Arshpreet-Sidhu

ਸੱਪ ਦਾ ਡੰਗ - ਅਰਸ਼ਪ੍ਰੀਤ ਸਿੱਧੂ

ਰਾਜਨ ਬਹੁਤ ਹੀ ਭੋਲਾ ਭਾਲਾ ਤੇ ਸ਼ਰੀਫ ਜਿਹਾ ਬੱਚਾ ਸੀ। ਪੜ੍ਹਾਈ ਵਿੱਚ ਹਰ ਸਾਲ ਉਸਨੇ    ਪਹਿਲੇ ਸਥਾਨ ਤੇ ਆਉਣਾ। ਉਹ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦਾ ਸੀ। ੳਹ ਹਰ ਰੋਜ਼ ਸਵੇਰੇ ਸ਼ਾਮ ਸੈਰ ਕਰਦਾ । ਰਾਜਨ ਨੂੰ ਹਰ ਵਕਤ ਡਰ ਹੁੰਦਾ ਸੀ ਵੀ ਜੇ ਕਿਤੇ ਉਹ ਬਿਮਾਰ ਹੋ ਗਿਆ ਤਾ ਉਸਨੂੰ ਟੀਕਾ ਲਗਵਾਉਣਾ ਪਵੇਗਾ। ਰਾਜਨ ਲਈ ਟੀਕੇ ਦਾ ਦਰਦ ਸੱਪ ਦੇ ਡੰਗ ਵਾਗ ਬੜਾ ਹੀ ਅਸਹਿ ਸੀ।  ਇੱਕ ਵਾਰ ਗਰਮੀ ਦੀਆ ਛੁੱਟੀਆਂ ਦੌਰਾਨ ਰਾਜਨ ਨੂੰ ਪੀਲੀਆ ਹੋ ਜਾਣ ਤੇ ਜਦੋ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਜਦੋ ਉਸਨੂੰ ਬੋਤਲ ਲਗਵਾਉਣ ਲਈ ਸੂਈ ਲਗਾਈ ਤਾਂ ਉਹ ਇੰਨਾ ਜਿਆਦਾ ਡਰ ਗਿਆ ਕਿ ਉਹ ਬੇਹੋਸ਼ ਹੀ ਹੋ ਗਿਆ। ਪਰ ਅੱਜ ਵਕਤ ਬਹੁਤ ਹੀ ਬਦਲ ਗਿਆ ਸੀ ਹੁਣ ਰਾਜਨ ਨੂੰ ਟੀਕੇ ਦਾ ਦਰਦ ਸੱਪ ਦਾ ਡੰਗ ਨਹੀ ਸੀ ਲਗਦਾ ਨਾ ਹੀ ਹੁਣ ਉਹਨੂੰ ਟੀਕੇ ਤੋਂ ਡਰ ਲਗਦਾ ਸੀ ਕਿਉਕਿ ਹੁਣ ਉਹ ਰੋਜ ਦਿਨ ਵਿੱਚ ਦੋ ਚਾਰ ਵਾਰ ਆਪਣੇ ਆਪ ਨੂੰ ਸੱਪ ਦਾ ਡੰਗ ਮਰਵਾ ਹੀ ਲੈਦਾ ਸੀ ਜਿਸ ਦੇ ਜਹਿਰ ਦਾ ਅਸਰ ਰਾਜਨ ਨਾਲੋ ਵੱਧ ਉਸਦੇ ਮਾਪਿਆ ਦੇ ਬੁਢਾਪੇ ਤੇ ਪੈ ਰਿਹਾ ਸੀ। 

