Ujagar Singh

ਰਵਿੰਦਰ ਸਿੰਘ ਸੋਢੀ ਦੀ ਪੁਸਤਕ ਪਰਵਾਸੀ ਕਲਮਾਂ: ਸਾਹਿਤਕ ਫੁੱਲਾਂ ਦਾ ਗੁਲਦਸਤਾ - ਉਜਾਗਰ ਸਿੰਘ

ਪਰਵਾਸ ਵਿੱਚ ਵਸਦੇ ਵੀਹ ਕਲਮਕਾਰਾਂ ਦੀਆਂ ਰਚਨਾਵਾਂ ਦਾ ਸਾਹਿਤਕ ਗੁਲਦਸਤਾ 'ਪਰਵਾਸੀ ਕਲਮਾਂ' ਆਪੋ ਆਪਣੇ ਰੰਗਾਂ ਦੀ ਖ਼ੁਸ਼ਬੋ ਦਿੰਦਾ ਹੋਇਆ ਸਾਹਿਤਕ ਸੰਸਾਰ ਦੇ ਤਾਣੇ ਬਾਣੇ ਨੂੰ ਮਹਿਕਾ ਰਿਹਾ ਹੈ। ਰਵਿੰਦਰ ਸਿੰਘ ਸੋਢੀ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਬਰਤਾਨੀਆਂ ਵਿੱਚ ਵਸੇ ਹੋਏ ਪੰਜਾਬੀ ਦੇ ਕਲਮਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿੱਚ ਸੰਕਲਨ ਕਰਕੇ ਸਾਹਿਤਕ ਜਗਤ ਨੂੰ 2022 ਦੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਇਹ ਇੱਕ ਅਜਿਹਾ ਤੋਹਫ਼ਾ ਹੈ, ਜਿਹੜਾ ਇਨਸਾਨੀ ਮਾਨਸਿਕਤਾ ਦੀ ਰੂਹ ਦੀ ਖੁਰਾਕ ਬਣੇਗਾ। ਇਸ ਪੁਸਤਕ ਵਿੱਚ ਨਵੇਂ, ਪੁਰਾਣੇ ਅਤੇ ਸਥਾਪਤ ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪਾਠਕ ਸਾਹਿਤ ਦੇ ਇਨ੍ਹਾਂ ਤਿੰਨਾ ਰੂਪਾਂ ਦਾ ਆਨੰਦ ਮਾਣ ਸਕਣ। ਇਹ ਪੁਸਤਕ ਮੌਲਿਕਤਾ ਅਤੇ ਸੰਪਾਦਕੀ ਦਾ ਸੁਮੇਲ ਹੈ ਕਿਉਂਕਿ ਰਵਿੰਦਰ ਸਿੰਘ ਸੋਢੀ ਨੇ ਇਸ ਪੁਸਤਕ ਵਿੱਚ ਸ਼ਾਮਲ 20 ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੇ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਯੋਗਦਾਨ ਨੂੰ ਸੰਖੇਪ ਸ਼ਬਦਾਂ ਵਿੱਚ ਬਿਹਤਰੀਨ ਢੰਗ ਨਾਲ ਲਿਖਿਆ ਹੈ। ਉਨ੍ਹਾਂ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਕਹਾਣੀ ਭਾਗ ਵਿੱਚ 7 ਸਾਹਿਤਕਾਰਾਂ, ਦੂਜੇ ਵਾਰਤਕ ਭਾਗ ਵਿੱਚ 5 ਵਾਰਤਕਕਾਰਾਂ ਅਤੇ ਤੀਜੇ ਕਵਿਤਾ ਭਾਗ ਵਿੱਚ 8 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਨਾਟਕਕਾਰ, ਰੀਵਿਊਕਾਰ, ਕਵੀ, ਕਾਲਮ ਨਵੀਸ ਅਤੇ ਆਲੋਚਕ ਹੋਣ ਕਰਕੇ ਉਨ੍ਹਾਂ ਇਸ ਪੁਸਤਕ ਵਿੱਚ ਸਾਹਿਤ ਦੇ ਕਿਸੇ ਇਕ ਰੂਪ ਨੂੰ ਹੀ ਸ਼ਾਮਲ ਨਹੀਂ ਕੀਤਾ ਸਗੋਂ ਤਿੰਨ ਰੰਗਾਂ ਨੂੰ ਪ੍ਰਸਤਤ ਕੀਤਾ ਹੈ। ਉਹ ਆਲੋਚਕ ਹੋਣ ਕਰਕੇ ਪਾਠਕਾਂ ਦੀ ਸਾਹਿਤਕ ਰੁਚੀ ਭਲੀ ਭਾਂਤ ਸਮਝਦੇ ਹਨ। ਪੁਸਤਕ ਵਿੱਚ ਬਿਹਤਰੀਨ ਕਹਾਣੀਕਾਰਾਂ ਦੀਆਂ ਕਹਾਣੀਆਂ, ਵਾਤਕਕਾਰਾਂ ਦੇ ਲੇਖ ਅਤੇ ਕਵੀਆਂ ਦੀਆਂ ਕਵਿਤਾਵਾਂ ਦੀਆਂ ਵੰਨਗੀਆਂ ਦੇ ਰੰਗ ਸ਼ਾਮਲ ਕਰਕੇ ਇਕ ਮੰਚ ਤੇ ਪਾਠਕਾਂ ਨੂੰ ਪੜ੍ਹਨ ਲਈ ਦਿੱਛੇ ਹਨ। (ੳ) ਕਹਾਣੀ ਭਾਗ ਵਿੱਚ ਐਸ ਸਾਕੀ ਦੀਆਂ ਤਿੰਨ ਕਹਾਣੀਆਂ: 'ਹਮ ਚਾਕਰ ਗੋਬਿੰਦ ਕੇ', 'ਦੋ ਬਲਦੇ ਸਿਵੇ ਅਤੇ ਸ਼ੇਰਾ', ਹਮ ਚਾਕਰ ਗੋਬਿੰਦ ਕੇ ਬਹੁਤ ਹੀ ਕਮਾਲ ਦੀ ਕਹਾਣੀ ਦੀ ਚੋਣ ਕੀਤੀ ਹੈ, ਜਿਹੜੀ ਰੋਮਾਂਟਿਕ ਕਹਾਣੀਆਂ ਨਾਲੋਂ ਵੀ ਵਧੇਰੇ ਰੌਚਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਵਧੀਆ ਸੰਦੇਸ਼ ਦੇ ਰਹੀ ਹੈ। ਦੋ ਬਲਦੇ ਸਿਵੇ ਉਚ ਨੀਚ, ਜਾਤ ਪਾਤ , ਅਮੀਰ ਗਰੀਬ ਦੇ ਪਾੜੇ ਦਾ ਬਾਖੂਬੀ ਵਿਵਰਣ ਹੈ। ਤੀਜੀ ਕਹਾਣੀ ਸ਼ੇਰਾ ਸਿੰਬਾਲਿਕ ਹੈ, ਜਿਸ ਵਿੱਚ ਮੁਰਗੇ ਮੁਰਗੀਆਂ ਦੇ ਪਾਤਰਾਂ ਰਾਹੀਂ ਇਨਸਾਨੀ ਫਿਤਰਤ ਬਾਰੇ ਦੱਸਿਆ ਗਿਆ ਹੈ। ਅਵਤਾਰ ਐਸ ਸੰਘਾ ਦੀਆਂ  'ਬੱਚੇ ਤਾਂ ਓਦਰੇ ਪਏ ਨੇ' ਵਿੱਚ ਲਾਕਡਾਊਨ ਦੇ ਨੁਕਸਾਨ ਅਤੇ ਪੰਜਾਬੀਆਂ ਨੇ ਤਰਕੀਬ ਬਣਾਕੇ ਆਨੰਦ ਮਾਨਣ ਬਾਰੇ ਦੱਸਿਆ ਹੈ। ਪਰਵਾਸ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ ਬਾਰੇ ਜਾਣਕਾਰੀ ਦਿੱਤੀ ਹੈ।, 'ਚਾਬੀਆਂ ਅਤੇ ਰੈਂਬੋਂ' ਕਹਾਣੀਆਂ ਵੀ ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚ ਪੰਜਾਬ ਨਾਲੋਂ ਟੁੱਟਣ ਦਾ ਸੰਤਾਪ ਪ੍ਰਗਟ ਹੁੰਦਾ ਹੈ। ਰੈਂਬੋ ਵਿੱਚ ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਵਿਖਾਈ ਗਈ ਹੈ। ਬਲਵੰਤ ਸਿੰਘ ਗਿੱਲ ਦੀਆਂ 'ਗ਼ਰੀਬ ਦੀ ਹੱਟੀ' ਅਤੇ 'ਪੁੱਤ ਪਰਦੇਸੀ' ਦੋਵੇਂ ਬੜੀਆਂ ਸੰਜੀਦਾ ਕਿਸਮ ਦੀਆਂ ਕਹਾਣੀਆਂ ਹਨ। ਗ਼ਰੀਬ ਦੀ ਹੱਟੀ ਵਿੱਚ ਸਾਬਤ ਕੀਤਾ ਹੈ ਕਿ ਜਿਹੜੇ ਵਿਅਕਤੀ ਇਮਾਨਦਾਰ ਅਤੇ ਮਿਹਨਤ ਕਰਦੇ ਹਨ, ਉਨ੍ਹਾਂ ਲਈ ਪੰਜਾਬ ਹੀ ਪਰਵਾਸ ਹੈ। ਪੁੱਤ ਪਰਦੇਸੀ ਸੰਦੇਸ਼ ਦਿੰਦੀ ਹੈ ਕਿ ਪਰਵਾਸ ਦੀ ਥਾਂ ਆਪਣੀ ਧਰਤੀ 'ਤੇ ਮਾਵਾਂ ਦੇ ਕੋਲ ਰਹਿਕੇ ਜੀਵਨ ਨਿਰਬਾਹ ਕੀਤਾ ਜਾਵੇ। ਨਿਰਮਲ ਸਿੰਘ ਕੰਧਾਲਵੀ ਦੀਆਂ 'ਬਾਬਾ ਜਿੰਮ' ਅਤੇ 'ਕਰਕ ਕਲੇਜੇ ਮਾਹਿ'ਵਹਿਮਾ ਭਰਮਾ ਦੇ ਵਿਰੁੱਧ ਹਨ। ਪਰਵਾਸ ਵਿੱਚ ਲੋਕ ਜ਼ਿੰਦਗੀ ਦੀ ਜਦੋਜਹਿਦ ਵਿੱਚ ਸਫਲਤਾ ਨਾ ਮਿਲਣ ਕਰਕੇ ਵਹਿਮਾਂ ਭਰਮਾ ਦੇ ਜਾਲ ਵਿੱਚ ਫਸ ਜਾਂਦੇ ਹਨ। ਕਰਕ ਕਲੇਜੇ ਮਾਹਿ ਵਿੱਚ ਪੰਜਾਬੀਆਂ ਦਾ ਪੰਜਾਬੀ ਭਾਸ਼ਾ ਤੋਂ ਮੋਹ ਟੁਟਣ 'ਤੇ ਵਿਅੰਗ ਕਸਿਆ ਹੋਇਆ ਹੈ। ਜਸਬੀਰ ਸਿੰਘ ਆਹਲੂਵਾਲੀਆ ਦੀਆਂ 'ਮੈਂ ਅਤੇ ਮਿਸਿਜ਼ ਸੰਧ'ੂ ਅਤੇ 'ਡੱਬਾ ਬੰਦ' ਦੋਵੇਂ ਕਹਾਣੀਆਂ ਪਰਵਾਸ ਵਿੱਚ ਵਿਧਵਾ ਮਰਦ ਔਰਤ ਦੇ ਜੀਵਨ ਜਿਓਣ ਲਈ ਪਿਆਰ ਸੰਬੰਧਾਂ ਦੀਆਂ ਪ੍ਰਤੀਕ ਹਨ। ਮੋਹਨ ਸਿੰਘ ਵਿਰਕ ਦੀਆਂ 'ਵਤਨ ਵਾਪਸੀ'  ਪਰਵਾਸ ਵਿੱਚ ਔਲਾਦ ਆਪਣੇ ਮਾਪਿਆਂ ਨਾਲ ਉਨ੍ਹਾਂ ਦੀਆਂ ਜ਼ਮੀਨਾ ਜਾਇਦਾਦਾਂ ਹੜੱਪ ਕੇ ਬੁਰਾ ਵਿਵਹਾਰ ਕਰਦੀ ਹੈਉਸਦਾ ਪਰਦਾ ਫਾਸ਼ ਕੀਤਾ ਗਿਆ ਹੈ। 'ਕਹਿਰ' ਕਹਾਣੀ ਦੇਸ਼ ਦੀ ਵੰਡ ਦੀ ਤ੍ਰਾਸਦੀ ਦਾ ਦੁਖਾਂਤ ਅਤੇ ਭਾਈਚਾਰਕ ਸਾਂਝ ਦਾ ਨਮੂਨਾ ਹੈ ਪ੍ਰੰਤੂ ਇਸ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਸਖ਼ਤ ਹੈ। ਚਰਨਜੀਤ ਸਿੰਘ ਮਿਨਹਾਸ ਦਾ ਲੇਖ 'ਪਰਛਾਵੇਂ, ਬਿੰਦੂ ਅਤੇ ਆਕਾਰ' ਪਿਆਰ ਵਿੱਚ ਜ਼ਾਤ ਪਾਤ, ਸਾਡੇ ਸਮਾਜ ਵਿੱਚ ਲੜਕੇ ਵੱਲੋਂ ਲੜਕੀ ਦੀ ਮਦਦ ਨੂੰ ਸਿਰਫ ਇਸ਼ਕ ਮੁਹੱਬਤ ਦੇ ਰੰਗ ਵਿੱਖ ਵੇਖਣ ਅਤੇ ਇਕ ਦੋਸਤ ਵਲੋਂ ਦੂਜੇ ਦੀ ਮਦਦ ਦਾ ਅਹਿਸਾਨ ਚੁਕਾਉਣ ਦੇ ਪ੍ਰਤੀਕ ਦੀ ਕਹਾਣੀ ਹੈ। (ਅ) ਵਾਰਤਕ ਭਾਗ ਵਿੱਚ ਰਿਸ਼ੀ ਗੁਲਾਟੀ ਦਾ ਮਨੋਵਿਗਿਆਨਕ ਲੇਖ ' ਆਕਰਸ਼ਣ ਦੇ ਸਿਧਾਂਤ ਦਾ ਇਨਸਾਨੀ ਜ਼ਿੰਦਗੀ ਵਿੱਚ ਮਹੱਤਵ' ਵਿਸ਼ੇ 'ਤੇ ਬਹੁਤ ਵਧੀਆ ਜਾਣਕਾਰੀ ਵਾਲਾ ਲੇਖ ਹੈ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਿਸ਼ਾਨਾ ਮਿਥ ਕੇ, ਸਵੈ ਭਰੋਸਾ, ਹਿੰਮਤ, ਉਸਾਰੂ ਸੋਚ, ਭਰਮ ਭੁਲੇਖੇ ਤੇ ਰੁਕਾਵਟਾਂ ਦੂਰ ਕਰਨ, ਵਾਰ ਵਾਰ ਕੋਸ਼ਿਸ਼ ਕਰਨ, ਵਿਚਾਰਾਂ ਤੇ ਕਾਬੂ ਪਾਉਣ ਅਤੇ ਹੋਏ ਨੁਕਸਾਨ ਨੂੰ ਭੁੱਲ ਜਾਣ ਦੀ ਪ੍ਰੇਰਨਾ ਦਿੱਤੀ ਗਈ ਹੈ। ਡਾ ਦਵਿੰਦਰ ਸਿੰਘ ਜੀਤਲਾ ਦਾ 'ਮੇਰਾ ਸਾਹਿਤਕ ਰੁਝਾਨ ਤੇ ਸਫਰ-ਹੁਣ ਤੱਕ' ਲੇਖ ਪਰਵਾਸ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਸਾਹਿਤਕ ਸਫਰ ਦਾ ਉਲੇਖ ਹੈ। ਇਹ ਲੇਖ ਕੋਈ ਬਹੁਤੀ ਸੇਧ ਨਹੀਂ ਦਿੰਦਾ। ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਦੇ ਦੋ ਲੇਖ ' ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ' ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਹੈ ਕਿ ਕੁਝ ਕੁ  ਸਾਡੇ ਲੋਕ ਆਸਟਰੇਲੀਆ ਵਿੱਚ ਗਲਤ ਹਰਕਤਾਂ ਕਰਕੇ ਸਾਰੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ। ਨਸਲੀ ਵਿਤਕਰੇ ਆਮ ਜਿਹੀ ਗੱਲ ਹੋ ਗਈ ਹੈ।  'ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪ੍ਰਦੇਸ਼? ਲੇਖ ਵਿੱਚ ਭਾਰਤ ਦੀ ਭਰਿਸ਼ਟ ਪ੍ਰਣਾਲੀ ਦਾ ਵਿਵਰਣ ਦੇ ਕੇ ਝੰਜੋੜਕੇ ਰੱਖ ਦਿੱਤਾ। ਦੋਵੇਂ ਲੇਖਾਂ ਵਿੱਚ ਦੇਸ- ਪਰਵਾਸ ਦੀ ਜ਼ਿੰਦਗੀ ਦੇ ਕੌੜੇ ਸੱਚ ਦੱਸੇ ਗਏ ਹਨ।  ਪਾਪਾਟੋਏਟੋਏ ਵਾਲਾ ਪਰਮਿੰਦਰ ਸਿੰਘ ਦੇ ਚਾਰ ਲੇਖ ਹਨ। 'ਲੈ ਗਈ ਚੰਦਰੀ ਕੈਨੇਡਾ, ਸਾਰੇ ਛਾਂਟ ਕੇ ਮੁੰਡੇ ਲੇਖ ਵਿੱਚ ਪਰਵਾਸ ਦੇ ਜੀਵਨ ਦੇ ਕੌੜੇ ਸੱਚ ਦੱਸੇ ਗਏ ਹਨ, ਜਦੋਂ ਘੱਟ ਪੜ੍ਹੇ ਲਿਖੇ ਪਰਵਾਸ ਵਿੱਚ ਸੈਟਲ ਲੜਕੇ ਪ੍ਰੋਫੈਸ਼ਨਲ ਲੜਕੀਆਂ ਵਿਅਹ ਕੇ ਲੈ ਜਾਂਦੇ ਹਨ ਅਤੇ ਪਰਵਾਸ ਦੀਆਂ ਦੁਸ਼ਾਵਰੀਆਂ ਨਾਲ ਉਹ ਨਿਪਟਦੀਆਂ ਜਵਾਨੀ ਗਾਲ ਲੈਂਦੀਆਂ ਹਨ। 'ਲੋਕੀ ਆਖਦੇ ਤੂੰ ਚਲਾ ਗਇਓਂ ਪਰੀਆਂ ਦੇ ਦੇਸ਼' ਲੇਖ ਵਿੱਚ ਪਰਵਾਸ ਵਿੱਚ ਬਜ਼ੁਰਗਾਂ ਦਾ ਨਵੇਂ ਵਾਤਾਵਰਨ ਵਿੱਚ ਜਾ ਕੇ ਅਡਜਸਟ ਨਾ ਕਰਨਾ ਅਤੇ ਏਥੋਂ ਦੇ ਕਾਨੂੰਨ ਅਤੇ ਪਰੰਪਰਾਵਾਂ ਬਜ਼ਰਗਾਂ ਲਈ ਗਲੇ ਦੀ ਹੱਡੀ ਬਣਦੀਆਂ ਹਨ। ਉਨ੍ਹਾਂ ਨੂੰ ਆਪਣੀ ਵਿਰਾਸਤ ਦਾ ਹੇਰਵਾ ਵੱਢ ਵੱਢ ਖਾਂਦਾ ਹੈ। 'ਉਮਰਾਂ ਦੀ ਜੇ ਸ਼ਾਮ ਹੋ ਗਈ, ਤਾਂ ਕੀ ਹੋਇਆ ਜਿੰਦੇ' ਲੇਖ ਵਿੱਚ ਕੈਨੇਡਾ ਵਿਖੇ ਬਜ਼ੁਰਗਾਂ ਦੀਆਂ ਢਾਣੀਆਂ ਵਿੱਚ ਹੁੰਦੀ ਵਿਚਾਰ ਚਰਚਾ ਦਾ ਜ਼ਿਕਰ ਹੈ। ਕਈ ਬਜ਼ੁਰਗ ਦੁਖੀ ਅਤੇ ਕਈ ਪੈਨਸ਼ਨਾ ਲੱਗਣ ਕਰਕੇ ਖੁਸ਼ ਹਨ। 'ਆਸ, ਵਿਸ਼ਵਾਸ਼ ਅਤੇ ਅਰਦਾਸ ਤੱਕ, ਸੀਮਤ ਹੋਣ ਲੱਗੇ ਲੋਕ' ਲੇਖ ਵਿੱਚ ਸਿਆਸੀ ਦਲ ਬਦਲੀਆਂ, ਮਹਿੰਗਾਈ, ਸ਼ਹਿਰ ਵਸਣੇ, ਅਫਸਰਸ਼ਾਹੀ ਦੀ ਕਾਰਗੁਜ਼ਾਰੀ, ਗ਼ਰੀਬਾਂ ਦੀ ਦੁਰਦਸ਼ਾ ਅਤੇ ਵਿਰਾਸਤੀ ਵਸਤਾਂ ਦੇ ਖ਼ਤਮ ਹੋਣ ਦੀ ਤ੍ਰਾਸਦੀ ਹੈ ਅਤੇ ਹਰਕੀਰਤ ਸਿੰਘ ਸੰਧਰ ਦੇ ਚਾਰ ਖੋਜ ਭਰਪੂਰ ਲੇਖ ਹਨ।   'ਕਲਕੱਤੇ ਤੋਂ ਆਸਟ੍ਰੇਲੀਆ ਆਇਟਾ ਸਮੁੰਦਰੀ ਬੇੜਾ' ਸਮੁੰਦਰੀ ਯਾਤਰਾ ਦੀਆਂ ਔਕੜਾ ਦਾ ਵਿਵਰਣ ਦਿੰਦਾ ਹੈ। 'ਆਸਟ੍ਰੇਲੀਆ ਵਿੱਚ ਭਾਰਤੀ' ਲੇਖ ਪੰਜਾਬੀਆਂ ਦਾ ਆਸਟ੍ਰੇਲੀਆ ਵਿੱਚ ਆਉਣ ਦਾ ਸਫਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਾ ਹੈ, ਕਿਵੇਂ ਉਨ੍ਹਾਂ ਭਾਸ਼ਾ ਦੀ ਸਮੱਸਿਆ ਹੋਣ ਦੇ ਬਾਵਜੂਦ ਮਿਹਨਤ ਕਰਕੇ ਸਥਾਪਤ ਹੋਏ ਹਨ। 'ਆਸਟ੍ਰੇਲੀਆ ਵਿੱਚ ਭਾਰਤੀ ਭਾਸ਼ਾਵਾਂ' ਵਾਲੇ ਲੇਖ ਵਿੱਚ ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦਾ ਪਹਿਲੀਆਂ ਆਸਟ੍ਰੇਲੀਆ ਦੀਆਂ ਦਸ ਭਾਸ਼ਾਵਾਂ ਵਿੱਚ ਸ਼ਾਮਲ ਹੋਣ ਬਾਰੇ ਦੱਸਿਆ ਹੈ। 'ਭਾਰਤ ਆਸਟ੍ਰੇਲੀਆ ਸੰਬੰਧ-4 ਹਜ਼ਾਰ ਸਾਲ ਪੁਰਾਣਾ' ਲੇਖ ਵਿੱਚ ਦੋਹਾਂ ਦੇਸ਼ਾਂ ਦੇ ਸਦਭਾਵਨਾ ਨਾਲ ਰਹਿਣ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ ਹੈ। ਏਸੇ ਤਰ੍ਹਾਂ (ੲ) ਕਵਿਤਾ ਭਾਗ ਵਿੱਚ ਜੋਗਿੰਦਰ ਸਿੰਘ ਥਿੰਦ ਦਾ ਇਕ ਗੀਤ ਪੰਜਾਬੀ ਮੁਟਿਆਰਾਂ ਦੀਆਂ ਭਾਵਨਾਵਾ ਪ੍ਰਦੇਸ ਗਏ ਸਾਥੀਆਂ ਦੇ ਦਰਦ ਦੀ ਹੂਕ ਅਤੇ ਚਾਰ ਰੋਮਾਂਟਿਕ ਗ਼ਜ਼ਲਾਂ ਹਨ। ਕੰਵਲ ਸਿੱਧੂ ਦੀਆਂ ਚਾਰ ਕਵਿਤਾਵਾਂ ਵਿੱਚੋਂ ਦੋ ਰੋਮਾਂਟਿਕ ਅਤੇ ਦੋ ਵਿਛੋੜੇ ਦਾ ਦਰਦ ਪ੍ਰਗਟਾਉਂਦੀਆਂ ਹਨ। ਹਰਜਿੰਦਰ ਸਿੰਘ ਗੁਲਪੁਰ ਦੀਆਂ ਪੰਜ ਕਵਿਤਾਵਾਂ ਵਿੱਚੋਂ 'ਅੰਗੂਰੀ' ਧਾਰਮਿਕ, 'ਕੁਕਨੂਸ' ਭਰੂਣ ਹੱਤਿਆਵਾਂ, 'ਗਰਮ ਖ਼ੂਨ' ਧੋਖੇ ਫਰੇਬ, 'ਦੇਖ ਹੁੰਦੇ' ਆਪਸੀ ਖੁੰਦਕਾਂ ਅਤੇ 'ਪਾਣੀ' ਭਰਿਸ਼ਟਾਚਾਰ ਬਾਰੇ ਹਨ। ਰੂਪ ਦਵਿੰਦਰ ਕੌਰ ਨਾਹਿਲ ਦੀਆਂ ਪੰਜ ਕਵਿਤਾਵਾਂ ਵਿੱਚੋਂ ਪਹਿਲੀ 'ਮੇਰੀ ਸ਼ਹਿਣਸ਼ੀਲਤਾ ਦੇ ਅੰਬਰੀਂ ਘੇਰੇ' ਇਸਤਰੀ ਦੀ ਤਾਕਤ, 'ਪਿਆਸ ਨਾਲ ਵਿਆਕੁਲ' ਮਰਦ ਦੇ ਪਿਆਰ ਡਰਪੋਕਪੁਣੇ, 'ਅੱਜ' ਸਿੰਬਾਲਿਕ ਹੈ, ਜਿਹੜੀ ਇਸਤਰੀ ਦੀ ਭਾਵਨਾ ਦਾ ਪ੍ਰਤੀਕ ਬਣਦੀ, 'ਅਗਨੀ ਪ੍ਰੀਖਿਆ ਔਰਤ ਦੀ ਸਮਰੱਥਾ ਅਤੇ 'ਸਮੁੰਦਰ ਤੇ ਮੈਂ' ਮਰਦ ਔਰਤ ਦੇ ਸੰਬੰਧਾਂ ਦੀ ਪ੍ਰਤੀਕ ਹੈ। ਦਰਸ਼ਨ ਸਿੰਘ ਸਿੱਧੂ ਸਟੇਜੀ ਕਵੀ ਦੀਆਂ ਚਾਰ ਕਵਿਤਾਵਾਂਵਿਦੇਸ਼ਾਂ ਵਿੱਚ ਰੁਲ ਰਹੇ ਪੰਜਾਬੀਆਂ, ਦਿਲੀ ਦੀ ਸਰਹੱਦ ਤੇ ਕਿਸਾਨਾ, ਭਰਿਸ਼ਟਾਚਾਰ ਅਤੇ ਦੋਸਤਾਂ ਦੀ ਭੈੜੀ ਪ੍ਰਵਿਰਤੀ ਨਾਲ ਸੰਬੰਧਤ ਕਵਿਤਾਵਾਂ ਹਨ। ਤਖ਼ਤਿੰਦਰ ਸਿੰਘ ਸੰਧੂ ਦੀਆਂ ਚਾਰ ਕਵਿਤਾਵਾਂ ਕਿਸਾਨੀ ਸੰਘਰਸ਼, ਪ੍ਰਵਾਸੀਆਂ ਦੀ ਜੋਖ਼ਮ ਭਰੀ ਜ਼ਿੰਦਗੀ ਅਤੇ ਰੁਮਾਂਟਿਕ ਕਵਿਤਾਵਾਂ ਹਨ। ਕਵਿਤਰੀ ਰਮਿੰਦਰ ਰਮੀ ਦੀਆਂ ਚਾਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ, ਸੰਸਕਾਰਾਂ ਦੀਆਂ ਪਾਬੰਦੀਆਂ,  ਅਤੇ ਰੁਮਾਂਸਵਾਦ ਨਾਲ ਪਬਰੇਜ ਹਨ। ਅਖ਼ੀਰ ਵਿੱਚ ਇਸ ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦੀਆਂ ਦੋ ਕਵਿਤਾਵਾਂ, ਦੋ ਗੀਤ ਅਤੇ ਦੋ ਗ਼ਜ਼ਲਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਕਵੀ ਨੇ ਵਾਤਾਵਰਨ ਦੀ ਤਬਦੀਲੀ, ਧਾਰਮਿਕ ਆਸਥਾ, ਗਰੀਬੀ ਅਤੇ ਅਤੇ ਭਰੂਣ ਹੱਤਿਆਵਾਂ ਦੀ ਤ੍ਰਾਸਦੀ ਦੇ ਗੀਤ ਗਾਉਂਦੀਆਂ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ - ਉਜਾਗਰ ਸਿੰਘ

