Ujagar Singh

ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ - ਉਜਾਗਰ ਸਿੰਘ

ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ ਜਿਹੋ ਜਹੇ ਬਾਹਰੋਂ ਹਨ, ਉਹੋ ਜਹੇ ਹੀ ਅੰਦਰੋਂ ਹਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਹਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਹਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਹੈ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਪ੍ਰੰਤੂ ਅੱਜ ਮੈਂ ਉਨ੍ਹਾਂ ਦੀ ਲੇਖਾਂ ਦੀ ਪੁਸਤਕ ‘ਜੀਵਨ ਇਕ ਸੱਚਾਈ’ ਬਾਰੇ ਪਾਠਕਾਂ ਨੂੰ ਜਾਣਕਾਰੀ ਦੇਵਾਂਗਾ। ਇਸ ਪੁਸਤਕ ਵਿਚ ਛੋਟ-ਛੋਟੇ 55 ਲੇਖ ਹਨ ਪ੍ਰੰਤੂ ਹਰ ਲੇਖ ਆਪਣੇ ਆਪ ਵਿਚ ਇਕ ਅਟੱਲ ਸਚਾਈ ਬਾਰੇ ਬਹੁਮੁਲੀ ਮੁਕੰਮਲ ਜਾਣਕਾਰੀ ਦਿੰਦਾ ਹੈ। ਭਾਵੇਂ ਸਰਸਰੀ ਤੌਰ ਤੇ ਪਾਠਕ ਨੂੰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ ਪ੍ਰੰਤੂ ਜੇਕਰ ਤੁਸੀਂ ਉਨ੍ਹਾਂ ਤੇ ਅਮਲ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਸ ਪੁਸਤਕ ਦਾ ਪਹਿਲਾ ਹੀ ਲੇਖ ‘ਝੂਠ ਦਾ ਦਾਇਰਾ’ ਬੜਾ ਦਿਲਚਸਪ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜੀਵਨ ਦਾ ਆਧਾਰ ਝੂਠ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਝੂਠ ਨਾਲ ਨੁਕਸਾਨ ਹੁੰਦਾ ਹੈ, ਇਸ ਲਈ ਉਹ ਝੂਠ ਦਾ ਦਾਇਰਾ ਘਟਾਉਣ ਦੀ ਗੱਲ ਕਰਦੇ ਹਨ। ਅਗਲੇ ਲੇਖਾਂ ਵਿਚ ਉਹ ਸਲਾਹ ਦਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਕੰਮ ਤਾਂ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਉਹ ਲਿਖਦੇ ਹਨ ਕਿ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਚੁਣੌਤੀਆਂ ਕਬੂਲ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਸਫਲਤਾ ਮਿਲੇਗੀ। ਸਰੀਰ ਤੰਦਰੁਸਤ ਰੱਖੋ, ਦਿਲ ਤੇ ਦਿਮਾਗ ਤੇ ਕਾਬੂ ਕਰੋ ਅਤੇ ਕਸਰਤ ਕਰੋ ਤਾਂ ਹੀ ਚੰਗਾ ਸੋਚ ਸਕੋਗੇ। ਆਪਣੇ ਕਈ ਨਿਸ਼ਾਨੇ ਜ਼ਰੂਰ ਨਿਸਚਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਿਤਨਾ ਵੀ ਨਿਸ਼ਾਨਾ ਪੂਰਾ ਹੋ ਜਾਵੇ ਉਥੇ ਹੀ ਸੰਤੁਸ਼ਟੀ ਕਰੋ। ਚੰਗੀਆਂ ਆਦਤਾਂ ਬਣਾਓ ਤਾਂ ਹੀ ਤੁਹਾਡੀ ਪਛਾਣ ਬਣੇਗੀ। ਤੁਹਾਡੇ ਬੱਚੇ ਵੀ ਤੁਹਾਡੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨਗੇ। ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਹੋਣਾ ਮੰਗਤਾ ਬਣਨ ਦੇ ਬਰਾਬਰ ਹੈ। ਉਹ ਡੇਰੇਦਾਰ ਧਾਰਮਿਕ ਵਿਅਕਤੀਆਂ ਨੂੰ ਮੰਗਤੇ ਕਹਿੰਦੇ ਹਨ, ਜਿਹੜੇ ਦੂਜਿਆਂ ਦੀ ਕਮਾਈ ਖਾਂਦੇ ਹਨ। ਚਾਦਰ ਵੇਖਕੇ ਪੈਰ ਪਸਾਰਨ ਦੀ ਨਸੀਹਤ ਦਿੰਦੇ ਹਨ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਜੇਕਰ ਤੁਸੀਂ ਆਪ ਧੋਖਾ ਦਿਓਗੇ  ਤਾਂ ਦੂਜਿਆਂ ਤੋਂ ਵੀ ਧੋਖਾ ਹੀ ਲਵੋਗੇ। ਨਫਰਤ ਨਾ ਕਰੋ ਕਿਉਂਕਿ ਦੂਜੇ ਵੀ ਤੁਹਾਡਾ ਜਵਾਬ ਨਫਰਤ ਨਾਲ ਹੀ ਦੇਣਗੇ। ਬੁਰਾ ਕਰਕੇ ਚੰਗੇ ਦੀ ਆਸ ਰੱਖਣਾ ਮੂਰਖਤਾ ਹੈ। ਕਿਸੇ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਾ ਕਰੋ ਪ੍ਰੰਤੂ ਜੇ ਕਿਸੇ ਦੀਆਂ ਆਦਤਾਂ ਤੁਹਾਡੇ ਨਾਲ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਬੇਇਨਸਾਫ਼ੀ ਨੂੰ ਸਹਿਣ ਨਾ ਕਰੋ, ਇਨਸਾਫ ਦਿਓ ਅਤੇ ਲਓ। ਅਜਿਹੇ ਕੰਮ ਕਰੋ, ਜਿਨ੍ਹਾਂ ਕਰਕੇ ਸਮਾਜ ਤੁਹਾਨੂੰ ਪ੍ਰਵਾਨ ਕਰੇ। ਸਫਾਈ ਰੱਖੋ, ਤੰਦਰੁਸਤ ਰਹੋ, ਵਿਦਿਆ ਪ੍ਰਾਪਤ ਕਰੋ, ਆਪਣੇ ਗੁਜ਼ਾਰੇ ਦਾ ਆਪ ਪ੍ਰਬੰਧ ਕਰੋ ਅਤੇ 25 ਸਾਲ ਤੋਂ ਪਹਿਲਾਂ ਸ਼ਾਦੀ ਨਾ ਕਰੋ। ਉਨ੍ਹਾਂ ਦੀ ਕਮਾਲ ਇਸ ਗੱਲ ਵਿਚ ਹੈ ਕਿ ਇਹ ਨਸੀਹਤਾਂ ਉਹ ਉਦਾਹਰਨਾ ਦੇ ਕੇ ਕਰਦੇ ਹਨ। ਆਪਣਾ ਨਾਮ ਕਮਾਉਣ ਲਈ ਹਓਮੈ ਦਾ ਸ਼ਿਕਾਰ ਨਾ ਹੋਵੋ। ਸਮਾਜ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੁੰਦਾ ਹੈ। ਇਨਸਾਨੀਅਤ ਦੀ ਬਿਹਤਰੀ ਲਈ ਕੰਮ ਕਰੋ। ਸਵੈ ਮਾਣ ਨਾਲ ਜੀਵਨ ਜਿਓਣਾ ਸਿੱਖੋ। ਹੀਣਤਾ ਦੀ ਭਾਵਨਾ ਨੂੰ ਤਿਲਾਂਜਲੀ ਦਿਓ। ਇਨਸਾਨ ਸਾਰੇ ਬਰਾਬਰ ਹਨ। ਸਾਰੇ ਧਰਮ ਬਰਾਬਰ ਹਨ। ਬਹੁਤਾ ਧਰਮੀ ਬਣਨ ਨਾਲੋਂ ਚੰਗੇ ਨਾਗਰਿਕ ਬਣੋ। ਧਾਰਮਿਕ ਸਥਾਨਾ ਵਿਚ ਸਭ ਅੱਛਾ ਨਹੀਂ। ਧਾਰਮਿਕ ਗ੍ਰੰਥ ਪੜ੍ਹੋ ਪ੍ਰੰਤੂ ਧਾਰਮਿਕ ਵਿਚੋਲਿਆਂ ਤੋਂ ਬਚਕੇ ਰਹੋ ਕਿਉਂਕਿ ਧਾਰਮਿਕ ਸਥਾਨ ਨਿਰਾਸ਼ਾ ਦੂਰ  ਕਰਨ ਦੇ ਬਹਾਨੇ ਲੁੱਟ ਕਰ ਰਹੇ ਹਨ। ਧਰਮੀ ਬਣ ਸਕਦੇ ਹੋ ਬਸ਼ਰਤੇ ਕੱਟੜ ਨਾ ਬਣੋ। ਜੀਵਨ ਸਾਥੀ ਨਾਲ ਰਹਿਣਾ ਸਿੱਖੋ ਫਿਰ ਤੁਹਾਡਾ ਜੀਵਨ ਏਥੇ ਹੀ ਸਵਰਗ ਬਣ ਜਾਵੇਗਾ। ਏਥੇ ਹੀ ਸਵਰਗ ਨਰਕ ਹੈ। ਤੁਹਾਡੇ ਕੰਮਾ ਦਾ ਫਲ ਇਥੇ ਹੀ ਮਿਲ ਜਾਂਦਾ ਹੈ। ਚਿੰਤਾ ਨਾ ਕਰੋ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਸੰਘਰਸ਼ ਦਾ ਨਾਮ ਜ਼ਿੰਦਗੀ ਹੈ। ਚੰਗੇ ਤੇ ਮਾੜੇ ਦਿਨ ਸਥਾਈ ਨਹੀਂ ਹੁੰਦੇ। ਹੌਸਲਾ ਰੱਖੋ ਚੰਗਾ ਅਤੇ ਮਾੜਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਰੱਬ ਕੋਲ ਬਹੁਤੀਆਂ ਮੰਗਾਂ ਨਾ ਰੱਖੋ। ਰੱਬ ‘ਤੇ ਵਿਸ਼ਵਾਸ਼ ਕਰੋ, ਉਹ ਤੁਹਾਡੇ ਅੰਦਰ ਹੈ। ਸਬਰ ਸੰਤੋਖ਼ ਦਾ ਪੱਲਾ ਫੜੋ। ਕਾਬਲੀਅਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਰੱਬ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਅਮੀਰਾਂ ਨੂੰ ਨੀਂਦ ਨਹੀਂ ਆਉਂਦੀ, ਗ਼ਰੀਬਾਂ ਨੂੰ ਨੀਂਦ ਦੇ ਗੱਫੇ ਮਿਲਦੇ ਹਨ। ਚੋਣ ਤੁਸੀਂ ਕਰਨੀ ਹੈ। ਤਰੱਕੀ ਕਰਨੀ ਚਾਹੀਦੀ ਹੈ ਪ੍ਰੰਤੂ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਕਿਸੇ ਨੂੰ ਨੀਂਵਾਂ ਨਾ ਵਿਖਾਓ। ਆਤਮ ਹੱਤਿਆ ਕਰਨੀ ਰੱਬ ਨੂੰ ਠੋਕਰ ਮਾਰਨ ਬਰਾਬਰ ਹੈ। ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਚੁਗਲਖ਼ੋਰ ਬਾਰੇ ਚੁਗਲੀ ਸਣਨ ਵਾਲੇ ਵੀ ਜਾਣਦੇ ਹੁੰਦੇ ਹਨ। ਆਪਣੇ ਮਨ ਸਾਫ਼ ਰੱਖੋ, ਵਿਖਾਵਾ ਅੰਦਰੋਂ ਖ਼ੁਸ਼ੀ ਨਹੀਂ ਦਿੰਦਾ। ਗ਼ਮ ਮਨ ਸਾਫ਼ ਰੱਖਣ ਨਾਲ ਦੂਰ ਹੋ ਜਾਂਦੇ ਹਨ। ਜੀਵਨ ਦਾ ਆਨੰਦ ਮਾਣੋ, ਇਹ ਮੁੜਕੇ ਨਹੀਂ ਆਉਣਾ। ਨਸ਼ੇ ਵਕਤੀ ਤੌਰ ਤੇ ਗ਼ਮ ਭੁਲਾ ਦਿੰਦੇ ਹਨ ਪ੍ਰੰਤੂ ਹੋਰ ਗ਼ਮ ਲਾ ਦਿੰਦੇ ਹਨ। ਪੈਸਾ ਜ਼ਿੰਦਗੀ ਬਸਰ ਕਰਨ ਲਈ ਜ਼ਰੂਰੀ ਹੈ ਪ੍ਰੰਤੂ ਭਰਿਸ਼ਟਾਚਾਰ ਨਾਲ ਕੀਤੀ ਕਮਾਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ। ਨੇਕ ਕਮਾਈ ਸੰਤੁਸ਼ਟੀ ਦਿੰਦੀ ਹੈ। ਲੇਖਕ ਇਸਤਰੀਆਂ ਨੂੰ ਸਲਾਹ ਵੀ ਦਿੰਦਾ ਹੈ ਕਿ ਉਨ੍ਹਾਂ ਨੂੰ ਨੂੰਹਾਂ ਨੂੰ ਆਪਣੀਆਂ ਧੀਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਪੇਕਿਆਂ ਦਾ ਘਰ ਛੱਡਕੇ ਤੁਹਾਡੇ ਘਰ ਨੂੰ ਨਿਹਾਰਨ ਆਉਂਦੀਆਂ ਹਨ। ਬੁਢਾਪੇ ਵਿਚ ਵੀ ਉਸਨੇ ਹੀ ਤੁਹਾਡਾ ਸਾਥ ਦੇਣਾ ਹੈ। ਨੂੰਹਾਂ ਨੂੰ ਵੀ ਸਦਭਾਵਨਾ ਅਤੇ ਪ੍ਰੇਮ ਪਿਆਰ ਨਾਲ ਵਿਚਰਨਾ ਚਾਹੀਦਾ। ਕਦੀ ਵੀ ਹਾਰ ਨੂੰ ਸਵੀਕਾਰ ਨਾ ਕਰੋ ਕਿਉਂਕਿ ਹਾਰ ਕਮਜ਼ੋਰੀ ਅਤੇ ਨਿਰਾਸ਼ਾ ਪੈਦਾ ਕਰਦੀ ਹੈ। ਮੈੈੈਂ ਅਤੇ ਅਸੀਂ ਦਾ ਅੰਤਰ ਦਸਦੇ ਹੋਏ ਵਾਸਨ ਸਾਹਿਬ ਮੁਕਾਬਲਾ ਕਰਨ ਲਈ ਮੈਂ ਨੂੰ ਤਾਕਤਵਰ ਮੰਨਦੇ ਹਨ। ਗ਼ੁਰਬਤ ਦੇ ਕਾਰਨ ਲੱਭੋ, ਫਿਰ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਹੈ? ਗ਼ੁਰਬਤ ਅਰਥਾਤ ਗ਼ਰੀਬੀ ‘ਚੋਂ ਮਿਹਨਤ ਨਾਲ ਬਾਹਰ ਨਿਕਲਣਾ ਚਾਹੀਦਾ ਹੈ। ਉਹ ਇਹ ਵੀ ਲਿਖਦੇ ਹਨ ਕਿ ਇਨਸਾਨ ਬਨਾਉਟੀ ਅਰਥਾਤ ਦੋਗਲਾ ਜੀਵਨ ਬਤੀਤ ਕਰ ਰਿਹਾ ਹੈ। ਬਾਹਰੋਂ ਅੰਦਰੋਂ ਇਕ ਨਹੀਂ ਹੁੰਦਾ। ਕਈ ਵਾਰ ਇਨਸਾਨ ਪੁਰਾਣੀਆਂ ਗੱਲਾਂ ਯਾਦ ਕਰਕੇ ਝੂਰਨ ਲੱਗ ਜਾਂਦਾ ਹੈ। ਪੁਰਾਣੀਆਂ ਖ਼ੁਸ਼ ਕਰਨ ਵਾਲੀਆਂ ਗੱਲਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਸਰਟੀਫੀਕੇਟ, ਰਾਸ਼ਣ ਕਾਰਡ, ਆਧਾਰ ਕਾਰਡ ਆਦਿ ਖੁਦ ਸੰਭਾਲਕੇ ਕਿਸੇ ਟਿਕਾਣੇ ਤੇ ਰੱਖੋ ਤਾਂ ਜੋ ਲੋੜ ਪੈਣ ਤੇ ਤੁਰੰਤ ਲੱਭੇ ਜਾ ਸਕਣ। ਜਨਮ ਦਿਨ ਮਨਾਉਣ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਦਿਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਕੇ ਆਤਮ ਨਿਰੀਖਣ ਕਰਨਾ ਚਾਹੀਦਾ ਕਿ ਅਸੀਂ ਕੀ ਚੰਗਾ ਤੇ ਮਾੜਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਆਪਣੇ ਆਪ ਨੂੰ ਸੁਧਾਰਨ ਦਾ ਪ੍ਰਬੰਧ ਕਰੋ। ਅਗਲੇ ਸਾਲ ਦਾ ਪ੍ਰੋਗਰਾਮ ਬਣਾ ਲਓ ਕਿ ਕੀ ਕਰਨਾ ਹੈ? ਦਿਮਾਗ਼ ਤੇ ਬਹੁਤਾ ਬੋਝ ਨਾ ਪਾਓ। ਹਰ ਗੱਲ ਤੇ ਤੁਰੰਤ ਰੀਐਕਟ ਨਾ ਕਰੋ। ਸਮੱਸਿਆਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਉਮਰ ਮੁਤਾਬਕ ਸਮਾਜ ਵਿਚ ਵਿਵਹਾਰ ਅਤੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਬਟਵਾਰੇ ਦੇ ਦਰਦ ਦਾ ਵੀ ਇਜ਼ਹਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਡਾ ਇਤਿਹਾਸ ਸਹੀ ਜਾਣਕਾਰੀ ਨਹੀਂ ਦਿੰਦਾ। ਦਲੀਪ ਸਿੰਘ ਵਾਸਨ ਦਾਨ ਕਰਨ ਨੂੰ ਪਾਪ ਸਮਝਦੇ ਹਨ, ਸਗੋਂ ਕਿਸੇ ਲੋੜਮੰਦ ਦੀ ਮਦਦ ਕਰਨਾ ਪੁੰਨ ਹੁੰਦਾ ਹੈ। ਦਾਨ ਉਪਰ ਵਿਹਲੜ ਪਲਦੇ ਹਨ। ਨੈਤਿਕਤਾ ਖ਼ਤਮ ਹੁੰਦੀ ਜਾ ਰਹੀ ਹੈ। ਦੁਰਘਟਨਾਵਾਂ ਦੇ ਸ਼ਿਕਾਰ ਸੜਕਾਂ ਰੁਲਦੇ ਹਨ, ਲੋਕ ਉਨ੍ਹਾਂ ਦੇ ਕੋਲੋਂ ਲੰਘੀ ਜਾਂਦੇ ਹਨ। ਪ੍ਰੇਮ ਵਿਆਹ ਮਾੜੇ ਨਹੀਂ ਪ੍ਰੰਤੂ ਪ੍ਰੇਮ ਵਿਚ ਅੰਤਰਜ਼ਾਤੀ ਵਿਆਹ ਬਹੁਤੇ ਸਭਿਆਚਾਰ ਦੇ ਵਖਰੇਵੇਂ ਕਰਕੇ ਸਫ਼ਲ ਨਹੀਂ ਹੁੰਦੇ।  ਸਾਡੇ ਸਮਾਜ ਵਿਚ ਪੁੱਤਰ ਨੂੰ ਵਿਰਾਸਤ ਦਾ ਵਾਰਸ ਸਮਝਕੇੇ ਖ਼ੁਸ਼ੀ ਮਨਾਈ ਜਾਂਦੀ ਹੈ ਪ੍ਰੰਤੂ ਬੁਢਾਪੇ ਵਿਚ ਪੁੱਤਰ ਬਜ਼ੁਰਗਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ।  ਲੇਖਕ ਅਨੁਸਾਰ ਲੋਭ, ਕਾਮ, ਕਰੋਧ, ਮੋਹ ਅਤੇ ਹੰਕਾਰ ਬਹੁਤੇ ਹੋਣ ਤਾਂ ਬੁਰੇ ਹਨ ਪ੍ਰੰਤੂ ਇਨ੍ਹਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਕਾਮ ਉਤਪਤੀ ਦਾ ਸਾਧਨ, ਕ੍ਰੋਧ ਤੋਂ ਅਨੁਸ਼ਾਸ਼ਨ, ਮੋਹ ਤੋਂ ਮੁਹੱਬਤ, ਲੋਭ ਤੋਂ ਮੁਕਾਬਲੇ ਦੀ ਰੁਚੀ ਅਤੇ ਅਹੰਕਾਰ ਤੋਂ ਸਫ਼ਲਤਾ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਦੀ ਮਿਕਦਾਰ ਘਟਾਈ ਵਧਾਈ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh48@yahoo.com 

9 ਜੁਲਾਈ ਨੂੰ ਅੰਤਮ ਅਰਦਾਸ ‘ਤੇ ਵਿਸ਼ੇਸ਼ : ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ - ਉਜਾਗਰ ਸਿੰਘ

ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ।   ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ  ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ।  ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ।  ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ  ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ  ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ।  ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।
        ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ ਨਿਭਾਈ ਪ੍ਰੰਤੂ ਡਾ ਰਣਬੀਰ ਸਿੰਘ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਡਾ ਰਣਬੀਰ ਇਤਨੇ ਗਿਆਨਵਾਨ ਸਨ ਕਿ ਜੇ ਉਹ ਆਈ ਏ ਐਸ ਦੇ ਮੁਕਾਬਲੇ ਦੇ ਇਮਤਿਹਾਨ ਵਿੱਚ ਬੈਠਦੇ ਤਾਂ ਉਹ ਜ਼ਰੂਰ ਸਫ਼ਲ ਹੁੰਦੇ ਅਤੇ ਇਕ ਚੰਗੇ ਕੁਸ਼ਲ ਪ੍ਰਬੰਧਕ ਹੋ ਸਕਦੇ ਸਨ। ਉਸ ਸਮੇਂ ਅੰਗਰੇਜ਼ੀ ਦੇ ਅਧਿਆਪਕ ਬਣਨਾ ਹੀ ਵੱਡੀ ਗੱਲ ਸਮਝਿਆ ਜਾਂਦਾ ਸੀ।  1966 ਵਿੱਚ ਪੰਜਾਬੀ ਸੂਬਾ ਬਣਨ ‘ਤੇ ਉਨ੍ਹਾਂ ਦੀ ਐਲੋਕੇਸ਼ਨ ਹਰਿਆਣਾ ਦੀ ਹੋ ਗਈ ਕਿਉਂਕਿ ਉਨ੍ਹਾਂ ਦੀ ਜ਼ਮੀਨ ਨੜੈਲ ਪਿੰਡ ਵਿੱਚ ਸੀ, ਜੋ ਹਰਿਆਣਾ ਵਿੱਚ ਆ ਗਿਆ ਸੀ। ਫਿਰ ਉਨ੍ਹਾਂ ਆਪਣੀ ਐਲੋਕੇਸ਼ਨ ਪੰਜਾਬ ਵਿਚ ਤਬਦੀਲ ਕਰਵਾਈ। ਰਣਬੀਰ ਸਿੰਘ ਦਾ ਵਿਆਹ ਸੰਗਰੂਰ ਜਿਲ੍ਹੇ ਦੇ ਜਖੇਪਲ ਪਿੰਡ ਦੀ ਅੰਗਰੇਜ਼ੀ ਦੀ ਲੈਕਚਰਾਰ ਸੁਖਦਰਸ਼ਨ ਕੌਰ ਸਿੱਧੂ ਸਪੁੱਤਰੀ ਸੁੰਤਰਤਾ ਸੰਗਰਾਮੀ ਕੈਪਟਨ ਸੰਤੋਖ ਸਿੰਘ ਨਾਲ 1973 ਵਿੱਚ ਹੋਇਆ। ਡਾ ਰਣਬੀਰ ਸਿੰਘ ਸਰਾਓ ਆਪਣੇ ਪਿੱਛੇ ਪੜ੍ਹਿਆ ਲਿਖਿਆ ਪਰਿਵਾਰ ਪਤਨੀ ਪ੍ਰੋ ਸਖੁਦਰਸ਼ਨ ਕੌਰ ਸਰਾਓ ਜੋ ਵੀ ਅੰਗਰੇਜ਼ੀ ਵਿਸ਼ੇ ਦੇ ਸੇਵਾ ਮੁਕਤ ਪ੍ਰੋਫ਼ੈਸਰ, ਲੜਕਾ ਅਜੈਵੀਰ ਸਿੰਘ ਸਰਾਓ ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਜਾਇੰਟ ਡਾਇਰੈਕਟਰ ਅਤੇ ਲੜਕੀ ਡਾ ਸਿਮਰਤ ਕੌਰ ਧੀਰ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੀ ਸੈਂਡੀਆਗੋ ਯੂਨੀਵਰਸਿਟੀ ਵਿੱਚ ਅੰਗਰੇਜੀ ਦੇ ਪ੍ਰੋਫ਼ੈਸਰ ਹਨ ਉਨ੍ਹਾਂ ਨੂੰ ਛੱਡ ਗਏ ਹਨ।
          ਉਨ੍ਹਾਂ ਦੀ ਯਾਦ ਵਿੱਚ ਅੰਤਮ ਅਰਦਾਸ 9 ਜੁਲਾਈ 2021 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਾਟਕ ਨੰਬਰ 23 ਪਟਿਆਲਾ ਵਿਖੇ ਦੁਪਹਿਰ 12-00 ਤੋਂ 1-00 ਵਜੇ ਦੇ ਦਰਮਿਆਨ ਹੋਵੇਗੀ।

