Gurmit Singh Palahi

ਕੀ ਮੋਦੀ ਸਰਕਾਰ ਲਈ ਵਿਰੋਧੀ ਧਿਰ ਚਣੌਤੀ ਬਣ ਰਹੀ ਹੈ? - ਗੁਰਮੀਤ ਸਿੰਘ ਪਲਾਹੀ

ਪ੍ਰਸਿੱਧ ਅਰਥ ਸ਼ਾਸ਼ਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਬਹੁਤ ਹੀ ਖਰਾਬ ਹੈ ਅਤੇ ਇਹ ਗੱਲ ਵੀ ਦੁਹਰਾਈ ਹੈ ਕਿ ਨੋਟਬੰਦੀ ਅਤੇ ਜਲਦਬਾਜੀ ਵਿੱਚ ਜੀ ਐਸ ਟੀ ਲਾਗੂ ਕੀਤੇ ਜਾਣ ਨਾਲ ਅਰਥ-ਵਿਵਸਥਾ ਉਤੇ ਦੋਹਰੀ ਮਾਰ ਪਈ ਹੈ। ਮਨਮੋਹਨ ਸਿੰਘ ਦੇ ਬਿਆਨ ਤੋਂ ਵੀ ਅੱਗੇ ਜਾਂਦਿਆਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਰਾਹੁਲ ਬਜਾਜ ਨੇ ਕਿਹਾ ਹੈ ਕਿ ਭਾਵੇਂ ਸਰਕਾਰ ਦੀਆਂ ਕਈ ਅਹਿਮ ਪ੍ਰਾਪਤੀਆਂ ਹਨ, ਪਰ ਇੱਕ ਵੱਡੀ ਭੁਲ ਵੀ ਹੋਈ ਹੈ ਅਤੇ ਦੇਸ਼ ਵਿੱਚ ਡਰ ਦਾ ਵਾਤਾਵਰਨ ਬਣਿਆ ਹੋਇਆ ਹੈ, ਜਿਸ ਦੇ ਕਾਰਨ ਲੋਕ ਅਲੋਚਨਾ ਕਰਨ ਤੋਂ ਡਰ ਰਹੇ ਹਨ।
ਪ੍ਰਸਿੱਧ ਹਸਤੀਆਂ ਦੇ ਇਹ ਬਿਆਨ ਦੇਸ਼ ਭਾਰਤ ਦੇ ਆਰਥਿਕ ਹਾਲਾਤਾਂ ਅਤੇ ਦੇਸ਼ ਵਿਚਲੇ ਮਾਹੌਲ ਦੀ ਮੂੰਹ ਬੋਲਦੀ ਤਸਵੀਰ ਹਨ। ਦੇਸ਼ ਵਿਚਲੇ ਆਟੋਮੋਬਾਇਲ ਸੈਕਟਰ ਵਿੱਚ ਮੰਦੀ ਦਾ ਦੌਰ ਹੈ, ਜਿਸ ਬਾਰੇ ਭਾਜਪਾ ਸਾਂਸਦ ਵਰੇਂਦਰ ਸਿੰਘ ਮਸਤ ਕਹਿੰਦੇ ਹਨ ਕਿ ਜੇਕਰ  ਆਟੋਮੋਬਾਇਲ ਸੈਕਟਰ 'ਚ ਮੰਦਾ ਹੈ ਤਾਂ ਸੜਕਾਂ ਤੇ ਜਾਮ ਕਿਉਂ ਲਗ ਰਹੇ ਹਨ? ਦੇਸ਼ ਵਿੱਚ ਗੰਢੇ ਮਹਿੰਗੇ ਮਿਲਣ ਬਾਰੇ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਿਆਨ ਦਿਲਚਸਪ ਹੈ, ''ਮੈਂ ਇਤਨਾ ਲਹਸਨ, ਪਿਆਜ਼ ਨਹੀਂ ਖਾਤੀ ਹੂੰ ਜੀ। ਮੈਂ ਐਸੇ ਪਰਿਵਾਰ ਸੇ ਆਤੀ ਹੂੰ ਜਹਾਂ ਅਨੀਅਨ, ਪਿਆਜ਼ ਸੇ ਮਤਲਬ ਨਹੀਂ ਰਖਤੇ''। ਇਹਨਾ ਦਿਲਚਸਪ ਬਿਆਨਾਂ ਨੂੰ ਦੇਸ਼ ਦੀਆਂ ਲੋਕ ਸਭਾ, ਰਾਜ ਸਭਾ ਦੀਆਂ ਬੈਠਕਾਂ ਵਿੱਚ ਵਿਰੋਧੀ ਧਿਰ ਨੇ ਵੀ ਸੁਣਿਆ ਹੈ ਅਤੇ ਦੇਸ਼ ਦੇ ਸੂਝਵਾਨ ਲੋਕਾਂ ਨੇ ਵੀ। ਬਾਵਜੂਦ ਇਸਦੇ ਕਿ ਸੰਸਦ ਵਿੱਚ ਵਿਰੋਧੀ ਧਿਰ ਮਜ਼ਬੂਤ ਨਹੀਂ ਹੈ, ਇਸ ਕਿਸਮ ਦੇ ਬਿਆਨਾਂ ਦੀ ਉਸ ਵੱਲੋਂ ਭਰਪੂਰ ਅਲੋਚਨਾ ਹੋਈ ਹੈ। ਦੇਸ਼ ਦੀ ਆਰਥਿਕ ਹਾਲਤ ਦਾ ਮੁੱਦਾ ਵਿਰੋਧੀ ਧਿਰ ਵਲੋਂ ਮਜ਼ਬੂਤੀ ਨਾਲ ਉਠਾਇਆ ਗਿਆ ਹੈ। ਦੇਸ਼ ਦੀ ਘਰੇਲੂ ਉਤਪਾਦਨ ਦਰ 4.5 ਫ਼ੀਸਦੀ ਪੁੱਜਣ ਸਬੰਧੀ ਮੋਦੀ ਸਰਕਾਰ ਨੂੰ ਵਿਰੋਧੀ ਧਿਰ ਵਲੋਂ ਦੋਹਾਂ ਸਦਨਾਂ 'ਚ ਆੜੇ ਹੱਥੀਂ ਲਿਆ ਗਿਆ ਹੈ ਭਾਵੇਂ ਕਿ ਦੇਸ਼ ਦੀ ਖਜ਼ਾਨਾ ਮੰਤਰੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋ ਰਹੀ ਹੈ ਕਿ ਦੇਸ਼ ਵਿੱਚ ਮੰਦੀ ਦਾ ਦੌਰ ਹੈ।
ਦੇਸ਼ ਦੀ ਵਿਰੋਧੀ ਧਿਰ ਖ਼ਾਸ ਕਰਕੇ ਉਸ ਵੇਲੇ ਤੋਂ ਉਤਸ਼ਾਹਿਤ ਹੋ ਰਹੀ ਹੈ, ਜਦੋਂ ਤੋਂ ਹਰਿਆਣਾ ਅਤੇ ਮਹਾਰਾਸ਼ਟਰ ਜਿਹੇ ਸੂਬਿਆਂ ਵਿੱਚ ਭਾਜਪਾ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਹੈ। ਹਰਿਆਣਾ ਵਿੱਚ ਭਾਜਪਾ, ਸਰਕਾਰ ਬਨਾਉਣ ਵਿੱਚ ਤਾਂ ਕਾਮਯਾਬ ਹੋ ਗਈ , ਪਰ ਮਹਾਰਾਸ਼ਟਰ ਵਿੱਚ ਉਸਨੂੰ ਮੂੰਹ ਦੀ ਖਾਣੀ ਪਈ। ਜਿਸ ਢੰਗ ਨਾਲ ਮਹਾਰਾਸ਼ਟਰ ਵਿੱਚ ਮੂੰਹ-ਹਨ੍ਹੇਰੇ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਰਾਜ ਹਟਾਉਣ ਦਾ ਆਰਡੀਨੈਂਸ ਜਾਰੀ ਕਰਵਾਇਆ ਗਿਆ, ਫਿਰ ਭਾਜਪਾ ਦੇ ਮੁੱਖ ਮੰਤਰੀ ਨੂੰ ਸਹੁੰ ਚੁਕਵਾਈ ਗਈ, ਪਰ ਫਿਰ ਇਸ ਮਾਮਲੇ 'ਚ ਭਾਜਪਾ ਨੂੰ ਪਿੱਛੇ ਹਟਣਾ ਪਿਆ।  ਉਹ ਭਾਜਪਾ ਲਈ ਨਾਮੋਸ਼ੀ ਦਾ ਕਾਰਨ ਬਣਿਆ। ਵਿਰੋਧੀ ਧਿਰ ਮਹਾਰਾਸ਼ਟਰ ਵਿੱਚ ਸਰਕਾਰ ਬਨਾਉਣ 'ਚ ਕਾਮਯਾਬ ਹੋ ਗਈ। ਮਹਾਰਾਸ਼ਟਰ ਵਿੱਚ ਰਾਸ਼ਰਟਰਵਾਦੀ ਕਾਂਗਰਸ  ਅਤੇ ਕਾਂਗਰਸ ਪਾਰਟੀ ਉਸਦਾ ਸਮਰਥਨ ਕਰ ਰਹੀ ਹੈ। ਵਿਰੋਧੀ ਧਿਰ ਇਸ ਤੋਂ ਉਤਸ਼ਾਹਤ ਹੈ ਅਤੇ ਝਾਰਖੰਡ 'ਚ ਤਕੜੇ ਹੋਕੇ ਇੱਕਮੁਠ ਹੋਕੇ ਚੋਣ ਲੜ ਰਹੀ ਹੈ।
ਮੌਜੂਦਾ ਦੌਰ 'ਚ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਲਈ ਕੁਝ ਮਾਮਲੇ ਉਲਝਣ ਵਾਲੇ ਅਤੇ ਪਚੀਦਾ ਹਨ। ਇਸ ਕਰਕੇ ਉਹਨਾ 'ਚ ਵੱਡੀ ਪ੍ਰੇਸ਼ਾਨੀ ਹੈ। ਉਧਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਉਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਈਡੀ ਅਤੇ  ਸੀਬੀਆਈ ਦੇ ਛਾਪੇ ਉਹਨਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਹਨ। ਵਿਧਾਨ ਸਭਾ ਦੀਆਂ ਚੋਣਾਂ ਅਤੇ ਫਿਰ ਸਰਕਾਰਾਂ ਬਨਾਉਣ ਲਈ ਕੀਤੇ ਜਾ ਰਹੇ ਗੈਰ ਜਮਹੂਰੀ ਢੰਗ  ਤਰੀਕੇ ਵਿਰੋਧੀ ਧਿਰਾਂ ਲਈ ਅਣਸੁਖਾਵੇਂ ਹੋ ਰਹੇ ਹਨ। ਮੋਦੀ ਸਰਕਾਰ ਆਪਮੁਹਾਰੇ ਢੰਗ ਕੰਮ ਕਰਦੀ ਨਜ਼ਰ ਆ ਰਹੀ ਹੈ। ਸਿੱਟੇ ਵਜੋਂ ਸਿਆਸੀ ਅਤੇ ਆਰਥਿਕ ਮੋਰਚੇ ਉਤੇ ਵਿਰੋਧੀ ਧਿਰ ਵਲੋਂ ਮਜ਼ਬੂਤੀ ਨਾਲ ਅਲੋਚਨਾ ਕੀਤੀ ਜਾਣ ਲੱਗੀ ਹੈ।
ਮਹਾਰਾਸ਼ਟਰ ਤੇ ਹਰਿਆਣਾ ਦੇ ਨਤੀਜਿਆਂ ਦੀ ਇਸ ਵਿੱਚ ਅਹਿਮ ਭੂਮਿਕਾ ਮੰਨੀ ਜਾਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਨੂੰ ਇਹ ਤਾਕਤ ਮਿਲੀ ਹੈ ਕਿ ਭਾਵੇਂ ਭਾਜਪਾ ਦੇਸ਼ ਵਿੱਚ ਬਹੁਮਤ ਵਿੱਚ ਹੈ, ਪਰ ਇਸਦੀ ਅਲੋਚਨਾ ਕੀਤੀ ਜਾ ਸਕਦੀ ਹੈ। ਜੇਕਰ ਇਹਨਾ ਅਲੋਚਨਾ ਕਰਨ ਵਾਲਿਆਂ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ ਕਾਂਗਰਸ ਸਭ ਤੋਂ ਅੱਗੇ ਨਹੀਂ ਹੈ। ਅਲੋਚਨਾ ਕਰਨ ਵਾਲਿਆਂ 'ਚ ਰਾਸ਼ਟਰਵਾਦੀ ਕਾਂਗਰਸ ਵਾਲਾ ਸ਼ਰਦ ਪਵਾਰ ਅੱਗੇ ਹੈ ਜਾਂ ਫਿਰ ਉਸ ਨਾਲ ਸਹਿਯੋਗ ਕਰਨ ਵਾਲੀ ਪਾਰਟੀ ਸ਼ਿਵ ਸੈਨਾ ਅੱਗੇ ਹੈ, ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਪੂਰੇ ਜ਼ੋਰ ਨਾਲ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਹੈ। ਅਸਲ ਵਿੱਚ ਖੇਤਰੀ ਦਲ ਭਾਜਪਾ ਦੀ ਅਲੋਚਨਾ ਕਰਨ 'ਚ ਅੱਗੇ ਹਨ, ਕਿਉਂਕਿ ਮੋਦੀ ਸਰਕਾਰ ਉਹਨਾ ਨੂੰ ਕਿਸੇ ਵੀ ਹੀਲੇ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਦੇਸ਼ ਭਰ ਵਿੱਚ ਸਿਰਫ਼ ਭਾਜਪਾ ਦਾ ਰਾਜ ਚਾਹੁੰਦੀ ਹੈ।ਭਾਵੇਂ ਕਿ ਉਹ ਇਸ ਵਿੱਚ ਕਾਮਯਾਬ ਹੁੰਦੀ ਨਹੀਂ ਦਿਸ ਰਹੀ।
ਦੇਸ਼ ਵਿੱਚ ਅਰਥ ਵਿਵਸਥਾ  ਦੀ ਬਦਹਾਲੀ ਹੈ। ਖੇਤੀ ਸੰਕਟ ਕਾਰਨ ਕਿਸਾਨਾਂ 'ਚ ਡਰ ਫੈਲਿਆ ਹੋਇਆ ਹੈ। ਕਿਸਾਨਾਂ ਉਤੇ ਭਾਜਪਾ ਦੀ ਪਕੜ ਕਮਜ਼ੋਰ ਹੈ। ਖੇਤੀ ਸੰਕਟ ਅਤੇ ਪੇਂਡੂ ਅਰਥ-ਵਿਵਸਥਾ ਨੂੰ ਮੋਦੀ ਸਰਕਾਰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮਾਮਲੇ 'ਚ ਮੋਦੀ ਸਰਕਾਰ ਦਾ ਰਵੱਈਆ ਢਿਲ-ਮੁੱਠ ਵਾਲਾ ਹੈ। ਕਿਸਾਨਾਂ ਨੂੰ ਬਿਨ੍ਹਾਂ ਵਿਆਜ ਕਰਜ਼ੇ ਦੇਣ, ਖੇਤੀ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਦੇਣਾ ਕੁਝ ਅਹਿਮ ਮੁੱਦੇ ਹਨ ਜਿਹਨਾ ਤੋਂ ਮੋਦੀ ਸਰਕਾਰ ਪਾਸਾ ਵੱਟਕੇ ਬੈਠੀ ਹੈ। ਇਹ ਜਾਣਦਿਆਂ ਹੋਇਆਂ ਵੀ ਕਿ ਪੇਂਡੂ ਖੇਤਰ ਵਿੱਚ ਲੋਕਾਂ ਕੋਲ ਖਰੀਦ ਸ਼ਕਤੀ ਨਹੀਂ ਬਚੀ, ਲੋਕਾਂ ਦੇ ਹੱਥ ਪੈਸਾ ਵੀ ਨਹੀਂ ਹੈ, ਮੋਦੀ ਸਰਕਾਰ ਵਲੋਂ ਇਹਨਾ ਅਹਿਮ ਮੁੱਦਿਆਂ ਨੂੰ ਛੱਡਕੇ ਨਾਗਰਿਕਤਾ ਸੋਧ ਬਿੱਲ, ਕਸ਼ਮੀਰ 'ਚੋਂ 370 ਦਾਰਾ ਖ਼ਤਮ ਕਰਨ, ਆਯੋਧਿਆ ਮੰਦਿਰ ਦੀ ਉਸਾਰੀ ਜਿਹੇ ਮੁੱਦੇ ਅੱਗੇ ਕਰਕੇ ਆਪਣਾ ਵੋਟ ਬੈਂਕ ਵਧਾਉਣ ਦਾ ਯਤਨ ਹੋ ਰਿਹਾ ਹੈ, ਜਿਸ ਨੂੰ ਆਮ ਲੋਕ ਮਨੋਂ ਪਸੰਦ ਨਹੀਂ ਕਰ ਰਹੇ। ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਪੂਰਬ-ਉੱਤਰ ਸੂਬਿਆਂ ਵਿੱਚ ਹੋ ਰਿਹਾ ਹੈ, ਦੇਸ਼ ਦੇ ਹੋਰ ਰਾਜਾਂ ਦੇ ਮੁਖ ਮੰਤਰੀ ਵੀ ਇਸਦਾ ਵਿਰੋਧ ਕਰ ਰਹੇ ਹਨ, ਪਰ ਸਾਂਸਦ ਦੇ ਦੋਹਾਂ ਸਦਨਾਂ 'ਚ ਪੂਰੀ ਤਰ੍ਹਾਂ ਵਿਰੋਧ ਨਹੀਂ ਹੋ ਰਿਹਾ।
ਜੰਮੂ-ਕਸ਼ਮੀਰ ਦੇ ਤਿੰਨ ਸਾਬਕਾ ਮੁਖ ਮੰਤਰੀਆਂ ਫਰੂਕ ਅਬਦੂਲਾ, ਉਮਰ ਅਬਦੂਲਾ ਅਤੇ ਮਹਿਬੂਬਾ ਮੁਫ਼ਤੀ ਜਿਹਨਾ ਨੂੰ ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਵੇਲੇ ਤੋਂ ਹੀ ਨਜ਼ਰਬੰਦ ਕੀਤਾ ਹੋਇਆ ਹੈ। ਇਹਨਾ ਦੀ ਰਿਹਾਈ ਲਈ ਇਸ ਤੱਥ ਦੇ ਬਾਵਜੂਦ ਵੀ ਕਿ ਇਹ ਨਜ਼ਰਬੰਦੀ ਸਿਆਸੀ ਕਾਰਨਾਂ ਕਰਕੇ ਹੈ, ਨਾ ਤਾਂ ਸਾਂਸਦ ਦੇ ਅੰਦਰ ਅਤੇ ਨਾ ਹੀ ਬਾਹਰ ਵਿਰੋਧੀ ਧਿਰ ਕੋਈ ਸਹੀ ਢੰਗ ਦਾ ਵਿਰੋਧ ਕਰ ਸਕੀ ਹੈ।
ਮੋਦੀ ਸਰਕਾਰ ਵਲੋਂ ਸਰਕਾਰੀ ਸੰਸਥਾਵਾਂ, ਜਿਹਨਾ ਵਿੱਚ ਏਅਰ ਇੰਡੀਆ, ਰੇਲਵੇ ਆਦਿ ਪ੍ਰਮੁੱਖ ਹਨ, ਦੇ ਨਿੱਜੀਕਰਨ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਹ ਮੰਨ ਲਿਆ ਜਾਣ ਲੱਗਾ ਹੈ ਕਿ ਵਧ ਤੋਂ ਵੱਧ ਸੰਸਥਾਵਾਂ ਦਾ ਨਿਜੀਕਰਣ ਹੋਵੇ, ਪਰ ਇਹਨਾ ਸੰਸਥਾਵਾਂ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਨਾ ਤਾਂ ਨੱਥ ਪਾਈ ਜਾ ਰਹੀ ਹੈ ਅਤੇ ਨਾ ਹੀ ਸਿਆਸੀ ਦਬਾਅ ਜੋ ਇਹਨਾ ਸੰਸਥਾਵਾਂ ਉਤੇ ਹੈ, ਉਸ ਨੂੰ ਖ਼ਤਮ ਕਰਨ ਲਈ ਕੁਝ ਹੋ ਰਿਹਾ ਹੈ। ਪਰ ਇਸ ਸਬੰਧੀ ਵਿਰੋਧੀ ਧਿਰ ਇੱਕਮੁੱਠ ਹੋਕੇ ਵਿਰੋਧ ਨਹੀਂ ਕਰ ਸਕੀ।
 ਦੇਸ਼ 'ਚ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ,ਉਹ ਬਹੁਤਾ ਸੁਖਾਵਾਂ ਨਹੀਂ ਹੈ। ਧਾਰਮਿਕ ਤੌਰ ਤੇ ਅਸਹਿਣਸ਼ੀਲਤਾ, ਆਰਥਿਕ ਪਾੜੇ 'ਚ ਵਾਧਾ, ਅਰਥ ਵਿਵਸਥਾ 'ਚ ਮੰਦਹਾਲੀ, ਖੇਤੀ ਸੰਕਟ, ਬੇਰੁਜ਼ਗਾਰੀ, ਭੁੱਖਮਰੀ ਇਹੋ ਜਿਹੀਆਂ ਸਮੱਸਿਆਵਾਂ ਹਨ, ਜਿਹਨਾ 'ਚ ਮੋਦੀ ਸਰਕਾਰ ਉਲਝੀ ਪਈ ਹੈ। ਦੇਸ਼ ਦੀ ਸਰਕਾਰ ਦੀ ਤਾਕਤ, ਮੁੱਠੀ ਭਰ ਲੋਕਾਂ ਹੱਥ ਹੈ, ਜੋ ਇਸਨੂੰ ਡਿਕਟੇਟਰਸ਼ਿਪ ਵੱਲ ਲੈ ਜਾਣ ਵੱਲ ਅਤੇ ਧਰਮ ਨਿਰਪੱਖ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਵੱਲ ਲੈ ਜਾਣ ਲਈ ਕਦਮ ਵਧਾ ਰਹੇ ਹਨ। ਉਹਨਾ ਦੇ ਹੌਂਸਲੇ ਨਿੱਤ ਨਵੇਂ ਬਿੱਲ ਸੰਸਦ ਵਿੱਚ ਪਾਸ ਕਰਕੇ ਵਧੇ ਹੋਏ ਹਨ। ਵਿਰੋਧੀ ਧਿਰ ਇੱਕ ਜੁੱਟ ਨਹੀਂ ਹੈ। ਦੇਸ਼ ਵਿਆਪੀ ਅਧਾਰ ਰੱਖਣ ਵਾਲੀ ਕਾਂਗਰਸ ਕਮਜ਼ੋਰ ਹੋ ਚੁੱਕੀ ਹੈ। ਖੱਬੀਆਂ ਧਿਰਾਂ ਕੋਈ ਦੇਸ਼ ਵਿਆਪੀ ਲਹਿਰ ਚਲਾਉਣ 'ਚ ਕਾਮਯਾਬ ਨਹੀਂ ਹੋ ਰਹੀਆਂ। ਖੇਤਰੀ ਦਲ ਆਪੋ ਆਪਣੇ ਸੂਬਿਆਂ 'ਚ ਵਿਰੋਧ ਤਾਂ ਕਰ ਰਹੇ ਹਨ, ਪਰ ਉਹਨਾ ਵਲੋਂ ਇੱਕ-ਮਿੱਕ ਹੋਕੇ ਕੋਈ ਸਾਂਝੇ ਯਤਨ ਨਹੀਂ ਹੋ ਰਹੇ। ਉਹਨਾ ਸੂਬਿਆਂ ਜਿਹਨਾ ਵਿੱਚ ਭਾਜਪਾ ਦਾ ਰਾਜ ਭਾਗ ਨਹੀਂ ਹੈ, ਉਥੇ ਗ੍ਰਾਂਟ ਅਤੇ ਜੀਐਸਟੀ ਦਾ ਹਿੱਸਾ ਦੇਣ 'ਚ  ਲਗਾਤਾਰ ਦੇਰੀ ਕੀਤੀ ਜਾਂਦੀ ਰਹੀ ਹੈ, ਤਾਂ ਕਿ ਸੂਬੇ ਦੇ ਲੋਕ ਇਹ ਸਮਝਣ ਕਿ ਜੇਕਰ ਭਾਜਪਾ ਦਾ ਕੇਂਦਰ ਵਿੱਚ  ਰਾਜ ਹੈ ਤਾਂ ਸੂਬੇ ਵਿੱਚ ਵੀ ਉਸਦਾ ਰਾਜ ਹੋਵੇ ਤਾਂ ਹੀ ਸੂਬੇ ਦਾ ਵਿਕਾਸ ਹੋ ਸਕਦਾ ਹੈ, ਇਸ ਮਸਲੇ ਬਾਰੇ ਵੀ ਸੂਬਾਈ ਦਲ ਇੱਕ ਪਲੇਟ ਫਾਰਮ ਤੇ ਨਹੀਂ ਆ ਰਹੇ।
ਪਰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸੂਬਿਆਂ ਦੀ ਸਿਆਸਤ ਅਤੇ ਉਹਨਾ ਦੀ ਸੁਤੰਤਰਤਾ, ਭਾਰਤ ਦੀ ਸੰਘੀ ਪ੍ਰਣਾਲੀ ਦਾ ਮੁੱਖ ਲੱਛਣ ਹੈ। ਇਹ ਮੁੱਦਾ ਪਿਛਲੇ ਦਿਨੀਂ ਦੇਸ਼ ਭਰ 'ਚ ਉਭਰਕੇ ਸਾਹਮਣੇ ਵੀ ਆਇਆ ਹੈ। ਆਮ ਲੋਕਾਂ ਨੇ ਇਸ ਤੱਥ ਨੂੰ ਪ੍ਰਵਾਨ ਨਹੀਂ ਕੀਤਾ ਕਿ ਕੇਂਦਰ ਅਤੇ ਸੂਬਿਆਂ ਵਿੱਚ ਇਕੋ ਹੀ ਪਾਰਟੀ ਦਾ ਰਾਜ ਹੋਵੇ। ਇਸ ਮਾਡਲ ਨੂੰ ਲੋਕਾਂ ਨੇ ਬਹੁਤਾ ਪਸੰਦ ਨਹੀਂ  ਕੀਤਾ। ਇਹੋ ਮਸਲੇ ਤੇ ਇਸ ਸਮੇਂ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਚਣੌਤੀ ਦੇ ਸਕਦੀ ਹੈ।

-ਗੁਰਮੀਤ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਸੌਣ ਬਹਿਣ ਦਾ ਰਿਹਾ ਨਾ ਚੱਜ ਕੋਈ
ਸਾਰਾ ਜੀਵਨ ਹੀ ਤਾਲੋਂ ਬੇਤਾਲ ਕੀਤਾ

