Ujagar Singh

ਭਾਰਤੀ ਮੂਲ ਦੇ ਪੰਜਾਬੀ ਦੇ ਪੋਤਰੇ ਰਿਸ਼ੀ ਸੁਨਾਕ  ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ  - ਉਜਾਗਰ ਸਿੰਘ

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਅਤੇ ਲਿਜ ਟਰੱਸ ਵੱਲੋਂ ਵਿਤੀ ਆਰਥਿਕਤਾ ਦੇ ਲੜਖੜਾ ਜਾਣ ਕਰਕੇ ਬੁਰੀ ਤਰ੍ਹਾਂ ਅਸਫ਼ਲ ਹੋਣ ‘ਤੇ ਅਸਤੀਫ਼ੇ ਦੇਣ ਤੋਂ ਬਾਅਦ ਭਾਰਤੀ ਮੂਲ ਦੇ ਪੰਜਾਬੀ 42 ਸਾਲਾ ਰਿਸ਼ੀ ਸੁਨਾਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਨੇਤਾ ਚੁਣੇ ਗਏ ਹਨ। ਬਰਤਾਨੀਆਂ ਦੇ ਇਤਿਹਾਸ ਵਿੱਚ ਉਹ 1812 ਤੋਂ ਬਾਅਦ ਪਹਿਲੇ ਨੌਜਵਾਨ ਅਤੇ ਪਹਿਲੇ ਬਕਿੰਗਮ ਪੈਲੇਸ ਦੇ ਕਿੰਗ ਤੋਂ ਵੱਧ ਅਮੀਰ ਪ੍ਰਧਾਨ ਮੰਤਰੀ ਹੋਣਗੇ। ਰਿਸ਼ੀ ਸੁਨਾਕ ਲਈ ਬਰਤਾਨੀਆਂ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲਿਆਉਣਾ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਇਕਜੁਟ ਰੱਖਣਾ ਅਤੇ ਮਹਿੰਗਾਈ ‘ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਪਾਰਟੀ ਵਿੱਚ ਹਫੜਾ-ਦਫ਼ੜੀ ਦੇ ਹਾਲਾਤ ਬਣੇ ਹੋਏ ਹਨ। ਜੇਕਰ ਰਿਸ਼ੀ ਸੁਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ 2025 ਦੀਆਂ ਚੋਣਾ ਕੰਜ਼ਰਵੇਟਿਵ ਪਾਰਟੀ ਵੱਲਂੋ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਅਤੇ ਸੰਭਾਵੀ ਪ੍ਰਧਾਨ ਮੰਤਰੀ ਹੋਣਗੇ। ਜੇਕਰ ਸਫਲ ਨਾ ਹੋਏ ਤਾਂ ਉਨ੍ਹਾਂ ਦਾ ਸਿਆਸੀ ਕੈਰੀਅਰ ਜਿਵੇਂ ਤੁਰੰਤ ਫੁਰਤ ਸਿਖਰ ਤੇ ਪਹੁੰਚਿਆ ਹੈ ਉਸੇ ਤਰ੍ਹਾਂ ਖ਼ਤਮ ਹੋ ਜਾਵੇਗਾ। ਉਹ ਐਥਨਿਕ ਘੱਟ ਗਿਣਤੀਆਂ ਦੇ ਦੂਜੇ ਵਿਅਕਤੀ ਹਨ, ਜਿਹੜੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਜਿਊ ਭਾਈਚਾਰੇ ਦੇ ਬੈਂਜਾਮਿਨ ਡਿਜ਼ਰਾਇਲੀ ਦੋ ਵਾਰ 27 ਫਰਵਰੀ 1868 ਤੋਂ ਦਸੰਬਰ 1868 ਅਤੇ 1874 ਤੋਂ 1880 ਤੱਕ ਲੰਬਾ ਸਮਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਿਸੇ ਸਮੇਂ ਜਿਹੜੀ ਕੰਜ਼ਰਵੇਟਿਵ ਪਾਰਟੀ ਏਸ਼ੀਅਨਜ਼ ਨੂੰ ਘਿ੍ਰਣਾ ਕਰਦੀ ਸੀ, ਉਸੇ ਪਾਰਟੀ ਨੇ ਭਾਰਤੀ ਮੂਲ ਦੇ ਪੰਜਾਬੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਕੈਮਰੂਨ ਨੇ ਇਕ ਵਾਰ ਕਿਹਾ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤੀ ਮੂਲ ਦਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣੇਗਾ? ਉਦੋਂ ਸਾਰੇ ਕੈਮਰੂਨ ਦਾ ਮਖੌਲ ਉਡਾ ਰਹੇ ਸਨ। ਭਾਰਤ ਦੇ ਇਤਿਹਾਸ ਵਿੱਚ ਰਿਸ਼ੀ ਸੁਨਾਕ ਦੇ ਪ੍ਰਧਾਨ ਮੰਤਰੀ ਬਣਨ ਨਾਲ ਸੁਨਹਿਰੀ ਪੰਨਾ ਜੁੜ ਗਿਆ ਹੈ। ਬਰਤਾਨੀਆਂ ਦੇ ਰਾਜ ਦਾ ਕਿਸੇ ਸਮੇਂ ਸੰਸਾਰ ਵਿੱਚ ਸੂਰਜ ਨਹੀਂ ਛਿਪਦਾ ਸੀ, ਅੱਜ ਉਥੇ ਹੀ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣ ਗਿਆ। ਰਿਸ਼ੀ ਸੁਨਾਕ ਆਪਣੀ ਕਾਬਲੀਅਤ ਕਰਕੇ ਪ੍ਰਧਾਨ ਮੰਤਰੀ ਬਣਿਆਂ ਹੈ। ਲਿਜ਼ ਟਰੱਸ ਬਰਤਾਨੀਆਂ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸਭ ਤੋਂ ਘੱਟ 45 ਦਿਨ ਦੇ ਸਮੇਂ ਲਈ ਰਹਿਣ ਵਾਲੀ ਪਹਿਲੀ ਪ੍ਰਧਾਨ ਮੰਤਰੀ ਹੈ। ਉਸ ਦੀ 5 ਸਤੰਬਰ 2022 ਨੂੰ ਚੋਣ ਹੋਈ ਸੀ ਅਤੇ ਉਨ੍ਹਾਂ 6 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਉਸ ਨੇ ਸਿੱਧੇ ਮੁਕਾਬਲੇ ਵਿੱਚ ਰਿਸ਼ੀ ਸੁਨਕ ਨੂੰ ਹਰਾਇਆ ਸੀ। ਬੋਰਸ ਜਾਨਸਨ ਤਿੰਨ ਸਾਲ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦਾ ਕਾਰਜ਼ਕਾਲ ਚੁਣੌਤੀਆਂ ਭਰਿਆ ਰਿਹਾ ਹੈ। ਕੋਵਿਡ 19 ਦੀਆਂ ਉਲੰਘਣਾਵਾਂ ਕਰਕੇ ਉਹ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿਖੇ ਜੂਨ 2020 ਵਿੱਚ ਕੀਤੀਆਂ ਪਾਰਟੀਆਂ ਅਤੇ ਤਾਜ਼ਾ ਘਟਨਾਕਰਮ ਬੋਰਸ ਜਾਨਸਨ ਦੇ ਨਜ਼ਦੀਕੀ ਕੰਜ਼ਰਵੇਟਿਵ ਪਾਰਟੀ ਦੇ ਵਿਪ ਕਿ੍ਰਸ ਪਿੰਚਰ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨੂੰ ਅੱਖੋਂ ਪ੍ਰੋਖੇ ਕਰਨ ਕਰਕੇ ਵੀ ਚਰਚਾ ਵਿੱਚ ਰਹੇ ਹਨ। ਕੋਵਿਡ ਦੌਰਾਨ ਲਾਕ ਡਾਊਨ ਹੋਣ ਕਰਕੇ ਦੇਸ਼ ਦੀ ਆਰਥਿਕਤਾ ਗੰਭੀਰ ਸੰਕਟ ਵਿੱਚ ਆ ਗਈ ਸੀ। ਆਰਥਿਕ ਵਾਧਾ ਦਰ 2.09 ਦੇ 2.7 ਤੋਂ ਘੱਟ ਕੇ 1.7 ਰਹਿ ਗਈ ਸੀ।  ਜਦੋਂ ਬਰਤਾਨੀਆ ਯੂਰਪੀ ਯੂਨੀਅਨ ਤੋਂ ਬਾਹਰ ਆਇਆ ਸੀ ਤਾਂ ਬੋਰਸ ਨੇ ਕਿਹਾ ਸੀ ਕਿ ਕਿਰਤੀ ਲੋਕਾਂ ਲਈ ਸਿਆਸੀ ਫ਼ੈਸਲੇ ਕਰਨ ਦੀ ਵਧੇਰੇ ਆਜ਼ਾਦੀ ਹੋਵੇਗੀ ਪ੍ਰੰਤੂ ਬਰਤਾਨੀਆਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਸੀ। ਜੀ-7 ਮੁਲਕਾਂ ਦੇ ਗੁੱਟ ਵਿੱਚੋਂ ਬਰਤਾਨੀਆਂ ਦੀ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੋ ਗਈ ਸੀ। ਪੌਂਡ ਵੀ ਹੇਠਾਂ ਡਿਗ ਰਿਹਾ ਸੀ। ਬੋਰਸ ਜਾਨਸਨ ਇਸ ਦੌਰਾਨ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਥਾਂ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਛੋਟਾਂ ਦੇਣਾ ਚਾਹੁੰਦੇ ਸਨ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕਤਾ ਦਾ ਹੋਰ ਸੰਤਾਪ ਭੁਗਤਣਾ ਪੈਣਾ ਸੀ। ਰਿਸ਼ੀ ਸੁਨਾਕ ਜੋ ਉਨ੍ਹਾਂ ਦੇ ਵਿਸ਼ਵਾਸ ਪਾਤਰ ਵਿਤ ਮੰਤਰੀ ਸਨ, ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਬਾਅਦ ਰਿਆਇਤਾਂ ਦੇਣ ਦੀ ਪ੍ਰੋੜ੍ਹਤਾ ਕੀਤੀ, ਜਿਸ ਕਰਕੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾਲ ਮਤਭੇਦ ਪੈਦਾ ਹੋ ਗਏ। ਹਾਲਾਂ ਕਿ ਸਰਮਾਏਦਾਰ ਮੁਲਕਾਂ ਵਿੱਚ ਬਰਤਾਨੀਆ ਦੀ ਆਰਥਿਕਤਾ ਨੂੰ ਸਥਿਰ ਮੰਨਿ੍ਹਆਂ ਜਾਂਦਾ ਸੀ। ਫਿਰ ਰਿਸ਼ੀ ਸੁਨਾਕ ਅਤੇ  ਸਿਹਤ ਮੰਤਰੀ ਸਾਜਿਦ ਜਾਵਿਦ ਨੇ ਮੰਤਰੀ ਦੇ ਅਹੁਦਿਆਂ ਤੋਂ 5 ਜੁਲਾਈ ਨੂੰ ਅਸਤੀਫ਼ੇ ਦੇ ਦਿੱਤੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਬਗਾਬਤ ਦਾ ਝੰਡਾ ਚੁੱਕ ਲਿਆ। ਉਨ੍ਹਾਂ ਦੋਹਾਂ ਮੰਤਰੀਆਂ ਦੇ ਅਸਤੀਫ਼ੇ ਦੇਣ ਤੋਂ ਬਾਅਦ ਕੰਜ਼ਵੇਟਿਵ ਪਾਰਟੀ ਵਿੱਚ ਤੂਫ਼ਾਨ ਵਰਗੀ ਸਥਿਤੀ ਪੈਦਾ ਹੋ ਗਈ। ਕੰਜ਼ਵੇਟਿਵ ਪਾਰਟੀ ਦੇ ਬਹੁਤੇ ਹਾਊਸ ਆਫ਼ ਕਾਮਨਜ਼ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਨੂੰ ਅਸਤੀਫ਼ਾ ਦੇਣ ਲਈ ਤਾਕੀਦ ਕੀਤੀ ਪ੍ਰੰਤੂ ਬੋਰਸ ਜਾਨਸਨ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਪਹਿਲਾਂ ਤਾਂ ਮੰਤਰੀ ਮੰਡਲ ਦੇ ਦੋਵੇਂ ਖਾਲੀ ਹੋਏ ਵਿਭਾਗਾਂ ਦੇ ਮੰਤਰੀ ਨਿਯੁਕਤ ਕਰ ਲਏ ਪ੍ਰੰਤੂ ਜਦੋਂ 58 ਅਹੁਦੇਦਾਰਾਂ ਅਤੇ 6 ਹੋਰ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਤਾਂ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਹੋ ਰਹੀ ਬਗਾਬਤ ਹੋਣ ਕਰਕੇ ਮਜ਼ਬੂਰ ਹੋ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ 7 ਜੁਲਾਈ ਨੂੰ ਅਸਤੀਫ਼ਾ ਦੇਣਾ ਪਿਆ। ਬਰਤਾਨੀਆਂ ਦੇ ਸੰਵਿਧਾਨ ਅਨੁਸਾਰ ਕੰਜ਼ਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ ਬਹੁਤੇ ਮੈਂਬਰਾਂ ਦੀ ਸਪੋਰਟ ਵਾਲੇ ਪਹਿਲੇ ਦੋ ਨੇਤਾ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣ ਜਾਂਦੇ ਹਨ। ਉਸ ਤੋਂ ਬਾਅਦ ਪਾਰਟੀ ਦੇ ਪ੍ਰਾਇਮਰੀ ਮੈਂਬਰ ਉਨ੍ਹਾਂ ਦੋਹਾਂ ਵਿੱਚੋਂ ਇਕ ਦੀ ਚੋਣ ਕਰਦੇ ਹਨ। ਕੰਜ਼ਰਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ 357 ਮੈਂਬਰਾਂ ਵੱਲੋਂ ਪਹਿਲੇ ਚਾਰ ਰਾਊਂਡ ਵਿੱਚੋਂ ਰਿਸ਼ੀ ਸੁਨਾਕ ਪਹਿਲੇ ਨੰਬਰ ‘ਤੇ ਰਹੇ। ਚੌਥੇ ਰਾਊਂਡ ਵਿੱਚ ਪੈਨੀ ਮੌਰਡੰਟ ਦੂਜੇ ਨੰਬਰ ‘ਤੇ ਰਹੀ। ਪੰਜਵੇਂ ਅਤੇ ਆਖ਼ਰੀ ਰਾਊਂਡ ਵਿੱਚ ਰਿਸ਼ੀ ਸੁਨਾਕ 137 ਵੋਟਾਂ ਲੈ ਕੇ ਪਹਿਲੇ ਨੰਬਰ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ 113 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ।  ਆਖ਼ਰੀ ਰਾਊਂਡ ਵਿੱਚੋਂ ਪਹਿਲੇ ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਰਿਸ਼ੀ ਸੁਨਾਕ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ ਵਿੱਚੋਂ ਇੱਕ ਦੀ ਚੋਣ ਕੀਤੀ ਜਾਣੀ ਸੀ। ਕੰਜ਼ਵੇਟਿਵ ਪਾਰਟੀ ਦੇ 1 ਲੱਖ 70 ਹਜ਼ਾਰ ਪ੍ਰਾਇਮਰੀ ਮੈਂਬਰਾਂ ਨੇ ਲਿਜ ਟਰੱਸ ਦੀ ਚੋਣ ਕੀਤੀ ਸੀ। ਆਪਣੀ ਚੋਣ ਸਮੇਂ ਲਿਜ਼ ਟਰੱਸ ਨੇ ਬਰਤਾਨੀਆਂ ਦੀ ਆਰਥਿਕ ਹਾਲਤ ਉਧਾਰ ਲੈਣ ਤੋਂ ਬਾਅਦ ਟੈਕਸ ਦੀਆਂ ਕਟੌਤੀਆਂ ਕਰਕੇ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ।  ਜਦੋਂ ਲਿਜ਼ ਟਰੱਸ ਪ੍ਰਧਾਨ ਮੰਤਰੀ ਬਣੇ ਸਨ ਤਾਂ ‘ਯੂ ਗੋ ਪੋਲ’ ਨੇ ਆਪਣੇ ਸਰਵੇ ਵਿੱਚ ਕਿਹਾ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ 12 ਫ਼ੀ ਸਦੀ ਮੈਂਬਰ ਕਹਿੰਦੇ ਸਨ ਕਿ ਲਿਜ਼ ਟਰੱਸ ਸਫਲ ਹੋਵੇਗੀ ਪਰੰਤੂ 52 ਫ਼ੀ ਸਦੀ ਕਹਿੰਦੇ ਸਨ ਕਿ ਉਹ ਅਸਫਲ ਸਾਬਤ ਹੋਵੇਗੀ। ਆਪਣੇ ਰਾਜ ਦੇ 45 ਦਿਨ ਵਿੱਚ ਆਰਥਿਕ ਹਾਲਤ ਤਾਂ ਸੁਧਾਰ ਨਹੀਂ ਸਕੀ ਸਗੋਂ ਬਰਤਾਨੀਆਂ ਦੀ ਆਰਥਿਕਤਾ ਡਾਵਾਂਡੋਲ ਹੋ ਕੇ ਲੜਖੜਾ ਗਈ।  ਪ੍ਰਧਾਨ ਮੰਤਰੀ ਨੇ ਕਵਾਸੀ ਵਾਰਟੈਂਗ ਨੂੰ ਆਪਣਾ ਵਿਤ ਮੰਤਰੀ ਬਣਾਇਆ ਸੀ। ਵਿਤ ਮੰਤਰੀ ਨੇ 23 ਸਤੰਬਰ ਨੂੰ ਸੰਸਦ ਵਿੱਚ ਆਪਣਾ ਮਿੰਨੀ ਬਜਟ ਪੇਸ਼ ਕੀਤਾ ਸੀ। ਜਿਸ ਵਿੱਚ ਐਲਾਨ ਕੀਤਾ ਗਿਆ ਸੀ ਕਿ ਪਬਲਿਕ ਤੋਂ ਉਧਾਰ ਲੈ ਕੇ ਲੋਕਾਂ ਨੂੰ ਟੈਕਸਾਂ ਵਿੱਚ ਛੋਟ ਦਿੱਤੀ ਜਾਵੇਗੀ। ਪਰੰਤੂ ਇਸ ਐਲਾਨ ਤੋਂ ਬਾਅਦ ਪੌਂਡ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ ਗਈ। ਵਿਤ ਮੰਤਰੀ ਨੇ 25 ਸਤੰਬਰ ਨੂੰ ਟੈਕਸਾਂ ਵਿੱਚ ਹੋਰ ਕਟੌਤੀ ਕਰ ਦਿੱਤੀ ਤਾਂ ਜੋ ਪੌਂਡ ਦੀ ਕੀਮਤ ਹੋਰ ਡਿਗਣੋ ਬੰਦ ਹੋ ਜਾਵੇ। 28 ਸਤੰਬਰ ਨੂੰ ਬੌਂਡ ਮਾਰਕੀਟ ਵਿੱਚ ਉਛਾਲ ਆ ਗਿਆ, ਜਿਸ ਕਰਕੇ ਬਿ੍ਰਟਿਸ਼ ਦਾ ਪੈਨਸ਼ਨ ਫੰਡ ਲੜਖੜਾ ਗਿਆ। ਇਸ ਨੂੰ ਰੋਕਣ ਲਈ ਬੈਂਕ ਆਫ ਇੰਗਲੈਂਡ ਨੇ ਲੰਬੇ ਸਮੇਂ ਦੇ ਬੌਂਡ ਵੇਚਣ ਦਾ ਪ੍ਰੋਗਰਾਮ ਬਣਾ ਲਿਆ। ਬਰਤਾਨੀਆਂ ਦੀ ਆਰਥਿਕਤਾ ਵਿੱਚ ਕੋਈ ਫਰਕ ਨਾ ਪਿਆ। ਲੋਕਾਂ ਵਿੱਚ ਰੋਹ ਪੈਦਾ ਹੋ ਗਿਆ। 3 ਅਕਤੂਬਰ ਨੂੰ ਵਿਤ ਮੰਤਰੀ ਨੇ ਟੈਕਸਾਂ ਦੀ ਕਟੌਤੀ ਯੂ.ਟਰਨ ਲੈ ਕੇ ਵਾਪਸ ਲੈ ਲਈ। ਲਿਜ਼ ਟਰੱਸ ਦਾ ਵਾਅਦਾ ਵਫ਼ਾ ਨਾ ਹੋਇਆ। 10 ਅਕਤੂਬਰ ਨੂੰ ਵਿਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਪੇਸ਼ ਹੋਣ ਵਾਲੇ ਬਜਟ ਨੂੰ 31 ਅਕਤੂਬਰ ਨੂੰ ਪੇਸ਼ ਕਰਨਗੇ। ਪਰੰਤੂ 12 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਐਲਾਨ ਕਰ ਦਿੱਤਾ ਕਿ ਉਹ ਪਬਲਿਕ ਖ਼ਰਚੇ ‘ਤੇ ਕਟੌਤੀ ਨਹੀਂ ਕਰਨਗੇ। ਵਿਤ ਮੰਤਰੀ ਅਤੇ ਪ੍ਰਧਾਨ ਮੰਤਰੀ ਵਿੱਚ ਮਤਭੇਦ ਪੈਦਾ ਹੋ ਗਏ। ਪ੍ਰਧਾਨ ਮੰਤਰੀ ਨੇ 14 ਅਕਤੂਬਰ ਨੂੰ ਆਪਣੇ ਵਿਤ ਮੰਤਰੀ ਨੂੰ ਹਟਾ ਕੇ ਵਿਦੇਸ਼ ਮੰਤਰੀ ਜਰਮੀ ਹੰਟ ਨੂੰ ਵਿਤ ਮੰਤਰੀ ਬਣਾ ਦਿੱਤਾ। 19 ਅਕਤੂਬਰ ਨੂੰ ਇਕ ਹੋਰ ਭਾਰਤੀ ਮੂਲ ਦੀ ਮੰਤਰੀ ਮੰਤਰੀ ਸਿਓਲਾ ਬ੍ਰੇਵਰਮੈਨ ਨੇ ਇਮੀਗਰੇਸ਼ਨ ਮੰਤਰੀ ਜਰਮੀ ਹੰਟ ਅਤੇ ਪ੍ਰਧਾਨ ਮੰਤਰੀ ਲਿਜ਼ ਟਰੱਸ ਨਾਲ ਮਤਭੇਦ ਹੋਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। 20 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ 45 ਦਿਨਾ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਬਰਤਾਨੀਆਂ ਦੇ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ 4 ਮਹੀਨਿਆਂ ਵਿੱਚ 3 ਪ੍ਰਧਾਨ ਮੰਤਰੀ ਅਤੇ 5 ਚਾਂਸਲਰ ਬਦਲੇ ਜਾ ਚੁੱਕੇ ਹਨ। ਪਿਛਲੇ 6 ਸਾਲਾਂ ਵਿੱਚ ਚਾਰ ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਹਨ। ਰਿਸ਼ੀ ਸੁਨਾਕ ਪੰਜਵੇਂ ਪ੍ਰਧਾਨ ਮੰਤਰੀ ਹਨ।
  ਰਿਸ਼ੀ ਸੁਨਾਕ ਭਾਰਤੀ ਮੂਲ ਦੇ ਪੰਜਾਬੀ ਮਾਪਿਆਂ ਦਾ ਸਪੁੱਤਰ ਹੈ। ਉਨ੍ਹਾਂ ਦੇ ਦਾਦਾ ਰਾਮ ਦਾਸ ਸੁਨਾਕ ਗੁਜਰਾਂਵਾਲਾ ਤੋਂ ਸਨ। ਉਹ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਪੜ੍ਹੇ ਸਨ। ਉਹ 1935 ਵਿੱਚ ਗੁਜਰਾਂਵਾਲਾ ਤੋਂ ਕੀਨੀਆਂ ਪ੍ਰਵਾਸ ਕਰ ਗਏ ਸਨ। ਉਥੇ ਉਨ੍ਹਾਂ ਆਪਣਾ ਕੈਰੀਅਰ ਬਤੌਰ ਕਲਰਕ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਤਰੱਕੀ ਕਰਕੇ ਪ੍ਰਸ਼ਾਸ਼ਨਿਕ ਅਧਿਕਾਰੀ ਬਣ ਗਏ ਸਨ। ਉਨ੍ਹਾਂ ਦੀ ਪਤਨੀ ਸੁਹਾਗ ਰਾਣੀ ਸੁਨਾਕ 1937 ਵਿੱਚ ਕੀਨੀਆਂ ਚਲੇ ਗਏ ਸਨ। ਰਿਸ਼ੀ ਸੁਨਾਕ ਦੇ ਮਾਤਾ ਊਸ਼ਾ ਸੁਨਾਕ ਅਤੇ ਪਿਤਾ ਯਸ਼ਵੀਰ ਸੁਨਾਕ ਉਥੋਂ ਪੂਰਬੀ ਅਫ਼ਰੀਕਾ ਚਲੇ ਗਏ ਸਨ। 1966 ਵਿੱਚ ਉਹ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਨੇ ਲਿਵਰਪੂਲ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ਕੀਤੀ। ਰਿਸ਼ੀ ਸੁਨਾਕ ਦੀ ਮਾਤਾ ਊਸ਼ਾ ਸੁਨਾਕ ਨੇ 1972 ਵਿੱਚ  ਏਸਟਨ ਯੂਨੀਵਰਸਿਟੀ ਤੋਂ ਫਾਰਮੇਸੀ ਦੀ ਡਿਗਰੀ ਪਾਸ ਕੀਤੀ। 1977 ਵਿੱਚ ਯਸ਼ਵੀਰ ਸੁਨਕ ਅਤੇ ਉਸ਼ਾ ਦਾ ਵਿਆਹ ਹੋ ਗਿਆ, ਫਿਰ ਉਨ੍ਹਾਂ ਨੇ ਮੈਡੀਸਨ ਦੀ ਦੁਕਾਨ ਖੋਲ੍ਹ ਲਈ। ਰਿਸ਼ੀ ਸੁਨਕ ਦਾ ਜਨਮ 1980 ਵਿੱਚ ਸਾਊਥ ਹੈਂਪਟਨ ਵਿੱਚ ਹੋਇਆ ਸੀ। ਰਿਸ਼ੀ ਸੁਨਾਕ ਨੇ ਮੁੱਢਲੀ ਸਿਖਿਆ ਬਰਤਾਨੀਆਂ ਦੇ ਸਰਵੋਤਮ ਪਬਲਿਕ ਸਕੂਲ ਵਿਨਚੈਸਟਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਵਿਨਚੈਸਟਰ ਸਕੂਲ ਦਾ ਵਜੀਫਾ ਪ੍ਰਾਪਤ ਕੀਤਾ।  ਰਿਸ਼ੀ ਸੁਨਾਕ ਨੇ ਬੀ.ਏ.Çਲੰਕਨ ਕਾਲਜ, ਆਕਸਫੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ। ਫਿਰ ਉਹ ਅਮਰੀਕਾ ਚਲੇ ਗਏ, ਜਿਥੋਂ ਸਟੈਂਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਫੁੱਲ ਬਰਾਈਟ ਵਜ਼ੀਫ਼ੇ ਨਾਲ ਐਮ.ਬੀ.ਏ. ਪਾਸ ਕੀਤੀ। ਉਥੇ ਉਹ ਬੈਂਕਿੰਗ ਖੇਤਰ ਵਿੱਚ ਕੰਮ ਕਰਦੇ ਰਹੇ ਅਤੇ ਚੰਗਾ ਨਾਮਣਾ ਖੱਟਿਆ। ਰਿਸ਼ੀ ਸੁਨਾਕ ਦਾ ਵਿਆਹ ਇਨਫੋਸਿਸ ਕੰਪਨੀ ਦੇ ਕੋ ਫ਼ਾਊਂਡਰ  ਨਰਾਇਣ ਮੂਰਥੀ ਦੀ ਸਪੁੱਤਰੀ  ਅਕਰਸ਼ਤਾ ਨਾਲ ਹੋਇਆ। ਆਕਰਸ਼ਤਾ ਬਰਤਾਨੀਆਂ ਦੇ 222 ਅਮੀਰ ਵਿਅਕਤੀਆਂ ਵਿੱਚੋਂ ਇਕ ਹੈ। ਬਰਤਾਨੀਆਂ 200 ਸਾਲ ਭਾਰਤ ਵਿੱਚ ਰਾਜ ਕਰਦਾ ਰਿਹਾ ਹੈ। ਭਾਰਤ ਛੱਡਣ ਤੋਂ 75 ਸਾਲ ਬਾਅਦ ਭਾਰਤੀ ਮੂਲ ਦੇ ਪੰਜਾਬੀ ਰਿਸ਼ੀ ਸੁਨਾਕ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ - ਉਜਾਗਰ ਸਿੰਘ

