Ujagar Singh

 ਕੀ ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ ? - ਉਜਾਗਰ ਸਿੰਘ

ਪੰਜਾਬੀ ਦੀ ਇਕ ਕਹਾਵਤ ਹੈ ਕਿ ''ਘਰ ਦਾ ਭੇਤੀ ਲੰਕਾ ਢਾਏ''। ਸੁਖਦੇਵ ਸਿੰਘ ਢੀਂਡਸਾ ਪਰਕਾਸ ਸਿੰਘ ਬਾਦਲ ਦੇ ਅਕਾਲੀ ਪਰਿਵਾਰ ਦੇ ਘਰ ਦੇ ਅੰਦਰੂਨੀ ਘੇਰੇ ਦਾ ਮੈਂਬਰ ਰਿਹਾ ਹੈ। ਕਹਿਣ ਤੋਂ ਭਾਵ ਉਹ ਬਾਦਲ ਦੇ ਘਰ ਦਾ ਭੇਤੀ ਹੈ। ਇਹ ਕਹਾਵਤ ਜੇਕਰ ਸੱਚੀ ਹੋ ਗਈ ਤਾਂ ਬਾਦਲ ਅਕਾਲੀ ਦਲ ਨੂੰ ਦਰਕਿਨਾਰ ਕਰ ਸਕਦਾ ਹੈ ਕਿਉਂਕਿ ਘਰ ਦੇ ਭੇਤੀ ਨੂੰ ਘਰ ਦੀਆਂ ਸਾਰੀਆਂ ਚੋਰ ਮੋਰੀਆਂ ਦੀ ਜਾਣਕਾਰੀ ਹੁੰਦੀ ਹੈ। ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਪਗ100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿਚ ਧੜੇਬੰਦੀ ਲਗਾਤਾਰ ਜ਼ਾਰੀ ਹੈ। ਪਾਰਟੀ ਵਿਚ ਉਤਰਾਅ ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੁਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ਵਿਚ ਇਤਨਾ ਨਿਘਾਰ ਕਦੀਂ ਵੀ ਨਹੀਂ ਆਇਆ ਜਿਤਨਾ ਇਸ ਵਕਤ ਆਇਆ ਹੋਇਆ ਹੈ। ਹਾਲਾਂ ਕਿ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਹੀਂ ਉਦੋਂ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਕਥਿਤ ਭਰਿਸਟਾਚਾਰ ਵਿਰੁਧ ਰਾਜਪਾਲ ਨੂੰ ਲਿਖ ਕੇ ਦੇ ਦਿੱਤਾ ਸੀ। ਅਕਾਲੀ ਪਾਰਟੀ ਦਾ ਆਧਾਰ ਮੁੱਖ ਤੌਰ ਤੇ ਧਾਰਮਿਕ ਹੈ ਕਿਉਂਕਿ ਇਹ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਉਦੋਂ ਇਸਦਾ ਮੁੱਖ ਕੰਮ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨਾ ਸੀ। ਇਥੋਂ ਤੱਕ ਕਿ ਅਕਾਲੀ ਦਲ ਨੂੰ ਬਣਾਉਣ ਲਈ ਸਲਾਹ ਮਸ਼ਵਰਾ ਕਰਨ ਲਈ ਸਾਰੀਆਂ ਮੀਟਿੰਗਾਂ ਅਕਾਲ ਤਖ਼ਤ ਉਪਰ ਹੀ ਹੁੰਦੀਆਂ ਰਹੀਆਂ। ਪਹਿਲੀ ਵਿਧਾਨ ਸਭਾ ਚੋਣ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜੀ ਸੀ ਕਿਉਂਕਿ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰ ਹੀ ਨਹੀਂ ਸੀ। ਪਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ਦਾ ਮੈਂਬਰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਲੜਿਆ ਸੀ। ਉਦੋਂ ਕਾਂਗਰਸ ਨਾਲ ਅਕਾਲੀ ਦਲ ਦਾ ਸਮਝੌਤਾ ਸੀ। ਉਸ ਸਮਝੌਤੇ ਦੇ ਵਿਰੋਧ ਵਿਚ ਵੀ ਅਕਾਲੀ ਦਲ ਦੋਫਾੜ ਹੋਇਆ ਸੀ। ਪਰਕਾਸ ਸਿੰਘ ਬਾਦਲ ਨੇ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੂੰ ਮੋਗਾ ਵਿਖੇ 1998 ਵਿਚ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਉਣ ਦਾ ਵਿਖਾਵਾ ਕੀਤਾ। ਚਲੋ ਇਹ ਵੀ ਕੋਈ ਮਾੜੀ ਗੱਲ ਨਹੀਂ ਜੇਕਰ ਪਾਰਟੀ ਆਪਣਾ ਅਕਸ ਧਰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਪ੍ਰੰਤੂ ਇਸ ਸਮੇਂ ਅਕਾਲੀ ਦਲ ਆਪਣੇ ਮੁੱਖ ਅਸੂਲ ਤੋਂ ਹੀ ਪਿਛੇ ਖਿਸਕ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਨਵਾਂ ਅਕਾਲੀ ਦਲ ਡੈਮੋਕਰੈਟਿਕ ਬਣਾਉਣ ਨਾਲ ਅਕਾਲੀ ਦਲ ਦੇ ਸਿਆਸੀ ਹਲਕਿਆਂ ਵਿਚ ਇਹ ਕਿਆਸ ਅਰਾਈਆਂ ਸ਼ੁ{ਰੂ ਹੋ ਗਈਆਂ ਹਨ ਕਿ ਕੀ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਦੀ ਲਲੰਕ ਢਾਹੁਣ ਵਿਚ ਸਫਲ ਹੋਵੇਗਾ ? ਸ਼ਰੋਮਣੀ ਅਕਾਲੀ ਦਲ ਜਿਸ ਉਪਰ ਇਸ ਸਮੇਂ ਬਾਦਲ ਪਰਿਵਾਰ ਦਾ ਕਬਜ਼ਾ ਹੈ, ਉਸ ਵਿਚੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਨੇਤਾ ਵਖਰੇ ਹੋ ਚੁੱਕੇ ਹਨ ਅਤੇ ਕੁਝ ਸੀਨੀਅਰ ਨੇਤਾਵਾਂ ਨੇ ਹੁਣੇ ਜਿਹੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਕ ਗੱਲ ਤਾਂ ਸ਼ਪਸ਼ਟ ਹੈ ਕਿ ਬਾਦਲ ਦਲ ਨੂੰ ਖੋਰਾ ਲੱਗ ਚੁੱਕਿਆ ਹੈ। ਇਸ ਖੋਰੇ ਦੇ ਮੁਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣਾ, ਬੇਅਦਬੀ ਦੀ ਅਕਾਲੀ ਰਾਜ ਵਿਚ ਸਹੀ ਪੜਤਾਲ ਨਾ ਹੋਣਾ, ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੁਆਉਣਾ, ਗੈਂਗਸਟਰਾਂ ਨੂੰ ਸ਼ਹਿ ਦੇਣਾ,  ਪਰਿਵਾਰਵਾਦ ਦਾ ਪਾਰਟੀ ਤੇ ਭਾਰੂ ਪੈਣਾ ਅਤੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਨਾ ਆਦਿ ਹਨ। ਇਸ ਕਰਕੇ ਅਕਾਲੀ ਦਲ ਵਿਚ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਘੁਸਰ ਮੁਸਰ ਹੋ ਰਹੀ ਸੀ।
      ਇਹ ਦੂਜੀ ਵਾਰ ਹੋਇਆ ਹੈ  ਕਿ ਬਾਦਲ ਵਾਲੇ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਨੇਤਾ ਜਿਹੜਾ ਲੰਮਾ ਸਮਾਂ ਬਾਦਲ ਦਾ ਖਾਸਮ ਖਾਸ ਅਤੇ ਕਈ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ ਪੰਜਾਬ ਅਤੇ ਕੇਂਦਰ ਵਿਚ ਮੰਤਰੀ ਰਿਹਾ ਹੋਵੇ, ਬਾਦਲ ਪਰਿਵਾਰ ਤੋਂ ਵੱਖ ਹੋਇਆ ਹੋਵੇ। ਇਸ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਦੇ ਮੌਕੇ ਬਾਦਲ ਨਾਲ ਅਣਬਣ ਹੋਣ ਕਰਕੇ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਫਿਰ ਟੌਹੜਾ ਸਾਹਿਬ ਨੇ ਵੱਖਰੇ ਹੋ ਕੇ ਆਪਣਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ। ਪ੍ਰੰਤੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਕਾਸ ਸਿੰਘ ਬਾਦਲ ਦੇ ਕਦੀਂ ਵੀ ਢੀਂਡਸਾ ਜਿਤਨਾ ਨਜ਼ਦੀਕ ਨਹੀਂ ਰਿਹਾ ਸੀ। ਭਾਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਿਆਸੀ ਕੱਦ ਬੁੱਤ ਬਹੁਤ ਉਚਾ, ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਾਲਾ ਵੀ ਸੀ ਤਾਂ ਵੀ ਪੰਜਾਬ ਦੇ ਲੋਕਾਂ ਨੇ ਉਸਦਾ ਸਾਥ ਨਹੀਂ ਦਿੱਤਾ ਸੀ। ਪ੍ਰੰਤੂ ਜਥੇਦਾਰ ਟੌਹੜਾ ਅਕਾਲੀ ਦਲ ਨੂੰ ਹਰਾਉਣ ਵਿਚ ਸਫਲ ਹੋ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕਰੈਟਿਕ ਤੋਂ ਪਹਿਲਾਂ ਹੀ ਅਨੇਕ ਅਕਾਲੀ ਦਲ ਬਣੇ ਹੋਏ ਹਨ, ਜਿਨ੍ਹਾਂ ਵਿਚ ਯੂਨਾਈਟਡ ਅਕਾਲੀ ਦਲ, ਰਵੀਇੰਦਰ ਸਿੰਘ ਦਾ ਅਕਾਲੀ ਦਲ 1920, ਸਿਮਰਨਜੀਤ ਸਿੰਘ ਦਾ ਅਕਾਲੀ ਦਲ ਅੰਮ੍ਰਿਤਸਰ , ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ, ਦਲਜੀਤ ਸਿੰਘ ਬਿੱਟੂ ਦਾ ਅਕਾਲੀ ਦਲ ਅਤੇ ਪੰਥਕ ਅਕਾਲੀ ਦਲ ਆਦਿ ਬਣੇ ਹੋਏ ਹਨ। ਪ੍ਰੰਤੂ ਪੰਜਾਬ ਦੀਆਂ ਹੁਣ ਤੱਕ ਦੀਆਂ ਚੋਣਾਂ ਦੀ ਪਰੰਪਰਾ ਹੈ ਕਿ ਇਨ੍ਹਾਂ ਸਾਰੇ ਅਕਾਲੀ ਦਲਾਂ ਵਿਚੋਂ ਪੰਜਾਬ ਦਾ ਵੋਟਰ ਸਿਰਫ ਇਕ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦਾ ਹੈ।  ਲਗਪਗ ਪਿਛਲੇ ਪੰਦਰਾਂ ਸਾਲਾਂ ਤੋਂ ਅਕਾਲੀ ਦਲ ਬਾਦਲ ਨੂੰ ਹੀ ਵੋਟਰ ਵੋਟਾਂ ਪਾਉਂਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਧੜਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ ਅਤੇ ਉਹ ਆਪਣੇ ਅਕਾਲੀ ਦਲ ਦਾ ਨਾਮ ਸ਼ਰੋਮਣੀ ਅਕਾਲੀ ਦਲ ਹੀ ਰਜਿਸਟਰ ਕਰਵਾਉਣਗੇ ਪ੍ਰੰਤੂ ਜੇਕਰ ਰਜਿਸਟਰੇਸ਼ਨ ਵਿਚ ਕੋਈ ਦਿਕਤ ਆਈ ਤਾਂ ਫਿਰ ਡੈਮੋਕਰੈਟਿਕ ਸ਼ਬਦ ਜੋੜਿਆ ਜਾਵੇਗਾ। ਜੇਕਰ ਢੀਂਡਸਾ ਦਾ ਅਕਾਲੀ ਦਲ ਇਸੇ ਨਾਮ ਤੇ ਰਜਿਸਟਰ ਹੋ ਗਿਆ ਤਾਂ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਵੱਜ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦਾ ਅਕਸ ਵੀ ਸਾਫ ਸੁਥਰਾ ਹੈ। ਉਹ ਨਮਰਤਾ, ਸੰਜੀਦਗੀ, ਧਰਮ ਨਿਰਪੱਖ ਅਕਸ ਵਾਲਾ, ਵਰਕਰਾਂ ਵਿਚ ਸਰਬ ਪ੍ਰਵਾਨ ਅਤੇ ਸਿਆਸੀ ਤੌਰ ਤੇ ਸਾਊ ਤੇ ਸੂਝਵਾਨ ਗਿਣਿਆਂ ਜਾਂਦਾ ਹੈ। ਉਸਨੇ ਕਦੀ ਵੀ ਟਕਰਾਓ ਦੀ ਸਿਆਸਤ ਨਹੀਂ ਕੀਤੀ ਇਹ ਪਹਿਲੀ ਵਾਰ ਹੈ ਕਿ ਉਸਨੇ ਬਗਾਬਤ ਦਾ ਕਦਮ ਚੁੱਕਿਆ ਹੈ। ਸੰਜੀਦਗੀ ਨਾਲ ਸਿਆਸੀ ਨੁਕਤਾਚੀਨੀ ਕਰਦਾ ਹੈ। ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਤੋਂ ਵੱਖ ਹੋਇਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਕਾਨਫਰੰਸ ਕੀਤੀ ਸੀ ਜਿਸ ਵਿਚ ਉਸਨੇ ਬੜੀ ਗਲਤ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਅੱਜ ਢੀਂਡਸਾ ਦਾ ਭੋਗ ਪੈ ਗਿਆ ਹੈ। ਜਿਸਦਾ ਉਸਦੀ ਪਾਰਟੀ ਦੇ ਵਰਕਰਾਂ ਨੇ ਵੀ ਬੁਰਾ ਮਨਾਇਆ ਸੀ । ਸੁਖਦੇਵ ਸਿੰਘ ਢੀਂਡਸਾ ਨੇ ਉਦੋਂ ਵੀ ਸੁਖਬੀਰ ਬਾਦਲ ਨੂੰ ਕੋਈ ਅਸਭਿਅਕ ਸ਼ਬਦ ਨਹੀਂ ਬੋਲਿਆ ਸੀ। ਅਕਾਲੀ ਦਲ ਵਿਚ ਪੁਰਾਣਾ ਅਤੇ ਸੀਨੀਅਰ ਹੋਣ ਕਰਕੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਰਗ ਰਗ ਦਾ ਭੇਤੀ ਹੈ। ਢੀਂਡਸਾ ਦਾ ਪਲੜਾ ਭਾਰੀ ਹੁੰਦਾ ਲਗਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਨੇਤਾ ਢੀਂਡਸਾ ਦਾ ਸਾਥ ਦੇਣ ਲਈ ਅੱਗੇ ਆਉਣਗੇ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਵਿਚ ਵੱਡੇ ਪੱਧਰ ਤੇ ਬਗਾਬਤ ਕਰਵਾਉਣ ਵਿਚ ਸਫਲ ਹੋ ਗਿਆ ਫਿਰ ਤਾਂ ਬਾਦਲ ਪਰਿਵਾਰ  ਦੇ ਕਬਜ਼ੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾ ਸਕਦਾ ਹੈ, ਵਰਨਾ ਤਾਂ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਦਾ ਮੁਕਾਬਲਾ ਨਹੀਂ ਕਰ ਸਕਦਾ ਪ੍ਰੰਤੂ ਉਸਨੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਸਪੁਤਰਾਂ ਨੂੰ ਅਹੁਦੇ ਨਿਵਾਜ਼ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਕਰਕੇ ਅਕਾਲੀ ਦਲ ਦੀ ਨੌਜਵਾਨ ਲੀਡਰਸ਼ਿਪ ਦਾ ਸੁਖਬੀਰ ਬਾਦਲ ਦਾ ਸਾਥ ਦੇਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਜਿਸ ਧੜੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋਵੇ ਉਹ ਹੀ ਅਕਾਲੀ ਦਲ ਤੇ ਕਾਬਜ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ।
     ਸੁਖਦੇਵ ਸਿੰਘ ਢੀਂਡਸਾ ਲਈ ਆਉਣ ਵਾਲਾ ਡੇਢ ਸਾਲ ਚੁਣੌਤੀਆਂ ਭਰਪੂਰ ਹੋਵੇਗਾ ਕਿਉਂਕਿ ਇਤਨੇ ਥੋੜ੍ਹੇ ਸਮੇਂ ਵਿਚ ਸਿਆਸੀ ਪਾਰਟੀ ਖੜ੍ਹੀ ਕਰਕੇ ਸਥਾਪਤ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਜੇਕਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਤੀਜਾ ਫਰੰਟ ਬਣਾਕੇ ਸ਼ਾਮਲ ਕਰਨ ਵਿਚ ਸਫਲ ਹੋ ਜਾਵੇ ਫਿਰ ਤਾਂ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਸਿਆਸਤਦਾਨਾਂ ਦੇ ਧੜਿਆਂ ਦੇ ਡੱਡੂਆਂ ਦੀ ਪੰਸੇਰੀ ਨੂੰ ਇਕੱਠਾ ਕਰਨਾ ਵੀ ਅਸੰਭਵ ਹੀ ਜਾਪਦਾ ਹੈ ਕਿਉਂਕਿ ਹਰ ਪਾਰਟੀ ਤੇ ਧੜੇ ਦੇ ਨੇਤਾ ਟਿਕਟਾਂ ਦੀ ਅਡਜਸਟਮੈਂਟ ਨਹੀਂ ਕਰਨਗੇ। ਸਿਆਸਤਦਾਨ ਸਿਆਸਤ ਵਿਚ ਆਉਂਦੇ ਹੀ ਰਾਜ ਭਾਗ ਦਾ ਆਨੰਦ ਮਾਨਣ ਲਈ ਹਨ। ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਦੇ ਵੀ ਟੁੱਟਣ ਦੇ ਆਸਾਰ ਬਣ ਰਹੇ ਹਨ। ਬ੍ਰਹਮਪੁਰਾ ਦੀ ਪ੍ਰੈਸ ਕਾਨਫਰੰਸ ਤੋਂ ਉਸਦੀ ਘਬਰਾਹਟ ਦਾ ਪਤਾ ਲਗਦਾ ਹੈ। ਰਵੀਇੰਦਰ ਸਿੰਘ ਨੇ ਵੀ ਸੁਖਦੇਵ ਸਿੰਘ ਢੀਂਡਸਾ ਦੀ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦਸੰਬਰ 2016 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਥਾਂ ਤੀਜੇ ਬਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਅਰਵਿੰਦ ਕੇਜਰੀਵਾਲ ਦੀ ਹਠਧਰਮੀ ਅਤੇ ਸਥਾਪਤ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਹਥਕੰਡਿਆਂ ਕਰਕੇ ਲੋਕ ਸਫਲ ਨਹੀਂ ਹੋ ਸਕੇ। ਸਿਆਸਤ ਵਿਚ ਸਫਲ ਉਹੀ ਹੁੰਦਾ ਹੈ, ਜਿਹੜਾ ਤਿਗੜਮਬਾਜ ਹੋਵੇ। ਸੁਖਦੇਵ ਸਿੰਘ ਢੀਂਡਸਾ ਭਾਵੇਂ ਹੰਢਿਆ ਵਰਤਿਆ ਤਜ਼ਰਬੇਕਾਰ ਸਿਆਸਤਦਾਨ ਹੈ ਪ੍ਰੰਤੂ ਉਹ ਤਿਗੜਮਬਾਜ ਨਹੀਂ ਹੈ ਜੋ ਅੱਜ ਦੇ ਸਿਆਸਤਦਾਨਾ ਦੇ ਡਿਗੇ ਮਿਆਰ ਕਰਕੇ ਬਹੁਤ ਜ਼ਰੂਰੀ ਹੈ। ਇਕ ਗੱਲ ਤਾਂ ਪੱਕੀ ਹੈ ਕਿ ਉਹ ਬਾਦਲ ਪਰਿਵਾਰ ਦੀਆਂ ਬੇੜੀਆਂ ਵਿਚ ਵੱਟੇ ਜ਼ਰੂਰ ਪਾ ਦੇਵੇਗਾ। ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਸਿਧਾਂਤ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਹਰ ਗਲਤ ਫੈਸਲੇ ਦੀ ਤਾਈਦ ਕਰਦਾ ਹੈ। ਖਾਸ ਤੌਰ ਧਾਰਾ 370, ਨਾਗਰਿਕ ਸੋਧ ਐਕਟ ਅਤੇ ਤਾਜਾ ਖੇਤੀਬਾੜੀ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਦੀ ਸਪੋਰਟ ਕਰਕੇ ਪੰਜਾਬ ਦੇ ਕਿਸਾਨਾ ਦੇ ਮਨਾ ਤੋਂ ਲਹਿ ਗਿਆ ਹੈ। ਜਿਸ ਵਜਾਹ ਕਰਕੇ ਢੀਂਡਸਾ ਦੇ ਅਕਾਲੀ ਦਲ ਦੀ ਲੋਕਾਂ ਵੱਲੋਂ ਸਪੋਰਟ ਹੋਣ ਦੀ ਆਸ ਬੱਝ ਗਈ ਹੈ। ਇਨ੍ਹਾਂ ਤਿੰਨਾ ਅਰਡੀਨੈਂਸਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੁਧ ਬੁਲਾਈ ਸਰਬ ਪਾਰਟੀ ਮੀਟਿੰਗ ਵਿਚ ਢੀਂਡਸਾ ਕੇਂਦਰ ਦੇ ਫੈਸਲੇ ਦੇ ਵਿਰੁਧ ਖੜ੍ਹਾ ਹੋਇਆ ਹੈ। ਜਦੋਂ ਕਿ ਸੁਖਬੀਰ ਬਾਦਲ ਆਰਡੀਨੈਂਸਾਂ ਦੇ ਹੱਕ ਵਿਚ ਰਿਹਾ। ਇਸ ਦੇ ਨਾਲ ਹੀ ਲੋਕ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜੇਕਰ ਢੀਂਡਸਾ ਦਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਲਵੇਗਾ ਤਾਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ। ਪ੍ਰੰਤੂ ਇਕ ਗੱਲ ਤਾਂ ਪੱਕੀ ਹੈ ਕਿ ਢੀਂਡਸਾ ਦਾ ਅਕਾਲੀ ਦਲ ਬਾਦਲਾਂ ਦਾ ਨੁਕਸਾਨ ਕਰਨ ਵਿਚ ਸਫਲ ਹੋਵੇਗਾ।  ਵੈਸੈ ਅਕਾਲੀ  ਦਲ ਆਪਣੇ ਆਪ ਨੂੰ ਕਿਸਾਨਾ ਦੀ ਪਾਰਟੀ ਕਹਾਉਂਦੀ ਹੈ ਪ੍ਰੰਤੂ ਕਿਸਾਨਾ ਨੇ ਉਨ੍ਹਾਂ ਤੋਂ ਕਿਨਾਰਾ ਕਰ ਲੈਣਾ ਹੈ ਕਿਉਂਕਿ ਇਹ ਤਿੰਨ ਆਰਡੀਨੈਂਸ ਕਿਸਾਨਾ ਨੂੰ ਤਬਾਹ ਕਰ ਦੇਣਗੇ। ਅਕਾਲੀ ਦਲ ਦਾ ਇਹ ਫੈਸਲਾ ਢੀਂਡਸਾ ਦੇ ਪੱਖ ਵਿਚ ਲੋਕ ਰਾਏ ਪੈਦਾ ਕਰੇਗਾ। ਤੇਲ ਵੋਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਕਾਲੀ ਦਲ ਦੀ ਸਿਆਸਤ ਕਿਸ ਪਾਸੇ ਕਰਵਟ ਲੈਂਦੀ ਹੈ।
                                                      
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com 

ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ-ਰਣਦੀਪ ਸਿੰਘ ਆਹਲੂਵਾਲੀਆ - ਉਜਾਗਰ ਸਿੰਘ