ਸਾਬਕਾ ਜਿਲਾ੍ਹ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ - ਉਜਾਗਰ ਸਿੰਘ

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਤਾਕਤ ਹਾਸਲ ਕਰਨ ਲਈ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਕੇ ਲਾਭ ਉਠਾਉਣਾ ਚਾਹੁੰਦੀਆਂ ਹਨ। ਪੰਜਾਬੀ/ ਸਿੱਖ ਸੰਸਾਰ ਵਿੱਚ ਮਿਹਨਤੀ, ਅਣਖ਼ੀ, ਗੈਰਤਮੰਦ ਅਤੇ ਬਹਾਦਰੀ ਕਰਕੇ ਜਾਣੇ ਜਾਂਦੇ ਹਨ। ਪੰਜਾਬ ਦੀ ਪਵਿਤਰ ਧਰਤੀ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੋਣ ਦੇ ਨਾਲ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦਿੱਤੀ ਹੈ। ਪੰਜਾਬੀ/ਸਿੱਖ ਇਸ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ, ਦੁਨੀਆਂ ਦੇ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਕਰੋਨਾ ਕਾਲ ਵਿੱਚ ਲਾਕ ਡਾਊਨ ਦੌਰਾਨ ਆਪਣੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਕੇ ਸੰਸਾਰ ਵਿੱਚ ਲੋੜਵੰਦਾਂ ਨੂੰ ਲੰਗਰ ਛਕਾਏ, ਆਕਸੀਜਨ ਗੈਸ ਸਿੰਲਡਰ ਉਪਲਭਧ ਕਰਵਾਏ, ਇਥੋਂ ਤੱਕ ਕਿ ਜਦੋਂ ਕਰੋਨਾ ਨਾਲ ਮਰਨ ਵਾਲਿਆਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬੀਆਂ/ਸਿੱਖਾਂ ਨੇ ਇਹ ਜ਼ਿੰਮੇਵਾਰੀ ਨਿਭਾਈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ ਜਦੋਂ ਹੱਥ ਖੜ੍ਹੇ ਕਰ ਗਈ ਤਾਂ ਪੰਜਾਬੀ/ਸਿੱਖ ਅੱਗੇ ਆਏ। ਅਰਵਿੰਦ ਕੇਜਰੀਵਾਲ ਅਜੇ ਵੀ ਪੰਜਾਬੀਆਂ/ਸਿੱਖਾਂ ਦੀ ਅਣਖ਼ ਅਤੇ ਫਰਾਕਦਿਲੀ ਨੂੰ ਸਮਝ ਨਹੀਂ ਸਕੇ? ਪੰਜਾਬੀ/ਸਿੱਖ ਤਾਂ ਮੁਫ਼ਤ ਦੇਣ ਵਾਲੇ ਹਨ, ਲੈਣ ਵਾਲੇ ਨਹੀਂ। ਇਹ ਸਿਰਫ਼ ਗੁਰੂ ਤੋਂ ਮੰਗਦੇ ਹਨ, ਹੋਰ ਕਿਸੇ ਤੋਂ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁਨੀਆਂ ਅਤੇ ਭਾਰਤ ਵਿੱਚ ਇਤਨੇ ਮੰਗਤੇ ਹਨ, ਕਦੀਂ ਕਿਸੇ ਨੇ ਕਈ ਪੰਜਾਬੀ/ਸਿੱਖ ਮੰਗਤਾ ਵੇਖਿਆ ਹੈ? ਸਿਆਸੀ ਪਾਰਟੀਆਂ ਨੂੰ ਪੰਜਾਬੀਆਂ/ਸਿੱਖਾਂ ਦੇ ਇਤਿਹਾਸ ਨੂੰ ਪੜ੍ਹਕੇ ਉਨ੍ਹਾਂ ਦੇ ਗੁਣ ਗ੍ਰਹਿਣ ਕਰਨ ਦੀ ਤਕਲੀਫ਼ ਕਰਨੀ ਬਣਦੀ ਹੈ। ਨਾ ਕਿ ਮੁਫ਼ਤਖ਼ੋਰੇ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬੀਆਂ/ਸਿੱਖਾਂ ਨੂੰ ਵੀ ਅਜਿਹੀਅ ਲੁਭਾਓ ਚਲਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਐਵੇਂ ਨਾ ਬਿਨਾ ਸੋਚੇ ਸਮਝੇ ਵਕਤੀ ਲਾਭ ਲਈ ਗੁਮਰਾਹ ਹੋ ਜਾਇਓ। ਦੁੱਖ ਇਸ ਗੱਲ ਦਾ ਹੈ ਕਿ ਪੰਥਕ ਕਹਾਉਣ ਵਾਲੀ ਪਾਰਟੀ ਜੋ ਸਿੱਖ ਧਰਮ ਬਾਰੇ ਬਾਖ਼ੂਬੀ ਜਾਣਦੀ ਹੈ, ਉਸਨੇ ਹੀ ਮੰਗਤੇ ਬਣਾਉਣ ਦੀ ਚਾਲ ਸਭ ਤੋਂ ਪਹਿਲਾਂ ਚਲੀ ਸੀ। ਸਿਆਸਤਦਾਨੋ ਵੋਟਾਂ ਵਟੋਰਨ ਲਈ ਪਲਾਹ ਸੋਟੇ ਨਾ ਮਾਰੋ। ਅਸੂਲਾਂ ‘ਤੇ ਅਧਾਰਤ ਸਿਆਸਤ ਕਰੋ। ਕਿਰਤ ਕਰਨ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀਆਂ ਨੂੰ ਦਿੱਤੀ ਸੀ। ਪੰਜਾਬੀ/ਸਿੱਖ ਕਿਰਤ ਕਰਨ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਸਗੋਂ ਉਹ ਤਾਂ ਪਰਵਾਸ ਵਿੱਚ ਜਾ ਕੇ ਵੀ ਸਖਤ ਮਿਹਨਤ ਕਰਕੇ ਮੱਲਾਂ ਮਾਰ ਰਹੇ ਹਨ। ਸਿਆਸੀ ਪਾਰਟੀਆਂ ਪੰਜਾਬੀਆਂ/ਸਿੱਖਾਂ ਨੂੰ ਕਿਰਤ ਕਰਨ ਦੀ ਥਾਂ ਮੁਫ਼ਤਖ਼ੋਰੇ ਬਣਾਉਣ ਲੱਗ ਪਈਆਂ ਹਨ। ਵੋਟਾਂ ਵਟੋਰਨ ਲਈ ਇਹ ਲੋਕ ਲੁਭਾਊ ਸਕੀਮਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਨ ਵਾਲੀ ਗੱਲ ਹੈ। ਲੋਕ ਲੁਭਾਊ ਸਕੀਮਾ ਦੇ ਐਲਾਨ ਕਰਨ ਵਿੱਚ ਸਾਰੀਆਂ ਪਾਰਟੀਆਂ ਇਕ ਦੂਜੇ ਤੋਂ ਮੋਹਰੀ ਹੋਣ ਲਈ ਲਟਾ ਪੀਂਘ ਹੋਈਆਂ ਪਈਆਂ ਹਨ। ਉਹ ਪੰਜਾਬੀਆਂ/ਸਿੱਖਾਂ ਨੂੰ ਮੂਰਖ਼ ਸਮਝ ਰਹੀਆਂ ਹਨ। ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪੰਜਾਬੀ ਰਾਜ ਭਾਗ ਅਤੇ ਪ੍ਰਬੰਧ ਵਿਚ ਪਾਰਦਰਸ਼ਤਾ ਚਾਹੁੰਦੇ ਹਨ। ਉਹ ਲਾਲਚੀ ਨਹੀਂ। ਉਹ ਖ੍ਰੀਦੇ ਨਹੀਂ ਜਾ ਸਕਦੇ, ਸਗੋਂ ਉਹ ਤਾਂ ਖ੍ਰੀਦਣ ਵਾਲੇ ਹਨ। ਪੰਜਾਬੀ ਸਿਆਸੀ ਪਾਰਟੀਆਂ ਦੀਆਂ ਇਨ੍ਹਾਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਹ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਠੱਗੇ ਮਹਿਸੂਸ ਕਰ ਰਹੇ ਹਨ। ਸਿਅਸਤਦਾਨ ਇਕ ਪਾਸੇ ਮੁਫ਼ਤ ਸਹੂਲਤਾਂ ਦੇ ਕੇ ਦੂਜੇ ਪਾਸੇ ਟੈਕਸ ਲਗਾਕੇ ਪੰਜਾਬ ਦੇ ਲੋਕਾਂ ‘ਤੇ ਹੀ ਭਾਰ ਪਾ ਦਿੰਦੇ ਹਨ। ਸਿਆਸਤਦਾਨਾ ਨੇ ਆਪਣੀਆਂ ਜੇਬਾਂ ਵਿੱਚੋਂ ਤਾਂ ਕੁਝ ਦੇਣਾ ਹੀ ਨਹੀਂ ਹੁੰਦਾ। ਪੰਜਾਬ ਦੇ ਬਜਟ ਵਿੱਚੋਂ ਹੀ ਦਿੰਦੇ ਹਨ। ਭਾਵ ਉਹ ਪਰਜਾ ਦੇ ਕੰਨ ਨੂੰ ਸੱਜੇ ਪਾਸਿਓਂ ਫੜਨ ਦੀ ਥਾਂ ਖੱਬੇ ਪਾਸੇ ਤੋਂ ਫੜਕੇ ਟੈਕਸ ਵਟੋਰ ਲੈਂਦੇ ਹਨ।
        ਅਰਵਿੰਦ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਕਾਂਗਰਸ, ਅਕਾਲੀ ਦਲ ਅਤੇ ਬੀ ਜੇ ਪੀ ਦੇ ਬਦਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਸੀ। ਪੰਜਾਬ ਦੇ ਲੋਕ ਬਦਲ ਵੀ ਚਾਹੁੰਦੇ ਸਨ ਪ੍ਰੰਤੂ ਆਪਣੀਆਂ ਗਲਤੀਆਂ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਖੁੰਝ ਗਈ। ਵਾਅਦੇ ਉਦੋਂ ਵੀ ਲੰਬੇ ਚੌੜੇ ਕੀਤੇ ਸਨ ਪ੍ਰੰਤੂ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਨਾਲ ਬਾਜ਼ੀ ਮਾਰ ਗਈ ਸੀ। ਹੁਣ ਫਿਰ ਅਰਵਿੰਦ ਕੇਜਰੀਵਾਲ 10 ਦਿਨਾ ਵਿੱਚ ਦੂਜੀ ਵਾਰ ਪੰਜਾਬ ਵਿੱਚ ਗੇੜਾ ਮਾਰ ਗਏ, ਉਹ ਵੀ ਵੋਟਾਂ ਵਟੋਰਨ ਲਈ ਭਰਮਾਉਣ ਆਏ ਸਨ। ਸਾਢੇ ਚਾਰ ਸਾਲ ਪੰਜਾਬ ਨੂੰ ਮੂੰਹ ਨਹੀਂ ਵਿਖਾਇਆ। ਅੰਮਿ੍ਰਤਸਰ ਵਿਖੇ ਸਿੱਖ ਮੁੱਖ ਮੰਤਰੀ ਦੇਣ ਦਾ ਐਲਾਨ ਕਰਕੇ ਪੰਜਾਬੀਆਂ/ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਰਾਜਨੀਤੀ ਕਰ ਗਏ। ਚੰਡੀਗੜ੍ਹ ਆ ਕੇ ਸਾਰੇ ਪੰਜਾਬੀਆਂ ਨੂੰ 300 ਯੁਨਿਟ ਬਿਜਲੀ ਮਾਫ਼ ਕਰਨ ਦਾ ਲਾਰਾ ਲਾ ਗਏ। ਬਿਜਲੀ ਦੇ ਬਕਾਇਆ ਬਿਲਾਂ ਨੂੰ ਮਾਫ਼ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਤੁਸੀਂ ਬੇਸ਼ਕ ਬਿਲ ਨਾ ਭਰੋ ਸਾਡੀ ਸਰਕਾਰ ਸਾਰੇ ਬਕਾਇਆ ਮਾਫ ਕਰ ਦੇਵੇਗੀ। ਪੰਜਾਬ ਵਿੱਚ ਸਰਕਾਰ ਬਣਾਉਣ ਦੇ ਖਿਆਲੀ ਪਲਾਓ ਹਨ, ਜੇ ਸਰਕਾਰ ਨਾ ਬਣੀ ਤਾਂ ਏਰੀਅਰ ਕੌਣ ਭਰੇਗਾ, ਜੋ ਜੁਰਮਾਨੇ ਲੱਗ ਕੇ ਬਿਲ ਦੁਗਣੇ ਹੋ ਜਾਣਗੇ। ਮੁੱਖ ਮੰਤਰੀ ਹੋ ਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਗੱਲ ਕਰਦੇ ਹੋ। ਪੰਜਾਬ ਰਾਜ ਬਿਜਲੀ ਬੋਰਡ ਤਾਂ ਪਹਿਲਾਂ ਹੀ ਦਿਵਾਲੀਆ ਹੋਣ ਦੇ ਕਿਨਾਰੇ ਪਹੁੰਚਿਆ ਹੋਇਆ ਹੈ। ਦਿੱਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 200 ਯੁਨਿਟ ਮਾਫ ਕੀਤੇ ਹੋਏ ਹਨ, ਉਸ ਸਕੀਮ ਦਾ ਲਾਭ ਵੀ ਦਸਰਫ਼ 5 ਫੀ ਸਦੀ ਲੋਕਾਂ ਨੂੰ ਹੀ ਹੁੰਦਾ ਹੈ ਕਿਉਂਕਿ ਜੇ 200 ਤੋਂ ਇਕ ਯੂਨਿਟ ਵੱਧ ਬਿਲ ਆ ਗਿਆ ਤਾਂ ਸਾਰਾ ਬਿਲ ਦੇਣਾ ਪਵੇਗਾ। ਬਹੁਤ ਘੱਟ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੀਆਂ ਲੋੜਾਂ 200 ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਹੋਵੇਗਾ। ਪੰਜਾਬ ਵਿੱਚ 200 ਯੁਨਿਟ ਪਹਿਲਾਂ ਹੀ ਬਾਦਲ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਗ਼ਰੀਬੀ ਰੇਖਾ ਤੋਂਹੇਠਾਂ ਰਹਿਣ ਵਾਲੇ ਲੋਕਾਂ ਦੀ ਮਾਫ ਕੀਤੀ ਹੋਈ ਹੈ। ਪੰਜਾਬ ਦੇ ਲੋਕ ਤਾਂ ਦਿੱਲੀ ਦੇ ਲੋਕਾਂ ਨਾਲੋਂ ਬਿਹਤਰ ਪੋਜੀਸ਼ਨ ਵਿੱਚ ਹਨ। ਉਨ੍ਹਾਂ ਦੀਆਂ ਲੋੜਾਂ ਤਾਂ 500 ਯੁਨਿਟਾਂ ਵੀ ਪੂਰੀਆਂ ਨਹੀਂ ਕਰਦੀਆਂ। ਰਾਜਿੰਦਰ ਕੌਰ ਭੱਠਲ ਜਦੋਂ 1996 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਤਜ਼ਵੀਜ ਬਣਾਈ ਸੀ ਕਿ 5 ਏਕੜ ਜ਼ਮੀਨ ਦੇ ਮਾਲਕ ਕਿਸਾਨਾ ਦੀਆਂ ਮੋਟਰਾਂ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ। ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਐਲਾਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੇ ਕਿਸਾਨਾ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਸੀ। ਉਦੋਂ ਵੀ ਕਿਸਾਨਾ ਨੇ ਕਿਹਾ ਸੀ ਕਿ ਸਾਨੂੰ ਬਿਜਲੀ 24 ਘੰਟੇ ਦਿੱਤੀ ਜਾਵੇ ਪ੍ਰੰਤੂ ਮੁਫ਼ਤ ਨਹੀਂ। ਪਰਕਾਸ਼ ਸਿੰਘ ਬਾਦਲ ਨੇ ਤਾਂ ਇਸ ਤੋਂ ਬਾਅਦ ਆਟਾ ਦਾਲ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ। ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਜਦੋਂ 2002 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਮੁਫ਼ਤ ਬਿਜਲੀ ਵਾਪਸ ਲੈਣ ਬਾਰੇ ਵਿਚਾਰ ਵਟਾਂਦਰਾ ਆਪਣੇ ਮੰਤਰੀਆਂ ਨਾਲ ਕੀਤਾ ਸੀ ਪ੍ਰੰਤੂ ਕਾਂਗਰਸ ਹਾਈ ਕਮਾਂਡ ਦੇ ਕਹਿਣ ‘ਤੇ ਉਨ੍ਹਾਂ ਜਾਰੀ ਰਹਿਣ ਦਿੱਤੀ ਪ੍ਰੰਤੂ ਜਦੋਂ 2017 ਦੀ ਚੋਣ ਦਾ ਮੈਨੀਫ਼ੈਸਟੋ ਬਣਾਇਆ ਉਸ ਵਿੱਚ ਹੋਰ ਬਹੁਤ ਚੀਜ਼ਾਂ ਮੁਫ਼ਤ ਦੇਣ ਦੇ ਐਲਾਨ ਕਰ ਦਿੱਤਾ। ਜਿਨ੍ਹਾਂ ਵਿਚ ਖੰਡ, ਮੋਬਾਈਲ, ਕਰਜ਼ੇ ਮਾਫ ਕਰਨ ਦੇ ਵਾਅਦੇ ਆਦਿ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੱਸਾਂ ਵਿੱਚ ਇਸਤਰੀਆਂ ਦੇ ਸਫਰ ਨੂੰ ਮੁਫ਼ਤ ਕਰ ਦਿੱਤਾ। ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸੇ ਤਰ੍ਹਾਂ ਮੁਫ਼ਤ ਚੀਜ਼ਾਂ ਦੇਣ ਦੀ ਪ੍ਰਣਾਲੀ ਜ਼ਾਰੀ ਰਹੀ ਤਾਂ ਪੰਜਾਬ ਦਾ ਆਰਥਿਕ ਤੌੌਰ ਤੇ ਦਿਵਾਲਾ ਨਿਕਲ ਜਾਵੇਗਾ। ਸਰਕਾਰ ਦੇ ਇਨ੍ਹਾਂ ਖ਼ਰਚਿਆਂ ਲਈ ਆਮਦਨ ਕਿਥੋਂ ਹੋਵੇਗੀ? ਇਹ ਘਾਟੇ ਪੂਰੇ ਕਰਨ ਲਈ ਆਮ ਲੋਕਾਂ ਤੇ ਹੀ ਬੋਝ ਪਾਇਆ ਜਾਵੇਗਾ। ਪੈਟਰੌਲ ਡੀਜ਼ਲ ‘ਤੇ ਹੋਰ ਸੈਸ ਲਾਕੇ ਲੋਕਾਂ ਦਾ ਕਚੂਮਰ ਕੱਢਿਆ ਜਾਵੇਗਾ। ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਬੰਦ ਹੋਣ ਦੇ ਨੇੜੇ ਪਹੁੰਚ ਗਈਆਂ ਹਨ।
     ਸਿਆਸੀ ਪਾਰਟੀਆਂ ਅਸੂਲਾਂ ਦੀ ਰਾਜਨੀਤੀ ਨਹੀਂ ਕਰ ਰਹੀਆਂ। ਲੋਕਾਂ ਨੂੰ ਅਸਲੀ  ਭਖਦੇ ਨਸ਼ਿਆਂ, ਬੇਰੋਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਗ਼ਰੀਬੀ, ਕਿਸਾਨਾ ਦੀਆਂ ਖ਼ੁਦਕਸ਼ੀਆਂ, ਕਰਜ਼ੇ, ਸਤਲੁਜ ਯਮੁਨਾ Çਲੰਕ ਨਹਿਰ, ਰੇਤ ਮਾਫੀਆ ਅਤੇ ਨਜ਼ਾਇਜ਼ ਸ਼ਰਾਬ ਮਾਫੀਆ ਵਰਗੇ ਮੁਦਿਆਂ ਤੋਂ ਧਿਆਨਾ ਹਟਾਕੇ ਲੋਕ ਲੁਭਾਊ ਐਲਾਨ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਰਵਿੰਦ ਕੇਜਰੀਵਾਲ ‘ਤੇ ਤਾਂ ਵਿਸ਼ਵਾਸ਼ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅੰਨਾ ਹਜ਼ਾਰੇ ਦੀ ਭਰਿਸ਼ਟਾਚਾਰ ਵਿਰੁਧ ਸ਼ੁਰੂ ਕੀਤੀ ਗਈ ਲਹਿਰ ਵਿਚੋਂ ਉਪਜੇ ਸਨ। ਬਾਅਦ ਵਿੱਚ ਉਸਨੂੰ ਹੀ ਭੁੱਲਕੇ ਆਮ ਰਵਾਇਤੀ ਪਾਰਟੀਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਨੂੰ ਪੰਜਾਬ ਨਾਲੋਂ ਦਿੱਲੀ ਅਤੇ ਹਰਿਆਣਾ ਦੇ ਹਿਤ ਪਹਿਲਾਂ ਹਨ। ਸਤਲੁਜ ਯਮੁਨਾ Çਲੰਕ ਨਹਿਰ ਦੇ ਪਾਣੀ ਤੋਂ ਦਿੱਲੀ ਨੂੰ ਪਾਣੀ ਲੈਣ ਦੀ ਗੱਲ ਕਰਦੇ ਹਨ। ਪੰਜਾਬ ਵਿੱਚ ਆ ਕੇ ਪੰਜਾਬ ਦੀ ਗੱਲ ਕਰਦੇ  ਹਨ। ਦਿੱਲੀ ਅਤੇ ਹਰਿਆਣਾ ਵਿੱਚ ਜਾ ਕੇ ਪੰਜਾਬ ਦੇ ਹਿੱਤਾਂ ਨੂੰ ਕੁਰਬਾਨ ਕਰ ਜਾਂਦੇ ਹਨ। ਉਹ ਤਾਂ ਕਿਸੇ ਪੰਜਾਬੀ ‘ਤੇ ਵਿਸ਼ਵਾਸ਼ ਹੀ ਨਹੀਂ ਕਰਦੇ। ਸੁੱਚਾ ਸਿੰਘ ਛੋਟੇਪੁਰ, ਹਰਵਿੰਦਰ ਸਿੰਘ ਫੂਲਕਾ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁਖਪਾਲ ਸਿੰਘ ਖ਼ਹਿਰਾ, ਗੁਰਪ੍ਰੀਤ ਸਿੰਘ ਘੁਗੀ ਨੇ ਜਦੋਂ ਪੰਜਾਬ ਦੇ ਹਿੱਤਾਂ ਅਤੇ ਪਾਰਦਰਸ਼ਤਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਅਪਨਾਉਣਾ ਪਿਆ ਕਿਉਂਕਿ ਕੇਜਰੀਵਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਰਹੇ। ਪੰਜਾਬੀਆਂ/ਸਿੱਖਾਂ ਨੂੰ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਦੇ ਹਿਤਾਂ ਲਈ ਵਰਤ ਨਹੀਂ ਸਕਦਾ। ਪੰਜਾਬੀਆਂ/ ਸਿੱਖਾਂ ਦੀ ਅਣਖ਼ ਬਰਕਰਾਰ ਰਹੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ - ਉਜਾਗਰ ਸਿੰਘ