ਡਾ ਹਰਕੇਸ਼ ਸਿੰਘ ਸਿੱਧੂ ਆਸ਼ਾਵਾਦੀ ਸ਼ਾਇਰ ਹੈ। ਉਨ੍ਹਾਂ ਦੀ ਵਿਰਾਸਤ ਧਾਰਮਿਕ ਰੰਗ ਵਿੱਚ ਰੰਗੀ ਹੋਈ ਹੈ। ਇਸ ਕਰਕੇ ਉਨ੍ਹਾਂ ਦੀ ਹਰ ਸਾਹਿਤਕ ਰਚਨਾ ਵਿਚੋਂ ਸਿੱਖ ਧਰਮ ਦੀਆਂ ਪਰੰਪਰਾਵਾਂ, ਸਿਧਾਂਤਾਂ ਅਤੇ ਸਿਖਿਆਵਾਂ ਦੀ ਮਹਿਕ ਆਉਂਦੀ ਹੈ। ਉਨ੍ਹਾਂ ਦਾ ਸਾਰਾ ਜੀਵਨ ਵੀ ਜਦੋਜਹਿਦ ਦੀ ਚਾਸ਼ਣੀ ਵਿੱਚੋਂ ਨਿਕਲਕੇ ਸਾਫ਼ਗੋਈ ਵਾਲਾ ਬਣਿਆਂ ਹੋਇਆ ਹੈ। ਉਨ੍ਹਾਂ ਦੇ ਮਨ ਵਿੱਚ ਅਜੋਕੇ ਪ੍ਰਦੂਸ਼ਤ ਸਮਾਜਿਕ ਅਤੇ ਰਾਜਨੀਤਕ ਪ੍ਰਣਾਲੀ ਦੀ ਥਾਂ ਨਵਾਂ ਸਮਾਜ ਸਿਰਜਣ ਦੀ ਭਾਵਨਾ ਪ੍ਰਬਲ ਹੋਈ ਹੈ। ਇਹ ਸੰਗ੍ਰਹਿ ਵੀ ਉਸੇ ਦ੍ਰਿਸ਼ਟੀਕੋਣ ਨਾਲ ਲਿਖਿਆ ਗਿਆ ਲਗਦਾ ਹੈ। ਉਨ੍ਹਾਂ ਦਾ ਇਹ ਨਵਾਂ ਕਾਵਿ ਸੰਗ੍ਰਹਿ ' ਮੇਰੇ ਸੁਪਨੇ ਮੇਰੇ ਗੀਤ' ਵੀ ਉਸੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਹੱਕ ਤੇ ਸੱਚ 'ਤੇ ਪਹਿਰਾ ਦੇਣ ਦਾ ਸੰਕਲਪ ਕਰਦੀਆਂ ਹੋਈਆਂ ਨਵਾਂ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀਆਂ ਹਨ, ਜਿਸ ਵਿੱਚ ਇਨਸਾਫ਼ ਦਾ ਤਰਾਜੂ ਇਮਾਨਦਾਰ ਲੋਕਾਂ ਦੇ ਹੱਥਾਂ ਵਿੱਚ ਹੋਵੇ। ਮਨੁੱਖੀ ਅਧਿਕਾਰਾਂ ਦੇ ਲੋਕ ਪਹਿਰੇਦਾਰ ਬਣਕੇ ਵਿਚਰਦੇ ਹੋਏ ਸਮਾਜਿਕ ਤਾਣੇ ਬਾਣੇ ਦੇ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮੰਗਲਾਚਰਣ ਤੋਂ ਕਵੀ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ, ਜਦੋਂ ਉਹ ਗੁਰਬਾਣੀ ਦਾ ਆਸਰਾ ਲੈਂਦਾ ਹੋਇਆ ਮਾਨਵਤਾ ਦੇ ਭਲੇ ਅਤੇ ਬਰਾਬਰਤਾ ਦਾ ਪ੍ਰਣ ਕਰਦਾ ਹੈ। ਉਨ੍ਹਾਂ ਦੇ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਵਰਤਮਾਨ ਸਮਾਜ ਵਿਚ ਫ਼ੈਲੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਲਾਹਣਤਾਂ ਨੂੰ ਦੂਰ ਕਰਨਾ ਉਨ੍ਹਾਂ ਦਾ ਮੁੱਖ ਆਧਾਰ ਹੈ।  ਕੈਂਸਰ, ਦਾਜ, ਪਰਵਾਸ, ਆਤਮ ਹੱਤਿਆਵਾਂ, ਕਿਰਤੀਆਂ ਦਾ ਦਰਦ, ਭਰੂਣ ਹੱਤਿਆਵਾਂ, ਭਰਿਸ਼ਟਾਚਾਰ ਅਤੇ ਰੁਜ਼ਗਾਰ ਦੀਆਂ ਸਮੱਸਿਆਵਾਂ ਉਨ੍ਹਾਂ ਦੀ ਬਹੁਤੀਆਂ ਕਵਿਤਾਵਾਂ ਦਾ ਧੁਰਾ ਹਨ, ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।  ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਬਹੁਤ ਹੀ ਸਾਰਥਿਕ ਸੁਨੇਹੇ ਦਿੰਦੀ ਹੋਈ ਮਾਨਵਤਾ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਤਾਕੀਦ ਕਰਦੀ ਹੈ। ਕਵਿਤਾਵਾਂ ਦਾ ਇਕ-ਇਕ ਸ਼ਬਦ ਅਤੇ ਇੱਕ-ਇਕ ਸਤਰ ਅਰਥ ਭਰਪੂਰ ਸੁਨੇਹੇ ਦਿੰਦੀ ਹੈ।  ਇਨ੍ਹਾਂ ਕਵਿਤਾਵਾਂ ਦੇ ਸੁਨੇਹੇ ਤੇ ਗੀਤ ਸਿਰਫ ਕਵੀ ਦੇ ਹੀ ਨਹੀਂ ਸਗੋਂ ਇਹ ਲੋਕਾਈ ਦੇੇ ਦਰਦ ਦੀ ਵੇਦਨਾ ਦੇ ਗੀਤ ਹਨ। ਕਵੀ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਵਿੱਚ ਸਫਲ ਹੋਇਆ ਹੈ। ਜੇ ਕਹਿ ਲਿਆ ਜਾਵੇ ਕਿ ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਹੀ ਇਨਕਲਾਬੀ ਸੋਚ ਦੀਆਂ ਪ੍ਰਤੀਕ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਮਾਨਵਤਾ ਨੂੰ ਆਪਣੇ ਹੱਕਾਂ ਲਈ ਜੂਝਣ ਦੀ ਸੰਦੇਸ਼ ਦਿੰਦੀਆਂ ਹਨ। 'ਮੈਂ ਜੁਗਨੂੰ ਹਾਂ' ਕਵਿਤਾ ਬਹੁਤ ਕੁਝ ਕਹਿ ਰਹੀ ਹੈ:
ਮੈਂ ਜੁਗਨੂੰ ਹਾਂ, ਜੁਗਨੂੰ ਰਹਾਂਗਾ, ਖ਼ੁਦ ਹਨੇਰੇ ਵਿੱਚ, ਰੁਸ਼ਨਾਵਾਂਗਾ।
ਕਾਲ਼ੇ ਭੂੰਡ, ਜੋ ਫੁੱਲਾਂ ਦਾ ਰਸ ਚੂਸਦੇ, ਉਨ੍ਹਾਂ ਭੂੰਡਾਂ ਦੀ ਸ਼ਾਮਤ ਲਿਆਵਾਂਗਾ।
ਅੰਧਘੋਰ, ਵਿੱਚ ਲੋੜ ਹੈ ਜੁਗਨੂੰਆਂ ਦੀ, ਜੁਗਨੂੰ ਬਣਕੇ, ਲਹਿਰ ਚਲਾਵਾਂਗਾ।
ਇਸੇ ਤਰ੍ਹਾਂ ਇਕ ਹੋਰ ਜੁਗਨੂੰ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲੋਕਾਈ ਦੀ ਹਨ੍ਹੇਰੇ ਦੂਰ ਕਰਨ ਲਈ ਕੀਤੀ ਜਦੋਜਹਿਦ ਦਾ ਪ੍ਰਗਟਾਵਾ ਕਰਦਾ ਹੋਇਆ ਕਹਿੰਦਾ ਹੈ ਕਿ ਸਮਾਜ ਦੀ ਹੱਕ-ਸੱਚ ਅਤੇ ਇਨਸਾਫ਼ ਦੀ ਲੜਾਈ ਉਤਨੀ ਦੇਰ ਚਲਦੀ ਰਹੇਗੀ ਜਿਤਨੀ ਦੇ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਜਾਂਦੀ। 'ਕਾਨੀ ਸਮੇਂ ਦੀ' ਕਿਰਤੀਆਂ ਨੂੰ ਆਪਣੇ ਹੱਕਾਂ ਲਈ ਕੁਰੇਦਦੀ ਹੋਈ ਇਕਮੁੱਠ ਹੋਣ ਦੀ ਪ੍ਰੇਰਨਾ ਕਰਦੀ ਹੈ। ਉਹ ਸਾਹਿਤਕਾਰ ਜਾਂ ਲੇਖਕ ਦਾ ਕੀ ਲਾਭ ਜਿਹੜਾ ਲੋਕਾਈ ਦੇ ਹਿਤਾਂ ਲਈ ਕਲਮ ਦੀ ਵਰਤੋਂ ਨਹੀਂ ਕਰਦਾ, ਸਗੋਂ ਕਵੀ ਅਜਿਹੀ ਕਾਨੀ ਨੂੰ ਤੋੜਨ ਦੀ ਗੱਲ ਕਰਦਾ ਹੈ, ਜਿਹੜੀ ਲੋਕਾਂ ਦੇ ਹੱਕਾਂ 'ਤੇ ਪਹਿਰਾ ਨਹੀਂ ਦਿੰਦੀ। ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ। ਕਵੀ ਲਿਖਦਾ ਹੈ:
ਉਸ ਕਾਨੀ ਤਾਈਂ ਤੋੜ ਕੇ ਭੱਠ ਪਾਈਏ, ਜਿਨ੍ਹੇ ਬੁੱਝੀ ਨਾ ਗੱਲ, ਪਰਵਾਨਿਆਂ ਦੀ।
'ਚੁੱਪ' ਕਵਿਤਾ ਵਿੱਚ ਕਵੀ ਲਿਖਦੇ ਹਨ ਕਿ ਲੋਕ ਕਿਤਨਾ ਚਿਰ ਚੁੱਪ ਚੁੱਪੀਤੇ ਜ਼ਬਰ ਸਹਿੰਦੇ ਰਹਿਣਗੇ। ਇਕ ਨਾ ਇਕ ਦਿਨ ਲੋਕਾਂ ਨੂੰ ਲਹਿਰ ਬਣਾਕੇ ਉਠਣਾ ਪਵੇਗਾ। ਕਵੀਆਂ, ਸਾਹਿਤਕਾਰਾਂ, ਵਿਦਵਾਨਾ ਨੂੰ ਵੰਗਾਰਦੇ ਹਨ ਕਿ ਮੂੰਹ ਖੋਲ੍ਹੋ ਨਹੀਂ ਸਮਾਂ ਤੁਹਾਨੂੰ ਮੁਆਫ਼ ਨਹੀਂ ਕਰੇਗਾ। ਏਸੇ ਤਰ੍ਹਾਂ 'ਚਲਕੋਰ' ਕਵਿਤਾ ਵਿੱਚ ਕਿਰਤੀਆਂ ਨੂੰ ਵੰਗਾਰਦੇ ਹੋਏ ਕਹਿੰਦੇ ਹਨ ਕਿ  ਬੇਈਮਾਨ ਅਤੇ ਚੋਰ ਵਹੀਰਾਂ ਘੱਤੀ ਫਿਰਦੇ ਹਨ, ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਧੌਣ ਤੋਂ ਫੜ ਕੇ ਸਿੱਧੇ ਰਸਤੇ ਪੈਣ ਲਈ ਮਜ਼ਬੂਰ ਕਰੀਏ। ਖ਼ੁਦਕਸ਼ੀਆਂ, ਕਰਜ਼ੇ ਅਤੇ ਨਸ਼ੇਖ਼ੋਰੀਆਂ ਸੁਖੀ ਜੀਵਨ ਜਿਓਣ ਲਈ ਕੋਈ ਹੱਲ ਨਹੀਂ ਹਨ। ਇਨ੍ਹਾਂ ਤੋਂ ਕਿਨਾਰਾਕਸ਼ੀ ਸਮੇਂ ਅਤੇ ਹਾਲਾਤ ਦੀ ਜ਼ਰੂਰਤ ਹੈ। ਕਵੀ ਨੇ ਸਮਾਜ ਵਿਰੋਧੀ ਅਨਸਰਾਂ ਲਈ ਬੜੀ ਸਖ਼ਤ ਸ਼ਬਦਾਵਲੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ ਕਿਉਂਕਿ ਲੋਕਾਈ ਵਰਤਮਾਨ ਸਥਿਤੀ ਤੋਂ ਅਤਿਅੰਤ ਦੁੱਖੀ ਹੈ। 'ਹੱਥ ਪਰਾਏ ਵਣਜ ਨਾ ਛੱਡੀਏ' ਵਿੱਚ ਰੇਤ ਬਜ਼ਰੀ ਦੇ ਮਾਫ਼ੀਏ ਤੇ ਕਿੰਤੂ ਪ੍ਰੰਤੂ ਕਰਦੇ ਹਨ, ਜਿਸਨੇ ਭਰਿਸ਼ਟਾਚਾਰ ਨੂੰ ਬੜਾਵਾ ਦੇ ਕੇ ਸਮਾਜ ਵਿੱਚ ਆਰਥਿਕ ਅਸਮਾਨਤਾ ਪੈਦਾ ਕੀਤੀ ਹੈ। 'ਇਨਕਲਾਬ ਦੀਆਂ ਗੱਲਾਂ' ਵਿੱਚ ਮੁੱਦਿਆਂ ਦੀ ਸਿਆਸਤ ਕਰਨ 'ਤੇ ਜ਼ੋਰ ਦੇ ਰਹੇ ਹਨ। ਸਿਹਤ, ਸਿਖਿਆ ਅਤੇ ਰੁਜ਼ਗਾਰ ਸਮੇਂ ਦੀ ਮੁੱਖ ਮੰਗ ਹੈ। ਬਾਕੀ ਮੁੱਦੇ ਪਿਛੇ ਰਹਿ ਗਏ ਹਨ। 'ਲਾਹਨਤ' ਅਤੇ 'ਪਰਖ' ਕਵਿਤਾਵਾਂ ਵਿੱਚ ਅਖ਼ੌਤੀ ਸਾਧਾਂ ਫ਼ਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਟਕੋਰਾਂ ਮਾਰੀਆਂ ਹਨ। ਵਿਗਿਆਨ ਦੀ ਮਹੱਤਤਾ ਨੂੰ ਵੀ ਸਮਝਣਾ ਸਮੇਂ ਜ਼ਰੂਰਤ ਹੈ। 'ਚਿੜੀਆਂ ਦਾ ਚਹਿਕਣ',  'ਫ਼ਤਿਹਾ' ਅਤੇ 'ਅੰਨ੍ਹੇ, ਗੂੰਗੇ, ਬਹਿਰੇ' ਕਵਿਤਾਵਾਂ ਵਿਚ ਰਿਸ਼ਤਿਆਂ ਵਿੱਚ ਆਈ ਗਿਰਾਵਟ, ਪੁਲਿਸ ਦਾ ਰੋਲ, ਅਧਿਕਾਰੀਆਂ ਦੀ ਕਾਰਗਜ਼ਾਰੀ, ਭਰਿਸ਼ਟਾਚਾਰੀਆਂ ਅਤੇ ਮੌਕੇ ਦੇ ਹਾਕਮਾਂ ਨੂੰ ਸਖ਼ਤ ਸ਼ਬਦਾਵਲੀ ਵਿੱਚ ਨਿੰਦਿਆ ਹੈ। ਕਾਰਜਕਾਰੀ, ਨਿਆਇਕ ਅਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਦੇ ਨਤੀਜੇ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। 'ਪੌਣ ਪਾਣੀ', 'ਤਖ਼ਤਾਂ ਦੇ ਵਾਰਿਸ' ਅਤੇ 'ਖ਼ੁਦਗਰਜ਼ੀ ਦੇ ਰਿਸ਼ਤੇ' ਕਵਿਤਾਵਾਂ ਵਿੱਚ ਕਵੀ ਨੇ ਭੂਮੀ ਦੀ ਦੁਰਵਰਤੋਂ, ਰੁੱਖਾਂ ਦੀ ਕਟਾਈ, ਜ਼ਹਿਰੀਆਂ ਗੈਸਾਂ ਦੀ ਅੰਨ੍ਹੇਵਾਹ ਵਰਤੋਂ, ਮਜ਼ਹਬ, ਜ਼ਾਤ ਪਾਤ ਅਤੇ ਭਰਿਸ਼ਟਾਚਾਰ ਦਾ ਭਾਂਡਾ ਭੰਨਿਆਂ ਹੈ। 'ਅਦਾਲਤਾਂ',  'ਸੱਚ ਦਾ ਸੁਕਰਾਤ' ਅਤੇ 'ਝੂਠ ਦੀ ਦੁਕਾਨ' ਵਿੱਚ ਅਦਾਲਤਾਂ ਦੇ ਨਿਆਂ ਦਾ ਪਰਦਾ ਫ਼ਾਸ਼ ਕੀਤਾ ਅਤੇ ਕਾਨੂੰਨ ਦੇ ਰਾਜ ਦੀ ਪੋਲ ਖੋਲ੍ਹੀ ਹੈ। ਇਨਸਾਫ ਦਾ ਤਰਾਜੂ ਡਾਵਾਂਡੋਲ ਹੋ ਗਿਆ ਹੈ। 'ਛੁਪਦੇ ਨਹੀਂ ਛੁਪਾਇਆਂ ਤੋਂ' ਕਵਿਤਾ ਵਿੱਚ ਲੋਕ ਭੈੜੀਆਂ ਆਦਤਾਂ ਤੋਂ ਮਜ਼ਬੂਰ ਦੱਸੇ ਹਨ। 'ਹਾਜੀ ਕਿਉਂ ਚਲਿਆ ਕਾਅਬੇ ਨੂੰ' ਕਵਿਤਾ ਵਿੱਚ  ਦੱਸਿਆ ਕਿ ਇਨਸਾਨ ਜੋ ਚੰਗਾ ਜਾਂ ਮਾੜਾ ਕਰਦਾ ਹੈ, ਉਸਨੂੰ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਜੋ ਕਰੋਗੇ ਸੋ ਭਰੋਗੇ ਦਾ ਸੰਕਲਪ ਦੁਹਰਾਇਆ ਅਤੇ 'ਦੁੱਖ ਦੀ ਭਾਜੀ' ਲੋਕਾਂ ਨੂੰ ਰਲ਼ ਮਿਲ਼ ਕੇ ਜ਼ਿੰਦਗੀ ਬਸਰ ਕਰਨ ਅਤੇ ਦੁੱਖ ਵੰਡਾਉਣ ਦੀ ਸਲਾਹ ਦਿੰਦੀ ਹੈ। 'ਬੋਲਬਾਣੀ-ਵੱਡਾ ਸਲੀਕਾ', 'ਪੈਸਾ', 'ਸ਼ੋਹਰਤ', 'ਲਾਲਚ' ਅਤੇ 'ਮੁਕਤੀ' ਕਵਿਤਾਵਾਂ ਸਲੀਕੇ ਨਾਲ ਵਿਵਹਾਰ ਕਰਨ ਅਤੇ ਮਾਵਾਂ ਭੈਣਾਂ ਨੂੰ ਬੁਰੀ ਨਿਗਾਹ ਨਾਲ ਵੇਖਣ ਅਤੇ ਮਜ਼ਹਬਾਂ ਦੇ ਠੇਕੇਦਾਰਾਂ ਦੀ ਪੋਲ੍ਹ ਖੋਲ੍ਹਦੀਆਂ ਹਨ। 'ਘਪਲੇ', 'ਪਿੰਡ ਦੇ ਪੰਚੋ ਸਰਪੰਚੋ' ਸਰਕਾਰੇ ਦਰਬਾਰੇ ਭਰਿਸ਼ਟਾਚਾਰ, ਕੀੜੇਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਪੰਚਾਇਤਾਂ ਵੱਲੋਂ ਆਪਣੇ ਫਰਜ਼ਾਂ ਵਿੱਚ ਕੋਤਾਹੀ ਦੇ ਭੈੜੇ ਸਿੱਟਿਆਂ ਬਾਰੇ ਲਿਖਿਆ ਹੈ। ਪਰਜਤੰਤਰ ਦਾ ਲਾਭ ਉਠਾਉਣ ਦੀ ਥਾਂ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ। 'ਖੋਜੀ ਨਾਲੋਂ ਵਾਦੀ ਚੰਗਾ' ਕਵਿਤਾ ਨੀਮ ਹਕੀਮ ਖ਼ਤਰਾ ਜਾਨ ਦੀ ਗੱਲ ਕਰਦੀ ਹੈ ਕਿਉਂਕਿ ਬਹੁਤੇ ਪੜ੍ਹੇ ਲਿਖੇ ਅਸਲੀਅਤ ਨੂੰ ਸਮਝਣ ਦੀ ਥਾਂ ਕਿਤਾਬੀ ਗੱਲਾਂ ਤੇ ਯਕੀਨ ਕਰਦੇ ਹਨ। ਕਵੀ ਦੀਆਂ ਪਹਿਲਾਂ ਹੀ ਚਾਰ ਪੁਸਤਕਾਂ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ (ਲੋਕ ਬੋਲੀਆਂ), ਸਾਚ ਕਾਹੋਂ (ਗਲਪ ਰਚਨਾ), ਵਕਤ ਦੀ  ਬੇੜੀ (ਗਲਪ ਰਚਨਾ) ਅਤੇ ਮੱਸਿਆ ਦੀ ਖ਼ੀਰ (ਗਲਪ ਰਚਨਾ )ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਪੰਜਵਾਂ ਕਾਵਿ ਸੰਗ੍ਰਹਿ ਮੇਰੇ ਸੁਪਨੇ ਮੇਰੇ ਗੀਤ ਹੈ। 168 ਪੰਨਿਆਂ, 136 ਕਵਿਤਾਵਾਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ  ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਨਾਮ ਤੋਂ ਲਗਦਾ ਹੈ ਕਿ ਇਹ ਤਾਂ ਗੀਤਾਂ ਦੀ ਪੁਸਤਕ ਹੋਵੇਗੀ ਪ੍ਰੰਤੂ ਇਸ ਦੀਆਂ ਸਾਰੀਆਂ ਕਵਿਤਾਵਾਂ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਕਵੀ ਦਾ ਭਵਿਖ ਸੁਨਹਿਰਾ ਹੋਵੇਗਾ, ਭਾਵ ਉਨ੍ਹਾਂ ਕੋਲੋਂ  ਹੋਰ ਵਧੇਰੇ ਵਧੀਆ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

1 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼ - ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ - ਉਜਾਗਰ ਸਿੰਘ