ਖ਼ਬਰ ਹੈ ਕਿ ਉੱਘੇ ਸਨੱਅਤਕਾਰ ਰਾਹੁਲ ਬਜਾਜ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਨੇ ਦੇਸ਼ ਵਿੱਚ ਡਰ ਅਤੇ ਬੇਯਕੀਨੀ ਦਾ ਮਾਹੌਲ ਬਣਾ ਦਿੱਤਾ ਹੈ। ਉਹਨਾ ਇਕਨਾਮਿਕ ਟਾਈਮਜ਼ ਦੇ ਇੱਕ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਡਰ ਦਾ ਮਾਹੌਲ ਹੈ ਤੇ ਲੋਕ ਸਰਕਾਰ ਦੀ ਅਲੋਚਨਾ ਕਰਨ ਤੋਂ ਡਰਦੇ ਹਨ। ਉਹਨਾ ਕਿਹਾ ਕਿ ਸਾਡੇ ਸਨੱਅਤਕਾਰ ਦੋਸਤਾਂ ਵਿੱਚੋਂ ਕੋਈ ਨਹੀਂ ਬੋਲੇਗਾ ਪਰ ਮੈਂ ਖੁਲ੍ਹੇ ਤੌਰ ਤੇ ਇਹ ਗੱਲ ਕਹਿੰਦਾ ਹਾਂ ''ਦੇਸ਼ ਵਿੱਚ ਅਸਹਿਣਸ਼ੀਲਤਾ ਦੀ ਹਵਾ ਹੈ। ਅਸੀਂ ਡਰਦੇ ਹਾਂ। ਕੁਝ ਗੱਲਾਂ ਕਹਿਣੀਆਂ ਚਾਹੁੰਦੇ ਹਾਂ, ਪਰ ਇਹ ਵੀ ਦੇਖ ਰਹੇ ਹਾਂ ਕਿ ਕੋਈ ਦੋਸ਼ੀ ਹੀ ਸਿੱਧ ਨਹੀਂ ਹੋਇਆ ਅਜੇ ਤੱਕ''।
ਡਰ ਹੀ ਡਰ ਹੈ। ਲਾਲ ਫੀਤਾ ਸ਼ਾਹੀ ਦਾ ਡਰ। ਨੇਤਾਗਿਰੀ ਦਾ ਡਰ। ਪੈਸੇ ਇਧਰੋਂ-ਉਧਰ ਕਰਨ ਦਾ ਡਰ। ਰੋਟੀ ਖਾਕੇ ਪਾਣੀ ਪੀਣ ਦਾ ਡਰ। ਵਾਧੂ ਖਾਕੇ ਮੁੜ ਉਸਨੂੰ ਹਜ਼ਮ ਕਰਨ ਦਾ ਡਰ। ਕੁਝ ਬੋਲੇ ਤਾਂ ਦੇਸ਼ ਧ੍ਰੋਹੀ ਕਹਾਉਣ ਦਾ ਡਰ।
ਡਰ ਹੀ ਡਰ ਹੈ। ਸ਼ਾਹ-ਮੋਦੀ ਜੋੜੀ ਦਾ ਇਸ ਗੱਲੋਂ ਡਰ ਕਿ ਪਤਾ ਨਹੀਂ ਰਾਤ-ਬਰਾਤੇ ਕਿਹੜਾ ਫੁਰਮਾਨ ਸੁਣਾ ਦੇਣ। ਉਸ ਨੋਟ ਬੰਦੀ ਕੀਤੀ, ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ। ਜੀ ਐਸ ਟੀ ਦਾ ਫੁਰਮਾਨ ਸੁਣਾਇਆ, ਉਦਯੋਗਪਤੀਆਂ ਨੂੰ ਪੜ੍ਹਨੇ ਪਾਇਆ। ਕਰਨਾਟਕ 'ਚ ਕਾਂਗਰਸ ਨੂੰ ਮੂਧੇ ਮੂੰਹ ਕੀਤਾ। ਮਹਾਰਾਸ਼ਟਰ 'ਚ ਰਾਤੋਂ-ਰਾਤ ਰਾਸ਼ਟਰਪਤੀ ਰਾਜ ਲਾਇਆ। ਆਪਣੇ ਨੂੰ ਮੁੱਖ ਮੰਤਰੀ ਬਣਾਇਆ। ਪਰ ਜਦੋਂ ਨਕਦ ਨਰੈਣ ਕੰਮ ਨਾ ਆਇਆ ਤਾਂ ਡਰ ਦੇ ਮਾਰੇ ਆਪਣੇ ਤੋਂ ਅਸਤੀਫ਼ਾ ਦੁਆਇਆ। ਰਾਤੀ ਸੁਫ਼ਨਾ ਆਇਆ 370 ਹਟਾ ਤੀ ਤੇ ਕਸ਼ਮੀਰੀਆਂ ਲਈ ਨਵੀਂ ਚੁਆਤੀ ਲਾ ਤੀ।
 ਓ ਭਾਈ, ਸਰਕਾਰ ਆ। ਵੱਡੀ ਸਰਕਾਰ! ਜੀਹਦੀ ਆੜੀ ਟਰੰਪ ਨਾਲ ਆ। ਜੀਹਦੀ ਆੜੀ ਰੂਸੀਆਂ, ਫਰਾਂਸਸੀਆਂ, ਜਪਾਨੀਆਂ ਨਾਲ ਆ। ਨਿੱਤ ਉਡਾਰੀ ਲਗਦੀ ਆ। ਦੇਸ਼ ਜਾਏ ਢੱਠੇ ਖੂਹ 'ਚ। ਦੇਸ਼ ਦੀ ਤਰੱਕੀ ਜਾਵੇ ਟੋਬੇ 'ਚ। ਗੰਢੇ ਮਿਲਣ ਸੌ ਨੂੰ ਜਾਂ ਸਵਾ ਸੌ ਨੂੰ। ਮਹਿੰਗ ਹੋਵੇ ਜਾਂ ਸਸਤ। ਯਾਰਾਂ ਨੇ ਤਾਂ ਇਕੋ ਗੱਲ ਕਹਿਣੀ ਆ, ''ਇਹੋ ਜਿਹਾ ਰਾਜ ਨਾ ਪਹਿਲਾਂ ਹੋਇਆ 70ਵਰ੍ਹੇ, ਨਾ ਹੋਊ ਅੱਗੇ। ਲੋਕੀਂ ਲੱਖ ਪਏ ਆਖਣ, ''ਸੌਣ ਬਹਿਣ ਦਾ ਰਿਹਾ ਨਾ ਚੱਜ ਕੋਈ, ਸਾਰਾ ਜੀਵਨ ਹੀ ਤਾਲੋਂ ਬੇਤਾਲ ਹੋਇਆ''।


ਛਾਂਗ ਦਿੱਤਾ ਏ ਰੁੱਖ ਪੰਜਾਬ ਵਾਲਾ
ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਲ ਕੀਤਾ

ਖ਼ਬਰ ਹੈ ਕਿ ਰੁਜ਼ਗਾਰ ਉਤਪਾਦਨ ਵਿੱਛ ਚੰਡੀਗੜ੍ਹ ਪਿੱਛੇ ਹੈ। ਪੰਜਾਬ ਅਤੇ ਹਰਿਆਣਾ ਦਾ ਵੀ ਰੁਜ਼ਗਾਰ ਦੇਣ ਦੇ ਮਾਮਲੇ 'ਚ ਬੁਰਾ ਹਾਲ ਹੈ। ਸਾਲ 2019-20 ਦੇ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ ਦੇ ਤਹਿਤ 72     ਲੋਕਾਂ ਨੂੰ ਰੁਜ਼ਗਾਰ ਮਿਲਿਆ ਜਦਕਿ ਪੰਜਾਬ 'ਚ 6784 ਅਤੇ ਹਰਿਆਣਾ ਵਿੱਚ 7136 ਲੋਕਾਂ ਨੂੰ ਰੁਜ਼ਗਾਰ ਮਿਲਿਆ। ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਨ ਪ੍ਰੋਗਰਾਮ ਵਿੱਚ ਯੁਵਕਾਂ ਨੂੰ ਆਪਣੇ ਰੁਜ਼ਗਾਰ ਖੋਹਲਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸਦਾ ਉਦੇਸ਼ ਪੇਂਡੂ, ਕਸਬਿਆਂ ਵਿੱਚ ਛੋਟੇ-ਛੋਟੇ ਕਾਰੋਬਾਰ ਖੋਲ੍ਹਣਾ ਹੈ ਤਾਂ ਕਿ ਨੌਜਵਾਨ ਆਪਣੀ ਰੋਟੀ-ਰੋਜੀ ਕਮਾ ਸਕਣ ।
'ਆਇਲਿਟਸ' (ਅੰਗਰੇਜ਼ੀ) ਪੜ੍ਹਕੇ ਪਿਛਲੇ ਵਰ੍ਹੇ ਡੇਢ ਲੱਖ ਪੰਜਾਬੀ ਨੌਜਵਾਨ ਕੈਨੇਡਾ ਤੁਰ ਗਏ। ਵਲੈਤ ਗਿਆਂ ਦਾ ਤਾਂ ਕੋਈ ਹਿਸਾਬ-ਕਿਤਾਬ ਹੀ ਨਹੀਂ। ਬੋਰੇ ਭਰ ਪੈਸੇ ਕੁਝ ਏਜੰਟਾਂ ਹਵਾਲੇ ਤੇ ਕੁਝ ਵਿਦੇਸ਼ੀ ਯੂਨੀਵਰਸਿਟੀ ਦੇ ਖਾਤਿਆਂ 'ਚ ਪਾਕੇ ਉਹਨਾ ਦੇ ਵਾਰੇ ਨਿਆਰੇ ਕਰ ਤੇ। ਇੱਟ ਚੁੱਕੋ ਤਾਂ ਆਇਲੈਟਸ ਸੈਂਟਰ। ਅੰਦਰ ਜਾਓ ਤਾਂ ਸਿੱਧੀ ਵਿਦੇਸ਼ ਦੀ ਟਿਕਟ ਦਾ ਲਾਰਾ। ਨਾ ਕੁੜੀ ਤੇ ਨਾ ਰਹੇ ਮੁੰਡਾ ਕੁਆਰਾ। ਸਾਰੀ ਪੜ੍ਹਾਈ, ਸਾਰਾ ਰੁਜ਼ਗਾਰ, ਪੰਜਾਬੀਆਂ ਲਈ ਵਿਦੇਸ਼ 'ਚ ਹੀ ਹੋਊ।
ਪੰਜਾਂ ਦਰਿਆਵਾਂ ਦਾ ਪੰਜਾਬ! ਛਾਂਗ ਕੇ ਕੀਤਾ 47 ਤੇ 66 'ਚ ਢਾਈ ਦਰਿਆ। ਪਾਣੀ ਖੋਹਿਆ। ਰਾਜਧਾਨੀ ਖੋਹੀ। ਬੋਲੀ ਖੋਹੀ। ਗਰਮ-ਸਰਦ ਮਸਲੇ ਲਿਆਕੇ ਜੁਆਨੀ ਖੋਹੀ। ਨਸ਼ਿਆਂ ਨਾਲ ਨੌਜਵਾਨ ਗਾਲੇ ਤੇ ਹੁਣ ਰਹਿੰਦੇ-ਖੂੰਹਦੇ ਪਾ ਰਹੇ ਨੇ ਵਿਦੇਸ਼ਾਂ ਨੂੰ ਚਾਲੇ।
ਵੇਖੋ ਨਾ ਜੀ, ਪੰਜਾਬ ਦੇ ਚੁਲ੍ਹੇ-ਚੌਂਕੇ ਖਾਲੀ! ਮਾਂ ਨੂੰ ਹੁਣ ਧੀ, ਪੁੱਤ ਰੋਟੀ ਖੁਆਉਣ ਨੂੰ ਨਹੀਂ ਲੱਭਦਾ। ਪਿਉ ਨੂੰ ਹੁਣ ਪੁੱਤ ਝਿੜਕੇ ਮਾਰਨ ਲਈ ਨਹੀਂ ਲੱਭਦਾ! ਪਿਉ ਖੇਤ ਦੇ ਬੰਨੇ ਬੈਠਾ ''ਅਵਾਜ਼ਾਂ ਲਾਉਂਦਾ ਆ'' ਤੇ ਮਾਂ ਚੁਲ੍ਹੇ-ਚੌਂਕੇ ਬੈਠੀ ਅੱਥਰੂ ਕੇਰਦੀ ਆ। ਨਾ ਪੁੱਤ ਲੱਭੇ, ਨਾ ਧੀ। ਕਵੀ ਸੱਚ ਹੀ ਤਾਂ ਕਹਿੰਦਾ ਆ, ''ਛਾਂਗ ਦਿੱਤਾ ਏ ਰੁੱਖ ਪੰਜਾਬ ਵਾਲਾ, ਬਿਨ੍ਹਾਂ ਛੁਰੀ ਤੋਂ ਇਹਨੂੰ ਹਲਾਲ ਕੀਤਾ''।


ਕੌਣ ਸੁਣੇ ਪੁਕਾਰ ਜੀਓ!

ਖ਼ਬਰ ਹੈ ਕਿ ਪੰਜਾਬ ਦੇ ਪਿੰਡ ਜਿਉਂਦ 'ਚ ਇੱਕ ਗਰੀਬ ਕਿਸਾਨ ਨੇ ਪਿੰਡ ਦੇ ਧਨਾਢ ਵਿਅਕਤੀਆਂ ਤੋਂ ਦੁੱਖੀ ਹੋਕੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋਕੇ ਕੋਈ ਜ਼ਹਿਰੀਲੀ ਚੀਜ਼ ਪੀਕੇ ਖ਼ੁਦਕੁਸ਼ੀ ਦਾ ਯਤਨ ਕੀਤਾ। ਪੀੜਤ ਕਿਸਾਨ ਨੇ ਕਿਹਾ ਕਿ ਕੁਝ ਲੋਕ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਸਦੀ ਪਰਾਲੀ ਨੂੰ ਅੱਗ ਲਾਕੇ ਸਾੜ ਦਿੱਤਾ ਸੀ, ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਐਤਵਾਰ ਨੂੰ ਉਹ ਆਪਣੇ ਖੇਤ 'ਚ ਕਮਰਾ ਪਾਉਣ ਲਈ ਇੱਟਾਂ ਦੀ ਟਰਾਲੀ ਲੈ ਕੇ ਆਇਆ ਸੀ ਪਰ ਉਹਨਾ ਵਿਅਕਤੀਆਂ ਨੇ ਉਸਨੂੰ ਜਾਨੋ-ਮਾਰਨ ਦੀ ਧਮਕੀ ਦਿੱਤੀ ਸੀ ਤੇ ਉਸਨੂੰ ਖੇਤ ਵਿਚੋਂ ਭਜਾ ਦਿੱਤਾ।
ਤਕੜੇ ਦਾ ਸੱਤੀਂ ਵੀਹੀ ਸੌ ਆ, ਭਾਈ। ਜਿਸਦੀ ਲਾਠੀ ਉਸਦੀ ਭੈਂਸ! ਮਾੜੇ ਦੀ ਨਾ ਪੰਚੈਤ ਸੁਣੂ, ਨਾ ਪੁਲਿਸ। ਹੋਰ ਥੋੜ੍ਹੇ ਕੰਮ ਆ ਉਸਦੇ ਕਰਨ ਵਾਲੇ। ਨੇਤਾ ਦੀ ਰੱਖਿਆ ਕਰਨੀ ਆ, ਉਹਦਾ ਵੋਟ ਬੈਂਕ ਪੂਰਾ ਰੱਖਣਾ ਆ, ਉਹਦੀ ਆਓ ਭਗਤ ਕਰਨੀ ਆ। ਇਹ ਤਾਂ ਕਿਸਾਨ ਆ, ਇਹਦੀ ਤਾਂ ਕਿਸੇ ਕੀ ਸੁਨਣੀ ਆ, ਆਹ ਵੇਖੋ ਨਾ ਪੰਜਾਬ ਦੇ ਖਜ਼ਾਨੇ ਦਾ ਰਾਖਾ ਮਨਪ੍ਰੀਤ ਆਂਹਦਾ ਆ, ਮੋਦੀ ਦੀ ਸਰਕਾਰ ਪੰਜਾਬ ਦਾ 4100 ਕਰੋੜ ਜੀ ਐਸ ਟੀ ਦੱਬੀ ਬੈਠੀ ਆ, ਕੋਈ ਨਹੀਂ ਸੁਣਦਾ! ਉਹ ਭਾਈ ਜਿਵੇਂ ਤੁਸੀਂ ਲੋਕਾਂ ਦੀ ਨਹੀਂ ਸੁਣਦੇ, ਉਪਰਲੇ ਤੁਹਾਡੀ ਨਹੀਂ ਸੁਣਦੇ, ਸੋਚਦੇ ਆ ਤੁਸਾਂ ''ਮੋਦੀ-ਸ਼ਾਹ'' ਦੇ ਜੜ੍ਹੀ ਤੇਲ ਦੇਣਾ ਆ, ਸੋਨੀਆ-ਰਾਹੁਲ ਨੂੰ ਅੱਗੇ ਲਿਆਉਣਾ ਆ, ਕਿਉਂ ਉਹ ਆਪਣੇ ਪੈਰ  ਆਪ ਕੁਹਾੜਾ ਮਾਰਨ। ਤਿਵੇਂ ਭਾਈ ਵੱਧ ਵੋਟਾਂ ਵਾਲਿਆਂ ਦੀ ਪੰਚੈਤ ਸੁਣਦੀ ਆ, ਮਾੜੇ ਧੀੜੇ ਦੀ ਕੋਈ ਨੀ ਸੁਣਦਾ। ਤਦੇ ਪੀੜਤ ਮਨ ਆਂਹਦਾ ਆ, ''ਕੌਣ ਸੁਣੇ ਪੁਕਾਰ ਜੀਓ''!


ਵਿਅੰਗ ਬਾਣ
ਮੁਝਕੋ ਦੇਵੀ ਮੱਈਆ ਵਰ ਦੋ।
ਜਹਾਂ ਕਹੀਂ ਹੋ ਨਕਦੀ
ਮੇਰੀ ਤਰਫ ਟਰਾਂਸਫਰ ਕਰ ਦੋ
ਮੁਝਕੋ ਨੰਬਰ ਦੋ ਕਾ ਧਨ ਦੋ।
ਇੱਜ਼ਤ ਹੋ ਐਸੇ-ਵੈਸੇ ਕੀ
ਪੂਛ ਨਾ ਹੋ, ਆਏ ਕੈਸੇ ਕੀ।
ਪੂਜਾ ਹੋ ਕੇਵਲ ਪੈਸੇ ਕੀ
ਖ਼ਤਮ ਆਏਕਰ ਕਰ ਦੋ।
ਕੰਗਾਲੋ ਕੋ ਆਸ਼ਵਾਸਨ ਦੋ,
ਧਨ ਵਾਲੋ ਕੋ ਸਿੰਹਾਸਨ ਦੋ।
ਮੂਰਖੋਂ ਕੋ ਊਚਾ ਆਸਨ ਦੋ
ਨਈ  ਵਿਵਸਥਾ ਕਰ ਦੋ।
ਸ਼ੇਅਰ ਮਾਰਕੀਟ ਮੇਂ ਉਛਾਲ ਦੋ
ਸੱਟੇਬਾਜੀ ਮੇਂ ਕਮਾਲ ਦੋ।
ਐਸ਼ ਕਰ ਸਕੂੰ, ਕੈਸ਼ ਮਾਲ ਦੋ
ਨੋਟੋਂ ਕਾ ਬਿਸਤਰ ਦੋ।
ਤਰ੍ਹਾਂ-ਤਰ੍ਹਾਂ ਕੇ ਖੇਲ ਕਰ ਸਕੂੰ
ਖਤ ਤੁਝਕੋ ਈਮੇਲ ਕਰ ਸਕੂੰ
ਕਵਿਤਾ ਅਪਨੀ 'ਸੇਲ' ਕਰ ਸਕੂੰ।
ਮਾਰਕਿਟ ਵਹ ਵੰਪਰ ਦੋ
ਵਿਅੰਗ ਲਿਖੂੰ, ਹੋ ਲਿਖਾ ਨਾ ਜੈਸਾ
 ਹਾਸਾ ਲਿਖੂੰ, ਵੋ ਹੋ ਕੁਝ ਐਸਾ
ਸਭੀ ਤਰਫ ਸੇ ਵਰਸੇ ਪੈਸਾ
ਐਸਾ ਮੁਝੇ ਹੁਨਰ ਦੋ।
.......ਸੂਰਜਕੁਮਾਰ ਪਾਂਡੇ ਤੋਂ ਧੰਨਵਾਦ ਸਹਿਤ

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

    ਸਾਲ 2017 ਵਿੱਚ ਦਲਿਤਾਂ ਦੇ ਵਿਰੁਧ ਹਮਲਿਆਂ ਦੇ 47,000ਤੋਂ ਜਿਆਦਾ ਕੇਸ ਦਰਜ ਕੀਤੇ ਗਏ ਜਿਹਨਾ ਵਿਚੋਂ ਇੱਕਲੇ ਉਤਰ ਪ੍ਰਦੇਸ਼ ਵਿੱਚ ਹੀ 11,440 ਮਾਮਲੇ ਦਰਜ ਕੀਤੇ ਗਏ।
    ਕੇਂਦਰ ਸਰਕਾਰ ਵਲੋਂ ਰਾਜਸਭਾ ਵਿੱਚ ਦਿੱਤੀ ਜਾਣਕਾਰੀ ਅਨੁਸਾਰ 2013 ਤੋਂ 2017 ਤੱਕ 1,516 ਬਾਲ ਵਿਆਹ ਦੇ ਮਾਮਲੇ ਦਰਜ ਕੀਤੇ ਗਏ ਹਨ।

ਇੱਕ ਵਿਚਾਰ

ਸਾਰੀਆਂ ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਪਿਛਲੀ ਸਦੀਆਂ ਦੇ ਬੇਹਤਰੀਨ ਵਿਅਕਤੀਆਂ ਨਾਲ ਸੰਵਾਦ ਰਚਾਉਣ ਜੇਹਾ ਹੈ।........ਰੈਨੇ ਡੇਕਾਟਰੇਸ (ਫਰਾਂਸੀਸੀ ਫਿਲਾਸਫਰ)

-ਗੁਰਮੀਤ ਸਿੰਘ ਪਲਾਹੀ
-9815802070
-ਈਮੇਲ: gurmitpalahi@yahoo.com
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)  

