Ujagar Singh

ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ - ਉਜਾਗਰ ਸਿੰਘ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਆਪਣੇ ਹੀ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਆਮ ਆਦਮੀ ਪਾਰਟੀ ਦਾ ਪਹਿਲਾ ਦਲੇਰਾਨਾ ਫ਼ੈਸਲਾ ਕਿਹਾ ਜਾ ਸਕਦਾ ਹੈ। ਦੇਸ ਦੇ ਆਜ਼ਾਦ ਹੋਣ ਤੋਂ ਬਾਅਦ ਸਾਰੀਆਂ ਸਰਕਾਰਾਂ ਦਾ ਮੁੱਖ ਮੁੱਦਾ ਵਿਕਾਸ ਅਤੇ ਭਰਿਸ਼ਟਾਚਾਰ ਨੂੰ ਜੜੋਂ ਪੁੱਟਣ ਦਾ ਬਣਿਆਂ ਆ ਰਿਹਾ ਹੈ। ਪ੍ਰੰਤੂ 75 ਸਾਲ ਤੋਂ ਭਰਿਸ਼ਟਾਚਾਰ ਖ਼ਤਮ ਹੋਣ ਦੀ ਥਾਂ ਬਾਦਸਤੂਰ ਲਗਾਤਾਰ ਪ੍ਰਫੁਲਤ ਹੋ ਰਿਹਾ ਹੈ। ਹਰ ਵਾਰ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਭਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਮਗਜ਼ੇ ਮਾਰਦੀ ਹੈ ਪ੍ਰੰਤੂ ਬਿਆਨਾ ਤੱਕ ਹੀ ਸੀਮਤ ਰਹਿ ਜਾਂਦੀ ਹੈ ਕਿਉਂਕਿ ਭਰਿਸ਼ਟਾਚਾਰ ਸਮਾਜਿਕ ਤਾਣੇ ਬਾਣੇ ਦੀ ਰਗ-ਰਗ ਵਿੱਚ ਲਾਇਲਾਜ਼ ਬਿਮਾਰੀ ਦੀ ਤਰ੍ਹਾਂ ਘਰ ਕਰ ਗਿਆ ਹੈ। ਕੈਂਸਰ ਦਾ ਤਾਂ ਇਲਾਜ਼ ਹੋਣ ਲੱਗ ਗਿਆ ਪ੍ਰੰਤੂ ਭਰਿਸ਼ਟਾਚਾਰ ਨੂੰ ਠੱਲ ਨਹੀਂ ਪੈ ਰਹੀ। ਭਗਵੰਤ ਸਿੰਘ ਮਾਨ ਦਾ ਇਹ ਕਦਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਰਵੀ ਸਿੱਧੂ ਨੂੰ ਭਰਿਸ਼ਟਾਚਾਰ ਦੇ ਮੁੱਦੇ ਤੇ ਗ੍ਰਿਫ਼ਤਾਰ ਕਰਨ ਦੀ ਤਰ੍ਹਾਂ ਹੀ ਕਿਤੇ ਰਾਜਨੀਤਕ ਤਿਗੜਮਬਾਜ਼ੀ ਨਾ ਬਣਕੇ ਰਹਿ ਜਾਵੇਂ ਕਿਉਂਕਿ ਕੈਪਟਨ ਦੀ ਸਰਕਾਰ ਨੇ ਇਕ ਸੱਪ ਮਾਰ ਕੇ ਪੰਜ ਸਾਲ ਉਸਦੇ ਨਾਮ 'ਤੇ ਹੀ ਨਾਮਣਾ ਖੱਟਦੇ ਰਹੇ। ਸਿਹਤ ਮੰਤਰੀ 'ਤੇ ਕਾਰਵਾਈ ਕਰਨਾ 'ਕਾਂ ਮਾਰਕੇ ਦਰਵਾਜੇ 'ਤੇ ਟੰਗਣ ਵਾਲੀ ਗੱਲ ਹੈ' ਭਾਵ ਬਾਕੀਆਂ ਲਈ ਸੰਕੇਤ ਹੈ। ਮਾਨ ਸਾਹਿਬ ਭਰਿਸ਼ਟਾਚਾਰ ਦਾ ਧੁਰਾ ਤਾਂ ਬੇਸ਼ਕ ਕੁਝ ਸਿਆਸਦਾਨ ਸਮਝੇ ਜਾਂਦੇ ਹਨ ਪ੍ਰੰਤੂ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀ ਭੁਗਤ ਤੋਂ ਬਿਨਾ ਸੰਭਵ ਨਹੀਂ। ਉਨ੍ਹਾਂ 'ਤੇ ਵੀ ਕੋਈ ਕਾਰਵਾਈ ਕਰੋ ਤਾਂ ਜੋ ਉਨ੍ਹਾ ਨੂੰ ਵੀ ਕੰਨ ਹੋ ਜਾਣ। ਦਫਤਰਾਂ ਵਿੱਚ ਫਾਈਲ ਉਨ੍ਹਾਂ ਦੀ ਮੁੱਠੀ ਗਰਮ ਹੋਣ ਤੋਂ ਬਿਨਾ ਸਰਕਦੀ ਹੀ ਨਹੀਂ। ਹੁਣ ਤੱਕ ਪੰਜਾਬ ਵਿੱਚ ਦੋ ਪਾਰਟੀਆਂ ਅਰਥਾਤ ਕਾਂਗਰਸ ਅਤੇ ਅਕਾਲੀ ਦਲ/ਬੀ ਜੇ ਪੀ ਦੀਆਂ ਸਰਕਾਰਾਂ ਹੀ ਬਦਲ-ਬਦਲ ਕੇ ਬਣਦੀਆਂ ਆ ਰਹੀਆਂ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਤੀਜੇ ਬਦਲ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਥਾਪਤ ਪਾਰਟੀਆਂ ਨੇ ਆਪਣੀਆਂ ਲੂੰਬੜ ਚਾਲਾਂ ਨਾਲ ਉਨ੍ਹਾਂ ਦੀ ਸਰਕਾਰ ਬਣਨ ਨਹੀਂ ਦਿੱਤੀ ਸੀ। ਇਸ ਵਾਰ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੇ ਤੀਜੇ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਤਿਹਾਈ ਬਹੁਮਤ ਦੇ ਕੇ ਬਣਾ ਦਿੱਤੀ। ਹੁਣ ਪੰਜਾਬ ਦੇ ਲੋਕ ਇਸ ਸਰਕਾਰ ਦੇ ਚਮਤਕਾਰਾਂ ਦੀ ਉਡੀਕ ਵਿੱਚ ਹਨ ਪ੍ਰੰਤੂ ਵਿਧਾਨਕ ਪ੍ਰਣਾਲੀ/ਸਰਕਾਰੀਤੰਤਰ ਸਰਕਾਰ ਨੂੰ ਸਫਲ ਹੋਣ ਵਿੱਚ ਰੁਕਾਵਟਾਂ ਪਾ ਰਹੀ ਹੈ/ ਪੈਦਾ ਕਰੇਗੀ ਜਾਂ ਸਰਕਾਰ ਨੂੰ ਕੰਮ ਕਰਨ ਵਿੱਚ ਸਹਿਯੋਗ ਦੇਵੇਗੀ, ਸਾਰਾ ਕੁਝ ਇਸ ਤੇ ਹੀ ਨਿਰਭਰ ਕਰਦਾ ਹੈ। ਪੰਜਾਬ ਵਿੱਚ ਚੋਣਾ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਜ਼ਾਰੀ ਕਰਦੀਆਂ ਹਨ। ਉਹ ਇਨ੍ਹਾਂ ਚੋਣ ਮਨੋਰਥ ਪੱਤਰਾਂ ਵਿੱਚ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਨ੍ਹਾਂ ਵਾਅਦਿਆਂ ਵਿੱਚ ਸਾਰੀਆਂ ਪਾਰਟੀਆਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਵਾਅਦਾ ਵੀ ਕਰਦੀਆਂ ਹਨ ਪ੍ਰੰਤੂ ਵਾਅਦਿਆਂ ਨੂੰ ਬਹੁਤਾ ਬੂਰ ਨਹੀਂ ਪੈਂਦਾ। ਭਾਵ ਵਾਅਦੇ ਵਫ਼ਾ ਨਹੀਂ ਹੁੰਦੇ। ਸਰਕਾਰ ਬਣਨ ਤੇ ਹਰ ਪਾਰਟੀ ਇਹੋ ਕਹਿੰਦੀ ਹੈ ਕਿ ਉਨ੍ਹਾਂ ਨੇ ਭਰਿਸ਼ਟਾਚਾਰ ਨੂੰ ਨੱਥ ਪਾ ਲਈ ਹੈ। ਅਰਵਿੰਦ ਕੇਜਰੀਵਾਲ ਨੇ ਗੁਜਰਾਤ ਜਾ ਕੇ ਕਿਹਾ ਸੀ 10 ਦਿਨਾ ਵਿੱਚ ਭਗਵੰਤ ਮਾਨ ਸਰਕਾਰ ਨੇ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਤੁਸੀਂ ਸਿਹਤ ਮੰਤਰੀ ਗ੍ਰਿਫ਼ਤਾਰ ਕਰਕੇ ਆਪ ਹੀ ਦਸ ਦਿੱਤਾ ਹੈ ਕਿ ਅਜੇ ਵੀ ਭਰਿਸ਼ਟਾਚਾਰ ਬਾਦਸਤੂਰ ਜ਼ਾਰੀ ਹੈ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਵਾਲੀ ਕਹਾਵਤ ਸਹੀ ਸਾਬਤ ਹੁੰਦੀ ਹੈ।
ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਉਪਰ ਬਹੁਤ ਵੱਡੀਆਂ ਆਸਾਂ ਹਨ। ਸਰਕਾਰ ਵੱਲੋਂ ਭਰਿਸ਼ਟਾਚਾਰ ਸੰਬੰਧੀ ਇਕ ਵਟਸਅਪ ਨੰਬਰ ਵੀ ਜ਼ਾਰੀ ਕੀਤਾ ਹੈ। ਉਸ ਨੰਬਰ 'ਤੇ ਹਰ ਰੋਜ਼ ਹਜ਼ਾਰਾਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਹਲ ਲੱਭਣੇ ਅਸੰਭਵ ਜਾਪਦੇ ਹਨ। ਇਕਾ ਦੁਕਾ ਕੇਸ ਰਜਿਸਟਰ ਕਰਕੇ ਭਰਿਸ਼ਟਾਂ ਨੂੰ ਆਗਾਹ ਕਰਨ ਵਿੱਚ ਸਫਲ ਵੀ ਹੋਏ ਹਨ ਪ੍ਰੰਤੂ ਬਹੁਤਾ ਫਰਕ ਦਿਸਣ ਨੂੰ ਮਿਲ ਨਹੀਂ ਰਿਹਾ। ਵੈਸੇ ਸਰਕਾਰ ਦੀ ਕਾਰਗੁਜ਼ਾਰੀ 6 ਮਹੀਨੇ ਬਾਅਦ ਪਰਖਣੀ ਬਣਦੀ ਹੈ ਪ੍ਰੰਤੂ ਜਦੋਂ ਸਰਕਾਰ ਖਾਮਖਾਹ ਦਮਗਜ਼ੇ ਮਾਰਦੀ ਹੈ ਕਿ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਤਾਂ ਅਜਿਹੇ ਹਾਲਾਤ ਵਿੱਚ ਨਿੱਜੀ ਤਜਰਬੇ ਦੇ ਆਧਾਰ 'ਤੇ ਸਿਰਫ ਇਕ ਕੇਸ ਦੀ ਉਦਾਹਰਣ ਦੇਵਾਂਗਾ। ਮੈਂ 33 ਸਾਲ ਸਰਕਾਰੀ ਤਾਣੇ ਬਾਣੇ ਵਿੱਚ ਨੌਕਰੀ ਕੀਤੀ ਹੈ। ਹਰ ਕਦਮ 'ਤੇ ਹੋਣ ਵਾਲੇ ਭਰਿਸ਼ਟਾਚਾਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਉਹ ਬੇਬਸ ਹਨ। ਉਹ ਹਰ ਥਾਂ 'ਤੇ ਜਾ ਕੇ ਚੈਕ ਨਹੀਂ ਕਰ ਸਕਦੇ। ਇਹ ਜ਼ਿੰਮੇਵਾਰੀ ਵਿਭਾਗੀ ਮੁਖੀਆਂ ਦੀ ਬਣਦੀ ਹੈ। ਵਿਭਾਗੀ ਮੁਖੀ ਆਪਣੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ 'ਤੇ ਕਰਮਚਾਰੀਆਂ 'ਤੇ ਨਿਰਭਰ ਹਨ। ਫਿਰ ਹੇਠਲੇ ਅਮਲੇ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ। ਇਹ ਠੀਕ ਹੈ ਕਿ ਸਾਰੇ ਨਾ ਤਾਂ ਭਰਿਸ਼ਟ ਹੁੰਦੇ ਹਨ ਅਤੇ ਨਾ ਹੀ ਇਮਾਨਦਾਰ ਪ੍ਰੰਤੂ ਜਿਹੜੇ ਭਰਿਸ਼ਟਾਚਾਰ ਵਿੱਚ ਲੁਪਤ ਹੋ ਗਏ ਹਨ, ਉਹ ਦੂਜਿਆਂ ਨੂੰ ਬਦਨਾਮ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਸਫਲ ਵੀ ਨਹੀਂ ਹੋਣ ਦਿੰਦੇ। ਉਲਟਾ ਇਮਾਨਦਾਰਾਂ ਨੂੰ ਸਜਾਵਾਂ ਭੁਗਤਣੀਆਂ ਪੈਂਦੀਆਂ ਹਨ। ਇਸ ਦੇ ਖਾਤਮੇ ਲਈ ਸਾਰੇ ਸਮਾਜ ਨੂੰ ਇਕਮੁੱਠ ਹੋ ਕੇ ਇਮਾਨਦਾਰਾਂ ਦਾ ਸਾਥ ਦੇਣਾ ਹੋਵੇਗਾ। ਮੈਂ ਮੋਹਾਲੀ ਆਪਣਾ ਮਕਾਨ ਵੇਚਣਾ ਸੀ। ਨੋ ਆਬਜੈਕਸ਼ਨ ਲੈਣ ਲਈ ਬੇਨਤੀ ਦਿੱਤੀ। ਅਲਾਟਮੈਂਟ ਲੈਟਰ ਅਤੇ ਰਜਿਸਟਰੀ ਦੀ ਕਾਪੀ ਨਾਲ ਨੱਥੀ ਕੀਤੀ। ਜਦੋਂ ਪਤਾ ਕੀਤਾ ਕਹਿੰਦੇ ਤੁਹਾਡੀ ਤਾਂ ਫਾਈਲ ਹੀ ਗੁੰਮ ਹੈ। ਸੀ ਡੀ ਨਹੀਂ ਹੋ ਸਕਦੀ। ਇਸੇ ਸਮੇਂ ਮੇਰੇ ਵੱਡੇ ਭਰਾ ਸਵਰਗਵਾਸ ਹੋ ਗਏ। ਮੈਂ ਦਫ਼ਤਰ ਨਹੀਂ ਜਾ ਸਕਿਆ। ਇਕ ਸੀਨੀਅਰ ਸਾਬਕਾ ਪੀ ਸੀ ਐਸ ਅਧਿਕਾਰੀ ਜਿਹੜਾ ਇਮਾਨਦਾਰੀ ਦਾ ਪ੍ਰਤੀਕ ਰਿਹਾ ਹੈ, ਜਿਸ ਨੇ ਭਰਿਸ਼ਟਾਚਾਰ ਦੇ ਕੇਸਾਂ ਦੀ ਪੜਤਾਲ ਕਰਕੇ ਵੱਡੇ ਮਗਰ ਮੱਛ ਜੇਲ੍ਹ ਭੇਜੇ ਸਨ, ਉਹ ਤਿੰਨ ਵਾਰ ਮੇਰੇ ਨੋ ਅਬਜੈਕਸ਼ਨ ਦੇ ਕੇਸ ਬਾਰੇ ਸੰਬੰਧਤ ਅਧਿਕਾਰੀ ਅਤੇ ਬਾਬੂਆਂ ਕੋਲ ਗਿਆ। ਕੁਝ ਪੱਲੇ ਨਹੀਂ ਪਿਆ। ਫਸਿਆ ਕੀ ਨਹੀਂ ਕਰਦਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ, ਦੋ ਵਿਧਾਨਕਾਰਾਂ ਅਤੇ ਇਕ ਉਸ ਅਧਿਕਾਰੀ ਦੇ ਨਜ਼ਦੀਕੀ ਤੋਂ ਫੋਨ ਕਰਵਾਏ। ਪੱਲੇ ਨਿਰਾਸਤਾ ਹੀ ਪਈ। ਉਧਰੋਂ ਮੇਰੀ ਰਜਿਸਟਰੀ ਕਰਵਾਉਣ ਦੀ ਤਾਰੀਕ ਨੇੜੇ ਆ ਰਹੀ ਸੀ ਪ੍ਰੰਤੂ ਉਨ੍ਹਾਂ ਦੇ ਕੰਨਾ ਤੇ ਜੂੰ ਨਹੀਂ ਸਰਕੀ। ਜਦੋਂ ਦਲਾਲ ਨੇ ਦਲਾਲੀ ਕੀਤੀ ਤਾਂ ਸੀ ਡੀ ਹੋ ਗਈ। ਗੱਲ ਏਥੇ ਹੀ ਖ਼ਤਮ ਨਹੀਂ ਹੁੰਦੀ, ਫਿਰ ਆਈ ਬਿਲਡਿੰਗ ਸ਼ਾਖਾ ਤੋਂ ਕਲੀਅਰੈਂਸ ਲੈਣ ਦੀ। ਉਸੇ ਦਫ਼ਤਰ ਵਿੱਚ ਕੰਮ ਕਰਦਾ ਇਕ ਐਕਸੀਅਨ ਮੇਰੇ ਨਾਲ ਬਿਲਡਿੰਗ ਸ਼ਾਖ਼ਾ ਵਿੱਚ ਗਏ ਉਨ੍ਹਾਂ ਦੀ ਵੀ ਸੁਣੀ ਨਹੀਂ ਗਈ, ਪ੍ਰੰਤੂ ਉਥੇ ਵੀ ਉਹੀ ਢੰਗ ਕੰਮ ਆਇਆ। ਅਖ਼ੀਰ ਫਾਈਲ ਚਲੀ ਗਈ ਲੇਖਾ ਸ਼ਾਖ਼ਾ ਵਿੱਚ। ਲੇਖਾ ਸ਼ਾਖ਼ਾ ਵਾਲੇ ਕਹਿਣ ਲੱਗੇ ਕਿ ਪੁਡਾ ਦੇ ਰਿਕਾਰਡ ਵਿੱਚ ਤੁਸੀਂ ਤਾਂ 5 ਲੱਖ ਰੁਪਿਆ ਹੀ ਨਹੀਂ ਜਮ੍ਹਾਂ ਕਰਵਾਇਆ। ਮੈਂ 26 ਸਾਲ ਮਕਾਨ ਦਾ ਮਾਲਕ ਬਿਨਾ ਰਕਮ ਜਮ੍ਹਾ ਕਰਵਾਏ ਕਿਵੇਂ ਬਣ ਗਿਆ? ਪੁਡਾ ਰਜਿਸਟਰੀ ਉਦੋਂ ਕਰਵਾਉਂਦਾ ਹੈ ਜਦੋਂ ਸਾਰੀ ਰਕਮ ਜਮ੍ਹਾ ਹੋ ਜਾਂਦੀ ਹੈ। ਦਫ਼ਤਰ ਵਾਲੇ ਕਹਿ ਰਹੇ ਹਨ ਕਿ ਰਕਮ ਹੀ ਨਹੀਂ ਆਈ। ਜਦੋਂ ਮੈਂ ਸਾਰੀਆਂ ਰਸੀਦਾਂ ਵਿਖਾਈਆਂ ਤਾਂ ਵੀ ਆਨਾਕਾਨੀ ਕਰਨ। ਫਿਰ ਦਲਾਲ ਦੀ ਦਖ਼ਅੰਦਾਜ਼ੀ ਹੋਈ ਤਾਂ ਕਲੀਅਰੈਂਸ ਹੋਈ। ਜਦੋਂ ਸਾਰੇ ਪਾਸੇ ਤੋਂ ਕਲੀਅਰੈਂਸ ਹੋ ਗਈ ਤਾਂ ਅਖ਼ੀਰ ਬਾਬੂ ਨੇ ਲਿਖ ਦਿੱਤਾ ਕਾਨੂੰਨੀ ਰਾਏ ਲਈ ਜਾਵੇ। ਏਥੇ ਇਹ ਵੀ ਲਿਖਣਾ ਜ਼ਰੂਰੀ ਹੈ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕੋਈ ਬੂਟਾ ਹਰਿਓ ਰਹਿਓ ਤਾਂ ਸੁਪਰਇਨਟੈਂਡੈਂਟ ਨੇ ਲਿਖ ਦਿੱਤਾ ਕਾਨੂੰਨੀ ਰਾਏ ਦੀ ਕੋਈ ਲੋੜ ਨਹੀਂ ਨੋ ਅਬਜੈਕਸ਼ਨ ਜ਼ਾਰੀ ਕੀਤਾ ਜਾਵੇ। ਸਾਰੇ ਕੇਸ ਵਿੱਚ ਸੁਪਰਇਨਟੈਂਡੈਂਟ ਦਾ ਰੋਲ ਸ਼ਲਾਘਾਯੋਗ ਰਿਹਾ ਹੈ। ਫਿਰ ਮੈਂ ਇਕ ਸਾਬਕਾ ਆਈ ਏ ਐਸ ਅਫਸਰ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਪੁਡਾ ਦੇ ਚੀਫ ਦੇ ਦਫਤਰ ਵਿੱਚ ਫੋਨ ਕਰਕੇ ਸਾਰੀ ਕਹਾਣੀ ਦੱਸੀ। ਫਿਰ ਚੀਫ ਦੇ ਦਫਤਰ ਵਿੱਚ ਸੰਬੰਧਤ ਕਰਮਚਾਰੀਆਂ ਨੂੰ ਬੁਲਾਕੇ ਤਾੜਨਾ ਕਰਕੇ ਉਸੇ ਦਿਨ ਐਨ ਓ ਸੀ ਜ਼ਾਰੀ ਕਰਨ ਦੇ ਹੁਕਮ ਦਿੱਤੇ ਤਾਂ ਸ਼ਾਮ ਨੂੰ ਸਰਬਰ ਡਾਊਨ ਹੋਣ ਦਾ ਬਹਾਨਾ ਮਾਰਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਜਿਹੜਾ ਐਨ ਓ ਸੀ ਜ਼ਾਰੀ ਕੀਤਾ, ਉਸ ਵਿੱਚ ਦੋ ਗ਼ਲਤੀਆਂ ਜਾਣ ਬੁਝਕੇ ਛੱਡ ਦਿੱਤੀਆਂ ਗਈਆਂ। ਉਧਰੋਂ ਮੇਰਾ ਐਗਰੀਮੈਂਟ ਖ਼ਤਮ ਹੋਣ ਦਾ ਆਖਰੀ ਦਿਨ ਸੀ। ਫਿਰ ਦਲਾਲ ਦੀ ਮਿਹਰਬਾਨੀ ਨਾਲ ਗ਼ਲਤੀਆਂ ਦਰੁਸਤ ਹੋਈਆਂ। ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਤਹਿਸੀਲ ਦਫ਼ਤਰ ਵਿੱਚ ਬਿਨਾਂ ਭਰਿਸ਼ਟਾਚਾਰ ਦੇ ਰਜਿਸਟਰੀ ਮਿੰਟਾਂ ਵਿੱਚ ਹੀ ਹੋ ਗਈ। ਹੁਣ ਤੁਸੀਂ ਖੁਦ ਹੀ ਸੋਚੋ ਭਗਵੰਤ ਸਿੰਘ ਮਾਨ ਸੰਸਥਾਗਤ ਭਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰ ਸਕਣਗੇ? ਪਾਰਦਰਸ਼ਤਾ ਲਿਆਉਣ ਲਈ ਲੋਕ ਲਹਿਰ ਸਥਾਪਤ ਕਰਨ ਦੀ ਲੋੜ ਹੈ। ਅਧਿਕਾਰੀ ਦਫਤਰੀ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ ਇਮਾਨਦਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਿਤਾਂ ਤੇ ਪਹਿਰਾ ਦੇਣ ਤਾਂ ਹੀ ਸੰਭਵ ਹੋ ਸਕਦਾ ਹੈ। ਇਸਦੇ ਨਾਲ ਹੀ ਸਾਨੂੰ ਸਾਰੇ ਸਮਾਜਿਕ ਤਾਣੇ ਬਾਣੇ ਨੂੰ ਇਮਾਨਦਾਰ ਹੋਣਾ ਪਵੇਗਾ। ਕੋਈ ਐਸਾ ਕੰਮ ਨਹੀਂ ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਇਕੱਲੀ ਸਰਕਾਰ ਲੋਕਾਂ ਦੇ ਸਹਿਯਗ ਤੋਂ ਬਿਨਾ ਕੁਝ ਨਹੀਂ ਕਰ ਸਕਦੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh480yahoo.com

ਰਵੀ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ 'ਕਿਤੇ ਉਹ ਨਾ ਹੋਵੇ' ਅਹਿਸਾਸਾਂ ਦਾ ਪੁਲੰਦਾ - ਉਜਾਗਰ ਸਿੰਘ

ਪੰਜਾਬੀ ਕਹਾਣੀ ਵਿੱਚ ਅਨੇਕਾਂ ਨਵੇਂ ਤਜ਼ਰਬੇ ਹੋ ਰਹੇ ਹਨ। ਖਾਸ ਤੌਰ 'ਤੇ ਨਵੇਂ ਕਹਾਣੀਕਾਰ ਪੰਜਾਬੀ ਕਹਾਣੀ ਦੀ ਵਿਰਾਸਤ ਵਿੱਚ ਵਡਮੁਲਾ ਯੋਗਦਾਨ ਪਾ ਰਹੇ ਹਨ। ਇਸ ਤੋਂ ਸਾਫ ਹੋ ਰਿਹਾ ਹੈ ਕਿ ਪੰਜਾਬੀ  ਕਹਾਣੀ ਪ੍ਰੌੜ੍ਹ ਅਵਸਥਾ ਨੂੰ ਪਾਰ ਕਰਦੀ ਵਿਖਾਈ ਦੇ ਰਹੀ ਹੈ। ਪਰਵਾਸ ਵਿੱਚ ਪੰਜਾਬੀ ਸੰਸਾਰ ਵਸਣ ਕਰਕੇ ਪ੍ਰਵਾਸ ਅਤੇ ਆਧੁਨਿਕਤਾ ਦਾ ਅਸਰ ਪੰਜਾਬੀ ਦੀਆਂ ਕਹਾਣੀਆਂ ਨੂੰ ਨਵੀਂਆਂ ਦਿਸ਼ਾਵਾਂ ਦੇ ਰਿਹਾ ਹੈ। ਰਵੀ ਸ਼ੇਰਗਿੱਲ ਭਾਵੇਂ ਅਜੇ ਉਭਰਦਾ ਕਹਾਣੀਕਾਰ ਹੈ ਪ੍ਰੰਤੂ ਬਾਲ ਕਹਾਣੀਆਂ ਤੋਂ ਸ਼ੁਰੂਆਤ ਕਰਕੇ ਹੁਣ ਬਾਲਗ ਕਹਾਣੀਕਾਰਾਂ ਵਿੱਚ ਪਲੇਠੇ ਕਹਾਣੀ ਸੰਗ੍ਰਹਿ ' ਕਿਤੇ ਉਹ ਨਾ ਹੋਵੇ' ਰਾਹੀਂ ਪ੍ਰਵੇਸ਼ ਕਰ ਚੁੱਕਾ ਹੈ। ਉਸ ਦੀਆਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ, ਬਿਰਤਾਂਤਿਕ, ਮੁਹਾਵਰਿਆਂ ਵਾਲੀ, ਛੋਟੇ ਛੋਟੇ ਫਿਕਰੇ ਅਤੇ ਚੁਲਬੁਲੀ ਹੈ। ਉਸ ਦੀਆਂ 10 ਕਹਾਣੀਆਂ ਵਾਲੀ ਇਸ ਕਹਾਣੀ ਸੰਗ੍ਰਹਿ ਵਿੱਚ ਭਾਵੇਂ ਬਹੁਤੀਆਂ ਕਹਾਣੀਆਂ ਮਾਨਵਤਾ ਦੇ ਮਾਨਸਿਕ ਅਹਿਸਾਸਾਂ ਦਾ ਪ੍ਰਗਟਾਵਾ ਕਰ ਰਹੀਆਂ ਹਨ ਪ੍ਰੰਤੂ ਇਸ ਪੁਸਤਕ ਵਿੱਚ ਹਰ ਕਹਾਣੀ ਦੇ ਵੱਖਰੇ ਰੰਗ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ' ਓ ਮੇਰਿਆ ਮਾਲਕਾ' ਵਿੱਚ ਵੀ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ। ਦਿਹਾਤੀ ਸ਼ਬਦਾਵਲੀ ਰਾਹੀਂ ਪਿੰਡਾਂ ਦਾ ਭਰਾਤਰੀ ਭਾਵ, ਭਾਵਨਾਤਮਿਕ ਸਾਂਝ, ਦੇਸ਼ ਦੀ ਵੰਡ ਸਮੇਂ ਮਿਲਵਰਤਨ, ਲੜਕੇ ਅਤੇ ਲੜਕੀ ਦੀ ਬਰਾਬਰਤਾ, ਪੱਤਰਕਾਰਾਂ ਦਾ ਕਿਰਦਾਰ, ਪਰਵਾਸੀ ਲਾੜਿਆਂ ਦੇ ਪਾਏ ਮਖੌਟੇ ਅਤੇ ਪਰਵਾਸ ਦੇ ਬਹਾਨੇ ਲੜਕੀਆਂ ਨਾਲ ਹੋ ਰਹੇ ਧੋਖਿਆਂ ਦਾ ਵਿਵਰਣ ਵਧੀਆ ਢੰਗ ਨਾ ਦਿੱਤਾ ਗਿਆ ਹੈ। ਇਸ ਕਹਾਣੀ ਦਾ ਮੂਲ ਆਧਾਰ ਕਹਾਣੀਕਾਰ ਨੇ ਪਰਵਾਸ ਵਿੱਚ ਵਿਆਹਾਂ ਦੇ ਬਹਾਨੇ ਕੀਤੇ ਜਾ ਰਹੇ ਧੋਖਿਆਂ ਬਾਰੇ ਜ਼ੈਲਦਾਰ ਦੀ ਲੜਕੀ ਜੱਸੀ ਨਾਲ ਹੋਏ ਦੁਖਾਂਤ ਰਾਹੀਂ ਦਰਸਾਇਆ ਗਿਆ ਹੈ। 'ਇੱਕ ਘੁੱਗੀ ਹੋਰ' ਕਹਾਣੀ ਭਾਵਨਾਵਾਂ ਅਤੇ ਮਨੁੱਖੀ ਮਨਾਂ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀ ਹੈ। ਇਸਤਰੀਆਂ ਦੀ ਇਸਤਰੀਆਂ ਪ੍ਰਤੀ ਮਾਨਸਿਕਾ ਦਾ ਵੀ ਪਰਦਾ ਫਾਸ਼ ਕਰਦੀ ਹੈ। ਜਦੋਂ ਜੀਤ ਅਲਟਰਾਸਾਊਂਡ ਕਰਵਾਉਣ ਦਾ ਵਿਰੋਧ ਕਰਦਾ ਹੈ ਤਾਂ ਮਨਦੀਪ ਅਤੇ ਜੀਤ ਦੀ ਮਾਂ ਦੋਵੇਂ ਭਰੂਣ ਹੱਤਿਆ ਦੀ ਪ੍ਰੋੜ੍ਹਤਾ ਕਰਦੀਆਂ ਹਨ। ਸਰਦਾਰਾਂ ਦੀਆਂ ਫੋਕੀਆਂ ਸਰਦਾਰੀਆਂ ਦੀ ਹਓਮੈ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਤੋਂ ਵੀ ਗੁਰੇਜ ਨਹੀਂ ਕਰਦੀ। ਜਦੋਂ ਕਿ ਕੁੜੀਆਂ ਸੰਸਾਰ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ, ਫਿਰ ਵੀ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਇਕ ਪਾਸੇ ਧੀਆਂ ਨੂੰ ਪਰਿਵਾਰਾਂ ਦੀ ਇਜ਼ਤ ਕਿਹਾ ਜਾਂਦਾ ਹੈ, ਦੂਜੇ ਪਾਸੇ ਬੇਕਿਰਕੀ ਨਾਲ ਉਨ੍ਹਾਂ ਦੀ ਭਰੂਣ ਹੱਤਿਆ ਕੀਤੀ ਜਾ ਰਹੀ ਹੈ। ਹਾਲਾਂ ਕਿ ਲੜਕੇ ਮਾਪਿਆਂ ਨੂੰ ਦੁਰਕਾਰਦੇ ਹਨ ਅਤੇ ਲੜਕੀਆਂ ਸੰਭਾਲਦੀਆਂ ਹਨ। 'ਹੰਝੂ ਹਮੇਸ਼ਾ ਖਾਰੇ ਨਹੀਂ ਹੁੰਦੇ' ਕਹਾਣੀ ਵਿੱਚ ਇਕ ਪਾਸੇ ਤਾਂ ਅਮੀਰ ਸਰਦਾਰਾਂ ਦੇ ਖੋਖਲੇਪਨ ਦੀ ਜਾਣਕਾਰੀ ਦਿੱਤੀ ਹੈ ਪ੍ਰੰਤੂ ਇਸਦੇ ਨਾਲ ਹੀ ਅਜੀਤ ਸਿੰਘ ਨੂੰ ਇਕ ਆਦਰਸ਼ਕ ਪਾਤਰ ਵਿਖਾਇਆ ਗਿਆ ਹੈ। ਕਹਾਣੀ ਵਿੱਚ ਸਵੈ ਵਿਰੋਧਤਾ ਹੈ। ਇਸ ਕਹਾਣੀ ਵਿੱਚ ਇਨਸਾਨ ਦੀ ਮਾਨਸਿਕਤਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਉਹ ਕਿਸ ਪ੍ਰਕਾਰ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਮਾਰਦਾ ਹੋਇਆ ਅਣਹੋਣੀ ਵਾਪਰਨ ਦੀਆਂ ਕਿਆਸ ਅਰਾਈਆਂ ਲਈ ਜਾਂਦਾ ਹੈ, ਜਦੋਂ ਕਿ ਵਾਪਰਦਾ ਕੁਝ ਵੀ ਨਹੀਂ। ਇਸ ਕਹਾਣੀ ਵਿੱਚ ਮੁਹਾਵਰਿਆਂ ਦੀ ਭਰਮਾਰ ਹੈ, ਜਿਵੇਂ 'ਦੁੱਧ ਦਾ ਸੜਿਆ ਫੂਕਾਂ ਮਾਰ ਮਾਰ ਕੇ ਪੀਂਦਾ ਹੈ' ਅਤੇ  'ਅੱਜ ਕਲ੍ਹ ਦੁੱਧ ਧੋਤਾ ਕੌਣ ਹੈ' ਆਦਿ। ਭੈੜੇ ਰਸਮਾ ਰਿਵਾਜਾਂ ਨੂੰ ਤੋੜਨ ਦੀ ਹੂਕ ਵੀ ਵਿਖਾਈ ਦਿੰਦੀ ਹੈ।  'ਕਿਤੇ ਉਹ ਨਾ ਹੋਵੇ' ਕਹਾਣੀ ਵਿੱਚ ਕਹਾਣੀਕਾਰ ਨੇ ਫਰਜੀ ਵਿਆਹ ਕਰਕੇ ਪਰਵਾਸ ਵਿੱਚ ਕੁੜੀਆਂ ਨੂੰ ਧੋਖਾ ਦੇਣ ਦੇ ਤੌਰ ਤਰੀਕਿਆਂ ਬਾਰੇ ਲਿਖਿਆ ਹੈ। ਇਸ ਕਹਾਣੀ ਵਿੱਚ ਅਜਿਹੀਆਂ ਕਰਤੂਤਾਂ ਕਰਨ ਵਾਲੇ ਲਾੜਿਆਂ ਦੀ ਜ਼ਿੰਦਗੀ ਹਮੇਸ਼ਾ ਡਰ ਦੇ ਸਾਏ ਵਿੱਚ ਗੁਜਰਦੀ ਵਿਖਾਈ ਗਈ ਹੈ। ਇਸ ਕਹਾਣੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਪਰਵਾਸ ਵਿੱਚ ਸੈਟਲ ਹੋਣ ਲਈ ਵਰਤੇ ਜਾਣ ਵਾਲੇ ਗ਼ੈਰ ਕਾਨੂੰਨੀ ਹੱਥ ਕੰਡੇ ਇਨਸਾਨ ਨੂੰ ਹਮੇਸ਼ਾ ਸੂਲੀ 'ਤੇ ਟੰਗੀ ਰੱਖਦੇ ਹਨ।  'ਬੁਝ ਰਹੇ ਦੀਵੇ ਦੀ ਲੋਅ' ਕਹਾਣੀ ਏਡਜ ਵਰਗੀ ਘਾਤਕ ਬਿਮਾਰੀ ਦੀ ਤ੍ਰਾਸਦੀ ਬਾਰੇ ਹੈ, ਜਿਸ ਕਰਕੇ ਦੋ ਅਲੜ੍ਹ ਪਿਆਰ ਦੀਆਂ ਪੀਂਘਾਂ ਝੂਟਦੇ ਬੇਬਸ ਹੋ ਜਾਂਦੇ ਹਨ। ਇਹ ਕਹਾਣੀ ਹਸਪਤਾਲਾਂ ਦੀ ਲਾਪ੍ਰਵਾਹੀ ਦੀ ਗਵਾਹੀ ਵੀ ਭਰਦੀ ਹੈ।  'ਹੁਣ ਦਿਲ ਬਹੁਤ ਖ਼ੁਸ਼ ਸੀ' ਪਰਵਾਸ ਵਿੱਚ ਗਏ ਨੌਜਵਾਨਾਂ ਦੇ ਦਰਦ ਦੀ ਕਹਾਣੀ ਹੈ, ਜਿਨ੍ਹਾਂ ਦੇ ਮਾਪੇ ਪਿਛੇ ਪੰਜਾਬ ਵਿੱਚ ਸੰਤਾਪ ਭੋਗ ਰਹੇ ਹਨ। ਪ੍ਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਕਰਕੇ ਬੱਚੇ ਆਪਣੇ ਮਾਪਿਆਂ ਦੀ ਦੁਰਦਸ਼ਾ ਦੇ ਜ਼ਿੰਮੇਵਾਰ ਬਣਦੇ ਵਿਖਾਏ ਗਏ ਹਨ। ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਜਾਂਦਾ ਹੈ। ਖਾਸ ਕਰਕੇ ਇਕਲੌਤੇ ਬੱਚੇ ਨੂੰ ਪ੍ਰਵਾਸ ਵਿੱਚ ਬਿਲਕੁਲ ਨਾ ਜਾਣ ਦੀ ਤਾਕੀਦ ਕਰਦੀ ਹੈ। ਪ੍ਰਵਾਸ ਵਿੱਚ ਪਰਿਵਾਰਿਕ ਸੰਬੰਧ ਵੀ ਮਿੰਟਾਂ ਸਕਿੰਟਾਂ ਵਿੱਚ ਹੀ ਟੁੱਟ ਜਾਂਦੇ ਵਿਖਾਏ ਗਏ ਹਨ। ਫਿਰ ਉਹ ਲੋਕ ਪਾਲਤੂ ਜਾਨਵਰਾਂ ਦੇ ਸਹਾਰੇ ਜ਼ਿੰਦਗੀ ਗੁਜ਼ਾਰਦੇ ਹਨ। ਡਾ ਸਿੰਘ ਦਾ ਪਿਤਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪ੍ਰੰਤੂ ਉਸ ਦੇ ਦਿਮਾਗ ਵਿੱਚ ਹਸਪਾਤਾਲ ਬੰਦ ਕਰਨ ਨਾਲ ਹੋਣ ਵਾਲੇ ਨੁਕਸਾਨ ਦਾ ਫਿਕਰ ਘੁੰਮ ਰਿਹਾ ਹੈ। ਜਦੋਂ ਡੇਵਿਡ ਦਾ ਆਪਣੇ ਕੁੱਤੇ ਕੋਬੀ ਲਈ ਵਿਖਾਏ ਪਿਆਰ ਨੂੰ ਵੇਖਦਾ ਹੈ ਤਾਂ ਉਸ ਦੀਆਂ ਅੱਖਾਂ ਖੁਲ੍ਹਦੀਆਂ ਹਨ ਕਿ ਗੋਰੇ ਤਾਂ ਪਾਲਤੂ ਜਾਨਵਰਾਂ ਦੇ ਪਿਆਰ ਦੇ ਮੁੱਦਈ ਹਨ ਪ੍ਰੰਤੂ ਉਹ ਹਸਪਤਾਲ ਦੇ ਬੰਦ ਹੋਣ ਦੇ ਡਰ ਕਰਕੇ ਜ਼ਿੰਦਗੀ ਦੀ ਆਖਰੀ ਲੜਾਈ ਲੜ ਰਹੇ ਪਿਤਾ ਕੋਲ ਜਾਣ ਤੋਂ ਵੀ ਪਾਸਾ ਵੱਟ ਰਿਹਾ ਹੈ। ਮਾਪਿਆਂ ਦੀ ਦੇਣ ਕਦੀ ਵੀ ਭੁਲਾੲਂੀ ਨਹੀਂ ਜਾ ਸਕਦੀ। 'ਭਾਰ ਮੁਕਤ' ਕਹਾਣੀ ਦਿਹਾਤੀ ਇਲਾਕਿਆਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਅਮੀਰ ਪਰਿਵਾਰਾਂ ਦੇ ਸ਼ਹਿਜਾਦਿਆਂ ਵਲੋਂ ਕੀਤੇ ਜਾਂਦੇ ਬਲਾਤਕਾਰਾਂ ਦੀ ਦਾਸਤਾਂ ਹੈ, ਜਿਹੜੀ ਇਨਸਾਨੀਅਤ ਦੀ ਦੁਰਦਸ਼ਾ ਦਾ ਪ੍ਰਗਟਾਵਾ ਕਰਦੀ ਹੈ। ਇਨ੍ਹਾਂ ਪਰਿਵਾਰਾਂ ਦੀਆਂ ਇਸਤਰੀਆਂ ਦੀ ਕਿਸਾਨਾ ਦੇ ਖੇਤਾਂ ਵਿੱਚੋਂ ਘਾਹ ਅਤੇ ਚਾਰਾ ਲਿਆਉਣ ਦੀ ਮਜ਼ਬੂਰੀ ਦਾ ਭੂਤਰੇ ਨੌਜਵਾਨ ਫਾਇਦਾ ਉਠਾਉਂਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਇਹ ਵੀ ਹੈ ਕਿ ਇਨ੍ਹਾਂ ਭਾਈਚਾਰਿਆਂ ਦੀਆਂ ਇਸਤਰੀਆਂ ਕਿਤੇ ਵੀ ਸੇਫ ਨਹੀਂ ਹਨ। ਬੇਗਾਨਿਆਂ ਦੀ ਤਾਂ ਗੱਲ ਹੀ ਛੱਡੋ ਪ੍ਰੰਤੂ ਆਪਣੇ ਵੀ ਹਾਲਾਤ ਦਾ ਨਜ਼ਾਇਜ ਲਾਭ ਉਠਾ ਜਾਂਦੇ ਹਨ, ਜਿਵੇਂ ਮੱਖਣ ਦਾ ਦੋਸਤ ਬਿਲੂ, ਉਸਦੀ ਪਤਨੀ ਬਿੰਦਰੋ ਨਾਲ ਵਿਵਹਾਰ ਕਰਦਾ ਹੈ।  'ਸੰਗਲਾਂ ਵਿੱਚ ਬੰਨ੍ਹਿਆਂ ਸੱਚ' ਕਹਾਣੀ ਤਕੜੇ ਦਾ ਸੱਤੀਂ ਵੀਹੀਂ ਸੌ ਦੀ ਕਹਾਵਤ 'ਤੇ ਪੂਰੀ ਢੁਕਦੀ ਹੈ। ਇਹ ਕਹਾਣੀ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਕੁਰੀਤੀਆਂ ਦਾ ਪਰਦਾ ਫਾਸ਼ ਕਰਦੀ ਹੋਈ ਕਈ ਪੱਖਾਂ ਦੀ ਪੋਲ ਖੋਲ੍ਹਦੀ ਹੈ। ਪਿੰਡਾਂ ਦੇ ਮੋਹਤਬਰ ਲੋਕ ਆਮ ਲੋਕਾਂ ਨਾਲ ਜ਼ੋਰ ਜਬਰਦਸਤੀ ਕਰਕੇ ਉਲਟੇ ਫੌਜਦਾਰੀ ਕੇਸਾਂ ਵਿੱਚ ਬੇਕਸੂਰਾਂ ਨੂੰ ਪੁਲਿਸ ਦੀ ਮਦਦ ਨਾਲ ਕਸੂਰਵਾਰ ਬਣਾ ਦਿੰਦੇ ਹਨ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਦਿੰਦੇ ਹਨ। ਕਾਕੂ ਉਨ੍ਹਾਂ ਦੀਆਂ ਵਧੀਕੀਆਂ ਦਾ ਸਬੂਤ ਹੈ। ਪੁਲਿਸ ਅਤੇ ਡਾਕਟਰਾਂ ਦੇ ਭਰਿਸ਼ਟਾਚਾਰੀ ਨਕਾਬ ਇਸ ਕਹਾਣੀ ਵਿੱਚ ਲਾਹੇ ਗਏ ਹਨ। ਸਰਪੰਚ ਦੇ ਲੜਕੇ ਗੁਡੋ ਨਾਲ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੰਦੇ ਹਨ ਅਤੇ ਆਪਣੀ ਭੈਣ ਨੂੰ ਛੁਡਾਉਣ ਆਏ ਕਾਕੂ ਨੂੰ ਉਸ ਦੀ ਭੈਣ ਦਾ ਕਾਤਲ ਬਣਾ ਦਿੰਦੇ ਹਨ। 'ਪਹਾੜਾਂ ਤੋਂ ਖ਼ੁਰ ਰਹੀ ਬਰਫ' ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਜਿਹੜਾ ਅਮਰੀਕਾ ਹਥਿਆਰ ਵੇਚਕੇ ਸੰਸਾਰ ਨੂੰ ਬੇਵਕੂਫ ਬਣਾ ਰਿਹਾ ਹੈ, ਉਹੀ ਹਥਿਆਰ ਅਮਰੀਕਾ ਵਿੱਚ ਅਫਰਾ ਤਫਰੀ ਦੇ ਹਾਲਾਤ ਪੈਦਾ ਕਰ ਰਹੇ ਹਨ। ਦੇਸ਼ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਸਿਰ ਫਿਰੇ ਲੋਕ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਰਹੇ ਹਨ। ਭਰਿਟਾਚਾਰ ਕਰਕੇ ਐਨ ਆਰ ਏ ਦੀ ਤਕੜੀ ਲਾਬੀ ਗੰਨ ਕਲਚਰ 'ਤੇ ਪਾਬੰਦੀਆਂ ਲਾਉਣ ਲਈ ਕਾਨੂੰਨ ਬਣਾਉਣ ਨਹੀਂ ਦਿੰਦੀ। ਗੰਨ ਵਾਇਲੈਂਸ ਦਾ ਇਹ ਮਾਰੂ ਵਰਤਾਰਾ ਦਿਨ ਬਦਿਨ ਵਧ ਰਿਹਾ ਹੈ। 'ਰੇਤ ਦੇ ਟਿੱਲੇ' ਵੀ ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਇਕ ਕਲਾਕਰ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਬਾਰੇ ਦੱਸਿਆ ਗਿਆ ਹੈ। ਬਿਲਕੁਲ ਭਾਰਤ ਦੇ ਕਲਾਕਾਰਾਂ ਦੀ ਤਰ੍ਹਾਂ ਪ੍ਰਵਾਸ ਵਿੱਚ ਵੀ ਕਲਾ ਕ੍ਰਿਤਾਂ ਬਣਾਉਣ ਵਾਲੇ ਲੋਕ ਭਾਵਨਾਵਾਂ ਵਿੱਚ ਵਹਿਣ ਵਾਲੇ ਹੁੰਦੇ ਹਨ। ਸੰਸਾਰ ਵਿੱਚ ਬਹੁਤੇ ਲੋਕ ਮਤਲਵ ਨਾਲ ਹੀ ਵਿਵਹਾਰ ਕਰਦੇ ਹਨ। ਜੌਹਨ ਨਾਲ ਵੀ ਉਸਦੇ ਦੋਸਤਾਂ ਨੇ ਉਸੇ ਤਰ੍ਹਾਂ ਕੀਤਾ। ਲੋਕ  ਕਲਾਕਾਰਾਂ ਦੇ ਕਦਰਦਾਨ ਨਹੀਂ ਹਨ। ਪੰਜਾਬੀਆਂ ਬਾਰੇ ਵੀ ਇਸ਼ਾਰੇ ਮਾਤਰ ਦੱਸਿਆ ਗਿਆ ਹੈ ਕਿ ਉਹ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਵਿੱਚ ਜਾਂਦੇ ਹਨ ਅਤੇ ਪੰਜਾਬੀ ਹੀ ਉਨ੍ਹਾਂ ਦਾ ਉਥੇ ਸ਼ੋਸ਼ਣ ਕਰਦੇ ਹਨ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਵੀ ਸ਼ੇਰਗਿੱਲ ਭਵਿਖ ਵਿੱਚ ਹੋਰ ਵਧੀਆ ਕਹਾਣੀਆਂ ਲਿਖਣ ਦੇ ਸਮਰੱਥ ਬਣਦਾ ਜਾ ਰਿਹਾ ਹੈ। 120 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਸੰਗਮ ਪਬਲੀਕੇਸ਼ਨਜ਼ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                               
ਮੋਬਾਈਲ-94178 13072
ujagarsingh48@yahoo.com

ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ ਚੋਭ - ਉਜਾਗਰ ਸਿੰਘ

ਪੰਜਾਬ ਦੀ ਤ੍ਰਾਸਦੀ ਦੇ ਸਮੇਂ ਸਿੱਖ ਕੌਮ ਨਾਲ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਸੰਜੀਦਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਿਅੰਗਮਈ ਢੰਗ ਨਾਲ ਤਿੱਖੇ ਤੁਣਕੇ ਲਾ ਕੇ ਸੁਰਿੰਦਰ ਸਿੰਘ ਜੱਬਲ ਨੇ ਸਿੱਖ ਕੌਮ ਨੂੰ ਸਿਆਣਪ ਤੋਂ ਕੰਮ ਲੈਣ ਲਈ ਪ੍ਰੇਰਨਾ ਦੇਣ ਦੇ ਇਰਾਦੇ ਨਾਲ ‘ਚਾਚਾ ਵੈਨਕੂਵਰੀਆ’ ਕਾਲਮ ਸ਼ੁਰੂ ਕੀਤਾ ਸੀ। ਇਸ ਕਾਲਮ ਵਿੱਚ ਪ੍ਰਕਾਸ਼ਤ ਹੋਏ ਲੇਖਾਂ ਦੀ ‘ਚਾਚਾ ਵੈਨਕੂਵਰੀਆ’ ਪੁਸਤਕ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਵਿੱਚ ਜਿਹੜੀਆਂ ਗੰਭੀਰ ਹਰਿਦੇਵੇਦਿਕ ਘਟਨਾਵਾਂ ਸਿੱਖ ਜਗਤ ਨਾਲ ਵਾਪਰੀਆਂ, ਉਨ੍ਹਾਂ ਨੂੰ  ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨਾਲ ਸਿੱਖ ਜਗਤ ਦੇ ਦਿਲ ਵਲੂੰਧਰੇ ਗਏ ਸਨ। ਅਜਿਹੇ ਨਾਜ਼ੁਕ ਸਮੇਂ ਵਿੱਚ ਵੀ ਸਿੱਖ ਜਗਤ ਨੇ ਸਿਆਣਪ ਤੋਂ ਕੰਮ ਲੈਣ ਦੀ ਥਾਂ ਪੰਥ ਦੋਖੀਆਂ ਦੀਆਂ ਚਾਲਾਂ ਵਿੱਚ ਆ ਕੇ ਵੱਖਰੀਆਂ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਦੇ ਜ਼ਖ਼ਮਾ ਤੇ ਮਰਹਮ ਲਾਉਣ ਦੀ ਥਾਂ ਲੂਣ ਛਿੜਕਿਆ। ਭਾਵ ਪੰਥ ਵਿੱਚ ਫੁੱਟ ਪੈ ਗਈ, ਕਈ ਸੰਸਥਾਵਾਂ ਅਤੇ ਧੜੇ ਬਣਕੇ ਆਪਸ ਵਿੱਚ ਲੜਦੇ ਝਗੜਦੇ ਹੋਏ ਨਿੱਜੀ ਖੁੰਦਕਾਂ ਕੱਢਦੇ ਰਹੇ। ਸੁਰਿੰਦਰ ਸਿੰਘ ਜੱਬਲ ਦਾ ‘ਚਾਚਾ ਵੈਨਕੂਵਰੀਆ’ ਕਾਲਮ ਅਖਬਾਰ ਦੀਆਂ ਸੁਰਖੀਆਂ ਬਣਕੇ ਉਨ੍ਹਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਾ ਰਿਹਾ ਤਾਂ ਜੋ ਸਿੱਖ ਜਗਤ ਧੋਖੇ ਤੋਂ ਬਚ ਸਕੇ। ਇਸ ਪੁਸਤਕ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਵੱਖ-ਵੱਖ ਸਮੇਂ ਲਿਖੇ 21 ਲੇਖ ਸ਼ਾਮਲ ਕੀਤੇ ਹਨ। ਇਹ ਸਾਰੇ ਲੇਖ ਬੜੇ ਦਿਲਚਸਪੀ ਵਾਲੇ ਹਨ, ਇਕ ਵਾਰ ਪੁਸਤਕ ਪੜ੍ਹਨ ਲਈ ਸ਼ੁਰੂ ਕਰਕੇ ਸਾਰੀ ਖ਼ਤਮ ਕਰਨ ਤੇ ਹੀ ਤਸੱਲੀ ਹੁੰਦੀ ਹੈ। ਹਰ ਲੇਖ ਵਿੱਚ ਅੱਗੋਂ ਕੀ ਹੋਵੇਗਾ ਬਾਰੇ ਜਾਨਣ ਦੀ ਦਿਲਚਸਪੀ ਬਣੀ ਰਹਿੰਦੀ ਹੈ। ਪੁਸਤਕ ਪੜ੍ਹਨ ਤੋਂ ਬਾਅਦ ਇਕ ਗੱਲ ਸ਼ਪਸ਼ਟ ਹੋ ਜਾਂਦੀ ਹੈ ਕਿ ਸੁਰਿੰਦਰ ਸਿੰਘ ਜੱਬਲ ਇਕ ਚੇਤੰਨ, ਚਿੰਤਨਸ਼ੀਲ ਅਤੇ ਸੰਜੀਦਾ ਵਿਅਕਤੀ ਹੈ, ਜਿਨ੍ਹਾਂ ਦੀ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਵਿਸ਼ਾਲ ਹੈ। ਇਹ ਵੀ ਪ੍ਰਤੀਤ ਹੁੰਦਾ ਹੈ ਕਿ ਉਹ ਜਾਗਰੂਕ ਪਾਠਕ ਵੀ ਹਨ, ਜਿਹੜੇ ਇਨ੍ਹਾਂ ਘਟਨਾਵਾਂ ਬਾਰੇ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਨੂੰ ਵੀ ਘੋਖਵੀਂ ਖੋਜੀ ਰੁਚੀ ਨਾਲ ਪੜ੍ਹਦੇ ਰਹੇ ਹਨ, ਜਿਸਦੀ ਗਵਾਹੀ ਉਨ੍ਹਾਂ ਦੇ ਸਾਰੇ ਲੇਖ ਦੇ ਰਹੇ ਹਨ। ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਸਿੱਖ ਨੌਜਵਾਨ ਜਲਦੀ ਹੀ ਭਾਵਨਾਵਾਂ ਵਿੱਚ ਬੈਠਕੇ ਫ਼ੈਸਲੇ ਕਰ ਲੈਂਦੇ ਹਨ ਪ੍ਰੰਤੂ ਉਹ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਤੋਂ ਅਸਮਰੱਥ ਰਹਿੰਦੇ ਹਨ, ਜਿਸਦੇ ਨਤੀਜੇ ਸਿੱਖ ਜਗਤ ਲਈ ਘਾਤਕ ਨਿਕਲਦੇ ਰਹੇ ਹਨ। ਪੁਸਤਕ ਦਾ ਪਹਿਲਾ ਲੇਖ ‘ਚਾਚੇ ਵੈਨਕੂਵਰੀਏ ਦਾ ਲੌਂਗ ਵੀਕਐਂਡ’ ਸਿੱਖਾਂ ਦੀ ਦੁਖਦੀ ਰਗ ‘ਤੇ ਹੱਥ ਰਖਦਾ ਹੈ। ਕਿਵੇਂ ਖਾਨਾਜੰਗੀ ਦਾ ਰਾਹ ਖੁਲ੍ਹ ਰਿਹਾ ਹੈ। ਏਸੇ ਤਰ੍ਹਾਂ ‘ਚਾਚੇ ਵੈਨਕੂਵਰੀਏ ਦੇ ਲੋਕ ਸੇਵਾ ਲਈ ਕਮਰਕੱਸੇ’ ਲੇਖ ਵਿੱਚ ਸਿੱਖ ਸਮੁਦਾਇ ਵੱਲੋਂ ਸਿੱਖਾਂ ਦੀ ਭਲਾਈ ਲਈ ਸਾਂਝੇ ਕੰਮਾ ਵਿੱਚ ਦਿਲਚਸਪੀ ਨਾ ਲੈਣ ਬਾਰੇ ਹੈ, ਜਿਸ ਵਿੱਚ ਚਾਚੇ ਨੇ ਲੋਕਾਂ ਨੂੰ ਜਾਗ੍ਰਤ ਕਰਨ ਵਿੱਚ ਯੋਗਦਾਨ ਪਾ ਕੇ ਲੋਕਾਂ ਨੂੰ ਪ੍ਰੇਰਿਆ ਹੈ। ‘ਚਾਚਾ ਵੈਨਕੂਵਰੀਆ ਅਤੇ ਠੱਕਰ ਰਿਪੋਰਟ’ ਵਾਲੇ ਲੇਖ ਤੋਂ ਪਤਾ ਲਗਦਾ ਹੈ ਕਿ ਸੁਰਿੰਦਰ ਸਿੰਘ ਜੱਬਲ ਭਾਂਪ ਗਏ ਸਨ ਕਿ ਇੰਦਰਾ ਗਾਂਧੀ ਦਾ ਕਤਲ ਇਕ ਅੰਦਰੋਂ ਹੋਈ ਸ਼ਾਜ਼ਸ਼ ਅਧੀਨ ਹੋਇਆ ਪ੍ਰੰਤੂ ਸਿੱਖਾਂ ਦੇ ਨਾਮ ਮੜ੍ਹ ਦਿੱਤਾ ਗਿਆ। ‘ਚਾਚਾ ਵੈਨਕੂਵਰੀਆ ਤੇ ਵਿਸਾਖੀ ਦਾ ਜਲੂਸ’ ਲੇਖ ਵਿੱਚ ਲੇਖਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਵਾਸ ਵਿੱਚ ਸਿੱਖ ਆਪਣੀ ਵਿਰਾਸਤ ਨਾਲ ਗੜੂੰਦ ਹਨ ਪ੍ਰੰਤੂ ਏਥੇ ਵੀ ਨੌਜਵਾਨੀ ਅਤੇ ਕੁਝ ਸਿੱਖ ਜਥੇਬੰਦੀਆਂ ਪੰਜਾਬ ਦੀ ਤਰ੍ਹਾਂ ਵਖਵਾਦੀ ਵਿਚਾਰਾਂ ਦੀ ਪ੍ਰਦਰਸ਼ਨੀ ਕਰਕੇ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਬਣਦੀਆਂ ਹਨ। ‘ਚਾਚੇ ਵੈਨਕੂਵਰੀਏ ਦਾ ਕੌਮੀ ਸੰਦੇਸ਼-1’ ਵਿੱਚ ਜੱਬਲ ਸਾਹਿਬ ਨੇ ਭਾਰਤੀ ਸਟੇਟ ਦਾ ਧਰਮ ਨਿਪੱਖ ਹੋਣ ਦੇ ਮਖੌਟੇ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਅੱਗੋਂ ਧਰਮ ਦੇ ਨਾਮ ‘ਤੇ ਬਣਾਏ ਗਏ ਦਲਾਂ ਦੀ ਦਲਦਲ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਧਰਮ ਅਤੇ ਸਿਆਸਤ ਦੇ ਆਪਸ ਵਿੱਚ ਸੰਬੰਧਾਂ ਬਾਰੇ ਆਪਣੇ ਦਿ੍ਰਸ਼ਟੀਕੋਣ ਰਾਹੀਂ ਵਖਵਾਦ ਦਾ ਮਖੌਟਾ ਪਾ ਕੇ ਬਦਨਾਮ ਕਰਨ ‘ਤੇ ਵੀ ਚਿੰਤਨ ਕਰਨ ਦੀ ਲੋੜ ਤਾਕੀਦ ਕੀਤੀ ਹੈ। ‘ਚਾਚੇ ਵੈਨਕੂਵਰੀਏ ਦਾ ਕੌਮੀ ਸੰਦੇਸ਼-2’ ਵਿੱਚ ਪੰਥਕ ਨੇਤਾਵਾਂ ਦੀਆਂ ਸ਼ੱਕੀ ਸਰਗਰਮੀਆਂ, ਵੱਖਵਾਦ ਸਰਕਾਰੀ ਸ਼ਾਜ਼ਸ਼, ਜੋਸ਼ ਤੇ ਹੋਸ਼ ਦੋਵੇਂ ਜ਼ਰੂਰੀ ਅਤੇ ਬੁੱਧੀਜੀਵੀਆਂ ਦੇ ਯੋਗਦਾਨ ਬਾਰੇ ਲਿਖਿਆ ਹੈ। ਕਾਮਾ ਗਾਟਾ ਮਾਰੂ ਕਮੇਟੀਆਂ ਵਾਲੇ ਲੇਖ ਵਿੱਚ ਵੀ ਇਸਦੀ 75ਵੀਂ ਵਰ੍ਹੇ ਗੰਢ ਦੀ ਆੜ ਵਿੱਚ ਵੱਖੋ ਵੱਖਰੀਆਂ ਸੰਸਥਾਵਾਂ ਆਪਣੇ ਨਿੱਜੀ ਹਿੱਤਾਂ ਲਈ ਲੜਦੀਆਂ ਰਹੀਆਂ ਹਨ। ਨਸਲਵਾਦ ਉਸੇ ਤਰ੍ਹਾਂ ਬਰਕਰਾਰ ਹੈ। ਬਰਸਾਤੀ ਡੱਡੂਆਂ ਵਾਂਗ ਬਣੀਆਂ ਸੰਸਥਾਵਾਂ ਫੇਲ੍ਹ ਰਹੀਆਂ ਹਨ। ਘਲੂਘਾਰਾ ਸਪਤਾਹ ਮਨਾਉਣ ਵਾਲੇ ਲੇਖ ਵਿੱਚ ਸਿੱਖਾਂ ਦੇ ਹਮੇਸ਼ਾ ਦੋਫਾੜ ਰਹਿਣ, ਕਾਂਗਰਸ ਦੇ ਵਿਸ਼ਵਾਸ਼ਘਾਤ, ਅਕਾਲ ਤਖ਼ਤ ਤੋਂ ਜਾਰੀ ਕੀਤੇ ਹੁਕਮਨਾਮਿਆਂ ਤੇ ਕਿੰਤੂ ਪ੍ਰੰਤੂ ਅਤੇ ਖਾਲਿਸਤਾਨ ਦੀ ਮੰਗ ਲਗਾਤਾਰ ਸਿੱਖਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਸਿੱਟਾ ਹੈ। ਸਾਫਟ ਟਾਰਗੈਟ-1 ਵਿੱਚ ਸੁਰਿੰਦਰ ਸਿੰਘ ਜੱਬਲ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਪਤਚਰ ਏਜੰਸੀਆਂ ਖਾਲਿਸਤਾਨ ਦਾ ਪ੍ਰਚਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਸਰਕਾਰ ਦੀ ਦੋਗਲੀ ਨੀਤੀ ਕਰਕੇ ਡਬਲ ਰੋਲ ਕਰਦੀ ਰਹੀ ਹੈ। ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨ ਦੇ ਪ੍ਰਤੀਨਿਧਾਂ ਅਤੇ ਗੁਪਤਚਰ ਏਜੰਸੀਆਂ ਰਾਹੀਂ ਢੌਂਗ ਤਾਂ ਖਾਲਿਸਤਾਨ ਨੂੰ ਦਬਾਉਣ ਦਾ ਵਿਖਾ ਰਹੀਆਂ ਸਨ, ਅਸਲ ਵਿੱਚ ਉਹ ਖਾਲਿਸਤਾਨ ਨੂੰ ਉਤਸ਼ਾਹਤ ਕਰ ਰਹੀਆਂ ਸਨ। ਸਿੱਖਾਂ ਨੂੰ ਅਤਵਾਦੀ ਸਾਬਤ ਕਰਨ ਦੇ ਉਪਰਾਲੇ ਹੋ ਰਹੇ ਸਨ। ਸਾਫਟ ਟਾਗੈਟ ਭਾਗ-2 ਵਿੱਚ ਵੀ ਭਾਰਤੀ ਡਿਪਲੋਮੈਟ ਦੇ ਸਟਾਫ ਵੱਲੋਂ ਸਿੱਖਾਂ ਨੂੰ ਅਤੇ ਕੈਨੇਡੀਅਨ ਸਰਕਾਰ ਨੂੰ ਬਦਨਾਮ ਕਰਨ ਦਾ ਪਰਦਾ ਫਾਸ਼ ਕੀਤਾ ਹੈ। ਏਅਰ ਇੰਡੀਆ ਦੀ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੀ ਸ਼ਾਜ਼ਸ਼ ਦਾ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉਪਰਾਲਿਆਂ ਅਤੇ ਸਿੱਖਾਂ ਨੂੰ ਬੇਕਸੂਰ ਸਾਬਤ ਕਰਨ ਦੀ ਜਾਣਕਾਰੀ ਸਬੂਤਾਂ ਤਹਿਤ ਦਿੱਤੀ ਗਈ ਹੈ। ਘੋਖ਼ਵੀਂ ਨਜ਼ਰ ਵਾਲੇ ਲੇਖ ਵਿੱਚ ਵੀ ਸੁਰਿੰਦਰ ਸਿੰਘ ਜੱਬਲ ਦੀ ਤਿੱਖੀ ਨਜ਼ਰ ਨੇ ਕਾਮਾਗਾਟਾ ਮਾਰੂ ਕਮੇਟੀਆਂ ਦੀ ਦੋਗਲੀ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਨੇਤਾਵਾਂ ਦੀਆਂ ਖੁਦਗਰਜੀ ਵਾਲੀਆਂ ਕੋਝੀਆਂ ਚਾਲਾਂ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਪੱਤਰਕਾਰ ਵਾਲੇ ਲੇਖ ਵਿੱਚ ਉਨ੍ਹਾਂ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਪੱਤਰਕਾਰਾਂ ਤੋਂ ਮਨਭਾਉਂਦੇ ਲੇਖ ਲਿਖਵਾਉਣ ਅਤੇ ਖਾਲਿਸਤਾਨ ਪੱਖੀ ਨੇਤਾਵਾਂ ਦੇ ਖੋਖਲੇਪਨ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਊਂਟੀਜ਼ ਦਸਤਾਰਬੰਦੀ ਬਾਰੇ ਲੇਖਕ ਨੇ ਸਿੱਖ ਨੇਤਾਵਾਂ ਅਤੇ ਸੰਸਥਾਵਾਂ ਦੇ ਦਸਤਾਰਬੰਦੀ ਬਾਰੇ ਖੋਖਲੇਪਨ ਦੇ ਬਿਆਨਾ ਅਤੇ ਕੈਨੇਡਾ ਸਰਕਾਰ ਦੀ ਮਾਊਂਟੇਜ਼ ਦਸਤਾਰਬੰਦੀ ਦੀ ਜਰੂਰਤ ਬਾਰੇ ਦਸਦਿਆਂ ਕਿਹਾ ਹੈ ਕਿ ਅਸਲ ਵਿੱਚ ਵਿਸ਼ਵ ਸਿੱਖ ਸੰਸਥਾ ਦਾ ਯੋਗਦਾਨ ਵਰਨਣਯੋਗ ਹੈ, ਜਿਸਨੇ ਸਹੀ ਅਰਥਾਂ ਵਿੱਚ ਕੋਸ਼ਿਸ਼ ਕੀਤੀ ਸੀ। ਸ਼ਰਧਾਂਜਲੀ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਸਿੱਖ ਸੰਸਥਾਵਾਂ ਵਿੱਚ ਭਰਾ ਮਾਰੂ ਜੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਿੱਚੋਂ ਬਹੁਤੀਆਂ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਬਣੀਆਂ ਹੋਈਆਂ ਸਨ। ਖਾਲਿਸਤਾਨ ਮੁਹਿੰਮ ਅਗਾਂਹ ਤੋਰੀ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ, ਬਾਰੇ ਲਿਖਦਿਆਂ ਉਨ੍ਹਾਂ ਕਿਹਾ ਹੈ ਕਿ ਲੋਕ ਸ਼ਕਤੀ, ਪੈਸਾ, ਵਿਉਂਤਬੰਦੀ ਅਤੇ ਇਕਮੁਠਤਾ ਵਾਲੀ ਜੁਝਾਰੂਆਂ ਦੀ ਦਿ੍ਰੜ੍ਹਤਾ ਜ਼ਰੂਰੀ ਹਨ, ਜਿਹੜੀਆਂ ਸਿੱਖ ਜਗਤ ਕੋਲ ਸੰਭਵ ਨਹੀਂ ਹਨ। ਕਿਸਾ ਅਤੇ ਫੋਟੋ ਵਾਲੇ ਲੇਖ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ  ਹੈ ਕਿ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਮਰਥੱਕਾਂ ਨੂੰ ਭਰੋਸੇ ਵਿੱਚ ਲੈ ਲੈਣਾ ਚਾਹੀਦਾ ਹੈ। ਸਿਆਸਤ ਦੀਆਂ ਵੀ ਮਰਿਆਦਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਪਰਜਾਤੰਤਰ ਵਿੱਚ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਖਾਮਖਾਹ ਆਪਣੇ ਨੇਤਾਵਾਂ ਤੇ ਸ਼ੱਕ ਕਰਨੀ ਜਾਇਜ਼ ਨਹੀਂ ਹੁੰਦੀ। ਬੁੱਧੀਮਾਨਾ ਨੂੰ ਵੰਗਾਰ ਵਿੱਚ ਲੇਖਕ ਸਿੱਖ ਨੇਤਾਵਾਂ ਦੇ ਆਪਸ ਵਿੱਚ ਵਿਰੋਧੀ ਬਿਆਨਾ ਦੀ ਨਜ਼ਰ ਵਿੱਚ ਵਿਦਵਾਨਾ ਨੂੰ ਸਲਾਹ ਦਿੰਦੇ ਹਨ ਕਿ ਉਹ ਸਿੱਖ ਪੰਥ ਦੀ ਅਗਵਾਈ ਕਰਦਿਆਂ ਹੋਸ਼ ਅਤੇ ਜੋਸ਼ ਦੋਹਾਂ ਤੋਂ ਕੰਮ ਲੈਣ ਲਈ ਪੇ੍ਰਰਨਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਵਤਨੀ ਮਹਿਮਾਨ ਵਿੱਚ ਵੀ ਸਿੱਖ ਕੌਮ ਦੇ ਨੇਤਾਵਾਂ ਦੇ ਵਿਚਾਰਾਂ ਵਿੱਚ ਮਤਭੇਦ ਅਤੇ ਪਰਵਾਸ ਵਿੱਚ ਰਹਿੰਦੇ ਸਿੱਖਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਪੰਜਾਬ ਦੇ ਨੇਤਾਵਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਰਾਜਨੀਤਕ ਤਰੀਕਿਆਂ ਨਾਲ ਹੀ ਹੋ ਸਕਦੀ ਹੈ। ਇਕਨਾਮਿਕ ਬਾਈਕਾਟ ਚੁਣਿਐ ਸਿਰਲੇਖ ਵਿੱਚ ਜੱਬਲ ਸਾਹਿਬ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਗੁਰਦੁਆਰਾ ਸਾਹਿਬ ਰੌਸ ਸਟਰੀਟ ਵਿੱਚ ਦਿੱਤੇ ਭਾਸ਼ਣ ਵਿੱਚ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਆਪਣੇ ਵੱਲੋਂ ਸਰਕਾਰ ਦੇ ਨਾਸੀਂ ਧੂੰਆਂ ਲਿਆਉਣ ਲਈ ਆਰਥਿਕ ਬਾਈਕਾਟ ਦੀ ਸਲਾਹ ਦੇ ਰਹੇ ਹਨ। ਇਸ ਪੁਸਤਕ ਦੇ ਆਖ਼ਰੀ ਲੇਖ ਦਾਓ ਪੇਚ ਦੇਖੇ ਵਿੱਚ ਲੇਖਕ ਨੇ ਰਾਜੀਵ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਵੀ ਪੀ ਸਿੰਘ ਵਿਰੁੱਧ ਪ੍ਰਚਾਰ ਕਰਨ ਲਈ ਸਰਕਾਰੀ ਤੰਤਰ ਦੀ ਵਰਤੋਂ ਕੀਤੀ, ਬਿਲਕੁਲ ਏਸੇ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰਨ ਲਈ ਭਾਰਤ ਸਰਕਾਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦੀ ਰਹੀ ਹੈ।
 ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸਿੰਘ ਜੱਬਲ ਨੇ ਚਾਚਾ ਵੈਨਕੂਵਰੀਆ ਅਤੇ ਚਾਚੀ ਦੇ ਪਾਤਰਾਂ ਰਾਹੀਂ ਪਰੀਚਰਚਾ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੀ ਲਹਿਰ ਨੂੰ ਬਦਨਾਮ ਕਰਨ ਲਈ ਨਰਮ ਅਤੇ ਗਰਮ ਦਲੀਏ ਨੇਤਾਵਾਂ ਰਾਹੀਂ ਕੇਂਦਰ ਸਰਕਾਰ ਆਪਣਾ ਉਲੂ ਸਿੱਧਾ ਕਰਦੀ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
 ਮੋਬਾਈਲ-94178 13072
ujagarsingh48@yahoo.com    

ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ - ਉਜਾਗਰ ਸਿੰਘ

ਸਾਹਿਤ ਅਤੇ ਸੰਗੀਤ ਮਨੁਖੀ ਮਨਾਂ ਨੂੰ ਸਕੂਨ ਦਿੰਦਾ ਹੈ। ਇਸ ਲਈ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਵੱਡੀ ਮਾਤਰਾ ਵਿੱਚ ਸਾਤਿ ਲਿਖਿਆ ਜਾ ਰਿਹਾ ਹੈ। ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਕਵਿਤਾ ਛੰਦ ਰੱਧ ਅਤੇ ਖੁਲ੍ਹੀ ਦੋ ਤਰ੍ਹਾਂ ਦੀ ਲਿਖੀ ਜਾ ਰਹੀ ਹੈ। ਇਸ ਵਿੱਚ ਵੀ ਖੁਲ੍ਹੀ ਕਵਿਤਾ ‘ਤੇ ਜ਼ਿਆਦਾ ਹੱਥ ਅਜਮਾਇਆ ਜਾ ਰਿਹਾ ਹੈ। ਕੁਝ ਲੋਕ ਤਾਂ ਖੁਲ੍ਹੀ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਹੀ ਨਹੀਂ। ਪ੍ਰੰਤੂ ਖੁਲ੍ਹੀ ਕਵਿਤਾ ਦੀ ਆਪਣੀ ਮਹੱਤਤਤਾ ਹੈ। ਖੁਲ੍ਹੀ ਕਵਿਤਾ ਲਿਖਣ ਵਾਲੀ ਕਵਿਤਰੀ ਨਰਿੰਦਰਪਾਲ ਕੌਰ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਕਵਿਤਰੀ ਹੈ। ਉਹ ਕਿਸੇ ਇਕ ਵਾਦ ਨਾਲ ਜੁੜੀ ਹੋਈ ਨਹੀਂ। ਉਸਦਾ ਕਸ਼ੀਦ ਕਾਵਿ ਸੰਗ੍ਰਹਿ ਰਹੱਸਵਾਦੀ, ਵਿਸਮਾਦੀ, ਰੁਮਾਂਸਵਾਦੀ, ਅਧਿਆਤਮਵਾਦੀ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਦਾ ਗੋਹੜਾ ਹੈ। ਜਿਥੇ ਉਸਦੀਆਂ ਕਵਿਤਾਵਾਂ ਰੂਹ ਨੂੰ ਸਕੂਨ ਦਿੰਦੀਆਂ ਹਨ, ਉਥੇ ਨਾਲ ਹੀ ਰੁਮਾਂਸਵਾਦ ਦੇ ਸੰਕੇਤਕ ਝਉਲੇ ਪੈਂਦੇ ਹਨ। ਭਾਵ ਬਹੁ ਦਿਸ਼ਾਵੀ ਕਵਿਤਰੀ ਹੈ। ਉਸ ਦੀਆਂ ਕਵਿਤਾਵਾਂ ਸੰਕੇਤਾਂ ਰਾਹੀ ਬਹੁਤ ਕੁਝ ਸਮਝਾ ਜਾਂਦੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀਆਂ ਹਨ। ਇਹ ਸਾਰਾ ਕੁਝ ਤਾਂ ਹੀ ਸੰਭਵ ਹੁੰਦਾ ਹੈ ਕਿਉਂਕਿ ਇਸਤਰੀ ਮਰਦ ਅਤੇ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਵਿੱਚ ਵਧੇਰੇ ਸਮਰੱਥ ਹੁੰਦੀ ਹੈ। ਜੇਕਰ ਇਸਤਰੀਆਂ ਨੂੰ ਅੰਤਰਜਾਮੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਮਰਦ ਦੇ ਅੰਦਰ ਝਾਕਣ ਦੀ ਸਮਰੱਥਾ ਰੱਖਦੀਆਂ ਹਨ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਆਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਸਰਲ ਅਤੇ ਸ਼ਪਸ਼ਟ ਹੈ। ਉਹ ਆਪਣੀ ਭਾਵਨਾ ਨੂੰ ਵਿੰਗ ਵਲ ਪਾਉਣ ਦੀ ਥਾਂ ਸਾਦ ਮੁਰਾਦੇ ਢੰਗ ਨਾਲ ਕਹਿ ਦਿੰਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹਨ। ਉਹ ਆਪਣੇ ਵਿਚਾਰਾਂ ਨੂੰ ਗਲਬਾਤੀ ਢੰਗ ਨਾਲ ਛੋਟੇ ਬਹਿਰ ਦੀ ਖੁਲ੍ਹੀ ਕਵਿਤਾ ਵਿੱਚ ਕਹਿ ਦਿੰਦੀ ਹੈ। ਉਸਦੀਆਂ ਕਵਿਤਾਵਾਂ ਵਿੱਚ  ਵਿਚਾਰਧਾਰਾ ਭਾਰੂ ਨਹੀਂ ਹੁੰਦੀ। ਕੋਈ ਵੀ ਕਵਿਤਾ ਭਾਵੇਂ ਰੁਮਾਂਟਿਕ ਜਾਂ ਸਮਾਜਿਕ ਸਰੋਕਾਰਾਂ  ਵਿੱਚ ਲਪੇਟੀ ਹੋਵੇ ਪ੍ਰੰਤੂ ਵਿਚਾਰਧਾਰਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ। ਜੇਕਰ ਕਵਿਤਾ ਮਾਨਵਤਾ ਨੂੰ ਕੋਈ ਸੇਧ ਨਹੀਂ ਦਿੰਦੀ ਤਾਂ ਉਸਦਾ ਕੋਈ ਅਰਥ ਨਹੀਂ ਹੁੰਦਾ। ਕਿਉਂਕਿ ਸਾਹਿਤ ਲੋਕਾਈ ਲਈ ਲਿਖਿਆ ਜਾਂਦਾ ਹੈ। ਉਸਦੀਆਂ ਕਵਿਤਾਵਾਂ ਦਿ੍ਰਸ਼ਟਾਂਤਿਕ ਵੀ ਹਨ। ਅਧਿਆਤਮਵਾਦ ਅਤੇ ਰੁਮਾਂਸਵਾਦ ਦਾ ਸੁਮੇਲ ਵੀ ਕਹੀਆਂ ਜਾ ਸਕਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਸੰਕੇਤਾਂ ਰਾਹੀਂ ਦਰਸਾਉਂਦੀ ਹੈ ਕਿ ਮਰਦ ਅਤੇ ਔਰਤ ਇਕ ਦੂਜੇ ਦੇ ਪੂਰਕ ਹਨ। ਸੰਕੇਤ ਪ੍ਰਧਾਨ ਕਵਿਤਾ ਵੀ ਕਹੀ ਜਾ ਸਕਦੀ ਹੈ। ਪ੍ਰਸਿੰਨੀ, ਰਾਂਝਾ, ਹਮਲਾ, ਪੱਗ ਪਿੰਨ, ਦੀਪੋ, ਦੇਵਨੀਤ 1, 2, 3, ਸੂਰਜਮੁਖੀ, ਬੁੱਧ ਤੇ ਨਿਰਵਾਣ ਵਿੱਚ ਸੰਕੇਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਭਾਵਨਾਵਾਂ ਵੀ ਲੋਕਾਈ ਦੀਆਂ ਹੀ ਹਨ ਕਿਉਂਕਿ ਕਵੀ ਲੋਕਾਈ ਦੇ ਮਨ ਨੂੰ ਮਹਿਸੂਸ ਕਰਕੇ ਹੀ ਕਵਿਤਾਵਾਂ ਲਿਖਦੇ ਹਨ। ਪ੍ਰਸਿੰਨੀ ਦੇਸ਼ ਦੀ ਵੰਡ ਸਮੇਂ ਮਨੁਖਤਾ ਦੇ ਵਹੇ ਖ਼ੂਨ ਦੇ ਦਰਦ ਦੀ ਦਾਸਤਾਂ ਹੈ। ਜੰਡ ਕਵਿਤਾ ਵਫ਼ਾ ਅਤੇ ਬੇਵਫ਼ਾਈ ਦੀਆਂ ਭਾਵਨਾਵਾਂ ਦੀ ਚੀਸ ਹੈ। ਮਾਂ ਅਤੇ ਬਾਪੂ ਕਵਿਤਾਵਾਂ ਬੇਰੋਜ਼ਗਾਰੀ, ਕਿਸਾਨੀ ਸੰਕਟ ਦੇ ਹੁੰਦਿਆਂ ਕਰਜ਼ਿਆਂ ਵਿੱਚ ਗ੍ਰਸੇ ਕਿਸਾਨਾ ਦੀ ਦੁਰਦਸ਼ਾ ਦੀਆਂ ਪ੍ਰਤੀਕ ਹਨ। ਖ਼ੁਦਕਸ਼ੀਆਂ ਵੀ ਵਰਤਮਾਨ ਸਮਾਜਿਕ ਅਸਾਵੇਂਪਣ ਕਰਕੇ ਹੁੰਦੀਆਂ ਹਨ। ਪੱਜ ਅਤੇ ਰਾਣੋ ਦੋਵੇਂ ਕਵਿਤਾਵਾਂ ਬਨਾਵਟੀ ਜ਼ਿੰਦਗੀ ਦਾ ਪ੍ਰਗਟਾਵਾ ਕਰਦੀਆਂ ਹਨ। ਫੇਸ ਬੁੱਕ ਦੀਆਂ ਪੋਸਟਾਂ ਬਿਲਕੁਲ ਉਸ ਤਰ੍ਹਾਂ ਹੁੰਦੀਆਂ ਹਨ, ਜਿਵੇਂ ਔਰਤ ਨੂੰ ਸ਼ਿੰਗਾਰ ਖ਼ੂਬਸੂਰਤ ਬਣਾਕੇ ਪੇਸ਼ ਕਰਦਾ ਹੈ। ਅਸਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਸਿਫ਼ਾ ਇਸਤਰੀ ਜ਼ਾਤੀ ਨਾਲ ਵੱਡੇ ਪੱਧਰ ‘ਤੇ ਹੋ ਰਹੇ ਬਲਾਤਕਾਰਾਂ ਦੀ ਤ੍ਰਾਸਦੀ ਵਾਲੀ ਕਵਿਤਾ ਹੈ। ਹੈਵਾਨੀਅਤ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਿਸ ਵਿੱਚ ਮਜ਼ਹਬ ਅਤੇ ਧਾਰਮਿਕ ਸਥਾਨਾ ਦੀ ਦੁਰਵਰਤੋਂ ਇਨਾਸਨੀਅਤ ਦੀ ਸੌੜੀ ਸੋਚ ਨੂੰ ਪ੍ਰਗਟਾਉਂਦੀ ਹੈ।  ਨੁਸਰਤ  ਅਤੇ ਮਾਰਫ਼ਤ ਕਵਿਤਾਵਾਂ ਵਿੱਚ ਸੰਗੀਤ ਨੂੰ ਇਨਸਾਨ ਦੇ ਦੁੱਖਾਂ ਦੀ ਮਰਹਮ ਲਾਉਣ ਵਾਲਾ ਕਿਹਾ ਗਿਆ ਹੈ। ਖਿਤਾਬ, ਚੈਰੀ  ਤੋੜਦੀਆਂ ਕੁੜੀਆਂ ਇਸਤਰੀ ਦੀ ਕੋਮਲਤਾ ਦੇ ਸੁਪਨਮਈ ਜੀਵਨ ਦੇ ਅਹਿਸਾਸ  ਨੂੰ ਕੜਵੜਾਹਟ ਵਿੱਚ ਬਦਲਦੀਆਂ ਵਿਖਾਈ ਦਿੰਦੀਆਂ ਹਨ। ਮਨ ਧਰਤੀ ਕਵਿਤਾ ਇਨਸਾਨ ਦੀ ਮਾਨਸਿਕਤਾ ਦੀ ਬਦਲਦੀ ਸਥਿਤੀ ਦਾ ਵਰਣਨ ਕਰਦੀ ਹੈ। ਕੁੜੀਆਂ, ਘਾਹ ਦੀ ਤਿੜ ਅਤੇ ਪੌਪੀ ਦੇ ਫੁੱਲ ਕਵਿਤਾਵਾਂ ਰਾਹੀਂ ਕਵਿਤਰੀ ਦਸਦੀ ਹੈ ਕਿ ਇਸਤਰੀ ਦੀ ਮੁਹੱਬਤ ਖ਼ੁਸ਼ਹਾਲੀ ਲਿਆਉਂਦੀ, ਸੰਬੰਧ ਬਣਾਉਂਦੀ ਅਤੇ ਮਿਹਨਤ ਦੀਆਂ ਬਰਕਤਾਂ ਪਾਉਂਦੀ ਹੈ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਆਮ ਖੁਲ੍ਹੀਆਂ ਕਵਿਤਾਵਾਂ ਨਹੀਂ, ਜਿਨ੍ਹਾਂ ਨੂੰ ਕੁਝ ਆਲੋਚਕ ਕਵਿਤਾ ਹੀ ਨਹੀਂ ਮੰਨਦੇ। ਛੋਟੇ ਬਹਿਰ ਦੀਆਂ ਕਵਿਤਰੀ ਦੀਆਂ ਸਾਰੀਆਂ ਹੀ ਕਵਿਤਾਵਾਂ ਵੱਡੀ ਗੱਲ ਕਰਦੀਆਂ ਹਨ ਕਿਉਂਕਿ ਸਾਹਿਤ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੁੰਦਾ ਸਗੋਂ ਸਮਾਜ ਦਾ ਰਾਹ ਦਸੇਰਾ ਬਣਨਾ ਹੁੰਦਾ। ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਵਿਧਾ ਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ। ਲੁਕਣਮੀਟੀ ਕਵਿਤਾ ਮੁਹੱਬਤ ਵਿੱਚ ਵਫ਼ਾਦਾਰੀ ਨਿਭਾਉਣ ਦੀ ਤਾਕੀਦ ਕਰਦੀ ਹੈ। ਕਿਸੇ ਹੋਰ ਬਾਰੇ ਸੁਪਨੇ ਸਿਰਜਣੇ ਘਾਤਕ ਹੋ ਸਕਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਵਿੱਚ ਰੰਗਾਂ ਦੇ ਵਖਰੇਵੇਂ ਉਨ੍ਹਾਂ ਦੀ ਸਚਾਈ ਵਰਨਣ ਕਰਦੀਆਂ ਹਨ। ਇਨਸਾਨ ਨੂੰ ਆਪਣੇ ਆਪ ‘ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ।  ਲੋਕਾਂ ਤੇ ਵਿਅੰਗ ਕਰਦੀ ਸੈਮੀਨਾਰਾਂ, ਧਾਰਮਿਕ, ਸਮਾਜਿਕ, ਸਾਹਿਤਕ ਸਮਾਗਮਾਂ ਨੂੰ ਖ਼ਬਰਾਂ ਲਗਵਾਉਣ ਲਈ ਕੀਤੇ ਜਾਂਦੇ ਉਪਰਾਲੇ ਕਹਿੰਦੀ ਹੈ, ਉਨ੍ਹਾਂ ਦੇ ਅਸਲ ਮੰਤਵ ਦੀ ਪ੍ਰਪਤੀ ਇਕ ਵਿਖਾਵਾ ਹੁੰਦਾ ਹੈ। ਉਹ ਮੁਹੱਬਤ ਦੇ ਤਿੱਖੇ ਦਰਦ ਦੇ ਰੰਗਾਂ ਨੂੰ ਪ੍ਰਗਟਾਉਣ ਲਈ ਵੀ ਵਿਲੱਖਣ ਸ਼ਬਦਾਵਲੀ ਵਰਤਦੀ ਹੈ। ਕਵਿਤਰੀ ਦੀ ਸ਼ਬਦਾਵਲੀ ਡੱਡੂਆਂ ਦੀ ਟ੍ਰੈਂ-ਟ੍ਰੈਂ, ਸਜਣ-ਫਬਣ, ਕੱਖ, ਬੱਬਲ-ਬੱਤੇ, ਵਿਕੇਂਦਾ, ਲਹੂ-ਲੁਹਾਣ, ਗਲੀਆਂ-ਚੌਕਾਂ, ਗੋਡੇ-ਗੋਡੇ, ਤਿਣਕਾ-ਤਿਣਕਾ, ਘੁੰਗਰੂ, ਖੰਡ! ਮੰਡਲ! ਬ੍ਰਹਿਮੰਡ, ਹਰੇ ਕਚੂਰ, ਸਲ੍ਹਾਬ, ਚੰਡੋਲ, ਪਿੰਨ-ਕੁਸ਼ਨ, ਤ੍ਰੇੜੀਂ, ਬੋੜੇ ਚੁਲ੍ਹੇ, ਚਿੱਬ ਖੜਿੱਬੀ, ਬਾਟੀ, ਡੋਡੀਆਂ,ਆਦਿ ਪਾਠਕ ਦੇ ਦਿਲ ਦੀਆਂ ਕੁੰਦਰਾਂ ਵਿੱਚ ਹਲਚਲ ਪੈਦਾ ਕਰ ਦਿੰਦੇ ਹਨ। ਨਰਿੰਦਰਪਾਲ ਕੌਰ ਦੇ ਵਿਸ਼ੇ ਕਿਸਾਨੀ ਕਰਜ਼ੇ, ਖ਼ੁਦਕਸ਼ੀਆਂ, ਬੇਰੋਜ਼ਗਾਰੀ, ਬਲਾਤਕਾਰ,  ਧਾਰਮਿਕ ਕਟੜਤਾ, ਆਦਿ ਹਨ, ਜਿਨ੍ਹਾਂ ਰਾਹੀਂ ਉਹ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਵਕਾਲਤ ਕਰਦੀ ਹੈ। ਖੂਹ ਦੀ ਮੌਣ ਕਵਿਤਾ ਵਿੱਚ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਭਾਵ ਚੰਗੇ ਕੰਮਾਂ ਦੇ ਫਲ ਚੰਗੇ ਮਿਲਦੇ ਹਨ। ਇਸੇ ਤਰ੍ਹਾਂ ਰੰਗ ਤੇ ਕੈਨਵਸ ਵਿੱਚ ਇਨਸਾਨ ਨੂੰ ਇਛਾਵਾਂ ਸੀਮਤ ਰੱਖਣ ਦੀ ਪੁਰਜ਼ੋਰ ਤਾਕੀਦ ਕਰਦੀ ਹੈ। ਰੇਲਵੇ ਟਰੈਕ ਅਤੇ ਕੱਚ ਦੀ ਦੀਵਾਰ ਕਵਿਤਾਵਾਂ ਵਿੱਚ ਉਹ ਦੱਸਦੀ ਹੈ ਕਿ ਇਸਤਰੀ ਰੇਲਵੇ ਦਾ ਟਰੈਕ ਨਹੀਂ ਭਾਵ ਸਿਰਫ ਜਿਸਮਾਨੀਂ ਭੁੱਖ ਪੂਰਤੀ ਲਈ ਨਹੀਂ। ਇਸ ਲਈ ਇਨਸਾਨ ਨੂੰ ਇਸਤਰੀ ਨਾਲ ਵਿਵਹਾਰ ਕਰਨ ਸਮੇਂ ਆਪਣੇ ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਲੋਹੜੀ ਅਤੇ ਸਪੇਰਾ ਕਵਿਤਾਵਾਂ ਵਹਿਮਾ ਭਰਮਾ ਦਾ ਖੰਡਨ ਕਰਦੀਆਂ ਹਨ। ਦਰੋਣਾਚਾਰੀਆ, ਆਜੜੀ, ਮੰਡੀ, ਕਿਚਨ ਗਾਰਡਨ-1, ਕਿਚਨ ਗਾਰਡਨ-2 ਕਵਿਤਾਵਾਂ ਇਨਸਾਨ ਨੂੰ ਵਕਤ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਸੋਚਣ ਦੀ ਤਾਕੀਦ ਕਰਦੀਆਂ ਹਨ। ਇਨਸਾਨ ਨੂੰ ਆਪਣੀ ਖ਼ੁਸ਼ਬੋ ਦਾ ਆਪ ਆਨੰਦ ਮਾਣਦਿਆਂ ਸੰਸਾਰ ਨੂੰ ਵੀ ਸ਼ਰਸ਼ਾਰ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ। ਤਲਾਕ, ਆਤਮ ਹਿੱਤ, ਤੁਰਲਾ, ਗੁਲਾਬ, ਮਿਲਣ, ਅਹਿਸਾਸ, ਚਿੜੀ, ਪਤੰਗ ਅਤੇ ਕਿਸ਼ਤੀ ਤੇ ਕੁੜੀ ਕਵਿਤਾਵਾ ਵਿੱਚ ਇਸਤਰੀ ਬਰਾਬਰਤਾ ਬਾਰੇ ਸੋਚਦੀ ਤਾਂ ਹੈ ਪ੍ਰੰਤੂ ਹੌਸਲਾ ਨਹੀਂ ਕਰਦੀ, ਮਰਦ ਦੀਆਂ ਵਧੀਕੀਆਂ ਵਿਰੁੱਧ ਬੋਲਣ ਨੂੰ ਤਰਜ਼ੀਹ ਨਹੀਂ ਦੇਂਦੀ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੀ ਹੋਈ ਆਪਣੀਆਂ ਭਾਵਨਾਵਾਂ ਦਾ ਕਤਲ ਕਰ ਦਿੰਦੀ ਹੈ। 96 ਪੰਨਿਆਂ, 150 ਰੁਪਏ ਕੀਮਤ ਅਤੇ 61 ਕਵਿਤਾਵਾਂ ਵਾਲਾ ‘ਕਸ਼ੀਦ’ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਕਵਿਤਰੀ ਤੋਂ ਭਵਿਖ ਵਿੱਚ ਹੋਰ ਚੰਗਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।
                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                                                         ਮੋਬਾਈਲ 94178 13072
                                                         ujagarsingh48@yahoo.com

