Ujagar Singh

ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਖ਼ੋਰਾ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਕਰਕੇ - ਉਜਾਗਰ ਸਿੰਘ

ਅਕਾਲੀ ਦਲ ਦੇ 98 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਮੌਕਾ ਕਦੀਂ ਵੀ ਨਹੀਂ ਆਇਆ ਕਿ ਅਕਾਲੀ ਦਲ ਦੀ ਹਾਲਤ ਇਤਨੀ ਪਤਲੀ ਹੋਵੇ। ਸਗੋਂ ਅਕਾਲੀ ਦਲ ਅਤੇ ਖਾਸ ਤੌਰ ਤੇ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ। ਪ੍ਰੰਤੂ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਖ਼ੁਦਗਰਜ਼ੀ ਭਾਰੂ ਹੋ ਗਈ ਅਤੇ ਸਿਆਸੀ ਤਾਕਤ ਦੀ ਭੁੱਖ ਨੇ ਸ਼ਹੀਦਾਂ ਦੀ ਜਥੇਬੰਦੀ ਨੂੰ ਧਰਮ ਨਿਰਪੱਖ ਅਤੇ ਕੌਮੀ ਪੱਧਰ ਦੀ ਪਾਰਟੀ ਬਣਾਉਣ ਦਾ ਕਦਮ ਚੁੱਕਿਆ ਤਾਂ ਅਕਾਲੀ ਦਲ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ। ਜੇ ਇਹ ਕਹਿ ਲਿਆ ਜਾਵੇ ਕਿ ''ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਕੀ ਬਚਣਾ ਹੈ''।
      ਇਸ ਵਿਚ ਕੋਈ ਗ਼ਲਤ ਗੱਲ ਨਹੀਂ? ਇਹੋ ਹਾਲ ਅੱਜ ਦੇ ਅਕਾਲੀ ਦਲ ਦਾ ਹੈ, ਜਿਹੜਾ ਪੰਜਾਬ ਸਰਕਾਰ ਤੇ ਲਗਾਤਾਰ 10 ਸਾਲ ਕਾਬਜ਼ ਰਿਹਾ ਹੈ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰ ਰਿਹਾ ਹੈ। ਇਹ ਦੋਵੇਂ ਸੰਸਥਾਵਾਂ ਆਪਣੇ ਮਨੋਰਥ ਨੂੰ ਭੁੱਲਕੇ ਸਿਆਸੀ ਤਾਕਤ ਦਾ ਆਨੰਦ ਮਾਣ ਰਹੀਆਂ ਹਨ। ਸ਼ਰੋਮਣੀ ਅਕਾਲੀ ਦਲ ਨੇ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਅਕਾਲ ਤਖ਼ਤ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਜੀ ਸਾਹਿਬ ਦੀਵਾਨ, ਚੀਫ ਖਾਲਸਾ ਦੀਵਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿਚ ਵੀ ਰਾਜਨੀਤਕ ਦਖ਼ਲ ਅੰਦਾਜ਼ੀ ਕਰਕੇ ਨੁਕਸਾਨ ਕਰ ਦਿੱਤਾ ਹੈ। ਨਿਸ਼ਾਨ ਸਾਹਿਬਾਂ ਦੇ ਰੰਗ ਬਦਲ ਦਿੱਤੇ, ਨਾਨਕਸ਼ਾਹੀ ਕੈਲੰਡਰ, ਗੁਰੂ ਕੇ ਲੰਗਰ, ਸਿਰੋਪਿਆਂ ਦਾ ਭਗਵਾਂਕਰਨ, ਪੰਥ ਵਿਚੋਂ ਛੇਕਣ ਦਾ ਸਿਧਾਂਤ, ਆਦਿ ਕੰਮਾਂ ਨੇ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ। ਧਰਮ ਪ੍ਰਚਾਰ ਕਮੇਟੀ ਨੂੰ ਤਾਂ ਸਿੱਖ ਵਿਰੋਧੀ ਆਰ ਐਸ ਐਸ ਦਾ ਅੱਡਾ ਬਣਾ ਦਿੱਤਾ ਹੈ, ਜਿਸ ਕਰਕੇ ਨੌਜਵਾਨਾਂ ਵਿਚ ਪਤਿਤਪੁਣਾ ਭਾਰੂ ਹੈ। ਗੁਰੂ ਘਰਾਂ ਦੀ ਮਾਣ ਮਰਿਆਦਾ ਨੂੰ ਖ਼ਤਮ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ।
        ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ 1920 ਵਿਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਖਾਲੀ ਕਰਵਾਉਣ ਲਈ ਹੋਂਦ ਵਿਚ ਆਇਆ ਸੀ। ਇਸ ਜਥੇਬੰਦੀ ਦਾ ਮੁੱਖ ਮੰਤਵ ਹੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਸੀ। ਇਹ ਪਹਿਰਾ ਤਾਂ ਹੀ ਦਿੱਤਾ ਜਾ ਸਕਦਾ ਸੀ, ਜੇਕਰ ਗੁਰੂ ਘਰਾਂ ਦਾ ਪ੍ਰਬੰਧ ਗੁਰਮਤਿ ਦੇ ਧਾਰਨੀ ਗੁਰਮੁੱਖਾਂ ਕੋਲ ਹੋਵੇਗਾ। ਇਸ ਲਈ ਉਦੋਂ ਦੇ ਸ਼ਰੋਮਣੀ ਅਕਾਲੀ ਦਲ ਨੇ ਮਹੰਤਾਂ ਤੋਂ ਗੁਰਦੁਆਰੇ ਖਾਲੀ ਕਰਵਾਉਣ ਲਈ ਕਦੀਂ ਜੈਤੋ ਦਾ ਮੋਰਚਾ, ਕਦੀਂ ਚਾਬੀਆਂ ਦਾ ਮੋਰਚਾ ਅਤੇ ਹੋਰ ਅਨੇਕਾਂ ਮੋਰਚੇ ਲਾਏ ਅਤੇ ਬੇਸ਼ੁਮਾਰ ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਉਨ੍ਹਾਂ ਸ਼ਹਾਦਤਾਂ ਇਸੇ ਕਰਕੇ ਦਿੱਤੀਆਂ ਸਨ ਕਿ ਸਿੱਖੀ ਨੂੰ ਆਂਚ ਨਾ ਆਵੇ। ਕੁਰਬਾਨੀਆਂ ਦਾ ਮਕਸਦ ਜਿੰਦ ਜਾਵੇ ਤਾਂ ਬੇਸ਼ੱਕ ਜਾਵੇ ਪ੍ਰੰਤੂ ਗੁਰੂ ਦੀ ਸਿੱਖੀ ਨੂੰ ਨੁਕਸਾਨ ਨਾ ਪਹੁੰਚੇ। ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਖਾਲੀ ਕਰਵਾਕੇ ਰਹਿਤ ਮਰਿਆਦਾ ਕਾਇਮ ਕੀਤੀ।
        ਅੰਗਰੇਜ਼ਾਂ ਨੇ ਆਪਣੇ ਪਿਠੂਆਂ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ 1925 ਦਾ ਲੰਗੜਾ ਗੁਰਦੁਆਰਾ ਐਕਟ ਬਣਾ ਦਿੱਤਾ, ਜਿਸ ਰਾਹੀਂ ਗੁਰਮੁੱਖ ਵੋਟਾਂ ਪਾ ਕੇ ਆਪਣੀ ਨੁਮਾਇੰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰ ਲੈਣ ਜੋ ਇਤਿਹਾਸਕ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰ ਸਕੇ। ਸੰਸਾਰ ਵਿਚ ਕਿਸੇ ਵੀ ਧਾਰਮਿਕ ਸਥਾਨਾ ਦੇ ਪ੍ਰਬੰਧ ਲਈ ਵੋਟਾਂ ਰਾਹੀਂ ਚੋਣ ਨਹੀਂ ਹੁੰਦੀ। ਚੋਣ ਕਰਵਾਉਣ ਦਾ ਮਤਲਬ ਸਿੱਖਾਂ ਵਿਚ ਵੰਡੀਆਂ ਪਾਉਣਾ ਸੀ, ਜਿਸ ਵਿਚ ਉਹ ਸਫਲ ਹੋ ਗਏ। ਬੜੇ ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਕਦੀਂ ਸੋਚਿਆ ਵੀ ਨਹੀਂ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਇਕ ਸਦੀ ਤੋਂ ਵੀ ਘੱਟ ਸਮੇਂ ਵਿਚ ਹੀ ਸ਼ਹੀਦਾਂ ਦੀ ਜਥੇਬੰਦੀ ਵਿਚ ਗਿਰਾਵਟ ਇਸ ਹੱਦ ਤੱਕ ਪਹੁੰਚ ਜਾਵੇਗੀ ਕਿ ਇਹ ਆਪਣੇ ਸਿੱਖ ਧਰਮ ਦੀ ਰੱਖਿਆ ਕਰਨ ਦੀ ਥਾਂ ਸਿਰਫ ਸਿੱਖ ਧਰਮ ਦੇ ਵਕਾਰ ਨੂੰ ਦਾਅ ਤੇ ਲਾਕੇ ਸਿਆਸੀ ਤਾਕਤ ਪ੍ਰਾਪਤ ਕਰਨ ਵਿਚ ਹੀ ਮਸ਼ਰੂਫ ਹੋ ਜਾਵੇਗੀ। ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਸਿੱਖ ਸੰਸਥਾਵਾਂ ਦਾ ਘਾਣ ਕਰ ਦੇਵੇਗੀ। ਸ਼ਰਮ ਦੀ ਗੱਲ ਇਹ ਹੈ ਕਿ ਜਿਸ ਜਥੇਬੰਦੀ ਨੇ ਸਿੱਖ ਧਰਮ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਸੀ, ਉਹੀ ਜਥੇਬੰਦੀ ਸਿੱਖ ਧਰਮ ਦਾ ਨੁਕਸਾਨ ਕਰਨ ਤੇ ਤੁਲੀ ਹੋਈ ਹੈ।
        ਵੈਸੇ ਤਾਂ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਦੇ ਪੰਥਕ ਕਹਾਉਣ ਵਾਲੇ ਸਿਆਸਤਦਾਨਾ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ ਪ੍ਰੰਤੂ 2015 ਵਿਚ ਤਾਂ ਹੱਦ ਹੀ ਹੋ ਗਈ ਜਦੋਂ ਪੰਥਕ ਸਰਕਾਰ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ਤੇ ਚੰਡੀਗੜ੍ਹ ਬੁਲਾਕੇ ਹੁਕਮ ਕਰ ਦਿੱਤਾ ਕਿ ਸਿਰਸਾ ਡੇਰੇ ਦੇ ਮੁੱਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਾਣੇ ਦੀ ਨਕਲ ਕਰਨ ਕਰਕੇ 2007 ਵਿਚ ਪੰਥ ਵਿਚੋਂ ਛੇਕਣ ਦੇ ਦਿੱਤੇ ਗਏ ਹੁਕਮਨਾਮੇ ਨੂੰ ਵਾਪਸ ਲੈ ਲਿਆ ਜਾਵੇ। ਸਿੱਖ ਧਰਮ ਦੇ ਪਵਿਤਰ ਤਖ਼ਤਾਂ ਦੇ ਸਰਬਰਾਹ ਜਥੇਦਾਰਾਂ ਦੀ ਸਿਅਣਪ ਵੀ ਵੇਖੋ ਕਿ ਉਨ੍ਹਾਂ ਸਰਕਾਰ ਦੇ ਹੁਕਮਾਂ ਨੂੰ ਅਲਾਹੀ ਹੁਕਮ ਸਮਝਦਿਆਂ 24 ਸਤੰਬਰ 2015 ਨੂੰ ਉਹ ਹੁਕਮਨਾਮਾ ਵਾਪਸ ਲੈ ਲਿਆ, ਜਿਸ ਰਾਹੀਂ ਡੇਰੇ ਦੇ ਮੁਖੀ ਨੂੰ ਪੰਥ ਵਿਚੋਂ ਛੇਕਣ ਦਾ ਫ਼ੈਸਲਾ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਸਿਰਸਾ ਡੇਰੇ ਦੇ ਮੁੱਖੀ ਨੇ ਪੱਤਰ ਨਹੀਂ ਲਿਖਿਆ, ਜਿਸਨੂੰ ਪੰਥ ਵਿਚੋਂ ਛੇਕਿਆ ਗਿਆ ਸੀ ਬਲਕਿ ਡੇਰੇ ਦੇ ਨੁਮਾਇੰਦੇ ਨੇ 21 ਸਤੰਬਰ ਨੂੰ ਹੁਕਮਨਾਮਾ ਵਾਪਸ ਲੈਣ ਦੀ ਹਿੰਦੀ ਭਾਸ਼ਾ ਵਿਚ ਅਰਜੀ ਦਿੱਤੀ ਸੀ, ਉਸ ਚਿੱਠੀ ਵਿਚ ਨਾ ਤਾਂ ਮੁਆਫ਼ੀ ਮੰਗੀ ਤੇ ਨਾ ਹੀ ਨਕਲ ਕਰਨ ਦੀ ਗ਼ਲਤੀ ਮੰਨੀ ਗਈ ਫਿਰ ਵੀ ਤਿੰਨ ਦਿਨ ਬਾਅਦ 24 ਸਤੰਬਰ ਨੂੰ ਵਾਪਸ ਲੈ ਲਿਆ। ਜਿਸ ਦਿਨ ਮੁਆਫ਼ ਕਰਨ ਦਾ ਫ਼ੈਸਲਾ ਹੋਇਆ ਮੁਆਫ਼ ਕਰਨ ਲਈ ਪ੍ਰਚਲਤ ਪ੍ਰਣਾਲੀ ਨਹੀਂ ਅਪਣਾਈ ਗਈ। ਦੋਸ਼ੀ ਆਪ ਹਾਜ਼ਰ ਨਹੀਂ ਹੋਇਆ। ਇਨ੍ਹਾਂ ਸਬੂਤਾਂ ਵਾਲਾ ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ ਵੱਲੋਂ 60 ਪੰਨਿਆਂ ਦਾ ''ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੱਚਾ ਚਿੱਠਾ'' (ਵਾਈਟ ਪੇਪਰ) ਪ੍ਰਕਾਸ਼ਤ ਕੀਤਾ ਗਿਆ ਹੈ, ਜਿਸ ਵਿਚ ਇਹ ਸਾਰਾ ਕੁਝ ਦਿੱਤਾ ਗਿਆ ਹੈ। ਇਹ ਕੱਚਾ ਚਿੱਠਾ ਗੁਰਤੇਜ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਪੱਤਰਕਾਰ ਨੇ ਸੰਪਾਦਤ ਕੀਤਾ ਹੈ। ਇਹ ਲੇਖ ਪੰਥਕ ਅਸੈਂਬਲੀ ਦੇ ਕੱਚੇ ਚਿੱਠੇ ਦੇ ਤੱਥਾਂ ਤੇ ਅਧਾਰਤ ਹੈ। ਇਤਨੀ ਜਲਦੀ ਫੈਸਲਾ ਕਰਨਾ ਵੀ ਦਾਲ ਵਿਚ ਕਾਲਾ ਦੱਸ ਰਿਹਾ ਹੈ। ਅਕਾਲੀ ਦਲ ਦੀ ਇਹ ਵੋਟਾਂ ਦੀ ਸਿਆਸਤ ਸੀ ਜੋ 2016 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਸੀ। ਇਸ ਫ਼ੈਸਲੇ ਨਾਲ ਤਖ਼ਤਾਂ ਦੇ ਜਥੇਦਾਰਾਂ ਦੇ ਵਕਾਰ ਨੂੰ ਗਹਿਰੀ ਸੱਟ ਵੱਜੀ, ਜਿਨ੍ਹਾਂ ਨੂੰ ਸਿੱਖ ਪੰਥ ਆਪਣੇ ਸਿੱਖ ਧਰਮ ਦੇ ਰੱਖਵਾਲੇ ਅਤੇ ਪ੍ਰੇਰਨਾ ਸਰੋਤ ਮੰਨਦਾ ਸੀ।
        ਇਥੇ ਹੀ ਬੱਸ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਸਹੀ ਦਰਸਾਉਣ ਲਈ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਨੂੰ 82 ਲੱਖ 50 ਹਜ਼ਾਰ ਰੁਪਏ ਦੇ ਇਸ਼ਤਿਹਾਰ ਦਿੱਤੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਸਹੀ ਕਿਹਾ। ਇਸ ਸੰਬੰਧੀ ਜਦੋਂ ਪੰਜਾਬ ਦੇ ਲੋਕ ਸੜਕਾਂ ਤੇ ਆ ਗਏ ਤਾਂ ਫਿਰ ਉਹ ਵਾਪਸ ਲੈਣ ਦਾ ਹੁਕਮਨਾਮਾ 16 ਅਕਤੂਬਰ ਨੂੰ ਰੱਦ ਕਰਨਾ ਪਿਆ। ਇਸ ਫ਼ੈਸਲੇ ਤੋਂ ਬਾਅਦ, ਇਥੇ ਹੀ ਬਸ ਨਹੀਂ ਸ਼ਹੀਦਾਂ ਦੀ ਜਥੇਬੰਦੀ ਦੇ ਮੰਤਰੀਆਂ ਨੂੰ ਲੋਕਾਂ ਵਿਚ ਜਾਣ ਦੇ ਆਪਣੇ ਪ੍ਰੋਗਰਾਮ ਰੱਦ ਕਰਨੇ ਪੈ ਗਏ। ਕਿਥੇ ਇਹ ਅਕਾਲੀ ਨੇਤਾ ਜਿਹੜੇ ਧਰਮ ਦਾ ਨੁਕਸਾਨ ਕਰਨ ਤੇ ਤੁਲੇ ਹੋਏ ਹਨ, ਕਿਥੇ ਸਿਰਦਾਰ ਕਪੂਰ ਸਿੰਘ ਵਰਗੇ ਸਿਰਲੱਥ ਨੇਤਾ ਜਿਹੜੇ ਨਸ਼ਾ ਕਰਨ ਵਾਲੇ, ਤੰਬਾਕੂ ਪੀਣ ਵਾਲੇ ਅਤੇ ਪਤਿਤ ਸਿੱਖਾਂ ਦੀ ਵੋਟ ਲੈਣ ਤੋਂ ਹੀ ਇਨਕਾਰੀ ਸਨ। ਇਹੋ ਅਕਾਲੀ ਦਲ ਦੀ ਲੀਡਰਸ਼ਿਪ ਦਾ ਦੁਖਾਂਤ ਹੈ। ਮੀਰੀ ਪੀਰੀ ਦਾ ਸੰਕਲਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਹ ਦਰਸਾਉਂਦਾ ਸੀ ਕਿ ਰਾਜ ਭਾਗ ਵਿਚ ਸਿੱਖ ਧਰਮ ਪ੍ਰਫੁਲਤ ਹੋਵੇਗਾ। ਪੰਜਾਬ ਵਿਚ ਸਾਰਾ ਕੁਝ ਇਸਦੇ ਉਲਟ ਹੋਇਆ। ਪੰਥਕ ਸਰਕਾਰ ਹੁੰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਹੋਣ ਲੱਗ ਪਿਆ। ਅਕਾਲੀ ਦਲ ਵੋਟਾਂ ਪੰਥ ਦੇ ਨਾਂ ਅਤੇ ਸਿੱਖ ਧਰਮ ਨੂੰ ਖਤਰੇ ਦੇ ਨਾਂ ਤੇ ਮੰਗਦਾ ਰਿਹਾ ਹੈ ਪ੍ਰੰਤੂ ਆਪਣੇ ਧਰਮ ਦੀ ਵਿਚਾਰਧਾਰਾ ਦੀ ਰੱਖਿਆ ਤਾਂ ਕੀ ਕਰਨੀ ਸੀ ਸਗੋਂ ਇਸ ਦਾ ਸਤਿਆਨਾਸ ਕਰਨ ਤੇ ਤੁਲਿਆ ਹੋਇਆ ਹੈ।
        ਅਕਾਲੀ ਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 1 ਜੂਨ 2015 ਤੋਂ 19 ਅਕਤੂਬਰ 2015 ਤੱਕ 122 ਘਟਨਾਵਾਂ ਹੋਈਆਂ ਜੋ ਇਸ ਪ੍ਰਕਾਰ ਹਨ - 1 ਜੂਨ 2015 ਨੂੰ ਦੁਪਹਿਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ ਫ਼ਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ। 24 ਸਤੰਬਰ ਨੂੰ ਸਿੱਖ ਭਾਈਚਾਰੇ ਅਤੇ ਸਿੱਖ ਧਾਰਮਿਕ ਵਿਸ਼ਵਾਸ਼ ਦਾ ਮਜ਼ਾਕ ਉਡਾਉਣ ਵਾਲੇ ਪੋਸਟਰ ਬਰਗਾੜੀ ਪਿੰਡ ਦੀਆਂ ਕੰਧਾਂ ਤੇ ਚਿਪਕਾਏ ਗਏ। 24 ਸਤੰਬਰ ਨੂੰ ਹੁਕਮਨਾਮਾ ਵਾਪਸ ਲੈਣ ਕਰਨ ਤੋਂ ਤੁਰੰਤ ਬਾਅਦ ਉਸੇ ਦਿਨ ਸਮੁੱਚੇ ਪੰਜਾਬ ਵਿਚ ਡੇਰਾ ਸਿਰਸਾ ਦੇ ਮੁੱਖੀ ਵੱਲੋਂ ਬਣਾਈ ਗਈ ਫਿਲਮ ''ਮੈਸੰਜਰ ਆਫ਼ ਗਾਡ'' ਉਸੇ ਦਿਨ ਫਿਲਮ ਜਾਰੀ ਹੋ ਗਈ। ਇਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਡੇਰਾ ਸਿਰਸਾ ਦਾ ਪੂਰਾ ਤਾਲਮੇਲ ਸੀ। ਫਿਰ ਵੀ ਉਸ ਤੋਂ ਅਗਲੇ ਦਿਨ 25 ਸਤੰਬਰ ਨੂੰ ਉਹੀ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੇ ਨੇੜੇ ਪੀਰ ਢੋਡਾ ਦੀ ਸਮਾਧ ਉਤੇ ਲਗਾਏ ਗਏ। ਪੋਸਟਰਾਂ ਦੀ ਸ਼ਬਦਾਵਲੀ ਬਹੁਤ ਹੀ ਭੈੜੀ ਅਤੇ ਸ਼ਰਮਨਾਕ ਸੀ। ਮਸਲਾ ਇਸ ਫਿਲਮ ਨੂੰ ਪੰਜਾਬ ਵਿਚ ਵਿਖਾਉਣ ਦਾ ਸੀ। ਪੰਜਾਬ ਸਰਕਾਰ ਅਤੇ ਸਿਰਸਾ ਡੇਰੇ ਦੇ ਆਪਸੀ ਸਮਝੌਤੇ ਕਰਕੇ ਹੀ ਇਹ ਸਾਰਾ ਘਾਲਾ ਮਾਲਾ ਹੋਇਆ। 4 ਅਕਤੂਬਰ ਨੂੰ ਪਿੰਡ ਮੱਲਕੇ ਵਿਚ ਪਵਿਤਰ ਪੰਨੇ ਖਿਲਰੇ ਮਿਲੇ। 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਮਿਲੇ। 14 ਅਕਤੂਬਰ ਨੂੰ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਟਕਪੂਰੇ ਚੌਕ ਵਿਚ ਸ਼ਾਂਤਮਈ ਸੰਗਤ ਤੇ ਲਾਠੀਆਂ, ਪਾਣੀ ਦੀਆਂ ਬੁਛਾੜਾਂ ਅਤੇ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ। ਇਸੇ ਦਿਨ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਤੇ ਬੈਠੀਆਂ ਸਿੱਖ ਸੰਗਤਾਂ ਤੇ ਗੋਲੀਆਂ ਨਾਲ ਦੋ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਕਰ ਦਿੱਤੇ ਗਏ ਅਤੇ 4 ਸਿੰਘ ਜ਼ਖ਼ਮੀ ਹੋ ਗਏ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਅਕਾਲੀ ਸਰਕਾਰ ਦੋਸ਼ੀਆਂ ਨੂੰ ਫੜ ਨਹੀਂ ਸਕੀ। ਗੱਲ ਇਥੇ ਵੀ ਖ਼ਤਮ ਨਹੀਂ ਹੁੰਦੀ ਉਲਟਾ ਸਿੱਖ ਸੰਗਤ ਤੇ ਕੇਸ ਦਰਜ ਕਰ ਦਿੱਤਾ ਗਿਆ। ਦੋ ਨੌਜਵਾਨਾ ਤੇ ਵਿਦੇਸ਼ ਵਿਚੋਂ ਪੈਸੇ ਲੈਕੇ ਗੜਬੜ ਕਰਨ ਦਾ ਇਲਜ਼ਾਮ ਲਗਾ ਦਿੱਤਾ ਜੋ ਬਾਅਦ ਵਿਚ ਝੂਠਾ ਸਾਬਤ ਹੋਇਆ। ਚਲੋ ਇਹ ਮੰਨ ਲੈਂਦੇ ਹਾਂ ਕਿ ਘਟਨਾਵਾਂ ਵਿਚ ਸਰਕਾਰ ਦਾ ਹੱਥ ਨਹੀਂ ਪ੍ਰੰਤੂ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਥਾਂ ਉਨ੍ਹਾਂ ਦਾ ਬਚਾਓ ਕਰਦੀ ਰਹੀ। ਅਸਿਧੇ ਤੌਰ ਤੇ ਬੇਅਦਬੀ ਕਰਨ ਦੀ ਸਰਕਾਰ ਜ਼ਿੰਮੇਵਾਰ ਬਣ ਗਈ। ਇਹ ਸਾਡੀ ਪੰਥਕ ਸਰਕਾਰ ਦੀ ਕਾਰਗੁਜ਼ਾਰੀ ਹੈ। ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਫਤਿਹ ਸਿੰਘ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਇਕ ਕਵਿਤਾ ਲਿਖੀ ਸੀ, ਜਿਸ ਦੀਆਂ ਕੁਝ ਲਾਈਨਾ ਇਸ ਪ੍ਰਕਾਰ ਹਨ-

              ਪਹਿਲੀ ਪੌੜੀ ਸਿਆਸਤ ਕੀ, ਪੱਕਾ ਹੋਵੇ ਬੇਸ਼ਰਮ।
            ਦੂਜੀ ਪੌੜੀ ਸਿਆਸਤ ਕੀ, ਨਾ ਕੋਈ ਨੇਮ ਅਤੇ ਨਾ ਹੀ ਧਰਮ।  
            ਤੀਜੀ ਪੌੜੀ ਸਿਆਸਤ ਕੀ, ਸਭ ਕੁਝ ਕਰੀ ਜਾਓ ਕੋਈ ਨਹੀਂ ਭਰਮ।
            ਚੌਥੀ ਪੌੜੀ ਸਿਆਸਤ ਕੀ, ਅੰਦਰੋਂ ਕੌੜੇ ਤੇ ਬਾਹਰੋਂ ਨਰਮ।

       ਸੰਤ ਫਤਿਹ ਸਿੰਘ ਦੀ ਇਹ ਉਦੋਂ ਦੀ ਲਿਖੀ ਹੋਈ ਕਵਿਤਾ ਅੱਜ ਦੇ ਸ਼ਰੋਮਣੀ ਅਕਾਲੀ ਦਲ ਤੇ ਪੂਰੀ ਢੁਕਦੀ ਹੈ ਕਿਉਂਕਿ ਅਕਾਲੀ ਦਲ ਦੇ ਨੇਤਾਵਾਂ ਦੀ ਕਾਰਗੁਜ਼ਾਰੀ ਅਜਿਹੀ ਹੋ ਗਈ ਹੈ ਕਿ ਲੋਕ ਉਨ੍ਹਾਂ ਤੋਂ ਘਿਰਣਾ ਕਰਨ ਲੱਗ ਗਏ ਹਨ। ਪੰਜਾਬ ਵਿਚ ਨਸ਼ਿਆਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਉਨ੍ਹਾਂ ਦੇ ਰਾਜ ਵਿਚ ਪ੍ਰਫੁਲਤ ਹੋਇਆ। ਨੌਜਵਾਨ ਪੀੜ੍ਹੀ ਨੂੰ ਸਿਆਸਤ ਵਿਚ ਸਫਲਤਾ ਪ੍ਰਾਪਤ ਕਰਨ ਲਈ ਗੁਮਰਾਹ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੀ ਭਾਈਵਾਲੀ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਕਿਉਂਕਿ ਦੋਹਾਂ ਪਾਰਟੀਆਂ ਦੇ ਸਿਧਾਂਤ ਵੱਖੋ ਵੱਖਰੇ ਹਨ। ਅਕਾਲੀ ਦਲ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਭਾਈਵਾਲ ਹੋਣ ਕਰਕੇ ਉਨ੍ਹਾਂ ਦੇ ਦਬਾਆ ਥੱਲੇ ਪੰਥ ਦਾ ਕਬਾੜਾ ਕਰ ਰਿਹਾ ਹੈ। ਲੰਮੇ ਸਮੇਂ ਵਿਚ ਇਸ ਭਾਈਵਾਲੀ ਦੇ ਨਤੀਜੇ ਸਿੱਖ ਜਗਤ ਲਈ ਖ਼ਤਰਨਾਕ ਸਾਬਤ ਹੋਣਗੇ।

