱਟ ਸਿੱਖ ਕਿਸਾਨ ਸ਼੍ਰੇਣੀ ਨੇ ਮਹੱਤਵਪੂਰਨ ਯੋਗਦਾਨ ਪਾਇਆ। (ਸ) ਨਕਸਲਬਾੜੀ ਲਹਿਰ ਦੀ ਅਸਫਲਤਾ ਦੇ ਕਾਰਨ ਬਾਰੇ ਲੇਖਕ ਨੇ ਦਲੀਲ ਦਿੱਤੀ ਹੈ ਕਿ ਇਸ ਲਹਿਰ ਦੀ ਅਸਫਲਤਾ ਵੱਖ-ਵੱਖ ਖੇਤਰਾਂ ਅਤੇ ਇਲਾਕਿਆਂ ਦੀ ਭਿੰਨਤਾ ਵੀ ਇਕ ਵਜ਼ਾਹ ਰਹੀ ਕਿਉਂਕਿ ਮਾਰਕਸਵਾਦ ਨੂੰ ਇੰਨ ਬਿਨ ਲਾਗੂ ਨਹੀਂ ਕਰਨਾ ਚਾਹੀਦਾ ਸੀ। ਹਰੇਕ ਦੇਸ਼ ਅਤੇ ਸੂਬੇ ਦੀ ਅਨੁਕੂਲਤਾ ਅਨੁਸਾਰ ਵਰਤਣਾ ਚਾਹੀਦਾ ਸੀ। ਪੰਜਾਬ ਵਿੱਚ ਡੇਢ ਦਹਾਕਾ ਤੱਕ ਨਕਸਲਬਾੜੀ ਲਹਿਰ ਭਾਰੂ ਰਹਿਣ ਤੋਂ ਬਾਅਦ ਇਸਦਾ ਪ੍ਰਭਾਵ ਹੌਲੀ ਹੌਲੀ ਖ਼ਤਮ ਹੋ ਗਿਆ। ਵਿਚਾਰਾਂ ਦੇ ਵਖਰੇਵਿਆਂ ਕਰਕੇ ਪੰਜਾਬ ਵਿੱਚ ਇਹ ਲਹਿਰ ਛੋਟੇ ਛੋਟੇ ਧੜਿਆਂ ਵਿੱਚ ਵੰਡੀ ਗਈ, ਜਿਸ ਕਰਕੇ ਅਸਫਲ ਹੋਣ ਵਿੱਚ ਦੇਰ ਨਾ ਲੱਗੀ। ਹਥਿਆਬੰਦ ਵਿਚਾਰਧਾਰਾ ਨਾ ਤਾਂ ਭਾਰਤ ਅਤੇ ਨਾ ਹੀ  ਪੰਜਾਬ ਦੇ ਲੋਕਾਂ ਨੇ ਪਸੰਦ ਕੀਤੀ। ਲੇਖਕ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਨਵਾਂ ਰਾਜ ਪ੍ਰਬੰਧ ਆਮ ਜਨਤਾ ਦੀਆਂ ਆਸਾਂ ‘ਤੇ ਖ਼ਰਾ ਨਹੀਂ ਉਤਰਦਾ ਫਿਰ ਸਿਆਸੀ ਅਵਚੇਤਨ ਪ੍ਰਗਟ ਹੁੰਦਾ ਹੈ। ਤੀਜਾ ਭਾਗ ਨਕਸਲਵਾਦ ਅਤੇ ਪੰਜਾਬੀ ਨਾਵਲ ਦਾ ਸਿਆਸੀ ਅਵਚੇਤਨ:ਵਿਹਾਰਕ ਪੱਖ ਹੈ। ਇਸ ਭਾਗ ਵਿੱਚ ਨਕਸਲਬਾੜੀ ਲਹਿਰ ਸੰਬੰਧੀ ਲਿਖੇ ਗਏ ਨਾਵਲਾਂ ਦੀ ਪੜਚੋਲ ਕੀਤੀ ਗਈ ਹੈ। ਇਨ੍ਹਾਂ ਨਾਵਲਾਂ ਦਾ ਮੁੱਖ ਵਿਸ਼ਾ ਸ਼ੋਸ਼ਣ ਕਰਨ ਵਾਲੇ ਅਤੇ ਸ਼ੋਸ਼ਤ ਹੋਣ ਵਾਲੇ ਲੋਕਾਂ ਬਾਰੇ ਬਿ੍ਰਤਾਂਤਕ ਰੂਪ ਵਿੱਚ ਲਿਖਿਆ ਹੁੰਦਾ ਹੈ। ਪੰਜਾਬੀ ਨਾਵਲ ਵਿੱਚ ਲਹਿਰਾਂ ਨਾਲ ਜੁੜਿਆ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਸੁੰਦਰੀ ਹੈ।  ਲਹਿਰਾਂ ਨਾਲ ਸੰਬੰਧਤ ਨਾਵਲ ਲਹਿਰਾਂ ਸਮੇਂ ਅਤੇ ਲਹਿਰਾਂ ਦੇ ਖ਼ਤਮ ਹੋਣ ਤੋਂ ਬਾਅਦ ਵੀ ਲਿਖੇ ਗਏ ਹਨ। ਸਮਾਜਿਕ, ਆਰਥਿਕ ਅਤੇ ਰਾਜਨੀਤਕ ਚੁਣੌਤੀਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਨਾਵਲ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਰਹੇ ਪ੍ਰੰਤੂ ਉਹ ਮਾਰਕਸਵਾਦ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਸਨ। ਇਨ੍ਹਾਂ ਨਾਵਲਾਂ ਵਿੱਚ ਲਹਿਰ ਦੀਆਂ ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਵਿਚਕਾਰ ਸੰਤੁਲਨ ਨਹੀਂ ਸੀ। ਜਸਵੰਤ ਸਿੰਘ ਕੰਵਲ ਦੇ ਨਾਵਲ ਭਾਵੇਂ ਨਕਸਲਬਾੜੀ ਲਹਿਰ ਨਾਲ ਸੰਬੰਧਤ ਸਨ ਪ੍ਰੰਤੂ ਆਦਰਸ਼ਕ ਸਨ। ਭਾਰਤ ਦੀ ਤਤਕਾਲੀ ਸਥਿਤੀ ਨੂੰ ਇਤਿਹਾਸਕ ਪਿਛੋਕੜ ਵਿੱਚ ਰੱਖਕੇ ਸਿਆਸੀ ਚਿੰਤਨ ਕੀਤਾ ਗਿਆ। ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਨਾਵਲ ਲਿਖੇ ਗਏ ਜਿਨ੍ਹਾਂ ਦਾ ਸਤਿੰਦਰ ਪਾਲ ਸਿੰਘ ਬਾਵਾ ਨੇ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਲਹੂ ਦੀ ਲੋਅ, ਐਨਿਆਂ ‘ਚੋਂ ਉਠੋ ਸੂਰਮਾ (ਜਸਵੰਤ ਸਿੰਘ ਕੰਵਲ), ਦਸਤਾਵੇਜ਼ (ਪ੍ਰੇਮ ਪ੍ਰਕਾਸ਼), ਇਕ ਦਹਿਸ਼ਤ ਪਸੰਦ ਦੀ ਡਾਇਰੀ (ਸੁਖਪਾਲ ਸੰਘੇੜਾ), ਕੱਚੀਆਂ ਕੰਧਾਂ (ਬਲਦੇਵ ਸਿੰਘ), ਜੋ ਹਰੇ ਨਹੀਂ (ਪ੍ਰੋ ਹਰਭਜਨ ਸਿੰਘ), ਕਾਲੇ ਦਿਨ (ਜਸਦੇਵ ਧਾਲੀਵਾਲ), ਵਾ-ਵਰੋਲੇ (ਬੀ ਐਸ ਢਿਲੋਂ), ਚਾਨਣ ਦੇ ਕਾਤਲ(ਬਲਬੀਰ ਲੌਂਗੋਵਾਲ ), ਸਿਮਟਦਾ ਆਕਾਸ਼, ਬਹੁਤ ਸਾਰੇ ਚੁਰੱਸਤੇ (ਬਲਬੀਰ ਪਰਵਾਨਾ), ਆਸ ਨਿਰਾਸੀ (ਡਾ ਅਮਰਜੀਤ ਸਿੰਘ), ਦੀਵਾ ਬੁਝਿਆ ਨਹੀਂ (ਰਾਮ ਸਰੂਪ ਅਣਖ਼ੀ), ਸ਼ਰਧਾ ਦੇ ਫੁੱਲ, ਪੰਨਾ ਇਕ ਇਤਿਹਾਸ ਦਾ (ਬਾਰੂ ਸਤਵਰਗ), ਨਿਰਵਾਣ (ਮਨਮੋਹਨ), ਤਾਰੀਖ਼ ਗਵਾਹੀ ਦੇਵੇਗੀ (ਮੋਹਨ ਸਿੰਘ ਕੁੱਕੜਪਿੰਡੀਆ), ਲੋਹੇ ਲਾਖੇ (ਓਮ ਪ੍ਰਕਾਸ਼ ਗਾਸੋ) ਅਤੇ ਰੁੱਤਾਂ ਲਹੂ ਲੁਹਾਣ (ਮਹਿੰਦਰਪਾਲ ਸਿੰਘ ਧਾਲੀਵਾਲ) ਹਨ। ਇਨ੍ਹਾਂ ਸਾਰੇ ਨਾਵਲਾਂ ਬਾਰੇ ਲੇਖਕ ਨੇ ਇਸ ਪੁਸਤਕ ਵਿੱਚ ਵੇਰਵੇ ਨਾਲ ਨਾਵਲਾਂ ਦੇ ਸਾਰੇ ਪੱਖਾਂ ਨੂੰ ਪੜਚੋਲਿਆ ਹੈ। ਖਾਸ ਤੌਰ ‘ਤੇ ਹਰ ਨਾਵਲਕਾਰ ਦਾ ਨਕਸਲਬਾੜੀ ਲਹਿਰ ਨੂੰ ਵੇਖਣ ਅਤੇ ਪਰਖਣ ਦਾ ਆਪੋ ਆਪਣਾ ਢੰਗ ਹੈ। ਆਲੋਚਕਾਂ ਦੀ ਵੀ ਵੱਖੋ ਵੱਖਰੀ ਰਾਏ ਹੈ। ਸਿਧਾਂਤਕ ਤੌਰ ‘ਤੇ ਇਹ ਸਾਰੇ ਨਾਵਲ ਨਕਸਲਬਾੜੀ ਲਹਿਰ ਦੀਆਂ ਪ੍ਰਾਪਤੀਆਂ ਅਤੇ ਖਾਮੀਆਂ ਦੇ ਆਲੇ ਦੁਆਲੇ ਹੀ ਘੁੰਮਦੇ ਹਨ।  ਚੌਥੇ ਭਾਗ ਨਕਸਲਵਾਦੀ ਪੰਜਾਬੀ ਨਾਵਲ ਦੇ ਸਿਆਸੀ ਅਵਚੇਤਨ ਦੀ ਵਿਧਾਗਤ ਪੇਸ਼ਕਾਰੀ ਦੇ ਚਾਰ ਹਿੱਸੇ ਬਣਾਏ ਹਨ। (ੳ) ਵਿੱਚ ਗਲਪ ਵਿਧਾ ਅਤੇ ਸਿਆਸੀ ਅਵਚੇਤਨ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਨਾਵਲ ਦੇ ਵਿਸ਼ੇਸ਼ ਕਾਲ ਖੰਡ 1967-2018 ਦਾ ਇਤਿਹਾਸਕ ਸੰਦਰਭ ਅਥਵਾ ਇਤਿਹਾਸਕ ਸੱਚ ਨੂੰ ਗਾਲਪਨਿਕ ਸੱਚ ਵਿੱਚ ਰੂਪਾਂਤਰਨ ਕਰਨ ਦੀ ਸਮਰੱਥਾ ਰੱਖਦਾ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਪੰਜਾਬੀ ਨਾਵਲਾਂ ਵਿੱਚ ਨਾਵਲਕਾਰ ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਵਿਅਕਤੀ ਵਿਸ਼ੇਸ਼ ਦੇ ਕਿਰਦਾਰ ਦਾ ਪੁਨਰ ਨਿਰਮਣ ਕਰਦੇ ਹਨ, ਜਿਸ ਵਿੱਚ ਉਹ ਪਾਤਰਾਂ ਦੇ ਜੀਵਨ ਨਾਲ ਸਰੋਕਾਰ ਰੱਖਦੇ ਸਮਾਜਿਕ ਅਤੇ ਇਤਿਹਾਸਕ ਪਹਿਲੂਆਂ ਦੇ ਨਾਲ ਉਸਦੇ ਨਿੱਜੀ ਜੀਵਨ ਵਿਚਲੇ ਸੰਘਰਸ਼ਾਂ, ਦਵੰਦਾਂ, ਅਕਾਂਖਿਆਵਾਂ ਅਤੇ ਮਾਨਸਿਕ ਲੋੜਾਂ ਦਾ ਗਾਲਪਨਿਕ ਬਿੰਬ ਵੀ ਪੇਸ਼ ਕਰਦੇ ਹਨ। (ਅ) ਨਕਸਲਬਾੜੀ ਲਹਿਰ ਦੇ ਸਿਆਸੀ ਅਵਚੇਤਨ ਦੀ ਗਾਲਪਨਿਕਤਾ ਉਪ ਸਿਰਲੇਖ ਵਿੱਖ ਲੇਖਕ ਨੇ ਲਿਖਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਿੰਨੀਆਂ ਵੀ ਲੋਕ ਲਹਿਰਾਂ ਹੋਈਆਂ ਉਹ ਸਾਰੀਆਂ ਧਰਮ ਦੀ ਰੱਖਿਆ ਲਈ ਹੀ ਹੋਈਆਂ ਸਨ। ਕੁਦਰਤੀ ਹੈ ਕਿ ਜਦੋਂ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਸਦਾ ਪੰਜਾਬੀ ਗਲਪ ‘ਤੇ ਪ੍ਰਭਾਵ ਪੈਣਾ ਹੀ ਸੀ। (ੲ) ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਗਲਪ ਦੇ ਕਥਾਨਕੀ ਪਾਸਾਰ ਉਪ ਸਿਰਲੇਖ ਵਿੱਚ ਸਤਿੰਦਰ ਪਾਲ ਸਿੰਘ ਬਾਵਾ ਨੇ ਲਿਖਿਆ ਹੈ ਕਿ ਨਾਵਲਕਾਰਾਂ ਨੇ ਲੋਕ ਸੰਘਰਸ਼ ਨੂੰ ਇਕ ਹਥਿਆਰ ਦੇ ਤੌਰ ਤੇ ਵਰਤਕੇ ਆਪਣੀਆਂ ਰਚਨਾਵਾਂ ਕੀਤੀਆਂ।  ਨਾਵਲਕਾਰਾਂ ਨੇ ਸਿਆਸੀ ਸਰੋਕਾਰਾਂ ਨੂੰ ਦਰਸਾਉਣ ਲਈ ਅਜਿਹੀ ਚੋਣ ਕੀਤੀ ਤਾਂ ਜੋ ਸੰਘਰਸ਼ ਕਰ ਰਹੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਸਕੇ। ਇਸ ਪ੍ਰਕਾਰ ਹੱਕ, ਇਨਸਾਫ਼, ਨਿਆਂ ਅਤੇ ਮਾਨਵਤਾ ਦੇ ਪੱਖ ਵਿੱਚ ਚਲਣ ਦਾ ਲੋਕ ਹਿੱਤੀ  ਸੰਦੇਸ਼ ਪ੍ਰਗਟ ਹੁੰਦਾ ਹੈ। (ਸ) ਭਾਸ਼ਾ, ਸ਼ੈਲੀ ਅਤੇ ਸੰਵਾਦ ਜੁਗਤਾਂ ਉਪ ਭਾਗ ਵਿੱਚ ਰਿਸਾਇਆ ਗਿਆ ਹੈ ਕਿ ਭਾਸ਼ਾ ਸਿਰਫ ਘਟਨਾਵਾਂ ਦਾ ਵਰਨਣ ਹੀ ਨਹੀਂ ਕਰਦੀ ਸਗੋਂ ਆਪ ਵੀ ਕਾਰਜ਼ਸ਼ੀਲ ਹੁੰਦੀ ਹੈ। ਪਲਾਟ ਵਿੱਚ ਵਿਸ਼ੇਸ਼ ਪ੍ਰਭਾਵ ਸਿਰਜਣ ਕਾਰਨ ਸਿਰਜਣਾਤਮਕ ਹੋ ਨਿਬੜਦੀ ਹੈ। ਉਹ ਅਵਚੇਤਨੀ ਦਵੰਦਾਂ ਅਤੇ ਭੇੜਾਂ ਨੂੰ ਪ੍ਰਸਤਤ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹੈ। (ਹ) ਪਾਤਰ ਚਿਤਰਨ: ਗਲਪ ਵਿੱਚ ਪਾਤਰ ਚਿਤਰਨ ਪ੍ਰਮੁੱਖ ਹੁੰਦਾ ਹੈ। ਪਾਤਰਾਂ ਰਾਹੀਂ ਹੀ ਗਲਪਕਾਰ ਭਾਵਾਂ-ਪ੍ਰਭਾਵਾਂ ਦਾ ਬਿਰਤਾਂਤ ਪੇਸ਼ ਕਰਦਾ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਨਾਵਲਾਂ ਵਿੱਚ ਭਾਵੇਂ ਬਹੁਤੇ ਪਾਤਰ ਕਾਲਪਨਿਕ ਹਨ ਪ੍ਰੰਤੂ ਨਕਸਲਬਾੜੀ ਲਹਿਰ ਦੇ ਸਿਆਸੀ ਸਰੋਕਾਰਾਂ ਨੂੰ ਚਿਤਰਦੇ ਹਨ।
  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਤਿੰਦਰ ਪਾਲ ਸਿੰਘ ਬਾਵਾ ਨੇ ਪੂਰੀ ਖੋਜ ਕਰਕੇ ਨਕਸਲਵਾਦ ਅਤੇ ਪੰਜਾਬੀ ਨਾਵਲ ਵਿਚਲੇ ਸਿਆਸੀ ਅਵਚੇਤ ਨੂੰ ਬੜੇ ਸੁਚੱਜੇ ਢੰਗ ਨਾਲ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
ujagarsingh48@yahoo.com

‘‘ਚੰਨ ਅਜੇ ਦੂਰ ਹੈ’’ ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ - ਉਜਾਗਰ ਸਿੰਘ