ਕੰਵਰ ਦੀਪ ਦਾ ਪਲੇਠਾ ਕਾਵਿ ਸੰਗ੍ਰਹਿ ਮਨ ਰੰਗੀਆਂ ਚਿੜੀਆਂ ਦੀਆਂ ਕਵਿਤਾਵਾਂ ਇਨਸਾਨ ਦੀ ਮਾਨਸਿਕਤਾ ਦੇ ਦਵੰਦ ਦਾ ਪ੍ਰਗਟਾਵਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਨਿੱਕੀਆਂ ਕਵਿਤਾਵਾਂ ਵੱਡੇ ਅਰਥਾਂ ਦੀਆਂ ਲਖਾਇਕ ਹਨ। ਇਨ੍ਹਾਂ ਕਵਿਤਾਵਾਂ ਦੀ ਭਾਵਨਾ ਨੂੰ ਸਮਝਣ ਲਈ ਤੀਖਣ ਬੁੱਧੀ ਦੀ ਲੋੜ ਹੈ। ਹਰ ਕਵਿਤਾ ਅਰਥ ਭਰਪੂਰ ਹੈ।  ਜ਼ਿੰਦਗੀ ਦੇ ਅਰਥ ਸਮਝਾਉਣ ਵਾਲੀ ਕਵੀ ਦੀ ਕਵਿਤਾ ‘ਸਮੇਂ ਦਾ ਅਰਘ’ ਬਹੁਤ ਹੀ ਭਾਵ ਪੂਰਨ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿੰਦਗੀ ਸਾਲਾਂ ਬੱਧੀ ਵੀ ਬੇਅਰਥ ਹੈ, ਜੇਕਰ ਅਸੀਂ ਲੰਮੇ ਸਮੇਂ ਵਿਚੋਂ ਇਕ ਪਲ ਦੀ ਵੀ ਕਦਰ ਨਹੀਂ ਕੀਤੀ। ਸਮਾਂ ਬਹੁਤ ਕੀਮਤੀ ਹੈ ਕਵੀ ਉਸਦੀ ਅਹਿਮੀਅਤ ਨੂੰ ਸਮਝਣ ‘ਤੇ ਜ਼ੋਰ ਦਿੰਦਾ ਹੈ। ਭਾਵ ਸਮਾਂ ਵਿਅਰਥ ਗੁਆਉਣਾ ਨਹੀਂ ਚਾਹੀਦਾ। ਹਰ ਪਲ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਕੰਵਰ ਦੀਪ ਦੀਆਂ ਬਹੁਤੀਆਂ ਕਵਿਤਾਵਾਂ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਜੇਕਰ ਅਸੀਂ ਇਕ ਪਲ ਲਈ ਵੀ ਸੁਚੱਜੇ ਢੰਗ ਨਾਲ ਜ਼ਿੰਦਗੀ ਜੀਅ ਲਈਏ ਅਰਥਾਤ ਸਮਾਜ ਦੇ ਲੇਖੇ ਲਾ ਦਈਏ ਤਾਂ ਵੀ ਉਹ ਪਲ ਵੀ ਅਰਥ ਭਰਪੂਰ ਹੈ। ਇਕ ਕਿਸਮ ਨਾਲ ਕਵੀ ਸਮਾਜ ਦੇ ਤਾਣੇ ਬਾਣੇ ਵਿਚ ਮਨੁੱਖਤਾ ਦੇ ਡਿਗ ਰਹੇ ਮਿਆਰ ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਟਕੋਰਾਂ ਮਾਰ ਰਿਹਾ ਹੈ। ਪੂਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਸ਼ਪਸ਼ਟ ਹੁੰਦਾ ਹੈ ਕਿ ਕਵੀ ਨੇ ਸਮਾਜਿਕ ਬਿਮਾਰੀਆਂ ਦੇ ਦਰਦ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਨੇ ਬਹੁਤੀਆਂ ਲੰਬੀਆਂ ਕਵਿਤਾਵਾਂ ਨਹੀਂ ਲਿਖੀਆਂ ਸਗੋਂ ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਆਪਣੇ ਮਨ ਦੇ ਭਾਵ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸੰਕੇਤਕ ਢੰਗ ਨਾਲ ਭਰਿਸ਼ਟਾਚਾਰ, ਹੇਰਾ ਫ਼ੇਰੀ, ਵਿਹੜਪੁਣਾ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ  ਆਦਿ ਨੂੰ ਆਪਣੀਆਂ ਕਵਿਤਾਵਾਂ ਦੇ ਮੌਜੂ ਬਣਾਇਆ ਹੈ। ਕੰਵਰ ਦੀਪ ਸੰਵੇਦਨਸ਼ੀਲ ਕਵੀ ਹਨ, ਜਿਹੜੇ ਧੁਰ ਅੰਦਰ ਤੱਕ ਇਨਸਾਨ ਦੀਆਂ ਕਰਤੂਤਾਂ ਨੂੰ ਫਟਕਾਰ ਪਾ ਰਹੇ ਹਨ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ‘ਜੰਗਲ ‘ਚੋਂ ਲੰਘਦਿਆਂ’ ਸੰਕੇਤਕ ਕਵਿਤਾ ਹੈ, ਜਿਸ ਵਿਚ ਕਵੀ ਵਰਤਮਾਨ ਸਮਾਜ ਦੀ ਤੁਲਨਾ ਜੰਗਲ ਨਾਲ ਕਰ ਰਿਹਾ ਹੈ। ਸਮਾਜ ਨੂੰ ਉਹ ਜੰਗਲ ਕਹਿ ਰਿਹਾ ਹੈ। ਇਸ ਸਮਾਜ ਵਿਚ ਹਰ ਤਰ੍ਹਾਂ ਦੇ ਲੋਕ ਹਨ, ਇਹ ਤੁਹਾਡੀ ਮਾਨਸਿਕਤਾ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਰੂਪ ਅਖ਼ਤਿਆਰ ਕਰਨਾ ਚਾਹੁੰਦੇ ਹੋ। ਕਵੀ ਆਪਣੀਆਂ ਕਵਿਤਾਵਾਂ ਵਿਚ ਭਾਸ਼ਾ ਦੀ ਵਰਤੋਂ ਵੀ ਸੰਜਮ ਨਾਲ ਕਰਦਾ ਹੈ, ਪ੍ਰੰਤੂ ਜਿਹੜੀ ਗੱਲ ਉਹ ਕਹਿਣੀ ਚਾਹੁੰਦੇ ਹਨ, ਉਹ ਵੀ ਸੰਕੇਤਾਂ ਵਿਚ ਹੀ ਕਹਿੰਦੇ ਹਨ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਇਨਸਾਨ ਹਰ ਸਮੇਂ ਮਾਨਸਿਕਤਾ ਦੀ ਉਲਝਣ ਵਿਚ ਉਲਝਿਆ ਵਿਖਾਇਆ ਗਿਆ ਹੈ। ਸਾਈਡਪੋਜ਼ ਕਵਿਤਾ ਵਿਚ ਕਵੀ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਸਮਾਜ ਵਿਚ ਪਰਿਵਰਤਨ ਲਿਆਉਣਾ ਚਾਹੁੰਦੇ ਹਨ, ਆਮ ਲੋਕ ਉਨ੍ਹਾਂ ਨੂੰ ਸਮਝ ਹੀ ਨਹੀਂ ਰਹੇ। ਇਨਕੋਰ ਸਿਰਲੇਖ ਵਾਲੀ ਕਵਿਤਾ ਵਿਚ ਹਰ ਵਿਅਕਤੀ ਆਪਣੇ ਆਪ ਨੂੰ ਦੂਜੇ ਨਾਲੋਂ ਵੱਡਾ ਸਮਝਦਾ ਹੈ, ਪ੍ਰੰਤੂ ਇਨਸਾਨ ਨਹੀਂ ਸਮਝਦਾ। ਭਾਵ ਇਨਸਾਨ ਹਓਮੈ ਦੇ ਚਕਰ ਵਿਚ ਫਸਿਆ ਫਿਰਦਾ ਹੈ ਪ੍ਰੰਤੂ ਇਨਸਾਨ ਸਾਰੇ ਬਰਾਬਰ ਹੁੰਦੇ ਹਨ। ਕੋਈ ਵੱਡਾ ਛੋਟਾ ਨਹੀਂ। ਬਾਈ ਸਿਆਂ ਸਿਰਲੇਖ ਵਾਲੀ ਕਵਿਤਾ ਦਾ ਭਾਵ ਵੀ ਇਹੋ ਹੈ ਕਿ ਬੰਦਾ ਇਨਸਾਨ ਨਹੀਂ ਬਣ ਸਕਿਆ। ਬੁੱਧ ਬਣਨ ਦੀ ਲੋੜ ਨਹੀਂ, ਗ੍ਰਹਿਸਤ ਵਿਚ ਰਹਿਕੇ ਹੀ ਇਨਸਾਨ ਬਣਿਆਂ ਜਾ ਸਕਦਾ ਹੈ। ਸਮੇਂ ਦੇ ਹਾਣੀ ਕਵਿਤਾ ਵਿਚ ਵੀ ਪੋਟਿਆਂ ਅਤੇ ਘੜੀ ਦੀ ਆਂ ਉਦਾਹਰਣਾ ਦੇ ਕੇ ਸੰਕੇਤਾਂ ਨਾਲ ਇਨਸਾਨੀਅਤ ਦਾ ਪੱਲਾ ਫੜਨ ਦੀ ਪ੍ਰੇਰਨਾ ਦਿੱਤੀ ਹੈ। ਭਾਵ ਪੁਰਾਣੇ ਜ਼ਮਾਨੇ ਭਲੇ ਸਨ, ਜਦੋਂ ਲੋਕ ਨੈਤਿਕਤਾ ਵਾਲਾ ਜੀਵਨ ਬਤੀਤ ਕਰਦੇ ਸਨ। ਰੱਬ ਨਾਲ ਗੱਲਾਂ ਵਿਚ ਵੀ ਲੋਕਾਂ ਦੀ ਪ੍ਰਵਿਰਤੀ ਫ਼ਰਜ਼ਾਂ ਨਾਲੋਂ ਹੱਕਾਂ ਦੀ ਤਰਜ਼ੀਹ ਦਿੰਦੀ ਵਿਖਾਈ ਹੈ, ਪ੍ਰੰਤੂ ਸਾਡੇ ਸਮਾਜ ਵਿਚ ਹੱਕਾਂ ਲਈ ਜ਼ਿਆਦਾ ਰਾਮ ਰੌਲਾ ਹੈ। ਆਧੁਨਿਕਤਾ ਦੇ ਨਾਮ ਤੇ ਇੰਟਰਨੈਟ ਦੀ ਵਰਤੋਂ ਇਤਨੀ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਕਮਰਿਆਂ ਵਿਚ ਬੈਠੇ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਕੇ ਗੱਲਾਂ ਨਹੀਂ ਕਰਦੇ ਸਗੋਂ ਪਰਵਾਸੀਆਂ ਦੀ ਤਰ੍ਹਾਂ ਫੋਨਾ ਤੇ ਸੰਦੇਸ਼ ਦੇ ਕੇ ਹੀ ਗੱਲਾਂ ਕਰਦੇ ਹਨ। ਇਹ ਕੌਣ ਨੇ? ਕਵਿਤਾ ਵਿਚ ਕਵੀ ਲਿਖਦੇ ਹਨ-
ਘਰੋਂ ਨਿਕਲਣ ਤੋਂ ਪਹਿਲਾਂ  ਮੌਸਮ ਪਰਖਣ ਵਾਲੇ
ਅਸੀਂ
ਵਕਤ ਦੇ ਗ਼ੁਲਾਮ ਬਣ ਗਏ ਹਾਂ।
ਜ਼ਿਹਨ ‘ਚ ਵਧਦੀ ਅਸੁਰੱਖਿਅਤਾ
ਦਿਲਾਂ ਦੀਆਂ ਦੂਰੀਆਂ
ਚਾਰ ਕੰਧਾਂ ਦੇ ਕੈਦੀ ‘ਘਰਾਂ’ ‘ਚ  ਬੈਠੇ ਈ
ਪਰਵਾਸੀ  ਹੋ ਗਏ ਹਾਂ।
  ਕਵੀ ਜੋ ਵੀ ਗੱਲ ਆਪਣੀ ਕਵਿਤਾ ਵਿਚ ਕਹਿਣੀ ਚਾਹੁੰਦੇ ਹਨ, ਸਿੱਧੀ ਸਪਾਟ ਨਹੀਂ ਕਰਦੇ ਸਗੋਂ ਸੰਕੇਤਕ ਸ਼ਬਦਾਂ ਵਿਚ ਕਰਦੇ ਹਨ। ਅਮੀਰ ਗ਼ਰੀਬ ਦੇ ਪਾੜੇ ਦੀ ਗੱਲ ‘ਓਸ ਬੰਦੇ ਦੀਆਂ ਗੱਲਾਂ ਸਿਰਲੇਖ ਵਾਲੀ ਕਵਿਤਾ ਵਿਚ ਅਸਿਧੇ ਢੰਗ ਨਾਲ ਲਿਖਦੇ ਹਨ-
ਓਹਨੂੰ ਥਾਲ-ਸਜੀ ਰੋਟੀ ਖਾਂਦੇ ਨੂੰ, ਆਪਦੇ ਪਿੰਡ ਆਲਾ ‘ਮਾੜਾ’ ਯਾਦ ਆ ਗਿਆ।
ਵੀ ਓਹ ਭੁੱਖਾ ਹੋਊ ਏਸ ਵੇਲੇ,  ਹੱਥੋਂ ਮੂੰਹ ਨੂੰ ਜਾਂਦੀ ਬੁਰਕੀ, ਰੱਖ ਲੰਮਾ ਪੈ ਗਿਆ।
   ਮੈਂ ਜ਼ਿੰਦਾਬਾਦ ਕਵਿਤਾ ਵਿਚ ਸਮਾਜਿਕ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵਰਜਿਤ ਪਲ ਓਪਰੀ ਨਜ਼ਰ ਨਾਲ ਪੜ੍ਹਨ ਵਾਲੇ ਨੂੰ ਰੁਮਾਂਟਿਕ ਕਵਿਤਾ ਲੱਗੇਗੀ ਪ੍ਰੰਤੂ ਕਵੀ ਨੇ ਇਸ ਵਿਚ ਜ਼ਿੰਦਗੀ ਨੂੰ ਸਹੀ ਲੀਹਾਂ ‘ਤੇ ਲਿਆਕੇ ਇਸਦਾ ਸਦਉਪਯੋਗ ਕਰਨ ਦੀ ਤਾਕੀਦ ਕੀਤੀ ਹੈ। ਹੁੰਗਾਰਾ ਅਤੇ ਅੜੇ ਹੋਏ ਖ਼ਿਆਲ ਕਵਿਤਾਵਾਂ ਵਿਚ  ਕਵੀ ਕਹਿੰਦਾ ਹੈ ਕਿ ਜਦੋਂ ਇਨਸਾਨ ਬੱਚਾ ਹੁੰਦਾ ਹੈ ਤਾਂ ਉਹ ਮਨ ਦਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦਾ ਹੈ। ਵੱਡਾ ਹੋਕੇ ਸਿਆਣਪ ਦੇ ਕੋਹੜ ਵਿਚ ਗ੍ਰਸਤ ਹੋ ਕੇ ਲਾਭ-ਰਸ ਮਾਨਣ ਲੱਗ ਜਾਂਦਾ ਹੈ। ਭਾਵ ਭਰਿਸ਼ਟ ਹੋ ਜਾਂਦਾ ਹੈ, ਇਸ ਲਈ ਜਵਾਕ ਰਹਿਣਾ ਹੀ ਠੀਕ ਸਮਝਦਾ ਹੈ, ਇਨਸਾਨ ਲਾਲਚ ਤੋਂ ਰਹਿਤ ਹੀ ਚੰਗਾ ਹੈ। ਉਡੀਕਵਾਨ ਜ਼ਿੰਦਗੀ ਦੇ ਵਿਚ ਕਵੀ ਆਸ਼ਾਵਾਦੀ ਹੈ। ਚੰਗੇ ਦੀ ਆਸ ਛੱਡਣੀ ਨਹੀਂ ਚਾਹੀਦੀ, ਆਤਮ ਹੱਤਿਆ ਕਰਨ ਤੋਂ ਰੋਕਦਾ ਹੈ। ਕਵੀ ਆਸ਼ਾਵਾਦੀ ਹੈ, ਇਸ ਲਈ ਭਾਸ਼ਾ ਸੰਕੇਤਕ ਹੀ ਵਰਤਦਾ ਹੈ। ਕਵੀ ਲਿਖਦਾ ਹੈ-
ਬੇ-ਆਸ ਨਾ ਹੋ
ਜ਼ਿੰਦਗੀ ਕਦੋਂ ਵੀ
ਮਿਲ ਸਕਦੀ ਆ।
ਤੂੰ ਬਸ
ਜਿਉਣਾ ਨਾ ਛੱਡੀਂ।
 ਕਵੀ ਆਪਣੀਆਂ ਕਵਿਤਾਵਾਂ ਵਿਚ ਉਸਾਰੂ ਸੋਚ ਨਾਲ ਜ਼ਿੰਦਗੀ ਬਸਰ ਕਰਨ ਲਈ ਕਹਿੰਦਾ ਹੈ। ਜ਼ਿੰਦਗੀ ਵਿਚੋਂ ਕੁੜੱਤਣ ਖ਼ਤਮ ਕਰਕੇ ਆਪਸੀ ਪਿਆਰ ਨਾਲ ਸਮਾਜ ਵਿਚ ਵਿਚਰਨਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਖ਼ੂਬਸੂਰਤ ਹੁੰਦੀ ਹੈ, ਉਦਾਸੀ ਜ਼ਿੰਦਗੀ ਨੂੰ ਜਿਓਣ ਨਹੀਂ ਦਿੰਦੀ। ਨੋ ਐਂਟਰੀ ਸਿਰਲੇਖ ਵਾਲੀ ਕਵਿਤਾ ਵਿਚ ਕੰਵਰ ਦੀਪ ਇਹ ਦੱਸਣਾ ਚਾਹੁੰਦੇ ਹਨ ਕਿ ਇਨਸਾਨ ਬੇਸ਼ਕ ਆਪਣੇ ਘਰਾਂ ਦੇ ਦਰਵਾਜੇ ਉਚੇ ਕਰ ਲਵੇ, ਲੋਹੇ ਦੇ ਜਿੰਦਰੇ ਮਾਰ ਲਵੇ ਪ੍ਰੰਤੂ ਦਿਲ ਦੇ ਦਰਵਾਜ਼ੇ ਇਨਸਾਨੀਅਤ ਲਈ ਖੋਲ੍ਹ ਕੇ ਰੱਖੋ। ਆਪਣੀ ਗੱਲ ਦਿਲ ਖੋਲ੍ਹਕੇ ਕਰਨੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਸਾਊ ਬਣਨ ਲਈ ਅੰਦਰੋ ਅੰਦਰੀ ਘੁਟੀ ਜਾਓ। ਰਿਸ਼ਤੇ ਨਿਭਾਉਣੇ ਸਿੱਖੋ। ਰਿਸ਼ਤਿਆਂ ਦੀ ਗੰਢ ਪੀਡੀ ਕਰੋ। ਕਵੀ ਦੀਆਂ ਕਵਿਤਾਵਾਂ ਜ਼ਿੰਦਗੀ ਦੇ ਸੁਨਹਿਰੀ ਪਲਾਂ ਨੂੰ ਮਾਨਣ ਲਈ ਸੰਗੀਤ, ਸਾਹਿਤ, ਕੁਦਰਤ ਅਤੇ ਵਾਤਾਵਰਨ ਨੂੰ ਅਪਨਾਉਣ ‘ਤੇ ਜ਼ੋਰ ਦਿੰੀਆਂ ਹਨ। ਮਾਨਵਤਾ ਦੀ ਮਹਿਕ ਤੋਂ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਚੰਗਾ ਮਾੜਾ ਵੇਖਣਾ ਅਤੇ ਸੋਚਣਾ ਇਨਸਾਨ ਦੇ ਆਪਣੇ ਵਸ ਹੁੰਦਾ ਹੈ। ਇਸ ਲਈ ਉਸਨੂੰ ਬਾਹਰ ਵੇਖਣ ਦੀ ਥਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ। ਨਿੱਕੀਆਂ ਨਿੱਕੀਆਂ ਘਟਨਾਵਾਂ ਅਤੇ ਗੱਲਾਂ ਬਾਰੇ ਅੰਦੇਸ਼ੇ ਲਾਉਣ ਨਾਲ ਹਰ ਰੋਜ਼ ਮਰਨ ਦੇ ਬਰਾਬਰ ਹੁੰਦਾ ਹੈ। ਜ਼ਿੰਦਗੀ ਮਾਨਣ ਲਈ ਹੁੰਦੀ ਹੈ। ਨਾ ਕਿ ਘੁਟ ਘੁਟਕੇ ਜੀਣ ਲਈ। ਕਵੀ ਦੀਆਂ ਕਵਿਤਾਵਾਂ ਵਿਚ ਖ਼ਾਹਸ਼ਾਂ ਵਧਾਉਣ ਵਾਲਿਆਂ ਵਾਸਤੇ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ। ਇਨਸਾਨ ਨੂੰ ਆਪਣੇ ਕਿੱਤੇ ਨੂੰ ਧੰਦਾ ਨਹੀਂ ਬਣਉਦਾ ਚਾਹੀਦਾ। ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਇਛਾਵਾਂ ਦੀ ਪੂਰਤੀ ਲਈ ਦੌੜ ਨੂੰ ਕਵੀ ਨੇ ਹਲਕੇ ਕੁੱਤੇ ਦੇ ਬਰਾਬਰ ਕਿਹਾ ਹੈ। ਸਵਰਗ ਨਰਕ ਇਕ ਭੁਲੇਖਾ ਹੈ। ਜੋ ਹੈ ਇਸ ਜ਼ਿੰਦਗੀ ਵਿਚ ਹੀ ਹੈ। ਚਾਨਣ ਦੇ ਦੋਖ਼ੀ ਕਵਿਤਾ ਵਿਚ ਕਵੀ ਨੇ ਵਰਤਮਾਨ ਨੂੰ ਮਾਨਣ ਦੀ ਗੱਲ ਕੀਤੀ ਹੈ, ਭਵਿਖ ਕਿਸਨੇ ਵੇਖਿਆ ਹੈ, ਭਾਵ ਅੱਗਾ ਦੌੜ ਪਿੱਛਾ ਚੌੜ ਹੁੰਦਾ ਹੈ। ‘ਆਓ ਮੇਲੀ ਹੋਈਏ’ ਕਵਿਤਾ ਵਿਚ ਇਨਸਾਨ ਤੇ ਵਿਅੰਗ ਕਰਦਿਆਂ ਕਵੀ ਨੇ ਕਿਹਾ ਹੈ ਕਿ ਅਸੀਂ ਜ਼ਿੰਦਗੀ ਦਾ ਮੇਲਾ ਮਾਣਦੇ ਨਹੀਂ, ਸਗੋਂ ਇਸਦੇ ਉਲਟ ਇਨਸਾਨ ਸਾਰੀ ਉਮਰ ਦੁਕਾਨ ਲਾਉਣ ਜੋਗੀ ਥਾਂ ਭਾਲਦਿਆਂ ਮੇਲਾ ਮੁਕਾ ਲੈਂਦੇ ਹਨ। 136 ਪੰਨਿਆਂ ਵਾਲੇ ਇਸ ਕਵਿਤਾ ਸੰਗ੍ਰਹਿ ਵਿਚ 114 ਕਵਿਤਾਵਾਂ, ਕੀਮਤ 175 ਰੁਪਏ ਅਤੇ ਐਟਮਨ ਆਰਟ ਨੇ ਪ੍ਰਕਾਸ਼ਤ ਕੀਤਾ ਹੈ।
   ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕੰਵਰ ਦੀਪ ਮਾਨਵਤਾ ਦੀਆਂ ਕਦਰਾਂ ਕੀਮਤਾਂ ਦਾ ਪੁਜਾਰੀ ਕਵੀ ਹੈ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਇਨਸਾਨੀਅਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਭਵਿਖ ਵਿਚ ਉਭਰਦੇ ਕਵੀ ਤੋਂ ਨਵੀਂਆਂ ਪਿ੍ਰਤਾਂ ਪਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
   ujagarsingh48@yahoo.com

ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ -  ਉਜਾਗਰ ਸਿੰਘ

ਸੰਸਾਰ ਦੇ ਉਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ਉਡਣੇ ਸਿੱਖ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਵਾਲ ਕੌਮੀ ਖਿਡਾਰਨ ਆਪਣੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੀ ਮੌਤ ਤੋਂ ਮਹਿਜ਼ 5 ਦਿਨ ਬਾਅਦ ਹੀ ਉਨ੍ਹਾਂ ਕੋਲ ਚਲੇ ਗਏ। ਉਹ ਪਿਛਲੇ ਮਹੀਨੇ ਤੋਂ ਕਰੋਨਾ ਦੀ ਮਹਾਂਮਾਰੀ ਦਾ ਸ਼ਿਕਾਰ ਸਨ। ਅਖ਼ੀਰ ਅੱਜ ਉਹ ਚੰਡੀਗੜ੍ਹ ਵਿਚ ਕਰੋਨਾ ਮਹਾਂਮਾਰੀ ਦੀ ਬਾਜ਼ੀ ਜਿੱਤਣ ਤੋਂ ਬਾਅਦ ਦੇ ਪ੍ਰਭਾਵਾਂ ਕਰਕੇ ਸਵਰਗ ਸਿਧਾਰ ਗਏ। ਜ਼ਿੰਦਗੀ ਵਿੱਚ ਕਦੀਂ ਵੀ ਹਾਰ ਨਾ ਮੰਨਣ ਵਾਲੇ ਉਡਣੇ ਸਿੱਖ ਅਖ਼ੀਰ ਮੌਤ ਦੀ ਬਾਜ਼ੀ ਹਾਰ ਗਏ। ਉਹ 91 ਸਾਲ ਦੇ ਸਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ। ਉਨ੍ਹਾਂ ਦੇਸ਼ ਦੀ ਵੰਡ ਸਮੇਂ ਫਿਰਕੂ ਫਸਾਦਕਾਰੀਆਂ ਤੋਂ ਵੀ ਭੱਜਕੇ ਹੀ ਆਪਣੀ ਜਾਨ ਬਚਾਈ ਸੀ। ਵੰਡ ਦਾ ਸੰਤਾਪ ਹੰਢਾਉਂਦਿਆਂ ਭਾਰਤ ਵਿਚ ਆ ਕੇ ਅਨੇਕਾ ਦੁਸ਼ਾਵਰੀਆਂ ਦਾ ਸਾਹਮਣਾ ਕੀਤਾ ਪ੍ਰੰਤੂ ਸਫਲਤਾ ਹਮੇਸ਼ਾ ਉਨ੍ਹਾਂ ਦੀ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਕਰਕੇ ਉਨ੍ਹਾਂ ਦੀ ਝੋਲੀ ਪੈਂਦੀ ਰਹੀ। ਕੋਈ ਵੀ ਰਿਸ਼ਤੇਦਾਰ ਉਨ੍ਹਾਂ ਦਾ ਹੱਥ ਫੜਨ ਨੂੰ ਵੀ ਤਿਆਰ ਨਹੀਂ ਸੀ। ਇਥੋਂ ਤੱਕ ਕਿ ਉਨ੍ਹਾਂ ਦੀ ਭੈਣ ਦੇ ਸਹੁਰਿਆਂ ਨੇ ਦਿੱਲੀ ਵਿਖੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਆਮ ਤੌਰ ਤੇ ਸੰਸਾਰ ਵਿਚ ਆਉਣ ਵਾਲਾ ਹਰ ਇਨਸਾਨ ਆਪਣੇ ਸਮਾਜ ਦੀਆਂ ਸਮਾਜਕ ਪਰੰਪਰਾਵਾਂ ਉਪਰ ਚਲਣ ਨੂੰ ਹੀ ਤਰਜ਼ੀਹ ਹੀ ਦਿੰਦਾ ਹੈ ਕਿਉਂਕਿ ਬਚਪਨ ਵਿਚ ਜਿਹੜੀ ਸੋਚ ਅਤੇ ਰਵਾਇਤਾਂ ਆਪਣੇ ਪਰਿਵਾਰ, ਸਮਾਜ, ਆਲੇ ਦੁਆਲੇ ਅਤੇ ਮਾਪਿਆਂ ਤੋਂ ਗ੍ਰਹਿਣ ਕਰਦਾ ਹੈ, ਉਹ ਹੀ ਉਸ ਲਈ ਮਾਰਗ ਦਰਸ਼ਕ ਬਣਦੀਆਂ ਹਨ। ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਪੁਰਾਤਨ ਰਾਹਾਂ ਉਪਰ ਚਲਣ ਦੀ ਥਾਂ ਆਪਣੀਆਂ ਨਵੀਂਆਂ ਪਗਡੰਡੀਆਂ ਆਪ ਬਣਾਉਂਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਉਹ ਪਗਡੰਡੀਆਂ ਸਫਲਤਾ ਦੇ ਰਾਹਾਂ ਵਿਚ ਬਦਲ ਜਾਂਦੀਆਂ ਹਨ। ਅਜਿਹੇ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੁੰਦੇ ਹਨ ਕਿਉਂਕਿ ਆਮ ਤੌਰ ਤੇ ਸਮਾਜ ਉਨ੍ਹਾਂ ਦਾ ਸਾਥ ਨਹੀਂ ਦਿੰਦਾ, ਉਹ ਰਸਤੇ ਵਿਚ ਹੀ ਨਿਰਾਸ਼ ਹੋ ਕੇ ਰਸਤਾ ਬਦਲ ਲੈਂਦੇ ਹਨ। ਕਈ ਵਾਰ ਸਮੇਂ ਦੇ ਗੇੜ ਅਤੇ ਹਾਲਾਤ ਉਸਦੇ ਰਾਹ ਵਿਚ ਰੋੜਾ ਵੀ ਬਣਦੇ ਹਨ ਪ੍ਰੰਤੂ ਉਨ੍ਹਾਂ ਵਿਚੋਂ ਮਿਲਖਾ ਸਿੰਘ ਇਕ ਅਜਿਹਾ ਵਿਲੱਖਣ ਇਨਸਾਨ ਸਨ, ਜਿਹੜੇ ਵਕਤ ਦੀਆਂ ਠੋਕਰਾਂ ਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਆਪਣਾ ਨਿਸ਼ਾਨਾ ਮਿਥ ਕੇ ਚਲਦੇ ਰਹੇ ਅਤੇ ਅਖ਼ੀਰ ਸਫਲਤਾ ਪ੍ਰਾਪਤ ਕੀਤੀ। ਮਿਲਖਾ ਸਿੰਘ ਉਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਣ ਵਾਲੇ ਸੰਸਾਰ ਪ੍ਰਸਿਧ ਦੌੜਾਕ ਸਨ। ਉਹ 70 ਮੁਲਕਾਂ ਵਿੱਚ ਮੁਕਾਬਲੇ ਦੀਆਂ ਦੌੜਾਂ ਵਿੱਚ ਦੌੜੇ ਹੀ ਨਹੀਂ ਸਗੋਂ ਉਡੇ ਸਨ। ਉਨ੍ਹਾਂ ਨੇ 82 ਵਿਸ਼ੇਸ਼ ਮੁਕਾਬਲਿਆਂ ਵਿੱਚੋਂ 79 ਵਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜਨਮ ਮਿਤੀ ਦਾ ਅਸਲੀ ਵੇਰਵਾ ਪ੍ਰਾਪਤ ਨਹੀਂ ਹੈ ਪ੍ਰੰਤੂ ਫੌਜ ਵਿੱਚ ਭਰਤੀ ਹੋਣ ਸਮੇਂ 20 ਨਵੰਬਰ 1935 ਲਿਖਾਈ ਹੋਈ ਸੀ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜਿਲ੍ਹਾ ਮੁਜੱਫਰ ਨਗਰ ਵਿੱਚ ਪਿੰਡ ਗੋਬਿੰਦਪੁਰਾ ਵਿਖੇ ਹੋਇਆ ਸੀ। ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਉਨ੍ਹਾਂ ਨੂੰ ਪਿੰਡੋਂ ਨੰਗੇ ਪੈਰੀਂ ਹਰ ਰੋਜ 5-6 ਮੀਲ ਪੜ੍ਹਨ ਲਈ ਜਾਣਾ ਪੈਂਦਾ ਸੀ। ਜਦੋਂ ਗਰਮੀਆਂ ਵਿਚ ਪੈਰਾਂ ਨੂੰ ਸੇਕ ਲਗਦਾ ਤਾਂ ਉਹ ਭੱਜ ਲੈਂਦੇ ਸਨ ਅਤੇ ਕੁਝ ਸਮੇਂ ਬਾਅਦ ਕਿਸੇ ਦਰੱਖਤ ਦੀ ਛਾਂ ਵਿਚ ਖੜ੍ਹਕੇ ਪੈਰਾਂ ਨੂੰ ਠੰਡੇ ਕਰਦੇ ਸਨ। ਇਥੋਂ ਹੀ ਉਨ੍ਹਾਂ ਨੂੰ ਦੌੜਨ ਦੀ ਆਦਤ ਪੈ ਗਈ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਈ। ਦੇਸ਼ ਦੀ ਵੰਡ ਸਮੇਂ 1947 ਵਿਚ ਉਹ 8ਵੀਂ ਜਮਾਤ ਵਿਚ ਪੜ੍ਹਦੇ ਸਨ। ਵਟਵਾਰੇ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਮੈਂਬਰ ਧਾਰਮਿਕ ਫਸਾਦਾਂ ਦਾ ਸ਼ਿਕਾਰ ਹੋਣ ਕਰਕੇ ਉਥੇ ਹੀ ਮਾਰੇ ਗਏ ਸਨ। ਇਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੂੰ ਮਿਲਖਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਇੱਕ ਭੈਣ, ਇੱਕ ਭਰਜਾਈ ਅਤੇ ਇੱਕ ਭਰਾ ਮੱਖਣ ਸਿੰਘ ਫ਼ੌਜ ਵਿਚ ਹੋਣ ਕਰਕੇ ਬਚ ਗਏ ਸਨ। ਫਿਰ ਉਹ ਫਿਰੋਜਪੁਰ ਪੰਜਾਬ ਵਿਚ ਆ ਗਏ। ਫੀਰੋਜਪੁਰ ਵਿਚ ਉਨ੍ਹਾਂ ਨੇ ਕੁਝ ਸਮਾਂ ਫੌਜੀਆਂ ਦੇ ਬੂਟ ਵੀ ਪਾਲਿਸ਼ ਕੀਤੇ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿਰਤ ਕਰੋ ਤੇ ਵੰਡ ਛੱਕੋ ਦੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉਪਰ ਉਹ ਪਹਿਰਾ ਦਿੰਦੇ ਰਹੇ। ਫਿਰ ਉਹ ਦਿੱਲੀ ਆਪਣੀ ਭੈਣ ਕੋਲ ਆ ਗਏ। ਉਨ੍ਹਾਂ ਦਾ ਵੱਡਾ ਭਰਾ ਫੌਜ ਵਿਚ ਸਨ, ਜਿਸ ਕਰਕੇ ਉਹ ਵੀ 1952 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਦਾ ਕੱਦ 5 ਫੁਟ 9 ਇੰਚ ਸੀ। ਫੌਜ ਵਿਚ ਉਨ੍ਹਾਂ ਨੂੰ 1953 ਵਿਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲੱਗਿਆ ਤੇ ਰਗੰਰੂਟੀ ਕਰਦਿਆਂ ਹੀ ਉਨ੍ਹਾਂ ਨੇ ਕਰਾਸ ਕੰਟਰੀ ਲਗਾਈ ਤੇ ਸਾਥੀਆਂ ਵਿਚੋਂ ਛੇਵੇਂ ਨੰਬਰ ਤੇ ਆਏ। ਮਿਲਖਾ ਸਿੰਘ  400 ਮੀਟਰ ਦੀ ਰੇਸ ਵਿਚ ਆਪਣੀ ਕੰਪਨੀ ਵਿਚੋਂ ਪਹਿਲੇ ਨੰਬਰ ਤੇ ਆਏ, ਇਸ ਤੋਂ ਬਾਅਦ ਉਨ੍ਹਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫੌਜ ਵਿਚ ਅਭਿਆਸ ਕਰਨ ਲੱਗ ਪਏ। ਇਸ ਪ੍ਰੈਕਟਿਸ ਕਰਕੇ ਪੂਰੀ ਫੌਜ ਵਿਚੋਂ ਪਹਿਲੇ ਨੰਬਰ ਤੇ ਆਉਣ ਲੱਗ ਪਏ। ਉਨ੍ਹਾਂ ਨੂੰ ਪਹਿਲੀ ਵਾਰ 1956 ਵਿਚ ਮੈਲਬੌਰਨ ਆਸਟਰੇਲੀਆ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉਥੇ ਭਾਰਤ ਦੀ ਟੀਮ ਹਾਰ ਗਈ। 1958 ਵਿਚ ਹੋਈਆਂ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਉਹ ਸਭ ਤੋਂ ਮਜ਼ਬੂਤ ਐਥਲੀਟ ਸਾਬਤ ਹੋਏ। ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਮਗੇ ਜਿੱਤ ਸਕਦੇ ਹਨ। ਇਸ ਕਰਕੇ ਉਨ੍ਹਾਂ ਆਪਣਾ ਅਭਿਆਸ ਦਾ ਸਮਾ ਵਧਾ ਦਿੱਤਾ। ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ। 1958 ਵਿਚ ਹੀ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇਂ 400 ਮੀਟਰ ਦੀ ਦੌੜ ਵਿਚ ਉਹ ਪਹਿਲੇ ਨੰਬਰ ਤੇ ਆਏ। ਉਹ 1958 ਤੋਂ 60 ਤੱਕ ਅਨੇਕਾਂ ਦੇਸ਼ਾਂ ਵਿਚ ਮੁਕਾਬਲਿਆਂ ਵਿਚ ਦੌੜਿਆ। ਲਾਹੌਰ ਵਿਖੇ ਹੋਈਆਂ ਇੰਡੋ ਪਾਕਿ ਖੇਡਾਂ ਵਿਚ ਮਿਲਖਾ ਸਿੰਘ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਨਿਕਲ ਕੇ ਜਿੱਤਿਆ, ਜਿਸ ਕਰਕੇ ਅਨਾਊਂਸਰ ਕਹਿਣ ਲੱਗਾ, ਮਿਲਖਾ ਸਿੰਘ ਦੌੜਿਆ ਨਹੀਂ, ੳੁੱਡਿਆ ਹੈ। ਇਸ ਕਰਕੇ ਹੀ ਉਨ੍ਹਾਂ ਦਾ ਨਾਂ ਉੱਡਣਾ ਸਿੱਖ ਅਰਥਾਤ ਫਲਾਇੰਗ ਸਿੱਖ ਪੈ ਗਿਆ। ੳਨ੍ਹਾਂ ਨੇ ਆਪਣੀ ਜੀਵਨੀ ਲਿਖੀ ਇਸਦਾ ਨਾਂ ਵੀ ਫਲਾਇੰਗ ਸਿੱਖ ਹੀ ਰੱਖਿਆ ਸੀ। 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਪਗ 4 ਦਹਾਕੇ ਕੋਈ ਤੋੜ ਨਹੀਂ ਸਕਿਆ। 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚੋਂ 400 ਮੀਟਰ ਤੇ 4 ਰੀਲੇ 400 ਮੀਟਰ ਦੌੜਾਂ ਵਿਚੋਂ ਦੋ ਸੋਨੇ ਦੇ ਤਮਗੇ ਜਿੱਤੇ। 1964 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿਚੋਂ ਰਿਟਾਇਰ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਆਂ ਸੀ। ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਮੰਨਦਿਆਂ ਹੈਲਮਜ ਟਰਾਫੀ ਦੇ ਕੇ ਸਨਮਾਨਤ ਕੀਤਾ ਸੀ। ਫੌਜ ਦੀ ਨੌਕਰੀ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ। ਮਿਲਖਾ ਸਿੰਘ ਦੇ ਜੱਦੋਜਹਿਦ ਭਰੇ ਜੀਵਨ ਤੇ ਇੱਕ ਫਿਲਮ ‘‘ਭਾਗ ਮਿਲਖਾ ਭਾਗ ’’ ਵੀ ਬਣ ਚੁੱਕੀ ਹੈ, ਜਿਹੜੀ ਨੌਜਵਾਨਾ ਨੂੰ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ। ਉਹਨਾ ਦੀ ਪਤਨੀ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ। ਉਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗੋਲਫ ਦਾ ਅੰਤਰ ਰਾਸ਼ਟਰੀ ਖਿਡਾਰੀ ਹੈ।

 ਭਾਰਤ ਹਮੇਸ਼ਾ ਖੇਡਾਂ ਦੇ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਕਿਉਂਕਿ ਖੇਡ ਜਗਤ ਦੀ ਆਪਸੀ ਧੜੇਬੰਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਰਹੀ ਹੈ ਪ੍ਰੰਤੂ  ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 26 ਸੋਨੇ ਦੇ ਅਤੇ ਕੁਲ 66 ਤਗ਼ਮੇ ਜਿੱਤ ਲਈ ਹਨ, ਜਿਸ ਕਰਕੇ ਭਵਿਖ ਵਿਚ ਆਸ ਦੀ ਕਿਰਨ ਵਿਖਾਈ ਦਿੰਦੀ ਹੈ। ਅਜਿਹੇ ਸਮੇਂ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਖਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਕੇ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਦਾ ਗੁਣ ਗ੍ਰਹਿਣ ਕਰਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ। ਮਿਲਖਾ ਸਿੰਘ ਆਪਣਾ ਕੈਰੀਅਰ ਬਣਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜਕੇ ਅਭਿਆਸ ਕਰਦੇ ਰਹੇ ਕਿਉਂਕਿ ਉਹ ਆਪਣੇ ਮਿਥੇ ਨਿਸ਼ਾਨੇ ਤੇ ਪਹੁੰਚਣਾ ਚਾਹੀਦਾ ਹੈ। ਹੁਣ ਤਾਂ ਉਨ੍ਹਾਂ ਲਈ ਸਾਰੇ ਸਾਧਨ ਪ੍ਰਪਤ ਹਨ ਪ੍ਰੰਤੂ ਮਿਲਖਾ ਸਿੰਘ ਬਿਨਾਂ ਅਜਿਹੇ ਸਾਧਨਾ ਦੇ ਸਿਖਰਾਂ ਛੂੰਹਦਾ ਰਿਹਾ ਹੈ। ਨਵੇਂ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ੳਹ ਆਪਣੇ ਪਿਛੇ ਸਪੁੱਤਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਛੱਡ ਗਏ ਹਨ।

