Manjinder Singh Kala Saroud

ਪੰਜਾਬੀ ਸਿਨਮੇ ਦਾ ਜੁੱਗ ਪੁਰਸ਼ - ਸਰਦਾਰ ਸੋਹੀ

- ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ 'ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ ਵਾਲੇ ਪੰਜਾਬੀ ਸਿਨਮਾ ਦੇ ਜੁੱਗ ਪੁਰਸ਼ ਦਾ ਲਕਬ ਪਾ ਚੁੱਕੇ ਸਰਦਾਰ ਸੋਹੀ ਦਾ ਨਾਮ ਪੂਰੀ ਦੁਨੀਆਂ ਦੇ ਪੰਜਾਬੀ ਲੋਕਾਂ ਲਈ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ । ਆਪਣੀ ਜ਼ਿੰਦਗੀ ਦੇ ਲਗਪਗ 72 ਵਰ੍ਹੇ ਪੂਰੇ ਕਰ ਚੁੱਕਿਆ ਬਾਪੂ ਸ਼ਿਵਦੇਵ ਸਿੰਘ ਅਤੇ ਮਾਤਾ ਸਰੂਪ ਕੌਰ ਦੀ ਕੁੱਖ ਦਾ ਲਾਡਲਾ ਸਰਦਾਰ ਸੋਹੀ ਅੱਜ ਵੀ ਗਰਜਵੀਂ ਤੇ ਸੋਜ਼ਸ ਭਰਪੂਰ ਆਵਾਜ਼ ਰਾਹੀਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਨੂੰ ਨੂੰ ਕੀਲ ਕੇ ਆਪਣੀ ਕਲਾ ਦਾ ਲੋਹਾ ਮਨਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ । ਸਰਦਾਰ ਸੋਹੀ ਅੱਜ ਵੀ ਆਪਣੇ ਸੰਘਰਸ਼ ਭਰੇ ਦਿਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਕਿ ਕਿੰਝ ਉਸ ਨੇ ਮਿਹਨਤ ਅਤੇ ਸਿਰੜ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣਨ ਨੂੰ ਤਰਜੀਹ ਦਿੰਦਿਆਂ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਜ਼ਿੰਦਗੀ ਅੰਦਰ ਉਹ ਮੁਕਾਮ ਸਰ ਕੀਤਾ ਜੋ ਕਿਸੇ ਵਿਰਲੇ ਇਨਸਾਨ ਨੂੰ ਹਾਸਲ ਹੁੰਦਾ ਹੈ ।
                 ਜਦ ਪਿੰਡ ਤੋਂ ਕੁੱਝ ਕਰਨ ਦੀ ਤਾਕ ਧਾਰ ਕੇ ਸਰਦਾਰ ਸੋਹੀ ਨੇ ਬੰਬਈ ਦੀ ਧਰਤੀ ਤੇ ਪਹੁੰਚ ਕੇ ਥੀਏਟਰ ਦੀ ਦੁਨੀਆਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੂੰ ਮਹਿਜ਼ ਨੂੰ 250 ਰੁਪਏ ਕੰਮ ਕਰਨ ਦੇ ਦਿੱਤੇ ਜਾਂਦੇ ਸਨ । ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਲਗਪਗ 12 ਵਰ੍ਹੇ ਥੀਏਟਰ ਦੀ ਦੁਨੀਆਂ ਅੰਦਰ ਵਿਚਰ ਕੇ ਜਦੋਂ ਵਾਪਸੀ ਕੀਤੀ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਮਿਹਨਤਾਨੇ ਦੇ ਰੂਪ ਵਿੱਚ ਸਿਰਫ਼ 850 ਰੁਪਏ ਦੇ ਕਰੀਬ ਮਿਲਦੇ ਸਨ । ਜਿਸ ਨੂੰ ਕਿਸੇ ਵੀ ਕਲਾਕਾਰ ਲਈ ਵੱਡਾ ਮਾਣ ਮੰਨਿਆ ਜਾਂਦਾ ਸੀ । ਰੰਗਕਰਮੀਆਂ ਦੇ ਜਨਮਦਾਤਾ ਮੰਨੇ ਜਾਂਦੇ ਹਰਪਾਲ ਸਿੰਘ ਟਿਵਾਣਾ ਦਾ ਚੰਡਿਆ ਸਰਦਾਰ ਸੋਹੀ ਥੀਏਟਰ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਯੁੱਗ ਪੁਰਸ਼ ਕਲਾਕਾਰ ਹੋ ਨਿੱਬੜਿਆ । ਮੌਜੂਦਾ ਸਮੇਂ ਪੰਜਾਬੀ ਫ਼ਿਲਮਾਂ ਦੇ ਅੰਦਰ ਸਰਦਾਰ ਸੋਹੀ ਦੀ ਮੌਜੂਦਗੀ ਤੋਂ ਬਿਨਾਂ ਫਿਲਮ ਨੂੰ ਅਧੂਰੀ ਮੰਨਿਆ ਜਾਂਦਾ ਹੈ ਅਤੇ ਸਿਨਮਿਆਂ ਅੰਦਰ ਦਰਸ਼ਕਾਂ ਵੱਲੋਂ ਜੋ ਪਿਆਰ ਇਸ ਮਹਾਨ ਫ਼ਨਕਾਰ ਨੂੰ ਦਿੱਤਾ ਜਾਂਦੈ ਉਹ ਵੇਖਣ ਯੋਗ ਹੁੰਦਾ ਹੈ । ਉੱਥੇ ਵੱਜ ਰਹੀਆਂ ਦਰਸ਼ਕਾਂ ਦੀਆਂ ਕਿਲਕਾਰੀਆਂ ਸਿੱਧ ਕਰ ਦਿੰਦੀਆਂ ਨੇ ਕੇ ਸਰਦਾਰ ਸੋਹੀ ਵਾਕਿਆ ਹੀ ਯੁੱਗ ਪੁਰਸ਼ ਕਲਾਕਾਰ ਹੈ ।   
                     ਪੰਜਾਬੀ ਸਿਨਮੇ ਅੰਦਰ ਇੱਕ ਚੰਗੇ ਕਲਾਕਾਰ ਵਜੋਂ ਵਿਚਰ ਰਹੇ ਸਰਦਾਰ ਸੋਹੀ ਦੀ ਪਹਿਲੀ ਫ਼ਿਲਮ ਲੌਂਗ ਦਾ ਲਿਸ਼ਕਾਰਾ 1983 ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਉਨ੍ਹਾਂ ਦੀ ਕਸਵੱਟੀ ਤੇ ਖਰੀ ਉਤਰੀ । ਫਿਲਮ ਅੰਦਰ ਸਰਦਾਰ ਸੋਹੀ ਦੇ ਨਾਲ ਰਾਜ ਬੱਬਰ ਅਤੇ ਓਮ ਪੁਰੀ ਦਾ ਰੋਲ ਵੀ ਸਲਾਹੁਣਯੋਗ ਰਿਹਾ । ਉਸ ਤੋਂ ਬਾਅਦ ਬਾਗੀ, ਜੀਹਨੇ ਮੇਰਾ ਦਿਲ ਲੁੱਟਿਆ, ਕੈਰੀ ਔਨ ਜੱਟਾ, ਬੰਬੂਕਾਟ ਅਤੇ ਅਰਦਾਸ ਵਰਗੀਆਂ ਹਿੱਟ ਫ਼ਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਵਿੱਚ ਪਾ ਕੇ ਵਾਹ ਵਾਹ ਖੱਟੀ । ਠੇਠ ਪੰਜਾਬੀ ਬੋਲੀ ਦੇ ਮੁਰੀਦ ਸਰਦਾਰ ਸੋਹੀ ਨੇ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਬੀ ਐਨ ਸ਼ਰਮਾ ਵਰਗੇ ਉੱਚ ਕੋਟੀ ਦੇ ਕਲਾਕਾਰਾਂ ਨਾਲ ਬੇਮਿਸਾਲ ਕੰਮ ਦੀ ਨਵੀਂ ਛਾਪ ਛੱਡਦਿਆਂ ਪੰਜਾਬੀ ਸਿਨਮੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਡਾਹਢਾ ਯੋਗਦਾਨ ਪਾਇਆ । ਬੰਬਈ ਮਹਾਂਨਗਰੀ ਅੰਦਰ ਗਲੈਮਰ ਦੀ ਦੁਨੀਆਂ ਦੀ ਚਕਾਚੌਂਧ ਤੋਂ ਦੂਰ ਰਹਿੰਦਿਆਂ ਸੋਹੀ ਨੇ 5 ਹਿੰਦੀ ਫ਼ਿਲਮਾਂ, ਅਤੇ ਕਈ ਸੀਰੀਅਲਾਂ ਅੰਦਰ ਕਿਸਮਤ ਅਜ਼ਮਾ ਕੇ ਕੁਝ ਵੱਖਰਾ ਕਰਨ ਦਾ ਯਤਨ ਜ਼ਰੂਰ ਕੀਤਾ ਜੋ ਉਨ੍ਹਾਂ ਨੂੰ ਰਾਸ ਨਾ ਆਇਆ ਅਤੇ ਮਾਂ ਬੋਲੀ ਰਾਹੀਂ ਪ੍ਰਵਾਨ ਚੜ੍ਹਨ ਦੀ ਖਾਹਸ਼ ਨੂੰ ਭਾਲ ਕੇ ਅੱਗੇ ਵਧਣ ਦਾ ਯਤਨ ਕੀਤਾ ।
                    ਸਰਦਾਰ ਸੋਹੀ ਹੋਰਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਦੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਜਿਸ ਸਮੇਂ ਉਹ ਬੰਬਈ ਦੀ ਗਲੈਮਰ ਭਰੀ ਦੁਨੀਆਂ ਦਾ ਹਿੱਸਾ ਬਣਨ ਲਈ ਯਤਨਸ਼ੀਲ ਸਨ । ਉਸ ਸਮੇਂ ਉਨ੍ਹਾਂ ਵੱਲੋਂ ਥੀਏਟਰ ਕਰਨ ਤੋਂ ਬਾਅਦ ਜਿਸ ਢਾਬੇ ਤੇ ਰੋਟੀ ਖਾਣ ਲਈ ਜਾਇਆ ਜਾਂਦਾ ਸੀ ਤਾਂ ਢਾਬੇ ਦੇ ਮਾਲਕ ਵੱਲੋਂ ਉਨ੍ਹਾਂ ਨੂੰ 70 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਰੋਟੀ ਖਵਾ ਕੇ ਕਿਹਾ ਜਾਂਦਾ ਕਿ ਰੋਟੀਆਂ ਦੇ ਪੈਸੇ ਲੱਗਣਗੇ ਜਦਕਿ ਦਾਲ ਜਿੰਨੀ ਮਰਜ਼ੀ ਖਾਓ ਤਾਂ ਸੋਹੀ ਸਾਹਿਬ ਹੁਰਾਂ ਵੱਲੋਂ ਆਖਿਆ ਜਾਂਦਾ ਕਿ ਸਾਡਾ ਤਾਂ ਸਰ ਜਾਊ ਪਰ ਸਾਡੇ ਨਾਲ ਦੇ ਉੱਘੇ ਕੁਮੈਂਟੇਟਰ ਅਤੇ ਥੀਏਟਰ ਦੇ ਕਲਾਕਾਰ ਦਰਸ਼ਨ ਬੜੀ ਹੋਰਾਂ ਨੂੰ ਰਜਾ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਰਦਾਰ ਸਰਦਾਰ ਸੋਹੀ ਹੋਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਤੇ ਉਨ੍ਹਾਂ ਨੇ ਘੋਰ ਗ਼ਰੀਬੀ ਹੰਢਾਈ । ਸਰਦਾਰ ਸੋਹੀ ਦੇ ਪਰਿਵਾਰ ਦਾ ਪਿਛੋਕੜੀ ਪਿੰਡ ਪਲਾਸੌਰ ਨੇੜੇ ਧੂਰੀ ਹੈ ਪਰ ਬਹੁਤ ਲੰਬਾ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਨਕੇ ਪਿੰਡ ਟਿੱਬਾ ਆ ਕੇ ਰੈਣ ਬਸੇਰਾ ਕੀਤਾ । ਜਿਥੇ ਅੱਜ ਕੱਲ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ।
               ਸਰਦਾਰ ਸੋਹੀ ਨੂੰ ਚਾਹੁਣ ਵਾਲੇ ਉਨ੍ਹਾਂ ਦੇ ਬੋਲੇ ਡਾਇਲਾਗਾਂ ਨੂੰ ਕਿਸੇ ਸੋਹਣੇ ਸੱਜਣ ਦੇ ਗਹਿਣੇ ਦੀ ਤਰ੍ਹਾਂ ਸਾਂਭ ਕੇ ਯਾਦ ਰੱਖਦੇ ਹਨ ।  ਲਗਪਗ 60 ਪੰਜਾਬੀ ਫ਼ਿਲਮਾਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਦੀ ਝੋਲੀ ਵਿੱਚ ਪਾ ਕੇ ਕੋਰੋਨਾ ਕਾਲ ਦੌਰਾਨ ਸਰਦਾਰ ਸੋਹੀ ਨੇ ਲੁਧਿਆਣਾ ਸ਼ਹਿਰ ਤੋਂ ਸ਼ੇਰਪੁਰ ਨੇੜਲੇ ਪਿੰਡ ਟਿੱਬਾ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਕਾਇਮ ਕੀਤਾ । ਵਿਆਹ ਕਰਾਉਣ ਦੀ ਗੱਲ ਨੂੰ ਖਾਸ ਨਾ ਸਮਝਦੇ ਹੋਏ ਸਰਦਾਰ ਸੋਹੀ ਨੇ ਆਪਣੇ ਭਰਾਵਾਂ ਅਤੇ ਭਤੀਜਿਆਂ ਦੇ ਨਾਲ ਜ਼ਿੰਦਗੀ ਦਾ ਆਖ਼ਰੀ ਸਮਾਂ ਬਿਤਾਉਣ ਦੀ ਗੱਲ ਨੂੰ ਪ੍ਰਵਾਨ ਚੜ੍ਹਾਉਣ ਦੇ ਲਈ ਸਮੇਂ ਦੀ ਹਿੱਕ ਤੇ ਲੀਕ ਵਾਹ ਦਿੱਤੀ ਹੈ । ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸਰਦਾਰ ਸੋਹੀ ਦਾ ਅਸਲ ਨਾਮ ਪਰਮਜੀਤ ਸਿੰਘ ਸੋਹੀ ਹੈ । ਮਾਲਕ ਮਿਹਰ ਕਰੇ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਫ਼ਨਕਾਰ ਇਸੇ ਤਰ੍ਹਾਂ ਰਹਿੰਦੀ ਉਮਰ ਪੰਜਾਬੀ ਸਿਨਮੇ ਦਾ ਸ਼ਿੰਗਾਰ ਬਣ ਕੇ ਜ਼ਿੰਦਗੀ ਦੀਆਂ ਬਾਕੀ ਬਚੀਆਂ ਸੱਧਰਾਂ ਨੂੰ ਪੂਰੀਆਂ ਕਰਨ ਦੇ ਲਈ ਯਤਨਸ਼ੀਲ ਰਹੇ ਇਹ ਹੀ ਸਾਡੀ ਕਾਮਨਾ ਹੈ ।
     ਮਨਜਿੰਦਰ ਸਿੰਘ ਸਰੌਦ
         ( ਮਾਲੇਰਕੋਟਲਾ )
     9463463136

ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਪੰਨਾ - ਮਨਜਿੰਦਰ ਸਿੰਘ ਸਰੌਦ

ਜ਼ਿੰਦਗੀ ਦੇ ਪਿਛਲੇ ਪੜਾਅ ਤੇ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਕਿਉਂ ਮਜਬੂਰ ਹੋ ਜਾਂਦੇ ਨੇ ਬਹੁਤੇ ਪੰਜਾਬੀ ਗਾਇਕ
ਕਦੇ ਕਾਰਾਂ,ਕੋਠੀਆਂ ਦਾ ਮਾਲਕ ਗਾਇਕ ਮਨਜੀਤ ਰਾਹੀ ਹੁਣ 'ਇੱਕ ਕਮਰੇ' ਦਾ ਹੋ ਕੇ ਰਹਿ ਗਿਆ    
- ਲੰਘੇ ਸਮੇਂ ਪੰਜਾਬ ਅੰਦਰ ਅੱਸੀ ਵੇਂ ਦਹਾਕੇ ਤੋਂ ਲੈ ਕੇ ਲਗਪਗ 20 ਸਾਲ ਦਾ ਸੰਗੀਤਕ ਸਮਾਂ ਪੰਜਾਬੀ ਗਾਇਕੀ ਦੀ ਉਸ ਜੋੜੀ ਦੇ ਨਾਮ ਰਿਹਾ ਜਿਸ ਦੀ ਹਾਜ਼ਰੀ ਤੋਂ ਬਿਨਾਂ ਵਿਆਹ ਵੀ ਅਧੂਰੇ ਮੰਨੇ ਜਾਂਦੇ ਸਨ । ਪੰਜਾਬ ਦੀ ਪ੍ਰਸਿੱਧ ਅਤੇ ਮੰਨੀ ਪ੍ਰਮੰਨੀ ਦੋਗਾਣਾ ਜੋੜੀ ਮਨਜੀਤ ਰਾਹੀ ਤੇ ਬੀਬਾ ਦਲਜੀਤ ਕੌਰ ਜਿਸ ਨੇ 2 ਦਹਾਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕੀਤਾ । ਇਸ ਦੋਗਾਣਾ ਜੋੜੀ ਦੀ ਆਵਾਜ਼ 'ਚ ਰਿਕਾਰਡ ਹੋਏ ਗੀਤ 'ਕੈਂਠੇ ਵਾਲਾ ਬਾਈ ਤੇਰਾ ਕੀ ਲੱਗਦਾ' ਨੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਤਰਥੱਲੀ ਮਚਾ ਦਿੱਤੀ ਸੀ । ਇਸ ਤੋਂ ਇਲਾਵਾ 'ਜੰਨ ਸੋਫ਼ੀਆਂ ਦੀ ਹੋਵੇ' ਅਤੇ 'ਜੇਠ ਨੂੰ ਵੀਰ ਜੀ ਕਹਿਣਾ' ਤੋਂ ਇਲਾਵਾ 'ਜੇ ਇਸ ਜਨਮ ਵਿੱਚ ਵੀ ਨਾ ਮਿਲਿਆ' ਆਦਿ ਗੀਤ ਸਨ ਜੋ ਇਸ ਜੋਡ਼ੀ ਦੀ ਆਵਾਜ਼ 'ਚ ਰਿਕਾਰਡ ਹੋ ਕੇ ਲੋਕ ਚੇਤਿਆਂ ਦਾ ਸ਼ਿੰਗਾਰ ਬਣੇ ਸਨ । ਇਸ ਜੋੜੀ ਨੇ ਜਿੱਥੇ ਲੰਮਾ ਸਮਾਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਧਾਂਕ ਜਮਾਈ ਰੱਖੀ ਉੱਥੇ ਹੀ ਬਹੁਤੇ ਲੋਕ ਉਨ੍ਹਾਂ ਭਲੇ ਵੇਲਿਆਂ ਵਿੱਚ ਅਜਿਹੇ ਵੀ ਸਨ ਜੋ ਇਸ ਜੋੜੀ ਤੋਂ ਪ੍ਰੋਗਰਾਮ ਦੀ ਤਰੀਕ ਲੈਣ ਤੋਂ ਬਾਅਦ ਆਪਣੇ ਪ੍ਰੋਗਰਾਮ ਉਲੀਕਦੇ ਸਨ । ਇਹ ਸਮਾਂ ਕਿਸੇ ਵੀ ਕਲਾਕਾਰ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦਾ ।
                     ਮੈਂ ਆਪਣੀ ਜ਼ਿੰਦਗੀ ਦੇ ਬਤੌਰ ਲੇਖਕ ਲਗਪਗ ਬਾਈ ਵਰ੍ਹੇ ਕਲਾਕਾਰਾਂ ਬਾਰੇ ਖੁੱਲ੍ਹ ਕੇ ਲਿਖਿਆ । ਉਸੇ ਦੌਰਾਨ ਮੈਂ ਵੇਖਿਆ ਕਿ ਮਨਜੀਤ ਰਾਹੀ ਅਤੇ ਦਲਜੀਤ ਕੌਰ ਦਾ ਪੰਜਾਬੀ ਗਾਇਕੀ ਦੇ ਖੇਤਰ ਅੰਦਰ ਇੱਕ ਵੱਖਰਾ ਤੇ ਅਹਿਮ ਸਥਾਨ ਸੀ । ਪਰ ਕੁਦਰਤੀ ਤੌਰ ਤੇ ਪਰਿਵਾਰ ਵਿਚ ਆਈਆਂ ਤਰੇੜਾਂ ਸਦਕਾ ਇਹ ਮਸ਼ਹੂਰ ਜੋੜੀ ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਦੂਜੇ ਤੋਂ ਅਲੱਗ ਹੋ ਗਈ । ਖ਼ੈਰ ਇਹ ਉਨ੍ਹਾਂ ਦਾ ਪਰਿਵਾਰਕ ਮਸਲਾ ਸੀ ਪਰ ਪੰਜਾਬੀ ਗਾਇਕੀ ਦਾ ਇਤਿਹਾਸ ਇਹੀ ਰਿਹੈ ਕਿ ਬਹੁਤੇ ਕਲਾਕਾਰ ਆਪਣੀ ਉਮਰ ਦੇ ਪਿਛਲੇ ਪੜਾਅ ਵਿੱਚ ਆ ਕੇ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਿਉਂ ਹੁੰਦੇ ਨੇ । ਅਸੀਂ ਸਤੀਸ਼ ਕੌਲ ਦਾ ਹਾਲ ਵੀ ਵੇਖਿਆ ਅਤੇ ਹਾਕਮ ਸੂਫ਼ੀ ਦੇ ਨਾਲ ਹੀ ਉਸ ਦੇ ਭਰਾ ਨਛੱਤਰ ਸੂਫ਼ੀ ਨੇ ਵੀ ਜ਼ਿੰਦਗੀ ਦੀਆਂ ਸੱਧਰਾਂ ਨੂੰ ਅਧੂਰੀਆਂ ਰੱਖ ਕੇ ਗ਼ਰੀਬੀ ਦਾਅਵੇ ਵਿੱਚ ਦਮ ਤੋੜਿਆ ਸੀ । ਹੁਣ ਮਨਜੀਤ ਰਾਹੀ ਵੀ ਸਮੇਂ ਤੋਂ ਪਹਿਲਾਂ ਬਜ਼ੁਰਗ ਹੋ ਕੇ ਅਮਲੋਹ ਸ਼ਹਿਰ ਲਾਗਲੇ ਪਿੰਡ ਮਾਜਰੀ ਅੰਦਰ ਇਕ ਕਮਰੇ ਵਿਚ ਆਪਣੀ ਜ਼ਿੰਦਗੀ ਦੀ ਦਿਨ-ਕਟੀ ਕਰਦਾ ਵਿਖਾਈ ਦਿੰਦਾ ਹੈ ।
                     ‎ਗੱਲ ਸਾਇਦ ਅਠਾਈ , ਤੀਹ ਕੁ ਵਰ੍ਹੇ ਪੁਰਾਣੀ ਹੋਵੇਗੀ ਜਦੋਂ ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਨੇ ਮੇਰੇ ਪਿੰਡ ਸਰੌਦ ਵਿਖੇ ਆ ਕੇ ਗੀਤਾਂ ਦਾ ਚੰਗਾ ਰੰਗ ਬੰਨ੍ਹਿਆ ਸੀ ਉਦੋਂ ਇਹ ਜੋੜੀ ਲਾਲ ਰੰਗ ਦੀ ਅਸਟੀਮ ਕਾਰ ਵਿੱਚ ਪਹੁੰਚੀ ਸੀ । ਇਸ ਦੋਗਾਣਾ ਜੋੜੀ ਦੇ ਨਾਲ ਪਿੰਡ ਮੰਨਵੀ ਦੇ ਖੇਡ ਮੇਲੇ ਤੇ ਵਾਪਰੀ ਘਟਨਾ ਅੱਜ ਵੀ ਮੇਰੇ ਜ਼ਿਹਨ ਤੇ ਤੈਰਨ ਲੱਗਦੀ ਹੈ । ਜਦ ਮੈਂ ਆਪ ਖੁਦ ਚਾਚੇ ਦੇ ਲਡ਼ਕੇ ਗੁਰਜੰਟ ਸਿੰਘ ਜੰਟੇ ਅਤੇ ਨਾਰੰਗ ਹੋਰਾਂ ਦੇ ਨਾਲ ਸਾੲੀਕਲ ਤੇ ਜਾ ਕੇ ਇਸ ਦੋਗਾਣਾ ਜੋੜੀ ਦਾ ਪ੍ਰੋਗਰਾਮ ਸੁਣਿਆ ਸੀ । ਖੈਰ ਸਮਾਂ ਕਦੋਂ ਕਿਸੇ ਤੇ ਭਾਰੀ ਪੈ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ । ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਸਮੇਂ ਦੀ ਚਕਾਚੌਂਧ ਨੇ ਅਜਿਹਾ ਲਪੇਟਾ ਮਾਰਿਆ ਕਿ ਉਹ ਮੁੜ ਸੰਭਲ ਨਾ ਸਕੇ । ਬਹੁਤੇ ਲੋਕ ਵਿਆਹ ਸ਼ਾਦੀਆਂ ਜਾਂ ਕਬੱਡੀ ਦੇ ਖੇਡ ਟੂਰਨਾਮੈਂਟਾਂ ਸਮੇਂ ਸਾਈਕਲ ਤੇ ਇਨ੍ਹਾਂ ਕਲਾਕਾਰਾਂ ਦੇ ਅਖਾੜਿਆਂ ਨੂੰ ਸੁਣਨ ਜਾਂਦੇ ਹੁੰਦੇ ਸੀ । ਜੇਕਰ ਮਨਜੀਤ ਰਾਹੀ ਨਾਲ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਪੰਧ ਨਿਬੇੜਨ ਵਾਲੀ ਉਸ ਦੀ ਜੀਵਨ ਸਾਥਣ ਦਲਜੀਤ ਕੌਰ ਦੀ ਗੱਲ ਕਰੀਏ ਤਾਂ ਉਸ ਵੱਲੋਂ ਇਕ ਟੀਵੀ ਇੰਟਰਵਿਊ ਦੌਰਾਨ ਕਹੀਆਂ ਗੱਲਾਂ ਦੇ ਅਰਥ ਬਹੁਤ ਵੱਡੇ ਨੇ ਕਿ ਕਿਵੇਂ ਇਹ ਕਲਾਕਾਰ ਲੋਕ ਸ਼ੋਹਰਤ ਮੌਕੇ ਆਪਣਿਆਂ ਨੂੰ ਭੁੱਲ ਜਾਂਦੇ ਨੇ । ਲੰਘਿਆ ਸਮਾਂ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੇ ਪਰਿਵਾਰ ਤੇ ਕਾਫ਼ੀ ਭਾਰੀ ਰਿਹਾ । ਪਰਿਵਾਰਕ ਗੱਲਾਂ ਬਾਤਾਂ ਤੋਂ ਪਰ੍ਹੇ ਹੋ ਕੇ ਸੋਚੀਏ ਤਾਂ ਇੱਕ ਕਲਾਕਾਰ ਦੇ ਜੀਵਨ ਤੇ ਬੀਤ ਰਹੀ ਇਹ ਭਾਵੀ ਬਹੁਤ ਬੇਹੱਦ ਦੁਖਦਾਇਕ ਹੁੰਦੀ । ਇਹ ਵੀ ਸੱਚ ਹੀ ਹੈ ਕਿ ਇਸ ਦੋਗਾਣਾ ਜੋੜੀ ਦੇ ਗੀਤ ਅਸ਼ਲੀਲਤਾ ਤੋਂ ਦੂਰ ਸਨ ।                  
                     ‎ ਸਿਆਣੇ ਆਖਦੇ ਨੇ ਕਿ ਹਰ ਇਨਸਾਨ ਨੂੰ ਜਦੋਂ ਉਸ ਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਅਤੇ ਉਸ ਦੀ ਤੂਤੀ ਬੋਲ ਰਹੀ ਹੋਵੇ ਤਾਂ ਆਪਣਿਆਂ ਨੂੰ ਭੁੱਲਣਾ ਨਹੀਂ ਚਾਹੀਦਾ । ਅਸੀਂ ਬਹੁਤ ਸਾਰੇ ਕਲਾਕਾਰਾਂ ਦੀਆਂ ਮੁਲਾਕਾਤਾਂ ਕਰੀਆਂ ਅਤੇ ਉਨ੍ਹਾਂ ਦੇ ਪਿਛਲੇ ਸਮੇਂ ਤੇ ਝਾਤੀ ਮਾਰ ਕੇ ਵੇਖਿਆ ਤਾਂ ਜੋ ਕੁੱਝ ਉਨ੍ਹਾਂ ਫਨਕਾਰਾਂ ਦੇ ਹਿੱਸੇ ਆਇਆ ਉਹ ਇੱਕ ਕਲਾਕਾਰ ਦੇ ਲਈ ਚੰਗਾ ਨਹੀਂ ਆਖਿਆ ਜਾਵੇਗਾ । ਕਿਉਂਕਿ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਜੇਕਰ ਸ਼ੀਸ਼ਾ ਹੀ ਧੁੰਦਲਾ ਪੈ ਜਾਵੇ ਤਾਂ ਉਸ ਨੂੰ ਆਦਰਸ਼ ਮੰਨ ਕੇ ਆਪਣਾ ਚਿਹਰਾ ਵੇਖਣ ਵਾਲੇ ਕਿਸ ਤਰ੍ਹਾਂ ਦੇ ਹੋਣਗੇ ਕਹਿਣ ਦੀ ਲੋੜ ਨਹੀਂ । ਖੈਰ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਇੱਕ ਕੌੜਾ ਸੱਚ ਹੈ । ਇੱਥੇ ਵੱਡੇ-ਵੱਡੇ ਕਲਾਕਾਰਾਂ ਦੇ ਪੈਰ ਸਮੇਂ ਨੇ ਧਰਤੀ ਨਾਲੋਂ ਨਖੇੜ ਦਿੱਤੇ । ਕਹਿੰਦੇ ਨੇ ਕੁਦਰਤ ਜਿਸ ਵੀ ਇਨਸਾਨ ਤੇ ਕਹਿਰਵਾਨ ਹੋ ਕੇ ਬਰਸਦੀ ਹੈ ਤਾਂ ਪਿੱਛੇ ਬਚਦਾ ਵੀ ਕੁਝ ਨਹੀਂ ।          
         ‎              ‎ਕਦੇ ਵੱਡੀਆਂ ਗੱਡੀਆਂ ਅਤੇ ਆਲੀਸ਼ਾਨ ਬੰਗਲਿਆਂ ਦਾ ਮਾਲਕ ਮਨਜੀਤ ਰਾਹੀ ਜਿਸ ਨੇ ਪੂਰੇ ਭਾਰਤ ਤੋਂ ਇਲਾਵਾ ਅਮਰੀਕਾ ਕੈਨੇਡਾ ਵਿੱਚ ਜਾ ਕੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਹੋਵੇ ਉਹ ਅੱਜ ਕਿਸ ਕਦਰ ਇੱਕ ਕਮਰੇ ਨੁਮਾ ਘਰ ਨੂੰ ਆਪਣੀ ਜ਼ਿੰਦਗੀ ਦਾ ਆਖ਼ਰੀ ਪੜਾਅ ਮੰਨ ਕੇ ਵਕਤ ਲੰਘਾ ਰਿਹਾ ਹੈ । ਸੋਚਣਾ ਤਾਂ ਬਣਦੈ ਕਿ ਜਿਸ ਫ਼ਨਕਾਰ ਦੇ ਗੀਤਾਂ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਕਿਸੇ ਸੱਜਣ ਦੇ ਗਹਿਣੇ ਵਾਂਗਰਾਂ ਦਿਲ ਦੇ ਕੋਨੇ ਅੰਦਰ ਸਾਂਭ ਕੇ ਰੱਖਿਆ ਹੋਵੇ , ਉਸ ਫ਼ਨਕਾਰ ਦੇ ਮੰਦੜੇ ਹਾਲ ਤੇ ਚੀਸ ਤਾਂ ਉੱਠਣੀ ਲਾਜ਼ਮੀ ਹੈ । ਮਨਜੀਤ ਰਾਹੀ ਦੇ ਪੁਰਾਣੇ ਸਗਿਰਦ ਅਤੇ ਗਾਇਕ ਬਲਬੀਰ ਰਾਏ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਾਲਕ ਮਿਹਰ ਕਰੇ ਅਸੀਂ ਦੁਆ ਕਰਦੇ ਹਾਂ ਕਿ ਮਨਜੀਤ ਰਾਹੀ ਮੁੜ ਤੋਂ ਸਿਹਤਯਾਬ ਹੋ ਕੇ ਪੰਜਾਬੀ ਸੰਗੀਤ ਇੰਡਸਟਰੀ ਦਾ ਸ਼ਿੰਗਾਰ ਬਣੇ ।
ਮਨਜਿੰਦਰ ਸਿੰਘ ਸਰੌਦ
‎(ਮਾਲੇਰਕੋਟਲਾ )
‎9463463136

ਆਖ਼ਰ ਤੁਰ ਗਿਆ 'ਸੁਰਾਂ ਦਾ ਸਿਕੰਦਰ' .. - ਮਨਜਿੰਦਰ ਸਿੰਘ ਸਰੌਦ

ਸੰਗੀਤ ਦੀ ਫ਼ਿਜ਼ਾ ਅੰਦਰ 'ਸੰਦਲੀ ਪੌਣਾਂ' ਬਣ ਕੇ ਰੁਮਕਦੇ ਰਹਿਣਗੇ ਸਰਦੂਲ ਸਿਕੰਦਰ ਦੇ ਗਾਏ ਗੀਤ  

- ਲੰਘੇ ਦਿਨੀਂ ਮਲੇਰਕੋਟਲਾ ਨੇੜਲੇ ਇੱਕ ਛੋਟੇ ਜਿਹੇ ਪਿੰਡ ਅੰਦਰ ਸੂਫ਼ੀ ਕਲਾਕਾਰ ਸ਼ੌਕਤ ਅਲੀ ਮਤੋਈ ਦੇ ਵਿਛੋੜੇ ਤੇ ਅਫ਼ਸੋਸ ਕਰਨ ਦੇ ਲਈ ਉਨ੍ਹਾਂ ਦੇ ਪਿੰਡ ਪਹੁੰਚੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਲਾਕਾਰ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ਗਾਇਕੀ ਨੂੰ ਪ੍ਰਣਾਏ ਤੇ ਹੰਢੇ ਹੋਏ ਗਵੱਈਏ ਸਰਦੂਲ ਸਿਕੰਦਰ ਨੂੰ ਵੇਖ ਲੱਗਦਾ ਨਹੀਂ ਸੀ ਕਿ ਉਹ ਇੰਨੀ ਛੇਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਉਸ ਦੁਨੀਆਂ ਦਾ ਹਿੱਸਾ ਜਾ ਬਣਨਗੇ ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਿਆ । ਛੋਟੇ ਹੁੰਦਿਆਂ ਸਰਦੂਲ ਸਿਕੰਦਰ ਨੂੰ ਰੱਜ ਕੇ ਰੂਹ ਨਾਲ ਸੁਣਿਆ ਤੇ ਉਨ੍ਹਾਂ ਦੀ ਗਾਇਕੀ ਨੂੰ ਮਾਣਿਆ । 'ਤੜਕ ਭੜਕ ਤੇ ਚੱਕ ਲੋ ਧਰਲੋ' ਤੋਂ ਦੂਰ ਸਰਦੂਲ ਸਿਕੰਦਰ ਨੇ ਸਦਾ ਹੀ ਮਾਂ ਬੋਲੀ ਨੂੰ ਬਣਦਾ ਮਾਣ ਤੇ ਉੱਚਾ ਰੁਤਬਾ ਦੇਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਗੀਤਾਂ ਜ਼ਰੀਏ ਤੇ 'ਸੰਗੀਤਕ ਸਮਝੌਤਿਆਂ' ਦੀ ਪਗਡੰਡੀ ਤੇ ਤੁਰਨਾ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ ।
               ਜਦ ਵੀ ਕਦੇ ਉਨ੍ਹਾਂ ਨਾਲ ਗੱਲ ਹੋਈ ਤਾਂ ਇਸ ਫ਼ਨਕਾਰ ਨੇ ਕਦੇ ਵੀ ਆਪਣੇ ਸ਼ਬਦਾਂ ਤੇ ਫੁਕਰਾਪੰਥੀ ਦਾ ਪਰਛਾਵਾਂ ਨਹੀਂ ਸੀ ਪੈਣ ਦਿੱਤਾ । ਨਹੀਂ ਤਾਂ ਇਸ ਰੁਤਬੇ ਤੇ ਪਹੁੰਚ ਕੇ ਬਹੁਤ ਸਾਰੇ ਕਲਾਕਾਰਾਂ ਦੇ ਪੈਰ ਧਰਤੀ ਨਾਲੋਂ ਗਿੱਠ ਉੱਚੇ ਹੋ ਜਾਂਦੇ ਨੇ । ਕਹਿੰਦੇ ਸਰਦੂਲ ਸਿਕੰਦਰ ਬੀਤੇ ਡੇਢ ਮਹੀਨੇ ਤੋਂ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਸੀ । ਉਨ੍ਹਾਂ ਨੇ ਲੰਬਾ ਸਮਾਂ ਹਸਪਤਾਲ ਅੰਦਰ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੰਗ ਲੜੀ ਤੇ ਆਖ਼ਰ ਹਜ਼ਾਰਾਂ ਚਹੇਤਿਆਂ ਦੇ ਦਿਲਾਂ ਨੂੰ ਜਿੱਤਣ ਵਾਲਾ ਇਹ ਸੱਭਿਆਚਾਰ ਦਾ ਅਸਲੀ ਵਾਰਸ ਜ਼ਿੰਦਗੀ ਦੀ ਜੰਗ ਹਾਰ ਗਿਆ । ਸਰਦੂਲ ਸਿਕੰਦਰ ਦੇ ਬਹੁਤ ਸਾਰੇ ਗਾਏ ਗੀਤ ਲੋਕ ਗੀਤਾਂ ਵਿੱਚ ਤਬਦੀਲ ਹੋ ਗਏ ਉਹ ਬਿਨਾਂ ਸ਼ੱਕ ਪੰਜਾਬੀ ਸੰਗੀਤ ਜਗਤ ਦਾ ਇੱਕ ਯੁੱਗ ਸਨ 'ਫੁੱਲਾਂ ਦੀਏ ਕੱਚੀਏ ਵਪਾਰਨੇ' , ਨਜ਼ਰਾਂ ਤੋਂ ਡਿੱਗਿਆਂ ਨੂੰ , ਤੇਰਾ ਲਿਖਦੂੰ ਸਫੈਦਿਆਂ ਤੇ ਨਾਂ ਸਮੇਤ ਬਹੁਤ ਸਾਰੇ ਗੀਤਾਂ ਨੂੰ ਵਿਸ਼ਵ ਪੱਧਰ ਤੇ ਵੱਡਾ ਮਾਣ ਮਿਲਿਆ l ਉਨ੍ਹਾਂ ਨੇ ਲੰਬਾ ਸਮਾਂ ਆਪਣੀ ਧਰਮ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਦੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ।
          ਬਾਪੂ ਮਸਤਾਨਾ ਸਾਗਰ ਤੋਂ ਜ਼ਿੰਦਗੀ ਦੀਆਂ ਬਰੀਕੀਆਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ 6 ਦਹਾਕਿਆਂ ਨੂੰ ਪਾਰ ਕਰ ਚੁੱਕਿਆ ਇਹ ਅਲਬੇਲਾ ਗਵੱਈਆ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਨਾਲ ਸਬੰਧਤ ਸੀ ਅਤੇ ਰੈਣ ਬਸੇਰਾ ਅੱਜਕੱਲ੍ਹ ਖੰਨੇ ਸੀ । ਸਰਦੂਲ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਜਰਨੈਲ ਸਿੰਘ ਘੁਮਾਣ ਨੇ ਭਾਵੁਕ ਹੁੰਦਿਆਂ ਲੰਬਾ ਹਟਕੋਰਾ ਭਰ ਕੇ ਆਖਿਆ ਕਿ ਕਿੱਥੋਂ ਭਾਲਾਂਗੇ ਅਸੀਂ ਹੁਣ ਇਸ ਸੁਰਾਂ ਦੇ ਸਿਕੰਦਰ ਨੂੰ ਅਜਿਹੇ ਇਨਸਾਨ ਵਿਰਲੇ ਹੀ ਪੈਦਾ ਹੁੰਦੇ ਹਨ । ਬਿਨਾਂ ਸ਼ੱਕ ਉਹ ਛੋਟੇ ਅਤੇ ਵੱਡਿਆਂ ਦਾ ਸਾਂਝਾ ਕਲਾਕਾਰ ਸੀ ਜਿਸ ਨੇ ਸਿਵਾਏ ਸਮਾਜਿਕ ਰਿਸ਼ਤਿਆਂ ਤੇ ਸਰੋਕਾਰਾਂ ਨੂੰ ਪ੍ਰਣਾਈ ਗਾਇਕੀ ਤੋਂ ਇਲਾਵਾ ਕਦੇ ਵੀ 'ਸਮਝੌਤਿਆਂ' ਵੱਲ ਕਦਮ ਪੁੱਟ ਕੇ ਨਹੀਂ ਸੀ ਵੇਖਿਆ । ਸਰਦੂਲ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਅੰਦਰ ਸੰਘਰਸ਼ ਕੀਤਾ ਤੇ ਫਿਰ ਉਸ 'ਮਰਤਬੇ' ਨੂੰ ਪਾਇਆ ਜੋ ਵਿਰਲਿਆਂ ਨੂੰ ਹੀ ਹਾਸਲ ਹੁੰਦਾ ਹੈ । ਉਨ੍ਹਾਂ ਨੂੰ ਸਪੁਰਦ - ਏ -ਖ਼ਾਕ ਕੀਤੇ ਜਾਣ ਵੇਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਨੇ ਵੀ ਪਿਆਰ ਦੀ ਨਵੀਂ ਮਿਸਾਲ ਕਾਇਮ ਕਰਦਿਆਂ ਆਪਣੇ ਖੇਤ ਅੰਦਰ ਜਗ੍ਹਾ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ।
        ਸਰਦੂਲ ਸਰਦੂਲ ਸਿਕੰਦਰ ਨੇ ਬਹੁਤ ਸਾਰੇ ਅਜਿਹੇ ਗੀਤਕਾਰਾਂ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਨੂੰ ਅਸਮਾਨ ਦੇ ਚਮਕਦੇ ਸਿਤਾਰੇ ਬਣਾਇਆ ਜੋ ਗਰਦਸ਼ ਦੀ ਹਨੇਰ ਭਰੀ ਜ਼ਿੰਦਗੀ ਜਿਉਂ ਰਹੇ ਸਨ ਮੈਂ ਆਪਣੇ ਵਰ੍ਹਿਆਂ ਦੇ ਲਿਖਣ ਦੇ ਸਫ਼ਰ ਦੌਰਾਨ ਬਹੁਤ ਅਜਿਹੇ ਘੱਟ ਫ਼ਨਕਾਰ ਦੇਖੇ ਨੇ ਜਿਨ੍ਹਾਂ ਦੇ ਵਿਛੋੜੇ ਤੇ ਲੋਕਾਂ ਨੇ ਧਾਹਾਂ ਮਾਰੀਆਂ ਹੋਣ , ਸਰਦੂਲ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਬੁੱਕਾਂ ਭਰ ਕੇ ਹੰਝੂ ਡੋਲ੍ਹੇ ਅਤੇ ਕਿੰਨਾ ਚਿਰ ਇਕਾਂਤ ਵਿਚ ਬੈਠ ਉਸ ਨੂੰ ਧੁਰ ਹਿਰਦੇ ਅੰਦਰੋਂ ਯਾਦ ਕੀਤਾ । ਭਾਵੇਂ ਹੁਣ ਉਹ ਸਰੀਰਕ ਤੌਰ ਤੇ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗਾਏ ਹਜ਼ਾਰਾਂ ਗੀਤ ਇਸ ਸੰਗੀਤਕ ਧਰਤ ਦੀ ਸੰਦਲੀ ਫ਼ਿਜ਼ਾ ਅੰਦਰ 'ਪੌਣਾਂ ਬਣ ਕੇ ਰੁਮਕਦੇ' ਰਹਿਣਗੇ ਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਚਾਹੁਣ ਵਾਲੇ ਦਿਲ ਦੇ ਕੋਨੇ ਅੰਦਰ ਕਿਸੇ ਸੋਹਣੇ ਸੱਜਣ ਦੇ ਗਹਿਣੇ ਵਾਂਗਰਾਂ ਸਾਂਭ ਕੇ ਜ਼ਰੂਰ ਰੱਖਣਗੇ । ਅਲਵਿਦਾ ਸੁਰਾਂ ਦੇ ਸਿਕੰਦਰ ।
         ਮਨਜਿੰਦਰ ਸਿੰਘ ਸਰੌਦ
          9463463136

