Ujagar Singh

ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ - ਉਜਾਗਰ ਸਿੰਘ

ਗੁਰਬਾਣੀ ਦੀ ਵਿਚਾਰਧਾਰਾ ਮਾਨਵਤਾ ਨੂੰ ਨੈਤਿਕ ਜ਼ਿੰਦਗੀ ਜਿਓਣ ਲਈ ਮਾਰਗ ਦਰਸ਼ਨ ਕਰਦੀ ਹੈ। ਇਨਸਾਨ ਗੁਰਬਾਣੀ ਪ੍ਰਤੀ ਸ਼ਰਧਾ ਕਰਕੇ ਉਸ ਦਾ ਪਾਠ ਕਰਦਾ ਹੈ। ਇਹ ਚੰਗਾ ਹੋਵੇਗਾ ਜੇਕਰ ਪਾਠ ਦੇ ਨਾਲ ਇਨਸਾਨ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਫਿਰ ਜ਼ਿੰਦਗੀ ਵਿੱਚ ਉਸ ‘ਤੇ ਅਮਲ ਕਰੇ। ਸਿੱਖ ਧਰਮ ਦੇ ਅਨੁਆਈ ਪਾਠ ਕਰਨ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਹਨ। ਸੁਖਦੇਵ ਸਿੰਘ ਨੇ ‘ਜੀਵਨ ਜੁਗਤਾਂ’ ਪੁਸਤਕ ਪ੍ਰਕਾਸ਼ਤ ਕਰਵਾਕੇ ਮਾਨਵਤਾ ਨੂੰ ਗੁਰਬਾਣੀ ਦੇ ਅਰਥ ਸਰਲ ਸ਼ਬਦਾਂ ਵਿੱਚ ਕਰਕੇ ਦਿੱਤੇ ਹਨ ਤਾਂ ਜੋ ਇਨਸਾਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਸਕੇ। ਸੁਖਦੇਵ ਸਿੰਘ ਗੁਰਮੁੱਖ ਪ੍ਰਾਣੀ ਹੈ। ਗੁਰਬਾਣੀ ਦੇ ਅਰਥ ਕਰਨਾ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਕਿਉਂਕਿ ਅੰਤਰ ਅਵਸਥਾ ਵਿੱਚ ਪਹੁੰਚੇ ਤੋਂ ਬਿਨਾ ਅਰਥ ਸੰਭਵ ਨਹੀਂ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਰਿਹਾ ਹੈ। ਉਸ ਨੇ ਇਕ ਪੁਸਤਕ ‘ਆਤਮਾ ਦੇ ਬੋਲ’ ਪਹਿਲਾਂ ਹੀ ਪ੍ਰਕਾਸ਼ਤ ਕਰਵਾਈ ਹੋਈ ਹੈ। ਜੀਵਨ ਜੁਗਤਾਂ ਉਸ ਦੀ ਦੂਜੀ ਪੁਸਤਕ ਹੈ। ਉਸ ਦਾ ਇਹ ਉਦਮ ਸ਼ਲਾਘਾਯੋਗ ਹੈ। ਇਸ ਪੁਸਤਕ ਵਿੱਚ ਗੁਰਬਾਣੀ ਦੀਆਂ ਪੰਕਤੀਆਂ ‘ਤੇ ਅਧਾਰਤ 117 ਲਘੂ ਨਿਬੰਧ ਹਨ। ਇਨ੍ਹਾਂ ਵਿੱਚੋਂ 86 ਲੇਖ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਉਦਾਹਰਣਾ ਦੇ ਕੇ ਕੀਤੇ ਗਏ ਹਨ। ਬਾਕੀ 31 ਲੇਖ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਵੱਖ-ਵੱਖ ਖੇਤਰਾਂ ਬਾਰੇ ਹਨ। ਹਰ ਲੇਖ ਇਕ ਵਿਚਾਰ ਦੀ ਵਿਆਖਿਆ ਕਰਦਾ ਹੈ। ਅਸਲ ਵਿੱਚ ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾਕੇ ਉਸ ਨੇ ਸਰਲ ਸ਼ਬਦਾਂ ਵਿੱਚ ਉਨ੍ਹਾਂ ਦੀ ਵਿਆਖਿਆ ਕਰਕੇ ਇਨਸਾਨੀਅਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ। ਉਸ ਨੇ ਵਿਆਖਿਆ ਕਰਨ ਸਮੇਂ ਬਰਾਬਰ ਉਦਾਹਰਣਾ ਵੀ ਦਿੱਤੀਆਂ ਹਨ। ਲੇਖਕ ਅਨੁਸਾਰ ਵਾਹਿਗੁਰੂ ਇਨਸਾਨ ਦੇ ਅੰਦਰ ਹੀ ਵਸਦਾ ਹੈ। ਉਹ ਹੀ ਸਾਨੂੰ ਗਿਆਨ ਦਿੰਦਾ ਹੈ। ਸਾਡਾ ਗਿਆਨ ਹਰ ਥਾਂ ਸਾਡਾ ਰਖਵਾਲਾ ਬਣਦਾ ਹੈ। ਬਿਬੇਕ ਬੁੱਧ ਅੰਦਰਮੁਖੀ ਹੁੰਦਾ ਹੈ ਤੇ ਗਿਆਨ ਬਾਹਰਮੁਖੀ ਵੀ ਹੁੰਦਾ ਹੈ। ਇਸ ਲਈ ਸਾਨੂੰ ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਨਹੀਂ ਸਗੋਂ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਗੁਰਬਾਣੀ ਵਿੱਚ ਕਈ ਤੁਕਾਂ ਨੂੰ ਪਾਠਕ ਪੜ੍ਹ ਕੇ ਗ਼ਲਤ ਅਰਥ ਕੱਢਦੇ ਹਨ, ਉਨ੍ਹਾਂ ਆਪਣੇ ਲੇਖਾਂ ਵਿੱਚ ਦੱਸਿਆ ਹੈ ਕਿ ਉਸ ਦੇ ਨਾਲ ਦੀ ਅਗਲੀ ਤੁਕ ਪੜ੍ਹਕੇ ਅਰਥ ਸਮਝਣੇ ਚਾਹੀਦੇ ਹਨ ਤਾਂ ਜੋ ਵਹਿਮ ਭਰਮਾ ਤੋਂ ਖਹਿੜਾ ਛੁਡਾਇਆ ਜਾ ਸਕੇ।  ਗੁਰਬਾਣੀ ਸਰਬਵਿਆਪੀ ਹੈ। ਹਰ ਇਕ ਇਨਸਾਨ ‘ਤੇ ਇਕਸਾਰਤਾ ਨਾਲ ਲਾਗੂ ਹੁੰਦੀ ਹੈ। ਹਰ ਕੰਮ ਕਿਸੇ ਨਿਯਮ ਅਧੀਨ ਹੁੰਦਾ ਹੈ। ਸੰਸਾਰ ਨਿਯਮ ਅਨੁਸਾਰ ਚਲਦਾ ਹੈ। ਗੁਰਬਣੀ ਦੇ ਸਿਰਫ਼ ਸ਼ਬਦੀ ਅਰਥ ਨਾ ਕੱਢੇ  ਜਾਣ ਸਗੋਂ ਉਨ੍ਹਾਂ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦੇ ਸਾਰੇ ਲਘੂ ਲੇਖਾਂ ਵਿੱਚ ਗੁਰਬਾਣੀ ਦੇ ਸ਼ਬਦੀ ਅਰਥਾਂ ਦੀ ਥਾਂ ਭਾਵਨਾ ਨੂੰ ਸਮਝਣ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਕਰਕੇ ਕਈ ਵਾਰ ਦੁਹਰਾਓ ਮਹਿਸੂਸ ਹੁੰਦਾ ਹੈ। ਹਰ ਲੇਖ ਵਿੱਚ ਉਹ ਢੁਕਵੀਂ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਪੁਸਤਕ ਲਿਖਣ ਦੀ ਉਸਦੀ ਭਾਵਨਾ ਹੈ ਕਿ ਕੋਈ ਵੀ ਗੁਰਮੁੱਖ ਗੁਰਬਾਣੀ ਦਾ ਪਾਠ ਕਰਨ ਅਤੇ ਸਮਝਣ ਲੱਗਿਆਂ ਮਨਮਤ ਨਾ ਹੋਵੇ। ਸਗੋਂ ਗੁਰਬਾਣੀ ਦੀ ਭਾਵਨਾ ਅਨੁਸਾਰ ਵਿਵਹਾਰ ਕਰੇ। ਮਨ ਬਾਹਰਮੁਖੀ ਹੁੰਦਾ ਹੈ। ਇਸ ਲਈ ਉਹ ਲਾਲਚ ਵਸ ਹੁੰਦਾ ਹੈ। ਲੇਖਕ ਅਨੁਸਾਰ ਇਨਸਾਨ ਵਿੱਚ ਆਤਮਾ, ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਹੁੰਦੀਆਂ ਹਨ, ਭਾਵ ਸੋਚ ਸ਼ਕਤੀ, ਵਿਚਾਰ ਸ਼ਕਤੀ ਅਤੇ ਕਾਰਜ ਸ਼ਕਤੀ, ਗੁਰਬਾਣੀ ਦਾ ਉਪਦੇਸ਼ ਇਨ੍ਹਾਂ ਦੇ ਆਲੇ ਦੁਆਲੇ ਘੁੰਮਦਾ ਹੈ। ਕਈ ਕਥਾਵਾਚਕ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਕਈ ਸ਼ੰਕੇ ਖੜ੍ਹੇ ਕਰ ਜਾਂਦੇ ਹਨ। ਪੁਜਾਰੀਕਰਨ ਦੀ ਪ੍ਰਵਿਰਤੀ ਭਾਰੂ ਹੋਣ ਨਾਲ ਗੁਰਬਾਣੀ ਦੇ ਸਹੀ ਅਰਥ ਨਹੀਂ ਹੋ ਰਹੇ। ਗੁਰਬਾਣੀ ਕਰਮਕਾਂਡ ਦਾ ਖੰਡਨ ਕਰਦੀ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੰਗਾ ਮਾੜਾ ਜੋ ਇਨਸਾਨ ਕਰਦਾ ਹੈ? ਉਹ ਆਪਣੀ ਵਿਵੇਕ ਬੁੱਧੀ ਦੀ ਵਰਤੋਂ ਕਰਦਿਆਂ ਕਰਦਾ ਹੈ। ਪਰਮਾਤਮਾ ਲਈ ਤਾਂ ਸਾਰੇ ਪ੍ਰਾਣੀ ਬਰਾਬਰ ਹਨ। ਰੱਬ ਹਰ ਇਨਸਾਨ ਦੇ ਅੰਦਰ ਵਸਦਾ ਹੈ। ਇਸ ਦੀ ਪਛਾਣ ਕਰਨੀ ਅਤਿਅੰਤ ਜ਼ਰੂਰੀ ਹੈ। ਰੱਬ ਕੁਦਰਤੀ ਸ਼ਕਤੀ ਹੈ। ਬਾਹਰਮੁੱਖੀ ਪਹਿਰਾਵੇ ਵਾਲਾ ਗੁਰਮੁਖ ਨਹੀਂ ਸਗੋਂ ਚੰਗੇ ਗੁਣਾ ਦਾ ਧਾਰਨੀ ਪੂਰਨ ਸਿੱਖ ਹੈ।  ਰੱਬੀ ਗੁਣਾ ਨੂੰ ਧਾਰਨ ਕਰਨ ਵਾਲਾ ਸਿੱਖ ਹੈ, ਉਸਨੂੰ ਮਾਨਸਿਕ ਪ੍ਰੇਸ਼ਾਨੀ ਨਹੀਂ ਆਵੇਗੀ। ਗੁਰਬਾਣੀ ਮਨ ਅਤੇ ਆਤਮਾ ਲਈ ਹੈ। ਨਕਾਰਤਮਿਕਤਾ ਛੱਡਣ ਨਾਲ ਸੁੱਖ ਮਿਲਦਾ ਹੈ। ਇਨਸਾਨ ਨੂੰ ਸਾਕਾਰਾਤਮਿਕ ਹੋਣਾ ਚਾਹੀਦਾ ਹੈ। ਭਗਤੀ ਮਾਲਾ ਫੇਰਨ, ਮੱਥੇ ਟੇਕਣ ਜਾਂ ਸ਼ਬਦ ਜਪਣ ਨੂੰ ਨਹੀਂ ਕਿਹਾ ਗਿਆ। ਸਦਗੁਣਾ ਤੇ ਅਮਲ ਕਰਨਾ ਭਗਤੀ ਹੈ। ਜਦੋਂ ਭਗਤੀ ਨੂੰ ਲਾਲਚ ਨਾਲ ਜੋੜ ਦਿੰਦੇ ਹਾਂ ਤਾਂ ਨਾ ਲਾਲਚ ਪੂਰਾ ਹੁੰਦਾ ਤੇ ਨਾ ਹੀ ਸ਼ਾਂਤੀ ਮਿਲਦੀ ਹੈ। ਇਹ ਕਰਮਕਾਂਡ ਹਨ।  ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਹਰ ਇੱਕ ਦਾ ਬਿਬੇਕ ਹੀ ਉਸ ਦਾ ਰੱਬ ਹੈ। ਜਿਹੜਾ ਇਨਸਾਨ ਆਪਣੀ ਬਿਬੇਕ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਹ ਕਈ ਵਾਰ ਆਤਮਿਕ ਮੌਤ ਮਰਦਾ ਹੈ। ਜਦੋਂ ਵਿਅਕਤੀ ਰੱਬੀ ਗੁਣਾਂ ਨਾਲ ਜੀਵਨ ਜਿਓਣ ਲੱਗ ਜਾਂਦਾ ਹੈ ਤਾਂ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਜਦੋਂ ਇਨਸਾਨ ਗੁਰਬਾਣੀ ਰਾਹੀਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਲਾਲਚ ਵੱਸ ਪੈ ਜਾਂਦੇ ਹਨ ਤਾਂ ਰਾਹੋਂ ਕੁਰਾਹੇ ਪੈ ਜਾਂਦੇ ਹਨ। ਗੁਰਬਾਣੀ ਵਿੱਚ ਜਦੋਂ ਸ਼ਬਦ ਸੰਤ, ਭਗਤ, ਸਾਧ ਤੇ ਬ੍ਰਹਮਗਿਆਨੀ ਆਦਿ ਆਉਂਦਾ ਹੈ ਤਾਂ ਗੁਣਵਾਚਕ ਸਮਝਣੇ ਚਾਹੀਦੇ ਹਨ, ਵਿਅਕਤੀ ਵਾਚਕ ਨਹੀਂ। ਇਹ ਸ਼ਬਦ ਕਿਰਦਾਰ ਲੲਂੀ ਹਨ, ਪਹਿਰਾਵੇ ਲਈ ਨਹੀਂ। ਧਰਮ ਇਕ ਸੱਚਾ ਸੁੱਚਾ ਕਿਰਦਾਰ ਹੈ। ਕਿਰਦਾਰ ਤੋਂ ਭਾਵ ਰੱਬੀ ਗੁਣਾਂ ਵਾਲੀ ਸੋਚ ਨਾਲ ਵਿਵਹਾਰ ਕਰਨਾ। ਸਾਕਾਰਾਤਮਿਕ ਜ਼ਿੰਦਗੀ ਜਿਓਣ ਨੂੰ ਸਫ਼ਲ ਜਿਓਣਾ ਕਿਹਾ ਜਾਂਦਾ ਹੈ। ਨਾਮ ਸਿਮਰਨ ਨਾਲ ਮਾਨਸਿਕ ਦੁੱਖਾਂ ਦਾ ਖ਼ਤਮਾ ਹੁੰਦਾ ਹੈ। ਸਰੀਰਕ ਦੁੱਖਾਂ ਲਈ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਜਦੋਂ ਇਨਸਾਨ ਭਗਤਾਂ, ਸੰਤਾਂ ਅਤੇ ਬ੍ਰਹਮਵਿਆਨੀਆਂ ਵਾਲੇ ਗੁਣ ਗ੍ਰਹਿਣ ਕਰ ਲਵੇਗਾ ਤਾਂ ਉਹ ਆਪ ਹੀ ਸੰਤ ਬਣ ਜਾਵੇਗਾ। ਗੁਰਬਾਣੀ ਮਨ ਅਤੇ ਆਤਮਾ ਦੀ ਖ਼ੁਰਾਕ ਹੈ, ਮਨ ਤੇ ਆਤਮਾ ਲਈ ਉਪਦੇਸ਼ ਹੈ। ਗੁਰਬਾਣੀ ਗੁਰੂ ਜੀ ਅਤੇ ਰੱਬ ਜੀ ਦਾ ਆਪਸੀ ਵਾਰਤਾਲਾਪ ਹੈ। ਰੱਬੀ ਗੁਣਾਂ ਭਰਪੂਰ ਜ਼ਿੰਦਗੀ ਜਿਓਣ ਨਾਲ ਹੀ ਦੁੱਖ, ਸੰਤਾਪ ਤੇ ਕਲੇਸ਼ ਖ਼ਤਮ ਹੋ ਸਕਦੇ ਹਨ। ਇਹ ਸਭ ਕੁਝ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਭਾਵ ਆਤਮਾ ਦੀ ਸ਼ਾਂਤੀ ਜਾਂ ਸੁੱਖ ਆਪ ਕਮਾਉਣੇ ਪੈਂਦੇ ਹਨ। ਜਦ ਤੱਕ ਰੱਬੀ ਗੁਣਾਂ ਦੇ ਧਾਰਨੀ ਨਹੀਂ ਬਣਾਂਗੇ ਕੋਈ ਲਾਭ ਸੰਭਵ ਨਹੀਂ ਹੋ ਸਕਦਾ। ਗੁਰਬਾਣੀ ਇਨਸਾਨ ਨੂੰ ਸਬਰ ਸੰਤੋਖ ਦਾ ਸੰਦੇਸ਼ ਦਿੰਦੀ ਹੈ, ਸੱਚਾ ਸੁੱਚਾ ਤੇ ਧਰਮੀ ਜੀਵਨ ਜਿਓਣ ਦੀ ਜਾਚ ਸਿਖਾਉਂਦੀ ਹੈ। ਇਸ ਲਈ ਸਿੱਖੀ ਵਿੱਚ ਕਿਸੇ ਵੀ ਮਸਲੇ ਤੇ ਧਾਰਮਿਕ ਸੇਧ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵਸ੍ਰੇਸ਼ਟ ਮੰਨਿਆਂ ਗਿਆ ਹੈ। ਮਨ ਤੇ ਆਤਮਾ ਦੀ ਬੇਚੈਨੀ ਇਨਸਾਨ ਲਈ ਬਿਮਾਰੀ ਦਾ ਕਾਰਨ ਬਣਦੀ ਹੈ। ਇਨਸਾਨ ਪੁਜਾਰੀਵਾਦ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਜੋ ਸਹੀ ਨਹੀਂ। ਕੀਰਤਨਂੀ ਜੱਥਿਆਂ ਅਤੇ ਧਾਰਮਿਕ ਪ੍ਰਚਾਰਕਾਂ ਨੂੰ ਸੰਗਤ ਨੂੰ ਭੁਲੇਖਿਆਂ ‘ਚੋਂ ਬਾਹਰ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸ਼ੁਭ ਕਰਮ ਭਾਵ ਚੰਗੇ ਕੰਮ, ਲੋਕ ਭਲਾਈ, ਲੋੜਵੰਦ ਦੀ ਮਦਦ, ਦੁੱਖੀ ਦਾ ਦੁੱਖ ਵੰਡਾਉਣਾ ਆਦਿ ਸੇਵਾ ਹੈ। ਬਾਕੀ ਸਭ ਕਰਮਕਾਂਡ ਹਨ। ਸਤਿਗੁਰ ਦਿਆਲ ਉਦੋਂ ਹੁੰਦਾ ਹੈ ਜਦੋਂ ਇਨਸਾਨ ਰੱਬੀ ਗੁਣਾਂ ਨਾਲ ਇਕਮਿਕ ਹੋ ਜਾਂਦਾ ਹੈ। ਗੁਰਬਾਣੀ ਅੰਤਰਮੁਖੀ ਮਸਲਿਆਂ ਬਾਰੇ ਗੱਲ ਕਰਦੀ ਹੈ, ਉਹ ਸਾਡੇ ਅੰਦਰਮੁਖੀ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਸਰੀਰਕ ਕਿਰਿਆ ਨਾਲ ਨਹੀਂ ਸਰਨਾ ਮਨ ਅਤੇ ਆਤਮਾ ਨੂੰ ਵੀ ਪਵਿਤਰ ਰੂਪ ਵਿੱਚ ਉਸ ਕਿਰਿਆ ਵਿੱਚ ਸ਼ਾਮਲ ਕਰਨਾ ਹੋਵੇਗਾ।
  ਜੀਵਨ ਜੁਗਤਾਂ ਪੁਸਤਕ ਦਾ ਮੁੱਖ ਕਵਰ ਸਚਿਤਰ ਰੰਗਦਾਰ ਅਤੇ ਦਿਲ ਨੂੰ ਮੋਹਣ ਵਾਲਾ ਹੈ। 220 ਪੰਨਿਆਂ, 280 ਰੁਪਏ ਕੀਮਤ ਵਾਲੀ ਇਹ ਪੁਸਤਕ ਦੇਵਸ਼ੀਲਾ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਭਵਿਖ ਵਿੱਚ ਸੁਖਦੇਵ ਸਿੰਘ ਤੋਂ ਹੋਰ ਸਿਖਿਆਦਾਇਕ ਪੁਸਤਕਾਂ ਲਿਖਣ ਦੀ ਉਮੀਦ ਕਰਦਾ ਹਾਂ। ਇਸ ਪੁਸਤਕ ਲਈ ਵਧਾਈ ਦਿੰਦਾ ਹਾਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ’ ਸਾਹਿਤਕ ਵਿਅੰਗ -   ਉਜਾਗਰ ਸਿੰਘ