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ - ਉਜਾਗਰ ਸਿੰਘ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੀ ਬਣਕੇ ਰਹਿ ਗਈ ਹੈ। ਵਿਚਾਰਧਾਰਾ ਦੀ ਰਾਜਨੀਤੀ ਤਾਂ ਖੰਭ ਲਾ ਕੇ ਉਡ ਗਈ ਹੈ। ਵੈਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 1996 ਦੀਆਂ ਲੋਕ ਸਭਾ ਚੋਣਾ ਸਮੇਂ ਵੀ ਗਠਜੋੜ ਕੀਤਾ ਸੀ, ਜਿਸਦੇ ਨਤੀਜੇ ਬਹੁਤ ਵਧੀਆ ਨਿਕਲੇ ਸਨ। ਅਕਾਲੀ ਦਲ 8 ਅਤੇ ਬਹੁਜਨ ਸਮਾਜ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਗਏ ਸਨ। ਉਦੋਂ ਕਾਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਸੀ, ਇਸ ਸਮੇਂ ਬੀਬੀ ਮਾਇਆ ਵਤੀ ਦੀ ਬਹੁਜਨ ਸਮਾਜ ਪਾਰਟੀ ਹੈ। ਦੋਹਾਂ ਦੀ ਕਾਰਜ਼ਸ਼ੈਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬਹੁਜਨ ਸਮਾਜ ਪਾਰਟੀ ਸ਼ੁਰੂ ਹੀ ਕਾਸ਼ੀ ਰਾਮ ਨੇ ਪੰਜਾਬ ਵਿਚੋਂ ਕੀਤੀ ਸੀ। ਕਾਸ਼ੀ ਰਾਮ ਨੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਸੀ ਪ੍ਰੰਤੂ ਮਾਇਆ ਵਤੀ ਤੋਂ ਬਾਅਦ ਪੰਜਾਬ ਵਿਚ ਪਾਰਟੀ ਦਾ ਆਧਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਵੀ ਉਦੋਂ ਇਕਮੁੱਠ ਸੀ ਪ੍ਰੰਤੂ ਹੁਣ ਖਖੜੀਆਂ ਖਖੜੀਆਂ ਹੋਇਆ ਪਿਆ ਹੈ। 1996 ਵਿਚ ਲੋਕ ਸਭਾ ਦੀਆਂ ਚੋਣਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਵਿਚ ਹਿੰਦੂ ਵਰਗ ਦੀਆਂ ਵੋਟਾਂ ਵਟੋਰਨ ਦੇ ਇਰਾਦੇ ਨਾਲ ਆਪਣੀ ਰਣਨੀਤੀ ਬਦਲਕੇ ਸ਼ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ ਕਾਨਫ਼ਰੰਸ ਕਰਕੇ ਪੰਜਾਬੀ ਪਾਰਟੀ ਬਣਾ ਲਈ ਸੀ। ਉਸਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਨਾਤਾ ਤੋੜਕੇ 1997 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਸੀ। ਉਹ ਭਾਈਵਾਲ ਪਾਰਟੀ ਨਾਲ ਵਿਸ਼ਵਾਸ਼ਘਾਤ ਅਤੇ ਮੌਕਾਪ੍ਰਸਤੀ ਹੀ ਸੀ। ਇਹ ਗਠਜੋੜ ਦੋਹਾਂ ਪਾਰਟੀਆਂ ਲਈ ਸ਼ਾਇਦ ਸੀਟਾਂ ਜਿੱਤਣ ਲਈ ਤਾਂ ਲਾਭਦਾਇਕ ਨਹੀਂ ਹੋਣਾ ਪ੍ਰੰਤੂ ਵੋਟ ਦੀ ਪ੍ਰਤੀਸ਼ਤ ਵਧਾਉਣ ਵਿਚ ਸਹਾਈ ਜ਼ਰੂਰ ਹੋ ਸਕਦਾ ਹੈ। ਕਿਉਂਕਿ ਅਕਾਲੀ ਦਲ ਦੇ ਹੱਥੋਂ ਜ਼ਮੀਨ ਖਿਸਕ ਚੁੱਕੀ ਹੈ। ਜਿਵੇਂ ਕਹਾਵਤ ਹੈ ਕਿ ਡੁਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਹੈ। ਬਹੁਜਨ ਸਮਾਜ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦਾ ਮੂੰਹ ਵੇਖਣ ਦੇ ਸਮਰੱਥ ਵੀ ਨਹੀਂ ਹੋਈ। ਉਨ੍ਹਾਂ ਦਾ ਆਪਣਾ ਆਧਾਰ ਵੀ ਖਿਸਕਿਆ ਹੋਇਆ ਹੈ। ਇਸ ਲਈ 2022 ਵਿਚ ਇਸ ਗਠਜੋੜ ਕਰਕੇ ਉਨ੍ਹਾਂ ਦਾ ਦਾਅ ਲਗ ਸਕਦਾ ਹੈ। ਅਕਾਲੀ ਦਲ ਨਾਲੋਂ 1997 ਵਿਚ ਗਠਜੋੜ ਟੁੱਟਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ, ਜਿਹੜਾ ਇਕ ਸਾਂਝਾ ਸਮਾਗਮ ਕਰਨ ਤੋਂ ਬਾਅਦ ਹੀ ਟੁੱਟ ਗਿਆ ਸੀ। ਪੰਜਾਬ ਵਿਚ ਇਕ ਵਾਰ 1985 ਵਿਚ ਅਕਾਲੀ ਦਲ ਦੀ ਇਕੱਲਿਆਂ ਸਰਕਾਰ ਬਣੀ ਸੀ, ਉਸਨੂੰ ਵੀ ਕਾਂਗਰਸ ਪਾਰਟੀ ਦੀ ਅਸਿਧੀ ਸਪੋਰਟ ਸੀ। ਇਸ ਤੋਂ ਬਾਅਦ ਅਤੇ ਪਹਿਲਾਂ ਕਾਂਗਰਸ ਪਾਰਟੀ ਤੋਂ ਬਿਨਾ ਕੋਈ ਵੀ ਪਾਰਟੀ ਆਪਣੇ ਬਲ ਬੂਤੇ ‘ਤੇ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕੀ ਅਤੇ ਨਾ ਹੀ ਅੱਗੇ ਨੂੰ ਬਣਨ ਦੀ ਉਮੀਦ ਹੈ। ਇਕ ਗੱਲ ਤਾਂ ਪੱਕੀ ਹੈ ਕਿ ਚੋਣਾ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪ੍ਰੰਤੂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਨੀਂਦ ਉਡ ਗਈ ਲਗਦੀ ਹੈ ਕਿਉਂਕਿ ਉਹ ਇਸ ਗਠਜੋੜ ਨੂੰ ਬੇਅਸੂਲਾ ਸਾਬਤ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ। ਜਿਹੜੀਆਂ 20 ਵਿਧਾਨ ਸਭਾ ਸੀਟਾਂ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਹਨ, ਉਨ੍ਹਾਂ ਵਿਚ ਅਕਾਲੀ ਦਲ ਦੇ ਟਿਕਟਾਂ ਲੈਣ ਦੇ ਚਾਹਵਾਨ ਪਿਛਲੇ 5 ਸਾਲਾਂ ਤੋਂ ਸਰਗਰਮ ਸਨ ਪ੍ਰੰਤੂ  ਗਠਜੋੜ ਤੋਂ ਬਾਅਦ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਵਿਚੋਂ ਕੁਝ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿਚ ਹਨ। ਕਿਸੇ ਵਕਤ ਵੀ ਅਕਾਲੀ ਦਲ ਬਾਦਲ ਨੂੰ ਉਹ ਤਿਲਾਂਜ਼ਲੀ ਦੇ ਸਕਦੇ ਹਨ। ਬਹੁਜਨ ਸਮਾਜ ਪਾਰਟੀ ਵਿੱਚ ਹੀ ਬਗਾਬਤ ਹੁੰਦੀ ਲਗਦੀ ਹੈ। ਵੈਸੇ ਗਠਜੋੜ ਦੋਹਾਂ ਪਾਰਟੀਆਂ ਲਈ ਠੁਮਣੇ ਦਾ ਕੰਮ ਕਰੇਗਾ।
      2012 ਦੀਆਂ ਵਿਧਾਨ ਸਭਾ ਦੀਆਂ ਚੋਣਾ ਵਿਚ ਜਦੋਂ ਅਕਾਲੀ ਦਲ ਇਕੱਠਾ ਸੀ ਤਾਂ ਉਨ੍ਹਾਂ ਨੇ 37 ਪ੍ਰਤੀਸ਼ਤ ਵੋਟਾਂ ਲਈਆਂ ਸਨ, ਜਦੋਂ ਕਿ 2017 ਵਿਚ ਇਹ ਪ੍ਰਤੀਸ਼ਤ ਘਟਕੇ 25 ਰਹਿ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਵਧਕੇ 27 ਹੋ ਗਈ। ਇਸ ਤੋਂ ਲੱਗਦਾ ਹੈ ਕਿ 2022 ਵਿਚ ਇਹ ਜ਼ਰੂਰ ਵਧੇਗੀ ਕਿਉਂਕਿ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੂੰ 2012 ਦੀਆਂ ਵਿਧਾਨ ਸਭਾ ਚੋਣਾ ਵਿਚ ਭਾਵੇਂ ਕੋਈ ਸੀਟ ਵੀ ਨਹੀਂ ਮਿਲੀ ਸੀ ਅਤੇ ਵੋਟ ਪ੍ਰਤੀਸ਼ਤ ਡੇਢ ਸੀ। ਪ੍ਰਤੂੰ 2017 ਦੀਆਂ ਵਿਧਾਨ ਸਭਾ ਚੋਣਾ ਇਹ ਪ੍ਰਤੀਸ਼ਤਤਾ ਵਧਕੇ 4 ਫ਼ੀ ਸਦੀ ਤੋਂ ਉਪਰ ਹੋ ਗਈ ਸੀ। 2019 ਦੀਆਂ ਲੋਕ ਸਭਾ ਚੋਣਾ ਵਿਚ ਉਨ੍ਹਾਂ ਦੀ ਪ੍ਰਤੀਸ਼ਤਾ ਘਟਕੇ ਸਾਢੇ ਤਿੰਨ ਰਹਿ ਗਈ। ਗਠਜੋੜ ਦੇ ਫੈਸਲੇ ਅਨੁਸਾਰ ਬਹੁਜਨ ਸਮਾਜ ਪਾਰਟੀ ਨੂੰ ਦੁਆਬੇ ਵਿਚੋਂ 8, ਮਾਲਵੇ ‘ਚੋਂ 7 ਅਤੇ ਮਾਝੇ ਵਿਚੋਂ 5 ਸੀਟਾਂ ਲਈਆਂ ਹਨ। ਜੇਕਰ 2017 ਦੀ ਵਿਧਾਨ ਸਭਾ ਦੇ ਇਨ੍ਹਾਂ 20 ਹਲਕਿਆਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਪੋਲ ਹੋਈਆਂ ਵੋਟਾਂ ਵੇਖੀਆਂ ਜਾਣ ਤਾਂ ਨਿਰਾਸ਼ਾਜਨਕ ਸਥਿਤੀ ਹੈ। ਸਿਰਫ ਫਿਲੌਰ ਵਿਚ 16578 ਵੋਟਾਂ ਪਈਆਂ ਸਨ, ਬਾਕੀ 7 ਹਲਕਿਆਂ ਵਿਚੋਂ  1000 ਤੋਂ ਵੀ ਘੱਟ ਵੋਟਾਂ ਪਈਆਂ ਸਨ। ਸਿਰਫ ਫਗਵਾੜਾ ਤੋਂ 6160 ਅਤੇ ਕਰਤਾਰਪੁਰ ਹਲਕੇ ਵਿਚ 5208 ਵੋਟਾ ਪਈਆਂ ਸਨ। 6 ਹਲਕਿਆਂ ਵਿਚ 5000 ਤੋਂ ਘੱਟ ਅਤੇ 4 ਹਲਕਿਆਂ ਵਿਚ 1500 ਤੋਂ ਵੀ ਘੱਟ ਵੋਟਾ ਪਈਆਂ ਸਨ। ਇਨ੍ਹਾਂ ਵਿਚੋਂ 10 ਹਲਕੇ ਸ਼ਹਿਰੀ ਹਨ ਜਿਥੋਂ ਬੀ ਜੇ ਪੀ ਚੋਣ ਲੜਦੀ ਰਹੀ ਹੈ। ਅਕਾਲੀ ਦਲ ਨੇ ਹਾਰਨ ਵਾਲੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਹਨ। ਇਹ ਫ਼ੈਸਲਾ ਵੀ ਮਾਇਆ ਵਤੀ ਨੇ ਕੀਤਾ ਹੈ। ਪੰਜਾਬ ਇਕਈ ‘ਤੇ ਤਾਂ ਠੋਸਿਆ ਗਿਆ ਹੇ। ਬਹੁਜਨ ਸਮਾਜ ਪਾਰਟੀ ਦਾ ਇਹ ਗਠਜੋੜ ਇਸ ਕਰਕੇ ਸਿਧਾਂਤਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਹੋਇਆ ਹੈ। ਅਕਾਲੀ ਦਲ ਦੀ ਵੋਟ ਪੈਣ ਕਰਕੇ ਬਹੁਜਨ ਸਮਾਜ ਪਾਰਟੀ ਦੀ ਪ੍ਰਤੀਸ਼ਤਤਾ ਵਧੇਗੀ। ਪੰਜਾਬ ਵਿਚ 33 ਫ਼ੀ ਸਦੀ ਦਲਿਤ ਭਾਈਚਾਰੇ ਦੀਆਂ ਵੋਟਾਂ ਹਨ ਪ੍ਰੰਤੂ ਕਦੀਂ ਵੀ ਸਾਰਾ ਭਾਈਚਾਰਾ ਇਕ ਪਾਸੇ ਨਹੀਂ ਭੁਗਤਿਆ। ਉਹ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ। ਆਮ ਤੌਰ ਤੇ ਅਕਾਲੀ ਦਲ ਰਾਖਵੀਆਂ ਸੀਟਾਂ ਜ਼ਿਆਦਾ ਜਿੱਤਦਾ ਹੈ ਪ੍ਰੰਤੂ ਬਹੁਜਨ ਸਮਾਜ ਪਾਰਟੀ ਨੂੰ 20 ਵਿਚੋਂ ਲਗਪਗ 10 ਰਾਖਵੇਂ ਹਲਕੇ ਦੇ ਦਿੱਤੇ ਹਨ। ਇਸ ਗਠਜੋੜ ‘ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਪੋਰੇਟ ਘਰਾਣੇ ਅਤੇ ਗ਼ਰੀਬ ਮਜ਼ਦੂਰ ਵਰਗ ਦਰਮਿਆਨ ਹੋਇਆ ਹੈ। ਜੋ ਬਾਬੂ ਕਾਸ਼ੀ ਰਾਮ ਦੇ ਸਿਧਾਂਤ ਦੇ ਵਿਰੁੱਧ ਹੈ। ਕਾਸ਼ੀ ਰਾਮ ਤਾਂ ਕਿੰਗ ਮੇਕਰ ਸਾਬਤ ਹੋਇਆ ਸੀ ਪ੍ਰੰਤੂ ਇਹ ਗਠਜੋੜ ਕਿੰਗ ਮੇਕਰ ਤਾਂ ਨਹੀਂ ਪ੍ਰੰਤੂ ਅਕਾਲੀ ਦਲ ਲਈ ਵਿਸਾਖੀਆਂ ਦਾ ਕੰਮ ਜ਼ਰੂਰ ਕਰੇਗਾ। ਸੁਖਬੀਰ ਸਿੰਘ ਬਾਦਲ ਨੇ ਜਿਹੜਾ ਸ਼ਗੂਫ਼ਾ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਹੈ, ਹੋ ਸਕਦਾ ਉਸਦਾ ਕੁਝ ਲਾਭ ਵੀ ਮਿਲ ਜਾਵੇ। ਬਾਬੂ ਕਾਸ਼ੀ ਰਾਮ ਫ਼ਾਊਂਡੇਸ਼ਨ ਅਤੇ ਕਾਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਵੀ ਇਸ ਗਠਜੋੜ ਦਾ ਵਿਰੋਧ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦਾ ਖਾਤਾ ਤਾਂ ਖੁਲ੍ਹ ਸਕਦਾ ਹੈ ਪ੍ਰੰਤੂ ਬਹੁਤਾ ਲਾਭ ਨਹੀਂ ਹੋਵੇਗਾ ਕਿਉਂਕਿ ਅਕਾਲੀ ਦਲ ਦੀ ਵੋਟ ਵੰਡੀ ਜਾਣੀ ਹੈ। ਬਹੁਜਨ ਪਾਰਟੀ ਦੀ ਵੋਟ ਵੰਡੀ ਨਹੀਂ ਜਾਂਦੀ ਕਿਉਂਕਿ ਉਨ੍ਹਾਂ ਦੇ ਵਰਕਰ ਪੱਕ ਹਨ। ਉਨ੍ਹਾਂ ਦੇ ਲੀਡਰ ਜ਼ਰੂਰ ਰੋੜੇ ਅਟਕਾਉਣਗੇ।
      ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਨ ਲੱਗ ਪਏ ਹਨ ਕਿਉਂਕਿ ਬੇਅਦਬੀ ਦੇ ਮਸਲੇ ‘ਤੇ ਉਹ ਇਨਸਾਫ਼ ਨਹੀਂ ਦੇ ਸਕੇ। ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਬਣਾ ਸਕਿਆ। ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਸਿਰਫ ਦੋ ਬਠਿੰਡਾ ਅਤੇ ਫੀਰੋਜਪੁਰ ਦੀਆਂ ਸੀਟਾਂ ਹੀ ਜਿੱਤ ਸਕਿਆ। ਅਕਾਲੀ ਦਲ ਲਗਾਤਾਰ ਗ਼ਲਤੀ ਤੇ ਗ਼ਲਤੀ ਕਰਦਾ ਗਿਆ। ਬੇਅਦਬੀ ਕੇਸ ਵਿਚ ਸੀ ਬੀ ਆਈ ਤੋਂ ਕਲੋਜਰ ਰਿਪੋਰਟ ਦਿਵਾ ਦਿੱਤੀ ਕਿਉਂਕਿ ਬੀਬਾ ਹਰਸਿਮਰਤ ਕੌਰ ਕੇਂਦਰ ਸਰਕਾਰ ਵਿਚ ਮੰਤਰੀ ਸਨ। ਇਥੇ ਹੀ ਬਸ ਨਹੀਂ  ਨਸ਼ਾ ਤਸਕਰੀ ਦੇ ਕੇਸ ਵੀ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੇ। ਇਹ ਗਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਨਾ ਦਿਵਾਉਣ ਵਿਚ ਹਿੱਸੇਦਾਰ ਬਣ ਗਈ ਹੈ ਜਦੋਂ ਕਿ ਹੁਣ ਤੱਕ ਉਹ ਅਕਾਲੀ ਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾ ਰਹੀ ਸੀ। ਅਕਾਲੀ ਦਲ ਨੂੰ ਇਹ ਗਠਜੋੜ ਮਜ਼ਬੂਰੀ ਵਸ ਇਸ ਕਰਕੇ ਕਰਨਾ ਪਿਆ ਕਿਉਂਕਿ ਉਨ੍ਹਾਂ ਦਾ ਨਹੁੰ ਮਾਸ ਦਾ ਰਿਸ਼ਤਾ ਭਾਰਤੀ ਜਨਤਾ ਪਾਰਟੀ ਨਾਲੋਂ ਟੁੱਟ ਗਿਆ ਹੈ, ਨਹੁੰ ਤੇ ਮਾਸ ਦੇ ਵੱਖ਼ਰੇ ਹੋਣ ਨਾਲ ਭਾਰਤੀ ਜਨਤਾ ਪਾਰਟੀ ਦੀ ਵੋਟ ਖਾਸ ਤੌਰ ਤੇ ਸ਼ਹਿਰੀ ਵੋਟ ਉਨ੍ਹਾਂ ਨੂੰ ਨਹੀਂ ਮਿਲੇਗੀ। ਖੇਤੀਬਾੜੀ ਆਰਡੀਨੈਂਸ ਜ਼ਾਰੀ ਕਰਨ ਸਮੇਂ ਇਨ੍ਹਾਂ ਆਰਡੀਨੈਂਸਾਂ ਦੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹਰ ਸੰਭਵ ਸਪੋਰਟ ਕਰਨ ਕਰਕੇ ਦਿਹਾਤੀ ਕਿਸਾਨ ਵੋਟ ਜਿਸਨੂੰ ਅਕਾਲੀ ਦਲ ਦਾ ਆਧਾਰ ਕਿਹਾ ਜਾਂਦਾ ਸੀ, ਉਹ ਵੀ ਦੂਰ ਹੋ ਗਈ। ਭਾਵੇਂ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਗਠਜੋੜ ਨਾਲੋਂ ਨਾਤਾ ਤੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਕਿਸਾਨ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ। ਇਨ੍ਹਾਂ ਵੋਟਾਂ ਦੀ ਭਰਪਾਈ ਲਈ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਗਿਆ ਹੈ। ਦੂਜੇ ਸੁਖਦੇਵ ਸਿੰਘ ਢੀਂਡਸਾ ਅਤੇ ਬ੍ਰਹਮਪੁਰਾ ਵਾਲਾ ਅਕਾਲੀ ਦਲ ਵੀ ਉਨ੍ਹਾਂ ਦੀਆਂ ਜੜ੍ਹਾਂ ਵਿਚ ਤੇਲ ਦੇਵੇਗਾ। ਕੁਲ ਮਿਲਾਕੇ ਜੇ ਵੇਖਿਆ ਜਾਵੇ ਤਾਂ ਦੋਹਾਂ ਪਾਰਟੀਆਂ ਲਈ ਇਹ ਸਮਝੌਤਾ ਖਿਆਲੀ ਪਲਾਓ ਬਣਾਕੇ ਸੁੰਡ ਦੀ ਗੱਠੀ ਸਮਝਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੇ ਸਪਨੇ ਲੈ ਰਹੀਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਦੋਹਾਂ ਪਾਰਟੀਆਂ ਦੇ ਵੋਟਰ ਉਨ੍ਹਾਂ ਦੇ ਸਪਨੇ ਪੂਰੇ ਕਰਨ ਵਿਚ ਸਹਾਈ ਹੋਣਗੇ?
                                                                                                                 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ - ਉਜਾਗਰ ਸਿੰਘ

ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ, ਕਲਾਕਾਰਾਂ, ਵਕੀਲਾਂ, ਪ੍ਰੋਫੈਸਰਾਂ ਅਤੇ ਪਰਵਾਸੀ
ਭਾਰਤੀਆਂ ਦੀ ਨਰਸਰੀ ਵੱਜੋਂ ਜਾਣੇ ਜਾਂਦੇ ਪਿੰਡ ਕੱਦੋਂ ਦਾ ਜਮਪਲ ਅੰਗਰੇਜ਼ ਮੁੰਡੀ ਕੱਦੋਂ
ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਕਵੀ ਅਤੇ ਗੀਤਕਾਰ ਹੈ। ਜ਼ਿੰਦਗੀ ਦੀ ਜਦੋਜਹਿਦ
ਵਿਚ ਰੋਜ਼ੀ ਰੋਟੀ ਅਤੇ ਸੁਨਹਿਰੇ ਭਵਿਖ ਦੇ ਸਪਨੇ ਲੈ ਕੇ ਉਹ 1981 ਵਿਚ ਅਮਰੀਕਾ ਪਹੁੰਚ
ਗਿਆ, ਜਿਥੇ ਬਚਪਨ ਤੋਂ ਹੀ ਉਸ ਦੇ ਅਲੱੜ੍ਹ ਮਨ ਵਿਚ ਪਨਪਦੀ ਕਵਿਤਾ ਅਤੇ ਗੀਤ ਆਪ
ਮੁਹਾਰੇ ਕਾਗਜ਼ ਦੀ ਕੈਨਵਸ ਤੇ ਉਕਰਨ ਲੱਗੇ। ਪਰਵਾਸ ਦਾ ਵਾਤਾਵਰਨ ਅਤੇ ਕੁਦਰਤੀ
ਨਜ਼ਾਰੇ ਕਵੀਆਂ ਅਤੇ ਗੀਤਕਾਰਾਂ ਲਈ ਬਹੁਤ ਹੀ ਸੁਹਾਵਣੇ ਹੁੰਦੇ ਹਨ ਕਿਉਂਕਿ ਸਾਹਿਤਕਾਰ
ਕੋਮਲ ਭਾਵਨਾਵਾਂ ਵਿਚ ਗੜੁਚ ਹੁੰਦੇ ਹਨ, ਜਿਸ ਕਰਕੇ ਅੰਗਰੇਜ਼ ਦਾ ਕਾਵਿਕ ਮਨ ਵੀ
ਕਲਪਨਾ ਦੀ ਉਡਾਰੀ ਮਾਰਨ ਲੱਗ ਪਿਆ। ਉਸਦੀ ਲੇਖਣੀ ਵਿਚ ਨਿਖ਼ਾਰ ਆਉਣਾ ਸ਼ੁਰੂ ਹੋ
ਗਿਆ। ਅੰਗਰੇਜ਼ ਮੁੰਡੀ ਕੱਦੋਂ ਲਿਖਦਾ ਤਾਂ ਰੁਮਾਂਸਵਾਦੀ ਕਵਿਤਾਵਾਂ ਅਤੇ ਗੀਤ ਹੀ ਹੈ ਪ੍ਰੰਤੂ
ਲਗਪਗ ਉਸਦੀ ਹਰ ਕਵਿਤਾ ਅਤੇ ਗੀਤ ਵਿਚ ਸਮਾਜਿਕ ਸਰੋਕਾਰਾਂ ਦੀ ਝਲਕ ਜ਼ਰੂਰ ਮਿਲਦੀ
ਹੈ। ਸਰਸਰੀ ਤੌਰ ਤੇ ਉਸਦੀ ਕਵਿਤਾ ਅਤੇ ਗੀਤਾਂ ਦਾ ਆਨੰਦ ਮਾਣਦਿਆਂ ਇਹ ਹੀ ਮਹਿਸੂਸ
ਹੁੰਦਾ ਹੈ ਕਿ ਉਹ ਰਮਾਂਟਿਕ ਹੀ ਹੈ ਪ੍ਰੰਤੂ ਉਸਦੇ ਰੁਮਾਂਸਵਾਦ ਨੂੰ ਸਮਾਜਿਕ ਸਰੋਕਾਰਾਂ ਦੀ ਪੁਠ
ਚੜ੍ਹੀ ਹੁੰਦੀ ਹੈ। ਉਸਦੇ ਅਵਚੇਤਨ ਸਾਹਿਤਕ ਮਨ ਵਿਚ ਸਮਾਜਿਕ ਨਾ ਬਰਾਬਰੀ, ਧੋਖੇ,
ਇਨਸਾਨੀ ਰਿਸ਼ਤਿਆਂ ਵਿਚ ਖੋਟ, ਖੁਦਗਰਜ਼ੀ, ਦਗਾ, ਇਸ਼ਕ-ਮੁਸ਼ਕ, ਪਿਆਰ-ਮੁਹੱਬਤ,
ਵਸਲ-ਬਿਰਹਾ ਅਤੇ ਇਨਸਾਨ ਦੇ ਦੁਖਾਂ ਦੀ ਚੀਸ ਮਹਿਸੂਸ ਹੁੰਦੀ ਹੋਈ ਕਵਿਤਾ ਜਾਂ ਗੀਤ ਦਾ
ਰੂਪ ਧਾਰ ਲੈਂਦੀ ਹੈ। ਅੰਗਰੇਜ਼ ਦੇ ਮਨ ਨੂੰ ਜਦੋਂ ਕੋਈ ਘਟਨਾ ਜਾਂ ਚਲੰਤ ਮਸਲਾ ਪ੍ਰਭਾਵਤ
ਕਰਦਾ ਹੈ ਤਾਂ ਇਕ ਵਿਚਾਰ ਉਸਦੇ ਮਨ ਵਿਚ ਉਸਲਵੱਟੇ ਲੈਣ ਲਗਦਾ ਹੈ। ਫਿਰ ਉਹ ਕਲਮ
ਚੁਕਦਾ ਹੈ ਤੇ ਉਸ ਵਿਚਾਰ ਦੇ ਆਲੇ ਦੁਆਲੇ ਆਪਣੀਆਂ ਭਾਵਨਾਵਾਂ ਦਾ ਤਾਣਾ ਬਾਣਾ
ਕਵਿਤਾ ਜਾਂ ਗੀਤ ਦੇ ਰੂਪ ਵਿਚ ਬੁਣਦਾ ਹੈ। ਇਸ ਕਰਕੇ ਵੁਸਦੀਆਂ ਕਵਿਤਾਵਾਂ ਅਤੇ ਗੀਤ
ਵਿਚਾਰਧਾਰਾ ਦੇ ਆਲੇ ਦੁਆਲੇ ਘੁੰਮਦੇ ਹਨ। ਇਨਸਾਨ ਦੀ ਖੁਦਗਰਜ਼ੀ ਅਤੇ ਇਨਸਾਨੀ
ਰਿਸ਼ਤਿਆਂ ਦੀ ਗਿਰਾਵਟ ਬਾਰੇ ਉਸਦੀ ਇਕ ਕਵਿਤਾ ਦੀਆਂ ਦੋ ਸਤਰਾਂ ਇਸ ਤਰ੍ਹਾਂ ਹਨ