'ਅੰਨਦਾਤੇ ਦੇ ਦਰਦ' ਦੀਆਂ ਗਵਾਹ ਬਣੀਆਂ ਬਰਫ਼ ਵਰਗੀਆਂ ਕਾਲੀਆਂ ਰਾਤਾਂ  - ਮਨਜਿੰਦਰ ਸਿੰਘ ਸਰੌਦ

ਹਰ ਵਰ੍ਹੇ ਅਰਬਾਂ ਰੁਪਏ ਦੀ ਫਸਲ ਚੜ੍ਹ ਜਾਂਦੀ ਹੈ ਅਵਾਰਾ ਪਸ਼ੂਆਂ ਦੀ ਭੇਟ  
- ਇਕ ਪਾਸੇ ਜਿੱਥੇ ਪੰਜਾਬ ਦਾ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਆਪਣੇ ਪਰਿਵਾਰਾਂ ਸਮੇਤ ਕਿਸਾਨੀ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਦੇ ਲਈ ਨੰਗੇ ਧੜ ਸੰਘਰਸ਼ ਕਰ ਰਿਹੈ 'ਤੇ ਇਕ-ਇਕ ਕਰ ਕੇ ਅੰਨਦਾਤੇ ਦੀਆਂ ਲਾਸ਼ਾਂ ਆਪਣੀ ਸਰਜ਼ਮੀਨ ਤੇ ਪਹੁੰਚ ਰਹੀਆਂ ਹਨ ਉਥੇ ਹੀ ਕਿਸਾਨਾਂ ਦੇ ਖੇਤਾਂ ਅੰਦਰ ਵਰ੍ਹਿਆਂ ਤੋਂ ਚੱਲੇ ਆ ਰਹੇ ਅਵਾਰਾ ਪਸ਼ੂਆਂ ਤੇ ਚੋਰਾਂ ਦੇ ਸੰਤਾਪ ਦੀ ਦਰਦ ਕਹਾਣੀ ਵੀ ਮੁੱਕਣ ਦਾ ਨਾਮ ਨਹੀਂ ਲੈ ਰਹੀ । ਪੰਜਾਬ ਦਾ ਸ਼ਾਇਦ ਕੋਈ ਵੀ ਪਿੰਡ ਕਿਸਾਨਾਂ ਦੇ ਇਸ ਅਵੱਲੇ ਦਰਦ ਤੋਂ ਵਾਂਝਾ ਹੋਵੇਗਾ ਜਿੱਥੇ ਇਹ ਮਸਲੇ ਦੈਂਤ ਰੂਪੀ ਮੂੰਹ ਨਾ ਅੱਡੀਂ ਖੜ੍ਹੇ ਹੋਣ । ਸਰਕਾਰਾਂ ਹਰ ਪੰਜ ਸਾਲਾਂ ਮਗਰੋਂ ਬਦਲ ਜਾਂਦੀਆਂ ਨੇ ਪਰ ਕਿਸਾਨਾਂ ਦੀ ਕਿਸਮਤ ਨਹੀਂ ਬਦਲ ਰਹੀ । 2 ਲੱਖ ਤੋਂ ਜ਼ਿਆਦਾ ਆਵਾਰਾ ਪਸ਼ੂ ਇਸ ਸਮੇਂ ਪੰਜਾਬ ਦੀਆਂ ਸੜਕਾਂ ਤੇ ਖੁੱਲ੍ਹੇਆਮ ਦਨਦਨਾਉਂਦੇ ਫਿਰ ਰਹੇ ਹਨ ਤੇ ਕਿੰਨੇ ਹੀ ਘਰਾਂ ਦੇ ਇਕਲੌਤੇ ਚਿਰਾਗ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਬੁਝ ਚੁੱਕੇ ਨੇ , ਤੇ ਕਰੋੜਾਂ ਰੁਪਏ ਦੀ ਫਸਲ ਹਰ ਵਰ੍ਹੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀ ਹੈ ।
                ਅੱਜ ਜਿਸ ਸਮੇਂ ਕਣਕ ਦੀ ਫ਼ਸਲ ਆਪਣੇ ਭਰ ਜੋਬਨ ਵੱਲ ਨੂੰ ਵਧ ਰਹੀ ਹੈ ਉਸ ਨੂੰ ਅਵਾਰਾ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਖੇਤਾਂ ਦੀਆਂ ਪਹੀਆਂ ਅਤੇ ਸੜਕ ਕਿਨਾਰਿਆਂ ਨੂੰ ਆਪਣਾ ਰੈਣ ਬਸੇਰਾ ਬਣਾਉਂਦਿਆਂ ਵੱਡੀਆਂ ਮਿਹਨਤਾਂ ਮੁਸ਼ੱਕਤਾਂ ਨੂੰ ਘਾਲਿਆ ਜਾ ਰਿਹਾ ਹੈ । ਸੁੰਨੀਆਂ ਤੇ ਬਰਫ਼ ਵਰਗੀਆਂ ਸਰਦ ਰਾਤਾਂ ਵਿੱਚ ਜਦੋਂ ਸਮੁੱਚੀ ਲੋਕਾਈ ਆਪਣੀਆਂ ਰਜਾਈਆਂ ਦਾ ਨਿੱਘ ਮਾਣ ਰਹੀ ਹੁੰਦੀ ਹੈ ਤਾਂ ਕਿਸਾਨ ਅੱਧੀ ਰਾਤ ਨੂੰ ਆਵਾਰਾ ਪਸ਼ੂਆਂ ਨੂੰ ਭਜਾਉਣ ਦੇ ਲਈ ਖੇਤਾਂ ਅੰਦਰ ਧੂਣੀਆਂ ਤਾਪ ਕੇ ਹੋਕਰੇ ਮਾਰ ਰਿਹਾ ਹੁੰਦਾ ਹੈ । ਬਹੁਤ ਵਾਰ ਪਿੰਡਾਂ ਅੰਦਰ ਅਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਦੇ ਵਿਚਕਾਰ ਹੋਏ ਟਕਰਾਅ ਮੌਕੇ ਸਥਿਤੀ ਮਾਰ-ਕੁਟਾਈ ਤਕ ਪਹੁੰਚ ਚੁੱਕੀ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਨੂੰ ਸਹੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ।  
                       ਅਵਾਰਾ ਪਸ਼ੂਆਂ ਤੋਂ ਬਾਅਦ ਕਿਸਾਨਾਂ ਨੂੰ ਟਰਾਂਸਫਾਰਮਰ ਤੇ ਮੋਟਰਾਂ ਦੀਆਂ ਕੇਬਲਾਂ ਦੀਆਂ ਹੋ ਰਹੀਆਂ ਚੋਰੀਆਂ ਨੇ ਖੰਗਲ ਕਰ ਦਿੱਤਾ ਹੈ । ਆਏ ਦਿਨ ਚੋਰਾਂ ਵੱਲੋਂ ਕਿਸੇ ਨਾ ਕਿਸੇ ਪਿੰਡ ਅੰਦਰ ਕਈ-ਕਈ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਤੇ ਹੱਥ ਸਾਫ ਕੀਤਾ ਜਾਂਦਾ ਹੈ । ਕਿਸਾਨਾਂ ਵੱਲੋਂ ਜਦੋਂ ਇਸ ਸੰਬੰਧੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਪਹਿਲਾਂ ਇਸ ਦੀ ਥਾਣੇ ਅੰਦਰ ਜਾ ਕੇ ਰਿਪੋਰਟ ਲਿਖਵਾਉਣ ਲਈ ਆਖਿਆ ਜਾਂਦਾ ਹੈ ਉੱਥੇ ਵੀ ਕਿਸਾਨ ਦੀ ਰੱਜ ਕੇ ਖੱਜਲ-ਖੁਆਰੀ ਹੁੰਦੀ ਹੈ , ਕਾਰਵਾਈ ਦੇ ਨਾਂ ਤੇ ਕਿਸਾਨ ਨੂੰ ਲੀਪਾ- ਪੋਚੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ , ਉਸ ਤੋਂ ਬਾਅਦ ਕਿਸਾਨ ਦੀ ਦਰਜ ਕਰਾਈ  ਰਿਪੋਰਟ ਦਾ ਕੀ ਬਣਿਆ ਕਿਸੇ ਨੂੰ ਕੁਝ ਪਤਾ ਨਹੀਂ । ਉਲਟਾ ਕਿਸਾਨਾਂ ਨੂੰ ਕਈ ਵਾਰ ਆਪਣੇ ਪੱਲਿਓਂ ਪੈਸੇ ਦੇ ਕੇ ਸਬੰਧਤ ਮੁਲਾਜ਼ਮਾਂ ਦਾ ਖ਼ਰਚਾ ਪਾਣੀ ਵੀ ਚੁੱਕਿਆ ਜਾਣਾ ਆਮ-ਏ-ਹਾਲਾਤ ਬਣ ਚੁੱਕਿਆ ਹੈ , ਇਸ ਨੂੰ ਸਾਡੇ ਦੇਸ਼ ਦੀ ਤਰਾਸਦੀ ਨਹੀਂ ਆਖਾਂਗੇ ਤਾਂ ਕੀ ਆਖੇਂਗੇ ।
            ਬਸ਼ਰਤੇ ਚੋਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚੋਂ ਚੋਰੀ ਕੀਤੇ ਸਾਮਾਨ ਦੀ ਕੀਮਤ ਭਾਵੇਂ ਘੱਟ ਹੁੰਦੀ ਹੈ ਪਰ ਜਦੋਂ ਕਿਸਾਨਾਂ ਨੂੰ ਕੇਬਲਾਂ ਅਤੇ ਟਰਾਂਸਫਾਰਮਰ ਨਵੇਂ ਲਿਆ ਕੇ ਰੱਖਣੇ ਪੈਂਦੇ ਹਨ ਜੋ ਉਸ ਤੇ ਬੀਤਦੀ ਹੈ ਉਸ ਨੂੰ ਸਿਰਫ਼ ਕਿਸਾਨ ਹੀ ਜਾਣ ਸਕਦਾ ਹੈ । ਸਮੇਂ-ਸਮੇਂ ਤੇ ਇਨ੍ਹਾਂ ਵੱਡੇ ਮੁੱਦਿਆਂ ਤੇ ਭਾਵੇਂ ਆਮ ਜਨਤਾ ਵੱਲੋਂ ਮੀਡੀਏ ਰਾਹੀਂ ਆਵਾਜ਼ ਵੀ ਉਠਾਈ ਗਈ ਪਰ ਸਰਕਾਰਾਂ  ਜਾਣਬੁੱਝ ਕੇ ਘੇਸਲ ਵੱਟ ਕੇ ਆਪਣਾ ਸਮਾਂ ਲੰਘਾਉਣ ਵਿੱਚ ਹੀ ਭਲਾਈ ਸਮਝ ਰਹੀਆਂ ਹਨ   । ਕਿਸਾਨ ਇਸ ਬੇਹੱਦ ਗੰਭੀਰ ਮਸਲੇ ਤੇ ਭਾਵੁਕ ਹੋ ਕੇ ਆਖਦੇ ਨੇ ਕਿ ਇਹ ਵਰਤਾਰਾ ਪੰਜਾਬ ਅੰਦਰ ਵਰ੍ਹਿਆਂ ਤੋਂ ਜਾਰੀ ਹੈ 'ਤੇ ਕਿਸਾਨ ਇਸ ਦਾ ਸੰਤਾਪ ਭੋਗਦੇ-ਭੋਗਦੇ ਥੱਕ ਚੁੱਕੇ ਹਨ ਪਰ ਸਰਕਾਰ ਤੋਂ ਅੱਜ ਤਕ ਇਨ੍ਹਾਂ ਅਲਾਮਤਾਂ ਦਾ ਹੱਲ ਨਹੀਂ ਨਿਕਲ ਸਕਿਆ , ਜੇਕਰ ਸਰਕਾਰ ਚਾਹੇ ਤਾਂ ਇਸ ਵਰਤਾਰੇ ਨੂੰ ਉਚਿਤ ਕਦਮ ਚੁੱਕ ਕੇ ਠੱਲ੍ਹ ਪਾ ਸਕਦੀ ਹੈ ਪਰ ਸ਼ਾਇਦ ਅਜੇ ਸਰਕਾਰ ਲਈ ਉਹ ਸਮਾਂ ਨਹੀਂ ਆਇਆ ਜਿਸ ਨਾਲ ਪੰਜਾਬ ਦੇ ਕਿਸਾਨ ਨੂੰ ਰਾਹਤ ਮਿਲ ਸਕੇ । ਚੰਗਾ ਹੋਵੇ ਸਰਕਾਰਾਂ ਇਸ ਗੰਭੀਰ ਮੁੱਦਿਆਂ ਪ੍ਰਤੀ ਉੱਚੀ ਸੁੱਚੀ ਸੋਚ ਨਾਲ ਸੋਚਣ ਤਾਂ ਕਿ ਪੰਜਾਬ ਦੇ ਕਿਸਾਨ 'ਨੁਕਸਾਨ ਰੂਪੀ ਲੁੱਟ' ਰੁਕ ਸਕੇ ।
            ਮਨਜਿੰਦਰ ਸਿੰਘ ਸਰੌਦ
               9463463136