ਅਰਸ਼ਪ੍ਰੀਤ ਸਿੱਧੂ

94786-22509

ਅਸਲ ਕੁਰਬਾਨੀ - ਅਰਸ਼ਪ੍ਰੀਤ ਸਿੱਧੂ

ਪ੍ਰੀਤ ਤੇ ਲਾਡੀ ਦੋਨੋਂ ਇੱਕਠੇ ਕਾਲਜ ਵਿੱਚ ਪੜ੍ਹਦੇ ਸਨ। ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਦੀਆਂ ਪੀਘਾਂ ਦਾ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ। ਹੁਣ ਦੋਵਾਂ ਨੂੰ ਇੱਕ ਦੂਜੇ ਬਿਨ੍ਹਾਂ ਇੱਕ ਮਿੰਟ ਵੀ ਰਹਿਣਾ ਮੁਸ਼ਕਿਲ ਲੱਗਦਾ ਸੀ। ਦੋਵਾਂ ਨੇ ਘਰਦਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ। ਸਾਲ ਬਾਅਦ ਬੇਟੀ ਦੇ ਜਨਮ ਲੈਣ ਤੇ ਪਰਿਵਾਰ ਵੱਲੋ ਮਠਿਆਈਆਂ ਵੰਡੀਆਂ ਗਈਆਂ, ਨਿੰਮ ਬੰਨੇ ਗਏ ਅਤੇ ਲੋਹੜੀਆਂ ਵੰਡੀਆਂ ਗਈਆਂ। ਸਾਰੇ ਬਹੁਤ ਖੁਸ਼ ਸਨ ਪਰ ਇਹ ਖੁਸ਼ੀ ਲੰਮਾਂ ਸਮਾਂ ਬਰਕਰਾਰ ਨਾ ਰਹਿ ਸਕੀ। ਜਦੋਂ ਬੇਟੀ ਤਿੰਨ ਸਾਲ ਦੀ ਹੋਈ ਤਾਂ ਦੋਵਾਂ ਨੇ ਇੱਕ ਦੂਜੇ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਕਿਉਂਕਿ ਲਾਡੀ ਨੂੰ ਵਿਆਹੁਤਾ ਜਿੰਦਗੀ ਹੁਣ ਕੈਦ ਜਾਪਣ ਲੱਗ ਪਈ ਸੀ, ਉਸਨੂੰ ਆਪਣੀ ਪਤਨੀ ਤੇ ਬੇਟੀ ਬੋਝ ਜਾਪਦੇ ਸੀ। ਇਸ ਲਈ ਦੋਵਾਂ ਨੇ ਇੱਕ ਦੂਜੇ ਦੀ ਸਹਿਮਤੀ ਨਾਲ ਤਲਾਕ ਲੈ ਲਿਆ। ਹੁਣ ਦੋਵੇਂ ਆਪਣੀ ਆਪਣੀ ਅਲੱਗ ਜਿੰਦਗੀ ਬਤੀਤ ਕਰਨ ਲੱਗੇ ਬੇਟੀ ਪ੍ਰੀਤ ਦੇ ਨਾਲ ਰਹੀ। ਲਾਡੀ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਪ੍ਰੀਤ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਉਣ ਲੱਗ ਪਈ। ਬੇਟੀ ਦੀ ਪੜ੍ਹਾਈ ਲਈ ਪ੍ਰੀਤ ਦਿਨ ਰਾਤ ਮਿਹਨਤ ਕਰਦੀ ਉਹ ਕਦੀ ਵੀ ਆਪਣੇ ਮਾਤਾ ਪਿਤਾ ਤੇ ਬੋਝ ਨਾ ਬਣੀ। ਬੇਟੀ ਵੱਡੀ ਹੋਈ ਤਾਂ ਉਸਨੂੰ ਸਰਕਾਰੀ ਡਾਕ ਘਰ ਵਿੱਚ ਨੌਕਰੀ ਮਿਲ ਗਈ। ਦੋਵੇ ਮਾਵਾਂ ਧੀਆਂ ਖੁਸ਼ੀ ਦੀ ਜਿੰਦਗੀ ਬਤੀਤ ਕਰਨ ਲੱਗੀਆਂ। ਪ੍ਰੀਤ ਦੀ ਬੇਟੀ ਦੀ ਸਾਰੀ ਦੁਨੀਆਂ ਪ੍ਰੀਤ ਹੀ ਸੀ। ਲਾਡੀ ਪੁਲਿਸ ਦੇ ਇੱਕ ਮਿਸ਼ਨ ਵਿੱਚ ਸ਼ਹੀਦ ਹੋ ਗਿਆ ਤਾਂ ਉਸ ਦੇ ਘਰਦਿਆਂ ਨੂੰ ਇੱਕ ਸਮਾਗਮ ਵਿੱਚ ਬੁਲਾਇਆ ਗਿਆ ਤਾਂ ਜੋ ਉਸ ਦੀ ਕੁਰਬਾਨੀ ਦਾ ਬਣਦਾ ਮਾਨ ਸਨਮਾਨ ਦਿੱਤਾ ਜਾ ਸਕੇ। ਪ੍ਰੀਤ ਨਹੀਂ ਸੀ ਚਾਹੁੰਦੀ ਕਿ ਉਸਦੀ ਬੇਟੀ ਇਸ ਸਮਾਗਮ ਵਿੱਚ ਜਾਵੇ ਪਰ ਵਾਰ ਵਾਰ ਸਭ ਦੇ ਕਹਿਣ ਤੇ ਉਸਨੂੰ ਆਪਣੀ ਬੇਟੀ ਨੂੰ ਲੈ ਕੇ ਜਾਣਾ ਪਿਆ। ਸਟੇਜ ਤੇ ਉਸਦੀ ਕੁਰਬਾਨੀ ਦੇ ਭਾਸ਼ਣ ਸੁਣ ਪ੍ਰੀਤ ਆਪਣੀ ਕੀਤੀ ਕੁਰਬਾਨੀ ਬਾਰੇ ਸੋਚਣ ਲੱਗੀ ਵੀ ਕਿਵੇਂ ਉਸਨੇ ਇਸ ਬੱਚੀ ਨੂੰ ਪਾਲਣ ਲਈ ਆਪਣੀ ਸਾਰੀ ਜਿੰਦਗੀ ਇਸ ਦੇ ਨਾਮ ਕਰ ਦਿੱਤੀ, ਕੋਈ ਵਿਆਹ ਨਹੀਂ ਕਰਵਾਇਆ , ਸਾਰੇ ਸੌਕ ਮਾਰੇ, ਆਪਣੀ ਜਿੰਦਗੀ ਇੱਕ ਵਿਧਵਾ ਵਾਗ ਲੰਘਾਈ ਤਾਂ ਕਿ ਲਾਡੀ ਦੀ ਨਿਸ਼ਾਨੀ ਕੁਝ ਬਣ ਸਕੇ, ਪ੍ਰੀਤ ਮਨ ਹੀ ਮਨ ਸੋਚ ਰਹੀ ਸੀ ਕਿ ਅੱਜ ਮੇਰੀ ਬੇਟੀ ਜੋ ਵੀ ਹੈ ਕਿਹਾ ਤਾਂ ਇਹ ਹੀ ਜਾਂਦਾ ਹੈ ਕਿ ਲਾਡੀ ਦੀ ਬੇਟੀ ਪੜ੍ਹ ਲਿਖ ਕੇ ਨੌਕਰੀ ਲੱਗ ਗਈ ਪਰ ਮੇਰੇ ਵੱਲੋ ਕੀਤੀ ਕੁਰਬਾਨੀ ਸ਼ਾਇਦ ਕਿਸੇ ਨੂੰ ਨਜਰ ਹੀ ਨਹੀਂ ਆਈ। ਪ੍ਰੀਤ ਆਪਣੀ ਅਤੇ ਲਾਡੀ ਦੀ ਕੁਰਬਾਨੀ ਵਿੱਚੋ ਅਸਲ ਕੁਰਬਾਨੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।                           