ਦੁਨੀਆਂ ਇਹ ਕੈਸੀ ਦੁਨੀਆਂਦਾਰੀ ਏ, ਬਸ ਪੈਸੇ ਨਾਲ ਹੀ ਸਭ ਦੀ ਰਿਸ਼ਤੇਦਾਰੀ ਏ।
ਮਤਲਬ ਤੋਂ ਬਿਨਾ ਕੋਈ ਨਾ ਬੁਲਾਵੇ, ਹੁਣ ਮਤਲਬ ਨਾਲ ਮਤਲਬੀ ਯਾਰੀ ਏ।
ਇਸੇ ਤਰ੍ਹਾਂ ਵਰਤਮਾਨ ਆਧੁਨਿਕਤਾ ਅਤੇ ਖੁਦਗਰਜ਼ ਜ਼ਮਾਨੇ ਵਿਚ ਦੋਸਤਾਂ ਦੀ ਦੋਸਤੀ
ਸਿਰਫ ਪੈਸੇ ਦੀ ਹੀ ਰਹਿ ਗਈ ਹੈ। ਅਮੀਰ ਆਦਮੀ ਨੂੰ ਘੁਮੰਡ ਇਤਨਾ ਹੋ ਜਾਂਦਾ ਹੈ ਕਿ ਉਹ
ਗ਼ਰੀਬ ਨੂੰ ਨਫਰਤ ਕਰਨ ਲੱਗ ਜਾਂਦਾ ਹੈ। ਵੱਡਾ ਬਣਕੇ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਦਾ
ਹੈ। ਜੇਕਰ ਕਿਸੇ ਕੋਲ ਪੈਸਾ ਹੈ ਤਾਂ ਸਾਰੇ ਦੋਸਤ ਉਸਦੇ ਨਾਲ ਹਨ ਪ੍ਰੰਤੂ ਜਦੋਂ ਇਨਸਾਨ ਰੋਜ਼ੀ
ਰੋਟੀ ਤੋਂ ਵੀ ਆਤੁਰ ਹੋ ਜਾਂਦਾ ਹੈ ਤਾਂ ਸਾਰੇ ਉਸਦਾ ਸਾਥ ਛੱਡ ਜਾਂਦੇ ਹਨ। ਅੰਗਰੇਜ਼ ਦੀ ਇਕ
ਕਵਿਤਾ ਇਹੋ ਦਰਸਾਉਂਦੀ ਹੈਯਾਰ
ਝੂਠਾ ਬੜਾ ਏ ਫਿਰ ਵੀ, ਉਹਦੇ ‘ਤੇ ਇਤਬਾਰ ਬੜਾ ਏ।
ਨਫਰਤ ਹੈ ਉਹਨੂੰ ਸਾਡੇ ਨਾਲ, ਸਾਨੂੰ ਉਸ ਨਾਲ ਪਿਆਰ ਬੜਾ ਏ।
ਭੁੱਲ ਜਾ ਉਹ ਯਾਦ ਕਰੂਗਾ, ਉਹ ਤਾਂ ਹੁਣ ਸਟਾਰ ਬੜਾ ਏ।
ਰੱਜੇ ਅਕਸਰ ਕਰਦੇ ਨੇ ਨਖ਼ਰੇ, ਭੁੱਖੇ ਨੂੰ ਰੋਟੀ ਤੇ ਆਚਾਰ ਬੜਾ ਏ।
ਇਕ ਹੋਰ ਕਵਿਤਾ ਵਿਚ ਵੀ ਇਹੋ ਰੰਗ ਮਿਲਦਾ ਹੈਹਸਾੳ
ੁਂਦਾ ਤੇ ਰੁਆਉਂਦਾ ਵਕਤ, ਕੱਖੋਂ ਲੱਖ ਬਣਾਉਂਦਾ ਵਕਤ।
ਹਿੰਮਤ ਹੈ ਹਸਦੇ ਪਏ ਹਾਂ, ਪਰ ਉਂਝ ਤਾਂ ਬੜਾ ਰੁਆਉਂਦਾ ਵਕਤ।
ਰਾਤ ਨੂੰ ਸੂਰਜ-ਚਾੜ੍ਹ ਦੇਵੇ, ਤੇ ਦਿਨੇ ਤਾਰੇ ਵਿਖਾਉਂਦਾ ਵਕਤ।
ਰਿਸ਼ਤੇ ਯਾਰ ਆਪਣਿਆਂ ਦੀ, ਪਹਿਚਾਣ ਸਭ ਕਰਾਉਂਦਾ ਵਕਤ।
ਵਕਤ ਜਿਹਾ ਹਕੀਮ ਨਾ ਕੋਈ, ਡੂੰਘੇ ਜ਼ਖ਼ਮ ਭਰਾਉਂਦਾ ਵਕਤ,
ਆਇਆ ਨੀ ਅੰਗਰੇਜ਼ ‘ਤੇ ਵਕਤ ਅਜੇ, ਸੁਣਿਆਂ ਸਭ ਤੇ ਆਉਂਦਾ ਵਕਤ।
ਅੰਗਰੇਜ਼ ਦੇ ਬਹੁਤੇ ਗੀਤ ਰੁਮਾਂਸਵਾਦ ਵਿਚ ਲਬਰੇਜ਼ ਹਨ ਪ੍ਰੰਤੂ ਫਿਰ ਵੀ ਕੁਝ ਕੁ ਗੀਤ
ਸਮਾਜਿਕ ਬੁਰਾਈਆਂ ਦੇ ਵਿਰੁਧ ਹਨ ਕਿਉਂਕਿ ਕੁਦਰਤੀ ਹੈ ਕਿ ਲੇਖਕ ਉਪਰ ਸਮਾਜਿਕ
ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਬਚਪਨ ਵਿਚ ਪਿੰਡ ਕੱਦੋਂ ਦੀ ਫਿਜ਼ਾ ਦਾ ਉਸਦੇ
ਬਾਲ ਮਨ ਤੇ ਗਹਿਰਾ ਪ੍ਰਭਾਵ ਪਿਆ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਇਨਸਾਨ ਨੂੰ
ਸਬਰ ਤੇ ਸੰਤੋਖ ਕਰਦਿਆਂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦਿਆਂ ਜੀਵਨ ਬਸਰ ਕਰਨਾ

ਚਾਹੀਦਾ। ਭਾਵ ਜੀਵਨ ਦੀਆਂ ਬਰਕਤਾਂ ਅਤੇ ਕਠਨਾਈਆਂ ਨੂੰ ਬਰਾਬਰ ਸਮਝਣਾ ਚਾਹੀਦਾ
ਹੈ। ਸੰਤੁਸ਼ਟੀ ਸਫਲ ਜੀਵਨ ਦੀ ਕੁੰਜੀ ਹੈ। ਉਸਦੇ ਇਕ ਗੀਤ ਦੇ ਕੁਝ ਬੋਲ ਹਨਨਾ
ਕੋਈ ਯਾਰ ਨਾ ਕੋਈ ਬੇਲੀ, ਨਾ ਕੋਈ ਹਾਣੀ ਨਾ ਕੋਈ ਮੇਲੀ।
ਇਥੇ ਮਿਲਦੇ ਸੱਜਣ ਠੱਗ।
ਜਦ ਕਿਸੇ ਦੀ ਗੁਡੀ ਚੜ੍ਹਦੀ, ਵੇਖਕੇ ਸਾਰੀ ਦੁਨੀਆਂ ਸੜਦੀ।
ਇਥੇ ਯਾਰ ਉਛਾਲਣ ਪੱਗ, ਦੁਨੀਆਂ ਦਾ ਦਸਤੂਰ ਬੁਰਾ ਏ ।
ਹਰ ਇਕ ਦੇ ਬੁਕਲ ਵਿਚ ਛੁਰਾ ਏ, ਚੁਪ ਚਾਪ ਲਗਾਉਂਦੇ ਅੱਗ।
ਵਕਤ ਨਾਲ ਯਾਰੋ ਰਹਿਣਾ ਸਿਖੋ, ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ ।
ਇਹ ਅੰਗਰੇਜ਼ ਸੁਣਾਉਂਦਾ ਸੱਚ।
ਅੰਗਰੇਜ਼ ਦਾ ਪਰਿਵਾਰਿਕ ਪਿਛੋਕੜ ਦਿਹਾਤੀ ਹੈ। ਇਸ ਕਰਕੇ ਉਸਦੀ ਬੋਲੀ ਠੇਠ ਪੰਜਾਬੀ
ਅਤੇ ਸ਼ਬਦਾਵਲੀ ਵੀ ਪੂਰੀ ਘਰ ਪਰਿਵਾਰ ਵਿਚ ਬੋਲੀ ਜਾਂਦੀ ਦਿਹਾਤੀ ਹੈ। ਉਹ ਇਹ ਵੀ
ਆਪਣੀਆਂ ਕਵਿਤਾਵਾਂ ਵਿਚ ਲਿਖਦਾ ਹੈ ਕਿ ਇਨਸਾਨੀ ਜੀਵਨ ਵਿਚ ਹਰ ਇੱਛਾ ਪੂਰੀ ਨਹੀਂ
ਹੁੰਦੀ ਪ੍ਰੰਤੂ ਜੋ ਮਿਲ ਗਿਆ ਉਸਦਾ ਹੀ ਆਨੰਦ ਮਾਨਣਾ ਚਾਹੀਦਾ ਹੈ। ਇਨਸਾਨ ਦੇ ਕਿਰਦਾਰ
ਹੀ ਉਸਦੀ ਪੂੰਜੀ ਹੁੰਦੇ ਹਨ। ਜੋ ਕਰੋਗੇ ਉਸਦਾ ਫਲ ਤੁਹਾਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿਚ
ਸਹੀ ਸਮੇਂ ‘ਤੇ ਮਿਲੇਗਾ। ਇਸ ਲਈ ਇਨਸਾਨ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ।
ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈਹਰ
ਖਵਾਹਿਸ਼ ਪੂਰੀ ਨਹੀਂ ਹੁੰਦੀ, ਦੂਰੀ ਜਿਸਮਾ ਦੀ ਦੂਰੀ ਨਹੀਂ ਹੁੰਦੀ।
ਸਾਹਾਂ ‘ਚ ਵਸ ਗਏ ਸੱਜਣਾ ਦੀ, ਸੀਨੇ ਲੱਗਣੀ ਤਸਵੀਰ ਜ਼ਰੂਰੀ ਨਹੀਂ ਹੁੰਦੀ।
ਕਰਮ ਬੰਦੇ ਦੇ ਬੰਦੇ ਨੂੰ ਮਾਰ, ਦਿੰਦੇ ਵੱਟੀ ਸਮੇਂ ਦੀ ਕਦੇ ਘੂਰੀ ਨਹੀਂ ਹੁੰਦੀ।
ਪਿਆਰੀ ਸੋਚ ਵਾਲਾ ਦੋਸਤ ਜੇ ਮਿਲੇ, ਜਾਨ ਦੇਣੀ ਇਸ਼ਕ ‘ਚ ਜ਼ਰੂਰੀ ਨਹੀਂ ਹੁੰਦੀ।
ਸਮਾਜ ਵਿਚ ਬਨਾਵਟੀਪਣ ਦੀ ਬਹੁਤਾਤ ਸਮਾਜਿਕ ਤਾਣੇ ਬਾਣੇ ਨੂੰ ਪਲੀਤ ਕਰ ਰਹੀ ਹੈ।
ਲੋਕ ਅੰਦਰੋਂ ਬਾਹਰੋਂ ਇਕ ਨਹੀਂ ਹਨ। ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਦਾ
ਸਮਾਜਿਕ ਜੀਵਨ ਵਿਚ ਕਿਰਦਾਰ ਹੋਰ ਤਰ੍ਹਾਂ ਦਾ ਹੁੰਦਾ ਹੈੇ, ਜਿਸ ਕਰਕੇ ਸਮਾਜ ਵਿਚ ਆਪਸੀ
ਤਣਾਓ ਵੱਧ ਰਿਹਾ ਹੈ। ਲੋਕ ਮਖੌਟੇ ਪਾਈ ਫਿਰਦੇ ਹਨ। ਭਾਵ ਸੰਸਾਰ ਵਿਖਾਵੇ ਵਿਚ ਵਧੇਰੇ

ਯਕੀਨ ਰੱਖਦਾ ਹੈ। ਵਿਵਹਾਰਿਕ ਤੌਰ ‘ਤੇ ਸਾਰਾ ਕੁ ਉਲਟ-ਪੁਲਟ ਹੁੰਦਾ ਹੈ। ਇਸ ਕਰਕੇ ਇਕ
ਕਵਿਤਾ ਵਿਚ ਲਿਖਦਾ ਹੈਐਨੀ
ਕੁ ਜਾਣ ਪਹਿਚਾਣ ਬੜੀ ਏ, ਬਸ ਦੂਰੋਂ-ਦੂਰੋਂ ਹੀ ਸਲਾਮ ਬੜੀ ਏ।
ਬਕਿਸਮਤੀ ਬਾਰੇ ਰੱਬ ਹੀ ਜਾਣੇ, ਸਾਡੇ ਤੇ ਕਿਉਂ ਮਿਹਰਬਾਨ ਬੜੀ ਏ।
ਅੰਦਰੋਂ ਤਾਂ ਉਹਨੂੰ ਫਿਕਰ ਹੈ ਸਾਡੀ, ਬਾਹਰੋਂ ਬਣਦੀ ਅਣਜਾਣ ਬੜੀ ਏ।
ਆਵਾਜ਼ ਨੂੰ ਸੁਣਦਿਆਂ ਹੀ ਪੁਛੇ ਮਾਂ, ਕਿ ਪੁਤਰੀ ਮੇਰੀ ਪਰੇਸ਼ਾਨ ਬੜੀ ਏ।
ਦਿਸਦੀ ਪੀੜ ਹੈ ਨੈਣਾਂ ਵਿਚ ਉਸਦੇ, ਪਰ ਬੁਲਾਂ ਉਤੇ ਮੁਸਕਾਨ ਬੜੀ ਏ।
ਆਮ ਖਾਸ ਲੋਕਾਂ ਦੀ ਸਮਝੋਂ ਬਾਹਰ, ਸ਼ਾਇਰੀ ਅੰਗਰੇਜ਼ ਦੀ ਆਮ ਬੜੀ ਏ।
ਸਮਾਜਿਕ ਜੀਵਨ ਵਿਚੋਂ ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਧੀ ਭੈਣ ਦੀ ਇਜ਼ਤ ਕਰਨਾ
ਤਾਂ ਵੱਖਰੀ ਗੱਲ ਹੈ ਪ੍ਰੰਤੂ ਬੁਰੀ ਨਿਗਾਹ ਨਾਲ ਵੇਖਣਾ ਆਮ ਹੋ ਗਿਆ ਹੈ। ਸ਼ਰਮ ਹਯਾ ਖੰਭ
ਲਾ ਕੇ ਉਡ ਗਈ ਹੈ। ਜੇਕਰ ਕੋਈ ਕਿਸੇ ਇਸਤਰੀ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਵੇਖਣ
ਵਾਲੇ ਉਸਨੂੰ ਰੋਕਣ ਦੀ ਬਿਜਾਏ ਤਮਾਸ਼ਬੀਨ ਬਣ ਜਾਂਦੇ ਹਨ। ਇਨਸਾਨ ਦੀ ਜ਼ਮੀਰ ਹੀ ਮਰ
ਚੁੱਕੀ ਹੈ। ਅੰਗਰੇਜ਼ ਸਮਾਜ ਵਿਚ ਆਈ ਇਸ ਗਿਰਾਵਟ ਬਾਰੇ ਵੀ ਕਾਫੀ ਚਿੰਤਤ ਹੈ। ਇਸ
ਲਈ ਉਸਨੇ ਲਿਖਿਆ ਹੈਜ
ੇ ਹੁਸਨ ਦਿੱਤਾ ਏ ਮੈਨੂੰ, ਤਾਂ ਹੁਸਨ ਦੇ ਕਦਰਦਾਨ ਤਾਂ ਦਿੰਦਾ ।
ਦੇਖਣ ਵਾਲੇ ਦੀਆਂ ਅੱਖਾਂ ‘ਚ ਸ਼ਰਮ, ਦਿਲ ਵਿਚ ਸਨਮਾਨ ਤਾਂ ਦਿੰਦਾ।
ਤਮਾਸ਼ਬੀਨ ਖੜ੍ਹੇ ਨੇ ਹਰ ਚੌਰਾਹੇ ‘ਤੇ, ਜ਼ਮੀਰ ਨਾਲ ਭਰੀ ਜਾਨ ਤਾਂ ਦਿੰਦਾ।
ਸੰਘਣੇ ਕਰ ਦਿੰਦਾ ਕੰਡੇ, ਫੁੱਲਾਂ ਨੂੰ ਵਧਦੇ ਹੱਥੀਂ ਜ਼ਖ਼ਮ ਨਿਸ਼ਾਨ ਤਾਂ ਦਿੰਦਾ।
ਭਰੂਣ ਹੱਤਿਆ ਅਤੇ ਇਸਤਰੀਆਂ ਉਪਰ ਹੋ ਰਹੇ ਅਤਿਆਚਾਰਾਂ ਨੇ ਵੀ ਕਵੀ ਨੂੰ ਹਲੂਣਕੇ
ਰੱਖ ਦਿੱਤਾ। ਜਦੋਂ ਕਿ ਹਰ ਮਰਦ ਇਸਤਰੀ ਦੀ ਕੁੱਖ ਵਿਚੋਂ ਪੈਦਾ ਹੁੰਦਾ ਹੈ ਪ੍ਰੰਤੂ ਫਿਰ ਵੀ
ਇਸਤਰੀ ਦਾ ਬੀਜ ਨਾਸ ਕਰਨ ਤੇ ਤੁਲਿਆ ਹੋਇਆ ਹੈ। ਭਰੂਣ ਹੱਤਿਆ ਬਾਰੇ ਅੰਗਰੇਜ਼
ਲਿਖਦਾ ਹੈਜਿਹੜ
ੇ ਕੁੱਖ ‘ਚ ਧੀਆਂ ਕਤਲ ਕਰਵਾਉਣ, ਮਾਪੇ ਨਹੀਂ ਹੁੰਦੇ।

ਜਿਹੜੇ ਬਿਨਾ ਗੱਲੋਂ ਟੁੱਟ ਜਾਣ, ਉਹ ਰਿਸ਼ਤ-ਨਾਤੇ ਨਹੀਂ ਹੁੰਦੇ।
ਕਹਿਣ ਸਿਆਣੇ ਝੂਠ ਦੀਆਂ, ਕਿਤੇ ਕੋਈ ਨੀਂਹਾਂ ਨਹੀਂ ਹੁੰਦੀਆਂ।
ਜੋ ਮਾਪਿਆਂ ਦੀ ਪੱਤ ਰੋਲਦੀਆਂ, ਉਹ ਧੀਆਂ ਨਹੀਂ ਹੁੰਦੀਆਂ।
ਭਰਿਸ਼ਟਾਚਾਰ ਦੀ ਲਾਹਣਤ ਦਫਤਰ੍ਹਾਂ ਵਿਚ ਕਰੋਨਾ ਦੀ ਬਿਮਾਰੀ ਦੀ ਤਰ੍ਹਾਂ ਫੈਲੀ ਹੋਈ ਹੈ
ਜਿਸ ਕਰਕੇ ਆਮ ਲੋਕਾਂ ਨਾਲ ਵਿਤਕਰੇ ਹੋ ਰਹੇ ਹਨ। ਇਸ ਬਾਰੇ ਕਵੀ ਨੇ ਲਿਖਿਆ ਹੈਜਾਗਣ
ੇ ਨੇ ਸਿਤਾਰੇ ਤਾਂ ਕਾਲੀ ਰਾਤ ‘ਚ ਜਾਗਣ,
ਫਾਇਦਾ ਕੀ ਜੇ ਚਾਨਣ ਹੋਣ ਤੋਂ ਬਾਅਦ ਜਾਗਣਗੇ।
ਕਹਿੰਦੇ ਉਦੋਂ ਸਭ ਲਿਖਾਂਗੇ ਜਦੋਂ ਸਾਹਿਬ ਜਾਗ ਪਏ
ਤੇ ਰੁਪਈਆਂ ਦੀ ਥੱਦੀ ਵੇਖਕੇ ਹੀ ਸਾਹਿਬ ਜਾਗਣਗੇ।
ਦੁਨੀਆਂ ਵਿਚ ਅੱਜ ਕਲ੍ਹ ਝੂਠ ਦਾ ਬੋਲ ਬਾਲਾ ਹੈ। ਲੋਕੀ ਝੂਠ ਨੂੰ ਸੱਚ ਬਣਾਉਣ ਲਈ
ਹਜ਼ਾਰ ਵਾਰ ਝੂਠ ਬੋਲਦੇ ਹਨ। ਝੂਠ ਬਾਰੇ ਉਨ੍ਹਾਂ ਲਿਖਿਆ ਹੈਝੂਠ
ਨੂੰ ਝੂਠ ਕਿਹਾ ਤਾਂ ਕਈਆਂ ਨੇ, ਪਰ ਸੱਚ ਦੇ ਕੋਈ ਵੱਲ ਨਹੀਂ ਹੋਇਆ।
ਇਸ਼ਕ ਯਾਰੀ ਵਿਚ ਦੱਸੋ ਕਿਸ ਨਾਲ, ਅੱਜ ਤੱਕ ਕੋਈ ਛੱਲ ਨਹੀਂ ਹੋਇਆ।
ਸੁਰਜੀਤ ਸਿੰਘ ਉਰਫ ਅੰਗਰੇਜ਼ ਮੁੰਡੀ ਕੱਦੋਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਕੱਦੋਂ
ਵਿਖੇ ਮਾਤਾ ਨਸੀਬ ਕੌਰ ਅਤੇ ਪਿਤਾ ਵਰਿਆਮ ਸਿੰਘ ਦੇ ਘਰ ਕਿਸਾਨ ਪਰਿਵਾਰ ਵਿਚ
ਹੋਇਆ। ਸੁਰਜੀਤ ਸਿੰਘ ਨੂੰ ਪਿੰਡ ਵਿਚ ਉਸਦੇ ਰਹਿਣ ਸਹਿਣ ਅਤੇ ਵਿਵਹਾਰ ਕਰਕੇ ਅੰਗਰੇਜ਼
ਨਾਮ ਨਾਲ ਬੁਲਾਇਆ ਜਾਂਦਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਅਤੇ ਗੀਤ
ਅੰਗਰੇਜ਼ ਮੁੰਡੀ ਕੱਦੋਂ ਦੇ ਨਾਮ ਨਾਲ ਲਿਖਦਾ ਹੈ। ਮੁੱਢਲੀ ਪੜ੍ਹਾਈ ਉਸਨੇ ਪਿੰਡ ਦੇ ਸਕੂਲ ਤੋਂ
ਹੀ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਬੀ ਏ ਦੀ
ਪੜ੍ਹਾਈ ਕਰਦਿਆਂ ਹੀ ਉਸਨੇ ਪਹਿਲਾਂ ਗੀਤ ਅਤੇ ਫਿਰ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ
ਦਿੱਤੀਆਂ ਸਨ। ਸਾਹਿਤਕ ਮਸ ਤਾਂ ਪਹਿਲਾਂ ਹੀ ਸੀ ਪ੍ਰੰਤੂ ਅਵਤਾਰਜੀਤ ਅਟਵਾਲ ਅਤੇ ਭੱਟੀ
ਭੜੀਵਾਲਾ ਦੇ ਸੰਪਰਕ ਵਿਚ ਆਉਣ ਨਾਲ ਇਹ ਰੁਚੀ ਨਿਖਰਕੇ ਸਾਹਮਣੇ ਆ ਗਈ। ਪਰਵਾਸ
ਵਿਚ ਰਹਿਣ ਕਰਕੇ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਭਵਿਖ ਵਿਚ ਅੰਗਰੇਜ਼ ਮੁੰਡੀ

ਕੱਦੋਂ ਤੋਂ ਹੋਰ ਚੰਗਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਤੁਰ ਗਿਆ : ਓਪੇਰੇ ਦਾ ਬਾਦਸ਼ਾਹ ਰੱਬੀ ਬੈਰੋਂਪੁਰੀ -  ਉਜਾਗਰ ਸਿੰਘ

ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੇ ਸੁਮੇਲ ਵਾਲੇ ਗੀਤ ਲਿਖਕੇ ਗਾਉਣ ਅਤੇ ਭੰਗੜੇ ਨੂੰ ਕੱਚੀ ਜ਼ਮੀਨ ਦੇ ਅਖਾੜੇ ਤੋਂ ਸਟੇਜ ਤੇ ਲਿਆਉਣ ਵਾਲਾ ਕੋਰੀਓਗ੍ਰਾਫਰ ਪੁਆਧੀ ਅਖਾੜਿਆਂ ਦੀ ਸ਼ਾਨ ਰੱਬੀ ਬੈਰੋਂਪੁਰੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ। ਉਹ 84 ਸਾਲ ਦੇ ਸਨ। 1957 ਤੋਂ ਪਹਿਲਾਂ ਪਿੰਡਾਂ ਵਿਚ ਭੰਗੜਾ ਕੱਚੇ ਜ਼ਮੀਨੀ ਅਖਾੜਿਆਂ ਵਿਚ ਗੋਲ ਘੇਰੇ ਵਿਚ ਖੜ੍ਹਕੇ ਪਾਇਆ ਜਾਂਦਾ ਸੀ। ਭੰਗੜਾ ਪਾਉਣ ਵਾਲਿਆਂ ਵਿਚ ਕੁੜੀਆਂ ਬਣੇ ਲੜਕੇ ਨਚਾਰਾਂ ਦੇ ਰੂਪ ਵਿਚ ਹੁੰਦੇ ਸਨ। ਉਦੋਂ ਕੁੜੀਆਂ ਨੂੰ ਸਟੇਜਾਂ ਤੇ ਆਉਣ ਦੀ ਇਜ਼ਾਜਤ ਨਹੀ ਹੁੰਦੀ ਸੀ। ਰੱਬੀ ਬੈਰੋਂਪੁਰੀ ਅਜਿਹਾ ਕਲਾਕਾਰ ਸੀ, ਜਿਸਨੇ ‘‘ਰੱਬੀ ਬੈਰੋਂਪੁਰੀ ਭੰਗੜਾ ਪਾਰਟੀ’’ ਬਣਾਕੇ ਭੰਗੜੇ ਨੂੰ ਸਟੇਜ ਬਣਾਕੇ ਉਸ ਉਪਰ ਪਾਉਣ ਦੀ ਰੀਤ ਸ਼ੁਰੂ ਕੀਤੀ। ਉਨ੍ਹਾਂ ਦੀ ਭੰਗੜਾ ਟੀਮ ਦੇ ਮੈਂਬਰ ਸਮਾਜ ਵਿਚ ਉਤੇ ਰੁਤਬਿਆਂ ਤੇ ਪਹੁੰਚੇ, ਜਿਨ੍ਹਾਂ ਵਿਚੋਂ ਇਕ ਪੰਜਾਬ ਦਾ ਮੰਤਰੀ ਵੀ ਬਣਿਆਂ। ਪ੍ਰੰਤੂ ਰੱਬੀ ਭੈਰੋਂਪੁਰੀ ਸਿਰਫ਼ ਭੰਗੜੇ ਨੂੰ ਹੀ ਸਮਰਪਤ ਹੀ ਰਿਹਾ। ਉਨ੍ਹਾਂ ਦਾ ਕੈਰੀਅਰ ਬਣਾਉਣ ਵਿਚ ਡਾ ਮਹਿੰਦਰ ਸਿੰਘ ਰੰਧਾਵਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ ਅਤੇ ਰੰਧਾਵਾ ਦੀ ਭਵਿਸ਼ਬਾਣੀ ਵੀ ਸਹੀ ਸਾਬਤ ਹੋਈ। ਇਤਫਾਕ ਇਹ ਹੋਇਆ ਕਿ ਜਦੋਂ ਰੱਬੀ ਬੈਰੋਂਪੁਰੀ ਰੋਪੜ ਜਿਲ੍ਹੇ ਦੇ ਡੀ ਬੀ ਹਾਈ ਸਕੂਲ ਲਾਂਡਰਾਂ ਵਿਚ ਪੜ੍ਹਦੇ ਸਨ ਤਾਂ ਮਹਿੰਦਰ ਸਿੰਘ ਰੰਧਾਵਾ ਇਸ ਸਕੂਲ ਦੇ ਇਕ ਸਮਾਗਮ ਵਿਚ ਆਏ ਸਨ ਤਾਂ ਉਨ੍ਹਾਂ ਰੱਬੀ ਬੈਰੋਂਪੁਰੀ ਦਾ ਗੀਤ ਸੁਣਕੇ ਉਨ੍ਹਾਂ ਦੀ ਦਮਦਾਰ ਅਵਾਜ਼ ਤੋਂ ਉਹ ਕਾਇਲ ਹੋ ਗਏ। ਉਨ੍ਹਾਂ ਰੱਬੀ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰ ਮਿਹਨਤ ਅਤੇ ਰਿਆਜ਼ ਕਰਨ ਦੀ ਸਲਾਹ ਦਿੰਦਿਆਂ ਅਸ਼ੀਰਵਾਦ ਦਿੱਤਾ ਕਿ ਉਹ ਇਕ ਦਿਨ ਵੱਡਾ ਗਾਇਕ ਬਣੇਗਾ। ਰੱਬੀ ਨੇ ਪੜ੍ਹਾਈ ਦੀ ਥਾਂ ਗਾਇਕੀ ਅਤੇ ਭੰਗੜੇ ਦੇ ਰਿਆਜ਼ ਤੇ ਜ਼ੋਰ ਦੇ ਦਿੱਤਾ। ਪਰਿਵਾਰ ਦੇ ਮੈਂਬਰ ਉਦੋਂ ਗਾਉਣਾ ਅਤੇ ਨੱਚਣਾ ਟੱਪਣਾ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਰੱਬੀ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ ਪ੍ਰੰਤੂ ਮਹਿੰਦਰ ਸਿੰਘ ਰੰਧਾਵਾ ਦੀ ਹੱਲਾਸ਼ੇਰੀ ਨਾਲ ਰੱਬੀ ਦੇ ਦਿਲ ਵਿਚ ਫਿਲਮੀ ਗੀਤਕਾਰ ਤੇ ਗਾਇਕ ਬਣਨ ਦਾ ਭੂਤ ਸਵਾਰ ਹੋ ਗਿਆ। ਉਹ ਪੜ੍ਹਾਈ ਵਿਚਕਾਰ ਛੱਡਕੇ ਆਪਣਾ ਬੋਰੀਆ ਬਿਸਤਰਾ ਬੰਨ੍ਹਕੇ ਬੰਬਈ ਲਈ ਰੇਲ ਗੱਡੀ ਵਿਚ ਸਵਾਰ ਹੋ ਗਿਆ। ਰੇਲ ਗੱਡੀ ਦਾ ਸਫਰ ਲੰਮਾ ਸੀ ਪ੍ਰੰਤੂ ਕੋਈ ਸੀਟ ਖਾਲੀ ਨਹੀਂ ਸੀ, ਸਗੋਂ ਰੇਲ ਗੱਡੀ ਖਚਾਖਚ ਭਰੀ ਹੋਈ ਸੀ। ਉਸਨੇ ਗੱਡੀ ਵਿਚ ਖੜ੍ਹੇ ਨੇ ਹੀ ਗਾਉਣਾ ਸ਼ੁਰੂ ਕਰ ਦਿੱਤਾ। ਉਸ ਡੱਬੇ ਵਿਚ ਫ਼ੌਜੀ ਸਫਰ ਕਰ ਰਹੇ ਸਨ। ਉਹ ਉਸਦੀ ਗਾਇਕੀ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਸਨੂੰ ਆਪਣੇ ਨਾਲ ਬਿਠਾ ਲਿਆ। ਬੰਬਈ ਪਹੁੰਚਕੇ ਉਹ ਮਹਾਂ ਨਗਰੀ ਵਿਚ ਗੁਆਚ ਗਿਆ। ਜਿਸ ਵਿਅਕਤੀ ਕੋਲ ਜਾ ਕੇ ਰਹਿਣ ਲੱਗਿਆ ਉਸਨੇ ਰੱਬੀ ਨੂੰ ਘਰੇਲੂ ਨੌਕਰ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ। ਉਥੋਂ ਰੱਬੀ ਭੱਜ ਗਿਆ ਅਤੇ ਕਿਸੇ ਲੱਕੜ ਦੇ ਆਰੇ ਵਿਚ ਸ਼ਰਨ ਲਈ। ਅਲੂਏਂ ਗਭਰੂ ਨੂੰ ਲੱਕੜ ਦਾ ਭਾਰਾ ਕੰਮ ਕਰਨਾ ਪਿਆ। ਉਹੀ ਆਰੇ ਵਾਲਾ ਉਸਨੂੰ ਗੁਰਦੁਆਰੇ ਧਾਰਮਿਕ ਗੀਤ ਗਾਉਣ ਲਈ ਲੈ ਗਿਆ। ਉਸਨੂੰ ਬੰਬਈ ਵਿਚ ਰਹਿ ਰਹੇ ਪੰਜਾਬੀਆਂ ਨੇ ਸਹਿਯੋਗ ਦਿੱਤਾ, ਜਿਨ੍ਹਾਂ ਕਰਕੇ ਉਸਦਾ ਹੌਸਲਾ ਗੁਰੂ ਘਰ ਵਿਚ ਧਾਰਮਿਕ ਗੀਤ ਲਿਖਕੇ ਗਾਉਣ ਨਾਲ ਵਧਿਆ। ਬੰਬਈ ਜਾਣ ਨਾਲ ਉਸਨੂੰ ਫਿਲਮ ਨਗਰੀ ਦੇ ਵੱਡੇ ਗਾਇਕਾਂ ਕਲਾਕਾਰਾਂ ਜਿਨ੍ਹਾਂ ਵਿਚ ਮੁਹੰਮਦ ਰਫੀ, ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਪੀ ਐਲ ਸੂਦਨ, ਦਾਦਾ ਉਸਤਾਦ ਬੀ ਸੀ ਬੇਕਲ, ਸ਼ਰਸ਼ਾਰ ਸੈਲਾਨੀ, ਜਾਨੀ ਬਾਬੂ ਕਵਾਲ, ਮਨੋਹਰ ਦੀਪਕ ਅਤੇ ਕੁਲਦੀਪ ਚਾਂਦ ਨੂੰ ਮਿਲਣ, ਉਨ੍ਹਾਂ ਦੀਆਂ ਪਰਫਾਰਮੈਂਸ ਵੇਖਣ, ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰਨ ਅਤੇ ਕੁਝ ਸਿੱਖਣ ਦਾ ਮੌਕਾ ਮਿਲਿਆ। ਮਨੋਹਰ ਦੀਪਕ ਨੇ ਤਾਂ ਰੱਬੀ ਨੂੰ ਆਪਣੀ ਭੰਗੜਾ ਟੀਮ ਵਿਚ ਸ਼ਾਮਲ ਕਰ ਲਿਆ ਸੀ। ਉਸ ਸਮੇਂ ਉਹ ਆਪਣੇ ਆਪ ਨੂੰ ਰੱਬੀ ਰੰਗੀਲਾ ਲਿਖਦਾ ਸੀ। ਬੰਬਈ ਵਿਚ ਦਿਨ ਵੇਲੇ ਉਹ ਕਈ ਫੈਕਟਰੀਆਂ ਵਿਚ ਕੰਮ ਕਰਦਾ ਰਿਹਾ ਅਤੇ ਰਾਤ ਨੂੰ ਸਭਿਅਚਾਰਕ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਾ ਰਿਹਾ। ਹੰਭ ਹਾਰਕੇ ਜਦੋਂ ਉਸਦੀ ਫਿਲਮ ਜਗਤ ਵਿਚ ਕਿਸੇ ਨੇ ਬਾਂਹ ਨਾ ਫੜੀ ਤਾਂ 1961 ਵਿਚ ਉਹ ਵਾਪਸ ਆਪਣੇ ਪਿੰਡ ਬੈਰੋਂਪੁਰ ਆ ਗਿਆ। ਪਿੰਡ ਵਾਪਸ ਆਉਣ ਤੇ ਪਿਤਾ ਨੇ ਉਸਨੂੰ ਵਿਹਲੜ ਸਮਝਕੇ ਆਪਣੇ ਨਾਲੋਂ ਵੱਖ ਕਰਕੇ ਕਿਹਾ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਖੁਦ ਕਮਾਈ ਕਰਕੇ ਕਰੋ। ਉਸਨੇ ਹੌਸਲਾ ਨਾ ਛੱਡਿਆ। ਆਪਣੇ ਦੋਸਤਾਂ ਨਾਲ ਮਿਲਕੇ ਭੰਗੜਾ ਪਾਰਟੀ ਬਣਾ ਲਈ ਅਤੇ ਉਨ੍ਹਾਂ ਨੂੰ ਭੰਗੜੇ ਦੀ ਸਿਖਿਆ ਵੀ ਦਿੱਤੀ। ਰੱਬੀ ਬੈਰੋਂਪੁਰੀ ਦੀ ਅਵਾਜ਼ ਬੜੀ ਦਮਦਾਰ, ਰਸੀਲੀ, ਡੀਲ ਡੌਲ ਮਜ਼ਬੂਤ ਅਤੇ ਸੁਹਣਾ ਸੁਨੱਖਾ ਹੋਣ ਕਰਕੇ ਉਸਦੀਆਂ ਜਲਦੀ ਹੀ ਧੁੰਮਾਂ ਪੈ ਗਈਆਂ। ਭਾਵੇਂ ਉਹ ਸ਼ੁਰੂ ਵਿਚ ਬਿਨਾ ਸਾਜਾਂ ਦੇ ਇਕੱਲੇ ਢੋਲ ਦੀ ਤਾਲ ਤੇ ਗੀਤ ਗਾਉਂਦਾ ਅਤੇ ਉਸਦੇ ਸਾਥੀ ਭੰਗੜਾ ਪਾਉਂਦੇ ਸਨ। ਉਸਦੀ ਲੰਮੀ ਹੇਕ ਵੀ ਬਹੁਤ ਪ੍ਰਸਿੱਧ ਹੋਈ। ਅੱਠ-ਅੱਠ ਘੰਟੇ ਉਹ ਅਖਾੜਿਆਂ ਵਿਚ ਗੀਤ ਗਾਉਂਦਾ ਰਿਹਾ। ਉਨ੍ਹਾਂ ਦਿਨਾ ਵਿਚ ਇਕ ਪਰਫਾਰਮੈਂਸ ਦੇ 15 ਰੁਪਏ ਸੇਵਾ ਫਲ ਮਿਲਦਾ ਸੀ। ਆਪਣੇ ਟਰੁਪ ਨੂੰ ਚਲਾਉਣ ਲਈ ਸਾਰੇ ਰੁਪਏ ਆਪਣੇ ਸਾਥੀਆਂ ਵਿਚ ਵੰਡ ਦਿੰਦਾ ਸੀ। ਉਸਨੇ 27 ਸਾਲ ਲਗਾਤਰ 1987 ਤੱਕ ਗੀਤ ਗਾਏ, ਭੰਗੜੇ ਦੀਆਂ ਧੁੰਮਾਂ ਪਾਈਆਂ ਅਤੇ ਕੋਰੀਓਗ੍ਰਾਫੀ ਕੀਤੀ। ਉਹ ਆਪਣੇ ਪ੍ਰੋਗਰਾਮਾ ਵਿਚ ਹੀਰ ਰਾਂਝਾ, ਸੱਸੀ ਪੁੰਨੂੰ, ਪੂਰਨ ਭਗਤ, ਮਿਰਜਾ ਸਾਹਿਬਾਂ ਅਤੇ ਸੋਹਣੀ ਮਹੀਵਾਲ ਦੀ ਕੋਰੀਓਗ੍ਰਾਫੀ ਕਰਦਾ ਹੁੰਦਾ ਸੀ। ਜਿਥੇ ਵੀ ਉਹ ਅਖਾੜਾ ਲਾਉਂਦਾ ਸੀ, ਉਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗਰਮੀ ਅਤੇ ਸਰਦੀ ਵਿਚ 7-8 ਘੰਟੇ ਬੈਠੇ ਵੇਖਦੇ ਅਤੇ ਸੁਣਦੇ ਰਹਿੰਦੇ ਸਨ। ਇਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਉਨ੍ਹਾਂ ਨਾਲ ਭੰਗੜਾ ਪਾਉਣ ਲੱਗ ਜਾਂਦੇ ਸਨ। ਪਿੰਡਾਂ ਵਿਚ ਭੰਗੜੇ ਨੂੰ ਹਰਮਨ ਪਿਆਰਾ ਬਣਾਉਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਮਹੱਤਵਪੂਰਨ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਟਰੁਪ ਦੇਸ਼ ਭਗਤਾਂ ਜਿਨ੍ਹਾਂ ਵਿਚ ਭਗਤ ਸਿੰਘ, ਊਧਮ ਸਿੰਘ ਅਤੇ ਹੋਰਾਂ ਬਾਰੇ ਨਾਟਕ ਵੀ ਕਰਦੇ ਰਹਿੰਦੇ ਸਨ। 1962 ਦੀ ਭਾਰਤ ਚੀਨ ਜੰਗ ਸਮੇਂ ਉਨ੍ਹਾਂ ਦੇ ਟਰੁਪ ਨੇ ਮੁਫਤ ਪ੍ਰੋਗਰਾਮ ਕੀਤੇ ਜਿਨ੍ਹਾਂ ਦੀ ਕਮਾਈ ਦੇਸ ਦੇ ਰੱਖਿਆ ਫੰਡ ਲਈ ਦਾਨ ਕੀਤੀ। ਦੇਸ਼ ਦੀਆਂ ਸਰਹੱਦਾਂ ਤੇ ਵੀ ਉਹ ਪ੍ਰੋਗਰਾਮ ਦਿੰਦੇ ਰਹਿੰਦੇ ਸਨ। ਉਨ੍ਹਾਂ ਦਾ ਟਰੁਪ ਦਿਹਾਤੀ ਇਲਾਕਿਆਂ ਵਿਚ ਇਤਨਾ ਹਰਮਨ ਪਿਆਰਾ ਹੋ ਗਿਆ ਕਿ ਮਹੀਨੇ ਵਿਚ 20-25 ਪ੍ਰੋਗਰਾਮ ਹੁੰਦੇ ਰਹਿੰਦੇ ਸਨ। ਉਨ੍ਹਾਂ ਦੀ ਹਰਮਨ ਪਿਆਰਤਾ ਇਤਨੀ ਵਧ ਗਈ ਕਿ ਕਈ ਵਾਰ ਤਾਂ ਇਕ ਦਿਨ ਵਿਚ 2-2 ਪ੍ਰੋਗਰਾਮ ਕਰਨੇ ਪੈਂਦੇ ਸਨ। ਕਈ ਵਾਰ ਇਕ-ਇਕ ਮਹੀਨਾ ਉਹ ਆਪਣੇ ਘਰ ਹੀ ਨਹੀਂ ਆਉਂਦੇ ਸਨ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਨੇਪਾਲ ਵਿਚ ਵੀ ਉਹ ਪ੍ਰੋਗਰਾਮ ਦੇਣ ਲਈ ਜਾਂਦੇ ਸਨ। ਅਖਾੜਾ ਪਰੰਪਰਾ ਨੂੰ ਜੀਵਤ ਰੱਖਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ। ਜਦੋਂ ਭਾਗ ਸਿੰਘ ਨੇ ਉਸਦੀ ਪਰਫਾਰਮੈਂਸ ਵੇਖੀ ਤਾਂ ਉਨ੍ਹਾਂ ਨੇ ਰੱਬੀ ਨੂੰ ਲੋਕ ਸੰਪਰਕ ਵਿਭਾਗ ਵਿਚ ਕਲਾਕਾਰ ਭਰਤੀ ਹੋਣ ਲਈ ਕਿਹਾ ਪ੍ਰੰਤੂ ਰੱਬੀ ਨੇ ਅਜ਼ਾਦ ਤੌਰ ਤੇ ਕੰਮ ਕਰਨ ਨੂੰ ਪਹਿਲ ਦਿੱਤੀ।
      ਰਂਬੀ ਬੈਰੋਂਪੁਰੀ ਦਾ ਜਨਮ ਰੋਪੜ ਜਿਲ੍ਹੇ ਪਿੰਡ ਬੈਰੋਂਪੁਰ ਵਿਚ 6 ਜੂਨ 1937 ਨੂੰ ਮਾਤਾ ਕਰਤਾਰ ਕੌਰ ਅਤੇ ਪਿਤਾ ਤਰਲੋਕ ਸਿੰਘ ਦੇ ਘਰ ਹੋਇਆ। ਇਹ ਪਿੰਡ ਹੁਣ ਮੋਹਾਲੀ ਜਿਲ੍ਹੇ ਵਿਚ ਹੈ। ਉਨ੍ਹਾਂ ਨੇ 8ਵੀਂ ਤੱਕ ਦੀ ਪੜ੍ਹਾਈ ਡੀ ਬੀ ਸਕੂਲ ਲਾਂਡਰਾਂ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਆਪਨੂੰ ਕਿੱਸੇ ਪੜ੍ਹਨ ਅਤੇ ਗਾਉਣ ਦਾ ਸ਼ੌਕ ਸੀ। ਇਸ ਸ਼ੌਕ ਕਰਕੇ ਹੀ ਉਹ ਬੈਂਤ ਲਿਖਣ ਲੱਗ ਪਏ। ਉਨ੍ਹਾਂ ਦੀਆਂ ਹੁਣ ਤੱਕ ਕਵਿਤਾ ਦੀਆਂ 2 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। 5 ਸਾਲ ਦੀ ਉਮਰ ਵਿਚ 1942 ਹੀ ਉਨ੍ਹਾਂ ਦਾ ਵਿਆਹ ਬੀਬੀ ਚਰਨ ਕੌਰ ਨਾਲ ਹੋ ਗਿਆ ਪ੍ਰੰਤੂ ਮੁਕਲਾਵਾ 18 ਸਾਲ ਦੀ ਉਮਰ ਵਿਚ 1955 ਵਿਚ ਲਿਆਂਦਾ। ਸ਼ੁਰੂ ਵਿਚ ਸੱਥਾਂ ਵਿਚ ਆਪ ਲੋਕਾਂ ਨੂੰ ਕਿੱਸੇ ਸੁਣਾਇਆ ਕਰਦੇ ਸੀ। ਫਿਰ ਉਨ੍ਹਾਂ ਨੂੰ ਵਿਆਹਾਂ ਵਿਚ ਸਿੱਖਿਆ ਅਤੇ ਸਿਹਰੇ ਪੜ੍ਹਨ ਲਈ ਲਿਜਾਇਆ ਜਾਣ ਲੱਗ ਪਿਆ। ਸਟੇਜ ਤੇ ਗਾਉਣ ਅਤੇ ਭੰਗੜਾ ਪਾਉਣ ਦੀ ਦਲੇਰੀ ਬਚਪਨ ਵਿਚ ਹੀ ਹੋ ਗਈ ਸੀ। ਸਕੂਲ ਦੀਆਂ ਸਭਿਅਚਾਰਕ ਸਰਗਰਮੀਆਂ ਨੇ ਵੀ ਉਨ੍ਹਾਂ ਦੇ ਸ਼ੌਕ ਨੂੰ ਬੂਰ ਪਾਇਆ। ਉਨ੍ਹਾਂ ਦੇ ਤਿੰਨ ਲੜਕੇ ਹਨ। ਅਜੇ ਵੀ 84 ਸਾਲ ਦੀ ਉਮਰ ਵਿਚ ਉਸਦੀ ਗਾਇਕੀ ਦੀ ਬੜਕ ਬਰਕਰਾਰ ਸੀ। ਸੋਟੀ ਦੇ ਸਹਾਰੇ ਤੁਰਨ ਵਾਲਾ ਰੱਬੀ ਬੈਰੋਂਪੁਰੀ ਅਜੇ ਵੀ ਸਮਾਜਕ ਸਮਾਗਮਾਂ ਵਿਚ ਆਪਣੀ ਗਾਇਕੀ ਦੇ ਜ਼ੌਹਰ ਵਿਖਾਉਂਦਾ ਰਹਿੰਦਾ ਸੀ ਕਿਉਂਕਿ ਉਸਦੀ ਆਵਾਜ਼ ਵਿਚ ਦਮ ਸੀ। ਗੀਤ ਗਾਉਣ ਸਮੇਂ ਲੰਮੀ ਹੇਕ ਲਾਉਂਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਲੰਮੀ ਹੇਕ ਦਾ ਬਾਦਸ਼ਾਹ ਵੀ ਕਿਹਾ ਜਾ ਸਕਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਬਹੁਪੱਖੀ ਸਾਹਿਤਕਾਰ ਹੈ। ਉਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਿਆ ਹੈ। ਉਨ੍ਹਾਂ ਦੀ ਇਹ 11ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਬੱਚਿਆਂ ਲਈ ਕਾਵਿ ਸੰਗ੍ਰਹਿ, ਦੋ ਬਾਲ ਕਹਾਣੀਆਂ ਦੇ ਸੰਗ੍ਰਹਿ ਅਤੇ ਇਕ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋ ਚੁਕੀਆਂ ਹਨ। ਇਸ ਪੁਸਤਕ ਵਿਚ 63 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵਿਸ਼ੇ ਗ਼ਰੀਬੀ, ਭੁੱਖਮਰੀ, ਵਹਿਮ ਭਰਮ, ਅੰਧਵਿਸ਼ਵਾਸ਼, ਭਰਿਸ਼ਟਾਚਾਰ, ਬੇਰੋਜ਼ਗਾਰੀ, ਜ਼ਾਤ ਪਾਤ , ਹਾਜ਼ਰੀ ਹੀ ਹਾਜ਼ਰੀ ਅਤੇ ਬੇਈਮਾਨੀ ਹਨ। ਇਹ ਸਾਰੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਰਿਸ਼ਤੇਦਾਰੀ, ਸ਼ਗਨ, ਸਹਾਰਾ, ਵਿਦਾਇਗੀ ਅਤੇ ਰਿਸ਼ਤੇ ਕਾਗਜ਼ ਦੇ ਮਿੰਨੀ ਕਹਾਣੀਆਂ ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਦੀ ਨਿਸ਼ਾਨੀ ਹਨ। ਰਿਸ਼ਤੇਦਾਰੀ ਕਹਾਣੀ ਵਿਚ ਚਾਰ ਸਾਲ ਦਾ ਬੱਚਾ ਆਪਣੇ ਦਾਦਾ ਦੀ ਉਡੀਕ ਸਿਰਫ਼ ਇਸ ਕਰਕੇ ਕਰਦਾ ਹੈ ਕਿ ਉਹ ਆਉਣਗੇ ਤਾਂ ਉਨ੍ਹਾਂ ਦੇ ਫ਼ੋਨ ਉਪਰ ਗੇਮਾ ਖੇਡੇਗਾ। ਦਾਦਾ ਨਾਲ ਹੋਰ ਕੋਈ ਪਿਆਰ ਅਤੇ ਲਗਾਓ ਨਹੀਂ ਹੈ। ਏਸੇ ਤਰ੍ਹਾਂ ਰਿਸ਼ਤੇ ਕਾਗ਼ਜ਼ ਦੇ ਵਿਚ ਸਪੁਤਰੀ ਆਪਣੀ ਮਾਂ ਦੇ ਸਸਕਾਰ ਅਤੇ ਭੋਗ ‘ਤੇ ਨਹੀਂ ਪਹੁੰਚਦੀ ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਮਾਂ ਨੇ ਆਪਣੀ ਜਾਇਦਾਦ ਵੀ ਵਸੀਅਤ ਵਿਚ ਉਸਦਾ ਹਿੱਸਾ ਲਿਖਿਆ ਹੋਇਆ ਹੈ ਤਾਂ ਉਹ ਆਪਣੀ ਮਾਂ ਦਾ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦੀ ਹੈ ਕਿ ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੁੰਦਾ। ਭਾਵ ਇਨਸਾਨ ਵਿਚ ਇਨਸਾਨੀਅਤ ਅਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਸਿਰਫ ਪੈਸੇ ਨਾਲ ਪਿਆਰ ਹੈ। ਸਹਾਰਾ ਕਹਾਣੀ ਬਜ਼ੁਰਗਾਂ ਨੂੰ ਖਾਂਦੇ ਪੀਂਦੇ ਪਰਿਵਾਰਾਂ ਵੱਲੋਂ ਬਿਰਧ ਘਰਾਂ ਵਿਚ ਭੇਜਣ ਬਾਰੇ ਹੈ ਕਿਉਂਕਿ ਸਾਡੇ ਸਮਾਜ ਦੇ ਸਮਾਜਿਕ ਰਿਸ਼ਤਿਆਂ ਵਿਚ ਗਿਰਾਵਟ ਆ ਇਤਨੀ ਆ ਗਈ ਹੈ ਕਿ ਉਹ ਆਪਣੇ ਮਾਪਿਆਂ ਤੋਂ ਵੀ ਨਾਤਾ ਤੋੜ ਲੈਂਦੇ ਹਨ। ਸ਼ਗਨ ਕਹਾਣੀ ਵਿਚ ਵੀ ਇਨਸਾਨ ਦੀ ਮਾਨਸਿਕਤਾ ਅਤੇ ਗਿਰਾਵਟ ਦੀ ਬਾਤ ਪਾਉਂਦੀ ਹੈ। ਜਦੋਂ ਸ਼ਗਨ ਵਿਚ ਤਾਂ 21 ਰੁਪਏ ਦਿੰਦੇ ਹਨ ਪ੍ਰੰਤੂ ਸਾਰਾ ਟੱਬਰ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ। ਪਰਵਚਨ ਅਤੇ ਅੰਨ੍ਹੀ ਵਕਾਲਤ ਦੋਵੇਂ ਕਹਾਣੀਆਂ ਧਾਰਮਿਕ ਬਾਬਿਆਂ ਦੇ ਪਦਾਰਥਵਾਦੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਬਾਬੇ ਧਾਰਮਿਕ ਕੰਮ ਕਰਨ ਦੀ ਥਾਂ ਜਾਇਦਾਦਾਂ ਬਣਾਉਣ ਵਿਚ ਮਸਰੂਫ਼ ਹਨ। ਇਨ੍ਹਾਂ ਬਾਬਿਆਂ ਦੇ ਚੁੰਗਲ ਵਿਚ ਫਸੇ ਹੋਏ ਲੋਕ ਵੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ। ਧਾਰਮਿਕ ਬਾਬੇ ਵੀ ਹੁਣ ਆਧੁਨਿਕ ਕਿਸਮ ਦੇ ਖਾਦ ਪਦਾਰਥ ਖਾਣ ਨੂੰ ਪਹਿਲ ਦਿੰਦੇ ਹਨ। ਜ਼ਿੰਦਗੀ ਦੀ ਵਾਪਸੀ ਇਸਤਰੀਆਂ ਦੇ ਗਹਿਣਿਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਤਰਸ ਨਾਮ ਦੀ ਕਹਾਣੀ ਵੀ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਇਨਸਾਨ ਗ਼ਰੀਬ ਰਿਕਸ਼ੇ ਵਾਲੇ ਨੂੰ ਉਸਦੀ ਮਿਹਨਤ ਦਾ ਮੁੱਲ ਦੇਣ ਲਈ ਤਿਆਰ ਨਹੀਂ,ਸਗੋਂ ਇਸਤਰੀ ਵੁਲਟਾ ਕਹਿੰਦੀ ਹੈ ਕਿ ਸਰਦੀ ਵਿਚ ਇਹ ਵਿਚਾਰੇ ਨੂੰ ਰਿਕਸ਼ੇ ਨੂੰ ਚਲਾਉਣਾ ਮੁਸ਼ਕਲ ਹੋਵੇਗਾ । ਸਿਖਿਆ ਕਹਾਣੀ ਦਰਸਾਉਂਦੀ ਹੈ ਕਿ ਜਿਹੋ ਜਿਹਾ ਤੁਸੀਂ ਆਪਣੇ ਬੱਚਿਆਂ ਸਾਹਮਣੇ ਵਿਵਹਾਰ ਕਰੋਗੇ, ਉਹੋ ਜਿਹਾ ਹੀ ਬੱਚੇ ਨਕਲ ਕਰਕੇ ਕਰਨਗੇ। ਭਾਵ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਹੀ ਵੱਢੋਗੇ। ਲੜਾਈ ਕਹਾਣੀ ਵੀ ਸਾਡੇ ਸਮਾਜ ਵਿਚ ਆਪਣੇ ਆਪ ਨੂੰ ਵੱਡਾ ਵਿਖਾਉਣ ਦੇ ਘੁਮੰਡ ਬਾਰੇ ਜਾਣਕਾਰੀ ਦਿੰਦੀ ਹੈ ਕਿ ਅਸੀਂ ਕਿਸੇ ਇਨਸਾਨ ਨੂੰ ਆਪਣੇ ਨਾਲੋਂ ਵੱਡਾ ਬਣਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੀਤੋ ਦਾ ਚੰਗੇ ਖਾਂਦੇ ਪੀਂਦੇ ਘਰ ਵਿਚ ਵਿਆਹੇ ਜਾਣ ਤੇ ਵੀ ਖੁੰਦਕ ਹੋ ਜਾਂਦੀ ਹੈ। ਨਜ਼ਰੀਆ, ਮਾਂ ਦੀ ਸਿੱਖਿਆ, ਪੈਮਾਨਾ, ਬੇਈਮਾਨ ਲੋਕ, ਸਟਾਕ ਦੀ ਪੜਤਾਲ ਅਤੇ ਪੁੱਛ ਕਹਾਣੀਆਂ ਭਰਿਸ਼ਟਾਚਾਰ ਦੀ ਬਿਮਾਰੀ ਬਾਰੇ ਹਨ। ਰਿਸ਼ਵਤ ਦੀ ਕਮਾਈ ਬਾਰੇ ਹਰ ਇਕ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ। ਪਤਨੀ, ਪਤੀ ਦੇ ਬਿਮਾਰ ਹੋਣ ਨੂੰ ਰਿਸ਼ਵਤ ਲੈਣ ਕਰਕੇ ਪਰਮਾਤਮਾ ਦੀ ਕਰੋਪੀ ਮੰਨਕੇ ਰਿਸ਼ਵਤ ਦੀ ਕਮਾਈ ਨਾ ਲੈਣ ਲਈ ਆਪਣੇ ਪਤੀ ਨੂੰ ਕਹਿੰਦੀ ਹੈ ਪ੍ਰੰਤੂ ਪਤੀ ਕਹਿੰਦਾ ਜੇ ਰਿਸ਼ਵਤ ਦੀ ਕਮਾਈ ਨਾ ਹੁੰਦੀ ਤਾਂ ਇਲਾਜ ਨਹੀਂ ਹੋ ਸਕਣਾ ਸੀ।  ਇਸ ਲਈ ਇਹ ਕੰਮ ਬਾਦਸਤੂਰ ਜ਼ਾਰੀ ਰਹੇਗਾ। ਇਸੇ ਤਰ੍ਹਾਂ ਮਾਂ ਦੀ ਸਿਖਿਆ ਕਹਾਣੀ ਵਿਚ ਬੱਚੇ ਬਾਪ ਨੂੰ ਪਾਪ ਦੀ ਕਮਾਈ ਖਾਣ ਤੋਂ ਇਨਕਾਰ ਕਰਦੇ ਹਨ, ਜੋ ਆਧੁਨਿਕ ਸਮੇਂ ਦੇ ਬੱਚਿਆਂ ਦੀ ਸੋਚ ਵਿਚ ਆਈ ਤਬਦੀਲੀ ਦਾ ਲਖਾਇਕ ਹੈ। ਪੈਮਾਨਾ ਕਹਾਣੀ ਵਿਚ ਸਾਹਿਤਕ ਆਲੋਚਕਾਂ ਦਾ ਸ਼ਰਾਬਾਂ ਪੀ ਕੇ ਘਟੀਆ ਸਾਹਿਤ ਦੀ ਪ੍ਰਸੰਸਾ ਵਿਚ ਲੇਖ ਲਿਖਣੇ ਵੀ ਸਾਹਿਤਕ ਭਰਿਸ਼ਟਾਚਾਰ ਦਾ ਇਕ  ਨਮੂਨਾ ਹੈ। ਜੋੜੀ ਕਹਾਣੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿਆਹ ਸੰਬੰਧੀ ਵਿਚਾਰਾਂ ਦੀ ਆਧੁਨਿਕਤਾ ਦਾ ਪ੍ਰਤੀਕ ਹੈ। ਤਸਵੀਰਾਂ ਕਹਾਣੀ ਅਖ਼ਬਾਰ ਵਿਚ ਗ਼ਰੀਬ ਬੱਚਿਆਂ ਦੀ ਤਸਵੀਰ ਪ੍ਰਕਾਸ਼ਤ ਹੋਣ ‘ਤੇ ਬੱਚੇ ਆਪਣੇ ਮਾਂ ਬਾਪ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਨ ਪ੍ਰੰਤੂ ਮਾਂ ਬਾਪ ਬੱਚਿਆਂ ਨੂੰ ਦੱਸਣ ਤੋਂ ਇਨਕਾਰੀ ਹੋ ਰਹੇ ਹਨ। ਇਨਾਮ ਦਾ ਮੁੱਲ ਕਹਾਣੀ ਦਰਸਾਉਂਦੀ ਹੈ ਕਿ ਵਿਓਪਾਰੀਆਂ ਨੂੰ ਇਨਾਮ ਨਾਲ ਕੋਈ ਮਤਲਬ ਸਗੋਂ ਇਨਾਮ ਵਿਚ ਕਿਤਨੀ ਰਕਮ ਮਿਲਣੀ ਹੈ, ਉਸ ਨਾਲ ਪਿਆਰ ਹੈ। ਇਹ ਵਿਓਪਾਰੀਆਂ ਦੀ ਪ੍ਰਵਿਰਤੀ ਦਰਸਾਉਂਦੀ ਹੈ। ਚੀਜ਼ਾਂ ਦਾ ਮੁੱਲ ਦਾ ਭਾਵ ਹਰ ਚੀਜ਼ ਦੀ ਚੋਰੀ ਹੋ ਸਕਦੀ ਹੈ ਪ੍ਰੰਤੂ ਸਿਖਿਆ ਅਜਿਹਾ ਗਹਿਣਾ ਹੈ, ਜਿਹੜਾ ਚੋਰੀ ਨਹੀਂ ਹੋ ਸਕਦਾ। ਬੇਰੋਜ਼ਗਾਰੀ ਕਹਾਣੀ ਨੌਕਰੀ ਮਿਲਣ ਵਾਲਿਆਂ ਦਾ ਬਦਲਿਆ ਨਜ਼ਰੀਆ ਦਰਸਾਉਂਦੀ ਹੈ। ਤਰੱਕੀ ਅਧਿਆਪਕਾਂ ਦੀ ਬੱਚਿਆਂ ਨੂੰ ਪੜ੍ਹਾਉਣ ਵਿਚ ਦਿਲਚਸਪੀ ਨਾ ਹੋਣ ਦਾ ਪ੍ਰਗਟਾਵਾ ਕਰਦੀ ਹੈ ਪ੍ਰੰਤੂ ਜਦੋਂ ਤਰੱਕੀ ਮਿਲਦੀ ਹੈ ਤਾਂ ਖ਼ੁਸ਼ ਹੋ ਜਾਂਦੇ ਹਨ। ਭਾਵ ਫ਼ਰਜ਼ਾਂ ਤੋਂ ਕੋਤਾਹੀ ਕਰ ਰਹੇ ਹਨ। ਸਰਪੰਚੀ ਕਹਾਣੀ ਸਾਡੇ ਪਰਜਾਤੰਤਰ ਵਿਚ ਇਸਤਰੀਆਂ ਦੇ ਰਾਖਵੇਂ ਕਰਨ ਸਮੇਂ ਵੀ ਮਰਦ ਆਪਣੀ ਹਓਮੈ ਛੱਡਣ ਨੂੰ ਤਿਆਰ ਨਹੀਂ। ਇਸਤਰੀਆਂ ਨਾਂ ਦੀਆਂ ਹੀ ਸਰਪੰਚ ਹੁੰਦੀਆਂ ਹਨ। ਉਨ੍ਹਾਂ ਦੇ ਘਰ ਵਾਲੇ ਹੀ ਸਾਰਾ ਕੰਮ ਕਰਦੇ ਹਨ। ਭਾਵ ਭਾਰਤ ਵਿਚ ਇਸਤਰੀ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕਦੀ। ਨਵਾਂ ਆਦਮੀ ਕਹਾਣੀ ਜਿਸਦੇ ਨਾਮ ‘ਤੇ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ, ਸਮਾਜ ਵਿਚੋਂ ਭਰਿਸ਼ਟਾਚਾਰ ਖ਼ਤਮ ਹੋਣ ਦਾ ਸੰਕੇਤ ਕਰਦੀ ਹੈ। ਕਰੰਸੀ ਕਹਾਣੀ ਡਾਲਰਾਂ ਦੀ ਚਕਾਚੌਂਧ ਦਾ ਪਰਦਾ ਫਾਸ਼ ਕਰਦੀ ਹੈ। ਗੁਰੂ ਦੀ ਸਿਖਿਆ ਵਰਤਮਾਨ ਸਮੇਂ ਵਿਚ ਬੱਚਿਆਂ ਨੂੰ ਪਰਵਾਸ ਵਿਚ ਭੇਜਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ, ਅਜਿਹੇ ਮੌਕੇ ਜ਼ਾਤ ਪਾਤ ਨੂੰ ਭੁਲ ਜਾਂਦੇ ਹਨ। ਇਸ ਤੋਂ ਪਹਿਲਾਂ ਉਚੀ ਜ਼ਾਤ ਦੀ ਹਓਮੈ ਦਾ ਸ਼ਿਕਾਰ ਹੁੰਦਾ ਹੈ। ਬੇਅਦਬੀ, ਕਲਾ-ਕਾਰਾ, ਸਾਂਝ, ਬਾਹਰਲਾ ਤੋਹਫ਼ਾ, ਰਾਮ ਬਾਣ, ਵਿਦੇਸ਼ੀ ਭਾਸ਼ਾ, ਆਪਣਾ ਸਾਲ, ਮਾਂ ਬੋਲੀ ਦੀ ਕਰਾਮਾਤ, ਸਵੈਮਾਨ ਦੀ ਰਾਖੀ, ਮਹਿੰਗਾਈ, ਡਿਗਰੀ, ਵਧੀਆ ਜ਼ਿੰਦਗੀ, ਆਦਿ ਕਹਾਣੀਆਂ ਪਰਵਾਸ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਪਰਵਾਸ ਵਿਚ ਸਾਡੇ ਲੋਕ ਕਿਸ ਤਰ੍ਹਾਂ ਵਿਚਰਦੇ ਅਤੇ ਭਾਰਤ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਉਥੋਂ ਦੀ ਪ੍ਰਣਾਲੀ ਅਤੇ ਚਕਾ ਚੌਂਧ ਬਾਰੇ ਦੱਸਿਆ ਗਿਆ ਹੈ। ਪਰਵਾਸ ਵਿਚ ਸੈਟ ਹੋਣ ਦੇ ਦੁੱਖਾਂ ਦਰਦਾਂ ਅਤੇ ਕੀਰਤਨੀਆਂ ਵੱਲੋਂ ਉਥੇ ਸੈਟ ਹੋਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਦਾ ਪ੍ਰਗਟਾਵਾ ਵੀ ਹੈ। ਸਬਰ ਕਹਾਣੀ ਦਸਦੀ ਹੈ ਕਿ ਸਬਰ ਵਾਲੇ ਲੋਕ ਕਰੋਨਾ ਦੌਰਾਨ ਲੋਕਾਂ ਵੱਲੋਂ ਬਿਨਾ ਵਜਾਹ ਸਾਮਾਨ ਇਕੱਠਾ ਕਰਨ ਨੂੰ ਚੰਗਾ ਨਹੀਂ ਸਮਝਦੇ ਜਿਸਦੀ ਉਦਾਹਰਣ ਇਕ ਸਾਧਾਰਣ ਕਬਾੜੀਏ ਦੇ ਪਰਿਵਾਰ ਦੇ ਸਬਰ ਬਾਰੇ ਜਾਣਕਾਰੀ ਦਿੰਦੀ ਹੈ। ਕੁਝ ਲੋਕ ਅਜਿਹੇ ਹਾਲਾਤ ਸਾਮਾਨ ਇਕੱਠਾ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹਨ। ਕੋਈ ਹਰਿਆ ਬੂਟਟ ਰਹਿਓ ਰੀ ਕਹਾਣੀ ਵਿਚ ਦੱਸਿਆ ਗਿਆ ਹੈ ਭਰਿਸ਼ਟਾਚਾਰ ਦੇ ਯੁਗ ਵਿਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ ਪ੍ਰੰਤੂ ਇਮਾਨਦਾਰ ਲੋਕਾਂ ਮਗਰ ਦਲਾਲ ਫਿਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਵਰਗਲਾਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿਣ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072 