ਦੀਵਾਲੀ ਦੇ ਸ਼ੁਭ ਦਿਨ ਜਦੋਂ ਸਾਰਾ ਭਾਰਤੀ ਸੰਸਾਰ ਦੀਵੇ ਰੌਸ਼ਨਾ ਕੇ ਖ਼ੁਸ਼ੀਆਂ ਮਨਾ ਰਿਹਾ ਹੋਵੇ ਤੇ ਉਸ ਦਿਨ ਇਕ ਇਕੱਲੀ ਕਹਿਰੀ ਮਾਂ ਦਾ ਚਿਰਾਗ  ਬੁਝ ਜਾਵੇ ਤਾਂ ਉਸ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਂ37 ਸਾਲ ਪਹਿਲਾਂ 1985 ਨੂੰ ਦੀਵਾਲੀ ਵਾਲੇ ਦਿਨ ਮਾਤਾ ਸੰਤ ਕੌਰ ਦਾ ਚਿਰਾਗ ਬੁਝਣ ਨਾਲ ਚਾਰੇ ਪਾਸੇ ਭਵਿਖ ਅੰਧੇਰਾ ਪਸਰ ਗਿਆ। ਮਾਂ ਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ। ਮਾਂ ਦੇ ਸਤਿਕਾਰ ਲਈ ਕੁਰਬਾਨੀ ਦੇਣ ਵਾਲਾ ਸਪੁੱਤਰ ਪੰਜਾਬੀ ਅਤੇ ਉਰਦੂ ਦਾ ਕਵੀ ਅਤੇ ਸੰਪਾਦਕ ਸੁਰਿੰਦਰ ਸਿੰਘ ਮਾਹੀ ਆਪਣੀ ਹੀ ਮਾਂ ਨੂੰ ਬੇਸਹਾਰਾ ਛੱਡ ਕੇ ਅਣਦੱਸੇ ਰਾਹ ਪੈ ਗਿਆ। ਸੁਰਿੰਦਰ ਸਿੰਘ ਮਾਹੀ ਆਪਣੇ ਪਿਤਾ ਵੱਲੋਂ ਮਾਂ ਨੂੰ ਅਣਡਿਠ  ਕਰਕੇ ਦੂਜਾ ਵਿਆਹ ਕਰਵਾਉਣ ਦੇ ਗੁੱਸੇ ਵਜੋਂ ਮਾਂ ਦਾ ਸਤਿਕਾਰ ਬਰਕਰਾਰ ਰੱਖਣ ਲਈ ਸਾਰੀ ਉਮਰ ਵਿਆਹ ਨਾ ਕਰਵਾਕੇ ਮਾਂ ਦੀ ਸੇਵਾ ਕਰਨ ਵਾਲਾ ਸਰਵਣ ਸਪੁੱਤਰ ਬਣਕੇ ਵਿਚਰਿਆ। ਸੰਸਾਰ ਬਹੁਰੰਗਾ ਹੈ, ਇਸ ਵਿੱਚ ਰੰਗ ਬਰੰਗੇ ਲੋਕ ਰਹਿੰਦੇ ਹਨ। ਇਨ੍ਹਾਂ ਬਹੁਰੰਗੇ ਲੋਕਾਂ ਦੀ ਖ਼ੁਸ਼ਬੋ ਮਾਨਣ ਦਾ ਇਤਫ਼ਾਕ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਅਜਿਹੇ ਬਹੁਰੰਗੇ ਮਹਿਕ ਵੰਡਣ ਵਾਲੇ ਲੋਕਾਂ ਵਿੱਚੋਂ ਸੁਰਿੰਦਰ ਸਿੰਘ ਮਾਹੀ ਇੱਕ ਸੀ। ਜਿਸਦਾ ਸਾਥ ਮਾਣਕੇ ਮੈਂ ਉਸਦੀ ਸਾਹਿਤਕ ਖੁਸ਼ਬੋ ਦਾ ਆਨੰਦ ਮਾਣਦਾ ਰਿਹਾ ਹਾਂ। ਉਹ ਹਮੇਸ਼ਾ ਹਰ ਔਕੜ ਦੇ ਸਮੇਂ ਵੀ ਮੱਥੇ ਤੇ ਵੱਟ ਨਹੀਂ ਪਾਉਂਦਾ ਸੀ ਸਗੋਂ ਮੁਸਕਰਾਹਟ ਨਾਲ ਹੀ ਦੁੱਖ ਨੂੰ ਪੀ ਜਾਂਦਾ ਸੀ। ਉਹ ਕਿਹੜੀਆਂ ਜਹਿਮਤਾਂ ਦਾ ਮੁਕਾਬਲਾ ਕਰਦਾ ਰਿਹਾ, ਉਸ ਬਾਰੇ ਉਸਨੇ ਕਦੀਂ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕੀਤੀ। ਜੇਕਰ ਉਸਤੋਂ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਸਿਰਫ ਮੁਸਕਰਾਹਟ ਨਾਲ ਹੀ ਟਾਲ ਜਾਂਦਾ ਸੀ। ਮਿੱਤਰਾਂ ਦੋਸਤਾਂ ਦਾ ਮਾਹੀ ਆਪਣੀ ਮਹਿਬੂਬਾ ‘ਰੂਪ’ ਦੇ ਦਿਲ ਵਿੱਚ ਭਾਵੇਂ ਵਸਦਾ ਰਿਹਾ ਹੋਵੇਗਾ ਪ੍ਰੰਤੂ ਉਸ ਦਾ ਮਾਹੀ ਨਾ ਬਣ ਸਕਿਆ। ਜੇ ਮਾਹੀ ਬਣਿਆਂ ਤਾਂ ਆਪਣੀ ਮਾਂ ਦਾ ਸਰਬਣ ਪੁਤਰ ਬਣਕੇ ਮਾਹੀ ਬਣਿਆਂ ਕਿਉਂਕਿ ਸਾਰੀ ਉਮਰ ਆਪਣੀ ਮਾਂ ਦੀ ਖਿਦਮਤ ਹੀ ਕਰਦਾ ਰਿਹਾ। ਸੁਰਿੰਦਰ ਸਿੰਘ ਮਾਹੀ ਪੰਜਾਬ ਸਿਵਲ ਸਕੱਤਰੇਤ ਦੇ ਗਲਿਆਰਿਆਂ, ਮੰਤਰੀਆਂ ਦੇ ਕਮਰਿਆਂ, 17 ਸੈਕਟਰ ਦੇ ਕਾਫ਼ੀ ਹਾਊਸ, 18 ਸੈਕਟਰ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪਿ੍ਰੰਟਿੰਗ ਪ੍ਰੈਸ ਅਤੇ 22 ਸੈਕਟਰ ਦੇ ਰਾਈਟਰਜ਼ ਕਾਰਨਰ ‘ਤੇ ਸ਼ਬਦਾਂ ਦੀ ਮਹਿਕ ਖਿਲਾਰਦਾ ਅਤੇ ਮੁਸਕਰਾਹਟਾਂ ਵੰਡਦਾ ਆਮ ਤੌਰ ‘ਤੇ ਵੇਖਿਆ ਜਾ ਸਕਦਾ ਸੀ। ਲੋਭ ਦੇ ਮੋਹ ਤੋਂ ਬਿਨਾ ਭਿੰਨੀ ਭਿੰਨੀ ਖ਼ੁਸ਼ਬੋ ਵੰਡਦਾ ਰਹਿੰਦਾ ਸੀ। ਸੁਰਿੰਦਰ ਸਿੰਘ ਮਾਹੀ ਬਹੁਪੱਖੀ ਸ਼ਖ਼ਸ਼ੀਅਤ ਦਾ ਮਾਲਕ ਸੀ। ਸ਼ਾਇਰ, ਲੇਖਕ, ਸੰਪਾਦਕ, ਸਿਆਸਤਦਾਨ, ਸਮਾਜ ਸੇਵਕ ਅਤੇ ਬਿਹਤਰੀਨ ਇਨਸਾਨ ਸੀ। ਉਹ ਦੋਸਤਾਂ ਦਾ ਦੋਸਤ, ਯਾਰਾਂ ਦਾ ਯਾਰ, ਸਾਹਿਤਕ ਮਹਿਫ਼ਲਾਂ ਦਾ ਸ਼ਿੰਗਾਰ ਸੀ। ਉਹ ਆਪਣੇ ਲਈ ਨਹੀਂ ਸਗੋਂ ਲੋਕਾਂ ਤੇ ਦੋਸਤਾਂ ਲਈ ਜੀਵਿਆ। ਜਿਸਨੂੰ ਇਕ ਵਾਰ ਮਿਲ ਲਿਆ ਫਿਰ ਉਹ ਸਾਰੀ ਉਮਰ ਉਸਦਾ ਹੀ ਬਣਕੇ ਰਹਿ ਗਿਆ। ਅਸੂਲਾਂ ਦਾ ਪੱਕਾ ਅਤੇ ਜ਼ਿੰਦਾਦਿਲ ਇਨਸਾਨ ਸੀ। ਉਸਨੂੰ ਸੱਚ ਵਰਗੀ ਹਰ ਸ਼ੈ ਭਾਉਂਦੀ ਸੀ। ਸਾਧਾਰਨ ਪ੍ਰੰਤੂ ਸਲੀਕੇ ਵਾਲਾ ਜੀਵਨ ਜਿਉਣ ਵਾਲਾ ਦਿਆਨਤਦਾਰ ਇਨਸਾਨ ਸੀ। ਉਨ੍ਹਾਂ ਦਾ ਖਾਣਾ, ਪੀਣਾ ਅਤੇ ਪਹਿਨਣਾ ਫ਼ਕਰਾਂ ਵਾਲਾ ਸੀ। ਉਹ ਸਿੱਧਾ ਸਾਦਾ ਜਿਹਾ ਫ਼ਕੀਰ ਸੀ। ਵੇਖਣ ਵਾਲੇ ਨੂੰ ਉਹ ਸਫ਼ੈਦ ਪਹਿਰਾਵੇ ਵਿੱਚ ਸ਼ਾਂਤੀ ਦਾ ਪੁਜਾਰੀ ਲੱਗਦਾ ਸੀ। ਕੋਈ ਰੜਕ ਅਤੇ ਮੜਕ ਨਹੀਂ ਸੀ। ਚਿੱਟੇ ਦੁੱਧ ਵਰਗੇ ਕਮੀਜ਼ ਦੇ ਕਾਲਰ ਦਾ ਫਟਣਾ, ਪੈਂਟ ਦੀ ਕਰੀਜ਼ ਦਾ ਟੁੱਟਣਾ ਅਤੇ ਪੱਗ ਦੇ ਲੜਾਂ ਵਿੱਚ ਸਿਲਵਟ ਦਾ ਪੈਣਾ ਉਸਦੀ ਹੋਂਦ ‘ਤੇ ਕਦੇ ਭਾਰੂ ਨਹੀਂ ਹੋ ਸਕੇ। ਹਮੇਸ਼ਾ ਬਣ ਠਣ ਕੇ ਰਹਿੰਦਾ ਸੀ। ਕਦੀਂ ਕਿਸੇ ਦਾ ਮਾੜਾ ਨਹੀਂ ਸੋਚਣਾ, ਬੁਰਾ ਨਹੀਂ ਕਰਨਾ ਅਤੇ ਹਮੇਸ਼ਾ ਚੁਭਵੀਂ ਗੱਲ ਕਰਨ ਵਾਲੇ ਤੋਂ ਗੁਰੇਜ਼ ਕਰਨਾ, ਉਸਦੀ ਜ਼ਿੰਦਗੀ ਦਾ ਵਿਲੱਖਣ ਗੁਣ ਸੀ। ਸੱਚੀ ਸੁੱਚੀ ਗੱਲ ਬੇਬਾਕੀ ਨਾਲ ਮੂੰਹ ‘ਤੇ ਕਹਿ ਦੇਣਾ ਉਸਦਾ ਸੁਭਾਅ ਸੀ। ਉਹ ਹਰ ਇਨਸਾਨ ਦੀ ਮਜ਼ਬੂਰੀ ਸਾਹਿਤਕ ਰੁਚੀਆਂ ਵਾਲਾ ਹੋਣ ਕਰਕੇ ਭਲੀ ਭਾਂਤ ਸਮਝ ਜਾਂਦਾ ਅਤੇ ਮਦਦ ਲਈ ਤਤਪਰ ਹੋ ਜਾਂਦਾ ਸੀ। ਪੰਜਾਬੀ, ਉਰਦੂ ਅਤੇ ਫਾਰਸੀ ਦਾ ਵਿਦਵਾਨ ਹੋਣ ਕਰਕੇ ਨਾਪ ਤੋਲ ਕੇ ਠਰੰਮੇ ਨਾਲ ਗੱਲ ਕਰਦਾ ਸੀ। ਯਾਰਾਂ ਦਾ ਯਾਰ ਹਮੇਸ਼ਾ ਮੁਸਕਰਾਹਟ ਖਿਲਾਰਦਾ ਰਹਿੰਦਾ ਸੀ। ਬਚਪਨ ਵਿੱਚ ਹੀ ਉਹ ਉਦੋਂ ਆਪਣੀ ਮਾਂ ਦਾ ਸਹਾਰਾ ਬਣਿਆਂ ਜਦੋਂ ਉਸਦੇ ਆਪਣੇ ਖ਼ੂਨ ਦੇ ਰਿਸ਼ਤੇ ਪਿਤਾ ਤੋਂ ਧੋਖ਼ਾ ਖਾਣ ਮਗਰੋਂ ਕੇਵਲ ਮਾਂ ਦੀ ਕੁੱਖ ਦਾ ਕਰਜ਼ਾ ਚੁਕਾਉਣ ਲਈ ਜੀਵਿਆ। ਉਸਦੀ ਮਾਂ ਹੀ ਉਸਦਾ ਰੱਬ ਸੀ ਕਿਉਂਕਿ ਉਸਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਉਸਨੇ ਆਪਣੇ ਪਿਤਾ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਤਾਅ ਉਮਰ ਆਪਣੀ ਮਾਂ ਦਾ ਸਾਥ ਦਿੱਤਾ ਤੇ ਮਾਂ ਦੀ ਸਰਪ੍ਰਸਤੀ ਦਾ ਆਨੰਦ ਮਾਣਿਆਂ। ਸਾਰੀ ਉਮਰ ਉਸਨੇ ਵਿਆਹ ਨਹੀਂ ਕਰਵਾਇਆ ਤਾਂ ਜੋ ਉਸਦੀ ਮਾਂ ਦੀ ਵੇਖ ਭਾਲ ਦੇ ਰਾਹ ਵਿੱਚ ਉਸਦੀ ਪਤਨੀ ਅੜਿਕਾ ਨਾ ਬਣ ਜਾਵੇ ਕਿਉਂਕਿ ਉਸਨੇ ਆਪਣੀ ਮਾਂ ਦੀ ਭਰ ਜਵਾਨੀ ਵਿੱਚ ਅਣਵੇਖੀ ਦੀ ਤ੍ਰਾਸਦੀ ਨੂੰ ਅੱਖੀਂ ਵੇਖਿਆ ਸੀ। ਉਹ ਆਪਣੀ ਮਾਂ ਨੂੰ ਸਾਰੀ ਉਮਰ ਹਰ ਹਾਲਾਤ ਵਿੱਚ ਖ਼ੁਸ਼ ਰੱਖਣਾ ਚਾਹੁੰਦਾ ਸੀ। ਮਾਂ ਦਾ ਚੂਲਾ ਟੁੱਟਣ ਤੋਂ ਬਾਅਦ ਸਵੇਰੇ ਉਠਕੇ ਆਪ ਭਾਵੇਂ ਚਾਹ ਨਹੀਂ ਪੀਂਦਾ ਸੀ ਪ੍ਰੰਤੂ ਮਾਂ ਲਈ ਚਾਹ ਦਾ ਕੱਪ ਬਣਾ ਕੇ ਦੇਣਾ ਕਦੀਂ ਭੁਲਦਾ ਨਹੀਂ ਸੀ। ਨਾਸ਼ਤਾ ਤਿਆਰ ਕਰਕੇ ਖੁਆਉਣਾ ਅਤੇ ਫਿਰ ਦਫ਼ਤਰ ਜਾਣਾ। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਘਰ ਆ ਕੇ ਮਾਂ ਲਈ ਰੋਟੀ ਬਣਾਉਣੀ ਤੇ ਫਿਰ ਦਫਤਰ ਜਾਣਾ ਅਤੇ ਸ਼ਾਮ ਨੂੰ ਦਫ਼ਤਰੋਂ ਆ ਕੇ ਚਾਹ ਬਣਾ ਕੇ ਦੇਣਾ , ਉਸਦਾ ਰੋਜ਼ ਮਰਰ੍ਹਾ ਦਾ ਕੰਮ ਸੀ। ਮਾਂ ਨੂੰ ਖਾਣਾ ਖੁਆ ਕੇ ਉਸਦੇ ਸੌਣ ਤੋਂ ਬਾਅਦ ਆਪ ਸੌਂਦਾ ਸੀ। ਮਾਂ ਦੇ ਕਪੜੇ ਆਪ ਧੋਂਦਾ ਸੀ। ਸਾਹਿਤਕ ਮਸ ਹੋਣ ਕਰਕੇ ਸ਼ਾਮ ਨੂੰ ਸਹੀ 6 ਵਜੇ ਚੰਡੀਗੜ੍ਹ ਦੇ 22 ਸੈਕਟਰ ਵਿਖੇ ਰਾਈਟਰ ਕਾਰਨਰ ‘ਤੇ ਲੇਖਕਾਂ ਦੀ ਮਹਿਫਲ ਦਾ ਹਿੱਸਾ ਬਣ ਜਾਣਾ ਉਸਦਾ ਸ਼ੌਕ ਸੀ। ਰਾਈਟਰ ਕਾਰਨਰ ‘ਤੇ ਭਾਗ ਸਿੰਘ, ਸਿਰੀ ਰਾਮ ਅਰਸ਼, ਭਗਵੰਤ ਸਿੰਘ, ਭੂਸ਼ਨ ਧਿਆਨਪੁਰੀ, ਰਤਨੀਵ ਅਤੇ ਕਦੇ ਕਦੇ ਸ਼ਿਵ ਕੁਮਾਰ ਬਟਾਲਵੀ ਦੇ ਪਹੁੰਚਣ ਨਾਲ ਮਹਿਫਲ ਰੰਗੀਨ ਹੋ ਜਾਂਦੀ ਸੀ। ਇਸ ਮਹਿਫਲ ਦਾ ਆਨੰਦ ਮਾਨਣ ਤੋਂ ਬਾਅਦ ਫਿਰ ਆਪਣੀ ਮਾਂ ਦੀ ਸੇਵਾ ਵਿਚ ਪਹੁੰਚ ਜਾਣਾ, ਇਹ ਉਨ੍ਹਾਂ ਦਾ ਰੋਟੀਨ ਸੀ। ਚੰਡੀਗੜ੍ਹ ਦੀਆਂ ਸਾਹਿਤ ਸਭਾਵਾਂ ਦਾ ਉਹ ਸ਼ਿੰਗਾਰ ਸਨ। ਉਹ ਲੋਕ ਸੰਪਰਕ ਵਿਭਾਗ ਦੇ ਉਰਦੂ ਦੇ ਮਾਸਕ ਰਸਾਲੇ ‘ਪਾਸਵਾਨ’ ਦਾ ਸੰਪਾਦਕ ਸੀ।  ਉਸਦਾ ਖਾਸਾ ਤਾਂ ਸੀ ਆਪਣੇ ਕੰਮ ਵਿੱਚ ਮਗਨ ਰਹਿਣਾ। ਆਪਣੇ ਦਫ਼ਤਰੀ ਫ਼ਰਜ਼ਾਂ ਨੂੰ ਨਿਭਾਉਂਦੇ ਤੁਰੀ ਜਾਣਾ। ਉਸ ਦਾ ਉਰਦੂ ਦੇ ਉਚ ਕੋਟੀ ਦੇ ਕਵੀਆਂ ਨਾਲ ਗੂੜ੍ਹਾ ਸਹਿਚਾਰ ਸੀ। ਉਹ ਖੁਦ ਉਰਦੂ ਅਤੇ ਪੰਜਾਬੀ ਵਿੱਚ ਗ਼ਜ਼ਲਾਂ ਲਿਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਹੀ ਦੀ ਨਿੱਜੀ ਡਾਇਰੀ ਤੋਂ ਉਸਦੇ ਰੂਪਾ ਨਾਮ ਦੀ ਲੜਕੀ ਨਾਲ ਪਿਆਰ ਦੇ ਅਧਵਾਟੇ ਟੁੱਟਣ ਦਾ ਇਜ਼ਹਾਰ ਹੋਇਆ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਉਨ੍ਹਾਂ ਦੀ ਗ਼ਜ਼ਲਾਂ ਅਤੇ ਨਜ਼ਮਾ ਦੀ ਇਕ ਪੁਸਤਕ ‘ਕੰਡੇ ਦਾ ਜ਼ਖ਼ਮ’ ਪ੍ਰਕਾਸ਼ਤ ਕਰਵਾਈ।
    ਪੰਜਾਬ ਸਿਵਲ ਸਕੱਤਰੇਤ ਵਿਖੇ ਸੁਰਿੰਦਰ ਸਿੰਘ ਮਾਹੀ ਦੇ ਕੈਬਿਨ ਵਿੱਚ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਜਮਘਟਾ ਲੱਗਿਆ ਰਹਿੰਦਾ ਸੀ। ਚਾਹ ਦੇ ਗੱਫ਼ੇ ਚਲਦੇ ਰਹਿੰਦੇ ਸਨ ਪ੍ਰੰਤੂ ਉਹ ਖੁਦ ਚਾਹ ਨਹੀਂ ਪੀਂਦਾ ਸੀ। ਚਿੱਟੇ ਪੈਂਟ ਕਮੀਜ਼ ਅਤੇ ਚਿੱਟੀ ਦੀ ਗੁਰਗਾਬੀ ਨਾਲ ਇਕ ਸੰਤ ਮਹਾਤਮਾ ਦਾ ਭੁਲੇਖਾ ਪੈਂਦਾ ਸੀ। ਭਰ ਜਵਾਨੀ ਵਿੱਚ ਸਾਹਿਤਕ ਹੋਣ ਕਰਕੇ ਉਹ ਜਲੰਧਰ ਵਿਖੇ ਪੰਜਾਬ ਕਵੀ ਮੰਡਲ ਦੇ ਪ੍ਰਧਾਨ ਵੀ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਜਲੰਧਰ ਤੋਂ ਇਕ ਸਪਤਾਹਕ ਪਰਚਾ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਪ੍ਰਫ਼ੈਸਰ ਮੋਹਨ ਸਿੰਘ ਲੁਧਿਆਣਾ ਤੋਂ ‘ਪੰਜ ਦਰਿਆ’ ਰਸਾਲਾ ਪ੍ਰਕਾਸ਼ਤ ਕਰਦੇ ਸਨ। ਜਦੋਂ ਪ੍ਰੋ. ਮੋਹਨ ਸਿੰਘ ਨੇ ਆਰਥਿਕ ਮਜ਼ਬੂਰੀਆਂ ਕਰਕੇ ‘ਪੰਜ ਦਰਿਆ’ ਸਿਆਸਤਦਾਨ ਦਵਿੰਦਰ ਸਿੰਘ ਗਰਚਾ ਨੂੰ ਵੇਚ ਦਿੱਤਾ ਤਾਂ ਸੁਰਿੰਦਰ ਸਿੰਘ ਮਾਹੀ ਲੁਧਿਆਣਾ ਆ ਕੇ ‘ਪੰਜ ਦਰਿਆ’ ਦਾ ਸੰਪਾਦਕ ਬਣ ਗਿਆ। ਇਸ ਪ੍ਰਕਾਰ ਉਹ ਇਕੋ ਸਮੇਂ ਦੋ ਮਾਸਕ ਪੱਤਰਾਂ ਦਾ ਸੰਪਾਦਕ ਰਿਹਾ। ਮਾਹੀ ਨੂੰ ਦੋਸਤੀਆਂ ਬਣਾਉਣੀਆਂ ਅਤੇ ਨਿਭਾਉਣੀਆ ਆਉਂਦੀਆਂ ਸਨ। ਉਸ ਦੇ ਦੋਸਤਾਂ ਦਾ ਘੇਰਾ ਵਿਸ਼ਾਲ ਸੀ। ਸਿਆਸਤਦਾਨ, ਅਧਿਕਾਰੀ ਅਤੇ ਸਾਹਿਤਕਾਰ ਉਸਦੇ ਦੋਸਤ ਸਨ। ਜਿਸ ਕਰਕੇ ਉਹ ਹਮੇਸ਼ਾ ਦੋਸਤਾਂ ਦੀ ਮਹਿਫਲਾਂ ਵਿੱਚ ਵਿਚਰਦਾ ਰਹਿੰਦਾ ਸੀ। ਆਪਣੀ ਜ਼ਿੰਦਗੀ ਦੀ ਜਦੋਜਹਿਦ ਬਾਰੇ ਮਾਹੀ ਲਿਖਦੈ:
ਬੜੀ ਹੋਈ ਵਾਹਵਾ ਬੜੀ ਬੱਲੇ ਬੱਲੇ, ਮੁਹੱਬਤ ‘ਚ ਆਖ਼ਰ ਪਈ ਹਾਰ ਪੱਲੇ।
ਕਿਵੇਂ ਸਫਰ ਜੀਵਨ ਦਾ ਮੁੱਕਾ ਨਾ ਪੁੱਛੋ, ਬੜੇ ਜਫ਼ਰ ਜਾਲੇ ਬੜੇ ਜ਼ਬਰ ਝੱਲੇ।
   ਕਾਲਜ ਦੀ ਪੜ੍ਹਾਈ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਦੇ ਸਰਗਰਮ ਮੈਂਬਰ ਸਨ। ਇਸ ਸਮੇਂ ਹੀ ਉਹ ਕਾਂਗਰਸ ਪਾਰਟੀ ਨਾਲ ਜੁੜ ਗਏ। ਫਿਰ ਉਹ ਸਾਂਝੇ ਪੰਜਾਬ ਦੀ1952 ਵਿੱਚ ਪਹਿਲਾਂ  ‘ਪੰਜਾਬ ਸਟੂਡੈਂਟ ਕਾਂਗਰਸ’ ਦਾ ਜਨਰਲ ਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ ਰਿਹਾ। 1959 ਤੱਕ ਉਹ ਇਸਦੇ ਪ੍ਰਧਾਨ ਰਹੇ। ਉਨ੍ਹਾਂ ਦਿਨਾਂ ਵਿੱਚ ਯੂਥ ਕਾਂਗਰਸ ਨੂੰ ਸਟੂਡੈਂਟ ਕਾਂਗਰਸ ਕਿਹਾ ਜਾਂਦਾ ਸੀ। ਉਨ੍ਹਾਂ ਦਾ ਸੁਭਾਅ ਸੀ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਸਨ, ਜਿਸ ਕਰਕੇ ਉਨ੍ਹਾਂ ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ ਮਤਭੇਦ ਪੈਦਾ ਹੋ ਗਏ। 1962 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹ ਉਮੀਦਵਾਰ ਸਨ ਪ੍ਰੰਤੂ ਕਾਂਗਰਸ ਦੀ ਧੜੇਬੰਦੀ ਕਰਕੇ ਉਨ੍ਹਾਂ ਦਾ ਟਿਕਟ ਪਰਤਾਪ ਸਿੰਘ ਕੈਰੋਂ ਨੇ ਕਟਵਾ ਦਿੱਤਾ। ਜਿਸ ਕਰਕੇ ਉਨ੍ਹਾਂ ਸਿਆਸਤ ਨੂੰ ਹਮੇਸ਼ਾ ਲਈ ਤਿਲਾਂਜ਼ਲੀ ਦੇ ਦਿੱਤੀ। ਫਿਰ ਉਹ ਲੋਕ ਸੰਪਰਕ ਵਿਭਾਗ ਵਿੱਚ ਫੀਲਡ ਪਬਲਿਸਿਟੀ ਅਸਿਸਟੈਂਟ ਭਰਤੀ ਹੋ ਗਏ ਅਤੇ ਆਪਣੀ ਮਾਤਾ ਨੂੰ ਲੈ ਕੇ ਚੰਡੀਗੜ੍ਹ ਆ ਗਏ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਹੰਸ ਰਾਜ ਸ਼ਰਮਾ ਸੁਰਿੰਦਰ ਸਿੰਘ ਮਾਹੀ ਦੇ ਦੋਸਤ ਖਜਾਨਾ ਮੰਤਰੀ ਸਨ। ਸੁਰਿੰਦਰ ਸਿੰਘ ਮਾਹੀ ਕੋਲ ਕੋਈ ਮਕਾਨ ਨਹੀਂ ਸੀ। ਹੰਸ ਰਾਜ ਸ਼ਰਮਾ ਉਨ੍ਹਾਂ ਨੂੰ ਸਰਕਾਰੀ ਕੋਟੇ ਵਿੱਚੋਂ ਮੁਹਾਲੀ ਵਿਖੇ ਮਕਾਨ ਦੇਣਾ ਚਾਹੁੰਦੇ ਸਨ ਪ੍ਰੰਤੂ ਮਾਹੀ ਖੁਦਦਾਰ ਸੀ, ਇਸ ਲਈ ਉਸਨੇ ਅਰਜੀ ਹੀ ਲਿਖਕੇ ਨਹੀਂ ਦਿੱਤੀ। ਲੋਕਾਂ ਦੇ ਕੰਮਾ ਲਈ ਉਹ ਮੰਤਰੀਆਂ ਕੋਲ ਜਾਂਦਾ ਰਹਿੰਦਾ ਸੀ ਪ੍ਰੰਤੂ ਆਪ ਕਦੀਂ ਲਾਭ ਨਹੀਂ ਲਿਆ। ਉਹ ਇਕ ਸਮਾਜ ਸੇਵਕ ਵੀ ਸੀ। ਹਰ ਇਕ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ।
  ਸੁਰਿੰਦਰ ਸਿੰਘ ਮਾਹੀ ਆਪਣੀ ਮਾਂ ਤੋਂ ਬਿਨਾ ਕਿਸੇ ਦਾ ਮਾਹੀ ਨਾ ਬਣ ਸਕਿਆ। ਉਹ ਕਿਸੇ ਨੂੰ ਦਿਲ ਤਾਂ ਨਹੀਂ ਦੇ ਸਕਿਆ ਪ੍ਰੰਤੂ ਦਿਲ ਦਾ ਮਰੀਜ਼ ਬਣਕੇ 12 ਨਵੰਬਰ 1985 ਨੂੰ ਦੀਵਾਲੀ ਵਾਲੇ ਦਿਨ ਬਜ਼ੁਰਗ ਮਾਂ ਨੂੰ ਬੇਸਹਾਰਾ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਦੁੱਖ ਦੀ ਗੱਲ ਹੈ ਕਿ ਉਸਦੀ ਮਾਂ ਸੰਤ ਕੌਰ ਬੈਡ ਰਿਡਨ ਹੋਣ ਕਰਕੇ ਹਸਪਤਾਲ ਨਹੀਂ ਜਾ ਸਕਦੇ ਸਨ। ਇਸ ਲਈ ਬਲਜੀਤ ਸਿੰਘ ਸੈਣੀ ਅਤੇ ਮੈਂ ਉਸਦੇ ਭਰਾ ਬਣਕੇ  ਹਸਪਤਾਲ ਤੋਂ ਪਾਰਥਿਕ ਸਰੀਰ ਲੈ ਖ਼ੂਨ ਕੇ ਆਏ ਅਤੇ ਅੰਤਮ ਸਸਕਾਰ ਕੀਤਾ। ਖ਼ੂਨ ਦੇ ਰਿਸ਼ਤੇ ਵੀ ਅੰਤਮ ਮੌਕੇ ਬਹੁੜੇ ਨਹੀਂ। ਉਸਦੀ ਮਾਤਾ ਦੇ ਬੁਢਾਪੇ ਦੀ ਡੰਗੋਰੀ ਮਨਜੀਤ ਸਿੰਘ ਸ਼ੇਖ਼ੂਰੀਆ ਹੀ ਬਣਿਆਂ। ਹੋਰ ਕੋਈ ਵੀ ਰਿਸ਼ਤੇਦਾਰ ਨਹੀਂ ਆਇਆ। 37 ਸਾਲ ਬਾਅਦ ਵੀ ਮਾਹੀ ਦੀ ਯਾਦ ਤਾਜਾ ਹੈ। ਉਸ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ। ਮਾਹੀ ਨੂੰ ਅੰਦਾਜ਼ਾ ਸੀ ਕਿ ਉਹ ਮਾਂ ਤੋਂ ਪਹਿਲਾਂ ਤੁਰ ਜਾਵੇਗਾ, ਮਾਂ ਸਿਰਲੇਖ ਵਾਲੀ ਕਵਿਤਾ ਦਾ ਸ਼ੇਅਰ ਸਾਰੀ ਕਹਾਣੀ ਬਿਆਨ ਕਰਦਾ ਹੈ:
ਕੀ ਕਰੇਗੀ ਇਹ ਵਿਚਾਰੀ, ਬਾਝ ਤੇਰੇ ਬੇਸਹਾਰੀ।
ਕੀ ਕਰੋਗੇ ਫੋਲਕੇ, ਹੈ ਦੁੱਖਾਂ ਦੀ ਇਕ ਪਟਾਰੀ।
ਆ ਵੀ ਜਾਓ ਜ਼ਿੰਦਗੀ ਦੇ ਮਾਲਕੋ, ਕਰ ਹੀ ਨਾ ਜਾਏ ਤਿਆਰੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
 ujagarsingh48@yahoo.com