ਅਰਸ਼ਪ੍ਰੀਤ ਸਿੱਧੂ
94786-22509

ਅਹਿਸਾਸ - ਅਰਸ਼ਪ੍ਰੀਤ ਸਿੱਧੂ


ਜੀਤੋ ਨੇ ਘਰਦਿਆਂ ਦੇ ਖਿਲਾਫ ਜਾ ਕੇ ਇੱਕ ਆਮ ਜਿੰਮੀਦਾਰ ਪਰਿਵਾਰ ਵਿੱਚ ਵਿਆਹ ਕਰ ਲਿਆ। ਜੀਤੋ  ਆਪ ਬਹੁਤ ਉੱਚੇ ਖਾਨਦਾਨ ਤੋਂ ਸੀ। ਵਿਆਹ ਤੋਂ ਬਾਅਦ ਜੀਤੋ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਮੁੰਡੇ ਦੇ ਜਨਮ ਤੋਂ ਬਾਅਦ ਜੀਤੋ ਤੇ ਉਸਦੇ ਘਰਵਾਲੇ ਦਾ ਰਿਸ਼ਤਾ  ਕੋਈ ਬਹੁਤਾ ਚੰਗਾ ਨਾ ਰਿਹਾ। ਜੀਤੋ ਆਪਣੇ ਬੇਟੇ ਨੂੰ ਲੈ ਕੇ ਪੇਕੇ ਘਰ ਆ ਗਈ। ਬੇਸ਼ੱਕ ਜੀਤੋ ਦੇ ਘਰਦੇ ਉਸਦੇ ਰਿਸ਼ਤੇ ਤੋਂ ਖੁਸ਼ ਨਹੀਂ ਸਨ ਪਰ ਉਹਨਾਂ ਘਰ ਆਈ ਜੀਤੋ  ਨੂੰ ਕੁਝ ਨਾ ਕਿਹਾ। ਜੀਤੋ ਇੱਕ ਸਾਲ ਆਪਣੇ ਪੇਕੇ ਘਰ ਰਹੀ ਅਤੇ ਸਾਲ ਬਾਅਦ ਉਸਦਾ ਪਤੀ ਉਸਨੂੰ ਲੈਣ ਆ ਗਿਆ । ਜੀਤੋ ਬਿਨ੍ਹਾਂ  ਕੋਈ ਸਵਾਲ ਕੀਤਿਆ ਚੁੱਪਚਾਪ ਆਪਣੇ ਪਤੀ ਨਾਲ ਤੁਰ ਪਈ। ਸਮਾਂ ਆਪਣੀ ਚਾਲ ਚਲਦਾ ਗਿਆ ਤੇ ਜੀਤੋ ਦੇ ਘਰ ਦੋ ਜੁੜਵਾਂ ਕੁੜੀਆਂ ਨੇ ਜਨਮ ਲਿਆ। ਪੰਜ ਸਾਲਾਂ ਮਗਰੋਂ ਦੋਨਾਂ ਦੀ ਫਿਰ ਕਿਸੇ ਗਲ ਨੂੰ ਲੈ ਕੇ ਅਣਬਣ ਹੋ ਗਈ। ਗੱਲ ਏਨੀ ਜਿਆਦਾ ਵਧ ਗਈ ਕਿ ਜੀਤੋ ਆਪਣੇ ਬੱਚਿਆ ਨੂੰ ਲੈ ਮੁੜ ਆਪਣੇ ਪੇਕੇ ਘਰ ਆ ਗਈ।। ਇਸ ਵਾਰ ਜੀਤੋ ਦੇ ਪੇਕਿਆ ਨੇ ਉਸ ਅੱਗੇ ਸ਼ਰਤ ਰੱਖੀ ਕਿ ਅਗਰ ਉਹ ਇੱਥੇ ਰਹਿਣਾ ਚਾਹੁੰਦੀ ਹੈ ਤਾਂ  ਉਸਨੂੰ ਆਪਣੇ ਪਤੀ ਨੂੰ ਤਲਾਕ ਦੇਣਾ ਪਵੇਗਾ। ਜੀਤੋ ਨੇ ਨਾ ਚਾਹੁੰਦਿਆ ਹੋਇਆ ਵੀ ਘਰਦਿਆਂ ਦੀ ਗੱਲ ਮੰਨ ਲਈ ਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ, ਪਰ ਜੀਤੋ ਕਦੇ ਵੀ ਦਿਲੋ ਤਲਾਕ ਨਾ ਦੇ ਸਕੀ। ਸਾਲ ਬੀਤਦੇ ਗਏ ਬੱਚੇ ਵੱਡੇ ਹੋ ਗਏ। ਮੁੰਡਾ ਪੜ੍ਹ ਲਿਖ ਕੇ ਅਫਸਰ ਬਣ ਗਿਆ ਤੇ ਦੋਨਾਂ ਕੁੜੀਆ ਦਾ ਵਿਆਹ ਵੀ ਵਧੀਆਂ ਘਰੇ ਕਰ ਦਿੱਤਾ।। ਇੱਕ ਦਿਨ ਜੀਤੋ ਨੂੰ ਪਤਾ ਨਹੀਂ ਸਾਜਰੇ ਹੀ ਕੀ ਹੋਇਆ ਉਹ ਬਿਨ੍ਹਾਂ ਸਵੇਰ ਦੀ ਚਾਹ ਤੱਕ ਪੀਤਿਆ ਆਪਣੇ ਸਹੁਰੇ ਪਿੰਡ ਜਾਣ ਵਾਲੀ ਬੱਸ ਵਿੱਚ ਜਾ ਬੈਠੀ। ਉਸਦਾ ਬੇਟਾ ਪਿੱਛੇ ਪਿੱਛੇ ਬੱਸ ਵਿੱਚ ਆ ਕੇ ਮਾਂ ਨਾਲ ਆ ਬੈਠਾ ਤੇ ਪੁੱਛਿਆ ਕਿ ਮਾਂ ਹੁਣ ਕਿਉ ਏਨੇ ਸਾਲਾਂ ਬਾਅਦ ਇਹ ਜਖਮ ਉਧੇੜ ਰਹੀ ਹੈ। ਜੀਤੋ ਦਾ ਮਨ ਭਰ ਆਇਆ ਤੇ ਬੋਲੀ ਇਹ ਜਖਮ ਨਾ ਭਰਿਆ ਸੀ ਨਾ ਭਰੇਗਾ, ਇਹ ਰੂਹਾਂ ਦਾ ਅਹਿਸਾਸ ਆ ਜੋ ਤੂੰ ਨਹੀਂ ਸਮਝ ਸਕੇਗਾ। ਉਹ ਪੁੱਤ ਦੇ ਰੋਕਣ ਦੇ ਬਾਵਜੂਦ ਵੀ  ਸਹੁਰੇ ਪਿੰਡ ਆਪਣੇ ਪਤੀ ਦੇ ਘਰ ਚਲੀ ਗਈ । ਸੱਚਮੁੱਚ ਉਸ ਦਾ ਪਤੀ ਆਪਣੇ ਅਖੀਰਲੇ ਸਾਹਾਂ ਤੇ ਸੀ। ਜਦੋਂ ਉਸਦੀ ਪਤਨੀ ਘਰ ਪਹੁੰਚੀ ਤਾਂ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਤੇ ਉਸਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸੱਚੀ ਰੂਹਾਂ ਦੇ ਅਹਿਸਾਸ ਸ਼ਬਦਾਂ ਰਾਹੀ ਬਿਆਨ ਨਹੀਂ ਕੀਤੇ ਜਾ ਸਕਦੇ।

