Ujagar Singh

ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ - ਉਜਾਗਰ ਸਿੰਘ

ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੇ ਬੇਅ ਏਰੀਆ ਵਿਚ ਸਵਰਗਵਾਸ ਹੋ ਗਏ। ਡਾ ਨਰਿੰਦਰ ਸਿੰਘ ਕੰਪਾਨੀ ਦੇ ਚਲੇ ਜਾਣ ਨਾਲ ਵਿਗਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ 94 ਸਾਲ ਪੂਰੀ ਬਚਨਬੱਧਤਾ ਨਾਲ ਇਨਸਾਨ ਦੀ ਬਿਹਤਰੀ ਲਈ ਕੰਮ ਕੀਤਾ। ਅੱਜ ਜੋ ਅਸੀਂ ਸੋਸ਼ਲ ਮੀਡੀਆ ਦੇ ਯੁਗ ਦਾ ਆਨੰਦ ਮਾਣ ਰਹੇ ਹਾਂ ਇਹ ਡਾ ਨਰਿੰਦਰ ਸਿੰਘ ਕੰਪਾਨੀ ਦੀ ਦੇਣ ਹੈ। ਉਨ੍ਹਾਂ ਨੇ ਆਪਣੀ Çਆਕਤ ਨਾਲ ਸੰਸਾਰ ਨੂੰ ਇਕ ਪਿੰਡ ਦੀ ਤਰ੍ਹਾਂ ਬਣਾ ਦਿੱਤਾ ਸੀ। ਉਹ ਇਕ  ਸੰਸਥਾ ਸਨ ਕਿਉਂਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਦੇ ਤੌਰ ਤੇ ਕੰਮ ਕਰਦੇ ਸਨ। ਪੰਜਾਬ ਹਰ ਤਰ੍ਹਾਂ ਅਤੇ ਹਰ ਖ਼ੇਤਰ ਵਿਚ ਭਾਰਤ ਦੇ ਜ਼ਰਖੇਜ ਸੂਬਿਆਂ ਵਿਚੋਂ ਮੋਹਰੀ ਗਿਣਿਆਂ ਜਾਂਦਾ ਹੈ। ਭਾਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ, ਅਨਾਜ ਵਿਚ ਆਤਮ ਨਿਰਭਰ ਬਣਾਉਣ ਦਾ ਮਸਲਾ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਅਤੇ ਵਿਗਿਆਨਕ ਖੇਤਰ ਵਿਚ ਖੋਜ ਕਰਨੀ ਹੋਵੇ, ਹਮੇਸ਼ਾ ਪੰਜਾਬ ਨੇ ਹੀ ਭਾਰਤ ਦੀ ਖੜਗ ਭੁਜਾ ਬਣਕੇ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨਕ ਖ਼ੇਤਰ ਵਿਚ ਬਹੁਤ ਸਾਰੇ ਵਿਗਿਆਨਕਾਂ ਨੇ ਸੰਸਾਰ ਵਿਚ ਖੋਜਾਂ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸੰਬੰਧਤ ਹਨ। ਅਜਿਹੇ ਹੀ ਵਿਗਿਆਨੀਆਂ ਵਿਚ ਡਾ.ਨਰਿੰਦਰ ਸਿੰਘ ਕੰਪਾਨੀ ਦਾ ਨਾਮ ਆਧੁਨਿਕ ਤਕਨਾਲੋਜੀ ਦੇ ਖ਼ੇਤਰ ਵਿਚ ਇੰਟਰਨੈਟ ਅਤੇ ਟੈਲੀਫੋਨ ਦੀ ਵਰਤੋਂ ਲਈ ਵਰਤੀ ਜਾਂਦੀ ਫਾਈਵਰ ਵਾਇਰ ਦੀ ਖ਼ੋਜ ਕਰਨ ਕਰਕੇ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ। ਡਾ.ਕੰਪਾਨੀ ਨੂੰ ਫ਼ਾਈਬਰ ਆਪਟਿਕ ਵਾਇਰ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਅਜਿਹੇ ਵਿਗਿਆਨੀ ਸੀਨ, ਜਿਨ੍ਹਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੰਸਾਰ ਵਿਚ ਮਾਣ ਅਤੇ ਪਛਾਣ ਦਿਵਾਈ ਸੀ। ਉਨ੍ਹਾਂ ਵਿਚ ਇੱਕ ਹੋਰ ਵਿਲੱਖਣ ਗੁਣ ਸੀ ਕਿ ਉੁਹ ਇੱਕ ਬਿਹਤਰੀਨ ਬੁਤਘਾੜੇ ਕਲਾਕਾਰ ਸਨ, ਜਾਣੀ ਕਿ ਕਲਾ ਅਤੇ ਵਿਗਿਆਨ ਦਾ ਸੁਮੇਲ ਸਨ। ਅਜਿਹੇ ਵਿਰਲੇ ਹੀ ਮਹਾਨ ਵਿਅਕਤੀ ਹੁੰਦੇ ਹਨ ਜਿਨ੍ਹਾਂ ਵਿਚ ਵਿਗਿਆਨ ਅਤੇ ਕਲਾਤਮਿਕ ਗੁਣ ਹੋਣ। ਕਿਉਂਕਿ ਦੋਹਾਂ ਦਾ ਕੋਈ ਸਮੇਲ ਨਹੀਂ ਹੁੰਦਾ। ਵਿਗਿਆਨ ਦਾ ਆਧਾਰ ਤੱਥ ਅਤੇ ਸਿਧਾਂਤ ਹੁੰਦੇ ਹਨ ਜਦੋਂ ਕਿ ਕਲਾ ਮਾਨਸਿਕ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ।  ਭਾਵ ਦੋਵੇਂ ਵਿਸ਼ੇ ਇੱਕ ਦੂਜੇ ਤੋਂ ਵੱਖਰੇ ਹਨ। ਕਲਾ ਅਹਿਸਾਸਾਂ ਦਾ ਪ੍ਰਗਟਾਵਾ ਅਤੇ ਵਿਗਿਆਨ ਸਾਰਥਿਕਤਾ ਵਿਚ ਵਿਸ਼ਵਾਸ਼ ਰੱਖਦੀ ਹੈ। ਡਾ. ਨਰਿੰਦਰ ਸਿੰਘ ਕੰਪਾਨੀ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਵਿਖੇ ਹੋਇਆ।  ਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ਵਿਚ ਬਿਤਾਇਆ। ਭਾਵੇਂ ਅੱਜ ਕਲ੍ਹ ਉਹ ਅਮਰੀਕਾ ਵਿਚ ਰਹਿੰਦੇ ਸਨ ਪ੍ਰੰਤੂ ਪੰਜਾਬ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ 1955 ਵਿਚ ਇਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨਾਲੋਜੀ ਲੰਡਨ ਤੋਂ ਫਿਜਿਕਸ ਵਿਚ ਫ਼ਾਈਬਰ ਆਪਟਿਕਸ ਤੇ ਆਪਣੀ ਪੀ.ਐਚ.ਡੀ. ਦੀ ਡਿਗਰੀ ਦਾ ਥੀਸਜ਼ ਲਿਖਕੇ ਡਿਗਰੀ ਪ੍ਰਾਪਤ ਕੀਤੀ। ਟੈਲੀਫੋਨ ਅਤੇ ਇੰਟਰਨੈਟ ਲਈ ਵਰਤੀ ਜਾਣ ਵਾਲੀ ਫ਼ਾਈਬਰ ਆਪਟਿਕ ਵਾਇਰ ਦਾ ਖੋਜੀ ਵਿਦਵਾਨ ਡਾ.ਨਰਿੰਦਰ ਸਿੰਘ ਕੰਪਾਨੀ ਭਾਰਤੀ ਮੂਲ ਦਾ ਖੋਜੀ ਵਿਦਵਾਨ ਅਜਿਹਾ ਵਿਗਿਆਨੀ ਅਤੇ ਉਦਮੀ ਸਨ, ਜਿਨ੍ਹਾਂ ਨੇ ਅਮਰੀਕਾ ਵਿਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਅਨੇਕਾਂ ਵਿਓਪਾਰਕ ਅਦਾਰੇ ਸਥਾਪਤ ਕਰਕੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਸੀ। ਫਾਈਬਰ ਵਾਇਰ ਦੀ, ਟੈਲੀਫ਼ੋਨ, ਇੰਟਰਨੈਟ ਅਤੇ ਕੇਬਲ ਨੈਟ ਵਰਕ ਲਈ ਬਹੁਤੀਆਂ ਕੰਪਨੀਆਂ ਵਰਤੋਂ ਕਰਦੀਆਂ ਹਨ। ਇਸ ਤਾਰ ਦੇ ਨਤੀਜੇ ਬਹੁਤ ਹੀ ਵਧੀਆ ਹਨ। ਆਧੁਨਿਕ ਤਕਨਾਲੋਜੀ ਦੇ ਯੁਗ ਵਿਚ ਇਸਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ। ਉਨ੍ਹਾਂ ਨੇ ਕਮਿਊਨੀਕੇਸ਼ਨ, ਲੇਜ਼ਰ, ਬਾਇਓ ਮੈਡੀਕਲ ਇਸਟਰੂਮੈਨਸ਼ਨ, ਸੋਲਰ ਅਨਰਜ਼ੀ ਅਤੇ ਪਾਲੂਸ਼ਨ ਮਾਨੀਟਰਿੰਗ ਦੇ ਵਿਸ਼ਿਆਂ ਵਿਚ ਖੋਜ ਕਰਕੇ ਮੁਹਾਰਤ ਹਾਸਲ ਕੀਤੀ। ਉਨ੍ਹਾਂ ਕੋਲ 100 ਪੇਟੈਂਟਸ ਸਨ। ਉਨ੍ਹਾਂ ਦੀਆਂ ਚਾਰ ਪੁਸਤਕਾਂ ਅਤੇ 100 ਪੇਪਰ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਇਸ ਫਾਈਬਰ ਵਾਇਰ ਵਿਚ ਹੋਰ ਅਡਵਾਂਸ ਖੋਜਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਨ੍ਹਾਂ ਸਾਰੀਆਂ ਖੋਜਾਂ ਦਾ ਆਧਾਰ ਨਰਿੰਦਰ ਸਿੰਘ ਕੰਪਾਨੀ ਦੀ ਖੋਜ ਹੀ ਹੈ। ਅਮਰੀਕਾ ਜਾਣ ਤੋਂ ਪਹਿਲਾਂ ਉਹ ਆਈ.ਓ.ਐਫ.ਐਸ. ਵਿਚ ਆਫੀਸਰ ਸਨ। ਉਹ ਅਮਰੀਕਾ ਦੀ ਇਨਵੈਂਟਰ ਕੌਂਸਲ, ਯੰਗ ਪ੍ਰੈਜੀਡੈਂਟ ਆਰਗੇਨਾਈਜੇਸ਼ਨ ਅਤੇ ਵਰਲਡ ਪ੍ਰੈਜੀਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਸਨ। ਉਨ੍ਹਾਂ ਨੂੰ ਯੂ.ਐਸ.ਏ. ਪਾਨ-ਏਸ਼ੀਅਨ ਅਮੈਰਿਕਨ ਚੈਂਬਰ ਆਫ ਕਾਮਰਸ ਨੇ 1998 ਵਿਚ ‘‘ਦਾ ਐਕਸਲੈਂਸ 2000 ਅਵਾਰਡ’’ ਦੇ ਕੇ ਸਨਮਾਨਤ ਕੀਤਾ ਸੀ। ਫਾਰਚੂਨ ਮੈਗਜ਼ੀਨ ਨੇ 22-11-1999 ਦੇ ਅੰਕ ਵਿਚ ਉਨ੍ਹਾਂ ਨੂੰ 7 ਅਨਸੰਗ ਹੀਰੋਜ਼ ਵਿਚ ‘‘ਬਿਜਨਸ ਆਫ ਸੈਂਚਰੀ ’’ ਐਲਾਨ ਕੀਤਾ। ਉਹ ਬ੍ਰਿਟਿਸ਼ ਰਾਇਲ ਅਕਾਡਮੀ, ਆਪਟੀਕਲ ਸੋਸਾਇਟੀ ਆਫ ਅਮੈਰਿਕਾ, ਅਮੈਰਿਕਨ ਐਸੋਸੀਏਸ਼ਨ ਫਾਰ ਅਡਵਾਂਸਮੈਂਟ ਆਫ ਸਾਇੰਸ ਅਤੇ ਹੋਰ ਬਹੁਤ ਸਾਰੀਆਂ ਵਿਗਿਆਨਕ ਸੰਸਥਾਵਾਂ ਦਾ ਫੈਲੋ ਸਨ। ਡਾ ਨਰਿੰਦਰ ਸਿੰਘ ਕੰਪਾਨੀ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ, ਬਰਕਲੇ, ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਬਾਰਬਰਾ ਅਤੇ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਰਹੇ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਦੇ ਖੋਜ ਦੇ ਕੰਮਾਂ ਦੀ ਅਗਵਾਈ ਅਤੇ ਨਿਗਰਾਨੀ ਕਰਦੇ ਰਹੇ ਸਨ। ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ ਵੀ ਮਿਲਿਆ ਸੀ। ਉਹ ਅਮਰੀਕਾ ਵਿਚ ਸਿੱਖ ਫ਼ਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਸਨ। ਉਨ੍ਹਾਂ ਨੇ ਅਮਰੀਕਾ ਦੇ ਕੈਲੇਫੋਰਨੀਆਂ ਸੂਬੇ ਵਿਚ ‘‘ਯੂਨੀਵਰਸਿਟੀ ਆਫ ਕੈਲੇਫੋਰਨੀਆਂ, ਸਾਂਤਾ ਬਾਰਬਰਾ ’’ ਵਿਚ ਚੇਅਰ ਆਫ ਸਿੱਖ ਸਟੱਡੀਜ਼ ਆਪਣੀ ਮਾਤਾ ਦੀ ਯਾਦ ਵਿਚ 3 ਲੱਖ਼ 50 ਹਜ਼ਾਰ ਡਾਲਰ ਦਾ ਦਾਨ ਦੇ ਕੇ ਸਥਾਪਤ ਕਰਵਾਈ ਸੀ। ਡਾ.ਨਰਿੰਦਰ ਸਿੰਘ ਕੰਪਾਨੀ ਆਪਣੇ ਵਿਰਸੇ ਨਾਲ ਬਾਖ਼ੂਬੀ ਜੁੜੇ ਹੋਏ ਸਨ। ਆਮ ਤੌਰ ਤੇ ਪਰਵਾਸ ਵਿਚ ਆ ਕੇ ਬਹੁਤੇ ਨੌਜਵਾਨ ਆਪਣੀ ਪਛਾਣ ਆਪ ਗੁਆ ਕੇ ਕਲੀਨ ਸਸ਼ੇਨ ਹੋ ਜਾਂਦੇ ਹਨ ਪ੍ਰੰਤੂ ਡਾ ਨਰਿੰਦਰ ਸਿੰਘ ਕੰਪਾਨੀ ਅਖੀਰੀ ਦਮ ਤੱਕ ਪੂਰਨ ਗੁਰਸਿੱਖ ਰਹੇ। ਉਨ੍ਹਾਂ ਨੇ ਸਿੱਖ ਅਜਾਇਬ ਘਰ ਸਥਾਪਤ ਕਰਨ ਵਿਚ ਸਾਰਾ ਖ਼ਰਚਾ ਆਪ ਕੀਤਾ ਸੀ। ਉਹ ਸਿੱਖ ਸਭਿਆਚਾਰ ਨਾਲ ਸੰਬੰਧਤ ਵਸਤਾਂ ਜਿਹੜੀਆਂ ਪੰਜਾਬੀਆਂ ਦੀ ਬਹਾਦਰੀ ਅਤੇ ਵਿਰਾਸਤੀ ਮਹੱਤਵ ਵਾਲੀਆਂ ਕਲਾ ਕ੍ਰਿਤਾਂ ਹਨ, ਉਨ੍ਹਾਂ ਦੀਆਂ ਨੁਮਾਇਸ਼ਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਲਗਵਾਉਂਦੇ ਰਹਿੰਦੇ ਸਨ। ਉਹ ਖ਼ੁਦ ਵੀ ਇੱਕ ਚੰਗੇ ਪੇਂਟਰ ਅਤੇ ਬੁਤਘਾੜੇ ਸਨ। ਉਨ੍ਹਾਂ ਨੇ 40 ਬੁਤ ਵੀ ਬਣਾਏ ਸਨ। ਉਨ੍ਹਾਂ ਨੇ 5 ਲੱਖ ਡਾਲਰ ਦੀ ਮਦਦ ਨਾਲ ਏਸ਼ੀਅਨ ਅਜਾਇਬ ਘਰ ਸਨਫਰਾਂਸਿਸਕੋ ਵਿਖੇ ਸਥਾਪਤ ਕੀਤਾ ਸੀ, ਜਿਸ ਵਿਚ ਸਿੱਖ ਸਭਿਆਰ ਨਾਲ ਸੰਬੰਧਕ ਕਲਾਕ੍ਰਿਤਾਂ ਰੱਖੀਆਂ ਹੋਈਆਂ ਹਨ। ਉਹ ਖ਼ੁਦ ਕਲਾ ਕ੍ਰਿਤਾਂ ਸਾਂਭ ਕੇ ਰੱਖਣ ਲਈ ਇਕੱਠੀਆਂ ਕਰਨ ਦਾ ਵੀ ਸ਼ੌਕੀਨ ਸਨ। ਮਾਰਚ 1999 ਵਿਚ ਉਨ੍ਹਾਂ ਨੇ ਇਨ੍ਹਾਂ ਕਲਾ ਕ੍ਰਿਤਾਂ ਦੀ ਨੁਮਾਇਸ਼ ਆਪਣੇ ਖ਼ਰਚੇ ਤੇ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਏਸ਼ੀਅਨ ਆਰਟ ਮਿਊਜ਼ੀਅਮ ਸਨਫਰਾਂਸਿਸਕੋ ਅਤੇ ਮਈ 2000 ਰਾਇਲ ਓਨਟਾਰੀਓ ਮਿਊਜ਼ੀਅਮ ਕੈਨੇਡਾ ਵਿਚ ਵੀ ਲਗਵਾਈ ਸੀ। ਅਸਲ ਵਿਚ ਉਨ੍ਹਾਂ ਨੂੰ ਪੰਜਾਬੀ ਖਾਸ ਤੌਰ ਤੇ ਸਿੱਖ ਵਿਰਾਸਤ ਨਾਲ ਲਗਾਓ ਸੀ।
   ਉਸਨੇ 1960 ਵਿਚ ਆਪਣਾ ਵਿਓਪਾਰ ‘ਆਪਟਿਕ ਟੈਕਨਾਲੋਜੀ ਬਿਜਨਸ’ ਦੀ ਸਥਾਪਨਾ ਕੀਤੀ। ਜਿਸਦੇ ਆਪ ਚੇਅਰਮੈਨ ਬਣੇ। ਆਪ ਇਸ ਦੇ 12 ਸਾਲ ਡਾਇਰੈਕਟਰ ਰਿਸਰਚ ਵੀ ਰਹੇ। 1967 ਵਿਚ ਇਸ ਕੰਪਨੀ ਦਾ ਕਾਰਜ ਖੇਤਰ ਵਧਾ ਕੇ ਹੋਰ ਦੇਸ਼ਾਂ ਵਿਚ ਵੀ ਲੈ ਗਏ। ਇਸੇ ਤਰ੍ਹਾਂ 1973 ਵਿਚ ਇੱਕ ਹੋਰ ਕੰਪਨੀ ਕੈਪਟਰੌਨ ਬਣਾ ਲਈ ਜਿਸਦੇ ਆਪ 1990 ਤੱਕ ਸੀ.ਈ.ਓ. ਅਤੇ ਪ੍ਰੈਜੀਡੈਂਟ ਰਹੇ। ਆਪਨੇ ਇਹ ਕੰਪਨੀ 1990 ਵਿਚ ਏ.ਐਮ.ਪੀ. ਇਨਕਾਰਪੋਰੇਟਡ ਨੂੰ ਵੇਚ ਦਿੱਤੀ। 9 ਸਾਲ ਆਪ ਇਸ ਕੰਪਨੀ ਦੇ ਵੀ ਫੈਲੋ ਰਹੇ।  ਉਹ ਇਸ ਕੰਪਨੀ ਇੰਟਰਪ੍ਰਨਿਊਰ ਐਂਡ ਟੈਕਨੀਕਲ ਐਕਸਪਰਟ ਪ੍ਰੋਗਰਾਮ ਐਂਡ ਟੈਕਨਾਲੋਜਿਸਟ ਫਾਰ ਗਲੋਬਲ ਕਮਿਊਨੀਕੇਸ਼ਨਜ਼ ਬਿਜਨਸ ਦੇ ਮੁੱਖੀ ਵੀ ਰਹੇ। ਫਿਰ ਆਪ ਨੇ ਇੱਕ ਹੋਰ ਕੰਪਨੀ ਕੇ-2 ਆਪਟਰੌਨਿਕ ਦੀ ਸਥਾਪਨਾ ਕੀਤੀ।
       ਉਹ ਕੈਲੇਫੋਰਨੀਆਂ ਦੇ ਬੇ ਏਰੀਆ ਵਿਚ ਆਪਣੇ ਪਰਿਵਾਰ ਪਤਨੀ ਸਤਿੰਦਰ ਕੌਰ ਕੰਪਾਨੀ, ਲੜਕਾ ਰਾਜਿੰਦਰ ਸਿੰਘ ਕੰਪਾਨੀ ਟੈਕਨਾਲੋਜੀ ਦਾ ਮਹਿਰ ਉਦਮੀ ਅਤੇ ਫਿਲਮ ਮੇਕਰ ਅਤੇ ਲੜਕੀ ਕਿਰਨ ਨਾਲ ਰਹਿ ਰਹੇ ਸਨ। ਉਨ੍ਹਾਂ ਦੇ ਬੱਚੇ ਵੀ ਵਿਗਿਆਨ ਦੇ ਵਿਸ਼ੇ ਦੇ ਖੋਜੀ ਹਨ। ਡਾ ਨਰਿੰਦਰ ਸਿੰਘ ਕੰਪਾਨੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072

ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ

ਸਰਬ ਭਾਰਤੀ ਕਾਂਗਰਸ ਪਾਰਟੀ ਦਿਨ ਬਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਉਂਕਿ ਉਸਨੂੰ ਨੇਤਾਵਾਂ ਨੇ ਹੀ ਖ਼ੋਰਾ ਲਾਇਆ ਹੋਇਆ ਹੈ। ਰਹਿੰਦੀ ਕਸਰ ਪਰਮਾਤਮਾ ਨੇ ਪੂਰੀ ਕਰ ਰਿਹਾ ਹੈ। ਕਿਉਂਕਿ ਪਾਰਟੀ ਸੰਕਟ ਮੋਚਨ ਅਤੇ ਰਣਨੀਤੀਕਾਰਾਂ ਨੂੰ ਵਾਰੀ ਵਾਰੀ ਇਸ ਆਪਣੇ ਕੋਲ ਬੁਲਾ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ ਪ੍ਰਣਾਬ ਮੁਕਰਜੀ ਅਤੇ ਹੁਣ ਦੂਜੇ ਅਹਿਮਦ ਭਾਈ ਮੁਹੰਮਦ ਭਾਈ ਪਟੇਲ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਚਾਣਕੀਆ ਕਿਹਾ ਜਾਂਦਾ ਸੀ, ਉਹ ਕਰੋਨਾ ਦੀ ਭੇਂਟ ਚੜ੍ਹ ਗਏ ਹਨ। ਤੀਜਾ ਸੰਕਟ ਮੋਚਨ ਗੁਲਾਮ ਨਬੀ ਆਜ਼ਾਦ ਕਾਂਗਰਸ ਪਾਰਟੀ ਦਾ ਸੰਕਟ ਦੂਰ ਕਰਦਾ ਪਾਰਟੀ ਨੂੰ ਸਹੀ ਸੁਝਾਆ  ਦੇਣ ਤੋਂ ਬਾਅਦ ਆਪ ਸੰਕਟ ਵਿਚ ਫਸਿਆ ਹੋਇਆ ਹੈ। ਕਾਂਗਰਸ ਪਾਰਟੀ ਵਿਚੋਂ ਅੰਦਰੂਨੀ ਪਰਜਾਤੰਤਰ ਖੰਭ ਲਾ ਕੇ ਉਡ ਗਿਆ ਹੈ। ਚਮਚਾਗਿਰੀ ਦਾ ਦੌਰ ਭਾਰੂ ਹੈ। ਇਤਨੀ ਬੁਰੀ ਤਰ੍ਹਾਂ ਹਾਰਨ ਦੀ ਨਮੋਸ਼ੀ ਤੋਂ ਬਾਅਦ ਵੀ ਕਾਂਗਰਸੀ ਸਬਕ ਸਿੱਖਣ ਨੂੰ ਤਿਆਰ ਨਹੀਂ। ਅਹਿਮਦ ਪਟੇਲ ਨੂੰ ਮਾਣ ਜਾਂਦਾ ਹੈ ਕਿ ਉਹ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਦਾ ਭਰੋਸੇਯੋਗ ਵਿਅਕਤੀ ਰਿਹਾ ਹੈ। ਰਾਹੁਲ ਗਾਂਧੀ ਉਸਦੀ ਕਾਬਲੀਅਤ ਦੀ ਪਛਾਣ ਨਹੀਂ ਕਰ ਸਕਿਆ। ਅਹਿਮਦ ਪਟੇਲ ਕਾਂਗਰਸ ਪਾਰਟੀ ਦੀ ਸਿਆਸਤ ਵਿਚ 44 ਸਰਗਰਮ ਰਿਹਾ। 36 ਸਾਲ ਤਾਂ ਕਾਂਗਰਸ ਪਾਰਟੀ ਦੀ ਸਿਆਸਤ ਉਸਦੇ ਆਲੇ ਦੁਆਲੇ ਘੁੰਮਦੀ ਰਹੀ। ਅਹਿਮਦ ਪਟੇਲ ਪਿਛਲੇ 20 ਸਾਲਾਂ ਤੋਂ ਸੋਨੀਆਂ ਗਾਂਧੀ ਦੇ ਰਾਜਨੀਤਕ ਸਕੱਤਰ ਅਤੇ ਸਭ ਤੋਂ ਵੱਧ ਭਰੋਸੇਯੋਗ ਵਿਅਕਤੀ ਸਨ। ਇਕ ਕਿਸਮ ਨਾਲ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਹਿਮਦ ਪਟੇਲ ਦੇ ਦੁਆਲੇ ਘੁੰਮਦੀ ਸੀ। ਅਹਿਮਦ ਪਟੇਲ ਛੇਤੀ ਕੀਤਿਆਂ ਕਿਸੇ ਸੀਨੀਅਰ ਨੇਤਾ ਨੂੰ ਆਪਣੀ ਨਮਰਤਾ ਅਤੇ ਸਲੀਕੇ ਦੀ ਕਾਬਲੀਅਤ ਨਾਲ ਨਰਾਜ਼ ਨਹੀਂ ਹੋਣ ਦਿੰਦਾ ਸੀ। ਉਸਨੂੰ ਮਿਲਣ ਵਾਲੇ ਕਾਂਗਰਸੀ ਨੇਤਾਵਾਂ ਦੀ ਭੀੜ ਭਾਵੇਂ ਉਸਨੂੰ ਅਨੇਕਾਂ ਸ਼ਿਕਾਇਤਾਂ ਅਤੇ ਉਲਾਂਭੇ ਦਿੰਦੀ ਰਹਿੰਦੀ ਸੀ ਪ੍ਰੰਤੂ ਉਹ ਕਦੀਂ ਵੀ ਦੁੱਖੀ ਨਹੀਂ ਹੁੰਦੇ ਸਨ। ਇਕ ਨੇਤਾ ਨੂੰ ਮਿਲਕੇ ਦੂਜੇ ਕੋਲ ਭੱਜਿਆ ਜਾਂਦਾ ਸੀ। ਸ਼ਿਕਾਇਤਾਂ ਸੁਣਦਾ ਹੀ ਨਹੀਂ ਸਗੋਂ ਜਾਇਜ ਸ਼ਿਕਾਇਤਾਂ ਨੂੰ ਦੂਰ ਵੀ ਕਰਦਾ ਸੀ। ਧੀਮੀ ਆਵਾਜ਼ ਵਿਚ ਗੱਲ ਕਰਨ,  ਸਹਿਜਤਾ ਵਿਚ ਰਹਿਣ ਅਤੇ ਹਰ ਸਮੱਸਿਆ ਦਾ ਹਲ ਲੱਭਣ ਵਾਲਾ ਅਹਿਮਦ ਪਟੇਲ ਕਾਂਗਰਸੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ। ਕਿਸੇ ਕਾਂਗਰਸੀ ਦੇ ਵਾਰ ਵਾਰ ਮਿਲਣ ਆਉਣ ਨੂੰ ਵੀ ਬੁਰਾ ਨਹੀਂ ਮੰਨਦਾ ਸੀ। ਕਾਂਗਰਸੀ ਦਿਲ ਅਤੇ ਦਿਮਾਗ ਵਾਲਾ ਇਨਸਾਨ ਸੀ। ਕਾਂਗਰਸ ਉਸਦੇ ਖੂਨ ਵਿਚ ਰਚੀ ਹੋਈ ਸੀ। ਉਸਦੀ ਕਾਬਲੀਅਤ ਦੀ ਕਮਾਲ ਇਹ ਸੀ ਕਿ ਕਾਂਗਰਸ ਪਾਰਟੀ ਵਿਚ ਧੜੇਬੰਦੀ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਕਾਂਗਰਸ ਪਾਰਟੀ ਦੇ ਸਾਰੇ ਧੜੇ ਉਸਦਾ ਸਤਿਕਾਰ ਅਤੇ ਵਿਸ਼ਵਾਸ ਕਰਦੇ ਸਨ। ਉਹ ਕਦੀਂ ਵੀ ਕਿਸੇ ਨਾਲ ਗੁਸੇ ਨਹੀਂ ਹੁੰਦਾ ਸੀ। ਉਹ ਹਰ ਨਾਰਾਜ਼ ਨੇਤਾ ਨੂੰ ਮਨਾਉਣ ਵਿਚ ਸਫਲ ਹੁੰਦਾ ਸੀ। ਸੋਨੀਆਂ ਗਾਂਧੀ ਲਈ ਉਹ ਅੱਖਾਂ ਅਤੇ ਕੰਨਾਂ ਦਾ ਕੰਮ ਕਰਦਾ ਸੀ। ਸੋਨੀਆਂ ਗਾਂਧੀ ਦੀ ਥਾਂ ਸੀਨੀਅਰ ਨੇਤਾ ਅਹਿਮਦ ਪਟੇਲ ਨਾਲ ਹਰ ਗੱਲ ਸਾਂਝੀ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਗੱਲ ਸਹੀ ਟਿਕਾਣੇ ਤੇ ਪਹੁੰਚ ਜਾਵੇਗੀ। ਅਹਿਮਦ ਪਟੇਲ ਨੇਤਾਵਾਂ ਨੂੰ ਬੜੀ ਸੰਜੀਦਗੀ ਅਤੇ ਨੀਝ ਨਾਲ ਸੁਣਕੇ ਉਸਦਾ ਹਲ ਕੱਢਣ ਲਈ ਸੋਨੀਆਂ ਗਾਂਧੀ ਨੂੰ ਸਹੀ ਸਲਾਹ ਦਿੰਦੇ ਸਨ। ਉਸਨੇ ਰਾਜਾਂ ਅਤੇ ਕੇਂਦਰ ਦੇ ਮੰਤਰੀ ਮੰਡਲ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਪ੍ਰੰਤੂ ਆਪ ਕਦੀਂ ਵੀ ਮੰਤਰੀ ਬਣਨ ਦੀ ਇੱਛਾ ਪ੍ਰਗਟ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਉਸਨੂੰ ਮਿਲਣ ਵਾਲਾ ਹਰ ਕਾਂਗਰਸੀ ਉਸਨੂੰ ਆਪਣਾ ਸਮਰਥਕ ਸਮਝਦਾ ਸੀ। ਕਾਂਗਰਸੀ ਉਸਦੇ ਹਰ ਸ਼ਬਦ ਨੂੰ ਹੁਕਮ ਦੀ ਤਰ੍ਹਾਂ ਮੰਨਦੇ ਸਨ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਉਹ ਪੂਰਾ ਤਾਲਮੇਲ ਰੱਖਦਾ ਸੀ। ਜੇਕਰ ਕੋਈ ਸੀਨੀਅਰ ਨੇਤਾ ਉਸ ਨਾਲ ਨਾਰਾਜ਼ ਹੋ ਜਾਂਦਾ ਸੀ ਤਾਂ ਅਹਿਮਦ ਪਟੇਲ ਉਸਨੂੰ ਜਲਦੀ ਹੀ ਮਨਾ ਲੈਂਦਾ ਸੀ। ਜਿਹੜੇ ਵਿਅਕਤੀ ਕਾਂਗਰਸ ਪਾਰਟੀ ਨੂੰ ਅਲਵਿਦਾ ਵੀ ਕਹਿ ਗਏ, ਉਨ੍ਹਾਂ ਨਾਲ ਪੂਰਾ ਸੰਪਰਕ ਰੱਖਦਾ ਸੀ ਤਾਂ ਜੋ ਮੁੜਕੇ ਕਾਂਗਰਸ ਵਿਚ ਆ ਜਾਣ। ਉਹ ਆਸ਼ਾਵਾਦੀ ਨੇਤਾ ਸੀ। ਕਈ ਕਾਂਗਰਸੀਆਂ ਨੂੰ ਉਹ ਵਾਪਸ ਵੀ ਲੈ ਆਇਆ ਸੀ। ਪਿਛੇ ਜਹੇ ਕਾਂਗਰਸ ਦੇ 40 ਸੀਨੀਅਰ ਨੇਤਾਵਾਂ ਨੇ ਇਕ ਪੱਤਰ ਭੇਜਿਆ ਸੀ ਜਿਸਨੂੰ ਲੈਟਰ ਬੰਬ ਕਿਹਾ ਜਾਂਦਾ ਹੈ। ਅਹਿਮਦ ਪਟੇਲ ਦੀ ਡਿਪਲੋਮੇਸੀ ਨੇ ਉਸਨੂੰ ਠੁੱਸ ਕਰਵਾ ਦਿੱਤਾ ਸੀ। ਉਸਨੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮਨਾ ਕੇ ਸੋਨੀਆਂ ਗਾਂਧੀ ਨਾਲ ਮੁਲਾਕਤ ਕਰਵਾ ਦਿੱਤੀ ਸੀ। ਇਸ ਕਰਕੇ ਜਿਹੜੀਆਂ ਤਿੰਨ ਕਮੇਟੀਆਂ ਸੋਨੀਆਂ ਗਾਂਧੀ ਨੇ ਡਾ ਮਨਮੋਹਨ ਸਿੰਘ ਦੀ ਅਗਵਾਈ ਵਿਚ ਬਣਾਈਆਂ ਹਨ, ਉਨ੍ਹਾਂ ਵਿਚ ਨਾਰਾਜ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਹਿਮਦ ਪਟੇਲ 8 ਵਾਰ ਗੁਜਰਾਤ ਤੋਂ ਸੰਸਦ ਦਾ ਮੈਂਬਰ ਬਣਿਆਂ। ਇਸ ਸਮੇਂ ਉਹ ਸਰਬ ਭਾਰਤੀ ਕਾਂਗਰਸ ਪਾਰਟੀ ਦਾ ਖ਼ਜਾਨਚੀ ਵੀ ਸੀ। ਅਹਿਮਦ ਪਟੇਲ ਯੂਥ ਕਾਂਗਰਸ ਰਾਹੀਂ ਕਾਂਗਰਸ ਪਾਰਟੀ ਵਿਚ ਆਇਆ ਅਤੇ 1976  ਵਿਚ ਸਥਾਨਕ ਨਗਰ ਪਾਲਿਕਾ ਦੀ ਚੋਣ ਲੜਦਾ ਹੋਇਆ ਇੰਦਰਾ ਗਾਂਧੀ ਦੀ ਨਜ਼ਰੇ ਚੜ੍ਹ ਗਿਆ। ਇੰਦਰਾ ਗਾਂਧੀ ਨੇ 1977 ਵਿਚ  ਮਹਿਜ 28 ਸਾਲ ਦੇ ਨੌਜਵਾਨ ਅਹਿਮਦ ਪਟੇਲ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਟਿਕਟ ਦੇ ਦਿੱਤਾ। ਅਹਿਮਦ ਪਟੇਲ ਚੋਣ ਜਿੱਤ ਗਿਆ। ਉਸਤੋਂ ਬਾਅਦ 1980 ਅਤੇ 84 ਵਿਚ ਵੀ ਉਹ ਲੋਕ ਸਭਾ ਦੀ ਚੋਣ ਜਿੱਤ ਗਿਆ। ਉਦੋਂ ਅਹਿਮਦ ਪਟੇਲ ਮੁਸਲਮਾਨ ਭਾਈਚਾਰੇ ਦੂਜਾ ਵਿਅਕਤੀ ਸੀ, ਜਿਹੜਾ ਗੁਜਰਾਤ ਵਿਚੋਂ ਸੰਸਦ ਦੀਆਂ ਪੌੜੀਆਂ ਚੜਿ੍ਹਆ ਸੀ। ਉਹ 1993 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਦਾ ਮੈਂਬਰ ਬਣਦਾ ਆ ਰਿਹਾ ਸੀ। ਚਾਰ ਵਾਰ ਰਾਜ ਸਭਾ ਦੀ ਚੋਣ ਜਿੱਤਣ ਵਿਚ ਉਨ੍ਹਾਂ ਨੂੰ ਕਦੀਂ ਵੀ ਮੁਸ਼ਕਲ ਨਹੀਂ ਆਈ। 2017 ਚੋਣ ਜਿੱਤਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵੇਲਣ ਵੇਲਣੇ ਪਏ।  1985 ਵਿਚ ਅਹਿਮਦ ਪਟੇਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪਾਰਲੀਮੈਂਟਰੀ ਸਕੱਤਰ ਬਣਕੇ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਘਰ ਬੈਠਣ ਲੱਗ ਪਿਆ। ਉਸ ਤੋਂ ਬਾਅਦ ਉਸਦੀ ਕਾਂਗਰਸ ਪਾਰਟੀ ਵਿਚ ਤੂਤੀ ਬੋਲਣ ਲੱਗ ਪਈ ਕਿਉਂਕਿ ਸਾਰੇ ਮਹੱਤਵਪੂਰਨ ਫੈਸਲੇ ਕਰਨ ਵਿਚ ਉਸਦਾ ਯੋਗਦਾਨ ਹੁੰਦਾ ਸੀ। ਇਸੇ  ਦੌਰਾਨ ਹੀ ਉਹ ਸੋਨੀਆਂ ਗਾਂਧੀ ਦੇ ਨਜ਼ਦੀਕ ਹੋ ਗਿਆ। ਉਨ੍ਹਾਂ ਨੂੰ ਰਾਜੀਵ ਗਾਂਧੀ ਨੇ ਜਵਾਹਰ ਭਵਨ ਦੀ ਟਰੱਸਟ ਦਾ ਸਕੱਤਰ ਬਣਾਕੇ ਜਵਾਹਰ ਲਾਲ ਨਹਿਰੂ ਦੇ ਜਨਮ ਦੀ ਸ਼ਤਾਬਦੀ ਵਰ੍ਹੇ 1988 ਤੱਕ ਭਵਨ ਦੀ ਉਸਾਰੀ ਮੁਕੰਮਲ ਕਰਨ ਦਾ ਟੀਚਾ ਦਿੱਤਾ ਸੀ। ਜਿਸਨੂੰ ਉਨ੍ਹਾਂ ਤਨਦੇਹੀ ਨਾਲ ਨਿਗਰਾਨੀ ਕਰਕੇ ਸਮੇਂ ਸਿਰ ਮੁਕੰਮਲ ਕਰਵਾਇਆ। ਕਹਿਣ ਤੋਂ ਭਾਵ ਜਿਹੜੀ ਵੀ ਉਨ੍ਹਾਂ ਨੂੰ ਗਾਂਧੀ ਪਰਿਵਾਰ ਨੇ ਜ਼ਿੰਮੇਵਾਰੀ ਦਿੱਤੀ,  ਉਨ੍ਹਾਂ ਨੇ ਉਸਨੂੰ ਸਹੀ ਢੰਗ ਨਾਲ ਨਿਭਾਇਆ। ਫਿਰ ਤਾਂ ਉਹ ਗਾਂਧੀ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਸੰਸਦ ਮੈਂਬਰ ਰਹਿੰਦਿਆਂ ਉਨ੍ਹਾਂ ਸਰਦਾਰ ਸਰੋਵਰ ਪ੍ਰਾਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਿਟੀ ਬਣਵਾਈ।  ਉਨ੍ਹਾਂ ਭਰੂਚ ਜਿਲ੍ਹੇ ਦਾ ਬਿਜਲੀਕਰਨ ਕਰਵਾਉਣ ਲਈ 2005 ਵਿਚ ਭਰੂਚ ਜਿਲ੍ਹੇ ਨੂੰ ਦੇਸ ਦੇ ਪੰਜ ਜਿਲਿ੍ਹਆਂ ਵਿਚ ਸ਼ਾਮਲ ਕਰਵਾਇਆ, ਜਿਨ੍ਹਾਂ ਦਾ  ਰਾਜੀਵ ਗਾਂਧੀ ਗਰਾਮੀਣ ਵਿਦੂਆਤੀਕਰਨ  ਯੋਜਨਾ ਅਧੀਨ ਬਿਜਲੀ ਕਰਨ ਹੋਣਾ ਸੀ। ਅਸਲ ਵਿਚ ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਕਟ ਦੇ ਬੱਦਲ ਛਾਅ ਗਏ ਸਨ। ਰਾਜੀਵ ਗਾਂਧੀ ਤਾਂ ਇੰਦਰਾ ਨਹਿਰੂ ਦੀ ਵਿਰਾਸਤ ਦਾ ਲਾਭ ਉਠਾ ਕੇ ਦਸ ਸਾਲ ਰਾਜ ਕਰ ਗਿਆ। ਉਨ੍ਹਾਂ ਤੋਂ ਬਾਅਦ ਗਾਂਧੀ ਪਰਿਵਾਰ ਦਾ ਅਕਸ ਗਿਰਨਾ ਸ਼ੁਰੂ ਹੋ ਗਿਆ ਸੀ। ਪੀ ਵੀ ਨਰਸਿਮਹਾ ਰਾਓ ਆਪਣੀਆਂ ਹਿੰਦੂਵਾਦੀ ਨੀਤੀਆਂ ਕਰਕੇ ਪੰਜ ਸਾਲ ਸਰਕਾਰ ਚਲਾ ਗਿਆ। ਉਨ੍ਹਾਂ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਆਰਥਿਕ ਮਾਹਿਰ ਡਾ ਮਨਮੋਹਨ ਸਿੰਘ ਨੇ ਠੁਮਣਾ ਦੇ ਕੇ ਦਸ ਸਾਲ ਬਚਾਈ ਰੱਖਿਆ ਪ੍ਰੰਤੂ ਜਦੋਂ ਕਾਂਗਰਸ ਪਾਰਟੀ ਨੇ ਡਾ ਮਨਮੋਹਨ ਸਿੰਘ ਤੋਂ ਮੁੱਖ ਮੋੜਨਾ ਸ਼ੁਰੂ ਕੀਤਾ ਤਾਂ ਉਹ ਨਿਘਾਰ ਵਲ ਵੱਧਣ ਲੱਗੀ। ਰਾਹੁਲ ਗਾਂਧੀ ਦੇ ਬਚਕਾਨੇ ਬਿਆਨਾ ਨੇ ਮਨਮੋਹਨ ਸਿੰਘ ਦੇ ਅਕਸ ਨੂੰ ਢਾਅ ਲਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਹੁਣ ਦੁਬਾਰਾ ਕਾਂਗਰਸ ਪਾਰਟੀ ਨੂੰ ਮਨਮੋਹਨ ਸਿੰਘ ਦਾ ਆਸਰਾ ਲੈਣਾ ਪੈ ਰਿਹਾ ਹੈ। ਸੋਨੀਆਂ ਗਾਂਧੀ ਲਗਪਗ 20 ਸਾਲ ਕਾਂਗਰਸ ਪਾਰਟੀ ਦੀ ਪ੍ਰਧਾਨ ਰਹੀ ਹੈ। ਇਸ ਸਮੇਂ ਵੀ ਕਾਰਜਵਾਹਕ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੀ ਹੈ। ਇਸ ਸਮੇਂ ਦੌਰਾਨ ਅਹਿਮਦ ਪਟੇਲ ਹੀ ਕਾਂਗਰਸ ਪਾਰਟੀ ਵਿਚ ਪਾਵਰ ਸੈਂਟਰ ਬਣਿਆਂ ਰਿਹਾ ਹੈ। ਅਹਿਮਦ ਪਟੇਲ ਸੋਨੀਆਂ ਗਾਂਧੀ ਦਾ ਰਾਜਨੀਤਕ ਸਕੱਤਰ ਸੀ। ਉਹ ਕਾਂਗਰਸ ਪਾਰਟੀ ਅਤੇ ਡਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁÇੰਦਆਂ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਦਾ ਰਿਹਾ ਹੈ। ਅਹਿਮਦ ਪਟੇਲ ਪਬਲਿਸਿਟੀ ਦਾ ਭੁੱਖਾ ਨਹੀਂ ਸੀ। ਉਹ ਪਰਦੇ ਦੇ ਪਿੱਛੇ ਰਹਿਕੇ ਆਪਣਾ ਕੰਮ ਕਰਦਾ ਰਿਹਾ। ਇਹ ਉਸਦਾ ਸਭ ਤੋਂ ਵੱਡਾ ਗੁਣ ਸੀ।

        ਅਹਿਮਦ ਪਟੇਲ ਦਾ ਜਨਮ 21ਅਗਸਤ 1949 ਨੂੰ ਮਾਤਾ ਹਬਾਬੇਨ ਮੁਹੰਮਦ ਭਾਈ ਪਟੇਲ ਅਤੇ ਪਿਤਾ ਇਸ਼ਾਕਜੀ ਪਟੇਲ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਖੇਤੀਬਾੜੀ ਦੇ ਕੰਮ ਦੇ ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਸਨ। ਅਹਿਮਦ ਪਟੇਲ ਨੂੰ ਆਪਣੇ ਪਿਤਾ ਦੇ ਸਮਾਜ ਸੇਵਾ ਦੇ ਕੰਮ ਤੋਂ ਸਿਆਸਤ ਵਿਚ ਆਉਣ ਦੀ ਪ੍ਰੇਰਨਾ ਮਿਲੀ। ਉਨ੍ਹਾਂ ਦਾ ਵਿਆਹ 1976 ਵਿਚ ਬੇਗਮ ਮੈਮੂਨਾ ਨਾਲ ਹੋਇਆ। ਆਪਦੇ ਇਕ ਲੜਕਾ ਫੈਜ਼ਲ ਅਹਿਮਦ ਅਤੇ ਇਕ ਲੜਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                     

ਮੋਬਾਈਲ-94178 13072

ujagarsingh48@yahoo.com

ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ - ਉਜਾਗਰ ਸਿੰਘ

ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਇੰਟਰਨੈਟ ਅਤੇ ਮੋਬਾਈਲ ਦੇ ਜ਼ਮਾਨੇ ਵਿਚ ਕੋਈ ਪੱਤਰਕਾਰ ਅਜਿਹਾ ਵੀ ਹੋ ਸਕਦਾ ਹੈ, ਜਿਸ ਕੋਲ ਮੋਬਾਈਲ ਵੀ ਨਾ ਹੋਵੇ ? ਪੱਤਰਕਾਰ ਤਾਂ ਦੋ-ਦੋ ਮੋਬਾਈਲ ਲਈ ਫਿਰਦੇ ਹਨ। ਉਸ ਪੱਤਰਕਾਰ ਦੀ ਤਾਂ ਕੋਈ ਰੰਗਦਾਰ ਤਸਵੀਰ ਹੀ ਨਹੀਂ। ਬਲੈਕ ਐਂਡ ਵਾਈਟ ਤਸਵੀਰ ਵੀ ਉਨ੍ਹਾਂ ਨੇ ਸਰਕਾਰੀ ਸਮਾਗਮਾ ਵਿਚ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਇਕ ਵਾਰ ਖਿਚਾਈ ਸੀ। ਉਸਦਾ ਨੈਗੇਟਿਵ ਹੁਣ ਤੱਕ ਸੰਭਾਲਕੇ ਰੱਖਿਆ ਹੋਇਆ ਹੈ। ਉਹ ਹੀ ਤਸਵੀਰ ਅਜੇ ਤੱਕ ਉਸ ਕੋਲ ਹੈ। ਭਾਵੇਂ ਪੱਤਰਕਾਰੀ ਬਹੁਤ ਹੀ ਲੁਭਾਉਣਾ ਕਿੱਤਾ ਗਿਣਿਆਂ ਜਾਂਦਾ ਹੈ। ਪੱਤਰਕਾਰਾਂ ਉਪਰ ਆਮ ਤੌਰ ਤੇ ਸਨਸਨੀਖ਼ੇਜ ਖ਼ਬਰਾਂ ਬਣਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਅਖ਼ਬਾਰ ਜ਼ਿਆਦਾ ਪੜਿ੍ਹਆ ਜਾ ਸਕੇ ਅਤੇ ਪੱਤਰਕਾਰ ਦੀ ਪ੍ਰਸੰਸਾ ਹੋਵੇ। ਪ੍ਰੰਤੂ ਸਾਰੇ ਪੱਤਰਕਾਰ ਇਕੋ ਜਿਹੇ ਨਹੀਂ ਹੁੰਦੇ। ਕੁਝ ਪੱਤਰਕਾਰ ਅਜਿਹੇ ਹੁੰਦੇ ਹਨ, ਜਿਹੜੇ ਸਨਸਨੀਖ਼ੇਜ ਖ਼ਬਰਾਂ ਦੀ ਥਾਂ ਨਿਰਪੱਖ ਅਤੇ ਸੰਜੀਦਾ ਖ਼ਬਰਾਂ ਲਿਖਕੇ ਸਮਾਜ ਵਿਚ ਆਪਣਾ ਨਾਂ ਬਣਾ ਲੈਂਦੇ ਹਨ। ਉਨ੍ਹਾਂ ਪੱਤਰਕਾਰਾਂ ਵਿਚੋਂ ਅਜਿਹਾ ਇਕ ਪੱਤਰਕਾਰ ਹੈ, ਜਿਹੜਾ ਸੰਜੀਦਾ ਢੰਗ ਨਾਲ ਖ਼ਬਰਾਂ ਭੇਜ ਕੇ ਪੱਤਰਕਾਰੀ ਕਰਦਾ ਰਿਹਾ ਹੈ। ਉਹ ਵਿਕਾਸ ਨਾਲ ਸੰਬੰਧਤ ਖ਼ਬਰਾਂ ਲਿਖਣ ਨੂੰ ਤਰਜ਼ੀਹ ਦਿੰਦਾ ਰਿਹਾ ਹੈ। ਉਹ ਪੱਤਰਕਾਰ ਹੈ, ਵਿਦਿਆ ਪ੍ਰਕਾਸ਼ ਪ੍ਰਭਾਕਰ, ਜਿਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ ਵਿਚ ਵੀ ਪੀ ਪ੍ਰਭਾਕਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਮੀਡੀਆ ਦੇ ਯੁਗ ਵਿਚ ਹਰ ਵਿਅਕਤੀ ਪੱਤਰਕਾਰ ਬਣਨਾ ਚਾਹੁੰਦਾ ਹੈ ਕਿਉਂਕਿ ਪੱਤਰਕਾਰਾਂ ਦੀ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਚੰਗੀ ਪੁਛ ਪੜਤਾਲ ਹੁੰਦੀ ਹੈ। ਕੋਈ ਸਮਾਂ ਹੁੰਦਾ ਸੀ ਕਿ ਅਖ਼ਬਾਰਾਂ ਦੀ ਖ਼ਬਰ ਪੱਥਰ ‘ਤੇ ਲਕੀਰ ਹੁੰਦੀ ਸੀ। ਕਹਿਣ ਤੋਂ ਭਾਵ ਅਖ਼ਬਾਰ ਦੀ ਖ਼ਬਰ ਤੇ ਯਕੀਨ ਕੀਤਾ ਜਾਂਦਾ ਸੀ। ਪ੍ਰੰਤੂ ਅਜੋਕੇ ਸਮੇਂ ਵਿਚ ਵਰਨਣਯੋਗ ਤਬਦੀਲੀ ਆ ਗਈ ਹੈ। ਕੁਝ ਪੱਤਰਕਾਰਾਂ ਦੇ ਵਿਵਹਾਰ ਕਰਕੇ ਪੱਤਰਕਾਰੀ ਦੇ ਮਿਆਰ ਉਪਰ ਸਮਾਜ ਕਿੰਤੂ ਪ੍ਰੰਤੂ ਕਰਨ ਲੱਗ ਪਿਆ  ਹੈ। ਫਿਰ ਵੀ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨਿ੍ਹਆਂ ਜਾ ਸਕਦਾ। ਪੱਤਰਕਾਰੀ ਦੇ ਖੇਤਰ ਵਿਚ ਵੀ ਪੀ ਪ੍ਰਭਾਕਰ ਨੂੰ ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰ ਤੌਰ ਤੇ ਸਤਿਕਾਰਿਆ ਜਾਂਦਾ ਹੈ। ਵੀ ਪੀ ਪ੍ਰਭਾਕਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਚੰਡੀਗੜ੍ਹ ਵਿਚ ਸੰਜੀਦਾ ਅਤੇ ਨਿਰਪੱਖ ਪੱਤਰਕਾਰੀ ਕਰਨ ਕਰਕੇ ਉਥੋਂ ਦੇ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਪੱਤਰਕਾਰ ਰਿਹਾ ਹੈ। ਉਨ੍ਹਾਂ ਲਗਪਗ ਅੱਧੀ ਸਦੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੱਤਰਕਾਰੀ ਕੀਤੀ ਹੈ। ਇਤਨਾ ਲੰਮਾ ਸਮਾਂ ਅੰਗਰੇਜ਼ੀ ਦੇ ਅਖ਼ਬਾਰ ‘‘ਦੀ ਟਰਬਿਊਨ’’ ਹਿੰਦੀ ਦੇ ‘‘ਦੈਨਿਕ ਭਾਸਕਰ’’ ਅਤੇ ਦਿਵਿਆ ਹਿਮਾਚਲ ਵਿਚ ਨੌਕਰੀ ਕੀਤੀ ਪ੍ਰੰਤੂ ਉਨ੍ਹਾਂ ਦੀ ਜਾਇਦਾਦ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਉਨ੍ਹਾਂ ਨੂੰ ਇਮਾਨਦਾਰੀ ਦੇ ਪ੍ਰਤੀਕ ਵਜੋਂ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਪਿਤਾ ਪੰਜਾਬ ਸਕੱਤਰੇਤ ਵਿਚ ਲਾਹੌਰ ਅਸਿਸਟੈਂਟ ਸਕੱਤਰ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਸਕੱਤਰੇਤ ਸਿਮਲਾ ਵਿਖੇ ਆ ਗਈ। ਇਸ ਲਈ ਉਹ ਵੀ ਲਾਹੌਰ ਤੋਂ ਸਿੱਧੇ ਸਿਮਲੇ ਆ ਗਏ। ਵੀ ਪੀ ਪ੍ਰਭਾਕਰ ਉਦੋਂ 10 ਸਾਲ ਦੇ ਸਨ। ਉਦੋਂ ਚੜ੍ਹਦੇ ਪੰਜਾਬ ਦੀ ਰਾਜਧਾਨੀ ਸਿਮਲਾ ਬਣੀ ਸੀ। 1953 ਵਿਚ ਸਿਮਲਾ ਤੋਂ ਉਨ੍ਹਾਂ ਦੇ ਪਿਤਾ ਦਾ ਦਫਤਰ ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਵਿਚ ਆ ਗਿਆ। ਸਰਦਾਰ ਪਰਤਾਪ ਸਿੰਘ ਕੈਰੋਂ ਨੇ ਚੰਡੀਗੜ੍ਹ ਵਸਾਉਣ ਲਈ ਆਪਣੇ ਮੁਲਾਜ਼ਮਾਂ ਨੂੰ ਪਹਿਲਾਂ ਪਲਾਟ ਲੈਣ ਅਤੇ ਫਿਰ ਉਥੇ ਮਕਾਨ ਉਸਾਰਨ ਲਈ ਕਰਜ਼ੇ ਦਿੱਤੇ ਸਨ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਚੰਡੀਗੜ੍ਹ ਦੇ ਸੈਕਟਰ 16  ਵਿਚ ਕੋਠੀ ਭਲੇ ਮੌਕੇ ਬਣਾ ਲਈ। ਇਸ ਸਮੇਂ ਵੀ ਪੀ ਪ੍ਰਭਾਕਰ ਉਸੇ ਕੋਠੀ ਵਿਚ ਰਹਿੰਦੇ ਹਨ। ਉਨ੍ਹਾਂ ਦੀ ਸਾਦਗੀ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਇਕ ਆਮ ਸਾਧਾਰਨ ਵਿਅਕਤੀ ਦੀ ਹੁੰਦੀ ਹੈ। ਪੱਤਰਕਾਰਾਂ ਵਾਲੀ ਕੋਈ ਫੂੰ ਫਾਂ ਨਹੀਂ ਹੈ। ਉਹ ‘ਦੀ ਟਰਬਿਊਨ ’ ਵਿਚ ਚੰਡੀਗੜ੍ਹ ਵਿਖੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਬਿਓਰੋ ਚੀਫ ਰਹੇ ਹਨ। ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ‘ਦੀ ਟਰਬਿਊਨ’ ਅਖ਼ਬਾਰ ਦੇ ਪਹਿਲੇ ਬਿਓਰੋ ਚੀਫ ਵੀ ਪੀ ਪ੍ਰਭਾਕਰ ਹੀ ਬਣੇ ਸਨ। ਹੁਣ ਤਾਂ ਹਰ ਸਟੇਟ ਦੇ ਬਿਓਰੋ ਚੀਫ ਵੱਖਰੇ-ਵੱਖਰੇ ਹਨ। ਉਨ੍ਹਾਂ ਲਈ ਇਕ ਹੋਰ ਵੀ ਵੱਖਰੀ ਤੇ ਮਾਣ ਵਾਲੀ ਗੱਲ ਹੈ ਕਿ ਉਹ ਹਿੰਦੀ ਦੀ ਐਮ ਏ ਸਨ ਪ੍ਰੰਤੂ ਅੰਗਰੇਜ਼ੀ ਅਖ਼ਬਾਰ ਦੇ ਬਿਓਰੋ ਚੀਫ ਬਣੇ। ਦੈਨਿਕ ਭਾਸਕਰ ਵਿਚ ਸੰਪਾਦਕੀ ਸਲਾਹਕਾਰ ਸਨ। ਇਤਨੇ ਮਹੱਤਵਪੂਰਨ ਅਤੇ ਉਚ ਅਹੁਦਿਆਂ ਤੇ ਰਹੇ ਹਨ ਪ੍ਰੰਤੂ ਰਹਿਣ ਸਹਿਣ, ਖਾਣ ਪੀਣ ਅਤੇ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਸਾਧਾਰਨ ਹੈ। ਅੱਜ ਦੇ ਆਧੁਨਿਕ ਯੁਗ ਵਿਚ ਵੀ ਉਨ੍ਹਾਂ ਕੋਲ ਮੋਬਾਈਲ ਵੀ ਨਹੀਂ ਹੈ। ਉਨ੍ਹਾਂ ਦੀ ਪ੍ਰਸੰਸਾ ਵਿਚ ਜਿਤਨੇ ਵੀ ਵਿਸ਼ੇਸ਼ਣ ਲਗਾ ਲਓ ਉਤਨੇ ਹੀ ਥੋੜ੍ਹੇ ਹਨ। ਉਹ ਸਬਰ ਸੰਤੋਖ ਵਾਲੇ ਲੋਭ, ਲਾਲਚ ਅਤੇ ਪੈਸੇ ਦੀ ਮੋਹ ਮਾਇਆ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ ਸਮਾਗਮਾ ਦੀ ਕਵਰੇਜ ਲਈ ਵੀ ਫਰਜ ਨਿਭਾਏ ਹਨ। ਅਮਰੀਕਾ, ਕੈਨੇਡਾ ਅਤੇ ਕੁਵੈਤ ਵਿਚ ਕਵਰੇਜ ਲਈ ਗਏ ਸਨ। ਯੂ ਐਨ ਜਨਰਲ ਅਸੈਂਬਲੀ ਕਵਰ ਕਰਨ ਲਈ ਗਏ ਸਨ, ਜਿਥੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਅਤੇ ਭਾਰਤ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਗਏ ਹੋਏ ਸਨ। ਇਸੇ ਤਰ੍ਹਾਂ 1972 ਵਿਚ ਜਦੋਂ ਸਿਮਲਾ ਵਿਚ ਇੰਡੋ ਪਾਕਿ ਸਮਿਟ ਹੋਈ ਸੀ ਤਾਂ ਉਸਨੂੰ ਵੀ ਉਨ੍ਹਾਂ ਕਵਰ ਕੀਤਾ ਸੀ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫਕਾਰ ਅਲੀ ਭੁਟੋ ਸ਼ਾਮਲ ਹੋਏ ਸਨ। ਉਹ ਸਮਿਟ ਸਿਮਲਾ ਸਮਝੌਤੇ ਦੇ ਨਾਮ ਤੇ ਪ੍ਰਸਿੱਧ ਹੈ।
        ਵੀ ਪੀ ਪ੍ਰਭਾਕਰ ਨੇ ਆਪਣਾ ਪੱਤਰਕਾਰੀ ਦਾ ਕਿੱਤਾ ਇਕ ਹਿੰਦੀ ਦੇ ਸਪਤਾਹਿਕ ਅਖਬਾਰ ‘ਸੇਵਾ ਗ੍ਰਾਮ’ ਤੋਂ ਸ਼ੁਰੂ ਕੀਤਾ ਸੀ। ਇਹ ਸਪਤਾਹਕ ਦਿਹਾਤੀ ਭਾਰਤ ਦੇ ਵਿਕਾਸ ਬਾਰੇ ਖ਼ਬਰਾਂ ਪ੍ਰਕਾਸ਼ਤ ਕਰਦਾ ਸੀ। ਇਸੇ ਕਰਕੇ ਵੀ ਪੀ ਪ੍ਰਭਾਕਰ ਨੇ ਆਪਣੀ ਸਾਰੀ ਪੱਤਰਕਾਰਤਾ ਦੀ ਨੌਕਰੀ ਦੌਰਾਨ ਦਿਹਾਤੀ ਵਿਕਾਸ ਦੀਆਂ ਖ਼ਬਰਾਂ ਭੇਜਣ ਨੂੰ ਪਹਿਲ ਦਿੱਤੀ। ਉਹ ਵਿਕਾਸਮੁਖੀ ਸੋਚ ਵਾਲੇ ਪੱਤਰਕਾਰ ਹਨ। ਉਨ੍ਹਾਂ ਦੀ ਚੋਣ ਰਾਜ ਸਭਾ ਵਿਚ ਵੀ ਅਨੁਵਾਦਕ ਦੇ ਤੌਰ ਤੇ ਹੋ ਗਈ ਸੀ ਪ੍ਰੰਤੂ ਉਨ੍ਹਾਂ ਪੱਤਰਕਾਰੀ ਨੂੰ ਪਹਿਲ ਦਿੱਤੀ। ਫਿਰ ਉਨ੍ਹਾਂ ਹਿੰਦੀ ਦੇ ਮਾਸਕ ਮੈਗਜ਼ੀਨ ‘ਸਰਿਤਾ’ ਵਿਚ ਨੌਕਰੀ ਕਰ ਲਈ। ਉਨ੍ਹਾਂ ਅੰਗਰੇਜ਼ੀ ਦੇ ਰੋਜ਼ਾਨਾ ‘ਦੀ ਟਰਬਿਊਨ’ ਅਖ਼ਬਾਰ ਵਿਚ 1961 ਵਿਚ ਨੌਕਰੀ ਸ਼ੁਰੂ ਕਰ ਲਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ 24 ਸਾਲ ਸੀ। ਉਹ ਦੀ ਟਰਬਿਊਨ ਵਿਚੋਂ 36 ਸਾਲ ਵੱਖ-ਵੱਖ ਅਹੁਦਿਆਂ ਤੇ ਨੌਕਰੀ ਕਰਨ ਤੋਂ ਬਾਅਦ 1997 ਵਿਚ ਸੇਵਾ ਮੁਕਤ ਹੋਏ ਹਨ। ਜਦੋਂ ਉਹ ਪਟਿਆਲਾ ਬਦਲਕੇ ਆਏ ਤਾਂ ਮੇਰਾ ਉਨ੍ਹਾਂ ਨਾਲ ਵਾਹ ਪਿਆ। ਉਨ੍ਹਾਂ ਦੀ ਹਮੇਸ਼ਾ ਹਰ ਰੋਜ਼ ਦੀਆਂ ਖ਼ਬਰਾਂ ਤੋਂ ਇਲਾਵਾ ਵਿਕਾਸ ਮੁਖੀ ਖ਼ਬਰਾਂ ਲਿਖਣ ਦੀ ਕੋਸਿਸ਼ ਹੁੰਦੀ ਸੀ। ਜਿਹੜਾ ਵੀ ਕੋਈ ਨਵਾਂ ਵਿਕਾਸ ਦਾ ਪ੍ਰਾਜੈਕਟ ਲੱਗਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਉਸ ਪ੍ਰਾਜੈਕਟ ਦੀ ਖ਼ਬਰ ਬਣਾਉਂਦੇ ਸਨ। ਵੀ ਪੀ ਪ੍ਰਭਾਕਰ ਆਮ ਤੌਰ ਤੇ ਦਫਤਰ ਵਿਚ ਬੈਠਕੇ ਕੰਮ ਕਰਨ ਦੀ ਥਾਂ ਪਿੰਡਾਂ ਵਿਚ ਮੌਕੇ ਤੇ ਜਾ ਕੇ ਵਿਕਾਸ ਦੀਆਂ ਖ਼ਬਰਾਂ ਲੱਭਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਨਾਲ ਪਟਿਆਲਾ ਤੋਂ ਬਾਹਰ ਜਾਂਦਾ ਰਿਹਾ ਹਾਂ। ਉਦੋਂ ਪਟਿਆਲਾ ਜਿਲ੍ਹਾ ਬਹੁਤ ਵੱਡਾ ਸੀ। ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜਿਲ੍ਹੇ ਦਾ ਡੇਰਾ ਬਸੀ ਵਿਧਾਨ ਸਭਾ ਹਲਕਾ ਹਿੱਸਾ ਪਟਿਆਲਾ ਜਿਲ੍ਹੇ ਵਿਚ ਹੀ ਹੁੰਦੇ ਸਨ। ਜੇਕਰ ਸਾਨੂੰ ਕਿਤੇ ਪਟਿਆਲਾ ਤੋਂ ਬਾਹਰ ਖਾਣਾ ਜਾਂ ਚਾਹ ਪਾਣੀ, ਪੀਣਾ ਪੈਂਦਾ ਤਾਂ ਪ੍ਰਭਾਕਰ ਸਾਹਿਬ ਆਪਣੇ ਕੋਲੋਂ ਪੇਮੈਂਟ ਕਰਦੇ ਸਨ। ਉਨ੍ਹਾਂ ਦੀ ਕੋਸਿਸ਼ ਹੁੰਦੀ ਸੀ ਕਿ ਲੋਕ ਸੰਪਰਕ ਵਿਭਾਗ ਤੋਂ ਕੋਈ ਸਹੂਲਤ ਨਾ ਲਈ ਜਾਵੇ। ਬਿਓਰੋ ਚੀਫ ਹੁੰਦਿਆਂ ਉਹ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਵਿਕਾਸ ਮੁਖੀ ਖ਼ਬਰਾਂ ਭੇਜਣ ਨੂੰ ਪਹਿਲ ਦੇਣ ਦੀ ਤਾਕੀਦ ਕਰਦੇ ਰਹਿੰਦੇ ਸਨ। ਸੇਵਾ ਮੁਕਤੀ ਤੋਂ ਬਾਅਦ ਵੀ ਉਹ ਹੁਣ ਤੱਕ 83 ਸਾਲ ਦੀ ਉਮਰ ਵਿਚ ਵੀ ਪਾਵਰ ਪਾਲਿਟਕਸ ਅਖ਼ਬਾਰ ਲਈ ਲਗਾਤਰ ਕਾਲਮ ਲਿਖਦੇ ਆ ਰਹੇ ਹਨ। ਉਨ੍ਹਾਂ ਦੇ ਨਿਰਪੱਖ ਅਤੇ ਇਮਾਨਦਾਰੀ ਨਾਲ ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਣ ਸਨਮਾਨ ਕੀਤੇ ਹਨ। ਜੋਸ਼ੀ ਫਾਊਂਡੇਸ਼ਨ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆਂ। ਆਲ ਇੰਡੀਆ ਆਰਟਿਸਟਸ ਐਸੋਸੀਏਸ਼ਨ ਸਿਮਲਾ ਨੇ ਬਲਰਾਜ ਸਾਹਨੀ ਅਵਾਰਡ ਸਰਵੋਤਮ ਪੱਤਰਕਾਰੀ ਲਈ ਦਿੱਤਾ। ਸੋਸਇਟੀ ਫਾਰ ਰਿਸਰਚ ਇਨ ਐਜੂਕੇਸ਼ਨ ਐਂਡ ਇਨਫਰਮੇਸ਼ਨ ਟੈਕਨਾਲੋਜੀ ਸਿਮਲਾ ਨੇ ਸਰਵੋਤਮ ਪੱਤਰਕਾਰ ਅਵਾਰਡ ਦੇ ਕੇ ਸਨਮਾਨਤ ਕੀਤਾ। ਹਿਮਾਚਲ ਵਿਕਾਸ ਮੰਚ ਨੇ ਵੀ ਉਨ੍ਹਾਂ ਦੇ ਨਿਰਪੱਖ ਪੱਤਰਕਾਰੀ ਦੇ ਯੋਗਦਾਨ ਲਈ ਸਨਮਾਨਤ ਕੀਤਾ। ਅਮਰ ਸ਼ਹੀਦ ਰਮੇਸ਼ ਚੰਦਰਾ ਮੈਮੋਰੀਅਲ ਅਵਾਰਡ ਹਿਮਾਚਲ ਪ੍ਰਦੇਸ਼ ਜਰਨਿਲਿਟਸ ਫੈਡਰੇਸ਼ਨ ਨੇ ਬੋਲਡ ਪੱਤਰਕਾਰੀ ਲਈ ਸਨਮਾਨਤ ਕੀਤੇ। ਇਸੇ ਤਰ੍ਹਾਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਨੇ ਪੱਤਰਕਾਰੀ ਵਿਚ ਬਿਹਤਰੀਨ ਯੋਗਦਾਨ ਲਈ ਸਨਮਾਨਤ ਕੀਤਾ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਚੰਡੀਗੜ੍ਹ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ। ਉਹ ਚੰਡੀਗੜ੍ਹ ਪ੍ਰੈਸ ਕਲਬ ਦੇ ਪ੍ਰਧਾਨ ਵੀ ਰਹੇ।
    ਵੀ ਪੀ ਪ੍ਰਭਾਕਰ ਦਾ ਜਨਮ ਲਾਹੌਰ ਵਿਖੇ 19 ਮਾਰਚ 1937 ਨੂੰ ਮਾਤਾ ਸ੍ਰੀਮਤੀ ਕਿ੍ਰਸ਼ਨਾ ਪ੍ਰਭਾਕਰ ਅਤੇ ਪਿਤਾ ਸ੍ਰੀ ਅਮਰ ਚੰਦ ਪ੍ਰਭਾਕਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਫਗਵਾੜਾ ਜਿਲ੍ਹਾ ਜਲੰਧਰ ਨਾਲ ਸੰਬੰਧ ਰਖਦੇ ਸਨ ਪ੍ਰੰਤੂ ਪੰਜਾਬ ਸਰਕਾਰ ਦੇ ਸਕੱਤਰੇਤ ਵਿਚ ਲਾਹੌਰ ਵਿਖੇ ਨੌਕਰੀ ਕਰਦੇ ਸਨ। ਇਸ ਲਈ ਵੀ ਪੀ ਪ੍ਰਭਾਕਰ ਨੇ ਮੁਢਲੀ ਸਿਖਿਆ ਲਾਹੌਰ ਅਤੇ ਬਾਅਦ ਵਿਚ ਸਿਮਲਾ ਤੋਂ ਹੀ ਪ੍ਰਾਪਤ ਕੀਤੀ ਕਿਉਂਕਿ ਦੇਸ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਦਾ ਦਫਤਰ ਸਿਮਲਾ ਆ ਗਿਆ ਸੀ। ਉਹ ਇਥੇ ਹੀ ਪੰਜਾਬ ਸਕੱਤਰੇਤ ਵਿਚ ਹੀ ਨੌਕਰੀ ਕਰਦੇ ਰਹੇ। ਦਸਵੀਂ ਉਨ੍ਹਾਂ ਡੀ ਏ ਵੀ ਸਕੂਲ ਲੱਕੜ ਬਾਜ਼ਾਰ ਸਿਮਲਾ ਤੋਂ ਪਾਸ ਕੀਤੀ। ਇੰਟਰਮੀਡੀਏਟ ਭਾਰਗਵਾ ਮਿਉਂਸਪਲ ਕਾਲਜ ਸਿਮਲਾ ਤੋਂ ਕੀਤੀ। ਫਿਰ 1953 ਪੰਜਾਬ ਦੇ ਦਫਤਰ ਚੰਡੀਗੜ੍ਹ ਆ ਗਏ।  ਉਨ੍ਹਾਂ ਦਾ ਪਰਿਵਾਰ ਵੀ ਚੰਡੀਗੜ੍ਹ ਆ ਗਿਆ। ਉਸ ਤੋਂ ਬਾਅਦ ਬੀ ਏ ਸਰਕਾਰੀ ਕਾਲਜ ਚੰਡੀਗੜ੍ਹ ਤੋ ਪਾਸ ਕੀਤੀ। ਫਿਰ ਉਹਨ੍ਹਾਂ ਨੇ ਐਮ ਏ ਹਿੰਦੀ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਡੀ ਏ ਵੀ ਕਾਲਜ ਜਲੰਧਰ ਵਿਚ ਹੁੰਦਾ ਸੀ। ਉਨ੍ਹਾਂ ਪੱਤਰਕਾਰੀ ਦਾ ਡਿਪਲੋਮਾ ਦਿੱਲੀ ਤੋਂ ਕੀਤਾ। ਵੀ ਪੀ ਪ੍ਰਭਾਕਰ ਅਤੇ ਉਨ੍ਹਾਂ ਦੀ ਪਤਨੀ ਸ਼ਕੁਨ ਸਮਾਜ ਵਿਚ ਸਹਿਜਤਾ ਨਾਲ ਵਿਚਰਦੇ ਹੋਏ ਸੁਖਮਈ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੇ ਦੋ ਸਪੁਤਰ ਅਤੇ ਇਕ ਸਪੁਤਰੀ ਹੈ। ਵੱਡਾ ਲੜਕਾ ਸੰਦੀਪ ਪ੍ਰਭਾਕਰ ਆਰਕੀਟੈਕਟ ਹੈ ਅਤੇ ਚੰਡੀਗੜ੍ਹ ਵਿਚ ਆਪਣੀ ਪ੍ਰੈਕਟਿਸ ਕਰਦਾ ਹੈ। ਸੰਦੀਪ ਪ੍ਰਭਾਕਰ ਦੀ ਪਤਨੀ ਸਪਨਾ ਪ੍ਰਭਾਕਰ ਪੰਜਾਬ ਸਰਕਾਰ ਦੀ ਚੀਫ ਆਰੀਟੈਕਟ ਹੈ। ਇਸੇ ਤਰ੍ਹਾਂ ਦੂਜਾ ਲੜਕਾ ਮੋਹਿਤ ਪ੍ਰਭਾਕਰ ਗੁਜਰਾਤ ਵਿਖੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਮੈਨੇਜਿੰਗ ਡਾਇਰੈਕਟਰ ਹੈ। ਉਸਦੀ ਪਤਨੀ ਨਮੀਤਾ ਪ੍ਰਭਾਕਰ ਐਮ ਬੀ ਏ ਹੈ ਅਤੇ ਗੁਜਰਾਤ ਵਿਚ ਹੀ ਨੌਕਰੀ ਕਰ ਰਹੀ ਹੈ। ਉਨ੍ਹਾਂ ਦੀ ਸਪੁਤਰੀ ਮੋਨਾ ਪ੍ਰਭਾਕਰ ਚੰਡੀਗੜ੍ਹ ਵਿਚ ਹੀ ਅਧਿਆਪਕਾ ਹੈ। ਵੀ ਪੀ ਪ੍ਰਭਾਕਰ ਤੋਂ ਨਵੇਂ ਉਭਰਦੇ ਪੱਤਰਕਾਰ ਪ੍ਰੇਰਨਾ ਲੈ ਸਕਦੇ ਹਨ ਕਿ ਪੱਤਰਕਾਰ ਸਾਧਾਰਨ ਜੀਵਨ ਬਸਰ ਕਰਕੇ ਵੀ ਬੱਚੇ ਪੜ੍ਹਾ ਸਕਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ - ਉਜਾਗਰ ਸਿੰਘ