ਲੋਕ-ਸਰੋਕਾਰਾਂ ਤੋਂ ਮੁੱਖ ਮੋੜੀ ਬੈਠੀਆਂ ਪੰਜਾਬ ਦੀਆਂ ਸਿਆਸੀ ਧਿਰਾਂ - ਗੁਰਮੀਤ ਸਿੰਘ ਪਲਾਹੀ

ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹਾਲ ਦੀ ਘੜੀ ਕੋਈ ਸਿਆਸੀ ਖਤਰਾ ਨਹੀਂ ਹੈ, ਪਰ ਜਿਸ ਢੰਗ ਨਾਲ ਪੰਜਾਬ ਦੀ ਕੈਪਟਨ ਸਰਕਾਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ, ਉਸ ਨਾਲ ਸਰਕਾਰ ਦੀਆਂ ਸਮੱਸਿਆਵਾਂ ਨਿਤ ਪ੍ਰਤੀ ਵਧਦੀਆਂ ਜਾ ਰਹੀਆਂ ਹਨ। ਪੰਜਾਬ ਇਸ ਵੇਲੇ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾਈ ਹੈ ਅਤੇ ਪੰਜਾਬ ਸਰਕਾਰ ਨੂੰ ਹਰ ਵਰ੍ਹੇ 17,669 ਕਰੋੜ ਰੁਪਏ ਦੇ ਲਗਭਗ ਇਸ ਕਰਜ਼ੇ ਦੇ ਵਿਆਜ ਦਾ ਭੁਗਤਾਣ ਕਰਨਾ ਪੈ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿੱਤੀ ਸੰਕਟ 'ਚ ਵਾਧਾ ਕਰ ਰਹੀ ਹੈ, ਜਿਸ ਵਲੋਂ ਪੰਜਾਬ ਦੇ ਜੀ ਐਸ ਟੀ ਦੇ ਹਿੱਸੇ ਦੇ 4100 ਕਰੋੜ ਰੁਪਏ ਦਾ ਭੁਗਤਾਣ ਨਹੀਂ ਕੀਤਾ ਜਾ ਰਿਹਾ।
      ਪੰਜਾਬ 'ਚ ਵਿਕਾਸ ਕਾਰਜ ਲਗਭਗ ਠੱਪ ਪਏ ਹਨ। ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦੇ ਰੂਪ ਵਿੱਚ ਰਿਆਇਤਾਂ ਸਰਕਾਰੀ ਖਜ਼ਾਨੇ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਆਪਣੇ ਸਾਢੇ ਤਿੰਨ ਲੱਖ ਮੁਲਾਜ਼ਮਾਂ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ 2248 ਕਰੋੜ ਰੁਪਏ ਦੀ ਤਨਖਾਹ ਦਾ ਭੁਗਤਾਣ ਕਰਨਾ ਵੀ ਔਖਾ ਹੋ ਰਿਹਾ ਹੈ। ਵਿਕਾਸ ਕਾਰਜਾਂ ਦੇ ਠੱਪ ਹੋਣ ਕਾਰਨ ਅਤੇ ਅਫ਼ਸਰਸ਼ਾਹੀ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਅੱਖੋਂ-ਪਰੋਖੇ ਕੀਤੇ ਜਾਣ ਕਾਰਨ, ਚਾਰ ਕਾਂਗਰਸੀ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ, ਰਜਿੰਦਰ ਸਿੰਘ ਅਤੇ ਮਦਨ ਲਾਲ ਜਲਾਲਪੁਰ ਨੇ ਕੈਪਟਨ ਸਰਕਾਰ ਵਿਰੁੱਧ ਸ਼ਰੇਆਮ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ, ਭਾਵੇਂ ਕਿ ਕੈਪਟਨ ਦੇ ਅਹਿਲਕਾਰਾਂ ਨੇ ਇਨ੍ਹਾਂ ਵਿਧਾਇਕਾਂ ਦੀਆਂ ਸ਼ਕਾਇਤਾਂ ਦੂਰ ਕਰਨ ਲਈ ਉਨ੍ਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ, ਰੋਸੇ ਸੁਣੇ ਹਨ, ਲਾਲੀਪੌਪ ਵਿਖਾਏ ਹਨ, ਪਰ ਕਾਂਗਰਸੀ ਵਿਧਾਇਕਾਂ ਦਾ ਰੋਸ ਕਾਇਮ ਹੈ। ਉਂਜ ਕਾਂਗਰਸੀ ਵਿਧਾਇਕਾਂ, ਕਾਂਗਰਸ ਨੇਤਾਵਾਂ ਅਤੇ ਵਰਕਰਾਂ ਵਿੱਚ ਇਸ ਕਿਸਮ ਦਾ ਕਾਂਗਰਸ ਸਰਕਾਰ ਪ੍ਰਤੀ ਪ੍ਰਭਾਵ ਬਣ ਗਿਆ ਹੈ ਕਿ ਉਨ੍ਹਾਂ ਦੀ ਆਪਣੇ ਹੀ ਰਾਜ-ਭਾਗ ਵਿੱਚ ਸੁਣਵਾਈ ਨਹੀਂ ਹੋ ਰਹੀ, ਸਗੋਂ ਸਰਕਾਰ ਅਫ਼ਸਰਸ਼ਾਹੀ ਚਲਾ ਰਹੀ ਹੈ।
       ਦੂਜੇ ਪਾਸੇ ਕਾਂਗਰਸ ਦੀ ਪੰਜਾਬ ਵਿਚਲੀ ਵਿਰੋਧੀ ਧਿਰ ਇਹ ਇਲਜ਼ਾਮ ਲਗਾ ਰਹੀ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਿਆਂ ਦਾ ਲੱਕ ਤੋੜਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕਿਸਾਨਾਂ ਦਾ ਸਮੁੱਚਾ ਕਰਜ਼ ਮੁਆਫ਼ ਕਰਨ, ਨੌਜਵਾਨਾਂ ਨੂੰ ਘਰ-ਘਰ ਰੁਜ਼ਗਾਰ ਦੇਣ, ਕੁੜੀਆਂ ਨੂੰ ਪੀ ਐਚ ਡੀ ਤੱਕ ਦੀ ਪੜ੍ਹਾਈ ਮੁਫ਼ਤ ਦੇਣ ਵਰਗੇ ਵੱਡੇ ਵਾਅਦੇ ਪੂਰੇ ਨਹੀਂ ਕੀਤੇ। ਵੱਡੀ ਵਿਰੋਧੀ ਧਿਰ ਇਹ ਵੀ ਇਲਜ਼ਾਮ ਲਗਾਉਂਦੀ ਹੈ ਕਿ ਅਕਾਲੀ-ਭਾਜਪਾ ਦੇ ਰਾਜ-ਭਾਗ ਵਾਲਾ ਰੇਤ ਮਾਫੀਆ, ਟਰਾਂਸਪੋਰਟ-ਮਾਫੀਆ, ਕੇਬਲ ਮਾਫੀਆ, ਭੂ-ਮਾਫੀਆ ਹਾਲੇ ਵੀ ਪੰਜਾਬ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਉਸ ਉਤੇ ਕਾਬੂ ਪਾਉਣ ਤੋਂ ਸਰਕਾਰ ਅਸਮਰਥ ਰਹੀ ਹੈ।
      ਪੰਜਾਬ ਸਰਕਾਰ ਉਤੇ ਲਗਾਤਾਰ ਇਲਜ਼ਾਮ ਇਹ ਵੀ ਲੱਗ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉਤੇ ਉਸ ਵਲੋਂ ਸਿਆਸੀ ਖੇਡ ਖੇਡੀ ਜਾ ਰਹੀ ਹੈ ਅਤੇ ਮੁਲਜ਼ਮ ਸਾਹਮਣੇ ਨਹੀਂ ਲਿਆਂਦੇ ਜਾ ਰਹੇ। ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਸਿਆਸਤਦਾਨਾਂ ਦੀ ਸੰਵੇਦਨਹੀਣ ਮਾਨਸਿਕਤਾ ਦਾ ਸਬੂਤ ਹਨ। ਨਸ਼ੇ ਦੇ ਉਵਰਡੋਜ਼ ਨਾਲ ਨੌਜਵਾਨਾਂ ਦਾ ਮਰਨਾ ਅਤੇ ਸਰਕਾਰ ਵਲੋਂ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਾ ਪਾਉਣਾ, ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਬੇਰੋਜ਼ਗਾਰੀ ਕਾਰਨ ਪੰਜਾਬ ਉਜੜ ਰਿਹਾ ਹੈ। ਵਿਦੇਸ਼ ਭੇਜਣ ਲਈ ਥਾਂ-ਥਾਂ ਆਈਲੈਟਸ ਦੀਆਂ ਵਪਾਰਕ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ, ਜੋ ਪੰਜਾਬ ਵਿੱਚੋਂ ਨੌਜਵਾਨਾਂ ਨੂੰ ਧੜਾ-ਧੜ ਵਿਦੇਸ਼ ਭੇਜ ਰਹੀਆਂ ਹਨ ਅਤੇ ਪੰਜਾਬ ਦੇ ਅਰਥਚਾਰੇ ਨੂੰ ਵੱਡੀ ਸੱਟ ਮਾਰ ਰਹੀਆਂ ਹਨ ਕਿਉਂਕਿ ਇਕ ਵਿਦਿਆਰਥੀ ਦੇ ਵਿਦੇਸ਼ ਜਾਣ ਨਾਲ ਲਗਭਗ 20 ਲੱਖ ਰੁਪਈਆ ਵੀ ਕਿਸੇ ਵਿਦੇਸ਼ੀ ਯੁਨੀਵਰਸਿਟੀ/ਕਾਲਜ ਦੀ ਝੋਲੀ ਜਾ ਡਿਗਦਾ ਹੈ। ਨੌਜਵਾਨ ਬਾਹਰ ਤੁਰ ਰਹੇ ਹਨ, ਪੰਜਾਬ ਖਾਲੀ ਹੋ ਰਿਹਾ ਹੈ, ਪਰ ਪੰਜਾਬ ਦੇ ਸਿਆਸਤਦਾਨਾਂ ਦੇ ਮੱਥੇ ਉੱਤੇ ਚਿੰਤਾ ਦੀ ਲਕੀਰ ਤੱਕ ਦਿਖਾਈ ਨਹੀਂ ਦਿੰਦੀ, ਚਿੰਤਨ ਤਾਂ ਉਨ੍ਹਾਂ ਨੇ ਕੀ ਕਰਨਾ ਹੈ?
      ਪੰਜਾਬ ਦਾ ਕਿਸਾਨ ਘਾਟੇ ਦੀ ਖੇਤੀ ਕਾਰਨ ਪ੍ਰੇਸ਼ਾਨ ਹੈ। ਮਜ਼ਦੂਰ ਨੂੰ ਆਪਣੀ ਕਿਰਤ ਜੋਗੇ ਹੱਕ ਨਹੀਂ ਮਿਲਦੇ। ਗਰੀਬ ਆਦਮੀ ਰੋਟੀ, ਰੁਜ਼ਗਾਰ ਅਤੇ ਬੀਮਾਰੀ ਸਮੇਂ ਇਲਾਜ ਖੁਣੋਂ ਆਤੁਰ ਹੈ। ਮਹਿੰਗਾਈ ਨੇ ਆਮ ਆਦਮੀ ਦਾ ਜੀਊਣਾ ਦੁਭਰ ਕੀਤਾ ਹੋਇਆ ਹੈ। ਸੂਬੇ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ, ਬੇਰੁਜ਼ਗਾਰ ਨੌਕਰੀ ਮੰਗਣ ਲਈ, ਕਿਸਾਨ ਆਪਣੀ ਫ਼ਸਲ ਦੇ ਸਹੀ ਭਾਅ ਲੈਣ ਲਈ, ਸੜਕਾਂ 'ਤੇ ਹਨ, ਲਾਠੀਆਂ ਖਾ ਰਹੇ ਹਨ, ਪਰ ਸੂਬੇ ਦੀ ਸਰਕਾਰ ਸਮਾਂ ਰਹਿੰਦਿਆਂ ਚੋਣਾਂ ਸਮੇਂ ਕੁਝ ਕੰਮ ਕਰਦੀ ਨਜ਼ਰ ਆਉਂਦੀ ਹੈ, ਵਾਇਦੇ ਕਰਦੀ ਹੈ ਪਰ ਫਿਰ ਸਿਰਹਾਣੇ ਹੇਠ ਸਿਰ ਰੱਖ ਸੌਂਦੀ ਹੋਈ ਦਿਸਦੀ ਹੈ। ਹਾਲ ਪੰਜਾਬ ਦੇ ਬਾਕੀ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਦਾ ਵੀ ਇਹੋ ਹੈ, ਜਿਹੜੇ ''ਵਿਰੋਧੀ ਧਿਰ'' ਦੀ ਭੂਮਿਕਾ ਨਿਭਾਉਣ ਦੀ ਵਿਜਾਏ ਇਲਜ਼ਾਮਬਾਜੀ ਕਰਦਿਆਂ ਸਮਾਂ ਗੁਜ਼ਾਰਦੇ ਹਨ, ਚੋਣਾਂ ਦੀ ਉਡੀਕ ਕਰਦੇ ਹਨ। ਗਲੈਮਰ ਦੀ ਦੁਨੀਆਂ ਨਾਲ ਜੁੜੇ ਲੋਕਾਂ ਦਾ ਪ੍ਰਭਾਵਸ਼ਾਲੀ ਲੋਕਾਂ ਨੂੰ ਐਮ.ਪੀ., ਵਿਧਾਇਕ ਬਣਾਕੇ ਆਪਣੀ ਪਾਰਟੀ ਨੂੰ ਤਾਕਤਵਰ ਬਣਾਕੇ ''ਕੁਰਸੀ'' ਹਥਿਆਉਂਦੇ ਹਨ। ਪਰ ਲੋਕ-ਸਰੋਕਾਰਾਂ ਪ੍ਰਤੀ ਉਨ੍ਹਾਂ ਦਾ ਵਤੀਰਾ ਵੀ ਅਵੇਸਲੇਪਨ ਵਾਲਾ ਹੈ।
      ਆਮ ਆਦਮੀ ਪਾਰਟੀ ਵੀ ਇਹੋ ਜਿਹੀ ਨਜ਼ਰ ਆਉਂਦੀ ਹੈ। ਆਮ ਆਦਮੀ ਪਾਰਟੀ ਜੋ ਪੰਜਾਬ ਦੇ ਲੋਕਾਂ ਲਈ ਆਸ ਦੀ ਕਿਰਨ ਲੈ ਕੇ ਲੋਕ ਮੁੱਦਿਆਂ ਨੂੰ ਸਾਹਮਣੇ ਲਿਆਕੇ ਮੈਦਾਨ ਵਿੱਚ ਆਈ ਸੀ, ਬੁਰੀ ਤਰ੍ਹਾਂ ਫੁਟ ਦਾ ਸ਼ਿਕਾਰ ਹੋਕੇ ਪੰਜਾਬ ਵਿਧਾਨ ਸਭਾ ਵਿੱਚ ਤਾਂ ਕੀ ਪੰਜਾਬ ਵਿੱਚ ਵੀ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਉਣ 'ਚ ਨਾ-ਕਾਮਯਾਬ ਰਹੀ ਹੈ। ਲੋਕਾਂ ਨੂੰ ਤਾਕਤਵਰ ਬਣਾਉਣ ਦਾ ਪਾਸਾ ਉਨ੍ਹਾਂ ਤੋਂ ਵੇਖਿਆ ਹੀ ਨਹੀਂ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਸਾਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਹਾਲੇ ਤੱਕ ਆਪਣੀ ਹਾਰ ਨੂੰ ਭੁੱਲ ਨਹੀਂ ਸਕੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ ਕਿਨਾਰੇ ਕੀਤਾ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਨਾ ਉਨ੍ਹਾਂ ਆਪਣੀ ਹਾਰ ਤੋਂ ਸਬਕ ਸਿਖਿਆ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਜੀਦਗੀ ਨਾਲ ਉਨ੍ਹਾਂ ਨਾਲ ਸੰਪਰਕ ਸਾਧਿਆ ਹੈ।
      ਪੰਜਾਬ ਵਿਚਲੀਆਂ ਖੱਬੇ ਪੱਖੀ ਧਿਰਾਂ ਲੋਕਾਂ ਦੇ ਸਰੋਕਾਰਾਂ ਪ੍ਰਤੀ ਸੰਜੀਦਗੀ ਤਾਂ ਵਿਖਾਉਂਦੀਆਂ ਹਨ, ਪਰ ਉਨ੍ਹਾਂ ਦਾ ਆਮ ਲੋਕਾਂ ਨਾਲ ਰਾਬਤਾ ਸੀਮਤ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚਲੀ 'ਬਸਪਾ' ਦਾ ਅਧਾਰ ਸੁੰਗੜਦਾ ਜਾ ਰਿਹਾ ਹੈ, ਲੋਕ ਇਨਸਾਫ ਪਾਰਟੀ ਕੁਝ ਖੇਤਰਾਂ 'ਚ ਹੀ ਕੰਮ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ ਰੁਸ ਕੇ ਬੈਠੇ ਟਕਸਾਲੀ ਅਕਾਲੀ, ਲੋਕਾਂ ਵਿੱਚ ਆਪਣੀ ਕੋਈ ਪੈਂਠ ਨਹੀਂ ਬਣਾ ਸਕੇ। ਕਾਰਨ ਇਕੋ ਇੱਕ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਲੋਕ-ਸਰੋਕਾਰਾਂ ਪ੍ਰਤੀ ਸਹੀ ਪਹੁੰਚ ਨਹੀਂ ਆਪਨਾ ਰਹੀਆਂ। ਦੇਸ਼ ਵਿੱਚ ਘੱਟ ਗਿਣਤੀਆਂ, ਦਲਿਤਾਂ ਕਬਾਇਲੀਆਂ ਅਤੇ ਅੱਲਗ ਵਿਚਾਰ ਰੱਖਣ ਵਾਲੇ ਬੁਧੀਜੀਵੀਆਂ ਉਤੇ ਹੋ ਰਹੇ ਹਜ਼ੂਮੀ ਹਿੰਸਾ ਰਾਹੀਂ ਕਤਲ ਅਤੇ ਝੂਠੇ ਕੇਸਾਂ ਦੇ ਚੱਲ ਰਹੇ ਦੌਰ 'ਚ ਪੰਜਾਬ ਦੀਆਂ ਪ੍ਰਮੁਖ ਪਾਰਟੀਆਂ ਚੁੱਪ ਧਾਰੀ ਬੈਠੀਆਂ ਹਨ। ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਪੰਜਾਬ ਦੀਆਂ ਇਹ ਸਿਆਸੀ ਧਿਰਾਂ ਬੋਲਦੀਆਂ-ਕੁਸਦੀਆਂ ਹੀ ਨਹੀਂ। ਜੇਕਰ ਕੁਝ ਬੋਲਦੀਆਂ ਹਨ ਤਾਂ ਦੋ ਸਤਰੀ ਬਿਆਨ ਤੱਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ।
ਬਿਨ੍ਹਾਂ ਸ਼ੱਕ ਪੰਜਾਬ 'ਚ ਕਾਂਗਰਸੀ ਸਰਕਾਰ ਲੋਕਾਂ ਦੇ ਆਸ਼ਿਆਂ ਅਨੁਸਾਰ ਕੰਮ ਨਹੀਂ ਕਰ ਰਹੀ, ਪਰ ਕੀ ਪੰਜਾਬ ਦੀ ਵਿਰੋਧੀ ਧਿਰ ਲੋਕਾਂ ਨੂੰ ਲੋਕ ਸਮੱਸਮਿਆਵਾਂ ਸਬੰਧੀ ਲਾਮਬੰਦ ਕਰ ਰਹੀ ਹੈ? ਪੰਜਾਬ ਦਾ ਅਰਥਚਾਰਾ ਟੁੱਟ-ਭੱਜ ਰਿਹਾ ਹੈ, ਖੇਤੀ ਖੇਤਰ ਤਬਾਹ ਹੋ ਰਿਹਾ ਹੈ, ਵੱਡੀ ਉਦਯੋਗਿਕ ਇਕਾਈਆਂ ਦੀ ਇਥੇ ਅਣਹੋਂਦ ਹੈ, ਬੇਰੁਜ਼ਗਾਰੀ ਤਾਂਡਵ ਨਾਚ ਨੱਚ ਰਹੀ ਹੈ। ਜੇਕਰ ਸਰਕਾਰ ਇਸ ਸਬੰਧੀ ਫੇਲ੍ਹ ਹੋ ਰਹੀ ਹੈ ਤਾਂ ਕੀ ਵਿਰੋਧੀ ਧਿਰ ਸੁਚਾਰੂ ਭੂਮਿਕਾ ਨਿਭਾ ਕੇ ਕੇਂਦਰ ਸਰਕਾਰ ਉਤੇ ਕੋਈ ਦਬਾਅ ਬਨਾਉਣ ਦੇ ਰਾਹ ਤੁਰ ਰਹੀ ਹੈ?
      ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ। ਦੇਸ਼ ਦੀ ਉਪਰਲੀ, ਹੇਠਲੀ ਸਰਕਾਰ ਨੇ ਇਸ ਪੁਰਬ ਨੂੰ ਸਿਹਰਾ ਲੈਣ ਦੀ ਦੌੜ ਤੱਕ ਸੀਮਤ ਕਰ ਦਿੱਤਾ। ਪਰ ਕੀ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦੇ ਸਿਧਾਂਤ ਨੂੰ ਰੋਲਿਆ -ਮਧੋਲਿਆ ਨਹੀਂ ਜਾ ਰਿਹਾ ਪੰਜਾਬ ਵਿੱਚ? ਮਲਿਕ ਭਾਗੋ ਦੇ ਵਾਰਸ, ਕੀ ਲੋਕ ਸਰੋਕਾਰਾਂ ਨੂੰ ਮਿੱਧਕੇ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਦੇ ਰਾਹ ਨਹੀਂ ਤੁਰੇ ਹੋਏ?

- ਪੰਜਾਬੀ ਫੀਚਰ ਸਿੰਡੀਕੇਟ
- ਸੰਪਰਕ : 9815802070

ਡੰਗ ਅਤੇ ਚੋਭਾਂ  - ਗੁਰਮੀਤ ਪਲਾਹੀ

ਰੱਬਾ, ਆਹ ਦੇ ਦੇ, ਰੱਬਾ! ਅਹੁ ਦੇ ਦੇ

ਖ਼ਬਰ ਹੈ ਕਿ ਮਹਾਰਾਸ਼ਟਰ ਵਿੱਚ ਸਰਕਾਰ ਗਠਨ ਦੀ ਪ੍ਰੀਕਿਰਿਆ ਨੂੰ ਗੈਰ-ਸੰਵਿਧਾਨਕ ਠਹਿਰਾਉਣ ਦੀ ਸ਼ਿਵ ਸੈਨਾ, ਐਨ ਸੀ ਪੀ ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਦੇਣ ਲਈ ਮੁਖ ਮੰਤਰੀ ਮਹਾਰਾਸ਼ਟਰ ਦੇਵੇਂਦਰ ਫੜਨਵੀਸ ਅਤੇ ਰਾਜਪਾਲ ਮਹਾਰਾਸ਼ਟਰ ਤੋਂ ਚਿੱਠੀਆਂ ਮੰਗੀਆਂ। ਉਪ ਮੁਖ ਮੰਤਰੀ ਅਜੀਤ ਪਵਾਰ ਨੂੰ ਵੀ ਨੋਟਿਸ ਜਾਰੀ ਕੀਤਾ। ਇਹਨਾ ਨੇ ਸੁਪਰੀਮ ਕੋਰਟ ਤੋਂ ਮੰਗਿਆ ਕਿ ਰਾਜ ਭਾਗ ਸਾਨੂੰ ਦਿੱਤਾ ਜਾਵੇ ਅਤੇ ਭਾਜਪਾ ਘੱਟ ਗਿਣਤੀ ਸਰਕਾਰ ਬਰਖ਼ਾਸਤ ਕੀਤੀ ਜਾਵੇ।
ਮੰਗਾਂ ਹੀ ਮੰਗਾਂ ਹਨ। ਕੋਈ ਨੌਕਰੀ ਮੰਗਦਾ ਹੈ ਤੇ ਪੁਲਿਸ ਦੀਆਂ ਡਾਂਗਾਂ ਖਾਂਦਾ ਹੈ। ਕੋਈ ਮੌਲਿਕ ਅਧਿਕਾਰ ਮੰਗਦਾ ਹੈ ਤੇ ਹਿੱਕ ਤੇ ਗੋਲੀਆਂ ਖਾਂਦਾ ਹੈ। ਕੋਈ ਜੇਲੋਂ ਰਿਹਾਈ ਮੰਗਦਾ ਹੈ ਪਰ ਲਾਰੇ-ਲੱਪਿਆਂ ਦੀਆਂ ਹਕੂਮਤਾਂ ਦੇ ਡਰਾਮੇ ਦਾ ਚਾਰਾ ਖਾਂਦਾ ਹੈ। ਕੋਈ ਸਰਵ-ਉਚ ਅਦਾਲਤ ਜਾਕੇ ਆਪਣੀ ਖੁਸੀ ਹੋਈ ਗੱਦੀ ਦਾ ਅਲਾਪ ਕਰਦਾ ਹੈ, ਤੇ ਕਾਲੇ ਕੋਟ ਰਾਹੀਂ ਇਨਸਾਫ਼ ਮੰਗਦਾ ਹੈ। ਮੰਗਾਂ ਹੀ ਮੰਗਾਂ ਹਨ ਭਾਈ ਦੇਣ ਨੂੰ ਕੁਝ ਹੈ ਹੀ ਨਹੀਂ।
ਆਹ ਵੇਖੋ ਨਾ ਜੀ, ਉਹ ਗਿਆ ਕੋਈ ਮੰਦਿਰ, ਮੰਗਿਆ ਉਸ ਪਰਿਵਾਰ ਲਈ ਮੁੰਡਾ। ਅੱਗੋਂ ਭਾਵੇਂ ਚੋਰ ਜਾਂ ਡਾਕੂ ਨਿਕਲੇ। ਆਹ ਵੇਖੋ ਨਾ ਜੀ, ਉਹ ਗਿਆ ਗੁਰਦੁਆਰੇ, ਮੰਗਿਆ ਉਸ ਧੰਨ, ਜਿਹੜਾ ਅੱਗੋਂ ਜਾਕੇ ਉਹਦੀ ਔਲਾਦ ਦੇ ਵਿਗੜਨ ਦਾ ਕਾਰਨ ਬਣੇ! ਉਹ ਵੇਖੋ ਨਾ ਜੀ, ਉਹ ਗਿਆ ਕੋਈ ਗੁਰੂ ਦੇ ਦੁਆਰੇ, ਮੰਗਿਆ ਉਸ ਰਾਜ-ਭਾਗ, ਅੱਗੋਂ ਜਾਕੇ ਭਾਵੇਂ ਉਹਦੀ ਜਾਨ ਦਾ ਖੋਅ ਹੀ ਬਣ ਜਾਏ। ਉਵੇਂ ਹੀ ਜਿਵੇਂ ਭਾਈ ਮਹਾਰਾਸ਼ਟਰ 'ਚ ਰਾਜ ਭਾਗ ''ਚੋਰਾਂ ਤੋਂ ਮੋਰ ਲੈ ਗਏ'' ਵਾਲੀ ਗੱਲ ਹੋਈ ਪਈ ਆ।
ਬੰਦਾ ਭਾਈ ਬਾਹਲਾ ਹੀ ਲਾਲਚੀ ਹੋ ਗਿਆ ਆ।  ਹਰ ਵੇਲੇ ਹੱਥ ਜੋੜਦਾ, ਮਿੰਨਤਾ ਕਰਦਾ, ਮੰਨਤਾ ਮੰਗਦਾ, ਤਰਲੇ ਕਰਦਾ,''ਰੱਬਾ ਆਹ ਦੇ ਦੇ, ਰੱਬਾ! ਅਹੁ ਦੇ ਦੇ''। ਕਦੇ ਹੇਠਲੀ ਉਚ ਅਦਾਲਤ ਤੋਂ ਮੰਗਦਾ ਆ, ਕਦੇ ਉਪਰਲੀ ਸਰਵ ਉਚ ਅਦਾਲਤ ਤੋਂ ਮੰਗਦਾ ਆ। ਹੇਠਲੀ ਅਦਾਲਤ 'ਚ  ਕਾਲਾ ਕੋਟ ਪਾਕੇ ਮੰਗਦਾ ਆ, ਪਰ ਉਪਰਲੀ ਅਦਾਲਤ 'ਚ ਟੱਲ ਖੜਕਾਕੇ, ਬਾਂਗਾਂ ਦੇ ਕੇ, ਮੱਥੇ ਰਗੜਕੇ ਮੰਗਦਾ ਆ। ਹੈ ਕਿ ਨਾ?

ਜੇ ਇਨਸਾਫ਼ ਦੀ ਚੱਕੀ ਇੰਜ ਪਿੱਸਦੀ ਜਾਊ!
ਪਰ ਅਦਾਲਤ ਫਿਰ ਕਿੱਥੇ ਜਾਊ!!

ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਦੀ ਹਾਲਤ ਨਰਕ ਨਾਲੋਂ ਵੀ ਖਰਾਬ ਹੈ। ਜਸਟਿਸ ਅਰੁਣ ਮਿਸ਼ਰਾ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ''ਲੋਕਾਂ ਨੂੰ ਗੈਸ ਚੈਂਬਰ ਵਿੱਚ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ''। ਇਸ ਤੋਂ ਚੰਗਾ ਹੈ ਕਿ ਇੱਕਠੇ ਮਾਰ ਦਿੱਤਾ ਜਾਵੇ। ਪੰਦਰਾਂ ਬੋਰਿਆਂ ਵਿੱਚ ਬਾਰੂਦ ਲੈ ਆਓ ਤੇ ਉਡਾ ਦਿਓ ਸਭਨਾ ਨੂੰ। ਲੋਕਾਂ ਨੂੰ ਇਸ ਤਰ੍ਹਾਂ ਕਿਉਂ ਘੁਟਣਾ ਪਏ? ਜਿਸ ਤਰ੍ਹਾਂ ਇਕ ਦੂਜੇ ਤੇ ਦੂਸ਼ਣਬਾਜੀ ਚੱਲ ਰਹੀ ਹੈ, ਮੈਂ ਸੁਣਕੇ ਹੈਰਾਨ ਹਾਂ''।
ਅਦਾਲਤ ਜੀ, ਇਥੇ ਤਾਂ ਹਰ ਰੋਜ਼ ਵਿਸਫੋਟ ਹੁੰਦਾ ਆ। ਜਸਟਿਸ ਜੀ, ਇਥੇ ਤਾਂ ਲੋਕ ਹਰ ਰੋਜ਼ ਭੁੱਖੇ ਢਿੱਡ ਸੌਦੇ ਆ, ਤੇ ਮੁੜ 'ਉਪਰਲੇ' ਨੂੰ ਪਿਆਰੇ ਹੋ ਜਾਂਦੇ ਆ। ਜੱਜ ਸਾਹਿਬ, ਇਥੇ ਤਾਂ ਧਾਵੀ ਦਲੇਰ ਬਣਕੇ ਧਾਵਾ ਬੋਲਦੇ ਆ, ਚੋਬਰ ਕਿਸੇ ਦੀ ਵੀ ਨਹੀਂ ਸੁਣਦੇ, ਨਾ ਪੁਲਿਸ ਦੀ, ਨਾ ਹਾਕਮ ਦੀ, ਨਾ ਅਦਾਲਤ ਦੀ! ਹਿੱਜ ਹਾਈਨੈਸ, ਇਥੇ ਤਾਂ ਭ੍ਰਿਸ਼ਟਾਚਾਰ ਥਾਂ-ਥਾਂ ਪਸਰਿਆ ਪਿਆ, ਉਸ ਤੁਹਾਡੀ ਅਦਾਲਤ ਨੂੰ ਵੀ ਨਹੀਂ ਬਖਸ਼ਿਆ। ਮਾਈ ਲਾਰਡ, ਆਹ ਤਾਂ ਚੰਗਾ ਹੁਕਮ ਚਾੜ੍ਹਿਆ ਤੁਸੀਂ, ਨਹੀਂ ਤਾਂ ਤੁਹਾਡੀ ਅਦਾਲਤੇ ਜੁਆਨੀ ਵੀ ਬੁਢੀ ਹੋ ਜਾਂਦੀ ਆ, ਪਰ ਕਾਲਾ ਕੋਟ 'ਕੇਸ' ਹੀ ਨਹੀਂ ਕੱਢਦਾ। ਸਰਵ ਉੱਚ ਅਦਾਲਤ ਜੀ, ਇਥੇ ਰਾਜ, ਹਾਕਮਾਂ ਦਾ। ਇਥੇ ਰਾਜ ਉਹਨਾ ਦੇ ਪੁੱਤਾਂ ਭਤੀਜਿਆਂ, ਸਾਲਿਆਂ ਦਾ। ਕੌਣ ਸੁਣੂ ਤੁਹਾਡੀ ਅਦਾਲਤ ਜੀ! ਹਾਕਮ, ਗੰਦੀ ਹਵਾ ਦਿਲੀਂ 'ਚੋਂ ਕੱਢਣਗੇ, ਪੰਜਾਬ ਲੈ ਆਉਣਗੇ! ਹਾਕਮ, ਹੁਕਮ ਦਿਲੀਂ 'ਚੋਂ ਕੱਢਣਗੇ, ਪਰ ਫਾਈਲਾਂ 'ਚ ਦਫ਼ਨ ਕਰ ਦੇਣਗੇ। ਹਾਕਮ, ਅਮਰੀਕਾ ਤੋਂ ਬੋਲੂ, ਜਾਂ ਹਾਕਮ ਬੋਲੂ ਫਰਾਂਸ ਤੋਂ, ਹਥਿਆਰ ਲਿਆਊ, ਜੰਗ ਲਾਊ, ਦਿੱਲੀ 'ਚ ਹੋਰ ਪ੍ਰਦੂਸ਼ਨ ਫੈਲਾਊ ਤੇ ਅਦਾਲਤ ਫਿਰ ਕਿਥੇ ਜਾਊ?

ਹਰ ਸਰਕਾਰ ਤਾਰੀਫ਼ ਦੇ ਪੁਲ ਬੰਨ੍ਹੇ
''ਕੰਮ ਉਸ ਨੇ ਬਹੁਤ ਮਹਾਨ ਕੀਤਾ''

ਖ਼ਬਰ ਹੈ ਕਿ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ ਵਿਦੇਸ਼ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਪਾਕਿਸਤਾਨ ਦੀ ਸਰਕਾਰ ਨੇ ਬਾਬੇ ਨਾਨਕ ਨੂੰ ਸ਼ਰਧਾ ਪੂਰਵਕ ਯਾਦ ਕਰਦਿਆਂ, ਸਿੱਖਾਂ ਲਈ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਲਾਂਘੇ ਦੀ ਗੱਲ ਪ੍ਰਵਾਨ ਕੀਤੀ, ਉਥੇ ਮੋਦੀ ਸਰਕਾਰ ਨੇ ਵੀ ਇਸ ਯੋਜਨਾ ਨੂੰ ਸਿਰੇ ਚੜ੍ਹਨ 'ਚ ਕੋਈ ਕਸਰ ਨਹੀਂ ਛੱਡੀ। ਪੰਜਾਬ ਸਰਕਾਰ ਨੇ ਵੀ ਪੂਰਾ ਟਿੱਲ ਲਾਇਆ ਅਤੇ ਪੰਜਾਬ ਦੀ ਦੂਜੀ ਸਰਕਾਰ ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ।
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਪਰ ਬਾਬੇ ਨਨਾਕ ਜੀ ਨੂੰ ਕਿੰਨਿਆਂ ਯਾਦ ਕੀਤਾ? ਗੁਰਪੁਰਬ ਤੇ ਲੰਗਰ ਲਗਾਏ ਗਏ, 550 ਪਕਵਾਨ ਬਣਾਕੇ ਸੰਗਤਾਂ ਨੂੰ ਛਕਾਏ ਗਏ, ਪਰ ਕਿੰਨਿਆਂ ਗੁਰੂ ਜੀ ਦੇ ਨਾਲ ਆਪਣੀ ਸਾਂਝ ਪਾਈ? ਪੀਰ ਬਾਬੇ ਨੂੰ ਪਾਕਿਸਤਾਨ 'ਚ ਯਾਦ ਕੀਤਾ, ਭਾਸ਼ਨ ਹੋਏ, ਨਾਲ ਦੀ ਨਾਲ ਕਸ਼ਮੀਰ ਦੇ ਰਾਗ ਅਲਾਪੇ, ਕਿੰਨਿਆਂ ਸਾਂਝੀਵਾਲਤਾ ਦੇ ਸੁਨੇਹੇ ਨੂੰ ਲੜ ਬੰਨਿਆ? ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ 550 ਬੂਟੇ ਹਰ ਪਿੰਡ ਲਗਾਏ ਗਏ, ਪਰ ਕਿੰਨਿਆਂ ਉਹਨਾ ਨੂੰ ਪਾਣੀ ਪਾਇਆ,  ਉਹਨਾ 'ਚੋਂ ਕਿੰਨੇ ਬਚਾਏ? ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਛੋਟੀਆਂ, ਵੱਡੀਆ ਸਰਕਾਰਾਂ ਨੇ ਲੈਕਚਰ ਕਰਵਾਏ, ਕਵੀ ਦਰਬਾਰ, ਕੀਰਤਨ ਦਰਬਾਰ ਕਰਵਾਏ, ਪਰ ਇਹ ਸਭ ਕਿਸਦੇ ਰਾਸ ਆਏ। ਮੇਰੇ ਪਿੰਡ ਦੀ ਪਾਈ ਬਿਸ਼ਨੀ ਬਾਬੇ ਦੇ ਕਰਤਾਰਪੁਰ ਜਾ ਆਈ। ਲੰਗਰ  ਵੀ ਖਾ ਆਈ! ਮੱਥਾ ਵੀ ਟੇਕ ਆਈ। ਦੁਪੱਟੇ ਲੜ ਬੰਨਿਆ ਰੁਪੱਈਆ ਵੀ ਬਾਬੇ ਦੇ ਦਰ ਭੇਂਟ ਕਰ ਆਈ। ਪਰ ਆਕੇ ਆਪਣੇ ਪੁੱਤ ਨੂੰ ਪੁੱਛਣ ਲੱਗੀ, ਮੈਨੂੰ ਨਾ ਉਥੇ ਮਰਦਾਨਾ ਦਿਸਿਆ, ਨਾ ਭਾਈ ਲਾਲੋ! ਉਥੇ ਤਾਂ ''ਬਾਬਾ ਨਾਨਕ'' ਵੀ ਨਹੀਂ ਦਿਸਿਆ! ਉਥੇ ਤਾਂ ਮਲਿਕ ਭਾਗੋ ਦਿਸਿਆ, ਜਾ ਦਿਸੀਆਂ ਸਰਕਾਰਾਂ। ਪਰ ਸਰਕਾਰਾਂ ਆਹਦੀਆਂ ਆ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਕੇ ''ਕੰਮ ਉਸਨੇ ਬਹੁਤ ਮਹਾਨ ਕੀਤਾ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਦਸੰਬਰ 2018 'ਚ ਛਪੀ ਇਕ ਰਿਪੋਰਟ ਦੇ ਮੁਤਾਬਕ ਦੁਨੀਆ ਦੇ 208 ਦੇਸ਼ਾਂ ਵਿੱਚ ਤਿੰਨ ਕਰੋੜ ਤੋਂ ਵੱਧ (3,09,95,729) ਭਾਰਤੀ ਨਿਵਾਸ ਕਰਦੇ ਹਨ। ਅਮਰੀਕਾ ਵਿੱਚ ਇਹਨਾ ਭਾਰਤੀਆਂ ਦੀ ਗਿਣਤੀ 44,60,000 , ਕੈਨੇਡਾ ਵਿੱਚ 10,16,185, ਬਰਤਾਨੀਆ ਵਿੱਚ 18,25,000, ਦੱਖਣੀ ਅਫ਼ਰੀਕਾ ਵਿੱਚ 15,60,000, ਸ਼੍ਰੀ ਲੰਕਾ ਵਿੱਚ 16,14,000, ਯੂ.ਕੇ. ਆਈ. ਵਿੱਚ 31,04,586, ਮਲੇਸ਼ੀਆ ਵਿੱਚ 29,87,950, ਸਾਊਦੀ ਅਰਬ ਵਿੱਚ 28,14,568, ਕੁਵੈਤ ਵਿੱਚ 9,29,903 ਅਤੇ ਮੀਆਂਮਾਰ ਵਿੱਚ 20,08,991 ਹੈ। ਇਸ ਤੋਂ ਬਿਨ੍ਹਾਂ ਵੱਡੀ ਗਿਣਤੀ 'ਚ ਭਾਰਤੀ ਨੀਊਜ਼ੀਲੈਂਡ, ਅਸਟਰੇਲੀਆ ਵਿੱਚ ਵੀ ਵਸਦੇ ਹਨ।