ਕੁਲਵੰਤ ਕੌਰ ਸੰਧੂ ਦੀ ਪੁਸਤਕ ਕਿਤੇ ਮਿਲ ਨੀ ਮਾਏ ਪੰਜਾਬੀ ਵਿਰਾਸਤੀ ਗੀਤਾਂ ਦੀ ਪ੍ਰਤੀਕ - ਉਜਾਗਰ ਸਿੰਘ

ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ। ਇਸਦੀ ਸਮਾਜਿਕ, ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵਿਰਾਸਤ ਨਾਲ ਹੀ ਪੰਜਾਬੀਆਂ ਦੇ ਦਿਲ ਧੜਕਦੇ ਹਨ। ਹਰ ਪੰਜਾਬੀ ਉਠਦਾ ਬਹਿੰਦਾ, ਖਾਂਦਾ-ਪੀਂਦਾ, ਖੇਤਾਂ ਵਿੱਚ ਹਲ ਵਾਹੁੰਦਾ, ਮਜ਼ਦੂਰੀ ਕਰਦਾ, ਲਹਿ ਲਹਿਰਾਉਂਦੀਆਂ ਫਸਲਾਂ ਦਾ ਆਨੰਦ ਮਾਣਦਾ ਹੈ ਤਾਂ ਹੀ ਉਸਦੇ ਦਿਲ ਵਿੱਚ ਸੰਗੀਤ ਦੀਆਂ ਤਰੰਗਾਂ ਉਠਦੀਆਂ ਰਹਿੰਦੀਆਂ ਹਨ। ਇਹ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਪ੍ਰੋ ਪੂਰਨ ਸਿੰਘ ਅਨੁਸਾਰ ਪੰਜਾਬ ਜਿਓਂਦਾ ਗੁਰਾਂ ਦੇ ਨਾਮ 'ਤੇ। ਪੰਜਾਬੀਆਂ ਦੇ ਰਗ ਰਗ ਵਿੱਚ ਸੰਗੀਤ ਉਸਲਵੱਟੇ ਲੈ ਰਿਹਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਵਿਰਾਸਤ ਵਿੱਚ ਗੁਰੂਆਂ, ਪੀਰਾਂ, ਮੁਰਸ਼ਦਾਂ, ਕਿਸਾਕਾਰਾਂ, ਰਾਗੀਆਂ, ਢਾਡੀਆਂ ਦੇ ਸੰਗੀਤ ਦੀ ਮਹਿਕ ਦੀਆਂ ਸੁਗੰਧੀਆਂ ਆ ਰਹੀਆਂ ਹੁੰਦੀਆਂ ਹਨ। ਸੁਹਾਣੀਆਂ ਘਰ ਦੇ ਕੰਮ ਕਰਦੀਆਂ, ਬੱਚਿਆਂ ਦੀ ਪਰਵਰਿਸ਼ ਕਰਦੀਆਂ, ਬਹੁਕਰਾਂ ਲਗਾਉਂਦੀਆਂ, ਦੁੱਧ ਰਿੜਕਦੀਆਂ, ਚਰਖੇ ਕਤਦੀਆਂ, ਪੀਂਘਾਂ ਝੂਟਦੀਆਂ, ਵੀਰਾਂ ਦੀਆਂ ਘੋੜੀਆਂ ਗਾਉਂਦੀਆਂ ਅਤੇ ਕਿਕਲੀ  ਪਾਉਂਦੀਆਂ ਗੀਤ ਬੁੜਬੜਾਉਂਦੀਆਂ ਰਹਿੰਦੀਆਂ ਸਨ। ਉਹ ਲੋਕ ਗੀਤ ਸੰਗੀਤ ਪੀੜ੍ਹੀ ਦਰ ਪੀੜ੍ਹੀ ਅਗਲੀਆਂ ਨਸਲਾਂ ਤੱਕ ਪਹੁੰਚਦੇ ਰਹੇ ਹਨ। ਭਾਵ ਲੋਕ ਗੀਤ ਸੰਗੀਤ ਪੰਜਾਬੀਆਂ ਦੇ ਬੁਲਾਂ ਤੇ ਜਿਉਂਦਾ ਰਿਹਾ ਅਤੇ ਜਿਉਂ ਰਿਹਾ ਹੈ। ਆਧੁਨਿਕ ਸਮੇਂ ਦੀ ਤਰੱਕੀ ਨਾਲ ਜਦੋਂ ਛਾਪੇਖਾਨੇ ਆ ਗਏ ਤਾਂ ਪੁਰਾਤਨ ਲੋਕ ਗੀਤ, ਬੋਲੀਆਂ, ਘੋੜੀਆਂ ਅਤੇ ਟੱਪੇ ਪੁਸਤਕਾਂ ਦਾ ਸ਼ਿੰਗਾਰ ਬਣ ਗਏ ਹਨ। ਉਸੇ ਕੜੀ ਵਿੱਚ ਕੁਲਵੰਤ ਕੌਰ ਸੰਧੂ ਨੇ ਆਪਣੀ ਵਿਰਾਸਤ ਵਿੱਚੋਂ ਆਪਣੀ ਮਾਂ, ਨਾਨੀਆਂ, ਦਾਦੀਆਂ, ਮਾਸੀਆਂ-ਮਾਮੀਆਂ, ਚਾਚੀਆਂ-ਤਾਈਆਂ, ਨਣਦਾਂ-ਭਰਜਾਈਆਂ ਤੋਂ ਸੁਣੇ ਸੁਣਾਏ ਪਰਿਵਾਰਿਕ ਸਭਿਅਚਾਰਕ ਲੋਕ ਗੀਤ ਜਿਹੜੇ ਪਰਿਵਾਰਾਂ ਵਿੱਚ ਬੈਠਕੇ ਗਾਏ ਜਾਂਦੇ ਸਨ, ਉਨ੍ਹਾਂ ਨੂੰ ਇਕੱਤਰ ਕਰਕੇ ਆਪਣੀ ਮਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 'ਕਿਤੇ ਮਿਲ ਨੀ ਮਾਏ' ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕਰਵਾਕੇ ਸਾਂਭ ਲਿਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਾਸਤੀ ਸਭਿਅਚਾਰਕ ਲੋਕ ਗੀਤਾਂ ਦਾ ਆਨੰਦ ਮਾਣ ਸਕੇ। ਉਨ੍ਹਾਂ ਦੇ ਇਸ ਉਦਮ ਨਾਲ ਅਲੋਪ ਹੋ ਰਹੀ ਇਨ੍ਹਾਂ ਸਮਾਗਮਾ ਦੀ ਸ਼ਬਦਾਵਲੀ ਵੀ ਸਾਂਭੀ ਜਾਵੇਗੀ। ਵੈਸੇ ਇਹ ਕੰਮ ਯੂਨੀਵਰਸਿਟੀਆਂ ਦੇ ਭਾਸ਼ਵਾਂ ਵਿਗਿਆਨ ਵਿਭਾਗਾਂ ਦਾ ਹੈ। ਇਸ ਲਈ ਕੁਲਵੰਤ ਕੌਰ ਸੰਧੂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਹ ਆਪਣੀ ਵਿਰਾਸਤ ਨਾਲ ਕਿਤਨੇ ਗੜੁਚ ਹਨ। ਇਨ੍ਹਾਂ ਲੋਕ ਗੀਤਾਂ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਵਿਆਹ, ਤਿਓਹਾਰ, ਸਮਾਜਿਕ, ਸਭਿਆਚਾਰਕ ਸਮਾਗਮਾ ਵਿੱਚ ਗਾਏ ਜਾਂਦੇ ਸਨ। ਭੈਣਾਂ, ਮਾਵਾਂ-ਧੀਆਂ, ਨਣਦਾਂ-ਭਰਜਾਈਆਂ, ਪਤਨੀਆਂ, ਚਾਚੀਆਂ-ਤਾਈਆਂ, ਮਾਮੀਆਂ-ਮਾਸੀਆਂ ਅਤੇ ਭੂਆ ਆਪਣੇ ਸੰਬੰਧੀਆਂ ਦੀ ਉਸਤਤ ਵਿੱਚ ਗਾਉਂਦੀਆਂ ਸਨ, ਜਿਸ ਕਰਕੇ ਉਨ੍ਹਾਂ ਦੇ ਇਨ੍ਹਾਂ ਗੀਤਾਂ ਨਾਲ ਨਿੱਜੀ ਤੌਰ 'ਤੇ ਜੁੜ ਜਾਂਦੇ ਹਨ। ਹੁਣ ਤੱਕ ਵੀ ਬਜ਼ੁਰਗ ਮਾਤਾਵਾਂ ਸਮਾਜਿਕ ਸਮਾਗਮਾ ਵਿੱਚ ਇਹ ਲੋਕ ਗੀਤ ਗਾਉਂਦੀਆਂ ਹਨ। ਇਸ ਪੁਸਤਕ ਵਿੱਚ ਸ਼ਾਮਲ ਇਹ ਲੋਕ ਗੀਤ ਵਿਆਹ ਦੇ ਸਮਾਗਮ ਦੇ ਸ਼ਰੂ ਤੋਂ ਅਖੀਰ ਤੱਕ ਜਿਵੇਂ ਨਾਨਕਾ ਮੇ ਆਉਣਾ, ਦਾਦਕਿਆਂ ਅਤੇ ਦਾਦਕਿਆਂ ਦੀਆਂ ਸਿਠਣੀਆਂ, ਨਾਈ ਧੋਈ, ਸੇਹਰੇ ਲਈ ਮਾਲਣ ਦਾ ਬਾਬਲ ਦੇ ਬਾਗ 'ਚੋਂ ਕਲੀਆਂ ਚੁਣਨਾ, ਗਾਨਾ ਬੰਨ੍ਹਣਾ, ਛੱਜ ਤੋੜਨਾ, ਸੇਹਰਾ ਬੰਨ੍ਹਣਾ, ਕੈਂਠਿਆਂ ਦੀ ਤਾਰੀ, ਘੋੜੀ ਚੜ੍ਹਨਾ, ਬਰਾਤ ਦਾ ਢੁਕਣਾ, ਬਰਾਤ ਬੰਨ੍ਹਣੀ, ਡੋਲੇ ਦੇ ਆਉਣ 'ਤੇ ਅਤੇ ਸੁਹਾਗ ਦੇ ਗੀਤ ਆਦਿ ਹਨ। ਇਸ ਤੋਂ ਇਲਾਵਾ ਬੋਲੀਆਂ, ਗਹਿਣੇ ਘੜਾਉਣ, ਮਾਹੀਆ, ਦਿਓਰ ਭਾਬੀਆਂ, ਗਿੱਧੇ ਅਤੇ ਖੇਤਾਂ ਨਾਲ ਸੰਬਧਤ ਗੀਤ ਵੀ ਸ਼ਾਮਲ ਹਨ। ਇਹ ਪੁਸਤਕ ਇਕ ਕਿਸਮ ਨਾਲ ਪੰਜਾਬੀ ਲੋਕ ਗੀਤਾਂ ਦਾ ਖ਼ਜਾਬਨਾ ਬਣ ਗਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਧੁਨਿਕਤਾ ਦੇ ਵਹਿਣ ਵਿੱਚ ਵਹਿ ਰਹੀਆਂ ਹਨ,ਉਨ੍ਹਾਂ ਲਈ ਅਚੰਭਾ ਹੋਵੇਗੀ।  ਉਦਾਹਰਣ ਲਈ  ਭੈਣਾ ਦੇ ਵੀਰ ਬਾਰੇ-
ਖੱਟੀਆਂ ਤੇ ਰੱਤੀਆਂ ਵੀਰ ਦੀਆਂ ਘੋੜੀਆਂ,
ਵੀਰ ਦੀ ਘੋੜੀ ਦਾ ਰੰਗ ਸੂਹਾ ਲਾਲ।
ਜੀ ਚੁਗ ਲਿਆਵੋ, ਗੁੰਦ ਲਿਆਵੋ ਚੰਬਾ ਤੇ ਗੁਲਾਬ।
ਜੀ ਗੁੰਦ ਲਿਆਵੋ, ਗੁੰਦ ਲਿਆਵੋ ਵੀਰੇ ਦਾ ਸੇਹਰਾ।
ਘੋੜੀ ਤੇ ਮੇਰੇ ਵੀਰ ਦੀ, ਹਰਿਆਂ ਬਾਗਾਂ ਨੂੰ ਜਾਵੇ,
ਇਸਦਾ ਕੌਣ ਸੋ ਰਸੀਆ, ਘੋੜੀ ਮੋੜ ਲਿਆਵੇ।
ਘੋੜੀ ਉਹ ਲੈਣੀ, ਜਿਹੜੀ ਨਹਿਰ ਟੱਪ ਜਾਵੇ,
ਮੇਰਿਆ ਸੋਹਣਿਆਂ ਵੀਰਾ ਦਾਣਾ ਨੌਂਗਾਂ ਦਾ ਖਾਵੇ।
ਇਨ੍ਹਾਂ ਲੋਕ ਗੀਤਾਂ ਦੀ ਕਮਾਲ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਵੱਡੀਆਂ ਗੱਲਾਂ ਮਿਹਣਿਆਂ ਦੇ ਰੂਪ ਵਿਚ ਕਹੀਆਂ ਜਾਂਦੀਆਂ ਹਨ ਪ੍ਰੰਤੂ ਅਸ਼ਲੀਲ ਨਹੀਂ ਹੁੰਦੀਆਂ। ਇਸਤਰੀਆਂ ਸਗੋਂ ਇਨ੍ਹਾਂ ਨੂੰ ਪਸੰਦ ਕਰਦੀਆਂ ਹਨ।
ਨਾਨਕਾ ਮੇਲ ਆਉਣ ਸਮੇਂ ਨਾਨਕੀਆਂ ਅਤੇ ਦਾਦਕੀਆਂ ਦੇ ਲੋਕ ਗੀਤ। ਇਨ੍ਹਾਂ ਗੀਤਾਂ ਵਿੱਚ ਮਿੱਠੇ ਮਿੱਠੇ ਨਿਹੋਰੇ ਸਿਠਣੀਆਂ ਦੇ ਰੂਪ ਵਿੱਚ ਹੁੰਦੇ ਸਨ ਜਿਵੇਂ-
ਨਾਨਕੀਆਂ: ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ਦੇ ਗਈਆਂ, ਵੇ ਕਰਮਪਾਲ ਤੇਰੀਆਂ ਦਾਦਕੀਆਂ,
ਹੁਣ ਛੱਪੜਾਂ ਤੇ ਗੜੈਂ ਗੜੈਂ ਕਰਦੀਆਂ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀ ਸੀ ਪਿਛ, ਜੰਮੇ ਸੀ ਰਿਛ, ਹੁਣ ਕਲੰਦਰਾਂ ਦੇ ਗਈਆਂ ਵੇ,
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਨਾਨਕੀਆਂ: ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ, ਹੁਣ ਜੌੜੇ ਖਿਡਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀਆਂ ਸੀ ਖਿੱਲਾਂ, ਜੰਮੀਆਂ ਸੀ ਇੱਲਾਂ, ਹੁਣ ਭਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਜਾਗੋ ਬਾਰੇ ਨਾਨਕੀਆਂ ਦਾਦਕੀਆਂ ਦੀ ਨੋਕ ਝੋਕ-
ਨਾਨਕੀਆਂ:ਲੰਬੜਾ ਜੋਤ ਜਗਾ ਲੈ ਵੇ, ਹੁਣ ਜਾਗੋ ਆਈ ਆ।
ਲੋਰੀ ਦੇ ਕੇ ਪਾਈ ਆ, ਮਸਾਂ ਸਵਾਈ ਆ, ਜਾਗ ਪਊਗੀ, ਤੰਗ ਕਰੂਗੀ।
ਜੱਕਣੀ ਪਊਗੀ, ਅੜੀ ਕਰੂਗੀ, ਸ਼ਾਵਾ ਜੀ ਹੁਦ ਜਾਗੋ ਆਈ ਆ।
ਦਾਦਕੀਆਂ: ਛੋਲੇ ਛੋਲੇ ਛੋਲੇ, ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ,
ਇਨ੍ਹਾਂ ਨਾਨਕੀਆਂ ਦੇ    ਂ।
ਵਿਆਹ ਸੰਪੂਰਨ ਹੋਣ ਤੇ ਨਾਨਕੇ ਮੇਲ ਦੀ ਤਿਆਰੀ-
ਨਾਨਕੀਆਂ: ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਪਹਿਲਾਂ ਸਾਨੂੰ ਸੱਦੇ ਘੱਲੇ, ਹੁਣ ਕਿਉਂ ਸਾਨੂੰ ਕੱਢੀਦਾ।
ਦਾਦਕੀਆਂ:ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਟੇਸ਼ਨ ਤੱਕ ਪੁਚਾ ਦੇਵਾਂਗੇ, ਦੇ ਕੇ ਭਾੜਾ ਗੱਡੀ ਦਾ।
ਖੇਤੀਬਾੜੀ ਨਾਲ ਸੰਬੰਧਤ ਬੋਲੀਆਂ ਤੇ ਟੱਪੇ ਇਸ ਪ੍ਰਕਾਰ ਹਨ-
ਕੀਹਨੇ ਬਣਾਏ ਤੇਰੇ ਹਲ ਤੇ ਪੰਜਾਲੀਆਂ,
ਕੀਹਨੇ ਬਣਾਏ ਤੇਰੇ ਤੀਰ ਮੁੰਡਿਆ,
ਤੇਰੀ ਨੱਚੇ ਗਿੱਧੇ ਦੇ ਵਿੱਚ ਹੀਰ ਮੁੰਡਿਆ।
ਕਣਕ ਤੇ ਛੋਲਿਆਂ ਦੇ ਖੇਤ, ਹੌਲੀ ਹੌਲੀ ਨਿਸਰ ਗਿਆ,
ਬਾਬਲ ਧਰਮੀ ਦਾ ਦੇਸ਼, ਹੌਲੀ ਹੌਲੀ ਵਿਸਰ ਗਿਆ।
ਗਿੱਧੇ  ਅਤੇ ਵਿਓਰ ਭਾਬੀਆਂ ਸੰਬੰਧੀ ਬੋਲੀਆਂ ਤੇ ਟੱਪੇ-
ਪਾਵੇ-ਪਾਵੇ-ਪਾਵੇ ਗਿੱਧੇ ਵਿੱਚ ਨੱਚ ਭਾਬੀਏ, ਨੀ ਤੇਰਾ ਦਿਓਰ ਬੋਲੀਆਂ ਪਾਵੇ।
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ,
ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਉਏ,
ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਉਏ।
ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ,
ਤੂੰ ਕਰੇਂਗਾ ਆਕੜ ਵੇ ਮੈਂ ਸਹਿੰਦੀ ਨਾ।
ਨੂੰਹ ਸੱਸ ਦੇ ਤਾਅਨੇ ਮਿਹਣੇ ਆਮ ਚਲਦੇ ਸਨ ਜਿਵੇਂ-
ਬੱਲੇ-ਬੱਲੇ ਨੀ ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਬੱਲੇ-ਬੱਲੇ ਨੀ ਸੱਸੇ ਤੇਰੀ ਮੱਝ ਮਰ ਜੇ,
ਮੇਰੇ ਵੀਰ ਨੂੰ ਸੁਕੀ ਖੰਡ ਪਾਈ।
ਇਸ਼ਕ ਮੁਸ਼ਕ ਵਾਲੇ ਟੱਪੇ-
ਦੁੱਧ ਬਣ ਜਾਨੇਂ ਆਂ, ਮਲਾਈ ਬਣ ਜਾਨੀ ਆਂ,
ਜੇਬ ਵਿੱਚ ਪਾ ਲੈ ਵੇ ਰੁਮਾਲ ਬਣ ਜਾਨੀ ਆਂ।
ਇਕ ਤਾਰਾ ਵੱਜਦਾ ਵੇ ਰਾਂਝਣ, ਨੂਰ ਮਹਿਲ ਦੀ ਮੋਰੀ,
ਚਲ ਆਪਾਂ ਵੀ ਸੁਣੀਏ, ਵੇ ਰਾਂਝਣਾ ਸਾਨੂੰ ਕਾਹਦੀ ਚੋਰੀ।
ਅੰਬਰਸਰੀਆ ਮਾਹ ਵੇ, ਕੱਚੀਆਂ ਕਲੀਆਂ ਨਾ ਤੋੜ,
ਮਾਤਾ ਤੇਰੀ ਮਾਹੀ ਵੇ, ਬੋਲੇ ਮੰਦੜੇ ਬੋਲ।
ਕੈਂਠਾ ਘੜ੍ਹਾ ਲਾਲ ਵੇ, ਘੜ੍ਹਾਈ ਉਹਦੀ ਮੈਂ ਦੇਨੀ ਆਂ,
ਨੌਕਰ ਨਾ ਜਾਈਂ ਵੇ ਸਿੰਘਾ ਵਹਿਮਣ ਹੋ ਰਹਿਨੀ ਆਂ।
ਕਾਦ੍ਹੇ ਲਈ ਛੱਤੀਆਂ ਨੇ ਕੋਠੜੀਆਂ, ਵੇ ਕਾਦ੍ਹੇ ਲਈ ਰੱਖਿਆ ਸੀ ਵਿਹੜਾ,
ਤੇਰੇ ਵਸਣੇ ਲਈ ਛੱਤੀਆਂ ਕੋਠੜੀਆਂ, ਤੇਰੇ ਕੱਤਣੇ ਨੂੰ ਵਿਹੜਾ।
ਕੁਲਵੰਤ ਕੌਰ ਸੰਧੂ ਦੇ ਇਕੱਤਰ ਕੀਤੇ ਲੋਕ ਗੀਤ, ਬੋਲੀਆਂ ਅਤੇ ਟੱਪੇ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਸਾਹਿਤ ਦੀ ਮੁੱਦਈ ਅਰਵਿੰਦਰ ਕੌਰ ਸੰਧੂ ਨੇ ਪ੍ਰਕਾਸ਼ਤ ਕੀਤੀ ਹੈ। 247 ਪੰਨਿਆਂ, 425 ਰੁਪਏ ਕੀਮਤ ਵਾਲੀ ਇਸ ਪੁਸਤਕ ਨੂੰ ਤਸਵੀਰ ਪ੍ਰਕਾਸ਼ਨ ਕਾਲਾਂ ਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਨੇ ਪ੍ਰਕਾਸ਼ਤ ਕੀਤਾ ਹੈ।
                                                      ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
                                                                                                                ਮੋਬਾਈਲ-94178 13072
                                                                                                                 ujagarsingh48@yahoo.com

ਪਹਿਲੀ ਬਰਸੀ 'ਤੇ ਵਿਸ਼ੇਸ਼ : ਸਮਾਜ ਸੇਵਾ ਦਾ ਧਰੂ ਤਾਰਾ  ਅਤੇ ਮਾਨਵਤਾ ਦਾ ਮੁਦਈ: ਜੁਗਰਾਜ ਸਿੰਘ ਗਿੱਲ  - ਉਜਾਗਰ ਸਿੰਘ