ਅਰਸ਼ਪ੍ਰੀਤ ਸਿੱਧੂ
94786-22509

ਉਮੀਦ - ਅਰਸ਼ਪ੍ਰੀਤ ਸਿੱਧੂ


ਉਮੀਦ ਸਬਦ ਭਾਵੇ ਤਿੰਨ ਅੱਖਰਾਂ ਦਾ ਮੇਲ ਹੈ ਪਰ  ਕਿਸੇ ਲਈ ਇਹ ਤਿੰਨ ਅੱਖਰ ਸਾਰੀ ਉਮਰ ਹੋ ਜਾਦੇ ਹਨ: ਸੀਤੋ ਪੰਜਾਂ ਭੈਣਾਂ ਤੋਂ ਛੋਟੀ ਸੀ। ਸੀਤੋ ਦਾ ਸੁਭਾਅ ਵੀ ਸਾਰੀਆਂ ਭੈਣਾਂ ਤੋਂ ਨਰਮ ਸੀ, ਉਹ ਹਰ ਗੱਲ ਹੱਸ ਕੇ ਜਰ ਜਾਂਦੀ। ਪਿੰਡ ਵਿੱਚ ਦਸਵੀਂ ਦਾ ਸਕੂਲ ਹੋਣ ਕਾਰਨ ਸੀਤੋ ਵੀ ਦਸ ਹੀ ਪੜ੍ਹ ਸਕੀ ਕਿਉਕਿ ਪਿੰਡੋ ਬਾਹਰ ਕੁੜੀਆਂ ਨੂੰ ਪੜ੍ਹਨ ਨਹੀਂ ਸੀ ਜਾਣ ਦਿੱਤਾ ਜਾਂਦਾ। ਇੱਕ ਦਿਨ ਸੀਤੋ ਦੀ ਭੈਣ ਲਈ ਸੀਤੋ ਦੀ ਭੂਆ ਰਿਸਤਾ ਲੈ ਕੇ ਆਈ ਪਰ ਘਰਦਿਆਂ ਨੇ ਸੀਤੋ ਦੀ ਭੈਣ ਦੀ ਥਾਂ ਤੇ ਸੀਤੋ ਦਾ ਰਿਸਤਾ ਕਰ ਦਿੱਤਾ । ਵਿਆਹ ਤੋਂ ਕੁਝ ਸਮੇਂ ਬਾਅਦ ਸੀਤੋ ਨੂੰ ਪਤਾ ਚੱਲਿਆ ਕਿ ਉਸਦੇ ਘਰਵਾਲੀ ਦੀ ਆਪਣੀ ਹੀ ਭਰਜਾਈ ਨਾਲ ਕੋਈ ਗੱਲਬਾਤ ਹੈ ਜਿਸ ਕਰਕੇ ਉਹ ਉਸ ਨੂੰ ਅਕਸਰ ਮਾਰਦਾ ਕੁੱਟਦਾ ਰਹਿੰਦਾ ਤੇ ਆਪਣੇ ਪਿੰਡ ਚਲੇ ਜਾਣ ਲਈ ਕਹਿੰਦਾ ਰਹਿੰਦਾ। ਸੀਤੋ ਸਭ ਕੁਝ ਚੁੱਪ ਚਾਪ ਬਰਦਾਸਤ ਕਰਦੀ ਰਹਿੰਦੀ ਪਰ ਕਦੇ ਵੀ ਅੱਗੋ ਕੁਝ ਨਾ ਬੋਲਦੀ।  ਦੋ ਤਿੰਨ ਵਾਰ ਜਦੋ ਵੀ ਸੀਤੋ ਨੂੰ ਉਸਦੇ ਪੇਕੇ ਭੇਜਿਆ ਜਾਂਦਾ ਤਾਂ ਛੇ ਮਹੀਨੇ ਸਾਲ ਉਸ ਨੂੰ ਕੋਈ ਲੈਣ ਨਾ ਆਉਂਦਾ। ਹਰ ਵਾਰ ਸੀਤੋ ਦਾ ਬਾਪ ਪਿੰਡ ਦੇ ਕੁਝ ਖਾਸ ਬੰਦੇ ਨਾਲ ਲੈ ਕੇ ਸੀਤੋ ਨੂੰ ਉਸਦੇ ਸਹੁਰੇ ਘਰ ਛੱਡ ਆਉਂਦਾ।  ਅੱਠ ਵਰਿ੍ਆ ਮਗਰੋ ਸੀਤੋ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਸੀਤੋ ਨੂੰ ਆਪਣੀ ਜਿੰਦਗੀ ਚੰਗੀ ਹੋਣ ਦੀ ਉਮੀਦ ਜਾਪੀ। ਜਦੋ ਉਸਦਾ ਪੁੱਤਰ ਛੇ ਮਹੀਨਿਆਂ ਦਾ ਹੋਇਆ ਤਾ ਸੀਤੋ ਨੂੰ ਫਿਰ ਕੁੱਟ ਕੇ ਘਰੋ ਕੱਢ ਦਿੱਤਾ ਗਿਆ । ਸੀਤੋ ਰੋਦੀ ਕਰਲਾਉਂਦੀ ਆਪਣੇ ਪੇਕੇ ਆ ਗਈ। ਹੁਣ ਤੱਕ ਉਸਦਾ ਬਾਪ ਵੀ ਇਸ ਦੁਨੀਆਂ ਤੋਂ ਜਾ ਚੁੱਕਿਆ ਸੀ ਵਿਚਾਰੀ ਬੁਜਰਗ ਮਾਂ ਦੇ ਕਹੇ ਕੋਈ ਵੀ ਬੰਦਾ ਸੀਤੋ ਨੂੰ ਸਹੁਰੇ ਛੱਡਣ ਨਾ ਗਿਆ। ਸਾਰੀ ਉਮਰ ਸੀਤੋ ਨੇ ਆਪਣੇ ਪੇਕੇ ਘਰ ਰਹਿ ਕੇ ਕੱਢ ਲਈ। ਜਿਵੇ ਸੀਤੋ ਨੂੰ ਪਤਾ ਹੀ ਹੁੰਦਾ  ਵੀ ਉੁਸਦੇ ਕੋਲ ਦੋ ਮਹੀਨੇ ਹੀ ਹਨ, ਉਹ ਆਪਣੀ ਮਾਂ ਦੇ ਰੋਕਣ ਦੇ ਬਾਵਜੂਦ ਵੀ ਆਪਣੇ ਸਹੁਰੇ ਪਿੰਡ ਤੁਰ ਪਈ। ਪਹਿਲਾ ਵੀ ਬਹੁਤ ਵਾਰ ਸੀਤੋ ਆਪਣੇ ਸਹੁਰੇ ਪਿੰਡ ਚਲੀ ਜਾਂਦੀ ਪਰ ਜਦੋਂ ਕੋਈ ਅੱਗੋ ਉਸ ਨੂੰ ਨਾ ਬੁਲਾਉਦਾ ਉਹ ਵਾਪਿਸ ਆ ਜਾਂਦੀ ਪਰ ਇਸ ਵਾਰ ਜਦੋਂ ਸੀਤੇ ਨੇ ਸਹੁਰੇ ਪਿੰਡ ਪਹੁੰਚ ਆਪਣੇ ਘਰ ਦਾ ਬੂਹਾ ਖੜਕਾਇਆ ਤਾਂ ਉਸਦੇ ਪੁੱਤਰ ਨੇ ਉਸ ਨੂੰ ਪਛਾਣਿਆ ਤੱਕ ਨਹੀ ਜਦੋ ਉਸ ਨੇ ਦੱਸਿਆ ਕਿ ਉਹ ਉਸਦੀ ਮਾਂ ਹੈ ਤਾ ਮੁੰਡੇ ਨੇ ਝੱਟ ਬੂਹਾ ਬੰਦ ਕਰ ਦਿੱਤਾ। ਸਾਰਾ ਦਿਨ ਉਹ ਆਪਣੇ ਹੀ ਘਰ ਦੇ ਬਾਹਰ ਬੈਠੀ ਰਹੀ। ਫਿਰ ਪਿੰਡ ਦੇ ਲੋਕਾਂ ਦੇ ਕਹਿਣ ਤੇ ਸੀਤੋ ਦੇ ਸਹੁਰਿਆਂ ਨੇ ਉਸ ਨੂੰ ਰਾਹ ਵਾਲੀ ਬੈਠਕ ਦੇ ਦਿੱਤੀ ਜਿਸ ਦਾ ਘਰ ਵਿਚਲਾ ਦਰਵਾਜਾ ਬੰਦ ਕਰ ਦਿੱਤਾ ਗਿਆ। ਸੀਤੋ ਨੂੰ ਸਵੇਰੇ ਸਾਮ ਕੁੱਤਿਆ ਵਾਗ ਰੋਟੀ ਥਾਲ ਵਿਚ ਪਾ ਕੇ ਰੱਖ ਦਿੱਤੀ ਜਾਂਦੀ ਸੀ, ਉਸ ਕਮਰੇ ਵਿੱਚ ਹੀ ਉਹ ਸੌਦੀ, ਖਾਂਦੀ, ਨਹਾਉਂਦੀ, ਜੰਗਲ ਪਾਣੀ ਜਾਂਦੀ। ਉਸਦੀ ਹਾਲਤ ਸਾਇਦ ਏਨੀ ਬੁਰੀ ਸੀ ਕਿ ਬਿਆਨ ਨਹੀਂ ਕੀਤੀ ਜਾਂਦੀ । ਉਹ ਇਹ ਸਭ ਕੁਝ ਸਹਿੰਦੀ ਰਹੀ ਸਿਰਫ ਇਸ ਉਮੀਦ ਵਿੱਚ ਵੀ ਉਸਦਾ ਪੁੱਤਰ ਉਸਨੂੰ ਆਪਣੇ ਗਲ ਨਾਲ ਲਾਵੇਗਾ । ਇੱਕ ਦਿਨ ਆਪਦੇ ਪੁੱਤ ਦੀ ਬਚਪਨ ਦੀ ਫੋਟੋ ਆਪਣੀ ਹਿੱਕ ਨਾਲ ਲਾਈ ਸੀਤੋ ਸੁਤਿਆ ਮੁੜ ਨਾ ਜਾਗੀ। ਸੀਤੋ ਦੀ ਸਾਰੀ ਉਮਰ ਉਸਦੇ ਪੁੱਤਰ ਨੂੰ ਗਲ ਲਾਉਣ ਦੀ ਉਮੀਦ ਨੇ ਖਾ ਲਈ।
                                ਅਰਸ਼ਪ੍ਰੀਤ ਸਿੱਧੂ
                                94786-22509