ਰਾਜਵਿੰਦਰ ਕੌਰ ਜਟਾਣਾ ਦਾ ਗ਼ਜ਼ਲ ਸੰਗ੍ਰਹਿ ਚੰਨ ਅਜੇ ਦੂਰ ਹੈ, ਮੁਹੱਬਤ, ਬਿਰਹਾ ਅਤੇ ਸਮਾਜਿਕ ਸਰੋਕਰਾਂ ਦਾ ਸੁਮੇਲ ਹੈ। ਸ਼ਾਇਰਾ ਦੀ ਕਵਿਤਾਵਾਂ ਦੀ ਇੱਕ ਆਹਟ ਨਾਮ ਦੀ ਪੁਸਤਕ ਪਹਿਲਾਂ ਹੀ 2016 ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। ਇਹ ਉਨ੍ਹਾਂ ਦੀ ਦੂਜੀ ਅਰਥਾਤ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ। ਸ਼ਾਇਰਾ ਦਾ ਪਿਛੋਕੜ ਮਾਲਵੇ ਦਾ ਦਿਹਾਤੀ ਹੋਣ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਨਿਰੋਲ ਦਿਹਾਤੀ ਮਲਵਈ ਹੈ। ਉਨ੍ਹਾਂ ਨੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ ਤਾਂ ਜੋ ਪਾਠਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ਼ਾਇਰਾ ਨੇ ਪੇਂਡੂ ਆਮ ਜੀਵਨ ਵਿਚ ਬੋਲੇ ਜਾਣ ਵਾਲੇ ਸ਼ਬਦਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਲੋਕਾਂ ਦੀ ਸ਼ਾਇਰਾ ਬਣਨ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ ਤੇ ਹੁਣ ਤੱਕ ਗ਼ਜ਼ਲ ਨੂੰ ਇਸਤਰੀ Çਲੰਗ ਕਹਿਕੇ ਔਰਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਪ੍ਰੰਤੂ ਆਧੁਨਿਕਤਾ ਦੇ ਦੌਰ ਵਿਚ ਇਹ ਧਾਰਨਾ ਵੀ ਬਦਲ ਗਈ ਹੈ। ਹੁਣ ਗ਼ਜ਼ਲ ਦੇ ਵਿਸ਼ੇ ਦਾ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਮੁੱਖ ਤੌਰ ਤੇ ਲਗਪਗ ਹਰ ਗ਼ਜ਼ਲ ਵਿਚ ਸਮਾਜਿਕ ਸਰੋਕਾਰਾਂ, ਮੁਹੱਬਤ, ਵਸਲ ਅਤੇ ਬਿਰਹਾ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲ ਵਿਚ ਕਿਉਂਕਿ ਇਕ ਸ਼ੇਅਰ ਦੂਜੇ ਸ਼ੇਅਰ ਨਾਲ ਮਿਲਣਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਰਾਜਵਿੰਦਰ ਕੌਰ ਜਟਾਣਾ ਦੀਆਂ ਲਗਪਗ ਸਾਰੀਆਂ ਗ਼ਜ਼ਲਾਂ ਵਿਚ ਕਈ ਵਿਸ਼ਿਆਂ ਨੂੰ ਛੂਹਿਆ ਹੁੰਦਾ ਹੈ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਬਹੁਮੰਤਵੀ ਅਤੇ ਬਹੁਰੰਗੀਆਂ ਹਨ। ਉਨ੍ਹਾਂ ਨੇ ਆਪਣੀ ਪਹਿਲੀ ਗ਼ਜ਼ਲ ਵਿਚ ਪੰਜਾਬ ਦੇ ਮਾਲਵੇ, ਦੁਆਬੇ ਅਤੇ ਮਾਝੇ ਦੇ ਵਸਿੰਦਿਆਂ ਦੀ ਫਿਤਰਤ ਬਾਰੇ ਲਿਖਦਿਆਂ ਮਲਵਈਆਂ ਨੂੰ ਸ਼ਪਸ਼ਟ ਅੰਦਰੋਂ ਬਾਹਰੋਂ ਇਕ, ਯਾਰਾਂ ਦੇ ਯਾਰ ਅਤੇ ਮੁਹੱਬਤੀ ਸੁਭਆ, ਦੁਆਬੀਆਂ ਦੀ ਦੇਸ਼ ਵਿਦੇਸ਼ ਵਿਚਲੀ ਸ਼ੋਭਾ ਦੀ ਚਰਚਾ ਕਰਦਿਆਂ, ਉਨ੍ਹਾਂ ਨੂੰ ਸ਼ੌਕੀਨ ਪ੍ਰੰਤੂ ਚੁਸਤ ਚਾਲਾਕ ਟੇਡੀ ਅੱਖ ਨਾਲ ਵੇਖਣ ਵਾਲੇ ਅਤੇ ਮਾਝੇ ਵਾਲਿਆਂ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਬਹਾਦਰ ਕਿਹਾ ਹੈ। ਇਕ ਕਿਸਮ ਨਾਲ ਪੰਜਾਬੀਆਂ ਦੇ ਕਿਰਦਾਰ ਨੂੰ ਸ਼ਪਸ਼ਟ ਕਰ ਦਿੱਤਾ। ਉਸ ਗ਼ਜ਼ਲ ਦੇ ਸ਼ੇਅਰ ਹਨ-

                   ਮਲਵਈਆਂ ਦੇ ਖੁਲ੍ਹੇ ਖਾਤੇ, ਯਾਰੀ ਤੇ ਦਿਲਦਾਰੀ ਦੇ,

                    ਭਰ-ਭਰ ਵੰਡਣ ਪਿਆਰ ਮੁਹੱਬਤ ਮੜਕ ਬੜੀ ਹੀ ਹੋਰ ਜਹੀ।

                     ਦੇਸ਼ ਵਿਦੇਸੀਂ ਤੂਤੀ ਬੋਲੇ ਵੇਖੋ ਲੋਕ ਦੁਆਬੇ ਦੇ,

                      ਟੌਹਰ ਸ਼ੁਕੀਨੀ ਲਾ ਕੇ ਰੱਖਣ, ਤੱਕਣੀ ਏ ਚਿੱਤ ਚੋਰ ਜਹੀ।

                       ਦੂਰੋਂ ਹੀ ਪਹਿਚਾਣੇ ਦੁਨੀਆ, ਮਾਝੇ ਦੇ ਸਰਦਾਰਾਂ ਨੂੰ,

                       ਗੁਰੂਆਂ ਪੀਰਾਂ ਹਿੰਮਤ ਦਿੱਤੀ, ਮਜ਼ਲੂਮਾ ਵਿੱਚ ਜ਼ੋਰ ਜਹੀ।

   ਇਸ ਗ਼ਜ਼ਲ ਸੰਗ੍ਰਹਿ ਵਿੱਚ ਬਹੁਤੀਆਂ ਗ਼ਜ਼ਲਾਂ ਮੁਹੱਬਤ, ਬਿਰਹਾ ਅਤੇ ਰੁਮਾਂਸਵਾਦ ਨਾਲ ਸੰਬੰਧਤ ਹਨ। ਇਨ੍ਹਾਂ ਗ਼ਜ਼ਲਾਂ ਵਿੱਚ ਆਸ਼ਕ ਮਸ਼ੂਕ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਤਾਅਨੇ ਮਿਹਣੇ ਦਿੰਦੇ ਹਨ। ਬੇਵਫ਼ਾਈ ਦੇ ਕੀਰਨੇ ਪਾਉਂਦੇ ਹਨ। ਮੁਹੱਬਤ ਵਿਚ ਭਾਵਨਾਵਾਂ ਨੂੰ ਸਮਝਣ ਦਾ ਜ਼ਿਕਰ ਕਰਦੇ ਹਨ। ਰੂਹ ਦੇ ਅਹਿਸਾਸ ਦਾ ਚੇਤਾ ਕਰਵਾਉਂਦੇ ਹਨ। ਕੁਝ ਗ਼ਜ਼ਲਾਂ ਦੇ ਸ਼ੇਅਰ ਹਨ-

                         ਤੇਰਾ ਜਾਣਾ, ਸਾਡਾ ਜੀਵਨ ਕਰ ਇੱਦਾਂ ਵੀਰਾਨ ਗਿਆ,

                         ਕੱਕੇ ਰੇਤ ‘ਚ ਤੜਪੇ ਮਛਲੀ ਤੱਕਦੀ ਛੱਲਾਂ ਲਹਿਰ ਦੀਆਂ।

                         ਤੇਰੀ ਮੇਰੀ ਜੋੜੀ ਸੱਜਣਾ ਚੰਨ ਚਕੋਰ ਜਿਹੀ ,

                          ਇਸ ਮਿੱਠੇ ਅਹਿਸਾਸ ਨੂੰ ਮਨੋਂ ਭੁਲਾਇਆ ਨਾ ਕਰ ਤੂੰ।

                           ਬੇਵਫ਼ਾਈ ਨਾਲ ਜਿਹੜੇ ਰੱਖ ਬੈਠੇ ਰਾਬਤਾ ਨੇ,

                             ਮਾਫ਼ ਕੀਤੇ ਜਾਣਗੇ ਨਾ ਬੋਲਦੀ ਤਹਿਰੀਕ ਸੀ।

                              ਸੁਣੀ ਨਾ ਹੂਕ ਬੇਦਰਦਾਂ, ਬੜਾ ਹੀ ਤਿਲਮਿਲਾਏ ਸੀ,

                              ਸਜ਼ਾ ਦਿੱਤੀ ਵਿਛੋੜੇ ਦੀ, ਵਫ਼ਾਵਾਂ ਚਾਹੁਣ ਤੋਂ ਪਹਿਲਾਂ।

        ਜਦੋਂ ਪਿਆਰ ਮੁਹੱਬਤ ਵਿਚ ਗ਼ਰਜਾਂ ਆ ਜਾਂਦੀਆਂ ਹਨ ਤਾਂ ਇਸ ਦੀ ਪਵਿਤਰਤਾ ਨੂੰ ਦਾਗ਼ ਲੱਗ ਜਾਂਦਾ ਹੈ। ਸ਼ਾਇਰਾ ਨੇ ਅਜਿਹੇ ਮੌਕੇ ਮਸ਼ੂਕ ਦੀਆਂ ਭਾਵਨਾਵਾਂ ਨੂੰ ਵੀ ਬੜੇ ਸੁਚੱਜੇ ਢੰਗ ਨਾਲ ਆਪਣੇ ਸ਼ੇਅਰਾਂ ਵਿਚ ਲਿਖਿਆ ਹੈ। ਸ਼ਾਇਰਾ ਅਨੁਸਾਰ ਤਲਬ ਦੀ ਪ੍ਰਾਪਤੀ ਲਈ ਬਣਿਆਂ ਰਿਸ਼ਤਾ ਚਿਰ ਸਥਾਈ ਨਹੀਂ ਹੁੰਦਾ। ਮਿੰਟਾਂ ਸਕਿੰਟਾਂ ਵਿਚ ਹੀ ਰਿਸ਼ਤਾ ਖ਼ਤਮ ਹੋ ਜਾਂਦਾ ਹੈ, ਜਦੋਂ ਦੋਵੇਂ ਇਕ ਦੂਜੇ ਨੂੰ ਧੋਖਾ ਦੇਣ ਵਾਲੇ ਹੋਣ। ਫਿਰ ਸਾਰੀ ਉਮਰ ਵਿਛੋੜੇ ਦਾ ਸੰਤਾਪ ਹੰਢਾਉਣਾ ਪੈਂਦਾ ਹੈ। ਜਦੋਂ ਪਿਆਰਾ ਅਰਮਾਨਾ ਦਾ ਕਤਲ ਕਰਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ। ਸ਼ਾਇਰਾ ਕੁੜੀਆਂ ਨੂੰ ਸੁਚੇਤ ਕਰਦੀ ਹੋਈ ਲਿਖਦੀ ਹੈ ਕਿ ਭਟਕਣਾ ਵਿਚ ਪੈ ਕੇ ਆਸ਼ਕਾਂ ਦੇ ਬਹਿਕਾਵੇ ਵਿੱਚ ਨਾ ਆ ਜਾਇਓ। ਸ਼ੇਅਰ ਇਸ ਪ੍ਰਕਾਰ ਹਨ।

                             ਕਾਵਾਂ ਹੱਥ ਸੁਨੇਹੇ ਘੱਲੇ ਸੁਣਦਾ ਬਾਤ ਨਹੀਂ।

                              ਗ਼ਰਜ਼ਾਂ ਖ਼ਾਤਰ ਨਿਤ ਮਿਲਣ ਲਈ ਆਇਆ ਨਾ ਕਰ ਤੂੰ।

                               ਤਲਬ ਦੇ ਲਈ ਬਣਿਆ ਰਿਸ਼ਤਾ ਤਿੜਕੇ ਪਲਕਾਂ ਝਪਕਦਿਆਂ,

                                ਉਮਰਾਂ ਦਾ ਪਛਤਾਵਾ ਪੱਲੇ ਹੋਵੇ ਫੇਰ ਜੁਦਾਈ ਦਾ।

                                 ਅਰਮਾਨਾ ਦੀ ਫਸਲ ਚੰਗੇਰੀ ਹੋਈ ਸੀ,

                                 ਰੂਹ ਦਾ ਭੇਤੀ ਆਇਆ ਜੜ੍ਹ ਤੋਂ ਪੁੱਟ ਗਿਆ।

                                  ਭਟਕਣ ਵਾਲੇ ਰਾਹੀਂ ਪੈਰ ਟਿਕਾਇਓ ਨਾ,

                                   ਚੋਗਾ ਪਾਉਣ ਸ਼ਿਕਾਰੀ ਕੁੜੀਓ ਖਾਇਓ ਨਾ।

 ਇਸ਼ਕ ਦੇ ਵਣਜ ਨੂੰ ਸ਼ਾਇਰਾ ਘਾਟੇ ਦਾ ਸੌਦਾ ਵੀ ਦਸਦੀ ਹੋਈ ਲਿਖਦੀ ਹੈ ਕਿ ਕਈ ਆਸ਼ਕ ਮਸ਼ੂਕ ਪਿਆਰ ਦੇ ਝਾਂਸੇ ਵਿਚ ਪਾ ਕੇ ਧੋਖਾ ਦੇ ਜਾਂਦੇ ਹਨ।

                                ਜਗਾਈ ਪਿਆਰ ਦੀ ਬੱਤੀ, ਬੁਝਾਈ ਓਸਨੇ ਆ ਕੇ,

                                ਵਸਲ ਦੀ ਆਸ ਦਾ ਬੂਹਾ ਸਦਾ ਫ਼ਿਰ ਢੋਹ ਗਿਆ ਮੈਥੋਂ।

                                ਇਸ਼ਕ ਦਾ ਪੈਂਡਾ ਔਖਾ ਮਿੱਤਰਾ ਇਸ ਤੋਂ ਥੋੜ੍ਹਾ ਦੂਰ ਰਹੀਂ,

                                ਨੇੜੇ ਹੋ-ਹੋ ਦਿਲ ਦੀਆਂ ਸੱਧਰਾਂ ਲੁੱਟਣ ਵਾਲੇ ਦੇਖੇ ਨੇ।

   ਨਸ਼ਿਆਂ ਦੀ ਸਮਾਜਿਕ ਬਿਮਾਰੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਸਨੂੰ ਵੀ ਸ਼ਾਇਰਾ ਨੇ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਨਸ਼ਿਆਂ ਬਾਰੇ ਕੁਝ ਸ਼ੇਅਰ ਹਨ-

                             ਚਿੱਟਾ ਲੈ ਕੇ ਬਹਿ ਗਿਆ ਸਾਡੇ ਸਾਰੇ ਰੰਗ,

                              ਗੋਦਾਂ ਹੋਈਆਂ ਸੁੰਨੀਆਂ ਹਰ ਥਾਂ ਭੁੱਜਦੀ ਭੰਗ।

                              ਨਸ਼ਿਆਂ ਵਾਲੇ ਕੋੜ੍ਹ ਦਾ ਲਾ ਲਿਆ ਜੇਕਰ ਵੈਲ,

                              ਇਹ ਹੈ ਕੋਰੀ ਜ਼ਹਿਰ ਜੋ ਨਸ-ਨਸ ਜਾਣੀ ਫੈਲ।

                              ਨਸ਼ਿਆਂ ਵਿਚ ਗ਼ਲਤਾਨ ਜਵਾਨੀ , ਐਨੀ ਹਾਲਤ ਮਾੜੀ ਹੈ,

                               ਆਪਣੇ ਹੱਥੀਂ ਆਪਣੀਆਂ ਕਬਰਾਂ ਪੁੱਟਣ ਵਾਲੇ ਦੇਖੇ ਨੇ।

   ਰਾਜਵਿੰਦਰ ਕੌਰ ਜਟਾਣਾ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧਤ ਹੋਣ ਕਰਕੇ ਕਿਸਾਨਾ ਦੇ ਦਰਦ ਨੂੰ ਭਲੀ ਪ੍ਰਕਾਰ ਸਮਝਦੀ ਹੈ। ਮਾਲਵੇ ਦੇ ਇਲਾਕੇ ਦੇ ਕਿਸਾਨਾ ਦੀ ਆਰਥਿਕ ਮੰਦਹਾਲੀ ਨੂੰ ਬੜਾ ਨੇੜਿਓਂ ਵੇਖਿਆ ਹੈ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਇਸ ਕਰਕੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਲਿਖਦੀ ਹੈ-

                       ਗ਼ਰੀਬੀ ਨਾਲ ਘੁਲਦੀ  ਇਉਂ ਕਿਸਾਨੀਂ ਏ,

                        ਕਿਸੇ ਦਿਨ ਵੇਖ ਹਾਲਤ ਮਾਲਵਾ ਬਣ ਕੇ।

                         ਖ਼ੁਦਕਸ਼ੀਆਂ ਦਾ ਰੱਸਾ ਜਿੱਥੇ ਲਟਕ ਰਿਹਾ,

                         ਕਿੰਨੇ ਕਰਮਾਂ ਹਾਰੀ ਟਾਹਲੀ ਬੇਰੀ ਸੀ।

                          ਗੁਨਾਹਗਾਰਾਂ ਲਈ ‘ਤੇ, ਹਰ ਸਜ਼ਾ ਹੁਣ ਮਾਫ਼ ਹੋ ਜਾਂਦੀ,

                           ਕਿਸਾਨੀ ਮਸਲਿਆਂ ਦੇ ਹਲ, ਬਸ ਸਲਫਾਸ ਹੁੰਦੇ ਨੇ।

                         ਤਾਅ ਉਮਰ ਵਿਹਾਈ ਖੇਤਾਂ ਵਿੱਚ, ਮਿੱਟੀ ਨਾ’ ਮਿੱਟੀ ਸੀ ਬਣਿਆ,

                           ਉਹਦਾ ਤਨ ਕੱਜਣ ਨੂੰ ਲੀਰ ਨਹੀਂ ਤੇ ਉਹਦਾ ਕੋਠਾ ਚੋਇਆ।

    ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਉਣ ਨਾਲ ਚੋਰੀਆਂ, ਠੱਗੀਆਂ ਵਿਚ ਵਾਧਾ ਹੋ ਗਿਆ ਹੈ। ਸਿਆਸਤਦਾਨ ਵੀ ਸਿਰਫ ਵੋਟ ਬੈਂਕ ਦਾ ਧਿਆਨ ਰੱਖਦੇ ਹਨ। ਇਸ ਮੰਤਵ ਲਈ ਵੋਟਰ ਨਸ਼ੇ ਅਤੇ ਪੈਸਿਆਂ ਦੀ ਖ਼ਾਤਰ ਆਪਣਾ ਈਮਾਨ ਵੇਚ ਦਿੰਦੇ ਹਨ। ਇਸ ਸੰਬੰਧੀ ਸ਼ਾਇਰਾ ਦੇ ਕੁਝ ਸ਼ੇਅਰ ਹਨ-

                            ਹੋ ਗਏ ਨੇ ਆਮ ਚੋਰੀ, ਠੱਗੀਆਂ ਦੇ ਮਾਮਲੇ,

                            ਮਿਲ ਰਹੇ ਨੇ ਚੋਰ, ਕੁੱਤੀ ਵਿਕ ਰਿਹਾ ਈਮਾਨ।

                           ਦਿਖਾਵੇ ਮੋਹ ਜਦੋਂ, ਨੇਤਾ ਜਤਾਵੇ ਹੱਕ ਕੁਰਸੀ ‘ਤੇ,

                           ਗ਼ਰੀਬਾਂ ਦੀ ਭਲਾਈ ਵਾਸਤੇ ਉਂਝ, ਹਿੱਤ ਨਾ ਹੁੰਦਾ।

                           ਹੁਣ ਵਿਕਾਊ ਵੋਟ ਉਸ ਦੀ ਚੰਦ ਟਕਿਆਂ ਵਾਸਤੇ,

                            ਤੇ ਨਸ਼ੇ ਵਿਚ ਗੁੱਟ ਆਉਂਦਾ ਘਰ ਰਿਹਾ ਹੈ ਆਦਮੀ।

  ਸ਼ਾਇਰਾ ਅਨੁਸਾਰ ਸਮਾਜਕ ਤਾਣੇ ਬਾਣੇ ਵਿਚ ਘੋਰ ਬੇਇਨਸਾਫੀ ਦਾ ਬੋਲ ਬਾਲਾ ਹੋ ਗਿਆ ਹੈ। ਜਿਸ ਕਰਕੇ ਬੱਚਿਆਂ ਦੀ ਮਾਨਸਿਕਤਾ ਬਿਮਾਰ ਹੋ ਗਈ ਹੈ। ਬਜ਼ੁਰਗਾਂ ਨੂੰ ਅਣਡਿਠ ਕੀਤਾ ਜਾਂਦਾ ਹੈ-

