Ujagar Singh

ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ - ਉਜਾਗਰ ਸਿੰਘ

ਹਰ ਇਨਸਾਨ ਵਿਚ ਗੁਣ ਔਗੁਣ ਹੁੰਦੇ ਹਨ ਪ੍ਰੰਤੂ ਇਨ੍ਹਾਂ ਦੀ ਮਿਕਦਾਰ ਦਾ ਅੰਤਰ ਜ਼ਰੂਰ ਹੁੰਦਾ ਹੈ। ਉਮਰ ਅਤੇ ਸਮੇਂ ਅਨੁਸਾਰ ਇਨ੍ਹਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਕਿਸੇ ਵਿਚ ਗੁਣ ਜ਼ਿਆਦਾ ਅਤੇ ਕਿਸੇ ਵਿਚ  ਔਗੁਣ ਜ਼ਿਆਦਾ ਹੁੰਦੇ ਹਨ। ਇਕ ਤਰਫਾ ਕੋਈ ਇਨਸਾਨ ਨਹੀਂ ਹੁੰਦਾ। ਮੇਰਾ ਲੋਕ ਸੰਪਰਕ ਵਿਭਾਗ ਦੀ ਨੌਕਰੀ ਦੌਰਾਨ ਬਹੁਤ ਸਾਰੇ ਸਿਅਸੀ ਨੇਤਾਵਾਂ ਨਾਲ ਵਾਹ ਪੈਂਦਾ ਰਿਹਾ ਹੈ। ਮੈਨੂੰ ਕੁਝ ਪ੍ਰਮੁੱਖ ਸਿਆਸਤਦਾਨਾ ਬਾਰੇ ਬਹੁਤ ਜਾਣਕਾਰੀ ਹੈ। ਉਨ੍ਹਾਂ ਦੀਆਂ ਆਦਤਾਂ, ਵਿਵਹਾਰ ਅਤੇ ਕਾਰਜਕੁਸ਼ਲਤਾ ਬਾਰੇ ਗਾਹੇ ਵਗਾਹੇ ਲਿਖਦਾ ਰਹਾਂਗਾ। ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਜਵਾਨੀ ਦੇ ਸਮੇਂ ਦੇ ਸੁਭਾਅ ਦੀਆਂ ਦੋ ਗੱਲਾਂ ਦਸਾਂਗਾ, ਜਿਹੜੀਆਂ ਆਮ ਤੌਰ ਤੇ ਸਿਆਸਤਦਾਨਾ ਵਿਚ ਨਹੀਂ ਹੁੰਦੀਆਂ। ਜੇ ਇਉਂ ਕਹਿ ਲਈਏ ਕਿ ਉਨ੍ਹਾਂ ਤੋਂ ਬਿਨਾ ਸਿਆਸਤਦਾਨਾ ਦੀ ਸਿਆਸਤ ਨਹੀਂ ਚਲਦੀ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਪਾਰਦਰਸ਼ੀ ਵਿਅਕਤੀ ਹਨ। ਉਹ ਕੋਈ ਵੀ ਗੱਲ ਲੁਕੋ ਕੇ ਆਪਣੇ ਦਿਲ ਵਿਚ ਨਹੀਂ ਰੱਖ ਸਕਦੇ। ਇਸਦੇ ਉਲਟ ਪਰਕਾਸ਼ ਸਿੰਘ ਬਾਦਲ ਤੋਂ ਤੁਸੀਂ ਕੋਈ ਗੱਲ ਕਢਵਾ ਨਹੀਂ ਸਕਦੇ। ਮੈਂ ਚੰਡੀਗੜ੍ਹ ਵਿਖੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਸੀ। ਮੇਰੀ ਪਟਿਆਲਾ ਵਿਖੇ ਜਿਲ੍ਹਾ ਸਹਾਇਕ ਲੋਕ ਸੰਪਰਕ ਅਧਿਕਾਰੀ ਦੀ ਨਿਯੁਕਤੀ ਅਪ੍ਰੈਲ 1979 ਵਿਚ ਹੋਈ ਸੀ। ਮੈਂ ਚੰਡੀਗੜ੍ਹ ਤੋਂ ਬਾਹਰ ਆਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਕਿਸੇ ਅਧਿਕਾਰੀ ਨੇ ਇਮਾਨਦਾਰੀ ਦੀ ਸਜ਼ਾ ਦੇਣ ਲਈ ਮੈਨੂੰ ਪਟਿਆਲੇ ਆਉਣ ਲਈ ਮਜ਼ਬੂਰ ਕੀਤਾ ਸੀ। ਕਿਉਂ ਭੇਜਿਆ ਗਿਆ ਸੀ, ਇਸਦੀ ਜਾਣਕਾਰੀ ਕਿਸੇ ਢੁਕਵੇਂ ਸਮੇਂ ਦਿੱਤੀ ਜਾਵੇਗੀ? ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਲੱਗਿਆ ਹਾਂ ਸ਼ਾਇਦ ਕੁਝ ਲੋਕ ਇਨ੍ਹਾਂ ਨੂੰ ਪੜ੍ਹਕੇ ਮੇਰੇ ਬਾਰੇ ਕਿੰਤੂ ਪ੍ਰੰਤੂ ਵੀ ਕਰਨ ਪ੍ਰੰਤੂ ਜੋ ਮੈਂ ਲਿਖਾਂਗਾਂ ਬਿਲਕੁਲ ਨਿਰਪੱਖ ਅਤੇ ਸੱਚੀਆਂ ਗੱਲਾਂ ਹੋਣਗੀਆਂ। ਹਰ ਪੜ੍ਹਨ ਵਾਲਾ ਇਨਸਾਨ ਫੈਸਲਾ ਆਪਣੀ ਸੋਚ ਅਨੁਸਾਰ ਕਰਦਾ ਹੈ। ਇਹ ਤਾਂ ਪਹਿਲੀ ਕਿਸ਼ਤ ਹੈ , ਜਦੋਂ ਹੋਰ ਕਿਸ਼ਤਾਂ ਲਿਖਾਂਗਾ ਤਾਂ ਤੁਹਾਡੇ ਭੁਲੇਖੇ ਦੂਰ ਹੋ ਜਾਣਗੇ।  ਇਨ੍ਹਾਂ ਵਿਚ ਰਤਾ ਮਾਸਾ ਵੀ ਝੂਠ ਨਹੀਂ ਹੋਵੇਗਾ। ਜਦੋਂ ਮੈਂ ਚੰਡੀਗੜ੍ਹ ਤੋਂ ਪਟਿਆਲਾ ਆਪਣੀ ਨਵੀਂ ਡਿਊਟੀ ਜਾਇਨ ਕਰਨ ਲਈ ਆਉਣ ਲੱਗਾ ਤਾਂ ਸਰਦਾਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ, ਉਦੋਂ ਉਹ ਪਾਇਲ ਹਲਕੇ ਤੋਂ ਵਿਧਾਨਕਾਰ ਹੁੰਦੇ ਸਨ, ਮੇਰਾ ਪਿੰਡ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਕੱਦੋਂ ਹੈ। ਮੈਨੂੰ ਕਹਿਣ ਲੱਗੇ ਕਿ ਪਟਿਆਲੇ ਸਾਡੇ ਧੜੇ ਦੇ ਦੋ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਅਮਰਜੀਤ ਕੌਰ ਰਹਿੰਦੇ ਹਨ। ਸ਼ਾਹੀ ਪਰਿਵਾਰ ਹਨ ਆਪਣਾ ਸਾਧਾਰਨ ਜੀਵਨ ਉਨ੍ਹਾਂ ਨਾਲ ਬਹੁਤਾ ਮੇਲ ਤਾਂ ਨਹੀਂ ਖਾਂਦਾ ਪ੍ਰੰਤੂ ਉਨ੍ਹਾਂ ਨਾਲ ਤਾਲ ਮੇਲ ਰੱਖਣਾ ਵੀ ਜ਼ਰੂਰੀ ਹੈ। ਮੈਂ ਵੀ ਉਨ੍ਹਾਂ ਨੂੰ ਤੁਹਾਡੇ ਬਾਰੇ ਦਸ ਦੇਵਾਂਗਾ। ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੇ ਦੋ ਬੜੇ ਜ਼ਬਰਦਸਤ ਧੜੇ, ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਹੁੰਦੇ ਸਨ। ਮੈਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਵੀ 1967 ਤੋਂ 1974 ਤੱਕ ਪਟਿਆਲੇ ਪੜ੍ਹਦਾ ਅਤੇ ਫਿਰ ਪੜ੍ਹਾਉਂਦਾ ਰਿਹਾ ਸੀ। ਪਟਿਆਲਾ ਮੇਰੇ ਲਈ ਨਵਾਂ ਨਹੀਂ ਸੀ। ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨਜ਼ਦੀਕ ਫਾਰਮ ਹਾਊਸ ਵਿਚ ਸੰਤ ਹਜ਼ਾਰਾ ਸਿੰਘ ਦੇ ਸਪੁੱਤਰ ਮੇਰੇ ਛੋਟੇ ਭਰਾ ਵਰਗੇ ਦੋਸਤ ਮਰਹੂਮ ਅਮਰੀਕ ਸਿੰਘ ਛੀਨਾ ਰਹਿੰਦੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਤਾਲਮੇਲ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਹੋਈ। ਕੈਪਟਨ ਸਾਹਿਬ ਸਿਆਸਤ ਵਿਚ ਸਰਗਰਮ ਤਾਂ ਸਨ ਪ੍ਰੰਤੂ ਅਜੇ ਹੋਰ ਕੋਈ ਵੱਡਾ ਅਹੁਦਾ ਨਹੀਂ ਸੀ ਪ੍ਰੰਤੂ ਦਰਬਾਰਾ ਸਿੰਘ ਮੁੱਖ ਮੰਤਰੀ ਲਈ ਵੰਗਾਰ ਸਨ ਕਿਉਂਕਿ ਰਾਜੀਵ ਗਾਂਧੀ ਦੇ ਨੇੜੇ ਹੋਣ ਕਰਕੇ ਕਾਂਗਰਸ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਸੀ। ਉਹ ਉਦੋਂ 37 ਕੁ ਸਾਲ ਦੇ ਸਨ। ਫਿਰ ਉਹ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਦੇ ਸੁਨੇਹੇ ਆਦਿ ਦੇਣ ਲਈ ਵੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੈਨੂੰ ਹੀ ਭੇਜਦੇ ਸਨ ਕਿਉਂਕਿ ਉਨ੍ਹਾਂ ਨੂੰ ਮੇਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਦਾ ਪਤਾ ਸੀ। ਉਨ੍ਹਾਂ ਦਿਨਾਂ ਵਿਚ ਪਟਿਆਲਾ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ। ਕਰਫਿਊ ਲੱਗਿਆ ਹੀ ਰਹਿੰਦਾ ਸੀ। ਜਿਲ੍ਹਾ ਪ੍ਰਬੰਧ ਵਲੋਂ ਵੀ ਸ਼ਾਂਤੀ ਲਈ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਮੀਟਿੰਗਾਂ ਵਿਚ ਅਕਸਰ ਮੈਂ ਹੀ ਜਾਂਦਾ ਸੀ, ਜਿਸ ਕਰਕੇ ਮੇਰੇ ਸੰਬੰਧ ਪਤਵੰਤੇ ਸ਼ਹਿਰੀਆਂ ਜਿਨ੍ਹਾਂ ਵਿਚ ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ, ਬਿ੍ਰਗੇਡੀਅਰ ਸੁਖਦੇਵ ਸਿੰਘ, ਰਾਮ ਲਾਲ ਕਦ ਅਤੇ ਡਾ ਹਰਭਜਨ ਸਿੰਘ ਦਿਓਲ ਸ਼ਾਮਲ ਹਨ, ਉਨ੍ਹਾਂ ਨਾਲ ਮੇਰੇ ਚੰਗੇ ਸੰਬੰਧ ਬਣ ਗਏ ਸਨ। ਜਨਰਲ ਗੁਰਬਚਨ ਸਿੰਘ ਬੁਚ ਅਤੇ ਡਾ ਹਰਭਜਨ ਸਿੰਘ ਦਿਓਲ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਸਿੱਖ ਫੋਰਮ ਦੇ ਮੈਂਬਰ ਵੀ ਸਨ। ਨਿਊ ਮੋਤੀ ਬਾਗ ਪੈਲਸ ਵਿਚ ਵੀ ਮੈਨੂੰ ਮਿਲਦੇ ਰਹਿੰਦੇ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਯੋਜਤ ਕੀਤੀਆਂ ਜਾਂਦੀਆਂ ਦਾਅਵਤਾਂ ਵਿਚ ਵੀ ਬੁਲਾਇਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਦਾਅਵਤ ਵਿਚ ਸ਼ਾਮਲ ਹੋਣਾ ਪਟਿਆਲਵੀ ਫਖ਼ਰ ਮਹਿਸੂਸ ਕਰਦੇ ਸਨ। ਮੇਰਾ ਇਥੇ ਦਸਣ ਦਾ ਭਾਵ ਇਹ ਹੈ ਕਿ ਮੇਰਾ ਕੈਪਟਨ ਅਮਰਿੰਦਰ ਸਿੰਘ ਨਾਲ ਵਾਹਵਾ ਤਾਲਮੇਲ ਅਮਰੀਕ ਸਿੰਘ ਛੀਨਾ ਅਤੇ ਸਰਦਾਰ ਬੇਅੰਤ ਸਿੰਘ ਕਰਕੇ ਬਣ ਗਿਆ ਸੀ। ਹੁਣ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਮੇਂ ਦੇ ਸੁਭਾਅ ਦੀਆਂ ਦੋ ਉਦਾਹਰਨਾਂ ਦੇ ਕੇ ਦੱਸਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮੇਰਾ ਉਨ੍ਹਾਂ ਨਾਲ ਆਉਣ ਜਾਣ ਆਮ ਹੋ ਗਿਆ ਤਾਂ ਜਿਹੜੇ ਅਮਰੀਕ ਸਿੰਘ ਛੀਨਾ ਦੇ ਵਿਰੋਧੀ ਸਨ ਉਨ੍ਹਾਂ ਨੂੰ ਮੇਰੇ ਨਾਲ ਰੰਜ਼ਸ਼ ਹੋ ਗਈ। ਉਹ ਮੈਨੂੰ ਪੈਰਾ ਟਰੂਪਰ ਹੀ ਸਮਝਦੇ ਸਨ। ਉਨ੍ਹਾਂ ਵਿਚ ਇਕ ਅਜਿਹਾ ਵਿਅਕਤੀ ਵੀ ਸ਼ਾਮਲ ਸੀ, ਜਿਸਨੂੰ ਮੈਂ ਹੀ ਕੈਪਟਨ ਸਾਹਿਬ ਕੋਲ ਲੈ ਕੇ ਗਿਆ ਸੀ। ਉਨ੍ਹਾਂ ਦੀ ਰੰਜ਼ਸ਼ ਕਰਕੇ ਮੈਂ ਕੈਪਟਨ ਸਾਹਿਬ ਕੋਲ ਜਾਣਾ ਬੰਦ ਕਰ ਦਿੱਤਾ ਸੀ ਪ੍ਰੰਤੂ ਸਰਕਾਰੀ ਨੌਕਰੀ ਕਰਕੇ ੳਨ੍ਹਾਂ ਨੂੰ ਮਿਲਦਾ ਰਹਿੰਦਾ ਸੀ। ਇਕ ਵਾਰ ਜਦੋਂ ਮੈਂ ਉਨ੍ਹਾਂ ਨਾਲ ਦੁਪਹਿਰ ਦੇ ਖਾਣੇ ਤੇ ਬੈਠਾ ਸੀ ਤਾਂ ਉਨ੍ਹਾਂ ਮੈਨੂੰ ਕਿਸੇ ਵਿਅਕਤੀ ਦਾ ਨਾਮ ਲੈ ਕੇ ਕਿਹਾ ÇÎਕ ਉਹ ਕਹਿੰਦਾ ਸੀ ਕਿ ਉਜਾਗਰ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਨੇ ਨਿਊ ਮੋਤੀ ਬਾਗ ਪੈਲਸ ਵਿਚ ਅਮਰੀਕ ਸਿੰਘ ਛੀਨਾ ਰਾਹੀਂ ਤੁਹਾਡੀਆਂ ਸਿਆਸੀ ਸਰਗਰਮੀਆਂ ਦੀ ਸੂਚਨਾ ਲੈਣ ਲਈ ਪਲਾਂਟ ਕੀਤਾ ਹੋਇਆ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਮੇਰੀ ਸ਼ਿਕਾਇਤ ਲਾਉਣ ਵਾਲੇ ਦਾ ਨਾਮ ਵੀ ਚਾਰ ਪੰਜ ਵਿਅਕਤੀਆਂ ਦੇ ਸਾਹਮਣੇ ਹੀ ਲੈ ਦਿੱਤਾ। ਚਲੋ ਖ਼ੈਰ ਇਸ ਗੱਲ ਦਾ ਉਨ੍ਹਾਂ ਤੇ ਕੋਈ ਅਸਰ ਨਾ ਹੋਇਆ। ਵੈਸੇ ਆਮ ਤੌਰ ਤੇ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ। ਉਨ੍ਹ੍ਰਾਂ ਦੇ ਇਸ ਸੁਭਾਅ ਬਾਰੇ ਵੀ ਦੂਜੀ ਕਿਸ਼ਤ ਵਿਚ ਲਿਖਾਂਗਾ। ਦੂਜੀ ਉਦਾਹਰਨ ਦੇ ਰਿਹਾ ਹਾਂ। ਰਾਜੇ ਮਹਾਰਾਜਿਆਂ ਦੇ ਆਪਣੇ ਕਾਰੋਬਾਰ ਨੂੰ ਵੇਖਣ ਲਈ ਮੈਨੇਜਰ ਰੱਖੇ ਹੁੰਦੇ ਹਨ। ਉਹ ਆਪ ਬਹੁਤੀ ਦਖ਼ਲਅੰਦਾਜ਼ੀ ਨਹੀਂ ਕਰਦੇ ਹੁੰਦੇ। ਕੈਪਟਨ ਅਮਰਿੰਦਰ ਸਿੰਘ ਦਾ ਖੇਤੀਬਾੜੀ ਫਾਰਮ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਤੇ ਬਹਾਦਗੜ੍ਹ ਵਿਖੇ ਬੀੜ ਬਹਾਦਰਗੜ੍ਹ ਵਿਚ ਸੀ। ਅਜੇ ਵੀ ਉਨ੍ਹਾਂ ਦੀ ਉਥੇ ਜ਼ਮੀਨ ਹੈ। ਕੈਪਟਨ ਸਾਹਿਬ ਆਪਣੇ ਫਾਰਮ ਦੀ ਜ਼ਮੀਨ ਵੇਚ ਰਹੇ ਸਨ। ਜ਼ਮੀਨ ਦੇ ਸੌਦੇ ਉਨ੍ਹਾਂ ਦਾ ਮੈਨੇਜਰ ਕੋਈ ਅਗਰਵਾਲ ਨਾਮ ਦਾ ਵਿਅਕਤੀ ਕਰਦਾ ਸੀ। ਮੇਰੇ ਕੋਲ ਮੇਰੇ ਸਵਰਗਵਾਸੀ ਦੋਸਤ ਆਈ ਏ ਐਸ ਅਧਿਕਾਰੀ ਹਰਜੀਤਇੰਦਰ ਸਿੰਘ ਗਰੇਵਾਲ ਦੇ ਪਿਤਾ ਸਰਦਾਰ ਬਿਕਰਮਜੀਤ ਸਿੰਘ ਗਰੇਵਾਲ ਮੁੱਖ ਇੰਜਿਨੀਅਰ ਲੋਕ ਨਿਰਮਾਣ ਵਿਭਾਗ ਆਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੈਨੇਜਰ ਲੋਕਾਂ ਤੋਂ ਆਪ ਪੈਸੇ ਲੈ ਕੇ ਸਸਤੇ ਭਾਅ ਭੰਗ ਦੇ ਭਾਣੇ ਕੌਡੀਆਂ ਦੇ ਭਾਅ ਜ਼ਮੀਨ ਵੇਚ ਰਿਹਾ ਹੈ। ਉਹ ਮੈਨੂੰ ਕਹਿਣ ਲੱਗੇ ਜਿਸ ਦਰ ਨਾਲ ਕੈਪਟਨ ਸਾਹਿਬ ਦਾ ਮੈਨੇਜਰ ਜ਼ਮੀਨ ਵੇਚ ਰਿਹਾ ਹੈ, ਮੈਂ ਉਸ ਤੋਂ ਦੁਗਣੇ ਭਾਅ ਤੇ ਖ਼ਰੀਦ ਲਵਾਂਗਾ। ਤੁਸੀਂ ਮੈਨੂੰ ਕੈਪਟਨ ਸਾਹਿਬ ਤੋਂ ਜ਼ਮੀਨ ਦਿਵਾ ਦਿਓ। ਮੈਂ ਅਮਰੀਕ ਸਿੰਘ ਛੀਨਾ ਨੂੰ ਮੇਰਾ ਅਤੇ ਬਿਕਰਮਜੀਤ ਸਿੰਘ ਗਰੇਵਾਲ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਵਕਤ ਨਿਸਚਤ ਕਰਵਾ ਦੇਣ ਲਈ ਕਿਹਾ। ਇਥੇ ਮੈਂ ਦਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਲੇਸ ਦੀ ਪਰੰਪਰਾ ਹੈ ਕਿ ਉਹ ਸਮਾਂ ਨਿਸਚਤ ਕੀਤੇ ਬਿਨਾ ਕਿਸੇ ਨੂੰ ਮਿਲਦੇ ਨਹੀਂ ਪ੍ਰੰਤੂ ਜੇ ਸਮਾਂ ਦੇ ਦੇਣ ਫਿਰ ਪਹਿਲਾਂ ਚਾਹ ਪਾਣੀ ਪੀਣ ਤੋਂ ਬਿਨਾ ਜਾਣ ਨਹੀਂ ਦਿੰਦੇ। ਪੂਰੀ ਮਹਿਮਾਨ ਨਿਵਾਜ਼ੀ ਕਰਦੇ ਹਨ। ਜਦੋਂ ਅਸੀਂ ਕੈਪਟਨ ਸਾਹਿਬ ਨੂੰ ਮਿਲਣ ਗਏ ਤਾਂ ਬਿਕਰਮਜੀਤ ਸਿੰਘ ਗਰੇਵਾਲ ਦਾ ਮੈਂ ਤੁਆਰਫ ਕਰਵਾਇਆ ਤਾਂ ਗਰੇਵਾਲ ਸਾਹਿਬ ਨੇ ਸਾਰੀ ਗਲਬਾਤ ਦੱਸੀ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਮੈਨੇਜਰ ਤੋਂ ਪੁਛ ਲੈਂਦਾ ਹਾਂ। ਉਹ ਸਾਨੂੰ ਆਪਣੇ ਨਾਲ ਲੈ ਕੇ ਅਗਰਵਾਲ ਦੇ ਕਮਰੇ ਵਿਚ ਚਲੇ ਗਏ। ਆਮ ਤੌਰ ਤੇ ਰਾਜੇ ਮਹਾਰਾਜੇ ਕਿਸੇ ਕਰਮਚਾਰੀ ਕੋਲ ਨਹੀਂ ਜਾਂਦੇ ਸਗੋਂ ਕਰਮਚਾਰੀ ਨੂੰ ਤਲਬ ਕੀਤਾ ਜਾਂਦਾ ਹੈ। ਅਗਰਵਾਲ ਤਾਂ ਘਬਰਾ ਗਿਆ ਕਿ ਕੈਪਟਨ ਸਾਹਿਬ ਉਸਦੇ ਕਮਰੇ ਵਿਚ ਕਿਵੇਂ ਆ ਗਏ। ਕੈਪਟਨ ਸਾਹਿਬ ਨੇ ਉਸਨੂੰ ਪੁਛਿਆ ਕਿ ਆਪਾਂ ਬੀੜ ਬਹਾਦਰਗੜ੍ਹ ਵਿਖੇ ਜ਼ਮੀਨ ਦਾ ਸੌਦਾ ਕੀਤਾ ਹੈ। ਅਗਰਵਾਲ ਨੇ ਕਿਹਾ ‘‘ਜੀ ਹਜ਼ੂਰ ਮੈਂ ਸੌਦਾ ਕਰ ਲਿਆ ਹੈ ਪ੍ਰੰਤੂ ਅਜੇ ਰਜਿਸਟਰੀ ਕਰਵਾਉਣੀ ਹੈ’’। ਕੈਪਟਨ ਸਾਹਿਬ ਗਰੇਵਾਲ ਸਾਹਿਬ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਸਾਡੇ ਨੁਮਾਇੰਦੇ ਨੇ ਮੇਰੀ ਤਰਫੋਂ ਵਾਅਦਾ ਕਰ ਲਿਆ ਹੈ, ਹੁਣ ਮੈਂ ਵਾਅਦਾਖਿਲਾਫੀ ਨਹੀਂ ਕਰ ਸਕਦਾ। ਗਰੇਵਾਲ ਸਾਹਿਬ ਨੇ ਬਥੇਰਾ ਜ਼ੋਰ ਲਾਇਆ ਕਿ ਇਤਨੀ ਸਸਤੀ ਜ਼ਮੀਨ ਵੇਚ ਰਹੇ ਹੋ, ਇਹ ਲੋਕ ਤੁਹਾਨੂੰ ਵੇਚ ਕੇ ਖਾ ਰਹੇ ਹਨ। ਕੈਪਟਨ ਸਾਹਿਬ ਟਸ ਤੋਂ ਮਸ ਨਹੀਂ ਹੋਏ, ਸਾਨੂੰ ਲੈ ਕੇ ਡਰਾਇੰਗ ਰੂਮ ਵਿਚ ਆ ਗਏ ਤੇ ਕਾਫੀ ਮੰਗਵਾ ਲਈ। ਗਰੇਵਾਲ ਸਾਹਿਬ ਵਾਰ ਵਾਰ ਉਹੀ ਗਲ ਕਰੀ ਜਾਣ। ਕੈਪਟਨ ਸਾਹਿਬ ਕਹਿੰਦੇ ਗਰੇਵਾਲ ਸਾਹਿਬ ਜੇ ਮੈਂ ਆਪਣੇ ਮੁਲਾਜ਼ਮ ਦੇ ਕੀਤੇ ਵਾਅਦੇ ਨੂੰ ਤੋੜ ਦਿਆਂ, ਫਿਰ ਲੋਕ ਸਾਡੇ ਤੇ ਯਕੀਨ ਕਿਵੇਂ ਕਰਨਗੇ। ਹੁਣ ਲੋਕਾਂ ਕੋਲੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਕੈਪਟਨ ਸਾਹਿਬ ਪਹਿਲਾਂ ਵਰਗੇ ਨਹੀਂ ਰਹੇ ਹਨ। ਹੁਣ ਮੇਰਾ ਉਨ੍ਹਾਂ ਨਾਲ ਬਹੁਤਾ ਵਾਹ ਨਹੀਂ ਪੈਂਦਾ ਸਿਰਫ ਇਕ ਵਾਰ ਮਿਲਿਆ ਹਾਂ ਮਿਲਦੇ ਤਾਂ ਬਹੁਤ ਹੀ ਸਲੀਕੇ ਨਾਲ ਹਨ। ਮਹਿਮਾਨਨਿਵਾਜ਼ੀ ਵੀ ਪਹਿਲੇ ਵਰਗੀ ਹੀ ਹੈ। ਪ੍ਰੰਤੂ ਲੋਕ ਕਹਿੰਦੇ ਹਨ ਜੇਕਰ ਉਹ ਕੋਟਰੀ ਤੋਂ ਖਹਿੜਾ ਛੁਡਵਾ ਲੈਣ ਤਾਂ ਉਨ੍ਹਾਂ ਵਰਗਾ ਪਾਰਦਰਸ਼ੀ ਸਿਆਸਤਦਾਨ ਕੋਈ ਹੋ ਹੀ ਨਹੀਂ ਸਕਦਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ ਗੁਰਿੰਦਰਪਾਲ ਸਿੰਘ ਜੋਸਨ ਦੀ ਬਿਹਤਰੀਨ ਖੋਜੀ ਪੁਸਤਕ - ਉਜਾਗਰ ਸਿੰਘ

