Ujagar Singh

20 ਜਨਵਰੀ ਨੂੰ ਸਹੁੰ ਚੁੱਕਣ ‘ਤੇ ਵਿਸ਼ੇਸ਼ : ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ - ਉਜਾਗਰ ਸਿੰਘ

ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿਖ ਦੀ ਉਸਾਰੀ ਵਿਚ   ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਨ ਅਤੇ ਜਿਹੋ ਜਹੇ ਹਾਲਾਤ ਵਿਚ ਉਹ ਵਿਚਰ ਰਿਹਾ ਹੁੰਦਾ ਹੈ, ਉਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਉਹ ਵਿਅਕਤੀ ਸਮਾਜ ਵਿਚ ਆਪਣਾ ਸਥਾਨ ਬਣਾਉਂਦਾ ਹੈ। ਅਮਰੀਕਾ ਦੀਆਂ ਤਿੰਨ ਨਵੰਬਰ 2020 ਨੂੰ ਹੋਈਆਂ ਜਨਰਲ ਚੋਣਾਂ ਵਿਚ ਪਹਿਲੀ ਅਮਰੀਕੀ ਸਿਆਫਮ ਤੇ ਦੱਖਣ ਏਸ਼ੀਆਈ ਮੂਲ ਦੀ ਇਸਤਰੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਕੇ ਉਪ ਰਾਸ਼ਟਰਪਤੀ ਬਣਨ ਅਤੇ ਉਸਦੇ ਵਿਅਕਤਿਤਵ ਦੇ ਉਭਰਨ ਵਿਚ ਇਹ ਤਿੰਨੋ ਗੱਲਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਮਲਾ ਹੈਰਿਸ ਦੇ ਪਰਿਵਾਰ ਦੀ  ਵਿਰਾਸਤ ਨਾਨਾ ਅਤੇ ਨਾਨੀ ਦੋਵੇਂ ਸਵਤੰਤਰਤਾ ਸੰਗਰਾਮੀ, ਉਸਦੇ ਮਾਤਾ ਪਿਤਾ ਅਮਰੀਕਾ ਵਰਗੇ ਦੇਸ ਵਿਚ ਸਿਆਫਮ ਲੋਕਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ, ਉਸਦਾ ਪਾਲਣ ਪੋਸ਼ਣ ਆਜ਼ਾਦ ਖਿਆਲਾਤ ਵਾਲੇ ਵਾਤਵਰਨ ਅਤੇ ਉਚ ਪੜ੍ਹਾਈ ਸਮੇਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਵਿਚ ਕੰਮ ਕਰਨ ਕਰਕੇ ਨੇਤਾਗਿਰੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਮਿਲਦਾ ਰਿਹਾ। ਜਿਸ ਤਰ੍ਹਾਂ ਸੰਸਾਰ ਵਿਚ ਭਾਰਤੀ ਆਪਣੀਆਂ ਸਿਆਸੀ ਜਿੱਤਾਂ ਦੇ ਝੰਡੇ ਗੱਡੀ ਜਾ ਰਹੇ ਹਨ, ਉਸੇ ਲੜੀ ਵਿਚ ਕਮਲਾ ਦੇਵੀ ਹੈਰਿਸ ਭਾਰਤੀ ਮੂਲ ਦੀ ਪਹਿਲੀ ਇਸਤਰੀ ਹੈ, ਜਿਹੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਇਸ ਤੋਂ ਪਹਿਲਾਂ ਕੋਈ ਅਮਰੀਕਨ ਇਸਤਰੀ ਵੀ ਇਸ ਅਹੁਦੇ ਤੱਕ ਨਹੀਂ ਪਹੁੰਚ ਸਕੀ ਸੀ। ਉਹ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੀ ਹੈ। ਕਮਲਾ ਦੇਵੀ ਹੈਰਿਸ ਦੇ ਨਾਨਾ ਪੀ ਵੀ ਗੋਪਾਲਨ ਅਤੇ ਨਾਨੀ ਰਾਜਮ ਗੋਪਾਲਨ ਦੋਵੇਂ ਭਾਰਤ ਵਿਚ ਸੁਤੰਤਰਤਾ ਸੰਗਰਾਮੀਏ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਸਿਆਸਤ ਦੀ ਗੁੜ੍ਹਤੀ ਕਮਲਾ ਹੈਰਿਸ ਨੂੰ ਆਪਣੇ ਨਾਨਾ ਅਤੇ ਨਾਨੀ ਦੀ ਪ੍ਰੇਰਨਾ ਨਾਲ ਹੀ ਮਿਲੀ ਸੀ। ਉਨ੍ਹਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦੇ ਦਫਤਰ ਵਿਚ ਸੰਯੁਕਤ ਸਕੱਤਰ ਦੇ ਤੌਰ ਤੇ ਕੰਮ ਕਰਦੇ ਰਹੇ ਸਨ। ਅਮਰੀਕਾ ਵਿਚ ਕਮਲਾ ਹੈਰਿਸ ਦੀ ਮਾਤਾ ਅਤੇ ਪਿਤਾ ਵੀ ਦੋਵੇਂ ਹੀ ਕਾਲੇ ਲੋਕਾਂ ਦੇ ਹੱਕਾਂ ਲਈ ਜਦੋਜਹਿਦ ਕਰਦੇ ਰਹੇ ਹਨ। ਲਿਖਣ ਤੋਂ ਭਾਵ ਸਿਆਸਤ ਕਮਲਾ ਹੈਰਿਸ ਦੇ ਖ਼ੂਨ ÇÎਵਚ ਹੈ।
    ਪੀ ਵੀ ਗੋਪਾਲਨ ਤਾਮਿਲਨਾਡੂ ਦੇ ਕਾਵੇਰੀ ਨਦੀ ਤੇ ਕੰਢੇ ਤੇ ਵਸੇ ਪਿੰਡ ਤੁਲਾਸੈਂਦਰਾਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅਗਾਂਹਵਧੂ ਵਿਚਾਰਧਾਰਾ ਵਾਲਾ ਅਤੇ ਪੜਿ੍ਹਆ ਲਿਖਿਆ ਪਰਿਵਾਰ ਸੀ। ਕਮਲਾ ਹੈਰਿਸ ਦਾ ਨਾਨਕਾ ਪਿੰਡ ਉਸਦੇ ਨਾਨਾ ਦੇ ਪਿੰਡ ਦੇ ਨਾਲ ਲਗਦਾ ਪਾਇੰਗਾਨਾਇਡੂ ਸੀ। ਉਨ੍ਹਾਂ ਦੇ ਨਾਨਾ ਨਾਨੀ ਦਿੱਲੀ ਵਿਚ ਆ ਕੇ ਵਸ ਗਏ ਸਨ। ਕਮਲਾ ਹੈਰਿਸ ਦੀ ਮਾਂ ਸ਼ਿਆਮਾਲਾ ਗੋਪਾਲਨ 1958 ਵਿਚ 19 ਸਾਲ ਦੀ ਉਮਰ ਵਿਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਨਿਊਟਰੀਸ਼ਨ ਦੀ ਪੜ੍ਹਾਈ ਕਰਨ ਲਈ ਆਏ ਸਨ। ਉਨ੍ਹਾਂ ਦਿਨਾ ਵਿਚ ਕੋਈ ਟਾਵਾਂ ਟਾਵਾਂ ਭਾਰਤੀ ਹੀ ਅਮਰੀਕਾ ਪੜ੍ਹਨ ਲਈ ਆਉਂਦਾ ਸੀ। ਯੂਨੀਵਰਸਿਟੀ ਵਿਚ ਸਿਆਫਮ ਵਿਦਿਆਰਥੀ ਹਫਤੇ ਵਿਚ ਇਕ ਦਿਨ ਆਪਣੀਆਂ ਸਮੱਸਿਆਵਾਂ ਅਤੇ ਹੱਕਾਂ ਲਈ ਆਪਸ ਵਿਚ ਮਿਲਕੇ ਵਿਚਾਰ ਵਟਾਂਦਰਾ ਕਰਦੇ ਸਨ। ਡੌਨਾਲਡ ਜੇ ਹੈਰਿਸ ਜਮਾਇਕਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਸ਼ਿਅਮਾਲਾ ਗੋਪਾਲਨ ਦੇ ਭਾਸ਼ਣ ਤੋਂ ਡੌਨਲਡ ਜੇ ਹੈਰਿਸ ਪ੍ਰਭਾਵਤ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਿਆਹ ਪੜ੍ਹਾਈ ਦੌਰਾਨ ਹੀ ਹੋ ਗਿਆ। ਪੜ੍ਹਾਈ ਕਰਕੇ ਸ਼ਿਆਮਾਲਾ ਨੇ ਇਸਤਰੀਆਂ ਦੀ ਛਾਤੀ ਦੇ ਕੈਂਸਰ ਦੇ ਵਿਸ਼ੇ ‘ਤੇ  1964 ਵਿਚ ਪੀ ਐਚ ਡੀ ਕਰਕੇ ਸਾਇੰਟਿਸਟ ਬਣ ਗਏ। ਉਨ੍ਹਾਂ ਦੇ ਦੋ ਲੜਕੀਆਂ ਕਮਲਾ ਦੇਵੀ ਹੈਰਿਸ ਅਤੇ ਮਾਇਆ ਦੇਵੀ ਹੈਰਿਸ ਪੈਦਾ ਹੋਈਆਂ। ਸਿਆਮਲਾ ਗੋਪਾਲਨ ਹੈਰਿਸ ਦਾ ਪਤੀ ਸਟੈਂਡਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗ ਗਿਆ ਪ੍ਰੰਤੂ ਸ਼ਿਆਮਲਾ ਉਥੇ ਜਾਣਾ ਨਹੀਂ ਚਾਹੁੰਦੇ ਸਨ। ਫਿਰ ਇਸੇ ਤਕਰਾਰਬਾਜ਼ੀ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਜਿਵੇਂ ਅਮਰੀਕਾ ਵਰਗੇ ਦੇਸ ਵਿਚ ਹਰ ਮਰਦ ਤੇ ਇਸਤਰੀ ਨੂੰ ਆਪੋ ਆਪਣੀ ਜ਼ਿੰਦਗੀ ਜਿਓਣ ਦੀ ਆਜ਼ਾਦੀ ਹੈ, ਇਹ ਵਿਆਹ ਵੀ ਉਸੇ ਆਜ਼ਾਦੀ ਦੀ ਭੇਂਟ ਚੜ੍ਹ ਗਿਆ। ਸ਼ਿਆਮਾਲਾ ਦਾ ਆਪਣੇ ਪਤੀ ਡੌਨਾਲਡ ਜੇ ਹੈਰਿਸ ਨਾਲੋਂ ਤਲਾਕ ਉਦੋਂ ਹੋ ਗਿਆ ਜਦੋਂ ਕਮਲਾ ਅਜੇ 7 ਸਾਲ ਦੇ ਸਨ। ਅਮਰੀਕਾ ਵਰਗੇ ਦੇਸ਼ ਵਿਚ ਇਕੱਲੀ ਇਸਤਰੀ ਨੂੰ ਪਰਦੇਸ ਵਿਚ, ਜਿਥੇ ਉਨ੍ਹਾਂ ਨੂੰ ਕੋਈ ਬਹੁਤਾ ਜਾਣਦਾ ਵੀ ਨਾ ਹੋਵੇ, ਲਈ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਮੱਸਿਆ ਖੜ੍ਹੀ ਹੋ ਗਈ। ਸ਼ਿਆਮਾਲਾ ਨੇ ਸਖਤ ਮਿਹਨਤ ਕਰਕੇ ਦਲੇਰੀ ਨਾਲ ਆਪਣੀਆਂ ਦੋਵੇਂ ਲੜਕੀਆਂ ਦੀ ਪਾਲਣ ਪੋਸ਼ਣ ਕੀਤੀ ਅਤੇ ਪੜ੍ਹਾਇਆ। ਕਮਲਾ ਹੈਰਿਸ ਨੇ ਮਾਂ ਬਾਪ ਦੇ ਤਲਾਕ ਤੋਂ ਬਾਅਦ ਵੀ ਆਪਣੇ ਪਿਤਾ ਨਾਲ ਆਪਣੇ ਸੰਬੰਧ ਬਰਕਰਾਰ ਰੱਖੇ। ਕਮਲਾ ਹੈਰਿਸ ਆਪਣੇ ਨਾਨਾ ਤੋਂ ਬਹੁਤ ਪ੍ਰਭਾਵਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਮਾਂ ਨੂੰ ਅਮਰੀਕਾ ਵਿਚ ਪੜ੍ਹਨ ਲਈ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਆਪਣੇ ਨਾਨਾ ਦੇ ਪਦ ਚਿੰਨਾਂ ਤੇ ਚਲਣ ਦੀ ਇੱਛਾ ਰਖਦੀ ਸੀ। ਕਮਲਾ ਹੈਰਿਸ ਦੀ ਮਾਤਾ ਕਿਉਂਕਿ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੀ। ਇਸ ਲਈ ਬੱਚਿਆਂ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਉਨ੍ਹਾਂ ਦੀ ਮਾਤਾ ਨੇ ਬੱਚਿਆਂ ਨੂੰ ਅਜਿਹੀ ਸਿਖਿਆ ਦਿੱਤੀ ਕਿ ਲੋਕਾਂ ਨੂੰ ਇਹ ਦੱਸਣਾ ਨਾ ਪਵੇ ਕਿ ਅਸੀਂ ਕੀ ਹਾਂ, ਸਗੋਂ ਉਨ੍ਹਾਂ ਦੀ ਕਾਬਲੀਅਤ ਹੀ ਲੋਕਾਂ ਨੂੰ ਦੱਸੇ ਕਿ ਉਹ ਕੀ ਹਨ ? ਕਮਲਾ ਹੈਰਿਸ ਦੀ ਮਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦਿੰਦੀ ਰਹੀ ਕਿ ਹਰ ਨੌਕਰੀ ਭਾਵੇਂ ਛੋਟੀ ਜਾਂ ਵੱਡੀ ਹੋਵੇ, ਉਸਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਜਿਹੜੀ ਵੀ ਨੌਕਰੀ ਹੋਵੇ, ਉਸਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾਵੇ। ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਵੀ ਪ੍ਰੇਰਨਾ ਸਰੋਤ ਬਣਾਇਆ ਅਤੇ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣਾ ਸ਼ੁਰੂ ਕਰ ਦਿੱਤਾ। ਕਮਲਾ ਹੈਰਿਸ ਨੇ ਆਪਣੀ ਮਾਂ ਦੀ ਤਰ੍ਹਾਂ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਜਥੇਬੰਦੀ Îਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਆਫਮ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ। ਕਮਲਾ ਹੈਰਿਸ ਦਾ ਵਿਆਹ ਵੀ ਉਨ੍ਹਾਂ ਦੀ ਮਾਤਾ ਦੀ ਤਰ੍ਹਾਂ ਬਹੁਤੀ ਦੇਰ ਨਾ ਚਲਿਆ । ਉਨ੍ਹਾਂ ਦੇ ਦੋ ਬੱਚੇ ਕੋਲ ਐਮਹੌਫ ਅਤੇ ਈਲਾ ਹਨ। ਫਿਰ ਉਨ੍ਹਾਂ 2014 ਵਿਚ ਦੁਬਾਰਾ ਡੌਗਲਸ ਐਮਹਾਫ ਨਾਲ ਵਿਆਹ ਕਰਵਾ ਲਿਆ।
  ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆਂ ਦੇ ਓਕਲੈਂਡ ਵਿਚ ਹੋਇਆ।  ਉਨ੍ਹਾਂ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਸੇਂਟ ਵੈਸਟ ਮਾਊਂਟ ਹਾਈ ਸਕੂਲ ਵਿਚੋਂ 1981 ਵਿਚ ਮੁਕੰਮਲ ਕਰ ਲਈ। ਉਸਤੋਂ ਬਾਅਦ ਹਾਵਰਡ ਯੂਨੀਵਰਸਿਟੀ ਵਿਚੋਂ ਅੰਡਰ ਗ੍ਰੈਜੂਏਸ਼ਨ 1986 ਵਿਚ ਪਾਸ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਦਾ ਕੈਲੇਫੋਰਨੀਆਂ ਦੇ ਹਾਸਟਿੰਗ ਕਾਲਜ ਆਫ ਲਾਅ ਵਿਚ ਦਾਖਲਾ ਲੈ ਲਿਆ ਅਤੇ 1989 ਵਿਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਯੂਨੀਵਰਸਿਟੀ ਵਿਚ ਬਲੈਕ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੇ ਹਨ। ਡੈਮੋਕਰੈਟਿਕ ਪਾਰਟੀ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਜੁੜੇ ਹੋਏ ਸਨ। 1990 ਵਿਚ ਕਮਲਾ ਹੈਰਿਸ ਕੈਲੇਫੋਰਨੀਆ ਦੀ ਬਾਰ ਦੀ ਮੈਂਬਰ ਬਣ ਗਈ। ਲਾਅ ਦੀ ਡਿਗਰੀ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਅਲਾਮਡਾ ਕਾਊਂਟੀ ਦੀ ਜਿਲ੍ਹਾ ਅਟਾਰਨੀ ਦੇ ਤੌਰ ਤੇ ਕੰਮ ਕੀਤਾ। 2003 ਵਿਚ ਸਨਫਰਾਂਸਿਸਕੋ ਦੇ ਜਿਲ੍ਹਾ ਅਟਾਰਨੀ ਬਣ ਗਏ ਜਿਥੇ ਦੋ ਟਰਮਾਂ ਕੰਮ ਕਰਦੇ ਰਹੇ।  ਏਥੇ ਕੰਮ ਕਰਦਿਆਂ ਉਨ੍ਹਾਂ ਨਸ਼ਿਆਂ ਨਾਲ ਸੰਬੰਧਤ ਗੁਨਾਹਗਾਰਾਂ ਨੂੰ ਹਾਈ ਸਕੂਲ ਡਿਪਲੋਮਾ ਕਰਨ ਦੀ ਇਜ਼ਾਜ਼ਤ ਦੇ ਕੇ ਆਪਣਾ ਗੁਜ਼ਾਰਾ ਆਪ ਕਰਨ ਦੇ ਯੋਗ
 ਬਣਨ ਦੇ ਮੌਕੇ ਦਿੱਤੇ। ਜਦੋਂ ਉਨ੍ਹਾਂ ਦਾ ਕਾਨੂੰਨ ਦੇ ਖੇਤਰ ਵਿਚ ਨਾਮ ਬਣ ਗਿਆ ਤਾਂ ਉਹ  2010 ਵਿਚ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਦੁਬਾਰਾ 2014 ਵਿਚ ਉਹ ਫਿਰ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਇਸਤਰੀ ਉਹ ਵੀ ਸਿਆਫਮ ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ ਹੈ।  ਕਮਲਾ ਹੈਰਿਸ 2016 ਵਿਚ ਪਹਿਲੀ ਵਾਰੀ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ। ਉਹ ਸੈਨਟ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਰਹੀ ਹੈ। ਸੈਨਟ ਦੀ ਮੈਂਬਰ ਬਣਨ ਵਾਲੀ ਉਹ ਦੂਜੀ ਸਿਆਫਮ ਇਸਤਰੀ ਹੈ। ਸੈਨਟ ਦੀ ਮੈਂਬਰ ਹੁੰਦਿਆਂ ਉਨ੍ਹਾਂ ਹੈਲਥ ਕੇਅਰ, ਸਿਟੀਜ਼ਨਸ਼ਿਪ, ਇਮੀਗਰੇਸ਼ਨ, ਟੈਕਸ ਰਿਫਾਰਮਜ਼ ਅਤੇ ਹਥਿਆਰਾਂ ਤੇ ਪਾਬੰਦੀ ਆਦਿ ਵਿਸ਼ਿਆਂ ਤੇ ਵਿਸ਼ੇਸ਼ ਤੌਰ ਤੇ ਕੰਮ ਕੀਤਾ। ਸੈਨਟ ਵਿਚ ਡੋਨਾਲਡ ਟਰੰਪ ਦੇ ਗ਼ਲਤ ਫੈਸਲਿਆਂ ਉਪਰ ਉਨ੍ਹਾਂ ਬਹਿਸ ਵਿਚ ਅਜਿਹੇ ਢੰਗ ਨਾਲ ਹਿੱਸਾ ਲਿਆ ਅਤੇ ਡੌਨਾਲਡ ਟਰੰਪ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਖਾਸ ਤੌਰ ਤੇ ਜਦੋਂ ਟਰੰਪ ਪ੍ਰਬੰਧ ਨੇ ਸੁਪਰੀਮ ਕੋਰਟ ਦੇ ਇਕ ਅਜਿਹੇ ਵਿਅਕਤੀ ਨੂੰ ਜੱਜ ਨਿਯੁਕਤ ਕਰ ਦਿੱਤਾ, ਜਿਹੜਾ ਸੈਕਸ ਸਕੈਂਡਲ ਦਾ ਦੋਸ਼ੀ ਸੀ। ਜਿਸ ਤੋਂ ਬਾਅਦ ਕਮਲਾ ਹੈਰਿਸ ਸੁਰਖੀਆਂ ਵਿਚ ਆ ਗਈ। ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕਰੈਟਿਕ ਪਾਰਟੀ ਵਿਚ ਨਾਮਜ਼ਦਗੀ ਲਈ ਦਾਅਵਾ ਪੇਸ਼ ਕੀਤਾ ਸੀ ਪ੍ਰੰਤੂ ਪਾਰਟੀ ਦਾ ਬਹੁਮਤ ਜੋਅ ਬਾਇਡਨ ਨਾਲ ਹੋਣ ਦੇ ਹੰਦੇਸੇ ਕਰਕੇ ਉਨ੍ਹਾਂ ਪ੍ਰਾਇਮਰੀ ਵਿਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਫਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ ਕਰਕੇ ਸਿਆਫਮ ਵੋਟਰ ਡੈਮੋਕਰੈਟ ਉਮੀਦਵਾਰ ਨੂੰ ਵੋਟਾਂ ਪਾਉਣਗੇ। । ਜੇਕਰ ਸਿਆਸੀ ਪੜਚੋਲਕਾਰਾਂ ਦੀ ਮੰਨੀਏਂ ਤਾਂ ਜੋਅ ਬਾਇਡਨ ਦੀ ਜਿੱਤ ਵਿਚ ਸਿਆਫਮ ਲੋਕਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਕਮਲਾ ਹੈਰਿਸ ਸਿਆਫਮ ਹੋਣ ਕਰਕੇ ਬਹੁਤੇ ਕਾਲੇ ਲੋਕਾਂ ਨੇ ਜੋਅ ਬਾਇਡਨ ਨੂੰ ਵੋਟਾਂ ਪਾ ਦਿੱਤੀਆਂ । 3 ਨਵੰਬਰ 2020  ਵਿਚ ਹੋਈਆਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਦੋ ਭਾਰਤੀ ਮੂਲ ਦੀਆਂ ਇਸਤਰੀਆਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤਿ੍ਰਪਨਾਨ ਹਨ।  ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਦੇਸ ਦੀ ਮੂਲ ਨਿਵਾਸੀ ਇਸਤਰੀ ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰਿਕ ਦੇਸ਼ ਅਮਰੀਕਾ ਦੀ ਉਪ ਰਾਸ਼ਟਰਪਤੀ ਚੁੱਣੀ ਗਈ  ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                    ਮੋਬਾਈਲ-94178 13072   
ujagarsingh48@yahoo.com   

ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਪ੍ਰਸੰਗਕ ਕਰ ਦਿੱਤੀਆਂ - ਉਜਾਗਰ ਸਿੰਘ