ਮਾਨਸਾ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਜ਼ਰਖੇਜ ਧਰਤੀ ਗਿਣੀ ਜਾਂਦੀ ਹੈ। ਭਾਵੇਂ ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਪਛੜਿਆ ਹੋਇਆ ਇਲਾਕਾ ਗਿਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਥੋਂ ਦੇ ਜੰਮਪਲ ਸਾਹਿਤਕਾਰਾਂ, ਪੱਤਰਕਾਰਾਂ, ਸਮਾਜਿਕ ਕਾਰਕੁਨਾ, ਇਥੋਂ
ਤੱਕ ਕਿ ਖੱਬੇ ਪੱਖੀ ਸਿਆਸਤਦਾਨਾ ਨੇ ਵੀ ਇਨਸਾਨੀਅਤ ਦਾ ਪੱਲਾ ਫੜਕੇ ਅਜਿਹੀ ਰਹਿਨੁਮਾਈ ਦਿੱਤੀ, ਜਿਸਨੇ ਸਮਾਜ ਵਿਚ ਜਾਗ੍ਰਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਥੋਂ ਦੇ ਸਾਹਿਤਕਾਰ ਜ਼ਮੀਨ ਨਾਲ ਜੁੜੇ ਲੋਕਾਂ ਦੇ ਦੁੱਖਾਂ, ਦਰਦਾਂ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਰਹੇ ਹਨ, ਜੋ ਅਜੇ ਵੀ ਬਾਦਸਤੂਰ ਜ਼ਾਰੀ ਹੈ। ਵਰਤਮਾਨ ਪਦਾਰਥਵਾਦੀ ਸਮੇਂ ਦੇ ਦੌਰ ਵਿਚ ਇੱਕ ਅਜਿਹਾ ਉਭਰਦਾ ਕਵੀ ਹੈ, ਜਿਹੜਾ ਪੰਜਾਬ ਸਰਕਾਰ ਦੀ ਰੁਝੇਵਿਆਂ ਅਤੇ ਮਾਨਸਿਕ ਤਣਾਓ ਵਾਲੀ ਨੌਕਰੀ ਤੇ ਦੇ ਫਰਜ ਨਿਭਾਉਂਦਿਆਂ ਹੋਇਆਂ ਕੁਝ ਸਮਾਂ ਕੱਢਕੇ ਪੰਜਾਬੀ ਮਾਂ ਬੋਲੀ ਦੀ ਆਪਣੀਆਂ ਤਿੜਕ ਰਹੇ ਮਨੁੱਖੀ ਰਿਸ਼ਤਿਆਂ, ਚਲੰਤ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਸੰਜੀਦਾ ਕਵਿਤਾਵਾਂ ਲਿਖਕੇ ਇਨਸਾਨੀ ਹਿੱਤਾਂ ਤੇ ਪਹਿਰਾ ਦੇ ਰਿਹਾ ਹੈ। ਉਹ ਕਵੀ ਹੈ ਰਣਦੀਪ ਸਿੰਘ ਆਹਲੂਵਾਲੀਆ, ਜਿਹੜਾ ਸੂਚਨਾ ਤੇ ਪ੍ਰਸਾਰ ਵਿਭਾਗ ਵਿਚ ਸੰਯੁਕਤ ਸੰਚਾਲਕ ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਿਹਾ ਹੈ। ਉਸਦੀ ਪਰਿਵਾਰਿਕ ਵਿਰਾਸਤ ਵੀ ਪੜ੍ਹੀ ਲਿਖੀ ਹੋਣ ਕਰਕੇ ਸਮਾਜ ਵਿਚ ਮਹਿਕ ਖਿਲਾਰ ਰਹੀ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚੋਂ ਇਨਸਾਨੀ ਮੋਹ ਦੀਆਂ ਤੰਦਾਂ ਦੀ ਖ਼ੁਸ਼ਬੋ ਆਉਂਦੀ ਹੈ, ਜਿਹੜੀ ਉਸ ਦੀਆਂ ਕਵਿਤਾਵਾਂ ਦਾ ਗਹਿਣਾ ਬਣ ਨਿਬੜਦੀ ਹੈ। ਇਹ ਕਵਿਤਾਵਾਂ ਸਮਾਜਿਕ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਉਹ ਭਾਵੇਂ ਕਿਸੇ ਵੀ ਵਿਸ਼ੇ ਤੇ ਕਵਿਤਾ ਲਿਖੇ ਪ੍ਰੰਤੂ ਉਸ ਵਿਚੋਂ ਆਪਸੀ ਪਿਆਰ ਅਤੇ ਸਹਿਹੋਂਦ ਦੀ ਸਾਂਝ ਦੀ ਕਨਸੋਅ ਆਉਂਦੀ ਹੈ। ਬਾਗ, ਨਾਨਕੇ, ਪੈਂਡੇ, ਜ਼ਿੰਦਗੀ ਬਨਾਮ ਚਣੌਤੀਆਂ, ਨਵਾਂ ਰਿਸ਼ਤਾ, ਪੱਤ ਜੋ ਹਨ੍ਹੇਰੇ ਸੰਗ ਲੜੇ, ਸਾਂਝ ਲੰਮੇਰੀ, ਘਰ, ਖ਼ੁਦ, ਵਹਿੰਦੇ ਪਾਣੀ, ਜੰਗਲ ਬਨਾਮ ਜ਼ਿੰਦਗੀ, ਸੱਚ ਅਤੇ ਨਿਰਾਸ਼ਾ ਦਾ ਸਫ਼ਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਦੀ ਸੁਗੰਧ ਦੀ ਹੂਕ ਪੈਦਾ ਕਰਦੀਆਂ ਹੋਈਆਂ ਇਨਸਾਨ ਦੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਸਮੇਂ ਦੀ ਆਧੁਨਿਕਤਾ ਅਤੇ ਪਦਾਰਥਵਾਦੀ ਰੁਚੀ ਦੇ ਪ੍ਰਫੁਲਤ ਹੋਣ ਨਾਲ ਸਮਾਜਿਕ ਰਿਸ਼ਤਿਆਂ, ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤਿਆਂ ਵਿਚ ਵੀ ਅਣਕਿਆਸੀ ਗਿਰਾਵਟ ਆ ਗਈ ਹੈ। ਸਾਂਝੇ ਪਰਿਵਾਰ ਬਿਖਰ ਗਏ ਹਨ। ਆਈ ਟੀ ਯੁਗ ਦੇ ਆਉਣ ਨਾਲ ਇਹ ਗਿਰਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਣ ਦੀ ਥਾਂ ਆਪੋ ਆਪਣੇ ਕਮਰਿਆਂ ਵਿਚ ਬੈਠਣ ਨੂੰ ਤਰਜ਼ੀਹ  ਦਿੰਦੇ ਹਨ। ਕਿਸੇ ਸਮੇਂ ਪੰਜਾਬੀ ਪਰਿਵਾਰ ਇਕ ਕਮਰੇ ਦੀ ਦਲਾਣ ਵਿਚ ਹੀ ਜੀਵਨ ਗੁਜ਼ਾਰਦੇ ਸਨ। ਇਨਸਾਨ ਵਿਚ ਖੁਦਗਰਜ਼ੀ ਦਾ ਬੋਲਬਾਲਾ ਇਤਨਾ ਹੋ ਗਿਆ ਹੈ ਕਿ ਅੱਜ ਕਲ੍ਹ ਲੋੜ ਤੋਂ ਬਿਨਾ ਰਿਸ਼ਤੇ ਰੱਖੇ ਹੀ ਨਹੀਂ ਜਾਂਦੇ। ਲੋੜ ਰਿਸ਼ਤਿਆਂ ਦਾ ਦੂਜਾ ਨਾਮ ਬਣ ਗਈ ਹੈ। ਅਪਣਤ ਪਰ ਲਾ ਕੇ ਉਡਾਰੀ ਮਾਰ ਗਈ ਹੈ। ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਝੰਜੋੜਕੇ ਰੱਖ ਦਿੰਦੀਆਂ ਹਨ, ਜਦੋਂ ਇਹ ਪੜ੍ਹੀਦਾ ਹੈ ਕਿ ਪੁੱਤਰ ਨੇ ਮਾਂ-ਬਾਪ, ਮਾਂ ਨੇ ਪੁੱਤਰ, ਪਤਨੀ ਨੇ ਪਤੀ ਅਤੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਕੁਝ ਵਧੇਰੇ ਹੀ ਸਾਰਥਕ ਜਾਪਣ ਲੱਗਦੀਆਂ ਹੋਈਆਂ ਅਤੇ ਥੋੜ੍ਹਾ ਢਾਰਸ ਵੀ ਦਿੰਦੀਆਂ ਹਨ। ਉਹ ਇਨ੍ਹਾਂ ਪਰਿਵਾਰਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਦਾ, ਆਪਣੇ ਪੜਦਾਦੇ ਦੀ ਵਿਰਾਸਤ ਉਪਰ ਪਹਿਰਾ ਦੇਣ ਨੂੰ ਤਰਜ਼ੀਹ ਦਿੰਦਾ ਹੋਇਆ 'ਬਾਗ' ਸਿਰਲੇਖ ਵਾਲੀ ਕਵਿਤਾ ਅਜਿਹੇ ਢੰਗ ਨਾਲ ਲਿਖ ਗਿਆ ਹੈ ਕਿ ਜੋ ਨਿੱਜ ਦੀ ਥਾਂ ਲੋਕਾਈ ਦਾ ਦਰਦ ਜਾਪਦੀ ਹੈ। ਇਹੋ ਉਸਦੀ ਕਲਮ ਦੀ ਕਰਾਮਾਤ ਹੈ-
ਪੜਦਾਦੇ ਦੀ ਯਾਦ ਵਿਚ ਰੀਝ ਹੈ, ਇਕ ਬਾਗ ਮੁੜ ਲਾਉਣ ਦੀ।
 ਉਸ ਦੂਰ ਅੰਦੇਸ਼ੀ ਦਾ ਕਰਜ਼ਾ ਲਾਹੁਣ ਦੀ।
ਮਿਹਨਤ ਚੜ੍ਹੀ ਪ੍ਰਵਾਨ ਮਿਲਿਆ ਮਾਣ ਸਨਮਾਨ, ਵੱਡਾ ਅਹਿਸਾਨ ਕਰ ਗਏ।
ਖ਼ੂਬਸੂਰਤ ਬਾਗ ਸਾਡੇ ਹੱਥੀਂ ਧਰ ਗਏ।
ਵਕਤ ਨੇ ਲਈ ਅੰਗੜਾਈ ਫਸਲ ਕੰਕਰੀਟ ਦੀ ਬਾਗ ਅੰਦਰ ਉਗ ਆਈ
ਨਵਾਂ ਇੱਕ ਬਾਗ ਲਾਵਾਂਗੇ, ਨੇਕ ਰੂਹ ਦਾ ਕਰਜ਼ ਲਾਹਾਂਗੇ।
ਹੁਣ ਬਾਬੇ ਦੇ ਬਾਗ ਦੇ ਬੂਟੇ, ਭਾਵੇਂ ਦੂਰ ਦੂਰ ਨੇ ।
ਹੈ ਯਕੀਨ ਮੈਨੂੰ ਪੂਰਾ ਬਾਗ ਮੁੜ ਉਹੀ ਲਾਉਣਾ ਸੋਚਦੇ ਹੋਣੇ ਜ਼ਰੂਰ ਨੇ।
  ਇਹ ਕਵਿਤਾ ਸੰਕੇਤਕ ਹੈ ਕਿ ਪਰਿਵਾਰਿਕ ਰਿਸ਼ਤੇ ਬਿਖਰ ਗਏ ਹਨ। ਪਰਿਵਾਰ ਅਤੇ ਪਰਿਵਾਰਾਂ ਦੇ ਮੈਂਬਰ ਆਧੁਨਿਕਤਾ ਦੇ ਦੌਰ ਅਤੇ ਰੋਜ਼ਗਾਰ ਕਰਕੇ ਦੂਰ-ਦੂਰ ਚਲੇ ਗਏ ਹਨ। ਉਨ੍ਹਾਂ ਨੂੰ ਮੁੜ ਸੰਭਾਲਣ ਦੀ ਲੋੜ ਹੈ, ਜਿਵੇਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੇ ਸੀ। ਸਮਾਜ ਆਪਣੀ ਵਿਰਾਸਤ ਨਾਲੋਂ ਟੁੱਟ ਕੇ ਅਕਿਰਤਘਣ ਬਣ ਗਿਆ ਹੈ। ਰਣਦੀਪ ਸਿੰਘ ਆਹਲੂਵਾਲਆ ਦੀ ਨਾਨਕੇ ਸਿਰਲੇਖ ਵਾਲੀ ਕਵਿਤਾ ਵੀ ਇਸੇ ਭਾਵਨਾ ਦਾ ਪ੍ਰਤੀਕ ਹੈ-
ਮਾਂ ਨੂੰ ਗਿਆਂ ਗਏ ਬੀਤ ਬਾਈ ਸਾਲ ਜੀ, ਨਾਨਕੇ ਸਾਡੇ ਅੱਜ ਵੀ ਨਿਭਣ ਪੂਰੇ ਨਾਲ ਜੀ।
ਫਗਵਾੜੇ 'ਚੋਂ ਜਦ ਲੰਘਾਂ ਰਾਣੀਪੁਰ ਨੂੰ ਜਾਵਾਂ ਮੁੜ ਜੀ, ਨਾਨਕਿਆਂ ਤੋਂ ਹਰ ਸਾਲ ਪਹੁੰਚੇ ਗੁੜ ਜੀ।
ਮਾਮੀ ਫੋਨ ਕਰ ਕਹੇ ਕਰ ਫੋਟੋ ਵਾਲੀ ਕਾਲ ਪੁੱਤ, ਤੈਨੂੰ ਦੇਖਾਂ ਨਾਲੇ ਦੱਸ ਆਪਣਾ ਹਾਲ ਪੁੱਤ।
   ਏਸੇ ਤਰ੍ਹਾਂ ਇਕ ਹੋਰ 'ਜ਼ਿੰਦਗੀ ਬਨਾਮ ਚਣੌਤੀਆਂ' ਸਿਰਲੇਖ ਵਾਲੀ ਕਵਿਤਾ ਵਿਚ ਉਹ ਸਮਾਜਿਕ ਰਿਸ਼ਤਿਆਂ ਦੀ ਗਿਰਾਵਟ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਜ਼ਿੰਦਗੀ 'ਚ ਵਧ ਰਹੀਆਂ ਚਣੌਤੀਆਂ ਰਿਸ਼ਤਿਆਂ ਦਾ ਅਧਾਰ ਬਣੀਆਂ ।
ਚਾਹੁੰਦੇ-ਨਾ ਚਾਹੁੰਦੇ ਕਈ ਮੰਨ-ਮਨੌਤੀਆਂ।
ਕਦੇ-ਕਦੇ ਤਾਂ ਜਾਪੇ ਜਾ ਰਹੇ ਹਾਂ ਵਜੂਦ ਗੁਆਉਂਦੇ।
ਵੱਡਾ ਅਰਸਾ ਬੀਤ ਗਿਆ ਜ਼ਿੰਦਗੀ ਸਥਿਰ ਬਣਾਉਂਦੇ ਕਿੰਝ ਰਹੀਏ ਖ਼ਦੁ ਨੂੰ ਮਨਾਉਂਦੇ।
ਜ਼ਿੰਦਗੀ 'ਚ ਨਵੀਆਂ ਉਲਝਣਾ ਨੇ ਆ ਰਹੀਆਂ ਦਿਨ-ਰਾਤ ਸਤਾ ਰਹੀਆਂ।
 ਦਵੰਧ ਨਿਤ-ਨਵੇਂ ਮਨ ਅੰਦਰ ਨੇ ਪਾ ਰਹੀਆਂ।
ਰੀਝਾਂ ਨੂੰ ਜਾਪੇ ਲੱਗ ਰਿਹੈ ਗ੍ਰਹਿਣ ਗੱਲਾਂ ਢਹਿੰਦੀ ਕਲਾ ਦੀਆਂ ਆਪਣੇ ਹੀ ਕਹਿਣ।
ਰੁਕਦਾ ਜਾਪੇ ਜ਼ਿੰਦਗੀ ਦਾ ਵਹਿਣ।
   ਇਕ ਹੋਰ ਪੈਂਡੇ ਸਿਰਲੇਖ ਵਾਲੀ ਕਵਿਤਾ ਵਿਚ ਰਿਸ਼ਤਿਆਂ ਨੂੰ ਬਣਾਉਣ, ਨਿਭਾਉਣ ਅਤੇ ਬਰਕਰਾਰ ਰੱਖਣ ਵਿਚ ਦੋਹਾਂ ਪੱਖਾਂ ਦੇ ਹੁੰਘਾਰੇ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਹਰ ਰਿਸ਼ਤਾ ਮੁਹਤਾਜ਼ ਏ ਦੋਵੇਂ ਪਾਸਿਉਂ ਹੀ ਨਿਭਣ ਦੇ ਚਾਅ ਦਾ।
ਬੇਨਾਮ ਮੋੜ ਵੀ ਰਹਿ ਜਾਂਦੈ ਜ਼ਿੰਦਗੀ ਦੇ ਰਾਹ ਦਾ।
 ਇਰਾਦਾ ਮਜ਼ਬੂਤ ਹੋਵੇ ਤਾਂ ਛੋਟ-ਛੋਟੇ ਕਦਮ ਵੀ ਮੰਜ਼ਿਲ ਪਾ ਲੈਂਦੇ।
 ਔਖੇ ਪੈਂਡਿਆਂ ਦੇ ਰਾਹੀ ਹੀ ਅਕਸਰ ਯਾਦ ਰਹਿੰਦੇ।
  ਮਾਨਵਤਾ ਨੂੰ ਮੁਹੱਬਤ, ਆਪਸੀ ਸਾਂਝ, ਰਿਸ਼ਤਿਆਂ ਅਤੇ ਆਪਸੀ ਸਹਿਹੋਂਦ ਦਾ ਅਹਿਸਾਸ ਕਰਵਾਉਣ ਲਈ ਕਵੀ ਰੁੱਖਾਂ ਅਤੇ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾਉਣਾ ਚਾਹੁੰਦਾ ਹੈ ਕਿ ਇਕੱਲਤਾ ਰੁੱਖਾਂ ਅਤੇ ਪੰਛੀਆਂ ਨੂੰ ਵੀ ਪ੍ਰਵਾਨ ਨਹੀਂ, ਉਹ ਵੀ ਇਕੱਲੇ ਮੁਰਝਾ ਜਾਂਦੇ ਹਨ। ਇਸੇ ਲਈ ਉਹ ਲਿਖਦਾ ਹੈ ਕਿ-
ਮੌਸਮ ਦੇ ਝੰਬੇ ਰੁੱਖ 'ਤੇ ਕੱਲੇ ਦਿਲ ਨੂੰ ਨਾ ਟਿਕਾਆ,
ਇਕਲਾਪਾઠਖਾ ਜਾਂਦੈ ਪੰਖੇਰੂਆਂ ਦੇ ਵੀ ਚਾਅ।
   ਇਸੇ ਤਰ੍ਹਾਂ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਇਨਸਾਨੀਅਤ ਦੇ ਰਾਹ ਵਿਚ ਆ ਰਹੀਆਂ ਉਲਝਣਾ, ਸਮੱਸਿਆਵਾਂ, ਕੁਦਰਤ ਦੀਆਂ ਦਾਤਾਂ ਨਾਲ ਹੋ ਰਹੇ ਖਿਲਵਾੜ ਅਤੇ ਔਕੜਾਂ ਦੇ ਦਰਦ ਨੂੰ ਪ੍ਰਗਟਾਉਂਦੀਆਂ ਹੋਈਆਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ। ਵਰਤਮਾਨ ਸਮੇਂ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਸਿਟਿਆਂ ਵਜੋਂ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ  ਪਹੁੰਚਣ ਦੇ ਹੇਰਵੇ ਦੇ ਦਰਦਨਾਕ ਸਫਰ ਬਾਰੇ ਉਨ੍ਹਾਂ ਦੀ ਬੇਬਸੀ ਦਾ ਜ਼ਿਕਰ ਆਪਣੀ 'ਨਿਰਾਸ਼ਾ ਦਾ ਸਫ਼ਰ' ਕਵਿਤਾ ਵਿਚ ਕਰਦਾ ਹੈ-
ਨਿਰਾਸ਼ਾ ਦੇ ਸਫ਼ਰ'ਚ ਥੱਕੇ-ਟੁੱਟੇ ਜਿਸਮਾਂ ਤੇ  ਹਾਲੋਂ-ਬੇਹਾਲ,
 ਮਾਸੂਮ ਅੱਖਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਪੈ ਰਿਹਾ।
ਸ਼ਾਇਦ ਹਰ ਚਿਹਰਾ ਹੀ ਸੰਵਿਧਾਨ 'ਚ ਸਭਨਾ ਲਈ,
 ਬਰਾਬਰੀ ਦੇ ਹੱਕ ਦੇ ਜ਼ੋਰ-ਸ਼ੋਰ ਨਾਲ ਗੁਣਗਾਨ 'ਤੇ ਭਾਰੂ ਪੈ ਰਿਹੈ।
ਵੱਡਿਆਂ ਦੀ ਬੇਪਰਵਾਹੀ ਅਣਕਿਆਸੇ ਰੋਗ ਦਾ ਭੈਅ ਤੇ ਗੁਰਬਤ ਦੀ ਮਾਰ,
ਪਤਾ ਨਹੀਂ ਇੱਕ ਗ਼ਰੀਬ ਕੀ-ਕੀ ਸਹਿ ਰਿਹੈ।
ਕੁਝ ਮਹੀਨੇ ਜਾਂ ਕੁਝ ਸਾਲ ਇਹੋ ਰੁਤ ਰਹਿਣੀ ਨਾਲ ,
ਨੈਣਾ 'ਚੋਂ ਜੋ ਨੀਰ ਵਹਿ ਰਿਹੈ  ਸਮਾਜ ਦੀ ਉਪਰਾਮਤਾ ਦੀ ਕਹਾਣੀ ਕਹਿ ਰਿਹੈ।
      ਰਣਦੀਪ ਸਿੰਘ ਆਹਲੂਵਾਲੀਆ ਸਮਾਜਿਕ ਸਰੋਕਾਰਾਂ ਅਤੇ ਹਰ ਰੋਜ਼ ਵਾਪਰਣ ਵਾਲੀਆਂ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਘਟਨਾਵਾਂ ਅਤੇ ਇਨਸਾਨੀਅਤ ਨਾਲ ਹੋ ਰਹੇ ਦੁਰਾਚਾਰਾਂ ਬਾਰੇ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਰਿਹਾ ਹੈ। ਉਸ ਦੀਆਂ ਕਵਿਤਾਵਾਂ ਉਸਦੀ ਇਨਸਾਨੀਅਤ ਦੀ ਤਰਸਯੋਗ ਹਾਲਤ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸਮੇਂ ਦੀ ਕਰਵਟ ਤੋਂ ਬੇਮੁੱਖ ਨਹੀਂ ਹੁੰਦੀਆਂ ਸਗੋਂ ਸਮਾਜਿਕ ਤਾਣੇਬਾਣੇ ਤੇ ਵਿਅੰਗ ਕਸਦੀਆਂ ਹਨ। ਸ਼ਾਲਾ ਇਹ ਉਭਰਤਾ ਕਵੀ ਏਸੇ ਤਰ੍ਹਾਂ ਆਪਣੀ ਕਲਮ ਦਾ ਕਿਰਦਾਰ ਕਾਇਮ ਰੱਖਦਾ ਹੋਇਆ ਇਨਸਾਨੀਅਤ ਦਾ ਪਹਿਰੇਦਾਰ ਬਣਿਆਂ ਰਹੇ।
ਤਸਵੀਰਾਂ- ਰਣਦੀਪ ਸਿੰਘ ਆਹਲੂਵਾਲੀਆ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com  

ਕੇਂਦਰ ਸਰਕਾਰ ਵੱਲੋਂ ਕਿਸਾਨਾ ਦੇ ਹੱਥ ਠੂਠਾ ਫੜਾਉਣ ਦੀ ਤਿਆਰੀ - ਉਜਾਗਰ ਸਿੰਘ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਦਸ ਸਾਲਾਂ ਵਿਚ ਕਿਸਾਨਾ ਦੀ ਆਮਦਨ ਦੁਗਣੀ ਕਰਨ ਦੇ ਲਾਰਿਆਂ ਦਾ ਉਨ੍ਹਾਂ ਦੇ ਰਾਜ ਦੇ ਛੇਵੇਂ ਸਾਲ ਵਿਚ ਹੀ ਪਰਦਾ ਫਾਸ਼ ਹੋ ਗਿਆ ਹੈ। ਕਿਸਾਨਾ ਨੂੰ ਲਾਰੇ ਲਾ ਕੇ ਦੋ ਵਾਰ ਭਾਰਤੀ ਜਨਤਾ ਪਾਰਟੀ ਨੇ ਵੋਟਾਂ ਵਟੋਰ ਲਈਆਂ ਅਤੇ ਦੂਜੀ ਵਾਰ ਸਰਕਾਰ ਬਣਾਕੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਆਰਡੀਨੈਂਸ ਜਾਰੀ ਕਰਕੇ ਕਿਸਾਨਾ ਦੇ ਹੱਥ ਲਾਲੀ ਪਾਪ ਫੜਾ ਦਿੱਤਾ ਹੈ। ਇਹ ਆਰਡੀਨੈਂਸ ਜ਼ਾਰੀ ਕਰਕੇ ਕੇਂਦਰ ਸਰਕਾਰ ਨੇ ਸਟੇਟਾਂ ਦੇ ਅਧਿਕਾਰਾਂ ਵਿਚ ਦਖ਼ਲਅਦਾੰਜ਼ੀ ਕੀਤੀ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਵਿਓਪਾਰੀਆਂ ਦੀ ਪਾਰਟੀ ਹੈ। ਉਨ੍ਹਾਂ ਦੀ ਕੇਂਦਰ ਸਰਕਾਰ ਹਰ ਫੈਸਲਾ ਵਿਓਪਾਰੀਆਂ ਦੇ ਹੱਕ ਵਿਚ ਕਰਦੀ ਹੈ, ਭਾਵੇਂ ਕੁਝ ਭਾਈਵਾਲ ਪਾਰਟੀਆਂ ਵੀ ਸਰਕਾਰ ਵਿਚ ਸ਼ਾਮਲ ਹਨ।  ਖੇਤੀਬਾੜੀ ਨਾਲ ਸੰਬੰਧਤ ਆਰਡੀਨੈਂਸ ਜ਼ਾ{ਰੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਓਪਾਰੀਆਂ ਦੀ ਸਰਕਾਰ ਹੋਣ ਦਾ ਸਬੂਤ ਦੇ ਦਿੱਤਾ ਹੈ ਕਿਉਂਕਿ ਇਹ ਆਰਡੀਨੈਂਸ ਕਿਸਾਨਾਂ ਦੇ ਹੱਕਾਂ ਤੇ ਡਾਕਾ ਅਤੇ ਵਿਓਪਾਰੀਆਂ ਦੇ ਹਿਤਾਂ ਵਿਚ ਹਨ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਹ ਆਰਡੀਨੈਂਸ ਕਿਸਾਨਾ ਦੀ ਬਿਹਤਰੀ ਲਈ ਜਾਰੀ ਕੀਤੇ ਗਏ ਹਨ ਪ੍ਰੰਤੂ ਅਸਲੀਅਤ ਵਿਚ ਇਹ ਕਿਸਾਨੀ ਵਿਰੋਧੀ ਹਨ। ਕਿਸਾਨਾ ਦੀ ਆਮਦਨ ਦੁਗਣੀ ਕਰਨ ਦਾ ਲਾਰਾ ਮੰਗੇਰੀ ਲਾਲ ਦੇ ਸਪਨੇ ਦੇ ਬਰਾਬਰ ਹੋ ਨਿਬੜਿਆ ਹੈ। ਪਹਿਲਾ ਆਰਡੀਨੈਂਸ ''ਜਰੂਰੀ ਵਸਤਾਂ ਸੋਧ ਆਰਡੀਨੈਂਸ 2020'' ਜਿਸ ਵਿਚ ਕਿਹਾ ਗਿਆ ਹੈ ਕਿ ਮੁਕਾਬਲੇਬਾਜ਼ੀ ਪੈਦਾ ਕਰਕੇ ਕਿਸਾਨਾ ਦੀ ਆਮਦਨ ਵਿਚ ਵਾਧਾ ਕਰਨਾ ਅਤੇ ਖ਼ਪਤਕਾਰਾਂ ਦੇ ਹਿਤਾਂ ਨਾਲ ਰੈਗੂਲੇਟਰੀ ਪ੍ਰਣਾਲੀ ਦਾ  ਉਦਾਰੀਕਰਨ ਕਰਨਾ ਹੈ। ਅਮਲੀ ਤੌਰ ਤੇ ਇਸ ਆਰਡੀਨੈਂਸ ਦੇ ਲਾਗੂ ਹੋਣ ਤੇ ਜ਼ਖੀਰੇਬਾਜ਼ੀ ਵਧੇਗੀ ਅਤੇ ਖ਼ਪਤਕਾਰਾਂ ਨੂੰ ਵਸਤਾਂ ਮਹਿੰਗੀਆਂ ਮਿਲਣਗੀਆਂ ਪ੍ਰੰਤੂ ਵਿਓਪਾਰੀਆਂ ਨੂੰ ਲਾਭ ਹੋਵੇਗਾ। ਵਿਓਪਾਰੀ ਜਿਹੜਾ ਵੀ ਕੰਮ ਕਰਦਾ ਹੈ, ਉਹ ਹਮੇਸ਼ਾ ਮੁਨਾਫੇ ਦੇ ਇਰਾਦੇ ਨਾਲ ਕਰਦਾ ਹੈ ਜਦੋਂ ਉਨ੍ਹਾਂ ਨੂੰ ਆਪਣੀਆਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਤਾਂ ਉਨ੍ਹਾਂ ਦੇ ਵਾਰੇ ਨਿਆਰੇ ਹਨ। ਦੂਜਾ ਆਰਡੀਨੈਂਸ ''ਕਿਸਾਨੀ ਉਪਜ ਵਿਓਪਾਰ ਅਤੇ ਵਣਜ (ਪ੍ਰਤੋਸਾਹਨ ਅਤੇ ਸਹਾਇਕ) ਆਰਡੀਨੈਂਸ 2020'' ਜਿਸ ਅਨੁਸਾਰ ਕਿਸਾਨ ਆਪਣੀ ਫਸਲ ਦੇਸ ਵਿਚ ਕਿਸੇ ਵੀ ਥਾਂ ਤੇ ਵੇਚਣ ਲਈ ਸੁਤੰਤਰ ਹੋਵੇਗਾ, ਭਾਵ ਖੁਲੀ੍ਹ ਮੰਡੀ ਦੀ ਪ੍ਰਣਾਲੀ ਲਾਗੂ ਹੋਵੇਗੀ, ਜਿਸ ਕਰਕੇ ਉਸਨੂੰ ਭਾਅ ਜ਼ਿਆਦਾ ਮਿਲੇਗਾ ਪ੍ਰੰਤੂ ਅਸਲੀਅਤ ਇਹ ਹੈ ਕਿ ਯੋਜਨਾਬੱਧ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਵਿਓਪਾਰੀ ਆਪਣੇ ਹਿਸਾਬ ਨਾਲ ਖ੍ਰੀਦ ਕਰਨਗੇ, ਕਿਸਾਨ ਫਸਲ ਵੇਚਣ ਲਈ ਵਿਓਪਾਰੀਆਂ ਦੇ ਰਹਿਮੋਕਰਮ ਤੇ ਨਿਰਭਰ ਹੋ ਜਾਵੇਗਾ। ਆਰਡੀਨੈਂਸ ਵਿਚ ਕਿਹਾ ਤਾਂ ਇਹ ਗਿਆ ਹੈ ਕਿ ਵਿਓਪਾਰੀ ਨਿਸਚਤ ਸਰਕਾਰੀ ਕੀਮਤ ਤੋਂ ਵੱਧ ਕੀਮਤ ਦੇਣਗੇ ਪ੍ਰੰਤੂ ਸੋਚਣ ਵਾਲੀ ਗੱਲ ਹੈ ਕਿ ਵਿਓਪਾਰੀ ਵੱਧ ਕੀਮਤ ਕਿਉਂ ਦੇਣਗੇ ? ਉਹ ਤਾਂ ਵਿਓਪਾਰ ਕਰ ਰਹੇ ਹਨ, ਉਨ੍ਹਾਂ ਨੇ ਘਾਟੇ ਦਾ ਸੌਦਾ ਥੋੜ੍ਹਾ ਕਰਨਾ, ਉਨ੍ਹਾਂ ਨੇ ਤਾਂ ਮੁਨਾਫਾ ਕਮਾਉਣਾ ਹੈ। ਪੰਜਾਬ ਮੰਡੀ ਬੋਰਡ, ਭਾਰਤੀ ਖੁਰਾਕ ਨਿਗਮ ਅਤੇ ਖੇਤੀਬਾੜੀ ਦੀਆਂ ਕੀਮਤਾਂ ਨਿਸਚਤ ਕਰਨ ਵਾਲਾ ਕਮਿਸ਼ਨ ਖ਼ਤਮ ਹੋ ਜਾਣਗੇ, ਜਿਸ ਨਾਲ ਬੇਰੋਜ਼ਗਾਰੀ ਵਧੇਗੀ। ਜ਼ਰੂਰੀ ਵਸਤਾਂ ਦਾ ਐਕਟ ਹੁਣ ਲਾਗੂ ਨਹੀਂ ਹੋਵੇਗਾ। ਭਾਵ ਵਿਓਪਾਰੀ ਜ਼ਖ਼ੀੇਰੇਬਾਜ਼ੀ ਕਰਨਗੇ ਅਤੇ ਮਹਿੰਗੇ ਭਾਅ ਤੇ ਵੇਚਣਗੇ। ਵਿਓਪਾਰੀਆਂ ਦੀਆਂ ਪੰਜੇ ਉਂਗਲਾਂ ਘਿਓ ਵਿਚ ਹਨ। ਬਿਹਾਰ ਸਰਕਾਰ ਨੇ ਮੰਡੀਆਂ ਖ਼ਤਮ ਕੀਤੀਆਂ ਸਨ, ਉਥੇ ਬਦਲਵੀ ਪ੍ਰਣਾਲੀ ਫੇਲ੍ਹ ਹੋ ਗਈ।   