ਸੰਪਰਕ :  94178 13072
Email : ujagarsingh48@yahoo.com

02 May 2019

  ਕਾਂਗਰਸੀ ਉਮੀਦਵਾਰਾਂ ਦੀ ਚੋਣ ਵਿਚ ਘੁਸਰ ਮੁਸਰ ਪ੍ਰੰਤੂ ਵਰਕਰਾਂ ਦੀ ਕਦਰ ਕੀਤੀ - ਉਜਾਗਰ ਸਿੰਘ

ਸਰਬ ਭਾਰਤੀ ਕਾਂਗਰਸ ਕਮੇਟੀ ਨੇ ਇਸ ਵਾਰ ਪਹਿਲੀ ਵਾਰ ਲੋਕ ਸਭਾ ਲਈ ਉਮੀਦਵਾਰਾਂ ਦੀ ਚੋਣ ਕਰਨ ਵਿਚ ਕਈ ਨਵੀਂਆਂ ਪਰੰਪਰਾਵਾਂ ਸਥਾਪਤ ਕੀਤੀਆਂ ਹਨ। ਉਮੀਦਵਾਰਾਂ ਦੀ ਚੋਣ ਵਿਚ ਵੀ ਪੰਜਾਬ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਹਮੇਸ਼ਾ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਤੱਕ ਹੀ ਉਮੀਦਵਾਰਾਂ ਦਾ ਐਲਾਨ ਕਰਦੀ ਸੀ। ਇਸ ਵਾਰ ਤਾਂ 13 ਵਿਚੋਂ 11 ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦਾ ਪਹਿਲਾ ਦੌਰ ਖ਼ਤਮ ਵੀ ਕਰ ਲਿਆ ਹੈ। ਸਿਰਫ ਦੋ ਉਮੀਦਵਾਰ ਕਰਮਵਾਰ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫ਼ੀਰੋਜਪੁਰ ਤੋਂ ਸ਼ੇਰ ਸਿੰਘ ਘੁਬਾਇਆ ਦੀ ਉਮੀਦਵਾਰੀ ਦਾ ਐਲਾਨ 20 ਅਪ੍ਰੈਲ ਨੂੰ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਟਿਕਟਾਂ ਦੇਣ ਲੱਗਿਆਂ ਕਿਸੇ ਵਰਕਰ ਦੀ ਤਾਂ ਕੀ ਕਦੀਂ ਵੀ ਕਿਸੇ ਸਥਾਨਕ ਨੇਤਾਵਾਂ ਦੀ ਨਹੀਂ ਸੁਣੀ ਸੀ। ਬਹੁਤੇ ਉਮੀਦਵਾਰ ਪੈਰਾਸੂਟ ਰਾਹੀਂ ਅਸਮਾਨੋ ਹੀ ਡਿਗਦੇ ਸਨ। ਜਿਸਦੀ ਦਿੱਲੀ ਵਿਚ ਬੈਠੇ ਨੇਤਾਵਾਂ ਨਾਲ ਸੁਰ ਮਿਲਦੀ ਸੀ, ਉਸਨੂੰ ਟਿਕਟ ਥਾਲੀ ਵਿਚ ਪਰੋਸ ਕੇ ਦੇ ਦਿੱਤੀ ਜਾਂਦੀ ਸੀ ਕਿਉਂਕਿ ਉਹ ਨੇਤਾਵਾਂ ਲਈ ਹਰ ਸੰਭਵ ਚੀਜ਼ ਪਰੋਸਕੇ ਦਿੰਦਾ ਸੀ। ਸਹੀ ਉਮੀਦਵਾਰਾਂ ਦੇ ਬੁਲ ਲਟਕੇ ਹੀ ਰਹਿ ਜਾਂਦੇ ਸਨ। ਭਾਵੇਂ ਉਨ੍ਹਾਂ ਨੂੰ ਜਿਥੋਂ ਟਿਕਟ ਦਿੱਤਾ ਜਾਂਦਾ ਸੀ ਕੁਝ ਵੀ ਆਧਾਰ ਤਾਂ ਵੱਖਰੀ ਗੱਲ ਹੈ ਸਗੋਂ ਉਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ ਸੀ। ਕਾਂਗਰਸ ਪਾਰਟੀ ਦੀ ਰਵਾਇਤ ਰਹੀ ਹੈ ਕਿ ਆਮ ਤੌਰ ਤੇ ਉਹ ਬਾਹਰੋਂ ਲਿਆਕੇ ਪੈਰਾਸੂਟ ਉਮੀਦਵਾਰ ਉਤਾਰਦੀ ਰਹੀ ਹੈ। ਬਾਹਰੋਂ ਲਿਆਉਣ ਵਾਲੇ ਉਮੀਦਵਾਰਾਂ ਬਾਰੇ ਅਜੀਬ ਕਿਸਮ ਦੀਆਂ ਉਦਾਹਰਣਾਂ ਦੇਂਦੀ ਰਹੀ ਹੈ। ਨਵੇਂ ਨਵੇਂ ਫਾਰਮੂਲੇ ਬਣਾਕੇ ਟਿਕਟਾਂ ਦਿੰਦੇ ਸਨ। ਕਈ ਵਾਰ ਕਿਸੇ ਵੱਡੇ ਨੇਤਾ ਨੂੰ ਦਿੱਲੀ ਤੋਂ ਲਿਆਕੇ ਮੈਦਾਨ ਵਿਚ ਉਤਾਰਕੇ ਕਿਹਾ ਜਾਂਦਾ ਸੀ ਕਿ ਇਹ ਵੱਡੀ ਤੋਪ ਹੈ। ਇਨ੍ਹਾ ਫਾਰਮੂਲਿਆਂ ਨੇ ਕਾਂਗਰਸ ਦਾ ਭੱਠਾ ਬਿਠਾਇਆ ਸੀ ਕਿਉਂਕਿ ਦਿੱਲੀ ਬੈਠੇ ਚਾਪਲੂਸ ਨੇਤਾਵਾਂ ਦੀ ਮੰਨੀ ਜਾਂਦੀ ਸੀ। ਇਸ ਕਰਕੇ ਕਾਂਗਰਸ ਦਾ ਗ੍ਰਾਫ਼ ਦਿਨ ਬਦਿਨ ਡਿਗਦਾ ਗਿਆ। ਇਸ ਵਾਰ ਉਮੀਦਵਾਰਾਂ ਦੀ ਚੋਣ ਸਮੇਂ ਹੇਠਲੇ ਪੱਧਰ ਦੇ ਆਮ ਵਰਕਰਾਂ ਦੀ ਰਾਏ ਅਨੁਸਾਰ ਫ਼ੈਸਲੇ ਕੀਤੇ ਗਏ ਜਾਪਦੇ ਹਨ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿਚੋਂ ਕਾਂਗਰਸ ਦੇ ਪੈਰ ਉਖਾੜਕੇ 2014 ਵਿਚ ਆਪਣੀ ਸਰਕਾਰ ਬਣਾ ਲਈ ਤਾਂ ਕਾਂਗਰਸ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਸਰਕਾਰ ਬਣਾਉਣਾ ਆਪਣਾ ਜਨਮ ਸਿਧ ਅਧਿਕਾਰ ਸਮਝਦੀ ਸੀ। ਇਸ ਕਰਕੇ ਸਮੁੱਚੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿਚ ਲੋਕ ਸਭਾ ਦੇ ਉਮੀਦਵਾਰਾਂ ਦੀ ਚੋਣ ਕਰਨ ਲੱਗਿਆਂ ਫੂਕ ਫੂਕ ਕੇ ਪੈਰ ਰੱਖੇ ਗਏ ਹਨ, ਜਿਵੇਂ ਦੁੱਧ ਦਾ ਫੂਕਿਆ ਲੱਸੀ ਨੂੰ ਫੂਕਾਂ ਮਾਰਕੇ ਪੀਂਦਾ ਹੈ। ਭਾਵ ਉਮੀਦਵਾਰਾਂ ਦੀ ਚੋਣ ਸੌ ਵਾਰ ਸੋਚਕੇ ਅਤੇ ਵੱਖ-ਵੱਖ ਏਜੰਸੀਆਂ ਤੋਂ ਸਰਵੇ ਕਰਵਾਕੇ ਪਤਾ ਕੀਤਾ ਗਿਆ ਕਿ ਵੋਟਰ ਕਿਸ ਉਮੀਦਵਾਰ ਨੂੰ ਚਾਹੁੰਦੇ ਹਨ। ਇਥੋਂ ਤੱਕ ਕਿ ਕਿਸੇ ਇਕ ਏਜੰਸੀ ਤੇ ਇਤਬਾਰ ਨਹੀਂ ਕੀਤਾ ਗਿਆ ਤਾਂ ਜੋ ਗ਼ਲਤ ਟਿਕਟ ਨਾ ਦਿੱਤੀ ਜਾਵੇ, ਪ੍ਰੰਤੂ ਇਸ ਵਾਰ ਲੋਕ ਸਭਾ ਦੀਆਂ ਟਿਕਟਾਂ ਦੇਣ ਲੱਗਿਆਂ ਜੋ ਸਥਾਨਕ ਕਾਰਜਕਰਤਾਵਾਂ ਨੇ ਸੁਝਾਅ ਦਿੱਤੇ ਲਗਪਗ ਉਨ੍ਹਾਂ ਸਾਰਿਆਂ ਤੇ ਅਮਲ ਕੀਤਾ ਗਿਆ ਹੈ। ਦੂਜੀ ਨਵੀਂ ਪਰੰਪਰਾ ਇਹ ਸਥਾਪਤ ਕੀਤੀ ਗਈ ਕਿ ਸਥਾਨਕ ਉਮੀਦਵਾਰਾਂ ਨੂੰ ਪਹਿਲ ਦਿੱਤੀ ਗਈ। ਹੁਣ ਤੱਕ ਪੰਜਾਬ ਦੇ ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਹ ਸਥਾਨਕ ਹਨ ਅਰਥਾਤ ਉਸੇ ਹਲਕੇ ਨਾਲ ਸੰਬੰਧਤ ਹਨ, ਸਿਰਫ ਮੁਨੀਸ਼ ਕੁਮਾਰ ਤਿਵਾੜੀ ਅਜਿਹੇ ਉਮੀਦਵਾਰ ਹਨ, ਜਿਹੜੇ ਗੁਆਂਢੀ ਹਲਕੇ ਚੰਡੀਗੜ੍ਹ ਤੋਂ ਹਨ। ਅਜਿਹੀ ਮਾੜੀ ਮੋਟੀ ਅਡਜਸਟਮੈਂਟ ਕਈ ਵਾਰ ਸਿਆਸੀ ਪਾਰਟੀਆਂ ਨੂੰ ਕਰਨੀ ਪੈਂਦੀ ਹੈ, ਇਸ ਲਈ ਇਸਦਾ ਵਰਕਰਾਂ ਨੇ ਬਹੁਤਾ ਵਿਰੋਧ ਨਹੀਂ ਕੀਤਾ। ਥੋੜ੍ਹੀ ਬਹੁਤੀ ਘੁਸਰ ਮੁਸਰ ਤਾਂ ਇਕ ਦੋ ਉਮੀਦਵਾਰਾਂ ਬਾਰੇ ਹੋਈ ਹੈ। ਤੀਜੇ ਇਹ ਸਾਰੇ ਉਮੀਦਵਾਰ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਜਿਵੇਂ ਸੁਨੀਲ ਕੁਮਾਰ ਜਾਖੜ, ਚੌਧਰੀ ਸੰਤੋਖ ਸਿੰਘ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ ਅਤੇ ਰਾਜ ਕੁਮਾਰ ਚੱਬੇਵਾਲ। ਇਸ ਤੋਂ ਪਹਿਲਾਂ ਟਕਸਾਲੀ ਕਾਂਗਰਸੀਆਂ ਨੂੰ ਅਣਡਿਠ ਕਰਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਉਮੀਦਵਾਰਾਂ ਨੂੰ ਇਹ ਕਹਿਕੇ ਪਹਿਲ ਦਿੱਤੀ ਜਾਂਦੀ ਸੀ ਕਿ ਇਹ ਜਿੱਤਣ ਵਾਲੇ ਉਮੀਦਵਾਰ ਹਨ। ਇਕ ਕਿਸਮ ਨਾਲ ਦਲ ਬਦਲੀ ਕਰਨ ਦਾ ਇਵਜ਼ਾਨਾ ਟਿਕਟ ਦੇ ਕੇ ਦਿੱਤਾ ਜਾਂਦਾ ਸੀ। ਰਵਨੀਤ ਸਿੰਘ ਬਿੱਟੂ ਲੁਧਿਆਣਾ ਅਤੇ ਮਨੀਸ਼ ਤਿਵਾੜੀ ਆਨੰਦਪੁਰ ਸਾਹਿਬ ਦੋਵੇਂ ਅੱਤਵਾਦ ਤੋਂ ਪ੍ਰਭਾਵਤ ਪਰਿਵਾਰਾਂ ਵਿਚੋਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਮਹਿੰਦਰ ਸਿੰਘ ਕੇ.ਪੀ.ਜੋ ਅਤਿਵਾਦ ਤੋਂ ਪ੍ਰਭਾਵਤ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਉਸਨੂੰ ਅਣਡਿਠ ਕੀਤਾ ਗਿਆ ਹੈ। ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਪੰਜਾਬ ਦਾ ਮੰਤਰੀ ਵੀ ਰਿਹਾ ਹੈ। ਸ਼ਮਸ਼ੇਰ ਸਿੰਘ ਦੂਲੋ ਵੀ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪ੍ਰੰਤੂ ਇਉਂ ਲੱਗਦਾ ਹੈ ਕਿ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਉਹ ਆਪ ਰਾਜ ਸਭਾ ਦਾ ਮੈਂਬਰ ਹੈ। ਥੋੜ੍ਹੀ ਬਹੁਤੀ ਨਰਾਜ਼ਗੀ ਪਰਜਾਤੰਤਰਿਕ ਪ੍ਰਣਾਲੀ ਵਿਚ ਹੋਣਾ ਕੁਦਰਤੀ ਵੀ ਹੁੰਦਾ ਹੈ। ਇਸ ਨਰਾਜ਼ਗੀ ਨੂੰ ਬਗਾਬਤ ਨਹੀਂ ਸਮਝਣਾ ਚਾਹੀਦਾ। ਚੌਥੀ ਨਵੀਂ ਪਰੰਪਰਾ ਇਹ ਹੈ ਕਿ ਇਨ੍ਹਾਂ ਉਮੀਦਵਾਰਾਂ ਵਿਚੋਂ ਕੋਈ ਵੀ ਉਮੀਦਵਾਰ ਕਦੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਨਹੀਂ ਗਿਆ। ਮਨੀਸ਼ ਤਿਵਾੜੀ ਨੂੰ ਮਜ਼ਬੂਤ ਉਮੀਦਵਾਰ ਹੋਣ ਕਰਕੇ ਟਿਕਟ ਦਿੱਤੀ ਗਈ ਹੈ ਪ੍ਰੰਤੂ ਟਿਕਟ ਲਟਕਾ ਕੇ ਦਿੱਤੀ ਗਈ ਹੈ ਕਿਉਂਕਿ 2014 ਵਿਚ ਬਿਮਾਰੀ ਦਾ ਬਹਾਨਾ ਬਣਾਕੇ ਚੋਣ ਮੈਦਾਨ ਵਿਚੋਂ ਹੱਟ ਗਿਆ ਸੀ ਪ੍ਰੰਤੂ ਕਦੀਂ ਵੀ ਕਾਂਗਰਸ ਪਾਰਟੀ ਨੂੰ ਧੋਖਾ ਨਹੀਂ ਦਿੱਤਾ। ਇਸ ਵਾਰ ਸ਼ੇਰ ਸਿੰਘ ਘੁਬਾਇਆ ਜੋ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਆਇਆ ਹੈ ਨੂੰ ਟਿਕਟ ਦੇ ਸਥਾਨਕ ਉਮੀਦਵਾਰਾਂ ਨੂੰ ਨਿਰਾਸ਼ ਕੀਤਾ ਹੈ। ਪੰਜਵੀਂ ਨਵੀਂ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਪਰੰਪਰਾ ਇਹ ਪਾਈ ਗਈ ਹੈ ਕਿ ਇਸ ਵਾਰ ਟਿਕਟਾਂ ਸਥਾਨਕ ਧੜੇਬੰਦੀ ਅਨੁਸਾਰ ਨਹੀਂ ਦਿੱਤੀਆਂ ਗਈਆਂ। ਕਿਸੇ ਇਕ ਧੜੇ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਗਈ ਕਿਉਂਕਿ ਇਸ ਵਾਰ ਕਾਂਗਰਸ ਪਾਰਟੀ ਹਾਰਨ ਵਾਲੇ ਉਮੀਦਵਾਰ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ। ਇਨ੍ਹਾਂ ਟਿਕਟਾਂ ਦੀ ਵੰਡ ਤੋਂ ਕੋਈ ਅਜਿਹਾ ਪ੍ਰਭਾਵ ਨਹੀਂ ਜਾਂਦਾ ਕਿ ਕਿਸੇ ਇਕ ਧੜੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਾਂ ਪੰਜਾਬ ਵਿਚ ਦੋ ਧੜੇ ਤਾਂ ਜ਼ਬਰਦਸਤ ਹੁੰਦੇ ਸਨ। ਧੜਿਆਂ ਵਿਚ ਸਮਤੁਲ ਰੱਖਣ ਲਈ ਕਈ ਵਾਰ ਕਮਜ਼ੋਰ ਉਮੀਦਵਾਰ ਨੂੰ ਵੀ ਟਿਕਟ ਦੇਣਾ ਪੈਂਦਾ ਸੀ। ਧੜੇ ਤਾਂ ਹੁਣ ਵੀ ਹਨ ਪ੍ਰੰਤੂ ਕਿਸੇ ਇਕ ਧੜੇ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਮੁੱਖ ਮੰਤਰੀ ਅਤੇ ਸਟੇਟ ਪ੍ਰਧਾਨ ਦੀ ਤਾਂ ਸੁਣੀ ਜਾਣੀ ਕੁਦਰਤੀ ਹੁੰਦੀ ਹੈ। ਬਾਕੀ ਹੋਰ ਕਿਸੇ ਦੀ ਸੁਣੀ ਨਹੀਂ ਗਈ ਪ੍ਰੰਤੂ ਜਿਹੜੇ ਠੀਕ ਲੱਗਦੇ ਸਨ, ਉਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ। ਫਰੀਦਕੋਟ ਤੋਂ ਸਥਾਨਕ ਨੇਤਾ ਮੁਹੰਮਦ ਸਦੀਕ ਨੂੰ ਟਿਕਟ ਦੇ ਕੇ ਕਾਂਗਰਸ ਹਾਈ ਕਮਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਬਾਹਰਲੇ ਨੇਤਾ ਨਾਲੋਂ ਆਮ ਵਰਕਰ ਦੀ ਜ਼ਿਆਦਾ ਅਹਿਮੀਅਤ ਹੈ। ਇਸ ਤੋਂ ਪਹਿਲਾਂ ਫਰੀਦਕੋਟ ਦੀ ਟਿਕਟ ਮਾਝੇ ਚੋਂ ਉਮੀਦਵਾਰ ਲਿਆ ਕੇ ਦਿੱਤੀ ਗਈ ਸੀ। ਉਹ ਹਾਰ ਗਿਆ ਸੀ। ਵਰਕਰਾਂ ਨੂੰ ਟਿਕਟਾਂ ਮਿਲਣ ਦਾ ਮੁਹੰਮਦ ਸਦੀਕ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ। ਕੁਝ ਲੋਕ ਮੁਹੰਮਦ ਸਦੀਕ ਨੂੰ ਕਮਜ਼ੋਰ ਉਮੀਦਵਾਰ ਕਹਿੰਦੇ ਹਨ। ਮੁਹੰਮਦ ਸਦੀਕ ਆਰਥਿਕ ਤੌਰ ਤੇ ਕਮਜ਼ੋਰ ਤਾਂ ਹੋ ਸਕਦਾ ਹੈ ਪ੍ਰੰਤੂ ਵੋਟਾਂ ਵਟੋਰਨ ਵਿਚ ਆਪਣੀ ਸਾਦਗੀ ਅਤੇ ਹਲੀਮੀ ਕਰਕੇ ਮਜ਼ਬੂਤ ਉਮੀਦਵਾਰ ਹੈ। ਜੇਕਰ ਵਰਕਰ ਕਮਜ਼ੋਰ ਉਮੀਦਵਾਰ ਹਨ ਤਾਂ ਫਿਰ ਨੇਤਾ ਮਜ਼ਬੂਤ ਉਮੀਦਵਾਰ ਕਿਦਾਂ ਹੋ ਸਕਦੇ ਹਨ? ਉਮੀਦਵਾਰਾਂ ਦੀ ਇਸ ਚੋਣ ਦੀ ਖ਼ੂਬੀ ਇਹ ਵੀ ਰਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਕਾਂਗਰਸ ਦੀ ਨੁਮਾਇੰਦਗੀ ਕਰ ਰਹੀ ਸ਼੍ਰੀਮਤੀ ਆਸ਼ਾ ਕੁਮਾਰੀ ਉਮੀਦਵਾਰਾਂ ਦੀ ਚੋਣ ਸਮੇਂ ਇਕਸੁਰ ਸਨ। ਰਾਹੁਲ ਗਾਂਧੀ ਨੇ ਵੀ ਪਹਿਲੀ ਵਾਰ ਉਮੀਦਵਾਰਾਂ ਦੀ ਚੋਣ ਤੇ ਮੋਹਰ ਲਾਉਣ ਵਿਚ ਬਹੁਤ ਹੀ ਸੰਜੀਦਗੀ ਅਤੇ ਸਿਆਣਪ ਦਾ ਸਬੂਤ ਦਿੱਤਾ ਹੈ। ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ  ਪਰਪੱਕ ਨੇਤਾ ਬਣ ਗਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ ''ਯੁਗੇ ਯੁਗੇ ਨਾਰੀ'':ਇਸਤਰੀ ਸਰੋਕਾਰਾਂ ਦੀ ਪ੍ਰਤੀਕ - ਉਜਾਗਰ ਸਿੰਘ

