ਲਾਲ ਕਿਲ੍ਹਾ ਘਟਨਾ ਤੋਂ ਘਬਰਾਉਣ ਦੀ ਲੋੜ ਨਹੀਂ : ਕਿਸਾਨ ਭਰਾਵੋ ਬਿੱਲੀ ਥੈਲਿਓਂ ਬਾਹਰ ਆ ਗਈ - ਉਜਾਗਰ ਸਿੰਘ
ਕਿਸਾਨ ਭਰਾਵੋ ਤੇ ਭੈਣੋ ਅਤੇ ਕਿਸਾਨ ਅੰਦੋਲਨ ਵਿਚ ਸਹਿਯੋਗ ਕਰ ਰਹੇ ਦੇਸ ਵਾਸੀਓ 26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿਚ ਹੋਈ ਘਟਨਾ ਇਕ ਸੋਚੀ ਸਮਝੀ ਸ਼ਾਜ਼ਸ ਦਾ ਸਿੱਟਾ ਹੈ। ਤੁਹਾਨੂੰ ਪਤਾ ਹੀ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹੱਥਕੰਡੇ ਵਰਤੇ ਗਏ ਸਨ। ਜਦੋਂ ਉਹ ਸਾਰੀਆਂ ਕੋਸਿਸ਼ਾਂ ਅਸਫਲ ਹੋ ਗਈਆਂ ਤਾਂ ਅਖ਼ੀਰ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿਚ ਸਰਕਾਰ ਅਤੇ ਗੋਦੀ ਮੀਡੀਆ ਸਫਲ ਹੋ ਗਿਆ। ਨਿਰਾਸ਼ ਹੋਣ ਦੀ ਲੋੜ ਨਹੀਂ। ਮੁੱਠੀ ਭਰ ਲੋਕ ਜਿਨ੍ਹਾਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉਹ ਕਦੀ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ
ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਡੇਢ ਮਹੀਨਾ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਹ ਲੋਕ ਇਨ੍ਹਾਂ ਲੋਕਾਂ ਦਾ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ। ਸ਼ੋਸ਼ਲ ਮੀਡੀਆ ਉਪਰ ਘਟਨਾ ਨੂੰ ਅੰਜਜ਼ਜਾ ਦੇਣ ਵਾਲੇ ਵਿਅਕਤੀ ਦੀ ਤਸਵੀਰ ਭ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਇਰਲ ਹੋਣ ਤੋਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਦਿੱਲੀ ਦੀ ਸਰਹੱਦ ਉਪਰ ਦੋ ਮਹੀਨੇ ਤੋਂ ਵੱਧ ਸਮੇਂ ਦੇ ਚਲ ਰਹੇ ਕਿਸਾਨ ਅੰਦੋਲਨ ਦੀ ਵਰਤਮਾਨ ਸਥਿਤੀ 1972 ਵਿਚ ਮੋਗਾ ਵਿਖੇ ਹੋਏ ਵਿਦਿਆਰਥੀ ਅੰਦੋਲਨ ਤੋਂ ਵੀ ਜ਼ਿਆਦਾ ਸੰਜੀਦਾ ਹੈ। ਉਹ ਅੰਦੋਲਨ ਨੌਜਵਾਨ ਵਿਦਿਆਰਥੀਆਂ ਦੇ ਹੱਥ ਹੋਣ ਕਰਕੇ ਹਿੰਸਕ ਸੀ ਪ੍ਰੰਤੂ ਕਿਸਾਨ ਅੰਦੋਲਨ ਮੰਝੇ ਹੋਏ ਕਿਸਾਨ ਨੇਤਾਵਾਂ ਦੀ ਅਗਵਾਈ ਵਿਚ ਹੋਣ ਕਰਕੇ ਬਿਲਕੁਲ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਮੋਗਾ ਅੰਦੋਲਨ ਰੀਗਲ ਸਿਨਮਾ ਦੇ ਬਾਹਰ ਦੋ ਵਿਦਿਆਰਥੀਆਂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦੇ ਵਿਰੁਧ ਸੀ, ਭਾਵ ਪੁਲਿਸ ਦੀ ਵਧੀਕੀ ਦੇ ਵਿਰੁਧ ਸੀ ਪ੍ਰੰਤੂ ਕਿਸਾਨ ਅੰਦੋਲਨ ਕਿਸਾਨਾ ਦੇ ਹੱਕਾਂ ਤੇ ਕੇਂਦਰ ਸਰਕਾਰ ਵੱਲੋਂ ਡਾਕਾ ਮਾਰਨ ਦੇ ਵਿਰੁਧ ਹੈ। ਦੋਹਾਂ ਦੀ ਇਕ ਗੱਲ ਸਾਂਝੀ ਹੈ ਕਿ ਉਸ ਅੰਦੋਲਨ ਤੇ ਇਸ ਅੰਦੋਲਨ ਵਿਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅੜੀਆਂ ਹੋਈਆਂ ਹਨ। ਗਲਬਾਤ ਵਿਚ ਖੜੋਤ ਆਈ ਹੋਈ ਹੈ। ਉਸ ਅੰਦੋਲਨ ਵਿਚ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਐਮ ਐਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਘਾਗ ਵਿਦਿਆਰਥੀ ਨੇਤਾ ਪਿ੍ਰਥੀਪਾਲ ਸਿੰਘ ਰੰਧਾਵਾ ਕਰ ਰਹੇ ਸਨ। ਕਿਸਾਨ ਅੰਦੋਲਨ ਸਿਆਸੀ ਨਹੀਂ ਸਗੋਂ ਲੋਕ ਅੰਦੋਲਨ ਹੈ। ਉਦੋਂ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆਂ ਅਜੇ ਥੋੜ੍ਹਾ ਸਮਾ ਹੀ ਹੋਇਆ ਸੀ। ਉਨ੍ਹਾਂ ਲਈ ਵਿਦਿਆਰਥੀ ਅੰਦੋਲਨ ਵੰਗਾਰ ਦੀ ਤਰ੍ਹਾਂ ਮੂੰਹ ਅੱਡੀ ਖੜ੍ਹਾ ਸੀ। ਉਸ ਸਮੇਂ ਵੀ ਨਾ ਤਾਂ ਸਰਕਾਰ ਵਿਦਿਆਰਥੀਆਂ ਦੀ ਮੰਗ ਮੰਨ ਰਹੀ ਸੀ ਅਤੇ ਅਤੇ ਨਾ ਹੀ ਵਿਦਿਆਰਥੀ ਸਰਕਾਰ ਦੀਆਂ ਤਜ਼ਵੀਜਾਂ ਨੂੰ ਮੰਨਦੇ ਸਨ। ਵਿਦਿਆਰਥੀ ਨੇਤਾ ਗਿ੍ਰਫਤਾਰੀ ਦੇ ਡਰ ਕਰਕੇ ਰੂਹਪੋਸ਼ ਹੋਏ ਬੈਠੇ ਸਨ। ਸਥਿਤੀ ਟਕਰਾਓ ਵਾਲੀ ਬਣੀ ਹੋਈ ਸੀ। ਸਰਕਾਰੀ ਬੱਸਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਦੋਹਾਂ ਪਾਸਿਆਂ ਤੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਸੀ। ਬਹੁਤ ਸਾਰੇ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਅਤੇ ਸਰਕਾਰ ਨੂੰ ਸਮਝਾਉਣ ਦੀਆਂ ਅਣਥੱਕ ਕੋਸਿਸ਼ਾਂ ਹੋਈਆਂ ਪ੍ਰੰਤੂ ਵਿਦਿਆਰਥੀ ਟੱਸ ਤੋਂ ਮਸ ਨਾ ਹੋਏ। ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਇਕ ਬਹੁਤ ਵੱਡਾ ਫਰਕ ਹੈ। ਵਿਦਿਆਰਥੀ ਇਨਸਾਫ ਚਾਹੁੰਦੇ ਸਨ ਪ੍ਰੰਤੂ ਸਰਕਾਰ ਇਨਸਾਫ ਦੇਣ ਲਈ ਤਿਆਰ ਸੀ। ਪ੍ਰੰਤੂ ਸਰਕਾਰ ਨੂੰ ਜਾਨ
ਬਚਾਉਣ ਲਈ ਰਸਤਾ ਨਹੀਂ ਸੀ ਲੱਭ ਰਿਹਾ, ਸਰਕਾਰ ਘਮੰਡੀ ਵੀ ਨਹੀਂ ਸੀ। ਸਰਕਾਰ ਸਮਝੌਤਾ ਕਰਨ ਦੇ ਹੱਕ ਵਿਚ ਸੀ ਪ੍ਰੰਤੂ ਏਥੇ ਸਰਕਾਰ ਦੇ ਮਨ ਵਿਚ ਖੋਟ ਹੈ। ਇਸ ਅੰਦੋਲਨ ਵਿਚ ਕਿਸਾਨ ਇਨਸਾਫ ਚਾਹੁੰਦੇ ਹਨ ਪ੍ਰੰਤੂ ਸਰਕਾਰ ਹਓਮੈ ਦੀ ਸ਼ਿਕਾਰ ਹੈ ਅਤੇ ਅੰਦਲੋਨ ਨੂੰ ਫੇਲ੍ਹ ਕਰਨ ਲਈ ਚਾਲਾਂ ਚਲ ਰਹੀ ਹੈ। ਸਰਕਾਰ ਫਸੀ ਜ਼ਰੂਰ ਹੋਈ ਹੈ, ਰਸਤਾ ਸਰਕਾਰ ਨੂੰ ਵੀ ਨਹੀਂ ਲੱਭ ਰਿਹਾ। ਜਿਸ ਨਾਲ ਸਰਕਾਰ ਦੀ ਹਓਮੈ ਨੂੰ ਠੇਸ ਨਾ ਪਹੁੰਚੇ। ਉਹ ਅੰਦੋਲਨ ਇਕ ਰਾਜ ਅਤੇ ਇਕ ਸਿਆਸੀ ਪਾਰਟੀ ਤੱਕ ਸੀਮਤ ਸੀ ਪ੍ਰੰਤੂ ਕਿਸਾਨ ਅੰਦੋਲਨ ਸਮੁਚੇ ਦੇਸ ਦਾ ਲੋਕ ਅੰਦੋਲਨ ਬਣ ਚੁੱਕਾ ਹੈ। ਉਦੋਂ ਵੀ ਸਿਆਸੀ ਨੇਤਾਵਾਂ ਦਾ ਪਿੰਡਾਂ ਵਿਚ ਵੜਨਾ ਅਤੇ ਸਿਆਸੀ ਸਮਾਗਮ ਕਰਨਾ ਅਸੰਭਵ ਹੋ ਗਿਆ ਸੀ। ਬਿਲਕੁਲ ਅੱਜ ਦੀ ਤਰ੍ਹਾਂ ਸਿਆਸਤਦਾਨ ਲੁਕਦੇ ਫਿਰਦੇ ਸਨ। ਇਸ ਸਮੇਂ ਵੀ ਸਿਆਸਤਦਾਨਾ ਨੂੰ ਕਿਸਾਨ ਅੰਦੋਲਨ ਵਿਚ ਵੜਨ ਨਹੀਂ ਦਿੱਤਾ ਜਾਂਦਾ। ਇਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਵਿਚ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਘਰਾਂ ਦਾ ਘੇਰਾਓ ਵੀ ਹੋ ਰਿਹਾ ਹੈ। ਭਾਵੇਂ ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੰਤੂ ਟਕਰਾਓ ਬਿਲਕੁਲ ਉਸੇ ਤਰ੍ਹਾਂ ਹੈ। ਇਕ ਕਿਸਮ ਨਾਲ ਗਲਬਾਤ ਭਾਵੇਂ ਹੁੰਦੀ ਰਹੀ ਹੈ ਪ੍ਰੰਤੂ ਸਥਿਤੀ ਵਿਚ ਕੋਈ ਫਰਕ ਨਹੀਂ ਪੈ ਰਿਹਾ। ਗਲਬਾਤ ਵਿਚ ਵੀ ਖੜੋਤ ਪੈਦਾ ਹੋ ਗਈ ਹੈ। ਗਲਬਾਤ ਵੀ ਦੋਹਾਂ ਧਿਰਾਂ ਵਿਚ ਸਿੱਧੀ ਹੋ ਰਹੀ ਹੈ। ਇਸ ਅੰਦੋਲਨ ਦੀ ਸੰਸਾਰ ਵਿਚ ਇਕ ਵੱਖਰੀ ਪਛਾਣ ਬਣ ਚੁੱਕੀ ਹੈ। ਵਿਦਿਅਰਥੀ ਅੰਦੋਲਨ ਤਾਂ ਸਿਰਫ ਵਿਦਿਆਰਥੀਆਂ ਦਾ ਸੀ। ਪ੍ਰੰਤੂ ਗਲਬਾਤ ਲਈ ਕਿਸੇ ਵੀ ਵਿਚੋਲਗੀ ਦਾ ਇਤਨਾ ਇਤਰਾਜ਼ ਨਹੀਂ ਕਰਦੇ ਸਨ। ਕਿਸਾਨ ਅੰਦੋਲਨ ਵਿਚ ਵਿਚੋਲਗੀ ਦੀ ਮਨਾਹੀ ਹੈ। ਵਿਦਿਆਰਥੀ ਅੰਦੋਲਨ ਵਿਚ ਭਾਵੇਂ ਸਮਾਜ ਦੇ ਸਾਰੇ ਵਰਗ ਸ਼ਾਮਲ ਨਹੀਂ ਸਨ ਪ੍ਰੰਤੂ ਸਥਿਤੀ ਬਿਲਕੁਲ ਕਿਸਾਨ ਅੰਦੋਲਨ ਵਰਗੀ ਹੈ। ਆਮ ਲੋਕਾਂ ਦੀ ਹਮਦਰਦੀ ਕਿਸਾਨ ਅੰਦੋਲਨ ਦੀ ਤਰ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਵਿਦਿਆਰਥੀਆਂ ਨਾਲ ਸੀ। ਕਿਸਾਨ ਅੰਦੋਲਨ ਵਿਚ ਤਾਂ ਸਮਾਜ ਦੇ ਸਾਰੇ ਵਰਗ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਅੰਦੋਲਨ ਵਿਚ ਹਰ ਵਰਗ ਦੇ ਲੋਕ ਜਿਵੇਂ ਤੀਰਥ ਅਸਥਾਨਾਂ ਤੇ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਹਰ ਰੋਜ਼ ਪਹੁੰਚ ਰਹੇ ਹਨ। ਆਮ ਤੌਰ ਤੇ ਜਦੋਂ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਕੋਈ ਨਾ ਕੋਈ ਵਿਅਕਤੀ ਟਕਰਾਓ ਖ਼ਤਮ ਕਰਨ ਅਤੇ ਮਸਲੇ ਹਲ ਲਈ ਅੱਗੇ ਆਉਂਦਾ ਹੈ ਕਿਉਂਕਿ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਹਰ ਸਮੱਸਿਆ ਦਾ ਹਲ ਗਲਬਾਤ ਰਾਹੀਂ ਹੀ ਹੁੰਦਾ ਹੈ। ਇਹ ਅੰਦੋਲਨ ਲੰਬਾ ਵੀ ਤਾਂ ਹੀ ਹੋ ਰਿਹਾ ਹੈ ਕਿਉਂਕਿ ਕਿਸਾਨ ਕਿਸੇ ਹੋਰ ਵਿਅਕਤੀ ਨੂੰ ਵਿਚੋਲਗੀ ਕਰਨ ਦੀ ਪ੍ਰਵਾਨਗੀ ਨਹੀਂ ਦਿੰਦੇ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਜਦੋਂ ਅਜਿਹੀ ਖੜੋਤ ਪੈਦਾ ਹੋ ਜਾਵੇ ਤਾਂ ਕਿਸੇ ਦੀ ਵਿਚੋਲਗੀ ਪ੍ਰਵਾਨ ਕਰਨੀ ਹੁੰਦੀ ਹੈ। ਅੰਦੋਲਨ ਦੇ ਲੰਬਾ ਹੋਣ ਨਾਲ ਸਰਕਾਰ ਵੀ ਬੁਖਲਾ ਗਈ ਹੈ ਪ੍ਰੰਤੂ ਕਿਸਾਨਾ ਲਈ ਵੀ ਮੁਸ਼ਕਲ ਬਣਦੀ ਜਾ ਰਹੀ ਹੈ। ਹਰ ਰੋਜ ਖ਼ਰਚੇ ਤਾਂ ਹੋ ਰਹੇ ਹਨ ਪ੍ਰੰਤੂ ਆਮਦਨ ਦੇ ਸਾਧਨ ਬੰਦ ਹੋ ਗਏ ਹਨ। ਅੰਦੋਲਨ ਲਈ ਪਿੰਡਾਂ ਵਿਚੋਂ ਰਸਦ ਅਤੇ ਮਾਇਆ ਇਕੱਠੀ ਕਰਕੇ ਆਪੋ ਆਪਦੇ ਪਿੰਡਾਂ ਦੇ ਕਿਸਾਨਾ ਨੂੰ ਭੇਜੀ ਜਾ ਰਹੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿਚੋਂ ਪੈਸੇ ਆਉਣ ਦੇ ਇਲਜ਼ਾਮਾ ਦਾ ਕਿਸਾਨਾ ਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਡਾਵਾਂ ਡੋਲ ਹੋ ਜਾਵੇਗੀ।