ਦਰਦ - ਅਰਸ਼ਪ੍ਰੀਤ ਸਿੱਧੂ

ਜਿਨ੍ਹਾਂ ਰਾਹਾਂ ਤੇ ਕਦੇ ਤੇਰੇ ਹੋਣ ਦਾ ਅਹਿਸਾਸ ਸੀ ਸੱਜਣਾ
ਅੱਜ ਉਨ੍ਹਾਂ ਤੇ ਆਪਣੇ ਆਪ ਨੂੰ ਬੇਗਾਨਾ ਪਾਇਆ ਮੈਂ
ਜਿਹੜੇ ਦਰਾਂ ਤੇ ਜਾ ਕੇ ਰੋਜ ਮੰਗਦੀ ਰਹੀ ਸੀ ਤੈਨੂੰ
ਉਨ੍ਹਾਂ ਦਰਾ ਤੇ ਜਾ ਕੇ ਰੋ ਰੋ ਦਿਲ ਦਾ ਹਾਲ ਸੁਣਾਇਆ ਮੈਂ
ਲੋਕਾ ਅੱਗੇ ਰਹਾ ਮੈਂ ਖਿੜ ਖਿੜ ਕੇ ਹੱਸਦੀ
ਕੀ ਜਾਣੇ ਕੋਈ ਕੀ ਕੀ ਆਪਣੇ ਅੰਦਰ ਲੁਕਾਇਆ ਮੈਂ
ਤੂੰ ਬੇਵਫਾਈ ਕਰਕੇ ਦੇ ਗਏ ਹੋ ਉਮਰ ਭਰ ਦੀ ਸਜਾ
ਕਦੇ ਨਾ ਕੀਤੇ ਹੋਏ ਗੁਨਾਹਾਂ ਦੇ ਦਰਦ ਨੂੰ ਪਾਇਆ ਮੈਂ
ਜਿਨ੍ਹਾਂ ਲੋਕਾਂ ਦੇ ਵਿੱਚ ਮੇਰੀ ਪਹਿਚਾਣ ਸੀ ‘ਸਿੱਧੂਆ ’ ਤੇਰੇ ਕਰਕੇ
ਅੱਜ ਉਨ੍ਹਾਂ ਲੋਕਾਂ ਨੂੰ ਆਪਣਾ ਨਾਮ ਤੇ ਪਤਾ ਸਮਝਾਇਆ ਮੈਂ
           