ਕਿਸਾਨ ਅੰਦੋਲਨ ਨੇ ਫਿਲਹਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰਸੰਗਕ ਕਰਕੇ ਵਾਹਣੇ ਪਾ ਦਿੱਤਾ ਹੈ। ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਆਪੋ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਭਾਵੇਂ ਕਿਸਾਨ ਅੰਦੋਲਨ ਵਿਚ ਸਿਆਸਤਦਾਨਾ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ ਤਾਂ ਵੀ ਕਿਸਾਨ ਅੰਦੋਲਨ ਸਿਖਰਾਂ ਤੇ ਪਹੁੰਚ ਗਿਆ ਹੈ। ਰਾਜਨੀਤਕ ਪਾਰਟੀਆਂ ਦਾ ਘੁਮੰਡ ਕਿਸਾਨ ਅੰਦੋਲਨ ਨੇ ਤੋੜਕੇ ਰੱਖ ਦਿੱਤਾ ਹੈ ਕਿ ਲੋਕ ਉਨ੍ਹਾਂ ਦੇ ਬਿਨਾ ਹੋਰ ਕਿਸੇ ਦੀ ਸੁਣਦੇ ਨਹੀਂ। ਕਿਸਾਨਾ ਨੇ ਕੇਂਦਰ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਆਪਣੀ ਤਾਕਤ ਦਾ  ਅਜੇ ਤਾਂ ਨਮੂਨਾ ਹੀ ਵਿਖਾਇਆ ਹੈ। ਇਸ ਅੰਦੋਲਨ ਦਾ ਸੰਕੇਤ ਇਹ ਹੈ ਕਿ ਹੁਣ ਸਿਆਸਦਾਨ ਕਿਸਾਨਾ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਨਹੀਂ ਵਟੋਰ ਸਕਦੇ ਸਗੋਂ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨਾ ਪਵੇਗਾ। ਇਸ ਅੰਦੋਲਨ ਨੇ ਕਿਸਾਨਾ ਵਿਚ ਜਾਗ੍ਰਤੀ ਪੈਦਾ ਕਰ ਦਿੱਤੀ ਹੈ। ਹੁਣ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦਾ ਖਿਲਾਫੀ ਨਹੀਂ ਕਰ ਸਕਣਗੀਆਂ। ਭਰਿਸ਼ਟਾਚਾਰ ਨੂੰ ਲਗਾਮ ਵੀ ਲੱਗਣ ਦੀ ਉਮੀਦ ਬੱਝੇਗੀ। ਤਿੰਨ ਖੇਤੀ ਕਾਨੂੰਨਾ ਨੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਮੌਕਾ ਦੇ ਕੇ ਅਜਿਹੀ ਜਾਗ੍ਰਤੀ ਪੈਦਾ ਕੀਤੀ ਹੈ ਕਿ ਉਹ ਛੇਤੀ ਕੀਤਿਆਂ ਗੁਮਰਾਹ ਨਹੀਂ ਹੋਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾ ਦੇ ਵਿਰੁਧ ਦਿੱਲੀ ਦੀ ਸਰਹੱਦ ਤੇ ਸ਼ੁਰੂ ਕੀਤੇ ਗਏ ਅੰਦੋਲਨ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ਤੇ ਕਰ ਦਿੱਤੀਆਂ ਹਨ। ਕਿਸਾਨ ਅੰਦੋਲਨ ਇਸ ਸਮੇਂ ਪੰਜਾਬ ਦਾ ਹੀ ਨਹੀਂ ਸਗੋਂ ਦੇਸ ਦਾ ਲੋਕ ਅੰਦੋਲਨ ਬਣ ਗਿਆ ਹੈ। ਪੰਜਾਬੀ ਕਿਸਾਨਾ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਹੈ। ਸਿਆਸੀ ਪਾਰਟੀਆਂ ਵਿਚ ਹਲਚਲ ਮੱਚ ਗਈ ਹੈ ਕਿ ਕਿਤੇ ਇਹ ਸਿਆਸੀ ਮੰਚ ਬਣਾਕੇ ਉਨ੍ਹਾਂ ਨੂੰ ਤੁਰਦੀਆਂ ਨਾ ਕਰ ਦੇਣ।
       ਪੰਜਾਬੀ ਸੰਸਾਰ ਵਿਚ ਇਕ ਚੇਤਨ ਅਤੇ ਉਦਮੀ ਕੌਮ ਤੇ ਤੌਰ ਤੇ ਜਾਣੇ ਜਾਂਦੇ ਹਨ। ਦੇਸ ਨੂੰ ਕਦੀਂ ਵੀ ਕੋਈ ਸਮੱਸਿਆ ਆਈ ਤਾਂ ਹਮੇਸ਼ਾ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਵੇਂ ਆਜ਼ਾਦੀ ਦੀ ਜਦੋਜਹਿਦ ਹੋਵੇ ਜਾਂ ਸਰਹੱਦਾਂ ‘ਤੇ ਗੁਆਢੀ ਦੇਸਾਂ ਨੇ ਭਾਰਤ ਨੂੰ ਵੰਗਾਰਿਆ ਹੋਵੇ, ਪੰਜਾਬੀਆਂ ਨੇ ਤਨੋ ਮਨੋ ਮੋਹਰੀ ਬਣਕੇ ਲੜਾਈ ਲੜੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹੇ ਹਨ। ਕਿਸਾਨ ਅੰਦੋਲਨ ਨੇ ਇਹ ਭੁਲੇਖੇ ਦੂਰ ਕਰ ਦਿੱਤੇ ਹਨ ਜਾਂ ਇਉਂ ਕਹਿ ਲਓ ਕਿ ਪੰਜਾਬੀ ਨੌਜਵਾਨਾ ਨੇ ਆਪਣੇ ਵਿਵਹਾਰ ਵਿਚ ਸੁਧਾਰ ਕਰ ਲਿਆ ਹੈ। ਕਿਸਾਨ ਅੰਦੋਲਨ ਵਿਚ ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਦਿ੍ਰੜ੍ਹਤਾ ਨੇ ਪੰਜਾਬੀਆਂ ਦੀ ਵਿਰਾਸਤੀ ਹਿੰਮਤ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਨੂੰ ਸਮੁਚੇ ਦੇਸ਼ ਦੇ ਕਿਸਾਨਾ ਨੇ ਹੀ ਨਹੀਂ ਸਗੋਂ ਆਮ ਲੋਕਾਂ ਨੇ ਵੀ ਮਾਣਤਾ ਦੇ ਕੇ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ। ਨੌਜਵਾਨਾਂ, ਇਸਤਰੀਆਂ ਅਤੇ ਬਜ਼ੁਰਗਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਰਾਜਨੀਤਕ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ।  ਇਸ ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮਹੱਤਤਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਨੇੜੇ ਵੀ ਫਟਕਣ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਫਿਰ ਵੀ ਲੁਕ ਛਿਪਕੇ ਅੰਦੋਲਨ ਵਿਚ ਵਿਖਾਵੇ ਲਈ ਹਾਜ਼ਰੀ ਲਵਾ ਰਹੇ ਹਨ। ਅੰਦੋਲਨ ਵਿਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਪਾਰਟੀ ਦੇ ਤੌਰ ਤੇ ਨਹੀਂ ਕਿਸਾਨ ਜਾਂ ਕਿਸਾਨ ਹਮਾਇਤੀ ਹੋਣ ਕਰਕੇ ਅੰਦਲੋਨ ਦਾ ਹਿੱਸਾ ਬਣ ਰਹੇ ਹਨ। ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦਾ ਅੰਦੋਲਨ ਵਿਚ ਆਉਣਾ ਸਿਆਸੀ ਮਜ਼ਬੂਰੀ ਵੀ ਹੈ। ਜੇ ਉਹ ਅੰਦੋਲਨ ਦਾ ਹਿੱਸਾ ਨਹੀਂ ਬਣਦੇ ਪਿੰਡਾਂ ਵਿਚ ਰਹਿਣਾ ਉਨ੍ਹਾਂ ਦਾ ਦੁੱਭਰ ਹੋ ਜਾਵੇਗਾ।  ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਵੱਡੀਆਂ ਮੁੱਖ ਸਿਆਸੀ ਪਾਰਟੀਆਂ ਹੋਣ ਕਰਕੇ ਹੁਣ ਤੱਕ ਬਦਲ ਬਦਲਕੇ ਸਰਕਾਰਾਂ ਬਣਾਉਂਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਪਹਿਲੀ ਵਾਰੀ 2014 ਵਿਚ ਸਿਆਸੀ ਤੌਰ ਸਾਹਮਣੇ ਆਈ ਸੀ। ਚਾਰ ਲੋਕ ਸਭਾ ਦੀਆਂ ਸੀਟਾਂ ਵੀ ਜਿੱਤ ਗਈ ਸੀ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਹੈ। ਆਮ ਆਦਮੀ ਪਾਰਟੀ ਜਿਹੜੀ ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਅਤੇ ਅਕਾਲੀ ਦਲ ਦੇ ਬਦਲ ਵਜੋਂ ਉਭਰਕੇ ਸਿਆਸੀ ਸੀਨ ਤੇ ਆਈ ਸੀ, ਉਹਦਾ ਮੁੱਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਸਾਬਤ ਹੋ ਚੁੱਕਾ ਹੈ। ਉਸਨੇ ਇੱਕ ਖੇਤੀਬਾੜੀ ਕਾਨੂੰਨ ਨੂੰ ਤਾਂ ਦਿੱਲੀ ਵਿਚ ਲਾਗੂ ਵੀ ਕਰ ਦਿੱਤਾ ਹੈ। ਉਸਨੇ ਖੇਤੀਬਾੜੀ ਕਾਨੂੰਨਾ ਨੂੰ ਵਿਧਾਨ ਸਭਾ ਵਿਚ ਪਾੜਨ ਦਾ ਨਾਟਕ ਵੀ ਕੀਤਾ ਹੈ। ਫਿਰ ਵੀ ਉਸਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਖਿਚੋਤਾਣ ਵੀ ਉਨ੍ਹਾਂ ਦੇ ਅਕਸ ਨੂੰ ਧੱਬਾ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਭਾਵੇਂ ਕੌਮੀ ਪਾਰਟੀ ਹੈ ਪ੍ਰੰਤੂ ਉਹ ਵੀ ਪੰਜਾਬ ਵਿਚ ਇਕੱਲੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਭਾਰਤੀ ਜਨਤਾ ਪਾਰਟੀ ਤਾਂ ਸਿੱਧੇ ਤੌਰ ਤੇ ਹਾਸ਼ੀਏ ਤੇ ਚਲੀ ਗਈ ਹੈ ਕਿਉਂਕਿ ਕਿਸਾਨ ਵਿਰੋਧੀ ਕਾਨੂੰਨ ਹੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਬਣਾਏ ਹਨ। ਸੀ ਪੀ ਆਈ, ਸੀ ਪੀ ਐਮ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਬਾਕੀ ਧੜੇ ਵੀ ਇਕੱਲੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਏ ਅਤੇ ਨਾ ਹੋ ਸਕਦੇ ਹਨ। ਕਿਸੇ ਦੂਜੀ ਪਾਰਟੀ ਨਾਲ ਰਲਕੇ ਹੀ ਚੋਣਾਂ ਜਿਤਦੇ ਰਹੇ ਹਨ। ਇਸ ਅੰਦੋਲਨ ਨੇ ਸਾਰੀਆਂ ਪਾਰਟੀਆਂ ਨੂੰ ਢਾਹ ਲਾਈ ਹੈ। ਸ਼ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਹਾਸ਼ੀਏ ਤੇ ਜਾ ਚੁੱਕਾ ਸੀ ਪ੍ਰੰਤੂ ਕੇਂਦਰੀ ਮੰਤਰੀ ਦੀ ਕੁਰਸੀ ਦੇ ਲਾਲਚ ਨੇ ਅਕਾਲੀ ਦਲ ਦਾ ਅਕਸ ਮਿੱਟੀ ਵਿਚ ਮਿਲਾ ਦਿੱਤਾ ਹੈ। ਰਹਿੰਦੇ ਖੂੰਹਦੇ ਆਧਾਰ ਨੂੰ ਵੀ ਖ਼ੋਰਾ ਲੱਗ ਗਿਆ ਕਿਉਂਕਿ ਅਕਾਲੀ ਦਲ ਦੇ ਨੁਮਾਇੰਦੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕੇਂਦਰੀ ਮੰਤਰੀ ਮੰਡਲ ਵਿਚ ਆਰਡੀਨੈਂਸਾਂ ਨੂੰ ਪਾਸ ਕਰਨ ਵਾਲੀ ਮੀਟਿੰਗ ਵਿਚ ਹਾਜ਼ਰ ਸਨ। ਹਾਲਾਂ ਕਿ ਅਕਾਲੀ ਦਲ ਕਿਸਾਨਾ ਦੀ ਹਮਾਇਤੀ ਪਾਰਟੀ ਕਹਾਉਂਦਾ ਸੀ। ਉਹ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਤਿੰਨਾ ਕਾਨੂੰਨਾ ਦੇ ਆਰਡੀਨੈਂਸਾਂ ਨੂੰ ਸਹੀ ਕਹਿੰਦੇ ਰਹੇ। ਇਥੋਂ ਤੱਕ ਕਿ ਪੰਜ ਵਾਰੀ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਤਾਂ ਇਨ੍ਹਾਂ ਆਰਡੀਨੈਂਸਾਂ ਦੇ ਫਾਇਦੇ ਗੁਣਗੁਣਾਉਂਦੇ ਰਹੇ। ਸ਼ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਚਿੱਠੀ ਲਿਆਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਾਨੂੰਨਾਂ ਨੂੰ ਜ਼ਾਇਜ਼ ਠਹਿਰਾਉਂਦਾ ਰਿਹਾ। ਅਕਾਲੀ ਦਲ ਤਾਂ ਕਿਸਾਨਾ ਦੇ ਮਨਾ ਚੋਂ ਲਹਿ ਚੁੱਕਾ ਹੈ। ਜਦੋਂ ਕਿਸਾਨਾ ਨੇ ਪੰਜਾਬ ਵਿਚ ਅੰਦੋਲਨ ਸ਼ੁਰੂ ਕਰਕੇ ਅਕਾਲੀ ਦਲ ਦੇ ਨੱਕ ਵਿਚ ਦਮ ਕਰ ਦਿੱਤਾ, ਫਿਰ ਲੋਕ ਰੋਹ ਤੋਂ ਡਰਦਿਆਂ ਕੇਂਦਰੀ ਮੰਤਰੀ ਮੰਡਲ ਵਿਚੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਇਆ। ਅਕਾਲੀ ਦਲ ਨੇ ਭਾਵੇਂ ਆਪਣੇ ਮੰਤਰੀ ਤੋਂ ਅਸਤੀਫਾ ਵੀ ਦਿਵਾ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਹੁੰ ਮਾਸ ਦਾ ਰਿਸ਼ਤਾ ਵੀ ਤੋੜ ਲਿਆ ਪ੍ਰੰਤੂ ਕਿਸਾਨਾ ਦਾ ਉਨ੍ਹਾਂ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਹਰਸਿਮਰਤ ਕੌਰ ਦਾ ਉਸਦੇ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਬਾਦਲ ਨੇ ਕਿਸਾਨਾ ਦੀ ਹਮਦਰਦੀ ਲੈਣ ਲਈ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾ ਦੇ ਭੋਗ ਪੁਆਏ ਹਨ। ਅਕਾਲੀ ਦਲ ਭਾਵੇਂ ਜਿਤਨੇ ਮਰਜ਼ੀ ਵੇਲਣ ਵੇਲ ਲਵੇ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੀਆਂ। ਡੈਮੋਕਰੈਟਿਕ ਅਕਾਲੀ ਦਲ ਢੀਂਡਸਾ ਤੋਂ ਕੁਝ ਆਸ ਬੱਝ ਸਕਦੀ ਹੈ।
            ਖੇਤੀਬਾੜੀ ਦੇ ਤਿੰਨ ਆਰਡੀਨੈਂਸ ਜ਼ਾਰੀ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਮੁੱਖੀਆਂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ  ਨੁਮਾਇੰਦੇ ਹਨ, ਨੂੰ ਆਰਡੀਨੈਂਸਾਂ ਨਾਲ ਕਿਸਾਨਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਦੋਹਾਂ ਪਾਰਟੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਤਿੰਨ ਬਿਲ ਰੱਦ ਕਰਕੇ ਆਪਣੀ ਪਾਰਟੀ ਅਤੇ ਸਰਕਾਰ ਦਾ ਅਕਸ ਬਚਾਉਣ ਦੀ ਕੋਸਿਸ਼ ਕੀਤੀ ਹੈ। ਪੰਜਾਬ ਵਿਚ ਕਿਸਾਨਾ ਵੱਲੋਂ ਆਯੋਜਤ ਕੀਤੇ ਜਾ ਰਹੇ ਧਰਨਿਆਂ ਅਤੇ ਹੋਰ ਸਰਗਰਮੀਆਂ ਬਾਰੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀਆਂ ਵਿਰੁਧ ਕਾਰਵਾਈ ਕਰਨ ਲਈ ਕਹਿਣ ਦੇ ਬਾਵਜੂਦ ਕਿਸਾਨਾ ਤੇ ਕੋਈ ਕਾਰਵਾਈ ਨਾ ਕਰਕੇ ਸਹਿਯੋਗ ਦੇ ਰਹੀ ਸੀ। ਰੇਲਵੇ ਲਾਈਨਾ ਤੋਂ ਵੀ ਕਿਸਾਨਾ ਨੂੰ ਹਟਾਇਆ ਨਹੀਂ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉਪਰ ਈ ਡੀ ਦਾ ਸਿਕੰਜਾ ਵੀ ਕਸਿਆ ਜਾ ਰਿਹਾ ਹੈ। ਹੁਣ ਕੇਂਦਰ ਦੇ ਦਬਾਆ ਕਰਕੇ ਕੈਪਟਨ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਵਿਰੁਧ ਧਰਨੇ ਤੇ ਬਿਆਨ ਦੇਣ ਵਾਲਿਆਂ ਅਤੇ ਰਿਲਾਇੰਸ ਟਾਵਰਾਂ ਦੇ ਨੁਕਸਾਨ ਬਾਰੇ ਕੇਸ ਦਰਜ ਕਰ ਰਹੀ ਹੈ। ਪ੍ਰੰਤੂ ਕਿਸਾਨ ਅੰਦੋਲਨ ਦੇ ਨੇਤਾ ਕਿਸੇ ਵੀ ਸਿਆਸੀ ਨੇਤਾ ਬਾਰੇ ਅਜੇ ਤੱਕ ਹਮਦਰਦੀ ਨਹੀਂ ਵਿਖਾ ਰਹੇ। ਹਰ ਪਾਰਟੀ ਆਪਣਾ ਆਧਾਰ ਬਚਾਉਣ ਲਈ ਹੁਣ ਸਰਗਰਮ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਜਲਸੇ ਕੀਤੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਆਪਣਾ ਆਧਾਰ ਵਧਾਉਣ ਲਈ ਅਹੁਦੇਦਾਰੀਆਂ ਵੰਡ ਰਹੀ ਹੈ। ਲੋਕ ਸਭਾ ਵਿਚ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਸਾਨ ਬਿਲਾਂ ਦਾ ਵਿਰੋਧ ਕਰਕੇ ਕਿਸਾਨਾ ਦੀ ਹਮਦਰਦੀ ਬਟੋਰੀ  ਸੀ। ਹੁਣ ਉਸਨੇ ਆਪਣੇ ਸੰਸਦ ਮੈਂਬਰਾਂ ਨਾਲ ਜੰਤਰ ਮੰਤਰ ਤੇ ਕਿਸਾਨ ਬਿਲਾਂ ਦੇ ਵਿਰੋਧ ਵਿਚ ਧਰਨਾ ਵੀ ਦਿੱਤਾ ਹੋਇਆ ਹੈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜੇ ਕਿਸਾਨ ਅੰਦੋਲਨ ਕਰ ਰਹੇ ਹਨ ਤਾਂ ਨੇਤਾਵਾਂ ਦਾ ਘਰਾਂ ਅੰਦਰ ਸੌਣ ਦਾ ਕੋਈ ਅਰਥ ਨਹੀਂ ਕਿਉਂਕਿ ਜੇ ਕਿਸਾਨ ਹਨ ਤਾਂ ਹੀ ਨੈਤਾ ਚੋਣਾਂ ਜਿੱਤ ਸਕਦੇ ਹਾਂ। ਭਾਵ ਕਿਸਾਨ ਰੀੜ੍ਹ ਦੀ ਹੱਡੀ ਹਨ। ਰਵਨੀਤ ਸਿੰਘ ਬਿੱਟੂ ਉਪਰ ਦਬਾਆ ਪਾ ਕੇ ਧਰਨਾ ਖ਼ਤਮ ਕਰਵਾਉਣ ਦੇ ਇਰਾਦੇ ਨਾਲ ਉਸ ਵਿਰੁਧ ਦਿੱਲੀ ਵਿਖੇ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੇਖੋ ਕੀ ਰੰਗ ਲਿਆਉਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਕਿਸਾਨ ਪ੍ਰਸੰਸਾ ਦੇ ਹੱਕਦਾਰ ਹਨ, ਜਿਹੜੇ ਆਪਣੇ ਮਨੁੱਖੀ ਹੱਕਾਂ ਲਈ ਲੜ ਰਹੇ ਹਨ। ਇਹ ਵੀ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਇਕਮੁੱਠਤਾ ਨਾਲ ਉਹ ਕਿਸਾਨ ਅੰਦੋਲਨ ਚਲਾ ਰਹੇ ਹਨ ਕਿ ਸਿਆਸੀ ਮੰਚ ਬਣਾਉਣ ਲਈ ਉਹ ਇਕਮੁੱਠ ਰਹਿਣਗੇ ਜਾਂ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿਚ ਨਵੇਂ ਸਿਆਸੀ ਸਮੀਕਰਨ ਹੋਣਗੇ ਜਿਸ ਨਾਲ ਸਥਾਪਤ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਦਲਿਤਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਵਰਗਵਾਸ -  ਉਜਾਗਰ ਸਿੰਘ

ਦਲਿਤਾਂ ਦੇ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਲੰਬੀ ਬਿਮਾਰੀ ਤੋਂ ਬਾਅਦ 86 ਸਾਲ ਦੀ ਉਮਰ ਭੋਗ ਕੇ ਸਵਰਗ ਹੋ ਗਏ ਹਨ। ਬੂਟਾ ਸਿੰਘ 8 ਵਾਰ ਲੋਕ ਸਭਾ ਦੇ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਸਨ। ਜਗਜੀਵਨ ਰਾਮ ਤੋਂ ਬਾਅਦ ਬੂਟਾ ਸਿੰਘ ਦਲਿਤਾਂ ਦੇ ਸਭ ਤੋਂ ਮਜ਼ਬੂਤ ਨੇਤਾ ਰਹੇ ਹਨ। 1977 ਵਿਚ ਜਦੋਂ ਕਾਂਗਰਸ ਪਾਰਟੀ ਜਨਤਾ ਲਹਿਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਹਾਰ ਗਈ ਸੀ ਤਾਂ ਕਾਂਗਰਸ ਪਾਰਟੀ ਦੋਫਾੜ ਹੋ ਗਈ। ਉਸ ਸਮੇਂ ਇੰਦਰਾ ਗਾਂਧੀ ਦੇ ਸਿਤਾਰੇ ਡਾਵਾਂ ਡੋਲ ਹੋ ਗਏ ਸਨ ਕਿਉਂਕਿ ਇੰਦਰਾ ਗਾਂਧੀ ਦੇ ਕਾਂਗਰਸ ਪਾਰਟੀ ਵਿਰੁਧ ਬਗਾਬਤ ਕਰਨ ‘ਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇਤਾ ਉਨ੍ਹਾਂ ਦਾ ਸਾਥ ਛੱਡ ਗਏ ਸਨ। ਸਰਦਾਰ ਬੂਟਾ ਸਿੰਘ ਇਕੋ ਇਕ ਅਜਿਹਾ ਨੇਤਾ ਸਨ, ਜਿਹੜੇ ਇੰਦਰਾ ਗਾਂਧੀ ਨਾਲ ਅੱਤ ਨਾਜ਼ਕ ਸਮੇਂ ਵਿਚ ਚਟਾਨ ਦੀ ਤਰ੍ਹਾਂ ਖੜ੍ਹੇ ਰਹੇ। ਉਸ ਸਮੇਂ ਇੰਦਰਾ ਗਾਂਧੀ ਨੇ ਇੰਦਰਾ ਕਾਂਗਰਸ ਪਾਰਟੀ ਬਣਾ ਲਈ ਸੀ ਅਤੇ ਉਹ ਆਪ ਪਾਰਟੀ ਦੇ ਪ੍ਰਧਾਨ ਅਤੇ ਬੂਟਾ ਸਿੰਘ ਨੂੰ ਜਨਰਲ ਸਕੱਤਰ ਬੂਟਾ ਸਿੰਘ ਬਣਾਇਆ। ਬੂਟਾ ਸਿੰਘ ਹੀ ਕਾਂਗਰਸ ਪਾਰਟੀ ਦਾ ਸਾਰਾ ਕੰਮ ਇਕੱਲੇ ਹੀ ਵੇਖਦੇ ਸਨ। ਉਸ ਸਮੇਂ ਬਹੁਤੇ ਕਾਂਗਰਸੀ ਦੁਬਿਧਾ ਵਿਚ ਸਨ ਕਿ ਇੰਦਰਾ ਗਾਂਧੀ ਦਾ ਸਾਥ ਦਿੱਤਾ ਜਾਵੇ ਜਾਂ ਨਾ। ਇੰਦਰਾ ਕਾਂਗਰਸ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਲਈ ਬੂਟਾ ਸਿੰਘ ਸਮੁਚੇ ਦੇਸ਼ ਵਿਚ ਜਾ ਕੇ ਕਾਂਗਰਸੀਆਂ ਨਾਲ ਮੀਟਿੰਗਾਂ ਕਰਦੇ ਰਹੇ। ਖਾਸ ਤੌਰ ਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬੂਟਾ ਸਿੰਘ ਨੇ ਇੰਦਰਾ ਕਾਂਗਰਸ ਦਾ ਸਾਥ ਦੇਣ ਲਈ ਪ੍ਰੇਰਿਤ ਕਰ ਲਿਆ। ਘਟਨਾਕਰਮ ਐਸਾ ਹੋਇਆ ਕਿ ਬਗਾਬਤ ਕਰਨ ਵਾਲੀ ਇੰਦਰਾ ਗਾਂਧੀ ਦੀ ਪਾਰਟੀ ਇੰਦਰਾ ਕਾਂਗਰਸ ਮੁੜਕੇ ਅਸਲ ਸਰਬ ਭਾਰਤੀ ਕਾਂਗਰਸ ਦੇ ਰੂਪ ਵਿਚ ਸਥਾਪਤ ਹੋ ਗਈ, ਇਸ ਵਿਚ ਸਭ ਤੋਂ ਵੱਡਾ ਯੋਗਦਾਨ ਇੰਦਰਾ ਗਾਂਧੀ ਤੋਂ ਬਾਅਦ ਬੂਟਾ ਸਿੰਘ ਦਾ ਸੀ। 1980 ਵਿਚ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਲੋਕ ਸਭਾ ਦੀ ਚੋਣ ਜਿੱਤ ਗਈ। ਇੰਦਰਾ ਗਾਂਧੀ ਨੇ ਵੀ ਬੂਟਾ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿਚ ਬਤੌਰ  ਮੰਤਰੀ ਸ਼ਾਮਲ ਕਰਕੇ ਉਨ੍ਹਾਂ ਦੀ ਵਫ਼ਾਦਰੀ ਦਾ ਮੁਲ ਮੋੜਿਆ। ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਬੂਟਾ ਸਿੰਘ ਦੀ ਤੂਤੀ ਬੋਲਦੀ ਸੀ। ਉਨ੍ਹਾਂ ਨੂੰ ਇੰਦਰਾ ਗਾਂਧੀ ਦੀ ਵਫ਼ਦਾਰੀ ਐਸੀ ਰਾਸ ਆਈ ਕਿ ਜਿਤਨੀ ਦੇਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਹੇ, ਬੂਟਾ ਸਿੰਘ ਹਮੇਸ਼ਾ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਰਹੇ। ਉਨ੍ਹਾਂ ਤੋਂ ਬਾਅਦ ਰਾਜੀਵ ਗਾਂਧੀ ਦੀ ਵਜ਼ਾਰਤ ਦਾ ਵੀ ਆਨੰਦ ਮਾਣਦੇ ਰਹੇ। ਕਹਿਣ ਤੋਂ ਭਾਵ ਗਾਂਧੀ ਪਰਿਵਾਰ ਦਾ ਬੂਟਾ ਸਿੰਘ ਦੇ ਸਿਆਸੀ ਕੈਰੀਅਰ ਵਿਚ ਮਹੱਤਵਪੂਰਨ ਯੋਗਦਾਨ ਹੈ। ਉਸਤੋਂ ਬਾਅਦ ਤਾਂ ਬੂਟਾ ਸਿੰਘ ਕਾਂਗਰਸ ਪਾਰਟੀ ਵਿਚ ਪੈਰ ਜਮਾ ਨਹੀਂ ਸਕਿਆ। ਉਨ੍ਹਾਂ ਦਾ ਲੜਕਾ ਇਕ ਵਾਰ ਦਿੱਲੀ ਤੋਂ ਵਿਧਾਨਕਾਰ ਬਣਿਆਂ। ਇਕ ਵਾਰ ਬੂਟਾ ਸਿੰਘ ਕਾਂਗਰਸ ਪਾਰਟੀ ਛੱਡ ਵੀ ਗਿਆ ਸੀ ਪ੍ਰੰਤੂ ਹੋਰ ਕਿਸੇ ਪਾਰਟੀ ਨੇ ਬੂਟਾ ਸਿੰਘ ਨੂੰ ਅਹਿਮੀਅਤ ਨਹੀਂ ਦਿੱਤੀ। ਫਿਰ ਉਹ ਵਾਪਸ ਕਾਂਗਰਸ ਪਾਰਟੀ ਵਿਚ ਆ ਗਏ ਪ੍ਰੰਤੂ ਮੁੱਖ ਧਾਰਾ ਵਿਚ ਨਹੀਂ ਆ ਸਕੇ। ਉਸ ਤੋਂ ਬਾਅਦ ਅਖ਼ੀਰ ਸਮੇਂ ਤੱਕ ਉਹ ਅਣਗੌਲਿਆ ਨੇਤਾ ਹੀ ਰਹੇ। ਬੂਟਾ ਸਿੰਘ ਪਹਿਲੀ ਵਾਰ ਹੀ 1962 ਵਿਚ ਮੋਗਾ ਰਾਖਵਾਂ ਹਲਕੇ ਤੋਂ ਅਕਾਲੀ ਦਲ ਦੇ ਟਿਕਟ ਤੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਅਕਾਲੀ ਦਲ ਦੀ ਸਿਆਸਤ ਉਨ੍ਹਾਂ ਨੂੰ ਰਾਸ ਨਾ ਆਈ ਅਤੇ ਥੋੜ੍ਹੀ ਦੇਰ ਬਾਅਦ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਕਿਉਂਕਿ ਆਪ ਦੀ ਵਿਚਾਰਧਾਰਾ ਅਕਾਲੀ ਦਲ ਨਾਲ ਬਹੁਤੀ ਮੇਲ ਨਹੀਂ ਖਾਂਦੀ ਸੀ।  ਉਹ 1971 ਅਤੇ 80 ਵਿਚ ਰੋਪੜ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਚੁਣੇ ਗਏ। ਇਸ ਸਮੇਂ ਦੌਰਾਨ ਆਪ ਇੰਦਰਾ ਗਾਂਧੀ ਦੇ ਬਹੁਤ ਨੇੜੇ ਹੋ ਗਏ ਕਿਉਂਕਿ ਉਨ੍ਹਾਂ ਨੂੰ ਸਿਅਸੀ ਤੌਰ ਤੇ ਜਗਜੀਵਨ ਰਾਮ ਦੇ ਮੁਕਾਬਲੇ ਤੇ ਅਨੁਸੂਚਿਤ ਜਾਤੀਆਂ ਦਾ ਕੋਈ ਵਿਅਕਤੀ ਲੋੜੀਂਦਾ ਸੀ, ਜਿਹੜਾ ਇੰਦਰਾ ਗਾਂਧੀ ਲਈ ਵੰਗਾਰ ਨਾ ਬਣ ਸਕੇ। ਉਨ੍ਹਾਂ ਨੂੰ ਪਹਿਲੀ ਵਾਰ ਇੰਦਰਾ ਗਾਂਧੀ ਨੇ 1974 ਵਿਚ ਕੇਂਦਰ ਸਰਕਾਰ ਵਿਚ ਉਪ ਮੰਤਰੀ ਰੇਲਵੇ ਬਣਾਇਆ। ਇਸ ਤੋ ਬਾਅਦ ਤਾਂ ਜਿਵੇਂ ਉਨ੍ਹਾਂ ਦੀ ਲਾਟਰੀ ਹੀ ਨਿਕਲ ਗਈ ਕਿਉਂਕਿ ਉਹ ਪੜ੍ਹੇ ਲਿਖੇ ਤੇਜ ਦਿਮਾਗ ਸ਼ਾਤਰ ਸਿਆਸਤਦਾਨ ਸਨ। ਉਹ ਉਪ ਮੰਤਰੀ ਕਾਮਰਸ 1976, 1980 ਵਿਚ ਰਾਜ ਮੰਤਰੀ ਸ਼ਿਪਿੰਗ ਤੇ ਟਰਾਂਸਪੋਰਟ, 1982 ਵਿਚ ਰਾਜ ਮੰਤਰੀ ਸਿਵਲ ਸਪਲਾਈਜ਼ ਤੇ ਮੁੜ ਵਸੇਬਾ, 1983 ਵਿਚ ਸੰਸਦੀ ਮਾਮਲੇ ਤੇ ਖੇਡਾਂ, 84 ਵਿਚ ਦਿਹਾਤੀ ਵਿਕਾਸ ਤੇ ਖੇਤੀਬਾੜੀ, 86 ਵਿਚ ਗ੍ਰਹਿ, 95 ਵਿਚ ਸਿਵਲ ਸਪਲਾਈਜ਼ ਅਤੇ 1998 ਵਿਚ ਸੰਚਾਰ ਮੰਤਰੀ ਰਹੇ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹੇ ਸਨ। ਉਹ ਭਾਵੇਂ ਇੱਕ ਕੱਟੜ ਸਿਖ ਅਤੇ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਪ੍ਰੰਤੂ ਜਦੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਤੇ ਫ਼ੌਜਾਂ ਨੇ ਹਮਲਾ ਕਰਕੇ ਕਥਿਤ ਅੱਤਵਾਦੀਆਂ ਨੂੰ ਹਰਿਮੰਦਰ ਸਾਹਿਬ ਵਿਚੋਂ ਬਾਹਰ ਕੱਢਣ ਦੇ ਬਹਾਨੇ ਸਿਖਾਂ ਦੇ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਤੇ ਸ਼੍ਰੀ ਅਕਾਲ ਤੱਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤਾਂ ਬੂਟਾ ਸਿੰਘ ਨੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਨੂੰ ਮੋਹਰੀ ਬਣਾ ਕੇ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਾਰ ਸੇਵਾ ਦੇ ਬਹਾਨੇ ਕਰਵਾਈ ਤੇ ਸਿਖਾਂ ਵਿਚ ਬਦਨਾਮ ਹੋ ਗਏ। ਇਸ ਕਰਕੇ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਫਿਰ ਪੰਜਾਬ ਵਿਚ ਤਾਂ ਕਾਫੀ ਸਮਾਂ ਚੋਣਾਂ ਹੀ ਨਹੀਂ ਹੋਈਆਂ, ਕਾਂਗਰਸ ਪਾਰਟੀ ਨੇ ਉਨ੍ਹਾਂ ਵਲੋਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਕੀਤੇ ਕੰਮ ਬਦਲੇ ਮੁਲ ਤਾਰਨ ਲਈ ਉਨ੍ਹਾਂ ਨੂੰ ਰਾਜਸਥਾਨ ਵਿਚੋਂ ਲੋਕ ਸਭਾ ਦੀ ਟਿਕਟ ਦੇ ਕੇ ਲੋਕ ਸਭਾ ਦਾ ਮੈਂਬਰ ਬਣਾਕੇ ਮੰਤਰੀ ਵੀ ਬਣਾਇਆ ਗਿਆ। ਸਿਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਅੰਤਹਕਰਨ ਦੀ ਆਵਾਜ਼ ਝੰਜੋੜਨ ਲੱਗੀ, ਇਸ ਕਰਕੇ ਉਹ ਕਾਂਗਰਸ ਪਾਰਟੀ ਦਾ ਸਾਥ ਛੱਡ ਗਏ। ਫਿਰ ਤਾਂ ਉਹ ਪਾਰਟੀਆਂ ਹੀ ਬਦਲਦੇ ਰਹੇ ਮੁੜਕੇ ਕਾਂਗਰਸ ਪਾਰਟੀ ਵਿਚ ਆ ਗਏ। ਪ੍ਰੰਤੂ ਕਾਂਗਰਸ ਪਾਰਟੀ ਉਨ੍ਹਾਂ ਵੱਲੋਂ ਸਿਖਾਂ ਨਾਲ ਕੀਤੇ ਵਰਤਾਓ ਕਰਕੇ ਉਨ੍ਹਾਂ ਨੂੰ ਨਿਵਾਜਦੀ ਰਹੀ ਤੇ ਕੇਂਦਰੀ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਇੰਦਰਾ ਗਾਂਧੀ ਦੇ ਰਾਜ ਵਿਚ ਬੂਟਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਜਦੋਜਹਿਦ ਕਰਦੇ ਰਹੇ  ਪ੍ਰੰਤੂ ਉਨ੍ਹਾਂ ਦੀਆਂ ਕੋਸ਼ਿਸਾਂ ਨੂੰ ਬੂਰ ਨਹੀਂ ਪਿਆ । ਉਹ ਇੰਦਰਾ ਗਾਂਧੀ ਕੋਲ ਦਰਬਾਰਾ ਸਿੰਘ ਦੇ ਵਿਰੁਧ ਭੀੜ ਇਕੱਠੀ ਕਰਕੇ ਭੇਜਦੇ ਰਹੇ।
          ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਮੁਸਤਫਾਬਾਦ ਵਿਖੇ ਬੀਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਵਾਰ ਆਰਥਕ ਪੱਖੋਂ ਬਹੁਤਾ ਸੌਖਾ ਨਹੀਂ ਸੀ, ਇਸ ਕਰਕੇ ਉਨ੍ਹਾਂ ਦੀ ਪੜ੍ਹਾਈ ਵਿਚ ਮੁਸ਼ਕਲ ਆਉਂਦੀ ਰਹੀ। ਬੂਟਾ ਸਿੰਘ ਪੜ੍ਹਨ ਵਿਚ ਵਧੇਰੇ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਆਪਣੀ ਬੀ ਏ ਤੱਕ ਦੀ ਸਿੱਖਿਆ ਪ੍ਰਾਪਤ ਕਰ ਲਈ ਪ੍ਰੰਤੂ ਉੱਚ ਵਿਦਿਆ ਲਈ ਵਧੇਰੇ ਖ਼ਰਚੇ ਦੀ ਲੋੜ ਸੀ। ਉਨ੍ਹਾਂ ਦੀ ਪੜ੍ਹਾਈ ਵਿਚ ਦਿਲਚਸਪੀ ਨੂੰ ਮੁਖ ਰੱਖਦਿਆਂ ਆਪਦੇ ਅਧਿਆਪਕ ਤੇ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ  ਗੁਰਬਚਨ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਹੀ ਬੰਬਈ ਲੈ ਗਏ। ਉਨ੍ਹਾਂ ਬੂਟਾ ਸਿੰਘ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਆਪ ਕੀਤਾ ਅਤੇ ਐਮ.ਏ.ਤੱਕ ਦੀ ਪੜ੍ਹਾਈ ਬੰਬਈ ਤੋਂ ਕੀਤੀ। ਬੰਬਈ ਤੋਂ ਵਾਪਸ ਆ ਕੇ ਉਨ੍ਹਾਂ ਅਕਾਲੀ ਦਲ ਦੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾ ਵਿਚ ਅਕਾਲੀ ਦਲ ਵਿਚ ਬਹੁਤੇ ਪੜ੍ਹੇ ਲਿਖੇ ਵਿਅਕਤੀ ਨਹੀਂ ਸਨ। ਬੂਟਾ ਸਿੰਘ ਪੜ੍ਹੇ ਲਿਖੇ ਸਨ। ਇਸ ਲਈ ਇਤਫਾਕੀਆ ਹੀ ਬੂਟਾ ਸਿੰਘ ਦਾ ਸਰਗਰਮ ਸਿਆਸਤ ਵਿਚ ਆਉਣਾ ਬਣਿਆਂ। ਅਕਾਲੀ ਦਲ ਨੂੰ ਲੋਕ ਸਭਾ ਦੀਆਂ ਚੋਣਾਂ ਵਿਚ ਕਿਸੇ ਪੜ੍ਹੇ ਲਿਖੇ ਵਿਅਕਤੀ ਦੀ ਮੋਗਾ ਰਾਖਵੇਂ ਹਲਕੇ ਤੋਂ ਲੋੜ ਸੀ, ਇਸ ਲਈ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਦਿੱਤੀ। ਉਹ ਸਿਆਸਤ ਵਿਚ ਅਜੇ ਨਵੇਂ ਸਨ ਇਸ ਲਈ ਚੋਣ ਲੜਨ ਤੋਂ ਘਬਰਾਉਂਦੇ ਸਨ। ਮੁੱਖ ਤੌਰ ਤੇ ਆਰਥਿਕ ਹਾਲਤ ਇਜ਼ਾਜਤ ਨਹੀਂ ਦਿੰਦੀ ਸੀ।  ਉਨ੍ਹਾਂ ਨੇ ਝਿਜਕਦਿਆਂ ਲੋਕ ਸਭਾ ਦੀ ਚੋਣ ਲੜੀ ਅਤੇ ਪਹਿਲੀ ਵਾਰ ਹੀ ਚੋਣ ਜਿੱਤ ਗਏ।। ਮੁੜਕੇ ਉਹ ਸਾਰੀ ਉਮਰ ਸਿਆਸਤ ਵਿਚ ਛਾਏ ਰਹੇ। ਬੂਟਾ ਸਿੰਘ 2 ਜਨਵਰੀ 2021 ਨੂੰ ਦਿੱਲੀ ਵਿਖੇ ਸਵਰਗ ਸਿਧਾਰ ਗਏ।


ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ -  ਉਜਾਗਰ ਸਿੰਘ

ਦਿੱਲੀ ਦੀ ਸਰਹੱਦ ਉਪਰ ਚਲ ਰਿਹਾ ਕਿਸਾਨ ਅੰੰਦੋਲਨ ਅੱਜ ਕਲ੍ਹ ਸਮੁਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਬਿਨਾ ਹੀ ਬਿਹਤਰੀਨ ਅਤੇ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਜੇਕਰ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਲੰਬੀ ਸੂਚੀ ਬਣ ਜਾਵੇਗੀ ਪ੍ਰੰਤੂ ਫਿਰ ਵੀ ਕੁਝ ਨਵੀਆਂ ਸਿਰਜਣਾਤਮਕ ਪਹਿਲਾਂ ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਰਿਹਾ ਨਹੀਂ ਜਾ ਸਕਦਾ। ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੁੰਦੇ ਰਹੇ ਹਨ ਪ੍ਰੰਤੂ ਉਨ੍ਹਾਂ ਅੰਦੋਲਨਾ ਵਿਚ ਇਸਤਰੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਅਰਥਾਤ ਆਟੇ ਵਿਚ ਲੂਣ ਦੀ ਤਰ੍ਹਾਂ ਹੁੰਦੀ ਰਹੀ ਹੈ। ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਇਸਤਰੀਆਂ ਜੇ ਬਰਾਬਰ ਨਹੀਂ ਤਾਂ ਤੀਜਾ ਹਿੱਸਾ ਜ਼ਰੂਰ ਹਨ। ਇਹ ਸ਼ਮੂਲੀਅਤ ਸਿਰਫ ਹਾਜ਼ਰੀ ਤੱਕ ਹੀ ਸੀਮਤ ਨਹੀਂ ਸਗੋਂ ਇਸਤਰੀਆਂ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਇਸ ਤੋਂ ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਇਸਤਰੀਆਂ ਕਿਸੇ ਅੰਦੋਲਨ ਵਿਚ ਦਿਲਚਸਪੀ ਨਾਲ ਹਿੱਸਾ ਹੀ ਨਹੀਂ ਲੈਂਦੀਆਂ ਸਨ। ਇਸ ਅੰਦੋਲਨ ਲਈ ਸ਼ੁਭ ਸੰਕੇਤ ਹਨ, ਜਿਸ ਵਿਚ ਨੌਜਵਾਨ ਅਤੇ ਬਜ਼ੁਰਗ ਇਸਤਰੀਆਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਕਈ ਇਸਤਰੀਆਂ ਤਾਂ ਆਪੋ ਆਪਣੇ ਪਿੰਡਾਂ ਤੋਂ ਟਰੈਕਟਰ, ਮੋਟਰ ਸਾਈਕਲ, ਕਾਰਾਂ, ਜੀਪਾਂ, ਸਕੂਟਰੀਆਂ ਅਤੇ ਹੋਰ ਆਪੋ ਆਪਣੇ ਸਾਧਨਾ ਉਪਰ ਇਕੱਲੀਆਂ ਹੀ ਜਾਂ ਕਾਫਲਿਆਂ ਵਿਚ ਆ ਰਹੀਆਂ ਹਨ। ਹੁਣ ਤੱਕ ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਮਰਦ ਨਾਲੋਂ ਕਮਜ਼ੋਰ ਕਿਹਾ ਜਾਂਦਾ ਰਿਹਾ ਹੈ। ਜੇਕਰ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸਰਗਰਮੀ ਤੇ ਯੋਗਦਾਨ ਨੂੰ ਵੇਖਿਆ ਜਾਵੇ ਤਾਂ ਸਾਰਾ ਕੁਝ ਝੂਠਾ ਜਾਪਦਾ ਹੈ। ਪਿਛਲੇ ਇਕ ਮਹੀਨੇ ਤੋਂ ਇਹ ਇਸਤਰੀਆਂ ਲਗਾਤਾਰ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਉਹ ਇਹ ਵੀ ਕਹਿ ਰਹੀਆਂ ਹਨ ਕਿ ਹਰ ਹਾਲਤ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੀਆਂ। ਭਾਵੇਂ ਸਾਨੂੰ ਵਰਿ੍ਹਆਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਲੜਕੀਆਂ ਅੰਦੋਲਨਕਾਰੀਆਂ ਵਿਸ਼ੇਸ ਤੌਰ ਤੇ ਇਸਤਰੀਆਂ ਵਿਚ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈੇ, ਜਿਸ ਵਿਚ ਲੜਕੀਆਂ ਬੇਖੌਫ ਹੋ ਕੇ ਘੁੰਮ ਫਿਰ ਅਤੇ ਸਟੇਜਾਂ ਤੇ ਭਾਸ਼ਣ ਵੀ ਕਰ ਰਹੀਆਂ ਹਨ। ਪੰਜਾਬ ਦੇ ਹਰ ਵਰਗ ਦੀਆਂ ਇਸਤਰੀਆਂ ਵੱਡੀ ਗਿਣਤੀ ਵਿਚ ਦਲੇਰੀ ਨਾਲ ਹਿੱਸਾ ਲੈਣ ਲਈ ਆ ਰਹੀਆਂ ਹਨ। ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ ਗੋਦੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਬਿਹਾਰ  ਅਤੇ ਦਿੱਲੀ ਤੋਂ ਇਸਤਰੀਆਂ ਵੀ ਆ ਰਹੀਆਂ ਹਨ। ਕੁਝ ਉਹ ਇਸਤਰੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ ਕਰਨਗੇ। ਮਹਾਰਾਸ਼ਟਰ ਤੋਂ ਨੌਜਵਾਨ ਅਜਿਹੀਆਂ ਲੜਕੀਆਂ ਵੀ ਆਈਆਂ ਹਨ ਜਿਹੜੀਆਂ ਖੁਦ ਵੱਡੀਆਂ ਕੰਪਨੀਆਂ ਦੀ ਨੌਕਰੀ ਛੱਡਕੇ ਆਈਆਂ ਹਨ। ਹਿੰਦੂ, ਮੁਸਲਿਮ, ਸਿੱਖ, ਇਸਾਈ ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ ਜਨਨੀ ਮੈਦਾਨ ਵਿਚ ਉਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿਚ ਪੰਜਾਬੀ ਇਸਤਰੀਆਂ ਦੇ ਯੋਗਦਾਨ ਦਾ ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪ੍ਰੰਤੂ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ ਕਿ ਇਸ ਵਿਚ ਇਕ ਵਰਗ ਦੀਆਂ ਇਸਤਰੀਆਂ ਹੀ ਨਹੀਂ ਸਗੋਂ ਹਰ ਵਰਗ ਅਤੇ ਧਰਮ ਦੀ ਨੁਮਾਇੰਦਗੀ ਕਰਨ ਵਾਲੀਆਂ ਇਸਤਰੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ। ਜਿਥੇ ਅੰਮਿ੍ਰਤਧਾਰੀ ਇਸਤਰੀਆਂ ਅੰਦੋਲਨ ਵਿਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉਥੇ ਹੀ ਆਮ ਸਾਧਾਰਣ ਇਸਤਰੀਆਂ ਬਿਨਾ ਜ਼ਾਤ ਪਾਤ, ਰੰਗ, ਧਰਮ ਅਤੇ ਮਜ੍ਹਬ ਤੋਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਪੜ੍ਹੀਆਂ ਲਿਖੀਆਂ ਇਸਤਰੀਆਂ ਤਾਂ ਕਈ ਖੇਤਰਾਂ ਵਿਚ ਅੰਦੋਲਨ ਦੀ ਅਗਵਾਈ  ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਵੈਸੇ ਤਾਂ ਇਤਨੀ ਵੱਡੀ ਮਾਤਰਾ ਵਿਚ ਇਸਤਰੀਆਂ ਆਈਆਂ ਹਨ, ਉਨ੍ਹਾਂ ਸਾਰੀਆਂ ਬਾਰੇ ਲਿਖਣਾ ਅਸੰਭਵ ਹੈ ਪ੍ਰੰਤੂ  ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ ਵਰਗ ਵਿਚੋਂ ਕਵਿਤਰੀ ਸੁਖਵਿੰਦਰ ਕੌਰ ਅੰਮਿ੍ਰਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ, ਫਿਲਮ ਸਨਅਤ ਵਿਚੋਂ ਜੱਸੀ ਸੰਘਾ, ਖਾਲਸਾ ਏਡ ਵਿਚੋਂ ਨਾਜ਼ੀਆ ਧੰਜ,ੂ ਕਿਰਤੀਆਂ ਵਿਚੋਂ ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿਚ ਸ਼ਹੀਦ ਹੋ ਗਏ), ਡਾਕਟਰਾਂ ਵਿਚੋਂ ਡਾ ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿਚੋਂ ਕਨੂੰਪਿ੍ਰਆ, ਨੀਲ ਕਮਲ , ਕੰਵਲਜੀਤ ਕੌਰ, ਕਿਸਾਨਾ ਵਿਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿਚੋਂ ਹਰਮੀਤ ਕੌਰ ਬਰਾੜ ਅਤੇ ਚੰਡੀਗੜ੍ਹ ਤੋਂ ਇਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐਫ ਦੀ ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿਚੋਂ ਸੁਖੀ ਬਰਾੜ, ਅਮਨਦੀਪ ਕੌਰ ਦਿਓਲ ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜੱਥਾ ਅਤੇ ਮੁਕਤਸਰ ਤੋਂ ਇਕ ਲੜਕੀ ਜਿਹੜੀ ਖੁਦ ਖੇਤੀ ਕਰਦੀ ਹੈ ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਇਸਤੋਂ ਇਲਾਵਾ ਪਿੰਡਾਂ ਵਿਚ ਇਸਤਰੀਆਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਤਰ ਕਰਨ ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿਚ ਆਏ ਹੋਏ ਹਨ, ਉਨ੍ਹਾਂ ਦੀ ਖੇਤੀਬਾੜੀ ਦਾ ਕੰਮ ਵੀ ਇਸਤਰੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੰਦੋਲਨ ਵਿਚ ਆਈਆਂ ਹੋਈਆਂ ਹਨ, ਉਨ੍ਹਾਂ ਵਿਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਇਸਤਰੀਆਂ ਦੀ ਅੰਦੋਲਨ ਵਿਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਈ ਨਵੀਆਂ ਵਿਆਹੀਆਂ ਇਸਤਰੀਆ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ ਇੰਤਜ਼ਾਮ ਵੀ ਇਸਤਰੀਆਂ ਕਰ ਰਹੀਆਂ ਹਨ। ਭਾਵੇਂ ਸਿਆਸਤਦਾਨਾ ਵਿਚੋਂ ਇਸਤਰੀਆਂ ਆਈਆਂ ਹੋਈਆਂ ਹਨ ਪ੍ਰੰਤੂ ਉਨ੍ਹਾਂ ਦਾ ਜ਼ਿਕਰ ਨਹੀਂ ਕਰਨਾ ਠੀਕ ਨਹੀਂ ਕਿਉਂਕਿ ਇਹ ਅੰਦੋਲਨ ਸਿਆਸੀ ਨਹੀਂ ਹੈ। ਸੁਪਰੀਮ ਕੋਰਟ ਦੀ ਇਕ ਸੀਨੀਅਰ ਵਕੀਲ ਆਪਣੀ ਲੜਕੀ ਨੂੰ ਲੈ ਕੇ ਸ਼ਾਮਲ ਹੋਈ ਹੈ।
  ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਜੱਸੀ ਸੰਘਾ ਦੀ ਅਗਵਾਈ ਵਿਚ ਨੌਜਵਾਨ ਲੜਕੀਆਂ ‘‘ਟਰਾਲੀ ਟਾਈਮਜ਼’’ ਅਖ਼ਬਾਰ ਪ੍ਰਕਾਸ਼ਤ ਕਰਵਾਕੇ ਸਮੁੱਚੇ ਅੰਦੋਲਨ ਵਿਚ ਵੰਡ ਰਹੀਆਂ ਹਨ। ਇਹ ਅਖਬਾਰ ਪੰਜਾਬੀ ਤੋਂ ਬਿਨਾ ਹਿੰਦੀ ਵਿਚ ਵੀ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਬਾਕੀ ਭਾਸ਼ਾਵਾਂ ਵਿਚ ਵੀ ਜਲਦੀ ਹੀ ਪ੍ਰਕਾਸ਼ਤ ਕਰਨ ਦਾ  ਪ੍ਰੋਗਰਾਮ ਹੈ। ਸਾਰੀਆਂ ਗ਼ਲਤ ਅਫਵਾਹਾਂ ਨੂੰ ਲੜਕੀਆਂ ਦਾ ਇਹ ਗਰੁਪ ਕਾਊਂਟਰ ਕਰ ਰਿਹਾ ਹੈ। ਸਮਾਜਿਕ, ਸਾਹਿਤਕ, ਸਭਿਆਚਾਰਕ, ਬੁੱਧੀਜੀਵੀਆਂ ਅਤੇ ਹੋਰ ਸਵੈ ਇਛਤ ਸੰਸਥਾਵਾਂ ਵਿਚ ਕੰਮ ਕਰ ਰਹੀਆਂ ਇਸਤਰੀਆਂ ਆਪਣੇ ਸੰਗਠਨਾ ਦੇ ਮੈਂਬਰਾਂ ਨੂੰ ਲੈ ਕੇ ਅੰਦੋਲਨ ਵਿਚ ਹਿੱਸਾ ਲੈ ਰਹੀਆਂ ਹਨ। ਕੰਵਲਜੀਤ ਕੌਰ ਜੋ ਕਿ ਅੰਮਿ੍ਰਤਸਰ ਵਿਖੇ ਇਕ ਸਵੈ ਇਛਤ ਸੰਸਥਾ ਨਾਲ ਕੰਮ ਕਰ ਰਹੀ ਹੈ, ਉਹ ਅੰਦੋਲਨ ਦੇ ਆਲੇ ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਕਿਉਂਕਿ ਕੋਵਿਡ ਕਰਕੇ ਸਕੂਲ ਬੰਦ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੀਆਂ ਕਵਿਤਰੀਆਂ ਸ਼ੋਸਲ ਮੀਡੀਆ ਉਪਰ ਅੰਦੋਲਨ ਦੇ ਹੱਕ ਵਿਚ ਕਵਿਤਾਵਾਂ ਲਿਖਕੇ ਪਾ ਰਹੀਆਂ ਹਨ। ਸ਼ੋਸ਼ਲ ਮੀਡੀਆ ਉਪਰ ਕੂੜ ਪ੍ਰਚਾਰ ਨੂੰ ਕਾਊਂਟਰ ਕਰਨ ਲਈ ਇਸਤਰੀਆਂ ਸਭ ਤੋਂ ਵੱਡਾ ਯੋਗਦਾਨ ਪਾ ਰਹੀਆਂ ਹਨ। ਕਲਾਕਾਰ ਇਸਤਰੀਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਪੇਂਟਿੰਗ ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ।
        ਸਮੁੱਚੇ ਤੌਰ ਤੇ ਨਤੀਜਾ ਭਾਵੇਂ ਅੰਦੋਲਨ ਦਾ ਉਸਾਰੂ ਆਉਣ ਦੀ ਉਮੀਦ ਹੈ ਪ੍ਰੰਤੂ ਇਸਤਰੀਆਂ ਦੀ ਹਿੱਸੇਦਾਰੀ ਪੰਜਾਬ ਦਾ ਸੁਨਹਿਰਾ ਭਵਿਖ ਬਣਾਉਣ ਵਿਚ ਸਾਰਥਿਕ ਸਾਬਤ ਹੋਵੇਗੀ।
ਨੋਟ-ਅੰਦੋਲਨ ਵਿਚ ਸਰਗਰਮੀ ਨਾਲ ਕੰਮ ਕਰਨ ਵਾਲੀਆਂ ਇਸਤਰੀਆਂ ਦੀਆਂ ਤਸਵੀਰਾਂ-

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

  ujagarsingh48@yahoo.com

ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ 19 ਦਸੰਬਰ ‘ਤੇ ਵਿਸ਼ੇਸ਼ : ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ - ਉਜਾਗਰ ਸਿੰਘ