ਮਿੰਨੀ ਕਹਾਣੀ : ਜ਼ਿੰਮੇਵਾਰੀਆਂ ਦਾ ਬੋਝ .... - ਮਨਜਿੰਦਰ ਸਿੰਘ ਸਰੌਦ

ਬਾਪੂ ਧਨ ਸਿਓਂ ਨੇ ਦਿੱਲੀ ਮੋਰਚੇ ਤੋਂ ਪਰਤਦਿਆਂ ਸਾਰ ਆਪਣੇ ਲਾਡਲੇ ਪੋਤੇ ਨੂੰ ਆਵਾਜ਼ ਮਾਰੀ , ਓਏ ਸੁੱਖੂਆ , ਆ ਪੁੱਤ ਮੇਰੀਆਂ ਮੇਰੀਆਂ ਲੱਤਾਂ ਘੁੱਟ ਤੇ ਹੁਣ ਤੂੰ ਵੀ ਕੱਲ੍ਹ ਨੂੰ ਟਰਾਲੀ ਨਾਲ ਜਾਣ ਦੀ ਤਿਆਰੀ ਕਰ ਲੈ , ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਤੇਰੀ ਅੈ ਸੇਰਾ , ਜੇ ਤੇਰਾ ਪਿਉ ਜਿਉਂਦਾ ਹੁੰਦਾ ਤਾਂ .. ਅੈਨਾ ਆਖ ਬਾਪੂ ਦਾ ਗੱਚ ਭਰ ਆਇਆ ਤੇ ਕਿੰਨਾ ਚਿਰ ਯਾਦ ਕਰਦਾ ਰਿਹਾ ਉਸ ਕੁਲਹਿਣੀ ਘੜੀ ਨੂੰ , ਜਦ ਉਸ ਦਾ ਜੁਆਨ ਪੁੱਤ ਕਰਜ਼ੇ ਦੀ ਦਲਦਲ ਵਿੱਚ ਧਸ ਕੇ ਹੱਸਦੇ-ਵੱਸਦੇ ਪਰਿਵਾਰ ਨੂੰ ਛੱਡ ਕੇ ਦੁਨੀਆਂ ਤੋਂ ਸਦਾ ਲਈ ਕੂਚ ਕਰ ਗਿਆ ਸੀ ।
                    ਸੁੱਖੂ ਕਿੰਨਾ ਚਿਰ ਦਾਦੇ ਦੀਆਂ ਲੱਤਾਂ ਘੁੱਟਦਾ ਰਿਹਾ ਤੇ ਦਾਦਾ ਜੁਆਨ ਹੋ ਰਹੇ ਪੋਤੇ ਦੀ ਪਿੱਠ ਤੇ ਹੱਥ ਫੇਰ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨਿਹਾਰਦਾ ਹੋਇਆ ਆਉਣ ਵਾਲੇ ਖ਼ਤਰਨਾਕ ਭਵਿੱਖ ਦੀ ਰੂਪ-ਰੇਖਾ ਨੂੰ ਜ਼ਿਹਨ ਤੇ ਲਿਆ ਕੇ ਹਜ਼ਾਰਾਂ ਤੰਗੀਆਂ-ਤੁਰਸ਼ੀਆਂ ਤੋਂ ਬਾਅਦ ਆਪਣੇ ਹਿੱਸੇ ਦੀ ਬਚੀ-ਖੁਚੀ ਜ਼ਮੀਨ ਸੁੱਖੂ ਦੇ ਨਾਅ ਕਰਵਾਉਣ ਦੀਆਂ ਵਿਉਂਤਾਂ ਘੜਦਾ ਹੀ ਨੀਂਦ ਦੇ ਸਮੁੰਦਰਾਂ ਵਿੱਚ ਗੋਤੇ ਖਾਣ ਲੱਗਾ ।
                      ਸੁੱਖੂ ਨੇ ਸਵੇਰੇ ਸਾਝਰੇ ਹੀ ਦਾਦੀ ਤੇ ਦਾਦੇ ਨਾਲ ਕੰਮ 'ਚ ਹੱਥ ਵਟਾਉਣ ਤੋਂ ਬਾਅਦ ਚਾਈਂ-ਚਾਈਂ ਟਰਾਲੀ 'ਚ ਬੈਠ ਦਿੱਲੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ , ਟਰਾਲੀ ਵਾਲਿਆਂ ਨੇ ਉੱਥੇ ਹਫ਼ਤਾ ਕੁ ਭਰ ਰਹਿਣਾ ਸੀ । ਦਾਦਾ ਦਾਦੀ ਹਰ ਰੋਜ਼ ਸ਼ਾਮ ਨੂੰ ਆਪਣੇ ਦਿਲ ਦੇ ਟੁਕੜੇ ਨਾਲ ਗੱਲਾਂ ਕਰਨ ਤੋਂ ਬਾਅਦ ਬਿਸਤਰੇ 'ਚ ਪੈਰ ਪਾਉਂਦੇ ਸੀ ਤੇ ਸੁੱਖੂ ਨੂੰ ਤਕੀਦਾਂ ਕਰਦੇ ਰਹਿੰਦੇ ਕਿ ਏਧਰ-ਓਧਰ ਨਹੀਂ ਜਾਣਾ , ਸਿਰਫ਼ ਆਪਣੇ ਪਿੰਡੋਂ ਗਏ ਚਾਚਿਆਂ , ਤਾਇਆਂ ਦੇ ਨਾਲ ਹੀ ਰਹਿਣਾ ਹੈ । ਅੰਤ ਪਿੰਡੋਂ ਗਈ ਟਰਾਲੀ ਨੇ ਵਾਪਸ ਪਿੰਡ ਪਰਤਣ ਦੀ ਤਿਆਰੀ ਕਰ ਲਈ , ਦਾਦੇ ਤੇ ਦਾਦੀ ਦਾ ਚਾਅ ਆਪਣੇ ਪੋਤੇ ਨੂੰ ਮਿਲਣ ਦੇ ਲਈ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਛੱਲਾਂ ਮਾਰ ਰਿਹਾ ਸੀ ।
                       ਇੰਨੇ ਚਿਰ ਨੂੰ ਬਾਪੂ ਧਨ ਸਿਓੰ ਨੂੰ ਪਿੰਡੋਂ ਕਿਸੇ ਨੇ ਆ ਕੇ ਖ਼ਬਰ ਦਿੱਤੀ ਕਿ ਸੁੱਖੂ ਹੋਰਾਂ ਦੀ ਟਰਾਲੀ ਦਾ ਐਕਸੀਡੈਂਟ ਹੋ ਗਿਅੈ ਬਾਕੀ ਤਾਂ ਸਾਰੇ ਠੀਕ ਨੇ ਪਰ ਸੁੱਖੂ ਹਸਪਤਾਲ ਵਿੱਚ ਦਾਖ਼ਲ ਹੈ , ਵਾਹ ਉਇ ਡਾਢਿਆ ਰੱਬਾ ਇੰਨਾ ਆਖ ਬਾਪੂ ਧਨ ਸਿਓਂ ਨੇ ਦੁਹੱਥੜ ਮਾਰੀ ਤੇ ਧਰਤੀ ਤੇ ਬੈਠ ਮੁੜ ਨਾ ਉੱਠਿਆ ..। ਅਗਲੇ ਦਿਨ ਸਿਵਿਆਂ 'ਚ ਬਾਪੂ ਧਨ ਸਿਓਂ ਦੀ ਦੇਹ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਸੁੱਖੂ ਨੇ ਦਾਦੇ ਦੇ ਸਿਰ ਦੀ ਪੱਗ ਨੂੰ ਆਪਣੇ ਜ਼ਖ਼ਮਾਂ ਤੇ ਬੰਨ੍ਹਕੇ ਮੁੜ ਤੋਂ ਮੋਰਚੇ 'ਚ ਜਾਣ ਦੀ ਤਿਆਰੀ ਕਰ ਲਈ ਤਾਂ ਕਿ ਬਾਪੂ ਧਨ ਸਿਓੰ ਦੇ 'ਘਰ ਦੀ ਜ਼ਿੰਮੇਵਾਰੀ' ਸੰਭਾਲਣ ਵਾਲੇ ਬੋਲਾਂ ਨੂੰ ਪੁਗਾਇਆ ਜਾ ਸਕੇ , ਹੁਣ ਫੇਰ ਸੁੱਖੂ ਦਾਦੇ ਦੇ ਕੁੜਤੇ ਪਜਾਮੇ ਨੂੰ ਝੋਲੇ 'ਚ ਪਾ ਸਭ ਤੋਂ ਮੂਹਰੇ ਦਿੱਲੀ ਨੂੰ ਜਾਣ ਵਾਲੀ ਟਰਾਲੀ ਵਿੱਚ ਬੈਠ ਚੁੱਕਿਆ ਸੀ ।
           ਮਨਜਿੰਦਰ ਸਿੰਘ ਸਰੌਦ
         ਮੋ.  9463463136

ਦਿੱਲੀ ਮੋਰਚੇ ਦੇ ਅੱਖੀਂ ਵੇਖੇ ਕੁੱਝ ਅੰਸ਼ - ਮਨਜਿੰਦਰ ਸਿੰਘ ਸਰੌਦ

ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ ਚਾੜ੍ਹ ਗਏ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿੱਚੋਂ ਡਿੱਗੇ ਹੰਝੂ'
'ਦਿੱਲੀ ਚੱਲੋ' ਦੇ ਨਾਅਰਿਆਂ ਨਾਲ ਗੂੰਜ ਉੱਠੀ ਹੈ ਪੰਜਾਬ ਦੀ ਫਿਜ਼ਾ ..
- ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵਾਪਰੇ ਘਟਨਾਕ੍ਰਮ ਨੇ ਇੱਕ ਵਾਰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸ਼ਾਇਦ ਹੁਣ ਕਿਸਾਨੀ ਸੰਘਰਸ਼ ਦੇ ਪੈਰ ਉਖੜ ਜਾਣ ਕਿਉਂਕਿ ਉਸ ਵਰਤਾਰੇ ਦੀ ਆਡ਼ ਵਿਚ ਪੁਲਿਸ ਵੱਲੋਂ ਨਿਹੱਥੇ ਕਿਸਾਨਾਂ ਤੇ ਢਾਹੇ ਬੇਤਹਾਸ਼ਾ ਜ਼ੁਲਮ ਦੇ ਕਾਰਨ ਕਿਸਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਸੀ ਪਰ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਸਿੰਘ ਟਿਕੈਤ ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ 'ਆਖ਼ਰੀ ਓਵਰ ਵਿੱਚ ਆਖਰੀ ਬਾਲ ਤੇ ਮਾਰੇ ਗਏ ਸਿੱਕੇ' ਨੇ ਪੂਰੇ ਸੰਘਰਸ਼ ਦੀ ਰੂਪ ਰੇਖਾ ਬਦਲ ਕੇ ਰੱਖ ਦਿੱਤੀ । ਦਿੱਲੀ ਪ੍ਰਸ਼ਾਸਨ ਵੱਲੋਂ ਗਾਜ਼ੀਪੁਰ ਬਾਰਡਰ ਤੇ ਬੈਠੇ ਕਿਸਾਨਾਂ ਨੂੰ 27 ਜਨਵਰੀ ਦੀ ਸ਼ਾਮ ਨੂੰ ਇਹ ਆਖਿਆ ਗਿਆ ਕਿ ਉਹ ਬਾਰਡਰ ਖਾਲੀ ਕਰ ਦੇਣ ਉਸ ਸਮੇਂ ਉਥੇ ਕਿਸਾਨਾਂ ਦੀ ਗਿਣਤੀ ਮਹਿਜ਼ ਕੁਝ ਸੌ ਦੇ ਕਰੀਬ ਸੀ ।
              ਸਰਕਾਰ ਵੱਲੋਂ ਪੂਰੀ ਵਿਉਂਤਬੰਦੀ ਦੇ ਤਹਿਤ ਇਕ-ਇਕ ਕਰਕੇ ਸਾਰੀਆਂ ਸੜਕਾਂ ਤੇ  ਪੁਲਿਸ ਦੀਆਂ ਗੱਡੀਆਂ ਨੂੰ ਖੜ੍ਹਾ ਕੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਜਿਵੇਂ ਜੰਗ ਦਾ ਮੈਦਾਨ ਹੋਵੇ ਵੱਖ-ਵੱਖ ਕਿਸਾਨ ਆਗੂਆਂ ਤੇ ਦਿੱਲੀ ਪੁਲੀਸ ਵੱਲੋਂ ਪਰਚੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਕੀਤੇ ਜਾ ਰਹੇ ਯਤਨਾਂ ਅਤੇ ਫਿਰ ਅਚਾਨਕ ਬਾਰਡਰਾਂ ਨੂੰ ਖਾਲੀ ਕਰਨ ਦੇ ਲਈ ਦਿੱਤੇ ਅਲਟੀਮੇਟਮ ਦੇ ਸੰਦਰਭ ਵਿੱਚ ਜੇਕਰ ਝਾਤੀ ਮਾਰੀਏ ਤਾਂ ਬਿਨਾਂ ਸ਼ੱਕ ਉੱਥੇ ਬੈਠੇ ਹਰ ਵਿਅਕਤੀ ਦੇ ਮਨ ਵਿਚ ਇਕ ਵੱਖਰੀ ਤਰ੍ਹਾਂ ਦਾ ਖੌਫ਼ ਪੈਦਾ ਹੋ ਚੁੱਕਿਆ ਸੀ ਕਿ ਸਰਕਾਰ ਸ਼ਾਇਦ ਹੁਣ ਕਿਸਾਨਾਂ ਤੇ ਕੋਈ 'ਭਾਵੀ' ਬੀਤਣ ਵਾਲੀ ਹੈ , ਬਿਨਾਂ ਸ਼ੱਕ ਕਿਸਾਨਾਂ ਦਾ ਇਹ ਸੰਕਾ ਸਹੀ ਵੀ ਸੀ ਕਿਉਂਕਿ ਉਸ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਿਸਾਨਾਂ ਦੇ ਨਾਲ ਜੋ ਖੇਡ ਖੇਡੀ ਗਈ ਸੀ ਅਤੇ ਜੋ ਜ਼ੁਲਮੋ- ਤਸ਼ੱਦਦ ਕਿਸਾਨਾਂ ਦੇ ਨਾਲ ਦਿੱਲੀ ਦੀਆਂ ਸੜਕਾਂ ਤੇ ਕੀਤਾ ਗਿਆ ਉਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ । ਬਿਨਾਂ ਸ਼ੱਕ ਪ੍ਰਸ਼ਾਸਨ ਦੀ ਤਿਆਰੀ ਤੋਂ ਇਹ ਸਭ ਕੁਝ ਪ੍ਰਤੀਤ ਹੋ ਰਿਹਾ ਸੀ ਕਿ ਉਸ ਦੀ ਮਨਸ਼ਾ ਕੀ ਸੀ ਇਸੇ ਦੌਰਾਨ ਪੁਲਿਸ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਗੱਲ ਆਖੀ ਜਾਂਦੀ ਹੈ ।
                    ਇਸ ਸਭ ਕੁਝ ਨੂੰ ਵੇਖਦਿਆਂ ਅਚਾਨਕ ਬਾਜ਼ੀ ਹੱਥੋਂ ਜਾਂਦੀ ਵੇਖ ਰਾਕੇਸ਼ ਟਿਕੈਤ ਵੱਲੋਂ ਮਾਰੀ ਦਹਾੜ ਦੇ ਸਦਕਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂ ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ' ਚਾੜ੍ਹ ਗਏ , ਟਿਕੈਤ ਵੱਲੋਂ ਪੂਰੀ ਤਰ੍ਹਾਂ ਜਜ਼ਬੇ ਵਿੱਚ ਗੜੁੱਚ ਹੋ ਕੇ ਆਖਣਾ ਹੈ ਕਿ ਉਹ ਹੁਣ ਪਾਣੀ ਵੀ ਆਪਣੇ ਉਸ ਪਿੰਡ ਦੀਆਂ ਬਰੂਹਾਂ ਦਾ ਪੀਣਗੇ ਜਿੱਥੇ ਉਸ ਨੇ ਜਨਮ ਲਿਆ ਹੈ ,  ਕਿਉਂਕਿ ਸਰਕਾਰ ਵੱਲੋਂ ਗਾਜ਼ੀਪੁਰ ਬਾਰਡਰ ਦਾ ਬਿਜਲੀ ਅਤੇ ਪਾਣੀ ਤੋਂ ਇਲਾਵਾ ਸੜਕਾਂ ਵੀ ਉਸ ਦਿਨ ਬੰਦ ਕਰ ਦਿੱਤੀਆਂ ਗਈਆਂ ਸਨ । ਅੱਜ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਹਰ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਅਤੇ ਆਪਣੇ ਹੋਰ ਵਾਹਨਾਂ ਰਾਹੀਂ ਦਿੱਲੀ ਮੋਰਚਿਆਂ ਵਿੱਚ ਜਾਣ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੋ ਰਹੇ ਇਕੱਠਾਂ ਨੇ ਆਉਣ ਵਾਲੇ ਭਵਿੱਖ ਦੀ ਰਣਨੀਤੀ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਹੈ । ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਦਿੱਤੇ ਜਾ ਰਹੇ 'ਦਿੱਲੀ ਚਲੋ' ਦੇ ਹੋਕੇ ਕਿਸਾਨੀ ਸੰਘਰਸ਼ ਦੀ ਵਿਆਪਕ ਪੱਧਰ ਤੇ ਹੋ ਰਹੀ ਲਾਮਬੰਦੀ ਦੀ ਜਿਊਂਦੀ ਜਾਗਦੀ ਉਦਾਹਰਣ ਹਨ । ਇਸ ਤੋਂ ਇਲਾਵਾ ਪੰਚਾਇਤਾਂ ਵੱਲੋਂ ਏਕੇ ਦੀ 'ਕਵਾਇਦ' ਨੂੰ ਮੁੱਖ ਰੱਖ ਕੇ ਪਾਏ ਜਾ ਰਹੇ ਮਤਿਆਂ ਦੀ ਮਿਸਾਲ ਵੀ ਇਤਿਹਾਸ ਵਿੱਚ ਸ਼ਾਇਦ ਹੀ ਕਦੇ ਮਿਲਦੀ ਹੋਵੇ ।
                       ਕਿਸਾਨਾਂ ਤੋਂ ਇਲਾਵਾ ਇਸ ਅੰਦੋਲਨ ਵਿਚ ਵੱਡੇ ਪੱਧਰ ਤੇ ਹੋਰਨਾਂ ਵਰਗਾਂ ਦੀ ਸ਼ਮੂਲੀਅਤ ਵੀ ਕਿਸਾਨੀ ਦੇ ਦਰਦ ਨੂੰ ਭਲੀ-ਭਾਂਤੀ ਜਾਣਦਿਆਂ ਆਪਣੇ ਫਰਜ਼ ਦੀ ਪੂਰਤੀ ਕਰਦੀ ਵਿਖਾਈ ਦੇ ਰਹੀ ਹੈ । ਹਿੰਦੂ ਭਾਈਚਾਰੇ ਦੇ ਨਾਲ-ਨਾਲ ਮੁਸਲਿਮ ਵੀਰਾਂ ਵੱਲੋਂ ਵੀ ਪੂਰੀ ਤਰ੍ਹਾਂ ਨਿੱਠ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਤੋਂ ਬਾਅਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ 'ਅਵੱਲੀ ਜੰਗ' ਨੂੰ ਲਡ਼ਿਆ ਜਾ ਰਿਹਾ ਹੈ । ਡਾਕਟਰਾਂ ਦੀਆਂ ਟੀਮਾਂ ਵੱਲੋਂ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਮੱਲ੍ਹਮ ਪੱਟੀ ਤੋਂ ੲਿਲਾਵਾ ਮੁੱਢਲੀ ਸਹਾਇਤਾ ਦੇ ਕੇ ਇਲਾਜ ਦੀ ਚੁੱਕੀ ਜਾ ਰਹੀ ਜ਼ਿੰਮੇਵਾਰੀ ਵੀ ਅਨੋਖੀ ਮਿਸਾਲ ਆਖੀ ਜਾ ਸਕਦੀ ਹੈ । ਜੋ ਟਰੈਕਟਰ ਤੇ ਟਰਾਲੀਆਂ 26 ਜਨਵਰੀ ਦੀ ਪਰੇਡ 'ਚ ਹਿੱਸਾ ਲੈ ਕੇ ਵਾਪਸ ਪਰਤੀਆਂ ਸਨ , ਉਨ੍ਹਾਂ ਟਰਾਲੀਆਂ ਦਾ 'ਉਨ੍ਹੀਂ ਪੈਰੀਂ' ਵਾਪਸ ਮੁੜਨਾ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀਅਾਂ ਅੱਖਾਂ ਵਿੱਚੋਂ ਡਿੱਗੇ ਹੰਝੂਆਂ ਦਾ ਕਾਰਨਾਮਾ ਹੀ ਆਖਿਆ ਜਾ ਸਕਦਾ ਹੈ ਜਿਸ ਦੀ ਬਦੌਲਤ ਅੱਜ ਪੂਰਾ ਪੰਜਾਬ 'ਦਿੱਲੀ ਚਲੋ' ਦੇ ਨਾਅਰਿਆਂ ਨਾਲ ਗੂੰਜ ਉੱਠਿਆ ਹੈ ।
                       ਇਸ ਤੋਂ ਇਲਾਵਾ ਪੰਜਾਬ ਦੇ ਕਈ ਨਾਮੀ ਅਤੇ ਵੱਡੇ ਕਲਾਕਾਰ ਵੀ ਦਿੱਲੀ ਮੋਰਚੇ ਅੰਦਰ ਜਾ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਤੋਂ ਲੈ ਕੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਆਮ ਵੇਖੇ ਜਾ ਸਕਦੇ ਹਨ । ਪੰਜਾਬ ਦੇ ਜਿਹੜੇ ਕਈ ਕਲਾਕਾਰਾਂ ਨੂੰ ਇੱਥੋਂ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਤੋਂ ਇਲਾਵਾ ਲੱਚਰ ਸੰਗੀਤਕ ਮਾਹੌਲ ਸਿਰਜਣ ਦੇ ਮੋਢੀ ਮੰਨਿਆ ਜਾਂਦਾ ਸੀ ਉਨ੍ਹਾਂ ਵੱਲੋਂ ਵੀ ਆਪਣਾ ਬਣਦਾ ਯੋਗਦਾਨ ਪਾਇਆ ਗਿਆ । ਕੰਵਰ ਗਰੇਵਾਲ , ਰਾਜ ਕਾਕੜਾ , ਹਰਭਜਨ ਮਾਨ , ਹਰਜੀਤ ਹਰਮਨ , ਸੁਖਵਿੰਦਰ ਸੁੱਖੀ , ਬਲਕਾਰ ਸਿੱਧੂ , ਰਵਿੰਦਰ ਗਰੇਵਾਲ ਤੋਂ ਇਲਾਵਾ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਬਿਨਾਂ ਸ਼ੱਕ ਇਨ੍ਹਾਂ ਕਲਾਕਾਰਾਂ ਦਾ ਨੌਜਵਾਨਾਂ ਅੰਦਰ ਚੰਗਾ ਆਧਾਰ ਹੈ । ਚਾਹੀਦਾ ਹੈ ਕਿ ਇਹ ਇਸੇ ਤਰ੍ਹਾਂ ਉਥੇ ਜਾ ਕੇ ਲੋਕਾਂ ਦਾ ਹੌਸਲਾ ਅਤੇ ਉਤਸ਼ਾਹ ਵਧਾਉਂਦੇ ਰਹਿਣ । ਅਫ਼ਸੋਸਨਾਕ ਹੈ ਜਿਹੜੇ ਮਾਵਾਂ ਦੇ 'ਬਲੀ ਪੁੱਤ' ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰਦੇ ਹੋਏ ਇਸ ਸੰਸਾਰ ਨੂੰ ਛੱਡ ਗਏ । ਮਾਲਕ ਮਿਹਰ ਕਰੇ ਕਿਸੇ ਨੂੰ ਤੱਤੀ ਵਾ ਨਾ ਲੱਗੇ   ਸਰਕਾਰ ਦੀ ਨੀਂਦ ਟੁੱਟੇ ਅਤੇ ਕਿਸਾਨ ਤਿੰਨੇ ਖੇਤੀ ਕਨੂੰਨਾਂ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਪਰਤਣ , ਇਹੀ ਸਾਡੀ ਕਾਮਨਾ ਹੈ ।