ਸਿੱਖ ਵਿਰਾਸਤੀ ਇਤਿਹਾਸ ਦਾ ਖੋਜੀ ਵਿਦਵਾਨ: ਭੁਪਿੰਦਰ ਸਿੰਘ ਹਾਲੈਂਡ - ਉਜਾਗਰ ਸਿੰਘ

ਸਮਾਜ ਵਿੱਚ ਹਰ ਪੰਜਾਬੀ ਆਪੋ ਆਪਣਾ ਯੋਗਦਾਨ ਸਿੱਖ/ਪੰਜਾਬੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਇਸ ਉਪਰ ਪਹਿਰਾ ਦੇਣ ਦਾ ਪਾ ਰਿਹਾ ਹੈ। ਪੰਜਾਬ ਦੀ ਵਿਰਾਸਤ ਅਤਿਅੰਤ ਅਮੀਰ ਹੈ। ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਬਹਾਦਰੀ, ਵਿਦਵਤਾ, ਉਦਮੀਅਤਾ ਅਤੇ ਮਿਹਨਤੀ ਰੁਚੀ ਦਾ ਡੰਕਾ ਵਜਾਇਆ ਹੋਇਆ ਹੈ। ਸਿੱਖ /ਪੰਜਾਬੀ ਭਾਵੇਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਵਸਿਆ ਹੋਇਆ ਹੋਵੇ ਪਰੰਤੂ ਉਥੇ ਹੀ ਉਹ ਆਪਣੀ ਮਿਹਨਤ ਅਤੇ ਖੋਜੀ ਪ੍ਰਵਿਰਤੀ ਨਾਲ ਆਪਣਾ ਵਿਲੱਖਣ ਸਥਾਨ ਬਣਾ ਲੈਂਦਾ ਹੈ। ਅਜਿਹੇ ਹੀ ਵਿਲੱਖਣ  ਵਿਅਕਤੀਆਂ ਵਿੱਚ ਭੁਪਿੰਦਰ ਸਿੰਘ ਹਾਲੈਂਡ ਦਾ ਨਾਮ ਵਰਣਨਯੋਗ ਹੈ। ਭੁਪਿੰਦਰ ਸਿੰਘ ਖੋਜੀ ਕਿਸਮ ਦਾ ਵਿਦਵਾਨ ਇਤਿਹਾਸਕਾਰ ਹੈ। ਉਨ੍ਹਾਂ ਦੀ ਖੋਜ ਦਾ ਖੇਤਰ ਸਿੱਖ/ਪੰਜਾਬੀ ਵਿਰਾਸਤ ਹੈ। ਯੂਰਪ ਵਿੱਚ ਉਨ੍ਹਾਂ ਨੇ ਸਿੱਖ/ਪੰਜਾਬੀ ਵਿਰਾਸਤ ਦਾ ਪਹਿਰੇਦਾਰ ਬਣਕੇ ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੀਆਂ ਗਾਥਾਵਾਂ ਨੂੰ ਪੁਸਤਕਾਂ ਦੇ ਵਿੱਚ ਪ੍ਰਕਾਸ਼ਤ ਕਰਕੇ ਇਤਿਹਾਸ ਦਾ ਹਿੱਸਾ ਬਣਾਇਆ ਹੈ। ਪ੍ਰਵਾਸ ਵਿੱਚ ਸਿੱਖਾਂ/ਪੰਜਾਬੀਆਂ ਦੀ ਬਹਾਦਰੀ ਦੇ ਗੌਰਵ ਨੂੰ ਅਣਡਿਠ ਕੀਤਾ ਗਿਆ ਸੀ। ਉਹ ਇਸ ਸਮੇਂ ਹਾਲੈਂਡ ਵਿੱਚ ਰਹਿੰਦਾ ਹੈ ਪਰੰਤੂ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਬਾਖ਼ੂਬੀ ਜੁੜਿਆ ਹੋਇਆ ਹੈ। ਏਥੇ ਹੀ ਬਸ ਨਹੀਂ ਸਗੋਂ ਉਹ ਪੰਜਾਬ ਦੀ ਪਵਿਤਰ ਧਰਤੀ ਦਾ ਵਰੋਸਾਇਆ ਹੋਣ ਕਰਕੇ ਇਸ ਦੀ ਖ਼ੁਸ਼ਬੋ ਸੰਸਾਰ ਵਿੱਚ ਆਪਣੀ ਲਿਆਕਤ ਨਾਲ ਫੈਲਾ ਰਿਹਾ ਹੈ। ਉਹ 1973 ਵਿੱਚ ਨੀਦਰਲੈਂਡ ਚਲੇ ਗਏ ਸਨ, ਜਿਥੇ ਉਹ ਕਮਪਿਊਟਰ ਦੀ ਅੰਤਰਾਸ਼ਟਰੀ ਕੰਪਨੀ ਆਈ.ਬੀ.ਐਮ.ਵਿੱਚ 30 ਸਾਲ ਕੰਮ ਕਰਦੇ ਰਹੇ ਹਨ, ਜਿਥੋਂ ਉਹ ਅਕਾਊਂਟਿੰਗ ਅਨੈਲਿਸਟ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੂੰ ਭੁਪਿੰਦਰ ਸਿੰਘ ਹਾਲੈਂਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
  %ਪੰਜਾਬ ਉਤੇ ਅੰਗਰੇਜ਼ਾਂ ਦੇ ਰਾਜ ਹੋਣ ਤੋਂ ਬਾਅਦ ਬਹੁਤ ਸਾਰੇ ਸਿੱਖ ਆਰਥਿਕ ਮਜ਼ਬੂਰੀਆਂ ਕਰਕੇ ਫ਼ੌਜ ਵਿੱਚ ਭਰਤੀ ਹੋ ਗਏ। ਸਿੱਖਾਂ ਨੂੰ ਬਹਾਦਰ ਕੌਮ ਸਮਝਿਆ ਜਾਂਦਾ ਹੈ। ਇਸ ਲਈ ਅੰਗਰੇਜ਼ ਸਰਕਾਰ ਨੇ ਵਧੇਰੇ ਗਿਣਤੀ ਵਿੱਚ ਸਿੱਖਾਂ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ। ਅੰਗਰੇਜ਼ ਉਸ ਸਮੇਂ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਰਾਜ ਕਰ ਰਹੇ ਸਨ। ਆਪਣੀ ਰਾਜ ਸੱਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਵਰਤਣ ਦੀ ਸਕੀਮ ਤਹਿਤ ਪਹਿਲੀ ਅਤੇ ਦੂਜੀ ਸੰਸਾਰ ਵਿੱਚ ਉਤਾਰ ਦਿੱਤਾ। ਜਦੋਂ ਪਹਿਲੀ ਅਤੇ ਦੂਜੀ ਸੰਸਰ ਜੰਗ ਲੱਗੀ ਤਾਂ ਸਿੱਖ ਫ਼ੌਜੀਆਂ ਦੀ ਬਹਾਦਰੀ ਦਾ ਅੰਗਰੇਜ਼ਾਂ ਨੇ ਪੂਰਾ ਲਾਭ ਉਠਾਇਆ। ਦੋਹਾਂ ਜੰਗਾਂ ਵਿੱਚ ਸਿੱਖ ਫ਼ੌਜੀ ਦਲੇਰੀ ਅਤੇ ਬਹਾਦਰੀ ਨਾਲ ਲੜੇ, ਜਿਸ ਤੋਂ ਅੰਗਰੇਜ਼ ਸਰਕਾਰ ਪ੍ਰਭਾਵਤ ਹੋਈ। ਅੰਗਰੇਜ਼ ਸਰਕਾਰ ਨੇ ਸਿੱਖ ਫ਼ੌਜੀਆਂ ਨੂੰ ਸਰਵੋਤਮ ਮਾਨ ਸਨਮਾਨ ਵੀ ਦਿੱਤੇ। ਇਨ੍ਹਾਂ ਦੋਹਾਂ ਜੰਗਾਂ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਫ਼ੌਜੀ ਸ਼ਹੀਦ ਵੀ ਹੋ ਗਏ। ਭੁਪਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੇ ਭਾਰਤ ਵਿੱਚ ਤਾਂ ਕੁਰਬਾਨੀਆਂ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ ਹਨ ਪਰੰਤੂ ਪਰਵਾਸ ਵਿੱਚ ਵੀ ਸਿੱਖਾਂ ਨੇ ਅਗਰੇਜ਼ ਸਰਕਾਰ ਵੱਲੋਂ ਸੰਸਾਰ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਭਾਵੇਂ ਉਸ ਸਮੇਂ ਅੰਗਰੇਜ਼ਾਂ ਨੇ ਮੁੱਲ ਪਾਏ ਪਰੰਤੂ ਇਤਿਹਾਸ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਕਿਸੇ ਇਤਿਹਾਸਕਾਰ ਨੇ ਸਹੀ ਸਥਾਨ ਨਹੀਂ ਦਿੱਤਾ। ਇਸ ਕਰਕੇ ਭੁਪਿੰਦਰ ਸਿੰਘ ਨੇ 1996 ਵਿੱਚ ਇਸ ਖੇਤਰ ਵਿੱਚ ਖੋਜ ਕਾਰਜ ਕਰਨ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਕਈ ਦੇਸ਼ਾਂ ਜਿਨ੍ਹਾਂ ਵਿੱਚ ਇਟਲੀ, ਜਰਮਨੀ, ਰੰਗੂਨ, ਬੈਲਜੀਅਮ ਅਤੇ ਸਿੰਗਾਪੁਰ ਸ਼ਾਮਲ ਹਨ, ਵਿੱਚ ਜਾ ਕੇ ਅਜਿਹੀ ਜਾਣਕਾਰੀ ਇਕੱਤਰ ਕੀਤੀ, ਜਿਸ ਬਾਰੇ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਲਗਾਤਾਰ ਖੋਜ ਕਾਰਜ ਕਰਨ ਤੋਂ ਬਾਅਦ ਉਨ੍ਹਾਂ ਸੰਸਾਰ ਜੰਗ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਦੋ ਪੁਸਤਕਾਂ ਅੰਗਰੇਜ਼ੀ ਵਿੱਚ 'ਪਹਿਲਾ ਸੰਸਾਰ ਯੁੱਧ (1914-18)' ਅਤੇ 'ਦੂਜਾ ਸੰਸਾਰ ਯੁੱਧ (1939-45)' ਪ੍ਰਕਾਸ਼ਤ ਕਰਵਾਈਆਂ, ਜਿਨ੍ਹਾਂ ਨੂੰ ਸਿੱਖਾਂ ਦਾ ਮਿੰਨੀ ਪੁਰਾਤਤਵ ਕਿਹਾ ਜਾ ਸਕਦਾ ਹੈ। ਉਨ੍ਹਾਂ ਇਨ੍ਹਾਂ ਦੋਵੇਂ ਪੁਸਤਕਾਂ ਵਿੱਚ ਸਿੱਖ ਫ਼ੌਜੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਫ਼ੌਜੀ ਕਿਹੜੇ ਸਥਾਨ 'ਤੇ ਕਿਹੋ ਜਹੇ ਹਾਲਾਤ ਵਿੱਚ ਲੜੇ ਅਤੇ ਉਨ੍ਹਾਂ ਨੇ ਕਿਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਪੁਸਤਕਾਂ ਲਈ ਜਾਣਕਾਰੀ ਇਕੱਤਰ ਕਰਨ ਲਈ ਭੁਪਿੰਦਰ ਸਿੰਘ ਨੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ ਅਤੇ ਉਨ੍ਹਾਂ ਦੀਆਂ ਸਰਕਾਰਾਂ ਤੋਂ ਸਿੱਖ ਫ਼ੌਜੀਆਂ ਦਾ ਪੂਰਾ ਰਿਕਾਰਡ ਲੈ ਕੇ ਤੱਥਾਂ ਸਮੇਤ ਪੁਸਤਕਾਂ ਵਿੱਚ ਸ਼ਾਮਲ ਕੀਤਾ। ਇਥੋਂ ਤੱਕ ਕਿ ਉਨ੍ਹਾਂ ਸਾਰੇ ਸ਼ਹੀਦ ਸਿੱਖ ਫ਼ੌਜੀਆਂ ਦੀਆਂ ਕਬਰਾਂ 'ਤੇ ਲੱਗੀਆਂ ਯਾਦਗਾਰੀ ਪਲੇਟਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਮਗਰੀ ਇਕੱਤਰ ਕਰਨ ਨੂੰ ਉਨ੍ਹਾਂ ਨੂੰ 10-12 ਸਾਲ ਲੱਗ ਗਏ। ਇਨ੍ਹਾਂ ਦੋ ਪੁਸਤਕਾਂ ਦੇ ਪ੍ਰਕਾਸ਼ਤ ਹੋਣ ਨਾਲ ਉਨ੍ਹਾਂ ਦੀ ਸਿੱਖ ਜਗਤ ਅਤੇ ਸੰਸਾਰ ਵਿੱਚ ਪ੍ਰਤਿਭਾ ਦੀ ਪ੍ਰਸੰਸਾ ਹੋਈ। ਉਨ੍ਹਾਂ ਦੀਆਂ ਇਹ ਪੁਸਤਕਾਂ ਇਤਿਹਾਸਕ, ਪੁਰਾਤਤਵੀ ਪੱਖੋਂ ਬੇਸ਼ਕੀਮਤੀ ਤੋਹਫ਼ੇ ਹਨ। ਉਨ੍ਹਾਂ ਦਾ ਤੀਜਾ ਮਹੱਤਵਪੂਰਨ ਕੰਮ ਨੀਦਰਲੈਂਡ ਵਿੱਚ ਵਸਦੇ ਸਿੱਖਾਂ ਬਾਰੇ ਖੋਜ ਭਰਪੂਰ ਜਾਣਕਾਰੀ ਹੈ, ਜਿਸ ਨੂੰ 'ਸਿੱਖਾਂ ਦਾ ਪੁਰਾਤਤਵੀ ਅਜਾਇਬ ਘਰ ਆਫ ਹਾਲੈਂਡ' ਕਿਹਾ ਜਾ ਸਕਦਾ ਹੈ। ਬੈਲਜੀਅਮ  ਵਿੱਚ ਉਨ੍ਹਾਂ ਨੂੰ ''ਅਮਬੈਸਡਰ ਆਫ ਪੀਸ ਫਾਰ ਹਿਸਟੌਰੀਕਲ ਸਿਟੀ ਆਫ ਲੀਪਰ'' ਦਾ ਦਰਜਾ ਦਿੱਤਾ ਗਿਆ ਹੈ, ਜਿਥੇ ਸਿੱਖ ਜਵਾਨਾਂ ਨੇ ਦੋ ਸੰਸਾਰ ਜੰਗਾਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੂੰ 31 ਅਕਤੂਬਰ 2019 ਨੂੰ ਉਥੋਂ ਦੀ ਮੇਅਰ ਸ਼੍ਰੀਮਤੀ ਐਮਲੀ ਟੇਪਲ ਅਤੇ ਸ਼੍ਰੀ.ਡਿਮਿਟੀ ਸੀਓਨਨ ਅਲਡਰਮੈਨ ਅਤੇ ਚੇਅਰਮੈਨ 'ਇਨਫਲੈਂਡਰਜ ਫੀਲਡਜ਼ ਅਜਾਇਬ ਘਰ' ਨੇ ਸਾਂਝੇ ਤੌਰ 'ਤੇ ''ਲੈਟਰ ਆਫ ਐਪ੍ਰੀਸੀਏਸ਼ਨ ਐਂਡ ਏ ਗਿਫਟ' ਸ਼ਹਿਰ ਦੇ ਟਾਊਨ ਹਾਲ ਵਿੱਚ ਇਕ ਸਮਾਗਮ ਵਿੱਚ ਪ੍ਰਦਾਨ ਕੀਤਾ। ਇਸ ਤੋਂ ਇਲਾਵਾ 8 ਨਵੰਬਰ 2017 ਨੂੰ ਨਵੀਂ ਦਿੱਲੀ ਵਿਖੇ 'ਇੰਡੀਆ ਇਨ ਫਲੈਂਡਰਜ਼ ਫੀਲਡ' ਨੁਮਾਇਸ਼ ਦੇ ਉਦਘਾਟਨ ਸਮੇਂ ਬੈਲਜੀਅਮ ਦੇ ਰਾਜਾ ਅਤੇ ਰਾਣੀ ਦੇ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ। ਭੁਪਿੰਦਰ ਸਿੰਘ ਵੱਲੋਂ ਸਿੱਖ ਧਰਮ ਦੀ ਕੀਤੀ ਸੇਵਾ ਬਦਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ 2008 ਅਤੇ 2018, ਚੀਫ਼ ਖਾਲਸਾ ਦੀਵਾਨ ਵੱਲੋਂ ਤਰਨਤਾਰਨ ਵਿਖੇ 2014 ਅਤੇ 2018 ਵਿੱਚ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2018 ਵਿੱਚ ਸਨਮਾਨਤ ਕੀਤਾ। ਉਨ੍ਹਾਂ ਨੂੰ 'ਖਾਲਸਾ ਕਾਰਜ ਹੈਰੀਟੇਜ ਅਵਾਰਡ' ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2008, 17 ਤੇ 18 ਵਿੱਚ ਖਾਲਸਾ ਕਾਲਜ ਵਿੱਚ ਸਨਮਾਨਤ ਕੀਤਾ ਗਿਆ ਸੀ। ਇਸੇ ਤਰ੍ਹਾਂ 2014 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਵੀ ਸਨਮਾਨਤ ਕੀਤਾ ਸੀ। ਭੁਪਿੰਦਰ ਸਿੰਘ ਹਾਲੈਂਡ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਯੂਰਪ ਵਿੱਚ ਸ਼ਹੀਦ ਹੋਏ ਫ਼ੌਜੀ ਪਰਿਵਾਰਾਂ ਦੇ ਵਾਰਸਾਂ ਨੂੰ ਇਨ੍ਹਾਂ ਯਾਦਗਾਰਾਂ ਬਾਰੇ ਜਾਣਕਾਰੀ ਮਿਲੀ ਹੈ, ਜਿਸ ਤੋਂ ਸਿੱਖ ਫ਼ੌਜੀਆਂ ਦੇ ਵਾਰਿਸ ਕਾਫੀ ਸੰਤੁਸ਼ਟ ਹਨ। ਜਦੋਂ ਮੈਂ ਆਪਣੇ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਬਾਰੇ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਪੁਸਤਕ ਲਈ ਸਮਗਰੀ ਇਕੱਤਰ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਹਾਲੈਂਡ ਨੇ ਕੱਦੋਂ ਪਿੰਡ ਦੇ ਦੋ ਸ਼ਹੀਦ ਫ਼ੌਜੀ ਜਵਾਨਾ ਦੀਆਂ ਰੰਗੂਨ ਅਤੇ ਸਿੰਗਾਪੁਰ ਵਿਖੇ ਸਥਾਪਤ ਹੋਈਆਂ ਯਾਦਗਾਰਾਂ ਦੀ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ, ਜਿਸ ਬਾਰੇ ਜਾਣਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।
  ਭੁਪਿੰਦਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਮਾਤਾ ਸਰਦਾਰਨੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ 13 ਅਕਤੂਬਰ 1949 ਨੂੰ ਹੋਇਆ। ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1967-72 ਵਿੱਚ ਬੀ.ਐਸ.ਸੀ. ਅਤੇ ਬੀ.ਐਡ. ਦੀਆਂ ਡਿਗਰੀਆਂ ਪਾਸ ਕੀਤੀਆਂ। ਕਾਲਜ ਸਮੇਂ ਉਨ੍ਹਾਂ ਨੂੰ ਫੁਟਬਾਲ ਦਾ ਸਰਵੋਤਮ ਖਿਡਾਰੀ ਐਲਾਨਿਆਂ ਗਿਆ ਸੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਯੂਰਪੀਅਨ ਚੇਅਰਮੈਨ ਹਨ। ਭੁਪਿੰਦਰ ਸਿੰਘ ਨੇ ਯੂਰਪ ਵਿੱਚ ਸਿੱਖ ਵਿਰਾਸਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਯੂਰਪ ਦੇ ਮਹੱਤਵਪੂਰਨ ਸਿੱਖਾਂ ਵਿੱਚ ਉਹ ਬਹੁਤ ਹੀ ਸਤਿਕਾਰ ਵਿਦਵਾਨ, ਪ੍ਰਚਾਰਕ, ਸਮਾਜ ਸੇਵਕ ਅਤੇ ਲੋਕ ਨਾਇਕ ਦੇ ਤੌਰ ਤੇ ਜਾਣੇ ਜਾਂਦੇ ਹਨ। ਇਥੋਂ ਤੱਕ ਕਿ ਡੱਚ ਸਮਾਜ ਲਈ ਮਹੱਤਪੂਰਨ ਕੰਮ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ ਦਿੱਤੇ ਗਏ ਜਿਨ੍ਹਾਂ ਵਿੱਚ 'ਅਮਬੈਸਡਰ ਆਫ਼ ਪੀਸ' ਵਰਣਨਯੋਗ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਵੈਇਛੱਤ ਸੰਸਥਾਵਾਂ ਅਤੇ ਗੁਰੂ ਘਰਾਂ ਵਿੱਚ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਉਹ ਨੀਦਰਲੈਂਡ ਦੇ ਸਿੱਖਾਂ ਦੀ ਇੰਟਰਨੈਸ਼ਨਲ ਮਨੁੱਖੀ ਅਧਿਕਾਰ ਸੰਸਥਾ ਦੇ ਮੁੱਖੀ ਹਨ। ਉਹ ਨਨਕਾਣਾ ਸਾਹਿਬ ਫ਼ਾਊਂਡੇਸ਼ਨ ਵਾਸ਼ਿੰਗਟਨ ਡੀ.ਸੀ.ਦੇ ਮੈਂਬਰ ਹਨ। ਇਸ ਸਮੇਂ ਉਹ ਯੂਰਪ ਵਿੱਚ ਗੁਰੂ ਘਰਾਂ ਨਾਲ ਸੰਪਰਕ ਕਰਕੇ ਫ਼ੌਜੀ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਦੇ ਕੰਮ ਵਿੱਚ ਜੁੱਟੇ ਹੋਏ ਹਨ। ਕੁਝ ਥਾਵਾਂ 'ਤੇ ਇਹ ਯਾਦਗਾਰਾਂ ਸਥਾਪਤ ਵੀ ਹੋ ਚੁੱਕੀਆਂ ਹਨ। ਭੁਪਿੰਦਰ ਸਿੰਘ ਹਾਲੈਂਡ ਵੱਲੋਂ ਯੂਰਪ ਵਿੱਚ ਸਿੱਖ ਫ਼ੌਜੀਆਂ ਦੇ ਯੋਗਦਾਨ ਬਾਰੇ ਕੀਤਾ ਗਿਆ ਕੰਮ ਇਕ ਮੀਲ ਪੱਥਰ ਹੈ। ਅਜਿਹੇ ਕਾਰਜ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਭੁਪਿੰਦਰ ਸਿੰਘ ਹਾਲੈਂਡ ਨੇ ਇਕ ਸੰਸਥਾ ਦੇ ਬਰਾਬਰ ਕੰਮ ਕਰਕੇ ਸਿੱਖ ਜਗਤ ਵਿੱਚ ਨਾਮਣਾ ਖੱਟਿਆ ਹੈ, ਜਿਸ ਕਰਕੇ ਸਿੱਖ ਜਗਤ ਉਨ੍ਹਾਂ ਦਾ ਰਿਣੀ ਹੋਵੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com



ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ - ਉਜਾਗਰ ਸਿੰਘ

ਗੁਰਬਾਣੀ ਦੀ ਵਿਚਾਰਧਾਰਾ ਮਾਨਵਤਾ ਨੂੰ ਨੈਤਿਕ ਜ਼ਿੰਦਗੀ ਜਿਓਣ ਲਈ ਮਾਰਗ ਦਰਸ਼ਨ ਕਰਦੀ ਹੈ। ਇਨਸਾਨ ਗੁਰਬਾਣੀ ਪ੍ਰਤੀ ਸ਼ਰਧਾ ਕਰਕੇ ਉਸ ਦਾ ਪਾਠ ਕਰਦਾ ਹੈ। ਇਹ ਚੰਗਾ ਹੋਵੇਗਾ ਜੇਕਰ ਪਾਠ ਦੇ ਨਾਲ ਇਨਸਾਨ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਫਿਰ ਜ਼ਿੰਦਗੀ ਵਿੱਚ ਉਸ ‘ਤੇ ਅਮਲ ਕਰੇ। ਸਿੱਖ ਧਰਮ ਦੇ ਅਨੁਆਈ ਪਾਠ ਕਰਨ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਹਨ। ਸੁਖਦੇਵ ਸਿੰਘ ਨੇ ‘ਜੀਵਨ ਜੁਗਤਾਂ’ ਪੁਸਤਕ ਪ੍ਰਕਾਸ਼ਤ ਕਰਵਾਕੇ ਮਾਨਵਤਾ ਨੂੰ ਗੁਰਬਾਣੀ ਦੇ ਅਰਥ ਸਰਲ ਸ਼ਬਦਾਂ ਵਿੱਚ ਕਰਕੇ ਦਿੱਤੇ ਹਨ ਤਾਂ ਜੋ ਇਨਸਾਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਸਕੇ। ਸੁਖਦੇਵ ਸਿੰਘ ਗੁਰਮੁੱਖ ਪ੍ਰਾਣੀ ਹੈ। ਗੁਰਬਾਣੀ ਦੇ ਅਰਥ ਕਰਨਾ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਕਿਉਂਕਿ ਅੰਤਰ ਅਵਸਥਾ ਵਿੱਚ ਪਹੁੰਚੇ ਤੋਂ ਬਿਨਾ ਅਰਥ ਸੰਭਵ ਨਹੀਂ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਰਿਹਾ ਹੈ। ਉਸ ਨੇ ਇਕ ਪੁਸਤਕ ‘ਆਤਮਾ ਦੇ ਬੋਲ’ ਪਹਿਲਾਂ ਹੀ ਪ੍ਰਕਾਸ਼ਤ ਕਰਵਾਈ ਹੋਈ ਹੈ। ਜੀਵਨ ਜੁਗਤਾਂ ਉਸ ਦੀ ਦੂਜੀ ਪੁਸਤਕ ਹੈ। ਉਸ ਦਾ ਇਹ ਉਦਮ ਸ਼ਲਾਘਾਯੋਗ ਹੈ। ਇਸ ਪੁਸਤਕ ਵਿੱਚ ਗੁਰਬਾਣੀ ਦੀਆਂ ਪੰਕਤੀਆਂ ‘ਤੇ ਅਧਾਰਤ 117 ਲਘੂ ਨਿਬੰਧ ਹਨ। ਇਨ੍ਹਾਂ ਵਿੱਚੋਂ 86 ਲੇਖ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਉਦਾਹਰਣਾ ਦੇ ਕੇ ਕੀਤੇ ਗਏ ਹਨ। ਬਾਕੀ 31 ਲੇਖ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਵੱਖ-ਵੱਖ ਖੇਤਰਾਂ ਬਾਰੇ ਹਨ। ਹਰ ਲੇਖ ਇਕ ਵਿਚਾਰ ਦੀ ਵਿਆਖਿਆ ਕਰਦਾ ਹੈ। ਅਸਲ ਵਿੱਚ ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾਕੇ ਉਸ ਨੇ ਸਰਲ ਸ਼ਬਦਾਂ ਵਿੱਚ ਉਨ੍ਹਾਂ ਦੀ ਵਿਆਖਿਆ ਕਰਕੇ ਇਨਸਾਨੀਅਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ। ਉਸ ਨੇ ਵਿਆਖਿਆ ਕਰਨ ਸਮੇਂ ਬਰਾਬਰ ਉਦਾਹਰਣਾ ਵੀ ਦਿੱਤੀਆਂ ਹਨ। ਲੇਖਕ ਅਨੁਸਾਰ ਵਾਹਿਗੁਰੂ ਇਨਸਾਨ ਦੇ ਅੰਦਰ ਹੀ ਵਸਦਾ ਹੈ। ਉਹ ਹੀ ਸਾਨੂੰ ਗਿਆਨ ਦਿੰਦਾ ਹੈ। ਸਾਡਾ ਗਿਆਨ ਹਰ ਥਾਂ ਸਾਡਾ ਰਖਵਾਲਾ ਬਣਦਾ ਹੈ। ਬਿਬੇਕ ਬੁੱਧ ਅੰਦਰਮੁਖੀ ਹੁੰਦਾ ਹੈ ਤੇ ਗਿਆਨ ਬਾਹਰਮੁਖੀ ਵੀ ਹੁੰਦਾ ਹੈ। ਇਸ ਲਈ ਸਾਨੂੰ ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਨਹੀਂ ਸਗੋਂ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਗੁਰਬਾਣੀ ਵਿੱਚ ਕਈ ਤੁਕਾਂ ਨੂੰ ਪਾਠਕ ਪੜ੍ਹ ਕੇ ਗ਼ਲਤ ਅਰਥ ਕੱਢਦੇ ਹਨ, ਉਨ੍ਹਾਂ ਆਪਣੇ ਲੇਖਾਂ ਵਿੱਚ ਦੱਸਿਆ ਹੈ ਕਿ ਉਸ ਦੇ ਨਾਲ ਦੀ ਅਗਲੀ ਤੁਕ ਪੜ੍ਹਕੇ ਅਰਥ ਸਮਝਣੇ ਚਾਹੀਦੇ ਹਨ ਤਾਂ ਜੋ ਵਹਿਮ ਭਰਮਾ ਤੋਂ ਖਹਿੜਾ ਛੁਡਾਇਆ ਜਾ ਸਕੇ।  ਗੁਰਬਾਣੀ ਸਰਬਵਿਆਪੀ ਹੈ। ਹਰ ਇਕ ਇਨਸਾਨ ‘ਤੇ ਇਕਸਾਰਤਾ ਨਾਲ ਲਾਗੂ ਹੁੰਦੀ ਹੈ। ਹਰ ਕੰਮ ਕਿਸੇ ਨਿਯਮ ਅਧੀਨ ਹੁੰਦਾ ਹੈ। ਸੰਸਾਰ ਨਿਯਮ ਅਨੁਸਾਰ ਚਲਦਾ ਹੈ। ਗੁਰਬਣੀ ਦੇ ਸਿਰਫ਼ ਸ਼ਬਦੀ ਅਰਥ ਨਾ ਕੱਢੇ  ਜਾਣ ਸਗੋਂ ਉਨ੍ਹਾਂ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦੇ ਸਾਰੇ ਲਘੂ ਲੇਖਾਂ ਵਿੱਚ ਗੁਰਬਾਣੀ ਦੇ ਸ਼ਬਦੀ ਅਰਥਾਂ ਦੀ ਥਾਂ ਭਾਵਨਾ ਨੂੰ ਸਮਝਣ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਕਰਕੇ ਕਈ ਵਾਰ ਦੁਹਰਾਓ ਮਹਿਸੂਸ ਹੁੰਦਾ ਹੈ। ਹਰ ਲੇਖ ਵਿੱਚ ਉਹ ਢੁਕਵੀਂ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਪੁਸਤਕ ਲਿਖਣ ਦੀ ਉਸਦੀ ਭਾਵਨਾ ਹੈ ਕਿ ਕੋਈ ਵੀ ਗੁਰਮੁੱਖ ਗੁਰਬਾਣੀ ਦਾ ਪਾਠ ਕਰਨ ਅਤੇ ਸਮਝਣ ਲੱਗਿਆਂ ਮਨਮਤ ਨਾ ਹੋਵੇ। ਸਗੋਂ ਗੁਰਬਾਣੀ ਦੀ ਭਾਵਨਾ ਅਨੁਸਾਰ ਵਿਵਹਾਰ ਕਰੇ। ਮਨ ਬਾਹਰਮੁਖੀ ਹੁੰਦਾ ਹੈ। ਇਸ ਲਈ ਉਹ ਲਾਲਚ ਵਸ ਹੁੰਦਾ ਹੈ। ਲੇਖਕ ਅਨੁਸਾਰ ਇਨਸਾਨ ਵਿੱਚ ਆਤਮਾ, ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਹੁੰਦੀਆਂ ਹਨ, ਭਾਵ ਸੋਚ ਸ਼ਕਤੀ, ਵਿਚਾਰ ਸ਼ਕਤੀ ਅਤੇ ਕਾਰਜ ਸ਼ਕਤੀ, ਗੁਰਬਾਣੀ ਦਾ ਉਪਦੇਸ਼ ਇਨ੍ਹਾਂ ਦੇ ਆਲੇ ਦੁਆਲੇ ਘੁੰਮਦਾ ਹੈ। ਕਈ ਕਥਾਵਾਚਕ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਕਈ ਸ਼ੰਕੇ ਖੜ੍ਹੇ ਕਰ ਜਾਂਦੇ ਹਨ। ਪੁਜਾਰੀਕਰਨ ਦੀ ਪ੍ਰਵਿਰਤੀ ਭਾਰੂ ਹੋਣ ਨਾਲ ਗੁਰਬਾਣੀ ਦੇ ਸਹੀ ਅਰਥ ਨਹੀਂ ਹੋ ਰਹੇ। ਗੁਰਬਾਣੀ ਕਰਮਕਾਂਡ ਦਾ ਖੰਡਨ ਕਰਦੀ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੰਗਾ ਮਾੜਾ ਜੋ ਇਨਸਾਨ ਕਰਦਾ ਹੈ? ਉਹ ਆਪਣੀ ਵਿਵੇਕ ਬੁੱਧੀ ਦੀ ਵਰਤੋਂ ਕਰਦਿਆਂ ਕਰਦਾ ਹੈ। ਪਰਮਾਤਮਾ ਲਈ ਤਾਂ ਸਾਰੇ ਪ੍ਰਾਣੀ ਬਰਾਬਰ ਹਨ। ਰੱਬ ਹਰ ਇਨਸਾਨ ਦੇ ਅੰਦਰ ਵਸਦਾ ਹੈ। ਇਸ ਦੀ ਪਛਾਣ ਕਰਨੀ ਅਤਿਅੰਤ ਜ਼ਰੂਰੀ ਹੈ। ਰੱਬ ਕੁਦਰਤੀ ਸ਼ਕਤੀ ਹੈ। ਬਾਹਰਮੁੱਖੀ ਪਹਿਰਾਵੇ ਵਾਲਾ ਗੁਰਮੁਖ ਨਹੀਂ ਸਗੋਂ ਚੰਗੇ ਗੁਣਾ ਦਾ ਧਾਰਨੀ ਪੂਰਨ ਸਿੱਖ ਹੈ।  ਰੱਬੀ ਗੁਣਾ ਨੂੰ ਧਾਰਨ ਕਰਨ ਵਾਲਾ ਸਿੱਖ ਹੈ, ਉਸਨੂੰ ਮਾਨਸਿਕ ਪ੍ਰੇਸ਼ਾਨੀ ਨਹੀਂ ਆਵੇਗੀ। ਗੁਰਬਾਣੀ ਮਨ ਅਤੇ ਆਤਮਾ ਲਈ ਹੈ। ਨਕਾਰਤਮਿਕਤਾ ਛੱਡਣ ਨਾਲ ਸੁੱਖ ਮਿਲਦਾ ਹੈ। ਇਨਸਾਨ ਨੂੰ ਸਾਕਾਰਾਤਮਿਕ ਹੋਣਾ ਚਾਹੀਦਾ ਹੈ। ਭਗਤੀ ਮਾਲਾ ਫੇਰਨ, ਮੱਥੇ ਟੇਕਣ ਜਾਂ ਸ਼ਬਦ ਜਪਣ ਨੂੰ ਨਹੀਂ ਕਿਹਾ ਗਿਆ। ਸਦਗੁਣਾ ਤੇ ਅਮਲ ਕਰਨਾ ਭਗਤੀ ਹੈ। ਜਦੋਂ ਭਗਤੀ ਨੂੰ ਲਾਲਚ ਨਾਲ ਜੋੜ ਦਿੰਦੇ ਹਾਂ ਤਾਂ ਨਾ ਲਾਲਚ ਪੂਰਾ ਹੁੰਦਾ ਤੇ ਨਾ ਹੀ ਸ਼ਾਂਤੀ ਮਿਲਦੀ ਹੈ। ਇਹ ਕਰਮਕਾਂਡ ਹਨ।  ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਹਰ ਇੱਕ ਦਾ ਬਿਬੇਕ ਹੀ ਉਸ ਦਾ ਰੱਬ ਹੈ। ਜਿਹੜਾ ਇਨਸਾਨ ਆਪਣੀ ਬਿਬੇਕ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਹ ਕਈ ਵਾਰ ਆਤਮਿਕ ਮੌਤ ਮਰਦਾ ਹੈ। ਜਦੋਂ ਵਿਅਕਤੀ ਰੱਬੀ ਗੁਣਾਂ ਨਾਲ ਜੀਵਨ ਜਿਓਣ ਲੱਗ ਜਾਂਦਾ ਹੈ ਤਾਂ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਜਦੋਂ ਇਨਸਾਨ ਗੁਰਬਾਣੀ ਰਾਹੀਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਲਾਲਚ ਵੱਸ ਪੈ ਜਾਂਦੇ ਹਨ ਤਾਂ ਰਾਹੋਂ ਕੁਰਾਹੇ ਪੈ ਜਾਂਦੇ ਹਨ। ਗੁਰਬਾਣੀ ਵਿੱਚ ਜਦੋਂ ਸ਼ਬਦ ਸੰਤ, ਭਗਤ, ਸਾਧ ਤੇ ਬ੍ਰਹਮਗਿਆਨੀ ਆਦਿ ਆਉਂਦਾ ਹੈ ਤਾਂ ਗੁਣਵਾਚਕ ਸਮਝਣੇ ਚਾਹੀਦੇ ਹਨ, ਵਿਅਕਤੀ ਵਾਚਕ ਨਹੀਂ। ਇਹ ਸ਼ਬਦ ਕਿਰਦਾਰ ਲੲਂੀ ਹਨ, ਪਹਿਰਾਵੇ ਲਈ ਨਹੀਂ। ਧਰਮ ਇਕ ਸੱਚਾ ਸੁੱਚਾ ਕਿਰਦਾਰ ਹੈ। ਕਿਰਦਾਰ ਤੋਂ ਭਾਵ ਰੱਬੀ ਗੁਣਾਂ ਵਾਲੀ ਸੋਚ ਨਾਲ ਵਿਵਹਾਰ ਕਰਨਾ। ਸਾਕਾਰਾਤਮਿਕ ਜ਼ਿੰਦਗੀ ਜਿਓਣ ਨੂੰ ਸਫ਼ਲ ਜਿਓਣਾ ਕਿਹਾ ਜਾਂਦਾ ਹੈ। ਨਾਮ ਸਿਮਰਨ ਨਾਲ ਮਾਨਸਿਕ ਦੁੱਖਾਂ ਦਾ ਖ਼ਤਮਾ ਹੁੰਦਾ ਹੈ। ਸਰੀਰਕ ਦੁੱਖਾਂ ਲਈ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਜਦੋਂ ਇਨਸਾਨ ਭਗਤਾਂ, ਸੰਤਾਂ ਅਤੇ ਬ੍ਰਹਮਵਿਆਨੀਆਂ ਵਾਲੇ ਗੁਣ ਗ੍ਰਹਿਣ ਕਰ ਲਵੇਗਾ ਤਾਂ ਉਹ ਆਪ ਹੀ ਸੰਤ ਬਣ ਜਾਵੇਗਾ। ਗੁਰਬਾਣੀ ਮਨ ਅਤੇ ਆਤਮਾ ਦੀ ਖ਼ੁਰਾਕ ਹੈ, ਮਨ ਤੇ ਆਤਮਾ ਲਈ ਉਪਦੇਸ਼ ਹੈ। ਗੁਰਬਾਣੀ ਗੁਰੂ ਜੀ ਅਤੇ ਰੱਬ ਜੀ ਦਾ ਆਪਸੀ ਵਾਰਤਾਲਾਪ ਹੈ। ਰੱਬੀ ਗੁਣਾਂ ਭਰਪੂਰ ਜ਼ਿੰਦਗੀ ਜਿਓਣ ਨਾਲ ਹੀ ਦੁੱਖ, ਸੰਤਾਪ ਤੇ ਕਲੇਸ਼ ਖ਼ਤਮ ਹੋ ਸਕਦੇ ਹਨ। ਇਹ ਸਭ ਕੁਝ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਭਾਵ ਆਤਮਾ ਦੀ ਸ਼ਾਂਤੀ ਜਾਂ ਸੁੱਖ ਆਪ ਕਮਾਉਣੇ ਪੈਂਦੇ ਹਨ। ਜਦ ਤੱਕ ਰੱਬੀ ਗੁਣਾਂ ਦੇ ਧਾਰਨੀ ਨਹੀਂ ਬਣਾਂਗੇ ਕੋਈ ਲਾਭ ਸੰਭਵ ਨਹੀਂ ਹੋ ਸਕਦਾ। ਗੁਰਬਾਣੀ ਇਨਸਾਨ ਨੂੰ ਸਬਰ ਸੰਤੋਖ ਦਾ ਸੰਦੇਸ਼ ਦਿੰਦੀ ਹੈ, ਸੱਚਾ ਸੁੱਚਾ ਤੇ ਧਰਮੀ ਜੀਵਨ ਜਿਓਣ ਦੀ ਜਾਚ ਸਿਖਾਉਂਦੀ ਹੈ। ਇਸ ਲਈ ਸਿੱਖੀ ਵਿੱਚ ਕਿਸੇ ਵੀ ਮਸਲੇ ਤੇ ਧਾਰਮਿਕ ਸੇਧ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵਸ੍ਰੇਸ਼ਟ ਮੰਨਿਆਂ ਗਿਆ ਹੈ। ਮਨ ਤੇ ਆਤਮਾ ਦੀ ਬੇਚੈਨੀ ਇਨਸਾਨ ਲਈ ਬਿਮਾਰੀ ਦਾ ਕਾਰਨ ਬਣਦੀ ਹੈ। ਇਨਸਾਨ ਪੁਜਾਰੀਵਾਦ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਜੋ ਸਹੀ ਨਹੀਂ। ਕੀਰਤਨਂੀ ਜੱਥਿਆਂ ਅਤੇ ਧਾਰਮਿਕ ਪ੍ਰਚਾਰਕਾਂ ਨੂੰ ਸੰਗਤ ਨੂੰ ਭੁਲੇਖਿਆਂ ‘ਚੋਂ ਬਾਹਰ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸ਼ੁਭ ਕਰਮ ਭਾਵ ਚੰਗੇ ਕੰਮ, ਲੋਕ ਭਲਾਈ, ਲੋੜਵੰਦ ਦੀ ਮਦਦ, ਦੁੱਖੀ ਦਾ ਦੁੱਖ ਵੰਡਾਉਣਾ ਆਦਿ ਸੇਵਾ ਹੈ। ਬਾਕੀ ਸਭ ਕਰਮਕਾਂਡ ਹਨ। ਸਤਿਗੁਰ ਦਿਆਲ ਉਦੋਂ ਹੁੰਦਾ ਹੈ ਜਦੋਂ ਇਨਸਾਨ ਰੱਬੀ ਗੁਣਾਂ ਨਾਲ ਇਕਮਿਕ ਹੋ ਜਾਂਦਾ ਹੈ। ਗੁਰਬਾਣੀ ਅੰਤਰਮੁਖੀ ਮਸਲਿਆਂ ਬਾਰੇ ਗੱਲ ਕਰਦੀ ਹੈ, ਉਹ ਸਾਡੇ ਅੰਦਰਮੁਖੀ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਸਰੀਰਕ ਕਿਰਿਆ ਨਾਲ ਨਹੀਂ ਸਰਨਾ ਮਨ ਅਤੇ ਆਤਮਾ ਨੂੰ ਵੀ ਪਵਿਤਰ ਰੂਪ ਵਿੱਚ ਉਸ ਕਿਰਿਆ ਵਿੱਚ ਸ਼ਾਮਲ ਕਰਨਾ ਹੋਵੇਗਾ।
  ਜੀਵਨ ਜੁਗਤਾਂ ਪੁਸਤਕ ਦਾ ਮੁੱਖ ਕਵਰ ਸਚਿਤਰ ਰੰਗਦਾਰ ਅਤੇ ਦਿਲ ਨੂੰ ਮੋਹਣ ਵਾਲਾ ਹੈ। 220 ਪੰਨਿਆਂ, 280 ਰੁਪਏ ਕੀਮਤ ਵਾਲੀ ਇਹ ਪੁਸਤਕ ਦੇਵਸ਼ੀਲਾ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਭਵਿਖ ਵਿੱਚ ਸੁਖਦੇਵ ਸਿੰਘ ਤੋਂ ਹੋਰ ਸਿਖਿਆਦਾਇਕ ਪੁਸਤਕਾਂ ਲਿਖਣ ਦੀ ਉਮੀਦ ਕਰਦਾ ਹਾਂ। ਇਸ ਪੁਸਤਕ ਲਈ ਵਧਾਈ ਦਿੰਦਾ ਹਾਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ’ ਸਾਹਿਤਕ ਵਿਅੰਗ -   ਉਜਾਗਰ ਸਿੰਘ