ਰਵਿੰਦਰ ਸਿੰਘ ਸੋਢੀ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਹੁਣ ਤੱਕ ਆਲੋਚਨਾ, ਨਾਟਕ, ਜੀਵਨੀ, ਕਵਿਤਾ ਅਤੇ ਸਾਹਿਤ ਦੇ ਹੋਰ ਰੂਪਾਂ ਵਿੱਚ ਇਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਨੇ ਇਕ ਪੁਸਤਕ ਹਿੰਦੀ ਵਿੱਚ ਵੀ ਪ੍ਰਕਾਸ਼ਤ ਕਰਵਾਈ ਹੈ। ਇੱਕ ਅਧਿਆਪਕ ਹੋਣ ਕਰਕੇ ਉਸ ਨੂੰ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੀ ਜਾਣਕਾਰੀ ਹੈ। ਉਨ੍ਹਾਂ ਦਾ ‘ਅੱਧਾ ਅੰਬਰ ਅੱਧੀ ਧਰਤੀ’ ਦੂਜਾ ਕਾਵਿ ਸੰਗ੍ਰਹਿ ਹੈ। ਪਹਿਲਾ ਕਾਵਿ ਸੰਗ੍ਰਹਿ 2008 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਕਾਵਿ ਸੰਗ੍ਰਹਿ ਵਿੱਚ ਜ਼ਿੰਦਗੀ ਦੀਆਂ ਅਟੱਲ ਸਚਾਈਆਂ ‘ਤੇ ਅਧਾਰਤ 160 ਕਾਵਿ ਟੱਪੇ ਹਨ। ਮੇਰੀ ਸੋਚ ਅਨੁਸਾਰ ਕਾਵਿ ਟੱਪਿਆਂ ਦਾ ਇਹ ਨਵਾਂ ਸਾਹਿਤਕ ਰੂਪ ਹੈ। ਹਰ  ਇੱਕ ਟੱਪੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਹਿੱਸੇ ਵਿੱਚ ਵਰਤਮਾਨ ਕਾਨੂੰਨ, ਪਰੰਪਰਾ, ਸਮਾਜਿਕ ਵਿਸੰਗਤੀਆਂ ਬਾਰੇ ਲਿਖਿਆ ਹੈ, ਦੂਜੇ ਹਿੱਸੇ ਵਿੱਚ ਉਸ ‘ਤੇ ਸਮਾਜ ਕੀ ਅਮਲ ਕਰ ਰਿਹਾ ਹੈ, ਉਸ ਨੂੰ ਵਿਅੰਗਾਤਮਿਕ ਢੰਗ ਨਾਲ ਲਿਖਿਆ ਗਿਆ ਹੈ। ਇੱਕ ਕਿਸਮ ਨਾਲ ਸਮਾਜ ਨੂੰ ਵਿਅੰਗ ਰਾਹੀਂ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਇਹ ਕਾਵਿ ਸੰਗ੍ਰਹਿ ਵਿਚਾਰ ਪ੍ਰਧਾਨ ਕਵਿਤਾਵਾਂ ਦਾ ਪੁਲੰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਸੰਵੇਦਨਸ਼ੀਲ ਅਤੇ ਸਰਲ ਸ਼ਬਦਾਵਲੀ ਵਿੱਚ ਲਿਖੀਆਂ ਹੋਈਆਂ ਹਨ। ਲੋਕ ਬੋਲੀ ਵਿੱਚ ਹੋਣ ਕਰਕੇ ਬਹੁਤ ਜਲਦੀ ਸਮਝੀਆਂ ਜਾਂਦੀਆਂ ਹਨ। ਇਕ ਵਿਦਵਾਨ ਅਧਿਆਪਕ ਹੋਣ ਕਰਕੇ ਵਿਚਾਰ ਪ੍ਰਧਾਨ ਕਵਿਤਾ ਲਿਖਣਾ ਕੁਦਰਤੀ ਹੈ। ਉਨ੍ਹਾਂ ਦੀਆਂ ਕਵਿਤਾਵਾਂ ਅਨੁਸਾਰ ਸਮਾਜ ਸਥਾਪਤ ਕਾਨੂੰਨਾਂ ਅਤੇ ਪਰੰਪਰਾਵਾਂ ‘ਤੇ ਪਹਿਰਾ ਦੇਣ ਦੀ ਥਾਂ ਉਲੰਘਣਾ ਕਰ ਰਿਹਾ ਹੈ। ਵੈਸੇ ਤਾਂ ਸਾਰਾ ਹੀ ਕਾਵਿ ਸੰਗ੍ਰਹਿ ਸਮਾਜਿਕ ਤਾਣੇ ਬਾਣੇ ਵਿੱਚ ਫ਼ੈਲੀਆਂ ਬੁਰਾਈਆਂ, ਅਲਾਮਤਾਂ ਬਾਰੇ ਤਿੱਖਾ ਵਿਅੰਗ ਕਰਦਾ ਹੈ ਪਰੰਤੂ ਇਸ ਕਾਵਿ ਸੰਗ੍ਰਹਿ ਦਾ ਪਹਿਲਾ ਹੀ ‘ਲਾਲ ਬੱਤੀ’ ਸਿਰਲੇਖ  ਵਿੱਚ ਲਿਖਿਆ ਕਾਵਿ ਟੱਪਾ ਸਮਾਜਿਕ ਬੁਰਾਈ ਲਈ ਸ਼ਰਮਸਾਰ ਕਰਦਾ ਹੈ। ‘ਗੰਧਲੇ ਰਿਸ਼ਤੇ’ ਸਿਰਲੇਖ ਵਿੱਚ ਕਵੀ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ ਪਰੰਤੂ ਅਸੀਂ ਤਿੰਨਾਂ ਨੂੰ ਗੰਧਲੇ ਕਰਕੇ ਰਿਸ਼ਤੇ ਵੀ ਗੰਧਲੇ ਕਰ ਦਿੱਤੇ ਹਨ। ਭਾਵ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਵੀ ਮੁਨਕਰ ਹੋ ਗਏ ਹਾਂ। ਇਕ ਪਾਸੇ ਅਖੌਤੀ ਪਤਵੰਤੇ ਆਪਣੀਆਂ ਕਾਰਾਂ ‘ਤੇ ਲਾਲ ਬੱਤੀਆਂ ਲਗਾ ਕੇ ਆਪਣੀ ਹਓਮੈ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਆਤਮਾ ਵੇਚ ਰਹੇ ਹਨ ਪਰੰਤੂ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਵਿੱਚ ਇਸਦੇ ਉਲਟ ਲਾਲ ਬੱਤੀ ਇਲਾਕਿਆਂ ਵਿੱਚ ਸਰੀਰ ਵਿਕ ਰਹੇ ਹਨ।
ਰਾਜ ਦੀ ਰਾਜਧਾਨੀ ਤੋਂ
ਦੇਸ਼ ਦੀ ਰਾਜਧਾਨੀ ਤੱਕ
ਲਾਲ ਬੱਤੀ ਵਾਲੀਆਂ ਕਾਰਾਂ
ਲਾਲ ਬੱਤੀ ਇਲਾਕਿਆਂ ਦੀ ਪੁੱਛ
ਕਿਤੇ ਆਤਮਾ ਵਿਕਾਊ
ਕਿਤੇ ਸਰੀਰ?
   ਕਵੀ ਨੇ ਕਿਤਨਾ ਡੂੰਘਾ ਵਿਅੰਗ ਕਸਿਆ ਹੈ। ਰਵਿੰਦਰ ਸਿੰਘ ਸੋਢੀ ਦੀਆਂ ਇਨ੍ਹਾਂ ਨਿੱਕੀਆਂ-ਨਿੱਕੀਆਂ ਲਗਪਗ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਦਿਲਚਸਪ ਹਨ। ਸਿਰਲੇਖ ਨੂੰ ਪੜ੍ਹਨ ਸਾਰ ਹੀ ਕਵਿਤਾ ਦੀ ਭਾਵਨਾ ਦਾ ਪਤਾ ਲੱਗ ਜਾਂਦਾ ਹੈ। ਕਵੀ ਦੀਆਂ ਕਵਿਤਾਵਾਂ ਦੀ ਵਿਅੰਗਾਤਮਿਕ ਚੋਟ ਬਹੁਤ ਹੀ ਤੀਖਣ ਹੈ ਜੋ ਪਾਠਕਾਂ ਦੇ ਮਨਾਂ ਝੰਜੋੜਦੀ ਹੋਈ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਵੇਖਣ ਅਤੇ ਪੜ੍ਹਨ ਨੂੰ ਇਹ ਕਾਵਿ ਟੱਪੇ ਨਿੱਕੇ ਲਗਦੇ ਹਨ ਪਰੰਤੂ ਇਨ੍ਹਾਂ ਦੇ ਅਰਥ ਅਤੇ ਪ੍ਰਭਾਵ ਬਹੁਤ ਵੱਡੇ ਅਤੇ ਗਹਿਰੇ ਹਨ। ਦੋ ਅਕਤੂਬਰ, ਚੌਦਾਂ ਨਵੰਬਰ ਅਤੇ ਦੀਵਾਲੀ ਆਦਿ ਸਿਰਲੇਖਾਂ ਵਾਲੀਆਂ ਕਵਿਤਾਵਾਂ ਕੌਮੀ ਪੱਧਰ ਤੇ ਮਨਾਏ ਜਾਂਦੇ ਤਿਓਹਾਰਾਂ ਬਾਰੇ ਹਨ। ਅਜਿਹੇ ਤਿਓਹਾਰਾਂ ਦੇ ਸ਼ਾਬਦਿਕ ਅਰਥ ਤੇ ਪ੍ਰਭਾਵ ਭਾਵੇਂ ਕੁਝ ਵੀ ਹੋਣ ਪਰੰਤੂ ਅਸਲੀਅਤ ਇਸ ਦੇ ਉਲਟ ਹੁੰਦੀ ਹੈ। ਰਵਿੰਦਰ ਸਿੰਘ ਸੋਢੀ ਨੇ ਕਮਾਲ ਹੀ ਕਰ ਦਿੱਤੀ ਕਿਉਂਕਿ ਸਮਾਜ ਦੀ ਅਜਿਹੀ ਕੋਈ ਵਿਸੰਗਤੀ ਰਹਿ ਨਹੀਂ ਗਈ ਜਿਸ ਬਾਰੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਿਅੰਗ ਨਾ ਕੀਤਾ ਹੋਵੇ। ਸਰਕਾਰਾਂ ਵਿੱਚ ਵੱਧ ਰਹੇ ਭਰਿਸ਼ਟਾਚਾਰ ਬਾਰੇ ਉਨ੍ਹਾਂ ਨੇ ਮਹੀਨਾ ਵਸੂਲੀ, ਖਾਲੀ ਕੁਰਸੀਆਂ, ਆਪਣੀ ਆਪਣੀ ਖ਼ੁਸ਼ੀ, ਸੇਕ, ਬਿਜਲੀ, ਸੁਧਾਰ ਘਰ ਵਿੱਚ ਹਰ ਕਦਮ ‘ਤੇ ਹੋ ਰਹੇ ਭਰਿਸ਼ਟਾਚਾਰ ਦਾ ਵਿਵਰਣ ਦਿੱਤਾ ਹੈ। ਉਨ੍ਹਾਂ ਸਰਕਾਰ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਿਆ ਹੈ-
ਮਹਿੰਗਾਈ
ਕਾਬੂ ‘ਚ ਨਹੀਂ
ਅਫ਼ਸਰਸ਼ਾਹੀ
ਹੋ ਗਈ ਬੇਲਗ਼ਾਮ
ਸਰਕਾਰ ਸਾਡੀ
ਸ਼ਾਇਦ
ਹੋ ਗਈ ਨਿਲਾਮ
ਭਰਿਸ਼ਟਾਚਾਰ ਬਾਰੇ ਬੇਬਾਕੀ ਨਾਲ ਇਸ ਤੋਂ ਵੱਡੀ ਕਿਹੜਂੀ ਗੱਲ ਕੀਤੀ ਜਾ ਸਕਦੀ ਹੈ। ਭਾਵ ਭਰਿਸ਼ਟਾਚਾਰ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਅਤੇ ਸਰਕਾਰ ਦੀ ਨੀਲਾਮੀ ਹੋਈ ਪਈ ਹੈ। ਇਸੇ ਤਰ੍ਹਾਂ ਭਰਿਸ਼ਟਾਚਾਰ ਬਾਰੇ ਇਕ ਹੋਰ ਕਵਿਤਾ ਅਧਰੰਗ ਵਿੱਚ ਲਿਖਦੇ ਹਨ-
ਰਿਸ਼ਵਤ ਵਿਰੋਧੀ ਅਫ਼ਸਰ
ਰਿਸ਼ਵਤ ਖ਼ੋਰ ਹੋ ਗਿਐ
Ñਲੋਕ-ਰਾਜ ਸਾਡਾ
ਅਧਰੰਗ ਦਾ
ਸ਼ਿਕਾਰ ਹੋ ਗਿਐ
 ਸਮਾਜ ਵਿੱਚ ਵਿਭਚਾਰ ਦੀ ਪ੍ਰਵਿਰਤੀ ਭਾਰੂ ਹੈ। ਵਿਭਚਾਰ ਭਰਿਸ਼ਟਾਚਾਰ ਤੋਂ ਵੀ ਵੱਧ ਖ਼ਤਰਨਾਕ ਕਿਹਾ ਜਾ ਸਕਦਾ ਹੈ, ਜਿਸ ਸੰਬੰਧੀ ਕਵੀ ਨੇ ਘਿਓ-ਖਿਚੜੀ, ਸੂਰਜ ਦੀ ਰੌਸ਼ਨੀ, ਇੰਤਜ਼ਾਰ-1 ਆਦਿ ਕਵਿਤਾਵਾਂ ਵਿੱਚ ਲਿਖਿਆ ਹੈ। ਕਵੀ ਨੇ ਇਸ ਸੰਗ੍ਰਹਿ ਵਿੱਚ 160 ਕਾਵਿ ਟੱਪੇ ਅਤੇ  ਆਦਿਕਾ ਅਤੇ ਅੰਤਿਕਾ ਦੋ ਕਵਿਤਾਵਾਂ ਦਿੱਤੀਆਂ ਹਨ। ਇਹ ਕਾਵਿ ਟੱਪੇ ਇਤਨੇ ਦਿਲਚਸਪ ਅਤੇ ਵਿਅੰਗਾਤਮਿਕ ਹਨ ਕਿ ਪਾਠਕ ਪੂਰਾ ਕਾਵਿ ਸੰਗ੍ਰਹਿ ਪੜ੍ਹੇ ਤੋਂ ਬਿਨਾ ਹਟ ਨਹੀਂ ਸਕਦਾ। ਇਸ ਦੀ ਵਜਾਹ ਇਹ ਹੈ ਕਿ ਅਜੋਕੇ ਹਾਲਾਤ ਵਿੱਚ ਸਮੁੱਚਾ ਸਮਾਜ ਇਨ੍ਹਾਂ ਵਿਸੰਗਤੀਆਂ ਤੋਂ ਪ੍ਰਭਾਵਤ ਅਤੇ ਦੁੱਖੀ ਹੈ। ਰਾਜਨੀਤਕ, ਅਫ਼ਸਰਸ਼ਾਹੀ ਅਤੇ ਸਮਾਜ ਦੇ ਪਤਵੰਤੇ ਲੋਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ। ਇਨ੍ਹਾਂ ਕਾਵਿ ਟੱਪਿਆਂ ਵਿੱਚ ਰਵਿੰਦਰ ਸਿੰਘ ਸੋਢੀ ਨੇ ਇਹੋ ਊਣਤਾਈਆਂ ਨੂੰ ਕਾਵਿਕ ਰੂਪ ਵਿੱਚ ਲਿਖਕੇ ਸਮਾਜ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੇ। ਕੁੜੀਆਂ ਤੇ ਚਿੜੀਆਂ ਕਵਿਤਾ ਸਮਾਜ ਅਤੇ ਖਾਸ ਤੌਰ ‘ਤੇ ਇਸਤਰੀਆਂ ਦੀ ਸੋਚ ਤੇ ਡੂੰਘੀ ਕਟਾਕਸ਼ ਕਰਦੀ ਹੈ। ਇਸ ਕਵਿਤਾ ਵਿੱਚ ਕੁੜੀਆਂ ਨੂੰ ਚਿੜੀਆਂ ਕਹਿਣ ਬਾਰੇ ਕਵੀ ਕਹਿੰਦਾ ਹੈ ਕਿ ਕੁੜੀਆਂ ਨਾਲੋਂ ਚਿੜੀਆਂ ਵਧੇਰੇ ਗੁਣਵਾਨ ਹਨ ਕਿਉਂਕਿ ਉਹ ਆਪਣੇ ਬੱਚਆਂ ਦੀ ਆਪ ਪ੍ਰਵਰਿਸ਼ ਕਰਦੀਆਂ ਹਨ। ਜਦੋਂ ਕਿ ਕੁੜੀਆਂ ਆਪਣੇ ਬੱਚਿਆਂ ਨੂੰ ਕ੍ਰੈਚਾਂ ਦੇ ਸਹਾਰੇ ਛੱਡ ਕੇ ਪਾਲ ਦੀਆਂ ਹਨ। ਭਰੂਣ ਹੰਤਿਆ ਵਿੱਚ ਕੁੜੀਆਂ ਦੇ ਯੋਗਦਾਨ ਬਾਰੇ ਵੀ ਕਵੀ ਚਿੰਤਾ ਪ੍ਰਗਟ ਕਰਦਾ ਲਿਖਦਾ ਹੈ ਕਿ ਉਹ Çਲੰਗ ਟੈਸਟ ਕਰਵਾਉਣ ਨੂੰ ਪਹਿਲ ਦਿੰਦੀਆਂ ਹਨ ਜੋ ਸਹੀ ਸੋਚ ਨਹੀਂ ਹੈ।
ਰਾਜਨੀਤੀ ਸੰਬੰਧੀ ਲੋਕਤੰਤਰ ਦੀ ਚਾਦਰ, ਰਾਜਨੀਤੀ ਅਤੇ ਧਰਮ, ਕੁਰਬਾਨੀ ਦਾ ਮੁੱਲ, ਸ਼ਤਰੰਜ ਦੀ ਖੇਡ,ਲੋਕ ਨੁਮਾਇੰਦੇ, ਲੋਕਾਂ ਦੀਆਂ ਮੁਸੀਬਤਾਂ, ਪ੍ਰਸ਼ਨ-ਉਤਰ, ਦੁਨਿਆਵੀ ਸ਼ਕਤੀ, ਕੁਰਸੀ ਦਾ ਮੋਹ, ਮਹੀਨਾ ਵਸੂਲੀ ਆਦਿ ਕਵਿਤਾਵਾਂ ਰਾਜਨੀਤੀਤਕ ਲੋਕਾਂ ਦੀਆਂ ਆਪ ਹੁਦਰੀਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਕਵੀ ਦੀਆਂ ਕਾਵਿ ਵੰਨਗੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਜਿਵੇਂ, ਦਾਜ ਦਹੇਜ, ਭਰੂਣ ਹੱਤਿਆ, ਭਰਿਸ਼ਟਾਚਾਰ,  ਗ਼ਰੀਬੀ, ਨੈਤਿਕਤਾ, ਹਓਮੈ, ਰਾਜਨੀਤੀ, ਵਿਭਚਾਰ, ਕਾਮ, ਮਹਿੰਗਾਈ, ਵਾਤਾਵਰਨ, ਨਸ਼ੇ, ਪ੍ਰਵਾਸ ਆਦਿ ਹਨ। ਪ੍ਰਵਾਸ ਵਿੱਚ ਵਸਣ ਲਈ ਪੰਜਾਬੀ ਨੈਤਿਕ ਤੌਰ ‘ਤੇ ਇਤਨੇ ਗਿਰ ਗਏ ਹਨ ਕਿ ਉਹ ਆਪਣੇ ਨਜ਼ਦੀਕੀ ਸੰਬੰਧੀਆਂ ਨਾਲ ਹੀ ਵਿਆਹ ਕਰਵਾਉਣ ਤੋਂ ਸੰਕੋਚ ਨਹੀਂ ਕਰਦੇ। ਸ਼ਾਇਰ ਤਿੰਨ ਸ਼ਿਅਰਾਂ ਵਿਅੰਗ ਕਰਦਾ ਲਿਖਦਾ ਹੈ-
ਕਿਹੜੇ ਪੈ ਗਏ ਓ ਚੱਕਰਾਂ ‘ਚ
ਕੱਚੇ-ਪੱਕੇ ਵਿਆਹ ਹੋ ਗਏ
ਬਾਹਰ ਜਾਣ ਦੇ ਚੱਕਰਾਂ ‘ਚ।
 ਨਸ਼ੇ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ। ਕੋਈ ਵਿਰਲਾ ਹੀ ਘਰ ਬਚਿਆ ਹੈ ਜਿਹੜਾ ਨਸ਼ੇ ਤੋਂ ਬਚਿਆ ਹੋਵੇ ਪਰੰਤੂ ਕਵੀ ਉਸਦਾ ਕਾਰਨ ਆਪਣੇ ਇਕ ਸ਼ਿਅਰ ਵਿੱਚ ਦੱਸ ਰਿਹਾ ਹੈ-
ਬਾਗੇ ਵਿੱਚ ਫੁੱਲ ਖਿੜਦਾ
ਪੁਲਿਸ ਦੇ ਨਾਕੇ ਬੜੇ
ਨਸ਼ਾ ਹਰ ਥਾਂ ਆਮ ਮਿਲਦਾ।
  ਇਸੇ ਤਰ੍ਹਾਂ ਪੰਜਾਬ ਵਿੱਚ ਕਾਨੂੰਨਾ ਦੀ ਉਲੰਘਣਾ ਦਾ ਰਾਮ ਰੌਲਾ ਪਿਆ ਹੋਇਆ ਹੈ। ਇਹ ਉਲੰਘਣਾਵਾਂ ਕਿਵੇਂ ਹਟਣਗੀਆਂ ਜਦੋਂ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਹੋਣ-
ਕੋਠੇ ਤੇ ਕਾਂ ਬੋਲੇ
ਕਾਨੂੰਨ ਉਹ ਬਣਾਉਣ ਲੱਗ ਪਏ
ਜਿਨ੍ਹਾਂ ਦਾ ਠਾਣਿਆਂ ‘ਚ ਨਾਂ ਬੋਲੇ।
ਰਵਿੰਦਰ ਸਿੰਘ ਸੋਢੀ ਮੁੱਢਲੇ ਤੌਰ ‘ਤੇ ਨਾਟਕਕਾਰ ਹੈ ਪ੍ਰੰਤੂ ਉਸ ਨੇ ਆਲੋਚਨਾ, ਖੋਜ ਅਤੇ ਕਵਿਤਾ ‘ਤੇ ਵੀ ਹੱਥ ਅਜਮਾਇਆ ਹੈ। ਪਿਛਲੀ ਲਗਪਗ ਅੱਧੀ ਸਦੀ ਤੋਂ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਦੀ ਪਹਿਲੀ ਆਲੋਚਨਾ ਦੀ ਪੁਸਤਕ 1974 ਵਿੱਚ ‘ਨਾਨਕ ਸਿੰਘ ਦੇ ਨਾਵਲਾਂ ਦਾ ਵਸਤੂ ਵਿਵੇਚਨ’ ਆਲੋਚਨਾ ਪ੍ਰਕਾਸ਼ਤ ਕਰਵਾਈ ਸੀ। ਉਸ ਤੋਂ ਬਾਅਦ ਚਲ ਸੋ ਚਲ ‘ਹਿੰਦ ਦੀ ਚਾਦਰ’ ਨਾਟਕ, ‘ਦੋ ਬੂਹਿਆਂ ਵਾਲਾ ਘਰ’, ਨਾਟਕ, ‘ਗੋਗਾ ਕਥਾ ਆਧੁਨਿਕ ਪਰਿਪੇਖ’ ਖੋਜ, ‘ਇੱਕ ਵਿਲੱਖਣ ਸ਼ਖ਼ਸੀਅਤ:ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ’ ਜੀਵਨੀ ਸਹਿ ਲੇਖਕ, ‘ਸੂਰਾ ਸੋ ਪਹਿਚਾਨੀਐ’ ਨਾਟਕ, ‘ਧੰਨਵਾਦ! ਧੰਨਵਾਦ! ਧੰਨਵਾਦ! ’ ਕਵਿਤਾ, ‘ਬੁੱਢੀ ਮੈਨਾ ਦਾ ਗੀਤ’ ਨਾਟਕ, ਸ੍ਰੀ ਜੈਵੰਤ ਦਲਵੀ ਦੇ ਮਰਾਠੀ ਨਾਟਕ ‘ਸੰਧਿਆ ਛਾਇਆ’ ਦਾ ਪੰਜਾਬੀ ਰੂਪ, ‘ਸ੍ਰੀ ਗੁਰੂ ਗ੍ਰੰਥ ਸਾਹਿਬ-ਮੁੱਢਲੀ ਜਾਣਕਾਰੀ’ ‘ਸਿੱਖ ਧਰਮ ਦੀਆਂ ਝਲਕੀਆਂ’, ‘ਜਿਥੇ ਬਾਬਾ ਪੈਰ ਧਰੇ’ ਨਾਟਕ ਅਤੇ ਪਰਵਾਸੀ ਕਲਮਾ ਸੰਪਾਦਿਤ ਪ੍ਰਕਾਸ਼ਤ ਕਰਵਾਈਆਂ ਹਨ।
ਸਚਿਤਰ ਰੰਗਦਾਰ ਮੁੱਖ ਕਵਰ, 94 ਪੰਨਿਆਂ, 290 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ  ਐਵਿਸ ਪਬਲੀਕੇਸ਼ਨਜ਼ ਚਾਂਦਨੀ ਚੌਕ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਰਵਿੰਦਰ ਸਿੰਘ ਸੋਢੀ ਤੋਂ ਹੋਰ ਬਿਹਤਰੀਨ ਵਿਅੰਗਾਤਮਿਕ ਕਾਵਿ ਸੰਗ੍ਰਹਿ ਦੀ ਆਸ ਕੀਤੀ ਜਾ ਸਕਦੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ 'ਰੂਹ ਦੇ ਰੰਗ' ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ


  ਗ਼ਜ਼ਲ ਨੂੰ ਹੁਣ ਤੱਕ ਰੁਮਾਂਸਵਾਦ ਵਿੱਚ ਪਰੁਚੀ ਇਸਤਰੀਲਿੰਗ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਗ਼ਜ਼ਲ ਵਿੱਚ ਵੀ ਬਹੁਤੀਆਂ ਗ਼ਜ਼ਲਾਂ ਇਸਤਰੀ ਅਤੇ ਰੁਮਾਂਸਵਾਦ ਦੇ ਆਲੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਸਮੇਂ ਦੀ ਤਬਦੀਲੀ ਨਾਲ ਗ਼ਜ਼ਲ ਦਾ ਵਿਸ਼ਾ ਵਸਤੂ ਅਤੇ ਰੂਪ ਰੇਖਾ ਬਦਲ ਗਈ ਹੈ, ਭਾਵੇਂ ਰੁਮਾਂਸਵਾਦ ਦੀ ਪ੍ਰਵਿਰਤੀ ਅਜੇ ਵੀ ਅੰਸ਼ਕ ਰੂਪ ਵਿੱਚ ਬਰਕਰਾਰ ਹੈ। ਡਾ.ਹਰਬੰਸ ਕੌਰ ਗਿੱਲ ਨੇ ਵਾਰਤਕ ਦੀਆਂ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹੋਈਆਂ ਹਨ ਪਰੰਤੂ 'ਰੂਹ ਦੇ ਰੰਗ' ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। 'ਰੂਹ ਦੇ ਰੰਗ' ਦੀਆਂ ਗ਼ਜ਼ਲਾਂ ਸਮਾਜਿਕਤਾ, ਰੁਮਾਂਸਵਾਦ ਅਤੇ ਅਧਿਆਮਿਕਤਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਸ਼ਾਇਰਾ ਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਆ ਰਹੀ ਹੈ ਕਿਉਂਕਿ ਡਾ.ਹਰਬੰਸ ਕੌਰ ਗਿੱਲ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਪਿੱਠਭੂਮੀ ਪੰਜਾਬੀ ਵਿਰਾਸਤ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਿਅਰ ਵਗਦੇ ਦਰਿਆ ਦੇ ਪਾਣੀ ਦੇ ਵਹਿਣ ਦੀ ਤਰ੍ਹਾਂ ਵਹਿੰਦੇ ਹੋਏ ਪਾਠਕ ਦੇ ਮਨ ਵਿੱਚ ਅਜਿਹੀਆਂ ਛੱਲਾਂ ਉਛਾਲਦੇ ਹਨ, ਜਿਹੜੀਆਂ ਸੰਗੀਤ ਦੀਆਂ ਸੁਰਾਂ ਪੈਦਾ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਰੋਜ ਮਰਰ੍ਹਾ ਦੇ ਜੀਵਨ ਵਿੱਚ ਜੋ ਕੁਝ ਵਾਪਰਦਾ ਹੈ, ਉਸਦੇ ਪ੍ਰਭਾਵ ਦਾ ਪ੍ਰਤੱਖ ਪ੍ਰਮਾਣ ਡਾ.ਗਿੱਲ ਦੀਆਂ ਗ਼ਜ਼ਲਾਂ ਵਿੱਚੋਂ ਮਿਲਦਾ ਹੈ। ਖਾਸ ਤੌਰ 'ਤੇ ਜੋ ਘਟਨਾਵਾਂ ਸਮਾਜ ਵਿੱਚ ਵਾਪਰਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਸਮੁੱਚੀ ਮਾਨਵਤਾ ਦੇ ਜੀਵਨ 'ਤੇ ਗਹਿਰਾ ਅਸਰ ਪਾਉਂਦਾ ਹੈ, ਉਹ ਸ਼ਾਇਰਾ ਦੇ ਸ਼ਿਅਰਾਂ ਦਾ ਪਹਿਰਾਵਾ ਪਹਿਨ ਕੇ ਸਮਾਜ ਨੂੰ ਝੰਜੋੜਦੀਆਂ ਹਨ। ਉਹ ਪੰਜਾਬੀ ਜੀਵਨ ਵਿੱਚ ਵਰਤੀ ਜਾਂਦੀ ਲੋਕਧਾਰਾ ਵਾਲੀ ਵਿਰਾਸਤੀ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਪੰਜਾਬ ਵਿੱਚ ਡਾ.ਹਰਬੰਸ ਕੌਰ ਗਿੱਲ ਨੇ ਬਚਪਨ ਤੋਂ ਪ੍ਰੌੜ੍ਹ ਉਮਰ ਤੱਕ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਜੋ ਕੁਝ ਵੇਖਿਆ, ਮਹਿਸੂਸ ਕੀਤਾ ਅਤੇ ਹੰਢਾਇਆ, ਉਸ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਵਸਤੂ ਬਣਾਇਆ ਹੈ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਗ਼ਜ਼ਲ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਜਿਹਾ ਹੱਥ ਅਜਮਾਇਆ ਜੋ ਗ਼ਜ਼ਲਾਂ ਨੂੰ ਵਿਲੱਖਣਤਾ ਦਾ ਜਾਮਾ ਪਹਿਨਾ ਗਿਆ। ਆਮ ਤੌਰ 'ਤੇ ਹਰ ਸ਼ਾਇਰ ਕਚਘਰੜ ਜਿਹੀ ਸਾਹਿਤਕ ਉਮਰ ਵਿੱਚ ਹੀ ਗ਼ਜ਼ਲ ਲਿਖਣ ਨੂੰ ਤਰਜ਼ੀਹ ਦੇਣ ਲੱਗ ਜਾਂਦਾ ਹੈ। ਡਾ.ਗਿੱਲ ਨੇ ਪੱਕੇ ਪੈਰੀਂ ਹੱਥ ਪਾਇਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ, ਗ਼ਜ਼ਲ ਦੇ ਮਾਪ ਦੰਡਾਂ 'ਤੇ ਪੂਰੀਆਂ ਉਤਰਦੀਆਂ ਹਨ। ਉਨ੍ਹਾਂ ਦੀ ਲਗਪਗ ਹਰ ਗ਼ਜ਼ਲ ਵਿੱਚ ਘੱਟੋ ਘੱਟ ਦੋ ਸ਼ਿਅਰ ਸਮਾਜ ਵਿੱਚ ਵਾਪਰ ਰਹੀਆਂ ਸੁਖਾਵੀਂਆਂ/ਅਣਸੁਖਾਵੀਆਂ ਘਟਨਾਵਾਂ ਅਤੇ ਜ਼ੋਰ ਜ਼ਬਰਦਸਤੀਆਂ ਬਾਰੇ ਹਨ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੁੰਦੀ ਹੈ। ਰੁਮਾਂਟਿਕ ਗ਼ਜ਼ਲਾਂ ਵਿੱਚ ਵੀ ਸਮਾਜਵਾਦ ਦੀ ਝਲਕ ਵਿਖਾਈ ਦਿੰਦੀ ਹੈ। ਸ਼ਾਇਰਾ ਨੇ ਗ਼ਜ਼ਲ ਨੂੰ ਰੂਹਾਨੀ ਰੂਪ ਵੀ ਦਿੱਤਾ ਹੈ, ਜਿਸ ਦਾ ਸਬੂਤ ਉਨ੍ਹਾਂ ਦੀ ਪਹਿਲੀ ਗ਼ਜ਼ਲ ਹੀ ਹੈ, ਜਿਸ ਵਿੱਚ ਉਹ ਅਧਿਆਮਿਕਤਾ ਦਾ ਪ੍ਰਗਟਾਵਾ ਕਰਦੀ ਹੈ। ਮੇਰੇ ਖਿਆਲ ਮੁਤਾਬਕ ਡਾ.ਹਰਬੰਸ ਕੌਰ ਗਿੱਲ ਪਹਿਲੀ ਗ਼ਜ਼ਲਗੋ ਹੈ, ਜਿਨ੍ਹਾਂ ਨੇ ਅਧਿਆਤਮਿਕ ਰੰਗ ਦੇ ਗਲੇਫ ਵਿੱਚ ਲਪੇਟ ਕੇ ਗ਼ਜ਼ਲ ਲਿਖੀ ਹੈ। ਉਹ ਲਿਖਦੇ ਹਨ-
                 ਨਿਰਭਉ ਨਿਰਵੈਰ ਦਾ ਜਿਸ ਵਿੱਚ ਪਸਾਰਾ ਹੋ ਗਿਆ,
                 ਓਸ ਦਾ ਸੰਸਾਰ ਫਿਰ ਸਾਰੇ ਦਾ ਸਾਰਾ ਹੋ ਗਿਆ।
                 ਵੈਰ, ਨਫ਼ਰਤ, ਬੇਵਿਸਾਹੀ ਖੰਭ ਲਾ ਕੇ ਉਡ ਗਏ,
                 ਨਾਮ ਦੀ ਬਰਕਤ 'ਚ ਮੇਰਾ ਹਰ ਸਿਤਾਰਾ ਹੋ ਗਿਆ।
   ਡਾ.ਹਰਬੰਸ ਕੌਰ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ੇ ਬਹੁ-ਰੰਗੀ, ਬਹੁ-ਪਰਤੀ ਅਤੇ ਬਹੁ-ਪੱਖੀ ਹਨ। ਸਮਾਜ ਵਿੱਚ ਵਾਪਰ ਰਹੀ ਹਰ ਵਿਸੰਗਤੀ ਦੇ ਵਿਰੁੱਧ ਉਨ੍ਹਾਂ ਆਪਣੀਆਂ ਗ਼ਜ਼ਲਾਂ ਵਿੱਚ ਆਵਾਜ਼ ਉਠਾਈ ਹੈ। ਸ਼ਾਇਰਾ ਨੇ ਬਲਾਤਕਾਰ, ਰਾਜਨੀਤਕ ਤਿਗੜਮਬਾਜ਼ੀ,  ਹਓਮੈ, ਗ਼ਰੀਬ ਅਮੀਰ ਦਾ ਪਾੜਾ, ਵਿਖਾਵਾ, ਮਖੌਟੇਬਾਜ਼ੀ, ਨਫ਼ਰਤ, ਦਗ਼ਾ-ਫ਼ਰੇਬ, ਝੂਠ ਦਾ ਪਸਾਰਾ, ਕੁਦਰਤ, ਵਾਤਾਵਰਨ, ਪ੍ਰਦੂਸ਼ਨ ਦਾਜ-ਦਹੇਜ ਅਤੇ ਇਸਤਰੀਆਂ ਨੂੰ ਸਾੜ ਕੇ ਮਾਰਨ ਨੂੰ ਵਿਸ਼ਾ ਬਣਾਇਆ ਹੈ। ਲੋਕਾਈ ਦਾ ਦੁੱਖ ਦਰਦ ਉਨ੍ਹਾਂ ਦੀ ਮਾਨਸਿਕਤਾ ਨੂੰ ਕੁਰੇਦਦਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਨੇ ਲੋਕਾਂ ਦੀ ਦੁੱਖਦੀ ਰਗ 'ਤੇ ਹੱਥ ਰੱਖਿਆ ਹੈ। ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗ੍ਰਤ ਕਰਨ ਲਈ ਉਹ ਤੁਣਕੇ ਲਗਾਉਂਦੀ ਰਹਿੰਦੀ ਹੈ।
                      ਓਸ ਨੂੰ ਦੁਨੀਆਂ ਦੇ ਅੰਦਰ ਹੱਕ ਨਹੀਂ ਹੈ ਜੀਣ ਦਾ,
                     ਜਿਸ ਨੇ ਸਿਰ ਆਪਣਾ ਤਲੀ ਉੱਤੇ ਨਾ ਧਰ ਕੇ ਦੇਖਿਆ।
  ਪਰਵਾਸ ਵਿੱਚ ਬੱਚਿਆਂ ਦੇ ਜਾਣ ਨਾਲ ਮਾਪਿਆਂ ਦੀ ਅਣਵੇਖੀ ਹੋ ਰਹੀ ਹੈ। ਇਸ ਦੇ ਸੰਤਾਪ ਦਾ ਜ਼ਿਕਰ ਵੀ ਕਵਿਤਰੀ ਆਪਣੀਆਂ ਗ਼ਜ਼ਲਾਂ ਵਿੱਚ ਕਰਦੀ ਹੈ। ਉਹ ਲੋਕਾਂ ਨੂੰ ਮਿਹਨਤ ਮੁਸ਼ੱਕਤ ਕਰਨ ਦੀ ਪ੍ਰੇਰਨਾ ਕਰਦੀ ਹੋਈ ਸਲਾਹ ਦਿੰਦੀ ਹੈ ਕਿ ਮੁਕੱਦਰਾਂ 'ਤੇ ਵਿਸ਼ਵਾਸ਼ ਕਰਨ ਵਾਲੇ ਪਛੜ ਜਾਂਦੇ ਹਨ। ਇਕ ਗ਼ਜ਼ਲ ਵਿੱਚ ਲਿਖਦੀ ਹੈ-
        ਐਵਰੈਸਟ ਕਦੇ ਵਿਆਹੀ ਨਾ ਜਾਂਦੀ, ਜੇ ਹਿੰਮਤ ਨੇ ਸਿਹਰੇ ਸਜਾਏ ਨਾ ਹੁੰਦੇ।
  ਆਪਣੀ ਇਕ ਹੋਰ ਗ਼ਜ਼ਲ ਵਿੱਚ ਰੁੱਤਾਂ ਦੀ ਕਹਾਣੀ ਦਾ ਜ਼ਿਕਰ ਕਰ ਰਹੇ ਹਨ, ਜਿਸ ਦਾ ਭਾਵ ਹੈ ਕਿ ਜਿਸ ਇਨਸਾਨ ਨਾਲ ਜਦੋਂ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੀ ਤਕਲੀਫ਼ ਬਾਰੇ ਉਹ ਹੀ ਜਾਣ ਸਕਦਾ ਹੈ। ਜ਼ਿੰਦਗੀ ਦੁੱਖ ਸੁੱਖ ਦਾ ਦੂਜਾ ਨਾਮ ਹੈ। ਮਨੁੱਖ ਦੇ ਅੰਦਰ ਹੀ ਸਭ ਕੁਝ ਹੈ ਪਰੰਤੂ ਮਨੁੱਖ ਬਾਹਰ ਭਟਕਦਾ ਰਹਿੰਦਾ ਹੈ। ਗੁੱਸਾ, ਨਕਲੀ ਹਾਸਾ, ਹੁਸਨ-ਜਵਾਨੀ, ਬੇਫ਼ਾਈ, ਧੋਖਾ, ਹਓਮੈ ਅਤੇ ਆਪੋ ਧਾਪੀ ਸਭ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ। ਡਾ.ਹਰਬੰਸ ਕੌਰ ਗਿੱਲ ਦਾ ਪਿਛੋਕੜ ਦਿਹਾਤੀ ਇਲਾਕੇ ਦਾ ਹੈ, ਇਸ ਲਈ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਕਿਸਾਨੀ ਦੀ ਦੁਰਦਸ਼ਾ ਅਤੇ ਕਿਸਾਨਾ ਦੇ ਬੱਚਿਆਂ ਵੱਲੋਂ ਖੇਤੀ ਕਰਨ ਤੋਂ ਪਾਸਾ ਵੱਟਣ ਦੀ ਚਿੰਤਾ ਸਾਫ ਵਿਖਾਈ ਦਿੰਦੀ ਹੈ ਜਦੋਂ ਉਹ ਆਪਣੇ ਸ਼ਿਅਰਾਂ ਵਿੱਚ ਲਿਖਦੀ ਹੈ-
                         'ਖੇਤੀ ਖਸਮਾਂ ਸੇਤੀ' ਇਹ ਗੱਲ ਸੱਚੀ ਹੈ,
                         ਪਰ ਇਕ ਗੇੜਾ ਖੇਤਾਂ ਵਲ ਵੀ ਲਾਇਆ ਕਰ।
                         ਉਮਰ ਭਰ ਜਿਸ ਸ਼ਖ਼ਸ ਨੇ ਨਾ ਕੰਮ, ਕਰਕੇ ਦੇਖਿਆ,
                          ਕੁਝ ਨਹੀਂ ਉਹ, ਜਿਸ ਨਹੀਂ ਸੜ ਕੇ ਜਾਂ ਠਰ ਕੇ ਦੇਖਿਆ।
                           ਇਹ ਸਚਾਈ ਹੈ ਕਿ ਉਹ ਜ਼ਰਖ਼ੇਜ਼ ਹੋ ਸਕਦੀ ਨਹੀਂ,
                            ਜਿਹੜੀ ਮਿੱਟੀ ਨੇ ਨਹੀਂ ਮੀਂਹਾਂ 'ਚ ਖ਼ਰ ਕੇ ਦੇਖਿਆ।
                            ਜੰਮਣੋਂ ਪਹਿਲਾਂ ਹੀ ਉਹ ਫ਼ਸਲਾਂ ਮਰ ਜਾਵਣ,
                            ਜੇਕਰ ਬੱਦਲ ਜਲ ਥਲ ਆ ਮੂੰਹਜ਼ੋਰ ਕਰੇ।
  ਕਵਿਤਰੀ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੀ ਹੋਈ ਆਪਣੀਆਂ ਗ਼ਜ਼ਲਾਂ ਵਿੱਚ ਲਿਖਦੀ ਹੈ ਕਿ ਹੁਣ ਕੁੜੀਆਂ ਚਿੜੀਆਂ ਨਹੀਂ ਰਹੀਆਂ। ਉਹ ਬੇਬਸ ਨਹੀਂ ਹਨ। ਉਹ ਜ਼ੁਲਮ ਦੇ ਵਿਰੁੱਧ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨਗੀਆਂ-
                          ਦੱਸੋ, ਆਵਾਰਾ ਸਾਨ੍ਹਾਂ ਨੂੰ, ਹੁਣ ਕਦ ਨੱਥਾਂ ਪੈਣਗੀਆਂ?
                          ਕਦ ਤਕ ਬਾਜ਼ਾਂ ਕੋਲੋਂ, ਡਰਦੀਆਂ ਰਹਿਣਗੀਆਂ?
                          ਕਦ ਤੀਕਰ ਕਲੀਆਂ ਦੀ ਅਸਮਤ ਲੁੱਟੀ ਜਾਵੇਗੀ?
                           ਨਵੀਆਂ ਨਸਲਾਂ ਆਉਂਦੇ ਕੱਲ੍ਹ ਸਾਨੂੰ ਕੀ ਕਹਿਣਗੀਆਂ?
                           ਚਿੜੀਆਂ ਦਸਮੇਸ਼ੀ ਮਤਾ ਪਕਾਇਆ, ਬਾਜ਼ਾਂ ਸੰਗ ਲੜਨਾ,
                            ਅੱਜ ਦੀਆਂ ਚਿੜੀਆਂ ਹੁਣ ਨਾ, ਜ਼ੁਲਮਾਂ ਤਾਈਂ ਸਹਿਣਗੀਆਂ।
  ਸ਼ਾਇਰਾ ਨੇ ਆਪਣੀਆਂ ਕਈ ਗ਼ਜ਼ਲਾਂ ਵਿੱਚ ਸਿਆਸਤਦਾਨਾ ਦੀਆਂ ਆਪਹੁਦਰੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਹੈ। ਰਾਜਨੀਤਕ ਲੋਕਾਂ ਦੇ ਕਿਰਦਾਰਾਂ ਤੇ ਕਿੰਤੂ ਪ੍ਰੰਤੂ ਕਰਦੀ ਸ਼ਇਰਾ ਲਿਖਦੀ ਹੈ ਕਿ ਸਿਆਸਤਦਾਨ ਵੋਟਾਂ ਦੀ ਖ਼ਾਤਰ ਡੇਰੇਦਾਰਾਂ ਦੇ ਚਕਰਾਂ ਵਿੱਚ ਪੈ ਕੇ ਵੋਟਾਂ ਵਟੋਰਦੇ ਹਨ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਬਣ ਗਏ ਹਨ। ਨੌਜਵਾਨੀਂ ਨੂੰ ਨਸ਼ਿਆਂ ਵਿੱਚ ਲਗਾਉਣ ਦੇ ਉਹ ਜ਼ਿੰਮੇਵਾਰ ਹਨ-
                     ਬਣੇ ਮਾਲਿਕ ਜਿੱਤਾਂ ਹਾਰਾਂ ਦੇ, ਦੇਖ ਸਾਧਾਂ ਦੇ ਜੋ ਡੇਰੇ ਨੇ,
                     ਹੁਣ ਸਰਕਾਰੂ ਕੁਝ ਨਹੀਂ ਰਹਿਣਾ, ਅਡਾਨੀਆਂ ਪਾਏ ਘੇਰੇ ਨੇ।
                     ਲੀਡਰ ਪੂਰੀ ਬੋਤਲ ਪੀ ਕੇ, ਪਿੰਡ ਨਸ਼ੇ ਤੋਂ ਮੁਕਤ ਕਰਾ ਗਿਆ।
                      ਉਹ ਬਖ਼ਸ਼ਣ ਦੇ ਕਾਬਿਲ ਨਹੀਂਓਂ, ਜੋ ਸਾਨੂੰ ਚਿੱਟੇ 'ਤੇ ਜੋ ਲਾ ਗਿਆ।
                       ਇਸ ਨੇ ਦਿੱਤੀ ਮਾਰ ਜਵਾਨੀ, ਠੇਕਾ ਪਿੰਡ ਮੇਰੇ ਨੂੰ ਖਾ ਗਿਆ।
  ਡਾ.ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪਿਆਰ ਮੁਹੱਬਤ ਨੂੰ ਘਾਟੇ ਦਾ ਸੌਦਾ ਕਹਿ ਰਹੇ ਹਨ ਕਿਉਂਕਿ ਲੋਕ ਮਖੌਟੇ ਪਾਈ ਫਿਰਦੇ ਹਨ-
                         ਉਹ ਖ਼ੁਸ਼ਬੂ ਖ਼ੁਸ਼ਬੂ ਹੋ ਜਾਂਦੈ, ਜੋ 'ਮੈਂ' ਨੂੰ ਮਾਰ ਮੁਕਾਉਂਦਾ ਏ।
                         ਇਸ਼ਕ ਦਾ ਸੌਦਾ ਅਵੱਲਾ, ਨਾ ਨਫ਼ਾ ਹੈ ਏਸ ਵਿੱਚ,
                         ਜਿਸ ਨੇ ਨਿਹੁੰ ਲਾਇਆ ਵਿਚਾਰਾ ਸ਼ਖ਼ਸ ਹੋ ਬੇਘਰ ਗਿਆ।
                          ਇਸ਼ਕ ਵੀ ਹੁੰਦਾ ਹੈ ਬੀਮਾਰੀ, ਖਾ ਕੇ ਮਾਰ ਸਮਝ ਵਿੱਚ ਆ ਗਿਆ।
                          ਪਰਦੇ ਉਹਲੇ ਸ਼ਕਲ ਲੁਕਾਈ ਹੈ ਸਭ ਨੇ,
                          ਕਿੰਝ ਪਛਾਣਾਂ, ਖੋਟੇ ਹਨ ਕੌਣ ਖ਼ਰੇ?
                               ਹੈ ਦਰਿਆ ਅੱਗ ਦਾ ਇਹ ਇਸ਼ਕ ਸੱਚਮੁਚ ਹੀ,
                               ਮਗਰ ਉਤਰਨ ਸਮੇਂ ਕਿਹੜਾ ਵਿਚਾਰਦਾ।
    ਕਵਿਤਰੀ ਲੋਕਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਮਰਕੱਸੇ ਕਸਣ  ਦੀ ਤਾਕੀਦ ਕਰਦੀ ਹੈ। ਹਿੰਮਤ ਅਤੇ ਜਦੋਜਹਿਦ ਕਰਨ ਤੋਂ ਬਿਨਾ ਸਫਲਤਾ ਨਹੀਂ ਮਿਲਦੀ ਇਸ ਲਈ ਉਹ ਲਿਖਦੀ ਹੈ-
                      ਬੇਦਰਦੀ ਰੁੱਤ ਹੈ, ਖ਼ੁਦ ਨੂੰ ਇਸਪਾਤ ਬਣਾਉਣਾ ਪੈਣਾ ਏਂ।
                      ਹੁਣ ਸਾਨੂੰ ਹੱਕ ਲੈਣ ਲਈ, ਕੁਝ ਜ਼ੋਰ ਲਗਾਉਣਾ ਪੈਣਾ ਏਂ।
                      ਚੇਤੇ ਰੱਖੀਂ, ਕੱਚੇ ਘਰ ਹੁਣ ਮਹਿਲਾਂ ਨੂੰ ਵੰਗਾਰਨਗੇ,
                      ਮਹਿਲਾਂ ਨੂੰ ਇਹਨਾ ਦੇ ਸਿਰ 'ਤੇ, ਤਾਜ ਸਜਾਉਣਾ ਪੈਣਾ ਏਂ।
                      ਏਥੇ ਤਾਂ ਤਕੜਾ ਮਾੜੇ ਨੂੰ, ਮੁੱਢ ਤੋਂ ਹੀ ਧਮਕਾਉਂਦਾ ਹੈ,
                      ਹੁਣ ਦਾਤਰ, ਖੁਰਪੇ, ਕਹੀਆਂ ਨੂੰ, ਹਥਿਆਰ ਬਣਾਉਣਾ ਪੈਣਾ ਏਂ।
  ਸਚਿਤਰ ਰੰਗਦਾਰ ਮੁੱਖ ਕਵਰ, 104 ਪੰਨਿਆਂ, 86 ਗ਼ਜ਼ਲਾਂ ਅਤੇ 295 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ:ਐਸ.ਏ.ਐਸ.ਨਗਰ ਮੋਹਾਲੀ/ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਕਵਿਤਰੀ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਕਾਮਨਾ ਕੀਤੀ ਜਾ ਸਕਦੀ ਹੈ।
                                                   ????? ?????? ??? ????? ???????
                                                                                                              ??????-94178 13072
                                                                                                          ujagarsingh48@yahoo.com  