ਕਰਮਜੀਤ ਕੌਰ ਕਿਸਾਂਵਲ ਦੀ ਕਵਿਤਾ ਦੇ ਦੋ ਮੌਲਿਕ ਕਾਵਿ ਸੰਗ੍ਰਹਿ 'ਸੁਣ ਵੇ ਮਾਹੀਆ' ਅਤੇ 'ਗਗਨ ਦਮਾਮੇ ਦੀ ਤਾਲ' ਅਤੇ ਤੀਜਾ ਸੰਪਾਦਿਤ ਕਾਵਿ ਸੰਗ੍ਰਹਿ ਸਿਰਜਣਹਾਰੀਆਂ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ ਯੁਗੇ ਯੁਗੇ ਨਾਰੀ ਚੌਥੀ ਪ੍ਰੰਤੂ ਵਾਰਤਕ ਦੀ ਪਹਿਲੀ ਪੁਸਤਕ ਹੈ। ਗੋਸਲ ਪ੍ਰਕਾਸ਼ਨ ਪਿੰਡ ਸਹਾਰਨ ਮਾਜਰਾ ਜਿਲ੍ਹਾ ਲੁਧਿਆਣਾ ਵੱਲੋਂ ਪ੍ਰਕਾਸ਼ਤ 88 ਪੰਨਿਆਂ ਦੀ 220 ਰੁਪਏ ਕੀਮਤ ਵਾਲੀ ਇਸ ਪੁਸਤਕ ਵਿਚ 10 ਲੇਖ ਹਨ। ਪੁਸਤਕ ਦਾ ਸੁੰਦਰ ਮੁੱਖ ਕਵਰ ਵੀ ਇਸਤਰੀ ਦੀ ਜ਼ਖ਼ਮੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਹਰਾ ਰੰਗ ਵਾਤਾਵਰਨ ਪ੍ਰੇਮੀ ਹੋਣ ਦਾ ਲਖਾਇਕ ਹੈ। ਇਸ ਪੁਸਤਕ ਦੇ ਸਾਰੇ ਲੇਖ ਇਸਤਰੀ ਜਾਤੀ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੇ ਹੋਏ ਨਾਰੀ ਸਰੋਕਾਰਾਂ ਦੀ ਤਰਜਮਾਨੀ ਕਰਦੇ ਹਨ। ਸਾਰੇ ਲੇਖਾਂ ਦੇ ਸਿਰਲੇਖ ਵੀ ਬਹੁਤ ਢੁਕਵੇਂ ਤੇ ਇਸਤਰੀ ਦੀ ਦੁੱਖਦੀ ਰਗ 'ਤੇ ਹੱਥ ਰੱਖਦੇ ਹਨ। ਸਿਰਲੇਖ ਵੇਖਦਿਆਂ ਹੀ ਪਾਠਕ ਦੀ ਪੜ੍ਹਨ ਦੀ ਰੌਚਿਕਤਾ ਪੈਦਾ ਹੋ ਜਾਂਦੀ ਹੈ। ਲੇਖਿਕਾ ਦੇ ਲੇਖਾਂ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਉਹ ਇਕ ਚਿੰਤਨਸ਼ੀਲ ਅਨੁਭਵ ਦੀ ਮਾਲਕ ਹੈ, ਜਿਸਨੇ ਇਸਤਰੀ ਜ਼ਾਤੀ ਬਾਰੇ ਸਮਾਜ ਦੀ ਮਾਨਸਿਕਤਾ ਅਤੇ ਗਿਆਨ ਦੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ ਹੈ। ਇਉਂ ਮਹਿਸੂਸ ਹੁੰਦਾ ਹੈ ਕਿ ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ਕੀਤਾ ਹੋਇਆ ਹੈ। ਉਸਦੇ ਲੇਖ ਭਾਵੇਂ ਬਹੁਤੇ ਭਾਰਤ ਵਿਚ ਇਸਤਰੀ ਦੀ ਦੁਰਦਸ਼ਾ ਨਾਲ ਸੰਬੰਧਤ ਹਨ ਪ੍ਰੰਤੂ ਸੰਸਾਰ ਵਿਚ ਜੋ ਇਸਤਰੀ ਨਾਲ ਵਾਪਰਦਾ ਰਿਹਾ ਹੈ, ਉਸਦਾ ਵੀ ਵਿਸ਼ਲੇਸ਼ਣ ਕੀਤਾ ਹੋਇਆ ਹੈ। ਉਹ ਆਪਣੇ ਲੇਖਾਂ ਰਾਹੀਂ ਨਾਰੀ ਜਾਤੀ ਵਿਚ ਆਪਣੇ ਹੱਕਾਂ ਲਈ ਜਾਗਰੂਕਤਾ ਪੈਦਾ ਕਰਕੇ ਨਾਰੀ ਚੇਤਨਾ ਪੈਦਾ ਕਰਨਾ ਚਾਹੁੰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਇਸਤਰੀ ਸਾਰੀ ਉਮਰ ਵੱਖ-ਵੱਖ ਰੂਪਾਂ ਜਿਵੇਂ ਮਾਂ, ਭੈਣ, ਪਤਨੀ, ਪ੍ਰੇਮਕਾ, ਪੁਤਰੀ ਆਦਿ ਹੁੰਦਿਆਂ ਮਰਦ ਦੇ ਦਬਾਅ ਅਧੀਨ ਵਿਚਰਦੀ ਰਹਿੰਦੀ ਹੈ। ਉਹ ਹਮੇਸ਼ਾ ਅਜਿਹੇ ਦਬਾਅ ਵਿਚ ਘੁਟਨ ਮਹਿਸੂਸ ਕਰਦੀ ਹੋਈ ਵੀ ਕੁਸਕਦੀ ਨਹੀਂ। ਇਹੋ ਔਰਤ ਦੀ ਤ੍ਰਾਸਦੀ ਹੈ। ਲੇਖਿਕਾ ਦੇ ਲੇਖਾਂ ਤੋਂ ਭਾਸਦਾ ਹੈ ਕਿ ਉਹ ਇਹ ਵੀ ਨਹੀਂ ਚਾਹੁੰਦੀ ਕਿ ਇਸਤਰੀ ਅਤੇ ਮਰਦ ਵਿਚ ਟਕਰਾਓ ਵਾਲੀ ਸਥਿਤੀ ਪੈਦਾ ਹੋਵੇ ਕਿਉਂਕਿ ਔਰਤ ਅਤੇ ਮਰਦ ਦੋਵੇਂ ਇਕ ਦੂਜੇ ਦੇ ਪੂਰਕ ਹਨ। ਪ੍ਰੰਤੂ ਉਹ ਇਹ ਜ਼ਰੂਰ ਸੋਚਦੀ ਹੈ ਕਿ ਔਰਤ ਅਤੇ ਮਰਦ ਵਿਚ ਸੰਬਾਦ ਰਾਹੀਂ ਇਕਸੁਰਤਾ ਪੈਦਾ ਹੋਣੀ ਚਾਹੀਦੀ ਹੈ। ਉਹ ਆਪਣੇ ਲੇਖਾਂ ਵਿਚ ਇਤਿਹਾਸਕ ਘਟਨਾਵਾਂ ਦੀਆਂ ਉਦਾਹਰਣਾਂ ਦੇ ਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਇਸਤਰੀ ਨੂੰ ਮੁੱਢ ਕਦੀਮ, ਭਾਵ ਯੁਗਾਂ ਯੁਗਾਂਤਰਾਂ ਤੋਂ ਹੀ ਬਰਾਬਰਤਾ ਦਾ ਅਧਿਕਾਰ ਨਹੀਂ ਮਿਲ ਰਿਹਾ ਸਗੋਂ ਅਨਿਅਏ ਹੋ ਰਿਹਾ ਹੈ। ਹੁਣ ਇਸਤਰੀ ਜਾਤੀ ਦੇ ਪੜ੍ਹਨ ਨਾਲ ਜਾਗ੍ਰਤੀ ਪੈਦਾ ਹੋ ਰਹੀ ਹੈ ਪ੍ਰੰਤੂ ਅਜੇ ਵੀ ਸਮਾਜ ਦੀ ਮਾਨਸਿਕਤਾ ਆਪਣੀ ਪੁਰਾਤਨਤਾ ਵਿਚੋਂ ਬਾਹਰ ਆਉਣ ਲਈ ਤਿਆਰ ਨਹੀਂ। ਇਸ ਤਰ੍ਹਾਂ ਨਾਰੀ ਦੋਹਰਾ ਸਰੀਰਕ ਅਤੇ ਮਾਨਸਿਕ ਸੰਤਾਪ ਹੰਢਾ ਰਹੀ ਹੈ। ਉਸਨੂੰ ਭੋਗਣਯੋਗ ਵਸਤੂ ਹੀ ਸਮਝਿਆ ਜਾ ਰਿਹਾ ਹੈ। ਉਸ ਨਾਲ ਹਮੇਸ਼ਾ ਹੀ ਅਮਾਨਵੀ ਵਤੀਰਾ ਕੀਤਾ ਜਾ ਰਿਹਾ ਹੈ। ਲੇਖਕਾ ਆਸਵੰਦ ਵੀ ਹੈ ਕਿ ਔਰਤ ਹੁਣ ਆਰਥਿਕ ਤੌਰ ਤੇ ਸਵੈਨਿਰਭਰ ਹੋ ਗਈ ਹੈ ਪ੍ਰੰਤੂ ਉਸ ਦੀਆਂ ਸਮੱਸਿਆਵਾਂ ਖ਼ਤਮ ਹੋਣ ਵਿਚ ਨਹੀਂ ਆਉਂਦੀਆਂ। ਇਸ ਪੁਸਤਕ ਦਾ ਪਹਿਲਾ ਲੇਖ 'ਵਸਤੂ ਅਰਥਾਂ ਤੱਕ ਸਿਮਟੀ ਨਾਰੀ-ਹੋਂਦ' ਵਿਚ ਲਿਖਦੀ ਹੈ ਕਿ ਸਮਾਜ ਨੇ ਨਾਰੀ ਬਾਰੇ ਨਰ ਦੀ ਮਾਨਸਿਕਤਾ ਬਣਾਉਣ ਵਿਚ ਯੋਗਦਾਨ ਪਾਇਆ ਹੈ ਕਿਉਂਕਿ ਜਿਹੋ ਜਿਹਾ ਸਮਾਜ ਹੋਵੇਗਾ ਉਹੋ ਜਿਹੀ ਹੀ ਮਾਨਸਿਕਤਾ ਬਣ ਜਾਂਦੀ ਹੈ। ਦੇਵਦਾਸੀ ਪ੍ਰਥਾ, ਵਿਧਵਾ ਵਿਆਹ, ਬਾਲ ਵਿਆਹ, ਖਾਪ ਪੰਚਾਇਤਾਂ, ਯੋਨ ਹਿੰਸਾ, ਆਨਰ ਕਿਲਿੰਗ, ਤੇਜ਼ਾਬੀ ਹਮਲੇ, ਭਰੂਣ ਹੱਤਿਆ ਅਤੇ ਸਤੀ ਪ੍ਰਥਾ ਨੇ ਔਰਤ ਦੀ ਗ਼ੁਲਾਮੀ ਵਾਲੀ ਮਾਨਸਿਕਤਾ ਬਣਾਈ ਹੈ। ਲੇਖਿਕਾ ਅਨੁਸਾਰ ਉਚ ਜ਼ਾਤੀ ਦੇ ਲੋਕ ਦਿਨ ਵੇਲੇ ਔਰਤ ਨੂੰ ਅਛੂਤ ਸਮਝਦੇ ਹਨ ਪ੍ਰੰਤੂ ਰਾਤ ਨੂੰ ਉਹੀ ਔਰਤ ਉਨ੍ਹਾਂ ਦੇ ਭੋਗਣ ਲਈ ਪਵਿਤਰ ਬਣ ਜਾਂਦੀ ਹੈ। ਔਰਤ ਨੂੰ ਇਨਸਾਨੀ ਪਹਿਚਾਣ ਅਜੇ ਤੱਕ ਨਹੀਂ ਮਿਲੀ। 'ਵਿਚ ਬਾਜ਼ਾਰੀਂ ਵਿਕਦੀ ਨਾਰੀ' ਲੇਖ ਵਿਚ ਇਸਤਰੀ ਨੂੰ ਵਰਤਮਾਨ ਖ਼ਪਤਕਾਰੀ ਯੁਗ ਵਿਚ ਆਧੁਨਿਕ ਢੰਗ ਨਾਲ ਇਸ਼ਤਿਹਾਰਬਾਜ਼ੀ ਰਾਹੀਂ ਵਰਤਿਆ ਜਾ ਰਿਹਾ ਹੈ। ਹਰ ਵਸਤੂ ਨੂੰ ਵੇਚਣ ਲਈ ਔਰਤ ਦੇ ਸਰੀਰ ਦਾ ਪ੍ਰਦਰਸ਼ਣ ਕਰਕੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਔਰਤ ਦੇ ਕਾਮੁਕ ਦ੍ਰਿਸ਼ਾਂ ਵਾਲੇ ਇਸ਼ਤਿਹਾਰ ਬਣਾਕੇ ਵਸਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਉਂ ਲੱਗ ਰਿਹਾ ਹੁੰਦਾ ਜਿਵੇਂ ਪ੍ਰੋਡਕਟ ਦੀ ਥਾਂ ਔਰਤ ਵੇਚੀ ਜਾ ਰਹੀ ਹੈ। ਇਸ ਲੇਖ ਵਿਚ ਲੇਖਿਕਾ ਔਰਤਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਤਾਂ ਜੋ ਉਹ ਜਾਗ੍ਰਿਤ ਹੋ ਕੇ ਸੰਭਲ ਸਕਣ। 'ਮੈਂ ਦਰਦ ਕਹਾਣੀ ਰਾਤਾਂ ਦੀ' ਲੇਖ ਵਿਚ ਦੇਵਦਾਸੀ ਪ੍ਰਥਾ ਧਰਮ ਦੀ ਆੜ ਵਿਚ ਇਸਤਰੀ ਦਾ ਸ਼ੋਸ਼ਣ ਹੈ। ਅਜੇ ਵੀ ਇਹ ਪ੍ਰਥਾ ਦੱਖਣੀ ਭਾਰਤ ਦੇ ਮੰਦਰਾਂ ਵਿਚ ਵੇਖਣ ਨੂੰ ਮਿਲਦੀ ਹੈ। ਸਰਮਾਏਦਾਰੀ ਦੇ ਯੁਗ ਵਿਚ ਦੇਹ ਵਪਾਰ ਪ੍ਰਫੁਲਤ ਹੋਇਆ ਹੈ। ਲੇਖਕਾ ਇਕ ਸਰਵੇਖਣ ਦਾ ਹਵਾਲਾ ਦੇ ਕੇ ਦੇਹ ਵਪਾਰ ਵਿਚ ਭਾਰਤ ਦਾ 7ਵਾਂ ਨੰਬਰ ਦੱਸਦੀ ਹੈ ਜੋ ਸ਼ਰਮਨਾਕ ਗੱਲ ਹੈ। 2016 ਦੇ ਸਰਵੇਖਣ ਅਨੁਸਾਰ ਭਾਰਤ ਵਿਚ ਦੇਹ ਵਪਾਰ ਜ਼ੋਰ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੈ।  ਲੇਖਕਾ ਲਿਖਦੀ ਹੈ ਕਿ ਭਾਰਤ ਵਿਚ 1100 ਰੈਡ ਲਾਈਟ ਏਰੀਏ ਹਨ ਅਤੇ 3 ਲੱਖ ਚਕਲੇ ਚਲ ਰਹੇ ਹਨ। ਕੱਲਕੱਤਾ ਵਿਖੇ ਸੋਨਾਗਾਚੀ, ਦਿੱਲੀ ਵਿਖੇ ਜੀ ਬੀ ਰੋਡ ਅਤੇ ਮੁੰਬਈ ਦਾ ਕਮਾਠੀਪੁਰਾ ਇਲਾਕੇ ਸਭ ਤੋਂ ਵੱਡੇ ਦੇਹ ਵਪਾਰ ਦੇ ਅੱਡੇ ਹਨ। ਕਮਾਠੀਪੁਰਾ ਰੈਡ ਲਾਈਟ ਏਰੀਏ ਵਿਚ 2 ਲੱਖ ਸੈਕਸ ਵਰਕਰਾਂ ਦੇ ਪਰਿਵਾਰ ਰਹਿੰਦੇ ਹਨ। ਇਹ ਸੰਸਾਰ ਦਾ ਪ੍ਰਮੁੱਖ ਰੈਡ ਲਾਈਟ ਏਰੀਆ ਹੈ। 'ਜਿਉਂਦੀ ਲਾਸ਼ ਦੀ ਕਥਾ' ਸਿਰਲੇਖ ਵਾਲਾ ਲੇਖ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਬਾਰੇ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਬਲਾਤਕਾਰ ਦਾ ਸ਼ਿਕਾਰ ਔਰਤ ਨੂੰ ਸਮਾਜ ਘ੍ਰਿਣਾ ਦੀ ਨਿਗਾਹ ਨਾਲ ਵੇਖਦਾ ਹੈ। ਉਸ ਔਰਤ ਦਾ ਕੀ ਕਸੂਰ ਹੈ? ਇਥੋਂ ਤੱਕ ਕਿ ਰਿਸ਼ਤੇਦਾਰ ਅਤੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹਨ। ਇਸ ਲੇਖ ਵਿਚ ਉਹ ਅਰੁਣਾ ਨਾਂ ਦੀ ਔਰਤ ਦੀ ਦਰਦ ਭਰੀ ਕਹਾਣੀ ਦਾ ਜ਼ਿਕਰ ਕਰਦੀ ਹੈ। ਆਧੁਨਿਕਤਾ ਦੇ ਦੌਰ ਵਿਚ ਸੰਵੇਦਨਸ਼ੀਲਤਾ ਅਤੇ ਨੈਤਿਕਤਾ ਖ਼ਤਮ ਹੋ ਰਹੀ ਹੈ। ਆਮ ਲੋਕਾਂ ਦੇ ਜਾਗ੍ਰਤ ਹੋਣ ਨੂੰ ਲੇਖਕਾ ਜ਼ਰੂਰੀ ਸਮਝਦੀ ਹੈ ਤਾਂ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 'ਕੌਲ ਫੁੱਲਾਂ ਜਿਹੇ ਪੈਰ' ਸਿਰਲੇਖ ਵਾਲੇ ਲੇਖ ਵਿਚ ਚੀਨ ਦੇਸ਼ ਵਿਚ ਔਰਤਾਂ ਦੇ ਪੈਰ ਬੰਨ੍ਹਕੇ ਵਿੰਗੇ ਕਰਨ ਵਰਗੀ ਪ੍ਰਵਿਰਤੀ ਦਾ ਜ਼ਿਕਰ ਕਰਦੀ ਹੈ, ਜਿਸ ਨੂੰ ਫੁੱਟ ਬਾਈਂਡਿੰਗ, ਕੰਵਲ ਪੈਰ ਅਤੇ ਸੁਨਹਿਰੇ ਕੰਵਲ ਆਦਿ ਨਾਂ ਦਿੱਤੇ ਗਏ ਹਨ। ਇਹ ਪ੍ਰਥਾ 1950 ਤੱਕ ਚਲਦੀ ਰਹੀ ਹੈ। 'ਪੈਰ ਕੰਡਿਆਂ ਤੇ ਵੀ ਨਚਦੇ ਰਹੇ' ਸਿਰਲੇਖ ਵਾਲੇ ਲੇਖ ਵਿਚ ਦਰਸਾਇਆ ਗਿਆ ਹੈ ਕਿ ਔਰਤ ਤਲਵਾਰ ਦੀ ਨੋਕ ਤੇ ਤੁਰਦੀ ਹੈ ਕਿਉਂਕਿ ਉਸਨੂੰ ਧਾਰਮਿਕ ਗ੍ਰੰਥਾਂ ਵਿਚ ਵੀ ਦੁਰਕਾਰਿਆ ਗਿਆ ਹੈ। ਅਧਿਆਤਮਕ ਸੰਸਕ੍ਰਿਤੀ ਵਾਲੇ ਯੁਗ ਵਿਚ ਔਰਤ ਨੂੰ ਆਦਮੀ ਆਪਣੀ ਜਇਦਾਦ ਸਮਝਦਾ ਰਿਹਾ। ਵਿਆਹ ਲਈ ਕੰਨ੍ਹਿਆਵਾਂ ਖ੍ਰੀਦੀਆਂ ਅਤੇ ਵੇਚੀਆਂ ਜਾਂਦੀਆਂ ਰਹੀਆਂ। ਪਰਵਿਰਤੀ ਯੁਗ ਵਿਚ ਵੀ ਸੀਤਾ ਨੂੰ ਗ਼ੁਲਾਮੀ ਭੋਗਣੀ ਪਈ। ਉਸਦੇ ਅਗਵਾ ਹੋਣ ਤੋਂ ਬਾਅਦ ਅਗਨੀ ਪ੍ਰੀਖਿਆ ਦੇਣੀ ਪਈ। ਰਾਮ ਨੇ ਉਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਅਨਿਆਂ ਵਾਲਾ ਵਿਵਹਾਰ ਸਭਿਅਤਾ ਦੇ ਵਿਕਾਸ ਨਾਲ ਵੀ ਖ਼ਤਮ ਨਹੀਂ ਹੋਇਆ। ਧਾਰਮਿਕ ਗ੍ਰੰਥਾਂ ਵੇਦ, ਰਾਮਾਇਣ, ਮਹਾਂ ਭਾਰਤ, ਪੁਰਾਣ, ਸਿਮ੍ਰਤੀਆਂ ਵੀ ਨਾਰੀ ਨੂੰ ਮਾਣਤਾ ਨਹੀਂ ਦਿੰਦੀਆਂ। ਧਰਮਯੁਗ ਵਿਚ ਅਹੱਲਿਆ ਨਾਲ ਇੰਦਰ ਦੇਵਤਾ ਛੱਲ ਕਰਦਾ ਹੈ। ਦਰੋਪਤੀ ਨੂੰ ਪੰਜ ਪਤੀ ਬਰਦਾਸ਼ਤ ਕਰਨੇ ਪੈਂਦੇ ਹਨ। ਜੂਏ ਵਿਚ ਹਾਰੀ ਜਾਂਦੀ ਹੈ। ਮਨੂੰ ਸਿਮਰਤੀ ਅਨੁਸਾਰ ਔਰਤ ਨੂੰ ਪਿਤਾ, ਪਤੀ ਅਤੇ ਫਿਰ ਲੜਕੇ ਦੇ ਅਧੀਨ ਰਹਿਣਾ ਪੈਂਦਾ। ਵਿਧਵਾ ਵਿਆਹ ਨਹੀਂ ਕਰ ਸਕਦੀ। ਗਰੁੜ ਪੁਰਾਣ ਅਤੇ ਯਜੁਰਵੇਦ ਅਨੁਸਾਰ ਪਤੀ ਦੇ ਨਾਲ ਸਤੀ ਹੋਣਾ ਪੈਂਦਾ। ਤੁਲਸੀ ਦਾਸ ਦੀ ਰਾਮਾਇਣ ਔਰਤ ਨੂੰ ਤਾੜਨ ਦੀ ਤਾਕੀਦ ਕਰਦੀ ਹੈ। ਸਿਰਫ ਇਕੋ ਇਕ ਗੁਰੂ ਨਾਨਕ ਦੇਵ ਜੀ ਹਨ, ਜਿਹੜੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਨ। 'ਡੇਰਾਵਾਦ ਤੇ ਨਾਰੀ' ਵਿਚਲੇ ਲੇਖ ਵਿਚ ਵੀ ਔਰਤ ਦੀ ਮਾਨਸਿਕਤਾ ਦਾ ਵਿਕਾਸ ਨਾ ਹੋਣ ਕਰਕੇ ਅਖੌਤੀ ਧਾਰਮਿਕ ਗੁਰੂਆਂ ਦੇ ਪਖੰਡ ਵਿਚ ਫਸਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਇਸਤਰੀਆਂ ਸਭ ਤੋਂ ਵੱਧ ਡੇਰਿਆਂ ਵਿਚ ਜਾਂਦੀਆਂ ਹਨ ਕਿਉਂਕਿ ਉਹ ਡੇਰਾਵਾਦ ਨੂੰ ਧਰਮ ਸਮਝਣ ਲੱਗ ਪੈਂਦੀਆਂ ਹਨ। 'ਖਤਨਾ: ਇਕ ਅਮਾਨਵੀ ਵਰਤਾਰਾ' ਲੇਖ ਵਿਚ ਦੱਸਿਆ ਗਿਆ ਹੈ ਕਿ ਜਦੋਂ ਔਰਤ ਵਿਚ ਜਿਨਸੀ ਇੱਛਾ ਪੈਦਾ ਹੋ ਜਾਂਦੀ ਹੈ ਤਾਂ ਉਸਨੂੰ ਸੰਭੋਗ ਤੋਂ ਰੋਕਣ ਲਈ ਉਸਦਾ ਜਨਣ-ਅੰਗਛੇਦਣ ਕਰ ਦਿੱਤਾ ਜਾਂਦਾ ਹੈ। ਇਸਨੂੰ ਔਰਤ ਦੀ ਸੁੰਨਤ ਵੀ ਕਿਹਾ ਜਾਂਦਾ ਹੈ। ਇਹ ਅਮਾਨਵੀ ਵਰਤਾਰਾ ਹੈ ਜੋ ਕਿ ਜ਼ਿਆਦਾਤਰ ਅਫਰੀਕਾ, ਏਸ਼ੀਆ ਅਤੇ ਮੱਧ ਪੂਰਵ ਵਿਚ ਮਿਲਦਾ ਹੈ। ਇਸਨੂੰ ਔਰਤ ਦੀ ਪਵਿਤਰਤਾ ਨਾਲ ਜੋੜਿਆ ਜਾਂਦਾ ਹੈ। ਇਹ ਔਰਤ ਨਾਲ ਮੰਦ ਭਾਵਨਾ ਨਾਲ ਕੀਤਾ ਜਾਂਦਾ ਅਨਿਆਏ ਹੈ। ਇੰਝ ਆਮ ਤੌਰ ਘਰਾਂ ਵਿਚ ਹੀ ਬਜ਼ੁਰਗ ਔਰਤਾਂ ਕਰ ਦਿੰਦੀਆਂ ਹਨ, ਜਿਹੜਾ ਕਿ ਬੱਚੀਆਂ ਲਈ ਦੁੱਖਦਾਈ ਹੁੰਦਾ ਹੈ। ਦੇਸੀ ਪ੍ਰਣਾਲੀ ਨਾਲ ਕਈ ਭਿਆਨਕ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਔਰਤਾਂ ਦੀ ਸੁੰਨਤ ਨੂੰ ਸਮਾਜਿਕ ਮਾਣਤਾ ਪ੍ਰਾਪਤ ਹੈ, ਜਿਸ ਕਰਕੇ ਉਹ ਤੀਹਰੀ ਪੀੜਾ ਸਹਿਨ ਕਰਦੀਆਂ ਹਨ। ਇਹ ਪ੍ਰਥਾ ਭਾਰਤ ਵਿਚ ਵੀ ਬੋਹਰਾ ਤੇ ਸ਼ੀਆ ਸਮੁਦਾਏ ਵਿਚ ਵੀ ਪਾਈ ਜਾਂਦੀ ਹੈ। 'ਇਸਲਾਮੀ ਮੁਲਕਾਂ ਵਿਚ ਨਾਰੀ' ਵਾਲੇ ਲੇਖ ਵਿਚ ਦਰਸਾਇਆ ਗਿਆ ਹੈ ਕਿ ਪਾਕਿਸਤਾਨ, ਬੰਗਲਾ ਦੇਸ਼, ਅਫ਼ਗਾਨਿਸਤਾਨ, ਇਰਾਨ, ਇਰਾਕ, ਸਊਦੀ ਅਰਬ ਆਦਿ ਦੇਸ਼ਾਂ ਵਿਚ ਔਰਤਾਂ ਦੀ ਸਥਿਤੀ ਬਹੁਤ ਹੀ ਅਪਮਾਨ ਵਾਲੀ ਹੈ। ਬਰਾਬਰਤਾ ਦਾ ਅਧਿਕਾਰ ਨਹੀਂ ਅਤੇ ਪ੍ਰਦਾ ਪ੍ਰਥਾ ਭਾਰੂ ਹੈ। ਪਾਕਿਸਤਾਨ ਵਿਚ ਬਲਾਤਕਾਰੀ ਜੇਕਰ ਆਪ ਮੰਨੇਗਾ ਜਾਂ ਚਾਰ ਮੁਸਲਮਾਨ ਮਰਦ ਗਵਾਹੀ ਦੇਣਗੇ ਤਾਂ ਹੀ ਮਾਮੂਲੀ ਸਜ਼ਾ ਹੋ ਸਕਦੀ ਹੈ। ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਔਰਤ ਨੂੰ ਚਰਿਤਰਹੀਣ ਅਤੇ ਵਿਭਚਾਰੀ ਕਿਹਾ ਜਾਵੇਗਾ ਤੇ ਉਲਟੀ ਸ਼ਜਾ ਔਰਤ ਨੂੰ ਹੋਵੇਗੀ। ਮੁਸਲਮ ਦੇਸ਼ਾਂ ਵਿਚ ਪ੍ਰਦਾ ਪਥ੍ਰਾ, ਅਣਜੋੜ ਵਿਆਹ, ਘਰੇਲੂ ਹਿੰਸਾ, ਬਹੁ ਪਤਨੀ ਪ੍ਰਥਾ, ਬਾਲ ਵਿਆਹ ਅਤੇ ਜ਼ਬਰੀ ਵਿਆਹ ਵੀ ਆਮ ਹਨ। ਸਾਊਦੀ ਅਰਬ ਵਿਚ ਲੜਕੀਆਂ ਲਈ ਸਕੂਲ ਵੱਖਰੇ ਹਨ, ਉਹ ਵਿਗਿਆਨ ਅਤੇ ਸਰੀਰਕ ਸਿਖਿਆ ਵਿਸ਼ੇ ਨਹੀਂ ਪੜ੍ਹ ਸਕਦੀਆਂ। ਔਰਤ ਜੱਜ ਨਹੀਂ ਬਣ ਸਕਦੀ ਅਤੇ ਨਾ ਹੀ ਪਤੀ ਦੀ ਸਹਿਮਤੀ ਤੋਂ ਬਿਨਾਂ ਬੈਂਕ ਵਿਚ ਅਕਾਊਂਟ ਖੁਲ੍ਹਵਾ ਸਕਦੀ ਹੈ। 'ਕਵਿਤਾ ਦੇ ਪਰਾਂ 'ਤੇ ਉੱਡਦੀ ਨਾਰੀ' ਲੇਖ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਕਵਿਤਾ ਔਰਤ ਦੁਆਲੇ ਹੀ ਘੁੰਮਦੀ ਹੈ। ਪ੍ਰੰਤੂ ਮੱਧ ਕਾਲ ਵਿਚ ਨਾਥਾਂ ਜੋਗੀਆਂ ਦੁਆਰਾ ਆਪਣੀਆਂ ਰਚਨਾਵਾਂ ਵਿਚ ਔਰਤ ਦੀ ਨਿੰਦਿਆ ਕੀਤੀ ਹੀ ਮਿਲਦੀ ਹੈ। ਇਥੋਂ ਤੱਕ ਕਿ ਔਰਤ ਨੂੰ ਬਘਿਆੜਨ ਤੱਕ ਕਿਹਾ ਹੈ। ਗੁਰਮਤਿ ਕਾਵਿ ਵਿਚ ਇਸਤਰੀ ਦੀ ਹੋਂਦ ਨੂੰ ਮਹਿਸੂਸ ਕੀਤਾ ਗਿਆ ਹੈ। ਸਿੰਘ ਸਭਾ ਲਹਿਰ ਦਾ ਵੀ ਚੰਗਾ ਅਸਰ ਹੋਇਆ। ਵਰਤਮਾਨ ਸਮੇਂ ਵਿਚ ਇਸਤਰੀ ਲੇਖਕਾਂ ਖਾਸ ਤੌਰ ਤੇ ਕਵਿਤਰੀਆਂ ਨੇ ਵੱਡੀ ਪੱਧਰ ਤੇ ਕਾਵਿ ਸਿਰਜਣਾ ਕੀਤੀ ਹੈ। ਇਸ ਨਾਲ ਔਰਤਾਂ ਦੀ ਜਾਗਰੂਕਤਾ ਦਾ ਪ੍ਰਗਟਾਵਾ ਹੁੰਦਾ ਹੈ।  ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਇਸਤਰੀਆਂ ਦੇ ਉਭਾਰ ਲਈ ਮੀਲ ਪੱਥਰ ਸਾਬਤ ਹੋਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਨੇ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਤੇ ਲੂਣ ਛਿੜਕਿਆ - ਉਜਾਗਰ ਸਿੰਘ