ਭਾਰਤ ਅਤੇ ਪਾਕਿਸਤਾਨ ਦੀਆਂ ਆਪਸੀ ਦੋ ਜੰਗਾਂ ਹੋ ਚੁੱਕੀਆਂ ਹਨ। ਚੀਨ ਨਾਲ ਵੀ ਲੜਾਈ ਹੋ ਚੁੱਕੀ ਹੈ। ਇਨ੍ਹਾਂ ਤਿੰਨਾਂ ਲੜਾਈਆਂ ਵਿਚ ਅਨੇਕਾਂ ਮਨੁੱਖੀ ਜਾਨਾ ਦਾ ਨੁਕਸਾਨ ਹੋਇਆ ਹੈ। ਦੇਸ ਅਤੇ ਖਾਸ ਤੌਰ ਤੇ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਵਧੇਰੇ ਨੁਕਸਾਨ ਝੱਲ ਚੁੱਕਿਆ ਹੈ। ਤਿੰਨਾ ਲੜਾਈਆਂ ਵਿਚ ਅਖ਼ੀਰ ਸਮਝੌਤਾ ਕਰਨਾ ਪਿਆ। ਸੰਸਾਰ ਦੀਆਂ ਵੀ ਦੋ ਜੰਗਾਂ ਹੋਈਆਂ ਉਥੇ ਵੀ ਸਮਝੌਤੇ ਹੋਏ। ਚੀਨ ਅਤੇ ਪਾਕਿਸਤਾਨ ਨਾਲ ਹੁਣ ਵੀ ਭਾਰਤ ਦਾ ਇਟ ਖੜੱਕਾ ਹੁੰਦਾ ਰਹਿੰਦਾ ਹੈ। ਫਿਰ ਆਪਸ ਵਿਚ ਬੈਠਕੇ ਸਮਝੌਤੇ ਹੁੰਦੇ ਹਨ। ਇਸ ਲਈ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਧੀਰਜ ਨਾਲ ਸੋਚਣਾ ਬਣਦਾ ਹੈ। ਮੋਗਾ ਵਿਦਿਆਰਥੀ ਅੰਦੋਲਨ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਜਦੋਂ ਕੋਈ ਹਲ ਨਾ ਹੁੰਦਾ ਦਿਸਿਆ ਸਰਕਾਰ ਬੜੀ ਅਸੰਜਮ ਵਿਚ ਸੀ ਕਿਉਂਕਿ ਉਹ ਵਿਦਿਆਰਥੀਆਂ ਨਾਲ ਸਖਤੀ ਨਹੀਂ ਵਰਤਣੀ ਚਾਹੁੰਦੀ ਸੀ। ਲੋਕਤੰਤਰ ਵਿਚ ਅਜਿਹੀ ਸੋਚ ਰੱਖਣੀ ਸਰਕਾਰ ਦੇ ਅਤੇ ਅੰਦੋਲਨਕਾਰੀਆਂ ਦੇ ਹੱਕ ਵਿਚ ਹੁੰਦੀ ਹੈ। ਏਥੇ ਵੀ ਸਰਕਾਰ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਰਸਤਾ ਲੱਭਣਾ ਚਾਹੀਦਾ ਹੈ। ਤਰਲੋਚਨ ਸਿੰਘ ਜਿਸਨੂੰ ਹੁਣੇ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ, ਉਦੋਂ ਮਾਰਕਫੈਡ ਵਿਚ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ। ਇਸ ਕਰਕੇ ਉਨ੍ਹਾਂ ਨੂੰ ਸਜਾ ਦੇਣ ਲਈ ਫਰੀਦਕੋਟ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲਾ ਕੇ ਮੋਗਾ ਹੈਡ ਕੁਆਰਟਰ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਉਹ ਪਹਿਲਾਂ ਫੀਰੋਜਪੁਰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਹੇ ਸਨ। ਉਦੋਂ ਮੋਗਾ ਫੀਰੋਜਪੁਰ ਵਿਚ ਹੁੰਦਾ ਸੀ। ਉਹ ਮੋਗਾ ਦੇ ਸਥਾਨਕ ਕਾਂਗਰਸੀ ਸਿਆਸਤਦਾਨ ਜੁਗਰਾਜ ਸਿੰਘ ਗਿੱਲ ਨੂੰ ਜਾਣਦੇ ਸਨ। ਤਰਲੋਚਨ ਸਿੰਘ ਜੁਗਰਾਜ ਸਿੰਘ ਗਿੱਲ ਦੇ ਘਰ ਹੀ ਰਹਿਣ ਲੱਗ ਪਏ ਅਤੇ ਜੁਗਰਾਜ ਸਿੰਘ ਗਿੱਲ ਦਾ ਅਸਰ ਰਸੂਖ ਵਰਤਕੇ ਰੂਹਪੋਸ਼ ਵਿਦਿਆਰਥੀ ਨੇਤਾਵਾਂ ਨੂੰ ਕਿਸੇ ਟਿਊਬਵੈਲ ਤੇ ਜਾ ਕੇ ਮਿਲੇ। ਵਿਦਿਆਰਥੀ ਨੇਤਾ ਪੁਲਿਸ ਅਤੇ ਜਿਲ੍ਹਾ ਪ੍ਰਸ਼ਸਾਨ ਤੇ ਵਿਸ਼ਵਾਸ ਨਹੀਂ ਕਰਦੇ ਸਨ। ਇਸ ਲਈ ਤਰਲੋਚਨ ਸਿੰਘ ਨੂੰ ਮਿਲ ਲਏ ਕਿਉਂਕਿ ਦੋ ਮਹੀਨੇ ਲੁਕ ਛਿਪਕੇ ਰਹਿ ਰਹੇ ਸਨ। ਵਿਦਿਆਰਥੀ ਨੇਤਾਵਾਂ ਨੇ ਗਿਆਨੀ ਜ਼ੈਲ ਸਿੰਘ ਨੂੰ ਸਿੱਧੇ ਮਿਲਕੇ ਗੱਲ ਕਰਨ ਦੀ ਇਛਾ ਜ਼ਾਹਰ ਕੀਤੀ। ਸ਼ਰਤਾਂ ਰੱਖੀਆਂ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਬਦਲ ਦਿੱਤਾ ਜਾਵੇ। ਸਿਨਮਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ। ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ, ਅਗਲੇ ਦਿਨ ਗਿਆਨੀ ਜ਼ੈਲ ਸਿੰਘ ਵਿਦਿਆਰਥੀ ਨੇਤਾਵਾਂ ਨੂੰ ਮਿਲਣ ਲਈ ਜਗਰਾਓਂ ਪਹੁੰਚ ਗਏ। ਰਾਤ ਨੂੰ 9-00 ਵਜੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ। ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਵਿਦਿਆਰਥੀ ਨੇਤਾਵਾਂ ਨੇ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨੇ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਫਿਰਾਕਦਿਲੀ ਵਿਖਾਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਅੰਦੋਲਨ ਦੇ ਲੰਬੇ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਮੇਰਾ ਏਥੇ ਦੱਸਣ ਦਾ ਭਾਵ ਇਹੋ ਹੈ ਕਿ ਸਰਕਾਰ ਨੂੰ ਆਪਣਾ ਅਕਸ ਬਚਾਉਣ ਲਈ ਕਿਸਾਨਾ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਕਿਸਾਨਾ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿਚ ਪਾ ਕੇ ਗੱਲਬਾਤ ਕਰਕੇ ਮਸਲਾ ਹਲ ਕਰਨਾ ਚਾਹੀਦਾ ਹੈ। ਬਹੁਤੇ ਨੇਤਾਵਾਂ ਦੀ ਗਲਬਾਤ ਸਿਰੇ ਚੜ੍ਹਨੀ ਅਸੰਭਵ ਹੁੰਦੀ ਹੈ। ਜੋ ਵੀ ਫੈਸਲਾ ਕਰਨਾ ਹੈ, ਉਸਨੂੰ ਸਾਰੀਆਂ ਜਥੇਬੰਦੀਆਂ ਦੇ ਨੇਤਾਵਾਂ ਦੀ ਮੀਟਿੰਗ ਕਰਕੇ ਉਸ ਵਿਚ ਵਿਚਾਰਕੇ ਜੇ ਠੀਕ ਲੱਗ ਤਾਂ ਪ੍ਰਵਾਨਗੀ ਦੇਣ। ਟਕਰਾਓ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਟਿਕਰੀ ਸਰਹੱਦ ‘ਤੇ ਅਮਰੀਕਾ ਤੋਂ ਆ ਕੇ ਡਾਕਟਰ ਨੇ ਵਸਾਇਆ ‘ਪਿੰਡ ਕੈਲੇਫੋਰਨੀਆਂ’ - ਉਜਾਗਰ ਸਿੰਘ
ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਜਿਹੜੀਆਂ ਕਿਸਾਨਾ ਨੂੰ ਪਿੰਡਾਂ ਵਿਚ ਸਹੂਲਤਾਂ ਪੈਸੇ ਖਰਚਕੇ ਵੀ ਨਹੀਂ ਮਿਲਦੀਆਂ ਸਨ, ਉਹ ਅੰਦੋਲਨ ਵਿਚ ਮੁਫਤ ਮਿਲ ਰਹੀਆਂ ਹਨ। ਜਦੋਂ ਤੁਸੀਂ ਕਿਸਾਨ ਅੰਦੋਲਨ ਦੀ ਟਿਕਰੀ ਸਰਹੱਦ ਤੇ ਪਹੁੰਚਦੇ ਹੋ ਤਾਂ ਉਥੇ ਇਕ ਅਮਰੀਕਾ ਤੋਂ ਆਇਆ 35 ਸਾਲਾ ਨੌਜਵਾਨ ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਸਵੈਮਾਨ ਸਿੰਘ ਪੱਖੋਕੇ ਮਿਲੇਗਾ, ਜਿਹੜਾ ਬਹੁਤ ਹੀ ਸਾਧਾਰਨ ਪਹਿਰਾਵੇ ਵਿਚ ਮਰੀਜ ਵੇਖਦਾ ਅਤੇ ਉਸ ਵਲੋਂ ਬਣਾਏ ਗਏ ਹਸਪਤਾਲ ਦੇ ਕੰਮ ਕਾਜ ਦੀ ਨਿਗਰਾਨੀ ਕਰਦਾ ਦਿਸੇਗਾ। ਕਈ ਵਾਰ ਉਹ ਖੁਦ ਹੀ ਸਫਾਈ ਕਰਦਾ ਹੈ। ਧਾਰਮਿਕ ਅਤੇ ਦੇਸ ਭਗਤੀ ਦੀਆਂ ਪੁਸਤਕਾਂ ਦਾ ਲੰਗਰ ਵੀ ਉਸਨੇ ਲਗਾਇਆ ਹੋਇਆ ਹੈ। ਨਮਰਤਾ ਦਾ ਮੁਜੱਸਮਾ ਹੈ। ਹਰ ਮਰੀਜ਼ ਤੇ ਮਿਲਣ ਵਾਲੇ ਨਾਲ ਅਪਣਤ ਇਤਨੀ ਕਰਦਾ ਹੈ ਕਿ ਲਗਦਾ ਹੀ ਨਹੀਂ ਕਿ ਕਿਸੇ ਅਣਜਾਣ ਨਾਲ ਗੱਲ ਕਰ ਰਹੇ ਹੋਵੋੋ। ਸੇਵਾ ਕਰਨ ਦਾ ਜ਼ਜ਼ਬਾ ਵੀ ਉਸਦਾ ਵੇਖਣ ਵਾਲਾ ਹੈ। ਲਗਦਾ ਹੀ ਨਹੀਂ ਕਿ ਉਹ ਅਮਰੀਕਾ ਵਰਗੇ ਦੇਸ ਤੋਂ ਆਇਆ ਹੋਵੇਗਾ। ਅਮਰੀਕਾ ਦੀ ਨਿਊਜਰਸੀ ਸਟੇਟ ਤੋਂ ਆਏ ਦਿਲ ਦੀਆਂ ਬਿਮਾਰੀਆਂ ਦੇ ਡਾਕਟਰ ਸਵੈਮਾਨ ਸਿੰਘ ਪੱਖੋਕੇ ਨੇ ਟਿਕਰੀ ਸਰਹੱਦ ‘ਤੇ ‘‘ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ’’ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਦੇ ਸਹਿਯੋਗ ਨਾਲ ਬਣਾਏ ਇਸ ਮੇਕ ਸ਼ਿਫਟ ਹਸਪਤਾਲ ਵਿਚ ਪੰਜਾਬ ਅਤੇ ਚੰਡੀਗੜ੍ਹ ਤੋਂ 10 ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਕਿਸਾਨਾਂ ਦੇ ਇਲਾਜ ਲਈ ਤਤਪਰ ਰਹਿੰਦੀ ਹੈ। ਉਹ ਕਹਿੰਦੇ ਹਨ ਕਿ ਗੰਭੀਰ ਬਿਮਾਰੀ ਦੀ ਸੂਰਤ ਵਿਚ ਸੰਸਾਰ ਪੱਧਰ ਦੇ ਮਾਹਿਰ ਡਾਕਟਰਾਂ ਦੀ ਰਾਏ ਲੈਣ ਲਈ ਟੈਲੀ ਮੈਡੀਸਨ ਦੀ ਪ੍ਰਣਾਲੀ ਵੀ ਅਪਣਾਵਾਂਗੇ। ਹਰ ਰੋਜ਼ ਲਗਪਗ 6000 ਮਰੀਜ਼ ਆਉਂਦੇ ਹਨ। ਸਾਰਿਆਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾ ਸਵੈਮਾਨ ਸਿੰਘ ਪੱਖੋਕੇ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸਵੈ ਇੱਛਤ ਸੰਸਥਾਵਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 100 ਲੜਕੇ ਅਤੇ ਲੜਕੀਆਂ ਵਾਲੰਟੀਅਰਜ਼ ਬਣਾਏ ਹਨ, ਜੋ ਲੋਕ ਸੇਵਾ ਵਿਚ ਜੁਟੇ ਰਹਿੰਦੇ ਹਨ। ਉਹ ਆਪਣੇ ਸਾਥੀਆਂ ਨੂੰ ਵਾਲੰਟੀਅਰ ਨਹੀਂ ਸਗੋਂ ਭੈਣ ਭਰਾ ਕਹਿੰਦੇ ਹਨ। ਜਦੋਂ ਉਹ ਆਪਣੀ ਨੌਕਰੀ ਛੱਡਕੇ ਟਿਕਰੀ ਸਰਹੱਦ ਉਪਰ ਪਹੁੰਚਿਆ ਸੀ ਤਾਂ ਉਹ ਇਕੱਲਾ ਸੀ ਪ੍ਰੰਤੂ ਉਸਨੂੰ ਕੁਝ ਸਾਥੀ ਰੁਪਿੰਦਰ ਸਿੰਘ ਹੋਰੀਂ ਮਿਲੇ ਫਿਰ ਤਾਂ ਕਾਫਲਾ ਵਧਦਾ ਗਿਆ। 