ਭਾਰਤ ਵਿਚ ਆਈ ਏ ਐਸ ਦੀ ਨੌਕਰੀ ਨੂੰ ਸਰਵੋਤਮ ਸਰਵਿਸ ਸਮਝਿਆ ਜਾਂਦਾ ਹੈ। ਜਿਹੜੇ ਉਮੀਦਵਾਰ ਆਈ ਏ ਐਸ ਅਤੇ ਆਈ ਪੀ ਐਸ ਲਈ ਚੁਣੇ ਜਾਂਦੇ ਹਨ, ਉਨ੍ਹਾਂ ਵਿਚੋਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚੋਂ ਹੁੰਦੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਦੀ ਪਹਿਲ ਪੰਜਾਬ ਕੇਡਰ ਵਿਚ ਆਉਣ ਦੀ ਹੁੰਦੀ ਹੈ। ਪੰਜਾਬ ਕੇਡਰ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੀ ਮੈਰਿਟ ਉਚੀ ਹੁੰਦੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪੰਜਾਬ ਕੇਡਰ ਦੀ ਪਹਿਲ ਕਿਉਂ ਹੁੰਦੀ ਹੈ ?  ਪੰਜਾਬ ਕਿਸੇ ਸਮੇਂ ਦੇਸ਼ ਦਾ ਖ਼ੁਸ਼ਹਾਲ ਰਾਜ ਹੁੰਦਾ ਸੀ। ਪੰਜਾਬੀਆਂ ਦਾ ਜੀਵਨ ਪੱਧਰ ਵੀ ਸਭ ਤੋਂ ਉਚਾ ਹੁੰਦਾ ਸੀ। ਇਸ ਲਈ ਹਰ ਉਮੀਦਵਾਰ ਦੀ ਇੱਛਾ ਪੰਜਾਬ ਕੇਡਰ ਦੀ ਹੁੰਦੀ ਸੀ। ਭਾਵੇਂ ਪੰਜਾਬ ਦੀ ਆਰਥਿਕ ਹਾਲਤ ਇਸ ਸਮੇਂ ਬਹੁਤੀ ਚੰਗੀ ਨਹੀਂ ਪ੍ਰੰਤੂ ਫਿਰ ਵੀ ਪੰਜਾਬ ਕੇਡਰ ਦੀ ਚਾਹਤ ਅਜੇ ਵੀ ਬਰਕਰਾਰ ਹੈ। ਪੰਜਾਬ ਦੇ ਕੁਝ ਲੋਕਾਂ ਅਤੇ ਕੁਝ ਵਿਓਪਾਰੀਆਂ ਨੇ ਆਪਣੇ ਹਿਤਾਂ ਦੀ ਪੂਰਤੀ ਅਤੇ ਸ਼ਾਰਟ ਕਟ ਨਾਲ ਜਲਦੀ ਅਮੀਰ ਬਣਨ ਦੀ ਲਾਲਸਾ ਕਰਕੇ ਇਨ੍ਹਾਂ ਕੇਡਰਾਂ ਅਤੇ ਸਿਆਸਤਦਾਨਾ ਉਪਰ ਡੋਰੇ ਪਾ ਕੇ ਦੋਹਾਂ ਵਰਗਾਂ ਦੇ ਕੁਝ ਕੁ ਲੋਕਾਂ ਨੂੰ ਲਾਲਚ ਦੇ ਚੁੰਗਲ ਵਿਚ ਫਸਾ ਲਿਆ। ਇਸ ਲਈ ਵੀ ਪੰਜਾਬ ਕੇਡਰ ਦੀ ਚਾਹਤ ਵਧ ਗਈ। ਪੰਜਾਬ ਦੇ ਬਹੁਤੇ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਦਾ ਕਿਰਦਾਰ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ। ਅਜਿਹੇ ਦੌਰ ਵਿਚ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਵਿਚ ਵੀ ਬਿਹਤਰੀਨ ਅਹੁਦੇ ਲੈਣ ਦੀ ਦੌੜ ਲੱਗ ਗਈ। ਇਸ ਦੌੜ ਵਿਚ ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਵਾਤਾਵਰਨ ਪੈਦਾ ਹੋ ਗਿਆ, ਜਿਸ ਕਰਕੇ ਲੋਕਾਂ ਨਾਲ ਬੇਇਨਸਾਫੀ ਹੋਣ ਲੱਗ ਗਈ। ਅਜਿਹੇ ਦੌਰ ਵਿਚ ਪੰਜਾਬ ਦੇ ਬਿਹਤਰੀਨ ਅਧਿਕਾਰੀਆਂ ਵਿਚ ਇਕ ਅਜਿਹੇ ਅਧਿਕਾਰੀ ਹਨ, ਜਿਹੜੇ ਆਪਣੀ ਸਰਵਿਸ ਦੌਰਾਨ ਇਨਸਾਫ ਦੇ ਤਰਾਜੂ ਨਾਲ ਫੈਸਲੇ ਪਾਰਦਰਸ਼ਤਾ, ਨਿਰਪੱਖਤਾ ਅਤੇ ਦਿਆਨਤਦਾਰੀ ਨਾਲ ਕਰਦੇ ਹਨ। ਉਨ੍ਹਾਂ ਉਪਰ ਕਦੀਂ ਵੀ ਕਿਸੇ ਨੇ ਉਂਗਲ ਉਠਾਉਣ ਦੀ ਹਿੰਮਤ ਨਹੀਂ ਕੀਤੀ। ਉਹ ਹਰ ਸਰਕਾਰ ਦੇ ਚਹੇਤੇ ਅਧਿਕਾਰੀ ਰਹੇ ਹਨ। ਉਹ ਅਧਿਕਾਰੀ ਹਨ, ਸੁਰੇਸ਼ ਕੁਮਾਰ ਕੈਬਨਿਟ ਸਕੱਤਰ ਦੇ ਪੇ ਸਕੇਲ ਵਿਚ ਅੱਜ ਕਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ ਹਨ। ਜਿਵੇਂ ਸਮਾਜ ਅਤੇ ਸਮਾਜ ਵਿਚ ਵਿਚਰਨ ਵਾਲੇ ਇਨਸਾਨ ਬਹੁਰੰਗੇ ਹੁੰਦੇ ਹਨ। ਹਰ ਇਕ ਦਾ ਰੰਗ ਆਪੋ ਆਪਣਾ ਹੁੰਦਾ ਹੈ। ਇਕ ਬਾਗੀਚੇ ਵਿਚ ਕਈ ਰੰਗਾਂ ਅਤੇ ਕਿਸਮਾ ਦੇ ਫੁਲ ਹੁੰਦੇ ਹਨ ਪ੍ਰੰਤੂ ਉਨ੍ਹਾਂ ਦੀ ਸੁਗੰਧ ਵੱਖੋ ਵੱਖਰੀ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਇਕੱਠੇ ਕਰਕੇ ਗੁਲਦਸਤਾ ਬਣਾਉਂਦੇ ਹਾਂ ਤਾਂ ਸਾਰਿਆਂ ਦੀ ਖ਼ੁਸ਼ਬੋ ਰਲ ਮਿਲਕੇ ਵੱਖਰੀ ਕਿਸਮ ਦੀ ਬਣ ਜਾਂਦੀ ਹੈ। ਫਿਰ ਇਹ ਜਾਨਣਾ ਅਸੰਭਵ ਹੋ ਜਾਂਦਾ ਹੈ ਕਿ ਕਿਸ ਫੁੱਲ ਦੀ ਸੁਗੰਧ ਸਾਰਿਆਂ ਤੋਂ ਜ਼ਿਆਦਾ ਹੈ। ਇਸਦੇ ਉਲਟ ਜਦੋਂ ਕਿਸੇ ਕਾਰੋਬਾਰ ਜਾਂ ਦਫਤਰ ਵਿਚ ਕਰਮਚਾਰੀ ਅਤੇ ਅਧਿਕਾਰੀ ਕੰਮ ਕਰਦੇ ਹਨ ਤਾਂ ਹਰ ਇਕ ਦੀ ਇਕੱਲੇ-ਇਕੱਲੇ ਦੀ ਕਾਜਕੁਸ਼ਲਤਾ ਦਾ ਅੰਦਾਜ਼ਾ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਹੁੰਦਾ ਹੈ। ਆਮ ਤੌਰ ਤੇ ਜਿਹੜਾ ਕਰਮਚਾਰੀ ਜਾਂ ਅਧਿਕਾਰੀ ਇਮਾਨਦਾਰੀ ਅਤੇ ਬਚਨਵੱਧਤਾ ਨਾਲ ਕੰਮ ਕਰਦਾ ਹੈ ਤਾਂ ਸਾਰਾ ਭਾਰ ਉਸ ਉਪਰ ਹੀ ਸੁੱਟ ਦਿੱਤਾ ਜਾਂਦਾ ਹੈ। ਜਦੋਂ ਕੁਸ਼ਲ ਅਧਿਕਾਰੀ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਤਾਂ ਕੁਝ ਲੋਕ ਇਤਰਾਜ਼ ਕਰਨ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਇਤਨੀ ਮਹੱਤਤਾ ਦਿੱਤੀ ਕਿਉਂ ਦਿੱਤੀ ਜਾਂਦੀ ਹੈ। ਇਹ ਇਨਸਾਨੀ ਫਿਤਰਤ ਹੈ। ਮੁੱਖੀ ਨੇ ਤਾਂ ਕੁਦਰਤੀ ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਮੂਹਰੇ ਰੱਖਣਾ ਹੁੰਦਾ ਹੈ, ਚਾਹੇ ਕੋਈ ਕਿਤਨਾ ਇਤਰਾਜ਼ ਕਰੀ ਜਾਵੇ। ਸੁਰੇਸ਼ ਕੁਮਾਰ ਦਾ ਕੰਮ ਕਰਨ ਦਾ ਰੰਗ ਢੰਗ ਵੀ ਵੱਖਰਾ ਹੈ। ਸੁਰੇਸ਼ ਕੁਮਾਰ ਕਾਮਾ ਹੈ, ਉਨ੍ਹਾਂ ਨੇ ਤਾਂ ਮਸਤ ਹਾਥੀ ਦੀ ਤਰ੍ਹਾਂ ਆਪਣਾ ਕੰਮ ਕਰੀ ਹੀ ਜਾਣਾ ਹੈ ਕਿਉਂਕਿ ਉਨ੍ਹਾਂ ਨੂੰ ਕੰਮ ਕਰਕੇ ਖ਼ੁਸ਼ੀ ਮਿਲਦੀ ਹੈ ਪ੍ਰੰਤੂ ਉਹ ਕਿਸੇ ਦੀ ਟੈਂ ਮੰਨਣ ਨੂੰ ਤਿਆਰ ਨਹੀਂ, ਇਹ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਹੈ ਜੋ ਕਿ ਹੋਣਾ ਵੀ ਚਾਹੀਦਾ। ਕਾਬਲ, ਮਿਹਨਤੀ, ਵਫ਼ਾਦਾਰ ਅਤੇ ਇਮਾਨਦਾਰ ਵਿਅਕਤੀਆਂ ਦੀ ਵਿਰਾਸਤ ਅਮੀਰ ਹੁੰਦੀ ਹੈ, ਜਿਸ ਕਰਕੇ ਉਹ ਦਿਆਨਤਦਾਰੀ ਦਾ ਪੱਲਾ ਨਹੀਂ ਛੱਡਦੇ। ਜਿਹੜੇ ਆਪਣੇ ਕੰਮ ਤੋਂ ਬਿਨਾ ਹੋਰ ਕੋਈ ਮਤਲਬ ਨਹੀਂ ਰੱਖਦੇ। ਸੁਰੇਸ਼ ਕੁਮਾਰ ਦੀ ਵਿਰਾਸਤ ਵੀ ਅਮੀਰ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦੇਸ਼ ਦੇ ਉਸਰੀਏ ਅਗਾਂਹਵਧੂ ਅਧਿਆਪਕ ਸਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ। ਉਹ ਇਕ ਮਾਨਵਵਾਦੀ ਕਵੀ ਵੀ ਸਨ, ਜਿਸ ਕਰਕੇ ਉਨ੍ਹਾਂ ਦਾ ਸਪੁੱਤਰ ਪਿਤਾ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਵਚਨਵੱਧਤਾ, ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣੇ ਫ਼ਰਜ ਨਿਭਾਉਂਦਿਆਂ ਮਾਨਵਤਾ ਦਾ ਪੱਲਾ ਨਹੀਂ ਛੱਡਦੇ। ਵਿਰਸਾ ਅਮੀਰ ਹੋਣ ਦਾ ਭਾਵ ਆਰਥਿਕ ਅਮੀਰੀ ਨਹੀਂ ਸਗੋਂ ਕਿਰਦਾਰ ਦੀ ਅਮੀਰੀ ਹੋਣੀ ਚਾਹੀਦੀ ਹੈ, ਜਿਸਦਾ ਵਾਰਿਸ ਸੁਰੇਸ਼ ਕੁਮਾਰ ਹੈ। ਸੁਰੇਸ਼ ਕੁਮਾਰ ਅੱਜ ਦਾ ਕੰਮ ਕਲ੍ਹ ਤੇ ਨਹੀਂ ਛੱਡਦੇ। ਹਰ ਰੋਜ਼ ਆਪਣਾ ਮੇਜ਼ ਖਾਲੀ ਕਰਕੇ ਜਾਂਦੇ ਹਨ। ਕੋਈ ਫਾਈਲ ਬਕਾਇਆ ਨਹੀਂ ਰੱਖਦੇ, ਭਾਵੇਂ ਰਾਤ ਬਰਾਤੇ ਕੰਮ ਕਰਨਾ ਪਵੇ। ਉਨ੍ਹਾਂ ਦੀ ਵਿਚਾਰਧਾਰਾ ‘‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’’ ਦੀ ਨੀਤੀ ਉਪਰ ਅਧਾਰਤ ਹੈ। ਉਹ ਨਾ ਕੋਈ ਗ਼ਲਤ ਕੰਮ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਕਰਨ ਦੇਂਦੇ ਹਨ। ਉਨ੍ਹਾਂ ਦਾ ਸੁਭਾਅ ਕੋਰਾ ਕਰਾਰਾ ਹੈ। ਜਿਹੜਾ ਕੰਮ ਹੋਣ ਵਾਲਾ ਨਹੀਂ, ਉਸਦਾ ਮੂੰਹ ਤੇ ਜਵਾਬ ਦੇ ਦਿੰਦੇ ਹਨ। ਕੋਈ ਲਾਰਾ ਲੱਪਾ ਨਹੀਂ। ਉਹ ਕੋਈ ਗੱਲ ਆਪਣੇ ਦਿਲ ਵਿਚ ਲੁਕੋ ਕੇ ਨਹੀਂ ਰਖਦੇ। ਬਿਲਕੁਲ ਸ਼ਪਸ਼ਟ ਕਿਸਮ ਦੇ ਇਨਸਾਨ ਹਨ। ਜਿਨ੍ਹਾਂ ਦਾ ਉਨ੍ਹਾਂ ਨਾਲ ਵਾਹ ਪੈਂਦਾ ਹੈ, ਉਹ ਉਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।  ਇਸੇ ਕਰਕੇ ਬਹੁਤੇ ਲੋਕ ਉਨ੍ਹਾਂ ਨਾਲ ਨਾਰਾਜ਼ ਰਹਿੰਦੇ ਹਨ। ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਪਹਿਰਾਵਾ ਬਿਲਕੁਲ ਸਾਧਾਰਣ ਹਨ।
            ਉਨ੍ਹਾਂ ਦੀ ਇਮਾਨਦਾਰੀ ਅਤੇ ਦਲੇਰੀ ਬਾਰੇ ਇਕ ਉਦਾਹਰਣ ਦੇਣੀ ਚਾਹਾਂਗਾ। ਪੰਜਾਬ ਵਿਚ ਇਕ ਵਾਰ ਕਿਸੇ ਵਿਭਾਗ ਵਿਚ ਇਕ ਸਕੈਂਡਲ ਹੋ ਗਿਆ। ਰੌਲਾ ਪੈਣ ਤੇ ਮੁੱਖ ਮੰਤਰੀ ਨੇ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ। ਸੁਰੇਸ਼ ਕੁਮਾਰ ਉਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਨ। ਉਨ੍ਹਾਂ ਪੜਤਾਲ ਕਰਨ ਲਈ ਇਕ ਇਮਾਨਦਾਰ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ। ਜਦੋਂ ਪੜਤਾਲ ਮੁਕੰਮਲ ਹੋਣ ਲੱਗੀ ਤਾਂ ਪੜਤਾਲ ਦੀ ਭਿਣਕ ਸੰਬੰਧਤ ਦੋਸ਼ੀਆਂ ਨੂੰ ਪੈ ਗਈ। ਉਨ੍ਹਾਂ ਦਾ ਮੁੱਖ ਮੰਤਰੀ ਤੇ ਦਬਾਅ ਪੈ ਗਿਆ ਕਿਉਂਕਿ ਸਕੈਂਡਲ ਦੀਆਂ ਤਾਰਾਂ ਦੂਰ ਤੱਕ ਜੁੜਦੀਆਂ ਸਨ। ਮੁੱਖ ਮੰਤਰੀ ਨੇ ਸੁਰੇਸ਼  ਕੁਮਾਰ ਨਾਲ ਪੜਤਾਲ ਸੰਬੰਧੀ ਗੱਲ ਕਰਨੀ ਚਾਹੀ ਪ੍ਰੰਤੂ ਸੁਰੇਸ਼ ਕੁਮਾਰ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਕੈਂਡਲ ਦੇ ਦੋਸ਼ੀਆਂ ਨੂੰ ਜੇਲ੍ਹ ਦੀ ਹਵਾ ਹਰ ਹਾਲਤ ਵਿਚ ਖਾਣੀ ਪਵੇਗੀ। ਜਿਹੜੀ ਗੱਲ ਮੁੱਖ ਮੰਤਰੀ ਨੇ ਕਰਨੀ ਚਾਹੁੰਦੇ ਸਨ, ਉਹ ਕਰ ਹੀ ਨਹੀਂ ਸਕੇ। ਇਹ ਦਲੇਰੀ ਸੁਰੇਸ਼ ਕੁਮਾਰ ਵਰਗੇ ਅਧਿਕਾਰੀਆਂ ਵਿਚ ਹੀ ਹੋ ਸਕਦੀ ਹੈ। ਸੱਚੇ ਸੁੱਚੇ ਵਿਅਕਤੀ ਨੂੰ  ਲੋਕ ਬਦਨਾਮ ਕਰਨ ਦੀ ਕੋਸ਼ਿਸ ਕਰਦੇ ਹਨ, ਜਿਹੜੇ ਗ਼ਲਤ ਕੰਮ ਕਰਵਾਉਣੇ ਚਾਹੁੰਦੇ ਹਨ। ਕਿਤਨੀਆਂ ਸਰਕਾਰਾਂ ਆਈਆਂ ਕਿਤਨੀਆਂ ਗਈਆਂ ਪ੍ਰੰਤੂ ਸੁਰੇਸ਼ ਕੁਮਾਰ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਲਗਾਇਆ ਜਾਂਦਾ ਰਿਹਾ ਹੈ। ਸਬ ਡਵੀਜ਼ਨਲ ਅਧਿਕਾਰੀ ਤੋਂ ਨੌਕਰੀ ਸ਼ੁਰੂ ਕਰਕੇ ਐਡੀਸ਼ਨਲ ਮੁੱਖ ਸਕੱਤਰ ਤੱਕ ਪਹੁੰਚੇ ਅਤੇ ਸੇਵਾ ਮੁਕਤੀ ਤੋਂ ਬਾਅਦ ਚੀਫ ਪਿ੍ਰੰਸੀਪਲ ਸਕੱਤਰ ਮੁੱਖ ਮੰਤਰੀ ਦੇ ਅਹੁਦੇ ਤੇ ਹਨ। ਇਤਨੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦਿਆਂ ਆਪਣੇ ਕਿਰਦਾਰ ਦੀ ਚਿੱਟੀ ਚਾਦਰ ਰੱਖਣੀ ਆਮ ਵਿਅਕਤੀ ਦਾ ਕੰਮ ਨਹੀਂ। ਉਹ ਇੰਟਰ ਸਟੇਟ ਅਤੇ ਇੰਟਰ ਸਰਕਾਰ ਕੋਆਰਡੀਨੇਸ਼ਨ, ਸਹਿਕਾਰਤਾ, ਵਿਕਾਸ, ਸਥਾਨਕ ਸਰਕਾਰਾਂ, ਪਾਵਰ, ਟੈਕਸ, ਇੰਡਸਟਰੀ, ਸਿਖਿਆ, ਅਰਬਨ ਡਿਵੈਲਪਮੈਂਟ, ਖੇਤੀਬਾੜੀ, ਵਾਟਰ ਸਪਲਾਈ, ਸੈਨੀਟੇਸ਼ਨ, ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਵਿਭਾਗਾਂ ਦੇ ਸਕੱਤਰ/ ਪਿ੍ਰੰਸੀਪਲ ਸਕੱਤਰ/ ਕਮਿਸ਼ਨਰ ਅਤੇ ਐਡੀਸ਼ਨਲ ਮੁੱਖ ਸਕੱਤਰ ਦੇ ਤੌਰ ਤੇ ਕੰਮ ਵੇਖਦੇ ਰਹੇ ਹਨ। 2003 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਅਤੇ ਹੁਣ 2017 ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ  ਹਨ।  ਹਰ ਮੰਤਰੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਕਾਰਜ਼ਕੁਸ਼ਲਤਾ ਨੂੰ ਮਾਣ ਦਿੱਤਾ ਹੈ।  ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਡਿਪਟੀ ਕਮਿਸ਼ਨਰ ਹੁੰਦਿਆਂ ਕਿਸੇ ਵੀ ਵੀ ਪੀ ਆਈ ਦੇ ਦੌਰੇ ਸਮੇਂ ਕਿਸੇ ਅਧਿਕਾਰੀ ਦੇ ਕਹਿਣ ਤੇ ਇਕ ਸਿਆਸਤਦਾਨ ਲਈ ਪ੍ਰੋਟੋਕੋਲ ਨਾ ਤੋੜਨ ਕਰਕੇ ਉਨ੍ਹਾਂ ਨੂੰ ਕੇਂਦਰ ਵਿਚ ਡੈਪੂਟੇਸ਼ਨ ਭੇਜਿਆ ਗਿਆ। ਪ੍ਰੰਤੂ ਉਨ੍ਹਾਂ ਨੇ ਕੇਂਦਰ ਵਿਚ ਰਹਿੰਦਿਆਂ ਪੰਜਾਬ ਲਈ ਬਹੁਤ ਸਾਰੇ ਪ੍ਰਾਜੈਕਟ ਪ੍ਰਵਾਨ ਕਰਵਾਏ। ਉਹ ਕੇਂਦਰ ਵਿਚ ਵੀ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਥੇ ਉਨ੍ਹਾਂ ਪੰਜਾਬ ਦੇ ਹਿਤਾਂ ਤੇ ਪਹਿਰਾ ਦਿੱਤਾ।
        ਸੁਰੇਸ਼ ਕੁਮਾਰ ਦੀ ਇਤਨੀ ਕਾਬਲੀਅਤ ਦੇ ਕਈ ਕਾਰਨ ਹਨ ਕਿਉਂਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਤਜ਼ਰਬਾ ਬਹੁਤ ਹੈ। ਉਹ ਬੀ ਕੌਮ ਵਿਚ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ਤੇ ਆਏ ਅਤੇ ਉਚ ਵਿਦਿਆ ਲਈ ਸਕਾਲਰਸ਼ਿਪ ਮਿਲਿਆ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿਚ ਐਮ ਕਾਮ 1978 ਵਿਚ ਕੀਤੀ। ਯੂਨੀਵਰਸਿਟੀ ਵਿਚੋਂ ਚੌਥੇ ਨੰਬਰ ਤੇ ਆਏ ਅਤੇ ਮੈਰਿਟ ਸਰਟੀਫੀਕੇਟ ਮਿਲਿਆ। ਉਨ੍ਹਾਂ ਮਾਸਟਰਜ਼ ਇਨ ਸ਼ੋਸ਼ਲ ਪਾਲਿਸੀ ਐਂਡ ਪਲਾਨਿੰਗ 1994-95 ਵਿਚ ਲੰਡਨ ਸਕੂਲ ਆਫ ਇਕਨਾਮਿਕਸ, ਯੂਨੀਵਰਸਿਟੀ ਆਫ ਲੰਡਨ, ਲੰਡਨ ਤੋਂ ਕੀਤੀ।  ਇਸ ਤੋਂ ਇਲਾਵਾ ਪ੍ਰੋਫੈਸ਼ਨਲ ਤਜ਼ਰਬਾ ਵੀ ਉਨ੍ਹਾਂ ਦਾ ਵਿਸ਼ਾਲ ਹੈ। ਉਨ੍ਹਾਂ ਦੀ  ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸੰਸਾਰ ਪੱਧਰ ਦੀਆਂ 7 ਸੰਸਥਾਵਾਂ ਨੇ ਸਨਮਾਨ ਅਵਾਰਡ ਅਤੇ ਮੈਂਬਰਸ਼ਿਪ ਦਿੱਤੀ ਹੋਈ ਹੈ। ਉਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ-ਇਸ ਸਮੇਂ ਉਹ ਕੈਂਬਰਿਜ਼ ਯੂਨੀਵਰਸਿਟੀ ਇੰਗਲੈਂਡ ਦੇ ਟਾਈਗਰੈਸ ਪ੍ਰਾਜੈਕਟ ਦੇ (2020-22) ਲਈ  ਟਰਾਂਸਲੇਸ਼ਨ ਐਂਡ ਇਮਪਲੀਮੈਂਟੇਸ਼ਨ ਸਲਾਹਕਾਰ ਹਨ। 2019-21 ਲਈ ਕੈਂਬਰਿਜ਼ ਯੂਨੀਵਰਸਿਟੀ ਦੇ ਹੀ ਸੈਂਟਰ ਫਾਰ ਸਾਇੰਸ ਐਂਡ ਪਾਲਿਸੀ ਦੇ ਲਈ ਇੰਟਨੇੈਸ਼ਨਲ ਫੈਲੋ ਚੁਣੇ ਹੋਏ ਹਨ। ਮੈਂਬਰ ਕਨਵੀਨਰ ਆਫ ਯੂ ਐਨ ਵਰਕਿੰਗ ਗਰੁਪ ਆਨ ਪ੍ਰਾਇਮਰੀ ਐਜੂਕੇਸ਼ਨ। ਮੈਂਬਰ ਆਫ ਇੰਟਰ ਯੂ ਐਨ ਏਜੰਸੀ ਵਰਕਿੰਗ ਗਰੁਪ ਆਨ ਜੰਡਰ ਡਾਟਾਬੇਸ। ਉਨ੍ਹਾਂ ਨੂੰ ਐਮ ਐਸ ਸੀ ਦੀ ਡਿਗਰੀ ਲਈ ਯੂ ਕੇ ਓਡਾ ਸਕਾਲਰਸ਼ਿਪ ਸ਼ੋਸਲ ਪਾਲਿਸੀ ਪਲਾਨਿੰਗ ਵਿਚ ਵਿਸ਼ੇਸ ਤੌਰ ਤੇ ਐਜੂਕੇਸ਼ਨ ਅਤੇ ਦਿਹਾਤੀ ਵਿਕਾਸ ਲਈ ਮਿਲਿਆ ਸੀ।  ਜੇਕਰ ਉਨ੍ਹਾਂ ਦੇ ਤਜ਼ਰਬੇ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਪਾਲਿਸੀ ਪਲਾਨਿੰਗ ਅਤੇ ਇਪਲੀਮੈਂਟੇਸ਼ਨ ਮੈਨੇਜਮੈਂਟ ਰੀਫਾਰਮਜ਼  ਪ੍ਰੋ ਪੂਅਰ ਪ੍ਰੋਗਰਾਮ ਦੀਆਂ ਕਮੇਟੀਆਂ ਦੇ ਮੈਂਬਰ ਰਹੇ ਹਨ। ਇਸੇ ਤਰ੍ਹਾਂ ਭਾਰਤ ਸਰਕਾਰ ਦੀ ਪਾਲਿਸੀ ਪਲਾਨਿੰਗ, ਗਵਰਨੈਂਸ, ਪਬਲਿਕ ਐਡਮਨਿਟਰੇਸ਼ਨ ਦਾ ਭਰਪੂਰ ਤਜ਼ਰਬਾ ਹੈ। ਕੇਂਦਰ ਵਿਚ ਡੈਪੂਟੇਸ਼ਨ ਤੇ ਹੁੰਦਿਆਂ ਅਤੇ ਪੰਜਾਬ ਵਿਚ ਨੌਕਰੀ ਕਰਦਿਆਂ ਬਹੁਤ ਸਾਰੇ ਮਹੱਤਵਪੂਰਨ ਵਿਭਾਗਾਂ ਲਈ ਵਰਲਡ ਬੈਂਕ ਨਾਲ ਤਾਲਮੇਲ ਕਰਕੇ ਕੇਂਦਰ ਅਤੇ ਪੰਜਾਬ ਲਈ ਯੋਜਨਾਵਾਂ ਪ੍ਰਵਾਨ ਕਰਵਾਈਆਂ। ਪੰਜਾਬ ਲਈ ਕਈ ਨਵੀਂਆਂ ਸਕੀਮਾ ਬਣਾਈਆਂ ਜਿਨ੍ਹਾਂ ਵਿਚ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਪੰਜਾਬ ਸ਼ੋਸਲ ਸਕਿਉਰਿਟੀ ਫੰਡ 2019, ਪੰਜਾਬ ਸਲਮ ਡਿਵੈਲਰਜ਼  ਐਕਟ 2020, ਪੰਜਾਬ ਸਟੇਟ ਪਾਲਿਸੀ ਆਨ ਰੂਰਲ ਡਰਿੰਕਿੰਗ ਵਾਟਰ ਸਪਲਾਈ ਐਂਡ ਸੈਨੀਟੇਸ਼ਨ 2014 ਆਦਿ ਮਹੱਤਵਪੂਰਨ ਹਨ। ਜੇਕਰ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਵੀਂਆਂ ਸਕੀਮਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਚੁਕੇ ਗਏ ਕਦਮਾ ਦੀ ਸੂਚੀ ਬਣਾਈਏ ਤਾਂ ਉਹ ਬਹੁਤ ਲੰਮੀ ਹੋ ਜਾਵੇਗੀ। ਇਸ ਲਈ ਸੰਖੇਪ ਵਿਚ ਦੱਸਿਆ ਗਿਆ ਹੈ।
           ਸੁਰੇਸ਼ ਕੁਮਾਰ ਦਾ ਜਨਮ  4 ਅਪ੍ਰੈਲ 1956 ਨੂੰ ਮਾਤਾ ਸ਼੍ਰੀਮਤੀ ਸ਼ਕੁੰਤਲਾ ਰਾਣੀ ਅਤੇ ਪਿਤਾ ਸ੍ਰੀ ਦੇਵੀ ਦਿਆਲ ਆਤਿਸ਼ ਦੇ ਘਰ ਸੋਨੀਪਤ ਵਿਖੇ ਹੋਇਆ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸੋਨੀਪਤ ਵਿਚ ਹੀ ਹੋਈ। ਬੀ ਕਾਮ ਅਤੇ ਐਮ ਕਾਮ ਦਿੱਲੀ ਯੂਨੀਵਰਸਿਟੀ ਤੋਂ ਦਿੱਲੀ ਵਿਖੇ ਪਾਸ ਕੀਤੀਆਂ। ਉਸ ਤੋਂ ਬਾਅਦ ਥੋੜ੍ਹਾ ਸਮਾਂ ਉਨ੍ਹਾਂ ਬੈਂਕ ਵਿਚ ਨੌਕਰੀ ਕੀਤੀ ਅਤੇ  1983 ਵਿਚ ਆਈ ਏ ਐਸ ਲਈ ਚੁਣੇ ਗਏ। ਉਨ੍ਹਾਂ ਦਾ ਵਿਆਹ ਅਨੀਤਾ ਧਵਨ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਨ। ਦੋਵੇਂ ਇੰਜਨੀਅਰ ਹਨ ਅਤੇ ਅਮਰੀਕਾ ਵਿਚ ਨੌਕਰੀਆਂ ਰਹੇ ਹਨ।                                                        