ਕਈ ਵਿਅਕਤੀਆਂ ਨੂੰ ਜਿਉਂਦੇ ਸਮੇਂ ਅਣਡਿਠ ਕੀਤਾ ਜਾਂਦਾ ਹੈ ਪ੍ਰੰਤੂ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਸਮਾਜ ਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ। ਭਾਵ ਜਿਉਂਦੇ ਜੀਅ ਕੱਖ ਦੇ ਨਹੀਂ ਸਮਝਿਆ ਜਾਂਦਾ ਪ੍ਰੰਤੂ ਮਰਨ ਤੋਂ ਬਾਅਦ ਲੱਖਾਂ ਦੇ ਹੋ ਜਾਂਦੇ ਹਨ। ਬਿਲਕੁਲ ਇਸੇ ਤਰ੍ਹਾਂ ਵਰਤਮਾਨ ਸਮੇਂ ਜਦੋਂ ਪੰਥ ਦੀ ਹੋਂਦ ਖ਼ਤਰੇ ਵਿੱਚ ਪੈ ਗਈ ਤਾਂ ਜਥੇਦਾਰ ਟੌਹੜਾ ਦੀ ਘਾਟ ਸਿੱਖ ਪੰਥ ਨੂੰ ਖਟਕ ਹੋ ਰਹੀ ਹੈ। ਪੰਥ ਦੀ ਅਗਵਾਈ ਕਰਨ ਲਈ ਜਥੇਦਾਰ ਗੁਰਚਰਨ ਸਿੰਘ ਵਰਗੇ ਪੰਥਕ ਸੋਚ ਦੇ ਧਾਰਨੀ ਨੇਤਾ ਦੀ ਲੋੜ ਹੈ। ਪੰਥ ਦੀ ਮਾਇਆਨਾਜ਼ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਪੁਰਖ ਦੇ ਚਰਨਾ ਵਿੱਚ ਜਾਣ ਤੋਂ 18 ਸਾਲ ਬਾਅਦ ਵੀ ਉਨ੍ਹਾਂ ਦੀ ਯਾਦ ਗੁਰਮਿਤ ਦੇ ਧਾਰਨੀ ਸਿੱਖ ਜਗਤ ਲਈ ਤਾਜਾ ਹੈ। ਪੰਥਕ ਵਿਚਾਰਧਾਰਾ ਵਾਲੇ ਸਿੱਖ ਜਗਤ ਨੂੰ ਪੰਥ ਦੀ ਵਰਤਮਾਨ ਤਰਸਯੋਗ ਹਾਲਤ ਨੂੰ ਮਹਿਸੂਸ ਕਰਦਿਆਂ ਜਥੇਦਾਰ ਟੌਹੜਾ ਦੀ ਯਾਦ ਸਤਾ ਰਹੀ ਹੈ। ਉਨ੍ਹਾਂ ਦੀ ਬੇਦਾਗ਼ ਸ਼ਖ਼ਸੀਅਤ ਸਿੱਖ ਸਮਦਾਇ ਲਈ ਹਮੇਸ਼ਾ ਧਰੂ ਤਾਰੇ ਦੀ ਤਰ੍ਹਾਂ ਰੌਸ਼ਨੀ ਦਿੰਦੀ ਰਹੇਗੀ। ਵਰਤਮਾਨ ਸਮੇਂ ਵਿੱਚ ਪੰਥ ਦੀ ਬੇਬਾਕ ਅਤੇ ਧੜੱਲੇਦਾਰ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ, ਜਦੋਂ ਸਿੱਖ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਯੋਗ  ਕਰਮਯੋਗੀ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਅਤੇ ਉਸ ‘ਤੇ ਪਹਿਰਾ ਦੇਣ ਵਾਲਾ ਮੌਜੂਦ ਹੀ ਨਾ ਹੋਵੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥਕ ਸੋਚ ਦੇ ਪਹਿਰੇਦਾਰ ਬਣਕੇ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਕਰਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਇਹ ਮਾਣ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ, ਜਿਨ੍ਹਾਂ ਦੀ ਵਿਦਵਤਾ ਦਾ ਸਿੱਕਾ ਪੰਥਕ ਸੋਚ ਵਾਲੀ ਸੰਗਤ ‘ਤੇ ਚਲਦਾ ਸੀ। ਭਾਵੇਂ ਉਨ੍ਹਾਂ ਕੋਲ ਸ਼ਰੋਮਣੀ ਅਕਾਲੀ ਦਲ ਦਾ ਵੱਡਾ ਅਹੁਦਾ ਨਹੀਂ ਸੀ ਪ੍ਰੰਤੂ ਉਨ੍ਹਾਂ ਦਾ ਅਕਾਲੀ ਦਲ ਦੀ ਸਰਕਾਰ ‘ਤੇ ਦਬਦਬਾ ਇਤਨਾ ਹੁੰਦਾ ਸੀ ਕਿ ਛੇਤੀ ਕੀਤਿਆਂ ਸਰਕਾਰ ਉਨ੍ਹਾਂ ਦੀ ਰਾਏ ਨੂੰ ਅਣਡਿਠ ਕਰਨਾ ਅਸੰਭਵ ਹੋ ਜਾਂਦਾ ਸੀ। ਕਿਉਂਕਿ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਖਾਇਕ ਸਨ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੁੰਦੀ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਉਹ ਮੀਰੀ ਪੀਰੀ ਦੇ ਸਿਧਾਂਤ ਦੇ ਪਹਿਰੇਦਾਰ ਸਨ, ਜਿਹੜੇ ਸਿਆਸੀ ਸਰਪਰਸਤੀ ਦੀ ਛਤਰ ਛਾਇਆ ਹੇਠ ਧਰਮ ਦੀ ਪ੍ਰਫੁਲਤਾ ਚਾਹੁੰਦੇ ਸਨ। ਪ੍ਰੰਤੂ ਧਰਮ ਨੂੰ ਸਿਆਸਤਦਾਨਾ ਦੇ ਅਧੀਨ ਨਹੀਂ ਬਣਨ ਦੇਣਾ ਚਾਹੁੰਦੇ ਸਨ, ਜਿਸਦਾ ਇਵਜ਼ਾਨਾ ਉਨ੍ਹਾਂ ਨੂੰ ਭੁਗਤਣਾ ਪਿਆ, ਜਦੋਂ ਉਨ੍ਹਾਂ ਨੂੰ 1999 ਵਿੱਚ ਸਿੱਖ ਸਾਜਨਾ ਦੇ 300 ਸਾਲਾ ਸਮਾਗਮਾ ਸਮੇਂ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਮਜ਼ਬੂਰ ਹੋ ਕੇ ਕਿਨਾਰਾ ਕਰਨਾ ਪਿਆ। ਉਹ ਹਰ ਸਿੱਖ ਅਤੇ ਸਿੱਖ ਧਰਮ ਦੇ ਮੁੱਦਈ ਨੂੰ ਆਪਣੇ ਧਰਮ ਵਿੱਚ ਰਹਿਤ ਮਰਿਆਦਾ ਅਨੁਸਾਰ ਪਰਪੱਕ ਰਹਿਣ ਦੀ ਪ੍ਰੇਰਨਾ ਦਿੰਦੇ ਸਨ। ਉਨ੍ਹਾਂ ਵਿੱਚ ਇਕ ਹੋਰ ਗੁਣ ਸੀ ਕਿ ਉਹ ਸਾਰੇ ਧਰਮਾ ਦੇ ਅਨੁਆਈਆਂ ਨੂੰ ਆਪੋ ਆਪਣੇ ਧਰਮਾ ਦੇ ਸਿਧਾਂਤਾਂ ਅਨੁਸਾਰ ਜੀਵਨ ਬਸਰ ਕਰਨ ਲਈ ਕਹਿੰਦੇ ਸਨ। ਕੁਝ ਲੋਕ ਉਨ੍ਹਾਂ ਨੂੰ ਕੱਟੜਵਾਦੀ ਦਾ ਖ਼ਿਤਾਬ ਦਿੰਦੇ ਸਨ ਜੋ ਬਿਲਕੁਲ ਗ਼ਲਤ ਸੀ। ਉਹ ਧਾਰਮਿਕ ਸਿਧਾਂਤਾਂ ਦੀ ਅਵੱਗਿਆ ਦੇ ਵਿਰੁੱਧ ਸਨ। ਉਹ ਸਿੱਖ ਸੰਗਤਾਂ ਅਤੇ ਖਾਸ ਤੌਰ ‘ਤੇ ਨੌਜਵਾਨਾ ਨੂੰ ਪ੍ਰੇਰਨਾ ਦੇ ਕੇ ਗੁਰੂ ਦੇ ਲੜ ਲਾਉਣ ਦੀ ਸਮਰੱਥਾ ਰੱਖਦੇ ਸਨ। ਜੇ ਇਉਂ ਕਹਿ ਲਈਏ ਕਿ ਉਹ ਸਿਖੀ ਨੂੰ ਪ੍ਰਣਾਏ ਹੋ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਮੈਂ ਪਟਿਆਲਾ ਜਿਲ੍ਹੇ ਵਿੱਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਿਹਾ ਹਾਂ। ਉਨ੍ਹਾਂ ਦੇ ਪਿੰਡ ਟੌਹੜਾ ਵਿਖੇ ਸਵਖਤੇ ਹੀ ਉਨ੍ਹਾਂ ਨੂੰ ਮਿਲਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ। ਸੰਤੁਸ਼ਟੀ ਅਤੇ ਤਸੱਲੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੇ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਰਹਿੰਦੇ ਸਨ ਅਤੇ ਲਗਪਗ ਸਾਰੇ ਹੀ ਸੰਤੁਸ਼ਟ ਹੋ ਕੇ ਵਾਪਸ ਪ੍ਰਤਦੇ ਸਨ। ਉਹ ਸੱਚੇ ਸੁੱਚੇ ਖ਼ਰੀ ਗੱਲ ਮੂੰਹ ‘ਤੇ ਕਹਿਣ ਦੀ ਹਿੰਮਤ ਰੱਖਣ ਵਾਲੇ ਵਿਅਕਤੀ ਸਨ।
   ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਦਲੀਪ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਪਟਿਆਲਾ ਜਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਤੋਂ ਹੀ ਸਿਖੀ ਵਲ ਰੁਝਾਨ ਸੀ ਕਿਉਂਕਿ ਉਨ੍ਹਾਂ ਦੇ ਮਾਤਾ ਪਿਤਾ ਵੀ ਪੂਰਨ ਗੁਰਸਿਖ ਸਨ। ਇਸ ਲਈ ਉਨ੍ਹਾਂ ਨੇ 13 ਸਾਲ ਦੀ ਉਮਰ ਵਿਚ 1937 ਵਿਚ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ । ਉਹ ਲਗਪਗ 18 ਸਾਲ ਸਿਖੀ ਅਤੇ ਸਿਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਹੋਏ ਸਾਰੀ ਉਮਰ ਸਿਖ ਵਿਚਾਰਧਾਰਾ ਨੂੰ ਸਮਰਪਤ ਰਹੇ। ਉਨ੍ਹਾਂ ਨੇ ਬਹੁਤੀ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਵਿਚ ਪੜ੍ਹਾਈ ਕੀਤੀ। ਮਹਿਜ਼ 14 ਸਾਲ ਦੀ ਉਮਰ ਵਿਚ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਕੇ ਆਪਣਾ ਸਿਆਸੀ ਜੀਵਨ ਸ਼ੁਰੂ ਕਰ ਲਿਆ। ਉਨ੍ਹਾਂ ਨੇ ਅਕਾਲੀ ਮੋਰਚੇ ਵਿਚ 20 ਸਾਲ ਦੀ ਉਮਰ ਵਿੱਚ 1944 ਵਿਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਉਨ੍ਹਾਂ ਨੂੰ ਪਹਿਲੀ ਵਾਰ 1948 ਵਿਚ ਰਿਆਸਤੀ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ। 1952 ਵਿਚ ਜਿਲ੍ਹਾ ਅਕਾਲੀ ਜੱਥਾ ਫਤਿਹਗੜ੍ਹ ਸਾਹਿਬ ਦੇ ਜਥੇਦਾਰ ਬਣੇ। ਪਟਿਆਲਾ ਰਿਆਸਤ ਦੇ ਪੰਜਾਬ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ 1957 ਵਿਚ ਜਿਲ੍ਹਾ ਅਕਾਲੀ ਜੱਥਾ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ। ਅਕਾਲੀ ਦਲ ਦੀ ਸਿਆਸਤ ਵਿਚ ਉਹ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਧੜੇ ਵਿਚ ਸ਼ਾਮਲ ਹੋ ਗਏ ਅਤੇ ਮਾਸਟਰ ਤਾਰਾ ਸਿੰਘ ਨੇ 1959 ਵਿਚ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਉਪ ਪ੍ਰਧਾਨ ਬਣਾ ਦਿੱਤਾ। 1960 ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ 44 ਸਾਲ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ ਇਸ ਤੋਂ ਬਾਅਦ ਲਗਾਤਾਰ 27 ਵਾਰ ਪ੍ਰਧਾਨ ਚੁਣੇ ਜਾਂਦੇ ਰਹੇ। 14 ਅਪ੍ਰੈਲ 1999 ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ 30 ਮਈ 1999 ਨੂੰ ਸਰਬ ਹਿੰਦ ਅਕਾਲੀ ਦਲ ਦੀ ਸਥਾਪਨਾ ਕੀਤੀ ਅਤੇ ਉਸਦੇ ਪ੍ਰਧਾਨ ਬਣ ਗਏੇ , ਜਦੋਂ ਉਨ੍ਹਾਂ ਦੋਹਾਂ ਲੀਡਰਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ ਤਾਂ ਫਿਰ ਉਨ੍ਹਾਂ ਨੂੰ ਦੁਬਾਰਾ 20 ਜੁਲਾਈ 2003 ਵਿਚ ਪ੍ਰਧਾਨ ਬਣਾ ਦਿੱਤਾ।
        ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦੇ ਪਾਂਧੀ ਰਹੇ ਹਨ ਪ੍ਰੰਤੂ ਕਦੇ ਲੜਖੜਾਏ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਿਕ ਮਜ਼ਬੂਰੀਆਂ ਕਰਕੇ ਉਸ ਨੂੰ ਥਿੜ੍ਹਕਣਾ ਪਿਆ। ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਰਹੇ ਹਨ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ।
    ਦੁੱਖ ਦੀ ਗੱਲ ਹੈ ਕਿ ਸਿੱਖ ਸਿਆਸਤ ਦੇ ਬਾਬਾ ਬੋਹੜ ਅਤੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ 27 ਸਾਲ ਲਗਾਤਰ ਪਰਧਾਨਗੀ ਕਰਨ ਵਾਲੇ ਸੁਘੜ-ਸੂਝਵਾਨ- ਸਿਆਣੇ ਅਤੇ ਸਿੱਖ ਸਿਆਸਤ ਦੀ ਗੂੜ੍ਹੀ ਜਾਣਕਾਰੀ ਰੱਖਣ ਵਾਲੇ ਬਹੁਚਰਚਿਤ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਨ੍ਹਾਂ ਦੀ ਆਪਣੀ ਪਿਤਰੀ ਪਾਰਟੀ ਅਕਾਲੀ ਦਲ ਨੇ ਭੁਲਾਕੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰੁਲਾਕੇ ਰੱਖ ਦਿੱਤਾ ਹੈੈ। ਜਿਸ ਪਾਰਟੀ ਵਿਚ ਉਸਨੇ ਬਚਪਨ ਤੋਂ ਹੀ ਤਨਦੇਹੀ ਨਾਲ ਕੰਮ ਕਰਕੇ ਅਨੇਕਾਂ ਪਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਸੀ। ਉਨ੍ਹਾਂ ਦੇ ਜੀਵਨ ਦੇ ਅਖ਼ੀਰਲੇ ਦਿਨਾ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਅਕਾਲੀ ਦਲ ਨੇ ਉਨ੍ਹਾਂ ਨੂੰ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਸੀ।
  ਉਨ੍ਹਾਂ ਨੇ ਆਪਣਾ ਕਿਰਦਾਰ ਅਤੇ ਅਕਸ ਸਾਫ ਸੁਥਰਾ ਰੱਖਿਆ। ਉਨ੍ਹਾਂ ਦੀ ਇਮਾਨਦਾਰ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਜਿਹੜੀ ਜਾਇਦਾਦ ਪਿਤਾ ਪੁਰਖੀ ਵਿਰਾਸਤ ਵਿਚ ਮਿਲੀ ਸੀ, ਉਸ ਵਿਚ ਇੱਕ ਧੇਲੇ ਦਾ ਵੀ ਵਾਧਾ ਨਹੀਂ ਕੀਤਾ। ਇਤਨੇ ਵੱਡੇ ਅਹੁਦਿਆਂ ‘ਤੇ ਰਹਿੰਦਿਆਂ ਵੀ ਉਸੇ ਪੁਰਾਣੇ ਘਰ ਵਿੱਚ ਨਿਵਾਸ ਕਰਦੇ ਰਹੇ। ਸਿੱਖ ਪੰਥ ਅੱਜ ਉਨ੍ਹਾਂ ਯਾਦ ਕਰਕੇ ਆਪਣੀ ਸ਼ਰਧਾ ਦੇ ਘੁੱਲ ਭੇਂਟ ਕਰ ਰਿਹਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072

ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਏ - ਉਜਾਗਰ ਸਿੰਘ

ਪੰਜਾਬ ਕਾਂਗਰਸ ਦੀ ਬੇੜੀ ਵਿੱਚ ਵੱਟੇ ਤਾਂ ਨੇਤਾਵਾਂ ਨੇ ਮੁਖ ਮੰਤਰੀ ਦੀ ਕੁਰਸੀ ਦੇ ਲਾਲਚ ਵਿੱਚ ਪਾ ਕੇ ਡੋਬ ਦਿੱਤਾ। ਚੋਣਾ ਜਿੱਤਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਬਣਨ ਦੀ ਲਾਲਸਾ ਪਾਲ ਕੇ ਨੇਤਾਵਾਂ ਨੇ ਵਰਕਰਾਂ ਦੀਆਂ ਇਛਾਵਾਂ ਤੇ ਪਾਣੀ ਫੇਰ ਦਿੱਤਾ। ਕਾਂਗਰਸ ਪਾਰਟੀ ਦੀਆਂ ਵੋਟਾਂ ਨੂੰ ਖ਼ੋਰਾ ਲਾਉਣ ਵਾਲੇ ਬਿਆਨ ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ ਅਤੇ ਚਰਨਜੀਤ ਸਿੰਘ ਚੰਨੀ ਨੇ ਦਿੱਤੇ ਜਿਸ ਕਰਕੇ ਪਾਰਟੀ ਬਦਨਾਮ ਹੋਈ। ਸੁਨੀਲ ਕੁਮਾਰ ਜਾਖੜ ਨੂੰ ਜਦੋਂ ਮੁੱਖ ਮੰਤਰੀ ਨਾ ਬਣਾਇਆ ਤਾਂ ਉਨ੍ਹਾਂ ਨੇ ਅਜਿਹੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦਾ ਪ੍ਰਭਾਵ ਇਹ ਨਿਕਲਦਾ ਸੀ ਕਿ ਕਾਂਗਰਸ ਪਾਰਟੀ ਹਿੰਦੂਆਂ ਨੂੰ ਅਣਡਿਠ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਬ੍ਰਾਹਮਣਾ ਬਾਰੇ ਵੀ ਵਿਵਾਦਤ ਬਿਆਨ ਦੇ ਦਿੱਤਾ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭਈਏ ਕਹਿਕੇ ਸਿੱਧ ਕੀਤਾ ਕਿ ਇਹ ਪੰਜਾਬੀਆਂ ਦੇ ਰੋਜ਼ਗਾਰ ਨੂੰ ਲੱਤ ਮਾਰ ਰਹੇ ਹਨ। ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਲਿਆ। ਪੰਜਾਬ ਕਾਂਗਰਸ ਨੂੰ ਆਪਣੇ ਨੇਤਾਵਾਂ ਦੀ ਲੜਾਈ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਧੜੇਬੰਦੀ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਪੰਜਾਬ ਕਾਂਗਰਸ ਦੇ ਵਰਕਰ ਨਹੀਂ ਸਗੋਂ ਨੇਤਾ ਹਾਰੇ ਹਨ ਕਿਉਂਕਿ ਨੇਤਾਵਾਂ ਦੀਆਂ ਆਪਹੁਦਰੀਆਂ ਦਾ ਨੁਕਸਾਨ ਵਰਕਰਾਂ ਨੂੰ ਭੁਗਤਣਾ ਪਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਨੇ ਸਥਾਪਤ ਪਾਰਟੀਆਂ ਜਿਨ੍ਹਾਂ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਦੋ ਵਾਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਨੂੰ ਬੁਰੀ ਤਰ੍ਹਾਂ ਪਛਾੜਕੇ ਆਪਣੀ ਸਿਆਸੀ ਤਾਕਤ ਦਾ ਝੰਡਾ ਗੱਡ ਦਿੱਤਾ ਹੈ। ਜੇ ਇਹ ਕਿਹਾ ਜਾਵੇ ਕਿ ਪੰਜਾਬ ਦੇ ਵੋਟਰਾਂ ਨੇ ਤਬਦੀਲੀ ਨੂੰ ਮੋਹਰ ਲਾਈ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੈ। ਪੰਜਾਬ ਦੇ ਲੋਕ ਸਥਾਪਤ ਪਾਰਟੀਆਂ ਦੇ ਉਤਰ ਕਾਟੋ ਮੈਂ ਚੜ੍ਹਾਂ ਦੀ ਪ੍ਰਣਾਲੀ ਤੋਂ ਅੱਕੇ ਪਏ ਸਨ। ਨਸ਼ੇ, ਭਰਿਸ਼ਟਾਚਾਰ, ਸ਼ਰਾਬ, ਟਰਾਂਸਪੋਰਟ, ਰੇਤਾ-ਬਜਰੀ ਅਤੇ ਗੈਂਗਸਟਰਾਂ ਦੇ ਮਾਫੀਏ ਤੋਂ ਬਹੁਤ ਤੰਗ ਸਨ। ਬੇਰੋਜ਼ਗਾਰੀ ਅਤੇ ਮਹਿੰਗਾਈ ਹੱਦਾਂ ਪਾਰ ਕਰ ਗਈ ਸੀ। ਨੌਜਵਾਨੀ ਵਿਦੇਸ਼ਾਂ ਨੂੰ ਭੱਜੀ ਜਾ ਰਹੀ ਸੀ। ਇਨ੍ਹਾਂ ਮਸਲਿਆਂ ਦੇ ਹੱਲ ਨੂੰ ਮੁੱਖ ਰਖਕੇ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਪੰਜਾਬ ਕਾਂਗਰਸ ਜਿਹੜੀ ਰਾਜ ਭਾਗ ‘ਤੇ ਕਾਬਜ਼ ਸੀ, ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ। ਪੰਜਾਬ ਕਾਂਗਰਸ ਪਾਰਟੀ ਦੀ ਨਿਮੋਸ਼ੀਜਨਕ ਹਾਰ ਦਾ ਮੁੱਖ ਕਾਰਨ ਉਸਦੇ ਲੀਡਰਾਂ ਦੀ ਆਪਸੀ ਪਾੜੋਧਾੜ ਬਣੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਧੜੇਬੰਦੀ ਜਗ ਜ਼ਾਹਰ ਸੀ ਪ੍ਰੰਤੂ ਕੇਂਦਰੀ ਕਾਂਗਰਸ ਦੀ ਕਮਜ਼ੋਰ ਲੀਡਰਸ਼ਿਪ ਕੋਈ ਵੀ ਠੋਸ ਫੈਸਲੇ ਕਰਨ ਦੇ ਸਮਰੱਥ ਨਾ ਹੋਣ ਕਰਕੇ ਨਿਰਾਸਤਾ ਪੱਲੇ ਪਈ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਹਾਰ ਦੇ ਦੋਵੇਂ ਇਕੋ ਜਿਤਨੇ ਜ਼ਿੰਮੇਵਾਰ ਹਨ। ਕਾਂਗਰਸ ਪਾਰਟੀ ਸੀਨੀਅਰ ਲੀਡਰਾਂ ਦੀ ਹਓਮੈ ਦੇ ਭਾਰ ਹੇਠ ਦੱਬਣ ਕਰਕੇ ਸਾਹ ਸਤ ਹੀਣ ਹੋ ਗਈ ਹੈ। ਚੋਣਾ ਦੇ ਦਰਮਿਆਨ ਵੀ ਉਨ੍ਹਾਂ ਨੇ ਇਕ ਦੂਜੇ ਨੂੰ ਠਿੱਬੀ ਲਾਉਣ ਦੀ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੇ ਘੁਮੰਡ ਨੇ ਉਨ੍ਹਾਂ ਨੂੰ ਸੋਚਣ ਹੀ ਨਹੀਂ ਦਿੱਤਾ ਕਿ ਉਹ ਆਪਣੀਆਂ ਜੜ੍ਹਾਂ ਆਪ ਵੱਢ੍ਹ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਨੂੰ ਬਦਲਣ ਦਾ ਸਮਾਂ ਬਹੁਤ ਗ਼ਲਤ ਸੀ। ਦੂਜੀ ਗੱਲ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਟਕਸਾਲੀ ਕਾਂਗਰਸੀਆਂ ਨੂੰ ਅਣਡਿਠ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾਉਣਾ ਕਾਂਗਰਸ ਹਾਈ ਕਮਾਂਡ ਦਾ ਬਚਕਾਨਾ ਫ਼ੈਸਲਾ ਸੀ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹਓਮੈ ਦੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਇਸ ਤਰ੍ਹਾਂ ਬਿਆਨ ਦੇ ਰਹੇ ਸਨ, ਜਿਵੇਂ ਵੋਟਰ ਉਨ੍ਹਾਂ ਦੇ ਗ਼ੁਲਾਮ ਹੋਣ। ਨਵਜੋਤ ਸਿੰਘ ਸਿੱਧੂ ਦੇ ਕਰੈਡਿਟ ਵਿੱਚ ਪੰਜਾਬ ਕਾਂਗਰਸ ਦੇ ਅਕਸ ਨੂੰ ਥੋੜ੍ਹੇ ਸਮੇਂ ਲਈ ਉਭਾਰਨ ਅਤੇ ਬਾਅਦ ਵਿੱਚ ਇਸਨੂੰ ਖੂਹ ਵਿੱਚ ਸੁੱਟਣਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਦਾ ਆਪਣੇ ਆਪ ਨੂੰ ਸਭ ਤੋਂ ਸਰਵੋਤਮ ਨੇਤਾ ਸਮਝਣਾ ਅਤੇ ਬਾਕੀ ਨੇਤਾਵਾਂ ਨੂੰ ਟਿੱਚ ਸਮਝਣਾ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਿਆ। ਕਿਸੇ ਵੀ ਪਾਰਟੀ ਦਾ ਪ੍ਰਧਾਨ ਸੰਜੀਦਾ ਵਿਅਕਤੀ ਹੋਣਾ ਚਾਹੀਦਾ ਹੈ ਨਾ ਕਿ ਜਿਹੜੀ ਗੱਲ ਮੂੰਹ ਵਿੱਚ ਆ ਗਈ, ਉਹੀ ਕਹਿ ਦਿੱਤੀ। ਉਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਕਾਂਗਰਸ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਨੇ ਕਦੀਂ ਵੀ ਮੁੱਖ ਮੰਤਰੀ ਸਵੀਕਾਰ ਹੀ ਨਹੀਂ ਕੀਤਾ। ਫਿਰ ਮੰਤਰੀ ਬਣਾਉਣ ਲਈ ਆਡ੍ਹਾ ਡਾਹ ਕੇ ਬੈਠ ਗਿਆ। ਆਪਣੀ ਮਰਜ਼ੀ ਦੇ ਮੰਤਰੀ ਬਣਾ ਕੇ ਵੀ ਸੰਤੁਸ਼ਟ ਨਹੀਂ ਹੋਇਆ, ਸਗੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਟਵੀਟ ਰਾਹੀਂ ਹੀ ਕਰ ਦਿੱਤਾ। ਸਿਆਸਤ ਦੀ ਟਵੀਟ ਨੇ ਵੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਅਨੁਸ਼ਾਸ਼ਨਹੀਣਤਾ ਦਾ ਨਮੂਨਾ ਨੇਤਾਵਾਂ ਨੇ ਵਰਕਰਾਂ ਲਈ ਦਿੱਤਾ ਹੈ। ਜਦੋਂ ਕਿ ਨੇਤਾਵਾਂ ਦਾ ਅਨੁਸ਼ਾਸ਼ਨ ਬਣਾਕੇ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ। ਲੋਕਾਂ ਵਿੱਚ ਨਾ ਜਾਣਾ ਵੀ ਕਾਂਗਰਸ ਦੀ ਹਾਰ ਦਾ ਕਾਰਨ ਬਣਿਆਂ ਹੈ। ਜਦੋਂ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਭਵਨ ਬਿਸਤਰਾ ਲਾ ਕੇ ਕੰਮ ਕਰਨ ਦਾ ਸਮਾਂ ਸੀ ਤਾਂ ਉਨ੍ਹਾਂ ਨੇ ਦੋ ਮਹੀਨੇ ਮੋਨ ਧਾਰ ਲਿਆ। ਪਾਰਟੀ ਬਿਨਾ ਪ੍ਰਧਾਨ ਤੇ ਹੀ ਰਹੀ, ਵਰਕਰਾਂ ਵਿੱਚ ਨਮੋਸ਼ੀ ਘਰ ਕਰ ਗਈ। ਲੋਕਾਂ ਨਾਲ ਤਾਲਮੇਲ ਕਰਨ ਤੋਂ ਬਿਨਾ ਪਾਰਟੀ ਕਿਵੇਂ ਮਜ਼ਬੂਤ ਹੁੰਦੀ। ਵਾਅਦੇ ਕਰਨੇ ਕਦੇ ਵੀ ਵਫ਼ਾ ਨਹੀਂ ਦਿੰਦੇ, ਅਮਲੀ ਜਾਮਾ ਪਹਿਨਾਉਣਾ ਜ਼ਰੂਰੀ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਵਾਅਦਿਆਂ ਦੀ ਝੜੀ ਲਾ ਦਿੰਦੇ ਰਹੇ। ਵਾਅਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਥੇਰੇ ਕੀਤੇ ਸੀ। ਜਦੋਂ ਮੁਕੰਮਲ ਨਹੀਂ ਹੋਏ ਤਾਂ ਹਾਰ ਦਾ ਮੂੰਹ ਵੇਖਣਾ ਪਿਆ। ਪਾਰਟੀ ਕਿਵੇਂ ਮਜ਼ਬੂਤ ਹੁੰਦੀ। ਕਾਂਗਰਸ ਦੇ ਵਰਕਰਾਂ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਹੌਸਲਾ ਮਿਲਿਆ ਸੀ, ਜਦੋਂ ਉਹ ਅਸਤੀਫਾ ਦੇ ਗਏ ਤਾਂ ਵਰਕਰ ਫਿਰ ਨਿਰਾਸ਼ ਹੋ ਗਏ। ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਹੋ ਗਏ। ਪ੍ਰਧਾਨ ਦਾ ਕੰਮ ਹੁੰਦਾ ਹੈ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰੇ। ਨਵਜੋਤ ਸਿੰਘ ਸਿੱਧੂ ਤਾਂ ਸੰਗਠਨ ਵੀ ਨਹੀਂ ਬਣਾ ਸਕਿਆ। ਫਿਰ ਸੰਗਠਨ ਨੇ ਕੰਮ ਕੀ ਕਰਨਾ ਸੀ? ਕੋਈ ਪਬਲਿਕ ਜਲਸਾ ਨਹੀਂ ਕੀਤਾ ਸਗੋਂ ਉਹ ਪਾਰਟੀ ਨੂੰ ਟਵੀਟਾਂ ਨਾਲ ਹੀ ਚਲਾਉਂਦੇ ਰਹੇ। ਉਨ੍ਹਾਂ ਦੇ ਟਵੀਟ ਵੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨ ਵਾਲੇ ਹੁੰਦੇ ਸਨ। ਹਮੇਸ਼ਾ ਹੀ ਵਾਦਵਿਵਾਦ ਵਿੱਚ ਰਹੇ, ਕਦੇ ਸਲਾਹਕਾਰਾਂ ਦੀ ਨਿਯੁਕਤੀ ਦਾ ਵਦਵਿਵਾਦ ਕਦੇ ਦੂਜੇ ਨੇਤਾਵਾਂ ਨਾਲ ਲੜਾਈ। ਇਸ ਲੜਾਈ ਵਿੱਚ ਸਾਰੇ ਹੀ ਕਾਂਗਰਸ ਦੇ ਨੇਤਾ ਹੀਰੋ ਤੋਂ ਜ਼ੀਰੋ ਹੋ ਗਏ। ਆਪਣੇ ਹੀ ਮੁੱਖ ਮੰਤਰੀ ਦੇ ਵਿਰੁੱਧ ਬਿਆਨ ਦੇਣ ਨੂੰ ਉਹ ਆਪਣਾ ਅਧਿਕਾਰ ਸਮਝਦੇ ਸਨ। ਟਿਕਟਾਂ ਦੀ ਵੰਡ ਵਿੱਚ ਵੀ ਸੀਨੀਅਰ ਨੇਤਾ ਗੁਥਮ ਗੁੱਥਾ ਹੁੰਦੇ ਰਹੇ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਦੋ ਜ਼ਬਰਦਸਤ ਧੜਿਆਂ ਵਿੱਚ ਵੰਡੀ ਗਈ। ਜੇਕਰ ਇਕ ਉਮੀਦਵਾਰ ਦੀ ਚਰਨਜੀਤ ਸਿੰਘ ਚੰਨੀ ਸਪੋਰਟ ਕਰਦਾ ਤਾਂ ਨਵਜੋਤ ਸਿੰਘ ਸਿੱਧੂ ਉਸਦੇ ਵਿਰੋਧੀ ਦੀ ਬਾਂਹ ਫੜ ਲੈਂਦੇ ਅਤੇ ਪਬਲੀਕਲੀ ਉਸਦੇ ਵਿਰੁੱਧ ਬਿਆਨ ਦਾਗ ਦਿੰਦੇ। ਕਾਂਗਰਸ ਹਾਈ ਕਮਾਂਡ ਗਾਂਧੀ ਦੇ ਤਿੰਨ ਬਾਂਦਰਾਂ ਦੀ ਤਰ੍ਹਾਂ ਚੁੱਪ ਵੱਟੀ ਰੱਖਦੀ ਕਿਉਂਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਇਸ ਕਰਕੇ ਉਹ ਆਪ ਮੁਹਾਰਾ ਹੋ ਗਿਆ। ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ ਬਣ ਗਏ ਸਨ। ਉਹੀ ਉਸਨੇ ਸਾਬਤ ਕਰ ਦਿੱਤਾ। ਏਥੇ ਹੀ ਬਸ ਨਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਛੋਟਾ ਭਰਾ ਡਾ ਮਨੋਹਰ ਸਿੰਘ  ਕਾਂਗਰਸ ਦੇ ਵਿਧਾਨਕਾਰ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਰਾਖਵੇਂ ਹਲਕੇ ਬਸੀ ਪਠਾਨਾ ਤੋਂ ਉਮੀਦਵਾਰ ਜੀ ਪੀ ਸਿੰਘ ਵਿਰੁੱਧ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਿਆ ਪ੍ਰੰਤੂ ਚਰਨਜੀਤ ਸਿੰਘ ਚੰਨੀ ਨੇ ਉਸਨੂੰ ਰੋਕਿਆ ਨਹੀਂ ਸਗੋਂ ਵਰਤਮਾਨ ਵਿਧਾਨਕਾਰ ਨੂੰ ਹਰਾਇਆ। ਕਾਂਗਰਸ ਹਾਈ ਕਮਾਂਡ ਬੇਬਸ ਹੋ ਕੇ ਵੇਖਦੀ ਰਹੀ। ਏਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ਤੋਂ ਰਾਣਾ ਗੁਰਜੀਤ ਸਿੰਘ ਮੰਤਰੀ ਦਾ ਸਪੁੱਤਰ ਕਾਂਗਰਸ ਦੇ ਵਰਤਮਾਨ ਵਿਧਾਨਕਾਰ ਨਵਤੇਜ ਸਿੰਘ ਚੀਮਾ ਦੇ ਵਿਰੁੱਧ ਅਜ਼ਾਦ ਚੋਣ ਲੜਿਆ ਅਤੇ ਉਸਨੂੰ ਹਰਾਕ ਆਪ ਜਿੱਤ ਦਰਜ ਕਰਵਾਈ। ਰਾਣਾ ਗੁਰਜੀਤ ਨੇ ਉਸਨੂੰ ਚੋਣ ਲੜਨ ਤੋਂ ਰੋਕਣ ਦੀ ਥਾਂ ਪਬਲੀਕਲੀ ਬਿਆਨ ਦੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਖਰਾਬ ਕੀਤੀ। ਕਾਂਗਰਸ ਹਾਈ ਕਮਾਂਡ ਫਿਰ ਚੁੱਪ ਕਰਕੇ ਬੈਠੀ ਰਹੀ। ਇਸਦਾ ਭਾਵ ਤਾਂ ਇਹ ਬਣਦਾ ਹੈ ਕਿ ਕਾਂਗਰਸ ਹਾਈ ਕਮਾਂਡ ਵੀ ਪੰਜਾਬ ਦੀ ਜਿੱਤ ਲਈ ਸੰਜੀਦਾ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨਾ ਖੇਡਣਾ ਅਤੇ ਨਾ ਹੀ ਖੇਡਣ ਦੇਣਾ ਸਗੋਂ ਖੁਤੀ ਵਿੱਚ ਪਾਣੀ ਪਾਉਣਾ ਦੀ ਪਾਲਿਸੀ ਅਪਣਾ ਕੇ ਸਫਲਹੋ ਗਿਆ। ਕਾਂਗਰਸ ਪਾਰਟੀ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ। ਜਿਹੜੇ ਕਾਂਗਰਸੀ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਗਏ ਉਨ੍ਹਾਂ ਨੂੰ ਵਾਪਸ ਕਾਂਗਰਸ ਪਾਰਟੀ ਵਿੱਚ ਬਿਲਕੁਲ ਸ਼ਾਮਲ ਨਹੀਂ ਕਰਨਾ ਚਾਹੀਦਾ। ਮੌਕਾਪ੍ਰਸਤਾਂ, ਚਾਪਲੂਸਾਂ, ਭਰਿਸ਼ਟਾਚਾਰੀਆਂ, ਮਾਫੀਏ ਦੇ ਸਰਗਣਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਗੁਰੇਜ ਕਰਨਾ ਜ਼ਰੂਰੀ ਹੈ। ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਵਿੱਚ ਮਹੱਤਤਾ ਦੇਣੀ ਚਾਹੀਦੀ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ 2024 ਵਿੱਚ ਲੋਕ ਸਭਾ ਦੀਆਂ ਚੋਣਾ ਆ ਰਹੀਆਂ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com  