100 ਤਾਂ ਪੱਕੇ ਉਸਦੇ ਨਾਲ ਸੇਵਾ ਵਿਚ ਜੁਟੇ ਰਹਿੰਦੇ ਹਨ ਪ੍ਰੰਤੂ ਕਈ ਪਿੰਡਾਂ ਤੋਂ ਵਾਰੀ ਬੰਨ੍ਹਕੇ ਆਉਂਦੇ ਹਨ। ਹਸਪਤਾਲ ਅਤੇ ਰੈਣ ਬਸੇਰੇ ਵਿਚ ਸਫਾਈ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਹੋਰ ਰੋਜ਼ ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਕਿਸਾਨਾ ਨੂੰ ਦਿੱਤੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਉਸਨੇ 4000 ਇਸਤਰੀਆਂ ਦੇ ਠਹਿਰਨ ਲਈ ਇਕ ਰੈਣ ਬਸੇਰਾ ਬਣਾਇਆ ਹੋਇਆ ਹੈ। ਇਸਤਰੀਆਂ ਦੇ ਨਹਾਉਣ ਲਈ ਗਰਮ ਪਾਣੀ ਦੇਣ ਵਾਸਤੇ ਗੀਜ਼ਰ ਲਗਾਏ ਹੋਏ ਹਨ। ਪੀਣ ਲਈ ਸਾਫ ਸੁਥਰਾ ਪਾਣੀ ਦੇਣ ਲਈ ਆਰ ਓ ਲਗਾਏ ਹੋਏ ਹਨ। ਪਾਖਾਨੇ ਬਣਾਏ ਗਏ ਹਨ। ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨਾ ਲਗਾਈਆਂ ਗਈਆਂ ਹਨ। ਪਾਖਾਨਿਆਂ ਅਤੇ ਹੋਰ ਸਫਾਈ ਲਈ 30 ਕਰਮਚਾਰੀ ਪੱਕੇ ਤੌਰ ਤੇ ਰੱਖੇ ਹੋਏ ਹਨ। ਇਸ ਕੰਪਲੈਕਸ ਦਾ ਨਾਮ ਉਨ੍ਹਾਂ ‘‘ਪਿੰਡ ਕੈਲੇਫੋਰਨੀਆਂ’’ ਰੱਖਿਆ। ਡਾ ਸਵੈਮਾਨ ਸਿੰਘ ਪੱਖੋਕੇ ਦਸਦੇ ਹਨ ਕਿ ਪੰਜਾਬ ਦੇ ਇਕ ਰਾਜਨੇਤਾ ਨੇ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਉਹ ਉਨ੍ਹਾਂ ਦਾ ਸਪਨਾ ਪੂਰਾ ਨਹੀਂ ਹੋਇਆ। ਇਸ ਲਈ ਮੈਂ ਇਸ ਦਾ ਨਾਮ ‘ਪਿੰਡ ਕੈਲੇਫੋਰਨੀਆਂ’ ਰੱਖਿਆ ਹੈ। ਕੈਲੇਫੋਰਨੀਆਂ ਵਿਚ ਤਿੰਨ ਸਹੂਲਤਾਂ ਹਰ ਨਾਗਰਿਕ ਨੂੰ ਮਿਲਦੀਆਂ ਹਨ। ਇਸ ਪਿੰਡ ਵਿਚ ਵੀ ਉਹੀ ਤਿੰਨ ਸਹੂਲਤਾਂ ਸਿਖਿਆ, ਸਿਹਤ ਅਤੇ ਸਵੱਛ ਵਾਤਵਰਨ ਇਥੇ ਦਿੱਤਾ ਜਾਵੇਗਾ। ਜਲਦੀ ਹੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਧਾਰਮਿਕ ਅਤੇ ਨੈਤਿਕ ਵਿਦਿਆ ਦੇਣ ਲਈ ਇਕ ਸਕੂਲ ਖੋਲਿ੍ਹਆ ਜਾ ਰਿਹਾ ਹੈ। ਸਿਹਤ ਸਹੂਲਤਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ। ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਹਰ ਰੋਜ਼ ਕਿਸੇ ਖੇਡ ਦਾ ਪ੍ਰੋਗਰਾਮ ਹੁੰਦਾ ਹੈ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਇਸ ਅੰਦੋਲਨ ਵਿਚ ਆਵੇ, ਉਹ ਵਧੀਆ ਇਨਸਾਨ ਬਣਕੇ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਤਿੰਨ ਸਾਲ ਦਾ ਪ੍ਰਬੰਧ ਕਰ ਰਹੇ ਹਾਂ। ਜੇਕਰ ਲੋੜ ਪਈ ਤਾਂ ਹੋਰ ਵੀ ਵਧਾ ਲਵਾਂਗੇ। ਇਕ ਮੀਡੀਆ ਰੂਮ ਬਣਾਇਆ ਜਾ ਰਿਹਾ ਹੈ, ਜਿਥੇ ਮੁਫਤ ਵਾਈ ਫਾਈ ਦੀ ਸਹੂਲਤ ਹੋਵੇਗੀ। ਇਸ ਸਾਰੇ ਕੁਝ ਲਈ ਅਸੀਂ ਕਿਸੇ ਤੋਂ ਚੰਦਾ ਨਹੀਂ ਲੈਂਦੇ ਪ੍ਰੰਤੂ ਸਾਡੇ ਦੋਸਤ, ਮਿਤਰ, ਸਹਿਯੋਗੀ ਅਤੇ ਗਰੂ ਘਰਾਂ ਦੇ ਪ੍ਰਬੰਧਕਾਂ ਤੋਂ, ਜਦੋਂ ਅਸੀਂ ਕਿਸੇ ਚੀਜ ਲਈ ਕਹਿੰਦੇ ਹਾਂ ਉਹ ਤੁਰੰਤ ਪਹੁੰਚਾ ਦਿੰਦੇ ਹਨ।
ਡਾ ਸਵੈਮਾਨ ਸਿੰਘ ਪੱਖੋਕੇ ਨੇ ਜਦੋਂ ਅਮਰੀਕਾ ਵਿਚ ਕਿਸਾਨ ਅੰਦੋਲਨ ਦੀ ਇਕ ਵੀਡੀਓ ਵੇਖੀ, ਜਿਸ ਵਿਚ ਬਜ਼ੁਰਗ, ਬੱਚੇ ਅਤੇ ਬੀਬੀਆਂ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਤਾਂ ਉਸੇ ਵਕਤ ਉਨ੍ਹਾਂ ਨੇ ਅੰਦੋਲਨ ਵਿਚ ਆ ਕੇ ਸਿਹਤ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਅਤੇ ਮਨ ਵਿਚ ਸੋਚਿਆ ਕਿ ਮੇਰੇ ਡਾਕਟਰ ਹੋਣ ਦਾ ਕੀ ਲਾਭ, ਜੇਕਰ ਮੈਂ ਆਪਣਿਆਂ ਦੇ ਕੰਮ ਨਾ ਆ ਸਕਾਂ, ਜਿਹੜੇ ਮੇਰੇ ਕਿਸਾਨ ਬਜ਼ੁਰਗ, ਭੈਣਾਂ ਅਤੇ ਭਰਾ ਉਥੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੋਣ ਤੇ ਮੈਂ ਅਮਰੀਕਾ ਵਿਚ ਆਨੰਦਮਈ ਜੀਵਨ ਬਤੀਤ ਕਰਦਾ ਹੋਵਾਂ। ਜਦੋਂ ਉਹ ਅਮਰੀਕਾ ਤੋਂ ਆਏ ਸਨ ਤਾਂ ਉਹ ਆਪਣੀ ਸੰਸਥਾ ਵੱਲੋਂ ਅੰਦੋਲਨ ਵਿਚ ਹਿੱਸਾ ਲੈ ਰਹੇ ਲੋਕਾਂ ਦੀ ਸਿਰਫ ਸਿਹਤ ਲਈ ਮੈਡੀਕਲ ਸਹੂਲਤ ਦੇਣ ਦੇ ਮੰਤਵ ਨਾਲ ਪਹੁੰਚੇ ਸਨ। ਪ੍ਰੰਤੂ ਜਦੋਂ ਉਨ੍ਹਾਂ ਨੇ ਟਿਕਰੀ ਸਰਹੱਦ ਤੇ ਵੇਖਿਆ ਕਿ ਬਿਮਾਰੀਆਂ ਫੈਲਾਉਣ ਵਿਚ ਏਥੇ ਸਫਾਈ ਦੀ ਅਣਹੋਂਦ ਮੁੱਖ ਕਾਰਨ ਹੈ। ਫਿਰ ਉਨ੍ਹਾਂ ਨੇ ਸਿਹਤ ਸਹੂਲਤਾਂ ਦੇ ਨਾਲ ਹੀ ਆਪ ਮੂਹਰੇ ਲੱਗਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਮਨ Îਵਿਚ ਆਇਆ ਕਿ ਲੋਕਾਂ ਨੂੰ ਵੀ ਸਫਾਈ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੀ ਇਹ ਮੁਹਿੰਮ ਵੀ ਰੰਗ ਲਿਆਈ। ਲੋਕਾਂ ਨੂੰ ਪਲਾਸਟਿਕ ਦੀਆਂ ਵਸਤਾਂ ਵਰਤਣ ਤੋਂ ਗੁਰੇਜ ਕਰਨ ਲਈ ਬੇਨਤੀ ਕਰਦੇ ਰਹੇ ਤਾਂ ਜੋ ਵਾਤਵਰਨ ਵੀ ਸਾਫ ਸੁਥਰਾ ਰਹੇ। ਇਕ ਦਿਨ ਉਨ੍ਹਾਂ ਇਕ ਬਜ਼ੁਰਗ ਨੂੰ ਸਰਦੀ ਕਰਕੇ ਠੰਡ ਲੱਗਣ ਨਾਲ ਤੜਪਦੇ ਸਵਰਗਵਾਸ ਹੁੰਦੇ ਵੇਖਿਆ ਤਾਂ ਉਨ੍ਹਾਂ ਦੇ ਮਨ ਤੇ ਇਸ ਘਟਨਾ ਦਾ ਗਹਿਰਾ ਪ੍ਰਭਾਵ ਪਿਆ। ਉਸੇ ਵਕਤ ਉਨ੍ਹਾਂ ਨੇ ਇਕ ਰੈਣ ਬਸੇਰਾ ਬਣਾਉਣ ਦਾ ਫੈਸਲਾ ਕਰ ਲਿਆ। ਬੜੀ ਜਦੋਜਹਿਦ ਤੋਂ ਬਾਅਦ ਇਕ ਸਰਕਾਰੀ ਬਸ ਸਟੈਂਡ ਦੀ ਅਧੂਰੀ ਇਮਾਰਤ ਪਤਾ ਲੱਗੀ ਤਾਂ ਸਰਕਾਰ ਨਾਲ ਤਾਲਮੇਲ ਕਰਕੇ ਉਸਨੂੰ ਆਪਣੇ ਖਰਚੇ ਤੇ ਸਰਕਾਰੀ ਸਪੈਸੀਫੀਕੇਸਨ ਮੁਤਾਬਕ ਮੁਕੰਮਲ ਕਰਵਾਇਆ। ਦਰਵਾਜੇ ਅਤੇ ਟਾਇਲਾਂ ਲਗਵਾਈਆਂ। ਬਾਥ ਰੂਮ ਮੁਕੰਮਲ ਕਰਵਾਏ। ਇਮਾਰਤ ਨੂੰ ਰੰਗ ਰੋਗਨ ਕਰਵਾਇਆ। ਫਿਰ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਬਣਾ ਦਿੱਤਾ।
ਡਾ ਸਵੈਮਾਨ ਸਿੰਘ ਪੱਖੋਕੇ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਪੱਖੋਕੇ ਵਿਚ 9 ਮਈ 1986 ਵਿਚ ਮਾਤਾ ਸੁਰਿੰਦਰ ਕੌਰ ਪੱਖੋਕੇ ਅਤੇ ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ ਦੇ ਘਰ ਹੋਇਆ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਚੌਥੀ ਤੱਕ ਦੀ ਪੜ੍ਹਾਈ ਉਨ੍ਹਾਂ ਅੰਮਿ੍ਰਤਸਰ ਪ੍ਰਾਪਤ ਕੀਤੀ। ਉਨ੍ਹਾਂ ਐਮ ਬੀ ਬੀ ਐਸ ਅਮੈਰਿਕਨ ਯੂਨੀਵਰਸਿਟੀ ਆਫ ਐਨਟੀਗੂਆ ਤੋਂ ਇਨਟਰਨਲ ਮੈਡੀਸਨ ਰੈਜੀਡੈਂਸੀ ਹਨੇਮਨ ਡਰੈਕਸਲ ਯੂਨੀਵਰਸਿਟੀ ਫਿਲਡੈਲਫੀਆ ਅਤੇ ਕਾਰਡੀਆਲੋਜੀ ਫੈਲੋਸ਼ਿਪ ਤੀਜਾ ਸਾਲ ਬੈਥ ਇਸਰਾਈਲ ਹਾਸਪੀਟਲ ਨਿਊਯਾਰਕ ਨਿਊਜਰਸੀ ਵਿਖੇ ਕੀਤੀ। ਹੁਣ ਉਨ੍ਹਾਂ ਨੂੰ 5 ਲੱਖ ਡਾਲਰ ਸਾਲਾਨਾ ਦੀ ਨੌਕਰੀ ਦੀ ਆਫਰ ਸੀ ਪ੍ਰੰਤੂ ਉਨ੍ਹਾਂ ਕਿਸਾਨ ਅੰਦੋਲਨ ਵਿਚ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਪੜ੍ਹਾਈ ਦੌਰਾਨ ਉਨ੍ਹਾਂ ਦਾ ਕੈਰੀਅਰ ਸ਼ਾਨਦਾਰ ਰਿਹਾ ਹੈ। ਡਾ ਸਵੈਮਾਨ ਸਿੰਘ ਪੱਖੋਕੇ ਦਾ ਵਿਆਹ 2014 ਵਿਚ ਕੁਲਕਿਰਨ ਪ੍ਰੀਤ ਕੌਰ ਨਾਲ ਹੋਇਆ, ਜੋ ਐਮ ਬੀ ਏ ਨਾਲ ਹੋਇਆ। ਉਨ੍ਹਾਂ ਦੀ ਇਕ ਦੋ ਸਾਲ ਦੀ ਬੇਟੀ ਸਮਈਆ ਹੈ, ਜੋ ਆਪਣੇ ਪਿਤਾ ਨੂੰ ਮਿਸ ਕਰ ਰਹੀ ਹੈ। ਉਨ੍ਹਾਂ ਦੇ ਮਾਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ ਨੌਕਰੀ ਕਰਦੇ ਸਨ। ਮਾਤਾ ਪਿਤਾ ਦੋਵੇਂ ਹੀ ਵਿਦਿਆਰਥੀ ਜੀਵਨ ਵਿਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਜਸਵਿੰਦਰ ਪਾਲ ਸਿੰਘ ਪੱਖੋਕੇ ਤਾਂ ਇਸਦੀ ਪੰਜਾਬ ਇਕਾਈ ਦੇ ਪ੍ਰਧਾਨ ਸਨ ਅਤੇ ਸੁਰਿੰਦਰ ਕੌਰ ਕਾਰਜਕਾਰੀ ਮੈਂਬਰ ਰਹੇ ਹਨ। ਸੁਰਿੰਦਰ ਕੌਰ ਯੂਨੀਵਰਸਿਟੀ ਦੀ ਕਰਮਚਾਰੀ ਐਸੋਸੀਏਸ਼ਨ ਵਿਚ ਵੀ ਸਰਗਰਮ ਰਹੇ ਹਨ। ਸਵੈਮਾਨ ਸਿੰਘ ਦੇ ਪਿਤਾ 1993 ਵਿਚ ਅਮਰੀਕਾ ਆ ਗਏ ਸਨ। ਉਹ ਆਪਣੀ ਮਾਤਾ, ਵੱਡੇ ਭਰਾ ਸੰਗਰਾਮ ਸਿੰਘ ਅਤੇ ਭੈਣ ਕਮਲ ਨਾਲ 1997 ਵਿਚ ਅਮਰੀਕਾ ਆ ਗਏ। ਅਗਲੀ ਪੜ੍ਹਾਈ ਉਨ੍ਹਾਂ ਅਮਰੀਕਾ ਵਿਚ ਹੀ ਕੀਤੀ। ਅਮਰੀਕਾ ਵਿਚ ਸੈਟਲ ਹੋਣ ਲਈ ਸਾਰੇ ਪਰਿਵਾਰ ਨੂੰ ਸਖਤ ਮਿਹਨਤ ਕਰਨੀ ਪਈ । ਤਿੰਨੋ ਬੱਚੇ ਪੜ੍ਹਾਈ ਦੇ ਨਾਲ ਹੀ ਕੰਮ ਕਰਦੇ ਸਨ। ਸਵੈਮਾਨ ਸਿੰਘ ਪੱਖੋਕੇ ਕਾਊਂਟੀ ਕਾਲਜ ਵਿਚ ਪੜ੍ਹਦਿਆਂ ਪੰਦਰਾਂ ਘੰਟੇ ਸਟੋਰ ਤੇ ਕੰਮ ਕਰਦਾ ਰਿਹਾ। ਸ਼ੁਰੂ ਤੋਂ ਹੀ ਉਹ ਮਿਹਨਤੀ ਸੁਭਾਆ ਵਾਲਾ ਅਤੇ ਸਮੇਂ ਦਾ ਪਾਬੰਦ ਹੈ। ਅੱਠਵੀਂ ਕਲਾਸ ਤੋਂ ਹੀ ਉਹ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ ਹੁਣ ਤੱਕ ਵਰਤ ਰਖਦਾ ਆ ਰਿਹਾ ਹੈ। ਜਦੋਂ ਉਹ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤਾਂ 6 ਮਹੀਨੇ ਦਾ ਪੜ੍ਹਾਈ ਵਿਚ ਬਰੇਕ ਲੈਕੇ ਇੰਗਲੈਂਡ ਵਿਚ ਊਧਮ ਸਿੰਘ ਦੀ ਯਾਦਗਾਰ ਕੈਕਸਟਨ ਹਾਲ ਵੇਖਣ ਲਈ ਗਿਆ ਸੀ। ਆਪਣੇ ਦੋਸਤ ਦੇ ਨਾਲ ਹੱਥ ਵਿਚ ਤਿਰੰਗਾ ਫੜਕੇ 30 ਮੀਲ ਪੈਦਲ ਯਾਤਰਾ ਕਰਕੇ ਉਹ ਆਪਣੀ ਰਟਗਰਜ਼ ਯੂਨੀਵਰਸਿਟੀ ਜਾਂਦਾ ਰਿਹਾ ਹੈ। ਦੇਸ਼ ਭਗਤੀ ਉਸ ਵਿਚ ਕੁਟ ਕੁਟ ਕੇ ਭਰੀ ਹੋਈ ਹੈ। ਇਸਦਾ ਮੁਖ ਕਾਰਨ ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਦੇਸ਼ ਭਗਤਾਂ ਦੀ ਹੈ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਨੇ ਜੈਤੋ ਦੇ ਮੋਰਚੇ ਦੇ ਤੀਜੇ ਜਥੇ ਵਿਚ ਗਿ੍ਰਫਤਾਰੀ ਦਿੱਤੀ ਅਤੇ ਨਾਭਾ ਜੇਲ੍ਹ ਵਿਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਪੱਖੋਕੇ ਦੇ ਸਰਪੰਚ ਰਹੇ ਅਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਪਿਤਾ ਕਿਤੇ ਵਜੋਂ ਵਕੀਲ ਸਨ। ਸਮਾਜ ਸੇਵਾ ਦੀ ਪ੍ਰਵਿਰਤੀ ਹੋਣ ਕਰਕੇ ਪਿੰਡ ਦੀ ਡਿਸਪੈਂਸਰੀ ਵਿਚ ਮੁਫਤ ਦਵਾਈਆਂ ਦਿੰਦੇ, ਕਿਸਾਨਾ ਦੇ ਹਿਤਾਂ ਲਈ ਕੰਮ ਕਰਦੇ, ਫੈਕਟਰੀ ਮਜ਼ਦੂਰਾਂ ਦੇ ਕੇਸ ਮੁਫਤ ਲੜਦੇ ਅਤੇ ਕਿਸਾਨਾ ਦੇ ਹਿਤਾਂ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਆਜ਼ਾਦ ਮਾਹੌਲ ਵਾਲੇ ਅਮਰੀਕਾ ਵਰਗੇ ਦੇਸ਼ ਵਿਚ ਹੋਈ ਹੈ। ਜਿਸ ਕਰਕੇ ਉਹ ਸੱਚੇ ਸੁੱਚੇ ਪਾਰਦਰਸ਼ੀ ਇਨਸਾਨ ਹਨ।
ਜਦੋਂ ਦਾ ਸਵੈਮਾਨ ਸਿੰਘ ਪੱਖੋਕੇ ਡਾਕਟਰ ਬਣਿਆਂ ਹੈ ਉਦੋਂ ਤੋਂ ਹਰ ਸਾਲ ਆਪੀਣੇ ਪਿੰਡ ਪੱਖੋਕੇ ਜਾਂਦਾ ਹੈ। ਮਿੱਟੀ ਦਾ ਮੋਹ ਉਸਨੂੰ ਪੰਜਾਬ ਆਉਣ ਲਈ ਕੁਰੇਦਦਾ ਰਹਿੰਦਾ ਹੈ। ਪਿੰਡ ਦੀ ਡਿਸਪੈਂਸਰੀ ਵਿਚ ਤਾਂ ਹਰ ਰੋਜ਼ ਮੁਫਤ ਮਰੀਜ ਵੇਖਦਾ ਅਤੇ ਮੁਫਤ ਦਵਾਈਆਂ ਦਿੰਦਾ ਹੈ। ਇਸ ਤੋਂ ਇਲਾਵਾ 5 ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ ਵੱਲੋਂ ਪੰਜਾਬ ਵਿਚ ਘੱਟੋ ਘੱਟ 15 ਤੋਂ 20 ਮੁਫਤ ਮੈਡੀਕਲ ਚੈਕ ਅਪ ਕੈਂਪ ਪੰਜਾਬ ਦੇ ਆਪਣੇ ਦੋਸਤ ਡਾਕਟਰਾਂ ਦੇ ਸਹਿਯੋਗ ਨਾਲ ਲਗਾਉਂਦਾ ਹੈ। ਇਸ ਸੰਸਥਾ ਦਾ ਪੰਜਾਬ ਵਿਚ ਕੰਮ ਕੰਵਰ ਸਰਾਏ ਵੇਖਦਾ ਹੈ। ਦਵਾਈਆਂ ਦੇ 10 ਬੈਗ ਭਰਕੇ ਅਮਰੀਕਾ ਤੋਂ ਲੈ ਕੇ ਜਾਂਦਾ ਹੈ। ਮਾਰਚ 2019 ਕਰੋਨਾ ਹੋਣ ਕਰਕੇ ਪਿੰਡਾਂ ਵਿਚ ਤਜਵੀਜ਼ਤ 18 ਕੈਂਪ ਲੱਗ ਨਹੀਂ ਸਕੇ ਪ੍ਰੰਤੂ ਉਹ ਸਾਰੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਦੇ ਕੇ ਆਏ ਹਨ ਤਾਂ ਮਰੀਜ਼ਾਂ ਨੂੰ ਇਹ ਦਵਾਈਆਂ ਮੁਫਤ ਦਿੱਤੀਆਂ ਜਾਣ। ਉਸਨੇ ਆਪਣੀ ਵੈਬਸਾਈਟ ਬਣਾਈ ਹੋਈ ਹੈ- 5riversheart.org
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
20 ਜਨਵਰੀ ਨੂੰ ਸਹੁੰ ਚੁੱਕਣ ‘ਤੇ ਵਿਸ਼ੇਸ਼ : ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ - ਉਜਾਗਰ ਸਿੰਘ
ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿਖ ਦੀ ਉਸਾਰੀ ਵਿਚ ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਨ ਅਤੇ ਜਿਹੋ ਜਹੇ ਹਾਲਾਤ ਵਿਚ ਉਹ ਵਿਚਰ ਰਿਹਾ ਹੁੰਦਾ ਹੈ, ਉਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਉਹ ਵਿਅਕਤੀ ਸਮਾਜ ਵਿਚ ਆਪਣਾ ਸਥਾਨ ਬਣਾਉਂਦਾ ਹੈ। ਅਮਰੀਕਾ ਦੀਆਂ ਤਿੰਨ ਨਵੰਬਰ 2020 ਨੂੰ ਹੋਈਆਂ ਜਨਰਲ ਚੋਣਾਂ ਵਿਚ ਪਹਿਲੀ ਅਮਰੀਕੀ ਸਿਆਫਮ ਤੇ ਦੱਖਣ ਏਸ਼ੀਆਈ ਮੂਲ ਦੀ ਇਸਤਰੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਕੇ ਉਪ ਰਾਸ਼ਟਰਪਤੀ ਬਣਨ ਅਤੇ ਉਸਦੇ ਵਿਅਕਤਿਤਵ ਦੇ ਉਭਰਨ ਵਿਚ ਇਹ ਤਿੰਨੋ ਗੱਲਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਮਲਾ ਹੈਰਿਸ ਦੇ ਪਰਿਵਾਰ ਦੀ ਵਿਰਾਸਤ ਨਾਨਾ ਅਤੇ ਨਾਨੀ ਦੋਵੇਂ ਸਵਤੰਤਰਤਾ ਸੰਗਰਾਮੀ, ਉਸਦੇ ਮਾਤਾ ਪਿਤਾ ਅਮਰੀਕਾ ਵਰਗੇ ਦੇਸ ਵਿਚ ਸਿਆਫਮ ਲੋਕਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ, ਉਸਦਾ ਪਾਲਣ ਪੋਸ਼ਣ ਆਜ਼ਾਦ ਖਿਆਲਾਤ ਵਾਲੇ ਵਾਤਵਰਨ ਅਤੇ ਉਚ ਪੜ੍ਹਾਈ ਸਮੇਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਵਿਚ ਕੰਮ ਕਰਨ ਕਰਕੇ ਨੇਤਾਗਿਰੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਮਿਲਦਾ ਰਿਹਾ। ਜਿਸ ਤਰ੍ਹਾਂ ਸੰਸਾਰ ਵਿਚ ਭਾਰਤੀ ਆਪਣੀਆਂ ਸਿਆਸੀ ਜਿੱਤਾਂ ਦੇ ਝੰਡੇ ਗੱਡੀ ਜਾ ਰਹੇ ਹਨ, ਉਸੇ ਲੜੀ ਵਿਚ ਕਮਲਾ ਦੇਵੀ ਹੈਰਿਸ ਭਾਰਤੀ ਮੂਲ ਦੀ ਪਹਿਲੀ ਇਸਤਰੀ ਹੈ, ਜਿਹੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਇਸ ਤੋਂ ਪਹਿਲਾਂ ਕੋਈ ਅਮਰੀਕਨ ਇਸਤਰੀ ਵੀ ਇਸ ਅਹੁਦੇ ਤੱਕ ਨਹੀਂ ਪਹੁੰਚ ਸਕੀ ਸੀ। ਉਹ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੀ ਹੈ। ਕਮਲਾ ਦੇਵੀ ਹੈਰਿਸ ਦੇ ਨਾਨਾ ਪੀ ਵੀ ਗੋਪਾਲਨ ਅਤੇ ਨਾਨੀ ਰਾਜਮ ਗੋਪਾਲਨ ਦੋਵੇਂ ਭਾਰਤ ਵਿਚ ਸੁਤੰਤਰਤਾ ਸੰਗਰਾਮੀਏ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਸਿਆਸਤ ਦੀ ਗੁੜ੍ਹਤੀ ਕਮਲਾ ਹੈਰਿਸ ਨੂੰ ਆਪਣੇ ਨਾਨਾ ਅਤੇ ਨਾਨੀ ਦੀ ਪ੍ਰੇਰਨਾ ਨਾਲ ਹੀ ਮਿਲੀ ਸੀ। ਉਨ੍ਹਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦੇ ਦਫਤਰ ਵਿਚ ਸੰਯੁਕਤ ਸਕੱਤਰ ਦੇ ਤੌਰ ਤੇ ਕੰਮ ਕਰਦੇ ਰਹੇ ਸਨ। ਅਮਰੀਕਾ ਵਿਚ ਕਮਲਾ ਹੈਰਿਸ ਦੀ ਮਾਤਾ ਅਤੇ ਪਿਤਾ ਵੀ ਦੋਵੇਂ ਹੀ ਕਾਲੇ ਲੋਕਾਂ ਦੇ ਹੱਕਾਂ ਲਈ ਜਦੋਜਹਿਦ ਕਰਦੇ ਰਹੇ ਹਨ। ਲਿਖਣ ਤੋਂ ਭਾਵ ਸਿਆਸਤ ਕਮਲਾ ਹੈਰਿਸ ਦੇ ਖ਼ੂਨ ÇÎਵਚ ਹੈ।
ਪੀ ਵੀ ਗੋਪਾਲਨ ਤਾਮਿਲਨਾਡੂ ਦੇ ਕਾਵੇਰੀ ਨਦੀ ਤੇ ਕੰਢੇ ਤੇ ਵਸੇ ਪਿੰਡ ਤੁਲਾਸੈਂਦਰਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅਗਾਂਹਵਧੂ ਵਿਚਾਰਧਾਰਾ ਵਾਲਾ ਅਤੇ ਪੜਿ੍ਹਆ ਲਿਖਿਆ ਪਰਿਵਾਰ ਸੀ। ਕਮਲਾ ਹੈਰਿਸ ਦਾ ਨਾਨਕਾ ਪਿੰਡ ਉਸਦੇ ਨਾਨਾ ਦੇ ਪਿੰਡ ਦੇ ਨਾਲ ਲਗਦਾ ਪਾਇੰਗਾਨਾਇਡੂ ਸੀ। ਉਨ੍ਹਾਂ ਦੇ ਨਾਨਾ ਨਾਨੀ ਦਿੱਲੀ ਵਿਚ ਆ ਕੇ ਵਸ ਗਏ ਸਨ। ਕਮਲਾ ਹੈਰਿਸ ਦੀ ਮਾਂ ਸ਼ਿਆਮਾਲਾ ਗੋਪਾਲਨ 1958 ਵਿਚ 19 ਸਾਲ ਦੀ ਉਮਰ ਵਿਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਨਿਊਟਰੀਸ਼ਨ ਦੀ ਪੜ੍ਹਾਈ ਕਰਨ ਲਈ ਆਏ ਸਨ। ਉਨ੍ਹਾਂ ਦਿਨਾ ਵਿਚ ਕੋਈ ਟਾਵਾਂ ਟਾਵਾਂ ਭਾਰਤੀ ਹੀ ਅਮਰੀਕਾ ਪੜ੍ਹਨ ਲਈ ਆਉਂਦਾ ਸੀ। ਯੂਨੀਵਰਸਿਟੀ ਵਿਚ ਸਿਆਫਮ ਵਿਦਿਆਰਥੀ ਹਫਤੇ ਵਿਚ ਇਕ ਦਿਨ ਆਪਣੀਆਂ ਸਮੱਸਿਆਵਾਂ ਅਤੇ ਹੱਕਾਂ ਲਈ ਆਪਸ ਵਿਚ ਮਿਲਕੇ ਵਿਚਾਰ ਵਟਾਂਦਰਾ ਕਰਦੇ ਸਨ। ਡੌਨਾਲਡ ਜੇ ਹੈਰਿਸ ਜਮਾਇਕਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਸ਼ਿਅਮਾਲਾ ਗੋਪਾਲਨ ਦੇ ਭਾਸ਼ਣ ਤੋਂ ਡੌਨਲਡ ਜੇ ਹੈਰਿਸ ਪ੍ਰਭਾਵਤ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਿਆਹ ਪੜ੍ਹਾਈ ਦੌਰਾਨ ਹੀ ਹੋ ਗਿਆ। ਪੜ੍ਹਾਈ ਕਰਕੇ ਸ਼ਿਆਮਾਲਾ ਨੇ ਇਸਤਰੀਆਂ ਦੀ ਛਾਤੀ ਦੇ ਕੈਂਸਰ ਦੇ ਵਿਸ਼ੇ ‘ਤੇ 1964 ਵਿਚ ਪੀ ਐਚ ਡੀ ਕਰਕੇ ਸਾਇੰਟਿਸਟ ਬਣ ਗਏ। ਉਨ੍ਹਾਂ ਦੇ ਦੋ ਲੜਕੀਆਂ ਕਮਲਾ ਦੇਵੀ ਹੈਰਿਸ ਅਤੇ ਮਾਇਆ ਦੇਵੀ ਹੈਰਿਸ ਪੈਦਾ ਹੋਈਆਂ। ਸਿਆਮਲਾ ਗੋਪਾਲਨ ਹੈਰਿਸ ਦਾ ਪਤੀ ਸਟੈਂਡਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗ ਗਿਆ ਪ੍ਰੰਤੂ ਸ਼ਿਆਮਲਾ ਉਥੇ ਜਾਣਾ ਨਹੀਂ ਚਾਹੁੰਦੇ ਸਨ। ਫਿਰ ਇਸੇ ਤਕਰਾਰਬਾਜ਼ੀ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਜਿਵੇਂ ਅਮਰੀਕਾ ਵਰਗੇ ਦੇਸ ਵਿਚ ਹਰ ਮਰਦ ਤੇ ਇਸਤਰੀ ਨੂੰ ਆਪੋ ਆਪਣੀ ਜ਼ਿੰਦਗੀ ਜਿਓਣ ਦੀ ਆਜ਼ਾਦੀ ਹੈ, ਇਹ ਵਿਆਹ ਵੀ ਉਸੇ ਆਜ਼ਾਦੀ ਦੀ ਭੇਂਟ ਚੜ੍ਹ ਗਿਆ। ਸ਼ਿਆਮਾਲਾ ਦਾ ਆਪਣੇ ਪਤੀ ਡੌਨਾਲਡ ਜੇ ਹੈਰਿਸ ਨਾਲੋਂ ਤਲਾਕ ਉਦੋਂ ਹੋ ਗਿਆ ਜਦੋਂ ਕਮਲਾ ਅਜੇ 7 ਸਾਲ ਦੇ ਸਨ। ਅਮਰੀਕਾ ਵਰਗੇ ਦੇਸ਼ ਵਿਚ ਇਕੱਲੀ ਇਸਤਰੀ ਨੂੰ ਪਰਦੇਸ ਵਿਚ, ਜਿਥੇ ਉਨ੍ਹਾਂ ਨੂੰ ਕੋਈ ਬਹੁਤਾ ਜਾਣਦਾ ਵੀ ਨਾ ਹੋਵੇ, ਲਈ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਮੱਸਿਆ ਖੜ੍ਹੀ ਹੋ ਗਈ। ਸ਼ਿਆਮਾਲਾ ਨੇ ਸਖਤ ਮਿਹਨਤ ਕਰਕੇ ਦਲੇਰੀ ਨਾਲ ਆਪਣੀਆਂ ਦੋਵੇਂ ਲੜਕੀਆਂ ਦੀ ਪਾਲਣ ਪੋਸ਼ਣ ਕੀਤੀ ਅਤੇ ਪੜ੍ਹਾਇਆ। ਕਮਲਾ ਹੈਰਿਸ ਨੇ ਮਾਂ ਬਾਪ ਦੇ ਤਲਾਕ ਤੋਂ ਬਾਅਦ ਵੀ ਆਪਣੇ ਪਿਤਾ ਨਾਲ ਆਪਣੇ ਸੰਬੰਧ ਬਰਕਰਾਰ ਰੱਖੇ। ਕਮਲਾ ਹੈਰਿਸ ਆਪਣੇ ਨਾਨਾ ਤੋਂ ਬਹੁਤ ਪ੍ਰਭਾਵਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਮਾਂ ਨੂੰ ਅਮਰੀਕਾ ਵਿਚ ਪੜ੍ਹਨ ਲਈ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਆਪਣੇ ਨਾਨਾ ਦੇ ਪਦ ਚਿੰਨਾਂ ਤੇ ਚਲਣ ਦੀ ਇੱਛਾ ਰਖਦੀ ਸੀ। ਕਮਲਾ ਹੈਰਿਸ ਦੀ ਮਾਤਾ ਕਿਉਂਕਿ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੀ। ਇਸ ਲਈ ਬੱਚਿਆਂ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਉਨ੍ਹਾਂ ਦੀ ਮਾਤਾ ਨੇ ਬੱਚਿਆਂ ਨੂੰ ਅਜਿਹੀ ਸਿਖਿਆ ਦਿੱਤੀ ਕਿ ਲੋਕਾਂ ਨੂੰ ਇਹ ਦੱਸਣਾ ਨਾ ਪਵੇ ਕਿ ਅਸੀਂ ਕੀ ਹਾਂ, ਸਗੋਂ ਉਨ੍ਹਾਂ ਦੀ ਕਾਬਲੀਅਤ ਹੀ ਲੋਕਾਂ ਨੂੰ ਦੱਸੇ ਕਿ ਉਹ ਕੀ ਹਨ ? ਕਮਲਾ ਹੈਰਿਸ ਦੀ ਮਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦਿੰਦੀ ਰਹੀ ਕਿ ਹਰ ਨੌਕਰੀ ਭਾਵੇਂ ਛੋਟੀ ਜਾਂ ਵੱਡੀ ਹੋਵੇ, ਉਸਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਜਿਹੜੀ ਵੀ ਨੌਕਰੀ ਹੋਵੇ, ਉਸਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾਵੇ। ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਵੀ ਪ੍ਰੇਰਨਾ ਸਰੋਤ ਬਣਾਇਆ ਅਤੇ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣਾ ਸ਼ੁਰੂ ਕਰ ਦਿੱਤਾ। ਕਮਲਾ ਹੈਰਿਸ ਨੇ ਆਪਣੀ ਮਾਂ ਦੀ ਤਰ੍ਹਾਂ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਜਥੇਬੰਦੀ Îਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਆਫਮ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ। ਕਮਲਾ ਹੈਰਿਸ ਦਾ ਵਿਆਹ ਵੀ ਉਨ੍ਹਾਂ ਦੀ ਮਾਤਾ ਦੀ ਤਰ੍ਹਾਂ ਬਹੁਤੀ ਦੇਰ ਨਾ ਚਲਿਆ । ਉਨ੍ਹਾਂ ਦੇ ਦੋ ਬੱਚੇ ਕੋਲ ਐਮਹੌਫ ਅਤੇ ਈਲਾ ਹਨ। ਫਿਰ ਉਨ੍ਹਾਂ 2014 ਵਿਚ ਦੁਬਾਰਾ ਡੌਗਲਸ ਐਮਹਾਫ ਨਾਲ ਵਿਆਹ ਕਰਵਾ ਲਿਆ।
ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆਂ ਦੇ ਓਕਲੈਂਡ ਵਿਚ ਹੋਇਆ। ਉਨ੍ਹਾਂ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਸੇਂਟ ਵੈਸਟ ਮਾਊਂਟ ਹਾਈ ਸਕੂਲ ਵਿਚੋਂ 1981 ਵਿਚ ਮੁਕੰਮਲ ਕਰ ਲਈ। ਉਸਤੋਂ ਬਾਅਦ ਹਾਵਰਡ ਯੂਨੀਵਰਸਿਟੀ ਵਿਚੋਂ ਅੰਡਰ ਗ੍ਰੈਜੂਏਸ਼ਨ 1986 ਵਿਚ ਪਾਸ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਦਾ ਕੈਲੇਫੋਰਨੀਆਂ ਦੇ ਹਾਸਟਿੰਗ ਕਾਲਜ ਆਫ ਲਾਅ ਵਿਚ ਦਾਖਲਾ ਲੈ ਲਿਆ ਅਤੇ 1989 ਵਿਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਯੂਨੀਵਰਸਿਟੀ ਵਿਚ ਬਲੈਕ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੇ ਹਨ। ਡੈਮੋਕਰੈਟਿਕ ਪਾਰਟੀ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਜੁੜੇ ਹੋਏ ਸਨ। 1990 ਵਿਚ ਕਮਲਾ ਹੈਰਿਸ ਕੈਲੇਫੋਰਨੀਆ ਦੀ ਬਾਰ ਦੀ ਮੈਂਬਰ ਬਣ ਗਈ। ਲਾਅ ਦੀ ਡਿਗਰੀ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਅਲਾਮਡਾ ਕਾਊਂਟੀ ਦੀ ਜਿਲ੍ਹਾ ਅਟਾਰਨੀ ਦੇ ਤੌਰ ਤੇ ਕੰਮ ਕੀਤਾ। 2003 ਵਿਚ ਸਨਫਰਾਂਸਿਸਕੋ ਦੇ ਜਿਲ੍ਹਾ ਅਟਾਰਨੀ ਬਣ ਗਏ ਜਿਥੇ ਦੋ ਟਰਮਾਂ ਕੰਮ ਕਰਦੇ ਰਹੇ। ਏਥੇ ਕੰਮ ਕਰਦਿਆਂ ਉਨ੍ਹਾਂ ਨਸ਼ਿਆਂ ਨਾਲ ਸੰਬੰਧਤ ਗੁਨਾਹਗਾਰਾਂ ਨੂੰ ਹਾਈ ਸਕੂਲ ਡਿਪਲੋਮਾ ਕਰਨ ਦੀ ਇਜ਼ਾਜ਼ਤ ਦੇ ਕੇ ਆਪਣਾ ਗੁਜ਼ਾਰਾ ਆਪ ਕਰਨ ਦੇ ਯੋਗ
ਬਣਨ ਦੇ ਮੌਕੇ ਦਿੱਤੇ। ਜਦੋਂ ਉਨ੍ਹਾਂ ਦਾ ਕਾਨੂੰਨ ਦੇ ਖੇਤਰ ਵਿਚ ਨਾਮ ਬਣ ਗਿਆ ਤਾਂ ਉਹ 2010 ਵਿਚ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਦੁਬਾਰਾ 2014 ਵਿਚ ਉਹ ਫਿਰ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਇਸਤਰੀ ਉਹ ਵੀ ਸਿਆਫਮ ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ ਹੈ। ਕਮਲਾ ਹੈਰਿਸ 2016 ਵਿਚ ਪਹਿਲੀ ਵਾਰੀ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ। ਉਹ ਸੈਨਟ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਰਹੀ ਹੈ। ਸੈਨਟ ਦੀ ਮੈਂਬਰ ਬਣਨ ਵਾਲੀ ਉਹ ਦੂਜੀ ਸਿਆਫਮ ਇਸਤਰੀ ਹੈ। ਸੈਨਟ ਦੀ ਮੈਂਬਰ ਹੁੰਦਿਆਂ ਉਨ੍ਹਾਂ ਹੈਲਥ ਕੇਅਰ, ਸਿਟੀਜ਼ਨਸ਼ਿਪ, ਇਮੀਗਰੇਸ਼ਨ, ਟੈਕਸ ਰਿਫਾਰਮਜ਼ ਅਤੇ ਹਥਿਆਰਾਂ ਤੇ ਪਾਬੰਦੀ ਆਦਿ ਵਿਸ਼ਿਆਂ ਤੇ ਵਿਸ਼ੇਸ਼ ਤੌਰ ਤੇ ਕੰਮ ਕੀਤਾ। ਸੈਨਟ ਵਿਚ ਡੋਨਾਲਡ ਟਰੰਪ ਦੇ ਗ਼ਲਤ ਫੈਸਲਿਆਂ ਉਪਰ ਉਨ੍ਹਾਂ ਬਹਿਸ ਵਿਚ ਅਜਿਹੇ ਢੰਗ ਨਾਲ ਹਿੱਸਾ ਲਿਆ ਅਤੇ ਡੌਨਾਲਡ ਟਰੰਪ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਖਾਸ ਤੌਰ ਤੇ ਜਦੋਂ ਟਰੰਪ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਇਕ ਅਜਿਹੇ ਵਿਅਕਤੀ ਨੂੰ ਜੱਜ ਨਿਯੁਕਤ ਕਰ ਦਿੱਤਾ, ਜਿਹੜਾ ਸੈਕਸ ਸਕੈਂਡਲ ਦਾ ਦੋਸ਼ੀ ਸੀ। ਜਿਸ ਤੋਂ ਬਾਅਦ ਕਮਲਾ ਹੈਰਿਸ ਸੁਰਖੀਆਂ ਵਿਚ ਆ ਗਈ। ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕਰੈਟਿਕ ਪਾਰਟੀ ਵਿਚ ਨਾਮਜ਼ਦਗੀ ਲਈ ਦਾਅਵਾ ਪੇਸ਼ ਕੀਤਾ ਸੀ ਪ੍ਰੰਤੂ ਪਾਰਟੀ ਦਾ ਬਹੁਮਤ ਜੋਅ ਬਾਇਡਨ ਨਾਲ ਹੋਣ ਦੇ ਹੰਦੇਸੇ ਕਰਕੇ ਉਨ੍ਹਾਂ ਪ੍ਰਾਇਮਰੀ ਵਿਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਫਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ ਕਰਕੇ ਸਿਆਫਮ ਵੋਟਰ ਡੈਮੋਕਰੈਟ ਉਮੀਦਵਾਰ ਨੂੰ ਵੋਟਾਂ ਪਾਉਣਗੇ। । ਜੇਕਰ ਸਿਆਸੀ ਪੜਚੋਲਕਾਰਾਂ ਦੀ ਮੰਨੀਏਂ ਤਾਂ ਜੋਅ ਬਾਇਡਨ ਦੀ ਜਿੱਤ ਵਿਚ ਸਿਆਫਮ ਲੋਕਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਕਮਲਾ ਹੈਰਿਸ ਸਿਆਫਮ ਹੋਣ ਕਰਕੇ ਬਹੁਤੇ ਕਾਲੇ ਲੋਕਾਂ ਨੇ ਜੋਅ ਬਾਇਡਨ ਨੂੰ ਵੋਟਾਂ ਪਾ ਦਿੱਤੀਆਂ । 3 ਨਵੰਬਰ 2020 ਵਿਚ ਹੋਈਆਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਦੋ ਭਾਰਤੀ ਮੂਲ ਦੀਆਂ ਇਸਤਰੀਆਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤਿ੍ਰਪਨਾਨ ਹਨ। ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਦੇਸ ਦੀ ਮੂਲ ਨਿਵਾਸੀ ਇਸਤਰੀ ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰਿਕ ਦੇਸ਼ ਅਮਰੀਕਾ ਦੀ ਉਪ ਰਾਸ਼ਟਰਪਤੀ ਚੁੱਣੀ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਪ੍ਰਸੰਗਕ ਕਰ ਦਿੱਤੀਆਂ - ਉਜਾਗਰ ਸਿੰਘ