ਸਿੱਖਾਂ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਲਗਾਤਾਰ ਸਿੱਖਾਂ ਵੱਲੋਂ ਹੀ ਜ਼ਾਰੀ ਹੈ। ਪਿੱਛੇ ਜਹੇ ਨਾਦੇੜ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਤਬਦੀਲੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੀ ਸਰਕਾਰ ਨੇ ਸਿੱਖ ਜਗਤ ਨੂੰ ਵੰਗਾਰਿਆ ਸੀ। ਇਸ ਤੋਂ ਪਹਿਲਾਂ ਗੁਜਰਾਤ ਦੀ ਸਰਕਾਰ ਉਨ੍ਹਾਂ ਸਿੱਖਾਂ ਨੂੰ ਬੇਦਖ਼ਲ ਕਰ ਰਹੀ ਹੈ, ਜਿਨ੍ਹਾਂ ਸਵਰਗਵਾਸੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਸੱਦੇ ਤੇ ਗੁਜਰਾਤ ਦੇ ਜੰਗਲਾਂ ਨੂੰ ਵਾਹ ਯੋਗ ਬਣਾਕੇ ਉਪਜਾਊ ਜ਼ਮੀਨ ਵਿਚ ਬਦਲ ਦਿੱਤਾ ਸੀ। ਏਸੇ ਤਰ੍ਹਾਂ ਉਤਰ ਪ੍ਰਦੇਸ਼ ਸਰਕਾਰ ਤਰਾਈ ਦੇ ਇਲਾਕੇ ਦੇ ਕਿਸਾਨਾ ਨੂੰ ਤੰਗ ਕਰ ਰਹੀ ਹੈ। ਤਾਜਾ ਘਟਨਾਕਰਮ ਬਹੁਤ ਹੀ ਸੰਜੀਦਾ ਹੈ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਅਕਾਲੀ ਸਰਕਾਰ ਮੌਕੇ ਪਹੁੰਚੀ ਪ੍ਰੰਤੂ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਕਾਰਵਾਈ ਹੋਣ ਲੱਗੀ ਤੇ ਇਨਸਾਫ ਦਾ ਰਸਤਾ ਸਾਫ ਹੋਣ ਲੱਗਿਆ ਤਾਂ ਪੰਥਕ ਕਹਾਉਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਰਲਕੇ ਇਨਸਾਫ ਦਵਾਉਣ ਵਿਚ ਸਹਾਈ ਹੋਣ ਵਾਲੇ ਪੁਲਿਸ ਅਧਿਕਾਰੀ ਦੀ ਹੀ ਚੋਣ ਕਮਿਸ਼ਨ ਰਾਹੀਂ ਬਦਲੀ ਕਰਵਾ ਦਿੱਤੀ।  ਸਿੱਖ ਜਗਤ ਦਾ ਨੁਕਸਾਨ ਆਪਣੇ ਹੀ ਸਿੱਖ ਕਰ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ਰੰਤੂ ਜਿਹੜਾ ਸਿੱਖ ਜਗਤ ਦਾ ਨੁਕਸਾਨ ਹੋ ਜਾਵੇਗਾ ਉਸਦੀ ਭਰਪਾਈ ਹੋਣੀ ਅਸੰਭਵ ਬਣ ਜਾਵੇਗੀ। ਸਿੱਖ ਪੰਥ ਦੇ ਪਹਿਰੇਦਾਰ ਕਹਾਉਣ ਵਾਲੇ ਸਿਆਸਤਦਾਨੋ ਸਿੱਖਾਂ ਤੇ ਰਹਿਮ ਕਰੋ।  ਸ਼ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਵਾਲੀ ਪੰਜਾਬ ਪੁਲੀਸ ਦੀ ਸਪੈਸ਼ਲ ਇਨਵੈਟੀਗੇਸ਼ਨ ਟੀਮ ਦੇ ਅਹਿਮ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਬਦਲੀ ਕਰਵਾਉਣਾ ਇਨਸਾਫ਼ ਦੇ ਰਾਹ ਵਿਚ ਰੋੜਾ ਅਟਕਾਉਣ ਦੇ ਬਰਾਬਰ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਦਿਆਨਦਾਰੀ ਦਾ ਸਿੱਕਾ ਚਲਦਾ ਹੈ। ਉਹ ਇਕ ਬੇਦਾਗ਼ ਅਤੇ ਨਿਰਪੱਖ ਅਧਿਕਾਰੀ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਉਦੋਂ ਦੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਾ ਲੈਣ ਕਰਕੇ ਅਤਿਅੰਤ ਦੁੱਖੀ ਹਨ। ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਭਾਈਚਾਰਾ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਹੋ ਰਹੀ ਦੇਰੀ ਕਰਕੇ ਬੇਚੈਨੀ ਮਹਿਸੂਸ ਕਰ ਰਹੇ ਹਨ। ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਦੇ ਮੁੱਖੀ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਰਕਾਰ ਦੀ ਸ਼ਹਿ ਤੇ ਮੁਆਫ਼ ਕਰਨ ਦੇ ਵਿਰੁੱਧ ਸ਼ਾਂਤਮਈ ਧਰਨਾ ਦੇ ਰਹੇ ਦੋ ਸਿੱਖ ਨੌਜਵਾਨਾ ਨੂੰ ਸ਼ਹੀਦ ਕਰਨ ਕਰਕੇ ਅਥਾਹ ਰੋਸ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਦੀ ਵਰਤਮਾਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਦੀ ਪੜਤਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕਰਨ ਲਈ ਪੁਲਿਸ ਦੀ ਐਸ ਆਈ ਟੀ ਪੰਜਾਬ ਪੁਲਿਸ ਦੇ ਵਧੀਕ ਡੀ ਜੀ ਪੀ ਸ੍ਰੀ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਬਣਾਈ ਗਈ ਸੀ, ਜਿਸਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਮੈਂਬਰ ਸਨ। ਇਹ ਟੀਮ ਜਾਂਚ ਕਰ ਰਹੀ ਸੀ, ਜਿਸਦੇ ਨਤੀਜੇ ਵੱਜੋਂ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਹੋ ਗਏ ਸਨ ਅਤੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਜੇਲ੍ਹ ਵਿਚ ਬੰਦ ਹਨ। ਬਾਕੀ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਚਲ ਰਹੀ ਸੀ। ਤੱਥ ਇਕੱਠੇ ਕੀਤੇ ਜਾ ਰਹੇ ਸਨ। ਪੜਤਾਲ ਅੱਗੇ ਵੱਧ ਰਹੀ ਸੀ। ਵੱਡੀਆਂ ਸਿਆਸੀ ਮੱਛੀਆਂ ਦੇ ਪਕੜੇ ਜਾਣ ਦਾ ਖ਼ਦਸ਼ਾ ਸੀ, ਜਿਨ੍ਹਾਂ ਵਿਚ ਸਿਆਸੀ ਨੇਤਾ ਵੀ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਜਾਂਚ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਸੀ ਕਿਉਂਕਿ ਇਹ ਪੜਤਾਲ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸ਼ੁਰੂ ਨਹੀਂ ਹੋਈ ਸੀ। ਇਹ ਤਾਂ 6 ਮਹੀਨੇ ਪਹਿਲਾਂ ਤੋਂ ਕੰਮ ਕਰ ਰਹੀ ਸੀ। ਪ੍ਰੰਤੂ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਨਰੇਸ਼ ਗੁਜਰਾਲ ਨੇ ਪੜਤਾਲ ਦੇ ਨਤੀਜਿਆਂ ਤੋਂ ਡਰਦਿਆਂ ਆਈ ਜੀ ਕੰਵਰ ਵਿਜੈ ਪ੍ਰਤਾਪ ਸਿੰਘ ਵਿਰੁਧ ਭਾਰਤੀ ਚੋਣ ਕਮਿਸ਼ਨ ਨੂੰ ਇਕ ਟੀ ਵੀ ਇੰਟਰਵਿਊ ਨੂੰ ਆਧਾਰ ਬਣਾਕੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਇਸ ਜਾਂਚ ਤੋਂ ਹਟਾ ਦਿੱਤਾ ਜਾਵੇ। ਚੋਣ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਤੁਰੰਤ ਬਦਲੀ ਕਰਨ ਦੇ ਹੁਕਮ ਕਰ ਦਿੱਤੇ ਹਨ। ਇਹ ਬਦਲੀ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੇ ਜ਼ਖ਼ਮਾ ਤੇ ਲੂਣ ਛਿੜਕਣ ਦਾ ਕੰਮ ਕਰੇਗੀ। ਇਕ ਕਿਸਮ ਨਾਲ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਲਈ ਹੈ। ਜਿਸਦਾ ਇਵਜਾਨਾ ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾ ਵਿਚ ਭੁਗਤਣਾ ਪੈ ਸਕਦਾ ਹੈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਇਸ ਬਦਲੀ ਨਾਲ ਠੇਸ ਪਹੁੰਚੀ ਹੈ। ਇਸ ਸ਼ਿਕਾਇਤ ਨਾਲ ਅਕਾਲੀ ਦਲ ਦਾ ਮੁਖੌਟਾ ਨੰਗਾ ਹੋ ਗਿਆ ਹੈ। ਜੇਕਰ ਅਕਾਲੀ ਦਲ ਦੇ ਨੇਤਾ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ? ਅਸਲ ਵਿਚ ਚੋਰ ਦੀ ਦਾੜ੍ਹੀ ਵਿਚ ਤਿਣਕਾ ਹੋਣ ਕਰਕੇ ਇਹ ਸ਼ਿਕਾਇਤ ਹੋਈ ਹੈ। ਅਕਾਲੀ ਦਲ ਨੇ ਇਹ ਸ਼ਿਕਾਇਤ ਵੀ ਜਾਣ ਬੁਝਕੇ ਇੱਕ ਗ਼ੈਰ ਸਿੱਖ ਤੋਂ ਕਰਵਾਈ ਹੈ, ਜਿਸ ਨੂੰ ਸਿੱਖਾਂ ਦੀਆਂ ਵਲੂੰਧਰੀਆਂ ਭਾਵਨਾਵਾਂ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਨਰੇਸ਼ ਗੁਜਰਾਲ ਨੇ ਵੀ ਇਹ ਸ਼ਿਕਾਇਤ ਕਰਕੇ ਆਪਣੇ ਪਿਤਾ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀਆਂ ਸਿੱਖਾਂ ਦੇ ਹੱਕ ਵਿਚ ਕੀਤੀਆਂ ਕਾਰਵਾਈਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਜਿਹੜੇ ਦੋ ਵਿਅਕਤੀ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ ਉਨ੍ਹਾਂ ਵਿਚੋਂ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਜਾਂਚ ਕਮੇਟੀ ਤੋਂ ਜੋ ਇਨਸਾਫ਼ ਦੀ ਉਮੀਦ ਬੱਝੀ ਸੀ ਚੋਣ ਕਮਿਸ਼ਨ ਨੇ ਉਸ ਆਸ ਨੂੰ ਆਈ ਜੀ ਕੁੰਵਰ ਪ੍ਰਤਾਪ ਸਿੰਘ ਦੀ ਬਦਲੀ ਅਕਾਲੀ ਦਲ ਦੇ ਕਹਿਣ ਤੇ ਪੂਰਾ ਹੋਣ ਤੋਂ ਅਧਵਾਟੇ ਹੀ ਰੋਕ ਦਿੱਤਾ ਹੈ। ਇਨਸਾਫ ਮਿਲਣ ਵਿਚ ਦੇਰੀ ਕਰ ਦਿੱਤੀ ਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਲੇਖਾ ਰੱਬੁ ਮੰਗੇਸੀਆ ਬੈਠਾ ਕਢਿ ਵਹੀ। ਅਨੁਸਾਰ ਇਸ ਕੀਤੀ ਗ਼ਲਤੀ ਦਾ ਨਤੀਜਾ ਭੁਗਤਣਾ ਪਵੇਗਾ। ਅਕਾਲੀ ਦਲ ਦੇ ਨੇਤਾ ਜਿਥੇ ਮਰਜੀ ਭੱਜ ਲੈਣ ਓੜਕ ਸੱਚ ਸਾਹਮਣੇ ਆ ਕੇ ਹੀ ਰਹੇਗਾ। ਚੋਣਾਂ ਖ਼ਤਮ ਹੋਣ ਤੋਂ ਬਾਅਦ ਆਈ ਜੀ ਫਿਰ ਆਪਣੇ ਅਹੁਦੇ ਤੇ ਆ ਜਾਵੇਗਾ, ਜਿਹੜੀ ਪੜਤਾਲ ਅਧਵਾਟੇ ਰੁਕ ਗਈ ਹੈ, ਉਹ ਮੁਕੰਮਲ ਹੋਵੇਗੀ ਜੇਕਰ ਅਕਾਲੀ ਸਿਆਸਤਦਾਨ ਜ਼ਿੰਮੇਵਾਰ ਹੋਣਗੇ ਤਾਂ ਉਨ੍ਹਾਂ ਨੂੰ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵੇਖਣੀਆਂ ਪੈਣਗੀਆਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਚੰਦਰਾ ਗੁਆਂਢ ਬੁਰਾ ਲਾਈਲੱਗ ਨਾ ਹੋਵੇ ਘਰ ਵਾਲਾ - ਉਜਾਗਰ ਸਿੰਘ

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੰਦਰਾ ਗੁਆਂਢ ਬੁਰਾ ਲਾਈ ਲੱਗ ਨਾ ਹੋਵੇ ਘਰ ਵਾਲਾ। ਇਹ ਕਹਵਤ ਪਾਕਿਸਤਾਨ ਵਰਗੇ ਗੁਆਂਢੀ ਤੇ ਪੂਰੀ ਢੁਕਦੀ ਹੈ। ਜਿਸ ਦਾ ਅਰਥ ਹੈ ਕਿ ਜੇਕਰ ਗੁਆਂਢ ਚੰਗਾ ਨਹੀਂ ਹੋਵੇਗਾ ਤਾਂ ਗੁਆਂਢੀ ਨਾਲ ਕਲੇਸ਼, ਵਾਦਵਿਵਾਦ ਅਤੇ ਲੜਾਈ ਝਗੜਾ ਹੁੰਦਾ ਰਹੇਗਾ। ਦੋਹਾਂ ਦੀ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ। ਜੇਕਰ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ ਤਾਂ ਉਨ੍ਹਾਂ ਦੇ ਕੰਮ ਕਾਰ ਤੇ ਅਸਰ ਪੈਣਾ ਵੀ ਕੁਦਰਤੀ ਹੈ, ਜਿਸ ਨਾਲ ਦੋਹਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਵੇਗੀ। ਇਹੋ ਹਾਲ ਭਾਰਤ ਅਤੇ ਪਾਕਿਸਤਾਨ ਦਾ ਹੈ। ਹਾਲਾਂਕਿ ਦੋਵੇਂ ਦੇਸ਼ ਇਕ ਦੇਸ਼ ਵਿਚੋਂ ਹੀ ਨਿਕਲਕੇ ਬਣੇ ਹਨ। ਵੱਡੇ ਅਤੇ ਛੋਟੇ ਭਰਾ ਦੀ ਤਰ੍ਹਾਂ ਹਨ। ਭਰਾ ਭਰਾ ਦਾ ਦੁਸ਼ਮਣ ਬਣਿਆਂ ਪਿਆ ਹੈ। ਭਾਰਤ ਦੀ ਤਰਾਸਦੀ ਰਹੀ ਹੈ ਕਿ ਉਸਦਾ ਗੁਆਂਢੀਆਂ ਨਾਲ ਕਲੇਸ਼ ਸ਼ੁਰੂ ਤੋਂ ਹੀ ਪੈਂਦਾ ਆ ਰਿਹਾ ਹੈ। ਅੰਗਰੇਜ਼ਾਂ ਵੱਲੋਂ ਦੇਸ਼ ਦੀ ਵੰਡ ਸਮੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਭਾਰਤ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਭਾਰਤ ਦੇ ਆਲੇ ਦੁਆਲੇ ਦੋ ਪਾਸੇ ਪੂਰਬੀ ਅਤੇ ਪੱਛਵੀਂ ਪਾਕਿਸਤਾਨ ਬਣਾ ਦਿੱਤੇ। ਭਾਰਤ ਅਤੇ ਪਾਕਿਸਤਾਨ ਦੀਆਂ ਬੇੜੀਆਂ ਵਿਚ ਵੱਟੇ ਬਰਤਾਨੀਆਂ ਨੇ ਹੀ ਪਾਏ ਸਨ। ਇਸ ਲਈ ਹਮੇਸ਼ਾ ਪੱਛਵੀਂ ਅਤੇ ਪੂਰਬੀ ਸਰਹੱਦਾਂ ਤੇ ਤਣਾਆ ਬਣਿਆਂ ਰਹਿੰਦਾ ਸੀ। ਜਿਸ ਮਜ਼ਬੂਰੀ ਕਰਕੇ ਭਾਰਤ ਨੂੰ ਪੂਰਬੀ ਪਾਕਿਸਤਾਨ ਨੂੰ ਪੱਛਵੀਂ ਨਾਲੋਂ ਵੱਖਰਾ ਹੋਣ ਸਮੇਂ ਬੰਗਾਲੀਆਂ ਦਾ ਸਾਥ ਦੇਣਾ ਪਿਆ, ਜਿਸਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਜੰਮੂ ਕਸ਼ਮੀਰ ਅੱਧਾ ਪਾਕਿਸਤਾਨ ਅਤੇ ਅੱਧਾ ਭਾਰਤ ਵਿਚ ਰਹਿ ਗਿਆ। ਇਕ ਸਮੁਦਾਏ ਦੋ ਹਿਸਿਆਂ ਵਿਚ ਵੰਡੀ ਗਈ। ਉਸਦਾ ਪੱਕਾ ਅਸਰ ਇਹ ਹੋਇਆ ਕਿ ਪਾਕਿਸਤਾਨ ਨਾਲ ਸੰਬੰਧ ਹੋਰ ਵਿਗੜ ਗਏ। ਬੰਗਲਾ ਦੇਸ਼ ਬਣਾਉਣ ਲਈ ਵੀ ਭਾਰਤ ਨੇ ਪੰਜਾਬੀਆਂ ਨੂੰ ਹੀ ਵਰਤਿਆ ਭਾਵੇਂ ਜਨਰਲ ਜਗਜੀਤ ਸਿੰਘ ਅਰੋੜਾ ਹੋਵੇ ਤੇ ਭਾਵੇਂ  ਸ਼ੁਬੇਗ ਸਿੰਘ ਹੋਵੇ। ਹੁਣ ਤੱਕ ਪਾਕਿਸਤਾਨ ਨਾਲ ਤਿੰਨ ਲੜਾਈਆਂ ਹੋ ਚੁੱਕੀਆਂ ਹਨ, ਜਿਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੂੰ ਹੋਇਆ। ਹਰ ਲੜਾਈ ਵਿਚ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਬਹਾਦਰ ਹੋਣ ਕਰਕੇ ਮੂਹਰੇ ਲਾਇਆ ਜਾਂਦਾ ਰਿਹਾ ਹੈ। ਚੀਨ ਦੇ ਵੀ ਭਾਰਤ ਨਾਲ ਸੁਖਾਵੇਂ ਸੰਬੰਧ ਨਹੀਂ ਰਹਿੰਦੇ। ਚੀਨ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਰਹਿੰਦਾ ਹੈ। ਚੀਨ ਨਾਲ ਵੀ ਇੱਕ ਲੜਾਈ ਪੰਡਤ ਨਹਿਰੂ ਦੀ ਗੁਆਂਢੀ ਦੇਸ਼ ਨਾਲ ਪ੍ਰੇਮ ਭਗਤੀ ਕਰਕੇ ਹੋ ਚੁੱਕੀ ਹੈ, ਚੰਦਰੇ ਗੁਆਂਢ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਕੁਰਬਾਨੀ ਲੈ ਕੇ ਦੇਸ਼ ਤੋਂ ਇਕ ਦਿਆਨਤਦਾਰ ਅਤੇ ਇਮਾਨਦਾਰ ਸਿਆਸਤਦਾਨ ਖੋਹ ਲਿਆ। ਚੀਨ ਵੀ ਹਮੇਸ਼ਾ ਪਾਕਿਸਤਾਨ ਦਾ ਸਾਥ ਦਿੰਦਾ ਹੈ, ਜਿਸ ਕਰਕੇ ਭਾਰਤ ਦਾ ਪਾਕਿਸਤਾਨ ਅਤੇ ਚੀਨ ਨਾਲ ਇੱਟ ਖੜੱਕਾ ਹੁੰਦਾ ਰਹਿੰਦਾ ਹੈ। ਤਣਾਆ ਹਮੇਸ਼ਾ ਬਰਕਰਾਰ ਰਹਿੰਦਾ ਹੈ। ਮਾਵਾਂ ਦੇ ਪੁੱਤ ਸਰਹੱਦਾਂ ਤੇ ਸ਼ਹੀਦ ਹੁੰਦੇ ਰਹਿੰਦੇ ਹਨ ਅਤੇ ਸਿਆਸਤਦਾਨ ਆਪਣੀਆਂ ਖੇਡਾਂ ਖੇਡਦੇ ਰਹਿੰਦੇ ਹਨ। ਜੇਕਰ ਤਿੰਨੋ ਗੁਆਂਢੀ ਦੇਸ਼ ਰਲਮਿਲਕੇ ਰਹਿਣਗੇ ਤਾਂ ਆਪਸ ਵਿਚ ਵਿਓਪਾਰਕ ਸੰਬੰਧ ਵੀ ਚੰਗੇ ਰਹਿਣਗੇ ਅਤੇ ਤਿੰਨਾਂ ਦੇਸ਼ਾਂ ਦੀਆਂ ਮੁਢਲੀਆਂ ਲੋੜਾਂ ਇੱਕ ਦੂਜੇ ਤੋਂ ਪੂਰੀਆਂ ਹੁੰਦੀਆਂ ਰਹਿਣਗੀਆਂ। ਚੀਨ ਦੀਆਂ ਬਣੀਆਂ ਵਸਤਾਂ ਸਭ ਤੋਂ ਵੱਧ ਭਾਰਤ ਵਿਚ ਵਿਕਦੀਆਂ ਹਨ। ਚੀਨ ਫਿਰ ਵੀ ਸੰਜਮ ਦੀ ਵਰਤੋਂ ਨਹੀਂ ਕਰਦਾ। ਪਾਕਿਸਤਾਨ ਦੇ ਰਸਤੇ ਭਾਰਤ ਅਫਗਾਨਿਸਤਾਨ ਨਾਲ ਵੀ ਵਿਓਪਾਰ ਦਾ ਆਦਾਨ ਪ੍ਰਦਾਨ ਕਰ ਸਕੇਗਾ। ਜਿਵੇਂ ਪੰਜਾਬੀ ਦੀ ਇਕ ਹੋਰ ਕਹਾਵਤ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਵੇ ਪ੍ਰੰਤੂ ਕੂਹਣੀ ਮਾਰ ਮਸ਼ਟੰਡੇ ਕੱਟਣ ਨਹੀਂ ਦਿੰਦੇ। ਇਸ ਕਰਕੇ ਦੋਹਾਂ ਦੇਸ਼ਾਂ ਦਾ ਮਾਮੂਲੀ ਗੱਲਾਂ ਕਰਕੇ ਤਕਰਾਰ ਰਹਿੰਦਾ ਹੈ। ਚੀਨ ਅਤੇ ਅਮਰੀਕਾ ਦੇ ਆਪਣੇ ਹਿਤ ਹਨ। ਉਹ ਪਾਕਿਸਤਾਨ ਨੂੰ ਆਪਣਾ ਸਾਮਾਨ ਵੇਚਦੇ ਰਹਿੰਦੇ ਹਨ। ਉਹ ਪਾਕਿਸਤਾਨ ਨੂੰ ਉਂਗਲ ਲਗਾਈ ਰੱਖਦੇ ਹਨ। ਭਾਰਤ ਦਾ ਪਾਕਿਸਤਾਨ ਨਾਲ ਜੰਮੂ ਕਸ਼ਮੀਰ ਦਾ ਵਾਦਵਿਵਾਦ ਹੋਣ ਕਰਕੇ ਵੀ ਕਲੇਸ਼ ਬਣਿਆਂ ਰਹਿੰਦਾ ਹੈ। ਤੀਜਾ ਮੁੱਖ ਕਾਰਨ ਦੋਹਾਂ ਦੇਸ਼ਾਂ ਦੇ ਸਿਆਸਤਦਾਨਾ ਦੀਆਂ ਖ਼ਤਰਨਾਕ ਕੂਟਨੀਤੀਆਂ ਹਨ। ਆਪੋ ਆਪਣੇ ਰਾਜ ਭਾਗ ਬਣਾਈ ਰੱਖਣ ਲਈ ਉਹ ਸਰਹੱਦਾਂ ਤੇ ਤਣਾਅ ਪੈਦਾ ਕਰਕੇ ਰੱਖਦੇ ਹਨ। 1999 ਵਿਚ ਵੀ ਲੋਕ ਸਭਾ ਦੀਆਂ ਚੋਣਾਂ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਹੋਣ ਕਰਕੇ ਕਾਰਗਿਲ ਦੀ ਲੜਾਈ ਹੋਈ। ਇਸ ਵਾਰ ਪੁਲਵਾਮਾਂ ਦੀ ਦਹਿਸ਼ਤਗਰਦੀ ਦੀ ਘਟਨਾ ਕਰਕੇ ਭਾਰਤ ਦੇ 45 ਜਵਾਨ ਸ਼ਹੀਦ ਹੋ ਗਏ। ਅਜੇ ਹੋਰ ਘਟਨਾਵਾਂ ਲਗਾਤਾਰ ਹੋਈ ਜਾ ਰਹੀਆਂ ਹਨ। ਸਾਰੇ ਦੇਸ਼ ਵਾਸੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਦੇਸ਼ ਨਾਲ ਖੜ੍ਹੇ ਹੋਣ ਦੇ ਐਲਾਨ ਕੀਤੇ ਹਨ, ਜੋ ਕਿ ਜਾਇਜ਼ ਵੀ ਹਨ। ਜੇਕਰ ਦੇਸ਼ ਦੀ ਅਣਖ਼ ਨੂੰ ਕੋਈ ਵੰਗਾਰੇਗਾ ਤਾਂ ਹਰ ਭਾਰਤੀ ਦਾ ਫਰਜ ਬਣਦਾ ਹੈ ਕਿ ਉਹ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹੇ। ਇਸ ਤੋਂ ਪਹਿਲਾਂ ਵੀ ਚਿੱਟੀਸਿੰਘਪੋਰਾ ਵਿਚ 35 ਸਿੱਖ ਸ਼ਹੀਦ ਕੀਤੇ ਗਏ ਸਨ। ਉਦੋਂ ਕੇਂਦਰ ਸਰਕਾਰ ਨੇ ਸਿਵਲੀਅਨ ਨਾਗਰਿਕਾਂ ਦੇ ਸ਼ਹੀਦ ਹੋਣ ਤੇ ਪਾਕਿਸਤਾਨ ਨੂੰ ਦੋਸ਼ ਨਹੀਂ ਦਿੱਤਾ। ਮੁੰਬਈ, ਸ੍ਰੀ ਨਗਰ ਵਿਧਾਨ ਸਭਾ ਅਤੇ ਦਿੱਲੀ ਵਿਚ ਸੰਸਦ ਭਵਨ ਤੇ ਹੋਏ ਹਮਲੇ ਤੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਮਦਦ ਕਰਨ ਲਈ ਦੋਸ਼ੀ ਤਾਂ ਠਹਿਰਾਇਆ ਗਿਆ ਪ੍ਰੰਤੂ ਸਰਜੀਕਲ ਸਟਰਾਈਕ ਨਹੀਂ ਕੀਤੀ। ਹੁਣ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਅਪ੍ਰੈਲ-ਮਈ 2019 ਵਿਚ ਹਨ, ਇਸ ਲਈ ਸਰਜੀਕਲ ਸਟਰਾਈਕ ਕਰਕੇ ਵੋਟਾਂ ਵਟੋਰਨ ਦੀ ਸਿਆਸਤ ਕੀਤੀ ਗਈ ਹੈ। ਭਾਵੇਂ ਪਾਕਿਸਤਾਨ ਨੇ ਵੀ ਸਰਜੀਕਲ ਸਟਰਾਈਕ ਕੀਤੀ ਹੈ ਅਤੇ ਸਾਡਾ ਇਕ ਜਹਾਜ ਡੇਗ ਲਿਆ ਹੈ, ਜਿਸਦਾ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਗ੍ਰਿਫਤਾਰ ਵੀ ਕਰ ਲਿਆ ਸੀ। ਜਨੇਵਾ ਸਮਝੌਤੇ ਅਨੁਸਾਰ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਸੁਨੇਹਾ ਦੇਣ ਦਾ ਬਹਾਨਾ ਬਣਾਕੇ ਅਭਿਨੰਦਨ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ ਹੈ। ਪ੍ਰੰਤੂ ਅਭਿਨੰਦਨ ਦੇ ਭਾਰਤ ਵਾਪਸ ਆਉਣ ਤੇ ਭਾਰਤੀ ਨਾਗਰਿਕਾਂ ਖਾਸ ਤੌਰ ਤੇ ਪੰਜਾਬੀਆਂ ਨੇ ਭਾਵਨਾਵਾਂ ਵਿਚ ਵਹਿੰਦਿਆਂ ਸਰਹੱਦ ਤੇ ਜਾ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸਦੇ ਸਵਾਗਤ ਲਈ ਉਹ ਪੱਬਾਂ ਭਾਰ ਹੋ ਗਏ। ਭਲੇਮਾਣਸੋ ਇਹ ਤਾਂ ਸੋਚੋ ਕਿ 45 ਜਵਾਨ ਅਸੀਂ ਸ਼ਹੀਦ ਕਰਵਾ ਚੁੱਕੇ ਹਾਂ ਅਜੇ ਵੀ ਸਰਹੱਦ ਤੇ ਪਾਕਿਸਤਾਨ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ। 10 ਜਵਾਨ ਹੋਰ ਸ਼ਹੀਦ ਹੋ ਚੁੱਕੇ ਹਨ। ਹਰ ਰੋਜ਼ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਅਸੀਂ ਕਿਸ ਗੱਲ ਦੀ ਖ਼ੁਸ਼ੀ ਮਨਾ ਰਹੇ ਹਾਂ। ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ। ਦੇਸ਼ ਦੀ ਇੱਜ਼ਤ ਦਾ ਸਵਾਲ ਹੈ। ਸ਼ੋਸ਼ਲ ਮੀਡੀਆ ਤੇ ਸਿਧਾਂਤਕ ਲੜਾਈ ਨਹੀਂ ਲੜੀ ਜਾਂਦੀ। ਇਹ ਠੀਕ ਹੈ ਕਿ ਇਮਰਾਨ ਖ਼ਾਂ ਦਾ ਵਤੀਰਾ ਸਦਭਾਵਨਾ ਵਾਲਾ ਹੈ ਪ੍ਰੰਤੂ ਪਾਕਿਸਤਾਨ ਦੀ ਫ਼ੌਜ ਤਾਂ ਲਗਾਤਾਰ ਆਪਣੀਆਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਤੋਂ ਪ੍ਰਹੇਜ ਨਹੀਂ ਕਰ ਰਹੀ। ਇਹ ਠੀਕ ਹੈ ਕਿ ਜੰਗ ਕਿਸੇ ਸਮੱਸਿਆ ਦਾ ਹਲ ਨਹੀਂ। ਜੰਗ ਵਿਚ ਤਬਾਹੀ ਕਰਵਾਉਣ ਤੋਂ ਬਾਅਦ ਵੀ ਗੱਲਬਾਤ ਰਾਹੀਂ ਹੀ ਸਮਝੌਤਾ ਕਰਨਾ ਪੈਂਦਾ ਹੈ। ਇਹ ਲੋਕ ਜਿਹੜੇ ਸ਼ੋਸ਼ਲ ਮੀਡੀਆ ਤੇ ਟਾਹਰਾਂ ਮਾਰਦੇ ਹਨ ਅਤੇ ਭੰਗੜੇ ਪਾ ਕੇ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਸਰਹੱਦਾਂ ਤੇ ਹੋਣ ਵਾਲੇ ਜਾਨੀ ਅਤੇ ਮਾਲੀ ਤਬਾਹੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਮਾਵਾਂ, ਪਤਨੀਆਂ, ਭੈਣਾਂ ਅਤੇ ਹੋਰ ਸੰਬੰਧੀਆਂ ਤੋਂ ਪੁੱਛੋ ਜਿਨ੍ਹਾਂ ਦੇ ਲਾਡਲੇ ਸ਼ਹੀਦੀਆਂ ਪਾਉਂਦੇ ਹਨ ਤਾਂ ਉਨ੍ਹਾਂ ਤੇ ਕੀ ਬੀਤਦੀ ਹੈ। ਸ਼ੋਸ਼ਲ  ਮੀਡੀਆ ਤੇ ਫੋਕੇ ਫਾਇਰ ਕਰਕੇ ਸ਼ਾਹਬਾ ਵਾਹਵਾ ਖੱਟਣੀ ਅਤੇ ਆਪਣੀ ਪੱਠ ਆਪ ਹੀ ਥਪਥਪਾਉਣੀ ਚੰਗੀ ਗੱਲ ਨਹੀਂ। ਜ਼ਮੀਨੀ ਹਕੀਕਤਾਂ ਨੂੰ ਸਮਝਣਾ ਚਾਹੀਦਾ ਹੈ। ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਹਨ। ਸਰਹੱਦਾਂ ਤੇ ਜਾ ਕੇ ਲੜੋ ਫਿਰ ਪਤਾ ਲੱਗੇਗਾ ਕਿ ਜੰਗ ਕਿਤਨੀ ਖ਼ਤਰਨਾਕ ਹੁੰਦੀ ਹੈ। ਇਹ ਤਾਂ ਬੁਰੇ ਗੁਆਂਢੀ ਦੀ ਗੱਲ ਹੋ ਗਈ ਦੁੱਖ ਇਸ ਗੱਲ ਦਾ ਹੈ ਘਰ ਵਾਲੇ ਦੋਹਾਂ ਦੇਸ਼ਾਂ ਦਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ। ਲਾਈਲੱਗ ਨਹੀਂ ਬਣਨਾ ਚਾਹੀਦਾ। ਪਾਕਿਸਤਾਨ ਹੁਣ ਸੰਸਾਰ ਦੇ ਦਬਾਓ ਕਰਕੇ ਢਿਲਾ ਪਿਆ ਹੋਇਆ ਹੈ। ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਦੇਸ਼ਾਂ ਨੂੰ ਸਦਭਾਵਨਾ ਦਾ ਫਾਇਦਾ ਹੋਵੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072   
ujagarsingh48@yahoo.com