       ਸਵਾਮੀਨਾਥਨ ਕਮਿਸ਼ਨ ਦੀઠਤਜਵੀਜ ਅਨੁਸਾਰ ਦੇਸ ਵਿਚ 80 ਵਰਗ ਕਿਲੋਮੀਟਰ ਦੇ ਘੇਰੇ ਵਿਚ ਇੱਕ ਮੰਡੀ ਹੋਣੀ ਜ਼ਰੂਰੀ ਹੈ, ਜਿਸ ਦਾ ਅਰਥ ਹੈ ਕਿ ਦੇਸ ਵਿਚ 41000 ਮੰਡੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਕਿ ਦੇਸ ਵਿਚ ਲਗਪਗ 7500 ਮੰਡੀਆਂ ਹੀ ਹਨ। ਵਿਓਪਾਰੀ ਕਿਸਾਨਾ ਦਾ ਸ਼ੋਸ਼ਣ ਕਰਨਗੇ। ਮੰਡੀਆਂ ਦੇ ਕੰਮ ਘਟਣ ਨਾਲ ਬਹੁਤ ਸਾਰੀ ਲੇਬਰ ਬੇਰੋਜ਼ਗਾਰ ਹੋ ਜਾਵੇਗੀ। ਫਸਲਾਂ ਦੀ ਢੋਅ ਢੁਆਈ ਕਰਨ ਵਾਲੇ ਵੀ ਵਿਹਲੇ ਹੋ ਜਾਣਗੇ।  ਤੀਜਾ ਆਰਡੀਨੈਂਸ ''ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ  ਅਤੇ ਸੁਰੱਖਿਆ)  ਆਰਡੀਨੈਂਸ 2020'' ਬਾਰੇ ਕਿਹਾ ਗਿਆ ਹੈ ਕਿ ਖੇਤੀ ਪ੍ਰਣਾਲੀ ਵਿਚ  ਰਾਸ਼ਟਰੀ ਪੱਧਰ ਦੀ ਪ੍ਰਣਾਲੀ  ਪ੍ਰਦਾਨ ਕਰਵਾਉਣੀ ਅਤੇ ਕਿਸਾਨਾ ਨੂੰ ਤਾਕਤਵਰ ਬਣਾਉਣਾ ਹੈ ਤਾਂ ਜੋ ਉਹ ਕਾਰੋਬਾਰੀ ਫਰਮਾ, ਪ੍ਰੋਸੈਸਰਾਂ, ਥੋਕ ਵਿਓਪਾਰੀਆਂ, ਬਰਾਮਦਕਾਰਾਂ  ਅਤੇ ਖੇਤੀ ਸੇਵਾਵਾਂ ਨਾਲ ਮੁਕਾਬਲਾ ਕਰ ਸਕਣ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਵਾ ਵਿਚ ਤੀਰ ਮਾਰ ਰਹੀ ਹੈ। ਭਾਰਤ ਦਾ ਕਿਸਾਨ ਕਰਜ਼ਈ ਹੈ, ਖੁਦਕੁਸ਼ੀਆਂ ਕਰ ਰਿਹਾ ਹੈ। ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ, ਲੇਬਰ ਅਤੇ ਖੇਤੀਬਾੜੀ ਦੇ ਸੰਦ ਮਹਿੰਗੇ ਹੋ ਗਏ ਹਨ, ਭਾਵ ਖੇਤੀ ਤੇ ਲਾਗਤ ਵੱਧ ਗਈ ਹੈ। ਉਹ ਵਿਓਪਾਰੀਆਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਸਗੋਂ ਇਹ ਤੀਜਾ ਆਰਡੀਨੈਂਸ ਉਨ੍ਹਾਂ ਨੂੰ ਵਿਓਪਾਰੀਆਂ ਦਾ ਗੁਲਾਮ ਬਣਾ ਦੇਵੇਗਾ। 1992 ਵਿਚ ਵੀ ਵਿਸ਼ਵ ਵਪਾਰ ਸੰਸਥਾ ਵੱਲੋਂ ਵਿਸ਼ਵੀਕਰਨ  ਅਤੇ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਸੁਤੰਤਰ ਵਿਓਪਾਰ ਤੇ ਜ਼ੋਰ ਦਿੱਤਾ ਗਿਆ ਸੀ। ਉਹ ਵੀ ਕਿਸਾਨਾ ਲਈ ਲਾਹੇਬੰਦ ਨਹੀਂ ਸੀ। ਅਸਲ ਵਿਚ ਅਮਰੀਕਾ ਦੀ ਤਰ੍ਹਾਂ ਬਹੁ ਕੌਮੀ ਕੰਪਨੀਆਂ ਦੇ ਹੱਥ ਕਿਸਾਨਾ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨਾ ਤੋਂ ਜ਼ਮੀਨ ਠੇਕੇ ਤੇ ਲੈ ਕੇ ਇਹ ਕੰਪਨੀਆਂ ਫਸਲਾਂ ਬੀਜਿਆ ਕਰਨਗੀਆਂ। ਆਰਡੀਨੈਂਸ ਵਿਚ ਇਹ ਤਾਂ ਲਿਖਿਆ ਗਿਆ ਹੈ ਕਿ ਕਿਰਾਏ ਤੇ ਜ਼ਮੀਨ ਲੈਣ ਵਾਲਾ ਮਾਲਕ ਨਹੀਂ ਬਣ ਸਕਦਾ। ਜਾਣੀਕਿ ਜ਼ਮੀਨ ਦੱਬ ਨਹੀਂ ਸਕਦਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਕਿ ਫਸਲਾਂ ਦੇ ਸਮਰਥਨ ਮੁਲ ਦੇਣ ਨਾਲ ਦੇਸ ਦੀ ਆਰਥਿਕਤਾ ਨੂੰ ਧੱਕਾ ਲੱਗ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਕੋਲ ਤਿੰਨ ਸਾਲਾਂ ਲਈ ਵਾਧੂ ਅਨਾਜ ਪਿਆ ਹੈ ਪ੍ਰੰਤੂ ਸਟੋਰੇਜ ਦੀ ਸਮੱਸਿਆ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਿਸਾਨ ਕਣਕ ਤੇ ਜੀਰੀ ਬੀਜਣੀ ਬੰਦ ਕਰ ਦੇਣ ਤਾਂ ਤਿੰਨ ਸਾਲ ਬਾਅਦ ਭਾਰਤ ਫਿਰ ਮੰਗਤਾ ਬਣਕੇ ਵਿਦੇਸਾਂ ਵਿਚੋਂ ਮਹਿੰਗੇ ਭਾਅ ਤੇ ਅਨਾਜ ਖ੍ਰੀਦੇਗਾ। ਪੀ ਐਲ 480 ਅਧੀਨ ਅਮਰੀਕਾ ਤੋਂ ਕਣਕ ਮੰਗਵਾਉਂਦਾ ਰਿਹਾ ਹੈ। ਜਦੋਂ ਪੰਜਾਬ ਦੇ ਕਿਸਾਨਾ ਨੇ ਦੇਸ ਨੂੰ ਆਤਮ ਨਿਰਭਰ ਕੀਤਾ ਸੀ,  ਉਦੋਂ ਤਾਂ ਕਿਸਾਨਾ ਦੇ ਸੋਹਲੇ ਗਾਏ ਜਾਂਦੇ ਸਨ। ਅੱਜ ਕਰਜ਼ਈ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾਂਦਾ ਜਦੋਂ ਕਿ ਸਨਅਤਕਾਰਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਂਦੇ ਹਨ। ਨਿਤਿਨ ਗਡਕਰੀ ਦੇ ਬਿਆਨ ਦਾ ਅਰਥ ਇਹ ਹੈ ਕਿ ਸਮਰਥਨ ਮੁੱਲ ਬੰਦ ਕਰ ਦਿੱਤਾ ਜਾਵੇਗਾ ਜਦੋਂ ਕਿ ਦੇਸ ਦੇ ਕਿਸਾਨ ਕਰਜ਼ੇ ਦੇ ਭਾਰ ਹੇਠ ਪਹਿਲਾਂ ਹੀ ਦੱਬੇ ਪਏ ਹਨ। ਸਮਰਥਨ ਮੁੱਲ ਬੰਦ ਹੋਣ ਨਾਲ ਕਿਸਾਨੀ ਦਾ ਬੇੜਾ ਗਰਕ ਹੋ ਜਾਵੇਗਾ। ਪੰਜਾਬ ਬਰਬਾਦ ਹੋ ਜਾਵੇਗਾ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਉਸ ਰਿਪੋਰਟ ਦੇ ਵਿਰੁੱਧ ਫੈਸਲੇ ਕਰਨ ਤੇ  ਤੁਲੀ ਹੋਈ ਹੈ। ਕਿਸਾਨ ਬਦਲਵੀਆਂ ਫਸਲਾਂ ਬੀਜਣ ਲਈ ਤਿਆਰ ਹਨ, ਬਸ਼ਰਤੇ ਕਿ ਉਨ੍ਹਾਂ ਦਾ ਵੀ ਸਮਰਥਨ ਮੁੱਲ ਦਿੱਤਾ ਜਾਵੇ। ਖੇਤੀਬਾੜੀ ਨਾਲ ਤਿੰਨ ਆਰਡੀਨੈਂਸਾਂ ਦੇ ਝਟਕੇ ਦੇ ਸਦਮੇ ਵਿਚੋਂ ਕਿਸਾਨ ਅਜੇ ਨਿਕਲੇ ਨਹੀਂ ਸਨ ਨਿਤਿਨ ਗਡਕਰੀ ਦਾ ਬਿਆਨ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਗਿਆ। ਭਾਰਤੀ ਜਨਤਾ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਸਮੇਂ ਭਾਰਤ ਵਿਚ ਅਨਾਜ ਦੀ ਕਮੀ ਪੂਰੀ ਕਰਨ ਲਈ ਬਾਹਰਲੇ ਦੇਸਾਂ ਤੋਂ ਮਿੰਨਤਾਂ ਕਰਕੇ ਅਨਾਜ ਖ੍ਰੀਦਿਆ ਜਾਂਦਾ ਸੀ। ਭਾਰਤ ਦੀ ਕਰੰਸੀ ਬਾਹਰ ਜਾਂਦੀ ਸੀ ਜਿਸ ਨਾਲ ਰੁਪਏ ਦੀ ਕੀਮਤ ਘਟਦੀ ਸੀ। ਦੇਸ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਕਿਸਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਔਖੇ ਮੌਕੇ ਦੇਸ ਨੂੰ ਅਨਾਜ ਦੇ ਖੇਤਰ ਵਿਚ ਆਤਮ  ਨਿਰਭਰ ਕਰਨ ਲਈਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਅੱਗੇ ਆਏ ਸਨ। ਇਕੱਲਾ ਪੰਜਾਬ ਦੇਸ ਦੇ ਅਨਾਜ ਭੰਡਾਰ ਵਿਚ ਅੱਸੀ ਫੀ ਸਦੀ ਹਿੱਸਾ ਪਾਉਂਦਾ ਹੈ। ਉਦੋਂ ਪੰਜਾਬ ਦੇ ਕਿਸਾਨਾ ਦੀ ਤਾਰੀਫ ਦੇ ਪੁਲ ਬੰਨ੍ਹੇ ਜਾਂਦੇ ਸਨ। ਅੱਜ ਦਿਨ ਉਨ੍ਹਾਂ ਦੀ ਕਮਰ ਤੋ ਤੋੜੀ ਜਾ ਰਹੀ ਹੈ। ਆਰਡੀਨੈਂਸ ਅਨੁਸਾਰ ਕਿਸਾਨ ਕਣਕ ਕਿਸੇ ਵੀ ਥਾਂ ਤੇ ਵੇਚ ਸਕਦੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਘਰਾਂ ਦੇ ਨੇੜੇ ਮੰਡੀਆਂ ਵਿਚ ਵੇਚ ਸਕਦੇ ਸਨ। ਉਨ੍ਹਾਂ ਨੂੰ ਸਮਰਥਨ ਮੁੱਲ ਮਿਲ ਜਾਂਦਾ ਸੀ। ਭਾਵ ਉਹ ਆਪਣੀ ਕਣਕ ਲੈ ਕੇ ਵਿਓਪਾਰੀਆਂ ਦੇ ਮਗਰ ਭੱਜੇ ਫਿਰਨਗੇ। ਵਿਓਪਾਰੀ ਕਿਸਾਨ ਕੋਲੋਂ ਆਪ ਆ ਕੇ ਜੇਕਰ ਕਣਕ ਖ੍ਰੀਦੇਗਾ ਤਾਂ ਸਮਰਥਨ ਮੁੱਲ ਨਾ ਹੋਣ ਕਰਕੇ ਆਪਣੀ ਮਰਜੀ ਦਾ ਮੁੱਲ ਦੇਣਗੇ ਕਿਉਂਕਿ ਕਿਸਾਨ ਫਸਲ ਨੂੰ ਆਪਣੇ ਕੋਲ ਰੱਖ ਨਹੀਂ ਸਕਦਾ। ਉਸਨੇ ਤਾਂ ਆਪਣਾ ਕਰਜ਼ਾ ਲਾਹੁਣਾ ਹੁੰਦਾ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਵੀ ਤੋਰਨਾ ਹੁੰਦਾ। ਇਸ ਲਈ ਵਿਓਪਾਰੀ ਮਨਮਾਨੀਆਂ ਕਰਨਗੇ। ਵਿਓਪਾਰੀ ਅਨਾਜ ਦੇ ਜਖੀਰੇ ਕਰਨਗੇ ਤੇ ਫੇਰ ਲੋਕਾਂ ਨੂੰ ਮਹਿੰਗੇ ਭਾਅ ਤੇ ਵੇਚਣਗੇ। ਇਕੱਲਾ ਕਿਸਾਨ ਹੀ ਬਰਬਾਦ ਨਹੀਂ ਹੋਵੇਗਾ ਸਗੋਂ ਖਪਤਕਾਰ ਦਾ ਦੀਵਾਲਾ ਨਿਕਲ ਜਾਵੇਗਾ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਧੱਕਾ ਲਗੇਗਾ। ਆੜ੍ਹਤੀਆਂ ਦਾ ਕੰਮ ਖ਼ਤਮ ਹੋ ਜਾਵੇਗਾ। ਆੜ੍ਹਤੀ ਅਤੇ ਕਿਸਾਨ ਦਾ ਸਦੀਆਂ ਪੁਰਾਣਾ ਰਿਸ਼ਤਾ ਤਾਰ ਤਾਰ ਹੋ ਜਾਵੇਗਾ। ਕਿਸਾਨ ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਛੇ ਮਹੀਨੇ ਆੜ੍ਹਤੀਆਂ ਤੇ ਨਿਰਭਰ ਰਹਿੰਦਾ ਹੈ, ਦੁੱਖ ਸੁੱਖ ਵਿਚ ਆੜ੍ਹਤੀ ਹੀ ਕਿਸਾਨ ਦਾ ਸਹਾਈ ਹੁੰਦਾ ਹੈ। ਪੰਜਾਬ ਸਰਕਾਰ ਨੂੰ ਆਰਥਿਕ ਤੌਰ ਤੇ ਨੁਕਸਾਨ ਹੋਵੇਗਾ ਕਿਉਂਕਿ ਮਾਰਕੀਟ ਕਮੇਟੀਆਂ ਨੂੰ ਆਮਦਨ ਨਹੀਂ ਹੋਵੇਗੀ। ਮਾਰਕੀਟ ਕਮੇਟੀਆਂ ਦੀ ਆਮਦਨ ਨਾਲ ਹੀ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਬਣਦੀਆਂ ਅਤੇ ਮੁਰੰਮਤ ਹੁੰਦੀਆਂ ਹਨ। ਇਹ ਨੁਕਸਾਨ ਵੀ ਕਿਸਾਨਾ ਨੂੰ ਹੀ ਹੋਵੇਗਾ ਕਿਉਂਕਿ ਕਿਸਾਨ ਹੀ ਪਿੰਡਾਂ ਵਿਚ ਰਹਿੰਦੇ ਹਨ। ਕੇਂਦਰ ਸਰਕਾਰ ਦਾ ਆਰਡੀਨੈਂਸ ਕਹਿ ਰਿਹਾ ਹੈ ਕਿ ਮੰਡੀਕਰਨ ਅਤੇ ਕੰਟੈਕਟ ਫਾਰਮਿੰਗ ਅਧੀਨ ਕਰਜ਼ੇ ਦਿੱਤੇ ਜਾਣਗੇ। ਇਹ ਕਰਜ਼ੇ ਕਿਸਾਨਾ ਨੂੰ ਨਹੀਂ ਸਗੋਂ ਹੁਣ ਤੱਕ ਇਹ ਕਰਜ਼ੇ ਖੇਤੀ ਨਾਲ ਸੰਬੰਧਤ ਵਿਓਪਾਰਕ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ। ਕਿਸਾਨ ਭੋਲੇ ਉਨ੍ਹਾਂ ਦੇ ਲਾਰਿਆਂ ਵਿਚ ਆ ਕੇ ਨੁਕਸਾਨ ਉਠਾ ਲੈਂਦੇ ਹਨ।

     ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆਪਣੇ ਆਪਨੂੰ ਕਿਸਾਨਾ ਦੀ ਪਾਰਟੀ ਕਹਾਉਂਦਾ ਹੈ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹੈ। ਇਸ ਲਈ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉਪਰ ਨਿਰਭਰ ਕਰਦੀ ਹੈ। ਹੁਣ ਅਕਾਲੀ ਦਲ ਕਹਿ ਰਿਹਾ ਹੈ ਕਿ ਉਹ ਆਰਡੀਨੈਂਸਾਂ ਵਿਰੁਧ ਮੋਰਚਾ ਲਗਾਏਗਾ। ਇਹ ਮਗਰਮੱਛ ਦੇ ਹੰਝੂ ਹਨ, ਜਦੋਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੁਰਸੀ ਖੁਸਣ ਦੇ ਡਰ ਕਰਕੇ ਵਿਰੋਧ ਨਹੀਂ ਕੀਤਾ, ਹੁਣ ਅਜਿਹੀਆਂ ਬੇਤੁਕੀਆਂ ਗਿਦੜ ਧਮਕੀਆਂ ਨਾਲ ਕੁਝ ਨਹੀਂ ਹੋਣ ਵਾਲਾ। ਪੰਜਾਬ ਦੇ ਮੁੱਖ ਮੰਤਰੀ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਉਸ ਵਿਚ ਸਾਂਝੇ ਤੌਰ ਕੇਂਦਰ ਨਾਲ ਲੋਹਾ ਲੈਣ ਦਾ ਫੈਸਲਾ ਕਰਨਾ ਚਾਹੀਦਾ ਹੈ। ਜੇਕਰ ਹੁਣ ਵੀ ਸਿਆਸੀ ਪਾਰਟੀਆਂ ਇਕਮਤ ਨਾ ਹੋਈਆਂ ਤਾਂ ਸਾਬਤ ਹੋ ਜਾਵੇਗਾ ਕਿ ਉਹ ਸਿਰਫ ਕੁਰਸੀ ਪਿਛੇ ਸਿਆਸਤ ਕਰਦੀਆਂ ਹਨ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਚਾਹੁੰਦੀਆਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ - ਉਜਾਗਰ ਸਿੰਘ

ਹਾਕੀ ਦਾ ਧਰੂ ਤਾਰਾ ਯੁਗ ਪੁਰਸ਼ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ 95 ਸਾਲ ਦੀ ਉਮਰ ਵਿਚ ਮੋਹਾਲੀ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੂੰ ਅਲਵਿਦਾ ਕਹਿ ਗਿਆ। ਉਹ ਲਗਪਗ ਇਕ ਮਹੀਨੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਬਲਬੀਰ ਸਿੰਘ ਦੇ ਜਾਣ ਨਾਲ ਸੰਸਾਰ ਵਿਚ ਭਾਰਤ ਦਾ ਵਕਾਰ ਵਧਾਉਣ ਵਾਲਾ ਧਰੂ ਤਾਰਾ ਅਸਤ ਹੋ ਗਿਆ ਹੈ। ਪੰਜਾਬઠਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਪੰਜਾਬ ਹਰ ਖੇਤਰ ਵਿਚ ਦੇਸ ਦੀ ਖੜਗਭੁਜਾ ਰਿਹਾ ਹੈ। ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਖੇਡਾਂ ਖਾਸ ਤੌਰ ਤੇ ਹਾਕੀ ਦੇ ਖੇਤਰ ਵਿਚ ਪੰਜਾਬ ਨੇ ਅਨੇਕਾਂ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਕਰਕੇ ਦੇਸ ਦਾ ਮਾਣ ਵਧਿਆ ਹੈ। ਇਨ੍ਹਾਂ ਖਿਡਾਰੀਆਂ ਵਿਚੋਂ ਬਲਬੀਰ ਸਿੰਘ ਸੀਨੀਅਰ ਦਾ ਨਾਮ ਹਾਕੀ ਦੀ ਖੇਡ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਸੰਸਾਰ ਦੇ ਹਾਕੀ ਦੇ ਇਤਿਹਾਸ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਦੋਹਾਂ ਦੀ ਖੇਡ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ। ਭਾਰਤ ਨੂੰ ਸੋਨ ਤਮਗੇ ਦਿਵਾਉਣ ਅਤੇ ਭਾਰਤੀ ਝੰਡਾ ਸੰਸਾਰ ਦੀਆਂ ਖੇਡਾਂ ਵਿਚ ਲਹਿਰਾਉਣ ਦਾ ਮਾਣ ਦੋਹਾਂ ਖਿਡਾਰੀਆਂ ਨੇ ਬਖ਼ਸ਼ਿਆ ਹੈ। ਬਲਬੀਰ ਸਿੰਘ ਨੇ ਉਲੰਪਿਕ ਖੇਡਾਂ ਦੇ ਫਾਈਨਲ ਮੈਚਾਂ ਵਿਚ ਸਭ ਤੋਂ ਵੱਧ ਗੋਲ ਕਰਕੇ ਨਵੇਂ ਰਿਕਾਰਡ ਸਥਾਪਤ ਕੀਤੇ ਸਨ, ਜਿਹੜੇ ਅਜੇ ਤੱਕ ਵੀ ਬਰਕਰਾਰ ਹਨ। ਇਸ ਕਰਕੇ ਹੀ ਉਸਨੂੰ ਗੋਲ ਕਿੰਗ ਅਤੇ ਹਾਕੀ ਦਾ ਯੁਗ ਪੁਰਸ਼ ਕਿਹਾ ਜਾਂਦਾ ਹੈ। ਉਸਨੂੰ ਉਲੰਪਿਕ ਰਤਨ ਵੀ ਕਿਹਾ ਜਾਂਦਾ ਹੈ। ਲੰਡਨ ਵਿਚ 2012 ਵਿਚ ਜਿਹੜੀਆਂ ਉਲੰਪਿਕ ਖੇਡਾਂ ਹੋਈਆਂ ਸਨ, ਉਦੋਂ ਉਲੰਪਿਕ ਖੇਡਾਂ ਦੇ ਸਫਰ ਵਿਚੋਂ ਜਿਹੜੇ '16 ਆਈਕੌਨਿਕ ਉਲੰਪੀਅਨ' ਚੁਣੇ ਗਏ ਸਨ, ਉਨ੍ਹਾਂ ਵਿਚ ਹਿੰਦ ਮਹਾਂਦੀਪ ਵਿਚੋਂ ਇਕੱਲਾ ਬਲਬੀਰ ਸਿੰਘ ਹੀ ਚੁਣਿਆਂ ਗਿਆ ਸੀ। ਉਲੰਪਿਕ ਖੇਡਾਂ ਵਿਚ 3 ਗੋਲਡ ਮੈਡਲ, ਏਸ਼ੀਆਈ ਖੇਡਾਂ ਵਿਚੋਂ ਇੱਕ ਗੋਲਡ ਮੈਡਲ ਅਤੇ ਭਾਰਤੀ ਹਾਕੀ ਦੀਆਂ ਟੀਮਾਂ ਦਾ ਕੋਚ ਮੈਨੇਜਰ ਬਣਕੇ ਭਾਰਤ ਨੂੰ 7 ਤਮਗ਼ੇ ਜਿਤਾਉਣ ਦਾ ਮਾਣ ਬਲਬੀਰ ਸਿੰਘ ਨੂੰ ਹੀ ਜਾਂਦਾ ਹੈ। ਉਹ ਨਮਰਤਾ ਅਤੇ ਸਾਦਗੀ ਦਾ ਪ੍ਰਤੀਕ ਸੀ, ਜਿਸਨੇ ਕਦੀਂ ਵੀ ਆਪਣੀ ਕਾਬਲੀਅਤ ਦਾ ਘੁਮੰਡ ਨਹੀਂ ਕੀਤਾ ਸਗੋਂ ਜ਼ਮੀਨ ਨਾਲ ਜੁੜਿਆ ਰਿਹਾ ਹੈ। ਆਮ ਤੌਰ ਤੇ ਹਰ ਖਿਡਾਰੀ ਇਨ੍ਹਾਂ ਮਿਲੇ ਮਾਨ ਸਨਮਾਨਾ ਨੂੰ ਆਪਣੇ ਘਰਾਂ ਵਿਚ ਸਜਾਕੇ ਰੱਖਦਾ ਹੈ ਅਤੇ ਮੈਡਲ ਸ਼ੁਭ ਅਵਸਰਾਂ ਤੇ ਗਲਾਂ ਵਿਚ ਪਾ ਕੇ ਰੱਖਦੇ ਹਨ। ਬਲਬੀਰ ਸਿੰਘ ਨੂੰ ਜਿੰਨੇ ਮੈਡਲ ਅਤੇ ਮਾਣ ਸਨਮਾਨ ਜਿਹੜੇ ਮਿਲੇ ਸਨ, ਉਹ ਸਾਰੇ ਹੀ ਸਪੋਰਟਸ ਅਥਾਰਿਟੀ ਆਫ ਇੰਡੀਆ ਨੂੰ ਦੇ ਦਿੱਤੇ ਸਨ ਤਾਂ ਜੋ ਉਭਰਦੇ ਖਿਡਾਰੀ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਰਹਿਣ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਪੋਰਟਸ ਅਥਾਰਟੀ ਨੇ ਉਹ ਅਨਮੋਲ ਨਿਸ਼ਾਨੀਆਂ ਗੁਆ ਹੀ ਦਿੱਤੀਆਂ। ਇਹ ਜੇਤੂ ਨਿਸ਼ਾਨੀਆਂ ਨੇ ਖੇਡ ਅਜਾਇਬ ਘਰ ਦੀ ਸ਼ਾਨ ਵਧਾਉਂਦਿਆਂ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਸੀ। ਬਲਬੀਰ ਸਿੰਘ ਦੀ ਸਾਦਗੀ ਵੇਖਣ ਵਾਲੀ ਸੀ ਕਿ ਉਨ੍ਹਾਂ ਸਪੋਰਟਸ ਅਥਾਰਟੀ ਨਾਲ ਬਹੁਤਾ ਗਿਲਾ ਵੀ ਨਹੀਂ ਕੀਤਾ। ਉਹ ਆਪਣੀਆਂ ਪ੍ਰਾਪਤੀਆਂ ਨੂੰ ਭਾਰਤ ਦੀਆਂ ਪ੍ਰਾਪਤੀਆਂ ਸਮਝਦਾ ਸੀ ਕਿਉਂਕਿ ਉਹ ਇਕ ਸੱਚਾ ਸੁੱਚਾ ਦੇਸ਼ ਭਗਤ ਸੀ। ਇਸੇ ਤਰ੍ਹਾਂ 1962 ਦੀ ਭਾਰਤ ਚੀਨ ਲੜਾਈ ਸਮੇਂ 3 ਉਲੰਪਿਕ ਸੋਨੇ ਦੇ ਤਮਗ਼ੇ ਪ੍ਰਧਾਨ ਮੰਤਰੀ ਰੀਲੀਫ ਫੰਡ ਲਈ ਦੇ ਦਿੱਤੇ ਸਨ। 1952 ਵਿਚ ਹੈਲਸਿੰਕੀ ਵਿਖੇ ਹੋਈਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁਧ ਬਲਬੀਰ ਸਿੰਘ ਨੇ 5 ਗੋਲ ਕੀਤੇ ਅਤੇ ਭਾਰਤ ਨੇ 6-1 ਨਾਲ ਮੈਚ ਜਿੱਤਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ । ਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਰਿਕਾਰਡ ਅਜੇ ਤੱਕ ਬਰਕਰਾਰ ਹੈ। ਇਸੇ ਤਰ੍ਹਾਂ 1948 ਵਿਚ ਹੋਈਆਂ ਉਲੰਪਿਕਸ ਵਿਚ ਅਰਜਨਟਾਈਨਾ ਵਿਰੁਧ ਭਾਰਤ ਨੇ 9 ਗੋਲ ਕੀਤੇ ਇਨ੍ਹਾਂ ਵਿਚੋਂ 6 ਅਤੇ ਇੰਗਲੈਂਡ ਵਿਰੁਧ 4 ਵਿਚੋਂ 2 ਗੋਲ ਬਲਬੀਰ ਸਿੰਘ ਨੇ ਕੀਤੇ। ਹੈਲਸਿੰਕੀ ਵਿਚ ਭਾਰਤ ਨੇ ਸਾਰੇ ਮੈਚਾਂ ਵਿਚ 13 ਗੋਲ ਕੀਤੇ, ਇਨ੍ਹਾਂ ਵਿਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਆਪ ਹਮੇਸ਼ਾ ਸੈਂਟਰ ਫਾਰਵਰਡ ਦੇ ਤੌਰ ਤੇ ਖੇਡਦੇ ਸਨ। ਇਕ ਵਾਰ ਗੇਂਦ ਜਦੋਂ ਆਪ ਦੇ ਕੋਲ ਆ ਜਾਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਹ ਹਰ ਹਾਲਤ ਵਿਚ ਗੋਲ ਕਰਕੇ ਹੀ ਗੇਂਦ ਨੂੰ ਛੱਡੇਗਾ। ਭੰਬੀਰੀ ਦੀ ਤਰ੍ਹਾਂ ਗੇਂਦ ਨੂੰ ਲੈ ਕੇ ਗੋਲ ਵਿਚ ਪਹੁੰਚ ਜਾਂਦਾ ਸੀ। ਉਨ੍ਹਾਂ 1956 ਵਿਚ ਮੈਲਬੌਰਨ ਵਿਚ ਹੋਈਆਂ ਉਲੰਪਿਕਸ ਖੇਡਾਂ ਵਿਚ ਅਫਗਾਨਿਸਤਾਨ ਵਿਰੁਧ 5 ਗੋਲ ਕੀਤੇ। ਬਲਬੀਰ ਸਿੰਘ ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਉਸਨੇ 2 ਪੁਸਤਕਾਂ ਗੋਲਡਨ ਹੈਟ ਟ੍ਰਿਕ ਅਤੇ ਗੋਲਡਨ ਯਾਰਡ ਸਟਿਕ ਵੀ ਲਿਖੀਆਂ। 2006 ਵਿਚ ਆਪਨੂੰ ਬੈਸਟ ਸਿੱਖ ਪਲੇਅਰ ਲਈ ਚੁਣਿਆਂ ਗਿਆ। ਇਸੇ ਤਰ੍ਹਾਂ 2015 ਵਿਚ ਆਪਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਆਪ 1952 ਵਿਚ ਹੈਲਸਿੰਕੀ ਉਲੰਪਿਕਸ ਵਿਚ ਭਾਰਤੀ ਟੀਮ ਦੇ ਉਪ ਕਪਤਾਨ ਵੱਜੋਂ ਸ਼ਾਮਲ ਹੋਏ ਸਨ। 1956 ਦੀਆਂ ਮੈਲਬੌਰਨ ਵਿਖੇ ਹੋਈਆਂ ਉਲੰਪਿਕਸ ਵਿਚ ਭਾਰਤੀ ਟੀਮ ਦੇ ਕੈਪਟਨ ਸਨ। ਆਪ 1971 ਵਿਚ ਭਾਰਤੀ ਟੀਮ ਦੇ ਮੈਨੇਜਰ ਅਤੇ 1975 ਵਿਚ ਮੁੱਖ ਕੋਚ ਸਨ।
       ਸਰਕਾਰੀ ਰਿਕਾਰਡ ਅਨੁਸਾਰ ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਉਸਦੇ ਨਾਨਕੇ ਪਿੰਡ  ਹਰੀਪੁਰ ਖਾਲਸਾ ਵਿਚ ਪਿਤਾ ਦਲੀਪ ਸਿੰਘ ਅਤੇ ਮਾਤਾ ਕਰਮ ਕੌਰ ਦੀ ਕੁਖੋਂ ਹੋਇਆ। ਖੇਡਾਂ ਦੇ ਖੇਤਰ ਦੇ ਮਾਹਿਰ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਬਲਬੀਰ ਸਿੰਘ ਦੀ ਲਿਖੀ ਜੀਵਨੀ 'ਗੋਲਡਨ ਗੋਲ' ਵਿਚ ਜਨਮ ਤਾਰੀਖ 31 ਦਸੰਬਰ 1923 ਲਿਖੀ ਗਈ ਹੈ। ਉਸਦਾ ਜੱਦੀ ਪਿੰਡ ਜਲੰਧਰ ਜਿਲ੍ਹੇ ਵਿਚ ਪੁਆਦੜਾ ਹੈ। ਉਸਦੇ ਨਾਨਕੇ ਅਤੇ ਦਾਦਕੇ ਦੋਵੇਂ ਪਿੰਡ ਫਿਲੌਰ ਤਹਿਸੀਲ ਜਿਲ੍ਹਾ ਜਲੰਧਰ ਵਿਚ ਪੈਂਦੇ ਹਨ। ਉਸਦਾ ਪਿਤਾ ਦਲੀਪ ਸਿੰਘ ਸੁਤੰਤਰਤਾ ਸੰਗਰਾਮੀਆਂ ਸੀ ਅਤੇ ਦੁਸਾਂਝ ਗੋਤ ਦਾ ਸੀ ਪ੍ਰੰਤੂ ਬਲਬੀਰ ਸਿੰਘ ਨੇ ਆਪਣੇ ਨਾਮ ਨਾਲ ਦੁਸਾਂਝ ਕਦੀਂ ਵੀ ਨਹੀਂ ਲਿਖਿਆ। ਉਸਦੇ ਨਾਨਕੇ ਧਨੋਆ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੀ ਸ਼ਾਦੀ ਸ਼੍ਰੀਮਤੀ ਸ਼ੁਸ਼ੀਲ ਕੌਰ ਨਾਲ 1946 ਵਿਚ ਹੋਈ ਸੀ, ਜਿਸਦੀ ਕੁਖੋਂ 3 ਸਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ, ਗੁਰਬੀਰ ਸਿੰਘ ਅਤੇ ਇੱਕ ਧੀ ਸ਼ੁਸ਼ਬੀਰ ਕੌਰ ਨੇ ਜਨਮ ਲਿਆ। ਆਪਦੀਆਂ ਤਿੰਨੋ ਨੂੰਹਾਂ ਕਰਮਵਾਰ ਚੀਨ, ਸਿੰਘਾਪੁਰ ਅਤੇ ਯੂਕਰੇਨ ਤੋਂ ਹਨ। ਬਲਬੀਰ ਸਿੰਘ ਦੀ ਪਤਨੀ ਸ਼ੁਸ਼ੀਲ ਕੌਰ ਦਾ ਪਰਿਵਾਰ ਲਾਹੌਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਸੀ। ਬਲਬੀਰ ਸਿੰਘ ਦੀ ਪਤਨੀ 1983 ਵਿਚ ਸਵਰਗ ਸਿਧਾਰ ਗਏ ਸਨ। ਸਕੂਲ ਵਿਚ ਪੜ੍ਹਦਿਆਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀ। ਆਪ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਦੇ ਸਨ ਤਾਂ ਹਾਕੀ ਦੇ ਕੋਚ ਹਰਬੇਲ ਸਿੰਘ ਨੇ ਆਪਨੂੰ ਹਾਕੀ ਖੇਡਦਿਆਂ ਵੇਖਿਆ ਤਾਂ ਉਨ੍ਹਾਂ ਨੂੰ ਬਲਬੀਰ ਸਿੰਘ ਵਿਚਲੀ ਪ੍ਰਤਿਭਾ ਨੇ ਕਾਇਲ ਕਰ ਦਿੱਤਾ। ਉਹ ਅੰਮ੍ਰਿਤਸਰ ਵਿਖੇ ਹਾਕੀ ਕੋਚ ਸਨ। ਹਰਬੇਲ ਸਿੰਘ ਨੇ ਬਲਬੀਰ ਸਿੰਘ ਨੂੰ 1942 ਵਿਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਤਬਦੀਲ ਕਰਵਾ ਲਿਆ ਅਤੇ ਆਪ ਕੋਚਿੰਗ ਦੇ ਕੇ ਤਿਆਰ ਕੀਤਾ। ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਅਤੇ ਆਪਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਹਾਕੀ ਮੈਚ ਲਗਾਤਾਰ 1943, 44 ਅਤੇ 45 ਜਿੱਤਿਆ। ਫਿਰ ਆਪ ਲੁਧਿਆਣਾ ਆ ਕੇ ਵਸ ਗਏ। ਆਪਨੇ ਪੰਜਾਬ ਪੁਲਿਸ ਵਿਚ ਨੌਕਰੀ ਕਰ ਲਈ ਅਤੇ 1941 ਤੋਂ 1961 ਤੱਕ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਕੈਪਟਨ ਰਹੇ। ਆਪਨੂੰ ਸਪੋਰਟਸ ਦੇ ਕੋਟੇ ਵਿਚੋਂ 1957 ਵਿਚ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆ। ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦੇਣਾ ਚਾਹੀਦਾ ਸੀ ਪ੍ਰੰਤੂ ਭਾਰਤ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਅਣਡਿਠ ਕੀਤਾ ਹੈ ਕਿਉਂਕਿ ਕੁਝ ਹੋਰ ਅਜਿਹੇ ਖਿਡਾਰੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਜਿਨ੍ਹਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਬਲਬੀਰ ਸਿੰਘ ਤੋਂ ਬਹੁਤ ਘੱਟ ਸੀ। ਪੰਜਾਬ ਸਰਕਾਰ ਨੇ 2014 ਵਿਚ ਬਲਬੀਰ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਸੀ ਪ੍ਰੰਤੂ ਕੇਂਦਰ ਸਰਕਾਰ ਦੇ ਕੰਨਾ 'ਤੇ ਜੂੰ ਨਹੀਂ ਸਰਕੀ। ਬਲਬੀਰ ਸਿੰਘ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਰਹੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072   
 ujagarsingh48@yahoo.com

ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਸੰਸਾਰ ਅਣਡਿਠ ਨਹੀਂ ਕਰ ਸਕਦਾ - ਉਜਾਗਰ ਸਿੰਘ