ujagarsingh48@yahoo.com
   

 ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ - ਉਜਾਗਰ ਸਿੰਘ

ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਜ਼ਿੰਦਗੀ ਪਰਮਾਤਮਾ ਦਾ ਇਨਸਾਨ ਨੂੰ ਦਿੱਤਾ ਇਕ ਵਾਰ ਬਿਹਤਰੀਨ ਤੋਹਫਾ ਹੈ। ਇਸ ਤੋਹਫੇ ਨੂੰ ਉਸਨੇ ਕਿਸ ਤਰ੍ਹਾਂ ਵਰਤਣਾ ਹੈ, ਇਹ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ। ਆਮ ਤੌਰ ਤੇ ਇਨਸਾਨ ਆਪਣੀ ਸਾਰੀ ਉਮਰ ਹੀ ਝਗੜਿਆਂ ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਕੁਦਰਤ ਦੀ ਇਸ ਦਾਤ ਦਾ ਸਦਉਪਯੋਗ ਕੀਤਾ ਜਾਵੇ। ਦੋਸਤੀਆਂ ਬਣਾਈਆਂ ਜਾਣ ਅਤੇ ਭਾਈਚਾਰਕ ਸੰਬੰਧਾਂ ਨੂੰ ਵਧਾਇਆ ਜਾਵੇ। ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਵਿਆ ਜਾਵੇ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸਦਾ ਸ਼ੌਕ ਸੀ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸਨੇ ਹਰ ਦੁਖ ਸੁਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਉਸਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰ੍ਹਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ।
       ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਦਿੱਤਾ ਹੈ। ਪੈਪਸੂ ਦੀ ਵਿਰਾਸਤ ਸਮੁੱਚੇ ਦੇਸ ਦੀ ਵਿਰਾਸਤ ਤੋਂ ਵੱਖਰੀ, ਅਮੀਰ ਅਤੇ ਵਿਲੱਖਣ ਹੈ। ਇਸ ਵਿਰਾਸਤ ਨੂੰ ਬਣਾਉਣ ਅਤੇ ਪ੍ਰਫੁਲਤ ਕਰਨ ਵਿਚ ਸ਼ਾਹੀ ਘਰਾਣੇ ਦੇ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਸੰਸਾਰ ਵਿਚ ਪਟਿਆਲਾ ਸ਼ਾਹੀ ਰਵਾਇਤਾਂ ਅਤੇ ਪ੍ਰਾਹੁਣਚਾਰੀ ਦੀ ਵਿਲੱਖਣ ਪਹਿਚਾਣ ਹੈ। ਪਟਿਆਲਾ ਸ਼ਾਹੀ ਪਰਿਵਾਰ ਦਾ ਨਜ਼ਦੀਕੀ ਰਿਹਾ ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ।  ਵਿਰਾਸਤੀ ਪੂੰਜੀ ਦੇ ਨਾਲ ਅਮਰੀਕ ਸਿੰਘ ਛੀਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਐਸਾ ਇਤਫਾਕ ਹੋਇਆ ਕਿ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। ਅਮਰੀਕ ਸਿੰਘ ਛੀਨਾ ਸਾਰੀ ਉਮਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਰਹੇ। ਇਸ ਕਰਕੇ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ। ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ।
    ਜਦੋਂ 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਏ ਗਏ ਅਤੇ ਅਮਰੀਕ ਸਿੰਘ ਛੀਨਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਸ਼ ਪਾਤਰ ਸਨ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜਿ੍ਹਆ ਲਿਖਿਆ ਅਤੇ ਗੁੜਿ੍ਹਆ ਹੋਇਆ ਵਿਅਕਤੀ ਸਨ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ  ਆਪਣੇ ਘਰ ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਏ ਸਨ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਸੰਗੀਤ ਦੇ ਉਹ ਸ਼ੈਦਾਈ ਸਨ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਗੀਤ ਅਤੇ ਸੰਗੀਤ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ।
     ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ। ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਵੰਤ ਕੌਰ ਛੀਨਾ, ਸਪੁੱਤਰ ਕਰਨਵੀਰ ਸਿੰਘ ਛੀਨਾ, ਨੂੰਹ ਪੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।


 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh480yahoo.com