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਪੁਲਿਸ ਵਿਭਾਗ ਵਿਚ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਮਨਦੀਪ ਸਿੰਘ ਸਿੱਧੂ - ਉਜਾਗਰ ਸਿੰਘ

ਕਿਸੇ ਵੀ ਵਿਭਾਗ ਵਿਚ ਸਾਰੇ ਅਧਿਕਾਰੀ ਜਾਂ ਕਰਮਚਾਰੀ ਇਕੋ ਜਿਹੇ ਨਹੀਂ ਹੁੰਦੇ। ਹਰ ਵਿਅਕਤੀ ਦਾ ਸੁਭਾਅ, ਸੋਚ ਅਤੇ ਕੰਮ ਕਰਨ ਦੀ ਆਪੋ ਆਪਣੀ ਪ੍ਰਵਿਰਤੀ ਹੁੰਦੀ ਹੈ। ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਬਹੁਤੇ ਲੋਕਾਂ ਦੇ ਮਨਾ ਵਿਚ ਕਿੰਤੂ ਪ੍ਰੰਤੂ ਹਨ। ਪ੍ਰੰਤੂ ਸਾਰਿਆਂ ਨੂੰ ਇਕੋ ਰੱਸੇ ਨਾਲ ਨਹੀਂ ਬੰਨਿ੍ਹਆਂ ਜਾ ਸਕਦਾ। ਇਸ ਵਿਭਾਗ ਦੀ ਨੌਕਰੀ ਵੀ ਜ਼ੋਖਮ ਭਰੀ ਰਾਤ ਬਰਾਤੇ ਅਤੇ ਵੇਲੇ ਕੁਵੇਲੇ ਦੀ ਹੈ। ਕੰਡਿਆਂ ਦੀ ਸੇਜ ਵਰਗੀ ਹੁੰਦੀ ਹੈ। ਕੋਈ ਪਤਾ ਨਹੀਂ ਹੁੰਦਾ ਕਿਸ ਵੇਲੇ ਕਿਥੇ ਜਾਣਾ ਪਵੇ। ਕਈ ਵਾਰੀ ਸੱਪ ਦੀ ਖੁਡ ਵਿਚ ਹੱਥ ਪਾਉਣਾ ਵੀ ਪੈ ਜਾਂਦਾ ਹੈ। ਇਸ ਲਈ ਉਨ੍ਹਾਂ ਉਪਰ ਸਰੀਰਕ ਅਤੇ ਮਾਨਸਿਕ ਦਬਾਓ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਵੀ ਅਣਡਿਠ ਹੁੰਦੇ ਹਨ। ਮੈਂ ਲੰਮਾ ਸਮਾਂ ਲੋਕ ਸੰਪਰਕ ਵਿਭਾਗ ਵਿਚ, ਪੰਜਾਬ ਦੇ ਛੇ ਜਿਲਿ੍ਹਆਂ ਵਿਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਿਹਾ ਹਾਂ। ਸਾਰੇ ਵਿਭਾਗਾਂ ਅਤੇ ਖਾਸ ਤੌਰ ਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਦਾ ਰਿਹਾ ਹੈ। ਆਮ ਤੌਰ ਤੇ ਲੋਕ ਪੁਲਿਸ ਦੀ ਕਹੀ ਸੱਚੀ ਗੱਲ ਨੂੰ ਵੀ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ। ਲੋਕ ਪੁਲਿਸ ਵਿਭਾਗ ਦੀ ਹਰ ਕਾਰਵਾਈ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ। ਕੁਝ ਹੱਦ ਤੱਕ ਉਹ ਸੱਚੇ ਵੀ ਹੁੰਦੇ ਹਨ, ਕਿਉਂਕਿ ਪੁਲਿਸ ਵਿਭਾਗ ਵਿਚ ਕੁਝ ਕਾਲੀਆਂ ਭੇਡਾਂ ਨੇ ਆਪਣੀਆਂ ਗ਼ਲਤ ਹਰਕਤਾਂ ਨਾਲ ਸਾਰੇ ਪੁਲਿਸ ਵਿਭਾਗ ਨੂੰ ਬਦਨਾਮ ਕਰ ਦਿੱਤਾ ਹੈ। ਵੈਸੇ ਅਜਿਹੀਆਂ ਕਾਲੀਆਂ ਭੇਡਾਂ ਹਰ ਵਿਭਾਗ ਵਿਚ ਹੁੰਦੀਆਂ ਹਨ। ਮੈਂ ਬਹੁਤ ਸਾਰੇ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਜਿਹੇ ਵੇਖੇ ਹਨ, ਜਿਹੜੇ ਹਮੇਸ਼ਾ ਸੱਚਾਈ ਦੇ ਪਹਿਰੇਦਾਰ ਬਣਕੇ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਮੈਂ ਅਜਿਹੇ ਹੀ ਇੱਕ ਅਧਿਕਾਰੀ ਮਨਦੀਪ ਸਿੰਘ ਸਿੱਧੂ ਬਾਰੇ ਦੱਸਣਾ ਚਾਹੁੰਦਾ ਹਾਂ, ਜਿਹੜਾ ਆਪਣੀ ਪੁਲਿਸ ਵਿਭਾਗ ਦੀ ਸਾਰੀ ਨੌਕਰੀ ਦੌਰਾਨ ਤਲਵਾਰ  ਦੀ ਧਾਰ ਤੇ ਤੁਰਦਿਆਂ ਸਚਾਈ ਦਾ ਪੱਲਾ ਫੜਕੇ ਆਪਣੇ ਫਰਜ ਨਿਭਾਉਂਦਾ ਰਿਹਾ ਹੈ। ਸੱਚ ਦਾ ਪੱਲਾ ਫੜੀ ਅਤੇ ਬਦਲੀ ਲਈ ਤਿਆਰ ਬਰ ਤਿਆਰ ਬਿਸਤਰਾ ਬੰਨ੍ਹੀ ਬੈਠਾ ਰਹਿੰਦਾ ਹੈ। ਆਪਣੀਆਂ ਸ਼ਰਤਾਂ ਤੇ ਨੌਕਰੀ ਕਰਦਾ ਹੈ। ਇਸਦਾ ਇਕ ਵਜਨਦਾਰ ਕਾਰਨ ਇਹ ਵੀ ਹੈ ਕਿ ਮਨਦੀਪ ਸਿੰਘ ਸਿੱਧੂ ਦੀ ਪਰਿਵਾਰਿਕ ਵਿਰਾਸਤ ਬਹੁਤ ਅਮੀਰ ਹੈ। ਉਨ੍ਹਾਂ ਦੇ ਦਾਦਾ ਡਾਕਟਰ ਕੇਹਰ ਸਿੰਘ ਸਿੱਧੂ ਸੁਤੰਤਰਤਾ ਸੰਗਰਾਮੀ ਸਨ, ਜਿਹੜੇ ਗਦਰ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ ਹਨ। ਡਾਕਟਰ ਕੇਹਰ ਸਿੰਘ ਸਿੱਧੂ ਆਪ ਵੀ ਦੇਸ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਕਰਕੇ ਕਾਫੀ ਲੰਮਾ ਸਮਾਂ ਰੂਹਪੋਸ਼ ਰਹੇ ਹਨ। ਡਾਕਟਰ ਕੇਹਰ ਸਿੰਘ ਸਿੱਧੂ ਗਦਰੀਆਂ ਦੇ ਰੂਹਪੋਸ਼ ਹੋਣ ਸਮੇਂ ਉਨ੍ਹਾਂ ਦਾ ਡਾਕਟਰੀ ਇਲਾਜ ਮੁਫਤ ਕਰਦੇ ਰਹੇ ਹਨ।  ਸਰਦਾਰ ਕੇਹਰ ਸਿੰਘ ਸਿੱਧੂ ਬਚਪਨ ਵਿਚ ਹੀ ਆਜ਼ਾਦੀ ਦੀ ਲਹਿਰ ਨਾਲ ਜੁੜ ਗਏ ਸਨ। ਇਸ ਲਈ ਉਨ੍ਹਾਂ ਨੂੰ ਪੰਜਾਬ ਵਿਚ ਡਾਕਟਰੀ ਦੀ ਪੜ੍ਹਾਈ ਵਿਚ ਵੀ ਦਾਖਲਾ ਨਹੀਂ ਦਿੱਤਾ ਸੀ, ਫਿਰ ਉਹ ਪੰਜਾਬ ਤੋਂ ਬਾਹਰ ਜਾ ਕੇ ਡਾਕਟਰੀ ਦਾ ਕੋਰਸ ਕਰਕੇ ਆਏ ਸਨ। ਸਿੱਧੂ ਪਰਿਵਾਰ ਨੇ ਡਾ ਕੇਹਰ ਸਿੰਘ ਸਿੱਧੂ ਦੀ ਯਾਦ ਵਿਚ ‘‘ਕੇਹਰ ਸਿੰਘ ਸਿੱਧੂ ਮੈਮੋਰੀਅਲ ਟਰੱਸਟ’’ ਬਣਾਈ ਹੋਈ ਹੈ, ਜਿਹੜੀ ਗ਼ਰੀਬਾਂ ਅਤੇ ਲੋੜਬੰਦਾਂ ਦੀ ਮਦਦ ਕਰਨ ਲਈ ਹਰ ਵਕਤ ਤਤਪਰ ਰਹਿੰਦੀ ਹੈ।
      ਮਨਦੀਪ ਸਿੰਘ ਸਿੱਧੂ ਦਾ ਜਨਮ ਮੁਕਤਸਰ ਜਿਲ੍ਹੇ ਦੇ ਇਕ ਕਿਸਾਨ ਪਰਿਵਾਰ ਵਿਚ 11 ਮਈ 1965 ਨੂੰ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਸਿੱਧੂ ਅਤੇ ਪਿਤਾ ਸਰਦਾਰ ਗੁਰਚਰਨ ਸਿੰਘ ਸਿੱਧੂ ਦੇ ਘਰ ਹੋਇਆ। ਆਪ ਦਾ ਭਰਾ ਸਿਰਬਰਿੰਦਰ ਸਿੰਘ ਸਿੱਧੂ ਪਰਿਵਾਰ ਦੀ ਖੇਤੀਬਾੜੀ ਦਾ ਕੰਮ ਵੇਖਦਾ ਹੈ। ਮਨਦੀਪ ਸਿੰਘ ਸਿੱਧੂ ਨੇ ਅੱਠਵੀਂ ਤੱਕ ਦੀ ਮੁਢਲੀ ਪੜ੍ਹਾਈ ਲੁਧਿਆਣਾ ਤੋਂ ਅਤੇ ਦਸਵੀਂ ਮੁਕਤਸਰ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਐਮ ਐਸ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਆਪਨੂੰ ਜੰਗਲੀ ਜੀਵਾਂ ਦੀ ਫੋਟੋਗ੍ਰਾਫੀ ਕਰਨ ਦਾ ਸ਼ੌਕ ਹੈ, ਜਿਸ ਕਰਕੇ ਜਦੋਂ ਵੀ ਫੁਰਸਤ ਮਿਲਦੀ ਹੈ ਤਾਂ ਉਹ ਦੂਰ ਦੁਰਾਡੇ ਜੰਗਲਾਂ ਵਿਚ ਜਾ ਕੇ ਫੋਟੋਗ੍ਰਾਫੀ ਕਰਦੇ ਹਨ। ਇਸ ਸੰਬੰਧ ਵਿਚ ਆਪ ਨੇ ਭਾਰਤ ਦੇ ਬਹੁਤ ਸਾਰੇ ਕੌਮੀ ਪਾਰਕਾਂ ਦੇ ਦੌਰੇ ਕੀਤੇ ਹਨ, ਜਿਨ੍ਹਾਂ ਵਿਚ ਬੰਧਾਵਗੜ੍ਹ, ਜਿਮ ਕਾਰਬਟ, ਕਾਜ਼ੀਰੰਗਾ, ਰਣਥੰਬਮੋਰ, ਮਸਾਈ ਮਾਰਾ, ਅੰਬੋਸੇਲੀ ਟਸਾਵੋ, ਲੇਕ ਨੈਵਾਸ਼ਾ, ਲੇਕ ਨਕਾਰੂ ਅਤੇ ਪਰਿਆਰ ਆਦਿ ਸ਼ਾਮਲ ਹਨ। ਉਹ 1988 ਵਿਚ ਪੰਜਾਬ ਪੁਲਿਸ ਵਿਚ ਬਤੌਰ ਇਨਸਪੈਕਟਰ ਭਰਤੀ ਹੋ ਗਏ। ਵਿਭਾਗੀ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ ਅੰਮਿ੍ਰਤਸਰ ਜਿਲ੍ਹੇ ਵਿਚ ਹੋਈ। ਉਨ੍ਹਾਂ ਦਿਨਾ ਵਿਚ ਪੰਜਾਬ ਦੇ ਹਾਲਾਤ ਵੀ ਸੁਖਾਵੇਂ ਨਹੀਂ ਸਨ। ਜਦੋਂ ਆਪ ਦੀ ਤਰੱਕੀ ਡਿਪਟੀ ਸੁਪਰਇਨਟੈਂਡੈਂਟ ਅਤੇ ਫਿਰ ਐਸ ਪੀ ਦੀ ਹੋਈ ਤਾਂ ਆਪਨੇ ਬਹੁਤ ਹੀ ਮਹੱਤਵਪੂਰਨ ਅਸਾਮੀਆਂ ਉਪਰ ਅੰਮਿ੍ਰਤਸਰ, ਲੁਧਿਆਣਾ, ਪਟਿਆਲਾ, ਨਕੋਦਰ, ਗੜ੍ਹਸ਼ੰਕਰ, ਫਾਜਿਲਕਾ  ਅਤੇ ਸੰਗਰੂਰ ਜਿਲਿ੍ਹਆਂ ਵਿਚ ਕੰਮ ਕੀਤਾ। ਆਬਕਾਰੀ ਅਤੇ ਕਰ ਵਿਭਾਗ ਵਿਚ ਆਪ ਨੇ ਬਤੌਰ ਐਸ ਪੀ ਕੰਮ ਕੀਤਾ। ਆਪ ਪਟਿਆਲਾ, ਖੰਨਾ, ਫਤਿਹਗੜ੍ਹ ਅਤੇ ਸੰਗਰੂਰ ਜਿਲਿ੍ਹਆਂ ਦੇ ਸੀਨੀਅਰ ਸੁਪਰਇਨਟੈਂਡੈਂਟ ਪੁਲਿਸ ਅਤੇ ਲੁਧਿਆਣਾ ਵਿਖੇ ਡਿਪਟੀ ਕਮਿਸਨਰ ਪੁਲਿਸ ਦੇ ਫਰਜ਼ ਵੀ ਨਿਭਾਏ ਹਨ। ਜਿਥੇ ਵੀ ਆਪਨੇ ਆਪਣੇ ਫਰਜ ਨਿਭਾਏ ਹਰ ਥਾਂ ਤੇ ਨਾਮਣਾ ਖੱਟਿਆ ਅਤੇ ਅੱਜ ਤੱਕ ਉਨ੍ਹਾਂ ਨੂੰ ਉਥੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਮੇਂ ਉਹ ਚੰਡੀਗੜ੍ਹ ਵਿਖੇ ਐਸ ਐਸ ਪੀ ਵਿਜੀਲੈਂਸ ਦੇ ਅਹੁਦੇ ਤੇ ਤਾਇਨਾਤ ਹਨ। ਮਨਦੀਪ ਸਿੰਘ ਸਿੱਧੂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਜਿਸ ਵੀ ਅਹੁਦੇ ਤੇ ਕੰਮ ਕੀਤਾ, ਉਸ ਅਹੁਦੇ ਦਾ ਮਾਣ ਵਧਾਇਆ ਹੈ। ਕਈ ਅਜਿਹੇ ਮਹੱਤਵਪੂਰਨ ਅਤੇ ਗੁੰਝਲਦਾਰ ਕੇਸ ਜਿਹੜੇ ਸਾਲਾਂ ਬੱਧੀ ਲਟਕ ਰਹੇ ਸਨ, ਉਨ੍ਹਾਂ ਨੂੰ ਹਲ ਕੀਤਾ ਹੈ। ਉਨ੍ਹਾਂ ਦੇ ਕੰਮ ਕਰਨ ਦਾ ਢੰਗ ਬਿਹਤਰੀਨ ਹੈ। ਉਹ ਆਪਣੇ ਅਧੀਨ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਕੰਮ ਲੈਣਾ ਜਾਣਦੇ ਹਨ। ਵਿਭਾਗੀ ਅਧਿਕਾਰੀਆਂ ਅਤੇ ਅਮਲੇ ਨੂੰ ਉਹ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਦੀਂ ਵੀ ਇਨਸਾਫ ਕਰਨ ਲੱਗਿਆਂ ਦਬਾਅ ਨਹੀਂ ਮੰਨਿਆ, ਹਮੇਸ਼ਾ ਕੇਸ ਦੀ ਮੈਰਿਟ ਅਨੁਸਾਰ ਫੈਸਲਾ ਕਰਦੇ ਰਹੇ ਹਨ। ਵੈਸੇ ਛੇਤੀ ਕੀਤਿਆਂ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਲਈ ਕਹਿਣ ਦੀ ਹਿੰਮਤ ਹੀ ਨਹੀਂ ਕਰਦਾ। ਜਦੋਂ ਉਹ ਸੰਗਰੂਰ ਵਿਖੇ ਸੀਨੀਅਰ ਸੁਪਰਇਨਟੈਂਡ ਪੋਲੀਸ ਸਨ ਤਾਂ ਮੈਨੂੰ ਵੀ ਆਪਣੇ ਇਕ ਸੰਬੰਧੀ ਨਾਲ ਉਨ੍ਹਾਂ ਕੋਲ ਕਿਸੇ ਕੇਸ ਸੰਬੰਧੀ ਜਾਣ ਦਾ ਮੌਕਾ ਮਿਲਿਆ। ਕੇਸ ਦੀ ਪੜਤਾਲ ਕਰਕੇ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਕਿ ਅਜਿਹੇ ਗ਼ਲਤ ਕੇਸ ਵਿਚ ਉਹ ਦਖ਼ਲ ਨਹੀਂ ਦੇਵੇਗਾ। ਜੇਕਰ ਕੋਈ ਬੇਇਨਸਾਫੀ ਹੋਈ ਹੁੰਦੀ ਤਾਂ ਇਨਸਾਫ ਦਵਾਉਣ ਵਿਚ ਸਹਾਈ ਹੋ ਸਕਦਾ ਸੀ। ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਆਨਾ ਕਾਨੀ ਨਹੀਂ ਕਰ ਸਕਦਾ ਅਤੇ ਨਾ ਹੀ ਗ਼ਲਤ ਸੂਚਨਾ ਦੇ ਕੇ ਗੁਮਰਾਹ ਕਰ ਸਕਦਾ ਕਿਉਂਕਿ  ਉਨ੍ਹਾਂ ਦੀ ਤੀਖਣ ਬੁੱਧੀ ਹਰ ਗ਼ਲਤ ਕਾਰਵਾਈ ਨੂੰ ਪਕੜਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੀ ਸਫਲਤਾ ਬਹੁਤ ਸਾਰੇ ਕਾਰਨਾ ਕਰਕੇ ਹੈ ਪ੍ਰੰਤੂ ਮੁੱਖ ਕਾਰਨ ਇਹ ਹੈ  ਕਿ ਉਨ੍ਹਾਂ ਨੂੰ ਕੋਈ ਲਾਲਚ ਨਹੀਂ, ਉਹ ਸਬਰ ਸੰਤੋਖ ਵਾਲੇ ਇਨਸਾਨ ਹਨ ਅਤੇ ਨਾ ਹੀ ਕਿਸੇ ਨਾਲ ਵੈਰ ਵਿਰੋਧ ਹੈ। ਉਨ੍ਹਾਂ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਹੈ। ਜਿਥੇ ਈਮਾਨਦਾਰੀ ਹੋਵੇਗੀ ਉਥੇ ਇਨਸਾਫ ਵੀ ਮਿਲੇਗਾ। ਨਮਰਤਾ ਅਤੇ ਹਲੀਮੀ ਵੀ ਕਮਾਲ ਦੀ ਹੈ, ਜੋ ਉਨ੍ਹਾਂ ਦੇ ਵਿਅਕਤਿਵ ਨੂੰ ਨਿਖ਼ਾਰਦੀ ਹੈ। ਖਾਂਦੇ ਪੀਂਦੇ ਜ਼ਿਮੀਦਾਰ ਪਰਿਵਾਰ ਦਾ ਹੋਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਹੋਏ ਅਧਿਕਾਰੀ ਹਨ। ਰੁਤਬੇ ਅਤੇ ਖਾਨਦਾਨ ਦਾ ਕਦੀਂ ਗੁਮਾਨ ਨਹੀਂ ਕਰਦੇ। ਉਹ ਹਰ ਵਿਅਕਤੀ ਦੀ ਸ਼ਿਕਾਇਤ ਸੁਣਦੇ ਹਨ ਅਤੇ ਉਨ੍ਹਾਂ ਨੂੰ ਜਿਤਨੇ ਵੀ ਲੋਕ ਮਿਲਦੇ ਹਨ, ਉਹ ਇਸ ਵਿਸ਼ਵਾਸ ਨਾਲ ਮਿਲਕੇ ਬਾਹਰ ਆਉਂਦੇ ਹਨ ਕਿ ਉਨ੍ਹਾਂ ਦੇ ਮਸਲੇ ਦਾ ਹਲ ਹੋ ਗਿਆ ਹੈ। ਸ਼ਿਕਾਇਤ ਕਰਤੇ ਦੀ ਅੱਧੀ ਸ਼ਿਕਾਇਤ ਤਾਂ ਉਨ੍ਹਾਂ ਨੂੰ ਮਿਲਕੇ ਹੀ ਦੂਰ ਹੋ ਜਾਂਦੀ ਹੈ ਕਿਉਂÎਕ ਜਿਸ ਹਲੀਮੀ ਨਾਲ ਉਹ ਲੋਕਾਂ ਨਾਲ ਵਿਚਰਦੇ ਹਨ, ਉਹ ਜੇਕਰ ਹਰ ਪੁਲਿਸ ਕਰਮੀ ਵਿਚ ਹੋਵੇ ਤਾਂ ਪੁਲਿਸ ਦਾ ਅਕਸ ਹੋਰ ਸੁਧਰ ਸਕਦਾ ਹੈ।
   ਮਨਦੀਪ ਸਿੰਘ ਸਿੱਧੂ ਦੀਆਂ ਵਿਲੱਖਣ ਪ੍ਰਾਪਤੀਆਂ ਇਹ ਹਨ ਕਿ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਦੋ ਵਾਰ 2009 ਅਤੇ 26 ਜਨਵਰੀ  2018 ਵਿਚ ਰਾਸ਼ਟਰਪਤੀ ਪੋਲੀਸ ਮੈਡਲ ਨਾਲ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ ਪਰਾਕਰਮ ਪਦਮ ਮੈਡਲ, ਕਠਨ ਸੇਵਾ ਮੈਡਲ, 50 ਸਾਲਾ ਆਜ਼ਾਦੀ ਮੈਡਲ, ਮੁੱਖ ਮੰਤਰੀ ਮੈਡਲ ਅਤੇ ਛੇ ਵਾਰ ਆਊਟਸਟੈਂਡਿੰਗ ਡੀਵੋਸ਼ਨ ਨਾਲ ਫਰਜ਼ ਨਿਭਾਉਣ ਲਈ ਡੀ ਜੀ ਪੀ ਵੱਲੋਂ
ਕਮਾਂਡੈਂਟ ਡਿਸਕਾਂ ਨਾਲ ਸਨਮਾਨਤ ਕੀਤਾ ਗਿਆ। ਸੀਨੀਅਰ ਅਧਿਕਾਰੀਆਂ ਵੱਲੋਂ ਬਹੁਤ ਵਾਰੀ ਪ੍ਰਸੰਸਾ ਪੱਤਰ ਦਿੱਤੇ ਗਏ। ਸਾਲ 2013 ਵਿਚ ਬਾਬਾ ਫਰੀਦ ਸੋਸਾਇਟੀ ਫਰੀਦਕੋਟ ਨੇ ਇਮਾਨਦਾਰ ਅਧਿਕਾਰੀ ਦਾ ਸਨਮਾਨ ਦੇ ਕੇ ਨਿਵਾਜਿਆ ਸੀ। ਮਨਦੀਪ ਸਿੰਘ ਸਿੱਧੂ ਨੂੰ ਇਸ ਗੱਲ ਦੀ ਸਮਝ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਅਤੇ ਅਕਸ ਸੁਧਾਰਨ ਵਿਚ ਮੁਸ਼ਕਲ ਆ ਸਕਦੀ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਦਾ ਸਹਿਯੋਗ ਬਾਖ਼ੂਬੀ ਲਿਆ ਹੈ। ਉਨ੍ਹਾਂ ਸਮਾਜਕ ਤਾਣੇ ਬਾਣੇ ਵਿਚ ਜਾਗ੍ਰਤੀ ਪੈਦਾ ਕਰਨ ਲਈ ਸਵੈਇਛਤ ਸੰਸਥਾਵਾਂ ਰਾਹੀਂ ਆਮ ਜਨਤਾ ਨੂੰ ਪੁਲਿਸ ਵਿਭਾਗ ਨਾਲ ਜੋੜਕੇ ਰੱਖਿਆ ਹੈ। ਵਾਤਵਰਨ, ਸਿਹਤ, ਸਮਾਜਿਕ ਸਰੱਖਿਆ, ਨਸ਼ਿਆਂ, ਭਰੂਣ ਹੱਤਿਆ, ਕਿਸਾਨ ਖ਼ੁਦਕਸ਼ੀਆਂ, ਖੇਡਾਂ, ਸਫਾਈ ਅਤੇ ਅਨੁਸ਼ਾਸਨ ਬਾਰੇ ਜਾਗ੍ਰਤੀ ਪੈਦਾ ਕਰਨ ਲਈ ਸਾਈਕਲ ਰੈਲੀਆਂ ਅਤੇ ਮੈਰਾਥਨ ਦੌੜਾਂ ਆਦਿ ਦਾ ਪ੍ਰਬੰਧ ਕੀਤਾ। ਇਨ੍ਹਾਂ ਕਾਰਵਾਈਆਂ ਵਿਚ ਨੌਜਵਾਨਾ ਦੀ ਸ਼ਮੂਲੀਅਤ ਦਾ ਵਿਸ਼ੇਸ ਧਿਆਨ ਰੱਖਿਆ ਜਾਂਦਾ ਹੈ। ਨੌਜਵਾਨਾਂ ਨੂੰ ਉਹ ਪੁਲਿਸ ਵਿਭਾਗ ਦੀਆਂ ਸਰਗਰਮੀਆਂ ਵਿਚ ਸ਼ਾਮਲ ਕਰਕੇ ਆਪਣੇ ਨਾਲ ਜੋੜਕੇ ਰੱਖਦੇ ਹਨ। ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਲਈ ਜਿਲਿ੍ਹਆਂ ਵਿਚ ਖੇਡਾਂ ਦਾ ਢਾਂਚਾ ਬਣਾਉਣ ਦੀ ਵੀ ਕੋਸਿਸ਼ ਕਰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਸਰਗਰਮੀਆਂ ਦਾ ਭਾਵ ਇਕੱਲੇ ਆਮ ਜਨਤਾ ਦਾ ਸਹਿਯੋਗ ਲੈਣਾ ਹੀ ਨਹੀਂ ਸੀ ਸਗੋਂ ਇਨ੍ਹਾਂ ਰਾਹੀਂ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਉਣਾ ਵੀ ਸ਼ਾਮਲ ਹੁੰਦਾ ਹੈ। ਉਨ੍ਹਾਂ ਬਹੁਤ ਸਾਰੇ ਪੇਚੀਦਾ ਕੇਸ ਜਿਹੜੇ ਪਿਛਲੇ ਕਈ ਸਾਲਾਂ ਤੋਂ ਲਟਕਦੇ ਆ ਰਹੇ ਸਨ ਉਨ੍ਹਾਂ ਨੂੰ ਹਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਪਟਿਆਲਾ ਜਿਲ੍ਹੇ ਵਿਚ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਦਾ ਯੋਗਦਾਨ ਮਹੱਤਵਪੂਰ ਰਿਹਾ। ਪੁਲਿਸ ਦੇ ਵਤੀਰੇ ਵਿਚ ਮਾਨਵੀ ਤਬਦੀਲੀ ਲਿਆਂਦੀ ਗਈ। ਇਸ ਮੰਤਵ ਲਈ ਉਨ੍ਹਾਂ ਆਪਣੇ ਪਰਿਵਾਰ ਦੀ ਡਾਕਟਰ ਕੇਹਰ ਸਿੰਘ ਸਿੱਧੂ ਚੈਰੀਟੇਬਲ ਟਰੱਸਟ ਵਲੋਂ 11 ਲੱਖ ਰੁਪਏ ਦਾ ਯੋਗਦਾਨ ਪਾਕੇ ਲੋੜਬੰਦਾਂ ਦੀ ਮਦਦ ਕੀਤੀ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh480yahoo.co