ਸਮਾਜ ਸੇਵਾ ਰਾਹੀਂ ਸਿਆਸਤ ਵਿਚ ਆਉਂਦੇ ਬਹੁਤ ਸਿਆਸਤਦਾਨ ਵੇਖੇ ਹਨ ਪ੍ਰੰਤੂ ਸਿਆਸਤ ਛੱਡ ਕੇ ਸਮਾਜ ਸੇਵਾ ਵਿਚ ਆਉਣ ਵਾਲਾ ਇਕੋ ਇਕ ਵਿਅਕਤੀ ਜੁਗਰਾਜ ਸਿੰਘ ਗਿੱਲ ਹੋਇਆ ਹੈ। ਜੁਗਰਾਜ ਸਿੰਘ ਗਿੱਲ 1957 ਵਿਚ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਵਿਧਾਨਕਾਰ ਚੁਣਿਆਂ ਗਿਆ ਸੀ। ਦੁਬਾਰਾ ਉਹ ਚੋਣ ਨਹੀਂ ਲੜੇ ਸਨ। ਪ੍ਰੰਤੂ ਸਮਾਜ ਸੇਵਾ ਕਰਦੇ ਰਹੇ। ਜਦੋਂ ਵਿਧਾਨਕਾਰ ਸੀ ਉਸ ਸਮੇਂ ਵੀ ਉਨ੍ਹਾਂ ਦਾ ਮੁਖੱ ਮੰਤਵ ਸਮਾਜ ਸੇਵਾ ਹੀ ਰਿਹਾ ਹੈ। ਉਹ ਸਮਾਜ ਸੇਵਾ ਵਲ ਕਿਉਂ ਪਰਤੇ ਇਸ ਪਿਛੇ ਵੀ ਇਕ ਦਿਲ ਨੂੰ ਹਲੂੰਣਨ ਵਾਲੀ ਕਹਾਣੀ ਹੈ?  ਜਦੋਂ ਉਹ ਅਜੇ ਸਤਵੀਂ ਕਲਾਸ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਵਰਗਵਾਸ ਹੋ ਗਏ। ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਵਿਚ ਖੜ੍ਹੋਤ ਆ ਗਈ। ਹਾਲਾਂ ਕਿ ਉਨ੍ਹਾਂ ਦੇ ਦਾਦਾ ਬਦਨ ਸਿੰਘ ਬਹੁਤ ਵੱਡੇ ਜ਼ਿਮੀਦਾਰ ਅਤੇ ਖ਼ਾਨਦਾਨੀ ਖਾਂਦੇ ਪੀਂਦੇ ਸਰਦਾਰ ਸਨ। ਪਰਿਵਾਰਿਕ ਝਗੜੇ ਸ਼ੁਰੂ ਹੋ ਗਏ, ਉਨ੍ਹਾਂ ਦੇ ਭਰਾ ਨੇ ਸਾਰੀ ਜਾਇਦਾਦ ਤੇ ਆਪਣਾ ਕਬਜ਼ਾ ਜਮ੍ਹਾ ਲਿਆ। ਦਾਦਾ ਬੇਬਸ ਸਾਬਤ ਹੋ ਰਿਹਾ ਸੀ। ਜਿਵੇਂ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦਾ ਹੈ, ਵਿਧਵਾ ਇਸਤਰੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਣਡਿਠ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਜੁਗਰਾਜ ਸਿੰਘ ਅਤੇ ਉਨ੍ਹਾਂ ਦੀ ਵਿਧਵਾ ਮਾਤਾ ਨਾਲ ਹੋਣ ਲੱਗ ਪਿਆ। ਜਦੋਂ ਉਹ ਬੀ ਏ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਜੋ ਵਿਵਹਾਰ ਉਨ੍ਹਾਂ ਨਾਲ ਹੋ ਰਿਹਾ ਹੈ। ਅਜਿਹਾ ਵਿਵਹਾਰ ਸਮਾਜ ਵਿਚ ਕਿਸੇ ਵੀ ਇਨਸਾਨ ਨਾਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਪ੍ਰਣ ਕਰ ਲਿਆ ਕਿ ਉਹ ਅਜਿਹੇ ਇਨਸਾਨਾ ਦੀ ਹਮੇਸ਼ਾ ਸਹਾਇਤਾ ਕਰਿਆ ਕਰਨਗੇ। ਜਿਵੇਂ ਆਮ ਕਹਾਵਤ ਹੈ ਕਿ 'ਮੂਲ ਨਾਲੋਂ ਵਿਆਜ ਪਿਆਰਾ' ਹੁੰਦਾ ਹੈ। ਉਸੇ ਤਰ੍ਹਾਂ ਭਾਵੇਂ ਉਨ੍ਹਾਂ ਦਾ ਭਰਾ ਪਰਿਵਾਰ ਵਿਚ ਫ਼ੈਸਲੇ ਲੈਣ ਲਈ ਭਾਰੂ ਸੀ ਪ੍ਰੰਤੂ ਉਨ੍ਹਾਂ ਦੇ ਦਾਦਾ ਜੁਗਰਾਜ ਸਿੰਘ ਦੀ ਇਛਾ ਅਨੁਸਾਰ ਜੁਗਰਾਜ ਸਿੰਘ ਦੇ ਸਮਾਜ ਸੇਵਾ ਦੇ ਉਦਮ ਵਿਚ ਸਹਾਈ ਹੋਣ ਲੱਗੇ। ਜੁਗਰਾਜ ਸਿੰਘ ਨੂੰ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨ ਵਿਚ ਉਤਸ਼ਾਹ ਮਿਲਿਆ।  1945 ਵਿਚ ਉਨ੍ਹਾਂ ਨੇ ਬੀ ਏ ਕਰਨ ਤੋਂ ਬਾਅਦ ਆਜ਼ਾਦੀ ਦੀ ਜਦੋਜਹਿਦ ਸੰਬੰਧੀ ਹੋਣ ਵਾਲੇ ਪ੍ਰੋਗਰਾਮਾ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੋਗਾ ਦਾ ਇਲਾਕਾ ਸੁੰਤਰਤਾ ਸੰਗਰਾਮੀਆਂ ਦੀ ਕਰਮ ਭੂਮੀ ਸੀ। ਇਹ ਸਮਾਂ ਭਾਵੇਂ ਉਨ੍ਹਾਂ ਲਈ ਪਰਿਵਾਰਿਕ ਸਮੱਸਿਆਵਾਂ ਕਰਕੇ ਸੰਘਰਸ਼ੀਲ ਰਿਹਾ ਪ੍ਰੰਤੂ ਸਿਆਸਤ ਵਿਚ ਉਨ੍ਹਾਂ ਦੀ ਦਿਲਚਸਪੀ ਵੱਧ ਗਈ ਕਿਉਂਕਿ ਸਿਆਸਤ ਵਿਚ ਆ ਕੇ ਉਹ ਸਮਾਜ ਵਿਚ ਤਬਦੀਲੀ ਕਰਨ ਦੇ ਚਾਹਵਾਨ ਸਨ। 1952 ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਅਤੇ ਉਹ ਚੋਣ ਜਿੱਤਕੇ ਵਿਧਾਨਕਾਰ ਬਣ ਗਏ। ਵਿਧਾਨਕਾਰ ਬਣਕੇ ਜੋ ਕੰਮ ਉਹ ਕਰਨਾ ਚਾਹੁੰਦੇ ਸੀ, ਸਰਕਾਰੀ ਪ੍ਰਣਾਲੀ ਦੀਆਂ ਖਾਮੀਆਂ ਕਰਕੇ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਵਿਧਾਨਕਾਰ ਹੁੰਦਿਆਂ ਹੀ ਉਨ੍ਹਾਂ ਆਪਣੀ ਜਾਇਦਾਦ ਵਿਚੋਂ ਸਰਕਾਰੀ ਇਮਾਰਤਾਂ ਦੀ ਉਸਾਰੀ ਲਈ ਜ਼ਮੀਨਾ ਦਿੱਤੀਆਂ ਪ੍ਰੰਤੂ ਉਨ੍ਹਾਂ ਇਮਾਰਤਾਂ ਦੀ ਉਸਾਰੀ ਉਸ ਰਫ਼ਤਾਰ ਨਾਲ ਨਾ ਹੋਈ, ਜਿਸਦੇ ਉਹ ਇਛਕ ਸਨ। ਉਨ੍ਹਾਂ ਨੇ ਮੋਗਾ ਹਲਕੇ ਵਿਚ ਬਾਘਾਪੁਰਾਣਾ ਵਿਖੇ ਇਕ ਆਈ ਟੀ ਆਈ ਅਤੇ ਪਾਲੀਟਿਕਨਿਕ ਕਾਲਜ ਰੋਡੇ ਸਥਾਪਤ ਕਰਵਾਏ ਤਾਂ ਜੋ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ। ਮੰਡੀ ਬੋਰਡ ਦੇ ਕਰਮਚਾਰੀਆਂ ਦੇ ਬੱਚਿਆਂ ਲਈ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲੇ ਲਈ ਰਾਖਵਾਂ ਕਰਵਾਇਆ। ਕਪਾਹ ਪੱਟੀ ਵਿਚ ਨਰਮੇ ਦੀ ਵਿਕਰੀ ਦਾ ਸਵਾਲ ਪੈਦਾ ਹੋ ਗਿਆ ਤਾਂ ਉਨ੍ਹਾਂ ਗਿਆਨੀ ਜ਼ੈਲ ਸਿੰਘ ਨੂੰ ਬੇਨਤੀ ਕਰਕੇ ਨਰਮਾ ਖੁਲ੍ਹੀ ਮੰਡੀ ਵਿਚ ਵੇਚਣ ਦਾ ਪ੍ਰਬੰਧ ਕਰਵਾਇਆ। 1958 ਵਿਚ ਉਨ੍ਹਾਂ ਨੇ ਮੋਗਾ ਵਿਖੇ ਨੈਸਲੇ ਕੰਪਨੀ ਨੂੰ ਸਥਾਪਤ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਵਿਚਾਰ ਸੀ ਕਿ ਹਰ ਜਿਲ੍ਹੇ ਵਿਚ ਇਕ-ਇਕ ਵੱਡੀ ਸਨਅਤਾਂ ਸਥਾਪਤ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨਾ ਨੂੰ ਰੋਜ਼ਗਾਰ ਮਿਲ ਸਕੇ। 1962 ਤੋਂ ਬਾਅਦ ਉਨ੍ਹਾਂ ਪੂਰਾ ਸਮਾਂ ਲਗਾਤਾਰ ਸਮਾਜ ਸੇਵਾ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨਾਲ ਜੁਗਰਾਜ ਸਿੰਘ ਦੀ ਦੋਸਤੀ ਸੀ, ਜਿਸ ਕਰਕੇ ਉਨ੍ਹਾਂ 1972 ਵਿਚ ਜੁਗਰਾਜ ਸਿੰਘ ਨੂੰ ਮੋਗਾ ਤੋਂ ਫਿਰ ਚੋਣ ਲੜਨ ਲਈ ਮਜ਼ਬੂਰ ਕੀਤਾ। ਜੁਗਰਾਜ ਸਿੰਘ ਨੇ ਆਪ ਤਾਂ ਚੋਣ ਨਹੀਂ ਲੜੀ ਪ੍ਰੰਤੂ ਆਪਣੀ ਪਤਨੀ ਗੁਰਦੇਵ ਕੌਰ ਨੂੰ ਚੋਣ ਲੜਾਈ ਅਤੇ ਉਹ ਵੀ ਚੋਣ ਜਿੱਤ ਗਏ। ਗਿਆਨੀ ਜ਼ੈਲ ਸਿੰਘ ਨਾਲ ਦੋਸਤੀ ਕਰਕੇ ਉਨ੍ਹਾਂ ਜੁਗਰਾਜ ਸਿੰਘ ਨੂੰ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ਉਨ੍ਹਾਂ ਕਿਸਾਨਾ ਲਈ ਬਹੁਤ ਸਾਰੇ ਮਾਅਰਕੇ ਦੇ ਕੰਮ ਕੀਤੇ। ਉਨ੍ਹਾਂ ਪਹਿਲੀ ਵਾਰੀ ਪੰਜਾਬ ਦੀਆਂ 200 ਮੰਡੀਆਂ ਦੇ ਪਹਿਲੇ ਪੜਆ ਵਿਚ ਫੜ੍ਹ ਪੱਕੇ ਕੀਤੇ। ਆਪਣੀ ਟਰਮ ਵਿਚ ਉਨ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਖੰਨਾ ਮੰਡੀ ਵਿਚ ਫੜ੍ਹ ਪੱਕਾ ਕਰਕੇ ਸ਼ੈਡ ਬਣਾਇਆ। ਇਸ ਤੋਂ ਇਲਾਵਾ ਪੰਜਾਬ ਦੀਆਂ ਚੋਣਵੀਆਂ ਵੰਡੀਆਂ ਮੰਡੀਆਂ ਵਿਚ ਸ਼ੈਡ ਬਣਵਾਏ ਤਾਂ ਜੋ ਕਿਸਾਨਾ ਦੀਆਂ ਫਸਲਾਂ ਬਰਸਾਤਾਂ ਵਿਚ ਮੰਡੀ ਵਿਚ ਆ ਕੇ ਭਿਜ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ ਦੇ 17 ਸੈਕਟਰ ਵਿਖੇ ਪੰਜਾਬ ਮੰਡੀ ਬੋਰਡ ਦਾ ਦਫ਼ਤਰ ਅਤੇ ਸੈਕਟਰ 35 ਵਿਚ ਕਿਸਾਨ ਭਵਨ ਦੀ ਉਸਾਰੀ ਕਰਵਾਈ। 1975 ਵਿਚ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਾਜ ਹਾਊਸਿੰਗ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਾ ਦਿੱਤਾ। ਇਥੇ ਵੀ ਉਨ੍ਹਾਂ ਨੇ ਦੂਰਦ੍ਰਿਸਟੀ ਨਾਲ ਵੱਡੇ ਮਾਅਰਕੇ ਮਾਰੇ। ਉਨ੍ਹਾਂ ਮੋਹਾਲੀ ਵਿਖੇ ਸਰਕਾਰੀ ਕੁਆਟਰ ਅਤੇ ਕਚਹਿਰੀਆਂ ਦੀ ਇਮਾਰਤ ਦੀ ਉਸਾਰੀ ਕਰਵਾਈ। ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸਸਤੇ ਮਕਾਨਾ ਦੀ ਉਸਾਰੀ ਕਰਵਾਈ ਸੀ। ਉਨ੍ਹਾਂ ਫਰੀਦਕੋਟ ਵਿਚ ਸੋਸਾਇਟੀ ਬਣਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਥਾਪਤ ਕਰਵਾਇਆ। ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਮੰਡੀ ਬੋਰਡ ਤੋਂ ਆਪਣੀ ਨਿਗਰਾਨੀ ਵਿਚ ਕਰਵਾਈ। ਮਟੌਰ ਚੰਡੀਗੜ੍ਹ ਵਿਖੇ ਜਦੋਂ ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸਾਲਾਨਾ ਕਾਂਗਰਸ ਸ਼ੈਸ਼ਨ ਕਰਵਾਇਆ ਤਾਂ ਉਨ੍ਹਾਂ ਨੇ ਆਪਣੇ ਖ਼ਰਚੇ 'ਤੇ ਤਿੰਨ ਦਿਨ ਚਲੇ ਇਸ ਸ਼ੈਸ਼ਨ ਵਿਚ 20 ਹਜ਼ਾਰ ਲੋਕਾਂ ਦੇ ਖਾਣੇ ਦਾ ਖ਼ਰਚਾ ਕੀਤਾ। 1974 ਵਿਚ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਦੇ ਬਰਾਬਰ ਤਨਖ਼ਾਹ ਸਕੇਲ ਦਿਵਾਉਣ ਵਿਚ ਉਨ੍ਹਾਂ ਨੇ ਅਧਿਆਪਕਾਂ ਦੀ ਐਸਸੀਏਸ਼ਨ ਨਾਲ ਸਰਕਾਰ ਦਾ ਸਮਝੌਤਾ ਕਰਵਾਇਆ। ਇਸੇ ਤਰ੍ਹਾਂ ਜਦੋਂ ਮੋਗਾ ਵਿਖੇ ਵਿਦਿਆਥੀਆਂ ਦੀ ਬੜੀ ਵੱਡੀ ਅਤੇ ਲੰਬੀ ਐਜੀਟੇਸ਼ਨ ਹੋਈ ਤਾਂ ਉਨ੍ਹਾਂ ਦਾ ਵੀ ਸਰਕਾਰ ਨਾਲ ਸਮਝੌਤਾ ਕਰਵਾਉਣ ਉਨ੍ਹਾਂ ਦਾ ਵੱਡਾ ਯਗਦਾਨ ਸੀ। ਉਨ੍ਹਾਂ ਨੇ ਸਿਆਸਤ ਵਿਚੋਂ ਸੇਵਾ ਮੁਕਤੀ ਲੈ ਕੇ ਸਮਾਜ ਸੇਵਾ ਬੀੜਾ ਚੁਕਿਆ। ਇਸ ਮੰਤਵ ਲਈ ਉਨ੍ਹਾਂ 2013 ਵਿਚ  ਇਸੇ ਤਰ੍ਹਾਂ ਪਿੰਡ ਝਨੇਰ ਵਿਚ ਓਲਡ ਏਜ਼ ਹੋਮ ਅਤੇ ਨਸ਼ਾ ਛੁਡਾਊ ਕੇਂਦਰ ਬਣਵਾਇਆ। ਖਰੜ ਵਿਖੇ ਆਪਣੀ 5 ਏਕੜ ਜ਼ਮੀਨ ਵਿਚ ਇਕ ਓਲਡ ਏਜ ਹੋਮ ਬਣਵਾਇਆ।ਮਾਤਾ ਗੁਜਰੀ ਸੁਖ ਨਿਵਾਸ ਆਰਮ ਖਰੜ ਬਣਾਇਆ ਜਿਸ ਵਿਚ ਸਿੱਖ ਜੂਝਾਰੂ ਪਰਿਵਾਰਾਂਦੇ ਬੱਚਿਆਂ ਨੂੰ ਸਿਖਿਆ ਦਿੱਤੀ ਜਾਂਦੀ ਹੈ। ਚੰਡੀਗੜ੍ਹ ਦੇ ਸੈਕਟਰ 28 ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਂਟਰ ਦੀ ਗਰਾਊਂਡ ਫਲੋਅਰ ਦੀ ਉਸਾਰੀ 20 ਲੱਖ ਰੁਪਏ ਨਾਲ ਕਰਵਾਈ ਸੀ। ਰੈਡਕਰਾਸ ਰਾਹੀਂ ਧਰਮ ਕੋਟ ਵਿਖੇ ਆਪਣੀ 5 ਏਕੜ ਜ਼ਮੀਨ ਦੇ ਕੇ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ। ਇਸਦੀ ਉਸਾਰੀ ਲਈ ਉਨ੍ਹਾਂ ਵੱਖ-ਵੱਖ ਵਸੀਲਿਆਂ ਤੋਂ 35 ਲੱਖ ਰੁਪਏ ਇਕੱਤਰ ਕਰਕੇ ਦਿੱਤਾ। 2 ਲੱਖ ਰੁਪਿਆ ਆਪਣੇ ਕੋਲੋਂ ਦਿੱਤਾ। ਉਨ੍ਹਾਂ ਕਿਸਾਨ ਅੰਦੋਲਨ ਵਿਚ ਉਗਰਾਹਾਂ ਅਤੇ ਰਾਜੇਵਾਲ ਧੜਿਆਂ ਨੂੰ ਸਿੰਘੂ ਅਤੇ ਟਿਕਰੀ  ਕੈਂਪਾ ਵਿਚ 5-50 ਲੱਖ ਰੁਪਏ ਦੀਆਂ ਮੱਛਰਦਾਨੀਆਂ, ਬਿਸਤਰੇ ਅਤੇ ਪੱਖੇ ਲੈ ਕੇ ਦਿੱਤੇ। ਜੁਗਰਾਜ ਸਿੰਘ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਬਾਰੇ ਡਾ ਗੋਪਾਲ ਸਿੰਘ ਅਤੇ ਟੀਕਾਕਾਰ ਖ਼ਾਨ ਬਹਾਦਰ ਖ਼ਵਾਜ਼ਾ ਦਿਲ ਮੁਹੰਮਦ ਲਾਹੌਰ ਤੋਂ ਪੁਸਤਕਾਂ ਲਿਖਵਾਕੇ ਸਕੂਲਾਂ, ਕਾਲਜਾਂ ਅਤੇ ਸਿੱਖ ਸੰਸਥਾਵਾਂ ਵਿਚ ਮੁਫ਼ਤ ਵੰਡਦੇ ਸਨ ਤਾਂ ਨੌਜਵਾਨ ਲੜਕੇ ਅਤੇ ਲੜਕੀਆਂ। ਉਹ ਸਾਰਾਗੜ੍ਹੀ ਅਤੇ ਚੇਲਿਆਂ ਵਾਲੀ ਲੜਾਈ ਵਿਚ ਸਿੱਖਾਂ ਵੱਲੋਂ ਕੀਤੇ ਗਏ ਬਹਾਦਰੀ ਦੇ ਕਾਰਨਾਮਿਆਂ ਨੂੰ ਵੀ ਪ੍ਰਕਾਸ਼ਤ ਕਰਵਾਕੇ ਮੁਫ਼ਤ ਵੰਡਦੇ ਰਹੇ ਸਨ। ਸਿੱਖ ਵਿਚਾਰਧਾਰਾ ਦੇ ਮੁਦਈ ਬਣ ਸਕਣ। ਉਹ ਸਿੱਖ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ੁਹੁਤ ਸਾਰੀਆਂ ਸਿੱਖ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਅਤੇ ਮੈਂਬਰ ਸਨ ਜਿਨ੍ਹਾਂ ਵਿਚ ਸਿੱਖ ਐਜੂਕੇਸ਼ਨਲ ਟਰੱਸਟ, ਗੁਰਦੁਆਰਾ ਬੀਬੀ ਕਰਨ ਕੌਰ, ਸ੍ਰੀ ਗੁਰੂ ਨਾਨਕ ਸਕੂਲ ਸੈਕਟਰ-36 ਚੰਡੀਗੜ੍ਹ ਅਤੇ ਪੰਜਾਬ ਰੈਡ ਕਰਾਸ ਚੰਡੀਗੜ੍ਹ ਸ਼ਾਮਲ ਹਨ। ਉਨ੍ਹਾਂ ਕਈ ਸੰਸਥਾਵਾਂ ਨੂੰ ਐਂਬੂਲੈਂਸ ਵੈਨਖ੍ਰੀਦਕੇ ਦਿੱਤੀਆਂ ਸਨ।
           ਜੁਗਰਾਜ ਸਿੰਘ ਗਿੱਲ ਦਾ ਜਨਮ ਮੋਗਾ ਨੇੜੇ ਚੜਿਕ ਪਿੰਡ ਵਿਚ 10 ਨਵੰਬਰ 1925 ਨੂੰ  ਪਿਤਾ ਪੂਰਨ ਸਿੰਘ ਦੇ ਘਰ ਹੋਇਆ।  ਉਨ੍ਹਾਂ ਦਾ ਵਿਆਹ ਗੁਰਦੇਵ ਕੌਰ ਨਾਲ ਹੋਇਆ। ਉਨ੍ਹਾਂ ਦੇ 2 ਸਪੁੱਤਰ ਸਨ। 1982 ਉਨ੍ਹਾਂ ਦਾ ਵੱਡਾ ਸਪੁੱਤਰ ਦਿੱਲੀ ਤੋਂ ਆਪਣੀ ਪਤਨੀ ਨੂੰ ਇੰਗਲੈਂਡ ਜਾਣ ਲਈ ਏਅਰਪੋਰਟ 'ਤੇ ਛੱਡਕੇ ਵਾਪਸ ਆ ਰਿਹਾ ਸੀ, ਹਰਿਆਣਾ ਵਿਚ ਪਿਪਲੀ ਕੋਲ ਐਕਸੀਡੈਂਟ ਹੋ ਗਿਆ ਅਤੇ ਉਹ ਸਵਰਗਵਾਸ ਹੋ ਗਏ। ਦੂਜਾ ਲੜਕਾ ਕੰਵਰਜੀਤ ਸਿੰਘ ਏਅਰਫੋਰਸ ਵਿਚ ਫਲਾਇੰਗ ਆਫ਼ੀਸਰ ਸਨ। ਉਹ ਵੀ 1985 ਵਿਚ ਏਅਰ ਫੋਰਸ ਦੇ ਇਕ ਏਅਰ ਕਰੈਸ਼ ਵਿਚ ਸਵਰਗਵਾਸ ਹੋ ਗਏ ਸਨ। ਇਤਨੀਆਂ ਵੱਡੀਆਂ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ, ਸਗੋਂ ਸਮਾਜ ਸੇਵਾ ਹੋਰ ਤੇਜ਼ੀ ਨਾਲ ਕਰਦੇ ਰਹੇ। ਕੋਈ ਵੀ ਗ਼ਰੀਬ ਗੁਰਬਾ ਲੋੜਬੰਦ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਖਾਲੀ ਨਹੀਂ ਮੋੜਿਆ। ਮਾਨਵਤਾ ਦਾ ਸੂਰਜ ਜੁਗਰਾਜ ਸਿੰਘ ਗਿੱਲ 21 ਅਪ੍ਰੈਲ 2012 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਅਸਤ ਹੋ ਗਿਆ।  ਉਨ੍ਹਾਂ ਦੇ ਵੱਡੇ ਲੜਕੇ ਦੀਆਂ ਦੋ ਲੜਕੀਆਂ ਹਨ ਜਿਹੜੀਆਂ ਇੰਗਲੈਂਡ ਰਹਿ ਰਹੀਆਂ ਹਨ। ਉਨ੍ਹਾਂ ਆਪਣੇ 5 ਸੈਕਟਰ ਵਾਲੇ ਮਕਾਨ ਦੀ ਵਸੀਅਤ ਆਪਣੀਆਂ ਪੋਤਰੀਆਂ ਦੇ ਨਾਮ ਕਰਵਾਈ ਹੈ। ਬਾਕੀ ਸਾਰੀ ਜਾਇਦਾਦ ਲਈ ਇਕ ਟਰੱਸਟ ਬਣਾਈ ਹੋਈ ਹੈ।ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ                             