ਇੱਕ ਵਿਚਾਰ

ਅਸੀਂ ਕਦੇ ਦੂਜੇ ਦੇ ਜੀਵਨ ਦਾ ਮੁਲਾਂਕਣ ਨਹੀਂ ਕਰ ਸਕਦੇ, ਕਿਉਂਕਿ ਹਰ ਵਿਅਕਤੀ ਸਿਰਫ਼ ਆਪਣਾ ਦਰਦ ਅਤੇ ਤਿਆਗ ਮਹਿਸੂਸ ਕਰ ਸਕਦਾ ਹੈ।   
...........ਪਛਲੋ ਕੋਏਲਹੋ

-ਗੁਰਮੀਤ ਸਿੰਘ ਪਲਾਹੀ
-9815802070 

ਕੀ ਹੈ ਤੁਹਾਡੇ ਕੋਲ? ਮੇਰੇ ਹਿੱਸੇ ਮਾਂ ਹੈ

ਪੰਜਾਬੀ ਰੂਪ: ਗੁਰਮੀਤ ਸਿੰਘ ਪਲਾਹੀ

ਭਾਰਤ ਵਿੱਚ ਮਾਂ ਦਾ ਆਦਰ-ਸਤਿਕਾਰ ਕਰਨ ਦੀ ਚਿਰ ਪੁਰਾਣੀ ਪਰੰਪਰਾ ਹੈ। ਇਥੋਂ ਤੱਕ ਕਿ ਸਿਨਮਾ ਜਗਤ ਵੀ ਭਾਰਤੀ ਮਾਵਾਂ ਨੂੰ ਯਾਦ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦਾ ਰਿਹਾ।  ਹਿੰਦੀ ਫਿਲਮ ਦੀਵਾਰ ਦੇ ਉਸ ਚਰਚਾ ਵਿੱਚ ਰਹੇ ਆਪਸੀ ਡਾਇਲਾਗ ਨੂੰ ਭਲਾ ਕੌਣ ਭੁੱਲ ਸਕਦਾ ਹੈ? ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਅਮਿਤਾਬ ਬਚਨ ਕਹਿੰਦਾ ਹੈ, ਅੱਜ ਮੇਰੇ ਕੋਲ ਇਮਾਰਤ ਹੈ, ਜਾਇਦਾਦ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗੱਡੀ ਹੈ- ਕੀ ਹੈ ਤੁਹਾਡੇ ਕੋਲ? ਇਸਦੇ ਜਵਾਬ ਵਿੱਚ ਸ਼ਸ਼ੀ ਕਪੂਰ ਕਹਿੰਦਾ ਹੈ, ''ਮੇਰੇ ਕੋਲ ਮਾਂ ਹੈ"। ਪਰੰਤੂ ਅਸਲ ਜ਼ਿੰਦਗੀ ਵਿੱਚ ਭਾਰਤੀ ਮਾਵਾਂ ਅਤੇ ਉਹਨਾ ਦੇ ਬੱਚਿਆਂ ਦੇ ਹਾਲਾਤ ਕੋਈ ਚੰਗੇ ਨਹੀਂ ਹਨ, ਜਿਵੇਂ ਕਿ ਇਕ-ਇਕ ਕਰਕੇ ਆਏ ਸਰਵੇਖਣਾਂ ਵਿੱਚ ਖੁਲਾਸਾ ਹੋ ਰਿਹਾ ਹੈ।
ਪਹਿਲੇ ਸਰਵੇ ਵਿੱਚ, ਜੋ ਸੀ.ਐਨ.ਐਨ.ਐਸ. (ਰਾਸ਼ਟਰੀ ਪੋਸ਼ਣ ਸਰਵੇਖਣ) ਨੇ ਕੀਤਾ, ਮਾਂ ਅਤੇ ਬੱਚਿਆਂ ਦੋਹਾਂ ਦੀ ਪਾਲਣ-ਪੋਸ਼ਣ ਦੀ ਹਾਲਾਤ ਹੈਰਾਨ ਕਰਨ ਵਾਲੀ ਪੇਸ਼ ਕੀਤੀ ਗਈ ਹੈ। ਇਸ ਵਿੱਚ ਇਹ ਵੀ ਪਤਾ ਲੱਗਿਆ ਕਿ ਬੱਚਾ ਜੰਮਣ ਦੀ ਉਮਰ ਵਿੱਚ ਔਰਤਾਂ, ਜਿਹਨਾ ਵਿੱਚ ਕਈ ਤਾਂ ਗਰਭਵਤੀ ਵੀ ਹਨ, ਬਹੁਤ ਬੁਰੀ ਹਾਲਾਤ ਵਿੱਚ ਹਨ। ਬਹੁਤ ਸਾਰੀਆਂ ਮਾਵਾਂ, ਬਨਣ ਵਾਲੀਆਂ ਮਾਵਾਂ ਦੇ ਨਾਲ-ਨਾਲ ਬੱਚਿਆਂ ਦੀ ਪੂਰੇ ਭਾਰਤ ਵਿੱਚ ਹਾਲਾਤ ਵਿੱਚ ਬਰਾਬਰਤਾ ਨਹੀਂ ਹੈ। ਕੁਝ ਸੂਬਿਆਂ ਵਿੱਚ ਹਾਲਾਤ ਹੋਰ ਸੂਬਿਆਂ ਦੇ ਮੁਕਾਬਲੇ ਬੇਹੱਦ ਖਰਾਬ ਹੈ। ਸਰਵੇ ਦਿਖਾਉਂਦਾ ਹੈ ਕਿ ਪੰਜ ਸਾਲ ਦੇ 35 ਫ਼ੀਸਦੀ ਬੱਚੇ ਮੱਧਰੇ ਕੱਦ ਦੇ ਹਨ, 17 ਫ਼ੀਸਦੀ ਕਮਜ਼ੋਰ ਹਨ, 33 ਫ਼ੀਸਦੀ ਦਾ ਭਾਰ ਘੱਟ ਹੈ ਅਤੇ 11 ਫ਼ੀਸਦੀ ਬੁਰੀ ਤਰ੍ਹਾਂ ਕੁਪੋਸ਼ਿਤ ਹਨ। ਵਿਸ਼ਵ ਪੱਧਰ ਤੇ ਜਿਸ ਕਿਸਮ ਦਾ ਫ਼ਰਕ ਹੈ, ਉਸ ਤੋਂ ਅਸਲੀ ਕਹਾਣੀ ਪਤਾ ਲੱਗਦੀ ਹੈ। ਬਿਹਾਰ, ਉਤਰਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਲਗਭਗ 37 ਤੋਂ 42 ਫ਼ੀਸਦੀ ਬੱਚੇ ਮਧਰੇ ਹਨ ਅਤੇ ਇਹ ਰਾਸ਼ਟਰੀ ਔਸਤ ਜੋ ਕਿ 35 ਫ਼ੀਸਦੀ ਹੈ, ਉਸਤੋਂ ਜਿਆਦਾ ਹੈ।
ਸੀ.ਐਨ.ਐਨ. ਐਸ. ਦੇ ਸਰਵੇ ਵਿੱਚ ਦੋ ਚੀਜ਼ਾਂ ਸਪਸ਼ਟ ਤੌਰ 'ਤੇ ਬਾਹਰ ਆਉਂਦੀਆਂ ਹਨ। ਪਹਿਲੀ, ਬੱਚੇ ਦੀ ਪੋਸ਼ਣ ਦੀ ਹਾਲਤ ਅਤੇ ਮਾਂ ਦੀ ਪੋਸ਼ਣਤਾ ਅਤੇ ਸਿੱਖਿਆ ਪੱਧਰ ਵਿੱਚ ਆਪਸੀ ਸਬੰਧ। ਸਰਵੇ ਵਿੱਚ ਮਾਂ ਵਲੋਂ ਪ੍ਰਾਪਤ ਕੀਤੀ ਗਈ ਸਕੂਲੀ ਸਿੱਖਿਆ ਅਤੇ ਘਰੇਲੂ ਤਰੱਕੀ ਦੇ ਪੱਧਰ ਤੋਂ  ਬੱਚੇ ਦੇ ਉਪਭੋਗ ਦੇ ਪੈਟਰਨ ਦਾ ਨਿਰਧਾਰਣ ਕੀਤਾ ਗਿਆ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਹਨਾ ਸੂਬਿਆਂ ਵਿੱਚ ਅਨਪੜ੍ਹਤਾ ਖ਼ਾਸ ਤੌਰ ਤੇ ਔਰਤਾਂ ਦੀ ਅਨਪੜ੍ਹਤਾ ਦਾ ਪੱਧਰ ਹੁਣ ਵੀ ਜਿਆਦਾ ਹੈ, ਉਹ ਬੱਚਿਆਂ ਅਤੇ ਮਾਵਾਂ ਨਾਲ ਸਬੰਧਤ ਸੰਕੇਤਕਾਂ ਵਿੱਚ ਕਾਫ਼ੀ ਪਿੱਛੇ ਹਨ।
ਸਾਖਰਤਾ ਅਤੇ ਘਰ ਦੀ ਜਾਇਦਾਦ ਤੋਂ ਬਿਨ੍ਹਾਂ ਮਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਪੱਧਰ ਤੇ ਜੋ ਚੀਜ਼ ਪ੍ਰਭਾਵ ਪਾਉਂਦੀ ਹੈ, ਉਹ ਹੈ ਔਰਤਾਂ ਦੀ ਹੈਸੀਅਤ।ਜਿਹਨਾ ਸੂਬਿਆਂ ਵਿੱਚ ਔਰਤਾਂ ਦੀ ਹੈਸੀਅਤ ਮੁਕਾਬਲਤਨ ਚੰਗੀ ਹੈ, ਉਹਨਾ ਦੇ ਹਾਲਤ ਇਸ ਮਾਮਲੇ ਤੇ ਬੇਹੱਤਰ ਹੈ।
ਇਸੇ ਹਫ਼ਤੇ ਇੱਕ ਹੋਰ ਮੁਕਾਬਲਤਨ ਛੋਟੇ ਸਰਵੇ ਨੇ ਜ਼ਮੀਨੀ ਹਕੀਕਤ ਦੀਆਂ ਹੈਰਾਨੀਜਨਕ ਝਲਕੀਆਂ ਪੇਸ਼ ਕੀਤੀਆਂ ਹਨ ਅਤੇ  ਕਈ ਪ੍ਰੇਸ਼ਾਨ ਕਰਨ ਵਾਲੀਆਂ ਸਚਾਈਆਂ ਦੀ ਪੁਸ਼ਟੀ ਕੀਤੀ ਹੈ। ਵਿਦਿਆਰਥੀ ਵਲੰਟੀਅਰਾਂ ਨੇ ਜੂਨ 2019 ਵਿੱਚ ਛੇ ਸੂਬਿਆਂ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ ਅਤੇ ਉਤਰ ਪ੍ਰਦੇਸ਼ ਵਿੱਚ ਜੱਚਾ-ਬੱਚਾ ਸਰਵੇ (ਜੇ ਏ ਬੀ ਐਸ) ਕੀਤਾ, ਜਿਸ ਵਿੱਚ ਹੋਰ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਈਆਂ। ਇਸ ਦਸ ਤੋਂ ਬਾਰਾਂ ਆਂਗਨਵਾੜੀਆਂ ਵਿੱਚ ਅਚਾਨਕ ਸਰਵੇ ਲਈ ਪਹੁੰਚੇ ਅਤੇ ਉਹਨਾ ਨੇ ਉਥੇ ਜਿੰਨਾਂ ਸੰਭਵ ਹੋ ਸਕਿਆ ਗਰਭਵਤੀ ਔਰਤਾਂ ਅਤੇ ਛੇ ਮਹੀਨੇ ਪਹਿਲਾ ਮਾਂ ਬਣੀਆਂ ਔਰਤਾਂ ਨਾਲ ਗੱਲਬਾਤ ਕੀਤੀ। ਉਹਨਾ ਨੇ ਵੇਖਿਆ ਕਿ ਗਰਭਵਤੀ ਔਰਤਾਂ ਦੀਆਂ ਲੋੜਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਿੱਚ ਜ਼ਰੂਰੀ ਪੌਸ਼ਟਕਿ ਭੋਜਨ, ਜਿਆਦਾ ਆਰਾਮ ਅਤੇ ਸਿਹਤ ਸੁਰੱਖਿਆ ਸ਼ਾਮਲ ਹਨ। ਨਾ ਤਾਂ  ਪਰਿਵਾਰ ਦੇ ਮੈਂਬਰਾਂ ਨੂੰ, ਨਾ ਹੀ ਖੁਦ ਔਰਤਾਂ ਨੂੰ ਅਹਿਸਾਸ ਹੈ ਕਿ ਬਨਣ ਵਾਲੀਆਂ ਮਾਵਾਂ ਨੂੰ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ।
 ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਸਿਆਸੀ ਰੂਪ ਨਾਲ ਮਹੱਤਵਪੂਰਨ ਸੂਬੇ ਉਤਰਪ੍ਰਦੇਸ਼ ਦੇ ਹਾਲਾਤ ਖ਼ਾਸ ਤੌਰ 'ਤੇ ਹੈਰਾਨ-ਪ੍ਰੇਸ਼ਾਨ ਕਰਨ ਵਾਲੇ ਹਨ। ਜੱਚਾ-ਬੱਚਾ ਸਰਵੇ ਨੇ ਖੁਲਾਸਾ ਕੀਤਾ ਹੈ ਕਿ 48 ਫ਼ੀਸਦੀ ਗਰਭਵਤੀ ਔਰਤਾਂ ਅਤੇ ਛੇ ਮਹੀਨੇ ਦੇ ਦੌਰਾਨ ਮਾਂ ਬਣੀਆਂ 39 ਫ਼ੀਸਦੀ ਔਰਤਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਗਰਭ ਅਵਸਥਾ ਵਿੱਚ ਉਹਨਾ ਦਾ ਭਾਰ ਵਧਿਆ ਕਿ ਘਟਿਆ। ਇਸ ਤਰ੍ਹਾਂ ਨਾਲ ਇਹ ਜਾਣਕਾਰੀ ਵੀ ਘੱਟ ਹੀ ਮਿਲਦੀ ਹੈ ਕਿ ਗਰਭਵਤੀ ਹਾਲਤ ਦੇ ਵਿੱਚ ਔਰਤਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ। ਸਰਵੇ ਤੋਂ ਪਤਾ ਲੱਗਾ ਕਿ ਤਾਕਤਵਰ ਭੋਜਨ ਦੀ ਕਮੀ ਦੇ ਕਾਰਨ ਗਰਭਵਤੀ ਹਾਲਾਤ ਦੇ ਦੌਰਾਨ ਅਸਲ ਵਿੱਚ ਭਾਰ ਵਿੱਚ ਘੱਟ ਵਾਧਾ ਹੋਇਆ, ਜਿਸਦਾ ਪ੍ਰਭਾਵ ਬੱਚੇ ਉਤੇ ਪਵੇਗਾ। ਕਮ ਬੌਡੀ ਮਾਸ ਇੰਡੈਕਸ [ਬੀ ਐਮ ਆਈ] ਅਨੁਸਾਰ ਔਰਤਾਂ ਦਾ ਭਾਰ, ਗਰਭਵਤੀ ਹੋਣ ਦੇ ਦੌਰਾਨ 13 ਤੋਂ 18 ਕਿਲੋਗ੍ਰਾਮ ਤੱਕ ਵਧਣਾ ਚਾਹੀਦਾ ਹੈ, ਪਰ ਸਰਵੇ ਵਿੱਚ ਸ਼ਾਮਲ ਔਰਤਾਂ ਦਾ ਭਾਰ ਸਿਰਫ਼ ਸੱਤ ਕਿਲੋਗ੍ਰਾਮ ਤੱਕ ਵਧਿਆ। ਉਤਰ ਪ੍ਰਦੇਸ਼ ਵਿੱਚ ਹਾਲਾਤ ਹੋਰ ਵੀ ਮਾੜੇ ਹਨ, ਜਿਥੇ ਭਾਰ ਵਿੱਚ ਚਾਰ ਕਿਲੋਗ੍ਰਾਮ ਦਾ ਵਾਧਾ ਹੀ ਹੋਇਆ। ਇਹ ਨਹੀਂ ਕਿ ਇਸ ਹਾਲਤ ਨੂੰ ਸੁਧਾਰਨ ਲਈ ਕੁਝ ਵੀ ਕੀਤਾ ਨਹੀਂ ਜਾ ਰਿਹਾ। ਸਚਾਈ ਇਹ ਹੈ ਕਿ ਗਰਭਵਤੀ ਮਾਵਾਂ ਨਾਲ ਸਬੰਧਤ ਨੀਤੀਆਂ 'ਤੇ ਠੀਕ ਅਮਲ ਨਹੀਂ ਹੋ ਰਿਹਾ। ਜਿਸ ਨਾਲ ਸਬੰਧਤਾਂ ਨੂੰ ਸਹੀ ਲਾਭ ਨਹੀਂ ਮਿਲ ਰਿਹਾ। ਉਦਾਹਰਨ ਲਈ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਨੂੰਨ 2013 ਦੇ ਤਹਿਤ ਪੂਰੇ ਦੇਸ਼ ਵਿੱਚ ਗਰਭਵਤੀ ਔਰਤਾਂ ਮਾਂ ਬਨਣ ਦਾ ਲਾਭ ਪਾਉਣ ਦੀਆਂ ਹੱਕਦਾਰ ਹਨ, ਜਦ ਤਕ ਕਿ  ਉਹਨਾ ਨੂੰ ਔਪਚਾਰਿਕ ਖੇਤਰ ਵਿੱਚ ਰੁਜ਼ਗਾਰ ਦੇ ਕਾਰਨ ਪਹਿਲਾਂ ਹੀ ਕੋਈ ਲਾਭ ਨਾ ਮਿਲ ਰਿਹਾ ਹੋਵੇ। ਪ੍ਰੰਤੂ ਖੋਜ਼ ਕਰਤਾਵਾਂ ਅਤੇ ਵਿਦਿਆਰਥੀਆਂ ਨੇ ਜ਼ਮੀਨੀ ਪੱਧਰ ਤੇ ਵੇਖਿਆ ਕਿ ਕੇਂਦਰ ਸਰਕਾਰ ਨੇ ਤਿੰਨ ਵਰ੍ਹਿਆਂ ਤੱਕ ਇਸ ਤੋਂ ਮੁੱਖ ਮੋੜੀ ਰੱਖਿਆ ਅਤੇ ਕੋਈ ਲਾਭ ਨਾ ਦਿੱਤਾ। 2017 ਵਿੱਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਮਾਤਰ ਬੰਧਨਾ ਯੋਜਨਾ (ਪੀ ਐਮ ਐਮ ਬੀ ਵਾਈ) ਦੀ ਸ਼ੁਰੂਆਤ ਕੀਤੀ ਪ੍ਰੰਤੂ ਇਸ ਯੋਜਨਾ ਦਾ ਲਾਭ ਪ੍ਰਤੀ ਔਰਤ, ਇੱਕ ਬੱਚੇ ਤੱਕ ਸੀਮਤ ਹੈ ਅਤੇ ਰਕਮ ਵੀ ਘਟਾਕੇ ਛੇ ਹਜ਼ਾਰ ਤੋਂ ਪੰਜ ਹਜ਼ਾਰ ਕਰ ਦਿੱਤੀ ਗਈ ਹੈ। ਖੋਜ਼ ਕਰਤਾ ਕਹਿੰਦੇ ਹਨ ਕਿ ਕੇਂਦਰ ਨੇ ਇਕ ਹੋਰ ਯੋਜਨਾ 'ਜਨਨੀ ਸੁਰੱਖਿਆ ਯੋਜਨਾ' ਦੇ ਲਾਭ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਇੰਜ ਕੀਤਾ ਹੈ।
ਬਿਨ੍ਹਾਂ ਸ਼ੱਕ ਕੁਝ ਸੂਬਿਆਂ ਨੇ ਸਕਾਰਾਤਮਕ ਸੰਕੇਤ ਦਿੱਤੇ ਹਨ। ਮਸਲਿਨ ਉੜੀਸਾ ਵਿੱਚ ਗਰਭਵਤੀ ਮਾਵਾਂ ਨੂੰ ਲਾਭ  ਯੋਜਨਾ 'ਮਮਤਾ' ਕੰਮ ਕਰ ਰਹੀ ਹੈ। ਇਸ ਸੂਬੇ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਦੇ ਬੱਚਿਆਂ ਦੀਆਂ ਮਾਵਾਂ ਨੂੰ ਰਾਸ਼ਨ ਵਿੱਚ ਅੰਡੇ ਜਿਹੀਆਂ ਪੋਸ਼ਟਿਕ ਖਾਣ ਵਾਲੀਆਂ ਚੀਜ਼ਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਮਾਵਾਂ ਦੀ ਸੁਰੱਖਿਆ ਲਈ ਅੱਛੀ ਸਰਵਜਨਕ ਸੇਵਾ ਹੈ। ਛੱਤੀਸਗੜ੍ਹ ਅਤੇ ਉੜੀਸਾ ਵਿੱਚ ਆਂਗਨਵਾੜੀਆਂ ਵਿੱਚ ਬੱਚਿਆਂ ਲਈ ਪੋਸ਼ਟਿਕ ਨਾਸ਼ਤੇ, ਪ੍ਰੀ-ਸਕੂਲ ਪਾਠਕਰਮ ਦੇ ਨਾਲ-ਨਾਲ ਆਂਗਨਵਾੜੀ ਵਰਕਰਾਂ ਅਤੇ ਸਿਹਤ ਸੇਵਾਵਾਂ ਦੇ ਕਰਮਚਾਰੀਆਂ ਵਿੱਚ ਬੇਹਤਰ ਤਾਲਮੇਲ ਹੈ, ਜੋ ਗਰਭਵਤੀ ਮਾਵਾਂ ਅਤੇ ਦੁੱਧ ਮੂੰਹੇ ਬੱਚਿਆਂ ਦਾ ਧਿਆਨ ਰੱਖਦੇ ਹਨ। ਝਾਰਖੰਡ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਜਿਹੇ ਸੂਬਿਆਂ ਨੂੰ ਮਾਵਾਂ ਬੱਚਿਆਂ ਅਤੇ ਮਾਂ ਬਨਣ ਵਾਲੀਆਂ ਔਰਤਾਂ ਉਤੇ ਬਹੁਤ ਜਿਆਦਾ ਖ਼ਰਚਾ ਕਰਨ ਦੀ ਲੋੜ ਹੈ।