ਕਿਸਾਨ ਅੰਦੋਲਨ ਨੇ ਅਕਾਲੀ ਦਲ ਨੂੰ ਬੀ ਜੇ ਪੀ ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ - ਉਜਾਗਰ ਸਿੰਘ

ਕਿਸਾਨ ਅੰਦੋਲਨ ਨੇ ਅਕਾਲੀ ਦਲ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 22  ਸਾਲ ਪੁਰਾਣੀ ਭਾਈਵਾਲੀ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ। ਸਿਆਸੀ ਤਾਕਤ ਛੱਡਣ ਲਈ ਬਾਦਲ ਪਰਿਵਾਰ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਕਰਕੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ ਵੀ ਉਦੋਂ ਦਿਵਾਇਆ ਜਦੋਂ ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਕਿਸਾਨਾ ਨਾਲ ਸਾਰਾ ਪੰਜਾਬ ਖੜ੍ਹਾ ਹੋ ਗਿਆ ਅਤੇ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਵਿਚ ਵੜਨਾ ਅਸੰਭਵ ਹੋ ਜਾਵੇਗਾ। ਪੰਜਾਬ ਦੇ ਕਿਸਾਨਾ ਨੂੰ ਅਸਤੀਫਾ ਵੀ ਇਕ ਢੌਂਗ ਹੀ ਲੱਗਿਆ। ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਬੰਦ ਵਿਚ ਲੋਕਾਂ ਦੇ ਉਮੜੇ ਜਨਸਮੂਹ ਨੇ ਅਕਾਲੀ ਦਲ ਨੂੰ ਤੌਣੀਆਂ ਲਿਆ ਦਿੱਤੀਆਂ।  ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਖ਼ਰੀਆਂ ਖ਼ਰੀਆਂ ਸੁਣਾਈਆਂ ਤਾਂ ਕਿਤੇ ਬੇਬਸੀ ਵਿਚ ਉਸਨੇ ਬੀ ਜੇ ਪੀ ਨਾਲੋਂ ਸੰਬੰਧ ਤੋੜਨ ਲਈ ਹਾਮੀ ਭਰੀ। ਅਕਾਲੀ ਦਲ ਦੇ ਜਕੋ ਤਕੀ ਦੇ ਫੈਸਲਿਆਂ ਕਰਕੇ ਅਜੇ ਵੀ ਪੰਜਾਬ ਦੇ ਲੋਕ ਅਤੇ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੀਆਂ। ਲੋਕ ਮੋਦੀ ਜਿਤਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਸਮਝਦੇ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਭਾਰਤ ਦੀ ਖੜਗਭੁਜਾ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਸਰਹੱਦਾਂ ਤੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਭਾਰਤ ਅਮਰੀਕਾ ਤੋਂ ਅਨਾਜ ਭੀਖ ਦੀ ਤਰ੍ਹਾਂ ਮੰਗਦਾ ਸੀ, ਉਦੋਂ ਵੀ ਪੰਜਾਬੀ ਕਿਸਾਨਾ ਨੇ ਭਾਰਤ  ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ ਅਤੇ ਭਾਰਤੀਆਂ ਦੀ ਬਾਂਹ ਫੜੀ ਸੀ। ਇਸ ਸਮੇਂ ਜਦੋਂ ਪੰਜਾਬ ਦਾ ਕਿਸਾਨ ਆਰਥਿਕ ਤੌਰ ਤੇ ਮੰਦਹਾਲੀ ਦੇ ਸਮੇਂ ਵਿਚੋਂ ਲੰਘ ਰਿਹਾ ਸੀ ਤਾਂ ਭਾਰਤ ਸਰਕਾਰ ਨੂੰ ਹਰੀ ਕਰਾਂਤੀ ਦਾ ਸਮਾਂ ਯਾਦ ਕਰਕੇ ਉਸਦੀ ਬਾਂਹ ਫੜਨੀ ਚਾਹੀਦੀ ਸੀ। ਜੇਕਰ ਸਨਅਤਕਾਰਾਂ ਦੇ ਕਰਜ਼ੇ ਮੁਆਫ ਹੋ ਸਕਦੇ ਹਨ ਤਾਂ ਕਿਸਾਨਾ ਦੇ ਕਿਉਂ ਨਹੀਂ ਹੋ ਸਕਦੇ ? ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜਿਹੇ ਹਾਲਾਤ ਵਿਚ ਭਾਰਤ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਬਣਾਕੇ ਪੰਜਾਬੀ ਕਿਸਾਨਾ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨ ਦਾ ਰਸਤਾ ਅਪਣਾ ਲਿਆ ਹੈ। ਕੇਂਦਰ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਜੇਕਰ ਪੰਜਾਬ ਦਾ ਕਿਸਾਨ ਕਮਜ਼ੋਰ ਹੁੰਦਾ ਹੈ ਤਾਂ ਜਿਹੜੇ ਪੰਜਾਬ ਵਿਚ ਦੂਜੇ ਸੂਬਿਆਂ ਵਿਚੋਂ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਰੋਜ਼ੀ ਰੋਟੀ ਲਈ ਆ ਕੇ ਆਪਣੇ ਪਰਿਵਾਰ ਪਾਲਦੇ ਹਨ ਉਹ ਵੀ ਤਬਾਹ ਹੋ ਜਾਣਗੇ। ਭਾਰਤ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਰੋਸ ਪ੍ਰਗਟ ਕਰਨ ਲਈ ਪੰਜਾਬ ਦੇ ਕਿਸਾਨਾ ਅਤੇ ਲੋਕਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿਉਂਕਿ ਉਨ੍ਹਾਂ ਕਿਸਾਨੀ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਪਹਿਲੀ ਵਾਰ ਜੋਸ਼  ਖ਼ਰੋਸ਼ ਨਾਲ ਇਕਮੁੱਠਤਾ ਦਾ ਸਬੂਤ ਦਿੱਤਾ ਹੈ। 31 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਕਿਸਾਨੀ ਲਹਿਰ ਦੇ ਰੂਪ ਵਿਚ ਚਰਮ ਸੀਮਾ ਤੇ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਨਿੱਜੀ ਮੁਫਾਦਾਂ ਨੂੰ ਤਿਲਾਂਜ਼ਲੀ ਦੇ ਕੇ ਏਕਤਾ ਦਾ ਸਬੂਤ ਦਿੱਤਾ ਹੈ। 25  ਸਤੰਬਰ ਨੂੰ ਪੰਜਾਬ ਵਿਚ ਲਗਪਗ 200 ਥਾਵਾਂ ਤੇ ਧਰਨੇ ਲਗਾਕੇ ਤਿੰਨ ਕਾਨੂੰਨਾਂ ਦੇ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਇਸ ਤੋਂ ਇਲਾਵਾ ਰੇਲਵੇ ਲਾਈਨਾ ਤੇ ਧਰਨੇ ਦਿੱਤੇ ਗਏ। ਇਨ੍ਹਾਂ ਧਰਨਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀਆਂ ਨੇ ਹਿੱਸਾ ਲਿਆ। ਸੰਤੁਸ਼ਟੀ ਦੀ ਗੱਲ ਹੈ ਕਿ ਇਨ੍ਹਾਂ ਧਰਨਿਆਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਨਾਅਰੇ ਨਹੀਂ ਲਗਾਏ ਗਏ। ਸਿਰਫ ਭਾਰਤੀ ਕਿਸਾਨ ਯੂਨੀਅਨ ਦਾ ਦਬਦਬਾ ਸੀ। ਸਾਰਾ ਪੰਜਾਬ ਲਿਕੁਲ ਬੰਦ ਰਿਹਾ। ਕੋਈ ਇਕ ਵੀ ਦੁਕਾਨ ਖੁਲ੍ਹੀ ਨਹੀਂ ਸੀ। ਇਥੋਂ ਤੱਕ ਕਿ ਰੇਹੜੀ  ਵੀ ਨਹੀਂ ਲੱਗੀ ਹੋਈ ਸੀ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਭਾਰਤ ਦੇ ਵੀ ਕੁਝ ਸੂਬਿਆਂ ਵਿਚ ਬੰਦ ਰਿਹਾ। ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਪੰਜਾਬ ਨੇ ਪਹਿਲਾਂ ਹੀ ਅੱਸੀਵਿਆਂ ਵਿਚ ਸੰਤਾਪ ਭੋਗਿਆ ਹੈ। ਕਿਤੇ ਇਹ ਅੰਦੋਲਨ ਕਿਸਾਨਾ ਦੇ ਹੱਥਾਂ ਵਿਚੋਂ ਨਿਕਲ ਨਾ ਜਾਵੇ ਕਿਉਂਕਿ ਕਈ ਵਾਰ ਗਲਤ ਲੋਕ ਘੁਸਪੈਠ ਕਰ ਜਾਂਦੇ ਹਨ। ਬਰਨਾਲਾ ਵਿਖੇ ਇਕ ਕਿਸਾਨ ਨੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਅਤੇ ਉਸਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਕਿਸਾਨ ਜਥੇਬੰਦੀਆਂ ਨੂੰ ਕਿਸਾਨਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਜਿਹੀਆਂ ਕਾਰਵਾਈਆਂ ਜਾਇਜ ਨਹੀਂ ਹਨ। ਆਤਮ ਹੱਤਿਆ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ। ਜਦੋਂ ਬਹੁਤੀ ਭੀੜ ਇਕੱਠੀ ਹੋ ਜਾਂਦੀ ਹੈ ਤਾਂ ਕਈ ਵਾਰ ਆਪ ਮੁਹਾਰੀ ਹੋ ਜਾਂਦੀ ਹੈ, ਜਿਸਦੇ ਨਤੀਜੇ ਖ਼ਤਨਾਕ ਨਿਕਲਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਕੇ ਕੋਈ ਸਾਰਥਿਕ ਹਲ ਕੱਢਣਾ ਚਾਹੀਦਾ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਿਸਾਨ ਨੇਤਾਵਾਂ ਨੂੰ ਗੱਲਬਾਤ ਦਾ ਰਾਹ ਲੱਭਣ ਦੀ ਕੋਸਿਸ਼ ਕਰਨੀ ਚਾਹੀਦੀ ਹੈ। ਹਰ ਸਮੱਸਿਆ ਦਾ ਹੱਲ ਸਿਰਫ ਗੱਲਬਾਤ ਹੀ ਹੁੰਦੀ ਹੈ। ਇਥੋਂ ਤੱਕ ਕਿ ਜਦੋਂ ਦੋ ਦੇਸਾਂ ਵਿਚਕਾਰ ਜੰਗ ਹੁੰਦੀ ਹੈ ਤਾਂ ਅਖੀਰ ਫੈਸਲਾ ਗਲਬਾਤ ਰਾਹੀਂ ਹੀ ਹੁੰਦਾ ਹੈ। ਸਿਆਸੀ ਪਾਰਟੀਆਂ ਨੂੰ ਅਜਿਹੇ ਨਾਜ਼ੁਕ ਮੁੱਦੇ ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਇਕ ਦੂਜੀ ਦੀ ਨਿੰਦਿਆ ਕਰੀ ਜਾਂਦੀਆਂ ਹਨ। ਇਸ ਵਕਤ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਦੇਸ਼ ਦਾ ਕਿਸਾਨ ਸੁਰੱਖਿਅਤ ਹੈ ਤਾਂ ਦੇਸ ਆਪਣੇ ਆਪ ਵਿਚ ਸੁਰੱਖਿਅਤ ਰਹੇਗਾ। ਜਦੋਂ ਵੀ ਦੇਸ ਉਪਰ ਕੋਈ ਆਫਤ ਆਈ ਹੈ ਭਾਵੇਂ ਅਨਾਜ ਜਾਂ ਦੇਸ ਦੀਆਂ ਸਰਹੱਦਾਂ ਤੇ  ਤਾਂ ਕਿਸਾਨੀ ਨੇ ਦਿਲ ਖੋਲ੍ਹਕੇ ਮਦਦ ਹੀ ਨਹੀਂ ਕੀਤੀ ਸਗੋਂ ਜਾਨਾ ਵਾਰਨ ਲਈ ਮੋਹਰੀ ਦੀ ਭੂਮਿਕਾ ਨਿਭਾਈ ਹੈ। ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਐਵੇਂ ਤਾਂ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਹਰਾ ਨਹੀਂ ਦਿੱਤਾ ਸੀ। ਉਹ ਇਕ ਦੂਰ ਅੰਦੇਸ਼ੀ ਪ੍ਰਧਾਨ ਮੰਤਰੀ ਸੀ। ਉਨ੍ਹਾਂ ਨੂੰ ਪਤਾ ਸੀ ਇਨ੍ਹਾਂ ਦੋਹਾਂ ਦੇ ਸਿਰ ਤੇ ਦੇਸ ਸੁਰੱਖਿਅਤ ਰਹਿ ਸਕਦਾ ਹੈ। ਜ਼ਿੰਦਾ ਰਹਿਣ ਲਈ ਦੇਸ਼ ਵਾਸੀਆਂ ਨੂੰ ਅਨਾਜ ਕਿਸਾਨ ਦਿੰਦਾ ਹੈ ਅਤੇ ਨਿਸਚਿੰਤ ਸ਼ਾਂਤਮਈ ਢੰਗ ਨਾਲ ਜੀਵਨ ਬਸਰ ਕਰਨ ਲਈ ਜਵਾਨ ਦੀ ਬਹਾਦਰੀ ਕੰਮ ਆਉਂਦੀ ਹੈ। ਆਜ਼ਾਦ ਭਾਰਤ ਵਿਚ ਸਾਰੀਆਂ ਸਿਆਸੀ ਪਾਰਟੀਆਂ ਹੁਣ ਤੱਕ ਕਿਸਾਨਾ ਦੇ ਹਿੱਤਾਂ ਦੀ ਰਾਖੀ ਦੇ ਨਾਮ ਤੇ ਵੋਟਾਂ ਵਟੋਰਦੀਆਂ ਰਹੀਆਂ ਹਨ। ਹੁਣ ਜਦੋਂ ਕਿਸਾਨ ਦਾ ਵਜੂਦ ਹੀ ਖ਼ਤਰੇ ਵਿਚ ਹੈ ਤਾਂ ਉਨ੍ਹਾਂ ਨੂੰ ਕਿਸਾਨੀ ਦੇ ਹਿੱਤਾਂ ਤੇ ਆਪਣੇ ਨਿੱਜੀ ਹਿਤਾਂ ਨੂੰ ਤਿਲਾਂਜਲੀ ਦੇ ਕੇ ਪਹਿਰਾ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਐਨ ਡੀ ਏ ਦੀ ਕੇਂਦਰੀ ਸਰਕਾਰ ਬਹੁਮਤ ਦੇ ਹੰਕਾਰ ਵਿਚ ਕਿਸਾਨੀ ਨੂੰ ਵੱਡੇ ਵਿਓਪਾਰੀਆਂ ਦੇ ਪੈਰਾਂ ਵਿਚ ਰੋਲਣ ਤੇ ਤੁਲੀ ਹੋਈ ਹੈ। ਜੇਕਰ ਕਿਸਾਨ ਕਮਜ਼ੋਰ ਹੋਵੇਗਾ ਤਾਂ ਭਾਰਤ ਅਨਾਜ ਲਈ ਮੰਗਤਾ ਬਣੇਗਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਲੋਕ ਉਸਨੂੰ ਤਾਕਤ ਦੇ ਸਕਦੇ ਹਨ ਤਾਂ ਉਹ ਸਿਆਸੀ ਤਾਕਤ ਖੋਹ ਵੀ ਸਕਦੇ ਹਨ। ਇਕ ਤਸੱਲੀ ਦੀ ਗੱਲ ਹੈ ਕਿ ਖੇਤੀਬਾੜੀ ਨਾਲ ਸੰਬੰਧਤ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਦੇ ਵਿਰੁਧ ਸਮੁਚਾ ਪੰਜਾਬੀ ਵਰਗ ਕਿਸਾਨਾ ਦੇ ਨਾਲ ਖੜ੍ਹਾ ਹੈ। ਏਥੇ ਹੀ ਬਸ ਨਹੀਂ ਪਹਿਲੀ ਵਾਰ ਕਿਸਾਨ ਜਥੇਬੰਦੀਆਂ ਨੇ ਵੀ ਇਕਮੁੱਠਤਾ ਦਾ ਸਬੂਤ ਦਿੱਤਾ ਹੈ। ਇਸ ਅੰਦੋਲਨ ਨੇ ਬਹੁਤ ਪਹਿਲ ਕਦਮੀ ਵਾਲੇ ਬਹੁਤ ਕਦਮ ਚੁੱਕੇ ਜਾ ਰਹੇ ਹਨ। ਕਿਸੇ ਵੀ ਅੰਦੋਲਨ ਵਿਚ ਪਹਿਲੀ ਵਾਰ ਇਸਤਰੀਆਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੀਆਂ ਹਨ। ਨੌਜਵਾਨ ਵਰਗ ਵੀ ਪੂਰੀ ਤਾਦਾਦ ਵਿਚ ਅੰਦੋਲਨ ਵਿਚ ਹਿੱਸਾ ਲੈ ਰਿਹਾ ਹੈ। ਇਸੇ ਤਰ੍ਹਾਂ ਸਮਾਜ ਦਾ ਹਰ ਵਰਗ ਮਜ਼ਦੂਰ, ਆੜ੍ਹਤੀਆ, ਦੁਕਾਨਦਾਰ, ਕਰਮਚਾਰੀ, ਸੇਵਾ ਮੁਕਤ ਅਧਿਕਾਰੀ, ਕਲਾਕਾਰ, ਧਾਰਮਿਕ ਆਗੂ, ਬੁੱਧੀਜੀਵੀ ਅਤੇ ਰੇਹੜੀਆਂ ਲਗਾਉਣ ਵਾਲੇ ਆਦਿ ਵੱਧ ਚੜ੍ਹਕੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਕਹਿਣ ਤੋਂ ਭਾਵ ਕੋਈ ਅਜਿਹਾ ਪੰਜਾਬੀ ਕੋਈ ਵਰਗ ਨਹੀਂ ਜਿਹੜਾ ਇਸ ਅੰਦੋਲਨ ਵਿਚ ਆਪਣਾ ਹਿੱਸਾ ਨਹੀਂ ਪਾ ਰਿਹਾ ਕਿਉਂਕਿ ਪੰਜਾਬੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਤਿੰਨੋ ਕਾਨੂੰਨ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਅੰਦੋਲਨ ਨੂੰ ਪੂਰਾ ਸਹਿਯੋਗ ਕਰ ਰਹੀਆਂ ਹਨ। ਇਹ ਵੀ ਚੰਗਾ ਸੰਕੇਤ ਹੈ ਕਿ ਸਿਆਸੀ ਪਾਰਟੀਆਂ ਭਾਵੇਂ ਆਪੋ ਆਪਣੇ ਸਮਾਗਮ ਕਰ ਰਹੀਆਂ ਹਨ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਦੇ ਸਮਾਗਮਾ ਵਿਚ ਉਹ ਆਪਣੀਆਂ ਪਾਰਟੀਆਂ ਦੇ ਝੰਡਿਆਂ ਤੋਂ ਬਗੈਰ ਸ਼ਾਮਲ ਹੋ ਰਹੀਆਂ ਹਨ। ਸਿਰਫ ਅਕਾਲੀ ਦਲ ਬਾਦਲ ਅਜਿਹੀ ਪਾਰਟੀ ਹੈ, ਜਿਹੜੀ ਭਾਰਤੀ ਕਿਸਾਨ ਯੂਨੀਅਨ ਦੇ ਸਮਾਗਮਾ ਵਿਚ ਸ਼ਾਮਲ ਨਹੀਂ ਹੋ ਰਹੀ। ਜੇਕਰ ਉਨ੍ਹਾਂ ਦਾ ਕੋਈ ਨੇਤਾ ਮੰਚ ਤੇ ਆਉਣ ਦੀ ਕੋਸਿਸ਼ ਕਰਦਾ ਹੈ ਤਾਂ ਉਸਨੂੰ ਬੇਰੰਗ ਵਾਪਸ ਕਰ ਦਿੱਤਾ ਜਾਂਦਾ ਹੈ। ਕਿਸਾਨ ਭਰਾਵੋ ਸਰਕਾਰ ਕੋਲ ਬਹੁਤ ਸਾਧਨ ਹੁੰਦੇ ਹਨ, ਤੁਹਾਡੇ ਵਿਚ ਫੁੱਟ ਦੇ ਬੀਜ ਬੀਜਣ ਲਈ, ਇਸ ਲਈ ਤੁਸੀਂ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂਂ ਬਚਕੇ ਰਹਿਣਾ। ਆਪਣੇ ਅੰਦੋਲਨ ਨੂੰ ਵੀ ਸ਼ਾਂਤਮਈ ਰੱਖਣਾ ਕਿਉਂਕਿ ਸ਼ਰਾਰਤੀ ਲੋਕ ਅਜਿਹੇ ਮੌਕਿਆਂ ਵਿਚ ਮਾਹੌਲ ਖਰਾਬ ਕਰਨ ਲਈ ਆ ਵੜਦੇ ਹਨ। ਇਹ ਵੀ ਧਿਆਨ ਰੱਖਣਾ ਕਿ ਤੁਹਾਡੇ ਅੰਦੋਲਨ ਨਾਲ ਆਮ ਜਨਤਾ ਨੂੰ ਕੋਈ ਮੁਸ਼ਕਲ ਨਾ ਪੈਦਾ ਹੋਵੇ। ਪਰਜਾਤੰਤਰਿਕ ਢੰਗ ਹੀ ਵਰਤੇ ਜਾਣ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਜੋ ਅੰਦੋਲਨ ਦੇ ਮਕਸਦ ਦੀ ਨਿੰਦਿਆ ਨਾ ਹੋ ਸਕੇ। ਇਹ ਵੀ ਖ਼ੁਸ਼ੀ  ਦੀ ਗੱਲ ਹੈ ਕਿ  25 ਸਤੰਬਰ ਦਾ ਬੰਦ ਸ਼ਾਂਤਮਈ ਰਿਹਾ ਹੈ। ਸਰਕਾਰ ਬੜੇ ਹੱਥਕੰਡੇ ਵਰਤਕੇ ਅੰਦੋਲਨ ਵਿਚ ਗੜਬੜ ਪੈਦਾ ਕਰਨ ਵਾਲੇ ਅਨਸਰਾਂ ਨੂੰ ਵਾੜ ਸਕਦੀ ਹੈ। ਹੁਣ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਕਾਨੂੰਨ ਤਾਂ ਹੁਣ ਬਣ ਗਏ ਹਨ। ਕੇਂਦਰ ਸਰਕਾਰ ਦਾ ਰਵੱਈਆ ਵੀ ਬਹੁਤਾ ਚੰਗਾ ਨਹੀਂ ਉਹ ਵਿਰੋਧ ਦੇ ਬਾਵਜੂਦ ਵੀ ਆਪਣੇ ਫੈਸਲਿਆਂ ਤੇ ਅੜੀ ਰਹਿੰਦੀ ਹੈ। ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਨੂੰ ਫੇਲ੍ਹ ਕਰ ਦਿੱਤਾ ਸੀ। ਤੁਹਾਡਾ ਅੰਦੋਲਨ ਵੀ ਬਹੁਤਾ ਲੰਮਾ ਨਹੀਂ ਰਹਿ ਸਕਣਾ ਕਿਉਂਕਿ ਲਗਾਤਾਰ ਅੰਦੋਲਨ ਕਰਨਾ ਅਸੰਭਵ ਹੁੰਦਾ ਹੈ। ਰੇਲ ਲਾਈਨਾਂ ਤੇ ਧਰਨੇ 29 ਸਤੰਬਰ ਤੱਕ ਵਧਾ ਦਿੱਤੇ ਹਨ। ਫਿਰ ਦੁਆਰਾ ਪਹਿਲੀ ਅਕਤੂਬਰ ਤੋਂ ਧਰਨੇ ਲਗਾਏ ਜਾਣਗੇ। ਲਗਾਤਾਰ ਅੰਦੋਲਨ ਚਲਣ ਨਾਲ ਲੋਕਾਂ ਦਾ ਉਤਸ਼ਾਹ ਘਟ ਜਾਂਦਾ ਹੈ। ਕਿਸਾਨ ਪਹਿਲਾਂ ਹੀ ਆਰਥਿਕ ਤੌਰ ਤੇ ਡਾਵਾਂਡੋਲ ਹੈ। ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅੰਦੋਲਨ ਦੀ ਵਾਗਡੋਰ ਨਿਰਪੱਖ ਹੱਥਾਂ ਵਿਚ ਰਹਿਣੀ ਚਾਹੀਦੀ ਹੈ। ਨੇਤਾਵਾਂ ਦੀ ਖਰੀਦੋ ਫਰੋਕਤ ਹੋ ਸਕਦੀ ਹੈ। ਇਸ ਅੰਦੋਲਨ ਨੂੰ ਸਹੀ ਤਰਤੀਬ ਦੇਣ ਲਈ ਕੋਈ ਸਾਰਥਿਕ ਪਹੁੰਚ ਅਪਣਾਈ ਜਾਵੇ। ਆਪਣਾ ਰੋਸ ਵਿਖਾਉਣ ਲਈ ਸਮੁਚੇ ਦੇਸ ਵਿਚ ਸਰਕਾਰ ਦੇ ਅਹੰਕਾਰ ਵਿਰੁਧ ਲਹਿਰ ਪੈਦਾ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਤਖ਼ਤ ਨੂੰ ਖ਼ਤਰਾ ਪੈਦਾ ਹੋ ਜਾਵੇ ਤਾਂ ਹੀ ਸਰਕਾਰ ਕਿਸਾਨਾ ਨਾਲ ਗਲਬਾਤ ਕਰਨ ਲਈ ਅੱਗੇ ਆਵੇਗੀ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਪਰਜਾਤੰਤਰ ਵਿਚ ਕੋਈ ਵੀ ਸਮੱਸਿਆ ਸੰਬਾਦ ਨਾਲ ਹੀ ਹਲ ਕੀਤੀ ਜਾ ਸਕਦੀ ਹੈ। ਇਹ ਵੀ ਧਿਆਨ ਰੱਖਣਾ ਕਿ ਸੰਬਾਦ ਕਰਨ ਵਾਲੇ ਕਿਤੇ ਤੁਹਾਡੇ ਹਿਤਾਂ ਨੂੰ ਹੀ ਵੇਚ ਨਾ ਜਾਣ। ਬਰਗਾੜੀ ਮੋਰਚੇ ਨੂੰ ਫੇਲ੍ਹ ਕਰਨ ਲਈ ਸਿਆਸੀ ਪਾਰਟੀਆਂ ਨੇ ਬਰਾਬਰ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਹ ਬਿਲਕੁਲ ਠੀਕ ਹੈ ਕਿ ਕਿਸਾਨਾ ਵਿਚ ਗੁੱਸੇ ਤੇ ਵਿਦਰੋਹ ਦੀ ਲਹਿਰ ਚਲੀ ਹੋਈ ਹੈ ਪ੍ਰੰਤੂ ਅਜਿਹੇ ਮੌਕੇ ਤੇ ਸੰਜੀਦਗੀ ਦੀ ਵੀ ਲੋੜ ਹੁੰਦੀ ਹੈ। ਗੱਲਬਾਤ ਦਾ ਰਸਤਾ ਜਰੂਰ ਲੱਭਿਆ ਜਾਵੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਕੱਚੀ ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ - ਉਜਾਗਰ ਸਿੰਘ