ਮਨਜਿੰਦਰ ਸਿੰਘ ਸਰੌਦ
(  ਮਲੇਰਕੋਟਲਾ )
9463463136

ਕੌੜੀਆਂ-ਕੁਸੈਲੀਆਂ 'ਯਾਦਾਂ' ਦੇ ਨਾਮ ਰਿਹਾ ਬੀਤਿਆ ਵਰ੍ਹਾ -2020 - ਮਨਜਿੰਦਰ ਸਿੰਘ ਸਰੌਦ 

ਪੂਰੀ ਦੁਨੀਆਂ ਦੇ ਇਤਿਹਾਸ ਅੰਦਰ ਝਾਤੀ ਮਾਰਦਿਆਂ ਕਿਧਰੇ ਵੀ ਇਹ ਵਿਖਾਈ ਨਹੀਂ ਦਿੰਦਾ ਕਿ ਜਦ 'ਇੱਕ ਵਾਇਰਸ' ਦੇ ਕਾਰਨ ਪਰਿੰਦੇ ਬਾਹਰ ਅਤੇ ਇਨਸਾਨ ਘਰਾਂ ਅੰਦਰ ਡੱਕੇ ਜਾਣ , ਜਹਾਜ਼ ਹਵਾਈ ਅੱਡਿਆਂ ਚੋਂ ਨਿਕਲਣੇ ਬੰਦ ਹੋਏ ਹੋਣ , ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਲੱਗਿਆ ਹੋਵੇ , ਸਿੱਖਿਆ ਤੰਤਰ ਇੱਕ ਤਰ੍ਹਾਂ ਨਾਲ ਨੇਸਤੋਂ-ਨਾਬੂਦ ਹੋਣ ਹੋਣ ਤੋਂ ਬਾਅਦ ਪੂਰੀ ਚਮਕ-ਦਮਕ ਨਾਲ ਭਰਪੂਰ ਖੇਤਰ ਗੁੰਮਨਾਮੀ ਦੇ ਹਨੇਰੇ ਵਿੱਚ ਗੁਆਚ ਚੁੱਕੇ ਹੋਣ ਤੋਂ ਇਲਾਵਾਂ ਲੱਖਾਂ ਇਨਸਾਨੀ ਜ਼ਿੰਦਗੀਆਂ ਨੇ ਇੰਨੇ ਥੋੜ੍ਹੇ ਸਮੇਂ ਅੰਦਰ ਇਸ ਸੰਸਾਰ ਤੋਂ ਕੂਚ ਕੀਤਾ ਹੋਵੇ ਅਤੇ ਜਦ ਇਨਸਾਨੀ ਆਸਥਾ ਦੇ ਕੇਂਦਰਾਂ ਤੱਕ ਦੇ ਬੂਹੇ ਭੇੜ ਦਿੱਤੇ ਜਾਵਣ ਤਾਂ ਵਾਕਿਆ ਹੀ ਅਜਿਹੇ ਸਮੇਂ ਨੂੰ ਇਤਿਹਾਸ ਦੇ ਪੰਨਿਆਂ ਅੰਦਰ ਮਾੜਾ ਲਿਖਿਆ ਜਾਵੇਗਾ । ਬਿਨਾਂ ਸ਼ੱਕ ਲੰਘੇ ਵਰ੍ਹੇ 2020 ਨੇ ਆਪਣੇ ਨਾਂ ਦਾ ਖ਼ੌਫ਼ ਇਨਸਾਨੀ ਮਨਾਂ ਅੰਦਰ ਬੁਰੀ ਤਰ੍ਹਾਂ ਸਿਰਜ ਦਿੱਤਾ  ।
‎           ਲੰਘੇ ਵਰ੍ਹੇ ਦੇਸ਼ ਅੰਦਰ ਵਾਪਰੀਆਂ ਕਈ ਵੱਡੀਆਂ ਘਟਨਾਵਾਂ , ਕੋਰੋਨਾ ਮਹਾਂਮਾਰੀ ਤੋਂ ਲੈ ਕੇ ਨਾਗਰਿਕਤਾ ਸੋਧ ਬਿੱਲ ਅਤੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਆਮ ਜਨਤਾ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੇ ਅਜਿਹਾ ਸਮਾਂ ਆਪਣੀ ਪੂਰੀ ਉਮਰ ਵਿੱਚ ਕਦੇ ਨਹੀਂ ਵੇਖਿਆ । ਭਾਰਤ ਅੰਦਰ ਕੋਰੋਨਾ ਦੇ ਸ਼ੁਰੂਆਤੀ ਦੌਰ ਸਮੇਂ ਬਿਮਾਰੀ ਦੇ ਕਰੂਪ ਚਿਹਰੇ ਦੇ ਨਾਲ-ਨਾਲ ਪੁਲਿਸ ਦੇ ਵਹਿਸ਼ੀਆਨਾ ਵਤੀਰੇ ਦੀ ਰੱਜ ਕੇ ਚਰਚਾ ਹੋਈ । ਕਿੰਝ ਆਮ ਜਨਤਾ ਨੂੰ ਬਿਮਾਰੀ ਤੋਂ ਬਚਾਉਣ ਦੇ ਨਾਂ ਤੇ ਘਰਾਂ ਵਿੱਚ ਤੁੰਨਣ ਦੇ ਲਈ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਕੀਤਾ ਗਿਆ ਇਹ ਆਪਣੇ ਆਪ ਵਿੱਚ ਇੱਕ ਵਿਲੱਖਣਤਾ ਭਰਪੂਰ ਘਟਨਾਵਾਂ ਸਨ । ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਸਮਾਂ ਸੀ ਜਦ ਲਗਪਗ ਬਹੁਤ ਸਾਰੇ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਇਨਸਾਨਾਂ ਦਾ ਦਾਖਲਾ ਬੰਦ ਸੀ ਅਤੇ ਰੇਲਵੇ ਸਟੇਸ਼ਨਾਂ ਤੇ ਖਡ਼੍ਹੀਆਂ ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਨੇ ਘੇਰਾ ਪਾ ਲਿਆ ਸੀ ।
‎              ਇਹ ਵੀ ਸ਼ਾਇਦ ਪਹਿਲੀ ਵਾਰ ਹੀ ਵਾਪਰਿਆ ਹੈ ਕਿ ਜਦ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਜਾਣ ਲਈ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹੋਣ 'ਤੇ ਉਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੁਰ ਕੇ ਤੈਅ ਕੀਤਾ ਹੋਵੇ ਅਤੇ ਕਾਰੋਬਾਰ ਬੁਰੀ ਤਰ੍ਹਾਂ ਖ਼ਤਮ ਹੋਏ ਹੋਣ । ਇਸਦੇ ਨਾਲ ਹੀ ਲੰਘੇ ਸਮੇਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਇੱਕ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕੀਮਤੀ ਸਮਾਂ ਧਰਨਿਆਂ ਮੁਜ਼ਾਹਰਿਆਂ ਰਾਹੀਂ ਸੜਕਾਂ ਤੇ ਬੀਤਿਆ , ਉਨ੍ਹਾਂ ਵੱਲੋਂ ਇਹ ਇਹ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਲੰਬੀ ਜੱਦੋ-ਜਹਿਦ ਕੀਤੀ । ਕਈ ਸ਼ਹਿਰਾਂ ਅੰਦਰ ਧਰਨੇ ਮੁਜ਼ਾਹਰੇ ਅਤੇ ਹੜਤਾਲਾਂ ਦੌਰਾਨ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਪਰ ਕਨੂੰਨ ਫਿਰ ਵੀ ਰੱਦ ਨਾ ਹੋਏ । ਇਸ ਤੋਂ ਇਲਾਵਾ ਬੌਲੀਵੁੱਡ ਦੇ ਕਈ ਨਾਮੀ ਕਲਾਕਾਰ ਵੀ ਇਸ ਵਰ੍ਹੇ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਛੱਡ ਕੇ ਤੁਰ ਗਏ ਅਤੇ ਫ਼ਿਲਮੀ ਖੇਤਰ ਅੰਦਰ ਪੂਰੀ ਤਰ੍ਹਾਂ ਮੰਦੀ ਛਾਈ ਰਹੀ ।    
‎         ਹੁਣ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਕਿਸਾਨ ਭਾਈਚਾਰਾ ਕੇਂਦਰੀ ਹਕੂਮਤ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਘਰ ਪਰਿਵਾਰਾਂ ਨੂੰ ਤਿਆਗ ਛੋਟੇ-ਛੋਟੇ ਬੱਚਿਆਂ ਸਮੇਤ ਸੜਕਾਂ ਤੇ ਰੁੱਲ ਰਿਹਾ ਹੈ । ਪੰਜਾਬ ਤੋਂ ਸ਼ੁਰੂ ਹੋਇਆ ਇਹ ਲੋਕ ਅੰਦੋਲਨ ਹੌਲੀ-ਹੌਲੀ ਹੁਣ ਦੇਸ਼ ਵਿਆਪੀ ਹੋ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਫੈਲ ਚੁੱਕਿਆ ਹੈ ਇਸ ਅੰਦੋਲਨ ਦੀ ਸਭ ਤੋਂ ਵਿਲੱਖਣ ਤਾਂ ਭਰੀ ਗੱਲ ਇਹ ਹੈ ਕਿ ਇਹ ਸ਼ਾਂਤਮਈ ਹੋਣ ਦੇ ਨਾਲ-ਨਾਲ ਪੂਰੀ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਗਿਣਿਆ ਜਾਣ ਲੱਗਾ ਹੈ । ਕਿਸਾਨੀ ਦਾ ਇਹ ਮਹਾਂ ਅੰਦੋਲਨ ਵੀ ਲੰਘੇ ਵਰ੍ਹੇ ਦੇ ਹਿੱਸੇ ਹੀ ਗਿਆ ਹੈ । ਭਾਵੇਂ ਇਸ ਅੰਦੋਲਨ ਅੰਦਰ ਲਗਪਗ 40 ਦੇ ਕਰੀਬ ਬੇਸ਼ਕੀਮਤੀ ਜਾਨਾਂ ਇਸ ਸੰਸਾਰ ਤੋਂ ਭੰਗ ਦੇ ਭਾਣੇ ਚਲੀਆਂ ਗਈਆਂ ਜਿਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਸਦਾ ਹੀ ਬੇਹੱਦ ਅਫ਼ਸੋਸ ਰਹੇਗਾ ।
‎             ਪਰ ਉਥੇ ਹੀ ਇਹ ਅੰਦੋਲਨ ਕੁਝ ਅਜਿਹੇ ਦਿਸਹੱਦੇ ਵੀ ਸਿਰਜਦਾ ਵਿਖਾਈ ਦੇ ਰਿਹਾ ਹੈ ਜੋ ਉਨ੍ਹਾਂ ਮਿੱਥਾਂ ਨੂੰ ਤੋੜਨ ਦੀ ਗੱਲ ਕਰਦੇ ਹਨ ਜਿਨ੍ਹਾਂ ਰਾਹੀਂ ਪੰਜਾਬ ਅਤੇ ਪੰਜਾਬ ਦੀ ਨੌਜੁਆਨੀ ਨੂੰ ਬਦਨਾਮ ਕੀਤਾ ਜਾ ਰਿਹਾ ਸੀ ,ਪੰਜਾਬ ਦੀ ਨੌਜਵਾਨੀ ਸਿਰੋਂ ਨਸ਼ੇ ਦੇ ਆਦੀ ਹੋਣ ਦਾ ਲੇਬਲ ਜਿੱਥੇ ਇਸ ਅੰਦੋਲਨ ਨੇ ਲਾਹਿਆ । ਉੱਥੇ ਹੀ ਹਰ ਸਮੇਂ ਨੌਜੁਆਨੀ ਨੂੰ ਲੱਚਰ ਗੀਤਾਂ ਦਾ ਹੀਰੋ ਵਿਖਾਉਣ ਵਾਲਾ ਕਲਾਕਾਰ ਭਾਈਚਾਰਾ ਵੀ ਇਸ ਵਰ੍ਹੇ ਪਹਿਲਾਂ ਲੰਬਾ ਸਮਾਂ ਕੋਰੋਨਾ ਕਾਰਨ ਖਾਮੋਸ਼ ਰਿਹਾ ਅਤੇ ਹੁਣ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਮੋਰਚੇ ਦਾ 'ਪਹਿਰੇਦਾਰ' ਬਣਿਆ ਵਿਖਾਈ ਦਿੰਦਾ ਹੈ । ਸਰਸਰੀ ਨਜ਼ਰ ਮਾਰਿਆਂ ਹੀ ਇਹ ਵਰ੍ਹਾ ਪੂਰੀ ਕਿਸਾਨੀ ਦੀ ਤਬਾਹਕੁੰਨ ਮੌਤ ਅਤੇ ਬਾਕੀ ਖੇਤਰਾਂ ਅੰਦਰ ਹੋਈਆਂ ਅਹਿਮ ਘਟਨਾਵਾਂ ਦਾ ਗਵਾਹ ਹੈ ।
‎            ਕੁੱਝ ਵੀ ਹੋਵੇ 2020 ਲੰਬਾ ਸਮਾਂ ਇਨਸਾਨੀ ਚੇਤਿਆਂ ਤੇ ਕੌੜੀਆਂ ਕੁਸੈਲੀਆਂ ਯਾਦਾਂ ਦਾ ਪ੍ਰਤੀਕ ਬਣ ਕੇ ਜ਼ਿਹਨ ਤੇ ਤੈਰਦਾ ਰਹੇਗਾ ਅਤੇ ਯਾਦ ਆਉਂਦੀਆਂ ਰਹਿਣਗੀਆਂ ਉਹ ਨਾ ਭੁੱਲਣ ਵਾਲੀਆਂ , ਤਵਾਰੀਖ਼ ਦਾ ਹਿੱਸਾ ਬਣ ਚੁੱਕੀਆਂ ਇਤਿਹਾਸਕ ਘਟਨਾਵਾਂ ਤੇ ਬੀਤ ਚੁੱਕੇ ਪਲ । ਮਾਲਕ ਮੇਹਰ ਕਰੇ ਨਵਾਂ 2021 ਖ਼ੁਸ਼ੀਆਂ ਤੇ ਖੇੜੇ ਲੈ ਕੇ ਹਰ ਘਰ ਦੀਆਂ ਬਰੂਹਾਂ ਤੇ ਨਿੱਤ ਨਵੀਂਆਂ ਬੁਲੰਦੀਆਂ ਨੂੰ ਸਰ ਕਰਨ ਦਾ ਜਜ਼ਬਾ ਬਖ਼ਸ਼ੇ ।

ਮਨਜਿੰਦਰ ਸਿੰਘ ਸਰੌਦ  
ਮੋ.- ‎9463463136

ਕਿਸਾਨੀ ਦੇ 'ਲਹੂ ਡੋਲਵੇਂ ਸੰਘਰਸ਼' 'ਚ ਨਿੱਤਰਨ ਵਾਲੇ ਕਲਾਕਾਰ ...