ਰਵਿੰਦਰ ਸਿੰਘ ਸੋਢੀ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਹੁਣ ਤੱਕ ਆਲੋਚਨਾ, ਨਾਟਕ, ਜੀਵਨੀ, ਕਵਿਤਾ ਅਤੇ ਸਾਹਿਤ ਦੇ ਹੋਰ ਰੂਪਾਂ ਵਿੱਚ ਇਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਨੇ ਇਕ ਪੁਸਤਕ ਹਿੰਦੀ ਵਿੱਚ ਵੀ ਪ੍ਰਕਾਸ਼ਤ ਕਰਵਾਈ ਹੈ। ਇੱਕ ਅਧਿਆਪਕ ਹੋਣ ਕਰਕੇ ਉਸ ਨੂੰ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੀ ਜਾਣਕਾਰੀ ਹੈ। ਉਨ੍ਹਾਂ ਦਾ ‘ਅੱਧਾ ਅੰਬਰ ਅੱਧੀ ਧਰਤੀ’ ਦੂਜਾ ਕਾਵਿ ਸੰਗ੍ਰਹਿ ਹੈ। ਪਹਿਲਾ ਕਾਵਿ ਸੰਗ੍ਰਹਿ 2008 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਕਾਵਿ ਸੰਗ੍ਰਹਿ ਵਿੱਚ ਜ਼ਿੰਦਗੀ ਦੀਆਂ ਅਟੱਲ ਸਚਾਈਆਂ ‘ਤੇ ਅਧਾਰਤ 160 ਕਾਵਿ ਟੱਪੇ ਹਨ। ਮੇਰੀ ਸੋਚ ਅਨੁਸਾਰ ਕਾਵਿ ਟੱਪਿਆਂ ਦਾ ਇਹ ਨਵਾਂ ਸਾਹਿਤਕ ਰੂਪ ਹੈ। ਹਰ  ਇੱਕ ਟੱਪੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਹਿੱਸੇ ਵਿੱਚ ਵਰਤਮਾਨ ਕਾਨੂੰਨ, ਪਰੰਪਰਾ, ਸਮਾਜਿਕ ਵਿਸੰਗਤੀਆਂ ਬਾਰੇ ਲਿਖਿਆ ਹੈ, ਦੂਜੇ ਹਿੱਸੇ ਵਿੱਚ ਉਸ ‘ਤੇ ਸਮਾਜ ਕੀ ਅਮਲ ਕਰ ਰਿਹਾ ਹੈ, ਉਸ ਨੂੰ ਵਿਅੰਗਾਤਮਿਕ ਢੰਗ ਨਾਲ ਲਿਖਿਆ ਗਿਆ ਹੈ। ਇੱਕ ਕਿਸਮ ਨਾਲ ਸਮਾਜ ਨੂੰ ਵਿਅੰਗ ਰਾਹੀਂ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਇਹ ਕਾਵਿ ਸੰਗ੍ਰਹਿ ਵਿਚਾਰ ਪ੍ਰਧਾਨ ਕਵਿਤਾਵਾਂ ਦਾ ਪੁਲੰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਸੰਵੇਦਨਸ਼ੀਲ ਅਤੇ ਸਰਲ ਸ਼ਬਦਾਵਲੀ ਵਿੱਚ ਲਿਖੀਆਂ ਹੋਈਆਂ ਹਨ। ਲੋਕ ਬੋਲੀ ਵਿੱਚ ਹੋਣ ਕਰਕੇ ਬਹੁਤ ਜਲਦੀ ਸਮਝੀਆਂ ਜਾਂਦੀਆਂ ਹਨ। ਇਕ ਵਿਦਵਾਨ ਅਧਿਆਪਕ ਹੋਣ ਕਰਕੇ ਵਿਚਾਰ ਪ੍ਰਧਾਨ ਕਵਿਤਾ ਲਿਖਣਾ ਕੁਦਰਤੀ ਹੈ। ਉਨ੍ਹਾਂ ਦੀਆਂ ਕਵਿਤਾਵਾਂ ਅਨੁਸਾਰ ਸਮਾਜ ਸਥਾਪਤ ਕਾਨੂੰਨਾਂ ਅਤੇ ਪਰੰਪਰਾਵਾਂ ‘ਤੇ ਪਹਿਰਾ ਦੇਣ ਦੀ ਥਾਂ ਉਲੰਘਣਾ ਕਰ ਰਿਹਾ ਹੈ। ਵੈਸੇ ਤਾਂ ਸਾਰਾ ਹੀ ਕਾਵਿ ਸੰਗ੍ਰਹਿ ਸਮਾਜਿਕ ਤਾਣੇ ਬਾਣੇ ਵਿੱਚ ਫ਼ੈਲੀਆਂ ਬੁਰਾਈਆਂ, ਅਲਾਮਤਾਂ ਬਾਰੇ ਤਿੱਖਾ ਵਿਅੰਗ ਕਰਦਾ ਹੈ ਪਰੰਤੂ ਇਸ ਕਾਵਿ ਸੰਗ੍ਰਹਿ ਦਾ ਪਹਿਲਾ ਹੀ ‘ਲਾਲ ਬੱਤੀ’ ਸਿਰਲੇਖ  ਵਿੱਚ ਲਿਖਿਆ ਕਾਵਿ ਟੱਪਾ ਸਮਾਜਿਕ ਬੁਰਾਈ ਲਈ ਸ਼ਰਮਸਾਰ ਕਰਦਾ ਹੈ। ‘ਗੰਧਲੇ ਰਿਸ਼ਤੇ’ ਸਿਰਲੇਖ ਵਿੱਚ ਕਵੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ ਪਰੰਤੂ ਅਸੀਂ ਤਿੰਨਾਂ ਨੂੰ ਗੰਧਲੇ ਕਰਕੇ ਰਿਸ਼ਤੇ ਵੀ ਗੰਧਲੇ ਕਰ ਦਿੱਤੇ ਹਨ। ਭਾਵ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਵੀ ਮੁਨਕਰ ਹੋ ਗਏ ਹਾਂ। ਇਕ ਪਾਸੇ ਅਖੌਤੀ ਪਤਵੰਤੇ ਆਪਣੀਆਂ ਕਾਰਾਂ ‘ਤੇ ਲਾਲ ਬੱਤੀਆਂ ਲਗਾ ਕੇ ਆਪਣੀ ਹਓਮੈ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਆਤਮਾ ਵੇਚ ਰਹੇ ਹਨ ਪਰੰਤੂ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਵਿੱਚ ਇਸਦੇ ਉਲਟ ਲਾਲ ਬੱਤੀ ਇਲਾਕਿਆਂ ਵਿੱਚ ਸਰੀਰ ਵਿਕ ਰਹੇ ਹਨ।
ਰਾਜ ਦੀ ਰਾਜਧਾਨੀ ਤੋਂ
ਦੇਸ਼ ਦੀ ਰਾਜਧਾਨੀ ਤੱਕ
ਲਾਲ ਬੱਤੀ ਵਾਲੀਆਂ ਕਾਰਾਂ
ਲਾਲ ਬੱਤੀ ਇਲਾਕਿਆਂ ਦੀ ਪੁੱਛ
ਕਿਤੇ ਆਤਮਾ ਵਿਕਾਊ
ਕਿਤੇ ਸਰੀਰ?
   ਕਵੀ ਨੇ ਕਿਤਨਾ ਡੂੰਘਾ ਵਿਅੰਗ ਕਸਿਆ ਹੈ। ਰਵਿੰਦਰ ਸਿੰਘ ਸੋਢੀ ਦੀਆਂ ਇਨ੍ਹਾਂ ਨਿੱਕੀਆਂ-ਨਿੱਕੀਆਂ ਲਗਪਗ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਦਿਲਚਸਪ ਹਨ। ਸਿਰਲੇਖ ਨੂੰ ਪੜ੍ਹਨ ਸਾਰ ਹੀ ਕਵਿਤਾ ਦੀ ਭਾਵਨਾ ਦਾ ਪਤਾ ਲੱਗ ਜਾਂਦਾ ਹੈ। ਕਵੀ ਦੀਆਂ ਕਵਿਤਾਵਾਂ ਦੀ ਵਿਅੰਗਾਤਮਿਕ ਚੋਟ ਬਹੁਤ ਹੀ ਤੀਖਣ ਹੈ ਜੋ ਪਾਠਕਾਂ ਦੇ ਮਨਾਂ ਝੰਜੋੜਦੀ ਹੋਈ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਵੇਖਣ ਅਤੇ ਪੜ੍ਹਨ ਨੂੰ ਇਹ ਕਾਵਿ ਟੱਪੇ ਨਿੱਕੇ ਲਗਦੇ ਹਨ ਪਰੰਤੂ ਇਨ੍ਹਾਂ ਦੇ ਅਰਥ ਅਤੇ ਪ੍ਰਭਾਵ ਬਹੁਤ ਵੱਡੇ ਅਤੇ ਗਹਿਰੇ ਹਨ। ਦੋ ਅਕਤੂਬਰ, ਚੌਦਾਂ ਨਵੰਬਰ ਅਤੇ ਦੀਵਾਲੀ ਆਦਿ ਸਿਰਲੇਖਾਂ ਵਾਲੀਆਂ ਕਵਿਤਾਵਾਂ ਕੌਮੀ ਪੱਧਰ ਤੇ ਮਨਾਏ ਜਾਂਦੇ ਤਿਓਹਾਰਾਂ ਬਾਰੇ ਹਨ। ਅਜਿਹੇ ਤਿਓਹਾਰਾਂ ਦੇ ਸ਼ਾਬਦਿਕ ਅਰਥ ਤੇ ਪ੍ਰਭਾਵ ਭਾਵੇਂ ਕੁਝ ਵੀ ਹੋਣ ਪਰੰਤੂ ਅਸਲੀਅਤ ਇਸ ਦੇ ਉਲਟ ਹੁੰਦੀ ਹੈ। ਰਵਿੰਦਰ ਸਿੰਘ ਸੋਢੀ ਨੇ ਕਮਾਲ ਹੀ ਕਰ ਦਿੱਤੀ ਕਿਉਂਕਿ ਸਮਾਜ ਦੀ ਅਜਿਹੀ ਕੋਈ ਵਿਸੰਗਤੀ ਰਹਿ ਨਹੀਂ ਗਈ ਜਿਸ ਬਾਰੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਿਅੰਗ ਨਾ ਕੀਤਾ ਹੋਵੇ। ਸਰਕਾਰਾਂ ਵਿੱਚ ਵੱਧ ਰਹੇ ਭਰਿਸ਼ਟਾਚਾਰ ਬਾਰੇ ਉਨ੍ਹਾਂ ਨੇ ਮਹੀਨਾ ਵਸੂਲੀ, ਖਾਲੀ ਕੁਰਸੀਆਂ, ਆਪਣੀ ਆਪਣੀ ਖ਼ੁਸ਼ੀ, ਸੇਕ, ਬਿਜਲੀ, ਸੁਧਾਰ ਘਰ ਵਿੱਚ ਹਰ ਕਦਮ ‘ਤੇ ਹੋ ਰਹੇ ਭਰਿਸ਼ਟਾਚਾਰ ਦਾ ਵਿਵਰਣ ਦਿੱਤਾ ਹੈ। ਉਨ੍ਹਾਂ ਸਰਕਾਰ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਿਆ ਹੈ-
ਮਹਿੰਗਾਈ
ਕਾਬੂ ‘ਚ ਨਹੀਂ
ਅਫ਼ਸਰਸ਼ਾਹੀ
ਹੋ ਗਈ ਬੇਲਗ਼ਾਮ
ਸਰਕਾਰ ਸਾਡੀ
ਸ਼ਾਇਦ
ਹੋ ਗਈ ਨਿਲਾਮ
ਭਰਿਸ਼ਟਾਚਾਰ ਬਾਰੇ ਬੇਬਾਕੀ ਨਾਲ ਇਸ ਤੋਂ ਵੱਡੀ ਕਿਹੜਂੀ ਗੱਲ ਕੀਤੀ ਜਾ ਸਕਦੀ ਹੈ। ਭਾਵ ਭਰਿਸ਼ਟਾਚਾਰ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਅਤੇ ਸਰਕਾਰ ਦੀ ਨੀਲਾਮੀ ਹੋਈ ਪਈ ਹੈ। ਇਸੇ ਤਰ੍ਹਾਂ ਭਰਿਸ਼ਟਾਚਾਰ ਬਾਰੇ ਇਕ ਹੋਰ ਕਵਿਤਾ ਅਧਰੰਗ ਵਿੱਚ ਲਿਖਦੇ ਹਨ-
ਰਿਸ਼ਵਤ ਵਿਰੋਧੀ ਅਫ਼ਸਰ
ਰਿਸ਼ਵਤ ਖ਼ੋਰ ਹੋ ਗਿਐ
Ñਲੋਕ-ਰਾਜ ਸਾਡਾ
ਅਧਰੰਗ ਦਾ
ਸ਼ਿਕਾਰ ਹੋ ਗਿਐ
 ਸਮਾਜ ਵਿੱਚ ਵਿਭਚਾਰ ਦੀ ਪ੍ਰਵਿਰਤੀ ਭਾਰੂ ਹੈ। ਵਿਭਚਾਰ ਭਰਿਸ਼ਟਾਚਾਰ ਤੋਂ ਵੀ ਵੱਧ ਖ਼ਤਰਨਾਕ ਕਿਹਾ ਜਾ ਸਕਦਾ ਹੈ, ਜਿਸ ਸੰਬੰਧੀ ਕਵੀ ਨੇ ਘਿਓ-ਖਿਚੜੀ, ਸੂਰਜ ਦੀ ਰੌਸ਼ਨੀ, ਇੰਤਜ਼ਾਰ-1 ਆਦਿ ਕਵਿਤਾਵਾਂ ਵਿੱਚ ਲਿਖਿਆ ਹੈ। ਕਵੀ ਨੇ ਇਸ ਸੰਗ੍ਰਹਿ ਵਿੱਚ 160 ਕਾਵਿ ਟੱਪੇ ਅਤੇ  ਆਦਿਕਾ ਅਤੇ ਅੰਤਿਕਾ ਦੋ ਕਵਿਤਾਵਾਂ ਦਿੱਤੀਆਂ ਹਨ। ਇਹ ਕਾਵਿ ਟੱਪੇ ਇਤਨੇ ਦਿਲਚਸਪ ਅਤੇ ਵਿਅੰਗਾਤਮਿਕ ਹਨ ਕਿ ਪਾਠਕ ਪੂਰਾ ਕਾਵਿ ਸੰਗ੍ਰਹਿ ਪੜ੍ਹੇ ਤੋਂ ਬਿਨਾ ਹਟ ਨਹੀਂ ਸਕਦਾ। ਇਸ ਦੀ ਵਜਾਹ ਇਹ ਹੈ ਕਿ ਅਜੋਕੇ ਹਾਲਾਤ ਵਿੱਚ ਸਮੁੱਚਾ ਸਮਾਜ ਇਨ੍ਹਾਂ ਵਿਸੰਗਤੀਆਂ ਤੋਂ ਪ੍ਰਭਾਵਤ ਅਤੇ ਦੁੱਖੀ ਹੈ। ਰਾਜਨੀਤਕ, ਅਫ਼ਸਰਸ਼ਾਹੀ ਅਤੇ ਸਮਾਜ ਦੇ ਪਤਵੰਤੇ ਲੋਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ। ਇਨ੍ਹਾਂ ਕਾਵਿ ਟੱਪਿਆਂ ਵਿੱਚ ਰਵਿੰਦਰ ਸਿੰਘ ਸੋਢੀ ਨੇ ਇਹੋ ਊਣਤਾਈਆਂ ਨੂੰ ਕਾਵਿਕ ਰੂਪ ਵਿੱਚ ਲਿਖਕੇ ਸਮਾਜ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੇ। ਕੁੜੀਆਂ ਤੇ ਚਿੜੀਆਂ ਕਵਿਤਾ ਸਮਾਜ ਅਤੇ ਖਾਸ ਤੌਰ ‘ਤੇ ਇਸਤਰੀਆਂ ਦੀ ਸੋਚ ਤੇ ਡੂੰਘੀ ਕਟਾਕਸ਼ ਕਰਦੀ ਹੈ। ਇਸ ਕਵਿਤਾ ਵਿੱਚ ਕੁੜੀਆਂ ਨੂੰ ਚਿੜੀਆਂ ਕਹਿਣ ਬਾਰੇ ਕਵੀ ਕਹਿੰਦਾ ਹੈ ਕਿ ਕੁੜੀਆਂ ਨਾਲੋਂ ਚਿੜੀਆਂ ਵਧੇਰੇ ਗੁਣਵਾਨ ਹਨ ਕਿਉਂਕਿ ਉਹ ਆਪਣੇ ਬੱਚਆਂ ਦੀ ਆਪ ਪ੍ਰਵਰਿਸ਼ ਕਰਦੀਆਂ ਹਨ। ਜਦੋਂ ਕਿ ਕੁੜੀਆਂ ਆਪਣੇ ਬੱਚਿਆਂ ਨੂੰ ਕ੍ਰੈਚਾਂ ਦੇ ਸਹਾਰੇ ਛੱਡ ਕੇ ਪਾਲ ਦੀਆਂ ਹਨ। ਭਰੂਣ ਹੰਤਿਆ ਵਿੱਚ ਕੁੜੀਆਂ ਦੇ ਯੋਗਦਾਨ ਬਾਰੇ ਵੀ ਕਵੀ ਚਿੰਤਾ ਪ੍ਰਗਟ ਕਰਦਾ ਲਿਖਦਾ ਹੈ ਕਿ ਉਹ Çਲੰਗ ਟੈਸਟ ਕਰਵਾਉਣ ਨੂੰ ਪਹਿਲ ਦਿੰਦੀਆਂ ਹਨ ਜੋ ਸਹੀ ਸੋਚ ਨਹੀਂ ਹੈ।
ਰਾਜਨੀਤੀ ਸੰਬੰਧੀ ਲੋਕਤੰਤਰ ਦੀ ਚਾਦਰ, ਰਾਜਨੀਤੀ ਅਤੇ ਧਰਮ, ਕੁਰਬਾਨੀ ਦਾ ਮੁੱਲ, ਸ਼ਤਰੰਜ ਦੀ ਖੇਡ,ਲੋਕ ਨੁਮਾਇੰਦੇ, ਲੋਕਾਂ ਦੀਆਂ ਮੁਸੀਬਤਾਂ, ਪ੍ਰਸ਼ਨ-ਉਤਰ, ਦੁਨਿਆਵੀ ਸ਼ਕਤੀ, ਕੁਰਸੀ ਦਾ ਮੋਹ, ਮਹੀਨਾ ਵਸੂਲੀ ਆਦਿ ਕਵਿਤਾਵਾਂ ਰਾਜਨੀਤੀਤਕ ਲੋਕਾਂ ਦੀਆਂ ਆਪ ਹੁਦਰੀਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਕਵੀ ਦੀਆਂ ਕਾਵਿ ਵੰਨਗੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਜਿਵੇਂ, ਦਾਜ ਦਹੇਜ, ਭਰੂਣ ਹੱਤਿਆ, ਭਰਿਸ਼ਟਾਚਾਰ,  ਗ਼ਰੀਬੀ, ਨੈਤਿਕਤਾ, ਹਓਮੈ, ਰਾਜਨੀਤੀ, ਵਿਭਚਾਰ, ਕਾਮ, ਮਹਿੰਗਾਈ, ਵਾਤਾਵਰਨ, ਨਸ਼ੇ, ਪ੍ਰਵਾਸ ਆਦਿ ਹਨ। ਪ੍ਰਵਾਸ ਵਿੱਚ ਵਸਣ ਲਈ ਪੰਜਾਬੀ ਨੈਤਿਕ ਤੌਰ ‘ਤੇ ਇਤਨੇ ਗਿਰ ਗਏ ਹਨ ਕਿ ਉਹ ਆਪਣੇ ਨਜ਼ਦੀਕੀ ਸੰਬੰਧੀਆਂ ਨਾਲ ਹੀ ਵਿਆਹ ਕਰਵਾਉਣ ਤੋਂ ਸੰਕੋਚ ਨਹੀਂ ਕਰਦੇ। ਸ਼ਾਇਰ ਤਿੰਨ ਸ਼ਿਅਰਾਂ ਵਿਅੰਗ ਕਰਦਾ ਲਿਖਦਾ ਹੈ-
ਕਿਹੜੇ ਪੈ ਗਏ ਓ ਚੱਕਰਾਂ ‘ਚ
ਕੱਚੇ-ਪੱਕੇ ਵਿਆਹ ਹੋ ਗਏ
ਬਾਹਰ ਜਾਣ ਦੇ ਚੱਕਰਾਂ ‘ਚ।
 ਨਸ਼ੇ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ। ਕੋਈ ਵਿਰਲਾ ਹੀ ਘਰ ਬਚਿਆ ਹੈ ਜਿਹੜਾ ਨਸ਼ੇ ਤੋਂ ਬਚਿਆ ਹੋਵੇ ਪਰੰਤੂ ਕਵੀ ਉਸਦਾ ਕਾਰਨ ਆਪਣੇ ਇਕ ਸ਼ਿਅਰ ਵਿੱਚ ਦੱਸ ਰਿਹਾ ਹੈ-
ਬਾਗੇ ਵਿੱਚ ਫੁੱਲ ਖਿੜਦਾ
ਪੁਲਿਸ ਦੇ ਨਾਕੇ ਬੜੇ
ਨਸ਼ਾ ਹਰ ਥਾਂ ਆਮ ਮਿਲਦਾ।
  ਇਸੇ ਤਰ੍ਹਾਂ ਪੰਜਾਬ ਵਿੱਚ ਕਾਨੂੰਨਾ ਦੀ ਉਲੰਘਣਾ ਦਾ ਰਾਮ ਰੌਲਾ ਪਿਆ ਹੋਇਆ ਹੈ। ਇਹ ਉਲੰਘਣਾਵਾਂ ਕਿਵੇਂ ਹਟਣਗੀਆਂ ਜਦੋਂ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਹੋਣ-
ਕੋਠੇ ਤੇ ਕਾਂ ਬੋਲੇ
ਕਾਨੂੰਨ ਉਹ ਬਣਾਉਣ ਲੱਗ ਪਏ
ਜਿਨ੍ਹਾਂ ਦਾ ਠਾਣਿਆਂ ‘ਚ ਨਾਂ ਬੋਲੇ।
ਰਵਿੰਦਰ ਸਿੰਘ ਸੋਢੀ ਮੁੱਢਲੇ ਤੌਰ ‘ਤੇ ਨਾਟਕਕਾਰ ਹੈ ਪ੍ਰੰਤੂ ਉਸ ਨੇ ਆਲੋਚਨਾ, ਖੋਜ ਅਤੇ ਕਵਿਤਾ ‘ਤੇ ਵੀ ਹੱਥ ਅਜਮਾਇਆ ਹੈ। ਪਿਛਲੀ ਲਗਪਗ ਅੱਧੀ ਸਦੀ ਤੋਂ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਦੀ ਪਹਿਲੀ ਆਲੋਚਨਾ ਦੀ ਪੁਸਤਕ 1974 ਵਿੱਚ ‘ਨਾਨਕ ਸਿੰਘ ਦੇ ਨਾਵਲਾਂ ਦਾ ਵਸਤੂ ਵਿਵੇਚਨ’ ਆਲੋਚਨਾ ਪ੍ਰਕਾਸ਼ਤ ਕਰਵਾਈ ਸੀ। ਉਸ ਤੋਂ ਬਾਅਦ ਚਲ ਸੋ ਚਲ ‘ਹਿੰਦ ਦੀ ਚਾਦਰ’ ਨਾਟਕ, ‘ਦੋ ਬੂਹਿਆਂ ਵਾਲਾ ਘਰ’, ਨਾਟਕ, ‘ਗੋਗਾ ਕਥਾ ਆਧੁਨਿਕ ਪਰਿਪੇਖ’ ਖੋਜ, ‘ਇੱਕ ਵਿਲੱਖਣ ਸ਼ਖ਼ਸੀਅਤ:ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ’ ਜੀਵਨੀ ਸਹਿ ਲੇਖਕ, ‘ਸੂਰਾ ਸੋ ਪਹਿਚਾਨੀਐ’ ਨਾਟਕ, ‘ਧੰਨਵਾਦ! ਧੰਨਵਾਦ! ਧੰਨਵਾਦ! ’ ਕਵਿਤਾ, ‘ਬੁੱਢੀ ਮੈਨਾ ਦਾ ਗੀਤ’ ਨਾਟਕ, ਸ੍ਰੀ ਜੈਵੰਤ ਦਲਵੀ ਦੇ ਮਰਾਠੀ ਨਾਟਕ ‘ਸੰਧਿਆ ਛਾਇਆ’ ਦਾ ਪੰਜਾਬੀ ਰੂਪ, ‘ਸ੍ਰੀ ਗੁਰੂ ਗ੍ਰੰਥ ਸਾਹਿਬ-ਮੁੱਢਲੀ ਜਾਣਕਾਰੀ’ ‘ਸਿੱਖ ਧਰਮ ਦੀਆਂ ਝਲਕੀਆਂ’, ‘ਜਿਥੇ ਬਾਬਾ ਪੈਰ ਧਰੇ’ ਨਾਟਕ ਅਤੇ ਪਰਵਾਸੀ ਕਲਮਾ ਸੰਪਾਦਿਤ ਪ੍ਰਕਾਸ਼ਤ ਕਰਵਾਈਆਂ ਹਨ।
ਸਚਿਤਰ ਰੰਗਦਾਰ ਮੁੱਖ ਕਵਰ, 94 ਪੰਨਿਆਂ, 290 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ  ਐਵਿਸ ਪਬਲੀਕੇਸ਼ਨਜ਼ ਚਾਂਦਨੀ ਚੌਕ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਰਵਿੰਦਰ ਸਿੰਘ ਸੋਢੀ ਤੋਂ ਹੋਰ ਬਿਹਤਰੀਨ ਵਿਅੰਗਾਤਮਿਕ ਕਾਵਿ ਸੰਗ੍ਰਹਿ ਦੀ ਆਸ ਕੀਤੀ ਜਾ ਸਕਦੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ 'ਰੂਹ ਦੇ ਰੰਗ' ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ


  ਗ਼ਜ਼ਲ ਨੂੰ ਹੁਣ ਤੱਕ ਰੁਮਾਂਸਵਾਦ ਵਿੱਚ ਪਰੁਚੀ ਇਸਤਰੀਲਿੰਗ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਗ਼ਜ਼ਲ ਵਿੱਚ ਵੀ ਬਹੁਤੀਆਂ ਗ਼ਜ਼ਲਾਂ ਇਸਤਰੀ ਅਤੇ ਰੁਮਾਂਸਵਾਦ ਦੇ ਆਲੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਸਮੇਂ ਦੀ ਤਬਦੀਲੀ ਨਾਲ ਗ਼ਜ਼ਲ ਦਾ ਵਿਸ਼ਾ ਵਸਤੂ ਅਤੇ ਰੂਪ ਰੇਖਾ ਬਦਲ ਗਈ ਹੈ, ਭਾਵੇਂ ਰੁਮਾਂਸਵਾਦ ਦੀ ਪ੍ਰਵਿਰਤੀ ਅਜੇ ਵੀ ਅੰਸ਼ਕ ਰੂਪ ਵਿੱਚ ਬਰਕਰਾਰ ਹੈ। ਡਾ.ਹਰਬੰਸ ਕੌਰ ਗਿੱਲ ਨੇ ਵਾਰਤਕ ਦੀਆਂ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹੋਈਆਂ ਹਨ ਪਰੰਤੂ 'ਰੂਹ ਦੇ ਰੰਗ' ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। 'ਰੂਹ ਦੇ ਰੰਗ' ਦੀਆਂ ਗ਼ਜ਼ਲਾਂ ਸਮਾਜਿਕਤਾ, ਰੁਮਾਂਸਵਾਦ ਅਤੇ ਅਧਿਆਮਿਕਤਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਸ਼ਾਇਰਾ ਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਆ ਰਹੀ ਹੈ ਕਿਉਂਕਿ ਡਾ.ਹਰਬੰਸ ਕੌਰ ਗਿੱਲ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਪਿੱਠਭੂਮੀ ਪੰਜਾਬੀ ਵਿਰਾਸਤ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਿਅਰ ਵਗਦੇ ਦਰਿਆ ਦੇ ਪਾਣੀ ਦੇ ਵਹਿਣ ਦੀ ਤਰ੍ਹਾਂ ਵਹਿੰਦੇ ਹੋਏ ਪਾਠਕ ਦੇ ਮਨ ਵਿੱਚ ਅਜਿਹੀਆਂ ਛੱਲਾਂ ਉਛਾਲਦੇ ਹਨ, ਜਿਹੜੀਆਂ ਸੰਗੀਤ ਦੀਆਂ ਸੁਰਾਂ ਪੈਦਾ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਰੋਜ ਮਰਰ੍ਹਾ ਦੇ ਜੀਵਨ ਵਿੱਚ ਜੋ ਕੁਝ ਵਾਪਰਦਾ ਹੈ, ਉਸਦੇ ਪ੍ਰਭਾਵ ਦਾ ਪ੍ਰਤੱਖ ਪ੍ਰਮਾਣ ਡਾ.ਗਿੱਲ ਦੀਆਂ ਗ਼ਜ਼ਲਾਂ ਵਿੱਚੋਂ ਮਿਲਦਾ ਹੈ। ਖਾਸ ਤੌਰ 'ਤੇ ਜੋ ਘਟਨਾਵਾਂ ਸਮਾਜ ਵਿੱਚ ਵਾਪਰਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਸਮੁੱਚੀ ਮਾਨਵਤਾ ਦੇ ਜੀਵਨ 'ਤੇ ਗਹਿਰਾ ਅਸਰ ਪਾਉਂਦਾ ਹੈ, ਉਹ ਸ਼ਾਇਰਾ ਦੇ ਸ਼ਿਅਰਾਂ ਦਾ ਪਹਿਰਾਵਾ ਪਹਿਨ ਕੇ ਸਮਾਜ ਨੂੰ ਝੰਜੋੜਦੀਆਂ ਹਨ। ਉਹ ਪੰਜਾਬੀ ਜੀਵਨ ਵਿੱਚ ਵਰਤੀ ਜਾਂਦੀ ਲੋਕਧਾਰਾ ਵਾਲੀ ਵਿਰਾਸਤੀ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਪੰਜਾਬ ਵਿੱਚ ਡਾ.ਹਰਬੰਸ ਕੌਰ ਗਿੱਲ ਨੇ ਬਚਪਨ ਤੋਂ ਪ੍ਰੌੜ੍ਹ ਉਮਰ ਤੱਕ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਜੋ ਕੁਝ ਵੇਖਿਆ, ਮਹਿਸੂਸ ਕੀਤਾ ਅਤੇ ਹੰਢਾਇਆ, ਉਸ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਵਸਤੂ ਬਣਾਇਆ ਹੈ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਗ਼ਜ਼ਲ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਜਿਹਾ ਹੱਥ ਅਜਮਾਇਆ ਜੋ ਗ਼ਜ਼ਲਾਂ ਨੂੰ ਵਿਲੱਖਣਤਾ ਦਾ ਜਾਮਾ ਪਹਿਨਾ ਗਿਆ। ਆਮ ਤੌਰ 'ਤੇ ਹਰ ਸ਼ਾਇਰ ਕਚਘਰੜ ਜਿਹੀ ਸਾਹਿਤਕ ਉਮਰ ਵਿੱਚ ਹੀ ਗ਼ਜ਼ਲ ਲਿਖਣ ਨੂੰ ਤਰਜ਼ੀਹ ਦੇਣ ਲੱਗ ਜਾਂਦਾ ਹੈ। ਡਾ.ਗਿੱਲ ਨੇ ਪੱਕੇ ਪੈਰੀਂ ਹੱਥ ਪਾਇਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ, ਗ਼ਜ਼ਲ ਦੇ ਮਾਪ ਦੰਡਾਂ 'ਤੇ ਪੂਰੀਆਂ ਉਤਰਦੀਆਂ ਹਨ। ਉਨ੍ਹਾਂ ਦੀ ਲਗਪਗ ਹਰ ਗ਼ਜ਼ਲ ਵਿੱਚ ਘੱਟੋ ਘੱਟ ਦੋ ਸ਼ਿਅਰ ਸਮਾਜ ਵਿੱਚ ਵਾਪਰ ਰਹੀਆਂ ਸੁਖਾਵੀਂਆਂ/ਅਣਸੁਖਾਵੀਆਂ ਘਟਨਾਵਾਂ ਅਤੇ ਜ਼ੋਰ ਜ਼ਬਰਦਸਤੀਆਂ ਬਾਰੇ ਹਨ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੁੰਦੀ ਹੈ। ਰੁਮਾਂਟਿਕ ਗ਼ਜ਼ਲਾਂ ਵਿੱਚ ਵੀ ਸਮਾਜਵਾਦ ਦੀ ਝਲਕ ਵਿਖਾਈ ਦਿੰਦੀ ਹੈ। ਸ਼ਾਇਰਾ ਨੇ ਗ਼ਜ਼ਲ ਨੂੰ ਰੂਹਾਨੀ ਰੂਪ ਵੀ ਦਿੱਤਾ ਹੈ, ਜਿਸ ਦਾ ਸਬੂਤ ਉਨ੍ਹਾਂ ਦੀ ਪਹਿਲੀ ਗ਼ਜ਼ਲ ਹੀ ਹੈ, ਜਿਸ ਵਿੱਚ ਉਹ ਅਧਿਆਮਿਕਤਾ ਦਾ ਪ੍ਰਗਟਾਵਾ ਕਰਦੀ ਹੈ। ਮੇਰੇ ਖਿਆਲ ਮੁਤਾਬਕ ਡਾ.ਹਰਬੰਸ ਕੌਰ ਗਿੱਲ ਪਹਿਲੀ ਗ਼ਜ਼ਲਗੋ ਹੈ, ਜਿਨ੍ਹਾਂ ਨੇ ਅਧਿਆਤਮਿਕ ਰੰਗ ਦੇ ਗਲੇਫ ਵਿੱਚ ਲਪੇਟ ਕੇ ਗ਼ਜ਼ਲ ਲਿਖੀ ਹੈ। ਉਹ ਲਿਖਦੇ ਹਨ-
                 ਨਿਰਭਉ ਨਿਰਵੈਰ ਦਾ ਜਿਸ ਵਿੱਚ ਪਸਾਰਾ ਹੋ ਗਿਆ,
                 ਓਸ ਦਾ ਸੰਸਾਰ ਫਿਰ ਸਾਰੇ ਦਾ ਸਾਰਾ ਹੋ ਗਿਆ।
                 ਵੈਰ, ਨਫ਼ਰਤ, ਬੇਵਿਸਾਹੀ ਖੰਭ ਲਾ ਕੇ ਉਡ ਗਏ,
                 ਨਾਮ ਦੀ ਬਰਕਤ 'ਚ ਮੇਰਾ ਹਰ ਸਿਤਾਰਾ ਹੋ ਗਿਆ।
   ਡਾ.ਹਰਬੰਸ ਕੌਰ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ੇ ਬਹੁ-ਰੰਗੀ, ਬਹੁ-ਪਰਤੀ ਅਤੇ ਬਹੁ-ਪੱਖੀ ਹਨ। ਸਮਾਜ ਵਿੱਚ ਵਾਪਰ ਰਹੀ ਹਰ ਵਿਸੰਗਤੀ ਦੇ ਵਿਰੁੱਧ ਉਨ੍ਹਾਂ ਆਪਣੀਆਂ ਗ਼ਜ਼ਲਾਂ ਵਿੱਚ ਆਵਾਜ਼ ਉਠਾਈ ਹੈ। ਸ਼ਾਇਰਾ ਨੇ ਬਲਾਤਕਾਰ, ਰਾਜਨੀਤਕ ਤਿਗੜਮਬਾਜ਼ੀ,  ਹਓਮੈ, ਗ਼ਰੀਬ ਅਮੀਰ ਦਾ ਪਾੜਾ, ਵਿਖਾਵਾ, ਮਖੌਟੇਬਾਜ਼ੀ, ਨਫ਼ਰਤ, ਦਗ਼ਾ-ਫ਼ਰੇਬ, ਝੂਠ ਦਾ ਪਸਾਰਾ, ਕੁਦਰਤ, ਵਾਤਾਵਰਨ, ਪ੍ਰਦੂਸ਼ਨ ਦਾਜ-ਦਹੇਜ ਅਤੇ ਇਸਤਰੀਆਂ ਨੂੰ ਸਾੜ ਕੇ ਮਾਰਨ ਨੂੰ ਵਿਸ਼ਾ ਬਣਾਇਆ ਹੈ। ਲੋਕਾਈ ਦਾ ਦੁੱਖ ਦਰਦ ਉਨ੍ਹਾਂ ਦੀ ਮਾਨਸਿਕਤਾ ਨੂੰ ਕੁਰੇਦਦਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਨੇ ਲੋਕਾਂ ਦੀ ਦੁੱਖਦੀ ਰਗ 'ਤੇ ਹੱਥ ਰੱਖਿਆ ਹੈ। ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗ੍ਰਤ ਕਰਨ ਲਈ ਉਹ ਤੁਣਕੇ ਲਗਾਉਂਦੀ ਰਹਿੰਦੀ ਹੈ।
                      ਓਸ ਨੂੰ ਦੁਨੀਆਂ ਦੇ ਅੰਦਰ ਹੱਕ ਨਹੀਂ ਹੈ ਜੀਣ ਦਾ,
                     ਜਿਸ ਨੇ ਸਿਰ ਆਪਣਾ ਤਲੀ ਉੱਤੇ ਨਾ ਧਰ ਕੇ ਦੇਖਿਆ।
  ਪਰਵਾਸ ਵਿੱਚ ਬੱਚਿਆਂ ਦੇ ਜਾਣ ਨਾਲ ਮਾਪਿਆਂ ਦੀ ਅਣਵੇਖੀ ਹੋ ਰਹੀ ਹੈ। ਇਸ ਦੇ ਸੰਤਾਪ ਦਾ ਜ਼ਿਕਰ ਵੀ ਕਵਿਤਰੀ ਆਪਣੀਆਂ ਗ਼ਜ਼ਲਾਂ ਵਿੱਚ ਕਰਦੀ ਹੈ। ਉਹ ਲੋਕਾਂ ਨੂੰ ਮਿਹਨਤ ਮੁਸ਼ੱਕਤ ਕਰਨ ਦੀ ਪ੍ਰੇਰਨਾ ਕਰਦੀ ਹੋਈ ਸਲਾਹ ਦਿੰਦੀ ਹੈ ਕਿ ਮੁਕੱਦਰਾਂ 'ਤੇ ਵਿਸ਼ਵਾਸ਼ ਕਰਨ ਵਾਲੇ ਪਛੜ ਜਾਂਦੇ ਹਨ। ਇਕ ਗ਼ਜ਼ਲ ਵਿੱਚ ਲਿਖਦੀ ਹੈ-
        ਐਵਰੈਸਟ ਕਦੇ ਵਿਆਹੀ ਨਾ ਜਾਂਦੀ, ਜੇ ਹਿੰਮਤ ਨੇ ਸਿਹਰੇ ਸਜਾਏ ਨਾ ਹੁੰਦੇ।
  ਆਪਣੀ ਇਕ ਹੋਰ ਗ਼ਜ਼ਲ ਵਿੱਚ ਰੁੱਤਾਂ ਦੀ ਕਹਾਣੀ ਦਾ ਜ਼ਿਕਰ ਕਰ ਰਹੇ ਹਨ, ਜਿਸ ਦਾ ਭਾਵ ਹੈ ਕਿ ਜਿਸ ਇਨਸਾਨ ਨਾਲ ਜਦੋਂ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੀ ਤਕਲੀਫ਼ ਬਾਰੇ ਉਹ ਹੀ ਜਾਣ ਸਕਦਾ ਹੈ। ਜ਼ਿੰਦਗੀ ਦੁੱਖ ਸੁੱਖ ਦਾ ਦੂਜਾ ਨਾਮ ਹੈ। ਮਨੁੱਖ ਦੇ ਅੰਦਰ ਹੀ ਸਭ ਕੁਝ ਹੈ ਪਰੰਤੂ ਮਨੁੱਖ ਬਾਹਰ ਭਟਕਦਾ ਰਹਿੰਦਾ ਹੈ। ਗੁੱਸਾ, ਨਕਲੀ ਹਾਸਾ, ਹੁਸਨ-ਜਵਾਨੀ, ਬੇਫ਼ਾਈ, ਧੋਖਾ, ਹਓਮੈ ਅਤੇ ਆਪੋ ਧਾਪੀ ਸਭ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ। ਡਾ.ਹਰਬੰਸ ਕੌਰ ਗਿੱਲ ਦਾ ਪਿਛੋਕੜ ਦਿਹਾਤੀ ਇਲਾਕੇ ਦਾ ਹੈ, ਇਸ ਲਈ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਕਿਸਾਨੀ ਦੀ ਦੁਰਦਸ਼ਾ ਅਤੇ ਕਿਸਾਨਾ ਦੇ ਬੱਚਿਆਂ ਵੱਲੋਂ ਖੇਤੀ ਕਰਨ ਤੋਂ ਪਾਸਾ ਵੱਟਣ ਦੀ ਚਿੰਤਾ ਸਾਫ ਵਿਖਾਈ ਦਿੰਦੀ ਹੈ ਜਦੋਂ ਉਹ ਆਪਣੇ ਸ਼ਿਅਰਾਂ ਵਿੱਚ ਲਿਖਦੀ ਹੈ-
                         'ਖੇਤੀ ਖਸਮਾਂ ਸੇਤੀ' ਇਹ ਗੱਲ ਸੱਚੀ ਹੈ,
                         ਪਰ ਇਕ ਗੇੜਾ ਖੇਤਾਂ ਵਲ ਵੀ ਲਾਇਆ ਕਰ।
                         ਉਮਰ ਭਰ ਜਿਸ ਸ਼ਖ਼ਸ ਨੇ ਨਾ ਕੰਮ, ਕਰਕੇ ਦੇਖਿਆ,
                          ਕੁਝ ਨਹੀਂ ਉਹ, ਜਿਸ ਨਹੀਂ ਸੜ ਕੇ ਜਾਂ ਠਰ ਕੇ ਦੇਖਿਆ।
                           ਇਹ ਸਚਾਈ ਹੈ ਕਿ ਉਹ ਜ਼ਰਖ਼ੇਜ਼ ਹੋ ਸਕਦੀ ਨਹੀਂ,
                            ਜਿਹੜੀ ਮਿੱਟੀ ਨੇ ਨਹੀਂ ਮੀਂਹਾਂ 'ਚ ਖ਼ਰ ਕੇ ਦੇਖਿਆ।
                            ਜੰਮਣੋਂ ਪਹਿਲਾਂ ਹੀ ਉਹ ਫ਼ਸਲਾਂ ਮਰ ਜਾਵਣ,
                            ਜੇਕਰ ਬੱਦਲ ਜਲ ਥਲ ਆ ਮੂੰਹਜ਼ੋਰ ਕਰੇ।
  ਕਵਿਤਰੀ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੀ ਹੋਈ ਆਪਣੀਆਂ ਗ਼ਜ਼ਲਾਂ ਵਿੱਚ ਲਿਖਦੀ ਹੈ ਕਿ ਹੁਣ ਕੁੜੀਆਂ ਚਿੜੀਆਂ ਨਹੀਂ ਰਹੀਆਂ। ਉਹ ਬੇਬਸ ਨਹੀਂ ਹਨ। ਉਹ ਜ਼ੁਲਮ ਦੇ ਵਿਰੁੱਧ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨਗੀਆਂ-
                          ਦੱਸੋ, ਆਵਾਰਾ ਸਾਨ੍ਹਾਂ ਨੂੰ, ਹੁਣ ਕਦ ਨੱਥਾਂ ਪੈਣਗੀਆਂ?
                          ਕਦ ਤਕ ਬਾਜ਼ਾਂ ਕੋਲੋਂ, ਡਰਦੀਆਂ ਰਹਿਣਗੀਆਂ?
                          ਕਦ ਤੀਕਰ ਕਲੀਆਂ ਦੀ ਅਸਮਤ ਲੁੱਟੀ ਜਾਵੇਗੀ?
                           ਨਵੀਆਂ ਨਸਲਾਂ ਆਉਂਦੇ ਕੱਲ੍ਹ ਸਾਨੂੰ ਕੀ ਕਹਿਣਗੀਆਂ?
                           ਚਿੜੀਆਂ ਦਸਮੇਸ਼ੀ ਮਤਾ ਪਕਾਇਆ, ਬਾਜ਼ਾਂ ਸੰਗ ਲੜਨਾ,
                            ਅੱਜ ਦੀਆਂ ਚਿੜੀਆਂ ਹੁਣ ਨਾ, ਜ਼ੁਲਮਾਂ ਤਾਈਂ ਸਹਿਣਗੀਆਂ।
  ਸ਼ਾਇਰਾ ਨੇ ਆਪਣੀਆਂ ਕਈ ਗ਼ਜ਼ਲਾਂ ਵਿੱਚ ਸਿਆਸਤਦਾਨਾ ਦੀਆਂ ਆਪਹੁਦਰੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਹੈ। ਰਾਜਨੀਤਕ ਲੋਕਾਂ ਦੇ ਕਿਰਦਾਰਾਂ ਤੇ ਕਿੰਤੂ ਪ੍ਰੰਤੂ ਕਰਦੀ ਸ਼ਇਰਾ ਲਿਖਦੀ ਹੈ ਕਿ ਸਿਆਸਤਦਾਨ ਵੋਟਾਂ ਦੀ ਖ਼ਾਤਰ ਡੇਰੇਦਾਰਾਂ ਦੇ ਚਕਰਾਂ ਵਿੱਚ ਪੈ ਕੇ ਵੋਟਾਂ ਵਟੋਰਦੇ ਹਨ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਬਣ ਗਏ ਹਨ। ਨੌਜਵਾਨੀਂ ਨੂੰ ਨਸ਼ਿਆਂ ਵਿੱਚ ਲਗਾਉਣ ਦੇ ਉਹ ਜ਼ਿੰਮੇਵਾਰ ਹਨ-
                     ਬਣੇ ਮਾਲਿਕ ਜਿੱਤਾਂ ਹਾਰਾਂ ਦੇ, ਦੇਖ ਸਾਧਾਂ ਦੇ ਜੋ ਡੇਰੇ ਨੇ,
                     ਹੁਣ ਸਰਕਾਰੂ ਕੁਝ ਨਹੀਂ ਰਹਿਣਾ, ਅਡਾਨੀਆਂ ਪਾਏ ਘੇਰੇ ਨੇ।
                     ਲੀਡਰ ਪੂਰੀ ਬੋਤਲ ਪੀ ਕੇ, ਪਿੰਡ ਨਸ਼ੇ ਤੋਂ ਮੁਕਤ ਕਰਾ ਗਿਆ।
                      ਉਹ ਬਖ਼ਸ਼ਣ ਦੇ ਕਾਬਿਲ ਨਹੀਂਓਂ, ਜੋ ਸਾਨੂੰ ਚਿੱਟੇ 'ਤੇ ਜੋ ਲਾ ਗਿਆ।
                       ਇਸ ਨੇ ਦਿੱਤੀ ਮਾਰ ਜਵਾਨੀ, ਠੇਕਾ ਪਿੰਡ ਮੇਰੇ ਨੂੰ ਖਾ ਗਿਆ।
  ਡਾ.ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪਿਆਰ ਮੁਹੱਬਤ ਨੂੰ ਘਾਟੇ ਦਾ ਸੌਦਾ ਕਹਿ ਰਹੇ ਹਨ ਕਿਉਂਕਿ ਲੋਕ ਮਖੌਟੇ ਪਾਈ ਫਿਰਦੇ ਹਨ-
                         ਉਹ ਖ਼ੁਸ਼ਬੂ ਖ਼ੁਸ਼ਬੂ ਹੋ ਜਾਂਦੈ, ਜੋ 'ਮੈਂ' ਨੂੰ ਮਾਰ ਮੁਕਾਉਂਦਾ ਏ।
                         ਇਸ਼ਕ ਦਾ ਸੌਦਾ ਅਵੱਲਾ, ਨਾ ਨਫ਼ਾ ਹੈ ਏਸ ਵਿੱਚ,
                         ਜਿਸ ਨੇ ਨਿਹੁੰ ਲਾਇਆ ਵਿਚਾਰਾ ਸ਼ਖ਼ਸ ਹੋ ਬੇਘਰ ਗਿਆ।
                          ਇਸ਼ਕ ਵੀ ਹੁੰਦਾ ਹੈ ਬੀਮਾਰੀ, ਖਾ ਕੇ ਮਾਰ ਸਮਝ ਵਿੱਚ ਆ ਗਿਆ।
                          ਪਰਦੇ ਉਹਲੇ ਸ਼ਕਲ ਲੁਕਾਈ ਹੈ ਸਭ ਨੇ,
                          ਕਿੰਝ ਪਛਾਣਾਂ, ਖੋਟੇ ਹਨ ਕੌਣ ਖ਼ਰੇ?
                               ਹੈ ਦਰਿਆ ਅੱਗ ਦਾ ਇਹ ਇਸ਼ਕ ਸੱਚਮੁਚ ਹੀ,
                               ਮਗਰ ਉਤਰਨ ਸਮੇਂ ਕਿਹੜਾ ਵਿਚਾਰਦਾ।
    ਕਵਿਤਰੀ ਲੋਕਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਮਰਕੱਸੇ ਕਸਣ  ਦੀ ਤਾਕੀਦ ਕਰਦੀ ਹੈ। ਹਿੰਮਤ ਅਤੇ ਜਦੋਜਹਿਦ ਕਰਨ ਤੋਂ ਬਿਨਾ ਸਫਲਤਾ ਨਹੀਂ ਮਿਲਦੀ ਇਸ ਲਈ ਉਹ ਲਿਖਦੀ ਹੈ-
                      ਬੇਦਰਦੀ ਰੁੱਤ ਹੈ, ਖ਼ੁਦ ਨੂੰ ਇਸਪਾਤ ਬਣਾਉਣਾ ਪੈਣਾ ਏਂ।
                      ਹੁਣ ਸਾਨੂੰ ਹੱਕ ਲੈਣ ਲਈ, ਕੁਝ ਜ਼ੋਰ ਲਗਾਉਣਾ ਪੈਣਾ ਏਂ।
                      ਚੇਤੇ ਰੱਖੀਂ, ਕੱਚੇ ਘਰ ਹੁਣ ਮਹਿਲਾਂ ਨੂੰ ਵੰਗਾਰਨਗੇ,
                      ਮਹਿਲਾਂ ਨੂੰ ਇਹਨਾ ਦੇ ਸਿਰ 'ਤੇ, ਤਾਜ ਸਜਾਉਣਾ ਪੈਣਾ ਏਂ।
                      ਏਥੇ ਤਾਂ ਤਕੜਾ ਮਾੜੇ ਨੂੰ, ਮੁੱਢ ਤੋਂ ਹੀ ਧਮਕਾਉਂਦਾ ਹੈ,
                      ਹੁਣ ਦਾਤਰ, ਖੁਰਪੇ, ਕਹੀਆਂ ਨੂੰ, ਹਥਿਆਰ ਬਣਾਉਣਾ ਪੈਣਾ ਏਂ।
  ਸਚਿਤਰ ਰੰਗਦਾਰ ਮੁੱਖ ਕਵਰ, 104 ਪੰਨਿਆਂ, 86 ਗ਼ਜ਼ਲਾਂ ਅਤੇ 295 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ:ਐਸ.ਏ.ਐਸ.ਨਗਰ ਮੋਹਾਲੀ/ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਕਵਿਤਰੀ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਕਾਮਨਾ ਕੀਤੀ ਜਾ ਸਕਦੀ ਹੈ।
                                                   ????? ?????? ??? ????? ???????
                                                                                                              ??????-94178 13072
                                                                                                          ujagarsingh48@yahoo.com  

ਜਸਮੇਰ ਸਿੰਘ ਹੋਠੀ ਦੀ ‘ਸਤ ਵਾਰ’  ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ ਪੁਸਤਕ - ਉਜਾਗਰ ਸਿੰਘ