14 March 2019

ਬਾਬਾ  ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਨਰਪਾਲ ਸਿੰਘ ਸ਼ੇਰਗਿੱਲ ਦੀ ਹਵਾਲਾ ਪੁਸਤਕ - ਉਜਾਗਰ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸੰਸਾਰ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਨਵੰਬਰ ਮਹੀਨੇ ਤੋਂ ਹੀ ਸਮਾਗਮ ਲਗਾਤਾਰ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਲੋਕਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਹਨ। ਸਾਲ ਭਰ ਚਲਣ ਵਾਲੇ ਪ੍ਰੋਗਰਾਮ ਕੇਂਦਰ, ਪੰਜਾਬ, ਬਿਹਾਰ ਅਤੇ ਕਰਨਾਟਕ ਸਰਕਾਰਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਦਿੱਲੀ, ਵੱਖ-ਵੱਖ ਗੁਰੂ ਘਰ, ਚੀਫ ਖਾਲਸਾ ਦੀਵਾਨ, ਖਾਲਸਾ ਦੀਵਾਨ ਸੋਸਾਇਟੀ ਅਤੇ ਹੋਰ ਨਿੱਜੀ ਅਦਾਰਿਆਂ ਵੱਲੋਂ ਉਲੀਕੇ ਗਏ ਹਨ। ਇਕ ਕਿਸਮ ਨਾਲ ਪ੍ਰਕਾਸ਼ ਉਤਸਵ ਮਨਾਉਣ ਦੀ ਹੋੜ੍ਹ ਜਿਹੀ ਲੱਗੀ ਹੋਈ ਹੈ। ਪਾਕਿਸਤਾਨ ਅਤੇ ਭਾਰਤ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਆਪੋ ਆਪਣੇ ਸਿਰਾਂ ਤੇ ਬੰਨ੍ਹਣ ਦੇ ਸੋਹਲੇ ਗਾ ਰਹੀਆਂ ਹਨ। ਪਾਕਿਸਤਾਨ ਸਰਕਾਰ ਤਾਂ ਸਿੱਖਾਂ ਦਾ ਦਿਲ ਜਿੱਤਣ ਲਈ ਪੱਬਾਂ ਭਾਰ ਹੋਈ ਪਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਯੂਨਵਰਸਿਟੀ ਬਣਾਉਣ ਦਾ ਐਲਾਨ ਹੋ ਚੁੱਕਾ ਹੈ। ਇਨ੍ਹਾਂ ਸਾਰੇ ਪ੍ਰੋਗਰਾਮਾ ਪਿੱਛੇ ਸਿਆਸਤ ਭਾਰੂ ਹੈ, ਸ਼ਰਧਾ ਘੱਟ ਲੱਗਦੀ ਹੈ। ਇਨ੍ਹਾਂ ਸੰਸਥਾਵਾਂ ਅਤੇ ਸਰਕਾਰਾਂ ਦਾ ਕੋਈ ਅਜਿਹੇ ਸਾਰਥਕ ਪ੍ਰੋਗਰਾਮ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ, ਜਿਹੜੀ ਚਿਰ ਸਥਾਈ ਬਣ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਇਕ ਅਜਿਹਾ ਉਦਮ ਕੀਤਾ ਹੈ, ਜਿਹੜਾ ਚਿਰ ਸਥਾਈ ਹੋਵੇਗਾ ਜਿਸ ਤੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇਗੀ। ਸੰਸਾਰ ਵਿਚ ਅਨੇਕਾਂ ਇਨਸਾਨ ਆਉਂਦੇ ਹਨ ਪ੍ਰੰਤੂ ਉਹ ਆਪੋ ਆਪਣੇ ਪਰਿਵਾਰਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਨਿਭਾ ਕੇ ਰੁਖਸਤ ਹੋ ਜਾਂਦੇ ਹਨ। ਬਹੁਤੇ ਉਸ ਜ਼ਿੰਮੇਵਾਰੀ ਦੇ ਚਕਰ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਹੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ। ਆਪਣੇ ਲਈ ਤਾਂ ਹਰ ਵਿਅਕਤੀ ਕਾਰਜ ਕਰਦਾ ਹੈ ਪ੍ਰੰਤੂ ਦੂਜਿਆਂ ਖਾਸ ਤੌਰ ਤੇ ਸਮੁਚੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਕੋਈ ਕੱਲਾ ਕਾਰਾ ਵਿਅਕਤੀ ਹੀ ਹੁੰਦਾ ਹੈ, ਅਜਿਹੇ ਵਿਅਕਤੀਆਂ ਵਿਚ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਜਿਹੜਾ ਹਰ ਚੰਗੇ ਕੰਮ ਲਈ ਪਹਿਲ ਕਰਨ ਦਾ ਆਦੀ ਹੈ। ਸੰਸਾਰ ਵਿਚ ਲੱਖਾਂ ਸਿੰਘ ਰਹਿੰਦੇ ਹਨ ਪ੍ਰੰਤੂ ਕਦੀਂ ਵੀ ਕਿਸੇ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੀ ਸੰਜੀਦਗੀ ਨਾਲ ਪਰਕਰਮਾ ਕਰਨ ਦੀ ਖੇਚਲ ਨਹੀਂ ਕੀਤੀ। ਹੁਣ ਤਾਂ 550ਵੇਂ ਪ੍ਰਕਾਸ਼ ਉਤਸਵ ਮੌਕੇ ਤੇ ਇਕ ਦੂਜੇ ਤੋਂ ਮੂਹਰੇ ਹੋ ਕੇ ਆਪਣਾ ਨਾਂ ਚਮਕਾਉਣ ਵਿਚ ਲੱਗੇ ਹੋਏ ਹਨ। ਸ਼ਰਧਾ ਨਾਲੋਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਦੌੜ ਵਿਚ ਹਨ। ਨਾਨਕ ਨਾਮਲੇਵਾ ਨਰਪਾਲ ਸਿੰਘ ਸ਼ੇਰਗਿਲ ਇੱਕ ਅਜਿਹਾ ਵਿਅਕਤੀ ਹੈ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਜਿਹੀ ਪਰਕਰਮਾ ਕੀਤੀ ਹੈ, ਜਿਹੜੀ ਗੁਰੂ ਸਾਹਿਬ ਦੀ ਸੋਚ ਦੀ ਧਾਰਨੀ ਬਣਕੇ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣਦੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪਣੀ ਪੁਸਤਕ '' ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ-2019 '' ਦਾ ਵਡਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਸਿੱਖ ਧਰਮ ਦੇ ਖੋਜੀ ਵਿਦਵਾਨਾ ਦੇ ਸ੍ਰੀ ਗੁਰੂ ਨਾਨਕ ਜੀ ਦੀ ਸੰਸਾਰ ਦੀ ਪਰਕਰਮਾ ਬਾਰੇ ਲੇਖ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਵਿਚ 52 ਪੰਨੇ ਅਜਿਹੇ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਸਿੱਖ ਧਰਮ ਦੀ ਵਿਚਾਰਧਾਰਾ ਦਾ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਹੈ। ਇਸ ਤੋਂ ਅੱਗੇ 72 ਪੰਨਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਵੱਖ ਵੱਖ ਬੁੱਧੀਜੀਵੀ ਲੇਖਕਾਂ ਦੇ ਖੋਜ ਭਰਪੂਰ ਲੇਖ ਹਨ। ਇਸ ਤੋਂ ਇਲਾਵਾ ਸੰਸਾਰ ਭਰ ਵਿਚ ਮਹੱਤਵਪੂਰਨ ਗੁਰੂ ਨਾਨਕ ਨਾਮਲੇਵਾ ਸਿੱਖ ਭਾਈਚਾਰੇ ਦੇ ਉਨ੍ਹਾਂ ਉਦਮੀਆਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੇ ਵਿਓਪਾਰ, ਸਿਆਸਤ, ਸਿੱਖ ਧਰਮ, ਕਲਾ, ਸਾਹਿਤ, ਨਿਆਂਪਾਲਿਕਾ, ਪ੍ਰਬੰਧ, ਮੈਡੀਕਲ, ਵਿਦਿਅਕ, ਵਾਤਵਰਨ, ਪੱਤਰਕਾਰਿਤਾ, ਗਾਇਕੀ, ਸੰਗੀਤ ਅਤੇ ਸਮਾਜ ਦੇ ਹਰ ਖੇਤਰ ਵਿਚ ਮਾਅਰਕੇ ਦੇ ਕੰਮ ਕਰਕੇ ਦੁਨੀਆਂ ਵਿਚ ਸਿੱਖੀ ਦੀ ਸ਼ੋਭਾ ਵਧਾਈ ਹੈ। ਸਿੱਖਾਂ ਦੀ ਪਛਾਣ ਨੂੰ ਸੰਸਾਰ ਵਿਚ ਸਥਾਪਤ ਕੀਤਾ ਹੈ। ਉਨ੍ਹਾਂ ਸਿੱਖਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਨ੍ਹਾਂ ਨੇ ਪਹਿਲੀ ਵਾਰ ਪਰਵਾਸ ਵਿਚ ਜਾ ਕੇ ਨਾਮ ਕਮਾਇਆ ਹੈ। ਖਾਸ ਤੌਰ ਤੇ ਜਿਨ੍ਹਾਂ ਨੇ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਉਹ ਸਿੱਖ ਜਿਹੜੇ ਪਰਵਾਸ ਵਿਚ ਜਾ ਕੇ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ, ਐਮ ਪੀ ਅਤੇ ਰਾਜਦੂਤ ਬਣੇ ਹਨ। ਇਕ ਕਿਸਮ ਨਾਲ ਨਰਪਾਲ ਸਿੰਘ ਸ਼ੇਰਗਿਲ ਦਾ ਇਹ ਉਦਮ ਸਿੱਖੀ ਦੇ ਪਾਸਾਰ ਅਤੇ ਪ੍ਰਚਾਰ ਲਈ ਸਿੱਖ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ। ਇਸ ਪੁਸਤਕ ਦੇ ਪੜ੍ਹਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਮਤਿ ਸਿਧਾਂਤਾਂ ਦੇ ਰਾਹੀਂ ਸਿੱਖ ਧਰਮ ਦੀ ਦਾਰਸ਼ਨਿਕਤਾ ਵਾਲੇ ਫਲਸਫੇ ਦੀ ਡੂੰਘਾਈ ਦਾ ਪਤਾ ਚਲਦਾ ਹੈ। ਮੈਂ ਆਪਣੇ ਜੀਵਨ ਵਿਚ ਨਰਪਾਲ ਸਿੰਘ ਸ਼ੇਰਗਿਲ ਜਿਤਨਾ ਦ੍ਰਿੜ੍ਹ ਇਰਾਦੇ ਵਾਲਾ ਸਿਰੜੀ ਇਨਸਾਨ ਨਹੀਂ ਵੇਖਿਆ, ਜਿਹੜਾ ਆਪਣੇ ਕੋਲੋਂ ਖ਼ਰਚਾ ਕਰਕੇ ਹਰ ਸਾਲ ਪਿਛਲੇ 53 ਸਾਲਾਂ ਤੋਂ ਲਗਾਤਾਰ ਇਕ ਵੱਡ ਆਕਾਰੀ ਪੁਸਤਕ ਪ੍ਰਕਾਸ਼ਤ ਕਰਕੇ ਸਿੱਖੀ ਸੋਚ ਨੂੰ ਸਮਰਪਤ ਕਰਦਾ ਹੋਵੇ। ਭਾਵ ਇਕੱਲਾ ਵਿਅਕਤੀ ਇਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ। ਧਾਰਮਿਕ ਸੰਸਥਾਵਾਂ ਵਿਚ ਤਾਂ ਸਿਆਸਤ ਹੀ ਭਾਰੂ ਹੋਈ ਪਈ ਹੈ। ਇਤਨੀ ਉਮਰ ਵਿਚ ਵੀ ਉਹ ਨੌਜਵਾਨਾਂ ਦੀ ਤਰ੍ਹਾਂ ਖੋਜ ਭਰਪੂਰ ਕੰਮ ਕਰਦਾ ਹੋਇਆ ਸੰਸਾਰ ਦੇ ਅਨੇਕਾਂ ਦੇਸ਼ਾਂ ਵਿਚ ਜਾ ਕੇ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਇਕੱਠੀ ਕਰਦਾ ਰਹਿੰਦਾ ਹੈ। ਨਾਨਕ ਨਾਮਲੇਵਾ ਨੌਜਵਾਨਾ ਨੂੰ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕਦਿਲੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
   ਇਸ ਪੁਸਤਕ ਦਾ ਰੰਗਦਾਰ ਸਚਿਤਰ ਮੁੱਖ ਪੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪੂਰਬ ਤੋਂ ਪੱਛਮ ਤੱਕ ਦੇ ਮਹੱਤਵਪੂਰਨ ਗੁਰੂ ਘਰਾਂ ਦੀਆਂ ਤਸਵੀਰਾਂ ਨਾਲ ਸ਼ੋਭਾ ਵਧਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੀ ਚਰਨ ਛੂਹ ਪ੍ਰਾਪਤ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਥੱਲੇ ਖੱਬੇ ਪਾਸੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਡੈਲਟਾ ਟਾਪੂ ਦੇ ਧੁਰ ਪੱਛਮ ਵਿਚ ਸਥਿਤ ਗੁਰੂ ਘਰ ਜਿਸ ਤੋਂ ਅੱਗੇ ਕੋਈ ਵੱਸੋਂ ਨਹੀਂ ਹੈ ਅਤੇ ਸੱਜੇ ਪਾਸੇ ਆਸਟਰੇਲੀਆ ਦਾ ਪਹਿਲਾ ਗੁਰੂ ਘਰ ਵੂਲਗੂਲਰਮ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਗੁਰੂ ਘਰਾਂ ਦੇ ਦਰਸ਼ਨ ਕਰਵਾ ਦਿੱਤੇ ਜਿਥੇ ਪਹੁੰਚਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਜਿਤਨੇ ਵੀ ਸੰਸਾਰ ਵਿਚ ਗੁਰਦੁਆਰੇ ਹਨ, ਉਨ੍ਹਾਂ ਸਾਰਿਆਂ ਦੇ ਪਤੇ ਅਤੇ ਟੈਲੀਫੋਨ ਨੰਬਰ ਵੀ ਦਿੱਤੇ ਹੋਏ ਹਨ। ਇਸ ਪੁਸਤਕ ਦਾ ਇਕ ਹੋਰ ਵਿਲੱਖਣ ਅਤੇ ਰੌਚਿਕ ਪਹਿਲੂ ਇਹ ਹੈ ਕਿ ਨਰਪਾਲ ਸਿੰਘ ਸ਼ੇਰਗਿਲ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਯਾਤਰਾ ਕਰਕੇ ਉਥੋਂ ਦੇ ਉਨ੍ਹਾਂ ਸਿੱਖਾਂ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ 550 ਇਸਤਰੀਆਂ ਅਤੇ ਮਰਦਾਂ ਦੀਆਂ ਤਸਵੀਰਾਂ ਇਕੱਤਰ ਕਰਕੇ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਇਹ ਪੁਸਤਕ ਫਗਵਾੜਾ ਵਿਖੇ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਅਤੇ ਸੰਗੀਤ ਦਰਪਣ ਫਗਵਾੜਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੀ ਗਈ।
    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਬਾਦ ਕਰਕੇ ਸੰਸਾਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੋਈ ਵੀ ਮਸਲਾ ਸ਼ਾਂਤੀਪੂਰਬਕ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਸੀ ਕਿ ਸਿੱਧਾਂ ਦੇ ਚਮਤਕਾਰੀ ਪ੍ਰਚਾਰ ਨੂੰ ਰੋਕਣ ਲਈ ਸਹੀ ਢੰਗ ਸੰਬਾਦ ਕਰਨਾ ਸਾਬਤ ਹੋਵੇਗਾ, ਹੋਇਆ ਵੀ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਨਰਪਾਲ ਸਿੰਘ ਸ਼ੇਰਗਿਲ ਨੇ ਜਦੋਂ ਦਸਤਾਰ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਤਾਂ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਆਪਣੀ ਪੁਸਤਕ ਵਿਚ ਦਸਤਾਰ ਦੀ ਮਹੱਤਤਾ ਅਤੇ ਉਸਨੂੰ ਆਉਣ ਵਾਲੇ ਸਮੇਂ ਵਿਚ ਖ਼ਤਰੇ ਅਤੇ ਚੁਣੌਤੀਆਂ ਤੋਂ ਸੁਚੇਤ ਕਰਵਾਕੇ ਸੰਬਾਦ ਰਚਾਇਆ। ਉਨ੍ਹਾਂ ਦੀ ਪਹਿਲਕਦਮੀ ਤੋਂ ਬਾਅਦ ਦਸਤਾਰ ਨੂੰ ਹੋਣ ਵਾਲੇ ਖ਼ਤਰੇ ਨੂੰ ਰੋਕਣ ਲਈ ਇਕ ਲਹਿਰ ਬਣ ਗਈ ਸੀ। ਉਸ ਪੁਸਤਕ ਵਿਚ ਖੋਜੀ ਸਿੱਖਾਂ ਤੋਂ ਲੇਖ ਲਿਖਵਾਏ। ਸ਼ਾਲਾ ਨਰਪਾਲ ਸਿੰਘ ਸ਼ੇਰਗਿੱਲ ਇਸੇ ਤਰ੍ਹਾਂ ਉਤਸ਼ਾਹ ਅਤੇ ਦਲੇਰੀ ਨਾਲ ਸਿੱਖੀ ਸੋਚ ਤੇ ਪਹਿਰਾ ਦਿੰਦਾ ਰਹੇ।
 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