-ਲੇਖਕ: ਪਤਰ ਲੇਖਾ ਚਟਰਜੀ
-ਪੰਜਾਬੀ ਰੂਪ: ਗੁਰਮੀਤ ਸਿੰਘ ਪਲਾਹੀ
-ਮੋਬ.ਨੰ: 9815802070

 ਵੋਟਰ, ਸਿਆਸੀ ਧਿਰਾਂ ਨੂੰ ਸਬਕ ਸਿਖਾਉਂਦੇ ਹਨ - ਗੁਰਮੀਤ ਸਿੰਘ ਪਲਾਹੀ

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਭਾਰਤੀ ਵੋਟਰ ਪਿੱਛਲਗ ਹੈ, ਸਿਆਣਾ ਨਹੀਂ, ਜਿੱਧਰ ਵੀ ਥੋੜ੍ਹੀ ਹਵਾ ਵਗੀ ਦੇਖਦਾ ਹੈ, ਉਧਰ ਵੱਲ ਹੀ ਤੁਰ ਜਾਂਦਾ ਹੈ। ਪਰ ਹੁਣ ਵੋਟਰ ਹਵਾ ਦੇ ਰੁਖ ਨੂੰ ਵੀ ਵੇਖਦਾ ਹੈ, ਪਰ ਆਪਣੀ ਸੋਝੀ ਨਾਲ ਵੋਟ ਪਾਉਣ ਦਾ ਜਤਨ ਵੀ ਕਰਦਾ ਹੈ। ਸਾਰੇ ਦੇਸ਼ ਵਿੱਚ ਜਦੋਂ ''ਮੋਦੀ, ਮੋਦੀ'' ਹੋਈ, ਪੰਜਾਬ ਵਿੱਚ ਮੋਦੀ ਲਹਿਰ ਦਾ ਪ੍ਰਭਾਵ ਵੇਖਣ ਨੂੰ ਨਾ ਮਿਲਿਆ।
      ਪੰਜਾਬ 'ਚ ਦਸ ਸਾਲਾਂ ਦੇ ਅਕਾਲੀ-ਭਾਜਪਾ ਰਾਜ ਬਾਅਦ ਗੱਠਜੋੜ ਆਪਣੇ ਵਲੋਂ ਕੀਤੇ ਵਿਕਾਸ ਦੇ ਨਾਮ ਉਤੇ ਵੋਟ ਮੰਗਣ ਵੋਟਰਾਂ ਕੋਲ ਗਿਆ, ਪਰ ਵੋਟਰਾਂ ਨੇ ਭੈੜੇ ਰਾਜ ਪ੍ਰਬੰਧ, ਨਸ਼ਾ-ਭੂਮੀ ਮਾਫੀਆ ਨੂੰ ਸਾਂਭਣ 'ਚ ਨਾ-ਕਾਮਯਾਬੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਨੂੰ ਮਨ 'ਚ ਰੱਖਕੇ ਵੋਟ ਪਾਈ, ਅਤੇ ਅਕਾਲੀ-ਗੱਠਜੋੜ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ। ਵੋਟਰਾਂ, ਪਰਖੀ ਹੋਈ ਆਮ ਆਦਮੀ ਪਾਰਟੀ, ਜਿਸ ਨੇ ਆਪਹੁਦਰੀਆਂ ਕੀਤੀਆਂ, ਆਮ ਲੋਕਾਂ ਨੂੰ ਪੱਲੇ ਨਾ ਬੰਨਿਆ, ਤਾਕਤਵਰਾਂ-ਧਨਾਢਾਂ ਨੂੰ ਟਿਕਟਾਂ ਦਿੱਤੀਆਂ, ਨੂੰ ਮੁੜ ਪਰਖਣ ਤੋਂ ਕੰਨੀ ਕਤਰਾਈ। ਵੋਟਰਾਂ ਭੈੜਿਆਂ 'ਚੋਂ ਕੁਝ ਚੰਗੀ ਕਾਂਗਰਸ ਨੂੰ ਅਗਲੇ ਪੰਜ ਸਾਲਾਂ ਲਈ ਪੰਜਾਬ ਤੇ ਰਾਜ ਕਰਨ ਲਈ ਚੁਣ ਲਿਆ। ਭਾਜਪਾ ਨੇ ਵਿਕਾਸ ਦੇ ਨਾਮ ਉਤੇ, ਮੋਦੀ ਦੇ ਨਾਮ ਉਤੇ, ਕਸ਼ਮੀਰ 'ਚ 370 ਧਾਰਾ ਤੋੜਣ ਦੇ ਨਾਮ ਉਤੇ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵੋਟਰਾਂ ਤੋਂ ਵੋਟ ਮੰਗੀ। ਵੋਟਰਾਂ, ਭਾਜਪਾ ਨੂੰ ਅੰਗੂਠਾ ਦਿਖਾ ਦਿੱਤਾ। ਲੱਖ ਭਾਜਪਾ ਇਹ ਕਹਿੰਦੀ ਫਿਰੇ ਕਿ ਹਰਿਆਣਾ 'ਚ ਫਤਵਾ ਉਸਦੇ ਨਾਮ ਉਤੇ ਹੈ, ਉਸਨੂੰ ਪਹਿਲਾ ਨਾਲੋਂ ਵੱਧ ਵੋਟਾਂ ਮਿਲੀਆਂ ਹਨ, ਪਰ ਵੋਟਰਾਂ ਭਾਜਪਾ ਨੂੰ ਨਕਾਰ ਦਿੱਤਾ ਹੈ, ਪੱਲੇ ਨਹੀਂ ਬੰਨਿਆ। ਉਸਨੂੰ ਮਜ਼ਬੂਰਨ ਆਪਣੇ ਧੁਰ-ਵਿਰੋਧੀ ''ਦੇਵੀ ਲਾਲ'' ਦੇ ਪੋਤਰੇ ਨਾਲ ਰਲਕੇ ਸਰਕਾਰ ਬਨਾਉਣੀ ਪਈ, ਜੋ ਹਰਿਆਣਾ 'ਚ ਜਾਟਾਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਹੈ, ਜੋ ਪਹਿਲੀ ਵੇਰ ਹੀ ਦਸ ਸੀਟਾਂ ਉਤੇ ਹਰਿਆਣਾ 'ਚ ਜਿੱਤ ਪ੍ਰਾਪਤ ਕਰ ਗਈ। ਵੋਟਰਾਂ, ਖਾਸ ਕਰਕੇ ਜਾਟ ਵੋਟਰਾਂ ਇਸ ਆਸ ਨਾਲ ਇਸ ਪਾਰਟੀ ਨੂੰ ਵੋਟ ਪਾਈ ਕਿ ਉਹ ਉੱਧੜੇ ਹੋਏ ਖੇਤੀ ਕਾਰੋਬਾਰ ਨੂੰ ਮੁੜ ਸੁਆਰਨਗੇ। ਹਾਲ ਇਹੋ ਜਿਹਾ ਹੀ ਮਹਾਰਾਸ਼ਟਰ ਵਿੱਚ ਭਾਜਪਾ ਦਾ ਹੋਇਆ ਹੈ, ਜਿਥੇ ਭਾਜਪਾ ਅਤੇ ਸ਼ਿਵ ਸੈਨਾ ਗੱਠਜੋੜ ਚੋਣਾਂ ਤਾਂ ਜਿੱਤ ਗਿਆ, ਪਰ ਸੀਟਾਂ ਅਤੇ ਵੋਟਾਂ ਪਹਿਲਾਂ ਨਾਲੋਂ ਘੱਟ ਮਿਲੀਆਂ। ਆਪਸੀ ਖੋਹ-ਖਿੱਚ ਕਾਰਨ ਮਹਾਰਾਸ਼ਟਰ 'ਚ ਨਾ ਭਾਜਪਾ ਦੀ ਅਤੇ ਨਾ ਸ਼ਿਵ ਸੈਨਾ ਦੀ ਸਰਕਾਰ ਬਣ ਸਕੀ, ਉਥੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਪਿਛਲੇ ਦਰਵਾਜ਼ੇ ਸੱਤਾ ਭਾਜਪਾ ਨੂੰ ਮੋਦੀ ਸਰਕਾਰ ਨੇ ਸੌਂਪ ਦਿੱਤੀ। ਹਰਿਆਣਾ, ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਪਹਿਲਾਂ ਨਾਲੋਂ ਵੱਧ ਖੱਟਿਆ ਹੈ। ਹਰਿਆਣਾ 'ਚ ਕਾਂਗਰਸ ਚੰਗੀ ਤਾਕਤ 'ਚ ਆਈ ਹੈ ਅਤੇ ਮਹਾਰਾਸ਼ਟਰ 'ਚ ਵੀ ਉਸਦੀ ਸਥਿਤੀ ਸੁਧਰੀ ਹੈ। ਇਸਦਾ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਹਾਈ ਕਮਾਂਡ ਖਾਸ ਕਰਕੇ ਗਾਂਧੀ ਪਰਿਵਾਰ ਨੇ ਚੋਣ ਪ੍ਰਚਾਰ 'ਚ ਬਹੁਤ ਘੱਟ ਹਿੱਸਾ ਲਿਆ। ਅਸਲ ਵਿੱਚ ਗਾਂਧੀ ਪਰਿਵਾਰ ਨੂੰ ਦੇਸ਼ ਦੀ ਲੋਕ ਸਭਾ ਚੋਣਾਂ ਸਮੇਂ ਵੀ ਅਤੇ ਹੁਣ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਵੋਟਰਾਂ ਨੇ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ, ਸਗੋਂ ''ਹਾਈ ਕਮਾਂਡ ਕਲਚਰ'' ਨੂੰ ਨਕਾਰ ਕੇ ਕਾਂਗਰਸ ਦੇ ਸਥਾਨਕ ਕਾਂਗਰਸੀ ਨੇਤਾਵਾਂ ਅਤੇ ਉਨ੍ਹਾਂ ਵਲੋਂ ਕੀਤੇ ਕੰਮਾਂ ਨੂੰ ਵੋਟ ਪਾਈ। ਹਰਿਆਣਾ 'ਚ ਭੁਪਿੰਦਰ ਸਿੰਘ ਹੁੱਡਾ ਇਸਦੀ ਮਿਸਾਲ ਹਨ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਇਸਦੀ ਉਦਾਹਰਨ ਹੋ ਸਕਦਾ ਹੈ।
      ਦੇਸ਼ ਦਾ ਅਰਥਚਾਰਾ ਬੁਰੀ ਤਰ੍ਹਾਂ ਲੜ-ਖੜਾ ਚੁੱਕਾ ਹੈ। ਖੇਤੀ ਖੇਤਰ ਦੀ ਸਥਿਤੀ ਦਰਦਨਾਕ ਬਣੀ ਹੋਈ ਹੈ। ਰੁਜ਼ਗਾਰ ਦੇ ਮਾਮਲੇ ਉਤੇ ਦੇਸ਼ ਦਾ ਮੱਧ ਵਰਗ ਤਾਂ ਹੈਰਾਨ-ਪ੍ਰੇਸ਼ਾਨ ਹੈ ਹੀ, ਕਿਸਾਨ,ਮਜ਼ਦੂਰ ਵੀ ਬੁਰੀ ਤਰ੍ਹਾਂ ਬੇਰੁਜ਼ਗਾਰੀ ਤੋਂ ਪ੍ਰਭਾਵਤ ਹੋਏ ਹਨ। ਇਨ੍ਹਾਂ ਮਹੱਤਵਪੂਰਨ ਮੁੱਦਿਆਂ ਦਾ ਹੱਲ ਭਾਜਪਾ ਕਰ ਨਹੀਂ ਪਾ ਰਹੀ। ਇਸ ਕਰਕੇ ਲੋਕਾਂ ਦਾ ਭਰੋਸਾ ਭਾਜਪਾ ਨਾਲੋਂ ਲਗਾਤਾਰ ਟੁੱਟ ਰਿਹਾ ਹੈ, ਸਿਰਫ਼ ਮੋਦੀ ਦੇ ਭਾਸ਼ਣਾਂ ਉਤੇ ਭਰੋਸਾ ਕਰਕੇ ਵੋਟਰ, ਹੁਣ ਵੋਟ ਦੇਣ ਨੂੰ ਰਾਜ਼ੀ ਨਹੀਂ। ਧਾਰਾ 370 ਤੋੜਨ ਦਾ ''ਮੋਦੀ ਤੀਰ'' ਵੀ ਐਤਕਾਂ ਵੋਟਰਾਂ ਨੂੰ ਗੁਮਰਾਹ ਨਹੀਂ ਕਰ ਸਕਿਆ, ਕਿਉਂਕਿ ਉਹ ਸਮਝਦੇ ਹਨ, ''ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ''। ਵੋਟਰ ਸਿਰਫ਼ ਭਾਵਨਾਵਾਂ ਅਤੇ ਭਰੋਸਿਆਂ ਉਤੇ ਵੋਟਾਂ ਦੇਣਾ ਪਸੰਦ ਕਰਨੋਂ ਹਟਣ ਲੱਗ ਪਏ ਹਨ।
      ਇਨ੍ਹਾਂ ਚੋਣਾਂ ਵਿੱਚ ਜਿਸ ਵੀ ਪਾਰਟੀ ਨੇ ਦਲਬਦਲੂ ਨੀਤੀ ਨੂੰ ਉਤਸ਼ਾਹਿਤ ਕੀਤਾ, ਵੋਟਰਾਂ ਨੇ ਉਸਨੂੰ ਸਜ਼ਾ ਦਿੱਤੀ ਅਤੇ ਹੰਕਾਰੀ ਨੇਤਾਵਾਂ ਨੂੰ ਵੀ ਉਨ੍ਹਾਂ ਨੇ ਨਹੀਂ ਬਖਸ਼ਿਆ। ਹਰਿਆਣਾ ਵਿੱਚ ਵਿੱਤ ਮੰਤਰੀ ਕੈਪਟਨ ਅਭਿਮਨਿਊ ਅਤੇ ਮਹਾਰਾਸ਼ਟਰ ਵਿੱਚ ਮੰਤਰੀ ਪੰਕਜ ਮੁੰਡੇ ਧੱਕੜ ਅਤੇ ਹੰਕਾਰੀ ਮੰਤਰੀ ਸਨ, ਉਨ੍ਹਾਂ ਦੇ ਹੱਕ 'ਚ ਵੋਟਰ ਨਾ ਭੁਗਤੇ। ਹਰਿਆਣਾ ਵਿੱਚ ਮੁੱਖ ਮੰਤਰੀ ਖੱਟਰ ਅਤੇ ਮੰਤਰੀ ਅਨਿਲ ਵਿੱਜ ਹੀ ਜਿੱਤੇ ਬਾਕੀ ਸਾਰੇ ਦੇ ਸਾਰੇ ਅੱਠ ਮੰਤਰੀ ਹਾਰ ਗਏ ਕਿਉਂਕਿ ਇਨ੍ਹਾਂ ਲੋਕਾਂ ਨੇ ਹਰਿਆਣਾ ਦੇ ਲੋਕਾਂ ਦੀਆਂ ਸੋਕੇ, ਹੜ੍ਹ ਜਿਹੇ ਸਮੇਂ ਉਨ੍ਹਾਂ ਨੂੰ ਆਈਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ। ਬਿਪਤਾ ਵੇਲੇ ਉਨ੍ਹਾਂ ਦੀ ਕਿਸੇ ਬਾਤ ਨਹੀਂ ਪੁੱਛੀ। ਜਿਥੇ ਭਾਜਪਾ ਨੂੰ ਨੇਤਾਵਾਂ ਦੀ ''ਆਇਆ ਰਾਮ-ਗਿਆ ਰਾਮ'' ਦੀ ਨੀਤੀ ਨੂੰ ਉਤਸ਼ਾਹ ਦੇਣਾ ਮਹਿੰਗਾ ਪਿਆ, ਉਥੇ ਆਪਣੇ ਵਰਕਰਾਂ ਨੂੰ ਪਿੱਛੇ ਛੱਡਕੇ ਹਾਈ ਕਮਾਂਡ ਵਲੋਂ ਪੈਰਾਸ਼ੂਟ ਰਾਹੀਂ ਉਤਾਰੇ 'ਖਿਡਾਰੀਆਂ, ਕਲਾਕਾਰਾਂ' ਨੂੰ ਟਿਕਟਾਂ ਦੇਣੀਆਂ ਵੀ ਰਾਸ ਨਾ ਆਈਆਂ, ਵੋਟਰਾਂ ਨੇ ਉਨ੍ਹਾਂ ਤੋਂ ਕਿਨਾਰਾ ਕੀਤੀ ਰੱਖਿਆ। ਮਹਾਰਾਸ਼ਟਰ ਵਿੱਚ ਕਾਂਗਰਸ ਅਤੇ ਐਨ ਸੀ ਪੀ ਛੱਡਣ ਵਾਲੇ ਅਨੇਕਾਂ ਹੀ ਦਲਬਦਲੂ ਹਾਰ ਗਏ।
       ਇਹਨਾ ਚੋਣਾਂ ਵਿੱਚ ਇੱਕ ਨਵੀਂ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਉਹ ਵੋਟਰ ਜਿਨ੍ਹਾਂ ਨੂੰ ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਪਾਰਟੀ ਦਾ ਉਮੀਦਵਾਰ ਪਸੰਦ ਨਹੀਂ ਆਇਆ, ਉਨ੍ਹਾਂ ਨੇ 'ਨੋਟਾ' ਦਾ ਬਟਨ ਦਬਾਇਆ। ਹਰਿਆਣਾ, ਮਹਾਰਾਸ਼ਟਰ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ 8.9 ਲੱਖ ਵੋਟਰਾਂ ਨੇ 'ਨੋਟਾ' ਦਾ ਬਟਨ ਉਨ੍ਹਾਂ ਥਾਵਾਂ ਉਤੇ ਵਿਸ਼ੇਸ਼ ਕਰਕੇ ਵੋਟਰਾਂ ਨੇ ਦਬਾਇਆ, ਜਿਥੇ ਮੁਸੀਬਤ ਵੇਲੇ ਨੇਤਾਵਾਂ ਨੇ ਵੋਟਰਾਂ ਦਾ ਸਾਥ ਨਹੀਂ ਦਿੱਤਾ। ਆਮ ਤੌਰ ਤੇ ਸ਼ਹਿਰੀ ਵੋਟਰ ਨੋਟਾ ਦੇ ਬਟਨ ਦੀ ਵਰਤੋਂ ਕਰਦੇ ਰਹੇ ਹਨ, ਪਰ ਇਸ ਵੇਰ ਵਿਧਾਨ ਸਭਾ ਚੋਣਾਂ 'ਚ ਨੋਟਾ ਦੀ ਵਰਤੋਂ ਵਧੇਰੇ ਕਰਕੇ ਪੇਂਡੂ ਖੇਤਰ ਦੇ ਲੋਕਾਂ ਨੇ ਕੀਤੀ, ਜਿਹੜੇ ਨੇਤਾਵਾਂ ਤੋਂ ਇਸ ਗੱਲੋਂ ਤੰਗ ਸਨ ਕਿ ਮੁਸੀਬਤ ਵੇਲੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।
      ਵੋਟਰਾਂ ਨੂੰ ਰਿਝਾਉਣ ਲਈ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ, ਸਮੇਂ ਸਮੇਂ ਗਰੀਬੀ ਹਟਾਓ, ਰਾਮ ਮੰਦਿਰ ਬਣਾਓ, ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਓ, ਗੁਆਂਢੀ ਮੁਲਕਾਂ ਤੋਂ ਦੇਸ਼ ਨੂੰ ਖ਼ਤਰਾ, ਰਾਸ਼ਟਰਵਾਦ ਹੀ ਉਤਮ, ਜਿਹੇ ਨਾਹਰੇ ਲਗਾਉਂਦੇ ਰਹੇ ਹਨ ਅਤੇ ਆਪਣੀ ਗੱਦੀ ਸੁਰੱਖਿਅਤ ਰੱਖਣ ਜਾਂ ਗੱਦੀ ਹਥਿਆਉਣ ਲਈ ਲੋਕਾਂ ਦੇ ਅਸਲ ਮੁੱਦਿਆਂ ਨੂੰ ਦੂਰ ਰੱਖਕੇ ਉਨ੍ਹਾਂ ਨੂੰ ਜ਼ਜ਼ਬਾਤੀ ਬਣਾਉਂਦੇ ਰਹੇ। ਹੁਣ ਦੇਸ਼ ਵਿੱਚ ਨੇਤਾਵਾਂ ਦੀ ਇੱਕ ਇਹੋ ਜਿਹੀ ਜਮਾਤ ਪੈਦਾ ਹੋ ਚੁੱਕੀ ਹੈ, ਜਿਹੜੀ ਹਰ ਹੀਲੇ ਤਾਕਤ ਹਥਿਆਉਣ ਲਈ, ਹਰ ਹਰਬਾ ਵਰਤਦੀ ਹੈ। ਪੈਸੇ ਦੀ ਵਰਤੋਂ ਕਰਕੇ ਵੋਟਰਾਂ ਨੂੰ ਖਰੀਦਣ ਦੀ ਗੱਲ ਇੱਕ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦੀ ਗੱਲ ਦੂਸਰੀ ਹੈ, ਜਿਸ ਵਿੱਚ ਧਰਮ, ਜਾਤ, ਪੇਂਡੂ, ਸ਼ਹਿਰੀ ਵੰਡ ਜਿਹੀਆਂ ਗੱਲਾਂ ਸ਼ਾਮਲ ਹਨ ਅਤੇ ਦੰਡ ਦਾ ਡਰਾਵਾਂ ਦੇਕੇ ਆਪਣੀ ਧਿਰ ਨਾਲ ਜੋੜਨ ਦੀ ਗੱਲ ਤੀਜੀ ਹੈ। ਦੰਡਤ ਕਰਨ ਲਈ ਦੇਸ਼ ਦੀਆਂ ਸੀ.ਬੀ.ਆਈ., ਈ.ਡੀ. ਜਿਹੀਆਂ ਸੰਸਥਾਵਾਂ ਦੀ ਵਰਤੋਂ ਕਰਕੇ ਨੇਤਾਵਾਂ ਨੂੰ ਦਲ-ਬਦਲੀ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਪਰ ਵੋਟਰ ਸਮਾਂ ਰਹਿੰਦਿਆਂ ਇਨ੍ਹਾਂ ਸਾਰੇ ਨੇਤਾਵਾਂ ਦੇ ਦਾਅ-ਪੇਚਾਂ ਤੋਂ ਭਲੀ-ਭਾਂਤ ਜਾਣੂ ਹੋਣ ਦੇ ਰਾਹ ਤੁਰੇ ਹਨ।
        ਦੇਸ਼ ਉਤੇ ਕਈ ਦਹਾਕੇ ਕਾਂਗਰਸ ਨੇ ਰਾਜ ਕੀਤਾ। ਪੂਰੇ ਦੇਸ਼ ਵਿੱਚ ਉਸਦਾ, ਉਸਦੇ ਨੇਤਾਵਾਂ ਦਾ ਬੋਲ-ਬਾਲਾ ਰਿਹਾ। ਪਰ ਕਾਂਗਰਸ ਦੇ ਨੇਤਾਵਾਂ ਨੇ ਜਦੋਂ ਤੋਂ ਲੋਕਾਂ ਨਾਲੋਂ ਜਾਂ ਵੋਟਰਾਂ ਨਾਲੋਂ ਦੂਰੀ ਬਣਾ ਲਈ, ਤਿਵੇਂ ਤਿਵੇਂ ਦੇਸ਼ ਵਿੱਚ ਹੋਰ ਸਿਆਸੀ ਧਿਰਾਂ ਨੇ ਆਪਣੇ ਪੈਰ ਪਕੇਰੇ ਕੀਤੇ। ਕਾਂਗਰਸ ਦੀ ਨੇਤਾ ਇੰਦਰਾ ਗਾਂਧੀ ਵਲੋਂ ਲਗਾਤਾਰ ਕਈ ਵਰ੍ਹੇ ਰਾਜ ਕੀਤਾ ਗਿਆ। ਉਸਨੇ ਦੇਸ਼ 'ਚ ਸੰਕਟ ਕਾਲੀਨ ਸਥਿਤੀ (ਐਮਰਜੈਂਸੀ) ਦਾ ਐਲਾਨ ਕੀਤਾ। ਸਿਆਸੀ ਤਾਕਤ ਹਥਿਆਉਣ ਦਾ ਹਰ ਹਰਬਾ ਵਰਤਿਆ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ। ਪਰ ਵੋਟਰਾਂ ਨੇ ਕਾਂਗਰਸ ਨੂੰ ਸੱਤਾ ਤੋਂ ਦੂਰ ਕਰ ਦਿੱਤਾ। ਵਿਰੋਧੀ ਧਿਰ ਅੱਗੇ ਆਈ, ਪਰ ਆਪੋ-ਆਪਣੀਆਂ ਸਵਾਰਥੀ ਨੀਤੀਆਂ ਕਾਰਨ ਰਾਜ-ਭਾਗ ਨਾ ਸੰਭਾਲ ਸਕੀ। ਮੁੜਕੇ ਫਿਰ ਕਾਂਗਰਸ ਨੇ ਦੇਸ਼ ਦੀ ਵਾਂਗਡੋਰ ਸੰਭਾਲੀ ਅਤੇ ਮਨਮੋਹਨ ਸਿੰਘ ਦੀ ਗਠਬੰਧਨ ਸਰਕਾਰ ਨੂੰ ਦਸ ਸਾਲਾਂ ਲਈ ਰਾਜ ਕਰਨ ਦਾ ਮੌਕਾ ਦਿੱਤਾ। ਪਰ ਲੋਕਾਂ ਦੇ ਮਸਲੇ, ਜਿਨ੍ਹਾਂ ਵਿੱਚ ਗਰੀਬੀ, ਬੇਰੁਜ਼ਗਾਰੀ, ਖੇਤੀ ਸੰਕਟ ਦਾ ਮਸਲਾ ਵੱਡਾ ਸੀ ਹੱਲ ਨਾ ਹੋ ਸਕੇ। ਦੇਸ਼ 'ਚ ਭੁੱਖਮਰੀ ਨੇ ਪੈਰ ਪਸਾਰੇ। ਸਭ ਲਈ ਖ਼ੁਰਾਕ ਦਾ ਕਾਨੂੰਨ ਪਾਸ ਹੋਇਆ ਪਰ ਸਹੀ ਤੌਰ ਤੇ ਲਾਗੂ ਨਾ ਹੋ ਸਕਿਆ ਤੇ ਲੋਕ ਇਸਦਾ ਫਾਇਦਾ ਨਾ ਲੈ ਸਕੇ। ਭਾਜਪਾ ਦੀ ਮੋਦੀ ਸਰਕਾਰ ਨੂੰ ਵੋਟਰਾਂ ਨੇ ਮੌਕਾ ਦਿੱਤਾ, ਅੱਜ ਭਾਜਪਾ ਦੇਸ਼ ਦੇ ਹਰ ਕੋਨੇ ਹੈ, ਪਰ ਕਾਂਗਰਸ ਬਹੁਤੇ ਰਾਜਾਂ ਵਿੱਚ ਪਿੱਛੇ ਰਹਿ ਚੁੱਕੀ ਹੈ। ਭਾਜਪਾ ਨੇ ਲੋਕਾਂ ਨੂੰ ਸਬਜ ਬਾਗ ਵਿਖਾਏ। ਦੂਜੀ ਵੇਰ ਤਾਕਤ ਵੀ ਹਥਿਆ ਲਈ। ਸੈਂਕੜੇ ਸਕੀਮਾਂ ਲੋਕਾਂ ਦੇ ਨਾਅ ਉਤੇ ਬਣਾਈਆਂ ਗਈਆਂ, ਪਰ ਅਮਲੀ ਤੌਰ ਤੇ ਲੋਕਾਂ ਦੇ ਦਰਾਂ ਤੋਂ ਦੂਰ ਇਹ ਸਕੀਮਾਂ 'ਸ਼ੇਖ ਚਿਲੀ ਦੇ ਸੁਪਨਿਆਂ' ਵਰਗੀਆਂ ਲੱਗ ਰਹੀਆਂ ਹਨ। ਅੱਜ ਜਦੋਂ ਭਾਜਪਾ 370 ਧਾਰਾ ਜੰਮੂ ਕਸ਼ਮੀਰ 'ਚੋਂ ਖ਼ਤਮ ਕਰਕੇ, ਰਾਸ਼ਟਰਵਾਦ ਦੇ ਨਾਮ ਉੱਤੇ ਮਹਾਰਾਸ਼ਟਰ ਤੇ ਹਰਿਆਣਾ 'ਚ ਵੋਟਰਾਂ ਦੇ ਦਰ ਪੁੱਜੀ ਤਾਂ ਬੁਰੀ ਤਰ੍ਹਾਂ ਨਾ-ਕਾਮਯਾਬ ਹੋਈ ਦਿਖਦੀ ਹੈ। ਵਿਧਾਨ ਸਭਾ ਦੀਆਂ ਆਉਣ ਵਾਲੀਆਂ ''ਝਾਰਖੰਡ'' ਸੂਬੇ ਦੀਆਂ ਚੋਣਾਂ 'ਚ ਰਾਮ ਮੰਦਿਰ ਦਾ ਮੁੱਦਾ ਕਿੰਨਾ ਕੁ ਭਾਜਪਾ ਦੇ ਹੱਕ 'ਚ ਜਾਏਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇੱਕ ਗੱਲ 'ਚਿੱਟੇ ਦਿਨ' ਵਾਂਗਰ ਸਾਫ਼ ਹੈ ਕਿ ਦੇਸ਼ ਦਾ ਵੋਟਰ ''ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਨ ਲੱਗ ਪਿਆ ਹੈ। ਦੇਸ਼ ਦਾ ਵੋਟਰ ਸਰਕਾਰ ਤੋਂ ''ਵੈਲਫੇਅਰ ਸਟੇਟ'' ਹੋਣ ਦੀ ਮੰਗ ਕਰਨ ਲੱਗ ਪਿਆ ਹੈ। ਦੇਸ਼ ਦਾ ਵੋਟਰ ''ਰਾਸ਼ਟਰਵਾਦ'' ਨਾਲ ਭੁੱਖੇ ਢਿੱਡ ਰਹਿਣ ਤੋਂ ਕੰਨੀ ਕਤਰਾਉਣ ਲੱਗ ਪਿਆ ਹੈ। ਦੇਸ਼ ਦਾ ਵੋਟਰ ਮੁਫ਼ਤ ਦਾ ਅੰਨ-ਦਾਣਾ, ਪ੍ਰਾਪਤ ਕਰਨ ਦੀ ਥਾਂ 'ਰੁਜ਼ਗਾਰ' ਮੰਗਣ ਦੇ ਰਾਹ ਤੁਰ ਪਿਆ ਹੈ। ਦੇਸ਼ ਦਾ ਵੋਟਰ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਅਤੇ ਪਰਿਵਾਰ ਲਈ ਚੰਗੀ ਸਿਹਤ ਚਾਹੁੰਦਾ ਹੈ। ਤਦੇ ਤਾਂ ਵੋਟਾਂ ਵੇਲੇ ਉਹ ਹੁਣ ਵਧੇਰੇ ਜਾਗਰੂਕ ਹੋਕੇ ਆਪਣੇ ਨੇਤਾ, ਆਪਣੀ ਚਾਹਤ ਵਾਲੀ ਸਿਆਸੀ ਧਿਰ ਦੀ ਚੋਣ ਕਰਨ ਲੱਗਾ ਹੈ। ਆਮ ਆਦਮੀ ਮੰਦਿਰ-ਮਸਜਿਦ ਮਾਮਲੇ 'ਚ ਇਹ ਸਮਝਣ ਲੱਗ ਪਿਆ ਹੈ ਕਿ ਜੇਕਰ ਮੰਦਿਰ ਬਣ ਰਿਹਾ ਹੈ ਤਾਂ ਮਸਜਿਦ ਵੀ ਬਣ ਜਾਏ। ਸਧਾਰਨ ਮਨੁੱਖ ਸਰਲਤਾ ਨਾਲ ਸੋਚਦਾ ਹੈ, ਜਿਹੜਾ ਕਿਸੇ ਵਿਵਾਦ 'ਚ ਫਸਣਾ ਨਹੀਂ ਚਾਹੁੰਦਾ, ਕਿਉਂਕਿ ਪੇਟ ਭਰਕੇ ਰੋਟੀ ਖਾਣਾ, ਬੱਚਿਆਂ ਦਾ ਭੱਵਿਖ ਸੁਆਰਨਾ ਉਹਦੇ ਮਨ ਦੀ ਖਾਹਿਸ਼ ਹੁੰਦੀ ਹੈ।
   ਇਹੋ ਗੱਲ ਸਿਆਸੀ ਧਿਰਾਂ ਨੂੰ ਇਸ ਵੇਲੇ ਸਮਝ ਲੈਣੀ ਚਾਹੀਦੀ ਹੈ, ਖ਼ਾਸ ਕਰਕੇ ਹਾਕਮ ਧਿਰ ਨੂੰ ਕਿ ਲੋਕਾਂ ਦੀਆਂ ਆਸਾਂ ਦੇ ਉਲਟ ਲਏ ਹੋਏ ਫ਼ੈਸਲੇ ਉਨ੍ਹਾਂ ਦਾ ਤਖ਼ਤਾ ਪਲਟ ਦੇਣਗੇ, ਕਿਉਂਕਿ ਜਿਵੇਂ ਦੇਸ਼ ਦੀ ਵੱਡੀ ਧਿਰ ਕਾਂਗਰਸ ਅੱਜ ਦੇਸ਼ ਦੇ ਵੋਟਰਾਂ ਤੋਂ ਆਪਣਾ ਅਤਾ-ਪਤਾ ਪੁੱਛ ਰਹੀ ਹੈ, ਉਵੇਂ ਹੀ ਭਾਜਪਾ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਵੋਟਰਾਂ ਤੋਂ ਦੂਰ ਹੋ ਜਾਏਗੀ।

ਸੰਪਰਕ - 9815802070

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਪੈਰੀਂ ਅਦਲ ਇਨਸਾਫ ਨੂੰ ਰੋਲਦੇ ਨੇ, ਰਾਜਨੀਤੀਏ, ਜੱਜ, ਵਕੀਲ ਰਲਕੇ