ਜਸਮੇਰ ਸਿੰਘ ਸੇਠੀ ਬਰਤਾਨੀਆਂ ਦੇ ਬਰਮਿੰਘਮ ਸ਼ਹਿਰ ਵਿੱਚ ਵਸੇ ਹੋਏ ਪੰਜਾਬੀ ਦੇ ਸਿਰਮੌਰ ਲੇਖਕ ਹਨ, ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਇਨਸਾਨ ਹਨ। ਹੁਣ ਤੱਕ ਉਨ੍ਹਾਂ ਦੀਆਂ 6 ਪੰਜਾਬੀ ਅਤੇ 3 ਹਿੰਦੀ ਵਿੱਚ ਨਿਵੇਕਲੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਸਤ ਵਾਰ’ ਪੁਸਤਕ ਭਾਰਤੀਆਂ, ਪੰਜਾਬੀਆਂ ਅਤੇ ਖਾਸ ਤੌਰ ‘ਤੇ ਨਾਨਕ ਨਾਮ ਲੇਵਾ ਸੰਗਤ ਲਈ ਅਦਭੁਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿੱਚ 7 ਦਿਨ  ਐਤਵਾਰ ਤੋਂ ਸਨਿਚਰਵਾਰ ਅਤੇ 7 ਗ੍ਰਹਿਾਂ ਸੂਰਜ, ਚੰਦਰਮਾ, ਮੰਗਲ, ਬੁਧ, ਬ੍ਰਸਪਤੀ ਗੁਰੂ, ਸ਼ੁਕਰ ਅਤੇ ਸ਼ਨੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਹੋਈ ਹੈ ਜੋ ਕਿ ਸਿੱਖ ਧਰਮ ਦੇ ਮੁੱਦਈਆਂ ਨੂੰ ਵਹਿਮਾ ਭਰਮਾ ਤੋਂ ਦੂਰ ਰਹਿਣ ਸੰਬੰਧੀ ਵਿਲੱਖਣ ਜਾਣਕਾਰੀ ਦਿੰਦੀ ਹੈ। ਇਹ ਪੁਸਤਕ ਮੈਨੂੰ ‘ਪੰਜਾਬੀ ਯੂਰਪੀ ਸੱਥ ਵਾਲਸਾਲ ਦੇ ਸੰਚਾਲਕ’ ਮੋਤਾ ਸਿੰਘ ਸਰਾਏ ਦੇ ਉਦਮ ਰਾਹੀਂ ਪ੍ਰਾਪਤ ਹੋਈ ਹੈ। ਸਿੱਖ ਧਰਮ ਵਿੱਚ ਜਿਹੜੀ ਗ੍ਰਹਿਾਂ ਵਾਲੀ ਗੱਲ ਹੈ, ਇਹ ਆਮ ਸਿੱਖ ਸੰਗਤ ਨੂੰ ਵਹਿਮਾ ਭਰਮਾ ਵਿੱਚ ਪੈਣ ਦਾ ਸ਼ੱਕ ਪ੍ਰਗਟ ਕਰਦੀ ਸੀ। ਇਸ ਪੁਸਤਕ ਨੂੰ ਪੜ੍ਹਨ ਤੋਂ ਪਤਾ ਲੱਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤ ਵਾਰ ਅਤੇ ਦੋ ਬਾਰਹ ਮਾਹਾ ਹਨ, ਜੋ ਸੂਰਜ ਦੇ ਚਲਣ ਨਾਲ ਤਬਦੀਲੀ ਆਉਂਦੀ ਹੈ, ਮਹੀਨੇ ਬਦਲਦੇ ਹਨ, ਸਾਂਕਰਾਂਤੀ ਆਉਂਦੀ ਹੈ, ਜਿਸ ਨੂੰ ਅਸੀਂ ਸੰਗ੍ਰਾਂਦ ਕਹਿੰਦੇ ਹਾਂ। ਰੁੱਤਾਂ ਬਦਲਦੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੁੱਤਾਂ ਬਾਰੇ ਵੀ ਵਖਿਆਨ ਹੈ। ਚੰਦਰਮਾ ਅਨੁਸਾਰ ਤਿੱਥਾਂ ਦੇ ਬਦਲਣ ਨਾਲ, ਚੰਦਰਮਾ ਦੇ ਚਲਣ ਨਾਲ ਮਹੀਨਾ ਪੂਰਾ ਪੂਰਨਮਾਸ਼ੀ ਤੇ ਮੱਸਿਆ ਆਦਿ ਆਉਂਦੀਆਂ ਹਨ। ਜਸਮੇਰ ਸਿੰਘ ਸੇਠੀ ਨੇ ਇਹ ਪੁਸਤਕ ਪੂਰੀ ਖੋਜ ਤੋਂ ਬਾਅਦ ਲਿਖੀ ਲਗਦੀ ਹੈ। ਉਨ੍ਹਾਂ ਪਾਠਕਾਂ ਨੂੰ ਵਿਸਤਾਰ ਪੂਰਬਕ ਦਿਨਾ ਅਤੇ ਗ੍ਰਹਿਾਂ ਬਾਰੇ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਜਾਣਕਾਰੀ ਦੇ ਕੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਪੱਖਾਂ ਦੇ ਮੁਕਾਬਲੇ ਗੁਰਮਤਿ ਦੀਆਂ ਉਦਾਹਰਨਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਵਿੱਚ ਇਨ੍ਹਾਂ ਬਾਰੇ ਵੀ ਸਹੀ ਜਾਣਕਾਰੀ ਉਪਲਭਧ ਹੈ। ਭਾਵ ਇਨ੍ਹਾਂ ਦਿਨਾਂ ਅਤੇ ਗ੍ਰਹਿਾਂ ਬਾਰੇ ਸਿੱਖ ਧਰਮ ਦਾ ਦਿ੍ਰਸ਼ਟੀਕੋਣ ਦਰਸਾਇਆ ਗਿਆ ਹੈ। ਪੰਜਾਬੀ ਵਿੱਚ ਇਹ ਅਜਿਹੀ ਪਹਿਲੀ ਪੁਸਤਕ ਹੈ, ਜਿਸ ਵਿੱਚ ਇਤਨੀ ਵਿਆਖਿਆ ਨਾਲ ਦੱਸਿਆ ਗਿਆ ਹੈ। ਸਿੱਖ ਧਰਮ ਨਵਾਂ ਹੈ ਪ੍ਰੰਤੂ ਇਹ ਮਜ਼ਮੂਨ ਪੁਰਾਣਾ ਹੈ, ਅਰਥਾਤ ਕਰੋੜਾਂ ਅਰਬਾਂ ਸਾਲ ਦਾ ਹੈ। ਸਦੀਆਂ ਤੋਂ ਚਲੇ ਆ ਰਹੇ ਭਰਮ ਭੁੱਲੇਖੇ ਦੂਰ ਕਰਨ ਲਈ ਸਤਿਗੁਰਾਂ ਨੇ ਥਿੱਤੀ ਬਾਣੀਆਂ ਤੇ ਸਤ ਵਾਰਾਂ ਦੇ ਉਪਦੇਸ਼ ਬਖ਼ਸ਼ਿਸ਼ ਕੀਤੇ ਹਨ। ਪੁਰਾਤਨ ਪ੍ਰਚਲਿਤ ਰੀਤਾਂ ਦਾ ਵਰਣਨ ਕਰਕੇ ਸਿੱਖਾਂ ਨੂੰ ਨਿਆਰੇ ਰਹਿਣ ਲਈ ਪ੍ਰਭੂ ਭਗਤੀ ਦੀ ਰੀਤ ਨੂੰ ਦਿ੍ਰੜ੍ਹ ਰੱਖਣ ਲਈ ਪ੍ਰੇਰਿਆ ਹੈ। ਜੇ ਸਤਿਗੁਰੂ ਜੀ ਗੁਰਬਾਣੀ ਵਿੱਚ ਚੰਦਰਮਾ ਦੀਆਂ ਤਿੱਥਾਂ ਬਾਰੇ ਤਿੰਨ ਬਾਣੀਆਂ ਅੰਕਿਤ ਕਰਦੇ ਹਨ ਤਾਂ ਖਾਸ ਹੀ ਸਮਝੋ। ਸਤ ਵਾਰ ਵਿੱਚ ਗ੍ਰਹਿਾਂ ਦੀ ਦੂਰੀ, ਉਨ੍ਹਾਂ ਦੀ ਰਫ਼ਤਾਰ ਤੇ ਹੋਰ ਨਿਧੀਆਂ, ਸਿਧੀਆਂ ਬਾਰੇ ਬਹੁਤ ਥਾਵਾਂ ‘ਤੇ ਹਿੰਦੂਇਜ਼ਮ ਦੀਆਂ ਉਦਾਹਰਣਾਂ ਦੇ ਕੇ ਕਮਾਲ ਕੀਤੀ ਹੈ। ਇਨ੍ਹਾਂ 9  ਗ੍ਰਹਿਾਂ ਨੂੰ ਦੇਵਤੇ ਵੀ ਕਿਹਾ ਜਾਂਦਾ ਹੈ। ਕਈ ਸਾਇੰਸਦਾਨ 8 ਗ੍ਰਹਿ ਮੰਨਦੇ ਹਨ। ਕੁਝ ਖਾਸ ਦਿਨ ਅਸੀਂ ਮਨਾਉਂਦੇ ਹਾਂ ਜਿਵੇਂ ਜਨਮ ਦਿਨ, ਵਿਆਹ ਦੀ ਵਰ੍ਹੇ ਗੰਢ, ਮਦਰਜ਼, ਫਾਦਰਜ਼ ਦਿਨ, ਆਦਿ ਪ੍ਰੰਤੂ ਸਾਰੇ ਦਿਨ ਇਕੋ ਜਹੇ ਹੁੰਦੇ ਹਨ, ਕੋਈ ਚੰਗਾ ਜਾਂ ਬੁਰਾ ਨਹੀਂ ਹੁੰਦਾ। ਸਿ੍ਰਸ਼ਟੀ ਦੀ ਸਿਰਜਣਾ ਬਾਰੇ ਵਿਗਿਆਨੀਆਂ ਦੀਆਂ ਦੋ ਧਾਰਾਵਾਂ ਹਨ ਪ੍ਰੰਤੂ ਬਹੁਮਤ ਇਹ ਮੰਨਦੇ ਹਨ ਕਿ ਸ਼ਾਇਦ ਪਹਿਲਾਂ ਮੱਛੀਆਂ ਸਨ, ਫਿਰ ਰੀਂਗਣ ਵਾਲੇ ਜੀਵ ਬਣੇ, ਫਿਰ ਥਣਧਾਰੀ  ਤੇ ਫਿਰ ਵਿਕਾਸ ਕਰਕੇ ਬਾਂਦਰ ਤੋਂ ਮਨੁੱਖ ਬਣੇ। ਬਹੁਤੇ ਧਰਮਾ ਦੀਆਂ ਥੀਓਰੀਆਂ ਵੱਖਰੀਆਂ ਹਨ। ਇਸ ਪੁਸਤਕ ਦੇ 8 ਚੈਪਟਰ ‘ਆਦਿਤ ਕਰੈ ਭਗਤਿ ਆਰੰਭ’, ‘ਸੋਮਵਾਰਿ ਸਸਿ ਅੰਮਿ੍ਰਤੁ ਝਰੈ॥’, ‘ਚੰਦਰਮਾ ਦੀਆਂ ਥਿੱਤਾਂ’, ‘ਮੰਗਲਿ ਮਾਇਆ ਮੋਹੁ ਉਪਾਇਆ’॥, ‘ਬੁਧਵਾਰਿ ਆਪੇ ਬੁਧਿ ਸਾਰੁ॥’, ਵੀਰਵਾਰਿ ਵੀਰ ਭਰਮਿ ਭੁਲਾਏ॥’, ‘ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥’ ਛਨਿਛਰਵਾਰਿ ਸਉਣ ਸਾਸਤ ਬੀਚਾਰੁ॥’ ਅਤੇ ‘ਰਾਹੂ ਕੇਤੂ ਤੇ ਨੌਂ ਗ੍ਰਹਿ’ ਹਨ। ਸਿਰਫ ਸਿੱਖ ਧਰਮ ਦੀ ਵਿਚਾਰਧਾਰਾ ਵਿਗਿਆਨੀਆਂ ਦੇ ਨਾਲ ਮਿਲਦੀ ਜੁਲਦੀ ਹੈ, ਜਿਵੇਂ ਗੁਰੂ ਸਾਹਿਬ ਲਿਖਦੇ ਹਨ-
ਆਪੇ ਸਿ੍ਰਸਟ ਉਪਾਇਦਾ ਪਿਆਰ ਕਰਿ ਸੂਰਜੁ ਚੰਦੁ ਚਾਨਾਣੁ॥ (ਅੰਗ 606)
ਸ੍ਰੀ ਗੁਰੂ ਅਮਰ ਦਾਸ ਜੀ ਉਚਾਰਦੇ ਹਨ-
ਸੂਰਜੁ ਚੰਦੁ ਕਰਹਿ ਉਜੀਆਰਾ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ॥ (ਅੰਗ 329)
ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਲਿਖਦੇ ਹਨ-
ਕੇਤੇ ਇੰਦ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸ॥
 ਇਹੋ ਗੱਲ ਸਾਇੰਸਦਾਨ ਕਹਿੰਦੇ ਹਨ। ਇਕ ਹੈਰਾਨੀ ਦੀ ਗੱਲ ਹੈ ਕਿ ਸਾਇੰਸਦਾਨਾ ਨੇ ਆਕਾਸ਼ ਨੂੰ ਤਾਂ ਬਹੁਤ ਖੋਜਿਆ ਹੈ, ਪ੍ਰੰਤੂ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਹੈ-
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੋ॥ (ਅੰਗ 1390)
ਪਾਤਾਲਾ ਪਾਤਾਲ ਲਖ ਆਗਾਸਾ ਅਗਾਸ॥ (ਅੰਗ 5)
ਅਨਿਕ ਅਕਾਸ ਅਨਿਕ ਪਾਤਾਲ॥ (ਅੰਗ 1236)
ਸਾਇੰਸਦਾਨ ਅਜੇ ਵੀ ਖੋਜ ਕਰਨ ‘ਤੇ ਲੱਗੇ ਹੋਏ ਹਨ ਪ੍ਰੰਤੂ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਕਿ-
ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਅੰਗ 5)
ਆਦਿਤ ਕਰੈ ਭਗਤਿ ਆਰੰਭ॥
  ਆਦਿਤ ਐਤਵਾਰ ਨੂੰ ਕਿਹਾ ਜਾਂਦਾ ਹੈ। ਸਾਡੀ ਬਾਣੀ ਵਿਗਿਆਨਕ ਅਸੂਲਾਂ ‘ਤੇ ਖੜ੍ਹੀ ਹੈ। ਸੂਰਜ ਸਾਰੀ ਸੂਰਜੀ ਪ੍ਰਣਾਲੀ ਦੇ ਵਿਚਕਾਰ ਹੈ। ਸਾਇੰਸਦਾਨ ਇਸਨੂੰ 46 ਖਰਬ ਸਾਲ ਪਹਿਲਾਂ ਹੋਂਦ ਵਿੱਚ ਆਇਆ ਮੰਨਦੇ ਹਨ। ਸੂਰਜ ਦਾ ਆਕਾਰ ਧਰਤੀ ਤੋਂ 13 ਲੱਖ ਗੁਣਾ ਵੱਧ ਹੈ। ਧਰਤੀ ਕਿਸ ਦਿਸ਼ਾ ਤੇ ਸੂਰਜ ਦੁਆਲੇ ਘੁੰਮਦੀ ਮੋੜ ਕੱਟਦੀ ਹੈ ਤਾਂ ਰਾਤ ਹੁੰਦੀ ਹੈ। ਗੁਰਬਾਣੀ ਦਾ ਫਰਮਾਨ ਹੈ-
ਜਿਨਿ ਦਿਨੁ ਕਰਿ ਕੀਤੀ ਰਾਤਿ॥
ਦਿਵਸੁ ਰਾਤਿ ਦੁਇ ਦਾਈ ਖਲੈ ਸਗਲ ਜਗਤੁ॥ (ਅੰਗ 8)
     ਦਿਨ ਅਤੇ ਰਾਤ ਜੀਵਾਂ ਵਾਸਤੇ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਤੇ ਇਨ੍ਹਾਂ ਦੇ ਪ੍ਰਭਾਵ ਹੇਠ ਜਗਤ ਖੇਡ ਰਿਹਾ ਹੈ। ਐਤਵਾਰ ਵਾਲਾ ਦਿਨ ਜ਼ਿਆਦਾਤਰ ਜਗਤ ਵਿੱਚ ਛੁੱਟੀ ਵਾਲਾ ਦਿਨ ਹੈ। ਇਸ ਲਈ ਜ਼ਿਆਦਾ ਸਮਾਗਮ ਇਸੇ ਦਿਨ ਹੁੰਦੇ ਹਨ। ਗੁਰਬਾਣੀ ਅਨੁਸਾਰ ਸਿੱਧ ਹੋ ਚੁੱਕਾ ਹੈ ਕਿ ਸੂਰਜ, ਚੰਦ ਤੇ ਹੋ ਤਾਰੇ ਸਿਤਾਰੇ ਨੌਂ ਗ੍ਰਹਿ ਸਭ ਪ੍ਰਮਾਤਮਾ ਨੇ ਸਿ੍ਰਸ਼ਿਟੀ ਦੀ ਰਚਨਾ ਕੀਤੀ ਹੈ। –
ਕਈ ਕੋਟਿ ਸਸੀਆਰ ਸੂਰ ਨਖ੍ਹਤ੍ਰ॥ (ਅੰਗ 275)
ਐਤਵਾਰ ਦੀ ਧਾਤ ਸੋਨੇ ਨੂੰ ਮੰਨਦੇ ਹਨ। ਐਤਵਾਰ ਨੂੰ ਗਹਿਣੇ ਪਾਉਣੇ ਸ਼ੁੱਭ ਸ਼ਗਨ ਗਿਣਿਆ ਜਾਂਦਾ ਹੈ। ਅਖਾਣ ਹੈ-
 ਬੁਧਿ ਛਨਿਛਰ ਕਪੜਾ ਗਹਿਣਾ ਐਤਵਾਰ।
ਸੋਮਵਾਰਿ ਸਸਿ ਅੰਮਿ੍ਰਤੁ ਝਰੈ॥
  ਸੋਮਵਾਰ ਨੂੰ ਚੰਦਰਾਮਾ ਦਾ ਦਿਨ ਮੰਨਦੇ ਹਨ। ਅੰਗਰੇਜ਼ੀ ਵਿੱਚ ਚੰਦਰਮਾ ਨੂੰ ਮੂਨ ਆਖਦੇ ਹਨ ਤੇ ਮੂਨ ਤੋਂ ਹੀ ਮੰਡੇ ਸੋਮਵਾਰ ਭਾਵ ਚੰਦਰਮਾ ਦਾ ਦਿਨ ਮਿਥਿਆ ਗਿਆ ਹੈ। ਚੰਦਰਮਾ ਨੂੰ ਧਰਤੀ ਦਾ ਭਰਾ ਵੀ ਮੰਨਦੇ ਹਨ। ਧਰਤੀ ਦੇ ਆਕਾਰ ਸਾਮ੍ਹਣੇ ਚੌਥੇ ਹਿੱਸੇ ਦੇ ਕਰੀਬ ਹੈ। ਚੰਦਰਮਾ ਦੀਆਂ ਥਿੱਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਬਾਣੀਆਂ ਹਨ। ਜਿਵੇਂ ਸੂਰਜ ਦੇ ਦਿਨਾ ਨੂੰ ਵਾਰ ਆਖਿਆ ਜਾਂਦਾ ਹੈ, ਇਸ ਤਰ੍ਹਾਂ ਚੰਦਰਮਾ ਦੇ ਦਿਨਾ ਨੂੰ ਥਿੱਤਾਂ ਆਖਿਆ ਜਾਂਦਾ ਹੈ। ਬਹੁਤ ਸਾਰੇ ਭਾਰਤੀ ਤਿਉਹਾਰ, ਉਤਸਵ ਤੇ ਗੁਰਪੁਰਵ ਥਿੱਤਾਂ ਅਨੁਸਾਰ ਮਨਾਏ ਜਾਂਦੇ ਹਨ। ਜਿਵੇਂ ਦੀਵਾਲੀ, ਮੱਸਿਆ ਅਤੇ ਪੂਰਨਮਾਸ਼ੀ। ਦੁਸਹਿਰਾ, ਹੋਲੀ ਤੇ ਹੋਲਾ ਮਹੱਲਾ ਆਦਿ ਦੇਸੀ ਤਰੀਕਾਂ ਅਨੁਸਾਰ ਹਨ। ਐਤਵਾਰ ਤੋਂ ਬਾਅਦ ਸੋਮਵਾਰ ਆਉਂਦਾ ਹੈ। ਦੁਨੀਆਂ ਵਿੱਚ ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਹੈ। ਪੁਰਾਤਨ ਸਭਿਆਤਾਵਾਂ ਵਿੱਚ ਚੰਦਰਮਾ ਤੇ ਸੋਮਵਾਰ ਬਾਰੇ ਲਿਖਿਆ ਮਿਲਦਾ ਹੈ। ਵੱਖਰੇ-ਵੱਖਰੇ ਪ੍ਰਾਂਤਾਂ ਵਿੱਚ ਸੋਮਵਾਰ ਦੀ ਖਾਸ ਮਹਾਨਤਾ ਹੈ। ਸੋਮਵਾਰ ਦੀ ਧਾਤੂ ਚਾਂਦੀ ਮੰਨੀ ਜਾਂਦੀ ਹੈ।
ਮੰਗਲਿ ਮਾਇਆ ਮੋਹੁ ਉਪਾਇਆ॥
 ਮੰਗਲਵਾਰ ਨੂੰ ਮੰਗਲ ਗ੍ਰਹਿ ਦਾ ਦਿਨ ਮੰਨਦੇ ਹਨ। ਸੋਮਵਾਰ ਤੋਂ ਬਾਅਦ ਮੰਗਲਵਾਰ ਆਉਂਦਾ ਹੈ। ਮੰਗਲ ਗ੍ਰਹਿ ਨੂੰ  ਲੜਾਕਾ ਗ੍ਰਹਿ ਮੰਨਦੇ ਹਨ। ਹਿੰਦੂ ਧਰਮ ਵਿੱਚ ਲਾੜਾ ਆਪਣੀ ਦੁਲਹਨ ਨੂੰ ਮੰਗਲ ਸੂਤਰ ਪਹਿਨਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ  ਫੁਰਮਾਨ ਹੈ-
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ॥
ਸ੍ਰੀ ਗੁਰੂ ਅਮਰ ਦਾਸ ਜੀ ਆਨੰਦ ਸਾਹਿਬ ਵਿੱਚ ਫੁਰਮਾਉਂਦੇ ਹਨ-
ਹਰਿ ਮੰਗਲੁ ਗਾਉ ਸਖੀ ਗਿ੍ਰਹ ਮੰਦਰੁ ਬਣਿਆ॥
ਹਰਿ ਗਾਉ ਮੰਗੁਲ ਨਿਤ ਸਖੀਏ ਸੋਗੁ ਦੁਖੁ ਨ ਵਿਆਪਏ॥
ਮੰਗਲ ਗ੍ਰਹਿ ਦੀ ਧਾਤੂ ਲੋਹੇ ਨੂੰ ਮੰਨਦੇ ਹਨ।
ਬੁਧਵਾਰਿ ਆਪੇ ਬੁਧਿ ਸਾਰੁ॥
ਬੁੱਧਵਾਰ ਨੂੰ ਬੁਧ ਗ੍ਰਹਿ ਦਾ ਦਿਨ ਮੰਨਦੇ ਹਨ। ਸਾਰੇ ਦੇਸਾਂ ਵਿੱਚ  ਇਸ ਨੂੰ ਸ਼ੁਭ ਗ੍ਰਹਿ ਮੰਨਦੇ ਹਨ। ਸ੍ਰੀ ਗੁਰੂ ਅਮਰ ਦਾਸ ਜੀ ਬਿਲਾਵਲ ਰਾਗ ਵਿੱਚ ਫੁਰਮਾਉਂਦੇ ਹਨ-
ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲ ਪਾਏ॥
ਥਿਤੀ ਵਾਰ ਸਭਿ ਆਵਹਿ ਜਾਹਿ॥
ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥
ਥਿਤੀ ਵਾਰ ਤਾ ਜਾ ਸਚਿ ਰਾਤੇ॥ ਬਿਨੁ ਨਾਵੈ ਸਭਿ ਭਰਮਹਿ ਕਾਚੇ॥ (ਅੰਗ 842)
ਵੀਰਵਾਰਿ ਵੀਰ ਭਰਮਿ ਭੁਲਾਏ॥
 ਵੀਰਵਾਰ ਨੂੰ ਗ੍ਰਹਿ  ਬ੍ਰਹਿਸਪਤੀ ਦਾ ਦਿਨ ਮੰਨਦੇ ਹਨ। ਬ੍ਰਹਿਸਪਤੀ ਦੀ ਧਾਤ ਕਲੀ ਟੀਨ ਦਾ ਡੱਬਾ ਮੰਨੀ ਜਾਂਦੀ ਹੈ। ਜਗਤ ਵਹਿਮਾਂ-ਭਰਮਾ ਕਰਕੇ ਵੀਰਵਾਰ ਅਤੇ ਮੰਗਲਵਾਰ ਨੂੰ ਚੰਗਾ ਨਹੀਂ ਸਮਝਦੇ। ਗੁਰਮਤਿ ਅਨੁਸਾਰ ਸਾਰੇ ਦਿਨ ਇਕ ਬਰਾਬਰ ਹੁੰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ-
ਨਾਨਕ ਸਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥
ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥
 ਸ਼ੁਕਰਵਾਰ ਨੂੰ ਵੀਨਸ ਗ੍ਰਹਿ ਦਾ ਦਿਨ ਮੰਨਦੇ ਹਨ। ਵੀਨਸ ਗ੍ਰਹਿ ਸੂਰਜ ਤੋਂ ਦੂਜਾ ਗ੍ਰਹਿ ਹੈ। ਵੀਨਸ ਗ੍ਰਹਿ ਸਾਰੇ ਸੂਰਜੀ ਮੰਡਲ ਵਿੱਚ ਸਭ ਤੋਂ ਜ਼ਿਆਦਾ ਗਰਮ ਹੈ। ਵੀਨਸ ਬਾਕੀ ਗ੍ਰਹਿਆਂ ਨਾਲੋਂ ਕੁਝ ਵੱਖਰੀ ਹੈ। ਭਾਵੇਂ ਇਹ ਵੀ ਸੂਰਜ ਦੁਆਲੇ ਘੁੰਮਦੀ ਹੈ। ਸ਼ੁਕਰ ਸੰਸਕਿ੍ਰਤ ਦਾ ਸ਼ਬਦ ਹੈ, ਜਿਸ ਦਾ ਮਤਲਬ ਸਾਫ਼, ਸਪਸ਼ਟ, ਚਮਕੀਲਾ, ਲਿਸ਼ਕਦਾ ਚਮਕਦਾਰ ਹੈ।ਸ਼ੁਕਰ ਗ੍ਰਹਿ ਦੀ ਧਾਤ ਤਾਂਬਾ ਹੈ।
ਛਨਿਛਰਵਾਰਿ ਸਉਣ ਸਾਸਤ ਬੀਚਾਰੁ॥
  ਸਾਰੇ ਗ੍ਰਹਿ ਮੰਡਲ ਵਿੱਚ ਸ਼ਨੀ ਨੂੰ ਸਭ ਤੋਂ ਸੁੰਦਰ ਮੰਨਦੇ ਹਨ। ਇਹ ਬਹੁਤ ਹੌਲੀ-ਹੌਲੀ ਸੂਰਜ ਦੇ ਦੁਆਲੇ ਘੁੰਮਦਾ ਹੈ। ਹਿੰਦੂ ਧਰਮ ਵਾਲੇ ਇਸ ਨੂੰ ਸ਼ਨੀ ਦੇਵਤੇ ਨਾਲ ਜੋੜਦੇ ਹਨ। ਕਹਿਣ ਨੂੰ ਦੇਵਤਾ ਆਖਦੇ ਹਨ ਪ੍ਰੰਤੂ ਇਸ ਤੋਂ ਡਰਦੇ ਬਹੁਤ ਹਨ ਕਿਉਂਕਿ ਜਿਥੇ ਸ਼ਨੀ ਹੁੰਦਾ ਹੈ ਉਥੋਂ ਸੁੱਖ ਨੱਸ ਜਾਂਦੇ ਸਮਝੇ ਜਾਂਦੇ ਹਨ।
ਰਾਹੂ ਕੇਤੂ ਤੇ ਨੌਂ ਗ੍ਰਹਿ
ਜੋਤਿਸ਼ ਸ਼ਾਸਤ੍ਰ ਦੇ ਅਨੁਸਾਰ ਸੱਤ ਦਿਨ ਅਤੇ ਰਾਹੂ ਕੇਤੂ ਨੌਂ ਗ੍ਰਹਿ ਹਨ। ਆਧੁਨਿਕ ਵਿਗਿਆਨੀਆਂ ਅਨੁਸਾਰ ਕਿਸੇ ਗ੍ਰਹਿ ਦੀ ਆਕਾਸ਼ੀ ਮੰਡਲ ਸੌਰ ਪ੍ਰਵਾਰ ਵਿੱਚ ਕੋਈ ਹਸਤੀ ਨਹੀਂ ਹੈ। ਇਨ੍ਹਾਂ ਨੂੰ ਉਤਰੀ ਤੇ ਦੱਖਣੀ ਧ੍ਰੁਵਾਂ ਦੀ ਛਾਇਆ ਮਾਤਰ ਮੰਨਦੇ ਹਨ। ਰਾਹੂ ਇਕ ਤਾਕਤਵਰ ਕਪਟੀ, ਦੋਖੀ ਗ੍ਰਹਿ ਹੈ ਜੋ ਸੂਰਜ, ਚੰਦਰਮਾ ਤੇ ਮੰਗਲ ਨੂੰ ਆਪਣੇ ਦੁਸ਼ਮਣ ਜਾਣਦਾ ਹੈ। ਬੁੱਧ, ਸ਼ੁਕਰ ਤੇ ਛਨਿਛਰ ਨੂੰ ਮਿਤਰ ਸਮਝਦਾ। ਬ੍ਰਹਸਪਤੀ ਨਿਰਪੱਖ ਹੈ। ਕੇਤੂ ਨੂੰ ਸਾਊਥ ਲੂਨਰ ਨੋਡ ਆਖਦੇ ਹਨ। ਕੇਤੂ ਨੂੰ ਸਭ ਤਰ੍ਹਾਂ ਦੇ ਦੁੱਖਾਂ ਤੇ ਸੁੱਖਾਂ ਨਾਲ ਵੀ ਜੋੜਦੇ ਹਨ। ਧਨ ਦੌਲਤ ਤੇ ਅਧਿਆਮਿਕ ਤਰੱਕੀ ਲਈ ਵੀ ਸਹਾਇਕ ਮੰਨਦੇ ਹਨ।
200 ਰੁਪਏ ਕੀਮਤ, 247 ਪੰਨਿਆਂ , ਰੰਗਦਾਰ ਸਰਵਰਕ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ ਨੇ ਪ੍ਰਕਾਸ਼ਤ ਕੀਤੀ ਹੈ। ਪਾਠਕਾਂ ਲਈ ਬਹੁਤ ਹੀ ਲਾਭਕਾਰੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com   

31 ਅਗਸਤ ਬਰਸੀ ‘ਤੇ ਵਿਸ਼ੇਸ਼ : ਜਦੋਂ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ -  ਉਜਾਗਰ ਸਿੰਘ

ਸਿਆਸਤਦਾਨਾ ਵਿੱਚ ਆਪਸੀ ਸਹਿਯੋਗ ਅਤੇ ਸ਼ਿਸ਼ਟਾਚਾਰ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ। ਸਿਆਸਤ ਵਿੱਚ ਸ਼ਿਸ਼ਟਾਚਾਰ, ਸਲੀਕੇ ਅਤੇ ਸ਼ਰੀਕੇ ਨੂੰ ਇਕੋ ਜਹੀ ਬਰਾਬਰ ਮਾਣਤਾ ਦੇਣ ਵਿੱਚ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਪਰਪੱਕ ਸਨ। ਵਰਤਮਾਨ ਸਿਆਸਤ ਵਿੱਚ ਕਦਰਾਂ ਕੀਮਤਾਂ ‘ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਸਿਆਸਤ ਕਰਦਿਆਂ ਆਪਣੇ ਵਿਵਹਾਰ ਵਿੱਚੋਂ ਸਲੀਕਾ ਮਨਫੀ ਕਰਦੇ ਜਾ ਰਹੇ ਹਨ। ਸਿਆਸਤ ਹਰ ਪਾਰਟੀ ਦੇ ਨੇਤਾ ਨੇ ਕਰਨੀ ਹੁੰਦੀ ਹੈ ਪ੍ਰੰਤੂ ਸਿਆਸਤ ਕਰਨ ਲੱਗਿਆਂ ਲਕਸ਼ਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ। ਭਾਵ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਮੈਂ ਆਪਣੀ ਸਰਕਾਰੀ ਨੌਕਰੀ ਵਿੱਚ ਬਹੁਤ ਸਾਰੇ ਸਿਆਸਤਦਾਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਨੇੜਿਓਂ ਵੇਖਿਆ ਹੈ। ਬਹੁਤੇ ਸਿਆਸਤਦਾਨ ਸਮਾਜਿਕ ਵਰਤ ਵਰਤਾਰੇ ਸਮੇਂ ਸਿਆਸਤ ਦੀ ਆੜ ਵਿੱਚ ਇਕ ਦੂਜੇ ਨਾਲ ਸਮਾਜਿਕ ਤੌਰ ‘ਤੇ ਵਰਤਦੇ ਨਹੀਂ ਸਨ। ਇਹ ਚੰਗੀ ਗੱਲ ਨਹੀਂ। ਸਿਆਸਤ ਆਪਣੀ ਥਾਂ ਪਰੰਤੂ ਭਾਈਚਾਰਾ ਅਤੇ ਸਲੀਕਾ ਨਹੀਂ ਭੁੱਲਣਾ ਚਾਹੀਦਾ। ਸ੍ਰ.ਬੇਅੰਤ ਸਿੰਘ ਨਾਲ ਮੈਂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸਾਢੇ ਤਿੰਨ ਸਾਲ ਕੰਮ ਕੀਤਾ ਹੈ। ਉਨ੍ਹਾਂ ਕਦੀਂ ਵੀ ਸਿਆਸਤ ਨੂੰ ਆਪਣੇ ਵਿਵਹਾਰ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦਿੱਤਾ। ਇਥੋਂ ਤੱਕ ਕਿ ਆਪਣੇ ਕੱਟੜ ਸਿਆਸੀ ਵਿਰੋਧੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਰਹੇ ਹਨ। ਜਦੋਂ ਫਰਵਰੀ 1992 ਵਿੱਚ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਅਕਾਲੀ ਦਲ ਨੇ ਚੋਣਾ ਦਾ ਬਾਈਕਾਟ ਕੀਤੀ ਸੀ, ਇਸ ਕਰਕੇ ਟਕਰਾਓ ਪੈਦਾ ਹੋ ਗਿਆ ਸੀ। ਪਰੰਤੂ ਜਦੋਂ ਮੁੱਖ ਮੰਤਰੀ ਪਹਿਲੇ ਦਿਨ ਦਫ਼ਤਰ ਵਿੱਚ ਬੈਠੇ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਦਿਗਜ਼ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਵਧਾਈ ਦੇਣ ਲਈ ਫ਼ੋਨ ਖੜਕਿਆ ਸੀ। ਜਦੋਂ ਉਨ੍ਹਾਂ ਅਕਾਲੀ ਨੇਤਾ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ, ਉਨ੍ਹਾਂ ਮੈਨੂੰ ਵਿਸ਼ੇਸ਼ ਤੌਰ ‘ਤੇ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ ਨੂੰ ਮਿਲਕੇ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੋ ਕਿ ਉਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ, ਨੂੰ ਜੇਕਰ ਕਿਸੇ ਕਿਸਮ ਦੀ ਦਵਾਈਆਂ, ਕੂਲਰ, ਖਾਣਾ ਆਦਿ ਦੀ ਲੋੜ ਹੋਵੇ ਪੁਛ ਕੇ ਆਉਣ ਲਈ ਕਿਹਾ। ਫਿਰ ਸ੍ਰ.ਪਰਕਾਸ਼ ਸਿੰਘ ਬਾਦਲ ਦਾ ਖਾਣਾ ਸ੍ਰ.ਅਮਰਜੀਤ ਸਿੰਘ ਆਈ.ਏ.ਐਸ.ਦੇ ਘਰੋਂ ਜੇਲ੍ਹ ਵਿੱਚ ਜਾਂਦਾ ਰਿਹਾ। ਏਸੇ ਤਰ੍ਹਾਂ ਇਕ ਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮਰਹੂਮ ਅਵਿਨਾਸ਼ ਸਿੰਘ ਛਤਵਾਲ ਆਈ.ਏ.ਐਸ.ਰਾਹੀਂ ਕਿਸੇ ਨੁਕਤੇ ‘ਤੇ ਖ਼ਦਸ਼ਾ ਪ੍ਰਗਟ ਕੀਤਾ ਤਾਂ ਛਤਵਾਲ ਸਾਹਿਬ ਨੇ ਚੰਡੀਗੜ੍ਹ ਜਾ ਕੇ ਮੇਰੇ ਰਾਹੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਤਾਂ ਸ੍ਰ.ਬੇਅੰਤ ਸਿੰਘ ਨੇ ਕਿਹਾ ਕਿ ਉਹ ਟੌਹੜਾ ਸਾਹਿਬ ਦੀ ਸ਼ੱਕ ਦੂਰ ਕਰਨ ਲਈ ਉਨ੍ਹਾਂ ਦੇ ਪਿੰਡ ਮਿਲਣ ਜਾਣਗੇ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੈਨੂੰ ਮਿਲਣ ਲਈ ਪਿੰਡ ਨਾ ਆਉਣ ਸਗੋਂ ਫਤਹਿਗੜ੍ਹ ਸਾਹਿਬ ਇੰਜਿਨੀਅਰਿੰਗ ਕਾਲਜ ਦੇ ਕੁਝ ਮਸਲੇ ਹਨ, ਉਨ੍ਹਾ ਦੇ ਹੱਲ ਲਈ ਮੁੱਖ ਮੰਤਰੀ ਦੇ ਘਰ ਮੀਟਿੰਗ ਨਿਸਚਤ ਕਰ ਦਿੱਤੀ ਜਾਵੇ ਕਿਉਂਕਿ ਉਹ ਮੁੱਖ ਮੰਤਰੀ ਦੇ ਦਫ਼ਤਰ ਜਾਣਾ ਨਹੀਂ ਚਾਹੁੰਦੇ ਸਨ। ਫਿਰ ਟੌਹੜਾ ਸਾਹਿਬ ਦੀ ਮੁਲਾਕਾਤ ਫਤਹਿਗੜ੍ਹ ਇੰਜਿਨੀਅਰਿੰਗ ਕਾਲਜ ਸੰਬੰਧੀ ਮੁੱਖ ਮੰਤਰੀ ਦੀ ਕੋਠੀ ਵਿਖੇ ਨਿਸਚਤ ਕਰ ਦਿੱਤੀ, ਜਿਥੇ ਕਾਲਜ ਦੇ ਸਾਰੇ ਮਸਲੇ ਤੁਰੰਤ ਹਲ ਕਰਨ ਦੇ ਆਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕਰਮਿੰਦਰਾ ਸਿੰਘ ਦੇ ਸਿਵਲ ਐਵੀਏਸ਼ਨ ਵਿਭਾਗ ਵਿੱਚ ਕੰਮ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਚੰਡੀਗੜ੍ਹ ਦੇ 8 ਸੈਕਟਰ ਸੇਵਾ ਮੁਕਤ ਆਈ.ਏ.ਐਸ.ਅਧਿਕਾਰੀ ਸ਼ੇਰਜੰਗ ਸਿੰਘ ਦੀ ਕੋਠੀ ਮਿਲਣ ਲਈ ਚਲੇ ਗਏ। ਅੱਜ ਕਲ੍ਹ ਦੀ ਸਿਆਸਤ ਵਿੱਚ ਇਸ ਤਰ੍ਹਾਂ ਦੇ ਕੰਮ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਵਿਰੋਧ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਅਕਾਲੀ ਨੇਤਾ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਨਾਲ ਵੀ ਬੜੇ ਵਧੀਆ ਸੰਬੰਧ ਸਨ। ਉਹ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਤੋਂ ਸਤਲੁਜ ਯਮਨਾ  ਲੰਕ ਨਹਿਰ ਦੇ ਪਾਣੀਆਂ ਦੀ ਵੰਡ ਸੰਬੰਧੀ ਸਲਾਹ ਮਸ਼ਵਰਾ ਲੈਂਦੇ ਰਹਿੰਦੇ ਸਨ। ਦੋਰਾਹਾ ਦੇ ਅਕਾਲੀ ਨੇਤਾ ਈਸ਼ਰ ਸਿੰਘ, ਪਟਿਆਲਾ ਦੇ ਜਥੇਦਾਰ ਮਨਮੋਹਨ ਸਿੰਘ ਅਤੇ ਸਰਦਾਰਾ ਸਿੰਘ ਕੋਹਲੀ ਨਾਲ ਵੀ ਚੰਗੇ ਸੰਬੰਧ ਸਨ। ਭਾਰਤੀ ਜਨਤਾ ਪਾਰਟੀ ਦੇ ਮਦਨ ਮੋਹਨ ਮਿੱਤਲ, ਬੀਬੀ ਲਕਸ਼ਮੀ ਕਾਂਤਾ ਚਾਵਲਾ, ਕਾਮਰੇਡ ਡਾ.ਜੋਗਿੰਦਰ ਦਿਆਲ ਅਤੇ ਕਾਮਰੇਡ ਹਰਦੇਵ ਅਰਸ਼ੀ ਵੀ ਉਨ੍ਹਾਂ ਦੇ ਸਹਿਚਾਰ ਵਿੱਚ ਸਨ।