ਸੰਸਾਰ ਵਿਚ ਕਰੋਨਾ ਮਹਾਂਮਾਰੀ ਦਾ ਕੋਹਰਾਮ ਮੱਚਿਆ ਹੋਇਆ ਹੈ। ਹਰ ਇਨਸਾਨ ਚਿੰਤਾ ਵਿਚ ਡੁੱਬਿਆ ਹੋਇਆ ਹੈ। ਸੰਸਾਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਵੈਸੇ ਤਾਂ ਲਾਕਡਾਊਨ ਦਾ ਹਰ ਵਿਅਕਤੀ ਦੀ ਆਰਥਿਕਤਾ ਤੇ ਅਸਰ ਪਿਆ ਹੈ ਪ੍ਰੰਤੂ ਗ਼ਰੀਬ ਵਰਗ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਉਨ੍ਹਾਂ ਨੂੰ ਤਾਂ ਰੋਟੀ ਰੋਜ਼ ਦੇ ਲਾਲੇ ਪੈ ਗਏ ਹਨ। ਅਜਿਹੇ ਬਿਪਤਾ ਦੇ ਸਮੇਂ ਵਿਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਨੇ ਸੰਸਾਰ ਦੇ ਪ੍ਰਭਾਵਤ ਇਲਾਕਿਆਂ ਵਿਚ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਖਿਲਾਇਆ। ਸੰਸਾਰ ਦਾ ਅਜਿਹਾ ਕੋਈ ਗੁਰਦੁਆਰਾ ਨਹੀਂ ਜਿਥੋਂ ਲੰਗਰ ਬਣਾਕੇ ਲੋਕਾਂ ਨੂੰ ਨਾ ਦਿੱਤਾ ਹੋਵੇ। ਗੁਰੂ ਘਰਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਅਤੇ ਸਿੱਖਾਂ ਨੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਲੋੜਮੰਦਾਂ ਨੂੰ ਤਕਸੀਮ ਕੀਤਾ। ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਕਰਵਾਕੇ ਸੱਚਾ ਸੌਦਾ ਕੀਤਾ ਸੀ, ਜਿਸ ਉਪਰ ਸਿੱਖ ਧਰਮ ਦੇ ਅਨੁਆਈ ਪਿਛਲੇ 550 ਸਾਲਾਂ ਤੋਂ ਪਹਿਰਾ ਦੇ ਰਹੇ ਹਨ। ਕਿਰਤ ਕਰੋ ਤੇ ਵੰਡ ਛਕੋ ਸਿੱਖ ਧਰਮ ਦੀ ਵਿਚਾਰਧਾਰਾ ਦਾ ਧੁਰਾ ਹੈ। ਜਿਸ ਕਰਕੇ ਲੰਗਰ ਦੀ ਪ੍ਰਥਾ ਲਗਾਤਾਰ ਜਾਰੀ ਹੈ। ਸੰਸਾਰ ਵਿਚ ਬਹੁਤ ਸਾਰੇ ਧਰਮ ਹਨ। ਸਾਰੇ ਧਰਮ ਸਰਬਸਾਂਝੀਵਾਲਤਾ ਦਾ ਸੰਦੇਸ ਦਿੰਦੇ ਹੋਏ ਸਦਭਾਵਨਾ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਆਮ ਤੌਰ ਤੇ ਹਰ ਧਰਮ  ਦੇ ਅਨੁਆਈ ਆਪੋ ਆਪਣੇ ਧਰਮਾ ਦੇ ਲੋਕਾਂ ਦੀ ਬਿਹਤਰੀ ਅਤੇ ਸੁਖ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਆਪੋ ਆਪਣੇ ਧਰਮਾ ਨੂੰ ਸਰਵਉਚ ਸਮਝਦੇ ਹਨ। ਜੇਕਰ ਉਨ੍ਹਾਂ ਨੇ ਕੋਈ ਭਲਾਈ ਦਾ ਕੰਮ ਕਰਨਾ ਹੋਵੇ ਤਾਂ ਸਿਰਫ ਆਪਣੇ ਲੋਕਾਂ ਦਾ ਹੀ ਧਿਆਨ ਰੱਖਦੇ ਹਨ। ਸਿੱਖ ਧਰਮ ਸਾਰੇ ਧਰਮਾ ਤੋਂ ਨਵਾਂ, ਨਵੇਕਲਾ, ਵਿਲੱਖਣ ਅਤੇ ਆਧੁਨਿਕ ਹੈ। ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਇਹ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵ ਸਿਰਫ ਸਿੱਖਾਂ ਦੇ ਭਲੇ ਦੀ ਨਹੀਂ ਸਗੋਂ ਹੋਰ ਧਰਮਾਂ ਦੇ ਅਨੁਆਈਆਂ ਦਾ ਭਲਾ ਵੀ ਚਾਹੁੰਦਾ ਹੈ। ਅਰਥਾਤ ਇਨਸਾਨੀਅਤ ਦਾ ਮੁਦਈ ਹੈ। ਇਥੇ ਹੀ ਬਸ ਨਹੀਂ ਸਗੋਂ ਆਪਣੀ ਦਸਾਂ ਨੌਂਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਭਾਵ ਦਸਵਾਂ ਹਿੱਸਾ ਸ਼ੁਭ ਕੰਮਾ ਤੇ ਖਰਚਣ ਦੀ ਤਾਕੀਦ ਕਰਦਾ ਹੈ। ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਜਾਂਦਾ ਹੈ। ਸ਼ੁਭ ਕੰਮ ਤੋਂ ਭਾਵ ਮਾਨਵਤਾ ਦੀ ਸੇਵਾ ਲਈ ਖਰਚਣ ਲਈ ਕਹਿੰਦਾ ਹੈ।
       ਅਸਲ ਵਿਚ ਰੈਡ ਕਰਾਸ ਦੀ ਸ਼ੁਰੂਆਤ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਉਨ੍ਹਾਂ ਭਾਈ ਘਨਈਆ ਨੂੰ ਮੁਗਲਾਂ ਵੱਲੋਂ 1704 ਵਿਚ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਹਮਲੇ ਦੌਰਾਨ ਲੜਾਈ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਸੀ ਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਸੀ ਕਿ ਸਾਰੇ ਜ਼ਖ਼ਮੀਆਂ ਨੂੰ ਪਾਣੀ ਪਿਲਾਇਆ ਜਾਵੇ, ਭਾਵੇਂ ਉਹ ਦੁਸ਼ਮਣ ਫੌਜਾਂ ਦੇ ਹੀ ਕਿਉਂ ਨਾ ਹੋਣ। ਗੁਰੂ ਸਾਹਿਬ ਦਾ ਹੁਕਮ ਸੀ ਕਿ ਪਾਣੀ ਪਿਲਾਉਣ ਸਮੇਂ ਰੰਗ, ਜ਼ਾਤ, ਧਰਮ ਅਤੇ ਕੌਮੀਅਤ ਨਾ ਵੇਖੀ ਜਾਵੇ, ਅਰਥਾਤ ਕੋਈ ਭੇਦ ਭਾਵ ਨਾ ਕੀਤਾ ਜਾਵੇ। ਇਸੇ ਕਰਕੇ ਸਿੱਖ ਧਰਮ ਬਿਨਾ ਕਿਸੇ ਵੀ ਭੇਦ ਭਾਵ ਤੇ ਹਰ  ਲੋੜਮੰਦ ਦੀ ਮਦਦ ਕਰਦਾ ਹੈ। । ਭਾਈ ਘਨਈਆ ਸਿੱਖ ਧਰਮ ਦਾ ਪਹਿਲਾ ਵਿਅਕਤੀ ਹੋਇਆ ਹੈ, ਜਿਸਨੇ ਆਨੰਦਪੁਰ ਸਾਹਿਬ ਵਿਖੇ ਜੰਗ ਦੇ ਮੈਦਾਨ ਵਿਚ ਜਖ਼ਮੀਆਂ ਨੂੰ ਪਾਣੀ ਪਿਲਾਉਂਦਿਆਂ ਦੁਸ਼ਮਣਾਂ ਦੇ ਜ਼ਖਮੀਆਂ ਨੂੰ ਪਾਣੀ ਪਿਲਾਕੇ ਸਰਬਤ ਦੇ ਭਲੇ ਦਾ ਉਪਰਾਲਾ ਕੀਤਾ ਸੀ।  ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਇਹ ਸ਼ਿਕਾਇਤ ਕੀਤੀ ਗਈ ਕਿ ਉਹ ਤਾਂ ਜ਼ਖ਼ਮੀ ਦੁਸ਼ਮਣਾ ਨੂੰ ਵੀ ਪਾਣੀ ਪਿਲਾ ਰਿਹਾ ਹੈ ਤਾਂ ਭਾਈ ਘਨਈਆ ਨੇ ਕਿਹਾ ਸੀ ਕਿ ਉਸਨੂੰ ਤਾਂ ਹਰ ਜ਼ਖਮੀ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਜ਼ਰ ਆਉਂਦੀ ਹੈ। ਭਾਵ ਇਹ ਸੀ ਕਿ ਉਸਨੂੰ ਸਾਰੇ ਇਨਸਾਨ ਇਕੋ ਜਹੇ ਲੱਗਦੇ ਹਨ। ਇਹ ਹੈ ਸਿੱਖੀ ਵਿਚਾਰਧਾਰਾ ਦੀ ਸੋਚ, ਜਿਸ ਵਿਚ ਹਰ ਇਨਸਾਨ ਨੂੰ ਇਕੋ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿੱਖ ਗੁਰਦੁਆਰਾ ਸਾਹਿਬਾਨ ਵਿਚ ਹਮੇਸ਼ਾ ਲੰਗਰ ਚਲਦਾ ਰੱਖਦੇ ਹਨ। ਲੰਗਰ ਵਿਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਹੈ। ਵਰਤਮਾਨ ਰੈਡ ਕਰਾਸ ਤਾਂ ਸਿੱਖ ਸੋਚ ਵਿਚੋਂ ਲਈ ਗਈ ਧਾਰਨਾ ਹੈ। ਰੈਡ ਕਰਾਸ ਬਣਾਉਣ ਦਾ ਵਿਚਾਰ ਸਵਿਟਜ਼ਲੈਂਡ ਦੇ ਨੌਜਵਾਨ ਵਿਓਪਾਰੀ ਹੈਨਰੀ ਦੁਨੰਤ ਨੂੰ 1859 ਵਿਚ ਆਸਟਰੀਆ ਅਤੇ ਫਰੈਂਕੋ ਸਾਰਡੀਅਨ ਗਠਜੋੜ ਦਰਮਿਆਨ ਇਟਲੀ ਦੇ ਸੋਲਫਰੀਨੋ ਸ਼ਹਿਰ ਵਿਚ ਹੋਈ ਲੜਾਈ ਸਮੇਂ ਜ਼ਖ਼ਮੀਆਂ ਦੀ ਦੁਰਦਸ਼ਾ ਵੇਖਕੇ ਹੋਇਆ ਸੀ। ਵਰਤਮਾਨ ਅੰਤਰਰਾਸ਼ਟਰੀ ਰੈਡ ਕਰਾਸ ਦੀ ਸਥਾਪਨਾ 1863 ਵਿਚ ਹੋਈ ਸੀ। ਸਿੱਖ ਧਰਮ ਦੇ ਅਨੁਆਈ ਹਰ ਕੁਦਰਤੀ ਆਫਤ ਦੌਰਾਨ ਸਮੁੱਚੇ ਸੰਸਾਰ ਵਿਚ ਸਿੱਖ ਜਗਤ ਵੱਲੋਂ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇ ਕੇ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਹੁੰਦੀ ਰਹੀ ਹੈ। ਭਾਈ ਰਵੀ ਸਿੰਘ ਵੱਲੋਂ ਸ਼ੁਰੂ ਕੀਤੀ ਗਈ ''ਖਾਲਸਾ ਏਡ ਸੰਸਥਾ'' ਸੰਸਾਰ ਵਿਚ ਹਰ ਕੁਦਰਤੀ ਆਫ਼ਤ ਦੇ ਮੌਕੇ ਤੇ ਪਹੁੰਚਕੇ ਲੋੜਮੰਦਾਂ ਦੀ ਮਦਦ ਕਰਦੀ ਹੈ। ਭੁੱਖਿਆਂ ਨੂੰ ਰੋਟੀ ਅਤੇ ਕਪੜਿਆਂ ਦਾ ਪ੍ਰਬੰਧ ਕਰਦੀ ਹੈ। ਖਾਲਸਾ ਏਡ ਨੇ ਸਿੱਖ ਧਰਮ ਦੀ ਪਛਾਣ ਤਾਂ ਬਣਾਈ ਹੀ ਹੈ ਪ੍ਰੰਤੂ ਸਾਰੇ ਸਿੱਖ ਜਗਤ ਨੂੰ ਵੀ ਕਿਰਤ ਕਰੋ ਤੇ ਵੰਡ ਛਕੋ ਤੇ ਪਹਿਰਾ ਦੇਣ ਲਈ ਪ੍ਰੇਰਨਾ ਦਿੱਤੀ ਹੈ। ਕਰੋਨਾ ਮਹਾਂਮਾਰੀ ਦੌਰਾਨ ਸੰਸਾਰ ਵਿਚ ਲਾਕਡਾਊਨ ਹੋਇਆ। ਲੋਕ ਘਰਾਂ ਵਿਚ ਬੈਠੇ ਹਨ ਪ੍ਰੰਤੂ ਸਿੱਖ ਧਰਮ ਦੇ ਅਨੁਆਈ ਸੰਸਾਰ ਦੇ 165 ਦੇਸਾਂ ਵਿਚ ਗੁਰਦੁਆਰਾ ਸਾਹਿਬਾਨ ਵਿਚ ਅਤੇ ਨਿੱਜੀ ਤੌਰ ਤੇ ਲੰਗਰ ਤਿਆਰ ਕਰਕੇ ਆਪਦੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ਲੋਕਾਂ ਨੂੰ ਘਰੋ ਘਰੀ ਪਹੁੰਚਾ ਰਹੇ ਹਨ। ਦੁਨੀਆਂ ਦਾ ਅਜਿਹਾ ਕੋਈ ਸ਼ਹਰਿ ਅਤੇ ਪਿੰਡ ਨਹੀਂ ਜਿਥੇ ਸਿੱਖ ਲੰਗਰ ਨਹੀਂ ਪਹੁੰਚਾ ਰਹੇ। ਸਮੁੱਚੇ ਸੰਸਾਰ ਵਿਚ ਇਸ ਕਰਕੇ ਸਿੱਖ ਧਰਮ ਅਤੇ ਸਿੱਖਾਂ ਦੀ ਪ੍ਰਸੰਸਾ ਹੋ ਰਹੀ ਹੈ।  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਕਿਹਾ ਹੈ ਕਿ ਹਰ ਸ਼ਹਿਰ ਵਿਚ ਗੁਰਦੁਆਰਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਇਨਸਾਨ ਭੁੱਖਾ ਨਾਂ ਰਹਿ ਸਕੇ। ਸੰਸਾਰ ਦੇ ਵੱਖ ਵੱਖ ਦੇਸਾਂ ਵਿਚ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਗਏ ਹੋਏ ਹਨ, ਉਹ ਘਰਾਂ ਵਿਚ ਹੀ ਬੰਦ ਹਨ। ਉਨ੍ਹਾਂ ਕੋਲ ਖ਼ਰਚੇ ਵੀ ਨਹੀਂ ਹਨ, ਸਿੱਖ ਗੁਰਦੁਆਰਿਆਂ ਵਿਚ ਲੰਗਰ ਤਿਆਰ ਕਰਕੇ ਅਤੇ ਕਈ ਸਿੱਖ ਨਿੱਜੀ ਤੌਰ ਤੇ ਉਨ੍ਹਾਂ ਨੂੰ ਘਰੋ ਘਰੀ ਹਰ ਰੋਜ ਖਾਣਾ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਹੋਰ ਜਿਹੜੇ ਉਥੋਂ ਦੇ ਵਸਨੀਕ ਵੀ ਲੋੜਮੰਦ ਹਨ, ਉਨ੍ਹਾਂ ਨੂੰ ਵੀ  ਖਾਣਾ ਦਿੱਤਾ ਜਾ ਰਿਹਾ ਹੈ। ਕੈਨੇਡਾ ਵਿਚ ਤਾਂ ਜਸਟਿਨ ਟਰੂਡੋ ਕਈ ਵਾਰ ਸਿੱਖ ਧਰਮ ਦੀ ਪ੍ਰਸੰਸਾ ਕਰ ਚੁੱਕਾ ਹੈ। ਅਮਰੀਕਾ ਵਿਚ ਲੰਗਰ ਤਕਸੀਮ ਕਰਨ ਕਰਕੇ ਕੈਲੇਫੋਰਨੀਆਂ ਵਿਚ ਰਿਵਰਸਾਈਡ ਗੁਰਦੁਆਰਾ ਸਾਹਿਬ ਨੂੰ ਉਥੋਂ ਦੀ ਪੁਲਿਸ ਨੇ ਸਲਾਮੀ ਦਿੱਤੀ ਹੈ, ਜਿਸਦੀ ਸੰਸਾਰ ਵਿਚ ਚਰਚਾ ਹੋ ਰਹੀ ਹੈ। ਮੈਸਾਚੂਸੈਸ ਸਟੇਟ ਦੇ ਹੈਲੀਓਕ ਸ਼ਹਿਰ ਵਿਚ ਵਿਸਾਖੀ ਵਾਲੇ ਦਿਨ ਅਮਰੀਕਾ ਦੇ ਝੰਡੇ ਨਾਲ ਸਿੱਖ ਪੰਥ ਦਾ ਖਾਲਸਾ ਨਿਸ਼ਨ ਵਾਲਾ ਕੇਸਰੀ ਝੰਡਾ ਝੁਲਾਇਆ ਗਿਆ, ਜਿਹੜਾ ਇਕ ਮਹੀਨਾ ਝੁਲਦਾ ਰਹੇਗਾ। ਵਾਸ਼ਿੰਗਟਨ ਸਟੇਟ ਵਿਚ ਮਿਡਲ ਸਕੂਲ ਦੀਆਂ ਪੁਸਤਕਾਂ ਵਿਚ ਸਿੱਖ ਧਰਮ ਦੀ ਜਾਣਕਾਰੀ ਪਾਉਣ ਲਈ ਕਾਨੂੰਨ ਪਾਸ ਕੀਤਾ ਗਿਆ ਹੈ। ਕੈਨੇਡਾ ਦੇ ਐਲਬਰਟਾ ਰਾਜ ਸਿੱਖ ਯੂਥ ਐਡਮਿੰਟਨ ਲਗਾਤਾਰ ਵੱਖ ਵੱਖ ਦਾਨੀਆਂ ਵੱਲੋਂ ਤਿਆਰ ਕੀਤਾ ਲੰਗਰ ਐਡਮਿੰਟਨ ਵਿਚ ਵੰਡ ਰਹੇ ਹਨ। ਇਹ ਜਾਣਕਾਰੀ ਗੁਲਜ਼ਾਰ ਸਿੰਘ ਨਿਰਮਾਣ ਨੇ ਫੇਸ ਬੁੱਕ ਤੇ ਦਿੰਦਿਆਂ ਦੱਸਿਆ ਕਿ ਗੁਰੂ ਘਰਾਂ ਵਿਚੋਂ ਲੰਗਰ ਤਿਆਰ ਕਰਕੇ ਵੀ ਲੋੜਮੰਦਾਂ ਨੂੰ ਵੰਡਿਆ ਜਾ ਰਿਹਾ ਹੈ। ਐਲਬਰਟਾ ਦੀ ਸਮਾਜ ਭਲਾਈ ਮੰਤਰੀ ਰਾਜਨ ਸਾਹਨੀ ਨੇ ਸਿੱਖ ਯੂਥ ਐਡਮਿੰਟਨ ਨੂੰ ਸਨਮਾਨਤ ਕੀਤਾ।
           ਭਾਰਤ ਵਿਚ ਵੀ ਸਿੱਖ ਲਗਪਗ ਹਰ ਸ਼ਹਿਰ ਵਿਚ ਲੰਗਰ ਲਗਾਕੇ ਖਾਣਾ ਦੇ ਰਹੇ ਹਨ। ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਤਾਂ ਹਰ ਰੋਜ ਇੱਕ-ਇੱਕ ਲੱਖ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੀ ਹਰ ਰੋਜ ਲੱਖਾਂ ਲੋਕਾਂ ਨੂੰ ਆਪਣੇ ਸਾਰੇ ਗੁਰਦੁਅਰਿਆਂ ਰਾਹੀਂ ਲੰਗਰ ਪਹੁੰਚਾ ਰਹੀ ਹੈ। ਦਿੱਲੀ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੀ ਹਰ ਰੋਜ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਖਾਣਾ ਖੁਆ ਰਹੀ ਹੈ। ਇਸ ਲਈ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਆਪਣੀਆਂ ਗੱਡੀਆਂ ਵਿਚ ਆ ਕੇ ਪਰਕਰਮਾ ਕੀਤੀ ਅਤੇ ਸਲਾਮੀ ਦਿੱਤੀ। ਇੰਜ ਉਨ੍ਹਾਂ ਅਮਰੀਕਾ ਤੋਂ ਸਲਾਮੀ ਦੇਣ ਤੋਂ ਬਾਅਦ ਕੀਤਾ ਹੈ।  ਇਹ ਉਹੀ ਦਿੱਲੀ ਪੁਲਿਸ ਹੈ ਜਿਸਨੇ 1984 ਵਿਚ ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਵਿਚ ਕੋਈ ਕਾਰਵਾਈ ਨਹੀਂ ਕੀਤੀ ਸੀ, ਸਗੋਂ ਬਾਅਦ ਵਿਚ ਵੀ ਕਿਸੇ ਕੇਸ ਦੀ ਪੈਰਵਾਈ ਨਹੀਂ ਕੀਤੀ। ਹਾਲਾਂ ਕਿ ਸਿੱਖਾਂ ਦਾ ਅਕਸ ਪਹਿਲਾਂ ਵੀ ਇਕ ਮਨੁਖੀ ਅਧਿਕਾਰਾਂ ਦੇ ਰਖਵਾਲੇ ਅਤੇ ਰੱਖਿਅਕ ਦੇ ਤੌਰ ਜਾਣਿਆਂ ਜਾਂਦਾ ਸੀ। ਯੂ ਐਨ ਓ ਨੇ ਵੀ ਵਿਸਾਖੀ ਤੇ ਪਹਿਲੀ ਵਾਰ ਖਾਲਸੇ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪਹਿਲੀ ਵਾਰ ਸਿੱਖਾਂ ਵੱਲੋਂ ਔਖੇ ਸਮੇਂ ਲਾਕ ਡਾਊਨ ਦਰਮਿਆਨ ਲੰਗਰ ਵਰਤਾਉਣ ਦੀ ਪ੍ਰਸੰਸਾ ਕੀਤੀ। ਨਾਗਪੁਰ ਦੇ ਇੱਕ ਹੋਟਲ ਦੇ ਮਾਲਕ ਜਸਬੀਰ ਸਿੰਘ ਨੇ ਕਰੋਨਾ ਦੇ ਇਲਾਜ ਵਿਚ ਜੁਟੇ ਹੋਏ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸੇਵਾ ਵਿਚ ਆਪਣਾ 150 ਕਮਰਿਆਂ ਵਾਲਾ ਏਅਰ ਕੰਡੀਸ਼ਨ ਹੋਟਲ ਮੁਫਤ ਬਹਿਣ ਲਈ ਦੇ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਖਾਣਾ ਵੀ ਦਿੱਤਾ ਜਾਵੇਗਾ ਅਤੇ ਹਸਪਤਾਲਾਂ ਵਿੱਚ ਛੱਡਣ ਅਤੇ ਲੈ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਸੇਵਾ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਸਗੋਂ ਮੀਡੀਆ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰ ਰਿਹਾ ਹੈ। ਸਿਆਸੀ ਲੋਕ ਅਜਿਹੇ ਦੁੱਖਦਾਈ ਸਮੇਂ ਵੀ ਸਿਆਸਤ ਕਰਨ ਲੱਗੇ ਹੋਏ ਹਨ। ਪਾਲ ਸਿੰਘ ਕੈਲੇਫੋਰਨੀਆਂ ਨੇ ਕਿਹਾ ਹੈ ਕਿ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਵਾਪਸ ਪੰਜਾਬ ਆਏ ਹਨ, ਉਨ੍ਹਾਂ ਦੇ ਏਕਾਂਤਵਾਸ ਅਤੇ ਇਲਾਜ ਦਾ ਸਾਰਾ ਖ਼ਰਚਾ ਉਹ ਕਰੇਗਾ, ਭਾਵੇਂ ਉਨ੍ਹਾਂ ਨੂੰ ਹੋਟਲਾਂ ਵਿਚ ਰੱਖਿਆ ਜਾਵੇ, ਉਨ੍ਹਾਂ ਦਾ ਕਿਰਾਇਆ ਵੀ ਉਹ ਦੇਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਪਰੰਪਰਾ ਤੇ ਪਹਿਰਾ ਦਿੰਦੇ ਹੋਏ ਸਿੱਖ ਦਸਵੰਦ ਕਢਕੇ ਸੇਵਾ ਕਰਨ ਨੂੰ ਬਰਕਰਾਰ ਰੱਖ ਰਹੇ ਹਨ। ਭਾਈ ਬਲਦੇਵ ਸਿੰਘ ਪਠਲਾਵਾਂ ਨੂੰ ਹੋਲਾ ਮਹੱਲਾ ਵਿਚ ਕਰੋਨਾ ਫੈਲਾਉਣ ਲਈ ਬਦਨਾਮ ਕੀਤਾ ਗਿਆ। ਨਿਜਾਮੂਦੀਨ ਵਿਖੇ ਤਬਲੀਗੀ ਜਮਾਤ ਵੱਲੋਂ ਕੀਤੇ ਗਏ ਧਾਰਮਿਕ ਸਮਾਗਮ ਨੂੰ ਵੀ ਧਰਮ ਨਾਲ ਜੋੜਕੇ ਬਦਨਾਮ ਕੀਤਾ ਜਾ ਰਿਹਾ ਹੈ।  ਕੁਝ ਮੀਡੀਆ ਗਰੁਪ ਅਤੇ ਸਰਕਾਰਾਂ ਘੱਟ ਗਿਣਤੀਆਂ ਨੂੰ ਬਦਨਾਮ ਕਰ ਰਹੇ ਹਨ। ਪੰਜਾਬ ਦੇ ਮਾੜੇ ਦਿਨਾ ਵਿਚ ਸਿੱਖਾਂ ਨੂੰ ਅਤਵਾਦੀ ਕਿਹਾ ਗਿਆ। ਜਿਨ੍ਹਾਂ ਸਿੱਖਾਂ ਦੀ ਪ੍ਰਸੰਸਾ ਵੀ ਕੀਤੀ ਹੈ ਉਹ ਵਕਤੀ ਹੀ ਹੈ। ਉਨ੍ਹਾਂ ਸਿੱਖਾਂ ਦੇ ਯੋਗਦਾਨ ਨੂੰ ਫਿਰ ਭੁੱਲ ਜਾਣਾ ਹੈ। ਭਾਵੇਂ ਕੋਈ ਕਿਤਨੀ ਵੀ ਨੁਕਤਾਚੀਨੀ ਕਰੀ ਜਾਵੇ ਪ੍ਰੰਤੂ ਸਿੱਖ  ਜਗਤ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੋਂ ਬੇਮੁੱਖ ਨਹੀਂ ਹੋਵੇਗਾ। ਭੁੱਖਿਆਂ ਅਤੇ ਲੋੜਮੰਦਾਂ ਦੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

( ਜਨਮ ਦਿਨ ਤੇ ਵਿਸ਼ੇਸ਼ ) ਪੰਜਾਬੀ ਸਭਿਅਚਾਰਕ ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ - ਉਜਾਗਰ ਸਿੰਘ