ਸੰਗੀਤ ਦੇ ਇਤਿਹਾਸ ਦੇ ਬਾਦਲੀਲ ਤੱਥਾਂ ਸਮੇਤ ਵਰਕੇ ਫਰੋਲਦੀ ਗੁਰਿੰਦਰਪਾਲ ਸਿੰਘ ਜੋਸਨ ਦੀ ਪੁਸਤਕ ‘‘ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨਏ ’’ ਤੰਤੀ ਸ਼ਾਜ਼ਾਂ ਦੇ ਸਫਰ ਬਾਰੇ ਮੀਲ ਪੱਥਰ ਸਾਬਤ ਹੋਵੇਗੀ। ਗੁਰਿੰਦਰਪਾਲ ਸਿੰਘ ਜੋਸਨ ਇਤਿਹਾਸ ਦੇ ਵਿਦਿਆਰਥੀ ਅਤੇ ਸਿੱਖ ਧਰਮ ਦੇ ਪੈਰੋਕਾਰ ਹੋਣ ਕਰਕੇ ਖੋਜੀ ਰੁਚੀ ਦੇ ਮਾਲਕ ਹਨ। ਉਨ੍ਹਾਂ ਨੇ ਹੁਣ ਤੱਕ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਹਨ, ਸਾਰੀਆਂ ਹੀ ਸਿੱਖ ਇਤਿਹਾਸ ਦੇ ਸੁਨਹਿਰੀ ਯੁਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਹਨ। ਉਨ੍ਹਾਂ ਦੀ ਲੇਖਣੀ ਦੀ ਕਮਾਲ ਇਹ ਹੈ ਕਿ ਉਹ ਹਰ ਘਟਨਾ ਬਾਰੇ ਪੂਰੀ ਖੋਜ ਕਰਨ ਤੋਂ ਬਾਅਦ ਹਵਾਲਿਆਂ ਦਾ ਜ਼ਿਕਰ ਕਰਕੇ ਲਿਖਦੇ ਹਨ।  ਹਵਾਲੇ ਤੱਥਾਂ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦੇ ਹਨ। ਇਸ ਪੁਸਤਕ ਵਿਚ ਭਾਈ ਮਰਦਾਨਾ ਤੋਂ ਇਲਾਵਾ 19  ਹੋਰ ਕੀਰਤਨੀਆਂ ਅਤੇ ਮੁਰੀਦ ਲੇਖਕਾਂ ਬਾਰੇ ਖੋਜ ਕਰਕੇ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਇਕੱਤਰ ਕਰਨ ਨਈ ਲੇਖਕ ਪਾਕਿਸਤਾਨ ਸਮੇਤ ਉਹ ਹਰ ਸਥਾਨ ਤੇ ਗਿਆ ਹੈ, ਜਿਥੋਂ ਇਨ੍ਹਾਂ ਕੀਰਤਨੀਆਂ ਬਾਰੇ ਜਾਣਕਾਰੀ ਮਿਲ ਸਕਦੀ ਸੀ। ਲੇਖਕ ਦੀ ਵਿਰਾਸਤ ਸਿੱਖ ਸੰਕਲਪ ਨਾਲ ਜੁੜੀ ਹੋਣ ਕਰਕੇ ਬਹੁਤ ਅਮੀਰ ਹੈ। ਇਸ ਲਈ ਕੁਦਰਤੀ ਹੈ ਕਿ ਗੁਰਿੰਦਰਪਾਲ ਸਿੰਘ ਜੋਸਨ ਵਿਚ ਵੀ ਸਿੱਖੀ ਵਿਚਾਰਧਾਰਾ ਵਿਚ ਅਥਾਹ ਸ਼ਰਧਾ ਤੇ ਵਿਸ਼ਵਾਸ਼ ਹੋਵੇਗਾ। ਇਹ ਪੁਸਤਕ ਉਨ੍ਹਾਂ ਦੀ ਸਿੱਖ ਧਰਮ ਦੇ ਸੰਗੀਤ ਪ੍ਰਤੀ ਬਚਨਵੱਧਤਾ ਦਾ ਸਬੂਤ ਹੈ। ਉਨ੍ਹਾਂ ਨੇ ਸਿੱਖ ਸੰਗੀਤ ਜਗਤ ਦੇ ਵਿਸਾਰੇ ਅਨਮੋਲ ਮੋਤੀਆਂ ਨੂੰ ਲੱਭਕੇ ਇਕ ਲੜੀ ਵਿਚ ਪ੍ਰੋ ਦਿੱਤਾ ਹੈ। ਭਾਰਤ ਵਿਚ ਸੰਗੀਤ ਦੇ ਇਤਿਹਾਸ ਵਿਚ ਤੰਤੀ ਸਾਜ਼ਾਂ ਦੇ ਪਹਿਲੇ ਕੀਰਤਨੀਏ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿਨ੍ਹਾਂ ਨੇ 19 ਰਾਗਾਂ ਵਿਚ ਗੁਰਬਾਣੀ ਲਿਖੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਦੇ ਸਹਾਇਕ ਕੀਰਤਨੀਏ ਤੇ ਤੌਰ ਯੋਗਦਾਨ ਪਾਇਆ। ਭਾਈ ਮਰਦਾਨਾ ਨੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਰਾਗਾਂ ਅਨੁਸਾਰ ਹੀ ਸੁਰਤਾਲ ਵਿਚ ਰਬਾਬ ਵਜਾਕੇ ਸਾਥ ਦਿੱਤਾ। ਇਸਦਾ ਸਬੂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਤੋਂ ਹੁੰਦਾ ਹੈ ਜਦੋਂ ਉਹ ਕਹਿੰਦੇ ਹਨ ‘ ਮਰਦਾਨਿਆਂ ਛੇੜ ਰਬਾਬ ਧੁਰ ਦੀ ਬਾਣੀ ਆਈ ਹੈ।’ ਪਹਿਲਾਂ ਰਬਾਬ ਅਮੀਰ ਲੋਕਾਂ ਦੇ ਮਨੋਰੰਜਨ ਲਈ ਆਯੋਜਤ ਸਮਾਗਮਾ ਵਿਚ ਵਜਾਈ ਜਾਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਨੂੰ ਸ਼ਰਾਬਖ਼ਾਨਿਆਂ ਵਿਚੋਂ ਕੱਢਕੇ ਧੁਰ ਕੀ ਬਾਣੀ ਨਾਲ ਜੋੜਿਆ ਸੀ। ਭਾਵੇਂ ਧਰੁਪਤ ਦੀ ਰਬਾਬ ਸਦੀਆਂ ਪਹਿਲੇ ਭਾਰਤ ਵਿਚ ਮੌਜੂਦ ਸੀ, ਜਿਸ ਦੀਆਂ 21 ਤਾਰਾਂ ਹੁੰਦੀਆਂ ਸਨ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਿਚ ਤਬਦੀਲੀ ਕਰਕੇ ਪਹਿਲਾਂ ਪੰਜ ਤਾਰਾਂ ਅਤੇ ਬਾਅਦ ਵਿਚ ਛੇ ਤਾਰਾਂ ਵਾਲੀ ਰਬਾਬ ਸੁਲਤਾਨਪੁਰ ਨੇੜੇ ਭੈਰੋਆਣੇ ਦੇ ਭਾਈ ਫਿਰੰਦੇ ਤੋਂ ਬਣਵਾਈ ਸੀ। ਭਾਈ ਮਰਦਾਨਾ 4 ਤਾਰਾਂ ਵਾਲੀ ਰਬਾਬ ਵਰਤਦੇ ਸਨ। ਅਜ ਕਲ੍ਹ 5 ਤਾਰਾਂ ਵਾਲੀ ਰਬਾਬ ਵਰਤੀ ਜਾਂਦੀ ਹੈ। ਇਹ ਰਬਾਬ ਭਗਤੀ ਤੇ ਸ਼ਕਤੀ ਦਾ ਸੁਮੇਲ ਸਾਬਤ ਹੋਈ ਹੈ। ਭਾਈ ਮਰਦਾਨੇ ਨੂੰ ਸੰਗੀਤ ਦੀ ਦੁਨੀਆਂ ਦਾ ਧਰੂ ਤਾਰਾ ਕਿਹਾ ਜਾ ਸਕਦਾ ਹੈ। ਉਸਦਾ ਨਾਮ ਦਾਨਾ ਸੀ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੀ ਯੋਗਤਾ ਨੂੰ ਮੁੱਖ ਰਖਕੇ ਭਾਈ ਮਰਦਾਨੇ ਦਾ ਖਿਤਾਬ ਦਿੱਤਾ ਸੀ। ਭਾਈ ਮਰਦਾਨਾ ਤਿਆਗ  ਦੀ ਮੂਰਤ ਸਨ। ਉਨ੍ਹਾਂ ਦਾ ਜੀਵਨ ਜਾਤ ਪਾਤ ਧਰਮ ਅਤੇ ਊਚ ਨੀਚ ਦੀਆਂ ਭਾਵਨਾਵਾਂ ਤੋਂ ਕੋਹਾਂ ਦੂਰ ਸੀ। ਉਹ ਗੁਰੂ ਜੀ ਨਾਲ ਮੰਦਰਾਂ ਵਿਚ ਵੀ ਗਏ। ਮੱਕੇ ਵਿਖੇ ਜਦੋਂ ਗੁਰੂ ਜੀੇ ਕਾਅਬੇ ਵਲ ਪੈਰ ਕਰਕੇ ਪੈ ਗਏ ਤਾਂ ਮੁਸਲਮਾਨ ਹੋਣ ਦੇ ਬਾਵਜੂਦ ਕੋਈ ਇਤਰਾਜ਼ ਨਹੀਂ ਕੀਤਾ। ਉਹ ਸਬਰ ਸੰਤੋਖ ਵਾਲੇ ਇਕ ਵਿਲੱਖਣ ਇਨਸਾਨ ਦੇ ਰੂਪ ਵਿਚ ਗੁਰੂ ਜੀ ਨਾਲ ਵਿਚਰਦੇ ਰਹੇ। ਲੇਖਕ ਨੇ ਬਿਹਤਰੀਨ ਪੰਥਕ ਕੰਮ ਕੀਤਾ ਹੈ, ਜੋ ਇਤਿਹਾਸ ਦਾ ਹਿੱਸਾ ਬਣਕੇ ਸਿੱਖ ਸੰਗੀਤ ਦੀ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ। ਭਾਈ ਮਰਦਾਨਾ ਏਸ਼ੀਆ ਤੇ ਪੂਰਬੀ ਯੂਰਪ ਦੀਆਂ ਗੁਰੂ ਜੀ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਰਿਹਾ ਸੀ। ਲੇਖਕ ਅਨੁਸਾਰ 1945 ਤੱਕ ਸ੍ਰੀ ਹਰਿਮੰਦਰ ਸਾਹਿਬ ਵਿਚ 15 ਰਬਾਬੀ ਜਥੇ ਤੰਤੀ ਸ਼ਾਜਾਂ ਨਾਲ ਕੀਰਤਨ ਕਰਦੇ ਰਹੇ ਹਨ, ਜਿਨ੍ਹਾਂ ਵਿਚੋਂ 7 ਮੁਸਲਮਾਨ ਜਥੇ ਸਨ।  ਭਾਈ ਮਰਦਾਨਾ ਗੁਰੂ ਜੀ ਦਾ ਪਹਿਲਾ ਸਰੋਤਾ ਅਤੇ ਗਾਇਕ ਵੀ ਸੀ। ਭਾਈ ਮਰਦਾਨੇ ਦਾ ਜਨਮ ਸੰਮਤ 1516 ਅਰਥਾਤ 1459 ਈਸਵੀ ਵਿਚ ਫਗਣ ਦੇ ਮਹੀਨੇ ਰਾਇ ਭੋਇ ਕੀ ਤਲਵੰਡੀ ਵਿਖੇ ਮਰਾਸੀ ਖ਼ਾਨਦਾਨ ਵਿਚ ਪਿਤਾ ਬਾਦਰਾ ਅਤੇ ਮਾਤਾ ਲਖੋ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ ਅੱਲਾ ਰੱਖੀ ਨਾਲ ਹੋਇਆ। ਉਨ੍ਹਾਂ ਦੇ ਦੋ ਸਪੁਤਰ ਰਜ਼ਾਦਾ ਤੇ ਸ਼ਜ਼ਾਦਾ ਅਤੇ ਇਕ ਸਪੁੱਤਰੀ ਕਾਕੋ ਸਨ। ਉਨ੍ਹਾਂ ਦਾ ਸਪੁਤਰ ਸ਼ਜ਼ਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਿਹਾ ਅਤੇ ਸ਼ਜ਼ਾਦਾ ਦੇ ਦੋਵੇਂ ਸਪੁਤਰ ਭਾਈ ਬਨੂ ਜੀ ਅਤੇ ਭਾਈ ਸਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਦੀ ਬੰਸਾਬਲੀ ਦੇ ਭਾਈ ਸਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਦੋਹਾਂ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 966-68 ਤੇ ਦਰਜ ਹਨ। ਲੇਖਕ ਨੇ ਸਾਰੇ ਰਬਾਬੀਆਂ ਬਾਰੇ ਵਿਆਖਿਆ ਨਾਲ ਲਿਖਿਆ ਹੈ ਪ੍ਰੰਤੂ ਮੈਂ ਸੰਖੇਪ ਵਿਚ ਜਾਣਕਾਰੀ ਦੇ ਰਿਹਾ ਹਾਂ।
     ਭਾਈ ਸੰਤ (ਸਈਅਦ) ਪਿ੍ਰਥੀਪਾਲ ਸਿੰਘ ਉਰਫ ਮੁਸ਼ਤਾਕ ਹੁਸੈਨ(1902-1969)-ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜਿ੍ਹਆ ਅਤੇ ਆਪਣੇ ਪਿਤਾ ਦੇ ਵਿਰੋਧ ਦੇ ਬਾਵਜੂਦ ਪਿਤਾ ਤੋਂ ਬਗਾਬਤ ਕਰਕੇ ਆਪਣੇ ਪਰਿਵਾਰ ਨੂੰ ਲੈ ਕੇ ਲਾਹੌਰ ਜਾ ਕੇ 1935 ਵਿਚ ਗਿਆਨੀ ਅਛਰ ਸਿੰਘ ਤੋਂ ਅੰਮਿ੍ਰਤਪਾਨ ਕੀਤਾ ਅਤੇ ਪਿ੍ਰਥੀਪਾਲ ਸਿੰਘ ਬਣ ਗਏ। ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਪਟਿਆਲਾ ਅਤੇ ਫਿਰ ਲੰਡਨ ਜਾ ਕੇ ਵਸ ਗਏ। ਉਹ ਬਿਹਤਰੀਨ ਕਥਾ ਵਾਚਕ ਸਨ।
 ਤਾਜੂਦੀਨ ਨਕਾਸ਼ਬੰਦੀ- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕੇ ਮਦੀਨੇ ਦੀ ਯਾਤਰਾ ਬਾਰੇ ਅਤੇ ਉਨ੍ਹਾਂ ਦੇ ਰੂਹਾਨੀ ਜੀਵਨ ਸੰਬੰਧੀ ਪੁਸਤਕਾਂ ਲਿਖੀਆਂ। ਇਕ ਕਿਸਮ ਨਾਲ ਗੁਰੂ ਜੀ ਦੇ ਮੱਕੇ ਵਿਖੇ ਹੋਏ ਅਧਿਆਤਮਕ ਵਿਚਾਰ ਵਟਾਂਦਰਾ ਲਿਖਕੇ ਇਤਿਹਾਸ ਦਾ ਹਿੱਸਾ ਬਣਾÎਇਆ ਅਤੇ ਆਪ ਮੁਸਲਿਮ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਗੁਰੂ ਜੀ ਦੇ ਮੁਰੀਦ ਬਣ ਗਏ। ਉਨ੍ਹਾਂ ਨੂੰ ਰੂਹਾਨੀ ਲੇਖਕ ਕਿਹਾ ਜਾਂਦਾ ਹੈ।
   ਰਬਾਬੀ ਭਾਈ ਸਧਾਰਨ ਜੀ (1504-1598)-ਭਾਈ ਸਧਾਰਨ ਸ੍ਰੀ ਗੁਰੂ ਅੰਗਦ ਦੇਵ , ਸ੍ਰੀ ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਸਨ। ਉਹ ਇਕ ਚੰਗੇ ਲਿਖਾਰੀ ਇਮਾਰਤ ਨਿਰਮਾਤਾ ਲੇਖਕ ਮੂਰਤੀਕਾਰ ਸ਼ਸਤਰਧਾਰੀ ਅਤੇ ਕੀਰਤਨੀਏ ਸਨ।
ਰਬਾਬੀ ਭਾਈ ਬਾਬਕ ਜੀ-ਭਾਈ ਬਾਬਕ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਨ। ਉਹ ਲੜਾਈ ਦੇ ਮੈਦਾਨ ਵਿਚ ਚੰਗੇ ਯੋਧੇ ਸਨ। ਇਕ ਹੋਰ ਭਾਈ ਬਾਬਕ ਹੋਏ ਹਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਉਨ੍ਹਾਂ ਨਾਲ ਰਹੇ।
ਰਬਾਬੀ ਭਾਈ ਚਾਂਦ ਜੀ- ਉਨ੍ਹਾਂ 1924 ਤੋਂ 1944 ਤੱਕ ਦਰਬਾਰ ਸਾਹਿਬ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਅਤੇ 500 ਪ੍ਰਮਾਣਾ ਨਾਲ ਕੀਰਤਨ ਕਰਨ ਦਾ ਮੁੱਢ ਬੰਨਿਆਂ ਜਿਸਨੂੰ ਅੱਜ ਕਲ੍ਹ ਅਖੰਡ ਕੀਰਤਨ ਕਿਹਾ ਜਾਂਦਾ ਹੈ।
ਰਬਾਬੀ ਭਾਈ ਲਾਲ ਜੀ (ਆਸ਼ਿਕ ਅਲੀ) (1929- 2012)- ਭਾਈ ਲਾਲ ਜੀ ਪੁਰਾਤਨ ਪ੍ਰੰਪਰਾ ਅਨੁਸਾਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਭਾਰਤ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੇਸ ਵਿਦੇਸ ਦੇ ਮਹੱਤਵਪੂਰਨ ਗੁਰੂ ਘਰਾਂ ਅਤੇ ਪੰਜ ਤਖ਼ਤਾਂ ਤੇ ਕੀਰਤਨ ਕਰਨ ਦਾ ਮਾਣ ਜਾਂਦਾ ਹੈ।
ਭਾਈ ਸਤਾ ਤੇ ਬਲਵੰਡ ਜੀ-ਭਾਈ ਮਰਦਾਨਾ ਜੀ ਸਿੱਖ ਧਰਮ ਦੇ ਪਹਿਲੇ ਰਬਾਬੀ ਅਤੇ ਭਾਈ ਸਤਾ ਤੇ ਬਲਵੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਰਬਾਬੀ ਹੋਏ ਹਨ। ਉਹ ਦੋਵੇਂ ਸ੍ਰੀ ਗੁਰੂ ਅਰਜਨ ਦੇਵ ਦੇ ਸਮੇਂ ਹਜ਼ੂਰੀ ਰਾਗੀ ਸਨ।
ਜੱਸਾ ਸਿੰਘ ਆਹਲੂਵਾਲੀਆ 1718-1783 -ਜਦੋਂ ਸਰਬਤ ਖਾਲਸਾ ਦੇ ਦੀਵਾਨ ਅਕਾਲ ਤਖ਼ਤ ਸਾਹਿਬ ਉਪਰ ਹੁੰਦੇ ਸਨ ਤਾਂ ਉਹ ਉਥੇ ਕੀਰਤਨ ਕਰਿਆ ਕਰਦੇ ਸਨ। ਜਦੋਂ ਹਿੰਦੂ ਕੁੜੀਆਂ ਨੂੰ ਧਾੜਵੀ ਲਿਜਾ ਰਹੇ ਸਨ ਤਾਂ ਹਮਲਾ ਕਰਕੇ ਉਨ੍ਹਾਂ ਵਾਪਸ ਲਿਆਂਦਾ ਸੀ।  
ਰਾਗੀ ਭਾਈ ਮਨਸਾ ਸਿੰਘ-(1750-1835) -ਭਾਈ ਮਨਸਾ ਸਿੰਘ ਸਬਰ ਸੰਤੋਖ ਵਾਲੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਜੋ ਕੀਰਤਨ ਕਰਨ ਦਾ ਇਵਜ਼ਾਨਾ ਨਹੀਂ ਲੈਂਦੇ ਸਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਭਾਈ ਸ਼ਾਮ ਸਿੰਘ-(1803-1926)-ਉਨ੍ਹਾਂ ਸਾਰੰਧੇ ਨਾਲ 78 ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਅੰਮਿ੍ਰਤ ਵੇਲੇ ‘ਆਸਾ ਕੀ ਵਾਰ’ ਦਾ ਕੀਰਤਨ ਕੀਤਾ ਅਤੇ ਹਰ ਰੋਜ਼ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਦਰ ਰਹਿਰਾਸ ਦਾ ਪਾਠ ਕਰਦੇ ਸਨ। ਉਹ 123 ਸਾਲ ਦੀ ਉਮਰ ਭੋਗਕੇ 23 ਅਪ੍ਰੈਲ 1926 ਨੂੰ ਸਵਰਗ ਸਿਧਾਰ ਗਏ।
ਰਾਗੀ ਭਾਈ ਹੀਰਾ ਸਿੰਘ (1879-1926) ਤੇ ਹਾਜ਼ੀ ਮੁਹੰਮਦ ਮਸਕੀਨ ਜੀ-ਭਾਈ ਹੀਰਾ ਸਿੰਘ ਬਹੁਤ ਹੀ ਸੁਰੀਲੀ ਆਵਾਜ਼ ਵਿਚ ਅਜਿਹਾ ਕੀਰਤਨ ਕਰਦੇ ਸਨ ਜਿਸ ਤੋਂ ਪ੍ਰਭਾਵਤ ਹੋ ਕੇ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਨ੍ਹਾਂ ਦੇ ਰਾਗੀ ਜਥੇ ਨੇ ਦੇਸ ਦੇ ਮਹੱਤਵ ਪੂਰਨ ਗੁਰਧਾਮਾ ਵਿਚ ਕੀਰਤਨ ਕੀਤਾ। ਹਾਜ਼ੀ ਮਸਤਾਨ ਨੇ 45 ਹਜ਼ਾਰ ਵਾਲਾਂ ਵਾਲਾ ਚੌਰ ਬਣਾਕੇ ਹੀਰਾ ਸਿੰਘ ਨੂੰ ਦਰਬਾਰ ਸਾਹਿਬ ਵਿਚ ਭੇਂਟ ਕੀਤਾ ਜੋ ਅਜੇ ਵੀ ਤੋਸ਼ੇਖਨੇ ਵਿਚ ਪਿਆ ਹੈ।
ਰਾਗੀ ਭਾਈ ਸੁਰਜਨ ਸਿੰਘ ਜੀ (1911-1965)- ਭਾਈ ਸੁਰਜਨ ਸਿੰਘ ਰਾਗਾਂ ਦੇ ਮਾਹਿਰ ਸਨ, ਜਿਨ੍ਹਾਂ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਸੇਵਾ ਨਿਭਾਈ। ਉਹ ਜਨਮ ਤੋਂ ਹੀ ਸੂਰਮੇ ਸਨ। ਉਹ ਸਾਰੀ ਉਮਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਅਤੇ ਦਰਬਾਰ ਸਾਹਿਬ ਤੋਂ ਬਾਹਰ ਕਦੀਂ ਵੀ ਕੀਰਤਨ ਕਰਨ ਨਹੀਂ ਗਏ।
ਰਾਗੀ ਭਾਈ ਸੰਤਾ ਸਿੰਘ (1904-1966)-ਭਾਈ ਸੰਤਾ ਸਿੰਘ ਦਰਬਾਰ ਸਾਹਿਬ ਵਿਚ ਰਾਗ ਆਸਾ ਅਤੇ ਬਸੰਤ ਵਿਚ ਕੀਰਤਨ ਕਰਨ ਦੇ ਮਹਿਰ ਸਨ। ਉਹ ਆਮ ਤੌਰ ਤੇ ਬੀਰ ਰਸ ਵਾਲਾ ਕੀਰਤਨ ਕਰਦੇ ਸਨ। ਆਪ ਨਨਕਾਣਾ ਸਾਹਿਬ ਅਤੇ ਦਿੱਲੀ ਕੀਰਤਨ ਕਰਦੇ ਰਹੇ ਹਨ। ਫਿਰ ਅਮਰੀਕਾ ਵਿਚ ਯੋਗੀ ਹਰਭਜਨ ਸਿੰਘ ਕੋਲ ਕੀਰਤਨ ਕਰਨ ਲਈ ਚਲੇ ਗਏ ਸਨ।
ਰਾਗੀ ਭਾਈ ਸੁਮੰਦ ਸਿੰਘ ਜੀ (1900-1972) -ਭਾਈ ਸੁਮੰਦ ਸਿੰਘ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਖ਼ਰੀ ਮਹਾਨ ਰਾਗੀਆਂ ਵਿਚੋਂ ਇਕ ਸਨ। ਭਾਈ ਸਾਹਿਬ ਦੀਆਂ ਪੰਜ ਪੀੜ੍ਹੀਆਂ ਨਨਕਾਣਾ ਸਾਹਿਬ ਵਿਚ ਕੀਰਤਨ ਦੀ ਸੇਵਾ ਕਰਦੀਆਂ ਰਹੀਆਂ ਹਨ। ਉਹ 20 ਸਾਲ ਦੀ ਉਮਰ ਵਿਚ ਹੀ ਨਨਕਾਣਾ ਸਾਹਿਬ ਵਿਖੇ ਹਜ਼ੂਰੀ ਰਾਗੀ ਬਣ ਗਏ ਸਨ।
ਭਾਈ ਤਾਬਾ ਜੀ (1855-1963)-ਭਾਈ ਤਾਬਾ ਜੀ ਹਜ਼ੂਰੀ ਰਬਾਬੀ ਸਨ। ਉਹ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਰਹੇ। ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ।
ਰਾਗੀ ਭਾਈ ਗੋਪਾਲ ਸਿੰਘ ਜੀ (1914-1972)– ਭਾਈ ਗੋਪਾਲ ਸਿੰਘ ਚਾਰ ਸਾਲ ਦੀ ਉਮਰ ਵਿਚ ਹੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਥੋੜ੍ਹਾ ਸਮਾਂ ਬਾਅਦ ਉਹ ਯਤੀਮ ਹੋ ਗਏ।  ਯਤੀਮਖਾਨੇ ਵਿਚ ਰਹਿੰਦਿਆਂ ਹੀ ਕਲਾਸੀਕਲ  ਰਾਗਾਂ ਵਿਚ ਕੀਰਤਨ ਕਰਨਾ ਸਿਖਿਆ। ਦਿੱਲੀ ਦੀ ਸੰਗਤ ਦੀ ਮੰਗ ਤੇ ਉਹ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ।
ਰਬਾਬੀ ਭਾਈ ਚੂਹੜ ਜੀ-ਰਬਾਬੀ ਚੂਹੜ ਜੀ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬੋਦਲ ਵਿਚ ਹੋਇਆ ਸੀ। ਪਿੰਡ ਦਾ ਮਿਰਾਸੀ ਚੂਹੜ ਕੀਰਤਨ ਦਾ ਜੰਗਲ ਵਿਚ ਇਕਾਂਤ ਵਿਚ ਰਿਆਜ਼ ਕਰ ਰਿਹਾ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਜੰਗਲ ਦੇ ਕੋਲੋਂ ਲੰਘ ਰਹੇ ਸਨ। ਜਦੋਂ ਉਨ੍ਹਾਂ ਮਧੁਰ ਆਵਾਜ਼ ਸੁਣੀ ਤਾਂ ਉਹ ਕਾਇਲ ਹੋ ਗਏ। ਉਨ੍ਹਾਂ ਆਪਣੇ ਰਬੁਾਬੀ ਬਾਬਕ ਕੋਲੋਂ ਰਬਾਬ ਲੈ ਕੇ ਚੂਹੜ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਨਾਲ ਰਿਆਜ਼ ਕਰਿਆ ਕਰ।
  ਇਸ ਪੁਸਤਕ ਦੇ 110 ਪੰਨੇ ਹਨ। ਇਸਨੂੰ ਰਬਾਬੀ ਭਾਈ ਮਰਦਾਨਾ ਫਾਊਂਡੇਸ਼ਨ ਇੰਕ ਨੇ ਪ੍ਰਕਾਸ਼ਤ ਕਰਵਾਇਆ ਹੈ। ਰੰਗਦਾਰ ਮੁੱਖ ਕਵਰ ਵਾਲੀ ਵਿਲੱਖਣ ਪੁਸਤਕ ਹੈ ਪ੍ਰੰਤੂ ਇਸ ਵਿਚ ਕਰਾਮਾਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਿੱਖ ਧਰਮ ਦੇ ਅਸੂਲਾਂ ਦੇ ਵਿਰੁਧ ਹੈ। ਇਹ ਪੁਸਤਕ sikh book club.com ਤੋਂ ਮੁਫਤ ਮੰਗਵਾਈ ਜਾ ਸਕਦੀ ਹੈ।
                                                   