ਜਸਮੇਰ ਸਿੰਘ ਹੋਠੀ ਦੀ ‘ਸਤ ਵਾਰ’  ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ ਪੁਸਤਕ - ਉਜਾਗਰ ਸਿੰਘ

ਜਸਮੇਰ ਸਿੰਘ ਸੇਠੀ ਬਰਤਾਨੀਆਂ ਦੇ ਬਰਮਿੰਘਮ ਸ਼ਹਿਰ ਵਿੱਚ ਵਸੇ ਹੋਏ ਪੰਜਾਬੀ ਦੇ ਸਿਰਮੌਰ ਲੇਖਕ ਹਨ, ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਇਨਸਾਨ ਹਨ। ਹੁਣ ਤੱਕ ਉਨ੍ਹਾਂ ਦੀਆਂ 6 ਪੰਜਾਬੀ ਅਤੇ 3 ਹਿੰਦੀ ਵਿੱਚ ਨਿਵੇਕਲੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਸਤ ਵਾਰ’ ਪੁਸਤਕ ਭਾਰਤੀਆਂ, ਪੰਜਾਬੀਆਂ ਅਤੇ ਖਾਸ ਤੌਰ ‘ਤੇ ਨਾਨਕ ਨਾਮ ਲੇਵਾ ਸੰਗਤ ਲਈ ਅਦਭੁਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿੱਚ 7 ਦਿਨ  ਐਤਵਾਰ ਤੋਂ ਸਨਿਚਰਵਾਰ ਅਤੇ 7 ਗ੍ਰਹਿਾਂ ਸੂਰਜ, ਚੰਦਰਮਾ, ਮੰਗਲ, ਬੁਧ, ਬ੍ਰਸਪਤੀ ਗੁਰੂ, ਸ਼ੁਕਰ ਅਤੇ ਸ਼ਨੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਹੋਈ ਹੈ ਜੋ ਕਿ ਸਿੱਖ ਧਰਮ ਦੇ ਮੁੱਦਈਆਂ ਨੂੰ ਵਹਿਮਾ ਭਰਮਾ ਤੋਂ ਦੂਰ ਰਹਿਣ ਸੰਬੰਧੀ ਵਿਲੱਖਣ ਜਾਣਕਾਰੀ ਦਿੰਦੀ ਹੈ। ਇਹ ਪੁਸਤਕ ਮੈਨੂੰ ‘ਪੰਜਾਬੀ ਯੂਰਪੀ ਸੱਥ ਵਾਲਸਾਲ ਦੇ ਸੰਚਾਲਕ’ ਮੋਤਾ ਸਿੰਘ ਸਰਾਏ ਦੇ ਉਦਮ ਰਾਹੀਂ ਪ੍ਰਾਪਤ ਹੋਈ ਹੈ। ਸਿੱਖ ਧਰਮ ਵਿੱਚ ਜਿਹੜੀ ਗ੍ਰਹਿਾਂ ਵਾਲੀ ਗੱਲ ਹੈ, ਇਹ ਆਮ ਸਿੱਖ ਸੰਗਤ ਨੂੰ ਵਹਿਮਾ ਭਰਮਾ ਵਿੱਚ ਪੈਣ ਦਾ ਸ਼ੱਕ ਪ੍ਰਗਟ ਕਰਦੀ ਸੀ। ਇਸ ਪੁਸਤਕ ਨੂੰ ਪੜ੍ਹਨ ਤੋਂ ਪਤਾ ਲੱਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤ ਵਾਰ ਅਤੇ ਦੋ ਬਾਰਹ ਮਾਹਾ ਹਨ, ਜੋ ਸੂਰਜ ਦੇ ਚਲਣ ਨਾਲ ਤਬਦੀਲੀ ਆਉਂਦੀ ਹੈ, ਮਹੀਨੇ ਬਦਲਦੇ ਹਨ, ਸਾਂਕਰਾਂਤੀ ਆਉਂਦੀ ਹੈ, ਜਿਸ ਨੂੰ ਅਸੀਂ ਸੰਗ੍ਰਾਂਦ ਕਹਿੰਦੇ ਹਾਂ। ਰੁੱਤਾਂ ਬਦਲਦੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੁੱਤਾਂ ਬਾਰੇ ਵੀ ਵਖਿਆਨ ਹੈ। ਚੰਦਰਮਾ ਅਨੁਸਾਰ ਤਿੱਥਾਂ ਦੇ ਬਦਲਣ ਨਾਲ, ਚੰਦਰਮਾ ਦੇ ਚਲਣ ਨਾਲ ਮਹੀਨਾ ਪੂਰਾ ਪੂਰਨਮਾਸ਼ੀ ਤੇ ਮੱਸਿਆ ਆਦਿ ਆਉਂਦੀਆਂ ਹਨ। ਜਸਮੇਰ ਸਿੰਘ ਸੇਠੀ ਨੇ ਇਹ ਪੁਸਤਕ ਪੂਰੀ ਖੋਜ ਤੋਂ ਬਾਅਦ ਲਿਖੀ ਲਗਦੀ ਹੈ। ਉਨ੍ਹਾਂ ਪਾਠਕਾਂ ਨੂੰ ਵਿਸਤਾਰ ਪੂਰਬਕ ਦਿਨਾ ਅਤੇ ਗ੍ਰਹਿਾਂ ਬਾਰੇ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਜਾਣਕਾਰੀ ਦੇ ਕੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਪੱਖਾਂ ਦੇ ਮੁਕਾਬਲੇ ਗੁਰਮਤਿ ਦੀਆਂ ਉਦਾਹਰਨਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਵਿੱਚ ਇਨ੍ਹਾਂ ਬਾਰੇ ਵੀ ਸਹੀ ਜਾਣਕਾਰੀ ਉਪਲਭਧ ਹੈ। ਭਾਵ ਇਨ੍ਹਾਂ ਦਿਨਾਂ ਅਤੇ ਗ੍ਰਹਿਾਂ ਬਾਰੇ ਸਿੱਖ ਧਰਮ ਦਾ ਦਿ੍ਰਸ਼ਟੀਕੋਣ ਦਰਸਾਇਆ ਗਿਆ ਹੈ। ਪੰਜਾਬੀ ਵਿੱਚ ਇਹ ਅਜਿਹੀ ਪਹਿਲੀ ਪੁਸਤਕ ਹੈ, ਜਿਸ ਵਿੱਚ ਇਤਨੀ ਵਿਆਖਿਆ ਨਾਲ ਦੱਸਿਆ ਗਿਆ ਹੈ। ਸਿੱਖ ਧਰਮ ਨਵਾਂ ਹੈ ਪ੍ਰੰਤੂ ਇਹ ਮਜ਼ਮੂਨ ਪੁਰਾਣਾ ਹੈ, ਅਰਥਾਤ ਕਰੋੜਾਂ ਅਰਬਾਂ ਸਾਲ ਦਾ ਹੈ। ਸਦੀਆਂ ਤੋਂ ਚਲੇ ਆ ਰਹੇ ਭਰਮ ਭੁੱਲੇਖੇ ਦੂਰ ਕਰਨ ਲਈ ਸਤਿਗੁਰਾਂ ਨੇ ਥਿੱਤੀ ਬਾਣੀਆਂ ਤੇ ਸਤ ਵਾਰਾਂ ਦੇ ਉਪਦੇਸ਼ ਬਖ਼ਸ਼ਿਸ਼ ਕੀਤੇ ਹਨ। ਪੁਰਾਤਨ ਪ੍ਰਚਲਿਤ ਰੀਤਾਂ ਦਾ ਵਰਣਨ ਕਰਕੇ ਸਿੱਖਾਂ ਨੂੰ ਨਿਆਰੇ ਰਹਿਣ ਲਈ ਪ੍ਰਭੂ ਭਗਤੀ ਦੀ ਰੀਤ ਨੂੰ ਦਿ੍ਰੜ੍ਹ ਰੱਖਣ ਲਈ ਪ੍ਰੇਰਿਆ ਹੈ। ਜੇ ਸਤਿਗੁਰੂ ਜੀ ਗੁਰਬਾਣੀ ਵਿੱਚ ਚੰਦਰਮਾ ਦੀਆਂ ਤਿੱਥਾਂ ਬਾਰੇ ਤਿੰਨ ਬਾਣੀਆਂ ਅੰਕਿਤ ਕਰਦੇ ਹਨ ਤਾਂ ਖਾਸ ਹੀ ਸਮਝੋ। ਸਤ ਵਾਰ ਵਿੱਚ ਗ੍ਰਹਿਾਂ ਦੀ ਦੂਰੀ, ਉਨ੍ਹਾਂ ਦੀ ਰਫ਼ਤਾਰ ਤੇ ਹੋਰ ਨਿਧੀਆਂ, ਸਿਧੀਆਂ ਬਾਰੇ ਬਹੁਤ ਥਾਵਾਂ ‘ਤੇ ਹਿੰਦੂਇਜ਼ਮ ਦੀਆਂ ਉਦਾਹਰਣਾਂ ਦੇ ਕੇ ਕਮਾਲ ਕੀਤੀ ਹੈ। ਇਨ੍ਹਾਂ 9  ਗ੍ਰਹਿਾਂ ਨੂੰ ਦੇਵਤੇ ਵੀ ਕਿਹਾ ਜਾਂਦਾ ਹੈ। ਕਈ ਸਾਇੰਸਦਾਨ 8 ਗ੍ਰਹਿ ਮੰਨਦੇ ਹਨ। ਕੁਝ ਖਾਸ ਦਿਨ ਅਸੀਂ ਮਨਾਉਂਦੇ ਹਾਂ ਜਿਵੇਂ ਜਨਮ ਦਿਨ, ਵਿਆਹ ਦੀ ਵਰ੍ਹੇ ਗੰਢ, ਮਦਰਜ਼, ਫਾਦਰਜ਼ ਦਿਨ, ਆਦਿ ਪ੍ਰੰਤੂ ਸਾਰੇ ਦਿਨ ਇਕੋ ਜਹੇ ਹੁੰਦੇ ਹਨ, ਕੋਈ ਚੰਗਾ ਜਾਂ ਬੁਰਾ ਨਹੀਂ ਹੁੰਦਾ। ਸਿ੍ਰਸ਼ਟੀ ਦੀ ਸਿਰਜਣਾ ਬਾਰੇ ਵਿਗਿਆਨੀਆਂ ਦੀਆਂ ਦੋ ਧਾਰਾਵਾਂ ਹਨ ਪ੍ਰੰਤੂ ਬਹੁਮਤ ਇਹ ਮੰਨਦੇ ਹਨ ਕਿ ਸ਼ਾਇਦ ਪਹਿਲਾਂ ਮੱਛੀਆਂ ਸਨ, ਫਿਰ ਰੀਂਗਣ ਵਾਲੇ ਜੀਵ ਬਣੇ, ਫਿਰ ਥਣਧਾਰੀ  ਤੇ ਫਿਰ ਵਿਕਾਸ ਕਰਕੇ ਬਾਂਦਰ ਤੋਂ ਮਨੁੱਖ ਬਣੇ। ਬਹੁਤੇ ਧਰਮਾ ਦੀਆਂ ਥੀਓਰੀਆਂ ਵੱਖਰੀਆਂ ਹਨ। ਇਸ ਪੁਸਤਕ ਦੇ 8 ਚੈਪਟਰ ‘ਆਦਿਤ ਕਰੈ ਭਗਤਿ ਆਰੰਭ’, ‘ਸੋਮਵਾਰਿ ਸਸਿ ਅੰਮਿ੍ਰਤੁ ਝਰੈ॥’, ‘ਚੰਦਰਮਾ ਦੀਆਂ ਥਿੱਤਾਂ’, ‘ਮੰਗਲਿ ਮਾਇਆ ਮੋਹੁ ਉਪਾਇਆ’॥, ‘ਬੁਧਵਾਰਿ ਆਪੇ ਬੁਧਿ ਸਾਰੁ॥’, ਵੀਰਵਾਰਿ ਵੀਰ ਭਰਮਿ ਭੁਲਾਏ॥’, ‘ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥’ ਛਨਿਛਰਵਾਰਿ ਸਉਣ ਸਾਸਤ ਬੀਚਾਰੁ॥’ ਅਤੇ ‘ਰਾਹੂ ਕੇਤੂ ਤੇ ਨੌਂ ਗ੍ਰਹਿ’ ਹਨ। ਸਿਰਫ ਸਿੱਖ ਧਰਮ ਦੀ ਵਿਚਾਰਧਾਰਾ ਵਿਗਿਆਨੀਆਂ ਦੇ ਨਾਲ ਮਿਲਦੀ ਜੁਲਦੀ ਹੈ, ਜਿਵੇਂ ਗੁਰੂ ਸਾਹਿਬ ਲਿਖਦੇ ਹਨ-
ਆਪੇ ਸਿ੍ਰਸਟ ਉਪਾਇਦਾ ਪਿਆਰ ਕਰਿ ਸੂਰਜੁ ਚੰਦੁ ਚਾਨਾਣੁ॥ (ਅੰਗ 606)
ਸ੍ਰੀ ਗੁਰੂ ਅਮਰ ਦਾਸ ਜੀ ਉਚਾਰਦੇ ਹਨ-
ਸੂਰਜੁ ਚੰਦੁ ਕਰਹਿ ਉਜੀਆਰਾ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ॥ (ਅੰਗ 329)
ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਲਿਖਦੇ ਹਨ-
ਕੇਤੇ ਇੰਦ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸ॥
 ਇਹੋ ਗੱਲ ਸਾਇੰਸਦਾਨ ਕਹਿੰਦੇ ਹਨ। ਇਕ ਹੈਰਾਨੀ ਦੀ ਗੱਲ ਹੈ ਕਿ ਸਾਇੰਸਦਾਨਾ ਨੇ ਆਕਾਸ਼ ਨੂੰ ਤਾਂ ਬਹੁਤ ਖੋਜਿਆ ਹੈ, ਪ੍ਰੰਤੂ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਹੈ-
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੋ॥ (ਅੰਗ 1390)
ਪਾਤਾਲਾ ਪਾਤਾਲ ਲਖ ਆਗਾਸਾ ਅਗਾਸ॥ (ਅੰਗ 5)
ਅਨਿਕ ਅਕਾਸ ਅਨਿਕ ਪਾਤਾਲ॥ (ਅੰਗ 1236)
ਸਾਇੰਸਦਾਨ ਅਜੇ ਵੀ ਖੋਜ ਕਰਨ ‘ਤੇ ਲੱਗੇ ਹੋਏ ਹਨ ਪ੍ਰੰਤੂ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਕਿ-
ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ (ਅੰਗ 5)
ਆਦਿਤ ਕਰੈ ਭਗਤਿ ਆਰੰਭ॥
  ਆਦਿਤ ਐਤਵਾਰ ਨੂੰ ਕਿਹਾ ਜਾਂਦਾ ਹੈ। ਸਾਡੀ ਬਾਣੀ ਵਿਗਿਆਨਕ ਅਸੂਲਾਂ ‘ਤੇ ਖੜ੍ਹੀ ਹੈ। ਸੂਰਜ ਸਾਰੀ ਸੂਰਜੀ ਪ੍ਰਣਾਲੀ ਦੇ ਵਿਚਕਾਰ ਹੈ। ਸਾਇੰਸਦਾਨ ਇਸਨੂੰ 46 ਖਰਬ ਸਾਲ ਪਹਿਲਾਂ ਹੋਂਦ ਵਿੱਚ ਆਇਆ ਮੰਨਦੇ ਹਨ। ਸੂਰਜ ਦਾ ਆਕਾਰ ਧਰਤੀ ਤੋਂ 13 ਲੱਖ ਗੁਣਾ ਵੱਧ ਹੈ। ਧਰਤੀ ਕਿਸ ਦਿਸ਼ਾ ਤੇ ਸੂਰਜ ਦੁਆਲੇ ਘੁੰਮਦੀ ਮੋੜ ਕੱਟਦੀ ਹੈ ਤਾਂ ਰਾਤ ਹੁੰਦੀ ਹੈ। ਗੁਰਬਾਣੀ ਦਾ ਫਰਮਾਨ ਹੈ-
ਜਿਨਿ ਦਿਨੁ ਕਰਿ ਕੀਤੀ ਰਾਤਿ॥
ਦਿਵਸੁ ਰਾਤਿ ਦੁਇ ਦਾਈ ਖਲੈ ਸਗਲ ਜਗਤੁ॥ (ਅੰਗ 8)
     ਦਿਨ ਅਤੇ ਰਾਤ ਜੀਵਾਂ ਵਾਸਤੇ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਤੇ ਇਨ੍ਹਾਂ ਦੇ ਪ੍ਰਭਾਵ ਹੇਠ ਜਗਤ ਖੇਡ ਰਿਹਾ ਹੈ। ਐਤਵਾਰ ਵਾਲਾ ਦਿਨ ਜ਼ਿਆਦਾਤਰ ਜਗਤ ਵਿੱਚ ਛੁੱਟੀ ਵਾਲਾ ਦਿਨ ਹੈ। ਇਸ ਲਈ ਜ਼ਿਆਦਾ ਸਮਾਗਮ ਇਸੇ ਦਿਨ ਹੁੰਦੇ ਹਨ। ਗੁਰਬਾਣੀ ਅਨੁਸਾਰ ਸਿੱਧ ਹੋ ਚੁੱਕਾ ਹੈ ਕਿ ਸੂਰਜ, ਚੰਦ ਤੇ ਹੋ ਤਾਰੇ ਸਿਤਾਰੇ ਨੌਂ ਗ੍ਰਹਿ ਸਭ ਪ੍ਰਮਾਤਮਾ ਨੇ ਸਿ੍ਰਸ਼ਿਟੀ ਦੀ ਰਚਨਾ ਕੀਤੀ ਹੈ। –
ਕਈ ਕੋਟਿ ਸਸੀਆਰ ਸੂਰ ਨਖ੍ਹਤ੍ਰ॥ (ਅੰਗ 275)
ਐਤਵਾਰ ਦੀ ਧਾਤ ਸੋਨੇ ਨੂੰ ਮੰਨਦੇ ਹਨ। ਐਤਵਾਰ ਨੂੰ ਗਹਿਣੇ ਪਾਉਣੇ ਸ਼ੁੱਭ ਸ਼ਗਨ ਗਿਣਿਆ ਜਾਂਦਾ ਹੈ। ਅਖਾਣ ਹੈ-
 ਬੁਧਿ ਛਨਿਛਰ ਕਪੜਾ ਗਹਿਣਾ ਐਤਵਾਰ।
ਸੋਮਵਾਰਿ ਸਸਿ ਅੰਮਿ੍ਰਤੁ ਝਰੈ॥
  ਸੋਮਵਾਰ ਨੂੰ ਚੰਦਰਾਮਾ ਦਾ ਦਿਨ ਮੰਨਦੇ ਹਨ। ਅੰਗਰੇਜ਼ੀ ਵਿੱਚ ਚੰਦਰਮਾ ਨੂੰ ਮੂਨ ਆਖਦੇ ਹਨ ਤੇ ਮੂਨ ਤੋਂ ਹੀ ਮੰਡੇ ਸੋਮਵਾਰ ਭਾਵ ਚੰਦਰਮਾ ਦਾ ਦਿਨ ਮਿਥਿਆ ਗਿਆ ਹੈ। ਚੰਦਰਮਾ ਨੂੰ ਧਰਤੀ ਦਾ ਭਰਾ ਵੀ ਮੰਨਦੇ ਹਨ। ਧਰਤੀ ਦੇ ਆਕਾਰ ਸਾਮ੍ਹਣੇ ਚੌਥੇ ਹਿੱਸੇ ਦੇ ਕਰੀਬ ਹੈ। ਚੰਦਰਮਾ ਦੀਆਂ ਥਿੱਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਬਾਣੀਆਂ ਹਨ। ਜਿਵੇਂ ਸੂਰਜ ਦੇ ਦਿਨਾ ਨੂੰ ਵਾਰ ਆਖਿਆ ਜਾਂਦਾ ਹੈ, ਇਸ ਤਰ੍ਹਾਂ ਚੰਦਰਮਾ ਦੇ ਦਿਨਾ ਨੂੰ ਥਿੱਤਾਂ ਆਖਿਆ ਜਾਂਦਾ ਹੈ। ਬਹੁਤ ਸਾਰੇ ਭਾਰਤੀ ਤਿਉਹਾਰ, ਉਤਸਵ ਤੇ ਗੁਰਪੁਰਵ ਥਿੱਤਾਂ ਅਨੁਸਾਰ ਮਨਾਏ ਜਾਂਦੇ ਹਨ। ਜਿਵੇਂ ਦੀਵਾਲੀ, ਮੱਸਿਆ ਅਤੇ ਪੂਰਨਮਾਸ਼ੀ। ਦੁਸਹਿਰਾ, ਹੋਲੀ ਤੇ ਹੋਲਾ ਮਹੱਲਾ ਆਦਿ ਦੇਸੀ ਤਰੀਕਾਂ ਅਨੁਸਾਰ ਹਨ। ਐਤਵਾਰ ਤੋਂ ਬਾਅਦ ਸੋਮਵਾਰ ਆਉਂਦਾ ਹੈ। ਦੁਨੀਆਂ ਵਿੱਚ ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਹੈ। ਪੁਰਾਤਨ ਸਭਿਆਤਾਵਾਂ ਵਿੱਚ ਚੰਦਰਮਾ ਤੇ ਸੋਮਵਾਰ ਬਾਰੇ ਲਿਖਿਆ ਮਿਲਦਾ ਹੈ। ਵੱਖਰੇ-ਵੱਖਰੇ ਪ੍ਰਾਂਤਾਂ ਵਿੱਚ ਸੋਮਵਾਰ ਦੀ ਖਾਸ ਮਹਾਨਤਾ ਹੈ। ਸੋਮਵਾਰ ਦੀ ਧਾਤੂ ਚਾਂਦੀ ਮੰਨੀ ਜਾਂਦੀ ਹੈ।
ਮੰਗਲਿ ਮਾਇਆ ਮੋਹੁ ਉਪਾਇਆ॥
 ਮੰਗਲਵਾਰ ਨੂੰ ਮੰਗਲ ਗ੍ਰਹਿ ਦਾ ਦਿਨ ਮੰਨਦੇ ਹਨ। ਸੋਮਵਾਰ ਤੋਂ ਬਾਅਦ ਮੰਗਲਵਾਰ ਆਉਂਦਾ ਹੈ। ਮੰਗਲ ਗ੍ਰਹਿ ਨੂੰ  ਲੜਾਕਾ ਗ੍ਰਹਿ ਮੰਨਦੇ ਹਨ। ਹਿੰਦੂ ਧਰਮ ਵਿੱਚ ਲਾੜਾ ਆਪਣੀ ਦੁਲਹਨ ਨੂੰ ਮੰਗਲ ਸੂਤਰ ਪਹਿਨਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ  ਫੁਰਮਾਨ ਹੈ-
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ॥
ਸ੍ਰੀ ਗੁਰੂ ਅਮਰ ਦਾਸ ਜੀ ਆਨੰਦ ਸਾਹਿਬ ਵਿੱਚ ਫੁਰਮਾਉਂਦੇ ਹਨ-
ਹਰਿ ਮੰਗਲੁ ਗਾਉ ਸਖੀ ਗਿ੍ਰਹ ਮੰਦਰੁ ਬਣਿਆ॥
ਹਰਿ ਗਾਉ ਮੰਗੁਲ ਨਿਤ ਸਖੀਏ ਸੋਗੁ ਦੁਖੁ ਨ ਵਿਆਪਏ॥
ਮੰਗਲ ਗ੍ਰਹਿ ਦੀ ਧਾਤੂ ਲੋਹੇ ਨੂੰ ਮੰਨਦੇ ਹਨ।
ਬੁਧਵਾਰਿ ਆਪੇ ਬੁਧਿ ਸਾਰੁ॥
ਬੁੱਧਵਾਰ ਨੂੰ ਬੁਧ ਗ੍ਰਹਿ ਦਾ ਦਿਨ ਮੰਨਦੇ ਹਨ। ਸਾਰੇ ਦੇਸਾਂ ਵਿੱਚ  ਇਸ ਨੂੰ ਸ਼ੁਭ ਗ੍ਰਹਿ ਮੰਨਦੇ ਹਨ। ਸ੍ਰੀ ਗੁਰੂ ਅਮਰ ਦਾਸ ਜੀ ਬਿਲਾਵਲ ਰਾਗ ਵਿੱਚ ਫੁਰਮਾਉਂਦੇ ਹਨ-
ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲ ਪਾਏ॥
ਥਿਤੀ ਵਾਰ ਸਭਿ ਆਵਹਿ ਜਾਹਿ॥
ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥
ਥਿਤੀ ਵਾਰ ਤਾ ਜਾ ਸਚਿ ਰਾਤੇ॥ ਬਿਨੁ ਨਾਵੈ ਸਭਿ ਭਰਮਹਿ ਕਾਚੇ॥ (ਅੰਗ 842)
ਵੀਰਵਾਰਿ ਵੀਰ ਭਰਮਿ ਭੁਲਾਏ॥
 ਵੀਰਵਾਰ ਨੂੰ ਗ੍ਰਹਿ  ਬ੍ਰਹਿਸਪਤੀ ਦਾ ਦਿਨ ਮੰਨਦੇ ਹਨ। ਬ੍ਰਹਿਸਪਤੀ ਦੀ ਧਾਤ ਕਲੀ ਟੀਨ ਦਾ ਡੱਬਾ ਮੰਨੀ ਜਾਂਦੀ ਹੈ। ਜਗਤ ਵਹਿਮਾਂ-ਭਰਮਾ ਕਰਕੇ ਵੀਰਵਾਰ ਅਤੇ ਮੰਗਲਵਾਰ ਨੂੰ ਚੰਗਾ ਨਹੀਂ ਸਮਝਦੇ। ਗੁਰਮਤਿ ਅਨੁਸਾਰ ਸਾਰੇ ਦਿਨ ਇਕ ਬਰਾਬਰ ਹੁੰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ-
ਨਾਨਕ ਸਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥
ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥
 ਸ਼ੁਕਰਵਾਰ ਨੂੰ ਵੀਨਸ ਗ੍ਰਹਿ ਦਾ ਦਿਨ ਮੰਨਦੇ ਹਨ। ਵੀਨਸ ਗ੍ਰਹਿ ਸੂਰਜ ਤੋਂ ਦੂਜਾ ਗ੍ਰਹਿ ਹੈ। ਵੀਨਸ ਗ੍ਰਹਿ ਸਾਰੇ ਸੂਰਜੀ ਮੰਡਲ ਵਿੱਚ ਸਭ ਤੋਂ ਜ਼ਿਆਦਾ ਗਰਮ ਹੈ। ਵੀਨਸ ਬਾਕੀ ਗ੍ਰਹਿਆਂ ਨਾਲੋਂ ਕੁਝ ਵੱਖਰੀ ਹੈ। ਭਾਵੇਂ ਇਹ ਵੀ ਸੂਰਜ ਦੁਆਲੇ ਘੁੰਮਦੀ ਹੈ। ਸ਼ੁਕਰ ਸੰਸਕਿ੍ਰਤ ਦਾ ਸ਼ਬਦ ਹੈ, ਜਿਸ ਦਾ ਮਤਲਬ ਸਾਫ਼, ਸਪਸ਼ਟ, ਚਮਕੀਲਾ, ਲਿਸ਼ਕਦਾ ਚਮਕਦਾਰ ਹੈ।ਸ਼ੁਕਰ ਗ੍ਰਹਿ ਦੀ ਧਾਤ ਤਾਂਬਾ ਹੈ।
ਛਨਿਛਰਵਾਰਿ ਸਉਣ ਸਾਸਤ ਬੀਚਾਰੁ॥
  ਸਾਰੇ ਗ੍ਰਹਿ ਮੰਡਲ ਵਿੱਚ ਸ਼ਨੀ ਨੂੰ ਸਭ ਤੋਂ ਸੁੰਦਰ ਮੰਨਦੇ ਹਨ। ਇਹ ਬਹੁਤ ਹੌਲੀ-ਹੌਲੀ ਸੂਰਜ ਦੇ ਦੁਆਲੇ ਘੁੰਮਦਾ ਹੈ। ਹਿੰਦੂ ਧਰਮ ਵਾਲੇ ਇਸ ਨੂੰ ਸ਼ਨੀ ਦੇਵਤੇ ਨਾਲ ਜੋੜਦੇ ਹਨ। ਕਹਿਣ ਨੂੰ ਦੇਵਤਾ ਆਖਦੇ ਹਨ ਪ੍ਰੰਤੂ ਇਸ ਤੋਂ ਡਰਦੇ ਬਹੁਤ ਹਨ ਕਿਉਂਕਿ ਜਿਥੇ ਸ਼ਨੀ ਹੁੰਦਾ ਹੈ ਉਥੋਂ ਸੁੱਖ ਨੱਸ ਜਾਂਦੇ ਸਮਝੇ ਜਾਂਦੇ ਹਨ।
ਰਾਹੂ ਕੇਤੂ ਤੇ ਨੌਂ ਗ੍ਰਹਿ
ਜੋਤਿਸ਼ ਸ਼ਾਸਤ੍ਰ ਦੇ ਅਨੁਸਾਰ ਸੱਤ ਦਿਨ ਅਤੇ ਰਾਹੂ ਕੇਤੂ ਨੌਂ ਗ੍ਰਹਿ ਹਨ। ਆਧੁਨਿਕ ਵਿਗਿਆਨੀਆਂ ਅਨੁਸਾਰ ਕਿਸੇ ਗ੍ਰਹਿ ਦੀ ਆਕਾਸ਼ੀ ਮੰਡਲ ਸੌਰ ਪ੍ਰਵਾਰ ਵਿੱਚ ਕੋਈ ਹਸਤੀ ਨਹੀਂ ਹੈ। ਇਨ੍ਹਾਂ ਨੂੰ ਉਤਰੀ ਤੇ ਦੱਖਣੀ ਧ੍ਰੁਵਾਂ ਦੀ ਛਾਇਆ ਮਾਤਰ ਮੰਨਦੇ ਹਨ। ਰਾਹੂ ਇਕ ਤਾਕਤਵਰ ਕਪਟੀ, ਦੋਖੀ ਗ੍ਰਹਿ ਹੈ ਜੋ ਸੂਰਜ, ਚੰਦਰਮਾ ਤੇ ਮੰਗਲ ਨੂੰ ਆਪਣੇ ਦੁਸ਼ਮਣ ਜਾਣਦਾ ਹੈ। ਬੁੱਧ, ਸ਼ੁਕਰ ਤੇ ਛਨਿਛਰ ਨੂੰ ਮਿਤਰ ਸਮਝਦਾ। ਬ੍ਰਹਸਪਤੀ ਨਿਰਪੱਖ ਹੈ। ਕੇਤੂ ਨੂੰ ਸਾਊਥ ਲੂਨਰ ਨੋਡ ਆਖਦੇ ਹਨ। ਕੇਤੂ ਨੂੰ ਸਭ ਤਰ੍ਹਾਂ ਦੇ ਦੁੱਖਾਂ ਤੇ ਸੁੱਖਾਂ ਨਾਲ ਵੀ ਜੋੜਦੇ ਹਨ। ਧਨ ਦੌਲਤ ਤੇ ਅਧਿਆਮਿਕ ਤਰੱਕੀ ਲਈ ਵੀ ਸਹਾਇਕ ਮੰਨਦੇ ਹਨ।
200 ਰੁਪਏ ਕੀਮਤ, 247 ਪੰਨਿਆਂ , ਰੰਗਦਾਰ ਸਰਵਰਕ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ ਨੇ ਪ੍ਰਕਾਸ਼ਤ ਕੀਤੀ ਹੈ। ਪਾਠਕਾਂ ਲਈ ਬਹੁਤ ਹੀ ਲਾਭਕਾਰੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com   