ਸਿਆਸਤਦਾਨੋ ਭੜਕਾਊ ਬਿਆਨਬਾਜ਼ੀ ਕਰਕੇ ਦੇਸ ਨੂੰ ਅੱਗ ਦੀ ਭੱਠੀ ਵਿਚ ਨਾ ਸੁੱਟੋ - ਉਜਾਗਰ ਸਿੰਘ

ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ਝੰਜੋੜਕੇ ਰੱਖ ਦਿੱਤਾ ਹੈ। ਹਰ ਭਾਰਤੀ ਦੀਆਂ ਅੱਖਾਂ ਨਮ ਹੋਈਆਂ ਹਨ ਕਿਉਂਕਿ 1947 ਤੋਂ ਲਗਾਤਾਰ ਕਦੀ ਆਸਾਮ, ਝਾਰਖੰਡ, ਦਿੱਲੀ, ਮਹਾਰਾਸ਼ਟਰ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ ਵਿਚ ਚਿੱਟੀਸਿੰਘਪੋਰਾ, ਉੜੀ, ਅਨੰਤਨਾਗ, ਪੁਣਛ ਅਤੇ ਪਠਾਨਕੋਟ  ਵਿਖੇ ਹੋਈਆਂ ਘਟਨਾਵਾਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਂਦਿਆਂ ਸਦਭਾਵਨਾ ਖੰਡਤ ਕੀਤੀ ਹੈ। ਧਰਮ ਦੇ ਨਾਂ ਤੇ ਹੋਈਆਂ ਕੁੜੱਤਣ ਭਰੀਆਂ ਘਟਨਾਵਾਂ ਨੇ ਤਾਂ ਘਿਰਣਾ ਦੀ ਲਹਿਰ ਪੈਦਾ ਕੀਤੀ ਹੈ। ਭਰਾ ਮਾਰੂ ਜੰਗ ਦੇ ਨਤੀਜੇ ਕਦੀਂ ਵੀ ਚੰਗੇ ਨਹੀਂ ਹੁੰਦੇ। ਭਾਰਤ ਨਾਲ ਪਾਕਿਸਤਾਨ ਦੀਆਂ ਤਿੰਨ ਅਤੇ ਇਕ ਚੀਨ ਦੀ ਜੰਗ ਨੇ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ, ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਸੱਟ ਵੱਜੀ ਹੈ। ਪੁਲਵਾਮਾ ਦੀ ਘਟਨਾ ਨੂੰ ਜੈਸ਼-ਏ-ਮੁਹੰਮਦ ਦੇ ਆਦਿਲ ਅਹਿਮਦ ਦਾਰ ਨੇ ਅੰਜਾਮ ਦਿੱਤਾ ਜਿਸ ਵਿਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਭਾਰਤੀਆਂ ਵਿਚ ਗੁੱਸੇ ਅਤੇ ਸ਼ੋਕ ਦੀ ਲਹਿਰ ਦੌੜ ਗਈ ਹੈ ਜੋ ਕਿ ਕੁਦਰਤੀ ਵੀ ਹੈ। ਇਸ ਘਟਨਾ ਦੇ ਵਿਰੁਧ ਗਰਮ ਬਿਆਨਬਾਜ਼ੀ ਸਿਆਸੀ ਨੇਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਭਗਤ ਕਰ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਬਦਲਾ ਲੈਣ ਸਮੇਂ ਵੀ ਖ਼ੂਨ ਖ਼ਰਾਬਾ ਹੁੰਦਾ ਹੈ। ਇਸ ਗਰਮ ਬਿਆਨਬਾਜ਼ੀ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਸਮਾਂ ਬਿਆਨਬਾਜ਼ੀ ਕਰਨ ਦਾ ਨਹੀਂ ਸਗੋਂ ਅੰਤਰਝਾਤ ਮਾਰਨ ਦਾ ਹੈ ਕਿ ਇਹ ਘਟਨਾ ਕਿਨ੍ਹਾਂ ਕਾਰਨਾਂ ਦੀ ਅਣਵੇਖੀ ਕਰਕੇ ਵਾਪਰੀ ਹੈ। ਉਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੈ। ਭੜਕਾਊ ਬਿਆਨਬਾਜ਼ੀ ਵਿਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਬਸ਼ਰਤੇ ਕਿ ਦੋ ਫਿਰਕਿਆਂ ਵਿਚ ਘਿਰਣਾ ਪੈਦਾ ਹੋਵੇਗੀ। ਕਿਸੇ ਵੀ ਫਿਰਕੇ ਦੇ ਸਾਰੇ ਲੋਕ ਚੰਗੇ ਜਾਂ ਮਾੜੇ ਨਹੀਂ ਹੁੰਦੇ। ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਨਫਰਤ ਹਮੇਸ਼ਾ ਸਰੀਰਕ ਅਤੇ ਮਾਨਸਿਕ ਅਸੰਤੁਲਨ ਪੈਦਾ ਕਰਦੀ ਹੈ। ਇਹ ਬਿਆਨਬਾਜ਼ੀ ਸਥਿਤੀ ਨੂੰ ਹੋਰ ਵਿਸਫੋਟਕ ਕਰੇਗੀ। ਆਖ਼ਰਕਾਰ ਸਮਝੌਤਿਆਂ ਤੇ ਦਸਤਖ਼ਤ ਕਰਨੇ ਪੈਂਦੇ ਹਨ। ਪਿਛਲੇ ਘਟਨਾਕਰਮ ਤੇ ਨਿਗਾਹ ਮਾਰਨ ਦੀ ਲੋੜ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ 1999 ਵਿਚ ਮਸੂਦ ਅਜਹਰ ਜਿਸਨੂੰ ਇਸ ਘਟਨਾ ਦੀ ਸ਼ਾਜਸ਼ ਦਾ ਮੁੱਖ ਦੋਸ਼ੀ ਮੰਨਿਆਂ ਜਾ ਰਿਹਾ ਹੈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਮਸੂਦ ਅਜਹਰ ਦੀ ਇੰਟੈਰੋਗੇਸ਼ਨ ਅਜੀਤ ਡੋਵਲ ਨੇ ਕੀਤੀ ਸੀ ਜੋ ਇਸ ਸਮੇਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ। ਇਸਨੂੰ ਛੁਡਵਾਉਣ ਲਈ ਇੰਡੀਅਨ ਏਅਰ ਲਾਈਨਜ਼ ਦਾ ਆਈ ਸੀ 814 ਜਹਾਜ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ। ਭਾਰਤ ਸਰਕਾਰ ਦਾ ਇਕ ਮੰਤਰੀ ਮਸੂਦ ਅਜਹਰ ਅਤੇ ਉਸਦੇ ਸਾਥੀਆਂ ਨੂੰ ਆਪ ਕੰਧਾਰ ਛੱਡਕੇ ਆਇਆ ਸੀ। ਇਸ ਤੋਂ ਬਾਅਦ ਮਸੂਦ ਅਜਹਰ ਨੇ ਜੈਸ਼-ਏ-ਮੁਹੰਮਦ ਨਾਂ ਦੀ ਸੰਸਥਾ ਬਣਾਈ ਸੀ, ਜਿਸਦਾ ਮੁੱਖੀ ਉਹ ਆਪ ਬਣਿਆਂ ਸੀ। ਉਸਤੋਂ ਬਾਅਦ ਉਸਨੇ ਆਪਣੀ ਸੰਸਥਾ ਰਾਹੀਂ ਭਾਰਤ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਧਰਮ ਦੇ ਨਾਂ ਤੇ ਨੌਜਵਾਨਾ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਪੁਲਵਾਮਾ ਵਰਗੀ ਕਾਰਵਾਈ ਮਸੂਦ ਅਜਹਰ ਨੇ ਸ੍ਰੀ ਨਗਰ ਵਿਧਾਨ ਸਭਾ ਤੇ ਹਮਲਾ ਕਰਕੇ 2001-2 ਵਿਚ ਕਰਵਾਈ ਸੀ, ਜਿਸ ਵਿਚ 38 ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ  ਦਿੱਲੀ ਵਿਚ ਭਾਰਤੀ ਸੰਸਦ ਤੇ ਅਜਿਹਾ ਹੀ ਹਮਲਾ 2001 ਵਿਚ ਕੀਤਾ ਗਿਆ। ਉਸ ਸਮੇਂ ਭਾਰਤ ਨੇ ਕੰਟਰੋਲ ਰੇਖਾ ਦੇ ਨਾਲ ਹੀ ਆਪਣੀਆਂ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਸਨ। ਭਾਰਤ ਨੇ ਪਾਕਿਸਤਾਨ ਤੋਂ ਮਸੂਦ ਅਜਹਰ ਸਮੇਤ 20 ਅਤਵਾਦੀ ਭਾਰਤ ਨੂੰ ਦੇਣ ਦੀ ਮੰਗ ਰੱਖੀ। ਪਾਕਿਸਤਾਨ ਨੇ ਭਾਰਤ ਦੀ ਮੰਗ ਨਹੀਂ ਮੰਨੀ। ਲੜਾਈ ਦਾ ਮਾਹੌਲ ਬਣ ਗਿਆ ਸੀ। ਫਿਰ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ। ਖ਼ੂਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਡੁਲ੍ਹਿਆ। ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਭਾਰਤ ਦੇ ਕਹਿਣ ਤੇ ਜੈਸ਼-ਏ-ਮੁਹੰਮਦ ਤੇ ਪਾਬੰਦੀ ਲਾ ਦਿੱਤੀ ਸੀ। ਪਾਕਿਸਤਾਨ ਵਿਚ ਸਰਕਾਰਾਂ ਬਦਲਣ ਨਾਲ ਇਹ ਪਾਬੰਦੀ ਵੀ ਹਟਾ ਲਈ ਗਈ। ਮਸੂਦ ਅਜਹਰ ਦੀ ਜੈਸ਼-ਏ-ਮੁਹੰਮਦ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਜਿਸ ਦੇ ਸਿੱਟੇ ਵਜੋਂ 2008 ਵਿਚ ਮੁੰਬਈ ਵਿਚ ਅਤਵਾਦੀ ਹਮਲੇ ਹੋਏ, ਜਿਨ੍ਹਾਂ ਨੂੰ 26-11 ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਵਿਚ ਆਰਮੀ ਮਨਮਰਜੀ ਕਰਦੀ ਹੈ। ਸਰਕਾਰਾਂ ਬੇਬਸ ਹੁੰਦੀਆਂ ਹਨ। ਭਾਰਤ ਵਿਚ ਫ਼ੌਜ ਸਰਕਾਰ ਤੋਂ ਹੁਕਮ ਲੈਂਦੀ ਹੈ। ਭਾਰਤ ਦੀਆਂ ਫ਼ੌਜਾਂ ਡਾ ਮਨਮੋਹਨ ਸਿੰਘ ਦੇ ਰਾਜ ਵਿਚ ਸਰਜੀਕਲ ਸਟਰਾਈਕ ਕਰਦੀ ਰਹੀ ਪ੍ਰੰਤੂ ਇਹ ਫ਼ੌਜ ਦਾ ਗੁਪਤ ਅਪ੍ਰੇਸ਼ਨ ਹੁੰਦਾ ਹੈ। ਇਸ ਬਾਰੇ ਬਾਹਰ ਜਾਣਕਾਰੀ ਨਹੀਂ ਦੇਣੀ ਹੁੰਦੀ। ਪ੍ਰੰਤੂ ਵਰਤਮਾਨ ਸਰਕਾਰ ਨੇ 2016 ਵਿਚ ਸਰਜੀਕਲ ਸਟਰਾਈਕ ਕਰਕੇ ਉਸਦਾ ਪ੍ਰਚਾਰ ਰਾਜਨੀਤਕ ਲਾਹਾ ਲੈਣ ਲਈ ਕੀਤਾ। ਅਜਿਹੇ ਖ਼ੂਨ ਖ਼ਰਾਬੇ ਦਾ ਪ੍ਰਚਾਰ ਕਰਨਾ ਵਾਜਬ ਨਹੀਂ ਹੁੰਦਾ। ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਕੀਤੀ। ਇਸਦਾ ਨੁਕਸਾਨ ਭਾਰਤੀਆਂ ਦੀਆਂ ਸ਼ਹੀਦੀਆਂ ਨਾਲ ਹੋਇਆ। ਇਸੇ ਖੁੰਦਕ ਵਿਚ ਜੈਸ਼-ਏ-ਮੁਹੰਮਦ ਨੇ ਕਾਰਵਾਈਆਂ ਤੇਜ ਕਰ ਦਿੱਤੀਆਂ। ਪਹਿਲਾਂ ਉੜੀ ਵਿਚ ਹਮਲਾ ਕੀਤਾ। ਉਸਤੋਂ ਬਾਅਦ ਪਠਾਨਕੋਟ, ਅਨੰਤਨਾਗ ਅਤੇ ਪੁਣਛ ਵਿਚ ਹਮਲੇ ਹੋਏ। ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਭਾਰਤ ਸਰਕਾਰ ਆਪਣੀਆਂ ਗ਼ਲਤੀਆਂ ਦਾ ਆਪ ਇਵਜ਼ਾਨਾ ਭੁਗਤ ਰਹੀ ਹੈ। ਜੇਕਰ ਮਸੂਦ ਅਜਹਰ ਨੂੰ ਜਹਾਜ ਵਿਚ ਵਾਪਸ ਛੱਡ ਕੇ ਨਾ ਆਉਂਦੇ ਤਾਂ ਅੱਜ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਜਿਹੜੇ ਕੰਡੇ ਭਾਰਤੀ ਜਨਤਾ ਪਾਰਟੀ ਨੇ ਬੀਜੇ ਹਨ, ਉਹ ਹੁਣ ਉਨ੍ਹਾਂ ਨੂੰ ਆਪ ਹੀ ਚੁਗਣੇ ਪੈ ਰਹੇ ਹਨ। ਆਪੇ ਫਾਥੜੀਏ ਤੈਨੂੰ ਕੌਣ ਬਚਾਵੇ? ਭਾਰਤੀ ਜਨਤਾ ਪਾਰਟੀ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ  ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਭੜਕਾਊ ਬਿਆਨ ਦੇ ਰਹੇ ਹਨ। ਕੱਟੜ ਹਿੰਦੂ ਧਿਰਾਂ ਵੱਲੋਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿਚ ਫ਼ੌਜ ਨੂੰ ਖੁਲ੍ਹੀ ਛੁਟੀ ਦਿੱਤੀ ਜਾ ਰਹੀ ਹੈ। ਜੇਕਰ ਹਿੰਸਾ ਹੋਵੇਗੀ ਤਾਂ ਵੀ ਭਾਰਤੀਆਂ ਦਾ ਹੀ ਖ਼ੂਨ ਡੁਲ੍ਹੇਗਾ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹੀ ਖੇਡ ਹੁਣ ਖੇਡੀ ਜਾ ਰਹੀ ਹੈ। ਨਤੀਜੇ ਖ਼ਤਰਨਾਕ ਹੋਣਗੇ। ਜਦੋਂ ਗੁਜਰਾਤ ਵਿਚ ਹੋਇਆ ਸੀ ਤਾਂ ਕਿਉਂ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ? ਅਜਿਹੀਆਂ ਘਟਨਾਵਾਂ ਤੋਂ ਵੀ ਉਹ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਅਸਲ ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਆਪੋ ਆਪਣੇ ਸਿਆਸੀ ਲਾਹੇ ਲਈ ਰਾਜਨੀਤੀ ਕਰ ਰਹੀਆਂ ਹਨ ਜਦੋਂ ਕਿ ਦੋਹਾਂ ਦੇਸਾਂ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਬਾਰੇ ਗਲਬਾਤ ਚਲ ਰਹੀ ਹੈ। ਲਗਪਗ ਦੋਹਾਂ ਪਾਸੇ ਕੰਮ ਜੋਰ ਸ਼ੋਰ ਨਾਲ ਚਲ ਰਿਹਾ ਹੈ ਤਾਂ ਪੁਲਵਾਮਾਂ ਘਟਨਾ ਦੇ ਰਾਹ ਵਿਚ ਅੜਿਕਾ ਬਣ ਜਾਣ ਦੇ ਆਸਾਰ ਬਣ ਰਹੇ ਹਨ।  ਇੰਜ ਹਮੇਸ਼ਾ ਹੁੰਦਾ ਹੈ ਜਦੋਂ ਦੋਹਾਂ ਦੇਸਾਂ ਦੇ ਸੰਬੰਧ ਸਾਜਗਾਰ ਹੋਣ ਲਗਦੇ ਹਨ ਤਾਂ ਦੋਹਾਂ ਦੇਸਾਂ ਦੀਆਂ ਗੁਪਤਚਰ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਇਸ ਘਟਨਾ ਵਿਚ ਵੀ ਗੁਪਤਚਰ ਏਜੰਸੀਆਂ ਦਾ ਯੋਗਦਾਨ ਹੋਵੇ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਹੋਏ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਟ੍ਰੇਨ ਵਿਚ ਸਾੜ ਦਿੱਤਾ ਗਿਆ। ਉਦੋਂ ਤਾਂ ਭਾਰਤ ਸਰਕਾਰ ਨੇ ਸੁਚਾਰੂ ਕਦਮ ਨਹੀ ਚੁੱਕੇ।  ਭਾਰਤ ਸਰਕਾਰ ਦਾ ਰੋਲ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ। ਇਸ ਸਾਰੇ ਕੁਝ ਦੇ ਬਾਵਜੂਦ ਪੁਲਵਾਮਾ ਦੀ ਘਟਨਾ ਨਿੰਦਣਯੋਗ ਹੈ। ਦੇਸ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਕਮੁੱਠ ਹੋ ਕੇ ਦੁੱਖ ਦੀ ਘੜੀ ਵਿਚ ਸਰਕਾਰ ਦਾ ਸਾਥ ਦਿੱਤਾ ਹੈ ਪ੍ਰੰਤੂ ਸਰਕਾਰ ਨੂੰ ਹੁਣ ਸੰਜੀਦਗੀ ਨਾਲ ਫੈਸਲੇ ਕਰਕਨੇ ਚਾਹੀਦੇ ਹਨ। ਵੋਟ ਦੀ ਰਾਜਨੀਤੀ ਕਰਨ ਲਈ ਹੋਰ ਬਹੁਤ ਮੌਕੇ ਆਉਣਗੇ। ਇਸ ਸਮੇਂ ਦੇਸ਼ ਦੀ ਆਨ ਅਤੇ ਸ਼ਾਨ ਦਾ ਮਸਲਾ ਹੈ।
                                       
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

17 Feb. 2019

ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ ਪੁਸਤਕ ਟਰੇਡ ਯੂਨੀਅਨ ਵਰਤਾਰੇ ਦੀ ਕਹਾਣੀ - ਉਜਾਗਰ ਸਿੰਘ

ਡਾ ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ਟਰੇਡ ਯੂਨੀਅਨ ਦੇ ਵਰਤਾਰੇ ਦੀ ਕਹਾਣੀ ਹੈ, ਜਿਸ ਵਿਚ ਕਿਰਤੀ ਵਰਗ ਦੀ ਤ੍ਰਾਸਦੀ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਵਿਚ ਕਿਰਤੀ ਵਰਗ ਦੇ ਸਰਮਾਏਦਾਰੀ ਅਤੇ ਕਾਰਪੋਰੇਟ ਜਗਤ ਵੱਲੋਂ ਕੀਤੇ ਸ਼ੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲਕਸ਼ਮੀ ਨਰਾਇਣ ਦੀ ਇਹ ਪੁਸਤਕ ਟਰੇਡ ਯੂਨੀਅਨ ਲਹਿਰ ਵਿਚ ਆਈ ਗਿਰਾਵਟ ਦਾ ਵੀ ਪਰਦਾ ਫਾਸ਼ ਕਰਦੀ ਹੈ। ਲਕਸ਼ਮੀ ਨਰਾਇਣ ਭੀਖੀ ਨੇ ਸਾਰੀ ਉਮਰ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਉਥੇ ਕਿਰਤੀ ਵਰਗ ਨਾਲ ਹੋ ਰਹੇ ਵਿਵਹਾਰ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਉਹ ਟਰੇਡ ਯੂਨੀਅਨ ਅਤੇ ਖੱਬੇ ਪੱਖੀ ਜਥੇਬੰਦੀਆਂ ਵਿਚ ਕਾਰਜਸ਼ੀਲ ਵੀ ਰਿਹਾ ਹੈ। ਇਕ ਕਿਸਮ ਨਾਲ ਇਹ ਪੁਸਤਕ ਉਸਦੀ ਕਿਰਤੀ ਜ਼ਿੰਦਗੀ ਦੇ ਜ਼ਮੀਨੀ ਪੱਧਰ ਦੇ ਤਜਰਬੇ ਤੇ ਅਧਾਰਤ ਹੈ। ਉਸਦੀ ਕਮਾਲ ਇਹ ਹੈ ਕਿ ਉਸਨੇ ਟਰੇਡ ਯੂਨੀਅਨ ਲਹਿਰ ਬਾਰੇ ਪੁਸਤਕ ਲਿਖਕੇ ਸਾਹਿਤ ਦਾ ਇਕ ਨਵਾਂ ਰੂਪ ਦਿੱਤਾ ਹੈ। 221 ਪੰਨਿਆਂ ਦੀ ਇਹ ਪੁਸਤਕ ਗੁਸਈਆਂ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸਦੀ ਕੀਮਤ 300 ਰੁਪਏ ਹੈ। ਲੇਖਕ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਇਨ੍ਹਾਂ ਪੰਜਾਂ ਭਾਗਾਂ ਵਿਚ ਲੇਖਕ ਨੇ ਬੜੇ ਹੀ ਸੰਜੀਦਾ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਹੈ, ਜਿਹੜੀ ਕਿਰਤੀ ਵਰਗ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਪ੍ਰੇਰਦੀ ਹੈ। ਪਹਿਲਾ ਭਾਗ 'ਸਮਕਾਲੀ ਜਥੇਬੰਦਕ ਵਰਤਾਰਾ' ਹੈ ਜਿਸ ਵਿਚ ਟਰੇਡ ਯੂਨੀਅਨ ਦੀ ਸੌੜੀ ਸਿਆਸਤ, ਧੜੇਬੰਦੀ, ਜਾਤ ਪਾਤ, ਧਰਮ ਅਤੇ ਕਿੱਤਿਆਂ ਤੇ ਅਧਾਰਤ ਪਈਆਂ ਵੰਡੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਸਾਰ ਵਿਚ ਪ੍ਰਮੁੱਖ ਦੇਸ਼ਾਂ ਅਮਰੀਕਾ, ਰੂਸ ਅਤੇ ਇੰਗਲੈਂਡ ਵਿਚ ਟਰੇਡ ਯੂਨੀਅਨਾਂ ਦੀ ਭੂਮਿਕਾ ਬਾਰੇ ਵੀ ਦੱਸਿਆ ਗਿਆ ਹੈ। ਅਮਰੀਕਾ ਵਿਚ ਟਰੇਡ ਯੂਨੀਅਨਾਂ ਸਿਰਫ ਆਰਥਿਕ ਸੁਧਾਰਾਂ ਰਾਹੀਂ ਸਮਾਜਿਕ ਕ੍ਰਾਂਤੀ ਲਿਆਉਣ ਤੱਕ  ਸੀਮਤ ਸਨ। ਭਾਰਤ ਵਿਚ ਟਰੇਡ ਯੂਨੀਅਨਾਂ ਆਪਣੇ ਮਕਸਦ ਤੋਂ ਕਿਨਾਰਾ ਕਰਕੇ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਦੇ ਰਾਹ ਪੈ ਗਈਆਂ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਅਧਿਕਾਰੀਆਂ ਨੇ ਆਪਣੀ ਜਥੇਬੰਦੀਆਂ ਬਣਾਕੇ ਜਮਾਤੀ ਹਿੱਤਾਂ ਤੇ ਪਹਿਰਾ ਦੇਣ ਲੱਗ ਪਏ। ਰਾਜਨੀਤਕ ਲੋਕ ਇਨ੍ਹਾਂ ਯੂਨੀਅਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਲੱਗ ਪਏ।  ਇਨ੍ਹਾਂ ਦੇ ਨੇਤਾ ਮੌਕਾ ਪ੍ਰਸਤ ਬਣਕੇ ਯੂਨੀਅਨਾਂ ਨੂੰ ਨਿੱਜੀ ਮੁਫ਼ਾਦਾਂ ਲਈ ਵਰਤਣ ਲੱਗ ਪਏ। ਰਹਿੰਦੀ ਕਸਰ ਤਕਨੀਕੀ ਯੁਗ ਨੇ ਕੱਢ ਦਿੱਤੀ। ਪੂੰਜੀਪਤੀ ਆਪਣਾ ਉਲੂ ਇਨ੍ਹਾਂ ਰਾਹੀਂ ਸਿੱਧਾ ਕਰਦੇ ਹਨ। ਲੇਖਕ ਨੇ ਸੁਝਾਅ ਦਿੱਤਾ ਹੈ ਕਿ ਇਕ ਅਦਾਰੇ ਵਿਚ ਇਕ ਯੂਨੀਅਨ ਹੋਣੀ ਚਾਹੀਦੀ ਹੈ। ਟਰੇਡ ਯੂਨੀਅਨ ਲਹਿਰ ਦਾ ਵਰਤਮਾਨ ਖ਼ਤਰੇ ਵਿਚ ਹੈ ਕਿਉਂਕਿ ਇਸ ਵਿਚ ਫੁੱਟ ਪਾ ਕੇ ਪੂੰਜੀਪਤੀ ਕਿਰਤੀਆਂ ਦਾ ਸ਼ੋਸ਼ਣ ਕਰ ਰਹੇ ਹਨ। ਸਿਆਸੀ ਪਾਰਟੀਆਂ ਨੇ ਆਪਣੇ ਮਜ਼ਦੂਰ ਵਿੰਗ ਬਣਾ ਲਏ ਹਨ। ਉਹ ਆਪਸ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਯੂਨੀਅਨ ਜ਼ਾਤ ਪਾਤ ਤੇ ਅਧਾਰਤ ਹਨ। ਉਹ ਆਪੋ ਆਪਣੀਆਂ ਜ਼ਾਤਾਂ ਦੇ ਹਿੱਤਾਂ ਦੀ ਗੱਲ ਕਰਦੀਆਂ ਹਨ। ਧਰਮ ਅਤੇ ਕਿੱਤਿਆਂ ਤੇ ਅਧਾਰਤ ਵੀ ਯੂਨੀਅਨ ਹਨ। ਕੁਝ ਜਥੇਬੰਦੀਆਂ ਤਾਂ ਬਿਰਧ ਆਸ਼ਰਮ ਬਣ ਚੁੱਕੀਆਂ ਹਨ ਕਿਉਂਕਿ ਉਨ੍ਹਾਂ ਦੇ ਨੇਤਾ ਸੇਵਾ ਮੁਕਤ ਹੋਣਾ ਹੀ ਨਹੀਂ ਚਾਹੁੰਦੇ, ਜਿਸ ਕਰਕੇ ਨੌਜਵਾਨ ਵਰਗ ਨਿਰਾਸ਼ ਹੋ ਜਾਂਦਾ ਹੈ। ਇਸਤੋਂ ਸਾਫ ਸੰਕੇਤ ਮਿਲਦੇ ਹਨ ਕਿ ਮਜ਼ਦੂਰ ਜਥੇਬੰਦੀਆਂ ਵਿਚ ਏਕਤਾ ਨਹੀਂ, ਜਿਸ ਕਰਕੇ ਉਹ ਆਪਣੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦੇ। ਮਈ ਦਿਵਸ ਜੋ ਮਜ਼ਦੂਰ ਏਕਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ ਪ੍ਰੰਤੂ ਹੋ ਇਸਦੇ ਉਲਟ ਰਿਹਾ ਹੈ ਕਿਉਂਕਿ ਮਜ਼ਦੂਰ ਸੰਗਠਤ ਨਹੀਂ ਹਨ। ਲੇਖਕ ਨੇ ਇਨ੍ਹਾਂ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੇ ਸੁਝਾਅ ਵੀ ਦਿੱਤੇ ਹਨ। ਲੇਖਕ ਅਨੁਸਾਰ ਜਥੇਬੰਦੀਆਂ ਦੀ ਬੌਧਿਕਤਾ ਵਿਚ ਖੜੋਤ ਆ ਗਈ ਹੈ। ਬੌਧਿਕਤਾ ਦੇ ਵਿਕਾਸ ਦੀ ਅਤਿਅੰਤ ਲੋੜ ਹੈ। ਮਜ਼ਬੂਤ ਲੀਡਰਸ਼ਿਪ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ। ਟਰੇਡ ਯੂਨੀਅਨਾਂ ਦੀ ਭੂਮਿਕਾ ਲੋਕ ਪੱਖੀ ਨਹੀਂ ਹੈ। ਦੂਜਾ ਭਾਗ 'ਕਰਮਚਾਰੀ ਵਰਗ ਦੀ ਦਸ਼ਾ ਅਤੇ ਦਿਸ਼ਾ' ਹੈ ਜਿਸ ਵਿਚ ਕਰਮਚਾਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਵਿਵਹਾਰ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਅਨੁਸਾਰ ਕਰਮਚਾਰੀਆਂ ਦੀ ਦਫਤਰੀ ਕਾਰਜ਼ਸ਼ੈਲੀ ਲੋਕ ਵਿਰੋਧੀ ਹੋ ਗਈ ਹੈ। ਅਧਿਕਾਰੀ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਫਰਜਾਂ ਤੋਂ ਕਿਨਾਰਾਕਸ਼ੀ ਕਰਦੇ ਹਨ। ਬਾਬੂ, ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਹੈ। ਇਹ ਸਾਰੇ ਰਲਮਿਲਕੇ ਲੋਕਾਂ ਨੂੰ ਲੁਟਦੇ ਹਨ। ਇਹ ਲੋਕ ਆਪਣੇ ਆਪ ਨੂੰ ਹਾਕਮ ਸਮਝਦੇ ਹਨ, ਸੇਵਕ ਨਹੀਂ, ਇਸ ਕਰਕੇ ਇਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਮੁਲਾਜ਼ਮ ਲਹਿਰ ਦੀ ਜੁਗਲਬੰਦੀ ਸਿਰਲੇਖ ਹੇਠ ਲੇਖਕ ਦਸਦਾ ਹੈ ਕਿ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਕੰਮ ਦੇਣਾ ਚਾਹੀਦਾ ਹੈ। ਕਈ ਆਗੂ ਸਾਰੇ ਕੰਮ ਨੂੰ ਆਪ ਹੀ ਜੱਫਾ ਮਾਰ ਲੈਂਦੇ ਹਨ, ਜਿਸ ਕਰਕੇ ਮੁਲਾਜ਼ਮਾ ਦੇ ਹਿਤ ਸੁਰੱਖਿਅਤ ਨਹੀ ਰਹਿੰਦੇ। ਕੱਚੀ ਨੌਕਰੀ ਦੇ ਡਰ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਮੁਲਾਜ਼ਮ ਵਰਗ ਦਾ ਵਰਤਾਰਾ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਕਰਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਕਿਰਤ ਸਭਿਆਚਾਰ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤੀਜਾ ਭਾਗ ' ਬੋਰਡਾਂ ਦਾ ਅਤੀਤ ਅਤੇ ਵਰਤਮਾਨ' ਬਾਰੇ ਜਿਸ ਵਿਚ ਬਿਜਲੀ ਬੋਰਡਾਂ ਵਿਚ ਹੋ ਰਹੇ ਭਰਿਸ਼ਟਾਚਾਰ, ਲੁੱਟ ਅਤੇ ਬੋਰਡ ਦਾ ਨਿਗਮੀਕਰਨ ਕਰਕੇ ਦੁਰਵਰਤੋਂ ਕੀਤੀ ਗਈ ਹੈ, ਜਿਸਦੇ ਨਤੀਜੇ ਚੰਗੇ ਨਹੀਂ ਰਹੇ। ਬੋਰਡਾਂ ਦਾ ਨਿਗਮੀਕਰਨ ਪੂੰਜੀਵਾਦੀ ਪ੍ਰਬੰਧ ਦੀ ਉਪਜ ਹੈ, ਜਿਸ ਕਰਕੇ ਸਰਕਾਰਾਂ ਬਹੁ ਕਰੋੜੀ ਕੰਪਨੀਆਂ ਤੇ ਨਿਰਭਰ ਹੋ ਜਾਂਦੀਆਂ ਹਨ। ਨਿਗਮੀਕਰਨ ਕੁਦਰਤੀ ਸੋਮਿਆਂ ਅਤੇ ਮਨੁੱਖੀ ਵਸੀਲਿਆਂ ਨੂੰ ਪ੍ਰਭਾਵਤ ਕਰਦਾ ਹੈ। ਇਸਦਾ ਮੁੱਖ ਮੰਤਵ ਮੁਨਾਫਾ ਕਮਾਉਣਾ ਹੁੰਦਾ ਹੈ।  ਬਿਜਲੀ ਨਿਗਮਾ ਦੇ ਸੁਧਾਰਾਂ ਦੀ ਪ੍ਰਕਿਰਿਆ ਦੇ ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ਇਨ੍ਹਾਂ ਸੁਧਾਰਾਂ ਦਾ ਬਹਾਨਾ ਬਣਾਕੇ ਸੰਸਾਰ ਵਿਚ ਫੇਲ੍ਹ ਹੋਏ ਤਜਰਬੇ ਅਪਣਾਏ ਜਾਂਦੇ ਹਨ।  ਨਿਜੀਕਰਨ ਅਤੇ ਬਿਜਲੀ ਨਿਗਮਾ ਦੀ ਸਥਿਤੀ ਵਿਚ ਵਿਚ ਲਿਖਿਆ ਗਿਆ ਹੈ ਕਿ ਵੋਟ ਬੈਂਕ ਦੀ ਰਾਜਨੀਤੀ ਲਈ ਬਿਜਲੀ ਬੋਰਡਾਂ ਨੂੰ ਵਰਤਿਆ ਜਾ ਰਿਹਾ ਹੈ। ਕਈ ਰਾਜਾਂ ਵਿਚ ਬਿਜਲੀ ਬੋਰਡਾਂ ਨੂੰ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ ਹੈ, ਜਿਸਦੇ ਨਤੀਜੇ ਸਾਰਥਿਕ ਨਹੀਂ ਰਹੇ। ਨਿਗਮੀਕਰਨ ਵਿਰੁਧ ਸਾਂਝੇ ਸੰਘਰਸ਼ ਸਿਰਲੇਖ ਵਿਚ ਲੇਖਕ ਨੇ ਦੱਸਿਆ ਹੈ ਕਿ ਪਾਣੀ ਨਾਲ ਬਿਜਲੀ ਤਿਆਰ ਕਰਨ ਦੇ ਸੋਮਿਆਂ ਦੀ ਵਰਤੋਂ ਦੀ ਥਾਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਬਿਜਲੀ ਖ਼ਪਤਕਾਰਾਂ ਨੂੰ ਮਹਿੰਗੀ ਮਿਲਦੀ ਹੈ। ਇਸਨੂੰ ਰੋਕਣ ਲਈ ਸਾਂਝੇ ਤੌਰ ਤੇ ਸੰਗਠਤ ਹੋਣ ਦੀ ਲੋੜ ਹੈ। ਸਾਮਰਾਜੀ ਤਾਕਤਾਂ ਪਛੜੇ ਅਤੇ ਵਿਕਾਸਸ਼ੀਲ ਦੇਸਾਂ ਵਿਚ ਬਹੁ ਕਰੋੜੀ ਕੰਪਨੀਆਂ ਭੇਜਕੇ ਮਕੜਜਾਲ ਬੁਣਿਆਂ ਜਾ ਰਿਹਾ ਹੈ। ਬਿਜਲੀ ਦੀ ਮੰਗ ਅਤੇ ਚੋਰੀ ਸੰਬੰਧੀ ਅਧਿਅਏ ਵਿਚ ਲਿਖਿਆ ਹੈ ਕਿ ਬਿਜਲੀ ਦੀ ਚੋਰੀ ਮਨੁੱਖ ਦੀ ਚੋਰੀ ਵਾਲੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਇਸ ਲਈ ਚੋਰੀ ਵਾਲੀ ਮਾਨਸਿਕਤਾ ਦਾ ਇਲਾਜ ਜ਼ਰੂਰੀ ਹੈ। ਲੋਕ ਸਰਕਾਰੀ ਚੋਰੀ ਨੂੰ ਚੋਰੀ ਹੀ ਨਹੀਂ ਸਮਝਦੇ। ਸੂਰਜੀ ਸ਼ਕਤੀ ਦੀ ਵਰਤੋਂ ਜ਼ਰੂਰੀ ਹੈ। ਪ੍ਰਮਾਣੂ ਬਿਜਲੀ ਸਸਤੀ ਹੈ ਪ੍ਰੰਤੂ ਖ਼ਤਰਨਾਕ ਨਤੀਜਿਆਂ ਤੋਂ ਲੋਕ ਡਰਦੇ ਹਨ। ਬਿਜਲੀ ਬੋਰਡਾਂ ਦੀ ਪ੍ਰਬੰਧਕੀ ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ ਹੈ।  ਗਰਿਡਾਂ ਅਤੇ ਸਬ ਸਟੇਸ਼ਨਾ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਹੂਲਤਾਂ ਦੀ ਘਾਟ ਹੁੰਦੀ ਹੈ। ਚੌਥਾ ਭਾਗ 'ਸਮਾਜਵਾਦੀ ਸਿਧਾਂਤ ਅਤੇ ਅਮਲ' ਹੈ ਜਿਸ ਵਿਚ ਸਮਾਜਵਾਦੀ ਸਿਧਾਂਤ ਉਪਰ ਕਿਸ ਤਰ੍ਹਾਂ ਪਹਿਰਾ ਦਿੱਤਾ ਜਾ ਸਕਦਾ ਹੈ ਤੇ ਇਸ ਸਮੇਂ ਕੀ ਵਾਪਰ ਰਿਹਾ ਹੈ? %ਖੱਬੇ ਪੱਖੀ ਲਹਿਰ ਦੇ ਖ਼ਾਤਮੇ ਨੂੰ ਕਿਵੇਂ ਰੋਕਿਆ ਜਾਵੇ। ਕਮਿਊਨਿਸਟਾਂ ਨੇ ਮੈਨੀਫੈਸਟੋ ਤੋਂ ਸਹੀ ਸੇਧ ਨਹੀਂ ਲਈ ਜਿਸ ਕਰਕੇ ਮਜ਼ਦੂਰ ਜਮਾਤ ਨੂੰ ਮੁਕਤੀ ਨਹੀਂ ਮਿਲੀ। ਮਜ਼ਦੂਰ ਜਮਾਤ ਦੀ ਰਣਨੀਤੀ ਵੀ ਸਹੀ ਨਹੀਂ। ਮਾਰਕਸਵਾਦੀ ਸਿਧਾਂਤ ਤੇ ਅਮਲ ਨਹੀਂ ਹੋਇਆ। ਮਜ਼ਦੂਰ ਵਰਗ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਖ਼ਪਤਕਾਰ ਕਲਚਰ ਦਾ ਸ਼ਿਕਾਰ ਹੋ ਗਿਆ। ਇਸ ਚੈਪਟਰ ਵਿਚ ਅਮਰ ਸ਼ਹੀਦ ਸੁਖਦੇਵ, ਚੰਦਰ ਸ਼ੇਖ਼ਰ ਅਜ਼ਾਦ, ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਗ਼ਦਰ ਲਹਿਰ ਦੇ ਸੈਨਾਪਤੀ ਕਰਤਾਰ ਸਿੰਘ ਸਰਾਭਾ ਦੇ ਯੋਗਦਾਨ ਬਾਰੇ ਵੀ ਲਿਖਿਆ ਗਿਆ ਹੈ। ਪੰਜਵੇਂ ਭਾਗ 'ਸੰਸਾਰੀਕਰਨ ਦੇ ਪ੍ਰਭਾਵ' ਬਾਰੇ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਾਰਪੋਰੇਟ ਜਗਤ ਸੰਸਾਰੀਕਰਨ ਦੇ ਨਾਂ ਤੇ ਕਿਰਤੀ ਵਰਗ ਦਾ ਸ਼ੋਸ਼ਣ ਕਰ ਰਿਹਾ ਹੈ। ਮਾਨਵਵਾਦ ਕਿਰਤੀ ਕਾਮਿਆਂ ਦੇ ਹੱਕਾਂ ਲਈ ਯਤਨਸ਼ੀਲ ਹੈ। ਹੁਣ ਮਾਨਵਵਾਦੀ ਵਿਚਾਰਾਂ ਦਾ ਉਭਾਰ ਹੋਇਆ ਹੈ। ਦੇਸ਼ ਭਗਤਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਪੋਰੇਟ ਸੈਕਟਰ ਭਾਰੂ ਹੋ ਗਿਆ। ਭਾਰਤ ਵਿਚ ਆਰਥਕ ਵਿਕਾਸ ਸਮਤੁਲ ਨਹੀਂ। ਪੂੰਜੀਵਾਦ ਕਰਕੇ ਮਸ਼ੀਨੀਕਰਨ ਹੋ ਗਿਆ ਜਿਸ ਕਰਕੇ ਬੇਰੋਜ਼ਗਾਰੀ ਵੱਧ ਗਈ। ਅੰਬੇਦਕਰ ਦੀਆਂ ਨੀਤੀਆਂ ਤੇ ਅਮਲ ਨਹੀਂ ਹੋ ਰਿਹਾ। ਅਖੀਰ ਵਿਚ ਇੱਕ ਨਾਟਕ ਨਿੱਜੀਕਰਨ ਨਹੀਂ ਚਾਹੀਦਾ ਪ੍ਰਕਾਸ਼ਤ ਕੀਤਾ ਗਿਆ ਹੈ। ਲਕਸ਼ਮੀ ਨਰਾਇਣ ਭੀਖੀ ਨੇ ਹੁਣ ਤੱਕ ਪੰਜਾਬੀ ਭਾਸ਼ਾ ਦੀ ਝੋਲੀ ਵਿਚ 6 ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚ ਤਿੰਨ ਮੌਲਿਕ ਅਤੇ 3 ਸੰਪਾਦਨਾ ਦੀਆਂ ਹਨ। ਉਸਦੀਆਂ 6 ਹੋਰ ਪੁਸਤਕਾਂ ਪ੍ਰਕਾਸ਼ਨਾ ਦੇ ਵੱਖ-ਵੱਖ ਪੱਧਰਾਂ ਤੇ ਹਨ। ਉਸਦੀ ਇਹ ਪੁਸਤਕ ਆਮ ਪੁਸਤਕਾਂ ਤੋਂ ਵੱਖਰੀ ਕਿਸਮ ਦੀ ਹੈ। ਇਸ ਪੁਸਤਕ ਵਿਚ ਕਿਰਤੀ ਸਮਾਜ ਦੀ ਮਿਹਨਤੀ ਪ੍ਰਵਿਰਤੀ ਦੇ ਬਾਵਜੂਦ ਉਸਦੀ ਸਮਾਜਿਕ ਲੁੱਟ ਖਸੁੱਟ ਨੂੰ ਨੰਗਿਆਂ ਕੀਤਾ ਹੈ। ਭੀਖੀ ਲੋਕ ਪੱਖੀ ਵਿਚਾਰਧਾਰਾ ਦਾ ਸਮਰਥਕ ਬਣਕੇ ਉਭਰਿਆ ਹੈ। ਜੇਕਰ ਉਸਨੂੰ ਸਮਾਜਕ ਚਿੰਤਕ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਕਿਉਂਕਿ ਉਸਨੇ ਕਿਰਤੀ ਵਰਗ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਹ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਹੈ, ਜਿਸ ਕਰਕੇ ਉਸਨੇ ਬਿਜਲੀ ਬੋਰਡਾਂ ਵਿਚ ਸਿਆਸੀ, ਸਮਾਜਿਕ ਅਤੇ ਆਰਥਿਕ ਭਰਿਸ਼ਟਾਚਾਰ ਦਾ ਭਾਂਡਾ ਫੋੜਿਆ ਹੈ। ਲੇਖਕ ਨੇ ਕਰਮਚਾਰੀਆਂ ਸਮੇਤ ਸਾਰੇ ਵਰਗਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਕ ਕਿਸਮ ਨਾਲ ਉਸਨੇ ਸਮੁੰਦਰ ਵਿਚ ਰਹਿੰਦਿਆਂ ਮਗਰਮੱਛਾਂ ਨਾਲ ਵੈਰ ਪਾਇਆ ਹੈ। ਟਰੇਡ ਯੂਨੀਅਨ ਦੇ ਨੇਤਾਵਾਂ ਦੀਆਂ ਪਿਛਾਂਹਖਿਚੂ ਦ੍ਰਿਸ਼ਟੀਆਂ ਹੀ ਇਸ ਲਹਿਰ ਦੇ ਖ਼ਾਤਮੇ ਦਾ ਕਾਰਨ ਬਣਦੀਆਂ ਹਨ। ਇਸ ਕਰਕੇ ਹੀ ਕੰਮ ਸਭਿਆਚਾਰ ਖ਼ਤਮ ਹੋ ਗਿਆ ਹੈ। ਬਿਜਲੀ ਬੋਰਡਾਂ ਵਿਚ ਆਪੋ ਧਾਪੀ ਪਈ ਹੋਈ ਹੈ।
      ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਡਾ ਲਕਸ਼ਮੀ ਨਰਾਇਣ ਭੀਖੀ ਦਾ ਉਪਰਾਲਾ ਸਲਾਹਣਯੋਗ ਹੈ ਪ੍ਰੰਤੂ ਸਾਰੀ ਪੁਸਤਕ ਵਿਚ ਹੀ ਦੁਹਰਾਓ ਬਹੁਤ ਹੈ। ਉਨ੍ਹਾਂ ਗੱਲਾਂ ਅਤੇ ਵਿਚਾਰਾਂ ਨੂੰ ਵਾਰ ਵਾਰ ਹਰ ਚੈਪਟਰ ਵਿਚ ਲਿਖਿਆ ਗਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