ਮਹਿਕ ਕੇਵਲ ਫੁੱਲਾਂ ਵਿਚੋਂ ਹੀ ਨਹੀਂ ਆਉਂਦੀ, ਸਗੋਂ ਮਹਿਕ ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵੀ ਹੁੰਦੀ ਹੈ। ਸਾਹਿਤਕਾਰ, ਸੰਗੀਤਕਾਰ, ਕਲਾਕਾਰ ਅਤੇ ਅਦਾਕਾਰ ਆਪੋ ਆਪਣੀ ਕਾਬਲੀਅਤ ਅਨੁਸਾਰ ਮਹਿਕਾਂ ਖਿਲਾਰਦੇ ਰਹਿੰਦੇ ਹਨ। ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੀਆਂ ਮਹਿਕਾਂ ਖਿਲਾਰਨ ਵਾਲਾ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਸੀ, ਜਿਸਦੀ ਛਾਂ ਹੇਠ ਅਨੇਕਾਂ ਕਲਾਕਾਰਾਂ ਨੇ ਆਨੰਦ ਮਾਣਿਆਂ। ਉਸਤੋਂ ਸਭਿਆਚਾਰ ਦੀ ਗੁੜ੍ਹਤੀ ਲੈ ਕੇ ਸਭਿਆਚਾਰਕ ਸੁਗੰਧ ਦਾ ਆਪੋ ਆਪਣੇ ਢੰਗਾਂ ਨਾਲ ਫੈਲਾਅ ਕੀਤਾ। ਜਗਦੇਵ ਸਿੰਘ ਜੱਸੋਵਾਲ ਨੂੰ ਸਾਡੇ ਕੋਲੋਂ ਵਿਛੜਿਆਂ ਲਗਪਗ 6 ਸਾਲ ਹੋ ਗਏ ਹਨ। ਪ੍ਰੰਤੂ ਉਸਦੀਆਂ ਸੁਗੰਧੀਆਂ ਅਜੇ ਤੱਕ ਵੀ ਪੰਜਾਬ ਦੀ ਫਿਜਾ ਵਿਚੋਂ ਆ ਰਹੀਆਂ ਹਨ। ਦਿਮਾਗ ਦੇ ਕਮਪਿਊਟਰ ਵਿਚ ਅਜੇ ਵੀ ਉਹ ਮੇਰੇ ਨਾਲ ਹੀ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ। ਜਦੋਂ ਵੀ ਕਦੇ ਲੁਧਿਆਣਾ ਜਾਣ ਦਾ ਮੌਕਾ ਮਿਲਦਾ ਹੈ ਜਾਂ ਲੁਧਿਆਣਾ ਵਿਚੋਂ ਲੰਘਣ ਲਗਦੇ ਹਾਂ ਤਾਂ ਮਨ ਦੇ ਚਿਤਰਪਟ ਤੇ ਜੱਸੋਵਾਲ ਦੀ ਤਸਵੀਰ ਆ ਕੇ ਬਹਿ ਜਾਂਦੀ ਹੈ। ਮਿੰਟਾਂ ਸਕਿੰਟਾਂ ਵਿਚ ਮਨ ਉਨ੍ਹਾਂ ਦੇ ਗੁਰਦੇਵ ਨਗਰ ਵਾਲੇ ਆਲ੍ਹਣੇ ਵਿਚ ਪਹੁੰਚ ਜਾਂਦਾ ਹੈ, ਜਿਥੇ ਉਹ ਮਹਿਫਲਾਂ ਲਗਾਉਂਦਾ ਰਹਿੰਦਾ ਸੀ। ਵਿਰਾਸਤ ਭਵਨ ਗੁਰਭਜਨ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪੰਜਾਬੀ ਸਭਿਆਚਾਰ ਦੀਆਂ ਮਹਿਕਾਂ ਖਿਲਾਰਦਾ ਹੋਇਆ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਤਰੋਤਾਜ਼ਾ ਰੱਖ ਰਿਹਾ ਹੈ। ਮੇਰਾ ਪਿੰਡ ਦੋਰਾਹਾ ਤੇ ਪਾਇਲ ਦੇ ਦਰਮਿਆਨ ਜਸਵਿੰਦਰ ਸਿੰਘ ਭੱਲੇ ਦੀ ਜਨਮ ਭੂਮੀ ਵਾਲਾ ਕੱਦੋਂ ਹੈ। ਮਹੀਨੇ ਵਿਚ ਇਕ ਵਾਰ ਜਦੋਂ ਕੱਦੋਂ ਜਾਈਦਾ ਹੈ ਤਾਂ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਮੁੜ ਤਾਜ਼ਾ ਹੋ ਜਾਂਦੀ ਹੈ ਕਿਉਂਕਿ ਜਦੋਂ ਵੀ ਉਸਨੇ ਮਿਲਣਾ ਤੇ ਕਹਿਣਾ ''ਕੱਦੋਂ ਤੋਂ ਲੁਧਿਆਣਾ ਗਿਣਤੀਆਂ ਮਿਣਤੀਆਂ ਵਿਚ ਤਾਂ ਵੱਖਰਾ ਹੈ ਪ੍ਰੰਤੂ ਦਿਲਾਂ ਦੀ ਸਾਂਝ ਲਜਜ਼ਦੀਕ ਰੱਖਦੀ ਹੈ। ਤੁਸੀਂ ਕੱਦੋਂ ਵਾਲੇ ਨਿਰਮੋਹੇ ਨਾ ਬਣੋ ਕਿਉਂਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਜਸਵਿੰਦਰ ਸਿੰਘ ਭੱਲੇ ਕਰਕੇ ਮੇਰਾ ਪਿੰਡ ਕੱਦੋਂ ਨਾਲ ਮੋਹ ਪਿਆ ਹੋਇਆ ਹੈ। ਭਾਵੇਂ ਪੜ੍ਹਾਈ ਕਰਕੇ ਜਸਵਿੰਦਰ ਭੱਲੇ ਦਾ ਪਿਤਾ ਦੋਰਾਹੇ ਆ ਕੇ ਵਸ ਗਿਆ ਸੀ। ਮੈਨੂੰ ਕੱਦੋਂ ਵਾਲਿਆਂ ਵਿਚੋਂ ਭੱਲੇ ਦੀ ਲਿਸ਼ਕੋਰ ਪੈਂਦੀ ਹੈ।'' ਜਗਦੇਵ ਸਿੰਘ ਜੱਸੋਵਾਲ ਜਿਸਨੂੰ ਵੀ ਮਿਲਿਆ ਉਸਨੇ ਉਸਨੂੰ ਆਪਣਾ ਬਣਾ ਲਿਆ। ਉਸਦੀ ਅਪਣਤ ਕਰਕੇ ਹੀ ਹਰ ਕੋਈ ਉਸਨੂੰ ਆਪਣਾ ਮੰਨਦਾ ਹੈ। ਉਹ ਫਕਰ ਵਿਅਕਤੀ ਸੀ। ਘਰ ਫੂਕ ਤਮਾਸ਼ਾ ਵੇਖਦਾ ਰਿਹਾ। ਕਿਸੇ ਵੀ ਸਭਿਆਚਾਰਕ ਸਮਾਗਮ ਵਿਚ ਜਾਣ ਦਾ ਮੌਕਾ ਮਿਲੇ ਤਾਂ ਉਥੇ ਵੀ ਉਸਦੇ ਠਹਾਕੇ ਪੈਂਦੇ ਮਹਿਸੂਸ ਹੁੰਦੇ ਹਨ। ਸ੍ਰ.ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੇ ਅਮਬੈਸਡਰ ਅਤੇ ਮਹਿਕਾਂ ਵਣਜਾਰੇ ਸਨ। ਉਹ ਕਲਾਕਾਰਾਂ ਦੇ ਮੁੱਦਈ ਅਤੇ ਪੰਜਾਬੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ, ਜਿਨ੍ਹਾ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਦੇ ਲੇਖੇ ਲਾ ਦਿੱਤੀ। ਉਭਰਦੇ ਕਲਾਕਾਰਾਂ ਨੂੰ ਉਨ੍ਹਾਂ ਵਲੋਂ ਦਿੱਤੀ ਰਹਿਨੁਮਾਈ, ਸਰਪ੍ਰਸਤੀ ਅਤੇ ਥਾਪੀ ਕਲਾਕਾਰਾਂ ਦੀ ਰੋਜ਼ੀ ਰੋਟੀ ਵਿਚ ਸਹਾਈ ਹੋਈ। ਉਹ ਕਲਾਕਾਰ ਅੱਜ ਵੀ ਜਗਦੇਵ ਸਿੰਘ ਜੱਸੋਵਾਲ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਅੱਜ ਦੇ ਕੁਝ ਚੋਟੀ ਦੇ ਕਲਾਕਾਰ ਭਾਵੇਂ ਮੰਨਣ ਚਾਹੇ ਨਾ ਪ੍ਰੰਤੂ ਉਨ੍ਹਾਂ ਨੂੰ ਸਿਖ਼ਰਾਂ ਤੇ ਪਹੁੰਚਣ ਦਾ ਮੌਕਾ ਦੇਣ ਵਿਚ ਜਗਦੇਵ ਸਿੰਘ ਜੱਸੋਵਾਲ ਦਾ ਮਹੱਤਵਪੂਰਨ ਯੋਗਦਾਨ ਹੈ। ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਵੀ ਅਨੋਖੀ ਗੱਲ ਹੈ ਤੇ ਫਿਰ ਸਿਆਸਤ ਨੂੰ ਛੱਡ ਕੇ ਨਿਰਾ ਸਭਿਆਚਾਰ ਨੂੰ ਸਮਰਪਤ ਹੋਣਾ ਵੀ ਵਿਲੱਖਣ ਗੁਣ ਹੀ ਹੈ। ਛੇਤੀ ਕੀਤਿਆਂ ਸਿਆਸਤ ਦਾ ਚਸਕਾ ਇਨਸਾਨ ਨੂੰ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੰਦਾ ਪ੍ਰੰਤੂ ਇਹ ਜੱਸੋਵਾਲ ਹੀ ਸੀ ਜਿਹੜਾ ਸਿਆਸਤ ਦੇ ਚੁੰਗਲ ਵਿਚੋਂ ਬਾਹਰ ਆ ਕੇ ਸਭਿਆਚਾਰ ਦੀਆਂ ਮਹਿਕਾਂ ਖਿਲਾਰਨ ਲੱਗ ਗਿਆ। ਉਨ੍ਹਾਂ ਦਾ ਗੁਰਦੇਵ ਨਗਰ ਵਾਲਾ ਘਰ ਕਲਾਕਾਰਾਂ ਲਈ ਮੱਕਾ ਸੀ। ਜੇਕਰ ਉਸਨੂੰ ਕਲਾਕਾਰਾਂ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। ਉਨ੍ਹਾਂ ਦੇ ਜਾਣ ਨਾਲ ਸਭਿਆਚਾਰਕ ਸੱਥਾਂ, ਅਖਾੜੇ, ਮੇਲੇ-ਮੁਸ਼ਾਇਰੇ, ਕਵੀਸ਼ਰੀਆਂ, ਨਕਲਾਂ, ਢਾਡੀ ਤੇ ਕਵੀ ਦਰਬਾਰ ਅਤੇ ਮਜ੍ਹਮੇ ਸੁੰਨੇ ਹੋ ਗਏ ਹਨ। ਜਗਦੇਵ ਸਿੰਘ ਜੱਸੋਵਾਲ ਦਾ ਜਨਮ 30 ਅਪ੍ਰੈਲ 1935 ਨੂੰ ਸ੍ਰ ਕਰਤਾਰ ਸਿੰਘ ਗਰੇਵਾਲ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਜੱਸੋਵਾਲ ਸੂਦਾਂ ਵਿਖੇ ਹੋਇਆ। ਆਪ ਦੇ ਪਿਤਾ ਸੁਤੰਤਰਤਾ ਸੰਗਰਾਮੀ ਸ੍ਰ ਕਰਤਾਰ ਸਿੰਘ 15 ਸਾਲ ਜਿਲ੍ਹਾ ਬੋਰਡ ਦੇ ਪ੍ਰਧਾਨ ਰਹੇ ਸਨ। ਆਪਨੇ ਬੀ.ਟੀ.ਦੀ ਟ੍ਰੇਨਿੰਗ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ, ਬੀ.ਏ.ਆਰੀਆ ਕਾਲਜ ਲੁਧਿਆਣਾ, ਐਮ.ਏ.ਦੀ ਡਿਗਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਆਪਨੇ ਲਾਅ ਦੀ ਡਿਗਰੀ ਅਲੀਗੜ੍ਹ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪ੍ਰਾਪਤ ਕੀਤੀ। ਆਪ ਦਾ ਵਿਆਹ ਵੀ ਛੋਟੀ ਉਮਰ ਵਿਚ ਹੀ ਹੋ ਗਿਆ ਸੀ ਪ੍ਰੰਤੂ ਮੁਕਲਾਵਾ ਨਹੀਂ ਲਿਆਂਦਾ ਸੀ। ਉਹਨਾ ਦਿਨਾ ਵਿਚ ਵਿਆਹ ਕਿਉਂਕਿ ਛੋਟੀ ਉਮਰ ਵਿਚ ਹੋ ਜਾਂਦੇ ਸਨ ਤੇ ਮੁਕਲਾਵੇ ਕਾਫੀ ਦੇਰ ਬਾਅਦ ਬੱਚਿਆਂ ਦੇ ਜਵਾਨ ਹੋ ਜਾਣ ਤੋਂ ਬਾਅਦ ਵਿਚ ਲਿਆਂਦੇ ਜਾਂਦੇ ਸਨ। ਆਪ ਦਾ ਵਿਆਹ ਬੀਬੀ ਸੁਰਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਦੋ ਲੜਕੇ ਸੁਖਜਿੰਦਰ ਸਿੰਘ ਗਰੇਵਾਲ ਅਤੇ ਜਸਵਿੰਦਰ ਸਿੰਘ ਗਰੇਵਾਲ ਹਨ। ਆਪ ਨੇ ਸ਼ੁਰੂ ਤੋਂ ਹੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ,ਅਰਥਾਤ ਸਿਆਸਤ ਦੀ ਗੁੜ੍ਹਤੀ ਆਪਨੂੰ ਆਪਣੇ ਘਰੋਂ ਪਿਤਾ ਤੋਂ ਹੀ ਮਿਲੀ ਸੀ। ਆਪ ਹਮੇਸ਼ਾ ਨਿਵੇਕਲੇ ਕੰਮ ਹੀ ਕਰਦੇ ਰਹੇ, ਜਦੋਂ ਆਪਦਾ ਮੁਕਲਾਵਾ ਲੈਣ ਦਾ ਦਿਨ ਨਿਸਚਤ ਹੋ ਗਿਆ ਤਾਂ ਆਪ ਪੰਜਾਬੀ ਸੂਬੇ ਦੇ ਮੋਰਚੇ ਵਿਚ ਚਲੇ ਗਏ। ਘਰ ਵਾਲੇ ਪ੍ਰੇਸ਼ਾਨ ਹੋਏ ਆਪਨੂੰ ਉਡੀਕਦੇ ਰਹੇ। ਅਸਲ ਵਿਚ ਆਪਦੀ ਸਿਆਸਤ ਵਿਚ ਇਹ ਪਹਿਲੀ ਸਰਗਰਮੀ ਸੀ, ਭਾਵੇਂ ਬਚਪਨ ਤੋਂ ਹੀ ਦਿਲਚਸਪੀ ਲੈਂਦੇ ਰਹੇ ਸਨ ਪ੍ਰੰਤੂ ਸਰਗਰਮ ਤੌਰ ਤੇ ਇਹ ਆਪਦਾ ਪਹਿਲਾ ਹੀ ਕਦਮ ਸੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਹਿੱਸਾ ਲੈਣ ਕਰਕੇ ਆਪਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਸੀ। ਆਪਦੀ ਸਿਆਸੀ ਰੁਚੀ ਨੂੰ ਵੇਖ ਕੇ ਆਪਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਤੇ 5 ਸਾਲ ਆਪ ਪਿੰਡ ਦੇ ਸਰਪੰਚ ਰਹੇ। ਆਪ ਮੁਖ ਤੌਰ ਤੇ ਅਕਾਲੀ ਸਿਆਸਤ ਵਿਚ ਸਰਗਰਮ ਹੋ ਗਏ। 1967 ਵਿਚ ਜਦੋਂ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁਖ ਮੰਤਰੀ ਬਣੇ ਤਾਂ ਉਹਨਾ ਆਪਨੂੰ ਆਪਣਾ ਰਾਜਸੀ ਸਲਾਹਕਾਰ ਬਣਾ ਲਿਆ। ਅਕਾਲੀਆਂ ਦੀ ਸਿਆਸਤ ਜਸਟਿਸ ਗੁਰਨਾਮ ਸਿੰਘ ਅਤੇ ਆਪ ਨੂੰ ਪੜ੍ਹਿਆ ਲਿਖੇ ਹੋਣ ਕਰਕੇ ਬਹੁਤੀ ਰਾਸ ਨਾ ਆਈ। ਜਸਟਿਸ ਗੁਰਨਾਮ ਸਿੰਘ ਵੀ ਅਕਾਲੀਆਂ ਵਿਚ ਬਹੁਤਾ ਸਮਾਂ ਕੱਟ ਨਾ ਸਕੇ। ਆਪ ਸ੍ਰ ਪਰਕਾਸ਼ ਸਿੰਘ ਬਾਦਲ ਦੇ ਵਿਰੁਧ ਵੀ ਚੋਣ ਲੜੇ ਸਨ। 1980 ਵਿਚ ਆਪ ਕਾਂਗਰਸ ਪਾਰਟੀ ਦੇ ਟਿਕਟ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਤੇ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਡੇਅਰੀ ਵਿਕਾਸ ਬੋਰਡ ਪੰਜਾਬ ਅਤੇ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ। ਜਦੋਂ ਸ੍ਰੀਮਤੀ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਦੇ ਖਿਲਾਫ ਕਾਂਗਰਸ ਨੇ ਮੋਰਚਾ ਲਗਾਇਆ ਤਾਂ ਵੀ ਆਪਨੂੰ ਤਿੰਨ ਮਹੀਨੇ ਜੇਲ੍ਹ ਵਿਚ ਗੁਜਾਰਨੇ ਪਏ। ਆਪ 1983 ਤੋਂ 86 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਵੀ ਰਹੇ। ਜਦੋਂ ਪੰਜਾਬ ਵਿਚ ਨਵੇਂ ਜਿਲ੍ਹੇ ਬਣਾਉਣ ਲਈ ਪੁਨਰਗਠਨ ਕਮੇਟੀ ਬਣਾਈ ਗਈ ਤਾਂ ਆਪਨੂੰ ਉਸਦਾ ਮੈਂਬਰ ਬਣਾਇਆ ਗਿਆ। ਸ੍ਰ ਜਗਦੇਵ ਸਿੰਘ ਜੱਸੋਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਦੇ ਵੀ 5 ਸਾਲ ਪ੍ਰਧਾਨ ਰਹੇ ਹਨ। ਆਪ ਯੂਥ ਡਿਵੈਲਪਮੈਂਟ ਬੋਰਡ ਦੇ ਵੀ ਸਲਾਹਕਾਰ ਸਨ। ਅਸਲ ਵਿੱਚ ਆਪਨੂੰ ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਕਿਹਾ ਜਾ ਸਕਦਾ ਹੈ। ਪੰਜਾਬੀ ਦੇ ਪ੍ਰਸਿਧ ਸ਼ਾਇਰ ਪ੍ਰੋ ਮੋਹਨ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਆਪਨੇ ਲੁਧਿਆਣਾ ਵਿਖੇ ਪ੍ਰੋ ਮੋਹਨ ਸਿੰਘ ਮੇਲਾ ਕਰਾਉਣ ਦਾ ਕੰਮ 1978 ਵਿਚ ਸ਼ੁਰੂ ਕੀਤਾ ਜੋ ਲਗ਼ਤਾਰ ਜਾਰੀ ਹੈ। ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵੀ ਆਪ 36 ਸਾਲ ਅੰਤਮ ਸਮੇਂ ਤੱਕ ਪ੍ਰਧਾਨ ਸਨ। ਉਨ੍ਹਾਂ ਪ੍ਰੋ.ਮੋਹਨ ਸਿੰਘ ਦਾ ਬੁਤ ਆਰਤੀ ਚੌਕ ਲੁਧਿਆਣਾ ਵਿਚ ਲਗਵਾਇਆ ਅਤੇ ਪਿੰਡ ਦਾਦ ਵਿਚ ਵਿਰਾਸਤ ਭਵਨ ਦੀ ਉਸਾਰੀ ਕਰਵਾਈ। ਇਸ ਤੋਂ ਇਲਾਵਾ ਆਪ ਬਹੁਤ ਸਾਰੀਆਂ ਸਾਹਿਤਕ ਤੇ ਸੰਗੀਤਕ ਸੰਸਥਾਵਾਂ ਦੇ ਪੈਟਰਨ, ਸਲਾਹਕਾਰ ਅਤੇ ਪ੍ਰਧਾਨ ਸਨ। ਆਪ ਪੰਜਾਬ ਆਰਟਸ ਕੌਂਸਲ ਦੇ ਮੈਂਬਰ ਅਤੇ ਪੰਜਾਬੀ ਕਲਾ ਮੰਚ ਦੇ ਵੀ ਪ੍ਰਧਾਨ ਰਹੇ ਹਨ। ਆਪ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਚਹੇਤੇ ਰਹੇ ਹਨ ਪ੍ਰੰਤੂ ਕਿਸੇ ਵੀ ਲੀਡਰ ਨੇ ਆਪਦੇ ਸਿਆਸੀ ਤੌਰ ਤੇ ਕੁਝ ਪੱਲੇ ਨਹੀਂ ਪਾਇਆ। ਆਪ ਮਾਸਟਰ ਤਾਰਾ ਸਿੰਘ, ਜਸਟਿਸ ਗੁਰਨਾਮ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਸ੍ਰ ਬੇਅੰਤ ਸਿੰਘ ਦੇ ਵੀ ਨਜਦੀਕੀ ਰਹੇ ਹਨ। ਮੋਹਨ ਸਿੰਘ ਮੇਲੇ ਦੇ ਰਾਹੀਂ ਆਪਨੇ ਬਹੁਤ ਸਾਰੇ ਉਭਰਦੇ ਕਲਾਕਾਰਾਂ ਨੂੰ ਪ੍ਰਾਜੈਕਟ ਕਰਕੇ ਪੂਰੀ ਸਰਪਰਸਤੀ ਦਿੱਤੀ । ਆਪਨੂੰ ਪੰਜਾਬੀ ਸਭਿਆਚਾਰ ਦਾ ਦੂਤ ਅਤੇ ਬਾਬਾ ਬੋਹੜ ਕਿਹਾ ਜਾਂਦਾ ਹੈ। ਸਿਆਸਤ ਸ੍ਰ.ਜੱਸੋਵਾਲ ਨੂੰ ਰਾਸ ਨਾ ਆਈ, ਇਸ ਕਰਕੇ ਹੀ ਆਪਨੇ ਪੰਜਾਬੀ ਸਭਿਆਚਾਰ ਦੀ ਰਾਖੀ ਕਰਨ ਦਾ ਮਨ ਬਣਾਇਆ ਸੀ। ਉਹ ਹਮੇਸ਼ਾ ਸੰਗੀਤ ਦਾ ਆਨੰਦ ਮਾਣਦੇ ਰਹਿੰਦੇ ਸਨ। ਸਿਆਸਤ ਵਿਚ ਹੁੰਦੇ ਹੋਏ ਵੀ ਆਪਣੀ ਕਾਰ ਵਿਚ ਉਹ ਸੰਗੀਤ ਦੀਆਂ ਧੁਨਾ ਦਾ ਆਨੰਦ ਮਾਣਦੇ ਰਹਿੰਦੇ ਸਨ। ਇੱਕ ਵਾਰ ਉਨ੍ਹਾਂ ਪੰਜਾਬ ਦੇ ਇਕ ਮੁੱਖ ਮੰਤਰੀ ਨੂੰ ਆਪਣੀ ਕਾਰ ਵਿਚ ਬਿਠਾ ਲਿਆ ਜਦੋਂ ਡਰਾਇਵਰ ਨੇ ਕਾਰ ਸਟਾਰਟ ਕੀਤੀ ਤਾਂ ਸੰਗੀਤ ਦੀਆਂ ਧੁਨਾਂ ਨੇ ਵੱਜਣਾ ਸ਼ੁਰੂ ਕਰ ਦਿੱਤਾ। ਜੱਸੋਵਾਲ ਨੇ ਡਰਾਇਵਰ ਨੂੰ ਕੈਸਟ ਤੁਰੰਤ ਬੰਦ ਕਰਨ ਲਈ ਕਿਹਾ ਉਨ੍ਹਾਂ ਨੂੰ ਡਰ ਸੀ ਕਿ ਮੁੱਖ ਮੰਤਰੀ ਨਾਰਾਜ ਹੋ ਜਾਣਗੇ ਪ੍ਰੰਤੂ ਮੁੱਖ ਮੰਤਰੀ ਨੇ ਉਨ੍ਹਾਂ ਦੇ ਸੰਗੀਤ ਪ੍ਰੇਮੀ ਹੋਣ ਦੀ ਤਾਰੀਫ ਕੀਤੀ।
   ਮੇਰੀ ਆਖ਼ਰੀ ਮੁਲਾਕਾਤ ਜਗਦੇਵ ਸਿੰਘ ਜੱਸੋਵਾਲ ਨਾਲ ਮਈ 2014 ਵਿਚ ਲੁਧਿਆਣਾ ਵਿਖੇ ਹੋਈ। ਮੈਂ ਲੋਕ ਸਭਾ ਦੀ ਚੋਣ ਵਿਚ ਉਥੇ ਗਿਆ ਹੋਇਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਦੇ ਗੁਆਂਢ ਵਿਚ ਹੀ ਮੁੱਖ ਚੋਣ ਦਫਤਰ ਵਿਚ ਬੈਠਦਾ ਹਾਂ ਤਾਂ ਉਹ ਮੈਨੂੰ ਆਪਣੇ ਘਰ ਰਹਿਣ ਲੈਣ ਆਏ ਸਨ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਮਰਹੂਮ ਦੋਸਤ ਦੇ ਘਰ ਰਹਿ ਰਿਹਾ ਹਾਂ ਤਾਂ ਉਨ੍ਹਾਂ ਕਿਹਾ ਫਿਰ ਤਾਂ ਇਕ ਕਿਸਮ ਨਾਲ ਮੇਰੇ ਘਰ ਹੀ ਰਹਿ ਰਹੇ ਹੋ। ਮੇਰੇ ਮਨ ਵਿਚ ਇਹ ਹੰਦੇਸ਼ਾ ਰਿਹਾ ਕਿ ਮੈਂ ਉਨ੍ਹਾਂ ਦੀ ਇਛਾ ਪੂਰੀ ਨਹੀਂ ਕਰ ਸਕਿਆ ਅਤੇ ਉਨ੍ਹਾਂ ਨਾਲ ਲੰਮਾ ਸਮਾਂ ਮਿਲ ਬੈਠਣ ਦਾ ਮੌਕਾ ਗੁਆਉਣ ਵਾਲਾ ਬਦਕਿਸਮਤ ਇਨਸਾਨ ਹਾਂ। ਇਸ ਵਾਰ ਮਈ 2019 ਦੀ ਲੋਕ ਸਭਾ ਚੋਣ ਸਮੇਂ ਉਨ੍ਹਾਂ ਦੀ ਵਿਰਾਸਤ ਅਮਰਿੰਦਰ ਸਿੰਘ ਜੱਸੋਵਾਲ ਦੇ ਕਹਿਣ ਉਪਰ ਉਨ੍ਹਾਂ ਦੇ ਆਲ੍ਹਣੇ ਵਿਚ ਮੀਡੀਆ ਦਾ ਦਫ਼ਤਰ ਬਣਾਕੇ ਆਪਣੀ ਗ਼ਲਤੀ ਸੁਧਾਰਨ ਦੀ ਕੋਸ਼ਿਸ ਕੀਤੀ, ਜਿਥੇ ਦਰਸ਼ਨ ਸਿੰਘ ਸ਼ੰਕਰ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਮੀਡੀਆ ਇਨਚਾਰਜ ਬੈਠਦੇ ਸਨ। 24 ਨਵੰਬਰ 2014 ਨੂੰ ਜਗਦੇਵ ਸਿੰਘ ਜੱਸੋਵਾਲ ਨੂੰ ਦਯਾ ਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਮੌਤ 22 ਦਸੰਬਰ ਨੂੰ ਸਵੇਰੇ 9.00 ਵਜੇ ਹੋ ਗਈ ਸੀ। ਉਹ ਭਾਵੇਂ ਜਿਸਮਾਨੀ ਤੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪ੍ਰੰਤੂ ਅਨੇਕਾਂ ਕਲਾ ਪ੍ਰੇਮੀਆਂ ਦੇ ਦਿਲਾਂ ਵਿਚ ਉਨ੍ਹਾਂ ਦਾ ਵਾਸਾ ਹੈ।
                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                     3078,ਅਰਬਨ ਅਸਟੇਟ,ਫੇਜ-2,ਪਟਿਆਲਾ
                        ujagarsingh48@yahoo.com
                         ਮੋਬਾਈਲ-94178 13072


ਕਰੋਨਾ ਨਾਲੋਂ ਮਨੋਬਲ ਦਾ ਕਮਜ਼ੋਰ ਹੋਣਾ ਵਧੇਰੇ ਖ਼ਤਰਨਾਕ-ਡਰਨ ਨਾਲੋਂ ਇਹਤਾਤ ਜ਼ਰੂਰੀ - ਉਜਾਗਰ ਸਿੰਘ