ਅਰਸ਼ਪ੍ਰੀਤ ਸਿੱਧੂ
                94786-22509


ਉਡੀਕ - ਅਰਸ਼ਪ੍ਰੀਤ ਸਿੱਧੂ

ਨਾ ਕੋਈ ਸਾਡੀ ਲੋਹੜੀ ਯਾਰਾ ਨਾ ਕੋਈ ਦਿਵਾਲੀ ਆ
ਕਈਆ ਲਈ ਉਦਾਸੀ ਭਰੀ ਕਈਆ ਲਈ ਕਰਮਾਂ ਵਾਲੀ ਆ
ਲੋਕੀ ਕਹਿੰਦੇ ਰੁਸ਼ਨਾਅ ਆਪਣਾ ਚਾਰ ਚੁਫੇਰਾ
ਕਿਵੇਂ ਦੱਸਾ ਦਿਲ ਦੀ ਰੁਸ਼ਨਾਈ ਨਾ ਕਿਆਰੀ ਆ
ਤੂੰ ਆ ਮੈਂ ਰੋਸ਼ਨ ਕਰੂ ਸ਼ਹਿਰ ਸਾਰਾ
ਸਾਡੀ ਤੇਰੇ ਆਉਣ ਤੇ ਹੋਣੀ ਦਿਵਾਲੀ ਆ
ਯਾਦ ਤਾ ਤੈਨੂੰ ਕਦੇ ਨਾ ਕਦੇ ਸਾਡੀ ਆਉਂਦੀ ਹੋਵੇਗੀ
ਸੁਣਿਆ ਤੇਰੀ ਉੱਚਿਆ ਸੰਗ ਲੱਗੀ ਯਾਰੀ ਆ
ਮੋਮਬੱਤੀਆ ਤੇ ਦੀਪ ਰੁਸ਼ਨਾਅ ਨਹੀ ਸਕੇ ਮੇਰੇ ਅੰਦਰ ਨੂੰ
ਇਹ ਬਨਾਵਟੀ ਸਜਾਵਟ ਮੈਨੂੰ ਨਾ ਲੱਗੇ ਪਿਆਰੀ ਆ
ਮੁੜ ਕੇ ਤਾ ਪੰਛੀ ਵੀ ਘਰ ਨੂੰ ਆ ਜਾਦੇ ਆ ਸੱਜਣਾ
‘ਸਿੱਧੂ’ ਸੱਚ ਦੱਸੀ ਤੇਰੇ ਆਉਣ ਦੀ ਕਦੋਂ ਵਾਰੀ ਆ।