                             
ਮੋਬਾਈਲ-9417913072

ujagarsingh48@yahoo.com  



‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ - ਉਜਾਗਰ ਸਿੰਘ

  Êਪਵਨ ਨਾਦ ਵੱਲੋਂ ਚੋਣਵੀਂ ਸਮਕਾਲੀ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੀ ‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਦੇ ਪਾਠਕਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ। ਕਿਉਂਕਿ ਕਿਸੇ ਵੀ ਭਾਸ਼ਾ ਦਾ ਸਾਹਿਤ ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਦੀ ਜਾਣਕਾਰੀ ਅਤੇ ਪ੍ਰਤਿਭਾ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਖਾਸ ਤੌਰ ਤੇ ਕਵੀਆਂ ਦੀ ਸੋਚ ਵਿੱਚ ਤਬਦੀਲੀ ਵੀ ਲਿਆ ਸਕਦਾ ਹੈ। ਕਿਉਂਕਿ ਜਿਤਨੀਆਂ ਭਾਸ਼ਾਵਾਂ, ਸਭਿਆਚਾਰ, ਪਹਿਰਾਵਾ, ਰਹਿਣ ਸਹਿਣ, ਵਿਵਹਾਰ ਅਤੇ ਪ੍ਰਣਾਲੀ ਦਾ ਸਾਹਿਤਕਾਰਾਂ ਨੂੰ ਗਿਆਨ ਹੋਵੇਗਾ ਉਤਨੀਆਂ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਪਰਪੱਕਤਾ ਅਤੇ ਵਿਭਿੰਨਤਾ ਆਵੇਗੀ। ਉਨ੍ਹਾਂ ਦਾ ਸਾਹਿਤਕ ਗਿਆਨ ਵਿਸ਼ਾਲ ਹੋ ਜਾਵੇਗਾ। ਇਸ ਪੁਸਤਕ ਵਿੱਚ ਪਵਨ ਨਾਦ ਨੇ ਹਿੰਦੀ ਦੇ 11 ਸਰਵੋਤਮ ਅਤੇ ਸਮਰੱਥ ਸਾਹਿਤਕਾਰਾਂ ਜਿਨ੍ਹਾਂ ਵਿੱਚ ਦੋ ਇਸਤਰੀਆਂ ਵੀ ਸ਼ਾਮਲ ਹਨ, ਦੀਆਂ ਕੋਤਰ ਸੌ ਕਵਿਤਾਵਾਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਹ ਸਾਹਿਤਕਾਰ ਕੋਈ ਆਮ ਕਵੀ ਨਹੀਂ ਸਗੋਂ ਆਪੋ ਆਪਣੇ ਖੇਤਰਾਂ ਦੇ ਜਾਣੇ ਪਛਾਣੇ ਸਰਵਪ੍ਰਮਾਣਤ ਵਿਦਵਾਨ ਹਨ, ਜਿਨ੍ਹਾਂ ਨੂੰ ਗਿਆਨ ਪੀਠ, ਸਾਹਿਤ ਅਕਾਦਮੀ ਵਰਗੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਣ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸਾਹਿਤਕ ਰਸਾਲਿਆਂ ਦੇ ਸੰਪਾਦਕ ਹਨ, ਜਿਨ੍ਹਾ ਦੀ ਦਰਜਨਾ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਉਭਰਦੇ ਕਵੀਆਂ ਨੂੰ ਸੰਵਾਦ ਕਰਨ ਵਿੱਚ ਮੁਹਾਰਤ ਹੋਵੇਗੀ ਕਿਉਂਕਿ ਸੰਵਾਦ ਹੀ ਹਰ ਸਮੱਸਿਆ ਦਾ ਹਲ ਹੁੰਦਾ ਹੈ। ਪੰਜਾਬੀ ਦੇ ਪਾਠਕਾਂ ਲਈ ਦੂਜੀਆਂ ਭਾਸ਼ਵਾਂ ਦੀਆਂ ਬਿਹਤਰੀਨ ਕਵਿਤਾਵਾਂ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਨ ਨੂੰ ਮਿਲਣਾ ਸ਼ੁਭ ਸੰਕੇਤ ਹਨ।    
      ਅਨੁਵਾਦ ਦਾ ਕੰਮ ਬਹੁਤ ਹੀ ਪੇਚੀਦਾ ਅਤੇ ਕਲਾਤਮਿਕ ਤਕਨੀਕ ਦਾ ਹੁੰਦਾ ਹੈ। ਖਾਸ ਤੌਰ ‘ਤੇ ਸਾਹਿਤ ਦੇ ਬਾਕੀ ਰੂਪਾਂ ਵਿੱਚੋਂ ਕਵਿਤਾ ਦਾ ਕਿਉਂਕਿ ਕਿਸੇ ਕਵੀ ਦੀ ਭਾਵਨਾ ਨੂੰ ਦੂਜੀ ਭਾਸ਼ਾ ਵਿੱਚ ਉਸ ਕਵਿਤਾ ਦੀ ਆਤਮਾ ਅਨੁਸਾਰ ਪ੍ਰਗਟ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪ੍ਰੰਤੂ ਪਵਨ ਨਾਦ ਨੇ ਇਸ ਪੱਖ ਤੋਂ ਵੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਪੁਸਤਕ ਵਿੱਚ ਅਨੁਵਾਦ ਹੀ ਗੱਲ ਨਹੀਂ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਉਹ ਕਿਹੜੀਆਂ ਕਵਿਤਾਵਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ, ਉਨ੍ਹਾਂ ਵਿੱਚ ਕੀ ਖਾਸੀਅਤ ਹੈ। ਸਾਰੇ 11 ਲੇਖਕਾਂ ਦੀਆਂ ਕਵਿਤਾਵਾਂ ਸੰਕੇਤਕ ਪ੍ਰੰਤੂ ਮਨਾਂ ਨੂੰ ਕੁਰੇਦਣ ਵਾਲੀਆਂ ਹਨ। ਹਿੰਦੀ ਦੇ ਕਵੀਆਂ ਵਿੱਚੋਂ ਸਰਵੇਸ਼ਵਰ ਦਿਆਲ ਸਕਸੇਨਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ, ਕੰਵਰ ਨਾਰਾਇਣ ਗਿਆਨ ਪੀਠ ਅਤੇ ਪਦਮ ਭੂਸ਼ਣ, ਚੰਦਰ ਕਾਂਤ ਦੇਵਤਾਲੇ, ਵਿਸ਼ਨੂੰ ਨਾਗਰ ਅਤੇ ਮੰਗਲੇਸਵਰ ਡਬਰਾਲ ਸੰਪਾਦਕ, ਅਸ਼ੋਕ ਵਾਜਪੇਈ ਉਪ ਕੁਲਪਤੀ ਅਤੇ ਪ੍ਰਧਾਨ ਲਲਿਤ ਅਕਾਦਮੀ, ਉਦਯ ਪ੍ਰਕਾਸ਼, ਭਗਵਤ ਰਾਵਤ, ਕੁਮਾਰ ਅੰਬੁਜ, ਗਗਨ ਗਿੱਲ ਅਤੇ ਬਬੁਸ਼ਾ ਕੋਹਲੀ ਅਨੇਕਾਂ ਰਾਸ਼ਟਰੀ ਅਤੇ ਅੰਤਰਾਸ਼ਟਰੀ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਕਵੀ ਹਨ। ਇਨ੍ਹਾਂ ਕਵੀਆਂ ਦੀ ਕਵਿਤਾਵਾਂ ਸਾਰੀਆਂ ਹੀ ਵਡਮੁੱਲੀਆਂ ਪ੍ਰੰਤੂ ਕੁਝ ਕੁ ਬਾਰੇ ਵਿਸਤਾਰ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗਾ।
ਸਰਵੇਸ਼ਵਰ ਦਿਆਲ ਸਕਸੇਨਾ: ਉਨ੍ਹਾਂ ਦੀਆਂ 6 ਕਵਿਤਾਵਾਂ ਅਹਿਸਾਸਾਂ, ਭਾਵਨਾਵਾਂ, ਇਨਸਾਨੀ ਰਿਸ਼ਤਿਆਂ ਅਤੇ ਮਿਹਨਤ ਦੇ ਵਿਸ਼ਿਆਂ ਵਾਲੀਆਂ ਹਨ। ‘ਸੁਰਖ ਹਥੇਲੀਆਂ ’ਮਿਹਨਤ ਕਰਨ ਵਾਲਿਆਂ ਦਾ ਪ੍ਰਤੀਕ, ‘ਨਦੀ’ ਭਾਵਨਾਵਾਂ ਦੇ ਅਹਿਸਾਸ, ‘ਰਿਸ਼ਤਾ’ ਇਨਸਾਨੀ ਰਿਸ਼ਤਿਆਂ ਦੀ ਮਜ਼ਬੂਤੀ ਇਕ ਦੂਜੇ ‘ਤੇ ਨਿਰਭਰ ਰਹਿਣ ਨਾਲ ਹੁੰਦੀ ਹੈ। ਰਿਸ਼ਤੇ ਟੁੱਟਣ ਨਾਲ ਸਮਾਜ ਬਿਖਰ ਜਾਂਦਾ ਹੈ। ‘ਤੇਰੇ ਨਾਲ ਰਹਿਕੇ’ ਇਨਸਾਨੀ ਇਕਮੁੱਠਤਾ ਅਤੇ ਅਪਣਤ ਦਾ ਅਹਿਸਾਸ ਕਰਵਾਉਂਦੀ ਅਤੇ ਸ਼ਕਤੀ ਬਣਾਉਂਦੀ ਹੈ। ਜੇਕਰ ਇਕ ਮੁਠਤਾ ਨਾ ਰਹੇ ਤਾਂ ਇਨਸਾਨ ਸ਼ਕਤੀਹੀਣ ਹੋ ਜਾਂਦਾ ਹੈ। ‘ਕਿੰਨਾ ਚੰਗਾ ਹੁੰਦਾ’ ਸਾਧਾਰਣਤਾ ਦਾ ਜੀਵਨ ਜਿਓਣ ਦੀ ਪ੍ਰੇਰਨਾ ਕਰਦੀ ਹੈ ਅਤੇ ਪਛੜਿਆ ਆਦਮੀ ਸਬਰ ਸਤੋਖ ਦਾ ਪ੍ਰਤੀਕ ਹੈ।
ਕੁੰਵਰ ਨਰਾਇਣ: ਉਨ੍ਹਾਂ ਦੀਆਂ 7 ਕਵਿਤਾਵਾਂ ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀਆਂ ਹਨ। ‘ਟਿਊਨੇਸ਼ੀਆ’ ਇਨਸਾਨ ਦੀ ਉਸਾਰੂ ਸੋਚ, ‘ਇਕ ਅਜੀਬ ਦਿਨ’ ਅਤੇ ‘ਬਜ਼ਾਰਾਂ ਵੱਲ ਵੀ’ ਅੰਤਰ ਝਾਤ ਮਾਰਨ ਦੀ ਪ੍ਰੇਰਨਾ ਦਿੰਦੀਆਂ ਹਨ। ‘ਸਵੇਰੇ ਸਵੇਰੇ’ ਮਾਂ ਦੇ ਆਪਣੇ ਬੱਚਿਆਂ ਪ੍ਰਤੀ ਪਵਿਤਰ ਅਹਿਸਾਸਾਂ ਦਾ ਪੁਲੰਦਾ ਹਨ। ‘ਇਕ ਅਜੀਬ ਬਾਜ਼ਾਰੀ ਮੁਸ਼ਕਲ’ ਵਿੱਚ ਕਵੀ ਇਨਸਾਨ ਦੇ ਔਗੁਣਾ ਨੂੰ ਅਣਗੌਲੇ ਕਰਕੇ ਉਸਦੇ ਗੁਣਾ ਦੀ ਕਦਰ ਕਰਨ ਦੀ ਨਸੀਹਤ ਦਿੰਦਾ ਹੈ। ‘ਆਵੀਂ ਪਰ ਇਵੇਂ’ ਅਤੇ ‘ਜ਼ਖ਼ਮ’ ਕਵਿਤਾਵਾਂ ਨਫ਼ਰਤਾਂ ਦੀ ਥਾਂ ਪਿਆਰ ਕਰਨ ਨੂੰ ਪਹਿਲ ਕਰਨ ਲਈ ਕਹਿੰਦੀਆਂ ਹਨ।
ਚੰਦਰਕਾਂਤ ਦੇਤਵਾਲੇ: ਉਨ੍ਹਾਂ ਦੀਆਂ ਇਸ ਪੁਸਤਕ ਵਿੱਚ 11 ਕਵਿਤਾਵਾਂ ਹਨ। ‘ਏਨੀ ਪੱਥਰ ਰੌਸ਼ਨੀ’ ਵਿੱਚ ਇਛਾਵਾਂ ਤੇ ਕਾਬੂ ਪਾਉਣ ਅਤੇ ‘ਰੁੱਖ’ ਕਵਿਤਾ ਵਿੱਚ ਇਨਸਾਨ ਦੀ ਤੁਲਨਾ ਕੀਤੀ ਹੈ ਕਿ ਉਹ ਇਕ ਦੂਜੇ ਨੂੰ ਆਪਣੇ ਨਾਲ ਨਹੀਂ ਲਾਉਂਦਾ ਸਗੋਂ ਦੂਰ ਕਰਦਾ ਹੈ। ਪੰਛੀਆਂ ਲਈ ਰੁੱਖਾਂ ਦੀ ਸੰਭਾਲ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਬਨਾਵਟੀ ਆਲ੍ਹਣੇ ਬਣਾਉਂਦਾ ਹੈ। ‘ਮੈਂ ਤੈਨੂੰ ਪੀਂਦਾ ਹਾਂ’ ਵਿੱਚ ਇਨਸਾਨ ਨੂੰ ਸੁਖੀ ਜੀਵਨ ਜਿਓਣ ਲਈ ਮਨ ਦੇ ਹਨੇਰੇ ਨੂੰ ਦੂਰ ਕਰਨ ਦੀ ਤਾਕੀਦ ਕਰਦਾ ਹੈ।‘ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ’ ਕਮਾਲ ਦੀ ਕਵਿਤਾ ਹੈ, ਜਿਸ ਵਿੱਚ ਅਨੇਕਾ ਸੁਨੇਹੇ ਸੰਕੇਤਾਂ ਰਾਹੀਂ ਪਿਆਰ ਦੇ ਬੀਜ ਬੀਜਣ ਦੀ ਸਲਾਹ ਦਿੱਤੀ ਗਈ ਹੈ। ‘ਤੂੰ ਉਥੇ ਹੀ ਹੋਣਾ’ ਕਵਿਤਾ ਇਨਸਾਨ ਜੇਕਰ ਕਿਸੇ ਦੀ ਬੁਰਾਈ ਕਰਦਾ ਹੈ ਤਾਂ ਆਪਣੀ ਹੀ ਬੁਰਾਈ ਕਰ ਰਿਹਾ ਹੁੰਦਾ ਹੈ। ‘ਉਹ ਗਾਉਣ ਲੱਗੀ’ ‘ਮੇਰੇ ਅੰਦਰ’, ‘ਸੁਲਘਦਾ ਰਹਿੰਦਾ ਬਿਰਖ‘, ‘ਫੱਗਣ’ ਅਤੇ ‘ਡੁੱਬਦੇ ਜਹਾਜ਼ ਦਾ ਵਾਹ’ ਇਸਤਰੀ ਦੇ ਸਤਿਕਾਰ ਦੀਆਂ ਪ੍ਰਤੀਕ ਹਨ। ਮਰਦ ਹਰ ਔਰਤ ਬਾਰੇ ਸੁਪਨੇ ਲੈਂਦਾ ਰਹਿੰਦਾ ਹੈ ਜੋ ਔਰਤ ਦੀਆਂ ਭਾਵਨਾਵਾਂ ਦੀ ਦੁਰਵਰਤੋਂ ਹੈ।
ਭਗਵਤ ਰਾਵਤ: ਉਨ੍ਹਾਂ ਦੀਆਂ 11 ਕਵਿਤਾਵਾਂ ਇਸ ਪੁਸਤਕ ਵਿੱਚ ਸ਼ਾਮਲ ਹਨ। ਸਾਰੀਆਂ ਕਵਿਤਾਵਾਂ ਭਾਵਪੂਰਨ ਹਨ। ‘ਉਹ ਇਸੇ ਧਰਤੀ ਤੇ ਨੇ’ ਕਵਿਤਾ ਅਨੁਸਾਰ ਸਮਾਜ ਕੁਝ ਕੁ ਬਿਹਤਰੀਨ ਸਾਧਾਰਨ ਇਨਾਸਾਨਾ ਦੇ ਗੁਣਾ ਕਰਕੇ ਆਨੰਦ ਮਾਣ ਰਿਹਾ ਹੈ ਪ੍ਰੰਤੂ ਉਹ ਲੋਕ ਕਿਸੇ ਕੋਲ ਅਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਨਹੀਂ ਕਰਦੇ। ਇਸੇ ਤਰ੍ਹਾਂ ‘ਚਿੜੀਆਂ ਨੂੰ ਪਤਾ ਨਹੀਂ’ ਕਵਿਤਾ ਵਿੱਚ ਕਵੀ ਦਸਦਾ ਹੈ ਔਰਤਾਂ ਸਮਾਜ ਵਿੱਚ ਡਰ ਦੇ ਸਾਏ ਹੇਠ ਵੀ ਆਪਣੇ ਫਰਜ ਨਿਭਾਈ ਜਾ ਰਹੀਆਂ ਹਨ। ‘ਖ਼ੁਸ਼ਫਹਿਮੀਆਂ’ ਕਵਿਤਾ ਵਿੱਚ ਕਿਹਾ ਗਿਆ ਹੈ ਕਿ ਸਮਾਜ ਦਾ ਨੁਕਸਾਨ ਕਰ ਰਹੇ ਲੋਕ, ਇਕ ਦਿਨ ਜ਼ਰੂਰ ਆਪਣੀ ਗਲਤੀ ਦਾ ਅਹਿਸਾਸ ਕਰਨਗੇ। ‘ਆਦਮੀ ਵੱਲ’ ਕਵਿਤਾ ਵਿਚ ਕਵੀ ਲੋਕਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਆਪਣੀ ਅੰਤਹਕਰਨ ਦੀ ਅਵਾਜ ਸੁਣਨੀ ਚਾਹੀਦੀ ਹੈ। ‘ਕੋਈ ਹੋਰ ਖੇਡ ਖੇਡੀਏ’ ਕਵਿਤਾ ਦੁਸ਼ਮਣੀ ਖ਼ਤਮ ਕਰਕੇ ਮਿਲਕੇ ਰਹਿਣ ਦੀ ਪ੍ਰੇਰਨਾ ਕਰਦੀ ਹੈ। ‘ਇਕ ਦਿਨ ਅਜਿਹਾ ਆਵੇਗਾ’ ਅਤੇ ‘ਬਸ’, ‘ਓਸੇ ਨੂੰ ਸਮਝਾ ਨਾ ਸਕਿਆ’, ‘ਤੁਸੀਂ ਕਰਿਓ ਯਕੀਨ’ ਅਤੇ ‘ਪਤਾ ਨਹੀਂ ਕਦ ਤੋਂ ’ਕਵਿਤਾਵਾਂ ਵਿੱਚ ਕਵੀ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਪ੍ਰੇਰ ਰਿਹਾ ਹੈ ਕਿਉਂਕਿ ਵਕਤ ਲੰਘੇ ਤੇ ਪਛਤਾਉਣ ਦਾ ਕੋਈ ਲਾਭ ਨਹੀਂ ਹੋਣਾ। ‘ਇਨ੍ਹੀਂ ਦਿਨੀ’ ਕਵਿਤਾ ਵਿੱਚ ਧਾਰਮਿਕ ਕਟੜਤਾ ਤੇ ਵਿਅੰਗ ਕਰਦੇ ਹਨ।  ‘ਡਿੱਗਣਾ’ ਵਿੱਚ ਇਨਸਾਨ ਦੇ ਕਿਰਦਾਰ ਵਿੱਚ ਆਈ ਗਿਰਾਵਟ ਦੇ ਸੰਕੇਤ ਹਨ। ‘ਜੋ ਵੀ ਖੁਲ੍ਹੀ ਜਗ੍ਹਾ ਦਿਖਾਈ ਦਿੰਦੀ ਹੈ’ ਅਤੇ ‘ਉਹੀ ਤਾਂ ਕਵਿਤਾ ਹੁੰਦੀ ਹੈ’ ਕਵਿਤਾਵਾਂ ਵਿੱਚ ਇਨਸਾਨ ਦੇ ਵਿਓਪਾਰੀ ਕਿਰਦਾਰ ਅਤੇ ਚਕਾਚੌਂਦ ਦੇ ਸੁਪਨਿਆਂ ਵਿੱਚ ਗ੍ਰਸੇ ਹੋਣ ਦਾ ਪ੍ਰਭਾਵ ਵਿਖਾਈ ਦਿੰਦਾ ਹੈ।
ਅਸ਼ੋਕ ਵਾਜਪੇਈ: ਉਨ੍ਹਾਂ ਦੀਆਂ 15 ਕਵਿਤਾਵਾਂ ਹਨ। ‘ਸੂਰਜ’ ਕਵਿਤਾ ਵਿੱਚ ਲਿਖਦੇ ਹਨ ਕਿ ਸੁਜਾਖੇ ਅਸਲੀਅਤ ਨੂੰ ਵੇਖਦੇ ਨਹੀਂ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਸੁਚੇਤ ਹਨ। ‘ਕਹਿੰਦਾ ਹਾਂ’, ਮਾਂ ਲਈ’, ‘ਜਨਮ ਕਥਾ’, ‘ਮੈਂ ਫੜਦਾਂ ਸ਼ਬਦ’, ‘ਪਿਆਰ’,‘ ਆਪਣੀ ਖਿੜਕੀ ਚੋਂ’, ‘ਜਦ ਉਸਨੂੰ ਛੋਹਿਆ’ ਅਤੇ ‘ਉਡੀਕ ਕਰੋ-1’ ਅਤੇ -2’ ਕਵਿਤਾਵਾਂ ਸੰਕੇਤਾਂ ਰਾਹੀਂ ਮਾਂ ਦੀ ਭੂਮਿਕਾ, ਕੁਦਰਤ ਨਾਲ ਪਿਆਰ, ਤੇ ‘ਉਹ’, ‘ਇਕ ਇਕ ਰੋਮ ਨੂੰ’, ਇਨਸਾਨ ਦੀ ਖ਼ਾਹਸ਼ ਅਤੇ ਅਹਿਸਾਸਾਂ ਬਾਰੇ ਦਰਸਾਉਂਦੀਆਂ ਹਨ। ‘ਦੇਵਤਿਓ’, ‘ਰਚਨਾ’ ਅਤੇ ‘ਮੁਅੱਤਲ’ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਗੱਲ ਕਰਦੀਆਂ ਹਨ।
ਮੰਗਲੇਸ਼ ਡਬਰਾਲ: ਉਨ੍ਹਾਂ ਦੀਆਂ ‘ਤੇਰਾ ਪਿਆਰ’, ‘ਡਿੱਗਣਾ’, ‘ਬੱਚਿਆਂ ਦੇ ਨਾਮ ਚਿੱਠੀ’, ‘ਪਿਆਰ ਸਫਲਤਾ ਦੀ ਕੁੰਜੀ’ ਅਤੇ ‘ਮੈਂ ਚਾਹੁੰਦਾ ਹਾਂ’ 5 ਕਵਿਤਾਵਾਂ ਪਿਆਰ ਦਾ ਅਹਿਸਾਸ, ਜਿਸਨੇ ਪੁੰਗਰਨਾ ਬਰਫ ਹੇਠੋਂ ਵੀ ਪੁੰਗਰਦਾ, ਜੀਵਨ ਉਤਸਵ, ਇਨਸਾਨ ਬਣਨਾ ਅਤੇ ਪਿਆਰ ਨੂੰ ਕਬਜ਼ਾ ਸਮਝਣਾ ਆਦਿ ਬਾਰੇ ਮਹਿਸੂਸ ਕਰਵਾਉਂਦੀਆਂ ਹਨ।
ਵਿਸ਼ਨੂੰ ਨਾਗਰ: ਉਨ੍ਹਾਂ ਦੀਆਂ  ‘ਆਤਮ ਸੁਧਾਰ’, ‘ਪ੍ਰਕਿਰਿਆ’, ‘ਗੱਲ ਕੋਈ ਹੈ ਈ ਨਹੀਂ ਸੀ’, ‘ਬੰਬ ਅਤੇ ਫੁੱਲ’, ‘ਗਧਾ’ ਅਤੇ ‘ਬੌਣਿਆਂ ਦਾ ਸੰਸਾਰ’ 6 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਸਮਾਜ ਸੁਧਾਰ, ਆਲਸ, ਪਿਆਰ, ਇਨਸਾਨੀ ਸੋਚ, ਬਿਨਾ ਸੋਚੇ ਸਮਝੇ ਰਾਏ ਬਣਾਉਣਾ ਅਤੇ ਬਰਦਾਸ਼ਤ ਕਰਨਾ ਹਨ। ਇਹ ਵਿਸ਼ੇ ਸਮਾਜਿਕ ਤਬਦੀਲੀ ਦਾ ਆਧਾਰ ਬਣ ਸਕਦੇ ਹਨ।
ਉਦਯ ਪ੍ਰਕਾਸ਼: ਕਵੀ ਦੀਆਂ ‘ਛਿੱਕ’, ਇੱਕ ਕਾਹਲੀ ਮਾੜੀ’, ‘ਕੁਝ ਬਣ ਜਾਨੇ ਆਂ’, ‘ਕਾਇਦਾ’, ‘ਇਮਾਰਤ’ ਅਤੇ ‘ਦੁਆ’ 6 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀ ਫਿਤਰਤ, ਭੁੱਖ, ਰੋਗ, ਇਸ਼ਕ ਦੇ ਅਹਿਸਾਸ, ਆਦਤ ਤੋਂ ਮਜ਼ਬੂਰ ਇਨਸਾਨ, ਮਿਹਨਤ ਦਾ ਮੁੱਲ ਨਹੀਂ ਅਤੇ ਖ਼ੁਆਬਾਂ ਵਿੱਚ ਵਸਦੀ ਦੁਨੀਆਂ ਵਰਗੇ ਸੰਜੀਦਾ ਵਿਸ਼ੇ ਚੁਣੇ ਹਨ।
ਕੁਮਾਰ ਅੰਬੁਜ: ਕਵੀ ਦੀਆਂ ਵੀ ‘ਪ੍ਰਧਾਨ ਮੰਤਰੀ ਅਤੇ ਸ਼ਿਲਪਕਾਰ’, ‘ਮਾਂ ਮਹਿਮਾਨ ਹੈ’, ‘ਇੱਧਰ ਦਾ ਜੀਵਨ’, ‘ਦੌੜ’, ‘ਮੂਰਖ਼ਤਾਵਾਂ’ ਅਤੇ ‘ਅਣਚਾਹੇ ਲੋਕ’ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁਮਾਰ ਅੰਬੁਜ ਨੇ  ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਮਿਹਨਤ ਦਾ ਮੁੱਲ ਨਾ ਮਿਲਣਾ, ਮਾਂ ਦੀ ਜ਼ਿੰਮੇਵਾਰੀ, ਧੋਖ਼ਾ, ਫ਼ਰੇਬ, ਜ਼ਾਤਾਂ ਪਾਤਾਂ ਵਿੱਚ ਵੰਡੀ ਖਲਕਤ, ਇਨਸਾਨ ਇਨਸਾਨਾ ਵਿੱਚ ਨਹੀਂ ਸਗੋਂ ਭੀੜ ਦਾ ਹਿੱਸਾ, ਮੂਰਖ਼ਤਾ ਅਤੇ ਸੰਵਦਨਸ਼ੀਲਤਾ ਦਾ ਖ਼ਾਤਮਾ ਵਰਗੇ ਮਹੱਤਵਪੂਰਨ ਵਿਸ਼ੇ ਬਣਾਏ ਹਨ।
ਗਗਨ ਗਿੱਲ: ਇਸ ਪੁਸਤਕ ਵਿੱਚ ਉਨ੍ਹਾਂ ਦੀਆਂ 11 ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਉਨ੍ਹਾਂ ਦੀਆਂ 8 ਕਵਿਤਾਵਾਂ, ‘ਪਿਤਾ ਨੇ ਆਖਿਆ-1, 2’, ‘ਕੀ ਉਹ ਜਾਣਦੀ ਹੈ?’, ‘ਜੰਗਲ ਅਗਵਾਈ ਲਈ ਹਾਜ਼ਰ ਹੈ’, ‘ਉਹ ਉਸਨੂੰ ਮਿਲਣ ਜਾ ਰਹੀ ਹੈ’, ‘ਨਜ਼ਰ ਦੇ ਅੱਗੇ ਇਕ ਕੰਧ ਹੈ’, ‘ਵਿਦਾ ਕੀਤਾ’ ਅਤੇ ‘ਬੱਚੇ ਤੂੰ ਆਪਣੇ ਘਰ ਜਾਹ’ ਇਸਤਰੀ ਦੀ ਤ੍ਰਾਸਦੀ ਅਤੇ ਜ਼ਿੰਦਗੀ ਦੀ ਜਦੋਜਹਿਦ ਦਾ ਪ੍ਰਗਟਾਵਾ ਕਰਦੀਆਂ ਹਨ। ‘ਸੁੱਖ ‘ਚ ਜੋ ਦੁੱਖ ਹੈ’, ‘ਚੋਰੀ ਦਾ ਫੁੱ’ ਅਤੇ ’ਖ਼ੁਸ਼ਆਮਦੀਦ’ ਤਿੰਨੋ ਕਵਿਤਾਵਾਂ ਇਸਤਰੀ ਦੀਆਂ ਭਾਵਨਾਵਾਂ ਦੀ ਖ਼ਹਿਸ਼ ਦੇ ਸਪਨੇ ਸਿਰਜਦੀਆਂ ਹਨ।
ਬਬੁਸ਼ਾ ਕੋਹਲੀ: ਕਵਿਤਰੀ ਦੀਆਂ 14 ਕਵਿਤਾਵਾਂ ਪੁਸਤਕ ਵਿੱਚ ਸ਼ਾਮਲ ਹਨ। ਇਹ ਸਾਰੀਆਂ ਕਵਿਤਾਵਾਂ ਸੰਕੇਤਕ ਇਸਤਰੀ ਦੇ ਹਾਵ ਭਾਵ ਅਤੇ ਸੁਪਨਿਆਂ ਦੀ ਦਹਿਲੀਜ਼ ‘ਤੇ ਪਹੁੰਚਣ ਦੀ ਗੱਲ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਸਮਝਣ ਲਈ ਇਸਤਰੀ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ।
ਮੋਬਾਈਲ-94178 13072
ujagarsingh48@yahoo.com

ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ? - ਉਜਾਗਰ ਸਿੰਘ

ਇਹ ਵੇਖਣ ਵਾਲੀ ਗੱਲ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ? ਇਕ ਨੌਜਵਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਕੇ ਕਾਂਗਰਸ ਪਾਰਟੀ ਨੇ ਇਕ ਨਵਾਂ ਪੈਂਤੜਾ ਖੇਡਿਆ ਹੈ। ਰਾਜਾ ਵੜਿੰਗ ਹੁਣ ਤੱਕ ਦੇ ਪੰਜਾਬ ਕਾਂਗਰਸ ਦੇ ਪ੍ਰਧਾਨਾ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਹੈ। ਨੌਜਵਾਨਾ ਵਿੱਚ ਜੋਸ਼ ਹੁੰਦਾ ਹੈ, ਪ੍ਰੰਤੂ ਹੋਸ਼ ਦੀ ਘਾਟ ਹੁੰਦੀ ਹੈ। ਰਾਜਾ ਵੜਿੰਗ ਵਿੱਚ ਜੋਸ਼ ਦੇ ਨਾਲ ਹੋਸ਼ ਵੀ ਹੈ, ਜੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਰਾਜਾ ਵੜਿੰਗ ਦੇ ਤਿੰਨ ਮਹੀਨੇ ਟਰਾਂਸਪੋਰਟ ਮੰਤਰੀ ਦੀ ਸਫਲਤਾ ਤੋਂ ਉਮੀਦ ਜਾਗਦੀ ਹੈ ਕਿ ਉਹ ਧੜਿਆਂ ਵਿੱਚ ਵੰਡੀ ਪੰਜਾਬ ਕਾਂਗਰਸ ਨੂੰ ਇਕਮੁਠ ਕਰਨ ਵਿੱਚ ਵੀ ਜ਼ਰੂਰ ਸਫਲ ਹੋਵੇਗਾ। ਰਾਜਾ ਵੜਿੰਗ ਲਈ ਵੀ ਪ੍ਰਧਾਨਗੀ ਇਕ ਵੰਗਾਰ ਹੋਵੇਗੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਦੇਣਾ ਪਵੇਗਾ। ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਨਮੋਸ਼ੀਜਨਕ ਹੋਈ ਹਾਰ ਨਾਲ ਨਮੋਸ਼ੀ ਵਿੱਚ ਆਏ ਵਰਕਰਾਂ ਨੂੰ ਲਾਮਬੰਦ ਕਰਕੇ ਸਰਗਰਮ ਕਰਨਾ ਸੌਖਾ ਨਹੀਂ ਹੋਵੇਗਾ। ਤਲਵਾਰ ਦੀ ਧਾਰ 'ਤੇ ਤੁਰਨ ਵਰਗਾ ਹੋਵੇਗਾ ਕਿਉਂਕਿ ਘਾਗ ਸਿਆਸਤਦਾਨਾ ਨੂੰ ਨਾਲ ਲੈ ਕੇ ਚਲਣਾ ਕਠਨ ਡਗਰ ਹੋਵੇਗੀ। ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਕੇ ਨਵਜੋਤ ਸਿੱਧੂ ਨੂੰ ਇਸ ਆਸ ਨਾਲ ਲਿਆਂਦਾ ਸੀ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਦਿੱਤਾ ਜਾਵੇਗਾ। ਪ੍ਰੰਤੂ ਨਵਜੋਤ ਸਿੰਘ ਸਿੱਧੂ ਦੇ ਫਾਰਮੂਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣ ਤੋਂ ਬਾਅਦ ਜਿਹੜੇ ਨਵੇਂ ਫਾਰਮੂਲੇ ਅਧੀਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਰਤ ਭੂਸ਼ਣ ਆਸ਼ੂ ਨੂੰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਬਣਾਇਆ ਹੈ, ਕੀ ਉਸ ਵਿੱਚ ਸਫਲ ਹੋਣਗੇ? ਨਵਜੋਤ ਸਿੱਧੂ ਦੇ ਫਾਰਮੂਲੇ ਵਿੱਚ ਚਾਰ ਕਾਰਜਕਾਰੀ ਪ੍ਰਧਾਨ ਲਾਉਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦਾ ਕੁਨਬਾ ਇਕਮੁੱਠ ਨਹੀਂ ਹੋ ਸਕਿਆ ਸੀ। ਜਦੋਂ ਅਮਰਿੰਦਰ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਵਿਖੇ ਗਏ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਸਮਰਾਲੇ ਅਮਰੀਕ ਸਿੰਘ ਢਿਲੋਂ, ਫਿਰ ਲਾਲ ਸਿੰਘ ਅਤੇ ਸੁਨੀਲ ਜਾਖੜ ਨੂੰ ਮਿਲਣ ਲਈ ਚੰਡੀਗੜ੍ਹ ਚਲੇ ਗਏ। ਇਹ ਪਾਰਟੀ ਦੀ ਫੁੱਟ ਦੇ ਸੰਕੇਤ ਹਨ। ਕੀ ਹੁਣ ਇਕ ਕਾਰਜਕਾਰੀ ਪ੍ਰਧਾਨ ਵਾਲਾ ਫਾਰਮੂਲਾ ਪੰਜਾਬ ਕਾਂਗਰਸ ਵਿੱਚ ਇਕਜੁਟਤਾ ਲਿਆਉਣ ਵਿੱਚ ਸਫਲ ਹੋਵੇਗਾ? ਇਸ ਬਾਰੇ ਸਿਆਸੀ ਮਾਹਿਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਨਵੇਂ ਫਾਰਮੂਲੇ ਵਿੱਚ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੋਵੇਂ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ। ਸੁਨੀਲ ਕੁਮਾਰ ਜਾਖੜ ਵੀ ਟਕਸਾਲੀ ਪਰਿਵਾਰ ਵਿੱਚੋਂ ਸੀ। ਕਾਂਗਰਸ ਹਾਈ ਕਮਾਂਡ ਨੇ ਮਹਿਸੂਸ ਕਰ ਲਿਆ ਲਗਦਾ ਹੈ ਕਿ ਦੂਜੀਆਂ ਪਾਰਟੀਆਂ ਵਿੱਚੋਂ ਦਲਬਦਲੀ ਕਰਕੇ ਆਏ ਵਿਅਕਤੀਆ ਨੂੰ ਪ੍ਰਧਾਨ ਬਣਾਉਣ 'ਤੇ ਟਕਸਾਲੀ ਕਾਂਗਰਸੀ ਨੇਤਾ ਅਤੇ ਵਰਕਰ ਪਸੰਦ ਨਹੀਂ ਕਰਦੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ 18 ਸਾਲ ਦੇ ਕਾਂਗਰਸ ਪਾਰਟੀ ਤੋਂ ਬਨਵਾਸ ਲਏ ਤੋਂ ਬਾਅਦ ਕਾਂਗਰਸ ਵਿੱਚ ਆਉਣ ਤੋਂ ਤੁਰੰਤ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਕੈਪਟਨ ਅਮਰਿੰਦਰ ਦਾ ਫਾਰਮੂਲਾ ਸਫਲ ਹੋਣ ਕਰਕੇ ਹੀ ਨਵਜੋਤ ਸਿੱਧੂ ਵਾਲਾ ਫਾਰਮੂਲਾ ਅਪਣਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਸਿਖਰਾਂ 'ਤੇ ਪਹੁੰਚ ਗਈ ਸੀ, ਜਿਸਦਾ ਇਵਜਾਨਾ ਕਾਂਗਰਸ ਪਾਰਟਂੀ ਨੂੰ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਿਆ। ਪ੍ਰਤਾਪ ਸਿੰਘ ਬਾਜਵਾ ਵੀ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਸਨ, ਉਨ੍ਹਾਂ ਨੂੰ ਹਟਾਕੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ ਸੀ। ਕਾਂਗਰਸ ਪਾਰਟੀ ਦੇ ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੇਂਦਰੀ ਕਾਂਗਰਸ ਹਰ ਵਾਰ ਨਵੇਂ ਫਾਰਮੂਲੇ ਲਾਗੂ ਕਰਕੇ ਨਵੇਂ-ਨਵੇਂ ਤਜ਼ਰਬੇ ਕਰਨ ਦੀ ਆਦੀ ਹੈ। ਇਨ੍ਹਾਂ ਨਵੇਂ ਫਾਰਮੂਲਿਆਂ ਨਾਲ ਇਕ ਵਾਰੀ ਨੂੰ ਛੱਡਕੇ ਕਾਂਗਰਸ ਨੂੰ ਹਮੇਸ਼ਾ ਹਾਰ ਦਾ ਮੂੰਹ ਵੇਖਣਾ ਪਿਆ ਹੈ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਕੇ ਦਲਿਤ ਵੋਟਾਂ ਵਟੋਰਨ ਲਈ ਤਜ਼ਰਬਾ ਕੀਤਾ ਸੀ। ਭਾਵ ਦਲਿਤ ਵੋਟਾਂ ਵਟੋਰਨ ਦੀ ਆਸ ਨਾਲ ਉਹ ਫਾਰਮੂਲਾ ਵਰਤਿਆ ਸੀ ਪ੍ਰੰਤੂ ਉਹ ਫਾਰਮੂਲਾ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ। ਇਥੋਂ ਤੱਕ ਕਿ ਉਦੋਂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਚੋਣ ਹਾਰ ਗਏ ਸਨ। ਇਸ ਵਾਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ 'ਤੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੂੰ ਚਾਰ ਸਾਲ ਕਾਰਜਕਾਰਨੀ ਹੀ ਨਹੀਂ ਬਣਾਉਣ ਦਿੱਤੀ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ। ਭਾਵ ਹਮਖਿਆਲੀ ਪ੍ਰਧਾਨ ਅਤੇ ਮੁੱਖ ਮੰਤਰੀ ਵੀ ਸਫਲ ਨਾ ਹੋਏ। ਉਹ ਫਾਰਮੂਲਾ ਵੀ ਸਹੀ ਸਾਬਤ ਨਹੀਂ ਹੋਇਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲੋਕ ਪੱਖੀ ਫ਼ੈਸਲਿਆਂ ਅਤੇ ਚੋਣ ਸਮੇਂ ਕੀਤੇ ਵਾਅਦਿਆਂ ਤੋਂ ਆਨਾ ਕਾਨੀ ਕਰਦੇ ਰਹੇ। ਸੁਨੀਲ ਕੁਮਾਰ ਜਾਖੜ ਦੀ ਜਾਂ ਤਾਂ ਸੁਣੀ ਨਹੀਂ ਗਈ ਜਾਂ ਉਹ ਜਾਣਕੇ ਚੁੱਪ ਬੈਠੇ ਰਹੇ। ਜਿਸ ਨਾਲ ਕਾਂਗਰਸੀ ਵਰਕਰਾਂ ਦਾ ਮਨੋਬਲ ਡਿਗ ਗਿਆ। ਫਿਰ ਸੁਨੀਲ ਕੁਮਾਰ ਜਾਖੜ ਦੀ ਥਾਂ ਨਵਜੋਤ ਸਿੰਘ ਸਿੱਧੂ ਦਾ ਫਾਰਮੂਲਾ ਲਾਗੂ ਕੀਤਾ। ਸੁਨੀਲ ਜਾਖ਼ੜ ਨੂੰ ਬੇਇਜ਼ਤ ਕਰਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਦੇ ਬਾਵਜੂਦ ਨਵਜੋਤ ਸਿੱਧੂ ਵਾਲਾ ਫਾਰਮੂਲਾ ਲਾਗੂ ਕੀਤਾ ਜੋ ਸਫਲ ਨਹੀਂ ਹੋਇਆ। ਹੁਣ ਟਕਸਾਲੀ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਦੀ ਵਾਗ ਡੋਰ ਦੇਣ ਦਾ ਭਾਵ ਕੇਂਦਰੀ ਕਾਂਗਰਸ ਪਾਰਟਂੀ ਨੇ ਆਪਣੀ ਗ਼ਲਤੀ ਮੰਨ ਲਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਮਾਲਵੇ ਨਾਲ ਸੰਬੰਧਤ ਹਨ, ਜਦੋਂ ਕਿ ਮਾਲਵੇ ਵਿੱਚੋਂ ਸਿਰਫ ਦੋ ਹੀ ਵਿਧਾਨਕਾਰ ਜਿੱਤੇ ਹਨ। ਰਾਜਾ ਵੜਿੰਗ ਨੌਜਵਾਨ ਹਨ, ਜੋਸ਼ ਨਾਲ ਪਾਰਟੀ ਨੂੰ ਲਾਮਬੰਦ ਕਰ ਸਕਦੇ ਹਨ ਪ੍ਰੰਤੂ ਸੀਨੀਅਰ ਕਾਂਗਰਸੀਆਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਹੈ। ਰਾਜਾ ਵੜਿੰਗ ਦਾ ਕਾਂਗਰਸ ਪਾਰਟੀ ਵਿੱਚ ਆਰਗੇਨਾਈਜੇਸ਼ਨ ਦਾ ਬਲਾਕ ਦੇ ਪ੍ਰਧਾਨ ਤੋਂ ਸ਼ੁਰੂ ਹੋ ਕੇ ਯੂਥ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ, ਵਿਧਾਨਕਾਰ ਅਤੇ ਪੰਜਾਬ ਦੇ ਮੰਤਰੀ ਹੋਣ ਕਰਕੇ ਵਿਸ਼ਾਲ ਤਜਰਬਾ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਕੇ ਕਾਂਗਰਸ ਪਾਰਟੀ ਨੂੰ ਪਰਿਵਾਰਵਾਦ 'ਚੋਂ ਬਾਹਰ ਕੱਢਣ ਦਾ ਮੈਸਜ ਦੇਣ ਦੀ ਕੋਸ਼ਿਸ਼ ਵੀ ਹੈ। ਵੇਖਣ ਵਾਲੀ ਗੱਲ ਹੈ ਕਿ ਉਹ ਆਪਣੇ ਇਸ ਤਜਰਬੇ ਨਾਲ ਖਖੜੀਆਂ ਹੋਈ ਪੰਜਾਬ ਕਾਂਗਰਸ ਨੂੰ ਇਕ ਪਲੇਟ ਫਾਰਮ 'ਤੇ ਲਿਆਉਣ ਵਿੱਚ ਸਫਲ ਹੁੰਦੇ ਹਨ ਕਿ ਨਹੀਂ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰਧਾਨਗੀ ਦੇ ਉਮੀਦਵਾਰ ਸਨ ਕੀ ਉਹ ਵੀ ਰਾਜਾ ਵੜਿੰਗ ਦਾ ਸਾਥ ਦੇਣਗੇ ਕਿ ਆਪੋ ਆਪਣੀ ਡਫਲੀ ਵਜਾਉਂਦੇ ਰਹਿਣਗੇ? ਕਾਂਗਰਸ ਹਾਈ ਕਮਾਂਡ ਵੀ ਹੁਣ ਸਾਰਾ ਕੁਝ ਗੁਆ ਕੇ ਗੂੜ੍ਹੀ ਨੀਂਦ ਵਿਚੋਂ ਬਾਹਰ ਆ ਗਈ ਲਗਦੀ ਹੈ। ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਹਾਈ ਕਮਾਂਡ ਦੀ ਇਸ ਕਾਰਵਾਈ ਨਾਲ ਰਾਜਾ ਵੜਿੰਗ ਨੂੰ ਤਾਕਤ ਮਿਲੇਗੀ ਕਿਉਂਕਿ ਛੇਤੀ ਕੀਤਿਆਂ ਹੁਣ ਕੋਈ ਨੇਤਾ ਖਾਮਖਾਹ ਬਿਆਨਬਾਜ਼ੀ ਵਿੱਚ ਨਹੀਂ ਪਵੇਗਾ। ਸੁਨੀਲ ਕੁਮਾਰ ਜਾਖ਼ੜ ਨੂੰ ਨੋਟਿਸ ਦੇਣਾ ਅਤੇ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਸਖਤ ਫ਼ੈਸਲੇ ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਲਈ ਇਕ ਚੇਤਾਵਨੀ ਹੈ। ਬਾਕੀ ਨੇਤਾਵਾਂ ਰਾਣਾ ਗੁਰਜੀਤ ਸਿੰਘ ਜਿਸਨੇ ਆਪਣੇ ਪੁੱਤਰ ਨੂੰ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਚੀਮਾ ਵਿਰੁੱਧ ਹਿੱਕ ਠੋਕ ਕੇ ਖੜ੍ਹਾਂ ਕਰਕੇ ਜਿਤਾਇਆ ਹੈ, ਉਸ ਵਿਰੱਧ ਕੋਈ ਕਾਰਵਾਈ ਨਹੀਂ। ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ। ਜਸਬੀਰ ਸਿੰਘ ਡਿੰਪਾ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ । ਕਾਂਗਰਸ ਪਾਰਟੀ ਧੜੇਬੰਦੀ ਨੂੰ ਖੁਦ ਉਤਸ਼ਾਹਤ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਪਹਿਲਾਂ ਕਾਂਗਰਸ ਨੇ ਸੀਨੀਅਰ ਨੇਤਾਵਾਂ ਤੋਂ ਕੈਪਟਨ ਦੇ ਵਿਰੁੱਧ ਬਿਆਨ ਖੁਦ ਦਿਵਾ ਕੇ ਅਨੁਸ਼ਾਸ਼ਨਹੀਣਤਾ ਨੂੰ ਉਤਸ਼ਾਹਤ ਕੀਤਾ ਸੀ। ਹੁਣ ਅਨੁਸ਼ਾਸ਼ਨ ਵਿੱਚ ਰਹਿਣ ਦਾ ਪਾਠ ਪੜ੍ਹਾ ਰਹੀ ਹੈ। ਕਾਂਗਰਸ ਆਪਣੀਆਂ ਗ਼ਲਤੀਆਂ ਦਾ ਨੁਕਸਾਨ ਉਠਾ ਰਹੀ ਹੈ। ਵੇਸੇ ਜੇਕਰ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਅਤੇ ਚੋਣਾ ਦੌਰਾਨ ਨੇਤਾਵਾਂ ਤੇ ਬਿਆਨਬਾਜ਼ੀ ਨਾ ਕਰਨ ਲਈ ਕੋਈ ਕਾਰਵਾਈ ਕਰਦੀ ਤਾਂ ਕਾਂਗਰਸ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਹੁਣ ਤਾਂ ਕਾਂਗਰਸ ਸਹੇ ਦੇ ਨਿਕਲ ਜਾਣ ਤੋਂ ਬਾਅਦ ਰਾਹ ਨਪਦੀ ਫਿਰਦੀ ਹੈ। ਜਾਤ ਬਿਰਾਦਰੀ ਦਾ ਵੀ ਧਿਆਨ ਰੱਖਕੇ ਬੈਲੈਂਸ ਬਣਾਇਆ ਗਿਆ ਹੈ। ਰਾਜਾ ਵੜਿੰਗ ਜੱਟ ਸਿੱਖ ਪਰਿਵਾਰ ਵਿੱਚੋਂ ਅਤੇ ਭਾਰਤ ਭੂਸ਼ਣ ਆਸ਼ੂ ਬ੍ਰਾਹਮਣ ਹਿੰਦੂ ਨੇਤਾ ਹੋਣ ਕਰਕੇ ਲਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਬਤ ਕਰਨ ਵਾਲੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅੰਦਰੋ ਅੰਦਰੀ ਠੱਗੇ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦੋਹਾਂ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਮਾਲਵੇ ਅਤੇਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਪ ਨੇਤਾ ਰਾਜ ਕੁਮਾਰ ਚਬੇਵਾਲ ਨੂੰ ਮਾਝੇ ਵਿੱਚੋਂ ਬਣਾਕੇ ਪ੍ਰਤੀਨਿਤਾ ਦਿੱਤੀ ਗਈ ਹੈ। ਰਾਜ ਕੁਮਾਰ ਚੱਬੇਵਾਲ ਨੂੰ ਬਣਾਕੇ ਅਨੁਸੂਚਿਤ ਜਾਤੀਆਂ ਨੂੰ ਸੰਤੁਸ਼ਟ ਕੀਤਾ ਗਿਆ ਹੈ। ਅਜਿਹੇ ਫਾਰਮੂਲੇ ਕਾਂਗਰਸ ਬਣਾ ਤਾਂ ਲੈਂਦੀ ਹੈ ਪ੍ਰੰਤੂ ਅਮਲੀ ਤੌਰ ਤੇ ਸਫਲ ਹੋਣ ਲਈ ਜਦੋਜਹਿਦ ਕਰਨੀ ਪੈਂਦੀ ਹੈ। ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਮੰਝਧਾਰ ਵਿੱਚੋਂ ਕੱਢਣ ਵਿੱਚ ਕਿਤਨਾ ਕੁ ਸਫਲ ਹੁੰਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh480yahoo.com