ਸੰਸਾਰ ਵਿਚ ਨੋਵਲ ਕਰੋਨਾ ਵਾਇਰਸ-19 ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਹਾਲਾਤ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਨ ਪ੍ਰੰਤੂ ਜ਼ਿੰਦਗੀ ਜਿਓਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਉਮੀਦ ਹੀ ਛੱਡ ਦਿੱਤੀ ਤੇ ਹਾਰ ਮਨ ਲਈ ਤਾਂ ਆਪ ਹੀ ਮੌਤ ਨੂੰ ਮਾਸੀ ਕਹਿ ਦਿੱਤਾ। ਜੇ ਚੰਗਾ ਸਮਾਂ ਸਥਾਈ ਨਹੀਂ ਹੁੰਦਾ ਤਾਂ ਮਾੜਾ ਵੀ ਹਮੇਸ਼ਾ ਨਹੀਂ ਰਹਿੰਦਾ। ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ। ਇਸ ਲਈ ਨਵੀਂ ਸਵੇਰ ਦੀ ਆਸ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਨਾ ਹੋਣ ਅਤੇ ਲਾਗ ਦੀ ਬਿਮਾਰੀ ਹੋਣ ਕਰਕੇ ਲੋਕਾਂ ਵਿਚ ਸਹਿਮ ਦੀ ਮਾਨਸਿਕ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਹੈ। ਲੋਕ ਅੰਤਾਂ ਦੇ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਐਨੀ ਘਾਤਕ ਪ੍ਰਚਾਰੀ ਜਾਣ ਵਾਲੀ ਇਹ ਪਹਿਲੀ ਬੀਮਾਰੀ ਸੁਣੀ ਹੈ।
       ਭਾਵੇਂ ਸੰਸਾਰ ਦੇ ਬਹੁਤੇ ਦੇਸਾਂ ਵਿਚ ਲਾਕ ਡਾਊਨ ਕੀਤਾ ਹੋਇਆ ਹੈ ਤਾਂ ਵੀ ਹਰ ਵਿਅਕਤੀ, ਭਾਵੇਂ ਉਹ ਘਰ ਬੈਠਾ ਹੈ ਜਾਂ ਮੀਡੀਆ ਦੇ ਕਿਸੇ ਵੀ ਸਾਧਨ ਅਖ਼ਬਾਰ, ਟੀ ਵੀ, ਸੋਸ਼ਲ ਮੀਡੀਆ ਦੀ ਵਰਤੋਂ ਕਰ ਕਰ ਰਿਹਾ ਹੈ ਤਾਂ ਹਰ ਥਾਂ ਤੇ ਸਿਰਫ ਕਰੋਨਾ ਦੀ ਹੀ ਗੱਲ ਹੋ ਰਹੀ ਹੈ। ਇਥੋਂ ਤੱਕ ਕਿ ਪਰਿਵਾਰ ਵਿਚ ਬੈਠਿਆਂ ਵੀ ਇਹੋ ਗੱਲਾਂ ਹੋ ਰਹੀਆਂ ਹਨ ਕਿ ਕਰੋਨਾ ਦਾ ਪ੍ਰਕੋਪ ਕਦੋਂ ਖ਼ਤਮ ਹੋਵੇਗਾ। ਟੀ ਵੀ ਜਾਂ ਰੇਡੀਓ ਲਗਾਓ ਤਾਂ ਕਰੋਨਾ ਦੀ ਹੀ ਪ੍ਰਮੁੱਖ ਖ਼ਬਰ ਹੋਵੇਗੀ। ਅਖ਼ਬਾਰਾਂ ਦੇ ਮੁੱਖ ਅਤੇ ਸੰਪਾਦਕੀ ਪੰਨੇ ਵੀ ਕਰੋਨਾ ਦੀਆਂ ਖ਼ਬਰਾਂ ਅਤੇ ਲੇਖਾਂ ਨਾਲ ਭਰੇ ਪਏ ਹਨ। ਟੈਲੀਫੋਨਾ ਤੇ ਇਕ ਦੂਜੇ ਤੋਂ ਕਰੋਨਾ ਬਾਰੇ ਹੀ ਜਾਣਕਾਰੀ ਲਈ ਜਾ ਰਹੀ ਹੈ। ਜਿਹੜੇ ਕਰੋਨਾ ਦਾ ਪ੍ਰਕੋਪ ਵੱਧਣ ਦੇ ਅੰਦਾਜ਼ੇ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਵੀ ਲੋਕਾਂ ਦੇ ਡਰ ਵਿਚ ਵਾਧਾ ਕੀਤਾ ਹੈ। ਜਿਸ ਤੋਂ ਸਾਫ ਜ਼ਾਹਰ ਹੈ ਕਿ ਲੋਕਾਂ ਵਿਚ ਡਰ ਤੇ ਸਹਿਮ ਦਾ ਪੈਦਾ ਹੋਣਾ ਕੁਦਰਤੀ ਹੈ। ਕਿਉਂਕਿ ਜੇਕਰ ਇਨਸਾਨ ਹਰ ਵਕਤ ਕਰੋਨਾ ਦੀ ਹੀ ਗੱਲ ਕਰੇਗਾ, ਉਸਦੇ ਬਾਰੇ ਸੋਚੇਗਾ ਤਾਂ ਉਸਦੇ ਦਿਮਾਗ ਵਿਚ ਇਸਦੇ ਖ਼ਤਰਨਾਕ ਹੋਣ ਦਾ ਪ੍ਰਭਾਵ ਪਏਗਾ, ਜਿਸ ਕਰਕੇ ਇਨਸਾਨ ਦੀ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਜਾਵੇਗੀ ਤੇ ਮਨੋਬਲ ਡਿਗ ਜਾਵੇਗਾ। ਮਨੋਬਲ ਹੀ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਅਤੇ ਦੁੱਖਦਾਈ ਬਣਾਉਂਦਾ ਹੈ। ਪੰਜਾਬੀ ਤਾਂ ਸੰਸਾਰ ਵਿਚ ਦਲੇਰ ਤੇ ਹੌਸਲੇ ਵਾਲੇ ਗਿਣੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਤਾਂ ਬਹਾਦਰ ਬਣਕੇ ਆਈ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ। ਸੰਸਾਰ ਵਿਚ ਜਿਤਨੀਆਂ ਵੀ ਜ਼ੰਗਾਂ ਹੋਈਆਂ ਹਨ, ਇਤਿਹਾਸ ਗਵਾਹ ਹੈ ਕਿ ਉਨ੍ਹਾਂ ਵਿਚ ਆਧੁਨਿਕ ਹਥਿਆਰਾਂ ਦੀ ਮਹੱਤਤਾ ਤਾਂ ਹੁੰਦੀ ਹੀ ਹੈ ਪ੍ਰੰਤੂ ਜਿਸ ਦੇਸ ਦੀਆਂ ਫੌਜਾਂ ਦਾ ਮਨੋਬਲ ਉਚਾ ਹੁੰਦਾ ਹੈ, ਉਨ੍ਹਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਇਹ ਵੀ ਇਕ ਕਿਸਮ ਦੀ ਜ਼ੰਗ ਹੀ ਹੈ। ਇਸ ਲਈ ਇਨਸਾਨ ਦਾ ਮਨੋਬਲ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਕਰੋਨਾ ਦੇ ਡਰ ਦੇ ਹਊਏ ਕਾਰਨ ਮਰੀਜ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਇਸ ਬਿਮਾਰੀ ਤੋਂ ਬਚਣਾ ਮੁਸ਼ਕਲ ਹੈ। ਇੰਜ ਕਿਉਂ ਹੋਇਆ, ਇਸ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ।
         ਹਰ ਰੋਜ ਫੇਸ ਬੁੱਕ, ਵਟਸ ਅਪ, ਇੰਸਟਾਗਰਾਮ ਅਤੇ ਟਵੀਟ ਰਾਹੀਂ ਕੱਚਘਰੜ ਸੰਦੇਸਾਂ ਦਾ ਹੜ੍ਹ ਆਇਆ ਰਿਹਾ ਹੈ। ਹਰ ਵਿਅਕਤੀ ਵਿਹਲਾ ਬੈਠਾ ਆਪਣੇ ਆਪ ਨੂੰ ਨਾਢੂੰ ਖਾਂ ਸਮਝਦਾ ਹੋਇਆ, ਅਜਿਹੇ ਗੈਰ-ਜ਼ਿੰਮੇਵਾਰਾਨਾ ਮੈਸੇਜ ਕਰੀ ਜਾ ਰਿਹਾ ਹੈ, ਜਿਨ੍ਹਾਂ ਦਾ ਲੋਕਾਂ ਦੀ ਮਾਨਸਿਕਤਾ ਉਪਰ ਬੁਰਾ ਪ੍ਰਭਾਵ ਪੈ ਰਿਹਾ ਹੈ। ਕਈ ਵਿਅਕਤੀ ਆਪਣੇ ਆਪ ਨੂੰ ਡਾਕਟਰ ਲਿਖਕੇ ਸੰਦੇਸ ਭੇਜੀ ਜਾ ਰਹੇ ਹਨ। ਕੋਈ ਚੀਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦਾ ਡਾਕਟਰ ਕਹਿੰਦਾ ਹੈ। ਕਿਸੇ ਨੂੰ ਕੀ ਪਤਾ ਕਿ ਉਹ ਫਰਜ਼ੀ ਜਾਂ ਅਸਲੀ ਡਾਕਟਰ ਹਨ ਵੀ ਜਾਂ ਨਹੀਂ। ਕੋਈ ਦੇਸੀ ਨੁਕਤੇ ਦੱਸੀ ਜਾ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਕਰਨ ਵਿਚ ਮੁਸ਼ਕਲ ਆ ਰਹੀ ਹੈ। ਕਈ ਲੋਕ ਆਪਣੇ ਆਪਨੂੰ ਚੀਨ ਦੇ ਵੁਹਾਨ ਸ਼ਹਿਰ, ਇਟਲੀ, ਅਮਰੀਕਾ ਦੇ ਨਿਊਯਾਰਕ ਸ਼ਹਿਰ ਆਦਿ ਤੋਂ ਕਰੋਨਾ ਦੀ ਬਿਮਾਰੀ ਤੋਂ ਤੰਦਰੁਸਤ ਹੋਏ ਦੱਸਕੇ ਆਪਣੇ ਵੱਲੋਂ ਵਰਤੇ ਨੁਸਖੇ ਦਸਦੇ ਹਨ। ਲੋਕ ਭੰਬਲਭੂਸੇ ਵਿਚ ਪਏ ਹੋਏ ਹਨ। ਕਿਹੜੇ ਸੰਦੇਸ਼ ਨੂੰ ਸਹੀ ਸਮਝਿਆ ਜਾਵੇ। ਇਨ੍ਹਾਂ ਸੰਦੇਸ਼ਾਂ ਦੀ ਸਚਾਈ ਅਤੇ ਸਾਰਥਿਕਤਾ ਬਾਰੇ ਕੋਈ ਵੀ ਜਾਨਣਾ ਨਹੀਂ ਚਾਹੁੰਦਾ ਸਗੋਂ ਫਟਾਫਟ ਬਿਨਾ ਦੇਰੀ ਕੀਤਿਆਂ ਜਿਵੇਂ ਕੋਈ ਸੁੰਢ ਦੀ ਗੱਠੀ ਲੱਭ ਗਈ ਹੋਵੇ ਤੁਰੰਤ ਲੋਕ ਅਜਿਹੇ ਕੱਚੇ ਪਿਲੇ ਮਨਘੜਤ ਸੰਦੇਸਾਂ ਨੂੰ ਫਾਰਵਰਡ ਕਰੀ ਜਾ ਰਹੇ ਹਨ। ਲੋਕ ਆਪਣੇ ਸੰਬੰਧੀਆਂ ਅਤੇ ਨਜ਼ਦੀਕੀ ਦੋਸਤਾਂ ਮਿਤਰਾਂ ਨੂੰ ਵੀ ਅਜਿਹੇ ਸੰਦੇਸ ਭੇਜੀ ਜਾ ਰਹੇ ਹਨ। ਉਹ ਤਾਂ ਹਮਦਰਦੀ ਕਰਕੇ ਭੇਜਦੇ ਹਨ ਪ੍ਰੰਤੂ ਅਸਰ ਉਲਟਾ ਹੋ ਰਿਹਾ ਹੈ। ਉਹ ਅੱਗੇ ਇਕ ਵਟਸ ਅਪ ਗਰੁਪ ਤੋਂ ਦੂਜੇ ਅਤੇ ਤੀਜੇ ਅਗੇ ਧੱਕੀ ਜਾ ਰਹੇ ਹਨ। ਜਿਹੜੇ ਲੋਕ ਪੜ੍ਹਦੇ ਹਨ, ਉਨ੍ਹਾਂ ਲਈ ਕਿਹੜਾ ਠੀਕ ਤੇ ਕਿਹੜਾ ਗਲਤ ਜਾਂ ਝੂਠਾ ਹੈ, ਬਾਰੇ ਪੜਤਾਲ ਕਰਨ ਦਾ ਸਮਾ ਹੀ ਨਹੀਂ। ਅਜਿਹੇ ਸੰਦੇਸ਼ਾਂ ਦੇ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ।
      ਕਰੋਨਾ ਹਊਆ ਬਣ ਗਿਆ ਹੈ। ਹੁਣ ਸਰਕਾਰਾਂ ਨੇ ਝੂਠੇ ਤੇ ਬਿਨਾ ਤਸਦੀਕ ਤੇ ਸੰਦੇਸ਼ ਭੇਜਣ ਵਾਲਿਆਂ ਵਿਰੁਧ ਕੇਸ ਰਜਿਸਟਰ ਕਰਨੇ ਸ਼ੁਰੂ ਕੀਤੇ ਹਨ। ਇਹ ਫੈਸਲਾ ਦੇਰੀ ਨਾਲ ਕੀਤਾ ਗਿਆ ਹੈ ਪ੍ਰੰਤੂ ਦਰੁਸਤ ਹੈ। ਏਥੇ ਹੀ ਬਸ ਨਹੀਂ ਲੋਕਾਂ ਨੇ ਕਿਰਾਏ ਤੇ ਰਹਿ ਰਹੇ ਸਿਹਤ ਵਿਭਾਗ ਦੇ ਅਮਲੇ ਨੂੰ ਆਪਣੇ ਘਰਾਂ ਵਿਚੋਂ ਬਾਹਰ ਕਿਤੇ ਹੋਰ ਮਕਾਨ ਲੈਣ ਦੇ ਫਤਬੇ ਸੁਣਾ ਦਿੱਤੇ ਹਨ, ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ 24-24 ਘੰਟੇ ਡਿਊਟੀ ਦੇ ਕੇ ਕਰੋਨਾ ਤੋਂ ਪ੍ਰਭਾਵਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ। ਹੁਣ ਤਾਂ ਲੋਕਾਂ ਦੇ ਮਨਾਂ ਵਿਚ ਅਜਿਹਾ ਡਰ ਪੈਦਾ ਹੋ ਗਿਆ ਹੈ, ਜਿਸਦਾ ਨਿਕਲਣਾ ਮੁਸ਼ਕਲ ਹੈ। ਏਥੇ ਹੀ ਬਸ ਨਹੀਂ ਲੋਕਾਂ ਵਿਚ ਡਰ ਇਤਨਾ ਪੈਦਾ ਹੋ ਗਿਆ ਹੈ ਕਿ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਸ਼ਮਸਾਨ ਘਾਟ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ। ਇਸਤੋਂ ਇਲਾਵਾ ਇਸ ਡਰ ਕਰਕੇ ਲੁਧਿਆਣਾ ਦੀ ਸੁਰਿੰਦਰ ਕੌਰ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਕਰਕੇ ਉਸਦੇ ਪਰਿਵਾਰ ਨੇ ਉਸਦਾ ਸਸਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਏਸੇ ਤਰ੍ਹਾਂ ਅੰਮ੍ਰਿਤਸਰ ਦੇ ਇੰਜਨੀਅਰ ਜਸਵਿੰਦਰ ਸਿੰਘ ਦਾ ਵੀ ਉਸਦੀ ਲੜਕੀ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਡਰ ਦੇ ਹਊਏ ਕਰਕੇ ਲੋਕ ਹਰ ਰੋਜ ਮਰ ਰਹੇ ਹਨ। ਮੌਤ ਤਾਂ ਇਕ ਵਾਰ ਆਉਣੀ ਹੈ ਪ੍ਰੰਤੂ ਲੋਕ ਡਰ ਨਾਲ ਹਰ ਰੋਜ ਮਰ ਰਹੇ ਹਨ। ਇਸ ਲਈ ਲੋਕਾਂ ਨੂੰ ਡਾਕਟਰਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਹਦਾਇਤਾਂ ਅਨੁਸਾਰ ਇਹ ਬਿਮਾਰੀ ਏਕਾਂਤਵਾਸ ਰਹਿਣ ਅਤੇ ਦੇਸੀ ਨੁਸਖੇ ਜਿਵੇਂ ਕਿ ਗਰਾਰੇ ਕਰਨ, ਗਰਮ ਪਾਣੀ ਪੀਣ ਅਤੇ ਭਾਫ ਲੈਣ ਆਦਿ ਨਾਲ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਵੈਸੇ ਵੀ ਸਾਡੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੇ ਕਿਟਾਣੂ ਪਹਿਲਾਂ ਹੀ ਮੌਜੂਦ ਹੁੰਦੇ ਹਨ। ਇਸ ਲਈ ਇਨਸਾਨ ਨੂੰ ਆਪਣੀ ਇੱਛਾ ਸ਼ਕਤੀ ਮਜ਼ਬੂਤ ਰੱਖਣੀ ਚਾਹੀਦੀ ਹੈ। ਜੇਕਰ ਮਰੀਜ ਪਹਿਲਾਂ ਹੀ ਢੇਰੀ ਢਾਅ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ਤੰਦਰੁਸਤ ਹੋਣ ਵਿਚ ਦੇਰੀ ਹੋਵੇਗੀ। ਇਸ ਬਿਮਾਰੀ ਵਿਚ ਸਾਰੇ ਮਰੀਜਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਦੀ ਲੋੜ ਨਹੀਂ ਹੁੰਦੀ।
        ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ 93 ਫੀ ਸਦੀ ਮਰੀਜ ਹਸਪਤਾਲ ਵਿਚ ਦਾਖ਼ਲ ਨਹੀਂ ਕੀਤੇ ਗਏ। ਸਿਰਫ 7 ਫੀ ਸਦੀ ਅਜਿਹੇ ਮਰੀਜ ਦਾਖ਼ਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਹ ਦੀ ਜ਼ਿਆਦਾ ਤਕਲੀਫ ਹੋਵੇ ਜਾਂ ਉਸ ਮਰੀਜ ਨੂੰ ਕੋਈ ਹੋਰ ਬਿਮਾਰੀ ਪਹਿਲਾਂ ਹੀ ਹੋਵੇ। ਹੁਣ ਤਾਂ ਤਾਜ਼ਾ ਸੂਚਨਾ ਆਈ ਹੈ ਕਿ ਕਰੋਨਾ ਨਾਲ ਮੌਤ ਦਰ ਸਿਰਫ ਇਕ ਹਜ਼ਾਰ ਵਿਚੋਂ ਇਕ ਵਿਅਕਤੀ ਦੀ ਹੁੰਦੀ ਹੈ। ਝੂਠੀਆਂ ਖ਼ਬਰਾਂ ਦਾ ਬੋਲਬਾਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੋਨਾ ਨਾਲ ਮੌਤਾਂ ਵਧੇਰੇ ਹੋਈਆਂ ਹਨ ਪ੍ਰੰਤੂ ਸਰਕਾਰਾਂ ਲੁਕਾ ਰਹੀਆਂ ਹਨ। ਇਹ ਬਿਲਕੁਲ ਗ਼ਲਤ ਹੈ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਹੈ। ਕੋਈ ਵੀ ਮੌਤ ਲਕੋਈ ਨਹੀਂ ਜਾ ਸਕਦੀ। ਜੇਕਰ ਮੀਡੀਆ ਨਹੀਂ ਦੇਵੇਗਾ ਤਾਂ ਸ਼ੋਸਲ ਮੀਡੀਏ ਤੇ ਆ ਜਾਵੇਗੀ। ਇਸ ਲਈ ਲੋਕਾਂ ਨੂੰ ਬਿਨਾ ਵਜਾਹ ਡਰਨਾ ਅਤੇ ਝੂਠੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਮੌਤ ਦਾ ਦੂਜਾ ਨਾਮ ਡਰ ਹੈ। ਅਮਰੀਕਾ ਦੇ ਫਲੋਰੀਡਾ ਅਤੇ ਡੈਟਰਾਇਟ ਦੇ ਹਸਪਤਾਲਾਂ ਵਿਚ ਡਾਕਟਰਾਂ ਕੋਲ ਹਸਪਤਾਲਾਂ ਵਿਚ ਅਜਿਹੇ ਮਰੀਜ ਆਏ ਹਨ, ਜਿਨ੍ਹਾਂ ਦੀ ਕਰੋਨਾ ਦੀ ਬਿਮਾਰੀ ਦੇ ਡਰ ਕਰਕੇ ਯਾਦ ਸ਼ਕਤੀ ਅਤੇ ਰੋਗ ਨੂੰ ਬਰਦਾਸ਼ਤ ਕਰਨ ਦੀ ਤਾਕਤ ਘਟ ਗਈ, ਜਿਸ ਕਰਕੇ ਮਰੀਜਾਂ ਦੀ ਤੰਦਰੁਸਤੀ ਵਿਚ ਦੇਰੀ ਹੋਈ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿਚ ਇੰਸੇਫੈਲੋਪੈਥੀ ਕਿਹਾ ਜਾਂਦਾ ਹੈ। ਇਹ ਬਿਮਾਰੀ ਡਰ ਅਤੇ ਵਹਿਮ ਕਰਕੇ ਪੈਦਾ ਹੋ ਜਾਂਦੀ ਹੈ। ਨਿਊਯਾਰਕ ਦੇ ਕੋਲਲੰਬੀਆ ਯੂਨੀਵਰਸਿਟੀ ਵਿਚ ਨੌਕਰੀ ਕਰਦੇ ਡਾਕਟਰ ਪਤੀ ਪਤਨੀ ਪ੍ਰਕਾਸ਼ ਸਾਤਵਾਨੀ ਅਤੇ ਸੁਨੀਤਾ ਸਾਤਵਾਨੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਕਰੋਨਾ ਹੋ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਲੂਣ ਦੇ ਗਰਾਰੇ ਕੀਤੇ, ਦਸ-ਦਸ ਮਿੰਟ ਬਾਅਦ ਗਰਮ ਪਾਣੀ ਅਦਰਕ ਮਿਲਾਕੇ ਪੀਤਾ ਅਤੇ ਭਾਫ ਲੈਂਦੇ ਰਹੇ ਸੀ, ਜਿਸ ਨਾਲ ਬਿਲਕੁਲ ਠੀਕ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ 95 ਫੀ ਸਦੀ ਮਰੀਜ ਠੀਕ ਹੋ ਜਾਂਦੇ ਹਨ। ਮੌਤ ਸਿਰਫ ਉਨ੍ਹਾਂ ਮਰੀਜਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੁੰਦੀਆਂ ਹਨ।
      ਅੱਜ ਦਿਨ ਕਰੋਨਾ ਵਾਇਰਸ ਦਾ ਇਤਨਾ ਰਾਮ ਰੌਲਾ ਹੈ ਕਿ ਡਰ ਅਤੇ ਸਹਿਮ ਪੈਦਾ ਹੋਣਾ ਕੁਦਰਤੀ ਹੈ। ਜਿਸ ਕਰਕੇ ਕੁਝ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ। ਬਿਹਤਰ ਤਾਂ ਇਹ ਹੋਵੇਗਾ ਕਿ ਜੇ ਹੋ ਸਕੇ ਤਾਂ ਸ਼ੋਸਲ ਮੀਡੀਆ ਦੀ ਵਰਤੋਂ ਤੋਂ ਥੋੜ੍ਹੇ ਸਮੇਂ ਲਈ ਪ੍ਰਹੇਜ ਹੀ ਕੀਤਾ ਜਾਵੇ। ਸੰਸਾਰ ਵਿਚ ਪਹਿਲਾਂ ਵੀ ਪਲੇਗ ਵਰਗੀਆਂ ਬਿਮਾਰੀਆਂ ਆਈਆਂ ਹਨ। ਉਹ ਵੀ ਖ਼ਤਮ ਹੋਈਆਂ ਹਨ। ਇਸ ਲਈ ਇਹ ਬਿਮਾਰੀ ਵੀ ਖ਼ਤਮ ਹੋਵੇਗੀ ਡਰਨ ਦੀ ਲੋੜ ਨਹੀਂ ਸਗੋਂ ਇਸ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਬਣਾਉਣੀ ਚਾਹੀਦੀ ਹੈ। ਆਪਣੇ ਮਨ ਨੂੰ ਉਸਾਰੂ ਸੋਚ ਨਾਲ ਜੋੜਕੇ ਰੱਖਣਾ ਚਾਹੀਦਾ ਹੈ।

ਮੋਬਾਈਲ - 94178 13072
Email : ujagarsingh48@yahoo.com

ਦਿਹਾੜੀਦਾਰਾਂ ਅਤੇ ਗ਼ਰੀਬ ਮਜ਼ਦੂਰਾਂ ਦੀ  ਬਾਂਹ ਫੜੋਗੇ ਜਾਂ ਗੱਲਾਂ ਬਾਤਾਂ ਨਾਲ ਕੜਾਹ ਬਣਾਉਗੇ - ਉਜਾਗਰ ਸਿੰਘ

ਇੱਕ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ। ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ । ਘਸੁੰਨ ਤਾਂ ਸਭ ਤੋਂ ਨੇੜੇ ਹੁੰਦਾ ਹੈ। ਇਹ ਪੰਜਾਬ ਪੁਲਿਸ ਦਾ ਘਸੁੰਨ ਤਾਂ ਜਦੋਂ ਕੋਈ ਪੇਟ ਦੀ ਭੁੱਖ ਮਿਟਾਉਣ ਲਈ ਘਰੋਂ ਬਾਹਰ ਨਿਕਲਦਾ ਹੈ,  ਉਸ ਲਈ ਪ੍ਰੋਸਿਆ ਜਾਂਦਾ ਹੈ। ਖਾਸ ਤੌਰ ਤੇ ਦਿਹਾੜੀਦਾਰਾਂ ਨੂੰ ਇਹ ਘਸੁੰਨ ਰੱਬ ਤੋਂ ਪਹਿਲਾਂ ਮਿਲਦਾ ਹੈ। ਕਿਉਂਕਿ ਕਰੋਨਾ ਵਾਇਰਸ ਦੇ ਚਲਦਿਆਂ ਕਰਫਿਊ ਸਮੇਂ ਜਦੋਂ ਕੋਈ ਬਾਹਰ ਨਿਕਲਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਦਾ ਘਸੁੰਨ ਪੈਂਦਾ ਹੈ। ਅੱਜ ਦਿਨ ਸਮਾਜ ਤੇ ਸਰਕਾਰਾਂ ਵੱਲੋਂ ਉਨ੍ਹਾਂ ਦਿਹਾੜੀਦਾਰਾਂ ਅਤੇ ਮਜ਼ਦਰੂਾਂ, ਜਿਨ੍ਹਾਂ ਨੇ ਕੜਕਦੀ ਧੁੱਪ ਅਤੇ ਦਿਲ ਕੰਬਾਊ ਠੰਡ ਦੇ ਵਿਚ ਸਖਤ ਮਿਹਨਤ ਕਰਕੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਜਿਹੜੇ ਘਰਾਂ ਵਿਚ ਅਸੀਂ ਰਹਿ ਰਹੇ ਹਾਂ ਅਤੇ ਜਿਨ੍ਹਾਂ ਵਿਓਪਾਰਕ ਇਮਾਰਤਾਂ ਵਿਚ ਅਰਬਾਂ ਖਰਬਾਂ ਦੇ ਵਿਓਪਾਰ ਹੋ ਰਹੇ ਹਨ, ਉਨ੍ਹਾਂ ਨੂੰ ਉਸਾਰਨ ਵਿਚ ਇਨ੍ਹਾਂ ਦਾ ਯੋਗਦਾਨ ਅਣਡਿਠ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੇ ਹੀ ਸਮਾਜ ਲਈ ਆਨੰਦਮਈ ਜੀਵਨ ਬਸਰ ਕਰਨ ਲਈ ਹਾਲਤ ਪੈਦਾ ਕੀਤੇ ਹਨ। ਇਹ ਕੁਦਰਤੀ ਆਫਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਇਨ੍ਹਾਂ ਗ਼ਰੀਬ ਲੋਕਾਂ ਦੀਆਂ ਅਸੀਸਾਂ ਤਾਂ ਹੀ ਮਿਲਣਗੀਆਂ, ਜੇਕਰ ਉਨ੍ਹਾਂ ਦੇ ਯੋਗਦਾਨ ਦਾ ਇਨਸਾਨ ਯੋਗ ਮੁੱਲ ਪਾ ਕੇ ਪੇਟ ਦੀ ਭੁੱਖ ਦੀ ਅੱਗ ਬੁਝਾਉਣ ਲਈ ਖਾਣ ਨੂੰ ਰੋਟੀ ਮੁਹੱਈਆ ਕਰੇਗਾ। ਜੇਕਰ ਉਹ ਢਿਡੋਂ ਭੁੱਖੇ ਰਹਿਣਗੇ ਤਾਂ ਉਨ੍ਹਾਂ ਵੱਲੋਂ ਉਸਾਰੇ ਗਏ ਮਹਿਲਾਂ ਵਿਚ ਰਹਿਣ ਵਾਲੇ ਆਪਣੇ ਆਪ ਨੂੰ ਵੱਡੇ ਕਹਾਉਣ ਦੇ ਹੱਕਦਾਰ ਨਹੀਂ,  ਸਗੋਂ ਉਹ ਬੌਣੇ ਹੋ ਜਾਣਗੇ। ਕਰੋਨਾ ਵਾਇਰਸ ਨੇ ਸੰਸਾਰ ਵਿਚ ਕੋਹਰਾਮ ਮਚਾ ਰੱਖਿਆ ਹੈ, ਜਿਸ ਨਾਲ ਇਨਸਾਨੀ ਜ਼ਿੰਦਗੀ ਵਿਚ ਖੜੋਤ ਆ ਗਈ ਹੈ। ਲਾਕ ਡਾਊਨ ਨੇ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਹਨ। ਗ਼ਰੀਬ ਦਿਹਾੜੀਦਾਰ ਅਤੇ ਮਜ਼ਦੂਰ ਜਿਹੜੇ ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ, ਉਨ੍ਹਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਪੰਜਾਬ ਵਿਚ ਲਗਪਗ 8 ਲੱਖ ਖੇਤ ਮਜ਼ਦੂਰ ਪਰਿਵਾਰ ਹਨ, ਅੰਦਾਜ਼ਨ ਇਤਨੇ ਹੀ ਦਿਹਾੜੀਦਾਰ ਪਰਿਵਾਰ ਹਨ। ਜਿਹੜੇ ਲੋਕ ਹਰ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ, ਉਹ ਤਾਂ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਕੰਮ ਬਿਲਕੁਲ ਹੀ ਬੰਦ ਹੋ ਗਏ ਹਨ। ਜਦੋਂ ਆਮਦਨ ਹੀ ਬੰਦ ਹੋ ਗਈ ਤਾਂ ਪਰਿਵਾਰਾਂ ਦੇ ਖਾਣ ਪੀਣ ਦੇ ਰਸਤੇ ਬੰਦ ਹੋ ਜਾਂਦੇ ਹਨ। ਖ਼ਰਚੇ ਕਰਨੇ ਅਸੰਭਵ ਬਣ ਜਾਂਦੇ ਹਨ। ਉਨ੍ਹਾਂ ਵਿਚ ਰਿਕਸ਼ਾ ਚਾਲਕ, ਰੇੜ੍ਹੀਆਂ ਲਾ ਕੇ ਸਾਮਾਨ ਵੇਚਣ ਵਾਲੇ, ਰੱਦੀ ਇਕੱਠੀ ਕਰਨ ਵਾਲੇ, ਭੱਠਿਆਂ ਦੀ ਲੇਬਰ, ਸਬਜੀਆਂ ਤੋੜਨ ਵਾਲੇ, ਆਲੂਆਂ ਦੀ ਪੁਟਾਈ ਵਾਲੇ, ਬਾਗਾਂ ਵਿਚ ਕੰਮ ਕਰਨ ਵਾਲੇ, ਇਮਾਰਤਾਂ ਦੀ ਉਸਾਰੀ ਨਾਲ ਸੰਬੰਧਤ ਮਜ਼ਦੂਰ, ਜਿਨ੍ਹਾਂ ਵਿਚ ਮਿਸਤਰੀ, ਕਾਰਪੈਂਟਰ, ਇਲੈਕਟਰੀਸ਼ਨ, ਰੰਗ ਰੋਗਨ ਅਤੇ ਸੈਨੇਟਰੀ ਦਾ ਕੰਮ ਕਰਨ ਵਾਲੇ ਆਦਿ  ਸ਼ਾਮਲ ਹਨ। ਉਨ੍ਹਾਂ ਉਪਰ ਤਾਂ ਆਫਤ ਆ ਗਈ ਹੈ। ਇਨ੍ਹਾਂ ਲੋਕਾਂ ਕੋਲ ਤਾਂ ਪੈਸਾ ਵੀ ਨਹੀਂ ਹੁੰਦਾ ਕਿ ਉਹ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦਾ ਲਾਭ ਉਠਾ ਸਕਣ। ਇਕ ਹਫ਼ਤਾ ਦਿਹਾੜੀਦਾਰਾਂ ਦੇ ਪਰਿਵਾਰਾਂ ਦਾ ਭੁਖਿਆਂ ਦਾ ਲੰਘ ਗਿਆ ਹੈ। ਨਰੇਗਾ ਦੇ ਪੈਸੇ ਵੀ ਉਨ੍ਹਾਂ ਦੇ ਬਕਾਇਆ ਪਏ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਹੁਣ ਨਰੇਗਾ ਦੇ ਪੈਸਿਆਂ ਦਾ ਬਕਾਇਆ ਦੇਣ ਲਈ ਕਿਹਾ ਹੈ। ਈਦ ਮਗਰੋਂ ਰੋਜੇ ਰੱਖਣ ਦਾ ਕੀ ਲਾਭ। ਹੁਣ ਤਾਂ ਜੇ ਉਨ੍ਹਾਂ ਦੇ ਪੈਸੇ ਖਾਤਿਆਂ ਵਿਚ ਜਮ੍ਹਾਂ ਵੀ ਕਰਵਾਏ ਜਾਣ ਤਾਂ ਉਹ ਘਰੋਂ ਬਾਹਰ ਜਾ ਹੀ ਨਹੀਂ ਸਕਦੇ। ਘਰੋਂ ਬਾਹਰ ਨਿਕਲਦੇ ਹਨ ਤਾਂ ਪੁਲਿਸ ਦੀ ਮਾਰ ਖਾਣੀ ਪੈਂਦੀ ਹੈ। ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ। ਕਰੋਨਾ ਮਾਰੇ ਚਾਹੇ ਨਾ ਮਾਰੇ ਪ੍ਰੰਤੂ ਉਸ ਤੋਂ ਪਹਿਲਾਂ ਭੁੱਖ ਨਾਲ ਮਰ ਜਾਣਗੇ। ਇਨ੍ਹਾਂ ਗ਼ਰੀਬ ਲੋਕਾਂ ਕੋਲ ਖਾਣ ਪੀਣ ਦਾ ਰਾਸ਼ਨ ਘਰਾਂ ਵਿਚ ਜਮ੍ਹਾਂ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ ਇਤਨਾ ਸਰਮਾਇਆ ਹੀ ਨਹੀਂ ਹੁੰਦਾ ਕਿ ਉਹ ਮਹੀਨੇ ਦਾ ਰਾਸ਼ਨ ਖ੍ਰੀਦ ਸਕਣ। ਕੇਂਦਰ ਸਰਕਾਰ ਨੇ ਵੀ ਭਾਰਤ ਦੇ 80 ਕਰੋੜ ਦਿਹਾੜੀਦਾਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ  ਦੇਣ ਦਾ ਫੈਸਲਾ ਕੀਤਾ ਹੈ। ਇਹ ਰਾਸ਼ਨ 7 ਕਿਲੋ ਦੇ ਹਿਸਾਬ ਨਾਲ  ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਤਾਂ ਅਜੇ ਐਲਾਨ ਹੀ ਹੈ। ਕਦੋਂ ਪਹੁੰਚੇਗਾ ਕੋਈ ਪਤਾ ਨਹੀਂ। ਇਹ ਸਰਕਾਰਾਂ ਦੇ ਐਲਾਨ ਹੀ ਹਨ, ਅਮਲ ਵਿਚ ਲਿਆਉਣਾ ਸੌਖਾ ਕੰਮ ਨਹੀਂ। ਰਾਸ਼ਨ ਤਾਂ ਲਾਕਡਾਊਨ ਦਰਮਿਆਨ ਚਾਹੀਦਾ ਹੈ ਕਿਉਂਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ। ਬਾਅਦ ਵਿਚ ਤਾਂ ਉਹ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਲੈਣਗੇ। ਪੰਜਾਬ ਸਰਕਾਰ ਨੇ ਵੀ ਦਿਹਾੜੀਦਾਰਾਂ ਨੂੰ 10 ਲੱਖ ਪੈਕਟ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ 10-10 ਕਿਲੋ ਆਟਾ, 2-2ਕਿਲੋ ਦਾਲ ਅਤੇ 2-2 ਕਿਲੋ ਚੀਨੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਸੁਣਿਆਂ ਹੈ ਕਿ 12000-12000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਵੀ ਕਰਵਾਏ ਜਾਣਗੇ। ਚੰਗੀ ਗੱਲ ਹੈ ਜੇਕਰ ਅਮਲੀ ਰੂਪ ਵਿਚ ਕੋਈ ਗੜਬੜ ਨਾ ਹੋਈ। ਪੰਜਾਬ ਸਰਕਾਰ ਘਰ ਘਰ ਰਾਸ਼ਨ ਪਹੁੰਚਾ ਰਹੀ ਹੈ। ਇਹ ਵੀ ਮੁਹੱਲਿਆਂ ਵਿਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜਿਹੜੇ ਪੈਸਾ ਖਰਚਕੇ ਖ੍ਰੀਦ ਸਕਦੇ ਹਨ। ਸਰਕਾਰ ਨੇ ਲੋਕਾਂ ਨੂੰ ਦੱਸੇ ਟੈਲੀਫੋਨ ਨੰਬਰਾਂ ਤੇ ਆਪਣੀ ਜ਼ਰੂਰਤ ਲਿਖਾਉਣ ਲਈ ਕਿਹਾ ਜਾਂਦਾ ਹੈ। ਇਹ ਗ਼ਰੀਬ ਲੋਕ ਇੰਜ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਕੋਲ ਤਾਂ ਸਾਧਨ ਹੀ ਨਹੀਂ। ਪੈਸਾ ਵੀ ਹੈ ਨਹੀਂ ਗੱਲ ਤਾਂ ਸਾਰੀ ਪੈਸੇ ਦੀ ਹੈ। ਪੈਸੇ ਵਾਲੇ ਲੋਕ ਤਾਂ ਹਰ ਹੀਲਾ ਕਰ ਲੈਂਦੇ ਹਨ। ਜਿਹੜੇ ਲੋਕ ਦੂਰ ਦੁਰਾਡੇ ਇਲਾਕਿਆਂ ਵਿਚ ਭੱਠਿਆਂ ਤੇ ਕੰਮ ਕਰਦੇ ਹਨ, ਉਹ ਕਿਥੋਂ ਰਾਸ਼ਨ ਲੈਣ ਕਿਉਂਕਿ ਉਹ ਦੂਰ ਉਜਾੜ ਵਿਚ ਬੈਠੇ ਹਨ। ਉਨ੍ਹਾਂ ਦੇ ਬੱਚੇ ਭੁੱਖੇ ਮਰਦੇ ਹਨ। ਪਿੰਡਾਂ ਵਿਚੋਂ ਲੋਕ ਹਰ ਰੋਜ਼ ਦਿਹਾੜੀ ਕਰਨ ਲਈ ਸ਼ਹਿਰਾਂ ਵਿਚ ਆਉਂਦੇ ਹਨ। ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਲੇਬਰ ਚੌਕ ਬਣੇ ਹੋਏ ਹਨ। ਉਥੇ ਉਹ ਹਰ ਰੋਜ਼ ਚਾਹੇ ਮੀਂਹ ਹੋਵੇ ਚਾਹੇ ਝੱਖੜ ਹੋਵੇ, ਉਹ  ਆ ਕੇ ਖੜ੍ਹ ਜਾਂਦੇ ਹਨ। ਲੋਕ ਲੋੜ ਅਨੁਸਾਰ ਉਨ੍ਹਾਂ ਨੂੰ ਦਿਹਾੜੀ ਤੇ ਲੈ ਜਾਂਦੇ ਹਨ। ਉਨ੍ਹਾਂ ਦੇ ਥਾਂ ਟਿਕਾਣੇ ਤਾਂ ਪਤਾ ਨਹੀਂ, ਉਨ੍ਹਾਂ ਦੀ ਪਹਿਚਾਣ ਕਿਵੇਂ ਹੋਵੇਗੀ। ਝੁਗੀਆਂ ਝੌਂਪੜੀਆਂ ਵਾਲੇ ਸਿਕਲੀਗਰ ਵੀ ਅਜਿਹੇ ਹੀ ਕੰਮ ਕਰਦੇ ਹਨ। ਉਨ੍ਹਾਂ ਕੋਲ ਤਾਂ ਕਿਸੇ ਕਿਸਮ ਦਾ ਕੋਈ ਸਾਧਨ ਨਹੀਂ ਹੁੰਦਾ। ਅਸਲ ਵਿਚ ਕਰੋਨਾ ਵਾਇਰਸ ਦੀ ਬਿਪਤਾ ਤਾਂ ਉਨ੍ਹਾਂ ਗ਼ਰੀਬਾਂ ਤੇ ਆਈ ਹੈ। ਹੁਣ ਉਨ੍ਹਾਂ ਨੂੰ ਰਾਸ਼ਨ ਕੌਣ ਦੇਵੇ। ਇਕ ਦੋ ਦਿਨ ਤਾਂ ਪਿੰਡਾਂ ਦੇ ਲੋਕ ਦੇ ਦਿੰਦੇ ਹਨ। ਉਸ ਤੋਂ ਬਾਅਦ ਉਹ ਕੀ ਕਰਨ। ਲੋਕ ਪਦਾਰਥਵਾਦੀ ਤੇ ਖੁਦਗਰਜ ਹੋ ਗਏ ਹਨ। ਉਨ੍ਹਾਂ ਵਿਚੋਂ ਇਨਸਾਨੀਅਤ ਅਲੋਪ ਹੁੰਦੀ ਜਾ ਰਹੀ ਹੈ। ਪਹਿਲਾਂ ਗੁਰਦੁਆਰੇ ਲੰਗਰ ਲਾ ਦਿੰਦੇ ਸਨ, ਹੁਣ ਕਰੋਨਾ ਤੋਂ ਡਰਦਿਆਂ ਕੋਈ ਹਿੰਮਤ ਨਹੀਂ ਕਰਦਾ। ਗੁਰਦੁਆਰੇ ਵੀ ਬੰਦ ਕਰਨ ਦੇ ਹੁਕਮ ਮਿਲ ਗਏ ਹਨ। ਸਵੈ ਇਛਤ ਸੰਸਥਾਵਾਂ ਵੀ ਜਿਹੜੇ ਲੋਕ ਸਰਦੇ ਪੁਜਦੇ ਹਨ, ਉਨ੍ਹਾਂ ਤੋਂ ਵਾਹਵਾ ਸ਼ਾਹਵਾ ਲੈਣ ਲਈ ਉਨ੍ਹਾਂ ਕੋਲ ਹੀ ਜਾ ਰਹੀਆਂ ਹਨ। ਜਿਹੜੀਆਂ ਕੁਝ ਸੰਸਥਾਵਾਂ ਅਤੇ ਲੋਕ ਗ਼ਰੀਬਾਂ ਦੀ ਮਦਦ ਕਰਨ ਜਾਂਦੇ ਹਨ, ਉਹ ਤਾਂ ਅਖਬਾਰਾਂ ਅਤੇ ਸ਼ੋਸਲ ਮੀਡੀਆ ਉਪਰ ਫੋਟੋਆਂ ਪਾਉਣ ਲਈ ਜਾਂਦੇ ਹਨ। ਸਾਮਾਨ ਥੋੜ੍ਹਾ ਦਿੰਦੇ ਹਨ, ਪ੍ਰਚਾਰ ਜ਼ਿਆਦਾ ਕਰਦੇ ਹਨ। ਇਕ ਕਿਸਮ ਨਾਲ ਗ਼ਰੀਬਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਵਿਚ ਲਗਾਕੇ ਜਲੀਲ ਕਰਦੇ ਹਨ। ਗ਼ਰੀਬ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਮਿਲ ਨਹੀਂ ਰਿਹਾ ਐਲਾਨ ਹੀ ਜ਼ਿਆਦਾ ਹੋ ਰਹੇ ਹਨ।
      ਅਜਿਹੀਆਂ ਕੁਦਰਤੀ ਆਫਤਾਂ ਮੌਕੇ ਨਿਰਾ ਪੁਰਾ ਸਰਕਾਰ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਰਕਾਰ ਹਰ ਕੰਮ ਨਹੀਂ ਕਰ ਸਕਦੀ। ਅਜਿਹੇ ਮੌਕੇ ਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਮਨੁੱਖਤਾ ਦੀ ਸੇਵਾ ਲਈ ਵੱਧ ਚੜ੍ਹਕੇ ਆਪਣਾ ਯੋਗਦਾਨ ਪਾਵੇ। ਇਸ ਸੇਵਾ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਪਿੰਡਾਂ ਅਤੇ ਸ਼ਹਿਰਾਂ ਨੂੰ ਦੋ ਭਾਗਾਂ ਵਿਚ ਵੰਡਕੇ ਮਨੁੱਖਤਾ ਦਾ ਭਲਾ ਕੀਤਾ ਜਾਵੇ। ਪਿੰਡਾਂ ਲਈ ਪਿੰਡਾਂ ਦੇ ਲੋਕ ਸੇਵਾ ਕਰਨ। ਪਿੰਡਾਂ ਦੇ ਲੋਕਾਂ ਵਿਚ ਭਾਈਚਾਰਕ ਸਾਂਝ ਕੁਝ ਜ਼ਿਆਦਾ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਪੋ ਆਪਣੇ ਪਿੰਡ ਵਿਚ ਰਹਿ ਰਹੇ ਦਿਹਾੜੀਦਾਰਾਂ ਅਤੇ ਗ਼ਰੀਬ ਲੋਕਾਂ ਦੀ ਖਾਣ ਪੀਣ ਦਾ ਸਾਮਾਨ ਦੇਣ ਦੀ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਹੈ। ਇਸ ਤੋਂ ਵੱਡਾ ਮਾਨਵਤਾ ਦੀ ਸੇਵਾ ਕਰਨ ਦਾ ਹੋਰ ਵਧੀਆ ਮੌਕਾ ਨਹੀਂ ਮਿਲਣਾ। ਤੁਸੀਂ ਪਰਮਾਤਮਾ ਦੇ ਨੁਮਾਇੰਦੇ ਬਣਕੇ ਅੱਗੇ ਆਓ ਅਤੇ ਵਾਹਿਗੁਰੂ ਦੀ ਅਸ਼ੀਰਵਾਦ ਲਓ। ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਆਪਣੀ ਆਮਦਨ ਵਿਚੋਂ 5-5 ਹਜ਼ਾਰ ਰੁਪਿਆ ਹਰ ਰੋਜ਼ ਦੇ ਹਿਸਾਬ ਨਾਲ ਖਰਚਣ ਦੀ ਇਜ਼ਾਜਤ ਦੇ ਦਿੱਤੀ ਹੈ। ਹੁਣ ਪੰਚਾਇਤਾਂ ਵੀ ਗ਼ਰੀਬਾਂ ਦੀ ਮਦਦ ਕਰਨ ਲਈ ਅੱਗੇ ਆ ਸਕਦੀਆਂ ਹਨ। ਕਈ ਪੰਚਾਇਤਾਂ ਤਾਂ ਸ਼ਲਾਘਾਯੋਗ ਕੰਮ ਕਰ ਵੀ ਰਹੀਆਂ ਹਨ। ਇਸੇ ਤਰ੍ਹਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਸਵੈ ਇੱਛਤ ਸੰਸਥਾਵਾਂ ਜੋ ਖੁੰਬਾਂ ਵਾਗੂੰ ਪੈਦਾ ਹੋਈਆਂ ਹਨ, ਉਨ੍ਹਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਸਮਝਿਦਿਆਂ ਮੁਹੱਲਿਆਂ ਵਿਚ ਵਸ ਰਹੇ ਅਜਿਹੇ ਗ਼ਰੀਬ ਲੋਕਾਂ ਨੂੰ ਘਰੋ ਘਰੀ ਜਾ ਕੇ ਖਾਣਾ ਮੁਹੱਈਆ ਕਰਵਾਇਆ ਜਾਵੇ। ਇਸ ਮੰਤਵ ਲਈ ਸਰਕਾਰ ਤੱਕ ਪਹੁੰਚ ਕਰਕੇ ਪਾਸ ਬਣਵਾ ਲਏ ਜਾਣ। ਸ਼ਹਿਰਾਂ ਅਤੇ ਕਸਬਿਆਂ ਵਿਚ ਵਾਰਡਵਾਈਜ ਸੇਵਾ ਵੰਡ ਲੈਣੀ ਚਾਹੀਦੀ ਹੈ। ਜੇਕਰ ਵੰਡ ਕੇ ਸੇਵਾ ਕਰਾਂਗੇ ਤਾਂ ਸੌਖਾ ਰਹੇਗਾ। ਇਹ ਸੇਵਾ ਕਰਦਿਆਂ ਕਰੋਨਾ ਵਾਇਰਸ ਤੋਂ ਬਚਣ ਦੇ ਸਾਰੇ ਉਪਾਅ ਵਰਤੇ ਜਾਣ ਤਾਂ ਜੋ ਉਸਦੇ ਕਹਿਰ ਤੋਂ ਬਚਿਆ ਜਾ ਸਕੇ । ਹੁਣ ਇਕ ਦੂਜੇ ਦੀ ਦੇਖਾ ਦੇਖੀ ਪੁਲਿਸ, ਰਾਜਨੀਤਕ ਪਾਰਟੀਆਂ, ਸਵੈਇਛਤ ਸੰਸਥਾਵਾਂ ਅਤੇ ਪੰਚਾਇਤਾਂ ਗਰੀਬ ਦਿਹਾੜੀਦਾਰਾਂ ਅਤੇ ਝੁਗੀ ਝੌਂਪੜੀ ਵਾਲਿਆਂ ਦੀ ਮਦਦ ਲਈ ਅੱਗੇ ਆਈਆਂ ਹਨ ਜੋ ਕਿ ਸ਼ੁਭ ਸ਼ਗਨ ਹੈ। ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਇਕ ਦੂਜੇ ਤੋਂ ਅੱਗੇ ਹੋ ਕੇ ਅਖ਼ਬਾਰਾਂ ਵਿਚ ਖ਼ਬਰਾਂ ਲਗਵਾਉਣ ਲਈ ਲੋੜਮੰਦਾਂ ਦੀ ਮਦਦ ਕਰਨ ਲਈ ਆਪਣੀਆਂ ਕਾਰਵਾਈਆਂ ਪਾ ਰਹੇ ਹਨ। ਰਾਜਨੀਤਕ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਜ਼ੋਰ ਸ਼ੋਰ ਨਾਲ ਗ਼ਰੀਬਾਂ ਨੂੰ ਰਾਸਨ ਵੰਡ ਰਹੀਆਂ ਹਨ। ਕਰਫਿਊ ਲਾਗੂ ਕਰਵਾਉਣ ਦੀ ਆੜ ਵਿਚ ਕੁਝ ਪੁਲਿਸ ਕਰਮਚਾਰੀਆਂ ਨੇ ਲੋਕਾਂ ਤੇ ਤਸ਼ੱਦਦ ਕੀਤਾ, ਜਿਸ ਦੀਆਂ ਵੀਡੀਓਜ ਵਾਇਰਲ ਹੋਣ ਨਾਲ ਪੁਲਿਸ ਦੀ ਬਦਨਾਮੀ ਹੋਈ। ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਬਦਨਾਮੀ ਦਾ ਧੱਬਾ ਮਿਟਾਉਣ ਲਈ ਹੁਣ ਸਮੁੱਚੇ ਪੰਜਾਬ ਵਿਚ ਪੁਲਿਸ ਨੇ ਗ਼ਰੀਬਾਂ ਨੂੰ ਰਾਸ਼ਨ ਵੰਡਣਾ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਦਿਹਾੜੀਦਾਰਾਂ ਅਤੇ ਮਜ਼ਦੂਰਾਂ ਦੀ ਲੋੜ ਨੂੰ ਮੁੱਖ ਰਖਦਿਆਂ ਫੈਕਟਰੀਆਂ ਦਾ ਕਾਰੋਬਾਰ ਸ਼ੁਰੂ ਕਰਨ ਦੀਆਂ ਹਦਾਇਤਾਂ ਜ਼ਾਰੀ ਕਰ ਦਿੱਤੀਆਂ ਹਨ ਪ੍ਰੰਤੂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕਰੋਨਾ ਤੋਂ ਬਚਾਆ ਦੀਆਂ ਹਦਾਇਤਾਂ ਦੀ ਪਾਲਣਾ ਵਿਚ ਅਣਗਹਿਲੀ ਨਹੀਂ ਕਰਨੀ ਚਾਹੀਦੀ। ਅਜੇ ਤੱਕ ਤਾਂ ਪੰਜਾਬ ਵਿਚ ਬਚਾਆ ਹੈ ਪ੍ਰੰਤੂ ਥੋੜ੍ਹੀ ਜਿਹੀ ਢਿਲ ਦੌਰਾਨ ਅਦਗਹਿਲੀ ਵਿਕਰਾਲ ਰੂਪ ਧਾਰ ਸਕਦੀ ਹੈ। ਇਸ ਲਈ ਪਬਲਿਕ ਅਤੇ ਸਰਕਾਰ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ। ਅਜਿਹੀਆਂ ਅਲਾਮਤਾਂ ਅਸਥਾਈ ਹੁੰਦੀਆਂ ਹਨ। ਗ਼ਰੀਬਾਂ ਦੀ ਮਦਦ ਕਰਦਿਆਂ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।                 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਪੰਜਾਬ ਦੀ ਤ੍ਰਾਸਦੀ ਉਸਨੂੰ ਉਜਾੜਿਆਂ ਨੇ ਉਜਾੜਿਆ - ਉਜਾਗਰ ਸਿੰਘ

ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਖੜਗਭੁਜਾ ਹੈ। ਇਸ ਲਈ ਪੰਜਾਬ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਪਰ ਹਮੇਸ਼ਾ ਪੰਜਾਬੀਆਂ ਨੇ ਪਹਿਰਾ ਦਿੱਤਾ ਹੈ। ਪਰਵਾਸ ਵੀ ਪੰਜਾਬ ਨੂੰ ਵਿਰਾਸਤ ਵਿਚ ਹੀ ਮਿਲਿਆ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਸ ਵਿਚ ਆਪਣੀਆਂ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਨਾਲ ਜਦੋਂ ਉਦਾਸੀਆਂ ਸਮੇਂ ਇਕ ਪਿੰਡ ਦੇ ਲੋਕਾਂ ਨੇ ਚੰਗਾ ਵਿਵਹਾਰ ਨਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਪ੍ਰੰਤੂ ਜਿਹੜੇ ਪਿੰਡ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਹੋਇਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉੱਜੜ ਜਾਣ ਦਾ ਆਸ਼ੀਰਵਾਦ ਦਿੱਤਾ। ਜਦੋਂ ਮਰਦਾਨੇ ਨੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਲੋਕ ਬਾਹਰ ਜਾ ਕੇ ਚੰਗਾ ਸਮਾਜ ਸਿਰਜਣਗੇ। ਇਸ ਕਰਕੇ ਪੰਜਾਬੀ ਪਰਵਾਸ ਵਿਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਤੇ ਪਹਿਰਾ ਦੇ ਕੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦੀ ਕਹਾਵਤ ਸਹੀ ਹੁੰਦੀ ਜਾਪਦੀ ਹੈ। ਪੰਜਾਬ ਤੋਂ ਬਾਹਰ ਕੈਨੇਡਾ ਵਿਚ ਜਾ ਕੇ ਗਦਰੀ ਬਾਬਿਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕਰਕੇ ਮੁਹਿੰਮ ਸ਼ੁਰੂ ਕੀਤੀ ਸੀ। ਪੰਜਾਬੀ ਜਦੋਂ ਕੈਨੇਡਾ ਪਹਿਲੀ ਵਾਰੀ ਰੋਜ਼ੀ ਰੋਟੀ ਲਈ ਗਏ ਸਨ ਤਾਂ ਜਦੋਂ ਉਨ੍ਹਾਂ ਨਾਲ ਉਥੇ ਦੁਰਵਿਵਹਾਰ ਹੋਇਆ ਤਾਂ ਉਨ੍ਹਾਂ ਉਥੇ ਹੀ ਕੈਨੇਡਾ ਵਿਚ ਰੋਸ ਵਜੋਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਗਦਰ ਲਹਿਰ ਨੂੰ ਜਨਮ ਦਿੱਤਾ ਸੀ, ਉਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਕੈਨੇਡਾ ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਗਦਰੀਆਂ ਦੀ ਇਸ ਲਹਿਰ ਦਾ ਸਾਰੇ ਪਾਸੇ ਸਵਾਗਤ ਹੋਇਆ ਸੀ। ਇਕ ਕਿਸਮ ਨਾਲ ਉਹ ਪੰਜਾਬ ਦਾ ਪਹਿਲਾ ਉਜਾੜਾ ਹੋਇਆ ਸੀ ਪ੍ਰੰਤੂ ਇਹ ਸ਼ਾਂਤਮਈ ਉਜਾੜਾ ਸੀ। ਉਸ ਸਮੇਂ ਕੁਝ ਚੋਣਵੇਂ ਅਣਪੜ੍ਹ ਲੋਕ ਹੀ ਪਰਵਾਸ ਵਿਚ ਜਾਂਦੇ ਸਨ। ਸਕਿਲਡ ਜਾਣੀ ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਵਿਅਕਤੀ ਬਹੁਤ ਘੱਟ ਹੀ ਜਾਂਦੇ ਸਨ, ਜਿਹੜੇ ਜਾਂਦੇ ਵੀ ਸਨ, ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਕੇ ਵਾਪਸ ਭਾਰਤ ਆ ਜਾਂਦੇ ਸਨ, ਜਿਸਦਾ ਭਾਰਤ ਨੂੰ ਲਾਭ ਹੁੰਦਾ ਸੀ। ਇਕਾ ਦੁੱਕਾ ਉਥੇ ਰਹਿ ਜਾਂਦੇ ਸਨ। ਕੈਨੇਡਾ ਤੋਂ ਇਲਾਵਾ ਸੰਸਾਰ ਦੇ ਹੋਰ ਦੇਸਾਂ ਵਿਚ ਵੀ ਪੰਜਾਬੀ ਜਾਂਦੇ ਰਹੇ ਪ੍ਰੰਤੂ ਉਨ੍ਹਾਂ ਦਾ ਮੰਤਵ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੁੰਦਾ ਸੀ। ਜਿਹੜਾ ਕੁਝ ਉਹ ਉੱਥੇ ਰਹਿ ਕੇ ਕਮਾਉਂਦੇ ਸਨ, ਉਹ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਭੇਜ ਦਿੰਦੇ ਸਨ, ਜਿਸਦੇ ਸਿੱਟੇ ਵਜੋਂ ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਸੀ ਕਿਉਂਕਿ ਪੈਸਾ ਪੰਜਾਬ ਆਉਂਦਾ ਸੀ। ਪਹਿਲੇ ਉਜਾੜੇ ਵਿਚ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਜਦੋਂ ਉਹ ਗਦਰੀ ਬਾਬੇ ਵਾਪਸ ਭਾਰਤ ਆ ਕੇ ਅੰਗਰੇਜ਼ਾਂ ਦੇ ਦੁਰਵਿਵਹਾਰ ਵਿਰੁਧ ਮੁਹਿੰਮ ਸ਼ੁਰੂ ਕਰਨ ਲਈ ਕਲਕੱਤਾ ਵਿਖੇ ਬਜਬਜ ਘਾਟ ਤੇ ਵਿਸ਼ੇਸ ਜਹਾਜ ਰਾਹੀ੬ਂ ਪਹੁੰਚੇ ਤਾਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
       ਦੂਜਾ ਉਜਾੜਾ ਦੇਸ ਦੀ ਵੰਡ ਸਮੇਂ ਰਾਜਨੀਤਕ ਲੋਕਾਂ ਦੀ ਮਾਨਸਿਕਤਾ ਦਾ ਨਤੀਜਾ ਸੀ। ਪੰਜਾਬ ਨੂੰ ਵੰਡਕੇ ਦੋ ਹਿੱਸੇ ਕਰ ਦਿੱਤੇ ਗਏ। ਦੂਜੇ ਉਜਾੜੇ ਸਮੇਂ ਪੰਜਾਬੀਆਂ ਦੇ ਹੋਏ ਅੰਨ੍ਹੇਵਾਹ ਕਤਲੇਆਮ ਪਿਛੇ ਲੁੱਟ-ਖੋਹ, ਲਾਲਚ, ਧਿੰਗਾਜੋਰੀ ਅਤੇ ਬਿਮਾਰ ਮਾਨਸਿਕਤਾ ਕਰਕੇ ਇਸਤਰੀਆਂ ਦੇ ਬਲਾਤਕਾਰ ਹੋਏ, ਜਿਸਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਪੰਜਾਬੀ ਸਮਾਜਿਕ, ਆਰਥਿਕ, ਮਾਨਸਿਕ ਅਤੇ ਸਭਿਆਚਾਰਕ ਤੌਰ ਤੇ ਵਲੂੰਧਰੇ ਗਏ। ਬੋਲੀ ਵੰਡੀ ਗਈ, ਘਰ ਪਰਿਵਾਰ ਵੰਡੇ ਗਏ। ਨਫ਼ਰਤ ਦਾ ਬੋਲਬਾਲਾ ਹੋ ਗਿਆ। ਰਿਸ਼ਤਿਆਂ ਦਾ ਨਿੱਘ ਤਹਿਸ ਨਹਿਸ ਹੋ ਗਿਆ, ਜਿਸ ਕਰਕੇ ਰਿਸ਼ਤਿਆਂ ਦੇ ਘਾਣ ਹੋ ਗਏ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਲੱਖਾਂ ਪੰਜਾਬੀ ਆਪਣੇ ਘਰੋਂ ਬੇਘਰ ਹੋ ਗਏ। ਹਸਦੇ ਵਸਦੇ ਘਰ ਉਜੜ ਗਏ। ਤਬੇਲਿਆਂ ਅਤੇ ਹਵੇਲੀਆਂ ਦੇ ਮਾਲਕਾਂ ਨੂੰ ਤੰਬੂਆਂ ਵਿਚ ਦਿਨ ਕੱਟਣੇ ਪਏ। ਭਾਈਚਾਰਕ ਸੰਬੰਧ ਲੀਰੋ ਲੀਰ ਹੋ ਗਏ। ਇਸ ਤੋਂ ਬਾਅਦ ਦੋ ਵਾਰ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਚੀਨ ਦੀ ਜੰਗ ਦਾ ਸਾਹਮਣਾ ਕਰਨਾ ਪਿਆ।
      ਦੇਸ ਦੀ ਵੰਡ ਦੇ ਉਜਾੜੇ ਤੋਂ ਪੂਰੇ 33 ਸਾਲ ਬਾਅਦ 1980ਵਿਆਂ ਵਿਚ ਨਵੀਂ ਕਿਸਮ ਦੇ ਤੀਜੇ ਫਿਰਕੂ ਉਜਾੜੇ ਨੇ ਪੰਜਾਬੀਆਂ ਦੇ ਖ਼ੂਨ ਵਿਚ ਨਫ਼ਰਤ ਦਾ ਬੀਜ ਬੋ ਦਿੱਤਾ। ਭਾਈ, ਭਾਈ ਦਾ ਦੁਸ਼ਮਣ ਬਣਨ ਲੱਗ ਪਿਆ। ਭਾਈਚਾਰਕ ਸੰਬੰਧ ਤਾਰ ਤਾਰ ਹੋ ਗਏ। ਨਹੁੰ ਮਾਸ ਦੇ ਰਿਸ਼ਤੇ ਲਹੂ ਲੁਹਾਣ ਹੋ ਗਏ। ਇਹ ਸਿਲਸਲਾ 1992 ਤੱਕ ਲਗਾਤਾਰ ਜਾਰੀ ਰਿਹਾ। ਸਰਕਾਰੀ ਤੰਤਰ ਅਤੇ ਅਖਾਉਤੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਨੌਜਵਾਨੀ ਦਾ ਖ਼ਾਤਮਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪੰਜਾਬੀ ਭਾਈਚਾਰਾ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਇਕ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਰਹਿੰਦੀ ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਇਸ ਦੌਰ ਵਿਚ ਮਰਨ ਅਤੇ ਮਾਰਨ ਵਾਲੇ ਦੋਵੇਂ ਇਕੋ ਭਾਈਚਾਰੇ ਦੇ ਸਨ। ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਹੈ।
        ਚੌਥਾ ਉਜਾੜਾ ਉਦੋਂ ਹੋਇਆ ਜਦੋਂ ਕੇਂਦਰ ਸਰਕਾਰ ਨੇ ਫੌਜ ਦੀ ਰਹਿਨੁਮਾਈ ਵਿਚ ਸਿੱਖ ਜਗਤ ਦੇ ਸਰਵੋਤਮ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਤੋਪਾਂ ਨਾਲ ਉਸ ਦਿਨ ਹਮਲਾ ਕਰ ਦਿੱਤਾ ਜਦੋਂ ਸਿੱਖ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਨਤਮਸਤਕ ਹੋਣ ਲਈ ਆਏ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਹੀਦ ਕਰ ਦਿੱਤੇ ਗਏ। ਸਿੱਖ ਜਗਤ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਧਾਰਮਿਕ ਉਜਾੜੇ ਨੂੰ ਕੇਂਦਰ ਸਰਕਾਰ ਨੇ ਅਮਲੀ ਰੂਪ ਦਿੱਤਾ। ਅਜੇ ਸਿੱਖਾਂ ਦੇ ਜ਼ਖ਼ਮ ਰਿਸਦੇ ਸਨ। ਅੱਲੇ ਜ਼ਖ਼ਮਾ ਤੇ ਖਰੀਂਢ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਪੰਜਵਾਂ ਉਜਾੜਾ ਦਿੱਲੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਹੋਇਆ, ਜਿਸਨੂੰ ਸਿੱਖਾਂ ਦੇ ਨਾਂ ਨਾਲ ਮੜ੍ਹਕੇ ਸਮੁਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਦਿੱਲੀ ਅਤੇ ਦੇਸ ਦੇ ਹੋਰ ਮੁੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ। ਚੁਣ ਚੁਣ ਕੇ ਘਰਾਂ ਵਿਚੋਂ ਬਾਹਰ ਕੱਢਕੇ ਗਲਾਂ ਵਿਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ। ਇਸਤਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਸਨੂੰ ਉਜਾੜਾ ਨਹੀਂ ਕਿਹਾ ਜਾ ਸਕਦਾ। ਸਿੱਖਾਂ ਅਤੇ ਪੰਜਾਬੀਆਂ ਦਾ ਅਜਿਹੇ ਉਜਾੜਿਆਂ ਨੇ ਘਾਣ ਕੀਤਾ ਹੈ।
       ਸਤਵੇਂ ਅਤੇ ਅੱਠਵੇਂ ਉਜਾੜੇ 2007 ਤੋਂ ਪੰਜਾਬ ਨੂੰ ਇੱਕ ਨਵੀਂ ਕਿਸਮ ਦੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਉਜਾੜਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ। ਰਵਾਇਤੀ ਨਸ਼ੇ ਸ਼ਰਾਬ, ਅਫੀਮ ਅਤੇ ਡੋਡੇ ਆਦਿ ਦਾ ਸੇਵਨ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ ਪ੍ਰੰਤੂ ਸਿੰਥੈਟਿਕ ਨਸ਼ੇ ਪਹਿਲੀ ਵਾਰ ਪੰਜਾਬ ਵਿਚ ਆਏ ਹਨ, ਜਿਹੜੇ ਇਤਨੇ ਘਾਤਕ ਹਨ, ਜਿਤਨਾ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਦੇ ਸੇਵਨ ਕਰਨ ਨਾਲ ਮੌਤ ਤਾਂ ਬਹੁਤ ਜਲਦੀ ਆਉਂਦੀ ਹੀ ਹੈ ਪ੍ਰੰਤੂ ਇਹ ਹੋਰ ਵੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਪੈਦਾ ਕਰਦੇ ਹਨ, ਉਦਾਹਰਣ ਲਈ ਲੜਕੇ ਅਤੇ ਲੜਕੀਆਂ ਨੂੰ ਨਪੁੰਸਕ ਬਣਾ ਦਿੰਦੇ ਹਨ। ਨਸ਼ਿਆਂ ਦੇ ਉਜਾੜੇ ਨੇ ਪੰਜਾਬ ਦੀ ਨੌਜਵਾਨੀ ਦਾ ਮਲੀਆ ਮੇਟ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੜਕਿਆਂ ਦੇ ਨਾਲ ਲੜਕੀਆਂ ਵੀ ਨਸ਼ਿਆਂ ਵਿਚ ਗ੍ਰਸਤ ਹੋ ਗਈਆਂ ਹਨ। ਪੰਜਾਬ ਨੂੰ ਉਜਾੜਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦਾ ਇਹ ਕਾਰਾ ਹੋ ਸਕਦਾ ਹੈ। ਨਸ਼ਿਆਂ ਦੇ ਨਾਲ ਜੁੜਵਾਂ ਉਜਾੜਾ ਗੈਂਗਸਟਰਾਂ ਦਾ ਬਣਨਾ ਪੰਜਾਬ ਲਈ ਮੰਦਭਾਗੀ ਗੱਲ ਹੈ। ਇਸ ਤੋਂ ਪਹਿਲਾਂ ਬਿਹਾਰ ਅਤੇ ਉਤਰ ਪ੍ਰਦੇਸ ਵਿਚ ਗੈਂਗਸਟਰਾਂ ਦੀ ਗੱਲ ਸੁਣੀਂਦੀ ਸੀ ਪ੍ਰੰਤੂ ਹੁਣ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਗੈਂਗਸਟਰ ਵੀ 2007 ਤੋਂ ਬਾਅਦ ਚੋਣ ਜਿੱਤਣ ਲਈ ਸਿਆਸਤਦਾਨਾਂ ਨੇ ਪੈਦਾ ਕੀਤੇ ਸਨ,  ਜਿਸਦਾ ਖਮਿਆਜਾ ਹੁਣ ਸਿਆਸਤਦਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਨੌਵੇਂ ਭਰਿਸ਼ਟਾਚਾਰ ਦੇ ਉਜਾੜੇ ਨੇ ਵੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।
        ਪੰਜਾਬੀਆਂ ਦਾ ਦਸਵਾਂ ਉਜਾੜਾ ਇਸ ਸਮੇਂ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਹਰ ਵਿਦਿਆਰਥੀ ਜਿਹੜਾ ਪਲੱਸ ਟੂ ਪਾਸ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਗਲ ਗੂਠਾ ਦੇ ਕੇ ਪਰਵਾਸ ਵਿਚ ਪੜ੍ਹਨ ਲਈ ਤੱਤਪਰ ਰਹਿੰਦਾ ਹੈ। ਹਾਲਾਂ ਕਿ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜੇ ਜ਼ਿੰਦਗੀ ਬਸਰ ਕਰਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਉਹ ਆਈ ਲੈਟ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੇ ਉਤਨੇ ਪਿੰਡ ਤੇ ਸ਼ਹਿਰ ਨਹੀਂ ਹਨ, ਜਿਤਨੀਆਂ ਆਈ ਲੈਟ ਦੀਆਂ ਦੁਕਾਨਾ ਖੁਲ੍ਹੀਆਂ ਹੋਈਆਂ ਹਨ। ਪੰਜਾਬ ਵਿਚੋਂ ਹਰ ਸਾਲ ਲਗਪਗ ਦੋ ਲੱਖ ਵਿਦਿਆਰਥੀ ਪਰਵਾਸ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਜਿਹੇ ਵਿਅਕਤੀ ਹਨ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜੰਗਲਾਂ ਬੇਲਿਆਂ, ਰੇਗਿਸਤਾਨਾ ਅਤੇ ਸਮੁੰਦਰਾਂ ਵਿਚ ਕਿਸ਼ਤੀਆਂ ਰਾਹੀਂ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਰਸਤੇ ਵਿਚ ਹੀ ਜਦੋਜਹਿਦ ਕਰਦੇ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਲੈਂਦੇ ਹਨ। ਪਿਛੇ ਮਾਂ ਬਾਪ ਸਾਰੀ ਉਮਰ ਤੜਫਦੇ ਹੀ ਜੀਵਨ ਗੁਜਾਰਦੇ ਹਨ। ਪੜ੍ਹਾਈ ਕਰਨਾ ਤਾਂ ਉਨ੍ਹਾਂ ਦਾ ਬਹਾਨਾ ਹੁੰਦਾ ਹੈ। ਅਸਲ ਵਿਚ ਉਹ ਤਾਂ ਹਰ ਹਾਲਤ ਵਿਚ ਪਰਵਾਸ ਵਿਚ ਸੈਟਲ ਹੋਣਾ ਚਾਹੁੰਦੇ ਹਨ। ਪਰਵਾਸ ਦੀ ਜ਼ਿੰਦਗੀ ਵੀ ਇਤਨੀ ਸੁਖਾਲੀ ਨਹੀਂ। ਸਗੋਂ ਉਨ੍ਹਾਂ ਨੂੰ ਗੁਜਾਰਾ ਕਰਨ ਲਈ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਉਹ ਆਪਣੀ ਰੋਟੀ ਆਪ ਚੁੱਕਕੇ ਨਹੀਂ ਖਾਂਦੇ ਪ੍ਰੰਤੂ ਪਰਵਾਸ ਵਿਚ ਹਰ ਕੰਮ ਆਪ ਹੀ ਕਰਨਾ ਪੈਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਰੋਜ਼ਗਾਰ ਨਹੀਂ ਹੈ, ਇਸ ਲਈ ਬੇਰੋਜ਼ਗਾਰੀ ਕਰਕੇ ਬਾਹਰ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੰਗੇ ਖਾਂਦੇ ਪੀਂਦੇ ਰੱਜੇ ਪੁੱਜੇ ਘਰਾਂ ਦੇ ਲੜਕੇ ਲੜਕੀਆਂ ਵੀ ਪਰਵਾਸ ਵਿਚ ਸੈਟਲ ਹੋਣ ਲਈ ਪਾਗਲ ਹੋਏ ਫਿਰਦੇ ਹਨ। ਜਿਵੇਂ ਉਹ ਪਰਵਾਸ ਵਿਚ ਜਾ ਕੇ ਹੱਥੀਂ ਕੰਮ ਕਰਦੇ ਹਨ, ਜੇਕਰ ਪੰਜਾਬ ਵਿਚ ਕੰਮ ਕਰਨ ਤਾਂ ਇਥੇ ਵੀ ਬਾਰੇ ਨਿਆਰੇ ਹੋ ਸਕਦੇ ਹਨ। ਪੰਜਾਬ ਵਿਚ ਕੰਮ ਕਰਨ ਲਈ ਬਿਹਾਰ ਅਤੇ ਦੇਸ ਦੇ ਹੋਰ ਰਾਜਾਂ ਤੋਂ ਲੋਕ ਆਉਂਦੇ ਹਨ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ। ਪਰਵਾਸ ਵਿਚ ਹਰ ਕਿਸਮ ਦਾ ਕੰਮ ਕਰਨ ਲਈ ਤੱਤਪਰ ਹਨ। ਜਿਸ ਮਿਕਦਾਰ ਨਾਲ ਹੁਣ ਵਿਦਿਆਰਥੀ ਜਾ ਰਹੇ ਹਨ, ਉਸ ਤੋਂ ਤਾਂ ਇਉਂ ਲੱਗਦਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਪੰਜਾਬ ਖਾਲੀ ਹੋ ਜਾਵੇਗਾ। ਪੰਜਾਬ ਦੀ ਆਰਥਿਤਾ ਬਰਬਾਦ ਹੋ ਰਹੀ ਹੈ ਕਿਉਂਕਿ ਜਿਹੜੇ ਪਰਵਾਸ ਵਿਚ ਵਸ ਜਾਂਦੇ ਹਨ, ਉਹ ਹੁਣ ਪੰਜਾਬ ਵਿਚ ਇਕ ਪੈਸਾ ਵੀ ਇਨਵੈਸਟ ਨਹੀਂ ਕਰਦੇ। ਪੰਜਾਬ ਵਿਚ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਲੱਗਦੀਆਂ। ਕੋਈ ਸਮਾਂ ਹੁੰਦਾ ਸੀ ਜਦੋਂ ਪਰਵਾਸੀ ਪੰਜਾਬ ਵਿਚ ਜਾਇਦਾਦਾਂ ਖ੍ਰੀਦਦੇ ਸਨ। ਹੁਣ ਤਾਂ ਕਰੋੜਾਂ ਰੁਪਿਆ ਪੰਜਾਬ ਵਿਚੋਂ ਫੀਸਾਂ ਦੇ ਰੂਪ ਵਿਚ ਬਾਹਰ ਜਾ ਰਿਹਾ ਹੈ। ਇਕੱਲੀ ਇਹੋ ਗੱਲ ਨਹੀਂ ਸਗੋਂ ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨੌਜਵਾਨਾ ਦੀ ਕਰੀਮ ਜਿਹੜੇ ਦਿਮਾਗੀ ਹੁਸ਼ਿਆਰ ਵਿਦਿਆਰਥੀ ਹਨ, ਉਨ੍ਹਾਂ ਦਾ ਲਾਭ ਬਾਹਰਲੇ ਦੇਸ ਲੈ ਰਹੇ ਹਨ। ਅਸੀਂ ਦਿਮਾਗੀ ਤੌਰ ਤੇ ਕੰਗਾਲ ਹੋ ਰਹੇ ਹਾਂ। ਪਰਵਾਸ ਵਿਚ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀਆਂ ਦਾ ਬੋਲਬਾਲਾ ਹੈ। ਟਰਾਂਸਪੋਰਟ ਅਤੇ ਹੋਟਲ ਇੰਡਸਟਰੀ ਵਿਚ ਪੰਜਾਬੀਆਂ ਦਾ ਕਬਜ਼ਾ ਹੈ।
      ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਏਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿਚ ਜਾਣਾ ਜ਼ਾਰੀ ਰਿਹਾ ਤਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜਿਹੜੇ ਆਪਣੇ ਬੱਚਿਆਂ ਦੇ ਮੂੰਹ ਵੇਖਣ ਲਈ ਤਰਸਦੇ ਰਹਿਣਗੇ। ਪੰਜਾਬ ਨੂੰ ਕਈ ਤਰ੍ਹਾਂ ਦੇ ਉਜਾੜਿਆਂ ਨੇ ਉਜਾੜ ਕੇ ਰੱਖ ਦਿੱਤਾ। ਇਉਂ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਮਾੜੇ ਲੋਕ ਆਪੋ ਆਪਣੇ ਘਰਾਂ ਵਿਚ ਵਸਦੇ ਰਹਿਣ ਪ੍ਰੰਤੂ ਸਿਆਣੇ ਤੇ ਸੁਲਝੇ ਹੋਏ ਲੋਕ ਉਜੜਕੇ ਸੰਸਾਰ ਵਿਚ ਜਾ ਕੇ ਸੰਸਾਰ ਦਾ ਭਲਾ ਕਰਨ ਇਸੇ ਥਿਊਰੀ ਅਨੁਸਾਰ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੀ ਵਿਦਵਤਾ ਸਿੱਕਾ ਜਮ੍ਹਾ ਰਹੇ ਹਨ।