            ਅਰਸ਼ਪ੍ਰੀਤ ਸਿੱਧੂ
94786-22509

ਉੱਥੋ ਤੋਂ ਇੱਥੋ ਤੱਕ ਦਾ ਸਫਰ - ਅਰਸ਼ਪ੍ਰੀਤ ਸਿੱਧੂ


ਰੋਣਕ ਬਹੁਤ ਹੀ ਸਰੀਫ ਕੁੜੀ ਸੀ ਜੇ ਕੋਈ ਉਸਨੂੰ ਉੱਚੀ ਆਵਾਜ ਵਿੱਚ ਬੋਲ ਪੈਦਾ ਉਸਨੇ ਸਾਰਾ ਦਿਨ ਰੋਈ ਜਾਣਾ। ਵਕਤ ਗੁਜਰਦਿਆ ਗਿਆ ਪਰ ਰੌਕਣ ਬਹੁਤ ਹੀ ਕੋਮਲ ਦਿਨ ਕੁੜੀ ਤੇ ਕੁਝ ਗਲਤ ਨਾ ਬਰਦਾਸਤ ਕਰਨ ਵਾਲੀ ਕੁੜੀ ਹੀ ਰਹੀ। ਰੋਣਕ ਦਾ ਵਿਆਹ ਬਹੁਤ ਹੀ ਸਰੀਫ ਖਾਨਦਾਨ ਵਿੱਚ ਹੋ ਗਿਆ। ਜਦ ਕਦੀ ਕਿਸੇ ਗੱਲ ਤੋ ਰੌਣਕ ਨੂੰ ਉਸਦਾ ਪਤੀ ਜਾ ਸੱਸ ਕੁਝ ਕਹਿ ਵੀ ਦਿੰਦੇ ਤਾਂ ਰੌਣਕ ਨੇ ਏਨੀ ਗੱਲ ਦਿਲ ਤੇ ਲਾਉਣੀ ਕਿ ਉਸ ਨੂੰ 2 ਦਿਨ ਬੁਖਾਰ ਨਾ ਉਤਰਦਾ। ਵਕਤ ਬੀਤਦਾ ਗਿਆ ਰੌਣਕ ਦੇ ਘਰ ਬੇਟੇ ਨੇ ਜਨਮ ਲਿਆ। ਉਸਦੇ ਬੇਟੇ ਦੀ ਖੁਸੀ ਦੀ ਮਠਿਆਈ ਵੰਡਣ ਗਏ ਉਸਦੇ ਸੱਸ ਸਹੁਰਾ ਇੱਕ ਦੁਰਘਟਨਾ ਵਿੱਚ ਰੱਬ ਨੂੰ ਪਿਆਰੇ ਹੋ ਗਏ। ਰੌਣਕ ਨੂੰ ਸਮਝ ਨਹੀ ਆ ਰਹੀ ਸੀ ਕਿ ਉਹ ਪੁੱਤ ਦੀ ਖੁਸ਼ੀ ਮਨਾਵੇ ਜਾ ਸੱਸ ਸਹੁਰੇ ਦਾ ਸੋਗ। ਪੁੱਤ ਦੇ ਜਨਮ ਤੋਂ ਮਹੀਨਾ ਬਾਅਦ ਹੀ ਰੌਣਕ ਨੂੰ ਘਰ ਦਾ ਸਾਰਾ ਕੰਮ ਮਜਬੂਰੀ ਵੱਸ ਸੰਭਾਲਣਾ ਪਿਆ। ਰੌਣਕ ਦਾ ਪਤੀ ਆਪਣੇ ਮਾਂ ਪਿਉ ਦੀ ਮੌਤ ਤੇ ਬਾਅਦ ਨਸ਼ੇ ਦਾ ਆਦੀ ਹੋ ਗਿਆ। ਰੌਣਕ ਨੂੰ ਸ ਗੱਲ ਦੀ ਕੋਈ ਵੀ ਖਬਰ ਨਹੀ ਸੀ। ਰੌਣਕ ਦਾ ਪੁੱਤਰ 2 ਕੁ ਵਰ੍ਹਿਆਂ  ਦਾ ਹੋਇਆ ਤਾਂ ਉਸਨੂੰ ਆਪਣੇ ਪਤੀ ਬਾਰੇ ਪਤਾ ਚੱਲਿਆ। ਰੌਣਕ ਤਾਂ ਇਹ ਸਭ ਕੁਝ ਸੁਪਨੇ ਵਿੱਚ ਵੀ ਨਹੀ ਸੋਚ ਸਕਦੀ ਸੀ, ਉਹ ਬਹੁਤ ਹੀ ਬੁਰੀ ਤਰਾਂ ਟੁੱਟ ਗਈ। ਉਹ ਦਿਨ ਰਾਤ ਰੋਦੀ ਫਿਰਦੀ ਤੇ ਨਾਲ ਘਰ ਦਾ ਕੰਮ ਕਰਦੀ ਬੱਚਾ ਸੰਭਾਲਦੀ। ਹੌਲੀ-ਹੌਲੀ ਉਸਦਾ ਮਨ ਕਠੋਰ ਹੋਣ ਲੱਗਿਆ। ਸਾਲ ਬਾਅਦ ਰੌਣਕ ਦਾ ਪਤੀ ਇਸ ਦੁਨੀਆਂ ਤੋ ਤੁਰ ਗਿਆ। ਰੌਣਕ ਹੁਣ ਆਪਣੇ 3 ਕੁ ਵਰ੍ਹਿਆਂ ਦੇ ਪੁੱਤ ਨਾਲ ਸੱਥਰ ਤੇ ਬੈਠੀ ਲੋਕਾਂ ਦੀਆਂ ਗੱਲਾ ਸੁਣ ਆਪਣੇ ਦਿਲ ਤੇ ਪੱਥਰ ਰੱਖ ਸਾਰੀ ਖੇਤੀਬਾੜੀ ਖੁਦ ਸਹੁਰੇ ਪਿੰਡ ਰਹਿ ਕੇ ਕਰਨ ਲਈ ਲੋਕਾਂ ਅੱਗੇ ਆਪਣਾ ਫੈਸਲਾ ਰੱਖ ਆਪਣੇ ਪੁੱਤਰ ਨੂੰ ਲੈ ਭੋਗ ਤੋ ਉੱਠ ਤੁਰੀ। ਲੋਕਾ ਉਸ ਨੂੰ ਰਾਹ ਜਾਦਿਆ ਤਾਅਨੇ ਮਾਰਨੇ ਉਸਨੂੰ ਭਰ ਜਵਾਨੀ ਬਰਬਾਦ ਕਰਨ ਦੀਆ ਲਾਹਨਤਾ ਪਾਉਣੀਆਂ। ਉਹ ਸਭ ਕੁਝ ਬਰਦਾਸਤ ਕਰਦੀ ਰਹੀ। ਇੱਕ ਦਿਨ ਜਦੋਂ ਕਰਮਾ ਰੌਣਕ ਦੇ ਘਰ ਧੱਕੇ ਨਾਲ ਵੜ ਰੌਣਕ ਦੀ ਇੱਜਤ ਨੂੰ ਹੱਥ ਪਾਉਣ ਲੱਗਾ ਤਾਂ ਰੌਣਕ ਨੇ ਦਲੇਰੀ ਨਾਲ ਉਸ ਦਾ ਹੱਥ ਫੜ ਵੱਡ ਦਿੱਤਾ ਤੇ ਉਸਨੂੰ ਸੱਥ ਵਿੱਚ ਲੈ ਗਈ ਜੋ ਕਿ ਰੌਣਕ ਦੇ ਘਰ ਦੇ ਬਹੁਤ ਨਜਦੀਕ ਸੀ। ਸਭ ਦੇ ਸਾਹਮਣੇ ਖੜ੍ਹਾ ਕਰ ਰੌਣਕ ਨੇ ਉੱਚੀ-ਉੱਚੀ ਬੌਲ ਹਰ ਬੰਦੇ ਦਾ ਘਟੀਆ ਸਭ ਦੇ ਸਾਹਮਣੇ ਬਿਆਨ ਕੀਤਾ ਤੇ ਗਰਜ ਕੇ ਆਖਿਆ ਕਿ ਮੇਰਾ ਸਰੀਫ ਪੁਣੇ ਦੇ ਸਫਰ ਤੋਂ ਲੈ ਕੇ ਅੱਜ ਇਸ ਰੂਪ ਦਾ ਜੁੰਮੇਵਾਰ ਹਲਾਤ ਹਨ ਜੋ ਕਦੇ ਵੀ ਕਿਸੇ ਵੀ ਇਨਸਾਨ ਨੂੰ ਉੱਥੋ ਤੋਂ ਇੱਥੇ ਤੱਕ ਲੈ ਕੇ ਆ ਜਾਂਦੇ ਹਨ। ਕਦੇ ਵੀ ਉੱਚੀ ਅਵਾਜ ਨਾ ਸਹਿਣ ਕਰਨ ਵਾਲੀ ਕੁੜੀ ਅੱਜ ਸਭ ਨੂੰ ਚੀਕ ਚੀਕ ਲਾਹਨਤਾ ਪਾ ਰਹੀ ਸੀ।
                                        ਅਰਸ਼ਪ੍ਰੀਤ ਸਿੱਧੂ
                                        94786-22509