ਖ਼ਬਰ ਹੈ ਕਿ ਲੋਕਾਂ ਨੂੰ ਇਨਸਾਫ ਦੇਣ ਦੇ ਮਾਮਲੇ ਵਿੱਚ ਪੰਜਾਬ ਚੌਥੇ ਨੰਬਰ ਉਤੇ ਹੈ ਜਦਕਿ ਮਹਾਂਰਾਸ਼ਟਰ ਸਭ ਤੋਂ ਉਪਰ ਹੈ। ਉੱਤਰ ਪ੍ਰਦੇਸ਼ ਦਾ ਹਾਲ ਇਨਸਾਫ ਦੇਣ ਦੇ ਮਾਮਲੇ 'ਚ ਸਭ ਤੋਂ ਭੈੜਾ ਹੈ। ਭਾਰਤੀ ਇਨਸਾਫ ਰਿਪੋਰਟ 2019 ਦੇ ਅੰਕੜਿਆਂ ਅਨੁਸਾਰ 18 ਸੂਬਿਆਂ ਲਈ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਛੋਟੇ ਸੂਬਿਆਂ 'ਚ ਗੋਆ ਸਭ ਤੋਂ ਉਪਰ ਹੈ। ਇਸ ਰਿਪੋਰਟ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਾਨ ਬੀ ਲੋਕਰ ਨੇ ਕਿਹਾ, ਇਹ ਰਿਪੋਰਟ ਭਾਰਤ ਦੀ ਇਨਸਾਫ ਦੇਣ ਦੀ ਵਿਵਸਥਾ ਵਿੱਚ ਖ਼ਾਮੀ ਨੂੰ ਉਜਾਗਰ ਕਰਦਾ ਹੈ। ਇਸ ਰਿਪੋਰਟ ਵਿੱਚ ਇਨਸਾਫ ਮੁਹੱਈਆ ਕਰਨ ਦਾ ਅਧਾਰ ਨਿਆਪਾਲਿਕਾ, ਪੁਲਿਸ, ਜੇਲ੍ਹ ਅਤੇ ਕਾਨੂੰਨੀ ਸਹਾਇਤਾ ਜਿਹੇ ਚਾਰ ਪੱਖਾਂ ਨੂੰ ਧਿਆਨ 'ਚ ਰੱਖਿਆ ਗਿਆ  ਜੋ ਕਿ ਨਾਗਰਿਕਾਂ ਨੂੰ ਇਨਸਾਫ ਦੁਆਉਣ ਲਈ ਅਹਿਮ, ਭੂਮਿਕਾ ਨਿਭਾਉਂਦੇ ਹਨ।
ਉਥੋਂ, ਕਿਥੋਂ ਲੱਭਦੇ ਹੋ ਇਨਸਾਫ ਜੀਓ, ਜਿਥੇ "ਇੱਕ ਪੀੜੀ 'ਚ ਮੁਕੱਦਮਾ ਦਰਜ ਹੁੰਦਾ ਹੈ ਅਤੇ ਫ਼ੈਸਲਾ ਦੂਜੀ ਪੀੜੀ 'ਚ ਜਾਕੇ ਹੁੰਦਾ ਆ। ਉਵੇਂ ਹੀ ਭਰਾਵੋ, ਜਿਵੇਂ ਅੰਬ ਬੀਜਦਾ ਆ ਬਾਬਾ, ਅੰਬ ਖਾਂਦਾ ਆ ਪੁੱਤਾ-ਪੋਤਾ। ਉਥੋਂ, ਕਿੱਥੇ ਲੱਭਦੇ ਹੋ ਇਨਸਾਫ ਜੀਓ, ਜਿਥੇ "ਜਿਸਦੀ ਲਾਠੀ ਉਸਦੀ ਭੈਂਸ" ਦਾ ਕਾਨੂੰਨ ਪਿੰਡ ਦਾ ਸਰਪੈਂਚ ਵੀ ਚਲਾਉਂਦਾ ਆ, ਇਲਾਕੇ ਦਾ ਠਾਣੇਦਾਰ ਵੀ ਅਤੇ ਪਟਵਾਰੀ, ਦੀ ਤਾਂ ਗੱਲ ਹੀ ਨਾ ਪੁੱਛੋ, ਖੜੇ-ਖੜੇ ਲੀਕ ਮਾਰਕੇ ਤੁਹਾਡਾ ਘਰ ਜ਼ਮੀਨ, ਲਾਲ ਲਕੀਰੀ ਦੱਸਕੇ ਕਿਸੇ ਹੋਰ ਦੇ ਨਾਮ ਚੜ੍ਹਾ ਵੀ ਸਕਦਾ ਤੇ ਉਤਾਰ ਵੀ ਸਕਦਾ ਆ। ਉਥੋਂ, ਕਿਥੋਂ ਲੱਭਦੇ ਹੋ ਇਨਸਾਫ ਜੀਓ, ਜਿਥੇ ਮੌਕੇ ਦੀ ਮੋਦੀ ਸਰਕਾਰ, ਇਹ ਫ਼ੈਸਲਾ ਕਰਦਿਆਂ ਵੀ ਪਲ ਨਹੀਂ ਲਾਉਂਦੀ ਕਿ ਪ੍ਰਵਾਸੀ ਭਾਰਤੀਆਂ ਦੀ ਜ਼ਮੀਨ ਜੇਕਰ ਉਹਨਾ ਦਾ ਪਾਹੀ, ਭੈਣ-ਭਰਾ, ਰਿਸ਼ਤੇਦਾਰ ਵਾਹੁੰਦਾ ਹੈ ਬਾਰਾਂ ਵਰ੍ਹੇ ਲਗਾਤਾਰ, ਤਾਂ ਸਮਝੋ ਉਹਦੀ ਹੀ ਹੋ ਜੂਗੀ। ਉਂਜ ਜੀਓ, ਇਨਸਾਫ! ਪੂਰਾ ਇਨਸਾਫ!! ਸਹੀ ! ਪੂਰਾ ਸਹੀ!! ਦੀ ਰੱਟ ਅਲਾਪਦੇ ਵੱਡੇ ਘਰਾਂ ਵਾਲੇ ਅਤੇ ਰਾਜਨੀਤਿਕ ਲੋਕਾਂ ਬਾਰੇ ਮਸ਼ਹੂਰ ਆ ਭਾਈ, "ਪੈਰੀਂ ਅਦਲ ਇਨਸਾਫ ਨੂੰ ਰੋਲਦੇ ਨੇ, ਰਾਜਨੀਤੀਏ, ਜੱਜ, ਵਕੀਲ ਰਲਕੇ"। ਤੇ ਉਸ ਦੇਸ਼ 'ਚ ਇਨਸਾਫ ਲੱਭਣਾ, ਜਿਥੇ ਪੰਡਾਂ ਬੰਨ੍ਹ-ਬੰਨ੍ਹ ਦੌਲਤ ਦੀ ਵਰਤੋਂ ਨਾਲ ਇਨਸਾਫ ਖਰੀਦਿਆਂ ਜਾਂਦਾ ਆ, ਐਂਵੇ ਭਰਮ ਪਾਲਣ ਵਾਲੀ ਗੱਲ ਆ ਜੀਓ।  ਠੀਕ ਭਾਈ ਕਿਹਾ ਨਾ ਜੀ।
ਭੀੜਾਂ ਜੋੜ ਸਮਾਗਮ ਰਚਾਉਣ ਹਾਕਮ,
ਧੂੰਆਂਧਾਰ ਹੈ ਨਿੱਤ ਪ੍ਰਚਾਰ ਹੁੰਦਾ।
ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵਲੋਂ 9 ਤੋਂ 12 ਨਵੰਬਰ ਤੱਕ ਬਿਨ੍ਹਾਂ ਪਾਸਪੋਰਟ, ਬਿਨ੍ਹਾਂ ਫ਼ੀਸ ਦਰਸ਼ਨ ਕਰਨ ਦੀ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਭਾਰਤ ਵਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਅਤੇ ਟਰਮੀਨਲ ਤੋਂ ਸ਼ਨਿਚਰਵਾਰ ਨੂੰ ਪਹਿਲੇ ਜੱਥੇ ਵਿੱਚ 562 ਅਤੇ ਐਤਵਾਰ ਨੂੰ 239 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਦਰਸ਼ਨ ਕਰਨ ਲਈ ਰਵਾਨਾ ਹੋਏ। ਇਹਨਾ ਵਿਚੋਂ 6 ਵਜੇ ਤੱਕ 229 ਸ਼ਰਧਾਲੂ ਕਰਤਾਰਪੁਰ ਟਰਮੀਨਲ ਤੋਂ ਬਾਹਰ ਆ ਗਏ ਹਨ। ਉਧਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਐਤਵਾਰ ਨੂੰ 9 ਲੱਖ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ। ਸੁਲਤਾਨਪੁਰ ਲੋਧੀ 'ਚ 96 ਏਕੜ 'ਚ ਬਣੀ ਟੈਂਟ ਸਿਟੀ ਇੱਕ, 40 ਏਕੜ 'ਚ ਟੈਂਟ ਸਿਟੀ ਦੋ, 120 ਏਕੜ 'ਚ ਟੈਂਟ ਸਿਟੀ ਤਿੰਨ ਬਣਾਈਆਂ ਗਈਆਂ ਹਨ, ਜਿੱਥੇ ਬਾਹਰੋਂ ਆਈਆਂ ਸੰਗਤਾਂ ਠਹਿਰ ਰਹੀਆਂ ਹਨ।
ਸਭ ਪੈਸੇ ਦਾ ਖੇਲ ਆ ਭਾਈ! ਦੋਹੀਂ ਹੱਥੀਂ, ਏਧਰ ਵੀ ਤੇ ਉਧਰ ਵੀ ਸੰਗਤਾਂ ਨੂੰ ਲੁੱਟਿਆ ਜਾ ਰਿਹਾ । ਸੰਗਤ ਦਾ ਪੈਸਾ, ਸੰਗਤ ਦੀ ਸ਼ਰਧਾ, ਸੰਗਤ ਦਾ ਪਿਆਰ, ਸੰਗਤ ਦਾ ਗੁਰੂਆਂ ਪ੍ਰਤੀ ਸਤਿਕਾਰ, ਰੋਲਿਆ ਜਾ ਰਿਹਾ। ਰੋਡ ਸ਼ੋਅ ਕਰਕੇ, ਉਦਘਾਟਨ ਕਰਕੇ ਇੱਕ ਪਾਸੇ ਗੁਰੂ ਦੀ ਗੋਲਕ ਲੁਟਾਈ ਜਾ ਰਹੀ ਹੈ, ਦੂਜੇ ਪਾਸੇ ਟੈਂਟ ਲਗਾਕੇ, ਉਦਘਾਟਨ ਕਰਕੇ ਲੋਕਾਂ ਦਾ ਟੈਕਸਾਂ ਦਾ ਪੈਸਾ ਦੋਹੀਂ-ਹੱਥੀਂ ਲੁਟਾਇਆ ਜਾ ਰਿਹਾ ਹੈ। ਟੱਬਰਾਂ ਦੇ ਟੱਬਰ ਮਾਲਕ ਭਾਗੋ ਦੇ, ਕਿਰਤੀ ਬਾਬੇ ਦੇ ਦਰਸ਼ਨ ਕਰਨ, ਤੁਰ ਗਏ ਪਰ ਮੇਰੇ ਪਿੰਡ ਦਾ ਜੀਊਣਾ, ਗੁਆਂਢੀ ਪਿੰਡ ਦੀ ਚਿੰਤੀ ਲੀੜੇ ਲੜ ਦਸ ਦਾ ਨੋਟ ਬੰਨੀ ਤੁਰੀ ਫਿਰਦੀ ਰਹੀ, ਕਿਸੇ ਉਹਦੀ ਰਜਿਸਟ੍ਰੇਸ਼ਨ ਨਾ ਕਰਵਾਈ ਬਾਬੇ ਦੇ ਦਰ ਪੁੱਜਣ ਲਈ, ਉਹ ਭਾਈ ਪੈਸਾ ਕੱਢ ਤਮਾਸ਼ਾ ਵੇਖ ਬਣਾ ਤਾ ਸ਼ਰਧਾ  ਨੂੰ ਇਹਨਾ ਲੀਡਰਾਂ ਨੇ। ਬਾਬਾ ਨਾਨਕ ਵੇਖ ਰਿਹਾ, ਉਹਦੇ ਨਾਮ ਉਤੇ ਕੀ ਕੀ ਖੇਡਾਂ  ਹੋ ਰਹੀਆਂ ਆ। ਕੀਰਤਨ ਦਰਬਾਰ ਹੋ ਰਹੇ ਆ, ਨਗਰ ਕੀਰਤਨ ਹੋ ਰਹੇ ਆ,  "ਚੰਗਿਆਂ  ਦੇ ਸਨਮਾਨ ਹੋ ਰਹੇ ਆ, ਬਾਬੇ ਨੇ ਜ਼ਰੂਰ ਵੇਖਿਆ ਹੋਊ।  ਇਹਨਾ 550 ਚੰਗਿਆਂ ਵਿੱਚ ਕੋਈ ਵੀ ਕਿਰਤੀ ਨਹੀਂ ਸੀ, ਕੋਈ  ਵੀ ਮਰਦਾਨਾ ਨਹੀਂ ਸੀ, ਕੋਈ ਵੀ ਭਾਈ ਲਾਲੋ ਨਹੀਂ ਸੀ। ਸਭ ਖੇਡਾਂ ਨੇ ਭਾਈ। ਕਵੀ ਸੱਚ ਉਚਾਰਦਾ ਆ, "ਭੀੜਾਂ ਜੋੜ ਸਮਾਗਮ ਰਚਾਉਣ ਹਾਕਮ,  ਧੂੰਆਂਧਾਰ ਹੈ ਨਿੱਤ ਪ੍ਰਚਾਰ ਹੁੰਦਾ"। ਤੇ ਅੱਗੋਂ ਨਾਨਕ ਬਾਣੀ ਬਾਰੇ, ਉਹਨਾ ਦੇ ਅਮਲ ਬਾਰੇ ਸਭ ਚੁੱਪ ਨੇ। ਅਸਲੋ ਚੁੱਪ।

ਫੇਲ੍ਹ ਹੋ ਕੇ ਰੋਂਦਾ ਵਿਦਿਆਰਥੀ, ਉਹ
ਜੀਹਦਾ ਕੀਮਤੀ ਸਾਲ ਗੁਆਚ ਜਾਏ।
ਖ਼ਬਰ ਹੈ ਕਿ ਭਾਜਪਾ ਨੇ ਮਹਾਰਾਸ਼ਟਰ ਦੇ ਗਵਰਨ ਨੂੰ ਮਿਲਕੇ ਦਸ ਦਿੱਤਾ ਹੈ ਕਿ ਉਹ ਸਰਕਾਰ ਨਹੀਂ ਬਣਾਵੇਗੀ, ਕਿਉਂਕਿ ਮਹਾਂ-ਗਠਜੋੜ ਵਿੱਚ ਸ਼ਾਮਲ ਸ਼ਿਵ ਸੈਨਾ ਸਾਥ ਦੇਣ ਤੋਂ ਇਨਕਾਰੀ ਹੈ। ਭਾਜਪਾ ਨੇ ਕਿਹਾ ਹੈ ਕਿ ਭਾਜਪਾ ਤੇ ਸ਼ਿਵ ਸੈਨਾ ਮਹਾਂ-ਗਠਜੋੜ ਨੂੰ ਲੋਕਾਂ ਨੇ ਚੋਣਾਂ ਵਿੱਚ ਬਹੁਤ ਚੰਗਾ ਫਤਵਾ ਦਿੱਤਾ ਸੀ ਅਤੇ ਇਹ ਫਤਵਾ ਸਰਕਾਰ ਬਨਾਉਣ ਲਈ ਕਾਫੀ ਸੀ। ਉਧਰ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਨੇ ਮਹਾਰਾਸ਼ਟਰ ਵਿੱਚ ਐਤਕੀ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਬਨਾਉਣ ਦੀ ਮੰਗ ਦੁਹਰਾਦਿਆਂ ਕਿਹਾ ਕਿ ਉਹਨਾ ਹੋਰਨਾਂ ਦੀਆਂ ਪਾਲਕੀਆਂ ਚੁੱਕੀਆਂ ਪਰ ਐਤਕੀ ਪਾਲਕੀ ਵਿੱਚ ਸ਼ਿਵ ਸੈਨਕ ਬੈਠੇਗਾ।
ਵੇਖੋ ਜੀ, ਚੜ੍ਹਤ 'ਚ ਆਈ ਭਾਜਪਾ ਦਾ ਇੱਕ ਪਹੀਆ ਹਰਿਆਣੇ 'ਚ ਟੁੱਟਦਾ, ਡੋਲਦਾ ਮਸੀਂ ਬਚਿਆ। ਵੇਖੋ ਜੀ, ਆਪਣੇ ਆਪ ਨੂੰ ਅਜੇਤੂ ਸਮਝਣ ਵਾਲੀ ਭਾਜਪਾ ਨੂੰ "ਫੌਜੀ ਭਾਈ ਕੈਪਟਨ" ਨੇ ਪੰਜਾਬ 'ਚ ਚੰਗਾ ਮਜ਼ਾ ਚਖਾਇਆ, ਦੋਹਾਂ ਸੀਟਾਂ ਤੇ ਉਸਨੂੰ ਚਾਰੋ ਖਾਨੇ ਚਿੱਤ ਕਰ ਦਿੱਤਾ। ਮਹਾਰਾਸ਼ਟਰ 'ਚ ਭਾਜਪਾ ਪਹਿਲਾਂ ਨਾਲ ਘੱਟ ਸੀਟਾਂ ਲੈ ਜਾ ਸਕੀ ਤੇ  "ਸ਼ਿਵ ਸੈਨਾ" ਤੇ ਨਿਰਭਰ ਹੋ ਗਈ ਤੇ ਸਰਕਾਰ ਨਾ ਬਣਾ ਸਕੀ, ਜਿਹੜੀ ਸ਼ਿਵ ਸੈਨਾ ਇਹ ਕਹਿੰਦੀ ਸੀ, ਭਾਈ ਜੋ ਖਾਣਾ ਹੈ, ਅੱਧੋ-ਅੱਧ ਕਰੋ। ਮੁੱਖ ਮੰਤਰੀ ਦੀ ਕੁਰਸੀ ਅੱਧੋ-ਅੱਧ ਸਮੇਂ ਲਈ, ਵਜ਼ੀਰੀਆਂ ਅੱਧੋ-ਅੱਧ ਕਰੋ। ਪਰ ਭਾਜਪਾ ਵਾਲੇ ਮੈਂ ਨਾ ਮਾਨੂੰ, ਮੈਂ ਨਾ ਮਾਨੂੰ ਕਹਿੰਦੇ ਰਹੇ ਤੇ ਸਮਾਂ ਲੰਘਾਉਂਦੇ ਰਹੇ। ਅਸਲ 'ਚ ਭਾਜਪਾ ਦੀ ਹਾਲਾਤ ਤਾਂ ਉਸ ਬੁੱਢੇ ਬੰਦੇ ਵਰਗੀ ਹੁੰਦੀ ਜਾ ਰਹੀ ਹੈ, ਜਿਸਦੀ ਜਵਾਨੀ ਰੁਸ ਜਾਂਦੀ ਹੈ, ਜੀਹਦਾ ਧਨ ਵੀ ਤੇ ਮਾਲ ਵੀ ਗੁਆਚ ਜਾਂਦਾ ਆ।
ਵੇਖੋ ਜੀ, ਹੁਣ ਮੁੱਖ ਮੰਤਰੀ ਬਣੂ ਸ਼ਿਵ ਸੈਨਕ। ਨਾਲ ਬੈਠਣਗੇ ਐਨ.ਸੀ.ਪੀ. ਤੇ ਕਾਂਗਰਸ ਵਾਲੇ ਜਿਹਨਾ ਨਾਲ ਉਹਨਾ ਦਾ ਅੰਤਾਂ ਦਾ ਵੈਰ ਸੀ ਤੇ ਭਾਜਪਾ ਵਾਲਿਆਂ ਦਾ ਹਾਲ ਹੋਊ ਫੇਲ੍ਹ ਹੋਏ ਉਸ ਵਿਦਿਆਰਥੀ ਵਾਲਾ ਜਿਹੜਾ ਪਾਸ ਨੰਬਰ ਲੱਭਦਾ ਕਵੀ ਦੇ ਕਹਿਣ ਵਾਂਗਰ, "ਫੇਲ੍ਹ ਹੋ ਕੇ ਰੋਂਦਾ ਵਿਦਿਆਰਥੀ, ਉਹ ਜੀਹਦਾ ਕੀਮਤੀ ਸਾਲ ਗੁਆਚ ਜਾਏ"।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਅਯੋਧਿਆ ਮਾਮਲੇ ਵਿੱਚ ਆਖ਼ਰੀ ਫ਼ੈਸਲਾ ਆਉਣ ਲਈ 134 ਵਰ੍ਹੇ ਲੱਗ ਗਏ। ਅਯੋਧਿਆ ਮਾਮਲੇ ਵਿੱਚ ਪਹਿਲਾ ਮੁਕੱਦਮਾ ਸਾਲ 1885 ਵਿੱਚ ਅਯੋਧਿਆ ਦੇ ਸੰਤ ਰਘੁਬਰ ਦਾਸ ਨੇ ਸਬੰਧਿਤ ਥਾਂ ਨੂੰ ਸ੍ਰੀ ਰਾਮ ਦਾ ਜਨਮ ਸਥਾਨ ਦੱਸਦੇ ਹੋਏ ਦਾਇਰ ਕੀਤਾ ਸੀ ਅਤੇ ਮੰਦਿਰ ਬਨਾਉਣ ਦੀ ਆਗਿਆ ਮੰਗੀ।
ਪਰ ਇਹ ਮੁਕੱਦਮਾ ਖ਼ਾਰਜ ਹੋ ਗਿਆ। ਇਸਦੇ ਵਿਰੁੱਧ ਅੱਗੋਂ ਅਪੀਲ-ਦਰ-ਅਪੀਲ ਅਤੇ ਕੋਰਟ-ਦਰ-ਕੋਰਟ ਮੁਕੱਦਮਾ ਚਲਦਾ ਰਿਹਾ। ਉਂਜ ਇਹ ਵਿਵਾਦ 491 ਸਾਲ ਪੁਰਾਣਾ ਹੈ।

ਇੱਕ ਵਿਚਾਰ

ਮਨੁੱਖ ਤਰੱਕੀ ਦੇ ਰਾਹ ਤੇ ਆਪਣੇ ਗੁਣਾਂ ਨਾਲ ਅੱਗੇ ਵਧਦਾ ਹੈ, ਕਿਸੇ ਦੂਜੇ ਦੇ ਭਰੋਸੇ ਰਹਿਕੇ ਅੱਗੇ ਨਹੀਂ ਵਧਿਆ ਜਾ ਸਕਦਾ।     .........ਲਾਲਾ ਲਾਜਪਤ ਰਾਏ

-ਗੁਰਮੀਤ ਸਿੰਘ ਪਲਾਹੀ
-9815802070 

ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨੂੰ ਸਮਝਣ ਦੀ ਲੋੜ - ਗੁਰਮੀਤ ਸਿੰਘ ਪਲਾਹੀ

ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਆਪਣੇ ਸਮੇਂ ਦੇ ਹਾਲਾਤ ਦੇਖ ਇਸ 'ਚ ਤਬਦੀਲੀ ਲਿਆਉਣ ਦਾ ਯਤਨ ਕੀਤਾ ਅਤੇ ਆਜ਼ਾਦੀ ਦਾ ਇੱਕ ਵਿਆਪਕ ਨਾਹਰਾ ਲਗਾਇਆ। ਮੌਕੇ ਦੇ ਹਾਕਮਾਂ ਨੂੰ "ਰਾਜੇ ਸੀਹ ਮੁਕਦਮ ਕੁਤੇ'' ਕਹਿ ਦੇਣਾ ਅਤੇ ਇਸ ਗੱਲ ਦੀ ਪਰਵਾਹ ਨਾ ਕਰਨਾ ਕਿ ਇਸ ਦਾ ਸਿੱਟਾ ਕੀ ਭੁਗਤਣਾ ਪਵੇਗਾ, ਉਹਨਾ ਨੇ ਆਪਣੇ ਮਨੁੱਖਤਾਵਾਦੀ ਸੁਨੇਹੇ ਨੂੰ ਦੁਨੀਆ ਭਰ ਵਿੱਚ ਫੈਲਾਇਆ। ਚਹੁੰ ਕੁੰਟਾਂ ਦੀ ਯਾਤਰਾ ਕੀਤੀ। ਲੋਕਾਂ ਦੇ ਵਹਿਮ-ਭਰਮ ਤੋੜੇ ਅਤੇ ਇੱਕ ਵੱਖਰੀ ਕਿਸਮ ਦੀ ਜੀਵਨ-ਜਾਂਚ, ਸੁਨੇਹੇ ਉਨ੍ਹਾਂ ਦੁਨੀਆ ਦੇ ਕੋਨੇ-ਕੋਨੇ ਅਤੇ ਹਰ ਘਰ ਵਿੱਚ ਪਹੁੰਚਾਉਣ ਦਾ ਯਤਨ ਕੀਤਾ।
ਗੁਰੂ ਨਾਨਕ ਦਾ ਫਲਸਫ਼ਾ ਅਸਲ ਅਰਥਾਂ ਵਿੱਚ ਮਨੁੱਖਵਾਦੀ ਸੀ ਅਤੇ ਮਨੁੱਖੀ ਜੀਵਨ ਜਾਂਚ ਸਿਖਾਉਣਾ ਸੀ। ਉਨ੍ਹਾਂ ਦਾ ਸੁਨੇਹਾ ਤੰਗ ਦਾਇਰਿਆਂ 'ਚ ਘਿਰੇ ਮਨੁੱਖ ਨੂੰ ਕਰਮ-ਕਾਂਡ ਅਤੇ ਜ਼ਾਲਮ ਹਕੂਮਤ ਦੇ ਦਬਾਅ 'ਚੋਂ ਕੱਢਕੇ, ਬੇਬਸੀ ਦੀ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਨੂੰ ਇੱਕ ਨਵਾਂ ਜੀਵਨ ਦੀ ਸੇਧ ਦੇਣਾ ਸੀ। ਉਨ੍ਹਾਂ ਦਾ ਸੰਦੇਸ਼ ਉਨ੍ਹਾਂ ਦੀ ਬਾਣੀ ਵਿੱਚ ਪ੍ਰਤੱਖ ਵੇਖਿਆ ਜਾ ਰਿਹਾ ਹੈ, ਜਿਸ ਨੂੰ ਅੱਜ ਦੇ ਸਮੇਂ ਦਾ ਮਨੁੱਖ ਲਗਾਤਾਰ ਭੁੱਲ ਰਿਹਾ ਹੈ ਅਤੇ ਔਝੜੇ ਰਾਹੀਂ ਪੈਕੇ ਆਪਣੀ ਜ਼ਿੰਦਗੀ ਨੂੰ ਔਖਿਆਂ ਕਰਨ ਦੇ ਰਾਹ ਤੁਰਿਆ ਹੋਇਆ ਹੈ।

'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥'
ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਜਿਥੇ ਜੀਵਨ ਨੂੰ ਸੰਪੂਰਨਤਾ ਦੇ ਰਸਤੇ ਉਤੇ ਪਾਉਣਾ, ਜਾਤ-ਪਾਤ ਤੋਂ ਖਹਿੜਾ ਛੁਡਾਵਾਉਣਾ ਸਾਹ-ਸੱਤਹੀਣ ਮਨੁੱਖ ਦੀ ਸੋਚ ਨੂੰ ਬਦਲਣਾ ਸੀ, ਉੱਥੇ ਉਨ੍ਹਾਂ ਦਾ ਵਿਸ਼ੇਸ਼ ਕਰਮ, ਸਮੇਂ ਦੀ ਨਾਰੀ ਨੂੰ ਮਰਦਾਂ ਬਰੋਬਰ ਕਰਨ ਦਾ ਵੀ ਸੀ, ਜਿਨ੍ਹਾਂ ਦੇ ਹੱਕ ਵਿੱਚ ਉਨ੍ਹਾਂ ਨੇ ਬੇਬਾਕ ਹੋਕੇ ਆਵਾਜ਼ ਉਠਾਈ। ਔਰਤ ਨਾਲ ਹੁੰਦੇ ਅਤਿਆਚਾਰ, ਔਰਤ ਨਾਲ ਹੁੰਦੇ ਪਸ਼ੂਆਂ ਵਰਗੇ ਵਰਤਾਓ, ਔਰਤ ਨੂੰ ਪੈਰਾਂ ਦੀ ਜੁੱਤੀ ਸਮਝਕੇ, ਉਸਨੂੰ ਸਿਰਫ਼ ਇੱਕ ਵਰਤੋਂ ਦੀ ਚੀਜ਼ ਸਮਝਣ ਦੀ ਭੈੜੀ ਵਾਦੀ ਨੂੰ ਉਨ੍ਹਾਂ ਨੇ ਬੇਬਾਕ ਹੋਕੇ ਧਰਕਾਰਿਆ ਅਤੇ ਉਸਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਅਸਲ ਵਿੱਚ ਗੁਰੂ ਜੀ ਵਲੋਂ ਦਿੱਤਾ ਗਿਆ ਇਹ ਕ੍ਰਾਂਤੀਕਾਰੀ ਸੰਦੇਸ਼ ਸੀ, ਕਿਉਂਕਿ ਇਸ ਤੋਂ ਪਹਿਲਾ ਔਰਤਾਂ ਨਾਲ ਮਨੁੱਖਾਂ ਵਰਗਾ ਨਹੀਂ ਸਗੋਂ ਪਸ਼ੂਆਂ ਵਰਗਾ ਵਰਤਾਓ ਕੀਤਾ ਜਾਂਦਾ ਸੀ।