ਮੋਬਾਈਲ - 94178 13072
ujagarsingh48@yahoo.com

ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ - ਉਜਾਗਰ ਸਿੰਘ

ਪਰਜਾਤੰਤਰ ਸੰਸਾਰ ਵਿਚ ਸਭ ਨਾਲੋਂ ਬਿਹਤਰੀਨ ਰਾਜ ਪ੍ਰਬੰਧ ਦੀ ਪ੍ਰਣਾਲੀ ਹੈ ਕਿਉਂਕਿ ਹਰ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਮਰਜੀ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਪ੍ਰੰਤੂ ਪਰਜਾਤੰਤਰ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਦਾ ਅਰਥ ਇਹ ਵੀ ਨਹੀਂ ਹੁੰਦਾ ਕਿ ਉਹ ਆਪਣੀਆਂ ਮਨਮਾਨੀਆਂ ਕਰੇ। ਚੁਣੀ ਹੋਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪਰਜਾ ਦੇ ਲੋਕ ਹਿਤਾਂ ਦੀ ਰਾਖੀ ਕਰੇ। ਉਸਨੂੰ ਹਰ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਵਿਸਸ਼ਾਸ ਵਿਚ ਲੈਣਾ ਚਾਹੀਦਾ ਹੈ। ਨਰਿੰਦਰ ਮੋਦੀ ਨੇ ਤਾਂ ਮਈ 2018 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤ ਦੇ ਵੋਟਰਾਂ ਤੋਂ ਦੁਬਾਰਾ ਫਤਵਾ ਆਪਣੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਕਰਕੇ ਮੰਗਿਆ ਸੀ, ਹੋਇਆ ਇੰਜ ਜਿਵੇਂ ਇਕ ਕਹਾਵਤ ਹੈ ਕਿ ''ਹੱਸਦੀ ਨੇ ਫੁਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ''। ਭਾਰਤ ਦੇ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਇਕ ਫੁਲ ਦੀ ਥਾਂ ਸਾਰਾ ਬਾਗ ਹਵਾਲੇ ਕਰਕੇ ਬਾਗੋਬਾਗ ਕਰ ਦਿੱਤਾ। ਹੁਣ ਨਰਿੰਦਰ ਮੋਦੀ ਆਪਣੀਆਂ ਨੀਤੀਆਂ ਨਾਲ ਭਾਰਤੀ ਵੋਟਰਾਂ ਨੂੰ ਬਾਗੋਬਾਗ ਕਰ ਰਿਹਾ ਹੈ ਪ੍ਰੰਤੂ ਭਾਰਤੀ ਵੋਟਰਾਂ ਨੂੰ ਇਹ ਬਾਗੋਬਾਗ ਹੋਣ ਵਾਲੀ ਖ਼ੁਸ਼ੀ ਹਜ਼ਮ ਨਹੀਂ ਹੋ ਰਹੀ। ਭਾਰਤ ਦੇ ਵੋਟਰ ਸਾਰਾ ਬਾਗ ਹਵਾਲੇ ਕਰਕੇ ਪਛਤਾ ਰਹੇ ਹਨ। ਹੁਣ ਪਛਤਾਉਣ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਤਾਂ ਨਰਿੰਦਰ ਮੋਦੀ ਦੀ ਸਰਕਾਰ ਪੰਜ ਸਾਲ ਚੰਮ ਦੀਆਂ ਚਲਾਵੇਗੀ। ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁੱਗ ਗਈ ਖੇਤ। ਇਹ ਕਹਾਵਤ ਭਾਰਤ ਦੇ ਵੋਟਰਾਂ ਤੇ ਪੂਰੀ ਢੁਕਦੀ ਹੈ। ਉਦੋਂ ਤਾਂ ਵੋਟਰਾਂ ਨੇ ਨਰਿੰਦਰ ਮੋਦੀ ਦੀ ਝੋਲੀ ਭਰ ਦਿੱਤੀ। ਭਾਰਤ ਦੇ ਵੋਟਰ ਨੂੰ ਕੇਂਦਰ ਸਰਕਾਰ ਨਾਲ ਰੋਸ ਜਤਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਉਨ੍ਹਾਂ ਆਪਣੀਆਂ ਵੋਟਾਂ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਪਰ ਮੋਹਰ ਲਾ ਕੇ ਸਪੱਸ਼ਟ ਬਹੁਮਤ ਦੇ ਕੇ ਜਤਾਇਆ ਹੈ। ਇਸ ਲਈ ਉਨ੍ਹਾਂ ਨੂੰ ਸਰਕਾਰ ਦੇ ਫੈਸਲਿਆਂ ਤੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ, ਸਗੋਂ ਉਨ੍ਹਾਂ ਨੂੰ ਤਾਂ ਸਰਕਾਰ ਦੇ ਹਰ ਫੈਸਲੇ ਉਪਰ ਫੁਲ ਚੜ੍ਹਾਉਣੇ ਚਾਹੀਦੇ ਹਨ। ਜੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਵਿਚ ਵਿਸ਼ਵਾਸ ਨਾ ਹੁੰਦਾ ਤਾਂ ਉਹ ਇਤਨੀ ਵੱਡੀ ਮਾਤਰਾ ਵਿਚ ਵੋਟਾਂ ਕਿਉਂ ਪਾਉਂਦੇ। ਇਹ ਤਾਂ ਉਨ੍ਹਾਂ ਨਾਲ ਵਿਸ਼ਵਾਸਘਾਤ ਹੋ ਗਿਆ ਲੱਗਦਾ ਹੈ। ਅਜੇ ਤਾਂ ਸਰਕਾਰ ਬਣੀ ਨੂੰ ਡੇਢ ਸਾਲ ਹੀ ਹੋਇਆ ਹੈ। ਜਿਹੜੇ ਕੰਡੇ ਵੋਟਰਾਂ ਨੇ ਬੀਜੇ ਹਨ, ਉਨ੍ਹਾਂ ਨੂੰ ਉਹ ਆਪ ਹੀ ਚੁਗਣੇ ਪੈਣਗੇ। ਵੋਟਾਂ ਪਾਉਣ ਸਮੇਂ ਤਾਂ ਵੋਟਰ ਸਿਆਸਤਦਾਨਾ ਦੇ ਝਾਂਸੇ ਵਿਚ ਆ ਕੇ ਵੋਟਾਂ ਪਾ ਦਿੰਦੇ ਹਨ। ਅਸਲ ਵਿਚ ਸਿਆਸੀ ਪਾਰਟੀਆਂ ਹੁਣ ਅਸੂਲਾਂ ਦੀ ਸਿਆਸਤ ਕਰਨ ਤੋਂ ਪਾਸਾ ਵੱਟ ਗਈਆਂ ਹਨ। ਚੋਣਾਂ ਮੌਕੇ ਤਾਂ ਅਸੂਲਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਸਰਕਾਰਾਂ ਬਣਨ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਸਰਕਾਰਾਂ ਮਨਮਰਜੀ ਕਰਦੀਆਂ ਹਨ, ਲੋਕ ਧੱਕੇ ਖਾਂਦੇ ਰਹਿੰਦੇ ਹਨ।
        ਭਾਰਤ ਸੰਸਾਰ ਦਾ ਸਭ ਤੋਂ ਵੱਡਾ ਧਰਮ ਨਿਰਪੱਖ ਲੋਕਤੰਤਰ ਹੈ। ਕੇਂਦਰ ਸਰਕਾਰ ਨੇ ਤਾਂ ਦੇਸ ਭਗਤੀ ਅਤੇ ਲੋਕਤੰਤਰ ਦੀ ਪਰਿਭਾਸ਼ਾ ਹੀ ਬਦਲਕੇ ਰੱਖ ਦਿੱਤੀ। ਭਾਰਤ ਨੂੰ ਹਿੰਦੂ ਰਾਜ ਬਣਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ, ਜਿਸਦਾ ਧਰਮ ਨਿਰਪੱਖ ਸ਼ਕਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਹੋਣਾ ਕੁਦਰਤੀ ਵੀ ਸੀ ਕਿਉਂਕਿ ਦੇਸ ਦਾ ਸੰਵਿਧਾਨ ਇਹ ਇਜ਼ਾਜਤ ਨਹੀਂ ਦਿੰਦਾ। ਦੂਜੀ ਪਾਰੀ ਵਿਚ ਭਾਰੀ ਬਹੁਮਤ ਨਾਲ ਚੋਣਾ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਪਹਿਲੀ ਪਾਰੀ ਵਿਚ ਤਾਂ ਨੋਟਬੰਦੀ ਨੇ ਦੇਸ ਦੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਥਾਂ ਵਧਾ ਦਿੱਤੀਆਂ ਸੀ ਪ੍ਰੰਤੂ ਇਸ ਵਾਰ ਤਾਂ ਬਹੁਤ ਹੀ ਵਾਦਵਿਵਾਦ ਵਾਲੇ ਫੈਸਲੇ ਕੀਤੇ ਹਨ, ਜਿਨ੍ਹਾਂ ਵਿਚ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨਾ, ਤਿੰਨ ਤਲਾਕ, ਰਾਮ ਮੰਦਰ ਅਤੇ ਨਾਗਰਿਕ ਸੋਧ ਕਾਨੂੰਨ ਬਣਾਉਣਾ ਆਦਿ ਮਹੱਤਵਪੂਰਨ ਹਨ। ਨੈਸ਼ਨਲ ਰਜਿਸਟਰ ਆਫ ਸਿਟੀਜਨ ਅਤੇ ਹਿੰਦੂ ਹਿੰਦੁਸਤਾਨ ਇਕ ਦੇਸ ਅਤੇ ਇਕ ਭਾਸ਼ਾ ਦਾ ਵੀ ਰਾਮ ਰੌਲਾ ਪੈ ਰਿਹਾ ਹੈ। ਲਿੰਚਿੰਗ ਦੀਆਂ ਘਟਨਾਵਾਂ ਨੇ ਤਾਂ ਧਰਮ ਨਿਰਪੱਖਤਾ ਰਾਜ ਦਾ ਘਾਣ ਹੀ ਕਰ ਦਿੱਤਾ। ਜਿਹੜੇ ਬੁਧੀਜੀਵੀ ਸਰਕਾਰ ਦੀਆਂ ਅਜਿਹੀਆਂ ਸੰਕੀਰਨ ਨੀਤੀਆਂ ਦੀ ਨੁਕਤਾਚੀਨੀ ਕਰਦੇ ਸਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਮ ਆਉਣ ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਜੰਮੂ ਕਸ਼ਮੀਰ ਵਿਚ ਤਾਂ ਵਿਰੋਧੀ ਪਾਰਟੀਆਂ ਦੇ ਲੀਡਰ ਅਜੇ ਤੱਕ ਨਜ਼ਰਬੰਦ ਹਨ। ਅੱਜ ਕਲ੍ਹ ਨਾਗਰਿਕਤਾ ਸੋਧ ਕਾਨੂੰਨ ਵਾਦਵਿਵਾਦ ਦਾ ਵਿਸ਼ਾ ਬਣਿਆਂ ਹੋਇਆ ਹੈ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਅੰਦੋਲਨ ਹੋ ਰਹੇ ਹਨ। ਸਾੜ ਫੂਕ ਅਤੇ ਮਾਰ ਧਾੜ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਦੇਸ਼ ਦੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਅੰਦੋਲਨਾ ਵਿਚ 50 ਨਾਗਰਿਕ ਮਾਰੇ ਜਾ ਚੁੱਕੇ ਹਨ ਲਗਪਗ 500 ਸੁਰੱਖਿਆ ਅਮਲੇ ਦੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਹਾਲਾਤ ਕਾਬੂ ਹੇਠ ਆਉਂਦੇ ਨਜ਼ਰ ਨਹੀਂ ਆ ਰਹੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਘਟਨਾ ਨੇ ਤਾਂ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਜ਼ੋਰ ਜ਼ਬਰਦਸਤੀ ਦੀ ਅੰਤਹ ਹੋ ਗਈ। ਲੜਕੇ ਤੇ ਲੜਕੀਆਂ ਨੂੰ ਕਮਰਿਆਂ ਵਿਚੋਂ ਬਾਹਰ ਕੱਢਕੇ ਮਾਰਿਆ ਗਿਆ। ਉਹ ਵੀ ਪਾਰਟੀ ਦੇ ਵਰਕਰਾਂ ਨੇ ਉਲਟਾ ਵਿਦਿਆਰਥੀਆਂ ਤੇ ਕੇਸ ਦਰਜ ਕਰ ਦਿੱਤੇ। ਕਰੋੜਾਂ ਦੀ ਜਾਇਦਾਦ ਸੜ ਕੇ ਤਬਾਹ ਹੋ ਗਈ ਹੈ। ਹਾਲਾਂਕਿ ਭਾਰਤ ਵਿਚ ਮੀਆਂਮੀਰ ਤੋਂ ਰੋਹਹਿੰਗੀਆ ਮੁਸਲਮਾਨ ਆ ਕੇ ਰਹਿ ਰਹੇ ਹਨ, ਹੁਣ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ। ਕੁਝ ਲੋਕ ਨਾਗਰਿਕਤਾ ਕਾਨੂੰਨ ਨੂੰ ਪੜ੍ਹੇ ਤੇ ਬਗੈਰ ਹੀ ਸੁਣੀ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰ ਰਹੇ ਹਨ।
      ਇਹ ਕਾਨੂੰਨ 1951 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਬਣਿਆਂ ਸੀ। ਇਸ ਕਾਨੂੰਨ ਦਾ ਸੰਬੰਧ ਗੁਆਂਢੀ ਦੇਸਾਂ ਵਿਚੋਂ ਘੱਟ ਗਿਣਤੀਆਂ ਦੇ ਆਉਣ ਵਾਲੇ ਸ਼ਰਨਾਰਥੀਆਂ ਨਾਲ ਹੈ, ਜਿਨ੍ਹਾਂ ਉਪਰ ਉੱਥੇ ਤਸ਼ੱਦਦ ਹੋ ਰਿਹਾ ਹੋਵੇ। । ਅੰਤਰ ਰਾਸ਼ਟਰੀ ਪੱਧਰ ਤੇ ਅਜਿਹੇ ਕਾਨੂੰਨ ਬਣਦੇ ਰਹਿੰਦੇ ਹਨ। ਇਸ ਕਾਨੂੰਨ ਨੂੰ ਵੀ ਅੰਤਰਰਾਸ਼ਟਰੀ ਤੌਰ ਤੇ ਮਾਣਤਾ ਪ੍ਰਾਪਤ ਹੈ। ਇਹ ਕਾਨੂੰਨ ਇਸਲਾਮਿਕ ਦੇਸਾਂ ਵਿਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੋਂ ਪ੍ਰਭਾਵਤ ਲੋਕਾਂ ਨੂੰ ਸ਼ਰਨ ਦੇਣ ਨਾਲ ਸੰਬੰਧਤ ਹੈ। ਹੁਣ ਭਾਰਤ ਸਰਕਾਰ ਸਮੇਂ ਦੀ ਸਥਿਤੀ ਦਾ ਬਹਾਨਾ ਬਣਾਕੇ ਇਸ ਕਾਨੂੰਨ ਨੂੰ ਅਪਡੇਟ ਕਰਨ ਦੇ ਬਹਾਨੇ ਕੱਟ ਵੱਢ ਕਰ ਰਹੀ ਹੈ। ਇਸ ਨਵੇਂ ਕਾਨੂੰਨ ਦੀ ਕੱਟ ਆਫ ਡੇਟ 31 ਦਸੰਬਰ 2014 ਬਣਾ ਦਿੱਤੀ ਹੈ। ਇਸ ਨਵੇਂ ਕਾਨੂੰਨ ਅਧੀਨ ਤਿੰਨ ਇਸਲਾਮਿਕ ਗੁਆਂਢੀ ਦੇਸਾਂ ਪਾਕਿਸਤਾਨ, ਅਫ਼ਗਾਨਸਤਾਨ ਅਤੇ ਬੰਗਲਾ ਦੇਸ ਵਿਚੋਂ ਹਿੰਦੂ, ਸਿੱਖ, ਈਸਾਈ, ਬੋਧੀ, ਪਾਰਸੀ ਅਤੇ ਜੈਨੀਆਂ ਨੂੰ ਭਾਰਤ ਵਿਚ ਸ਼ਰਨ ਲੈਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਮੁਸਲਮਾਨ ਵੀ ਸ਼ਾਮਲ ਸਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਕਾਨੂੰਨ ਨਾਲ ਭਾਰਤ ਵਿਚ ਰਹਿ ਰਹੇ ਮੁਸਲਮਾਨਾ ਤੇ ਕੋਈ ਅਸਰ ਨਹੀਂ ਪੈਣਾ। ਪ੍ਰੰਤੂ ਅਰਬ ਅਤੇ ਯੂ ਏ ਈ ਵਿਚ 40 ਲੱਖ ਅਤੇ ਖਾੜੀ ਦੇਸਾਂ ਵਿਚ 70 ਲੱਖ ਭਾਰਤੀ ਰਹਿ ਰਹੇ ਹਨ। ਸੰਸਾਰ ਵਿਚ 1 ਅਰਬ 80 ਕਰੋੜ ਮੁਸਲਮਾਨ ਵਸ ਰਹੇ ਹਨ। ਭਾਵੇਂ ਉਨ੍ਹਾਂ ਮੁਲਕਾਂ ਉਪਰ ਇਸ ਕਾਨੂੰਨ ਦਾ ਕੋਈ ਅਸਰ ਨਹੀਂ ਪੈਂਦਾ ਪ੍ਰੰਤੂ ਮੁਸਲਮਾਨਾ ਵਿਚ ਭਾਰਤੀਆਂ ਵਿਰੁਧ ਮੰਦ ਭਾਵਨਾ ਪੈਦਾ ਹਵੇਗੀ। ਸ੍ਰੀਮਤੀ ਇੰਦਰਾ ਗਾਂਧੀ ਨੇ ਪਾਕਿਸਤਾਨ ਨਾਲੋਂ ਬੰਗਲਾ ਦੇਸ ਵੱਖਰਾ ਦੇਸ ਬਣਾ ਦਿੱਤਾ ਸੀ ਕਿਉਂਕਿ ਭਾਰਤ ਨੂੰ ਪੂਰਬ, ਪੱਛਮ ਅਤੇ ਦੱਖਣ ਤਿੰਨਾਂ ਪਾਸਿਆਂ ਵੱਲੋਂ ਪਾਕਿਸਤਾਨ ਤੋਂ ਅਤੇ ਉਤਰ ਵਿਚ ਚੀਨ ਤੋਂ ਹਮੇਸ਼ਾ ਹਮਲੇ ਦਾ ਖ਼ਤਰਾ ਰਹਿੰਦਾ ਸੀ। ਬੰਗਲਾ ਦੇਸ਼ ਬਣਨ ਨਾਲ ਪੂਰਬ ਅਤੇ ਦੱਖਣ ਵੱਲੋਂ ਚਿੰਤਾ ਖ਼ਤਮ ਹੋ ਗਈ ਸੀ। ਆਸਾਮ ਬੰਗਲਾ ਦੇਸ ਦੇ ਨਾਲ ਲੱਗਦਾ ਹੈ, ਇਸ ਲਈ ਉਥੇ ਬੰਗਲਾ ਦੇਸ਼ ਤੋਂ 19 ਲੱਖ ਸ਼ਰਨਾਰਥੀ ਆ ਕੇ ਵਸੇ ਹੋਏ ਹਨ ਇਨ੍ਹਾਂ ਵਿਚ 16 ਲੱਖ ਹਿੰਦੂ ਅਤੇ 3 ਲੱਖ ਮੁਸਲਮਾਨ ਹਨ। ਆਸਾਮ ਨੂੰ ਤਾਂ ਭਾਰਤ ਦੇ ਸੰਵਿਧਾਨ ਦੀ 371 ਧਾਰਾ ਅਧੀਨ ਵਿਸ਼ੇਸ ਦਰਜਾ ਪ੍ਰਾਪਤ ਹੈ। ਬੰਗਲਾ ਦੇਸ ਨਾਲ ਭਾਰਤ ਦੇ ਸੰਬੰਧ ਵੀ ਚੰਗੇ ਹਨ। ਹੁਣ ਇਸ ਨਵੇਂ ਨਾਗਰਿਕ ਸੋਧ ਕਾਨੂੰਨ ਦੇ ਬਣਨ ਨਾਲ ਬੰਗਲਾ ਦੇਸ ਤੋਂ ਆਏ 19 ਲੱਖ ਸ਼ਰਨਾਰਥੀਆਂ ਵਿਚੋਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਦਾ ਭਵਿਖ ਖ਼ਤਰੇ ਵਿਚ ਪੈ ਗਿਆ, ਜੇ ਉਨ੍ਹਾਂ ਨੂੰ ਵਾਪਸ ਬੰਗਲਾ ਦੇਸ ਜਾਣਾ ਪਵੇਗਾ ਤਾਂ ਸਾਡੇ ਬੰਗਲਾ ਦੇਸ ਨਾਲ ਸੰਬੰਧ ਵਿਗੜਨਗੇ। ਜਿਸਦਾ ਪਾਕਿਸਤਾਨ ਅਤੇ ਚੀਨ ਲਾਭ ਉਠਾਉਣਗੇ ਤੇ ਭਾਰਤ ਨੂੰ ਆਂਢ ਗੁਆਂਢ ਤੋਂ ਚਾਰੇ ਪਾਸੇ ਤੋਂ ਖ਼ਤਰਾ ਪੈਦਾ ਹੋ ਜਾਵੇਗਾ। ਇਨ੍ਹਾਂ ਤਿੰਨਾ ਦੇਸਾਂ ਪਾਕਿਸਤਾਨ, ਅਫਗਾਸਿਤਾਨ ਅਤੇ ਬੰਗਲਾ ਦੇਸ ਵਿਚ ਲਗਪਗ 32 ਹਜ਼ਾਰ ਹਿੰਦੂ, ਸਿੱਖ ਅਤੇ ਈਸਾਈ ਵਸ ਰਹੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਉਹ ਸਾਰੇ ਭਾਰਤ ਵਿਚ ਵਾਪਸ ਆ ਜਾਣਗੇ, ਜਿਨ੍ਹਾਂ ਕਰਕੇ ਇਹ ਸੋਧ ਬਿਲ ਬਣਾਇਆ ਹੈ। ਅਫਗਾਨਿਸਤਾਨ ਵਿਚ ਤਾਂ ਹੁਣ ਹਿੰਦੂ ਸਿੱਖ ਬਹੁਤ ਖ਼ੁਸ਼ੀ ਨਾਲ ਰਹਿ ਰਹੇ ਹਨ। ਇਕ ਹੋਰ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਲਈ ਸ਼ਰਨਾਰਥੀ ਕੈਂਪ ਬਣਾਵਾਂਗੇ ਤਾਂ ਉਨ੍ਹਾਂ ਦਾ ਸਾਰਾ ਖ਼ਰਚਾ ਭਾਰਤ ਸਰਕਾਰ ਨੂੰ ਸਹਿਣਾ ਪਵੇਗਾ। ਫਿਰ ਇਸ ਕਾਨੂੰਨ ਬਣਾਉਣ ਦਾ ਭਾਰਤ ਨੂੰ ਕੀ ਲਾਭ ਹੋਇਆ ਨਾਲੇ ਅੰਤਰਰਾਸ਼ਟਰੀ ਤੌਰ ਤੇ ਬਦਨਾਮੀ ਖੱਟੀ ਹੈ। ਇਸ ਨਾਗਰਿਕਤਾ ਸੋਧ ਕਾਨੂੰਨ ਦਾ ਦੇਸ ਵਿਚ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਬਿਹਾਰ ਤੋਂ ਨਿਤਿਸ਼ ਕੁਮਾਰ ਜਿਹੜੇ ਦੋਵੇਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਹਨ, ਉਹ ਵੀ ਪਿਛੇ ਹੱਟ ਰਹੇ ਹਨ। ਇਹ ਉਨ੍ਹਾਂ ਦੀ ਦੂਹਰੀ ਨੀਤੀ ਹੈ। ਬਿਲ ਪਾਸ ਕਰਨ ਸਮੇਂ ਤਾਂ ਉਨ੍ਹਾਂ ਬਿਲ ਦੇ ਹੱਕ ਵਿਚ ਵੋਟਾਂ ਪਾਈਆਂ ਸਨ। ਹੁਣ ਅਜਿਹੇ ਬਿਆਨ ਦੇ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ ਕਾਨੂੰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਵੱਖਰੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ। ਇਸ ਕਾਨੂੰਨ ਨਾਲ ਰਾਸ਼ਟਰੀ ਨਾਗਰਿਕ ਰਜਿਸਟਰ ਜੋੜ ਦਿੱਤਾ ਹੈ। ਅਰਥਾਤ ਮਰਦਮਸ਼ੁਮਾਰੀ ਵਿਚ ਜ਼ਾਤ ਅਤੇ ਧਰਮ ਲਿਖਾਉਣਾ ਪਵੇਗਾ ਜਿਸ ਤੋਂ ਹਿੰਦੂਆਂ ਤੋਂ ਬਿਨਾ ਬਾਕੀ ਸਾਰੀਆਂ ਘੱਟ ਗਿਣਤੀਆਂ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਇਹ ਕਾਨੂੰਨ ਭਾਰਤ ਦੀ ਧਰਮ ਨਿਰਪੱਖਤਾ ਦੀ ਸੋਚ ਨੂੰ ਖੋਖਲਾ ਕਰਦਾ ਹੈ। ਸੰਸਾਰ ਵਿਚ ਭਾਰਤ ਦੇ ਧਰਮ ਨਿਰਪੱਖ ਅਕਸ ਨੂੰ ਧੱਬਾ ਲੱਗ ਗਿਆ ਹੈ। ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਦੇ ਤਾਜ਼ਾ ਬਿਆਨ ਵਿਚ ਵਿਚ ਉਸਨੇ ਕਿਹਾ ਹੈ ਕਿ ਭਾਰਤ ਦੇ 1 ਅਰਬ 30 ਕਰੋੜ ਨਾਗਰਿਕ ਹਿੰਦੂ ਹਨ ਜਾਣੀ ਕਿ ਭਾਰਤ ਦੀ ਸਾਰੀ ਅਬਾਦੀ ਹਿੰਦੂਆਂ ਦੀ ਹੈ। ਉਸਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਭਾਰਤ ਦੀਆਂ ਘੱਟ ਗਿਣਤੀ ਕੌਮਾ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਹ ਬਿਆਨ ਕੇਂਦਰ ਸਰਕਾਰ ਦੀ ਨੀਤੀਆਂ ਦਾ ਪ੍ਰਤੀਕ ਹੈ। ਭਾਰਤ ਵਿਚ ਘੱਟ ਗਿਣਤੀਆਂ ਦਾ ਅਸਤਿਤਵ ਖ਼ਤਰੇ ਵਿਚ ਪੈ ਗਿਆ ਹੈ। ਪਹਿਲੀ ਸੱਟੇ ਇਸ ਕਾਨੂੰਨ ਰਾਹੀਂ ਮੁਸਲਮਾਨਾ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਬਾਅਦ ਦੂਜੇ ਧਰਮਾ ਦੇ ਲੋਕਾਂ ਨਾਲ ਵੀ ਇਹੋ ਸਲੂਕ ਹੋਣ ਦੀ ਉਮੀਦ ਹੈ।
ਮੋਬਾਈਲ - 94178 13072
ujagarsingh48@yahoo.com