14 Feb. 2019

ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ : ਬਾਦਲ ਪਰਿਵਾਰ ਲਈ ਨਮੋਸ਼ੀ - ਉਜਾਗਰ ਸਿੰਘ

ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਮਿਲਣ ਤੇ ਬਾਦਲ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਪ੍ਰਧਾਨ ਤੋਂ ਇਲਾਵਾ ਸਾਰੇ ਅਕਾਲੀ ਨੇਤਾਵਾਂ ਨੇ ਇਹ ਪੁਰਸਕਾਰ ਮਿਲਣ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਵਧਾਈ ਦਿੱਤੀ ਹੈ। ਵਧਾਈ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਪੱਬਾਂ ਭਾਰ ਹੋਏ ਪਏ ਹਨ। ਰ{ੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਦੀ ਕਹਾਵਤ ਸਾਊ ਸਿਆਸਤਦਾਨ ਅਤੇ ਖੇਡ ਪ੍ਰੇਮੀ ਸੁਖਦੇਵ ਸਿੰਘ ਢੀਂਡਸਾ ਨੂੰ ਕੇਂਦਰ ਸਰਕਾਰ ਵੱਲੋਂ ਪਦਮ ਭੂਸ਼ਣ ਪੁਰਸਕਾਰ ਦਾ ਐਲਾਨ ਕਰਨ ਨਾਲ ਸਹੀ ਸਾਬਤ ਹੋ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਵੇਂ ਅਕਾਲੀ ਦਲ ਅਤੇ ਭਾਰਤੀ ਪਾਰਟੀ ਦਾ ਕੇਂਦਰ ਅਤੇ ਪੰਜਾਬ ਵਿਚ ਭਾਈਵਾਲ ਹੈ ਪ੍ਰੰਤੂ ਭਾਰਤੀ ਜਨਤਾ ਪਾਰਟੀ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਦਿੱਤੇ ਇਨ੍ਹਾਂ ਪੁਰਸਕਾਰਾਂ ਬਾਰੇ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਨੇਤਾ ਪਰਕਾਸ਼ ਸਿੰਘ ਬਾਦਲ ਦੀ ਸਲਾਹ ਲੈਣਾ ਤਾਂ ਦੂਰ ਦੀ ਗੱਲ ਰਹੀ ਪ੍ਰੰਤੂ ਉਨ੍ਹਾਂ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ। ਜੇਕਰ ਪਰਕਾਸ਼ ਸਿੰਘ ਬਾਦਲ ਨੂੰ ਭਰੋਸੇ ਵਿਚ ਲੈਂਦੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਆਪ ਨੂੰ ਇਹ ਪੁਰਸਕਾਰ ਲੈਣ ਲਈ ਕਹਿਣਾ ਸੀ। ਸੁਖਦੇਵ ਸਿੰਘ ਢੀਂਡਸਾ ਨੂੰ ਇਹ ਪੁਰਸਕਾਰ ਦੇਣ ਦਾ ਭਾਵ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਰਮਦਲੀਏ ਅਕਾਲੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਪਦਮ ਸ੍ਰੀ ਪੁਰਸਕਾਰ ਤਾਂ ਪਹਿਲਾਂ ਵੀ ਪੰਜਾਬੀਆਂ ਅਤੇ ਸਿੱਖਾਂ ਨੂੰ ਦਿੱਤੇ ਗਏ ਹਨ ਪ੍ਰੰਤੂ ਪਦਮ ਭੂਸ਼ਣ ਪੁਰਸਕਾਰ ਪਹਿਲੀ ਵਾਰ ਕਿਸੇ ਸਿੱਖ ਅਤੇ ਖਾਸ ਤੌਰ ਤੇ ਅਕਾਲੀ ਦਲ ਦੇ ਨੇਤਾ ਨੂੰ ਦਿੱਤਾ ਗਿਆ ਹੈ। ਇਸ ਪੁਰਸਕਾਰ ਤੋਂ ਇਹ ਵੀ ਕਨਸੋਅ ਮਿਲਦੀ ਹੈ ਕਿ ਦੋਹਾਂ ਪਾਰਟੀਆਂ ਵਿਚ ਵਿਚਾਰਧਾਰਾ ਦੇ ਵਖਰੇਵੇਂ ਦੀ ਕੋਈ ਖਿਚੜੀ ਪੱਕ ਰਹੀ ਹੈ। ਪੁਰਸਕਾਰਾਂ ਵਿਚ ਵੋਟਾਂ ਦੀ ਰਾਜਨੀਤੀ ਭਾਰੂ ਹੋ ਗਈ ਹੈ। ਤਿੰਨ ਭਾਰਤ ਰਤਨ ਦੇ ਪੁਰਸਕਾਰਾਂ ਵਿਚੋਂ ਦੋ ਵਿਅਕਤੀ ਭੁਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਭਾਵੇਂ ਆਪੋ ਆਪਣੇ ਖੇਤਰਾਂ ਦੇ ਮਾਹਿਰ ਹਨ ਪ੍ਰੰਤੂ ਸਭ ਤੋਂ ਪਹਿਲਾਂ ਉਹ ਆਰ ਐਸੇ ਐਸ ਦੇ ਕਾਰਜਕਰਤਾ ਹਨ। ਪ੍ਰਣਾਬ ਮੁਕਰਜੀ ਨੂੰ ਭਾਰਤ ਦਾ ਸਭ ਤੋਂ ਸਰਵੋਤਮ ਪੁਰਸਕਾਰ ਭਾਰਤ ਰਤਨ ਦੇਣਾ ਵੀ ਪੱਛਵੀਂ ਬੰਗਾਲ ਵਿਚੋਂ ਭਾਰਤੀ ਜਨਤਾ ਪਾਰਟੀ ਦੀ ਵੋਟਾਂ ਲੈਣ ਦੀ ਚਾਲ ਕਹੀ ਜਾ ਸਕਦੀ ਹੈ। ਅਜੇ ਤੱਕ ਕਿਸੇ ਵੀ ਸਿੱਖ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ ਜਦੋਂ ਕਿ ਡਾ ਮਨਮੋਹਨ ਸਿੰਘ ਹੱਕਦਾਰ ਹਨ।  ਭਾਰਤ ਰਤਨ ਪੁਰਸਕਾਰਾਂ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ। ਤਾਜਾ ਘਟਨਾਕਰਮ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਦੀ ਬਿਹਤਰੀ ਅਤੇ ਹੋਂਦ ਕਾਇਮ ਰੱਖਣ ਲਈ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਬਿਆਨ ਦੇ ਕੇ ਇਕ ਵਾਰ ਫਿਰ ਅਕਾਲੀ ਦਲ ਵਿਚ ਬਗਾਬਤ ਦਾ ਰਾਹ ਸਾਫ ਕਰ ਦਿੱਤਾ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕਦਮ ਦੀ ਪੁਸ਼ਟੀ ਕਰਦਾ ਹੈ। ਦੂਜੇ ਪਾਸੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪੁਰਸਕਾਰ ਦੇ ਕੇ 1984 ਦੀਆਂ ਘਟਨਾਵਾਂ ਤੋਂ ਪ੍ਰਭਾਵਤ ਸਿੱਖਾਂ ਨੂੰ ਵੀ ਖ਼ੁਸ਼ ਕਰਨਾ ਚਾਹੁੰਦੀ ਹੈ। ਸੁਖਦੇਵ ਸਿੰਘ ਢੀਂਡਸਾ, ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਅਤੇ ਰੋਜ਼ਾਨਾ ਅਜੀਤ ਸਮੂਹ ਅਖ਼ਬਾਰਾਂ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਦੋਸਤੀ ਵੀ ਰੰਗ ਲਿਆਈ ਹੈ ਕਿਉਂਕਿ ਇਸ ਤਿਕੜੀ ਦੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੁਰ ਨਹੀਂ ਮਿਲਦੀ। ਤਰਲੋਚਨ ਸਿੰਘ ਦਿੱਲੀ ਵਿਚ ਬੈਠਾ ਹਰ ਸਿਆਸੀ ਘਟਨਾ ਤੇ ਤਿੱਖੀ ਨਜ਼ਰ ਰੱਖਦਾ ਹੈ।
        ਸਿਆਸਤ ਇਕ ਅਜੇਹਾ ਖੇਤਰ ਹੈ, ਜਿਸ ਵਿਚ ਸਫਲ ਹੋਣ ਲਈ ਕਿਸੇ ਵੀ ਸਾਥੀ ਸਿਆਸਤਦਾਨ ਨੂੰ ਬਖ਼ਸ਼ਿਆ ਨਹੀਂ ਜਾਂਦਾ। ਆਪਣੇ ਆਪ ਨੂੰ ਸਿਆਸਤ ਵਿਚ ਸਥਾਪਤ ਕਰਨ ਲਈ ਹਰ ਜਾਇਜ਼ ਨਜ਼ਾਇਜ਼ ਵਸੀਲਾ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਵਿਅਕਤੀ ਬਾਰੇ ਅੱਜ ਦੇ ਤਿਗੜਮਬਾਜ਼ੀ ਦੇ ਜ਼ਮਾਨੇ ਵਿਚ ਸਾਊ ਸ਼ਬਦ ਵਰਤਣਾ ਅਜੀਬ ਜਿਹਾ ਲੱਗਦਾ ਹੈ ਕਿਉਂਕਿ ਅਜੋਕੇ ਸਿਆਸਤਦਾਨਾ ਦੇ ਕਿਰਦਾਰ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ  ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿਆਸਤ ਵਿਚ ਜੁਮਲੇਬਾਜ਼ੀ ਭਾਰੂ ਹੋ ਰਹੀ ਹੈ। ਚੋਣਾਂ ਜਿੱਤਣ ਅਤੇ ਆਪਣੀਆਂ ਹੀ ਪਾਰਟੀਆਂ ਵਿਚ ਆਪਣੀ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਜਿਹੜਾ ਸਿਆਸਤਦਾਨ ਸਾਥੀਆਂ ਨੂੰ ਠਿੱਬੀ ਲਾਉਣ ਦਾ ਮਾਹਰ ਹੁੰਦਾ ਹੈ, ਉਸਨੂੰ ਸਫਲ ਸਿਆਸਤਦਾਨ ਗਿਣਿਆਂ ਜਾਂਦਾ ਹੈ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਇਕ ਪ੍ਰਬੁੱਧ, ਸ਼ਰੀਫ, ਸੁਲਝਿਆ ਹੋਇਆ, ਸਿਆਣਾ, ਸ਼ਹਿਣਸ਼ੀਲ, ਸਹਿਯੋਗੀ, ਨਮਰਤਾ ਤੇ ਸਬਰ ਸੰਤੋਖ਼ ਵਾਲਾ, ਮਿਠਬੋਲੜਾ ਅਤੇ ਸਾਧਾਰਣਤਾ ਦਾ ਪ੍ਰਤੀਕ ਦਰਵੇਸ਼ ਸਿਆਤਦਾਨ ਹੈ। ਉਸਦੇ ਵਿਅਕਤਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾ ਲਏ ਜਾਣ ਉਤਨੇ ਹੀ ਥੋੜ੍ਹੇ ਹਨ। ਸਿਆਸਤ ਵਿਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ ਹੈ। ਇਕ ਆਮ ਦਿਹਾਤੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿਚੋਂ ਉਠਕੇ ਭਾਰਤ ਦੀ ਸਿਆਸਤ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਉਹ ਪਹਿਲੀ ਵਾਰ ਆਪਣੇ ਦਮ ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਫਲ ਹੋਇਆ ਸੀ ਕਿਉਂਕਿ ਅਕਾਲੀ ਦਲ ਉਸਨੂੰ ਟਿਕਟ ਦੇਣ ਤੋਂ ਕੰਨੀ ਕਤਰਾਊਂਦਾ ਸੀ। ਇਸ ਲਈ ਉਸਨੇ ਆਪਣੀ ਕਾਬਲੀਅਤ ਦਾ ਸਬੂਤ ਦੇਣ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਅਕਾਲੀ ਦਲ ਨੇ ਉਦੋਂ ਉਸਨੂੰ ਆਪਣੀ ਲੋੜ ਕਰਕੇ ਸ਼ਾਮਲ ਕੀਤਾ ਸੀ। ਅਕਾਲੀ ਦਲ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਦਿਗਜ ਨੇਤਾਵਾਂ ਦੇ ਜਿਲ੍ਹੇ ਵਿਚ ਸਥਾਪਤ ਹੋਣਾ ਬਹੁਤ ਮੁਸ਼ਕਲ ਸੀ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਨੇ ਹੌਸਲਾ ਨਹੀਂ ਹਾਰਿਆ। ਚੁੱਪ ਚੁਪੀਤੇ ਆਪਣਾ ਕੰਮ ਕਰਦਾ ਰਿਹਾ। ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦੇ ਸਿਧਾਂਤ ਤੇ ਪਹਿਰਾ ਦਿੰਦਾ ਰਿਹਾ। ਅਕਾਲੀ ਦਲ ਧਾਰਮਿਕ ਪਾਰਟੀ ਹੈ, ਅਜਿਹੀ ਪਾਰਟੀ ਵਿਚ ਧਰਮ ਨਿਰਪੱਖ ਰਹਿਣਾ ਅਤੇ ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਉਸਦੀ ਹਲੀਮੀ ਅਤੇ ਸਭੇ ਸਾਂਝੀਵਾਲ ਸਦਾਇਨ ਵਿਚ ਵਿਸ਼ਵਾਸ਼ ਰੱਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪ੍ਰੰਤੂ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰੱਖਣਾ ਅਸੰਭਵ ਹੁੰਦਾ ਹੈ। ਉਨ੍ਹਾਂ ਇਸ ਅਹੁਦੇ ਦੀ ਮਾਣਤਾ ਵਧਾਈ। ਸਾਰੀ ਉਮਰ ਕਿਸੇ ਵਾਦਵਿਵਾਦ ਵਿਚ ਨਹੀਂ ਪਏ। ਆਪ ਦੀ ਵਿਲੱਖਣਤਾ ਇਹ ਹੈ ਕਿ ਇਤਨੇ ਲੰਮੇ ਸਿਆਸੀ ਕੈਰੀਅਰ ਵਿਚ ਜਦੋਂ ਕਿ ਆਪ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਅਤੇ ਮਹੱਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ ਪ੍ਰੰਤੂ ਅੱਜ ਤੱਕ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲੱਗਿਆ। ਇਸ ਲਈ ਆਪਨੂੰ ਇਮਾਨਦਾਰੀ ਅਤੇ ਹਲੀਮੀ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਆਪਨੇ ਆਪਣੀ ਸਿਆਸੀ ਚਿੱਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ। ਸ੍ਰ ਸੁਖਦੇਵ ਸਿੰਘ ਢੀਂਡਸਾ ਦਾ ਜਨਮ ਸੰਗਰੂਰ ਜਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਇਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਸ੍ਰ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਆਪ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਹਾਈ ਸਕੂਲ ਸੰਗਰੂਰ ਅਤੇ ਬੀ ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਉਭਾ ਪਿੰਡ ਦੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਆਪ ਪਹਿਲੇ ਵਿਦਿਆਰਥੀ ਸਨ। ਕਾਲਜ ਦੀ ਪੜ੍ਹਾਈ ਦੌਰਾਨ ਹੀ ਆਪ ਨੇ ਸਿਆਸਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਆਪ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹੇ। ਬੀ ਏ ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਇਸੇ ਕਾਲਜ ਦੀ ਲਾਇਬਰੇਰੀ ਵਿੱਚ ਕੰਮ ਕੀਤਾ। ਆਪ ਦਾ ਵਿਆਹ 1962 ਵਿੱਚ ਸ੍ਰੀਮਤੀ ਹਰਜੀਤ ਕੌਰ ਨਾਲ ਹੋ ਗਿਆ। ਆਪ ਦੇ ਇੱਕ ਲੜਕਾ ਪ੍ਰਮਿੰਦਰ ਸਿੰਘ ਅਤੇ ਦੋ ਲੜਕੀਆਂ ਹਨ। ਆਪ ਦਾ ਲੜਕਾ ਪ੍ਰਮਿੰਦਰ ਸਿੰਘ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿਤ ਮੰਤਰੀ ਰਿਹਾ ਹੈ ਅਤੇ ਹੁਣ ਸੰਗਰੂਰ ਜਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਨਕਾਰ ਹੈ। ਆਪਦਾ ਇਕ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਆਈ ਏ ਐਸ ਅਧਿਕਾਰੀ ਸੇਵਾ ਮੁਕਤ ਹੋਇਆ ਹੈ। ਸਿਆਸਤ ਦੀ ਪਹਿਲੀ ਪੌੜੀ ਆਪ ਨੇ ਪਿੰਡ ਉਭਾਵਾਲ ਦੇ 1962 ਵਿੱਚ ਸਰਪੰਚ ਬਣਕੇ ਸਰ ਕੀਤੀ। ਇਸ ਤੋਂ ਬਾਅਦ ਬਾਕਾਇਦਾ ਆਪ ਦਾ ਸਿਆਸੀ ਕੈਰੀਅਰ ਸ਼ੁਰੂ ਹੋ ਗਿਆ। ਆਪ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ  1972 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇ ਅਤੇ ਐਮ ਐਲ ਏ ਬਣ ਗਏ। ਇਸ ਤੋਂ ਬਾਦ ਆਪ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿੱਚ ਚੋਣ ਲੜੇ ਅਤੇ ਐਮ ਐਲ ਏ ਬਣ ਗਏ। ਆਪ ਨੂੰ 1973 ਵਿੱਚ ਸ਼ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਕਿਉਂਕਿ ਆਪ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਦੁਖ ਸੁਖ ਦੇ ਸਾਥੀ ਰਹੇ ਹਨ। ਆਪ 1977 ਤੋਂ 80 ਤੱਕ ਪੰਜਾਬ ਮੰਤਰੀ ਮੰਡਲ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਅਕਾਲੀ ਦਲ ਦੀ ਸਿਆਸਤ ਵਿਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ ਆਪਨੂੰ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ਤੇ ਆਪ 1998 ਤੱਕ ਰਹੇ। 1998 ਵਿੱਚ ਹੀ ਆਪ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਆਪ 1999 ਤੋਂ 2004 ਤੱਕ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਆਪਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਆਪ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਹੈ ਅਤੇ ਆਪ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਹਨ, ਜਿਹਨਾਂ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਪੰਜਾਬ ਬਾਕਸਿੰਗ ਅਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਹਲੀਮੀ ਦਾ ਪੁਜਾਰੀ ਹੋਣ ਕਰਕੇ ਸਤਿਕਾਰ ਦਿੰਦੇ ਹਨ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਆਪ ਨੂੰ ਖੇਡ ਸੰਸਥਾਵਾਂ ਦੇ ਮੁੱਖੀ ਚੁਣਿਆਂ ਜਾਂਦਾ ਰਿਹਾ ਹੈ। ਆਪ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਸਰਪ੍ਰਸਤੀ ਦਿੱਤੀ। 2014 ਦੀ ਲੋਕ ਸਭਾ ਚੋਣ ਵਿਚ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਪ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਇਤਨੇ ਸੀਨੀਅਰ ਮੈਂਬਰ ਨੂੰ ਅਕਾਲੀ ਦਲ ਨੇ ਅਣਡਿਠ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਸਕੱਤਰ ਜਨਰਲ ਹੁੰਦੇ ਹੋਏ ਆਪਨੇ ਕਈ ਮਹੱਤਵਪੂਰਨ ਫ਼ੈਸਲਿਆਂ ਤੇ ਪਾਰਟੀ ਦੀਆਂ ਮੀਟਿੰਗਾਂ ਵਿਚ ਕਿੰਤੂ ਪ੍ਰੰਤੂ ਵੀ ਕੀਤਾ ਪ੍ਰੰਤੂ ਆਪਦੀ ਇਕ ਵੀ ਨਹੀਂ ਸੁਣੀ ਗਈ। ਬਰਗਾੜੀ ਕਾਂਢ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜਦੋਂ ਇਹ ਸਾਫ ਹੋ ਗਿਆ ਕਿ ਇਸ ਕਾਂਢ ਵਿਚ ਸਰਕਾਰ ਦੀ ਅਣਗਹਿਲੀ ਹੋਈ ਹੈ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ ਤਾਂ ਆਪਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਵਡੇਰੀ ਉਮਰ ਦਾ ਬਹਾਨਾ ਬਣਾਕੇ ਅਸਤੀਫਾ ਦੇ ਦਿੱਤਾ। ਅਕਾਲੀ ਦਲ ਨੂੰ ਬਚਾਉਣ ਲਈ ਪਾਰਟੀ ਦੇ ਪ੍ਰਧਾਨ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਬਰਗਾੜੀ ਕਾਂਢ ਵਿਚ ਉਦੋਂ ਦੀ ਸਰਕਾਰ ਅਤੇ ਪਾਰਟੀ ਦੀ ਅਣਗਹਿਲੀ ਦੇ ਇਲਜ਼ਾਮ ਲਗਾਕੇ ਅਕਾਲੀ ਦਲ ਦੇ ਸੀਨੀਅਰ ਮਾਝੇ ਦੇ ਨੇਤਾਵਾਂ ਨੇ ਅਸਤੀਫੇ ਦਿੱਤੇ ਸਨ। ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੋਫ਼ਾੜ ਹੋ ਗਿਆ ਹੈ। ਤਾਜਾ ਘਟਨਾਕਰਮ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਦੀ ਬਿਹਤਰੀ ਅਤੇ ਹੋਂਦ ਕਾਇਮ ਰੱਖਣ ਲਈ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਬਿਆਨ ਦੇ ਕੇ ਇਕ ਵਾਰ ਫਿਰ ਅਕਾਲੀ ਦਲ ਵਿਚ ਬਗਾਬਤ ਦਾ ਰਾਹ ਸਾਫ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਭੂਸ਼ਣ ਦਾ ਪੁਰਸਕਾਰ ਦੇਣਾ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖ ਜਗਤ ਲਈ ਮਾਣ ਦੀ ਗੱਲ ਹੈ। ਹੁਣ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