ਹਰਸਿਮਰਤ ਕੌਰ ਬਾਦਲ ਨੇ ਭਾਵੇਂ ਕੇਂਦਰੀ ਮੰਤਰੀ ਮੰਡਲ ਚੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ ਹੈ ਪ੍ਰੰਤੂ ਕਿਸਾਨਾ ਵਿਚ ਉਨ੍ਹਾਂ ਪ੍ਰਤੀ ਅਜੇ ਵੀ ਵਿਦਰੋਹ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨ ਇਸ ਅਸਤੀਫੇ ਨੂੰ ਡਰਾਮੇਬਾਜ਼ੀ ਕਹਿ ਰਹੇ ਹਨ। ਸਿਆਸਤ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਲੋਕ ਹਿਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਤਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਕਰਕੇ ਦੂਜੀ ਵਾਰ ਸਰਕਾਰ ਬਣਾ ਲਈ ਹੈ। ਉਸ ਸਰਕਾਰ ਵਿਚ ਪੰਜਾਬ ਦੀ ਧਾਰਮਿਕ ਪਾਰਟੀ ਸ਼ਰੋਮਣੀ ਅਕਾਲੀ ਦਲ ਵੀ ਹਿੱਸੇਦਾਰ ਹੈ। ਦੋਵੇਂ ਧਾਰਮਿਕ ਪਾਰਟੀਆਂ ਹੋਣ ਕਰਕੇ ਕੁਦਰਤੀ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵਖਰੇਵਾਂ ਅਤੇ ਟਕਰਾਓ ਹੋਵੇਗਾ ਪ੍ਰੰਤੂ ਰਾਜਨੀਤੀ ਅਜਿਹਾ ਕਾਰੋਬਾਰ ਹੈ, ਇਸ ਵਿਚ ਨਿੱਜੀ ਹਿਤਾਂ ਦੀ ਪੂਰਤੀ ਲਈ ਰਾਜ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਅਜਿਹੇ ਫੈਸਲੇ ਕਰ ਰਹੀ ਸੀ, ਜਿਹੜੇ ਅਕਾਲੀ ਦਲ ਦੇ ਫੈਡਰਲ ਢਾਂਚੇ ਦੀ ਨੀਤੀ ਅਤੇ ਘੱਟ ਗਿਣਤੀਆਂ ਦੇ ਉਲਟ ਸਨ। ਪ੍ਰੰਤੂ ਅਕਾਲੀ ਦਲ ਬਾਦਲ ਪਰਿਵਾਰ ਦੀ ਨੂੰਹ  ਦੀ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਚੁੱਪ ਕਰਕੇ ਸਹਿੰਦਾ ਰਿਹਾ। ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ 10 ਸਾਲ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੀ ਲਗਾਤਾਰ ਅਗਵਾਈ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਮਿਲਦੇ ਸਨ ਤਾਂ ਹਮੇਸ਼ਾ ਉਨ੍ਹਾਂ ਦੇ ਪੈਰਾਂ ਨੂੰ ਛੂੰਹਦੇ ਸਨ। ਬਾਦਲ ਸਾਹਿਬ ਨੂੰ ਪਤਾ ਨਹੀਂ ਕਿਉਂ ਲਾਲ ਕ੍ਰਿਸ਼ਨ ਅਡਵਾਨੀ ਦਾ ਧਿਆਨ ਨਹੀਂ ਆਇਆ ਕਿ ਉਹਦੇ ਵੀ ਮੋਦੀ ਸਾਹਿਬ ਪੈਰੀਂ ਹੱਥ ਲਾਉਂਦੇ ਸਨ। ਵਿਚਾਰਾ ਪੈਰੀਂ ਹੱਥ ਲਵਾਕੇ ਪਛਤਾ ਰਿਹਾ। ਜਦੋਂ ਮੋਦੀ ਸਾਹਿਬ ਕੋਈ ਸਿਆਸੀ ਫੈਸਲਾ ਕਰਦੇ ਹਨ ਤਾਂ ਉਹ ਅਕਾਲੀ ਦਲ ਦੀ ਸੁਣ ਤਾਂ ਲੈਂਦੇ ਸਨ ਪ੍ਰੰਤੂ ਕਰਦੇ ਆਪਣੀ ਮਨ ਮਰਜ਼ੀ ਹਨ।  ਕਹਿਣ ਤੋਂ ਭਾਵ ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੁੰਦਾ ਸੀ। ਇਕ ਗੱਲ ਪ੍ਰਧਾਨ ਮੰਤਰੀ ਨੇ ਬਾਦਲ ਸਾਹਿਬ ਦੀ ਜ਼ਰੂਰ ਮੰਨੀ ਸੀ ਕਿ ਉਨ੍ਹਾਂ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤਜਰਬੇਕਾਰ ਸੁਖਦੇਵ ਸਿੰਘ ਢੀਂਡਸਾ,  ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੂੰ ਅਣਡਿਠ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਸੀ।  ਪਰਕਾਸ਼ ਸਿੰਘ ਬਾਦਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸੰਬੰਧਾਂ ਨੂੰ ਨਹੁੰ ਮਾਸ ਦੇ ਰਿਸ਼ਤੇ ਦਾ ਦਾਅਵਾ ਕਰਦੇ ਸਨ ਪ੍ਰੰਤੂ ਇਸ ਰਿਸ਼ਤੇ ਵਿਚ ਵੀ ਦਰਾੜ ਪੈ ਗਈ ਹੈ। ਨਹੁੰ ਮਾਸ ਨਾਲੋਂ ਵੱਖਰਾ ਹੋ ਗਿਆ ਹੈ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਇਕ ਕਿਸਮ ਨਾਲ ਮਜ਼ਬੂਰੀ ਬਣ ਗਿਆ ਸੀ। ਉਨ੍ਹਾਂ ਨੂੰ ਬੇਬਸੀ ਵਿਚ ਕੁਰਸੀ ਛੱਡਣੀ ਪਈ ਹੈ। ਪੰਜਾਬੀ ਦੀ ਇਕ ਕਹਾਵਤ ਹੈ 'ਮਰਦੀ ਕੀ ਨਹੀਂ ਕਰਦੀ' ਬਿਲਕੁਲ ਉਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਰਦੀ ਨੇ ਅੱਕ ਚੱਬਿਆ ਹੈ। ਜਦੋਂ ਗੱਦੀ ਬਚਾਉਣ ਦੇ ਸਾਰੇ ਹੀਲੇ ਖ਼ਤਮ ਹੋ ਗਏ ਫਿਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਤ ਤਿੰਨ ਬਿਲਾਂ ਦਾ ਸੰਸਦ ਵਿਚ ਪੇਸ਼ ਕਰਨਾ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਸੀ। ਇਥੋਂ ਤੱਕ ਕਿ ਬਾਦਲ ਅਕਾਲੀ ਦਲ ਦੇ ਅਸਤਿਤਵ ਲਈ ਖ਼ਤਰਾ ਖੜ੍ਹਾ ਹੋ ਗਿਆ ਸੀ। ਅਕਾਲੀ ਦਲ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਬੇਅਦਬੀ ਅਤੇ ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮਾਫੀ ਦਿਵਾਉਣ ਕਰਕੇ ਆਪਣਾ ਜਨ ਆਧਾਰ ਗੁਆ ਚੁੱਕਾ ਸੀ। ਇਕ ਕਿਸਮ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਸੀ। ਜਿਸ ਕਰਕੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਹਿਲੀ ਵਾਰ ਅਕਾਲੀ ਦਲ ਵਿਰੋਧੀ ਧਿਰ ਦਾ ਲੀਡਰ ਬਣਾਉਣ ਵਿਚ ਵੀ ਅਸਫਲ ਰਿਹਾ ਹੈ। ਸਿਰਫ ਵਿਧਾਨ ਸਭਾ ਦੀਆਂ 14 ਸੀਟਾਂ ਜਿੱਤ ਸਕਿਆ ਸੀ। ਲੋਕ ਸਭਾ ਦੀਆਂ ਮਈ 2019 ਦੀਆਂ ਚੋਣਾਂ ਵਿਚ ਸਿਰਫ ਦੋ ਸੀਟਾਂ ਉਹ ਵੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕੇ ਸਨ। ਭਾਵੇਂ ਕੇਂਦਰ ਸਰਕਾਰ ਦੇ ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ, ਨਾਗਰਿਕ ਸੋਧ ਐਕਟ ਬਣਾਉਣ, ਬਿਜਲੀ ਸੋਧ ਕਾਨੂੰਨ ਬਣਾਉਣ, ਘੱਟ ਗਿਣਤੀਆਂ ਦੇ ਵਿਰੁਧ ਫੈਸਲੇ ਕਰਨ ਅਤੇ ਹੋਰ ਬਹੁਤ ਸਾਰੇ ਵਾਦਵਿਵਾਦ ਵਾਲੇ ਫੈਸਲਿਆਂ ਕਰਕੇ ਅਕਾਲੀ ਦਲ ਦਾ ਯੋਗਦਾਨ ਪੰਜਾਬੀਆਂ ਅਤੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਸੀ। ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਰਿਹਾ ਸੀ। ਅਕਾਲੀ ਦਲ ਅੰਦਰੋ ਅੰਦਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਸਮੁਦਾਏ ਵਿਚੋਂ ਰਾਸ਼ਟਰੀ ਸਿੱਖ ਸੰਗਤ ਬਣਾਕੇ ਸੰਨ੍ਹ ਲਗਾਉਣ ਉਪਰ ਵੀ ਨਰਾਜ ਸੀ। ਛੋਟੇ ਮੋਟੇ ਅਕਾਲੀ ਨੇਤਾ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਜਾ ਰਹੇ ਸਨ, ਵੱਡੇ ਨੇਤਾਵਾਂ ਤੇ ਵੀ ਭਾਰਤੀ ਜਨਤਾ ਪਾਰਟੀ ਡੋਰੇ ਪਾ ਰਹੀ ਸੀ, ਕੁਝ ਸੀਨੀਅਰ ਨੇਤਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਸਨ। ਅਕਾਲੀ ਦਲ ਫੈਡਰਲ ਢਾਂਚੇ ਦਾ ਮੁਦਈ ਕਹਾਉਂਦਾ ਹੈ ਅਤੇ ਹੁਣ ਤੱਕ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਅੰਦੋਲਨ ਕਰਦਾ ਰਿਹਾ ਹੈ। ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਫੈਡਰਲ ਢਾਂਚੇ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਰਹੇ ਹਨ। ਜਿਸ ਕਰਕੇ ਅਕਾਲੀ ਦਲ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਹੋਈ ਸੀ। ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸਿੱਖਾਂ ਅਤੇ ਕਿਸਾਨਾ ਦੀ ਨੁਮਾਇੰਦਾ ਪਾਰਟੀ ਕਹਾਉਂਦਾ ਸੀ। ਉਹ ਦੋਹਾਂ ਸਮੁਦਾਏ ਵਿਚ ਆਪਣਾ ਆਧਾਰ ਗੁਆ ਚੁੱਕਾ ਸੀ। ਸਿੱਖਾਂ ਵਿਚ ਅਕਾਲੀ ਦਲ ਵਿਰੁਧ ਰੋਹ ਇਸ ਗੱਲ ਕਰਕੇ ਵੀ ਹੈ ਕਿ ਅਕਾਲੀ ਦਲ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਸੀ ਬੀ ਆਈ ਤੋਂ ਬੰਦ ਕਰਵਾਉਣਾ ਆਪਣੇ ਪੈਰੀਂ ਕੁਹਾੜੀ ਮਾਰਨ ਦੇ ਬਰਾਬਰ ਸੀ। ਇਥੇ ਹੀ ਬਸ ਨਹੀਂ ਨਸ਼ਿਆਂ ਦੀ ਪੜਤਾਲ ਕਰ ਰਹੇ ਈ ਡੀ ਦੇ ਅਧਿਕਾਰੀ ਨਰਿੰਜਣ ਸਿੰਘ ਦੀ ਬਦਲੀ ਕਰਵਾਉਣਾ ਵੀ ਅਕਾਲੀ ਦਲ ਨੂੰ ਪੁੱਠਾ ਪਿਆ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਜਿਹੜਾ ਪੰਜ ਵਾਰ ਪੰਜਾਬ ਦਾ ਮੁਖ ਮੰਤਰੀ ਰਿਹਾ ਹੋਵੇ ਤੇ ਸਿਆਸਤ ਦਾ ਬਾਬਾ ਬੋਹੜ ਕਰਕੇ ਜਾਣਿਆਂ ਜਾਂਦਾ ਹੋਵੇ, ਉਹ ਆਰਡੀਨੈਂਸਾਂ ਨੂੰ ਜਾਇਜ ਠਹਿਰਾਉਣ ਲਈ ਪਿਛਲੇ ਤਿੰਨ ਮਹੀਨੇ ਲਗਾਤਾਰ ਦਲੀਲਾਂ ਦਿੰਦਾ ਰਿਹਾ। ਜਾਣੀ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਜ਼ਾਇਜ ਠਹਿਰਾਉਣ ਲਈ ਬਾਦਲ ਪਰਿਵਾਰ ਨੇ ਆਪਣੀ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਵੱਲੋਂ ਇਨ੍ਹਾਂ ਬਿਲਾਂ ਦੀ ਸਪੋਰਟ ਨਾ ਕਰਨ ਬਾਰੇ ਦਿੱਤੀ ਸਲਾਹ ਨੂੰ ਵੀ ਨਹੀਂ ਮੰਨਿਆਂ। ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਦੀ ਚਿੱਠੀ ਲਿਆਕੇ ਇਨ੍ਹਾਂ ਬਿਲਾਂ ਨੂੰ ਸਹੀ ਕਹਿ ਰਿਹਾ ਸੀ। ਜਦੋਂ ਕਿ ਪੰਜਾਬ ਦਾ ਹਰ ਬੱਚਾ ਬੱਚਾ, ਜਿਹੜਾ ਮਾੜੀ ਮੋਟੀ ਸਿਆਸੀ ਸੂਝ ਬੂਝ ਰੱਖਦਾ ਸੀ, ਉਹ ਮਹਿਸੂਸ ਕਰ ਰਿਹਾ ਸੀ ਇਹ ਆਰਡੀਨੈਂਸ ਪੰਜਾਬ ਦੀ ਇਕੱਲੀ ਕਿਸਾਨੀ ਨੂੰ ਹੀ ਨਹੀਂ ਸਗੋਂ ਕਿਸਾਨੀ ਉਪਰ ਨਿਰਭਰ ਮਜ਼ਦੂਰਾਂ, ਛੋਟੇ ਤੇ ਦਰਮਿਆਨੇ ਵਿਓਪਾਰੀਆਂ ਜਿਹੜੇ ਖੇਤੀ ਨਾਲ ਸੰਬੰਧਤ ਹਨ ਦਾ ਵੀ ਸਤਿਆਨਾਸ ਕਰ ਦੇਣਗੇ। ਪੰਜਾਬ ਦੀ ਆਰਥਿਕਤਾ ਕਿਸਾਨੀ ਉਪਰ ਨਿਰਭਰ ਕਰਦੀ ਹੈ , ਉਹ ਤਬਾਹ ਹੋ ਜਾਵੇਗੀ। ਇਸਦਾ ਅਸਰ ਸਾਰੇ ਪੰਜਾਬੀਆਂ ਤੇ ਵੀ ਪਵੇਗਾ। ਪ੍ਰੰਤੂ ਬਾਦਲ ਪਰਿਵਾਰ ਨੇ ਮੈਂ ਨਾ ਮਾਨੂੰ ਦੀ ਰਟ ਲਗਾਈ ਰੱਖੀ। ਬਾਦਲ ਪਰਿਵਾਰ ਨੂੰ ਉਦੋਂ ਵੀ ਹੈਰਾਨੀ ਹੋਈ ਸੀ, ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਾ ਖਿਤਾਬ ਦਿੱਤਾ ਸੀ। ਹਰਿਆਣਾ ਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੇ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਸਮਝੌਤਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮਝ  ਲੈਣਾ ਚਾਹੀਦਾ ਸੀ ਕਿ ਅਕਾਲੀ ਦਲ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਫਿਰ ਵੀ ਉਹ ਭਾਰਤੀ ਜਨਤਾ ਪਾਰਟੀ ਨਾਲ ਚਿੰਬੜੇ ਰਹੇ। ਬਾਦਲ ਪਰਿਵਾਰ ਸੁਖਦੇਵ ਸਿੰਘ ਢੀਂਡਸਾ ਦੀ ਵਧਦੀ ਲੋਕਪ੍ਰਿਅਤਾ ਤੋਂ ਵੀ ਘਬਰਾਇਆ ਹੋਇਆ ਸੀ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਢੀਂਡਸਾ ਅਕਾਲੀ ਦਲ ਦਾ ਭੂਤ ਬਾਦਲ ਪਰਿਵਾਰ ਨੂੰ ਸੁਪਨੇ ਵਿਚ ਵੀ ਡਰਾ ਰਿਹਾ ਸੀ ਕਿਉਂਕਿ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਈ ਜਾ ਰਹੇ ਸਨ।  ਇਸ ਸਿਆਸੀ ਘਬਰਾਹਟ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਖੇਤੀਬਾੜੀ ਨਾਲ ਸੰਬੰਧਤ ਤਿੰਨੋ ਬਿਲਾਂ ਨੇ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿਲਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਅੰਦੋਲਨ ਦਾ ਸਾਥ ਦੇ ਰਹੀਆਂ ਹਨ। ਅਕਾਲੀ ਦਲ ਬਾਦਲ ਅਲੱਗ ਥਲੱਗ ਹੋ ਗਿਆ ਸੀ। ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਕਿ ਜੇਕਰ ਅਜਿਹੇ ਨਾਜ਼ਕ ਸਮੇਂ ਵੀ ਆਪਣੇ ਨੁਮਾਇੰਦੇ ਤੋਂ ਅਸਤੀਫਾ ਨਾ ਦਵਾਇਆ ਤਾਂ ਉਹ ਪੰਜਾਬ ਵਿਚ ਸਿਆਸੀ ਤੌਰ ਤੇ ਖ਼ਤਮ ਹੋ ਜਾਵੇਗਾ। ਇਸ ਸਮੇਂ ਇਨ੍ਹਾਂ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲਾਭ ਲੈਣ ਲਈ ਵਰਤ ਰਹੀਆਂ ਹਨ। ਜੇਕਰ ਹਰਸਿਮਰਤ ਕੌਰ ਬਾਦਲ ਤੋਂ ਅਕਾਲੀ ਦਲ ਅਸਤੀਫਾ ਨਾ ਦਵਾਉਂਦਾ ਤਾਂ ਉਸਦਾ ਹਸ਼ਰ ਮਾੜਾ ਹੋਣਾ ਸੀ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਆਪਣੇ ਖ਼ਤਮ ਹੋਏ ਅਕਸ ਨੂੰ ਵਿਰਾਮ ਦੇਣ ਦੀ ਕੋਸਿਸ਼ ਕੀਤੀ ਹੈ।
        ਭਾਰਤੀ ਜਨਤਾ ਪਾਰਟੀ ਦਾ ਖੇਤੀ ਕਾਨੂੰਨ ਬਣਾਉਣਾ ਸੋਚ ਸਮਝਕੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਫੈਸਲਾ ਹੈ। ਕਿਉਂਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਹੀ ਬਹੁਤਾ ਆਧਾਰ ਨਹੀਂ। ਦੇਸ ਦੇ ਬਾਕੀ ਰਾਜਾਂ ਵਿਚ ਖੇਤੀਬਾੜੀ ਦਾ ਕੰਮ ਬਹੁਤਾ ਨਹੀਂ ਹੈ ਪ੍ਰੰਤੂ ਵੋਟਾਂ ਜ਼ਿਆਦਾ ਹਨ। ਬਾਕੀ ਰਾਜਾਂ ਤੋਂ ਵੋਟਾਂ ਦੇ ਲਾਭ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਐਮ ਐਸ ਪੀ ਸਿਰਫ ਪੰਜਾਬ ਤੇ ਹਰਿਆਣਾ ਨੂੰ ਹੀ ਮਿਲਦੀ ਹੈ। ਬਾਕੀ ਰਾਜਾਂ ਨੂੰ ਕੋਈ ਫਰਕ ਨਹੀਂ ਪੈਣਾ। ਜੇਕਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗਠਜੋੜ ਨਾ ਤੋੜਿਆ ਤਾਂ ਵੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਵਜਦੀ ਰਹੇਗੀ ਕਿਉਂਕਿ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਨਿਰਾਸ਼ਤਾ ਪੈਦਾ ਕਰ ਦਿੱਤੀ ਹੈ। ਭਾਵੇਂ ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਉਹ ਪੰਜਾਬ ਵਿਚ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀਆਂ। ਇਸ ਘਟਨਾ ਕਰਮ ਤੋਂ ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਹੁਣ ਅਕਾਲੀ ਦਲ ਲੋਕਾਂ ਵਿਚ ਜਾਣ ਜੋਗਾ ਹੋ ਗਿਆ ਹੈ ਪ੍ਰੰਤੂ ਉਹ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਵੇਗਾ। ਭਾਵੇਂ ਅਜੇ ਪੰਜਾਬ  ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕ ਸਾਲ ਤੋਂ ਵੱਧ ਦਾ ਸਮਾ ਹੈ ਪ੍ਰੰਤੂ ਅਜ ਦਿਨ ਕਿਸੇ ਪਾਰਟੀ ਨੂੰ ਵੀ ਬਹੁਮਤ ਆਉਣ ਦੀ ਉਮੀਦ ਨਹੀਂ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Converted from Satluj to Unicode
©2020 Aglsoft - Disclaimer - Feedback

ਭੋਗ ਤੇ ਵਿਸੇਸ਼ 20 ਸਤੰਬਰ  : ਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ  -  ਉਜਾਗਰ ਸਿੰਘ