   ਇਕ ਵਾਰ ਮੋਗਾ ਵਿਖੇ ਆਰ.ਐਸ.ਐਸ.ਦੇ ਕਾਰਕੁਨਾ ਦਾ ਕਤਲੇਆਮ ਹੋ ਗਿਆ ਸੀ, ਅਟਲ ਬਿਹਾਰੀ ਵਾਜਪਾਈ ਅਤੇ ਬੇਅੰਤ ਸਿੰਘ ਸਸਕਾਰ ‘ਤੇ ਪਹੁੰਚੇ, ਜਦੋਂ ਬੇਅੰਤ ਸਿੰਘ ਬੋਲਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਬੋਲਣੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਟਲ ਬਿਹਾਰੀ ਵਾਜਪਾਈ ਸ਼ਮਸ਼ਾਨ ਘਾਟ ਦੀ ਕੰਧ ‘ਤੇ ਚੜ੍ਹ ਗਏ ਅਤੇ ਕਹਿਣ ਲੱਗੇ ਜੇਕਰ ਸ੍ਰ.ਬੇਅੰਤ ਸਿੰਘ ਨੂੰ ਪਹਿਲਾਂ ਬੋਲਣ ਦਿਓਗੇ ਮੈਂ ਤਾਂ ਹੀ ਬੋਲਾਂਗਾ। ਸ੍ਰ.ਬੇਅੰਤ ਸਿੰਘ ਦੀ ਨਮਰਤਾ, ਸਲੀਕੇ ਅਤੇ ਭਾਈਚਾਰਕ ਸਾਂਝ ਕਰਕੇ ਸਾਰੀਆਂ ਪਾਰਟੀਆਂ ਦੇ ਨੇਤਾ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਅੱਜ ਦੇ ਸਿਆਸਤਦਾਨਾ ਨੂੰ ਸਿਆਣਪ ਤੋਂ ਕੰਮ ਲੈਂਦਿਆਂ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਆਮ ਤੌਰ ‘ਤੇ ਪਹਿਲੀ ਸਰਕਾਰ ਦੇ ਸ਼ੁਰੂ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਨਵੀਂ ਸਰਕਾਰ ਰੋਕ ਦਿੰਦੀ ਹੈ। ਸ੍ਰ.ਬੇਅੰਤ ਸਿੰਘ ਨੇ ਇਸ ਤਰ੍ਹਾਂ ਨਹੀਂ ਕੀਤਾ ਸਗੋਂ ਪਹਿਲਾਂ ਪੁਰਾਣੇ ਸ਼ੁਰੂ ਹੋਏ ਪ੍ਰਾਜੈਕਟ ਨੇਪਰੇ ਚਾੜ੍ਹੇ ਤੇ ਫਿਰ ਨਵੇਂ ਸ਼ੁਰੂ ਕੀਤੇ। ਉਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਕਹਿਣ ਅਨੁਸਾਰ ਵਿਕਾਸ ਦੇ ਕੰਮ ਕਰਦੇ ਸਨ। ਉਹ ਇਹ ਮਹਿਸੂਸ ਕਰਦੇ ਸਨ ਕਿ ਸਾਰੀਆਂ ਪਾਰਟੀਆਂ ਅਤੇ ਲੋਕਾਂ ਦੇ ਸਹਿਯੋਗ ਬਿਨਾ ਵਿਕਾਸ ਸੰਭਵ ਹੀ ਨਹੀਂ। 

   ਬੇਅੰਤ ਸਿੰਘ ਯਾਦਗਾਰ ਦੀ ਉਸਾਰੀ ਦੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਸਪਨੇ ਵਿਖਾਏ ਗਏ ਸਨ ਉਹ 27 ਸਾਲ ਬੀਤ ਜਾਣ ਤੋਂ ਬਾਅਦ ਵੀ ਅਧੂਰੇ ਹੀ ਪਏ ਹਨ। ਪੰਜਾਬ ਵਿੱਚ ਭਾਵੇਂ ਕਾਂਗਰਸ ਦੇ ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀਆਂ ਦੀ ਅਗਵਾਈ ਵਿੱਚ ਸਰਕਾਰਾਂ ਰਹੀਆਂ ਹਨ ਪ੍ਰੰਤੂ ਉਨ੍ਹਾਂ ਨੇ ਵੀ ਯਾਦਗਾਰ ਦੀ ਉਸਾਰੀ ਵਿੱਚ ਬਣਦਾ ਯੋਗਦਾਨ ਨਹੀਂ ਪਾਇਆ। ਹਾਲਾਂ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਭ ਤੋਂ ਜ਼ਿਆਦਾ ਵਿਤੀ ਮਦਦ ਕੀਤੀ ਹੈ। ਪਰੰਤੂ ਯਾਦਗਾਰ ਦੀ ਉਸਾਰੀ ਲਈ ਬਣੀ ਕਮੇਟੀ ਨੇ ਸੈਰਗਾਹ ਦਾ ਇਲਾਕਾ ਯਾਦਗਾਰ ਵਿੱਚੋਂ ਕੱਢ ਦਿੱਤਾ ਹੈ। ਲਾਇਬਰੇਰੀ ਅਤੇ ਇਕ ਅੱਧੀ ਹੋਰ ਇਮਾਰਤ ਤੋਂ ਬਿਨਾ ਬਾਕੀ ਸਾਰੀ ਯਾਦਗਾਰ ਅਧਵਾਟੇ ਪਈ ਹੈ। ਲਾਇਬਰੇਰੀ ਦੀ ਇਮਾਰਤ ਅਤੇ ਵਰਕਿੰਗ ਸ਼ਾਨਦਾਰ ਹੈ। ਇਥੋਂ ਤੱਕ ਕਿ ਯਾਦਗਾਰ ਦੇ ਨਾਮ ਵਾਲੇ ਸੜਕ ‘ਤੇ ਲੱਗੇ ਬੋਰਡ ਵੀ ਮੰਦੀ ਹਾਲਤ ਵਿੱਚ ਹਨ। ਸ੍ਰ.ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਮੰਤਰੀ, ਐਮੀ.ਪੀ.ਅਤੇ ਵਿਧਾਨਕਾਰ ਰਹੇ ਹਨ ਪਰੰਤੂ ਯਾਦਗਾਰ ਮੁਕੰਮਲ ਕਰਵਾਉਣ ਵਿੱਚ ਅਸਫਲ ਰਹੇ ਹਨ। ਅੱਜ 31 ਅਗਸਤ 2022 ਨੂੰ ਉਨ੍ਹਾਂ ਦੀ ਸਮਾਧੀ ‘ਤੇ ਸੈਕਟਰ 42 ਚੰਡੀਗੜ੍ਹ ਵਿਖੇ ਪਰਿਵਾਰ ਵੱਲੋਂ ਸਰਬ ਧਰਮ ਪ੍ਰਾਰਥਨਾ ਸਭਾ ਆਯੋਜਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

ਮੋਬਾਈਲ-94178 13072
  ujagarsingh48@yahoo.com

ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ 'ਸ਼ੀਸ਼ੇ ਦੇ ਅੱਖਰ' ਲੋਕਾਈ ਦੇ ਦਰਦ ਦੀ ਦਾਸਤਾਂ - ਉਜਾਗਰ ਸਿੰਘ

ਹਰਦਮ ਮਾਨ ਦਾ 'ਸ਼ੀਸ਼ੇ ਦੇ ਅੱਖਰ' ਦੂਜਾ ਗ਼ਜ਼ਲ ਸੰਗ੍ਰਹਿ ਅਤੇ ਤੀਜੀ ਪੁਸਤਕ ਹੈ। ਮੁੱਢਲੇ ਤੌਰ 'ਤੇ ਹਰਦਮ ਮਾਨ ਗ਼ਜ਼ਲਕਾਰ ਹੈ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ ਭਾਲ ਵਿੱਚ' 2013 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਦੀ ਵਾਰਤਕ ਦੀ ਸੰਪਾਦਿਤ  'ਪ੍ਰੋ.ਰੁਪਿੰਦਰ ਮਾਨ : ਜੀਵਨ ਅਤੇ ਚੋਣਵੀਂ ਰਚਨਾ' ਪੁਸਤਕ ਹੈ। ਪਹਿਲਾ ਗ਼ਜ਼ਲ ਸੰਗ੍ਰਹਿ ਪੰਜਾਬ ਵਿੱਚ ਰਹਿੰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਸੀ। 'ਸ਼ੀਸ਼ੇ ਦੇ ਅੱਖਰ' ਗ਼ਜ਼ਲ ਸੰਗ੍ਰਹਿ ਉਸਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ 9 ਸਾਲ ਦੇ ਪ੍ਰਵਾਸ ਦੇ ਤਜ਼ਰਬਿਆਂ ਅਤੇ ਪੰਜਾਬ ਦੀ ਤ੍ਰਾਸਦੀ ਦਾ ਪੁਲੰਦਾ ਹੈ। ਇਹ ਗ਼ਜ਼ਲ ਸੰਗ੍ਰਹਿ ਪ੍ਰਵਾਸ ਵਿੱਚ ਵਸ ਰਹੇ ਪੰਜਾਬੀਆਂ ਦੇ ਮਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਪੰਜਾਬ ਦੇ ਹੇਰਵੇ ਦੀ ਦਾਸਤਾਂ ਹੈ। ਗ਼ਜ਼ਲਕਾਰ ਭਾਵੇਂ ਕੈਨੇਡਾ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈ ਪ੍ਰੰਤੂ ਪੰਜਾਬ ਨਾਲ ਉਹ ਬਾਵਾਸਤਾ ਹੈ ਕਿਉਂਕਿ ਉਸ ਦੀਆਂ ਪ੍ਰਵਾਸ ਦੀ ਬਾਤ ਪਾਉਂਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਹਿਕ ਬਰਕਰਾਰ ਹੈ। ਬਹੁਤੀਆਂ ਗ਼ਜ਼ਲਾਂ ਪੰਜਾਬ ਦੀ ਦੁਖਦੀ ਰਗ ਦੀ ਤਰਜਮਾਨੀ ਕਰਦੀਆਂ ਹਨ। ਗ਼ਜ਼ਲਾਂ ਦੇ ਹਰ ਸ਼ੇਅਰ ਵਿੱਚ ਇਕ ਮੁਕੰਮਲ ਵਿਸ਼ਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹਰਦਮ ਮਾਨ ਦੀ ਹਰੇਕ ਗ਼ਜ਼ਲ ਵਿੱਚ ਵੀ ਜਿਤਨੇ ਸ਼ਿਅਰ ਉਤਨੇ ਹੀ ਵਿਸ਼ੇ ਹੁੰਦੇ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਪ੍ਰਵਾਸੀ ਜੀਵਨ ਦੇ ਝਮੇਲੇ, ਮਸਲੇ, ਸਮੱਸਿਆਵਾਂ ਅਤੇ ਪ੍ਰਾਪਤੀਆਂ ਨੂੰ ਵਿਸ਼ੇ ਬਣਾਇਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਵਿੱਚ ਲੋਕਾਈ ਦੇ ਦਰਦ ਦੀ ਚੀਸ ਵਿਖਾਈ ਦਿੰਦੀ ਹੈ। ਮਾਨਵਤਾ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਦੁੱਖ-ਦਰਦ ਅਤੇ ਉਨ੍ਹਾਂ ਦੇ ਮਨਾਂ ਵਿੱਚ ਉਠਦੇ ਵਲਵਲਿਆਂ ਦੀ ਉਥਲ ਪੁਥਲ ਥਾਂ-ਪਰ-ਥਾਂ ਵਿਖਾਈ ਦਿੰਦੀ ਹੈ। ਪ੍ਰਵਾਸ ਦੀ ਜ਼ਿੰਦਗੀ ਦੀਆਂ ਤਸਵੀਰਾਂ ਸ਼ਬਦਾਂ ਰਾਹੀਂ ਖਿਚਕੇ ਮਨੁੱਖੀ ਮਨਾ ਦੇ ਚਿਤਰਪੱਟ ਤੇ ਪਹੁੰਚਾ ਕੇ ਪ੍ਰਵਾਸ ਦੀ ਜ਼ਿੰਦਗੀ ਦੇ ਦਰਸ਼ਨ ਕਰਵਾ ਦਿੱਤੇ ਹਨ। ਪ੍ਰਵਾਸ ਵਿਚ ਹਰ ਇਨਸਾਨ ਆਪੋ ਆਪਣੇ ਕੰਮਾ ਕਾਰਾਂ ਵਿੱਚ ਰੁਝਿਆ ਰਹਿਣ ਕਰਕੇ ਸੁੰਨ ਸਾਨ ਚੁਰੱਸਤੇ ਖ਼ੌਫ ਦਾ ਮਾਹੌਲ ਪੈਦਾ ਕਰਦੇ ਹਨ। ਇਨਸਾਨ ਦਾ ਆਪਣੇ ਕਾਰੋਬਾਰ ਵਿੱਚ ਮਸ਼ਰੂਫ਼ ਰਹਿਣ ਬਾਰੇ ਵੀ ਦਰਸਾਇਆ ਗਿਆ ਹੈ। ਬਾਜ਼ਾਰਾਂ ਦੀ ਭੀੜ ਦੀ ਚੁੱਪ ਦੀ ਚੀਸ, ਪੰਜਾਬ ਦੀ ਯਾਦ ਦੇ ਤੂਫ਼ਾਨ, ਧੀਆਂ ਦੇ ਦੁਖੜੇ ਅਤੇ ਥੱਕ ਟੁੱਟ ਕੇ ਰੋਜ਼ੀ ਰੋਟੀ ਕਮਾਉਣ ਤੋਂ ਬਾਅਦ ਘਰ ਮੁੜਨ ਦੀ ਤ੍ਰਾਸਦੀ ਗ਼ਜ਼ਲਾਂ ਨੂੰ ਰਹੱਸਮਈ ਬਣਾਉਂਦੀ ਹੈ। ਪੱਥਰਾਂ ਦੇ ਉਕਰੇ ਸ਼ਬਦਾਂ ਦੀ ਥਾਂ ਹੁਣ ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਹੋਂਦ ਦੇ ਝਉਲੇ ਨੂੰ ਵੇਖਣ ਜੋਗਾ ਰਹਿ ਗਿਆ ਹੈ। ਸਾਰੀ ਦਿਹਾੜੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਵੀ ਘਰ ਬਣਾਉਣ ਦੇ ਲਾਲੇ ਪਏ ਰਹਿੰਦੇ ਹਨ। ਏਥੇ ਮਾਨਸਿਕ ਪਿਆਸ ਅਧੂਰੀ ਰਹਿੰਦੀ ਹੈ। ਸਾਰਾ ਸਮਾਂ ਕੰਮ ਹੀ ਕੰਮ ਕਰੋ ਅਤੇ ਪੈਸੇ ਕਮਾਓ ਪ੍ਰੰਤੂ ਹੋਰ ਕਮਾਉਣ ਅਤੇ ਕਾਰੋਬਾਰ ਵਧਾਉਣ ਤੇ ਹੋਰ ਵਸੀਲੇ ਪੈਦਾ ਕਰਨ ਦੀ ਤਮਾ ਫਿਰ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ।
ਪੰਜਾਬ ਵਿੱਚ ਤੂਫ਼ਾਨਾ ਦਾ ਮੁਕਾਬਲਾ ਕਰਨਾ ਸੌਖਾ ਹੈ ਪ੍ਰੰਤੂ ਘਰਾਂ ਦਾ ਕਲੇਸ਼ ਇਨਸਾਨ ਨੂੰ ਝੰਬ ਕੇ ਰੱਖ ਦਿੰਦਾ ਹੈ। ਘੁਮੰਡ ਕਰਕੇ ਇਨਸਾਨ ਆਪਣੇ ਭਾਰ ਨਾਲ ਹੀ ਗਿਰ ਜਾਂਦਾ ਹੈ। ਇਸ ਮੰਤਵ ਲਈ ਹਿੰਮਤ, ਮਿਹਨਤ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਮਨ ਸਥਿਰ ਨਹੀਂ ਰਹਿੰਦਾ ਕਿਉਂਕਿ ਹੇਰਾ ਫੇਰੀ ਵਾਲਾ ਇਨਸਾਨ ਹੀ ਸਫਲਤਾ ਪ੍ਰਾਪਤ ਕਰਦਾ ਹੈ। ਇਨਸਾਨ ਦੀਆਂ ਪ੍ਰਾਪਤੀਆਂ ਦੇ ਮਹਿਲ ਮੁਨਾਰੇ ਤਾਂ ਵਿਖਾਈ ਦਿੰਦੇ ਹਨ ਪ੍ਰੰਤੂ ਜਿਹੜਾ ਅੰਦਰੋਂ ਟੁੱਟਦਾ ਹੈ, ਉਹ ਬਾਹਰ ਨਹੀਂ ਵਿਖਾਈ ਦਿੰਦਾ। ਹਾਸਿਆਂ ਨਾਲ ਦਰਦਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਦਾ ਹੈ। ਨਰਤਕੀਆਂ ਦੀ ਬੇਬਸੀ ਘੁੰਗਰੂਆਂ ਦੇ ਸ਼ੋਰ ਵਿੱਚ ਸੁਣਾਈ ਨਹੀਂ ਦਿੰਦੀ। ਇਨਸਾਨ ਅੰਦਰੋ ਅੰਦਰੀ ਧੁਖੀ ਜਾਂਦਾ ਹੈ। ਇਨਸਾਨ ਦਾ ਸਫਲਤਾ ਪ੍ਰਾਪਤੀ ਲਈ ਚੇਤੰਨ ਹੋਣਾ ਜ਼ਰੂਰੀ ਹੈ। ਜਦੋਂ ਜ਼ੁਲਮ ਹੱਦਾਂ ਟੱਪ ਜਾਂਦਾ ਹੈ ਤਾਂ ਉਸਦਾ ਮੁਕਾਬਲਾ ਕਰਨਾ ਜ਼ਰੂਰੀ ਹੈ। ਬਦਲਾਖ਼ੋਰੀ ਅਤੇ ਘਿਰਣਾ ਹਰ ਘਰ ਵਿੱਚ ਪਹੁੰਚ ਗਈ ਹੈ। ਮਾਨਵਤਾ ਦਾ ਕਲਿਆਣ ਹੋਣਾ ਅਸੰਭਵ ਜਾਪਦਾ ਹੈ। ਆਦਮੀ ਨੂੰ ਸਮਾਜ ਵਿੱਚ ਰੁਤਬਾ ਵੱਧਣ ਨਾਲ ਤਸੱਲੀ ਹੁੰਦੀ ਹੈ ਪ੍ਰੰਤੂ ਜਦੋਂ ਆਪਣੀਆਂ ਨਜ਼ਰਾਂ ਵਿੱਚੋਂ ਗਿਰ ਗਿਆ ਫਿਰ ਉਹ ਖ਼ਤਮ ਹੋ ਜਾਵੇਗਾ। ਇਨਸਾਨੀਅਤ ਦਾ ਮਦਦਗਾਰ ਬਣਨਾ ਸਮੇਂ ਦੀ ਲੋੜ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਭਾਵੇਂ ਵਿਸ਼ੇ ਦਾ ਦੁਹਰਾਓ ਹੈ ਪ੍ਰੰਤੂ ਇਹ ਦੁਹਰਾਓ ਗ਼ਜ਼ਲਗੋ ਦੀ ਲੋਕਾਈ ਪ੍ਰਤੀ ਸੰਜੀਦਗੀ ਦਾ ਪ੍ਰਤੀਕ ਹੈ। ਮੁਸ਼ਕਲਾਂ ਦਾ ਅਧਮੋਇਆ ਮਨੁੱਖ ਆਸ ਦੀ ਕਿਰਨ ਦੇ ਕੰਧਾੜੇ ਚੜ੍ਹਿਆ ਹੋਇਆ ਹੈ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਤਬਦੀਲੀ ਦਾ ਸੰਕੇਤ ਹੁੰਦੇ ਹਨ। ਪ੍ਰੰਤੂ ਹਓਮੈ ਦਾ ਕਿਲਾ ਇਕ ਨਾ ਇਕ ਦਿਨ ਢਹਿ ਹੀ ਜਾਂਦਾ ਹੈ।  ਲੋਕ ਬੇਸਬਰੇ ਹੋ ਕੇ ਜ਼ਿਆਦਤੀਆਂ ਕਰ ਰਹੇ ਹਨ। ਮਰਿਆਦਾ ਵਿੱਚ ਰਹਿਣ ਨਾਲ ਹੀ ਸਮਾਜ ਵਿੱਚ ਸਹਿਚਾਰ ਵਧੇਗਾ। ਸੱਚੇ ਸੁੱਚੇ ਲੋਕ ਅਖ਼ੀਰ ਜਿੱਤ ਪ੍ਰਾਪਤ ਕਰਦੇ ਹਨ। ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਗੁਨਾਹਾਂ ਨੂੰ ਮਿਲਦੀ ਸਜਾ ਦਾ ਖ਼ਾਤਮਾ ਕਰਨ ਲਈ ਸਮਾਜ ਨੂੰ ਏਕੇ ਦਾ ਸਬੂਤ ਦਿੰਦਿਆਂ ਲਾਮਬੰਦ ਹੋਣਾ ਪਵੇਗਾ। ਇਹ ਸਾਰਾ ਕੁਝ ਹਰਦਮ ਮਾਨ ਦੀਆਂ ਗ਼ਜ਼ਲਾਂ ਕਹਿ ਰਹੀਆਂ ਹਨ। ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਆਪਸੀ ਪਿਆਰ, ਸਹਿਯੋਗ, ਸ਼ਹਿਨਸ਼ੀਲਤਾ ਦਾ ਪੱਲਾ ਫੜਨ, ਗਿਆਨ ਲੈਣ, ਕੁਦਰਤ ਦੇ ਕਹਿਰ ਸਮੇਂ ਹਿੰਮਤ ਨਾ ਹਾਰਨ ਦੀ ਤਾਕੀਦ ਕਰਦਾ ਹੈ। ਕਿਸੇ ਵੀ ਸਮੱਸਿਆ ਸਮੇਂ ਤੁਰੰਤ ਫ਼ੈਸਲਾ ਕਰਕੇ ਉਸ 'ਤੇ ਕਾਬੂ ਪਾ ਸਕਦੇ ਹੋ। ਮਨੁੱਖ ਨੂੰ ਸਮਾਜ ਦੀ ਪਛਾਣ ਕਰਕੇ ਵਿਚਰਨਾ ਚਾਹੀਦਾ ਹੈ। ਹਰਦਮ ਮਾਨ ਇਨਸਾਨ ਨੂੰ ਆਪਣੀ ਸਫਲਤਾ ਲਈ ਆਪਣੀ ਸੋਚ ਦੀ ਵਰਤੋਂ ਕਰਕੇ ਰਸਤਾ ਅਪਨਾਉਣਾ ਦੀ ਤਾਕੀਦਾ ਹੈ। ਉਹ ਲਿਖਦਾ ਹੈ-
ਬੇਸ਼ਕ ਹੁਣ ਤੱਕ ਪੂਰੇ ਚੰਨ ਦੇ ਨਾਲ ਰਿਹਾ ਹਾਂ।
ਫਿਰ ਵੀ ਆਪਣਾ ਵੱਖਰਾ ਦੀਵਾ ਬਾਲ ਰਿਹਾ ਹਾਂ।
ਫ਼ਸਲੀ ਬਟੇਰਿਆਂ ਅਤੇ ਸਿਆਸਤਦਾਨਾ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਚਾਲਾਕ ਸਿਆਸਤਦਾਨ ਸਾਧਾਰਨ ਲੋਕਾਂ ਨੂੰ ਰਿਸ਼ਤਿਆਂ, ਧਰਮਾਂ, ਜ਼ਾਤ ਪਾਤ, ਰੋਜ਼ਗਾਰ ਅਤੇ ਕੁੱਲੀ ਗੁੱਲੀ ਦੇ ਮਕੜਜਾਲ ਵਿੱਚ ਫਸਾਕੇ ਵੋਟਾਂ ਵਟੋਰਦਾ ਹੈ। ਲੋਕ ਭੋਲੇ ਭਾਲੇ ਹਨ ਜੋ ਵਾਅਦਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਲੋਕਾਈ ਰੂਹਾਂ ਦੀ ਥਾਂ ਜਿਸਮਾ ਦੀ ਖਿੱਚ ਕਰਕੇ ਗ਼ਲਤ ਰਸਤੇ ਪੈ ਰਹੀ ਹੈ। ਸਿਆਸਤਦਾਨਾ ਤੋਂ ਆਸ ਸੀ ਕਿ ਕੁਝ ਸੰਵਾਰਨਗੇ ਪ੍ਰੰਤੂ ਅਜੇ ਤਾਂ ਸੂਰਜ ਕਲ੍ਹ ਵਰਗਾ ਹੀ ਹੈ, ਭਾਵ ਕੋਈ ਤਬਦੀਲੀ ਆਉਣ ਦੀ ਉਮੀਦ ਨਹੀਂ ਹੈ। ਅਜੇ ਵੀ ਚਾਰੇ ਪਾਸੇ ਹਨ੍ਹੇਰਾ ਹੈ। ਆਪਣਾ ਬਣਾਕੇ ਲੋਕ ਮਾਰਦੇ ਹਨ। ਦੋਹਰੇ ਕਿਰਦਾਰ ਵਾਲੇ ਲੋਕਾਂ ਤੋਂ ਬਚਕੇ ਰਹੋ। ਦੋਸਤਾਂ ਨਾਲ ਵਿਸ਼ਵਾਸਘਾਤ ਨਾ ਕਰੋ। ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰਾ ਦੋਸਤ ਮੇਰੀ ਮੁਖ਼ਾਲਫ਼ਤ ਕਰੇਗਾ।  ਇਨਸਾਨ ਆਪਣੀ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਫਿਰ ਬਚਣਾ ਹੀ ਕੀ ਹੈ?
ਸਾਡੇ ਦਿਲ ਵਿੱਚ ਦਰਦ ਬੜੇ ਨੇ, ਲੋਕੀਂ ਪਰ ਬੇ-ਦਰਦ ਬੜੇ ਨੇ।
ਪਿਆਰ-ਮੁਹੱਬਤ ਦਾ ਨਿੱਘ ਕਿੱਥੇ, ਹਉਕੇ ਸਾਡੇ ਸਰਦ ਬੜੇ ਨੇ।
ਲੂਣ ਲਗਾ ਕੇ ਜ਼ਖ਼ਮ ਪਲੋਸਣ, ਸਾਡੇ ਤਾਂ ਹਮਦਰਦ ਬੜੇ ਨੇ।
ਹਾਸਿਆਂ ਨੂੰ ਹੌਕਿਆਂ ਦੀ ਹਿੱਕ ਉੱਤੇ ਧਰ ਲਿਆ,
ਮੈਂ ਵੀ ਹੁਣ ਜ਼ਿੰਦਗੀ ਨੂੰ ਜਿਓਣ ਜੋਗੀ ਕਰ ਲਿਆ।
ਮੈਂ ਤਾਂ ਇਹਦੇ ਨਾਲ ਵੀ ਕਰਦਾ ਰਿਹਾਂ ਹਰਦਮ ਕਲੋਲ,
ਦਰਦ ਦੇ ਕੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲਿਆ।
ਗ਼ਜ਼ਲਗੋ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ ਪ੍ਰੰਤੂ ਕੁਝ ਗ਼ਜ਼ਲਾਂ ਪਿਆਰ ਮੁਹੱਬਤ ਨਾਲ ਸੰਬੰਧਤ ਵੀ ਹਨ।  ਵੈਸੇ ਸਮਾਜ ਵਿੱਚ ਗ਼ਰੀਬ ਅਮੀਰ ਦਾ ਪਾੜਾ, ਜ਼ਿੰਦਗੀ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਫ਼ਰੇਬ, ਧੋਖ਼ੇ ਅਤੇ ਸਮਾਜਿਕ  ਬਰਾਬਰਤਾ ਦੀ ਅਣਹੋਂਦ ਦੀ ਝਲਕ ਆਉਂਦੀ ਹੈ। ਜ਼ਿੰਦਗੀ ਨੂੰ ਕੰਡਿਆਂ ਦੀ ਸੇਜ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਈ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਸੁਪਨੇ ਵੀ ਵੇਖਣੇ ਚਾਹੀਦੇ ਹਨ। ਅਰਥਾਤ ਨਿਸ਼ਾਨੇ ਨਿਸਚਤ ਕਰਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਇਨਸਾਨ ਵਿੱਚੋਂ ਮੁਹੱਬਤ ਪੰਖ ਲਾ ਕੇ ਉਡ ਗਈ ਹੈ। ਲੋਕ ਖ਼ੁਦਗਰਜ਼ ਹੋ ਗਏ ਹਨ। ਚਾਰੇ ਪਾਸੇ ਅੰਧਕਾਰ ਹੈ। ਧੋਖੇਬਾਜਾਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜੰਗਲ ਜ਼ਰੂਰੀ ਹਨ। ਜੰਗਲਾਂ ਨੂੰ ਵੱਢ ਕੇ ਖ਼ਤਮ ਕੀਤਾ ਜਾ ਰਿਹਾ ਹੈ। ਅੱਗਾਂ ਲਗਾ ਕੇ ਪੌਣਾਂ ਦੂਸ਼ਿਤ ਕੀਤੀਆਂ ਜਾ ਰਹੀਆਂ ਹਨ। ਇਕ ਗ਼ਜ਼ਲ ਵਿੱਚ ਗ਼ਜ਼ਲਗੋ ਲਿਖਦੈ-
ਵਗਦੀਆਂ ਪੌਣਾਂ ਨੂੰ ਹੋਈ ਕੈਦ ਤੇ ਅੱਗਾਂ ਬਰੀ,
ਫ਼ੈਸਲੇ ਹੁਣ ਇਸ ਤਰ੍ਹਾਂ ਏਥੇ ਸੁਣਾਏ ਜਾਣਗੇ।
ਕੀ ਪਤਾ ਕਿੰਨੇ ਵਸੇਬੇ ਜਾਣਗੇ ਉੱਜੜ ਉਦੋਂ,
ਬਸਤੀਆਂ ਖ਼ਾਤਰ ਜਦੋਂ ਜੰਗਲ ਕਟਾਏ ਜਾਣਗੇ।
ਸਮਾਜ ਨੇ ਵੰਡੀਆਂ ਪਾ ਲਈਆਂ ਹਨ, ਉਹ ਪੰਛੀਆਂ ਤੋਂ ਵੀ ਸਿੱਖਣ ਨੂੰ ਤਿਆਰ ਨਹੀਂ। ਇਨਸਾਨ ਮਸ਼ੀਨ ਬਣ ਗਿਆ ਹੈ, ਇਥੋਂ ਤੱਕ ਕਿ ਉਸਦਾ ਵਿਵਹਾਰ ਵੀ ਮਸ਼ੀਨੀ ਹੀ ਹੋ ਗਿਆ ਹੈ। ਪ੍ਰਵਾਸ ਵਿੱਚ ਗਏ ਪੰਜਾਬੀਆਂ ਦੇ ਪੰਜਾਬ ਨਾਲ ਲਗਾਓ ਬਾਰੇ ਹਰਦਮ ਮਾਨ ਲਿਖਦਾ ਹੈ ਕਿ-
ਯਾਦਾਂ ਦੀ ਧਰਤੀ ਨੇ ਤਾਂ ਹੁਣ ਸੜਦੇ ਹੀ ਰਹਿਣਾ,
ਡਾਲਰ ਦੇ ਜੰਗਲ 'ਚੋਂ ਕਿੱਥੋਂ ਛਾਵਾਂ ਲੱਭਦੇ ਨੇ।
ਸੜਕਾਂ ਉਤੇ ਤੁਰਦੇ ਤੁਰਦੇ ਪੈਰ ਗੁਆਚ ਗਏ,
ਮਖ਼ਮਲ ਵਰਗੀ ਰੇਤ ਵਾਲੀਆਂ ਰਾਹਵਾਂ ਲੱਭਦੇ ਨੇ।
ਹਾਲੇ ਵੀ ਇਸ ਸ਼ਹਿਰ 'ਚ ਵਸਦੇ ਭੋਲੇ ਲੋਕ ਬੜੇ।
ਜੋ ਗਲਵੱਕੜੀ ਪਾਉਣ ਵਾਸਤੇ ਬਾਹਵਾਂ ਲੱਭਦੇ ਨੇ।
ਯਾਦ ਰੱਖ ਓਨੇ ਹੀ ਕੰਡੇ ਪੈਣਗੇ ਚੁਗਣੇ ਕਦੇ,
ਤੇਰਿਆਂ ਰਾਹਾਂ 'ਚ ਜਿੰਨੇ ਫੁੱਲ ਵਿਛਾਏ ਜਾਣਗੇ।
ਪ੍ਰਦੇਸਾਂ ਵਿੱਚ ਵਸ ਰਹੇ ਪੰਜਾਬੀ ਭਾਵੇਂ ਸਰੀਰਕ ਤੌਰ 'ਤੇ ਉਥੇ ਵਸ ਰਹੇ ਹਨ ਪ੍ਰੰਤੂ ਉਨ੍ਹਾਂ ਦੀਆਂ ਰੂਹਾਂ ਅਜੇ ਵੀ ਪੰਜਾਬ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ, ਜਿਸ ਬਾਰੇ ਇਕ ਹੋਰ ਗ਼ਜ਼ਲ ਵਿੱਚ ਹਰਦਮ ਮਾਨ ਲਿਖਦਾ ਹੈ-
ਮਹਿਲ ਵਿੱਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿੱਚ,
ਹੋ ਰਿਹਾ ਸੁਪਨੇ 'ਚ ਸੀ ਕੱਚੇ ਘਰਾਂ ਦੇ ਰੂਬਰੂ।
ਡਾਲਰ ਦੇ ਸਾਗਰਾਂ ਵਿੱਚ ਰੂਹਾਂ ਪਿਆਸੀਆਂ ਨੇ,
ਯਾਦਾਂ ਦੇ ਟਿੱਬਿਆਂ 'ਚੋਂ ਲੱਭਦੀ ਨਾ ਢਾਬ ਯਾਰੋ।
ਰੱਖਦੇ ਨੇ ਪੌਂਡ, ਡਾਲਰ ਜੁੱਤੀ ਦੀ ਨੋਕ ਉੱਤੇ,
ਵਿਰਲੇ ਨੇ 'ਮਾਨ' ਵਰਗੇ ਦਿਲ ਦੇ ਨਵਾਬ ਯਾਰੋ।
ਜਦੋਂ ਬੱਚੇ ਪ੍ਰਵਾਸ ਵਿੱਚ ਚਲੇ ਜਾਂਦੇ ਹਨ ਤਾਂ ਮਾਪੇ ਬੱਚਿਆਂ ਨੂੰ ਮਿਲਣ ਨੂੰ ਤਰਸਦੇ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਮਾਪਿਆਂ ਦੇ ਵਿਛੋੜੇ ਬਾਰੇ ਸ਼ਾਇਰ ਲਿਖਦਾ ਹੈ-
ਪਿਆਰ-ਮੁਹੱਬਤ, ਰਿਸ਼ਤੇ-ਨਾਤੇ, ਪੈਸਾ ਧੇਲਾ 'ਮਾਨ',
ਸਿਵਿਆਂ ਦੇ ਵਿੱਚ ਲੱਭਦੇ ਲੋਕੀਂ, ਰਾਖ ਫਰੋਲ ਰਹੇ।
ਵਿਰਾਸਤ ਦੀ ਹੂਕ ਦਿਲ ਵਿੱਚ ਕਹਿਰ ਮਚਾ ਦਿੰਦੀ ਹੈ। ਪ੍ਰਦੇਸਾਂ ਵਿੱਚ ਬੇੈਠੇ ਆਪਣੇ ਪਿੰਡ ਦੀ ਸੈਰ ਕਰ ਆਉਂਦੇ ਲੋਕਾਂ ਬਾਰੇ ਹਰਦਮ ਮਾਨ ਲਿਖਦੇ ਹਨ-
ਮਹਾਂਦੀਪਾਂ ਤੋਂ ਹੋ ਕੇ ਪਾਰ ਵਿੱਛੜ ਕੇ ਜੜ੍ਹਾਂ ਨਾਲੋਂ,
ਸਫ਼ਰ ਅੰਦਰ ਉਹ ਪਹਿਲੇ ਮੀਲ-ਪੱਥਰ ਯਾਦ ਆਉਂਦੇ ਨੇ।
ਨਹਾਉਣਾ ਛੱਪੜਾਂ ਵਿੱਚ ਗਾਰ ਮਲਣੀ ਪਿੰਡਿਆਂ ਉੱਤੇ,
ਚਰਾਂਦਾਂ ਖੁੱਲ੍ਹੀਆਂ ਵਿੱਚ ਮਾਲ ਡੰਗਰ ਯਾਦ ਆਉਂਦੇ ਨੇ।
ਕਦੇ ਗੰਨੇ, ਕਦੇ ਛੱਲੀਆਂ, ਕਦੇ ਤਰਬੂਜ ਚੋਰੀ ਦੇ,
ਕਦੇ ਪੈਂਦੇ ਸੀ ਜੋ ਬਾਪੂ ਦੇ ਛਿੱਤਰ ਯਾਦ ਆਉਂਦੇ ਨੇ।
ਹਰਦਮ ਮਾਨ ਦੀਆਂ ਗ਼ਜ਼ਲਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਵਾਲੀਆਂ ਹਨ। ਭਵਿਖ ਵਿੱਚ ਇਸ ਸ਼ਾਇਰ ਤੋਂ ਹੋਰ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ। 76 ਪੰਨਿਆਂ, 59 ਗ਼ਜ਼ਲਾਂ ਅਤੇ 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
ਮੋਬਾਈਲ-94178 13072   
ujagarsingh48@yahoo.com