                               ਢਿਡੋਂ ਜੰਮੇ ਸਾਰ ਨਾ ਲੈਂਦੇ ਜਦੋਂ ਬੁਢਾਪਾ ਆਉਂਦਾ ਏ,

                                  ਆਪਣੇ ਤਨ ਦਾ ਆਪੇ ਸਭ ਨੂੰ ਬੋਝਾ ਚੁੱਕਣਾ ਪੈਂਦਾ ਹੈ

                                   ਬਜ਼ੁਰਗਾਂ ਦੀ ਸੇਵਾ ਬਣੇਂ ਤੇਰਾ ਤੀਰਥ,

                                   ਧੂੜਾਂ ਨੂੰ ਫੱਕਣ ਦੀ ਆਦਤ ਨਾ ਰੱਖੀਂ।

  ਰਾਜਵਿੰਦਰ ਕੌਰ ਜਟਾਣਾ ਇਨਸਾਨੀਅਤ ਵਿਚ ਆਈ ਗਿਰਾਵਟ ਨੂੰ ਪਾਣੀ ਵਿਚ ਜ਼ਹਿਰ ਘੋਲਣ ਵਾਲੇ ਸ਼ੇਅਰਾਂ ਰਾਹੀਂ ਦੱਸਣਾ ਚਾਹੁੰਦੀ ਹੈ ਕਿ ਇਨਸਾਨ ਨੂੰ ਆਪਣੀ ਮਾਨਸਿਕਤਾ ਨੂੰ ਪਵਿਤਰ ਰੱਖਣਾ ਜ਼ਰੂਰੀ ਹੈ। ਪਾਣੀ ਵਿੱਚ ਸਿੱਧੇ ਤੌਰ ਤੇ ਜ਼ਹਿਰ ਮਿਲਾਉਣਾ ਨਹੀਂ ਸਗੋਂ ਉਹ ਤਾਂ ਪਾਣੀ ਨੂੰ ਇਨਸਾਨੀਅਤ ਅਤੇ ਸਾਗਰ ਨੂੰ ਸਮਾਜ ਦੇ ਤੌਰ ਵਰਤਿਆ ਹੈ। ਭਾਵ ਇਨਸਾਨੀਅਤ ਵਿਚ ਜ਼ਹਿਰ ਮਿਲ ਗਿਆ ਹੈ। ਸ਼ਾਇਰਾ ਦੇ ਸ਼ੇਅਰ ਹਨ-

                           ਐਵੇਂ ਤਾਂ ਨੀ ਸਾਗਰ ਵਿੱਚੋਂ ਉਠਦੀਆਂ ਲਹਿਰਾਂ ਕਹਿਰ ਦੀਆਂ,

                           ਪਾਣੀ ਵਿੱਚ ਮਿਲਾ ਗਿਆ ਹੋਣਾ ਕੋਈ ਘੁੱਟਾਂ ਜ਼ਹਿਰ ਦੀਆਂ।

                           ਜ਼ਹਿਰ ਨਾ ਤੂੰ ਘੋਲ ਪਾਣੀ ਪਾਕ ਮੇਰੇ ਦੇਸ਼ ਦਾ,

                           ਰਹਿਬਰਾ ਵੇ ਪਾਣੀਆਂ ਨੂੰ ਪੀਣ ਜੋਗਾ ਰਹਿਣ ਦੇ।

   ਸ਼ਾਇਰਾ ਇਹ ਵੀ ਕਹਿੰਦੀ ਹੈ ਕਿ ਅਮੀਰ ਗ਼ਰੀਬ ਦੇ ਪਾੜੇ ਦਾ ਇਲਜ਼ਾਮ ਕੁਦਰਤ ‘ਤੇ ਲਾਉਣਾ ਜ਼ਾਇਜ਼ ਨਹੀਂ।  ਇਨਸਾਨ ਨੂੰ ਹਿੰਮਤ ਅਤੇ ਹੌਸਲੇ ਨਾਲ ਮਿਹਨਤ ਕਰਨੀ ਚਾਹੀਦੀ ਹੈ। ਧਰਮਾ ਦੇ ਠੇਕੇਦਾਰਾਂ ਤੋਂ ਵੀ ਬਚਕੇ ਰਹਿਣਾ ਚਾਹੀਦਾ ਹੈ। ਉਹ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਸ਼ੇਅਰਾਂ ਤੋਂ ਸਾਫ਼ ਹੋ ਜਾਂਦਾ ਹੈ-

                           ਇਹ ਪਾੜੇ ਮੁਲਕ ਨੇ ਪਾਏ ਅਮੀਰੀ ਗ਼ਰੀਬੀ ਦੇ,

                           ਨਾ ਕੁਦਰਤ ਭੇਦ ਕਰਦੀ ਏ ਦਿਸੇ ਹਰ ਪਾਸਿਉਂ ਚੰਗੀ।

                           ਜੋਸ਼, ਹਿੰਮਤ, ਹੌਸਲਾ ਜਿਸ ਕੋਲ ਹੈ,

                           ਸਫ਼ਲਤਾ ਦੇ ਨਿੱਘ ਅਕਸਰ ਮਾਣਦੇ।

                           ਜੇ ਕਰ ਲਓ ਮਿਹਨਤਾਂ ਡਟ ਕੇ ਕਮਾਈ ਫੇਰ ਹੋਣੀ ਏ,

                            ਕਿਸੇ ਝਾੜੀ ਲਗਾਇਆ ਆਪਣੇ ‘ਤੇ ਵਿੱਤ ਨਾ ਹੁੰਦਾ।

                             ਜਦੋਂ ਧਰਮਾਂ ਦੇ ਠੇਕੇਦਾਰ ਪਾਉਂਦੇ ਵੰਡੀਆਂ ਰਲ ਕੇ,

                             ਉਦੋਂ ਮੈਦਾਨ ਵਿੱਚ ਤਲਵਾਰ ਤੇ ਤਰਸ਼ੂਲ ਹੁੰਦੀ ਹੈ।

       ਚੰਨ ਅਜੇ ਦੂਰ ਹੈ ਗ਼ਜ਼ਲ ਸੰਗ੍ਰਹਿ ਵਿਚ 84 ਗ਼ਜ਼ਲਾਂ, 96 ਪੰਨੇ, 175 ਰੁਪਏ ਕੀਮਤ ਅਤੇ ਸਪਰੈਡ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਗ਼ਜ਼ਲਾਂ ਲਿਖਣ ਦਾ ਰਾਜਵਿੰਦਰ ਕੌਰ ਦਾ ਪਹਿਲਾ ਤਜ਼ਰਬਾ ਹੈ, ਉਨ੍ਹਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿਚ ਹੋਰ ਬਿਹਤਰ ਯੋਗਦਾਨ ਪਾਉਣਗੇ।

 

                                                          ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                                                                    

                                                                                   ਮੋਬਾਈਲ-94178 13072

                                                                                                                     ujagarsingh480yahoo.com

ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ -  ਉਜਾਗਰ ਸਿੰਘ

ਜਿਹੜੇ ਫੁੱਲ ਨੇ ਖ਼ੁਸ਼ਬੂ ਨਾਲ ਇਨਸਾਨੀਅਤ ਨੂੰ ਸ਼ਰਸਾਰ ਕਰਨਾ ਹੋਵੇ, ਜਿਸ ਬੂਟੇ ਨੇ ਫਲ ਦੇਣੇ ਹੋਣ, ਜਿਸ ਰੁੱਖ ਨੇ ਸੰਘਣੀ ਛਾਂ ਦੇਣੀ ਹੋਵੇ, ਜਿਸ ਦਰਖ਼ਤ ‘ ਤੇ ਪੰਛੀਆਂ ਨੇ ਆਲ੍ਹਣੇ ਪਾਉਣੇ ਹੋਣ ਅਤੇ ਜਿਸਤੇ ਚਿੜੀਆਂ ਨੇ ਚਹਿਕਣਾ ਹੋਵੇ, ਉਹ ਪੱਥਰ ਪਾੜਕੇ ਵੀ ਉਗ ਪੈਂਦਾ ਹੈ। ਬਿਲਕੁਲ ਉਸੇ ਤਰ੍ਹਾਂ ਇਨਸਾਨੀਅਤ ਦੇ ਰੂਪ ਵਿਚ ਆਪਣੀਆਂ ਰਹਿਮਤਾਂ ਦੀਆਂ ਖ਼ੁਸ਼ਬੋਆਂ ਵੰਡਣ ਲਈ ਭੀਮ ਇੰਦਰ ਸਿੰਘ ਇਸ ਪਦਾਰਥਵਾਦੀ ਸੰਸਾਰ ਵਿੱਚ ਆਏ ਅਤੇ ਵਿਦਿਆ ਦੀ ਰੌਸ਼ਨੀ ਨਾਲ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਹੋਏ ਹਨ। ਪੱਥਰ ਪਾੜਕੇ ਸੰਸਾਰ ਵਿਚ ਆਉਣ ਨੂੰ ਭਾਵੇਂ ਅਸੀਂ ਕੁਦਰਤ ਦਾ ਕਿ੍ਰਸ਼ਮਾ ਤਾਂ ਕਹਿ ਦਿੰਦੇ ਹਾਂ ਪ੍ਰੰਤੂ ਇਹ ਸਾਰਾ ਕੁਝ ਉਸ ਰੁੱਖ ਰੂਪੀ ਇਨਸਾਨ ਦੀ ਲਗਨ, ਦਿ੍ਰੜ੍ਹਤਾ, ਮਿਹਨਤ ਅਤੇ ਦੂਰਅੰਦੇਸ਼ੀ ‘ਤੇ ਨਿਰਭਰ ਕਰਦਾ ਹੈ। ਉਹ ਸੰਸਾਰ ਵਿਚ ਆ ਕੇ ਆਪਣੀ ਕਾਬਲੀਅਤ ਦਾ ਸਦਉਪਯੋਗ ਕਰਦਾ ਹੈ ਜਾਂ ਇਨਸਾਨੀ ਜੀਵਨ ਨੂੰ ਅਜਾਈਂ ਗੁਆ ਦਿੰਦਾ ਹੈ। ਪਰਮਾਤਮਾ ਇਕ ਮੌਕਾ ਤਾਂ ਹਰ ਇਨਸਾਨ ਨੂੰ ਦੇ ਦਿੰਦਾ ਹੈ ਪ੍ਰੰਤੂ ਉਸ ਅਵਸਰ ਨੂੰ ਸਾਂਭਣਾ ਤਾਂ ਉਸ ਇਨਸਾਨ ਦੀ ਕਾਬਲੀਅਤ ‘ਤੇ ਨਿਰਭਰ ਕਰਦਾ ਹੈ। ਬਿਲਕੁਲ ਉਸੇ ਤਰ੍ਹਾਂ ਭੀਮ ਇੰਦਰ ਸਿੰਘ ਦਾ ਜਦੋਜਹਿਦ ਅਤੇ ਦੁਸ਼ਾਵਰੀਆਂ ਵਾਲਾ ਬਚਪਨ ਸੀ, ਭਵਿਖ ਧੁੰਧਲਾ ਵਿਖਾਈ ਦਿੰਦਾ ਸੀ, ਜਦੋਂ ਸਿਰਫ਼ ਢਾਈ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਮਾਤਾ ਰਣਜੀਤ ਕੌਰ 1973 ਵਿਚ ਕਿਸਾਨੀ ਸੰਕਟ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਆਤਮ ਹੱਤਿਆ ਕਰ ਗਏ, ਬੱਚੇ ਨੇ ਅਜੇ ਮਾਂ ਦੀ ਗੋਦ ਦਾ ਨਿੱਘ ਮਾਣਦਿਆਂ ਉਭਰਨਾ ਸੀ ਤਾਂ ਉਹ ਸਮਾਂ ਉਨ੍ਹਾਂ ਦੇ ਹੱਥੋਂ ਰੇਤ ਦੀ ਤਰ੍ਹਾਂ ਕਿਰ ਗਿਆ ਪ੍ਰੰਤੂ ਭੀਮ ਇੰਦਰ ਸਿੰਘ ਨੇ ਪਰਮਾਤਮਾ ਦੀ ਉਸ ਅਣਹੋਣੀ ਦੇ ਮੌਕੇ ਨੂੰ ਵੀ ਵੰਗਾਰ ਸਮਝਦਿਆਂ ਆਪਣੇ ਆਪ ਨੂੰ ਸੰਭਾਲਿਆ ਅਤੇ ਉਸਦਾ ਨਤੀਜਾ ਤੁਹਾਡੇ ਸਾਹਮਣੇ ਅੱਜ ਡਾ ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਦੇ ਮੁੱਖੀ ਦੇ ਰੂਪ ਵਿਚ ਹਾਜ਼ਰ ਹਨ। ਉਨ੍ਹਾਂ ਦੀ ਮਾਤਾ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜੀ ਸ਼ਾਦੀ ਕਰਵਾ ਲਈ, ਜਿਥੋਂ ਭੀਮ ਇੰਦਰ ਸਿੰਘ ਦੀ ਸੰਘਰਮਈ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਦੋ ਛੋਟੀਆਂ ਭੈਣਾ ਵੀ ਮਾਂ ਦੇ ਨਾਲ ਹੀ ਇਸ ਸੰਸਾਰ ਤੋਂ ਵਿਦਾ ਹੋ ਗਈਆਂ। ਸੰਗਰੂਰ ਵਿਖੇ ਤੀਜੀ ਕਲਾਸ ਵਿਚੋਂ ਫ਼ੇਲ੍ਹ ਹੋਣ ਤੇ ਸਕੂਲ ਦੇ ਅਧਿਆਪਕ ਨੇ ਉਨ੍ਹਾਂ ਨੂੰ ਪਿੰਡ ਜਾ ਕੇ ਡੰਗਰ ਚਾਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਇਹ ਬੱਚਾ ਪੜ੍ਹ ਨਹੀਂ ਸਕਦਾ। ਪਿਤਾ ਨੇ ਭੀਮ ਇੰਦਰ ਸਿੰਘ ਨੂੰ 1979 ਵਿੱਚ ਦਾਦਾ-ਦਾਦੀ ਕੋਲ ਉਨ੍ਹਾਂ ਦੇ ਪਿੰਡ ਲੌਂਗੋਵਾਲ ਭੇਜ ਦਿੱਤਾ। ਉਥੇ ਪ੍ਰਾਈਵੇਟ ਸਕੂਲ ਵਿਚ ਦਾਖ਼ਲਾ ਲੈ ਲਿਆ। ਜਦੋਂ ਪੰਜਵੀਂ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਚਾਚਾ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰ ਲਈ। ਉਹ ਪਰਿਵਾਰਿਕ ਖੇਤੀਬਾੜੀ ਵਿਚ ਹੱਥ ਵਟਾਉਂਦੇ  ਰਹੇ ਅਤੇ ਡੰਗਰ ਚਾਰਦੇ ਰਹੇ। 6ਵੀਂ ਕਲਾਸ ਵਿਚ ਹੈਂਡਬਾਲ ਖੇਡਣਾ ਸ਼ੁਰੂ ਕੀਤਾ। ਹੈਂਡਬਾਲ ਦੀ ਕੋਚਿੰਗ ਲਈ ਹਰ ਰੋਜ਼ ਲੌਂਗੋਵਾਲ ਤੋਂ ਸੰਗਰੂਰ 18 ਕਿਲੋਮੀਟਰ ਜਾਣਾ ਪੈਂਦਾ ਸੀ। 8ਵੀਂ ਨੌਵੀਂ ਤੱਕ ਹੈਂਡਬਾਲ ਵਿਚ ਨੈਸ਼ਨਲ ਖੇਡਣ ਲਈ ਜੰਮੂ ਕਸ਼ਮੀਰ ਗਏ। ਜਦੋਂ ਉਹ 9ਵੀਂ ਕਲਾਸ ਵਿਚ ਪੜ੍ਹਦੇ ਸਨ ਤਾਂ ਦਾਦੀ ਵੀ ਸਵਰਗ ਸਿਧਾਰ ਗਏ। ਫਿਰ ਉਹ ਆਪਣੀ ਨਾਨੀ ਕੋਲ ਮੰਗਵਾਲ ਪਿੰਡ ਚਲੇ ਗਏ। ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਵੱਖ-ਵੱਖ ਰਿਸ਼ਤੇਦਾਰਾਂ ਕੋਲ ਪੜ੍ਹਨ ਲਈ ਜਾਣ ਕਰਕੇ 5 ਸਕੂਲ ਬਦਲਣੇ ਪਏ ਕਿਉਂਕਿ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਪਿਤਾ ਨੇ ਮੁੜਕੇ ਸਾਰ ਨਾ ਲਈ। ਅਜਿਹੇ ਹਾਲਾਤ ਵਿਚ ਭੀਮ ਇੰਦਰ ਸਿੰਘ ਦੇ ਅੰਦਰੋਂ ਆਵਾਜ਼ ਆਈ ਕਿ ਉਨ੍ਹਾਂ ਨੂੰ ਇਕੱਲਿਆਂ ਹੀ ਆਪਣਾ ਜੀਵਨ ਜਿਓਣ ਅਤੇ ਭਵਿਖ ਬਣਾਉਣ ਲਈ ਪੜ੍ਹਾਈ ਕਰਨੀ ਪਵੇਗੀ। ਪੜ੍ਹਾਈ ਅਤੇ ਰੋਜ਼ੀ ਰੋਟੀ ਲਈ ਵੀ ਆਪ ਹੀ ਹਿੰਮਤ ਕਰਨੀ ਪਵੇਗੀ। ਫਿਰ ਉਨ੍ਹਾਂ ਨੇ ਪੜ੍ਹਾਈ ਕਰਕੇ ਆਪਣਾ ਜੀਵਨ ਸਾਰਥਿਕ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦੋਂ ਉਨ੍ਹਾਂ 10+2 ਪਾਸ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਜੇਕਰ ਸਪੋਰਟਸ ਵਿਚ ਡੀ ਏ ਵੀ ਕਾਲਜ ਚੰਡੀਗੜ੍ਹ ਦਾਖ਼ਲਾ ਲੈ ਲਵੇਂ ਤਾਂ ਫੀਸ ਮਾਫ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਕਾਲਜ ਦੇਵੇਗਾ। ਚੰਡੀਗੜ੍ਹ ਇੰਟਰਵਿਊ ‘ਤੇ ਜਾਣ ਲਈ ਜੇਬ ਵਿਚ ਦੋ ਰੁਪਏ ਸਨ, ਜਦੋਂ ਕਿਰਾਇਆ 7 ਰੁਪਏ ਸੀ। ਦੋਸਤਾਂ ਮਿੱਤਰਾਂ ਤੋਂ ਉਧਾਰ ਫੜਕੇ ਚੰਡੀਗੜ੍ਹ ਗਿਆ ਅਤੇ ਸਪੋਰਟਸ ਵਿੰਗ ਵਿਚ ਦਾਖਲਾ ਮਿਲ ਗਿਆ। ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਟਰਨਿੰਗ ਪੁਆਇੰਟ ਸੀ। ਚੰਡਗੜ੍ਹ ਪੜ੍ਹਦਿਆਂ ਵੀ ਉਨ੍ਹਾਂ ਨੂੰ ਗੁਜ਼ਾਰਾ ਤੋਰਨ ਲਈ ਕਈ ਵੇਲਣ ਵੇਲਣੇ ਪਏ, ਰਿਕਸ਼ਾ ਚਲਾਇਆ, ਲਾਂਗਰੀਪੁਣਾ ਕੀਤਾ, ਸਬਜ਼ੀ ਮੰਡੀ ਵਿਚ ਸਬਜ਼ੀ ਵੇਚੀ, ਦੋਧੀ ਦਾ ਕੰਮ ਵੀ ਕੀਤਾ ਅਤੇ ਵਿਆਹਾਂ ਸ਼ਾਦੀਆਂ ਵਿਚ ਆਰਕੈਸਟਰਾ ਨਾਲ ਗਾਉਣ ਦਾ ਕੰਮ ਵੀ ਕੀਤਾ। ਸੰਘਰਸ਼ਮਈ ਜੀਵਨ ਤੋਂ ਜ਼ਿੰਦਗੀ ਜਿਓਣ ਦਾ ਲਈ ਬੜਾ ਕੁਝ ਸਿਖਿਆ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਸਾਧਾਰਨ ਜ਼ਿੰਦਗੀ ਜਿਓਣਾ, ਜ਼ਮੀਨ ਨਾਲ ਜੁੜੇ ਰਹਿਣਾ ਅਤੇ ਨਮਰਤਾ ਦਾ ਪੱਲਾ ਫੜਕੇ ਰੱਖਣਾ ਸਫਲਤਾ ਲਈ ਸਹਾਈ ਹੋਵੇਗਾ। ਚੰਡੀਗੜ੍ਹ ਦੀਆਂ ਗਲੀਆਂ ਵਿਚ ਗੁਰਸ਼ਰਨ ਸਿੰਘ ਭਾਅ ਜੀ ਨਾਲ ਨੁਕੜ ਨਾਟਕ ਕਰਦੇ ਰਹੇ। ਜਦੋਂ ਉਹ ਬੀ ਏ ਦੂਜੇ ਸਾਲ ਵਿਚ ਪੜ੍ਹ ਰਹੇ ਸਨ ਤਾਂ ਨਾਰਥ ਜੋਨ ਕਲਚਰ ਸੈਂਟਰ ਦੇ ਡਾਇਰੈਕਟਰ ਐਸ ਕੇ ਆਹਲੂਵਾਲੀਆ ਨੇ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਚ ਲਗਾਈਆਂ ਜਾਂਦੀਆਂ ਨੁਮਾਇਸ਼ਾਂ ਵਿਚ ਕੰਮ ਕਰਨ ਲਈ ਪਾਰਟ ਟਾਈਮ ਨੌਕਰੀ ਦਿੱਤੀ।
             ਸਾਹਿਤਕ ਮਸ ਭੀਮ ਇੰਦਰ ਸਿੰਘ ਨੂੰ ਜਦੋਜਹਿਦ ਵਾਲੀ ਜ਼ਿੰਦਗੀ ਦੌਰਾਨ 6ਵੀਂ ਕਲਾਸ ਵਿਚ ਹੀ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਦਾ ਲੱਗ ਗਿਆ ਸੀ, ਜਦੋਂ ਉਹ ਆਦਰਸ਼ ਮਾਡਲ ਸਕੂਲ ਵਿਚ ਪੜ੍ਹ ਰਹੇ ਸਨ। ਇਹ ਕਵਿਤਾਵਾਂ ਅਤੇ ਕਹਾਣੀਆਂ ਉਨ੍ਹਾਂ ਦੀ ਆਪਣੀ ਸੰਘਰਸ਼ ਵਾਲੀ ਜ਼ਿੰਦਗੀ ਤੇ ਤਜ਼ਰਬਿਆਂ ‘ਤੇ ਅਧਾਰਤ ਸਨ। ਕਹਾਣੀਕਾਰ ਗੁਰਮੇਲ ਮਡਾਹੜ ਨੇ ਆਪਣੇ ਰਸਾਲੇ ਸੋਖ਼ੀਆਂ ਵਿਚ ਪ੍ਰਕਾਸ਼ਤ ਕੀਤੀਆਂ। ਉਨ੍ਹਾਂ ਦੇ ਸਾਹਿਤਕ ਮਸ ਨੂੰ ਸ਼ਕਤੀ ਚੰਡੀਗੜ੍ਹ ਦੀ ਸਾਹਿਤ ਸਭਾ ਵਿਚ ਜਾਣ ਤੋਂ ਹੋਰ ਮਿਲੀ। ਚੰਡੀਗੜ੍ਹ ਸਾਹਿਤ ਸਭਾ ਵਿਚ ਉਨ੍ਹਾਂ ਦਾ ਮੇਲ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਨਾਲ ਹੋਇਆ, ਜਿਨ੍ਹਾਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁੱਖੀ ਮਾਰਕਸਵਾਦੀ ਚਿੰਤਕ  ਪ੍ਰੋ ਡਾ ਕੇਸਰ ਸਿੰਘ ਕੇਸਰ ਨਾਲ ਮਿਲਾਇਆ। ਉਨ੍ਹਾਂ ਦੀ ਅਗਵਾਈ ਵਿਚ ਭੀਮ ਇੰਦਰ ਸਿੰਘ ਨੇ ਐਮ ਏ ਪੰਜਾਬੀ ਆਨਰਜ਼ ਅਤੇ ‘‘ ਪੰਜਾਬੀ ਕਹਾਣੀ ਵਿਚ ਰਾਜਨੀਤਕ ਚੇਤਨਾ’’ ਵਿਸ਼ੇ ‘ਤੇ ਪੀ ਐਚ ਡੀ ਕੀਤੀ। ਪੀ ਐਚ ਡੀ 1994 ਵਿੱਚ ਸ਼ੁਰੂ ਕੀਤੀ ਅਤੇ ਅਤੇ 8 ਸਾਲ ਦੀ ਖੋਜ ਤੋਂ ਬਾਅਦ 2002 ਵਿਚ ਮੁਕੰਮਲ ਕੀਤੀ। ਡਾ ਕੇਸਰ ਦੀ ਅਗਵਾਈ ਵਿਚ ਹੀ ਉਹ ਕਹਾਣੀਆਂ ਤੋਂ ਹਟਕੇ ਆਲੋਚਨਾ ਦੇ ਖੇਤਰ ਵਿਚ ਸਰਗਰਮ ਹੋ ਗਏ। 1994 ਵਿਚ ਜਦੋਂ ਅਜੇ ਉਨ੍ਹਾਂ ਦਾ ਐਮ ਏ ਪੰਜਾਬੀ ਦਾ ਨਤੀਜਾ ਆਇਆ ਨਹੀਂ ਸੀ ਤਾਂ ਉਨ੍ਹਾਂ ਦੀ ਚੋਣ ਯਾਦਿਵੰਦਰਾ ਪਬਲਿਕ ਸਕੂਲ ਪਟਿਆਲਾ ਵਿਚ ਪੰਜਾਬੀ ਅਧਿਆਪਕ ਦੀ ਹੋ ਗਈ।  ਯਾਦਵਿੰਦਰਾ ਪਬਲਿਕ ਸਕੂਲ ਵਿਚ ਅੰਗਰੇਜ਼ੀ ਦੇ ਪ੍ਰਸਿੱਧ ਕਹਾਣੀਕਾਰ ਪਿ੍ਰੰਸੀਪਲ ਡਾ ਹਰੀਸ਼ ਢਿਲੋਂ ਦੇ ਸਹਿਯੋਗ ਨੇ ਉਨ੍ਹਾਂ ਹੋਰ ਉਤਸ਼ਾਹਤ ਕੀਤਾ। ਯਾਦਵਿੰਦਰਾ ਸਕੂਲ ਵਿਚ ਪੜ੍ਹਾਉਂਦਿਆਂ ਹੀ ਉਨ੍ਹਾਂ ਦੀ ਪਹਿਲੀ ਆਲੋਚਨਾਤਮਿਕ ਲੇਖਾਂ ਦੀ ਪੁਸਤਕ 2000 ਵਿੱਚ ‘‘ਸਮਾਜ, ਸਿਆਸਤ ਅਤੇ ਸਾਹਿਤ’’ ਪ੍ਰਕਾਸ਼ਤ ਹੋਈ। ਦੂਜੀ ਆਲੋਚਨਾ ਦੀ ਪੁਸਤਕ ਵੀ ਇਸੇ ਸਾਲ ‘‘ਸਮਕਾਲੀ ਮਾਰਕਸੀ ਚਿੰਤਨ’’ ਪ੍ਰਕਾਸ਼ਤ ਹੋਈ। ਇਨ੍ਹਾਂ ਪੁਸਤਕਾਂ ਤੋਂ ਬਾਅਦ ਭੀਮ ਇੰਦਰ ਸਿੰਘ ਦੀ ਆਲੋਚਨਾ ਦੇ ਖੇਤਰ ਵਿਚ ਪਛਾਣ ਬਣ ਗਈ। ਇਸ ਤੋਂ ਬਾਅਦ ਤਾਂ ਚਲ ਸੋ ਚਲ ਹੁਣ ਤੱਕ ਉਨ੍ਹਾਂ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 8 ਮੌਲਿਕ, 4 ਅਨੁਵਾਦ, 7 ਸੰਪਾਦਤ ਪੁਸਤਕਾਂ ਅਤੇ 6 ਖੋਜ ਨਾਲ ਸਬੰਧਤ ਪੱਤਰਿਕਾ ਸੰਪਾਦਿਤ ਸ਼ਾਮਲ ਹਨ। ਉਨ੍ਹਾਂ ਦੇ ਖੋਜ ਭਰਪੂਰ ਆਲੋਚਨਾ ਦੇ ਖੇਤਰ ਵਿਚ ਖੋਜ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਸਿਮਪੋਜੀਅਮ ਵਿਚ ਪ੍ਰਕਾਸ਼ਤ ਹੋਏ ਹਨ। ਇਸੇ ਤਰ੍ਹਾਂ 150 ਖੋਜ ਵਾਲੇ ਲੇਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੇ ਹਨ। ਦੋ ਦਸਤਾਵੇਜੀ ਫਿਲਮਾਂ ਮੋਹਨ ਭੰਡਾਰੀ ਅਤੇ ਜਸਵੰਤ ਸਿੰਘ ਕੰਵਲ ਦੀ ਸਾਹਿਤਕ ਦੇਣ ਬਾਰੇ ਵਿਭਾਗ ਵੱਲੋਂ ਤਿਆਰ ਕੀਤੀਆਂ ਹਨ। ਉਨ੍ਹਾਂ ਦਾ ਖੇਤਰ ਮਾਰਕਸਵਾਦੀ ਵਿਚਾਰਧਾਰ ਅਤੇ ਆਲੋਚਨਾ ਹੈ। ਲਿਖਣ ਦਾ ਇਹ ਪ੍ਰਵਾਹ ਲਗਾਤਾਰ ਚਾਲੂ ਹੈ। ਉਹ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਲੇਖਕ ਸਭਾਅਤੇ ਪਾਸ਼ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਹਨ। 9 ਸਾਲ ਯਾਦਵਿੰਦਰਾ ਪਬਲਿਕ ਸਕੂਲ ਵਿਚ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਦੀ ਚੋਣ 2003 ਵਿਚ ਪਬਲਿਕ ਕਾਲਜ ਸਮਾਣਾ ਵਿਚ ਲੈਕਚਰਾਰ ਦੀ ਹੋ ਗਈ। ਉਸ ਸਮੇਂ ਤੱਕ ਉਨ੍ਹਾਂ ਦੀਆਂ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਵਿਚ ਲੈਕਚਰਾਰ ਦੀ ਹੋ ਗਈ। ਉਨ੍ਹਾਂ ਦੀ ਅਗਵਾਈ ਵਿਚ 7 ਖੋਜਾਰਥੀ ਪੀ ਐਚ ਡੀ ਕਰ ਚੁੱਕੇ ਹਨ ਅਤੇ 12 ਖੋਜਾਰਥੀ ਪੀ ਐਚ ਡੀ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਐਮ ਫਿਲ ਵੀ ਕੀਤੀ ਹੈ ਅਤੇ ਹੋਰ ਵੀ ਕਰ ਰਹੇ ਹਨ। ਡਾ ਭੀਮ ਇੰਦਰ ਸਿੰਘ ਨੂੰ ਕਰਨਲ ਨਰੈਣ ਸਿੰਘ ਭੱਠਲ ਅਵਾਰਡ 1997 ਵਿਚ, ਨਛੱਤਰ ਕੌਰ ਯਾਦਗਾਰੀ ਅਵਾਰਡ ਅਤੇ ਪੰਜ ਪਾਂਡਵ ਯਾਦਗਾਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ।
   1997 ਵਿਚ ਭੀਮ ਇੰਦਰ ਸਿੰਘ ਦਾ ਵਿਆਹ ਡਾ ਨਿਵੇਦਿਤਾ ਸਿੰਘ ਨਾਲ ਹੋ ਗਿਆ ਜੋ ਕਲਾਸਿਕੀ ਮੌਸਿਕੀ ਦੇ ਚੋਟੀ ਦੇ ਸੰਗੀਤਕਾਰ ਹਨ। ਉਨ੍ਹਾਂ ਦੀ ਸੱਸ ਡਾ ਕਮਲੇਸ਼ ਉਪਲ ਰੰਗ ਮੰਚ ਦੇ ਵਿਦਵਾਨ ਆਲੋਚਕ ਅਤੇ ਉਨ੍ਹਾਂ ਦੇ ਸਹੁਰਾ ਦਲੀਪ ਸਿੰਘ ਉਪਲ ਉਘੇ ਵਾਰਤਕਕਾਰ ਅਤੇ ਪੰਜਾਬੀ ਸਾਹਿਤ ਦੇ ਸੁਜੱਗ ਪਾਠਕ ਹਨ। ਡਾ ਭੀਮ ਇੰਦਰ ਸਿੰਘ ਦਾ ਇਸ ਪਰਿਵਾਰ ਨਾਲ ਸੰਬਧ ਵਰਦਾਨ ਸਾਬਤ ਹੋਇਆ ਕਿਉਂਕਿ ਸਾਹਿਤਕ ਅਤੇ ਸੰਗੀਤਕ ਪਰਿਵਾਰ ਦਾ ਮੇਲ ਉਸਾਰੂ ਸਾਬਤ ਹੋਇਆ। ਭੀਮ ਇੰਦਰ ਸਿੰਘ ਦੇ ਇਕ ਲੜਕਾ ਰਿਆਜ਼ ਅਤੇ ਲੜਕੀ ਅਸਾਵਰੀ ਹਨ ਜੋ ਚੰਡੀਗੜ੍ਹ ਵਿਖੇ ਉਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1972 ਨੂੰ ਪਿਤਾ ਨਿਰੰਜਨਣ ਸਿੰਘ ਅਤੇ ਮਾਤਾ ਰਣਜੀਤ ਕੌਰ ਦੇ ਘਰ ਹੋਇਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ - ਉਜਾਗਰ ਸਿੰਘ 