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੇ ਰਖਵਾਲੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਇਨਸਾਨ ਆਪਣੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਦੋਂ ਉਸ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਉਸਦੇ ਪ੍ਰਤੀਕਰਮ ਵਜੋਂ ਉਹ ਆਪਣੀ ਜਦੋਜਹਿਦ ਸ਼ੁਰੂ ਕਰ ਦਿੰਦਾ ਹੈ। ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਹੱਕਾਂ ਦੀ ਥਾਂ ਦੂਜਿਆਂ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀ। ਪਰਜਾਤੰਤਰ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ। ਉਸ ਸਮੇਂ ਮਨੁੱਖੀ ਹੱਕਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਸੀ ਕਿਉਂਕਿ ਪਰਜਾ ਇਕ ਕਿਸਮ ਨਾਲ ਗੁਲਾਮ ਹੁੰਦੀ ਸੀ, ਇਸ ਕਰਕੇ ਉਨ੍ਹਾਂ ਦੀ ਸੁਣੀ ਨਹੀਂ ਜਾਂਦੀ ਸੀ। ਇਕਾ ਦੁਕਾ ਰਾਜੇ ਮਹਾਰਾਜਿਆਂ ਦਾ ਰਾਜ ਪ੍ਰਬੰਧ ਬਹੁਤ ਵਧੀਆ ਵੀ ਰਿਹਾ ਹੈ। ਸਿੱਖ ਧਰਮ ਦੇ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਦੀ ਬਿਹਤਰੀ, ਭਲਾਈ, ਮਨੁੱਖੀ ਹੱਕਾਂ ਅਤੇ ਉਨ੍ਹਾਂ ਦੀ ਰੱਖਿਆ ਲਈ ਕੁਰਬਾਨੀਆਂ ਦੇ ਕੇ ਆਪਣੇ ਪੈਰੋਕਾਰਾਂ ਨੂੰ ਸਰਬਤ ਦੇ ਭਲੇ ਲਈ ਸ਼ਹਾਦਤਾਂ ਦੇਣ ਦੀ ਪ੍ਰੇਰਨਾ ਦਿੱਤੀ ਹੈ। ਜਿਸ ‘ਤੇ ਅੱਜ ਤੱਕ ਸਿੱਖ ਸੰਗਤ ਅਮਲ ਕਰਦੀ ਆ ਰਹੀ ਹੈ। ਇਤਿਹਾਸ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਮਨੁੱਖੀ ਹੱਕਾਂ ਲਈ ਆਵਾਜ ਬੁਲੰਦ ਕੀਤੀ ਸੀ। ਇਹ ਉਨ੍ਹਾਂ ਦਾ ਮਾਨਵਤਾ ਲਈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸੀ। ਇਸ ਕਰਕੇ ਹੀ ਸਿੱਖ ਧਰਮ ਦੀ ਵਿਚਾਰਧਾਰਾ ਮਾਨਵਤਾ, ਇਨਸਾਨੀਅਤ, ਸਰਬੱਤ ਦੇ ਭਲੇ, ਸ਼ਹਿਨਸ਼ੀਲਤਾ, ਮਨੁੱਖੀ ਹੱਕਾਂ, ਗਊ ਅਤੇ ਗ਼ਰੀਬ ਦੀ ਰੱਖਿਆ ਦੀ ਪ੍ਰੇਰਨਾ ਦਿੰਦੀ ਹੈ। ਸਿੱਖ ਵਿਚਾਰਧਾਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦੀ ਪਰਪੱਕ ਹੋ ਗਈ, ਜਿਸ ਕਰਕੇ ਉਨ੍ਹਾਂ ਦੇ ਪੈਰੋਕਾਰ ਹਮੇਸ਼ਾ ਹੱਕ ਤੇ ਸੱਚ ਤੇ ਪਹਿਰਾ ਦੇਣ ਲਈ ਤਤਪਰ ਰਹਿੰਦੇ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ ਕਿਉਂਕਿ ਇਹ ਹਰ ਮਸਲੇ ਉਪਰ ਸੰਬਾਦ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸੰਬਾਦ ਤੋਂ ਭਾਵ ਜੇਕਰ ਕੋਈ ਸ਼ਾਸ਼ਕ ਲੋਕਾਈ ਨਾਲ ਚੰਗਾ ਸਲੂਕ  ਨਾ ਕਰੇ ਤਾਂ ਲੋਕਾਈ ਉਸ ਨਾਲ ਸੰਬਾਦ ਕਰਕੇ ਆਪਣੇ ਦੁੱਖਾਂ ਤੋਂ ਨਿਜ਼ਾਤ ਪਾ ਸਕਦੀ ਹੈ। ਸੰਬਾਦ ਦੀ ਪਰੰਪਰਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਿੱਧਾਂ ਨਾਲ ਗੋਸ਼ਟ ਕਰਕੇ ਸ਼ੁਰੂ ਕੀਤੀ ਸੀ। ਸਿੱਖ ਧਰਮ ਦਾ ਇਤਿਹਾਸ ਭਾਵੇਂ ਬਹੁਤਾ ਪੁਰਾਣਾ ਨਹੀਂ ਪ੍ਰੰਤੂ ਫਿਰ ਵੀ ਇਸਦਾ ਇਤਿਹਾਸ ਇਨਸਾਨੀਅਤ ਦੀ ਭਲਾਈ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਕੀਤੀਆਂ ਗਈਆਂ ਕੁਰਬਾਨੀਆਂ ਨਾਲ ਭਰਿਆ ਪਿਆ। ਜੇਕਰ ਸਿੱਖ ਧਰਮ ਦੇ 550 ਸਾਲਾਂ ਤੇ ਇਤਿਹਾਸ ਉਪਰ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਿੱਖਾਂ ਵੱਲੋਂ ਜ਼ਬਰ ਅਤੇ ਜ਼ੁਲਮ ਦੇ ਵਿਰੁਧ ਉਠਾਈਆਂ ਆਵਾਜ਼ਾਂ ਅਤੇ ਕੁਰਬਾਨੀਆਂ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਮਿਲੇਗਾ। ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਲਿਖਕੇ ਬਾਬਰ ਦੀਆਂ ਲੋਕਾਈ ਵਿਰੁਧ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਵੰਗਾਰਿਆ ਸੀ। ਇਸੇ ਤਰ੍ਹਾਂ ਇਸਤਰੀਆਂ ਨਾਲ ਸਮਾਜ ਵੱਲੋਂ ਕੀਤੇ ਜਾਂਦੇ ਵਿਤਕਰੇ ਦੇ ਵਿਰੋਧ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇਹ ਸਾਡੀ ਜਨਮ ਦਾਤਾ ਹੈ। ਇਸਤਰੀ ਨੂੰ ਮੰਦਾ ਨਾ ਕਿਹਾ ਜਾਵੇ। ਇਸਦੀ ਨਿੰਦਿਆ ਵੀ ਨਾ ਕੀਤੀ ਜਾਵੇ। ਗੁਰੂ ਸਾਹਿਬ ਨੇ ਕਿਸੇ ਇਕ ਫਿਰਕੇ, ਰਾਜ ਜਾਂ ਦੇਸ਼ ਦੀ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਤਾਂ ਸਮੁਚੀ ਮਾਨਵਤਾ ਦੇ ਹੱਕ ਵਿਚ ਵਕਾਲਤ ਕੀਤੀ ਸੀ। ਬਾਬਰ ਮਾਨਵਤਾ ਦੇ ਹੱਕਾਂ ਦਾ ਘਾਣ ਕਰ ਰਿਹਾ ਸੀ। ਗੁਰੂ ਨਾਨਕ ਦੇਵ ਜੀ ਪਹਿਲੇ ਮਹਾਂ ਪੁਰਸ਼ ਸਨ, ਜਿਨ੍ਹਾਂ ਨੇ ਬਾਬਰ ਦੇ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਤੋਂ ਬਾਅਦ ਤਾਂ ਲਗਪਗ ਸਾਰੇ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਮਾਨਵਤਾ ਦੇ ਹਿਤਾਂ ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਲਈ ਆਵਾਜ਼ ਬੁਲੰਦ ਕੀਤੀ ਸੀ। ਮੀਰੀ ਤੇ ਪੀਰੀ ਦਾ ਸੰਕਲਪ ਵੀ ਮਨੁੱਖੀ ਹੱਕਾਂ ਉਪਰ ਪਹਿਰਾ ਦੇਣਾ ਹੀ ਹੈ।
            ਸਿੱਖ ਧਰਮ ਦਾ ਇਤਿਹਾਸ ਵਿਲੱਖਣਤਾਵਾਂ ਦਾ ਮੁਜੱਸਮਾ ਹੈ। ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਸੰਸਾਰ ਦੇ ਇਤਿਹਾਸ ਵਿਚ ਪਹਿਲੀ ਅਜਿਹੀ ਸ਼ਹਾਦਤ ਹੈ, ਜਿਹੜੀ ਇਨਸਾਨੀਅਤ ਦੀ ਰੱਖਿਆ ਲਈ ਕਾਤਲ ਕੋਲ ਕਤਲ ਹੋਣ ਵਾਲਾ ਵਿਅਕਤੀ ਆਪ ਜਾ ਕੇ ਕੁਰਬਾਨੀ ਦੇਣ ਲਈ ਕਹੇ। ਇਹ ਕੁਰਬਾਨੀ ਉਨ੍ਹਾਂ ਉਦੋਂ ਦਿੱਤੀ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਵਿਥਿਆ ਸੁਣਾਈ ਕਿ ਮੌਕੇ ਦਾ ਹਾਕਮ ਉਨ੍ਹਾਂ ਦਾ ਧਰਮ ਬਦਲ ਰਿਹਾ ਹੈ। ਉਹ ਇਹ ਕਹਿ ਰਿਹਾ ਹੈ ਕਿ ਜੇ ਧਰਮ ਨਹੀਂ ਬਦਲਣਾ ਤਾਂ ਕੋਈ ਵੱਡਾ ਵਿਅਕਤੀ ਕੁਰਬਾਨੀ ਦੇਵੇ। ਉਸ ਸਮੇਂ ਬਾਲ ਗੋਬਿੰਦ ਉਨ੍ਹਾਂ ਕੋਲ ਹੀ ਖੇਡ ਰਿਹਾ ਸੀ, ਜਿਨ੍ਹਾਂ ਨੇ ਪੰਡਤਾਂ ਨੂੰ ਉਦਾਸ ਵੇਖ ਕੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ ? ਇਤਿਹਾਸ ਵਿਚ ਅਜਿਹੀ ਹੋਰ ਕੋਈ ਹੋਰ ਉਦਾਹਰਣ ਨਹੀਂ ਮਿਲਦੀ, ਜਿਸ ਵਿਚ ਨੌਂ ਸਾਲ ਦਾ ਬਾਲ ਸਪੁੱਤਰ ਆਪਣੇ ਪਿਤਾ ਨੂੰ ਆਪ ਕਹੇ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ, ਤੁਸੀਂ ਆਪ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿਓ। ਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਆਪ ਕੁਰਬਾਨੀ ਦਿੱਤੀ। ਇਸੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਜੂ ਦਾ ਰਾਖਾ ਕਿਹਾ ਜਾਂਦਾ ਹੈ। ਇਹ ਵੀ ਹੈਰਾਨੀ ਦੀ ਅਦਭੁਤ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਦੇਣ ਲਈ ਉਨ੍ਹਾਂ ਸਮਿਆਂ ਵਿਚ ਜਦੋਂ ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਉਹ ਹਜ਼ਾਰਾਂ ਮੀਲਾਂ ਦਾ ਸਫਰ ਪੈਦਲ ਤਹਿ ਕਰਕੇ ਦਿੱਲੀ ਪਹੁੰਚੇ। ਜਿਸ ਰਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਕੁਰਬਾਨੀ ਦੇਣ ਲਈ ਗਏ ਅਤੇ ਜਿਥੇ ਉਨ੍ਹਾਂ ਰਾਤਾਂ ਨੂੰ ਵਿਸਰਾਮ ਕੀਤਾ। ਉਨ੍ਹਾਂ ਸਾਰੀਆਂ ਥਾਵਾਂ ‘ਤੇ ਉਨ੍ਹਾਂ ਦੀ ਯਾਦ ਵਿਚ ਗੁਰੂ ਘਰ ਉਸਾਰੇ ਹੋਏ ਹਨ। ਜਿਹੜੇ ਰਹਿੰਦੀ ਦੁਨੀਆਂ ਤੱਕ ਆਉਣ ਵਾਲੀ ਪੀੜ੍ਹੀ ਨੂੰ ਸ਼ਾਂਤੀ, ਸਦਭਾਵਨਾ, ਭਰਾਤਰੀ ਭਾਵ, ਸ਼ਹਿਨਸ਼ੀਲਤਾ, ਮਿਲਵਰਤਨ ਅਤੇ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਗੇ। ਪਟਿਆਲਾ ਜਿਲ੍ਹੇ ਵਿਚ ਬਹਾਦਰਗੜ੍ਹ ਅਤੇ ਸਥਾਨਕ ਪਟਿਆਲਾ ਸ਼ਹਿਰ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਨ੍ਹਾਂ ਦੀ ਯਾਦ ਵਿਚ ਉਸਾਰੇ ਹੋਏ ਹਨ। ਭਾਰਤ ਵਿਚ ਜੇਕਰ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ ਤਾਂ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੈ। ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਕੁਝ ਅਖੌਤੀ ਵਿਦਵਾਨ ਅਤੇ ਸਿਆਸੀ ਨੇਤਾ ਧਰਮ ਦੇ ਵਲੱਗਣ ਵਿਚੋਂ ਨਿਕਲਕੇ ਇਨਸਾਨੀਅਤ ਦੀ ਗੱਲ ਕਰਨ ਦੀ ਥਾਂ ਘਿਰਣਾ ਪੈਦਾ ਕਰ ਰਹੇ ਹਨ। ਉਹ ਆਪਣੇ ਇਤਿਹਾਸ ਨੂੰ ਹੀ ਅਣਡਿਠ ਕਰ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੀ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਧਰਮ ਭਾਵੇਂ ਕੋਈ ਵੀ ਹੋਵੇ ਉਹ ਘਿਰਣਾ ਅਤੇ ਝਗੜੇ ਝੇੜਿਆਂ ਤੋਂ ਦੂਰ ਹੁੰਦਾ ਹੈ। ਉਹ ਹਮੇਸ਼ਾ ਸ਼ਾਂਤੀ, ਸਦਭਾਵਨਾ, ਸਹਿਹੋਂਦ ਅਤੇ ਭਾਈਚਾਰਕ ਸਹਿਹੋਂਦ ਦਾ ਸੰਦੇਸ਼ ਦਿੰਦਾ ਹੈ।
               ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾ ਦੇ ਪੈਰੋਕਾਰਾਂ ਵਿਚ ਆਪਸੀ ਕੁੜੱਤਣ ਵਧ ਰਹੀ ਹੈ ਤਾਂ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਉਪਰ ਉਨ੍ਹਾਂ ਦੀ ਕੁਰਬਾਨੀ ਬਾਰੇ ਆਮ ਲੋਕਾਂ ਨੂੰ ਸਿਖਿਅਤ ਕਰਨ ਦੀ ਲੋੜ ਹੈ ਤਾਂ ਜੋ ਆਪਸੀ ਸਦਭਾਵਨਾ ਅਤੇ ਪਿਆਰ ਦਾ ਵਾਤਵਰਨ ਬਰਕਰਾਰ ਰਹਿ ਸਕੇ। ਭਾਰਤ ਸਰਕਾਰ ਨੂੰ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਉਨ੍ਹਾਂ ਬਾਰੇ ਲੇਖ ਸ਼ਾਮਲ ਕਰਨੇ ਚਾਹੀਦੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072   
ujagarsingh480yahoo.com

ਕਿਸਾਨ ਅੰਦੋਲਨ ਅਨੇਕ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆਂ - ਉਜਾਗਰ ਸਿੰਘ

ਦਿੱਲੀ ਦੀਆਂ ਸਰਹੱਦਾਂ ਉਪਰ ਚਲ ਰਿਹਾ ਕਿਸਾਨ ਅੰਦੋਲਨ ਕਈ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਇਕ ਕਿਸਮ ਨਾਲ ਸ਼ਾਂਤਮਈ ਇਨਕਲਾਬ ਦੀ ਨੀਂਹ ਰੱਖੀ ਗਈ ਹੈ। ਪੰਜਾਬੀਆਂ ਦੇ ਖ਼ੂਨ ਵਿਚ ਲੜਨ ਮਰਨ ਦਾ ਜ਼ਜਬਾ, ਲਗਨ, ਦਿ੍ਰੜ੍ਹਤਾ, ਜੋਸ਼, ਅਖ਼ਰੋਸ਼ ਦਲੇਰੀ ਅਤੇ ਹਿੰਮਤ ਨਾ ਹਾਰਨ ਦੀ ਪ੍ਰਵਿਰਤੀ ਹੈ, ਜਿਸ ਕਰਕੇ ਉਹ ਜੋ ਪ੍ਰਣ ਕਰ ਲੈਣ ਉਸਦੀ ਪ੍ਰਾਪਤੀ ਤੋਂ ਬਿਨਾ ਪਿਛੇ ਨਹੀਂ ਹੱਟਦੇ। ਸਬਰ, ਸੰਤੋਖ, ਸ਼ਹਿਨਸ਼ੀਲਤਾ ਅਤੇ ਸਰਬਤ ਦਾ ਭਲਾ ਕਰਨ ਦੀ ਭਾਵਨਾ ਵੀ ਗੁਰੂਆਂ ਨੇ ਉਨ੍ਹਾਂ ਵਿਚ ਪ੍ਰਜਵਲਿਤ ਕੀਤੀ ਹੋਈ ਹੈ ਪ੍ਰੰਤੂ ਜਦੋਂ ਜ਼ੁਲਮ ਵੱਧ ਜਾਵੇ ਤਾਂ ਸ਼ਮਸ਼ੀਰ ਚੁਕਣ ਦਾ ਸਿਧਾਂਤ ਵੀ ਗੁਰੂ ਸਾਹਿਬ ਨੇ ਦਿੱਤਾ ਹੈ। ਇਸਦਾ ਸਬੂਤ ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿਚ ਪੰਜਾਬੀਆਂ ਦੇ ਯੋਗਦਾਨ ਤੋਂ ਸਾਫ ਹੋ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਹੱਦਾਂ ਤੇ ਭਾਵੇਂ ਪਾਕਿਸਤਾਨ ਅਤੇ ਚੀਨ ਦੀ ਲੜਾਈ ਹੋਵੇ ਹਮੇਸ਼ਾ ਪੰਜਾਬੀਆਂ ਨੇ ਮੋਹਰੀ ਦੀ ਭੂਮਿਕਾ ਨਿਭਾਕੇ ਮੱਲਾਂ ਮਾਰੀਆਂ ਹਨ। ਪਾਕਿਸਤਾਨ ਵਿਚੋਂ ਬੰਗਲਾ ਦੇਸ਼ ਨੂੰ ਵੱਖਰਾ ਦੇਸ਼ ਬਣਾਉਣ ਦੀ ਲੜਾਈ ਵਿਚ ਇਕ ਲੱਖ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਵਾਉਣ ਵਾਲੇ ਜਗਜੀਤ ਸਿੱਘ ਅਰੋੜਾ ਵੀ ਪੰਜਾਬੀ ਹੀ ਸਨ। ਵਿਰੋਧੀਆਂ ਤੋਂ ਹਥਿਆਰ ਸੁਟਵਾਉਣ ਦਾ ਤਜਰਬਾ ਪੰਜਾਬੀਆਂ ਕੋਲ ਹੈ। ਕਿਸਾਨ ਅੰਦੋਲਨ ਵੀ ਕੇਂਦਰ ਸਰਕਾਰ ਦੇ ਜ਼ੁਲਮ ਦੇ ਵਿਰੋਧ ਦਾ ਹੀ ਨਤੀਜਾ ਹੈ। ਕਿਸਾਨ ਅੰਦੋਲਨ ਵਿਚ ਵੀ ਪੰਜਾਬੀ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਹਰਿਆਣਵੀ ਵੀ ਮੁੱਢਲੇ ਤੌਰ ਤੇ ਪੰਜਾਬੀ ਹੀ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾ ਦੀ ਆਮਦਨ ਵਧਾਉਣ ਦੇ ਨਾਂ ਉਪਰ ਖੇਤੀਬਾੜੀ ਨਾਲ ਸੰਬੰਧਤ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਇਸ ਅੰਦੋਲਨ ਨੇ ਪੰਜਾਬ ਦੇ ਕਿਸਾਨਾ ਦੀਆਂ 31 ਜਥੇਬੰਦੀਆਂ ਵਿਚ ਅਨੇਕਾਂ ਵਖਰੇਵੇਂ ਹੋਣ ਦੇ ਬਾਵਜੂਦ ਜਦੋਂ ਕੇਂਦਰ ਨੇ ਉਨ੍ਹਾਂ ਦੇ ਅਸਤਿਤਵ ਨੂੰ ਹੱਥ ਪਾ ਲਿਆ ਤਾਂ ਇਕ ਮੰਚ ‘ਤੇ ਇਕੱਠੇ ਹੋ ਗਏ। ਇਸ ਤੋਂ ਵੀ ਵੱਡੀ ਗੱਲ ਇਸ ਅੰਦੋਲਨ ਨੇ ਭਾਰਤ ਦੇ ਸਮੁੱਚੇ ਕਿਸਾਨਾ ਨੂੰ ਵੀ ਲਾਮਬੰਦ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿਚ ਹੁਣ ਤੱਕ ਜਿਹੜੀ ਦੋਹਾਂ ਰਾਜਾਂ ਦੇ ਕਿਸਾਨਾ ਦੇ ਹਿਤਾਂ ਦੇ ਟਕਰਾਓ ਕਰਕੇ ਕੁੜੱਤਣ ਵਧਦੀ ਹੀ ਜਾ ਰਹੀ ਸੀ, ਉਹ ਵੀ ਖ਼ਤਮ ਕਰ ਦਿੱਤੀ ਹੈ। ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜਕੇ ਜਦੋਜਹਿਦ ਕਰ ਰਹੇ ਹਨ। ਇਥੇ ਹੀ ਬਸ ਨਹੀਂ ਹਰਿਆਣਵੀ ਪੰਜਾਬੀ ਕਿਸਾਨਾ ਦੀ ਆਓ ਭਗਤ ਵਿਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹੁਣ ਤੱਕ ਦੇਸ ਵਿਚ ਇਤਨਾ ਵੱਡਾ, ਲੰਮਾ ਅਤੇ ਸ਼ਾਂਤਮਈ ਕੋਈ ਵੀ ਅੰਦੋਲਨ ਨਹੀਂ ਹੋਇਆ। ਇਹ ਅੰਦੋਲਨ ਇਤਿਹਾਸ ਦਾ ਹਿੱਸਾ ਬਣੇਗਾ। ਅੰਦੋਲਨ ਆਮ ਤੌਰ ਤੇ ਹਿੰਸਕ ਹੋ ਜਾਂਦੇ ਹਨ ਪ੍ਰੰਤੂ ਕਿਸਾਨਾ ਦਾ ਇਹ ਅੰਦੋਲਨ ਪੂਰਨ ਸ਼ਾਂਤਮਈ ਢੰਗ ਨਾਲ ਵੱਡਾ ਇਕੱਠ ਹੋਣ ਦੇ ਬਾਵਜੂਦ ਚਲ ਰਿਹਾ ਹੈ। ਭਾਵੇਂ ਕੇਂਦਰੀ ਏਜੰਸੀਆਂ ਨੇ ਇਸ ਅੰਦੋਲਨ ਵਿਚ ਆਪਣੇ ਬੰਦਿਆਂ ਦੀ ਘੁਸਪੈਠ ਕਰਵਾਕੇ ਅਸ਼ਾਂਤ ਕਰਨ ਦੀ ਕੋਸਿਸ਼ ਕੀਤੀ ਹੈ। ਕਿਸਾਨ ਉਨ੍ਹਾਂ ਘੁਸਪੈਠੀਆਂ ਉਪਰ ਵੀ ਹੱਥ ਨਹੀਂ ਚੁਕ ਰਹੇ। ਉਨ੍ਹਾਂ ਘੁਸਪੈਠੀਆਂ ਨੂੰ ਸ਼ਾਂਤਮਈ ਢੰਗ ਨਾਲ ਪਕੜਕੇ ਪੁਲਿਸ ਦੇ ਸਪੁਰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਹਰ ਅੰਦੋਲਨ ਦੀ ਰਹਿਨੁਮਾਈ ਜਾਂ ਪਿਠਭੂਮੀ ਵਿਚ ਕੋਈ ਨਾ ਕੋਈ ਸਿਆਸੀ ਪਾਰਟੀ ਹੁੰਦੀ ਸੀ। ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਅੰਦੋਲਨ ਵਿਚ ਦਖ਼ਲਅੰਦਾਜ਼ੀ ਨਹੀਂ ਕਰਨ ਦਿੱਤੀ ਜਾ ਰਹੀ। ਇਥੋਂ ਤੱਕ ਕੇ ਸਟੇਜਾਂ ਦੇ ਕੋਲ ਢੁਕਣ ਹੀ ਨਹੀਂ ਦਿੱਤਾ ਜਾਂਦਾ। ਹਾਲਾਂ ਕਿ ਅੰਦੋਲਨ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਕੋਈ ਵੀ ਆਪੋ ਆਪਣੀਆਂ ਪਾਰਟੀਆਂ ਦਾ ਝੰਡਾ ਨਹੀਂ ਲਿਜਾ ਰਹੇ, ਸਿਰਫ ਕਿਸਾਨ ਯੂਨੀਅਨ ਦਾ ਇਕੋ ਇਕ ਝੰਡਾ ਲੈ ਕੇ ਜਾਣ ਦੀ ਪ੍ਰਵਾਨਗੀ ਹੈ। ਅਨੁਸ਼ਾਸਨ ਵੀ ਕਮਾਲ ਦਾ ਹੈ। ਕੋਈ ਹੁਲੜਬਾਜ਼ੀ ਨਹੀਂ। ਸਗੋਂ ਸ਼ਾਂਤਮਈ ਰਹਿਣ ਦੀਆਂ ਅਪੀਲਾਂ ਸਟੇਜ ਤੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਹਨ। ਭਾਵੇਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਸ ਅੰਦੋਲਨ ਨੂੰ ਵਖਵਾਦੀ ਵੀ ਕਿਹਾ ਹੈ। ਪ੍ਰੰਤੂ ਦੂਜੇ ਰਾਜਾਂ ਦੇ ਕਿਸਾਨ ਕਹਿ ਰਹੇ ਹਨ ਕਿ ਜੇ ਆਪਣੇ ਹੱਕ ਮੰਗਣਾ ਵਖਵਾਦੀ ਹੈ ਤਾਂ ਉਹ ਵੀ ਵੱਖਵਾਦੀ ਹਨ। ਦੇਸ ਵਿਚ ਜਿਤਨੇ ਵੀ ਅੰਦੋਲਨ ਹੁੰਦੇ ਰਹੇ ਹਨ, ਉਨ੍ਹਾਂ ਦੀ ਅਗਵਾਈ ਮਰਦ ਹੀ ਕਰਦੇ ਰਹੇ ਹਨ ਪ੍ਰੰਤੂ ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਇਸਤਰੀਆਂ, ਬੱਚੇ, ਨੌਜਵਾਨ, ਵਿਦਿਆਰਥੀ ਅਤੇ ਬਜ਼ੁਰਗ ਵੀ ਬਰਾਬਰ ਗਿਣਤੀ ਵਿਚ ਸ਼ਾਮਲ ਹਨ। ਪੰਜਾਬ ਦੇ ਨੌਜਵਾਨਾ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਰੱਖਵਾਲੇ ਹਨ।
     ਇਹ ਗੱਲ ਤਾਂ ਠੀਕ ਹੈ ਕਿ ਆਮ ਲੋਕਾਂ ਨੂੰ ਆਵਾਜਾਈ ਦੀ ਅੰਦੋਲਨ ਨਾਲ ਥੋੜ੍ਹੀ ਮੁਸ਼ਕਲ ਆ ਰਹੀ ਹੈ ਪ੍ਰੰਤੂ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਆਮ ਲੋਕ ਇਸ ਅੰਦੋਲਨ ਦੇ ਹੱਕ ਵਿਚ ਖੜ੍ਹੇ ਹਨ। ਸਮਾਜ ਦੇ ਹਰ ਵਰਗ ਦੀਆਂ ਸੰਸਥਾਵਾਂ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਇਸ ਤੋਂ ਪਹਿਲਾਂ ਸਿਰਫ ਇਕ ਅੱਧੀ ਸੰਸਥਾ ਕਿਸੇ ਵੀ ਅੰਦੋਲਨ ਦੀ ਸਪੋਰਟ ਤਾਂ ਕਰ ਦਿੰਦੀ ਸੀ ਪ੍ਰੰਤੂ ਉਸ ਵਿਚ ਸ਼ਾਮਲ ਨਹੀਂ ਹੁੰਦੀ ਸੀ। ਇਸ ਅੰਦੋਲਨ ਵਿਚ ਦੇਸ ਅਤੇ ਖਾਸ ਤੌਰ ਤੇ ਪੰਜਾਬ ਦੀ ਕੋਈ ਅਜਿਹੀ ਸੰਸਥਾ ਨਹੀਂ ਜਿਹੜੀ ਸ਼ਾਮਲ ਨਾ ਹੋ ਰਹੀ ਹੋਵੇ। ਮੁੱਖ ਤੌਰ ਤੇ ਕਲਾਕਾਰ, ਡਾਕਟਰ, ਵਕੀਲ, ਸਮਾਜ ਸੇਵੀ ਸੰਸਥਾਵਾਂ, ਪੈਰਾ ਮੈਡੀਕਲ ਸਭਾਵਾਂ,  ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੰਸਥਾਵਾਂ, ਸਾਬਕਾ ਨੌਕਰਸ਼ਾਹ, ਸਾਬਕਾ ਫੌਜੀ ਅਧਿਕਾਰੀ, ਸਾਹਿਤਕਾਰ, ਪੱਤਰਕਾਰ, ਵਿਦਿਆਰਥੀ ਜਥੇਬੰਦੀਆਂ, ਨਿਹੰਗ ਸਿੰਘ ਅਤੇ ਵੱਖ ਵੱਖ ਖੇਤਰਾਂ ਦੇ ਮਹੱਤਵਪੂਰਨ ਵਿਅਕਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਿਹੜੇ ਪੁਰਸਕਾਰ ਮਿਲੇ ਹੋਏ ਸਨ, ਉਨ੍ਹਾਂ ਨੂੰ ਵਿਰੋਧ ਕਰਕੇ ਵਾਪਸ ਕਰ ਰਹੇ ਹਨ। ਭਾਰਤ ਦੇ ਇਤਿਹਾਸ ਵਿਚ ਕਿਸੇ ਵੀ ਅੰਦੋਲਨ ਨੂੰ ਇਤਨਾ ਸਮਰਥਨ ਨਹੀਂ ਮਿਲਿਆ ਜਿਤਨਾ ਇਸ ਅੰਦੋਲਨ ਨੂੰ ਮਿਲ ਰਿਹਾ ਹੈ।
     ਵਿਦੇਸ਼ਾਂ ਵਿਚ ਜਿਹੜੇ ਪਰਵਾਸੀ ਵਸੇ ਹੋਏ ਹਨ, ਉਹ ਵੀ ਉਥੇ ਕਿਸਾਨਾ ਨਾਲ ਹਮਦਰਦੀ ਪ੍ਰਗਟਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸਾਨ ਅੰਦੋਲਨ ਲਈ ਆਰਥਿਕ ਮਦਦ ਵੀ ਕਰ ਰਹੇ ਹਨ। ਅਮਰੀਕਾ ਵਿਚੋਂ ਕਿਸਾਨਾ ਦੀ ਹੌਸਲਾ ਅਫਜਾਈ ਲਈ ਟੁੱਟ ਭਰਾਵਾਂ ਨੇ 25 ਕਵਿੰਟਲ ਬਦਾਮ ਭੇਜੇ ਦੇ ਕੁਝ ਹੋਰ ਲੋਕਾਂ ਨੇ ਦਸ ਕਵਿੰਟਲ ਬਦਾਮ ਭੇਜੇ ਹਨ।  ਵੈਸੇ ਤਾਂ ਕਿਸਾਨ ਆਪੋ ਆਪਣੇ ਜਥਿਆਂ ਲਈ ਲੰਗਰ ਦਾ ਪ੍ਰਬੰਧ ਕਰਕੇ ਗਏ ਹਨ, ਫਿਰ ਵੀ ਪੰਜਾਬ ਅਤੇ ਦੂਜੇ ਰਾਜਾਂ ਵਿਚੋਂ ਲੰਗਰ ਦਾ ਸਾਮਾਨ ਲਗਾਤਾਰ ਪਹੁੰਚ ਰਿਹਾ ਹੈ। ਕਈ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਚਲ ਰਹੇ ਹਨ। ਚਾਹ ਦੇ ਨਾਲ ਦੁੱਧ, ਖੀਰ, ਜਲੇਬੀਆਂ, ਫਲ, ਕਾਜੂ, ਬਦਾਮ, ਸੌਗੀ, ਲੱਸੀ, ਦਹੀਂ, ਮੱਖਣ, ਗੁੜ ਦੀਆਂ ਪਿੰਨੀਆਂ ਅਤੇ ਹੋਰ ਅਨੇਕ ਕਿਸਮ ਦੇ ਪਕਵਾਨ ਤਿਆਰ ਹੋ ਰਹੇ ਹਨ। ਬਾਹਰਲੇ ਸੂਬਿਆਂ ਵਿਚੋਂ ਕੁਝ ਨੌਜਵਾਨਾ ਨੇ ਆ ਕੇ ਲੰਗਰ ਲਾਇਆ ਹੋਇਆ ਹੈ, ਜਿਸ ਵਿਚ ਚਪਾਤੀਆਂ ਅਤੇ ਚਾਉਲ ਬਣਾਉਣ ਵਾਲੀਆਂ ਮਸ਼ੀਨਾ ਲਿਆਂਦੀਆਂ ਹੋਈਆਂ ਹਨ। ਉਸ ਲੰਗਰ ਵਿਚ ਹਰ ਰੋਜ 25 ਹਜ਼ਾਰ ਕਿਸਾਨ ਲੰਗਰ ਛਕ ਰਹੇ ਹਨ। ਇਹ ਨੌਜਵਾਨ ਕਿਸਾਨਾ ਨੂੰ ਲੰਗਰ ਉਨ੍ਹਾਂ ਦੇ ਧਰਨਿਆਂ ਵਾਲੇ ਥਾਂ ਤੇ ਵੀ ਪਹੁੰਚਾ ਦਿੰਦੇ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਅਗਾਊਂ ਸੂਚਨਾ ਦੇ ਦਿੱਤੀ ਜਾਵੇ ਕਿ ਕਿਤਨਾ ਲੰਗਰ ਲੋੜੀਂਦਾ ਹੈ। ਇਨ੍ਹਾਂ ਲੰਗਰਾਂ ਦੀ ਇਕ ਵਿਲੱਖਣਤਾ ਇਹ ਵੀ ਹੈ ਕਿ ਕਿਸਾਨਾ ਤੋਂ ਬਿਨਾ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਬਹੁਤ ਸਾਰੇ ਗਰੀਬ ਲੋਕ ਵੀ ਆ ਕੇ ਲੰਗਰ ਛੱਕ ਰਹੇ ਹਨ। ਕਿਸਾਨਾ ਦੀ ਖੁਲ੍ਹਦਿਲੀ ਵੀ ਕਮਾਲ ਦੀ ਹੈ ਕਿ ਉਹ ਉਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਵੀ ਲੰਗਰ ਛਕਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਉਪਰ ਪਾਣੀ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਗੋਲੇ ਸੁਟੇ ਸਨ। ਗੈਸ ਏਜੰਸੀਆਂ ਲੰਗਰ ਤਿਆਰ ਕਰਨ ਲਈ ਗੈਸ ਦੇ ਸਿਲੰਡਰ ਮੁਫਤ ਦੇ ਰਹੀਆਂ ਹਨ। ਕੰਬਲ, ਜਰਸੀਆਂ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਜਾ ਰਹੀਆਂ ਹਨ। ਲੰਗਰਾਂ ਵਿਚ ਲੋਕ ਸਵੈ ਇਛਾ ਨਾਲ ਆ ਕੇ ਕੰਮ ਕਰ ਰਹੇ ਹਨ। ਇਕ ਹੋਰ ਕਮਾਲ ਦੀ ਗੱਲ ਹੈ ਕਿ ਸਾਰੇ ਧਰਨਿਆਂ ਵਿਚ ਸਫਾਈ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਹੈ। ਸਫਾਈ ਦਾ ਪ੍ਰਬੰਧ ਨੌਜਵਾਨਾ ਅਤੇ ਬਜ਼ੁਰਗਾਂ ਨੇ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ। ਅਨੁਸ਼ਾਸ਼ਨ ਵੀ ਬਿਹਤਰੀਨ ਹੈ। ਪ੍ਰਬੰਧਕਾਂ ਨੇ ਹਰ ਕੰਮ ਕਰਨ ਲਈ ਟੀਮਾ ਬਣਾਈਆਂ ਹੋਈਆਂ ਹਨ। ਡਾਕਟਰਾਂ ਦੀਆਂ ਟੀਮਾ ਸਵੈ ਇਛਾ ਨਾਲ ਡਾਕਟਰੀ ਸਹੂਲਤਾਂ ਚੌਵੀ ਘੰਟੇ ਦੇ ਰਹੀਆਂ ਹਨ। ਇਸਤਰੀਆਂ ਦੇ ਇਸ਼ਨਾਨ ਕਰਨ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਹਨ। ਨੇੜੇ ਦੇ ਹੋਟਲ ਮਾਲਕਾਂ ਨੇ ਆਪਣੇ ਹੋਟਲ ਇਸਤਰੀਆਂ ਲਈ ਮੁਫਤ ਵਿਚ ਦੇ ਦਿੱਤੇ ਹਨ। ਹੈ। ਪੰਜਾਬ ਵਿਚੋਂ ਬੱਸਾਂ ਦੇ ਮਾਲਕਾਂ ਨੇ ਹਰ ਰੋਜ਼ ਮੁਫਤ ਬੱਸਾਂ ਜਿਲ੍ਹਾ ਹੈਡ ਕੁਆਟਰਾਂ ਤੋਂ ਦਿੱਲੀ ਜਾਣ ਅਤੇ ਵਾਪਸ ਲਿਆਉਣ ਲਈ ਦੇ ਦਿੱਤੀਆਂ ਹਨ। ਪੈਟਰੌਲ ਪੰਪਾਂ ਦੇ ਮਾਲਕ ਕਿਸਾਨਾ ਦੇ ਟਰੈਕਟਰਾਂ ਵਿਚ ਡੀਜ਼ਲ ਮੁਫ਼ਤ ਪਾ ਰਹੇ ਹਨ। ਕੁਝ ਲੋਕ ਟਰੈਕਟਰਾਂ ਵਿਚ ਮੁਫਤ ਡੀਜ਼ਲ ਪਾ ਰਹੇ ਹਨ। ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ।
      ਹੁਣ ਤੱਕ ਕਿਸਾਨਾ ਦੀਆਂ ਮੰਤਰੀਆਂ ਨਾਲ ਪੰਜ ਮੀਟਿੰਗਾਂ ਹੋ ਚੁਕੀਆਂ ਹਨ ਪ੍ਰੰਤੂ ਮੀਟਿੰਗਾਂ ਵਿਚ ਕਿਸਾਨ ਸਰਕਾਰੀ ਚਾਹ ਅਤੇ ਖਾਣਾ ਨਹੀਂ ਖਾ ਰਹੇ। ਉਹ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਹਨ। ਗੋਦੀ ਮੀਡੀਆ ਸਹੀ ਖਬਰਾਂ ਨਾ ਦੇਣ ਕਰਕੇ ਬਦਨਾਮੀ ਖੱਟ ਰਿਹਾ ਹੈ।       ਇਸ ਅੰਦੋਲਨ ਨੂੰ ਸਮੁਚੇ ਸੰਸਾਰ ਵਿਚੋਂ ਸਪੋਰਟ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਸਾਨਾ ਦੇ ਮਨੁਖੀ ਅਧਿਕਾਰਾਂ ਦੇ ਹੱਕ ਵਿਚ ਬਿਆਨ ਦਿੱਤਾ ਹੈ। ਇੰਗਲੈਂਡ ਦੇ 36 ਸੰਸਦ ਮੈਂਬਰਾਂ ਨੇ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇੰਗਲੈਂਡ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿਸਾਨਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਪਹੁੰਚ ਕਰਨ ਲਈ ਕਿਹਾ ਹੈ। ਯੂ ਐਨ ਓ ਦੇ ਪ੍ਰਤੀਨਿਧ ਨੇ ਵੀ ਕਿਹਾ ਹੈ ਕਿ ਕਿਸਾਨਾ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਹੈ। ਕਹਿਣ ਤੋਂ ਭਾਵ ਇਹ ਪਹਿਲਾ ਅਜਿਹਾ ਅੰਦੋਲਨ ਹੈ ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ।  ਕੇਂਦਰ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਪਿਛੇ ਅਹੰਕਾਰ ਦੀ ਪ੍ਰਵਿਰਤੀ ਛੁਪੀ ਹੋਈ ਹੈ। ਪੰਜਾਬ ਦਾ ਤਾਂ ਬੱਚਾ ਬੱਚਾ ਇਸ ਅੰਦੋਲਨ ਨਾਲ ਜੁੜਿਆ ਹੋਇਆ ਪੰਜਾਬ ਦੇ ਸਾਰੇ ਅਖਬਾਰ ਇਸ ਅੰਦੋਲਨ ਨੂੰ ਪੂਰੀ ਕਵਰੇਜ ਦੇ ਰਹੇ ਹਨ। ਹੁਣ ਦਿੱਲੀ ਦਾ ਮੀਡੀਆ ਵੀ ਹੌਲੀ ਹੌਲੀ ਸਮਰਥਨ ਕਰਨ ਲਈ ਅੱਗੇ ਆ ਰਿਹਾ ਹੈ। ਤੇਲ ਵੇਖੋ ਤੇ ਤੇਲ ਦੀ ਘਾਰ ਵੇਖੋ ਨਤੀਜਾ ਕੀ ਨਿਕਲਦਾ ਹੈ ਪ੍ਰੰਤੂ ਕਿਸਾਨ ਤਿੰਨੋ ਕਾਨੂੰਨਾ ਨੂੰ ਰੱਦ ਕਰਨ ਤੋਂ ਪਹਿਲਾਂ ਅੰਦੋਲਨ ਖ਼ਤਮ ਨਹੀਂ ਕਰਨਗੇ। ਇਹ ਪੱਥਰ ਤੇ ਲਕੀਰ ਦੀ ਤਰ੍ਹਾਂ ਹੈ।।
                                                        