30 Jan. 2019

ਸਿੱਖਾਂ ਦੀ ਪਾਰਲੀਮੈਂਟ ਵਿਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ? - ਉਜਾਗਰ ਸਿੰਘ

ਅਨੇਕਾਂ ਅੰਦੋਲਨਾਂ, ਧਰਨਿਆਂ, ਮੁਜ਼ਾਹਰਿਆਂ, ਜਦੋਜਹਿਦਾਂ ਅਤੇ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਖਾਲੀ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਚਾਬੀਆਂ, ਜੈਤੋ ਅਤੇ ਗੁਰੂ ਕੇ ਬਾਗ ਦਾ ਮੋਰਚਾ ਲਗਾਉਣਾ ਪਿਆ। ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਗੁਰਦਵਾਰਿਆਂ ਦੇ ਪ੍ਰਬੰਧਾਂ ਬਾਰੇ ਵੀ ਜਦੋਜਹਿਦ ਕਰਨੀ ਪਈ ਤਾਂ ਕਿਤੇ ਜਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥਕ ਸੰਸਥਾਵਾਂ ਜਿਹੜੀਆਂ ਸਿੱਖਾਂ ਦੇ ਹਿੱਤਾਂ ਅਤੇ ਸਿੱਖ ਪਰੰਪਰਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਾਈ ਹੁੰਦੀਆਂ ਹੋਣ ਹੋਂਦ ਵਿਚ ਆਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਦਾਗ਼ ਸਰਵੋਤਮ ਸਿੱਖ ਬਣਦੇ ਰਹੇ। 1920 ਵਿਚ ਅਕਾਲੀ ਦਲ ਬਣਿਆਂ ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਸੀ। ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਅਕਾਲੀ ਦਲ ਦਾ ਕੰਮ ਸਿਆਸੀ ਹੋ ਗਿਆ।  ਅਕਾਲੀ ਦਲ ਦੋ ਵਾਰ 1947 ਅਤੇ 1957 ਵਿਚ ਚੋਣਾਂ ਲੜਨ ਲਈ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਪਰਕਾਸ਼ ਸਿੰਘ ਬਾਦਲ 1957 ਵਿਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਦੇ ਟਿਕਟ ਤੇ ਲੜਿਆ ਸੀ। ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਹੁੰਦਿਆਂ ਤੱਕ ਅਕਾਲੀ ਦਲ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ। ਸਿਆਸੀ ਦਖ਼ਅੰਦਾਜ਼ੀ ਨਾ ਹੋਣ ਕਰਕੇ ਆਲ੍ਹਾ ਦਰਜੇ ਦੇ ਗੁਰਮੁਖ ਤਖ਼ਤਾਂ ਦੇ ਜਥੇਦਾਰ ਬਣਦੇ ਰਹੇ। ਆਜ਼ਾਦੀ ਤੋਂ ਪਹਿਲਾਂ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖ਼ਤ ਉਪਰ ਬੁਲਾਕੇ ਸਜਾ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਸਾਰ ਦੇ ਸਿੱਖ ਆਪਣੀ ਪਾਰਲੀਮੈਂਟ ਕਹਿਣ ਤੇ ਫ਼ਖ਼ਰ ਮਹਿਸੂਸ ਕਰਦੇ ਹਨ। ਕਈ ਵਾਰੀ ਸਾਡੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ ਦੀ ਤੁਲਨਾ ਪੋਪ ਨਾਲ ਵੀ ਕੀਤੀ ਜਾਂਦੀ ਹੈ। ਪ੍ਰੰਤੂ ਅਸੀਂ ਕਦੀਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਕਿ ਕੀ ਅਸੀਂ ਪੋਪ ਦੇ ਅਹੁਦੇ ਵਰਗੀ ਨੈਤਿਕਤਾ ਕਾਇਮ ਰੱਖਦੇ ਹਾਂ? ਸਿੱਖਾਂ ਦੀ ਪਾਰਲੀਮੈਂਟ ਦਾ ਕੰਮ ਧਾਰਮਿਕ ਮਸਲਿਆਂ ਅਤੇ ਫ਼ੈਸਲਿਆਂ ਉਪਰ ਵਿਚਾਰ ਵਟਾਂਦਰਾ ਅਰਥਾਤ ਸੰਬਾਦ ਕਰਕੇ ਆਪਸੀ ਸਹਿਮਤੀ ਨਾਲ ਫ਼ੈਸਲੇ ਕਰਨਾ ਹੁੰਦਾ ਹੈ। ਪ੍ਰੰਤੂ 1967 ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸਤ ਦੀ ਦਖ਼ਅੰਦਾਜ਼ੀ ਹੋਈ ਹੈ, ਉਦੋਂ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਕੁਦਰਤੀ ਹੈ ਜਦੋਂ ਕਿਸੇ ਵੀ ਖੇਤਰ ਵਿਚ ਸਿਆਸੀ ਦਖ਼ਲਅੰਦਾਜ਼ੀ ਹੋ ਜਾਵੇ ਤਾਂ ਕਾਬਲੀਅਤ ਦੀ ਮੈਰਿਟ ਖ਼ਤਮ ਹੋ ਜਾਂਦੀ ਹੈ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਇੱਕ ਕਿਸਮ ਨਾਲ ਅਕਾਲੀ ਦਲ ਦੀ ਹੱਥਠੋਕਾ ਬਣ ਗਈ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੰਮ ਵਿਚ ਵੀ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਜਥੇਦਾਰਾਂ ਨੂੰ ਸਿਆਸੀ ਲੋਕ ਆਪਣੇ ਕੋਲ ਬੁਲਾਕੇ ਹੁਕਮ ਦਿੰਦੇ ਹਨ, ਜਿਸ ਨਾਲ ਤਖ਼ਤਾਂ ਦੀ ਮਾਣ ਮਰਿਆਦਾ ਉਪਰ ਪ੍ਰਭਾਵ ਪੈਣ ਲੱਗ ਪਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਉਹ ਸਾਲ ਵਿਚ ਦੋ ਵਾਰੀ ਇਕੱਠੀ ਹੁੰਦੀ ਹੈ। ਇਕ ਵਾਰ ਨਵੰਬਰ ਮਹੀਨੇ ਵਿਚ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਚੁਣਨ ਲਈ। ਦੂਜੀ ਵਾਰ ਬਜਟ ਪਾਸ ਕਰਨ ਲਈ। ਚੋਣ ਦੀ ਪ੍ਰਣਾਲੀ ਵੀ ਅਜ਼ੀਬ ਕਿਸਮ ਦੀ ਅਤੇ ਇਕ ਪਾਸੜ ਹੈ। ਚੋਣ ਵਿਚ ਕੋਈ ਕਿਸੇ ਮੈਂਬਰ ਦੀ ਪੁਛ ਪ੍ਰਤੀਤ ਨਹੀਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਕੋਈ ਵੁਕਤ ਨਹੀਂ। ਅਕਾਲੀ ਦਲ ਦਾ ਪ੍ਰਧਾਨ ਅਹੁਦੇਦਾਰਾਂ ਦੀਆਂ ਪਰਚੀਆਂ ਲਿਖ ਦਿੰਦਾ ਹੈ। ਮੈਂਬਰ ਜੈਕਾਰੇ ਛੱਡ ਕੇ ਚੋਣ ਕਰ ਲੈਂਦੇ ਹਨ। ਧਾਰਮਿਕ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੋ ਰਹੀ ਹੁੰਦੀ ਹੈ, ਇਹ ਕੋਈ ਸਿਆਸੀ ਅਖਾੜਾ ਨਹੀਂ, ਜਿਥੇ ਰਾਜਨੀਤੀ ਚਲੇ। ਸ਼ਰੋਮਣੀ ਕਮੇਟੀ ਦੀ ਚੋਣ ਵਿਚ ਸਿਆਸਤ ਛਾਈ ਰਹਿੰਦੀ ਹੈ। ਕਿਸੇ ਧਾਰਮਿਕ ਮਸਲੇ ਤੇ ਵਿਚਾਰ ਚਰਚਾ ਨਹੀਂ ਹੁੰਦੀ, ਇਹ ਕਿਹੋ ਜਹੀ ਸਿੱਖਾਂ ਦੀ ਪਾਰਲੀਮੈਂਟ ਹੈ, ਜਿਹੜੀ ਸਿੱਖ ਮਸਲਿਆਂ ਤੇ ਚਰਚਾ ਹੀ ਨਹੀਂ ਕਰਦੀ। । ਜਨਰਲ ਹਾਊਸ ਦੀ ਮੀਟਿੰਗ ਹਰ ਭਖਦੇ ਮਸਲੇ ਤੇ ਹੋਣੀ ਚਾਹੀਦੀ ਹੈ। ਫਿਰ ਕੋਈ ਭਰਮ ਭੁਲੇਖਾ ਨਹੀਂ ਰਹੇਗਾ। ਫੈਸਲੇ ਵੀ ਸਹੀ ਹੋਣਗੇ। ਹੁਣ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ। ਪਰਜਾਤੰਤਰਿਕ ਢਾਂਚਾ ਖ਼ਤਮ ਹੋ ਚੁੱਕਾ ਹੈ। ਇਸ ਕਰਕੇ ਹੀ ਧਰਮ ਖ਼ਤਰੇ ਵਿਚ ਹੈ। ਦੂਜੀ ਵਾਰ 1000 ਕਰੋੜ ਰੁਪਏ ਤੋਂ ਉਪਰ ਦਾ ਬਜਟ ਪਾਸ ਕਰਨ ਲਈ ਇਜਲਾਸ ਹੁੰਦਾ ਹੈ। ਉਹ ਵੀ ਬਿਨਾ ਬਹਿਸ ਪਾਸ ਕਰ ਦਿੱਤਾ ਜਾਂਦਾ ਹੈ। ਇਹ ਕਿਹੋ ਜਹੀ ਪਾਰਲੀਮੈਂਟ ਹੈ ਜਿਸ ਵਿਚ ਕੋਈ ਸਵਾਲ ਜਵਾਬ ਨਹੀਂ। ਕਿਸੇ ਮਦ ਤੇ ਬਹਿਸ ਨਹੀਂ। ਜੋ ਰੂਲਿੰਗ ਗਰੁਪ ਚਾਹੇ ਉਹੀ ਹੋ ਜਾਂਦਾ ਹੈ। ਸਿੱਖ ਧਰਮ ਦੇ ਵਾਰਸੋ ਭਲੇ ਮਾਣਸ ਗੁਰਮੁਖੋ ਸਿੱਖ ਧਰਮ ਵਿਚ ਗਿਰਾਵਟ ਦੇ ਬੱਦਲ ਛਾਏ ਹੋਏ ਹਨ, ਤੁਸੀਂ ਜੈਕਾਰੇ ਛੱਡ ਕੇ ਚੋਣ ਕਰਕੇ ਅਤੇ ਬਜਟ ਪਾਸ ਕਰਕੇ ਉਠ ਜਾਂਦੇ ਹੋ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਿਆਂ ਦੀ ਪ੍ਰਫੁਲਤਾ, ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਲਿਖੀ ਗਈ ਗ਼ਲਤ ਸ਼ਬਦਾਵਲੀ, ਸਿਖਿਆ ਪ੍ਰਣਾਲੀ ਤਹਿਸ ਨਹਿਸ ਹੋਈ ਪਈ ਹੈ, ਬੇਰੋਜ਼ਗਾਰੀ, ਨਸ਼ੇ, ਨੌਜਵਾਨ ਕਿਰਤ ਕਰਨ ਤੋਂ ਮੁਨਕਰ ਹੋ ਰਹੇ ਹਨ, ਸਿੱਖ ਜਵਾਨੀ ਪਰਵਾਸ ਵਿਚ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਰਗੇ ਦੇ ਵੱਡੇ ਮਸਲੇ ਹਨ। ਸਿੱਖਾਂ ਦੀ ਨੌਜਵਾਨ ਪਨੀਰੀ ਪਤਿਤ ਹੋ ਰਹੀ ਹੈ। ਸਿੱਖਾਂ ਦੀ ਪਾਰਲੀਮੈਂਟ ਦਾ ਇਜਲਾਸ ਹੁੰਦਾ ਹੈ। ਇਨ੍ਹਾਂ ਮਸਲਿਆਂ ਬਾਰੇ ਇਕ ਸ਼ਬਦ ਵੀ ਬੋਲਿਆ ਨਹੀਂ ਜਾਂਦਾ। ਭਖਦੇ ਮਸਲਿਆਂ ਅਤੇ ਸਿੱਖ ਵਿਚਾਰਧਾਰਾ ਨੂੰ ਅਣਡਿਠ ਕਰਨ ਦਾ ਨਤੀਜਾ ਸਿੱਖ ਜਗਤ ਭੁਗਤ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸੰਬਾਦ ਵਿਚ ਵਿਸ਼ਵਾਸ਼ ਰੱਖਦੇ ਸਨ। ਤੁਸੀਂ ਗੁਰੂ ਦੇ ਪਰਣਾਏ ਸਿੱਖ ਭਰਾਵੋ ਅਤੇ ਭੈਣੋ ਗੁਰੂ ਦੀ ਸਿਖਿਆ ਤੇ ਹੀ ਅਮਲ ਕਰ ਲਵੋ। ਜੇਕਰ ਤੁਹਾਡੀ ਇਕ ਮੈਂਬਰ ਬੀਬੀ ਕਿਰਨਜੀਤ ਕੌਰ ਜਿਸਦੀ ਵਿਰਾਸਤ ਹੀ ਸਿੱਖ ਵਿਚਾਰਧਾਰਾ 'ਤੇ ਅਧਾਰਤ ਹੈ, ਉਹ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਤੁਸੀਂ ਉਸਨੂੰ ਬੋਲਣ ਹੀ ਨਹੀਂ ਦਿੱਤਾ। ਏਥੇ ਹੀ ਬਸ ਨਹੀਂ, ਉਸਤੋਂ ਮਾਇਕ ਹੀ ਖੋਹ ਲਿਆ। ਸੁਣ ਤਾਂ ਲਓ ਉਹ ਕੀ ਕਹਿਣਾ ਚਾਹੁੰਦੇ ਹਨ। ਫ਼ੈਸਲਾ ਬਹੁਮਤ ਨੇ ਕਰਨਾ ਹੁੰਦਾ ਹੈ। ਉਨ੍ਹਾਂ ਨੇ ਤਾਂ ਜਿਹੜਾ ਫ਼ੈਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਵਿਦਵਾਨ ਇਤਿਹਾਸਕਾਰ ਡਾ ਕਿਰਪਾਲ ਸਿੰਘ ਨੂੰ ਸ਼ਰੋਮਣੀ ਕਮੇਟੀ ਦੇ ਕੰਮ ਤੋਂ ਹਟਾਉਣ ਬਾਰੇ ਕੀਤਾ ਸੀ, ਉਸਤੇ ਨਜ਼ਰਸਾਨੀ ਕਰਨ ਲਈ ਬੇਨਤੀ ਕਰਨੀ ਸੀ। ਸ਼ਰੋਮਣੀ ਕਮੇਟੀ ਨੇ ਖ਼ੁਦ ਡਾ ਕਿਰਪਾਲ ਸਿੰਘ ਨੂੰ ਅਕਾਲ ਤਖ਼ਤ ਤੋਂ ਪ੍ਰੋਫੈਸਰ ਆਫ ਸਿਖਿਜ਼ਮ ਦਾ ਖ਼ਿਤਾਬ ਦਿੱਤਾ ਸੀ। ਉਸਨੂੰ ਹੀ ਤੁਸੀਂ ਲਾਂਭੇ ਕਰ ਦਿੱਤਾ। ਕਿਸੇ ਵੀ ਫੈਸਲੇ ਤੋਂ ਪਹਿਲਾਂ ਵਿਚਾਰ ਕਰਨਾ ਅਤੇ ਡਾ ਕਿਰਪਾਲ ਸਿੰਘ ਦਾ ਪੱਖ ਸੁਣਨਾ ਬਣਦਾ ਸੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਾਇਦਾਦ ਹੈ। ਇਹ ਕੋਈ ਨਿੱਜੀ ਸੰਸਥਾ ਨਹੀਂ। ਕਿਰਪਾ ਕਰਕੇ ਸਿੱਖੀ ਨੂੰ ਫੈਲਾਉਣ ਦੀ ਥਾਂ ਸੰਕੋੜਨ ਤੋਂ ਸੰਕਚ ਕਰੋ। ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ ਨਹੀਂ ਕਰਨਗੀਆਂ। ਇਤਿਹਾਸ ਨੂੰ ਵਿਗਾੜਨ ਤੋਂ ਪਰਹੇਜ ਕਰੋ। ਸ਼ਰੋਮਣੀ ਕਮੇਟੀ ਦਾ ਇਜਲਾਸ ਹੋ ਰਿਹਾ ਜਾਂ ਭਲਵਾਨੀ ਹੋ ਰਹੀ ਹੈ। ਅੱਧੇ ਘੰਟੇ ਵਿਚ ਸਿੱਖਾਂ ਦੀ ਪਾਰਲੀਮੈਂਟ ਅਹੁਦਿਆਂ ਦੀ ਚੋਣ ਕਰਕੇ ਚਲਦੀ ਬਣਦੀ ਹੈ। ਆਪਣੇ ਅੰਦਰ ਝਾਤੀ ਮਾਰੋ ਸਿੱਖ ਜਗਤ ਕਿਧਰ ਨੂੰ ਜਾ ਰਿਹਾ ਹੈ। ਇਹ ਸਾਰਾ ਕੁਝ ਟੀ ਵੀ ਚੈਨਲਾਂ ਤੇ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸਿੱਖਾਂ ਦਾ ਅਕਸ ਬਣਾਉਣ ਦੀ ਥਾਂ ਵਿਗਾੜਿਆ ਦਰਸਾਇਆ ਜਾ ਰਿਹਾ ਹੈ।  ਸਿੱਖ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਸਤਰੀ ਜਾਤੀ ਦੀ ਗੁਰਬਾਣੀ ਵਿਚ ਪ੍ਰਸੰਸਾ ਕਰਦੇ ਹਨ। ਤੁਸੀਂ ਸੰਸਾਰ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਸਿੱਖ ਧਰਮ ਦੇ ਅਨੁਆਈ ਇਸਤਰੀਆਂ ਦੇ ਵਿਰੋਧੀ ਹਨ? ਇੱਕ ਸਿੱਖ ਹੋਣ ਦੇ ਨਾਤੇ ਬੜਾ ਦੁੱਖ ਹੋਇਆ ਕਿ ਸਾਡੀ ਪਾਰਲੀਮੈਂਟ ਦਾ ਜੇ ਇਹ ਹਾਲ ਹੈ ਤਾਂ ਪਰਜਾ ਦਾ ਕੀ ਹਾਲ ਹੋਵੇਗਾ। ਸਿੱਖ ਨੌਜਵਾਨੀ ਤੁਹਾਡੇ ਕੋਲੋਂ ਕੀ ਪ੍ਰੇਰਨਾ ਲਵੇਗੀ? ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਰਥ ਤਨਖਾਹਾਂ ਬੋਝਿਆਂ ਵਿਚ ਪਾਉਣਾ ਹੀ ਨਹੀਂ ਧਰਮ ਪ੍ਰਚਾਰ ਕਰਨਾ ਵੀ ਹੈ। ਕਦੀਂ ਸਿੱਖ ਪਾਰਲੀਮੈਂਟ ਨੇ ਵਿਚਾਰ ਚਰਚਾ ਕੀਤੀ ਹੈ ਕਿ ਸਾਡੇ ਨੌਜਵਾਨ ਸਿੱਖੀ ਤੋਂ ਮੁਨਕਰ ਹੋਕੇ ਪਤਿਤ ਕਿਉਂ ਹੋ ਰਹੇ ਹਨ? ਏਥੇ ਹੀ ਬਸ ਨਹੀਂ ਸਾਡੀ ਨੌਜਵਾਨੀ ਪਰਵਾਸ ਕਰ ਰਹੀ ਹੈ। ਅਸੀਂ ਆਪਣੀ ਵਿਦਿਅਕ ਪ੍ਰਣਾਲੀ ਵਿਚ ਸੋਧ ਨਹੀਂ ਕਰ ਰਹੇ। ਰੋਜ਼ਗਾਰ ਨਹੀਂ ਦੇ ਰਹੇ, ਜਿਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਹੇ ਹਨ। ਏਅਰਪੋਰਟ ਤੇ ਉਤਰਦਿਆਂ ਹੀ ਪਤਿਤ ਹੋ ਜਾਂਦੇ ਹਨ। ਸ਼ਰੋਮਣੀ ਕਮੇਟੀ ਕੀ ਆਪਣੀ ਨੌਜਵਾਨੀ ਨੂੰ ਅਣਡਿਠ ਕਰ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਕੋਈ ਸਿੱਖ ਆਈ ਏ ਐਸ  ਅਤੇ ਆਈ ਪੀ ਐਸ ਚੁਣਿਆਂ ਨਹੀਂ ਗਿਆ। ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੌਜਵਾਨਾ ਲਈ ਕੋਚਿੰਗ ਦਾ ਪ੍ਰਬੰਧ ਨਹੀਂ ਕਰ ਸਕਦੀ? ਗੁਰੂ ਘਰਾਂ ਵਿਚ ਮਾਰਬਲ ਲਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਡੇਰਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇਕਰ ਸਾਡਾ ਪ੍ਰਚਾਰ ਸਹੀ ਹੋਵੇਗਾ ਤਾਂ ਡੇਰੇ ਨਹੀ ਬਣਨਗੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਰਹੀ ਹੈ। ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਜੇਰਾ ਕਰਨਾ ਪਵੇਗਾ ਤਾਂ ਹੀ ਸਾਡੀ ਕੌਮ ਸਿੱਧੇ ਰਸਤੇ ਤੇ ਆ ਸਕੇਗੀ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

17 Jan. 2019