ਪੰਜਾਬੀ ਕਵਿਤਾ ਵਿੱਚ ਮੁਹੱਬਤ ਅਤੇ ਬਿਰਹਾ ਹਮੇਸ਼ਾ ਹੀ ਭਾਰੂ ਰਹੇ ਹਨ। ਬਹੁਤੇ ਕਵੀ ਅਤੇ ਕਵਿਤਰੀਆਂ ਆਪਣਾ ਸਾਹਿਤਕ ਸਫਰ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਕਵਿਤਾਵਾਂ ਲਿਖਕੇ ਸ਼ੁਰੂ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਅਤੇ ਮੁਹੱਬਤ ਦੀ ਕਵਿਤਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਸਤਵਿੰਦਰ ਸਿੰਘ ਧਨੋਆ ਵੀ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਤੋਂ ਪ੍ਰਭਾਵਤ ਹੋ ਕੇ ਬਿਰਹਾ ਅਤੇ ਮੁਹੱਬਤ ਦੀ ਕਵਿਤਾ ਲਿਖਣ ਲੱਗੇ ਹਨ। ਇਸ ਤੋਂ ਪਹਿਲਾਂ ਉਹ ਗੀਤ ਲਿਖਦੇ ਸਨ। ਧਨੋਆ ਦੀਆਂ ਕਵਿਤਾਵਾਂ ਮੁਹੱਬਤ ਦੇ ਬਾਜ਼ਾਰੀਕਰਨ ਬਾਰੇ ਵੀ ਕਿੰਤੂ ਪ੍ਰੰਤੂ ਕਰਦੀਆਂ ਹਨ। ਉਹ ਮੁਹੱਬਤ ਨੂੰ ਪਾਕਿ ਪਵਿਤਰ ਸਮਝਦੇ ਹਨ। ਮੁਹੱਬਤ ਭਾਵੇਂ ਇਸ਼ਕ ਮਜ਼ਾਜ਼ੀ ਅਤੇ ਇਸ਼ਕ ਹਕੀਕੀ ਹੋਵੇ, ਪ੍ਰੰਤੂ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ। ਕਵੀ ਅਨੁਸਾਰ ਬਹੁਤੇ ਲੋਕ ਮੁਹੱਬਤ ਦਾ ਦੁਰਉਪਯੋਗ ਕਰਦੇ ਹਨ। ਮੁਹੱਬਤ ਨੂੰ ਸਿਰਫ ਸਰੀਰਕ ਖਿੱਚ ਤੱਕ ਸੀਮਤ ਰੱਖਦੇ ਹਨ। ਜਦੋਂ ਕਿ ਅਸਲ ਵਿੱਚ ਮੁਹੱਬਤ ਦੋ ਰੂਹਾਂ ਦਾ ਆਤਮਕ ਮੇਲ ਮਿਲਾਪ ਹੁੰਦੀ ਹੈ। ਮੁਹੱਬਤ ਕਰਨ ਵਾਲੇ ਇਕ ਮਿਕ ਹੁੰਦੇ ਹਨ। ਕਵੀ ਮੁਹੱਬਤ ਵਿੱਚ ਵਿਖਾਵੇ ਨੂੰ ਵੀ ਚੰਗਾ ਨਹੀਂ ਸਮਝਦੇ। ਮੁਹੱਬਤ ਦਿਲ ਤੋਂ ਦਿਲ ਤੱਕ ਪਹੁੰਚਣ ਦਾ ਰਾਹ ਹੈ। ਮੁਹੱਬਤ ਅਤੇ ਬਿਰਹਾ ਨੂੰ ਵੀ ਸਤਵਿੰਦਰ ਸਿੰਘ ਧਨੋਆ ਇਕ ਸਿੱਕੇ ਦੇ ਦੋ ਪਹਿਲੂ ਸਮਝਦੇ ਹਨ। ਜਿਥੇ ਮੁਹੱਬਤ ਹੋਵੇਗੀ, ਉਥੇ ਬਿਰਹਾ ਦਾ ਹੋਣਾ ਕੁਦਰਤੀ ਹੈ ਕਿਉਂਕਿ ਮੁਹੱਬਤ ਸੁਮੇਲ ਭਾਲਦੀ ਹੈ। ਜਦੋਂ ਸੁਮੇਲ ਨਹੀਂ ਹੁੰਦਾ, ਉਦੋਂ ਬਿਰਹਾ ਪੈਦਾ ਹੁੰਦਾ ਹੈ। ਫਿਰ ਪਿਆਰੇ ਬਿਰਹਾ ਦਾ ਸੰਤਾਪ ਭੋਗਦੇ ਹਨ, ਤੜਪਦੇ, ਕੁਰਲਾਉਂਦੇ ਆਪਣੇ ਵਿਛੋੜੇ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ। ਸੁਮੇਲ ਹੋਣ ਉਪਰੰਤ ਬਿਰਹਾ ਖ਼ੰਭ ਲਾ ਕੇ ਉਡ ਜਾਂਦਾ ਹੈ। ਸਤਵਿੰਦਰ ਸਿੰਘ ਧਨੋਆ ਦੀ ਕਵਿਤਾ ਵਿੱਚ ਮੁਹੱਬਤ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਮੁਹੱਬਤ ਕਬਜ਼ਾ ਨਹੀਂ ਪਛਾਣ ਹੈ ‘ਤੇ ਅਧਾਰਤ ਹੈ। ਜਦੋਂ ਉਹ ਇਹ ਗੱਲ ਕਰਦੇ ਹਨ ਕਿ ਮੁਹੱਬਤ ਕਬਜ਼ਾ ਨਹੀਂ ਪਛਾਣ ਹੈ ਤਾਂ ਉਹ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ। ਕਵੀ ਦੀ ਖ਼ੂਬੀ ਇਹ ਹੈ ਕਿ ਉਹ ਮਾਲਵੇ ਦੇ ਦਿਹਾਤੀ ਇਲਾਕੇ ਦਾ ਜੰਮਪਲ ਹੋਣ ਕਰਕੇ, ਉਨ੍ਹਾਂ ਨੇ ਸਾਰੀਆਂ ਕਵਿਤਾਵਾਂ ਆਮ ਘਰਾਂ ਵਿਚ ਬਾਤ ਚੀਤ ਵਿੱਚ ਬੋਲੀ ਜਾਣ ਵਾਲੀ ਠੇਠ ਪੰਜਾਬੀ ਬੋਲੀ ਵਿੱਚ ਲਿਖੀਆਂ ਹਨ। ਸਹੀ ਅਰਥਾਂ ਵਿੱਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਦਿ੍ਰਸ਼ਟਾਤਮਿਕ ਢੰਗ ਵਰਤਿਆ ਹੈ। ਕਵਿਤਾਵਾਂ ਪੜ੍ਹਕੇ ਇਉਂ ਲੱਗਣ ਲੱਗ ਜਾਂਦਾ ਹੈ ਜਿਵੇਂ ਪਾਠਕ ਪਿੰਡਾਂ ਦੀਆਂ ਗਲੀਆਂ ਅਤੇ ਖੇਤਾਂ ਵਿੱਚ ਗੇੜੀ ਲਾ ਰਿਹਾ ਹੋਵੇ। ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ਤੇ ਤਾਂ ਮੁਹੱਬਤ ਅਤੇ ਬਿਰਹਾ ਹਨ। ਲੂਣਾ ਅਤੇ ਅੱਛਰਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੇ ਹੋਏ, ਕਵੀ ਦੋਹਾਂ ਦੇ ਪਿਆਰ ਨੂੰ ਆਪੋ ਆਪਣੀ ਜਗ੍ਹਾ ਸਹੀ ਠਹਿਰਾਉਂਦੇ ਹਨ। ਮਜ਼ਬੂਰੀ, ਮੁਹੱਬਤ ਅਤੇ ਬਿ੍ਰਹਾ ਦੀ  ਚੀਸ ਇਨ੍ਹਾਂ ਕਵਿਤਾਵਾਂ ਦੇ ਸ਼ੇਅਰਾਂ ਤੋਂ ਜ਼ਾਹਰ ਹੁੰਦੀ ਹੈ-