ਕਰੋੜਾਂ 'ਨਕਲੀ ਵਿਊਆਂ' ਦੇ ਫੋਕੇ ਫੈਂਟਰ ਮਾਰਨ ਵਾਲੇ ਅਖੌਤੀ ਕਲਾਕਾਰ ਅਜੇ ਵੀ ਕਿਸਾਨਾਂ ਤੋਂ ਦੂਰ

- ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ ਹੋਇਆਂ ਉਨ੍ਹਾਂ ਦੇ ਨਾਲ ਉੱਠ ਖੜ੍ਹਾ ਹੋਇਆ ਹੈ । ਕਿਸਾਨੀ ਦੇ ਇਸ ਬੇਹੱਦ ਗੰਭੀਰ ਅਤੇ ਅਤਿ ਨਾਜ਼ੁਕ ਮਸਲੇ ਨੂੰ ਸਾਰਿਆਂ ਵਰਗਾਂ ਦਾ ਮਸਲਾ ਦੱਸਦਿਆਂ ਪੰਜਾਬੀ ਦੇ ਉੱਘੇ ਗਾਇਕ ਪਰਮਜੀਤ ਸਿੰਘ ਪੰਮੀ ਬਾਈ , ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸਿੰਘ ਸੁੱਖੀ , ਫ਼ਿਲਮ ਅਦਾਕਾਰ ਤੇ ਗਾਇਕ ਰਾਜ ਕਾਕੜਾ , ਗਾਇਕ ਹਰਿੰਦਰ ਸੰਧੂ ,ਫਿਲਮ ਅਦਾਕਾਰ ਤੇ ਗਾਇਕ ਹਰਜੀਤ ਸਿੰਘ ਹਰਮਨ , ਹਰਵਿੰਦਰ ਹੈਰੀ ਅਤੇ  ਭਗਵਾਨ ਹਾਂਸ ਸਮੇਤ ਅੱਧਾ ਦਰਜਨ ਦੇ ਕਰੀਬ ਕਲਾਕਾਰਾਂ ਵੱਲੋਂ ਇਨ੍ਹਾਂ ਖੇਤੀ ਬਿਲਾਂ ਨੂੰ ਕਿਸਾਨੀ ਦੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰਨ ਦੇ ਤੁਲ ਦੱਸਦਿਆਂ ਇਸ ਔਖੀ ਘੜੀ ਅੰਦਰ ਸਾਰੇ ਵਰਗਾਂ ਨੂੰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ।
               ਕਿਸਾਨਾਂ ਦੀ ਪੀੜ ਨੂੰ ਸਮਝਦਿਆਂ ਕਲਾਕਾਰ ਵਰਗ ਨੇ ਆਖਿਆ ਕਿ ਖੇਤੀ ਬਿਲਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨ ਪਰਿਵਾਰਾਂ ਦਾ ਭਵਿੱਖ ਹਾਸ਼ੀਏ ਤੇ ਧੱਕਿਆ ਜਾਵੇਗਾ ਅਤੇ ਉਨ੍ਹਾਂ ਦੇ ਬੱਚੇ ਰੁਲ ਜਾਣਗੇ । ਉਨ੍ਹਾਂ ਕਿਹਾ ਕਿ ਅਸੀਂ ਕਲਾਕਾਰ ਮਗਰੋਂ ਹਾਂ ਪਹਿਲਾਂ ਕਿਸਾਨ ਅਤੇ ਧਰਤੀ ਦੇ ਪੁੱਤਰ ਹਾਂ । ਇਨ੍ਹਾਂ ਕਲਾਕਾਰਾਂ ਦੇ ਦਿਲ ਦਾ ਦਰਦ ਸੁਣਦਿਆਂ ਮਨ ਇਹ ਮੰਨਣ ਨੂੰ ਮਜਬੂਰ ਹੁੰਦਾ ਹੈ ਕਿ ਵਾਕਿਆ ਹੀ ਇਹ ਕਲਾਕਾਰ ਕਿਸਾਨੀ ਦੇ ਭਲੇ ਲਈ ਮਨ ਅੰਦਰ ਕੁਝ ਚੰਗੀ ਸੋਚ ਸੋਚਦੇ ਨੇ । ਉਨ੍ਹਾਂ ਕਲਾਕਾਰਾਂ ਦਾ ਕੀ ਕਰੀਏ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹਾਂ ਸਾਡੇ ਵਰਗਾ ਤਾਂ ਕੋਈ ਨਹੀਂ ਅਤੇ ਹਰ ਰੋਜ਼ ਹੋ ਰਹੀਆਂ ਇੰਟਰਵਿਊਆਂ ਦੇ ਵਿੱਚ ਉਹ ਆਪਣੇ ਸਰੋਤਿਆਂ ਦੀ ਗਿਣਤੀ ਲੱਖਾਂ ਕਰੋੜਾਂ ਦੱਸਦੇ ਨੇ ਪਰ ਇਸ ਗੰਭੀਰ ਮਸਲੇ ਤੇ ਉਨ੍ਹਾਂ ਦੀ ਜ਼ਬਾਨ ਠਾਕੀ ਕਿਉਂ ਗਈ ਹੈ ।
               ‎        ਉਸ ਤੋਂ ਵੀ ਵੱਧ ਹੈਰਾਨੀ ਹੁੰਦੀ ਹੈ ਸਾਡੇ ਨੌਜਵਾਨਾਂ ਦੀ ਸੋਚ ਤੇ , ਪਤਾ ਨਹੀਂ ਕੀ ਹੋ ਗਿਆ ਇਨ੍ਹਾਂ ਨੂੰ ਇਹ ਹਰ ਸਮੇਂ ਫੁਕਰਾਪੰਥੀ ਕਲਾਕਾਰਾਂ ਨੂੰ ਆਪਣਾ ਆਦਰਸ਼ ਮੰਨ ਕੇ ਉਨ੍ਹਾਂ ਪਿੱਛੇ ਇੱਕ ਦੂਜੇ ਨਾਲ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਹਨ ਪਿਛਲੇ ਸਮੇਂ ਕਈ ਕਲਾਕਾਰਾਂ ਨੇ ਇਕ ਦੂਜੇ ਨੂੰ ਗਾਲਾਂ ਕੱਢ ਕੇ ਚੰਗਾ ਖਿਲਾਰਾ ਪਾਇਆ , ਹੁਣ ਉਹ ਕਲਾਕਾਰ ਧਰਨੇ ਤੇ ਬੈਠੇ ਰੁਲ ਰਹੇ ਕਿਸਾਨਾਂ ਦੀ ਸਾਰ ਕਿਉਂ ਨਹੀਂ ਲੈਂਦੇ । ਗੀਤਾਂ ਵਿੱਚ ਆਪਣੇ ਆਪ ਨੂੰ ਹਾਈ-ਫਾਈ ਜੱਟ ਕਹਾਉਣ ਵਾਲੇ ਇਹ ਕਲਾਕਾਰ ਅਸਲ ਵਿੱਚ ਸਿਰਫ਼ ਫੋਕੀਆਂ ਫੜ੍ਹਾਂ ਮਾਰਨ ਜੋਗੇ ਹੀ ਹਨ ਇਸ ਤੋਂ ਵੱਧ ਕੇ ਕੁੱਝ ਵੀ ਨਹੀਂ , ਜੱਟਾਂ ਦੇ ਗੀਤਾਂ ਤੋਂ ਲੱਖਾਂ ਰੁਪਏ ਕਮਾ ਕੇ ਆਪਣੇ ਖੀਸਿਆਂ ਵਿੱਚ ਪਾਉਣ ਵਾਲੇ ਇਹ ਮਾਂ ਬੋਲੀ ਦੇ ਅਖੌਤੀ ਪੁੱਤਰ ਅੱਜ ਕਿਸਾਨੀ ਸੰਘਰਸ਼ ਵਿੱਚੋਂ ਗਾਇਬ ਕਿਉਂ ਨੇ । ਇਨ੍ਹਾਂ ਗੱਲਾਂ ਦਾ ਜਵਾਬ ਸ਼ਾਇਦ ਹੀ ਇਹ ਫੁਕਰਾ ਪੰਥੀ ਕਲਾਕਾਰ ਦੇ ਸਕਣ ,ਸਾਡੀ ਨੌਜਵਾਨੀ ਨੂੰ ਵੀ ਕੁਝ ਸੋਚਣਾ ਬਣਦਾ ਹੈ ।
               ‎    ਇਸ ਸਮੇਂ ਪੰਜਾਬ ਦਾ ਨੌਜਵਾਨ ਕਿਸਾਨੀ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨਹੀਂ ਜਾਪ ਰਿਹਾ ਜਿਸ ਦਾ ਖਮਿਆਜ਼ਾ ਉਸ ਨੂੰ ਆਉਣ ਵਾਲੇ ਦਿਨਾਂ ਵਿੱਚ ਭੁਗਤਣਾ ਪੈ ਸਕਦਾ ਹੈ । ਲੋਕਾਂ ਵਿੱਚ ਇੱਕ ਚਰਚਾ ਆਮ ਹੈ ਕਿ ਜਿਹੜੇ ਕਲਾਕਾਰ ਇਹ ਸਮਝਦੇ ਨੇ ਕਿ ਅਸੀਂ ਪੰਜਾਬੀ ਗਾਇਕੀ ਦੇ ਖੈਰ ਖੁਆਹ ਹਾਂ ਸਾਡੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਅਤੇ ਸਾਡੇ 'ਵਿਊ ਮਿਲੀਅਨਾਂ' ਵਿੱਚ ਆਉਂਦੇ ਨੇ , ਉਹ ਚੁੱਪ ਚਾਪ ਘਰਾਂ ਵਿੱਚ ਕਿਉਂ ਬੈਠੇ ਹਨ ਉਨ੍ਹਾਂ ਨੂੰ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ । ਸਿਫ਼ਤ ਕਰਨੀ ਬਣਦੀ ਹੈ ਪੰਜਾਬੀ ਮਾਂ ਬੋਲੀ ਦੇ ਇਨ੍ਹਾਂ ਕੁਝ ਚੰਗੇ ਗਵੱਈਆਂ ਦੀ ਜਿਨ੍ਹਾਂ ਨੇ ਬਾਂਹ ਕੱਢ ਕੇ ਕਿਸਾਨਾਂ ਦੇ 'ਲਹੂ ਡੋਲਵੇਂ' ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਅਤੇ ਵਾਰ-ਵਾਰ ਇਹ ਗੱਲ ਕਹਿੰਦਿਆਂ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਕਿ ਜੇਕਰ ਕਿਸਾਨੀ ਹੀ ਨਾ ਰਹੀ ਤਾਂ ਪਿੱਛੇ ਬਾਕੀ ਬਚੇਗਾ ਕੁਝ ਵੀ ਨਹੀਂ ਇਨ੍ਹਾਂ ਕਲਾਕਾਰਾਂ ਦਾ ਆਖਣਾ ਹੈ ਅਸੀਂ ਕਿਸਾਨੀ ਦੇ ਜਾਏ ਅਤੇ ਧਰਤੀ ਮਾਂ ਦੇ ਪੁੱਤਰ ਹਾਂ ।
               ‎ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅੰਨਦਾਤੇ ਦੀ ਸਾਰ ਲੈ ਕੇ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਏ , ਅੱਜ ਉਸ ਨੂੰ ਛੱਡ ਕੇ ਭੱਜਣ ਦਾ ਵੇਲਾ ਨਹੀਂ । 'ਮਹਿੰਗੇ ਅਤੇ ਵੱਡੇ' ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਮਾਂ ਰਹਿੰਦਿਆਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਤੁਰ ਪੈਣ ਨਹੀਂ ਤਾਂ ਸਮਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ , ਤੁਸੀਂ ਇੱਕ ਦੂਜੇ ਕਲਾਕਾਰ ਦੇ ਨਾਲ ਲੜਨ ਦੇ ਲਈ ਤਾਂ ਸੈਂਕੜੇ ਮੀਲਾਂ ਤੋਂ ਸਮਾਂ ਬੰਨ੍ਹ ਕੇ ਆ ਜਾਂਦੇ ਹੋ ਪਰ ਕਿਸਾਨਾਂ ਪ੍ਰਤੀ ਏਨੀ ਬੇਰੁਖ਼ੀ ਕਿਉਂ । ਜੇਕਰ ਤੁਸੀਂ ਅੱਜ ਕਿਸਾਨਾਂ ਨੂੰ ਪਿੱਠ ਦਿਖਾ ਕੇ ਭੱਜ ਤੁਰੇ ਤਾਂ ਆਉਣ ਵਾਲੇ ਸਮੇਂ ਅੰਦਰ ਮੂੰਹ ਕਿਸੇ ਨੇ ਤੁਹਾਨੂੰ ਵੀ ਨਹੀਂ ਵਿਖਾਉਣਾ । ਇਸ ਲਈ ਚੰਗਾ ਹੋਵੇ ਤਾਂ ਮੌਕਾ ਸੰਭਾਲ ਕੇ ਕਿਸਾਨੀ ਦੇ ਦਰਦ ਨੂੰ ਵੇਖਦਿਆਂ ਉਸ ਦੇ ਨਾਲ  ਦਾ ਯਤਨ ਕਰੋ ।
      ‎ਮਨਜਿੰਦਰ ਸਿੰਘ ਸਰੌਦ
      ‎ ( ਮਾਲੇਰਕੋਟਲਾ )
      ‎9463463136