31 ਅਗਸਤ ਬਰਸੀ ‘ਤੇ ਵਿਸ਼ੇਸ਼ : ਜਦੋਂ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ -  ਉਜਾਗਰ ਸਿੰਘ

ਸਿਆਸਤਦਾਨਾ ਵਿੱਚ ਆਪਸੀ ਸਹਿਯੋਗ ਅਤੇ ਸ਼ਿਸ਼ਟਾਚਾਰ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ। ਸਿਆਸਤ ਵਿੱਚ ਸ਼ਿਸ਼ਟਾਚਾਰ, ਸਲੀਕੇ ਅਤੇ ਸ਼ਰੀਕੇ ਨੂੰ ਇਕੋ ਜਹੀ ਬਰਾਬਰ ਮਾਣਤਾ ਦੇਣ ਵਿੱਚ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਪਰਪੱਕ ਸਨ। ਵਰਤਮਾਨ ਸਿਆਸਤ ਵਿੱਚ ਕਦਰਾਂ ਕੀਮਤਾਂ ‘ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਸਿਆਸਤ ਕਰਦਿਆਂ ਆਪਣੇ ਵਿਵਹਾਰ ਵਿੱਚੋਂ ਸਲੀਕਾ ਮਨਫੀ ਕਰਦੇ ਜਾ ਰਹੇ ਹਨ। ਸਿਆਸਤ ਹਰ ਪਾਰਟੀ ਦੇ ਨੇਤਾ ਨੇ ਕਰਨੀ ਹੁੰਦੀ ਹੈ ਪ੍ਰੰਤੂ ਸਿਆਸਤ ਕਰਨ ਲੱਗਿਆਂ ਲਕਸ਼ਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ। ਭਾਵ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਮੈਂ ਆਪਣੀ ਸਰਕਾਰੀ ਨੌਕਰੀ ਵਿੱਚ ਬਹੁਤ ਸਾਰੇ ਸਿਆਸਤਦਾਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਨੇੜਿਓਂ ਵੇਖਿਆ ਹੈ। ਬਹੁਤੇ ਸਿਆਸਤਦਾਨ ਸਮਾਜਿਕ ਵਰਤ ਵਰਤਾਰੇ ਸਮੇਂ ਸਿਆਸਤ ਦੀ ਆੜ ਵਿੱਚ ਇਕ ਦੂਜੇ ਨਾਲ ਸਮਾਜਿਕ ਤੌਰ ‘ਤੇ ਵਰਤਦੇ ਨਹੀਂ ਸਨ। ਇਹ ਚੰਗੀ ਗੱਲ ਨਹੀਂ। ਸਿਆਸਤ ਆਪਣੀ ਥਾਂ ਪਰੰਤੂ ਭਾਈਚਾਰਾ ਅਤੇ ਸਲੀਕਾ ਨਹੀਂ ਭੁੱਲਣਾ ਚਾਹੀਦਾ। ਸ੍ਰ.ਬੇਅੰਤ ਸਿੰਘ ਨਾਲ ਮੈਂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸਾਢੇ ਤਿੰਨ ਸਾਲ ਕੰਮ ਕੀਤਾ ਹੈ। ਉਨ੍ਹਾਂ ਕਦੀਂ ਵੀ ਸਿਆਸਤ ਨੂੰ ਆਪਣੇ ਵਿਵਹਾਰ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦਿੱਤਾ। ਇਥੋਂ ਤੱਕ ਕਿ ਆਪਣੇ ਕੱਟੜ ਸਿਆਸੀ ਵਿਰੋਧੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਰਹੇ ਹਨ। ਜਦੋਂ ਫਰਵਰੀ 1992 ਵਿੱਚ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਅਕਾਲੀ ਦਲ ਨੇ ਚੋਣਾ ਦਾ ਬਾਈਕਾਟ ਕੀਤੀ ਸੀ, ਇਸ ਕਰਕੇ ਟਕਰਾਓ ਪੈਦਾ ਹੋ ਗਿਆ ਸੀ। ਪਰੰਤੂ ਜਦੋਂ ਮੁੱਖ ਮੰਤਰੀ ਪਹਿਲੇ ਦਿਨ ਦਫ਼ਤਰ ਵਿੱਚ ਬੈਠੇ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਦਿਗਜ਼ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਵਧਾਈ ਦੇਣ ਲਈ ਫ਼ੋਨ ਖੜਕਿਆ ਸੀ। ਜਦੋਂ ਉਨ੍ਹਾਂ ਅਕਾਲੀ ਨੇਤਾ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ, ਉਨ੍ਹਾਂ ਮੈਨੂੰ ਵਿਸ਼ੇਸ਼ ਤੌਰ ‘ਤੇ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ ਨੂੰ ਮਿਲਕੇ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੋ ਕਿ ਉਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ, ਨੂੰ ਜੇਕਰ ਕਿਸੇ ਕਿਸਮ ਦੀ ਦਵਾਈਆਂ, ਕੂਲਰ, ਖਾਣਾ ਆਦਿ ਦੀ ਲੋੜ ਹੋਵੇ ਪੁਛ ਕੇ ਆਉਣ ਲਈ ਕਿਹਾ। ਫਿਰ ਸ੍ਰ.ਪਰਕਾਸ਼ ਸਿੰਘ ਬਾਦਲ ਦਾ ਖਾਣਾ ਸ੍ਰ.ਅਮਰਜੀਤ ਸਿੰਘ ਆਈ.ਏ.ਐਸ.ਦੇ ਘਰੋਂ ਜੇਲ੍ਹ ਵਿੱਚ ਜਾਂਦਾ ਰਿਹਾ। ਏਸੇ ਤਰ੍ਹਾਂ ਇਕ ਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮਰਹੂਮ ਅਵਿਨਾਸ਼ ਸਿੰਘ ਛਤਵਾਲ ਆਈ.ਏ.ਐਸ.ਰਾਹੀਂ ਕਿਸੇ ਨੁਕਤੇ ‘ਤੇ ਖ਼ਦਸ਼ਾ ਪ੍ਰਗਟ ਕੀਤਾ ਤਾਂ ਛਤਵਾਲ ਸਾਹਿਬ ਨੇ ਚੰਡੀਗੜ੍ਹ ਜਾ ਕੇ ਮੇਰੇ ਰਾਹੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਤਾਂ ਸ੍ਰ.ਬੇਅੰਤ ਸਿੰਘ ਨੇ ਕਿਹਾ ਕਿ ਉਹ ਟੌਹੜਾ ਸਾਹਿਬ ਦੀ ਸ਼ੱਕ ਦੂਰ ਕਰਨ ਲਈ ਉਨ੍ਹਾਂ ਦੇ ਪਿੰਡ ਮਿਲਣ ਜਾਣਗੇ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੈਨੂੰ ਮਿਲਣ ਲਈ ਪਿੰਡ ਨਾ ਆਉਣ ਸਗੋਂ ਫਤਹਿਗੜ੍ਹ ਸਾਹਿਬ ਇੰਜਿਨੀਅਰਿੰਗ ਕਾਲਜ ਦੇ ਕੁਝ ਮਸਲੇ ਹਨ, ਉਨ੍ਹਾ ਦੇ ਹੱਲ ਲਈ ਮੁੱਖ ਮੰਤਰੀ ਦੇ ਘਰ ਮੀਟਿੰਗ ਨਿਸਚਤ ਕਰ ਦਿੱਤੀ ਜਾਵੇ ਕਿਉਂਕਿ ਉਹ ਮੁੱਖ ਮੰਤਰੀ ਦੇ ਦਫ਼ਤਰ ਜਾਣਾ ਨਹੀਂ ਚਾਹੁੰਦੇ ਸਨ। ਫਿਰ ਟੌਹੜਾ ਸਾਹਿਬ ਦੀ ਮੁਲਾਕਾਤ ਫਤਹਿਗੜ੍ਹ ਇੰਜਿਨੀਅਰਿੰਗ ਕਾਲਜ ਸੰਬੰਧੀ ਮੁੱਖ ਮੰਤਰੀ ਦੀ ਕੋਠੀ ਵਿਖੇ ਨਿਸਚਤ ਕਰ ਦਿੱਤੀ, ਜਿਥੇ ਕਾਲਜ ਦੇ ਸਾਰੇ ਮਸਲੇ ਤੁਰੰਤ ਹਲ ਕਰਨ ਦੇ ਆਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕਰਮਿੰਦਰਾ ਸਿੰਘ ਦੇ ਸਿਵਲ ਐਵੀਏਸ਼ਨ ਵਿਭਾਗ ਵਿੱਚ ਕੰਮ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਚੰਡੀਗੜ੍ਹ ਦੇ 8 ਸੈਕਟਰ ਸੇਵਾ ਮੁਕਤ ਆਈ.ਏ.ਐਸ.ਅਧਿਕਾਰੀ ਸ਼ੇਰਜੰਗ ਸਿੰਘ ਦੀ ਕੋਠੀ ਮਿਲਣ ਲਈ ਚਲੇ ਗਏ। ਅੱਜ ਕਲ੍ਹ ਦੀ ਸਿਆਸਤ ਵਿੱਚ ਇਸ ਤਰ੍ਹਾਂ ਦੇ ਕੰਮ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਵਿਰੋਧ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਅਕਾਲੀ ਨੇਤਾ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਨਾਲ ਵੀ ਬੜੇ ਵਧੀਆ ਸੰਬੰਧ ਸਨ। ਉਹ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਤੋਂ ਸਤਲੁਜ ਯਮਨਾ  ਲੰਕ ਨਹਿਰ ਦੇ ਪਾਣੀਆਂ ਦੀ ਵੰਡ ਸੰਬੰਧੀ ਸਲਾਹ ਮਸ਼ਵਰਾ ਲੈਂਦੇ ਰਹਿੰਦੇ ਸਨ। ਦੋਰਾਹਾ ਦੇ ਅਕਾਲੀ ਨੇਤਾ ਈਸ਼ਰ ਸਿੰਘ, ਪਟਿਆਲਾ ਦੇ ਜਥੇਦਾਰ ਮਨਮੋਹਨ ਸਿੰਘ ਅਤੇ ਸਰਦਾਰਾ ਸਿੰਘ ਕੋਹਲੀ ਨਾਲ ਵੀ ਚੰਗੇ ਸੰਬੰਧ ਸਨ। ਭਾਰਤੀ ਜਨਤਾ ਪਾਰਟੀ ਦੇ ਮਦਨ ਮੋਹਨ ਮਿੱਤਲ, ਬੀਬੀ ਲਕਸ਼ਮੀ ਕਾਂਤਾ ਚਾਵਲਾ, ਕਾਮਰੇਡ ਡਾ.ਜੋਗਿੰਦਰ ਦਿਆਲ ਅਤੇ ਕਾਮਰੇਡ ਹਰਦੇਵ ਅਰਸ਼ੀ ਵੀ ਉਨ੍ਹਾਂ ਦੇ ਸਹਿਚਾਰ ਵਿੱਚ ਸਨ।

   ਇਕ ਵਾਰ ਮੋਗਾ ਵਿਖੇ ਆਰ.ਐਸ.ਐਸ.ਦੇ ਕਾਰਕੁਨਾ ਦਾ ਕਤਲੇਆਮ ਹੋ ਗਿਆ ਸੀ, ਅਟਲ ਬਿਹਾਰੀ ਵਾਜਪਾਈ ਅਤੇ ਬੇਅੰਤ ਸਿੰਘ ਸਸਕਾਰ ‘ਤੇ ਪਹੁੰਚੇ, ਜਦੋਂ ਬੇਅੰਤ ਸਿੰਘ ਬੋਲਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਬੋਲਣੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਟਲ ਬਿਹਾਰੀ ਵਾਜਪਾਈ ਸ਼ਮਸ਼ਾਨ ਘਾਟ ਦੀ ਕੰਧ ‘ਤੇ ਚੜ੍ਹ ਗਏ ਅਤੇ ਕਹਿਣ ਲੱਗੇ ਜੇਕਰ ਸ੍ਰ.ਬੇਅੰਤ ਸਿੰਘ ਨੂੰ ਪਹਿਲਾਂ ਬੋਲਣ ਦਿਓਗੇ ਮੈਂ ਤਾਂ ਹੀ ਬੋਲਾਂਗਾ। ਸ੍ਰ.ਬੇਅੰਤ ਸਿੰਘ ਦੀ ਨਮਰਤਾ, ਸਲੀਕੇ ਅਤੇ ਭਾਈਚਾਰਕ ਸਾਂਝ ਕਰਕੇ ਸਾਰੀਆਂ ਪਾਰਟੀਆਂ ਦੇ ਨੇਤਾ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਅੱਜ ਦੇ ਸਿਆਸਤਦਾਨਾ ਨੂੰ ਸਿਆਣਪ ਤੋਂ ਕੰਮ ਲੈਂਦਿਆਂ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਆਮ ਤੌਰ ‘ਤੇ ਪਹਿਲੀ ਸਰਕਾਰ ਦੇ ਸ਼ੁਰੂ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਨਵੀਂ ਸਰਕਾਰ ਰੋਕ ਦਿੰਦੀ ਹੈ। ਸ੍ਰ.ਬੇਅੰਤ ਸਿੰਘ ਨੇ ਇਸ ਤਰ੍ਹਾਂ ਨਹੀਂ ਕੀਤਾ ਸਗੋਂ ਪਹਿਲਾਂ ਪੁਰਾਣੇ ਸ਼ੁਰੂ ਹੋਏ ਪ੍ਰਾਜੈਕਟ ਨੇਪਰੇ ਚਾੜ੍ਹੇ ਤੇ ਫਿਰ ਨਵੇਂ ਸ਼ੁਰੂ ਕੀਤੇ। ਉਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਕਹਿਣ ਅਨੁਸਾਰ ਵਿਕਾਸ ਦੇ ਕੰਮ ਕਰਦੇ ਸਨ। ਉਹ ਇਹ ਮਹਿਸੂਸ ਕਰਦੇ ਸਨ ਕਿ ਸਾਰੀਆਂ ਪਾਰਟੀਆਂ ਅਤੇ ਲੋਕਾਂ ਦੇ ਸਹਿਯੋਗ ਬਿਨਾ ਵਿਕਾਸ ਸੰਭਵ ਹੀ ਨਹੀਂ। 

   ਬੇਅੰਤ ਸਿੰਘ ਯਾਦਗਾਰ ਦੀ ਉਸਾਰੀ ਦੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਸਪਨੇ ਵਿਖਾਏ ਗਏ ਸਨ ਉਹ 27 ਸਾਲ ਬੀਤ ਜਾਣ ਤੋਂ ਬਾਅਦ ਵੀ ਅਧੂਰੇ ਹੀ ਪਏ ਹਨ। ਪੰਜਾਬ ਵਿੱਚ ਭਾਵੇਂ ਕਾਂਗਰਸ ਦੇ ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀਆਂ ਦੀ ਅਗਵਾਈ ਵਿੱਚ ਸਰਕਾਰਾਂ ਰਹੀਆਂ ਹਨ ਪ੍ਰੰਤੂ ਉਨ੍ਹਾਂ ਨੇ ਵੀ ਯਾਦਗਾਰ ਦੀ ਉਸਾਰੀ ਵਿੱਚ ਬਣਦਾ ਯੋਗਦਾਨ ਨਹੀਂ ਪਾਇਆ। ਹਾਲਾਂ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਭ ਤੋਂ ਜ਼ਿਆਦਾ ਵਿਤੀ ਮਦਦ ਕੀਤੀ ਹੈ। ਪਰੰਤੂ ਯਾਦਗਾਰ ਦੀ ਉਸਾਰੀ ਲਈ ਬਣੀ ਕਮੇਟੀ ਨੇ ਸੈਰਗਾਹ ਦਾ ਇਲਾਕਾ ਯਾਦਗਾਰ ਵਿੱਚੋਂ ਕੱਢ ਦਿੱਤਾ ਹੈ। ਲਾਇਬਰੇਰੀ ਅਤੇ ਇਕ ਅੱਧੀ ਹੋਰ ਇਮਾਰਤ ਤੋਂ ਬਿਨਾ ਬਾਕੀ ਸਾਰੀ ਯਾਦਗਾਰ ਅਧਵਾਟੇ ਪਈ ਹੈ। ਲਾਇਬਰੇਰੀ ਦੀ ਇਮਾਰਤ ਅਤੇ ਵਰਕਿੰਗ ਸ਼ਾਨਦਾਰ ਹੈ। ਇਥੋਂ ਤੱਕ ਕਿ ਯਾਦਗਾਰ ਦੇ ਨਾਮ ਵਾਲੇ ਸੜਕ ‘ਤੇ ਲੱਗੇ ਬੋਰਡ ਵੀ ਮੰਦੀ ਹਾਲਤ ਵਿੱਚ ਹਨ। ਸ੍ਰ.ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਮੰਤਰੀ, ਐਮੀ.ਪੀ.ਅਤੇ ਵਿਧਾਨਕਾਰ ਰਹੇ ਹਨ ਪਰੰਤੂ ਯਾਦਗਾਰ ਮੁਕੰਮਲ ਕਰਵਾਉਣ ਵਿੱਚ ਅਸਫਲ ਰਹੇ ਹਨ। ਅੱਜ 31 ਅਗਸਤ 2022 ਨੂੰ ਉਨ੍ਹਾਂ ਦੀ ਸਮਾਧੀ ‘ਤੇ ਸੈਕਟਰ 42 ਚੰਡੀਗੜ੍ਹ ਵਿਖੇ ਪਰਿਵਾਰ ਵੱਲੋਂ ਸਰਬ ਧਰਮ ਪ੍ਰਾਰਥਨਾ ਸਭਾ ਆਯੋਜਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

ਮੋਬਾਈਲ-94178 13072
  ujagarsingh48@yahoo.com

ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ 'ਸ਼ੀਸ਼ੇ ਦੇ ਅੱਖਰ' ਲੋਕਾਈ ਦੇ ਦਰਦ ਦੀ ਦਾਸਤਾਂ - ਉਜਾਗਰ ਸਿੰਘ