ਕਿਸਾਨ ਅੰਦੋਲਨ ਨੇ ਫਿਲਹਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰਸੰਗਕ ਕਰਕੇ ਵਾਹਣੇ ਪਾ ਦਿੱਤਾ ਹੈ। ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਆਪੋ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਭਾਵੇਂ ਕਿਸਾਨ ਅੰਦੋਲਨ ਵਿਚ ਸਿਆਸਤਦਾਨਾ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ ਤਾਂ ਵੀ ਕਿਸਾਨ ਅੰਦੋਲਨ ਸਿਖਰਾਂ ਤੇ ਪਹੁੰਚ ਗਿਆ ਹੈ। ਰਾਜਨੀਤਕ ਪਾਰਟੀਆਂ ਦਾ ਘੁਮੰਡ ਕਿਸਾਨ ਅੰਦੋਲਨ ਨੇ ਤੋੜਕੇ ਰੱਖ ਦਿੱਤਾ ਹੈ ਕਿ ਲੋਕ ਉਨ੍ਹਾਂ ਦੇ ਬਿਨਾ ਹੋਰ ਕਿਸੇ ਦੀ ਸੁਣਦੇ ਨਹੀਂ। ਕਿਸਾਨਾ ਨੇ ਕੇਂਦਰ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਜੇ ਤਾਂ ਨਮੂਨਾ ਹੀ ਵਿਖਾਇਆ ਹੈ। ਇਸ ਅੰਦੋਲਨ ਦਾ ਸੰਕੇਤ ਇਹ ਹੈ ਕਿ ਹੁਣ ਸਿਆਸਦਾਨ ਕਿਸਾਨਾ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਨਹੀਂ ਵਟੋਰ ਸਕਦੇ ਸਗੋਂ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨਾ ਪਵੇਗਾ। ਇਸ ਅੰਦੋਲਨ ਨੇ ਕਿਸਾਨਾ ਵਿਚ ਜਾਗ੍ਰਤੀ ਪੈਦਾ ਕਰ ਦਿੱਤੀ ਹੈ। ਹੁਣ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦਾ ਖਿਲਾਫੀ ਨਹੀਂ ਕਰ ਸਕਣਗੀਆਂ। ਭਰਿਸ਼ਟਾਚਾਰ ਨੂੰ ਲਗਾਮ ਵੀ ਲੱਗਣ ਦੀ ਉਮੀਦ ਬੱਝੇਗੀ। ਤਿੰਨ ਖੇਤੀ ਕਾਨੂੰਨਾ ਨੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਮੌਕਾ ਦੇ ਕੇ ਅਜਿਹੀ ਜਾਗ੍ਰਤੀ ਪੈਦਾ ਕੀਤੀ ਹੈ ਕਿ ਉਹ ਛੇਤੀ ਕੀਤਿਆਂ ਗੁਮਰਾਹ ਨਹੀਂ ਹੋਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾ ਦੇ ਵਿਰੁਧ ਦਿੱਲੀ ਦੀ ਸਰਹੱਦ ਤੇ ਸ਼ੁਰੂ ਕੀਤੇ ਗਏ ਅੰਦੋਲਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ਤੇ ਕਰ ਦਿੱਤੀਆਂ ਹਨ। ਕਿਸਾਨ ਅੰਦੋਲਨ ਇਸ ਸਮੇਂ ਪੰਜਾਬ ਦਾ ਹੀ ਨਹੀਂ ਸਗੋਂ ਦੇਸ ਦਾ ਲੋਕ ਅੰਦੋਲਨ ਬਣ ਗਿਆ ਹੈ। ਪੰਜਾਬੀ ਕਿਸਾਨਾ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ। ਸਿਆਸੀ ਪਾਰਟੀਆਂ ਵਿਚ ਹਲਚਲ ਮੱਚ ਗਈ ਹੈ ਕਿ ਕਿਤੇ ਇਹ ਸਿਆਸੀ ਮੰਚ ਬਣਾਕੇ ਉਨ੍ਹਾਂ ਨੂੰ ਤੁਰਦੀਆਂ ਨਾ ਕਰ ਦੇਣ।
ਪੰਜਾਬੀ ਸੰਸਾਰ ਵਿਚ ਇਕ ਚੇਤਨ ਅਤੇ ਉਦਮੀ ਕੌਮ ਤੇ ਤੌਰ ਤੇ ਜਾਣੇ ਜਾਂਦੇ ਹਨ। ਦੇਸ ਨੂੰ ਕਦੀਂ ਵੀ ਕੋਈ ਸਮੱਸਿਆ ਆਈ ਤਾਂ ਹਮੇਸ਼ਾ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਵੇਂ ਆਜ਼ਾਦੀ ਦੀ ਜਦੋਜਹਿਦ ਹੋਵੇ ਜਾਂ ਸਰਹੱਦਾਂ ‘ਤੇ ਗੁਆਢੀ ਦੇਸਾਂ ਨੇ ਭਾਰਤ ਨੂੰ ਵੰਗਾਰਿਆ ਹੋਵੇ, ਪੰਜਾਬੀਆਂ ਨੇ ਤਨੋ ਮਨੋ ਮੋਹਰੀ ਬਣਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹੇ ਹਨ। ਕਿਸਾਨ ਅੰਦੋਲਨ ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ ਜਾਂ ਇਉਂ ਕਹਿ ਲਓ ਕਿ ਪੰਜਾਬੀ ਨੌਜਵਾਨਾ ਨੇ ਆਪਣੇ ਵਿਵਹਾਰ ਵਿਚ ਸੁਧਾਰ ਕਰ ਲਿਆ ਹੈ। ਕਿਸਾਨ ਅੰਦੋਲਨ ਵਿਚ ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਦਿ੍ਰੜ੍ਹਤਾ ਨੇ ਪੰਜਾਬੀਆਂ ਦੀ ਵਿਰਾਸਤੀ ਹਿੰਮਤ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਨੂੰ ਸਮੁਚੇ ਦੇਸ਼ ਦੇ ਕਿਸਾਨਾ ਨੇ ਹੀ ਨਹੀਂ ਸਗੋਂ ਆਮ ਲੋਕਾਂ ਨੇ ਵੀ ਮਾਣਤਾ ਦੇ ਕੇ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ। ਨੌਜਵਾਨਾਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਰਾਜਨੀਤਕ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ। ਇਸ ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮਹੱਤਤਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਨੇੜੇ ਵੀ ਫਟਕਣ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਫਿਰ ਵੀ ਲੁਕ ਛਿਪਕੇ ਅੰਦੋਲਨ ਵਿਚ ਵਿਖਾਵੇ ਲਈ ਹਾਜ਼ਰੀ ਲਵਾ ਰਹੇ ਹਨ। ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਪਾਰਟੀ ਦੇ ਤੌਰ ਤੇ ਨਹੀਂ ਕਿਸਾਨ ਜਾਂ ਕਿਸਾਨ ਹਮਾਇਤੀ ਹੋਣ ਕਰਕੇ ਅੰਦਲੋਨ ਦਾ ਹਿੱਸਾ ਬਣ ਰਹੇ ਹਨ। ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦਾ ਅੰਦੋਲਨ ਵਿਚ ਆਉਣਾ ਸਿਆਸੀ ਮਜ਼ਬੂਰੀ ਵੀ ਹੈ। ਜੇ ਉਹ ਅੰਦੋਲਨ ਦਾ ਹਿੱਸਾ ਨਹੀਂ ਬਣਦੇ ਪਿੰਡਾਂ ਵਿਚ ਰਹਿਣਾ ਉਨ੍ਹਾਂ ਦਾ ਦੁੱਭਰ ਹੋ ਜਾਵੇਗਾ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਵੱਡੀਆਂ ਮੁੱਖ ਸਿਆਸੀ ਪਾਰਟੀਆਂ ਹੋਣ ਕਰਕੇ ਹੁਣ ਤੱਕ ਬਦਲ ਬਦਲਕੇ ਸਰਕਾਰਾਂ ਬਣਾਉਂਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਪਹਿਲੀ ਵਾਰੀ 2014 ਵਿਚ ਸਿਆਸੀ ਤੌਰ ਸਾਹਮਣੇ ਆਈ ਸੀ। ਚਾਰ ਲੋਕ ਸਭਾ ਦੀਆਂ ਸੀਟਾਂ ਵੀ ਜਿੱਤ ਗਈ ਸੀ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਹੈ। ਆਮ ਆਦਮੀ ਪਾਰਟੀ ਜਿਹੜੀ ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਵਜੋਂ ਉਭਰਕੇ ਸਿਆਸੀ ਸੀਨ ਤੇ ਆਈ ਸੀ, ਉਹਦਾ ਮੁੱਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਸਾਬਤ ਹੋ ਚੁੱਕਾ ਹੈ। ਉਸਨੇ ਇੱਕ ਖੇਤੀਬਾੜੀ ਕਾਨੂੰਨ ਨੂੰ ਤਾਂ ਦਿੱਲੀ ਵਿਚ ਲਾਗੂ ਵੀ ਕਰ ਦਿੱਤਾ ਹੈ। ਉਸਨੇ ਖੇਤੀਬਾੜੀ ਕਾਨੂੰਨਾ ਨੂੰ ਵਿਧਾਨ ਸਭਾ ਵਿਚ ਪਾੜਨ ਦਾ ਨਾਟਕ ਵੀ ਕੀਤਾ ਹੈ। ਫਿਰ ਵੀ ਉਸਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਖਿਚੋਤਾਣ ਵੀ ਉਨ੍ਹਾਂ ਦੇ ਅਕਸ ਨੂੰ ਧੱਬਾ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਭਾਵੇਂ ਕੌਮੀ ਪਾਰਟੀ ਹੈ ਪ੍ਰੰਤੂ ਉਹ ਵੀ ਪੰਜਾਬ ਵਿਚ ਇਕੱਲੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਭਾਰਤੀ ਜਨਤਾ ਪਾਰਟੀ ਤਾਂ ਸਿੱਧੇ ਤੌਰ ਤੇ ਹਾਸ਼ੀਏ ਤੇ ਚਲੀ ਗਈ ਹੈ ਕਿਉਂਕਿ ਕਿਸਾਨ ਵਿਰੋਧੀ ਕਾਨੂੰਨ ਹੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਬਣਾਏ ਹਨ। ਸੀ ਪੀ ਆਈ, ਸੀ ਪੀ ਐਮ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਬਾਕੀ ਧੜੇ ਵੀ ਇਕੱਲੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਏ ਅਤੇ ਨਾ ਹੋ ਸਕਦੇ ਹਨ। ਕਿਸੇ ਦੂਜੀ ਪਾਰਟੀ ਨਾਲ ਰਲਕੇ ਹੀ ਚੋਣਾਂ ਜਿਤਦੇ ਰਹੇ ਹਨ। ਇਸ ਅੰਦੋਲਨ ਨੇ ਸਾਰੀਆਂ ਪਾਰਟੀਆਂ ਨੂੰ ਢਾਹ ਲਾਈ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਹਾਸ਼ੀਏ ਤੇ ਜਾ ਚੁੱਕਾ ਸੀ ਪ੍ਰੰਤੂ ਕੇਂਦਰੀ ਮੰਤਰੀ ਦੀ ਕੁਰਸੀ ਦੇ ਲਾਲਚ ਨੇ ਅਕਾਲੀ ਦਲ ਦਾ ਅਕਸ ਮਿੱਟੀ ਵਿਚ ਮਿਲਾ ਦਿੱਤਾ ਹੈ। ਰਹਿੰਦੇ ਖੂੰਹਦੇ ਆਧਾਰ ਨੂੰ ਵੀ ਖ਼ੋਰਾ ਲੱਗ ਗਿਆ ਕਿਉਂਕਿ ਅਕਾਲੀ ਦਲ ਦੇ ਨੁਮਾਇੰਦੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕੇਂਦਰੀ ਮੰਤਰੀ ਮੰਡਲ ਵਿਚ ਆਰਡੀਨੈਂਸਾਂ ਨੂੰ ਪਾਸ ਕਰਨ ਵਾਲੀ ਮੀਟਿੰਗ ਵਿਚ ਹਾਜ਼ਰ ਸਨ। ਹਾਲਾਂ ਕਿ ਅਕਾਲੀ ਦਲ ਕਿਸਾਨਾ ਦੀ ਹਮਾਇਤੀ ਪਾਰਟੀ ਕਹਾਉਂਦਾ ਸੀ। ਉਹ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਤਿੰਨਾ ਕਾਨੂੰਨਾ ਦੇ ਆਰਡੀਨੈਂਸਾਂ ਨੂੰ ਸਹੀ ਕਹਿੰਦੇ ਰਹੇ। ਇਥੋਂ ਤੱਕ ਕਿ ਪੰਜ ਵਾਰੀ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਤਾਂ ਇਨ੍ਹਾਂ ਆਰਡੀਨੈਂਸਾਂ ਦੇ ਫਾਇਦੇ ਗੁਣਗੁਣਾਉਂਦੇ ਰਹੇ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਚਿੱਠੀ ਲਿਆਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਾਨੂੰਨਾਂ ਨੂੰ ਜ਼ਾਇਜ਼ ਠਹਿਰਾਉਂਦਾ ਰਿਹਾ। ਅਕਾਲੀ ਦਲ ਤਾਂ ਕਿਸਾਨਾ ਦੇ ਮਨਾ ਚੋਂ ਲਹਿ ਚੁੱਕਾ ਹੈ। ਜਦੋਂ ਕਿਸਾਨਾ ਨੇ ਪੰਜਾਬ ਵਿਚ ਅੰਦੋਲਨ ਸ਼ੁਰੂ ਕਰਕੇ ਅਕਾਲੀ ਦਲ ਦੇ ਨੱਕ ਵਿਚ ਦਮ ਕਰ ਦਿੱਤਾ, ਫਿਰ ਲੋਕ ਰੋਹ ਤੋਂ ਡਰਦਿਆਂ ਕੇਂਦਰੀ ਮੰਤਰੀ ਮੰਡਲ ਵਿਚੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਇਆ। ਅਕਾਲੀ ਦਲ ਨੇ ਭਾਵੇਂ ਆਪਣੇ ਮੰਤਰੀ ਤੋਂ ਅਸਤੀਫਾ ਵੀ ਦਿਵਾ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਵੀ ਤੋੜ ਲਿਆ ਪ੍ਰੰਤੂ ਕਿਸਾਨਾ ਦਾ ਉਨ੍ਹਾਂ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਹਰਸਿਮਰਤ ਕੌਰ ਦਾ ਉਸਦੇ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਬਾਦਲ ਨੇ ਕਿਸਾਨਾ ਦੀ ਹਮਦਰਦੀ ਲੈਣ ਲਈ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾ ਦੇ ਭੋਗ ਪੁਆਏ ਹਨ। ਅਕਾਲੀ ਦਲ ਭਾਵੇਂ ਜਿਤਨੇ ਮਰਜ਼ੀ ਵੇਲਣ ਵੇਲ ਲਵੇ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੀਆਂ। ਡੈਮੋਕਰੈਟਿਕ ਅਕਾਲੀ ਦਲ ਢੀਂਡਸਾ ਤੋਂ ਕੁਝ ਆਸ ਬੱਝ ਸਕਦੀ ਹੈ।
ਖੇਤੀਬਾੜੀ ਦੇ ਤਿੰਨ ਆਰਡੀਨੈਂਸ ਜ਼ਾਰੀ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਮੁੱਖੀਆਂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਨ, ਨੂੰ ਆਰਡੀਨੈਂਸਾਂ ਨਾਲ ਕਿਸਾਨਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਦੋਹਾਂ ਪਾਰਟੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਤਿੰਨ ਬਿਲ ਰੱਦ ਕਰਕੇ ਆਪਣੀ ਪਾਰਟੀ ਅਤੇ ਸਰਕਾਰ ਦਾ ਅਕਸ ਬਚਾਉਣ ਦੀ ਕੋਸਿਸ਼ ਕੀਤੀ ਹੈ। ਪੰਜਾਬ ਵਿਚ ਕਿਸਾਨਾ ਵੱਲੋਂ ਆਯੋਜਤ ਕੀਤੇ ਜਾ ਰਹੇ ਧਰਨਿਆਂ ਅਤੇ ਹੋਰ ਸਰਗਰਮੀਆਂ ਬਾਰੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀਆਂ ਵਿਰੁਧ ਕਾਰਵਾਈ ਕਰਨ ਲਈ ਕਹਿਣ ਦੇ ਬਾਵਜੂਦ ਕਿਸਾਨਾ ਤੇ ਕੋਈ ਕਾਰਵਾਈ ਨਾ ਕਰਕੇ ਸਹਿਯੋਗ ਦੇ ਰਹੀ ਸੀ। ਰੇਲਵੇ ਲਾਈਨਾ ਤੋਂ ਵੀ ਕਿਸਾਨਾ ਨੂੰ ਹਟਾਇਆ ਨਹੀਂ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉਪਰ ਈ ਡੀ ਦਾ ਸਿਕੰਜਾ ਵੀ ਕਸਿਆ ਜਾ ਰਿਹਾ ਹੈ। ਹੁਣ ਕੇਂਦਰ ਦੇ ਦਬਾਆ ਕਰਕੇ ਕੈਪਟਨ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਵਿਰੁਧ ਧਰਨੇ ਤੇ ਬਿਆਨ ਦੇਣ ਵਾਲਿਆਂ ਅਤੇ ਰਿਲਾਇੰਸ ਟਾਵਰਾਂ ਦੇ ਨੁਕਸਾਨ ਬਾਰੇ ਕੇਸ ਦਰਜ ਕਰ ਰਹੀ ਹੈ। ਪ੍ਰੰਤੂ ਕਿਸਾਨ ਅੰਦੋਲਨ ਦੇ ਨੇਤਾ ਕਿਸੇ ਵੀ ਸਿਆਸੀ ਨੇਤਾ ਬਾਰੇ ਅਜੇ ਤੱਕ ਹਮਦਰਦੀ ਨਹੀਂ ਵਿਖਾ ਰਹੇ। ਹਰ ਪਾਰਟੀ ਆਪਣਾ ਆਧਾਰ ਬਚਾਉਣ ਲਈ ਹੁਣ ਸਰਗਰਮ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਜਲਸੇ ਕੀਤੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਆਪਣਾ ਆਧਾਰ ਵਧਾਉਣ ਲਈ ਅਹੁਦੇਦਾਰੀਆਂ ਵੰਡ ਰਹੀ ਹੈ। ਲੋਕ ਸਭਾ ਵਿਚ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਸਾਨ ਬਿਲਾਂ ਦਾ ਵਿਰੋਧ ਕਰਕੇ ਕਿਸਾਨਾ ਦੀ ਹਮਦਰਦੀ ਬਟੋਰੀ ਸੀ। ਹੁਣ ਉਸਨੇ ਆਪਣੇ ਸੰਸਦ ਮੈਂਬਰਾਂ ਨਾਲ ਜੰਤਰ ਮੰਤਰ ਤੇ ਕਿਸਾਨ ਬਿਲਾਂ ਦੇ ਵਿਰੋਧ ਵਿਚ ਧਰਨਾ ਵੀ ਦਿੱਤਾ ਹੋਇਆ ਹੈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜੇ ਕਿਸਾਨ ਅੰਦੋਲਨ ਕਰ ਰਹੇ ਹਨ ਤਾਂ ਨੇਤਾਵਾਂ ਦਾ ਘਰਾਂ ਅੰਦਰ ਸੌਣ ਦਾ ਕੋਈ ਅਰਥ ਨਹੀਂ ਕਿਉਂਕਿ ਜੇ ਕਿਸਾਨ ਹਨ ਤਾਂ ਹੀ ਨੈਤਾ ਚੋਣਾਂ ਜਿੱਤ ਸਕਦੇ ਹਾਂ। ਭਾਵ ਕਿਸਾਨ ਰੀੜ੍ਹ ਦੀ ਹੱਡੀ ਹਨ। ਰਵਨੀਤ ਸਿੰਘ ਬਿੱਟੂ ਉਪਰ ਦਬਾਆ ਪਾ ਕੇ ਧਰਨਾ ਖ਼ਤਮ ਕਰਵਾਉਣ ਦੇ ਇਰਾਦੇ ਨਾਲ ਉਸ ਵਿਰੁਧ ਦਿੱਲੀ ਵਿਖੇ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੇਖੋ ਕੀ ਰੰਗ ਲਿਆਉਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਕਿਸਾਨ ਪ੍ਰਸੰਸਾ ਦੇ ਹੱਕਦਾਰ ਹਨ, ਜਿਹੜੇ ਆਪਣੇ ਮਨੁੱਖੀ ਹੱਕਾਂ ਲਈ ਲੜ ਰਹੇ ਹਨ। ਇਹ ਵੀ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਇਕਮੁੱਠਤਾ ਨਾਲ ਉਹ ਕਿਸਾਨ ਅੰਦੋਲਨ ਚਲਾ ਰਹੇ ਹਨ ਕਿ ਸਿਆਸੀ ਮੰਚ ਬਣਾਉਣ ਲਈ ਉਹ ਇਕਮੁੱਠ ਰਹਿਣਗੇ ਜਾਂ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿਚ ਨਵੇਂ ਸਿਆਸੀ ਸਮੀਕਰਨ ਹੋਣਗੇ ਜਿਸ ਨਾਲ ਸਥਾਪਤ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ - ਉਜਾਗਰ ਸਿੰਘ
ਦਲਿਤਾਂ ਦੇ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਲੰਬੀ ਬਿਮਾਰੀ ਤੋਂ ਬਾਅਦ 86 ਸਾਲ ਦੀ ਉਮਰ ਭੋਗ ਕੇ ਸਵਰਗ ਹੋ ਗਏ ਹਨ। ਬੂਟਾ ਸਿੰਘ 8 ਵਾਰ ਲੋਕ ਸਭਾ ਦੇ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਸਨ। ਜਗਜੀਵਨ ਰਾਮ ਤੋਂ ਬਾਅਦ ਬੂਟਾ ਸਿੰਘ ਦਲਿਤਾਂ ਦੇ ਸਭ ਤੋਂ ਮਜ਼ਬੂਤ ਨੇਤਾ ਰਹੇ ਹਨ। 1977 ਵਿਚ ਜਦੋਂ ਕਾਂਗਰਸ ਪਾਰਟੀ ਜਨਤਾ ਲਹਿਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਹਾਰ ਗਈ ਸੀ ਤਾਂ ਕਾਂਗਰਸ ਪਾਰਟੀ ਦੋਫਾੜ ਹੋ ਗਈ। ਉਸ ਸਮੇਂ ਇੰਦਰਾ ਗਾਂਧੀ ਦੇ ਸਿਤਾਰੇ ਡਾਵਾਂ ਡੋਲ ਹੋ ਗਏ ਸਨ ਕਿਉਂਕਿ ਇੰਦਰਾ ਗਾਂਧੀ ਦੇ ਕਾਂਗਰਸ ਪਾਰਟੀ ਵਿਰੁਧ ਬਗਾਬਤ ਕਰਨ ‘ਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇਤਾ ਉਨ੍ਹਾਂ ਦਾ ਸਾਥ ਛੱਡ ਗਏ ਸਨ। ਸਰਦਾਰ ਬੂਟਾ ਸਿੰਘ ਇਕੋ ਇਕ ਅਜਿਹਾ ਨੇਤਾ ਸਨ, ਜਿਹੜੇ ਇੰਦਰਾ ਗਾਂਧੀ ਨਾਲ ਅੱਤ ਨਾਜ਼ਕ ਸਮੇਂ ਵਿਚ ਚਟਾਨ ਦੀ ਤਰ੍ਹਾਂ ਖੜ੍ਹੇ ਰਹੇ। ਉਸ ਸਮੇਂ ਇੰਦਰਾ ਗਾਂਧੀ ਨੇ ਇੰਦਰਾ ਕਾਂਗਰਸ ਪਾਰਟੀ ਬਣਾ ਲਈ ਸੀ ਅਤੇ ਉਹ ਆਪ ਪਾਰਟੀ ਦੇ ਪ੍ਰਧਾਨ ਅਤੇ ਬੂਟਾ ਸਿੰਘ ਨੂੰ ਜਨਰਲ ਸਕੱਤਰ ਬੂਟਾ ਸਿੰਘ ਬਣਾਇਆ। ਬੂਟਾ ਸਿੰਘ ਹੀ ਕਾਂਗਰਸ ਪਾਰਟੀ ਦਾ ਸਾਰਾ ਕੰਮ ਇਕੱਲੇ ਹੀ ਵੇਖਦੇ ਸਨ। ਉਸ ਸਮੇਂ ਬਹੁਤੇ ਕਾਂਗਰਸੀ ਦੁਬਿਧਾ ਵਿਚ ਸਨ ਕਿ ਇੰਦਰਾ ਗਾਂਧੀ ਦਾ ਸਾਥ ਦਿੱਤਾ ਜਾਵੇ ਜਾਂ ਨਾ। ਇੰਦਰਾ ਕਾਂਗਰਸ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਬੂਟਾ ਸਿੰਘ ਸਮੁਚੇ ਦੇਸ਼ ਵਿਚ ਜਾ ਕੇ ਕਾਂਗਰਸੀਆਂ ਨਾਲ ਮੀਟਿੰਗਾਂ ਕਰਦੇ ਰਹੇ। ਖਾਸ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬੂਟਾ ਸਿੰਘ ਨੇ ਇੰਦਰਾ ਕਾਂਗਰਸ ਦਾ ਸਾਥ ਦੇਣ ਲਈ ਪ੍ਰੇਰਿਤ ਕਰ ਲਿਆ। ਘਟਨਾਕਰਮ ਐਸਾ ਹੋਇਆ ਕਿ ਬਗਾਬਤ ਕਰਨ ਵਾਲੀ ਇੰਦਰਾ ਗਾਂਧੀ ਦੀ ਪਾਰਟੀ ਇੰਦਰਾ ਕਾਂਗਰਸ ਮੁੜਕੇ ਅਸਲ ਸਰਬ ਭਾਰਤੀ ਕਾਂਗਰਸ ਦੇ ਰੂਪ ਵਿਚ ਸਥਾਪਤ ਹੋ ਗਈ, ਇਸ ਵਿਚ ਸਭ ਤੋਂ ਵੱਡਾ ਯੋਗਦਾਨ ਇੰਦਰਾ ਗਾਂਧੀ ਤੋਂ ਬਾਅਦ ਬੂਟਾ ਸਿੰਘ ਦਾ ਸੀ। 