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com

ਆਪਣੀਆਂ ਸ਼ਰਤਾਂ ਤੇ ਨੌਕਰੀ ਕਰਨ ਵਾਲਾ ਅਧਿਕਾਰੀ ਵਰਿਆਮ ਸਿੰਘ ਢੋਟੀਆਂ - ਉਜਾਗਰ ਸਿੰਘ

ਜੇਕਰ ਕਿਸੇ ਇਨਸਾਨ ਦਾ ਇਰਾਦਾ ਦਿ੍ਰੜ੍ਹ, ਲਗਨ, ਮਿਹਨਤੀ ਰੁਚੀ, ਆਪਣਾ ਕੈਰੀਅਰ ਬਣਾਉਣ ਦੀ ਸਾਰਥਿਕ ਭਾਵਨਾ, ਹਾਲਾਤ ਭਾਵੇਂ ਕਿਹੋ ਜਹੇ ਵੀ ਹੋਣ ਪ੍ਰੰਤੂ ਆਪਣੇ ਉਪਰ ਵਿਸ਼ਵਾਸ ਹੋਵੇ ਤਾਂ ਸਫਲਤਾ ਉਸਦੇ ਪੈਰ ਚੁੰਮਦੀ ਹੈ। ਅਜਿਹੇ ਹੀ ਇਕ ਵਿਅਕਤੀ ਹਨ, ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਸੰਯੁਕਤ ਸੰਚਾਲਕ ਵਰਿਆਮ ਸਿੰਘ ਢੋਟੀਆਂ। ਉਨ੍ਹਾਂ ਨੇ 34 ਸਾਲ ਵਿਭਾਗ ਵਿਚ ਨੌਕਰੀ ਧੜੱਲੇ ਨਾਲ ਕੀਤੀ। ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਕਿਤਨੇ ਹੀ ਦਬਾਅ ਪੈਂਦੇ ਰਹੇ ਅਤੇ ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਦੀ ਈਨ ਨਹੀਂ ਮੰਨੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨੌਕਰੀ ਵਿਚ ਨਖ਼ਰਾ ਨਹੀਂ ਚਲਦਾ ਪ੍ਰੰਤੂ ਵਰਿਆਮ ਸਿੰਘ ਢੋਟੀਆਂ ਨੇ ਸਾਰੀ ਨੌਕਰੀ ਨਖ਼ਰੇ ਨਾਲ ਆਪਣੀਆਂ ਸ਼ਰਤਾਂ ਤੇ ਕੀਤੀ। ਭਾਵੇਂ ਉਨ੍ਹਾਂ ਦੀ ਤਰੱਕੀ ਵਿਚ ਕਈ ਵਾਰ ਅੜਚਣਾ ਪਾਈਆਂ ਗਈਆਂ ਪ੍ਰੰਤੂ ਉਹ ਸਰਕਾਰੀ ਵਿਭਾਗਾਂ ਵਾਲੀ ਚਾਪਲੂਸੀ ਤੋਂ ਕੋਹਾਂ ਦੂਰ ਰਹੇ। ਉਨ੍ਹਾਂ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਭਾਨੀ ਦੇ ਘਰ 1 ਫਰਵਰੀ 1932 ਨੂੰ ਹੋਇਆ। ਕਿਸ਼ਨ ਸਿੰਘ ਦਾ ਪਰਿਵਾਰ ਮੱਧ ਵਰਗ ਦਾ ਕਾਸ਼ਤਕਾਰ ਕਰਨ ਵਾਲਾ ਪਰਿਵਾਰ ਸੀ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਇਹ ਪਿੰਡ ਤਰਨਤਾਰਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਪਰਿਵਾਰ ਵਿਚ ਭਾਵੇਂ ਕੋਈ ਬਹੁਤਾ ਪੜਿ੍ਹਆ ਲਿਖਿਆ ਨਹੀਂ ਸੀ ਪ੍ਰੰਤੂ ਵਰਿਆਮ ਸਿੰਘ ਦੇ ਮਾਤਾ ਪਿਤਾ ਨੇ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦਿਆਂ ਆਪਣੇ 3 ਸਪੁੱਤਰਾਂ ਨੂੰ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਪੜ੍ਹਾਈ ਕਰਵਾਉਣ ਨੂੰ ਜ਼ਰੂਰੀ ਮਹਿਸੂਸ ਕਰਦਿਆਂ ਪੜ੍ਹਾਇਆ। ਵੱਡਾ ਸਪੁੱਤਰ ਦਿੱਲੀ ਵਿਖੇ ਆਪਣਾ ਕਾਰੋਬਾਰ ਕਰਦਾ ਅਤੇ ਦੂਜਾ ਲੜਕਾ ਸਰੂਪ ਸਿੰਘ ਪੋਸਟ ਅਤੇ ਟੈਲੀਗ੍ਰਾਫ ਵਿਭਾਗ ਵਿਚ ਦਿੱਲੀ ਵਿਖੇ ਸੀਨੀਅਰ ਅਕਾਊਂਟਸ ਕਲਰਕ ਸੀ। ਉਨ੍ਹਾਂ ਨੂੰ ਵਿਭਾਗ ਨੇ ਡੈਪੂਟੇਸਨ ਤੇ ਜਾਂਬੀਆ ਭੇਜਿਆ। ਜਿਥੋਂ ਉਹ ਸੇਵਾ ਮੁਕਤੀ ਤੋਂ ਬਾਅਦ ਬੋਟਸਟੋਵਾ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਮੋਟਰ ਮੁਰੰਮਤ ਕਰਨ ਦੀ ਵਰਕਸ਼ਾਪ ਅਤੇ ਪੈਟਰੌਲ ਪੰਪ ਦਾ ਵਿਓਪਾਰ ਕਰ ਲਿਆ। ਜਦੋਂ ਵਰਿਆਮ ਸਿੰਘ ਪੜ੍ਹਦੇ ਸਨ, ਉਦੋਂ ਪਿੰਡ ਨੂੰ ਤਰਨਤਾਰਨ ਤੋਂ ਜਾਂਦੀ ਸੜਕ ਸੇਰੋਂ ਤੋਂ 3 ਕਿਲੋਮੀਟਰ ਕੱਚੀ ਸੀ। ਤਰਨਤਾਰਨ ਆਉਣ ਜਾਣ ਲਈ ਤਾਂਗੇ ਦੀ ਸਵਾਰੀ ਕੀਤੀ ਜਾਂਦੀ ਸੀ। ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਲੋਕ ਆਪਣੀਆਂ ਫਸਲਾਂ ਤਰਨਤਾਰਨ ਵੇਚਣ ਜਾਂਦੇ ਸਨ। ਪਿੰਡ ਵਿਚ ਇਕ ਰਾਜਾ ਰਾਮ ਗੁਰਦੁਆਰਾ, ਮੰਦਰ ਅਤੇ ਮਸੀਤ ਵੀ ਹੈ। ਪਿੰਡ ਵਿਚ ਇਕ ਵੱਡਾ ਬੋਹੜ ਦਾ ਦਰਖਤ ਹੁੰਦਾ ਸੀ, ਜਿਥੇ ਪਿੰਡ ਦੇ ਲੋਕ ਬੈਠਕੇ ਗਪਛਪ ਕਰਦੇ ਅਤੇ ਬੱਚੇ ਖੇਡਦੇ ਸਨ। ਏਥੇ ਹੀ ਇਕ ਮੇਲਾ ਲਗਦਾ ਸੀ। ਬੋਹੜ ਕਾਰ ਸੇਵਾ ਦੀ ਭੇਂਟ ਚੜ੍ਹ ਗਿਆ ਹੈ। ਪਿੰਡ ਵਿਚ ਸ਼ਾਹੂਕਾਰਾਂ ਦੇ ਵੱਡੇ ਅਤੇ ਸੁੰਦਰ ਘਰ ਸਨ। ਲੋਕਾਂ ਦੇ ਦੁੱਖ ਸੁੱਖ ਵਿਚ ਉਹ ਹੀ ਕੰਮ ਆਉਂਦੇ ਸਨ।
      ਵਰਿਆਮ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਢੋਟੀਆਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਹਾਈ ਸਕੂਲ ਵਿਚੋਂ ਕੀਤੀ ਸੀ। 6ਵੀਂ ਅਤੇ 7ਵੀਂ ਉਹ ਪੈਦਲ ਸਕੂਲ ਜਾਂਦੇ ਰਹੇ। 8ਵੀਂ ਅਤੇ 9ਵੀਂ ਹੋਸਟਲ ਵਿਚ ਰਹਿਕੇ ਪਾਸ ਕੀਤੀਆਂ। 10ਵੀਂ ਕਲਾਸ ਵਿਚ ਪੜ੍ਹਨ ਲਈ ਪਿੰਡ ਤੋਂ ਸਾਈਕਲ ‘ਤੇ ਜਾਂਦੇ ਰਹੇ। ਉਸ ਤੋਂ ਬਾਅਦ ਉਹ ਆਪਣੇ ਭਰਾਵਾਂ ਕੋਲ ਦਿੱਲੀ ਚਲੇ ਗਏ, ਉਥੇ ਉਨ੍ਹਾਂ 1952 ਵਿਚ ਰਾਮਜਸ ਕਾਲਜ ਤੋਂ ਬੀ ਏ ਦੀ ਡਿਗਰੀ ਪਾਸ ਕੀਤੀ। ਬੀ ਏ ਕਰਨ ਵਾਲੇ ਢੋਟੀਆਂ ਪਿੰਡ ਦੇ ਉਹ ਪਹਿਲੇ ਵਿਅਕਤੀ ਸਨ। ਸਾਲ 1955 ਵਿਚ ਉਹ ਲੋਕ ਸੰਪਰਕ ਵਿਭਾਗ ਵਿਚ ਚੰਡੀਗੜ੍ਹ ਵਿਖੇ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਅਨੁਵਾਦਕ ਭਰਤੀ ਹੋ ਗਏ। ਉਨ੍ਹਾਂ ਦੇ ਮਨ ਵਿਚ ਬਚਪਨ ਵਿਚ ਹੀ ਵਿਚ ਕੁਝ ਬਣਨ ਦੀ ਪ੍ਰਵਿਰਤੀ ਪੈਦਾ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਸਰਕਾਰੀ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਪ੍ਰਾਈਵੇਟਲੀ ਪਹਿਲਾਂ ਗਿਆਨੀ, ਪ੍ਰਭਾਕਰ ਅਤੇ ਫਿਰ ਐਮ ਏ ਪੰਜਾਬੀ ਪਾਸ ਕਰ ਲਈਆਂ। ਜਦੋਂ ਉਨ੍ਹਾਂ ਦੀ 6 ਸਾਲ ਨੌਕਰੀ ਕਰਨ ਤੋਂ ਬਾਅਦ ਕੋਈ ਤਰੱਕੀ ਨਾ ਹੋਈ ਤਾਂ ਲੋਕ ਸੰਪਰਕ ਵਿਭਾਗ ਦੀ ਨੌਕਰੀ ਤੋਂ ਵੀ ਉਹ ਉਕਤਾ ਗਏ ਅਤੇ 1961 ਵਿਚ ਭਾਸ਼ਾ ਵਿਭਾਗ ਪੰਜਾਬ ਵਿਚ ਪਟਿਆਲਾ ਵਿਖੇ ਸੀਨੀਅਰ ਅਨੁਵਾਦਕ ਦੀ ਨੌਕਰੀ ਤੇ ਲੱਗ ਗਏ। ਇਸ ਵਿਭਾਗ ਵਿਚ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਵਿਭਾਗ ਦਾ ਕੰਮ ਉਨ੍ਹਾਂ ਦੀ ਸਾਹਿਤਕ ਰੁਚੀ ਵਾਲਾ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਲ੍ਹਾ ਭਾਸ਼ਾ ਅਧਿਕਾਰੀਆਂ ਦੀਆਂ ਅਸਾਮੀਆਂ ਲਈ ਭਰਤੀ ਵਾਸਤੇ ਇਸ਼ਤਿਹਾਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਇਆ ਪੜਿ੍ਹਆ ਤਾਂ ਉਨ੍ਹਾਂ ਲਈ ਅਰਜ਼ੀ ਦੇ ਦਿੱਤੀ। ਉਹ ਇਸ ਅਸਾਮੀ ਲਈ ਚੁਣੇ ਗਏ ਅਤੇ 1 ਅਪ੍ਰੈਲ 1964 ਨੂੰ ਜਿਲ੍ਹਾ ਭਾਸ਼ਾ ਅਧਿਕਾਰੀ ਲੱਗ ਗਏ। ਭਾਵੇਂ ਇਸ ਵਿਭਾਗ ਵਿਚ ਉਨ੍ਹਾਂ ਦੀ ਦਿਲਚਸਪੀ ਵਾਲਾ ਕੰਮ ਸੀ ਪ੍ਰੰਤੂ ਦਿਮਾਗ ਵਿਚ ਹੋਰ ਉਚਾ ਅਹੁਦਾ ਪ੍ਰਾਪਤ ਕਰਨ ਲਈ ਉਤਸੁਕਤਾ ਪੈਦਾ ਹੋ ਗਈ ਕਿਉਂਕਿ ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਸੀ ਕਿ ਉਹ ਹੋਰ ਤਰੱਕੀ ਕਰ ਸਕਦੇ ਹਨ। ਲੋਕ ਸੰਪਰਕ ਵਿਭਾਗ ਵਿਚ ਇਕ ਲੋਕ ਸੰਪਰਕ ਅਧਿਕਾਰੀ ਪ੍ਰੈਸ ਦੀ ਅਸਾਮੀ ਦਾ ਅਖ਼ਬਾਰਾਂ ਵਿਚ ਇਸ਼ਤਿਹਾਰ ਨਿਕਲਿਆ। ਫਿਰ ਉਨ੍ਹਾਂ ਉਸ ਅਸਾਮੀ ਲਈ ਵੀ ਅਪਲਾਈ ਕਰ ਦਿੱਤਾ। ਛੇ ਮਹੀਨੇ ਜਿਲ੍ਹਾ ਭਾਸ਼ਾ ਅਧਿਕਾਰੀ ਦੀ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਚੋਣ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਹੋ ਗਈ ਅਤੇ ਉਨ੍ਹਾਂ ਨੇ 7 ਅਕਤੂਬਰ 1964 ਨੂੰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ। ਫੀਰੋਜ਼ਪੁਰ ਅਤੇ ਗੁਰਦਾਸਪੁਰ ਦੇ ਸਰਹੱਦੀ ਜਿਲ੍ਹੇ ਹੋਣ ਕਰਕੇ ਉਥੋਂ ਦਾ ਉਨ੍ਹਾਂ ਦਾ ਤਜ਼ਰਬਾ ਕਈ ਖੱਟੇ ਮਿਠੇ ਅਨੁਭਵਾਂ ਵਾਲਾ ਰਿਹਾ ਜੋ ਸਾਰੀ ਨੌਕਰੀ ਦੌਰਾਨ ਸਹਾਈ ਅਤੇ ਤਰੱਕੀ ਦੇ ਰਾਹ ਵਿਚ ਰੋੜਾ ਬਣਿਆਂ। ਗੁਰਦਾਸਪੁਰ ਨੌਕਰੀ ਸਮੇਂ 1965 ਵਿਚ ਅਤੇ ਫੀਰੋਜ਼ਪੁਰ ਪੋਸਟਿੰਗ ਦੌਰਾਨ 1971 ਵਿਚ ਭਾਰਤ ਪਾਕਿਸਤਾਨ ਦੀ ਲੜਾਈ ਲੱਗ ਗਈ। ਇਨ੍ਹਾਂ ਲੜਾਈਆਂ ਦੌਰਾਨ ਫੌਜੀ ਅਧਿਕਾਰੀਆਂ ਅਤੇ ਜਵਾਨਾ ਨਾਲ ਵਾਹ ਪੈਂਦਾ ਰਿਹਾ। ਇਥੇ ਸਰਹੱਦੀ ਇਲਾਕਾ ਹੋਣ ਕਰਕੇ ਹਮੇਸ਼ਾ ਅਨਿਸਚਤਤਾ ਦਾ ਮਾਹੌਲ ਬਣਿਆਂ ਰਹਿੰਦਾ ਸੀ। ਮੁੱਖ ਦਫ਼ਤਰ ਵੱਲੋਂ ਕਦੀਂ ਵੀ ਕਿਸੇ ਨੇ ਸਾਰ ਨਾ ਲਈ। ਜਦੋਂ ਉਹ ਫੀਰੋਜਜ਼ਪੁਰ ਸਨ ਤਾਂ ਚੰਡੀਗੜ੍ਹ ਤੋਂ ਵਿਭਾਗ ਦਾ ਇਕ ਸੀਨੀਅਰ ਆਈ ਏ ਐਸ ਅਧਿਕਾਰੀ ਪ੍ਰੈਸ ਪਾਰਟੀ ਲੈ ਕੇ ਬਾਰਡਰ ਸਕਿਉਰਿਟੀ ਫੋਰਸ ਦੇ ਹੈਡਕੁਆਰਟਰ ਮਮਦੋਟ ਵਿਖੇ ਆ ਗਏ, ਪ੍ਰੈਸ ਪਾਰਟੀ ਦੇ ਪ੍ਰੋਗਰਾਮ ਦਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਨੂੰ ਦੱਸਿਆ ਨਾ ਗਿਆ। ਪਤਾ ਉਦੋਂ ਲੱਗਾ ਜਦੋਂ ਇਕ ਡਰਾਇਵਰ ਆਪਣੀ ਗੱਡੀ ਦੀ ਮੁਰੰਮਤ ਕਰਵਾਉਣ ਲਈ ਸਵੇਰੇ ਹੀ ਆ ਗਿਆ। ਉਨ੍ਹਾਂ ਗੱਡੀ ਦੀ ਮੁਰੰਮਤ ਕਰਵਾਉਣ ਤੋਂ ਜਵਾਬ ਦੇ ਦਿੱਤਾ। ਜਿਸਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਦੀਆਂ ਬਦਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਬਠਿੰਡਾ ਫਿਰ ਫੀਰੋਜ਼ਪੁਰ, ਲੁਧਿਆਣਾ ਅਤੇ ਹੋਰ ਕਈ ਥਾਵਾਂ ‘ਤੇ ਇਸੇ ਤਰ੍ਹਾਂ ਚਲਦਾ ਰਿਹਾ। ਉਨ੍ਹਾਂ ਦੀ 1976 ਵਿਚ ਜਦੋਂ ਡਿਪਟੀ ਡਾਇਰੈਕਟਰ ਬਣਨ ਦੀ ਵਾਰੀ ਆਈ ਤਾਂ ਉਹ ਅਧਿਕਾਰੀ ਤਰੱਕੀ ਰੋਕ ਨਾ ਸਕਿਆ ਕਿਉਂਕਿ ਉਨ੍ਹਾਂ ਦਾ ਸਰਵਿਸ ਰਿਕਾਰਡ ਬਹੁਤ ਵਧੀਆ ਸੀ। 1978 ਵਿਚ ਉਨ੍ਹਾਂ ਨੂੰ ਸਨਅਤ ਵਿਭਾਗ ਵਿਚ ਐਕਸਪੋਰਟ ਪ੍ਰਮੋਸ਼ਨ ਅਧਿਕਾਰੀ ਡੈਪੂਟੇਸ਼ਨ ਤੇ ਭੇਜ ਦਿੱਤਾ ਗਿਆ। ਫਿਰ ਉਨ੍ਹਾਂ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਡੈਪੂਟੇਸ਼ਨ ‘ਤੇ ਡਾਇਰੈਕਟਰ ਹਾਸਪੀਟਿਲਟੀ ਟੂਰਿਜ਼ਮ ਅਤੇ ਡਾਇਰੈਕਟਰ ਲੋਕ ਸੰਪਰਕ ਵਜੋਂ ਚੋਣ ਹੋ ਗਈ। ਉਥੇ ਉਨ੍ਹਾਂ ਨੂੰ ਆਜ਼ਾਦ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਕਰਕੇ ਉਨ੍ਹਾਂ ਉਥੇ ਕਈ ਮਾਅਰਕੇ ਦੇ ਕੰਮ ਕੀਤੇ। ਉਸ ਸਮੇਂ ਯੂ ਟੀ ਗੈਸਟ ਹਾਊਸ ਵਿਚ ਸਿਰਫ 9 ਕਮਰੇ ਹੁੰਦੇ ਸਨ। ਇਨ੍ਹਾਂ ਵਿਚੋਂ ਸਿਰਫ ਦੋ ਕਮਰਿਆਂ ਵਿਚ ਵਿੰਡੋ ਏਅਰ ਕੰਡੀਸ਼ਨਰ ਹੁੰਦੇ ਸਨ। ਉਨ੍ਹਾਂ ਯੂ ਟੀ ਗੈਸਟ ਹਾਊਸ ਵਿਚ 18 ਨਵੇਂ ਕਮਰੇ ਬਣਵਾਏ ਅਤੇ ਕਾਨਫਰੰਸ ਹਾਲ ਦਾ ਵਿਸਤਾਰ ਕਰਵਾਕੇ ਸੈਂਟਰਲੀ ਏਅਰਕੰਡੀਸ਼ਨਡ ਕਰਵਾਇਆ। ਸਾਰੇ ਗੈਸਟ ਹਾਊਸ ਦੀ ਮੁਰੰਮਤ ਕਰਵਾਕੇ ਨਵੀਂ ਦਿਖ ਬਣਵਾਈ। ਸੁਖਨਾ ਝੀਲ ‘ਤੇ ਕੈਫੇਟੇਰੀਆ ਅਤੇ ਟੂਰਿਸਟ ਕੈਂਪਸ ਸਾਈਟ ਬਣਵਾਈ। ਰਾਕ ਗਾਰਡਨ ਵਿਚ ਸਨੈਕ ਬਾਰ ਖੁਲਵਾਈ। ਸੈਰ ਸਪਾਟਾ ਕਰਨ ਵਾਲਿਆਂ Ñਲਈ ਇਕ ਟੂਰਿਸਟ ਕੋਚ ਬਣਵਾਈ ਅਤੇ ਇਕ ਟਿਓਟਾ ਕਾਰ ਵਿਦੇਸ਼ ਤੋਂ ਮੰਗਵਾਈ। ਇਸੇ ਤਰ੍ਹਾਂ ਕੇਂਦਰ ਸਰਕਾਰ ਤੋਂ ਹੋਟਲ ਸ਼ਿਵਾਲਿਕ ਪਾਸ ਕਰਵਾਇਆ। ਹੋਟਲ ਅੰਬੈਸਡਰ ਓਬਰਾਏ ਗਰੁਪ ਤੋਂ ਖਾਲੀ ਕਰਵਾਇਆ। ਪੰਚਾਇਤ ਭਵਨ ਵਿਚ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ। 28 ਅਪ੍ਰੈਲ 1983 ਨੂੰ ਉਨ੍ਹਾਂ ਨੇ ਸੰਯੁਕਤ ਸੰਚਾਲਕ ਲੋਕ ਸੰਪਰਕ ਵਿਭਾਗ ਦਾ ਚਾਰਜ ਸੰਭਾਲ ਲਿਆ। ਉਹ ਵਿਭਾਗ ਦੀ ਸਭ ਤੋਂ ਮਹੱਤਵਪੂਰਨ ਪ੍ਰੈਸ ਸ਼ਾਖਾ ਦਾ ਕੰਮ ਵੇਖਦੇ ਰਹੇ। ਭਾਰਤ ਸਰਕਾਰ ਨੇ ਇਕ ਵਧੀਕ ਡਾਇਰੈਕਟਰ ਦੀ ਅਸਾਮੀ ਪ੍ਰਵਾਨ ਕਰਕੇ ਭੇਜੀ,  ਜਿਸ ਉਪਰ ਉਨ੍ਹਾਂ ਨੂੰ ਸੀਨੀਅਰਟੀ ਅਨੁਸਾਰ ਨਿਯੁਕਤ ਕਰਨਾ ਸੀ ਪ੍ਰੰਤੂ ਉਸੇ ਆਈ ਐਸ ਅਧਿਕਾਰੀ ਨੇ ਰੋੜਾ ਅਟਕਾ ਦਿੱਤਾ। ਜਦੋਂ ਵਿਭਾਗ ਨੇ ਉਨ੍ਹਾਂ ਤੋਂ ਪ੍ਰੈਸ ਸ਼ਾਖਾ ਦਾ ਕੰਮ ਲੈ ਕੇ ਕਿਸੇ ਹੋਰ ਅਧਿਕਾਰੀ ਨੂੰ ਦੇ ਕੇ ਉਨ੍ਹਾਂ ਨੂੰ ਗੁੱਠੇ ਲਾਈਨ ਲਗਾ ਦਿੱਤਾ ਤਾਂ ਉਨ੍ਹਾਂ ਦੇ ਕੰਮ ਦੀ ਕਦਰ ਕਰਨ ਵਾਲੇ ਰਾਜਪਾਲ ਪੰਜਾਬ ਦੇ ਸਲਾਹਕਾਰ ਜੇ ਐਫ ਰਿਬੇਰੋ ਨੇ ਲਿਖਕੇ ਭੇਜਿਆ ਕਿ ਉਨ੍ਹਾਂ ਨੂੰ ਇਸੇ ਕੰਮ ਤੇ ਰਹਿਣ ਦਿੱਤਾ ਜਾਵੇ। ਇਹ ਵੀ ਲਿਖਿਆ ਕਿ ਇਤਨੇ ਮਿਹਨਤੀ ਅਧਿਕਾਰੀ ਤੋਂ ਕੰਮ ਲੈਣਾ ਚਾਹੀਦਾ ਹੈ, ਜਿਸਦਾ ਸਰਕਾਰ ਨੂੰ ਲਾਭ ਹੋਵੇਗਾ। ਪ੍ਰੰਤੂ ਉਸ ਆਈ ਏ ਐਸ ਅਧਿਕਾਰੀ ਨੇ ਆਪਣੀ ਕਿੜ ਕੱਢਣ ਲਈ ਉਹ ਨੋਟ ਦੱਬਕੇ ਰੱਖ ਲਿਆ। ਉਹ 31ਜਨਵਰੀ 1990 ਨੂੰ ਸੇਵਾ ਮੁਕਤ ਹੋ ਗਏ। ਵਰਿਆਮ ਸਿੰਘ ਢੋਟੀਆਂ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਸਪੁੱਤਰੀਆਂ ਅਤੇ ਇਕ ਸਪੁੱਤਰ ਹੈ। ਉਨ੍ਹਾਂ ਆਪਣੇ ਬੱਚਿਆਂ ਨੂੰ ਉਚ ਪੜ੍ਹਾਈ ਕਰਵਾਈ। ਤਿੰਨੋ ਬੱਚੇ ਆਪੋ ਆਪਣੇ ਸਫਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਸਪੁੱਤਰ ਹਰਮਨਜੀਤ ਸਿੰਘ ਮੋਹਾਲੀ ਵਿਖੇ ਸਨਅਤਕਾਰ ਹੈ। ਉਨ੍ਹਾਂ ਦੀ ਵੱਡੀ ਬੇਟੀ ਪਰਮਜੀਤ ਕੌਰ ਐਮ ਏ ਹਿਸਟਰੀ ਹੈ ਜੋ ਅਧਿਆਪਕਾ ਹੈ। ਉਨ੍ਹਾਂ ਦਾ ਪਤੀ ਫੌਜ ਵਿਚੋਂ ਕਰਨਲ ਸੇਵਾ ਮੁਕਤ ਹੋਇਆ ਹੈ । ਹੁਣ ਪ੍ਰੈਜੀਡੈਂਟ ਅਤੇ ਸੀ ਈ ਓ ਡਿਫੈਂਸ ਐਂਡ ਐਰੋਸਪੇਸ ਭਾਰਤ ਫੋਰਜ ਕੰਪਨੀ ਵਿਚ ਹੈ। ਦੂਜੀ ਲੜਕੀ ਡਾ ਹਰਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਵਿਚ ਜੂਆਲੋਜੀ ਵਿਭਾਗ ਵਿਚ ਪ੍ਰੋਫੈਸਰ ਅਤੇ ਚੇਅਰਪਰਸਨ ਹੈ। ਉਨ੍ਹਾਂ ਦਾ ਪਤੀ ਮਾਈਨਿੰਗ ਵਿਚ  ਐਡੀਸ਼ਨਲ ਡਾਇਰੈਕਟਰ ਦੇ ਰੈਂਕ ਵਿਚ ਵਿਭਾਗ ਦਾ ਮੁੱਖੀ ਹੈ।
 