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ - ਉਜਾਗਰ ਸਿੰਘ

ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੇ ਬੇਅ ਏਰੀਆ ਵਿਚ ਸਵਰਗਵਾਸ ਹੋ ਗਏ। ਡਾ ਨਰਿੰਦਰ ਸਿੰਘ ਕੰਪਾਨੀ ਦੇ ਚਲੇ ਜਾਣ ਨਾਲ ਵਿਗਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ 94 ਸਾਲ ਪੂਰੀ ਬਚਨਬੱਧਤਾ ਨਾਲ ਇਨਸਾਨ ਦੀ ਬਿਹਤਰੀ ਲਈ ਕੰਮ ਕੀਤਾ। ਅੱਜ ਜੋ ਅਸੀਂ ਸੋਸ਼ਲ ਮੀਡੀਆ ਦੇ ਯੁਗ ਦਾ ਆਨੰਦ ਮਾਣ ਰਹੇ ਹਾਂ ਇਹ ਡਾ ਨਰਿੰਦਰ ਸਿੰਘ ਕੰਪਾਨੀ ਦੀ ਦੇਣ ਹੈ। ਉਨ੍ਹਾਂ ਨੇ ਆਪਣੀ Çਆਕਤ ਨਾਲ ਸੰਸਾਰ ਨੂੰ ਇਕ ਪਿੰਡ ਦੀ ਤਰ੍ਹਾਂ ਬਣਾ ਦਿੱਤਾ ਸੀ। ਉਹ ਇਕ  ਸੰਸਥਾ ਸਨ ਕਿਉਂਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਦੇ ਤੌਰ ਤੇ ਕੰਮ ਕਰਦੇ ਸਨ। ਪੰਜਾਬ ਹਰ ਤਰ੍ਹਾਂ ਅਤੇ ਹਰ ਖ਼ੇਤਰ ਵਿਚ ਭਾਰਤ ਦੇ ਜ਼ਰਖੇਜ ਸੂਬਿਆਂ ਵਿਚੋਂ ਮੋਹਰੀ ਗਿਣਿਆਂ ਜਾਂਦਾ ਹੈ। ਭਾਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ, ਅਨਾਜ ਵਿਚ ਆਤਮ ਨਿਰਭਰ ਬਣਾਉਣ ਦਾ ਮਸਲਾ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਅਤੇ ਵਿਗਿਆਨਕ ਖੇਤਰ ਵਿਚ ਖੋਜ ਕਰਨੀ ਹੋਵੇ, ਹਮੇਸ਼ਾ ਪੰਜਾਬ ਨੇ ਹੀ ਭਾਰਤ ਦੀ ਖੜਗ ਭੁਜਾ ਬਣਕੇ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨਕ ਖ਼ੇਤਰ ਵਿਚ ਬਹੁਤ ਸਾਰੇ ਵਿਗਿਆਨਕਾਂ ਨੇ ਸੰਸਾਰ ਵਿਚ ਖੋਜਾਂ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸੰਬੰਧਤ ਹਨ। ਅਜਿਹੇ ਹੀ ਵਿਗਿਆਨੀਆਂ ਵਿਚ ਡਾ.ਨਰਿੰਦਰ ਸਿੰਘ ਕੰਪਾਨੀ ਦਾ ਨਾਮ ਆਧੁਨਿਕ ਤਕਨਾਲੋਜੀ ਦੇ ਖ਼ੇਤਰ ਵਿਚ ਇੰਟਰਨੈਟ ਅਤੇ ਟੈਲੀਫੋਨ ਦੀ ਵਰਤੋਂ ਲਈ ਵਰਤੀ ਜਾਂਦੀ ਫਾਈਵਰ ਵਾਇਰ ਦੀ ਖ਼ੋਜ ਕਰਨ ਕਰਕੇ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ। ਡਾ.ਕੰਪਾਨੀ ਨੂੰ ਫ਼ਾਈਬਰ ਆਪਟਿਕ ਵਾਇਰ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਅਜਿਹੇ ਵਿਗਿਆਨੀ ਸੀਨ, ਜਿਨ੍ਹਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੰਸਾਰ ਵਿਚ ਮਾਣ ਅਤੇ ਪਛਾਣ ਦਿਵਾਈ ਸੀ। ਉਨ੍ਹਾਂ ਵਿਚ ਇੱਕ ਹੋਰ ਵਿਲੱਖਣ ਗੁਣ ਸੀ ਕਿ ਉੁਹ ਇੱਕ ਬਿਹਤਰੀਨ ਬੁਤਘਾੜੇ ਕਲਾਕਾਰ ਸਨ, ਜਾਣੀ ਕਿ ਕਲਾ ਅਤੇ ਵਿਗਿਆਨ ਦਾ ਸੁਮੇਲ ਸਨ। ਅਜਿਹੇ ਵਿਰਲੇ ਹੀ ਮਹਾਨ ਵਿਅਕਤੀ ਹੁੰਦੇ ਹਨ ਜਿਨ੍ਹਾਂ ਵਿਚ ਵਿਗਿਆਨ ਅਤੇ ਕਲਾਤਮਿਕ ਗੁਣ ਹੋਣ। ਕਿਉਂਕਿ ਦੋਹਾਂ ਦਾ ਕੋਈ ਸਮੇਲ ਨਹੀਂ ਹੁੰਦਾ। ਵਿਗਿਆਨ ਦਾ ਆਧਾਰ ਤੱਥ ਅਤੇ ਸਿਧਾਂਤ ਹੁੰਦੇ ਹਨ ਜਦੋਂ ਕਿ ਕਲਾ ਮਾਨਸਿਕ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ।  ਭਾਵ ਦੋਵੇਂ ਵਿਸ਼ੇ ਇੱਕ ਦੂਜੇ ਤੋਂ ਵੱਖਰੇ ਹਨ। ਕਲਾ ਅਹਿਸਾਸਾਂ ਦਾ ਪ੍ਰਗਟਾਵਾ ਅਤੇ ਵਿਗਿਆਨ ਸਾਰਥਿਕਤਾ ਵਿਚ ਵਿਸ਼ਵਾਸ਼ ਰੱਖਦੀ ਹੈ। ਡਾ. ਨਰਿੰਦਰ ਸਿੰਘ ਕੰਪਾਨੀ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਵਿਖੇ ਹੋਇਆ।  ਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ਵਿਚ ਬਿਤਾਇਆ। ਭਾਵੇਂ ਅੱਜ ਕਲ੍ਹ ਉਹ ਅਮਰੀਕਾ ਵਿਚ ਰਹਿੰਦੇ ਸਨ ਪ੍ਰੰਤੂ ਪੰਜਾਬ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ 1955 ਵਿਚ ਇਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨਾਲੋਜੀ ਲੰਡਨ ਤੋਂ ਫਿਜਿਕਸ ਵਿਚ ਫ਼ਾਈਬਰ ਆਪਟਿਕਸ ਤੇ ਆਪਣੀ ਪੀ.ਐਚ.ਡੀ. ਦੀ ਡਿਗਰੀ ਦਾ ਥੀਸਜ਼ ਲਿਖਕੇ ਡਿਗਰੀ ਪ੍ਰਾਪਤ ਕੀਤੀ। ਟੈਲੀਫੋਨ ਅਤੇ ਇੰਟਰਨੈਟ ਲਈ ਵਰਤੀ ਜਾਣ ਵਾਲੀ ਫ਼ਾਈਬਰ ਆਪਟਿਕ ਵਾਇਰ ਦਾ ਖੋਜੀ ਵਿਦਵਾਨ ਡਾ.ਨਰਿੰਦਰ ਸਿੰਘ ਕੰਪਾਨੀ ਭਾਰਤੀ ਮੂਲ ਦਾ ਖੋਜੀ ਵਿਦਵਾਨ ਅਜਿਹਾ ਵਿਗਿਆਨੀ ਅਤੇ ਉਦਮੀ ਸਨ, ਜਿਨ੍ਹਾਂ ਨੇ ਅਮਰੀਕਾ ਵਿਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਅਨੇਕਾਂ ਵਿਓਪਾਰਕ ਅਦਾਰੇ ਸਥਾਪਤ ਕਰਕੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਸੀ। ਫਾਈਬਰ ਵਾਇਰ ਦੀ, ਟੈਲੀਫ਼ੋਨ, ਇੰਟਰਨੈਟ ਅਤੇ ਕੇਬਲ ਨੈਟ ਵਰਕ ਲਈ ਬਹੁਤੀਆਂ ਕੰਪਨੀਆਂ ਵਰਤੋਂ ਕਰਦੀਆਂ ਹਨ। ਇਸ ਤਾਰ ਦੇ ਨਤੀਜੇ ਬਹੁਤ ਹੀ ਵਧੀਆ ਹਨ। ਆਧੁਨਿਕ ਤਕਨਾਲੋਜੀ ਦੇ ਯੁਗ ਵਿਚ ਇਸਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ। ਉਨ੍ਹਾਂ ਨੇ ਕਮਿਊਨੀਕੇਸ਼ਨ, ਲੇਜ਼ਰ, ਬਾਇਓ ਮੈਡੀਕਲ ਇਸਟਰੂਮੈਨਸ਼ਨ, ਸੋਲਰ ਅਨਰਜ਼ੀ ਅਤੇ ਪਾਲੂਸ਼ਨ ਮਾਨੀਟਰਿੰਗ ਦੇ ਵਿਸ਼ਿਆਂ ਵਿਚ ਖੋਜ ਕਰਕੇ ਮੁਹਾਰਤ ਹਾਸਲ ਕੀਤੀ। ਉਨ੍ਹਾਂ ਕੋਲ 100 ਪੇਟੈਂਟਸ ਸਨ। ਉਨ੍ਹਾਂ ਦੀਆਂ ਚਾਰ ਪੁਸਤਕਾਂ ਅਤੇ 100 ਪੇਪਰ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਇਸ ਫਾਈਬਰ ਵਾਇਰ ਵਿਚ ਹੋਰ ਅਡਵਾਂਸ ਖੋਜਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਨ੍ਹਾਂ ਸਾਰੀਆਂ ਖੋਜਾਂ ਦਾ ਆਧਾਰ ਨਰਿੰਦਰ ਸਿੰਘ ਕੰਪਾਨੀ ਦੀ ਖੋਜ ਹੀ ਹੈ। ਅਮਰੀਕਾ ਜਾਣ ਤੋਂ ਪਹਿਲਾਂ ਉਹ ਆਈ.ਓ.ਐਫ.ਐਸ. ਵਿਚ ਆਫੀਸਰ ਸਨ। ਉਹ ਅਮਰੀਕਾ ਦੀ ਇਨਵੈਂਟਰ ਕੌਂਸਲ, ਯੰਗ ਪ੍ਰੈਜੀਡੈਂਟ ਆਰਗੇਨਾਈਜੇਸ਼ਨ ਅਤੇ ਵਰਲਡ ਪ੍ਰੈਜੀਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਸਨ। ਉਨ੍ਹਾਂ ਨੂੰ ਯੂ.ਐਸ.ਏ. ਪਾਨ-ਏਸ਼ੀਅਨ ਅਮੈਰਿਕਨ ਚੈਂਬਰ ਆਫ ਕਾਮਰਸ ਨੇ 1998 ਵਿਚ ‘‘ਦਾ ਐਕਸਲੈਂਸ 2000 ਅਵਾਰਡ’’ ਦੇ ਕੇ ਸਨਮਾਨਤ ਕੀਤਾ ਸੀ। ਫਾਰਚੂਨ ਮੈਗਜ਼ੀਨ ਨੇ 22-11-1999 ਦੇ ਅੰਕ ਵਿਚ ਉਨ੍ਹਾਂ ਨੂੰ 7 ਅਨਸੰਗ ਹੀਰੋਜ਼ ਵਿਚ ‘‘ਬਿਜਨਸ ਆਫ ਸੈਂਚਰੀ ’’ ਐਲਾਨ ਕੀਤਾ। ਉਹ ਬ੍ਰਿਟਿਸ਼ ਰਾਇਲ ਅਕਾਡਮੀ, ਆਪਟੀਕਲ ਸੋਸਾਇਟੀ ਆਫ ਅਮੈਰਿਕਾ, ਅਮੈਰਿਕਨ ਐਸੋਸੀਏਸ਼ਨ ਫਾਰ ਅਡਵਾਂਸਮੈਂਟ ਆਫ ਸਾਇੰਸ ਅਤੇ ਹੋਰ ਬਹੁਤ ਸਾਰੀਆਂ ਵਿਗਿਆਨਕ ਸੰਸਥਾਵਾਂ ਦਾ ਫੈਲੋ ਸਨ। ਡਾ ਨਰਿੰਦਰ ਸਿੰਘ ਕੰਪਾਨੀ ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ, ਬਰਕਲੇ, ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਬਾਰਬਰਾ ਅਤੇ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਰਹੇ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਦੇ ਖੋਜ ਦੇ ਕੰਮਾਂ ਦੀ ਅਗਵਾਈ ਅਤੇ ਨਿਗਰਾਨੀ ਕਰਦੇ ਰਹੇ ਸਨ। ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ ਵੀ ਮਿਲਿਆ ਸੀ। ਉਹ ਅਮਰੀਕਾ ਵਿਚ ਸਿੱਖ ਫ਼ਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਸਨ। ਉਨ੍ਹਾਂ ਨੇ ਅਮਰੀਕਾ ਦੇ ਕੈਲੇਫੋਰਨੀਆਂ ਸੂਬੇ ਵਿਚ ‘‘ਯੂਨੀਵਰਸਿਟੀ ਆਫ ਕੈਲੇਫੋਰਨੀਆਂ, ਸਾਂਤਾ ਬਾਰਬਰਾ ’’ ਵਿਚ ਚੇਅਰ ਆਫ ਸਿੱਖ ਸਟੱਡੀਜ਼ ਆਪਣੀ ਮਾਤਾ ਦੀ ਯਾਦ ਵਿਚ 3 ਲੱਖ਼ 50 ਹਜ਼ਾਰ ਡਾਲਰ ਦਾ ਦਾਨ ਦੇ ਕੇ ਸਥਾਪਤ ਕਰਵਾਈ ਸੀ। ਡਾ.ਨਰਿੰਦਰ ਸਿੰਘ ਕੰਪਾਨੀ ਆਪਣੇ ਵਿਰਸੇ ਨਾਲ ਬਾਖ਼ੂਬੀ ਜੁੜੇ ਹੋਏ ਸਨ। ਆਮ ਤੌਰ ਤੇ ਪਰਵਾਸ ਵਿਚ ਆ ਕੇ ਬਹੁਤੇ ਨੌਜਵਾਨ ਆਪਣੀ ਪਛਾਣ ਆਪ ਗੁਆ ਕੇ ਕਲੀਨ ਸਸ਼ੇਨ ਹੋ ਜਾਂਦੇ ਹਨ ਪ੍ਰੰਤੂ ਡਾ ਨਰਿੰਦਰ ਸਿੰਘ ਕੰਪਾਨੀ ਅਖੀਰੀ ਦਮ ਤੱਕ ਪੂਰਨ ਗੁਰਸਿੱਖ ਰਹੇ। ਉਨ੍ਹਾਂ ਨੇ ਸਿੱਖ ਅਜਾਇਬ ਘਰ ਸਥਾਪਤ ਕਰਨ ਵਿਚ ਸਾਰਾ ਖ਼ਰਚਾ ਆਪ ਕੀਤਾ ਸੀ। ਉਹ ਸਿੱਖ ਸਭਿਆਚਾਰ ਨਾਲ ਸੰਬੰਧਤ ਵਸਤਾਂ ਜਿਹੜੀਆਂ ਪੰਜਾਬੀਆਂ ਦੀ ਬਹਾਦਰੀ ਅਤੇ ਵਿਰਾਸਤੀ ਮਹੱਤਵ ਵਾਲੀਆਂ ਕਲਾ ਕ੍ਰਿਤਾਂ ਹਨ, ਉਨ੍ਹਾਂ ਦੀਆਂ ਨੁਮਾਇਸ਼ਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਲਗਵਾਉਂਦੇ ਰਹਿੰਦੇ ਸਨ। ਉਹ ਖ਼ੁਦ ਵੀ ਇੱਕ ਚੰਗੇ ਪੇਂਟਰ ਅਤੇ ਬੁਤਘਾੜੇ ਸਨ। ਉਨ੍ਹਾਂ ਨੇ 40 ਬੁਤ ਵੀ ਬਣਾਏ ਸਨ। ਉਨ੍ਹਾਂ ਨੇ 5 ਲੱਖ ਡਾਲਰ ਦੀ ਮਦਦ ਨਾਲ ਏਸ਼ੀਅਨ ਅਜਾਇਬ ਘਰ ਸਨਫਰਾਂਸਿਸਕੋ ਵਿਖੇ ਸਥਾਪਤ ਕੀਤਾ ਸੀ, ਜਿਸ ਵਿਚ ਸਿੱਖ ਸਭਿਆਰ ਨਾਲ ਸੰਬੰਧਕ ਕਲਾਕ੍ਰਿਤਾਂ ਰੱਖੀਆਂ ਹੋਈਆਂ ਹਨ। ਉਹ ਖ਼ੁਦ ਕਲਾ ਕ੍ਰਿਤਾਂ ਸਾਂਭ ਕੇ ਰੱਖਣ ਲਈ ਇਕੱਠੀਆਂ ਕਰਨ ਦਾ ਵੀ ਸ਼ੌਕੀਨ ਸਨ। ਮਾਰਚ 1999 ਵਿਚ ਉਨ੍ਹਾਂ ਨੇ ਇਨ੍ਹਾਂ ਕਲਾ ਕ੍ਰਿਤਾਂ ਦੀ ਨੁਮਾਇਸ਼ ਆਪਣੇ ਖ਼ਰਚੇ ਤੇ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਏਸ਼ੀਅਨ ਆਰਟ ਮਿਊਜ਼ੀਅਮ ਸਨਫਰਾਂਸਿਸਕੋ ਅਤੇ ਮਈ 2000 ਰਾਇਲ ਓਨਟਾਰੀਓ ਮਿਊਜ਼ੀਅਮ ਕੈਨੇਡਾ ਵਿਚ ਵੀ ਲਗਵਾਈ ਸੀ। ਅਸਲ ਵਿਚ ਉਨ੍ਹਾਂ ਨੂੰ ਪੰਜਾਬੀ ਖਾਸ ਤੌਰ ਤੇ ਸਿੱਖ ਵਿਰਾਸਤ ਨਾਲ ਲਗਾਓ ਸੀ।
   ਉਸਨੇ 1960 ਵਿਚ ਆਪਣਾ ਵਿਓਪਾਰ ‘ਆਪਟਿਕ ਟੈਕਨਾਲੋਜੀ ਬਿਜਨਸ’ ਦੀ ਸਥਾਪਨਾ ਕੀਤੀ। ਜਿਸਦੇ ਆਪ ਚੇਅਰਮੈਨ ਬਣੇ। ਆਪ ਇਸ ਦੇ 12 ਸਾਲ ਡਾਇਰੈਕਟਰ ਰਿਸਰਚ ਵੀ ਰਹੇ। 1967 ਵਿਚ ਇਸ ਕੰਪਨੀ ਦਾ ਕਾਰਜ ਖੇਤਰ ਵਧਾ ਕੇ ਹੋਰ ਦੇਸ਼ਾਂ ਵਿਚ ਵੀ ਲੈ ਗਏ। ਇਸੇ ਤਰ੍ਹਾਂ 1973 ਵਿਚ ਇੱਕ ਹੋਰ ਕੰਪਨੀ ਕੈਪਟਰੌਨ ਬਣਾ ਲਈ ਜਿਸਦੇ ਆਪ 1990 ਤੱਕ ਸੀ.ਈ.ਓ. ਅਤੇ ਪ੍ਰੈਜੀਡੈਂਟ ਰਹੇ। ਆਪਨੇ ਇਹ ਕੰਪਨੀ 1990 ਵਿਚ ਏ.ਐਮ.ਪੀ. ਇਨਕਾਰਪੋਰੇਟਡ ਨੂੰ ਵੇਚ ਦਿੱਤੀ। 9 ਸਾਲ ਆਪ ਇਸ ਕੰਪਨੀ ਦੇ ਵੀ ਫੈਲੋ ਰਹੇ।  ਉਹ ਇਸ ਕੰਪਨੀ ਇੰਟਰਪ੍ਰਨਿਊਰ ਐਂਡ ਟੈਕਨੀਕਲ ਐਕਸਪਰਟ ਪ੍ਰੋਗਰਾਮ ਐਂਡ ਟੈਕਨਾਲੋਜਿਸਟ ਫਾਰ ਗਲੋਬਲ ਕਮਿਊਨੀਕੇਸ਼ਨਜ਼ ਬਿਜਨਸ ਦੇ ਮੁੱਖੀ ਵੀ ਰਹੇ। ਫਿਰ ਆਪ ਨੇ ਇੱਕ ਹੋਰ ਕੰਪਨੀ ਕੇ-2 ਆਪਟਰੌਨਿਕ ਦੀ ਸਥਾਪਨਾ ਕੀਤੀ।
       ਉਹ ਕੈਲੇਫੋਰਨੀਆਂ ਦੇ ਬੇ ਏਰੀਆ ਵਿਚ ਆਪਣੇ ਪਰਿਵਾਰ ਪਤਨੀ ਸਤਿੰਦਰ ਕੌਰ ਕੰਪਾਨੀ, ਲੜਕਾ ਰਾਜਿੰਦਰ ਸਿੰਘ ਕੰਪਾਨੀ ਟੈਕਨਾਲੋਜੀ ਦਾ ਮਹਿਰ ਉਦਮੀ ਅਤੇ ਫਿਲਮ ਮੇਕਰ ਅਤੇ ਲੜਕੀ ਕਿਰਨ ਨਾਲ ਰਹਿ ਰਹੇ ਸਨ। ਉਨ੍ਹਾਂ ਦੇ ਬੱਚੇ ਵੀ ਵਿਗਿਆਨ ਦੇ ਵਿਸ਼ੇ ਦੇ ਖੋਜੀ ਹਨ। ਡਾ ਨਰਿੰਦਰ ਸਿੰਘ ਕੰਪਾਨੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072

ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ

ਸਰਬ ਭਾਰਤੀ ਕਾਂਗਰਸ ਪਾਰਟੀ ਦਿਨ ਬਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਉਂਕਿ ਉਸਨੂੰ ਨੇਤਾਵਾਂ ਨੇ ਹੀ ਖ਼ੋਰਾ ਲਾਇਆ ਹੋਇਆ ਹੈ। ਰਹਿੰਦੀ ਕਸਰ ਪਰਮਾਤਮਾ ਨੇ ਪੂਰੀ ਕਰ ਰਿਹਾ ਹੈ। ਕਿਉਂਕਿ ਪਾਰਟੀ ਸੰਕਟ ਮੋਚਨ ਅਤੇ ਰਣਨੀਤੀਕਾਰਾਂ ਨੂੰ ਵਾਰੀ ਵਾਰੀ ਇਸ ਆਪਣੇ ਕੋਲ ਬੁਲਾ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ ਪ੍ਰਣਾਬ ਮੁਕਰਜੀ ਅਤੇ ਹੁਣ ਦੂਜੇ ਅਹਿਮਦ ਭਾਈ ਮੁਹੰਮਦ ਭਾਈ ਪਟੇਲ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਚਾਣਕੀਆ ਕਿਹਾ ਜਾਂਦਾ ਸੀ, ਉਹ ਕਰੋਨਾ ਦੀ ਭੇਂਟ ਚੜ੍ਹ ਗਏ ਹਨ। ਤੀਜਾ ਸੰਕਟ ਮੋਚਨ ਗੁਲਾਮ ਨਬੀ ਆਜ਼ਾਦ ਕਾਂਗਰਸ ਪਾਰਟੀ ਦਾ ਸੰਕਟ ਦੂਰ ਕਰਦਾ ਪਾਰਟੀ ਨੂੰ ਸਹੀ ਸੁਝਾਆ  ਦੇਣ ਤੋਂ ਬਾਅਦ ਆਪ ਸੰਕਟ ਵਿਚ ਫਸਿਆ ਹੋਇਆ ਹੈ। ਕਾਂਗਰਸ ਪਾਰਟੀ ਵਿਚੋਂ ਅੰਦਰੂਨੀ ਪਰਜਾਤੰਤਰ ਖੰਭ ਲਾ ਕੇ ਉਡ ਗਿਆ ਹੈ। ਚਮਚਾਗਿਰੀ ਦਾ ਦੌਰ ਭਾਰੂ ਹੈ। ਇਤਨੀ ਬੁਰੀ ਤਰ੍ਹਾਂ ਹਾਰਨ ਦੀ ਨਮੋਸ਼ੀ ਤੋਂ ਬਾਅਦ ਵੀ ਕਾਂਗਰਸੀ ਸਬਕ ਸਿੱਖਣ ਨੂੰ ਤਿਆਰ ਨਹੀਂ। ਅਹਿਮਦ ਪਟੇਲ ਨੂੰ ਮਾਣ ਜਾਂਦਾ ਹੈ ਕਿ ਉਹ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਦਾ ਭਰੋਸੇਯੋਗ ਵਿਅਕਤੀ ਰਿਹਾ ਹੈ। ਰਾਹੁਲ ਗਾਂਧੀ ਉਸਦੀ ਕਾਬਲੀਅਤ ਦੀ ਪਛਾਣ ਨਹੀਂ ਕਰ ਸਕਿਆ। ਅਹਿਮਦ ਪਟੇਲ ਕਾਂਗਰਸ ਪਾਰਟੀ ਦੀ ਸਿਆਸਤ ਵਿਚ 44 ਸਰਗਰਮ ਰਿਹਾ। 36 ਸਾਲ ਤਾਂ ਕਾਂਗਰਸ ਪਾਰਟੀ ਦੀ ਸਿਆਸਤ ਉਸਦੇ ਆਲੇ ਦੁਆਲੇ ਘੁੰਮਦੀ ਰਹੀ। ਅਹਿਮਦ ਪਟੇਲ ਪਿਛਲੇ 20 ਸਾਲਾਂ ਤੋਂ ਸੋਨੀਆਂ ਗਾਂਧੀ ਦੇ ਰਾਜਨੀਤਕ ਸਕੱਤਰ ਅਤੇ ਸਭ ਤੋਂ ਵੱਧ ਭਰੋਸੇਯੋਗ ਵਿਅਕਤੀ ਸਨ। ਇਕ ਕਿਸਮ ਨਾਲ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਹਿਮਦ ਪਟੇਲ ਦੇ ਦੁਆਲੇ ਘੁੰਮਦੀ ਸੀ। ਅਹਿਮਦ ਪਟੇਲ ਛੇਤੀ ਕੀਤਿਆਂ ਕਿਸੇ ਸੀਨੀਅਰ ਨੇਤਾ ਨੂੰ ਆਪਣੀ ਨਮਰਤਾ ਅਤੇ ਸਲੀਕੇ ਦੀ ਕਾਬਲੀਅਤ ਨਾਲ ਨਰਾਜ਼ ਨਹੀਂ ਹੋਣ ਦਿੰਦਾ ਸੀ। ਉਸਨੂੰ ਮਿਲਣ ਵਾਲੇ ਕਾਂਗਰਸੀ ਨੇਤਾਵਾਂ ਦੀ ਭੀੜ ਭਾਵੇਂ ਉਸਨੂੰ ਅਨੇਕਾਂ ਸ਼ਿਕਾਇਤਾਂ ਅਤੇ ਉਲਾਂਭੇ ਦਿੰਦੀ ਰਹਿੰਦੀ ਸੀ ਪ੍ਰੰਤੂ ਉਹ ਕਦੀਂ ਵੀ ਦੁੱਖੀ ਨਹੀਂ ਹੁੰਦੇ ਸਨ। ਇਕ ਨੇਤਾ ਨੂੰ ਮਿਲਕੇ ਦੂਜੇ ਕੋਲ ਭੱਜਿਆ ਜਾਂਦਾ ਸੀ। ਸ਼ਿਕਾਇਤਾਂ ਸੁਣਦਾ ਹੀ ਨਹੀਂ ਸਗੋਂ ਜਾਇਜ ਸ਼ਿਕਾਇਤਾਂ ਨੂੰ ਦੂਰ ਵੀ ਕਰਦਾ ਸੀ। ਧੀਮੀ ਆਵਾਜ਼ ਵਿਚ ਗੱਲ ਕਰਨ,  ਸਹਿਜਤਾ ਵਿਚ ਰਹਿਣ ਅਤੇ ਹਰ ਸਮੱਸਿਆ ਦਾ ਹਲ ਲੱਭਣ ਵਾਲਾ ਅਹਿਮਦ ਪਟੇਲ ਕਾਂਗਰਸੀਆਂ ਦੇ ਦਿਲਾਂ ਤੇ ਰਾਜ ਕਰਦਾ ਸੀ। ਕਿਸੇ ਕਾਂਗਰਸੀ ਦੇ ਵਾਰ ਵਾਰ ਮਿਲਣ ਆਉਣ ਨੂੰ ਵੀ ਬੁਰਾ ਨਹੀਂ ਮੰਨਦਾ ਸੀ। ਕਾਂਗਰਸੀ ਦਿਲ ਅਤੇ ਦਿਮਾਗ ਵਾਲਾ ਇਨਸਾਨ ਸੀ। ਕਾਂਗਰਸ ਉਸਦੇ ਖੂਨ ਵਿਚ ਰਚੀ ਹੋਈ ਸੀ। ਉਸਦੀ ਕਾਬਲੀਅਤ ਦੀ ਕਮਾਲ ਇਹ ਸੀ ਕਿ ਕਾਂਗਰਸ ਪਾਰਟੀ ਵਿਚ ਧੜੇਬੰਦੀ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਕਾਂਗਰਸ ਪਾਰਟੀ ਦੇ ਸਾਰੇ ਧੜੇ ਉਸਦਾ ਸਤਿਕਾਰ ਅਤੇ ਵਿਸ਼ਵਾਸ ਕਰਦੇ ਸਨ। ਉਹ ਕਦੀਂ ਵੀ ਕਿਸੇ ਨਾਲ ਗੁਸੇ ਨਹੀਂ ਹੁੰਦਾ ਸੀ। ਉਹ ਹਰ ਨਾਰਾਜ਼ ਨੇਤਾ ਨੂੰ ਮਨਾਉਣ ਵਿਚ ਸਫਲ ਹੁੰਦਾ ਸੀ। ਸੋਨੀਆਂ ਗਾਂਧੀ ਲਈ ਉਹ ਅੱਖਾਂ ਅਤੇ ਕੰਨਾਂ ਦਾ ਕੰਮ ਕਰਦਾ ਸੀ। ਸੋਨੀਆਂ ਗਾਂਧੀ ਦੀ ਥਾਂ ਸੀਨੀਅਰ ਨੇਤਾ ਅਹਿਮਦ ਪਟੇਲ ਨਾਲ ਹਰ ਗੱਲ ਸਾਂਝੀ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਗੱਲ ਸਹੀ ਟਿਕਾਣੇ ਤੇ ਪਹੁੰਚ ਜਾਵੇਗੀ। ਅਹਿਮਦ ਪਟੇਲ ਨੇਤਾਵਾਂ ਨੂੰ ਬੜੀ ਸੰਜੀਦਗੀ ਅਤੇ ਨੀਝ ਨਾਲ ਸੁਣਕੇ ਉਸਦਾ ਹਲ ਕੱਢਣ ਲਈ ਸੋਨੀਆਂ ਗਾਂਧੀ ਨੂੰ ਸਹੀ ਸਲਾਹ ਦਿੰਦੇ ਸਨ। ਉਸਨੇ ਰਾਜਾਂ ਅਤੇ ਕੇਂਦਰ ਦੇ ਮੰਤਰੀ ਮੰਡਲ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਪ੍ਰੰਤੂ ਆਪ ਕਦੀਂ ਵੀ ਮੰਤਰੀ ਬਣਨ ਦੀ ਇੱਛਾ ਪ੍ਰਗਟ ਨਹੀਂ ਕੀਤੀ। ਹੈਰਾਨੀ ਦੀ ਗੱਲ ਹੈ ਕਿ ਉਸਨੂੰ ਮਿਲਣ ਵਾਲਾ ਹਰ ਕਾਂਗਰਸੀ ਉਸਨੂੰ ਆਪਣਾ ਸਮਰਥਕ ਸਮਝਦਾ ਸੀ। ਕਾਂਗਰਸੀ ਉਸਦੇ ਹਰ ਸ਼ਬਦ ਨੂੰ ਹੁਕਮ ਦੀ ਤਰ੍ਹਾਂ ਮੰਨਦੇ ਸਨ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵੀ ਉਹ ਪੂਰਾ ਤਾਲਮੇਲ ਰੱਖਦਾ ਸੀ। ਜੇਕਰ ਕੋਈ ਸੀਨੀਅਰ ਨੇਤਾ ਉਸ ਨਾਲ ਨਾਰਾਜ਼ ਹੋ ਜਾਂਦਾ ਸੀ ਤਾਂ ਅਹਿਮਦ ਪਟੇਲ ਉਸਨੂੰ ਜਲਦੀ ਹੀ ਮਨਾ ਲੈਂਦਾ ਸੀ। ਜਿਹੜੇ ਵਿਅਕਤੀ ਕਾਂਗਰਸ ਪਾਰਟੀ ਨੂੰ ਅਲਵਿਦਾ ਵੀ ਕਹਿ ਗਏ, ਉਨ੍ਹਾਂ ਨਾਲ ਪੂਰਾ ਸੰਪਰਕ ਰੱਖਦਾ ਸੀ ਤਾਂ ਜੋ ਮੁੜਕੇ ਕਾਂਗਰਸ ਵਿਚ ਆ ਜਾਣ। ਉਹ ਆਸ਼ਾਵਾਦੀ ਨੇਤਾ ਸੀ। ਕਈ ਕਾਂਗਰਸੀਆਂ ਨੂੰ ਉਹ ਵਾਪਸ ਵੀ ਲੈ ਆਇਆ ਸੀ। ਪਿਛੇ ਜਹੇ ਕਾਂਗਰਸ ਦੇ 40 ਸੀਨੀਅਰ ਨੇਤਾਵਾਂ ਨੇ ਇਕ ਪੱਤਰ ਭੇਜਿਆ ਸੀ ਜਿਸਨੂੰ ਲੈਟਰ ਬੰਬ ਕਿਹਾ ਜਾਂਦਾ ਹੈ। ਅਹਿਮਦ ਪਟੇਲ ਦੀ ਡਿਪਲੋਮੇਸੀ ਨੇ ਉਸਨੂੰ ਠੁੱਸ ਕਰਵਾ ਦਿੱਤਾ ਸੀ। ਉਸਨੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮਨਾ ਕੇ ਸੋਨੀਆਂ ਗਾਂਧੀ ਨਾਲ ਮੁਲਾਕਤ ਕਰਵਾ ਦਿੱਤੀ ਸੀ। ਇਸ ਕਰਕੇ ਜਿਹੜੀਆਂ ਤਿੰਨ ਕਮੇਟੀਆਂ ਸੋਨੀਆਂ ਗਾਂਧੀ ਨੇ ਡਾ ਮਨਮੋਹਨ ਸਿੰਘ ਦੀ ਅਗਵਾਈ ਵਿਚ ਬਣਾਈਆਂ ਹਨ, ਉਨ੍ਹਾਂ ਵਿਚ ਨਾਰਾਜ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਹਿਮਦ ਪਟੇਲ 8 ਵਾਰ ਗੁਜਰਾਤ ਤੋਂ ਸੰਸਦ ਦਾ ਮੈਂਬਰ ਬਣਿਆਂ। ਇਸ ਸਮੇਂ ਉਹ ਸਰਬ ਭਾਰਤੀ ਕਾਂਗਰਸ ਪਾਰਟੀ ਦਾ ਖ਼ਜਾਨਚੀ ਵੀ ਸੀ। ਅਹਿਮਦ ਪਟੇਲ ਯੂਥ ਕਾਂਗਰਸ ਰਾਹੀਂ ਕਾਂਗਰਸ ਪਾਰਟੀ ਵਿਚ ਆਇਆ ਅਤੇ 1976  ਵਿਚ ਸਥਾਨਕ ਨਗਰ ਪਾਲਿਕਾ ਦੀ ਚੋਣ ਲੜਦਾ ਹੋਇਆ ਇੰਦਰਾ ਗਾਂਧੀ ਦੀ ਨਜ਼ਰੇ ਚੜ੍ਹ ਗਿਆ। ਇੰਦਰਾ ਗਾਂਧੀ ਨੇ 1977 ਵਿਚ  ਮਹਿਜ 28 ਸਾਲ ਦੇ ਨੌਜਵਾਨ ਅਹਿਮਦ ਪਟੇਲ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਟਿਕਟ ਦੇ ਦਿੱਤਾ। ਅਹਿਮਦ ਪਟੇਲ ਚੋਣ ਜਿੱਤ ਗਿਆ। ਉਸਤੋਂ ਬਾਅਦ 1980 ਅਤੇ 84 ਵਿਚ ਵੀ ਉਹ ਲੋਕ ਸਭਾ ਦੀ ਚੋਣ ਜਿੱਤ ਗਿਆ। ਉਦੋਂ ਅਹਿਮਦ ਪਟੇਲ ਮੁਸਲਮਾਨ ਭਾਈਚਾਰੇ ਦੂਜਾ ਵਿਅਕਤੀ ਸੀ, ਜਿਹੜਾ ਗੁਜਰਾਤ ਵਿਚੋਂ ਸੰਸਦ ਦੀਆਂ ਪੌੜੀਆਂ ਚੜਿ੍ਹਆ ਸੀ। ਉਹ 1993 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਦਾ ਮੈਂਬਰ ਬਣਦਾ ਆ ਰਿਹਾ ਸੀ। ਚਾਰ ਵਾਰ ਰਾਜ ਸਭਾ ਦੀ ਚੋਣ ਜਿੱਤਣ ਵਿਚ ਉਨ੍ਹਾਂ ਨੂੰ ਕਦੀਂ ਵੀ ਮੁਸ਼ਕਲ ਨਹੀਂ ਆਈ। 2017 ਚੋਣ ਜਿੱਤਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵੇਲਣ ਵੇਲਣੇ ਪਏ।  1985 ਵਿਚ ਅਹਿਮਦ ਪਟੇਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪਾਰਲੀਮੈਂਟਰੀ ਸਕੱਤਰ ਬਣਕੇ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਘਰ ਬੈਠਣ ਲੱਗ ਪਿਆ। ਉਸ ਤੋਂ ਬਾਅਦ ਉਸਦੀ ਕਾਂਗਰਸ ਪਾਰਟੀ ਵਿਚ ਤੂਤੀ ਬੋਲਣ ਲੱਗ ਪਈ ਕਿਉਂਕਿ ਸਾਰੇ ਮਹੱਤਵਪੂਰਨ ਫੈਸਲੇ ਕਰਨ ਵਿਚ ਉਸਦਾ ਯੋਗਦਾਨ ਹੁੰਦਾ ਸੀ। ਇਸੇ  ਦੌਰਾਨ ਹੀ ਉਹ ਸੋਨੀਆਂ ਗਾਂਧੀ ਦੇ ਨਜ਼ਦੀਕ ਹੋ ਗਿਆ। ਉਨ੍ਹਾਂ ਨੂੰ ਰਾਜੀਵ ਗਾਂਧੀ ਨੇ ਜਵਾਹਰ ਭਵਨ ਦੀ ਟਰੱਸਟ ਦਾ ਸਕੱਤਰ ਬਣਾਕੇ ਜਵਾਹਰ ਲਾਲ ਨਹਿਰੂ ਦੇ ਜਨਮ ਦੀ ਸ਼ਤਾਬਦੀ ਵਰ੍ਹੇ 1988 ਤੱਕ ਭਵਨ ਦੀ ਉਸਾਰੀ ਮੁਕੰਮਲ ਕਰਨ ਦਾ ਟੀਚਾ ਦਿੱਤਾ ਸੀ। ਜਿਸਨੂੰ ਉਨ੍ਹਾਂ ਤਨਦੇਹੀ ਨਾਲ ਨਿਗਰਾਨੀ ਕਰਕੇ ਸਮੇਂ ਸਿਰ ਮੁਕੰਮਲ ਕਰਵਾਇਆ। ਕਹਿਣ ਤੋਂ ਭਾਵ ਜਿਹੜੀ ਵੀ ਉਨ੍ਹਾਂ ਨੂੰ ਗਾਂਧੀ ਪਰਿਵਾਰ ਨੇ ਜ਼ਿੰਮੇਵਾਰੀ ਦਿੱਤੀ,  ਉਨ੍ਹਾਂ ਨੇ ਉਸਨੂੰ ਸਹੀ ਢੰਗ ਨਾਲ ਨਿਭਾਇਆ। ਫਿਰ ਤਾਂ ਉਹ ਗਾਂਧੀ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਸੰਸਦ ਮੈਂਬਰ ਰਹਿੰਦਿਆਂ ਉਨ੍ਹਾਂ ਸਰਦਾਰ ਸਰੋਵਰ ਪ੍ਰਾਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਿਟੀ ਬਣਵਾਈ।  ਉਨ੍ਹਾਂ ਭਰੂਚ ਜਿਲ੍ਹੇ ਦਾ ਬਿਜਲੀਕਰਨ ਕਰਵਾਉਣ ਲਈ 2005 ਵਿਚ ਭਰੂਚ ਜਿਲ੍ਹੇ ਨੂੰ ਦੇਸ ਦੇ ਪੰਜ ਜਿਲਿ੍ਹਆਂ ਵਿਚ ਸ਼ਾਮਲ ਕਰਵਾਇਆ, ਜਿਨ੍ਹਾਂ ਦਾ  ਰਾਜੀਵ ਗਾਂਧੀ ਗਰਾਮੀਣ ਵਿਦੂਆਤੀਕਰਨ  ਯੋਜਨਾ ਅਧੀਨ ਬਿਜਲੀ ਕਰਨ ਹੋਣਾ ਸੀ। ਅਸਲ ਵਿਚ ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਕਟ ਦੇ ਬੱਦਲ ਛਾਅ ਗਏ ਸਨ। ਰਾਜੀਵ ਗਾਂਧੀ ਤਾਂ ਇੰਦਰਾ ਨਹਿਰੂ ਦੀ ਵਿਰਾਸਤ ਦਾ ਲਾਭ ਉਠਾ ਕੇ ਦਸ ਸਾਲ ਰਾਜ ਕਰ ਗਿਆ। ਉਨ੍ਹਾਂ ਤੋਂ ਬਾਅਦ ਗਾਂਧੀ ਪਰਿਵਾਰ ਦਾ ਅਕਸ ਗਿਰਨਾ ਸ਼ੁਰੂ ਹੋ ਗਿਆ ਸੀ। ਪੀ ਵੀ ਨਰਸਿਮਹਾ ਰਾਓ ਆਪਣੀਆਂ ਹਿੰਦੂਵਾਦੀ ਨੀਤੀਆਂ ਕਰਕੇ ਪੰਜ ਸਾਲ ਸਰਕਾਰ ਚਲਾ ਗਿਆ। ਉਨ੍ਹਾਂ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਆਰਥਿਕ ਮਾਹਿਰ ਡਾ ਮਨਮੋਹਨ ਸਿੰਘ ਨੇ ਠੁਮਣਾ ਦੇ ਕੇ ਦਸ ਸਾਲ ਬਚਾਈ ਰੱਖਿਆ ਪ੍ਰੰਤੂ ਜਦੋਂ ਕਾਂਗਰਸ ਪਾਰਟੀ ਨੇ ਡਾ ਮਨਮੋਹਨ ਸਿੰਘ ਤੋਂ ਮੁੱਖ ਮੋੜਨਾ ਸ਼ੁਰੂ ਕੀਤਾ ਤਾਂ ਉਹ ਨਿਘਾਰ ਵਲ ਵੱਧਣ ਲੱਗੀ। ਰਾਹੁਲ ਗਾਂਧੀ ਦੇ ਬਚਕਾਨੇ ਬਿਆਨਾ ਨੇ ਮਨਮੋਹਨ ਸਿੰਘ ਦੇ ਅਕਸ ਨੂੰ ਢਾਅ ਲਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਹੁਣ ਦੁਬਾਰਾ ਕਾਂਗਰਸ ਪਾਰਟੀ ਨੂੰ ਮਨਮੋਹਨ ਸਿੰਘ ਦਾ ਆਸਰਾ ਲੈਣਾ ਪੈ ਰਿਹਾ ਹੈ। ਸੋਨੀਆਂ ਗਾਂਧੀ ਲਗਪਗ 20 ਸਾਲ ਕਾਂਗਰਸ ਪਾਰਟੀ ਦੀ ਪ੍ਰਧਾਨ ਰਹੀ ਹੈ। ਇਸ ਸਮੇਂ ਵੀ ਕਾਰਜਵਾਹਕ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੀ ਹੈ। ਇਸ ਸਮੇਂ ਦੌਰਾਨ ਅਹਿਮਦ ਪਟੇਲ ਹੀ ਕਾਂਗਰਸ ਪਾਰਟੀ ਵਿਚ ਪਾਵਰ ਸੈਂਟਰ ਬਣਿਆਂ ਰਿਹਾ ਹੈ। ਅਹਿਮਦ ਪਟੇਲ ਸੋਨੀਆਂ ਗਾਂਧੀ ਦਾ ਰਾਜਨੀਤਕ ਸਕੱਤਰ ਸੀ। ਉਹ ਕਾਂਗਰਸ ਪਾਰਟੀ ਅਤੇ ਡਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁÇੰਦਆਂ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਦਾ ਰਿਹਾ ਹੈ। ਅਹਿਮਦ ਪਟੇਲ ਪਬਲਿਸਿਟੀ ਦਾ ਭੁੱਖਾ ਨਹੀਂ ਸੀ। ਉਹ ਪਰਦੇ ਦੇ ਪਿੱਛੇ ਰਹਿਕੇ ਆਪਣਾ ਕੰਮ ਕਰਦਾ ਰਿਹਾ। ਇਹ ਉਸਦਾ ਸਭ ਤੋਂ ਵੱਡਾ ਗੁਣ ਸੀ।

        ਅਹਿਮਦ ਪਟੇਲ ਦਾ ਜਨਮ 21ਅਗਸਤ 1949 ਨੂੰ ਮਾਤਾ ਹਬਾਬੇਨ ਮੁਹੰਮਦ ਭਾਈ ਪਟੇਲ ਅਤੇ ਪਿਤਾ ਇਸ਼ਾਕਜੀ ਪਟੇਲ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਖੇਤੀਬਾੜੀ ਦੇ ਕੰਮ ਦੇ ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਸਨ। ਅਹਿਮਦ ਪਟੇਲ ਨੂੰ ਆਪਣੇ ਪਿਤਾ ਦੇ ਸਮਾਜ ਸੇਵਾ ਦੇ ਕੰਮ ਤੋਂ ਸਿਆਸਤ ਵਿਚ ਆਉਣ ਦੀ ਪ੍ਰੇਰਨਾ ਮਿਲੀ। ਉਨ੍ਹਾਂ ਦਾ ਵਿਆਹ 1976 ਵਿਚ ਬੇਗਮ ਮੈਮੂਨਾ ਨਾਲ ਹੋਇਆ। ਆਪਦੇ ਇਕ ਲੜਕਾ ਫੈਜ਼ਲ ਅਹਿਮਦ ਅਤੇ ਇਕ ਲੜਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                     