1980 ਵਿਚ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਲੋਕ ਸਭਾ ਦੀ ਚੋਣ ਜਿੱਤ ਗਈ। ਇੰਦਰਾ ਗਾਂਧੀ ਨੇ ਵੀ ਬੂਟਾ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿਚ ਬਤੌਰ ਮੰਤਰੀ ਸ਼ਾਮਲ ਕਰਕੇ ਉਨ੍ਹਾਂ ਦੀ ਵਫ਼ਾਦਰੀ ਦਾ ਮੁਲ ਮੋੜਿਆ। ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਬੂਟਾ ਸਿੰਘ ਦੀ ਤੂਤੀ ਬੋਲਦੀ ਸੀ। ਉਨ੍ਹਾਂ ਨੂੰ ਇੰਦਰਾ ਗਾਂਧੀ ਦੀ ਵਫ਼ਦਾਰੀ ਐਸੀ ਰਾਸ ਆਈ ਕਿ ਜਿਤਨੀ ਦੇਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਹੇ, ਬੂਟਾ ਸਿੰਘ ਹਮੇਸ਼ਾ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਰਹੇ। ਉਨ੍ਹਾਂ ਤੋਂ ਬਾਅਦ ਰਾਜੀਵ ਗਾਂਧੀ ਦੀ ਵਜ਼ਾਰਤ ਦਾ ਵੀ ਆਨੰਦ ਮਾਣਦੇ ਰਹੇ। ਕਹਿਣ ਤੋਂ ਭਾਵ ਗਾਂਧੀ ਪਰਿਵਾਰ ਦਾ ਬੂਟਾ ਸਿੰਘ ਦੇ ਸਿਆਸੀ ਕੈਰੀਅਰ ਵਿਚ ਮਹੱਤਵਪੂਰਨ ਯੋਗਦਾਨ ਹੈ। ਉਸਤੋਂ ਬਾਅਦ ਤਾਂ ਬੂਟਾ ਸਿੰਘ ਕਾਂਗਰਸ ਪਾਰਟੀ ਵਿਚ ਪੈਰ ਜਮਾ ਨਹੀਂ ਸਕਿਆ। ਉਨ੍ਹਾਂ ਦਾ ਲੜਕਾ ਇਕ ਵਾਰ ਦਿੱਲੀ ਤੋਂ ਵਿਧਾਨਕਾਰ ਬਣਿਆਂ। ਇਕ ਵਾਰ ਬੂਟਾ ਸਿੰਘ ਕਾਂਗਰਸ ਪਾਰਟੀ ਛੱਡ ਵੀ ਗਿਆ ਸੀ ਪ੍ਰੰਤੂ ਹੋਰ ਕਿਸੇ ਪਾਰਟੀ ਨੇ ਬੂਟਾ ਸਿੰਘ ਨੂੰ ਅਹਿਮੀਅਤ ਨਹੀਂ ਦਿੱਤੀ। ਫਿਰ ਉਹ ਵਾਪਸ ਕਾਂਗਰਸ ਪਾਰਟੀ ਵਿਚ ਆ ਗਏ ਪ੍ਰੰਤੂ ਮੁੱਖ ਧਾਰਾ ਵਿਚ ਨਹੀਂ ਆ ਸਕੇ। ਉਸ ਤੋਂ ਬਾਅਦ ਅਖ਼ੀਰ ਸਮੇਂ ਤੱਕ ਉਹ ਅਣਗੌਲਿਆ ਨੇਤਾ ਹੀ ਰਹੇ। ਬੂਟਾ ਸਿੰਘ ਪਹਿਲੀ ਵਾਰ ਹੀ 1962 ਵਿਚ ਮੋਗਾ ਰਾਖਵਾਂ ਹਲਕੇ ਤੋਂ ਅਕਾਲੀ ਦਲ ਦੇ ਟਿਕਟ ਤੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਅਕਾਲੀ ਦਲ ਦੀ ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ ਅਤੇ ਥੋੜ੍ਹੀ ਦੇਰ ਬਾਅਦ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਕਿਉਂਕਿ ਆਪ ਦੀ ਵਿਚਾਰਧਾਰਾ ਅਕਾਲੀ ਦਲ ਨਾਲ ਬਹੁਤੀ ਮੇਲ ਨਹੀਂ ਖਾਂਦੀ ਸੀ। ਉਹ 1971 ਅਤੇ 80 ਵਿਚ ਰੋਪੜ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਚੁਣੇ ਗਏ। ਇਸ ਸਮੇਂ ਦੌਰਾਨ ਆਪ ਇੰਦਰਾ ਗਾਂਧੀ ਦੇ ਬਹੁਤ ਨੇੜੇ ਹੋ ਗਏ ਕਿਉਂਕਿ ਉਨ੍ਹਾਂ ਨੂੰ ਸਿਅਸੀ ਤੌਰ ਤੇ ਜਗਜੀਵਨ ਰਾਮ ਦੇ ਮੁਕਾਬਲੇ ਤੇ ਅਨੁਸੂਚਿਤ ਜਾਤੀਆਂ ਦਾ ਕੋਈ ਵਿਅਕਤੀ ਲੋੜੀਂਦਾ ਸੀ, ਜਿਹੜਾ ਇੰਦਰਾ ਗਾਂਧੀ ਲਈ ਵੰਗਾਰ ਨਾ ਬਣ ਸਕੇ। ਉਨ੍ਹਾਂ ਨੂੰ ਪਹਿਲੀ ਵਾਰ ਇੰਦਰਾ ਗਾਂਧੀ ਨੇ 1974 ਵਿਚ ਕੇਂਦਰ ਸਰਕਾਰ ਵਿਚ ਉਪ ਮੰਤਰੀ ਰੇਲਵੇ ਬਣਾਇਆ। ਇਸ ਤੋ ਬਾਅਦ ਤਾਂ ਜਿਵੇਂ ਉਨ੍ਹਾਂ ਦੀ ਲਾਟਰੀ ਹੀ ਨਿਕਲ ਗਈ ਕਿਉਂਕਿ ਉਹ ਪੜ੍ਹੇ ਲਿਖੇ ਤੇਜ ਦਿਮਾਗ ਸ਼ਾਤਰ ਸਿਆਸਤਦਾਨ ਸਨ। ਉਹ ਉਪ ਮੰਤਰੀ ਕਾਮਰਸ 1976, 1980 ਵਿਚ ਰਾਜ ਮੰਤਰੀ ਸ਼ਿਪਿੰਗ ਤੇ ਟਰਾਂਸਪੋਰਟ, 1982 ਵਿਚ ਰਾਜ ਮੰਤਰੀ ਸਿਵਲ ਸਪਲਾਈਜ਼ ਤੇ ਮੁੜ ਵਸੇਬਾ, 1983 ਵਿਚ ਸੰਸਦੀ ਮਾਮਲੇ ਤੇ ਖੇਡਾਂ, 84 ਵਿਚ ਦਿਹਾਤੀ ਵਿਕਾਸ ਤੇ ਖੇਤੀਬਾੜੀ, 86 ਵਿਚ ਗ੍ਰਹਿ, 95 ਵਿਚ ਸਿਵਲ ਸਪਲਾਈਜ਼ ਅਤੇ 1998 ਵਿਚ ਸੰਚਾਰ ਮੰਤਰੀ ਰਹੇ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹੇ ਸਨ। ਉਹ ਭਾਵੇਂ ਇੱਕ ਕੱਟੜ ਸਿਖ ਅਤੇ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਪ੍ਰੰਤੂ ਜਦੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਤੇ ਫ਼ੌਜਾਂ ਨੇ ਹਮਲਾ ਕਰਕੇ ਕਥਿਤ ਅੱਤਵਾਦੀਆਂ ਨੂੰ ਹਰਿਮੰਦਰ ਸਾਹਿਬ ਵਿਚੋਂ ਬਾਹਰ ਕੱਢਣ ਦੇ ਬਹਾਨੇ ਸਿਖਾਂ ਦੇ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਤੇ ਸ਼੍ਰੀ ਅਕਾਲ ਤੱਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤਾਂ ਬੂਟਾ ਸਿੰਘ ਨੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਨੂੰ ਮੋਹਰੀ ਬਣਾ ਕੇ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਾਰ ਸੇਵਾ ਦੇ ਬਹਾਨੇ ਕਰਵਾਈ ਤੇ ਸਿਖਾਂ ਵਿਚ ਬਦਨਾਮ ਹੋ ਗਏ। ਇਸ ਕਰਕੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਫਿਰ ਪੰਜਾਬ ਵਿਚ ਤਾਂ ਕਾਫੀ ਸਮਾਂ ਚੋਣਾਂ ਹੀ ਨਹੀਂ ਹੋਈਆਂ, ਕਾਂਗਰਸ ਪਾਰਟੀ ਨੇ ਉਨ੍ਹਾਂ ਵਲੋਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਕੀਤੇ ਕੰਮ ਬਦਲੇ ਮੁਲ ਤਾਰਨ ਲਈ ਉਨ੍ਹਾਂ ਨੂੰ ਰਾਜਸਥਾਨ ਵਿਚੋਂ ਲੋਕ ਸਭਾ ਦੀ ਟਿਕਟ ਦੇ ਕੇ ਲੋਕ ਸਭਾ ਦਾ ਮੈਂਬਰ ਬਣਾਕੇ ਮੰਤਰੀ ਵੀ ਬਣਾਇਆ ਗਿਆ। ਸਿਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਅੰਤਹਕਰਨ ਦੀ ਆਵਾਜ਼ ਝੰਜੋੜਨ ਲੱਗੀ, ਇਸ ਕਰਕੇ ਉਹ ਕਾਂਗਰਸ ਪਾਰਟੀ ਦਾ ਸਾਥ ਛੱਡ ਗਏ। ਫਿਰ ਤਾਂ ਉਹ ਪਾਰਟੀਆਂ ਹੀ ਬਦਲਦੇ ਰਹੇ ਮੁੜਕੇ ਕਾਂਗਰਸ ਪਾਰਟੀ ਵਿਚ ਆ ਗਏ। ਪ੍ਰੰਤੂ ਕਾਂਗਰਸ ਪਾਰਟੀ ਉਨ੍ਹਾਂ ਵੱਲੋਂ ਸਿਖਾਂ ਨਾਲ ਕੀਤੇ ਵਰਤਾਓ ਕਰਕੇ ਉਨ੍ਹਾਂ ਨੂੰ ਨਿਵਾਜਦੀ ਰਹੀ ਤੇ ਕੇਂਦਰੀ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਇੰਦਰਾ ਗਾਂਧੀ ਦੇ ਰਾਜ ਵਿਚ ਬੂਟਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਜਦੋਜਹਿਦ ਕਰਦੇ ਰਹੇ ਪ੍ਰੰਤੂ ਉਨ੍ਹਾਂ ਦੀਆਂ ਕੋਸ਼ਿਸਾਂ ਨੂੰ ਬੂਰ ਨਹੀਂ ਪਿਆ । ਉਹ ਇੰਦਰਾ ਗਾਂਧੀ ਕੋਲ ਦਰਬਾਰਾ ਸਿੰਘ ਦੇ ਵਿਰੁਧ ਭੀੜ ਇਕੱਠੀ ਕਰਕੇ ਭੇਜਦੇ ਰਹੇ।
ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਮੁਸਤਫਾਬਾਦ ਵਿਖੇ ਬੀਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਵਾਰ ਆਰਥਕ ਪੱਖੋਂ ਬਹੁਤਾ ਸੌਖਾ ਨਹੀਂ ਸੀ, ਇਸ ਕਰਕੇ ਉਨ੍ਹਾਂ ਦੀ ਪੜ੍ਹਾਈ ਵਿਚ ਮੁਸ਼ਕਲ ਆਉਂਦੀ ਰਹੀ। ਬੂਟਾ ਸਿੰਘ ਪੜ੍ਹਨ ਵਿਚ ਵਧੇਰੇ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਆਪਣੀ ਬੀ ਏ ਤੱਕ ਦੀ ਸਿੱਖਿਆ ਪ੍ਰਾਪਤ ਕਰ ਲਈ ਪ੍ਰੰਤੂ ਉੱਚ ਵਿਦਿਆ ਲਈ ਵਧੇਰੇ ਖ਼ਰਚੇ ਦੀ ਲੋੜ ਸੀ। ਉਨ੍ਹਾਂ ਦੀ ਪੜ੍ਹਾਈ ਵਿਚ ਦਿਲਚਸਪੀ ਨੂੰ ਮੁਖ ਰੱਖਦਿਆਂ ਆਪਦੇ ਅਧਿਆਪਕ ਤੇ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਹੀ ਬੰਬਈ ਲੈ ਗਏ। ਉਨ੍ਹਾਂ ਬੂਟਾ ਸਿੰਘ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਆਪ ਕੀਤਾ ਅਤੇ ਐਮ.ਏ.ਤੱਕ ਦੀ ਪੜ੍ਹਾਈ ਬੰਬਈ ਤੋਂ ਕੀਤੀ। ਬੰਬਈ ਤੋਂ ਵਾਪਸ ਆ ਕੇ ਉਨ੍ਹਾਂ ਅਕਾਲੀ ਦਲ ਦੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾ ਵਿਚ ਅਕਾਲੀ ਦਲ ਵਿਚ ਬਹੁਤੇ ਪੜ੍ਹੇ ਲਿਖੇ ਵਿਅਕਤੀ ਨਹੀਂ ਸਨ। ਬੂਟਾ ਸਿੰਘ ਪੜ੍ਹੇ ਲਿਖੇ ਸਨ। ਇਸ ਲਈ ਇਤਫਾਕੀਆ ਹੀ ਬੂਟਾ ਸਿੰਘ ਦਾ ਸਰਗਰਮ ਸਿਆਸਤ ਵਿਚ ਆਉਣਾ ਬਣਿਆਂ। ਅਕਾਲੀ ਦਲ ਨੂੰ ਲੋਕ ਸਭਾ ਦੀਆਂ ਚੋਣਾਂ ਵਿਚ ਕਿਸੇ ਪੜ੍ਹੇ ਲਿਖੇ ਵਿਅਕਤੀ ਦੀ ਮੋਗਾ ਰਾਖਵੇਂ ਹਲਕੇ ਤੋਂ ਲੋੜ ਸੀ, ਇਸ ਲਈ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਦਿੱਤੀ। ਉਹ ਸਿਆਸਤ ਵਿਚ ਅਜੇ ਨਵੇਂ ਸਨ ਇਸ ਲਈ ਚੋਣ ਲੜਨ ਤੋਂ ਘਬਰਾਉਂਦੇ ਸਨ। ਮੁੱਖ ਤੌਰ ਤੇ ਆਰਥਿਕ ਹਾਲਤ ਇਜ਼ਾਜਤ ਨਹੀਂ ਦਿੰਦੀ ਸੀ। ਉਨ੍ਹਾਂ ਨੇ ਝਿਜਕਦਿਆਂ ਲੋਕ ਸਭਾ ਦੀ ਚੋਣ ਲੜੀ ਅਤੇ ਪਹਿਲੀ ਵਾਰ ਹੀ ਚੋਣ ਜਿੱਤ ਗਏ।। ਮੁੜਕੇ ਉਹ ਸਾਰੀ ਉਮਰ ਸਿਆਸਤ ਵਿਚ ਛਾਏ ਰਹੇ। ਬੂਟਾ ਸਿੰਘ 2 ਜਨਵਰੀ 2021 ਨੂੰ ਦਿੱਲੀ ਵਿਖੇ ਸਵਰਗ ਸਿਧਾਰ ਗਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com