ਦੀਨ ਦੁਖੀਆਂ, ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਦੀ ਸਹਾਇਤਾ ਕਰਨ ਦੀ ਗੁੜ੍ਹਤੀ ਦਵਿੰਦਰ ਕੌਰ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲੀ ਸੀ। ਵਿਆਹ ਤੋਂ ਬਾਅਦ ઠਉਸਦੇ ਸਹੁਰਿਆਂ ਦਾ ਪਰਿਵਾਰ ਵੀ ਸਿਆਸੀ ਅਤੇ ਸਮਾਜ ਸੇਵਾ ਕਰਨ ਵਾਲਾ ਸੀ, ਜਿਸ ਕਰਕੇ ਉਸਦੀ ਸਮਾਜ ਸੇਵਾ ਦੀ ਪ੍ਰਵਿਰਤੀ ਲਗਾਤਾਰ ਜ਼ਾਰੀ ਰਹੀ। ਉਨ੍ਹਾਂ ਦਾ ਪੇਕਾ ਪਰਿਵਾਰ ਦੇਸ ਭਗਤ ਅਤੇ ਸੁਤੰਤਰਤਾ ਸੰਗਰਾਮੀ ਸੀ। ਜਿਸ ਕਰਕੇ ਦੇਸ ਭਗਤੀ ਅਤੇ ਸਮਾਜ ਸੇਵਾ ਦੀ ਚਿਣਗ ਉਨ੍ਹਾਂ ਨੂੰ ਬਚਪਨ ਵਿਚ ਹੀ ਲੱਗ ਗਈ ਸੀ। ਜਦੋਂ ਉਹ ਗਰਲਜ਼ ਕਾਲਜ ਸਿਧਵਾਂ ਕਲਾਂ ਵਿਚ ਪੜ੍ਹ ਰਹੇ ਸਨ ਤਾਂ ਐਨ ਐਸ ਐਸ ਨਾਲ ਜੁੜ ਗਏ, ਜਿਥੋਂ ਉਨ੍ਹਾਂ ਵਿਚ ਸਮਾਜ ਸੇਵਾ ਕਰਨ ਦੀ ਰੁਚੀ ਨੂੰ ਹੋਰ ਬਲ ਮਿਲਿਆ। ਪੜ੍ਹਿਆ ਲਿਖਿਆ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਸਮਾਜਿਕ ਸਰਗਰਮੀਆਂ ਵਿਚ ਵਿਚਰਣ ਦੀ ਪੂਰੀ ਖੁਲ੍ਹ ਸੀ। ਉਨ੍ਹਾਂ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕੰਮ ਸੀ, ਜਿਸ ਕਰਕੇ ਗਰੀਬਾਂ ਦੀ ਮਦਦ ਕਰਨ ਲਈ ਕਦੀ ਆਰਥਕ ਸਮੱਸਿਆ ਨਹੀਂ ਆਈ। ਦਾਖਾ ਪਿੰਡ ਤੋਂ ਜਦੋਂ ਉਨ੍ਹਾਂ ਸਿਧਾਰ ਕਾਲਜ ਵਿਚ ਦਾਖ਼ਲ ਲਿਆ ਤਾਂ ਉਥੇ ਜਾਣ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਪਿੰਡ ਅਤੇ ਇਲਾਕੇ ਦੀਆਂ ਲੜਕੀਆਂ ਲਈ ਸਮੱਸਿਆ ਪੈਦਾ ਹੋ ਗਈ ਤਾਂ ਦਵਿੰਦਰ ਕੌਰ ਨੇ ਆਪਣੇ ਪਿਤਾ ਨੂੰ ਕਹਿਕੇ ਲੜਕੀਆਂ ਨੂੰ ਕਾਲਜ ਲੈ ਕੇ ਅਤੇ ਵਾਪਸ ਲਿਆਉਣ ਲਈ ਪਰਿਵਾਰ ਦੀ ਬਸ ਦਾ ਇੰਤਜ਼ਾਮ ਕਰਵਾਇਆ ਅਤੇ ਲੜਕੀਆਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਸੀ। ઠਉਨ੍ਹਾਂ ਗ੍ਰੈਜੂਏਸ਼ਨ ਗਰਲਜ਼ ਕਾਲਜ ਸਿਧਵਾਂ ਕਲਾਂ ਤੋਂ ਪਾਸ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਉਨ੍ਹਾਂ ਗਰੀਬ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਵਿਆਹ ਲੁਧਿਆਣਾ ਜਿਲ੍ਹੇ ਦੇ ਬਿਲਾਸਪੁਰ ਪਿੰਡ ਦੇ ਸਮਾਜ ਸੇਵਕ ਅਤੇ ਸਿਆਸਤਦਾਨ ਪਰਿਵਾਰ ਵਿਚ ਸ੍ਰ. ਤੇਜ ਪ੍ਰਕਾਸ਼ ઠਸਿੰਘ ਸਪੁਤਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ 1969 ਵਿਚ ਹੋਇਆ। ਸਹੁਰੇ ਪਰਿਵਾਰ ਵਿਚ ਆ ਕੇ ਵੀ ਉਨ੍ਹਾਂ ਆਪਣਾ ਸਮਾਜ ਸੇਵਾ ਦਾ ਕੰਮ ਪਰਿਵਾਰ ਦੀ ਵੇਖ ਭਾਲ ਦੇ ਨਾਲ ਹੀ ਕਰਨਾ ਜ਼ਾਰੀ ਰੱਖਿਆ। ਜਦੋਂ ਸ੍ਰ ਤੇਜ ਪ੍ਰਕਾਸ਼ ਸਿੰਘ ਮੰਤਰੀ ਸਨ ਤਾਂ ਆਪ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਉਨ੍ਹਾਂ ਦੀ ਇਕ ਖ਼ੂਬੀ ਇਹ ਵੀ ਸੀ ਕਿ ਉਹ ਸਮਾਜ ਸੇਵਾ ਚੁੱਪ ਚੁਪੀਤੇ ਕਰਦੇ ਰਹਿੰਦੇ ਸਨ। ਉਨ੍ਹਾ ਦਾ ਵੱਡਾ ਲੜਕਾ ਗੁਰਕੀਰਤ ਸਿੰਘ ਕੋਟਲੀ ਖੰਨਾ ਤੋਂ ਵਿਧਾਨਕਾਰ ਹੈ ਅਤੇ ਸਰਬ ਭਾਰਤੀ ਕਾਂਗਰਸ ਦਾ ਸੰਯੁਕਤ ਸਕੱਤਰ ਹੈ। ਛੋਟਾ ਲੜਕਾ ਹਰਕੀਰਤ ਸਿੰਘ ਜੋ ਕੋਟਲਾ ਅਫਗਾਨਾ ਪਿੰਡ ਦਾ ਸਰਪੰਚ ਸੀ ਸਵਰਗ ਸਿਧਾਰ ਗਿਆ ਸੀ।
        ਦਵਿੰਦਰ ਕੌਰ ਦਾ ਜਨਮ 1 ਫਰਵਰੀ 1950 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਦਾਖਾ ਵਿਖੇ ਮਾਤਾ ਸ਼੍ਰੀਮਤੀ ਕੁਲਵੰਤ ਕੌਰ ਅਤੇ ਪਿਤਾ ਸਰਦਾਰ ਲਛਮਣ ਸਿੰਘ ਸੇਖੋਂ ਦੇ ਘਰ ਹੋਇਆ। ਮੁਲਾਂਪੁਰ ਅੱਡਾ ਵੀ ਲਛਮਣ ਸਿੰਘ ਸੇਖੋਂ ਦਾ ਹੀ ਵਸਾਇਆ ਹੋਇਆ ਹੈ। ਲਛਮਣ ਸਿੰਘ ਸੇਖੋਂ ਸੁਤੰਤਰਤਾ ਸੰਗਰਾਮੀਏ ਸਨ, ਜਿਨ੍ਹਾਂ ਫੌਜ ਵਿਚ ਨੌਕਰੀ ਕੀਤੀ। ਫੌਜ ਦੀ ਨੌਕਰੀ ਦੌਰਾਨ ਹੀ ਉਨ੍ਹਾਂ ਦੇ ਮਨ ਨੂੰ ਅੰਗਰੇਜਾਂ ਦੇ ਵਿਵਹਾਰ ਤੋਂ ਠੇਸ ਲੱਗੀ ਅਤੇ ਉਨ੍ਹਾਂ ਫੌਜ ਵਿਚ ਹੀ ਬਗਾਬਤ ਕਰ ਦਿੱਤੀ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵਿਚ ਜਾਣ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਕਰਕੇ ਪਹਿਲਾਂ ਆਪ ਦਾ ਕੋਰਟ ਮਾਰਸ਼ਲ ਕੀਤਾ ਅਤੇ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਪ੍ਰੰਤੂ ਕੁਝ ਸਮੇਂ ਬਾਅਦ ਇਹ ਸਜ਼ਾ 15 ਸਾਲ ਦੀ ਕੈਦ ਵਿਚ ਬਦਲ ਗਈ। ਅੰਡੇਮਾਨ ਵਿਖੇ ਉਨ੍ਹਾਂ ਨੂੰ ਰੱਖਿਆ ਗਿਆ ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਦਵਿੰਦਰ ਕੌਰ ਕੋਟਲੀ 70 ਸਾਲ ਦੀ ਉਮਰ ਭੋਗ ਕੇ ਲੰਬੀ ਬਿਮਾਰੀ ਤੋਂ ਬਾਅਦ 16 ਸਤੰਬਰ ਨੂੰ ਪੀ ਜੀ ਆਈ ਵਿਚ ਸਵਰਗ ਸਿਧਾਰ ਗਏ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡਪਾਠ ਦਾ ਭੋਗ ਅਤੇ ਅੰਤਮ ਅਰਦਾਸ 20 ਸਤੰਬਰ ਨੂੰ ਹੋਵੇਗੀ। ਦੋਸਤਾਂ ਮਿਤਰਾਂ ਅਤੇ ਪਰਿਵਾਰ ਦੇ ਨਜ਼ਦੀਕੀਆਂ ਨੂੰ ਬੇਨਤੀ ਹੈ ਕਿ ਉਹ ਕੋਵਿਡ-19 ਸੰਬੰਧੀ ਸਰਕਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੇ ਘਰਾਂ ਵਿਚ ਹੀ ਅਰਦਾਸ ਕਰਨ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਪਹੁੰਚਣ ਦੀ ਖੇਚਲ ਨਾ ਕਰਨ।

 ਕਾਂਗਰਸ ਦੇ ਨਵੇਂ ਅਹੁਦੇਦਾਰ : ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ ਪਟੜਾ - ਉਜਾਗਰ ਸਿੰਘ

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸੋਨੀਆਂ ਗਾਂਧੀ ਨੂੰ ਪਾਰਟੀ ਦੀ ਬਿਹਤਰੀ ਲਈ ਦਿੱਤੇ ਸੁਝਾਵਾਂ ਵਾਲਾ ਲਿਖਿਆ ''ਲੈਟਰ ਬੰਬ'' ਵੀ ਠੁਸ ਹੋ ਗਿਆ ਲਗਦਾ ਹੈ। ਇਕ ਗੱਲ ਤਾਂ ਸਾਫ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਪਰਜਾਤੰਤਰ ਨਾਂ ਦੀ ਕੋਈ ਚੀਜ਼ ਮੌਜੂਦ ਹੀ ਨਹੀਂ। ਲੈਟਰ ਬੰਬ ਤੋਂ ਬਾਅਦ ਨਵੀਂ ਸਫਬੰਦੀ ਰੋਕਣ ਲਈ ਸੋਨੀਆਂ ਗਾਂਧੀ ਨੇ ਐਸਾ ਧੋਬੀ ਪਟੜਾ ਮਾਰਿਆ ਕਿ ਲੈਟਰ ਤੇ ਦਸਖ਼ਤ ਕਰਨ ਵਾਲੇ ਨੇਤਾਵਾਂ ਵਿਚ ਫੁੱਟ ਪਾਉਣ ਦੇ ਇਰਾਦੇ ਨਾਲ ਚੋਣਵੇਂ ਨੇਤਾਵਾਂ ਨੂੰ ਨਵੀਂ ਵਰਕਿੰਗ ਕਮੇਟੀ ਦੀ ਮੈਂਬਰੀ ਅਤੇ ਅਹੁਦੇਦਾਰੀਆਂ ਦੇ ਦਿੱਤੀਆਂ। ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਤੋਂ ਤਾਂ ਹਟਾ ਦਿੱਤਾ ਗਿਆ ਪ੍ਰੰਤੂ ਮੁਕਲ ਵਾਸਨਿਕ ਨੂੰ ਜਨਰਲ ਸਕੱਤਰ ਬਣਾ ਦਿੱਤਾ। ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੂੰ ਵਰਕਿੰਗ ਕਮੇਟੀ ਵਿਚ ਰੱਖ ਲਿਆ ਹੈ। ਗੁਲਾਮ ਨਬੀ ਆਜ਼ਾਦ ਨਾਲ ਤਾਂ ਅਜਿਹੀ ਕੀਤੀ ਕਿ ਨਾ ਹਸਣ ਜੋਗਾ ਛੱਡਿਆ ਅਤੇ ਨਾ ਹੀ ਰੋਣ ਜੋਗਾ। ਰਾਜੀਵ ਸ਼ੁਕਲਾ ਅਤੇ ਜਤਿਨ ਪ੍ਰਸਾਦ ਨੂੰ ਰਾਜਾਂ ਦੇ ਇਨਚਾਰਜ ਬਣਾ ਦਿੱਤਾ ਗਿਆ ਹੈ। ਇੰਜ ਕਰਕੇ ਬਗਾਬਤ ਦੀ ਅੱਗ ਨੂੰ ਠੱਲ ਪਾਉਣ ਵਿਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪ੍ਰੰਤੂ ਫਿਲਹਾਲ ਤਾਂ ਸਾਰੇ ਚੱਪ ਕਰਾ ਦਿੱਤੇ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ, ਜਿਸਨੇ ਅਜ਼ਾਦੀ  ਦੀ ਜਦੋਜਹਿਦ ਵਿਚ ਮੋਹਰੀ ਦੀ ਭੂਮਿਕਾ ਨਿਭਾਈ ਸੀ, ਹੁਣ ਉਹ ਖ਼ਤਮ ਹੋਣ ਦੇ ਕਿਨਾਰੇ ਉਪਰ ਖੜ੍ਹੀ ਸਿਸਕੀਆਂ ਲੈ ਰਹੀ ਹੈ। 1885 ਵਿਚ ਹੋਂਦ ਵਿਚ ਆਈ 135 ਸਾਲਾ ਪਾਰਟੀ ਦੇ ਹੁਣ ਤੱਕ 61 ਪ੍ਰਧਾਨ ਰਹੇ ਹਨ। ਉਹ ਸਾਰੇ ਉਚ ਕੋਟੀ ਦੇ ਵਿਅਕਤੀ ਸਨ। ਜਿਹੜੇ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਸਨ। ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਸੁਭਾਸ ਚੰਦਰ ਬੋਸ, ਬਲਵ ਭਾਈ ਪਟੇਲ, ਰਾਜਿੰਦਰ ਪ੍ਰਸਾਦ, ਮਦਨ ਮੋਹਨ ਮਾਲਵੀਆ, ਬ੍ਰਹਮਾ ਨੰਦ ਰੈਡੀ, ਐਸ ਨਿਜਿਲਿੰਗੱਪਾ, ਦੇਵ ਕਾਂਤ ਬਰੂਆ,  ਸਰੋਜਨੀ ਨਾਇਡੂ, ਦਾਦਾ ਭਾਈ ਨਾਰੋਜੀ, ਅਬਦੁਲ ਕਲਾਮ ਆਜ਼ਾਦ, ਸੀਤਾ ਰਮਈਆ, ਕੇ ਕਾਮਰਾਜ, ਨੀਲਮ ਸੰਜੀਵਾ ਰੈਡੀ, ਇੰਦਰਾ ਗਾਂਧੀ ਅਤੇ ਜਗਜੀਵਨ ਰਾਮ ਵਰਗੇ ਉਚ ਕੋਟੀ ਦੇ ਸਿਆਸਤਦਾਨ ਸ਼ਾਮਲ ਸਨ। ਉਹ ਭਾਰਤੀ ਸਭਿਆਚਾਰ ਦੇ ਪਹਿਰੇਦਾਰ ਬਣਦੇ ਰਹੇ। ਵਰਤਮਾਨ ਸਮਾਜ ਵਿਚ ਆਈ ਗਿਰਾਵਟ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਵੀ ਵਿਖਾਈ ਦਿੰਦੀ ਹੈ। ਇਸ ਗਿਰਾਵਟ ਕਰਕੇ ਅੱਜ ਦੇ ਕਾਂਗਰਸੀ ਸਿਧਾਂਤਾਂ ਦੀ ਥਾਂ ਨਿੱਜੀ ਲਾਭ ਨੂੰ ਪਹਿਲ ਦਿੰਦੇ ਹਨ। ਉਹ ਜਿਹੜਾ ਨੇਤਾ ਉਨ੍ਹਾਂ ਦੇ ਹਿਤਾਂ ਤੇ ਪਹਿਰਾ ਦੇਵੇਗਾ, ਉਹ ਭਾਵੇਂ ਪਾਰਟੀ ਨੂੰ ਮਬੂਜ਼ਤ ਕਰਨ ਵਿਚ ਸਮਰੱਥ ਹੋਵੇ, ਭਾਵੇਂ ਨਾ ਪ੍ਰੰਤੂ ਉਸਦੀ ਮਦਦ ਲਈ ਅੱਗੇ ਆਉਣਗੇ ਕਿਉਂਕਿ ਉਨ੍ਹਾਂ ਵਾਸਤੇ ਪਾਰਟੀ ਦੇ ਸਿਧਾਂਤ ਅਤੇ ਅਕਸ ਜ਼ਰੂਰੀ ਨਹੀਂ ਸਗੋਂ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਲੋਕ ਸਭਾ, ਵਿਧਾਨ ਸਭਾਵਾਂ ਅਤੇ ਹੋਰ ਅਹੁਦਿਆਂ ਲਈ ਪਾਰਟੀ ਦੀਆਂ ਟਿਕਟਾਂ ਜ਼ਰੂਰੀ ਹਨ। ਜਿਸ ਕਰਕੇ ਪਾਰਟੀ ਦਾ ਪਤਨ ਹੋ ਰਿਹਾ ਹੈ ਅਤੇ ਧੜੇਬੰਦੀ ਪੈਦਾ ਹੁੰਦੀ ਹੈ। ਪਾਰਟੀ ਕਮਜ਼ੋਰ ਹੁੰਦੀ ਹੈ। ਕਾਂਗਰਸ ਪਾਰਟੀ ਦੇ ਪਹਿਲੇ ਪ੍ਰਧਾਨ ਵੋਮੇਸ਼ ਚੰਦਰ ਬੈਨਰਜੀ ਸਨ। 1933 ਤੱਕ  ਸੀਨੀਅਰ ਨੇਤਾ ਇਕ-ਇਕ ਸਾਲ ਲਈ ਪ੍ਰਧਾਨ ਬਣਦੇ ਰਹੇ ਅਤੇ ਕਿਸੇ ਨੇਤਾ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ।  ਉਸਤੋਂ ਬਾਅਦ ਤਾਂ ਇਕ ਤੋਂ ਵੱਧ ਵਾਰ ਵੀ ਪ੍ਰਧਾਨ ਬਣਦੇ ਰਹੇ। ਦੇਸ਼ ਦੇ ਅਜ਼ਾਦ ਹੋਣ ਤੋਂ 70 ਸਾਲ ਬਾਅਦ ਤੱਕ ਕਾਂਗਰਸ ਦੇ ਨੇਤਾ ਅਤੇ ਵਰਕਰ ਕਾਂਗਰਸੀ ਕਹਾਉਣ ਵਿਚ ਫਖ਼ਰ ਮਹਿਸੂਸ ਕਰਦੇ ਸਨ। ਕਾਂਗਰਸ ਪਾਰਟੀ ਦੇ ਇਤਿਹਾਸ ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਪਾਰਟੀ ਦੀ ਹੋਂਦ ਹੀ ਕਾਇਮ ਨਹੀਂ। ਕਈ ਵਾਰ ਉਤਰਾਅ ਝੜਾਅ ਆਏ ਪ੍ਰੰਤੂ ਮੁੜ ਘਿੜ ਖੋਤੀ ਬੋਹੜ ਥੱਲੇ ਹੀ ਆਉਂਦੀ ਰਹੀ। ਹੁਣ ਤੱਕ ਸਭ ਤੋਂ ਲੰਮਾ ਸਮਾਂ ਪ੍ਰਧਾਨ 61 ਵਿਚੋਂ 47 ਵਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰ ਹੀ ਰਹੇ ਹਨ। ਸਿਰਫ 14 ਵਾਰ ਇਸ ਪਰਿਵਾਰ ਤੋਂ ਬਾਹਰਲੇ ਪ੍ਰਧਾਨ ਰਹੇ। ਸਭ ਤੋਂ ਪਹਿਲਾਂ ਮੋਤੀ ਲਾਲ ਨਹਿਰੂ ਸਿਰਫ ਇਕ ਸਾਲ ਲਈ 1928 ਵਿਚ ਪ੍ਰਧਾਨ ਬਣੇ ਅਤੇ ਪੰਡਤ ਜਵਾਹਰ ਲਾਲ 1929, 30, 36, 37, 40, 46, 50, 52, 53 ਅਤੇ 54 ਵਿਚ ਪ੍ਰਧਾਨ ਬਣਦੇ ਰਹੇ। ਉਹ10 ਸਾਲ ਪ੍ਰਧਾਨ ਰਹੇ ਪ੍ਰੰਤੂ ਲਗਾਤਾਰ ਨਹੀਂ। ਪ੍ਰਧਾਨ ਮੰਤਰੀ ਹੁੰਦਿਆਂ ਸਿਰਫ 4 ਸਾਲ ਪ੍ਰਧਾਨ ਰਹੇ। ਸ਼੍ਰੀਮਤੀ ਇੰਦਰਾ ਗਾਂਧੀ 8 ਸਾਲ ਪ੍ਰਧਾਨ ਰਹੇ ਪ੍ਰੰਤੂ ਉਨ੍ਹਾਂ ਇਹ ਨਵੀਂ ਪਰੰਪਰਾ ਬਣਾ ਦਿੱਤੀ ਕਿ ਜਿਹੜਾ ਪ੍ਰਧਾਨ ਮੰਤਰੀ ਹੋਵੇਗਾ ਉਹੀ ਕਾਂਗਰਸ ਦਾ ਪ੍ਰਧਾਨ ਹੋਵੇਗਾ, ਜਿਹੜੀ ਰਾਜੀਵ ਗਾਂਧੀ ਅਤੇ ਨਰਸਿਮਹਾ ਰਾਓ ਤੱਕ ਜ਼ਾਰੀ ਰਹੀ। ਰਾਜੀਵ ਗਾਂਧੀ 7 ਸਾਲ ਅਤੇ ਰਾਹੁਲ ਗਾਂਧੀ ਸਿਰਫ ਦੋ ਸਾਲ ਪ੍ਰਧਾਨ ਰਿਹਾ। ਇਸ ਸਮੇਂ ਵਿਚ ਸਭ ਤੋਂ ਲੰਮਾ ਸਮਾਂ ਲਗਪਗ 20  ਸਾਲ ਸੋਨੀਆਂ ਗਾਂਧੀ ਪ੍ਰਧਾਨ ਰਹੀ ਹੈ। ਇਸ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਵਿਚ ਚਾਪਲੂਸੀ ਦਾ ਭਾਰੂ ਹੋਣਾ ਹੈ। ਪਿਛਲੇ  6 ਸਾਲਾਂ ਤੋਂ ਕਾਂਗਰਸ ਪਾਰਟੀ ਦਾ ਇਹ ਹਾਲ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਨਹੀਂ ਬਣਾ ਸਕੀ। ਦੇਸ ਦੇ ਬਹੁਤੇ ਰਾਜਾਂ ਵਿਚ ਗੈਰ ਕਾਂਗਰਸ ਸਰਕਾਰਾਂ ਹਨ। ਸੀਨੀਅਰ ਲੀਡਰਸ਼ਿਪ ਹੌਸਲਾ ਛੱਡੀ ਬੈਠੀ ਹੈ। ਤਾਜ਼ਾ ਘਟਨਾਕਰਮ ਅਨੁਸਾਰ ਕਾਂਗਰਸ ਪਾਰਟੀ ਦੇ 23 ਸੀਨੀਅਰ ਨੇਤਾਵਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਆਈ ਖੜੋਤ ਤੇ ਚਿੰਤਾ ਪ੍ਰਗਟ ਕਰਦਿਆਂ ਇਕ ਖਤ ਲਿਖਿਆ ਹੈ, ਜਿਸਨੂੰ ਲੈਟਰ ਬੰਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਵਿਚ ਕਾਂਗਰਸ ਪਾਰਟੀ ਦਾ ਵਕਾਰ ਬਹਾਲ ਕਰਨ ਲਈ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇਣ ਬਾਰੇ ਕਿਹਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾ ਜਿੱਤਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਰਜ਼ਸ਼ੀਲ ਹੋਣ ਲਈ ਖਤ ਲਿਖਿਆ ਹੈ। ਇਨ੍ਹਾਂ ਪਤਰ ਲਿਖਣ ਵਾਲੇ ਨੇਤਾਵਾਂ ਦੀ ਅਗਵਾਈ ਜਨਾਬ ਗੁਲਾਮ ਨਬੀ ਆਜ਼ਾਦ ਕਰ ਰਹੇ ਹਨ। ਲੈਟਰ ਬੰਬ ਤੇ ਦਸਤਖਤ ਕਰਨ ਵਾਲਿਆਂ ਵਿਚ ਭੁਪਿੰਦਰ ਸਿੰਘ ਹੁਡਾ, ਰਾਜਿੰਦਰ ਕੌਰ ਭੱਠਲ, (ਦੋਵੇਂ ਸਾਬਕਾ ਮੁੱਖ ਮੰਤਰੀ), ਕਪਿਲ ਸਿਬਲ, ਆਨੰਦ ਸ਼ਰਮਾ, ਸ਼ੱਸ਼ੀ ਥਰੂਰ, ਵੀਰੱਪਾ ਮੋਇਲੀ, ਮੁਕਲ ਵਾਸਨਿਕ, ਮਨੀ ਸ਼ੰਕਰ ਅਈਅਰ, ਰਾਜੀਵ ਸ਼ੁਕਲਾ, ਜਤਿਨ ਪ੍ਰਸ਼ਾਦ, ਮੁਨੀਸ਼ ਤਿਵਾੜੀ,  ਰਾਜ ਬੱਬਰ, ਸੰਦੀਪ ਦੀਕਸ਼ਤ, ਪੀ ਜੇ ਕੁਰੀਅਨ ਅਤੇ ਮਿਲਿੰਦ ਦਿਓਰਾ ਮੁਖ ਹਨ। ਇਨ੍ਹਾਂ ਵਿਚ ਪੰਜਾਬ ਤੋਂ ਦੋ ਨੇਤਾ ਹਨ। ਮੁਨੀਸ਼ ਤਿਵਾੜੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿਚ ਗਿਣਿਆਂ ਜਾਂਦਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਖੁਲ੍ਹਕੇ ਸੋਨੀਆਂ ਗਾਂਧੀ ਦੇ ਹੱਕ ਵਿਚ ਬਿਆਨ ਦਿੱਤਾ ਸੀ। ਰਾਜਿੰਦਰ ਕੌਰ ਭੱਠਲ ਗੁਲਾਮ ਨਬੀ ਆਜ਼ਾਦ ਦੇ ਖੇਮੇ ਵਿਚੋਂ ਸੁਣੇ ਜਾਂਦੇ ਹਨ। ਪੰਜਾਬ ਵਿਚੋਂ ਕਿਸੇ ਸੀਨੀਅਰ ਕਾਂਗਰਸੀ ਨੂੰ ਕੋਈ ਅਹੁਦਾ ਨਹੀਂ ਦਿੱਤਾ ਪ੍ਰੰਤੂ ਕੁਲਜੀਤ ਸਿੰਘ ਨਾਗਰਾ ਵਿਧਾਇਕ ਨੂੰ ਤਿੰਨ ਰਾਜਾਂ ਦਾ ਇਨਚਾਰਜ ਬਣਾ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੂੰ ਵੀ ਕੋਈ ਅਹੁਦਾ ਨਹੀਂ ਦਿੱਤਾ।  ਸੋਨੀਆਂ ਗਾਂਧੀ ਨੇ 1998 ਵਿਚ ਸੀਤਾ ਰਾਮ ਕੇਸਰੀ ਤੋਂ ਬਾਅਦ ਪਾਰਟੀ ਦੀ ਵਾਗ ਡੋਰ ਸੰਭਾਲੀ ਸੀ। ਸੋਨੀਆਂ ਗਾਂਧੀ ਦੇ ਇਨ੍ਹਾਂ 19 ਸਾਲਾਂ ਦੇ ਪ੍ਰਧਾਨਗੀ ਦੇ ਸਮੇਂ ਵਿਚ ਸਿਰਫ 10 ਸਾਲ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਰਹੀ ਹੈ। ਉਹ ਸਰਕਾਰ ਵੀ ਇਕੱਲੀ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਭਾਈਵਾਲ ਪਾਰਟੀਆਂ ਨਾਲ ਬਣਾਈ ਗਈ ਸੀ। ਦੂਜੀ ਵਾਰੀ ਡਾ ਮਨਮੋਹਨ ਸਿੰਘ ਦੇ ਨਾਂ ਤੇ ਚੋਣ ਜਿੱਤੀ ਸੀ। ਸੋਨੀਆਂ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਖੋਰਾ ਲਗਦਾ ਆ ਰਿਹਾ ਹੈ। ਪਿਛਲੀਆਂ ਲੋਕ ਸਭਾ ਦੀਆਂ ਦੋ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਕਾਂਗਰਸ ਪਾਰਟੀ ਦਾ ਗਰਾਫ ਬਹੁਤ ਹੀ ਨੀਵਾਂ ਹੋ ਗਿਆ। ਉਨ੍ਹਾਂ ਤੋਂ ਬਾਅਦ ਦੋ ਸਾਲ ਰਾਹੁਲ ਗਾਂਧੀ ਨੇ ਵੀ ਪ੍ਰਧਾਨਗੀ ਚਲਾਈ ਪ੍ਰੰਤੂ ਉਹ ਵੀ ਪਾਰਟੀ ਦਾ ਅਕਸ ਵਧਾ ਨਾ ਸਕੇ। ਪ੍ਰਿਅੰਕਾ ਗਾਂਧੀ ਨੂੰ ਵੀ ਲਿਆਂਦਾ ਪ੍ਰੰਤੂ ਉਹ ਵੀ ਪਾਰਟੀ ਵਕਾਰ ਵਧਾ ਨਹੀਂ ਸਕੀ।  ਪਿਛਲੇ ਸਾਲ ਮਈ 2019 ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਦੁਬਾਰਾ ਸੋਨੀਆਂ ਗਾਂਧੀ ਨੂੰ ਇਕ ਸਾਲ ਲਈ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ। ਹੁਣ ਉਨ੍ਹਾਂ ਦੀ ਮਿਆਦ 10 ਅਗਸਤ ਨੂੰ ਖ਼ਤਮ ਹੋ ਗਈ ਸੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਇਕ ਸਾਲ ਲਈ ਫਿਰ ਸੋਨੀਆਂ ਦੇ ਹੱਕ ਵਿਚ ਹੋ ਗਿਆ। ਕਾਂਗਰਸ ਪਾਰਟੀ ਦੇ ਪਤਨ ਦਾ ਮੁੱਖ ਕਾਰਨ ਸੰਬਾਦ ਨਾ ਕਰਨਾ ਹੈ। ਸੋਨੀਆਂ ਗਾਂਧੀ ਦੀ ਸਭ ਤੋਂ ਵੱਡੀ ਕਮਜ਼ੋਰੀ ਭਾਰਤੀ ਭਾਸ਼ਵਾਂ ਅਤੇ ਸਭਿਆਚਾਰ ਜਾਣਕਾਰੀ ਅਤੇ ਮੁਹਾਰਤ ਨਾ ਹੋਣਾ ਵੀ ਹੈ। ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸੇ ਵੀ ਪ੍ਰਧਾਨ ਦੇ ਭਾਸ਼ਣ ਵਿਚ ਲੋਕਾਂ ਨੂੰ ਕੀਲਣ ਦੀ ਸਮਰੱਥਾ ਨਹੀਂ ਸੀ। ਕਾਂਗਰਸ ਪਾਰਟੀ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਮੰਥਨ ਕਰਨਾ ਚਾਹੀਦਾ ਹੈ। ਪਾਰਟੀ ਅੰਦਰ ਵਿਚਾਰ ਚਰਚਾ ਕੀਤੀ ਜਾਵੇ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸਿਸ਼ ਕੀਤੀ ਜਾਵੇ। ਪ੍ਰੰਤੂ ਜਿਹੜਾ ਅਜਿਹਾ ਕਰਨ ਦੀ ਕੋਸਿਸ਼ ਕਰਦਾ ਹੈ, ਉਸਨੂੰ ਹੀ ਨਿਸ਼ਾਨਾ ਬਣਾਕੇ ਭੰਡਿਆ ਜਾਂਦਾ ਹੈ। ਇਸ ਖਤ ਵਿਚ ਕੋਈ ਮਾੜੀ ਗੱਲ ਨਹੀਂ ਲਿਖੀ ਗਈ ਸੀ ਸਗੋਂ ਪਾਰਟੀ ਦੀ ਬਿਹਤਰੀ ਲਈ ਹੀ ਲਿਖਿਆ ਗਿਆ ਸੀ ਪ੍ਰੰਤੂ ਚਾਪਲੂਸਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਖਤ ਲਿਖਣ ਵਾਲੇ ਨੇਤਾਵਾਂ ਵਿਚ ਕਈ ਅਜਿਹੇ ਹਨ, ਜਿਹੜੇ ਕਦੀ ਵੀ ਨਾ ਤਾਂ ਕੋਈ ਚੋਣ ਲੜੇ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਆਪਣੀਆਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਫਿਕਰ ਹੈ। ਗੁਲਾਮ ਨਬੀ ਆਜ਼ਾਦ, ਕਪਿਲ ਸਿਬਲ ਅਤੇ ਆਨੰਦ ਸ਼ਰਮਾ ਰਾਜ ਸਭਾ ਵਿਚ ਹੀ ਜਾਣ ਦੇ ਇਛਕ ਹੁੰਦੇ ਹਨ। ਚਮਚਾਗਿਰੀ ਨੇ ਪਾਰਟੀ ਦਾ ਸਤਿਆਨਾਸ ਕੀਤਾ ਹੈ। ਪਾਰਟੀ ਵਿਚ ਦਲੀਲ ਨੂੰ ਛਿਕੇ ਤੇ ਟੰਗ ਦਿੱਤਾ ਗਿਆ ਹੈ। ਖਤ ਲਿਖਣ ਵਾਲੇ ਵੀ ਹੁਣ ਇਕ ਕਿਸਮ ਨਾਲ ਮੁਕਰਨ ਲੱਗ ਗਏ ਹਨ ਕਿਉਂਕਿ ਉਨ੍ਹਾਂ ਨੇ ਮਹਿਸੂਸ ਕਰ ਲਿਆ ਹੈ ਕਿ ਪ੍ਰਧਾਨਗੀ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾਵੇਗੀ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਓਥੇ ਦਾ ਓਥੇ ਰਹੇਗਾ।  ਇਕ ਗੱਲ ਤਾਂ ਮੰਨਣਯੋਗ ਹੈ ਕਿ ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸੀ ਧੜੇ ਕਿਸੇ ਇਕ ਨੇਤਾ ਤੇ ਸਹਿਮਤ ਹੀ ਨਹੀਂ ਹੋ ਰਹੇ। ਗਾਂਧੀ ਪਰਿਵਾਰ ਕਾਂਗਰਸ ਦੀ ਮਜ਼ਬੂਰੀ ਬਣ ਗਿਆ ਹੈ।
        ਅਗਲੇ ਸਾਲ ਪ੍ਰਧਾਨ ਦੀ ਚੋਣ ਵਿਚ ਅਖ਼ੀਰ ਗੁਣਾ ਫਿਰ ਰਾਹੁਲ ਗਾਂਧੀ ਤੇ ਹੀ ਪਵੇਗਾ। ਪ੍ਰੰਤੂ ਰਾਹੁਲ ਗਾਂਧੀ ਨੂੰ ਨੌਜਵਾਨਾ ਅਤੇ ਸੀਨੀਅਰ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਪਵੇਗਾ। ਦੋਹਾਂ ਵਿਚੋਂ ਕਿਸੇ ਇਕ ਨੂੰ ਬਹੁਤੀ ਮਹੱਤਤਾ ਦੇਣ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ ਜਿਵੇਂ ਪਹਿਲਾਂ ਰਾਹੁਲ ਗਾਂਧੀਂ ਨੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਕੇ ਨੁਕਸਾਨ ਹੀ ਉਠਾਇਆ ਹੈ। ਦੂਜੀ ਗੱਲ ਪਾਰਟੀ ਵਿਚੋਂ ਪਰਿਵਾਰਵਾਦ ਦਾ ਪ੍ਰਭਾਵ ਵੀ ਖ਼ਤਮ ਕਰਨਾ ਪਵੇਗਾ। ਇਹ ਜ਼ਰੂਰੀ ਨਹੀਂ ਕਿ ਨੇਤਾਵਾਂ ਦੇ ਬੱਚਿਆਂ ਨੂੰ ਹੀ ਅੱਗੇ ਲਿਆਂਦਾ ਜਾਵੇ। ਵਰਕਰਾਂ ਦੀ ਕਦਰ ਕੀਤੀ ਜਾਵੇ। ਸਥਾਨਕ ਪੱਧਰ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇ। ਭਰਿਸਟਾਚਾਰ ਨੇ ਵੀ ਪਾਰਟੀ ਬਦਨਾਮ ਕੀਤੀ ਹੈ। ਪਾਰਦਰਸ਼ਤਾ ਅਜੋਕੇ ਸਮੇਂ ਦੀ ਲੋੜ ਹੈ। ਜੇਕਰ ਕਾਂਗਰਸ ਪਾਰਟੀ ਦੀ ਵਰਕਿੰਗ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਨਾ ਲਿਆਂਦੀਆਂ ਤਾਂ ਪਾਰਟੀ ਦਾ ਭਵਿਖ ਵੀ ਧੁੰਧਲਾ ਹੀ ਹੋਵੇਗਾ।