ਮੋਬਾਈਲ-94178 13072

ujagarsingh48@yahoo.com

ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ - ਉਜਾਗਰ ਸਿੰਘ

ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਇੰਟਰਨੈਟ ਅਤੇ ਮੋਬਾਈਲ ਦੇ ਜ਼ਮਾਨੇ ਵਿਚ ਕੋਈ ਪੱਤਰਕਾਰ ਅਜਿਹਾ ਵੀ ਹੋ ਸਕਦਾ ਹੈ, ਜਿਸ ਕੋਲ ਮੋਬਾਈਲ ਵੀ ਨਾ ਹੋਵੇ ? ਪੱਤਰਕਾਰ ਤਾਂ ਦੋ-ਦੋ ਮੋਬਾਈਲ ਲਈ ਫਿਰਦੇ ਹਨ। ਉਸ ਪੱਤਰਕਾਰ ਦੀ ਤਾਂ ਕੋਈ ਰੰਗਦਾਰ ਤਸਵੀਰ ਹੀ ਨਹੀਂ। ਬਲੈਕ ਐਂਡ ਵਾਈਟ ਤਸਵੀਰ ਵੀ ਉਨ੍ਹਾਂ ਨੇ ਸਰਕਾਰੀ ਸਮਾਗਮਾ ਵਿਚ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਇਕ ਵਾਰ ਖਿਚਾਈ ਸੀ। ਉਸਦਾ ਨੈਗੇਟਿਵ ਹੁਣ ਤੱਕ ਸੰਭਾਲਕੇ ਰੱਖਿਆ ਹੋਇਆ ਹੈ। ਉਹ ਹੀ ਤਸਵੀਰ ਅਜੇ ਤੱਕ ਉਸ ਕੋਲ ਹੈ। ਭਾਵੇਂ ਪੱਤਰਕਾਰੀ ਬਹੁਤ ਹੀ ਲੁਭਾਉਣਾ ਕਿੱਤਾ ਗਿਣਿਆਂ ਜਾਂਦਾ ਹੈ। ਪੱਤਰਕਾਰਾਂ ਉਪਰ ਆਮ ਤੌਰ ਤੇ ਸਨਸਨੀਖ਼ੇਜ ਖ਼ਬਰਾਂ ਬਣਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਅਖ਼ਬਾਰ ਜ਼ਿਆਦਾ ਪੜਿ੍ਹਆ ਜਾ ਸਕੇ ਅਤੇ ਪੱਤਰਕਾਰ ਦੀ ਪ੍ਰਸੰਸਾ ਹੋਵੇ। ਪ੍ਰੰਤੂ ਸਾਰੇ ਪੱਤਰਕਾਰ ਇਕੋ ਜਿਹੇ ਨਹੀਂ ਹੁੰਦੇ। ਕੁਝ ਪੱਤਰਕਾਰ ਅਜਿਹੇ ਹੁੰਦੇ ਹਨ, ਜਿਹੜੇ ਸਨਸਨੀਖ਼ੇਜ ਖ਼ਬਰਾਂ ਦੀ ਥਾਂ ਨਿਰਪੱਖ ਅਤੇ ਸੰਜੀਦਾ ਖ਼ਬਰਾਂ ਲਿਖਕੇ ਸਮਾਜ ਵਿਚ ਆਪਣਾ ਨਾਂ ਬਣਾ ਲੈਂਦੇ ਹਨ। ਉਨ੍ਹਾਂ ਪੱਤਰਕਾਰਾਂ ਵਿਚੋਂ ਅਜਿਹਾ ਇਕ ਪੱਤਰਕਾਰ ਹੈ, ਜਿਹੜਾ ਸੰਜੀਦਾ ਢੰਗ ਨਾਲ ਖ਼ਬਰਾਂ ਭੇਜ ਕੇ ਪੱਤਰਕਾਰੀ ਕਰਦਾ ਰਿਹਾ ਹੈ। ਉਹ ਵਿਕਾਸ ਨਾਲ ਸੰਬੰਧਤ ਖ਼ਬਰਾਂ ਲਿਖਣ ਨੂੰ ਤਰਜ਼ੀਹ ਦਿੰਦਾ ਰਿਹਾ ਹੈ। ਉਹ ਪੱਤਰਕਾਰ ਹੈ, ਵਿਦਿਆ ਪ੍ਰਕਾਸ਼ ਪ੍ਰਭਾਕਰ, ਜਿਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ ਵਿਚ ਵੀ ਪੀ ਪ੍ਰਭਾਕਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਮੀਡੀਆ ਦੇ ਯੁਗ ਵਿਚ ਹਰ ਵਿਅਕਤੀ ਪੱਤਰਕਾਰ ਬਣਨਾ ਚਾਹੁੰਦਾ ਹੈ ਕਿਉਂਕਿ ਪੱਤਰਕਾਰਾਂ ਦੀ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਚੰਗੀ ਪੁਛ ਪੜਤਾਲ ਹੁੰਦੀ ਹੈ। ਕੋਈ ਸਮਾਂ ਹੁੰਦਾ ਸੀ ਕਿ ਅਖ਼ਬਾਰਾਂ ਦੀ ਖ਼ਬਰ ਪੱਥਰ ‘ਤੇ ਲਕੀਰ ਹੁੰਦੀ ਸੀ। ਕਹਿਣ ਤੋਂ ਭਾਵ ਅਖ਼ਬਾਰ ਦੀ ਖ਼ਬਰ ਤੇ ਯਕੀਨ ਕੀਤਾ ਜਾਂਦਾ ਸੀ। ਪ੍ਰੰਤੂ ਅਜੋਕੇ ਸਮੇਂ ਵਿਚ ਵਰਨਣਯੋਗ ਤਬਦੀਲੀ ਆ ਗਈ ਹੈ। ਕੁਝ ਪੱਤਰਕਾਰਾਂ ਦੇ ਵਿਵਹਾਰ ਕਰਕੇ ਪੱਤਰਕਾਰੀ ਦੇ ਮਿਆਰ ਉਪਰ ਸਮਾਜ ਕਿੰਤੂ ਪ੍ਰੰਤੂ ਕਰਨ ਲੱਗ ਪਿਆ  ਹੈ। ਫਿਰ ਵੀ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨਿ੍ਹਆਂ ਜਾ ਸਕਦਾ। ਪੱਤਰਕਾਰੀ ਦੇ ਖੇਤਰ ਵਿਚ ਵੀ ਪੀ ਪ੍ਰਭਾਕਰ ਨੂੰ ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰ ਤੌਰ ਤੇ ਸਤਿਕਾਰਿਆ ਜਾਂਦਾ ਹੈ। ਵੀ ਪੀ ਪ੍ਰਭਾਕਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਚੰਡੀਗੜ੍ਹ ਵਿਚ ਸੰਜੀਦਾ ਅਤੇ ਨਿਰਪੱਖ ਪੱਤਰਕਾਰੀ ਕਰਨ ਕਰਕੇ ਉਥੋਂ ਦੇ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਪੱਤਰਕਾਰ ਰਿਹਾ ਹੈ। ਉਨ੍ਹਾਂ ਲਗਪਗ ਅੱਧੀ ਸਦੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੱਤਰਕਾਰੀ ਕੀਤੀ ਹੈ। ਇਤਨਾ ਲੰਮਾ ਸਮਾਂ ਅੰਗਰੇਜ਼ੀ ਦੇ ਅਖ਼ਬਾਰ ‘‘ਦੀ ਟਰਬਿਊਨ’’ ਹਿੰਦੀ ਦੇ ‘‘ਦੈਨਿਕ ਭਾਸਕਰ’’ ਅਤੇ ਦਿਵਿਆ ਹਿਮਾਚਲ ਵਿਚ ਨੌਕਰੀ ਕੀਤੀ ਪ੍ਰੰਤੂ ਉਨ੍ਹਾਂ ਦੀ ਜਾਇਦਾਦ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਉਨ੍ਹਾਂ ਨੂੰ ਇਮਾਨਦਾਰੀ ਦੇ ਪ੍ਰਤੀਕ ਵਜੋਂ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਪਿਤਾ ਪੰਜਾਬ ਸਕੱਤਰੇਤ ਵਿਚ ਲਾਹੌਰ ਅਸਿਸਟੈਂਟ ਸਕੱਤਰ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਸਕੱਤਰੇਤ ਸਿਮਲਾ ਵਿਖੇ ਆ ਗਈ। ਇਸ ਲਈ ਉਹ ਵੀ ਲਾਹੌਰ ਤੋਂ ਸਿੱਧੇ ਸਿਮਲੇ ਆ ਗਏ। ਵੀ ਪੀ ਪ੍ਰਭਾਕਰ ਉਦੋਂ 10 ਸਾਲ ਦੇ ਸਨ। ਉਦੋਂ ਚੜ੍ਹਦੇ ਪੰਜਾਬ ਦੀ ਰਾਜਧਾਨੀ ਸਿਮਲਾ ਬਣੀ ਸੀ। 1953 ਵਿਚ ਸਿਮਲਾ ਤੋਂ ਉਨ੍ਹਾਂ ਦੇ ਪਿਤਾ ਦਾ ਦਫਤਰ ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਵਿਚ ਆ ਗਿਆ। ਸਰਦਾਰ ਪਰਤਾਪ ਸਿੰਘ ਕੈਰੋਂ ਨੇ ਚੰਡੀਗੜ੍ਹ ਵਸਾਉਣ ਲਈ ਆਪਣੇ ਮੁਲਾਜ਼ਮਾਂ ਨੂੰ ਪਹਿਲਾਂ ਪਲਾਟ ਲੈਣ ਅਤੇ ਫਿਰ ਉਥੇ ਮਕਾਨ ਉਸਾਰਨ ਲਈ ਕਰਜ਼ੇ ਦਿੱਤੇ ਸਨ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਚੰਡੀਗੜ੍ਹ ਦੇ ਸੈਕਟਰ 16  ਵਿਚ ਕੋਠੀ ਭਲੇ ਮੌਕੇ ਬਣਾ ਲਈ। ਇਸ ਸਮੇਂ ਵੀ ਪੀ ਪ੍ਰਭਾਕਰ ਉਸੇ ਕੋਠੀ ਵਿਚ ਰਹਿੰਦੇ ਹਨ। ਉਨ੍ਹਾਂ ਦੀ ਸਾਦਗੀ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਇਕ ਆਮ ਸਾਧਾਰਨ ਵਿਅਕਤੀ ਦੀ ਹੁੰਦੀ ਹੈ। ਪੱਤਰਕਾਰਾਂ ਵਾਲੀ ਕੋਈ ਫੂੰ ਫਾਂ ਨਹੀਂ ਹੈ। ਉਹ ‘ਦੀ ਟਰਬਿਊਨ ’ ਵਿਚ ਚੰਡੀਗੜ੍ਹ ਵਿਖੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਬਿਓਰੋ ਚੀਫ ਰਹੇ ਹਨ। ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ‘ਦੀ ਟਰਬਿਊਨ’ ਅਖ਼ਬਾਰ ਦੇ ਪਹਿਲੇ ਬਿਓਰੋ ਚੀਫ ਵੀ ਪੀ ਪ੍ਰਭਾਕਰ ਹੀ ਬਣੇ ਸਨ। ਹੁਣ ਤਾਂ ਹਰ ਸਟੇਟ ਦੇ ਬਿਓਰੋ ਚੀਫ ਵੱਖਰੇ-ਵੱਖਰੇ ਹਨ। ਉਨ੍ਹਾਂ ਲਈ ਇਕ ਹੋਰ ਵੀ ਵੱਖਰੀ ਤੇ ਮਾਣ ਵਾਲੀ ਗੱਲ ਹੈ ਕਿ ਉਹ ਹਿੰਦੀ ਦੀ ਐਮ ਏ ਸਨ ਪ੍ਰੰਤੂ ਅੰਗਰੇਜ਼ੀ ਅਖ਼ਬਾਰ ਦੇ ਬਿਓਰੋ ਚੀਫ ਬਣੇ। ਦੈਨਿਕ ਭਾਸਕਰ ਵਿਚ ਸੰਪਾਦਕੀ ਸਲਾਹਕਾਰ ਸਨ। ਇਤਨੇ ਮਹੱਤਵਪੂਰਨ ਅਤੇ ਉਚ ਅਹੁਦਿਆਂ ਤੇ ਰਹੇ ਹਨ ਪ੍ਰੰਤੂ ਰਹਿਣ ਸਹਿਣ, ਖਾਣ ਪੀਣ ਅਤੇ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਸਾਧਾਰਨ ਹੈ। ਅੱਜ ਦੇ ਆਧੁਨਿਕ ਯੁਗ ਵਿਚ ਵੀ ਉਨ੍ਹਾਂ ਕੋਲ ਮੋਬਾਈਲ ਵੀ ਨਹੀਂ ਹੈ। ਉਨ੍ਹਾਂ ਦੀ ਪ੍ਰਸੰਸਾ ਵਿਚ ਜਿਤਨੇ ਵੀ ਵਿਸ਼ੇਸ਼ਣ ਲਗਾ ਲਓ ਉਤਨੇ ਹੀ ਥੋੜ੍ਹੇ ਹਨ। ਉਹ ਸਬਰ ਸੰਤੋਖ ਵਾਲੇ ਲੋਭ, ਲਾਲਚ ਅਤੇ ਪੈਸੇ ਦੀ ਮੋਹ ਮਾਇਆ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ ਸਮਾਗਮਾ ਦੀ ਕਵਰੇਜ ਲਈ ਵੀ ਫਰਜ ਨਿਭਾਏ ਹਨ। ਅਮਰੀਕਾ, ਕੈਨੇਡਾ ਅਤੇ ਕੁਵੈਤ ਵਿਚ ਕਵਰੇਜ ਲਈ ਗਏ ਸਨ। ਯੂ ਐਨ ਜਨਰਲ ਅਸੈਂਬਲੀ ਕਵਰ ਕਰਨ ਲਈ ਗਏ ਸਨ, ਜਿਥੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਅਤੇ ਭਾਰਤ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਗਏ ਹੋਏ ਸਨ। ਇਸੇ ਤਰ੍ਹਾਂ 1972 ਵਿਚ ਜਦੋਂ ਸਿਮਲਾ ਵਿਚ ਇੰਡੋ ਪਾਕਿ ਸਮਿਟ ਹੋਈ ਸੀ ਤਾਂ ਉਸਨੂੰ ਵੀ ਉਨ੍ਹਾਂ ਕਵਰ ਕੀਤਾ ਸੀ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫਕਾਰ ਅਲੀ ਭੁਟੋ ਸ਼ਾਮਲ ਹੋਏ ਸਨ। ਉਹ ਸਮਿਟ ਸਿਮਲਾ ਸਮਝੌਤੇ ਦੇ ਨਾਮ ਤੇ ਪ੍ਰਸਿੱਧ ਹੈ।
        ਵੀ ਪੀ ਪ੍ਰਭਾਕਰ ਨੇ ਆਪਣਾ ਪੱਤਰਕਾਰੀ ਦਾ ਕਿੱਤਾ ਇਕ ਹਿੰਦੀ ਦੇ ਸਪਤਾਹਿਕ ਅਖਬਾਰ ‘ਸੇਵਾ ਗ੍ਰਾਮ’ ਤੋਂ ਸ਼ੁਰੂ ਕੀਤਾ ਸੀ। ਇਹ ਸਪਤਾਹਕ ਦਿਹਾਤੀ ਭਾਰਤ ਦੇ ਵਿਕਾਸ ਬਾਰੇ ਖ਼ਬਰਾਂ ਪ੍ਰਕਾਸ਼ਤ ਕਰਦਾ ਸੀ। ਇਸੇ ਕਰਕੇ ਵੀ ਪੀ ਪ੍ਰਭਾਕਰ ਨੇ ਆਪਣੀ ਸਾਰੀ ਪੱਤਰਕਾਰਤਾ ਦੀ ਨੌਕਰੀ ਦੌਰਾਨ ਦਿਹਾਤੀ ਵਿਕਾਸ ਦੀਆਂ ਖ਼ਬਰਾਂ ਭੇਜਣ ਨੂੰ ਪਹਿਲ ਦਿੱਤੀ। ਉਹ ਵਿਕਾਸਮੁਖੀ ਸੋਚ ਵਾਲੇ ਪੱਤਰਕਾਰ ਹਨ। ਉਨ੍ਹਾਂ ਦੀ ਚੋਣ ਰਾਜ ਸਭਾ ਵਿਚ ਵੀ ਅਨੁਵਾਦਕ ਦੇ ਤੌਰ ਤੇ ਹੋ ਗਈ ਸੀ ਪ੍ਰੰਤੂ ਉਨ੍ਹਾਂ ਪੱਤਰਕਾਰੀ ਨੂੰ ਪਹਿਲ ਦਿੱਤੀ। ਫਿਰ ਉਨ੍ਹਾਂ ਹਿੰਦੀ ਦੇ ਮਾਸਕ ਮੈਗਜ਼ੀਨ ‘ਸਰਿਤਾ’ ਵਿਚ ਨੌਕਰੀ ਕਰ ਲਈ। ਉਨ੍ਹਾਂ ਅੰਗਰੇਜ਼ੀ ਦੇ ਰੋਜ਼ਾਨਾ ‘ਦੀ ਟਰਬਿਊਨ’ ਅਖ਼ਬਾਰ ਵਿਚ 1961 ਵਿਚ ਨੌਕਰੀ ਸ਼ੁਰੂ ਕਰ ਲਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ 24 ਸਾਲ ਸੀ। ਉਹ ਦੀ ਟਰਬਿਊਨ ਵਿਚੋਂ 36 ਸਾਲ ਵੱਖ-ਵੱਖ ਅਹੁਦਿਆਂ ਤੇ ਨੌਕਰੀ ਕਰਨ ਤੋਂ ਬਾਅਦ 1997 ਵਿਚ ਸੇਵਾ ਮੁਕਤ ਹੋਏ ਹਨ। ਜਦੋਂ ਉਹ ਪਟਿਆਲਾ ਬਦਲਕੇ ਆਏ ਤਾਂ ਮੇਰਾ ਉਨ੍ਹਾਂ ਨਾਲ ਵਾਹ ਪਿਆ। ਉਨ੍ਹਾਂ ਦੀ ਹਮੇਸ਼ਾ ਹਰ ਰੋਜ਼ ਦੀਆਂ ਖ਼ਬਰਾਂ ਤੋਂ ਇਲਾਵਾ ਵਿਕਾਸ ਮੁਖੀ ਖ਼ਬਰਾਂ ਲਿਖਣ ਦੀ ਕੋਸਿਸ਼ ਹੁੰਦੀ ਸੀ। ਜਿਹੜਾ ਵੀ ਕੋਈ ਨਵਾਂ ਵਿਕਾਸ ਦਾ ਪ੍ਰਾਜੈਕਟ ਲੱਗਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਉਸ ਪ੍ਰਾਜੈਕਟ ਦੀ ਖ਼ਬਰ ਬਣਾਉਂਦੇ ਸਨ। ਵੀ ਪੀ ਪ੍ਰਭਾਕਰ ਆਮ ਤੌਰ ਤੇ ਦਫਤਰ ਵਿਚ ਬੈਠਕੇ ਕੰਮ ਕਰਨ ਦੀ ਥਾਂ ਪਿੰਡਾਂ ਵਿਚ ਮੌਕੇ ਤੇ ਜਾ ਕੇ ਵਿਕਾਸ ਦੀਆਂ ਖ਼ਬਰਾਂ ਲੱਭਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਨਾਲ ਪਟਿਆਲਾ ਤੋਂ ਬਾਹਰ ਜਾਂਦਾ ਰਿਹਾ ਹਾਂ। ਉਦੋਂ ਪਟਿਆਲਾ ਜਿਲ੍ਹਾ ਬਹੁਤ ਵੱਡਾ ਸੀ। ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜਿਲ੍ਹੇ ਦਾ ਡੇਰਾ ਬਸੀ ਵਿਧਾਨ ਸਭਾ ਹਲਕਾ ਹਿੱਸਾ ਪਟਿਆਲਾ ਜਿਲ੍ਹੇ ਵਿਚ ਹੀ ਹੁੰਦੇ ਸਨ। ਜੇਕਰ ਸਾਨੂੰ ਕਿਤੇ ਪਟਿਆਲਾ ਤੋਂ ਬਾਹਰ ਖਾਣਾ ਜਾਂ ਚਾਹ ਪਾਣੀ, ਪੀਣਾ ਪੈਂਦਾ ਤਾਂ ਪ੍ਰਭਾਕਰ ਸਾਹਿਬ ਆਪਣੇ ਕੋਲੋਂ ਪੇਮੈਂਟ ਕਰਦੇ ਸਨ। ਉਨ੍ਹਾਂ ਦੀ ਕੋਸਿਸ਼ ਹੁੰਦੀ ਸੀ ਕਿ ਲੋਕ ਸੰਪਰਕ ਵਿਭਾਗ ਤੋਂ ਕੋਈ ਸਹੂਲਤ ਨਾ ਲਈ ਜਾਵੇ। ਬਿਓਰੋ ਚੀਫ ਹੁੰਦਿਆਂ ਉਹ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਵਿਕਾਸ ਮੁਖੀ ਖ਼ਬਰਾਂ ਭੇਜਣ ਨੂੰ ਪਹਿਲ ਦੇਣ ਦੀ ਤਾਕੀਦ ਕਰਦੇ ਰਹਿੰਦੇ ਸਨ। ਸੇਵਾ ਮੁਕਤੀ ਤੋਂ ਬਾਅਦ ਵੀ ਉਹ ਹੁਣ ਤੱਕ 83 ਸਾਲ ਦੀ ਉਮਰ ਵਿਚ ਵੀ ਪਾਵਰ ਪਾਲਿਟਕਸ ਅਖ਼ਬਾਰ ਲਈ ਲਗਾਤਰ ਕਾਲਮ ਲਿਖਦੇ ਆ ਰਹੇ ਹਨ। ਉਨ੍ਹਾਂ ਦੇ ਨਿਰਪੱਖ ਅਤੇ ਇਮਾਨਦਾਰੀ ਨਾਲ ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਣ ਸਨਮਾਨ ਕੀਤੇ ਹਨ। ਜੋਸ਼ੀ ਫਾਊਂਡੇਸ਼ਨ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆਂ। ਆਲ ਇੰਡੀਆ ਆਰਟਿਸਟਸ ਐਸੋਸੀਏਸ਼ਨ ਸਿਮਲਾ ਨੇ ਬਲਰਾਜ ਸਾਹਨੀ ਅਵਾਰਡ ਸਰਵੋਤਮ ਪੱਤਰਕਾਰੀ ਲਈ ਦਿੱਤਾ। ਸੋਸਇਟੀ ਫਾਰ ਰਿਸਰਚ ਇਨ ਐਜੂਕੇਸ਼ਨ ਐਂਡ ਇਨਫਰਮੇਸ਼ਨ ਟੈਕਨਾਲੋਜੀ ਸਿਮਲਾ ਨੇ ਸਰਵੋਤਮ ਪੱਤਰਕਾਰ ਅਵਾਰਡ ਦੇ ਕੇ ਸਨਮਾਨਤ ਕੀਤਾ। ਹਿਮਾਚਲ ਵਿਕਾਸ ਮੰਚ ਨੇ ਵੀ ਉਨ੍ਹਾਂ ਦੇ ਨਿਰਪੱਖ ਪੱਤਰਕਾਰੀ ਦੇ ਯੋਗਦਾਨ ਲਈ ਸਨਮਾਨਤ ਕੀਤਾ। ਅਮਰ ਸ਼ਹੀਦ ਰਮੇਸ਼ ਚੰਦਰਾ ਮੈਮੋਰੀਅਲ ਅਵਾਰਡ ਹਿਮਾਚਲ ਪ੍ਰਦੇਸ਼ ਜਰਨਿਲਿਟਸ ਫੈਡਰੇਸ਼ਨ ਨੇ ਬੋਲਡ ਪੱਤਰਕਾਰੀ ਲਈ ਸਨਮਾਨਤ ਕੀਤੇ। ਇਸੇ ਤਰ੍ਹਾਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਨੇ ਪੱਤਰਕਾਰੀ ਵਿਚ ਬਿਹਤਰੀਨ ਯੋਗਦਾਨ ਲਈ ਸਨਮਾਨਤ ਕੀਤਾ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਚੰਡੀਗੜ੍ਹ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ। ਉਹ ਚੰਡੀਗੜ੍ਹ ਪ੍ਰੈਸ ਕਲਬ ਦੇ ਪ੍ਰਧਾਨ ਵੀ ਰਹੇ।
    ਵੀ ਪੀ ਪ੍ਰਭਾਕਰ ਦਾ ਜਨਮ ਲਾਹੌਰ ਵਿਖੇ 19 ਮਾਰਚ 1937 ਨੂੰ ਮਾਤਾ ਸ੍ਰੀਮਤੀ ਕਿ੍ਰਸ਼ਨਾ ਪ੍ਰਭਾਕਰ ਅਤੇ ਪਿਤਾ ਸ੍ਰੀ ਅਮਰ ਚੰਦ ਪ੍ਰਭਾਕਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਫਗਵਾੜਾ ਜਿਲ੍ਹਾ ਜਲੰਧਰ ਨਾਲ ਸੰਬੰਧ ਰਖਦੇ ਸਨ ਪ੍ਰੰਤੂ ਪੰਜਾਬ ਸਰਕਾਰ ਦੇ ਸਕੱਤਰੇਤ ਵਿਚ ਲਾਹੌਰ ਵਿਖੇ ਨੌਕਰੀ ਕਰਦੇ ਸਨ। ਇਸ ਲਈ ਵੀ ਪੀ ਪ੍ਰਭਾਕਰ ਨੇ ਮੁਢਲੀ ਸਿਖਿਆ ਲਾਹੌਰ ਅਤੇ ਬਾਅਦ ਵਿਚ ਸਿਮਲਾ ਤੋਂ ਹੀ ਪ੍ਰਾਪਤ ਕੀਤੀ ਕਿਉਂਕਿ ਦੇਸ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਦਾ ਦਫਤਰ ਸਿਮਲਾ ਆ ਗਿਆ ਸੀ। ਉਹ ਇਥੇ ਹੀ ਪੰਜਾਬ ਸਕੱਤਰੇਤ ਵਿਚ ਹੀ ਨੌਕਰੀ ਕਰਦੇ ਰਹੇ। ਦਸਵੀਂ ਉਨ੍ਹਾਂ ਡੀ ਏ ਵੀ ਸਕੂਲ ਲੱਕੜ ਬਾਜ਼ਾਰ ਸਿਮਲਾ ਤੋਂ ਪਾਸ ਕੀਤੀ। ਇੰਟਰਮੀਡੀਏਟ ਭਾਰਗਵਾ ਮਿਉਂਸਪਲ ਕਾਲਜ ਸਿਮਲਾ ਤੋਂ ਕੀਤੀ। ਫਿਰ 1953 ਪੰਜਾਬ ਦੇ ਦਫਤਰ ਚੰਡੀਗੜ੍ਹ ਆ ਗਏ।  ਉਨ੍ਹਾਂ ਦਾ ਪਰਿਵਾਰ ਵੀ ਚੰਡੀਗੜ੍ਹ ਆ ਗਿਆ। ਉਸ ਤੋਂ ਬਾਅਦ ਬੀ ਏ ਸਰਕਾਰੀ ਕਾਲਜ ਚੰਡੀਗੜ੍ਹ ਤੋ ਪਾਸ ਕੀਤੀ। ਫਿਰ ਉਹਨ੍ਹਾਂ ਨੇ ਐਮ ਏ ਹਿੰਦੀ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਡੀ ਏ ਵੀ ਕਾਲਜ ਜਲੰਧਰ ਵਿਚ ਹੁੰਦਾ ਸੀ। ਉਨ੍ਹਾਂ ਪੱਤਰਕਾਰੀ ਦਾ ਡਿਪਲੋਮਾ ਦਿੱਲੀ ਤੋਂ ਕੀਤਾ। ਵੀ ਪੀ ਪ੍ਰਭਾਕਰ ਅਤੇ ਉਨ੍ਹਾਂ ਦੀ ਪਤਨੀ ਸ਼ਕੁਨ ਸਮਾਜ ਵਿਚ ਸਹਿਜਤਾ ਨਾਲ ਵਿਚਰਦੇ ਹੋਏ ਸੁਖਮਈ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੇ ਦੋ ਸਪੁਤਰ ਅਤੇ ਇਕ ਸਪੁਤਰੀ ਹੈ। ਵੱਡਾ ਲੜਕਾ ਸੰਦੀਪ ਪ੍ਰਭਾਕਰ ਆਰਕੀਟੈਕਟ ਹੈ ਅਤੇ ਚੰਡੀਗੜ੍ਹ ਵਿਚ ਆਪਣੀ ਪ੍ਰੈਕਟਿਸ ਕਰਦਾ ਹੈ। ਸੰਦੀਪ ਪ੍ਰਭਾਕਰ ਦੀ ਪਤਨੀ ਸਪਨਾ ਪ੍ਰਭਾਕਰ ਪੰਜਾਬ ਸਰਕਾਰ ਦੀ ਚੀਫ ਆਰੀਟੈਕਟ ਹੈ। ਇਸੇ ਤਰ੍ਹਾਂ ਦੂਜਾ ਲੜਕਾ ਮੋਹਿਤ ਪ੍ਰਭਾਕਰ ਗੁਜਰਾਤ ਵਿਖੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਮੈਨੇਜਿੰਗ ਡਾਇਰੈਕਟਰ ਹੈ। ਉਸਦੀ ਪਤਨੀ ਨਮੀਤਾ ਪ੍ਰਭਾਕਰ ਐਮ ਬੀ ਏ ਹੈ ਅਤੇ ਗੁਜਰਾਤ ਵਿਚ ਹੀ ਨੌਕਰੀ ਕਰ ਰਹੀ ਹੈ। ਉਨ੍ਹਾਂ ਦੀ ਸਪੁਤਰੀ ਮੋਨਾ ਪ੍ਰਭਾਕਰ ਚੰਡੀਗੜ੍ਹ ਵਿਚ ਹੀ ਅਧਿਆਪਕਾ ਹੈ। ਵੀ ਪੀ ਪ੍ਰਭਾਕਰ ਤੋਂ ਨਵੇਂ ਉਭਰਦੇ ਪੱਤਰਕਾਰ ਪ੍ਰੇਰਨਾ ਲੈ ਸਕਦੇ ਹਨ ਕਿ ਪੱਤਰਕਾਰ ਸਾਧਾਰਨ ਜੀਵਨ ਬਸਰ ਕਰਕੇ ਵੀ ਬੱਚੇ ਪੜ੍ਹਾ ਸਕਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ - ਉਜਾਗਰ ਸਿੰਘ