ਹਰਦਮ ਮਾਨ ਦਾ 'ਸ਼ੀਸ਼ੇ ਦੇ ਅੱਖਰ' ਦੂਜਾ ਗ਼ਜ਼ਲ ਸੰਗ੍ਰਹਿ ਅਤੇ ਤੀਜੀ ਪੁਸਤਕ ਹੈ। ਮੁੱਢਲੇ ਤੌਰ 'ਤੇ ਹਰਦਮ ਮਾਨ ਗ਼ਜ਼ਲਕਾਰ ਹੈ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ ਭਾਲ ਵਿੱਚ' 2013 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਦੀ ਵਾਰਤਕ ਦੀ ਸੰਪਾਦਿਤ  'ਪ੍ਰੋ.ਰੁਪਿੰਦਰ ਮਾਨ : ਜੀਵਨ ਅਤੇ ਚੋਣਵੀਂ ਰਚਨਾ' ਪੁਸਤਕ ਹੈ। ਪਹਿਲਾ ਗ਼ਜ਼ਲ ਸੰਗ੍ਰਹਿ ਪੰਜਾਬ ਵਿੱਚ ਰਹਿੰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਸੀ। 'ਸ਼ੀਸ਼ੇ ਦੇ ਅੱਖਰ' ਗ਼ਜ਼ਲ ਸੰਗ੍ਰਹਿ ਉਸਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ 9 ਸਾਲ ਦੇ ਪ੍ਰਵਾਸ ਦੇ ਤਜ਼ਰਬਿਆਂ ਅਤੇ ਪੰਜਾਬ ਦੀ ਤ੍ਰਾਸਦੀ ਦਾ ਪੁਲੰਦਾ ਹੈ। ਇਹ ਗ਼ਜ਼ਲ ਸੰਗ੍ਰਹਿ ਪ੍ਰਵਾਸ ਵਿੱਚ ਵਸ ਰਹੇ ਪੰਜਾਬੀਆਂ ਦੇ ਮਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਪੰਜਾਬ ਦੇ ਹੇਰਵੇ ਦੀ ਦਾਸਤਾਂ ਹੈ। ਗ਼ਜ਼ਲਕਾਰ ਭਾਵੇਂ ਕੈਨੇਡਾ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈ ਪ੍ਰੰਤੂ ਪੰਜਾਬ ਨਾਲ ਉਹ ਬਾਵਾਸਤਾ ਹੈ ਕਿਉਂਕਿ ਉਸ ਦੀਆਂ ਪ੍ਰਵਾਸ ਦੀ ਬਾਤ ਪਾਉਂਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਹਿਕ ਬਰਕਰਾਰ ਹੈ। ਬਹੁਤੀਆਂ ਗ਼ਜ਼ਲਾਂ ਪੰਜਾਬ ਦੀ ਦੁਖਦੀ ਰਗ ਦੀ ਤਰਜਮਾਨੀ ਕਰਦੀਆਂ ਹਨ। ਗ਼ਜ਼ਲਾਂ ਦੇ ਹਰ ਸ਼ੇਅਰ ਵਿੱਚ ਇਕ ਮੁਕੰਮਲ ਵਿਸ਼ਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹਰਦਮ ਮਾਨ ਦੀ ਹਰੇਕ ਗ਼ਜ਼ਲ ਵਿੱਚ ਵੀ ਜਿਤਨੇ ਸ਼ਿਅਰ ਉਤਨੇ ਹੀ ਵਿਸ਼ੇ ਹੁੰਦੇ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਪ੍ਰਵਾਸੀ ਜੀਵਨ ਦੇ ਝਮੇਲੇ, ਮਸਲੇ, ਸਮੱਸਿਆਵਾਂ ਅਤੇ ਪ੍ਰਾਪਤੀਆਂ ਨੂੰ ਵਿਸ਼ੇ ਬਣਾਇਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਵਿੱਚ ਲੋਕਾਈ ਦੇ ਦਰਦ ਦੀ ਚੀਸ ਵਿਖਾਈ ਦਿੰਦੀ ਹੈ। ਮਾਨਵਤਾ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਦੁੱਖ-ਦਰਦ ਅਤੇ ਉਨ੍ਹਾਂ ਦੇ ਮਨਾਂ ਵਿੱਚ ਉਠਦੇ ਵਲਵਲਿਆਂ ਦੀ ਉਥਲ ਪੁਥਲ ਥਾਂ-ਪਰ-ਥਾਂ ਵਿਖਾਈ ਦਿੰਦੀ ਹੈ। ਪ੍ਰਵਾਸ ਦੀ ਜ਼ਿੰਦਗੀ ਦੀਆਂ ਤਸਵੀਰਾਂ ਸ਼ਬਦਾਂ ਰਾਹੀਂ ਖਿਚਕੇ ਮਨੁੱਖੀ ਮਨਾ ਦੇ ਚਿਤਰਪੱਟ ਤੇ ਪਹੁੰਚਾ ਕੇ ਪ੍ਰਵਾਸ ਦੀ ਜ਼ਿੰਦਗੀ ਦੇ ਦਰਸ਼ਨ ਕਰਵਾ ਦਿੱਤੇ ਹਨ। ਪ੍ਰਵਾਸ ਵਿਚ ਹਰ ਇਨਸਾਨ ਆਪੋ ਆਪਣੇ ਕੰਮਾ ਕਾਰਾਂ ਵਿੱਚ ਰੁਝਿਆ ਰਹਿਣ ਕਰਕੇ ਸੁੰਨ ਸਾਨ ਚੁਰੱਸਤੇ ਖ਼ੌਫ ਦਾ ਮਾਹੌਲ ਪੈਦਾ ਕਰਦੇ ਹਨ। ਇਨਸਾਨ ਦਾ ਆਪਣੇ ਕਾਰੋਬਾਰ ਵਿੱਚ ਮਸ਼ਰੂਫ਼ ਰਹਿਣ ਬਾਰੇ ਵੀ ਦਰਸਾਇਆ ਗਿਆ ਹੈ। ਬਾਜ਼ਾਰਾਂ ਦੀ ਭੀੜ ਦੀ ਚੁੱਪ ਦੀ ਚੀਸ, ਪੰਜਾਬ ਦੀ ਯਾਦ ਦੇ ਤੂਫ਼ਾਨ, ਧੀਆਂ ਦੇ ਦੁਖੜੇ ਅਤੇ ਥੱਕ ਟੁੱਟ ਕੇ ਰੋਜ਼ੀ ਰੋਟੀ ਕਮਾਉਣ ਤੋਂ ਬਾਅਦ ਘਰ ਮੁੜਨ ਦੀ ਤ੍ਰਾਸਦੀ ਗ਼ਜ਼ਲਾਂ ਨੂੰ ਰਹੱਸਮਈ ਬਣਾਉਂਦੀ ਹੈ। ਪੱਥਰਾਂ ਦੇ ਉਕਰੇ ਸ਼ਬਦਾਂ ਦੀ ਥਾਂ ਹੁਣ ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਹੋਂਦ ਦੇ ਝਉਲੇ ਨੂੰ ਵੇਖਣ ਜੋਗਾ ਰਹਿ ਗਿਆ ਹੈ। ਸਾਰੀ ਦਿਹਾੜੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਵੀ ਘਰ ਬਣਾਉਣ ਦੇ ਲਾਲੇ ਪਏ ਰਹਿੰਦੇ ਹਨ। ਏਥੇ ਮਾਨਸਿਕ ਪਿਆਸ ਅਧੂਰੀ ਰਹਿੰਦੀ ਹੈ। ਸਾਰਾ ਸਮਾਂ ਕੰਮ ਹੀ ਕੰਮ ਕਰੋ ਅਤੇ ਪੈਸੇ ਕਮਾਓ ਪ੍ਰੰਤੂ ਹੋਰ ਕਮਾਉਣ ਅਤੇ ਕਾਰੋਬਾਰ ਵਧਾਉਣ ਤੇ ਹੋਰ ਵਸੀਲੇ ਪੈਦਾ ਕਰਨ ਦੀ ਤਮਾ ਫਿਰ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ।
ਪੰਜਾਬ ਵਿੱਚ ਤੂਫ਼ਾਨਾ ਦਾ ਮੁਕਾਬਲਾ ਕਰਨਾ ਸੌਖਾ ਹੈ ਪ੍ਰੰਤੂ ਘਰਾਂ ਦਾ ਕਲੇਸ਼ ਇਨਸਾਨ ਨੂੰ ਝੰਬ ਕੇ ਰੱਖ ਦਿੰਦਾ ਹੈ। ਘੁਮੰਡ ਕਰਕੇ ਇਨਸਾਨ ਆਪਣੇ ਭਾਰ ਨਾਲ ਹੀ ਗਿਰ ਜਾਂਦਾ ਹੈ। ਇਸ ਮੰਤਵ ਲਈ ਹਿੰਮਤ, ਮਿਹਨਤ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਮਨ ਸਥਿਰ ਨਹੀਂ ਰਹਿੰਦਾ ਕਿਉਂਕਿ ਹੇਰਾ ਫੇਰੀ ਵਾਲਾ ਇਨਸਾਨ ਹੀ ਸਫਲਤਾ ਪ੍ਰਾਪਤ ਕਰਦਾ ਹੈ। ਇਨਸਾਨ ਦੀਆਂ ਪ੍ਰਾਪਤੀਆਂ ਦੇ ਮਹਿਲ ਮੁਨਾਰੇ ਤਾਂ ਵਿਖਾਈ ਦਿੰਦੇ ਹਨ ਪ੍ਰੰਤੂ ਜਿਹੜਾ ਅੰਦਰੋਂ ਟੁੱਟਦਾ ਹੈ, ਉਹ ਬਾਹਰ ਨਹੀਂ ਵਿਖਾਈ ਦਿੰਦਾ। ਹਾਸਿਆਂ ਨਾਲ ਦਰਦਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਦਾ ਹੈ। ਨਰਤਕੀਆਂ ਦੀ ਬੇਬਸੀ ਘੁੰਗਰੂਆਂ ਦੇ ਸ਼ੋਰ ਵਿੱਚ ਸੁਣਾਈ ਨਹੀਂ ਦਿੰਦੀ। ਇਨਸਾਨ ਅੰਦਰੋ ਅੰਦਰੀ ਧੁਖੀ ਜਾਂਦਾ ਹੈ। ਇਨਸਾਨ ਦਾ ਸਫਲਤਾ ਪ੍ਰਾਪਤੀ ਲਈ ਚੇਤੰਨ ਹੋਣਾ ਜ਼ਰੂਰੀ ਹੈ। ਜਦੋਂ ਜ਼ੁਲਮ ਹੱਦਾਂ ਟੱਪ ਜਾਂਦਾ ਹੈ ਤਾਂ ਉਸਦਾ ਮੁਕਾਬਲਾ ਕਰਨਾ ਜ਼ਰੂਰੀ ਹੈ। ਬਦਲਾਖ਼ੋਰੀ ਅਤੇ ਘਿਰਣਾ ਹਰ ਘਰ ਵਿੱਚ ਪਹੁੰਚ ਗਈ ਹੈ। ਮਾਨਵਤਾ ਦਾ ਕਲਿਆਣ ਹੋਣਾ ਅਸੰਭਵ ਜਾਪਦਾ ਹੈ। ਆਦਮੀ ਨੂੰ ਸਮਾਜ ਵਿੱਚ ਰੁਤਬਾ ਵੱਧਣ ਨਾਲ ਤਸੱਲੀ ਹੁੰਦੀ ਹੈ ਪ੍ਰੰਤੂ ਜਦੋਂ ਆਪਣੀਆਂ ਨਜ਼ਰਾਂ ਵਿੱਚੋਂ ਗਿਰ ਗਿਆ ਫਿਰ ਉਹ ਖ਼ਤਮ ਹੋ ਜਾਵੇਗਾ। ਇਨਸਾਨੀਅਤ ਦਾ ਮਦਦਗਾਰ ਬਣਨਾ ਸਮੇਂ ਦੀ ਲੋੜ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਭਾਵੇਂ ਵਿਸ਼ੇ ਦਾ ਦੁਹਰਾਓ ਹੈ ਪ੍ਰੰਤੂ ਇਹ ਦੁਹਰਾਓ ਗ਼ਜ਼ਲਗੋ ਦੀ ਲੋਕਾਈ ਪ੍ਰਤੀ ਸੰਜੀਦਗੀ ਦਾ ਪ੍ਰਤੀਕ ਹੈ। ਮੁਸ਼ਕਲਾਂ ਦਾ ਅਧਮੋਇਆ ਮਨੁੱਖ ਆਸ ਦੀ ਕਿਰਨ ਦੇ ਕੰਧਾੜੇ ਚੜ੍ਹਿਆ ਹੋਇਆ ਹੈ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਤਬਦੀਲੀ ਦਾ ਸੰਕੇਤ ਹੁੰਦੇ ਹਨ। ਪ੍ਰੰਤੂ ਹਓਮੈ ਦਾ ਕਿਲਾ ਇਕ ਨਾ ਇਕ ਦਿਨ ਢਹਿ ਹੀ ਜਾਂਦਾ ਹੈ।  ਲੋਕ ਬੇਸਬਰੇ ਹੋ ਕੇ ਜ਼ਿਆਦਤੀਆਂ ਕਰ ਰਹੇ ਹਨ। ਮਰਿਆਦਾ ਵਿੱਚ ਰਹਿਣ ਨਾਲ ਹੀ ਸਮਾਜ ਵਿੱਚ ਸਹਿਚਾਰ ਵਧੇਗਾ। ਸੱਚੇ ਸੁੱਚੇ ਲੋਕ ਅਖ਼ੀਰ ਜਿੱਤ ਪ੍ਰਾਪਤ ਕਰਦੇ ਹਨ। ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਗੁਨਾਹਾਂ ਨੂੰ ਮਿਲਦੀ ਸਜਾ ਦਾ ਖ਼ਾਤਮਾ ਕਰਨ ਲਈ ਸਮਾਜ ਨੂੰ ਏਕੇ ਦਾ ਸਬੂਤ ਦਿੰਦਿਆਂ ਲਾਮਬੰਦ ਹੋਣਾ ਪਵੇਗਾ। ਇਹ ਸਾਰਾ ਕੁਝ ਹਰਦਮ ਮਾਨ ਦੀਆਂ ਗ਼ਜ਼ਲਾਂ ਕਹਿ ਰਹੀਆਂ ਹਨ। ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਆਪਸੀ ਪਿਆਰ, ਸਹਿਯੋਗ, ਸ਼ਹਿਨਸ਼ੀਲਤਾ ਦਾ ਪੱਲਾ ਫੜਨ, ਗਿਆਨ ਲੈਣ, ਕੁਦਰਤ ਦੇ ਕਹਿਰ ਸਮੇਂ ਹਿੰਮਤ ਨਾ ਹਾਰਨ ਦੀ ਤਾਕੀਦ ਕਰਦਾ ਹੈ। ਕਿਸੇ ਵੀ ਸਮੱਸਿਆ ਸਮੇਂ ਤੁਰੰਤ ਫ਼ੈਸਲਾ ਕਰਕੇ ਉਸ 'ਤੇ ਕਾਬੂ ਪਾ ਸਕਦੇ ਹੋ। ਮਨੁੱਖ ਨੂੰ ਸਮਾਜ ਦੀ ਪਛਾਣ ਕਰਕੇ ਵਿਚਰਨਾ ਚਾਹੀਦਾ ਹੈ। ਹਰਦਮ ਮਾਨ ਇਨਸਾਨ ਨੂੰ ਆਪਣੀ ਸਫਲਤਾ ਲਈ ਆਪਣੀ ਸੋਚ ਦੀ ਵਰਤੋਂ ਕਰਕੇ ਰਸਤਾ ਅਪਨਾਉਣਾ ਦੀ ਤਾਕੀਦਾ ਹੈ। ਉਹ ਲਿਖਦਾ ਹੈ-
ਬੇਸ਼ਕ ਹੁਣ ਤੱਕ ਪੂਰੇ ਚੰਨ ਦੇ ਨਾਲ ਰਿਹਾ ਹਾਂ।
ਫਿਰ ਵੀ ਆਪਣਾ ਵੱਖਰਾ ਦੀਵਾ ਬਾਲ ਰਿਹਾ ਹਾਂ।
ਫ਼ਸਲੀ ਬਟੇਰਿਆਂ ਅਤੇ ਸਿਆਸਤਦਾਨਾ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਚਾਲਾਕ ਸਿਆਸਤਦਾਨ ਸਾਧਾਰਨ ਲੋਕਾਂ ਨੂੰ ਰਿਸ਼ਤਿਆਂ, ਧਰਮਾਂ, ਜ਼ਾਤ ਪਾਤ, ਰੋਜ਼ਗਾਰ ਅਤੇ ਕੁੱਲੀ ਗੁੱਲੀ ਦੇ ਮਕੜਜਾਲ ਵਿੱਚ ਫਸਾਕੇ ਵੋਟਾਂ ਵਟੋਰਦਾ ਹੈ। ਲੋਕ ਭੋਲੇ ਭਾਲੇ ਹਨ ਜੋ ਵਾਅਦਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਲੋਕਾਈ ਰੂਹਾਂ ਦੀ ਥਾਂ ਜਿਸਮਾ ਦੀ ਖਿੱਚ ਕਰਕੇ ਗ਼ਲਤ ਰਸਤੇ ਪੈ ਰਹੀ ਹੈ। ਸਿਆਸਤਦਾਨਾ ਤੋਂ ਆਸ ਸੀ ਕਿ ਕੁਝ ਸੰਵਾਰਨਗੇ ਪ੍ਰੰਤੂ ਅਜੇ ਤਾਂ ਸੂਰਜ ਕਲ੍ਹ ਵਰਗਾ ਹੀ ਹੈ, ਭਾਵ ਕੋਈ ਤਬਦੀਲੀ ਆਉਣ ਦੀ ਉਮੀਦ ਨਹੀਂ ਹੈ। ਅਜੇ ਵੀ ਚਾਰੇ ਪਾਸੇ ਹਨ੍ਹੇਰਾ ਹੈ। ਆਪਣਾ ਬਣਾਕੇ ਲੋਕ ਮਾਰਦੇ ਹਨ। ਦੋਹਰੇ ਕਿਰਦਾਰ ਵਾਲੇ ਲੋਕਾਂ ਤੋਂ ਬਚਕੇ ਰਹੋ। ਦੋਸਤਾਂ ਨਾਲ ਵਿਸ਼ਵਾਸਘਾਤ ਨਾ ਕਰੋ। ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰਾ ਦੋਸਤ ਮੇਰੀ ਮੁਖ਼ਾਲਫ਼ਤ ਕਰੇਗਾ।  ਇਨਸਾਨ ਆਪਣੀ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਫਿਰ ਬਚਣਾ ਹੀ ਕੀ ਹੈ?
ਸਾਡੇ ਦਿਲ ਵਿੱਚ ਦਰਦ ਬੜੇ ਨੇ, ਲੋਕੀਂ ਪਰ ਬੇ-ਦਰਦ ਬੜੇ ਨੇ।
ਪਿਆਰ-ਮੁਹੱਬਤ ਦਾ ਨਿੱਘ ਕਿੱਥੇ, ਹਉਕੇ ਸਾਡੇ ਸਰਦ ਬੜੇ ਨੇ।
ਲੂਣ ਲਗਾ ਕੇ ਜ਼ਖ਼ਮ ਪਲੋਸਣ, ਸਾਡੇ ਤਾਂ ਹਮਦਰਦ ਬੜੇ ਨੇ।
ਹਾਸਿਆਂ ਨੂੰ ਹੌਕਿਆਂ ਦੀ ਹਿੱਕ ਉੱਤੇ ਧਰ ਲਿਆ,
ਮੈਂ ਵੀ ਹੁਣ ਜ਼ਿੰਦਗੀ ਨੂੰ ਜਿਓਣ ਜੋਗੀ ਕਰ ਲਿਆ।
ਮੈਂ ਤਾਂ ਇਹਦੇ ਨਾਲ ਵੀ ਕਰਦਾ ਰਿਹਾਂ ਹਰਦਮ ਕਲੋਲ,
ਦਰਦ ਦੇ ਕੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲਿਆ।
ਗ਼ਜ਼ਲਗੋ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ ਪ੍ਰੰਤੂ ਕੁਝ ਗ਼ਜ਼ਲਾਂ ਪਿਆਰ ਮੁਹੱਬਤ ਨਾਲ ਸੰਬੰਧਤ ਵੀ ਹਨ।  ਵੈਸੇ ਸਮਾਜ ਵਿੱਚ ਗ਼ਰੀਬ ਅਮੀਰ ਦਾ ਪਾੜਾ, ਜ਼ਿੰਦਗੀ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਫ਼ਰੇਬ, ਧੋਖ਼ੇ ਅਤੇ ਸਮਾਜਿਕ  ਬਰਾਬਰਤਾ ਦੀ ਅਣਹੋਂਦ ਦੀ ਝਲਕ ਆਉਂਦੀ ਹੈ। ਜ਼ਿੰਦਗੀ ਨੂੰ ਕੰਡਿਆਂ ਦੀ ਸੇਜ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਈ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਸੁਪਨੇ ਵੀ ਵੇਖਣੇ ਚਾਹੀਦੇ ਹਨ। ਅਰਥਾਤ ਨਿਸ਼ਾਨੇ ਨਿਸਚਤ ਕਰਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਇਨਸਾਨ ਵਿੱਚੋਂ ਮੁਹੱਬਤ ਪੰਖ ਲਾ ਕੇ ਉਡ ਗਈ ਹੈ। ਲੋਕ ਖ਼ੁਦਗਰਜ਼ ਹੋ ਗਏ ਹਨ। ਚਾਰੇ ਪਾਸੇ ਅੰਧਕਾਰ ਹੈ। ਧੋਖੇਬਾਜਾਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜੰਗਲ ਜ਼ਰੂਰੀ ਹਨ। ਜੰਗਲਾਂ ਨੂੰ ਵੱਢ ਕੇ ਖ਼ਤਮ ਕੀਤਾ ਜਾ ਰਿਹਾ ਹੈ। ਅੱਗਾਂ ਲਗਾ ਕੇ ਪੌਣਾਂ ਦੂਸ਼ਿਤ ਕੀਤੀਆਂ ਜਾ ਰਹੀਆਂ ਹਨ। ਇਕ ਗ਼ਜ਼ਲ ਵਿੱਚ ਗ਼ਜ਼ਲਗੋ ਲਿਖਦੈ-
ਵਗਦੀਆਂ ਪੌਣਾਂ ਨੂੰ ਹੋਈ ਕੈਦ ਤੇ ਅੱਗਾਂ ਬਰੀ,
ਫ਼ੈਸਲੇ ਹੁਣ ਇਸ ਤਰ੍ਹਾਂ ਏਥੇ ਸੁਣਾਏ ਜਾਣਗੇ।
ਕੀ ਪਤਾ ਕਿੰਨੇ ਵਸੇਬੇ ਜਾਣਗੇ ਉੱਜੜ ਉਦੋਂ,
ਬਸਤੀਆਂ ਖ਼ਾਤਰ ਜਦੋਂ ਜੰਗਲ ਕਟਾਏ ਜਾਣਗੇ।
ਸਮਾਜ ਨੇ ਵੰਡੀਆਂ ਪਾ ਲਈਆਂ ਹਨ, ਉਹ ਪੰਛੀਆਂ ਤੋਂ ਵੀ ਸਿੱਖਣ ਨੂੰ ਤਿਆਰ ਨਹੀਂ। ਇਨਸਾਨ ਮਸ਼ੀਨ ਬਣ ਗਿਆ ਹੈ, ਇਥੋਂ ਤੱਕ ਕਿ ਉਸਦਾ ਵਿਵਹਾਰ ਵੀ ਮਸ਼ੀਨੀ ਹੀ ਹੋ ਗਿਆ ਹੈ। ਪ੍ਰਵਾਸ ਵਿੱਚ ਗਏ ਪੰਜਾਬੀਆਂ ਦੇ ਪੰਜਾਬ ਨਾਲ ਲਗਾਓ ਬਾਰੇ ਹਰਦਮ ਮਾਨ ਲਿਖਦਾ ਹੈ ਕਿ-
ਯਾਦਾਂ ਦੀ ਧਰਤੀ ਨੇ ਤਾਂ ਹੁਣ ਸੜਦੇ ਹੀ ਰਹਿਣਾ,
ਡਾਲਰ ਦੇ ਜੰਗਲ 'ਚੋਂ ਕਿੱਥੋਂ ਛਾਵਾਂ ਲੱਭਦੇ ਨੇ।
ਸੜਕਾਂ ਉਤੇ ਤੁਰਦੇ ਤੁਰਦੇ ਪੈਰ ਗੁਆਚ ਗਏ,
ਮਖ਼ਮਲ ਵਰਗੀ ਰੇਤ ਵਾਲੀਆਂ ਰਾਹਵਾਂ ਲੱਭਦੇ ਨੇ।
ਹਾਲੇ ਵੀ ਇਸ ਸ਼ਹਿਰ 'ਚ ਵਸਦੇ ਭੋਲੇ ਲੋਕ ਬੜੇ।
ਜੋ ਗਲਵੱਕੜੀ ਪਾਉਣ ਵਾਸਤੇ ਬਾਹਵਾਂ ਲੱਭਦੇ ਨੇ।
ਯਾਦ ਰੱਖ ਓਨੇ ਹੀ ਕੰਡੇ ਪੈਣਗੇ ਚੁਗਣੇ ਕਦੇ,
ਤੇਰਿਆਂ ਰਾਹਾਂ 'ਚ ਜਿੰਨੇ ਫੁੱਲ ਵਿਛਾਏ ਜਾਣਗੇ।
ਪ੍ਰਦੇਸਾਂ ਵਿੱਚ ਵਸ ਰਹੇ ਪੰਜਾਬੀ ਭਾਵੇਂ ਸਰੀਰਕ ਤੌਰ 'ਤੇ ਉਥੇ ਵਸ ਰਹੇ ਹਨ ਪ੍ਰੰਤੂ ਉਨ੍ਹਾਂ ਦੀਆਂ ਰੂਹਾਂ ਅਜੇ ਵੀ ਪੰਜਾਬ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ, ਜਿਸ ਬਾਰੇ ਇਕ ਹੋਰ ਗ਼ਜ਼ਲ ਵਿੱਚ ਹਰਦਮ ਮਾਨ ਲਿਖਦਾ ਹੈ-
ਮਹਿਲ ਵਿੱਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿੱਚ,
ਹੋ ਰਿਹਾ ਸੁਪਨੇ 'ਚ ਸੀ ਕੱਚੇ ਘਰਾਂ ਦੇ ਰੂਬਰੂ।
ਡਾਲਰ ਦੇ ਸਾਗਰਾਂ ਵਿੱਚ ਰੂਹਾਂ ਪਿਆਸੀਆਂ ਨੇ,
ਯਾਦਾਂ ਦੇ ਟਿੱਬਿਆਂ 'ਚੋਂ ਲੱਭਦੀ ਨਾ ਢਾਬ ਯਾਰੋ।
ਰੱਖਦੇ ਨੇ ਪੌਂਡ, ਡਾਲਰ ਜੁੱਤੀ ਦੀ ਨੋਕ ਉੱਤੇ,
ਵਿਰਲੇ ਨੇ 'ਮਾਨ' ਵਰਗੇ ਦਿਲ ਦੇ ਨਵਾਬ ਯਾਰੋ।
ਜਦੋਂ ਬੱਚੇ ਪ੍ਰਵਾਸ ਵਿੱਚ ਚਲੇ ਜਾਂਦੇ ਹਨ ਤਾਂ ਮਾਪੇ ਬੱਚਿਆਂ ਨੂੰ ਮਿਲਣ ਨੂੰ ਤਰਸਦੇ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਮਾਪਿਆਂ ਦੇ ਵਿਛੋੜੇ ਬਾਰੇ ਸ਼ਾਇਰ ਲਿਖਦਾ ਹੈ-
ਪਿਆਰ-ਮੁਹੱਬਤ, ਰਿਸ਼ਤੇ-ਨਾਤੇ, ਪੈਸਾ ਧੇਲਾ 'ਮਾਨ',
ਸਿਵਿਆਂ ਦੇ ਵਿੱਚ ਲੱਭਦੇ ਲੋਕੀਂ, ਰਾਖ ਫਰੋਲ ਰਹੇ।
ਵਿਰਾਸਤ ਦੀ ਹੂਕ ਦਿਲ ਵਿੱਚ ਕਹਿਰ ਮਚਾ ਦਿੰਦੀ ਹੈ। ਪ੍ਰਦੇਸਾਂ ਵਿੱਚ ਬੇੈਠੇ ਆਪਣੇ ਪਿੰਡ ਦੀ ਸੈਰ ਕਰ ਆਉਂਦੇ ਲੋਕਾਂ ਬਾਰੇ ਹਰਦਮ ਮਾਨ ਲਿਖਦੇ ਹਨ-
ਮਹਾਂਦੀਪਾਂ ਤੋਂ ਹੋ ਕੇ ਪਾਰ ਵਿੱਛੜ ਕੇ ਜੜ੍ਹਾਂ ਨਾਲੋਂ,
ਸਫ਼ਰ ਅੰਦਰ ਉਹ ਪਹਿਲੇ ਮੀਲ-ਪੱਥਰ ਯਾਦ ਆਉਂਦੇ ਨੇ।
ਨਹਾਉਣਾ ਛੱਪੜਾਂ ਵਿੱਚ ਗਾਰ ਮਲਣੀ ਪਿੰਡਿਆਂ ਉੱਤੇ,
ਚਰਾਂਦਾਂ ਖੁੱਲ੍ਹੀਆਂ ਵਿੱਚ ਮਾਲ ਡੰਗਰ ਯਾਦ ਆਉਂਦੇ ਨੇ।
ਕਦੇ ਗੰਨੇ, ਕਦੇ ਛੱਲੀਆਂ, ਕਦੇ ਤਰਬੂਜ ਚੋਰੀ ਦੇ,
ਕਦੇ ਪੈਂਦੇ ਸੀ ਜੋ ਬਾਪੂ ਦੇ ਛਿੱਤਰ ਯਾਦ ਆਉਂਦੇ ਨੇ।
ਹਰਦਮ ਮਾਨ ਦੀਆਂ ਗ਼ਜ਼ਲਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਵਾਲੀਆਂ ਹਨ। ਭਵਿਖ ਵਿੱਚ ਇਸ ਸ਼ਾਇਰ ਤੋਂ ਹੋਰ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ। 76 ਪੰਨਿਆਂ, 59 ਗ਼ਜ਼ਲਾਂ ਅਤੇ 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
ਮੋਬਾਈਲ-94178 13072   
ujagarsingh48@yahoo.com

13 ਅਗਸਤ ਨੂੰ ਬਰਸੀ 'ਤੇ ਵਿਸ਼ੇਸ਼ : ਸਿੱਖ ਪੰਥ ਦੇ ਮਾਰਗ ਦਰਸ਼ਕ : ਸਿਰਦਾਰ ਕਪੂਰ ਸਿੰਘ - ਉਜਾਗਰ ਸਿੰਘ