ਬੇਵਫਾ ਸੱਜਣ - ਅਰਸ਼ਪ੍ਰੀਤ ਸਿੱਧੂ

ਜਿਸ ਦਰ ਤੋਂ ਤੈਨੂੰ ਪਾਉਣ ਦੀ ਦੁਆ ਮੰਗਦੀ ਰਹੀ
ਉਸੇ ਦਰ ਤੋਂ ਤੈਨੂੰ ਭੁਲ ਜਾਣ ਦੀ ਅਦਾ ਮੰਗੀ ਮੈਂ
ਜਿਨਾ ਰਾਹਾਂ ਤੇ ਤੈਨੂੰ ਰੋਜ ਤੱਕਣ ਆਉਂਦੀ ਸਾਂ
ਉਨਾ ਰਾਹਾਂ ਤੋਂ ਤੇਰੀ ਬੇਵਫਾਈ ਦੀ ਵਜਾ ਮੰਗੀ ਮੈਂ
ਜਿਹੜੇ ਸੁਪਨੇ ਤੇਰੇ ਪਿੱਛੇ ਕੁਰਬਾਨ ਕਰਤੇ ਸੀ
ਉਹ ਸੁਪਨੇ ਮੁੜ ਜਗਾਉਣ ਦੀ ਰਜਾ ਮੰਗੀ ਮੈਂ
ਤੇਰੇ ਤੇ ਆ ਕੇ ਮੁੱਕ ਜਾਂਦੀ ਸੀ ਮੇਰੀ ਦੁਨੀਆ
ਵੱਖ ਤੇਰੇ ਤੋਂ ਦੁਨੀਆ ਵਸਾਉਣ ਦੀ ਕਲਾ ਮੰਗੀ ਮੈਂ
ਛੱਡ ਕੇ ਜੋ ਤੁਰ ਗਿਆ ਸੀ ਕਿਸੇ ਲਈ ਤੂੰ ਮੈਨੂੰ
ਤੇਰੇ ਵੱਲੋਂ ਹੋਈ ਬੇਪਰਵਾਹੀ ਦੀ ਸਜਾ ਮੰਗੀ ਮੈਂ
ਤੈਨੂੰ ਭੁਲ ਜਾਵਾ ਏਨਾ ਆਮ ਨਹੀਂ ਸੀ ਤੂੰ
ਖੋਰੇ ਕਿੰਨੀ ਵਾਰ ਭੁਲਣੇ ਦੀ ਦਵਾ ਮੰਗੀ ਮੈਂ
                ਅਰਸ਼ਪ੍ਰੀਤ ਸਿੱਧੂ
                94786-22509

ਮੇਰਾ ਸੋਹਣਾ ਬਾਬੁਲ - ਅਰਸ਼ਪ੍ਰੀਤ ਸਿੱਧੂ

ਜਦ ਮੈਂ ਰੋਵਾ ਉਹ ਨਾਲ ਮੇਰੇ ਰੋਵੇ
ਜਦ ਮੈਂ ਹੱਸਾ ਉਹ ਹੱਸਦਾ ਨਹੀਂ
ਜਦ ਮੈਂ ਮੰਗਾ ਉਹ ਦੁਆ ਦੇਵੇ
ਕਿਥੇ ਹੈ ਉਹ ਇਹ ਦੱਸਦਾ ਨਹੀਂ
ਜ਼ਦ ਮੈਂ ਉਹਨੂੰ ਵੇਖਣਾ ਚਾਵਾ
ਬਿਨਾ ਹਿਰਦੇ ਤੋਂ ਕਿਤੇ ਉਹ ਵਸਦਾ ਨਹੀਂ
ਜਖ਼ਮ ਵੀ ਅਜਿਹਾ ਸਭ ਤੋਂ ਡੂੰਘਾ
ਸੱਟ ਵਾਰ ਵਾਰ ਲੱਗਣ ਤੇ ਉਹ ਰਸਦਾ ਨਹੀਂ
ਤੇਰੀ ਯਾਦ 'ਚ ਪਾਗਲ ਹੋਏ ਨੂੰ ਵੇਖ ਕਹਿਣ ਲੋਕੀ
ਹੁਣ ਸਿੱਧੂ ਬਹੁਤੀ ਦੇਰ ਬਚਦਾ ਨਹੀਂ
ਤੂੰ ਤਾਂ ਰੱਬ ਤੋਂ ਉੱਚੇ ਰੁਤਬੇ ਤੇ ਸੀ ਬਾਬੁਲਾ
ਹੁਣ ਤਾਂ ਰੱਬ ਵੀ ਤੇਰੇ ਰੂਪ ਵਿੱਚ ਜਚਦਾ ਨਹੀਂ

                ਅਰਸ਼ਪ੍ਰੀਤ ਸਿੱਧੂ
                94786-22509

ਪਿਤਾ ਦਿਵਸ ਤੇ ਵਿਸ਼ੇਸ਼ - ਅਰਸ਼ਪ੍ਰੀਤ ਸਿੱਧੂ

ਬਾਬੁਲ ਤੋ ਤਸਵੀਰ ਵਿੱਚੋ ਨਿਕਲ ਕੇ ਸਾਹਮਣੇ ਆ ਜਾ,
ਦੋ ਪਲ ਬੈਠ ਜਾ ਕੋਲ ਮੇਰੇ ਉਮਰਾ ਦਾ ਦਰਦ ਵੰਡਾਜਾ,
ਸਬ ਕਹਿੰਦੇ ਤੂੰ ਮੁੜ ਨਹੀ ਆਉਣਾ ਇੱਕ ਵਾਰ ਤਾ ਫੇਰਾ ਪਾ ਜਾ,
ਮੁੱਦਤਾ ਬੀਤ ਗਈਆ ਤੈਨੂੰ ਮਿਲਿਆ ਇੱਕ ਵਾਰ ਸੀਨੇ ਨਾਲ ਲਾਜਾ,
ਇੱਕ ਜਨਮ ਮਿਲਿਆ ਸੀ ਤੇਰੇ ਨਾਲ ਜੀਣ ਨੂੰ ਬਾਬੁਲ ਦਾ ਫਰਜ ਨਿਭਾ ਜਾ,
ਕਿਵੇ ਜੀਵਾ ਮੈਂ ਬਿਨ ਤੇਰੇ ਕੋਈ ਜੀਣ ਦਾ ਵੱਲ ਸਿਖਾ ਜਾ,
ਕੀ ਹੁੰਦਾ ਪਿਆਰ ਬਾਬੁਲ ਦਾ, ਕੁਝ ਪਲ ਤਾ ਨਾਲ ਬਿਤਾਜਾ
ਕਿਸੇ ਨਾ ਮੈਨੂੰ ਪੁੱਤ ਆਖ ਬੁਲਾਇਆ "ਆਜਾ ਪੁੱਤਰਾ" ਇੱਕ ਵਾਰ ਤਾ ਮੁੱਖ ਚੋਂ ਸੁਣਾਜਾ,

                        ਅਰਸ਼ਪ੍ਰੀਤ ਸਿੱਧੂ
                        94786-22509