ਭਾਰਤ ਵਿਚ ਆਈ ਏ ਐਸ ਦੀ ਨੌਕਰੀ ਨੂੰ ਸਰਵੋਤਮ ਸਰਵਿਸ ਸਮਝਿਆ ਜਾਂਦਾ ਹੈ। ਜਿਹੜੇ ਉਮੀਦਵਾਰ ਆਈ ਏ ਐਸ ਅਤੇ ਆਈ ਪੀ ਐਸ ਲਈ ਚੁਣੇ ਜਾਂਦੇ ਹਨ, ਉਨ੍ਹਾਂ ਵਿਚੋਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚੋਂ ਹੁੰਦੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਦੀ ਪਹਿਲ ਪੰਜਾਬ ਕੇਡਰ ਵਿਚ ਆਉਣ ਦੀ ਹੁੰਦੀ ਹੈ। ਪੰਜਾਬ ਕੇਡਰ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੀ ਮੈਰਿਟ ਉਚੀ ਹੁੰਦੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪੰਜਾਬ ਕੇਡਰ ਦੀ ਪਹਿਲ ਕਿਉਂ ਹੁੰਦੀ ਹੈ ?  ਪੰਜਾਬ ਕਿਸੇ ਸਮੇਂ ਦੇਸ਼ ਦਾ ਖ਼ੁਸ਼ਹਾਲ ਰਾਜ ਹੁੰਦਾ ਸੀ। ਪੰਜਾਬੀਆਂ ਦਾ ਜੀਵਨ ਪੱਧਰ ਵੀ ਸਭ ਤੋਂ ਉਚਾ ਹੁੰਦਾ ਸੀ। ਇਸ ਲਈ ਹਰ ਉਮੀਦਵਾਰ ਦੀ ਇੱਛਾ ਪੰਜਾਬ ਕੇਡਰ ਦੀ ਹੁੰਦੀ ਸੀ। ਭਾਵੇਂ ਪੰਜਾਬ ਦੀ ਆਰਥਿਕ ਹਾਲਤ ਇਸ ਸਮੇਂ ਬਹੁਤੀ ਚੰਗੀ ਨਹੀਂ ਪ੍ਰੰਤੂ ਫਿਰ ਵੀ ਪੰਜਾਬ ਕੇਡਰ ਦੀ ਚਾਹਤ ਅਜੇ ਵੀ ਬਰਕਰਾਰ ਹੈ। ਪੰਜਾਬ ਦੇ ਕੁਝ ਲੋਕਾਂ ਅਤੇ ਕੁਝ ਵਿਓਪਾਰੀਆਂ ਨੇ ਆਪਣੇ ਹਿਤਾਂ ਦੀ ਪੂਰਤੀ ਅਤੇ ਸ਼ਾਰਟ ਕਟ ਨਾਲ ਜਲਦੀ ਅਮੀਰ ਬਣਨ ਦੀ ਲਾਲਸਾ ਕਰਕੇ ਇਨ੍ਹਾਂ ਕੇਡਰਾਂ ਅਤੇ ਸਿਆਸਤਦਾਨਾ ਉਪਰ ਡੋਰੇ ਪਾ ਕੇ ਦੋਹਾਂ ਵਰਗਾਂ ਦੇ ਕੁਝ ਕੁ ਲੋਕਾਂ ਨੂੰ ਲਾਲਚ ਦੇ ਚੁੰਗਲ ਵਿਚ ਫਸਾ ਲਿਆ। ਇਸ ਲਈ ਵੀ ਪੰਜਾਬ ਕੇਡਰ ਦੀ ਚਾਹਤ ਵਧ ਗਈ। ਪੰਜਾਬ ਦੇ ਬਹੁਤੇ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਦਾ ਕਿਰਦਾਰ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ। ਅਜਿਹੇ ਦੌਰ ਵਿਚ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਵਿਚ ਵੀ ਬਿਹਤਰੀਨ ਅਹੁਦੇ ਲੈਣ ਦੀ ਦੌੜ ਲੱਗ ਗਈ। ਇਸ ਦੌੜ ਵਿਚ ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਵਾਤਾਵਰਨ ਪੈਦਾ ਹੋ ਗਿਆ, ਜਿਸ ਕਰਕੇ ਲੋਕਾਂ ਨਾਲ ਬੇਇਨਸਾਫੀ ਹੋਣ ਲੱਗ ਗਈ। ਅਜਿਹੇ ਦੌਰ ਵਿਚ ਪੰਜਾਬ ਦੇ ਬਿਹਤਰੀਨ ਅਧਿਕਾਰੀਆਂ ਵਿਚ ਇਕ ਅਜਿਹੇ ਅਧਿਕਾਰੀ ਹਨ, ਜਿਹੜੇ ਆਪਣੀ ਸਰਵਿਸ ਦੌਰਾਨ ਇਨਸਾਫ ਦੇ ਤਰਾਜੂ ਨਾਲ ਫੈਸਲੇ ਪਾਰਦਰਸ਼ਤਾ, ਨਿਰਪੱਖਤਾ ਅਤੇ ਦਿਆਨਤਦਾਰੀ ਨਾਲ ਕਰਦੇ ਹਨ। ਉਨ੍ਹਾਂ ਉਪਰ ਕਦੀਂ ਵੀ ਕਿਸੇ ਨੇ ਉਂਗਲ ਉਠਾਉਣ ਦੀ ਹਿੰਮਤ ਨਹੀਂ ਕੀਤੀ। ਉਹ ਹਰ ਸਰਕਾਰ ਦੇ ਚਹੇਤੇ ਅਧਿਕਾਰੀ ਰਹੇ ਹਨ। ਉਹ ਅਧਿਕਾਰੀ ਹਨ, ਸੁਰੇਸ਼ ਕੁਮਾਰ ਕੈਬਨਿਟ ਸਕੱਤਰ ਦੇ ਪੇ ਸਕੇਲ ਵਿਚ ਅੱਜ ਕਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ ਹਨ। ਜਿਵੇਂ ਸਮਾਜ ਅਤੇ ਸਮਾਜ ਵਿਚ ਵਿਚਰਨ ਵਾਲੇ ਇਨਸਾਨ ਬਹੁਰੰਗੇ ਹੁੰਦੇ ਹਨ। ਹਰ ਇਕ ਦਾ ਰੰਗ ਆਪੋ ਆਪਣਾ ਹੁੰਦਾ ਹੈ। ਇਕ ਬਾਗੀਚੇ ਵਿਚ ਕਈ ਰੰਗਾਂ ਅਤੇ ਕਿਸਮਾ ਦੇ ਫੁਲ ਹੁੰਦੇ ਹਨ ਪ੍ਰੰਤੂ ਉਨ੍ਹਾਂ ਦੀ ਸੁਗੰਧ ਵੱਖੋ ਵੱਖਰੀ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਇਕੱਠੇ ਕਰਕੇ ਗੁਲਦਸਤਾ ਬਣਾਉਂਦੇ ਹਾਂ ਤਾਂ ਸਾਰਿਆਂ ਦੀ ਖ਼ੁਸ਼ਬੋ ਰਲ ਮਿਲਕੇ ਵੱਖਰੀ ਕਿਸਮ ਦੀ ਬਣ ਜਾਂਦੀ ਹੈ। ਫਿਰ ਇਹ ਜਾਨਣਾ ਅਸੰਭਵ ਹੋ ਜਾਂਦਾ ਹੈ ਕਿ ਕਿਸ ਫੁੱਲ ਦੀ ਸੁਗੰਧ ਸਾਰਿਆਂ ਤੋਂ ਜ਼ਿਆਦਾ ਹੈ। ਇਸਦੇ ਉਲਟ ਜਦੋਂ ਕਿਸੇ ਕਾਰੋਬਾਰ ਜਾਂ ਦਫਤਰ ਵਿਚ ਕਰਮਚਾਰੀ ਅਤੇ ਅਧਿਕਾਰੀ ਕੰਮ ਕਰਦੇ ਹਨ ਤਾਂ ਹਰ ਇਕ ਦੀ ਇਕੱਲੇ-ਇਕੱਲੇ ਦੀ ਕਾਜਕੁਸ਼ਲਤਾ ਦਾ ਅੰਦਾਜ਼ਾ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਹੁੰਦਾ ਹੈ। ਆਮ ਤੌਰ ਤੇ ਜਿਹੜਾ ਕਰਮਚਾਰੀ ਜਾਂ ਅਧਿਕਾਰੀ ਇਮਾਨਦਾਰੀ ਅਤੇ ਬਚਨਵੱਧਤਾ ਨਾਲ ਕੰਮ ਕਰਦਾ ਹੈ ਤਾਂ ਸਾਰਾ ਭਾਰ ਉਸ ਉਪਰ ਹੀ ਸੁੱਟ ਦਿੱਤਾ ਜਾਂਦਾ ਹੈ। ਜਦੋਂ ਕੁਸ਼ਲ ਅਧਿਕਾਰੀ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਤਾਂ ਕੁਝ ਲੋਕ ਇਤਰਾਜ਼ ਕਰਨ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਇਤਨੀ ਮਹੱਤਤਾ ਦਿੱਤੀ ਕਿਉਂ ਦਿੱਤੀ ਜਾਂਦੀ ਹੈ। ਇਹ ਇਨਸਾਨੀ ਫਿਤਰਤ ਹੈ। ਮੁੱਖੀ ਨੇ ਤਾਂ ਕੁਦਰਤੀ ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਮੂਹਰੇ ਰੱਖਣਾ ਹੁੰਦਾ ਹੈ, ਚਾਹੇ ਕੋਈ ਕਿਤਨਾ ਇਤਰਾਜ਼ ਕਰੀ ਜਾਵੇ। ਸੁਰੇਸ਼ ਕੁਮਾਰ ਦਾ ਕੰਮ ਕਰਨ ਦਾ ਰੰਗ ਢੰਗ ਵੀ ਵੱਖਰਾ ਹੈ। ਸੁਰੇਸ਼ ਕੁਮਾਰ ਕਾਮਾ ਹੈ, ਉਨ੍ਹਾਂ ਨੇ ਤਾਂ ਮਸਤ ਹਾਥੀ ਦੀ ਤਰ੍ਹਾਂ ਆਪਣਾ ਕੰਮ ਕਰੀ ਹੀ ਜਾਣਾ ਹੈ ਕਿਉਂਕਿ ਉਨ੍ਹਾਂ ਨੂੰ ਕੰਮ ਕਰਕੇ ਖ਼ੁਸ਼ੀ ਮਿਲਦੀ ਹੈ ਪ੍ਰੰਤੂ ਉਹ ਕਿਸੇ ਦੀ ਟੈਂ ਮੰਨਣ ਨੂੰ ਤਿਆਰ ਨਹੀਂ, ਇਹ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਹੈ ਜੋ ਕਿ ਹੋਣਾ ਵੀ ਚਾਹੀਦਾ। ਕਾਬਲ, ਮਿਹਨਤੀ, ਵਫ਼ਾਦਾਰ ਅਤੇ ਇਮਾਨਦਾਰ ਵਿਅਕਤੀਆਂ ਦੀ ਵਿਰਾਸਤ ਅਮੀਰ ਹੁੰਦੀ ਹੈ, ਜਿਸ ਕਰਕੇ ਉਹ ਦਿਆਨਤਦਾਰੀ ਦਾ ਪੱਲਾ ਨਹੀਂ ਛੱਡਦੇ। ਜਿਹੜੇ ਆਪਣੇ ਕੰਮ ਤੋਂ ਬਿਨਾ ਹੋਰ ਕੋਈ ਮਤਲਬ ਨਹੀਂ ਰੱਖਦੇ। ਸੁਰੇਸ਼ ਕੁਮਾਰ ਦੀ ਵਿਰਾਸਤ ਵੀ ਅਮੀਰ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦੇਸ਼ ਦੇ ਉਸਰੀਏ ਅਗਾਂਹਵਧੂ ਅਧਿਆਪਕ ਸਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ। ਉਹ ਇਕ ਮਾਨਵਵਾਦੀ ਕਵੀ ਵੀ ਸਨ, ਜਿਸ ਕਰਕੇ ਉਨ੍ਹਾਂ ਦਾ ਸਪੁੱਤਰ ਪਿਤਾ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਵਚਨਵੱਧਤਾ, ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣੇ ਫ਼ਰਜ ਨਿਭਾਉਂਦਿਆਂ ਮਾਨਵਤਾ ਦਾ ਪੱਲਾ ਨਹੀਂ ਛੱਡਦੇ। ਵਿਰਸਾ ਅਮੀਰ ਹੋਣ ਦਾ ਭਾਵ ਆਰਥਿਕ ਅਮੀਰੀ ਨਹੀਂ ਸਗੋਂ ਕਿਰਦਾਰ ਦੀ ਅਮੀਰੀ ਹੋਣੀ ਚਾਹੀਦੀ ਹੈ, ਜਿਸਦਾ ਵਾਰਿਸ ਸੁਰੇਸ਼ ਕੁਮਾਰ ਹੈ। ਸੁਰੇਸ਼ ਕੁਮਾਰ ਅੱਜ ਦਾ ਕੰਮ ਕਲ੍ਹ ਤੇ ਨਹੀਂ ਛੱਡਦੇ। ਹਰ ਰੋਜ਼ ਆਪਣਾ ਮੇਜ਼ ਖਾਲੀ ਕਰਕੇ ਜਾਂਦੇ ਹਨ। ਕੋਈ ਫਾਈਲ ਬਕਾਇਆ ਨਹੀਂ ਰੱਖਦੇ, ਭਾਵੇਂ ਰਾਤ ਬਰਾਤੇ ਕੰਮ ਕਰਨਾ ਪਵੇ। ਉਨ੍ਹਾਂ ਦੀ ਵਿਚਾਰਧਾਰਾ ‘‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’’ ਦੀ ਨੀਤੀ ਉਪਰ ਅਧਾਰਤ ਹੈ। ਉਹ ਨਾ ਕੋਈ ਗ਼ਲਤ ਕੰਮ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਕਰਨ ਦੇਂਦੇ ਹਨ। ਉਨ੍ਹਾਂ ਦਾ ਸੁਭਾਅ ਕੋਰਾ ਕਰਾਰਾ ਹੈ। ਜਿਹੜਾ ਕੰਮ ਹੋਣ ਵਾਲਾ ਨਹੀਂ, ਉਸਦਾ ਮੂੰਹ ਤੇ ਜਵਾਬ ਦੇ ਦਿੰਦੇ ਹਨ। ਕੋਈ ਲਾਰਾ ਲੱਪਾ ਨਹੀਂ। ਉਹ ਕੋਈ ਗੱਲ ਆਪਣੇ ਦਿਲ ਵਿਚ ਲੁਕੋ ਕੇ ਨਹੀਂ ਰਖਦੇ। ਬਿਲਕੁਲ ਸ਼ਪਸ਼ਟ ਕਿਸਮ ਦੇ ਇਨਸਾਨ ਹਨ। ਜਿਨ੍ਹਾਂ ਦਾ ਉਨ੍ਹਾਂ ਨਾਲ ਵਾਹ ਪੈਂਦਾ ਹੈ, ਉਹ ਉਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।  ਇਸੇ ਕਰਕੇ ਬਹੁਤੇ ਲੋਕ ਉਨ੍ਹਾਂ ਨਾਲ ਨਾਰਾਜ਼ ਰਹਿੰਦੇ ਹਨ। ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਪਹਿਰਾਵਾ ਬਿਲਕੁਲ ਸਾਧਾਰਣ ਹਨ।
            ਉਨ੍ਹਾਂ ਦੀ ਇਮਾਨਦਾਰੀ ਅਤੇ ਦਲੇਰੀ ਬਾਰੇ ਇਕ ਉਦਾਹਰਣ ਦੇਣੀ ਚਾਹਾਂਗਾ। ਪੰਜਾਬ ਵਿਚ ਇਕ ਵਾਰ ਕਿਸੇ ਵਿਭਾਗ ਵਿਚ ਇਕ ਸਕੈਂਡਲ ਹੋ ਗਿਆ। ਰੌਲਾ ਪੈਣ ਤੇ ਮੁੱਖ ਮੰਤਰੀ ਨੇ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ। ਸੁਰੇਸ਼ ਕੁਮਾਰ ਉਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਨ। ਉਨ੍ਹਾਂ ਪੜਤਾਲ ਕਰਨ ਲਈ ਇਕ ਇਮਾਨਦਾਰ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ। ਜਦੋਂ ਪੜਤਾਲ ਮੁਕੰਮਲ ਹੋਣ ਲੱਗੀ ਤਾਂ ਪੜਤਾਲ ਦੀ ਭਿਣਕ ਸੰਬੰਧਤ ਦੋਸ਼ੀਆਂ ਨੂੰ ਪੈ ਗਈ। ਉਨ੍ਹਾਂ ਦਾ ਮੁੱਖ ਮੰਤਰੀ ਤੇ ਦਬਾਅ ਪੈ ਗਿਆ ਕਿਉਂਕਿ ਸਕੈਂਡਲ ਦੀਆਂ ਤਾਰਾਂ ਦੂਰ ਤੱਕ ਜੁੜਦੀਆਂ ਸਨ। ਮੁੱਖ ਮੰਤਰੀ ਨੇ ਸੁਰੇਸ਼  ਕੁਮਾਰ ਨਾਲ ਪੜਤਾਲ ਸੰਬੰਧੀ ਗੱਲ ਕਰਨੀ ਚਾਹੀ ਪ੍ਰੰਤੂ ਸੁਰੇਸ਼ ਕੁਮਾਰ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਕੈਂਡਲ ਦੇ ਦੋਸ਼ੀਆਂ ਨੂੰ ਜੇਲ੍ਹ ਦੀ ਹਵਾ ਹਰ ਹਾਲਤ ਵਿਚ ਖਾਣੀ ਪਵੇਗੀ। ਜਿਹੜੀ ਗੱਲ ਮੁੱਖ ਮੰਤਰੀ ਨੇ ਕਰਨੀ ਚਾਹੁੰਦੇ ਸਨ, ਉਹ ਕਰ ਹੀ ਨਹੀਂ ਸਕੇ। ਇਹ ਦਲੇਰੀ ਸੁਰੇਸ਼ ਕੁਮਾਰ ਵਰਗੇ ਅਧਿਕਾਰੀਆਂ ਵਿਚ ਹੀ ਹੋ ਸਕਦੀ ਹੈ। ਸੱਚੇ ਸੁੱਚੇ ਵਿਅਕਤੀ ਨੂੰ  ਲੋਕ ਬਦਨਾਮ ਕਰਨ ਦੀ ਕੋਸ਼ਿਸ ਕਰਦੇ ਹਨ, ਜਿਹੜੇ ਗ਼ਲਤ ਕੰਮ ਕਰਵਾਉਣੇ ਚਾਹੁੰਦੇ ਹਨ। ਕਿਤਨੀਆਂ ਸਰਕਾਰਾਂ ਆਈਆਂ ਕਿਤਨੀਆਂ ਗਈਆਂ ਪ੍ਰੰਤੂ ਸੁਰੇਸ਼ ਕੁਮਾਰ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਲਗਾਇਆ ਜਾਂਦਾ ਰਿਹਾ ਹੈ। ਸਬ ਡਵੀਜ਼ਨਲ ਅਧਿਕਾਰੀ ਤੋਂ ਨੌਕਰੀ ਸ਼ੁਰੂ ਕਰਕੇ ਐਡੀਸ਼ਨਲ ਮੁੱਖ ਸਕੱਤਰ ਤੱਕ ਪਹੁੰਚੇ ਅਤੇ ਸੇਵਾ ਮੁਕਤੀ ਤੋਂ ਬਾਅਦ ਚੀਫ ਪਿ੍ਰੰਸੀਪਲ ਸਕੱਤਰ ਮੁੱਖ ਮੰਤਰੀ ਦੇ ਅਹੁਦੇ ਤੇ ਹਨ। ਇਤਨੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦਿਆਂ ਆਪਣੇ ਕਿਰਦਾਰ ਦੀ ਚਿੱਟੀ ਚਾਦਰ ਰੱਖਣੀ ਆਮ ਵਿਅਕਤੀ ਦਾ ਕੰਮ ਨਹੀਂ। ਉਹ ਇੰਟਰ ਸਟੇਟ ਅਤੇ ਇੰਟਰ ਸਰਕਾਰ ਕੋਆਰਡੀਨੇਸ਼ਨ, ਸਹਿਕਾਰਤਾ, ਵਿਕਾਸ, ਸਥਾਨਕ ਸਰਕਾਰਾਂ, ਪਾਵਰ, ਟੈਕਸ, ਇੰਡਸਟਰੀ, ਸਿਖਿਆ, ਅਰਬਨ ਡਿਵੈਲਪਮੈਂਟ, ਖੇਤੀਬਾੜੀ, ਵਾਟਰ ਸਪਲਾਈ, ਸੈਨੀਟੇਸ਼ਨ, ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਵਿਭਾਗਾਂ ਦੇ ਸਕੱਤਰ/ ਪਿ੍ਰੰਸੀਪਲ ਸਕੱਤਰ/ ਕਮਿਸ਼ਨਰ ਅਤੇ ਐਡੀਸ਼ਨਲ ਮੁੱਖ ਸਕੱਤਰ ਦੇ ਤੌਰ ਤੇ ਕੰਮ ਵੇਖਦੇ ਰਹੇ ਹਨ। 2003 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਅਤੇ ਹੁਣ 2017 ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ  ਹਨ।  ਹਰ ਮੰਤਰੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਕਾਰਜ਼ਕੁਸ਼ਲਤਾ ਨੂੰ ਮਾਣ ਦਿੱਤਾ ਹੈ।  ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਡਿਪਟੀ ਕਮਿਸ਼ਨਰ ਹੁੰਦਿਆਂ ਕਿਸੇ ਵੀ ਵੀ ਪੀ ਆਈ ਦੇ ਦੌਰੇ ਸਮੇਂ ਕਿਸੇ ਅਧਿਕਾਰੀ ਦੇ ਕਹਿਣ ਤੇ ਇਕ ਸਿਆਸਤਦਾਨ ਲਈ ਪ੍ਰੋਟੋਕੋਲ ਨਾ ਤੋੜਨ ਕਰਕੇ ਉਨ੍ਹਾਂ ਨੂੰ ਕੇਂਦਰ ਵਿਚ ਡੈਪੂਟੇਸ਼ਨ ਭੇਜਿਆ ਗਿਆ। ਪ੍ਰੰਤੂ ਉਨ੍ਹਾਂ ਨੇ ਕੇਂਦਰ ਵਿਚ ਰਹਿੰਦਿਆਂ ਪੰਜਾਬ ਲਈ ਬਹੁਤ ਸਾਰੇ ਪ੍ਰਾਜੈਕਟ ਪ੍ਰਵਾਨ ਕਰਵਾਏ। ਉਹ ਕੇਂਦਰ ਵਿਚ ਵੀ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਥੇ ਉਨ੍ਹਾਂ ਪੰਜਾਬ ਦੇ ਹਿਤਾਂ ਤੇ ਪਹਿਰਾ ਦਿੱਤਾ।
        ਸੁਰੇਸ਼ ਕੁਮਾਰ ਦੀ ਇਤਨੀ ਕਾਬਲੀਅਤ ਦੇ ਕਈ ਕਾਰਨ ਹਨ ਕਿਉਂਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਤਜ਼ਰਬਾ ਬਹੁਤ ਹੈ। ਉਹ ਬੀ ਕੌਮ ਵਿਚ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ਤੇ ਆਏ ਅਤੇ ਉਚ ਵਿਦਿਆ ਲਈ ਸਕਾਲਰਸ਼ਿਪ ਮਿਲਿਆ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿਚ ਐਮ ਕਾਮ 1978 ਵਿਚ ਕੀਤੀ। ਯੂਨੀਵਰਸਿਟੀ ਵਿਚੋਂ ਚੌਥੇ ਨੰਬਰ ਤੇ ਆਏ ਅਤੇ ਮੈਰਿਟ ਸਰਟੀਫੀਕੇਟ ਮਿਲਿਆ। ਉਨ੍ਹਾਂ ਮਾਸਟਰਜ਼ ਇਨ ਸ਼ੋਸ਼ਲ ਪਾਲਿਸੀ ਐਂਡ ਪਲਾਨਿੰਗ 1994-95 ਵਿਚ ਲੰਡਨ ਸਕੂਲ ਆਫ ਇਕਨਾਮਿਕਸ, ਯੂਨੀਵਰਸਿਟੀ ਆਫ ਲੰਡਨ, ਲੰਡਨ ਤੋਂ ਕੀਤੀ।  ਇਸ ਤੋਂ ਇਲਾਵਾ ਪ੍ਰੋਫੈਸ਼ਨਲ ਤਜ਼ਰਬਾ ਵੀ ਉਨ੍ਹਾਂ ਦਾ ਵਿਸ਼ਾਲ ਹੈ। ਉਨ੍ਹਾਂ ਦੀ  ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸੰਸਾਰ ਪੱਧਰ ਦੀਆਂ 7 ਸੰਸਥਾਵਾਂ ਨੇ ਸਨਮਾਨ ਅਵਾਰਡ ਅਤੇ ਮੈਂਬਰਸ਼ਿਪ ਦਿੱਤੀ ਹੋਈ ਹੈ। ਉਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ-ਇਸ ਸਮੇਂ ਉਹ ਕੈਂਬਰਿਜ਼ ਯੂਨੀਵਰਸਿਟੀ ਇੰਗਲੈਂਡ ਦੇ ਟਾਈਗਰੈਸ ਪ੍ਰਾਜੈਕਟ ਦੇ (2020-22) ਲਈ  ਟਰਾਂਸਲੇਸ਼ਨ ਐਂਡ ਇਮਪਲੀਮੈਂਟੇਸ਼ਨ ਸਲਾਹਕਾਰ ਹਨ। 2019-21 ਲਈ ਕੈਂਬਰਿਜ਼ ਯੂਨੀਵਰਸਿਟੀ ਦੇ ਹੀ ਸੈਂਟਰ ਫਾਰ ਸਾਇੰਸ ਐਂਡ ਪਾਲਿਸੀ ਦੇ ਲਈ ਇੰਟਨੇੈਸ਼ਨਲ ਫੈਲੋ ਚੁਣੇ ਹੋਏ ਹਨ। ਮੈਂਬਰ ਕਨਵੀਨਰ ਆਫ ਯੂ ਐਨ ਵਰਕਿੰਗ ਗਰੁਪ ਆਨ ਪ੍ਰਾਇਮਰੀ ਐਜੂਕੇਸ਼ਨ। ਮੈਂਬਰ ਆਫ ਇੰਟਰ ਯੂ ਐਨ ਏਜੰਸੀ ਵਰਕਿੰਗ ਗਰੁਪ ਆਨ ਜੰਡਰ ਡਾਟਾਬੇਸ। ਉਨ੍ਹਾਂ ਨੂੰ ਐਮ ਐਸ ਸੀ ਦੀ ਡਿਗਰੀ ਲਈ ਯੂ ਕੇ ਓਡਾ ਸਕਾਲਰਸ਼ਿਪ ਸ਼ੋਸਲ ਪਾਲਿਸੀ ਪਲਾਨਿੰਗ ਵਿਚ ਵਿਸ਼ੇਸ ਤੌਰ ਤੇ ਐਜੂਕੇਸ਼ਨ ਅਤੇ ਦਿਹਾਤੀ ਵਿਕਾਸ ਲਈ ਮਿਲਿਆ ਸੀ।  ਜੇਕਰ ਉਨ੍ਹਾਂ ਦੇ ਤਜ਼ਰਬੇ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਪਾਲਿਸੀ ਪਲਾਨਿੰਗ ਅਤੇ ਇਪਲੀਮੈਂਟੇਸ਼ਨ ਮੈਨੇਜਮੈਂਟ ਰੀਫਾਰਮਜ਼  ਪ੍ਰੋ ਪੂਅਰ ਪ੍ਰੋਗਰਾਮ ਦੀਆਂ ਕਮੇਟੀਆਂ ਦੇ ਮੈਂਬਰ ਰਹੇ ਹਨ। ਇਸੇ ਤਰ੍ਹਾਂ ਭਾਰਤ ਸਰਕਾਰ ਦੀ ਪਾਲਿਸੀ ਪਲਾਨਿੰਗ, ਗਵਰਨੈਂਸ, ਪਬਲਿਕ ਐਡਮਨਿਟਰੇਸ਼ਨ ਦਾ ਭਰਪੂਰ ਤਜ਼ਰਬਾ ਹੈ। ਕੇਂਦਰ ਵਿਚ ਡੈਪੂਟੇਸ਼ਨ ਤੇ ਹੁੰਦਿਆਂ ਅਤੇ ਪੰਜਾਬ ਵਿਚ ਨੌਕਰੀ ਕਰਦਿਆਂ ਬਹੁਤ ਸਾਰੇ ਮਹੱਤਵਪੂਰਨ ਵਿਭਾਗਾਂ ਲਈ ਵਰਲਡ ਬੈਂਕ ਨਾਲ ਤਾਲਮੇਲ ਕਰਕੇ ਕੇਂਦਰ ਅਤੇ ਪੰਜਾਬ ਲਈ ਯੋਜਨਾਵਾਂ ਪ੍ਰਵਾਨ ਕਰਵਾਈਆਂ। ਪੰਜਾਬ ਲਈ ਕਈ ਨਵੀਂਆਂ ਸਕੀਮਾ ਬਣਾਈਆਂ ਜਿਨ੍ਹਾਂ ਵਿਚ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਪੰਜਾਬ ਸ਼ੋਸਲ ਸਕਿਉਰਿਟੀ ਫੰਡ 2019, ਪੰਜਾਬ ਸਲਮ ਡਿਵੈਲਰਜ਼  ਐਕਟ 2020, ਪੰਜਾਬ ਸਟੇਟ ਪਾਲਿਸੀ ਆਨ ਰੂਰਲ ਡਰਿੰਕਿੰਗ ਵਾਟਰ ਸਪਲਾਈ ਐਂਡ ਸੈਨੀਟੇਸ਼ਨ 2014 ਆਦਿ ਮਹੱਤਵਪੂਰਨ ਹਨ। ਜੇਕਰ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਵੀਂਆਂ ਸਕੀਮਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਚੁਕੇ ਗਏ ਕਦਮਾ ਦੀ ਸੂਚੀ ਬਣਾਈਏ ਤਾਂ ਉਹ ਬਹੁਤ ਲੰਮੀ ਹੋ ਜਾਵੇਗੀ। ਇਸ ਲਈ ਸੰਖੇਪ ਵਿਚ ਦੱਸਿਆ ਗਿਆ ਹੈ।
           ਸੁਰੇਸ਼ ਕੁਮਾਰ ਦਾ ਜਨਮ  4 ਅਪ੍ਰੈਲ 1956 ਨੂੰ ਮਾਤਾ ਸ਼੍ਰੀਮਤੀ ਸ਼ਕੁੰਤਲਾ ਰਾਣੀ ਅਤੇ ਪਿਤਾ ਸ੍ਰੀ ਦੇਵੀ ਦਿਆਲ ਆਤਿਸ਼ ਦੇ ਘਰ ਸੋਨੀਪਤ ਵਿਖੇ ਹੋਇਆ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸੋਨੀਪਤ ਵਿਚ ਹੀ ਹੋਈ। ਬੀ ਕਾਮ ਅਤੇ ਐਮ ਕਾਮ ਦਿੱਲੀ ਯੂਨੀਵਰਸਿਟੀ ਤੋਂ ਦਿੱਲੀ ਵਿਖੇ ਪਾਸ ਕੀਤੀਆਂ। ਉਸ ਤੋਂ ਬਾਅਦ ਥੋੜ੍ਹਾ ਸਮਾਂ ਉਨ੍ਹਾਂ ਬੈਂਕ ਵਿਚ ਨੌਕਰੀ ਕੀਤੀ ਅਤੇ  1983 ਵਿਚ ਆਈ ਏ ਐਸ ਲਈ ਚੁਣੇ ਗਏ। ਉਨ੍ਹਾਂ ਦਾ ਵਿਆਹ ਅਨੀਤਾ ਧਵਨ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਨ। ਦੋਵੇਂ ਇੰਜਨੀਅਰ ਹਨ ਅਤੇ ਅਮਰੀਕਾ ਵਿਚ ਨੌਕਰੀਆਂ ਰਹੇ ਹਨ।                                                        

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com