ਮੈਂ ਹਾਂ ਇੱਕ ਨਿਮਾਣਾ ਬੁੱਲਾ, ਝੱਖੜ ਬਣ ਕੇ ਝੁਲ ਨਹੀਂ ਸਕਦਾ।

ਦਿਲ ਵਿੱਚ ਪੀੜਾਂ, ਚੀਸਾਂ, ਕਸਕਾਂ, ਫੇਰ ਵੀ ਖੋਲ੍ਹ ਮੈਂ ਬੁੱਲ੍ਹ ਨੀ ਸਕਦਾ।

ਇੱਛਰਾਂ ਤੋਂ ਮੁੱਖ ਮੋੜ ਨਹੀਂ ਸਕਦਾ, ਲੂਣਾ ਤਾਈਂ ਭੁੱਲ ਨਹੀਂ ਸਕਦਾ।

ਇੱਛਰਾਂ ਦੇ ਅਹਿਸਾਨ ਬੜੇ ਨੇ, ਮੋੜ ਵੀ ਉਹਦਾ ਮੁੱਲ ਨਹੀਂ ਸਕਦਾ।

ਭੱਠ ਹੈ ਮੇਰਾ ਬਿ੍ਰਹੜਾ, ਤੇ ਜਿੰਦ ਭੱਠੀ ਦੇ ਦਾਣੇ,

ਖ਼ੁਸ਼ੀਆਂ ਚੁੰਗ ਵਿੱਚ ਦੇਤੀਆਂ, ਮੇਰੇ ਪੱਲੇ ਗ਼ਮ ਅਣਜਾਣੇ।

ਬਿ੍ਰਹਣ ਰੂਹ ਦੇ ਰੱਕੜ ਮੈਰੇ, ਕਿੱਥੇ ਫ਼ਸਲ ਗੁਲਾਬਾਂ ਦੀ।

ਜੀਹਨੇ ਹਿਜ਼ਰ ਹੰਢਾਈਆਂ ਪੀੜਾਂ, ਉਹੀਓ ਈ ਤਨ ਜਾਣੇ।

ਪੀੜਾਂ ਨੇ ਮਸ਼ੂਕਾਂ ਪੱਲੇ, ਹਉਕੇ ਹਾਅਵਾਂ ਕੂਕਾਂ ਪੱਲੇ।

ਗ਼ਮ ਗੂੜ੍ਹਾ ਯਾਰ ਏ, ਫੇਰ ਪਤਾ ਨਹੀਂ, ਮੈਨੂੰ ਕੀਹਦਾ ਇੰਤਜ਼ਾਰ ਏ।

ਉਹ ਹੱਸ ਕੇ ਜੇ ਬੋਲੀ, ਕੌਣ ਵਿਰਾਉਂਦਾ ਰੋਂਦੇ ਨੂੰ।

ਮੈਂ ਕਹਿਤਾ ਹਿਜ਼ਰ ਰਵਾਉਂਦਾ, ਰੋ ਰੋ ਵਿਰਦਾ ਹਾਂ।

   ਸ਼ਾਇਰ ਬਿ੍ਰਹਾ, ਮੁਹੱਬਤ, ਪੀੜਾਂ ਬਾਰੇ ਕਹਿੰਦੇ ਹਨ ਕਿ ਜਿਸ ਤਨ ਨੂੰ ਇਹ ਲਗਦੀਆਂ ਹਨ, ਉਨ੍ਹਾਂ ਦੀ ਪੀੜ ਉਹੀ ਜਣ ਸਕਦਾ ਹੈ। ਖ਼ੁਸ਼ੀਆਂ ਤਾਂ ਬਹੁਤ ਘੱਟ ਇਕ ਚੰਗ ਦੀ ਤਰ੍ਹਾਂ ਹੀ ਮਿਲਦੀਆਂ ਹਨ। ਕਵੀ ਦੀ ਦਿਹਾਤੀ ਅਤੇ ਆਮ ਜਨ ਜੀਵਨ ਵਿੱਚੋਂ ਲੈ ਕੇ ਵਰਤੀ ਗਈ ਸ਼ਬਦਾਵਲੀ ਉਦਾਹਰਣ ਚੁੰਗ ਸ਼ਬਦ ਤੋਂ ਪਤਾ ਲਗਦੀ ਹੈ। ਕਵੀ ਦੀਆਂ ਕਵਿਤਾਵਾਂ ਆਮ ਪਾਠਕ ਦੀ ਸਮਝ ਵਿੱਚ ਆਉਣ ਵਾਲੀਆਂ ਹਨ। ੲਨ੍ਹਾਂ ਦੀ ਭਾਸ਼ਾ ਸਰਲ ਅਤੇ ਸ਼ਪਸ਼ਟ ਹੈ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਬੁਝਾਰਤਾਂ ਨਹੀਂ ਪਾਉਂਦਾ ਸਗੋਂ ਸਾਫਗੋਈ ਨਾਲ ਗੱਲ ਕਰਦਾ ਹੈ-

ਇਹ ਲਾਂਬੂ ਮੇਰੇ ਵੱਸੋਂ ਬਾਹਰਾ, ਧੁਰ ਦਰਗਾਹੋਂ ਆਇਆ।

ਇਸ ਅੱਗੇ ਮੇਰੀ ਵਾਹ ਨਹੀਂ ਚਲਦੀ, ਜਾਂਦਾ ਨਹੀਂ ਬੁਝਾਇਆ।

ਬਿਰਹਣ ਅੱਖ ਦਾ ਨੀਰ ਵੇ ਅੜਿਆ, ਜਦ ਬਲਦੀ ‘ਤੇ  ਪੈਂਦਾ।

ਇਹ ਅੰਦਰ ਦੀ ਲਾਟ ‘ਤੇ ਅੜਿਆ, ਘੀ ਦਾ ਕੰਮ ਕਰੇਂਦਾ।

ਤੇਰੇ ਕਾਮਣ ਨੈਣਾਂ ਥਾਣੀਂ, ਜਦ ਆਪਣਾ ਮੈਂ ਕਿਰਦਾਰ ਤੱਕਿਆ।

ਰੁਲਿਆ-ਖ਼ੁਲਿਆ ਲੀਰਾਂ ਹੋਇਆ, ਆਪਣਾ ਸੁੱਚਾ ਪਿਆਰ ਮੈਂ ਤੱਕਿਆ।

ਉਹ ਤਾਂ ਸੱਟਾਂ ਫੇਟਾਂ ਖਾ ਕੇ ਸੰਭਲ ਗਈ,

 ਮੈਂ ਅੱਜ ਵੀ ਲੜਖੜਾਉਂਨਾ, ਉਠਦਾ ਗਿਰਦਾ ਹਾਂ। 

  ਸੱਚੇ ਸੁੱਚੇ ਪਿਆਰ ਕਰਨ ਵਾਲਿਆਂ ਨੂੰ ਮੁਹੱਬਤ ਦੇ ਨਾਂ ‘ਤੇ ਦਿੱਤੇ ਜਾਂਦੇ ਧੋਖਿਆਂ ਬਾਰੇ ਕਵੀ ਲਿਖਦਾ ਹੈ ਕਿ ਪਿਆਰਿਆਂ ਦੇ ਧੋਖਿਆਂ ਗ੍ਰਸਿਆ ਇਨਸਾਨ ਸਪ ਦੀ ਤਰ੍ਹਾਂ ਵਲ ਖਾਂਦਾ ਅਤੇ ਝੁਰਦਾ ਰਹਿੰਦਾ ਹੈ ਪ੍ਰੰਤੂ ਉਹ ਕਰ ਕੁਝ ਨਹੀਂ ਸਕਦਾ। ਕਵੀ ਆਪਣੀ ਹਾਰ ਨੂੰ ਸਫਲਤਾ ਦਾ ਨਾਂ ਲੈ ਕੇ ਤਸੱਲੀ ਦਿੰਦਾ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਅਗਨੀ ਦੀ ਪ੍ਰੀਖਿਆ ਵਿਚੋਂ ਗੁਜਰਨਾ ਪੈਂਦਾ ਹੈ।  ਮੁਹੱਬਤ ਵਿੱਚ ਹੋਈ ਅਸਫਲਤਾ ਨੂੰ ਵੀ ਆਪਣੇ ਮਨ ਨੂੰ ਧਰਵਾਸ ਦੇਣ ਲਈ ਆਪਣੇ ਆਪ ਵਿੱਚ ਹੀ ਖੋਟ ਮਹਿਸੂਸ ਕਰਦਾ ਹੈ-

ਹਰ ਹਾਰ ‘ਚ ਜਿੱਤਾਂ ਛੁਪੀਆਂ ਨੇ, ਐਵੇਂ ਨਾ ਸੱਜਣਾ ਡੋਲ ਜਾਵੀਂ।

ਸੋਨੇ ਨੂੰ ਜੇਵਰ ਬਣਨ ਲਈ, ਅਗਨੀ ‘ਚੋਂ ਗੁਜ਼ਰਨਾ ਪੈਂਦਾ ਏ।

ਸਾਡਾ ਜ਼ਿੰਦਗੀ ਵਾਲਾ ਉਲਝ ਗਿਆ ਏ ਤਾਣਾ।

ਸੀ ਕੋਈ ਕਸਰ ਮੁਹੱਬਤਾਂ ਵਿੱਚ ਜਾਂ ਸਾਡੇ ਲੇਖਾਂ ‘ਚ।

    ਪਿਆਰ ਦੇ ਨਾਂ ‘ਤੇ ਕੀਤੀਆਂ ਜਾਂਦੀਆਂ ਬੇਵਫ਼ਾਈ ਨੂੰ ਧਨੋਆ ਬਾਖ਼ੂਬੀ ਚਿਤਰਦੇ ਹਨ। ਕਵੀ ਦੀ ਸ਼ਬਦਾਂ ਦੀ ਚੋਣ ਕਵਿਤਾ ਵਿੱਚ ਰਸ ਹੀ ਪੈਦਾ ਨਹੀਂ ਕਰਦੀ ਸਗੋਂ ਪਿਆਰੇ ਨੂੰ ਗੁਮਰਾਹ ਹੋਣ ਤੋਂ ਵੀ ਪ੍ਰੇਰਦੀ ਹੋਈ ਡੂੰਘੀ ਚੋਟ ਮਾਰਦੀ ਹੈ। ਉਹ ਇਹ ਵੀ ਮੰਨਦਾ ਹੈ ਕਿ ਧੋਖੇਬਾਜ਼ ਇਸ਼ਕ ਦੇ ਵਿਪਾਰੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਹੋਣਗੇ। ਜੁਗਾਂ ਜੁਗਾਂਤਰਾਂ ਤੋਂ ਪਿਆਰ ਦੇ ਵਣਜ ਵਿੱਚ ਇਹ ਧੋਖਾਂ ਅਤੇ ਫ਼ਰੇਬ ਚਲਦਾ ਆ ਰਿਹਾ ਹੈ, ਜਦੋਂ ਉਹ ਲਿਖਦੇ ਹਨ-

 ਕਤਲ ਵਸਾਹ ਦੇ ਕੀਤੇ ਬੇਵਸਾਹੀਆਂ ਨੇ,

ਗਲ ਪਿਆਰਾਂ ਦੇ ਘੋਟੇ ਬੇਵਫ਼ਾਈਆਂ ਨੇ।

ਚਾਨਣ ਤਰਲੇ ਪਾਉਂਦਾ ਕਾਲੀਆਂ ਰਾਤਾਂ ਦੇ,

ਕਿਰਨਾ ਥੱਕ ਟੁੱਟ ਸੌਈਆਂ ਛਟਿਆ ਨੇ੍ਹਰਾ ਨਹੀਂ।

 ਪਾਕਿ-ਪਵਿਤਰ ਰੂਹ ਤੇਰੀ, ਵੱਸ ਪਈ ਪਲੀਤਾਂ ਦੇ।

ਕਿੱਥੇ ਵਿਸ਼ੇ ਵਿਕਾਰਾਂ ਨੇ, ਇਸ ਰੂਹ ‘ਚੋਂ ਛਣ ਹੋਣਾ।

    ਸਤਵਿੰਦਰ ਸਿੰਘ ਧੰਨੋਆ ਇਹ ਵੀ ਕਹਿੰਦਾ ਹੈ ਕਿ ਅਜਿਹੀ ਕਵਿਤਾ ਲਿਖਣ ਦਾ ਕੋਈ ਅਰਥ ਨਹੀਂ ਜੇਕਰ ਉਸਦੀ ਕਵਿਤਾ ਸਮਾਜ ਦੇ ਹਿਤਾਂ ਤੇ ਪਹਿਰਾ ਨਾ ਦੇਵੇ। ਇਸ ਲਈ ਕਵੀ ਨੇ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਜਿਵੇਂ ਭਰੂਣ ਹੱਤਿਆ, ਵਾਤਾਵਰਨ, ਦਹਿਸ਼ਤਗਰਦੀ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਵੀ ਲਿਖੀਆਂ ਹਨ ।

ਮੈਂ ਦੇਖੇ ਨੇ ਪੰਜਾਬ ਦੇ ਪੁੱਤਾਂ ਦੇ ਕਤਲ, ਬਹਾਰ ਰੁੱਤਾਂ ਦੇ ਕਤਲ।

ਡੋਰੀਆਂ ਗੁੱਤਾਂ ਦੇ ਕਤਲ, ਹਰਿਆਂ ਰੁੱਖਾਂ ਦੇ ਕਤਲ।

ਕੁਆਰੀਆਂ ਕੁੱਖਾਂ ਦੇ ਕਤਲ, ਵਸਦੇ ਵਿਹੜਿਆਂ ਦੇ ਸੁੱਖਾਂ ਦੇ ਕਤਲ।

ਰਿਜ਼ਕਾਂ ਦੀ ਥੋੜ੍ਹ ਮੈਂ ਭੋਗੀ ਹੈ, ਭੁੱਖੇ ਢਿਡਾਂ ਦੀ ਲੋੜ ਮੈਂ ਭੋਗੀ ਹੈ।

ਕਿਰਤ ਦੀਆਂ ਲੁੱਟਾਂ ਦੀ ਹੋੜ ਮੈਂ ਭੋਗੀ ਹੈ, ਸੰਸਿਆਂ-ਸੰਤਾਪਾਂ ਦੀ ਤੋੜ ਮੈਂ ਭੋਗੀ ਹੈ।

  ਜਿਸਮਾਂ ਦੇ ਵਿਓਪਾਰ ਦਾ ਜ਼ਿਕਰ ਕਰਦਿਆਂ ਕਵੀ ਲਿਖਦਾ ਹੈ-

 ਤੈਨੂੰ ਤ੍ਰੇਹ ਅੜੀਏ ਜਿਸਮਾ ਦੀ, ਕਿਉਂ ਢੌਂਗ ਰਚੇਂਦੀ ਪਿਆਰਾਂ ਦੇ।

 ਅਸੀਂ ਵੀ ਤੈਥੋਂ ਵੱਖਰੇ ਨਹੀਂ, ਬੜੇ ਸ਼ੌਕੀ ਮੌਜ ਬਹਾਰਾਂ ਦੇ।

ਬਸ ਫ਼ਰਕ ਏਨਾ ਕੁ ਹੈ ਅੜੀਏ, ਜੋ ਕਹਿੰਦੇ ਓਹੀ ਕਰਦੇ ਹਾਂ।

ਨਾ ਤੂੰ ਸਾਡੇ ਬਿਨ ਮਰਦੀ ਏਂ, ਨਾ ਬਿਨ ਤੇਰੇ ਅਸੀਂ ਮਰਦੇ ਹਾਂ।

ਇਸ਼ਕ ਕਮਾਉਦੇ, ਖ਼ੂਨ ਪਿਆਉਂਦੇ ਹਿਜ਼ਰਾਂ ਨੂੰ,

ਮਾਸ ਪਕਾਉਣੇ ਤਨ ਦੇ, ਬਾਲਣ ਹੱਡੀਆਂ ਦਾ।

ਅੱਖ ਮਟੱਕੇ ਇਸ਼ਕ ਮਜ਼ਾਜ਼ੀ ਥਾਂ-ਥਾਂ ‘ਤੇ।

ਦਿਲ ਵਟਾਉਣਾ ਫ਼ੈਸ਼ਨ ਹੋ ਗਿਆ ਨੱਢੀਆਂ ਦਾ।

         ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਸਤਵਿੰਦਰ ਧਨੋਆ ਦੀ ਸ਼ੁਰੂਆਤ ਚੰਗੀ ਹੈ ਪ੍ਰੰਤੂ ਅਜੇ ਹੋਰ ਮਿਹਨਤ ਕਰਕੇ ਸਮਾਜਿਕ ਸਰੋਕਾਰਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। 160 ਪੰਨਿਆਂ, 240 ਰੁਪਏ ਕੀਮਤ, 68 ਕਵਿਤਾਵਾਂ ਵਾਲੀ ਪੁਸਤਕ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                  

                                                                               ਮੋਬਾਈਲ-94178 13072

                                                                                                   ujagarsingh48@yahoo.com

 

 

ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ - ਉਜਾਗਰ ਸਿੰਘ


    ਮੇਰਾ ਪਿੰਡ ਕੱਦੋਂ ਲੁਧਿਆਣਾ ਜਿਲ੍ਹੇ ਵਿਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈ। ਮੈਂ ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਦੋਰਾਹਾ ਵਿਚ ਪੜ੍ਹਦਾ ਸੀ। ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿਬਿਆਂ ਵਾਲੇ ਰਸਤੇ ਵਿਚ ਪੈਦਲ ਜਾਣਾ ਪੈਂਦਾ ਸੀ। ਜੁਤੀ ਪਾਉਣੀ ਜਾਂ ਨਾ ਪਾਉਣੀ ਇਕ ਬਰਾਬਰ ਹੁੰਦੀ ਸੀ। ਰੇਤਾ ਇਤਨਾ ਹੁੰਦਾ ਸੀ ਕਿ ਗਰਮੀਆਂ/ਸਰਦੀਆਂ ਦੇ ਦਿਨਾ ਵਿਚ ਜੁੱਤੀਆਂ ਵਿਚ ਤੱਤਾ/ਠੰਡਾ ਰੇਤਾ ਪੈ ਜਾਂਦਾ ਸੀ। ਕਈ ਵਾਰ ਜੁਤੀ ਚੁੱਕ ਕੇ ਭੱਜਕੇ ਜਾਣਾ ਪੈਂਦਾ ਸੀ ਤਾਂ ਜੋ ਪੈਰ ਨਾ ਸੜਨ/ਠਰਨ। ਸਕੂਲ ਵਿਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਹੀ ਅਨੁਸਾਸ਼ਨ ਪਸੰਦ ਸਨ। ਉਹ ਡੰਡਾ ਹਰ ਵਕਤ ਆਪਣੇ ਕੋਲ ਰੱਖਦੇ ਸਨ। ਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨ। ਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ। ਮੈਂ ਨੌਵੀਂ ਦੇ ਸਾਲਾਨਾ ਪੇਪਰਾਂ ਵਿਚ ਅੰਗਰੇਜ਼ੀ ਦਾ ਪੇਪਰ ਦੇ ਰਿਹਾ ਸੀ, ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿਚ ਕੁੰਡੀ ਫਸ ਗਈ ਕਿ ਜਵਾਹਰ ਵਿਚ ਤਿੰਨ ‘ਏ’ ਨਹੀਂ ਹੋ ਸਕਦੀਆਂ। ਅੱਗੇ ਬੈਠੇ ਸਾਥੀ ਨੂੰ ਪੁਛਣ ਦੀ ਕੋਸਿਸ਼ ਕਰ ਰਿਹਾ ਸੀ ਤਾਂ ਅੰਗਰੇਜ਼ੀ ਦੇ ਅਧਿਆਪਕ ਗੁਰਚਰਨ ਸਿੰਘ ਜੋ ਪਟਿਆਲਾ ਤੋਂ ਆਉਂਦੇ ਸਨ ਆ ਕੇ ਮੇਰੇ ਕੋਲ ਖੜ੍ਹ ਗਏ। ਉਨ੍ਹਾਂ ਮੈਨੂੰ ਖੜ੍ਹਾ ਕਰਕੇ ਪਿਆਰ ਨਾਲ ਕਿਹਾ ਕਿ ਅਧਿਆਪਕ ਦੀਆਂ ਨਜ਼ਰਾਂ ਵਿਚ ਚੰਗਾ ਵਿਦਿਆਰਥੀ ਬਣਨਾ ਵੱਡੀ ਗੱਲ ਨਹੀਂ ਹੁੰਦੀ ਪ੍ਰੰਤੂ ਚੰਗਿਆਈ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੁੰਦਾ ਹੈ। ਇਤਨੀ ਗੱਲ ਕਹਿਕੇ ਮੈਨੂੰ ਇਮਤਿਹਾਨ ਦੇਣ ਲਈ ਬਿਠਾ ਗਏ। ਉਹ ਦਿਨ ਤੋਂ ਬਾਅਦ ਮੈਂ ਆਪਣੇ ਅਧਿਆਪਕ ਦੀ ਗੱਲ ਪੱਲੇ ਬੰਨ੍ਹੀ ਹੋਈ ਹੈ। ਅੱਜ ਜਦੋਂ ਮੈਂ ਅਧਿਆਪਕਾਂ ਅਤੇ ਵਿਦਿਅਰਥੀਆਂ ਦੇ ਟਕਰਾਓ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੈਨੂੰ ਭਲੇ ਵੇਲੇ ਯਾਦ ਆਉਂਦੇ ਹਨ, ਜਦੋਂ ਅਸੀਂ ਅਧਿਆਪਕਾਂ ਨੂੰ ਦੇਖ ਕੇ ਘਾਊਂ ਮਾਊਂ ਹੋ ਜਾਂਦੇ ਸੀ, ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰਦੇ ਸੀ। ਮੈਨੂੰ ਮਾਪਿਆਂ ਨੇ ਦਸਵੀਂ ਤੋਂ ਬਾਅਦ ਪੜ੍ਹਾਉਣ ਤੋਂ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਇਨਕਾਰ ਕਰ ਦਿੱਤਾ। ਪ੍ਰੰਤੂ ਮੈਂ ਅੱਗੇ ਪੜ੍ਹਕੇ ਲੈਕਚਰਾਰ ਬਣਨਾ ਚਾਹੁੰਦਾ ਸੀ।  ਮੇਰੇ ਵੱਡੇ ਭਰਾ ਸ੍ਰ ਧਰਮ ਸਿੰਘ ਪਟਿਆਲੇ ਆਬਕਾਰੀ ਤੇ ਕਰ ਵਿਭਾਗ ਵਿਚ ਸਹਾਇਕ ਲੱਗੇ ਹੋਏ ਸਨ, ਉਹ ਮੈਨੂੰ ਆਪਣੇ ਕੋਲ ਲੈ ਗਏ। ਪ੍ਰਾਈਵੇਟਲੀ ਗਿਆਨੀ ਦੇ ਇਮਤਿਹਾਨ ਦੇਣ ਲਈ ਪਟਿਆਲੇ ਪੁਰਾਣੀ ਕੋਤਵਾਲੀ ਚੌਕ ਵਿਚ ਪ੍ਰੋ ਬਾਬੂ ਸਿੰਘ ਗੁਰਮ ਦੀ ਇਕ ਨਿਊ ਆਕਸਫੋਰਡ ਨਾਂ ਦੀ ਅਕਾਡਮੀ ਹੁੰਦੀ ਸੀ, ਜੋ ਸਵੇਰੇ ਸ਼ਾਮ ਕਲਾਸਾਂ ਲਗਾਕੇ ਪਹਿਲਾਂ ਗਿਆਨੀ ਅਤੇ ਫਿਰ 6-6 ਮਹੀਨੇ ਬਾਅਦ 50 ਨੰਬਰ ਦੀ ਅੰਗਰੇਜ਼ੀ ਜ਼ਰੂਰੀ ਵਿਸ਼ੇ ਨਾਲ ਬੀ ਏ ਕਰਵਾ ਦਿੰਦੇ ਸਨ। ਇਸ ਪੜ੍ਹਾਈ ਨੂੰ ਵਾਇਆ ਬਠਿੰਡਾ ਕਹਿੰਦੇ ਸਨ। ਕਲਾਸ ਵਿਚ ਬਹੁਤੇ ਕਰਨ ਵਾਲੇ ਨੌਕਰੀਆਂ ਵਾਲੇ ਮੁਲਾਜ਼ਮ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਇਸ ਅਕਾਡਮੀ ਦਾ ਬੜਾ ਨਾਮ ਚਲਦਾ ਸੀ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਹੁਤੇ ਵਿਦਿਆਰਥੀ ਸੰਜੀਦਾ ਸਨ ਪ੍ਰੰਤੂ ਕੁਝ ਵਿਦਿਆਰਥੀ ਮਨਪ੍ਰਚਾਵੇ ਲਈ ਹੀ ਆਉਂਦੇ ਸਨ, ਜਿਹੜੇ ਅਨੁਸ਼ਾਸਨ ਖ਼ਰਾਬ ਕਰਦੇ ਸਨ। ਪਿ੍ਰੰਸੀਪਲ ਜੋ ਇਕ ਜੱਟ ਪਰਿਵਾਰ ਨਾਲ ਸੰਬੰਧਤ ਸੀ, ਉਸ ਲਈ ਵੀ ਵਿਦਿਆਰਥੀਆਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀ। ਕੁਝ ਸਾਡੇ ਵਰਗੇ ਵਿਦਿਆਰਥੀ ਸੰਜੀਦਾ ਸਨ, ਜਿਹੜੇ ਕਾਲਜਾਂ ਦੀ ਫੀਸ ਨਹੀਂ ਦੇ ਸਕਦੇ ਸੀ। ਪੜ੍ਹਾਈ ਕੋ ਐਜੂਕੇਸ਼ਨ ਸੀ। ਮੈਂ ਅਤੇ ਮਰਹੂਮ ਜਸਵੰਤ ਡਡਹੇੜੀ ਨੇ ਵੀ ਅਕਾਡਮੀ ਵਿਚ ਦਾਖ਼ਲਾ ਲੈ ਲਿਆ। ਅਕਾਡਮੀ ਦਾ ਮਾਲਕ ਆਪ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਲੁਧਿਆਣੇ ਜਿਲ੍ਹੇ ਦੇ ਸਮਰਾਲਾ ਕੋਲ ਪਿੰਡ ਭਰਥਲਾ ਦੇ ਰਹਿਣ ਵਾਲੇ ਸਨ। ਅਸੀਂ ਵੀ ਦੋਵੇਂ ਲੁਧਿਆਣਾ ਜਿਲ੍ਹੇ ਦੇ ਅਤੇ ਸੰਜੀਦਾ ਵਿਦਿਆਰਥੀ ਹੋਣ ਕਰਕੇ ਇਕ ਦਿਨ ਉਨ੍ਹਾਂ ਨੇ ਸਾਨੂੰ ਆਪਣੇ ਦਫਤਰ ਵਿਚ ਬੁਲਾਇਆ ਤੇ ਕਿਹਾ ਕਿ ਅਕਾਡਮੀ ਵਿਚ ਕੁਝ ਬਾਹਰਲੇ ਮੁੰਡੇ ਆ ਕੇ ਕੁੜੀਆਂ ਨੂੰ ਤੰਗ ਕਰਦੇ ਹਨ। ਤੁਸੀਂ ਮੇਰੀ ਮਦਦ ਕਰੋ। ਅਸੀਂ ਚੌੜ ਵਿਚ ਆ ਕੇ ਜ਼ਿੰਮੇਵਾਰੀ ਲੈ ਬੈਠੇ। ਸਾਡੀ ਦਿਖ ਤਾਂ ਠੀਕ ਸੀ ਪ੍ਰੰਤੂ ਐਨੀ ਰੋਹਬਦਾਰ ਨਹੀਂ ਸੀ ਕਿ ਮੁੰਡਿਆਂ ਨੂੰ ਦਬਕਾ ਮਾਰ ਸਕਦੇ। ਜਸਵੰਤ ਡਡਹੇੜੀ ਦਾ ਛੋਟਾ ਭਰਾ ਹਰਦਿਆਲ ਸਿੰਘ ਖਾਲਸਾ ਕਾਲਜ ਪਟਿਆਲਾ ਵਿਚ ਪੜ੍ਹਦਾ ਸੀ, ਉਹ ਥੋੜ੍ਹਾ ਇਲਤੀ ਅਤੇ ਰੋਹਬ ਦਾਬ ਵਾਲਾ ਸੀ। ਅਸੀਂ ਉਸਨੂੰ ਨਾਲ ਲੈ ਆਏ ਤੇ ਸਾਰੀ ਗੱਲ ਦੱਸੀ। ਉਸਨੇ ਦਬਕੇ ਮਾਰੇ ਕਿ ਜੇਕਰ ਸਾਡੀਆਂ ਭੈਣਾ ਨਾਲ ਕਿਸੇ ਨੇ ਛੇੜਖਾਨੀ ਕਰਨ ਦੀ ਕੋਸਿਸ਼ ਕੀਤੀ ਤਾਂ ਉਸਦੀ ਖੈਰ ਨਹੀਂ। ਮੁੜਕੇ ਕੋਈ ਵੀ ਲੜਕਾ ਅਕਾਡਮੀ ਦੇ ਮੂਹਰੇ ਵੀ ਨਾ ਲੰਘਿਆ ਕਰੇ, ਸਾਡਾ ਮੁਫ਼ਤ ਦਾ ਹੀ ਰੋਹਬ ਪੈ ਗਿਆ। ਅਕਾਡਮੀ ਦੇ ਮਾਲਕ ਨੇ ਸਵਾਗਤ ਕਰਤਾ ਦੇ ਕੋਲ ਦੋ ਕੁਰਸੀਆਂ ਲਵਾ ਦਿੱਤੀਆਂ ਤੇ ਸਾਨੂੰ ਕਦੇ ਕਦੇ ਉਥੇ ਬੈਠਣ ਲਈ ਕਿਹਾ ਤਾਂ ਜੋ ਕੋਈ ਹੋਰ ਅਨੁਸ਼ਾਸ਼ਨ ਭੰਗ ਨਾ ਕਰੇ। ਉਸ ਦਿਨ ਤੋਂ ਬਾਅਦ ਪਿ੍ਰੰਸੀਪਲ ਨੇ ਸਾਡੀ ਫੀਸ ਮਾਫ ਕਰ ਦਿੱਤੀ। ਅਸੀਂ ਗਿਆਨੀ ਅਤੇ ਬੀ ਏ ਮੁਫਤ ਵਿਚ ਪਾਸ ਕੀਤਆਂ।
      ਫਿਰ ਅਸੀਂ ਮਹਿੰਦਰਾ ਕਾਲਜ ਪਟਿਆਲਾ ਵਿਚ ਈਵਨਿੰਗ ਕਲਾਸਾਂ ਵਿਚ ਐਮ ਏ ਪੰਜਾਬੀ ਵਿਚ ਦਾਖਲਾ ਲੈ ਲਿਆ। ਸਾਡੀ ਕਲਾਸ ਵਿੱਚ  16 ਵਿਦਿਆਰਥੀ ਸਨ, ਉਨ੍ਹਾਂ ਵਿਚ ਕਾਲਜ ਦੇ ਪਿ੍ਰੰਸੀਪਲ ਦਾ ਸਟੈਨੋ ਹਰਨਾਮ ਸਿੰਘ ਵੀ ਸ਼ਾਮਲ ਸੀ, ਜੋ ਬਾਅਦ ਵਿਚ ਜਿਲ੍ਹਾ ਸਿਖਿਆ ਅਧਿਕਾਰੀ ਬਣ ਗਏ ਸਨ। ਬਹੁਤੇ ਸ਼ਹਿਰੀ ਅਤੇ ਅਸੀਂ ਚਾਰ ਕੁ ਪੇਂਡੂ ਵਿਦਿਆਰਥੀ ਸੀ। ਪ੍ਰੋ ਕਰਤਾਰ ਸਿੰਘ ਲੂਥਰਾ ਪੰਜਾਬੀ ਵਿਭਾਗ ਦੇ ਮੁੱਖੀ ਸਨ। ਉਹ  ਇਕੱਲੇ ਨਾਭਾ ਗੇਟ ਰਹਿੰਦੇ ਸਨ। ਮੇਰਾ ਕਿਉਂਕਿ ਨਿਸ਼ਾਨਾ ਲੈਕਚਰਾਰ ਬਣਨਾ ਸੀ, ਇਸ ਲਈ ਮੈਂ ਸ਼ਾਮ ਨੂੰ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ ਤਾਂ ਜੋ ਮੈਨੂੰ ਅਗਵਾਈ ਦੇ ਸਕਣ। ਉਨ੍ਹਾਂ ਮੈਨੂੰ ਇਕ ਪੁਸਤਕ ਪੜ੍ਹਨ ਲਈ ਦਿੱਤੀ ਤੇ ਜਦੋਂ ਮੈਂ ਪੁਸਤਕ ਪੜ੍ਹ ਰਿਹਾ ਸੀ ਤਾਂ ਉਸ ਵਿਚੋਂ  100 ਦਾ ਨੋਟ ਮਿਲਿਆ। ਉਨ੍ਹਾਂ ਦਿਨਾ ਵਿਚ ਇਹ ਰਕਮ ਵੱਡੀ ਸੀ। ਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਤਾਂ ਮੇਰੀ ਇਮਾਨਦਾਰੀ ਦੇ ਕਾਇਲ ਹੋ ਗਏ। ਅੱਗੋਂ ਵਾਸਤੇ ਉਨ੍ਹਾਂ ਮੇਰਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਸ਼ਾਇਦ ਮੇਰੀ ਪਰਖ ਕਰਨ ਲਈ ਹੀ ਉਨ੍ਹਾਂ ਇੰਜ ਕੀਤਾ ਹੋਵੇ। ਅਜੇ ਮੈਂ ਐਮ ਏ ਪਹਿਲੇ ਸਾਲ ਵਿਚ ਹੀ ਪੜ੍ਹ ਰਿਹਾ ਸੀ ਤਾਂ ਇਕ ਅਸਾਮੀ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦਾ ਇਸ਼ਤਿਹਾਰ ਨਿਕਲਿਆ। ਕਲਾਸ ਵਿਚ ਚਰਚਾ ਹੋਈ ਤੇ ਫੈਸਲਾ ਹੋਇਆ ਕਿ ਸਾਰੇ 16 ਵਿਦਿਆਰਥੀਆਂ ਵਿਚੋਂ ਇਕ ਹੀ ਅਪਲਾਈ ਕਰੇ। ਪ੍ਰੋ ਲਥਰਾ ਨੇ ਵੀ ਮੇਰੀ ਸਪੋਰਟ ਕਰ ਦਿੱਤੀ।ਗੁਣਾ ਮੇਰੇ ਤੇ ਪੈ ਗਿਆ। ਮੈਨੂੰ ਅਪਲਾਈ ਕਰਨਾ ਵੀ ਨਹੀਂ ਆਉਂਦਾ ਸੀ। ਹਰਨਾਮ ਸਿੰਘ ਸਟੈਨੋ ਨੇ ਆਪੇ ਮੇਰੀ ਅਰਜ਼ੀ ਟਾਈਪ ਕਰਕੇ ਮਨੀਆਰਡਰ ਨਾਲ ਲਾ ਕੇ ਪੋਸਟ ਕਰ ਦਿੱਤੀ। ਲਿਖਤੀ ਟੈਸਟ ਆ ਗਿਆ। ਇਹ ਅਸਾਮੀ ਪੰਜਾਬੀ ਸ਼ਾਖਾ ਵਿਚ ਸੀ। ਪੰਜਾਬੀ ਸ਼ਾਖਾ ਦਾ ਮੁੱਖੀ ਪੀ ਆਰ ਓ, ਪੰਜਾਬੀ ਦੇ ਕਵੀ ਸੁਖਪਾਲਵੀਰ ਸਿੰਘ ਹਸਰਤ ਸਨ। ਉਹ ਹੀ ਜਾਗ੍ਰਤੀ ਪੰਜਾਬੀ ਸਰਕਾਰੀ ਰਸਾਲੇ ਦੇ ਸੰਪਾਦਕ ਸਨ। ਮੈਂ ਪੇਂਡੂ ਪਿਛੋਕੜ ਵਾਲਾ ਇਸਤੋਂ ਪਹਿਲਾਂ ਕਦੀਂ ਚੰਡੀਗੜ੍ਹ ਨਹੀਂ ਗਿਆ ਸੀ। ਔਖਾ ਸੌਖਾ ਪੁਛਦਾ ਪੁਛਾਉਂਦਾ ਚੰਡੀਗੜ੍ਹ ਸਕੱਤਰੇਤ ਪਹੁੰਚ ਗਿਆ। ਸਾਡਾ ਟੈਸਟ ਅਮਲਾ ਸ਼ਾਖਾ ਵਿਚ ਲਿਆ ਗਿਆ। ਰਮੇਸ਼ ਗੁਪਤਾ ਅਤੇ ਬਲਜੀਤ ਸਿੰਘ ਸੈਣੀ ਦੀ ਟੈਸਟ ਲੈਣ ਦੀ ਜ਼ਿੰਮੇਵਾਰੀ ਵਿਭਾਗ ਨੇ ਲਗਾਈ ਹੋਈ ਸੀ। ਸੁਖਪਾਲਵੀਰ ਸਿੰਘ ਹਸਰਤ ਨੇ ਪੇਪਰ ਬਣਾਇਆ ਸੀ, ਉਨ੍ਹਾਂ ਨੇ 80 ਨੰਬਰਾਂ ਦਾ ਸਾਹਿਤਕ ਅਤੇ 20 ਨੰਬਰ ਦਾ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਬਣਾਉਣ ਦਾ ਪੇਪਰ ਪਾਇਆ। ਮੈਂ ਤਾਂ50 ਨੰਬਰ ਦੀ ਜ਼ਰੂਰੀ ਅੰਗਰੇਜ਼ੀ ਨਾਲ ਬੀ ਏ ਕੀਤੀ ਸੀ, ਇਸ ਲਈ ਅੰਗਰੇਜ਼ੀ ਦਾ ਮੇਰਾ ਹੱਥ ਬਹੁਤ ਤੰਗ ਸੀ । ਮੈਂ ਕਿਉਂਕਿ ਐਮ ਏ ਪੰਜਾਬੀ ਪਹਿਲੇ ਸਾਲ ਦਾ ਵਿਦਿਆਰਥੀ ਸੀ, ਇਸ ਲਈ ਸਾਹਿਤਕ ਸਾਰਾ ਪੇਪਰ ਹਲ ਕਰ ਦਿੱਤਾ। ਮੇਰੀ ਲਿਖਾਈ ਵੀ ਬਹੁਤੀ ਚੰਗੀ ਨਹੀਂ ਸੀ ਪ੍ਰੰਤੂ ਪੜ੍ਹੀ ਜਾਂਦੀ ਸੀ। ਜਿਹੜਾ ਰਮੇਸ਼ ਗੁਪਤਾ ਟੈਸਟ ਲੈ ਰਿਹਾ ਸੀ, ਉਹ ਮੇਰੇ ਕੋਲ ਆ ਕੇ ਕਹਿੰਦਾ ਸ਼ੀਟਾਂ ਤਾਂ ਐਨੀਆਂ ਲਈ ਜਾਂਦਾ ਹੈਂ, ਤੇਰੇ ਕੂਕਾਂ ਬਿੱਲੀ ਘਾਂਗੜੇ ਕੌਣ ਪੜ੍ਹੇਗਾ? ਬੜਾ ਆਇਆ ਨਿਬੰਧਕਾਰ ਬਣਨ ਲਈ। 32 ਉਮੀਦਵਾਰ ਇਮਤਿਹਾਨ ਦੇਣ ਆਏ ਸਨ, ਜਿਨ੍ਹਾਂ ਵਿਚ ਇਸੇ ਵਿਭਾਗ ਵਿਚ ਕੰਮ ਕਰਦੇ ਉਰਦੂ ਦੇ ਅਨੁਵਾਦਕ ਹਰਬੰਸ ਸਿੰਘ ਤਸੱਵਰ ਵੀ ਸ਼ਾਮਲ ਸਨ। ਉਹ ਉਰਦੂ ਦੇ ਸ਼ਾਇਰ ਅਤੇ ਵਿਅੰਗਕਾਰ ਲੇਖਕ ਵੀ ਸਨ। ਉਥੇ ਕਾਨਾਫੂਸੀ ਹੋ ਰਹੀ ਸੀ ਕਿ ਟੈਸਟ ਤਾਂ ਨਾਮ ਦਾ ਹੀ ਹੈ, ਚੋਣ ਤਾਂ ਹਰਬੰਸ ਸਿੰਘ ਤਸੱਵਰ ਦੀ ਹੀ ਹੋਣੀ ਹੈ ਕਿਉਂਕਿ ਉਸਦੀ ਵਿਦਿਅਕ ਯੋਗਤਾ ਵੀ ਹੈ ਅਤੇ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸੂਬਾ ਸਿੰਘ ਦੀ ਸਿਫਾਰਸ਼ ਹੈ। ਜਦੋਂ ਟੈਸਟ ਦਾ ਨਤੀਜਾ ਨਿਕਲਿਆ ਤਾਂ ਮਂੈ ਪਹਿਲੇ ਨੰਬਰ ਤੇ ਅਤੇ ਹਰਬੰਸ ਸਿੰਘ ਤਸੱਵਰ ਦੂਜੇ ਨੰਬਰ ਤੇ ਆਏ। ਇੰਟਰਵਿਊ ਵਿਚ ਮੈਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁਛੇ ਗਏ ਜਦੋਂ ਕਿ ਅਸਾਮੀ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੀ। ਅਸਲ ਵਿਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਪੰਜਾਬੀ ਦੀ ਜਿਤਨੀ ਵੀ ਪ੍ਰਕਾਸ਼ਨਾ ਹੁੰਦੀ ਸੀ, ਉਹ ਨਿਬੰਧਕਾਰ ਪੰਜਾਬੀ ਹੀ ਪੀ ਆਰ ਓ ਪੰਜਾਬੀ ਦੀ ਨਿਗਰਾਨੀ ਹੇਠ ਕਰਾਉਂਦਾ ਸੀ। ਨਿਬੰਧਕਾਰ ਹੀ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਹੁੰਦਾ ਸੀ। ਸੁਖਪਾਲਵੀਰ ਸਿੰਘ ਹਸਰਤ, ਹਰਬੰਸ ਸਿੰਘ ਤਸੱਵਰ ਤੋਂ ਜ਼ਿਆਦਾ ਵਿਦਵਾਨ ਤੇ ਬਰਾਬਰ ਦਾ ਸ਼ਾਇਰ ਹੋਣ ਕਰਕੇ ਤਿਬਕਦਾ ਸੀ। ਉਨ੍ਹਾਂ ਨੇ ਮੈਨੂੰ ਪਹਿਲੇ ਨੰਬਰ ਤੇ ਚੁਣ ਲਿਆ ਅਤੇ ਤਸੱਵਰ ਨੂੰ ਵੇਟਿੰਗ ਸੂਚੀ ਵਿਚ ਰੱਖ ਲਿਆ। ਮੈਂ ਕਿਉਂਕਿ ਐਮ ਏ ਪਹਿਲੇ ਸਾਲ ਦੇ ਪੇਪਰ ਦੇਣੇ ਸਨ ਤੇ ਲੈਕਚਰਾਰ ਬਣਨਾ ਚਾਹੁੰਦਾ ਸੀ, ਇਸ ਲਈ ਨੌਕਰੀ ਜਾਇਨ ਕਰਨ ਤੋਂ ਝਿਜਕਦਾ ਸੀ। ਮੈਂ ਹਸਰਤ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਇਨ ਕਰਨ ਵਿਚ ਇਕ ਮਹੀਨੇ ਦੀ ਮੋਹਲਤ ਦੇ ਦਿਓ ਤਾਂ ਜੋ ਪੇਪਰ ਦੇ ਸਕਾਂ। ਉਹ ਕਹਿਣ ਲੱਗੇ ਜੇ ਜਾਇਨ ਕਰਨਾ ਤਾਂ ਕਰ ਲਓ ਨਹੀਂ ਤਾਂ ਮੇਰੇ ਤੇ ਸੂਬਾ ਸਿੰਘ ਦਾ ਪ੍ਰੈਸ਼ਰ ਹੈ ਕਿ ਹਰਬੰਸ ਸਿੰਘ ਤਸੱਵਰ ਨੂੰ ਜਾਇਨ ਕਰਵਾ ਲਵਾਂਗਾ। ਮੈਂ ਪਟਿਆਲਾ ਆ ਕੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਨੌਕਰੀ ਨਹੀਂ ਜਾਇਨ ਕਰਨੀ ਕਿਉਂਕਿ ਸੰਪਾਦਕ ਨੇ ਇਕ ਮਹੀਨੇ ਦੀ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੇ ਨੌਕਰੀ ਜਾਇਨ ਕਰਕੇ ਪੇਪਰ ਦਿੱਤੇ ਤਾਂ ਚੰਗੇ ਨੰਬਰ ਨਹੀਂ ਆਉਣੇ, ਮੇਰਾ ਲੈਕਚਰਾਰ ਬਣਨ ਦਾ ਸਪਨਾ ਪੂਰਾ ਨਹੀਂ ਹੋਣਾ।  ਮੇਰੇ ਭਰਾ ਕਹਿਣ ਲੱਗੇ ਕਿ ਹੁਜਤਾਂ ਨਾ ਕਰ ਮੇਰੀ ਉਤਨੀ ਤਨਖ਼ਾਹ ਨਹੀਂ ਜਿਤਨੀ ਤੇਰੀ ਹੋ ਜਾਣੀ ਹੈ। ਫਿਰ ਮੈਂ ਜਾਇਨ ਕਰ ਲਿਆ ਅਤੇ ਹਸਰਤ ਸਾਹਿਬ ਨੇ ਤੁਰੰਤ ਨਾਲ ਹੀ ਮੈਨੂੰ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲਾ ਲਿਆ। ਵੈਸੇ ਮੇਰੇ ਤੋਂ ਪਹਿਲਾਂ ਪੰਜਾਬੀ ਦੇ ਨਿਬੰਧਕਾਰ ਸੁਰਿੰਦਰ ਮੋਹਨ ਸਿੰਘ ਸੀਨੀਅਰ ਸਨ ਪ੍ਰੰਤੂ ਉਨ੍ਹਾਂ ਤੋਂ ਵੀ ਹਸਰਤ ਸਾਹਿਬ ਡਰਦੇ ਸਨ, ਜਿਸ ਕਰਕੇ ਮੇਰਾ ਨੌਕਰੀ ਅਤੇ ਸਹਾਇਕ ਸੰਪਾਦਕੀ ਲਈ ਤੁਕਾ ਲੱਗ ਗਿਆ। ਸੁਰਿੰਦਰ ਮੋਹਨ ਸਿੰਘ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਸੇਵਾ ਮੁਕਤ ਹੋਏ ਹਨ। ਮੇਰੇ ਹਮੇਸ਼ਾ ਹੀ ਤੁਕੇ ਲਗਦੇ ਰਹੇ, ਜਿਸ ਕਰਕੇ ਮੈਂ ਜ਼ਿੰਦਗੀ ਵਿਚ ਸਫਲ ਹੁੰਦਾ ਰਿਹਾ। ਇਸ ਤਰ੍ਹਾਂ ਮੇਰੀ ਤਿੰਨ ਵਾਰ ਲਾਟਰੀ ਨਿਕਲ ਆਈ। ਪਹਿਲੀ ਵਾਰ ਮੁਫਤ ਵਿਚ ਬੀ ਏ, ਦੂਜੀ ਵਾਰ ਸਾਹਿਤਕ ਪੇਪਰ ਹੋਣ ਕਰਕੇ ਲਿਖਤੀ ਟੈਸਟ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ ਅਤੇ ਤੀਜੀ ਵਾਰ ਬਿਨਾ ਸਿਫਾਰਸ਼ ਨੌਕਰੀ ਮਿਲ ਗਈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com



ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ?  - ਉਜਾਗਰ ਸਿੰਘ

ਪੰਜਾਬ ਦਾ ਲੁਧਿਆਣਾ ਜਿਲ੍ਹਾ ਕਈ ਖੇਤਰਾਂ ਵਿਚ ਬਾਕੀ ਜਿਲਿ੍ਹਆਂ ਨਾਲੋਂ ਮੋਹਰੀ ਗਿਣਿਆਂ ਜਾਂਦਾ ਹੈ। ਇਸ ਜਿਲ੍ਹੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਦੀ ਜਦੋਜਹਿਦ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਗ਼ਦਰ ਲਹਿਰ ਵਿਚ ਵੀ ਲੁਧਿਅਣਾ ਜਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦੀ ਬਿਹਤਰੀਨ ਹਿੱਸੇਦਾਰੀ ਰਹੀ ਹੈ। ਕਪੂਰ ਸਿੰਘ ਆਈ ਸੀ ਐਸ (ਜਗਰਾਉਂ) ਅਤੇ ਮੰਗਲ ਸਿਘ (ਗਿੱਲਾਂ) ਨਿਵਾਸੀ ਦੇ ਯੋਗਦਾਨ ਨੂੰ ਕੌਣ ਭੁੱਲਿਆ ਹੋਇਆ ਹੈ। ਤਿੰਨ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ (     ), ਪੰਜਾਬ ਦੇ ਜਸਟਿਸ ਗੁਰਨਾਮ ਸਿੰਘ ਅਤੇ ਬੇਅੰਤ ਸਿੰਘ ਇਸੇ ਜਿਲ੍ਹੇ ਨਾਲ ਸੰਬੰਧਤ ਸਨ। ਭਾਵ ਇਸ ਜਿਲ੍ਹੇ ਦੇ ਲੋਕਾਂ ਦਾ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਵਿੱਚ ਵੱਡਾ ਯੋਗਦਾਨ ਹੈ। ਜਦੋਂ ਮੈਂ ਆਪਣੇ ਦੋਸਤ ਗੁਰਮੀਤ ਸਿੰਘ ਭੰਗੂ  ਸਿਆਸੀ ਸਕੱਤਰ ਮਰਹੂਮ ਮੁੱਖ ਮੰਤਰੀ ਪੰਜਾਬ ਸ੍ਰ ਬੇਅੰਤ ਸਿੰਘ ਬਾਰੇ ਪੁਸਤਕ ਲਿਖਣ ਲਈ ਸਮੱਗਰੀ ਇਕੱਤਰ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਭੰਗੂ ਦਾਖ਼ਾ ਪਿੰਡ ਦੇ ਸੇਖ਼ੋਂ ਪਰਿਵਾਰ ਨਾਲ ਸੰਬੰਧਤ ਸਨ।  ਉਹ ਕਹਿਣ ਲੱਗੇ ਸੇਖ਼ੋਂ ਪਰਿਵਾਰ ਦਾ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਸੇਖ਼ੋਂ ਪਰਿਵਾਰ ਦੇ ਮੁੱਖੀ ਵਰਿਆਮ ਸਿੰਘ ਸੇਖ਼ੋਂ ਅਤੇ ਗੁਲਾਬ ਕੌਰ ਸੇਖ਼ੋਂ ਬਾਰੇ ਕਾਫੀ ਦਿਲਚਸਪ ਗੱਲਾਂ ਦੱਸੀਆਂ। ਹਾਲਾਂ ਕਿ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਉਨ੍ਹਾਂ ਦੇ ਕੰਮ ਬਹੁਤੇ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਸਾਯੋਗ ਹਨ। ਪਿੰਡਾਂ ਦੇ ਲੋਕਾਂ ਦੇ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਮਹਿਸੂਸ ਹੀ ਨਹੀਂ ਕਰਦੇ ਸਨ, ਸਗੋਂ ਉਨ੍ਹਾਂ ਦੇ ਨਿਪਟਾਰੇ ਲਈ ਸਾਰੀ ਉਮਰ ਉਦਮਸ਼ੀਲ ਰਹੇ। ਅੱਡਾ ਦਾਖਾ ਵਸਾਉਣਾ, ਵਿਉਂਤਬੰਦੀ ਕਰਨੀ, 250 ਦੇ ਲਗਪਗ ਦੁਕਾਨਾ ਅਤੇ ਰਹਾਇਸ਼ੀ ਘਰ ਬਣਾਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਉਥੇ ਵਸਾਉਣਾ ਆਦਿ ਵਿਲੱਖਣ ਕੰਮ ਹਨ। ਉਨ੍ਹਾਂ ਦੁਕਾਨਾ ਅਤੇ ਦੁਕਾਨਦਾਰਾਂ ਦੇ ਪਰਿਵਾਰਾਂ ਲਈ ਸੁਰੱਖਿਆ ਦਾ ਪ੍ਰਬੰਧ ਕਰਨਾ ਆਦਿ ਅਨੇਕਾਂ ਯੋਜਨਾਵਾਂ ਬਣਾਕੇ ਸਿਰੇ ਚੜ੍ਹਾਈਆਂ। ਦੁਕਾਨਾ ਦੇ ਕੰਪਲੈਕਸ ਦਾ ਡੀਜ਼ਾਇਨ ਤਿਆਰ ਕਰਨਾ ਜੋ ਅਸਲ ਵਿਚ ਇਕ ਆਰਕੀਟੈਕਟ ਦਾ ਕੰਮ ਸੀ। ਉਹ ਵੀ ਉਨ੍ਹਾਂ ਆਪ ਕੀਤਾ। ਪਿੰਡਾਂ ਦੇ ਲੋਕਾਂ ਵਿਚ ਸਦਭਾਵਨਾ ਬਣਾਈ ਰੱਖਣ, ਵਿਓਪਾਰ ਕਿਵੇਂ ਸਥਾਪਤ ਕਰਕੇ ਸਫਲ ਬਣਾਉਣਾ ਆਦਿ ਇਹ ਸਾਰੇ ਕਾਰਜ਼ ਇਕ ਦੂਰ ਅੰਦੇਸ਼ ਵਿਅਕਤੀ ਦੇ ਹੀ ਹੋ ਸਕਦੇ ਹਨ। ਵਰਿਆਮ ਸਿੰਘ ਸੇਖ਼ੋਂ ਅਤੇ ਉਨ੍ਹਾਂ ਦੀ ਪਤਨੀ ਗੁਲਾਬ ਕੌਰ ਸੇਖ਼ੋਂ ਵੱਲੋਂ ਆਪਣੇ ਵੱਡੇ ਪਰਿਵਾਰ ਨੂੰ ਬਿਹਤਰੀਨ ਸਿਖਿਆ ਲੈਣ ਦੇ ਮੌਕੇ ਦੇ ਕੇ ਪੜ੍ਹਾਇਆ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੰਸਾਰ ਦੇ ਵੱਖ-ਵੱਖ ਖਿਤਿਆਂ ਵਿਚ ਨਾਮਣਾ ਖੱਟ ਰਹੇ ਹਨ। ਇਸਦੀ ਜਾਣਕਾਰੀ ਪੁਸਤਕ ਪੜ੍ਹਨ ‘ਤੇ ਮਿਲ ਜਾਵੇਗੀ। ਉਦੋਂ ਮੈਂ ਮਨ ਬਣਾ ਲਿਆ ਸੀ ਕਿ ਗੁਰਮੀਤ ਸਿੰਘ ਦੀ ਪੁਸਤਕ ਮੁਕੰਮਲ ਕਰਨ ਤੋਂ ਬਾਅਦ ਇਸ ਸੇਖ਼ੋਂ ਪਰਿਵਾਰ ਬਾਰੇ ਪੁਸਤਕ ਲਿਖਾਂਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਮਿਲ ਸਕੇ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਫਲਤਾ ਹਾਸਲ ਕਰ ਸਕਣ। ਲਗਪਗ ਇਕ ਸਾਲ ਦੀ ਮਿਹਨਤ ਤੋਂ ਬਾਅਦ ਇਹ ਸਪਨਾ ਪੂਰਾ ਹੋਇਆ ਹੈ। ਇਸ ਸਪਨੇ ਨੂੰ ਪੂਰਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਦਲਜੀਤ ਸਿੰਘ ਭੰਗੂ ਦਾ ਹੈ, ਜਿਨ੍ਹਾਂ ਨੇ ਸੇਖ਼ੋਂ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਜਾਣਕਾਰੀ ਇਕੱਤਰ ਕੀਤੀ। ਜੇ ਦਲਜੀਤ ਸਿੰਘ ਭੰਗੂ ਮੈਨੂੰ ਪੁਸਤਕ ਲਿਖਣ ਲਈ ਉਤਸ਼ਾਹਤ ਨਾ ਕਰਦੇ ਅਤੇ ਜਾਣਕਾਰੀ ਇਕੱਤਰ ਕਰਕੇ ਨਾ ਦਿੰਦੇ ਤਾਂ ਇਸ ਪੁਸਤਕ ਦਾ ਪ੍ਰਕਾਸ਼ਤ ਹੋਣਾ ਸੰਭਵ ਨਹੀਂ ਸੀ। ਮੈਂ ਕਿਉਂਕਿ ਕੁਝ ਪਰਿਵਾਰਾਂ ਨੂੰ ਛੱਡਕੇ ਬਾਕੀਆਂ ਬਾਰੇ ਬਹੁਤਾ ਜਾਣਦਾ ਨਹੀਂ ਸੀ। ਹੋ ਸਕਦਾ ਹੁਣ ਵੀ ਪੂਰੀ ਜਾਣਕਾਰੀ ਨਾ ਦੇ ਸਕਿਆ ਹੋਵਾਂ। ਇਹ ਰਵਾਇਤੀ ਪੁਸਤਕਾਂ ਵਰਗੀ ਨਹੀਂ ਹੈ ਕਿਉਂਕਿ ਇਹ ਦਲਜੀਤ ਸਿੰਘ ਭੰਗੂ ਦੀਆਂ ਭਾਵਨਾਵਾਂ ਅਨੁਸਾਰ ਲਿਖੀ ਗਈ ਹੈ। ਇਸ ਪੁਸਤਕ ਵਿੱਚ ਸੇਖ਼ੋਂ ਪਰਿਵਾਰ ਦੀਆਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ। ਉਮੀਦ ਹੈ ਪਰਿਵਾਰਕ ਮੈਂਬਰ ਇਸ ਪੁਸਤਕ ਨੂੰ ਪ੍ਰਵਾਨ ਕਰਨਗੇ।