ਰਵਿੰਦਰ ਸਿੰਘ ਸੋਢੀ ਦੀ ਪੁਸਤਕ ਪਰਵਾਸੀ ਕਲਮਾਂ: ਸਾਹਿਤਕ ਫੁੱਲਾਂ ਦਾ ਗੁਲਦਸਤਾ - ਉਜਾਗਰ ਸਿੰਘ

ਪਰਵਾਸ ਵਿੱਚ ਵਸਦੇ ਵੀਹ ਕਲਮਕਾਰਾਂ ਦੀਆਂ ਰਚਨਾਵਾਂ ਦਾ ਸਾਹਿਤਕ ਗੁਲਦਸਤਾ 'ਪਰਵਾਸੀ ਕਲਮਾਂ' ਆਪੋ ਆਪਣੇ ਰੰਗਾਂ ਦੀ ਖ਼ੁਸ਼ਬੋ ਦਿੰਦਾ ਹੋਇਆ ਸਾਹਿਤਕ ਸੰਸਾਰ ਦੇ ਤਾਣੇ ਬਾਣੇ ਨੂੰ ਮਹਿਕਾ ਰਿਹਾ ਹੈ। ਰਵਿੰਦਰ ਸਿੰਘ ਸੋਢੀ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਬਰਤਾਨੀਆਂ ਵਿੱਚ ਵਸੇ ਹੋਏ ਪੰਜਾਬੀ ਦੇ ਕਲਮਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿੱਚ ਸੰਕਲਨ ਕਰਕੇ ਸਾਹਿਤਕ ਜਗਤ ਨੂੰ 2022 ਦੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਇਹ ਇੱਕ ਅਜਿਹਾ ਤੋਹਫ਼ਾ ਹੈ, ਜਿਹੜਾ ਇਨਸਾਨੀ ਮਾਨਸਿਕਤਾ ਦੀ ਰੂਹ ਦੀ ਖੁਰਾਕ ਬਣੇਗਾ। ਇਸ ਪੁਸਤਕ ਵਿੱਚ ਨਵੇਂ, ਪੁਰਾਣੇ ਅਤੇ ਸਥਾਪਤ ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪਾਠਕ ਸਾਹਿਤ ਦੇ ਇਨ੍ਹਾਂ ਤਿੰਨਾ ਰੂਪਾਂ ਦਾ ਆਨੰਦ ਮਾਣ ਸਕਣ। ਇਹ ਪੁਸਤਕ ਮੌਲਿਕਤਾ ਅਤੇ ਸੰਪਾਦਕੀ ਦਾ ਸੁਮੇਲ ਹੈ ਕਿਉਂਕਿ ਰਵਿੰਦਰ ਸਿੰਘ ਸੋਢੀ ਨੇ ਇਸ ਪੁਸਤਕ ਵਿੱਚ ਸ਼ਾਮਲ 20 ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੇ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਯੋਗਦਾਨ ਨੂੰ ਸੰਖੇਪ ਸ਼ਬਦਾਂ ਵਿੱਚ ਬਿਹਤਰੀਨ ਢੰਗ ਨਾਲ ਲਿਖਿਆ ਹੈ। ਉਨ੍ਹਾਂ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਕਹਾਣੀ ਭਾਗ ਵਿੱਚ 7 ਸਾਹਿਤਕਾਰਾਂ, ਦੂਜੇ ਵਾਰਤਕ ਭਾਗ ਵਿੱਚ 5 ਵਾਰਤਕਕਾਰਾਂ ਅਤੇ ਤੀਜੇ ਕਵਿਤਾ ਭਾਗ ਵਿੱਚ 8 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਨਾਟਕਕਾਰ, ਰੀਵਿਊਕਾਰ, ਕਵੀ, ਕਾਲਮ ਨਵੀਸ ਅਤੇ ਆਲੋਚਕ ਹੋਣ ਕਰਕੇ ਉਨ੍ਹਾਂ ਇਸ ਪੁਸਤਕ ਵਿੱਚ ਸਾਹਿਤ ਦੇ ਕਿਸੇ ਇਕ ਰੂਪ ਨੂੰ ਹੀ ਸ਼ਾਮਲ ਨਹੀਂ ਕੀਤਾ ਸਗੋਂ ਤਿੰਨ ਰੰਗਾਂ ਨੂੰ ਪ੍ਰਸਤਤ ਕੀਤਾ ਹੈ। ਉਹ ਆਲੋਚਕ ਹੋਣ ਕਰਕੇ ਪਾਠਕਾਂ ਦੀ ਸਾਹਿਤਕ ਰੁਚੀ ਭਲੀ ਭਾਂਤ ਸਮਝਦੇ ਹਨ। ਪੁਸਤਕ ਵਿੱਚ ਬਿਹਤਰੀਨ ਕਹਾਣੀਕਾਰਾਂ ਦੀਆਂ ਕਹਾਣੀਆਂ, ਵਾਤਕਕਾਰਾਂ ਦੇ ਲੇਖ ਅਤੇ ਕਵੀਆਂ ਦੀਆਂ ਕਵਿਤਾਵਾਂ ਦੀਆਂ ਵੰਨਗੀਆਂ ਦੇ ਰੰਗ ਸ਼ਾਮਲ ਕਰਕੇ ਇਕ ਮੰਚ ਤੇ ਪਾਠਕਾਂ ਨੂੰ ਪੜ੍ਹਨ ਲਈ ਦਿੱਛੇ ਹਨ। (ੳ) ਕਹਾਣੀ ਭਾਗ ਵਿੱਚ ਐਸ ਸਾਕੀ ਦੀਆਂ ਤਿੰਨ ਕਹਾਣੀਆਂ: 'ਹਮ ਚਾਕਰ ਗੋਬਿੰਦ ਕੇ', 'ਦੋ ਬਲਦੇ ਸਿਵੇ ਅਤੇ ਸ਼ੇਰਾ', ਹਮ ਚਾਕਰ ਗੋਬਿੰਦ ਕੇ ਬਹੁਤ ਹੀ ਕਮਾਲ ਦੀ ਕਹਾਣੀ ਦੀ ਚੋਣ ਕੀਤੀ ਹੈ, ਜਿਹੜੀ ਰੋਮਾਂਟਿਕ ਕਹਾਣੀਆਂ ਨਾਲੋਂ ਵੀ ਵਧੇਰੇ ਰੌਚਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਵਧੀਆ ਸੰਦੇਸ਼ ਦੇ ਰਹੀ ਹੈ। ਦੋ ਬਲਦੇ ਸਿਵੇ ਉਚ ਨੀਚ, ਜਾਤ ਪਾਤ , ਅਮੀਰ ਗਰੀਬ ਦੇ ਪਾੜੇ ਦਾ ਬਾਖੂਬੀ ਵਿਵਰਣ ਹੈ। ਤੀਜੀ ਕਹਾਣੀ ਸ਼ੇਰਾ ਸਿੰਬਾਲਿਕ ਹੈ, ਜਿਸ ਵਿੱਚ ਮੁਰਗੇ ਮੁਰਗੀਆਂ ਦੇ ਪਾਤਰਾਂ ਰਾਹੀਂ ਇਨਸਾਨੀ ਫਿਤਰਤ ਬਾਰੇ ਦੱਸਿਆ ਗਿਆ ਹੈ। ਅਵਤਾਰ ਐਸ ਸੰਘਾ ਦੀਆਂ  'ਬੱਚੇ ਤਾਂ ਓਦਰੇ ਪਏ ਨੇ' ਵਿੱਚ ਲਾਕਡਾਊਨ ਦੇ ਨੁਕਸਾਨ ਅਤੇ ਪੰਜਾਬੀਆਂ ਨੇ ਤਰਕੀਬ ਬਣਾਕੇ ਆਨੰਦ ਮਾਨਣ ਬਾਰੇ ਦੱਸਿਆ ਹੈ। ਪਰਵਾਸ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ ਬਾਰੇ ਜਾਣਕਾਰੀ ਦਿੱਤੀ ਹੈ।, 'ਚਾਬੀਆਂ ਅਤੇ ਰੈਂਬੋਂ' ਕਹਾਣੀਆਂ ਵੀ ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚ ਪੰਜਾਬ ਨਾਲੋਂ ਟੁੱਟਣ ਦਾ ਸੰਤਾਪ ਪ੍ਰਗਟ ਹੁੰਦਾ ਹੈ। ਰੈਂਬੋ ਵਿੱਚ ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਵਿਖਾਈ ਗਈ ਹੈ। ਬਲਵੰਤ ਸਿੰਘ ਗਿੱਲ ਦੀਆਂ 'ਗ਼ਰੀਬ ਦੀ ਹੱਟੀ' ਅਤੇ 'ਪੁੱਤ ਪਰਦੇਸੀ' ਦੋਵੇਂ ਬੜੀਆਂ ਸੰਜੀਦਾ ਕਿਸਮ ਦੀਆਂ ਕਹਾਣੀਆਂ ਹਨ। ਗ਼ਰੀਬ ਦੀ ਹੱਟੀ ਵਿੱਚ ਸਾਬਤ ਕੀਤਾ ਹੈ ਕਿ ਜਿਹੜੇ ਵਿਅਕਤੀ ਇਮਾਨਦਾਰ ਅਤੇ ਮਿਹਨਤ ਕਰਦੇ ਹਨ, ਉਨ੍ਹਾਂ ਲਈ ਪੰਜਾਬ ਹੀ ਪਰਵਾਸ ਹੈ। ਪੁੱਤ ਪਰਦੇਸੀ ਸੰਦੇਸ਼ ਦਿੰਦੀ ਹੈ ਕਿ ਪਰਵਾਸ ਦੀ ਥਾਂ ਆਪਣੀ ਧਰਤੀ 'ਤੇ ਮਾਵਾਂ ਦੇ ਕੋਲ ਰਹਿਕੇ ਜੀਵਨ ਨਿਰਬਾਹ ਕੀਤਾ ਜਾਵੇ। ਨਿਰਮਲ ਸਿੰਘ ਕੰਧਾਲਵੀ ਦੀਆਂ 'ਬਾਬਾ ਜਿੰਮ' ਅਤੇ 'ਕਰਕ ਕਲੇਜੇ ਮਾਹਿ'ਵਹਿਮਾ ਭਰਮਾ ਦੇ ਵਿਰੁੱਧ ਹਨ। ਪਰਵਾਸ ਵਿੱਚ ਲੋਕ ਜ਼ਿੰਦਗੀ ਦੀ ਜਦੋਜਹਿਦ ਵਿੱਚ ਸਫਲਤਾ ਨਾ ਮਿਲਣ ਕਰਕੇ ਵਹਿਮਾਂ ਭਰਮਾ ਦੇ ਜਾਲ ਵਿੱਚ ਫਸ ਜਾਂਦੇ ਹਨ। ਕਰਕ ਕਲੇਜੇ ਮਾਹਿ ਵਿੱਚ ਪੰਜਾਬੀਆਂ ਦਾ ਪੰਜਾਬੀ ਭਾਸ਼ਾ ਤੋਂ ਮੋਹ ਟੁਟਣ 'ਤੇ ਵਿਅੰਗ ਕਸਿਆ ਹੋਇਆ ਹੈ। ਜਸਬੀਰ ਸਿੰਘ ਆਹਲੂਵਾਲੀਆ ਦੀਆਂ 'ਮੈਂ ਅਤੇ ਮਿਸਿਜ਼ ਸੰਧ'ੂ ਅਤੇ 'ਡੱਬਾ ਬੰਦ' ਦੋਵੇਂ ਕਹਾਣੀਆਂ ਪਰਵਾਸ ਵਿੱਚ ਵਿਧਵਾ ਮਰਦ ਔਰਤ ਦੇ ਜੀਵਨ ਜਿਓਣ ਲਈ ਪਿਆਰ ਸੰਬੰਧਾਂ ਦੀਆਂ ਪ੍ਰਤੀਕ ਹਨ। ਮੋਹਨ ਸਿੰਘ ਵਿਰਕ ਦੀਆਂ 'ਵਤਨ ਵਾਪਸੀ'  ਪਰਵਾਸ ਵਿੱਚ ਔਲਾਦ ਆਪਣੇ ਮਾਪਿਆਂ ਨਾਲ ਉਨ੍ਹਾਂ ਦੀਆਂ ਜ਼ਮੀਨਾ ਜਾਇਦਾਦਾਂ ਹੜੱਪ ਕੇ ਬੁਰਾ ਵਿਵਹਾਰ ਕਰਦੀ ਹੈਉਸਦਾ ਪਰਦਾ ਫਾਸ਼ ਕੀਤਾ ਗਿਆ ਹੈ। 'ਕਹਿਰ' ਕਹਾਣੀ ਦੇਸ਼ ਦੀ ਵੰਡ ਦੀ ਤ੍ਰਾਸਦੀ ਦਾ ਦੁਖਾਂਤ ਅਤੇ ਭਾਈਚਾਰਕ ਸਾਂਝ ਦਾ ਨਮੂਨਾ ਹੈ ਪ੍ਰੰਤੂ ਇਸ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਸਖ਼ਤ ਹੈ। ਚਰਨਜੀਤ ਸਿੰਘ ਮਿਨਹਾਸ ਦਾ ਲੇਖ 'ਪਰਛਾਵੇਂ, ਬਿੰਦੂ ਅਤੇ ਆਕਾਰ' ਪਿਆਰ ਵਿੱਚ ਜ਼ਾਤ ਪਾਤ, ਸਾਡੇ ਸਮਾਜ ਵਿੱਚ ਲੜਕੇ ਵੱਲੋਂ ਲੜਕੀ ਦੀ ਮਦਦ ਨੂੰ ਸਿਰਫ ਇਸ਼ਕ ਮੁਹੱਬਤ ਦੇ ਰੰਗ ਵਿੱਖ ਵੇਖਣ ਅਤੇ ਇਕ ਦੋਸਤ ਵਲੋਂ ਦੂਜੇ ਦੀ ਮਦਦ ਦਾ ਅਹਿਸਾਨ ਚੁਕਾਉਣ ਦੇ ਪ੍ਰਤੀਕ ਦੀ ਕਹਾਣੀ ਹੈ। (ਅ) ਵਾਰਤਕ ਭਾਗ ਵਿੱਚ ਰਿਸ਼ੀ ਗੁਲਾਟੀ ਦਾ ਮਨੋਵਿਗਿਆਨਕ ਲੇਖ ' ਆਕਰਸ਼ਣ ਦੇ ਸਿਧਾਂਤ ਦਾ ਇਨਸਾਨੀ ਜ਼ਿੰਦਗੀ ਵਿੱਚ ਮਹੱਤਵ' ਵਿਸ਼ੇ 'ਤੇ ਬਹੁਤ ਵਧੀਆ ਜਾਣਕਾਰੀ ਵਾਲਾ ਲੇਖ ਹੈ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਿਸ਼ਾਨਾ ਮਿਥ ਕੇ, ਸਵੈ ਭਰੋਸਾ, ਹਿੰਮਤ, ਉਸਾਰੂ ਸੋਚ, ਭਰਮ ਭੁਲੇਖੇ ਤੇ ਰੁਕਾਵਟਾਂ ਦੂਰ ਕਰਨ, ਵਾਰ ਵਾਰ ਕੋਸ਼ਿਸ਼ ਕਰਨ, ਵਿਚਾਰਾਂ ਤੇ ਕਾਬੂ ਪਾਉਣ ਅਤੇ ਹੋਏ ਨੁਕਸਾਨ ਨੂੰ ਭੁੱਲ ਜਾਣ ਦੀ ਪ੍ਰੇਰਨਾ ਦਿੱਤੀ ਗਈ ਹੈ। ਡਾ ਦਵਿੰਦਰ ਸਿੰਘ ਜੀਤਲਾ ਦਾ 'ਮੇਰਾ ਸਾਹਿਤਕ ਰੁਝਾਨ ਤੇ ਸਫਰ-ਹੁਣ ਤੱਕ' ਲੇਖ ਪਰਵਾਸ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਸਾਹਿਤਕ ਸਫਰ ਦਾ ਉਲੇਖ ਹੈ। ਇਹ ਲੇਖ ਕੋਈ ਬਹੁਤੀ ਸੇਧ ਨਹੀਂ ਦਿੰਦਾ। ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਦੇ ਦੋ ਲੇਖ ' ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ' ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਹੈ ਕਿ ਕੁਝ ਕੁ  ਸਾਡੇ ਲੋਕ ਆਸਟਰੇਲੀਆ ਵਿੱਚ ਗਲਤ ਹਰਕਤਾਂ ਕਰਕੇ ਸਾਰੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ। ਨਸਲੀ ਵਿਤਕਰੇ ਆਮ ਜਿਹੀ ਗੱਲ ਹੋ ਗਈ ਹੈ।  'ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪ੍ਰਦੇਸ਼? ਲੇਖ ਵਿੱਚ ਭਾਰਤ ਦੀ ਭਰਿਸ਼ਟ ਪ੍ਰਣਾਲੀ ਦਾ ਵਿਵਰਣ ਦੇ ਕੇ ਝੰਜੋੜਕੇ ਰੱਖ ਦਿੱਤਾ। ਦੋਵੇਂ ਲੇਖਾਂ ਵਿੱਚ ਦੇਸ- ਪਰਵਾਸ ਦੀ ਜ਼ਿੰਦਗੀ ਦੇ ਕੌੜੇ ਸੱਚ ਦੱਸੇ ਗਏ ਹਨ।  ਪਾਪਾਟੋਏਟੋਏ ਵਾਲਾ ਪਰਮਿੰਦਰ ਸਿੰਘ ਦੇ ਚਾਰ ਲੇਖ ਹਨ। 'ਲੈ ਗਈ ਚੰਦਰੀ ਕੈਨੇਡਾ, ਸਾਰੇ ਛਾਂਟ ਕੇ ਮੁੰਡੇ ਲੇਖ ਵਿੱਚ ਪਰਵਾਸ ਦੇ ਜੀਵਨ ਦੇ ਕੌੜੇ ਸੱਚ ਦੱਸੇ ਗਏ ਹਨ, ਜਦੋਂ ਘੱਟ ਪੜ੍ਹੇ ਲਿਖੇ ਪਰਵਾਸ ਵਿੱਚ ਸੈਟਲ ਲੜਕੇ ਪ੍ਰੋਫੈਸ਼ਨਲ ਲੜਕੀਆਂ ਵਿਅਹ ਕੇ ਲੈ ਜਾਂਦੇ ਹਨ ਅਤੇ ਪਰਵਾਸ ਦੀਆਂ ਦੁਸ਼ਾਵਰੀਆਂ ਨਾਲ ਉਹ ਨਿਪਟਦੀਆਂ ਜਵਾਨੀ ਗਾਲ ਲੈਂਦੀਆਂ ਹਨ। 'ਲੋਕੀ ਆਖਦੇ ਤੂੰ ਚਲਾ ਗਇਓਂ ਪਰੀਆਂ ਦੇ ਦੇਸ਼' ਲੇਖ ਵਿੱਚ ਪਰਵਾਸ ਵਿੱਚ ਬਜ਼ੁਰਗਾਂ ਦਾ ਨਵੇਂ ਵਾਤਾਵਰਨ ਵਿੱਚ ਜਾ ਕੇ ਅਡਜਸਟ ਨਾ ਕਰਨਾ ਅਤੇ ਏਥੋਂ ਦੇ ਕਾਨੂੰਨ ਅਤੇ ਪਰੰਪਰਾਵਾਂ ਬਜ਼ਰਗਾਂ ਲਈ ਗਲੇ ਦੀ ਹੱਡੀ ਬਣਦੀਆਂ ਹਨ। ਉਨ੍ਹਾਂ ਨੂੰ ਆਪਣੀ ਵਿਰਾਸਤ ਦਾ ਹੇਰਵਾ ਵੱਢ ਵੱਢ ਖਾਂਦਾ ਹੈ। 'ਉਮਰਾਂ ਦੀ ਜੇ ਸ਼ਾਮ ਹੋ ਗਈ, ਤਾਂ ਕੀ ਹੋਇਆ ਜਿੰਦੇ' ਲੇਖ ਵਿੱਚ ਕੈਨੇਡਾ ਵਿਖੇ ਬਜ਼ੁਰਗਾਂ ਦੀਆਂ ਢਾਣੀਆਂ ਵਿੱਚ ਹੁੰਦੀ ਵਿਚਾਰ ਚਰਚਾ ਦਾ ਜ਼ਿਕਰ ਹੈ। ਕਈ ਬਜ਼ੁਰਗ ਦੁਖੀ ਅਤੇ ਕਈ ਪੈਨਸ਼ਨਾ ਲੱਗਣ ਕਰਕੇ ਖੁਸ਼ ਹਨ। 'ਆਸ, ਵਿਸ਼ਵਾਸ਼ ਅਤੇ ਅਰਦਾਸ ਤੱਕ, ਸੀਮਤ ਹੋਣ ਲੱਗੇ ਲੋਕ' ਲੇਖ ਵਿੱਚ ਸਿਆਸੀ ਦਲ ਬਦਲੀਆਂ, ਮਹਿੰਗਾਈ, ਸ਼ਹਿਰ ਵਸਣੇ, ਅਫਸਰਸ਼ਾਹੀ ਦੀ ਕਾਰਗੁਜ਼ਾਰੀ, ਗ਼ਰੀਬਾਂ ਦੀ ਦੁਰਦਸ਼ਾ ਅਤੇ ਵਿਰਾਸਤੀ ਵਸਤਾਂ ਦੇ ਖ਼ਤਮ ਹੋਣ ਦੀ ਤ੍ਰਾਸਦੀ ਹੈ ਅਤੇ ਹਰਕੀਰਤ ਸਿੰਘ ਸੰਧਰ ਦੇ ਚਾਰ ਖੋਜ ਭਰਪੂਰ ਲੇਖ ਹਨ।   'ਕਲਕੱਤੇ ਤੋਂ ਆਸਟ੍ਰੇਲੀਆ ਆਇਟਾ ਸਮੁੰਦਰੀ ਬੇੜਾ' ਸਮੁੰਦਰੀ ਯਾਤਰਾ ਦੀਆਂ ਔਕੜਾ ਦਾ ਵਿਵਰਣ ਦਿੰਦਾ ਹੈ। 'ਆਸਟ੍ਰੇਲੀਆ ਵਿੱਚ ਭਾਰਤੀ' ਲੇਖ ਪੰਜਾਬੀਆਂ ਦਾ ਆਸਟ੍ਰੇਲੀਆ ਵਿੱਚ ਆਉਣ ਦਾ ਸਫਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਾ ਹੈ, ਕਿਵੇਂ ਉਨ੍ਹਾਂ ਭਾਸ਼ਾ ਦੀ ਸਮੱਸਿਆ ਹੋਣ ਦੇ ਬਾਵਜੂਦ ਮਿਹਨਤ ਕਰਕੇ ਸਥਾਪਤ ਹੋਏ ਹਨ। 'ਆਸਟ੍ਰੇਲੀਆ ਵਿੱਚ ਭਾਰਤੀ ਭਾਸ਼ਾਵਾਂ' ਵਾਲੇ ਲੇਖ ਵਿੱਚ ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦਾ ਪਹਿਲੀਆਂ ਆਸਟ੍ਰੇਲੀਆ ਦੀਆਂ ਦਸ ਭਾਸ਼ਾਵਾਂ ਵਿੱਚ ਸ਼ਾਮਲ ਹੋਣ ਬਾਰੇ ਦੱਸਿਆ ਹੈ। 'ਭਾਰਤ ਆਸਟ੍ਰੇਲੀਆ ਸੰਬੰਧ-4 ਹਜ਼ਾਰ ਸਾਲ ਪੁਰਾਣਾ' ਲੇਖ ਵਿੱਚ ਦੋਹਾਂ ਦੇਸ਼ਾਂ ਦੇ ਸਦਭਾਵਨਾ ਨਾਲ ਰਹਿਣ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ ਹੈ। ਏਸੇ ਤਰ੍ਹਾਂ (ੲ) ਕਵਿਤਾ ਭਾਗ ਵਿੱਚ ਜੋਗਿੰਦਰ ਸਿੰਘ ਥਿੰਦ ਦਾ ਇਕ ਗੀਤ ਪੰਜਾਬੀ ਮੁਟਿਆਰਾਂ ਦੀਆਂ ਭਾਵਨਾਵਾ ਪ੍ਰਦੇਸ ਗਏ ਸਾਥੀਆਂ ਦੇ ਦਰਦ ਦੀ ਹੂਕ ਅਤੇ ਚਾਰ ਰੋਮਾਂਟਿਕ ਗ਼ਜ਼ਲਾਂ ਹਨ। ਕੰਵਲ ਸਿੱਧੂ ਦੀਆਂ ਚਾਰ ਕਵਿਤਾਵਾਂ ਵਿੱਚੋਂ ਦੋ ਰੋਮਾਂਟਿਕ ਅਤੇ ਦੋ ਵਿਛੋੜੇ ਦਾ ਦਰਦ ਪ੍ਰਗਟਾਉਂਦੀਆਂ ਹਨ। ਹਰਜਿੰਦਰ ਸਿੰਘ ਗੁਲਪੁਰ ਦੀਆਂ ਪੰਜ ਕਵਿਤਾਵਾਂ ਵਿੱਚੋਂ 'ਅੰਗੂਰੀ' ਧਾਰਮਿਕ, 'ਕੁਕਨੂਸ' ਭਰੂਣ ਹੱਤਿਆਵਾਂ, 'ਗਰਮ ਖ਼ੂਨ' ਧੋਖੇ ਫਰੇਬ, 'ਦੇਖ ਹੁੰਦੇ' ਆਪਸੀ ਖੁੰਦਕਾਂ ਅਤੇ 'ਪਾਣੀ' ਭਰਿਸ਼ਟਾਚਾਰ ਬਾਰੇ ਹਨ। ਰੂਪ ਦਵਿੰਦਰ ਕੌਰ ਨਾਹਿਲ ਦੀਆਂ ਪੰਜ ਕਵਿਤਾਵਾਂ ਵਿੱਚੋਂ ਪਹਿਲੀ 'ਮੇਰੀ ਸ਼ਹਿਣਸ਼ੀਲਤਾ ਦੇ ਅੰਬਰੀਂ ਘੇਰੇ' ਇਸਤਰੀ ਦੀ ਤਾਕਤ, 'ਪਿਆਸ ਨਾਲ ਵਿਆਕੁਲ' ਮਰਦ ਦੇ ਪਿਆਰ ਡਰਪੋਕਪੁਣੇ, 'ਅੱਜ' ਸਿੰਬਾਲਿਕ ਹੈ, ਜਿਹੜੀ ਇਸਤਰੀ ਦੀ ਭਾਵਨਾ ਦਾ ਪ੍ਰਤੀਕ ਬਣਦੀ, 'ਅਗਨੀ ਪ੍ਰੀਖਿਆ ਔਰਤ ਦੀ ਸਮਰੱਥਾ ਅਤੇ 'ਸਮੁੰਦਰ ਤੇ ਮੈਂ' ਮਰਦ ਔਰਤ ਦੇ ਸੰਬੰਧਾਂ ਦੀ ਪ੍ਰਤੀਕ ਹੈ। ਦਰਸ਼ਨ ਸਿੰਘ ਸਿੱਧੂ ਸਟੇਜੀ ਕਵੀ ਦੀਆਂ ਚਾਰ ਕਵਿਤਾਵਾਂਵਿਦੇਸ਼ਾਂ ਵਿੱਚ ਰੁਲ ਰਹੇ ਪੰਜਾਬੀਆਂ, ਦਿਲੀ ਦੀ ਸਰਹੱਦ ਤੇ ਕਿਸਾਨਾ, ਭਰਿਸ਼ਟਾਚਾਰ ਅਤੇ ਦੋਸਤਾਂ ਦੀ ਭੈੜੀ ਪ੍ਰਵਿਰਤੀ ਨਾਲ ਸੰਬੰਧਤ ਕਵਿਤਾਵਾਂ ਹਨ। ਤਖ਼ਤਿੰਦਰ ਸਿੰਘ ਸੰਧੂ ਦੀਆਂ ਚਾਰ ਕਵਿਤਾਵਾਂ ਕਿਸਾਨੀ ਸੰਘਰਸ਼, ਪ੍ਰਵਾਸੀਆਂ ਦੀ ਜੋਖ਼ਮ ਭਰੀ ਜ਼ਿੰਦਗੀ ਅਤੇ ਰੁਮਾਂਟਿਕ ਕਵਿਤਾਵਾਂ ਹਨ। ਕਵਿਤਰੀ ਰਮਿੰਦਰ ਰਮੀ ਦੀਆਂ ਚਾਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ, ਸੰਸਕਾਰਾਂ ਦੀਆਂ ਪਾਬੰਦੀਆਂ,  ਅਤੇ ਰੁਮਾਂਸਵਾਦ ਨਾਲ ਪਬਰੇਜ ਹਨ। ਅਖ਼ੀਰ ਵਿੱਚ ਇਸ ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦੀਆਂ ਦੋ ਕਵਿਤਾਵਾਂ, ਦੋ ਗੀਤ ਅਤੇ ਦੋ ਗ਼ਜ਼ਲਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਕਵੀ ਨੇ ਵਾਤਾਵਰਨ ਦੀ ਤਬਦੀਲੀ, ਧਾਰਮਿਕ ਆਸਥਾ, ਗਰੀਬੀ ਅਤੇ ਅਤੇ ਭਰੂਣ ਹੱਤਿਆਵਾਂ ਦੀ ਤ੍ਰਾਸਦੀ ਦੇ ਗੀਤ ਗਾਉਂਦੀਆਂ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ - ਉਜਾਗਰ ਸਿੰਘ