13 ਅਗਸਤ ਨੂੰ ਬਰਸੀ 'ਤੇ ਵਿਸ਼ੇਸ਼ : ਸਿੱਖ ਪੰਥ ਦੇ ਮਾਰਗ ਦਰਸ਼ਕ : ਸਿਰਦਾਰ ਕਪੂਰ ਸਿੰਘ - ਉਜਾਗਰ ਸਿੰਘ

ਸਿੱਖ ਧਰਮ ਦੇ ਵਿਦਵਾਨਾ ਅਤੇ ਬੁੱਧੀਜੀਵੀਆਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ, ਸਿੱਖ ਧਰਮ ਦੇ ਅਨੁਆਈਆਂ ਨੂੰ ਰੌਸ਼ਨੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੀ ਵਿਦਵਤਾ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਦੀ ਪ੍ਰਵਿਰਤੀ ਦਾ ਸੰਸਾਰ ਵਿੱਚ ਕੋਈ ਵੀ ਸਾਨੀ ਨਹੀਂ ਪੈਦਾ ਹੋ ਸਕਿਆ। ਵਿਦਵਾਨਾ ਅਤੇ ਸਿਆਸਤਦਾਨਾ ਦੇ ਉਹ ਮਾਰਗ ਦਰਸ਼ਕ ਹਨ ਕਿਉਂਕਿ ਉਹ ਹਵਾਈ ਗੱਲਾਂ ਦੀ ਥਾਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੇ ਮੁੱਦਈ ਸਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਵਿਲੱਖਣ ਧਰਮ ਹੈ। ਇਹ ਸੰਸਾਰ ਦਾ ਇਕੋ ਇਕ ਅਜਿਹਾ ਧਰਮ ਹੈ, ਜਿਹੜਾ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵੇਂ ਹੋਰ ਵੀ ਧਰਮ ਇਨਸਾਨੀਅਤ ਦੀ ਗੱਲ ਕਰਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਧਰਮ ਮਾਨਵਤਾ ਦੇ ਹਿੱਤਾਂ ਤੇ ਪਹਿਰਾ ਦੇਣ, ਸਰਬਸਾਂਝੀਵਾਲਤਾ, ਬਰਾਬਰੀ, ਨਿਆਏ, ਜਾਤ ਪਾਤ ਦਾ ਖੰਡਨ ਅਤੇ ਇਸਤਰੀ ਜਾਤੀ ਨੂੰ ਬਰਾਬਰ ਦੇ ਅਧਿਕਾਰ ਅਤੇ ਗਊ ਗ਼ਰੀਬ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ। ਸਿੱਖ ਧਰਮ ਦੇ ਪਵਿਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਜਾਤੀ, ਵਰਗ, ਭਗਤਾਂ ਅਤੇ ਮਹਾਤਮਾਵਾਂ ਦੀ ਬਾਣੀ ਦਰਜ ਹੈ। ਸਿੱਖ ਧਰਮ ਦੀ ਵਿਚਾਰਧਾਰਾ ਇਨਸਾਨੀਅਤ ਦੀ ਵਿਚਾਰਧਾਰਾ ਹੈ। ਇਸ ਬਾਣੀ ਨੂੰ ਸਮਝਣਾ ਅਤੇ ਇਸ ਦੀ ਵਿਆਖਿਆ ਕਰਨੀ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਜਿਸ ਪੱਧਰ ਤੇ ਪਹੁੰਚਕੇ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਇਸ ਪਵਿਤਰ ਬਾਣੀ ਦੀ ਰਚਨਾ ਕੀਤੀ ਹੈ, ਇਸ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਨੂੰ ਉਸ ਪੱਧਰ ਤੇ ਪਹੁੰਚਣਾ ਪੈਂਦਾ ਹੈ। ਉਸ ਪੱਧਰ ਤੱਕ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਪੰਜਾਬ ਵਿਚ ਸਿੱਖ ਧਰਮ ਦੇ ਬਹੁਤ ਸਾਰੇ ਵਿਦਵਾਨ ਅਨੁਆਈ ਹੋਏ ਹਨ। ਉਨ੍ਹਾਂ ਸਾਰਿਆਂ ਵਿਚੋਂ ਸਰਵੋਤਮ ਪ੍ਰਬੀਨ ਵਿਦਵਾਨ ਜਿਸਨੇ ਦ੍ਰਿੜ੍ਹਤਾ, ਲਗਨ, ਦਲੇਰੀ ਅਤੇ ਸੁਜੱਗਤਾ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਅਤੇ ਉਸਦੀ ਸੋਚ ਨੂੰ ਪਹਿਚਾਣਿਆਂ ਹੈ, ਉਹ ਸਨ ਸਿਰਦਾਰ ਕਪੂਰ ਸਿੰਘ। ਸਿਰਦਾਰ ਕਪੂਰ ਸਿੰਘ ਵਿਦਵਤਾ ਅਤੇ ਮੌਲਿਕ ਬੌਧਿਕਤਾ ਦਾ ਮੁਜੱਸਮਾ ਸਨ। ਉਨ੍ਹਾਂ ਦੇ ਵਿਅਕਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾਏ ਜਾਣ ਉਤਨੇ ਹੀ ਥੋੜ੍ਹੇ ਹਨ। ਉਹ ਸਿੱਖ ਜਗਤ ਵਿਚੋਂ ਇਕੋ ਇਕ ਅਜਿਹੇ ਵਿਦਵਾਨ ਸਨ, ਜਿਨ੍ਹਾਂ ਨੂੰ 13 ਅਕਤੂਬਰ 1973 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ'' ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਿਖਜ਼ਮ'' ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਜੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਰਵੋਤਮ ਚਿੰਤਕ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਦੂਰ ਦ੍ਰਿਸ਼ਟੀ ਵਾਲੇ ਪੰਥ ਦੇ ਰੌਸ਼ਨ ਦਿਮਾਗ ਅਜ਼ੀਮ ਸ਼ਖ਼ਸ਼ੀਅਤ ਵਾਲੇ ਵਿਦਵਾਨ ਸਨ, ਜਿਹੜੇ ਜ਼ਬਰ ਜ਼ੁਲਮ, ਲੁੱਟ ਖਸੁੱਟ, ਸਮਾਜਿਕ ਕੁਰੀਤੀਆਂ, ਅਣਮਨੁੱਖੀ ਵਿਵਹਾਰ ਅਤੇ ਤਲਖ਼ ਹਕੀਕਤਾਂ ਬਾਰੇ ਬੇਬਾਕ ਹੋ ਕੇ ਦਲੇਰੀ ਨਾਲ ਲਿਖਦੇ ਸਨ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਦੇ ਅਸੂਲਾਂ ਤੇ ਪਹਿਰਾ ਦਿੱਤਾ ਭਾਵੇਂ ਉਨ੍ਹਾਂ ਨੂੰ ਇਸ ਬਦਲੇ ਕਿਤਨੀ ਵੀ ਕੁਰਬਾਨੀ ਦੇਣੀ ਪਈ। ਉਹ ਹਮੇਸ਼ਾ ਨਿੱਜੀਅਤ ਤੋਂ ਉਪਰ ਉਠਕੇ ਸਿਰਫ ਤੇ ਸਿਰਫ ਸਿੱਖੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿੰਦੇ ਸਨ। ਸਿੱਖੀ ਅਤੇ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ਨਿੱਡਰ, ਨਿਰਭੈ, ਬੇਬਾਕ, ਨਿਝੱਕ ਅਤੇ ਦਲੇਰ ਵਿਦਵਾਨ ਸਨ, ਜਿਹੜੇ ਸੱਚੀ ਗੱਲ ਕਿਸੇ ਦੇ ਵੀ ਮੂੰਹ ਤੇ ਕਹਿਣ ਦੀ ਸਮਰੱਥਾ ਰੱਖਦੇ ਸਨ।  ਉਨ੍ਹਾਂ ਦੀ ਵਿਦਵਤਾ ਸਾਹਮਣੇ ਕੋਈ ਵੀ ਵਿਦਵਾਨ ਕੁਸਕਦਾ ਨਹੀਂ ਸੀ। ਉਨ੍ਹਾਂ ਦੀ ਲਿਖਤ ਅਤੇ ਭਾਸ਼ਣ ਵਿਚ ਵਿਵੇਕੀ, ਪ੍ਰਤਿਭਾਵਾਨ ਤੇ ਪ੍ਰਭਾਵਸ਼ਾਲੀ ਪਹੁੰਚ ਹੁੰਦੀ ਸੀ। ਹਰ ਗੱਲ ਦਲੀਲ ਅਤੇ ਸਿੱਖੀ ਸੰਕਲਪ ਦੇ ਸੰਦਰਭ ਨਾਲ ਕਰਦੇ ਸਨ। ਸਿਦਕ ਅਤੇ ਸਿਰੜ੍ਹ ਦੀ ਮੂਰਤ, ਸਮਰਪਤ ਭਾਵਨਾ ਵਾਲੇ, ਸਿੱਖੀ ਵਿਚ ਪਰਪੱਕ, ਸੂਖ਼ਮ ਜ਼ਜਬੇ ਵਾਲੇ ਫ਼ਖ਼ਰੇ ਕੌਮ ਸਨ।  ਪ੍ਰਬੁੱਧ ਸਕਾਲਰ, ਨਿਆਰੀ ਵਿਚਾਰਧਾਰਾ ਦੇ ਮਾਲਕ, ਸਾਰੇ ਧਰਮਾ ਦੇ ਵਿਦਵਾਨ, ਅੱਧੀ ਦਰਜਨ ਭਾਸ਼ਾਵਾਂ ਦੇ ਗਿਆਤਾ, ਮਹਾਨ ਤਿਆਗੀ, ਸਿੱਖੀ ਦੀ ਚਾਸ਼ਣੀ ਵਿਚ ਰਸਾਏ ਹੋਏ ਅਤੇ ਸਿੱਖੀ ਦੇ ਸੰਦਰਵ ਵਿਚ ਹਰ ਪੜ੍ਹਾਈ ਅਤੇ ਲਿਖਾਈ ਕਰਨ ਵਾਲੇ ਗਿਆਨ ਦਾ ਵਗਦਾ ਦਰਿਆ ਸਨ। ਉਨ੍ਹਾਂ ਦੀ ਕਾਬਲੀਅਤ ਇਤਨੀ ਸੀ ਕਿ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਆਪਣੀ ਵਿਦਵਤਾ ਨਾਲ ਉਹ ਸਿੱਖ ਧਰਮ ਨਾਲ ਜੋੜ ਲੈਂਦੇ ਸਨ। ਇਸਦੀ ਮਿਸਾਲ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਦੋਸਤ ਆਰਟ ਕਾਲਜ ਦੇ ਪ੍ਰਿੰਸੀਪਲ ਸਰਦਾਰੀ ਲਾਲ ਪ੍ਰਾਸ਼ਰ ਨਾਲ ਸੰਬਾਦ ਕਰਕੇ ਉਸਨੂੰ ਆਪਣੀ ਈਨ ਮੰਨਵਾ ਲਈ। ਦੋਹਾਂ ਵਿਦਵਾਨਾ ਦੇ ਸੰਬਾਦ ਨੂੰ ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਭਾਸ਼ਾ  ਦੀ '' ਪ੍ਰਾਸ਼ਰ ਪ੍ਰਸ਼ਨ'' ਦੇ ਨਾਂ ਹੇਠ ਪੁਸਤਕ ਪ੍ਰਕਾਸ਼ਤ ਕਰਵਾ ਦਿੱਤੀ, ਜਿਹੜੀ ਉਨ੍ਹਾਂ ਦੀ ਸੁਜੱਗ ਵਿਦਵਤਾ ਦਾ ਵਿਲੱਖਣ ਨਮੂਨਾ ਹੈ। ਉਨ੍ਹਾਂ ਦੀ ਸੰਸਾਰ ਦੇ ਪ੍ਰਮੁੱਖ ਧਰਮਾਂ ਬਾਰੇ ਜਾਣਕਾਰੀ ਇਤਨੀ ਸੀ ਕਿ ਉਹ ਜਦੋਂ ਤੁਲਨਾਤਮਕ ਅਧਿਐਨ ਵਾਲੇ ਵਿਚਾਰ ਪ੍ਰਗਟ ਕਰਦੇ ਸਨ ਤਾਂ ਪਾਠਕ ਦੰਗ ਰਹਿ ਜਾਂਦੇ ਸਨ।  ਉਹ ਕੌਮਾਂਤਰੀ ਪ੍ਰਤਿਭਾ ਅਤੇ ਵਿਸ਼ਾਲ ਅਨੁਭਵ ਵਾਲੇ ਕਰਮਯੋਗੀ, ਯੁਗ ਪੁਰਸ਼ ਸਨ। ਉਨ੍ਹਾਂ ਲਗਪਗ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਅਤੇ ਅਨੇਕਾਂ ਖੋਜੀ ਲੇਖ ਲਿਖੇ, ਪੁਸਤਕਾਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪੁੰਦ੍ਰੀਕ, ਸਾਚੀ ਸਾਖੀ, ਬਹੁ-ਵਿਸਤਾਰ, ਸਪਤ ਸ੍ਰਿੰਗ, ਪ੍ਰਾਸ਼ਰ-ਪ੍ਰਸ਼ਨ, (ਵੈਸਾਖੀ ਆਫ਼ ਗੁਰੂ ਗੋਬਿੰਦ ਸਿੰਘ, ਦੀ ਪੋਲੀਟੀਕਲ ਸਟੱਡੀ ਆਫ਼ ਗੋਲਡਨ ਟੈਂਪਲ) ਪੰਚਨਦ, ਹਸ਼ੀਸ਼ ਅਤੇ ਕਿਸਾ ਬੀਬੀ ਰੂਪ ਕੌਰ ਹਨ।
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕੀਤੀ ਜਿਥੇ ਮਾਸਟਰ ਤਾਰਾ ਸਿੰਘ ਹੈਡਮਾਸਟਰ ਸਨ। ਦਸਵੀਂ ਵਿਚੋਂ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਏ। ਫਿਰ ਉਨ੍ਹਾਂ ਨੂੰ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਪਹਿਲਾਂ ਐਫ.ਏ.ਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਜਿਥੋਂ ਉਨ੍ਹਾਂ ਨੇ ਦੋਹਰੀ ਐਮ.ਏ.1933 ਵਿਚ ਫਿਲਾਸਫੀ ਅਤੇ ਮਾਰਲ ਸਾਇੰਸਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਲੈਕਚਰਾਰ ਦੀ ਆਫਰ ਕੀਤੀ ਸੀ ਪ੍ਰੰਤੂ ਉਨ੍ਹਾਂ ਨੇ ਵਾਪਸ ਭਾਰਤ ਆ ਕੇ ਸੇਵਾ ਕਰਨ ਨੂੰ ਪਹਿਲ ਦਿੱਤੀ। ਉਥੇ ਰਹਿੰਦਿਆਂ ਹੀ ਉਹ 1933 ਵਿਚ ਆਈ.ਸੀ.ਐਸ.ਲਈ ਚੁਣੇ ਗਏ। ਵਾਪਸ ਆ ਕੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ। ਜਦੋਂ ਉਹ ਡਿਪਟੀ ਕਮਿਸ਼ਨਰ ਸਨ ਤਾਂ ਇਕ ਸਰਕਾਰੀ ਗੁਪਤ ਪੱਤਰ ਉਦੋਂ ਦੇ ਪੰਜਾਬ ਦੇ ਰਾਜਪਾਲ ਚੰਦੂ ਲਾਲ ਤ੍ਰਿਵੇਦੀ ਵੱਲੋਂ ਆ ਗਿਆ, ਜਿਸ ਵਿਚ ਲਿਖਿਆ ਗਿਆ ਸੀ ਕਿ ਸਿੱਖਾਂ ਤੇ ਨਜ਼ਰ ਰੱਖੀ ਜਾਵੇ ਕਿਉਂਕਿ ਉਹ ਜ਼ਰਾਇਮ ਪੇਸ਼ਾ ਕੌਮ ਹਨ। ਇਸ ਪੱਤਰ ਨੇ ਉਨ੍ਹਾਂ ਦੀਆਂ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਤੁਰੰਤ ਉਨ੍ਹਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਦਿੱਤੀ ਕਿ ਜ਼ਰਾਇਮ ਪੇਸ਼ਾ ਸ਼ਬਦ ਗੁਪਤ ਪੱਤਰ ਵਿਚੋਂ ਕੱਢਿਆ ਜਾਵੇ। ਸਰਕਾਰ ਨੇ ਉਨ੍ਹਾਂ ਦੇ ਇਸ ਪੱਤਰ ਨੂੰ ਸਰਕਾਰ ਦੇ ਭੇਦ ਗੁਪਤ ਨਾ ਰੱਖਣ ਦਾ ਬਹਾਨਾ ਬਣਾਕੇ ਉਨ੍ਹਾਂ ਨੂੰ ਆਈ.ਸੀ.ਐਸ.ਦੀ ਨੌਕਰੀ ਵਿਚੋਂ 2 ਸਤੰਬਰ 1950 ਨੂੰ ਬਰਖ਼ਾਸਤ ਕਰ ਦਿੱਤਾ।
ਸਿਰਦਾਰ ਕਪੂਰ ਸਿੰਘ ਨੂੰ ਅਕਾਲੀ ਦਲ ਨੇ 1962 ਵਿਚ ਲੋਕ ਸਭਾ ਦਾ ਲੁਧਿਆਣਾ ਤੋਂ ਟਿਕਟ ਦਿੱਤਾ ਅਤੇ ਉਹ ਚੋਣ ਜਿੱਤ ਗਏ। ਲੋਕ ਸਭਾ ਵਿਚ ਉਨ੍ਹਾਂ ਦੀ 6 ਸਤੰਬਰ 1966 ਨੂੰ ਦਿੱਤੀ ਤਕਰੀਰ ਮੀਲ ਪੱਥਰ ਸਾਬਤ ਹੋਈ, ਜਿਸ ਵਿਚ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਅਏ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਸੀ। ਫਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਹਲਕੇ ਤੋਂ ਟਿਕਟ ਦਿੱਤੀ ਅਤੇ ਉਹ ਵਿਧਾਨਕਾਰ ਚੁਣੇ ਗਏ।  ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਵਿਦਵਤਾ ਦੀ ਕਦਰ ਤਾਂ ਕਰਦਾ ਰਿਹਾ ਪ੍ਰੰਤੂ ਅਕਾਲੀ ਲੀਡਰਸ਼ਿਪ ਉਨ੍ਹਾਂ ਤੋਂ ਖ਼ਾਰ ਖਾਂਦੀ ਰਹੀ ਤਾਂ ਜੋ ਉਹ ਸਥਾਪਤ ਅਕਾਲੀ ਨੇਤਾਵਾਂ ਤੋਂ ਅੱਗੇ ਨਾ ਨਿਕਲ ਜਾਣ । ਇਸ ਲਈ ਉਨ੍ਹਾਂ ਨੂੰ ਕਦੀਂ ਮੰਤਰੀ ਨਾ ਬਣਾਇਆ। ਸਿਰਦਾਰ ਕਪੂਰ ਸਿੰਘ ਰਾਜਨੀਤੀ ਕੁਰਸੀ ਲਈ ਨਹੀਂ ਸਗੋਂ ਸਿੱਖ ਧਰਮ ਦੀ ਪ੍ਰਫੁਲਤਾ ਲਈ ਕਰਦੇ ਸਨ। ਜਦੋਂ ਉਨ੍ਹਾਂ ਚੋਣਾਂ ਲੜੀਆਂ ਤਾਂ ਉਹ ਚੋਣਾਂ ਦੀ ਹਰ ਮੀਟਿੰਗ ਅਤੇ ਜਲਸੇ ਵਿਚ ਸਾਫ ਕਹਿ ਦਿੰਦੇ ਸਨ ਕਿ 'ਹੁੱਕੀ ਤੇ ਸਿਗਰਟ ਬੀੜੀ ਪੀਣ ਵਾਲਾ, ਜ਼ਰਦਾ ਪਾਨ ਖਾਣ ਵਾਲਾ, ਸਿਰ ਉਤੋਂ ਕੇਸ ਕਟਵਾਉਣ ਵਾਲਾ ਸਿੱਖ ਮੈਨੂੰ ਵੋਟ ਨਾ ਪਾਵੇ। ਮੈਨੂੰ ਅਜਿਹੇ ਪਤਿਤ ਸਿੱਖ ਦੀ ਵੋਟ ਨਹੀਂ ਚਾਹੀਦੀ'। ਉਨ੍ਹਾਂ ਦੀ ਸਾਫਗੋਈ ਸਿੱਖੀ ਦਾ ਅਨਿਖੜਵਾਂ ਅੰਗ ਸੀ। ਕੋਈ ਗੱਲ ਲੁਕੋਂਦੇ ਨਹੀਂ ਸਨ। ਉਨ੍ਹਾਂ ਦਾ ਹਰ ਵਰਤਾਰਾ ਗੁਰਵਾਕ ਦੀ ਕਸਵੱਟੀ ਤੇ ਪਰਖਕੇ ਹੁੰਦਾ ਸੀ। ' ਉਹ ਅਕਾਲੀਆਂ ਬਾਰੇ ਕਹਿੰਦੇ ਸਨ ਕਿ ਉਨ੍ਹਾਂ ਦੀ ਧੜੇਬੰਦੀ ਅਕਾਲੀ ਦਲ ਨੂੰ ਲੈ ਡੁਬੇਗੀ। ਜੋ ਅਕਾਲੀ ਸਿਆਸਤਦਾਨ ਦੀਨ ਧਰਮ, ਸਿਧਾਂਤ ਦੀ ਪਾਲਣਾ ਨਹੀਂ ਕਰਦੇ ਅਤੇ ਥਾਲੀ ਦੇ ਬੇਰ ਵਾਂਗ ਇੱਧਰ ਉਧਰ ਯਾਰੀਆਂ ਪਾਲਦੇ ਹਨ, ਮੇਰੀ ਉਨ੍ਹਾਂ ਨਾਲ ਸਾਂਝ ਨਹੀਂ ਹੋ ਸਕਦੀ।' ਅਕਾਲੀ ਦਲ ਦੀ ਧੜੇਬੰਦੀ ਤੋਂ ਵੀ ਸਿਰਦਾਰ ਕਪੂਰ ਸਿੰਘ ਦੁੱਖੀ ਸੀ। ਉਹ ਕਹਿੰਦੇ ਸਨ ਜਦੋਂ ਸਿੱਖ ਰਾਜਨੀਤੀ ਸਿਧਾਂਤਹੀਣ ਹੋ ਜਾਵੇ ਤਾਂ ਭਰਾ ਮਾਰੂ ਜ਼ੰਗ ਸ਼ੁਰੂ ਹੋ ਜਾਂਦੀ ਹੈ। ਅਕਾਲੀ ਦਲ ਦੇ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਰਹੇ। ਅਕਾਲੀਆਂ ਨੇ ਉਨ੍ਹਾਂ ਤੋਂ ਪੜ੍ਹਨ ਲਿਖਣ ਵਾਲਾ ਕੰਮ ਤਾਂ ਕਰਵਾਇਆ ਪ੍ਰੰਤੂ ਸਿਆਸੀ ਕੱਦ ਬੁੱਤ ਵੱਧਣ ਨਹੀਂ ਦਿੱਤਾ। ਭਾਵੇਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਪ੍ਰੰਤੂ ਫਿਰ ਵੀ ਉਹ ਦੇਸ਼ ਦੇ ਵਿਰੁਧ ਬਗ਼ਾਬਤ ਕਰਨ ਦੇ ਹਮਾਇਤੀ ਨਹੀਂ ਸਨ। ਉਨ੍ਹਾਂ ਸਿੱਖ ਹੋਮ ਲੈਂਡ ਦਾ ਸਿਧਾਂਤ ਦਿੱਤਾ ਪ੍ਰੰਤੂ ਵਰਤਮਾਨ ਸੰਵਿਧਾਨ ਦੇ ਅੰਦਰ ਹੀ। ਆਨੰਦਪੁਰ ਸਾਹਿਬ ਦਾ ਮਤਾ ਵੀ ਵਰਤਮਾਨ ਸੰਵਿਧਾਨ ਅਧੀਨ ਹੀ ਅਜ਼ਾਦੀ ਦੀ ਮੰਗ ਸੀ। ਨੌਜਵਾਨਾ ਨੂੰ ਹਮੇਸ਼ਾ ਉਹ ਉਤਸ਼ਾਹਤ ਕਰਦਾ ਰਿਹਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਦਾਰ ਕਪੂਰ ਸਿੰਘ ਦੀ ਕੁਰਬਾਨੀ ਅਤੇ ਲਿਆਕਤ ਦਾ ਮੁੱਲ ਨਹੀਂ ਪਾਇਆ। ਜੇ ਇਹ ਕਿਹਾ ਜਾਵੇ ਕਿ ਸਿੱਖ ਜਗਤ ਅਤੇ ਅਕਾਲੀ ਲੀਡਰਸ਼ਿਪ ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਦਾ ਲਾਭ ਨਹੀਂ ਉਠਾ ਸਕੀ ਕੋਈ ਅਤਕਥਨੀ ਨਹੀਂ। ਸਿੱਖ ਜਗਤ ਵਿਚ ਸਿਰਦਾਰ ਕਪੂਰ ਸਿੰਘ ਜਿਤਨਾ ਪ੍ਰਬੀਨ ਤੀਖਣ ਬੁੱਧੀ ਵਾਲਾ ਵਿਦਵਾਨ ਅਜੇ ਤੱਕ ਵੀ ਮੌਜੂਦ ਨਹੀਂ। ਨੌਕਰੀ ਵਿੱਚੋਂ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪਿਆ। ਸਿਰਦਾਰ ਕਪੂਰ ਸਿੰਘ ਕਿਸੇ ਅੱਗ ਹੱਥ ਨਹੀਂ ਅੱਡਦੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾ ਕਿਸੇ ਅਕਾਲੀ ਲੀਡਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬਿਮਾਰੀ ਦੇ ਸਮੇਂ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਪਿੰਡ ਵਿਚ ਕਦੇ ਕਦਾਈਂ ਮਿਲਣ ਆਉਂਦੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਇਤਿਹਾਸ ਲਿਖਣ ਲਈ ਪ੍ਰਾਜੈਕਟ ਦਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਲੈਂਦੇ ਤਾਂ ਜੋ ਸੰਸਾਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਸਕਦੀ ਅਤੇ ਸਿੱਖ ਧਰਮ ਦਾ ਪ੍ਰਚਾਰ ਹੁੰਦਾ। ਇਸ ਨਾਲ ਦੋ ਕੰਮ ਹੋਣੇ ਸੀ, ਇਕ ਸਿਰਦਾਰ ਕਪੂਰ ਸਿੰਘ ਨੂੰ ਆਰਥਿਕ ਸਹਾਇਤਾ ਮਿਲ ਜਾਣੀ ਸੀ, ਜਿਸ ਨਾਲ ਉਸ ਦੀ ਜ਼ਿੰਦਗੀ ਸੌਖੀ ਨਿਕਲ ਜਾਂਦੀ। ਦੂਜੇ ਸਿੱਖ ਇਤਿਹਾਸ ਨੂੰ ਸਾਂਭਿਆ ਜਾ ਸਕਦਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੇ ਜਾਣ ਬੁਝਕੇ ਸਿਰਦਾਰ ਕਪੂਰ ਸਿੰਘ ਨੂੰ ਅਣਗੌਲਿਆਂ ਕੀਤਾ ਸੀ। ਇਹ ਪ੍ਰਵਿਰਤੀ ਸਿੱਖਾਂ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰਦੀ ਹੈ। ਅੱਜ ਦੀ ਅਕਾਲੀ ਲੀਡਰਸ਼ਿਪ ਵਿੱਚ ਆਈ ਗਿਰਾਵਟ ਸਿਰਦਾਰ ਕਪੂਰ ਸਿੰਘ ਦੀਆਂ ਸੱਚੀਆਂ ਗੱਲਾਂ ਨੂੰ ਯਾਦ ਕਰਵਾ ਰਹੀ ਹੈ।
ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਹੋਇਆ ਸੀ। ਉਹ 77 ਸਾਲ ਦੀ ਉਮਰ ਵਿੱਚ 13 ਅਗਸਤ 1986 ਨੂੰ ਸਵਰਗਵਾਸ ਹੋ ਗਏ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com