ਪੰਜਾਬ ਦੇ ਕਾਂਗਰਸੀ ਆਪਣਾ ਆਲ੍ਹਣਾ ਬਣਾਉਣ ਅਤੇ ਢਾਹੁਣ ਵਿੱਚ ਮੋਹਰੀ  - ਉਜਾਗਰ ਸਿੰਘ

ਪੰਜਾਬ ਕਾਂਗਰਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਇਕਸੁਰਤਾ ਨਾਲ ਨਿਭਣਾ ਸ਼ੁਭ ਸੰਕੇਤ ਦੇ ਰਿਹਾ ਹੈ। ਪ੍ਰੰਤੂ ਪਿਛਲੇ ਸਮਝੌਤਿਆਂ ਦੇ ਮੱਦੇ ਨਜ਼ਰ ਇਸ ਇਕਸੁਰਤਾ ਦਾ ਲੰਬੇ ਸਮੇਂ ਲਈ ਚਲਣਾ ਅਸੰਭਵ ਲਗਦਾ ਹੈ। ਕਿਉਂਕਿ ਪੰਜਾਬ ਕਾਂਗਰਸ ਵਿੱਚ ਕੁਰਸੀ ਯੁਧ ਦਾ ਘਮਾਸਾਨ ਜ਼ੋਰ ਸ਼ੋਰ ਨਾਲ ਚਲਦਾ ਰਿਹਾ ਹੈ। ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਉਹੀ ਖਿਚੋਤਾਣ ਬਰਕਰਾਰ ਰਹੀ ਹੈ। ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਤੋਂ ਬਾਅਦ ਖੁਦ ਵੀ ਸਾਰੇ ਉਸੇ ਕੁਰਸੀ ‘ਤੇ ਟਪੂਸੀ ਮਾਰਕੇ ਚੜ੍ਹਨ ਲਈ ਜਦੋਜਹਿਦ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕੁਰਸੀ ਖਾਲੀ ਨਹੀਂ ਪ੍ਰੰਤੂ ਨੇਤਾ ਮੁੱਦਿਆਂ ਦੀ ਆੜ ਵਿੱਚ ਕੁਰਸੀ ਦੀ ਲੜਾਈ ਵਿੱਚ ਉਲਝੇ ਪਏ ਹਨ। ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਸਮੇਂ, ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ਖੂਹ ਖਾਤੇ ਪੈ ਗਏ ਲਗਦੇ ਹਨ। ਉਨ੍ਹਾਂ ਨੂੰ ਉਦੋਂ ਵੀ ਪਤਾ ਸੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਣਗੇ? ਮੁੱਖ ਮੰਤਰੀ ਦੀ ਕੁਰਸੀ ਖੋਹਣ ਵਿੱਚ ਤਾਂ ਸਾਰੇ ਇਕਜੁੱਟ ਸਨ ਪ੍ਰੰਤੂ ਕੁਰਸੀ ‘ਤੇ ਕਾਬਜ਼ ਹੋਣ ਲਈ ਅੱਡੋ ਫਾਟੀ ਹੋ ਕੇ ਤਰਲੋਮੱਛੀ ਹੋ ਰਹੇ ਹਨ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਨੂੰ ਵਿਰੋਧੀਆਂ ਵੱਲੋਂ ਨਿੰਦਣਾ ਤਾਂ ਕੁਦਰਤੀ ਹੈ ਪ੍ਰੰਤੂ ਆਪਣਿਆਂ ਵੱਲੋਂ ਲੱਤਾਂ ਖਿਚਣ ਤੋਂ ਲੋਕਾਂ ਵਿੱਚ ਪ੍ਰਭਾਵ ਚਲਿਆ ਗਿਆ ਕਿ ਕੈਪਟਨ  ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਕਰਕੇ ਨਹੀਂ ਹਟਾਇਆ ਗਿਆ ਸਗੋਂ ਕੁਰਸੀ ਪ੍ਰਾਪਤ ਕਰਨਾ ਮੁੱਖ ਮੰਤਵ ਸੀ। ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਦਾ ਮੁੱਖ ਮੰਤਰੀ ਬਣਕੇ ਆਮ ਆਦਮੀ ਪਾਰਟੀ ਦਾ ਏਜੰਡਾ ਖੋਹ ਲਿਆ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਲੋਕ ਹਿੱਤ ਦੇ ਫ਼ੈਸਲਿਆਂ ਦੀ ਫੂਕ ਕੱਢ ਦਿੱਤੀ ਹੈ। ਪੰਜਾਬ ਦੇ ਕਾਂਗਰਸੀ ਹਮੇਸ਼ਾ ਕਈ ਖੇਤਰਾਂ ਵਿੱਚ ਮਾਹਰਕੇ ਮਾਰਕੇ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਸਿਆਸੀ ਤਾਕਤ ਲੈਣ ਅਤੇ ਵਿਰੋਧੀ ਨੂੰ ਢਾਹੁਣ ਲਈ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਦਾਅ ‘ਤੇ ਲਾ ਦਿੰਦੇ ਹਨ। ਸਿਆਸੀ ਤਾਕਤ ਹਥਿਆਉਣ ਲਈ ਸੀਨੀਅਰ ਨੇਤਾਵਾਂ ਨੂੰ ਮਾਈ ਬਾਪ ਤੱਕ ਕਹਿ ਦਿੰਦੇ ਹਨ। ਬਦਲਣ ਲੱਗੇ ਵੀ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਪੰਜਾਬ ਕਾਂਗਰਸ ਦੀ  ਖਿਚੋਤਾਣ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸਿੱਖਾਂ ਦੇ ਸਭ ਤੋਂ ਪਵਿਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਾਂਗਰਸ ਪਾਰਟੀ ਦੀ ਕੇਂਦਰੀ ਸਰਕਾਰ ਵੱਲੋਂ ਬਲਿਊ ਸਟਾਰ ਅਪ੍ਰੇਸ਼ਨ ਕਰਕੇ ਬੇਹੁਰਮਤੀ ਕਰਨ ਤੋਂ ਬਾਅਦ ਵੀ 1992, 2002 ਅਤੇ 2017 ਵਿੱਚ ਤਿੰਨ ਵਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਗਈ। ਜਦੋਂ 2017 ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਦਿਨ ਸਨ, ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ੋਰਾ ਲੱਗ ਰਿਹਾ ਸੀ ਤਾਂ ਉਸ ਸਮੇਂ ਵੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ। ਪੰਜਾਬ ਦੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਦੇ ਭੁਚਾਲ ਵਰਗੇ ਉਭਾਰ ਨੂੰ ਵੀ ਰੋਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾ ਦਿੱਤੀ ਸੀ। ਪੰਜਾਬ ਕਾਂਗਰਸ ਨੇ ਇਹ ਚੋਣਾ ਜਿਤੱਣ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਰਣਨੀਤੀਕਾਰ ਬਣਾਕੇ ਮੋਹਰੀ ਦੀ ਭੂਮਿਕਾ ਨਿਭਾਈ ਸੀ। ਭਾਵ ਪੰਜਾਬ ਦੇ ਸਿਆਸਤਦਾਨਾਂ ਨੂੰ ਆਪਣੀ ਕਾਬਲੀਅਤ ‘ਤੇ ਸ਼ੱਕ ਹੋਇਆ ਸੀ, ਜਿਸ ਕਰਕੇ ਰਣਨੀਤੀਕਾਰ ਦੀ ਮਦਦ ਲਈ ਗਈ ਸੀ। ਇਸ ਤੋਂ ਵੀ ਵੱਡੀ ਗੱਲ ਇਹ ਪੰਜਾਬ ਵਿੱਚ ਹੀ ਹੋਈ ਕਿ ਲੋਕਾਂ ਨੇ ਵੋਟਾਂ ਇਕ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਪਾਈਆਂ ਸਨ। ਜਾਣੀ ਕਿ ਪਾਰਟੀ ਨਾਲੋਂ ਵਿਅਕਤੀ ਸਰਵੋਤਮ ਸਮਝਿਆ ਗਿਆ ਸੀ। ਵੋਟਰ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀਆਂ ਦੇ ਸਿੱਖ ਨੇਤਾਵਾਂ ਨਾਲੋਂ ਚੰਗਾ ਸਿੱਖ ਸਮਝਦੇ ਸਨ। ਮਈ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਸਿਰਫ਼ 44 ਲੋਕ ਸਭਾ ਦੀਆਂ ਸੀਟਾਂ ਜਿੱਤ ਸਕੀ, ਜਿਨ੍ਹਾਂ ਵਿੱਚ 8 ਇਕੱਲੇ ਪੰਜਾਬ ਵਿੱਚੋਂ ਜਿੱਤੀਆਂ ਸਨ। ਫਿਰ ਕਾਂਗਰਸ ਨੇ ਇਕ ਹੋਰ ਨਵੀਂ ਵਾਅਦਿਆਂ ਦੀ ਝੜੀ ਲਾਉਣ ਵਿੱਚ ਵੀ ਪਹਿਲ ਕਦਮੀ ਕੀਤੀ ਸੀ। ਭਾਵ ਵਾਅਦਿਆਂ ਅਤੇ ਮੁਦਿਆਂ ਦੀ ਇਕੱਠੀ ਸਿਆਸਤ ਦੀ ਸ਼ੁਰੂਆਤ ਕੀਤੀ। ਇਕ ਹੋਰ ਪਹਿਲ ਧਾਰਮਿਕ ਪਵਿਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਨਸ਼ੇ ਖ਼ਤਮ ਕਰਨ/ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਜਦੋਂ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਥੇ ਧਰਮ ਦੀ ਆੜ ਵਿੱਚ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ। ਚੋਣ ਜਿੱਤਣ ਲਈ ਟਕਰਾਓ ਦੀ ਹਮਲਾਵਰ ਨੀਤੀ ਅਪਣਾਈ ਗਈ। ਟਕਰਾਓ ਵਿੱਚੋਂ ਕਾਂਗਰਸ ਸਰਕਾਰ ਪ੍ਰਗਟ ਹੋਈ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਕਰਾਓ ਦੀ ਨੀਤੀ ਨੂੰ ਤਿਲਾਂਜ਼ਲੀ ਦੇ ਕੇ ਨਵੀਂ ਸਿਆਸੀ ਚਾਲ ਚਲੀ। ਜਿਹੜੀ ਉਨ੍ਹਾਂ ਨੂੰ ਪੁੱਠੀ ਪੈ ਗਈ ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ‘ਤੇ ਬਾਦਲ ਪਰਿਵਾਰ ਨਾਲ ਰਲੇ ਹੋਏ ਦਾ ਇਲਜ਼ਾਮ ਲਾਉਣ ਲੱਗ ਪਏ। ਸਿਆਸਤ ਵਿੱਚ ਕਿਸੇ ਪਾਰਟੀ ਦੇ ਨੇਤਾਵਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋਣਾ ਆਮ ਜਿਹੀ ਗੱਲ ਹੁੰਦੀ ਹੈ ਪ੍ਰੰਤੂ ਇਸ ਵਖਰੇਵੇਂ ਨੂੰ ਸਿਆਸੀ ਪਲੇਟਫਾਰਮ ਦੀ ਥਾਂ ਆਮ ਇਕੱਠਾਂ ਵਿੱਚ ਪ੍ਰਗਟਾਉਣਾ ਜ਼ਾਇਜ਼ ਨਹੀਂ ਸਮਝਿਆ ਜਾਂਦਾ। ਪ੍ਰੰਤੂ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਪਹਿਲੀ ਵਾਰ ਬਠਿੰਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੋਕ ਸਭਾ ਦੀ ਚੋਣ ਵਿੱਚ ਕੀਤੀ ਰੈਲੀ ਵਿੱਚ ਪਿ੍ਰਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਅਸਿਧੇ ਢੰਗ ਨਾਲ ਸ਼ਰੇਆਮ ਆਪਣੀ ਹੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਫ਼ਰੈਂਡਲੀ ਮੈਚ ਕਹਿਕੇ ਵੀ ਮੋਹਰੀ ਦੀ ਭੂਮਿਕਾ ਨਿਭਾਈ। ਜਿਸਦੇ ਨਤੀਜੇ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਦੀ ਚੋਣ ਹਾਰ ਗਏ। ਇਸ ਤੋਂ ਬਾਅਦ ਤਾਂ ਗਾਹੇ ਵਗਾਹੇ ਅਜਿਹੇ ਕਿੰਤੂ ਪ੍ਰੰਤੂ ਕਰਨਾ ਆਮ ਜਹੀ ਗੱਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 4 ਸਾਲ ਤੋਂ ਬਾਅਦ ਕੁੱਝ ਕਾਂਗਰਸੀਆਂ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਨੇਤਾ ਸਨ, ਸਰਕਾਰ ਦੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਟਵੀਟ ਕਰਕੇ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾ ਪਹਿਲਕਦਮੀ ਕੀਤੀ ਕਿ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਰਾਹੁਲ ਗਾਂਧੀ ਹਨ। ਫੇਰ ਤਾਂ ਸਰਕਾਰੀ ਸ਼ਹਿ ‘ਤੇ ਮੰਤਰੀਆਂ, ਹੋਰ ਨੇਤਾਵਾਂ ਅਤੇ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਕੈਪਟਨ ਕਹਿਣਾ ਸ਼ੁਰੂ ਕਰ ਦਿੱਤਾ। ਇਕ ਕਿਸਮ ਨਾਲ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਸਿੱਧੀ ਵੰਗਾਰ ਦਿੱਤੀ ਗਈ। ਇਕ ਦੂਜੇ ਦੀਆਂ ਲੱਤਾਂ ਪਬਲੀਕਲੀ ਖਿਚਣ ਦੀ ਕਸ਼ਮਕਸ਼ ਵੀ ਪੰਜਾਬ ਦੇ ਕਾਂਗਰਸੀਆਂ ਨੇ ਕੀਤੀ। ਇਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਰਨ ਦੇ ਬਾਵਜੂਦ ਰਾਜ ਵਿੱਚ ਸਿਆਸੀ ਤਾਕਤ ਦਾ ਦੂਜਾ ਧੁਰਾ ਬਣਾਉਣ ਲਈ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਢਿਲੀ ਕਾਰਗੁਜ਼ਾਰੀ ਦੇ ਪਰਦੇ ਫਾਸ਼ ਕਰਨੇ ਸ਼ੁਰੂ ਕਰ ਦਿੱਤੇ। ਇਕ ਕਿਸਮ ਨਾਲ ਸਰਕਾਰ ਅਤੇ ਪਾਰਟੀ ਵਿੱਚ ਟਕਰਾਓ ਪੈਦਾ ਹੋ ਗਿਆ। ਪਾਰਟੀ ਦਾ ਅਕਸ ਡਿਗਣ ਲੱਗ ਪਿਆ। ਏਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ ਨੂੰ ਵੰਗਾਰਨ ਤੋਂ ਬਾਅਦ ਵਿਧਾਨਕਾਰਾਂ ਨੂੰ ਦਿੱਲੀ ਤਲਬ ਕਰਕੇ ਉਨ੍ਹਾਂ ਤੋਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਰਾਏ ਮੰਗੀ ਗਈ। ਫਿਰ ਇਹ ਵੀ ਪਹਿਲੀ ਵਾਰ ਹੋਇਆ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਵਿਧਾਨਕਾਰਾਂ ਨੂੰ ਸਿੱਧੇ ਫੋਨ ਕਰਕੇ ਪੁਛਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਰਾਏ ਹੈ? ਫਿਰ ਮੁੱਖ ਮੰਤਰੀ ਨੂੰ ਬੁਲਾਕੇ ਕੇਂਦਰੀ ਨੇਤਾਵਾਂ ਦੀ ਤਿੰਨ ਮੈਂਬਰੀ ਕਮੇਟੀ ਨੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਲਈ ਅਤੇ ਆਪਣੇ ਵੱਲੋਂ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਲਈ ਦਿੱਤਾ ਗਿਆ।  ਇਸ 18 ਨੁਕਾਤੀ ਪ੍ਰੋਗਰਾਮ ਨੂੰ ਨਾ ਲਾਗੂ ਕਰਨ ਕਰਕੇ ਵਿਧਾਨਕਾਰਾਂ ਨੂੰ ਦੁਬਾਰਾ ਦਿੱਲੀ ਬੁਲਾਇਆ ਗਿਆ। ਇਹ ਸਾਰਾ ਕੁਝ ਕਰਨ ਨੂੰ ਕਾਂਗਰਸ ਹਾਈ ਕਮਾਂਡ ਉਤਸ਼ਾਹਤ ਕਰ ਰਹੀ ਸੀ। ਫਿਰ ਇਹ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਕਾਂਗਰਸ ਦੀ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਾਂਗਰਸ ਹਾਈ ਕਮਾਂਡ ਨੇ ਸਿੱਧੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸ਼ਾਮ 4-00 ਵਜੇ ਬੁਲਾ ਲਈ ਜਦੋਂ ਕਿ ਇਹ ਅਧਿਕਾਰ ਲੈਜਿਸਲੇਚਰ ਪਾਰਟੀ ਦੇ ਨੇਤਾ ਅਰਥਾਤ ਮੁੱਖ ਮੰਤਰੀ ਨੂੰ ਹੁੰਦਾ ਹੈ। ਅਖ਼ੀਰ ਸੋਨੀਆਂ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵੇਰੇ ਮੀਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇਣ ਲਈ ਆਖ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਆਪਣੀ ਰਿਹਾਇਸ਼ ਮਹਿੰਦਰ ਬਾਗ ਸ਼ੀਸ਼ਵਾਂ ਵਿਖੇ ਦੁਪਹਿਰ 2-00 ਵਜੇ ਹਾਈ ਕਮਾਂਡ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਬੁਲਾ ਲਈ। ਕਾਂਗਰਸ ਹਾਈ ਕਮਾਂਡ ਨੇ ਵਿਧਾਨਕਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਾਲੀ ਮੀਟਿੰਗ ਵਿੱਚ ਜਾਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਬਤ ਕਰਨ ਲਈ ਤਾਂ ਉਹ ਇਕਮੁੱਠ ਸਨ ਪ੍ਰੰਤੂ ਜਦੋਂ ਉਨ੍ਹਾਂ ਦੀ ਥਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਸਾਰੇ ਹੀ ਉਮੀਦਵਾਰ ਬਣ ਬੈਠੇ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਪ੍ਰੰਤੂ ਮੰਤਰੀ ਮੰਡਲ ਦੇ ਗਠਨ ਮੌਕੇ ਫਿਰ ਤਲਵਾਰਾਂ ਕੱਢ ਲਈਆਂ। ਇਥੇ ਹੀ ਬਸ ਨਹੀਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕੈਪਟਨ ਵਿਰੁਧ ਬਗਾਬਤ ਦੀ ਅਗਵਾਈ ਕੀਤੀ ਸੀ, ਉਹ ਹੀ ਨਵੇਂ ਮੁੱਖ ਮੰਤਰੀ ਦੇ ਫੈਸਲਿਆਂ ਦੇ ਵਿਰੋਧ ਵਿੱਚ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਗਏ। ਆਪੇ ਬਣਾਏ ਮੁੱਖ ਮੰਤਰੀ ਨੂੰ ਠੂਠਾ ਵਿਖਾ ਦਿੱਤਾ। ਫਿਰ ਹਾਈ ਕਮਾਂਡ ਨੇ ਸਮਝੌਤਾ ਇਕ ਧਾਰਮਿਕ ਸਥਾਨ ‘ਤੇ ਲਿਜਾ ਕੇ ਕੀਤਾ ਪ੍ਰੰਤੂ ਤੀਜੇ ਦਿਨ ਸਮਝੌਤਾ ਤੋੜ ਕੇ ਫਿਰ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਸਮੇਂ ਮੁੱਖ ਮੰਤਰੀ ਅਤੇ ਪ੍ਰਧਾਨ ਦੋਹਾਂ ਦੇ ਰਸਤੇ ਵੱਖਰੇ ਹਨ। ਇਸ ਪ੍ਰਕਾਰ ਪੰਜਾਬ ਕਾਂਗਰਸ ਦੇ ਨੇਤਾ ਆਪਣੀ ਪਾਰਟੀ ਦੀ ਸਰਕਾਰ ਬਣਾਉਣ  ਅਤੇ ਢਾਹੁਣ ਵਿੱਚ ਆਪ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਭਾਵ ਵਿਰੋਧੀ ਪਾਰਟੀ ਦਾ ਰੋਲ ਵੀ ਉਨ੍ਹਾਂ ਨੂੰ ਆਪ ਹੀ ਨਿਭਾਉਣਾ ਪੈ ਰਿਹਾ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਵਿਰੋਧੀਆਂ ਦੇ ਜਿੱਤਣ ਦਾ ਰਾਹ ਪੱਧਰਾ ਕਰ ਰਹੇ ਹਨ। ਹਾਈ ਕਮਾਂਡ ਆਪਣੇ ਕੀਤੇ ਫ਼ੈਸਲੇ ‘ਤੇ ਪਛਤਾ ਰਹੀ ਹੋਵੇਗੀ ਕਿਉਂਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਰਹਿੰਦੀ ਖੂੰਹਦੀ ਪਛਾਣ ਵੀ ਖ਼ਤਮ ਹੋਣ ਕਿਨਾਰੇ ਕਰ ਦਿੱਤੀ। ਕਾਂਗਰਸੀ ਭਰਾਵੋ ਤੇਲ ਦੇਖੋ ਤੇਲ ਦੀ ਧਾਰ ਵੇਖੋ ਤੁਹਾਡੀ ਕਿਸਮਤ ਕਿਸ ਕਰਵਟ ਬੈਠਦੀ ਹੈ। ਵੈਸੇ ਜ਼ਮੀਨ ਪੈਰਾਂ ਹੇਠੋਂ ਨਿਕਲ ਚੁੱਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com