'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ॥'
ਗੁਰੂ ਜੀ ਦਾ ਇੱਕ ਸੰਦੇਸ਼ ਆਪਣੀ ਧਰਤੀ ਜੋ ਮਨੁੱਖ ਦੀ ਮਾਂ ਹੈ, ਉਸ ਨਾਲ ਦੁਰਵਿਵਹਾਰ ਨੂੰ ਰੋਕਣ ਵੱਲ ਸੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਕਾਸ ਦੇ ਨਾਮ ਉਤੇ ਜਿਵੇਂ ਛੇੜਛਾੜ ਹੋ ਰਹੀ ਹੈ, ਹਵਾ ਦੂਸ਼ਿਤ ਕੀਤੀ ਜਾ ਰਹੀ ਹੈ, ਪਾਣੀ ਦੀ ਯੋਗ ਵਰਤੋਂ ਨਹੀਂ ਹੋ ਰਹੀ, ਧਰਤੀ ਮਾਤਾ 'ਚ ਖਾਦਾਂ, ਕੀਟਨਾਸ਼ਕ ਦਵਾਈਆਂ ਨਾਲ ਜਿਵੇਂ ਇਸ ਨੂੰ ਤੁੰਬਿਆ ਜਾ ਰਿਹਾ ਹੈ, ਧੂੰਏ ਦਾ ਪਸਾਰ ਚਾਰੇ ਪਾਸੇ ਫੈਲਿਆ ਹੋਇਆ ਹੈ, ਇਹ ਅਸਲ ਅਰਥਾਂ 'ਚ ਕੁਦਰਤ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ। ਜਿਸ ਨੂੰ ਮਨੁੱਖ ਅੱਜ ਦੇ ਸਮੇਂ 'ਚ ਆਪਣੇ ਸਵਾਰਥ ਕਾਰਨ ਭੁੱਲ ਚੁੱਕਾ ਹੈ।
ਇਹੋ ਜਿਹੀਆਂ ਹਾਲਾਤਾਂ ਵਿੱਚ ਗੁਰੂ ਜੀ ਨੇ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ ਕੁਦਰਤ ਨੂੰ ਸਾਫ਼-ਸੁਥਰਾ ਰੱਖਣ, ਕੁਦਰਤ ਨਾਲ ਦੋਸਤਾਂ ਵਾਲਾ ਵਿਵਹਾਰ ਕਰਨ ਦਾ ਜੋ ਸੁਨੇਹਾ ਮਨੁੱਖਾਂ ਨੂੰ ਦਿੱਤਾ, ਉਹ ਅੱਜ ਦੇ ਸਮੇਂ 'ਚ ਮਨੁੱਖਤਾ ਲਈ ਵੱਡਾ ਸੁਨੇਹਾ ਹੈ। ਅਜੋਕੇ ਸਮੇਂ 'ਚ ਵਾਤਾਵਰਨ ਦੇ ਪ੍ਰਦੂਸ਼ਣ ਦੀ ਸਮੱਸਿਆ ਵੱਡੀ ਹੈ। ਇਸ ਸਮੱਸਿਆ ਕਾਰਨ ਮਨੁੱਖੀ ਹੋਂਦ ਦਾ ਸੰਕਟ ਖੜ੍ਹਾ ਹੋ ਗਿਆ ਹੈ। ਪ੍ਰਕਿਰਿਤੀ ਦੇ ਪ੍ਰਮੁੱਖ ਤੱਤ ਹਵਾ, ਪਾਣੀ, ਧਰਤੀ, ਬਨਸਪਤੀ, ਜੀਵਨ ਜੰਤੂਆਂ ਤੇ ਪਸ਼ੂਆਂ ਦੀ ਬਰਬਾਦੀ ਹੋ ਰਹੀ ਹੈ। ਪ੍ਰਕ੍ਰਿਤਿਕ ਵਸੀਲਿਆਂ ਦੀ ਲੁੱਟ ਨਿਰੰਤਰ ਵੱਧ ਰਹੀ ਧਰਤੀ ਦੀ ਸੁਰੱਖਿਆ ਅਤੇ ਸਰਬਪੱਖੀ ਖੁਸ਼ਹਾਲੀ ਦੀ ਬਦਹਾਲੀ ਦਾ ਕਾਰਨ ਬਣ ਰਹੀ ਹੈ।

'ਘਾਲ ਖਾਇ ਕਿਛੁ ਹਥਹੁ ਦੇਹਿ, ਨਾਨਕ ਰਾਹੁ ਪਛਾਨਿਹ ਸੇਇ॥
ਗੁਰੂ ਨਾਨਕ ਦੇਵ ਜੀ ਨੇ ਕਿਰਤ ਸਭਿਆਚਾਰ ਦਾ ਜੋ ਨਮੂੰਨਾ ਸਮੁੱਚੀ ਮਨੁੱਖਤਾ ਸਾਹਮਣੇ ਬਿਰਧ ਅਵਸਥਾ 'ਚ ਕਰਤਾਰਪੁਰ ਸਾਹਿਬ ਵਿਖੇ ਆਪ ਹੱਥੀਂ ਖੇਤੀ ਕਰਕੇ ਪੇਸ਼ ਕੀਤਾ, ਇਸਦੀ ਮਿਸਾਲ ਦੁਨੀਆ ਭਰ 'ਚ ਨਹੀਂ ਮਿਲਦੀ। ਆਪ ਸੁਚੱਜਾ ਗ੍ਰਹਿਸਥ ਜੀਵਨ ਗੁਜ਼ਾਰਦਿਆਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸੱਚੀ-ਸੁੱਚੀ ਕਿਰਤ ਕਰਨ ਅਤੇ ਇਸ ਕਮਾਈ ਵਲੋਂ ਲੋਕ-ਭਲਾਈ ਲਈ ਕੁਝ ਕਰਨ ਦਾ ਸੁਨੇਹਾ ਦਿੱਤਾ। ਕਿਰਤ ਕਰੋ, ਵੰਡਕੇ ਛਕੋ ਦਾ ਸੁਨੇਹਾ ਇੱਕ ਆਦਰਸ਼ਕ ਮਨੁੱਖ ਦੀ ਆਦਰਸ਼ਕ ਭਲਾ ਕਰਨ ਵਾਲੀ ਸੋਚ ਦਾ ਸਿੱਟਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵੱਖੋ-ਵੱਖਰੇ ਧਰਮਾਂ ਦਾ ਬੋਲਬਾਲਾ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਸਮਝਕੇ ਕਿ ਮਨੁੱਖ ਜਾਤੀ ਵੱਖੋ-ਵੱਖਰੇ ਸਭਿਆਚਰ ਦਾ ਸੰਮਿਲਤ ਰੂਪ ਹੈ, ਹਰ ਕੋਈ ਆਪੋ-ਆਪਣੇ ਢੰਗ ਨਾਲ, ਨਿੱਜੀ ਤੌਰ ਤੇ ਜਾਂ ਸਮੂੰਹਿਕ ਤੌਰ ਤੇ ਆਪਣੇ ਢੰਗ ਨਾਲ ਕਿਸੇ ਵਿਸ਼ਵਾਸ ਨਾਲ ਜੀਊ ਰਿਹਾ ਹੈ, ਜਾਂ ਪੂਜਾ ਉਪਾਸਨਾ ਕਰ ਰਿਹਾ ਹੈ, ਪਰ ਇਸ ਵੱਖਰੇਪਨ ਦੇ ਬਾਵਜੂਦ ਉਹਨਾ ਦੀ ਮੰਜ਼ਿਲ ਚੰਗੇਰਾ ਮਨੁੱਖ ਬਨਣ ਦੀ ਹੈ। ਗੁਰੂ ਜੀ ਨੇ ਇਸੇ ਸੰਦਰਭ ਵਿੱਚ ਉਸ ਸਮੇਂ ਦੇ ਸਮਾਜ ਦੀ ਮਨੁੱਖੀ ਸਮੱਸਿਆਵਾਂ ਨੂੰ ਸਮਝਿਆ ਅਤੇ ਉਹਨਾ ਦੇ ਹੱਲ ਲਈ ਸਾਰੀ ਮਨੁੱਖਤਾ ਨੂੰ ਇਕੋ ਜਿਹੀ ਦ੍ਰਿਸ਼ਟੀ ਅਪਨਾਉਣ ਦੀ ਸਿੱਖਿਆ ਦਿੱਤੀ। ਸ਼੍ਰਿਸ਼ਟੀ ਦਾ ਪ੍ਰੇਮ, ਸੱਚ ਤੇ ਸਤਿਵਾਦ, ਸਰਬੱਤ ਦੇ ਭਲੇ ਦੀ ਉਸਾਰੂ-ਭਾਵਨਾ, ਵੈਰ-ਰਹਿਤ ਤੇ ਡਰ-ਰਹਿਤ ਮਨੁੱਖ ਦੀ ਸਿਰਜਨਾ ਉਹਨਾ ਦਾ ਸਿਧਾਂਤ ਸੀ। ਉਹਨਾ ਦਾ ਸਿਧਾਂਤ ਮਨੁੱਖ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਅਤੇ ਸੰਪੂਰਨ ਸ਼ਕਤੀਸ਼ਾਲੀ ਮਾਨਵੀ ਹਸਤੀ ਦੇ ਸੰਕਲਪ ਵਾਲਾ ਸੀ।
ਬੁਰੇ ਕੰਮ ਨਾ ਕਰੋ, ਮੰਦਾ ਨਾ ਬੋਲੋ, ਵਹਿਮਾਂ-ਭਰਮਾਂ ਤੋਂ ਦੂਰ ਰਹੋ, ਸਮੁੱਚੀ ਸ੍ਰਿਸ਼ਟੀ ਅਤੇ ਇਸਦੇ ਜੀਵਾਂ ਨਾਲ ਪਿਆਰ ਕਰੋ ਅਤੇ ਹਰ ਦ੍ਰਿਸ਼ਟੀਕੋਨ ਤੋਂ ਇੱਕ ਸ਼ਕਤੀਸ਼ਾਲੀ ਮਨੁੱਖ ਬਨਣ ਦਾ ਯਤਨ ਕਰੋ, ਗੁਰੂ ਨਾਨਕ ਦੇਵ ਜੀ ਦਾ ਸਹੀ ਜਗਤ ਸੁਨੇਹਾ ਸੀ।
ਮਹਾਨ ਦਾਰਸ਼ਨਿਕ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਪ੍ਰਤਿਭਾਸਾਲੀ ਸੀ। ਉਨ੍ਹਾਂ ਦੇ ਮਨ 'ਚ ਮਨੁੱਖ ਨੂੰ ਬਦਲਣ ਦੀ ਜਾਂਚ ਸੀ। ਉਨ੍ਹਾਂ ਦਾ ਸੁਪਨਾ ਇੱਕ ਪਰਉਪਕਾਰੀ, ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਸੀ। ਆਪਣੀ ਸੋਚ ਦੇ ਫਲਸਫ਼ੇ ਨੂੰ ਉਨ੍ਹਾਂ ਨੇ ਨਿਡਰਤਾ ਅਤੇ ਬੀਰਤਾ ਨਾਲ ਸਮਾਜ ਸਾਹਮਣੇ ਪੇਸ਼ ਕੀਤਾ ਅਤੇ ਇਸਨੂੰ ਅਮਲ ਵਿੱਚ ਵੀ ਲਿਆਂਦਾ।
        ਪ੍ਰਸਿੱਧ ਇਤਿਹਾਸਕਾਰ ਸ: ਹਰਬੰਸ ਸਿੰਘ ਦੀ ਪੁਸਤਕ, "Guru Nanak and Origin of the Sikh Faith'' ਦੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਦੀ ਤਸਵੀਰ ਬਿਆਨਦੇ ਹਨ। "ਗੁਰੂ ਨਾਨਕ ਦੇਵ ਜੀ ਬਲਵਾਨ ਸਾਹਿਤਕਾਰ ਸਨ। ਉਹ ਤਤਕਾਲੀਨ ਸਮੇਂ ਦੀਆਂ ਵਾਸਤਵਿਕ ਜੀਵਨ ਪ੍ਰਸਥਿਤੀਆਂ ਨਾਲ ਡੂੰਘਾ ਹਿੱਤ ਰੱਖਦੇ ਸਨ। ਇਹੀ ਹਿੱਤ ਉਨ੍ਹਾਂ ਦੀ ਰਚਨਾਤਮਿਕ ਸ਼ਕਤੀ ਦਾ ਭੇਦ ਹੈ। ਉਨ੍ਹਾਂ ਦੀਆਂ ਰਚਨਾਵਾਂ ਤਤਕਾਲੀਨ ਗੜਬੜ ਤੇ ਸੰਕਟ ਦੀ ਸੂਖਮ ਤਸਵੀਰ ਪ੍ਰਸਤੁਤ ਕਰਦੀਆਂ ਹਨ। ਬਾਦਸ਼ਾਹਾਂ ਦੀਆਂ ਧਾਂਦਲੀਆਂ, ਰਾਜ-ਪ੍ਰਣਾਲੀ ਨਾਲ ਸਬੰਧਤ ਬੇਇਨਸਾਫ਼ੀਆਂ ਤੇ ਅਸਮਾਨਤਾਵਾਂ, ਤਾਨਾਸ਼ਾਹੀ ਦੇ ਰਾਜ ਥੱਲੇ ਆਈ ਨੈਤਿਕ ਅਧੋਗਤੀ, ਧਰਮਾਂ ਦੇ ਨਾਂ 'ਤੇ ਚਲਾਏ ਜਾ ਰਹੇ ਪਾਖੰਡ ਦੇ ਭਰਮ-ਜਾਲ, ਸਿਵਲ ਪ੍ਰਬੰਧ ਨਾਲ ਸਬੰਧਤ ਕਰਮਚਾਰੀਆਂ ਦਾ ਹਾਕਮਾਂ ਦੀ ਬੋਲੀ ਤੇ ਪਹਿਰਾਵੇ ਦੀ ਨਕਲ ਕਰਨਾ ਤੇ ਉਨ੍ਹਾਂ ਦਾ ਫ਼ਰੇਬੀ ਜੀਵਨ ਤੇ ਖੰਡਿਤ ਸ਼ਖ਼ਸੀਅਤ, ਬ੍ਰਾਹਮਣ ਤੇ ਮੁੱਲਾਂ ਦੀ ਬਜਾਏ ਧਾਰਮਿਕਤਾ, ਬੇਇਨਸਾਫ਼ੀ ਕਰਨ ਵਾਲੇ ਕਾਜ਼ੀ, ਉਨ੍ਹਾਂ ਦੀਆਂ ਥੋਥੀਆਂ ਰੀਤੀਆਂ ਤੇ ਕਰਮ-ਕਾਂਡ ਦੀਆਂ ਪ੍ਰਣਾਲੀਆਂ, ਬੁੱਤ-ਪੂਜਾ ਤੇ ਬਹੁ-ਦੇਵਵਾਦ ਦਾ ਖੰਡਨ ਤੇ ਇਨ੍ਹਾਂ ਨਾਲ ਜੁੜਵੇਂ ਪ੍ਰੋਹਤਵਾਦ ਦੀ ਵਿਰੋਧਤਾ, ਬਾਬਰ ਦੀਆਂ ਫ਼ੌਜਾਂ ਰਾਹੀਂ ਦੇਸ਼ 'ਤੇ ਹੱਲਾ, ਭਾਰਤੀ ਰਾਜਿਆਂ ਦੀ ਕਾਇਰਤਾ ਆਦਿ ਦਾ ਵਰਣਨ, ਉਨ੍ਹਾਂ ਦੀ ਕਵਿਤਾ ਨੂੰ ਸਮਾਜਿਕ ਅਰਥਾਂ ਵਾਲੀ ਕਵਿਤਾ ਬਣਾਉਂਦਾ ਹੈ''।
ਅੱਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉਤੇ ਉਨ੍ਹਾਂ ਦੇ ਫਲਸਫ਼ੇ ਨੂੰ ਸਮਝਕੇ ਅਮਲ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਆਦਰਸ਼, ਫਲਸਫ਼ੇ ਅਤੇ ਸੰਦੇਸ਼ ਨੂੰ ਪਿੱਛੇ ਛੱਡਕੇ ਵਿਖਾਵੇ ਦੀ ਧੂੜ ਹਰ ਪਾਸੇ ਉੱਡਦੀ ਦਿਖਾਈ ਦਿੰਦੀ ਹੈ।

- ਗੁਰਮੀਤ ਸਿੰਘ ਪਲਾਹੀ
ਸੰਪਰਕ - 9815802070

ਕੀ ਕਾਂਗਰਸ ਸਚਮੁੱਚ ਬਦਲ ਰਹੀ ਹੈ?

ਮੂਲ ਲੇਖਕ - ਰਸ਼ੀਦ ਕਿਦਵਈ
ਪੰਜਾਬੀ ਰੂਪ- ਗੁਰਮੀਤ ਪਲਾਹੀ

ਇਹ ਦੇਖਣਾ ਹੈਰਾਨੀਜਨਕ ਹੈ ਕਿ ਭਾਰਤੀ ਰਾਜਨੀਤੀ ਕਿੰਨੀ ਤੇਜ਼ੀ ਨਾਲ ਬੇਹਤਰ ਬਦਲਾਅ ਵੱਲ ਤੁਰਦੀ ਜਾ ਰਹੀ ਹੈ। ਮਹਾਂਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦਾ ਪ੍ਰਦਰਸ਼ਨ ਕਿਉਂਕਿ ਬਹੁਤਾ ਨਿਰਾਸ਼ਾਜਨਕ ਨਹੀਂ ਰਿਹਾ, ਇਹੋ ਜਿਹੇ 'ਚ ਆਉਣ ਵਾਲੀਆਂ ਚੋਣਾਂ ਵਿੱਚ ਮੁਕਾਬਲਾ ਇਕਤਰਫਾ ਨਹੀਂ ਮੰਨਿਆ ਜਾ ਸਕਦਾ। ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕਾਂਗਰਸ ਸੜਕਾਂ ਉਤੇ ਰੋਸ ਧਰਨੇ ਦੇਣ ਲਈ ਉਤਰ ਰਹੀ ਹੈ ਅਤੇ ਇਸ ਕੰਮ 'ਚ ਉਹ ਪੂਰੀ ਵਿਰੋਧੀ ਧਿਰ ਦੀ ਮਿਲਵਰਤਨ ਲੈ ਰਹੀ ਹੈ। ਝਾਰਖੰਡ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਝਾਰਖੰਡ ਮੁਕਤੀ ਮੋਰਚੇ ਦੀ ਸਹਿਯੋਗੀ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਵਿਰੋਧੀ ਧਿਰ ਬਾਬੂ ਲਾਲ ਮਰਾਂਡੀ ਦੇ ਝਾਰਖੰਡ ਵਿਕਾਸ ਮੋਰਚੇ ਅਤੇ ਦੂਸਰੀਆਂ ਛੋਟੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਵਿੱਚ ਹੈ। ਹੇਮੰਤ ਸੋਰੇਨ, ਜੋ ਝਾਮੂੰਮੋ ਦਾ ਮੁੱਖੀ ਹੈ, ਉਸਨੂੰ ਵਿਰੋਧੀ ਧਿਰ ਵਲੋਂ ਮੁੱਖ ਮੰਤਰੀ ਲਈ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਬਾਰੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਵੀ ਕੋਈ ਇਤਰਾਜ ਨਹੀਂ ਹੈ। ਕਾਂਗਰਸ ਅਤੇ ਝਾਮੂੰਮੋ ਦੋਵੇਂ ਪਾਰਟੀਆਂ ਸੱਤਾ ਵਿੱਚ ਆਉਣ ਤੋਂ ਬਾਅਦ "ਭੀੜਤੰਤਰ ਵਲੋਂ ਹੱਤਿਆਵਾਂ'' ਵਿਰੋਧੀ ਕਾਨੂੰਨ ਬਨਾਉਣ ਦੀ ਗੱਲ ਕਰ ਰਹੇ ਹਨ। ਝਾਰਖੰਡ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿਥੇ ਭੀੜ ਵਲੋਂ ਨਿਹੱਥੇ ਲੋਕਾਂ ਦੀਆਂ ਪਬਲਿਕ ਥਾਵਾਂ ਉਤੇ ਹੱਤਿਆ ਕਰਨ ਦੀਆਂ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ।
ਕਾਂਗਰਸ ਦੇ ਆਗੂ ਸੱਚ ਕਹਿਣ ਤੋਂ ਗੁਰੇਜ ਨਹੀਂ ਕਰ ਰਹੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੋ ਨਪੀ-ਤੁਲੀ ਗੱਲ ਕਹਿਣ ਲਈ ਜਾਣੇ ਜਾਂਦੇ ਹਨ, ਪਿਛਲੇ ਦਿਨੀਂ ਦਿੱਲੀ ਦੇ ਇਕ ਅਖ਼ਬਾਰ ਦੇ ਦਫ਼ਤਰ ਗਏ। ਉਥੇ ਉਨ੍ਹਾਂ ਨੇ ਕਿਹਾ ਕਿ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਰਾਜ਼ ਹਨ ਅਤੇ ਪ੍ਰੇਸ਼ਾਨ ਹਨ। ਗਹਿਲੋਤ ਨੇ ਅਰਥ ਵਿਵਸਥਾ ਦੇ ਮੋਰਚੇ ਤੇ ਸਰਕਾਰ ਦੇ ਭੈੜੇ ਰਾਜ ਪ੍ਰਬੰਧ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਦੇ ਲਈ ਸੜਕਾਂ ਉਤੇ ਉਤਰਕੇ ਰੋਸ ਪ੍ਰਗਟ ਕਰਨ ਦਾ ਇਹ ਸਹੀ ਸਮਾਂ ਹੈ ਅਤੇ ਜਦੋਂ ਅੰਦੋਲਨ ਦੀ ਸ਼ੁਰੂਆਤ ਹੋਏਗੀ, ਉਦੋਂ ਆਮਦਨ ਕਰ ਵਿਭਾਗ, ਈ.ਡੀ ਅਤੇ ਸੀ.ਬੀ.ਆਈ. ਵਿਚੋਂ ਜਿਹੜੇ ਦਬਾਅ 'ਚ ਕੰਮ ਕਰ ਰਹੇ ਹਨ, ਉਨ੍ਹਾਂ ਦੇ ਕੰਮ ਦਾ ਤਰੀਕਾ ਬਦਲ ਜਾਏਗਾ। ਜਦੋਂ ਮਨ ਬਦਲੇਗਾ, ਤਦੋਂ ਸੜਕਾਂ ਉਤੇ ਆਮ ਆਦਮੀ ਦਾ ਵੀ ਮਨ ਬਦਲੇਗਾ। ਨੌਕਰਸ਼ਾਹੀ ਅਤੇ ਏਜੰਸੀਆਂ ਸਮਝਣਗੀਆਂ ਕਿ ਕਿਸੇ ਵੀ ਸਮੇਂ ਬਦਲਾਅ ਆ ਸਕਦਾ ਹੈ।
ਗਹਿਲੋਤ ਦੀਆਂ ਇਹ ਟਿਪਣੀਆਂ ਕਾਂਗਰਸ ਦੇ ਅੰਦਰ ਦੀ ਸੋਚ ਦਾ ਵਰਨਣ ਹਨ। ਮਹਾਂਰਾਸ਼ਟਰ ਤੇ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਗਾਂਧੀ ਪਰਿਵਾਰ ਦੇ ਬਿਨ੍ਹਾਂ ਵੀ ਕਾਂਗਰਸ ਨੇ ਜਿਸ ਤਰ੍ਹਾਂ ਅੱਛਾ ਪ੍ਰਦਰਸ਼ਨ ਕੀਤਾ ਹੈ, ਉਹ ਪਾਰਟੀ ਦੀ ਹਾਈਕਮਾਂਡ ਨੂੰ ਮਿਲਿਆ ਇਕ ਵੱਡਾ 'ਧੱਕਾ' ਹੈ। ਸੋਨੀਆ ਅਤੇ ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਦੋਨਾਂ ਹੀ ਚੋਣਾਂ 'ਚ ਪ੍ਰਚਾਰ ਨਹੀਂ ਕੀਤਾ। ਰਾਹੁਲ ਗਾਂਧੀ ਨੇ ਹਾਲਾਂਕਿ ਕੁਝ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ, ਪਰ ਉਨ੍ਹਾਂ ਨੇ ਜਿਨ੍ਹਾਂ ਮੁੱਦਿਆਂ ਦੀ ਗੱਲ ਕੀਤੀ, ਉਨ੍ਹਾਂ ਦਾ ਵੋਟਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇੰਜ ਲਗਦਾ ਹੈ ਕਿ ਕਾਂਗਰਸ ਦੇ ਮੁੱਖ ਦਫ਼ਤਰ 10 ਜਨਪੱਥ ਤੋਂ ਹੁਕਮ ਲਏ ਵਗੈਰ ਨਵੇਂ ਤਰੀਕੇ ਚੋਣਾਂ ਵਰਤੇ ਗਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਇਹਨਾ ਦਿਨਾਂ 'ਚ ਖੇਤਰੀ ਮਸਲਿਆਂ ਨੂੰ ਉਭਾਰਨ ਲਈ ਲੱਗੇ ਹੋਏ ਹਨ। ਉਹ ਪੂਰੇ ਸੂਬੇ ਵਿੱਚ ਘੁੰਮਕੇ ਉਹਨਾ ਜਾਤੀਆਂ ਅਤੇ ਉਪ-ਜਾਤੀਆਂ ਦੀ ਸ਼ਨਾਖਤ ਕਰ ਰਹੇ ਹਨ, ਜੋ ਮੂਲ ਰੂਪ 'ਚ ਛੱਤੀਸਗੜ੍ਹੀਆ ਹਨ। ਛੱਤੀਸਗੜ੍ਹੀ ਭਾਸ਼ਾ, ਸੰਸਕ੍ਰਿਤੀ ਕੈਲੰਡਰ ਅਤੇ ਤਿਉਹਾਰ ਉਨ੍ਹਾਂ ਦੇ ਅਜੰਡੇ ਵਿੱਚ ਸਭ ਤੋਂ ਉਪਰ ਹਨ। ਉਹ ਸੋਟਾ (ਡੰਡਾ) ਨੂੰ ਹਰਮਨ ਪਿਆਰਾ ਬਨਾਉਣ ਲਈ ਜੁੱਟੇ ਹੋਏ ਹਨ। ਉਹ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਛੱਤੀਸਗੜ੍ਹ ਦੇ ਲੋਕ ਡੰਡੇ ਦੀ ਵਰਤੋਂ ਕਿਸੇ ਨੂੰ ਕੁੱਟਣ ਲਈ ਨਹੀਂ ਸਨ ਕਰਦੇ, ਬਲਕਿ ਧਾਰਮਿਕ-ਅਧਿਆਤਮਕ ਕੰਮਾਂ ਵਿੱਚ ਇਸਦਾ ਇਸਤੇਮਾਲ ਹੁੰਦਾ ਸੀ। ਬਘੇਲ ਦੇ ਨੇੜਲੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਨ੍ਹਾਂ ਦਾ ਉਪ-ਰਾਸ਼ਟਰਵਾਦ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਸੰਸਕ੍ਰਿਤਿਕ ਰਾਸ਼ਟਰਵਾਦ ਨੂੰ ਪਿੱਛੇ ਸੁੱਟਣ ਲਈ ਮਦਦਗਾਰ ਸਾਬਤ ਹੋਏਗਾ।
ਇਵੇਂ ਹੀ, ਮੱਧ ਪ੍ਰਦੇਸ਼ ਦੇ ਕਮਲਨਾਥ ਖ਼ੁਦ ਨੂੰ ਨਿਵੇਸ਼ਕਾਂ ਦੇ ਹਿਤੈਸ਼ੀ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ। ਹੁਣੇ 'ਚ ਇੰਦੌਰ ਵਿੱਚ ਨਿਵੇਸ਼ਕਾਂ ਦਾ ਇੱਕ ਸੰਮੇਲਨ ਸਫ਼ਲ ਹੋਇਆ, ਇਥੋਂ ਤੱਕ ਕਿ ਕੁਝ ਵੱਡੇ ਉਦਯੋਗਪਤੀ ਅਤੇ ਕਾਰਪੋਰੇਟ ਘਰਾਣਿਆਂ ਦਾ ਧਿਆਨ ਵੀ ਇਸ ਸੰਮੇਲਨ ਨੇ ਖਿੱਚਿਆ। ਮੱਧ ਪ੍ਰਦੇਸ਼ ਦੇਸ਼ ਦਾ ਇਕੋ ਇੱਕ ਸੂਬਾ ਹੈ, ਜੋ ਸਿਹਤ ਦਾ ਅਧਿਕਾਰ ਕਾਨੂੰਨ ਬਨਾਉਣ ਲਈ ਵਿਚਾਰ ਕਰ ਰਿਹਾ ਹੈ। ਸੱਤਾ ਵਿੱਚ ਆਉਣ ਦੇ ਲਗਭਗ ਇੱਕ ਸਾਲ ਵਿੱਚ ਕਮਲ ਨਾਥ ਸੂਬਾ ਕਾਂਗਰਸ ਵਿਚਲੇ ਖੇਤਰਵਾਦ ਤੋਂ ਮੁਕਤੀ ਪਾਉਣ 'ਚ ਸਫ਼ਲ ਹੋਏ ਹਨ। ਕਮਲ ਨਾਥ ਦੀ ਚੜ੍ਹਤ ਅਤੇ ਮੁੱਖ ਮੰਤਰੀ ਦੇ ਤੌਰ ਤੇ ਉਹਦੇ ਤਾਕਤਵਰ ਬਣ ਜਾਣ ਨੂੰ ਵੀ ਕਾਂਗਰਸ ਦੇ ਦਿੱਲੀ ਦਰਬਾਰ ਨੇ ਚੁੱਪ-ਚਾਪ ਵੇਖਿਆ ਹੈ। ਅਸਲ 'ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਕਤੀ ਸੰਤੁਲਿਨ ਨਾਲ ਛੇੜਛਾੜ ਕੀਤੇ ਵਗੈਰ ਨਿਰਾ ਹਾਈ ਕਮਾਂਡ ਉਤੇ ਨਿਰਭਰ ਨਾ ਰਹਿਣ ਦੀ ਇਸ ਪ੍ਰਵਿਰਤੀ ਦੀ ਪਹਿਲ ਕੀਤੀ, ਜਿਸਦੀ ਕਮਲ ਨਾਥ ਅਤੇ ਅਸ਼ੋਕ ਗਹਿਲੋਤ ਨੇ ਸਫ਼ਲਤਾ ਪੂਰਵਕ ਵਰਤੋਂ ਕੀਤੀ।
ਵਿਰੋਧੀ ਧਿਰ 'ਚ ਇਹ ਰਾਏ ਬਣ ਰਹੀ ਹੈ ਕਿ ਜੇਕਰ ਝਾਰਖੰਡ ਅਤੇ ਦਿੱਲੀ ਵਿੱਚ ਭਾਜਪਾ ਨੂੰ ਚਣੌਤੀ ਦੇ ਦਿੱਤੀ ਗਈ ਤਾਂ ਮੋਦੀ ਅਤੇ ਭਾਜਪਾ ਨੂੰ ਰੋਕਿਆ ਜਾਣਾ ਅਸੰਭਵ ਨਹੀਂ ਰਹੇਗਾ। ਹਾਲਾਂਕਿ ਸਿਆਸਤ ਵਿੱਚ ਇੱਕ ਹਫ਼ਤੇ ਵਿੱਚ ਹੀ ਚੀਜ਼ਾਂ ਬਦਲ ਜਾਂਦੀਆਂ ਹਨ। ਰਾਮ ਮੰਦਿਰ ਉਤੇ ਅਦਾਲਤੀ ਫ਼ੈਸਲਾ ਹਿੰਦੀ ਖੇਤਰ ਵਿੱਚ ਭਵਿੱਖ ਦੀ ਰਾਜਨੀਤੀ ਤਹਿ ਕਰ ਸਕਦਾ ਹੈ।
ਹਾਲਾਂਕਿ ਤਜ਼ਰਬਾ ਇਹ ਦੱਸਦਾ ਹੈ ਕਿ ਇਹ ਦੇਸ਼ ਕਿਸੇ ਇੱਕ ਮੁੱਦੇ ਤੋਂ ਪ੍ਰਭਾਵਿਤ ਨਹੀਂ ਹੁੰਦਾ। ਧਾਰਾ 370 ਹਟਾਉਣ ਅਤੇ ਹਮਲਾਵਰ ਰਾਸ਼ਟਰਵਾਦ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਰਾਜ ਕਰ ਰਹੀ ਪਾਰਟੀ ਨੂੰ ਕੋਈ ਲਾਭ ਨਹੀਂ ਪਹੁੰਚਾਇਆ। ਬਲਕਿ ਪੱਛਮ ਮਹਾਰਾਸ਼ਟਰ ਦੇ ਕੁਝ ਮਰਾਠਾ ਨੇਤਾਵਾਂ ਦੇ ਜਿੱਤ ਦੇ ਫ਼ਰਕ ਨੂੰ ਦੇਖਦੇ ਹੋਏ, ਭਾਜਪਾ ਨੂੰ ਸੋਚਣਾ ਚਾਹੀਦਾ ਹੈ ਕਿ ਵਿਧਾਇਕ ਦਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਾਅਦਾ ਉਸਦੇ ਲਈ ਫਾਇਦੇਮੰਦ ਹੋਇਆ ਜਾਂ ਨੁਕਸਾਨਦਾਇਕ। ਹਾਲਾਂਕਿ ਦਿੱਲੀ ਵਿੱਚ ਵਿਰੋਧੀ ਧਿਰ ਦੀ ਇੱਕ-ਜੁੱਟਤਾ ਸੌਖੀ ਨਹੀਂ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਕਿਸੇ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਆਮ ਆਦਮੀ ਪਾਰਟੀ ਜਿਥੇ ਆਪਣੀ ਸੱਤਾ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਆਸਵੰਦ ਹੈ, ਉਥੇ ਭਾਜਪਾ ਇਹ ਦੇਖ ਰਹੀ ਹੈ ਕਿ ਕਾਂਗਰਸ ਦੇ ਕੋਲ "ਆਪ'' ਦਾ ਕਿੰਨਾ ਵੋਟ ਕੱਟਣ ਦੀ ਸਮਰੱਥਾ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਕੇ ਕਾਂਗਰਸ, ਭਾਜਪਾ ਦਾ ਵੋਟ ਕੱਟਣ ਦੀ ਉਮੀਦ ਕਰ ਰਹੀ ਹੈ, ਜਦਕਿ ਮੁਸਲਿਮ ਲੋਕ ਸਭਾ ਚੋਣ ਦੇ ਉਲਟ ਕਾਂਗਰਸ ਦੀ ਵਿਜਾਏ "ਆਪ'' ਨੂੰ ਵੋਟ ਦੇਣਗੇ।
ਆਉਣ ਵਾਲੀ ਨਵੰਬਰ ਦੀ 18 ਤਾਰੀਖ ਨੂੰ ਸੰਸਦ ਦਾ ਸਰਦ ਰੁਤ ਸਮਾਗਮ ਵਿਰੋਧੀ ਧਿਰ ਦਾ ਇਮਤਿਹਾਨ ਹੈ। ਪਿਛਲੇ ਮਾਨਸੂਨ ਸਮਾਗਮ ਵਿੱਚ ਤਿੰਨ ਤਲਾਕ, ਮੋਟਰ ਵਿਹੀਕਲ (ਸੋਧ) ਬਿੱਲ, ਧਾਰਾ 370 ਦਾ ਖਾਤਮਾ ਅਤੇ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਦੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਨੂੰ ਹਾਸ਼ੀਏ 'ਤੇ ਲੈ ਆਂਦਾ ਸੀ। ਆਉਣ ਵਾਲੇ ਸਮਾਗਮ 'ਚ ਸਰਕਾਰ ਵਿਵਾਦਮਈ ਨਾਗਰਿਕਤਾ ਸੋਧ ਬਿੱਲ ਨੂੰ ਫਿਰ ਲਿਆ ਸਕਦੀ ਹੈ। ਕਿਉਂਕਿ ਆਯੋਧਿਆ ਮੁੱਦੇ ਉਤੇ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਆਉਣਾ ਹੈ, ਇਸ ਹਾਲਤ ਵਿੱਚ, ਵਿਰੋਧੀ ਧਿਰ ਦੇ ਸਾਹਮਣੇ ਆਪਣੀ ਰਣਨੀਤੀ ਤਹਿ ਕਰਨਾ ਵੱਡੀ ਚਣੌਤੀ ਹੈ।