ਗੁਆਚੇ ਪਲਾਂ ਦੀ ਪਰਵਾਜ਼ - ਮਨਜਿੰਦਰ ਸਿੰਘ ਸਰੌਦ

ਰਾਵੀ ਅੱਜ ਬੇਹੱਦ ਉਦਾਸ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਸੁਪਨੇ ਬਣ-ਬਣ ਕੇ ਕਿਰ ਰਹੇ ਸਨ 'ਤੇ ਅੱਖਾਂ ਦੇ ਕੋੲੇ ਕਿਸੇ ਡੂੰਘੀ ਖਾਈ ਅੰਦਰ ਅਲੋਪ ਹੋ ਚੁੱਕੀ ਰੂਹ ਦੀ ਹਾਲਤ ਬਿਆਨ ਕਰਦੇ ਸਨ । ਘੰਟਿਆਂ ਬੱਧੀ ਉਸ ਨੇ ਆਪਣਾ ਸਿਰ ਦੋਵਾਂ ਹੱਥਾਂ ਵਿੱਚ ਫੜ ਨੀਵੀਂ ਪਾ ਬੀਤੇ ਸਮੇਂ ਨੂੰ ਹੰਝੂਆਂ ਰਾਹੀਂ ਆਪਣੇ ਜਹਿਨ ਤੋਂ ਉਤਾਰਨ ਦਾ ਯਤਨ ਕੀਤਾ ਤਾਂ ਕਿ ਉਹ ਆਪਣੇ ਡਰਾਉਣੇ ਅਤੀਤ ਤੋਂ ਮੁਕਤੀ ਪਾ ਸਕੇ । ਉਸ ਨੂੰ ਆਪਣੇ ਬਾਪ ਦੇ ਆਖੇ ਬੋਲ ਬਾਰ-ਬਾਰ ਯਾਦ ਆਉਂਦੇ ਸਨ ਕਿ ਧੀਏ ਹੋ ਸਕਦੈ ਜੋ ਤੈਨੂੰ ਅੱਜ ਚੰਗਾ ਲੱਗ ਰਿਹੈ ਉਹ ਅਸਲ ਸੱਚ ਤੇ ਸਹੀ ਨਾ ਹੋਵੇ ਪਰ ਯਾਦ ਰੱਖੀ ਇੱਕ ਦਿਨ ਤੈਨੂੰ ਮੇਰੇ ਇਨ੍ਹਾਂ ਬੋਲਾਂ ਦੀ ਅਸਲ ਸਚਾਈ ਸਮਝ ਜ਼ਰੂਰ ਆਵੇਗੀ । ਰਾਵੀ ਕੋਸ ਰਹੀ ਸੀ ਉਸ ਭੈੜੇ ਸਮੇਂ ਨੂੰ ਕਿ ਕਿਝ ਉਸ ਨੇ ਆਪਣੇ ਪਿਓ ਦੀ ਆਵਾਜ਼ ਨੂੰ ਪੈਰ ਦੀ ਜੁੱਤੀ ਨਾਲ ਮਸਲ ਦਿੱਤਾ ਅਤੇ ਮਰਜ਼ੀ ਨਾਲ ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ  ਆਜ਼ਾਦੀ ਮਾਨਣ ਦੇ ਨਾਂ ਤੇ ਆਪਣੀ ਪਸੰਦ ਦੇ ਮੁੰਡੇ ਸਤਿੰਦਰ ਨਾਲ ਵਿਆਹ ਕਰਵਾ ਲਿਆ । ਉਸ ਦਿਨ ਤੋਂ ਰਾਵੀ ਦੀ ਕਿਸਮਤ ਨੇ ਵੱਡੀ ਪਲਟੀ ਖਾਧੀ । ਸਤਿੰਦਰ ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਪੈਦਾ ਹੋਏ ਇਨਸਾਨਾਂ ਵਿੱਚੋਂ ਸੀ ਉਸ ਨੂੰ ਇੱਕ  ਗ਼ਰੀਬ ਪਰਿਵਾਰ ਦੀਆਂ ਮਜਬੂਰੀਆਂ ਦਾ ਕੀ ਪਤਾ ।  ਸਵੇਰ ਤੋਂ ਸ਼ਾਮ ਤੱਕ ਗੱਡੀਆਂ ਵਿੱਚ ਸਫਰ , ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਜਿੰਦਗੀ ਦੇ ਹਸੀਨ ਪਲਾਂ ਨੂੰ ਮਾਨਣਾ ਹੀ ਉਸ ਦੀ ਅਸਲ ਜ਼ਿੰਦਗੀ ਸੀ । ਪਿਓ ਨੇ ਮੇਵਿਆਂ ਨਾਲ ਪਾਲੇ ਪੁੱਤ ਨੂੰ ਕਦੇ ਤੱਤੀ ਵਾਅ ਦੇ ਬੁੱਲੇ ਦਾ ਸਾਹਮਣਾ ਨਹੀਂ ਸੀ ਕਰਨ ਦਿੱਤਾ ਮਾੜੇ ਕੰਮਾਂ ਤੋਂ ਵਰਜਣਾਂ ਤਾਂ ਦੂਰ ਦੀ ਗੱਲ ਪੁੱਛਣਾ ਵੀ ਮੁਨਾਸਬ ਨਾ ਸਮਝਣਾ  । ਸਤਿੰਦਰ ਦੀਆਂ ਆਦਤਾਂ ਨਿੱਤ ਦਿਨ ਕਰੂਪ ਚਿਹਰਾ ਅਖਤਿਆਰ  ਕਰਦੀਆਂ ਗਈਆਂ ਸ਼ਰਾਬ ਤੇ ਸ਼ਬਾਬ ਤੋਂ ਲੈ ਕੇ ਕੋਈ ਅਜਿਹਾ ਨਸ਼ਾ ਨਹੀਂ ਸੀ ਜਿਸ ਨੂੰ ਉਸ ਨੇ ਕੀਤਾ ਨਾ ਹੋਵੇ । ਰਾਵੀ ਨੇ ਸ਼ੁਰੂ ਸ਼ੁਰੂ ਵਿੱਚ ਟੋਕਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਅਰਥ । ਰਾਵੀ ਦੇ ਵਿਆਹ ਹੋਏ ਨੂੰ ਤਿੰਨ ਕੁ ਸਾਲ ਦਾ ਸਮਾਂ ਬੀਤ ਚੁੱਕਿਆ ਸੀ ਪਰ ਉਸ ਦੀ ਕੁੱਖ ਅਜੇ ਤੱਕ ਹਰੀ ਨਹੀਂ ਸੀ  ਹੋਈ । ਇੱਕ ਦਿਨ ਰਾਤ ਨੂੰ ਸਤਿੰਦਰ ਜਦ ਸ਼ਰਾਬ ਨਾਲ ਧੁੱਤ ਹੋ ਕੇ ਘਰ ਪਰਤਿਆ ਤਾਂ ਰਾਵੀ ਦੇ ਮੂੰਹੋਂ ਸਹਿਜ ਸੁਭਾ ਨਿਕਲ ਗਿਆ ਕਿ ਸਤਿੰਦਰ ਆਖਰ ਇਹ ਕਦੋਂ ਤੱਕ ਚੱਲੇਗਾ ਇੰਨਾ ਕਹਿਣ ਦੀ ਦੇਰ ਸੀ ਕਿ ਤਾੜ ਕਰਦਾ ਥੱਪੜ ਉਸ ਦੇ ਮੁੂੱਹ ਤੇ ਹਥੌੜੇ ਵਾਂਗ ਵੱਜਿਆ ਫਿਰ ਦੂਜਾ ਤੀਜਾ ਤੇ ਚੌਥਾ ਉਹ ਸਾਰੀ ਰਾਤ ਸੌਂ ਨਾ ਸਕੀ , ਹਉੰਕੇ ਤੇ ਸਿਸ਼ਕੀਆਂ ਭਰਦੀ ਨੇ ਰਾਤ ਗੁਜ਼ਾਰ ਦਿੱਤੀ ਉਹ ਪਹਿਲੀ ਵਾਰ ਇਨ੍ਹਾਂ ਰੋਈ ਸੀ । ਉਸ ਨੇ ਤਾਂ ਸਦਾ ਨੱਚਣ ਕੁੱਦਣ ਅਤੇ ਹੱਸਣ ਖੇਡਣ ਵਾਲੀ ਜ਼ਿੰਦਗੀ ਨੂੰ ਰੱਜ ਕੇ ਮਾਣਿਆ ਸੀ ਮਾਪੇ ਗ਼ਰੀਬ ਜ਼ਰੂਰ ਸਨ ਪਰ ਉਨ੍ਹਾਂ ਨੇ ਇਕਲੌਤੀ ਧੀ ਨੂੰ ਕਦੇ ਵੀ ਨਿਰਾਸ਼ ਨਹੀਂ ਸੀ ਹੋਣ ਦਿੱਤਾ ਪੂਰੇ ਤੇਈ ਵਰ੍ਹੇ ਰਾਵੀ ਦੇ ਮਾਂ ਪਿਓ ਨੇ ਉਸ ਨੂੰ ਇੱਕ ਪੁੱਤਰ ਦੀ ਤਰ੍ਹਾਂ ਪਾਲਿਆ ਅਤੇ ਰਾਵੀ ਨੇ ਵੀ ਉਨ੍ਹਾਂ ਦੀ ਪੈੜ ਦੇ ਵਿੱਚ ਪੈੜ ਧਰਦਿਆਂ ਖੁਸ਼ੀ ਨਾਲ ਰੱਜ ਕੇ ਸੱਧਰਾਂ ਨੂੰ ਮਾਣਿਆ । ਪਤਾ ਹੀ ਨਹੀਂ ਲੱਗਿਆ ਉਸ ਨੇ ਕਦ ਬੀ.ਏ. ਐਮ.ਏ. ਕਰ ਇੱਕ ਪ੍ਰਾਈਵੇਟ ਕਾਲਜ ਵਿੱਚ ਟੀਚਰ ਲਈ ਅਪਲਾਈ ਕਰ ਦਿੱਤਾ ਦਿਨਾਂ ਵਿੱਚ ਹੀ ਉਸ ਦੀ ਚੋਣ ਹੋ ਗਈ ਤੇ ਫਿਰ ਇੱਕ ਦਿਨ ਉੱਥੇ ਹੀ ਉਸੇ ਕਾਲਜ ਦੇ ਮਾਲਕ ਦੇ ਮੁੰਡੇ ਨਾਲ ਉਸ ਨੇ ਆਪਣੀ ਗਰਿਸਥੀ ਜ਼ਿੰਦਗੀ ਦਾ  ਸਫਰ ਸ਼ੁਰੂ ਕਰਨ ਦਾ ਵੱਡਾ ਫੈਸਲਾ ਮਾਪਿਆਂ ਦੀ ਆਸ ਦੇ ਉਲਟ ਕਰ ਲਿਆ । ਸ਼ੁਰੂ ਵਿੱਚ ਕਾਫ਼ੀ ਕੁਝ ਠੀਕ ਰਿਹਾ ਪਰ ਹੌਲੀ ਹੌਲੀ ਸਮੇਂ ਨੇ ਆਪਣੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਸਤਿੰਦਰ ਇਕ ਵੱਡੇ ਅੈਬੀ ਦੇ ਰੂਪ ਵਿੱਚ ਰਾਵੀ ਲਈ ਆਉਣ ਵਾਲਾ ਮਾੜਾ ਭਵਿੱਖ ਬਣ ਕੇ ਸਾਹਮਣੇ ਖੜ੍ਹਾ ਸੀ ਸਤਿੰਦਰ ਦੇ ਮਾਂ ਪਿਓ ਤਾਂ ਜਿਵੇਂ ਉਨ੍ਹਾਂ ਤੋਂ ਪਾਸਾ ਵੱਟ ਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਰੇੜ੍ਹ ਰਹੇ ਸਨ । ਰੋਜ਼ ਦੀ ਟੋਕਾ ਟਾਕੀ ਤੇ ਨੋਕ ਝੋਕ ਤੋਂ ਸਥਿਤੀ ਪਨਪਦੀ ਪਨਪਦੀ ਤਲਾਕ ਤੱਕ ਜਾ ਪਹੁੰਚੀ ਉਦੋਂ ਤੱਕ ਰਾਵੀ ਦਾ ਪਿਓ ਧੀ ਦੇ ਵਿਰਾਗ ਵਿੱਚ ਇਸ ਸੰਸਾਰ ਤੋਂ ਜਾ ਚੁੱਕਿਆ ਸੀ । ਹੁਣ ਜਿਵੇ ਰਾਵੀ ਨੇ ਗਮਾਂ ਨਾਲ ਡੂੰਘੀ ਸਾਂਝ ਪਾ ਲਈ ਹੋਵੇ ਸਾਰਾ-ਸਾਰਾ ਦਿਨ ਮਾਂ ਦੀ ਬੁੱਕਲ ਵਿਚ ਸਿਰ ਰੱਖ ਕੇ ਪਿਓ ਨੂੰ ਯਾਦ ਕਰੀ ਜਾਣਾ ਰਾਵੀ ਦੀ ਆਦਤ ਬਣ ਚੁੱਕਿਆ ਸੀ । ਸਮਾਂ ਆਪਣੀ ਚਾਲੇ ਚੱਲਦਾ ਰਿਹਾ ਇਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ ਫਿਰ ਇੱਕ ਦਿਨ ਐਸਾ ਵੀ ਆਇਆ ਜਦੋਂ ਉਸ ਨੂੰ ਸਤਿੰਦਰ ਦੀ ਮੌਤ ਦੀ ਖਬਰ ਮਿਲੀ ਤੇ ਉਸ ਦੀ ਅੱਖ ਵਿੱਚੋਂ ਹਿੰਝ ਤੱਕ ਨਾ ਡਿੱਗੀ ਜਿਵੇਂ ਉਹ ਪੱਥਰ ਹੋ ਗਈ ਹੋਵੇ ਸ਼ਾਇਦ ਉਸ ਨੂੰ ਪਤਾ ਸੀ ਕਿ ਇਹ ਹੋ ਕੇ ਰਹਿਣਾ ਹੈ । ਅਕਸਰ ਆਖਿਆ ਜਾਂਦੈ ਕਿ ਲੰਬੇ ਹਨੇਰੇ ਤੋਂ ਬਾਅਦ ਚਾਨਣ ਆਪਣੇ ਪੈਰ ਜ਼ਰੂਰ ਪਸਾਰਦਾ ਹੈ । ਰਾਵੀ ਦੀ ਦੂਰ ਦੀ ਮਾਸੀ ਦਾ ਪਰਿਵਾਰ ਕਾਫੀ ਚਿਰ ਤੋਂ ਵਿਦੇਸ਼ ਵਿਚ ਰਹਿੰਦਾ ਸੀ ਉਹ ਦੇਰ ਬਾਅਦ ਮਿਲਣ ਆਏ ਤਾਂ ਉਨ੍ਹਾਂ ਤੋਂ ਘਰ ਦੀ ਹਾਲਤ ਵੇਖੀ ਨਾ ਗਈ ਉਨ੍ਹਾਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ  ਰਾਵੀ ਨੂੰ ਆਪਣੇ ਨਾਲ ਵਿਦੇਸ਼ ਜਾਣ ਲਈ ਮਨਾ ਲਿਆ ਤੇ ਉਸ ਦੀ ਮਾਂ ਨੂੰ ਸ਼ਹਿਰ ਰਹਿੰਦੇ ਅਪਣੇ ਬਾਕੀ ਪਰਿਵਾਰ ਕੋਲ ਛੱਡ ਦਿੱਤਾ । ਪੜ੍ਹਨ ਵਿੱਚ ਤੇਜ਼ ਰਾਵੀ ਥੋੜ੍ਹੇ ਸਮੇਂ ਦੇ ਸੰਘਰਸ਼ ਤੋਂ ਬਾਅਦ ਵਿਦੇਸ਼ੀ ਧਰਤੀ ਤੇ ਜਾ ਪਹੁੰਚੀ । ਮਾਂ ਤੋਂ ਦੂਰ ਜਾਣ ਦਾ ਹੇਰਵਾ ਉਸ ਦੇ ਦਿਲ ਦੀ ਸਰਦਲ ਨੂੰ ਜ਼ਰੂਰ ਮੱਲੀ ਬੈਠਾ ਸੀ । ਅੱਜ ਹੋਰ ਤੇ ਕੱਲ ਹੋਰ ਰਾਵੀ ਨੇ ਹਰ ਕੰਮ ਨੂੰ ਰੂਹ ਨਾਲ ਕੀਤਾ ਚੰਗੇ ਪੈਸੇ ਮਿਲ ਜਾਂਦੇ ਸਨ ਤੇ ਮਨ ਉਚਾਟ ਨਾ ਹੁੰਦਾ । ਲੱਗਦਾ ਸੀ ਰਾਵੀ ਦੀ ਜ਼ਿੰਦਗੀ ਵਿੱਚ ਖੁਸ਼ੀ ਨੇ ਦੁਬਾਰਾ ਆ ਦਸਤਕ ਦਿੱਤੀ ਸੀ । ਰਿਸ਼ਤੇਦਾਰਾਂ ਨੇ ਛੇਤੀ ਹੀ ਪੇਪਰ ਤੇ ਪੈਸਾ ਭਰ ਕੇ ਉਸ ਨੂੰ ਇੱਥੇ ਹੀ ਸੈੱਟ ਕਰਨ ਦਾ ਮਨ ਬਣਾ ਲਿਆ । ਵਰ੍ਹੇ ਦਿਨਾਂ ਵਾਂਗ ਲੰਘੇ ਸਨ ਸੂਰਜ ਚੜ੍ਹ ਕੇ ਛਿਪਦਾ ਰਿਹਾ ਰਾਵੀ ਕਿੰਨਾ-ਕਿੰਨਾ ਚਿਰ ਮਾਂ ਨਾਲ ਫੋਨ ਤੇ ਦੁੱਖ ਸੁੱਖ ਸਾਂਝਾ ਕਰਦੀ ਰਹਿੰਦੀ ਮਾਂ ਵੀ ਖੁਸ਼ ਸੀ ਕਿ ਚਲੋ ਉਸ ਦੀ ਧੀ ਦੇ ਚਿਹਰੇ ਤੇ ਚਿਰਾਂ ਬਾਅਦ ਮੁਸਕਾਨ ਦੀ ਕਿਰਨ ਨੇ ਫੇਰਾ ਪਾਇਆ ਹੈ । ਹੁਣ ਇੱਕ ਵਾਰ ਫਿਰ ਰਾਵੀ ਦੇ ਹੱਥ ਪੀਲੇ ਕਰਨ ਦੀ ਗੱਲ ਚੱਲੀ ਉਸ ਦੇ ਜੀਵਨ ਵਿੱਚ ਇਹ ਦੂਜਾ ਮੌਕਾ ਸੀ ਉਹ ਬੜਾ ਸੋਚ ਸਮਝ ਕੇ ਪੈਰ ਪੁੱਟ ਰਹੀ ਸੀ ।ਇਨ੍ਹਾਂ ਗੱਲਾਂ ਬਾਤਾਂ ਦੇ ਚੱਲਦਿਆਂ ਹੀ ਉਸ ਨੇ ਦੋ ਮਹੀਨੇ ਲਈ ਵਤਨੀਂ ਫੇਰਾ ਪਾਉਣ ਦੀ ਸੋਚੀ  ਵਤਨ ਦਾ ਨਾਮ ਸਾਹਮਣੇ ਆਉਂਦਿਆਂ ਹੀ ਉਸਨੂੰ ਝਰਨਾਹਟ ਮਹਿਸੂਸ ਹੋਣ ਲੱਗਦੀ ਜਿਵੇਂ ਹੁਣ ਫਿਰ ਉਹ ਕਿਸੇ ਪਿੰਜਰੇ ਵਿੱਚ ਕੈਦ ਹੋਣ ਜਾ ਰਹੀ ਹੋਵੇ । ਜੱਕਾਂ ਤੱਕਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਦੋਂ ਉਸ ਨੇ ਪੈਰ ਆਪਣੀ ਧਰਤੀ ਤੇ ਆ ਪਾੲੇ। ਰਿਸ਼ਤੇਦਾਰਾਂ ਨੂੰ ਪਹਿਲਾਂ ਤੋਂ ਆਖ ਦਿੱਤਾ ਸੀ ਉਸ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਇੱਕ ਦੂਰ ਦੇ ਸਨੇਹੀ ਨੇ ਰਾਵੀ ਲੲੀ ਮੁੰਡੇ ਦੀ ਦੱਸ ਪਾਈ ਭਾਵੇਂ ਉਸ ਲਈ ਅਜੇ ਵੀ ਵਿਦੇਸ਼ ਵਿੱਚ ਹੋਣ ਕਾਰਨ ਮੁੰਡੇ ਵਾਲੇ ਲੱਖਾਂ ਰੁਪਏ ਚੁੱਕੀ ਫਿਰਦੇ ਸਨ । ਰਾਵੀ ਜਿਵੇਂ ਹੁਣ ਇਸ ਕਹਾਣੀ ਨੂੰ ਸਮਝੀ ਬੈਠੀ ਸੀ ਕਿ ਇਹ ਸਿਰਫ਼ ਬਾਹਰਲੀ ਦੁਨੀਆਂ ਦੇ ਮੁਰੀਦ ਨੇ । ਦਿਨਾਂ ਵਿੱਚ ਹੀ ਉਸ ਦੀ ਜ਼ਿੰਦਗੀ ਦੇ ਹਮਸਫ਼ਰ ਦੀ ਚੋਣ ਹੋ ਗਈ ਜੋ ਇੱਕ ਸਰਦੇ ਪੁਰਦੇ ਘਰ ਦਾ ਸਾਊ ਮੁੰਡਾ ਸੀ । ਦੋ ਮਹੀਨੇ ਹਵਾ ਦੇ ਝੌਕੇ ਵਾਂਗ ਬੀਤ ਗਏ ਰਾਵੀ ਦੀ ਵਿਆਹੁਤਾ ਜ਼ਿੰਦਗੀ ਨੇ ਅੰਗੜਾਈ ਭਰੀ ਪਿਛਲੇ ਗਮਾਂ ਨੂੰ ਭੁੱਲਣ ਦਾ ਯਤਨ ਕੀਤਾ ਨਵੀਆਂ ਖੁਸ਼ੀਆਂ ਉਸ ਦੇ ਵਿਹੜੇ ਦਾ ਸ਼ਿੰਗਾਰ ਬਣ-ਬਣ ਕੇ ਵਾਵਰੋਲਿਅਾਂ ਸੰਗ ਉੱਡਦੀਆਂ ਰਹੀਆਂ । ਸਾਲ ਕੁ ਭਰ ਮਗਰੋਂ ਉਸ ਨੇ ਆਪਣੇ ਨਾਲ ਉਮਰ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਰਾਜਬੀਰ ਨੂੰ ਪੇਪਰ ਭਰ ਪੱਕੇ ਤੌਰ ਤੇ ਆਪਣੇ ਕੋਲ ਬੁਲਾ ਲਿਆ । ਰਾਵੀ ਦਾ ਮਾਂ ਨਾਲ ਰਾਬਤਾ ਲਗਾਤਾਰ ਬਣਿਆ ਰਹਿੰਦਾ ਸੀ । ਜਿਵੇਂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਰਾਜਬੀਰ ਨੇ ਛੇ ਮਹੀਨਿਆਂ ਬਾਅਦ ਹੀ ਸਾਊਪੁਣੇ ਦਾ ਮੁਖੌਟਾ ਲਾਹ ਕੇ ਆਪਣੀ ਅਸਲੀ ਔਕਾਤ ਦੇ ਦਰਸ਼ਨ ਕਰਵਾਉਣੇ ਸ਼ੁਰੂ ਕਰ ਦਿਤੇ ਉਸ ਨੇ ਗੱਲਾਂ ਗੱਲਾਂ ਵਿੱਚ ਆਪਣੇ ਮਗਰਲੇ ਪਰਿਵਾਰ ਦੀ ਕਬੀਲਦਾਰੀ ਦੇ ਕਿੱਸਿਆਂ ਨੂੰ ਰਾਵੀ ਦੇ ਕੰਨਾਂ ਤੱਕ ਪੁੱਜਦਾ ਕਰ ਇੱਕ ਦਿਨ ਉਸ ਦੇ ਅੱਗੇ ਪੱਚੀ ਲੱਖ ਦੀ ਮੰਗ ਰੱਖ ਦਿੱਤੀ ਕਿ ਮੇਰੇ ਮਾਪਿਆਂ ਨੇ ਮੇਰੀ ਭੈਣ ਦਾ ਵਿਆਹ ਕਰਨੇੈ ਰਾਵੀ ਨੇ ਬਥੇਰੇ ਵਾਸਤੇ ਪਾਏ ਕਿ ਉਸ ਨੇ ਪਹਿਲਾਂ ਹੀ ਉਨ੍ਹਾਂ ਦੇ ਵਿਆਹ ਤੇ ਆਏ ਸਾਰੇ ਖਰਚੇ ਨੂੰ ਚੁੱਕਿਆ ਹੈ ਹੁਣ ਏਡੀ ਵੱਡੀ ਰਕਮ ਦਾ ਪ੍ਰਬੰਧ ਕਿੱਥੋਂ ਕਰਾਂ । ਮਹੀਨਾ ਭਰ ਉਨ੍ਹਾਂ ਵਿੱਚ ਤਕਰਾਰ ਹੁੰਦਾ ਰਿਹਾ ਇਨ੍ਹਾਂ ਦਿਨਾਂ ਵਿੱਚ ਕਈ ਵਾਰ ਰਾਜਬੀਰ ਨੇ ਰਾਵੀ ਨੂੰ ਕੁੱਟਮਾਰ ਕਰਦਿਆਂ ਬਹੁਤ ਕੁੱਝ ਅਜਿਹਾ ਵੀ ਬੋਲ ਦਿੱਤਾ ਜੋ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ । ਇਧਰ ਰਾਵੀ ਦੀ ਮਾਂ ਇਹ ਸਭ ਕੁਝ ਤੋਂ ਬੇਖ਼ਬਰ ਕਿਸੇ ਅਨੋਖੀ ਖੁਸ਼ੀ ਦੀ ਉਡੀਕ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ । ਇੱਕ ਦਿਨ ਸੂਰਜ ਦੇ ਛਿਪਾਅ ਨਾਲ ਰਾਜਬੀਰ ਇੱਕਦਮ ਘਰ ਪਰਤਿਆ ਰਾਵੀ ਵੀ ਅਜੇ ਕੁਝ ਸਮਾਂ ਪਹਿਲਾਂ ਹੀ ਕੰਮ ਤੋਂ ਆਈ ਸੀ ਉਸ ਨੇ ਆਉਂਦਿਆਂ ਹੀ ਇੱਕ ਕਾਗਜ਼ ਦਾ ਟੁਕੜਾ ਰਾਵੀ ਦੇ ਹੱਥ ਤੇ ਧਰ ਦਿੱਤਾ ਇਹ ਟੁਕੜਾ ਮਹਿਜ਼ ਇਕ ਕਾਗਜ਼ ਨਹੀਂ ਸੀ ਜਿਵੇਂ ਉਹ ਕੋਈ ਮਘਦਾ ਕੋਲਾ ਸੀ ਕੋਈ ਤਿੱਖੀ ਛੁਰੀ ਸੀ ਜੋ ਰਾਵੀ ਦੇ ਸੀਨੇ ਦੇ ਆਰ ਪਾਰ ਹੋ ਗਈ ਸੀ ਪਲ ਦੀ ਪਲ ਰਾਵੀ ਨੂੰ ਇੰਝ ਲੱਗਿਆ ਕਿ ਉਸ ਨੂੰ ਜਿਵੇ ਰਾਜਵੀਰ ਨੇ ਗਮਾਂ ਦੇ ਭਰੇ ਸਮੁੰਦਰ ਵਿੱਚ ਧੱਕ ਦਿੱਤਾ ਹੋਵੇ ਤੇ ਗਮ ਉਸ ਦੀ ਜਾਨ ਨੂੰ ਕੀੜਿਆਂ ਦੀ ਤਰ੍ਹਾਂ ਨੋਚ ਰਹੇ ਹੋਣ ਉਹ ਤਿਲਮਿਲਾ ਉੱਠੀ ਸੀ ਜਦ ਰਾਜਵੀਰ ਨੇ ਉਸ ਨੂੰ ਨਾਲ ਦੀ ਨਾਲ ਇਹ ਫ਼ੁਰਮਾਨ ਸੁਣਾ ਦਿੱਤਾ ਕਿ ਜਾਂ ਤਾਂ ਪੱਚੀ ਲੱਖ ਦਾ ਪ੍ਰਬੰਧ ਕਰ ਲੈ ਜਾਂ ਇਨ੍ਹਾਂ ਤਲਾਕ ਦੇ ਪੇਪਰਾਂ ਤੇ ਦਸਤਖਤ ਕਰਦੇ ਮੈਨੂੰ ਪਿੰਡੋਂ ਮਾਂ ਦਾ ਸੁਨੇਹਾ ਆਇਅੈ ਕਿ ਲਾਗ ਦੇ ਪਿੰਡੋਂ ਕਿਸੇ ਕੁੜੀ ਨੇ ਵਿਆਹ ਕਰਵਾ ਕੇ ਇੱਧਰ ਆਉਣੈ ਤੇ ਉਹ ਤੀਹ ਲੱਖ ਦਿੰਦੇ ਨੇ । ਰਾਵੀ ਲਈ ਸਮਾਂ ਜਿਵੇਂ ਰੁਕ ਗਿਆ ਸੀ ਕੁਝ ਮਹੀਨਿਆਂ ਦੀ ਖੁਸ਼ੀ ਉਸ ਤੇ ਕੜਕਦੀ ਬਿਜਲੀ ਬਣ ਕੇ ਡਿੱਗੀ ਸੀ ਰੱਬ ਨੂੰ ਕੋਸਦਿਆਂ ਉਸ ਨੇ ਅੱਖਾਂ ਵਿਚਲਾ ਨੀਰ ਨਦੀ ਦੇ ਪਾਣੀ ਵਾਂਗ ਵਹਾਇਆ । ਪਲ ਦੀ ਪਲ ਉਸਨੂੰ ਲੱਗਿਆ ਸ਼ਾਇਦ ਉਸ ਨੇ ਆਪਣੀ ਮਾਂ ਦੀ ਕੁੱਖ ਵਿਚੋਂ ਜਨਮ ਲੈ ਕੇ ਗੁਨਾਹ ਕੀਤਾ ਹੈ ਹੁਣ ਉਸ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਇਹ ਦੁਨੀਆਂ ਉਸ ਦੀ ਨਾ ਬਣ ਸਕੀ ਉਹ ਹੁਣ ਬੋਝ ਸੀ ਇਸ ਧਰਤੀ ਤੇ । ਕਿੰਝ ਉਸ ਨੇ ਰਾਜਵੀਰ ਲਈ ਪਰਮਾਤਮਾ ਅੱਗੇ ਅਰਜੋਈ ਕਰ ਕੀ ਕੁਝ ਨਹੀਂ ਸੀ ਮੰਗਿਆ ਉਹ ਤਾਂ ਉਸ ਦੇ ਰਹਿਮੋ ਕਰਮ ਤੇ ਹੀ ਇੱਥੇ ਪਹੁੰਚੇਆ ਸੀ ਪਰ ਹੁਣ ਆਖਰ ਹੋ ਚੁੱਕੀ ਸੀ । ਰਾਵੀ ਨੇ ਸੋਚਿਆ ਕੇਸ ਕਰਦਿਆਂ ਜਾਂ ਪੁਲਿਸ ਨੂੰ ਬੁਲਾਵਾਂ , ਪਰ ਇਹ ਸਭ ਕੁਝ ਲਈ ਉਹ ਅੰਦਰੋਂ ਬੇਹੱਦ ਕਮਜ਼ੋਰ ਤੇ ਟੁੱਟ ਚੁੱਕੀ ਸੀ ਉਸ ਦਾ ਹੌਸਲਾ ਨਾ ਪਿਆ । ਰਾਵੀ ਦੇ ਮਨ ਵਿੱਚ ਧੁਰ ਅੰਦਰ ਤੱਕ ਰਾਜਵੀਰ ਲਈ ਅੈਸੀ ਨਫ਼ਰਤ ਪੈਦਾ ਹੋਈ ਕਿ ਅੱਧੀ ਰਾਤ ਬੀਤਣ ਨੂੰ ਚੱਲੀ ਸੀ ਪਰ ਉਸ ਦੇ ਮਨ ਵਿੱਚ ਚੱਲ ਰਿਹਾ ਯੁੱਧ ਖ਼ਤਮ ਨਹੀਂ ਸੀ ਹੋ ਰਿਹਾ । ਅੰਤ ਉਸ ਨੇ ਹੌਸਲਾਂ ਕਰ ਮੇਜ਼ ਤੇ ਪਏ ਤਲਾਕ ਦੇ ਪੇਪਰਾਂ ਵੱਲ ਹੱਥ ਵਧਾਏ ਉਸ ਦੇ ਸੀਨੇ ਅੰਦਰੋਂ ਇੱਕ ਚੀਸ ਉੱਠੀ ਤੇ ਗੁੱਸੇ ਦੇ ਜਵਾਰ ਭਾਟੇ ਨੇ ਦਸਤਕਾਂ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਉਜਾਗਰ ਕੀਤਾ ਕਿ ਹੁਣ ਮੈਂ ਤੇਰੀ ਬਣ ਕੇ ਲੈਣਾ ਵੀ ਕੀ ਹੈ , ਜਾਹ ਵੇ ਚੰਦਰਿਆ , ਤੈਨੂੰ ਕਿਸੇ ਜਨਮ ਢੋਈ ਨਾ ਮਿਲੇ ਕਹਿੰਦਿਆਂ ਸਾਰ ਉਸ ਦੀਆਂ ਅੱਖਾਂ ਵਿੱਚੋਂ ਗੁੱਸੇ ਅਤੇ ਰੋਸ ਦੇ ਅੱਥਰੂ ਤ੍ਰਿਪ ਤ੍ਰਿਪ ਵਗਣ ਲੱਗੇ , ਇੰਨਾ ਆਖ ਉਸ ਨੇ ਗਲ ਪਾਈ ਚੁੰਨੀ ਨੂੰ ਸਿਰ ਤੇ ਲੈਂਦਿਆਂ ਇਕੱਲੇ ਹੀ ਆਪਣੇ ਵਰਗੀਆਂ ਹੋਰ ਦੁਖੀ ਲੜਕੀਆਂ ਅਤੇ ਦੀਨ ਦੁਖੀਆਂ ਦੀ ਸੇਵਾ ਲਈ ਸਿਦਕ ਅਤੇ ਸਿਰੜ ਨਾਲ ਜ਼ਿੰਦਗੀ ਜਿਊਣ ਦਾ ਰਸਤਾ ਚੁਣ ਲਿਆ ਉਸਨੂੰ ਲੱਗਿਆ ਜਿਵੇਂ ਹੁਣ ਉਸ ਦੀ ਜ਼ਿੰਦਗੀ ਦੇ ਗੁਆਚੇ ਪਲ ਅਤੇ ਬਾਪੂ ਦੀਆਂ ਕਹੀਆਂ ਗੱਲਾਂ ਦੀ ਪਰਵਾਜ਼ ਇੰਨੀ ਲੰਬੀ ਹੋ ਗਈ ਹੋਵੇ ਕਿ ਉਨ੍ਹਾਂ ਦੀ ਉਡੀਕ ਕਰਨੀ ਮੁਸ਼ਕਿਲ ਸੀ ।

ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
94634 63136

ਖ਼ਤਰਨਾਕ ਦਿਸ਼ਾ ਵੱਲ ਜਾ ਰਿਹੈ 'ਚਿੱਟੇ ਨਸ਼ੇ' ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਭਵਿੱਖ  - ਮਨਜਿੰਦਰ ਸਿੰਘ ਸਰੌਦ

ਹੁਣ 'ਚਿੱਟੇ' ਦੇ ਨਾਲ ਸ਼ਰਾਬ ਦਾ ਸੇਵਨ ਵੀ ਕਰਨ ਲੱਗੇ ਨੌਜਵਾਨ

ਇੱਕ ਬਜ਼ੁਰਗ ਮਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਪਹੁੰਚਕੇ , ਆਪਣੀ ਹੀ ਕੁੱਖ ਦੇ ਜਾਏ ਜੋ ਚਿੱਟੇ ਨਸ਼ੇ ਦੀ ਭੇਟ ਚੜ੍ਹ ਜਹਾਨ ਤੋਂ ਜਾ ਚੁੱਕਿਆ ਉਸ ਦਾ ਪੁੱਤਰ ਸੀ ਦੀ ਲਾਸ਼ ਤੇ ਵੈਣ ਪਾ ਕੇ ਸਮੇਂ ਦੇ ਹਾਕਮਾਂ ਨੂੰ ਕੋਸਦੀ ਹੈ , ਕੀ ਬੀਤੀ ਹੋਉ ਉਸ ਮਾਂ ਤੇ ਜਿਸ ਦਾ 42 ਕੁ ਸਾਲਾਂ ਦਾ ਕੜੀ ਵਰਗਾ ਗੱਭਰੂ ਪੁੱਤ ਚਿੱਟੇ ਦੀ ਦਲਦਲ ਵਿੱਚ ਇਨਾ ਡੂੰਘਾ ਧੱਸ ਗਿਆ ਕਿ ਵਾਪਸ ਨਾ ਪਰਤਿਆ । ਇਹ ਦਰਦ ਕਹਾਣੀ ਮਾਝੇ ਦੇ ਉੱਪਰੋਂ ਹੱਸਦੇ-ਵੱਸਦੇ ਤੇ ਅੰਦਰੋਂ ਖੋਖਲੇ ਹੋ ਚੁੱਕੇ ਇੱਕ ਪਿੰਡ ਦੀ ਹੈ । ਅਗਲਾ ਦਰਦ ਹੈ ਮਾਲਵੇ ਦੀ ਉਸ ਭੈਣ ਦਾ ਜਿਸ ਦਾ ਇੱਕੋ-ਇੱਕ ਆਖਰੀ ਮਾਂ ਜਾਇਆ ਨਸ਼ੇ ਦੇ ਵਹਿੰਦੇ ਦਰਿਆ ਵਿਚ ਰੁੜ ਗਿਆ ਅਤੇ ਹਾਲਾਤ ਇੱਥੋਂ ਤੱਕ ਜਾ ਪਹੁੰਚੇ ਕਿ ਅੱਜ ਪਰਿਵਾਰ ਵਿੱਚ ਸਿਵਾਏ ਔਰਤਾਂ ਤੋਂ ਕੋਈ ਮਰਦ ਬਾਕੀ ਬਚਿਆ ਹੀ ਨਹੀਂ ਕਿਉਂਕਿ ਬਾਕੀ ਬਚਿਆਂ ਨੂੰ ਕਰਜੇ ਦੇ ਅਜਗਰ ਨਾਗ ਨੇ ਆਪਣੇ ਲਪੇਟੇ ਵਿੱਚ ਲੈ ਕੇ ਸਦਾ ਦੀ ਨੀਂਦ ਸੁਆ ਦਿੱਤਾ । ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ , ਮਾਲਵਾ ਅਤੇ ਦੁਆਬਾ ਦੇ ਸਿਵਿਆਂ ਅੰਦਰ ਅੱਜ ਚਿੱਟੇ ਨਸ਼ੇ ਦੀ ਗਫ਼ਲਤ ਵਿੱਚ ਰੁੜ੍ਹ ਕੇ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲੇ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਲੱਗੇ ਲਾਂਬੂ ਇਸ ਗੱਲ ਦੀ ਸ਼ਰੇਆਮ ਦੁਹਾਈ ਪਾਉਂਦੇ ਜਾਪ ਰਹੇ ਹਨ ਕਿ ਜੇਕਰ ਬਚਾ ਸਕਦੇ ਹੋ ਤਾਂ ਬਚਾ ਲਵੋ ਭੰਗ ਦੇ ਭਾਣੇ ਜਾ ਰਹੀ ਪੰਜਾਬ ਦੀ ਜਵਾਨੀ ਨੂੰ ।
                       ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਗਣ ਲੱਗਦੇ ਨੇ ਜਦੋਂ ਉਨ੍ਹਾਂ ਨੌਜਵਾਨਾਂ ਦੇ ਦਰਸ਼ਨੀ ਚਿਹਰਿਆਂ ਵੱਲ ਵੇਖਦੇ ਹਾਂ ਜੋ ਸ਼ੁਰੂ ਵਿੱਚ ਚਿੱਟੇ ਨਸ਼ੇ ਦੇ ਪੰਜੇ ਵਿੱਚ ਜਕੜਨ ਤੋਂ ਬਾਅਦ ਛੇਤੀ ਹੀ ਸ਼ਰਾਬ ਦੀ ਲਤ ਦੇ ਆਦੀ ਹੋ ਗਏ । ਜਦ ਉਨ੍ਹਾਂ ਨੂੰ ਚਿੱਟੇ ਦੀ 'ਤੋੜ' ਲੱਗਦੀ ਹੈ ਤਾਂ ਉਹ ਠੇਕੇ ਤੋਂ ਜਾ ਕੇ ਸ਼ਰਾਬ ਦੀ ਪੂਰੀ ਬੋਤਲ ਡਕਾਰਨ ਨੂੰ ਵੀ ਦੇਰ ਨਹੀਂ ਲਾਉਂਦੇ , ਅੱਜ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਖਤਰਨਾਕ ਦਿਸ਼ਾ ਅਤੇ ਦਸ਼ਾ ਵੱਲ ਕੂਚ ਕਰ ਰਹੇ ਹਨ ਇਨ੍ਹਾਂ ਦੀ ਹਾਲਤ ਕਿਸੇ ਭਿਆਨਕ ਅਣਹੋਣੀ ਦਾ ਸੰਕੇਤ ਦੇ ਰਹੀ ਹੈ ਕਿਉਂਕਿ ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਚਿੱਟੇ ਨਸ਼ੇ ਦਾ ਸ਼ਰਾਬ ਨਾਲ ਕੋਈ ਮੇਲ ਨਹੀਂ । ਅੱਜ ਇਸ ਨਸ਼ੇ ਦੀ ਬਦੌਲਤ ਪੰਜਾਬ ਅੰਦਰ ਹਜ਼ਾਰਾਂ ਪਰਿਵਾਰ ਟੁੱਟ ਚੁੱਕੇ ਹਨ ਜਾਂ ਟੁੱਟਣ ਦੀ ਕਗਾਰ ਤੇ ਪਹੁੰਚ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ।
                       ‎ਸੋਚ ਕੇ ਵੇਖੋ ਕਿਸ ਹਾਲ ਵਿੱਚ ਹੋਣਗੀਆਂ ਉਹ ਮੁਟਿਆਰਾਂ ਜਿਨ੍ਹਾਂ ਨੇ ਅਪਣੇ ਸੋਹਣੇ ਸੁਨੱਖੇ ਜੀਵਨ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਉਨ੍ਹਾਂ ਹਸੀਨ ਪਲਾਂ ਨੂੰ ਮਾਨਣ ਦੇ ਖੁਆਬ ਮਨਾਂ ਅੰਦਰ ਪਾਲੇ ਹੋਣਗੇ । ਉਸ ਹਰ ਧੀ ਦੇ ਮਨ ਦੀਆਂ ਸੱਧਰਾਂ ਇੱਕ-ਇੱਕ ਕਰਕੇ ਤਿੜਕ ਰਹੀਆਂ ਨੇ ਜਦੋਂ ਉਨ੍ਹਾਂ ਦਾ ਸਿਰ ਦਾ ਸਾਈਂ ਕਿਸੇ ਖੇਤ ਦੀ ਮੋਟਰ ਤੋਂ ਪਰਿਵਾਰ ਨੂੰ ਰਾਤ ਦੇ ਦਸ ਵਜੇ ਅੱਧਮੋਈ ਹਾਲਤ 'ਚ ਲੱਭਦੈ, ਜਿਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਹੁੰਦੀ ਹੈ । ਮਾਵਾਂ , ਭੈਣਾਂ ਅਤੇ ਪਤਨੀਆਂ ਦੀ ਕਰੁਣਾਮਈ ਹਾਲਤ ਤੋਂ ਬਾਅਦ ਇਸ ਸਾਰੇ ਵਰਤਾਰੇ ਦਾ ਇੱਕ ਖਤਰਨਾਕ ਪਹਿਲੂ ਇਹ ਵੀ ਹੈ ਜਿਸ ਨੂੰ ਸਾਡਾ ਸਮਾਜ ਅਕਸਰ ਅਣਗੌਲਿਆ ਕਰ ਦਿੰਦਾ ਹੈ ਜਾਂ ਜਾਣ ਬੁੱਝ ਕੇ ਇਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ । ਅੱਜ ਹਾਲਾਤ ਇੱਥੋਂ ਤੱਕ ਭਿਆਨਕ ਹੋ ਚੁੱਕੇ ਨੇ ਕਿ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਵਿੱਚੋਂ ਬਹੁਤ ਸਾਰੇ ਪਿਓ ਬਣਨ ਦੇ ਕਾਬਲ ਵੀ ਨਹੀਂ ਹਨ , ਰੂਹ ਤੱਕ ਕੰਬ ਜਾਂਦੀ ਹੈ ਇਸ ਪਹਿਲੂ ਨੂੰ ਵਾਚਦਿਆਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੂਰੀ ਦੁਨੀਆਂ ਅੰਦਰ ਨਰੋਏ ਜੁੱਸਿਆਂ ਦੇ ਤੌਰ ਤੇ ਜਾਣੇ ਜਾਂਦੇ ਪੰਜਾਬੀ ਕਦੇ ਆਪਣੀ ਵੰਸ਼ ਨੂੰ ਅੱਗੇ ਵਧਾਉਣ ਜੋਗੇ ਵੀ ਨਹੀਂ ਰਹਿਣਗੇ ।
                      ‎     ਬੀਤੇ ਦਿਨ ਕੋਰੋਨਾ ਦੀ ਦਸਤਕ ਨੇ ਭਾਵੇਂ ਪੰਜਾਬ ਦੇ ਪਿੰਡਾਂ ਅੰਦਰ ਚਿੱਟੇ ਦੀ ਚੇਨ ਨੂੰ ਤੋੜਨ ਦਾ ਕੰਮ ਜ਼ਰੂਰ ਕੀਤਾ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਨਸ਼ੇ ਦੇ ਸੌਦਾਗਰ ਮੁੜ ਸਰਗਰਮ ਹੋਣ ਲੱਗੇ ਹਨ । ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਤੇ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਜੇਕਰ ਸਰਕਾਰ ਅਤੇ ਪੁਲਿਸ ਚਾਹੇ ਤਾਂ ਉਹ ਚਿੜੀ ਵੀ ਨਹੀਂ ਫਟਕਣ ਦਿੰਦੀ ਫਿਰ ਇਹ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਕਿਵੇਂ ਹੈ , ਬਹੁਤੇ ਲੋਕਾਂ ਲਈ ਇਹ ਵੀ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ । ਇਸ ਮਾੜੀ ਅਲਾਮਤ ਦੇ ਖਿਲਾਫ ਲੰਬੇ ਸਮੇਂ ਤੋਂ ਕੰਮ ਕਰ ਰਹੇ ਪੁਲਿਸ ਅਫ਼ਸਰਾਂ ਦਾ ਆਖਣਾ ਹੈ ਕਿ ਅਦਾਲਤਾਂ ਵਿੱਚ ਇਸ ਨਸ਼ੇ ਨੂੰ ਸਾਬਤ ਕਰਨ ਦਾ ਕੰਮ ਬਹੁਤ ਔਖੈ , ਪੁਲਿਸ ਦੇ ਦਰਜ ਕੀਤੇ ਮਾਮਲੇ ਅਦਾਲਤਾਂ ਵਿੱਚ ਜਾ ਕੇ ਧੜਾਧੜ ਫੇਲ ਹੋ ਜਾਂਦੇ ਹਨ ਅਤੇ ਦੋਸ਼ੀ ਕੁਝ ਦਿਨਾਂ ਬਾਅਦ ਫੇਰ ਬਾਹਰ ਆ ਜਾਂਦਾ ਹੈ । ਜਦਕਿ ਹਕੀਕਤ ਵਿੱਚ ਇਹ ਨਸ਼ਾ ਇੱਕ ਆਮ ਇਨਸਾਨ ਨੂੰ ਕੁਝ ਸਮਾਂ ਸੇਵਨ ਕਰਨ ਤੋਂ ਬਾਅਦ ਕਿਸੇ ਪਾਸੇ ਜੋਗਾ ਨਹੀਂ ਰਹਿਣ ਦਿੰਦਾ , ਇਸ ਸੱਚ ਤੋਂ ਪਰਦਾ ਚੁੱਕਣਾ ਵੀ ਅੱਜ ਸਮੇਂ ਦੀ ਮੰਗ ਹੈ ।
                      ‎     ਨਸ਼ੇ ਨਾਲ ਸਰੀਰ ਤੋਂ ਇਲਾਵਾਂ ਮਰ ਰਹੀ 'ਇਨਸਨੀ ਰੂਹ' ਦੇ ਪੱਖ ਤੋਂ ਪਰੇ ਹੋ ਕੇ ਜੇਕਰ ਥੋੜ੍ਹਾ ਜਿਹਾ ਧਿਆਨ ਆਰਥਿਕ ਪੱਖ ਤੇ ਵੀ ਮਾਰੀਏ ਤਾਂ ਕਹਾਣੀ ਇੱਥੇ ਵੀ ਲੂੰ ਕੰਡੇ ਖਡ਼੍ਹੇ ਕਰਨ ਵਾਲੀ ਹੈ ਕਿ ਕਿੰਝ ਇੱਕ ਬਦਨਸੀਬ ਨੌਜਵਾਨ ਆਪਣੇ ਘਰ ਦਾ ਸਾਮਾਨ ਵੇਚਣ ਤੋਂ ਲੈ ਕੇ ਮੋਬਾਈਲ ਫੋਨਾਂ ਤੱਕ ਨੂੰ ਗਹਿਣੇ ਰੱਖ ਕੇ ਨਸ਼ੇ ਦੀ ਪੂਰਤੀ ਕਰਦਾ ਹੈ ਜਿਸ ਦੀ ਘੱਟ ਤੋਂ ਘੱਟ ਕੀਮਤ 2 ਹਜ਼ਾਰ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਪ੍ਰਤੀ ਦਿਨ ਹੈ । ਇਹ ਵੀ ਘੱਟ ਦੁਖਦਾਈ ਨਹੀਂ ਹੈ ਕਿ ਕਈ ਤਾਂ ਨਸ਼ੇ ਦੀ ਤੋੜ ਦੇ ਮਾਰੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਤੱਕ ਨੂੰ ਨਾਲ ਲੈ ਕੇ ਨਸ਼ਾ ਵੇਚਣ ਵਾਲਿਆਂ ਕੋਲ ਪਹੁੰਚਦੇ ਹਨ ਫਿਰ ਜੋ ਉੱਥੇ ਹੁੰਦੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਇਹ ਦਰਦ ਕਹਾਣੀ ਇੱਕ ਪਿੰਡ ਜਾਂ ਇਲਾਕੇ ਦੀ ਨਹੀਂ ਹੁਣ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਹਰ ਉਸ ਹਿੱਸੇ ਦੀ ਦਾਸਤਾਨ ਬਣਦੀ ਜਾ ਰਹੀ ਹੈ ਜਿਸ ਦੇ ਜ਼ਰੇ-ਜ਼ਰੇ ਵਿੱਚੋਂ ਕਦੇ ਸ਼ਹੀਦਾਂ ਦੇ ਖੂਨ ਦੀ ਮਹਿਕ ਉਠਦੀ ਸੀ । ਚੰਗਾ ਹੋਵੇ ਸਰਕਾਰ , ਸਮਾਜ ਸੇਵੀ ਜਥੇਬੰਦੀਆਂ ਅਤੇ ਅਸੀਂ ਬਰਬਾਦ ਹੋ ਰਹੀ  ਪੰਜਾਬ ਦੀ ਜੁਆਨੀ ਲਈ ਕੋਈ ਉਚਿੱਤ ਕਦਮ ਚੁੱਕੀੲੇ ਤਾਂ ਕਿ ਅਸੀਂ ਮੁੜ ਤੋਂ ਉਸ ਰੰਗਲੇ ਪੰਜਾਬ ਦੇ ਦਰਸ਼ਨ ਕਰ ਸਕੀਏ ਜਿਸ ਨੂੰ ਅਸੀਂ ਅਕਸਰ ਇਤਿਹਾਸ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
‎94634-63136