19 ਫਰਵਰੀ 2022 ਜਨਮ ਦਿਨ ਤੇ ਵਿਸ਼ੇਸ਼ -
ਸ੍ਰ ਬੇਅੰਤ ਸਿੰਘ ਦੀ ਪ੍ਰਬੰਧਕੀ ਸਫਲਤਾ ਦੀ ਖ਼ੁਸ਼ੀ ਦਾ ਖ਼ਮਿਆਜਾ ਮੌਤ - ਉਜਾਗਰ ਸਿੰਘ

 ਕਈ ਵਾਰ ਇਨਸਾਨ ਨੂੰ ਲੋਕ ਭਲਾਈ ਦੀ ਸਫਲਤਾ ਦਾ ਖ਼ਮਿਆਜਾ ਮੌਤ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ, ਬਹੁਤ ਸਾਰੇ ਲੋਕਾਂ ਨੂੰ ਅਜਿਹੇ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ ਕਿਉਂਕਿ ਸਾਡਾ ਸਮਾਜਿਕ ਤਾਣਾ ਬਾਣਾ ਹੀ ਖੁਦਗਰਜੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਰਕਾਰੀ ਨੌਕਰੀ ਦੌਰਾਨ ਮੈਂ ਕਈ ਲੋਕਾਂ ਨੂੰ ਸਫਲਤਾਵਾਂ ਦੇ ਮਾੜੇ ਨਤੀਜੇ ਭੁਗਤਦਿਆਂ ਖੁਦ ਵੇਖਿਆ ਹੈ। ਸੱਚ ਨੂੰ ਫਾਂਸੀ ਵਰਗੀਆਂ ਕਹਾਵਤਾਂ ਐਵੇਂ ਨਹੀਂ ਬਣੀਆਂ। ਇਨ੍ਹਾਂ ਦੇ ਆਧਾਰ ਵਿਰਾਸਤ ਦੀ ਕੁਖ ਵਿੱਚ ਛੁਪੇ ਪਏ ਹਨ। ਇਸ ਦੀ ਇਕ ਉਦਾਹਰਣ ਦਾ ਮੈਂ ਚਸ਼ਦੀਦ ਗਵਾਹ ਹਾਂ। 27  ਸਾਲ ਪਹਿਲਾ ਪੰਜਾਬ ਦੇ  ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦਾ ਕਤਲ ਇਸਦੀ ਮਿਸਾਲ ਹੈ। ਇਹ ਕਿਸੇ ਡੂੰਘੀ ਸ਼ਾਜਸ਼ ਦਾ ਨਤੀਜਾ ਸੀ, ਜਿਸਦੀ ਜਾਣਕਾਰੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ ਕਿਉਂਕਿ ਜੇਕਰ ਅਸਲੀਅਤ ਪਤਾ ਲੱਗ ਜਾਵੇਗੀ ਤਾਂ ਸਰਕਾਰੀ ਤੰਤਰ ਦੀ ਬਦਨਾਮੀ ਹੋਵੇਗੀ। ਸ੍ਰ ਬੇਅੰਤ ਸਿੰਘ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਤੋਂ ਬਾਅਦ ਖ਼ੁਸ਼ੀ ਦੇ ਰੌਂ ਵਿੱਚ ਕਹਿ ਬੈਠੇ ਕਿ ਮੈਂ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਦਾ ਹਲ ਕਰ ਸਕਦਾ ਹਾਂ। ਕੁਝ ਅਨਸਰਾਂ ਨੂੰ ਉਨ੍ਹਾਂ ਦਾ ਇਹ ਕਹਿਣਾ ਚੰਗਾ ਨਹੀਂ ਲੱਗਿਆ।  ਸੰਸਾਰ ਵਿੱਚ ਕੋਈ ਜਿਹਾ ਕੰਮ ਨਹੀਂ ਜਿਹੜਾ ਕੀਤਾ ਨਹੀਂ ਜਾ ਸਕਦਾ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਤੀ ਅਤੇ ਨੀਯਤ ਸੱਚੀ ਸੁੱਚੀ ਹੋਵੇ। ਜੇਕਰ ਕੇਂਦਰ ਸਰਕਾਰ ਜੰਮੂ ਕਸ਼ਮੀਰ ਦਾ ਮਸਲਾ ਹਲ ਕਰਨਾ ਚਾਹੁੰਦੀ ਹੁੰਦੀ ਤਾਂ ਇਹ ਅਸੰਭਵ ਨਹੀਂ ਸੀ। ਪੰਜਾਬ ਦੀ ਸਮੱਸਿਆ ਬਾਰੇ ਵੀ ਇਹੋ ਕਿਹਾ ਜਾ ਰਿਹਾ ਸੀ ਕਿ ਇਸ ਦਾ ਕੋਈ ਹਲ ਨਹੀਂ। ਪ੍ਰੰਤੂ ਜਦੋਂ ਕੇਂਦਰ ਸਰਕਾਰ ਨੇ ਇਸ ਸਮੱਸਿਆ ਦਾ ਹਲ ਕਰਨ ਦੀ ਠਾਣ ਲਈ ਤਾਂ ਉਹ ਹਲ ਹੋ ਗਿਆ। ਪੰਜਾਬ ਸਕਾਰ ਨੂੰ ਕੇਂਦਰ ਸਰਕਾਰ ਅਤੇ ਉਸ ਦੀਆਂ ਗੁਪਤਚਰ ਏਜੰਸੀਆਂ ਨੇ ਪੂਰਨ ਸਹਿਯੋਗ ਦਿੱਤਾ, ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ ਸ਼ਾਂਤੀ ਸਥਾਪਤ ਹੋ ਗਈ । ਪਿਛਲੇ 27 ਸਾਲ ਤੋਂ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹੋਏ ਜੀਵਨ ਦਾ ਆਨੰਦ ਮਾਣ ਰਹੇ ਹਨ। ਸ੍ਰ ਬੇਅੰਤ ਸਿੰਘ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੀ ਸਮੱਸਿਆ ਦੇ ਹਲ ਲਈ ਕੋਈ ਸੰਜੀਦਗੀ ਹੀ ਨਹੀਂ ਵਿਖਾਈ। ਸਮਾਂ ਲੰਘਾਉਣ ਲਈ ਪੰਜਾਬ ਵਿੱਚ ਕਈ ਫਾਰਮੂਲੇ ਅਪਣਾ ਕੇ ਵੇਖ ਲਏ ਸਨ। ਉਹ ਹੀ ਪੁਲਿਸ ਮੁੱਖੀ ਕੇ ਪੀ ਐਸ ਗਿੱਲ ਪਹਿਲਾਂ ਵੀ ਪੰਜਾਬ ਵਿੱਚ ਆਪਣੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਨਾ ਕਰ ਸਕਿਆ। ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਪਹਿਲਾਂ ਤਾਂ ਪ੍ਰਬੰਧਕੀ ਢਾਂਚੇ ਨੇ ਸਹੀ ਢੰਗ ਨਾਲ ਕੰਮ ਹੀ ਨਹੀਂ ਕਰਨ ਦਿੱਤਾ। ਹਰ ਕੰਮ ਵਿੱਚ ਕੇਂਦਰ ਦੀ ਦਖ਼ਅੰਦਾਜ਼ੀ ਨੇ ਮੁੱਖ ਮੰਤਰੀ ਨੂੰ ਆਪਣੇ ਫ਼ੈਸਲੇ ਲਾਗੂ ਕਰਨ ਵਿੱਚ ਰੁਕਾਵਟ ਪੈਂਦੀ ਰਹੀ। ਇਨ੍ਹਾਂ ਦਿਕਤਾਂ ਆਉਣ ਕਰਕੇ ਉਨ੍ਹਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪ੍ਰਬੰਧਕੀ ਪ੍ਰਣਾਲੀ ਮੁੱਖ ਮੰਤਰੀ ਦੇ ਰਸਤੇ ਵਿੱਚ ਰੋੜੇ ਅਟਕਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਸੀ। ਜਦੋਂ ਪੰਜਾਬ ਦੀ ਸਮੱਸਿਆ ਦੇ ਹਲ ਲਈ ਕੇਂਦਰ ਨੇ ਸੱਚੇ ਦਿਲੋਂ ਸਹਿਯੋਗ ਦਿੱਤਾ ਉਦੋਂ ਹੀ ਸੁਚੱਜੇ ਨਤੀਜੇ ਆਉਣ ਲੱਗੇ। ਆਪਣਾ ਕੰਮ ਕਰਵਾ ਕੇ ਕੇਂਦਰ ਨੇ ਆਪਣੇ ਹੱਥ ਪਿਛਾਂਹ ਨੂੰ ਖਿੱਚ ਲਏ। ਉਸਤੋਂ ਬਾਅਦ ਗੁਪਚਰ ਏਜੰਸੀਆਂ ਨੇ ਉਨ੍ਹਾਂ ਦਾ ਬਰੇਨ ਵਾਸ਼ ਕਰ ਦਿੱਤਾ ਕਿ ਪੰਜਾਬ ਵਿੱਚ ਮਨੁੱਖੀ ਬੰਬ ਆਇਆ ਹੋਇਆ ਹੈ। ਉਸ ਤੋਂ ਸਭ ਤੋਂ ਵੱਧ ਖ਼ਤਰਾ ਚੌਧਰੀ ਭਜਨ ਲਾਲ, ਕੇ ਪੀ ਐਸ ਗਿੱਲ ਅਤੇ ਸ੍ਰ ਬੇਅੰਤ ਸਿੰਘ ਨੂੰ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਇਕ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਮੈਂ ਆਪਣੀ ਸਰਕਾਰੀ ਡਿਊਟੀ ‘ਤੇ ਚੰਡੀਗੜ੍ਹ ਜਾਂਦਾ ਨਹੀਂ ਸੀ।  28 ਅਗਸਤ ਨੂੰ ਮੈਂ ਆਪਣੇ ਕਿਸੇ ਨਿੰਜੀ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਯੂ ਟੀ ਗੈਸਟ ਹਾਊਸ ਵਿੱਚ ਰਾਤ ਨੂੰ ਮਿਲਿਆ। ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਤੋਂ ਸਾਫ ਹੋ ਗਿਆ ਸੀ ਕਿ ਕੋਈ ਵੱਡੀ ਘਟਨਾ ਹੋਣ ਵਾਲੀ ਹੈ। ਉਨ੍ਹਾਂ ਨੂੰ ਮੌਤ ਤੋਂ ਪਹਿਲਾਂ ਹੀ ਅਹਿਸਾਸ ਕਰਵਾ ਦਿੱਤਾ ਸੀ ਕਿ ਹੁਣ ਉਨ੍ਹਾਂ ਦੇ ਦਿਨ ਬਹੁਤ ਥੋੜ੍ਹੇ ਹਨ। ਇਸ ਦਾ ਭਾਵ ਇਹ ਹੈ ਕਿ ਗੁਪਤਚਰ ਏਜੰਸੀਆਂ ਨੂੰ ਉਨ੍ਹਾਂ ਦੀ ਮੌਤ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਪੁਲਸਤੰਤਰ ਸਿਆਸੀ ਸ਼ਹਿ ‘ਤੇ ਮਨ ਮਰਜ਼ੀਆਂ ਕਰਕੇ ਸਰਕਾਰ ਦੀ ਬਦਨਾਮ ਕਰਵਾਉਂਦਾ ਰਿਹਾ। ਜਦੋਂ ਸ੍ਰ ਬੇਅੰਤ ਸਿੰਘ ਨੇ ਅੜਨਾ ਸ਼ਰੂ ਕੀਤਾ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਅਸਲ ਵਿੱਚ ਏਜੰਸੀਆਂ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਦੇ ਹਲ ਕਰਨ ਵਾਲੇ ਬਿਆਨ ਤੋਂ ਖਫਾ ਸਨ ਕਿਉਂਕਿ ਜੇਕਰ ਜੰਮੂ ਤੇ ਕਸ਼ਮੀਰ ਦੀ ਸਮੱਸਿਆ ਹਲ ਹੋ ਗਈ ਤਾਂ ਸਿਆਸਤ ਕਿਵੇਂ ਖੇਡੀ ਜਾਵੇਗੀ। ਤੁਸੀਂ ਹੈਰਾਨ ਹੋਵੋਗੇ ਕਿ ਇਕ ਮੁੱਖ ਮੰਤਰੀ ਆਪਣੀ ਡਿਊਟੀ ‘ਤੇ ਹੋਵੇ ਅਤੇ ਉਸਦੇ ਦਫਤਰ ਵਿੱਚ ਹੀ ਉਸਦਾ ਕਤਲ ਹੋ ਜਾਵੇ। ਸੁਰੱਖਿਆ ਦੀ ਅਣਗਹਿਲੀ ਕਰਕੇ ਪਰਿਵਾਰ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਇਕ ਸਿਪਾਹੀ ਤਕ ਵੀ ਮੁਅੱਤਲ ਨਾ ਕੀਤਾ ਜਾਵੇ? ਇਹ ਗੱਲ ਹਰ ਸੂਝਵਾਨ ਇਨਸਾਨ ਨੂੰ ਰੜਕਦੀ ਹੈ। ਇਹ ਸ਼ਾਜਸ਼ ਹੈ ਜਾਂ ਨਹੀਂ ਇਸਦਾ ਫੈਸਲਾ ਪਾਠਕਾਂ ਤੇ ਛੱਡ ਦਿੰਦੇ ਹਾਂ। ਪੁਲਸਤੰਤਰ ਸਿਆਸੀ ਸ਼ਹਿ ‘ਤੇ ਮਨ ਮਰਜ਼ੀਆਂ ਕਰਕੇ ਸਰਕਾਰ ਦੀ ਬਦਨਾਮ ਕਰਵਾਉਂਦਾ ਰਿਹਾ। ਜਦੋਂ ਸ੍ਰ ਬੇਅੰਤ ਸਿੰਘ ਨੇ ਅੜਨਾ ਸ਼ਰੂ ਕੀਤਾ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072