     ਵਰਿਆਮ ਸਿੰਘ ਢੋਟੀਆਂ ਆਪਣੇ ਸਮੇਂ ਦੇ ਚੰਗੇ ਕਹਾਣੀਕਾਰ ਸਨ। ਉਨ੍ਹਾਂ ਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ‘‘ਜਦੋਂ ਹੱਦ ਹੋ ਗਈ’’ ਅਤੇ ‘‘ਸੁਪਨੇ ਅਤੇ ਪਰਛਾਵੇਂ’’ ਵੀ ਪ੍ਰਕਾਸ਼ਤ ਹੋਈਆਂ ਹਨ। ਜਦੋਂ ਉਹ ਨੌਕਰੀ ਵਿਚ ਸਨ ਤਾਂ ਉਸ ਅਧਿਕਾਰੀ ਜੋ ਉਸ ਸਮੇਂ ਮੁੱਖ ਸਕੱਤਰ ਸਨ ਦੇ ਪੰਜਾਬੀ ਵਿਰੋਧੀ ਹੋਣ ਬਾਰੇ ਲੇਖ ਲਿਖਿਆ, ਜਿਹੜਾ ਪੰਜਾਬੀ ਟਿ੍ਰਬਿਊਨ ਵਿਚ ਪ੍ਰਕਾਸ਼ਤ ਹੋਇਆ ਸੀ। ਫਿਰ ਉਸ ਅਧਿਕਾਰੀ ਨੂੰ ਕੇਂਦਰ ਵਿਚ ਡੈਪੂਟੇਸਨ ਤੇ ਭੇਜ ਦਿੱਤਾ ਗਿਆ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਪੰਜਾਬੀ ਦੇ ਅਖ਼ਬਾਰਾਂ ਲਈ  ਲੇਖ ਲਿਖਦੇ ਹਨ,  ਜਿਹੜੇ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072
ujagarsingh48@yahoo.co

ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ - ਉਜਾਗਰ ਸਿੰਘ

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਵਾਦਵਿਵਾਦ ਬਹੁਤ ਗਰਮਾਇਆ ਹੋਇਆ ਹੈ। ਸਾਰੇ ਭਾਰਤ ਦੇ ਇਕੱਲੇ ਕਿਸਾਨ ਹੀ ਨਹੀਂ ਸਗੋਂ ਹਰ ਖਪਤਕਾਰ ਚਿੰਤਾ ਵਿਚ ਹੈ। ਛੋਟਾ ਵਿਓਪਾਰੀ ਵੀ ਆਪਣਾ ਭਵਿਖ ਖ਼ਤਰੇ ਵਿਚ ਮਹਿਸੂਸ ਕਰ ਰਿਹਾ ਹੈ ਕਿਉਂਕਿ ਵੱਡੇ ਵਿਓਪਾਰੀਆਂ ਦੀ ਮਛਲੀ ਨੇ ਛੋਟੇ ਵਿਓਪਾਰੀਆਂ ਨੂੰ ਨਿਗਲ ਜਾਣਾ ਹੈ। ਜਿਹੜੇ ਧੰਧੇ ਖੇਤੀਬਾੜੀ ਤੇ ਨਿਰਭਰ ਅਤੇ ਸੰਬੰਧਤ ਹਨ, ਉਨ੍ਹਾਂ ਲਈ ਵੀ ਆਪਣੇ ਅਸਤਿਤਵ ਦਾ ਸਵਾਲ ਖੜ੍ਹਾ ਹੋ ਗਿਆ ਹੈ। ਮਜ਼ਦੂਰ ਨੂੰ ਵੀ ਵਿਹਲਾ ਹੋ ਜਾਣ ਦਾ ਡਰ ਪੈਦਾ ਹੋ ਗਿਆ ਹੈ। ਫੜ੍ਹੀਆਂ ਅਤੇ ਰੇਹੜੀਆਂ ਵਾਲੇ ਤਾਂ ਪਹਿਲਾਂ ਹੀ ਦੋ ਡੰਗ ਦੀ ਰੋਟੀ ਲਈ ਗਲੀਆਂ ਦੇ ਚਕਰ ਲਗਾਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ। ਇਨ੍ਹਾਂ ਕਾਨੂੰਨਾ ਤੋਂ ਬਾਅਦ ਉਹ ਕਿਧਰ ਜਾਣਗੇ ਕਿਉਂਕਿ ਸਾਰਾ ਵਿਓਪਾਰ ਹੀ ਵੱਡੇ ਵਿਓਪਾਰੀਆਂ ਦੀ ਗਿ੍ਰਫਤ ਵਿਚ ਆ ਜਾਵੇਗਾ। ਅਜਿਹੇ ਹਾਲਾਤ ਵਿਚ ਚੁਣੇ ਹੋਏ ਨੁਮਾਇੰਦਿਆਂ ਖਾਸ ਤੌਰ ਤੇ ਸੰਸਦ ਮੈਂਬਰਾਂ ਕਿਉਂਕਿ ਇਹ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹਨ, ਉਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਵੋਟਰਾਂ ਨੂੰ ਵੀ ਉਨ੍ਹਾਂ ਤੇ ਹੀ ਟੇਕ ਹੁੰਦੀ ਹੈ। ਪ੍ਰੰਤੂ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਕੁ ਨੂੰ ਛੱਡ ਕੇ ਬਾਕੀ ਸਾਡੇ ਚੁਣੇ ਹੋਏ ਨੁਮਾਇੰਦੇ ਕੁੰਭਕਰਨ ਦੀ ਨੀਂਦ ਸੁਤੇ ਪਏ ਹਨ। ਇਸ ਲਈ ਆਮ ਜਨਤਾ ਕਿਸਾਨ ਅੰਦੋਲਨ ਦੀ ਸਫਲਤਾ ਉਪਰ ਹੀ ਆਸ ਲਾਈ ਬੈਠੀ ਹੈ। ਸਾਰੇ ਸੰਸਾਰ ਵਿਚੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਆਵਾਜ਼ਾਂ ਆ ਰਹੀਆਂ ਹਨ। ਇਹ ਕਾਨੂੰਨਾਂ ਨੂੰ ਜਦੋਂ ਸੰਸਦ ਵਿਚ ਪਾਸ ਕਰਨ ਲਈ ਪੇਸ਼ ਕੀਤਾ ਗਿਆ ਉਦੋਂ ਵੀ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਵੈਸੇ ਤਾਂ ਸਾਰੇ ਭਾਰਤ ਦੇ ਅਤੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵੋਟਰਾਂ ਦੇ ਹਿੱਤਾਂ ਨੂੰ ਮੁੱਖ ਰੱਖਕੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਨ ਪ੍ਰੰਤੂ ਪੰਜਾਬ ਅਤੇ ਹਰਿਆਣਾ ਵਿਚ ਸਾਰੇ ਰਾਜਾਂ ਤੋਂ ਵਧੇਰੇ ਖੇਤੀਬਾੜੀ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਇਸਦੇ ਬਹੁਤੇ ਵੋਟਰ ਕਿਸਾਨ ਹਨ। ਇਨ੍ਹਾਂ ਰਾਜਾਂ ਦੇ ਸੰਸਦ ਮੈਂਬਰਾਂ ਦੀ ਹੋਰ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ। ਪੰਜਾਬ ਦੇ ਕਿਸਾਨਾ ਨੇ ਤਾਂ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੈ। ਦੂਜੇ ਨੰਬਰ ਤੇ ਹਰਿਆਣਾ ਆਉਂਦਾ ਹੈ, ਜਿਥੋਂ ਦੇ ਕਿਸਾਨਾ ਨੇ ਡਟਕੇ ਸਾਥ ਦਿੱਤਾ ਹੈ। ਪੰਜਾਬ ਦੇ ਕਿਸਾਨਾ ਨੇ ਲੀਡ ਸੂਬੇ ਦੇ ਤੌਰ ਤੇ ਅਗਵਾਈ ਕੀਤੀ ਹੈ।  ਪੰਜਾਬ ਦੇ ਸੰਸਦ ਮੈਂਬਰਾਂ ਨੂੰ ਵੀ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਇਨ੍ਹਾਂ ਕਾਨੂੰਨਾ ਦੇ ਵਿਰੋਧ ਵਿਚ ਬੋਲਣਾ ਚਾਹੀਦਾ ਸੀ, ਪ੍ਰੰਤੂ ਪੰਜਾਬ ਦੇ 20 ਸੰਸਦ ਮੈਂਬਰਾਂ ਵਿਚੋਂ ਸਿਰਫ 5 ਕਾਂਗਰਸ, 3 ਅਕਾਲੀ ਦਲ ਅਤੇ ਇਕ ਆਮ ਆਦਮੀ ਪਾਰਟੀ ਕੁਲ 10  ਮੈਂਬਰਾਂ ਨੇ  ਇਨ੍ਹਾਂ ਕਾਨੂੰਨਾ ਨੂੰ ਰੱਦ ਕਰਨ ਲਈ ਦਲੀਲਾਂ ਨਾਲ ਵਿਚਾਰ ਪ੍ਰਗਟ ਕੀਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਾਕੀ ਮੈਂਬਰ ਕਿਉਂ ਮੂੰਹਾਂ ਵਿਚ ਘੁੰਗਣੀਆਂ ਪਾਈ ਬੈਠੇ ਹਨ। ਕਾਂਗਰਸ ਪਾਰਟੀ ਦੇ 8 ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਅਕਾਲੀ ਦਲ ਦੇ ਦੋ ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਲੋਕ ਸਭਾ ਦਾ ਇਕ ਮੈਂਬਰ ਆਮ ਆਦਮੀ ਪਾਰਟੀ ਦਾ ਹੈ। ਦੋ ਭਾਰਤੀ ਜਨਤਾ ਪਾਰਟੀ ਦੇ ਹਨ।
    ਪੰਜਾਬ  ਦੇ ਸੰਸਦ ਮੈਂਬਰਾਂ ਵਿਚੋਂ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੈਂਬਰ ਰਾਜ ਸਭਾ ਅਤੇ ਰਵਨੀਤ ਸਿੰਘ ਬਿੱਟੂ ਚੁਣਿਆਂ ਹੋਇਆ ਸਾਬਕਾ  ਪ੍ਰਧਾਨ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਕਮੇਟੀ ਦੋਵੇਂ ਅਜਿਹੇ ਮੈਂਬਰ ਹਨ, ਜਿਨ੍ਹਾਂ ਨੇ ਜਦੋਂ ਇਨ੍ਹਾਂ ਕਾਨੂੰਨਾ ਨੂੰ ਪਾਸ ਕਰਨਾ ਸੀ ਅਤੇ ਸਰਦ ਰੁਤ ਸ਼ੈਸ਼ਨ ਵਿਚ ਬੜੇ ਜ਼ੋਰਦਾਰ ਢੰਗ ਨਾਲ ਦਲੀਲਾਂ ਦੇ ਕੇ ਕਿਸਾਨਾ ਦੇ ਹਿਤਾਂ ਤੇ ਪਹਿਰਾ ਦਿੰਦਿਆਂ, ਖੇਤੀਬਾੜੀ ਕਾਨੂੰਨਾ ਨੂੰ ਕਿਸਾਨੀ ਵਿਰੋਧੀ ਗਰਦਾਨਿਆਂ। ਉਨ੍ਹਾਂ ਇਨ੍ਹਾਂ ਕਾਨੂੰਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਲਾਗੂ ਕਰਕੇ ਸਰਕਾਰ ਦੇਸ਼ ਦੇ ਕਿਸਾਨਾ ਦੀ ਮੌਤ ਦੇ ਵਾਰੰਟਾਂ ਤੇ ਦਸਖਤ ਕਰ ਰਹੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਚੀਨ ਅਤੇ ਪਾਕਿਸਤਾਨ ਤੋਂ ਹਮੇਸ਼ਾ ਖ਼ਤਰਾ ਰਹਿੰਦਾ ਹੈ। ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਇਸ ਲਈ ਇਸਦੇ ਵਸਿੰਦਿਆਂ ਦੀ ਨਰਾਜ਼ਗੀ ਮੁਲ ਲੈਣੀ ਖ਼ਤਰੇ ਤੋਂ ਖਾਲੀ ਨਹੀਂ। ਕਿਸਾਨਾ ਤੇ ਤੋਹਮਤਾਂ ਲਗਾਕੇ ਖਾਲਿਸਤਾਨੀ ਅਤੇ ਦੇਸ਼ ਧਰੋਹੀ ਕਹਿਕੇ ਸਾਨੂੰ ਕੌਮੀਅਤ ਦਾ ਪਾਠ ਪੜ੍ਹਾ ਰਹੇ ਹੋ, ਜਿਨ੍ਹਾਂ ਦੇ ਨੌਜਵਾਨ ਸਰਹੱਦਾਂ ਤੇ ਸ਼ਹੀਦ ਹੋ ਰਹੇ ਹਨ। ਸਗੋਂ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦੇਸ਼ ਭਗਤ ਹਨ। ਕਿਸਾਨਾ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟਕੇ ਕਿਹੜੀ ਬਹਾਦਰੀ ਕਰ ਰਹੇ ਹੋ। ਸਰਕਾਰ ਕਿਸਾਨਾ ਨਾਲ ਧੋਖਾ ਕਰ ਰਹੀ ਹੈ। ਜਦੋਂ ਸਰਕਾਰ ਕਾਨੂੰਨਾ ਵਿਚ ਤਰਮੀਮ ਕਰਨ ਨੂੰ ਤਿਆਰ ਹੈ, ਇਸਦਾ ਭਾਵ ਹੈ ਕਿ ਕਾਨੂੰਨ ਗ਼ਲਤ ਹਨ। ਖੇਤੀਬਾੜੀ ਸੰਬੰਧੀ ਬਣੇ ਕਾਨੂੰਨਾ ਦਾ ਦੇਸ਼ ਦੀ ਗੁਲਾਮੀ ਸਮੇਂ ਵੀ ਵਿਰੋਧ ਹੋਇਆ ਤੇ ਬਿ੍ਰਟਿਸ਼ ਸਰਕਾਰ ਨੂੰ ਵਾਪਸ ਲੈਣੇ ਪਏ। ਜੇਕਰ ਬਿ੍ਰਟਿਸ਼ ਸਰਕਾਰ ਕਾਨੂੰਨ ਵਾਪਸ ਲੈ ਸਕਦੀ ਹੈ ਤਾਂ ਸਾਡੀ ਆਪਣੀ ਪਰਜਤੰਤਰਿਕ ਸਰਕਾਰ ਲਈ ਕੀ ਮੁਸ਼ਕਲ ਹੈ। ਮੁੱਠੀ ਭਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਬਦਲੇ ਕਿਸਾਨਾ      ਦਾ ਗਲਾ ਘੁਟ ਰਹੇ ਹੋ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕਾਨੂੰਨ ਵਾਪਸ ਲੈ ਕੇ ਸਟੇਟਸਮੈਨ ਬਣ ਜਾਓ।
   ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਲੋਕ ਸਭਾ ਵਿਚ ਬੋਲਦਿਆਂ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹਰ ਮੁਸ਼ਕਲ ਦੇ ਸਮੇਂ ਪੰਜਾਬੀ ਦੇਸ਼ ਦੀ ਖੜਗਭੁਜਾ ਬਣਦੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਦਾ ਅਹਿਸਾਨ ਚੁਕਾਉਣ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਤਿੰਨ ਕਾਲੇ ਕਾਨੂੰਨ ਲਿਆਕੇ ਸਰਕਾਰ ਕਿਸਾਨਾ ਦੇ ਗਲੇ ਨੂੰ ਹੱਥ ਪਾ ਰਹੀ ਹੈ।  ਉਨ੍ਹਾਂ ਨੇ ਕਾਲੇ ਕਾਨੂੰਨ ਕਿਵੇਂ ਹਨ ਦੀ ਜਾਣਕਾਰੀ ਦਿੰਦਿਆਂ ਜਦੋਂ ਤੱਥਾਂ ਨਾਲ ਸੱਚੋ ਸੱਚ ਦੱਸਿਆ ਤਾਂ ਕੇਂਦਰੀ ਵਜ਼ੀਰ ਤਿਲਮਿਲਾ ਉਠੇ। ਉਨ੍ਹਾਂ ਨੂੰ ਸੱਚ ਸੁਣਨਾ ਮੁਸ਼ਕ ਹੋ ਗਿਆ। ਭਾਰਤ ਦੇ 76 ਫੀ ਸਦੀ ਕਿਸਾਨ ਦੋ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਜਦੋਂ 1960 ਵਿਚ ਦੇਸ਼ ਅਨਾਜ ਅਮਰੀਕਾ ਦੀਆਂ ਮਿਨਤਾਂ ਕਰਕੇ ਮੰਗਾਉਂਦਾ ਸੀ ਤਾਂ ਪੰਜਾਬ ਨੇ ਹਰੀ ਕਰਾਂਤੀ ਲਿਆਕੇ ਭਾਰਤ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ। ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਤੁਸੀਂ ਕਿਸਾਨਾ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੇ ਹੋ। ਗਲਵਾਨ ਘਾਟੀ ਵਿਚ ਦੇਸ਼ ਦੀਆਂ ਸਰਹੱਦਾਂ ਤੇ ਕਿਸਾਨਾ ਦੇ ਪੁਤ ਸ਼ਹੀਦੀਆਂ ਪਾ ਰਹੇ ਹਨ। ਤੁਸੀਂ ਕਿਸਾਨਾ ਨੂੰ ਮਾਰਨ ਤੇ ਤੁਲੇ ਹੋ। ਕੋਵਿਡ ਦੇ ਦੌਰਾਨ ਆਰਡੀਨੈਂਸ ਲਿਆਉਣ ਦੀ ਕੀ ਕਾਹਲੀ ਸੀ। ਕੋਵਿਡ ਦੌਰਾਨ ਕੇਂਦਰ ਸਰਕਾਰ ਨੇ 80 ਕਰੋੜ ਲੋਕਾਂ ਨੂੰ ਅਨਾਜ ਘਰੋ ਘਰੀ ਪਹੁੰਚਾਇਆ। ਸਰਕਾਰ ਤਾਂ ਹੀ ਅਨਾਜ ਪਹੁੰਚਾ ਸਕੀ ਜੇਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੇ ਦੇਸ਼ ਦੇ ਅੰਨ ਭੰਡਾਰ ਭਰੇ ਸਨ। ਪਰਮਾਤਮਾ ਨਾ ਕਰੇ ਜੇਕਰ ਅੱਗੋਂ ਵਾਸਤੇ ਅਜਿਹੀ ਕੋਈ ਮੁਸੀਬਤ ਆ ਜਾਵੇ ਤਾਂ ਜੇਕਰ ਸਰਕਾਰ ਨੇ ਕਿਸਾਨਾ ਤੋਂ ਜ਼ਮੀਨਾ ਕਾਲੇ ਕਾਨੂੰਨਾ ਨਾਲ ਖੋਹ ਲਈਆਂ, ਫਿਰ ਇਹ ਅਨਾਜ ਕਿਥੋਂ ਲਵੋਗੇ। ਜਿਹੜੇ ਵਿਓਪਾਰੀਆਂ ਨੂੰ ਤੁਸੀਂ ਲਾਭ ਪਹੁੰਚਾ ਰਹੇ ਹੋ, ਉਹ ਤੁਹਾਨੂੰ ਮਨ ਮਰਜੀ ਦੀ ਕੀਮਤ ਤੇ ਅਨਾਜ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਫਸਲਾਂ ਦੀ ਘੱਟੋ ਘੱਟ ਕੀਮਤ ਨੂੰ ਕਾਨੂੰਨੀ ਮਾਣਤਾ ਦਿੱਤੀ ਜਾਵੇ ਕਿਉਂਕਿ ਕਿਸਾਨਾ ਦੀ ਫਸਲ ਨੂੰ ਜੇਕਰ ਸਰਕਾਰ ਨਾ ਖਰੀਦੇ ਤਾਂ ਵਿਓਪਾਰੀ ਅੱਧੇ ਮੁਲ ਤੇ ਖਰੀਦਦੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਉਨ੍ਹਾਂ ਦਾ ਭਵਿਖ ਖ਼ਤਮ ਨਾ ਕਰੋ। ਸਰਕਾਰ ਨੇ ਬਿਹਾਰ ਵਿਚ ਇਹ ਕਾਨੂੰਨ ਲਾਗੂ ਕਰਕੇ ਵੇਖ ਲਏ ਹਨ। ਉਥੋਂ ਦੇ ਕਿਸਾਨ ਅਜਿਹੇ ਕਾਨੂੰਨਾ ਨੇ ਮਜ਼ਦੂਰ ਬਣਾ ਦਿੱਤੇ, ਜਿਹੜੇ ਮਜ਼ਦੂਰੀ ਲਈ ਪੰਜਾਬ ਅਤੇ ਹਰਿਆਣਾ ਆਉਂਦੇ ਹਨ। ਹੁਣ ਤੁਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹੋ । ਰਵਨੀਤ ਸਿੰਘ ਬਿੱਟੂ ਨੇ ਤਾਂ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਵੀ ਖੜ੍ਹੇ ਹੋ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ। ਰਵਨੀਤ ਸਿੰਘ ਬਿੱਟੂ ਤਾਂ ਕਾਂਗਰਸ ਦੇ ਦੋ ਲੋਕ ਸਭਾ ਮੈਂਬਰਾਂ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿਲ ਅਤੇ ਵਿਧਾਨਕਾਰ ਅਤੇ ਕੁਲਬੀਰ ਸਿੰਘ ਜੀਰਾ ਨੂੰ ਨਾਲ ਲੈ ਕੇ ਜੰਤਰ ਮੰਤਰ ਤੇ ਕਿਸਾਨਾ ਦੇ ਹੱਕ ਵਿਚ ਧਰਨੇ ਤੇ ਬੈਠੇ ਹਨ। ਭਗਵੰਤ ਸਿੰਘ ਮਾਨ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਵਾਪਸ ਲੈਣ ਲਈ ਜ਼ੋਰ ਦਿੱਤਾ। ਉਨ੍ਹਾਂ ਉਦਾਹਰਣਾ ਦੇ ਕੇ ਪੰਜਾਬ ਦੇ ਕਿਸਾਨਾ ਦੇ ਸਿਰੜ੍ਹ,  ਮਿਹਨਤੀ ਰੁਚੀ ਅਤੇ ਦਿ੍ਰੜ੍ਹਤਾ ਨਾਲ ਦੇਸ ਦੇ ਹਿਤਾਂ ਵਿਚ ਕੰਮ ਕਰਨ ਦੀ ਸ਼ਲਾਘਾ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮੰਤਰੀ ਦੀ ਕੁਰਸੀ ਖੁਸਣ ਤੋਂ ਬਾਅਦ ਪਹਿਲੀ ਵਾਰ ਆਪਣੀ ਚੁਪ ਤੋੜਦਿਆਂ ਕਿਸਾਨਾ ਤੇ ਹੋ ਰਹੀਆਂ ਜ਼ਿਆਦਤੀਆਂ ਬਾਰੇ ਸਰਕਾਰ ਨੂੰ ਘੇਰਿਆ। ਉਨ੍ਹਾਂ ਮਾਨਸਾ ਦੀ ਲੜਕੀ ਨੌਦੀਪ ਕੌਰ ਨਾਲ ਕੀਤੇ ਜਾ ਰਹੇ ਮਾੜੇ ਵਿਵਹਾਰ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ। ਪਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਕਿਸਾਨਾ ਬਾਰੇ ਮਾੜੀ ਸ਼ਬਦਾਵਲੀ ਬੋਲਣਾ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਸਰਕਾਰ ਦੀ ਇਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿੱਲ, ਅਮਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਭਗਵੰਤ ਸਿੰਘ ਮਾਨ ਨੇ ਵੀ ਕਿਸਾਨਾਂ ਦੀ ਵਕਾਲਤ ਕੀਤੀ।
        ਪਰਵਾਸ ਤੋਂ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਘਾਰਾ ਮਿਲਿਆ ਹੈ। ਇੰਡੀਆ ਕੌਕਸ ਨੇ ਵੀ ਕਿਸਾਨਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਅਤੇ ਪ੍ਰੀਤ ਗਿਲ ਨੇ ਡਟਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੋਡਾ ਨੇ ਵੀ ਕਿਸਾਨਾ ਦੇ ਹਿਤਾਂ ਦੀ ਵਕਾਲਤ ਕੀਤੀ ਹੈ। ਪੰਜਾਬ ਦੇ ਤਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਦੇ ਅਖ਼ਬਾਰਾਂ ਰੇਡੀਓ ਅਤੇ ਚੈਨਲਜ਼ ਨੇ ਤਾਂ ਕਿਸਾਨ ਅੰਦੋਲਨ ਦੇ ਹੱਕ ਅਤੇ ਖੇਤੀ ਕਾਨੂੰਨਾ ਦੇ ਵਿਰੁਧ ਡਟ ਕੇ ਸਾਥ ਦਿੱਤਾ ਹੈ। ਪ੍ਰੰਤੂ ਨੈਸ਼ਨਲ ਅਖ਼ਬਾਰਾਂ ਅਤੇ ਚੈਨਲਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ। ਵਿਦੇਸ਼ ਦੇ ਪੰਜਾਬੀ ਅਤੇ ਅੰਗਰੇਜ਼ੀ ਦੇ ਅਖਬਾਰਾਂ ਵੈਬ ਸਾਈਟਸ, ਰੇਡੀਓ ਅਤੇ ਚੈਨਲਾਂ ਨੇ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ। ਵਿਦੇਸ਼ ਦੇ ਪੱਤਰਕਾਰਾਂ ਅਤੇ ਅਖ਼ਬਾਰਾਂ ਵਿਚੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ, ਪੰਜਾਬ ਮੇਲ ਯੂ ਐਸ ਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ,  ਹਮਦਰਦ ਦੇ ਅਮਰ ਸਿੰਘ ਭੁੱੱਲਰ, ਦਾ ਪੰਜਾਬ ਟਾਈਮਜ਼ ਦੇ ਸਰਨਜੀਤ ਬੈਂਸ,  ਮਨਵਿੰਦਰਜੀਤ ਸਿੰਘ ਪੰਜਾਬੀ ਅਖ਼ਬਾਰ, ਇੰਡੋ ਕੈਨੇਡੀਅਨ ਸਪਤਾਹਕ ਦੀ ਰੁਪਿੰਦਰ ਕੌਰ, ਪੰਜਾਬੀ ਅਖ਼ਬਾਰ ਦੇ ਹਰਬੰਸ ਸਿੰਘ ਬੁਟਰ, ਦੇਸ ਪ੍ਰਦੇਸ਼ ਟਾਈਮਜ਼ ਦੇ  ਸੁਖਵਿੰਦਰ ਸਿੰਘ ਚੋਹਲਾ, ਦੇਸ ਵਿਦੇਸ ਟਾਈਮਜ਼ ਰਘਵੀਰ ਸਿੰਘ ਕਾਹਲੋਂ, ਪੰਜਾਬ ਟਾਈਮਜ਼ ਸ਼ਿਕਾਗੋ ਦੇ ਅਮੋਲਕ ਸਿੰਘ, ਪੰਜਾਬ ਟਾਈਮਜ਼ ਲੰਦਨ ਦੇ ਰਾਜਿੰਦਰ ਸਿੱਘ ਪੁਰੇਵਾਲ, ਪੰਜਾਬ ਟੂਡੇ ਵਿਨੀਪੈਗ ਦੇ ਕਮਲੇਸ਼ ਸ਼ਰਮਾ, ਚੜ੍ਹਦੀ ਕਲਾ ਅਖ਼ਬਾਰ ਅਤੇ ਅਕਾਲ ਗਾਰਡੀਅਨ ਦੇ ਲੱਕੀ ਸਹੋਤਾ ਅਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਆਦਿ ਵਰਨਣਯੋਗ ਹਨ। ਡਾ ਸਵੈਮਾਨ ਸਿੰਘ ਨਿਊਯਾਰਕ ਦਾ ਕਿਸਾਨ ਅੰਦੋਲਨ ਵਿਚ ਯੋਗਦਾਨ ਵਿਲੱਖਣ ਰਿਹਾ ਹੈ। ਖਾਲਸਾ ਏਡ ਦੇ ਰਵੀ ਸਿੰਘ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।  ਯੁਨਾਈਟਡ ਨੇਸ਼ਨ ਨੇ ਕਿਸਾਨਾ ਦੇ ਮਨੁੱਖੀ ਹੱਕਾਂ ਦੇ ਹੱਕ ਵਿਚ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਸ, ਅਮਰੀਕਾ ਦੀ ਪਾਪ ਗਾਇਕਾ ਰਿਹਾਨਾ ਅਤੇ ਸਵਿਟਜ਼ਲੈਂਡ ਦੀ ਵਾਤਾਵਰਨ ਪ੍ਰੇਮੀ ਗਰੇਟਾ ਥੂਨਵਰਗ ਨੇ ਵੀ ਕਿਸਾਨਾ ਦੇ ਹੱਕ ਵਿਚ ਬਿਆਨ ਦਿੱਤੇ  ਹਨ ਜਿਨ੍ਹਾਂ ਨਾਲ ਸਰਕਾਰ ਹਿਲ ਗਈ ਹੈ।
                                                                                                 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਕਿਸਾਨ ਅੰਦੋਲਨ ਵਿਚ ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ - ਉਜਾਗਰ ਸਿੰਘ