ਡਾ ਹਰਕੇਸ਼ ਸਿੰਘ ਸਿੱਧੂ ਆਸ਼ਾਵਾਦੀ ਸ਼ਾਇਰ ਹੈ। ਉਨ੍ਹਾਂ ਦੀ ਵਿਰਾਸਤ ਧਾਰਮਿਕ ਰੰਗ ਵਿੱਚ ਰੰਗੀ ਹੋਈ ਹੈ। ਇਸ ਕਰਕੇ ਉਨ੍ਹਾਂ ਦੀ ਹਰ ਸਾਹਿਤਕ ਰਚਨਾ ਵਿਚੋਂ ਸਿੱਖ ਧਰਮ ਦੀਆਂ ਪਰੰਪਰਾਵਾਂ, ਸਿਧਾਂਤਾਂ ਅਤੇ ਸਿਖਿਆਵਾਂ ਦੀ ਮਹਿਕ ਆਉਂਦੀ ਹੈ। ਉਨ੍ਹਾਂ ਦਾ ਸਾਰਾ ਜੀਵਨ ਵੀ ਜਦੋਜਹਿਦ ਦੀ ਚਾਸ਼ਣੀ ਵਿੱਚੋਂ ਨਿਕਲਕੇ ਸਾਫ਼ਗੋਈ ਵਾਲਾ ਬਣਿਆਂ ਹੋਇਆ ਹੈ। ਉਨ੍ਹਾਂ ਦੇ ਮਨ ਵਿੱਚ ਅਜੋਕੇ ਪ੍ਰਦੂਸ਼ਤ ਸਮਾਜਿਕ ਅਤੇ ਰਾਜਨੀਤਕ ਪ੍ਰਣਾਲੀ ਦੀ ਥਾਂ ਨਵਾਂ ਸਮਾਜ ਸਿਰਜਣ ਦੀ ਭਾਵਨਾ ਪ੍ਰਬਲ ਹੋਈ ਹੈ। ਇਹ ਸੰਗ੍ਰਹਿ ਵੀ ਉਸੇ ਦ੍ਰਿਸ਼ਟੀਕੋਣ ਨਾਲ ਲਿਖਿਆ ਗਿਆ ਲਗਦਾ ਹੈ। ਉਨ੍ਹਾਂ ਦਾ ਇਹ ਨਵਾਂ ਕਾਵਿ ਸੰਗ੍ਰਹਿ ' ਮੇਰੇ ਸੁਪਨੇ ਮੇਰੇ ਗੀਤ' ਵੀ ਉਸੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਹੱਕ ਤੇ ਸੱਚ 'ਤੇ ਪਹਿਰਾ ਦੇਣ ਦਾ ਸੰਕਲਪ ਕਰਦੀਆਂ ਹੋਈਆਂ ਨਵਾਂ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀਆਂ ਹਨ, ਜਿਸ ਵਿੱਚ ਇਨਸਾਫ਼ ਦਾ ਤਰਾਜੂ ਇਮਾਨਦਾਰ ਲੋਕਾਂ ਦੇ ਹੱਥਾਂ ਵਿੱਚ ਹੋਵੇ। ਮਨੁੱਖੀ ਅਧਿਕਾਰਾਂ ਦੇ ਲੋਕ ਪਹਿਰੇਦਾਰ ਬਣਕੇ ਵਿਚਰਦੇ ਹੋਏ ਸਮਾਜਿਕ ਤਾਣੇ ਬਾਣੇ ਦੇ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮੰਗਲਾਚਰਣ ਤੋਂ ਕਵੀ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ, ਜਦੋਂ ਉਹ ਗੁਰਬਾਣੀ ਦਾ ਆਸਰਾ ਲੈਂਦਾ ਹੋਇਆ ਮਾਨਵਤਾ ਦੇ ਭਲੇ ਅਤੇ ਬਰਾਬਰਤਾ ਦਾ ਪ੍ਰਣ ਕਰਦਾ ਹੈ। ਉਨ੍ਹਾਂ ਦੇ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਵਰਤਮਾਨ ਸਮਾਜ ਵਿਚ ਫ਼ੈਲੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਲਾਹਣਤਾਂ ਨੂੰ ਦੂਰ ਕਰਨਾ ਉਨ੍ਹਾਂ ਦਾ ਮੁੱਖ ਆਧਾਰ ਹੈ।  ਕੈਂਸਰ, ਦਾਜ, ਪਰਵਾਸ, ਆਤਮ ਹੱਤਿਆਵਾਂ, ਕਿਰਤੀਆਂ ਦਾ ਦਰਦ, ਭਰੂਣ ਹੱਤਿਆਵਾਂ, ਭਰਿਸ਼ਟਾਚਾਰ ਅਤੇ ਰੁਜ਼ਗਾਰ ਦੀਆਂ ਸਮੱਸਿਆਵਾਂ ਉਨ੍ਹਾਂ ਦੀ ਬਹੁਤੀਆਂ ਕਵਿਤਾਵਾਂ ਦਾ ਧੁਰਾ ਹਨ, ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।  ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਬਹੁਤ ਹੀ ਸਾਰਥਿਕ ਸੁਨੇਹੇ ਦਿੰਦੀ ਹੋਈ ਮਾਨਵਤਾ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਤਾਕੀਦ ਕਰਦੀ ਹੈ। ਕਵਿਤਾਵਾਂ ਦਾ ਇਕ-ਇਕ ਸ਼ਬਦ ਅਤੇ ਇੱਕ-ਇਕ ਸਤਰ ਅਰਥ ਭਰਪੂਰ ਸੁਨੇਹੇ ਦਿੰਦੀ ਹੈ।  ਇਨ੍ਹਾਂ ਕਵਿਤਾਵਾਂ ਦੇ ਸੁਨੇਹੇ ਤੇ ਗੀਤ ਸਿਰਫ ਕਵੀ ਦੇ ਹੀ ਨਹੀਂ ਸਗੋਂ ਇਹ ਲੋਕਾਈ ਦੇੇ ਦਰਦ ਦੀ ਵੇਦਨਾ ਦੇ ਗੀਤ ਹਨ। ਕਵੀ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਵਿੱਚ ਸਫਲ ਹੋਇਆ ਹੈ। ਜੇ ਕਹਿ ਲਿਆ ਜਾਵੇ ਕਿ ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਹੀ ਇਨਕਲਾਬੀ ਸੋਚ ਦੀਆਂ ਪ੍ਰਤੀਕ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਮਾਨਵਤਾ ਨੂੰ ਆਪਣੇ ਹੱਕਾਂ ਲਈ ਜੂਝਣ ਦੀ ਸੰਦੇਸ਼ ਦਿੰਦੀਆਂ ਹਨ। 'ਮੈਂ ਜੁਗਨੂੰ ਹਾਂ' ਕਵਿਤਾ ਬਹੁਤ ਕੁਝ ਕਹਿ ਰਹੀ ਹੈ:
ਮੈਂ ਜੁਗਨੂੰ ਹਾਂ, ਜੁਗਨੂੰ ਰਹਾਂਗਾ, ਖ਼ੁਦ ਹਨੇਰੇ ਵਿੱਚ, ਰੁਸ਼ਨਾਵਾਂਗਾ।
ਕਾਲ਼ੇ ਭੂੰਡ, ਜੋ ਫੁੱਲਾਂ ਦਾ ਰਸ ਚੂਸਦੇ, ਉਨ੍ਹਾਂ ਭੂੰਡਾਂ ਦੀ ਸ਼ਾਮਤ ਲਿਆਵਾਂਗਾ।
ਅੰਧਘੋਰ, ਵਿੱਚ ਲੋੜ ਹੈ ਜੁਗਨੂੰਆਂ ਦੀ, ਜੁਗਨੂੰ ਬਣਕੇ, ਲਹਿਰ ਚਲਾਵਾਂਗਾ।
ਇਸੇ ਤਰ੍ਹਾਂ ਇਕ ਹੋਰ ਜੁਗਨੂੰ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲੋਕਾਈ ਦੀ ਹਨ੍ਹੇਰੇ ਦੂਰ ਕਰਨ ਲਈ ਕੀਤੀ ਜਦੋਜਹਿਦ ਦਾ ਪ੍ਰਗਟਾਵਾ ਕਰਦਾ ਹੋਇਆ ਕਹਿੰਦਾ ਹੈ ਕਿ ਸਮਾਜ ਦੀ ਹੱਕ-ਸੱਚ ਅਤੇ ਇਨਸਾਫ਼ ਦੀ ਲੜਾਈ ਉਤਨੀ ਦੇਰ ਚਲਦੀ ਰਹੇਗੀ ਜਿਤਨੀ ਦੇ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਜਾਂਦੀ। 'ਕਾਨੀ ਸਮੇਂ ਦੀ' ਕਿਰਤੀਆਂ ਨੂੰ ਆਪਣੇ ਹੱਕਾਂ ਲਈ ਕੁਰੇਦਦੀ ਹੋਈ ਇਕਮੁੱਠ ਹੋਣ ਦੀ ਪ੍ਰੇਰਨਾ ਕਰਦੀ ਹੈ। ਉਹ ਸਾਹਿਤਕਾਰ ਜਾਂ ਲੇਖਕ ਦਾ ਕੀ ਲਾਭ ਜਿਹੜਾ ਲੋਕਾਈ ਦੇ ਹਿਤਾਂ ਲਈ ਕਲਮ ਦੀ ਵਰਤੋਂ ਨਹੀਂ ਕਰਦਾ, ਸਗੋਂ ਕਵੀ ਅਜਿਹੀ ਕਾਨੀ ਨੂੰ ਤੋੜਨ ਦੀ ਗੱਲ ਕਰਦਾ ਹੈ, ਜਿਹੜੀ ਲੋਕਾਂ ਦੇ ਹੱਕਾਂ 'ਤੇ ਪਹਿਰਾ ਨਹੀਂ ਦਿੰਦੀ। ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ। ਕਵੀ ਲਿਖਦਾ ਹੈ:
ਉਸ ਕਾਨੀ ਤਾਈਂ ਤੋੜ ਕੇ ਭੱਠ ਪਾਈਏ, ਜਿਨ੍ਹੇ ਬੁੱਝੀ ਨਾ ਗੱਲ, ਪਰਵਾਨਿਆਂ ਦੀ।
'ਚੁੱਪ' ਕਵਿਤਾ ਵਿੱਚ ਕਵੀ ਲਿਖਦੇ ਹਨ ਕਿ ਲੋਕ ਕਿਤਨਾ ਚਿਰ ਚੁੱਪ ਚੁੱਪੀਤੇ ਜ਼ਬਰ ਸਹਿੰਦੇ ਰਹਿਣਗੇ। ਇਕ ਨਾ ਇਕ ਦਿਨ ਲੋਕਾਂ ਨੂੰ ਲਹਿਰ ਬਣਾਕੇ ਉਠਣਾ ਪਵੇਗਾ। ਕਵੀਆਂ, ਸਾਹਿਤਕਾਰਾਂ, ਵਿਦਵਾਨਾ ਨੂੰ ਵੰਗਾਰਦੇ ਹਨ ਕਿ ਮੂੰਹ ਖੋਲ੍ਹੋ ਨਹੀਂ ਸਮਾਂ ਤੁਹਾਨੂੰ ਮੁਆਫ਼ ਨਹੀਂ ਕਰੇਗਾ। ਏਸੇ ਤਰ੍ਹਾਂ 'ਚਲਕੋਰ' ਕਵਿਤਾ ਵਿੱਚ ਕਿਰਤੀਆਂ ਨੂੰ ਵੰਗਾਰਦੇ ਹੋਏ ਕਹਿੰਦੇ ਹਨ ਕਿ  ਬੇਈਮਾਨ ਅਤੇ ਚੋਰ ਵਹੀਰਾਂ ਘੱਤੀ ਫਿਰਦੇ ਹਨ, ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਧੌਣ ਤੋਂ ਫੜ ਕੇ ਸਿੱਧੇ ਰਸਤੇ ਪੈਣ ਲਈ ਮਜ਼ਬੂਰ ਕਰੀਏ। ਖ਼ੁਦਕਸ਼ੀਆਂ, ਕਰਜ਼ੇ ਅਤੇ ਨਸ਼ੇਖ਼ੋਰੀਆਂ ਸੁਖੀ ਜੀਵਨ ਜਿਓਣ ਲਈ ਕੋਈ ਹੱਲ ਨਹੀਂ ਹਨ। ਇਨ੍ਹਾਂ ਤੋਂ ਕਿਨਾਰਾਕਸ਼ੀ ਸਮੇਂ ਅਤੇ ਹਾਲਾਤ ਦੀ ਜ਼ਰੂਰਤ ਹੈ। ਕਵੀ ਨੇ ਸਮਾਜ ਵਿਰੋਧੀ ਅਨਸਰਾਂ ਲਈ ਬੜੀ ਸਖ਼ਤ ਸ਼ਬਦਾਵਲੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ ਕਿਉਂਕਿ ਲੋਕਾਈ ਵਰਤਮਾਨ ਸਥਿਤੀ ਤੋਂ ਅਤਿਅੰਤ ਦੁੱਖੀ ਹੈ। 'ਹੱਥ ਪਰਾਏ ਵਣਜ ਨਾ ਛੱਡੀਏ' ਵਿੱਚ ਰੇਤ ਬਜ਼ਰੀ ਦੇ ਮਾਫ਼ੀਏ ਤੇ ਕਿੰਤੂ ਪ੍ਰੰਤੂ ਕਰਦੇ ਹਨ, ਜਿਸਨੇ ਭਰਿਸ਼ਟਾਚਾਰ ਨੂੰ ਬੜਾਵਾ ਦੇ ਕੇ ਸਮਾਜ ਵਿੱਚ ਆਰਥਿਕ ਅਸਮਾਨਤਾ ਪੈਦਾ ਕੀਤੀ ਹੈ। 'ਇਨਕਲਾਬ ਦੀਆਂ ਗੱਲਾਂ' ਵਿੱਚ ਮੁੱਦਿਆਂ ਦੀ ਸਿਆਸਤ ਕਰਨ 'ਤੇ ਜ਼ੋਰ ਦੇ ਰਹੇ ਹਨ। ਸਿਹਤ, ਸਿਖਿਆ ਅਤੇ ਰੁਜ਼ਗਾਰ ਸਮੇਂ ਦੀ ਮੁੱਖ ਮੰਗ ਹੈ। ਬਾਕੀ ਮੁੱਦੇ ਪਿਛੇ ਰਹਿ ਗਏ ਹਨ। 'ਲਾਹਨਤ' ਅਤੇ 'ਪਰਖ' ਕਵਿਤਾਵਾਂ ਵਿੱਚ ਅਖ਼ੌਤੀ ਸਾਧਾਂ ਫ਼ਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਟਕੋਰਾਂ ਮਾਰੀਆਂ ਹਨ। ਵਿਗਿਆਨ ਦੀ ਮਹੱਤਤਾ ਨੂੰ ਵੀ ਸਮਝਣਾ ਸਮੇਂ ਜ਼ਰੂਰਤ ਹੈ। 'ਚਿੜੀਆਂ ਦਾ ਚਹਿਕਣ',  'ਫ਼ਤਿਹਾ' ਅਤੇ 'ਅੰਨ੍ਹੇ, ਗੂੰਗੇ, ਬਹਿਰੇ' ਕਵਿਤਾਵਾਂ ਵਿਚ ਰਿਸ਼ਤਿਆਂ ਵਿੱਚ ਆਈ ਗਿਰਾਵਟ, ਪੁਲਿਸ ਦਾ ਰੋਲ, ਅਧਿਕਾਰੀਆਂ ਦੀ ਕਾਰਗਜ਼ਾਰੀ, ਭਰਿਸ਼ਟਾਚਾਰੀਆਂ ਅਤੇ ਮੌਕੇ ਦੇ ਹਾਕਮਾਂ ਨੂੰ ਸਖ਼ਤ ਸ਼ਬਦਾਵਲੀ ਵਿੱਚ ਨਿੰਦਿਆ ਹੈ। ਕਾਰਜਕਾਰੀ, ਨਿਆਇਕ ਅਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਦੇ ਨਤੀਜੇ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। 'ਪੌਣ ਪਾਣੀ', 'ਤਖ਼ਤਾਂ ਦੇ ਵਾਰਿਸ' ਅਤੇ 'ਖ਼ੁਦਗਰਜ਼ੀ ਦੇ ਰਿਸ਼ਤੇ' ਕਵਿਤਾਵਾਂ ਵਿੱਚ ਕਵੀ ਨੇ ਭੂਮੀ ਦੀ ਦੁਰਵਰਤੋਂ, ਰੁੱਖਾਂ ਦੀ ਕਟਾਈ, ਜ਼ਹਿਰੀਆਂ ਗੈਸਾਂ ਦੀ ਅੰਨ੍ਹੇਵਾਹ ਵਰਤੋਂ, ਮਜ਼ਹਬ, ਜ਼ਾਤ ਪਾਤ ਅਤੇ ਭਰਿਸ਼ਟਾਚਾਰ ਦਾ ਭਾਂਡਾ ਭੰਨਿਆਂ ਹੈ। 'ਅਦਾਲਤਾਂ',  'ਸੱਚ ਦਾ ਸੁਕਰਾਤ' ਅਤੇ 'ਝੂਠ ਦੀ ਦੁਕਾਨ' ਵਿੱਚ ਅਦਾਲਤਾਂ ਦੇ ਨਿਆਂ ਦਾ ਪਰਦਾ ਫ਼ਾਸ਼ ਕੀਤਾ ਅਤੇ ਕਾਨੂੰਨ ਦੇ ਰਾਜ ਦੀ ਪੋਲ ਖੋਲ੍ਹੀ ਹੈ। ਇਨਸਾਫ ਦਾ ਤਰਾਜੂ ਡਾਵਾਂਡੋਲ ਹੋ ਗਿਆ ਹੈ। 'ਛੁਪਦੇ ਨਹੀਂ ਛੁਪਾਇਆਂ ਤੋਂ' ਕਵਿਤਾ ਵਿੱਚ ਲੋਕ ਭੈੜੀਆਂ ਆਦਤਾਂ ਤੋਂ ਮਜ਼ਬੂਰ ਦੱਸੇ ਹਨ। 'ਹਾਜੀ ਕਿਉਂ ਚਲਿਆ ਕਾਅਬੇ ਨੂੰ' ਕਵਿਤਾ ਵਿੱਚ  ਦੱਸਿਆ ਕਿ ਇਨਸਾਨ ਜੋ ਚੰਗਾ ਜਾਂ ਮਾੜਾ ਕਰਦਾ ਹੈ, ਉਸਨੂੰ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਜੋ ਕਰੋਗੇ ਸੋ ਭਰੋਗੇ ਦਾ ਸੰਕਲਪ ਦੁਹਰਾਇਆ ਅਤੇ 'ਦੁੱਖ ਦੀ ਭਾਜੀ' ਲੋਕਾਂ ਨੂੰ ਰਲ਼ ਮਿਲ਼ ਕੇ ਜ਼ਿੰਦਗੀ ਬਸਰ ਕਰਨ ਅਤੇ ਦੁੱਖ ਵੰਡਾਉਣ ਦੀ ਸਲਾਹ ਦਿੰਦੀ ਹੈ। 'ਬੋਲਬਾਣੀ-ਵੱਡਾ ਸਲੀਕਾ', 'ਪੈਸਾ', 'ਸ਼ੋਹਰਤ', 'ਲਾਲਚ' ਅਤੇ 'ਮੁਕਤੀ' ਕਵਿਤਾਵਾਂ ਸਲੀਕੇ ਨਾਲ ਵਿਵਹਾਰ ਕਰਨ ਅਤੇ ਮਾਵਾਂ ਭੈਣਾਂ ਨੂੰ ਬੁਰੀ ਨਿਗਾਹ ਨਾਲ ਵੇਖਣ ਅਤੇ ਮਜ਼ਹਬਾਂ ਦੇ ਠੇਕੇਦਾਰਾਂ ਦੀ ਪੋਲ੍ਹ ਖੋਲ੍ਹਦੀਆਂ ਹਨ। 'ਘਪਲੇ', 'ਪਿੰਡ ਦੇ ਪੰਚੋ ਸਰਪੰਚੋ' ਸਰਕਾਰੇ ਦਰਬਾਰੇ ਭਰਿਸ਼ਟਾਚਾਰ, ਕੀੜੇਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਪੰਚਾਇਤਾਂ ਵੱਲੋਂ ਆਪਣੇ ਫਰਜ਼ਾਂ ਵਿੱਚ ਕੋਤਾਹੀ ਦੇ ਭੈੜੇ ਸਿੱਟਿਆਂ ਬਾਰੇ ਲਿਖਿਆ ਹੈ। ਪਰਜਤੰਤਰ ਦਾ ਲਾਭ ਉਠਾਉਣ ਦੀ ਥਾਂ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ। 'ਖੋਜੀ ਨਾਲੋਂ ਵਾਦੀ ਚੰਗਾ' ਕਵਿਤਾ ਨੀਮ ਹਕੀਮ ਖ਼ਤਰਾ ਜਾਨ ਦੀ ਗੱਲ ਕਰਦੀ ਹੈ ਕਿਉਂਕਿ ਬਹੁਤੇ ਪੜ੍ਹੇ ਲਿਖੇ ਅਸਲੀਅਤ ਨੂੰ ਸਮਝਣ ਦੀ ਥਾਂ ਕਿਤਾਬੀ ਗੱਲਾਂ ਤੇ ਯਕੀਨ ਕਰਦੇ ਹਨ। ਕਵੀ ਦੀਆਂ ਪਹਿਲਾਂ ਹੀ ਚਾਰ ਪੁਸਤਕਾਂ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ (ਲੋਕ ਬੋਲੀਆਂ), ਸਾਚ ਕਾਹੋਂ (ਗਲਪ ਰਚਨਾ), ਵਕਤ ਦੀ  ਬੇੜੀ (ਗਲਪ ਰਚਨਾ) ਅਤੇ ਮੱਸਿਆ ਦੀ ਖ਼ੀਰ (ਗਲਪ ਰਚਨਾ )ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਪੰਜਵਾਂ ਕਾਵਿ ਸੰਗ੍ਰਹਿ ਮੇਰੇ ਸੁਪਨੇ ਮੇਰੇ ਗੀਤ ਹੈ। 168 ਪੰਨਿਆਂ, 136 ਕਵਿਤਾਵਾਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ  ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਨਾਮ ਤੋਂ ਲਗਦਾ ਹੈ ਕਿ ਇਹ ਤਾਂ ਗੀਤਾਂ ਦੀ ਪੁਸਤਕ ਹੋਵੇਗੀ ਪ੍ਰੰਤੂ ਇਸ ਦੀਆਂ ਸਾਰੀਆਂ ਕਵਿਤਾਵਾਂ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਕਵੀ ਦਾ ਭਵਿਖ ਸੁਨਹਿਰਾ ਹੋਵੇਗਾ, ਭਾਵ ਉਨ੍ਹਾਂ ਕੋਲੋਂ  ਹੋਰ ਵਧੇਰੇ ਵਧੀਆ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com