  ਇਨਸਾਨੀਅਤ ਦੀ ਸੇਵਾ ਨੂੰ ਸਮਰਪਤ : ਡਾ (ਲੈਫ਼ ਕਰਨਲ ) ਹਰਵੰਦਨ ਕੌਰ ਬੇਦੀ  - ਉਜਾਗਰ ਸਿੰਘ

ਤਿੰਨ ਪੀੜ੍ਹੀਆਂ ਤੋਂ ਦੇਸ਼ ਭਗਤੀ, ਡਾਕਟਰੀ ਸੇਵਾ ਅਤੇ ਸਮਾਜ ਸੇਵਾ ਦੇ ਵਚਿਤਰ ਸੁਮੇਲ  ਦੀ ਵਿਲੱਖਣ ਉਦਾਹਰਣ ਹੈ, ਮਾਨਸਿਕ ਰੋਗਾਂ ਦੀ ਮਾਹਿਰ ਬਿਹਤਰੀਨ ਇਨਸਾਨ ਡਾ ਹਰਵੰਦਨ ਕੌਰ ਬੇਦੀ ਦੇ ਪਰਿਵਾਰ ਦੀ ਜੀਵਨ ਗਾਥਾ। ਇੱਕ ਵਿਅਕਤੀ ਵਿੱਚ ਆਪਣੇ ਕਿੱਤੇ ਦੀ ਮੁਹਾਰਤ, ਇਨਸਾਨੀ ਕਦਰਾਂ ਕੀਮਤਾਂ ਦੀ ਪਹਿਚਾਣ, ਕਿੱਤੇ ਦੀ ਪ੍ਰਤੀਵੱਧਤਾ, ਇਨਸਾਨੀਅਤ ਦੀ ਸੇਵਾ ਭਾਵਨਾ ਦੀ ਲਗਨ ਅਤੇ ਦਿ੍ਰੜ੍ਹਤਾ ਦਾ ਹੋਣਾ ਆਪਣੇ ਆਪ ਵਿੱਚ ਪਰਮਾਤਮਾ ਦਾ ਬਿਹਤਰੀਨ ਵਰਦਾਨ ਹੁੰਦਾ ਹੈ। ਇਹ ਮਾਣ ਆਪਣੇ ਕਿੱਤੇ ਨੂੰ ਸਮਰਪਤ ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਲੈਫ਼ਟੀਨੈਂਟ ਕਰਨਲ ਹਰਵੰਦਨ ਕੌਰ ਬੇਦੀ ਨੂੰ ਜਾਂਦਾ ਹੈ, ਜਿਨ੍ਹਾਂ ਦਾ ਜੀਵਨ ਸਮਾਜ ਲਈ ਚਾਨਣ ਮੁਨਾਰਾ ਹੋ ਸਕਦਾ ਹੈ। ਉਹ ਆਪਣੇ ਡਾਕਟਰੀ ਦੇ ਕਿਤੇ ਦੀ ਪਵਿਤਰਤਾ  ਸਮਝਦੇ ਹਨ। ਇਸ ਲਈ ਉਹ ਜੀਅ ਜਾਨ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਅੱਜ ਦੇ ਪਦਾਰਥਵਾਦੀ ਅਤੇ ਵਿਓਪਾਰਕ ਸੋਚ ਦੇ ਜ਼ਮਾਨੇ ਵਿੱਚ ਜਦੋਂ ਕਿ ਲਗਪਗ ਹਰ ਡਾਕਟਰੀ ਕਿੱਤੇ ਨਾਲ ਸੰਬੰਧਤ ਵਿਅਕਤੀ ਪੈਸੇ ਕਮਾਉਣ ਵਿੱਚ ਲੱਗਿਆ ਹੋਇਆ ਹੈ ਤਾਂ ਇਨਸਾਨੀਅਤ ਦੀ ਸੇਵਾ ਭਾਵਨਾ ਦਾ ਹੋਣਾ ਅਜ਼ੀਬ ਜਿਹਾ ਲੱਗਦਾ ਹੈ ਪ੍ਰੰਤੂ ਇਹ ਬਿਲਕੁਲ ਸੱਚ ਹੈ ਕਿ ਡਾ ਲੈਫ਼ ਕਰਨਲ ਹਰਵੰਦਨ ਕੌਰ ਬੇਦੀ ਇਮਾਨਦਾਰੀ ਅਤੇ ਮਾਨਵੀ ਕਦਰਾਂ ਕੀਮਤਾਂ ‘ਤੇ ਪਹਿਰਾ ਦਿੰਦੇ ਹੋਏ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਉਹ ਬਹੁਤੇ ਮਰੀਜ਼ ਵੇਖਕੇ ਪੈਸਾ ਕਮਾਉਣਾ ਜ਼ਾਇਜ ਨਹੀਂ ਸਮਝਦੇ ਸਗੋਂ ਇਕ ਦਿਨ ਵਿੱਚ ਸਿਰਫ਼ ਦੋ ਹੀ ਮਰੀਜ਼ ਵੇਖਦੇ ਹਨ, ਕਿਉਂਕਿ ਉਹ ਡਾਕਟਰੀ ਕਿੱਤੇ ਦੀ ਪਵਿੱਤਰਤਾ ਨੂੰ ਬਾਖ਼ੂਬੀ ਸਮਝਦੇ ਹੋਏ ਇਸ ਤਰ੍ਹਾਂ ਵਿਚਰਦੇ ਹਨ। ਮਰੀਜ਼ ਨੂੰ ਵੇਖਣ ਲਈ ਇੱਕ ਘੰਟੇ ਤੋਂ ਵੱਧ ਸਮਾਂ ਲਗਾਉਂਦੇ ਹਨ ਕਿਉਂਕਿ ਮਾਨਸਿਕ ਰੋਗੀ ਨੂੰ ਦਵਾਈਆਂ ਦੀ ਥਾਂ ਹਮਦਰਦੀ ਅਤੇ ਕੌਂਸÇਲੰਗ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਹ ਜਿਤਨੇ ਵਧੀਆ ਇਨਸਾਨ, ਮਾਹਿਰ ਡਾਕਟਰ ਅਤੇ ਉਤਨੇ ਹੀ ਵਧੀਆ ਮਨੋਵਿਗਿਆਨਕ ਕੌਂਸਲਰ ਵੀ ਹਨ। ਆਮ ਤੌਰ ਤੇ ਡਾਕਟਰ ਦੇ ਵੇਖਣ ਤੋਂ ਪਹਿਲਾਂ ਪੈਰਾ ਮੈਡੀਕਲ ਸਟਾਫ਼ ਮਰੀਜ਼ ਦੀ ਹਿਸਟਰੀ ਸੁਣਕੇ ਲਿਖਦਾ ਹੈ ਅਤੇ ਡਾਕਟਰ ਸਿਰਫ ਉਸ ਰਿਪੋਰਟ ਦੇ ਆਧਾਰ ‘ਤੇ ਦਵਾਈ ਲਿਖਦੇ ਹਨ ਪ੍ਰੰਤੂ ਡਾ ਬੇਦੀ ਸਾਰਾ ਕੁਝ ਖੁਦ ਕਰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ ਨੂੰ ਦਵਾਈਆਂ ਦਾ ਥੱਬਾ ਲਿਖ ਦਿੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਵਿੱਚ ਨਸ਼ੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਡਾਕਟਰ ਬੇਦੀ ਦਵਾਈਆਂ ਨਾਲੋਂ ਦੁਆ ਅਤੇ ਦਿਆਨਤਦਾਰੀ ਵਿੱਚ ਜ਼ਿਆਦਾ ਵਿਸ਼ਵਾਸ਼ ਰਖਦੇ ਹਨ। ਉਹ ਮਰੀਜ਼ ਦੀ ਮਾਨਸਿਕ ਬਿਮਾਰੀ ਨੂੰ ਜੜੋਂ ਫੜਨ ਦੀ ਕੋਸ਼ਿਸ਼ ਕਰਦੇ ਹਨ। ਮਰੀਜ ਨਾਲ ਉਹ ਆਪਣੇ ਨਿੱਜੀ ਦੋਸਤਾਨਾ ਸੰਬੰਧ ਬਣਾ ਲੈਂਦੇ ਹਨ ਤਾਂ ਜੋ ਉਹ ਉਨ੍ਹਾਂ ਉਪਰ ਭਰੋਸਾ ਕਰਨ ਲੱਗ ਜਾਵੇ। ਜਦੋਂ ਡਾਕਟਰ ਮਰੀਜ਼ ਨਾਲ ਚੰਗਾ ਸਲੂਕ ਕਰਦਾ ਹੈ ਤਾਂ ਅੱਧੀ ਬਿਮਾਰੀ ਰਹਿ ਜਾਂਦੀ ਹੈ। ਉਨ੍ਹਾਂ ਦਾ ਮਾਨਵਤਾਵਾਦੀ ਹੋਣਾ ਵਿਰਾਸਤ ਵਿੱਚੋਂ ਮਿਲੀ ਦੇਸ਼ਭਗਤੀ ਦੀ ਗੁੜ੍ਹਤੀ ਦੀ ਦੇਣ ਹੈ। ਦੇਸ਼ ਭਗਤ ਦੇਸ਼ ਦੇ ਹਿਤਾਂ ਨੂੰ ਪਹਿਲ ਦਿੰਦੇ ਹਨ। ਦੇਸ਼ ਇਲਾਕੇ ਅਤੇ ਲੋਕਾਂ ਦੇ ਸਮੂਹ ਨਾਲ ਨਹੀਂ ਬਣਦਾ ਸਗੋਂ ਮਾਨਵਤਾ ਦੇ ਗੁਣਾ ਦਾ ਪੁਲੰਦਾ ਹੁੰਦਾ ਹੈ। ਉਨ੍ਹਾਂ ਦੀ ਅਮੀਰ ਵਿਰਾਸਤ ਡਾ ਬੇਦੀ ਦੀ ਉਸਾਰੂ ਸੋਚ ਵਿੱਚੋਂ ਝਲਕਦੀ ਹੈ। ਡਾ ਬੇਦੀ ਦੀ ਵਿਰਾਸਤ ਦੀਆਂ ਤਿੰਨ ਪੀੜ੍ਹੀਆਂ ਫ਼ੌਜ ਵਿੱਚ ਡਾਕਟਰੀ ਕਿੱਤੇ ਨਾਲ ਸੰਬੰਧਤ ਹਨ। ਉਨ੍ਹਾਂ ਦੇ ਨਾਨਾ, ਮਾਮਾ, ਦਾਦਾ, ਪਿਤਾ, ਭਰਾ ਅਤੇ ਚਾਚਾ ਸਾਰੇ ਫ਼ੌਜ ਵਿੱਚ ਡਾਕਟਰ ਸਨ/ਹਨ। ਉਨ੍ਹਾਂ ਦੇ ਪਤੀ ਫ਼ੌਜ ਵਿੱਚ ਡੈਂਟਲ ਸਰਜਨ ਸੇਵਾ ਨਿਭਾ ਰਹੇ ਹਨ। ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂ ‘ਤੇ ਪਹੁੰਚਣ ਦੀ ਲਾਲਸਾ ਹੁੰਦੀ ਹੈ ਪ੍ਰੰਤੂ ਡਾ ਬੇਦੀ ਨੇ ਤਰੱਕੀਆਂ ਪ੍ਰਾਪਤ ਕਰਨ ਦੀ ਥਾਂ ਆਪਣੀ ਮਾਤਾ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਵੇਖਦਿਆਂ ਫ਼ੌਜ ਵਿੱਚੋਂ ਅਗਾਊਂ ਹੀ ਸੇਵਾ ਮੁਕਤੀ ਲੈ ਲਈ ਹੈ। ਜੇ ਉਹ ਚਾਹੁੰਦੇ ਤਾਂ ਹੋਰ ਉੱਚ ਅਹੁਦੇ ਤੇ ਪਹੁੰਚ ਸਕਦੇ ਸਨ ਪ੍ਰੰਤੂ ਉਨ੍ਹਾਂ ਇਨਸਾਨੀਅਤ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਅੱਜ ਕੱਲ੍ਹ ਉਹ ਫ਼ੌਜ ਦੇ 20 ਸਾਲ ਦੇ ਤਜ਼ਰਬੇ ਤੋਂ ਬਾਅਦ ‘ ਧਵਨ ਹਸਪਤਾਲ’ ਪੰਚਕੂਲਾ ਵਿੱਚ ਮਰੀਜ਼ਾਂ ਨੂੰ ਵੇਖਦੇ ਹਨ ਪ੍ਰੰਤੂ ਮਰੀਜ਼ ਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ।
   ਡਾ ਹਰਵੰਦਨ ਕੌਰ ਬੇਦੀ ਨੇ ਸਕੂਲੀ ਸਿਖਿਆ ਆਪਣੇ ਪਿਤਾ ਦੇ ਫ਼ੌਜ ਵਿੱਚ ਹੋਣ ਕਰਕੇ ਕੇਂਦਰੀ ਸਕੂਲ ਗੰਗਟੋਕ ਸਿਕਮ ਵਿੱਚੋਂ ਪ੍ਰਾਪਤ ਕੀਤੀ ਸੀ। ਉਨ੍ਹਾਂ 12ਵੀਂ ਦੇ ਇਮਤਿਹਾਨ ਵਿੱਚ ਟਾਪ ਕੀਤਾ ਸੀ।  ਉਨ੍ਹਾਂ ਨੇ ਐਮ ਐਮ ਬੀ ਐਸ ਬਾਈਰਾਮਜੀ ਜੀਜੀ ਭੁਆਏ ਸਰਕਾਰੀ ਮੈਡੀਕਲ ਕਾਲਜ  (ਬੀ ਜੇ ਐਮ ਸੀ) ਪੂਨਾ ਮਹਾਰਾਸ਼ਟਰ ਵਿੱਚੋਂ ਪਾਸ ਕੀਤੀ ਸੀ। ਫਿਰ ਉਨ੍ਹਾਂ ਮਹਾਰਾਸ਼ਟਰ ਮਾਨਸਿਕ ਰੋਗ ਸੰਸਥਾਨ ਤੋਂ ਮਾਨਸਿਕ ਰੋਗ ਪ੍ਰਣਾਲੀ ਵਿੱਚ ਐਮ ਡੀ ਕੀਤੀ। 1999 ਵਿੱਚ ਡਾ ਹਰਵੰਦਨ ਕੌਰ ਬੇਦੀ ਨੂੰ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਮਿਲਿਆ। ਉਹ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਵਾਲੀਆਂ ਚੋਣਵੀਆਂ ਮਾਨਸਿਕ ਰੋਗਾਂ ਦੀਆਂ ਮਾਹਿਰ ਮਹਿਲਾ ਡਾਕਟਰਾਂ ਵਿੱਚੋਂ ਇਕ ਹਨ। ਉਨ੍ਹਾਂ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਹ ਇਕੱਲੀ ਮਹਿਲਾ ਮਾਨਸਿਕ ਰੋਗ ਮਾਹਿਰ ਹੈ, ਜਿਨ੍ਹਾਂ ਨੇ ਕਠਨ ਕਾਰਜ਼ਸ਼ੀਲ ਉਤਰੀ ਅਤੇ ਪੂਰਬੀ ਦੋਹਾਂ ਖੇਤਰਾਂ ਵਿੱਚ ਅੱਤ ਜ਼ੋਖ਼ਮ ਭਰੇ ਸਮੇਂ ਵਿੱਚ ਸੇਵਾ ਨਿਭਾਈ ਹੈ, ਜਿਥੇ ਭਾਰਤੀ ਫ਼ੌਜ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦੀਆਂ-ਵੱਖਵਾਦੀਆਂ ਅਤੇ ਘੁਸਪੈਠੀਆਂ ਨਾਲ ਲੋਹਾ ਲੈ ਰਹੀ ਹੈ।  ਇਸੇ ਤਰ੍ਹਾਂ ਉਨ੍ਹਾਂ ਨੇ ਇਨਸਰਜੈਂਸੀ ਦੇ ਸਿਖਰ ‘ਤੇ ਫ਼ੌਜੀ ਹਸਪਤਾਲ ਸ੍ਰੀਨਗਰ (ਕਸ਼ਮੀਰ) ਵਿੱਚ ਬਤੌਰ ਮਾਨਸਿਕ ਰੋਗ ਸਪੈਸ਼ਲਿਸਟ ਸੇਵਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਆਪਣੀ ਨੌਕਰੀ ਦੇ ਨਾਲ ਹੀ ਆਤਮ ਹੱਤਿਆਵਾਂ ਦੀ ਰੋਕਥਾਮ ਲਈ ਮੁਹਾਰਤ ਹਾਸਲ ਕੀਤੀ। ਇਸੇ ਤਰ੍ਹਾਂ ਫ਼ੌਜ ਵੱਲੋਂ ਮਿਲਾਪ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਅਹਿਮ ਭੂਮਿਕਾ ਵੀ ਨਿਭਾਈ, ਜਿਸ ਅਧੀਨ ਜੰਮੂ ਕਸ਼ਮੀਰ ਖੇਤਰ ਵਿੱਚ ਸੈਨਿਕਾਂ ਅਤੇ ਆਮ ਨਾਗਰਿਕਾਂ ਨੂੰ ਆਤਮ ਹੱਤਿਆਵਾਂ ਦੀ ਭਾਵਨਾ ਵਿਰੁੱਧ ਲੜਨ ਲਈ ਨਾ ਕੇਵਲ ਖ਼ੁਦ ਕੌਂਸÇਲੰਗ ਕੀਤੀ ਸਗੋਂ ਫ਼ੌਜ ਵਿੱਚ ਤਾਇਨਾਤ ਧਾਰਮਿਕ ਅਧਿਆਪਕਾਂ ਅਤੇ ਹੋਰਾਂ ਨੂੰ ਬਤੌਰ ਕੌਂਸਲਰ ਟ੍ਰੇਨਿੰਗ ਵੀ ਦਿੱਤੀ। ਇਸ ਲਈ ਉਨ੍ਹਾਂ ਨੂੰ 2004 ਵਿੱਚ ਆਰਮੀ ਕਮਾਂਡਰਜ਼ ਕਮਡੇਸ਼ਨ ਦਿੱਤਾ ਗਿਆ, ਜੋ ਆਮ ਡਿਊਟੀ ਦੇ ਨਾਲ ਕਿਸੇ ਹੋਰ ਵਾਧੂ ਖੇਤਰ ਵਿੱਚ ਸੇਵਾ ਨਿਭਾਉਣ ਦੀ ਮਾਨਤਾ ਵਜੋਂ ਦਿੱਤਾ ਜਾਂਦਾ ਹੈ।  ਉਨ੍ਹਾਂ ਦੀ ਮੁਹਾਰਤ, ਸਮਾਜਿਕ ਖੇਤਰ, ਸਕੂਲ, ਕਿਸਾਨੀ, ਮਜ਼ਦੂਰੀ, ਖਾਸ ਉਮਰ, ਖਾਸ Çਲੰਗ ਦੇ ਗਰੁਪਾਂ ਦੀਆਂ ਮਾਨਸਿਕ ਸਮੱਸਿਆਵਾਂ ਦੇ ਇਲਾਜ਼ ਸੰਬੰਧੀ ਹੈ। ਇਸ ਤੋਂ ਇਲਾਵਾ ਡਿਪਰੈਸ਼ਨ, ਆਬਸੈਸਿਵ ਕੰਪਲਸਿਵ ਡਿਸਆਰਡਰਜ਼, ਵਿਹਾਰਕ ਸਮੱÇਸਆਵਾਂ, ਬਾਲ ਮਾਨਸਿਕ ਰੋਗ, ਸਾਈਜੋਫਰੀਨੀਆ ਰੋਗਾਂ ਦੀ ਵਿਸ਼ੇਸ਼ ਮੁਹਾਰਤ ਹੈ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਰਾਵਲਪਿੰਡੀ ਦਾ ਹੈ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ।
  ਅਜੋਕੇ ਸਮੇਂ ਸਮਾਜ ਵਿੱਚ ਪਰਿਵਾਰਿਕ, ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਕਾਰਨ ਅੱਜ ਕੱਲ੍ਹ ਮਾਨਸਿਕ ਤਣਾਓ ਕਰਕੇ ਆਤਮ ਹੱਤਿਆਵਾਂ ਅਤੇ ਮਨੋ ਰੋਗਾਂ ਦੇ ਕੇਸ ਵੱਧ ਰਹੇ ਹਨ ਤਾਂ ਅਜਿਹੇ ਸਮੇਂ ਵਿੱਚ ਡਾ ਹਰਵੰਦਨ ਕੌਰ ਬੇਦੀ ਵਰਗੀ ਸੁਲਝੀ ਹੋਈ ਇਨਸਾਨੀਅਤ ਦੀ ਮੁੱਦਈ ਡਾਕਟਰ ਦੀਆਂ ਸੇਵਾਵਾਂ ਦੀ ਸਮਾਜ ਨੂੰ ਅਤਿਅੰਤ ਜ਼ਰੂਰਤ ਹੈ। ਡਾ ਬੇਦੀ ਦੇ ਤਜ਼ਰਬੇ ਦਾ ਲਾਭ ਉਠਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਅਤੇ ਨਾ ਹੀ ਪੈਸੇ ਦੇ ਮਗਰ ਭੱਜਦੇ ਹਨ ਸਗੋਂ ਉਹ ਮਰੀਜ਼ ਨਾਲ ਡਾਕਟਰ ਤੋਂ ਇਲਾਵਾ ਬਤੌਰ ਇਨਸਾਨ ਵਿਵਹਾਰ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲ ਚੁੱਕੇ ਹਨ। ਉਹ ਐਨਾਗਰਾਮ ਐਨ ਐਲ ਪੀ ਦੇ ਐਸੋਸੀਏਟ ਪ੍ਰੈਕਟੀਸ਼ਨਰ ਹਨ। ਐਨਾ ਗਰਾਮ ਨੌਂ ਆਪਸ ਵਿੱਚ ਸਬੰਧਤ ਪਰਸਨੈਲਿਟੀ ਦੀਆਂ ਸ਼੍ਰੇਣੀਆਂ ਦਾ ਵਿਗਿਆਨ ਹੈ। ਉਹ ਭਾਰਤ ਦੀਆਂ ਕਈ ਸੋਸਾਇਟੀਆਂ ਜਿਨ੍ਹਾਂ ਵਿੱਚ ਮੈਂਬਰ ਇੰਡੀਅਨ ਸਾਈਕੈਟਰੀ ਸੋਸਾਇਟੀ, ਲਾਈਫ ਫੈਲੋ ਇੰਡੀਅਨ ਜਨਰਲ ਆਫ ਸਲੀਪ ਮੈਡੀਸਨ, ਲਾਈਫ ਫੈਲੋ ਜਨਰਲ ਆਫ ਇੰਡੀਅਨ ਅਕੈਡਮੀ ਆਫ ਜੈਰੀਐਟਰਸ ਅਤੇ ਲਾਈਫ ਫੈਲੋ ਇੰਡਸਟਰੀ ਅਲਾਈਕੇਟ ਰਿਕ ਜਨਰਲ ਹਨ।

ਸਾਬਕਾ ਜਿਲਾ੍ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ: ਗੀਤਕਾਰ ਦੇਵ ਥਰੀਕਿਆਂਵਾਲਾ  - ਉਜਾਗਰ ਸਿੰਘ

ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ, ਪੰਜਾਬੀ ਪਰਿਵਾਰਿਕ ਗੀਤਕਾਰੀ ਦਾ ਥੰਮ੍ਹ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਹਰਦੇਵ ਦਿਲਗੀਰ, ਜਿਹੜੇ ਦੇਵ ਥਰੀਕਿਆਂ ਵਾਲਾ ਦੇ ਨਾਮ ਨਾਲ ਸਮੁੱਚੇ ਪੰਜਾਬੀ ਸੰਸਾਰ ਵਿੱਚ ਜਾਣੇ ਅਤੇ ਪਹਿਚਾਣੇ ਜਾਂਦੇ ਸਨ। ਪੰਜਾਬੀ ਭਾਸ਼ਾ ਦੀ ਸਭਿਅਚਾਰਕ ਵਿਰਾਸਤ ਨੂੰ ਜ਼ਰਖੇਜ਼ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਮਾਣ ਵੀ ਦੇਵ ਥਰੀਕਿਆਂ ਵਾਲੇ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਨੂੰ ਹੁਸਨ ਇਸ਼ਕ ਦੇ ਘੇਰੇ ਵਿੱਚੋਂ ਕੱਢਕੇ ਪਰਿਵਾਰਿਕ ਸੱਥਾਂ ਦਾ ਸ਼ਿੰਗਾਰ ਬਣਾਇਆ ਸੀ।  ਸਾਫ਼ ਸੁਥਰੀ ਗੀਤਕਾਰੀ ਦਾ ਪ੍ਰਤੀਕ, ਜਿਨ੍ਹਾਂ ਦੇ 1000 ਦੇ ਲਗਪਗ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ, ਪੰਜਾਬੀ ਗੀਤਕਾਰੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਅੱਧੀ ਸਦੀ ਤੱਕ ਗੀਤਕਾਰੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਦੇਵ ਧਰੀਆਂ ਵਾਲਾ 83 ਸਾਲ ਦੀ ਉਮਰ ਵਿੱਚ 25 ਜਨਵਰੀ 2022 ਨੂੰ ਪਹਿਰ ਦੇ ਤੜਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹ ਬਹੁ-ਪੱਖੀ ਅਤੇ ਬਹੁ ਦਿਸ਼ਾਵੀ ਗੀਤਕਾਰ ਸਨ, ਜਿਨ੍ਹਾਂ ਨੇ ਲੋਕ ਗੀਤ, ਲੋਕ ਗਾਥਾਵਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਉਣ ਨੂੰ ਤਰਜ਼ੀਹ ਦਿੱਤੀ। ਉਨ੍ਹਾਂ ਦੇ ਗੀਤ ਪੰਜਾਬੀਆਂ ਦੀ ਰੂਹ ਦੀ ਆਵਾਜ਼ ਬਣਦੇ ਰਹੇ ਹਨ। ਉਹ ਗੀਤਕਾਰੀ ਦੇ ਬਾਬਾ ਬੋਹੜ ਸਨ, ਜਿਨ੍ਹਾਂ ਦੇ ਸੈਂਕੜੇ ਗੀਤ ਸੁਪਰਹਿੱਟ ਹੋਏ ਸਨ। ਮਾਂ ਨੂੰ ਉਤਮ ਦਰਜਾ ਦੇਣ ਵਾਲਾ ਗੀਤ ‘ਮਾਂ ਹੁੰਦੀ ਏ ਮਾਂ’ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗਿਆ ਸੀ। ਪੰਜਾਬੀ ਵਿਰਸਾ ਬੜਾ ਅਮੀਰ ਹੈ, ਜਿਸਨੂੰ ਗੁਰੂਆਂ ਦੀ ਕਲਮ ਦੀ ਛੋਹ ਪ੍ਰਾਪਤ ਹੈ। ਗੁਰੂਆਂ ਦੇ ਮੁਖ਼ਾਰਬਿੰਦ ਨਾਲ ਇਹ ਭਾਸ਼ਾ ਮਾਖਿਓਂ ਮਿੱਠੀ ਹੋ ਗਈ। ਪੁਸ਼ਤ ਦਰ ਪੁਸ਼ਤ ਸਫਰ ਕਰਦੀ ਪੰਜਾਬੀ ਭਾਸ਼ਾ ਵਿਚ ਹੋਰ ਨਿਖ਼ਾਰ ਆ ਗਿਆ। ਫਿਰ ਇਹ ਉਰਦੂ ਦੀ ਥਾਂ ਲੋਕ ਭਾਸ਼ਾ ਬਣ ਗਈ। ਗੁਰੂਆਂ ਦੀ ਵਿਰਾਸਤ ‘ਤੇ ਪਹਿਰਾ ਦਿੰਦਿਆਂ ਦੇਵ ਥਰੀਕਿਆਂ ਵਾਲੇ ਨੇ ਫੋਕੀ ਸ਼ਾਹਵਾ ਵਾਹਵਾ ਲਈ ਗੀਤ ਨਹੀਂ ਲਿਖੇ ਸਗੋਂ ਉਨ੍ਹਾਂ ਦੇ ਗੀਤ ਇਤਿਹਾਸ ਦਾ ਹਿੱਸਾ ਬਣ ਗਏ ਹਨ। ਇਸ ਸਮੇਂ ਪੰਜਾਬੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਪ੍ਰੰਤੂ ਅਖੌਤੀ ਬੁੱਧੀਜੀਵੀ ਸਾਹਿਤਕਾਰਾਂ ਨੇ ਪੰਜਾਬੀ ਨੂੰ ਸਰਲ ਬਣਾਉਣ ਦੀ ਥਾਂ ਔਖੀ ਭਾਸ਼ਾ ਬਣਾ ਦਿੱਤਾ। ਔਖੀ ਸ਼ਬਦਾਵਲੀ ਵਰਤਕੇ ਉਹ ਆਪਣੀ ਵਿਦਵਤਾ ਦਾ ਸਬੂਤ ਦੇਣਾ ਚਾਹੁੰਦੇ ਹਨ ਭਾਵੇਂ ਪੜ੍ਹਨ ਅਤੇ ਸੁਣਨ ਵਾਲੇ ਦੇ ਪੱਲੇ ਕੁਝ ਵੀ ਨਾ ਪਵੇ। ਫਿਰ ਵੀ ਲੋਕ ਬੋਲੀ ਦੇ ਕੁਝ ਕੁ ਹਿਤੈਸ਼ੀਆਂ ਨੇ ਪੰਜਾਬੀ ਬੋਲੀ ਦੀ ਸਰਲਤਾ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਲੋਕਾਂ ਦੀ ਜ਼ੁਬਾਨ ਵਿਚ ਸਾਹਿਤ ਲਿਖਕੇ ਇਸਨੂੰ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਸਾਹਿਤਕਾਰਾਂ ਅਤੇ ਗੀਤਕਾਰਾਂ ਵਿਚ ਹਰਦੇਵ ਦਿਲਗੀਰ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾ ਰਿਹਾ ਹੈ, ਜਿਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਕੇ ਹੁਲਾਰਾ ਦੇਣ ਵਾਲੇ ਗੀਤ ਲਿਖਕੇ ਪੰਜਾਬੀ ਬੋਲੀ ਨੂੰ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਾ ਦਿੱਤਾ ਹੈ। ਯਾਰਾਂ ਦਾ ਯਾਰ ਅਤੇ ਨਮਰਤਾ ਦੇ ਪੁੰਜ ਹਰਦੇਵ ਦਿਲਗੀਰ ਨੂੰ ਪੰਜਾਬੀ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਹਰਦੇਵ ਦਿਲਗੀਰ ਉਹ ਗੀਤਕਾਰ ਹੈ, ਜਿਨ੍ਹਾਂ ਦੇ ਗੀਤਾਂ ਕਰਕੇ ਉਸਦੇ ਪਿੰਡ ਦਾ ਨਾਂ ਪੰਜਾਬੀ ਦੁਨੀਆਂ ਵਿਚ ਅਮਰ ਹੋ ਗਿਆ ਹੈ।
     ਹਰਦੇਵ ਦਿਲਗੀਰ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਥਰੀਕੇ ਵਿਖੇ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ 19 ਸਤੰਬਰ 1939 ਨੂੰ ਹੋਇਆ। ਪ੍ਰਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਥਰੀਕਿਆਂ ਦੇ ਸਕੂਲ, ਮਿਡਲ ਲਲਤੋਂ ਅਤੇ ਦਸਵੀਂ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਜੇ.ਬੀ.ਟੀ. ਦੀ ਸਿਖਿਆ ਜਗਰਾਓਂ ਤੋਂ ਪ੍ਰਾਪਤ ਕੀਤੀ। ਜੇ.ਬੀ.ਟੀ. ਕਰਨ ਉਪਰੰਤ ਅਧਿਆਪਕ ਦੀ ਨੌਕਰੀ ਕਰ ਲਈ। ਨੌਕਰੀ ਦੌਰਾਨ ਵੱਖ ਵੱਖ ਸਕੂਲਾਂ ਵਿਚ ਜਾਣਾ ਪਿਆ, ਜਿਸ ਨਾਲ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੋ ਗਿਆ। 1957 ਵਿਚ ਲਲਤੋਂ ਦੇ ਸਕੂਲ ਵਿਚ ਪੜ੍ਹਦਿਆਂ ਹਰਦੇਵ ਦਿਲਗੀਰ ਦਾ ਮੇਲ ਗਿਆਨੀ ਹਰੀ ਸਿੰਘ ਦਿਲਬਰ ਨਾਲ ਹੋ ਗਿਆ। ਗਿਆਨੀ ਹਰੀ ਸਿੰਘ ਦਿਲਬਰ ਉਸ ਸਮੇਂ ਦਾ ਮੰਨਿਆਂ ਪ੍ਰਮੰਨਿਆਂ ਲੇਖਕ ਸੀ। ਹਰਦੇਵ ਦਿਲਗੀਰ ਨੂੰ ਕਵਿਤਾਵਾਂ ਲਿਖਣ ਦਾ ਪਹਿਲਾਂ ਹੀ ਸ਼ੌਕ ਸੀ। ਇਸ ਸ਼ੌਕ ਨੂੰ ਗਿਆਨੀ ਹਰੀ ਸਿੰਘ ਦਿਲਬਰ ਨੇ ਪਛਾਣਦਿਆਂ ਉਨ੍ਹਾਂ ਨੂੰ ਕਵਿਤਾਵਾਂ ਦੇ ਨਾਲ ਕਹਾਣੀਆਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ ਹੀ ਹਰਦੇਵ ਦੇ ਨਾਂ ਨਾਲ ਸਾਹਿਤਕ ਨਾਂ ਦਿਲਗੀਰ ਲਿਖਣ ਦੀ ਸਲਾਹ ਦਿੱਤੀ। ਚੜ੍ਹਦੀ ਉਮਰ ਵਿਚ ਹੀ ਕਵਿਤਾਵਾਂ ਅਤੇ ਕਹਾਣੀਆਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਣ ਨਾਲ ਹਰਦੇਵ ਦਿਲਗੀਰ ਦਾ ਹੌਸਲਾ ਵੱਧ ਗਿਆ ਅਤੇ ਗਿਆਨੀ ਹਰੀ ਸਿੰਘ ਦਿਲਬਰ ਦੀ ਥਾਪੀ ਨੇ ਹੋਰ ਉਤਸ਼ਾਹਤ ਕੀਤਾ। ਉਨ੍ਹਾਂ ਦੀਆਂ 4 ਕਹਾਣੀਆਂ ਦੀਆਂ ਪੁਸਤਕਾਂ,‘ ਰੋਹੀ ਦਾ ਫੁੱਲ’, ‘ਇੱਕ ਸੀ ਕੁੜੀ’, ‘ਜ਼ੈਲਦਾਰਨੀ’,  ‘ਹੁੱਕਾ ਪਾਣੀ’ ਅਤੇ 7 ਬਾਲ ਪੁਸਤਕਾਂ ‘ਮਾਵਾਂ ਠੰਡੀਆਂ ਛਾਵਾਂ’, ‘ਪੈਰਾਂ ਵਾਲਾ ਤਾਰਾ’, ‘ਅੱਲੜ ਬਲੜ ਬਾਵੇ ਦਾ’, ‘ਘੁਗੀਏ ਨੀ ਘੁਗੀਏ ਨੱਚ ਕੇ ਵਿਖਾ’, ‘ਮੇਰੀ ਧਰਤੀ ਮੇਰਾ ਦੇਸ’, ‘ਚੁੱਕ ਭੈਣ ਬਸਤਾ ਸਕੂਲੇ ਚਲੀਏ’ ‘ਚੰਦ ਮਾਮਾ ਡੋਰੀਆ’ ਅਤੇ 24 ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ। ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਸ਼ੁਰੂਆਤ ਕਰਨ ਦਾ ਇਤਫਾਕ ਵੀ ਦੇਵ ਥਰੀਕਿਆਂ ਵਾਲੇ ਨੂੰ ਹੀ ਹੋਇਆ। ਬੱਚਿਆਂ ਲਈ ਪੁਸਤਕਾਂ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਕਰਕੇ ਲਿਖੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਦੀਆਂ 13 ਫਿਲਮਾਂ ਲਈ ਵੀ ਗੀਤ ਲਿਖੇ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ ਹੁਣ ਤੱਕ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ।
 ਉਨ੍ਹਾਂ ਦਾ ਕਹਾਣੀਆਂ ਅਤੇ ਕਵਿਤਾਵਾਂ ਵੱਲੋਂ ਗੀਤਾਂ ਵਲ ਪ੍ਰੇਰਿਤ ਹੋਣ ਦਾ ਵੀ ਅਜ਼ੀਬ ਕਿਸਾ ਹੈ। 21 ਸਾਲ ਦੀ ਭਰ ਜਵਾਨੀ ਦੀ ਉਮਰ ਵਿਚ ਉਨ੍ਹਾਂ ਦਾ ਮੇਲ ਲੁਧਿਆਣਾ ਜਿਲ੍ਹੇ ਦੇ ਪਿੰਡ ਸਿਆੜ ਦੇ ਪ੍ਰੇਮ ਕੁਮਾਰ ਸ਼ਰਮਾ ਨਾਲ ਮਾਲਵਾ ਖਾਲਸਾ ਹਾਈ ਸਕੂਲ ਵਿਚ ਪੜ੍ਹਦਿਆਂ ਐਚ.ਐਮ.ਵੀ.ਕੰਪਨੀ ਦੀ ਅਡੀਸ਼ਨ ਮੌਕੇ ਹੋਇਆ। ਪ੍ਰੇਮ ਕੁਮਾਰ ਦੀ ਆਵਾਜ਼ ਚੰਗੀ ਸੀ, ਇਸ ਕਰਕੇ ਉਹ ਅਡੀਸ਼ਨ ਵਿਚ ਪਾਸ ਹੋ ਗਿਆ। ਕੰਪਨੀ ਨੇ ਉਸਨੂੰ ਗੀਤ ਲੈ ਕੇ ਦਿੱਲੀ ਆਉਣ ਲਈ ਕਿਹਾ। ਪ੍ਰੇਮ ਕੁਮਾਰ ਗੀਤ ਲੈਣ ਵਾਸਤੇ ਇੰਦਰਜੀਤ ਹਸਨਪੁਰੀ ਕੋਲ ਗਿਆ। ਹਸਨਪੁਰੀ ਨੇ ਗੀਤ ਦੇਣ ਦਾ ਵਾਅਦਾ ਕੀਤਾ ਪ੍ਰੰਤੂ ਮੌਕੇ ਤੇ ਗੀਤ ਨਾ ਦਿੱਤੇ। ਪ੍ਰੇਮ ਕੁਮਾਰ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਕੇ ਦੇਣ ਦੀ ਬੇਨਤੀ ਕੀਤੀ। ਹਰਦੇਵ ਦਿਲਗੀਰ ਨੂੰ ਗੀਤ ਲਿਖਣ ਦਾ ਤਜ਼ਰਬਾ ਨਹੀਂ ਸੀ ਪ੍ਰੰਤੂ ਦੋਸਤ ਦੇ ਜ਼ੋਰ ਪਾਉਣ ਤੇ ਚਾਰ ਗੀਤ ਉਨ੍ਹਾਂ ਨੂੰ ਲਿਖਕੇ ਦਿੱਤੇ। ਕੰਪਨੀ ਨੂੰ ਉਹ ਗੀਤ ਬਹੁਤ ਪਸੰਦ ਆਏ ਅਤੇ ਚਾਰੇ ਗੀਤ ਰੀਕਾਰਡ ਹੋ ਗਏ। ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਅਤੇ ਮਿਲੀ ਰਾਇਲਟੀ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਣ ਲਈ ਉਤਸ਼ਾਹਤ ਕੀਤਾ। ਉਸ ਦਿਨ ਤੋਂ ਬਾਅਦ ਹਰਦੇਵ ਦਿਲਗੀਰ ਦੀ ਗੁੱਡੀ ਚੜ੍ਹ ਗਈ ਅਤੇ ਉਹ ਚੋਣਵੇਂ ਗੀਤਕਾਰਾਂ ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਗੁਰਦੇਵ ਸਿੰਘ ਮਾਨ ਨੂੰ ਆਪਣਾ ਗੁਰੂ ਧਾਰ ਲਿਆ। ਗੀਤਾਂ ਅਤੇ ਕਵਿਤਾਵਾਂ ਦਾ ਸ਼ੌਕ ਇਤਨਾ ਸੀ ਕਿ ਇੱਕ ਵਾਰ ਜਦੋਂ ਉਹ ਜਗਰਾਓਂ ਜੇ.ਬੀ.ਟੀ.ਕਰ ਰਿਹਾ ਸੀ ਤਾਂ ਆਪਣੇ ਪਿੰਡ ਉਸਦਾ ਖਾੜਾ ਸੁਣਨ ਲਈ ਘਰਦਿਆਂ ਤੋਂ ਚੋਰੀ ਆ ਗਿਆ ਅਤੇ ਆਪਣੇ ਘਰ ਨਹੀਂ ਗਿਆ, ਖਾੜੇ ਤੋਂ ਹੀ ਜਗਰਾਓਂ ਵਾਪਸ ਚਲਾ ਗਿਆ। ਉਨ੍ਹਾਂ ਦੀ ਦਾਦੀ ਚਾਹੁੰਦੇ ਸਨ ਕਿ ਉਹ ਸਰਕਾਰੀ ਨੌਕਰੀ ਕਰਨ, ਇਸ ਤੋਂ ਬਾਅਦ ਉਨ੍ਹਾਂ ਦੇ ਪੀ.ਟੀ.ਆਈ. ਅਧਿਆਪਕ ਗੁਰਦਿਆਲ ਸਿੰਘ ਨੇ ਉਨ੍ਹਾਂ ਦਾ ਕੁਲਦੀਪ ਮਾਣਕ ਨਾਲ ਮੇਲ ਕਰਵਾਇਆ। ਕੁਲਦੀਪ ਮਾਣਕ ਨਾਲ ਉਨ੍ਹਾਂ ਦੀ ਅਜਿਹੀ ਯਾਰੀ ਪਈ ਜਿਹੜੀ ਤਾਅ ਉਮਰ ਨਿੱਭਦੀ ਰਹੀ। ਯਾਰੀ ਨਿਭਾਉਣੀ ਸਿਖਣੀ ਹੋਵੇ ਤਾਂ ਹਰਦੇਵ ਦਿਲਗੀਰ ਤੋਂ ਵਧੀਆ ਇਨਸਾਨ ਕੋਈ ਹੋ ਨਹੀਂ ਸਕਦਾ ਸੀ। ਜਿਸ ਵੀ ਵਿਅਕਤੀ ਨੂੰ ਇਕ ਵਾਰ ਮਿਲ ਲਏ ਹਮੇਸ਼ਾ ਉਸਦੇ ਬਣਕੇ ਰਹਿ ਜਾਂਦੇ ਸਨ। ਕੁਲਦੀਪ ਮਾਣਕ ਨਾਲ ਉਨ੍ਹਾਂ ਇਕੱਠਿਆਂ ਸਾਂਝੀ ਖੇਤੀਬਾੜੀ ਵੀ ਕੀਤੀ। ਮਾਣਕ 18 ਸਾਲ ਥਰੀਕੇ ਪਿੰਡ ਵਿੱਚ ਹਰਦੇਵ ਦਿਲਗੀਰ ਦੇ ਗਵਾਂਢ ਵਿਚ ਰਿਹਾ। ਉਨ੍ਹਾਂ ਦਾ ਇੱਕ ਗੀਤ ‘ ਟਿੱਲੇ ਵਾਲਿਆ ਮਿਲਾਦੇ ਹੀਰ ਜੱਟੀ ਨੂੰ ਤੇਰਾ ਕਿਹੜਾ ਮੁੱਲ ਲਗਦਾ’ ਤਿੰਨ ਕਲਾਕਾਰਾਂ ਕਰਮਜੀਤ ਧੂਰੀ, ਕੁਲਦੀਪ ਮਾਣਕ ਅਤੇ ਸੁਰਿੰਦਰ ਕੌਰ ਨੇ ਆਪੋ ਆਪਣੀ ਆਵਾਜ਼ ਵਿਚ ਗਾਇਆ। ਹਰਦੇਵ ਦਿਲਗੀਰ ਦੇ ਲਿਖੇ ਅਤੇ ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦੇ ਵੱਲੋਂ ਗਾਏ ਗੀਤਾਂ ਨੇ ਹਰਦੇਵ ਦਿਲਗੀਰ ਨੂੰ ਅਮਰ ਕਰ ਦਿੱਤਾ। ਹਰਦੇਵ ਦਿਲਗੀਰ ਵੱਲੋਂ ਜਿਊਣਾ ਮੌੜ ਦੇ ਲਿਖੇ ਅਤੇ ਸੁਰਿੰਦਰ ਛਿੰਦਾ ਵਲੋਂ ਗਾਏ ਗੀਤਾਂ ਦੀ ਉਨ੍ਹਾਂ ਦਿਨਾਂ ਵਿਚ ਡੇਢ ਲੱਖ ਰੁਪਏ ਦੀ ਰਾਇਲਿਟੀ ਮਿਲੀ ਸੀ। ਹਰਦੇਵ ਦਿਲਗੀਰ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਦੇਸ ਵਿਦੇਸ ਵਿਚ ਸਨਮਾਨਤ ਕੀਤਾ ਗਿਆ ਹੈ। ਇੰਗਲੈਂਡ ਦੇ ਡਰਬੀ ਸ਼ਹਿਰ ਵਿਚ ਉਨ੍ਹਾਂ ਦੇ ਉਪਾਸ਼ਕਾਂ ਨੇ ਉਨ੍ਹਾਂ ਦੇ ਨਾਂ ਤੇ ਇੱਕ ‘ਦੇਵ ਥਰੀਕੇ ਐਪਰੀਸੀਏਸ਼ਨ ਸੋਸਾਇਟੀ’ ਵੀ ਬਣਾਈ ਹੋਈ ਹੈ, ਜੋ ਕਿ ਹਰ ਸਾਲ ਇੱਕ ਗਾਇਕਾ ਅਤੇ ਗੀਤਕਾਰ ਨੂੰ ਸਨਮਾਨਿਤ ਕਰਦੀ ਹੈ। ਉਹ ਸੋਸਾਇਟੀ ਹਰ ਮਹੀਨੇ 100 ਪੌਂਡ ਹਰਦੇਵ ਦਿਲਗੀਰ ਨੂੰ ਭੇਜਦੀ ਰਹੀ ਹੈ। ਉਨ੍ਹਾਂ ਉਨ੍ਹਾਂ ਨੂੰ ਇੱਕ ਕਾਰ ਬੀ.ਐਮ.ਡਬਲਿਊ ਭੇਂਟ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਸ੍ਰ.ਬੇਅੰਤ ਸਿੰਘ ਨੇ ਇੱਕ ਕਾਰ ਭੇਂਟ ਕੀਤੀ ਸੀ ਜੋ ਕਿ ਅਖੀਰੀ ਸਮੇਂ ਤੱਕ ਉਨ੍ਹਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਸ਼ੁਰੂ ਵਿਚ ਦੇਵ ਥਰੀਕਿਆਂ ਵਾਲਾ ਨੇ ਰੋਮਾਂਟਿਕ ਗੀਤ ਲਿਖੇ ਪ੍ਰੰਤੂ ਉਸ ਤੋਂ ਬਾਅਦ ਉਨ੍ਹਾਂ ਦੇ ਬਹੁਤੇ ਹਰਮਨ ਪਿਆਰੇ ਹੋਏ ਗੀਤ ਸਮਾਜਿਕ, ਸਭਿਆਚਾਰਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਹਨ। ਹਰਦੇਵ ਦਿਲਗੀਰ ਰੇਡੀਓ ਅਤੇ ਟੀ.ਵੀ ਚੈਨਲਾਂ ਤੇ ਪ੍ਰੋਗਰਾਮ ਕਰਨ ਜਾਂਦਾ ਰਹਿੰਦਾ ਸੀ। ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਸਨ, ਜਿਨ੍ਹਾਂ ਵਿਚ ਈ.ਟੀ.ਸੀ. ਜੀ ਪੰਜਾਬੀ ਚੈਨਲ ਵੱਲੋਂ ਲਾਈਫ ਟਾਈਮ ਅਚੀਵਮੈਂਟ, ਪ੍ਰੋ.ਮੋਹਨ ਸਿੰਘ ਯਾਦਗਾਰੀ ਸਨਮਾਨ, ਅੰਤਰਰਾਸ਼ਟਰੀ ਸੰਗੀਤ ਸਮੇਲਨ ਦਿੱਲੀ-1992 ਅਤੇ ਅਮਰ ਸਿੰਘ ਸ਼ੌਕੀ ਢਾਡੀ ਸਨਮਾਨ ਮਾਹਲਪੁਰ ਵੀ ਸ਼ਾਮਲ ਹਨ। ਪੁਸਤਕਾਂ, ਅਖ਼ਬਾਰ ਅਤੇ ਰਸਾਲੇ ਪੜ੍ਹਨਾ ਅਤੇ ਗੀਤ ਲਿਖਣਾ ਉਨ੍ਹਾਂ ਦਾ ਸ਼ੌਕ ਬਰਕਰਾਰ ਰਿਹਾ ਹੈ। ਉਹ 1997 ਵਿਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਥਰੀਕੇ ਹੀ ਰਹਿੰਦੇ ਹਨ। ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਗੀਤਕਾਰੀ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼ - ਉਜਾਗਰ ਸਿੰਘ

ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪਰ ਸਮਾਜ’ ਇਕ ਇਤਿਹਾਸਕ ਦਸਤਾਵੇਜ ਹੈ। ਬਹਾਵਲਪੁਰ ਸਮਾਜ ਦੇ ਕੁਝ ਲੋਕ ਪੜ੍ਹੇ ਲਿਖੇ ਵਿਦਵਾਨ, ਸਿਆਸਤਦਾਨ, ਕਾਰੋਬਾਰੀ ਅਤੇ ਉਦਯੋਗਪਤੀ ਹਨ ਪ੍ਰੰਤੂ ਉਹ ਆਪਣੀ ਬਰਾਦਰੀ ਨਾਲੋਂ ਇਕ ਕਿਸਮ ਨਾਲ ਦੂਰ ਹੋ ਚੁੱਕੇ ਹਨ ਕਿਉਂਕਿ ਉਹ ਆਪਣੇ ਆਪਨੂੰ ਵੱਡੇ ਇਨਸਾਨ ਸਮਝਣ ਲੱਗ ਪਏ ਹਨ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਵਿਦਵਾਨ ਅਜੇ ਵੀ ਆਪਣੀ ਬਰਾਦਰੀ ਨਾਲ ਬਾਵਾਸਤਾ ਹਨ। ਉਹ ਹਰ ਵਕਤ ਆਪਣੀ ਬਰਾਦਰੀ ਦੀ ਬਿਹਤਰੀ ਅਤੇ ਇਕਮੁੱਠਤਾ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵਿੱਚੋਂ ਡਾ ਮਦਨ ਲਾਲ ਹਸੀਜਾ ਸਾਬਕਾ ਡਾਇਰੈਕਟਰ ਭਾਸ਼ਾਵਾਂ ਵਿਭਾਗ ਪੰਜਾਬ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ ਮੁੱਖੀ ਇਕ ਵਿਦਵਾਨ ਹਨ, ਜਿਹੜੇ ਹਰ ਵਕਤ ਬਰਾਦਰੀ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ। ਇਹ ਪੁਸਤਕ ਉਨ੍ਹਾਂ ਹਿੰਦੀ ਵਿੱਚ ਲਿਖੀ ਹੈ। ਬਹਾਵਲਪੁਰ ਸਮਾਜ ਦੀ ਆਪਣੀ ਸਰਾਇਕੀ ਭਾਸ਼ਾ ਹੈ ਪ੍ਰੰਤੂ  ਕਿਸੇ ਵੀ ਵਿਦਵਾਨ ਨੇ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ। ਬਹਾਵਲਪੁਰ ਸਮਾਜ ਮਿਹਨਤੀ, ਸਿਰੜ੍ਹੀ ਅਤੇ ਇਮਾਨਦਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਆਪਣੇ ਪਰਿਵਾਰਾਂ ਦੀ ਪਾਲਣ ਪੋਸ਼ਣ ਲਈ ਉਹ ਹਰ ਕਿਸਮ ਦਾ ਕਾਰੋਬਾਰ ਕਰਨ ਨੂੰ ਤਰਜੀਹ ਦਿੰਦੇ ਹਨ। ਭਾਵ ਉਹ ਜ਼ਮੀਨ ਨਾਲ ਜੁੜੇ ਹੋਏ ਬਹੁਤ ਹੀ ਮਿਹਨਤ ਕਰਨ ਵਾਲੇ ਕਿਰਤੀ ਕਿਸਮ ਦੇ ਲੋਕ ਹਨ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਅਲੋਪ ਹੋ ਰਹੇ ਰੀਤੀ ਰਿਵਾਜ, ਸੰਸਕਾਰ, ਤਿਥ ਤਿਓਹਾਰ ਅਤੇ ਸਭਿਅਚਾਰ ਨੂੰ ਸਾਂਭ ਕੇ ਰੱਖਣ ਅਤੇ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਇਹ ਪੁਸਤਕ ਆਉਣ ਵਾਲੀ ਬਹਾਵਲਪੁਰ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਕਿਉਂਕਿ ਅੱਜ ਕਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ। ਆਪਣੀ ਭਾਸ਼ਾ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿਚ ਵਰਤਣਾ ਵੀ ਚੰਗਾ ਨਹੀਂ ਸਮਝਦੇ, ਜਦੋਂ ਕਿ ਇਨਸਾਨ ਹਰ ਗੱਲ ਪਹਿਲਾਂ ਸੋਚਦਾ ਆਪਣੀ ਮਾਤ ਭਾਸ਼ਾ ਵਿੱਚ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰਨਾ ਬਣਦਾ ਹੈ। ਬਹਾਵਲਪੁਰ ਸਮਾਜ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਆ ਕੇ ਵਸ ਗਿਆ ਸੀ। ਉਹ ਪਾਕਿਸਤਾਨ ਵਿੱਚੋਂ ਆਪਣੇ ਕਾਰੋਬਾਰ ਛੱਡਕੇ ਖਾਲੀ ਹੱਥ ਭਾਰਤ ਵਿੱਚ ਆਏ ਸਨ। ਉਨ੍ਹਾਂ ਸਖ਼ਤ ਮਿਹਨਤ ਕੀਤੀ ਜਿਹੜੀ ਰੰਗ ਲਿਆਈ। ਇਸ ਸਮੇਂ ਇਸ ਸਮਾਜ ਦੇ ਲੋਕ ਸਿਆਸਤ ਅਤੇ ਹੋਰ ਹਰ ਖੇਤਰ ਵਿੱਚ ਉਚੇ ਰੁਤਬਿਆਂ ਤੇ ਸ਼ਸ਼ੋਭਤ ਹਨ। ਇਹ ਬਿਰਾਦਰੀ ਕਾਫ਼ੀ ਲੰਮੇ ਸਮੇਂ ਤੋਂ ਸੰਗਠਤ ਹੋਣ ਲਈ  ਕੋਸ਼ਿਸ਼ਾਂ ਵਿੱਚ ਲੱਗੀ ਹੋਈ ਸੀ। ਮਰਹੂਮ ਰਾਜ ਖੁਰਾਨਾ ਜੋ ਪੰਜਾਬ ਵਿੱਚ ਰਾਜਪੁਰਾ (ਪਟਿਆਲਾ) ਤੋਂ ਵਿਧਾਇਕ ਅਤੇ ਪੰਜਾਬ ਦੇ ਮੰਤਰੀ ਰਹੇ ਹਨ, ਉਨ੍ਹਾਂ ਨੇ ਆਪਣੀ ਬਿਰਾਦਰੀ ਨੂੰ ਇਕ ਪਲੇਟਫਾਰਮ ‘ਤੇ ਸੰਗਠਤ ਕਰਨ ਦੀ 1993 ਵਿੱਚ ਪਹਿਲ ਕੀਤੀ ਸੀ। ਉਨ੍ਹਾਂ ਹਰਿਦੁਆਰ ਵਿਖੇ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੀ ਪ੍ਰਧਾਨਗੀ ਵਿੱਚ ਭਾਰਤ ਵਿੱਚ ਵਸਦੇ ਬਹਾਵਲਪੁਰ ਸਮਾਜ ਦਾ ਇਕ ਸਮਾਗਮ ਆਯੋਜਤ ਕੀਤਾ ਸੀ। ਉਸ ਸਮਾਗਮ ਦੀ ਸਫਲਤਾ ਤੋਂ ਬਾਅਦ ਬਿਰਾਦਰੀ ਇਸ ਪਾਸੇ ਜੁੱਟੀ ਰਹੀ, ਜਿਸਦਾ ਉਨ੍ਹਾਂ ਦੀ ਕੋਸ਼ਿਸ਼ ਨੂੰ 2005 ਵਿੱਚ ਬੂਰ ਪਿਆ ਅਤੇ ਫਿਰ ‘‘ ਭਾਰਤੀਯ ਬਹਾਵਲਪੁਰ ਮਹਾਂਸੰਘ (ਰਜਿ) ਦੀ ਸਥਾਪਨਾ ਹੋਈ। ਇਹ ਮਹਾਂਸੰਘ ਬਾਖ਼ੂਬੀ ਬਿਰਾਦਰੀ ਦੇ ਹਿੱਤਾਂ ‘ਤੇ ਪਹਿਰਾ ਦੇਣ ਵਿੱਚ ਜੁਟਿਆ ਹੋਇਆ ਹੈ। ਇਹ ਪੁਸਤਕ ਵੀ ਇਸ ਮਹਾਂ ਸੰਘ ਦੇ ਰਾਸ਼ਟਰੀ ਮੁੱਖੀ ਡਾ ਮਦਨ ਲਾਲ ਹਸੀਜਾ ਨੇ ਹੀ ਲਿਖੀ ਅਤੇ ‘ ਭਾਰਤੀਯ ਬਹਾਵਲਪੁਰ ਮਹਾਂਸੰਘ ’ ਨੇ ਪ੍ਰਕਾਸ਼ਤ ਕਰਵਾਈ ਹੈ।
  ਲੇਖਕ ਨੇ ਬਹਾਵਲਪੁਰ ਸਮਾਜ ਦੀ ਬਿਹਤਰੀ ਲਈ ਮਹੱਤਵਪੂਰਨ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਬਾਰੇ ਬਹਾਵਲਪੁਰ ਸਮਾਜ ਨੂੰ ਅਮਲ ਕਰਨ ਲਈ ਜਦੋਜਹਿਦ ਕਰਨੀ ਬਣਦੀ ਹੈ। ਨੌਜਵਾਨ ਪੀੜ੍ਹੀ ਨੂੰ ਬਹਾਵਲਪੁਰ ਸਮਾਜ ਦੀ ਵਿਰਾਸਤ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਜਿਹੜੇ ਮੁੱਦੇ ਉਠਾਏ ਹਨ, ਉਨ੍ਹਾਂ ਵਿੱਚ ਘਟ ਗਿਣਤੀ ਕੌਮ ਦਾ ਦਰਜਾ ਕਿਵੇਂ ਪ੍ਰਾਪਤ ਕੀਤਾ ਜਾਵੇ, ਸਮਾਜ ਦੀਆਂ ਉਪ ਜਾਤੀਆਂ, ਸਮਾਜ ਦੇ ਤਿਓਹਾਰਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਮਨਾਉਣ ਦੇ ਢੰਗ ਤਰੀਕੇ, ਸਾਲਾਨਾ ਤਿਓਹਾਰ, ਰੀਤੀ ਰਿਵਾਜ਼, ਬੱਚਿਆਂ ਦਾ ਨਾਮਕਰਨ, ਵਿਆਹ ਸ਼ਾਦੀਆਂ ਦੀਆਂ ਰਸਮਾ, ਬਹਾਵਲਪੁਰ ਰਿਆਸਤਾਂ, ਨਵਾਬਾਂ ਦੇ ਸ਼ਾਹੀ ਠਾਠ, ਲਿਪੀਆਂ, ਉਪ ਜਾਤੀਆਂ, ਗੋਤਾਂ, ਪਹਿਰਾਵਾ ਅਤੇ ਬਹਾਵਲਪੁਰ ਸਮਾਜ ਦੀਆਂ ਵਿਸ਼ੇਸ਼ਤਾਈਆਂ ਆਦਿ ਹਨ। ਉਨ੍ਹਾਂ ਬਹਾਵਲਪੁਰ ਸਮਾਜ ਦੇ ਪ੍ਰਸਿਧ ਦੋ ਗਾਇਕਾਂ ਕੁੰਵਰ ਭਗਤ ਅਤੇ ਜੀਯਾ ਭਗਤ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੀ ਬਰਾਦਰੀ ਵਿੱਚ ਬਹੁਤ ਮਣਤਾ ਰਹੀ ਹੈ। ਕਈ ਰਸਮੋ ਰਿਵਾਜ਼ ਜਿਨ੍ਹਾਂ ਦਾ ਧਾਰਮਿਕ ਅਤੇ ਸਮਾਜਿਕ ਬੁਰਾ ਅਸਰ ਪੈਂਦਾ ਹੈ, ਉਨ੍ਹਾਂ ਬਾਰੇ ਭਾਰਤੀਯ ਬਹਾਵਲਪੁਰ ਮਹਾਂਸੰਘ ਵੱਲੋਂ ਕੀਤੇ ਫ਼ੈਸਲਿਆਂ ਬਾਰੇ ਵੀ ਦੱਸਿਆ ਗਿਆ ਹੈ। ਬਹਾਵਲਪੁਰ ਸਮਾਜ ਮੌਤ ਤੋਂ ਬਾਅਦ ਬਰਾਦਰੀ ਨੂੰ ਖਾਣਾ ਦਿੰਦਾ ਸੀ ਪ੍ਰੰਤੂ ਭਾਰਤੀਯ ਬਹਾਵਲਪੁਰ ਮਹਾਂਸੰਘ ਨੇ ਸਿਰਫ ਦੂਰੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਹੀ ਖਾਣਾ ਖਿਲਾਉਣ ਦੀ ਤਜ਼ਵੀਜ ਬਾਰੇ ਦੱਸਿਆ ਹੈ। ਸ਼ਾਸ਼ਤਰਾਂ ਦੇ ਅਨੁਸਾਰ ਮੌਤ ‘ਤੇ ਖਾਣਾ ਉਚਿਤ ਨਹੀਂ। ਹਿੰਦੂ ਧਰਮ ਵਿੱਚ 16 ਸੰਸਕਾਰ ਬਣਾਏ ਗਏ ਹਨ, ਮੌਤ ਤੋਂ ਬਾਅਦ ਪ੍ਰੋਸਿਆ ਜਾਣ ਵਾਲਾ ਖਾਣਾ ਖਾਣ ਨਾਲ ਊਰਜਾ ਨਸ਼ਟ ਹੋ ਜਾਂਦੀ ਹੈ। ਸ਼ਾਸ਼ਤਰਾਂ ਵਿੱਚ ਇਸ ਭੋਜਨ ਦਾ ਜ਼ਿਕਰ ਤੱਕ ਨਹੀਂ। ਇਸੇ ਤਰ੍ਹਾਂ ਖੀਰ ਨੂੰ ਜੇਕਰ ਮਿੱਟੀ ਦੇ ਭਾਂਡੇ ਵਿੱਚ ਰੱਖਕੇ ਉਸ ਵਿੱਚ ਰਾਤ ਨੂੰ ਚਾਂਦੀ ਦਾ ਚਮਚ ਰੱਖ ਕੇ ਖਾਧੀ ਜਾਵੇ ਤਾਂ ਮਲੇਰੀਆ ਨਹੀਂ ਹੁੰਦਾ, ਸਮਾਜ ਦੀ ਪਰੰਪਰਾ ਬਾਰੇ ਦੱਸਿਆ ਗਿਆ ਹੈ, ਜੋ ਬਹਾਵਲਪੁਰ ਸਮਾਜ ਵਿੱਚ ਪ੍ਰਚਲਤ ਸਨ।  ਮਸੂਰ ਦੀ ਦਾਲ ਹਿੰਦੂਆਂ ਲਈ ਵਰਜਿਤ ਸੀ। ਚਾਹ ਇਸ ਸਮਾਜ ਵਿੱਚ ਪੀਤੀ ਨਹੀਂ ਜਾਂਦੀ ਸੀ। ਹਰ ਬਹਾਵਲਪੁਰ ਸਮਾਜ ਦੇ ਘਰ ਇਕ ਗਾਂ ਅਤੇ ਘੋੜੀ ਹੋਣਾ ਜ਼ਰੂਰੀ ਮੰਨਿਆਂ ਜਾਂਦਾ ਸੀ। ਨੌਕਰੀ ਕਰਨ ਵਾਲੇ ਮਰਦ ਸਫ਼ੈਦ ਸਲਵਾਰ ਕਮੀਜ਼ ਪਹਿਨਦੇ ਸਨ ਅਤੇ ਪਗੜੀ ਵਿੱਚ ਕੁਲਹਾ ਰੱਖਦੇ ਸੀ। ਕਾਰੋਬਾਰੀ ਲੋਕ ਧੋਤੀ ਅਤੇ ਸਫ਼ੈਦ ਕਮੀਜ਼ ਪਹਿਨਦੇ ਸੀ। ਇਸਤਰੀਆਂ ਘਰਾਂ ਵਿੱਚ ਘਗਰੇ ਅਤੇ ਕਮੀਜ਼ ਪਹਿਨਦੀਆਂ ਸਨ। ਬਜ਼ੁਰਗ ਕੰਨਾ ਵਿੱਚ ਮੁਰਕੀਆਂ ਪਾਉਂਦੇ ਸਨ। ਕਪੜੇ ਘਰਾਂ ਵਿੱਚ ਹੀ ਸੂਤ ਦੇ ਬੁਣੇ ਦੇ ਸਿਲਾਏ ਜਾਂਦੇ ਸਨ। ਉਨ੍ਹਾਂ ਕਪੜਿਆਂ ਦਾ ਬਣਿਆਂ ਹੀ ਪਹਿਰਾਵਾ ਪਹਿਨਦੇ ਸਨ।  ਆਵਾਜਾਈ ਲਈ ਜਿਥੇ ਰੇਲ ਗੱਡੀ ਨਹੀਂ ਜਾਂਦੀ ਸੀ ਉਥੇ ਘੋੜੇ ਅਤੇ ਊਂਟ ਵਰਤੇ ਜਾਂਦੇ ਸਨ। ਵਿਆਹ ਤੋਂ ਬਾਅਦ ਬਹੂ ਨੂੰ ਉਂਟ ਤੇ ਲਿਜਾਇਆ ਜਾਂਦਾ ਸੀ। ਇਸਤਰੀਆਂ ਸਵਾਦੀ ਖਾਣਾ ਬਣਾਉਣ ਦੀਆਂ ਮਾਹਿਰ ਹੁੰਦੀਆਂ ਸਨ। ਖਾਸ ਕਰਕੇ ਬੜੀਆਂ ਅਤੇ ਪਾਪੜ ਬਣਾਉਣ ਵਿੱਚ ਮੁਹਾਰਤ ਸੀ। ਸਿਲਾਈ ਕਢਾਈ ਵਿੱਚ ਸਮਾਜ ਦੀਆਂ ਇਸਤਰੀਆਂ ਦਾ ਕੋਈ ਮੁਕਾਬਲਾ ਨਹੀਂ। ਬਹਾਵਲਪੁਰ ਰਿਆਸਤਾਂ ਕੁਸ਼ਤੀਆਂ, ਘੋੜਿਆਂ ਦੀ ਦੌੜ ਅਤੇ ਮੁਰਗਿਆਂ ਦੀ ਲੜਾਈ ਕਰਵਾਉਣ ਵਿੱਚ ਮਸ਼ਹੂਰ ਸਨ। ਬਹਾਵਲਪੁਰ ਰਿਆਸਤਾਂ ਦੇ ਯਾਦਗਾਰੀ ਸਥਾਨ ਨੂਰ ਮਹਿਲ ਅਤੇ ਗੁਲਜ਼ਾਰ ਮਹਿਲ, ਲਾਲ ਸੋਹਨਾਰਾ ਪਾਰਕ, ਉਚ ਸ਼ਰੀਫ਼, ਪੰਚਨਦ ਹੈਡ ਅਤੇ ਡੇਰਾ ਨਵਾਬ ਸਾਹਿਬ ਆਦਿ ਹਨ। ਇਸ ਤੋਂ ਇਲਾਵਾ ਦੋ ਕਿਲੇ ਮੁੰਡੇ ਸ਼ਹੀਦ ਅਤੇ ਮੇਰੋਟ ਹਨ।  ਭੋਂਗ ਮਸਜਿਦ, ਪਟਨ ਮੀਨਾਰ, ਭੂਤਾ ਵਾਹਨ, ਕੇਂਦਰੀ ਲਾਇਬਰੇਰੀ, ਬਹਾਵਲਪੁਰ ਅਜਾਇਬ ਘਰ, ਬਹਾਵਲਪੁਰ ਚਿੜੀਆ ਘਰ, ਡਰਿੰਗ ਸਟੇਡੀਅਮ, ਮਲੂਕ ਸ਼ਾਹ ਦਾ ਮਕਬਰਾ ਅਤੇ ਜਾਮਾ ਮਸਜਿਦ ਅਲ ਸਾਦਿਕ ਵਰਨਣਯੋਗ ਹਨ। ਇਹ ਸਾਰੇ ਇਤਿਹਾਸਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ। ਬਹਾਵਲਪੁਰ ਸਮਾਜ ਦੀ ਬੋਲੀ ਸਿਰਾਇਕੀ ਹੈ ਅਤੇ ਉਨ੍ਹਾਂ ਦੇ ਗੁਰੂ ਸਾਂਈਂ ਝੂਲੇ ਲਾਲ ਬਾਰੇ ਵੀ ਜਾਣਕਾਰੀ ਦਿੱਤੀ ਹੈ। ਸਮਾਜ ਦੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਮਦਨ ਲਾਲ ਹਸੀਜਾ ਨੇ ਇਕ ਹੋਰ ਵਧੀਆ ਉਦਮ ਕੀਤਾ ਹੈ, ਉਨ੍ਹਾ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ 15 ਸਾਲ ਪੂਰੇ ਹੋਣ ‘ਤੇ ਇਕ ਵਡ ਅਕਾਰੀ ਰੰਗਦਾਰ ਸੋਵੀਨਾਰ ਵੀ ਪ੍ਰਕਾਸ਼ਤ ਕੀਤਾ ਹੈ, ਜਿਸ ਵਿੱਚ ਬਹਾਵਲਪੁਰ ਸਮਾਜ ਦੇ ਬਿਹਤਰੀਨ ਯੋਗਦਾਨ ਬਾਰੇ ਵਿਸਤਾਰ ਨਾਲ ਲਿਖਿਆ ਗਿਆ ਹੈ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ ਕਿਉਂਕਿ ਕਿਸੇ ਵੀ ਸਮਾਜ ਨੂੰ ਆਪਣੀ ਵਿਰਾਸਤ ‘ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਆਉਣ  ਵਾਲੀਆਂ ਪੀੜ੍ਹਂ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰ ਸਕਣ। ਡਾ ਮਦਨ ਲਾਲ ਹਸੀਜਾ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਵਧਾਈ ਦੇ ਪਾਤਰ ਹਨ।

ਸਾਬਕਾ ਜਿਲਾ੍ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ-2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ - ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਪੰਜਾਬੀ ਦਾ ਸਿਰਮੌਰ ਕੁਲਵਕਤੀ ਪੱਤਰਕਾਰ, ਕਾਲਮ ਨਵੀਸ ਅਤੇ ਪ੍ਰਬੁੱਧ ਲੇਖਕ ਹੈ। ਕਿਤੇ ਵਜੋਂ ਭਾਵੇਂ ਉਹ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ ਪ੍ਰੰਤੂ ਆਪਣੀ ਨੌਕਰੀ ਦੌਰਾਨ ਵੀ ਉਹ ਬੇਬਾਕੀ ਅਤੇ ਬੇਖ਼ੌਫ਼ ਹੋ ਕੇ ਆਪਣੀ ਕਲਮ ਅਜ਼ਮਾਉਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਤਾਂ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਕਿਸੇ ਨਾ ਕਿਸੇ ਪੰਜਾਬੀ ਦੇ ਅਖ਼ਬਾਰ ਵਿੱਚ ਉਨ੍ਹਾਂ ਦਾ ਲੇਖ ਪੜ੍ਹਨ ਨੂੰ ਨਾ ਮਿਲੇ। ਪੰਜਾਬ ਡਾਇਰੀ-2021 ਦੇ ਪਹਿਲੇ ਪੰਨੇ ‘ਤੇ ਹੀ ਪੰਜਾਬ ਦੇ ਸਿਆਸਤਦਾਨਾ ਨੂੰ ਵੰਗਾਰ ਕੇ ਲਿਖਣਾ ‘‘ਕਿਉਂ ਪੰਜਾਬ ਦੀ ਮਿੱਟੀ ਬਾਲ਼ ਰਹੇ ਹੋ ਸਿਆਸਤਦਾਨੋ’’? ਦਲੇਰੀ ਅਤੇ ਪੰਜਾਬ ਦੀ ਤਰਾਸਦੀ ਦੀ ਹੂਕ ਦਾ ਪ੍ਰਗਟਾਵਾ ਹੈ। ਇਸ ਪੁਸਤਕ ਵਿੱਚ ਪ੍ਰਕਾਸ਼ਤ ਲੇਖ ਆਮ ਲੋਕਾਂ ਵਿੱਚ ਜਾਗ੍ਰਤੀ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਮਾਫ਼ੀਆ, ਸਿਆਸਤਦਾਨਾ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਤੋਂ ਬਿਨਾ ਭਾਰੂ ਨਹੀਂ ਪੈ ਸਕਦਾ। ਉਹ ਪੰਜਾਬ ਦੀ ਤਬਾਹੀ ਦਾ ਮੁੱਖ ਕਾਰਨ ਸਿਆਸਤਦਾਨਾ ਨੂੰ ਮੰਨਦੇ ਹਨ। ਨਸ਼ੇ  ਅਤੇ ਗੈਂਗਸਟਰ ਬਿਨਾ ਸਿਆਸੀ ਸ਼ਹਿ ਦੇ ਫੈਲ ਨਹੀਂ ਸਕਦੇ। ਪੰਜਾਬ ਵਿੱਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਇਨਸਾਨੀ ਜ਼ਿੰਦਗੀਆਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਉਨ੍ਹਾਂ ਦੇ ਲੇਖ ਪੜ੍ਹਕੇ ਮੇਰੇ ਦਿਮਾਗ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਚਿਹਰਾ ਇਕ ਬਜ਼ੁਰਗ ਮਹਾਂਪੁਰਸ਼ ਵਰਗੇ ਦੇਵਤੇ ਦਾ ਬਣ ਚੁੱਕਾ ਸੀ। ਉਹ ਲਗਪਗ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਜਦੋਂ ਮੈਂ ਪੰਜਾਬ ਸਿਵਲ ਸਕੱਤਰੇ ਵਿਖੇ 1974 ਵਿੱਚ ਸਰਕਾਰੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦਿਨਾ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਨ ਅਤੇ ਵਿਚਾਰ ਚਰਚਾ ਕਰਨ ਦਾ ਸਬੱਬ ਬਣਿਆਂ। ਮੇਰੇ ਮਨ ਵਿੱਚ ਅਜਿਹੇ ਪੱਤਰਕਾਰ ਦੇ ਰੂਬਰੂ ਹੋਣ ਦੀ ਤਾਂਘ ਪੈਦਾ ਹੋ ਗਈ ਕਿਉਂਕਿ ਕੋਈ ਵੀ ਚਲੰਤ ਮਾਮਲਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਤੱਥਾਂ ਨਾਲ ਲਬਰੇਜ਼ ਲੇਖ ਪੜ੍ਹਨ ਨੂੰ ਮਿਲਦਾ ਸੀ, ਜਿਸ ਤੋਂ ਸਾਡੇ ਵਰਗੇ ਉਭਰਦੇ ਨੌਜਵਾਨਾ ਨੂੰ ਪ੍ਰੇਰਨਾ ਅਤੇ ਭਰਪੂਰ ਜਾਣਕਾਰੀ ਮਿਲਦੀ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਤੌਰ ਹਰ ਪੱਤਰਕਾਰ ਕਿਸੇ ਇਕ ਖੇਤਰ ਦਾ ਮਾਹਰ ਹੁੰਦਾ ਹੈ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਸਰਬਕਲਾ ਸੰਪੂਰਨ ਹਰ ਵਿਸ਼ੇ ਦੇ ਮਾਹਰ ਹਨ। ਮੇਰੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਹੋਰਾਂ ਰਾਹੀਂ ਗੁਰਮੀਤ ਸਿੰਘ ਪਲਾਹੀ ਦੇ ਫਗਵਾੜਾ ਵਿਖੇ ਉਨ੍ਹਾਂ ਦੇ ਦਫਤਰ ‘ਪੰਜਾਬੀ ਵਿਰਸਾ ਟਰਸਟ (ਰਜਿ:) ਪਲਾਹੀ ਫਗਵਾੜਾ’ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜ਼ਮੀਨ ਨਾਲ ਜੁੜੇ ਹੋਏ ਸਾਧਾਰਨ ਜ਼ਹੀਨ ਇਨਸਾਨ ਨੂੰ ਮਿਲ ਕੇ ਰੂਹ ਸ਼ਰਸ਼ਾਰ ਹੋ ਗਈ। ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੁਝ ਪ੍ਰਾਪਤ ਹੋ ਗਿਆ ਹੁੰਦਾ। ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਬਹੁਤ ਹੀ ਅਮੀਰ, ਉਸਾਰੂ ਅਤੇ ਲੋਕ ਪੱਖੀ ਹੈ, ਜਿਨ੍ਹਾਂ ਦੀ ਦਾਦ ਦਿੱਤੇ ਬਿਨਾ ਮਨ ਨੂੰ ਸਕੂਨ ਨਹੀਂ ਮਿਲਦਾ। ਗੁਰਮੀਤ ਸਿੰਘ ਪਲਾਹੀ ਦੇ ਲੇਖਾਂ ਦੇ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਗਿਰਾਵਟਾਂ ਅਤੇ ਬੁਰਾਈਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਮੁਕਤੀ ਪਾਉਣ ਲਈ ਕਿਹੜੇ ਉਪਰਾਲੇ ਕੀਤੇ ਜਾਣ, ਉਨ੍ਹਾਂ ਦੇ ਲੇਖਾਂ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਲੋਕ ਹਿਤਾਂ ਨਾਲ ਸੰਬੰਧ ਕੋਈ ਵਿਸ਼ਾ ਨਹੀਂ ਜਿਸ ਬਾਰੇ ਉਨ੍ਹਾਂ ਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਨ੍ਹਾਂ ਦੇ ਲੇਖ ਪੜ੍ਹਕੇ ਗੁਰਮੀਤ ਸਿੰਘ ਪਲਾਹੀ ਦੇ ਦਿਲ ਦੇ ਦਰਦ ਦੀ ਹੂਕ ਸੁਣਾਈ ਦੇਣ ਲੱਗ ਜਾਂਦੀ ਹੈ ਕਿ ਉਨ੍ਹਾਂ ਨੂੰ ਪੰਜਾਬੀਆਂ ਨਾਲ ਕਿਤਨਾ ਲਗਾਓ ਹੈ। ਉਨ੍ਹਾਂ ਦੇ ਲੇਖਾਂ ਵਿੱਚ ਸਭ ਨਾਲੋਂ ਜ਼ਿਆਦਾ ਕਿੰਤੂ ਪ੍ਰੰਤੂ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਕੀਤਾ ਹੁੰਦਾ ਹੈ, ਜਿਹੜੀਆਂ ਪੰਜਾਬ ਦੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਝਿਜਕਦੀਆਂ ਨਹੀਂ। ਉਹ ਆਮ ਆਦਮੀ ਦੀਆਂ ਰੋਜ਼ ਮਰਰ੍ਹਾ ਦੀਆਂ ਲੋੜਾਂ ਨੂੰ ਵੀ ਨਹੀਂ ਸਮਝਦੀਆਂ ਸਗੋਂ ਆਪਣੇ ਸਿਆਸੀ ਹਿਤਾਂ ਨੂੰ ਮੁੱਖ ਰਖਦੀਆਂ ਹਨ, ਜਦੋਂ ਕਿ ਉਨ੍ਹਾਂ ਦਾ ਆਪਣੀ ਪਰਜਾ ਦਾ ਧਿਆਨ ਰੱਖਣਾ ਮੁੱਢਲੀ ਜ਼ਿੰਮੇਵਾਰੀ ਹੈ।
   ਗੁਰਮੀਤ ਸਿੰਘ ਪਲਾਹੀ ਦੀ ‘‘ਪੰਜਾਬ ਡਾਇਰੀ-2021’’ ਵਿੱਚ ਉਹ ਸਾਰੇ ਲੇਖ ਸ਼ਾਮਲ ਹਨ, ਜਿਹੜੇ ਸਾਰਾ ਸਾਲ ਵੱਖ-ਵੱਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਲੇਖ ਬਹੁਤ ਹੀ ਸਰਲ, ਆਮ ਲੋਕਾਂ ਦੇ ਸਮਝ ਵਿੱਚ ਆਉਣ ਵਾਲੀ ਸ਼ਬਦਾਵਲੀ ਵਿੱਚ ਹੁੰਦੇ ਹਨ। ਉਹ ਕਿਸੇ ਵੀ ਗੱਲ ਨੂੰ ਲਿਖਣ ਲਗੇ ਵਿੰਗ ਵਲ ਪਾ ਕੇ ਨਹੀਂ ਕਹਿੰਦੇ ਸਗੋਂ ਛੋਟੇ ਛੋਟੇ ਵਾਕਾਂ ਦੇ ਵਿੱਚ ਸਪਾਟ ਕਹਿ ਦਿੰਦੇ ਹਨ। ਉਨ੍ਹਾਂ ਦੇ ਲੇਖ ਸਮਤੁਲ, ਇਕਪਾਸੜ ਨਹੀਂ ਹੁੰਦੇ ਜਿਥੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦੇ ਹਨ, ਉਥੇ ਪੰਜਾਬ ਦੇ ਲੋਕਾਂ ਨੂੰ ਵੀ ਆਗਾਹ ਕਰਦੇ ਹਨ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਪਿੰਡਾਂ ਵਿੱਚ ਧੜੇਬੰਦੀ ਬਣਾਕੇ ਆਪਣੇ ਪਿੰਡਾਂ ਦਾ ਵਿਕਾਸ ਖੁਦ ਰੋਕਣ ਤੋਂ ਪ੍ਰਹੇਜ ਕਰਨ। ਧੜੇਬੰਦੀ ਪੈਦਾ ਕਰਕੇ ਲੋਕ ਆਪਣੇ ਪੈਰੀਂ ਆਪ ਕੁਹਾੜੀ ਮਾਰਦੇ ਹਨ। ਲੋਕਾਂ ਨੇ ਤਾਂ ਪਿੰਡ ਵਿੱਚ ਹੀ ਰਹਿਣਾ ਹੁੰਦਾ ਹੈ, ਸਿਆਸਤਦਾਨ ਤਾਂ ਧੜੇਬੰਦੀ ਨਾਲ ਵੋਟਾਂ ਵਟੋਰਕੇ ਮੁੜਕੇ ਪਿੰਡ ਵਿੱਚ ਵੜਦੇ ਨਹੀਂ। ਨੌਜਵਾਨੀ ਨੂੰ ਵੀ ਸਿਰਫ ਸਰਕਾਰੀ ਨੌਕਰੀ ‘ਤੇ ਨਿਰਭਰ ਨਾ ਰਹਿਣ ਦੀ ਤਾਕੀਦ ਕਰਦੇ ਹਨ। ਉਨ੍ਹਾਂ ਨੂੰ ਆਪਣੇ ਲਘੂ ਕਾਰੋਬਾਰ ਕਰਨ ਅਤੇ ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਕਰਨ ਦੀ ਸਲਾਹ ਵੀ ਦਿੰਦੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾ ਅਤੇ ਮਜ਼ਦੂਰਾਂ ਦੇ ਗਲੇ ਘੋਟਣ ਲਈ ਬਣਾਏ ਜਾ ਰਹੇ ਨਵੇਂ ਕਾਨੂੰਨਾ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗ੍ਰਤ ਕਰਦੇ ਰਹੇ ਹਨ। ਪਿਛਲੇ ਇਕ ਸਾਲ ਚਲੇ ਸ਼ਾਂਤਮਈ ਕਿਸਾਨ ਮਜ਼ਦੂਰ ਅੰਦੋਲਨ ਦੀ ਪ੍ਰੋੜਤਾ ਕਰਨ ਲਈ ਲਗਪਗ 50 ਲੇਖ ਉਨ੍ਹਾਂ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਹਨ। ਨੌਜਵਾਨਾ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਵੀ ਪ੍ਰੇਰਦੇ ਹਨ। ਜੇਕਰ ਨੌਜਵਾਨ ਖੇਡਾਂ ਵਿੱਚ ਰੁਝੇ ਰਹਿਣਗੇ ਤਾਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਧੱਕੇ ਨਹੀਂ ਚੜ੍ਹਨਗੇ। ਭਾਵ ਲੋਕ ਸਰੋਕਾਰਾਂ ‘ਤੇ ਹਮੇਸ਼ਾ ਆਪਣੇ ਲੇਖਾਂ ਰਾਹੀਂ ਪਹਿਰਾ ਦਿੰਦੇ ਰਹਿੰਦੇ ਹਨ। ਪੰਜਾਬ ਦੇ ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਸੰਕਟ ਉਨ੍ਹਾਂ ਦੀ ਕਲਮ ਦੇ ਵਿਸ਼ੇ ਬਣਦੇ ਰਹਿੰਦੇ ਹਨ। ਇਕ ਵਿਸ਼ੇ ਬਾਰੇ ਵੀ ਕਈ ਲੇਖ ਲਿਖ ਦਿੰਦੇ ਹਨ ਪ੍ਰੰਤੂ ਸਾਰੇ ਲੇਖ ਦੀ ਸ਼ਬਦਾਵਲੀ ਵੱਖਰੀ ਹੁੰਦੀ ਹੈ। ਇਹ ਕਮਾਲ ਗੁਰਮੀਤ ਸਿੰਘ ਪਲਾਹੀ ਦੇ ਹੀ ਜ਼ਿੰਮੇ ਆਈ ਹੈ। ਕਿਸਾਨਾ ਨੂੰ ਖੇਤੀਬਾੜੀ ਕਰਜ਼ਿਆਂ ਦਾ ਸਿਰਫ ਖੇਤੀਬਾੜੀ ਦੇ ਸੰਦਾਂ ‘ਤੇ ਹੀ ਖ਼ਰਚਣ ਦੀ ਸਲਾਹ ਦਿੰਦੇ ਹਨ ਤਾਂ ਜੋ ਕਰਜ਼ਿਆਂ ਦਾ ਭਾਰ ਘਟਾਉਣ ਵਿੱਚ ਸਹਾਇਤਾ ਮਿਲ ਸਕੇ। ਉਹ ਇਹ ਵੀ ਲਿਖਦੇ ਹਨ ਕਿ ਵਿਆਹ ਸ਼ਾਦੀਆਂ ਅਤੇ ਭੋਗਾਂ ‘ਤੇ ਗ਼ੈਰ ਜ਼ਰੂਰੀ ਖ਼ਰਚਿਆਂ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੋਣੀ ਅਤਿਅੰਤ ਜ਼ਰੂਰੀ ਹੈ। ਫਾਲਤੂ ਦੀ ਵਾਹਵਾ ਸ਼ਾਹਵਾ ਦਾ ਕੋਈ ਲਾਭ ਨਹੀਂ ਹੁੰਦਾ। ਪੰਜਾਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਬਾਰੇ ਵੀ ਉਹ ਆਪਣੇ ਲੇਖਾਂ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਨਸਾਨੀ ਜ਼ਿੰਦਗੀਆਂ ਦਾ ਨੁਕਸਾਨ ਕਰਨ ਤੋਂ ਵਰਜਦੇ ਹਨ। ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹਲ ਨਹੀਂ ਹੁੰਦੀ, ਸਗੋਂ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਰੁਲ ਜਾਂਦੇ ਹਨ।
    Êਪੰਜਾਬ ਡਾਇਰੀ-2021ਦੇ ਦੂਜੇ ਭਾਗ ਵਿੱਚ ਗੁਰਮੀਤ ਸਿੰਘ ਪਲਾਹੀ ਨੇ ਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦੇਣ ਅਤੇ ਉਨ੍ਹਾਂ ਦੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਲੇਖ ਪ੍ਰਕਾਸ਼ਤ ਕੀਤੇ ਹਨ। ਪੰਜਾਬ ਦੀ ਆਰਥਿਕਤਾ ਵਿੱਚ ਪਰਵਾਸੀ ਪੰਜਾਬੀਆਂ ਦੇ ਯੋਗਦਾਨ, ਪ੍ਰਵਾਸੀ ਪੰਜਾਬੀ ਸਮੇਲਨ, ਐਨ ਆਰ ਆਈ ਕਾਰਡ, ਪ੍ਰਵਾਸੀ ਅਤੇ ਕਾਂਗਰਸ, ਪ੍ਰਵਾਸੀਆਂ ਨਾਲ ਭੈੜਾ ਸਲੂਕ, ਪ੍ਰਵਾਸੀ ਨਿਵੇਸ਼, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਚੋਣਾ ਤੇ ਪ੍ਰਵਾਸੀ, ਪ੍ਰਵਾਸੀ ਖੜ੍ਹੇ ਅੰਦੋਲਨ ਨਾਲ, ਪੰਜਾਬੀਆਂ ਪੱਲੇ ਬੇਰੋਜ਼ਗਾਰੀ ਤੇ ਪ੍ਰਵਾਸ ਅਤੇ ਪ੍ਰਵਾਸੀਆਂ ਦੀ ਕਿਸਾਨਾ ਪ੍ਰਤੀ ਇਕਜੁਟਤਾ ਆਦਿ ਵਿਸ਼ਿਆਂ ਤੇ ਉਨ੍ਹਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਵਾਸੀਆਂ ਦਾ ਵਿਦੇਸ਼ਾਂ ਵਿੱਚ ਵਧ ਰਿਹਾ ਪ੍ਰਭਾਵ, ਪੂਰਾ ਬ੍ਰਹਿਮੰਡ ਇੱਕ ਪਿੰਡ, ਭਾਰਤੀ ਪ੍ਰਵਾਸੀਆਂ ਦਾ ਇਤਿਹਾਸ, ਨਾਮਣਾ ਖੱਟ ਰਹੇ ਪ੍ਰਵਾਸੀ ਪੰਜਾਬੀ, ਪ੍ਰਸਿੱਧ ਪ੍ਰਵਾਸੀ ਪੰਜਾਬੀ, ਪ੍ਰਵਾਸੀਆਂ ਦੀ ਮਿਹਨਤ ਨੂੰ ਪਿਆ ਬੂਰ, ਜਨਮ ਭੂਮੀ ਅਤੇ ਪ੍ਰਵਾਸ ਵਿਸ਼ਿਆਂ ਦੇ ਲੇਖ ਜਿਹੜੇ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਏ ਸਨ ਸ਼ਾਮਲ ਹਨ। ਪੰਜਾਬ ਦੇ ਪੰਜ ਨਾਮਵਰ ਪਰਵਾਸੀ ਪੰਜਾਬੀਆਂ ਜਿਨ੍ਹਾਂ ਵਿੱਚ ਸਾਹਿਤਕਾਰ ਰਵਿੰਦਰ ਰਵੀ, ਸਾਇੰਸਦਾਨ ਸਵ: ਡਾ ਨਰਿੰਦਰ ਸਿੰਘ ਕੰਪਾਨੀ, ਚਿੱਤਰਕਾਰ ਜਰਨੈਲ ਸਿੰਘ, ਖੇਡ ਲੇਖਕ ਪਿ੍ਰੰਸੀਪਲ ਸਰਵਣ ਸਿੰਘ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਸ਼ਾਮਲ ਹਨ। ਪੁਸਤਕ ਦੇ ਤੀਜੇ ਭਾਗ ਵਿੱਚ ‘ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ’ ਸਿਰਲੇਖ ਹੇਠ ਪੰਜ ਪੰਜਾਬੀਆਂ ਬਾਰੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਕੈਨੇਡਾ ਵਿੱਚ ਧਾਂਕ ਜਮਾਉਣ ਵਾਲਾ:ਮਨਮੋਹਨ ਸਿੰਘ ਸਹੋਤਾ ਕੈਨੇਡਾ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿਲ, ਦੁਆਬੇ ਦੀ ਧਰਤੀ ਦਾ ਜੰਮਪਲ:ਬਰਤਾਨੀਆਂ ਦਾ ਲਾਡਲਾ ਦਰਸ਼ਨ ਲਾਲ ਕੱਲ੍ਹਣ, ਅਮਰੀਕਾ ਦੀ ਮਾਣਮੱਤੀ ਸਖ਼ਸ਼ੀਅਤ:ਮੇਅਰ ਪਰਗਟ ਸਿੰਘ ਸੰਧੂ ਅਤੇ ਮੇਵਿਆਂ ਦਾ ਬਾਦਸ਼ਾਹ:ਬਲਜੀਤ ਸਿੰਘ ਚੱਢਾ ਸ਼ਾਮਲ ਹਨ।
  Êਪੰਜਾਬ ਡਾਇਰੀ-2021, ਪਰਮਿੰਦਰ ਸਿੰਘ ਦੁਆਰਾ ਸੰਪਾਦਿਤ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦੁਆਰਾ ਸਪਾਂਸਰ, 160 ਪੰਨਿਆਂ, 200 ਰੁਪਏ ਕੀਮਤ ਵਾਲੀ ਪੁਸਤਕ ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ, ਫਗਵਾੜਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਗੁਰਮੀਤ ਸਿੰਘ ਪਲਾਹੀ 2022 ਵਿੱਚ ਹੋਰ ਵਧੀਆ ਲੇਖ ਲਿਖਕੇ ਪੰਜਾਬੀਆਂ ਦੀ ਸੇਵਾ ਕਰਦੇ ਰਹਿਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ - ਉਜਾਗਰ ਸਿੰਘ