ਬਾਬਾ ਸ਼ੇਖ ਫਰੀਦ ਨੇ ਬਾਰਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, ਜੋ 900 ਸਾਲ ਬਾਅਦ ਵੀ ਸਮਾਜਿਕ ਤਾਣੇ ਬਾਣੇ ਨਾਲ ਸੁਮੇਲ ਖਾਂਦੇ ਹਨ। ਖਾਸ ਤੌਰ ‘ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿਚ ਢੁਕਦੇ ਹਨ।  ਸ਼ਲੋਕ ਹਨ- ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।। ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ।। 28 ਰੁਖੀ ਸੁਖੀ  ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਇ ਚੋਪੜੀ ਨਾ ਤਰਸਾਏ ਜੀਉ।। 29  ਇਨ੍ਹਾਂ ਸ਼ਲੋਕਾਂ ਦਾ ਭਾਵ ਹੈ ਕਿ ਜੋ ਤੁਹਾਨੂੰ ਵਾਹਿਗੁਰੂ ਨੇ ਦਿੱਤਾ ਹੈ, ਉਸ ਤੇ ਸਬਰ ਕਰੋ। ਕਾਠ ਦੀ ਰੋਟੀ ਜਦੋਜਹਿਦ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ ਕਿਉਂਕਿ ਰੋਟੀ ਸਖ਼ਤ ਮਿਹਨਤ ਤੋਂ ਬਾਅਦ ਨਸੀਬ ਹੁੰਦੀ ਹੈ। ਇਸ ਲਈ ਸਾਧਾਰਣ ਜੀਵਨ ਜੀਓ। ਦੂਜਿਆਂ ਦੀ ਅਮੀਰੀ ਨੂੰ ਵੇਖਕੇ ਹੋਰ ਅਮੀਰ ਬਣਨ ਦੀ ਇਛਾ ਨਾ ਕਰੋ ਪ੍ਰੰਤੂ ਜੇਕਰ ਅਜਿਹੀ ਲਾਲਸਾ ਰੱਖੋਗੇ ਤਾਂ ਦੁਖ ਹੀ ਦੁਖ ਭੋਗਣੇ ਪੈਣਗੇ। ਭਾਰਤ ਦਾ ਕਿਸਾਨ ਬਿਲਕੁਲ ਉਸੇ ਤਰ੍ਹਾਂ ਰੁਖੀ ਸੁਖੀ ਖਾ ਕੇ ਗੁਜ਼ਾਰਾ ਕਰਦਾ ਹੈ। ਹੋਰ ਕੋਈ ਲਾਲਸਾ ਨਹੀਂ, ਸਾਧਾਰਣ ਜੀਵਨ ਬਸਰ ਕਰਦਾ ਹੈ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਪ੍ਰੰਤੂ ਵਿਓਪਾਰਕ ਅਦਾਰੇ ਆਪਣੀ ਲਾਲਸਾ ਨੂੰ ਹੋਰ ਵਧਾਉਂਦੇ ਹੋਏ ਕੇਂਦਰ ਸਰਕਾਰ ਰਾਹੀਂ ਕਿਸਾਨਾ ਦੀ ਰੁਖੀ ਸੁਖੀ ਨੂੰ ਖੋਹਣ ‘ਤੇ ਤੁਲੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਦੀ ਹੱਥਠੋਕਾ ਬਣੀ ਹੋਈ ਹੈ। ਬਾਬਾ ਫਰੀਦ ਅਨੁਸਾਰ ਇਕ ਵਾਰ ਤਾਂ ਇਨਸਾਨ ਦੀ ਲਾਲਸਾ ਪੂਰੀ ਹੋ ਜਾਵੇਗੀ ਪ੍ਰੰਤੂ ਅਖ਼ੀਰ ਇਕ ਨਾ ਇਕ ਦਿਨ ਦੁੱਖ ਭੋਗਣੇ ਪੈਣਗੇ। ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਪੈਣਗੀਆਂ। ਇਹ ਕਾਨੂੰਨ ਬਣਾਉਣ ਵਾਲਿਆਂ ਨੂੰ ਵੀ ਇਕ ਦਿਨ ਭੁਗਤਣਾ ਪਵੇਗਾ। ਕਿਸਾਨੀ ਅੰਦੋਲਨ ਦੇ ਵਿਚ ਸਮਾਜ ਦੇ ਸਾਰੇ ਵਰਗਾਂ ਨੇ ਆਪੋ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਇਆ ਹੈ। ਸਮੁਚਾ ਸਮਾਜ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨਾਂ ਤੋਂ ਪ੍ਰਭਾਵਤ ਹੋਣ ਦੇ ਹੰਦੇਸ਼ੇ ਕਰਕੇ ਚਿੰਤਾਤੁਰ ਹੈ। ਇਹ ਲੋਕ ਅੰਦੋਲਨ ਬਣ ਗਿਆ ਹੈ। ਰੋਟੀ ਰੋਜ਼ੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਮਾਜ ਦੇ ਕੁਝ ਵਰਗ ਅਜੇਹੇ ਹਨ, ਜਿਹੜੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਉਨ੍ਹਾਂ ਵਰਗਾਂ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਇਨ੍ਹਾਂ ਵਰਗਾਂ ਵਿਚ ਸਾਹਿਤਕਾਰ, ਕਲਾਕਾਰ, ਸੰਗੀਤਕਾਰ, ਬੁੱਧੀਜੀਵੀ, ਪੇਂਟਰ, ਬੁਤਘਾੜੇ ਅਤੇ ਗਾਇਕ ਆਦਿ ਸ਼ਾਮਲ ਹਨ। ਪ੍ਰੰਤੂ ਪੇਂਟਰ ਅਤੇ ਬੁਤਘਾੜੇ ਵੀ ਪਿਛੇ ਨਹੀਂ ਰਹੇ। ਉਨ੍ਹਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਡਿਜ਼ਾਇਨ ਬਣਾਕੇ ਸ਼ੋਸ਼ਲ ਮ੍ਰੀਡੀਆ ਤੇ ਪਾਏ ਅਤੇ ਬੈਨਰ ਬਣਾਕੇ ਦਿੱਤੇ ਹਨ। ਇਕ ਬੁਤਘਾੜਾ ਜਸਵਿੰਦਰ ਸਿੰਘ ਅਜਿਹਾ ਹੈ, ਜਿਹੜਾ ਲੁਧਿਆਣਾ ਜਿਲ੍ਹੇ ਦੀ ਖੰਨਾ ਸਬ ਡਵੀਜ਼ਨ ਦੇ ਪਿੰਡ ਮਹਿੰਦੀ ਪੁਰ ਵਿਚ ਰਹਿੰਦਾ ਹੈ, ਉਸਨੇ ਹਮੇਸ਼ਾ ਹੀ ਆਪਣੀ ਕਲਾ ਦੀ ਵਿਲੱਖਣ ਪ੍ਰਤਿਭਾ ਵਿਖਾਈ ਹੈ। ਉਹ ਕਿਉਂਕਿ ਪਿੰਡ ਵਿਚ ਰਹਿੰਦਾ ਹੈ। ਇਸ ਲਈ ਉਸਨੇ ਕਿਸਾਨੀ ਅਤੇ ਕਿਸਾਨੀ ਤੇ ਨਿਰਭਰ ਰਹਿਣ ਵਾਲੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੀ ਕਲਾ ਦਾ ਪ੍ਰਗਟਾਵਾ ਲੱਕੜ ਅਤੇ ਆਟੇ ਦੀਆਂ ਕਲਾਕਿ੍ਰਤਾਂ ਬਣਾਕੇ ਕੀਤਾ ਹੈ। ਉਨ੍ਹਾਂ ਕਲਾਕਿ੍ਰਤਾਂ ਵਿਚ ਉਸਦੀਆਂ ਬਣਾਈਆਂ ਲੱਕੜ ਅਤੇ ਆਟੇ ਦੀਆਂ ਰੋਟੀਆਂ ਹਨ। ਉਹ ਦਸਦਾ ਹੈ ਕਿ ਕਿਸਾਨੀ ਅੰਦੋਲਨ ਨੇ ਉਸਦੀ ਮਾਨਸਿਕਤਾ ਨੂੰ ਝੰਜੋੜਿਆ ਹੈ, ਜਿਸ ਕਰਕੇ ਉਸਨੂੰ ਉਤਨੀ ਦੇਰ ਬੇਚੈਨੀ ਰਹੀ, ਜਿਤਨੀ ਦੇਰ ਉਨ੍ਹਾਂ ਕਿਸਾਨਾ ਦੀ ਪੀੜ ਨੂੰ ਆਪਣੀ ਕਲਾ ਰਾਹੀਂ ਦਰਸਾਇਆ ਨਹੀਂ। ਜਸਵਿੰਦਰ ਸਿੰਘ ਦਸਦਾ ਹੈ ਕਿ ਜਦੋਂ ਉਹ ਆਪਣੇ ਘਰ ਦੀ ਰਸੋਈ ਵਿਚ ਰੋਟੀ ਖਾ ਰਿਹਾ ਸੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਅੰਨ ਉਹ ਖਾ ਰਿਹਾ ਹੈ, ਇਹ ਅੰਨਦਾਤੇ ਕਿਸਾਨ ਦੀ ਅਣਥੱਕ ਮਿਹਨਤ ਕਰਕੇ ਹੀ ਖਾਣ ਨੂੰ ਨਸੀਬ ਹੋ ਰਿਹਾ ਹੈ। ਅੰਨਦਾਤਾ ਅੱਜ ਸੰਕਟਮਈ ਹਾਲਾਤ ਵਿਚੋਂ ਲੰਘ ਰਿਹਾ ਹੈ। ਉਸਨੂੰ ਅਨੁਭਵ ਹੋਇਆ ਕਿ ਕਿਸਾਨ ਸੰਕਟਮਈ ਸਮੇਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਦੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਤੋਂ ਪ੍ਰੇਰਨਾ ਲੈ ਕੇ ਅਤੇ ਮਿਹਨਤ ਕਰਕੇ ਸਾਧਾਰਨ ਜੀਵਨ ਬਤੀਤ ਕਰਦੇ ਹਨ। ਆਪਣੇ ਪਰਿਵਾਰ ਪਾਲਦੇ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨੀ ਕੀਤੀ ਹੈ। ਕਿਸਾਨ ਇਤਨੀ ਮਿਹਨਤ ਦੇ ਬਾਵਜੂਦ ਵੀ ਕਰਜ਼ਿਆਂ ਵਿਚ ਗ੍ਰਸੇ ਰਹਿੰਦੇ ਹਨ। ਇਹ ਤਿੰਨ ਕਾਲੇ ਕਾਨੂੰਨ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਕਿਸਾਨਾ ਉਪਰ ਅਸਮਾਨੀ ਬਿਜਲੀ ਦੀ ਤਰ੍ਹਾਂ ਗਿਰੇ ਹਨ। ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਲੱਕੜ ਤੇ ਤਰਾਸ਼ਕੇ ਅਤੇ ਆਟੇ ਦੀਆਂ ਰੋਟੀਆਂ ਬਣਾਏਗਾ, ਜਿਹੜੀਆਂ ਉਪਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਏਗਾ, ਜਿਸ ਵਿਚ ਉਨ੍ਹਾਂ ਨੂੰ ਭੁਖੇ ਸਾਧੂਆਂ ਨੂੰ ਰੋਟੀ ਖਿਲਾਉਂਦਿਆਂ ਨੂੰ ਦਰਸਾਏਗਾ ਕਿਉਂਕਿ ਗੁਰੂ ਦੀ ਪ੍ਰੇਰਨਾ ਤੋਂ ਬਿਨਾ ਸਫਲਤਾ ਨਹੀਂ ਮਿਲ ਸਕਦੀ। ਉਸਨੇ 5 ਲੱਕੜ ਅਤੇ ਇਕ ਆਟੇ ਦੀ ਕੁਲ 6 ਰੋਟੀਆਂ ਬਣਾਈਆਂ ਹਨ। ਇਹ ਰੋਟੀਆਂ ਸਾਢੇ ਚਾਰ ਫੁਟ ਦੀ ਗੋਲ ਲੱਕੜ ਤੇ ਉਕਰਕੇ ਬਣਾਈਆਂ ਹਨ। ਇਨ੍ਹਾਂ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਧੂਆਂ ਨੂੰ ਰੋਟੀ ਵਰਤਾਉਂਦੇ ਹੋਏ, ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੋਟੀ ਵਰਤਾਉਂਦੀ ਹੋਈ, ਮੂਲ ਮੰਤਰ, ਮੋਢੇ ਤੇ ਹਲ ਚੱਕੀ ਜਾਂਦਾ ਕਿਸਾਨ, ੴ ਕਿਰਤ ਕਰੋ ਨਾਮ ਜਪੋ ਅਤੇ ਹਲ ਚਲਾਉਂਦਾ ਕਿਸਾਨ  ਸ਼ਾਮਲ ਹਨ। ਉਸਨੇ ਦੱਸਿਆ ਕਿ ਜਦੋਂ ਉਹ ਕਿਸਾਨ ਅੰਦੋਲਨ ਵਿਚ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਇਥੇ ਤਾਂ ਕਿਸਾਨ ਕੜਕਦੀ ਠੰਡ ਵਿਚ ਜਦੋਜਹਿਦ ਕਰ ਰਹੇ ਹਨ। ਵਾਤਵਰਨ ਸ਼ਾਂਤਮਈ ਅਤੇ ਰਸਭਿੰਨਾ ਹੈ ਕਿਉਂਕਿ ਗੁਰਬਾਣੀ ਦਾ ਰਸਮਈ ਕੀਰਤਨ ਵੀ ਹੋ ਰਿਹਾ ਹੈ। ਕਿਸਾਨ ਅਤੇ ਕਿਸਾਨ ਬੀਬੀਆਂ ਪਾਠ ਕਰ ਰਹੀਆਂ ਹਨ। ਕਈ ਥਾਵਾਂ ਤੇ ਕਿਸਾਨ ਅਤੇ ਬੀਬੀਆਂ ਲੰਗਰ ਬਣਾ ਅਤੇ ਵਰਤਾ ਰਹੀਆਂ ਹਨ। ਇਸ ਲਈ ਇਹ ਅੰਦੋਲਨ ਵਿਚ ਕਿਸਾਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਉਪਰ ਪਹਿਰਾ ਦੇ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੇ ਉਸਨੂੰ ਕਾਠ ਦੀਆਂ ਰੋਟੀਆਂ ਬਣਾਉਣ ਲਈ ਬਹੁਤ ਹੀ ਪ੍ਰਭਾਵਤ ਕੀਤਾ ਹੈ। ਫਿਰ ਉਹ ਆਪਣੀਆਂ ਇਹ ਸਾਰੀਆਂ ਰੋਟੀਆਂ ਵਾਲੀਆਂ ਕਲਾ ਕਿ੍ਰਤਾਂ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਇਆ, ਜਿਥੇ ਕਿਸਾਨਾ ਨੇ ਇਨ੍ਹਾਂ ਕਲਾ ਕਿ੍ਰਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਜਸਵਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਆਪਣੀ ਕਲਾ ਰਾਹੀਂ ਯੋਗਦਾਨ ਪਾ ਕੇ ਸੰਤੁਸ਼ਟ ਮਹਿਸੂਸ ਕਰਦਾ ਹੈ ਕਿਉਂਕਿ ਉਹ ਵੀ ਇਸ ਅੰਦੋਲਨ ਵਿਚ ਆਪਣਾ ਤਿਲ ਫੁਲ ਹਿੱਸਾ ਪਾ ਸਕਿਆ ਹੈ। ਲੱਕੜ ਨੂੰ ਤਰਾਸ਼ਣਾ ਬੜੀ ਬਾਰੀਕੀ ਅਤੇ ਸੂਝ ਵਾਲਾ ਕਠਨ ਕੰਮ ਹੁੰਦਾ ਹੈ। ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਤੀਖਣ ਬੁੱਧੀ ਵਾਲੇ ਵਿਅਕਤੀਆਂ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਕਲਾ ਇਕ ਸੂਖ਼ਮ ਵਿਸ਼ਾ ਹੈ। ਇਸਦੀ ਪਕੜ ਸੂਖ਼ਮ ਸੂਝ ਵਾਲੇ ਕਲਾਕਾਰ ਹੀ ਰੱਖ ਸਕਦੇ ਹਨ। ਉਸਦੀਆਂ ਲੱਕੜ ਦੀਆਂ ਬਣਾਈਆਂ ਇਹ ਰੋਟੀਆਂ ਬਿਲਕੁਲ ਆਮ ਆਟੇ ਦੀਆਂ ਰੋਟੀਆਂ ਵਰਗੀਆਂ ਲਗਦੀਆਂ ਹਨ। ਵੇਖਣ ਵਾਲੇ ਦਰਸ਼ਕ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਵੇਖ ਕੇ ਅਚੰਭਤ ਹੋ ਜਾਂਦੇ ਹਨ।
      ਜਸਵਿੰਦਰ ਸਿੰਘ ਨੇ 1998 ਵਿਚ ਬੈਚੂਲਰ ਆਫ ਫਾਈਨ ਆਰਟਸ ਸਰਕਾਰੀ ਆਰਟ ਕਾਲਜ ਚੰਡੀਗੜ੍ਹ ਤੋਂ ਪਾਸ ਕੀਤੀ, ਪੋਸਟ ਗ੍ਰੈਜੂਏਸ਼ਨ ਪੇਂਟਿੰਗ ਵਿਚ ਹੁਸ਼ਿਆਰਪੁਰ ਤੋਂ 2004 ਵਿਚ ਅਤੇ ਬੁੱਤਸਾਜੀ ਵਿਚ ਪੋਸਟ ਗ੍ਰੈਜੂਏਸ਼ਨ ਆਰਟ ਕਾਲਜ ਚੰਡੀਗੜ੍ਹ ਤੋਂ 2007 ਵਿਚ ਪਾਸ ਕੀਤੀ। ਲਗਪਗ 12 ਸਾਲ ਵੱਖ ਵੱਖ ਸੰਸਥਾਵਾਂ ਵਿਚ ਲੈਕਚਰਾਰ ਲੱਗੇ ਰਹੇ। ਇਸ ਸਮੇਂ ਦੌਰਾਨ ਉਸਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਲੱਗੀਆਂ ਨੁਮਾਇਸ਼ਾਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਉਸ ਵੱਲੋਂ ਬਣਾਏ ਗਈਆਂ ਕਲਾ ਕ੍ਰਿਤਾਂ ਸਮੁੱਚੇ ਦੇਸ਼ ਵਿਚ ਮਹੱਤਵਪੂਰਨ ਆਰਟ ਗੈਲਰੀਆਂ ਵਿਚ ਲੱਗੀਆਂ ਹੋਈਆਂ ਹਨ। ਉਸਨੂੰ ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ 2006 ਵਿਚ ਅਵਾਰਡ ਮਿਲ ਚੁੱਕਿਆ ਹੈ। 2007 ਵਿਚ ਉਸਨੂੰ ਭਾਰਤ ਪੱਧਰ ਦੇ ਮੁਕਾਬਲੇ ਵਿਚ ‘‘ਹਾਈਲੀ ਕਮੈਂਡਡ ਅਵਾਰਡ’’ ਮਿਲਿਆ ਸੀ। 2017 ਦਾ ਸੋਹਣ ਕਾਦਰੀ ਫੈਲੋਸ਼ਿਪ ਵੀ ਪੰਜਾਬ ਲਲਿਤ ਕਲਾ ਅਕਾਡਮੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਐਸ.ਐਲ.ਪ੍ਰਾਸ਼ਰ ਅਵਾਰਡ ਲੱਕੜ ਅਤੇ ਪੱਥਰ ਦੇ ਕੰਮਾਂ ਲਈ 2 ਵਾਰ 1997 ਅਤੇ 98 ਵਿਚ ਮਿਲੇ ਸਨ। ਜਸਵਿੰਦਰ ਸਿੰਘ ਦੀ ਸਫਲਤਾ ਕਾਰਨ ਹੈ ਕਿ ਉਸਨੇ ਬੁੱਤਸਾਜੀ ਅਤੇ ਪੇਂਟਿੰਗ ਦੋਹਾਂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਦੂਜੇ ਉਸਦੀ ਪਤਨੀ ਦਵਿੰਦਰ ਕੌਰ ਨੇ ਵੀ ਬੈਚੁਲਰ ਆਫ ਫਾਈਨ ਆਰਟਸ ਕੀਤੀ ਹੋਈ ਹੈ ਜੋ ਖ਼ੁਦ ਵੀ ਪੇਂਟਿੰਗ ਕਰਦੀ ਹੈ। ਇਸ ਲਈ ਘਰ ਦਾ ਮਾਹੌਲ ਕੰਮ ਕਰਨ ਲਈ ਸਾਜਗਾਰ ਰਹਿੰਦਾ ਹੈ। ਜਸਵਿੰਦਰ ਸਿੰਘ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਮਹਿੰਦੀਪੁਰ ਪਿੰਡ ਵਿਚ ਪਿਤਾ ਜਾਗਰ ਸਿੰਘ ਦੇ ਘਰ 22 ਫਰਵਰੀ 1971 ਨੂੰ ਹੋਇਆ। ਆਮ ਤੌਰ ਤੇ ਕਲਾਕਾਰ ਸ਼ਹਿਰਾਂ ਵਿਚ ਆ ਕੇ ਸਥਾਪਤ ਹੋਣ ਲਈ ਆ ਜਾਂਦੇ ਹਨ ਪ੍ਰੰਤੂ ਜਸਵਿੰਦਰ ਸਿੰਘ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਪਿੰਡ ਵਿਚ ਹੀ ਆਪਣੀ ਕਲਾ ਨੂੰ ਨਿਖ਼ਾਰ ਰਿਹਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com   

ਲਾਲ ਕਿਲ੍ਹਾ ਘਟਨਾ ਤੋਂ ਘਬਰਾਉਣ ਦੀ ਲੋੜ ਨਹੀਂ : ਕਿਸਾਨ ਭਰਾਵੋ ਬਿੱਲੀ ਥੈਲਿਓਂ ਬਾਹਰ ਆ ਗਈ -  ਉਜਾਗਰ ਸਿੰਘ