ਸਿੱਖ ਧਰਮ ਦੇ ਵਿਦਵਾਨਾ ਅਤੇ ਬੁੱਧੀਜੀਵੀਆਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ, ਸਿੱਖ ਧਰਮ ਦੇ ਅਨੁਆਈਆਂ ਨੂੰ ਰੌਸ਼ਨੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੀ ਵਿਦਵਤਾ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਦੀ ਪ੍ਰਵਿਰਤੀ ਦਾ ਸੰਸਾਰ ਵਿੱਚ ਕੋਈ ਵੀ ਸਾਨੀ ਨਹੀਂ ਪੈਦਾ ਹੋ ਸਕਿਆ। ਵਿਦਵਾਨਾ ਅਤੇ ਸਿਆਸਤਦਾਨਾ ਦੇ ਉਹ ਮਾਰਗ ਦਰਸ਼ਕ ਹਨ ਕਿਉਂਕਿ ਉਹ ਹਵਾਈ ਗੱਲਾਂ ਦੀ ਥਾਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੇ ਮੁੱਦਈ ਸਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਵਿਲੱਖਣ ਧਰਮ ਹੈ। ਇਹ ਸੰਸਾਰ ਦਾ ਇਕੋ ਇਕ ਅਜਿਹਾ ਧਰਮ ਹੈ, ਜਿਹੜਾ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਭਾਵੇਂ ਹੋਰ ਵੀ ਧਰਮ ਇਨਸਾਨੀਅਤ ਦੀ ਗੱਲ ਕਰਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਇਹ ਧਰਮ ਮਾਨਵਤਾ ਦੇ ਹਿੱਤਾਂ ਤੇ ਪਹਿਰਾ ਦੇਣ, ਸਰਬਸਾਂਝੀਵਾਲਤਾ, ਬਰਾਬਰੀ, ਨਿਆਏ, ਜਾਤ ਪਾਤ ਦਾ ਖੰਡਨ ਅਤੇ ਇਸਤਰੀ ਜਾਤੀ ਨੂੰ ਬਰਾਬਰ ਦੇ ਅਧਿਕਾਰ ਅਤੇ ਗਊ ਗ਼ਰੀਬ ਦੀ ਰੱਖਿਆ ਦਾ ਸੰਦੇਸ਼ ਦਿੰਦਾ ਹੈ। ਸਿੱਖ ਧਰਮ ਦੇ ਪਵਿਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਜਾਤੀ, ਵਰਗ, ਭਗਤਾਂ ਅਤੇ ਮਹਾਤਮਾਵਾਂ ਦੀ ਬਾਣੀ ਦਰਜ ਹੈ। ਸਿੱਖ ਧਰਮ ਦੀ ਵਿਚਾਰਧਾਰਾ ਇਨਸਾਨੀਅਤ ਦੀ ਵਿਚਾਰਧਾਰਾ ਹੈ। ਇਸ ਬਾਣੀ ਨੂੰ ਸਮਝਣਾ ਅਤੇ ਇਸ ਦੀ ਵਿਆਖਿਆ ਕਰਨੀ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਜਿਸ ਪੱਧਰ ਤੇ ਪਹੁੰਚਕੇ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਇਸ ਪਵਿਤਰ ਬਾਣੀ ਦੀ ਰਚਨਾ ਕੀਤੀ ਹੈ, ਇਸ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਨੂੰ ਉਸ ਪੱਧਰ ਤੇ ਪਹੁੰਚਣਾ ਪੈਂਦਾ ਹੈ। ਉਸ ਪੱਧਰ ਤੱਕ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਪੰਜਾਬ ਵਿਚ ਸਿੱਖ ਧਰਮ ਦੇ ਬਹੁਤ ਸਾਰੇ ਵਿਦਵਾਨ ਅਨੁਆਈ ਹੋਏ ਹਨ। ਉਨ੍ਹਾਂ ਸਾਰਿਆਂ ਵਿਚੋਂ ਸਰਵੋਤਮ ਪ੍ਰਬੀਨ ਵਿਦਵਾਨ ਜਿਸਨੇ ਦ੍ਰਿੜ੍ਹਤਾ, ਲਗਨ, ਦਲੇਰੀ ਅਤੇ ਸੁਜੱਗਤਾ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਅਤੇ ਉਸਦੀ ਸੋਚ ਨੂੰ ਪਹਿਚਾਣਿਆਂ ਹੈ, ਉਹ ਸਨ ਸਿਰਦਾਰ ਕਪੂਰ ਸਿੰਘ। ਸਿਰਦਾਰ ਕਪੂਰ ਸਿੰਘ ਵਿਦਵਤਾ ਅਤੇ ਮੌਲਿਕ ਬੌਧਿਕਤਾ ਦਾ ਮੁਜੱਸਮਾ ਸਨ। ਉਨ੍ਹਾਂ ਦੇ ਵਿਅਕਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾਏ ਜਾਣ ਉਤਨੇ ਹੀ ਥੋੜ੍ਹੇ ਹਨ। ਉਹ ਸਿੱਖ ਜਗਤ ਵਿਚੋਂ ਇਕੋ ਇਕ ਅਜਿਹੇ ਵਿਦਵਾਨ ਸਨ, ਜਿਨ੍ਹਾਂ ਨੂੰ 13 ਅਕਤੂਬਰ 1973 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ'' ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਿਖਜ਼ਮ'' ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਜੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਰਵੋਤਮ ਚਿੰਤਕ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਦੂਰ ਦ੍ਰਿਸ਼ਟੀ ਵਾਲੇ ਪੰਥ ਦੇ ਰੌਸ਼ਨ ਦਿਮਾਗ ਅਜ਼ੀਮ ਸ਼ਖ਼ਸ਼ੀਅਤ ਵਾਲੇ ਵਿਦਵਾਨ ਸਨ, ਜਿਹੜੇ ਜ਼ਬਰ ਜ਼ੁਲਮ, ਲੁੱਟ ਖਸੁੱਟ, ਸਮਾਜਿਕ ਕੁਰੀਤੀਆਂ, ਅਣਮਨੁੱਖੀ ਵਿਵਹਾਰ ਅਤੇ ਤਲਖ਼ ਹਕੀਕਤਾਂ ਬਾਰੇ ਬੇਬਾਕ ਹੋ ਕੇ ਦਲੇਰੀ ਨਾਲ ਲਿਖਦੇ ਸਨ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਦੇ ਅਸੂਲਾਂ ਤੇ ਪਹਿਰਾ ਦਿੱਤਾ ਭਾਵੇਂ ਉਨ੍ਹਾਂ ਨੂੰ ਇਸ ਬਦਲੇ ਕਿਤਨੀ ਵੀ ਕੁਰਬਾਨੀ ਦੇਣੀ ਪਈ। ਉਹ ਹਮੇਸ਼ਾ ਨਿੱਜੀਅਤ ਤੋਂ ਉਪਰ ਉਠਕੇ ਸਿਰਫ ਤੇ ਸਿਰਫ ਸਿੱਖੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿੰਦੇ ਸਨ। ਸਿੱਖੀ ਅਤੇ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ਨਿੱਡਰ, ਨਿਰਭੈ, ਬੇਬਾਕ, ਨਿਝੱਕ ਅਤੇ ਦਲੇਰ ਵਿਦਵਾਨ ਸਨ, ਜਿਹੜੇ ਸੱਚੀ ਗੱਲ ਕਿਸੇ ਦੇ ਵੀ ਮੂੰਹ ਤੇ ਕਹਿਣ ਦੀ ਸਮਰੱਥਾ ਰੱਖਦੇ ਸਨ।  ਉਨ੍ਹਾਂ ਦੀ ਵਿਦਵਤਾ ਸਾਹਮਣੇ ਕੋਈ ਵੀ ਵਿਦਵਾਨ ਕੁਸਕਦਾ ਨਹੀਂ ਸੀ। ਉਨ੍ਹਾਂ ਦੀ ਲਿਖਤ ਅਤੇ ਭਾਸ਼ਣ ਵਿਚ ਵਿਵੇਕੀ, ਪ੍ਰਤਿਭਾਵਾਨ ਤੇ ਪ੍ਰਭਾਵਸ਼ਾਲੀ ਪਹੁੰਚ ਹੁੰਦੀ ਸੀ। ਹਰ ਗੱਲ ਦਲੀਲ ਅਤੇ ਸਿੱਖੀ ਸੰਕਲਪ ਦੇ ਸੰਦਰਭ ਨਾਲ ਕਰਦੇ ਸਨ। ਸਿਦਕ ਅਤੇ ਸਿਰੜ੍ਹ ਦੀ ਮੂਰਤ, ਸਮਰਪਤ ਭਾਵਨਾ ਵਾਲੇ, ਸਿੱਖੀ ਵਿਚ ਪਰਪੱਕ, ਸੂਖ਼ਮ ਜ਼ਜਬੇ ਵਾਲੇ ਫ਼ਖ਼ਰੇ ਕੌਮ ਸਨ।  ਪ੍ਰਬੁੱਧ ਸਕਾਲਰ, ਨਿਆਰੀ ਵਿਚਾਰਧਾਰਾ ਦੇ ਮਾਲਕ, ਸਾਰੇ ਧਰਮਾ ਦੇ ਵਿਦਵਾਨ, ਅੱਧੀ ਦਰਜਨ ਭਾਸ਼ਾਵਾਂ ਦੇ ਗਿਆਤਾ, ਮਹਾਨ ਤਿਆਗੀ, ਸਿੱਖੀ ਦੀ ਚਾਸ਼ਣੀ ਵਿਚ ਰਸਾਏ ਹੋਏ ਅਤੇ ਸਿੱਖੀ ਦੇ ਸੰਦਰਵ ਵਿਚ ਹਰ ਪੜ੍ਹਾਈ ਅਤੇ ਲਿਖਾਈ ਕਰਨ ਵਾਲੇ ਗਿਆਨ ਦਾ ਵਗਦਾ ਦਰਿਆ ਸਨ। ਉਨ੍ਹਾਂ ਦੀ ਕਾਬਲੀਅਤ ਇਤਨੀ ਸੀ ਕਿ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਆਪਣੀ ਵਿਦਵਤਾ ਨਾਲ ਉਹ ਸਿੱਖ ਧਰਮ ਨਾਲ ਜੋੜ ਲੈਂਦੇ ਸਨ। ਇਸਦੀ ਮਿਸਾਲ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਦੋਸਤ ਆਰਟ ਕਾਲਜ ਦੇ ਪ੍ਰਿੰਸੀਪਲ ਸਰਦਾਰੀ ਲਾਲ ਪ੍ਰਾਸ਼ਰ ਨਾਲ ਸੰਬਾਦ ਕਰਕੇ ਉਸਨੂੰ ਆਪਣੀ ਈਨ ਮੰਨਵਾ ਲਈ। ਦੋਹਾਂ ਵਿਦਵਾਨਾ ਦੇ ਸੰਬਾਦ ਨੂੰ ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਭਾਸ਼ਾ  ਦੀ '' ਪ੍ਰਾਸ਼ਰ ਪ੍ਰਸ਼ਨ'' ਦੇ ਨਾਂ ਹੇਠ ਪੁਸਤਕ ਪ੍ਰਕਾਸ਼ਤ ਕਰਵਾ ਦਿੱਤੀ, ਜਿਹੜੀ ਉਨ੍ਹਾਂ ਦੀ ਸੁਜੱਗ ਵਿਦਵਤਾ ਦਾ ਵਿਲੱਖਣ ਨਮੂਨਾ ਹੈ। ਉਨ੍ਹਾਂ ਦੀ ਸੰਸਾਰ ਦੇ ਪ੍ਰਮੁੱਖ ਧਰਮਾਂ ਬਾਰੇ ਜਾਣਕਾਰੀ ਇਤਨੀ ਸੀ ਕਿ ਉਹ ਜਦੋਂ ਤੁਲਨਾਤਮਕ ਅਧਿਐਨ ਵਾਲੇ ਵਿਚਾਰ ਪ੍ਰਗਟ ਕਰਦੇ ਸਨ ਤਾਂ ਪਾਠਕ ਦੰਗ ਰਹਿ ਜਾਂਦੇ ਸਨ।  ਉਹ ਕੌਮਾਂਤਰੀ ਪ੍ਰਤਿਭਾ ਅਤੇ ਵਿਸ਼ਾਲ ਅਨੁਭਵ ਵਾਲੇ ਕਰਮਯੋਗੀ, ਯੁਗ ਪੁਰਸ਼ ਸਨ। ਉਨ੍ਹਾਂ ਲਗਪਗ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਅਤੇ ਅਨੇਕਾਂ ਖੋਜੀ ਲੇਖ ਲਿਖੇ, ਪੁਸਤਕਾਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪੁੰਦ੍ਰੀਕ, ਸਾਚੀ ਸਾਖੀ, ਬਹੁ-ਵਿਸਤਾਰ, ਸਪਤ ਸ੍ਰਿੰਗ, ਪ੍ਰਾਸ਼ਰ-ਪ੍ਰਸ਼ਨ, (ਵੈਸਾਖੀ ਆਫ਼ ਗੁਰੂ ਗੋਬਿੰਦ ਸਿੰਘ, ਦੀ ਪੋਲੀਟੀਕਲ ਸਟੱਡੀ ਆਫ਼ ਗੋਲਡਨ ਟੈਂਪਲ) ਪੰਚਨਦ, ਹਸ਼ੀਸ਼ ਅਤੇ ਕਿਸਾ ਬੀਬੀ ਰੂਪ ਕੌਰ ਹਨ।
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕੀਤੀ ਜਿਥੇ ਮਾਸਟਰ ਤਾਰਾ ਸਿੰਘ ਹੈਡਮਾਸਟਰ ਸਨ। ਦਸਵੀਂ ਵਿਚੋਂ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਏ। ਫਿਰ ਉਨ੍ਹਾਂ ਨੂੰ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਪਹਿਲਾਂ ਐਫ.ਏ.ਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਚ ਪੜ੍ਹਾਈ ਲਈ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਜਿਥੋਂ ਉਨ੍ਹਾਂ ਨੇ ਦੋਹਰੀ ਐਮ.ਏ.1933 ਵਿਚ ਫਿਲਾਸਫੀ ਅਤੇ ਮਾਰਲ ਸਾਇੰਸਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਲੈਕਚਰਾਰ ਦੀ ਆਫਰ ਕੀਤੀ ਸੀ ਪ੍ਰੰਤੂ ਉਨ੍ਹਾਂ ਨੇ ਵਾਪਸ ਭਾਰਤ ਆ ਕੇ ਸੇਵਾ ਕਰਨ ਨੂੰ ਪਹਿਲ ਦਿੱਤੀ। ਉਥੇ ਰਹਿੰਦਿਆਂ ਹੀ ਉਹ 1933 ਵਿਚ ਆਈ.ਸੀ.ਐਸ.ਲਈ ਚੁਣੇ ਗਏ। ਵਾਪਸ ਆ ਕੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ। ਜਦੋਂ ਉਹ ਡਿਪਟੀ ਕਮਿਸ਼ਨਰ ਸਨ ਤਾਂ ਇਕ ਸਰਕਾਰੀ ਗੁਪਤ ਪੱਤਰ ਉਦੋਂ ਦੇ ਪੰਜਾਬ ਦੇ ਰਾਜਪਾਲ ਚੰਦੂ ਲਾਲ ਤ੍ਰਿਵੇਦੀ ਵੱਲੋਂ ਆ ਗਿਆ, ਜਿਸ ਵਿਚ ਲਿਖਿਆ ਗਿਆ ਸੀ ਕਿ ਸਿੱਖਾਂ ਤੇ ਨਜ਼ਰ ਰੱਖੀ ਜਾਵੇ ਕਿਉਂਕਿ ਉਹ ਜ਼ਰਾਇਮ ਪੇਸ਼ਾ ਕੌਮ ਹਨ। ਇਸ ਪੱਤਰ ਨੇ ਉਨ੍ਹਾਂ ਦੀਆਂ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਤੁਰੰਤ ਉਨ੍ਹਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਦਿੱਤੀ ਕਿ ਜ਼ਰਾਇਮ ਪੇਸ਼ਾ ਸ਼ਬਦ ਗੁਪਤ ਪੱਤਰ ਵਿਚੋਂ ਕੱਢਿਆ ਜਾਵੇ। ਸਰਕਾਰ ਨੇ ਉਨ੍ਹਾਂ ਦੇ ਇਸ ਪੱਤਰ ਨੂੰ ਸਰਕਾਰ ਦੇ ਭੇਦ ਗੁਪਤ ਨਾ ਰੱਖਣ ਦਾ ਬਹਾਨਾ ਬਣਾਕੇ ਉਨ੍ਹਾਂ ਨੂੰ ਆਈ.ਸੀ.ਐਸ.ਦੀ ਨੌਕਰੀ ਵਿਚੋਂ 2 ਸਤੰਬਰ 1950 ਨੂੰ ਬਰਖ਼ਾਸਤ ਕਰ ਦਿੱਤਾ।
ਸਿਰਦਾਰ ਕਪੂਰ ਸਿੰਘ ਨੂੰ ਅਕਾਲੀ ਦਲ ਨੇ 1962 ਵਿਚ ਲੋਕ ਸਭਾ ਦਾ ਲੁਧਿਆਣਾ ਤੋਂ ਟਿਕਟ ਦਿੱਤਾ ਅਤੇ ਉਹ ਚੋਣ ਜਿੱਤ ਗਏ। ਲੋਕ ਸਭਾ ਵਿਚ ਉਨ੍ਹਾਂ ਦੀ 6 ਸਤੰਬਰ 1966 ਨੂੰ ਦਿੱਤੀ ਤਕਰੀਰ ਮੀਲ ਪੱਥਰ ਸਾਬਤ ਹੋਈ, ਜਿਸ ਵਿਚ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਅਏ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਸੀ। ਫਿਰ ਅਕਾਲੀ ਦਲ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਹਲਕੇ ਤੋਂ ਟਿਕਟ ਦਿੱਤੀ ਅਤੇ ਉਹ ਵਿਧਾਨਕਾਰ ਚੁਣੇ ਗਏ।  ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਉਨ੍ਹਾਂ ਦੀ ਵਿਦਵਤਾ ਦੀ ਕਦਰ ਤਾਂ ਕਰਦਾ ਰਿਹਾ ਪ੍ਰੰਤੂ ਅਕਾਲੀ ਲੀਡਰਸ਼ਿਪ ਉਨ੍ਹਾਂ ਤੋਂ ਖ਼ਾਰ ਖਾਂਦੀ ਰਹੀ ਤਾਂ ਜੋ ਉਹ ਸਥਾਪਤ ਅਕਾਲੀ ਨੇਤਾਵਾਂ ਤੋਂ ਅੱਗੇ ਨਾ ਨਿਕਲ ਜਾਣ । ਇਸ ਲਈ ਉਨ੍ਹਾਂ ਨੂੰ ਕਦੀਂ ਮੰਤਰੀ ਨਾ ਬਣਾਇਆ। ਸਿਰਦਾਰ ਕਪੂਰ ਸਿੰਘ ਰਾਜਨੀਤੀ ਕੁਰਸੀ ਲਈ ਨਹੀਂ ਸਗੋਂ ਸਿੱਖ ਧਰਮ ਦੀ ਪ੍ਰਫੁਲਤਾ ਲਈ ਕਰਦੇ ਸਨ। ਜਦੋਂ ਉਨ੍ਹਾਂ ਚੋਣਾਂ ਲੜੀਆਂ ਤਾਂ ਉਹ ਚੋਣਾਂ ਦੀ ਹਰ ਮੀਟਿੰਗ ਅਤੇ ਜਲਸੇ ਵਿਚ ਸਾਫ ਕਹਿ ਦਿੰਦੇ ਸਨ ਕਿ 'ਹੁੱਕੀ ਤੇ ਸਿਗਰਟ ਬੀੜੀ ਪੀਣ ਵਾਲਾ, ਜ਼ਰਦਾ ਪਾਨ ਖਾਣ ਵਾਲਾ, ਸਿਰ ਉਤੋਂ ਕੇਸ ਕਟਵਾਉਣ ਵਾਲਾ ਸਿੱਖ ਮੈਨੂੰ ਵੋਟ ਨਾ ਪਾਵੇ। ਮੈਨੂੰ ਅਜਿਹੇ ਪਤਿਤ ਸਿੱਖ ਦੀ ਵੋਟ ਨਹੀਂ ਚਾਹੀਦੀ'। ਉਨ੍ਹਾਂ ਦੀ ਸਾਫਗੋਈ ਸਿੱਖੀ ਦਾ ਅਨਿਖੜਵਾਂ ਅੰਗ ਸੀ। ਕੋਈ ਗੱਲ ਲੁਕੋਂਦੇ ਨਹੀਂ ਸਨ। ਉਨ੍ਹਾਂ ਦਾ ਹਰ ਵਰਤਾਰਾ ਗੁਰਵਾਕ ਦੀ ਕਸਵੱਟੀ ਤੇ ਪਰਖਕੇ ਹੁੰਦਾ ਸੀ। ' ਉਹ ਅਕਾਲੀਆਂ ਬਾਰੇ ਕਹਿੰਦੇ ਸਨ ਕਿ ਉਨ੍ਹਾਂ ਦੀ ਧੜੇਬੰਦੀ ਅਕਾਲੀ ਦਲ ਨੂੰ ਲੈ ਡੁਬੇਗੀ। ਜੋ ਅਕਾਲੀ ਸਿਆਸਤਦਾਨ ਦੀਨ ਧਰਮ, ਸਿਧਾਂਤ ਦੀ ਪਾਲਣਾ ਨਹੀਂ ਕਰਦੇ ਅਤੇ ਥਾਲੀ ਦੇ ਬੇਰ ਵਾਂਗ ਇੱਧਰ ਉਧਰ ਯਾਰੀਆਂ ਪਾਲਦੇ ਹਨ, ਮੇਰੀ ਉਨ੍ਹਾਂ ਨਾਲ ਸਾਂਝ ਨਹੀਂ ਹੋ ਸਕਦੀ।' ਅਕਾਲੀ ਦਲ ਦੀ ਧੜੇਬੰਦੀ ਤੋਂ ਵੀ ਸਿਰਦਾਰ ਕਪੂਰ ਸਿੰਘ ਦੁੱਖੀ ਸੀ। ਉਹ ਕਹਿੰਦੇ ਸਨ ਜਦੋਂ ਸਿੱਖ ਰਾਜਨੀਤੀ ਸਿਧਾਂਤਹੀਣ ਹੋ ਜਾਵੇ ਤਾਂ ਭਰਾ ਮਾਰੂ ਜ਼ੰਗ ਸ਼ੁਰੂ ਹੋ ਜਾਂਦੀ ਹੈ। ਅਕਾਲੀ ਦਲ ਦੇ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਰਹੇ। ਅਕਾਲੀਆਂ ਨੇ ਉਨ੍ਹਾਂ ਤੋਂ ਪੜ੍ਹਨ ਲਿਖਣ ਵਾਲਾ ਕੰਮ ਤਾਂ ਕਰਵਾਇਆ ਪ੍ਰੰਤੂ ਸਿਆਸੀ ਕੱਦ ਬੁੱਤ ਵੱਧਣ ਨਹੀਂ ਦਿੱਤਾ। ਭਾਵੇਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਪ੍ਰੰਤੂ ਫਿਰ ਵੀ ਉਹ ਦੇਸ਼ ਦੇ ਵਿਰੁਧ ਬਗ਼ਾਬਤ ਕਰਨ ਦੇ ਹਮਾਇਤੀ ਨਹੀਂ ਸਨ। ਉਨ੍ਹਾਂ ਸਿੱਖ ਹੋਮ ਲੈਂਡ ਦਾ ਸਿਧਾਂਤ ਦਿੱਤਾ ਪ੍ਰੰਤੂ ਵਰਤਮਾਨ ਸੰਵਿਧਾਨ ਦੇ ਅੰਦਰ ਹੀ। ਆਨੰਦਪੁਰ ਸਾਹਿਬ ਦਾ ਮਤਾ ਵੀ ਵਰਤਮਾਨ ਸੰਵਿਧਾਨ ਅਧੀਨ ਹੀ ਅਜ਼ਾਦੀ ਦੀ ਮੰਗ ਸੀ। ਨੌਜਵਾਨਾ ਨੂੰ ਹਮੇਸ਼ਾ ਉਹ ਉਤਸ਼ਾਹਤ ਕਰਦਾ ਰਿਹਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਦਾਰ ਕਪੂਰ ਸਿੰਘ ਦੀ ਕੁਰਬਾਨੀ ਅਤੇ ਲਿਆਕਤ ਦਾ ਮੁੱਲ ਨਹੀਂ ਪਾਇਆ। ਜੇ ਇਹ ਕਿਹਾ ਜਾਵੇ ਕਿ ਸਿੱਖ ਜਗਤ ਅਤੇ ਅਕਾਲੀ ਲੀਡਰਸ਼ਿਪ ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਦਾ ਲਾਭ ਨਹੀਂ ਉਠਾ ਸਕੀ ਕੋਈ ਅਤਕਥਨੀ ਨਹੀਂ। ਸਿੱਖ ਜਗਤ ਵਿਚ ਸਿਰਦਾਰ ਕਪੂਰ ਸਿੰਘ ਜਿਤਨਾ ਪ੍ਰਬੀਨ ਤੀਖਣ ਬੁੱਧੀ ਵਾਲਾ ਵਿਦਵਾਨ ਅਜੇ ਤੱਕ ਵੀ ਮੌਜੂਦ ਨਹੀਂ। ਨੌਕਰੀ ਵਿੱਚੋਂ ਬਰਖ਼ਾਸਤਗੀ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪਿਆ। ਸਿਰਦਾਰ ਕਪੂਰ ਸਿੰਘ ਕਿਸੇ ਅੱਗ ਹੱਥ ਨਹੀਂ ਅੱਡਦੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾ ਕਿਸੇ ਅਕਾਲੀ ਲੀਡਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬਿਮਾਰੀ ਦੇ ਸਮੇਂ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਪਿੰਡ ਵਿਚ ਕਦੇ ਕਦਾਈਂ ਮਿਲਣ ਆਉਂਦੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਇਤਿਹਾਸ ਲਿਖਣ ਲਈ ਪ੍ਰਾਜੈਕਟ ਦਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਲੈਂਦੇ ਤਾਂ ਜੋ ਸੰਸਾਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਸਕਦੀ ਅਤੇ ਸਿੱਖ ਧਰਮ ਦਾ ਪ੍ਰਚਾਰ ਹੁੰਦਾ। ਇਸ ਨਾਲ ਦੋ ਕੰਮ ਹੋਣੇ ਸੀ, ਇਕ ਸਿਰਦਾਰ ਕਪੂਰ ਸਿੰਘ ਨੂੰ ਆਰਥਿਕ ਸਹਾਇਤਾ ਮਿਲ ਜਾਣੀ ਸੀ, ਜਿਸ ਨਾਲ ਉਸ ਦੀ ਜ਼ਿੰਦਗੀ ਸੌਖੀ ਨਿਕਲ ਜਾਂਦੀ। ਦੂਜੇ ਸਿੱਖ ਇਤਿਹਾਸ ਨੂੰ ਸਾਂਭਿਆ ਜਾ ਸਕਦਾ। ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੇ ਜਾਣ ਬੁਝਕੇ ਸਿਰਦਾਰ ਕਪੂਰ ਸਿੰਘ ਨੂੰ ਅਣਗੌਲਿਆਂ ਕੀਤਾ ਸੀ। ਇਹ ਪ੍ਰਵਿਰਤੀ ਸਿੱਖਾਂ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰਦੀ ਹੈ। ਅੱਜ ਦੀ ਅਕਾਲੀ ਲੀਡਰਸ਼ਿਪ ਵਿੱਚ ਆਈ ਗਿਰਾਵਟ ਸਿਰਦਾਰ ਕਪੂਰ ਸਿੰਘ ਦੀਆਂ ਸੱਚੀਆਂ ਗੱਲਾਂ ਨੂੰ ਯਾਦ ਕਰਵਾ ਰਹੀ ਹੈ।
ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਹੋਇਆ ਸੀ। ਉਹ 77 ਸਾਲ ਦੀ ਉਮਰ ਵਿੱਚ 13 ਅਗਸਤ 1986 ਨੂੰ ਸਵਰਗਵਾਸ ਹੋ ਗਏ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com   

ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਬਾਅਦ ਤੋਂ ਡਾ.ਰਾਜ ਬਹਾਦਰ ਦਾ ਅਸਤੀਫ਼ਾ - ਉਜਾਗਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ.ਰਾਜ ਬਹਾਦਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਰਾਜ ਬਹਾਦਰ ਤੋਂ ਮੁਆਫ਼ੀ ਮੰਗ ਕੇ ਸਿਆਣਪ ਦਾ ਪ੍ਰਗਟਾਵਾ ਕੀਤਾ ਹੈ। ਮੁਆਫ਼ੀ ਮੰਗਣ ਨਾਲ ਡਾ.ਰਾਜ ਬਹਾਦਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਹੁੰਚੀ ਠੇਸ ਦੀ ਭਰਪਾਈ ਤਾਂ ਨਹੀਂ ਹੋ ਸਕਦੀ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਇਆਂ ਨੇ ਪੰਜਾਬ ਦੇ ਸੁਨਹਿਰੇ ਭਵਿਖ ਦੀ ਆਸ ਕਰਦਿਆਂ ਬਦਲਾਵ ਲਿਆਂਦਾ ਸੀ। ਇਸ ਬਦਲਾਵ ਦੇ ਸਾਰਥਿਕ ਨਤੀਜਿਆਂ ਦੀ ਉਡੀਕ ਕਰਦਿਆਂ ਪੰਜਾਬ ਦੇ ਲੋਕਾਂ ਨੇ ਨਵੀਂ ਕਿਸਮ ਦੇ ਬਦਲਾਵ ਦੇ ਦਰਸ਼ਨ ਕਰ ਲਏ, ਜਦੋਂ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਕਾਰਕੁਨ ਨਿੱਤ ਨਵੇਂ ਵਾਦ-ਵਿਵਾਦ ਪੈਦਾ ਕਰਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਰਹੇ ਹਨ। ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸੋਚ ਮਾੜੀ ਨਹੀਂ, ਉਹ ਪੰਜਾਬ ਵਿੱਚ ਭਰਿਸ਼ਟਾਚਾਰ ਖ਼ਤਮ ਕਰਕੇ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਾ ਚਾਹੁੰਦੀ ਹੈ ਪ੍ਰੰਤੂ ਉਨ੍ਹਾਂ ਦੇ ਮੰਤਰੀ ਅਤੇ ਵਿਧਾਨਕਾਰ ਤਜ਼ਰਬੇ ਦੀ ਘਾਟ ਹੋਣ ਕਰਕੇ ਆਪਹੁਦਰੀਆਂ ਕਰ ਰਹੇ ਹਨ, ਜਿਹੜੀਆਂ ਸਰਕਾਰ ਦੇ ਰਾਹ ਵਿੱਚ ਰੋੜੇ ਅਟਕਾਉਂਦੀਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਰਾਜ ਭਾਗ ਸੰਭਾਲਿਆਂ ਅਜੇ ਮਹਿਜ 4 ਮਹੀਨੇ ਦਾ ਸਮਾਂ ਹੋਇਆ ਹੈ ਪ੍ਰੰਤੂ ਹੁਣ ਤੱਕ ਦਰਜਨ ਤੋਂ ਵੱਧ ਮੰਦਭਾਗੇ ਵਾਦ-ਵਿਵਾਦਾਂ ਵਿੱਚ ਪੈ ਚੁੱਕੀ ਹੈ। ਇਨ੍ਹਾਂ ਵਾਦ-ਵਿਵਾਦਾਂ ਦਾ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਤਜਰਬੇ ਦੀ ਘਾਟ ਹੋਣਾ ਸਮਝਿਆ ਜਾ ਰਿਹਾ ਹੈ। ਸਰਕਾਰ ਦੇ ਕਾਰਕੁਨਾ ਨੂੰ ਸਿਆਸੀ ਤਾਕਤ ਹਜ਼ਮ ਕਰਨੀ ਔਖੀ ਹੋ ਰਹੀ ਹੈ। ਹੌਲਾ ਭਾਂਡਾ ਛਲਕਦਾ ਜ਼ਿਆਦਾ ਹੈ। ਇਹੋ ਕੁਝ ਹੋ ਬਿਹਾ ਹੈ। ਬਦਲਾਵ ਦੇ ਨਾਮ ‘ਤੇ ਸਿਆਸੀ ਤਾਕਤ ਵਿੱਚ ਆਈ ਸਰਕਾਰ ਹਰ ਦੂਜੇ ਦਿਨ ਨਵਾਂ ਵਾਦ-ਵਿਵਾਦ ਖੜ੍ਹਾ ਕਰਕੇ ਬੈਠ ਜਾਂਦੀ ਹੈ। ਤਾਜ਼ਾ ਵਾਦ-ਵਿਵਾਦ ਅੰਤਰਾਸ਼ਟਰੀ ਪੱਧਰ ਦੇ ਹੱਡੀਆਂ ਦੇ ਮਾਹਿਰ ਬਾਬਾ ਫਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਰਾਜ ਬਹਾਦਰ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕੀਤੇ ਸ਼ਰੇਆਮ ਦੁਰਵਿਵਹਾਰ ਕਾਰਨ ਪੈਦਾ ਹੋਇਆ ਹੈ।
    ਪਿਛੇ ਜਹੇ ਗੁਰਦਿੱਤ ਸਿੰਘ ਵਿਧਾਨਕਾਰ ਫਰੀਦਕੋਟ ਅਤੇ ਅਮੋਲਕ ਸਿੰਘ ਵਿਧਾਨਕਾਰ ਜੈਤੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ ਸੀ। ਉਸ ਸਮੇਂ ਮੁੱਖ ਮੰਤਰੀ ਨੇ ਸਿਹਤ ਮੰਤਰੀ ਦੀ ਹਸਪਤਾਲ ਦਾ ਸੁਧਾਰ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਲਗਾਈ ਸੀ। ਇਸ ਲਈ ਚੇਤਨ ਸਿੰਘ ਜੌੜੇਮਾਜਰਾ ਇਸ ਹਸਪਤਾਲ ਦਾ ਮੁਆਇਨਾ ਕਰਨ ਗਏ ਸਨ। ਸਿਹਤ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਦੀ ਚੈਕਿੰਗ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ। ਇਸ ਅਧਿਕਾਰ ਨੂੰ ਵੰਗਾਰਿਆ ਨਹੀਂ ਜਾ ਸਕਦਾ ਪ੍ਰੰਤੂ ਇਸ ਮੰਤਵ ਲਈ ਸਰਕਾਰੀ ਪ੍ਰਣਾਲੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਹਸਪਤਾਲ ਦਾ ਮੁਆਇਨਾ ਕਰ ਰਹੇ ਸਨ। ਉਸ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੇ ਮੈਡੀਕਲ ਸੁਪਰਇਨਟੈਂਡੈਂਟ ਹਨ। ਉਪ ਕੁਲਪਤੀ ਸਮੁੱਚੇ ਤੌਰ ‘ਤੇ ਯੂਨੀਵਰਸਿਟੀ ਅਤੇ ਉਸ ਅਧੀਨ ਸੰਸਥਾਵਾਂ ਦੇ ਮੁੱਖੀ ਹਨ। ਉਨ੍ਹਾਂ ਦਾ ਕੰਮ ਮੁੱਖ ਤੌਰ ‘ਤੇ ਐਮ.ਬੀ.ਬੀ.ਐਸ. ਅਤੇ ਐਮ.ਐਸ. ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਿਹਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਦੇ ਕੰਮ ਨੂੰ ਸਹੀ ਲੀਹਾਂ ‘ਤੇ ਲਿਆਉਣ ਲਈ ਕਿਸ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਵੈਸੇ ਮੰਤਰੀ ਸਾਹਿਬ ਨੇ ਜਦੋਂ ਚੈਕਿੰਗ ਕਰਨ ਜਾਣਾ ਹੁੰਦਾ ਹੈ, ਉਦੋਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਆਪਣੇ ਨਾਲ ਲਿਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਵੀ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਨੂੰ ਪੁਛ ਸਕਦੇ ਸਨ ਜਾਂ ਉਨ੍ਹਾਂ ਨੂੰ ਹੁਕਮ ਕਰ ਸਕਦੇ ਸਨ। ਚੈਕਿੰਗ ਦੌਰਾਨ ਜੋ ਉਨ੍ਹਾਂ ਨੂੰ ਖਾਮੀਆਂ ਨਜ਼ਰ ਆਈਆਂ ਸਨ, ਉਨ੍ਹਾਂ ਬਾਰੇ ਦਫ਼ਤਰ ਵਿੱਚ ਬੈਠਕੇ ਸੁਧਾਰਨ ਦੇ ਹੁਕਮ ਦੇਣੇ ਚਾਹੀਦੇ ਸਨ। ਜਿਲ੍ਹੇ ਦਾ ਮੁੱਖੀ ਡਿਪਟੀ ਕਮਿਸ਼ਨਰ ਹੁੰਦਾ ਹੈ, ਉਨ੍ਹਾਂ ਨੂੰ ਪ੍ਰਾਗਰੈਸ ਬਾਰੇ ਨਿਗਰਾਨੀ ਰੱਖਣ ਲਈ ਕਹਿਣਾ ਚਾਹੀਦਾ ਸੀ। ਲੋਕਾਂ ਦੀ ਹਾਜ਼ਰੀ ਵਿੱਚ ਕਿਸੇ ਅਧਿਕਾਰੀ ਨੂੰ ਖ਼ਬਰਾਂ ਲਗਵਾਉਣ ਲਈ ਮੀਡੀਆ ਟੀਮ ਨਾਲ ਲਿਜਾ ਕੇ ਜ਼ਲੀਲ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਡਾ.ਰਾਜ ਬਹਾਦਰ ਤਾਂ ਸਤਿਕਾਰ ਵਜੋਂ ਉਨ੍ਹਾਂ ਦੇ ਨਾਲ ਸਨ ਕਿਉਂਕਿ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਮੁਆਇਨਾ ਕਰਨ ਆਏ ਸਨ। ਸਿਹਤ ਮੰਤਰੀ ਦਾ ਗੱਦਿਆਂ ਦੀ ਸਫਾਈ ਲਈ ਡਾ.ਰਾਜ ਬਹਾਦਰ ਨੂੰ ਮੋਢੇ ਤੋਂ ਫੜ੍ਹਕੇ ਇਹ ਕਹਿਣਾ ਕਿ ਤੁਸੀਂ ਖੁਦ ਗੱਦੇ ‘ਤੇ ਪੈ ਜਾਓ। ਡਾ.ਰਾਜ ਬਹਾਦਰ ਸ਼ਰੀਫ਼ ਅਤੇ ਨੇਕ ਇਨਸਾਨ ਹਨ, ਜਿਨ੍ਹਾਂ ਸਿਹਤ ਮੰਤਰੀ ਨੂੰ ਜਵਾਬ ਨਹੀਂ ਦਿੱਤਾ। ਉਹ ਜਵਾਬ ਵੀ ਦੇ ਸਕਦੇ ਸਨ ਕਿ ਸਰਕਾਰ ਗ੍ਰਾਂਟ ਦੇਵੇ ਫਿਰ ਸਭ ਕੁਝ ਠੀਕ ਕਰਵਾ ਦਿੱਤਾ ਜਾਵੇਗਾ। ਹਾਲਾਂ ਕਿ ਗ੍ਰਾਂਟ ਦੇਣ ਤੋਂ ਬਾਅਦ ਵੀ ਸਰਕਾਰ ਦੀ ਖ਼੍ਰੀਦੋ ਫਰੋਕਤ ਦੀ ਪ੍ਰਣਾਲੀ ਲੰਬੀ ਹੈ। ਸਿਹਤ ਮੰਤਰੀ ਦੀ ਇਹ ਹਰਕਤ ਬਿਲਕੁਲ ਹੀ ਜ਼ਾਇਜ ਨਹੀਂ ਅਤੇ ਇਤਨੇ ਵੱਡੇ ਸੰਸਾਰ ਪੱਧਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਨਾਲ ਦੁਰਵਿਵਹਾਰ ਕਰਨਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਨਾ ਹੈ ਅਤੇ ਸਲੀਕੇ ਦੀ ਘਾਟ ਹੈ। ਹੱਡੀਆਂ ਦੇ ਰੋਗਾਂ ਦੇ ਮਰੀਜ਼ ਤਾਂ ਡਾ.ਰਾਜ ਬਹਾਦਰ ਨੂੰ ਮਿਲਣ ਲਈ ਤਰਸਦੇ ਹਨ। ਡਾ.ਰਾਜ ਬਹਾਦਰ ਆਪਣੇ ਇਤਨੇ ਵੱਡੇ ਅਹੁਦੇ ‘ਤੇ ਹੁੰਦਿਆਂ ਵਾਧੂ ਕਾਰਜ ਮੋਹਾਲੀ ਵਿਖੇ ਸਰਕਾਰੀ ਸੰਸਥਾਨ ਵਿੱਚ ਮਰੀਜਾਂ ਨੂੰ ਵੇਖਦੇ ਹੀ ਨਹੀਂ ਉਨ੍ਹਾਂ ਦੇ ਇਲਾਜ ਕਰਨ ਲਈ ਅਪ੍ਰੇਸ਼ਨ ਵੀ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਦੁਰਵਿਵਹਾਰ ਤੋਂ ਬਾਅਦ ਵੀ ਪਹਿਲਾਂ ਨਿਸਚਤ ਕੀਤੇ ਅਪ੍ਰੇਸ਼ਨ ਕਰਨ ਲਈ ਉਹ ਮੋਹਾਲੀ ਹਸਪਤਾਲ ਵਿੱਚ ਅਪ੍ਰੇਸ਼ਨ ਕਰ ਰਹੇ ਹਨ। ਉਹ 13 ਵੱਡੇ ਹਸਪਤਾਲਾਂ ਵਿੱਚ ਕੰਮ ਕਰ ਚੁੱਕੇ ਹਨ, ਜਿਥੇ ਕਦੀਂ ਵੀ ਕਿਸੇ ਨੇ ਉਂਗਲ ਨਹੀਂ ਚੁੱਕੀ। ਉਨ੍ਹਾਂ ਦਾ 40 ਸਾਲ ਦਾ ਤਜ਼ਰਬਾ ਹੈ। ਉਹ ਪੀ.ਜੀ.ਆਈ.ਚੰਡੀਗੜ੍ਹ ਦੇ ਹੱਡੀਆਂ ਦੇ ਵਿਭਾਗ ਦੇ ਮੁੱਖੀ, 32 ਸੈਕਟਰ ਸਰਕਾਰੀ ਹਸਪਤਾਲ ਚੰਡੀਗੜ੍ਹ ਦੇ ਪਿ੍ਰੰਸੀਪਲ ਅਤੇ ਹੁਣ 2014 ਤੋਂ ਲਗਾਤਾਰ ਤਿੰਨ ਵਾਰੀ ਬਾਬਾ ਫਰੀਦ ਸਿਹਤ ਯੂਨੀਵਰਸਿਟੀ ਦੇ ਉਪ ਕੁਲਪਤੀ ਹਨ। ਉਹ ਨਿਹਾਇਤ ਇਮਾਨਦਾਰ, ਮਿਹਨਤੀ, ਆਪਣੇ ਫ਼ਰਜ਼ ਪ੍ਰਤੀ ਵਫ਼ਾਦਾਰ ਅਤੇ ਨਿਸ਼ਠਾਵਾਨ ਹਨ। ਆਨੰਦਪੁਰ ਸਾਹਿਬ ਵਰਗੇ ਪਛੜੇ ਪਹਾੜੀ ਇਲਾਕੇ ਵਿੱਚੋਂ ਸਹੂਲਤਾਂ ਨਾ ਹੋਣ ਤੇ ਬਾਵਜੂਦ ਪੜ੍ਹਕੇ ਆਏ ਹਨ। ਉਨ੍ਹਾਂ ਦਾ ਆਤਮ ਸਨਮਾਨ ਵੀ ਹੈ, ਜਿਸਨੂੰ ਠੇਸ ਪਹੁੰਚੀ ਹੈ। ਮੰਤਰੀ ਜੀ ਉਨ੍ਹਾਂ ਦਾ ਟ੍ਰੈਕ ਰਿਕਾਰਡ ਹੀ ਚੈਕ ਕਰ ਲੈਂਦੇ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਨਿਯੁਕਤ ਕੀਤਾ ਸੀ। ਜੇਕਰ ਉਹ ਸਹੀ ਨਾ ਹੁੰਦੇ ਤਾਂ ਤੀਜੀ ਵਾਰ ਕਿਵੇਂ ਉਪ ਕੁਲਪਤੀ ਬਣ ਜਾਂਦੇ। ਸਿਹਤ ਮੰਤਰੀ ਜੀ ਜੇਕਰ ਤੁਸੀਂ ਉਨ੍ਹਾਂ ਨੂੰ ਦਬਾਅ ਪਾ ਕੇ ਹਟਾਉਣਾ ਚਾਹੁੰਦੇ ਤਾਂ ਸੰਭਵ ਨਹੀਂ ਹੁੰਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਜਸਬੀਰ ਸਿੰਘ ਆਹਲੂਵਾਲੀਆ ਨੂੰ ਕੇਸ ਬਣਾ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਹ ਅਧਿਕਾਰੀ ਜਿਨ੍ਹਾਂ ਨੇ ਕੇਸ ਬਣਾਏ ਸਨ, ਉਹ ਖੁਦ ਅਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਡਾ.ਜੋਗਿੰਦਰ ਸਿੰਘ ਪੁਆਰ ਨੂੰ ਹਟਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ ਸੀ। ਸਿਹਤ ਮੰਤਰੀ ਨੂੰ ਉਨ੍ਹਾਂ ਦੇ ਸਟੇਟਸ ਨੂੰ ਮੁੱਖ ਰੱਖ ਕੇ ਗੱਲ ਕਰਨੀ ਚਾਹੀਦੀ ਸੀ। ਸਗੋਂ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇੱਕ ਹੋਰ ਵੀ ਮਹੱਤਵਪੂਰਨ ਨੁਕਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਹੁਦੇ ‘ਤੇ ਲਾਉਣ ਲਈ ਸਿਫ਼ਰਸ਼ ਤਾਂ ਕਰ ਸਕਦੀ ਹੈ ਪ੍ਰੰਤੂ ਅਹੁਦੇ ਤੋਂ ਹਟਾ ਨਹੀਂ ਸਕਦੀ। ਉਹ ਸਿੱਧੇ ਰਾਜਪਾਲ ਪੰਜਾਬ ਦੇ ਅਧੀਨ ਹਨ।
  ਸਰਕਾਰ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਹਸਪਤਾਲਾਂ ਵਿੱਚ ਦਵਾਈਆਂ ਅਤੇ ਗੱਦਿਆਂ ਲਈ ਪੈਸੇ ਭੇਜਣ। ਮੰਤਰੀ ਜੀ ਨੂੰ ਹੋਮ ਵਰਕ ਕਰਨਾ ਚਾਹੀਦਾ। ਪੰਜਾਬ ਦੇ ਹਸਤਪਤਾਲ ਅਤੇ ਡਿਸਪੈਂਸਰੀਆਂ ਤਾਂ ਦਵਾਈਆਂ, ਮੈਡੀਕਲ ਸਾਮਾਨ ਅਤੇ ਅਮਲੇ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਫਿਰ ਚੈਕਿੰਗ ਕੀਤੀ ਜਾਵੇ ਕਿ ਸਰਕਾਰ ਦਾ ਪੈਸਾ ਠੀਕ ਵਰਤਿਆ ਜਾ ਰਿਹਾ ਹੈ। ਉਹ ਤਾਂ ਉਲਟਾ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਗ੍ਰਹਿਣ ਲਾ ਰਹੇ ਹਨ। ਸਰਕਾਰ ਦੀ ਕੀਤੀ ਕਰਾਈ ਤੇ ਮਿੱਟੀ ਪਾ ਰਹੇ ਹਨ। ਭਗਵੰਤ ਸਿੰਘ ਮਾਨ ਨੂੰ ਆਪਣੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਚੋਣਾ ਜਿੱਤਣ ਦਾ ਭਾਵ ਇਹ ਨਹੀਂ ਕਿ ਹਰ ਜਣੇ ਖਣੇ ਦੇ ਗਲ੍ਹ ਪੈ ਜਾਵੋ ਅਤੇ ਅਧਿਕਾਰੀਆਂ ਦੀ ਬੇਇਜ਼ਤੀ ਕਰੋ। ਵੈਸੇ ਤਾਂ ਮੰਤਰੀ ਮੰਡਲ ਦੇ ਗਠਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਹੁੰਦਾ ਹੈ ਪ੍ਰੰਤੂ ਮੁੱਖ ਮੰਤਰੀ ਨੂੰ ਮੰਤਰੀਆਂ ਦੀ ਚੋਣ ਕਰਨ ਲੱਗਿਆਂ ਉਨ੍ਹਾਂ ਦੀ ਪ੍ਰਬੰਧਕੀ ਕਾਬਲੀਅਤ ਦਾ ਵੀ ਧਿਆਨ ਰੱਖਣਾ ਚਾਹੀਦਾ। ਬਹੁਤੇ ਮੰਤਰੀ ਨਵੇਂ ਹੋਣ ਕਰਕੇ ਪ੍ਰਬੰਧਕੀ ਪ੍ਰਣਾਲੀ ਦੇ ਨਿਯਮਾ ਨੂੰ ਜਾਣਦੇ ਨਹੀਂ ਪ੍ਰੰਤੂ ਮੁੱਖ ਮੰਤਰੀ ਘੱਟੋ ਘੱਟ ਮੰਤਰੀਆਂ ਦੇ ਵਿਭਾਗ ਵੰਡਣ ਸਮੇਂ ਤਾਂ ਖਿਆਲ ਰੱਖਦੇ ਕਿ ਪੜ੍ਹੇ ਲਿਖੇ ਅਮਲੇ ਵਾਲੇ ਵਿਭਾਗ ਕਿਹੜੇ ਮੰਤਰੀ ਨੂੰ ਦੇਣੇ ਹਨ। ਅਸੀਂ ਚੇਤਨ ਸਿੰਘ ਜੌੜੇਮਾਜਰਾ ਦੀ ਵਿਦਿਅਕ ਯੋਗਤਾ, ਕਾਬਲੀਅਤ ਅਤੇ ਵਿਦਵਤਾ ਬਾਰੇ ਕੁਝ ਨਹੀਂ ਕਹਿ ਰਹੇ ਪ੍ਰੰਤੂ ਸਿਹਤ ਵਿਭਾਗ ਦਾ ਲਗਪਗ ਸਾਰਾ ਅਮਲਾ ਪ੍ਰੋਫ਼ੈਸ਼ਨਲ ਹੁੰਦਾ ਹੈ।  ਆਮ ਆਦਮੀ ਪਾਰਟੀ ਦਾ ਇਕ ਮੰਤਰੀ ਰਿਸ਼ਵਤ ਦੇ ਕੇਸ ਵਿੱਚ ਬਰਖਾਸਤ ਕੀਤਾ, ਦੂਜਾ ਸੀਨੀਅਰ ਡਾਕਟਰ ਨੂੰ ਜਲੀਲ ਕਰਦਾ ਵਾਦ-ਵਿਵਾਦ ਵਿੱਚ ਪੈ ਗਿਆ, ਲਗਪਗ ਇਕ ਦਰਜਨ ਵਿਧਾਨਕਾਰ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਦੇ ਚਰਚਾ ਵਿੱਚ ਰਹੇ, ਜਿਨ੍ਹਾਂ ਵਿੱਚ ਜਲੰਧਰ ਦੇ ਏ.ਡੀ.ਸਂੀ ਨਾਲ ਬਦਸਲੂਕੀ, ਲੁਧਿਆਣਾ ਵਿਖੇ ਆਈ.ਪੀ.ਐਸ. ਅਧਿਕਾਰੀ ਨਾਲ ਵਾਦ-ਵਿਵਾਦ, ਪਾਇਲ ਵਿਖੇ ਪੁਲਿਸ ਅਧਿਕਾਰੀ ਨਾਲ ਝਗੜਾ, ਫਰੀਦਕੋਟ ਵਿੱਚ ਸਸਤੀ ਸ਼ਰਾਬ ਲਈ ਢਾਬਿਆਂ ਤੇ ਸ਼ਰਾਬੀਆਂ ਨੂੰ ਮਿਲਣ ਦੀ ਚਰਚਾ, ਭਦੌੜ ਵਿੱਚ ਸਕੂਲਾਂ ਦੀ ਚੈਕਿੰਗ ਆਦਿ ਵਰਨਣਯੋਗ ਹਨ। ਵਿਧਾਨਕਾਰ ਦਫ਼ਤਰਾਂ ਦੀ ਚੈਕਿੰਗ ਕਰਦੇ ਹਨ ਅਤੇ ਅਧਿਕਾਰੀਆਂ ਦੀਆਂ ਕੁਰਸੀਆਂ ‘ਤੇ ਬੈਠ ਜਾਂਦੇ ਹਨ। ਵਿਧਾਨਕਾਰ ਦਾ ਸਟੇਟਸ ਉਚਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਸਟੇਟਸ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸਿਹਤ ਮੰਤਰੀ ਦੇ ਜ਼ਲੀਲ ਕਰਨ ਤੋਂ ਬਾਅਦ ਡਾ.ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਮੁੱਚੇ ਦੇਸ਼ ਦਾ ਮੈਡੀਕਲ ਭਾਈਚਾਰਾ ਸਿਹਤ ਮੰਤਰੀ ਦੇ ਵਿਵਹਾਰ ਤੋਂ ਗੁੱਸੇ ਵਿੱਚ ਹੈ ਅਤੇ ਨਿੰਦਿਆ ਕਰ ਰਿਹਾ ਹੈ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਪਿ੍ਰੰਸੀਪਲ ਡਾ.ਰਾਜੀਵ ਦੇਵਗਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਮੈਡੀਕਲ ਸੁਪਰਇਨਟੈਂਡੈਂਟ ਡਾ ਕੇ.ਡੀ.ਸਿੰਘ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ। ਵਿਰੋਧੀ ਸਿਆਸੀ ਪਾਰਟੀਆਂ ਲਈ ਖਾਮਖ਼ਾਹ ਮੁੱਦਾ ਬਣ ਗਿਆ ਹੈ। ਸ੍ਰ. ਭਗਵੰਤ ਸਿੰਘ ਮਾਨ ਨੂੰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਤਾਂ ਜੋ ਲੋਕ ਬਦਲਾਓ ਦਾ ਆਨੰਦ ਮਾਣ ਸਕਣ। ਸਿਆਸੀ ਲੋਕ ਰਾਜ ਬਹਾਦਰ ਨਾਲ ਹੋਈ ਬਦਸਲੂਕੀ ਤੇ ਸਿਆਸਤ ਕਰ ਰਹੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਵੈਸੇ ਇਸ ਸਮੇਂ ਸਮੁਚਾ ਪੰਜਾਬ ਡਾ.ਰਾਜ ਬਹਾਦਰ ਨਾਲ ਖੜ੍ਹਾ ਹੈ।  
                                                
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
 ujagarsingh48@yahoo.com   

ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਹਿਜਤਾ ਤੇ ਵਿਸਮਾਦ ਦਾ ਸੁਮੇਲ - ਉਜਾਗਰ ਸਿੰਘ

ਡਾ ਸਤਿੰਦਰ ਪਾਲ ਸਿੰਘ ਸਿੱਖ ਵਿਦਵਾਨ ਹਨ ਜੋ ਕਿ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਹਨ। ਉਨ੍ਹਾਂ ਦੀ ਪੁਸਤਕ 'ਸਿੱਖੀ ਸੁੱਖ ਸਾਗਰ' ਸਿੱਖ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਸਿੱਖੀ ਸੋਚ ਨੂੰ ਪ੍ਰਫੁਲਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਹੈ। ਡਾ ਸਤਿੰਦਰ ਪਾਲ ਸਿੰਘ ਦੀ ਇਸ ਪੁਸਤਕ 'ਸਿੱਖੀ ਸੁੱਖ ਸਾਗਰ' ਵਿੱਚ 7 ਲੇਖ ਹਨ। ਇਹ ਸਾਰੇ ਲੇਖ ਹੀ ਇਕ ਦੂਜੇ ਦੇ ਪੂਰਕ ਹਨ। ਭਾਵ ਪਹਿਲੇ ਲੇਖ ਦਾ ਮੰਤਵ ਉਸਤੋਂ ਅਗਲੇ ਲੇਖ ਦੇ ਅਮਲ ਤੋਂ ਬਿਨਾਂ ਅਸੰਭਵ ਹੈ। ਜਿਵੇਂ 'ਇੱਕੋ ਸੁੱਖ ਦਾਤਾ' ਲੇਖ ਵਿੱਚ ਪਰਮਾਤਮਾ ਸੁੱਖ ਦਾਤਾ ਹੈ। ਇਸ ਸੁੱਖ ਨੂੰ ਪ੍ਰਾਪਤ ਕਰਨ ਲਈ 'ਅ੍ਰੰਮਿਤ ਵੇਲਾ' ਫਿਰ 'ਅੰਮ੍ਰਿਤ ਇਸ਼ਨਾਨ' ਤੋਂ ਬਾਅਦ 'ਅੰਮ੍ਰਿਤ ਬਾਣੀ' ਤੇ ਫਿਰ 'ਦੁੱਖ ਕੀ ਹੈ' ਉਸ ਤੋਂ ਪਿਛੋਂ 'ਸੁੱਖ' ਅਤੇ ਅਖ਼ੀਰ 'ਪਰਮ ਸੁੱਖ' ਮਿਲਦਾ ਹੈ। ਇਹ ਸਾਰੇ ਲੇਖ ਸਿੱਖ ਵਿਚਾਰਧਾਰਾ ਦੇ ਪ੍ਰਤੀਕ ਹਨ। ਇਹ ਲੇਖ ਜ਼ਿੰਦਗੀ ਜਿਓਣ, ਸਮਾਜ ਵਿੱਚ ਵਿਚਰਨ ਅਤੇ ਦੁੱਖਾਂ ਅਤੇ ਭਟਕਣਾ 'ਤੇ ਕਾਬੂ ਪਾ ਕੇ ਸਹਿਜਤਾ ਨਾਲ ਜੀਵਨ ਬਸਰ ਕਰਦਿਆਂ ਮਾਰਗ ਦਰਸ਼ਨ ਕਰਦੇ ਹਨ। ਸਮਾਜਿਕ ਤਾਣਾ ਬਾਣਾ ਅਨੇਕਾਂ ਦੁਸ਼ਾਵਰੀਆਂ, ਅਲਾਮਤਾਂ, ਖਾਹਿਸ਼ਾਂ ਅਤੇ ਬੇਬਸੀਆਂ ਨਾਲ ਉਲਝਿਆ ਪਿਆ ਹੈ। ਇਨਸਾਨ ਚਤੋ ਪਹਿਰ ਖਾਹਿਸ਼ਾਂ ਅਤੇ ਪ੍ਰਾਪਤੀਆਂ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ। ਉਹ ਇਹ ਸਮਝ ਰਿਹਾ ਹੈ ਕਿ ਉਸ ਨਾਲੋਂ ਸਮਝਦਾਰ ਇਸ ਦੁਨੀਆਂ ਤੇ ਕੋਈ ਨਹੀਂ, ਇਸ ਲਈ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਰਥਾਤ ਹਓਮੈ ਦਾ ਸ਼ਿਕਾਰ ਹੋਇਆ ਫਿਰਦਾ ਹੈ। ਇਸ ਪੁਸਤਕ ਦੇ ਸਾਰੇ ਲੇਖ ਇਨਸਾਨ ਨੂੰ ਆਪਣੇ ਆਪ ਸਹੇੜੀ ਹਓਮੈ ਦੀ ਉਲਝਣ ਵਿੱਚੋਂ ਬਾਹਰ ਕੱਢਣ ਦੀਆਂ ਤਰਕੀਬਾਂ ਦਾ ਮੁਜੱਸਮਾ ਹਨ। ਜ਼ਿੰਦਗੀ ਆਪਣੇ ਆਪ ਵਿੱਚ ਵਾਹਿਗੁਰੂ ਦਾ ਸਰਵੋਤਮ ਤੋਹਫ਼ਾ ਹੈ। ਇਸ ਤੋਹਫ਼ੇ ਦਾ ਮੁੱਖ ਮੰਤਵ ਇਨਸਾਨ ਨੇ ਇਸ ਦਾ ਸਦਉਪਯੋਗ ਕਿਸੇ ਹੋਰ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਕਿਵੇਂ ਕਰਨਾ ਹੈ? ਇਹ ਸਾਰੇ ਗੁਰ 'ਸਿੱਖੀ ਸੁੱਖ ਸਾਗਰ' ਪੁਸਤਕ  ਦੱਸਦੀ ਹੈ। ਪੁਸਤਕ ਦਾ ਪਹਿਲਾ ਲੇਖ 'ਇੱਕੋ ਸੁੱਖ ਦਾਤਾ' ਲੋਕਾਈ ਨੂੰ ਸਮਝਾਉਂਦਾ ਹੈ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਨੂੰ ਕੋਈ ਮਾਰਗ ਦਰਸ਼ਕ ਅਰਥਾਤ ਗੁਰੂ ਲੱਭਣਾ ਪਵੇਗਾ। ਉਹ ਗੁਰੂ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਵਾਹਿਗੁਰੂ ਦੀ ਮਿਹਰ ਹੋਵੇਗੀ। ਮਨ ਤੇ ਕਾਬੂ ਪਾ ਕੇ ਇਕਾਗਰ ਚਿਤ ਹੋਣਾ ਪਵੇਗਾ। ਦੁਨਿਆਵੀ ਪ੍ਰਾਪਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ। ਜਿਸਨੇ ਸਿੱਖੀ ਸੋਚ ਨੂੰ ਪਹਿਚਾਣ ਕੇ ਅਪਣਾ ਲਿਆ, ਉਸਦੀ ਰੂਹ ਰੌਸ਼ਨ ਹੋ ਗਈ। ਸੱਚੇ ਗੁਰੂ ਨਾਲ ਮੇਲ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮਨ ਬਹੁਤ ਚੰਚਲ ਹੁੰਦਾ ਹੈ। ਇਸ 'ਤੇ ਕਾਬੂ ਰੱਖਕੇ ਪਰਮਾਤਮਾ ਦੇ ਅੰਗ ਸੰਗ ਹੋਵੋ ਫਿਰ ਕਾਮ, ਕ੍ਰੋਧ, ਮੋਹ ਅਤੇ ਹੰਕਾਰ ਵਸ 'ਚ ਆ ਜਾਂਦੇ ਹਨ। ਸਹਿਜ, ਸੰਜਮ, ਸੰਤੋਖ, ਪ੍ਰੇਮ ਦਇਆ ਵਰਗੇ ਗੁਣ ਨਿਰਮਲ ਅੰਤਰ ਅਵਸਥਾ ਬਣਾਉਂਦੇ ਹਨ। ਪਰਮਾਤਮਾ ਸੁੱਖ ਦੇ ਕੇ ਮਨੁੱਖ ਦੇ ਜੀਵਨ ਵਿੱਚ ਅਨੰਦ ਭਰਦਾ ਹੈ। 'ਅੰਮ੍ਰਿਤ ਵੇਲਾ' ਲੇਖ ਵੀ ਸਿੱਖੀ ਵਿਚਾਰਧਾਰਾ ਅਨੁਸਾਰ ਅੰਮ੍ਰਿਤ ਵੇਲੇ ਦਾ ਸਦਉਪਯੋਗ ਕਰਨ ਦੀ ਸਲਾਹ ਦਿੰਦਾ ਹੈ। ਅੰਮ੍ਰਿਤ ਵੇਲਾ ਰਾਤ ਦੇ ਹਨ੍ਹੇਰੇ ਦੀ ਸਮਾਪਤੀ ਅਰਥਾਤ ਇਨਸਾਨ ਦੇ ਮਨ ਦੇ ਹਨ੍ਹੇਰੇ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਸਿੱਖ ਵਿਚਾਰਧਾਰਾ ਅਨੁਸਾਰ ਇਸ ਵੇਲੇ ਦਾ ਲਾਭ ਉਠਾਕੇ ਪਰਮਾਤਮਾ ਨਾਲ ਜੁੜਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਨਣ ਦਾ ਸਭ ਤੋਂ ਉਤਮ ਸਮਾਂ ਹੈ। ਅੰਮ੍ਰਿਤ ਵੇਲੇ ਸਿਮਰਨ ਕਰਨ ਨਾਲ ਤਨ ਦੇ ਨਾਲ ਮਨ ਦੇ ਅੰਦਰ ਚਲਣ ਵਾਲੇ ਵਿਕਾਰਾਂ ਦਾ ਖ਼ਤਮਾ ਹੁੰਦਾ ਹੈ। ਜਿਵੇਂ ਇਹ ਭਾਵਨਾ ਦ੍ਰਿੜ੍ਹ ਹੁੰਦੀ ਹੈ, ਤਿਵਂੇ ਮਨ ਪਰਮਤਮਾ ਦੀ ਪ੍ਰੀਤ ਵਿੱਚ ਰੰਗਿਆ ਜਾਂਦਾ ਹੈ।  ਫਿਰ ਇਨਸਾਨ ਨੂੰ ਲੋੜ ਤੋਂ ਵੱਧ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ। ਇਨਸਾਨ ਆਲਸ ਤਿਆਗ ਕੇ ਕਿਰਿਆਸ਼ੀਲ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਜਾਗਣ ਦੀ ਪਹਿਲਾਂ ਆਪਣੀ ਮਿਸਾਲ ਦਿੱਤੀ, ਬਾਅਦ ਵਿੱਚ ਗੁਰਸਿੱਖਾਂ ਨੂੰ ਪ੍ਰੇਰਿਆ। 'ਅੰਮ੍ਰਿਤ ਇਸ਼ਨਾਨ' ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਸਿੱਖ ਦਾ ਇਸ਼ਨਾਨ ਕਰਨਾ ਪਰਮਾਤਮਾ ਦਾ ਸਿਮਰਨ ਕਰਨ ਦੀ ਤਿਆਰੀ ਹੈ। ਇਸ਼ਨਾਨ ਤੋਂ ਬਾਅਦ ਕੀਤੀ ਜਾਣ ਵਾਲੀ ਪਰਮਾਤਮਾ ਦੀ ਭਗਤੀ ਮਨ ਤੇ ਤਨ ਨੂੰ ਅਰੋਗ ਕਰਨ ਵਾਲੀ ਹੋਵੇ ਤਾਂ ਇਸ਼ਨਾਨ ਕਿਰਿਆ ਵੀ ਆਨੰਦ ਕਿਰਿਆ ਬਣ ਜਾਂਦੀ ਹੈ। ਇਸ਼ਨਾਨ ਭਾਵਨਾ ਕਾਰਨ ਅੰਮ੍ਰਿਤ ਇਸ਼ਨਾਨ ਬਣ ਜਾਂਦਾ ਹੈ। ਭਾਵਨਾ ਨਾਲ ਇਸ਼ਨਾਨ ਕੀਤਾ ਹੋਵੇ ਤਾਂ ਮਨ ਨਿਰਮਲ ਹੋ ਜਾਂਦਾ ਹੈ, ਜੋ ਪਰਮਾਤਮਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰਦੀ ਹੈ। ਇਹ ਭਾਵਨਾ ਸ਼੍ਰੇਸ਼ਟ ਗੁਣਾਂ ਦਾ ਪ੍ਰਤੀਕ ਹੈ। ਗੁਰਸਿੱਖ ਭਾਵੇਂ ਜਲ ਇਸ਼ਨਾਨ ਕਰਦਾ ਹੈ ਪਰ ਉਸਦੀ ਭਾਵਨਾ ਅੰਮ੍ਰਿਤ ਫਲ ਦੇਣ ਵਾਲੀ ਬਣ ਜਾਂਦੀ ਹੈ। ਗੁਰਬਾਣੀ ਮਨ ਅੰਦਰ ਵਸਾਉਣ ਦਾ ਫਲ ਹੁੰਦਾ ਹੈ, ਜਿਸ ਕਰਕੇ ਸਹਿਜ, ਸੰਤੋਖ, ਨਿਮ੍ਰਤਾ, ਸੰਜਮ ਅਤੇ ਸੇਵਾ ਆਦਿ ਦਾ ਗੁਣ ਪੈਦਾ ਹੋ ਜਾਂਦਾ ਹੈ। ਜਦੋਂ ਮਨ ਅੰਦਰ ਨਾਮ ਦਾ ਜਾਪ ਚਲ ਰਿਹਾ ਹੋਵੇ ਤਾਂ ਮਨ ਦੀਆਂ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀਆਂ ਤਰੰਗਾਂ ਬਾਹਰ ਦੇ ਜਲ ਨੂੰ ਨਿਰਮਲ ਤੇ ਗੁਣੀ ਬਣਾ ਦਿੰਦੀਆਂ ਹਨ। ਇਸ਼ਨਾਨ ਮਨ ਦੇ ਅੰਦਰਲੀ ਤੇ ਬਾਹਰਲੀ ਮੈਲ ਲਾਹ ਦਿੰਦਾ ਹੈ। ਸੱਚਾ ਇਸ਼ਨਾਨ ਤਾਂ ਸਾਧ ਸੰਗਤ ਵਿੱਚ ਤਨ, ਮਨ ਦੀ ਮੈਲ ਉਤਾਰਨਾ ਹੈ। ਤਨ ਦਾ ਇਸ਼ਨਾਨ ਤਾਂ ਮਨ ਦੇ ਇਸ਼ਨਾਨ ਵਲ ਵੱਧਣਾ ਹੈ। 'ਅੰਮ੍ਰਿਤ ਬਾਣੀ' ਲੇਖ ਵਿੱਚ ਲਿਖਿਆ ਹੈ ਕਿ 'ਅੰਮ੍ਰਿਤ ਬਾਣੀ' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂਆਂ, ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੰਕਲਨ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਲਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਆਦਿ ਗ੍ਰੰਥ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਸ਼ਬਦ ਸ਼ਕਤੀ ਹੈ। ਗੁਰਸਿੱਖ ਉਹ ਹੈ ਜੋ ਗੁਰੂ ਤੇ ਗੁਰਸ਼ਬਦ ਵਿੱਚ ਕੋਈ ਭੇਦ ਨਾ ਕਰੇ। ਗੁਰੂ ਨਾਲ ਮੇਲ ਲਈ ਗੁਰਸਿੱਖ, ਗੁਰ ਸ਼ਬਦ ਨਾਲ ਮਨ ਜੋੜਦਾ ਹੈ। ਸ਼ਬਦ ਤੇ ਸੁਰਤ ਦੋਵੇਂ ਨਾਲ ਨਾਲ ਚਲਣੇ ਚਾਹੀਦੇ ਹਨ। ਗੁਰਬਾਣੀ ਸਤ, ਸੰਤੋਖ ਆਦਿ ਸਾਰੇ ਉਤਮ ਗੁਣਾਂ ਨਾਲ ਜੋੜਦੀ ਹੈ। ਭਗਤੀ ਦਾ ਮਨੋਰਥ ਵੰਦਨਾ ਕਰਨਾ ਹੈ। ਇਨਸਾਨ ਨੂੰ ਚਾਕਰੀ ਇਕੋ ਇਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ। ਗੁਰਬਾਣੀ ਅਜਿਹਾ ਅੰਮ੍ਰਿਤ ਹੈ, ਜਿਸ ਦਾ ਪਾਠ ਕਰਨ ਨਾਲ ਸੁਚੱਜ ਤੇ ਕੁਚੱਜ ਦਾ ਫਰਕ ਪਤਾ ਲੱਗ ਜਾਂਦਾ ਹੈ। ਭਾਵ ਅੰਮ੍ਰਿਤ ਪ੍ਰਾਪਤ ਕਰਨ ਲਈ ਅੰਮ੍ਰਿਤ ਦ੍ਰਿਸ਼ਟੀ ਚਾਹੀਦੀ ਹੈ। ਵਿਕਾਰਾਂ ਤੇ ਮਾਇਆ ਜ਼ਰੀਏ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸੁੱਖ ਥੋੜ੍ਹੇ ਸਮੇਂ ਲਈ ਹੁੰਦਾ ਹੈ। ਗੁਰਬਾਣੀ ਸੱਚ ਦਾ ਗਿਆਨ ਹੈ।  ਜੇ ਮਨ ਵੇਚ ਕੇ ਪਰਮਾਤਮਾ ਮਿਲ ਜਾਏ ਤਾਂ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਗੁਰਬਾਣੀ ਦੇ ਅੰਮ੍ਰਿਤ ਫਲ ਦੀ ਮਿਠਾਸ ਤ੍ਰਿਪਤ ਕਰਦੀ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ। ਗੁਰਬਾਣੀ ਮਨ ਅੰਦਰ ਜਲ ਰਹੀ ਤ੍ਰਿਸ਼ਨਾ ਦੀ ਅਗਨੀ ਨੂੰ ਬਝਾਉਂਦੀ ਹੈ। ਜਦੋਂ ਗੁਰਬਾਣੀ ਅੰਮ੍ਰਿਤ ਹੈ ਤਾਂ ਉਸ 'ਚੋਂ ਪ੍ਰਾਪਤ ਨਾਮ ਦੀ ਦਾਤ ਅੰਮ੍ਰਿਤ ਹੀ ਹੋਵੇਗੀ। ਗੁਰਬਾਣੀ ਸੁੱਖਾਂ ਦਾ ਅਨੰਤ ਸ੍ਰੋਤ ਹੈ। ਗੁਰਬਾਣੀ ਦਾ ਅੰਮ੍ਰਿਤ ਗੁਰਸਿੱਖ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈ। 'ਦੁੱਖ ਕੀ ਹੈ' ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇਨਸਾਨ ਨੂੰ ਸੁੱਖ ਤੇ ਦੁੱਖ ਦੇ ਅੰਤਰ ਦਾ ਪਤਾ ਹੋਵੇ। ਮਨੁੱਖ ਦਾ ਆਚਰਣ ਹੀ ਦੁੱਖਾਂ ਦੀ ਪੰਡ ਭਾਰੀ ਕਰਨ ਵਾਲਾ ਹੋ ਗਿਆ ਹੈ। ਦੁੱਖ ਦੀ ਖੇਡ ਬਹੁਤ ਰਹੱਸਮਈ ਹੈ। ਦੁੱਖਾਂ ਦੇ ਕਾਰਨਾ ਦਾ ਅਸਰ ਵਿਆਪਕ ਹੈ। ਮੋਹ ਵੀ ਦੁੱਖ ਦਾ ਕਾਰਨ ਬਣਦਾ ਹੈ। ਗੁਰਸਿੱਖ ਤਾਂ ਗ੍ਰਹਿਸਤ ਜੀਵਨ ਦਾ ਪਾਲਨ ਕਰਨ ਵਾਲਾ ਹੈ ਪ੍ਰੰਤੂ ਉਸਦਾ ਜੀਵਨ ਜਲ ਵਿੱਚ ਕਮਲ ਦੇ ਫੁੱਲ ਵਰਗਾ ਨਿਰਲੇਪ ਹੋਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਸੰਸਰਿਕ ਭੋਗ ਵਿਲਾਸ ਲਈ ਸ਼ੈਦਾਈ ਹੈ। ਇਹ ਸੁੱਖ ਦੀ ਥਾਂ ਦੁੱਖ ਦਾ ਕਾਰਨ ਬਣਦੇ ਹਨ। ਮਨੁੱਖ ਸੁੱਖ ਭੋਗਣ ਲਈ ਠੱਗੀ ਮਾਰਦਾ ਹੈ। ਪਰਮਾਤਮਾ ਨੂੰ ਚੇਤੇ ਨਾ ਕਰਨਾ ਦੁੱਖਾਂ ਦੀ ਖੇਤੀ ਹੈ। ਧਰਮ ਦੇ ਨਾਂ ਤੇ ਪਾਣੀ ਰਿੜਕਿਆ ਜਾ ਰਿਹਾ ਹੈ। ਜਿਨ੍ਹਾਂ ਦੇ ਮਨ ਮੈਲੇ ਅਤੇ ਆਚਾਰ ਮੰਦੇ ਹਨ, ਉਹ ਵੀ ਧਰਮ ਕਰਮ ਦੇ ਠੇਕੇਦਾਰ ਬਣੇ ਫਿਰਦੇ ਹਨ। ਆਵਾਗਮਨ ਦਾ ਚਕ੍ਰ ਦੁੱਖ ਹੈ। ਜਨਮ ਤੇ ਮਰਨ ਦੋਵੇਂ ਹੀ ਦੁੱਖ ਹਨ। ਜਿਸ ਨੇ ਜਨਮ ਲਿਆ ਹੈ, ਉਸ ਦੀ ਮੌਤ ਤੈਅ ਹੈ। ਮਨੁੱਖ ਕਿਤਨੇ ਵੱਡੇ ਘਰ ਬਣਾ ਲਵੇ, ਰਾਤ ਤਾਂ ਬਸ ਇਕ ਕਮਰੇ ਵਿੱਚ ਹੀ ਗੁਜਰਦੀ ਹੈ। ਦੁੱਖ ਨੂੰ ਦੁੱਖ ਸਮਝਣਾ ਤੇ ਸਵੀਕਾਰ ਕਰਨਾ ਮਨੁੱਖ ਦੇ ਹੱਥ ਵਿੱਚ ਹੈ। ਰਸਨਾ ਦਾ ਰਸ ਮਨੁੱਖ ਨੂੰ ਬਹੁਤ ਦੁੱਖ ਦਿੰਦਾ ਹੈ। ਕਲਪਨਾਂ ਤੇ ਭੁਲੇਖਾ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ। ਪਰਮਾਤਮਾ ਤੋਂ ਵੇਮੁੱਖ ਮਨੁੱਖ ਦਾ ਚਿਤ ਸਦਾ ਵਾਸ਼ਨਵਾਂ ਵਿੱਚ ਲਗਦਾ ਹੈ। ਕਾਮ ਦਾ ਫਲ ਦੁੱਖ ਹੈ। ਸੇਵਾ ਦਾ ਫਲ ਸੁੱਖ ਹੈ। ਮੂਰਖ ਵਿਅਕਤੀ ਸੁੱਖ ਦੇ ਜੋ ਉਪਾਏ ਕਰਦਾ ਹੈ, ਉਨ੍ਹਾਂ ਤੋਂ ਹੀ ਰੋਗ ਤੇ ਦੁੱਖ ਉਪਜਦੇ ਹਨ। ਸੰਜਮ ਭਰਿਆ ਜੀਵਨ ਹੋਵੇ ਤਾਂ ਲੋੜਾਂ ਪੂਰੀਆਂ ਹੋਣ ਤੇ ਮਨ 'ਚ ਆਨੰਦ ਪੈਦਾ ਹੁੰਦਾ ਹੈ। ਜੋ ਸਮਝ ਨਾ ਆ ਸਕੇ ਉਹ ਮਾਇਆ ਹੈ। ਵਿਕਾਰ ਮਨੁੱਖ 'ਤੇ ਸੁਹਾਗੇ ਦਾ ਕੰਮ ਕਰਦੇ ਹਨ। 'ਸੁੱਖ' ਅਗਿਆਨਤਾ ਕਰਕੇ ਮਨੁੱਖ ਜਿਸ ਨੂੰ ਸੁੱਖ ਮੰਨ ਕੇ ਜੀਵਨ ਬਤੀਤ ਕਰਦਾ ਹੈ, ਅਸਲ ਵਿੱਚ ਉਹ ਸੁੱਖ ਦੇ ਭੇਖ ਵਿੱਚ ਦੁੱਖ ਸੀ। ਮਨੁੱਖ ਸੁੱਖ ਚਾਹੁੰਦਾ ਹੈ ਪ੍ਰੰਤੂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਸੰਸਾਰ ਦੇ ਰਸ ਵਿੱਚ ਰਚਿਆ ਹੋਇਆ ਹੈ। ਮਨੁੱਖ ਨੂੰ ਭੁਲੇਖਾ ਹੈ ਕਿ ਉਸ ਕੋਲ ਜੋ ਹੈ, ਉਸ ਨੇ ਆਪ ਕਮਾਇਆ ਹੈ ਪ੍ਰੰਤੂ ਇਹ ਪਰਮਾਤਮਾ ਦੀ ਦੇਣ ਹੈ। ਜੇ ਉਹ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਭਗਤੀ ਕਰੇ। ਪਰਮਾਤਮਾ ਗੁਣਾਂ ਦਾ ਸਾਗਰ ਹੈ। ਇਹ ਨਹੀਂ ਹੋ ਸਕਦਾ ਕਿ ਮਨੁੱਖ ਦੁੱਖਾਂ ਦੇ ਰਾਹ 'ਤੇ ਚਲਦਾ ਵੀ ਰਹੇ ਤੇ ਸੁੱਖਾਂ ਦੀ ਆਸ ਵੀ ਕਰੇ। ਸੁੱਖ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਹਨ। ਸੁੱਖ ਤੇ ਦੁੱਖ ਦਾ ਅੰਤਰ ਜਾਨਣ ਲਈ ਦੋਹਾਂ ਨੂੰ ਸਮਝਣਾ ਪਵੇਗਾ। ਨਿੰਦਾ ਦੁੱਖ ਹੈ, ਲੋਭ, ਮੋਹ, ਹੰਕਾਰ, ਕਾਮ, ਕ੍ਰੋਧ ਆਦਿਕ ਦੁੱਖ ਹਨ। ਸੰਸਾਰੀ ਸੁੱਖਾਂ ਦਾ ਮੋਹ ਤਿਆਗਣਾ ਔਖਾ ਹੈ। ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸੁੱਖ ਹੈ। ਪਰਮਾਤਮਾ ਸੁੱਖ ਨਿਧਾਨ ਹੈ। ਜੇ ਉਹ ਮਨ ਅੰਦਰ ਵਸ ਗਿਆ ਤਾਂ ਸੁੱਖ ਹੀ ਸੁੱਖ ਹਨ। 'ਪਰਮ ਸੁੱਖ' ਸਾਰੀ ਪੁਸਤਕ ਦਾ ਸਾਰੰਸ਼ ਹੈ। ਮਾਇਆ ਤੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋ ਜਾਣਾ ਸੁੱਖ ਦਾ ਸ਼ਿਖ਼ਰ ਹੈ। ਆਵਾਗਵਨ ਤੋਂ ਮੁਕਤ ਹੋ ਜਾਣਾ 'ਪਰਮ ਸੁੱਖ' ਹੈ। ਮਨ ਕਿਸਾਨ ਹੈ, ਜਿਸ ਨੇ ਖੇਤ ਤਿਆਰ ਕਰਨਾ ਹੈ, ਬੀਜ ਬੀਜਣੇ ਹਨ ਤੇ ਫ਼ਸਲ ਦੀ ਪੈਦਾਵਾਰ ਕਰਨੀ ਹੈ। ਮਨ ਸੁੱਖਾਂ ਦੀ ਖੇਤੀ ਕਰਨ ਜੋਗ ਬਣਦਾ ਹੈ। ਨਿਰਬਾਨ ਪਦ ਜਾਂ ਜੀਵਨ ਮੁਕਤ ਹੋਣ ਵਿੱਚ ਹੀ ਪਰਮ ਸੁੱਖ ਹੈ। ਗੁਰਸਿੱਖ ਨੇ ਜੋ ਕਰਨਾਂ ਹੈ, ਉਹ ਸਹਿਜ ਹੈ। ਉਹ ਹੀ ਸੰਪੂਰਨ ਮਨੁੱਖ ਹੈ, ਜਿਸਨੇ ਉਸਦੀ ਰਜਾ ਵਿੱਚ ਰਹਿ ਕੇ ਸਹਿਜਤਾ ਪ੍ਰਾਪਤ ਕਰ ਲਈ ਹੈ। ਡਾ ਸਤਿੰਦਰ ਸਿੰਘ ਨੇ ਸਿੱਖੀ ਸੋਚ ਤੇ ਵਿਚਾਰਧਾਰਾਂ ਨੂੰ ਸੰਖੇਪ ਵਿੱਚ ਪਾਠਕਾਂ ਨੂੰ ਪ੍ਰੋਸਕੇ ਦਿੱਤੀ ਹੈ। ਪਾਠਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।
200 ਪੰਨਿਆਂ ਅਤੇ 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com