ਮੋਬਾਈਲ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 -94178 13072
ujagarsingh48@yahoo.com

ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ - ਉਜਾਗਰ ਸਿੰਘ

ਜੇਕਰ ਇਨਸਾਨ ਕਿਸੇ ਦੂਜੇ ਇਨਸਾਨ ਦਾ ਚੰਗਾ ਨਹੀਂ ਕਰ ਸਕਦਾ ਤਾਂ ਉਸਨੂੰ ਦੂਜਿਆਂ ਦਾ ਨੁਕਸਾਨ ਕਰਨ ਦਾ ਵੀ ਕੋਈ ਹੱਕ ਨਹੀਂ। ਇਨਸਾਨ ਨੂੰ ਜਿਹੜਾ ਇਹ ਜੀਵਨ ਮਿਲਿਆ ਹੈ, ਇਸਦਾ ਸਦਉਪਯੋਗ ਕਰਨਾ ਚਾਹੀਦਾ ਹੈ ਪ੍ਰੰਤੂ ਕੁਝ ਸਮਾਜ ਵਿਰੋਧੀ ਅਤੇ ਸ਼ਰਾਰਤੀ ਲੋਕ ਕੋਵਿਡ ਸੰਬੰਧੀ ਗ਼ਲਤ ਜਾਣਕਾਰੀ ਦੇ ਕੇ ਪੰਜਾਬੀਆਂ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਮਨੋਬਲ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਕਮਜ਼ੋਰ ਕਰ ਰਹੇ ਹਨ। ਕੋਵਿਡ-19 ਦੀ ਬਿਮਾਰੀ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਇਹ ਲੋਕ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਵਿਚ ਇਸ ਸਮੇਂ ਕਰੋਨਾ ਦੀ ਬਿਮਾਰੀ ਦਾ ਪ੍ਰਕੋਪ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਪੰਜਾਬੀਆਂ ਦੀ ਲਾਪਰਵਾਹੀ ਦਾ ਸੁਭਾਅ ਬਣਦਾ ਜਾ ਰਿਹਾ ਹੈ। ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਸੰਸਾਰ ਵਿਚ ਇਸ ਬਿਮਾਰੀ ਦੀ ਦਹਿਸ਼ਤ ਹੈ। ਦਹਿਸ਼ਤ ਦੇ ਮਾਹੌਲ ਵਿਚ ਕਿਸੇ ਵੀ ਇਨਸਾਨ ਦੀ ਕਹੀ ਹੋਈ ਗੱਲ ਸੱਚੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਇਨਸਾਨ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਸਗੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਇਨਸਾਨ ਦਾ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਜਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਲਾਗ ਦੀ ਬਿਮਾਰੀ ਹੈ, ਫਿਰ ਪੰਜਾਬੀ ਇਤਹਾਤ ਕਿਉਂ ਨਹੀਂ ਵਰਤਦੇ। ਇਸਦਾ ਨੁਕਸਾਨ ਉਨ੍ਹਾਂ ਨੂੰ ਖੁਦ, ਉਨ੍ਹਾਂ ਦੇ ਪਰਿਵਾਰਾਂ, ਸੰਬੰਧੀਆਂ ਅਤੇ ਸਮੁਚੇ ਸਮਾਜ ਨੂੰ ਹੋਣਾ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਪੰਜਾਬੀ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਬਾਰੇ ਅਵੇਸਲੇ ਹਨ। ਅਵੇਸਲਾਪਣ ਅਜਿਹੀ ਖ਼ਤਰਨਾਕ ਬਿਮਾਰੀ ਹੈ, ਜਿਹੜੀ ਮੌਤ ਦੇ ਮੂੰਹ ਤੱਕ ਲਿਜਾ ਸਕਦੀ ਹੈ। ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰੀ ਜਾ ਰਹੇ ਹਨ। ਅੱਜੋਕਾ ਵਿਗਿਆਨ ਦਾ ਯੁਗ ਹੈ। ਹਰ ਗੱਲ ਨਾਪ ਤੋਲਕੇ ਕੀਤੀ ਜਾਂਦੀ ਹੈ। ਕਰਾਮਾਤਾਂ ਵਹਿਮ ਭਰਮ ਵਿਚ ਕੋਈ ਯਕੀਨ ਨਹੀਂ ਕਰਦਾ। ਅਸੀਂ ਕਈ ਵਾਰੀ ਕਿਸੇ ਗੱਲ ਨੂੰ ਸੁਣਕੇ ਉਸਦੀ ਤਹਿ ਤੱਕ ਜਾਣ ਦੀ ਕੋਸਿਸ਼ ਹੀ ਨਹੀਂ ਕਰਦੇ। ਜੋ ਸੁਣਿਆਂ ਉਹੀ ਸੱਚ ਸਮਝ ਬੈਠਦੇ ਹਾਂ। ਆਪਣੀ ਅਕਲ ਤੋਂ ਕੰਮ ਲੈਣ ਤੋਂ ਵੀ ਗੁਰੇਜ ਕਰਨ ਲੱਗ ਪਏ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਵਿਚ ਇਸ ਬਿਮਾਰੀ ਦੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਫੈਲੇ ਦੀ ਅਣਗਹਿਲੀ ਬਾਰੇ ਅਫ਼ਵਾਹਾਂ ਦਾ ਦੌਰ ਭਾਰੂ ਹੋਇਆ ਪਿਆ ਹੈ। ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਸ਼ੋਸ਼ਲ ਮੀਡੀਆ ਪਾ ਰਿਹਾ ਹੈ। ਬਿਨਾ ਤਥਾਂ ਦੀ ਜਾਣਕਾਰੀ ਪ੍ਰਾਪਤ ਕੀਤੇ ਹੀ ਝੂਠੇ ਵਟਸ ਅਪ ਸੰਦੇਸ਼ ਅੱਗੇ ਗਰੁਪਾਂ ਵਿਚ ਭੇਜੇ ਜਾ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੜ੍ਹੇ ਲਿਖੇ ਲੋਕ ਵੀ ਅਜਿਹੇ ਝੂਠੇ ਸੰਦੇਸਾਂ ਨੂੰ ਅੱਗੇ ਤੋਰੀ ਜਾ ਰਹੇ ਹਨ। ਜੇਕਰ ਉਨ੍ਹਾਂ ਸੰਦੇਸਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਸਿਰ ਪੈਰ ਅਰਥਾਤ ਆਧਾਰ ਹੀ ਨਹੀਂ ਹੁੰਦਾ। ਜਿਹੜੀ ਗੱਲ ਹੋ ਹੀ ਨਹੀਂ ਸਕਦੀ, ਤੱਥਾਂ ਤੇ ਅਧਾਰਤ ਹੀ ਨਹੀਂ, ਉਸ ਬਾਰੇ ਵੀ ਲਿਖਿਆ ਜਾਂਦਾ ਹੈ ਅਤੇ ਲੋਕ ਉਸ ਨੂੰ ਸੱਚ ਮੰਨਕੇ ਅਮਲ ਕਰ ਰਹੇ ਹਨ। ਕੁਝ ਅਖ਼ਬਾਰਾਂ ਵਾਲੇ ਵੀ ਅਫ਼ਵਾਹਾਂ ਸੰਬੰਧੀ ਬਿਆਨ ਵੀ ਪ੍ਰਕਾਸ਼ਤ ਕਰੀ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਸੰਬੰਧਤ ਵਿਭਾਗ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ। ਸਭ ਤੋਂ ਵੱਧ ਗ਼ਲਤ ਖ਼ਬਰਾਂ ਅਤੇ ਅਫਵਾਹਾਂ ਸ਼ੋਸਲ ਮੀਡੀਆ ਫੈਲਾ ਰਿਹਾ ਹੈ ਕਿਉਂਕਿ ਇਸ ਤੇ ਕੋਈ ਵੀ ਗੱਲ ਆਪ ਪਾਈ ਜਾ ਸਕਦੀ ਹੈ। ਉਦਾਹਰਣ ਲਈ ਸੰਦੇਸਾਂ ਵਿਚ ਲਿਖਿਆ ਜਾਂਦਾ ਹੈ ਕਿ ਕਰੋਨਾ ਦੇ ਮਰੀਜ ਨੂੰ ਟੀਕਾ ਲਗਾਕੇ ਮਾਰ ਦਿੱਤਾ ਜਾਂਦਾ ਹੈ ਤੇ ਇਸ ਬਦਲੇ ਡਾਕਟਰਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਮਰੀਜਾਂ ਦੇ ਅੰਗ ਕੱਢ ਲਏ ਜਾਂਦੇ ਹਨ ਕਿਉਂਕਿ ਕਰੋਨਾ ਦੇ ਮਰੀਜ ਦੀ ਡੈਡ ਬਾਡੀ ਨੂੰ ਵੇਖਣ ਵੀ ਨਹੀਂ ਦਿੱਤਾ ਜਾਂਦਾ ਕਿ ਉਸਦੀ ਬਾਡੀ ਸਹੀ ਸਲਾਮਤ ਹੈ ਕਿ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਮਰੀਜਾਂ ਦੇ ਇਲਾਜ਼ ਵਾਸਤੇ ਹੁੰਦੇ ਹਨ ਨਾ ਕਿ ਮਾਰਨ ਵਾਸਤੇ। ਡਾਕਟਰਾਂ ਨੂੰ ਮਰੀਜਾਂ ਨੂੰ ਮਾਰਨ ਲਈ ਲੱਖਾਂ ਰੁਪਏ ਮਿਲਦੇ ਹਨ, ਇਹ ਰੁਪਏ ਕੌਣ ਤੇ ਕਿਉਂ ਦਿੰਦਾ ਹੈ ? ਡਾਕਟਰਾਂ ਨੂੰ ਪੈਸੇ ਦੇਣ ਵਾਲੇ ਨੂੰ ਕਿਸੇ ਨੂੰ ਮਾਰਨ ਵਿਚ ਕੀ ਦਿਲਚਸਪੀ ਹੋ ਸਕਦੀ ਹੈ। ਇਲਾਜ ਲਈ ਤਾਂ ਕੋਈ ਮਦਦ ਕਰ ਸਕਦਾ ਹੈ, ਮਾਰਨ ਲਈ ਕੌਣ ਦਿੰਦਾ ਹੈ। ਸਰਕਾਰੀ ਕਰਮਚਾਰੀ ਨੂੰ ਜੇ ਕੋਈ ਪੈਸਾ ਮਿਲਦਾ ਹੈ ਉਹ ਸਰਕਾਰੀ ਖ਼ਜਾਨੇ ਵਿਚੋਂ ਪਾਸ ਕਰਾਕੇ ਦਿੱਤਾ ਜਾਂਦਾ ਹੈ। ਖਜਾਨੇ ਵਿਚ ਸਾਰਾ ਹਿਸਾਬ ਕਿਤਾਬ ਹੁੰਦਾ ਹੈ। ਅਫਵਾਹਾਂ ਫੈਲਾਉਣ ਵਾਲੇ ਉਹ ਚੈਕ ਕਰ ਲੈਣ। ਅਗਲੀ ਗੱਲ ਮਰੀਜਾਂ ਦੇ ਅੰਗ ਕੱਢਣ ਬਾਰੇ ਹੈ। ਇਹ ਅੰਗ ਕੋਈ ਇਕੱਲਾ ਬੰਦਾ ਕੱਢ ਹੀ ਨਹੀਂ ਸਕਦਾ ਤੇ ਫਿਰ ਕੱਢਕੇ ਕੀ ਕਰੇਗਾ। ਇਸ ਮੰਤਵ ਲਈ ਅਪ੍ਰੇਸ਼ਨ ਥੇਟਰ ਦੀ ਲੋੜ ਹੁੰਦੀ ਹੈ। ਥੇਟਰ ਸਰਕਾਰੀ ਹਸਪਤਾਲਾਂ ਵਿਚ ਬੰਦ ਹਨ। ਇਹ ਸਰਕਾਰੀ ਹਸਪਤਾਲ ਹਨ, ਇਥੇ ਤਾਂ ਪੱਤਾ ਵੀ ਹਿਲਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਕੱਢੇ ਅੰਗ ਤਾਂ ਨਿਸਚਤ ਸਮੇਂ , 6 ਘੰਟੇ ਵਿਚ ਦੂਜੇ ਮਰੀਜ਼ ਦੇ ਲਗਾਉਣੇ ਹੁੰਦੇ ਹਨ। ਬਾਕਾਇਦਾ ਅਪ੍ਰੇਸ਼ਨ ਥੇਟਰ ਤੇ ਪੂਰੇ ਸਟਾਫ ਦੀ ਜਰੂਰਤ ਹੁੰਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਬਿਮਾਰ ਵਿਅਕਤੀ ਦੇ ਅੰਗ ਦੂਜਾ ਵਿਅਕਤੀ ਕਿਉਂ ਲਗਵਾਏਗਾ ? ਕਿਸੇ ਵਿਅਕਤੀ ਦਾ ਕੋਈ ਵੀ ਅੰਗ ਉਸਦੀ ਜਾਂ ਉਸਦੇ ਪਰਿਵਾਰ ਦੀ ਪ੍ਰਵਾਨਗੀ ਤੋਂ ਬਿਨਾ ਕੱਢਿਆ ਹੀ ਨਹੀਂ ਜਾ ਸਕਦਾ। ਅੰਮ੍ਰਿਤਸਰ ਵਿਖੇ ਦਸ ਸਾਲ ਪਹਿਲਾਂ ਅੰਗ ਕੱਢਣ ਦਾ ਅਜਿਹਾ ਸਕੈਂਡਲ ਆਇਆ ਸੀ। ਉਸ ਵਿਚ ਸ਼ਾਮਲ ਡਾਕਟਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ। ਅੰਗ ਕੱਢਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਡੈਡ ਬਾਡੀ ਇਸ ਕਰਕੇ ਵਿਖਾਈ ਨਹੀਂ ਜਾਂਦੀ ਵੇਖਣ ਵਾਲੇ ਨੂੰ ਕਿਉਂਕਿ ਇਹ ਬਿਮਾਰੀ ਨਾ ਹੋ ਜਾਵੇ । ਸਗੋਂ ਅਫ਼ਵਾਹਾਂ ਤਾਂ ਇਹ ਵੀ ਹਨ ਕਿ ਕਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਬੰਧੀ ਵੀ ਸਸਕਾਰ ਕਰਨ ਲਈ ਨੇੜੇ ਨਹੀਂ ਜਾਂਦੇ। ਕਈ ਕੇਸਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਸਸਕਾਰ ਕਰਨੇ ਪਏ। ਮੈਂ ਅੱਜ ਕਲ੍ਹ ਅਮਰੀਕਾ ਵਿਚ ਹਾਂ, ਏਥੇ ਵੀ ਡੈਡ ਬਾਡੀਆਂ ਸੰਬੰਧੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਅਤੇ ਨਾ ਵਿਖਾਈਆਂ ਜਾਂਦੀਆਂ ਹਨ। ਇਹ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਹਨ। ਭਾਰਤ ਵਿਚ ਵੀ ਉਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਮੈਡੀਕਲ ਸਟਾਫ ਦੀ ਪ੍ਰਸੰਸਾ ਕੀਤੀ ਜਾਵੇ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤੁਹਾਡਾ ਸਾਥ ਦੇ ਰਹੇ ਹਨ। ਅਫਵਾਹਾਂ ਫੈਲਾਉਣ ਵਾਲੇ ਇਤਨੀ ਗਰਮੀ ਵਿਚ ਪੀ ਪੀ ਕਿਟਾਂ ਪਾ ਸਕਦੇ ਹਨ। ਉਹ ਪਾ ਕੇ ਵੇਖਣ ਕਿ ਪਸੀਨੇ ਨਾ ਛੁਟ ਜਾਣ। ਇਤਨੀ ਗਰਮੀ ਵਿਚ ਮੈਡੀਕਲ ਸਟਾਫ ਇਹ ਕਿਟਾਂ ਪਾ ਕੇ ਆਪਣੇ ਫਰਜ ਨਿਭਾ ਰਿਹਾ ਹੈ। ਇਨ੍ਹਾਂ ਕਿਟਾਂ ਵਿਚ ਨਾ ਹਵਾ ਜਾ ਸਕਦੀ ਹੈ ਅਤੇ ਨਾ ਬਾਹਰ ਆ ਸਕਦੀ ਹੈ। ਡਾਕਟਰ ਅਤੇ ਮੈਡੀਕਲ ਸਟਾਫ ਕਈ-ਕਈ ਮਹੀਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਉਲਟਾ ਉਨ੍ਹਾਂ ਨੂੰ ਖਾਮਖਾਹ ਦੋਸ਼ੀ ਬਣਾਇਆ ਜਾ ਰਿਹਾ ਹੈ।  ਦੇਸ਼ ਵਿਚ ਲਗਪਗ ਚਾਰ ਸੌ ਦੇ ਕਰੀਬ ਮੈਡੀਕਲ ਸਟਾਫ ਮੈਂਬਰ ਆਪਣੀ ਡਿਊਟੀ ਕਰਦਿਆਂ ਕਰੋਨਾ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਹਨ। ਉਨ੍ਹਾਂ ਨੂੰ ਮਰਨ ਦਾ ਸ਼ੌਕ ਹੈ। ਉਨ੍ਹਾਂ ਦੇ ਵੀ ਤੁਹਾਡੇ ਵਾਂਗ ਪਰਿਵਾਰ ਹਨ। ਸ਼ਰਮ ਕਰੋ ਅਫਵਾਹਾਂ ਫੈਲਾਉਣ ਅਤੇ ਉਨ੍ਹਾਂ ਤੇ ਯਕੀਨ ਕਰਨ ਵਾਲਿਓ। ਰੱਬ ਦਾ ਵਾਸਤਾ ਗ਼ਲਤ ਖ਼ਬਰਾਂ ਫੈਲਾ ਕੇ ਇਨਸਾਨੀਅਤ ਦਾ ਨੁਕਸਾਨ ਨਾ ਕਰੋ। ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਨਿਯਮਾ ਅਨੁਸਾਰ ਸਾਰਾ ਕੁਝ ਕੀਤਾ ਜਾਂਦਾ ਹੈ। ਇਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿਚ ਮਰੀਜਾਂ ਕੋਲ ਡਰਦੇ ਮਾਰੇ ਡਾਕਟਰ ਤੇ ਮੈਡੀਕਲ ਸਟਾਫ ਜਾਂਦਾ ਨਹੀ, ਦੂਜੇ ਪਾਸੇ ਟੀਕਾ ਲਗਾਉਣ ਦੀ ਗੱਲ ਕਰਦੇ ਹਨ। ਅੰਗ ਕੱਢਣ ਲਈ ਵੀ ਮਰੀਜ ਕੋਲ ਜਾਣਾ ਪਵੇਗਾ। ਇਹ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਰਕਾਰ ਦਾ ਮਰੀਜਾਂ ਨੂੰ ਬਚਾਉਣ ਦਾ ਫਰਜ ਹੈ, ਮਾਰਨ ਦਾ ਨਹੀਂ। ਸਰਕਾਰ ਆਪਣੀ ਬਦਨਾਮੀ ਕਿਉਂ ਕਰਵਾਏਗੀ ? ਸਰਕਾਰ ਭਾਵੇਂ ਕੋਈ ਹੋਵੇ ਉਹ ਅਜਿਹੇ ਗੈਰਕਾਨੂੰਨੀ ਕੰਮਾ ਦੀ ਪ੍ਰਵਾਨਗੀ ਕਦੀ ਵੀ ਨਹੀਂ ਦੇਵੇਗੀ। ਇਹ ਹੋ ਸਕਦਾ ਕਿ ਸਰਕਾਰੀ ਹਸਪਤਾਲਾਂ ਵਿਚ ਉਤਨਾ ਵਧੀਆ ਪ੍ਰਬੰਧ ਨਾ ਹੋਵੇ ਪ੍ਰੰਤੂ ਇਸਦਾ ਅਰਥ ਇਹ ਨਹੀਂ ਕਿ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਵਿਚ ਡਰ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਮੈਨੂੰ ਮੇਰੇ ਦੋ ਪੜ੍ਹੇ ਲਿਖੇ  ਦੋਸਤਾਂ ਦੇ ਫੋਨ ਆਏ ਅਤੇ ਕਿਹਾ ਕਿ ਪੰਜਾਬ ਵਿਚ ਅਜੇ ਵਾਪਸ ਨਾ ਜਾਇਓ ਕਿਉਂਕਿ ਉਥੇ ਮਰੀਜਾਂ ਨੂੰ ਟੀਕੇ ਲਗਾਕੇ ਮਾਰਿਆ ਜਾ ਰਿਹਾ ਹੈ ਅਤੇ ਅੰਗ ਕੱਢ ਲਏ ਜਾਂਦੇ ਹਨ। ਜਦੋਂ ਮੈਂ ਦਲੀਲ ਨਾਲ ਗੱਲ ਕੀਤੀ ਫਿਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਮੇਰਾ ਇਹ ਦੱਸਣ ਦਾ ਭਾਵ ਹੈ ਕਿ ਸਭ ਤੋਂ ਵੱਧ ਅਫਵਾਹਾਂ ਕੁਝ ਪੜ੍ਹੇ ਲਿਖੇ ਲੋਕ ਫੈਲਾ ਰਹੇ ਹਨ।
      ਪਰਜਾਤੰਤਰ ਵਿਚ ਪੰਚਾਇਤ ਪਰਜਾਤੰਤਰ ਦਾ ਸਭ ਤੋਂ ਮੁਢਲਾ ਥੰਮ ਹੈ। ਪੰਚਾਇਤਾਂ ਦੀ ਜ਼ਿੰਮੇਵਾਰੀ ਅਜਿਹੇ ਹਾਲਾਤ ਵਿਚ ਹੋਰ ਵੀ ਵੱਧ ਜਾਂਦੀ ਹੈ। ਵੈਸੇ ਵੀ ਪੰਚਾਇਤ ਦੇ ਮੈਂਬਰ ਸਮਝਦਾਰ ਸਿਆਣੇ ਅਤੇ ਸਮਾਜ ਸੇਵਕ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਪ੍ਰੰਤੂ ਕੁਝ ਪੰਚਾਇਤਾਂ ਅਫਵਾਹਾਂ ਦੇ ਮਗਰ ਲੱਗਕੇ ਗੁਮਰਾਹ ਹੋ ਰਹੀਆਂ ਹਨ। ਉਹ ਕਰੋਨਾ ਦੇ ਟੈਸਟ ਕਰਵਾਉਣ ਤੋਂ ਲੋਕਾਂ ਨੂੰ ਰੋਕ ਰਹੀਆਂ ਹਨ। ਇਥੋਂ ਤੱਕ ਕਿ ਕੁਝ ਪੰਚਾਇਤਾਂ ਨੇ ਕਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾ ਦਿੱਤੇ ਹਨ। ਮਤੇ ਪਾ ਕੇ ਉਹ ਸਮਾਜ ਦੇ ਵਿਰੋਧੀ ਲੋਕਾਂ ਦੇ ਇਸ਼ਾਰੇ ਤੇ ਚਲਕੇ  ਆਪਣੇ ਫਰਜਾਂ ਤੋਂ ਕੁਤਾਹੀ ਕਰ ਰਹੇ ਹਨ। ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨਾ ਚਾਹੁੰਦੀ ਹੈ ਪ੍ਰੰਤੂ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰਕੇ ਉਸ ਕਹਾਵਤ ਵਾਲੀ ਗੱਲ ਕਰ ਰਹੇ ਹਨ ਜਿਸ ਵਿਚ ਕਿਹਾ ਜਾਂਦਾ ਹੈ ਕਿ ''ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨ ਰਹੇ ਹੋ''ੋ। ਜਦੋਂ ਪੁਲਿਸ ਨੇ ਗਲਤ ਅਫਵਾਹਾਂ ਫੈਲਾਉਣ ਸੰਬੰਧੀ ਵੀਡੀਓ ਪਾਉਣ ਵਾਲਿਆਂ ਤੇ ਸਿਕੰਜਾ ਕਸਿਆ ਤਾਂ ਹੁਣ ਉਹ ਵੀਡੀਓਜ ਪਾ ਕੇ ਕਹਿ ਰਹੇ ਹਨ ਕਿ ਗ਼ਲਤੀ ਹੋ ਗਈ। ਇਥੋਂ ਤੱਕ ਕਿ ਇਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇਕ ਪੱਤਰਕਾਰ ਨੂੰ ਗ਼ਲਤ ਵੀਡੀਓ ਬਣਾਕੇ ਪਾਉਣ ਲਈ ਰਿਸ਼ਵਤ ਦੇਣ ਦੀ ਕੋਸਿਸ਼ ਕੀਤੀ ਜਿਸਦੀ ਸ਼ਿਕਾਇਤ ਉਸਨੇ ਥਾਣੇ ਦੇ ਦਿੱਤੀ ਹੈ। ਰਾਜਨੀਤਕ ਪਾਰਟੀਆਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਮਿਲ ਸਕਦੇ ਹਨ। ਅਜਿਹੇ ਘਟੀਆ ਮੁਦਿਆਂ ਨਾਲ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ। ਆਮ ਲੋਕਾਂ ਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਇਨਸਾਨੀਅਤ ਦੇ ਭਲੇ ਲਈ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕੀਤਾ ਜਾਵੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh੪੮0  yahoo.com