  ਕਿਸਾਨ ਭਰਾਵੋ ਤੇ ਭੈਣੋ ਅਤੇ ਕਿਸਾਨ ਅੰਦੋਲਨ ਵਿਚ ਸਹਿਯੋਗ ਕਰ ਰਹੇ ਦੇਸ ਵਾਸੀਓ 26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿਚ ਹੋਈ ਘਟਨਾ ਇਕ ਸੋਚੀ ਸਮਝੀ ਸ਼ਾਜ਼ਸ ਦਾ ਸਿੱਟਾ ਹੈ। ਤੁਹਾਨੂੰ ਪਤਾ ਹੀ ਹੈ ਕਿ  ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹੱਥਕੰਡੇ ਵਰਤੇ ਗਏ ਸਨ। ਜਦੋਂ ਉਹ ਸਾਰੀਆਂ ਕੋਸਿਸ਼ਾਂ ਅਸਫਲ ਹੋ ਗਈਆਂ ਤਾਂ ਅਖ਼ੀਰ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿਚ ਸਰਕਾਰ ਅਤੇ ਗੋਦੀ ਮੀਡੀਆ ਸਫਲ ਹੋ ਗਿਆ। ਨਿਰਾਸ਼ ਹੋਣ ਦੀ ਲੋੜ ਨਹੀਂ। ਮੁੱਠੀ ਭਰ ਲੋਕ ਜਿਨ੍ਹਾਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉਹ ਕਦੀ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਡੇਢ ਮਹੀਨਾ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਇਹ ਲੋਕ ਇਨ੍ਹਾਂ ਲੋਕਾਂ ਦਾ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ। ਸ਼ੋਸ਼ਲ ਮੀਡੀਆ ਉਪਰ ਘਟਨਾ ਨੂੰ ਅੰਜਜ਼ਜਾ ਦੇਣ ਵਾਲੇ ਵਿਅਕਤੀ ਦੀ ਤਸਵੀਰ ਭ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਇਰਲ ਹੋਣ ਤੋਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਦਿੱਲੀ ਦੀ ਸਰਹੱਦ ਉਪਰ ਦੋ ਮਹੀਨੇ ਤੋਂ ਵੱਧ ਸਮੇਂ ਦੇ ਚਲ ਰਹੇ ਕਿਸਾਨ ਅੰਦੋਲਨ ਦੀ ਵਰਤਮਾਨ ਸਥਿਤੀ 1972 ਵਿਚ ਮੋਗਾ ਵਿਖੇ ਹੋਏ ਵਿਦਿਆਰਥੀ ਅੰਦੋਲਨ ਤੋਂ ਵੀ ਜ਼ਿਆਦਾ ਸੰਜੀਦਾ ਹੈ। ਉਹ ਅੰਦੋਲਨ ਨੌਜਵਾਨ ਵਿਦਿਆਰਥੀਆਂ ਦੇ ਹੱਥ ਹੋਣ ਕਰਕੇ ਹਿੰਸਕ  ਸੀ ਪ੍ਰੰਤੂ ਕਿਸਾਨ ਅੰਦੋਲਨ ਮੰਝੇ ਹੋਏ ਕਿਸਾਨ ਨੇਤਾਵਾਂ ਦੀ ਅਗਵਾਈ ਵਿਚ ਹੋਣ ਕਰਕੇ ਬਿਲਕੁਲ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਮੋਗਾ ਅੰਦੋਲਨ ਰੀਗਲ ਸਿਨਮਾ ਦੇ ਬਾਹਰ ਦੋ ਵਿਦਿਆਰਥੀਆਂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਦੇ ਵਿਰੁਧ ਸੀ, ਭਾਵ ਪੁਲਿਸ ਦੀ ਵਧੀਕੀ ਦੇ ਵਿਰੁਧ ਸੀ ਪ੍ਰੰਤੂ ਕਿਸਾਨ ਅੰਦੋਲਨ ਕਿਸਾਨਾ ਦੇ ਹੱਕਾਂ ਤੇ ਕੇਂਦਰ ਸਰਕਾਰ ਵੱਲੋਂ ਡਾਕਾ ਮਾਰਨ ਦੇ ਵਿਰੁਧ ਹੈ। ਦੋਹਾਂ ਦੀ ਇਕ ਗੱਲ ਸਾਂਝੀ ਹੈ ਕਿ ਉਸ ਅੰਦੋਲਨ ਤੇ ਇਸ ਅੰਦੋਲਨ ਵਿਚ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅੜੀਆਂ ਹੋਈਆਂ ਹਨ। ਗਲਬਾਤ ਵਿਚ ਖੜੋਤ ਆਈ ਹੋਈ ਹੈ। ਉਸ ਅੰਦੋਲਨ ਵਿਚ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਐਮ ਐਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਘਾਗ ਵਿਦਿਆਰਥੀ ਨੇਤਾ ਪਿ੍ਰਥੀਪਾਲ ਸਿੰਘ ਰੰਧਾਵਾ ਕਰ ਰਹੇ ਸਨ। ਕਿਸਾਨ ਅੰਦੋਲਨ ਸਿਆਸੀ ਨਹੀਂ ਸਗੋਂ ਲੋਕ ਅੰਦੋਲਨ ਹੈ। ਉਦੋਂ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆਂ ਅਜੇ ਥੋੜ੍ਹਾ ਸਮਾ ਹੀ ਹੋਇਆ ਸੀ। ਉਨ੍ਹਾਂ ਲਈ ਵਿਦਿਆਰਥੀ ਅੰਦੋਲਨ ਵੰਗਾਰ ਦੀ ਤਰ੍ਹਾਂ ਮੂੰਹ ਅੱਡੀ ਖੜ੍ਹਾ ਸੀ। ਉਸ ਸਮੇਂ ਵੀ ਨਾ ਤਾਂ ਸਰਕਾਰ ਵਿਦਿਆਰਥੀਆਂ ਦੀ ਮੰਗ ਮੰਨ ਰਹੀ ਸੀ ਅਤੇ ਅਤੇ ਨਾ ਹੀ ਵਿਦਿਆਰਥੀ ਸਰਕਾਰ ਦੀਆਂ ਤਜ਼ਵੀਜਾਂ ਨੂੰ ਮੰਨਦੇ ਸਨ। ਵਿਦਿਆਰਥੀ ਨੇਤਾ ਗਿ੍ਰਫਤਾਰੀ ਦੇ ਡਰ ਕਰਕੇ ਰੂਹਪੋਸ਼ ਹੋਏ ਬੈਠੇ ਸਨ। ਸਥਿਤੀ ਟਕਰਾਓ ਵਾਲੀ ਬਣੀ ਹੋਈ ਸੀ। ਸਰਕਾਰੀ ਬੱਸਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਦੋਹਾਂ ਪਾਸਿਆਂ ਤੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਸੀ। ਬਹੁਤ ਸਾਰੇ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਅਤੇ ਸਰਕਾਰ ਨੂੰ ਸਮਝਾਉਣ ਦੀਆਂ ਅਣਥੱਕ ਕੋਸਿਸ਼ਾਂ ਹੋਈਆਂ ਪ੍ਰੰਤੂ ਵਿਦਿਆਰਥੀ ਟੱਸ ਤੋਂ ਮਸ ਨਾ ਹੋਏ। ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਇਕ ਬਹੁਤ ਵੱਡਾ ਫਰਕ ਹੈ। ਵਿਦਿਆਰਥੀ ਇਨਸਾਫ ਚਾਹੁੰਦੇ ਸਨ ਪ੍ਰੰਤੂ ਸਰਕਾਰ ਇਨਸਾਫ ਦੇਣ ਲਈ ਤਿਆਰ ਸੀ। ਪ੍ਰੰਤੂ ਸਰਕਾਰ ਨੂੰ ਜਾਨ ਬਚਾਉਣ ਲਈ ਰਸਤਾ ਨਹੀਂ ਸੀ ਲੱਭ ਰਿਹਾ, ਸਰਕਾਰ ਘਮੰਡੀ ਵੀ ਨਹੀਂ ਸੀ। ਸਰਕਾਰ ਸਮਝੌਤਾ ਕਰਨ ਦੇ ਹੱਕ ਵਿਚ ਸੀ ਪ੍ਰੰਤੂ ਏਥੇ ਸਰਕਾਰ ਦੇ ਮਨ ਵਿਚ ਖੋਟ ਹੈ। ਇਸ ਅੰਦੋਲਨ ਵਿਚ ਕਿਸਾਨ ਇਨਸਾਫ ਚਾਹੁੰਦੇ ਹਨ ਪ੍ਰੰਤੂ ਸਰਕਾਰ ਹਓਮੈ ਦੀ ਸ਼ਿਕਾਰ ਹੈ ਅਤੇ ਅੰਦਲੋਨ ਨੂੰ ਫੇਲ੍ਹ ਕਰਨ  ਲਈ ਚਾਲਾਂ ਚਲ ਰਹੀ ਹੈ। ਸਰਕਾਰ ਫਸੀ ਜ਼ਰੂਰ ਹੋਈ ਹੈ, ਰਸਤਾ ਸਰਕਾਰ ਨੂੰ ਵੀ ਨਹੀਂ ਲੱਭ ਰਿਹਾ। ਜਿਸ ਨਾਲ ਸਰਕਾਰ ਦੀ ਹਓਮੈ ਨੂੰ ਠੇਸ ਨਾ ਪਹੁੰਚੇ। ਉਹ ਅੰਦੋਲਨ ਇਕ ਰਾਜ ਅਤੇ ਇਕ ਸਿਆਸੀ ਪਾਰਟੀ ਤੱਕ ਸੀਮਤ ਸੀ ਪ੍ਰੰਤੂ ਕਿਸਾਨ ਅੰਦੋਲਨ ਸਮੁਚੇ ਦੇਸ ਦਾ ਲੋਕ ਅੰਦੋਲਨ ਬਣ ਚੁੱਕਾ ਹੈ। ਉਦੋਂ ਵੀ ਸਿਆਸੀ ਨੇਤਾਵਾਂ ਦਾ ਪਿੰਡਾਂ ਵਿਚ ਵੜਨਾ ਅਤੇ ਸਿਆਸੀ ਸਮਾਗਮ ਕਰਨਾ ਅਸੰਭਵ ਹੋ ਗਿਆ ਸੀ। ਬਿਲਕੁਲ ਅੱਜ ਦੀ ਤਰ੍ਹਾਂ ਸਿਆਸਤਦਾਨ ਲੁਕਦੇ ਫਿਰਦੇ ਸਨ। ਇਸ ਸਮੇਂ ਵੀ ਸਿਆਸਤਦਾਨਾ ਨੂੰ ਕਿਸਾਨ ਅੰਦੋਲਨ ਵਿਚ ਵੜਨ ਨਹੀਂ ਦਿੱਤਾ ਜਾਂਦਾ। ਇਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਵਿਚ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਘਰਾਂ ਦਾ ਘੇਰਾਓ ਵੀ ਹੋ ਰਿਹਾ ਹੈ। ਭਾਵੇਂ ਉਸ ਅੰਦੋਲਨ ਅਤੇ ਕਿਸਾਨ ਅੰਦੋਲਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੰਤੂ ਟਕਰਾਓ ਬਿਲਕੁਲ ਉਸੇ ਤਰ੍ਹਾਂ ਹੈ। ਇਕ ਕਿਸਮ ਨਾਲ ਗਲਬਾਤ ਭਾਵੇਂ ਹੁੰਦੀ ਰਹੀ ਹੈ ਪ੍ਰੰਤੂ ਸਥਿਤੀ ਵਿਚ ਕੋਈ ਫਰਕ ਨਹੀਂ ਪੈ ਰਿਹਾ। ਗਲਬਾਤ ਵਿਚ ਵੀ ਖੜੋਤ ਪੈਦਾ ਹੋ ਗਈ ਹੈ। ਗਲਬਾਤ ਵੀ ਦੋਹਾਂ ਧਿਰਾਂ ਵਿਚ ਸਿੱਧੀ ਹੋ ਰਹੀ ਹੈ। ਇਸ ਅੰਦੋਲਨ ਦੀ ਸੰਸਾਰ ਵਿਚ ਇਕ ਵੱਖਰੀ ਪਛਾਣ ਬਣ ਚੁੱਕੀ ਹੈ। ਵਿਦਿਅਰਥੀ ਅੰਦੋਲਨ ਤਾਂ ਸਿਰਫ ਵਿਦਿਆਰਥੀਆਂ ਦਾ ਸੀ। ਪ੍ਰੰਤੂ ਗਲਬਾਤ ਲਈ ਕਿਸੇ ਵੀ ਵਿਚੋਲਗੀ ਦਾ ਇਤਨਾ ਇਤਰਾਜ਼ ਨਹੀਂ ਕਰਦੇ ਸਨ। ਕਿਸਾਨ ਅੰਦੋਲਨ ਵਿਚ ਵਿਚੋਲਗੀ ਦੀ ਮਨਾਹੀ ਹੈ। ਵਿਦਿਆਰਥੀ ਅੰਦੋਲਨ ਵਿਚ ਭਾਵੇਂ ਸਮਾਜ ਦੇ ਸਾਰੇ ਵਰਗ ਸ਼ਾਮਲ ਨਹੀਂ ਸਨ ਪ੍ਰੰਤੂ ਸਥਿਤੀ ਬਿਲਕੁਲ ਕਿਸਾਨ ਅੰਦੋਲਨ ਵਰਗੀ ਹੈ। ਆਮ ਲੋਕਾਂ ਦੀ ਹਮਦਰਦੀ ਕਿਸਾਨ ਅੰਦੋਲਨ ਦੀ ਤਰ੍ਹਾਂ ਸਮਾਜ ਦੇ ਸਾਰੇ ਵਰਗਾਂ ਦੀ ਵਿਦਿਆਰਥੀਆਂ ਨਾਲ ਸੀ। ਕਿਸਾਨ ਅੰਦੋਲਨ ਵਿਚ ਤਾਂ ਸਮਾਜ ਦੇ ਸਾਰੇ ਵਰਗ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਅੰਦੋਲਨ ਵਿਚ ਹਰ ਵਰਗ ਦੇ ਲੋਕ ਜਿਵੇਂ ਤੀਰਥ ਅਸਥਾਨਾਂ ਤੇ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਹਰ ਰੋਜ਼ ਪਹੁੰਚ ਰਹੇ ਹਨ। ਆਮ ਤੌਰ ਤੇ ਜਦੋਂ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਕੋਈ ਨਾ ਕੋਈ ਵਿਅਕਤੀ ਟਕਰਾਓ ਖ਼ਤਮ ਕਰਨ ਅਤੇ ਮਸਲੇ ਹਲ ਲਈ ਅੱਗੇ ਆਉਂਦਾ ਹੈ ਕਿਉਂਕਿ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਹਰ ਸਮੱਸਿਆ ਦਾ ਹਲ ਗਲਬਾਤ ਰਾਹੀਂ ਹੀ ਹੁੰਦਾ ਹੈ। ਇਹ ਅੰਦੋਲਨ ਲੰਬਾ ਵੀ ਤਾਂ ਹੀ ਹੋ ਰਿਹਾ ਹੈ ਕਿਉਂਕਿ ਕਿਸਾਨ ਕਿਸੇ ਹੋਰ ਵਿਅਕਤੀ ਨੂੰ ਵਿਚੋਲਗੀ ਕਰਨ ਦੀ ਪ੍ਰਵਾਨਗੀ ਨਹੀਂ ਦਿੰਦੇ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਜਦੋਂ ਅਜਿਹੀ ਖੜੋਤ ਪੈਦਾ ਹੋ ਜਾਵੇ ਤਾਂ ਕਿਸੇ ਦੀ ਵਿਚੋਲਗੀ ਪ੍ਰਵਾਨ ਕਰਨੀ ਹੁੰਦੀ ਹੈ। ਅੰਦੋਲਨ ਦੇ ਲੰਬਾ ਹੋਣ ਨਾਲ ਸਰਕਾਰ ਵੀ ਬੁਖਲਾ ਗਈ ਹੈ ਪ੍ਰੰਤੂ ਕਿਸਾਨਾ ਲਈ ਵੀ ਮੁਸ਼ਕਲ ਬਣਦੀ ਜਾ ਰਹੀ ਹੈ। ਹਰ ਰੋਜ ਖ਼ਰਚੇ ਤਾਂ ਹੋ ਰਹੇ ਹਨ ਪ੍ਰੰਤੂ ਆਮਦਨ ਦੇ ਸਾਧਨ ਬੰਦ ਹੋ ਗਏ ਹਨ। ਅੰਦੋਲਨ ਲਈ ਪਿੰਡਾਂ ਵਿਚੋਂ ਰਸਦ ਅਤੇ ਮਾਇਆ ਇਕੱਠੀ ਕਰਕੇ ਆਪੋ ਆਪਦੇ ਪਿੰਡਾਂ ਦੇ ਕਿਸਾਨਾ ਨੂੰ ਭੇਜੀ ਜਾ ਰਹੀ ਹੈ। ਇਸ ਦੇ ਉਲਟ ਵਿਦੇਸ਼ਾਂ ਵਿਚੋਂ ਪੈਸੇ ਆਉਣ ਦੇ ਇਲਜ਼ਾਮਾ ਦਾ ਕਿਸਾਨਾ ਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਆਰਥਿਕ ਹਾਲਤ ਵੀ ਡਾਵਾਂ ਡੋਲ ਹੋ ਜਾਵੇਗੀ।

       ਭਾਰਤ ਅਤੇ ਪਾਕਿਸਤਾਨ ਦੀਆਂ ਆਪਸੀ ਦੋ ਜੰਗਾਂ ਹੋ ਚੁੱਕੀਆਂ ਹਨ। ਚੀਨ ਨਾਲ ਵੀ ਲੜਾਈ ਹੋ ਚੁੱਕੀ ਹੈ। ਇਨ੍ਹਾਂ ਤਿੰਨਾਂ ਲੜਾਈਆਂ ਵਿਚ ਅਨੇਕਾਂ ਮਨੁੱਖੀ ਜਾਨਾ ਦਾ ਨੁਕਸਾਨ ਹੋਇਆ ਹੈ। ਦੇਸ ਅਤੇ ਖਾਸ ਤੌਰ ਤੇ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਵਧੇਰੇ ਨੁਕਸਾਨ ਝੱਲ ਚੁੱਕਿਆ ਹੈ। ਤਿੰਨਾ ਲੜਾਈਆਂ ਵਿਚ ਅਖ਼ੀਰ ਸਮਝੌਤਾ ਕਰਨਾ ਪਿਆ। ਸੰਸਾਰ ਦੀਆਂ ਵੀ ਦੋ ਜੰਗਾਂ ਹੋਈਆਂ ਉਥੇ ਵੀ ਸਮਝੌਤੇ ਹੋਏ। ਚੀਨ ਅਤੇ ਪਾਕਿਸਤਾਨ ਨਾਲ ਹੁਣ ਵੀ ਭਾਰਤ ਦਾ ਇਟ ਖੜੱਕਾ ਹੁੰਦਾ ਰਹਿੰਦਾ ਹੈ। ਫਿਰ ਆਪਸ ਵਿਚ ਬੈਠਕੇ ਸਮਝੌਤੇ ਹੁੰਦੇ ਹਨ। ਇਸ ਲਈ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਧੀਰਜ ਨਾਲ ਸੋਚਣਾ ਬਣਦਾ ਹੈ। ਮੋਗਾ ਵਿਦਿਆਰਥੀ ਅੰਦੋਲਨ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਜਦੋਂ ਕੋਈ ਹਲ ਨਾ ਹੁੰਦਾ ਦਿਸਿਆ ਸਰਕਾਰ ਬੜੀ ਅਸੰਜਮ ਵਿਚ ਸੀ ਕਿਉਂਕਿ ਉਹ ਵਿਦਿਆਰਥੀਆਂ ਨਾਲ ਸਖਤੀ ਨਹੀਂ ਵਰਤਣੀ ਚਾਹੁੰਦੀ ਸੀ। ਲੋਕਤੰਤਰ ਵਿਚ ਅਜਿਹੀ ਸੋਚ ਰੱਖਣੀ ਸਰਕਾਰ ਦੇ ਅਤੇ ਅੰਦੋਲਨਕਾਰੀਆਂ ਦੇ ਹੱਕ ਵਿਚ ਹੁੰਦੀ ਹੈ। ਏਥੇ ਵੀ ਸਰਕਾਰ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਰਸਤਾ ਲੱਭਣਾ ਚਾਹੀਦਾ ਹੈ। ਤਰਲੋਚਨ ਸਿੰਘ ਜਿਸਨੂੰ ਹੁਣੇ ਪਦਮ ਭੂਸ਼ਣ ਦੇਣ ਦਾ ਐਲਾਨ ਹੋਇਆ ਹੈ, ਉਦੋਂ ਮਾਰਕਫੈਡ ਵਿਚ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ। ਇਸ ਕਰਕੇ ਉਨ੍ਹਾਂ ਨੂੰ ਸਜਾ ਦੇਣ ਲਈ ਫਰੀਦਕੋਟ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲਾ ਕੇ ਮੋਗਾ ਹੈਡ ਕੁਆਰਟਰ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਉਹ ਪਹਿਲਾਂ ਫੀਰੋਜਪੁਰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਹੇ ਸਨ। ਉਦੋਂ ਮੋਗਾ ਫੀਰੋਜਪੁਰ ਵਿਚ ਹੁੰਦਾ ਸੀ। ਉਹ ਮੋਗਾ ਦੇ ਸਥਾਨਕ ਕਾਂਗਰਸੀ ਸਿਆਸਤਦਾਨ ਜੁਗਰਾਜ ਸਿੰਘ ਗਿੱਲ ਨੂੰ ਜਾਣਦੇ ਸਨ। ਤਰਲੋਚਨ ਸਿੰਘ ਜੁਗਰਾਜ ਸਿੰਘ ਗਿੱਲ ਦੇ ਘਰ ਹੀ ਰਹਿਣ ਲੱਗ ਪਏ ਅਤੇ ਜੁਗਰਾਜ ਸਿੰਘ ਗਿੱਲ ਦਾ ਅਸਰ ਰਸੂਖ ਵਰਤਕੇ ਰੂਹਪੋਸ਼ ਵਿਦਿਆਰਥੀ ਨੇਤਾਵਾਂ ਨੂੰ ਕਿਸੇ ਟਿਊਬਵੈਲ ਤੇ ਜਾ ਕੇ ਮਿਲੇ। ਵਿਦਿਆਰਥੀ ਨੇਤਾ ਪੁਲਿਸ ਅਤੇ ਜਿਲ੍ਹਾ ਪ੍ਰਸ਼ਸਾਨ ਤੇ ਵਿਸ਼ਵਾਸ ਨਹੀਂ ਕਰਦੇ ਸਨ। ਇਸ ਲਈ ਤਰਲੋਚਨ ਸਿੰਘ ਨੂੰ ਮਿਲ ਲਏ ਕਿਉਂਕਿ ਦੋ ਮਹੀਨੇ ਲੁਕ ਛਿਪਕੇ ਰਹਿ ਰਹੇ ਸਨ। ਵਿਦਿਆਰਥੀ ਨੇਤਾਵਾਂ ਨੇ ਗਿਆਨੀ ਜ਼ੈਲ ਸਿੰਘ ਨੂੰ ਸਿੱਧੇ ਮਿਲਕੇ ਗੱਲ ਕਰਨ ਦੀ ਇਛਾ ਜ਼ਾਹਰ ਕੀਤੀ। ਸ਼ਰਤਾਂ ਰੱਖੀਆਂ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਬਦਲ ਦਿੱਤਾ ਜਾਵੇ। ਸਿਨਮਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇ। ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ, ਅਗਲੇ ਦਿਨ ਗਿਆਨੀ ਜ਼ੈਲ ਸਿੰਘ ਵਿਦਿਆਰਥੀ ਨੇਤਾਵਾਂ ਨੂੰ ਮਿਲਣ ਲਈ ਜਗਰਾਓਂ ਪਹੁੰਚ ਗਏ। ਰਾਤ ਨੂੰ 9-00 ਵਜੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ। ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਵਿਦਿਆਰਥੀ ਨੇਤਾਵਾਂ ਨੇ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨੇ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਫਿਰਾਕਦਿਲੀ ਵਿਖਾਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਅੰਦੋਲਨ ਦੇ ਲੰਬੇ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਮੇਰਾ ਏਥੇ ਦੱਸਣ ਦਾ ਭਾਵ ਇਹੋ ਹੈ ਕਿ ਸਰਕਾਰ ਨੂੰ ਆਪਣਾ ਅਕਸ ਬਚਾਉਣ ਲਈ ਕਿਸਾਨਾ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਕਿਸਾਨਾ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿਚ ਪਾ ਕੇ ਗੱਲਬਾਤ ਕਰਕੇ ਮਸਲਾ ਹਲ ਕਰਨਾ ਚਾਹੀਦਾ ਹੈ। ਬਹੁਤੇ ਨੇਤਾਵਾਂ ਦੀ ਗਲਬਾਤ ਸਿਰੇ ਚੜ੍ਹਨੀ ਅਸੰਭਵ ਹੁੰਦੀ ਹੈ। ਜੋ ਵੀ ਫੈਸਲਾ ਕਰਨਾ ਹੈ, ਉਸਨੂੰ ਸਾਰੀਆਂ ਜਥੇਬੰਦੀਆਂ ਦੇ ਨੇਤਾਵਾਂ ਦੀ ਮੀਟਿੰਗ ਕਰਕੇ ਉਸ ਵਿਚ ਵਿਚਾਰਕੇ ਜੇ ਠੀਕ ਲੱਗ ਤਾਂ ਪ੍ਰਵਾਨਗੀ ਦੇਣ। ਟਕਰਾਓ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦਾ।