ਪਹਿਲੀ ਕਬਾਇਲੀ ਇਸਤਰੀ ਰਾਸ਼ਟਰਪਤੀ : ਦਰੋਪਦੀ ਮੁਰਮੂ -   ਉਜਾਗਰ ਸਿੰਘ

ਦੇਸ਼ ਦੇ ਸਰਬਉਚ ਅਹੁਦੇ ‘ਤੇ ਪਹੁੰਚਣ ਵਾਲੀ ਸ਼੍ਰੀਮਤੀ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਹੋਵੇਗੀ। ਉਹ ਭਾਰਤ ਦੀ 15ਵੀਂ ਰਾਸ਼ਟਰਪਤੀ ਹੈ। ਉਸਨੇ ਯੂ ਪੀ ਏ ਦੇ ਉਮੀਦਵਾਰ ਸਾਬਕਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ 2 ਲੱਖ 96 ਹਜ਼ਾਰ 626 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਉਹ ਐਨ ਡੀ ਏ ਦੇ ਸਾਂਝੇ ਉਮੀਦਵਾਰ ਸਨ। ਸ਼੍ਰੀਮਤੀ ਦਰੋਪਦੀ ਮੁਰਮੂ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਰਹੇ ਹਨ।  ਰਾਸ਼ਟਰਪਤੀ ਦੀ ਚੋਣ ਲਈ ਵੋਟਾਂ18 ਜੁਲਾੲਂੀ 2022 ਨੂੰ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਇਹ ਤੀਜੀ ਵਾਰ ਚੋਣ ਹੋਈ ਹੈ। ਇਸ ਤੋਂ ਪਹਿਲਾਂ 2002 ਵਿੱਚ ਏ ਪੀ ਜੇ ਅਬਦੁਲ ਕਲਾਮ ਅਤੇ 2012 ਵਿੱਚ  ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਜਿੱਤੇ ਸਨ। ਇਹ ਦੋਵੇਂ ਉਮੀਦਵਾਰ ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਵਿੱਚੋਂ ਉਮੀਦਵਾਰ ਬਣਾਕੇ ਅਗਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਇਸ ਪਾਸੇ ਉਹ ਸਫਲ ਵੀ ਹੋਏ ਸਨ। 2022 ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਕਬਾਇਲੀ ਇਸਤਰੀ ਨੇਤਾ ਦਰੋਪਤੀ ਮੁਰਮੂ ਨੂੰ ਉਮੀਦਵਾਰ ਬਣਾਕੇ 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕਬਾਇਲੀਆਂ, ਅਨੁਸੂਚਿਤ ਜਾਤੀਆਂ ਅਤੇ ਇਸਤਰੀਆਂ ਦੀ ਵੋਟਾਂ ਵਟੋਰਨ ਦਾ ਪੈਂਤੜਾ ਵਰਤਿਆ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਬਿਜਲੀ ਵਿਭਾਗ ਦੀ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਦੇ ਉਮੀਦਵਾਰ ਤੱਕ ਪਹੁੰਚਣ ਵਾਲੀ ਪਹਿਲੀ ਕਬਾਇਲੀ ਇਸਤਰੀ ਹੈ। ਆਜ਼ਾਦੀ ਤੋਂ ਬਾਅਦ 1958 ਵਿੱਚ ਪੈਦਾ ਹੋਣ ਵਾਲੀ ਦੀ ਉਹ ਪਹਿਲੀ ਇਸਤਰੀ ਰਾਸ਼ਟਰਪਤੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿਖਿਆ ਆਪਣੇ ਗ੍ਰਹਿ ਜਨਪਦ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ  ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਹਾਸਲ ਕੀਤੀ।  ਉਨ੍ਹਾਂ ਨੇ ਸਿੰਜਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਦੀ ਨੌਕਰੀ ਵੀ ਕੀਤੀ। 1994 ਤੋਂ 1997 ਤੱਕ ਉਨ੍ਹਾਂ ਨੈ ਰਾਏਰੰਗਪੁਰ ਦੇ ਸ੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਸੈਂਟਰ ‘ਚ ਆਨਰੇਰੀ ਐਸਿਸਟੈਂਟ ਅਧਿਆਪਕ ਦੇ ਤੋ+ ‘ਤੇ ਸੇਵਾਵਾਂ ਵੀ ਦਿੱਤੀਆਂ ਸਨ। ਉਨ੍ਹਾਂ ਆਪਣਾ ਸਿਆਸੀ ਕੈਰੀਅਰ 1997 ਵਿੱਚ ਰਾਏਰੰਗਪੁਰ ਨਗਰ ਪੰਚਾਇਤ ਦੇ ਕੌਂਸਲਰ ਤੋਂ ਸ਼ੁਰੂ ਕੀਤਾ ਅਤੇ ਨਗਰ ਪੰਚਾਇਤ ਦੀ ਉਪ ਚੇਅਰਪਰਸਨ ਬਣੀ। 2000 ਵਿੱਚ ਹੀ ਪਹਿਲੀ ਵਾਰ ਵਿਧਾਇਕਾ ਬਣਨ ਤੋਂ ਬਾਅਦ ਉਡੀਸ਼ਾ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਉਨ੍ਹਾਂ ਬੜੇ ਮਹੱਤਵਪੂਰਨ ਵਿਭਾਗਾਂ ਦੀ ਮੰਤਰੀ ਰਹਿੰਦਿਆ ਪ੍ਰਸ਼ਾਸ਼ਕੀ ਤਜ਼ਰਬਾ ਹਾਸਲ ਕੀਤਾ। ਉਡੀਸ਼ਾ ਵਿਧਾਨ ਸਭਾ ਵੱਲੋਂ ਉਨ੍ਹਾਂ ਨੂੰ 2007 ਵਿੱਚ ਸਰਵੋਤਮ ਵਿਧਾਇਕਾ ਲਈ ‘‘ਨੀਲਕੰਠ ਪੁਰਸਕਾਰ’’ ਦੇ ਕੇ ਸਨਮਾਨਤ ਕੀਤਾ ਗਿਆ ਸੀ। 2015 ਵਿੱਚ ਉਨ੍ਹਾਂ ਨੂੰ ਝਾਰਖੰਡ ਦੀ ਰਾਜਪਾਲ ਬਣਾਇਆ ਗਿਆ। ਝਾਰਖੰਡ ਦੀ ਵੀ ਉਹ ਪਹਿਲੀ ਇਸਤਰੀ ਰਾਜਪਾਲ ਸੀ।  64 ਸਾਲਾ ਸ਼੍ਰੀਮਤੀ ਦਰੋਪਦੀ ਮੁਰਮੂ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਣ ਵਾਲੀ ਦੂਜੀ ਇਸਤਰੀ ਹਨ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਦਾ ਆਖ਼ਰੀ ਦਿਨ 24 ਜੁਲਾਈ 2022 ਹੈ।  ਸ਼੍ਰੀਮਤੀ ਦਰੋਪਦੀ ਮੁਰਮੂ 25 ਜੁਲਾਈ ਨੂੰ ਆਪਣੇ ਅਹੁਦੇ ਦੀ ਸੌਂਹ ਚੁੱਕਣਗੇ।
   ਉਹ ਬੇਹੱਦ ਮੁਸ਼ਕਲਾਂ ਵਿੱਚੋਂ ਲੰਘ ਕੇ ਰਾਏਸਿਨਾ ਹਿਲਜ਼ ਤੱਕ ਪਹੁੰਚੇ ਹਨ। ਉਨ੍ਹਾਂ ਦੇ ਪਤੀ ਸ਼ਿਆਮ ਚਰਣ ਮਰਮੂ ਦਾ 2014 ਵਿੱਚ ਦੇਹਾਂਤ ਹੋ ਗਿਆ ਸੀ। ਉਹ ਆਦੀਵਾਸੀ ਜਾਤੀ ਸਮੂਹ ਸੰਥਾਲ ਨਾਲ ਸੰਬੰਧ ਰੱਖਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਡੀਟੇਸ਼ਨ ਕਰਨ ਲੱਗ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਦੀ ਚੋਣ ਕਰਕੇ ਆਦੀਵਾਸੀ ਸ਼ਖ਼ਸੀਅਤ ਨੂੰ ਵੱਡਾ ਮਾਣ ਦਿੱਤਾ ਹੈ। ਇਸ ਸਿਆਣਪ ਦਾ ਅਸਰ ਭਾਰਤੀ ਜਨਤਾ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਦਿਖਣ ਨੂੰ ਮਿਲੇਗਾ।  ਦੇਸ਼ ਵਿੱਚ ਵੱਖ-ਵੱਖ ਕਬੀਲਿਆਂ  ਨਾਲ ਸੰਬੰਧਤ 10 ਕਰੋੜ ਤੋਂ ਵਧੇਰੇ ਵਸੋਂ ਹੈ। ਇਹ ਚੋਣ ਦੂਰ ਦਰਾਜ ਇਲਾਕਿਆਂ  ਦੇ ਕਬੀਲਿਆਂ ਨੂੰ ਦੇਸ਼ ਨਾਲ ਜੋੜਨ ਦੇ ਸਮਰੱਥ ਹੋਵੇਗੀ। ਭਾਰਤੀ ਜਨਤਾ ਪਾਰਟੀ ਆਪਣਾ ਹਰ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾ ਨੂੰ ਮੁੱਖ ਰੱਖਕੇ ਲੈ ਰਹੀ ਹੈ। ਉਹ ਆਪਣਾ ਹਿੰਦੂਤਵ ਦਾ ਰਾਗ ਅਲਾਪ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ 2014 ਅਤੇ 2019 ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤ ਚੁੱਕੀ ਹੈ। ਤੀਜੀ ਵਾਰ ਵੀ ਉਹ ਹਰ ਹੀਲਾ ਵਰਤਕੇ ਸਰਕਾਰ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ। 2014 ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਹੋਣ ਕਰਕੇ ਵਿਰੋਧੀ ਧਿਰਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨਾ ਫ਼ੈਸਲੇ ਲੈਂਦੀ ਆ ਰਹੀ ਹੈ। ਜਿਹੜਾ ਵੀ ਫ਼ੈਸਲਾ ਲੈ ਲੈਂਦੀ ਹੈ, ਉਸ ‘ਤੇ ਟੱਚ ਤੇ ਮਸ ਨਹੀਂ ਹੁੰਦੀ। 2014 ਤੋਂ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਬਹੁਤੇ ਫ਼ੈਸਲਿਆਂ ਕਰਕੇ ਵਾਦਵਿਵਾਦ ਵਿੱਚ ਹੀ ਰਹੀ ਹੈ ਕਿਉਂਕਿ ਉਨ੍ਹਾਂ ਦੇ ਫ਼ੈਸਲੇ ਆਰ ਐਸ ਐਸ ਦੀਆਂ ਨੀਤੀਆਂ ਅਨੁਸਾਰ ਹੁੰਦੇ ਹਨ। ਇਕ ਕਿਸਮ ਨਾਲ ਪਾਰਟੀ ਦਾ ਥਿੰਕ ਟੈਂਕ ਆਰ ਐਸ ਐਸ ਹੀ ਹੈ। ਉਨ੍ਹਾਂ ਨੇ ਆਰ ਐਸ ਐਸ ਦੇ ਕੱਟੜ ਸਮੱਰਥਕ ਨੂੰ ਹੀ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ। ਹੁਣ ਤੱਕ ਦੇ ਮਹੱਤਵਪੂਰਨ ਫ਼ੈਸਲੇ ਜਿਨ੍ਹਾਂ ਦੀ ਵਜਾਹ ਕਰਕੇ ਵਾਦਵਿਵਾਦ ਖੜ੍ਹੇ ਹੁੰਦੇ ਰਹੇ ਹਨ, ਉਨ੍ਹਾਂ ਵਿੱਚ ਨੋਟ ਬੰਦੀ ਕਰਕੇ ਕਾਲਾ ਧਨ ਵਾਪਸ ਮੰਗਵਾਉਣਾ, ਨਾਗਰਿਕ ਸੋਧ ਕਾਨੂੰਨ, ਏਅਰ ਪੋਰਟ ਤੇ ਰੇਲਵੇ ਵੇਚਣਾ, ਕੋਵਿਡ ਸਮੇਂ ਬੁਰੀ ਤਰ੍ਹਾਂ ਫੇਲ ਹੋਣਾ, ਮਹਿੰਗਾਈ ਦਾ ਵੱਧਣਾ, ਪੈਟਰੌਲ ਅਤੇ ਗੇੈਸ ਦੀਆਂ ਕੀਮਤਾਂ ਦਾ ਦੁਗਣਾ ਹੋਣਾ, ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨਾ ਅਤੇ ਕੇਂਦਰੀ ਸ਼ਾਸ਼ਤ ਸੂਬਾ ਬਣਾਉਣਾ, ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਬਣਾਉਣਾ, ਆਯੋਧਿਆ ਵਿੱਚ ਮੰਦਰ ਬਣਾਉਣਾ, ਘੱਟ ਗਿਣਤੀਆਂ ਦਾ ਆਪਣੇ ਆਪ ਨੂੰ ਮਹਿਫੂਜ ਨਾ ਸਮਝਣਾ, ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨਾ, ਪ੍ਰਾਈਵੇਟਸ਼ਨਜ਼ ਨੂੰ ਪਹਿਲ ਦੇਣਾ ਅਤੇ ਫ਼ੌਜ ਵਿੱਚ ਰੈਗੂਲਰ ਭਰਤੀ ਬੰਦ ਕਰਕੇ ਅਗਨੀਪਥ ਸ਼ੁਰੂ ਕਰਨਾ,  ਸੂਬਿਆਂ ਦੀਆਂ ਫ਼ੌਜ ਦੀਆਂ ਰੈਗੂਲਰ ਯੂਨਿਟਾਂ ਖ਼ਤਮ ਕਰਨੀਆਂ ਆਦਿ ਹਨ। ਉਪਰੋਕਤ ਸਾਰੇ ਫ਼ੈਸਲਿਆਂ ਦਾ ਆਮ ਜਨਤਾ ਨੇ ਹਮੇਸ਼ਾ ਵਿਰੋਧ ਕੀਤਾ ਪ੍ਰੰਤੂ ਸਰਕਾਰ ਨੇ ਇਨ੍ਹਾਂ ਵਿੱਚੋਂ ਸਿਰਫ ਖੇਤੀ ਕਾਨੂੰਨ ਵਾਪਸ ਲਏ ਹਨ ਬਾਕੀਆਂ ਬਾਰੇ ਲੋਕਾਈ ਅਤੇ ਵਿਰੋਧੀ ਪਾਰਟੀਆਂ ਦੀ ਸੁਣੀ ਨਹੀਂ ਗਈ। ਅਗਨੀਪਥ ਸਕੀਮ ਬਾਰੇ ਭਾਰਤ ਦੇ ਲੋਕਾਂ ਵਿੱਚ ਸ਼ੰਕਾ ਹੈ ਕਿ ਆਰ ਐਸ ਐਸ ਦੇ ਮੈਂਬਰਾਂ ਨੂੰ ਅਸਲੇ ਚਲਾਉਣ ਦੀ ਸਿਖਿਆ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗ਼ੈਰ ਭਾਰਤੀ ਜਨਤਾ ਪਾਰਟੀ ਦੀਆਂ ਸੂਬਾ ਸਰਕਾਰਾਂ ਤੋਂ ਬਿਨਾ ਬਾਕੀ ਸਾਰੀਆਂ ਸਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਵੀ ਲੋਕਾਂ ਵਿੱਚ ਗੁੱਸੇ ਦਾ ਵਧਣਾ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਕੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਪ੍ਰਾਪੇਗੰਡੇ ਨੂੰ ਠਲ ਪਾਉਣ ਵਿੱਚ ਸਫਲ ਹੋਈ ਹੈ। ਸ਼੍ਰੀਮਤੀ ਦਰੋਪਤੀ ਮੁਰਮੂ ਜ਼ਮੀਨੀ ਪੱਧਰ ਦੀ ਫਾਇਰ ਬਰਾਂਡ ਆਗੂ ਹੈ। ਉਸਦੀ ਚੋਣ ਅਗਲੇ ਦੋ ਸਾਲਾਂ ਵਿੱਚ ਦੋ ਕਬਾਇਲੀ ਇਲਾਕਿਆਂ ਵਾਲੇ ਛਤੀਸ਼ਗੜ੍ਹ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਲਗਦੀ ਹੈ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਇਕ ਵੰਗਾਰ ਹੋਵੇਗੀ। ਸਿਆਸਤਦਾਨਾ ਵਿੱਚ ਵਿਚਾਰਧਾਰਾ ਦੀ ਥਾਂ ਮੌਕਾ ਪ੍ਰਸਤੀ ਭਾਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਰਕਾਰੀ ਅਸਰ ਰਸੂਖ ਨਾਲ ਕਈ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੋੜਕੇ ਸਰਕਾਰਾਂ ਬਣਾ ਲਈਆਂ ਹਨ। ਤਾਜ਼ਾ ਘਟਨਾਕਰਮ ਮਹਾਰਾਸ਼ਟਰ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਸਰਕਾਰ ਤੋੜਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਅਗਲੀਆਂ ਲੋਕ ਸਭਾ ਚੋਣਾ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾ ਮਿਲਿਆ ਤਾਂ ਰਾਸ਼ਟਰਪਤੀ ਦਾ ਅਹੁਦਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਜਿਸ ਕਰਕੇ ਉਹ ਗਿਆਨੀ ਜ਼ੈਲ ਸਿੰਘ ਦੇ ਸਮੇਂ ਹੋਏ ਘਟਨਾਕਰਮ ਨੂੰ ਮੁੱਖ ਰੱਖਕੇ ਰਣਨੀਤੀ ਬਣਾ ਰਹੇ ਹਨ। ਉਦਾਹਰਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗਿਆਨੀ ਜ਼ੈਲ ਸਿੰਘ ਦੇ 1982 ਤੋਂ 87 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੌਰਾਨ ਕਾਂਗਰਸ ਪਾਰਟੀ ਨਾਲ ਸੰਬੰਧ ਚੰਗੇ ਨਹੀਂ ਰਹੇ ਸਨ। ਉਨ੍ਹਾਂ ਪੋਸਟਲ ਬਿਲ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਹਾਲਾਂ ਕਿ ਗਿਆਨੀ ਜ਼ੈਲ ਸਿੰਘ ਦੇ ਸੰਜੇ ਗਾਂਧੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤ ਚੰਗੇ ਸੰਬੰਧ ਸਨ। ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਉਹ ਆਪਣੇ ਨੇਤਾ ਦੇ ਕਹਿਣ ‘ਤੇ ਝਾੜੂ ਲਗਾਉਣ ਲਈ ਤਿਆਰ ਹਨ, ਜਿਨ੍ਹਾਂ ਨੇ ਉਸ ਵਿੱਚ ਇਤਨਾ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਫਿਰ ਵੀ ਗਿਆਨੀ ਜ਼ੈਲ ਸਿੰਘ ਦੇ ਇੰਦਰਾ ਗਾਂਧੀ ਨਾਲ ਸੰਬੰਧ ਚੰਗੇ ਨਾ ਰਹਿਣਾ ਇਕ ਬੁਝਾਰਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 1984 ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ ਜਦੋਂ ਕਿ ਉਹ ਤਿੰਨਾ ਫ਼ੌਜਾਂ ਦੇ ਕਮਾਂਡਰ ਇਨ ਚੀਫ਼ ਸਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਤਿੰਨਾ ਸੈਨਾਵਾਂ ਦਾ ਮੁੱਖੀ ਹੀ ਬਣਾਕੇ ਰਾਸ਼ਟਰਪਤੀ ਦੇ ਅਹੁਦੇ ਦੇ ਪਰ ਕੁਤਰ ਦਿੱਤੇ ਹਨ।  ਜਦੋਂ ਸ਼੍ਰੀਮਤੀ ਇੰਦਰਾ ਦਾ ਕਤਲ ਹੋਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਨੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਸ਼੍ਰੀ ਪ੍ਰਣਾਬ ਮੁਕਰਜੀ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰੋਟੋਕੋਲ ਤੋੜਕੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ, ਫਿਰ ਵੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਦੇ ਸੰਬੰਧਾਂ ਵਿੱਚ ਖਟਾਸ ਆ ਗਈ ਸੀ। ਅਜਿਹੇ ਹਾਲਤ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਕੇ ਆਪਣੇ ਹੱਥ ਮਜ਼ਬੂਤ ਕੀਤੇ ਹਨ ਕਿਉਂਕਿ ਉਹ ਕਿਸੇ ਕਿਸਮ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com