ਗੁਰਮੀਤ ਪਲਾਹੀ
ਸੰਪਰਕ - 9815802070

ਚੰਦ 'ਤੇ ਚੜ੍ਹਾਈ! ਭੁੱਖ ਨਾਲ ਲੜਾਈ? - ਗੁਰਮੀਤ ਸਿੰਘ ਪਲਾਹੀ

ਗਲੋਬਲ ਹੰਗਰ ਇੰਡੈਕਸ ਵਿੱਚ ਕੁੱਲ 117 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ 102 ਵਾਂ ਸਥਾਨ ਹੈ। ਭਾਰਤ ਦੀ ਰੈਂਕਿੰਗ ਭੁੱਖਮਰੀ ਦੇ ਮਾਮਲੇ 'ਚ ਗੁਆਂਢੀ ਮੁਲਕਾਂ ਬੰਗਲਾ ਦੇਸ਼, ਨੇਪਾਲ ਅਤੇ ਪਾਕਿਸਤਾਨ ਤੋਂ ਵੀ ਬਦਤਰ ਹੈ। ਚੀਨ ਦਾ ਸਥਾਨ ਭੁੱਖਮਰੀ ਦੇ ਮਾਮਲੇ 'ਤੇ 25 ਵਾਂ ਅਤੇ ਪਾਕਿਸਤਾਨ ਦਾ ਸਥਾਨ 94ਵੇਂ ਨੰਬਰ 'ਤੇ ਹੈ। ਸਪਸ਼ਟ ਵਿਖਾਈ ਦੇ ਰਿਹਾ ਹੈ ਕਿ ਭਾਰਤ ਚੰਦ 'ਤੇ ਚੜ੍ਹਾਈ ਕਰਕੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਦੇ ਚੱਕਰ ਵਿੱਚ ਹੈ, ਜਦਕਿ ਭੁੱਖਮਰੀ ਨੂੰ ਕਾਬੂ ਕਰਨ 'ਚ ਨਿੱਤ ਪੱਛੜਦਾ ਜਾ ਰਿਹਾ ਹੈ। ਸਾਲ 2018 ਵਿੱਚ ਭਾਰਤ ਦਾ ਸਥਾਨ 119 ਦੇਸ਼ਾਂ ਵਿੱਚ 103ਵੇਂ ਸਥਾਨ ਤੇ ਸੀ ਜਦਕਿ 2000 ਵਿੱਚ 113 ਦੇਸ਼ਾਂ ਵਿੱਚ ਇਹ ਨੰਬਰ 83ਵੇਂ ਥਾਂ ਤੇ ਸੀ। ਗਲੋਬਲ ਹੰਗਰ ਇੰਡੈਕਸ ਕਿਸੇ ਵੀ ਦੇਸ਼ ਵਿੱਚ ਕੁਪੋਸ਼ਣ ਬੱਚਿਆਂ ਦੇ ਅਨੁਪਾਤ, ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ, ਜਿਨ੍ਹਾਂ ਦਾ ਭਾਰ ਜਾਂ ਲੰਬਾਈ ਉਮਰ ਦੇ ਹਿਸਾਬ ਨਾਲ ਘੱਟ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚ ਮਰਨ ਦਰ ਦੇ ਅਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਕੁਪੋਸ਼ਣ ਦੀ ਸਥਿਤੀ ਕਾਫੀ ਮਾੜੀ ਹੈ। ਕੀ ਭੁੱਖਮਰੀ ਦੀ ਇਹ ਸਥਿਤੀ ਆਰਥਿਕ ਮਹਾਂਸ਼ਕਤੀ ਅਤੇ ਪੰਜਾਹ ਖਰਬ ਦੀ ਅਰਥ ਵਿਵਸਥਾ ਬਨਣ ਦਾ ਦਾਅਵਾ  ਕਰਨ ਵਾਲੇ ਦੇਸ਼ ਦੇ ਲਈ ਬੇਹੱਦ ਸ਼ਰਮਨਾਕ ਨਹੀਂ ਹੈ, ਜਿਥੇ 90 ਫ਼ੀਸਦੀ ਤੋਂ ਵੱਧ ਬੱਚਿਆਂ ਨੂੰ ਘੱਟ ਤੋਂ ਘੱਟ ਭੋਜਨ ਵੀ ਨਹੀਂ ਮਿਲਦਾ?
ਵਿਸ਼ਵ ਬੈਂਕ ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਅੱਜ ਵੀ 22 ਫ਼ੀਸਦੀ ਲੋਕ ਗਰੀਬੀ-ਰੇਖਾ ਤੋਂ ਹੇਠਾਂ ਹਨ। ਭਾਵੇਂ ਕਿ ਸਰਕਾਰਾਂ ਇਹ ਦਾਅਵਾ ਕਰਦੀਆਂ ਹਨ ਕਿ ਦੇਸ਼ ਦੀ ਵੱਡੀ ਆਬਾਦੀ ਨੂੰ ਇੱਕ ਰੁਪਏ ਕਿਲੋ ਕਣਕ, ਚਾਵਲ, ਮੁਹੱਈਆ ਕੀਤੇ ਜਾਂਦੇ ਹਨ, ਆਯੁਸ਼ਮਾਨ ਯੋਜਨਾ ਤਹਿਤ ਉਹਨਾ ਨੂੰ 5 ਲੱਖ ਰੁਪਏ ਦਾ ਖ਼ਰਚਾ ਇਲਾਜ ਲਈ ਦਿੱਤਾ ਜਾਂਦਾ ਹੈ। ਬਜ਼ੁਰਗਾਂ, ਵਿਧਵਾ, ਆਸ਼ਰਿਤ ਬੱਚਿਆਂ ਨੂੰ ਵੀ ਪੈਨਸ਼ਨ ਦਿੱਤੀ ਜਾਂਦੀ ਹੈ। ਗਰਭਵਤੀਆਂ ਨੂੰ ਸਹੂਲਤਾਂ ਮਿਲਦੀਆਂ ਹਨ। ਸਕੂਲ ਪੜ੍ਹਦੇ ਬੱਚਿਆਂ ਨੂੰ ਇੱਕ ਡੰਗ ਭੋਜਨ ਮੁਹੱਈਆ ਕੀਤਾ ਜਾਂਦਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਦੇਸ਼ ਦਾ ਸਧਾਰਨ ਆਦਮੀ ਹੋਰ ਗਰੀਬ ਹੋ ਰਿਹਾ ਹੈ, ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ ਗਰੀਬੀ ਤੋਂ ਮੁਕਤੀ ਦੀ ਦਿਸ਼ਾ 'ਚ ਪੁਲਾਂਘਾਂ ਪੁੱਟ ਰਹੇ ਹਨ। ਸਾਲ 2015  ਦੀ ਵਿਸ਼ਵ ਬੈਂਕ ਰਿਪੋਰਟ ਇਹ ਦੱਸਦੀ ਹੈ ਕਿ ਹੁਣ ਵੀ ਦੁਨੀਆ 'ਚ 70 ਕਰੋੜ ਲੋਕ ਅਤਿ ਦੇ ਗਰੀਬ ਹਨ, ਜਿਸ ਵਿੱਚ ਵੱਡੀ ਗਿਣਤੀ ਗਰੀਬ ਲੋਕ ''ਮਹਾਨ ਭਾਰਤ'' ਦੀ ਧਰਤੀ ਦੇ ਵਸਨੀਕ ਹਨ, ਜਿਹੜਾ ਆਪਣੇ ਨਾਗਰਿਕਾਂ ਦੀ ਸਿੱਖਿਆ, ਸਿਹਤ, ਰੁਜ਼ਗਾਰ ਪ੍ਰਤੀ ਚਿੰਤਾ ਛੱਡਕੇ ਕਥਿਤ ਆਰਥਿਕ ਵਿਕਾਸ ਦਾ ਰਸਤਾ ਚੁਣਕੇ, ਵਿਸ਼ਵ ਵਿੱਚ ਆਪਣੀ ਧੌਂਸ ਬਨਾਉਣ ਤੁਰਿਆ ਹੋਇਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਵਿਸ਼ਵ ਫੇਰੀਆਂ ਅਤੇ ਉਹਨਾ ਵਿਸ਼ਵ ਫੇਰੀਆਂ 'ਚ ਭਾਰਤ ਨੂੰ ਵਿਸ਼ਵ ਦੀ ਵੱਡੀ ਅਤੇ ਤਰੱਕੀ ਕਰ ਰਹੀ ਆਰਥਿਕਤਾ ਵਿਖਾਉਣਾ ਆਮ ਜਿਹੀ ਗੱਲ ਹੋ ਗਈ ਹੈ। ਪਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਅਰਥ ਡਾ. ਸ਼ਾਸ਼ਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੀ ਆਰਥਿਕਤਾ ਵਿਗੜ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਏਗਾ। ਸਿੱਟੇ ਵਜੋਂ ਮਹਿੰਗਾਈ ਵਧੇਗੀ ਅਤੇ ਦੇਸ਼ ਵਿੱਚ ਗਰੀਬੀ ਦਾ ਹੋਰ ਵੀ ਪਸਾਰਾ ਹੋਏਗਾ। ਇਸ ਸਾਲ ਦੇ ਨੋਬੇਲ ਇਨਾਮ ਦੇ ਜੇਤੂ ਭਾਰਤੀ ਮੂਲ ਦੇ ਅਮਰੀਕੀ ਅਰਥ ਸ਼ਾਸ਼ਤਰੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਛੇਤੀ ਪਟੜੀ ਤੇ ਆਉਂਦੀ ਦਿਖਾਈ ਨਹੀਂ ਦੇ ਰਹੀ। ਭਾਰਤੀ ਅਰਥ ਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੈ। ਨੇੜਲੇ ਭਵਿੱਖ ਵਿੱਚ  ਇਸਦੇ ਪਟੜੀ 'ਤੇ ਆਉਣ ਦਾ ਯਕੀਨ ਨਹੀਂ ਬੱਝਦਾ?
ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋਵੇ। ਲੋਕਾਂ ਦੇ ਬੈਂਕ ਵਿਵਸਥਾ ਦੇ ਵਿਸ਼ਵਾਸ ਨੂੰ ਖੋਰਾ ਲੱਗ ਰਿਹਾ ਹੋਵੇ। ਆਮ ਆਦਮੀ ਬੇਰੁਜ਼ਗਾਰੀ ਦੀ ਭੱਠੀ 'ਚ ਝੁਲਸ ਰਿਹਾ ਹੋਵੇ ਅਤੇ ਜਿਥੇ ਦੇਸ਼ ਵਿੱਚ ਹਰ ਵਰ੍ਹੇ ਇੱਕ ਕਰੋੜ ਲੋਕ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਲੱਗ ਰਹੇ ਹੋਣ, ਉਥੇ ਭੁੱਖਮਰੀ ਦਾ ਵਧਣਾ ਹੈਰਾਨੀਜਨਕ ਵਰਤਾਰਾ ਨਹੀਂ ਹੈ। ਦੇਸ਼ ਦੇ ਇੱਕ ਪਾਸੇ ਕਾਰਪੋਰੇਟ ਜਗਤ ਤਰੱਕੀ ਕਰ ਰਿਹਾ ਹੈ, ਵੱਡੇ-ਵੱਡੇ ਪ੍ਰਾਜੈਕਟਾਂ ਉਤੇ ਉਸਦੀ ਕਾਮਯਾਬੀ ਦੀ ਦਾਸਤਾਨ ਲਿਖੀ ਜਾ ਰਹੀ ਹੈ। ਵੱਡੇ ਧਨ ਕੁਬੇਰਾਂ ਦੇ ਬੈਂਕ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਪਰ ਆਮ ਆਦਮੀ ਦੇ ਜੀਵਨ-ਪੱਧਰ ਨੂੰ ਸੁਧਾਰਨ ਹਿੱਤ,ਉਸਦੀ ਨਵੀਂ ਪਨੀਰੀ ਜੋ ਕੁਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ, ਉਸ ਵਾਸਤੇ ਕੋਈ ਵਿਸ਼ੇਸ਼ ਉਦਮ ਉਪਰਾਲੇ ਨਹੀਂ ਕੀਤੇ ਜਾ ਰਹੇ।ਦੇਸ਼ ਦੀ ਅਰਥ-ਵਿਵਸਥਾ ਜੇ ਵਿਗਵਦੀ ਹੈ, ਤਾਂ ਰੁਜ਼ਗਾਰ ਖੁਸਦਾ ਹੈ। ਅਰਥ-ਵਿਵਸਥਾ ਵਿਗੜਦੀ ਹੈ ਤਾਂ ਮਹਿੰਗਾਈ ਵਧਦੀ ਹੈ। ਅਰਥ ਵਿਵਸਥਾ ਵਿਗੜਦੀ ਹੈ ਤਾਂ ਭੁੱਖਮਰੀ 'ਚ ਵਾਧਾ ਹੁੰਦਾ ਹੈ। ਅਰਥ ਵਿਵਸਥਾ ਵਿਗੜਦੀ ਹੈ ਤਾਂ ਵਿਕਾਸ ਦਰ ਘੱਟਦੀ ਹੈ। ਭੈੜੀ ਅਰਥ ਵਿਵਸਥਾ ਅਤੇ ਵਿਕਾਸ ਦਰ ਦੀ ਕਮੀ ਕਾਰਨ ਹਰ ਸੈਕਟਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖੇਤੀ ਸੰਕਟ ਬਰਕਰਾਰ ਹੈ। ਆਟੋ ਮੋਬਾਇਲ ਖੇਤਰ 'ਚ ਮੰਦੀ ਨੇ ਤਾਂ ਰਿਕਾਰਡ ਤੋੜ ਦਿੱਤੇ ਹਨ। ਮੈਨੂਫੈਕਚਰਿੰਗ ਖੇਤਰ ਤਾਂ ਪਹਿਲਾ ਹੀ ਦੁਬਕਿਆ ਹੋਇਆ ਹੈ। ਕੀ ਇਹੋ ਜਿਹੇ ਹਾਲਾਤਾਂ ਵਿੱਚ ਦੇਸ਼ ਦੀ 50 ਖਰਬ ਡਾਲਰ ਅਰਥ ਵਿਵਸਥਾ ਬਨਣ ਦੀ ਕੋਈ ਉਮੀਦ ਵਿਖਾਈ ਦਿੰਦੀ ਹੈ, ਜਿਸਦਾ ਟੀਚਾ ਮੌਜੂਦਾ ਸਰਕਾਰ ਵਲੋਂ 2024 ਤੱਕ ਮਿੱਥਿਆ ਹੈ। ਜੇਕਰ ਅਰਥ ਵਿਵਸਥਾ ਦੀ ਵਿਕਾਸ ਦਰ 10 ਤੋਂ 12 ਫ਼ੀਸਦੀ ਹੋਏਗੀ ਤਾਂ ਹੀ ਇਹ ਟੀਚਾ ਪ੍ਰਾਪਤ ਹੋ ਸਕੇਗਾ। ਕੁਝ ਮਹੀਨੇ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ਦੀ ਵਿਕਾਸ ਦਰ 7.3 ਕਹੀ ਗਈ ਸੀ, ਜਦਕਿ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਨੇ ਦੇਸ਼ ਦੀ ਵਿਕਾਸ ਦਰ ਘਟਾਕੇ 6.1 ਫੀਸਦੀ ਮਿੱਥੀ ਹੈ।
 ਗਰੀਬੀ ਉਤੇ ਵਿਸ਼ਵ ਪੱਧਰ ਉਤੇ ਵੱਡੀ ਖੋਜ਼ ਹੋਈ ਹੈ। ਅਰਥ ਸ਼ਾਸ਼ਤਰੀਆਂ ਨੇ ਗਰੀਬੀ ਦੇ ਪੈਮਾਨੇ ਨੀਅਤ ਕੀਤੇ ਹਨ ਅਤੇ ਆਪਣੇ ਵਲੋਂ ਗਰੀਬੀ ਖ਼ਤਮ ਕਰਨ ਲਈ ਸੁਝਾਅ ਵੀ ਦਿੱਤੇ ਹਨ। ਬਿਨ੍ਹਾਂ ਸ਼ੱਕ ਗਰੀਬੀ ਉਤੇ ਖੋਜ਼ ਕਰਨ ਵਾਲੇ ਲੋਕ ਆਪੂੰ ਗਰੀਬੀ ਖ਼ਤਮ ਕਰਨ ਲਈ ਕੁੱਝ ਨਹੀਂ ਕਰ ਸਕਦੇ ਪਰ ਉਹਨਾ ਵਲੋਂ ਦਿੱਤੀਆਂ ਸਲਾਹਾਂ ਅਤੇ ਗਰੀਬੀ ਖ਼ਤਮ ਕਰਨ ਦੇ ਤਰੀਕੇ ਹਾਕਮ ਧਿਰ ਨੂੰ ਮੰਨਣ ਯੋਗ ਹੋਣੇ ਚਾਹੀਦੇ ਹਨ। ਦੇਸ਼ ਭਾਰਤ ਦਾ ਨੀਤੀ ਆਯੋਗ ਅਤੇ ਪ੍ਰਧਾਨ ਮੰਤਰੀ ਹਾਊਸ ਦੇਸ਼ ਵਿੱਚ ਆਪਣੇ ਇਕਤਰਫਾ ਢੰਗ ਅਤੇ ਸੋਚ ਨਾਲ ਕੰਮ ਕਰ ਰਿਹਾ ਹੈ ਅਤੇ ਗਰੀਬੀ ਦੇ ਖ਼ਾਤਮੇ ਲਈ ਅਤੇ ਦੇਸ਼ ਦੇ ਵਿਕਾਸ ਲਈ ਨਿੱਤ ਨਵੀਆਂ ਯੋਜਨਾਵਾਂ ਉਲੀਕ ਰਿਹਾ ਹੈ, ਜੋ ਜ਼ਮੀਨੀ ਪੱਧਰ ਉਤੇ ਸਾਰਥਿਕ ਨਹੀਂ ਹੋ ਰਹੀਆਂ। ਨੀਤੀ ਆਯੋਗ ਦੇ ਲਈ ਨੋਬਲ ਪੁਰਸਕਾਰ ਵਿਜੇਤਾ ਅਭਿਜੀਤ ਬੈਨਰਜੀ ਦੇ ਸ਼ਬਦਾਂ ਨੂੰ ਸਮਝਣ ਵਾਲੀ ਗੱਲ ਹੈ ਕਿ ਗਰੀਬ ਦੇ ਗਰੀਬ ਬਣੇ ਰਹਿਣ ਦੇ ਕਾਰਨਾਂ ਵਿੱਚ ਵਖਰੇਵਾਂ ਹੈ। ਗਰੀਬ ਵਿਅਕਤੀ ਦਾ ਇੱਕ ਅਕਸ ਬਣਿਆ ਹੈ ਕਿ ਉਸਦੇ ਕੋਲ ਅਸਲ ਵਿੱਚ ਬਹੁਤ ਘੱਟ ਵਿਕਲਪ ਹਨ। ਕੁਝ ਲੋਕ ਨਿਸ਼ਚਿਤ ਰੂਪ 'ਚ ਕਠਿਨ ਮਿਹਨਤ ਕਰਦੇ ਹਨ, ਜਿੰਨੀ ਉਹ ਕਰ ਸਕਦੇ ਹਨ, ਪਰ ਉਹ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਿਆਂ ਨਹੀਂ ਕਰ ਸਕਦੇ। ਇਹੋ ਜਿਹੇ ਹਾਲਾਤ ਵਿੱਚ ਲੋਕ ਹਿਤੂ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਉਹ ਉਹਨਾ ਲਈ ਲੋਕ-ਲੁਭਾਊ ਯੋਜਨਾਵਾਂ ਚਾਲੂ ਕਰੇ ਅਤੇ ਉਹਨਾ ਦੇ ਹਿੱਤ ਵਿੱਚ ਕੰਮ ਕਰੇ ਪਰ ਮੌਜੂਦਾ ਕੇਂਦਰ ਸਰਕਾਰ ਤਾਂ ਕਾਰਪੋਰੇਟ ਦਾ ਹੱਥ ਠੋਕਾ ਬਣਕੇ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ।
ਦੇਸ਼ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਹੋਣਾ ਜ਼ਰੂਰੀ ਹੈ। ਅਵਾਜਾਈ ਦੇ ਸਾਧਨ ਚੰਗੇਰੇ ਬਨਣ ਇਹ ਵੀ ਜ਼ਰੂਰੀ ਹੈ। ਦੇਸ਼ ਦੇ ਵਿਗਿਆਨਕ ਨਵੀਆਂ ਖੋਜਾਂ ਕਰਨ ਅਤੇ ਦੁਨੀਆਂ ਨਾਲ ਹਰ ਖੇਤਰ 'ਚ ਸੰਪਰਕ ਰੱਖਿਆ ਜਾਏ, ਇਹ ਵੀ ਜ਼ਰੂਰੀ ਹੈ। ਪਰ ਸੁਰੱਖਿਆ ਦੇ ਨਾਮ ਉਤੇ ਲੋੜੋਂ ਵੱਧ ਧਨ ਖ਼ਰਚਿਆਂ ਜਾਏ ਅਤੇ ਦੇਸ਼ ਦੇ ਭਵਿੱਖ ਬੱਚਿਆਂ ਨੂੰ ਕੁਪੋਸ਼ਤ ਰੱਖਕੇ ਹੋਰ ਉਚੀ ਉਡਾਣ ਵਾਲੀਆਂ ਯੋਜਨਾਵਾਂ ਉਲੀਕੀਆਂ ਜਾਣ, ਇਹ ਦੇਸ਼ ਦੇ ਹਿਤੈਸ਼ੀ ਲੋਕ ਕਿਵੇਂ ਪ੍ਰਵਾਨ ਕਰ ਸਕਦੇ ਹਨ? ਚੰਦਰਮਾ 'ਤੇ ਪੁੱਜਣਾ, ਖੋਜ ਕਰਨੀ, ਕਰੋੜਾਂ ਅਰਬਾਂ ਖਰਚਣੇ ਅਤੇ ਫਿਰ ਉਸਨੂੰ ਮਨੁੱਖੀ ਹਿੱਤਾਂ ਲਈ ਵਰਤਣਾ ਤਾਂ ਪ੍ਰਵਾਨ ਕਰਨ ਯੋਗ ਹੋ ਸਕਦਾ ਹੈ, ਪਰ ਦੇਸ਼ 'ਚ ਭੁੱਖਮਰੀ ਫੈਲੇ, ਬੱਚੇ ਕੁਪੋਸ਼ਿਤ ਹੋਣ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਕਮੀ ਰਹੇ ਇਹ ਦੇਸ਼ ਦਾ ਕੋਈ ਸੂਝਵਾਨ ਨਾਗਰਿਕ ਕਿਵੇਂ ਪ੍ਰਵਾਨ ਕਰ ਸਕਦਾ ਹੈ?

ਗੁਰਮੀਤ ਸਿੰਘ ਪਲਾਹੀ
ਮੋਬ. ਨੰ; 9815802070
ਈਮੇਲ: gurmitpalahi@yahoo.com