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072

  ujagarsingh48@yahoo.com

ਟਿਕਰੀ ਸਰਹੱਦ ‘ਤੇ ਅਮਰੀਕਾ ਤੋਂ ਆ ਕੇ ਡਾਕਟਰ ਨੇ ਵਸਾਇਆ ‘ਪਿੰਡ ਕੈਲੇਫੋਰਨੀਆਂ’  - ਉਜਾਗਰ ਸਿੰਘ

ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਜਿਹੜੀਆਂ ਕਿਸਾਨਾ ਨੂੰ ਪਿੰਡਾਂ ਵਿਚ ਸਹੂਲਤਾਂ ਪੈਸੇ ਖਰਚਕੇ ਵੀ ਨਹੀਂ ਮਿਲਦੀਆਂ ਸਨ, ਉਹ ਅੰਦੋਲਨ ਵਿਚ ਮੁਫਤ ਮਿਲ ਰਹੀਆਂ ਹਨ। ਜਦੋਂ ਤੁਸੀਂ ਕਿਸਾਨ ਅੰਦੋਲਨ ਦੀ ਟਿਕਰੀ ਸਰਹੱਦ ਤੇ ਪਹੁੰਚਦੇ ਹੋ ਤਾਂ ਉਥੇ ਇਕ ਅਮਰੀਕਾ ਤੋਂ ਆਇਆ 35 ਸਾਲਾ ਨੌਜਵਾਨ ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਸਵੈਮਾਨ ਸਿੰਘ ਪੱਖੋਕੇ ਮਿਲੇਗਾ, ਜਿਹੜਾ ਬਹੁਤ ਹੀ ਸਾਧਾਰਨ ਪਹਿਰਾਵੇ ਵਿਚ ਮਰੀਜ ਵੇਖਦਾ ਅਤੇ ਉਸ ਵਲੋਂ ਬਣਾਏ ਗਏ ਹਸਪਤਾਲ ਦੇ ਕੰਮ ਕਾਜ ਦੀ ਨਿਗਰਾਨੀ ਕਰਦਾ ਦਿਸੇਗਾ। ਕਈ ਵਾਰ ਉਹ ਖੁਦ ਹੀ ਸਫਾਈ ਕਰਦਾ ਹੈ। ਧਾਰਮਿਕ ਅਤੇ ਦੇਸ ਭਗਤੀ ਦੀਆਂ ਪੁਸਤਕਾਂ ਦਾ ਲੰਗਰ ਵੀ ਉਸਨੇ ਲਗਾਇਆ ਹੋਇਆ ਹੈ। ਨਮਰਤਾ ਦਾ ਮੁਜੱਸਮਾ ਹੈ। ਹਰ ਮਰੀਜ਼ ਤੇ ਮਿਲਣ ਵਾਲੇ ਨਾਲ ਅਪਣਤ ਇਤਨੀ ਕਰਦਾ ਹੈ ਕਿ ਲਗਦਾ ਹੀ ਨਹੀਂ ਕਿ ਕਿਸੇ ਅਣਜਾਣ ਨਾਲ ਗੱਲ ਕਰ ਰਹੇ ਹੋਵੋੋ। ਸੇਵਾ ਕਰਨ ਦਾ ਜ਼ਜ਼ਬਾ ਵੀ ਉਸਦਾ ਵੇਖਣ ਵਾਲਾ ਹੈ। ਲਗਦਾ ਹੀ ਨਹੀਂ ਕਿ ਉਹ ਅਮਰੀਕਾ ਵਰਗੇ ਦੇਸ ਤੋਂ ਆਇਆ ਹੋਵੇਗਾ। ਅਮਰੀਕਾ ਦੀ ਨਿਊਜਰਸੀ ਸਟੇਟ ਤੋਂ ਆਏ ਦਿਲ ਦੀਆਂ ਬਿਮਾਰੀਆਂ ਦੇ ਡਾਕਟਰ ਸਵੈਮਾਨ ਸਿੰਘ ਪੱਖੋਕੇ ਨੇ ਟਿਕਰੀ ਸਰਹੱਦ ‘ਤੇ ‘‘ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ’’ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਦੇ  ਸਹਿਯੋਗ ਨਾਲ ਬਣਾਏ ਇਸ ਮੇਕ ਸ਼ਿਫਟ ਹਸਪਤਾਲ ਵਿਚ ਪੰਜਾਬ ਅਤੇ ਚੰਡੀਗੜ੍ਹ ਤੋਂ 10 ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਕਿਸਾਨਾਂ ਦੇ ਇਲਾਜ ਲਈ ਤਤਪਰ ਰਹਿੰਦੀ ਹੈ। ਉਹ ਕਹਿੰਦੇ ਹਨ ਕਿ ਗੰਭੀਰ ਬਿਮਾਰੀ ਦੀ ਸੂਰਤ ਵਿਚ ਸੰਸਾਰ ਪੱਧਰ ਦੇ ਮਾਹਿਰ ਡਾਕਟਰਾਂ ਦੀ ਰਾਏ ਲੈਣ ਲਈ ਟੈਲੀ ਮੈਡੀਸਨ ਦੀ ਪ੍ਰਣਾਲੀ ਵੀ ਅਪਣਾਵਾਂਗੇ। ਹਰ ਰੋਜ਼ ਲਗਪਗ 6000 ਮਰੀਜ਼ ਆਉਂਦੇ ਹਨ। ਸਾਰਿਆਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾ ਸਵੈਮਾਨ ਸਿੰਘ ਪੱਖੋਕੇ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸਵੈ ਇੱਛਤ ਸੰਸਥਾਵਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 100 ਲੜਕੇ ਅਤੇ ਲੜਕੀਆਂ ਵਾਲੰਟੀਅਰਜ਼ ਬਣਾਏ ਹਨ, ਜੋ ਲੋਕ ਸੇਵਾ ਵਿਚ ਜੁਟੇ ਰਹਿੰਦੇ ਹਨ। ਉਹ ਆਪਣੇ ਸਾਥੀਆਂ ਨੂੰ ਵਾਲੰਟੀਅਰ ਨਹੀਂ ਸਗੋਂ ਭੈਣ ਭਰਾ ਕਹਿੰਦੇ ਹਨ। ਜਦੋਂ ਉਹ ਆਪਣੀ ਨੌਕਰੀ ਛੱਡਕੇ ਟਿਕਰੀ ਸਰਹੱਦ ਉਪਰ ਪਹੁੰਚਿਆ ਸੀ ਤਾਂ ਉਹ ਇਕੱਲਾ ਸੀ ਪ੍ਰੰਤੂ ਉਸਨੂੰ ਕੁਝ ਸਾਥੀ ਰੁਪਿੰਦਰ ਸਿੰਘ ਹੋਰੀਂ ਮਿਲੇ ਫਿਰ ਤਾਂ ਕਾਫਲਾ ਵਧਦਾ ਗਿਆ। 100 ਤਾਂ ਪੱਕੇ ਉਸਦੇ ਨਾਲ ਸੇਵਾ ਵਿਚ ਜੁਟੇ ਰਹਿੰਦੇ ਹਨ ਪ੍ਰੰਤੂ ਕਈ ਪਿੰਡਾਂ ਤੋਂ ਵਾਰੀ ਬੰਨ੍ਹਕੇ ਆਉਂਦੇ ਹਨ। ਹਸਪਤਾਲ ਅਤੇ ਰੈਣ ਬਸੇਰੇ ਵਿਚ ਸਫਾਈ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਹੋਰ ਰੋਜ਼ ਮਰ੍ਹਾ ਦੀ ਵਰਤੋਂ ਵਾਲੀਆਂ ਚੀਜ਼ਾਂ ਕਿਸਾਨਾ ਨੂੰ ਦਿੱਤੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਉਸਨੇ 4000 ਇਸਤਰੀਆਂ ਦੇ ਠਹਿਰਨ ਲਈ ਇਕ ਰੈਣ ਬਸੇਰਾ ਬਣਾਇਆ ਹੋਇਆ ਹੈ। ਇਸਤਰੀਆਂ ਦੇ ਨਹਾਉਣ ਲਈ ਗਰਮ ਪਾਣੀ ਦੇਣ ਵਾਸਤੇ ਗੀਜ਼ਰ ਲਗਾਏ ਹੋਏ ਹਨ। ਪੀਣ ਲਈ ਸਾਫ ਸੁਥਰਾ ਪਾਣੀ ਦੇਣ ਲਈ ਆਰ ਓ ਲਗਾਏ ਹੋਏ ਹਨ। ਪਾਖਾਨੇ ਬਣਾਏ ਗਏ ਹਨ। ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨਾ ਲਗਾਈਆਂ ਗਈਆਂ ਹਨ। ਪਾਖਾਨਿਆਂ ਅਤੇ ਹੋਰ ਸਫਾਈ ਲਈ 30 ਕਰਮਚਾਰੀ ਪੱਕੇ ਤੌਰ ਤੇ ਰੱਖੇ ਹੋਏ ਹਨ। ਇਸ ਕੰਪਲੈਕਸ ਦਾ ਨਾਮ ਉਨ੍ਹਾਂ ‘‘ਪਿੰਡ ਕੈਲੇਫੋਰਨੀਆਂ’’ ਰੱਖਿਆ। ਡਾ ਸਵੈਮਾਨ ਸਿੰਘ ਪੱਖੋਕੇ ਦਸਦੇ ਹਨ ਕਿ ਪੰਜਾਬ ਦੇ ਇਕ ਰਾਜਨੇਤਾ ਨੇ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਉਹ ਉਨ੍ਹਾਂ ਦਾ ਸਪਨਾ ਪੂਰਾ ਨਹੀਂ ਹੋਇਆ। ਇਸ ਲਈ ਮੈਂ ਇਸ ਦਾ ਨਾਮ ‘ਪਿੰਡ ਕੈਲੇਫੋਰਨੀਆਂ’ ਰੱਖਿਆ ਹੈ। ਕੈਲੇਫੋਰਨੀਆਂ ਵਿਚ ਤਿੰਨ ਸਹੂਲਤਾਂ ਹਰ ਨਾਗਰਿਕ ਨੂੰ ਮਿਲਦੀਆਂ ਹਨ। ਇਸ ਪਿੰਡ ਵਿਚ ਵੀ ਉਹੀ ਤਿੰਨ ਸਹੂਲਤਾਂ ਸਿਖਿਆ, ਸਿਹਤ ਅਤੇ ਸਵੱਛ ਵਾਤਵਰਨ ਇਥੇ ਦਿੱਤਾ ਜਾਵੇਗਾ। ਜਲਦੀ ਹੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਧਾਰਮਿਕ ਅਤੇ ਨੈਤਿਕ ਵਿਦਿਆ ਦੇਣ ਲਈ ਇਕ ਸਕੂਲ ਖੋਲਿ੍ਹਆ ਜਾ ਰਿਹਾ ਹੈ। ਸਿਹਤ ਸਹੂਲਤਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ। ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਹਰ ਰੋਜ਼ ਕਿਸੇ ਖੇਡ ਦਾ ਪ੍ਰੋਗਰਾਮ ਹੁੰਦਾ ਹੈ। ਉਨ੍ਹਾਂ ਕਿਹਾ ਜਿਹੜਾ ਵਿਅਕਤੀ ਇਸ ਅੰਦੋਲਨ ਵਿਚ ਆਵੇ, ਉਹ ਵਧੀਆ ਇਨਸਾਨ ਬਣਕੇ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਤਿੰਨ ਸਾਲ ਦਾ ਪ੍ਰਬੰਧ ਕਰ ਰਹੇ ਹਾਂ। ਜੇਕਰ ਲੋੜ ਪਈ ਤਾਂ ਹੋਰ ਵੀ ਵਧਾ ਲਵਾਂਗੇ। ਇਕ ਮੀਡੀਆ ਰੂਮ ਬਣਾਇਆ ਜਾ ਰਿਹਾ ਹੈ, ਜਿਥੇ ਮੁਫਤ ਵਾਈ ਫਾਈ ਦੀ ਸਹੂਲਤ ਹੋਵੇਗੀ। ਇਸ ਸਾਰੇ ਕੁਝ ਲਈ ਅਸੀਂ ਕਿਸੇ ਤੋਂ ਚੰਦਾ ਨਹੀਂ ਲੈਂਦੇ ਪ੍ਰੰਤੂ ਸਾਡੇ ਦੋਸਤ, ਮਿਤਰ, ਸਹਿਯੋਗੀ ਅਤੇ ਗਰੂ ਘਰਾਂ ਦੇ ਪ੍ਰਬੰਧਕਾਂ ਤੋਂ, ਜਦੋਂ ਅਸੀਂ ਕਿਸੇ ਚੀਜ ਲਈ ਕਹਿੰਦੇ ਹਾਂ ਉਹ ਤੁਰੰਤ ਪਹੁੰਚਾ ਦਿੰਦੇ ਹਨ।
    ਡਾ ਸਵੈਮਾਨ ਸਿੰਘ ਪੱਖੋਕੇ ਨੇ ਜਦੋਂ ਅਮਰੀਕਾ ਵਿਚ ਕਿਸਾਨ ਅੰਦੋਲਨ ਦੀ ਇਕ ਵੀਡੀਓ ਵੇਖੀ, ਜਿਸ ਵਿਚ ਬਜ਼ੁਰਗ, ਬੱਚੇ ਅਤੇ ਬੀਬੀਆਂ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਤਾਂ ਉਸੇ ਵਕਤ ਉਨ੍ਹਾਂ ਨੇ ਅੰਦੋਲਨ ਵਿਚ ਆ ਕੇ ਸਿਹਤ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਅਤੇ ਮਨ ਵਿਚ ਸੋਚਿਆ ਕਿ  ਮੇਰੇ ਡਾਕਟਰ ਹੋਣ ਦਾ ਕੀ ਲਾਭ, ਜੇਕਰ ਮੈਂ ਆਪਣਿਆਂ ਦੇ ਕੰਮ ਨਾ ਆ ਸਕਾਂ, ਜਿਹੜੇ ਮੇਰੇ ਕਿਸਾਨ ਬਜ਼ੁਰਗ, ਭੈਣਾਂ ਅਤੇ ਭਰਾ ਉਥੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੋਣ ਤੇ ਮੈਂ ਅਮਰੀਕਾ ਵਿਚ ਆਨੰਦਮਈ ਜੀਵਨ ਬਤੀਤ ਕਰਦਾ ਹੋਵਾਂ। ਜਦੋਂ ਉਹ ਅਮਰੀਕਾ ਤੋਂ ਆਏ ਸਨ ਤਾਂ ਉਹ ਆਪਣੀ ਸੰਸਥਾ ਵੱਲੋਂ ਅੰਦੋਲਨ ਵਿਚ ਹਿੱਸਾ ਲੈ ਰਹੇ ਲੋਕਾਂ ਦੀ ਸਿਰਫ ਸਿਹਤ ਲਈ ਮੈਡੀਕਲ ਸਹੂਲਤ ਦੇਣ ਦੇ ਮੰਤਵ ਨਾਲ ਪਹੁੰਚੇ ਸਨ। ਪ੍ਰੰਤੂ ਜਦੋਂ ਉਨ੍ਹਾਂ ਨੇ ਟਿਕਰੀ ਸਰਹੱਦ ਤੇ ਵੇਖਿਆ ਕਿ ਬਿਮਾਰੀਆਂ ਫੈਲਾਉਣ ਵਿਚ ਏਥੇ ਸਫਾਈ ਦੀ ਅਣਹੋਂਦ ਮੁੱਖ ਕਾਰਨ ਹੈ। ਫਿਰ ਉਨ੍ਹਾਂ ਨੇ ਸਿਹਤ ਸਹੂਲਤਾਂ ਦੇ ਨਾਲ ਹੀ ਆਪ ਮੂਹਰੇ ਲੱਗਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਮਨ Îਵਿਚ ਆਇਆ ਕਿ ਲੋਕਾਂ ਨੂੰ ਵੀ ਸਫਾਈ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੀ ਇਹ ਮੁਹਿੰਮ ਵੀ ਰੰਗ ਲਿਆਈ। ਲੋਕਾਂ ਨੂੰ ਪਲਾਸਟਿਕ ਦੀਆਂ ਵਸਤਾਂ ਵਰਤਣ ਤੋਂ ਗੁਰੇਜ ਕਰਨ ਲਈ ਬੇਨਤੀ ਕਰਦੇ ਰਹੇ ਤਾਂ ਜੋ ਵਾਤਵਰਨ ਵੀ ਸਾਫ ਸੁਥਰਾ ਰਹੇ। ਇਕ ਦਿਨ ਉਨ੍ਹਾਂ ਇਕ ਬਜ਼ੁਰਗ ਨੂੰ ਸਰਦੀ ਕਰਕੇ ਠੰਡ ਲੱਗਣ ਨਾਲ ਤੜਪਦੇ ਸਵਰਗਵਾਸ ਹੁੰਦੇ ਵੇਖਿਆ ਤਾਂ ਉਨ੍ਹਾਂ ਦੇ ਮਨ ਤੇ ਇਸ ਘਟਨਾ ਦਾ ਗਹਿਰਾ ਪ੍ਰਭਾਵ ਪਿਆ। ਉਸੇ ਵਕਤ ਉਨ੍ਹਾਂ ਨੇ ਇਕ ਰੈਣ ਬਸੇਰਾ ਬਣਾਉਣ ਦਾ ਫੈਸਲਾ ਕਰ ਲਿਆ। ਬੜੀ ਜਦੋਜਹਿਦ ਤੋਂ ਬਾਅਦ ਇਕ ਸਰਕਾਰੀ ਬਸ ਸਟੈਂਡ ਦੀ ਅਧੂਰੀ ਇਮਾਰਤ ਪਤਾ ਲੱਗੀ ਤਾਂ ਸਰਕਾਰ ਨਾਲ ਤਾਲਮੇਲ ਕਰਕੇ ਉਸਨੂੰ ਆਪਣੇ ਖਰਚੇ ਤੇ ਸਰਕਾਰੀ ਸਪੈਸੀਫੀਕੇਸਨ ਮੁਤਾਬਕ ਮੁਕੰਮਲ ਕਰਵਾਇਆ। ਦਰਵਾਜੇ ਅਤੇ ਟਾਇਲਾਂ ਲਗਵਾਈਆਂ। ਬਾਥ ਰੂਮ ਮੁਕੰਮਲ ਕਰਵਾਏ। ਇਮਾਰਤ ਨੂੰ ਰੰਗ ਰੋਗਨ ਕਰਵਾਇਆ। ਫਿਰ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਬਣਾ ਦਿੱਤਾ।
  ਡਾ ਸਵੈਮਾਨ ਸਿੰਘ ਪੱਖੋਕੇ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਪੱਖੋਕੇ ਵਿਚ 9 ਮਈ  1986 ਵਿਚ ਮਾਤਾ ਸੁਰਿੰਦਰ ਕੌਰ ਪੱਖੋਕੇ ਅਤੇ ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ ਦੇ ਘਰ ਹੋਇਆ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਚੌਥੀ ਤੱਕ ਦੀ ਪੜ੍ਹਾਈ ਉਨ੍ਹਾਂ ਅੰਮਿ੍ਰਤਸਰ ਪ੍ਰਾਪਤ ਕੀਤੀ। ਉਨ੍ਹਾਂ ਐਮ ਬੀ ਬੀ ਐਸ ਅਮੈਰਿਕਨ ਯੂਨੀਵਰਸਿਟੀ ਆਫ ਐਨਟੀਗੂਆ ਤੋਂ ਇਨਟਰਨਲ ਮੈਡੀਸਨ ਰੈਜੀਡੈਂਸੀ ਹਨੇਮਨ ਡਰੈਕਸਲ ਯੂਨੀਵਰਸਿਟੀ ਫਿਲਡੈਲਫੀਆ ਅਤੇ ਕਾਰਡੀਆਲੋਜੀ ਫੈਲੋਸ਼ਿਪ ਤੀਜਾ ਸਾਲ ਬੈਥ ਇਸਰਾਈਲ ਹਾਸਪੀਟਲ ਨਿਊਯਾਰਕ ਨਿਊਜਰਸੀ ਵਿਖੇ ਕੀਤੀ। ਹੁਣ ਉਨ੍ਹਾਂ ਨੂੰ 5 ਲੱਖ ਡਾਲਰ ਸਾਲਾਨਾ ਦੀ ਨੌਕਰੀ ਦੀ ਆਫਰ ਸੀ ਪ੍ਰੰਤੂ ਉਨ੍ਹਾਂ ਕਿਸਾਨ ਅੰਦੋਲਨ ਵਿਚ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਪੜ੍ਹਾਈ ਦੌਰਾਨ ਉਨ੍ਹਾਂ ਦਾ ਕੈਰੀਅਰ ਸ਼ਾਨਦਾਰ ਰਿਹਾ ਹੈ। ਡਾ ਸਵੈਮਾਨ ਸਿੰਘ ਪੱਖੋਕੇ ਦਾ ਵਿਆਹ 2014 ਵਿਚ ਕੁਲਕਿਰਨ ਪ੍ਰੀਤ ਕੌਰ ਨਾਲ ਹੋਇਆ, ਜੋ ਐਮ ਬੀ ਏ ਨਾਲ ਹੋਇਆ। ਉਨ੍ਹਾਂ ਦੀ ਇਕ ਦੋ ਸਾਲ ਦੀ ਬੇਟੀ ਸਮਈਆ ਹੈ, ਜੋ ਆਪਣੇ ਪਿਤਾ ਨੂੰ ਮਿਸ ਕਰ ਰਹੀ ਹੈ। ਉਨ੍ਹਾਂ ਦੇ ਮਾਤਾ   ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ ਨੌਕਰੀ ਕਰਦੇ ਸਨ। ਮਾਤਾ ਪਿਤਾ ਦੋਵੇਂ ਹੀ ਵਿਦਿਆਰਥੀ ਜੀਵਨ ਵਿਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ। ਜਸਵਿੰਦਰ ਪਾਲ ਸਿੰਘ ਪੱਖੋਕੇ ਤਾਂ ਇਸਦੀ ਪੰਜਾਬ ਇਕਾਈ ਦੇ ਪ੍ਰਧਾਨ ਸਨ ਅਤੇ ਸੁਰਿੰਦਰ ਕੌਰ ਕਾਰਜਕਾਰੀ ਮੈਂਬਰ ਰਹੇ ਹਨ। ਸੁਰਿੰਦਰ ਕੌਰ ਯੂਨੀਵਰਸਿਟੀ ਦੀ ਕਰਮਚਾਰੀ ਐਸੋਸੀਏਸ਼ਨ ਵਿਚ ਵੀ ਸਰਗਰਮ ਰਹੇ ਹਨ। ਸਵੈਮਾਨ ਸਿੰਘ ਦੇ ਪਿਤਾ 1993 ਵਿਚ ਅਮਰੀਕਾ ਆ ਗਏ ਸਨ। ਉਹ ਆਪਣੀ ਮਾਤਾ, ਵੱਡੇ ਭਰਾ ਸੰਗਰਾਮ ਸਿੰਘ ਅਤੇ ਭੈਣ ਕਮਲ ਨਾਲ  1997 ਵਿਚ  ਅਮਰੀਕਾ ਆ ਗਏ। ਅਗਲੀ ਪੜ੍ਹਾਈ ਉਨ੍ਹਾਂ ਅਮਰੀਕਾ ਵਿਚ ਹੀ ਕੀਤੀ। ਅਮਰੀਕਾ ਵਿਚ ਸੈਟਲ ਹੋਣ ਲਈ ਸਾਰੇ ਪਰਿਵਾਰ ਨੂੰ ਸਖਤ ਮਿਹਨਤ ਕਰਨੀ ਪਈ । ਤਿੰਨੋ ਬੱਚੇ ਪੜ੍ਹਾਈ ਦੇ ਨਾਲ ਹੀ ਕੰਮ ਕਰਦੇ ਸਨ। ਸਵੈਮਾਨ ਸਿੰਘ ਪੱਖੋਕੇ ਕਾਊਂਟੀ ਕਾਲਜ ਵਿਚ ਪੜ੍ਹਦਿਆਂ ਪੰਦਰਾਂ ਘੰਟੇ ਸਟੋਰ ਤੇ ਕੰਮ ਕਰਦਾ ਰਿਹਾ। ਸ਼ੁਰੂ ਤੋਂ ਹੀ ਉਹ ਮਿਹਨਤੀ ਸੁਭਾਆ ਵਾਲਾ ਅਤੇ ਸਮੇਂ ਦਾ ਪਾਬੰਦ ਹੈ। ਅੱਠਵੀਂ ਕਲਾਸ ਤੋਂ ਹੀ ਉਹ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ ਹੁਣ ਤੱਕ ਵਰਤ ਰਖਦਾ ਆ ਰਿਹਾ ਹੈ। ਜਦੋਂ ਉਹ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤਾਂ 6 ਮਹੀਨੇ ਦਾ ਪੜ੍ਹਾਈ ਵਿਚ ਬਰੇਕ ਲੈਕੇ ਇੰਗਲੈਂਡ ਵਿਚ ਊਧਮ ਸਿੰਘ ਦੀ ਯਾਦਗਾਰ ਕੈਕਸਟਨ ਹਾਲ ਵੇਖਣ ਲਈ ਗਿਆ ਸੀ। ਆਪਣੇ ਦੋਸਤ ਦੇ ਨਾਲ ਹੱਥ ਵਿਚ ਤਿਰੰਗਾ ਫੜਕੇ 30 ਮੀਲ ਪੈਦਲ ਯਾਤਰਾ ਕਰਕੇ ਉਹ ਆਪਣੀ ਰਟਗਰਜ਼ ਯੂਨੀਵਰਸਿਟੀ ਜਾਂਦਾ ਰਿਹਾ ਹੈ। ਦੇਸ਼ ਭਗਤੀ ਉਸ ਵਿਚ ਕੁਟ ਕੁਟ ਕੇ ਭਰੀ ਹੋਈ ਹੈ। ਇਸਦਾ ਮੁਖ ਕਾਰਨ ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਦੇਸ਼ ਭਗਤਾਂ ਦੀ ਹੈ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਨੇ ਜੈਤੋ ਦੇ ਮੋਰਚੇ ਦੇ ਤੀਜੇ ਜਥੇ ਵਿਚ ਗਿ੍ਰਫਤਾਰੀ ਦਿੱਤੀ ਅਤੇ ਨਾਭਾ ਜੇਲ੍ਹ ਵਿਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਪੱਖੋਕੇ ਦੇ ਸਰਪੰਚ ਰਹੇ ਅਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਪਿਤਾ ਕਿਤੇ ਵਜੋਂ ਵਕੀਲ ਸਨ। ਸਮਾਜ ਸੇਵਾ ਦੀ ਪ੍ਰਵਿਰਤੀ ਹੋਣ ਕਰਕੇ ਪਿੰਡ ਦੀ ਡਿਸਪੈਂਸਰੀ ਵਿਚ ਮੁਫਤ ਦਵਾਈਆਂ ਦਿੰਦੇ, ਕਿਸਾਨਾ ਦੇ ਹਿਤਾਂ ਲਈ ਕੰਮ ਕਰਦੇ, ਫੈਕਟਰੀ ਮਜ਼ਦੂਰਾਂ ਦੇ ਕੇਸ ਮੁਫਤ ਲੜਦੇ ਅਤੇ ਕਿਸਾਨਾ ਦੇ ਹਿਤਾਂ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ ਆਜ਼ਾਦ ਮਾਹੌਲ ਵਾਲੇ ਅਮਰੀਕਾ ਵਰਗੇ ਦੇਸ਼ ਵਿਚ ਹੋਈ ਹੈ। ਜਿਸ ਕਰਕੇ ਉਹ ਸੱਚੇ ਸੁੱਚੇ ਪਾਰਦਰਸ਼ੀ ਇਨਸਾਨ ਹਨ।
       ਜਦੋਂ ਦਾ ਸਵੈਮਾਨ ਸਿੰਘ ਪੱਖੋਕੇ ਡਾਕਟਰ ਬਣਿਆਂ ਹੈ ਉਦੋਂ ਤੋਂ ਹਰ ਸਾਲ ਆਪੀਣੇ ਪਿੰਡ ਪੱਖੋਕੇ ਜਾਂਦਾ ਹੈ। ਮਿੱਟੀ ਦਾ ਮੋਹ ਉਸਨੂੰ ਪੰਜਾਬ ਆਉਣ ਲਈ ਕੁਰੇਦਦਾ ਰਹਿੰਦਾ ਹੈ। ਪਿੰਡ ਦੀ ਡਿਸਪੈਂਸਰੀ ਵਿਚ ਤਾਂ ਹਰ ਰੋਜ਼ ਮੁਫਤ ਮਰੀਜ ਵੇਖਦਾ ਅਤੇ ਮੁਫਤ ਦਵਾਈਆਂ ਦਿੰਦਾ ਹੈ। ਇਸ ਤੋਂ ਇਲਾਵਾ 5 ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊ ਜਰਸੀ ਵੱਲੋਂ ਪੰਜਾਬ ਵਿਚ ਘੱਟੋ ਘੱਟ 15 ਤੋਂ 20 ਮੁਫਤ ਮੈਡੀਕਲ ਚੈਕ ਅਪ ਕੈਂਪ ਪੰਜਾਬ ਦੇ ਆਪਣੇ ਦੋਸਤ ਡਾਕਟਰਾਂ ਦੇ ਸਹਿਯੋਗ ਨਾਲ ਲਗਾਉਂਦਾ ਹੈ। ਇਸ ਸੰਸਥਾ ਦਾ ਪੰਜਾਬ ਵਿਚ ਕੰਮ ਕੰਵਰ ਸਰਾਏ ਵੇਖਦਾ ਹੈ। ਦਵਾਈਆਂ ਦੇ 10 ਬੈਗ ਭਰਕੇ ਅਮਰੀਕਾ ਤੋਂ ਲੈ ਕੇ ਜਾਂਦਾ ਹੈ। ਮਾਰਚ 2019 ਕਰੋਨਾ ਹੋਣ ਕਰਕੇ ਪਿੰਡਾਂ ਵਿਚ ਤਜਵੀਜ਼ਤ 18 ਕੈਂਪ ਲੱਗ ਨਹੀਂ ਸਕੇ ਪ੍ਰੰਤੂ ਉਹ ਸਾਰੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਦੇ ਕੇ ਆਏ ਹਨ ਤਾਂ ਮਰੀਜ਼ਾਂ ਨੂੰ ਇਹ ਦਵਾਈਆਂ ਮੁਫਤ ਦਿੱਤੀਆਂ ਜਾਣ। ਉਸਨੇ ਆਪਣੀ ਵੈਬਸਾਈਟ ਬਣਾਈ ਹੋਈ ਹੈ- 5riversheart.org


ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

20 ਜਨਵਰੀ ਨੂੰ ਸਹੁੰ ਚੁੱਕਣ ‘ਤੇ ਵਿਸ਼ੇਸ਼ : ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ - ਉਜਾਗਰ ਸਿੰਘ