ਪੰਜਾਬੀਆਂ ਨੇ ਸੰਸਾਰ ਵਿਚ ਆਪਣੀ ਦਰਿਆਦਿਲੀ, ਮਿਹਨਤ, ਇਮਾਨਦਾਰੀ ਅਤੇ ਦਿਆਨਤਦਾਰੀ ਦਾ ਸਿੱਕਾ ਜਮਾਇਆ ਹੋਇਆ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਪੰਜਾਬੀ ਆਈ ਏ ਐਸ, ਆਈ ਪੀ ਐਸ ਅਤੇ ਹੋਰ ਅਹੁਦਿਆਂ ਤੇ ਸ਼ਸ਼ੋਵਤ ਹਨ। ਕਈ ਅਧਿਕਾਰੀ ਤਾਂ ਵਿਭਾਗਾਂ ਦੇ ਮੁਖੀਆਂ ਦੇ ਅਹੁਦਿਆਂ ਉਪਰ ਤਾਇਨਾਤ ਹਨ। ਅਜਿਹੇ ਅਧਿਕਾਰੀ ਭਾਰਤ ਵਿਚ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਫ਼ੈਲਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਵਿਚ1967 ਬੈਚ ਦਾ ਆਈ ਪੀ ਐਸ ਅਧਿਕਾਰੀ ਸੁਖਦੇਵ ਸਿੰਘ ਪੁਰੀ ਸਨ, ਜਿਹੜੇ ਪੂਰੇ ਮਹਾਰਾਸ਼ਟਰ ਵਿਚ ਆਪਣੀ ਇਮਾਨਦਾਰੀ, ਲਗਨ, ਦਿ੍ਰੜ੍ਹਤਾ, ਬਚਨਵੱਧਤਾ, ਅਹੁਦੇ ਦੀ ਜ਼ਿੰਮੇਵਰੀ ਅਤੇ ਇਨਸਾਫ ਦੀ ਤਕੜੀ ਦਾ ਪਹਿਰੇਦਾਰ ਕਰਕੇ ਜਾਣਿਆਂ ਜਾਂਦੇ ਸਨ। ਉਨ੍ਹਾਂ ਨੂੰ ਸਾਥੀ ਅਧਿਕਾਰੀਆਂ ਨੇ ਜਸਟਿਸ ਪੁਰੀ ਦਾ ਖ਼ਿਤਾਬ ਦਿੱਤਾ ਹੋਇਆ ਸੀ। ਏਥੇ ਹੀ ਬਸ ਨਹੀਂ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਅਰਜਨ ਵੀ ਕਿਹਾ ਜਾਂਦਾ ਸੀ, ਜਿਹੜਾ ਸਭ ਤੋਂ ਗੁੰਝਲਦਾਰ ਭਰਿਸ਼ਟਾਚਾਰ ਅਤੇ ਗਬਨ ਦੇ ਕੇਸਾਂ ਵਿਚੋਂ ਛੁਪੇ ਹੋਏ ਦੋਸ਼ੀਆਂ ਨੂੰ ਇਸ ਤਰ੍ਹਾਂ ਲੱਭ ਲੈਂਦਾ ਸੀ, ਜਿਵੇਂ ਅਰਜਨ ਮੱਛੀ ਦੀ ਅੱਖ ਵਿਚ ਤੀਰ ਮਾਰਦਾ ਸੀ। ਉਹ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਸੇਵਾ ਮੁਕਤ ਹੋਏ ਸਨ ਪ੍ਰੰਤੂ ਰਾਜਨੀਤਕ ਲੋਕਾਂ ਨੇ ਉਨ੍ਹਾਂ ਨੂੰ ਡੀ ਜੀ ਪੀ ਦਾ ਆਜ਼ਾਦਾਨਾ ਚਾਰਜ ਕਦੀਂ ਵੀ ਨਹੀਂ ਦਿੱਤਾ। ਉਨ੍ਹਾਂ ਨੂੰ ਡੀ ਜੀ ਪੀ ਪੁਲਿਸ ਹਾਊਸਿੰਗ ਨਿਗਮ ਦੇ ਚੇਅਰਮੈਨ ਵਰਗੇ ਗ਼ੈਰ ਮਹੱਤਵਪੂਰਨ ਅਹੁਦਿਆਂ ਤੇ ਲਗਾਈ ਰੱਖਿਆ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਜਦੋਂ ਭਰਿਸ਼ਟਾਚਾਰ ਅਤੇ ਗਬਨ ਦੇ ਅਤਿ ਗੁੰਝਲਦਾਰ ਕੇਸਾਂ ਦੀ ਪੜਤਾਲ ਕਰਨੀ ਹੁੰਦੀ ਸੀ ਤਾਂ ਸਰਕਾਰ ਨੂੰ ਸੁਖਦੇਵ ਸਿੰਘ ਪੁਰੀ ਦੀ ਯਾਦ ਆਉਂਦੀ ਸੀ ਫਿਰ ਉਨ੍ਹਾਂ ਨੂੰ ਮਜ਼ਬੂਰੀ ਵਸ ਅਜਿਹੇ ਕੇਸਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਐਸ ਆਈ ਟੀ ਦਾ ਮੁਖੀ ਬਣਾਕੇ ਪੜਤਾਲ ਲਈ ਲਗਾ ਤਾਂ ਦਿੱਤਾ ਜਾਂਦਾ ਸੀ ਪ੍ਰੰਤੂ ਬਾਅਦ ਵਿਚ ਪਛਤਾਵਾ ਵੀ ਹੁੰਦਾ ਕਿਉਂਕਿ ਉਹ ਕਿਸੇ ਦੀ ਸਿਫਾਰਸ਼ ਸੁਣਦੇ ਹੀ ਨਹੀਂ ਸਨ। ਇਥੋਂ ਤੱਕ ਕਿ ਸੀਨੀਅਰ ਰਾਜਨੀਤਕ ਲੋਕਾਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁਧ ਵੀ ਫੈਸਲੇ ਕਰਦੇ ਸਨ ਕਿਉਂਕਿ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੰਦੇ ਸਨ। ਜਦੋਂ ਪੜਤਾਲ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਪੁਰੀ ਨੂੰ ਦਿੱਤੀ ਜਾਂਦੀ ਸੀ ਤਾਂ ਦੋਸ਼ੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਉਨ੍ਹਾਂ ਦੀ ਖੈਰ ਨਹੀਂ। ਉਨ੍ਹਾਂ ਪੰਜਾਬੀਆਂ ਦੀ ਇਮਾਨਦਾਰੀ ਦੀ ਸੁਗੰਧ ਸਾਰੇ ਮਹਾਰਾਸ਼ਟਰ ਦੀ ਆਬੋ ਹਵਾ ਵਿਚ ਫੈਲਾ ਦਿੱਤੀ ਸੀ। ਉਨ੍ਹਾਂ ਵੱਲੋਂ ਚਾਰ ਬਹੁਤ ਹੀ ਨਾਜ਼ਕ, ਮਹੱਤਵਪੂਰਨ ਅਤੇ ਗੁੰਝਲਦਾਰ ਕੇਸਾਂ ਦੀ ਪੜਤਾਲ ਕੀਤੀ ਗਈ, ਜਿਨ੍ਹਾਂ ਦੀਆਂ ਤਾਰਾਂ ਬਹੁਤ ਦੂਰ-ਦੂਰ ਤੱਕ ਦੇ ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਕੇਸਾਂ ਦੀ ਪੜਤਾਲ ਵਿਚ ਉਨ੍ਹਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ। ਉਨ੍ਹਾਂ ਕੇਸਾਂ ਵਿੱਚ ਫੇਕ ਸਟੈਂਪ ਪੇਪਰ ਸਕੈਮ, ਜਿਹੜਾ ਤੇਲਗੀ ਸਕੈਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸਦਾ ਮੁਖ ਸੂਤਰਧਾਰ ਅਬਦੁਲ ਕਰੀਮ ਤੇਲਗੀ ਨਾਮ ਦਾ ਵਿਅਕਤੀ ਸੀ। ਉਨ੍ਹਾਂ ਉਪਰ ਬਹੁਤ ਹੀ ਰਾਜਨੀਤਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਗਿਆ ਕਿਉਂਕਿ ਇਸ ਸਕੈਮ ਵਿਚ ਵੱਡੇ ਰਾਜਨੀਤਕ ਲੋਕਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਮੂਲੀਅਤ ਸੀ ਪ੍ਰੰਤੂ ਉਹ ਟਸ ਤੋਂ ਮਸ ਨਹੀਂ ਹੋਏ। ਇਥੋਂ ਤੱਕ ਕਿ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਸਨ। ਰਾਜਨੀਤਕ ਲੋਕਾਂ ਨੇ ਬੁਲਾਇਆ ਪ੍ਰੰਤੂ ਉਹ ਬਿਨਾ ਸਰਕਾਰੀ ਮੀਟਿੰਗ ਦੇ ਕਦੀਂ ਉਨ੍ਹਾਂ ਨੂੰ ਮਿਲਣ ਹੀ ਨਹੀਂ ਜਾਂਦੇ ਸਨ। ਦੂਜਾ ਮਹੱਤਵਪੂਰਨ ਕੇਸ ਹੈ, ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਸਕੈਮ, ਜਿਸ ਵਿਚ ਉਨ੍ਹਾਂ ਕਮਿਸ਼ਨ ਦੇ ਚੇਅਰਮੈਨ ਅਤੇ ਬੰਬੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਗਿ੍ਰਫਤਾਰ ਕੀਤਾ। ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਅਜੇ ਤੱਕ ਜੇਲ੍ਹ ਦੀ ਹਵਾ ਖਾ ਰਿਹਾ ਹੈ। ਤੀਜਾ ਕੇਸ ਹੈ, ਬੰਬੇ ਪੋਰਟ ਟਰੱਸਟ ਵਿਚ ਗਬਨ ਦਾ ਕੇਸ, ਜਦੋਂ ਉਹ ਉਸਦੇ ਚੀਫ ਵਿਜੀਲੈਂਸ ਅਧਿਕਾਰੀ ਸਨ। ਇਸ ਫਰਾਡ ਦੇ ਕੇਸ ਵਿਚ ਉਨ੍ਹਾਂ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾ ਨੂੰ ਵੀ ਗਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਮੁੜਕੇ ਬੰਬੇ ਪੋਰਟ ਟਰਸਟ ਦਾ ਵਿਜੀਲੈਂਸ ਅਧਿਕਾਰੀ ਕਿਸੇ ਆਈ ਪੀ ਐਸ ਅਧਿਕਾਰੀ ਨੂੰ ਲਾਇਆ ਹੀ ਨਹੀਂ। ਚੌਥਾ ਕੇਸ ਫੂਡ ਤੇ ਡਰੱਗਜ਼ ਐਡਮਨਿਸਟਰੇਸ਼ਨ ਕਮਿਸ਼ਨਰ ਦੇ ਅਹੁਦੇ ਤੇ ਹੁੰਦਿਆਂ, ਉਨ੍ਹਾਂ ਨੇ ਵਿਭਾਗ ਵਿਚ ਗਬਨ ਦਾ ਸਕੈਮ ਫੜ ਲਿਆ ਸੀ। ਇਹ ਵੀ ਪੁਲਿਸ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਨਤੀਜਾ ਸੀ। ਜਦੋਂ ਸੁਖਦੇਵ ਸਿੰਘ ਪੁਰੀ ਨੇ ਪੜਤਾਲ ਦੀ ਰਿਪੋਰਟ ਸਰਕਾਰ ਕੋਲ ਭੇਜੀ ਤਾਂ ਸਰਕਾਰ ਦੇ ਤੋਤੇ ਉਡ ਗਏ। ਜੇਕਰ ਉਹ ਰਿਪੋਰਟ ‘ਤੇ ਅਮਲ ਕਰਦੇ ਹਨ ਤਾਂ ਸੀਨੀਅਰਜ਼ ਦਾ ਪਰਦਾਫਾਸ਼ ਹੋ ਜਾਣਾ ਸੀ। ਸਰਕਾਰ ਨੇ ਤੁਰੰਤ ਉਨ੍ਹਾਂ ਨੂੰ ਬਦਲ ਦਿੱਤਾ ਅਤੇ ਰਿਪੋਰਟ ਪ੍ਰਵਾਨ ਹੀ ਨਹੀਂ ਕੀਤੀ। ਇਨ੍ਹਾਂ ਚਾਰਾਂ ਕੇਸਾਂ ਵਿਚ ਸਿਆਸਤਦਾਨਾ, ਪੁਲਿਸ ਦੇ ਅਤੇ ਸਿਵਲ ਅਧਿਕਾਰੀਆਂ ਦੀ ਮਿਲੀ ਭੁਗਤ ਸੀ। ਉਹ ਕੇਸਾਂ ਦੀ ਪੜਤਾਲ ਕਰਨ ਦੇ ਇਤਨੇ ਮਾਹਰ ਸਨ ਕਿ ਪੂਰੇ ਤੱਥ ਇਕੱਠੇ ਕਰਕੇ ਕੇਸ ਅਜਿਹਾ ਬਣਾ ਦਿੰਦੇ ਸਨ ਕਿ ਆਮ ਕੇਸਾਂ ਵਿਚ ਵੀ ਦੋਸ਼ੀਆਂ ਦੀ ਜਮਾਨਤ ਫੈਸਲੇ ਤੱਕ ਹੁੰਦੀ ਹੀ ਨਹੀਂ ਸੀ। ਉਨ੍ਹਾਂ ਵਲੋਂ ਕੀਤੀਆਂ ਗਈਆਂ ਪੜਤਾਲਾਂ ਵਿਚ ਲਗਪਗ ਸਾਰੇ ਦੋਸ਼ੀਆਂ ਨੂੰ ਸਜਾਵਾਂ ਹੋਈਆਂ ਹਨ। 1992-93 ਵਿੱਚ ਉਨ੍ਹਾਂ ਪਾਸਕੋ ਕਾਨੂੰਨ ਦੀ ਨੀਤੀ ਖੁਦ ਬਣਾਈ। ਆ ਤੌਰ ਤੇ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਕਰਕੇ ਦੋ ਵਾਰ ਰਾਸ਼ਟਰਪਤੀ ਮੈਡਲ ਮਿਲਦਾ ਹੈ ਪ੍ਰੰਤੂ ਸੁਖਦੇਵ ਸਿੰਘ ਪੁਰੀ ਨੂੰ ਇਹ ਮੈਡਲ 5 ਵਾਰ ਮਿਲਿਆ ਸੀ। ਫਿਰ ਉਨ੍ਹਾਂ 1963-66 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਉਹ ਆਈ ਪੀ ਐਸ ਦੀ ਤਿਆਰੀ ਕਰ ਰਹੇ ਸਨ ਤਾਂ ਆਪਣੇ ਘਰ ਆਰੀਆ ਸਮਾਜ ਪਟਿਆਲਾ ਤੋਂ ਹਰ ਰੋਜ਼ 10 ਕਿਲੋਮੀਟਰ ਸਾਈਕਲ ਚਲਾ ਕੇ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਪੜ੍ਹਨ ਲਈ ਜਾਂਦੇ ਸਨ। ਆਪਣਾ ਖਾਣਾ ਅਤੇ ਚਾਹ ਥਰਮਸ ਵਿੱਚ ਘਰੋਂ ਹੀ ਲਿਜਾਂਦੇ ਸਨ। ਬਾਹਰ ਦਾ ਖਾਣਾ ਖਾਣ ਵਿੱਚ ਯਕੀਨ ਨਹੀਂ ਰੰਖਦੇ ਸਨ। ਬੈਡਮਿੰਟਨ ਅਤੇ ਸਵਿੰਮਿੰਗ ਦੇ ਸ਼ੌਕੀਨ ਸਨ।
     ਉਨ੍ਹਾਂ ਦਾ ਜਨਮ 17 ਦਸੰਬਰ 1942 ਨੂੰ ਪਟਿਆਲਾ ਰਿਆਸਤ ਦੇ ਪਟਿਆਲਾ ਸ਼ਹਿਰ ਵਿਖੇ ਦੀਵਾਨ ਕੇ ਐਸ ਪੁਰੀ ਦੇ ਘਰ ਹੋਇਆ।  ਉਨ੍ਹਾਂ ਨੂੰ ਆਈ ਪੀ ਐਸ ਦਾ ਮਹਾਰਾਸ਼ਟਰ ਕੇਡਰ ਅਲਾਟ ਹੋਣ ਕਰਕੇ, ਉਥੇ ਨੌਕਰੀ ਕਰਦੇ ਸਨ। ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਸੀ। ਉਨ੍ਹਾਂ ਦੇ ਪਿਤਾ ਦੀਵਾਨ ਕੇ ਐਸ ਪੁਰੀ ਸੰਸਾਰ ਪੱਧਰ ਦੇ ਦਸਤਾਵੇਜ ਮਾਹਿਰ ਸਨ। ਉਹ ਵੀ ਇਮਾਨਦਾਰ ਵਿਅਕਤੀ ਸਨ, ਜੋ ਕਿਸੇ ਵੀ ਦਬਾਆ ਅਧੀਨ ਨਹੀਂ ਆਉਂਦੇ ਸਨ। ਉਨ੍ਹਾਂ ਦੇ ਇਕ ਭਰਾ ਵੀ ਦਸਤਾਵੇਜ ਮਾਹਿਰ ਸਨ ਪ੍ਰੰਤੂ ਇਕ ਸੜਕ ਹਾਸਦੇ ਵਿਚ ਸਵਰਗਵਾਸ ਹੋ ਗਏ ਸਨ। ਸੁਖਦੇਵ ਸਿੰਘ ਪੁਰੀ ਦਾ ਇਕ ਹੋਰ ਭਰਾ ਜਗਜਤ ਪੁਰੀ ਆਈ ਏ ਐਸ ਅਧਿਕਾਰੀ ਸਨ। ਉਹ ਇਸ ਸਮੇਂ ਪੰਚਕੂਲਾ ਵਿਖੇ ਰਹਿ ਰਹੇ ਹਨ। ਸੁਖਦੇਵ ਸਿੰਘ ਪੁਰੀ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਐਸ ਡੀ ਐਸ ਈ ਸਕੂਲ ਪਟਿਆਲਾ ਵਿਖੇ ਕੀਤੀ। ਫਿਰ ਐਫ਼ ਏ, ਬੀ ਏ ਅਤੇ ਐਮ ਏ ਫਿਲਾਸਫ਼ੀ ਵਿਸ਼ੇ ਵਿੱਚ ਮਹਿੰਦਰਾ ਕਾਲਜ ਵਿੱਚੋਂ ਪਾਸ ਕੀਤੀਆਂ। ਉਨ੍ਹਾਂ ਦਾ ਵਿਆਹ ਨਾਭਾ ਦੇ ਪ੍ਰਸਿੱਧ ਬੱਤਾ ਪਰਿਵਾਰ ਦੀ  ਜੋਤੀ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਇਕ ਲੜਕਾ ਪ੍ਰਸ਼ਾਂਤ ਪੁਰੀ ਅਤੇ ਲੜਕੀ ਪੂਜਾ ਹਨ।  ਲੜਕੀ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਦਾ ਲੜਕਾ ਕੈਨੇਡਾ ਸੈਟਲ ਹਨ। ਜੋਤੀ ਪੁਰੀ ਰਿਆਨ ਸਕੂਲਾਂ ਦੀ ਚੀਫ਼ ਐਡਮਨਿਸਟਰੇਟਰ ਰਹੇ ਹਨ।
  ਸੁਖਦੇਵ ਸਿੰਘ ਪੁਰੀ ਜਦੋਂ ਕੈਨੇਡਾ ਆਪਣੇ ਲੜਕੇ ਕੋਲ ਗਏ ਹੋਏ ਸਨ ਤਾਂ ਉਨ੍ਹਾਂ ਦੀ ਮੌਤ 15 ਅਕਤੂਬਰ 2021 ਨੂੰ ਹੋ ਗਈ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com